ਪਵਣੁ ਗੁਰੂ, ਪਾਣੀ ਪਿਤਾ

0
11

ਪਵਣੁ ਗੁਰੂ, ਪਾਣੀ ਪਿਤਾ

ਗਿਆਨੀ ਜਗਤਾਰ ਸਿੰਘ ਜਾਚਕ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਖੇ ਜਪੁ-ਜੀ ਦੇ 38 ਬੰਦਾਂ ਤੋਂ ਪਹਿਲਾਂ ਤੇ ਪਿੱਛੋਂ ਇੱਕ ਇੱਕ ਸਲੋਕ ਹੈ, ਜਿਨ੍ਹਾਂ ਨੂੰ ਸਾਹਿਤਕ ਭਾਸ਼ਾ ਵਿੱਚ ਤਰਤੀਬਵਾਰ ‘ਉਪਕ੍ਰਮ’ ਤੇ ‘ਉਪਸੰਹਾਰ’ ਵੀ ਆਖਿਆ ਜਾਂਦਾ ਹੈ । ਮਹਾਨ ਕੋਸ਼ ਮੁਤਾਬਕ ਜਦੋਂ ਇਹ ਦੋਵੇਂ ਨਾਮ ਇਕੱਠੇ ਆਉਂਦੇ ਹਨ, ਤਦੋਂ ਇਨ੍ਹਾਂ ਦਾ ਭਾਵਾਰਥ ਹੁੰਦਾ ਹੈ- ‘ਗ੍ਰੰਥ ਦੀ ਭੂਮਿਕਾ ਅਤੇ ਉਸ ਦੇ ਅੰਤਿਮ ਸਿਧਾਂਤ ਦੀ ਏਕਤਾ’। ਇਸ ਤੋਂ ਨਿਸ਼ਚੇ ਹੁੰਦਾ ਹੈ ਕਿ ‘ਜਪੁ-ਜੀ’ ਦਾ ਆਰੰਭਕ ਸਲੋਕ ‘‘ਆਦਿ ਸਚੁ’’ ਇਸ ਬਾਣੀ ਦੀ ਸੰਖੇਪ ਭੂਮਿਕਾ ਹੈ ਅਤੇ ਸਮਾਪਤੀ ਦਾ ਅੰਤਮ ਸਲੋਕ ‘‘ਪਵਣੁ ਗੁਰੂ’’ ਸੰਖੇਪ ਸਾਰੰਸ਼ ਹੈ । ਜੇ ‘ਜਪੁ-ਜੀ’ ਦੇ ਮੁੱਢਲੇ ਸਲੋਕ ਵਿੱਚ ਰੱਬੀ ਹੋਂਦ ਦਾ ਸੱਚ ਦ੍ਰਿੜ੍ਹ ਕਰਵਾਉਂਦਿਆਂ ਪਹਿਲੇ ਬੰਦ ਵਿੱਚ ‘‘ਕਿਵ ਸਚਿਆਰਾ ਹੋਈਐ  ?’’ ਵਾਲਾ ਸੁਆਲ ਖੜ੍ਹਾ ਕੀਤਾ ਗਿਆ ਹੈ। ਤਾਂ ਬਾਕੀ ਦੇ ਬੰਦਾਂ ਵਿੱਚ ਇਨ੍ਹਾਂ ਦੋਹਾਂ ਪੱਖਾਂ ਦੀ ਵਿਆਖਿਆ ਕਰਦਿਆਂ ਸਾਰੰਸ਼ ਰੂਪ ਅੰਤਮ ਸਲੋਕ ਵਿੱਚ ਅਜਿਹੀ ਘਾਲ-ਕਮਾਈ ਕਰਨ ਵਾਲਿਆਂ ਨੂੰ ਰੱਬ ਦੀ ਧਰਮੀ ਦਰਗਾਹ ਦੇ ਉੱਜਲ-ਮੁਖੀ ਗੁਰਮੁਖ ਮੰਨਿਆ ਗਿਆ ਹੈ।

ਸੰਸਾਰ ਦੇ ਸਾਰੇ ਚੇਤੰਨ ਜੀਅ-ਜੰਤਾਂ ਨੂੰ ਪੈਦਾ ਹੋਣ ਤੇ ਜੀਊਣ ਲਈ ਹਵਾ, ਪਾਣੀ ਅਤੇ ਧਰਤੀ ਲੋੜੀਂਦੀ ਹੈ। ਇਨ੍ਹਾਂ ਦੀ ਬਦੌਲਤ ਹੀ ਸਮੇਂ ਦੇ ਪ੍ਰਤੀਕ ਬਣੇ ਰਾਤ ਅਤੇ ਦਿਨ ਵਰਗੇ ਖੇਡਾਵਿਆਂ ਦੀ ਗੋਦ ਵਿੱਚ ਸਾਰਾ ਜਗਤ ਖੇਲ ਰਿਹਾ ਹੈ, ਪਰ ਜਗਤ ਦੇ ਸਾਰੇ ਪ੍ਰਾਣਾਧਾਰੀ ਜੀਅ-ਜੰਤਾਂ ’ਚੋਂ ਗੁਰੂ ਅਤੇ ਆਚਰਨਿਕ ਚੰਗਿਆਈਆਂ ਬੁਰਿਆਈਆਂ ਦਾ ਬੋਧ ਕੇਵਲ ਮਨੁੱਖਾ ਸ਼੍ਰੇਣੀ ਨੂੰ ਹੈ। ਇਹੀ ਕਾਰਨ ਹੈ ਕਿ ਸੰਸਾਰ ਭਰ ਦੇ ਸਾਰੇ ਮੱਤ-ਮੱਤਾਂਤਰ ਦੇਸ਼-ਕਾਲ (ਮੁਲਕ ਤੇ ਮੌਕੇ) ਦੇ ਥੋੜ੍ਹੇ ਬਹੁਤੇ ਫਰਕ ਨਾਲ ਮਾਨਵੀ-ਸਮਾਜ ਨਾਲ ਹੀ ਸਬੰਧਿਤ ਪਾਏ ਜਾਂਦੇ ਹਨ। ਇਹ ਇੱਕ ਵੱਖਰਾ ਵਿਸ਼ਾ ਹੈ ਕਿ ਧਾਰਮਕ-ਗੰ੍ਰਥਾਂ ਦੀ ਦੁਨੀਆ ’ਚੋਂ ਕੇਵਲ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਹੀ ਇੱਕੋ-ਇਕ ਐਸੇ ਧਰਮ-ਗ੍ਰੰਥ ਹਨ, ਜਿਨ੍ਹਾਂ ਦਾ ਉਪਦੇਸ਼ ਦੇਸ਼-ਕਾਲ ਤੋਂ ਮੁਕਤ ਹੋ ਕੇ ਸਮੱੁਚੇ ਮਾਨਵੀ-ਭਾਈਚਾਰੇ ਦਾ ਭਲਾ ਲੋਚਦਾ ਹੈ। ਦਾਸਰੇ ਦੇ ਅਜਿਹੇ ਕਥਨ ਦਾ ਭਾਵ ਹੈ ਕਿ ਜੀਵਾਂ ਦੀ ਸਮਝ ਦੇ ਪੱਧਰ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਜਪੁ-ਜੀ ਸਮੇਤ ਸਮੁੱਚੀ ਗੁਰਬਾਣੀ ਮਨੁੱਖ ਮਾਤਰ ਲਈ ਹੈ, ਨਾ ਕਿ ਪਸ਼ੂ ਪੰਛੀਆਂ ਤੇ ਬਨਾਸਪਤੀ ਆਦਿਕ ਲਈ। ਭਾਵੇਂ ਕਿ ਹਵਾ, ਪਾਣੀ ਤੇ ਧਰਤੀ ਆਦਿਕ ਤੱਤ; ਮੂਲ-ਤੱਤ ਪ੍ਰਭੂ ਦੀ ਅੰਸ਼ ਹੋਣ ਸਦਕਾ ਪਸ਼ੂ-ਪੰਛੀਆਂ ਲਈ ਵੀ ਮਨੁੱਖਾਂ ਵਾਂਗ ਹੀ ਲੋੜੀਂਦੇ ਹਨ। ਇਹੀ ਕਾਰਨ ਹੈ ਕਿ ਗੁਰਬਾਣੀ ਦੀ ਸੂਝ ਰੱਖਣ ਵਾਲੇ ਗੁਰਮੁਖ ਸੱਜਣ ਸੁਭਾਵਕ ਹੀ ਆਪਣੇ ਆਲੇ-ਦੁਆਲੇ ਦੀ ਸ੍ਵੱਛਤਾ ਅਤੇ ਵਾਤਾਵਰਣੀ ਸ਼ੁੱਧਤਾ ਲਈ ਵੀ ਯਤਨਸ਼ੀਲ ਰਹਿੰਦੇ ਹਨ, ਕਿਉਂਕਿ ਉਹ ਸਾਰੇ ਜੀਅ-ਜੰਤਾਂ ਨੂੰ ਸਰਬ-ਸਾਂਝੇ ਬਾਪ (ਅਕਾਲ ਪੁਰਖ) ਦੀ ਸੰਤਾਨ ਸਮਝ ਕੇ ਜਿਉਂਦੇ ਹਨ।

ਇਸ ਲਈ ਜਪੁ-ਜੀ ਦੇ ਸਾਰੰਸ਼ ਰੂਪ ਅੰਤਮ ਸਲੋਕ ਦੀਆਂ ਹੇਠ ਲਿਖੀਆਂ ਪਹਿਲੀਆਂ ਦੋ ਤੁਕਾਂ ਜੀਅ-ਜੰਤਾਂ ਦੀ ਉਤਪਤੀ, ਪਾਲਣਾ ਤੇ ਉਨ੍ਹਾਂ ਦੇ ਜੀਵਤ ਰਹਿਣ ਦੇ ਵਾਤਾਵਰਣੀ ਪੱਖਾਂ ਤੋਂ ਭਾਵੇਂ ਸਾਰੇ ਜਗਤ ਨੂੰ ਆਪਣੀ ਲਪੇਟ ਵਿੱਚ ਲੈਂਦੀਆਂ ਹਨ। ਸੰਯੁਗਤ ਰਾਸ਼ਟਰ ਸਭਾ (U.N.O) ਸਮੇਤ ਸਮੁੱਚੇ ਵਾਤਾਵਰਣ ਪ੍ਰੇਮੀ ਆਪੋ ਆਪਣੀ ਭਾਸ਼ਾ ਵਿੱਚ ਜਪੁ-ਜੀ ਦੀਆਂ ਇਨ੍ਹਾਂ ਤੁਕਾਂ ਨੂੰ ਲਿਖ ਕੇ ਤੇ ਬੋਲ ਕੇ ਦੁਹਰਾਂਦੇ ਸੁਣੀਂਦੇ ਹਨ; ਕਿਉਂਕਿ ਉਹ ਅਜਿਹਾ ਮੰਨ ਕੇ ਚੱਲਦੇ ਹਨ ਕਿ ਜੇ ਮਨੁੱਖ ਨੇ ਹਵਾ ਪਾਣੀ ਦੀ ਸ਼ੁੱਧਤਾ ਤੇ ਧਰਤੀ ਦੇ ਮਹੱਤਵ ਨੂੰ ਨਾ ਸਮਝਿਆ ਤਾਂ ਮਨੁੱਖਾ ਸ਼੍ਰੇਣੀ ਸਮੇਤ ਸਾਰੇ ਜੀਅ-ਜੰਤਾਂ ਦਾ ਜਿਉਂਦੇ ਰਹਿ ਸਕਣਾ ਅਸੰਭਵ ਹੈ, ਪ੍ਰੰਤੂ ਗੁਰੂ ਨਾਨਕ ਸਾਹਿਬ ਜੀ ਦਾ ਮੁੱਖ ਮਨੋਰਥ ਮਨੁੱਖਾ ਜ਼ਿੰਦਗੀ ਵਿੱਚ ਗੁਰੂ, ਪਿਤਾ ਅਤੇ ਮਾਤਾ ਦੇ ਮਹੱਤਵ ਤੇ ਰਿਸ਼ਤੇ ਤੋਂ ਜਾਣੂ ਕਰਾਉਣਾ ਹੈ; ਤਾਂ ਕਿ ਉਹ ਮਾਤਾ ਤੇ ਪਿਤਾ ਦੇ ਸੰਜੋਗ ਤੋਂ ਜਨਮ ਲੈ ਕੇ ਉਨ੍ਹਾਂ ਦਾ ਅਦਬ ਕਰਦੇ ਹੋਏ ਜੀਵਨ ਦੀ ਸਫਲਤਾ ਪੱਖੋਂ ਗੁਰੂ ਮਿਲਾਪ ਦੇ ਵਿਸ਼ੇਸ਼ ਮਹੱਤਵ ਨੂੰ ਸਮਝ ਸਕਣ। ਉਹ ਗੁਰਮਤਿ ਦੀ ਸੱਚੀ ਟਕਸਾਲ ਵਿੱਚ ਗੁਰੂ ਵਰਗੇ ਅਜਿਹੇ ਸਚਿਆਰੇ ਜੀਵਨ ਦੀ ਘਾੜਤ ਘੜ ਸਕਣ, ਜੋ ਵਾਤਾਵਰਣ ਪ੍ਰੇਮੀਆਂ ਵਾਂਗ ਸਮੁੱਚੇ ਜਗਤ ਨੂੰ ਆਪਣਾ ਪਰਵਾਰ ਸਮਝ ਕੇ ਉਨ੍ਹਾਂ ਦੇ ਭਲੇ ਦੀ ਸੋਚਣ। ਪਾਵਨ ਤੁਕਾਂ ਹਨ :

                              ਪਵਣੁ ਗੁਰੂ, ਪਾਣੀ ਪਿਤਾ; ਮਾਤਾ ਧਰਤਿ ਮਹਤੁ                                        

ਦਿਵਸ ਰਾਤਿ ਦੁਇ, ਦਾਈ ਦਾਇਆ; ਖੇਲੈ ਸਗਲ ਜਗਤੁ

ਅਰਥ :- ਗੁਰੂ ਦਾ ਮਹੱਤਵ (ਮਹਤੁ) ਮਨੁੱਖ ਦੀ ਆਤਮਕ ਜ਼ਿੰਦਗੀ ਵਿੱਚ ਇਉਂ ਹੈ, ਜਿਵੇਂ ਬਨਾਸਪਤੀ ਸਮੇਤ ਪ੍ਰਾਣਾਧਾਰੀ ਜੀਅ-ਜੰਤਾਂ ਦੇ ਜੀਊਣ ਲਈ ‘ਹਵਾ’ (ਪਵਣ)। ਪਿਤਾ ਦਾ ਮਹੱਤਵ ਮਨੁੱਖਾ ਜ਼ਿੰਦਗੀ ਵਿਚ ਇਉਂ ਹੈ, ਜਿਵੇਂ ਬਨਾਸਪਤੀ ਸਮੇਤ ਜੀਅ-ਜੰਤਾਂ ਦੀ ਪੈਦਾਇਸ਼ ਅਤੇ ਜੀਊਣ ਲਈ ‘ਪਾਣੀ’। ਮਾਤਾ ਦਾ ਮਹੱਤਵ ਇਉਂ ਹੈ, ਜਿਵੇਂ ਬਨਾਸਪਤੀ ਦੀ ਪੈਦਾਇਸ਼ ਸਮੇਤ ਜੀਅ-ਜੰਤਾਂ ਦੇ ਜੀਊਣ ਲਈ ‘ਧਰਤੀ’। ਪਵਣ, ਪਾਣੀ ਅਤੇ ਧਰਤੀ (ਮਿੱਟੀ) ਆਦਿਕ ਤੱਤਾਂ ਦੇ ਸੁਮੇਲ ਸਦਕਾ ਪੈਦਾ ਹੋ ਰਹੇ ਇਸ ਜਗਤ ਲਈ ਦਿਨ ਤੇ ਰਾਤ ਦੋਵੇਂ ਮਾਨੋ ਖਿਡਾਵਾ ਤੇ ਖਿਡਾਵੀ (ਦਾਇਆ ਦਾਈ) ਹਨ, ਜਿਨ੍ਹਾਂ ਦੁਆਰਾ ਸਾਰਾ ਸੰਸਾਰ ਆਪਣੇ ਜੀਵਨ ਦੀ ਖੇਡ ਖੇਲ ਰਿਹਾ ਹੈ ਭਾਵ ਸੰਸਾਰ ਦੇ ਸਾਰੇ ਜੀਵ; ਰਾਤ ਨੂੰ ਸੌਣ ਵਿਚ ਅਤੇ ਦਿਨੇ ਖਾਣ-ਪੀਣ ਲਈ ਆਪੋ ਆਪਣੇ ਕਾਰ-ਵਿਹਾਰ ਵਿਚ ਪਰਚੇ ਰਹਿੰਦੇ ਹਨ।

‘ਮਾਰੂ ਮਹਲਾ 1 ਸੋਲਹੇ’ ਦੇ ਸਿਰਲੇਖ ਹੇਠ ਹਜ਼ੂਰ ਨੇ ਜਪੁ-ਜੀ ਦੀਆਂ ਵਿਚਾਰਧੀਨ ਉਪਰੋਕਤ ਤੁਕਾਂ ਦੇ ਭਾਵਾਰਥ ਨੂੰ ਪ੍ਰਗਟਾਉਂਦਿਆਂ ਦੱਸਿਆ ਹੈ ਕਿ ਅਕਾਲ-ਪੁਰਖ ਆਪ ਹੀ ਸੰਸਾਰ ਦੀ ਇਹ ਸਾਰੀ ਖੇਡ ਖੇਲ ਰਿਹਾ ਹੈ; ਕਿਉਂਕਿ ਇਹ ਸਭ ਕੁਝ ਉਸ ਨੇ ਆਪਣੇ ਆਪੇ ’ਚੋਂ ਹੀ ਪ੍ਰਗਟ ਕੀਤਾ ਹੈ ਭਾਵ ਉਹ ਆਪ ਹੀ ਮਾਂ ਪਿਉ ਬਣ ਕੇ ਜਨਮ ਦਿੰਦਾ ਹੈ ਅਤੇ ਉਹ ਆਪ ਹੀ ਗੁਰੂ ਦੇ ਰੂਪ ਵਿੱਚ ਆਤਮਕ ਸੋਝੀ ਪ੍ਰਦਾਨ ਕਰਦਾ ਹੈ। ਪਾਵਨ ਗੁਰ ਵਾਕ ਹੈ : ‘‘ਪਉਣੁ ਗੁਰੂ, ਪਾਣੀ ਪਿਤ ਜਾਤਾ ਉਦਰ ਸੰਜੋਗੀ, ਧਰਤੀ ਮਾਤਾ ਰੈਣਿ ਦਿਨਸੁ ਦੁਇ, ਦਾਈ ਦਾਇਆ; ਜਗੁ ਖੇਲੈ ਖੇਲਾਈ ਹੇ ੧੦’’ (ਮਹਲਾ /੧੦੨੧) ਰਾਮਕਲੀ ਰਾਗ ਵਿਚਲੀ ‘ਅਨੰਦੁ’ ਨਾਮਕ ਬਾਣੀ ਵਿੱਚ ‘‘ਹਰਿ ਆਪੇ ਮਾਤਾ, ਆਪੇ ਪਿਤਾ; ਜਿਨਿ ਜੀਉ ਉਪਾਇ ਜਗਤੁ ਦਿਖਾਇਆ ਗੁਰ ਪਰਸਾਦੀ ਬੁਝਿਆ, ਤਾ ਚਲਤੁ ਹੋਆ; ਚਲਤੁ ਨਦਰੀ ਆਇਆ ’’ (ਮਹਲਾ /੯੨੧) ਗੁਰ ਵਾਕ ਦੁਆਰਾ, ਜਿਥੇ ਮਾਤਾ ਪਿਤਾ ਦੇ ਸਮਾਜਕ ਰਿਸ਼ਤੇ ਅਤੇ ਅਧਿਆਤਮਕ ਰਹੱਸ ਨੂੰ ਪ੍ਰਗਟਾਇਆ ਗਿਆ ਹੈ, ਉਥੇ ਇਹ ਪੱਖ ਵੀ ਉਜਾਗਰ ਕੀਤਾ ਹੈ ਕਿ ਮਾਤਾ ਪਿਤਾ ਦੇ ਸੰਜੋਗ ਤੋਂ ਪੈਦਾ ਹੋਏ ਸਰੀਰ ਦੀ ਬਦੌਲਤ ਹੀ ਮਨੁੱਖ; ਗੁਰੂ ਦੀ ਮਿਹਰ ਦਾ ਪਾਤਰ ਬਣ ਕੇ ਆਤਮਕ ਅਨੰਦ ਮਾਣਦਾ ਹੈ। ਜਿਵੇਂ ਸਮਾਜਕ ਤਲ ਦੇ ਭੈਣ ਭਰਾਵਾਂ ਆਦਿਕ ਸਾਰੇ ਰਿਸ਼ਤਿਆਂ ਦਾ ਆਧਾਰ ਮਾਤਾ ਪਿਤਾ ਬਣਦੇ ਹਨ, ਤਿਵੇਂ ਹੀ ਆਤਮਕ ਤਲ ਦੇ ਸਾਰੇ ਦੈਵੀ-ਗੁਣਾਂ ਦਾ ਆਧਾਰ ਗੁਰੂ ਦੇ ਮਿਲਾਪ ਨੂੰ ਮੰਨਿਆ ਜਾਂਦਾ ਹੈ। ਰਾਮਕਲੀ ਰਾਗ ਵਿੱਚ ਭਾਈ ਸੱਤੇ ਤੇ ਬਲਵੰਡ ਦੀ ਉਚਾਰੀ ਵਾਰ ਦੇ ਅੰਮ੍ਰਿਤ ਬਚਨ ‘‘ਦੇ ਗੁਨਾ ਸਤਿ, ਭੈਣ ਭਰਾਵ ਹੈ; ਪਾਰੰਗਤਿ ਦਾਨੁ ਪੜੀਵਦੈ ’’ (ਪੰਨਾ ੯੬੬) ਇਸ ਹਕੀਕਤ ਦਾ ਅਕੱਟ ਪ੍ਰਮਾਣ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ‘‘ਮਾਤ ਪਿਤਾ ਸੰਜੋਗਿ ਉਪਾਏ; ਰਕਤੁ ਬਿੰਦੁ ਮਿਲਿ ਪਿੰਡੁ ਕਰੇ ’’ (ਮਹਲਾ /੧੦੧੩) ਗੁਰ ਵਾਕ ਦੇ ਚਾਨਣ ਵਿੱਚ ਕਿਹਾ ਜਾ ਸਕਦਾ ਹੈ ਕਿ ਜਿਵੇਂ ਮਾਤਾ ਪਿਤਾ ਦੇ ਸੰਜੋਗ ਦੁਆਰਾ ਮਨੁੱਖ ਮਾਂ ਦੀ ਕੁਖੋਂ ਸਥੂਲ ਸਰੀਰ ਦੇ ਰੂਪ ਵਿੱਚ ਜਨਮ ਲੈਂਦਾ ਹੈ; ਤਿਵੇਂ ਹੀ ਗੁਰੂ ਦੀ ਸ਼ਰਨ ਵਿਚੋਂ ਵੀ ਉਸ ਨੂੰ ਨਵਾਂ ਆਤਮਕ-ਜੀਵਨ ਮਿਲਦਾ ਹੈ, ਜਿਹੜਾ ਉਸ ਦੀ ਮਾਨਸਿਕ ਭਟਕਣਾ ਮਿਟਾਉਣ ਦਾ ਸਾਧਨ ਬਣਦਾ ਹੈ। ਜਗਤ-ਗੁਰ-ਬਾਬੇ ਨਾਨਕ ਪਾਤਿਸ਼ਾਹ ਜੀ ਦੀ ਜ਼ਿੰਦਗੀ ਤੋਂ ਪ੍ਰਭਾਵਤ ਹੋਏ ਸਿੱਧਾਂ ਨੇ ਪੁੱਛਿਆ ‘‘ਕਿਤੁ ਬਿਧਿ ਪੁਰਖਾ  ! ਜਨਮ ਵਟਾਇਆ  ? ’’ ਹਜ਼ੂਰ ਨੇ ਉੱਤਰ ਦਿੱਤਾ : ‘‘ਸਤਿਗੁਰ ਕੈ ਜਨਮੈ, ਗਵਨ ਮਿਟਾਇਆ ’’ ਜੇ ਉਨ੍ਹਾਂ ਪੁੱਛਿਆ ਕਿ ‘‘ਕਿਤੁ ਬਿਧਿ, ਆਸਾ ਮਨਸਾ ਖਾਈ  ? ’’ ਤਾਂ ਹਜ਼ੂਰ ਨੇ ਦੱਸਿਆ ਕਿ ਮਨ ਦੇ ਭਟਕਣਾ ਰੂਪ ਫੁਰਨੇ ਤੇ ਦੁਨਿਆਵੀ ਇਛਾਵਾਂ ਅਸਾਂ ਗੁਰ ਸ਼ਬਦੀ ਆਚਾਰ-ਵਿਹਾਰ ਦੁਆਰਾ ਸਾੜੀਆਂ ਹਨ ‘‘ਆਸਾ ਮਨਸਾ, ਸਬਦਿ ਜਲਾਈ ’’ (ਪੰਨਾ ੯੪੦) ਇਹੀ ਕਾਰਨ ਜਾਪਦਾ ਹੈ ਕਿ ਗੁਰਸਿੱਖਾਂ ਨੇ ‘ਅੰਮ੍ਰਿਤ ਸੰਸਕਾਰ’ ਮੌਕੇ ਗੁਰੂ ਦੀਖਿਆ ਦੇ ਪ੍ਰਸੰਗ ਤੋਂ ਨਵੇਂ ਜਨਮ ਤੇ ਜੀਵਨ ਦੀ ਇਞ ਸਿੱਖਿਆ ਦਿੱਤੀ ਜਾਂਦੀ ਹੈ : ‘‘ਅੱਜ ਤੋਂ ਤੁਸੀਂ ‘‘ਸਤਿਗੁਰ ਕੈ ਜਨਮੇ ਗਵਨੁ ਮਿਟਾਇਆ’’ ਹੈ ਅਤੇ ਖ਼ਾਲਸਾ-ਪੰਥ ਵਿੱਚ ਸ਼ਾਮਲ ਹੋਏ ਹੋ। ਤੁਹਾਡਾ ਧਾਰਮਿਕ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਧਾਰਮਿਕ ਮਾਤਾ ਸਾਹਿਬ ਕੌਰ ਜੀ ਹਨ। ਜਨਮ ਆਪ ਦਾ ਕੇਸਗੜ੍ਹ ਸਾਹਿਬ ਦਾ ਤੇ ਵਾਸੀ ਸ੍ਰੀ ਅਨੰਦਪੁਰ ਸਾਹਿਬ ਦੇ ਹੋ। ਤੁਸੀਂ ਇਕ ਪਿਤਾ ਦੇ ਪੁੱਤਰ ਹੋਣ ਕਰਕੇ ਆਪਸ ਵਿਚ ਤੇ ਹੋਰ ਸਾਰੇ ਅੰਮ੍ਰਿਤਧਾਰੀਆਂ ਦੇ ਧਾਰਮਿਕ ਭ੍ਰਾਤਾ ਹੋ। ਤੁਸੀਂ ਪਿਛਲੀ ਕੁਲ, ਕਿਰਤ, ਧਰਮ ਦਾ ਤਿਆਗ ਕਰਕੇ ਅਰਥਾਤ ਪਿਛਲੀ ਜਾਤ-ਪਾਤ, ਜਨਮ, ਦੇਸ਼, ਮਜ਼੍ਹਬ ਦਾ ਖ਼ਿਆਲ ਤਕ ਛੱਡ ਕੇ ਨਿਰੋਲ ਖ਼ਾਲਸਾ ਬਣ ਗਏ ਹੋ। ਇਕ ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ, ਦੇਵਤੇ, ਅਵਤਾਰ, ਪੈਗੰਬਰ ਦੀ ਉਪਾਸ਼ਨਾ ਨਹੀਂ ਕਰਨੀ। ਦਸ ਗੁਰੂ ਸਾਹਿਬਾਨ ਨੂੰ ਅਤੇ ਉਨ੍ਹਾਂ ਦੀ ਬਾਣੀ ਤੋਂ ਬਿਨਾਂ ਕਿਸੇ ਹੋਰ ਨੂੰ ਆਪਣਾ ਮੁਕਤੀ ਦਾਤਾ ਨਹੀਂ ਮੰਨਣਾ।’’

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰਲੇ ‘‘ਦੇਹੀ ਮਾਟੀ, ਬੋਲੈ ਪਉਣੁ ’’ (ਮਹਲਾ /੧੫੨) ਗੁਰ ਵਾਕ ਤੋਂ ਕੁਦਰਤੀ ਵਿਗਿਆਨ ਦਾ ਇਹ ਤੱਥ ਵੀ ਭਲੀਭਾਂਤ ਉਜਾਗਰ ਹੁੰਦਾ ਹੈ ਕਿ ਭੋਜਨ ਰੂਪ ਮਾਟੀ (ਮਿੱਟੀ) ਤੋਂ ਬਣੀ ਦੇਹੀ ਵਿੱਚ ‘ਪਉਣ’ ਹੀ ਬੋਲਦਾ ਹੈ ਭਾਵ ਸੁਆਸਾਂ ਦਾ ਚੱਲਣਾ ਤੇ ਪ੍ਰਾਣੀ ਦਾ ਬੋਲਣਾ; ਇਹ ਸਾਰਾ ਕੁਝ ਹਵਾ ’ਤੇ ਨਿਰਭਰ ਕਰਦਾ ਹੈ। ਜੇ ਹਵਾ ਨਾ ਹੋਵੇ ਤਾਂ ਕਿਸੇ ਵੀ ਪ੍ਰਕਾਰ ਦਾ ਰਾਗ, ਧੁਨੀ ਜਾਂ ਸ਼ਬਦ ਪੈਦਾ ਨਹੀਂ ਹੋ ਸਕਦਾ। ਇਸ ਲਈ ‘ਪਵਣੁ ਗੁਰੂ’ ਦੇ ਰੂਪਕ ਤੋਂ ਸ਼ਬਦ-ਗੁਰੂ ਦਾ ਸਿਧਾਂਤ ਵੀ ਪ੍ਰਗਟ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਢਲੇ ਲੇਖਾਰੀ ਤੇ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਇਸ ਕੁਦਰਤੀ ਪਸਾਰੇ ਨੂੰ ਰੱਬੀ ਹੁਕਮ ਵਿੱਚ ਹੋਇਆ ਚੇਤੰਨ ਤੇ ਜੜ੍ਹ ਸ਼ਕਤੀ ਦਾ ਸੁਮੇਲ ਦੱਸਦਿਆਂ ਪਾਵਨ ਸਲੋਕ ਦੀਆਂ ਉਪਰੋਕਤ ਤੁਕਾਂ ਦੀ ਕਾਵਿਕ-ਵਿਆਖਿਆ ਇਉਂ ਬਿਆਨ ਕੀਤੀ ਹੈ : ‘‘ਪਵਣ ਗੁਰੂ, ਗੁਰੁ ਸਬਦੁ ਹੈ; ਰਾਗ ਨਾਦ ਵੀਚਾਰਾ ਮਾਤਾ ਪਿਤਾ ਜਲੁ ਧਰਤਿ ਹੈ, ਉਤਪਤ ਸੰਸਾਰਾ ਦਾਈ ਦਾਇਆ ਰਾਤਿ ਦਿਹੁ; ਵਰਤੇ ਵਰਤਾਰਾ ਸਿਵ ਸਕਤੀ ਦਾ ਖੇਲੁ ਮੇਲੁ; ਪਰਕਿਰਤਿ ਪਸਾਰਾ ਪਾਰਬ੍ਰਹਮ ਪੂਰਨ ਬ੍ਰਹਮ, ਘਟਿ ਚੰਦ੍ਰ ਅਕਾਰਾ ਆਪੇ ਆਪ ਵਰਤਦਾ; ਗੁਰਮੁਖਿ ਨਿਰਧਾਰਾ (ਵਾਰ / ਪਉੜੀ ੧੯)