ਆਪੇ ਬੀਜਿ ਆਪੇ ਹੀ ਖਾਹੁ ॥
ਗਿਆਨੀ ਰਣਜੋਧ ਸਿੰਘ (ਫਗਵਾੜਾ)
ਅਕਾਲ ਪੁਰਖ ਦਾ ਇੱਕ ਅਟੱਲ ਨਿਯਮ ਹੈ ਕਿ ਮਨੁੱਖ; ਜੀਵਨ ਵਿੱਚ ਜੋ ਵੀ ਚੰਗੇ ਮੰਦੇ ਕਰਮ ਕਰਦਾ ਹੈ, ਉਸ ਦੁਆਰਾ ਕੀਤੇ ਚੰਗੇ ਮੰਦੇ ਕਰਮਾਂ ਦਾ ਪ੍ਰਤੀਕਰਮ (ਰਿਐਕਸ਼ਨ) ਜ਼ਰੂਰ ਹੁੰਦਾ ਹੈ। ਗੁਰੂ ਸਾਹਿਬਾਨ ਤੇ ਭਗਤ ਸਾਹਿਬਾਨ ਨੇ ਇਸ ਦਾ ਖੁਲਾਸਾ ‘ਸੱਚ ਕੀ ਬਾਣੀ’ ਅੰਦਰ ਕਈ ਵਾਰ ਕੀਤਾ ਹੈ, ‘‘ਜੈਸਾ ਕਰੇ, ਸੁ ਤੈਸਾ ਪਾਵੈ ॥ ਆਪਿ ਬੀਜਿ, ਆਪੇ ਹੀ ਖਾਵੈ ॥’’ (ਮਹਲਾ ੧/੬੬੨) ਮਨੁੱਖ; ਜੀਵਨ ਵਿੱਚ ਜੈਸਾ ਕਰਮ ਕਰਦਾ ਹੈ, ਵੈਸਾ ਫਲ਼ ਭੀ ਭੋਗਦਾ ਹੈ। ਕਿਸਾਨ ਖੇਤ ਵਿੱਚ ਜੈਸਾ ਬੀਜ ਬੀਜਦਾ ਹੈ, ਵੈਸਾ ਫਸਲ ਉਗਦਾ ਹੈ। ਅਗਰ ਖੇਤ ਵਿੱਚ ਕਿਸਾਨ ਗੰਨੇ ਬੀਜਦਾ ਹੈ ਤਾਂ ਮਿੱਠੇ ਗੰਨੇ ਉਗਦੇ ਹਨ। ਫਿਰ ਮਿੱਠੇ ਗੰਨਿਆਂ ਨੂੰ ਮਾਨਦਾ ਭੀ ਹੈ। ਅਗਰ ਕਿਸਾਨ ਖੇਤ ਵਿੱਚ ਤੁੰਮੇ ਬੀਜਦਾ ਹੈ ਤਾਂ ਖੇਤ ਵਿੱਚ ਕੌੜੇ ਤੁੰਮੇ ਹੀ ਹੁੰਦੇ ਹਨ, ਫਿਰ ਕੌੜੇ ਤੁੰਮਿਆਂ ਦਾ ਸਾਮ੍ਹਣਾ ਭੀ ਕਰਨਾ ਪੈਂਦਾ ਹੈ, ‘‘ਜੇਹਾ ਬੀਜੈ, ਸੋ ਲੁਣੈ; ਕਰਮਾ ਸੰਦੜਾ ਖੇਤੁ ॥ ਨਾਨਕ ! ਪ੍ਰਭ ਸਰਣਾਗਤੀ; ਚਰਣ ਬੋਹਿਥ ਪ੍ਰਭ ਦੇਤੁ ॥’’ (ਬਾਰਹਮਾਹਾ/ਮਹਲਾ ੫/੧੩) ਕਿਸਾਨ ਜੈਸਾ ਬੀਜ ਬੀਜਦਾ ਹੈ, ਵੈਸਾ ਫਸਲ ਉਗਦਾ ਹੈ। ਜੀਵਨ ਵਿੱਚ ਜੈਸਾ ਕਰਮ ਕਰਦਾ ਹੈ, ਵੈਸਾ ਫਲ਼ ਮਿਲਦਾ ਭੀ ਹੈ। ਅਗਰ ਮਨੁੱਖ; ਜੀਵਨ ਵਿੱਚ ਚੰਗੇ ਕਰਮ ਕਰਦਾ ਹੈ ਤਾਂ ਜੀਵਨ ਵਿੱਚ ਸੁੱਖ, ਆਨੰਦ ਤੇ ਸਹਿਜ ਦਾ ਫਲ਼ ਮਿਲਦਾ ਹੈ। ਅਗਰ ਜੀਵਨ ਵਿੱਚ ਮਨੁੱਖ; ਬੁਰੇ ਕਰਮ ਕਰਦਾ ਹੈ ਤਾਂ ਜੀਵਨ ਵਿੱਚ ਚਿੰਤਾ, ਫਿਕਰ ਤੇ ਡਰ ਦਾ ਫਲ਼ ਮਿਲਦਾ ਹੈ। ਇਹੀ ਕਰਤਾ ਪੁਰਖ ਦਾ ਇੱਕ ਅਟੱਲ ਨਿਯਮ ਹੈ, ‘‘ਬਾਹਰਿ ਪਾਖੰਡ ਸਭ ਕਰਮ ਕਰਹਿ; ਮਨਿ ਹਿਰਦੈ ਕਪਟੁ ਕਮਾਇ ॥ ਖੇਤਿ ਸਰੀਰਿ, ਜੋ ਬੀਜੀਐ; ਸੋ ਅੰਤਿ ਖਲੋਆ ਆਇ ॥’’ (ਮਹਲਾ ੩/੧੪੧੮)
ਧਰਤੀ ਵਿੱਚ ਜੋ ਭੀ ਬੀਜ ਪੈ ਜਾਂਦਾ ਹੈ, ਧਰਤੀ ਉਸ ਨੂੰ ਛੁਪਾ ਨਹੀਂ ਸਕਦੀ। ਧਰਤੀ ਵਿੱਚ ਪਿਆ ਬੀਜ ਪ੍ਰਗਟ ਹੋ ਹੀ ਜਾਂਦਾ ਹੈ। ਸਰੀਰ ਦੇ ਖੇਤ ਵਿੱਚ ਜੈਸੀ ਸੋਚ ਦੇ ਬੀਜ ਪੈ ਜਾਣ, ਉਹ ਛੁਪੇ ਨਹੀਂ ਰਹਿੰਦੇ, ਬਾਹਰ ਇੱਕ ਦਿਨ ਕਰਮ ਰੂਪ ਵਿੱਚ ਪ੍ਰਗਟ ਹੋ ਜਾਂਦੇ ਹਨ। ਸ਼ੇਖ ਫ਼ਰੀਦ ਜੀ ਨੇ ਇੱਕ ਸਲੋਕ ਵਿੱਚ ਇਸ ਦਾ ਜ਼ਿਕਰ ਆਪਣੇ ਢੰਗ ਨਾਲ ਕੀਤਾ ਹੈ, ‘‘ਫਰੀਦਾ ! ਲੋੜੈ ਦਾਖ ਬਿਜਉਰੀਆਂ; ਕਿਕਰਿ ਬੀਜੈ ਜਟੁ ॥ ਹੰਢੈ ਉਂਨ ਕਤਾਇਦਾ; ਪੈਧਾ ਲੋੜੈ ਪਟੁ ॥੨੩॥’’ (ਬਾਬਾ ਫਰੀਦ/੧੩੭੯) ਅਗਰ ਕੋਈ ਜੱਟ ਆਪਣੇ ਖੇਤਾਂ ਵਿੱਚ ਕਿਕਰ ਦੇ ਬੀਜ ਬੀਜੇ, ਪਰ ਆਸ ਕਰੇ ਕਿ ਅੰਗੂਰਾਂ ਦੀਆਂ ਵੇਲਾਂ ਉੱਗਣ, ਫਿਰ ਅੰਗੂਰ ਲੱਗਣ ਤੇ ਮੈਨੂੰ ਅੰਗੂਰ ਮਿਲਣਾ; ਕੀ ਐਸਾ ਹੋ ਸਕਦਾ ਹੈ ? ਕਦੇ ਭੀ ਨਹੀਂ। ਅਗਰ ਕਿੱਕਰਾਂ ਬੀਜੀਆਂ ਹਨ ਤਾਂ ਕੰਡਿਆਂ ਦਾ ਸਾਮ੍ਹਣਾ ਕਰਨਾ ਪੈਣਾ ਹੈ।
ਦੂਸਰੀ ਬਾਤ ਅਗਰ ਕੋਈ ਮਨੁੱਖ ਉਨ (ਸੂਤ) ਕਤਦਾ ਫਿਰੇ, ਪਰ ਆਸ ਕਰੇ ਕਿ ਇਸ ਸੂਤ ਤੋਂ ਰੇਸ਼ਮ ਦੇ ਕੱਪੜੇ ਬਣ ਜਾਣ। ਕੀ ਐਸਾ ਹੋਵੇਗਾ ? ਕਦੇ ਭੀ ਨਹੀਂ। ਅਗਰ ਸੂਤ ਕੱਤਿਆ ਹੈ ਤਾਂ ਸੂਤ ਦੇ ਕੱਪੜੇ ਹੀ ਬਣਨਗੇ, ਪਰ ਹਾਂ ਜੇਕਰ ਕਿਸੇ ਨੇ ਖੇਤ ਵਿੱਚੋਂ ਅੰਗੂਰ ਤੋੜਨੇ ਹਨ ਤਾਂ ਅੰਗੂਰਾਂ ਦੀਆਂ ਵੇਲਾਂ ਹੀ ਲਾਉਣੀਆਂ ਪੈਣੀਆਂ ਹਨ। ਫਿਰ ਅੰਗੂਰ ਮਿਲਣਗੇ। ਕਿੱਕਰਾਂ ਬੀਜ ਕੇ ਅੰਗੂਰ ਨਹੀਂ। ਜੇਕਰ ਕਿਸੇ ਦੇ ਰੇਸ਼ਮ ਦੇ ਕੱਪੜੇ ਪਹਿਨਣੇ ਹਨ ਤਾਂ ਉਸ ਨੂੰ ਰੇਸ਼ਮ ਲਈ ਹੀ ਉੱਦਮ ਕਰਨਾ ਪਵੇਗਾ। ਸੂਤ ਕੱਤ ਕੇ ਰੇਸ਼ਮ ਨਹੀਂ ਬਣਦਾ। ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਇਸ ਸਬੰਧ ਵਿੱਚ ਬਚਨ ਹਨ, ‘‘ਜੋ ਜੀਇ ਹੋਇ, ਸੁ ਉਗਵੈ; ਮੁਹ ਕਾ ਕਹਿਆ ਵਾਉ ॥ ਬੀਜੇ ਬਿਖੁ, ਮੰਗੈ ਅੰਮ੍ਰਿਤੁ; ਵੇਖਹੁ ਏਹੁ ਨਿਆਉ॥’’ (ਆਸਾ ਕੀ ਵਾਰ/ਮਹਲਾ ੨/੪੭੪)
ਕੋਈ ਮਨੁੱਖ ਅਗਰ ਜੀਵਨ ਵਿੱਚ ਜ਼ਹਰ ਬੀਜਦਾ ਹੈ ਭਾਵ ਹੀਰਖਾ, ਨਫ਼ਰਤ ਤੇ ਨਿੰਦਿਆ ਕਰਦਾ ਹੈ ਤਾਂ ਜੀਵਨ ਵਿੱਚ ਅੰਮ੍ਰਿਤ ਨਹੀਂ ਮਿਲਦਾ ਭਾਵ ਜੀਵਨ ਵਿੱਚ ਪ੍ਰੇਮ ਤੇ ਪਿਆਰ ਨਹੀਂ ਮਿਲਦਾ। ਮਨੁੱਖ ਬੜਾ ਅਜੀਬ ਹੈ। ਇਹ ਬੀਜਦਾ ਜ਼ਹਰ ਹੈ ਤੇ ਆਸ ਅੰਮ੍ਰਿਤ ਦੀ ਰੱਖਦਾ ਹੈ। ਜੀਵਨ ਵਿੱਚ ਮੌਤ ਬੀਜਦਾ ਹੈ, ਚਾਹੁੰਦਾ ਹੈ ਜੀਵਨ ਮਿਲੇ। ਐਸਾ ਕਦੇ ਭੀ ਨਹੀਂ ਹੁੰਦਾ। ਅਕਾਲ ਪੁਰਖ ਦਾ ਅਟੱਲ ਨਿਯਮ ਹੈ ਕਿ ਮਨੁੱਖ ਜੀਵਨ ਅੰਦਰ ਜੈਸਾ ਕਰਦਾ ਹੈ, ਵੈਸਾ ਭਰਦਾ ਭੀ ਹੈ। ਇਸ ਦਾ ਇਤਿਹਾਸ ਬੜਾ ਲੰਬੇਰਾ ਹੈ, ‘‘ਜੈਸਾ ਕਰੇ, ਸੁ ਤੈਸਾ ਪਾਵੈ ॥’’
ਮੈਂ ਸੰਸਾਰ ਦਾ ਇਤਿਹਾਸ ਆਪ ਜੀ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਜੋ ਸਾਨੂੰ ਪਤਾ ਲੱਗੇ ਤੇ ਨਸੀਅਤ ਭੀ ਮਿਲੇ, ‘‘ਜੈਸਾ ਕਰੇ; ਸੁ ਤੈਸਾ ਪਾਵੈ ॥’’ ਅਤੇ ‘‘ਜੇਹਾ ਬੀਜੈ ਸੋ ਲੁਣੈ; ਕਰਮਾ ਸੰਦੜਾ ਖੇਤੁ ॥’’ ਯਾਨੀ ਕਿ ਅਸੀਂ ਦੂਸਰਿਆਂ ਨਾਲ ਜਿਹੋ ਜਿਹਾ ਕਰਾਂਗੇ, ਉਹੋ ਜਿਹਾ ਲੋਕ ਸਾਡੇ ਨਾਲ ਭੀ ਕਰਨਗੇ। ਅਸੀਂ ਦੂਸਰੇ ਨੂੰ ਪਿਆਰ ਦੇਵਾਂਗੇ ਤਾਂ ਅੱਗੋਂ ਪਿਆਰ ਮਿਲੇਗਾ। ਅਸੀਂ ਦੂਸਰੇ ਨੂੰ ਸਤਿਕਾਰ ਦੇਵਾਂਗੇ, ਅੱਗੋਂ ਸਤਿਕਾਰ ਮਿਲੇਗਾ। ਕਿਸੇ ਦਾ ਅਗਰ ਅਸੀਂ ਅਪਮਾਨ ਕਰਾਂਗੇ, ਕਿਸੇ ਦੀ ਅਗਰ ਬੇਇੱਜ਼ਤੀ ਕਰਾਂਗੇ ਤਾਂ ਸਾਡਾ ਭੀ ਅਪਮਾਨ ਹੋਵੇਗਾ। ਸਾਡੀ ਭੀ ਬੇਇੱਜ਼ਤੀ ਹੋਵੇਗੀ। ਅਸੀਂ ਮਾਂ ਬਾਪ ਦਾ, ਵੱਡਿਆਂ ਦਾ ਸਤਿਕਾਰ ਕਰਾਂਗੇ ਤਾਂ ਸਾਡੇ ਬੱਚੇ ਅੱਗੋਂ ਸਾਡਾ ਸਤਿਕਾਰ ਕਰਨਗੇ, ਆਗਿਆਕਾਰੀ ਬਣਨਗੇ। ਅਗਰ ਅਸੀਂ ਮਾਂ ਬਾਪ ਜਾਂ ਬਜ਼ੁਰਗਾਂ ਦਾ ਸਤਿਕਾਰ ਨਾ ਕੀਤਾ ਤਾਂ ਆਪਣੇ ਬੱਚਿਆਂ ਤੋਂ ਆਪਣੇ ਸਤਿਕਾਰ ਦੀ ਆਸ ਨਾ ਰੱਖਿਓ। ਮੈਂ ਇੱਕ ਛੋਟੀ ਜਿਹੀ ਸਿੱਖਿਆ ਦਾਇਕ ਕਹਾਣੀ ਪੜ੍ਹੀ ਹੈ ਕਿ ਇੱਕ ਪੁੱਤਰ ਆਪਣੇ ਬੁੱਢੇ ਅਤੇ ਬਿਮਾਰ ਬਾਪ ਨੂੰ ਦਰਿਆ ਵਿੱਚ ਰੋੜਨ ਵਾਸਤੇ ਲੈ ਗਿਆ। ਜਦੋਂ ਬੁੱਢੇ ਅਤੇ ਬਿਮਾਰ ਬਾਪ ਨੂੰ ਪਾਣੀ ਵਿੱਚ ਰੋੜਨ ਲੱਗਾ ਤਾਂ ਉਸ ਬੁੱਢੇ ਤੇ ਬਿਮਾਰ ਬਾਪ ਨੇ ਕਿਹਾ ਪੁੱਤਰਾ ! ਮੈਨੂੰ ਥੋੜ੍ਹਾ ਅਗਾਂਹ ਤੋਂ ਰੋੜ ਕਿਉਂਕਿ ਇੱਥੇ ਮੈਂ ਆਪਣੇ ਬੁੱਢੇ ਅਤੇ ਬਿਮਾਰ ਬਾਪ ਨੂੰ ਰੋੜਿਆ ਸੀ। ਪੁੱਤਰ ਦੇ ਮਨ ਨੂੰ ਠੋਕਰ ਵੱਜੀ। ਉਸ ਨੂੰ ਸਮਝ ਆ ਗਈ। ਮੇਰੇ ਬਾਪ ਨੇ ਆਪਣੇ ਬਾਪ ਨਾਲ ਇਹੋ ਕੀਤਾ ਜੋ ਮੈਂ ਅੱਜ ਇਸ ਨਾਲ ਕਰਨ ਲੱਗਾ ਹਾਂ। ਕੱਲ੍ਹ ਨੂੰ ਮੇਰੇ ਬੱਚੇ ਮੇਰੇ ਨਾਲ ਭੀ ਇਹੋ ਕੁਝ ਹੀ ਕਰਨਗੇ, ਜੋ ਮੈਂ ਅੱਜ ਕਰ ਰਿਹਾ ਹਾਂ। ਉਹ ਬਾਪ ਨੂੰ ਵਾਪਸ ਘਰ ਲੈ ਆਇਆ, ‘‘ਜੇਹਾ ਬੀਜੈ ਸੋ ਲੁਣੈ; ਕਰਮਾ ਸੰਦੜਾ ਖੇਤੁ ॥’’ ਕਾਦਰ ਦੀ ਕੁਦਰਤ ਅੰਦਰ ਕਰਤਾ ਪੁਰਖ ਦਾ ਇਹ ਅਟੱਲ ਨਿਯਮ ਹੈ ਕਿ ਮਨੁੱਖ ਜੈਸਾ ਕਰਦਾ ਹੈ, ਵੈਸਾ ਭਰਦਾ ਭੀ ਹੈ। ਤੁਸੀਂ ਦੇਖੋ :
(1). ਚੰਦੂ ਲਾਲ ਦਾ ਹਸ਼ਰ : ਅਕਬਰ ਤੋਂ ਬਾਅਦ ਭਾਰਤ ਵਰਸ਼ ਦਾ ਬਾਦਿਸ਼ਾਹ ਜਹਾਂਗੀਰ ਰਾਜ ਸਿੰਘਾਸਣ ’ਤੇ ਬੈਠਾ। ਜਹਾਂਗੀਰ ਕੱਟੜ ਸੁੰਨੀ ਮੁਤੱਸਵੀ ਸੋਚ ਵਾਲਾ ਮੁਸਲਮਾਨ ਬਾਦਿਸ਼ਾਹ ਸੀ। ਜਹਾਂਗੀਰ ਗੁਰੂ ਸਾਹਿਬ ਦੇ ਬਹੁਤ ਵਿਰੁੱਧ ਸੀ। ਇਸ ਦੇ ਨਜ਼ਦੀਕੀ ਮੰਤਰੀ, ਵਜ਼ੀਰ ਤੇ ਅਹਿਲਕਾਰ ਭੀ ਸਿੱਖ ਵਿਚਾਰਧਾਰਾ ਦੇ ਖਿਲਾਫ਼ ਸਨ। ਗਵਰਨਰ ਸ਼ੇਖ ਫਰੀਦ ਬੁਖਾਰੀ ਮੁਰਤਜਾ ਖਾਨ ਤੇ ਸ਼ੇਖ ਅਹਿਮਦ ਸਰਹੱਦੀ; ਸਿੱਖ ਸਿਧਾਂਤਾਂ ਦੇ ਕੱਟੜ ਵਿਰੋਧੀ ਸਨ। ਇਹ ਸਾਰੇ ਅਹਿਲਕਾਰ, ਜਹਾਂਗੀਰ ਦੇ ਕੰਨ ਸਿੱਖੀ ਅਤੇ ਗੁਰੂ ਸਾਹਿਬ ਦੇ ਖਿਲਾਫ ਭਰਦੇ ਰਹਿੰਦੇ ਸਨ।
ਗੁਰੂ ਅਰਜਨ ਸਾਹਿਬ ਪਾਤਿਸ਼ਾਹ ਜੀ ਦੁਆਰਾ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਉਪਰੰਤ ਜਹਾਂਗੀਰ; ਗੁਰੂ ਘਰ ਦੀ ਮਰਿਆਦਾ ਨੂੰ ਝੂਠ ਦੀ ਦੁਕਾਨ ਕਹਿਣ ਲੱਗ ਪਿਆ। ਉਕਤ ਅਹਿਲਕਾਰਾਂ ਦੁਆਰਾ ਭਰੇ ਗਏ ਕੰਨਾਂ ਤੋਂ ਬਾਅਦ ਉਹ, ਗੁਰੂ ਸਾਹਿਬ ਜੀ ਦੀ ਵਿਚਾਰਧਾਰਾ (ਸੋਚ) ਨੂੰ ਖ਼ਤਮ ਕਰਨਾ ਚਾਹੁੰਦਾ ਸੀ। ਉਸ ਨੇ ਗੁਰੂ ਸਾਹਿਬ ਨੂੰ ਲਹੌਰ ਦਰਬਾਰ ਵਿੱਚ ਬੁਲਾਇਆ। ਜਦੋਂ ਜਹਾਂਗੀਰ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਨੂੰ ਦਲੀਲਾਂ ਨਾਲ਼ ਗੁਰਮਤਿ ਵਿਚਾਰਧਾਰਾ ਤੋਂ ਦੂਰ ਨਹੀਂ ਕੀਤਾ ਜਾ ਸਕਦਾ ਤਾਂ ਜਹਾਂਗੀਰ ਨੇ ਮੁਰਤਜਾ ਖਾਂ ਰਾਹੀਂ ਗੁਰੂ ਅਰਜਨ ਸਾਹਿਬ ਨੂੰ ਦਰੋਗਾ ਚੰਦੂ ਲਾਲ ਦੇ ਹਵਾਲੇ ਕਰ ਦਿੱਤਾ। ਚੰਦੂ ਲਾਲ ਨੇ ਜਹਾਂਗੀਰ ਦੇ ਦਰਬਾਰ ਵਿੱਚ ਉੱਚਾ ਰਾਜਸੀ ਅਹੁਦਾ ਲੈਣ ਲਈ ਗੁਰੂ ਅਰਜਨ ਸਾਹਿਬ ਜੀ ਨੂੰ ਚਾਰ ਦਿਨ ਲਗਾਤਾਰ ਜਾਸਾ ਅਤੇ ਸਿਆਸਤ ਕਾਨੂੰਨ ਅਧੀਨ ਅਕਹਿ ਅਤੇ ਅਸਹਿ ਤਸੀਹੇ ਦਿੱਤੇ। ਇੱਕ ਦਿਨ ਲਗਾਤਾਰ ਕੜਕਦੀ ਧੁੱਪ ਵਿੱਚ ਨੰਗੇ ਪਿੰਡੇ ਗੁਰੂ ਜੀ ਨੂੰ ਭੁੱਖੇ ਅਤੇ ਪਿਆਸੇ ਖੜ੍ਹੇ ਕੇ ਰੱਖਿਆ ਗਿਆ। ਫਿਰ ਦੋ ਰਾਤਾਂ ਗੁਰੂ ਸਾਹਿਬ ਨੂੰ ਸੌਣ ਭੀ ਨਾ ਦਿੱਤਾ ਗਿਆ। ਨੰਗੇ ਪਿੰਡੇ ਉੱਪਰ ਸੜਦੀ-ਸੜਦੀ ਰੇਤ ਭੜਭੁੰਜੇ ਪਠਿਆਰੇ ਤੋਂ ਜਬਰਦਸਤੀ ਪਵਾਈ। ਤੱਤੀ ਤਵੀ ’ਤੇ ਬੈਠਾਏ ਗਏ। ਉਬਲਦੇ ਪਾਣੀ ਵਿੱਚ ਬਿਠਾਇਆ ਗਿਆ। 30 ਮਈ 1606 ਈਸਵੀ (ਨਾਨਕਸ਼ਾਹੀ ਕੈਲੰਡਰ ਅਨੁਸਾਰ 16 ਜੂਨ 1606 ਈਸਵੀ) ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਬਚਾਅ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਰਾਵੀ ਦੇ ਕਿਨਾਰੇ ਲੈ ਗਏ। ਸਤਿਗੁਰੂ ਪਾਤਿਸ਼ਾਹ ਨੂੰ ਰੇਤ ਵਿੱਚ ਘਸੀਟਿਆ ਗਿਆ। ਗੁਰੂ ਜੀ ਨੂੰ ਪੱਥਰ ਮਾਰੇ। ਆਖ਼ਿਰ ਰੱਸਿਆਂ ਨਾਲ ਬੰਨ੍ਹ ਕੇ ਰਾਵੀ ਦੇ ਪਾਣੀ ਵਿੱਚ ਸੁੱਟ ਦਿੱਤਾ ਗਿਆ। ਇਉਂ ਚੰਦੂ ਲਾਲ ਨੇ ਰਾਜਸੀ ਅਹੁਦਾ ਪ੍ਰਾਪਤ ਕਰਨ ਲਈ ਗੁਰੂ ਪਾਤਿਸ਼ਾਹ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ।
ਆਮ ਲੋਕਾਂ ਅਤੇ ਸਾਈਂ ਮੀਆਂ ਮੀਰ ਸ਼ਾਹ ਅੰਦਰ ਜਹਾਂਗੀਰ ਦੇ ਰਾਜ ਵਿਰੁੱਧ ਬਗਾਵਤ ਉੱਠ ਪਈ। ਜਹਾਂਗੀਰ ਬਗਾਵਤ ਤੋਂ ਡਰ ਗਿਆ। ਬਗਾਵਤ ਤੋਂ ਬਚਣ ਲਈ ਕਾਬਲ ਤੋਂ ਵਾਪਸ ਆ ਕੇ ਜਹਾਂਗੀਰ ਨੇ ਚੰਦੂ ਨੂੰ ਸਿੱਖਾਂ ਹਵਾਲੇ ਕਰ ਦਿੱਤਾ ਤੇ ਕਿਹਾ ਕਿ ਮੈਂ ਦੋਸ਼ੀ ਨਹੀਂ। ਇਹ ਚੰਦੂ ਹੀ ਦੋਸ਼ੀ ਹੈ। ਆਪ ਜਹਾਂਗੀਰ ਆਗਰੇ ਚਲਾ ਗਿਆ। ਸਿੱਖਾਂ ਨੇ ਚੰਦੂ ਦੇ ਨੱਕ ਵਿੱਚ ਪਸ਼ੂਆਂ ਵਾਂਗ ਨਕੇਲ ਪਾ ਲਈ। ਉਸ ਨੂੰ ਗਲੀਆਂ ਵਿੱਚ ਘੁੰਮਾਇਆ ਗਿਆ। ਜਿੱਥੋਂ ਦੀ ਭੀ ਉਹ ਲੰਘਦਾ, ਲੋਕ ਪੱਥਰ ਮਾਰਦੇ। ਜੁੱਤੀਆਂ ਮਾਰਦੇ। ਮੂੰਹ ’ਤੇ ਥੁਕਦੇ। ਤਿੰਨ ਚਾਰ ਦਿਨ ਚੰਦੂ ਨੂੰ ਲੋਕਾਂ ਨੇ ਗੁੱਸੇ ਵਿੱਚ ਤਸੀਹੇ ਦਿੱਤੇ। ਜਦੋਂ ਚੰਦੂ ਭੜਭੁੰਜੇ ਭਠਿਆਰੇ ਦੇ ਮੂਰਦੀ ਲੰਘਣ ਲੱਗਾ ਤਾਂ ਭਠਿਆਰੇ ਨੇ ਗੁੱਸੇ ਵਿੱਚ ਚੰਦੂ ਦੇ ਸਿਰ ਵਿੱਚ ਉਹੀ ਕੜਛਾ ਮਾਰਿਆ, ਜਿਸ ਨਾਲ ਚੰਦੂ ਨੇ ਗੁਰੂ ਸਾਹਿਬ ਜੀ ਦੇ ਸਿਰ ’ਤੇ ਰੇਤ ਪਵਾਇਆ ਸੀ। ਇਉਂ ਚੰਦੂ ਕੁੱਤੇ ਦੀ ਮੌਤ ਮਾਰਿਆ ਗਿਆ। ਗੁਰਬਾਣੀ ਦਾ ਫ਼ੁਰਮਾਨ ਹੈ, ‘‘ਮਤੁ ਕੋ ਜਾਣੈ; ਜਾਇ ਅਗੈ ਪਾਇਸੀ ॥ ਜੇਹੇ ਕਰਮ ਕਮਾਇ; ਤੇਹਾ ਹੋਇਸੀ ॥’’ (ਮਹਲਾ ੧/੭੩੦) ਮਤਾ ਇਹ ਕੋਈ ਜਾਣੇ ਕਿ ਮੈਂ ਜੋ ਕਰਮ ਕਰਦਾ ਹਾਂ, ਉਸ ਸਭ ਅੱਗੇ ਪਾ ਦਿੱਤੇ ਜਾਣਗੇ। ‘ਅਗੈ ਪਾਇਸੀ’ ਭਾਵ ਕੀਤੇ ਕਰਮਾਂ ਦਾ ਕੋਈ ਪ੍ਰਤੀਕਰਮ ਨਹੀਂ ਹੋਵੇਗਾ। ਮਨੁੱਖ ਜੋ ਭੀ ਕਰਮ ਕਰਦਾ ਹੈ, ਉਸ ਦਾ ਫਲ ਅਵੱਸ਼ ਭੁਗਤਣਾ ਪੈਂਦਾ ਹੈ। ਮਨੁੱਖ ਜਿਹੋ ਜਿਹਾ ਕਰਮ ਕਰੇਗਾ, ਉਸ ਨੂੰ ਵੈਸੇ ਹੀ ਫਲ ਭੁਗਤਣੇ ਪੈਂਦੇ ਹਨ। ਇਹ ਅਟੱਲ ਸਚਾਈ ਹੈ। ਇਸ ਸਚਾਈ ਨੂੰ ਇਤਿਹਾਸ ਨੇ ਪ੍ਰਤੱਖ ਦਿਖਾਇਆ ਹੈ।
(2). ਸਿੱਖ ਤਵਾਰੀਖ ਵਿੱਚੋਂ ਵਜ਼ੀਰ ਸੁੱਚਾ ਨੰਦ ਦਾ ਹਸ਼ਰ : ਸਿੱਖ ਇਤਿਹਾਸ ’ਚ ਜਦੋਂ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਦਰਬਾਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਪੇਸ਼ ਕੀਤਾ ਗਿਆ ਤਾਂ ਉਨ੍ਹਾਂ ਦੀ ਉਮਰ 7 ਸਾਲ ਅਤੇ 9 ਸਾਲ ਦੀ ਸੀ। ਬੱਚਿਆਂ ਨੂੰ ਕਾਜ਼ੀ ਅਬਦੁਲ ਵਹਾਬ ਵੁਹਰਾ ਨੇ ਇਸਲਾਮ ਮੱਤ ਧਾਰਨ ਕਰਨ ਵਾਸਤੇ ਕਿਹਾ। ਬੱਚਿਆਂ ਨੇ ਕਾਜ਼ੀ ਨੂੰ ਗਜ਼ਬ ਦੇ ਜਵਾਬ ਦਿੱਤੇ। ਵਜ਼ੀਰ ਖਾਨ ਵੱਲੋਂ ਬੜੇ ਪਿਆਰ ਨਾਲ ਸਾਹਿਬਜ਼ਾਦਿਆਂ ਨੂੰ ਲਾਲਚ ਦਿੱਤੇ ਗਏ, ਪਰ ਮਹਾਨ ਗੁਰੂ ਦੇ ਮਹਾਨ ਫ਼ਰਜੰਦ ਸਿੱਖੀ ਵਿੱਚ ਦ੍ਰਿੜ੍ਹ ਅਤੇ ਅਡੋਲ ਰਹੇ। ਵਜ਼ੀਰ ਖਾਨ ਨੇ ਕਾਜ਼ੀ ਨੂੰ ਫ਼ਤਵਾ ਦੇਣ ਵਾਸਤੇ ਕਿਹਾ। ਕਾਜ਼ੀ ਨੇ ਵਜ਼ੀਰ ਖਾਨ ਨੂੰ ਕਿਹਾ ਜਨਾਬ ! ਇਹ ਮਾਸੂਮ ਹਨ। ਹਦੀਸ਼ਾ ਅਨੁਸਾਰ ਮਾਸੂਮ ਬੱਚਿਆਂ ’ਤੇ ਫ਼ਤਵਾ ਲਾਗੂ ਨਹੀਂ ਹੁੰਦਾ। ਵਜ਼ੀਰ ਖਾਨ ਨੇ ਕਿਹਾ ਅਗਰ ਇਨ੍ਹਾਂ ’ਤੇ ਫ਼ਤਵਾ ਨਹੀਂ ਲੱਗਦਾ ਤਾਂ ਬੱਚਿਆਂ ਨੂੰ ਛੱਡ ਦਿੱਤਾ ਜਾਵੇ। ਕਾਜ਼ੀ ਦੇ ਕਹਿਣ ’ਤੇ ਸਿਪਾਹੀ; ਬੱਚਿਆਂ ਨੂੰ ਕਚਹਿਰੀ ਤੋਂ ਬਾਹਰ ਲੈ ਜਾ ਰਿਹਾ ਸੀ। ਕਚਹਿਰੀ ਵਿੱਚ ਬੇਗ਼ੈਰਤ ਮੁਤੱਸਬੀ ਅਕ੍ਰਿਤਘਣ ਵਜ਼ੀਰ ਸੁੱਚਾ ਨੰਦ ਭੀ ਬੈਠਾ ਸੀ। ਬਾਹਰ ਜਾ ਰਹੇ ਬੱਚਿਆਂ ਨੂੰ ਸੁੱਚਾ ਨੰਦ ਨੇ ਰੋਕ ਲਿਆ ਤੇ ਵਜੀਰ ਖਾਨ ਦੇ ਸਾਮ੍ਹਣੇ ਕਰਕੇ ਸਾਹਿਬਜ਼ਾਦਿਆਂ ਨੂੰ ਪੁੱਛਣ ਲੱਗਾ ਕਿ ਬੱਚਿਓ ! ਤੁਹਾਡੇ ਮਾਂ ਬਾਪ, ਭਰਾ ਅਤੇ ਸਾਰੇ ਸਾਥੀ ਖ਼ਤਮ ਹੋ ਚੁੱਕੇ ਹਨ। ਹੁਣ ਬਾਹਰ ਕਿੱਥੇ ਜਾਵੋਗੇ ? ਕੀ ਕਰੋਗੇ ? ਸਾਹਿਬਜ਼ਾਦਿਆਂ ਨੇ ਬੇਖੌਫ਼ ਹੋ ਕੇ ਕਿਹਾ ਕਿ ਬਾਹਰ ਜਾ ਕੇ ਸਿੰਘਾਂ ਨੂੰ ਇਕੱਠੇ ਕਰਾਂਗੇ। ਜ਼ਬਰ ਅਤੇ ਜ਼ੁਲਮ ਖਿਲਾਫ ਉਦੋਂ ਤੱਕ ਸੰਘਰਸ਼ ਕਰਾਂਗੇ, ਜਦੋਂ ਤੱਕ ਜ਼ਾਲਮ ਅਤੇ ਜ਼ੁਲਮ ਨੂੰ ਖ਼ਤਮ ਨਹੀਂ ਕਰ ਲੈਂਦੇ। ਸੁੱਚਾ ਨੰਦ ਨੂੰ ਮੌਕਾ ਮਿਲ ਗਿਆ। ਵਜ਼ੀਰ ਖਾਨ ਨੂੰ ਮੁਖਾਤਿਬ ਕੀਤਾ, ‘ਨੀਕੇ ਬਾਰਕ ਤੁਮ ਮਤ ਜਾਣਹੁ। ਨਾਗਹੁ ਕੇ ਇਹ ਪੂਤ ਬਖਾਨਹੁ। ਤੁਮਰੇ ਹਾਥ ਆਜ ਯਹ ਆਏ। ਕਰਹੁ ਅਬੈ ਅਪੁਨੇ ਮਨ ਭਾਏ।’ (ਕਥਾ ਗੁਰੂ ਕੇ ਸੁਤਨ ਕੀ, ਦੁਨਾ ਸਿੰਘ ਹੰਡੂਰੀਆ, ਕਵੀ) ਯਾਨੀ ਜਹਾਂ ਪਨਾਹ, ਇਹ ਬੱਚੇ ਮਾਸੂਮ ਨਹੀਂ ਹਨ। ਇਹ ਤਾਂ ਸੱਪ ਦੇ ਸਪੋਲੀਏ ਹਨ। ਫ਼ਰਦੋਸ਼ੀ ਦੇ ਇੱਕ ਸ਼ੇਅਰ ਮੁਤਾਬਕ ‘ਸੱਪ ਨੂੰ ਮਾਰਨਾ. ਉਸ ਦੇ ਬੱਚਿਆਂ ਨੂੰ ਛੱਡਣਾ’ ਸਿਆਣਪ ਨਹੀਂ ਹੈ। ਜਹਾਂ ਪਨਾਹ ! ਭਾਵ ਭੇੜੀਏ ਦਾ ਬੱਚਾ ਭੇੜੀਆ ਹੀ ਹੁੰਦਾ ਹੈ। ਜਦੋਂ ਇਹ ਵੱਡੇ ਹੋਣਗੇ, ਇਸਲਾਮ ਵਿਰੁੱਧ ਤੂਫਾਨ ਉਠਾਉਣਗੇ। ਫਿਰ ਆਪਾਂ ਸਭ ਮੁਸੀਬਤ ਵਿੱਚ ਪੈ ਜਾਵਾਂਗੇ। ਜਨਾਬ ਇਹ ਮਾਸੂਮ ਨਹੀਂ ਹਨ। ਇਹ ਦਲੇਰ ਹਨ, ਇਸ ਕਰਕੇ ਇਹ ਸਿਰ ਨਹੀਂ ਝੁਕਾਉਂਦੇ।
ਸੁੱਚਾ ਨੰਦ ਅਤੇ ਇੱਕ ਹੋਰ ਵਜ਼ੀਰ ਹਰਜਸ ਨੇ ਵਜ਼ੀਰ ਖਾਨ ਕੋਲ ਇੱਕ ਤਰਕੀਬ ਕਹੀ, ਜੋ ‘ਬੀਰ ਮ੍ਰਿਗੇਸ਼’ ਗ੍ਰੰਥ ਵਿੱਚ ਦਰਜ ਹੈ। ਜਹਾਂ ਪਨਾਹ ! ਇਨ੍ਹਾਂ ਦੀ ਪਰਖ ਤੁਹਾਡੇ ਸਾਮ੍ਹਣੇ ਪ੍ਰਤੱਖ ਕਰ ਦਿੰਦੇ ਹਾਂ। ਇਹ ਮਾਸੂਮ ਹਨ ਜਾਂ ਬਾਗੀ। ਤਰਕੀਬ ਅਨੁਸਾਰ ਕਚਹਿਰੀ ’ਚੋਂ ਬਾਹਰ ਤਿੰਨ ਦੁਕਾਨਾਂ ਸਜਾਈਆਂ ਗਈਆਂ। ਇੱਕ ਖਿਡੌਣਿਆਂ ਦੀ, ਦੂਸਰੀ ਮਿਠਾਈ ਦੀ ਤੇ ਤੀਸਰੀ ਹਥਿਆਰਾਂ ਦੀ। ਸੁੱਚਾ ਨੰਦ ਅਤੇ ਹਰਜਸ ਨੇ ਕਿਹਾ ਜਨਾਬ ! ਅਗਰ ਇਹ ਮਿਠਾਈ ਜਾ ਖਿਡੌਣੇ ਚੁੱਕਣ ਤਾਂ ਇਹ ਬੱਚੇ ਹਨ। ਅਗਰ ਇਹ ਦਲੇਰ ਹੋਏ ਤਾਂ ਹਥਿਆਰ ਚੁੱਕਣਗੇ। ਜਦੋਂ ਦੋਨੋਂ ਸਾਹਿਬਜ਼ਾਦੇ ਕਚਹਿਰੀ ਤੋਂ ਬਾਹਰ ਆਏ ਤਾਂ ਇਨ੍ਹਾਂ ਨੇ ਖਿਡੌਣਿਆ ਅਤੇ ਮਿਠਾਈਆਂ ਵੱਲ ਦੇਖਿਆ ਤੱਕ ਨਹੀਂ। ਸਿੱਧੇ ਹਥਿਆਰ ਚੁੱਕੇ। ਸੁੱਚਾ ਨੰਦ ਅਤੇ ਹਰਜਸ ਨੇ ਵਜ਼ੀਰ ਖਾਨ ਨੂੰ ਉਕਸਾਇਆ। ਜਨਾਬ ! ਤੁਸੀਂ ਪ੍ਰਤੱਖ ਦੇਖ ਲਓ। ਇਹ ਦਲੇਰ ਅਤੇ ਬਾਗੀ ਹਨ। ਇਨ੍ਹਾਂ ਦੀ ਸਜ਼ਾ ਕਾਜ਼ੀ ਤੋਂ ਸ਼ਰਾਅ ਮੁਤਾਬਕ ਲਾਗੂ ਕਰਵਾਓ। ਵਜ਼ੀਰ ਖਾਨ ਦੇ ਕਹਿਣ ’ਤੇ ਕਾਜ਼ੀ ਅਬਦੁਲ ਵਹਾਬਾ ਵੁਹਰਾ ਨੇ ਬੱਚਿਆਂ ਨੂੰ ਕੰਧਾਂ ਵਿੱਚ ਚਿਣ ਕੇ ਖ਼ਤਮ ਕਰਨ ਦਾ ਫ਼ਤਵਾ ਦੇ ਦਿੱਤਾ। ਬੱਚਿਆਂ ਨੂੰ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਵੱਲੋਂ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਮਾਤਾ ਗੂਜਰ ਕੌਰ ਜੀ ਨੂੰ ਵੀ ਤਸੀਹੇ ਦੇ ਕੇ ਬੁਰਜ ਤੋਂ ਥੱਲੇ ਸੁੱਟ ਕੇ ਸ਼ਹੀਦ ਕਰ ਦਿੱਤਾ ਗਿਆ। ਇਤਿਹਾਸ ਗਵਾਹ ਹੈ ਕਿ 22 ਮਈ 1710 ਈਸਵੀ (ਇਰਬਨ ਅਨੁਸਾਰ) ਨੂੰ ਵਜ਼ੀਰ ਖਾਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜ ਚਿੜੀ ਦੇ ਮੈਦਾਨ ਵਿੱਚ ਬੁਰੀ ਤਰ੍ਹਾਂ ਮਾਰਿਆ। ਸਰਹਿੰਦ ਵਿੱਚ ਇੱਕ ਵੱਡੇ ਇਕੱਠ ਵਿੱਚ ਐਲਾਨ ਕੀਤਾ ਕਿ ਕਿਸੇ ਭੀ ਜ਼ਾਲਮ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਨਿਰਦੋਸ਼ਾਂ ਨੂੰ ਕੋਈ ਤਕਲੀਫ਼ ਨਹੀਂ ਹੋਣ ਦਿੱਤੀ ਜਾਵੇਗੀ।
ਉਸ ਵੇਲੇ ਸਰਹਿੰਦ ਦੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਬਹੁਤ ਸਾਰੇ ਮੁਸਲਮਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਹੋ ਗਏ। ਉਸ ਵੇਲੇ ਕਿਸੇ ਨੇ ਸੁੱਚਾ ਨੰਦ ਦਾ ਟਿਕਾਣਾ ਭੀ ਦੱਸ ਦਿੱਤਾ। ਸੁੱਚਾ ਨੰਦ ਚੱਪੜ ਚਿੜੀ (ਛੱਪੜ ਝਿੜੀ) ਦੇ ਮੈਦਾਨ ਵਿੱਚੋਂ ਦੌੜ੍ਹ ਆਇਆ ਸੀ, ਪਰ ਸਰਹਿੰਦ ਤੋਂ ਨਹੀਂ ਸੀ ਦੌੜ੍ਹ ਸਕਿਆ ਕਿਉਂਕਿ ਉਸ ਨੇ ਬੇਸ਼ੁਮਾਰ ਦੌਲਤ ਇਕੱਠੀ ਕਰ ਲਈ ਸੀ। ਉਸ ਦੌਲਤ ਨੂੰ ਨਾਲ ਲੈ ਜਾਣ ਵਾਸਤੇ ਸੰਭਾਲਣ ਵਿੱਚ ਹੀ ਲੱਗਾ ਰਿਹਾ। ਸਿੱਖਾਂ ਨੇ ਸੁੱਚਾ ਨੰਦ ਨੂੰ ਦਬੋਚ ਲਿਆ। ਇਬਰਤਨਾਮਾ ਦਾ ਕਰਤਾ ਮੁਹੰਮਦ ਕਾਸਿਮ ਲਿਖਦਾ ਹੈ ਕਿ ਸਿੱਖਾਂ ਨੇ ਸੁੱਚਾ ਨੰਦ ਦੇ ਨੱਕ ਵਿੱਚ ਸੂਏ ਨਾਲ ਨਕੇਲ ਪਾ ਲਈ। ਘਰ-ਘਰ ਮੰਗਣ ਲਈ ਮਜਬੂਰ ਕੀਤਾ। ਸੁੱਚਾ ਨੰਦ ਅਤੇ ਹਰਜਸ ਨੂੰ ਪੱਥਰ ਅਤੇ ਜੁੱਤੀਆਂ ਮਾਰੀਆਂ ਗਈਆਂ। ਕਈ ਦਿਨ ਸੁੱਚਾ ਨੰਦ ਅਤੇ ਹਰਜਸ ਨੂੰ ਜਲੀਲ ਕੀਤਾ ਅਤੇ ਘਸੀਟ ਘਸੀਟ ਕੇ ਮਾਰਿਆ। ਮੁਹੰਮਦ ਕਾਸਿਮ ਇਬਰਤਨਾਮੇ ਵਿੱਚ ਲਿਖਦਾ ਹੈ ਕਿ ਇਉਂ ਲੱਗਦਾ ਸੀ ਕਿ ਸ਼ਾਹੀ ਦੌਲਤ ਸੁੱਚਾ ਨੰਦ ਨੇ ਇਸ ਦਿਨ ਲਈ ਹੀ ਇਕੱਠੀ ਕੀਤੀ ਸੀ। ਲੋਕ ਕਹਿੰਦੇ ਸਨ ਕਿ ਕੋਈ ਜ਼ੁਲਮ ਐਸਾ ਨਹੀਂ ਸੀ, ਜੋ ਸੁੱਚਾ ਨੰਦ ਨੇ ਮਜਲੂਮਾਂ ’ਤੇ ਨਾ ਕੀਤਾ ਹੋਵੇ। ਅੱਜ ਜ਼ੁਲਮ ਦਾ ਕੋਈ ਐਸਾ ਬੀਜ ਨਹੀਂ ਸੀ, ਜਿਸ ਨੂੰ ਸਜ਼ਾ ਦਾ ਫਲ ਨਾ ਲੱਗਾ ਹੋਵੇ। ਬਾਬਾ ਬੰਦਾ ਸਿੰਘ ਬਹਾਦਰ ਨੇ ਸੁੱਚਾ ਨੰਦ ਅਤੇ ਹਰਜਸ ਦੇ ਜ਼ੁਲਮੀ ਪਰਵਾਰ ਨੂੰ ਭੀ ਸਜ਼ਾ ਦਿੱਤੀ। ਸੁੱਚਾ ਨੰਦ ਅਤੇ ਹਰਜਸ ਦੇ ਸਵਰਗ ਵਰਗੇ ਮਹਿਲ; ਕਾਵਾਂ ਤੇ ਕਬੂਤਰਾਂ ਦੇ ਅੱਡੇ ਬਣ ਗਏ। ਇਸ ਲਈ ਅਕਾਲ ਪੁਰਖ ਦੀ ਕੁਦਰਤ ਵਿੱਚ ਅਟੱਲ ਨਿਯਮ ਹੈ, ‘‘ਜੇਹਾ ਬੀਜੈ ਸੋ ਲੁਣੈ; ਕਰਮਾ ਸੰਦੜਾ ਖੇਤੁ ॥’’ ਜੀਵਨ ਦੇ ਖੇਤ ਵਿੱਚ ਜਿਹੋ ਜਿਹੇ ਕਰਮਾਂ ਦਾ ਬੀਜ ਬੀਜਦੇ ਹਾਂ। ਜੀਵਨ ਦੇ ਖੇਤ ਵਿੱਚ ਉਹੋ ਜਿਹਾ ਦੁੱਖ ਸੁੱਖ ਦਾ ਫਲ ਮਿਲ ਜਾਂਦਾ ਹੈ। ਅਗਰ ਕੋਈ ਜੀਵਨ ਦੇ ਖੇਤ ਵਿੱਚ ਬੁਰੇ ਕਰਮਾਂ ਦਾ ਬੀਜ ਬੀਜਦਾ ਹੈ ਤਾਂ ਨਿਸ਼ਚਿਤ ਹੈ ਕਿ ਜੀਵਨ ਵਿੱਚ ਦੁੱਖਾਂ ਦਾ ਫਲ ਮਿਲਦਾ ਹੈ। ਜੀਵਨ ਬੁਰਾ ਹੋ ਜਾਂਦਾ ਹੈ। ਅਗਰ ਜੀਵਨ ਦੇ ਖੇਤ ਵਿੱਚ ਚੰਗੇ ਕਰਮਾਂ ਦਾ ਬੀਜ ਬੀਜਦੇ ਹੈ ਤਾਂ ਨਿਸ਼ਚਿਤ ਹੀ ਜੀਵਨ ਨਿਰਮਲ ਪਵਿੱਤਰ ਹੋ ਜਾਂਦਾ ਹੈ, ‘‘ਖੇਤਿ ਸਰੀਰਿ, ਜੋ ਬੀਜੀਐ; ਸੋ ਅੰਤਿ ਖਲੋਆ ਆਇ ॥’’ (ਮਹਲਾ ੩/੧੪੧੮)
(3). ਸਿੱਖ ਤਵਾਰਿਖ ਵਿੱਚੋਂ ਵਜ਼ੀਰ ਖਾਨ ਦਾ ਹਸ਼ਰ : ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਹੁਕਮ ’ਤੇ ਜਦੋਂ ਕਾਜ਼ੀ ਅਬਦੁਲ ਵਹਾਬ ਵੁਹਰਾ ਦੇ ਫ਼ਤਵੇ ਨਾਲ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਜਲਾਦਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਤੇ ਮਾਤਾ ਗੂਜਰ ਕੌਰ ਨੂੰ ਭੀ ਬੁਰਜ ਵਿੱਚ ਤਸੀਹੇ ਦੇ ਕੇ ਬੁਰਜ ਤੋਂ ਹੇਠਾਂ ਸੁੱਟ ਕੇ ਸ਼ਹੀਦ ਕਰ ਦਿੱਤਾ ਤਾਂ ਲੋਕਾਂ ਵਿੱਚ ਹਾਹਾਕਾਰ ਮੱਚ ਗਈ। ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ 22 ਮਈ 1710 ਈਸਵੀ ਨੂੰ ਸਿੱਖਾਂ ਨੇ ਚੱਪੜ ਚਿੜੀ ਦੇ ਮੈਦਾਨ ਵਿੱਚ ਵਜ਼ੀਰ ਖਾਨ ਦੀਆਂ ਫੌਜਾਂ ਨੂੰ ਬੁਰੀ ਤਰ੍ਹਾਂ ਹਰਾਇਆ। ਸ਼ਾਹਨਾਮਾ ਦਾ ਕਰਤਾ ਮੀਰ ਮੁਹੰਮਦ ਅਹਿਸਨ ਅਨੁਸਾਰ ਵਜ਼ੀਰ ਖਾਨ ਨੂੰ ਜਖ਼ਮੀ ਹਾਲਤ ਵਿੱਚ ਫੜ ਲਿਆ ਗਿਆ ਸੀ। ਵਜ਼ੀਰ ਖਾਨ ਦਾ ਮੋਢਾ ਸਰਦਾਰ ਫਤਿਹ ਸਿੰਘ ਨੇ ਵੱਢ ਦਿੱਤਾ ਸੀ। ਮੁਤੰਖ਼ਬੁਲ ਲੁਬਾਬ ਦਾ ਕਰਤਾ ਖਾਫ਼ੀ ਖਾਨ, ਦੂਸਰੀ ਜਿਲਦ ਦੇ ਪੰਨਾ 654, ਚੈਪਟਰ 2 ਵਿੱਚ ਲਿਖਦਾ ਹੈ ਕਿ ਵਜ਼ੀਰ ਖਾਨ ਦੇ ਤਨ ’ਤੇ ਅੱਜ ਸਿਰਫ ਫਟੇ ਹੋਏ ਖੂਨ ਨਾਲ ਲਿਬੜੇ ਕੱਪੜੇ ਹੀ ਸਨ। ਖਾਲਸਾ ਫ਼ੌਜ ਨੇ ਵਜ਼ੀਰ ਖਾਨ ਨੂੰ ਘੋੜਿਆਂ ਦੀਆਂ ਕਾਠੀਆਂ ਨਾਲ ਬੰਨ੍ਹ ਕੇ ਇੰਨਾ ਘਸੀਟਿਆ ਕਿ ਵਜ਼ੀਰ ਖਾਨ ਪਛਾਣਿਆ ਭੀ ਨਹੀਂ ਸੀ ਜਾਂਦਾ।
ਦਸਤੂਰ ਉਲ ਇੰਸ਼ਾ ਦਾ ਲੇਖਕ ਯਾਰ ਮੁਹੰਮਦ ਲਿਖਦਾ ਹੈ ਕਿ ਵਜ਼ੀਰ ਖਾਨ ਦੀ ਮੌਤ ਤੋਂ ਬਾਅਦ ਉਸ ਦਾ ਸਿਰ ਵੱਢ ਕੇ ਨੇਜੇ ’ਤੇ ਟੰਗ ਲਿਆ। ਉਸ ਦੇ ਸਰੀਰ ਨੂੰ ਬਲ਼ਦਾਂ ਦੀ ਪੰਜਾਲੀ ਨਾਲ ਬੰਨ੍ਹ ਕੇ ਚੱਪੜ ਚਿੜੀ ਤੋਂ 20 ਕਿਲੋਮੀਟਰ ਸਰਹਿੰਦ ਘਸੀਟ ਕੇ ਲਿਆਂਦਾ ਸੀ। ਲੋਕਾਂ ਨੇ ਵਜ਼ੀਰ ਖਾਨ ਦੇ ਮੁਰਦਾ ਸਰੀਰ ’ਤੇ ਥੁੱਕਿਆ ਤੇ ਜੁੱਤੀਆਂ ਮਾਰੀਆਂ। ਲੋਕਾਂ ਸਾਮ੍ਹਣੇ ਵਜ਼ੀਰ ਖਾਨ ਦੇ ਤਨ ਨੂੰ ਕਾਵਾਂ, ਕੁੱਤਿਆਂ ਤੇ ਗਿਰਜਾਂ ਨੇ ਨੋਚ ਨੋਚ ਕੇ ਖਾਧਾ। ਵਜ਼ੀਰ ਖਾਨ ਨੇ ਜੈਸਾ ਬੀਜ ਬੀਜਿਆ ਸੀ, ਵੈਸਾ ਹੀ ਉਸ ਨੂੰ ਫਲ ਮਿਲਿਆ। ਗੁਰਬਾਣੀ ਦਾ ਫ਼ੁਰਮਾਨ ਹੈ, ‘‘ਆਪੇ ਬੀਜਿ; ਆਪੇ ਹੀ ਖਾਹੁ ॥ ਨਾਨਕ ! ਹੁਕਮੀ ਆਵਹੁ ਜਾਹੁ ॥੨੦॥’’ (ਜਪੁ)
ਬਾਹਰਲੀ ਦੁਨੀਆਂ ਵਿੱਚ ਅਕਸਰ ਬੀਜ ਕੋਈ ਬੀਜਦਾ ਹੈ ਤੇ ਉਸ ਦਾ ਫਲ; ਕੋਈ ਹੋਰ ਖਾਂਦਾ ਹੈ, ਪਰ ਧਰਮ ਦੀ ਦੁਨੀਆਂ ਵਿੱਚ, ਜੋ ਬੀਜਦਾ ਹੈ, ਉਸੇ ਨੂੰ ਵੱਢਣਾ ਪੈਂਦਾ ਹੈ। ਇਸ ਨੂੰ ਸਿੱਧ ਕਰਨ ਵਾਸਤੇ ਹੀ ਇਤਿਹਾਸਕ ਤੱਥ ਸਾਂਝੇ ਕਰ ਰਿਹਾ ਹਾਂ ਤਾਂ ਕਿ ਮਨੁੱਖ ਸਮਝਣ ਤੇ ਬੁਰਾ ਕਰਨ ਤੋਂ ਰੁਕ ਜਾਣ।
(4). ਸਿੱਖ ਤਵਾਰਿਖ ਵਿੱਚ ਫਰੱਖਸ਼ੀਅਰ ਦਾ ਹਸ਼ਰ: ਸਭ ਤੋਂ ਪਹਿਲਾਂ ਜਾਣ ਲੈਣਾ ਇਹ ਫਰੱਖਸ਼ੀਅਰ ਕੌਣ ਸੀ। ਮਿਰਜ਼ਾ ਉਮਰ ਸ਼ੇਖ ਦਾ ਪੁੱਤਰ ਬਾਬਰ ਸੀ। ਬਾਬਰ ਦਾ ਪੁੱਤਰ ਹਮਾਯੂੰ। ਹਮਾਯੂੰ ਦਾ ਪੁੱਤਰ ਅਕਬਰ। ਅਕਬਰ ਦਾ ਪੁੱਤਰ ਜਹਾਂਗੀਰ। ਜਹਾਂਗੀਰ ਦਾ ਪੁੱਤਰ ਸ਼ਾਹਜਹਾਨ। ਸ਼ਾਹਜਹਾਨ ਦਾ ਪੁੱਤਰ ਔਰੰਗਜ਼ੇਬ। ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ। ਬਹਾਦਰ ਸ਼ਾਹ ਮੁਅੱਜ਼ਮ ਦਾ ਪੁੱਤਰ ਜਹਾਂਦਾਰ ਸ਼ਾਹ। ਅੱਗੋਂ ਜਹਾਂਦਾਰ ਸ਼ਾਹ ਦਾ ਭਤੀਜਾ ਫਰੱਖਸ਼ੀਅਰ ਸੀ। ਸੰਨ 31 ਜਨਵਰੀ 1713 ਈਸਵੀ ਨੂੰ ਜਹਾਂਦਾਰ ਸ਼ਾਹ ਦਾ ਕਤਲ ਕਰਕੇ ਦਿੱਲੀ ਦੇ ਤਖਤ ’ਤੇ ਫਰੱਖਸ਼ੀਅਰ ਬੈਠਾ। ਇਹ ਫਰੱਖਸ਼ੀਅਰ ਬਹੁਤ ਤੰਗਦਿਲ ਅਤੇ ਸਿੱਖਾਂ ਦਾ ਬਹੁਤ ਦੁਸ਼ਮਣ ਸੀ। ਫਰੱਖਸ਼ੀਅਰ ਨੇ ਜਕਰੀਆ ਖਾਨ ਦੇ ਬਾਪ ਅਬਦੁਲ ਸਮੱਦ ਖਾਨ ਨੂੰ ਸਿੱਖਾਂ ਦੇ ਖਾਤਮੇ ਲਈ ਲਾਹੌਰ ਵਿੱਚ ਨਿਸ਼ਚਿਤ ਕੀਤਾ। ਸੰਖੇਪ ਵਿੱਚ ਕਹਾਂ। ਸੰਨ 1715 ਈਸਵੀ ਵਿੱਚ ਜਕਰੀਆ ਖਾਨ ਦੀ ਕਮਾਂਡ ਹੇਠ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਘਿਰ ਗਏ ਸਨ। ਅੱਠ ਮਹੀਨੇ ਦੀ ਘੇਰਾਬੰਦੀ ਤੋਂ ਬਾਅਦ 7 ਅਕਤੂਬਰ 1715 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਗ੍ਰਿਫ਼ਤਾਰ ਹੋ ਗਏ। ਅਬਦੁਲ ਸਮੱਦ ਖਾਨ ਦੇ ਹੁਕਮ ਨਾਲ ਲਾਹੌਰ ਦੇ ਗਵਰਨਰ ਜਕਰੀਆ ਖਾਨ ਦੀ ਅਗਵਾਈ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਬੇੜੀਆਂ ਪਾ ਕੇ ਲੋਹੇ ਦੇ ਪਿੰਜਰੇ ਵਿੱਚ ਕੈਦ ਕਰਕੇ ਜਲੂਸ ਦੀ ਸ਼ਕਲ ਵਿੱਚ ਦਿੱਲੀ ਲੈ ਗਏ। ਜਿਸ ਵਿੱਚ 740 ਸਿੱਖ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸੁਪਤਨੀ ਬੀਬੀ ਸ਼ੁਸ਼ੀਲ ਕੌਰ ਜੀ ਅਤੇ ਉਨ੍ਹਾਂ ਦਾ 5 ਸਾਲ ਦਾ ਪੁੱਤਰ ਅਜੈ ਸਿੰਘ ਜੀ ਭੀ ਨਾਲ ਸੀ। ਫਰੱਖਸ਼ੀਅਰ ਦੇ ਹੁਕਮ ਨਾਲ ਰੋਜ਼ਾਨਾ 100 ਸਿੰਘਾਂ ਨੂੰ ਲੈਣ ਵਿੱਚ ਖੜੇ ਕਰਕੇ ਕਤਲ ਕੀਤਾ ਜਾਂਦਾ ਸੀ। ਇਸ ਦਾ ਜ਼ਿਕਰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਗਵਰਨਰ ਨੁੰਮਾਇੰਦਿਆਂ ਵਿੱਚੋਂ ਜੋਹਨ ਸਰਮਨ ਅਤੇ ਐਡਵਰਡ ਸਟੀਫਨਸਨ ਨੇ 10 ਮਾਰਚ 1716 ਈਸਵੀ ਨੂੰ ਆਪਣੇ ਗਵਰਨਰ ਨੂੰ ਲਿਖੇ ਪੱਤਰ ਵਿੱਚ ਕੀਤਾ ਸੀ। 12 ਮਾਰਚ 1716 ਈਸਵੀ ਤੱਕ 700 ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੀਆਂ ਲਾਸਾਂ ਦੇ ਟੁਕੜੇ ਦਿੱਲੀ ਦੇ ਚਾਰੇ ਪਾਸੇ ਦਰਖਤਾਂ ਨਾਲ ਲਟਕਾ ਦਿੱਤੇ ਗਏ ਤਾਂ ਕਿ ਲੋਕਾਂ ਵਿੱਚ ਦਹਿਸ਼ਤ ਫੈਲਾਈ ਜਾਵੇ। ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ 3 ਮਹੀਨੇ ਅਕਹਿ ਤੇ ਅਸਹਿ ਤਸੀਹੇ ਦਿੱਤੇ ਗਏ। ਖ਼ਾਫ਼ੀ ਖਾਨ ਲਿਖਦਾ ਹੈ ਕਿ 7 ਜੂਨ 1716 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿੰਜਰੇ ਵਿੱਚੋਂ ਬਾਹਰ ਕੱਢ ਕੇ ਜ਼ਮੀਨ ’ਤੇ ਬਿਠਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਖੰਜਰ ਫੜਾਇਆ ਗਿਆ। ਪੰਜ ਸਾਲ ਦੇ ਉਨ੍ਹਾਂ ਦੇ ਬੱਚੇ ਨੂੰ ਸਾਮ੍ਹਣੇ ਬਿਠਾਇਆ ਤੇ ਬੰਦਾ ਸਿੰਘ ਜੀ ਨੂੰ ਆਖਿਆ ਕਿ ਜਾਂ ਤਾਂ ਇਸਲਾਮ ਕਬੂਲ ਕਰ ਜਾਂ ਆਪਣੇ ਬੱਚੇ ਦਾ ਕਤਲ ਕਰ। ਬਾਬਾ ਜੀ ਚੁੱਪ ਚਾਪ ਸਹਿਜ ਅਵਸਥਾ ਵਿੱਚ ਅਡੋਲ ਬੈਠੇ ਰਹੇ। ਜਲਾਦ ਨੇ ਬੱਚੇ ਨੂੰ ਬਾਪ ਦੀ ਗੋਦ ਵਿੱਚ ਬਿਠਾ ਕੇ ਖੰਜਰ ਨਾਲ ਬੱਚੇ ਦੀ ਛਾਤੀ ਨੂੰ ਚੀਰ ਕੇ ਤੜਫਦਾ ਦਿਲ ਕੱਢ ਕੇ ਬਾਪ ਦੇ ਮੂੰਹ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਮੂੰਹ ਘੁੱਟ ਕੇ ਮੀਚ ਰੱਖਿਆ ਸੀ। ਬੱਚਾ ਤੜਫ ਤੜਫ ਕੇ ਬਾਪ ਦੀ ਗੋਦ ਵਿੱਚ ਸ਼ਹੀਦ ਹੋ ਗਿਆ। ਜਲਾਦ ਨੇ ਤੇਜ਼ ਹਥਿਆਰ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਪਹਿਲਾਂ ਸੱਜੀ ਅੱਖ ਕੱਢੀ। ਫਿਰ ਖੱਬੀ ਅੱਖ ਭੀ ਕੱਢ ਦਿੱਤੀ ਗਈ। ਘੰਟੇ ਬਾਅਦ ਪਹਿਲਾਂ ਸੱਜਾ ਪੈਰ ਵੱਢ ਦਿੱਤਾ। ਫਿਰ ਖੱਬਾ ਪੈਰ ਭੀ ਵੱਢ ਦਿੱਤਾ। ਦੋ ਘੰਟੇ ਬਾਅਦ ਪਹਿਲਾ ਸੱਜਾ ਹੱਥ ਵੱਢ ਦਿੱਤਾ। ਫਿਰ ਖੱਬਾ ਹੱਥ ਭੀ ਵੱਢ ਦਿੱਤਾ ਸੀ। ਫਿਰ ਗਰਮ ਜੰਬੂਰਾਂ ਨਾਲ ਸਰੀਰ ਦੇ ਮਾਸ ਨੂੰ ਨੋਚਿਆ ਗਿਆ। ਆਖਿਰ ਹਥੌੜਾ ਮਾਰ ਕੇ ਸਿਰ ਫੇਹ ਦਿੱਤਾ ਸੀ। ਫਿਰ ਲਾਸ਼ ਦੇ ਕਈ ਟੁਕੜੇ ਕਰਕੇ ਖਿਲਾਰ ਦਿੱਤੇ ਸਨ। ਬਾਬਾ ਬੰਦਾ ਸਿੰਘ ਬਹਾਦਰ ਸੱਚ ਅਤੇ ਧਰਮ ਲਈ ਅਸਹਿ ਤਸੀਹੇ ਸਹਾਰ ਕੇ ਸ਼ਹੀਦ ਹੋ ਗਏ।
ਚਲਦਿਆਂ ਚਲਦਿਆਂ ਤਵਾਰਿਖ ਮੁਤਾਬਕ 28 ਫਰਵਰੀ 1719 ਈਸਵੀ ਨੂੰ ਬਾਬਾ ਜੀ ਦੀ ਸ਼ਹੀਦੀ ਤੋਂ ਪੌਣੇ ਤਿੰਨ ਸਾਲ ਬਾਅਦ, ਜਿਨ੍ਹਾਂ ਬਾੜ੍ਹਾ ਨਿਵਾਸੀ ਸਈਅਦਾਂ ਨੇ ਫਰੱਖਸ਼ੀਅਰ ਨੂੰ ਤਖਤ ਦਿਵਾਇਆ ਸੀ, ਉਨ੍ਹਾਂ ਸਈਅਦਾਂ ਨਾਲ ਫਰੱਖਸ਼ੀਅਰ ਦੀ ਅਣਬਣ ਹੋ ਗਈ। ਜਦੋਂ ਫਰੱਖਸ਼ੀਅਰ ਦਾ ਰਾਜ ਕਮਜ਼ੋਰ ਹੋ ਗਿਆ, ਇਨ੍ਹਾਂ ਸਈਅਦਾਂ ਨੇ ਫਰੱਖਸ਼ੀਅਰ ਨੂੰ ਕੈਦ ਕਰ ਲਿਆ ਸੀ। ਫਰੱਖਸ਼ੀਅਰ ਦੀਆਂ ਦੋਨਾਂ ਅੱਖਾਂ ਨੂੰ ਖੰਜਰ ਨਾਲ ਕੱਢ ਦਿੱਤਾ ਸੀ। ਦੋ ਮਹੀਨੇ ਭੁੱਖਾ ਤੇ ਪਿਆਸਾ ਰੱਖ ਕੇ ਬੇਰਹਿਮੀ ਨਾਲ ਤੜਫਾ ਤੜਫਾ ਕੇ ਮਾਰਿਆ ਸੀ। ਬਸ ਇਹੀ ਕਰਤਾ ਪੁਰਖ ਦਾ ਅਟੱਲ ਨਿਯਮ ਹੈ, ‘‘ਆਪੇ ਬੀਜਿ; ਆਪੇ ਹੀ ਖਾਹੁ ॥ ਨਾਨਕ ! ਹੁਕਮੀ ਆਵਹੁ ਜਾਹੁ ॥੨੦॥’’ (ਜਪੁ) ਮਨੁੱਖ ਜੋ ਕਰਦਾ ਹੈ, ਉਹੀ ਭਰਦਾ ਭੀ ਹੈ। ਇਸੇ ਸਬੰਧ ਵਿੱਚ ਹੋਰ ਜਾਨਣਾ ਭੀ ਜ਼ਰੂਰੀ ਹੈ।
(5). ਇਡੋਲਫ ਹਿਟਲਰ ਆਸਟਰੀਆ ਦਾ ਜੰਮਪਲ ਸੀ। ਇਸ ਨੇ ਜਰਮਨ ਵਿੱਚ ਨਾਗਰਿਕਤਾ ਪ੍ਰਾਪਤ ਕਰ ਲਈ। ਫੌਜ ਵਿੱਚ ਭਰਤੀ ਹੋ ਗਿਆ। ਫਿਰ ਸਹਿਜੇ ਸਹਿਜੇ ਇਸ ਨੇ ਰਾਜਨੀਤਿਕ ‘ਨਾਜ਼ੀ ਪਾਰਟੀ’ ਬਣਾ ਲਈ। ਇਹ ਜਰਮਨ ਵਿੱਚ ਤਾਨਾਸ਼ਾਹ ਬਣ ਗਿਆ। ਹਿਟਲਰ ਨੇ ਸਵੈਜੀਵਨੀ ‘ਮੀਨ ਕੈਂਫ਼’ (ਮੇਰਾ ਸੰਘਰਸ਼) ’ਤੇ ਕਿਤਾਬ ਲਿਖੀ। ਹਿਟਲਰ ਸ਼ਾਮਵਾਦੀਆਂ ਅਤੇ ਯਹੂਦੀਆਂ ਦੇ ਬਹੁਤ ਵਿਰੁੱਧ ਸੀ। ਯਹੂਦੀਆਂ ਨੂੰ ਬੇਰਹਿਮੀ ਨਾਲ ਕਤਲ ਕਰਦਾ ਸੀ, ਪਰ ਯਹੂਦੀ ਔਰਤਾਂ ਨਾਲ ਪ੍ਰੇਮ ਕਰਦਾ ਸੀ। ਆਪ ਹੈਰਾਨ ਹੋਵੋਗੇ ਕਿ ਹਿਟਲਰ ਸ਼ੁੱਧ ਸ਼ਾਕਾਹਰੀ ਸੀ। ਪਸ਼ੂਆਂ ਅਤੇ ਜਾਨਵਰਾਂ ’ਤੇ ਕੀਤੇ ਜਾਂਦੇ ਜ਼ੁਲਮ ਵਿਰੁੱਧ ਸੀ। ਹਿਟਲਰ ਨੇ 1933 ਤੋਂ 1938 ਤੱਕ 5-6 ਸਾਲਾਂ ਵਿੱਚ ਲੱਖਾਂ ਯਹੂਦੀਆਂ ਨੂੰ ਤਸੀਹੇ ਦੇ ਕੇ ਮਾਰਿਆ। ਆਸਟਰੀਆ ਵਿੱਚ ਗੈਸ ਚੈਂਬਰਾਂ ਵਿੱਚ ਯਹੂਦੀਆਂ ਨੂੰ ਮਾਰਦਾ ਸੀ। ਦਾਸ ਨੇ ਉਹ ਗੈਸ ਚੈਂਬਰ ਦੇਖੇ ਹਨ। ਹੌਲ਼ੀ ਹੌਲ਼ੀ ਇਸ ਦੇ ਸੈਨਿਕ ਇਸ ਦੇ ਖਿਲਾਫ਼ ਸਾਜਸਾਂ ਬਣਾਉਣ ਲੱਗ ਪਏ। ਇਹ ਬਹੁਤ ਪਰੇਸ਼ਾਨ ਰਹਿਣ ਲੱਗ ਪਿਆ। ਕਿਸੇ ਨਾਲ ਵੀ ਦਿਲ ਦੀ ਗੱਲ ਨਹੀਂ ਸੀ ਕਰਦਾ। ਇਸ ਨੂੰ ਪੇਟ ਫੁੱਲਣ ਦੀ ਬਿਮਾਰੀ ਹੋ ਗਈ। ਇਹ 80 ਕਿਸਮ ਦੀਆਂ ਨਸੀਲੀਆਂ ਗੋਲੀਆਂ ਲੈਂਦਾ ਸੀ। ਬਿਮਾਰੀ ਨੇ ਹਿਟਲਰ ਨੂੰ ਐਸਾ ਘੇਰਿਆ ਰਿ ਰੋਜ਼ਾਨਾ 28 ਕਿਸਮ ਦੀਆਂ ਦਵਾਈਆਂ ਲੈਣ ਲੱਗਾ। ਮਾਨਸਿਕ ਰੋਗੀ ਹੋ ਗਿਆ। ਰਾਤ ਨੂੰ ਨੀਂਦ ਭੀ ਨਹੀਂ ਸੀ ਆਉਂਦੀ। 30 ਮਾਰਚ 1945 ਈਸਵੀ ਨੂੰ 56 ਸਾਲ ਦੀ ਉਮਰ ਵਿੱਚ ਆਪਣੇ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲ਼ੀ ਮਾਰ ਲਈ। ਆਪਣੇ ਕੀਤੇ ਦੀ ਸਜ਼ਾ ਮਿਲੀ, ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਬੜੇ ਯੂਨੀਕ ਬਚਨ ਆਖੇ ਹਨ, ‘‘ਜਿਤੁ ਕੀਤਾ ਪਾਈਐ ਆਪਣਾ; ਸਾ ਘਾਲ ਬੁਰੀ ਕਿਉ ਘਾਲੀਐ ?॥ ਮੰਦਾ ਮੂਲਿ ਨ ਕੀਚਈ; ਦੇ ਲੰਮੀ ਨਦਰਿ ਨਿਹਾਲੀਐ ॥’’ (ਮਹਲਾ ੧/੪੭੪) ਭਾਵ ਅਗਰ ਆਪਣੇ ਕੀਤੇ ਕਰਮਾਂ ਦਾ ਫਲ਼ ਭੁਗਤਣਾ ਪੈਂਦਾ ਹੈ ਤਾਂ ਫਿਰ ਮਾੜੇ ਕਰਮ ਕਰੀਏ ਹੀ ਕਿਉਂ ? ਅਗਰ ਬੀਜੇ ਬੀਜ ਉਗਣੇ ਹੀ ਹਨ ਤਾਂ ਮਾੜੇ ਬੀਜ ਬੀਜੀਏ ਹੀ ਕਿਉਂ ? ਇਸ ਲਈ ਜੀਵਨ ਵਿੱਚ ਕਦੇ ਭੀ ਬੁਰਾ ਨਹੀਂ ਕਰਨਾ ਚਾਹੀਦਾ। ਹਰ ਇਨਸਾਨ ਨੂੰ ਦੂਰ ਅੰਦੇਸ਼ੀ ਹੋਣਾ ਚਾਹੀਦਾ ਹੈ। ਅਗਰ ਦੂਰ ਅੰਦੇਸ਼ੀ ਨਹੀਂ ਹੋਵੇਗਾ ਤਾਂ ਆਖ਼ਿਰ ਪਛਤਾਏਗਾ। ਸਾਡੇ ਸਾਮ੍ਹਣੇ ਹੀ ਬੀਤਿਆ ਹੈ ‘ਸੁਦਾਮ ਹੁਸੈਨ’। ਉਹ ਇਰਾਕ ਵਿੱਚ 40 ਸਾਲ ਤਾਨਾਸ਼ਾਹ ਰਾਸ਼ਟਰਪਤੀ ਰਿਹਾ। ਆਪ ਸੁੰਨੀ ਸੀ ਤੇ ਸ਼ੀਆ ਮੁਸਲਮਾਨਾਂ ’ਤੇ ਬਹੁਤ ਜ਼ੁਲਮ ਕਰਦਾ ਸੀ। ਕੋਈ ਭੀ ਜਦੋਂ ਸੱਚ ਕਹਿੰਦਾ ਤਾਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਸੀ। ਇਸ ਦੇ ਦੋਨੋਂ ਪੁੱਤਰਾਂ (ਉਦੈ ਹੁਸੈਨ ਤੇ ਕੁਸੈ ਹੁਸੈਨ) ਨੇ ਭੀ ਮਨਮਰਜ਼ੀਆਂ ਕੀਤੀਆਂ। ਮੌਤ ਦੇ ਹੀ ਬੀਜ ਬੀਜੇ। ਚਲਦਿਆਂ ਚਲਦਿਆਂ ਇਹ ਮੌਤ ਦੇ ਬੀਜ ਅਮਰੀਕਨ ਫੌਜਾਂ ਰਾਹੀਂ ਪੁੱਗਣ ਲੱਗ ਪਏ। ਫਿਰ ਅਮਰੀਕਾ ਨੇ 2006 ਨੂੰ ਇਰਾਕ ’ਤੇ ਕਬਜ਼ਾ ਕਰ ਲਿਆ। ਸੁਦਾਮ ਹੁਸੈਨ ਦੇ ਬੁੱਤ ਤੋੜੇ ਗਏ। ਉਦੈ ਹੁਸੈਨ ਅਤੇ ਕੁਸੈ ਹੁਸੈਨ ਨੂੰ ਮੌਤ ਦਾ ਫਲ਼ ਮਿਲਿਆ। ਸੁਦਾਮ ਹੁਸੈਨ ਛੁਪ ਗਿਆ ਸੀ। ਆਖ਼ਿਰ ਇਕ ਨਰਕ ਵਰਗੇ ਜ਼ਮੀਨਦੌਜ਼ ਕਮਰੇ ਵਿੱਚੋਂ ਅਮਰੀਕਨ ਫੌਜਾਂ ਨੇ ਫੜ ਲਿਆ। ਸੁਦਾਮ ਹੁਸੈਨ ਨੂੰ ਰੱਜ ਕੇ ਜਲੀਲ ਕੀਤਾ ਗਿਆ। ਜੋ ਮੌਤ ਦੇ ਬੀਜ ਬੀਜੇ ਸਨ, ਉਹ ਮੌਤ ਦੇ ਬੀਜਾਂ ਨੂੰ 30 ਦਸੰਬਰ 2021 ਨੂੰ ਫਾਂਸੀ ਦੇ ਤਖਤ ’ਤੇ ਫਲ ਦੇ ਰੂਪ ਵਿੱਚ ਮੌਤ ਮਿਲੀ। ਇਸੇ ਕਰਕੇ ਹੀ ਗੁਰਬਾਣੀ ਅੰਦਰ ਇਸ ਵਿਚਾਰ ਨੂੰ ਇਉਂ ਕਿਹਾ ਹੈ ‘‘ਅਹਿ ਕਰੁ ਕਰੇ, ਸੁ ਅਹਿ ਕਰੁ ਪਾਏ; ਕੋਈ ਨ ਪਕੜੀਐ, ਕਿਸੈ ਥਾਇ ॥’’ (ਮਹਲਾ ੫/੪੦੬) ਇਸ ਦੇ ਅਰਥ ਹਨ ਕਿ ਮਨੁੱਖ ਇਸ ਹੱਥ ਕਰਦਾ ਹੈ, ਉਸੇ ਹੱਥ ਨੂੰ ਭੁਗਤਣਾ ਪੈਂਦਾ ਹੈ। ਲੀਬੀਆ ਦੇ ਸ਼ਾਸਕ ਮੁਹੰਮਦ ਗੁਦਾਫ਼ੀ ਨੇ ਭੀ ਅਮਾਮ ਨਾਲ ਬਿਲਕੁਲ ਜੈਸਾ ਕੀਤਾ, ਵੈਸਾ ਹੀ ਉਸ ਦੇ ਨਾਲ ਹੋਇਆ। 20 ਅਕਤੂਬਰ 2011 ਈਸਵੀ ਨੂੰ ਮੁਆਮਾਰ ਗੁਦਾਫ਼ੀ ਨੂੰ ਲੀਬੀਆ ਦੀ ਅਬਾਮ ਨੇ ਬੁਰੀ ਤਰ੍ਹਾਂ ਮਾਰਿਆ। ਇਸ ਲਈ ਇਹ ਬਚਨ ਸੱਚ ਹੀ ਕਹੇ ਸਨ ‘‘ਅਹਿ ਕਰੁ ਕਰੇ, ਸੁ ਅਹਿ ਕਰੁ ਪਾਏ; ਇਕ ਘੜੀ ਮੁਹਤੁ ਨ ਲਗੈ ॥’’ (ਮਹਲਾ ੫/੧੦੯੮)
ਕਿਸੇ ਨੂੰ ਦੋਸ਼ ਨਹੀਂ ਕੋਈ ਦੇ ਸਕਦਾ। ਮਨੁੱਖ ਨਾਲ ਜੋ ਭੀ ਕੁਝ ਹੁੰਦਾ ਹੈ, ਉਸ ਦਾ ਜ਼ਿੰਮੇਵਾਰ ਇਹ ਆਪ ਹੀ ਹੁੰਦਾ ਹੈ, ਕੋਈ ਦੂਸਰਾ, ਤੀਸਰਾ ਜ਼ਿੰਮੇਵਾਰ ਨਹੀਂ ਹੁੰਦਾ। ਇਸ ਲਈ ਇਹ ਬਚਨ ਬੜੇ ਕੀਮਤੀ ਹਨ, ‘‘ਦਦੈ, ਦੋਸੁ ਨ ਦੇਊ ਕਿਸੈ; ਦੋਸੁ ਕਰੰਮਾ ਆਪਣਿਆ ॥’’ (ਮਹਲਾ ੧/੪੩੩) ਕਿਸੇ ਨੂੰ ਭੀ ਦੁੱਖ ਸੁੱਖ ਲਈ ਜ਼ਿੰਮੇਵਾਰ ਨਹੀਂ ਕਿਹਾ ਜਾ ਸਕਦਾ। ਆਪਣੇ ਕੀਤੇ ਕਰਮਾਂ ਕਰਕੇ ਹੀ ਦੁੱਖ ਸੁੱਖ ਮਿਲਦੇ ਹਨ। ਜੋ ਮਨੁੱਖ ਕਰਦਾ ਹੈ, ਉਹੀ ਉਸ ਦਾ ਪ੍ਰਤੀਕਰਮ ਹੁੰਦਾ ਹੈ। ਕਿਸੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ। ਆਪਣੇ ਵਿੱਚ ਬਹੁਤ ਸਾਰਿਆਂ ਨੂੰ 1984 ਦੇ ਸਾਕੇ ਦਾ ਪਤਾ ਹੀ ਹੈ, ਪਰ ਮੈਂ ਸਮਝਦਾ ਹਾਂ ਕਿ 1984 ਦੇ ਇਸ ਘੱਲੂਘਾਰੇ ਤੋਂ ਪਹਿਲਾਂ ਬਹੁਤ ਸੰਕੇਤ ਮਾਤਰ ਵਾਪਰੇ ਦੋ ਘੱਲੂਘਾਰਿਆਂ ਦਾ ਜ਼ਿਕਰ ਕਰਾਂਗਾ :
(1). ਛੋਟਾ ਘੱਲੂਘਾਰਾ : ਅਬਦੁਲ ਸਮੱਦ ਖਾਨ ਦੇ ਪੁੱਤਰ ਜ਼ਕਰੀਆ ਖਾਨ ਤੋਂ ਬਾਅਦ ਜ਼ਕਰੀਆ ਖਾਨ ਦਾ ਪੁੱਤਰ ਯਹੀਆ ਖਾਨ; ਲਾਹੌਰ ਦਾ ਗਵਰਨਰ 3 ਜਨਵਰੀ 1746 ਈਸਵੀ ਨੂੰ ਬਣਿਆ। ਯਹੀਆ ਖਾਨ ਦੇ ਵਜ਼ੀਰ ਅਤੇ ਅਹਿਲਕਾਰ ਦੋ ਸਕੇ ਭਰਾ ਜਸਪਤ ਰਾਏ ਅਤੇ ਲਖਪਤ ਰਾਏ ਸਨ, ਜੋ ਫਿਰਕੂ ਅਤੇ ਸਿੱਖਾਂ ਦੇ ਵਿਰੁੱਧ ਜ਼ਾਲਮ ਬਿਰਤੀ ਪਾਲ਼ੀ ਬੈਠੇ ਸਨ। ਜਸਪਤ ਰਾਏ ਲੜਾਈ ਵਿੱਚ ਸਿੱਖਾਂ ਹੱਥੋਂ ਮਾਰਿਆ ਗਿਆ। ਚਲਦੀ ਲੜਾਈ ਵਿੱਚ ਇੱਕ ਸਿੱਖ ਨਿਬਾਹੂ ਸਿੰਘ ਨੇ ਹਾਥੀ ਦੀ ਪੂਛ ਫੜ ਕੇ ਹਾਥੀ ਉੱਪਰ ਚੜ ਕੇ ਹਾਥੀ ’ਤੇ ਬੈਠੇ ਜਸਪਤ ਰਾਏ ਦਾ ਸਿਰ ਵੱਢ ਲਿਆ ਸੀ। ਜਿਸ ਕਾਰਨ ਦੂਜਾ ਲਖਪਤ ਰਾਏ ਭੀ ਸਿੱਖਾਂ ਵਿਰੁੱਧ ਵਧੇਰੇ ਦੁਸ਼ਮਣੀ ਪਾਲ਼ ਬੈਠਾ। ਇਸ ਨੇ ਸਿੱਖਾਂ ਨੂੰ ਖ਼ਤਮ ਕਰਨ ਦਾ ਪ੍ਰਣ ਕੀਤਾ। ਸਿੱਖਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਦੇ ਨਖਾਸ ਚੌਂਕ ਵਿੱਚ ਸ਼ਹੀਦ ਕਰਨਾ ਸ਼ੁਰੂ ਕਰ ਦਿੱਤਾ। ਜਿਸ ਕਰਕੇ ਸਿੱਖ ਆਪਣੇ ਘਰ ਬਾਰ ਛੱਡ ਕੇ ਕਾਹਨੂਵਾਨ ਦੇ ਜੰਗਲਾਂ (ਛੰਭ) ਵਿੱਚ ਚਲੇ ਗਏ ਸਨ (ਕਾਹਨੂਵਾਨ; ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਪਿੰਡ ਹੈ)। ਲਖਪਤ ਰਾਏ ਨੇ ਬਹੁਤ ਸਾਰੇ ਗੁਰਦੁਆਰੇ ਅਤੇ ਦਰਬਾਰ ਸਾਹਿਬ ਨੂੰ ਵੀ ਨੁਕਸਾਨ ਪਹੁੰਚਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਭੀ ਸਾੜਿਆ। ਮਈ 1746 ਨੂੰ ਲਖਪਤ ਰਾਏ ਨੂੰ ਖਬਰ ਮਿਲੀ ਕਿ ਸਿੱਖ ਕਾਹਨੂਵਾਨ ਦੇ ਛੰਭ ਵਿੱਚ ਰਹਿ ਰਹੇ ਹਨ। ਕਾਹਨੂਵਾਨ ਨੂੰ ਚਾਰੇ ਪਾਸੇ ਤੋਂ ਘੇਰ ਕੇ ਜੰਗਲ ਨੂੰ ਅੱਗ ਲਾ ਦਿੱਤੀ ਗਈ। ਘਮਸਾਣ ਦਾ ਯੁੱਧ ਹੋਇਆ। ਇਸ ਯੁੱਧ ਵਿੱਚ ਇਤਿਹਾਸਕਾਰਾਂ ਮੁਤਾਬਕ ਇੱਕ ਦਿਨ ਵਿੱਚ 10-12 ਹਜ਼ਾਰ ਸਿੱਖ ਸ਼ਹੀਦ ਹੋ ਗਏ। ਇਸ ਨੂੰ ਸਿੱਖ ਇਤਿਹਾਸ ਵਿੱਚ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ।
ਸਮਾਂ ਪਲਟਿਆ 1747 ਈਸਵੀ ਨੂੰ ਜ਼ਕਰੀਆ ਖਾਨ ਦਾ ਦੂਸਰਾ ਪੁੱਤਰ ਸ਼ਾਹ ਨਿਵਾਜ਼ ਲਾਹੌਰ ਦਾ ਗਵਰਨਰ ਬਣ ਗਿਆ। ਇਸ ਨੇ ਯਹੀਆ ਖਾਨ ਤੋਂ ਆਪਣੇ ਪਿਤਾ ਜ਼ਕਰੀਆ ਖਾਨ ਦਾ ਹਿੱਸਾ ਮੰਗਿਆ। ਯਹੀਆ ਖਾਨ ਨੇ ਟਾਲ ਮਟੋਲਾ ਕੀਤਾ ਤਾਂ ਇਹ, ਯਹੀਆ ਖਾਨ ਦੇ ਖਿਲਾਫ਼ ਹੋ ਗਿਆ। ਸ਼ਾਹ ਨਿਵਾਜ਼ ਨੇ ਲਖਪਤ ਰਾਏ ਨੂੰ ਗ੍ਰਿਫਤਾਰ ਕਰਕੇ ਜੇਲ ਵਿੱਚ ਸੁੱਟ ਦਿੱਤਾ। ਸ਼ਾਹ ਨਿਵਾਜ਼ ਦੇ ਦੀਵਾਨ ਕੌੜਾ ਮੱਲ ਨੇ 3 ਲੱਖ ਰੁਪਏ ਦੇ ਕੇ ਲਖਪਤ ਰਾਏ ਨੂੰ ਆਪਣੇ ਰਿਹਾਅ ਕਰਾ ਕੇ ਸਿੱਖਾਂ ਦੇ ਹਵਾਲੇ ਕਰ ਦਿੱਤਾ। ਸਿੱਖਾਂ ਨੇ ਲਖਪਤ ਰਾਏ ਦੀ ਬਹੁਤ ਦੁਰਦਸ਼ਾ ਕੀਤੀ ਤੇ ਆਖਿਰ ਇਕ ਬਹੁਤ ਡੂੰਘਾ ਟੋਆ ਪੁੱਟ ਕੇ ਲਖਪਤ ਰਾਏ ਨੂੰ ਉਸ ਵਿੱਚ ਸੁੱਟ ਦਿੱਤਾ। ਉਸ ਦੇ ਉੱਪਰ ਪਖਾਣਾ ਬਣਾ ਦਿੱਤਾ। ਲੋਕ ਰੋਜ਼ ਲਖਪਤ ਰਾਏ ਉੱਪਰ ਪਖਾਣਾ (ਲੈਟਰੀਨ) ਕਰਦੇ ਸਨ। ਜਿਸ ਤਰ੍ਹਾਂ ਲਖਪਤ ਰਾਏ ਦੀ ਮੌਤ ਹੋਈ, ਸ਼ਾਇਦ ਹੀ ਇੰਨੀ ਘਟੀਆ ਕਿਸੇ ਦੀ ਮੌਤ ਹੋਈ ਹੋਵੇਗੀ। ਇਸੇ ਕਰਕੇ ਇਹ ਬਚਨ ਕਹੇ ਸਨ, ‘‘ਦਦੈ, ਦੋਸੁ ਨ ਦੇਊ ਕਿਸੈ; ਦੋਸੁ ਕਰੰਮਾ ਆਪਣਿਆ ॥’’ (ਮਹਲਾ ੧/੪੩੩) ਆਪਣੀ ਐਸੀ ਮੌਤ ਦਾ ਜ਼ਿੰਮੇਵਾਰ ਲਖਪਤ ਰਾਏ ਖ਼ੁਦ ਸੀ।
(2). ਵੱਡਾ ਘਲੂਕਾਰਾ : ਜਦੋਂ ਅਹਿਮਦ ਸ਼ਾਹ ਅਬਦਾਲੀ ਕਾਬਲ ਕੰਧਾਰ ਤੋਂ ਆ ਕੇ ਭਾਰਤ ’ਤੇ ਹਮਲੇ ਕਰਦਾ ਸੀ ਤਾਂ ਅਬਦਾਲੀ ਦੁਆਰਾ ਲੁੱਟਿਆ ਹੋਇਆ ਮਾਲ; ਸਿੱਖ ਹਮਲੇ ਕਰਕੇ ਖੋਹ ਲੈਂਦੇ ਸਨ। ਜਿਸ ਕਰਕੇ ਅਹਿਮਦ ਸ਼ਾਹ ਅਬਦਾਲੀ ਅੰਦਰੋਂ ਅੰਦਰੀ ਸਿੱਖਾਂ ਦਾ ਦੁਸ਼ਮਣ ਬਣ ਗਿਆ। ਜਦੋਂ ਫਰਵਰੀ 1762 (ਛੋਟੇ ਘੱਲੂਘਾਰੇ ਤੋਂ 16 ਸਾਲ ਬਾਅਦ) ਨੂੰ ਅਬਦਾਲੀ ਨੇ ਭਾਰਤ ’ਤੇ ਫਿਰ ਹਮਲਾ ਕੀਤਾ ਤਾਂ ਇਸ ਨੇ ਖਾਸ ਨਿਸ਼ਾਨਾ ਸਿੱਖਾਂ ਨੂੰ ਬਣਾਇਆ। ਇਸ ਵੇਲੇ ਸਿੱਖ ਕੁੱਪਰਹੀੜੇ ਦੇ ਜੰਗਲਾਂ ਵਿੱਚ ਚਲੇ ਗਏ ਸਨ। ਮਲੇਰ ਕੋਟਲਾ ਨੇੜੇ ਅਬਦਾਲੀ ਨੇ ਕੁੱਪਰਹੇੜੇ ਦੇ ਜੰਗਲਾਂ ਨੂੰ ਚਾਰੇ ਪਾਸੇ ਤੋਂ ਘੇਰ ਲਿਆ। ਇਸ ਕੋਲ ਇੱਕ ਲੱਖ ਫ਼ੌਜ ਸੀ। 5 ਮਈ 1762 ਈਸਵੀ ਨੂੰ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੇ 30-40 ਹਜ਼ਾਰ ਸਿੱਖ ਸ਼ਹੀਦ ਕਰ ਦਿੱਤੇ ਗਏ ਸਨ। ਸਿੱਖ ਇਤਿਹਾਸ ਵਿੱਚ ਇਸ ਸਾਕੇ ਨੂੰ ਵੱਡਾ ਘੱਲੂਘਾਰਾ ਆਖਿਆ ਜਾਂਦਾ ਹੈ।
(3). ਤੀਸਰਾ ਸਾਕਾ ਆਪਣੀ ਕਾਂਗਰਸ ਸਰਕਾਰ ਨੇ ਜੂਨ 1984 ਵਿੱਚ ਕੀਤਾ। ਜੂਨ 1977 ਨੂੰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ ਮੁੱਖ ਮੰਤਰੀ ਬਣਿਆ। ਪ੍ਰਕਾਸ਼ ਸਿੰਘ ਬਾਦਲ ਸ਼ੁਰੂ ਤੋਂ ਹੀ ਸਿੱਖ ਵਿਰੋਧੀ ਹਿੰਦੂ ਸੋਚ ਦਾ ਧਾਰਨੀ ਰਿਹਾ ਹੈ। 12 ਅਪ੍ਰੈਲ 1978 ਨੂੰ ਅੰਮ੍ਰਿਤਸਰ ਸ਼ਹਰ ਵਿੱਚ ਨਿਰੰਕਾਰੀਆਂ ਨੇ ਇੱਕ ਜਲੂਸ ਕੱਢਿਆ। ਇਸ ਜਲੂਸ ਵਿੱਚ ਸਿੱਖ ਵਿਰੋਧੀ ਭਾਸ਼ਣ ਦਿੱਤੇ ਗਏ। ਇਸ ਵੇਲੇ ਦਰਬਾਰ ਸਾਹਿਬ ਦੇ ਮੰਜੀ ਦੀਵਾਨ ਹਾਲ ਵਿੱਚ ਸੰਤ ਸਿਪਾਹੀ ਬਾਬਾ ਜਰਨੈਲ ਸਿੰਘ (ਮੁਖੀ ਭਿੰਡਰਾਂ ਮਹਿਤਾ ਜਥਾ) ਅਤੇ ਅਖੰਡ ਕੀਰਤਨੀ ਜਥੇ ਦੇ ਸਿੰਘ; ਹਜ਼ਾਰਾਂ ਸਿੱਖ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਦੂਸਰੇ ਦਿਨ 13 ਅਪ੍ਰੈਲ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ (ਸ਼ਹਰ) ਵਿੱਚ ਨਿਰੰਕਾਰੀਆਂ ਦਾ ਵੱਡਾ ਜਲੂਸ ਸੀ। ਜਿਸ ਵਿੱਚ ਇਨ੍ਹਾਂ ਦਾ ਮੁਖੀ ਗੁਰਬਚਨ ਸਿੰਘ ਨਰਕਧਾਰੀਆ ਸ਼ਾਮਲ ਸੀ। ਨਰਕਧਾਰੀਆਂ ਦੀਆਂ ਸਿੱਖ ਵਿਰੋਧੀ ਕਾਰਵਾਈਆਂ ’ਤੇ ਨਜ਼ਰ ਰੱਖਣ ਲਈ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਅਖੰਡ ਕੀਰਤਨੀ ਜਥੇ ਦੇ ਮੁਖੀ ਭਾਈ ਫੌਜਾ ਸਿੰਘ ਦੀ ਅਗਵਾਈ ਵਿੱਚ ਇੱਕ ਜਥਾ ਭੇਜਿਆ। ਜਦੋਂ ਇਹ ਜਥਾ ਜਲਸੇ ਦੇ ਨਜ਼ਦੀਕ ਪਹੁੰਚਿਆ ਤਾਂ ਗੁਰਬਚਨੇ ਨੇ ਇਨ੍ਹਾਂ ’ਤੇ ਹਮਲਾ ਕਰਨ ਦਾ ਹੁਕਮ ਦਿੱਤਾ। ਅੰਨ੍ਹੇਵਾਹ ਗੋਲੀਆਂ ਨਾਲ ਭਾਈ ਫੌਜਾ ਸਿੰਘ ਤੇ ਅਖੰਡ ਕੀਰਤਨੀ ਜਥੇ ਦੇ 13 ਸਿੱਖ ਸ਼ਹੀਦ ਹੋ ਗਏ। ਅਕਾਲੀ ਸਰਕਾਰ ਨੇ ਅੰਮ੍ਰਿਤਸਰ ਸਾਹਿਬ ਵਿੱਚ ਨਿਰੰਕਾਰੀ ਗਤੀਵਿਧੀਆਂ ਨੂੰ ਰੋਕਿਆ ਨਹੀਂ ਸਗੋਂ ਬਾਦਲ ਸਰਕਾਰ ਦੇ ਇੱਕ ਸੀਨੀਅਰ ਅਫਸਰ ਨੇ ਗੁਰਬਚਨੇ ਨੂੰ ਸਹੀ ਸਲਾਮਤ ਦਿੱਲੀ ਪਹੁੰਚਾ ਦਿੱਤਾ। ਨਿਰੰਕਾਰੀਆਂ ਦੇ ਮੈਗਜੀਨ ‘ਏਕ ਨਜ਼ਰ’ ਨੂੰ ਬਾਦਲ ਸਰਕਾਰ ਇਸ਼ਤਿਹਾਰ ਦਿੰਦੀ ਰਹੀ। 10 ਜੂਨ 1978 ਵਿੱਚ ਅਕਾਲ ਤਖਤ ਸਾਹਿਬ ਤੋਂ ਨਿਰੰਕਾਰੀਆਂ ਨੂੰ ਪੰਥ ਵਿੱਚੋਂ ਖਾਰਜ ਕਰ ਦਿੱਤਾ।
ਸਾਕਾ ਜੂਨ 1984 ਦਾ ਮੁੱਢ ਕਿਵੇਂ ਬੱਝਿਆ, ਮੈ ਸੰਖੇਪ ’ਚ ਕਹਿ ਰਿਹਾ ਹਾਂ। 24 ਅਪ੍ਰੈਲ 1980 ਨੂੰ ਨਿਰੰਕਾਰੀ ਮੁਖੀ ਗੁਰਬਚਨ ਨੂੰ ਭਾਈ ਰਣਜੀਤ ਸਿੰਘ ਨੇ ਉਸ ਦੇ ਘਰ ਵਿੱਚ ਹੀ ਮਾਰ ਦਿੱਤਾ। 9 ਸਤੰਬਰ 1981 ਨੂੰ ਲਾਲਾ ਜਗਤ ਨਾਰਾਇਣ ਦਾ ਕਤਲ ਲੁਧਿਆਣੇ ਵਿੱਚ ਕਰ ਦਿੱਤਾ ਗਿਆ। ਇਸ ਕਤਲ ਦਾ ਕੇਸ ਬਾਬਾ ਜਰਨੈਲ ਸਿੰਘ ’ਤੇ ਦਰਜ ਕੀਤਾ ਗਿਆ। ਇਸ ਵੇਲੇ ਬਾਬਾ ਜਰਨੈਲ ਸਿੰਘ ਜੀ ਹਰਿਆਣੇ ਦੇ ਪਿੰਡ ਚੰਦੋ ਕਲਾ ਵਿੱਚ ਸਨ। ਉਥੋਂ ਸਹੀ ਸਲਾਮਤ ਬਾਬਾ ਜਰਨੈਲ ਸਿੰਘ ਜੀ ਮਹਿਤਾ ਚੌਂਕ ਆ ਗਏ। 20 ਸਤੰਬਰ 1981 ਨੂੰ ਬਾਬਾ ਜਰਨੈਲ ਸਿੰਘ ਨੇ ਆਪ ਗ੍ਰਿਫਤਾਰੀ ਦਿੱਤੀ। 25 ਦਿਨ ਬਾਅਦ ਆਪ ਹੀ ਸਰਕਾਰ ਨੇ ਬਾਬਾ ਜਰਨੈਲ ਸਿੰਘ ਜੀ ਨੂੰ ਫਿਰੋਜ਼ਪੁਰ ਜੇਲ੍ਹ ਤੋਂ ਰਿਹਾ ਕਰ ਦਿੱਤਾ। ਪੰਜਾਬ ਵਿੱਚ ਖਾੜਕੂ ਦੌਰ ਸ਼ੁਰੂ ਹੋ ਗਿਆ। 4 ਅਗਸਤ 1982 ਈਸਵੀ ਨੂੰ ਅਕਾਲੀ ਦਲ ਨੇ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਲਾਇਆ ਮੋਰਚਾ ਆਪ ਸੰਭਾਲ ਲਿਆ। ਹੁਣ ਮੋਰਚੇ ਨੂੰ ਬਾਬਾ ਜਰਨੈਲ ਸਿੰਘ ਜੀ ਅਤੇ ਅਕਾਲੀ ਦਲ ਰਲ਼ ਕੇ ਚਲਾ ਰਹੇ ਸਨ। ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅੰਦਰੋਂ ਅੰਦਰ ਦੇਹਰਾਦੂਨ ਦੀਆਂ ਪਹਾੜੀਆਂ ਵਿੱਚ ਚੱਕਰਾਤਾ ਦੀ ਫੌਜੀ ਛਾਉਣੀ ਵਿੱਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਡਲ ਬਣਾ ਕੇ ਹਮਲੇ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ, ਫੌਜੀ ਅਭਿਆਸ ਕੀਤਾ ਗਿਆ। ਫਿਰ 1 ਜੂਨ 1984 ਈਸਵੀ ਨੂੰ ਇੰਦਰਾ ਗਾਂਧੀ ਦੇ ਹੁਕਮ ਨਾਲ ਤਕਰੀਬਨ 3 ਲੱਖ ਫੌਜ ਸਮੇਤ ਏਅਰ ਫੋਰਸ ਫੌਜਾਂ ਭੀ ਪੰਜਾਬ ਅੰਮ੍ਰਿਤਸਰ ਸਾਹਿਬ ਵੱਲ ਚਲ ਪਈਆਂ। ਜਿਨ੍ਹਾਂ ਦੀ ਅਗਵਾਈ ਕੇ.ਐਸ. ਬਰਾੜ (ਲੈਫਟੀਨੈਂਟ ਜਨਰਲ), ਕੇ. ਸੁੰਦਰ ਜੀ ਅਤੇ ਕੇ.ਐਸ. ਦਿਆਲ ਕਰ ਰਹੇ ਸਨ। ਦਿੱਲੀ ਵਿੱਚ ਆਪਰੇਸ਼ਨ ਬਲੂ ਸਟਾਰ ਦੀ ਸਾਰੀ ਕਾਰਵਾਈ ਇੰਦਰਾ ਗਾਂਧੀ, ਰਾਜੀਵ ਗਾਂਧੀ, ਅਰੁਣ ਨਹਿਰੂ ਅਤੇ ਅਰੁਣ ਸਿੰਹ ਆਪ ਕਰ ਰਹੇ ਸਨ। ਇਸ ਹਮਲੇ ਵਾਸਤੇ ਰੂਸ ਕੇ.ਜੀ. ਬੀ. ਅਤੇ ਬਰਤਾਨਵੀ ਫੌਜ ਦੀ ਸਲਾਹ ਲਈ ਗਈ। ਇਉਂ ਲੱਗਦਾ ਸੀ ਜਿਵੇਂ ਭਾਰਤ ਕਿਸੇ ਦੂਸਰੇ ਵੱਡੇ ਮੁਲਕ ’ਤੇ ਹਮਲਾ ਕਰ ਰਿਹਾ ਹੈ। ਦੇਸ਼ ਦੀਆਂ ਫੌਜਾਂ ਤਾਂ ਦੂਸਰੇ ਦੇਸ਼ ਦੀ ਲੜਾਈ ਵਾਸਤੇ ਹੁੰਦੀਆਂ ਹਨ। ਦੇਸ਼ ਵਾਸਤੇ ਇਹ ਬਹੁਤ ਵੱਡੀ ਸ਼ਰਮ ਦੀ ਗੱਲ ਸੀ। ਸਿਰਫ ਇੱਕ ਛੋਟੀ ਕੌਮ ’ਤੇ ਚੜ੍ਹਾਈ ਕਰਨ ਲੱਗੀ ਸੀ। 3 ਜੂਨ 1984 ਨੂੰ ਤੜਕੇ ਸਾਢੇ ਚਾਰ ਵਜੇ ਅੰਧਾ ਧੁੰਦ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। 3 ਜੂਨ ਨੂੰ ਹੀ ਪੰਜਾਬ ਭਰ ਵਿੱਚ ਕਰਫਿਊ ਲਾ ਦਿੱਤਾ ਸੀ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਨੂੰ ਦਸਤਖ਼ਤ ਨਾ ਕਰਨ ’ਤੇ ਹਟਾ ਕੇ ਰਮੇਸ਼ਇੰਦਰ ਸਿੰਘ ਨੂੰ ਹਮਲੇ ’ਤੇ ਦਸਤਖ਼ਤ ਕਰਨ ਨਾਲ ਲਗਾ ਦਿੱਤਾ ਸੀ, ਜਿਹੜਾ ਦੋ ਵਾਰ ਪ੍ਰਕਾਸ਼ ਸਿੰਘ ਬਾਦਲ ਦਾ ਚੀਫ ਸੈਕਟਰੀ ਰਿਹਾ ਸੀ। ਦਰਬਾਰ ਸਾਹਿਬ (ਅੰਮ੍ਰਿਤਸਰ ਸਾਹਿਬ) ਅੰਦਰ ਪਾਣੀ ਅਤੇ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਗਿਆ। ਦਰਬਾਰ ਸਾਹਿਬ ਅੰਦਰ ਜਨਰਲ ਸੁਬੇਗ ਸਿੰਘ ਜੀ ਖਾੜਕੂਆਂ ਦੀ ਕਮਾਂਡ ਕਰ ਰਹੇ ਸਨ।
4 ਜੂਨ ਨੂੰ ਵੱਡਾ ਹਮਲਾ ਸ਼ੁਰੂ ਕਰ ਦਿੱਤਾ ਗਿਆ। ਜਿਸ ਵਿੱਚ ਤੋਪਾਂ, ਟੈਂਕਾਂ, ਹੈਲੀਕਾਪਟਰ ਤੇ ਮਸ਼ੀਨ ਗੰਨਾ ਵਰਗੇ ਵੱਡੇ ਤੋਂ ਵੱਡੇ ਹਥਿਆਰ ਵਰਤੇ ਗਏ। ਦਰਬਾਰ ਸਾਹਿਬ ਅੰਦਰ ਲੜਾਈ ਕਰਨ ਵਾਲੇ ਸਿਰਫ 100 ਜਾਂ 150 ਤੋਂ ਵੱਧ ਯੋਧੇ ਨਹੀਂ ਸਨ। ਸੰਨ 1965 ਅਤੇ 1971 ਦੀ ਪਾਕਿਸਤਾਨ ਨਾਲ ਲੜਾਈ ਵਿੱਚ ਭੀ ਇੰਨੇ ਹਥਿਆਰ ਨਹੀਂ ਚਲਾਏ ਗਏ, ਜਿੰਨੇ ਦਰਬਾਰ ਸਾਹਿਬ ਦੇ ਹਮਲੇ ਵਿੱਚ ਹਥਿਆਰ ਤੇ ਫੌਜੀ ਵਰਤੇ ਗਏ। ਪਾਕਿਸਤਾਨ ਨਾਲ ਲੜਾਈ ਵਿੱਚ ਓਨੇ ਜਵਾਨ ਨਹੀਂ ਮਰੇ, ਜਿੰਨੇ ਦਰਬਾਰ ਸਾਹਿਬ ’ਤੇ ਹਮਲੇ ਵਿੱਚ ਮਰੇ ਗਏ। ਇੱਕ ਪਾਸੇ ਦੁਨੀਆਂ ਦੀ 7ਵੀਂ ਤਾਕਤ ਭਾਰਤ ਅਤੇ ਦੂਸਰੇ ਪਾਸੇ ਕੇਵਲ 100-150 ਸਿੱਖ ਯੋਧੇ। ਇੱਕ ਪਾਸੇ ਦੁਨੀਆ ਦੇ ਵਧੀਆ ਤੋਂ ਵਧੀਆ ਆਧੁਨਿਕ ਹਥਿਆਰ ਅਤੇ ਹੈਲੀਕਾਪਟਰ ਵਗੈਰਾ ਅਤੇ ਦੂਸਰੇ ਪਾਸੇ ਗਿਣਤੀ ਦੇ ਛੋਟੇ ਹਥਿਆਰ। ਇਹ ਸਿੱਖਾਂ ਅਤੇ ਭਾਰਤ ਦੀ ਆਸਾਮੀ ਜੰਗ ਸੀ। ਜਿਸ ਵਿੱਚ ਅਸਲ ਜਿੱਤ ਸਿੱਖਾਂ ਦੀ ਹੀ ਹੋਈ ਮੰਨੀ ਜਾਵੇਗੀ। 6 ਜੂਨ ਤੱਕ 4 ਦਿਨ ਤੱਕ ਇਹ ਅਸਾਮੀ ਲੜਾਈ ਲੜੀ ਗਈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਮ੍ਹਣੇ ਬਾਬਾ ਜਰਨੈਲ ਸਿੰਘ ਜੀ, ਸਰਦਾਰ ਸੁਬੇਗ ਸਿੰਘ ਜੀ, ਸਰਦਾਰ ਅਮਰੀਕ ਸਿੰਘ ਜੀ, ਸਰਦਾਰ ਠਾਰਾ ਸਿੰਘ ਜੀ ਅਤੇ ਹੋਰ ਸਿੱਖਾਂ ਦੀਆਂ ਲਾਸ਼ਾਂ ਮਿਲੀਆਂ ਸਨ।
ਇੰਦਰਾ ਗਾਂਧੀ ਨੇ ਪੰਜਾਬ ਵਿੱਚ ਮੌਤ ਦੇ ਬੀਜ ਬੀਜੇ ਸਨ। ਇਸ ਹਮਲੇ ਕਰਕੇ ਫੌਜ ਵਿੱਚ ਬਗਾਵਤ ਹੋ ਗਈ, ਜੋ ਇੰਦਰਾ ਨੇ 6 ਜੂਨ 1984 ਨੂੰ ਮੌਤ ਦੇ ਬੀਜ ਬੀਜੇ, ਉਸੇ ਦਿਨ ਤੋਂ ਬਾਅਦ ਮੌਤ ਦੇ ਬੀਜ ਪੁਗਣੇ ਸ਼ੁਰੂ ਹੋ ਗਏ। ਸਰਦਾਰ ਬੇਅੰਤ ਸਿੰਘ ਪਿੰਡ ਮਲੋਆ ਚੰਡੀਗੜ੍ਹ ਅਤੇ ਸਰਦਾਰ ਸਤਵੰਤ ਸਿੰਘ ਪਿੰਡ ਅਗਵਾਨ ਖੁਰਦ ਗੁਰਦਾਸਪੁਰ ਦੇ ਰੂਪ ਵਿੱਚ ਇਹ ਇੰਦਰਾ ਦੀ ਮੌਤ ਦੇ ਬੂਟੇ ਵੱਡੇ ਹੋਏ। ਅੰਦਰ ਸਿੱਖੀ ਦੀ ਅਣਖ ਜਾਗੀ ਭਾਵੇਂ ਇਹ ਦੋਵੇਂ ਇੰਦਰਾ ਗਾਂਧੀ ਦੇ ਰੱਖਿਅਕ ਗਾਰਡ ਸਨ, ਪਰ ਸਿੱਖੀ ਇਨ੍ਹਾਂ ਨੂੰ ਪਿਆਰੀ ਸੀ। ਆਰ. ਕੇ. ਧਵਨ ਇੰਦਰਾ ਗਾਂਧੀ ਦੇ ਮੁੱਖ ਸਲਾਹਕਾਰ ਨੇ ਸੂਹ ਦਿੱਤੀ ਕਿ ਅੱਜ ਇੰਦਰਾ ਗਾਂਧੀ ਨੇ ਸੰਜੋਆ ਨਹੀਂ ਪਾਇਆ। ਜਦੋਂ 31 ਅਕਤੂਬਰ 1984 ਈਸਵੀ ਨੂੰ ਬਾਹਰ ਆਈ ਤਾਂ ਸਿੰਘ ਸੂਰਮਿਆਂ ਨੇ ਇਸ ਨੂੰ ਕੀਤੇ ਦੀ ਸਜ਼ਾ ਮੌਤ ਦੇ ਰੂਪ ਵਿੱਚ ਦਿੱਤੀ। ਇੰਦਰਾ ਗਾਂਧੀ ਨੇ ਮੌਤ ਦੇ ਬੀਜ ਬੀਜੇ, ਇਸ ਕਰਕੇ ਇਸ ਨੂੰ ਮੌਤ ਦਾ ਫਲ ਮਿਲ ਗਿਆ। ਕਰੀਬ ਚਾਰ ਮਹੀਨੇ ਭਾਵ 147 ਦਿਨ ਵਿੱਚ ਮੌਤ ਦਾ ਫਲ ਮਿਲਿਆ। ਬੇਗੈਰਤ ਭਾਰਤ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਇੰਦਰਾ ਗਾਂਧੀ ਦੇ ਪੁੱਤਰ ਰਾਜੀਵ ਗਾਂਧੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ। ਜਿਸ ਨੇ ਫਿਰ ਪੂਰੇ ਭਾਰਤ ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਸਤੇ ਲੋਕਾਂ ਨੂੰ ਉਕਸਾਇਆ। ਅਮਿਤਾ ਬਚਨ ਨੇ ਵੀ ਲੋਕਾਂ ਨੂੰ ਸਿੱਖਾਂ ’ਤੇ ਹਮਲੇ ਕਰਨ ਲਈ ਉਕਸਾਇਆ ਸੀ। ਇਨ੍ਹਾਂ ਬੇਸਮਝਾਂ ਨੇ ਫਿਰ ਅਕਾਲ ਤਖਤ ਦੇ ਕਾਨੂੰਨ ਨੂੰ ਨਹੀਂ ਸਮਝਿਆ। ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਪੂਰੇ ਭਾਰਤ ਵਿੱਚ ਸਿੱਖਾਂ ਦਾ ਬੇ-ਰਹਿਮੀ ਨਾਲ ਕਤਲ ਕੀਤਾ ਗਿਆ। ਰਾਜੀਵ ਗਾਂਧੀ ਨੇ ਕਿਹਾ ਕਿ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ। ਫਿਰ ਰੱਬ ਦੇ ਬਣਦੇ ਨਿਯਮਾ ਅਨੁਸਾਰ ਜਦੋਂ ਸ੍ਰੀ ਲੰਕਾ ਵਿੱਚ ਰਾਜੀਵ ਗਾਂਧੀ ਸਲਾਮੀ ਲੈ ਰਿਹਾ ਸੀ ਤਾਂ ਇੱਕ ਫੌਜੀ ਨੌਜਵਾਨ ਨੇ ਰੈਫਲ ਦਾ ਬੱਟ ਮਾਰ ਕੇ ਦੱਸ ਦਿੱਤਾ ਸੀ ਕਿ ਜਦੋਂ ਦਰਖਤ ਪੱਤਿਆਂ ਨਾਲ ਕੋਈ ਅਨਿਆਂ ਕਰਦਾ ਹੈ ਤਾਂ ਅਨਿਆਂ ਕਰਨ ਵਾਲੇ ਨੂੰ ਬੇਇੱਜ਼ਤ ਹੋਣਾ ਪੈਂਦਾ ਹੈ। ਰਾਜੀਵ ਨੇ ਜੋ ਮੌਤ ਦੇ ਬੀਜ ਬੀਜੇ, ਆਖਿਰ 21 ਮਈ 1991 ਈਸਵੀ ਨੂੰ ਸ੍ਰੀਲੰਕਾ ਦੀ ਸੁਸਾਈਤਲ ਲੇਡੀ ਥਾਨੂੰ ਨੇ ਫੁੱਲਾਂ ਦਾ ਗੁਲਦਸਤਾ ਦੇਣ ਸਮੇਂ ਰਾਜੀਵ ਨੂੰ ਬੰਬ ਨਾਲ ਫੀਤਾ ਫੀਤਾ ਕਰ ਸੁੱਟਿਆ। ਸੰਸਕਾਰ ਸਮੇਂ ਉਸ ਦੇ ਪੂਰੇ ਅੰਗ ਭੀ ਨਾ ਮਿਲੇ। ਇਹ ਸੱਚ ਹੈ ਕਿ ਕੀਤੇ ਦਾ ਫਲ ਆਖਿਰ ਭੁਗਤਨਾ ਹੀ ਪੈਂਦਾ ਹੈ। ਗੁਰੂ ਫ਼ੁਰਮਾਨ ਹੈ, ‘‘ਨਾਰਾਇਣ ਨਿੰਦਸਿ; ਕਾਇ ਭੂਲੀ ਗਵਾਰੀ ? ॥ ਦੁਕ੍ਰਿਤੁ ਸੁਕ੍ਰਿਤੁ; ਥਾਰੋ ਕਰਮੁ ਰੀ ॥੧॥ ਰਹਾਉ ॥’’ (ਭਗਤ ਤ੍ਰਿਲੋਚਨ/੬੯੫) ਸਰਦਾਰ ਬੇਅੰਤ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਭੀ 31 ਅਗਸਤ 1995 ਨੂੰ ਸ਼ਾਮ 5 ਵਜੇ ਕੀਤੇ ਬੁਰੇ ਕਰਮਾਂ ਦਾ ਫਲ ਬੰਬ ਨਾਲ ਉੜਾ ਕੇ ਮਿਲਿਆ ਸੀ, ‘‘ਦੁਨੀਆ ਦੋਸੁ ਰੋਸੁ ਹੈ ਲੋਈ ॥ ਅਪਨਾ ਕੀਆ ਪਾਵੈ ਸੋਈ ॥’’ (ਭਗਤ ਕਬੀਰ/੧੧੬੧) ਪਰਮਾਤਮਾ ਨੂੰ ਕੋਈ ਦੋਸ਼ ਨਹੀਂ ਹੈ। ਇਹ ਤਾਂ ਆਪਣੇ ਕੀਤੇ ਬੁਰੇ ਕਰਮ (ਦੁਕ੍ਰਿਤ) ਅਤੇ ਚੰਗੇ ਕਰਮ (ਸੁਕ੍ਰਿਤ) ਕਰਕੇ ਚੰਗਾ ਮੰਦਾ ਫਲ ਮਿਲਦਾ ਹੈ, ਇਸ ਕਰਕੇ ਹਰ ਇਨਸਾਨ ਨੂੰ ਕਰਮ ਕਰਨ ਲੱਗਿਆਂ ਇੱਕ ਵਾਰ ਜ਼ਰੂਰ ਸੋਚਣਾ ਬਣਦਾ ਹੈ ਕਿ ਇਸ ਦਾ ਫਲ ਕੀ ਹੋਏਗਾ ? ਗੁਰੂ ਪਰਮੇਸ਼ਰ ਜੀ ਕਿਰਪਾ ਕਰਨ ਅਤੇ ਇਹ ਗੁਰਮਤਿ ਵਿਚਾਰ ਸਰਵਣ ਕਰਕੇ ਅਸੀਂ ਬੁਰੇ ਕਰਮਾਂ ਤੋਂ ਹਟ ਜਾਈਏ ਤਾਂ ਕਿ ਸਾਡਾ ਸਾਰਿਆਂ ਦਾ ‘‘ਇਹ ਲੋਕ ਸੁਖੀਏ; ਪਰਲੋਕ ਸੁਹੇਲੇ ॥ ਨਾਨਕ ! ਹਰਿ ਪ੍ਰਭਿ ਆਪਹਿ ਮੇਲੇ ॥’’ (ਸੁਖਮਨੀ/ਮਹਲਾ ੫/੨੯੩) ਹੋਈਆਂ ਭੁੱਲਾਂ ਦੀ ਖਿਮਾ।










