ਹੁਣ ਇਤਿਹਾਸ ਨੂੰ ਕੌਣ ਵਿਗਾੜ ਰਿਹਾ ਹੈ ?

0
14

ਸ਼੍ਰੋਮਣੀ ਕਮੇਟੀ ਦਾ ਕੈਲੰਡਰ ਵਿਗਿਆਨ-2

ਹੁਣ ਇਤਿਹਾਸ ਨੂੰ ਕੌਣ ਵਿਗਾੜ ਰਿਹਾ ਹੈ ?

                                            ਸਰਬਜੀਤ ਸਿੰਘ ਸੈਕਰਾਮੈਂਟੋ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਂ ਹੇਠ ਜਾਰੀ ਕੀਤੇ ਗਏ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ (ਦ੍ਰਿਕਗਿਣਤ ਸਿਧਾਂਤ) ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, ਹਾੜ ਵਦੀ ਏਕਮ, 16 ਹਾੜ (30 ਜੂਨ) ਦਾ ਦਰਜ ਹੈ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਵੈੱਬ ਸਾਈਟ ਉੱਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ, ਹਾੜ ਵਦੀ 7, 21 ਹਾੜ ਸੰਮਤ 1652 ਬਿ: (19 ਜੂਨ 1595 ਈ:, ਜੂਲੀਅਨ) ਦਰਜ ਹੈ। Sri Guru Hargobind Sahib Ji was born at village Guru Ki Wadali (district Amritsar) on Harh Vadi 7th (21 Harh), Samvat 1652 (19th June, 1595).” (sgpc.net)

ਕਮੇਟੀ ਦੇ ਕੈਲੰਡਰ ਮੁਤਾਬਿਕ ਹਾੜ ਵਦੀ 7, 23 ਹਾੜ (7 ਜੁਲਾਈ) ਨੂੰ ਆਵੇਗੀ। ਸਪੱਸ਼ਟ ਹੈ ਕਿ ਦੋਵੇਂ ਤਿੱਥਾਂ (ਹਾੜ ਵਦੀ 1 ਅਤੇ ਹਾੜ ਵਦੀ 7) ਠੀਕ ਨਹੀਂ ਹੋ ਸਕਦੀਆਂ। ਇਨ੍ਹਾਂ ਵਿੱਚੋ ਇਕ ਗਲਤ ਹੈ ਅਤੇ ਇਕ ਠੀਕ। ਆਓ ਵੇਖੀਏ ਕਿ ਸਹੀ ਤਿੱਥ ਕਿਹੜੀ ਹੈ ?

ਜੇ ਅਸੀਂ ਹਾੜ ਵਦੀ ਏਕਮ ਨੂੰ ਸਹੀ ਮੰਨ ਕੇ ਚੱਲੀਏ ਤਾਂ ਇਹ 14 ਹਾੜ, ਸੰਮਤ 1652 ਬਿ: (12 ਜੂਨ 1595 ਜੂਲੀਅਨ) ਬਣਦੀ ਹੈ।

ਡਾ. ਸੁਖਦਿਆਲ ਸਿੰਘ ਜੀ ਲਿਖਦੇ ਹਨ, ‘ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਪ੍ਰਚਲਿਤ ਰਵਾਇਤ ਅਨੁਸਾਰ 9 ਜੂਨ, 1595 ਈ: ਨੂੰ ਹੋਇਆ ਮੰਨਿਆ ਜਾਂਦਾ ਹੈ’। (ਗੁਰੂ ਹਰਿਗੋਬਿੰਦ ਸਾਹਿਬ; ਜੀਵਨ, ਯੁਧ ਅਤੇ ਯਾਤਰ, ਪੰਨਾ 15)

ਡਾ. ਦਿਲਗੀਰ ਜੀ ਦਾ ਮੰਨਣਾ ਹੈ ਕਿ ਗੁਰੂ ਜੀ ਦਾ ਜਨਮ 19 ਜੂਨ 1590 ਈ: ਨੂੰ ਹੋਇਅ ਸੀ। (ਸਿੱਖ ਤਵਾਰੀਖ, ਪੰਨਾ 225)

ਡਾ. ਇੰਦਰਜੀਤ ਸਿੰਘ ਗੋਗੋਆਈ ਜੀ ਮੁਤਾਬਿਕ ਗੁਰੂ ਜੀ ਦੀ ਜਨਮ ਤਾਰੀਖ 19 ਜੂਨ 1595 ਈ: ਹੈ। (ਗੁਰਮਿਤ ਗਿਆਨ -ਦਰਜਾ ਦੂਜਾ, ਪੰਨਾ 200)

ਗੁਰਬਿਲਾਸ ਪਾਤਿਸ਼ਾਹੀ ੬ ਵਿੱਚ ਤਾਂ 21 ਹਾੜ ਸਪੱਸ਼ਟ ਤੌਰ ’ਤੇ ਲਿਖਿਆ ਹੋਇਆ ਹੈ।

ਸੰਮਤ ਸੋਲਹਿ ਸਹਸ ਬਵੰਜਾ। ਹਾੜ ਇਕੀ ਨਿਸ ਆਧੀ ਮੰਝਾ।

ਪੁਖ ਨਿਛਤ੍ਰ ਸਿਧ ਗ੍ਰਹਿ ਸੁਖਦਾਈ। ਕ੍ਰਿਸ਼ਨ ਪਖ ਪ੍ਰਗਟੇ ਪ੍ਰਭ ਆਈ। (ਪਬਲੀਕੇਸ਼ਨ ਬਿਉਰੋ, ਪੰਨਾ 50)

ਉਪਰੋਕਤ ਤਾਰੀਖਾਂ ਦੀ ਪੜਤਾਲ ਕਰਨ ’ਤੇ ਇਹ ਤੱਥ ਸਾਮ੍ਹਣੇ ਆਉਂਦੇ ਹਨ ਕਿ ਸ਼੍ਰੋਮਣੀ ਕਮੇਟੀ ਦੀ ਵੈੱਬ ਸਾਈਟ, ਡਾ. ਇੰਦਰਜੀਤ ਸਿੰਘ ਗੋਗੋਆਣੀ ਵੱਲੋਂ ਅਤੇ ਗੁਰਬਿਲਾਸ ਪਾਤਿਸ਼ਾਹੀ ੬ ਵਿੱਚ ਲਿਖੀ 21 ਹਾੜ, ਹਾੜ ਵਦੀ 7 ਸੰਮਤ 1652 ਬਿ:/19 ਜੂਨ 1595 ਈ: (ਜੂਲੀਅਨ), ਦਿਨ ਵੀਰਵਾਰ, ਤਾਰੀਖ ਸਹੀ ਹੈ। ਡਾ. ਸੁਖਦਿਆਲ ਸਿੰਘ ਨੇ ਸਾਲ (1595 ਈ:) ਸਹੀ ਲਿਖਿਆ ਹੈ, ਪਰ ਤਾਰੀਖ 9 ਜੂਨ ਗਲਤ ਹੈ।  9 ਜੂਨ ਨੂੰ 4 ਹਾੜ ਜੇਠ ਸੁਦੀ 4 ਸੀ। ਡਾ. ਦਿਲਗੀਰ ਦੀ ਤਰੀਖ 21 ਹਾੜ ਮੁਤਾਬਿਕ 19 ਜੂਨ ਸਹੀ ਹੈ, ਪਰ ਸਾਲ 1590 ਈ:, ਗਲਤ ਹੈ। ਡਾ. ਦਿਲਗੀਰ ਨੇ ਸਾਲ, ਭੱਟ ਵਹੀ ਮੁਲਤਾਨੀ ਦੇ ਹਵਾਲੇ ਨਾਲ ਲਿਖਿਆ ਹੈ, ‘ਸੰਮਤ ਸਤਰਾਂ ਸੈ ਸੰਤਾਲੀਸ, ਮਾਹ ਅਸਾੜ ਦਿਹੁੰ ਇਕੀਸ ਗਿਆ’। ਧਿਆਨ ਰਹੇ ਇੱਥੇ ਸੰਮਤ 1747 ਬਿ: ਦਰਜ ਹੈ। ਇਹ 19 ਜੂਨ 1690 ਈ: ਬਣਦੀ ਹੈ ਯਾਨੀ ਪੂਰੀ ਇਕ ਸਦੀ ਦਾ ਅੰਤਰ ! ਹੁਣ ਸਵਾਲ ਪੈਦਾ ਹੁੰਦਾ ਹੈ ਕਿ ਹਾੜ ਵਦੀ ਏਕਮ ਕਿੱਥੋਂ ਆਈ ਹੋਵੇਗੀ ?

ਦਮਦਮੀ ਟਕਸਾਲ ਦੀ ਵੱਡ ਆਕਾਰੀ ਕਿਤਾਬ ‘ਗੁਰਬਾਣੀ ਪਾਠ ਦਰਪਣ’ ਵਿੱਚ ਇਹ ਤਾਰੀਖ ਇਸ ਤਰ੍ਹਾ ਦਰਜ ਹੈ, ‘ਅਵਤਾਰ ਧਾਰਨ- ਸੰਮਤ 1652 ਬਿ: ਹਾੜ ਵਦੀ ਏਕਮ, ਦਿਨ ਐਤਵਾਰ, ਪੁੰਨਿਆ ਦੀ ਰਾਤ ਸੀ।  6 ਜੂਨ 1596 ਈ:, ਪੁੱਖ ਨਛੱਤ੍ਰ ਸੰਗਰਾਂਦੀ 21 ਹਾੜ’ (ਪੰਨਾ 16)

ਹੋਰ ਬਹੁਤੀਆਂ ਤਾਰੀਖਾਂ ਵਾਗੂੰ ਦਮਦਮੀ ਟਕਸਾਲ ਦੇ ਮੁੱਖੀ ਇੱਥੇ ਵੀ ਬੁਰੀ ਤਰ੍ਹਾਂ ਉਲਝੇ ਹੋਏ ਹਨ। ਹਾੜ ਵਦੀ ਏਕਮ ਸੰਮਤ 1652 ਬਿ: ਨੂੰ ਸਹੀ ਮੰਨ ਕੇ ਚੱਲੀਏ ਤਾਂ ਇਹ 14 ਹਾੜ, 12 ਜੂਨ 1595 ਈ: (ਜੂਲੀਅਨ), ਨਛੱਤਰ ਪੂਰਵਾਖਾੜਾ ਦਿਨ ਵੀਰਵਾਰ ਸੀ। ਪੁੰਨਿਆ 11 ਜੂਨ ਦਿਨ ਬੁਧਵਾਰ ਨੂੰ ਸੀ।  6 ਜੂਨ 1596 ਈ: ਨੂੰ 9 ਹਾੜ ਸੀ। ਇੱਥੇ ਸਾਲ 1596 ਵੀ ਗਲਤ ਹੈ, 1595 ਈ: ਚਾਹੀਦਾ ਹੈ। ਪੁਖ ਨਛੱਤਰ, ਇਹ ਅੱਠਵਾਂ ਨਛੱਤਰ ਹੈ, ਜੋ ਕਿ ਜੇਠ ਸੁਦੀ 4, 3 ਹਾੜ, 1 ਜੂਨ ਨੂੰ ਸੀ। ਇਸ ਲਈ ਇਹ ਮੰਨਣ ਯੋਗ ਨਹੀਂ। ਹੋ ਸਕਦਾ ਹੈ ਕਿ ਟਕਸਾਲ ਨੇ ਪੁਖ ਨਛੱਤਰ, ਕਵੀ ਸੰਤੋਖ ਸਿੰਘ ਦੀ ਲਿਖਤ ਤੋਂ ਲਿਆ ਹੋਵੇ। ਯਾਦ ਰਹੇ ‘ਗੁਰਬਿਲਾਸ ਪਾਤਿਸ਼ਾਹੀ ੬’ ਵਿੱਚ ਵੀ ਨਛੱਤਰ ਪੁਖ ਹੀ ਲਿਖਿਆ ਹੋਇਆ ਹੈ।

ਆਓ ਹੁਣ ਵੇਖੀਏ ਕਿ ਕਵੀ ਸੰਤੋਖ ਸਿੰਘ ਕੀ ਲਿਖਦਾ ਹੈ,

ਸੰਮਤ ਸੋਲਹਿ ਸੈ ਅਰੁ ਬਾਵਨ ਹਾੜ ਇਕੀਸਵੀ ਕੋ ਦਿਨ ਸੋਊ।

ਜਾਮਨੀ ਆਧਿ ਬਿਤੀਤਿ ਭਈ ਜਬਿ, ਪੁੱਖਯ ਨਿਛੱਤ ਸਮੋ ਤਬਿ ਹੋਊ।

(ਡਾ. ਅਜੀਤ ਸਿੰਘ ਔਲਖ, ਭਾਗ ਚੌਥਾ, ਪੰਨਾ 262)

ਕਵੀ ਸੰਤੋਖ ਸਿੰਘ ਜੀ ਬਹੁਤ ਹੀ ਸਪੱਸ਼ਟ ਸ਼ਬਦਾ ਵਿੱਚ ਲਿਖ ਰਹੇ ਹਨ ਕਿ ਗੁਰੂ ਜੀ ਦਾ ਜਨਮ 21 ਹਾੜ ਸੰਮਤ 1652 ਬਿ: ਨੂੰ ਹੋਇਆ ਸੀ।

ਉਪਰੋਕਤ ਚਰਚਾ ਤੋਂ ਬਾਅਦ ਸਹਿਜੇ ਹੀ ਇਸ ਨਤੀਜੇ ’ਤੇ ਪੁੱਜਿਆ ਜਾ ਸਕਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ 21 ਹਾੜ, ਹਾੜ ਵਦੀ 7 ਸੰਮਤ 1652 ਬਿਕ੍ਰਮੀ ਦਿਨ ਵੀਰਵਾਰ ਨੂੰ ਹੋਇਆ ਸੀ। ਜਦੋ ਅੰਗਰੇਜੀ ਤਾਰੀਖਾਂ ਲਿਖਣ ਦਾ ਰਿਵਾਜ ਪਿਆ ਤਾਂ ਇਹ 19 ਜੂਨ 1595 ਈ: (ਜੂਲੀਅਨ) ਲਿਖੀ ਗਈ। ਡਾ. ਗੰਡਾ ਸਿੰਘ ਜੀ ਅਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਵੀ ਇਸ ਤਾਰੀਖ ਨਾਲ ਸਹਿਮਤ ਹਨ। ਨਾਨਕਸ਼ਾਹੀ ਕੈਲੰਡਰ ਵਿੱਚ ਇਹ ਦਿਹਾੜਾ 21 ਹਾੜ ਦਾ ਦਰਜ ਹੈ।

ਸਿੱਖ ਇਤਿਹਾਸ ਰਿਸਰਚ ਬੋਰਡ ਵੱਲੋਂ ਛਾਪੀ ਗਈ 1965-66 ਈ: ਦੀ ਡਾਇਰੀ ਵਿੱਚ 21 ਹਾੜ ਦਰਜ ਹੈ।

ਖਾਲਸਾ ਡਾਇਰੀ 1975-76 ਵਿੱਚ ਵੀ 21 ਹਾੜ ਹੀ ਦਰਜ ਹੈ।

‘ਜਨਮ- ਹਾੜ ਵਦੀ 7, ਹਾੜ ਪ੍ਰਵਿਸ਼ਟੇ 21, ਸੰਮਤ 1652 ਬਿ: 19 ਜੂਨ 1594 ਈ: ਵੀਰਵਾਰ’।

ਸ਼੍ਰੋਮਣੀ ਕਮੇਟੀ ਨੇ ਮਾਰਚ 2010 ਈ: ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਕੇ ਧੁਮੱਕੜਸ਼ਾਹੀ ਕੈਲੰਡਰ ਲਾਗੂ ਕਰ ਦਿੱਤਾ ਸੀ। ਹੈਰਾਨੀ ਹੋਈ ਜਦੋਂ ਕਮੇਟੀ ਦਾ ਸੰਮਤ 545 ਨਾਨਕਸ਼ਾਹੀ (2013-14 ਈ:) ਦਾ ਕੈਲੰਡਰ ਵੇਖਿਆ ਤਾਂ ਉੱਥੇ ਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ 21 ਹਾੜ (5 ਜੁਲਾਈ) ਹੀ ਦਰਜ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਆਪਣੀਆਂ ਕਿਤਾਬਾਂ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਸਹੀ ਤਾਰੀਖ, 21 ਹਾੜ ਦਰਜ ਕਰਦੀ ਹੈ, ਪਰ ਗੁਰੂ ਜੀ ਦਾ ਪ੍ਰਕਾਸ਼ ਦਿਹਾੜ, ਦਮਦਮੀ ਟਕਸਾਲ ਦੇ ਪ੍ਰਭਾਵ ਹੇਠ ਗਲਤ ਤਿੱਥ (ਹਾੜ ਵਦੀ 1) ਨੂੰ ਮਨਾਉਂਦੀ ਹੈ। ਜੇ ਪ੍ਰਵਿਸ਼ਟਿਆਂ ਮੁਤਾਬਿਕ 21 ਹਾੜ ਦੀ ਬਜਾਇ, ਵਦੀ-ਸੁਦੀ ਮੁਤਾਬਿਕ ਹੀ ਇਹ ਦਿਹਾੜਾ ਮਨਾਉਣਾ, ਸ਼੍ਰੋਮਣੀ ਕਮੇਟੀ ਦੀ ਕੋਈ ਮਜਬੂਰੀ ਹੈ ਤਾਂ ਘੱਟੋ-ਘੱਟ ਸਹੀ ਤਿੱਥ ਭਾਵ ਹਾੜ ਵਦੀ 7 ਨੂੰ ਤਾਂ ਮਨਾਓ। ਹੁਣ ਇਤਿਹਾਸ ਨੂੰ ਕੌਣ ਵਿਗਾੜ ਰਿਹਾ ਹੈ, ਨਾਨਕਸ਼ਾਹੀ ਕੈਲੰਡਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ? ਖਾਲਸਾ ਜੀ ਜਾਗੋ !

LEAVE A REPLY

Please enter your comment!
Please enter your name here