ਲਕਸ਼ਮੀ ਪੂਜਾ ਅਤੇ ਦੀਵਾਲੀ ਬਨਾਮ ਬੰਦੀ ਛੋੜ ਦਿਵਸ
ਕਿਰਪਾਲ ਸਿੰਘ –98554-80797
ਰੋਜ਼ਾਨਾ ਸਪੋਕਸਮੈਨ ’ਚ 27 ਮਈ ਦੇ ਅੰਕ ’ਚ ਕਰਨਲ ਸ. ਸ. ਨਿਸ਼ਾਨ ਦਾ ਲੇਖ ‘ਨਾਨਕਸ਼ਾਹੀ ਕੈਲੰਡਰ- ਬੰਦੀਛੋੜ ਦਿਵਸ ਤੇ ਦੀਵਾਲੀ’ ਸਿਰਲੇਖ ਹੇਠ ਛਪਿਆ। ਲੇਖ ਪੜ੍ਹਦਿਆਂ ਸਾਫ਼ ਵਿਖਾਈ ਦਿੰਦਾ ਹੈ ਕਿ ਲੇਖਕ ਹਿੰਦੂ ਮਿਥਿਹਾਸ ਅਤੇ ਸਿੱਖ ਇਤਿਹਾਸ ਦੋਵਾਂ ਤੋਂ ਹੀ ਪੂਰੀ ਤਰ੍ਹਾਂ ਅਣਜਾਣ ਹੈ। ਮਿਸਾਲ ਦੇ ਤੌਰ ’ਤੇ ਉਹ ਲਿਖਦੇ ਹਨ : ‘ਦੀਵਾਲੀ ਹਿੰਦੋਸਤਾਨ ਦਾ ਬਹੁਤ ਪੁਰਾਣਾ ਤਿਉਹਾਰ ਹੈ। ਇਹ ਮੰਨਿਆ ਜਾਂਦਾ ਹੈ ਕਿ ਸ੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਬਣਵਾਸ ਪੂਰਾ ਕਰਕੇ ਇਸ ਦਿਨ ਅਯੁੱਧਿਆ ਨਗਰੀ ਪਹੁੰਚੇ ਸਨ ਤੇ ਲੋਕਾਂ ਨੇ ਦੀਵੇ ਬਾਲ਼ ਕੇ ਖ਼ੁਸ਼ੀਆਂ ਮਨਾਈਆਂ ਸਨ। ਪਰ ਅੱਜ ਕੱਲ੍ਹ ਦੇ ਪੰਚਾਂਗਾਂ ਮੁਤਾਬਕ ਇਸ ਦਿਨ ਨੂੰ ਘਰ ਵਿੱਚ ਸੁੱਖ ਸ਼ਾਂਤੀ ਲਈ ਲਕਸ਼ਮੀ ਦੇਵੀ ਦੀ ਪੂਜਾ ਵਜੋਂ ਮਨਾਇਆ ਜਾਂਦਾ ਹੈ।’
ਪਾਠਕਾਂ ਦੀ ਜਾਣਕਾਰੀ ਲਈ ਦੱਸਣਾਂ ਠੀਕ ਰਹੇਗਾ ਕਿ ਬਹੁਤ ਪੁਰਾਣਾ ਤਿਉਹਾਰ ਦੀਵਾਲੀ ਨਹੀਂ ਬਲਕਿ ਲਕਸ਼ਮੀ ਪੂਜਾ ਦਾ ਤਿਉਹਾਰ ਹੈ; ਜੋ ‘ਸਤਿਯੁਗ’ ਨਾਲ ਜੁੜਿਆ ਹੋਇਆ ਮੰਨਿਆ ਗਿਆ ਹੈ। ਹਿੰਦੂ ਮਿਥਿਹਾਸ ਅਨੁਸਾਰ ਸਮੁੰਦਰ ਮੰਥਨ ਸਮੇਂ ਨਿਕਲੇ 14 ਰਤਨਾਂ ’ਚੋਂ ਇੱਕ ਧਨ ਦੌਲਤ ਦੀ ਦੇਵੀ ਲਕਸ਼ਮੀ ਭੀ ਪ੍ਰਗਟ ਹੋਈ, ਜਿਸ ਦੀ ਪੂਜਾ ਕੀਤੀ ਗਈ; ਉਸ ਦਿਨ ਤੋਂ ਇਹ ਤਿਉਹਾਰ ਅਰੰਭ ਹੋਇਆ, ਜੋ ਕੱਤਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ ਅਤੇ ਕਦੀ ਕਦੀ ਇਹ ਇੱਕ ਦਿਨ ਪਹਿਲਾਂ ਕੱਤਕ ਵਦੀ ੧੪ ਨੂੰ ਭੀ ਆ ਜਾਂਦਾ ਹੈ; ਜਿਸ ਤਰ੍ਹਾਂ ਕਿ ਇਸ ਸਾਲ ਕੱਤਕ ਵਦੀ ੧੪/8 ਨਵੰਬਰ ਨੂੰ ਆ ਰਿਹਾ ਹੈ। ਜਦੋਂ ਕਿ ਰਾਮਚੰਦਰ ਜੀ ਬਹੁਤ ਚਿਰ ਪਿੱਛੋਂ ਤ੍ਰੇਤੇ ਯੁੱਗ ’ਚ ਪੈਦਾ ਹੋਏ ਮੰਨੇ ਜਾਂਦੇ ਹਨ। ਰਾਮਚੰਦਰ ਜੀ ਦੇ ਅਯੁੱਧਿਆ ਨਗਰੀ ਪਹੁੰਚਣ ਦੀ ਤਿੱਥ ਤਾਰੀਖ਼ ਸਬੰਧੀ ਭੀ ਬਹੁਤ ਮਤਭੇਦ ਹਨ। ਪਦਮ ਪੁਰਾਣ ਅਤੇ ਸਕੰਦ ਪੁਰਾਣ ਅਨੁਸਾਰ ਸ਼੍ਰੀ ਰਾਮ ਚੰਦਰ ਜੀ ਲੰਕਾ ’ਤੇ ਜਿੱਤ ਪ੍ਰਾਪਤ ਕਰਨ ਅਤੇ 14 ਸਾਲ ਦਾ ਬਣਵਾਸ ਪੂਰਾ ਕਰਨ ਉਪਰੰਤ ਵੈਸਾਖ ਮਹੀਨੇ ਦੇ ਸ਼ੁਕਲ ਪੱਖ ਦੀ ਛੇਵੀਂ ਤਿੱਥੀ ਅਤੇ ਵਾਲਮੀਕੀ ਰਮਾਇਣ ਅਨੁਸਾਰ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਛੇਵੀਂ ਤਿੱਥੀ ਨੂੰ ਅਯੁੱਧਿਆ ਪਹੁੰਚੇ ਸਨ। ਵਾਲਮੀਕੀ ਰਮਾਇਣ ਵਾਲੂਯਮ 2 ਅਯੁੱਧਿਆ ਕਾਂਡ ਅਧਿਆਇ ੩ ਸ਼ਲੋਕ ੪ :
चैत्रः श्रीमानयं मासः पुण्यः पुष्पितकाननः |
यौवराज्याय रामस्य सर्वमेवोपकल्प्यताम् || २-३-४
राज्ञस्तूपरते वाक्ये जनघोषो महानभूत् |
ਅਰਥ : ਰਾਜਾ ਦਸ਼ਰਥ ਅਯੁੱਧਿਆ ਦੇ ਲੋਕਾਂ ਨੂੰ ਦੱਸਦਾ ਹੈ ਕਿ ਚੇਤ ਦਾ ਮਹੀਨਾ ਸੱਚ-ਮੁੱਚ ਸ਼ਾਨਦਾਰ, ਪਵਿੱਤਰ ਅਤੇ ਮਨਮੋਹਕ ਹੈ, ਜਿਸ ਵਿੱਚ ਸਾਰੇ ਜੰਗਲ ਅਤੇ ਝੀਲਾਂ ਪੂਰੀ ਤਰ੍ਹਾਂ ਖਿੜੀਆਂ ਹੋਈਆਂ ਹਨ। ਇਸ ਲਈ, ਉਹ ਨਿਰਦੇਸ਼ ਦਿੰਦੇ ਹਨ ਕਿ ਸ਼੍ਰੀ ਰਾਮ ਨੂੰ ਯੁਵਰਾਜ ਵਜੋਂ ਸਥਾਪਿਤ ਕਰਨ ਲਈ ਸਾਰੀਆਂ ਜ਼ਰੂਰੀ ਤਿਆਰੀਆਂ ਕੀਤੀਆਂ ਜਾਣ। ਜਿਵੇਂ ਹੀ ਰਾਜਾ ਦਸ਼ਰਥ ਨੇ ਆਪਣੇ ਸ਼ਬਦ ਸਮਾਪਤ ਕੀਤੇ, ਇਕੱਠੀ ਹੋਈ ਭੀੜ ਵਿੱਚ ਭਾਰੀ ਖੁਸ਼ੀ ਅਤੇ ਜੈਕਾਰਿਆਂ ਦੀ ਲਹਿਰ ਦੌੜ ਗਈ।
ਪਰ ਮਤਰੇਈ ਮਾਤਾ ਕਕਈ ਦੀ ਮੰਗ ’ਤੇ ਅਗਲੇ ਹੀ ਦਿਨ ਰਾਮਚੰਦਰ ਜੀ ਨੂੰ 14 ਸਾਲ ਦੇ ਬਣਵਾਸ ’ਤੇ ਜਾਣਾ ਪਿਆ। ਚੌਦਾਂ ਸਾਲ ਪੂਰੇ ਹੋਣ ਤੋਂ ਬਾਅਦ, ਪੰਜਵੇਂ ਦਿਨ (ਬਿਕ੍ਰਮੀ ਚੰਦਰ ਸਾਲ ਚੇਤ ਸੁਦੀ 1 ਤੋਂ ਸ਼ੁਰੂ ਹੁੰਦਾ ਹੈ; ਇਸ ਲਈ ਸਾਲ ਪੂਰਾ ਹੋਣ ਤੋਂ ਬਾਅਦ, ਪੰਜਵੇਂ ਦਿਨ ਦਾ ਭਾਵ ਹੈ ਚੇਤ ਸੁਦੀ 5), ਲਕਸ਼ਮਣ ਦੇ ਵੱਡੇ ਭਰਾ (ਸ਼੍ਰੀ ਰਾਮ) ਰਿਸ਼ੀ ਭਾਰਦਵਾਜ ਦੇ ਆਸ਼ਰਮ ਵਿੱਚ ਪਹੁੰਚੇ ਅਤੇ ਬਹੁਤ ਹੀ ਸਤਿਕਾਰ ਨਾਲ ਰਿਸ਼ੀ ਨੂੰ ਪ੍ਰਣਾਮ ਕੀਤਾ। (ਰਿਸ਼ੀ ਭਾਰਦਵਾਜ ਦੇ ਆਸ਼ੀਰਵਾਦ ਦੁਆਰਾ ਹੀ ਸ਼੍ਰੀ ਰਾਮ ਦੀ ਅਯੁੱਧਿਆ ਵਾਪਸੀ ਸੁਚਾਰੂ ਹੋਈ।) : ਵਾਲੂਯਮ 6 ਯੁੱਧ ਕਾਂਡ ਅਧਿਆਇ 124 ਸਲੋਕ ੧)
पूर्णे चतुर्दशे वर्षे पञ्चम्यां लक्ष्मणाग्रजः द्य
भरद्वाजाश्रमं प्राप्य ववन्दे नियतो मुनिम् द्यद्य ६-१२४-१
ਰਿਸ਼ੀ ਭਾਰਦਵਾਜ ਨੇ ਭਰਤ ਨੂੰ ਸੁਨੇਹਾ ਭੇਜਿਆ ਕਿ ਗੰਗਾ ਦੇ ਕੰਢੇ ਰਿਸ਼ੀ (ਭਰਦਵਾਜ) ਦੀ ਸੰਗਤ ਵਿੱਚ ਰਹਿ ਕੇ, ਅਤੇ ਪੁਸ਼ਯ ਨਕਸ਼ਤਰ ਦੇ ਸ਼ੁਭ ਪ੍ਰਭਾਵ ਦੁਆਰਾ, ਤੁਸੀਂ ਕੱਲ੍ਹ (ਭਾਵ ਚੇਤ ਸੁਦੀ ੬) ਨੂੰ ਬਿਨਾਂ ਕਿਸੇ ਰੁਕਾਵਟ ਦੇ ਸ਼੍ਰੀ ਰਾਮ ਦੇ ਦਰਸ਼ਨ ਕਰ ਸਕੋਗੇ। (ਇਹ ਸ਼ਲੋਕ ਸ਼੍ਰੀ ਰਾਮ ਦੇ ਅਯੁੱਧਿਆ ਆਗਮਨ ਅਤੇ ਭਰਤ (ਰਾਮ ਦੇ ਮਤਰੇਏ ਭਰਾ ਅਤੇ ਮਾਤਾ ਕਕਈ ਦੇ ਪੁੱਤਰ) ਅਤੇ ਹੋਰ ਪਿਆਰਿਆਂ ਨੂੰ ਆਉਣ ਵਾਲੇ ਪੁਨਰ-ਮਿਲਨ ਦੀ ਸ਼ੁਭ ਖ਼ਬਰ ਦੇਣ ਦੇ ਮੌਕੇ ਨਾਲ ਸਬੰਧਿਤ ਹੈ।) ਵਾਲੂਯਮ 6 ਯੁੱਧ ਕਾਂਡ ਅਧਿਆਇ 126 ਸਲੋਕ 54) :
तं गङ्गां पुनरासाद्य वसन्तं मुनिसंनिधौ ||
अविघ्नं पुष्ययोगेन श्वो रामं द्रष्टुमर्हसि ||६-१२६-५४
ਇਸ ਦਾ ਭਾਵ ਹੈ ਕਿ ਰਾਮਚੰਦਰ ਜੀ ਚੇਤ ਸੁਦੀ ੬ ਨੂੰ ਅਯੁੱਧਿਆ ਪਹੁੰਚੇ। ਜੋਤਿਸ਼ ਵਿਦਿਆ ਦੇ ਹਿੰਦੂ ਮਾਹਰਾਂ ਮੁਤਾਬਿਕ ਚੇਤ ਸੁਦੀ ੬ ਨਾਲੋਂ ਵੈਸਾਖ ਸੁਦੀ ੬ ਵੱਧ ਢੁੱਕਵੀਂ ਹੈ। ਇਹ ਹਿੰਦੂ ਵਿਦਵਾਨਾਂ ’ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਨੇ ਚੇਤ ਸੁਦੀ ੬ ਅਤੇ ਵੈਸਾਖ ਸੁਦੀ ੬ ’ਚੋਂ ਕਿਸ ਦੀ ਚੋਣ ਕਰਨੀ ਹੈ, ਪਰ ਸਵਾਲ ਇਹ ਹੈ ਕਿ ਰਾਮ ਚੰਦਰ ਜੀ ਦੀ ਅਯੁੱਧਿਆ ਵਾਪਸੀ ਚੇਤ/ਵੈਸਾਖ ਸੁਦੀ ੬ ਦੀ ਥਾਂ ਕੱਤਕ ਵਦੀ ਮੱਸਿਆ ਨੂੰ ਕਿਵੇਂ ਪ੍ਰਚਲਿਤ ਹੋਈ ? ਕਾਰਨ ਇਹ ਹੈ ਕਿ ਹਿੰਦੂਆਂ ਨੇ ਆਪਣੇ ਮਿਥਿਹਾਸ ਨੂੰ ਇਤਿਹਾਸ ਬਣਾਉਣ ਲਈ ਅਤੇ ਲੋਕਾਂ ਤੋਂ ਅਸਾਨੀ ਨਾਲ ਇਸ ਨੂੰ ਮਨਵਾਉਣ ਲਈ ਰਾਮ ਚੰਦਰ ਜੀ ਦੀ ਅਯੁੱਧਿਆ ਵਾਪਸੀ; ਪਹਿਲਾਂ ਤੋਂ ਹੀ ਮਨਾਏ ਜਾਂਦੇ ਲਕਸ਼ਮੀ ਪੂਜਾ ਦੇ ਤਿਉਹਾਰ ਕੱਤਕ ਵਦੀ ਮੱਸਿਆ ਨਾਲ ਜੋੜ ਦਿੱਤੀ। ਲਕਸ਼ਮੀ ਪੂਜਾ ਦਾ ਤਿਉਹਾਰ, ਜੋ ਪਹਿਲਾਂ ਤੋਂ ਹੀ ਮਨਾਇਆ ਜਾਂਦਾ ਸੀ; ਰਾਮ ਚੰਦਰ ਜੀ ਦੇ ਅਯੁੱਧਿਆ ਵਾਪਸੀ ਨਾਲ ਜੁੜਨ ਕਰਕੇ ਹੋਰ ਉਤਸ਼ਾਹ ਨਾਲ ਮਨਾਏ ਜਾਣਾ ਪ੍ਰਚਲਿਤ ਹੋ ਗਿਆ। ਇਹ ਬਿਲਕੁਲ ਉਸੇ ਤਰ੍ਹਾਂ ਹੈ, ਜਿਵੇਂ ਸਾਖੀ ਪ੍ਰਣਾਲੀ ਦਾ ਮੁੱਢ ‘ਸਾਖੀ ਮਹਲੁ ਪਹਿਲੇ ਕੀ’ ਸਾਖੀਕਾਰ (ਗੁਰੂ ਨਾਨਕ ਸਾਹਿਬ ਜੀ ਦੇ ਅਨਿਨ ਸਿੱਖ ਭਾਈ ਸ਼ੀਹਾਂ ਉੱਪਲ, ਜੋ ਗੁਰੂ ਅੰਗਦ ਸਾਹਿਬ ਜੀ ਅਤੇ ਗੁਰੂ ਅਮਰਦਾਸ ਜੀ ਦੇ ਭੀ ਸ਼ਰਧਾਲੂ ਸਿੱਖ ਰਹੇ ਹਨ), ਪੁਰਾਤਨ ਜਨਮ ਸਾਖੀ, ਜਿਸ ਨੂੰ ਵਿਲਾਇਤ ਵਾਲੀ ਜਨਮ ਸਾਖੀ ਭੀ ਆਖਿਆ ਜਾਂਦਾ ਹੈ, ਭਾਈ ਮਿਹਰਵਾਨ ਵਾਲੀ ਜਨਮ ਸਾਖੀ, ਭਾਈ ਮਨੀ ਸਿੰਘ ਕ੍ਰਿਤ ਗਿਆਨ ਰਤਨਾਵਲੀ, ਭਾਈ ਗੁਰਦਾਸ ਜੀ ਦੀ ਵਾਰ ਪਹਿਲੀ, ਇਨ੍ਹਾਂ ਸਾਰੀਆਂ ’ਚ ਹੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਵੈਸਾਖ ਮਹੀਨੇ ਦਾ ਲਿਖਿਆ ਹੈ, ਪਰ ਸਭ ਤੋਂ ਪਿਛੋਂ 1658 ’ਚ ਜੰਡਿਆਲਾ ਨਿਵਾਸੀ ਹਿੰਦਾਲੀਆਂ ਵੱਲੋਂ ਲਿਖੀ ਜਨਮ ਸਾਖੀ, ਜਿਸ ਨੂੰ ਭਾਈ ਬਾਲੇ ਵਾਲੀ ਜਨਮ ਸਾਖੀ ਕਹਿ ਕੇ ਪ੍ਰਚਾਰਿਆ ਗਿਆ; ਅਨੁਸਾਰ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਕੱਤਕ ਦੀ ਪੂਰਨਮਾਸ਼ੀ ਦਾ ਪ੍ਰਚਾਰਿਆ ਤੇ ਪ੍ਰਚਲਿਤ ਕੀਤਾ ਹੋਇਆ ਹੈ।
ਹੁਣ ਗੱਲ ਕਰਦੇ ਹਾਂ ਬੰਦੀ ਛੋੜ ਦਿਵਸ ਦੀ। ਕਰਨਲ ਸ. ਸ. ਨਿਸ਼ਾਨ ਨੇ ਲਿਖਿਆ ਹੈ ‘ਸਿੱਖ ਧਰਮ ਅੰਦਰ ਬੰਦੀਛੋੜ ਦਿਵਸ ਦਾ ਪਿਛੋਕੜ ਅਤੇ ਮਹੱਤਵ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਜ ਦਾ ਗਵਾਲੀਅਰ ਦੇ ਕਿਲੇ ਅੰਦਰ 52 ਪਹਾੜੀ ਹਿੰਦੂ ਰਾਜਿਆਂ ਦੀ ਬੰਦ ਖਲਾਸੀ ਕਰਵਾਉਣ ਵਾਲੀ ਇਤਿਹਾਸਕ ਘਟਨਾ ਨਾਲ ਜੁੜਿਆ ਹੋਇਆ ਹੈ। … … 52 ਰਾਜਿਆਂ ਨੂੰ ਮੁਕਤ ਕਰਵਾ ਕੇ ਗੁਰੂ ਹਰਿਗੋਬੰਦ ਜੀ ਕਿਲੇ ਵਿੱਚੋਂ ਬਾਹਰ ਆਏ ਤਾਂ ਗਵਾਲੀਅਰ ਕਿਲੇ ਦੇ ਦਰੋਗੇ ਹਰਿਦਾਸ ਜੀ ਨੇ ਦੀਵਾਲੀ ਮਨਾਈ। ਉਸ ਦਿਨ ਕੱਤਕ ਦੀ ਮੱਸਿਆ ਹੋਣ ਕਾਰਨ ਗਵਾਲੀਅਰ ’ਚ ਹੋਰ ਹਿੰਦੂ ਘਰਾਂ ਵਿੱਚ ਵੀ ਦਲੇਰੀ ਨਾਲ ਦੀਵਾਲੀ ਮਨਾਈ ਗਈ। ਇਸ ਲਈ ਬੰਦੀਛੋੜ ਤੇ ਦੀਵਾਲੀ ਆਪਸ ’ਚ ਰਲ ਮਿਲ ਗਏ।’
ਵਿਚਾਰ : ਗੁਰੂ ਕੀਆਂ ਸਾਖੀਆਂ ਭਾਈ ਸ੍ਵਰੂਪ ਸਿੰਘ ਕੌਸ਼ਿਸ਼ ਸੰਪਾਦਨਾ ਪ੍ਰੋ. ਪਿਆਰਾ ਸਿੰਘ ਪਦਮ ’ਚ ਇਨ੍ਹਾਂ ਦਿਨਾਂ ਨਾਲ ਸਬੰਧਿਤ ਦੋ ਭੱਟ ਵਹੀਆਂ ’ਚ ਇਸ ਤਰ੍ਹਾਂ ਇੰਦਰਾਜ ਹੈ :
- ‘ਗੁਰੂ ਹਰਿਗੋਬਿੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ, ਸੋਢੀ ਖੱਤ੍ਰੀ ਚੱਕ ਗੁਰੂ ਕਾ ਪਰਗਣਾ ਨਿਝਰਆਲਾ, ਸੰਮਤ ਸੋਲਾਂ ਸੈ ਛਿਹਤ੍ਰਾ ਕੱਤਕ ਮਾਸੇ ਕ੍ਰਿਸ਼ਨਾ ਪੱਖੇ ਚੌਦਸ ਕੇ ਦਿਹੁੰ ਗੁਰੂ ਜੀ ਬਾਵਨ ਰਾਜਯੋਂ ਕੇ ਗੈਲ ਗੜ੍ਹ ਗੁਆਲੀਅਰ ਸੇ ਬੰਧਨ ਮੁਕਤ ਹੂਏ ਨਾਇਕ ਹਰੀਰਾਮ ਦਰੋਗਾ ਨੇ ਬੰਦੀ ਛੋੜ ਗੁਰੂ ਹਰਿਗੋਬਿੰਦ ਜੀ ਕੇ ਬੰਧਨ-ਮੁਕਤ ਹੋਨੇ ਕੀ ਖੁਸ਼ੀ ਮੇਂ ਦੀਪਮਾਲਾ ਕੀ।’ (ਭੱਟ ਵਹੀ ਜਾਦੋਬੰਸੀਆਂ ਬੜਤੀਆਂ ਕੀ)
- ਅੰਮ੍ਰਿਤਸਰ ਵਿਖੇ ਪਹੁੰਚਣ ਦੀ ਪ੍ਰੋੜ੍ਹਤਾ ਵਜੋਂ ਡਾ: ਦਿਲਗੀਰ ਵੱਲੋਂ ਦਿੱਤਾ ਭੱਟ ਵਹੀ ਤਲਾਉਂਡਾ, ਪਰਗਣਾ ਜੀਂਦ ਦਾ ਹਵਾਲਾ ਇੰਝ ਹੈ : ‘ਗੁਰੂ ਹਰਿਗੋਬਿੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ ਸੰਮਤ ਸੋਲਾ ਸੈ ਸਤੱਤ੍ਰਾ ਮਾਘ ਪ੍ਰਵਿਸ਼ਟੇ ਪਹਿਲੀ ਕੇ ਦਿਹੁੰ ਹੇਹਰ ਨਗਰੀ ਸੇ ਚਲ ਕਰ ਗਾਮ ਗੁਰੂ ਕੇ ਚੱਕ ਆਏ, ਗੁਰੂ ਜੀ ਕੇ ਆਨੇ ਕੀ ਖੁਸ਼ੀ ਮੇਂ ਦੀਪਮਾਲਾ ਕੀ ਗਈ।’
ਉਕਤ ਦੋਵਾਂ ਹੀ ਇੰਦਰਾਜਾਂ ਮੁਤਾਬਕ ਕੱਤਕ ਦੀ ਮੱਸਿਆ ਦਰਜ ਨਹੀਂ ਹੈ ਅਤੇ ਨਾ ਹੀ ਹਿੰਦੂਆਂ ਦੀ ਦੀਵਾਲੀ ਦਾ ਜ਼ਿਕਰ ਹੈ। ਸ. ਪਾਲ ਸਿੰਘ ਜੀ ਪੁਰੇਵਾਲ ਨੇ ਤੁਜ਼ਕੇ ਜਹਾਂਗੀਰੀ (ਬਾਦਿਸ਼ਾਹ ਜਹਾਂਗੀਰ ਦੀ ਸਰਕਾਰੀ ਨਿੱਜੀ ਡਾਇਰੀ) ਦੇ ਹਵਾਲੇ ਨਾਲ ਗਣਿਤ ਕਰਕੇ ੧ ਫੱਗਣ ਸੰਮਤ ੧੬੭੬ ਕੱਢੀ ਹੈ। ਸ੍ਰੋਮਣੀ ਕਮੇਟੀ ਵੱਲੋਂ ਆਪਣੇ ਕੈਲੰਡਰ ’ਚ ਬੰਦੀਛੋੜ ਦਿਵਸ ਦੀ ਗਲਤ ਤਾਰੀਖ਼ ਲਿਖੇ ਜਾਣ ’ਤੇ ਭੀ ਕਰਨਲ ਨਿਸ਼ਾਨ ਨੇ ਕਿੰਤੂ ਕੀਤਾ ਹੈ। ਹੁਣ ਤੱਕ ਪ੍ਰਚਲਿਤ ਧਾਰਨਾ ਅਨੁਸਾਰ ਪ੍ਰਚਾਰਿਆ ਜਾ ਰਿਹਾ ਹੈ ਕਿ 52 ਪਹਾੜੀ ਰਾਜਿਆਂ ਨੂੰ ਰਿਹਾਅ ਕਰਵਾਉਣ ਉਪਰੰਤ ਦੀਵਾਲੀ ਵਾਲੇ ਦਿਨ ਦਰਬਾਰ ਸਾਹਿਬ ਪਹੁੰਚਣ ਦੀ ਖੁਸ਼ੀ ’ਚ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ। ਸੋ ਕਰਨਲ ਨਿਸ਼ਾਨ ਅਤੇ ਸ੍ਰੋਮਣੀ ਕਮੇਟੀ ਸਪਸ਼ਟ ਕਰਨ ਕਿ ਬੰਦੀਛੋੜ ਦਿਵਸ; ਗਵਾਲੀਅਰ ਦੇ ਕਿਲ੍ਹੇ ’ਚੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬਾਹਰ ਆਉਣ ਵਾਲੇ ਦਿਨ ਨੂੰ ਮਨਾਇਆ ਜਾਂਦਾ ਹੈ ਜਾਂ ਰਿਹਾਅ ਹੋਣ ਉਪਰੰਤ ਅੰਮ੍ਰਿਤਸਰ ਵਿਖੇ ਪਹੁੰਚਣ ਦੀ ਖ਼ੁਸ਼ੀ ’ਚ ਮਨਾਇਆ ਜਾਂਦਾ ਹੈ ? ਦੋਵਾਂ ’ਚੋਂ ਜਿਸ ਭੀ ਦਿਨ ਦੀ ਚੋਣ ਇਨ੍ਹਾਂ ਨੇ ਕੀਤੀ ਹੈ, ਉਸ ਦਿਨ ਦੀ ਇਤਿਹਾਸ ਮੁਤਾਬਿਕ ਤਿੱਥ, ਮਹੀਨਾ ਅਤੇ ਸੰਮਤ ਭੀ ਦਿੱਤੇ ਜਾਣ। ਇਹ ਵੀ ਸਪਸ਼ਟ ਕਰਨ ਕਿ ਬੰਦੀਛੋੜ ਦਿਵਸ ਨੂੰ ਦੀਵਾਲੀ ਨਾਲ ਰਲਗੱਡ ਕਰਨ ਦਾ ਜ਼ਿੰਮੇਵਾਰ ਕੌਣ ਹੈ ? ਅਤੇ ਬੰਦੀਛੋੜ ਦਿਵਸ ਇਤਿਹਾਸ ਦੀ ਅਸਲੀ ਇਤਿਹਾਸਕ ਤਾਰੀਖ਼ ਨੂੰ ਮਨਾਏ ਜਾਣ ’ਚ ਰੋੜਾ ਕੌਣ ਬਣ ਰਿਹਾ ਹੈ ?
ਸ੍ਰੋਮਣੀ ਕਮੇਟੀ ਅਤੇ ਨਾਨਕਸ਼ਾਹੀ ਕੈਲੰਡਰ ਦੀ ਵਿਰੋਧੀ ਧਿਰ; ਕਰਨਲ ਸ. ਸ. ਨਿਸ਼ਾਨ ਨੂੰ ਸਭ ਤੋਂ ਵੱਡਾ ਕੈਲੰਡਰ ਵਿਦਵਾਨ ਮੰਨਦੇ ਹਨ ਪਰ ਕੈਲੰਡਰ ਵਿਗਿਆਨ ਅਤੇ ਡੇਟ ਕਨਵਰਸ਼ਨ ’ਚ ਉਹ ਗਿਆਨ ਦਾ ਕਿੰਨਾ ਕੋਰਾ ਹੈ; ਉਸ ਦਾ ਸਬੂਤ ਹਵਾਲੇ ਅਧੀਨ ਉਸ ਦੇ ਆਪਣੇ ਲੇਖ ’ਚੋਂ ਹੀ ਮਿਲ ਜਾਂਦਾ ਹੈ। ਹਿੰਦੂ ਪੁਜਾਰੀਆਂ ਵੱਲੋਂ ਮਹੂਰਤ ਅਤੇ ਪੂਜਾ ਕਰਨ ਦਾ ਸਮਾਂ ਨਿਸ਼ਚਿਤ ਕਰਨ ਦੇ ਵਿਧਾਨ ਮੁਤਾਬਿਕ ਇਸ ਸਾਲ ਦੀਵਾਲੀ ਕੱਤਕ ਵਦੀ ੧੫ (ਮੱਸਿਆ) ਨੂੰ ਨਹੀਂ ਬਲਕਿ ਪ੍ਰਦੋਸ਼ਕਾਲ ਕੱਤਕ ਵਦੀ ੧੪ ਨੂੰ ਹੈ। ਕਰਨਲ ਨਿਸ਼ਾਨ ਗ੍ਰੈਗੋਰੀਅਨ ਕੈਲੰਡਰ ਦੀਆਂ ਤਾਰੀਖ਼ਾਂ ’ਚ ਤਬਦੀਲ ਕਰਨ ਲਈ ਸਿੱਧਾ ਹੀ ਜੱਟ ਕਾ ਫ਼ਾਰਮੂਲਾ ਵਰਤ ਕੇ ਕੱਤਕ ਵਦੀ ੧੫ ਨੂੰ 15 ਨਵੰਬਰ ਅਤੇ ਕੱਤਕ ਵਦੀ ੧੪ ਨੂੰ 14 ਨਵੰਬਰ ’ਚ ਬਦਲ ਕੇ ਇਉਂ ਲਿਖਦਾ ਹੈ : ‘ਇਸ ਸਾਲ ਕੱਤਕ ਦੀ ਮੱਸਿਆ 15 ਨਵੰਬਰ ਨੂੰ ਹੈ ਪਰ ਕਿਉਂਕਿ ਲਕਸ਼ਮੀ ਪੂਜਾ ਦਾ ਮਹੂਰਤ (ਪ੍ਰਦੋਸ਼ਕਾਲ) 14 ਨਵੰਬਰ ਨੂੰ ਹੈ। ਇਸ ਲਈ ਜੰਤਰੀਆਂ ਵਿੱਚ ਦੀਵਾਲੀ 14 ਨਵੰਬਰ ਨੂੰ ਨਿਸ਼ਚਿਤ ਕੀਤੀ ਗਈ ਹੈ। ਸ੍ਰੋਮਣੀ ਕਮੇਟੀ ਦੇ ਕੈਲੰਡਰ ’ਚ ਵੀ ਬੰਦੀਛੋੜ ਦਿਵਸ 14 ਨਵੰਬਰ ਲਿਖ ਦਿੱਤਾ ਗਿਆ ਹੈ ਜੋ ਲਕਸ਼ਮੀ ਪੂਜਾ ਦੀ ਤਾਰੀਖ਼ ਹੈ। ਬੰਦੀਛੋੜ ਦਿਵਸ ਗੁਰ ਇਤਿਹਾਸ ਅਤੇ ਗੁਰਮਤਿ ਅਨੁਸਾਰ ਕੱਤਕ ਦੀ ਮੱਸਿਆ ਵਾਲੇ ਦਿਨ 15 ਨਵੰਬਰ ਨੂੰ ਹੈ। ਬੰਦੀਛੋੜ ਦਿਵਸ ਦੀ ਅਰਦਾਸ 15 ਨਵੰਬਰ ਨੂੰ ਗੁਰਮਤਿ ਅਤੇ ਗੁਰ ਇਤਿਹਾਸ ਮੁਤਾਬਕ ਕੀਤੀ ਜਾਣੀ ਹੀ ਮੁਨਾਸਬ ਹੈ।’
ਪਾਠਕਾਂ ਦੀ ਜਾਣਕਾਰੀ ਲਈ ਦੱਸਣਾ ਜ਼ਰੂਰੀ ਹੈ ਕਿ ਇਸ ਸਾਲ ਕੱਤਕ ਦੀ ਮੱਸਿਆ 15 ਨਵੰਬਰ ਨੂੰ ਅਤੇ ਕੱਤਕ ਵਦੀ ੧੪; 14 ਨਵੰਬਰ ਨੂੰ ਨਹੀਂ ਹੈ; ਜਿਵੇਂ ਕਿ ਸ੍ਰੋਮਣੀ ਕਮੇਟੀ ਅਤੇ ਨਾਨਕਸ਼ਾਹੀ ਕੈਲੰਡਰ ਦੀ ਵਿਰੋਧੀ ਧਿਰ ਵੱਲੋਂ ਮੰਨੇ ਗਏ ਵਿਦਵਾਨ ਨਿਸ਼ਾਨ ਨੇ ਉਕਤ ਲਿਖੀ ਹੈ; ਬਲਕਿ ਕਰਮਵਾਰ 9 ਨਵੰਬਰ ਅਤੇ 8 ਨਵੰਬਰ ਨੂੰ ਹੈ। ਹਿੰਦੂ ਪੰਚਾਂਗਕਾਰਾਂ ਵੱਲੋਂ ਤਿਆਰ ਕੀਤੀਆਂ ਜੰਤਰੀਆਂ ਅਤੇ ਸ੍ਰੋਮਣੀ ਕਮੇਟੀ ਦੇ ਕੈਲੰਡਰ, ਦੋਵਾਂ ’ਚ ਹੀ ਦੀਵਾਲੀ ਅਤੇ ਬੰਦੀਛੋੜ ਦਿਵਸ 8 ਨਵੰਬਰ ਦਰਜ ਹੈ। ਪਾਠਕਾਂ ਨੂੰ ਚਾਹੀਦਾ ਹੈ ਕਿ ਕਰਨਲ ਨਿਸ਼ਾਨ ਤੋਂ ਪੁੱਛਣ ਕਿ ਅਧੂਰੇ ਗਿਆਨ ਨਾਲ ਉਹ ਕੈਲੰਡਰ ਸਬੰਧੀ ਪਿਛਲੇ ਢਾਈ ਦਹਾਕਿਆਂ ਤੋਂ ਸ੍ਰੋਮਣੀ ਕਮੇਟੀ ਅਤੇ ਸਿੱਖ ਸੰਗਤਾਂ ਨੂੰ ਗੁੰਮਰਾਹ ਕਿਉਂ ਕਰ ਰਿਹਾ ਹੈ ?









