ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ

0
303

ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ

ਗੁਰਇੰਦਰਦੀਪ ਸਿੰਘ- 84379-24568

ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1406 ’ਤੇ ਸੁਭਾਇਮਾਨ ਪੰਕਤੀ ‘‘ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ’’ ਭੱਟ ਕਲ ਜੀ ਨੇ ਗੁਰੂ ਅਰਜਨ ਸਾਹਿਬ ਜੀ ਬਾਰੇ ਉਚਾਰਨ ਕੀਤੀ ਹੈ। ਆਉ, ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋ ਕੇ ਇਸ ਪੰਕਤੀ ਦੀ ਵਿਚਾਰ ਕਰਦੇ ਹਾਂ।

ਪਦ ਅਰਥ- ਜਨਮਤ- ਜਨਮ ਲੈਂਦਿਆਂ ਹੀ, ਗੁਰਮਤਿ- ਗੁਰੂ ਦੀ ਮਤ ਲੈ ਕੇ ।

ਅਰਥ: ਭਟ ਜੀ ਆਖ ਰਹੇ ਹਨ ਕਿ ਹੇ ਗੁਰੂ ਅਰਜਨ ਜੀ ! ਤੁਸੀਂ ਜਨਮ ਤੋਂ ਹੀ ਗੁਰੂ ਦੀ ਮੱਤ ਲੈ ਕੇ ਬ੍ਰਹਮ ਨੂੰ ਪਛਾਣਿਆ ਹੈ। ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੈ।

ਭਟ ਜੀ ਦੇ ਇਹ ਕਹਿਣ ਦਾ ਕੋਈ ਵਿਸ਼ੇਸ਼ ਕਾਰਨ ਜਾਪਦਾ ਹੈ ਕਿਉਂਕਿ ਜਿਸ ਸਮੇਂ ਗੁਰੂ ਨਾਨਕ ਸਾਹਿਬ ਜੀ ਸੰਸਾਰ ਵਿਚ ਜਨਮ ਲੈਂਦੇ ਹਨ ਉਸ ਵਕਤ ਉਸ ਘਰ ਵਿਚ ਕੋਈ ਗੁਰਮਤਿ ਨਹੀਂ ਸੀ। ਤਾਂਹੀਏ ਤਾਂ ਜਨੇਊ ਪਵਾਉਣ ਲਗੇ ਸਨ ਜੋ ਸਤਿਗੁਰੂ ਜੀ ਨੇ ਨਹੀਂ ਪਵਾਇਆ। ਜਿਸ ਘਰ ਵਿਚ ਬਾਬਾ ਲਹਿਣਾ ਜੀ (ਗੁਰੂ ਅੰਗਦ ਸਾਹਿਬ ਜੀ) ਜਨਮ ਲੈਂਦੇ ਹਨ ਉਸ ਘਰ ਵਿਚ ਵੀ ਗੁਰਮਤਿ ਦੀ ਕੋਈ ਗੱਲ ਨਹੀਂ ਸੀ ਜਿਸ ਕਾਰਨ ਕਰਕੇ ਉਹ ਵੀ ਵੈਸ਼ਨੋ ਦੇਵੀ ਦੀ ਚੌਂਕੀ ਭਰਨ ਜਾਂਦੇ ਸਨ। ਗੁਰਮਤਿ ਬਾਅਦ ਵਿਚ ਦ੍ਰਿੜ ਕਰਕੇ ਗੁਰੂ ਬਣੇ। ਫਿਰ ਜਦੋਂ ਬਾਬਾ ਅਮਰ ਦਾਸ ਜੀ (ਗੁਰੂ ਅਮਰਦਾਸ ਜੀ) ਨੇ ਸੰਸਾਰ ਵਿਚ, ਜਿਸ ਘਰ ਵਿਚ ਜਨਮ ਲਿਆ ਸੀ ਉਸ ਘਰ ਵਿਚ ਵੀ ਕੋਈ ਗੁਰਮਤਿ ਨਹੀਂ ਸੀ। ਜਿਸ ਦੇ ਨਤੀਜੇ ਵਜੋਂ ਉਹ ਵੀ ਪਹਿਲਾਂ ਗੰਗਾ ’ਤੇ ਇਸ਼ਨਾਨ ਕਰਨ ਜਾਂਦੇ ਰਹੇ। ਭਾਈ ਜੇਠਾ ਜੀ ਦਾ ਜਨਮ ਵੀ ਗੁਰਮਤਿ ਦੇ ਘਰ ਵਿਚ ਨਹੀਂ ਸੀ ਹੋਇਆ।

ਗੁਰੂ ਨਾਨਕ ਸਾਹਿਬ ਤਾਂ ਆਪ ਹੀ ਸੂਰਜ ਵਾਗੂੰ ਪ੍ਰਗਟ ਹੋਏ ਸਨ ਤੇ ਮਨਮਤਿ ਅਤੇ ਦੁਰਮਤਿ ਦਾ ਹਨੇਰਾ ਦੂਰ ਕੀਤਾ ਸੀ। ਗੁਰੂ ਅੰਗਦ ਸਾਹਿਬ ਜੀ ਵੀ ਫਿਰ ਇਸੇ ਸੂਰਜ ਦੀ ਰੋਸ਼ਨੀ ਹੇਠਾਂ ਆ ਗਏ ਸਨ। ਗੁਰੂ ਅਮਰਦਾਸ ਜੀ ਵੀ ਇਸੇ ਗੁਰਮਤਿ ਦੀ ਰੋਸ਼ਨੀ ਨੂੰ ਅਪਣਾ ਕੇ ਅਨੂਪ ਹੋ ਗਏ ਸਨ ‘‘ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਨਿ ਆਵੈ॥’’ ਅਤੇ ਫਿਰ ਇਸੇ ਗੁਰਮਤਿ ਦੀ ਰੋਸ਼ਨੀ ਦੇ ਸੂਰਜ ਦੇ ਪ੍ਰਕਾਸ਼ ਵਿਚ ਗੁਰੂ ਰਾਮਦਾਸ ਜੀ ਆਏ ‘‘ਧੰਨੁ ਧੰਨੁ ਰਾਮਦਾਸ ਗੁਰ, ਜਿਨਿ ਸਿਰਿਆ ਤਿਨੈ ਸਵਾਰਿਆ॥’’

ਧੰਨੁ ਗੁਰੂ ਅਰਜਨ ਸਾਹਿਬ ਜੀ ਦਾ ਜਨਮ ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਨੀ ਜੀ ਦੀ ਕੁਖੋਂ ਹੋਇਆ ਅਤੇ ਉਹਨਾਂ ਨੇ ਜਨਮ ਤੋਂ ਹੀ ਪਿਤਾ ਗੁਰੂ ਰਾਮਦਾਸ ਜੀ ਅਤੇ ਨਾਨਾ ਗੁਰੂ ਅਮਰਦਾਸ ਜੀ ਤੋਂ ਮਤਿ ਲੈ ਕੇ ਬ੍ਰਹਮ ਦੀ ਪਛਾਣ ਕੀਤੀ। ਗੁਰੂ ਜੀ ਗੁਰਮਤਿ ਵਾਲੇ ਮਹੌਲ ਵਿਚ ਪੈਦਾ ਹੋਏ ਤੇ ਵੱਡੇ ਹੋਏ ਇਸੇ ਲਈ ਭਟ ਕਲ ਜੀ ਨੇ ਆਖ ਦਿੱਤਾ-‘‘ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ॥’’

ਮੁਬਾਰਕ ਹਨ ਉਨ੍ਹਾਂ ਸਰੀਰਾਂ ਨੂੰ, ਜਿਨਾਂ ਨੇ ਅੰਮ੍ਰਿਤਧਾਰੀ ਮਾਤਾ ਪਿਤਾ ਦੇ ਘਰ ਵਿਚ ਜਨਮ ਲਿਆ ਹੈ ਪਰ ਬਦਕਿਸਮਤ ਹਨ ਉਹ ਸਰੀਰ, ਜਿਨਾਂ ਨੂੰ ਜਨਮ ਅੰਮ੍ਰਿਤਧਾਰੀ ਪਰਿਵਾਰ ਵਿਚ ਮਿਲਿਆ ਪਰ ਗੁਰਮਤਿ ਉਹਨਾਂ ਦ੍ਰਿੜ ਨਹੀਂ ਕੀਤੀ ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਵਿਚ ਵੀ ਬਾਬਾ ਪ੍ਰਿਥੀਚੰਦ ਜੀ ਜਨਮ ਲੈਂਦੇ ਹਨ ਅਤੇ ਬਾਬਾ ਮਹਾਂਦੇਵ ਜੀ ਵੀ ਪਰ ਇਹਨਾਂ ਦੋਹਾਂ ਨੇ ਗੁਰੂ ਵਾਲੀ ਮਤਿ ਹਾਸਲ ਨਹੀਂ ਕੀਤੀ। ਇਹਨਾਂ ਦੀ ਹਾਲਤ ਇਸ ਤਰ੍ਹਾਂ ਬਣੀ ਰਹੀ – ‘‘ਕਬੀਰ ਬਾਂਸ ਬਡਾਈ ਬੂਡਿਆ, ਇਉ ਮਤ ਡੂਬਹੁ ਕੋਇ॥ ਚੰਦਨ ਕੈ ਨਿਕਟੇ ਬਸੈ, ਬਾਂਸ ਸੁਗੰਧ ਨ ਹੋਇ॥’’ ਇਹ ਚੰਦਨ ਰੂਪ ਗੁਰੂ ਕੋਲ ਵੱਸਦੇ ਤਾਂ ਰਹੇ ਪਰ ਆਪਣਾ ਜੀਵਨ ਬਾਂਸ ਵਰਗਾ ਬਣਾਈ ਰੱਖਿਆ ਜਿਸ ਕਾਰਨ ਇਹਨਾਂ ਦੇ ਜੀਵਨ ਵਿਚ ਗੁਰਮਤਿ ਵਾਲੀ ਸੁਗੰਧ ਪ੍ਰਵੇਸ਼ ਨਾ ਕਰ ਸਕੀ।

ਅੱਜ ਵੀ ਬਹੁਤੇ ਘਰਾਂ ਵਿਚ ਮਾਤਾ ਪਿਤਾ ਅੰਮ੍ਰਿਤਧਾਰੀ ਹਨ ਪਰ ਆਪਣੇ ਬੱਚਿਆਂ ਨੂੰ ਗੁਰਮਤਿ ਦੀ ਕੋਈ ਜਾਣਕਾਰੀ ਨਹੀਂ ਦੇ ਰਹੇ। ਸ਼ਾਇਦ ਇਸ ਦਾ ਕਾਰਨ ਵੀ ਇਹੀ ਹੈ ਕਿ ਉਹ ਅੰਮ੍ਰਿਤ ਤਾਂ ਛਕ ਚੁੱਕੇ ਹਨ ਪਰ ਗੁਰਬਾਣੀ ਅਨੁਸਾਰ ਉਹਨਾਂ ਵੀ ਆਪਣਾ ਜੀਵਨ ਨਹੀਂ ਬਣਾਇਆ। ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਵਿੱਚੋਂ ਭਾਈ ਮੰਝ ਦੀ ਸਾਖੀ ਸਾਨੂੰ ਸਾਰਿਆਂ ਨੂੰ ਚੇਤੇ ਰੱਖਣੀ ਚਾਹੀਦੀ ਹੈ। ਜਦੋਂ ਭਾਈ ਮੰਝ ਜੀ ਨੇ ਗੁਰੂ ਜੀ ਕੋਲੋਂ ਸਿੱਖੀ ਦੀ ਦਾਤ ਮੰਗੀ ਤਾਂ ਉਹਨਾਂ ਜਵਾਬ ਦਿੱਤਾ- ‘ਸਿੱਖੀ ਉੱਤੇ ਸਿੱਖੀ ਨਹੀਂ ਟਿਕਾਈ ਜਾ ਸਕਦੀ’; ਜਿਵੇਂ: ‘ਬਿਨਤੀ ਕੀਨ ਹਰਹੁ ਤ੍ਰੈ ਤਾਪ॥ ਗੁਰਸਿੱਖੀ ਕੋ ਬਖਸਹੁ ਆਪ॥ ਸੁਨਿ ਕੈ ਸ੍ਰੀ ਅਰਜਨ ਫੁਰਮਾਯਹੁ॥ ਅਪਨ ਪੀਰ ਤੈ ਤੁਰਕ ਬਨਾਯਹੁ॥ ਸਰਵਰ ਕੇ ਮਰੀਦ ਤੁਮ ਰਹੇ॥ ਇਤ ਗੁਰਸਿੱਖੀ ਦੁਰਲਭ ਅਹੇ॥ ਬੋਲੇ ਸ੍ਰੀ ਅਰਜਨ ਸੁਖਧਾਮੂ॥ ਪੁਰਬ ਸਰਵਰ ਢਾਹੁ ਮੁਕਾਮੂ॥ ਪੁਨ ਆਵਹੁ ਸਤਿਗੁਰ ਸਰਣਾਈ॥ ਕਰੇ ਗੁਨਾਹ ਲੇਹੁ ਬਖਸਾਈ॥ ਸੁਨਿ ਕਰਿ ਬਾਕ ਮੰਞ ਘਰ ਗਯੋ॥ ਤੁਰਕ ਮੁਕਾਮ ਸੁ ਢਾਹਿਤ ਭਯੋ॥’

ਪਹਿਲਾਂ ਮਨਮਤਿ ਛੱਡਣੀ ਪਵੇਗੀ ਫਿਰ ਹੀ ਬ੍ਰਹਮ ਦੀ ਪਛਾਣ ਹੋਵੇਗੀ। ਪੰਜਾਬ ਵਿੱਚ ਕੁਝ ਥਾਵਾਂ ’ਤੇ ਤਾਂ ਇਸ ਤਰ੍ਹਾਂ ਵੀ ਹੈ ਕਿ ਅੰਮ੍ਰਿਤਧਾਰੀ ਭੈਣਾਂ ਅੰਮ੍ਰਿਤ ਵੀ ਛਕਿਆ ਹੈ ਤੇ ਗੁਰੂ ਘਰ ਦੇ ਦੋਖੀ ਵਡਭਾਗ ਸਿੰਘ ਦੀ ਚੌਂਕੀ ਵੀ ਭਰਦੀਆਂ ਹਨ ਅਤੇ ਕੁਝ ਸਖੀ ਸਰਵਰ ਲਾਲਾਂ ਵਾਲੇ ਦੀ ਚੌਂਕੀ ਵੀ ਭਰਦੀਆਂ ਹਨ ਜਿਸ ਦਾ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਵਿਚ ਪੂਰਾ ਹੱਥ ਸੀ।

ਜੇਕਰ ਅੱਜ ਅਸੀਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਤਾਂ ਸਾਨੂੰ ਗੁਰਮਤਿ ਵੀ ਆਪਣੇ ਜੀਵਨ ਵਿਚ ਲਾਗੂ ਕਰਨੀ ਚਾਹੀਦੀ ਹੈ।

ਅਖੀਰ ਵਿਚ ਇਕ ਬੇਨਤੀ ਹੈ ਕਿ ਹਰ ਸਾਲ ਗੁਰੂ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿਚ ਗੁਰੂ ਘਰਾਂ ਵਿਚ ਬੀਬੀਆਂ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਜਾਂਦੇ ਹਨ। ਜਿਹਨਾਂ ਵਿੱਚ ਪਾਠ ਦੀ ਸਮਾਪਤੀ ’ਤੇ ਲੰਗਰ ਦੇ ਤੌਰ ’ਤੇ ਸਮੋਸੇ, ਬਰੈਡ ਆਦਿ ਪਕਵਾਨ ਵਰਤਾਏ ਜਾਂਦੇ ਹਨ। ਇੰਝ ਲੱਗਦਾ ਹੈ ਜਿਵੇਂ ਅਸੀਂ ਗੁਰਦੁਆਰੇ ਨਹੀਂ ਕਿਸੇ ਵਿਆਹ ’ਚ ਆਏ ਹੋਈਏ। ਸਾਨੂੰ ਇਸ ਤਰ੍ਹਾਂ ਦੇ ਮਨਮਤਿ ਦੇ ਕਾਰਜਾਂ ਤੋਂ ਸੰਕੋਚ ਹੀ ਕਰਨਾ ਚਾਹੀਦਾ ਹੈ। ਆਉ, ਅਸੀਂ ਗੁਰਮਤਿ ਦੁਆਰਾ ਬ੍ਰਹਮ ਦੀ ਪਛਾਣ ਭਾਵ ਗੁਰਬਾਣੀ ਦੀ ਵੀਚਾਰ, ਸਿਧਾਂਤ, ਫ਼ਿਲਾਸਫ਼ੀ ਅਤੇ ਗੁਰ ਮਰਿਆਦਾ ਨੂੰ ਸਮਝਣ ਦਾ ਯਤਨ ਕਰੀਏ।