ਬੰਦਿਆ ! ਸੋਚ ਕੇ ਸਦਾ ਹੀ ਵਿਚਾਰ; ਕਿੱਥੇ ਤੂੰ ਤੇ ਤੇਰਾ ਕਿਰਦਾਰ ?
ਸਾਰ ਵਿਹੂਣੇ ਤਰਸਣ ਜਦ ਬੁੱਢੇ ਮਾਂ-ਪਿਉ, ਰੱਬ ਦੀ ਕਰੋਪੀ ਦੀ ਹੀ ਪਉ ਚੁਫੇਰੇ ਮਾਰ।
ਬੰਦਿਆ ! ਕਰ ਲੈ ਤੂੰ ਵਿਚਾਰ, ਮਾਇਆ ਲਈ ਦੌੜਦਿਆਂ ਪਿੱਛੇ ਰਿਹਾ ਨਿਰੰਕਾਰ।
ਭੈੜੇ ਕਮਾਏ ਕਰਮਾਂ ਨਾਲ, ਮਨੁੱਖ ਦੁਨੀਆਂ ’ਚੋਂ ਜਾਂਦਾ ਸਦਾ ਹਾਰ।
ਅਗਿਆਨ ਹਨ੍ਹੇਰਾ ਪਿਆ ਭਰਮਾਵੇ, ਜਦ ਕਾਲਖ ਹੀ ਬਚੀ ਦਰਬਾਰ।
ਜਨਨੀ ਔਰਤ ਨਾਰੀ ਜਾਤੀ, ਬੜੇ ਉਮੀਦਾਂ ਨਾਲ ਸ਼ਿੰਗਾਰੇ ਸੰਸਾਰ।
ਬੰਦਿਆ! ਸੋਚ ਕੇ ਸਦਾ ਹੀ ਵਿਚਾਰ; ਕਿੱਥੇ ਤੂੰ ਤੇ ਤੇਰਾ ਕਿਰਦਾਰ ?
ਮਨਮੁਖ ਜਿਨ੍ਹਾਂ ਦੇ ਰੋਲ ਮਾਡਲ, ਤੁਫ਼ਾਨੀ ਸੰਸਾਰ ’ਚ ਫਸੇ ਉਹ ਸਵਾਰ।
ਅਸੀਂ ਨਹੀਂ ਡਿੱਗੇ ਵੰਸ਼ ਡੇਗਿਆ, ਹੁਣ ਬੱਚੇ ਨਾ ਰਹੇ ਬਰਖ਼ੁਰਦਾਰ।
ਗਿਆਨ ਵਿਹੂਣਾ ਜੀਵਨ ਪਸ਼ੂ ਦਾ, ਦੁਨੀਆਂ ’ਚ ਲੱਗੇ ਢੋਰ ਗਵਾਰ।
ਔਰਤ ਸਨਮਾਨ ਕਿਸ ਤੋਂ ਕਰਵਾਈਏ ? ਪਸ਼ੂਆਂ ਦੀ ਫਿਰੇ ਜਦ ਡਾਰ।
365 ਦੀ ਬਜਾਏ ਇੱਕ ਡੇ ਰਹਿ ਗਿਆ, ਕਿਉਂ ਇੱਥੇ ਵੀ ਤਰਸੇ ਸਤਿਕਾਰ ?
ਬੰਦਿਆ! ਸੋਚ ਕੇ ਸਦਾ ਹੀ ਵਿਚਾਰ; ਕਿੱਥੇ ਤੂੰ ਤੇ ਤੇਰਾ ਕਿਰਦਾਰ ?
ਮਨਮਤ ਨਾਂ ਹੈਂਕੜ ਦਾ ਹੈ, ਜੀਵਨ ਨੂੰ ਨਰਕ ਬਣਾਵੇ।
‘ਜਪੁ’ ਤੋਂ ਖੁੰਝਾ ਖ਼ੁਸ਼ਕੀ ਬੰਦਾ, ਸੁਆਸ ਅਜਾਈਂ ਗੁਆਵੇ।
ਪੰਜੇ ਵਿਕਾਰ ਦੀ ਚਾਰ-ਦੁਆਰੀ, ਪਤਿਤ/ ਨਸ਼ੇ ’ਚ ਮੇਲ ਕਰਾਵੇ।
ਗੁਰਾਂ ਨੇ ਬਖ਼ਸ਼ਿਆ ਸਿੱਖੀ ਸਰੂਪ, ਸਭ ਸਾਮ੍ਹਣੇ ਸਤਿਕਾਰ ਕਮਾਵੇ।
ਜਿਨ੍ਹਾਂ ਔਰਤਾਂ ਕੀਤੀ ਕਮਾਈ, ਉਨ੍ਹਾਂ ਘਰ ਆਪਣੇ ਰੁਸ਼ਨਾਏ।
ਗੁਰਾਂ ਦੇ ਚਰਨੀਂ ਲੱਗਿਆ ਟੱਬਰ, ਹਰ ਥਾਂ ਮਹਿਕਾਏ, ਚਮਕਾਏ।
ਗੁਰ ਸ਼ਬਦ ਦੀ ਕਰਦੇ ਜੋ ਵਿਚਾਰ; ਇਤਿਹਾਸ ਸਿਰਜਦੇ ਉਹੀ ਕਿਰਦਾਰ ?
ਬੰਦਿਆ ! ਸੋਚ ਕੇ ਸਦਾ ਹੀ ਵਿਚਾਰ; ਕਿੱਥੇ ਤੂੰ ਤੇ ਤੇਰਾ ਕਿਰਦਾਰ ?
ਬੀਬੀ ਅਮਰ ਕੌਰ, ਲਾਲਾ ਨਗਰ, ਮਾਡਲ ਟਾਊਨ (ਜਲੰਧਰ)-99881-76886