ਚਾਰਿ ਪੁਰਖ ਦੁਇ ਨਾਰਿ ॥
ਗਿਆਨੀ ਰਣਜੋਧ ਸਿੰਘ
ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ। ਅਕਾਲ ਪੁਰਖ ਪਰਮੇਸ਼ਰ ਅਨੰਤ, ਬੇਅੰਤ ਗੁਣਾਂ ਦਾ ਮਾਲਕ ਹੈ। ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਦਾ ਅੰਤ ਪਾਉਣਾ ਤਾਂ ਇੱਕ ਪਾਸੇ ਦੀ ਗੱਲ ਹੈ, ਉਸ ਕਾਦਰ ਦੀ ਕੁਦਰਤ ਦਾ ਵੀ ਕੋਈ ਅੰਤ ਨਹੀਂ ਪਾ ਸਕਿਆ ਅਤੇ ਨਾ ਹੀ ਪਾ ਸਕਦਾ ਹੈ। ਫ਼ੁਰਮਾਨ ਹੈ, ‘‘ਉਸਤਤਿ ਕਰਹਿ ਅਨੇਕ ਜਨ; ਅੰਤੁ ਨ ਪਾਰਾਵਾਰ ॥ ਨਾਨਕ ! ਰਚਨਾ ਪ੍ਰਭਿ ਰਚੀ; ਬਹੁ ਬਿਧਿ ਅਨਿਕ ਪ੍ਰਕਾਰ ॥੧॥’’ (ਸੁਖਮਨੀ/ਮਹਲਾ ੫/੨੭੫) ਭਾਵ ਅਨੇਕ ਅਨੇਕ ਜਗਿਆਸੂ ਜਨ; ਪ੍ਰਭੂ ਦੇ ਗੁਣਾਂ ਨੂੰ ਗਾਉਂਦੇ ਹਨ, ਪਰ ਕੋਈ ਵੀ ਗੁਣਾਂ ਦਾ ਅੰਤ ਨਹੀਂ ਪਾ ਸਕਿਆ। ਉਸ ਪਰਮੇਸ਼ਰ ਦੀ ਰਚੀ ਰਚਨਾ (ਸ੍ਰਿਸ਼ਟੀ, ਕੁਦਰਤ) ਦਾ ਵੀ ਕੋਈ ਅੰਤ ਨਹੀਂ ਪਾ ਸਕਿਆ ਕਿਉਂਕਿ ਕਾਦਰ ਆਪਣੀ ਰਚੀ ਕੁਦਰਤ ’ਚ ਆਪ ਵਿਆਪਕ ਹੈ, ‘‘ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥’’ (ਮਹਲਾ ੧/੪੬੯)
ਪੁਰਾਤਨ ਕਥਾ ਅਨੁਸਾਰ ਕਹਿੰਦੇ ਹਨ ਕਿ ਬ੍ਰਹਮਾ ਨੇ ਸ੍ਰਿਸ਼ਟੀ ਉਪਾਈ ਹੈ। ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਪੁਰਾਣ ਵੀ ਕਹਿੰਦੇ ਹਨ ਕਿ ਬ੍ਰਹਮਾ ਨੇ ਵੀ ਕੁਦਰਤ ਦਾ ਅੰਤ ਨਹੀਂ ਪਾਇਆ। ਕਮਲ ਦੀ ਨਾਭ ਵਿੱਚ ਹੀ ਭਟਕਦਾ ਰਿਹਾ ਸੀ, ‘‘ਨਾਭਿ ਵਸਤ ਬ੍ਰਹਮੈ ਅੰਤੁ ਨ ਜਾਣਿਆ ॥ ਗੁਰਮੁਖਿ ਨਾਨਕ ਨਾਮੁ ਪਛਾਣਿਆ ॥’’ (ਮਹਲਾ ੧/੧੨੩੭) ਅਕਾਲ ਪੁਰਖ ਪਰਮੇਸ਼ਰ ਦਾ ਅਤੇ ਉਸ ਦੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਅਸੰਭਵ ਅਸੰਭਵ ਕਾਰਜ ਹੈ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਜਪੁ ਜੀ ਸਾਹਿਬ ਅੰਦਰ ਫ਼ੁਰਮਾਉਂਦੇ ਹਨ, ‘‘ਅੰਤੁ ਨ ਸਿਫਤੀ; ਕਹਣਿ ਨ ਅੰਤੁ ॥ ਅੰਤੁ ਨ ਕਰਣੈ; ਦੇਣਿ ਨ ਅੰਤੁ ॥ ਅੰਤੁ ਨ ਵੇਖਣਿ; ਸੁਣਣਿ ਨ ਅੰਤੁ ॥ ਅੰਤੁ ਨ ਜਾਪੈ; ਕਿਆ ਮਨਿ ਮੰਤੁ ?॥ ਅੰਤੁ ਨ ਜਾਪੈ; ਕੀਤਾ ਆਕਾਰੁ ॥ ਅੰਤੁ ਨ ਜਾਪੈ; ਪਾਰਾਵਾਰੁ ॥ ਅੰਤ ਕਾਰਣਿ; ਕੇਤੇ ਬਿਲਲਾਹਿ ॥ ਤਾ ਕੇ ਅੰਤ; ਨ ਪਾਏ ਜਾਹਿ ॥ ਏਹੁ ਅੰਤੁ; ਨ ਜਾਣੈ ਕੋਇ ॥ ਬਹੁਤਾ ਕਹੀਐ; ਬਹੁਤਾ ਹੋਇ .. ॥੨੪॥’’ (ਜਪੁ/ਮਹਲਾ ੧) ਭਾਵ ਪਰਮੇਸ਼ਰ ਦਾ ਅਤੇ ਪਰਮੇਸ਼ਰ ਦੇ ਗੁਣਾਂ ਦਾ ਅੰਤ ਲੈਣ ਲਈ ਕਿੰਨੇ ਕਿੰਨੇ ਵਿਲਕਦੇ ਰਹੇ ਹਨ, ਪਰ ਅੰਤ ਨਾ ਪਾ ਸਕੇ। ਬਿਲਕਦੇ ਹੀ ਰਹਿ ਗਏ। ਜਿੰਨੇ ਕੋਈ ਗੁਣ ਬਿਆਨ ਕਰੇਗਾ, ਇਉਂ ਮਹਿਸੂਸ ਹੋਵੇਗਾ ਕਿ ਗੁਣ ਬਹੁਤ ਬਹੁਤ ਹਨ, ਪਰ ਮੇਰੀ ਗੁਣ ਬਿਆਨ ਕਰਨ ਵਾਲੀ ਸੋਚ ਬਹੁਤ ਛੋਟੀ ਹੈ। ਇਸੇ ਸੰਦਰਭ ’ਚ ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣਾ ਨਜ਼ਰੀਆ ਬਿਆਨ ਕਰਦੇ ਹਨ, ‘‘ਜਿਹਵਾ ਏਕ; ਕਵਨ ਗੁਨ ਕਹੀਐ ?॥ ਬੇਸੁਮਾਰ ਬੇਅੰਤ ਸੁਆਮੀ ! ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥’’ (ਮਹਲਾ ੫/੬੭੪) ਭਾਵ ਹੇ ਪਰਮੇਸ਼ਰ ਜੀ ! ਮੇਰੇ ਕੋਲ ਜੀਭ ਇੱਕ ਹੈ। ਇਸ ਇੱਕ ਰਸਨਾ ਨਾਲ ਤੇਰੇ ਕਿਹੜੇ ਕਿਹੜੇ ਪੱਖ ਬਿਆਨ ਕਰਾਂ। ਤੂੰ ਬੇਅੰਤ, ਅਨੰਤ, ਬੇਸ਼ੁਮਾਰ ਗੁਣਾਂ ਦਾ ਖਜ਼ਾਨਾ ਹੈਂ।
ਹੁਣ ਧਿਆਨ ਨਾਲ ਸੁਣਨਾ ਪਰਮੇਸ਼ਰ ਅਤੇ ਪਰਮੇਸ਼ਰ ਦੇ ਗੁਣਾਂ ਦਾ ਅੰਤ ਨਾ ਕੋਈ ਪਾ ਸਕਿਆ ਹੈ ਅਤੇ ਨਾ ਹੀ ਕੋਈ ਪਾ ਸਕੇਗਾ। ਫਿਰ ਸਵਾਲ ਹੈ ਕਿ ਜੇ ਪਰਮੇਸ਼ਰ ਅਤੇ ਪਰਮੇਸ਼ਰ ਦੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਦਾ, ਫਿਰ ਗੁਣ ਗਾਉਂਦੇ ਕਿਉਂ ਹਨ। ਜੇ ਗੁਣਾਂ ਦਾ ਅੰਤ ਮਿਲਣਾ ਹੀ ਨਹੀਂ, ਫਿਰ ਬਿਆਨ ਹੀ ਕਿਉਂ ਕਰਨੇ ਹਨ। ਇਹ ਸਵਾਲ ਬੜਾ ਅਹਿਮ ਸਵਾਲ ਹੈ ਤੇ ਕੀਮਤੀ ਸਵਾਲ ਭੀ ਹੈ। ਸਤਿਗੁਰ ਪਾਤਿਸ਼ਾਹ ਨੇ ਸੱਚ ਕੀ ਬਾਣੀ ’ਚ ਦੱਸਿਆ ਹੈ, ਜੋ ਬਿਲਕੁਲ ਠੀਕ ਹੈ ਕਿ ਪਰਮੇਸ਼ਰ ਅਤੇ ਪਰਮੇਸ਼ਰ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਰ ਇਹ ਵੀ ਸੱਚ ਹੈ ਕਿ ਪਰਮੇਸ਼ਰ ਦੇ ਗੁਣ ਗਾਉਂਦਿਆਂ ਗਾਉਂਦਿਆਂ ਮਨੁੱਖ ਆਪ ਪ੍ਰਭੂ ਦੇ ਗੁਣਾਂ ਵਿੱਚ ਸਮਾਅ ਜਾਂਦਾ ਹੈ। ਫ਼ੁਰਮਾਨ ਹੈ, ‘‘ਤੇਰੇ ਗੁਣ ਕਹਾ; ਮੈ ਕਹਣੁ ਨ ਜਾਈ ॥ ਅੰਤੁ ਨ ਪਾਰਾ; ਕੀਮਤਿ ਨਹੀ ਪਾਈ ॥ ਆਪੇ ਦਇਆ ਕਰੇ ਸੁਖਦਾਤਾ; ਗੁਣ ਮਹਿ ਗੁਣੀ ਸਮਾਇਆ ॥’’ (ਮਹਲਾ ੩/੧੦੬੭) ਭਾਵ ਗੁਣਾਂ ਦਾ ਅੰਤ ਤਾਂ ਕੋਈ ਨਹੀਂ ਪਾ ਸਕਦਾ, ਪਰ ਗੁਣਾਂ ਨੂੰ ਗਾਉਂਦਿਆਂ ਗਾਉਂਦਿਆਂ, ਗੁਣਾਂ ਨੂੰ ਬਿਆਨ ਕਰਦਿਆਂ ਕਰਦਿਆਂ ਮਨੁੱਖ; ਪ੍ਰਭੂ ਦੇ ਗੁਣਾਂ ਵਿੱਚ ਹੀ ਸਮਾਅ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਇਸ ‘‘ਗੁਣ ਮਹਿ ਗੁਣੀ ਸਮਾਇਆ’’ ਨੂੰ ਆਪਣੇ ਇਕ ਕਬਿੱਤ ਵਿੱਚ ਖੋਲ੍ਹਿਆ ਹੈ, ‘‘ਪੇਖਤ ਪੇਖਤ ਜੈਸੇ ਰਤਨ ਪਾਰੁਖੁ ਹੋਤ; ਸੁਨਤ ਸੁਨਤ ਜੈਸੇ ਪੰਡਿਤ ਪ੍ਰਬੀਨ ਹੈ। ਸੂੰਘਤ ਸੂੰਘਤ ਸੌਧਾ ਜੈਸੇ ਤਉ ਸੁਬਾਸੀ ਹੋਤ; ਗਾਵਤ ਗਾਵਤ ਜੈਸੇ ਗਾਇਨ ਗੁਨੀਨ ਹੈ। ਲਿਖਤ ਲਿਖਤ ਲੇਖ ਜੈਸੇ ਤਉ ਲੇਖਕ ਹੋਤ; ਚਾਖਤ ਚਾਖਤ ਜੈਸੇ ਭੋਗੀ ਰਸੁ ਭੀਨ ਹੈ। ਚਲਤ ਚਲਤ ਜੈਸੇ ਪਹੁਚੈ ਠਿਕਾਨੈ ਜਾਇ; ਖੋਜਤ ਖੋਜਤ ਗੁਰ ਸਬਦੁ ਲਿਵ ਲੀਨ ਹੈ ॥੫੮੮॥’’ (ਭਾਈ ਗੁਰਦਾਸ ਜੀ/ਕਬਿੱਤ ੫੮੮) ਭਾਵ ਪਵਿੱਤਰ ‘‘ਗੁਣ ਕਹਿ ਗੁਣੀ ਸਮਾਵਣਿਆ ॥’’ (ਮਹਲਾ ੩/੧੧੭) ਦਾ ਖੁਲਾਸਾ ਇੱਥੇ 8 ਦਲੀਲਾਂ ਦੇ ਕੇ ਕੀਤਾ ਹੈ; ਜਿਵੇਂ ਕਿ ਮਨੁੱਖ ਸੋਨੇ ਦਾ, ਹੀਰਿਆਂ ਦਾ, ਜਵਾਹਰਾਤ, ਰਤਨਾ ਦਾ ਪਾਰਖੂ ਨਹੀਂ ਹੈ, ਪਰ ਉਹ ਸੁਨਿਆਰ (ਜੌਹਰੀ) ਦੀ ਦੁਕਾਨ ’ਤੇ ਲੱਗ ਜਾਂਦਾ ਹੈ। ਕੰਮ ਸਿੱਖਦਾ ਸਿੱਖਦਾ ਹੈ, ਧਾਂਤਾਂ ਨੂੰ ਪਰਖਦਾ ਪਰਖਦਾ ਉਹ ਚੰਗਾ ਪਾਰਖੂ ਹੋ ਜਾਂਦਾ ਹੈ ਫਿਰ ਦੇਖਦਿਆਂ ਹੀ ਦੱਸ ਦਿੰਦਾ ਹੈ ਕਿ ਇਹ ਸੋਨਾ, ਹੀਰਾ ਕੈਸਾ ਹੈ। ਇਸ ਵਿੱਚ ਮਿਲਾਵਟ ਹੈ ਜਾਂ ਨਹੀਂ। ਪਟਨਾ ਸਾਹਿਬ ਵਿਖੇ ਜਦੋਂ ਭਾਈ ਮਰਦਾਨਾ ਜੀ ਸਾਲਸਰਾਇ ਜੌਹਰੀ ਦੀ ਦੁਕਾਨ ’ਤੇ ਇੱਕ ਪੱਥਰ ਲੈ ਕੇ ਗਿਆ ਸੀ ਤਾਂ ਸਾਲਸਰਾਇ ਦੇ ਨੌਕਰ ਅਧਰਕਾ ਨੇ ਦੇਖਦਿਆਂ ਹੀ ਪਰਖ ਲਿਆ ਕਿ ਇਹ ਹੀਰਾ ਬਹੁਤ ਕੀਮਤੀ ਹੈ। ਸਾਲਸਰਾਇ ਨੇ ਕਿਹਾ ਇਸ ਦੀ ਕੀਮਤ ਨਹੀਂ ਦਿੱਤੀ ਜਾ ਸਕਦੀ। ਦਰਸ਼ਨੀ ਭੇਟਾ ਦਿੱਤੀ ਜਾ ਸਕਦੀ ਹੈ। ਸੋ ਮਨੁੱਖ ਦੇਖਦਿਆਂ ਦੇਖਦਿਆਂ ਚੰਗਾ ਪਾਰਖੂ ਬਣ ਜਾਂਦਾ ਹੈ। ਭਾਈ ਸਾਹਿਬ ਨੇ ਦੂਸਰੀ ਉਦਾਹਰਨ ਇਹ ਦਿੱਤੀ ਹੈ ਕਿ ਸਤਸੰਗਤ ਵਿੱਚ ਜਾ ਕੇ ਕੋਈ ਆਮ ਮਨੁੱਖ; ਖਸਮ ਕੀ ਬਾਣੀ ਦੀ ਕਥਾ ਸੁਣੇ, ਕਥਾ ਸੁਣਦਿਆਂ ਸੁਣਦਿਆਂ ਉਹ ਹੌਲੀ ਹੌਲੀ ਇੱਕ ਚੰਗਾ ਵਿਦਵਾਨ ਬਣ ਜਾਂਦਾ ਹੈ ਕਿਉਂਕਿ ਕਥਾ ਮਨ ’ਚ ਵੱਸਦੀ ਜਾਂਦੀ ਹੈ। ਕਥਾ ਮਨ ਜੀਵਨ ਦਾ ਹਿੱਸਾ ਬਣ ਜਾਂਦੀ ਹੈ। ਇਕ ਆਦਮੀ ਰੋਜ਼ਾਨਾ ਹੀ ਫੁੱਲਾਂ ਦੀ ਬਗੀਚੀ ਅੰਦਰ ਜਾਂਦਾ ਹੈ। ਫੁੱਲਾਂ ਦੀ ਮਹਿਕ ਲੈਂਦਾ ਹੈ। ਜੰਗਲ਼ ’ਚ ਹਰ ਬ੍ਰਿਛ ਨੂੰ ਪਰਖਦਾ ਹੈ। ਉਹ ਹੌਲੀ ਹੌਲੀ ਚੰਗਾ ਗਾਂਧਿਕ (ਸੁਗੰਧੀ ਬਣਾਉਣ ਤੇ ਵੇਚਣ ਵਾਲ਼ਾ) ਬਣ ਜਾਂਦਾ ਹੈ। ਉਸ ਨੂੰ ਤਜਰਬਾ ਹੋ ਜਾਂਦਾ ਹੈ। ਇਕ ਆਮ ਆਦਮੀ ਕਿਸੇ ਗਵਈਏ (ਕੀਰਤਨੀਏ) ਨੂੰ ਉਸਤਾਦ ਬਣਾ ਕੇ ਰੋਜਾਨਾ ਹਰਮੋਨੀਅਮ ’ਤੇ ਅਭਿਆਸ ਕਰੇ, ਉਹ ਅਭਿਆਸ ਕਰਦਾ ਕਰਦਾ ਇਕ ਦਿਨ ਚੰਗਾ ਕੀਰਤਨੀ, ਚੰਗਾ ਗਵਈਆ ਹੋ ਜਾਂਦਾ ਹੈ ਕਿਉਂਕਿ ਰੋਜ਼ਾਨਾ ਅਭਿਆਸ ਕਰਦਾ ਹੈ। ਕੋਈ ਆਮ ਮਨੁੱਖ ਰੋਜ਼ਾਨਾ ਹੀ ਚੰਗੀਆਂ ਕਿਤਾਬਾਂ ਪੜ੍ਹੇ। ਕੁਝ ਨਾ ਕੁਝ ਲਿਖੇ। ਲਿਖਦਿਆਂ ਲਿਖਦਿਆਂ ਚੰਗਾ ਲਿਖਾਰੀ ਬਣ ਜਾਂਦਾ ਹੈ। ਇਸੇ ਤਰ੍ਹਾਂ ਰਸੋਈਆ ਰਸਾਂ ਕਸਾਂ ਨੂੰ ਰੋਜ਼ਾਨਾ ਚੱਖਦਿਆਂ ਚੱਖਦਿਆਂ ਰਸਾਂ ਕਸਾਂ ਦਾ ਚੰਗਾ ਸੂਝਵਾਨ ਹੋ ਜਾਂਦਾ ਹੈ ਕਿਉਂਕਿ ਰੋਜ਼ਾਨਾ ਹੀ ਰਸਾਂ ਕਸਾਂ ਨੂੰ ਚੱਖਦਾ ਹੈ। ਕੋਈ ਮਨੁੱਖ ਮੰਜ਼ਲ ਨੂੰ ਨਿਰਧਾਰਿਤ ਕਰਕੇ ਚੱਲ ਪਵੇ। ਹੌਲੀ ਹੌਲੀ, ਚਲਦਿਆਂ ਚਲਦਿਆਂ ਉਹ ਮੰਜ਼ਲ ’ਤੇ ਪਹੁੰਚ ਜਾਂਦਾ ਹੈ। ਮੰਜ਼ਲ ਭਾਵੇਂ ਮਾਊਂਟ ਐਵਰਸਟ ਹੋਵੇ ਜਾਂ ਸੁਮੇਰ ਪਰਬਤ। ਮੰਜ਼ਲ ਭਾਵੇਂ ਚੰਦਰਮਾ ਹੋਵੇ ਜਾਂ ਸ਼ੁਕਰ ਤੇ ਮੰਗਲ ਗ੍ਰਹਿ ਹੋਵੇ, ਆਦਿ।
ਇਹ 7 ਉਦਾਹਰਨਾਂ ਦੇ ਕੇ ਭਾਈ ਸਾਹਿਬ ਆਖ਼ਿਰ ’ਚ ਆਖਦੇ ਹਨ ਕਿ ਮਨੁੱਖ ਰੋਜ਼ਾਨਾ ਹੀ ਗੁਰਬਾਣੀ ਦੇ ਇੱਕ ਦੋ ਸ਼ਬਦਾਂ ਨੂੰ ਪੜ੍ਹੇ। ਉਨ੍ਹਾਂ ਦੇ ਅਰਥ ਵਿਚਾਰੇ, ਸ਼ਬਦ ਦੀ ਵਿਚਾਰ ਨਾਲ ਜੀਵਨ ਨੂੰ ਜੋੜੇ। ਜੀਵਨ ਦੀ ਖੋਜ ਕਰੇ ਤਾਂ ਨਿਸ਼ਚਿਤ ਤੌਰ ’ਤੇ ਉਹ ਸ਼ਬਦ ਰੂਪੀ ਪਰਮੇਸ਼ਰ ਦੇ ਗੁਣਾਂ ਵਾਲਾ ਹੋ ਜਾਵੇਗਾ। ਫ਼ੁਰਮਾਨ ਹੈ, ‘‘ਤੇਰੇ ਭਗਤ ਸੋਹਹਿ; ਸਾਚੈ ਦਰਬਾਰੇ ॥ ਗੁਰ ਕੈ ਸਬਦਿ; ਨਾਮਿ ਸਵਾਰੇ ॥ ਸਦਾ ਅਨੰਦਿ ਰਹਹਿ ਦਿਨੁ ਰਾਤੀ; ਗੁਣ ਕਹਿ ਗੁਣੀ ਸਮਾਵਣਿਆ ॥’’ (ਮਹਲਾ ੩/੧੨੨) ਭਾਵ ਗੁਣ ਗਾਉਂਦਿਆਂ ਗਾਉਂਦਿਆਂ ਜੀਵਨ ’ਚੋਂ ਔਗੁਣ ਘਟਣੇ ਸ਼ੁਰੂ ਹੋ ਜਾਂਦੇ ਹਨ। ਗੁਣ ਜੀਵਨ ਦਾ ਹਿੱਸਾ ਬਣ ਜਾਂਦੇ ਹਨ। ਜਿਸ ਤਰ੍ਹਾਂ ਚਾਨਣ ਹੁੰਦਿਆਂ ਹਨ੍ਹੇਰਾ ਦੂਰ ਹੋ ਜਾਂਦਾ ਹੈ। ਜਿਸ ਤਰ੍ਹਾਂ ਸੁਗੰਧੀ ਸੁੰਘਦਿਆਂ ਹੀ ਦੁਰਗੰਧ ਹਟ ਜਾਂਦੀ ਹੈ। ਜਿਸ ਤਰ੍ਹਾਂ ਗਰਮੀ ਆਉਂਦਿਆਂ ਹੀ ਸਰਦੀ ਚਲੀ ਜਾਂਦੀ ਹੈ। ਇਸੇ ਤਰ੍ਹਾਂ ਗੁਣ ਗਾਉਂਦਿਆਂ ਗਾਉਂਦਿਆਂ, ਗੁਣ ਕਥਨ ਕਰਦਿਆਂ ਕਰਦਿਆਂ ਗੁਣ ਜੀਵਨ ’ਚ ਸਮਾਅ ਜਾਂਦੇ ਹਨ। ਔਗੁਣ ਮਿਟਣੇ ਸ਼ੁਰੂ ਹੋ ਜਾਂਦੇ ਹਨ। ਪਰਮੇਸ਼ਰ ਅਤੇ ਪਰਮੇਸ਼ਰ ਦੇ ਗੁਣਾਂ ਦਾ ਤਾਂ ਅੰਤ ਨਹੀਂ ਪਾਇਆ ਜਾ ਸਕਦਾ, ਪਰ ਗੁਣੀ ਨੂੰ ਗਾਉਂਦਿਆਂ ਗੁਣਾਂ ’ਚ ਸਮਾਅ ਜਾਈਦਾ ਹੈ। ਔਗੁਣਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਇਸ ਦੀ ਵਿਆਖਿਆ ਭਗਤ ਕਬੀਰ ਸਾਹਿਬ ਨੇ ਆਪਣੀ ਸਲੋਕ ਲੜੀ 81 ਤੋਂ ਲੈ ਕੇ 91 ਤੱਕ ਵਿੱਚ ਕੀਤੀ ਹੈ। ਵਿਚਾਰ ਬਹੁਤ ਗਹਿਰੀ ਹੈ।
ਲੜੀਵਾਰ ਸਲੋਕ ਨੰਬਰ 81 ’ਚ ਭਗਤ ਕਬੀਰ ਜੀ ਫ਼ੁਰਮਾ ਰਹੇ ਹਨ, ‘‘ਕਬੀਰ ਸਾਤ ਸਮੁੰਦਹਿ ਮਸੁ ਕਰਉ; ਕਲਮ ਕਰਉ ਬਨਰਾਇ ॥ ਬਸੁਧਾ ਕਾਗਦੁ ਜਉ ਕਰਉ; ਹਰਿ ਜਸੁ ਲਿਖਨੁ ਨ ਜਾਇ ॥੮੧॥’’ (ਭਗਤ ਕਬੀਰ/੧੩੬੮) ਭਾਵ ਸਾਰੇ ਸਮੁੰਦਰ ਦੇ ਪਾਣੀ ਦੀ ਸਿਆਹੀ ਬਣਾ ਲਈਏ। ਸਾਰੀ ਦੀ ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਲਈਏ। ਸਾਰੀ ਧਰਤੀ ਨੂੰ ਕਾਗਜ਼ ਬਣਾ ਲਿਆ ਜਾਵੇ। ਸਿਆਹੀ ਮੁੱਕ ਜਾਵੇਗੀ। ਕਲਮਾਂ ਘਸ ਜਾਣਗੀਆ। ਕਾਗਜ਼ ਖ਼ਤਮ ਹੋ ਜਾਏਗਾ, ਪਰ ਫਿਰ ਵੀ ਪ੍ਰਭੂ ਦੇ ਗੁਣਾਂ ਨੂੰ, ਉਸ ਦੇ ਜਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਫ਼ੁਰਮਾਨ ਹੈ, ‘‘ਨਾਨਕ ! ਕਾਗਦ ਲਖ ਮਣਾ; ਪੜਿ ਪੜਿ ਕੀਚੈ ਭਾਉ ॥ ਮਸੂ ਤੋਟਿ ਨ ਆਵਈ; ਲੇਖਣਿ ਪਉਣੁ ਚਲਾਉ ॥ ਭੀ ਤੇਰੀ ਕੀਮਤਿ ਨਾ ਪਵੈ; ਹਉ ਕੇਵਡੁ ਆਖਾ ਨਾਉ ?॥੪॥’’ (ਮਹਲਾ ੧/੧੪) ਇੰਨਾ ਕੁਝ ਕਹਿਣ ਦੇ ਬਾਵਜੂਦ ਪਰਮੇਸ਼ਰ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਗੁਣ ਗਾਉਣ ਨਾਲ ਜੀਵਨ ਅੰਦਰ ਜੋ ਕੌਤਕ ਵਰਤਦਾ ਹੈ, ਉਸ ਦਾ ਜ਼ਿਕਰ ਭਗਤ ਕਬੀਰ ਜੀ ਨੇ ਸਲੋਕ 91 ਅੰਦਰ ਕੀਤਾ ਹੈ, ‘‘ਕਬੀਰ ! ਏਕ ਮਰੰਤੇ ਦੁਇ ਮੂਏ; ਦੋਇ ਮਰੰਤਹ ਚਾਰਿ ॥ ਚਾਰਿ ਮਰੰਤਹ ਛਹ ਮੂਏ; ਚਾਰਿ ਪੁਰਖ, ਦੁਇ ਨਾਰਿ ॥੯੧॥’’ (ਭਗਤ ਕਬੀਰ/੧੩੬੯) ਭਾਵ ਕੌਤਕ ਵਰਤਦਾ ਹੈ ਕਿ ਗੁਣ ਗਾਉਂਦਿਆਂ ਗਾਉਂਦਿਆਂ ਪਹਿਲਾਂ ਇੱਕ ਔਗੁਣ ਮਰਦਾ ਹੈ। ਇੱਕ ਔਗੁਣ ਮਰਨ ਨਾਲ ਫਿਰ ਦੋ ਹੋਰ ਔਗੁਣ ਮਰ ਜਾਂਦੇ ਹਨ। ਦੋ ਔਗੁਣ ਮਰਨ ਨਾਲ ਚਾਰ ਔਗੁਣ ਮਰ ਜਾਂਦੇ ਹਨ। ਚਾਰ ਔਗੁਣ ਮਰਨ ਨਾਲ ਛੇ ਔਗੁਣ ਮਰ ਜਾਂਦੇ ਹਨ। ਇਨ੍ਹਾਂ ਛੇ ਔਗੁਣਾਂ ’ਚੋਂ ਚਾਰ ਔਗੁਣ ਪੁਰਖ ਵਾਚਕ ਹਨ ਅਤੇ ਦੋ ਔਗੁਣ ਇਸਤਰੀ ਵਾਚਕ ਹਨ। ਇਹ ਕਿਹੜੇ ਕਿਹੜੇ ਹਨ ‘6 ਔਗੁਣ’ ? ਇਨ੍ਹਾਂ ਦਾ ਜ਼ਿਕਰ ਸਲੋਕ 81 ਤੋਂ ਲੈ ਕੇ 91 ਤੱਕ ਦੇ ਵਿਚਕਾਰਲੇ 9 ਸਲੋਕਾਂ ’ਚ ਕਰਮਵਾਰ ਕੀਤਾ ਹੈ। ਜੀਵਨ ’ਚ 6 ਔਗੁਣਾਂ ਦਾ ਸੁਧਾਰ ਹੋ ਜਾਂਦਾ ਹੈ। ਇਨ੍ਹਾਂ ’ਚੋਂ ਪਹਿਲਾਂ ਹੈ ‘ਮਨ’।
ਮਨ ਜੀਵਨ ਦਾ ਕੇਂਦਰ ਹੈ। ਜੈਸਾ ਮਨ ਹੈ ਵੈਸਾ ਜੀਵਨ ਹੁੰਦਾ ਹੈ। ਮਨ ਹੀ ਸਭ ਕੁਝ ਕਰਾਉਂਦਾ ਹੈ। ਮਨ ਜੈਸਾ ਕੋਈ ਹੋਰ ਦੂਸਰਾ ਜੀਵਨ ਦਾ ਸਾਥੀ ਨਹੀਂ ਹੈ ‘‘ਮਮਾ, ਮਨ ਸਿਉ ਕਾਜੁ ਹੈ; ਮਨ ਸਾਧੇ ਸਿਧਿ ਹੋਇ ॥ ਮਨ ਹੀ ਮਨ ਸਿਉ ਕਹੈ ਕਬੀਰਾ ! ਮਨ ਸਾ ਮਿਲਿਆ ਨ ਕੋਇ ॥੩੨॥’’ (ਬਾਵਨ ਅਖਰੀ/ਭਗਤ ਕਬੀਰ/੩੪੨) ਮਨ ਨਾਲ ਹੀ ਜੀਵਨ ਦੇ ਕਾਰਜ ਪੂਰੇ ਹੁੰਦੇ ਹਨ। ਮਨ ਸਾਧਿਆ ਗਿਆ ਤਾਂ ਜੀਵਨ ਸਾਧਿਆ ਜਾਂਦਾ ਹੈ। ਮਨ ਹੀ ਜੀਵਨ ਦਾ ਕੇਂਦਰ ਹੈ, ਪਰ ਮਨ ਨੂੰ ਸੁਧਾਰਨਾ ਕੋਈ ਸੌਖੀ ਖੇਡ ਨਹੀਂ ਹੈ। ਮਨ ਨੂੰ ਕਾਬੂ ਕਰਨਾ ਕੋਈ ਸੌਖਾ ਕੰਮ ਨਹੀਂ ਹੈ। ਬਹੁਤ ਔਖਾ ਹੈ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਖਦੇ ਹਨ, ‘‘ਸਾਧੋ ! ਇਹੁ ਮਨੁ ਗਹਿਓ ਨ ਜਾਈ ॥ ਚੰਚਲ ਤ੍ਰਿਸਨਾ ਸੰਗਿ ਬਸਤੁ ਹੈ; ਯਾ ਤੇ ਥਿਰੁ ਨ ਰਹਾਈ ॥੧॥ ਰਹਾਉ ॥’’ (ਮਹਲਾ ੯/੨੧੯) ਭਾਵ ਐ ਭਲੇ ਪੁਰਖੋ ! ਇਹ ਮਨ ਜਲਦੀ ਕਾਬੂ ਨਹੀਂ ਆਉਂਦਾ। ਇਸ ਨੂੰ ਵੱਸ ’ਚ ਕਰਨਾ ਬੜਾ ਕਠਨ ਹੈ ਕਿਉਂਕਿ ਮਨ ਅੰਦਰ ਔਗੁਣ ਹਨ। ਚੰਚਲਤਾ ਹੈ, ਤ੍ਰਿਸ਼ਨਾ ਹੈ। ਇਹ ਮਨ ਨੂੰ ਟਿਕਣ ਨਹੀਂ ਦਿੰਦੇ। ਮਨ ਨੂੰ ਸਾਧਨ ਵਾਸਤੇ, ਕਾਬੂ ਕਰਨ ਲਈ ਜੋਗੀ ਲੋਕ, ਸਾਧੂ ਮਹਾਤਮਾ ਲੋਕ, ਸਨਿਆਸੀ ਲੋਕ ਜੰਗਲਾਂ ’ਚ ਪਰਬਤ ਤੇ ਇਕਾਂਤ ’ਚ ਚਲੇ ਗਏ ਸਨ। ਜ਼ਿਕਰ ਹੈ, ‘‘ਮਨੁ ਮਾਰਣ ਕਾਰਣਿ; ਬਨ ਜਾਈਐ ॥ ਸੋ ਜਲੁ; ਬਿਨੁ ਭਗਵੰਤ ਨ ਪਾਈਐ ॥’’ (ਭਗਤ ਕਬੀਰ/੩੨੩) ਭਾਵ ਮਨ ਦੇ ਸੁਧਾਰ ਲਈ ਮਨੁੱਖ ਚਾਲੀਸੇ ਕੱਟਦਾ ਹੈ। ਤੀਰਥਾਂ ’ਤੇ ਜਾਂਦਾ ਹੈ। ਕਰਮ ਧਰਮ ਕਮਾਉਂਦਾ ਹੈ। ਪੁੰਨ ਦਾਨ ਕਰਦਾ ਹੈ। ਕਥਾ ਕੀਰਤਨ ਸੁਣਦਾ ਹੈ। ਪੂਜਾ ਪਾਠ ਕਰਦਾ ਹੈ, ਪਰ ਫਿਰ ਵੀ ਮਨ ਕਾਬੂ ਨਹੀਂ ਆਉਂਦਾ। ਖੋਤੇ ਵਾਂਗ ਖਰਮਸਤੀਆਂ ਕਰਦਾ ਹੈ। ਫ਼ੁਰਮਾਨ ਹੈ, ‘‘ਮਨ ਖੁਟਹਰ ! ਤੇਰਾ ਨਹੀ ਬਿਸਾਸੁ; ਤੂ ਮਹਾ ਉਦਮਾਦਾ ॥ ਖਰ ਕਾ ਪੈਖਰੁ ਤਉ ਛੁਟੈ; ਜਉ ਊਪਰਿ ਲਾਦਾ ॥੧॥ ਰਹਾਉ ॥’’ (ਮਹਲਾ ੫/੮੧੫) ਭਾਵ ਮਨ ਔਗੁਣਾ ਕਰਕੇ ਖੋਟਾ ਹੈ। ਬਹੁਤ ਵੱਡਾ ਢੀਠ ਹੈ। ਖੋਤੇ ਵਾਂਗ ਹਰ ਵੇਲੇ ਖਰਮਸਤੀਆਂ ਕਰਦਾ ਹੈ। ਖੋਤੇ ਦਾ ਪੈਰ ਬੰਨ੍ਹਿਆ ਹੋਇਆ ਉਦੋਂ ਖੋਲ੍ਹਿਆ ਜਾਂਦਾ ਹੈ, ਜਦੋਂ ਉਸ ਦੇ ਉੱਪਰ ਸਮਾਨ ਲੱਦ ਦਿੱਤਾ ਜਾਂਦਾ ਹੈ। ਕਬੀਰ ਸਾਹਿਬ ਆਖਦੇ ਹਨ ਕਿ ਪ੍ਰਭੂ ਦੇ ਗੁਣਾਂ ਨਾਲ ਮਨ ਨੂੰ ਲੱਦ ਦੇਈਏ, ਫਿਰ ਮਨ ਕਾਬੂ ਆ ਜਾਂਦਾ ਹੈ, ‘‘ਕਬੀਰ ! ਕਾਇਆ ਕਜਲੀ ਬਨੁ ਭਇਆ; ਮਨੁ ਕੁੰਚਰੁ ਮਯ ਮੰਤੁ ॥ ਅੰਕਸੁ ਗੵਾਨੁ ਰਤਨੁ ਹੈ; ਖੇਵਟੁ ਬਿਰਲਾ ਸੰਤੁ ॥੨੨੪॥’’ (ਭਗਤ ਕਬੀਰ/੧੩੭੬) ਭਾਵ ਅਗਰ ਮਨੁੱਖ ਪ੍ਰਭੂ ਦੇ ਗੁਣ ਨਾ ਗਾਵੇ। ਸਿਮਰਨ ਨਾ ਕਰੇ ਤਾਂ ਉਸ ਦਾ ਸਰੀਰ ਮਾਨੋ ਰਿਖੀਕੇਸ ਹਰਿਦੁਆਰ ਦੇ ਨਜ਼ਦੀਕ ਦਾ ਜੰਗਲ਼ (ਕਜਲੀ) ਬਣ ਜਾਂਦਾ ਹੈ। ਇਸ ਸਰੀਰ ਜੰਗਲ਼ ’ਚ ਮਨ ਹਾਥੀ ਬਣਿਆ ਫਿਰਦਾ ਹੈ। ਜੇ ਕਿਸੇ ਕੋਲ ਪ੍ਰਭੂ ਦੇ ਗੁਣਾਂ ਰੂਪ ਗਿਆਨ ਦਾ ਕੁੰਡਾ ਹੋਵੇ, ਉਹ ਮਨ ਹਾਥੀ ਨੂੰ, ਮਨ ਦੇ ਖੋਤੇ ਸੁਭਾਅ ਨੂੰ ਕਾਬੂ ਕਰ ਲੈਂਦਾ ਹੈ। ਮਨ ਨੂੰ ਗੁਣਾਂ ਦੇ ਗਿਆਨ-ਅੰਕਸ ਨਾਲ ਵੱਸ ’ਚ ਕਰ ਲੈਂਦਾ ਹੈ ਭਾਵ ਮਨ ਨੂੰ ਗੁਣਾਂ ਨਾਲ ਸੁਧਾਰ ਲੈਂਦਾ ਹੈ। ਗੁਣ ਗਾਉਂਦਿਆਂ ਗਾਉਂਦਿਆਂ ਪਰਮੇਸ਼ਰ ਦਾ ਅੰਤ ਤਾਂ ਨਹੀਂ ਪਾਇਆ ਜਾ ਸਕਦਾ, ਪਰ ਗੁਣਾਂ ਰਾਹੀਂ ਮਨ ਨੂੰ ਵੱਸ ’ਚ ਕਰ ਲਿਆ ਜਾਂਦਾ ਹੈ। ਮਨ ਮਰ ਗਿਆ ਭਾਵ ਮਨ ਔਗੁਣਾਂ ਵੱਲੋਂ ਮੁੜ ਪਿਆ।
‘‘ਕਬੀਰ ! ਏਕ ਮਰੰਤੇ ਦੁਇ ਮੂਏ..॥’’ ਭਾਵ ਜਦੋਂ ਇਕ ਮਨ ਮਰ ਗਿਆ ਤਾਂ ਇਸ ਨਾਲ ਇਕ ਹੋਰ ਔਗੁਣ ਮਰ ਜਾਂਦਾ ਹੈ ਯਾਨੀ ‘ਜਾਤ ਅਭਿਮਾਨ ਤੇ ਹੀਣਤਾ’ ਦੋਵੇਂ ਮਰ ਜਾਂਦੇ ਹਨ। ਇਹ ਦੂਸਰਾ ਹੈ ਕਿ ਮਨੁੱਖ ਉੱਚੀ ਜਾਤ ਦਾ ਹੰਕਾਰ ਨਹੀਂ ਕਰਦਾ ਅਤੇ ਨੀਵੀ ਜਾਤ ਕਰਕੇ ਕਿਸੇ ਨਾਲ਼ ਹੀਣ ਭਾਵਨਾ ਨਹੀਂ ਰੱਖਦਾ। ਇਸ ਸਬੰਧ ’ਚ ਸਲੋਕ ਹੈ, ‘‘ਕਬੀਰ ! ਜਾਤਿ ਜੁਲਾਹਾ ਕਿਆ ਕਰੈ ? ਹਿਰਦੈ ਬਸੇ ਗੁਪਾਲ ॥ ਕਬੀਰ ! ਰਮਈਆ ਕੰਠਿ ਮਿਲੁ; ਚੂਕਹਿ ਸਰਬ ਜੰਜਾਲ ॥੮੨॥’’ (ਭਗਤ ਕਬੀਰ/੧੩੬੮) ਸ਼੍ਰੀ ਕਬੀਰ ਸਾਹਿਬ ਜੀ ਤਥਾ ਕਥਿਤ ਨੀਵੀ ਜਾਤ ਦੇ ਮੰਨੇ ਜਾਂਦੇ ਸਨ। ਉੱਚੀ ਜਾਤ ਦੇ ਲੋਕ ਹੰਕਾਰ ’ਚ ਇਨ੍ਹਾਂ ਨੂੰ ਜੁਲਾਹਾ ਕਹਿੰਦੇ ਸਨ। ਨਫਰਤ ਵੀ ਕਰਦੇ ਸਨ। ਅੱਜ ਵੀ ਉੱਚੀ ਜਾਤ ਦਾ ਹੰਕਾਰ ਅਤੇ ਨੀਵੀਂ ਜਾਤ ਦੀ ਹੀਣਤਾ ਮੰਨੀ ਜਾਂਦੀ ਹੈ। ਪਹਿਲਾਂ ਸਭ ਤੇ ਜ਼ਿਆਦਾ ਉੱਚੀ ਜਾਤ ਦਾ ਹੰਕਾਰ ਬ੍ਰਾਹਮਣ ਕਰਦੇ ਸਨ, ਪਰ ਅੱਜ ਉਨ੍ਹਾਂ ਦੀ ਥਾਂ ਜੱਟਾਂ ਨੇ ਭੀ ਲੈ ਲਈ ਹੈ। ਮੈਨੂੰ ਖਿਮਾ ਕਰ ਦੇਣਾ ਬਹੁਤ ਜੱਟਾਂ ਨੇ ਹੰਕਾਰ ਪਾਲ ਲਿਆ ਹੈ। ਤੁਸੀਂ ਦੇਖੋਗੇ ਗੱਡੀਆਂ, ਕਾਰਾਂ ’ਤੇ ਲਿਖਿਆ ਹੁੰਦਾ ਹੈ ‘ਪੁੱਤ ਜੱਟਾਂ ਦੇ, ਪਸੰਦ ਜੱਟਾਂ ਦੀ, ਜਾਰੀ ਜੱਟਾਂ ਦੀ, ਜੱਟਾਂ ਦੇ ਕਾਕੇ ਨਾ ਕੋਈ ਫਿਕਰ ਨਾ ਫਾਕੇ, ਗੁਲਾਮੀ ਜੱਟ ਦੀ, ਗੰਡਾਸੀ ਜੱਟ ਦੀ’। ਇਹ ਸਭ ਕਿਸ ਗੱਲ ਦੀ ਪ੍ਰਦਰਸ਼ਨੀ ਹੈ। ਕੇਵਲ ਤੇ ਕੇਵਲ ਹੰਕਾਰ ਦੀ ਹੀ ਪ੍ਰਦਰਸ਼ਨੀ ਕਿਹਾ ਜਾ ਸਕਦਾ ਹੈ। ਦੂਸਰੇ ਪਾਸੇ ਨੀਵੀਂ ਜਾਤ ਦੀ ਹੀਣਤਾ ਵੀ ਬਹੁਤ ਮੰਨੀ ਜਾਂਦੀ ਹੈ। ਅਸੀਂ ਨੀਵੀ ਜਾਤ ਵਾਲਿਆਂ ਨੇ ਕੀ ਕਰਨਾ ਹੈ। ਉਹ ਐਵੇਂ ਹੱਥ ਜੋੜੀ ਜਾਣਗੇ। ਬਾਣੀਕਾਰਾਂ ਨੇ ਉੱਚੀ ਜਾਤ ਦਾ ਹੰਕਾਰ ਭੰਨਿਆ ਤੇ ਨੀਵੀ ਜਾਤ ਦੀ ਹੀਣ ਭਾਵਨਾ ਨੂੰ ਖ਼ਤਮ ਕੀਤਾ। ਫ਼ੁਰਮਾਨ ਹੈ, ‘‘ਫਰੀਦਾ ! ਮਨੁ ਮੈਦਾਨੁ ਕਰਿ; ਟੋਏ ਟਿਬੇ ਲਾਹਿ ॥ ਅਗੈ ਮੂਲਿ ਨ ਆਵਸੀ; ਦੋਜਕ ਸੰਦੀ ਭਾਹਿ ॥੭੪॥’’ (ਬਾਬਾ ਫਰੀਦ/੧੩੮੧) ਭਾਵ ਹੇ ਮਨੁੱਖ ! ਤੂੰ ਮਨ ਨੂੰ ਪੱਧਰਾ ਕਰ। ਟੋਏ ਟਿੱਬੇ ਖ਼ਤਮ ਕਰ। ਟੋਏ ਦਾ ਭਾਵ ਹੈ ‘ਨੀਵੀਂ ਜਾਤ ਵਾਲ਼ੀ ਹੀਣਤਾ ਲਾਹ’ ਅਤੇ ਟਿੱਬੇ ਉੱਚੀ ਜਾਤ ਦਾ ਹੰਕਾਰ ਲਾਹ। ਫਿਰ ਹੰਕਾਰ ਅਤੇ ਹੀਣ ਭਾਵਨਾ ਦੇ ਨਰਕ ਤੋਂ ਬਚ ਸਕੇਗਾ। ਸੋ ਕਬੀਰ ਸਾਹਿਬ ਆਖਦੇ ਹਨ ਕਿ ਅਸੀਂ ਪ੍ਰਭੂ ਦੇ ਗੁਣਾਂ ਨੂੰ ਜੀਵਨ ’ਚ ਵਸਾਇਆ ਹੈ। ਹੁਣ ਜੁਲਾਹਾ ਜਾਤ ਮਨ ਉੱਪਰ ਹੀਣ ਭਾਵਨਾ ਨਹੀਂ ਲਿਆ ਸਕਦੀ ਕਿਉਂਕਿ ਮੇਰੇ ਹਿਰਦੇ ’ਚ ਗੋਪਾਲ ਦੇ ਗੁਣ ਆ ਵਸੇ ਹਨ। ਜਦੋਂ ਪ੍ਰਭੂ ਜੀਵਨ ’ਚ ਵਸ ਗਿਆ। ਤਾਂ ਹੀਣ ਭਾਵਨਾ ਦੇ ਜੰਜਾਲ ਖ਼ਤਮ ਹੋ ਗਏ। ਇਹ ਹੀਣ ਭਾਵਨਾ ਖ਼ਤਮ ਹੋ ਗਈ ਹੈ ਕਿ ਉਹ ਜੱਟ ਹੈ, ਮੈਂ ਚਮਾਰ ਹੈ, ਉਹ ਬ੍ਰਾਹਮਣ ਹੈ, ਮੈਂ ਚੂੜਾ ਹਾਂ, ਇਹ ਸਭ ਜੰਜਾਲ ਖ਼ਤਮ ਹੋ ਗਏ। ਫ਼ੁਰਮਾਨ ਹੈ, ‘‘ਕਬੀਰ ! ਮੇਰੀ ਜਾਤਿ ਕਉ; ਸਭੁ ਕੋ ਹਸਨੇਹਾਰੁ ॥ ਬਲਿਹਾਰੀ ਇਸ ਜਾਤਿ ਕਉ; ਜਿਹ ਜਪਿਓ ਸਿਰਜਨਹਾਰੁ ॥’’ (ਭਗਤ ਕਬੀਰ/੧੩੬੪) ਭਾਵ ਸਾਡੀ ਨੀਵੀਂ ਜਾਤ ਜੁਲਾਹੇ ਨੂੰ ਸਭ ਮਖੌਲ ਕਰਦੇ ਹਨ। ਅਭਿਮਾਨੀ ਲੋਕ ਸਾਡੇ ’ਤੇ ਮਜਾਕ ਕਰਦੇ ਹਨ ਕਿ ਜੁਲਾਹਿਆਂ ਨੂੰ ਹਿਸਾਬ ਕਿਤਾਬ ਨਹੀਂ ਆਉਂਦਾ। ਕਹਾਣੀ ਪਾਉਂਦੇ ਹਨ ਕਿ ਇੱਕ ਨਦੀ ਤੋਂ 10 ਜੁਲਾਹਿਆਂ ਨੇ ਪਾਰ ਜਾਣਾ ਸੀ। ਪਾਰ ਲੰਘ ਗਏ, ਪਰ ਪਾਰ ਲੰਘ ਕੇ ਜਦੋਂ ਗਿਣਤੀ ਕੀਤੀ ਤਾਂ 9 ਰਹਿ ਗਏ। ਗਿਣਤੀ ਕਰਨ ਵਾਲਾ ਆਪਣੇ ਆਪ ਨੂੰ ਗਿਣੇ ਹੀ ਨਾ। ਰੋਣ ਲੱਗ ਪਏ। ਕਿਸੇ ਸਿਆਣੇ ਨੇ ਗਿਣਤੀ ਕਰਕੇ ਪੂਰੇ 10 ਕਰ ਦਿੱਤੇ। ਇਉਂ ਲੋਕ ਮਖੌਲ ਕਰਦੇ ਹਨ, ਪਰ ਸ਼੍ਰੀ ਕਬੀਰ ਜੀ ਆਖਦੇ ਹਨ ਕਿ ਮੈਂ ਇਸ ਤਥਾ ਕਥਿਤ ਨੀਵੀਂ ਜਾਤ ਤੋਂ ਬਲਿਹਾਰ ਹਾਂ ਕਿਉਂਕਿ ਇਸ ਜਾਤ ’ਚ ਜਨਮ ਲੈ ਕੇ ਸਿਰਜਨਹਾਰ ਦੇ ਗੁਣਾਂ ਨੂੰ ਗਾਵਿਆ ਹੈ। ਗੁਣ ਗਾ ਕੇ ਗੁਣਾਂ ’ਚ ਸਮਾਅ ਕੇ ਅੰਦਰੋਂ ਹੀਣ ਭਾਵਨਾ ਖ਼ਤਮ ਕਰ ਲਈ। ਫਿਰ ਇਹ ਗੱਲ; ਗੁਣਾਂ ਨੂੰ ਜਪ ਜਪ ਕੇ ਹੀ ਪਤਾ ਲੱਗਦੀ ਹੈ ਕਿ ਸਾਰੇ ਰੱਬ ਦੇ ਬੰਦੇ ਹਨ। ਫ਼ੁਰਮਾਨ ਹੈ, ‘‘ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ ਕੋ ਮੰਦੇ ॥’’ (ਭਗਤ ਕਬੀਰ/੧੩੪੯) ਭਾਵ ਸਾਰੇ ਬੰਦੇ, ਭਾਵੇਂ ਉਹ ਮਨੁੱਖ ਵੱਲੋਂ ਬਣਾਈ ਕਿਸੇ ਵੀ ਜਾਤ ਦੇ ਹੋਣ, ਉਹ, ਕਾਦਰ ਦੀ ਕੁਦਰਤ ’ਚ ਇੱਕ ਪ੍ਰਭੂ ਦੇ ਨੂਰ (ਹੁਕਮ) ਤੋਂ ਸਾਰਾ ਸੰਸਾਰ ਉਪਜਿਆ ਹੈ। ਜਾਤ ਦੇ ਆਧਾਰ ’ਤੇ ਕੋਈ ਚੰਗਾ ਮੰਦਾ ਨਹੀਂ ਹੁੰਦਾ। ਕਰਮ ਕਰਕੇ ਕੋਈ ਉੱਚਾ ਨੀਵਾਂ ਹੋ ਸਕਦਾ ਹੈ। ਫ਼ੁਰਮਾਨ ਹੈ, ‘‘ਖਸਮੁ ਵਿਸਾਰਹਿ ਤੇ ਕਮਜਾਤਿ ॥ ਨਾਨਕ ! ਨਾਵੈ ਬਾਝੁ ਸਨਾਤਿ ॥’’ (ਸੋ ਦਰੁ/ਮਹਲਾ ੧/੧੦) ਭਾਵ ਜੋ ਆਪਣੇ ਮਾਲਕ ਪਰਮੇਸ਼ਰ ਨੂੰ ਭੁਲਾ ਦਿੰਦੇ ਹਨ ਤੇ ਹੰਕਾਰ ਕਰਕੇ ਨਿਰੰਕਾਰ ਨਾਲੋਂ ਟੁੱਟ ਜਾਂਦੇ ਹਨ, ਉਹ ਕਮਜਾਤ ਯਾਨੀ ਅਸਲ ਨੀਵੀਂ ਜਾਤ ਦੇ ਹੁੰਦੇ ਹਨ। ਭਾਵੇਂ ਉਹ ਬ੍ਰਾਹਮਣ ਹੈਂ ਜਾਂ ਜੱਟ; ਨਾਮ ਗੁਣਾਂ ਤੋਂ ਬਿਨਾਂ ਬਹੁਤ ਹੀ ਨੀਚ ਜਾਤ ਦੇ ਹੁੰਦੇ ਹਨ। ਸੋ ਕਰਮ ਦੇ ਆਧਾਰ ’ਤੇ ਹਾ ਕੋਈ ਉੱਚਾ ਜਾਂ ਨੀਵਾਂ ਹੁੰਦਾ ਹੈ, ‘‘ਜਾਤਿ ਜਨਮੁ ਨਹ ਪੂਛੀਐ; ਸਚ ਘਰੁ ਲੇਹੁ ਬਤਾਇ ॥ ਸਾ ਜਾਤਿ, ਸਾ ਪਤਿ ਹੈ; ਜੇਹੇ ਕਰਮ ਕਮਾਇ ॥ ਜਨਮ ਮਰਨ ਦੁਖੁ ਕਾਟੀਐ; ਨਾਨਕ ! ਛੂਟਸਿ ਨਾਇ ॥੪॥’’ (ਮਹਲਾ ੧/੧੩੩੦) ਇੱਕ ਸਿੱਖ ਨੂੰ ਨਹੀਂ ਪੁੱਛਣਾ ਚਾਹੀਦਾ ਕਿ ਤੂੰ ਕਿਸ ਜਾਤ ’ਚੋਂ ਹੈਂ। ਇਹ ਪੁੱਛਣਾ ਚਾਹੀਦਾ ਹੈ ਕਿ ਸੱਚ ਦਾ ਘਰ, ਸੱਚ ਦੀ ਅਵਸਥਾ ਕਿਵੇਂ ਮਿਲਦੀ ਹੈ ? ਆਤਮਾ ਦਾ ਮਿਲਾਪ ਪਰਮਾਤਮਾ ਨਾਲ ਕਿਵੇਂ ਹੁੰਦਾ ਹੈ ? ਇਹ ਦੱਸਣਾ ਚਾਹੀਦਾ ਹੈ ਕਿ ਜਿਹੋ ਜਿਹੇ ਮਨੁੱਖ ਕਰਮ ਕਰਦਾ ਹੈ, ਵਿਚਾਰ ਰੱਖਦਾ ਹੈ, ਉਸ ਅਨੁਸਾਰ ਹੀ ਜਾਤ ਹੈ ਤੇ ਪਾਪ ਹੈ। ਸ਼ੂਦਰ ਅਤੇ ਬ੍ਰਾਹਮਣ; ਮਨ ਦੀਆਂ ਦੋ ਹਾਲਤਾਂ ਹਨ। ਜੀਵਨ ਅੰਦਰ ਮਾੜੇ ਵਿਚਾਰ ਹੋਣ ਤਾਂ ਮਾੜੇ ਕਰਮ ਕਰਦਾ ਹੋਵੇਗਾ। ਨੀਚ ਵਿਚਾਰਾਂ ਅਤੇ ਨੀਚ ਕਰਮਾਂ ਕਰਕੇ ਕੋਈ ਸ਼ੂਦਰ (ਨੀਚ) ਹੋ ਸਕਦਾ ਹੈ ਭਾਵੇਂ ਉਹ ਬ੍ਰਾਹਮਣ ਹੀ ਕਿਉਂ ਨਾ ਹੋਵੇ। ਜੇ ਵਿਚਾਰ ਅਤੇ ਕਰਮ ਬਹੁਤ ਉੱਤਮ ਹਨ, ਪਵਿੱਤਰ ਹਨ; ਫਿਰ ਉਹ ਉੱਚੀ ਜਾਤ ਦਾ ਹੈ ਭਾਵੇਂ ਜਨਮ ਨੀਵੀਂ ਜਾਤ ’ਚ ਹੋਇਆ ਹੋਵੇ। ਇਸ ਲਈ ‘‘ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ; ਸੋ ਬ੍ਰਾਹਮਣੁ ਹੋਈ ॥੧॥ (ਮਹਲਾ ੩/੧੧੨੭), ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ! ॥ ਇਸੁ ਗਰਬ ਤੇ ਚਲਹਿ; ਬਹੁਤੁ ਵਿਕਾਰਾ ॥੧॥ ਰਹਾਉ ॥’’ (ਮਹਲਾ ੩/੧੧੨੮) ਭਾਵ ਜੋ ਅਸਲ ਬ੍ਰਹਮ (ਪ੍ਰਭੂ) ਨਾਲ ਸਾਂਝ ਪਾਉਂਦਾ ਹੈ, ਅਸਲ ਮਾਅਨਿਆ ’ਚ ਉਹ ਬ੍ਰਾਹਮਣ ਹੈ। ਜਾਤ ਦੇ ਹੰਕਾਰ ਨਾਲ ਜ਼ਿੰਦਗੀ ਅੰਦਰ, ਕੌਮਾਂ ਅੰਦਰ ਵਿਗਾੜ ਪੈਂਦਾ ਹੈ। ਵੰਡੀਆਂ ਪੈਂਦੀਆਂ ਹਨ। ਗੁਸਤਾਖ਼ੀ ਮਾਫ਼ ਗੁਰਦੁਆਰਿਆਂ ’ਚ ਵੀ ਜਾਤ ਦਾ ਬੋਲਬਾਲਾ ਹੈ। ਇਹ ਰਵਿਦਾਸੀਆਂ ਦਾ, ਇਹ ਰਾਮਗੜੀਆਂ ਦਾ, ਇਹ ਭਾਪਿਆਂ ਦਾ, ਇਹ ਜੱਟਾਂ ਦਾ, ਇਹ ਜੁਲਾਹਿਆਂ ਦਾ, ਇਹ ਭਾਟੜਿਆਂ ਦਾ। ਗੁਰਦੁਆਰਿਆਂ ’ਚ ਵੀ ਜਾਤ ਆ ਗਈ। ਹੋਰ ਹੈਰਾਨ ਹੋਵੋਗੇ ਕਿ ਮਰਨ ਤੋਂ ਬਾਅਦ ਵੀ ਮਨੁੱਖ ਜਾਤ ਨਹੀਂ ਛੱਡਦਾ। ਇਹ ਚਮਾਰਾਂ ਦਾ ਸ਼ਮਸ਼ਾਨ ਘਾਟ ਹੈ। ਇਹ ਬਾਕੀ ਸਾਰਿਆਂ ਦਾ। ਸ਼੍ਰੀ ਰਵਿਦਾਸ ਜੀ ਮਹਾਰਾਜ ਆਖਦੇ ਹਨ ਕਿ ਅਸੀਂ ਗੁਣ ਗਾਉਂਦਿਆਂ ਗਾਉਂਦਿਆਂ ਨੀਚਪੁਣੇ ਤੋਂ, ਹੀਣ ਭਾਵਨਾ ਤੋਂ ਛੁਟਕਾਰਾ ਪਾ ਲਿਆ ਹੈ। ਫ਼ੁਰਮਾਨ ਹੈ, ‘‘ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ; ਸੁ ਮੀਤੁ ਹਮਾਰਾ ॥੩॥’’ (ਭਗਤ ਰਵਿਦਾਸ/੩੪੫) ਜੋ ਇਨਸਾਨ ਜਾਤ ਦਾ ਹੰਕਾਰ ਅਤੇ ਜਾਤ ਦੀ ਹੀਣ ਭਾਵਨਾ ਤੋਂ ਬਾਹਰ ਆ ਜਾਂਦਾ ਹੈ। ਉਹ ਸਾਡਾ ਜਮਾਤੀ ਹੈ ਕਿਉਂਕਿ ਕਬੀਰ ਸਾਹਿਬ ਆਖਦੇ ਹਨ, ‘‘ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥ ਕਹੁ ਰੇ ਪੰਡਿਤ ! ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥ ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ?॥੨॥ ਤੁਮ ਕਤ ਬ੍ਰਾਹਮਣ; ਹਮ ਕਤ ਸੂਦ ॥ ਹਮ ਕਤ ਲੋਹੂ; ਤੁਮ ਕਤ ਦੂਧ ॥੩॥ ਕਹੁ ਕਬੀਰ ! ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥੪॥’’ (ਭਗਤ ਕਬੀਰ/੩੨੪) ਭਾਵ ਜੇ ਤੂੰ ਵੱਡੀ ਜਾਤ ਦਾ ਮਾਣ ਰੱਖਦਾ ਹੈਂ ਤਾਂ ਜੰਮਣ ਦਾ ਢੰਗ ਤਾਂ ਵੱਖਰਾ ਨਾ ਹੋਇਆ। ਆਮ ਸੰਸਾਰ ਦੇ ਜਨਮ ਵਾਂਗ ਤੇਰਾ ਭੀ ਜਨਮ ਹੋਇਆ ਹੈ। ਫਿਰ ਸਰੀਰ ਅੰਦਰ ਲਹੂ ਵੀ ਇੱਕ ਸਮਾਨ ਲਾਲ ਹੈ। ਇਹ ਨਹੀਂ ਕਿ ਤੇਰੇ ਅੰਦਰ ਲਹੂ ਦੇ ਥਾਂ ਦੁੱਧ ਹੋਵੇ। ਦਰਅਸਲ ਜੋ ਬ੍ਰਹਮ (ਪ੍ਰਭੂ) ਨਾਲ ਸਾਂਝ ਪਾਉਂਦਾ ਹੈ, ਅਸਲ ’ਚ ਉਹ ਬ੍ਰਾਹਮਣ ਹੈ। ਸੋ ਮਨੁੱਖ ਅੰਦਰ ਜਾਤ ਦੇ ਆਧਾਰ ’ਤੇ ਵੰਡੀਆਂ ਪਾਉਣੀਆਂ, ਬਹੁਤ ਦੁਖਦਾਈ ਹਨ। ਦਸਮੇਸ਼ ਪਿਤਾ ਦਾ ਬਚਨ ਹੈ, ‘‘ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ ..॥੧੫॥ (ਅਕਾਲ ਉਸਤਤਿ) ਭਾਵ ਕਿ ਭਾਵੇਂ ਉਹ ਮਨੂ ਦੀਆਂ ਬਣਾਈਆਂ ਕਿਸੇ ਵੀ ਜਾਤ ’ਚ ਹੋਵੇ। ਜਾਤ ਪਾਤ ਦੀਆਂ ਫਹੁੜੀਆਂ ਲੈ ਕੇ ਨਹੀਂ ਚੱਲਣਾ ਚਾਹੀਦਾ। ਸ਼੍ਰੀ ਕਬੀਰ ਸਾਹਿਬ ਆਖਦੇ ਹਨ ਕਿ ਗੁਣ ਗਾਉਂਦਿਆਂ ਗਾਉਂਦਿਆਂ ਗੁਣਾਂ ਦਾ ਅੰਤ ਤਾਂ ਨਾ ਪਿਆ, ਪਰ ਅੰਦਰੋਂ ਹੀਣ ਭਾਵਨਾ ਖ਼ਤਮ ਹੋ ਗਈ ਹੈ। ਗੁਣ ਗਾਉਂਦਿਆਂ ਗਾਉਂਦਿਆਂ ਜਾਤ ਦਾ ਹੰਕਾਰ ਤੇ ਹੀਣ ਭਾਵਨਾ ਖ਼ਤਮ ਹੋ ਗਏ।
82ਵੇਂ ਸਲੋਕ ’ਚ ਇਸ ਦਾ ਜ਼ਿਕਰ ਹੈ ਕਿ ਜਦੋਂ ਪਰਮੇਸ਼ਰ ਦੇ ਗੁਣ ਗਾਉਂਦਿਆਂ ਗਾਉਂਦਿਆਂ ਮਨ ਅਤੇ ਜਾਤ ਦਾ ਅਭਿਮਾਨ (ਤੇ ਹੀਣ ਭਾਵਨਾ) ਮਰ ਜਾਂਦੀ ਹੈ ਤਾਂ ਦੋ ਹੋਰ ਔਗੁਣ ਮਰ ਜਾਂਦੇ ਹਨ। ਉਨ੍ਹਾਂ ’ਚੋਂ ਇੱਕ ਹੈ ‘ਦੇਹ-ਅਧਿਆਸ’। ਗੁਣ ਗਾਉਂਦਿਆਂ-ਗਾਉਂਦਿਆਂ ਮਨੁੱਖ ਦੇ ਅੰਦਰੋਂ ਦੇਹ-ਅਧਿਆਸ ਤੇ ਸਰੀਰਕ ਮੋਹ ਮਰ ਜਾਂਦਾ ਹੈ। ਜਿਸ ਨੂੰ ਗਿਆਨ ਹੋ ਜਾਂਦਾ ਹੈ ਕਿ ਇਹ ਸਰੀਰ ਨਿਤ ਨਵਾਂ ਨਿਰੋਆ ਨਹੀਂ ਰਹਿਣਾ। ਪਿਛਲੀ ਯਾਤਰਾ ਕਰਕੇ ਬਚਪਨ ਤੋਂ ਜਵਾਨੀ, ਫਿਰ ਜਵਾਨੀ ਤੋਂ ਬੁਢੇਪਾ, ਫਿਰ ਬੁਢੇਪੇ ਤੋਂ ਮੌਤ ਦੀ ਦਹਿਲੀਜ਼ ’ਤੇ ਪਹੁੰਚਣਾ ਹੈ। ਇਸ ਸਰੀਰ ਵਿੱਚੋਂ ਇੱਕ ਦਿਨ ਸਤਿਆ ਖ਼ਤਮ ਹੋ ਜਾਂਦੀ ਹੈ। ਇਹ ਗਿਆਨ; ਪਰਮੇਸ਼ਰ ਦੇ ਗੁਣ ਗਾਉਂਦਿਆਂ ਗਾਉਂਦਿਆਂ ਹੁੰਦਾ, ਇਸ ਦਾ ਜ਼ਿਕਰ ਸਲੋਕ 83, 84 ਤੇ 85 ’ਚ ਕੀਤਾ ਹੈ। ਇੱਕ ਇੱਕ ਸਲੋਕ ਦੀ ਗਹਿਰਾਈ ਨੂੰ ਸਮਝਣਾ ਹੈ। ਫ਼ੁਰਮਾਨ ਹੈ, ‘‘ਕਬੀਰ ! ਐਸਾ ਕੋ ਨਹੀ; ਮੰਦਰੁ ਦੇਇ ਜਰਾਇ ॥ ਪਾਂਚਉ ਲਰਿਕੇ ਮਾਰਿ ਕੈ; ਰਹੈ ਰਾਮ ਲਿਉ ਲਾਇ ॥੮੩॥’’ (ਭਗਤ ਕਬੀਰ/੧੩੬੮) ਭਾਵ ਐਸਾ ਕੋਈ ਵਿਰਲਾ ਹੀ ਪੁਰਸ਼ ਹੁੰਦਾ ਹੈ, ਜੋ ਗੁਣਾਂ ਨਾਲ ਸਾਂਝ ਪਾ ਕੇ ਸਰੀਰ-ਮੰਦਰ ਨੂੰ ਸਾੜ ਦੇਵੇ ਭਾਵ ਸਰੀਰ ਦੇ ਮੋਹ ਨੂੰ ਛੱਡ ਦੇਵੇ। ਜੋ ਸਰੀਰ-ਘਰ ਦੇ ਅੰਦਰ ਪੰਜ ਪ੍ਰਮੁੱਖ ਲੜਾਕੇ ਵਿਕਾਰ ਹਨ, ਉਨ੍ਹਾਂ ਨੂੰ ਸਾੜ ਕੇ ਭਾਵ ਸੁਧਾਰ ਕੇ ਪਰਮੇਸ਼ਰ ਨਾਲ ਸੁਰਤ ਜੋੜ ਲਵੇ, ਕੋਈ ਵਿਰਲਾ ਹੀ ਹੁੰਦਾ ਹੈ। ਅਗਾਂਹ 84ਵੇਂ ਸਲੋਕ ਅੰਦਰ ਜ਼ਿਕਰ ਕੀਤਾ ਹੈ, ‘‘ਕਬੀਰ ! ਐਸਾ ਕੋ ਨਹੀ; ਇਹੁ ਤਨੁ ਦੇਵੈ ਫੂਕਿ ॥ ਅੰਧਾ ਲੋਗੁ ਨ ਜਾਨਈ; ਰਹਿਓ ਕਬੀਰਾ ਕੂਕਿ ॥੮੪॥’’ (ਭਗਤ ਕਬੀਰ/੧੩੬੮), ‘‘ਗੁਣ ਮਹਿ ਗੁਣੀ ਸਮਾਇਆ’’ ਅਨੁਸਾਰ ਕੋਈ ਵਿਰਲਾ ਹੀ ਪੁਰਸ਼ ਹੁੰਦਾ ਹੈ, ਜੋ ਇਸ ਤਨ ਨੂੰ ਫੂਕ, ਸਾੜ ਦੇਵੇ ਭਾਵ ਸਰੀਰ ਦਾ ਮੋਹ ਛੱਡ ਦੇਵੇ। ਮੁਆਫ਼ ਕਰਨਾ ਅੱਜ ਸਾਨੂੰ ਸਰੀਰ ਦਾ ਬਹੁਤ ਮੋਹ ਹੈ। ਮਨੁੱਖ ਬੁੱਢਾ ਹੋਣਾ ਪ੍ਰਵਾਨ ਹੀ ਨਹੀਂ ਕਰਦਾ। ਜੇਕਰ ਬੁਢੇਪਾ ਆ ਜਾਂਦਾ ਹੈ ਤਾਂ ਉਸ ਦੀਆਂ ਨਿਸ਼ਾਨੀਆਂ ਮਿਟਾਉਣ ਲੱਗ ਜਾਂਦਾ ਹੈ ਤਾਂ ਕਿ ਮੇਰਾ ਪਤਾ ਨਾ ਲੱਗੇ ਕਿ ਮੈ ਬੁੱਢਾ ਹਾਂ। ਇਹ ਬਿਊਟੀ ਪਾਰਲਰ ਇਨ੍ਹਾਂ ਦੀ ਹੀ ਦੇਣ ਹਨ। ਮੇਰਾ ਪਤਾ ਨਾ ਲੱਗੇ ਕਿ ਮੇਰੀ ਉਮਰ ਵਡੇਰੀ ਹੋ ਗਈ ਹੈ। ਫਿਰ ਪਲਾਸਟਿਕ ਸਰਜਰੀ ਭੀ ਇਸੇ ਲੜੀ ਦੀ ਕੜੀ ਹੈ, ਪਰ ਬੁਢੇਪੇ ਦੀਆਂ ਨਿਸ਼ਾਨੀਆਂ ਨੂੰ ਜਿੰਨਾ ਮਰਜ਼ੀ ਹਟਾਇਆ ਜਾਏ, ਬੁਢੇਪੇ ਨੇ ਤਾਂ ਪ੍ਰਗਟ ਹੋ ਹੀ ਜਾਣਾ ਹੈ। ਫ਼ੁਰਮਾਨ ਹੈ, ‘‘ਜੇ ਜਰਵਾਣਾ ਪਰਹਰੈ; ਜਰੁ ਵੇਸ ਕਰੇਦੀ ਆਈਐ ॥ ਕੋ ਰਹੈ ਨ; ਭਰੀਐ ਪਾਈਐ ॥੫॥’’ (ਮਹਲਾ ੧/੪੬੫) ਭਾਵ ਜੇ ਕੋਈ ਬਲ ਵਾਲ਼ਾ ਬੁਢੇਪੇ ਨੂੰ ਪਰ੍ਹਾਂ ਸੁੱਟਣਾ ਚਾਹੇ। ਚਾਹੇ ਕਾਸਮੈਟਿਕ ਰਾਹੀਂ ਜਾਂ ਮੈਡੀਸ਼ਨ ਰਾਹੀਂ ਜਾਂ ਪਲਾਸਟਿਕ ਸਰਜਰੀ ਰਾਹੀਂ ਜਾਂ ਕਿਸੇ ਹੋਰ ਢੰਗ ਨਾਲ਼ ਫਿਰ ਭੀ ਬੁਢੇਪਾ ਕਿਸੇ ਨਾ ਕਿਸੇ ਰੂਪ ’ਚ ਪ੍ਰਗਟ ਹੋ ਹੀ ਜਾਂਦਾ ਹੈ। ਇਸ ਦਾ ਗਿਆਨ ‘‘ਗੁਣ ਮਹਿ ਗੁਣੀ ਸਮਾਇਆ’’ ਅਨੁਸਾਰ ਹੁੰਦਾ ਹੈ। ਜਦੋਂ ਐਸਾ ਗਿਆਨ ਹੁੰਦਾ ਹੈ ਤਾਂ ਫਿਰ ਅਕਾਲੀ ਫੂਲਾ ਸਿੰਘ ਵਾਙ ਕੋਈ ਕਹਿੰਦਾ ਹੈ, ‘ਜਾਹ ਕਹਿ ਦੇਹ ਮੂਰਖ ਢਗੇ ਨੂੰ, ਕਿਉਂ ਕਾਲਾ ਕਰਨੈ ਬਗੇ ਨੂੰ। ਜੇ ਆਖ਼ਿਰ ਨੂੰ ਤੈਂ ਮਰਨਾ ਹੈਂ, ਤਾਂ ਮੂੰਹ ਕਾਲਾ ਕਿਉਂ ਕਰਨਾ ਹੈ ?’ (ਅਦੀਬ), ਪਰ ਮਨੁੱਖ ਕਿਉਂ ਐਸਾ ਕਰਦਾ ਹੈ। ਬੁਢੇਪੇ ਦੀਆਂ ਨਿਸ਼ਾਨੀਆਂ ਨੂੰ ਕਿਉਂ ਪ੍ਰਵਾਨ ਨਹੀਂ ਕਰਦਾ। ਬਹੁਤ ਇਮਾਨਦਾਰੀ ਨਾਲ ਤੇ ਗਹਿਰਾਈ ਨਾਲ ਸਰਵਣ ਕਰਨਾ।
ਇਸਲਾਮ ਮੱਤ ਅੰਦਰ ਇੱਕ ਮਰਦ ਨੂੰ ਘੱਟੋ ਘੱਟ ਚਾਰ ਚਾਰ ਨਿਕਾਹ ਕਰਵਾਉਣ ਦੀ ਸ਼ਰਾਅ ਹੈ। ਕਾਰਨ ਅੰਦਰ ਕਾਮ ਬਹੁਤ ਪ੍ਰਬਲ ਹੈ। ਕਾਮ ਪੂਰਤੀ ਲਈ ਚਾਰ ਚਾਰ ਔਰਤਾਂ। ਫਿਰ ਨਿਕਾਹ ਕਰਾਉਂਦਾ ਕਰਾਉਂਦਾ ਬੁੱਢਾ ਹੋ ਜਾਂਦਾ ਹੈ, ਪਰ ਫਿਰ ਵੀ ਔਰਤਾਂ ਦੀ ਨਿਗਹਾ ਵਿੱਚ ਜਵਾਨ ਰਹਿਣ ਲਈ ਕੇਸ ਅਤੇ ਦਾੜੀ ਮੁੱਛਾਂ ਰੰਗਦਾ ਹੈ। ਇਸਲਾਮਕ ਦੇਸ਼ਾਂ ਵਿੱਚ ਸ਼ਰਾਅ ਕਾਨੂੰਨ ਹੈ। ਇੱਕ ਬੁੱਢਾ ਵੀ ਪੈਸੇ ਦੇ ਜ਼ੋਰ ਨਾਲ ਜਵਾਨ ਲੜਕੀ ਨਾਲ ਨਿਕਾਹ ਕਰ ਸਕਦਾ ਹੈ। ਬੁੱਢੇ ਸ਼ੇਖ ਜਵਾਨ ਲੜਕੀਆਂ ਨਾਲ ਪੈਸੇ ਦੇ ਜ਼ੋਰ ਨਾਲ ਨਿਕਾਹ ਕਰਾਉਂਦੇ ਹਨ, ਪਰ ਵਿਕਾਰ ਕਰਨ ਲਈ ਤਾਂ ਜਵਾਨੀ ਚਾਹੀਦੀ ਹੈ। ਬੁਢੇ ਨਹੀਂ ਵਿਕਾਰ ਕਮਾਅ ਸਕਦੇ। ਫਿਰ ਵਿਕਾਰ ਕਮਾਉਣ ਲਈ ਉਹ ਜਵਾਨ ਬਣਨ ਦੀ ਕੋਸ਼ਸ਼ ਕਰਦੇ ਹਨ। ਵਾਲਾਂ ਨੂੰ ਰੰਗਦੇ ਹਨ। ਇੱਕ ਇਸਲਾਮਿਕ ਕਵੀ; ਆਪਣੇ ਬੁੱਢੇ ਮਿੱਤਰ ਨੂੰ ਵਾਲ ਰੰਗਦੇ ਨੂੰ ਦੇਖ ਕੇ ਕਹਿੰਦਾ ਹੈ, ‘ਹਬੀਬਾ ! ਅਭੀ ਕੁਛ ਖ਼ਾਹਸ਼ ਹੈ, ਲਜਤੇ ਗੁਨਾਹ ਕੀ, ਜੋ ਸ਼ੇਖ ਨੇ ਇਸ ਉਮਰ ਮੇ ਦਾੜੀ ਸਿਆਹ ਕੀ’। (ਅਦੀਬ) ਭਾਵ ਮੇਰੇ ਬੀਬਾ ਦੋਸਤ ! ਹਾਲੇ ਵੀ ਵਿਕਾਰ ਕਮਾਉਣ ਦੀ ਇੱਛਾ ਖ਼ਤਮ ਨਹੀਂ ਹੋਈ। ਹਾਲੇ ਵੀ ਲੱਜਤੇ ਬੇ-ਸ਼ਰਮ ਹੋ ਕੇ ਗੁਨਾਹ ਕਰਨ ਲਈ ਸੋਚ ਰਿਹਾ ਹੈਂ। ਜੋ ਮੇਰਾ ਮਿੱਤਰ ਸ਼ੇਖ ਇਸ ਉਮਰ ਵਿੱਚ ਵੀ ਵਾਲ ਕਾਲ਼ੇ ਕਰ ਰਿਹਾ ਹੈ। ਇਹ ਵੀ ਸਰਵਣ ਕਰਨਾ ਕਿ ਕਾਲ਼ੇ ਵਾਲ ਅਗਿਆਨਤਾ ਦਾ ਚਿੰਨ੍ਹ ਹੈ। ਚਿੱਟੇ ਵਾਲ ਗਿਆਨ ਦੀ ਨਿਸ਼ਾਨੀ ਹੈ, ਪਰ ਪਤਾ ਨਹੀਂ ਮਨੁੱਖ ਕਿਉਂ ਨਹੀਂ ਚਿੱਟੇ ਪ੍ਰਵਾਨ ਕਰਦਾ। ਕਿਉਂ ਕਾਲੇ ਵਿੱਚ ਹੀ ਰਹਿਣਾ ਪਸੰਦ ਕਰਦਾ ਹੈ। ਸ਼੍ਰੀ ਕਬੀਰ ਜੀ ਆਖਦੇ ਹਨ, ਜੋ ਗੁਣ ਗਾਉਂਦਿਆਂ ਗਾਉਂਦਿਆਂ ਸਰੀਰਕ ਮੋਹ ਨੂੰ ਤਿਆਗਦਾ ਹੈ, ਉਹ ਮੌਤ ਅਤੇ ਬੁਢੇਪੇ ਤੋਂ ਬੇਪਰਵਾਹ ਹੁੰਦਾ ਹੈ। ਇਸ ਦਾ ਜ਼ਿਕਰ ਕਬੀਰ ਸਾਹਿਬ 85ਵੇਂ ਸਲੋਕ ਅੰਦਰ ਕਰਦੇ ਹਨ, ‘‘ਕਬੀਰ ! ਸਤੀ ਪੁਕਾਰੈ ਚਿਹ ਚੜੀ; ਸੁਨੁ ਹੋ ਬੀਰ ਮਸਾਨ ॥ ਲੋਗੁ ਸਬਾਇਆ ਚਲਿ ਗਇਓ; ਹਮ ਤੁਮ ਕਾਮੁ ਨਿਦਾਨ ॥੮੫॥’’ (ਭਗਤ ਕਬੀਰ/੧੩੬੮) ਭਾਵ ਸਤੀ ਹੋਣ ਵਾਲੀ ਔਰਤ ਦੀ ਉਦਾਹਰਨ ਦਿੰਦੇ ਹਨ। ਸਤੀ ਪ੍ਰਥਾ ਗੁਰਮਤਿ ਅੰਦਰ ਅਤੇ ਕਨੂੰਨ ਦੀ ਨਜ਼ਰ ਵਿੱਚ ਪ੍ਰਵਾਨ ਨਹੀਂ ਹੈ। ਇਹ ਪੁਰਾਤਨ ਪ੍ਰਥਾ ਸੀ, ਜਦੋਂ ਕਿਸੇ ਔਰਤ ਦਾ ਪਤੀ ਕਾਲ ਵੱਸ ਹੋ ਜਾਂਦਾ ਸੀ ਤਾਂ ਔਰਤ ਨੂੰ ਉਸ ਨਾਲ ਸਾੜ ਕੇ ਮਰਨਾ ਪੈਂਦਾ ਸੀ। ਸੜ ਕੇ ਮਰਨ ਨੂੰ ਸਤੀ ਕਿਹਾ ਜਾਂਦਾ ਹੈ। ਔਰਤ ਨਾਂ ਵੀ ਸਤੀ ਹੋਣਾ ਚਾਹੇ ਤਾਂ ਵੀ ਪੁਜਾਰੀ ਜ਼ਬਰਦਸਤੀ ਉਸ ਨੂੰ ਚਿਖਾ ਵਿੱਚ ਸੁੱਟ ਦਿੰਦੇ ਸਨ। ਖਿਆਲ ਦਿੱਤਾ ਜਾਂਦਾ ਸੀ ਕਿ ਪਤੀ ਨਾਲ ਚਿਖਾ ’ਤੇ ਇਸ ਦੇ ਸੜਨ ਨਾਲ ਦੂਸਰੀ ਦੁਨੀਆ ਵਿੱਚ ਪਤੀ ਦਾ ਮਿਲਾਪ ਹੋ ਜਾਂਦਾ ਹੈ। ਇਸ ਲਈ ਪਤਨੀ ਨੂੰ ਸਤੀ ਹੋਣਾ ਪੈਂਦਾ ਸੀ, ਪਰ ਪਤੀ ਕਦੇ ਨਹੀਂ ਸੀ ਸਤੀ ਹੁੰਦਾ। ਸ਼੍ਰੀ ਗੁਰੂ ਅਮਰਦਾਸ ਜੀ ਨੇ ਇਸ ਪ੍ਰਥਾ ਦਾ ਡਟਵਾਂ ਵਿਰੋਧ ਕੀਤਾ ਸੀ। ਫ਼ੁਰਮਾਨ ਹੈ, ‘‘ਸਤੀਆ ਏਹਿ ਨ ਆਖੀਅਨਿ; ਜੋ ਮੜਿਆ ਲਗਿ ਜਲੰਨਿ੍ ॥ ਨਾਨਕ ! ਸਤੀਆ ਜਾਣੀਅਨਿ੍; ਜਿ ਬਿਰਹੇ ਚੋਟ ਮਰੰਨਿ੍ ॥੧॥ (ਮਹਲਾ ੩/੭੮੭), ਭੀ ਸੋ ਸਤੀਆ ਜਾਣੀਅਨਿ; ਸੀਲ ਸੰਤੋਖਿ ਰਹੰਨਿ੍ ॥ ਸੇਵਨਿ ਸਾਈ ਆਪਣਾ; ਨਿਤ ਉਠਿ ਸੰਮ੍ਹਾਲੰਨਿ੍ ॥੨॥’’ (ਮਹਲਾ ੩/੭੮੭) ਭਾਵ ਸਤੀਆਂ ਉਹ ਨਹੀਂ, ਜੋ ਪਤੀ ਨਾਲ ਅੱਗ ਵਿੱਚ ਸੜ ਜਾਂਦੀਆਂ ਹਨ। ਅਸਲ ’ਚ ਸੱਤਵਾਦੀ ਉਹ ਹਨ, ਜੋ ਆਪਣੇ ਪ੍ਰਭੂ ਮਾਲਕ ਦੇ ਪਿਆਰ ’ਚ ਭਿੱਜ ਕੇ ਵਿਕਾਰਾਂ ਤੋਂ ਅਛੋਹ ਹੋ ਜਾਣ। ਉਹ ਵੀ ਸਤੀਆਂ ਹਨ, ਜੋ ਸੀਲ ਸੰਜਮ ’ਚ, ਸਬਰ ਸੰਤੋਖ ’ਚ ਰਹਿਣ। ਆਪਣੇ ਸਾਈਂ ਮਾਲਕ ਨੂੰ ਹਮੇਸ਼ਾ ਯਾਦ ਰੱਖਣ। ਸ਼੍ਰੀ ਗੁਰੂ ਅਮਰਦਾਸ ਜੀ ਨੇ ਸਤੀ ਰਸਮ ਦਾ ਡੱਟ ਕੇ ਵਿਰੋਧ ਕੀਤਾ ਸੀ।
ਸਤੀ ਪ੍ਰਥਾ ਵਿਰੁੱਧ ਭਗਤ ਕਬੀਰ ਜੀ ਨੇ ਭੀ ਆਪਣੀ ਬਾਣੀ ਰਾਹੀਂ ਆਵਾਜ਼ ਬੁਲੰਦ ਕੀਤੀ ਹੈ, ‘‘ਬਿਨੁ ਸਤ; ਸਤੀ ਹੋਇ ਕੈਸੇ ਨਾਰਿ ? ॥ ਪੰਡਿਤ ! ਦੇਖਹੁ ਰਿਦੈ ਬੀਚਾਰਿ ॥ (ਭਗਤ ਕਬੀਰ/੩੨੮) ਭਾਵ ਹੇ ਪੰਡਿਤ ! ਮਨ ’ਚ ਵਿਚਾਰ ਕੇ ਵੇਖ ਕਿ ਸੱਚੇ ਧਰਮ ਦੀ ਕਮਾਈ ਕਰਨ ਤੋਂ ਬਿਨਾਂ ਕੋਈ (ਚਿਖ਼ਾ ’ਤੇ ਬੈਠ ਕੇ ਸੜਨ ਨਾਲ਼) ਸਤੀ ਕਿਵੇਂ ਅਖਵਾ ਸਕਦੀ ਹੈ ?
ਭਗਤ ਕਬੀਰ ਜੀ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ ਔਰਤ ਨੂੰ ਮਰਦ ਦੇ ਬਰਾਬਰ ਖੜ੍ਹਾ ਕਰਨ ਵਾਸਤੇ ਕਈ ਸੁਧਾਰ ਕੀਤੇ ਸਨ। ਇਨ੍ਹਾਂ ’ਚ ਸਤੀ ਰਸਮ ਅਤੇ ਘੁੰਡ ਕੱਢਣਾ ਨੂੰ ਖ਼ਤਮ ਕਰਨਾ ਭੀ ਸੀ। ਸਤੀ ਜ਼ਾਲਮਾਨਾ ਰਸਮ ਹਿੰਦੂਆਂ ’ਚ ਬੜੀ ਅਹਿਮ ਥਾਂ ਰੱਖਦੀ ਸੀ। ਗੁਰੂ ਸਾਹਿਬ ਨੇ ਹੁਕਮ ਜਾਰੀ ਕੀਤਾ ਕਿ ਆਪਣੇ ਮਰਦ ਦੇ ਮਰਨ ਮਗਰੋਂ ਔਰਤ ਆਪਣੇ ਆਪ ਨੂੰ ਮਰਦ ਦੀ ਚਿਖ਼ਾ ’ਤੇ ਨਹੀਂ ਸੜੇਗੀ। ਉਹ ਚਾਹੇ ਤਾਂ ਨਵਾਂ ਵਿਆਹ ਕਰ ਕੇ ਜ਼ਿੰਦਗੀ ਨੂੰ ਚੰਗੇ ਲੇਖੇ ਲਾ ਸਕਦੀ ਹੈ। ਆਪ ਨੇ ਔਰਤਾਂ ਅੰਦਰ ਇਹ ਅਹਿਸਾਸ ਭਰਿਆ ਕਿ ਉਹ ਸਿਰਫ਼ ਮਰਦ ਦੀ ਵਰਤੋਂ ਦੀਆਂ ਚੀਜ਼ਾਂ ਨਹੀਂ ਹਨ ਬਲਕਿ ਆਪਣੇ ਆਪ ’ਚ ਇਕ ਨਿਵੇਕਲੀ ਥਾਂ ਰੱਖਦੀਆਂ ਹਨ। ਐਸਾ ਜਾਪਦਾ ਹੈ ਕਿ ਸਿੱਖਾਂ ’ਚ ਸਤੀ ਦੀ ਰਸਮ ਬੰਦ ਹੋਣ ਮਗਰੋਂ ਅਕਬਰ ਨੇ ਭੀ ਹਿੰਦੂ ਔਰਤਾਂ ’ਤੇ ਪਾਬੰਦੀ ਲਾ ਦਿੱਤੀ ਸੀ ਕਿ ਉਹ ਵੀ ਸਤੀ ਨਹੀਂ ਹੋ ਸਕਣਗੀਆਂ। ਦੂਜੇ ਲਫ਼ਜ਼ਾਂ ’ਚ ਕਹਿ ਸਕਦੇ ਹਾਂ ਕਿ ਜਦ ਗੁਰੂ ਸਾਹਿਬ ਨੂੰ ਮਿਲਣ ਲਈ ਅਕਬਰ ਗੋਇੰਦਵਾਲ ਸਾਹਿਬ ਆਇਆ ਤਾਂ ਇਸ ਮਗਰੋਂ ਅਕਬਰ ’ਤੇ ਭੀ ਗੁਰੂ ਸਾਹਿਬ ਦੇ ਸਤੀ ਪ੍ਰਥਾ ਵਿਰੁੱਧ ਹੁਕਮਾਂ ਦਾ ਅਸਰ ਹੋਇਆ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਇਹ ਰਸਮ ਬੰਦ ਕਰਨ ਲਈ ਸਖ਼ਤ ਕਾਨੂੰਨ ਬਣਾਉਣ ਲਈ ਭੀ ਕਿਹਾ ਸੀ।
ਬਾਅਦ ’ਚ ਬ੍ਰਹਮ ਸਮਾਜ ਦੇ ਬਾਨੀ ਬੰਗਾਲੀ ਰਾਜਾ ਰਾਮ ਮੋਹਨ ਰਾਇ ਨੇ ਭੀ ਤਕਰੀਬਨ 1828 ਈਸਵੀ ’ਚ ਸਤੀ ਰਸਮ ਵਿਰੁੱਧ ਆਵਾਜ਼ ਉਠਾਈ। 7 ਦਸੰਬਰ 1829 ਈਸਵੀ ਨੂੰ ਲਾਰਡ ਵਿਲੀਅਮ ਬੈਂਟਿਕ ਨੇ ਇਸ ਸਤੀ ਰਸਮ ਵਿਰੁੱਧ ਕਾਨੂੰਨ ਪਾਸ ਕਰ ਦਿੱਤਾ ਸੀ। ਪੰਜਾਬ ਅਤੇ ਰਾਜਪੂਤਾਨੇ ’ਚ ਇਹ ਕਾਨੂੰਨ 1842 ਈਸਵੀ ਨੂੰ ਲਾਗੂ ਹੋਇਆ ਸੀ।
ਸੋ ਕਬੀਰ ਸਾਹਿਬ ਨੇ ਪੁਰਾਤਨ ਪ੍ਰਥਾ ਦੀ ਉਦਾਹਰਨ ਦੇ ਕੇ ਸਰੀਰਕ ਮੋਹ ਤੋਂ ਉੱਪਰ ਉੱਠਣ ਲਈ ਕਿਹਾ ਹੈ। ਜਦੋਂ ਸਤੀ ਹੋਣ ਵਾਲੀ ਔਰਤ ਸਿਦਕ ਤੇ ਭਾਵਨਾ ਨਾਲ ਚਿਖ਼ਾ ਉੱਪਰ ਬੈਠਦੀ ਹੈ ਤਾਂ ਮਨ ਹੀ ਮਨ ’ਚ ਚਿਖ਼ਾ ਦੀ ਅੱਗ ਨੂੰ ‘ਬੀਰ ਮਸਾਨ’ ਕਹਿ ਕੇ ਪੁਕਾਰਦੀ ਹੈ ਤੇ ਕਹਿੰਦੀ ਹੈ ਹੇ ਅਗਨ ਬੀਰ ! ਸਾਰੇ ਤਾਂ ਇੱਥੋਂ (ਸ਼ਮਸ਼ਾਨ ਵਿੱਚੋਂ) ਚਲੇ ਗਏ, ਹੁਣ ਤੇਰਾ ਅਤੇ ਮੇਰਾ ਹੀ ਸਾਥ ਰਹਿ ਜਾਣਾ ਹੈ। ਮੇਰਾ ਵਾਸਤਾ ਸਿਰਫ਼ ਤੇਰੇ ਨਾਲ ਹੀ ਰਹਿ ਜਾਵੇਗਾ, ‘‘ਕਬੀਰ ! ਸਤੀ ਪੁਕਾਰੈ ਚਿਹ ਚੜੀ; ਸੁਨੁ ਹੋ ਬੀਰ ਮਸਾਨ ॥ ਲੋਗੁ ਸਬਾਇਆ ਚਲਿ ਗਇਓ; ਹਮ ਤੁਮ ਕਾਮੁ ਨਿਦਾਨ ॥੮੫॥’’ (ਭਗਤ ਕਬੀਰ/੧੩੬੮)
ਸਤੀ ਹੋਣ ਵਾਲੀ ਔਰਤ ਸਰੀਰ ਦਾ ਮੋਹ ਤਿਆਗ ਕੇ ਹੀ ਚਿਖ਼ਾ ’ਤੇ ਬੈਠਦੀ ਹੈ। ਫਿਰ ਖ਼ਿਆਲਾਂ ਅਨੁਸਾਰ ਸਤੀ ਹੋ ਕੇ ਪਤੀ ਦਾ ਮਿਲਾਪ ਕਰਦੀ ਹੈ। ਕਬੀਰ ਸਾਹਿਬ ਉਦਾਹਰਨ ਦੇ ਕੇ ਸਮਝਾਉਂਦੇ ਹਨ ਕਿ ਬ੍ਰਹਮ ਅਗਨ (ਬ੍ਰਹਮ ਗਿਆਨ) ਨਾਲ ਹੀ ਸਰੀਰ ਦਾ ਮੋਹ ਸੜਦਾ ਹੈ, ਖ਼ਤਮ ਹੁੰਦਾ ਹੈ। ਗੁਣ ਗਾਉਂਦਿਆਂ ਗਾਉਂਦਿਆਂ ਸਰੀਰ ਦਾ ਮੋਹ ਮੁੱਕ ਜਾਂਦਾ ਹੈ। ਜੋ ਪਰਮੇਸ਼ਰ ਸਰੀਰ ਅੰਦਰ ਤਬਦੀਲੀ ਕਰਦਾ ਹੈ, ਮਨੁੱਖ ਉਸ ਨੂੰ ਸਤਿ ਕਰਕੇ ਪ੍ਰਵਾਨ ਕਰ ਲੈਂਦਾ ਹੈ। ਸੋ ਗੁਣ ਗਾਉਂਦਿਆਂ ਗਾਉਂਦਿਆਂ ਪਰਮੇਸ਼ਰ ਅਤੇ ਪਰਮੇਸ਼ਰ ਦੇ ਗੁਣਾਂ ਦਾ ਅੰਤ ਤਾਂ ਨਹੀਂ ਪੈਂਦਾ, ਪਰ ਸਰੀਰ ਦਾ ਮੋਹ ਖ਼ਤਮ ਹੋ ਜਾਂਦਾ ਹੈ। ਜਦੋਂ ਇਹ ਤੀਸਰਾ ਔਗੁਣ (ਸਰੀਰਕ ਮੋਹ) ਖ਼ਤਮ ਹੁੰਦਾ ਹੈ ਤਾਂ ਚੌਥਾ ਇੱਕ ਔਗੁਣ ਹੋਰ ਮਰ ਜਾਂਦਾ ਹੈ। ਉਹ ਚੌਥਾ ਹੈ ‘ਤ੍ਰਿਸ਼ਨਾ’। ਤ੍ਰਿਸ਼ਨਾ ਦਾ ਜ਼ਿਕਰ 86ਵੇਂ ਸਲੋਕ ਵਿੱਚ ਕੀਤਾ ਹੈ, ‘‘ਕਬੀਰ ! ਮਨੁ ਪੰਖੀ ਭਇਓ; ਉਡਿ ਉਡਿ ਦਹ ਦਿਸ ਜਾਇ ॥ ਜੋ ਜੈਸੀ ਸੰਗਤਿ ਮਿਲੈ; ਸੋ ਤੈਸੋ ਫਲੁ ਖਾਇ ॥੮੬॥’’ (ਭਗਤ ਕਬੀਰ/੧੩੬੯) ਭਾਵ ਮਨੁੱਖ ਦਾ ਮਨ (ਸੋਚ) ਪੰਛੀ ਦੀ ਤਰ੍ਹਾਂ ਹੈ, ਜੋ ਹਰ ਵੇਲੇ ਖ਼ਿਆਲਾਂ ਦੀਆਂ ਵਿਚਾਰਾਂ ਦੇ ਵਿਕਲਪ ਤੇ ਸੰਕਲਪ ਦੀ ਉਡਾਰੀ ਲਾਉਂਦਾ ਰਹਿੰਦਾ ਹੈ। ਇੱਕ ਦਰਖ਼ਤ ’ਤੇ ਟਿਕ ਕੇ ਨਹੀਂ ਬੈਠਦਾ। ਇੱਕ ਪਰਮੇਸ਼ਰ ਦਾ ਆਸਰਾ ਨਹੀਂ ਲੈਂਦਾ। ਵੱਖ ਵੱਖ ਦਰਖਤਾਂ ’ਤੇ ਭਟਕਦਾ ਹੈ। ਦਸਾਂ ਦਿਸ਼ਾਵਾਂ ਵੱਲ, ਹਰ ਪਾਸੇ ਭਟਕਦਾ ਹੈ। ਇਕ ਦਰਖਤ ’ਤੇ ਤ੍ਰਿਸ਼ਨਾ ਦੀ ਪੂਰਤੀ ਨਹੀਂ ਹੋਈ, ਫਿਰ ਦੂਸਰੇ ਦੇ ਦਰ ’ਤੇ ਚਲੇ ਜਾਣਾ, ਦੂਸਰੇ ਤੋਂ ਤ੍ਰਿਸ਼ਨਾ ਦੀ ਪੂਰਤੀ ਨਹੀਂ ਹੋਈ ਤਾਂ ਤੀਸਰੇ ਕੋਲ ਚਲੇ ਜਾਣਾ; ਇਉਂ ਆਸਰੇ ਬਦਲਦਾ ਹੀ ਰਹਿੰਦਾ ਹੈ। ਪੰਛੀ ਵੀ ਦਰਖਤ ਬਦਲਦਾ ਰਹਿੰਦਾ ਹੈ। ਪੰਛੀ ਨੂੰ ਜੈਸਾ ਦਰਖ਼ਤ ਮਿਲਦਾ ਹੈ, ਪੰਛੀ ਜੈਸੇ ਦਰਖ਼ਤ ’ਤੇ ਬੈਠਦਾ ਹੈ, ਵੈਸਾ ਫਲ਼ ਖਾਂਦਾ ਹੈ। ਮਨੁੱਖ ਜੈਸੇ ਆਸਰੇ ਕੋਲ ਜਾਂਦਾ ਹੈ, ਵੈਸੀ ਪੂਰਤੀ ਹੁੰਦੀ ਹੈ। ਮਨ ਪੰਛੀ ਦੇ ਭਟਕਣ ਦਾ ਕਾਰਨ ਹੈ ‘ਤ੍ਰਿਸ਼ਨਾ’। ਜੈਸਾ ਕਿ ਫ਼ੁਰਮਾਨ ਹੈ, ‘‘ਤ੍ਰਿਸਨਾ ਬਿਰਲੇ ਹੀ ਕੀ ਬੁਝੀ ਹੇ ॥੧॥ ਰਹਾਉ ॥ ਕੋਟਿ ਜੋਰੇ ਲਾਖ ਕ੍ਰੋਰੇ; ਮਨੁ ਨ ਹੋਰੇ ॥ ਪਰੈ ਪਰੈ ਹੀ ਕਉ ਲੁਝੀ ਹੇ ॥੧॥ ਸੁੰਦਰ ਨਾਰੀ, ਅਨਿਕ ਪਰਕਾਰੀ; ਪਰ ਗ੍ਰਿਹ ਬਿਕਾਰੀ ॥ ਬੁਰਾ ਭਲਾ ਨਹੀ ਸੁਝੀ ਹੇ ॥੨॥’’ (ਮਹਲਾ ੫/੨੧੩) ਭਾਵ ਕੋਈ ਵਿਰਲਾ ਹੀ ਪੰਛੀ ਮਨ ਹੋਵੇਗਾ, ਜੋ ਇੱਕ ਪਰਮੇਸ਼ਰ ਰੂਪ ਦਰਖ਼ਤ ’ਤੇ ਭਰੋਸੇ ਕਰਕੇ ਟਿਕਦਾ ਹੋਵੇਗਾ ਵਰਨਾ ਮਨ ਪੰਛੀ ਹੋਰ ਹੋਰ ਦਰਖ਼ਤਾਂ ਦੀ ਭਾਲ ’ਚ ਉੱਡਦਾ ਫਿਰਦਾ ਹੈ। ਹੋਰ ਹੋਰ ਲਈ ਝਗੜਦਾ ਫਿਰਦਾ ਹੈ। ਇਹੀ ਤ੍ਰਿਸ਼ਨਾ ਹੈ। ਅਨੇਕ ਤਰ੍ਹਾਂ ਦੀਆਂ ਸੁੰਦਰ ਔਰਤਾਂ ਦੀ ਇੱਛਾ ਰੱਖਣੀ, ਬੁਰਾ ਭਲਾ ਇਸ ਤ੍ਰਿਸ਼ਨਾ ਦੀ ਅੱਗ ’ਚ ਸਮਝਦਾ ਹੀ ਨਹੀਂ ਆਉਂਦਾ। ਜਦੋਂ ਮਨ ਪੰਛੀ ਨੂੰ ਸਬਰ ਦਾ ਫਲ਼ ਮਿਲ ਜਾਵੇ, ਫਿਰ ਮਨ ਦੀ ਭਟਕਣਾ ਖ਼ਤਮ ਹੋ ਜਾਂਦੀ ਹੈ। ਇਹੀ ਜ਼ਿਕਰ ਸ਼੍ਰੀ ਕਬੀਰ ਸਾਹਿਬ ਜੀ 97ਵੇਂ ਸਲੋਕ ’ਚ ਕਰਦੇ ਹਨ, ‘‘ਕਬੀਰ ! ਜਾ ਕਉ ਖੋਜਤੇ; ਪਾਇਓ ਸੋਈ ਠਉਰੁ ॥ ਸੋਈ ਫਿਰਿ ਕੈ ਤੂ ਭਇਆ; ਜਾ ਕਉ ਕਹਤਾ ਅਉਰੁ ॥੮੭॥’’ (ਭਗਤ ਕਬੀਰ/੧੩੬੯) ਗੁਣ ਗਾਉਂਦਿਆਂ ਜਿਸ (ਪ੍ਰਭੂ) ਦੀ ਖੋਜ ਸੀ, ਜਿਸ ਅਵਸਥਾ ਦੀ ਖੋਜ ਸੀ; ਉਹ ਮਿਲ ਗਈ ਹੈ। ਹੁਣ ਮਨ ਭਟਕ ਭਟਕ ਕੇ ਸਹੀ ਪਾਸੇ ਆ ਗਿਆ ਹੈ, ਟਿਕ ਗਿਆ ਹੈ। ਪਹਿਲਾਂ ਤ੍ਰਿਸ਼ਨਾ ਕਾਰਨ ਮੈਂ ਮੈਂ ਇਸ ਦੀ ਉਡਾਰੀ ਸੀ, ਪਰ ਹੁਣ ਗੁਣ ਗਾਉਂਦਿਆਂ-ਗਾਉਂਦਿਆਂ ਮੈਂ ਮੈਂ ਦੀ ਉਡਾਰੀ ਖ਼ਤਮ ਹੋ ਗਈ, ਤੂੰ ਹੀ ਤੂੰ ਹੀ ਦਾ ਟਿਕਾਣਾ ਮਿਲ ਗਿਆ। ਫ਼ੁਰਮਾਨ ਹੈ, ‘‘ਤ੍ਰਿਸਨਾ ਬੁਝੈ ਹਰਿ ਕੈ ਨਾਮਿ ॥ ਮਹਾ ਸੰਤੋਖੁ ਹੋਵੈ ਗੁਰ ਬਚਨੀ; ਪ੍ਰਭ ਸਿਉ ਲਾਗੈ ਪੂਰਨ ਧਿਆਨੁ ॥੧॥ ਰਹਾਉ ॥’’ (ਮਹਲਾ ੫/੬੮੨) ਭਾਵ ਗੁਣ ਗਾਉਂਦਿਆਂ ਗਾਉਂਦਿਆਂ ਪਰਮੇਸ਼ਰ ਅਤੇ ਪਰਮੇਸ਼ਰ ਦੇ ਗੁਣਾਂ ਦਾ ਅੰਤ ਤਾਂ ਨਹੀਂ ਪੈਂਦਾ, ਪਰ ਤ੍ਰਿਸ਼ਨਾ ਮੁੱਕ ਜਾਂਦੀ ਹੈ। ਤ੍ਰਿਸ਼ਨਾ ਮਰ ਜਾਂਦੀ ਹੈ। ਜੀਵਨ ’ਚ ਸੰਤੋਖ ਆ ਜਾਂਦਾ ਹੈ। ਇਸ ਸੰਤੋਖ ਨਾਲ਼ ਵੰਡ ਛੱਕਣਾ ਦਾ ਸੁਭਾਅ ਬਣਦਾ ਹੈ ਤੇ ‘‘ਗੁਣ ਮਹਿ ਗੁਣੀ ਸਮਾਇਆ’’ ਅਨੁਸਾਰ ਚਾਰ ਔਗਣ ਮਰ ਗਏ। ਚਾਰ ਔਗੁਣ ਸੁਧਰ ਗਏ ਹਨ। ਮਨ ਮਰਨ ਨਾਲ ਜਾਤ ਅਭਿਮਾਨ ਮਰ ਗਿਆ। ਇਨ੍ਹਾਂ ਦੋਵਾਂ ਦੇ ਮਰਨ ਨਾਲ ਦੋ ਹੋਰ ਮਰ ਗਏ ‘ਸਰੀਰ ਦਾ ਮੋਹ ਅਤੇ ਤ੍ਰਿਸ਼ਨਾ, ਭਟਕਣ’। ਕੁੱਲ ਚਾਰ ਮਰ ਗਏ, ‘‘ਕਬੀਰ ! ਏਕ ਮਰੰਤੇ ਦੁਇ ਮੂਏ; ਦੋਇ ਮਰੰਤਹ ਚਾਰਿ ॥’’
ਇਨ੍ਹਾਂ ਚਾਰ ਦੇ ਮਰਨ ਨਾਲ਼ ਦੋ ਹੋਰ ਮਰ ਕੇ ਔਗੁਣਾਂ ਦੀ ਗਿਣਤੀ 6 ਹੋ ਗਈ। ਇਨ੍ਹਾਂ ਛੇ ’ਚ 5ਵਾਂ ਹੈ ‘ਕੁਸੰਗ’ ਭਾਵ ‘ਮਾੜਾ ਸੰਗ’। ਗੁਣ ਗਾਉਂਦਿਆਂ ਗਾਉਂਦਿਆਂ ‘ਮਾੜਾ ਸੰਗ’ ਛੁੱਟ ਜਾਂਦਾ ਹੈ। ਜੇਕਰ ਮਾੜਿਆਂ ਦਾ ‘ਸੰਗ ਸਾਥ’ ਹੋਵੇਗਾ ਤਾਂ ਮਨੁੱਖ ਦਾ ਜਨਮ ਕਦੇ ਭੀ ਅਨੰਦ (ਸੁਖ) ’ਚ ਨਹੀਂ ਗੁਜਰੇਗਾ ਸਗੋਂ ਅਨੰਦ, ਸ਼ਾਂਤੀ ਭੰਗ ਹੋਵੇਗੀ। ਪਹਿਲਾਂ ਮਾੜਿਆਂ ਦਾ, ਸ਼ਰਾਬੀ ਕਬਾਬੀਆਂ ਦਾ, ਲਫੰਗਿਆਂ ਦਾ, ਜੁਆਰੀਆਂ ਤੇ ਬੇਸਵਾਂ ਦਾ ਸਾਥ ਸੀ, ਸੰਗ ਸੀ। ਇਹ ਸਾਰੇ ਆਨੰਦ, ਸ਼ਾਂਤੀ ’ਚ ਭੰਗ ਪਾਉਂਦੇ ਸਨ। ਕਿਵੇਂ ਸ਼ਾਂਤੀ ਭੰਗ ਕਰਦੇ ਸਨ। ਇਸ ਦੀ ਉਦਾਹਰਨ 88ਵੇਂ ਸਲੋਕ ’ਚ ਦਿੱਤੀ ਗਈ ਹੈ। ਫ਼ੁਰਮਾਨ ਹੈ, ‘‘ਕਬੀਰ ! ਮਾਰੀ ਮਰਉ ਕੁਸੰਗ ਕੀ; ਕੇਲੇ ਨਿਕਟਿ ਜੁ ਬੇਰਿ ॥ ਉਹ ਝੂਲੈ, ਉਹ ਚੀਰੀਐ; ਸਾਕਤ ਸੰਗੁ ਨ ਹੇਰਿ ॥੮੮॥’’ (ਭਗਤ ਕਬੀਰ/੧੩੬੯) ਭਾਵ ਕੇਲੇ ਦਾ ਬੂਟਾ ਕੋਮਲ ਹੈ। ਬੇਰੀ ਦਾ ਬ੍ਰਿਛ ਕੰਡਿਆਂ ਵਾਲਾ ਹੈ। ਜੇਕਰ ਕੇਲੇ ਦਾ ਬੂਟਾ; ਬੇਰੀ ਦੇ ਬ੍ਰਿਛ ਕੋਲ ਉਗ ਪਵੇ। ਫਿਰ ਕੀ ਹੋਵੇਗਾ ? ਹਵਾ ਦੇ ਝੋਕਿਆਂ ਨਾਲ ਕੇਲੇ ਦਾ ਬੂਟਾ ਝੂਲੇਗਾ ਤੇ ਕੋਲ ਬੇਰੀ ਹੈ। ਬੇਰੀ ਦੇ ਕੁੰਡੀਦਾਰ ਕੰਡਿਆਂ ਨਾਲ ਕੇਲੇ ਦਾ ਬੂਟਾ ਛਿੱਲਿਆ ਜਾਂਦਾ ਹੈ। ਇਸ ਉਦਾਹਰਨ ’ਚ ਕਿਹਾ ਹੈ ਕਿ ਕੇਲੇ ਦੇ ਬੂਟੇ ਵਾਂਗ ਧਰਮੀ ਜਗਿਆਸੂ ਜਨ; ਕੋਮਲ ਹਿਰਦੇ ਵਾਲੇ ਹੁੰਦੇ ਹਨ। ਬੇਰੀ ਦੇ ਬ੍ਰਿਛ ਵਾਂਗ ਸਾਕਤ ਜਨ ਜਾਲਮ ਸੁਭਾਅ ਦੇ ਹੁੰਦੇ ਹਨ। ਚੁਭਮੀਆਂ ਗੱਲਾਂ ਕਰਨ ਵਾਲੇ ਹੁੰਦੇ ਹਨ। ਜੇਕਰ ਧਰਮੀ ਜਗਿਆਸੂ ਜਨ ਕਿਤੇ ਧਰਮ ਦੀ ਗੱਲ ਜਾਂ ਸੇਵਾ ਸਿਮਰਨ ਦੀ ਵਿਚਾਰ ਕਰਨ ਤਾਂ ਸਾਕਤ ਲੋਕ ਚੋਭਾਂ ਮਾਰਨਗੇ। ਲੈ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚਲੀ ਏ। ਕੋਮਲ ਮਨ ਨੂੰ ਕਠੋਰ ਗੱਲਾਂ ਨਾਲ ਚੀਰ ਕੇ ਰੱਖ ਦਿੰਦੇ ਹਨ। ਇਸ ਲਈ ਕਬੀਰ ਸਾਹਿਬ ਨੇ ਕਿਹਾ, ‘‘ਸਾਕਤ ਸੰਗੁ ਨ ਹੇਰਿ’’, ਧਰਮੀ ਜਗਿਆਸੂ ਜਨ; ਬੇਰੀ ਸਾਕਤ ਲੋਕਾਂ ਦੇ ਸੰਗ ਵੱਲ ਜਾਣਾ ਤਾਂ ਇੱਕ ਪਾਸੇ ਰਿਹਾ, ਵੇਖਦੇ ਵੀ ਨਹੀਂ ਹਨ। ਦੂਰੋਂ ਹੀ ਪਾਸੇ ਹਟ ਜਾਂਦੇ ਹਨ। ਫ਼ੁਰਮਾਨ ਹੈ, ‘‘ਕਬੀਰ ! ਸਾਕਤ ਸੰਗੁ ਨ ਕੀਜੀਐ; ਦੂਰਹਿ ਜਾਈਐ ਭਾਗਿ ॥ ਬਾਸਨੁ ਕਾਰੋ ਪਰਸੀਐ; ਤਉ ਕਛੁ ਲਾਗੈ ਦਾਗੁ ॥੧੩੧॥’’ (ਭਗਤ ਕਬੀਰ/੧੩੭੧) ਕਾਲ਼ੇ ਬਰਤਨ ਨੂੰ ਹੱਥ ਲਾਵਾਂਗੇ, ਕਾਲ਼ੇ ਬਰਤਨ ਕੋਲ ਰਹਾਂਗੇ ਤਾਂ ਅਵੇਸਲੇ ਹੋਇਆਂ ਜ਼ਰੂਰ ਕੁਝ ਕਾਲ਼ੇ ਦਾਗ਼ ਲੱਗ ਜਾਣਗੇ। ਇਸ ਲਈ ਕਾਲੇ ਬਰਤਨਾਂ ਤੋਂ ਦਾਮਨ ਬਚਾਅ ਕੇ ਹੀ ਰੱਖਣਾ ਹੈ। ਗੁਰੂ ਨਾਨਕ ਦੇਵ ਜੀ ਦੇ ਬਚਨ ਹਨ, ‘‘ਦੁਸਟੀ ਸਭਾ ਵਿਗੁਚੀਐ; ਬਿਖੁ ਵਾਤੀ ਜੀਵਣ ਬਾਦਿ ॥’’ (ਮਹਲਾ ੧/੧੩੪੩) ਭਾਵ ਦੁਸ਼ਟਾਂ ਦੀ ਸੰਗਤ ’ਚ ਮਨੁੱਖ ਸਦਾ ਖ਼ੁਆਰ ਹੁੰਦਾ ਹੈ ਕਿਉਂਕਿ ਦੁਸ਼ਟਾਂ ਦੀਆਂ ਗੱਲਾਂ ਜ਼ਹਰ ਵਰਗੀਆਂ ਹੁੰਦੀਆਂ, ਜੋ ਜੀਵਨ ਨੂੰ ਬਰਬਾਦ ਕਰ ਦਿੰਦੀਆਂ ਹਨ। ਭਗਤ ਸੂਰਦਾਸ ਜੀ ਨੇ ਭੀ ਇੱਕੋ ਪੰਗਤੀ ’ਚ ਨਿਬੇੜਾ ਕੀਤਾ ਹੈ, ‘‘ਛਾਡਿ ਮਨ ! ਹਰਿ ਬਿਮੁਖਨ ਕੋ ਸੰਗੁ ॥’’ (ਭਗਤ ਸੂਰਦਾਸ/੧੨੫੩) ਭਾਵ ਹੇ ਮਨ ! ਤੂੰ ਰੱਬ ਤੋਂ, ਗੁਰੂ ਤੋਂ ਬੇਮੁਖ ਦਾ ਸੰਗ ਸਾਥ ਛੱਡ ਦੇਹ। ਜਦੋਂ ਗੁਣ ਗਾਉਂਦਿਆਂ ਗਾਉਂਦਿਆਂ ਮਨੁੱਖ; ਬੇਮੁਖ ਸਾਕਤਾਂ ਦਾ ਸੰਗ ਸਾਥ ਛੱਡ ਜਾਂਦਾ ਹੈ ਤਾਂ ਫਿਰ ਅਨੰਦ ’ਚ ਜੀਵਨ ਬਤੀਤ ਕਰਦਾ ਹੈ। ਗੁਣ ਗਾਉਂਦਿਆਂ ਪਰਮੇਸ਼ਰ ਅਤੇ ਪਰਮੇਸ਼ਰ ਦੇ ਗੁਣਾਂ ਦਾ ਅੰਤ ਤਾ ਨਹੀਂ ਪੈਂਦਾ, ਪਰ ਹਾਂ ਗੁਣ ਗਾਉਂਦਿਆਂ ਮਨੁੱਖ; ਸਾਕਤਾਂ, ਬੇਮੁਖਾਂ, ਮਾੜਿਆਂ ਦਾ ਸੰਗ ਸਾਥ ਛੱਡ ਜਾਂਦਾ ਹੈ। ਜਦੋਂ 5 ਮਰ ਗਏ ਫਿਰ ਇੱਕ ਹੋਰ ਮਰ ਜਾਂਦਾ ਹੈ। ਉਹ ਕਿਹੜਾ ਹੈ। ਉਹ ਹੈ ‘ਨਿੰਦਾ ਦਾ ਸੁਭਾਅ’।
ਕਰਤਾਰ ਦੇ ਗੁਣ ਗਾਉਂਦਿਆਂ ਗਾਉਂਦਿਆਂ ਮਨੁੱਖ ਨਿੰਦਾ ਕਰਨ ਤੋਂ ਭੀ ਹਟ ਜਾਂਦਾ ਹੈ। ਪਹਿਲਾਂ ਗੁਣ ਨਹੀਂ ਸੀ ਗਾਉਂਦਾ ਸਗੋਂ ਨਿੰਦਾ ਹੀ ਕਰਦਾ ਸੀ। ਦੂਸਰੇ ਨੂੰ ਬੁਰਾ ਕਹਿ ਕੇ ਆਪਣੇ ਆਪ ਨੂੰ ਭਲਾ ਸਿੱਧ ਕਰਦਾ ਸੀ। ਬਹੁਤੇ ਲੋਕ ਨਿੰਦਾ ਦਾ ਭਾਰ ਚੁੱਕ ਕੇ ਧਰਮ ਦੇ ਮਾਰਗ ’ਤੇ ਤੁਰਨਾ ਚਾਹੀਦੇ ਹਨ। ਆਪਣੇ ਅੰਦਰਲੇ ਔਗੁਣਾਂ ਤੋਂ ਚਿੰਤਤ ਨਹੀਂ ਹੁੰਦੇ। ਇਸ ਦਾ ਜ਼ਿਕਰ 89ਵੇਂ ਸਲੋਕ ਅੰਦਰ ਕੀਤਾ ਹੈ, ‘‘ਕਬੀਰ ! ਭਾਰ ਪਰਾਈ ਸਿਰਿ ਚਰੈ; ਚਲਿਓ ਚਾਹੈ ਬਾਟ ॥ ਅਪਨੇ ਭਾਰਹਿ ਨਾ ਡਰੈ; ਆਗੈ ਅਉਘਟ ਘਾਟ ॥੮੯॥’’ (ਭਗਤ ਕਬੀਰ/੧੩੬੯) ਭਾਵ ਦੇਖੋ ਇਨਸਾਨ; ਪਰਾਈ ਨਿੰਦਾ ਦਾ ਭਾਰ ਚੁੱਕ ਕੇ ਧਰਮ ਦੇ ਰਸਤੇ ’ਤੇ ਚੱਲਣਾ ਚਾਹੁੰਦਾ ਹੈ। ਰਸਤਾ ਤੈਅ ਕਰਨਾ ਚਾਹੁੰਦਾ ਹੈ। ਹੱਦ ਹੋ ਗਈ, ਇਸ ਨੇ ਆਪਣੇ ਕੀਤੇ ਪਾਪਾਂ ਦੇ ਭਾਰ ਵੀ ਚੁੱਕੇ ਹਨ। ਉਨ੍ਹਾਂ ਤੋਂ ਇਹ ਡਰਦਾ ਨਹੀਂ ਸਗੋਂ ਹੋਰ ਨਿੰਦਾ ਦਾ ਭਾਰ ਚੁੱਕੀ ਜਾਂਦਾ ਹੈ। ਧਰਮ ਦਾ ਰਸਤਾ ਬੜਾ ਔਖਾ ਹੈ। ਆਪਣੇ ਪਾਪਾਂ ਦਾ ਅਤੇ ਪਰਾਈ ਨਿੰਦਾ ਦਾ ਭਾਰ ਚੁੱਕ ਕੇ ਮਨੁੱਖ ਨਹੀਂ ਚੱਲ ਸਕਦਾ। ਆਪਣੇ ਸਿਰ ’ਤੇ ਪਰਾਈ ਨਿੰਦਾ ਦਾ ਭਾਰ ਚੁੱਕਣ ਵਾਲ਼ੇ ਬੇਅੰਤ ਲੋਕ ਹਨ, ‘‘ਅਸੰਖ ਨਿੰਦਕ; ਸਿਰਿ ਕਰਹਿ ਭਾਰੁ ..॥੧੮॥’’ (ਜਪੁ) ਭਾਵ ਅਸੰਖ ਅਸੰਖ ਨੇ ਨਿੰਦਾ ਦਾ ਭਾਰ ਬਿਨਾਂ ਵਜ੍ਹਾ (ਕਾਰਨ) ਚੁੱਕਿਆ ਹੈ। ਰੇਲਵੇ ਸਟੇਸ਼ਨਾਂ ’ਤੇ ਕੁਲੀ ਭਾਰ ਚੁੱਕਦੇ ਹਨ ਮਜ਼ਦੂਰੀ ਲੈ ਕੇ, ਪਰ ਮਨੁੱਖ ਅਜੀਬ ਕਿਸਮ ਦਾ ਕੁਲੀ ਹੈ, ਜੋ ਬਿਨਾਂ ਮਜ਼ਦੂਰੀ ਦੇ ਹੀ ਨਿੰਦਾ ਦਾ ਭਾਰ ਚੁੱਕੀ ਫਿਰਦਾ ਹੈ। ਜੈਸਾ ਕਿ ਫ਼ੁਰਮਾਨ ਹੈ, ‘‘ਨਿੰਦਾ ਕਰਿ ਕਰਿ ਬਹੁ ਭਾਰੁ ਉਠਾਵੈ; ਬਿਨੁ ਮਜੂਰੀ ਭਾਰੁ ਪਹੁਚਾਵਣਿਆ ॥੪॥’’ (ਮਹਲਾ ੩/੧੧੮) ਜਦੋਂ ਮਨੁੱਖ ਪਰਮੇਸ਼ਰ ਦੇ ਗੁਣ ਗਾਇਨ ਕਰਦਾ ਹੈ। ਉਸ ਦੀ ਸਿਫ਼ਤ-ਸਲਾਹ ਕਰਦਾ ਹੈ। ਫਿਰ ਪਰਾਈ ਨਿੰਦਾ ਕਰਨ ਦਾ ਸੁਭਾਅ ਹਟ ਜਾਂਦਾ ਹੈ। ਫਿਰ ਕਿਸੇ ਨੂੰ ਬੁਰਾ ਕਹਿਣ ਦੀ ਥਾਂ ਕਹਿੰਦਾ ਹੈ, ‘‘ਕਬੀਰ ! ਸਭ ਤੇ ਹਮ ਬੁਰੇ; ਹਮ ਤਜਿ, ਭਲੋ ਸਭੁ ਕੋਇ ॥’’ (ਭਗਤ ਕਬੀਰ/੧੩੬੪) ਪਰਾਈ ਨਿੰਦਾ ਦੀ ਥਾਂ ਪ੍ਰਭੂ ਦੀ ਮਹਿਮਾ ਲੈ ਲੈਂਦੀ ਹੈ। ਫਿਰ ਆਤਮਾ, ਜੋ ਪੁਕਾਰ ਪ੍ਰਭੂ ਅੱਗੇ ਕਰਦੀ ਹੈ, ਉਸ ਦਾ ਜ਼ਿਕਰ 90ਵੇਂ ਸਲੋਕ ਅੰਦਰ ਹੈ, ‘‘ਕਬੀਰ ! ਬਨ ਕੀ ਦਾਧੀ ਲਾਕਰੀ; ਠਾਢੀ ਕਰੈ ਪੁਕਾਰ ॥ ਮਤਿ ਬਸਿ ਪਰਉ ਲੁਹਾਰ ਕੇ; ਜਾਰੈ ਦੂਜੀ ਬਾਰ ॥੯੦॥’’ (ਭਗਤ ਕਬੀਰ/੧੩੬੯) ਕਬੀਰ ਸਾਹਿਬ ਨੇ ਅਲੰਕਾਰ ਦ੍ਰਿਸ਼ਟਾਂਤ ਵਰਤਿਆ ਹੈ। ਆਖਦੇ ਹਨ ਕਿ ਜੰਗਲ਼ ਦੀ ਲੱਕੜੀ ਪ੍ਰਤੱਖ ਪੁਕਾਰ ਕਰਦੀ ਹੈ ਕਿ ਮਤਾ ਮੈਂ ਲੁਹਾਰ ਦੇ ਵੱਸ ਪੈ ਜਾਵਾਂ, ਉਹ ਮੈਨੂੰ ਦੋ ਵਾਰ ਸਾੜੇਗਾ। ਲੁਹਰਾ ਲੱਕੜ ਨੂੰ ਕੱਟਦਾ ਹੈ, ਫਿਰ ਇੱਕ ਖ਼ਾਸ ਕਿਸਮ ਦੀ, ਚਾਰੋਂ ਪਾਸਿਓਂ ਬੰਦ ਭੱਠੀ ’ਚ ਅੱਗ ਲਾ ਕੇ ਲੱਕੜ ਨੂੰ ਦੱਬ ਦਿੰਦਾ ਹੈ ਤਾਂ ਕਿ ਲੱਕੜ ਸੜ ਜਾਵੇ, ਪਰ ਉਸ ਦੇ ਕੋਲਿਆਂ ’ਚ ਗੈਸ ਅਤੇ ਅੱਗ ਦੀ ਸੁਭਾਵਨਾ ਬਚੀ ਰਹੇ। ਇੱਕ ਵਾਰ ਲੱਕੜੀ ਸੜ ਕੇ ਕੋਲੇ ਬਣ ਗਈ। ਲੁਹਾਰ ਹੁਣ ਆਪਣਾ ਕੰਮ ਕਰਨ ਲਈ ਕੋਲਿਆਂ ਨੂੰ ਦੁਬਾਰਾ ਭੱਠੀ ’ਚ ਪਾਉਂਦਾ ਹੈ। ਕੋਲੇ ਉੱਥੇ ਪੂਰੀ ਤਰ੍ਹਾਂ ਸੜਦੇ ਹਨ। ਇਸ ਅਲੰਕਾਰ ਰਾਹੀਂ ਸ਼੍ਰੀ ਕਬੀਰ ਸਾਹਿਬ ਆਖਦੇ ਹਨ ਕਿ ਆਤਮਾ; ਪਰਮੇਸ਼ਰ ਅੱਗੇ ਬੇਨਤੀ ਕਰਦੀ ਹੈ ਕਿ ਪਰਮੇਸ਼ਰ ਜੀ ! ਪਹਿਲਾਂ ਤਾਂ ਮੈਂ ਵਿਕਾਰਾਂ ਵੱਸ ਪਈ ਹਾਂ। ਹੁਣ ਦੂਜੀ ਵਾਰ ਨਿੰਦਾ ਦੇ ਵੱਸ ਨਾ ਪਾਈਂ। ਇਹ ਨਿੰਦਾ ਮੈਨੂੰ ਫਿਰ ਦੂਜੀ ਵਾਰ ਖ਼ੁਆਰ ਕਰੇਗੀ, ਦੁਖੀ ਕਰੇਗੀ। ਸ਼ੇਖ ਫ਼ਰੀਦ ਜੀ ਭੀ ਐਸਾ ਹੀ ਜ਼ਿਕਰ ਕਰਦੇ ਹਨ, ‘‘ਕੰਧਿ ਕੁਹਾੜਾ ਸਿਰਿ ਘੜਾ; ਵਣਿ ਕੈਸਰੁ ਲੋਹਾਰੁ ॥ ਫਰੀਦਾ ! ਹਉ ਲੋੜੀ ਸਹੁ ਆਪਣਾ; ਤੂ ਲੋੜਹਿ ਅੰਗਿਆਰ ॥੪੩॥’’ (ਭਗਤ ਫਰੀਦ/੧੩੮੦) ਭਾਵ ਕੰਧੇ ਉੱਪਰ ਕੁਹਾੜਾ ਹੈ। ਸਿਰ ’ਤੇ ਪੀਣ ਲਈ ਪਾਣੀ ਦਾ ਘੜਾ ਹੈ। ਲੁਹਾਰ ਲੱਕੜਹਾਰਾ ਬਾਦਿਸ਼ਾਹ ਬਣਿਆ ਜੰਗਲ਼ ਵਿੱਚ ਫਿਰਦਾ ਹੈ। ਜੰਗਲ਼ ਦੀ ਬਨਾਸਪਤੀ ਤਾਂ ਆਪਣੇ ਮਾਲਕ ਨੂੰ ਲੱਭਦੀ ਹੈ, ਪਰ ਇਹ ਲੁਹਾਰ ਅੰਗਿਆਰਿਆਂ, ਕੋਇਲਿਆਂ ਦੀ ਭਾਲ ਮੇਰੇ ਵਿੱਚੋਂ ਕਰਦਾ ਹੈ ਭਾਵ ਆਤਮਾ ਤਾਂ ਪ੍ਰਭੂ (ਦੇ ਮਿਲਾਪ) ਨੂੰ ਭਾਲਦੀ ਹੈ, ਪਰ ਵਿਕਾਰ ਹੋਰ ਔਗੁਣ ਸਾਂਭਦੇ ਪਏ ਹਨ। ਗੁਣ ਗਾਉਂਦਿਆਂ ਗਾਉਂਦਿਆਂ ਪਰਮੇਸ਼ਰ ਅਤੇ ਪਰਮੇਸ਼ਰ ਦੇ ਗੁਣਾਂ ਦਾ ਅੰਤ ਤਾਂ ਨਹੀਂ ਪੈਂਦਾ, ਪਰ ਗੁਣ ਗਾਉਂਦਿਆਂ ਗਾਉਂਦਿਆਂ ਮਨੁੱਖ ਗੁਣਾਂ ’ਚ ਹੀ ਸਮਾਅ ਜਾਂਦਾ ਹੈ। ‘‘ਗੁਣ ਮਹਿ ਗੁਣੀ ਸਮਾਇਆ’’ ਅਨੁਸਾਰ ਔਗੁਣਾਂ ਵੱਲੋਂ ਛੁਟਕਾਰਾ ਮਿਲ ਜਾਂਦਾ ਹੈ। ਹਰੀ ਦਾ ਜਸ ਕਰਦਿਆਂ-ਕਰਦਿਆਂ ਔਗੁਣਾਂ ਦੀ ਨਿਵਿਰਤੀ ਹੋ ਜਾਂਦੀ ਹੈ। ਪਰਮੇਸ਼ਰ ਦੇ ਗੁਣਾਂ ਦਾ ਅੰਤ ਨਹੀਂ ਪੈਂਦਾ, ਇਸ ਦਾ ਜ਼ਿਕਰ 81ਵੇਂ ਸਲੋਕ ’ਚ ਕੀਤਾ ਹੈ, ‘‘ਕਬੀਰ ! ਸਾਤ ਸਮੁੰਦਹਿ ਮਸੁ ਕਰਉ; ਕਲਮ ਕਰਉ ਬਨਰਾਇ ॥ ਬਸੁਧਾ ਕਾਗਦੁ ਜਉ ਕਰਉ; ਹਰਿ ਜਸੁ ਲਿਖਨੁ ਨ ਜਾਇ ॥੮੧॥’’ (ਭਗਤ ਕਬੀਰ/੧੩੬੮) ਭਾਵ ਸਤ ਸਮੁੰਦਰਾਂ ਨੂੰ ਸਿਆਹੀ, ਸਾਰੀ ਬਨਸਪਤੀ ਦੀ ਕਲਮ, ਸਾਰੀ ਧਰਤੀ ਨੂੰ ਕਾਗਜ਼ ਬਣਾਉਣ ਨਾਲ ਭੀ ਪਰਮੇਸ਼ਰ ਤੇ ਪਰਮੇਸ਼ਰ ਦੇ ਗੁਣਾਂ ਨੂੰ ਪੂਰਨ ਤੌਰ ’ਤੇ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਹਾਂ ਉਸ ਦੇ ਗੁਣ ਬਿਆਨ ਕਰਦਿਆ ਕਰਦਿਆਂ ਜੀਵਨ ’ਚ ਜੋ ਕੌਤਕ ਵਰਤਦਾ ਹੈ, ਉਸ ਦਾ ਜ਼ਿਕਰ 91ਵੇਂ ਸਲੋਕ ’ਚ ਕੀਤਾ ਹੈ, ‘‘ਕਬੀਰ ! ਏਕ ਮਰੰਤੇ ਦੁਇ ਮੂਏ; ਦੋਇ ਮਰੰਤਹ ਚਾਰਿ ॥ ਚਾਰਿ ਮਰੰਤਹ ਛਹ ਮੂਏ; ਚਾਰਿ ਪੁਰਖ, ਦੁਇ ਨਾਰਿ ॥੯੧॥’’ (ਭਗਤ ਕਬੀਰ/੧੩੬੯) ਭਾਵ ਪਰਮੇਸ਼ਰ ਅਤੇ ਪਰਮੇਸ਼ਰ ਦੇ ਗੁਣਾਂ ਦਾ ਅੰਤ ਤਾਂ ਨਹੀਂ ਪੈਂਦਾ, ਪਰ ਹਾਂ ਉਸ ਦੇ ਗੁਣ ਗਾਉਂਦਿਆ ਗਾਉਂਦਿਆ 6 ਔਗੁਣ ਮਰ ਜਾਂਦੇ ਹਨ, ਸੁਧਰ ਜਾਂਦੇ ਹਨ। ਪਹਿਲਾ ‘ਮਨ’ ਮਰਦਾ ਹੈ, ਮਨ ਸੁਧਰਦਾ ਹੈ। ਫਿਰ ਇਸ ਦੇ ਨਾਲ਼ ‘ਜਾਤ ਦਾ ਅਭਿਮਾਨ’ ਅਤੇ ‘ਹੀਣ ਭਾਵਨਾ’ ਮਰ ਜਾਂਦੀ ਹੈ। ਇਹ ਦੋ ਔਗੁਣ ਆਪਣੇ ਨਾਲ਼ ਹੋਰਾਂ ਨੂੰ ਭੀ ਮਾਰ ਲੈਂਦੇ ਹਨ। ਉਹ ਹਨ ‘ਸਰੀਰ ਦਾ ਮੋਹ’ ਅਤੇ ‘ਤ੍ਰਿਸ਼ਨਾ’। ਇਹ ਚਾਰ ਜਦੋਂ ਮਰ ਜਾਂਦੇ ਹਨ ਤਾਂ ਇਹ ਚਾਰ; ਦੋ ਹੋਰਾਂ ਨੂੰ ਭੀ ਮਾਰ ਲੈਂਦੇ ਹਨ ‘ਕੁਸੰਗ’ ਅਤੇ ‘ਨਿੰਦਾ’ ਯਾਨੀ 6 ਔਗੁਣ ਮਰ ਗਏ। ਇਨ੍ਹਾਂ ਵਿੱਚੋਂ ਚਾਰ ਪੁਰਖ ਹਨ ਅਤੇ ਦੋ ਇਸਤਰੀ ਵਾਚੀ ਔਗੁਣ। ਪੁਰਖ ਵਾਚੀ ਚਾਰ ਹਨ ‘ਮਨ, ਜਾਤ ਅਭਿਮਾਨ, ਸਰੀਰਕ ਮੋਹ ਤੇ ਕੁਸੰਗ’ ਜਦਕਿ ਦੋ ਇਸਤਰੀ ਵਾਚੀ ਹਨ ‘ਹੀਨ ਭਾਵਨਾ ਤੇ ਤ੍ਰਿਸ਼ਨਾ’ ਇਨ੍ਹਾਂ 6 ਔਗੁਣਾਂ ਦਾ ਜ਼ਿਕਰ ਹੀ 81 ਤੋਂ 91 ਸਲੋਕਾਂ ਦੇ ਵਿਚਕਾਰ ਹੈ, ਜੋ ਕਿ 9 ਸਲੋਕ ਬਣਦੇ ਹਨ। ਪ੍ਰਭੂ ਦਾ ਜਸ ਕਰਦਿਆਂ ਕਰਦਿਆਂ ਪਰਮੇਸ਼ਰ ਦਾ ਅਤੇ ਪਰਮੇਸ਼ਰ ਦੇ ਗੁਣਾਂ ਦਾ ਅੰਤ ਤਾਂ ਨਹੀਂ ਪਾਇਆ ਜਾ ਸਕਦਾ, ਪਰ ਗੁਣ ਗਾਉਂਦਿਆਂ ਗਾਉਂਦਿਆਂ, ਜਸ ਕਰਦਿਆਂ ਕਰਦਿਆਂ ਔਗੁਣਾਂ ਤੋਂ ਮਨੁੱਖ ਅਜ਼ਾਦ ਹੋ ਜਾਂਦਾ ਹੈ। ‘‘ਗੁਣ ਮਹਿ ਗੁਣੀ ਸਮਾਇਆ’’ ਬਚਨਾਂ ਅਨੁਸਾਰ ਮਨੁੱਖ; ਪਰਮੇਸ਼ਰ ’ਚ ਅਭੇਦ ਹੋ ਜਾਂਦਾ ਹੈ, ਫਿਰ ਸੁਤੇ ਸਿੱਧ ਬੋਲ ਪ੍ਰਗਟ ਹੁੰਦੇ ਹਨ ਕਿ ‘‘ਅਬ ਤਉ ਜਾਇ ਚਢੇ ਸਿੰਘਾਸਨਿ; ਮਿਲੇ ਹੈ ਸਾਰਿੰਗਪਾਨੀ ॥ ਰਾਮ ਕਬੀਰਾ ਏਕ ਭਏ ਹੈ; ਕੋਇ ਨ ਸਕੈ ਪਛਾਨੀ ॥੬॥’’ (ਭਗਤ ਕਬੀਰ/੯੬੯) ਭਾਵ ਹੁਣ ਪਰਮੇਸ਼ਰ ਤੇ ਕਬੀਰ; ਗੁਣ ਗਾਉਂਦਿਆਂ ਗਾਉਂਦਿਆਂ ਇਕ ਮਿਕ ਹੋ ਗਏ ਹਨ। ਹੁਣ ਵੱਖਰੀ ਹਸਤੀ ਨਹੀਂ ਰਹੀ। ਗੁਣ ਗਾਉਂਦਿਆਂ ਗਾਉਂਦਿਆਂ, ਹਰਿ ਜਸ ਕਰਦਿਆਂ ਕਰਦਿਆਂ ਪਰਮੇਸ਼ਰ ’ਚ ਮਨੁੱਖ ਲੀਨ ਹੋ ਜਾਂਦਾ ਹੈ।
ਸਤਿਗੁਰੂ ਪਾਤਿਸ਼ਾਹ, ਕਿਰਪਾ ਕਰਨ ਤਾਂ ਕਿ ਅਸੀਂ ਸਾਰੇ ਹਰਿ ਜਸ ਕਰ ਕਰ ਪਰਮੇਸ਼ਰ ’ਚ ਮਗਨ ਰਹੀਏ, ਮਸਤ ਰਹੀਏ ਤਾਂ ਕਿ ਸਾਡਾ ਸਾਰਿਆਂ ਦਾ ਹੀ ਜੀਵਨ ਸਫਲ ਹੋ ਜਾਏ। ਜੈਸਾ ਕਿ ਵਾਕ ਹੈ, ‘‘ਇਹ ਲੋਕ ਸੁਖੀਏ; ਪਰਲੋਕ ਸੁਹੇਲੇ ॥ ਨਾਨਕ ! ਹਰਿ ਪ੍ਰਭਿ ਆਪਹਿ ਮੇਲੇ ॥’’ (ਸੁਖਮਨੀ/ਮਹਲਾ ੫/੨੯੩) ਭਾਵ ਇਨ੍ਹਾਂ ਵਾਕਾਂ ਅਨੁਸਾਰ ਜੀਵਨ ਘੜਿਆ ਜਾ ਸਕੇ। ਉਸ ਦੀਆਂ ਦਾਤਾਂ, ਬਰਕਤਾਂ ਮਿਲਦੀਆਂ ਰਹਿਣ। ਹੋਈਆਂ ਭੁੱਲਾਂ ਦੀ ਖਿਮਾ।



