ਪੜ੍ਹਾਈ

0
200

ਪੜ੍ਹਾਈ

ਸ. ਸੁਰਿੰਦਰ ਸਿੰਘ ‘ਖਾਲਸਾ’ ਮਿਉਦ ਕਲਾਂ (ਫਤਿਹਾਬਾਦ) =94662 66708,97287 43287

ਪੜ੍ਹਾਈ ਬੱਚਿਆਂ ਦੀ ਵਾਕਈ ਟਫ ਹੋ ਗਈ, ਜਾਂ ਸਕੂਲਾਂ ਵਾਲਿਆਂ ਕੋਈ ਚੱਕਰ ਚਲਾਇਆ ਏ।

ਝੋਲਾ ਬੱਚਿਆਂ ਦੇ ਵਜ਼ਨ ਨਾਲੋਂ ਹੋਇਐ ਭਾਰੀ, ਕਿਤਾਬਾਂ, ਕਾਪੀਆਂ ਜਿਉਂ ਪਿੱਠੂ ਲਗਾਇਆ ਏ।

ਫੁੱਲਾਂ ਵਰਗੇ ਚੇਹਰੇ ਦਿਨੋਂ-ਦਿਨ ਕੁਮਲਾ ਰਹੇ ਨੇ, ਰੌਣਕ ਉਡ ਗਈ ਵੀਰਾਨੀ ਡੇਰਾ ਲਾਇਆ ਏ।

ਫੀਸਾਂ ਮੋਟੀਆਂ ਭਰਕੇ ਫਖਰ ਨਾਲ ਕਹਿਣ ਮਾਪੇ, ਮਸ਼ਹੂਰ ਸਕੂਲ ’ਚ ਦਾਖਲਾ ਕਰਵਾਇਆ ਏ।

ਮਾਂ-ਬਾਪ ਵੀ ਟੈਂਸ਼ਨ ਬੱਚਿਆਂ ਨੂੰ ਦੇਈ ਰੱਖਦੇ, ਨੰਬਰਾਂ ਦੀ ਦੌੜ ਨੇ ਵੀ ਤਾਂ ਖੂਨ ਸੁਕਾਇਆ ਏ।

ਕੰਪੀਟੀਸ਼ਨ ਦਾ ਜ਼ਮਾਨਾ ਕਹਿ-ਕਹਿ ਕੇ, ਬੱਚਿਆਂ ਨੂੰ ਇਕ ਦੂਜੇ ਦਾ ‘ਦੁਸ਼ਮਨ’ ਬਣਾਇਆ ਏ।

ਬੱਚਿਆਂ ਦੇ ਸੁਭਾਅ ’ਚ ਖੱਤਰਨਾਕ ਆਈ ਤਬਦੀਲੀ, ਇੱਧਰ ਧਿਆਨ ਨਾ ਕਿਸੇ ਲਾਇਆ ਏ।

ਕੁਝ ਬੱਚੇ ‘ਸੁਸਾਈਟ’ ਤੱਕ ਵੀ ਕਰ ਜਾਂਦੇ, ਫਸਟ, ਸੈਕੰਡ ਤੇ ਮੈਰਿਟਾਂ ਨੇ ਦਬਾਅ ਬਣਾਇਆ ਏ।

ਅੰਨ੍ਹੀਂ ਦੌੜ ਨੇ ‘ਨੈਤਿਕ ਗੁਣ’ ਭੁਲਾ ਦਿੱਤੇ, ਯੋਗ-ਅਯੋਗ’ ਢੰਗ ਸਭਨਾ ਨੇ ਹੀ ਅਪਣਾਇਆ ਏ।

ਪੜ੍ਹਾਈ ਹੁੰਦੀ ਤੀਜਾ ਨੇਤਰ ਇਨਸਾਨ ਦਾ, ਪਰ ਏਥੇ ਤਾਂ ਪੜ੍ਹਾਈ ਨੇ ਹੀ ਅੰਧੇਰ ਮਚਾਇਆ ਏ।

ਸੰਜਮਤਾ ਜੀਵਨ ’ਚੋਂ ਉੱਡ-ਪੁੱਡ ਹੋ ਗਈ, ਚਿੜਚਿੜਾਪਣ ਤੇ ਗੁੱਸਾਖੋਰੀ ਨੇ ਡੇਰਾ ਲਾਇਆ ਏ।

ਸਮਾਜ ਦਾ ਭਲਾ ਫਿਰ ਕਿੱਥੋਂ ਲੋੜਦੇ ਹਾਂ, ਜਦ ਮਾਹੌਲ ਨੂੰ ਖੁੱਦ ਅਪਣੇ ਹਥੀਂ ਲਾਂਬੂ ਲਾਇਆ ਏ।

ਦਾਖਾਂ ਤੇ ਬਿਜੂਰੀਆਂ ਦਾ ਫਲ ਉਹ ਕਿੱਥੋਂ ਭਾਲੇ, ਜਿਸ ਨੇ ਬਾਗ ਹੀ ਕਿੱਕਰਾਂ ਦਾ ਲਗਾਇਆ ਏ।

ਫਲ ਅੰਮ੍ਰਿਤ ਦੇ ਦੀ ਕਿੱਥੋਂ ਆਸ ਰੱਖਦੇ, ਜਦ ਆਪ ਹੀ ਬੀਜ ਜ਼ਹਿਰੀਲੇ ਬੂਟੇ ਦਾ ਪਾਇਆ ਏ।

‘ਸੁਰਿੰਦਰ ਸਿੰਘਾ’ ਏਹੋ ਜਿਹੀ ਸਿੱਖਿਆ ਤੋਂ ਕੀ ਲੈਣਾ, ਜਿਸ ਨੇ ਉਲਟੀ ਦੌੜ ਸਭ ਨੂੰ ਦੌੜਾਇਆ ਏ।