ਸ਼ਬਦ ਗੁਰੂ (ਭਾਗ ਪਹਿਲਾ)
ਗੁਰੂ ਕੌਣ ਹੈ ? ਗੁਰੂ ਕਿਸ ਤਰ੍ਹਾਂ ਹੈ ? ਅਤੇ ਗੁਰੂ ਕਿਉਂ ਹੈ ? ਅੱਜ ਦੇ ਮਾਹੌਲ ਅੰਦਰ ਇਸ ਦਾ ਬੜਾ ਭੁਲੇਖਾ ਹੈ। ਭੁਲੇਖਾ ਪਾਇਆ ਵੀ ਜਾ ਰਿਹਾ ਹੈ । ਬੜੀਆਂ ਸਾਜਸ਼ਾਂ ਨਾਲ ਭੁਲੇਖਾ ਪਾਇਆ ਜਾ ਰਿਹਾ ਹੈ । ਇਸ ਦੀ ਚਰਚਾ ਵੀ ਬਹੁਤ ਹੈ, ਬਹੁਤ ਚਰਚਾ ਹੈ ਇਸ ਦੀ, ਕਿ ਗੁਰੂ ਕੌਣ ਹੈ ? ਗੁਰੂ ਕਿਸ ਤਰ੍ਹਾਂ ਹੈ ? ਗੁਰੂ ਕਿਉਂ ਹੈ ? ਇਹਨਾਂ ਸਵਾਲਾਂ ਦੀ ਬਹੁਤ ਚਰਚਾ ਹੈ। ਸਿੱਖ ਧਰਮ ਵਿੱਚ, ਇਹਨਾਂ ਸਵਾਲਾਂ ਦੀ ਬਹੁਤ ਅਹਿਮੀਅਤ ਹੈ। ਸਿੱਖ ਧਰਮ ਅੰਦਰ, ਸਿੱਖਾਂ ਲਈ ਇਹ ਸਵਾਲ ਬਹੁਤ ਅਹਿਮ ਸਵਾਲ ਹੈ। ਇਹ ਸਵਾਲ ਸਿੱਖਾਂ ਲਈ ਬਹੁਤ ਹੀ ਵੱਡਾ ਹੈ ਕਿ ਗੁਰੂ ਕੌਣ ਹੈ ? ਗੁਰੂ ਕਿਸ ਤਰ੍ਹਾਂ ਹੈ ? ਗੁਰੂ ਕਿਉਂ ਹੈ ? ਹਰੇਕ ਸਿੱਖ ਨੂੰ ਇਸ ਸਵਾਲ ਦਾ ਜਵਾਬ ਆਉਣਾ ਚਾਹੀਦਾ ਹੈ। ਇਸੇ ਕਰਕੇ ਅੱਜ ਦੇ ਵਕਤ ਮੈਂ ਇਸ ਦੀ ਵੀਚਾਰ ਕਰ ਰਿਹਾ ਹਾਂ । ਗੁਰੂ ਕੌਣ ਹੈ ? ਗੁਰੂ ਕਿਸ ਤਰ੍ਹਾਂ ਹੈ ? ਗੁਰੂ ਕਿਉਂ ਹੈ ?
ਗੁਰੂ ਨਾਨਕ ਸਾਹਿਬ ਜੀ ਜਦੋਂ ਸੰਨ 1517 ਈਸਵੀ ਨੂੰ ਦੂਸਰੀ ਉਦਾਸੀ (ਧਰਮ ਪ੍ਰਚਾਰ ਯਾਤਰਾ) ਦੌਰਾਨ ਸੁਮੇਰ ਪਰਬਤ, ਜਿਸ ਨੂੰ ਰੁਦ੍ਰ ਹਿਮਾਲਾ ਵੀ ਕਹਿੰਦੇ ਹਨ, ਇੱਥੇ ਭਾਈ ਮਰਦਾਨਾ ਜੀ ਨਾਲ ਪਹੁੰਚੇ, ਸਿਧ ਜੋਗੀ ਜੋ ਆਪਣੇ ਆਪ ਨੂੰ ਕਰਾਮਾਤੀ ਕਹਿੰਦੇ ਸਨ ਇਹ ਦੇਖ ਕੇ ਬਹੁਤ ਹੈਰਾਨ ਹੋਏ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦੇ ਹਨ ? ਤੁਸੀਂ ਕਿਹੜੀ ਸ਼ਕਤੀ ਨਾਲ, ਕਿਹੜੀ ਕਰਾਮਾਤ ਨਾਲ, ਸਾਡੇ ਕੋਲ ਪਹੁੰਚੇ ਹੋ ? ਭਾਈ ਗੁਰਦਾਸ ਜੀ ਨੇ ਇਸ ਦਾ ਜ਼ਿਕਰ ਕੀਤਾ ਹੈ –
ਬਾਬੇ ਡਿਠੀ ਪਿਰਥਮੀ, ਨਵੈ ਖੰਡਿ ਜਿਥੈ ਤਕਿ ਆਹੀ।
ਫਿਰਿ ਜਾਇ ਚੜ੍ਹਿਆ ਸੁਮੇਰ ਪਰ, ਸਿਧ ਮੰਡਲੀ ਦ੍ਰਿਸਟੀ ਆਈ।
ਚਉਰਾਸੀਹ ਸਿਧ ਗੋਰਖਾਦਿ, ਮਨ ਅੰਦਰਿ ਗਣਤੀ ਵਰਤਾਈ।
ਸਿਧ ਪੁਛਣਿ ਸੁਣਿ ਬਾਲਿਆ ! ਕਉਣੁ ਸਕਤਿ ਤੁਹਿ ਏਥੇ ਲਿਆਈ। (ਭਾਈ ਗੁਰਦਾਸ ਜੀ, ਵਾਰ ੧ ਪਉੜੀ ੨੮)
ਗੁਰੂ ਬਾਬੇ ਨੇ ਨੌ ਖੰਡ ਪ੍ਰਿਥਵੀ ਦੇ ਹਾਲਾਤ ਦੇਖੇ। ਲੋਕ ਅਗਿਆਨਤਾ ਅਤੇ ਵਹਿਮਾਂ ਭਰਮਾਂ ਵਿੱਚ ਦੁਖੀ ਸਨ। ਇਹਨਾਂ ਦਾ ਉਧਾਰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਸੁਮੇਰ ਪਰਬਤ ’ਤੇ ਜਾਣ ਦੀ ਤਿਆਰੀ ਕੀਤੀ। ਜਦੋਂ ਗੁਰੂ ਸਾਹਿਬ ਭਾਈ ਮਰਦਾਨਾ ਜੀ ਨਾਲ 29 ਹਜਾਰ ਫੁੱਟ ਦੀ ਉਚਾਈ ਵਾਲੇ ਰੁਦ੍ਰ ਹਿਮਾਲਾ ਸੁਮੇਰ ਪਰਬਤ ’ਤੇ ਪਹੁੰਚੇ, ਸੁਮੇਰ ਪਰਬਤ ’ਤੇ 84 ਸਿੱਧ ਜੋਗੀਆਂ ਦਾ ਟੋਲਾ ਮਿਲਿਆ। ਗੋਰਖ ਨਾਥ ਇਹਨਾਂ ਸਿੱਧ ਜੋਗੀਆਂ ਦਾ ਮੁਖੀ ਸੀ। ਭਗੀਰਥਨਾਥ, ਚਰਪਟਨਾਥ, ਭੰਗਰਨਾਥ, ਝੰਗਰਨਾਥ, ਔਗੜਨਾਥ, ਸ਼ੀਤਲਨਾਥ, ਭੂਤਨਾਥ, ਪ੍ਰਾਣਨਾਥ, ਲੁਹਾਰੀਪਾ ਇਤਿਆਦਿਕ ਸਿੱਧਾਂ ਨੇ ਜਦੋਂ ਗੁਰੂ ਸਾਹਿਬ ਨੂੰ ਦੇਖਿਆ ਸੋਚੀਂ ਪੈ ਗਏ ਕਿ ਇਹ ਇੰਨੀ ਉਚਾਈ ’ਤੇ ਕਿਵੇਂ ਆ ਪਹੁੰਚੇ ਹਨ ? ਫਿਰ ਗੁਰੂ ਸਾਹਿਬ ਨੂੰ ਬਾਲਾ ਭਾਵ ਬੱਚਾ ਕਹਿ ਕੇ ਪੁੱਛਦੇ ਹਨ ? ਬੱਚਾ ਸਾਨੂੰ ਦੱਸ ਤੂੰ ਕਿਸ ਸ਼ਕਤੀ ਨਾਲ, ਕਿਸ ਕਰਾਮਾਤ ਨਾਲ ਇੱਥੇ ਪਹੁੰਚਿਆ ਹੈ ? ਗੁਰੂ ਸਾਹਿਬ ਦੀ ਉਮਰ ਉਸ ਵੇਲੇ 48 ਸਾਲ ਦੀ ਸੀ ਤੇ ਸਿੱਧ ਜੋਗੀਆਂ ਦੀ ਉਮਰ ਬਹੁਤ ਲੰਮੇਰੀ ਸੀ। ਇਸ ਕਰਕੇ ਗੁਰੂ ਜੀ ਨੂੰ ਬੱਚਾ ਭਾਵ ਬਾਲਾ ਕਹਿ ਕੇ ਬੁਲਾਉਂਦੇ ਹਨ। ਗੁਰੂ ਸਾਹਿਬ ਨੇ ਜੋ ਜਵਾਬ ਦਿੱਤਾ ਭਾਈ ਗੁਰਦਾਸ ਜੀ ਨੇ ਉਹ ਬਿਆਨ ਕੀਤਾ ਹੈ:-
ਸਿਧਿ ਬੋਲਨਿ ਸੁਣਿ ਨਾਨਕਾ ! ਤੁਹਿ ਜਗ ਨੋ ਕਿਆ ਕਰਾਮਾਤਿ ਦਿਖਾਈ।
ਕੁਝ ਵਿਖਾਲੇਂ ਅਸਾ ਨੋ, ਤੁਹਿ ਕਿਉ ਢਿਲ ਅਵੇਹੀ ਲਾਈ।
ਬਾਬਾ ਬੋਲੇ ਨਾਥ ਜੀ ! ਅਸਾਂ ਤੇ ਵੇਖਣਿ ਜੋਗੀ ਵਸਤੁ ਨ ਕਾਈ।
ਗੁਰ ਸੰਗਤਿ ਬਾਣੀ ਬਿਨਾ, ਦੂਜੀ ਓਟ ਨਹੀਂ ਹਹਿ ਰਾਈ। (ਭਾਈ ਗੁਰਦਾਸ ਜੀ, ਵਾਰ ੧ ਪਉੜੀ ੪੨)
ਬੱਚਾ ! ਜਿਸ ਕਰਾਮਾਤ ਨਾਲ ਤੂੰ ਇੱਥੇ ਪਹੁੰਚਿਆ ਹੈ, ਉਹ ਕਰਾਮਾਤ ਸਾਨੂੰ ਵੀ ਦਿਖਾ, ਗੁਰੂ ਸਾਹਿਬ ਨੇ ਕਿਹਾ ਸਿੱਧ ਜੋਗੀਓ ! ਪਹਿਲੀ ਗੱਲ ਇਹ ਜੋਗ ਮਤ ਕੋਈ ਰੱਬ ਨਾਲ ਸਾਂਝ ਪਾਉਣ ਵਾਲਾ ਰਸਤਾ ਨਹੀਂ ਹੈ। ਇਹ ਹਾਰਿਆਂ ਅਤੇ ਭਗੌੜਿਆਂ ਦਾ ਮਾਰਗ ਹੈ। ਤੁਸੀਂ ਗ੍ਰਿਹਸਤ ਦੀ ਪਰਵਾਰ ਸੰਭਾਲਣ ਦੀ ਜ਼ਿੰਮੇਵਾਰੀ ਤੋਂ ਦੌੜੇ ਹੋ ਗ੍ਰਿਹਸਤ ਪਰਵਾਰ ਦੀ ਜ਼ਿੰਮੇਵਾਰੀ ਸੰਭਾਲਣੀ ਤਾਂ ਧਰਮ ਦੀ ਜ਼ਿੰਮੇਵਾਰੀ ਤੋਂ ਛੋਟੀ ਹੈ। ਲੋਕਾਂ ਨੂੰ ਧਰਮ ਦੇ ਮਾਰਗ ’ਤੇ ਚਲਾਉਣ ਅਤੇ ਆਪ ਧਰਮ ਮਾਰਗ ’ਤੇ ਚੱਲਣ, ਗ੍ਰਿਹਸਤ ਪਰਵਾਰ ਦੀ ਜ਼ਿੰਮੇਵਾਰੀ ਨਾਲੋਂ ਬਹੁਤ ਵੱਡੀ ਹੈ। ਜਿਹੜਾ ਮਨੁੱਖ ਛੋਟੀ ਜ਼ਿੰਮੇਵਾਰੀ ਨੂੰ ਨਹੀਂ ਨਿਭਾ ਸਕਦਾ, ਉਹ ਵੱਡੀ ਜ਼ਿੰਮੇਵਾਰੀ ਨੂੰ ਕਿਵੇਂ ਨਿਭਾਵੇਗਾ। ਜਿਹੜਾ ਮਨੁੱਖ 10 ਕਿਲੋ ਭਾਰ ਚੁੱਕ ਕੇ ਨਹੀਂ ਤੁਰ ਸਕਦਾ, ਉਹ ਮਨੁੱਖ ਇੱਕ ਕੁਇੰਟਲ ਭਾਰ ਚੁੱਕ ਕੇ ਕਿਵੇਂ ਤੁਰੇਗਾ ? ਇਸ ਲਈ ਯੋਗ ਮੱਤ ਰੱਬ ਨਾਲ ਜੁੜਨ ਦਾ ਮਤ ਨਹੀਂ ਹੈ। ਇਹ ਭਗੌੜਿਆਂ ਤੇ ਹਾਰਿਆਂ ਦਾ ਮਜ਼੍ਹਬੀ ਰਸਤਾ ਹੈ। ਦੂਸਰੀ ਗੱਲ ਤੁਸੀਂ ਮੈਨੂੰ ਪੁੱਛਦੇ ਹੋ ਤੁਹਾਡੇ ਕੋਲ ਕਰਾਮਾਤ ਕਿਹੜੀ ਹੈ। ਸਾਡੇ ਕੋਲ ਰੱਬ ’ਤੇ ਵਿਸ਼ਵਾਸ, ਰੱਬੀ ਗੁਣ, ਰੱਬੀ ਬਾਣੀ, ਸੱਚ ਦੀ ਸੰਗਤ ਹੀ ਵੱਡੀ ਕਰਾਮਾਤ ਹੈ। ਭਗਤੀ ਹੀ ਸ਼ਕਤੀ ਹੈ:-
ਬਾਝੋ ਸਚੇ ਨਾਮ ਦੇ, ਹੋਰੁ ਕਰਾਮਾਤਿ ਅਸਾਂ ਤੇ ਨਾਹੀ। (ਭਾਈ ਗੁਰਦਾਸ ਜੀ, ਵਾਰ ੧ ਪਉੜੀ ੪੩)
ਸੱਚ ਨਾਮ ਤੋਂ ਬਗੈਰ, ਸ਼ਬਦ ਗੁਰੂ ਤੋਂ ਬਗੈਰ, ਸਾਡੇ ਕੋਲ ਹੋਰ ਕੋਈ ਕਰਾਮਾਤ ਨਹੀਂ ਹੈ। ਸਾਡੇ ਕੋਲ ਇੱਕ ਪਾਸੇ ਤਾਂ ਕਿਸੇ ਕੋਲ ਵੀ ਕੋਈ ਕਰਾਮਾਤ ਨਹੀਂ ਹੈ, ਇਹ ਸਿਰਫ ਭੁਲੇਖਾ ਹੈ, ਰੱਬ ਦੇ ਹੁਕਮ ਨਿਯਮ ਨੂੰ ਕਦੀ ਵੀ ਬਦਲਿਆ ਨਹੀਂ ਜਾ ਸਕਦਾ:-
ਹਉ ਜਪਿਆ ਪਰਮੇਸਰੋ, ਭਾਉ ਭਗਤਿ ਸੰਗਿ ਤਾੜੀ ਲਾਈ।(ਭਾਈ ਗੁਰਦਾਸ ਜੀ, ਵਾਰ ੧ ਪਉੜੀ ੨੮)
ਅਸੀਂ ਸਿਰਫ ਇੱਕ ਪਰਮੇਸ਼ਰ ਦੀ ਪ੍ਰੇਮਾ ਭਗਤੀ ਹੀ ਕੀਤੀ ਹੈ। ਅੱਖਾਂ ਬੰਦ ਕਰਕੇ ਚੌਂਕੜੇ ਮਾਰ ਕੇ ਸੁਆਸ ਉੱਪਰ ਥੱਲੇ ਕਰਨੇ ਕੋਈ ਭਗਤੀ ਨਹੀਂ ਹੈ। ਇਹ ਜਵਾਬ ਸੁਣ ਕੇ ਸਿੱਧ ਜੋਗੀ ਹੈਰਾਨ ਹੋ ਗਏ ਸਨ । ਗੋਰਖ ਨਾਥ ਤਾਂ ਸਭ ਕੁਝ ਭੁੱਲ ਗਿਆ ਸੀ। ਹੈਰਾਨ ਹੋ ਕੇ ਪੁੱਛਦਾ ਹੈ ? ਭਾਈ ਗੁਰਦਾਸ ਜੀ ਆਖਦੇ ਹਨ:-
ਆਖਣਿ ਸਿਧ ਸੁਣਿ ਬਾਲਿਆ ! ਆਪਣਾ ਨਾਉ ਤੁਮ ਦੇਹੁ ਬਤਾਈ।
ਬਾਬਾ ਆਖੇ ਨਾਥ ਜੀ ! ਨਾਨਕ ਨਾਮ ਜਪੇ ਗਤਿ ਪਾਈ।
ਨੀਚੁ ਕਹਾਇ ਊਚ ਘਰਿ ਆਈ।੨੮। (ਭਾਈ ਗੁਰਦਾਸ ਜੀ, ਵਾਰ ੧ ਪਉੜੀ ੨੮)
ਸਿੱਧ ਜੋਗੀ ਪੁੱਛਦੇ ਹਨ, ਬੱਚਾ ! ਤੇਰਾ ਨਾਮ ਕੀ ਹੈ ? ਗੁਰੂ ਸਾਹਿਬ ਨੇ ਆਖਿਆ ਕਿ ਨਾਮ ਸਾਡਾ ਨਾਨਕ ਹੈ, ਰੱਬੀ ਗੁਣ, ਨਾਮ ਦੀ ਬਰਕਤ ਨਾਲ ਤੁਹਾਡੇ ਕੋਲ ਪਹੁੰਚਣ ਦੀ ਗਤਿ ਅਵਸਥਾ ਪਾਈ ਹੈ। ਨਿਮਰਤਾ ਨਾਲ ਹੀ ਉੱਚੀ ਅਵਸਥਾ ਬਣਦੀ ਹੈ ਜਦੋਂ ਵੀ ਕੋਈ ਗੁਰੂ ਪਾਤਿਸ਼ਾਹ ਨੂੰ ਨਾਮ ਪੁੱਛਦੇ ਸਨ, ਉਹ ਇਹੀ ਜਵਾਬ ਦਿੰਦੇ ਸਨ:-
ਮਾਣਸ ਮੂਰਤਿ ਨਾਨਕੁ ਨਾਮੁ ॥ ਕਰਣੀ ਕੁਤਾ ਦਰਿ ਫੁਰਮਾਨੁ ॥
ਗੁਰ ਪਰਸਾਦਿ ਜਾਣੈ ਮਿਹਮਾਨੁ ॥ ਤਾ ਕਿਛੁ ਦਰਗਹ ਪਾਵੈ ਮਾਨੁ ॥੪॥ (ਮਹਲਾ ੧/੩੫੦)
ਸ਼ਕਲ ਦੇ ਅਸੀਂ ਮਨੁੱਖ ਹੀ ਹਾਂ, ਨਾਨਕ ਨਾਮ ਹੈ, ਮਨੁੱਖ ਦੀ ਕਰਣੀ ਕੁੱਤਿਆਂ ਵਾਲੀ ਹੈ, ਅਸੀਂ ਪ੍ਰਭੂ ਦੇ ਦਰ ’ਤੇ ਪ੍ਰਵਾਨ ਹੋਣ ਲਈ ਉਸ ਪਰਮੇਸ਼ਰ ਦੇ ਹੁਕਮ ਦੇ ਪਾਬੰਦ ਹਾਂ। ਗੁਰੂ ਦੀ ਕਿਰਪਾ ਨਾਲ ਜੋ ਆਪਣੇ ਆਪ ਨੂੰ ਇਸ ਸੰਸਾਰ ਵਿੱਚ ਪਰਾਹੁਣੇ ਦੀ ਤਰ੍ਹਾਂ ਸਮਝਦਾ ਹੈ, ਉਹੀ ਜੀਵਨ ਵਿੱਚ ਸਫਲ ਹੁੰਦਾ ਹੈ। ਇਹ ਸਾਰੀ ਵਿਚਾਰ ਸੁਣ ਕੇ ਸਿੱਧ ਜੋਗੀ ਅਤੇ ਉਨਾਂ ਦਾ ਮੁਖੀ ਗੋਰਖ ਨਾਥ ਮਨ ਹੀ ਮਨ ਸੋਚਦੇ ਹਨ । ਨਾਨਕ ਇਤਨੇ ਮਹਾਨ, ਇਨਾਂ ਦਾ ਗੁਰੂ ਤਾਂ ਇਹਨਾਂ ਤੋਂ ਵੀ ਮਹਾਨ ਹੋਵੇਗਾ। ਚੇਲੇ ਨਾਲੋਂ ਗੁਰੂ ਮਹਾਨ ਹੀ ਹੁੰਦਾ ਹੈ। ਉਹ ਗੁਰੂ ਕਿੰਨਾ ਮਹਾਨ ਹੋਵੇਗਾ, ਜਿਸ ਨੇ ਨਾਨਕ ਨੂੰ ਇਤਨਾ ਮਹਾਨ ਬਣਾਇਆ ਹੈ। ਹੁਣ ਸਿੱਧ ਯੋਗੀ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦੇ ਹਨ,ਜਿਸ ਦਾ ਜ਼ਿਕਰ ਗੁਰਬਾਣੀ ਅੰਦਰ ਕੀਤਾ ਹੈ :-
ਕਵਣ ਮੂਲੁ ? ਕਵਣ ਮਤਿ ਵੇਲਾ ॥ ਤੇਰਾ ਕਵਣੁ ਗੁਰੂ ? ਜਿਸ ਕਾ ਤੂ ਚੇਲਾ ॥ (ਮਹਲਾ ੧/੯੩8)
ਚਾਰ ਸਵਾਲ ਕੀਤੇ ਹਨ, ਜੀਵਨ ਦਾ ਮੂਲ (ਮੁੱਢ) ਕੀ ਹੈ ? ਜਿਸ ਦੇ ਸਹਾਰੇ ਜੀਵਨ ਚੱਲਦਾ ਹੈ । ਦੂਸਰਾ ਸਵਾਲ ਸਿੱਖਿਆ ਦੀਖਿਆ ਗ੍ਰਹਿਣ ਕਰਨ ਦਾ ਵੇਲਾ (ਸਮਾਂ) ਉਮਰ ਕਿਹੜੀ ਹੈ ? ਤੀਸਰਾ ਅਤੇ ਚੌਥਾ ਸਵਾਲ ਤੇਰਾ ਗੁਰੂ ਕੌਣ ਹੈ ? ਤੂੰ ਕਿਸ ਗੁਰੂ ਦਾ ਚੇਲਾ ਹੈ ? ਚਾਰ ਸਵਾਲ ਹਨ ਜੀਵਨ ਦਾ ਮੂਲ ਕੀ ਹੈ, ਦੀਖਿਆ ਲੈਣ ਦੀ ਉਮਰ ਕਿਹੜੀ ਹੈ, ਤੁਹਾਡਾ ਗੁਰੂ ਕੌਣ ਹੈ ? ਤੁਸੀਂ ਕਿਸ ਗੁਰੂ ਦੇ ਚੇਲੇ ਹੋ ? ਗੁਰੂ ਸਾਹਿਬ ਨੇ ਚਾਰ ਸਵਾਲਾਂ ਦੇ ਜਵਾਬ ਦਿੱਤੇ ਹਨ :-
ਪਵਨ ਅਰੰਭੁ, ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ, ਸੁਰਤਿ ਧੁਨਿ ਚੇਲਾ ॥ (ਮਹਲਾ ੧/੯੩8)
ਇੱਕ ਸਵਾਲ ਦਾ ਇਕ ਇਕ ਜਵਾਬ ਮਾਨੋ ਗਾਗਰ ਵਿੱਚ ਸਾਗਰ ਪਾ ਦਿੱਤਾ ਹੋਵੇ, ਸਵਾਲ ਹੈ ‘ਕਵਣ ਮੂਲੁ’ ਜੀਵਨ ਦਾ ਮੂਲ ਕੀ ਹੈ ? ਜਵਾਬ ਦਿੱਤਾ ‘ਪਵਨ ਅਰੰਭੁ’ ਜੀਵਨ ਦਾ ਮੂਲ, ਸਰੀਰ ਦਾ ਮੂਲ, ਪਵਨ ਹਵਾ ਸੁਆਸ ਹਨ, ਸੁਆਸ ਹੈ ਤਾਂ ਜੀਵਨ ਹੈ, ਸੁਆਸ ਨਹੀਂ ਤਾਂ ਸਰੀਰ ਨਹੀਂ ਹੈ, ਮਿੱਟੀ ਦੀ ਢੇਰੀ ਹੈ। ਤੁਸੀਂ ਖਿਆਲ ਕਰਨਾ ਜੇਕਰ ਬ੍ਰਿਸ਼ ਦੀਆਂ ਜੜਾਂ ਮੂਲ ਹਨ ਤਾਂ ਫੁੱਲ, ਫਲ, ਟਹਿਣੀਆਂ, ਪੱਤੇ ਸਭ ਕੁਝ ਹੋਣਗੇ, ਪਰ ਜੇ ਮੂਲ ਜੜ੍ਹ ਨਹੀਂ ਫਿਰ ਕੁਝ ਵੀ ਨਹੀਂ ਹੋਵੇਗਾ, ਇਸੇ ਤਰ੍ਹਾਂ ਜੇਕਰ ਸਰੀਰ ਅੰਦਰ ਸੁਆਸ ਹਨ ਤਾਂ ਜ਼ਿੰਦਗੀ ਦੀ ਗੱਡੀ ਚਲਦੀ ਹੈ। ਅੱਖਾਂ ਦੇਖ ਸਕਦੀਆਂ ਹਨ, ਕੰਨ ਸੁਣ ਸਕਦੇ ਹਨ, ਜ਼ਬਾਨ ਬੋਲ ਸਕਦੀ ਹੈ, ਦਿਮਾਗ ਕੰਮ ਕਰ ਸਕਦਾ ਹੈ, ਖੂਨ ਗਰਦਿਸ਼ ਵਿੱਚ ਹੋਵੇਗਾ, ਦਿਲ ਦੀ ਧੜਕਣ ਚਲਦੀ ਹੈ, ਹੱਥ ਪੈਰ ਚਲਦੇ ਹਨ, ਪਰ ਜੇਕਰ ਮੂਲ ਸਵਾਸ ਨਹੀਂ ਹਨ ਤਾਂ ਅੱਖਾਂ ਦੇਖ ਨਹੀਂ ਸਕਦੀਆਂ, ਕੰਨ ਸੁਣ ਨਹੀਂ ਸਕਦੇ, ਜ਼ਬਾਨ ਬੋਲ ਨਹੀਂ ਸਕਦੀ, ਦਿਮਾਗ ਕੰਮ ਨਹੀਂ ਕਰਦਾ, ਦਿਲ ਦੀ ਧੜਕਣ ਰੁਕ ਜਾਂਦੀ ਹੈ, ਸਭ ਕੁਝ ਖਤਮ ਹੋ ਜਾਂਦਾ ਹੈ । ਇਸ ਲਈ ਸਰੀਰ ਦਾ ਮੂਲ ‘ਸਵਾਸ ਪਵਣ’ ਹੈ । ਦੂਸਰਾ ਸਵਾਲ ‘ਕਵਣ ਮਤਿ ਵੇਲਾ’ ਸਿੱਖਿਆ ਦੀਖਿਆ ਲੈਣ ਦੀ ਉਮਰ ਕਿਹੜੀ ਹੈ ? ਜਵਾਬ ਦਿੱਤਾ ‘ਸਤਿਗੁਰ ਮਤਿ ਵੇਲਾ’ ਗੁਰੂ ਤੋਂ ਸਿੱਖਿਆ ਦੀਖਿਆ ਲੈਣ ਦਾ ਸਮਾਂ ਮਨੁੱਖਾ ਜਨਮ ਹੀ ਹੈ, ਉਮਰ ਦੀ ਸੀਮਾ ਨਹੀਂ ਹੁੰਦੀ, ਉਮਰ ਭਾਵੇਂ ਛੋਟੀ ਹੈ ਜਾਂ ਵੱਡੀ, ਜਦੋਂ ਮਨੁੱਖ ਸੁਰਤ ਸੰਭਾਲ ਲਵੇ ਉਦੋਂ ਹੀ ਗੁਰੂ ਤੋਂ ਸਿੱਖਿਆ ਲੈ ਲੈਣੀ ਚਾਹੀਦੀ ਹੈ, ਦੇਰ ਅਤੇ ਉਡੀਕ ਨਹੀਂ ਕਰਨੀ ਚਾਹੀਦੀ, ਕਿਉਂਕਿ
ਹਮ ਆਦਮੀ ਹਾਂ ਇਕ ਦਮੀ, ਮੁਹਲਤਿ ਮੁਹਤੁ ਨ ਜਾਣਾ ॥
ਨਾਨਕੁ ਬਿਨਵੈ ਤਿਸੈ ਸਰੇਵਹੁ, ਜਾ ਕੇ ਜੀਅ ਪਰਾਣਾ ॥੧॥
ਅੰਧੇ ਜੀਵਨਾ ਵੀਚਾਰਿ, ਦੇਖਿ ਕੇਤੇ ਕੇ ਦਿਨਾ ॥੧॥ ਰਹਾਉ॥ (ਮਹਲਾ ੧/੬੬੦)
ਪਤਾ ਹੀ ਨਹੀਂ ਮੌਤ ਕਦੋਂ ਆ ਜਾਵੇ। ਜ਼ਿੰਦਗੀ ਦੀ ਕੋਈ ਮਿਆਦ ਨਹੀਂ ਹੈ ਇਸ ਲਈ ਸੁਰਤ ਸੰਭਾਲਦਿਆਂ ਗੁਰੂ ਦੀਖਿਆ ਸਿੱਖਿਆ ਲੈ ਲੈਣੀ ਚਾਹੀਦੀ ਹੈ। ਤੀਸਰਾ ਅਤੇ ਚੌਥਾ ਸਵਾਲ ਬੜੇ ਕੀਮਤੀ ਕੀਤੇ ਹਨ-
ਤੇਰਾ ਕਵਣੁ ਗੁਰੂ, ਜਿਸ ਕਾ ਤੂ ਚੇਲਾ ॥ (ਮਹਲਾ ੧/੯੩8)
ਤੇਰਾ ਗੁਰੂ ਕੌਣ ਹੈ ? ਤੂੰ ਕਿਸ ਗੁਰੂ ਦਾ ਚੇਲਾ ਹੈ ? ਜਵਾਬ ਦਿੱਤਾ ‘‘ਸਬਦੁ ਗੁਰੂ, ਸੁਰਤਿ ਧੁਨ ਚੇਲਾ॥’’ ਸਾਡਾ ਗੁਰੂ ਸ਼ਬਦ ਹੈ ਅਤੇ ਸੁਰਤ, ਸ਼ਬਦੁ ਗੁਰੂ ਦਾ ਚੇਲਾ ਹੈ, ਇੱਕ ਗੱਲ ਬਹੁਤ ਧਿਆਨ ਨਾਲ ਸੁਣਨੀ। ਸਿੱਖ ਧਰਮ ਅੰਦਰ ਨਾ ਦੇਹਧਾਰੀ ਗੁਰੂ ਹੈ ਅਤੇ ਨਾ ਹੀ ਦੇਹਧਾਰੀ ਚੇਲਾ ਹੁੰਦਾ ਹੈ। ਸਬਦੁ ਗੁਰੂ ਹੈ, ਸਬਦੁ ਗੁਰੂ ਦਾ ਚੇਲਾ ਸੁਰਤ ਹੈ। ਬਾਤ ਥੋੜ੍ਹੀ ਬਰੀਕ ਹੈ। ਸਮਝਣਾ ਕੀਮਤੀ ਹੈ। ਸੁਰਤ ਆਤਮਾ ਨੂੰ ਜਗਾਉਣ ਲਈ, ਅਧਿਆਤਮਕ ਮਾਰਗ ਦਰਸਾਉਣ ਲਈ ਸਬਦੁ ਗੁਰੂ ਹੈ, ਸੁਰਤ ਆਤਮਾ ਵਾਸਤੇ ਸਬਦੁ ਗੁਰੂ ਪਹਿਰੇਦਾਰ ਹੈ, ਦੁਨੀਆ ਅੰਦਰ ਸ਼ਬਦ ਸੁਰਤ ਵਾਸਤੇ ਪਹਿਰੇਦਾਰ ਹੈ, ਜੋ ਸੁਰਤ ਨੂੰ ਜਗਾਉਂਦਾ ਹੈ, ਸੁਚੇਤ ਕਰਦਾ ਹੈ, ਆਵਾਜ਼ ਦਿੰਦਾ ਹੈ,
ਜਾਗੁ ਸਲੋਨੜੀਏ ਬੋਲੈ ਗੁਰਬਾਣੀ ਰਾਮ ॥ ਜਿਨਿ ਸੁਣਿ ਮੰਨਿਅੜੀ, ਅਕਥ ਕਹਾਣੀ ਰਾਮ ॥ (ਮਹਲਾ ੧/8੪੩)
ਸਲੋਨੜੀਏ ਸੁਰਤ ਤੂੰ ਜਾਗ, ਸਬਦੁ ਗੁਰੂ ਤੈਨੂੰ ਆਵਾਜ਼ਾਂ ਦਿੰਦਾ ਹੈ। ਜਿਹੜੀ ਸੁਰਤ, ਸ਼ਬਦ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਸੁਚੇਤ ਹੋ ਜਾਵੇ, ਜਾਗ ਪਵੇ, ਉਹ ਸੁਰਤ ‘ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ’ ਵਰਗੇ ਚੋਰਾਂ ਹੱਥੋਂ ਬਚ ਜਾਂਦੀ ਹੈ, ਪਰ ਜਿਹੜੀ ਸੁਰਤ, ਸਬਦੁ ਗੁਰੂ ਦੇ ਗਿਆਨ ਨੂੰ ਸੁਣ ਕੇ ਸੁਚੇਤ ਨਾ ਹੋਵੇ, ਉਹ ਵਿਕਾਰੀ ਚੋਰਾਂ ਹੱਥੋਂ ਲੁੱਟੀ ਜਾਂਦੀ ਹੈ। ਆਤਮਿਕ ਸਰਮਾਇਆ ਬਚਦਾ ਹੀ ਨਹੀਂ ਹੈ। ਸਤਸੰਗਤ, ਦਇਆ, ਧਰਮ, ਧੀਰਜ, ਨਿਮਰਤਾ, ਇਖ਼ਲਾਕ, ਸਹਜ, ਸਭ ਉਜੜ ਜਾਂਦਾ ਹੈ। ਮਨੁੱਖ ਦੇ ਪੱਲੇ ਕੁਝ ਵੀ ਨਹੀਂ ਰਹਿੰਦਾ। ਤੁਸੀਂ ਕਦੇ ਖਿਆਲ ਕਰਨਾ ਜਾਗਦਾ ਮਨੁੱਖ, ਆਪਣੇ ਆਸ ਪਾਸ ਗੰਦਗੀ ਕੀੜੇ ਮਕੌੜੇ ਬਰਦਾਸ਼ਤ ਨਹੀਂ ਕਰਦਾ। ਚੁਣ ਚੁਣ ਕੇ ਕੀੜਿਆਂ ਨੂੰ ਘਰੋਂ ਬਾਹਰ ਸੁੱਟਦਾ ਹੈ, ਪਰ ਜੇਕਰ ਮਨੁੱਖ ਸੁੱਤਾ ਹੋਵੇ ਫਿਰ ਭਾਵੇਂ ਸਿਰਹਾਣੇ ਸੱਪ ਹੀ ਬੈਠਾ ਰਹੇ, ਕੋਈ ਫਰਕ ਹੀ ਨਹੀਂ ਪੈਂਦਾ, ਇਸੇ ਤਰ੍ਹਾਂ ਸੁਰਤ ਜਾਗਦੀ ਹੋਵੇ ਤਾਂ ਵਿਕਾਰ ਰੂਪ ਕੀੜਿਆਂ ਨੂੰ ਬਰਦਾਸ਼ਤ ਨਹੀਂ ਕਰਦਾ। ਜੀਵਨ ਵਿੱਚੋਂ ਚੁਣ ਚੁਣ ਕੇ ਬਾਹਰ ਕੱਢ ਦਿੰਦਾ ਹੈ, ਪਰ ਜੇਕਰ ਸੁਰਤ ਸੁੱਤੀ ਹੋਵੇ ਫਿਰ ਬੰਦੇ ਨੂੰ ਵਿਕਾਰਾਂ ਨਾਲ, ਬੇਇਜ਼ਤੀ ਨਾਲ, ਕੋਈ ਫਰਕ ਹੀ ਨਹੀਂ ਪੈਂਦਾ, ਬੰਦਾ ਸ਼ਰਮ ਪਰੂਫ ਹੋ ਜਾਂਦਾ ਹੈ। ਫੁਰਮਾਨ ਹੈ:-
ਮਾਇਆ ਮਦਿ ਮਾਤਾ ਰਹਿਆ ਸੋਇ ॥ ਜਾਗਤੁ ਰਹੈ, ਨ ਮੂਸੈ ਕੋਇ ॥ (ਮਹਲਾ ੩/੧੧੨8)
ਮਾਇਆ ਦੇ ਹੰਕਾਰ ਵਿੱਚ ਸੁਰਤ ਸੁੱਤੀ ਹੋਵੇ ਫਿਰ ਕੋਈ ਕੁਝ ਆਖੀ ਜਾਵੇ, ਕੋਈ ਫਰਕ ਨਹੀਂ ਪੈਂਦਾ ਕਿਉਂਕਿ ‘‘ਮਾਇਆਧਾਰੀ ਅਤਿ ਅੰਨਾ ਬੋਲਾ ॥ ਸਬਦੁ ਨ ਸੁਣਈ, ਬਹੁ ਰੋਲ ਘਚੋਲਾ ॥’’ (ਮਹਲਾ ੩/੩੧੩) ਹੋ ਜਾਂਦਾ ਹੈ। ਜੇਕਰ ਸ਼ਬਦ ਗੁਰੂ ਰਾਹੀਂ ਸੁਰਤ ਜਾਗ ਪਵੇ ਫਿਰ ਖੇਤ ਸਰੀਰ ਦੇ ਉਜੜਨ ਤੋਂ ਬਚਾਅ ਹੋ ਜਾਂਦਾ ਹੈ। ਸੋ ਸ਼ਬਦ ਗੁਰੂ ਹੈ। ਸੁਰਤ, ਸ਼ਬਦ ਦਾ ਚੇਲਾ ਹੈ। ਉਮੀਦ ਹੈ ਬਾਤ ਸਮਝ ਵਿੱਚ ਆਈ ਹੋਵੇਗੀ।
ਸੁਰਤ-ਆਤਮਾ ਇਨਸਾਨ ਦੇ ਅੰਦਰ ਹੈ, ਇਸ ਲਿਹਾਜੇ ਨਾਲ ਸਿੱਖ ਦਾ ਬਲਕਿ ਇਨਸਾਨ ਦਾ ਗੁਰੂ ਸ਼ਬਦ ਹੀ ਹੈ, ਸਰੀਰ ਕਦੇ ਗੁਰੂ ਨਹੀਂ ਹੁੰਦਾ, ਸਰੀਰ ਕਦੇ ਚੇਲਾ ਵੀ ਨਹੀਂ ਹੁੰਦਾ, ਸਿੱਧ ਜੋਗੀ ਸਾਡੀ ਤਰ੍ਹਾਂ ਸਮਝਦੇ ਸਨ ਕਿ ਸ਼ਾਇਦ ਗੁਰੂ ਨਾਨਕ ਦਾ ਗੁਰੂ ਕੋਈ ਸਰੀਰ ਵਿੱਚ ਹੋਵੇਗਾ। ਅੱਜ ਸਿੱਖ ਵੀ ਸਮਝਦੇ ਹਨ ਕਿ ਸ਼ਾਇਦ ਜੀਵਨ ਦਾ ਉਧਾਰ ਕਲਿਆਣ ਕਿਸੇ ਦੇਹਧਾਰੀ ਗੁਰੂ, ਸੰਤ, ਬਾਬੇ ਰਾਹੀਂ ਹੋਵੇਗਾ, ਇਸ ਲਈ ਪੰਜਾਬ ਵਿੱਚ ਸਾਧ ਬਾਬਿਆਂ ਦੇ ਡੇਰੇ ਥਾਂ ਥਾਂ ’ਤੇ ਪਨਪੇ ਹੋਏ ਹਨ। ਸਾਧ ਬਾਬਿਆਂ ਦੇ ਵੱਗ ਫਿਰਦੇ ਹਨ। ਸੋ ਗਿਆਨ ਗੁਰੂ ਹੀ, ਸ਼ਬਦ ਗੁਰੂ ਹੀ, ਜੀਵਨ ਦਾ ਕਲਿਆਣ ਕਰਦਾ ਹੈ। ਪਿਆਸ ਨੂੰ ਪਾਣੀ ਮਿਟਾਉਂਦਾ ਹੈ, ਨਾ ਕਿ ਬਰਤਨ। ਤੁਸੀਂ ਖਿਆਲ ਕਰਨਾ ਮਨੁੱਖ ਨੂੰ ਪਿਆਸ ਲੱਗੀ ਹੋਵੇ ਤਾਂ ਪਿਆਸ ਨੂੰ ਪਾਣੀ ਮਿਟਾਉਂਦਾ ਹੈ, ਖਾਲੀ ਗਲਾਸ, ਖਾਲੀ ਘੜਾ, ਖਾਲੀ ਤਲਾਬ, ਪਿਆਸ ਨਹੀਂ ਮਿਟਾਉਂਦਾ। ਬਰਤਨ ਵਿੱਚ ਜੋ ਪਾਣੀ ਹੈ, ਉਹ ਪਾਣੀ ਪਿਆਸ ਨੂੰ ਮਿਟਾਉਂਦਾ ਹੈ, ਹਾਂ ਇੱਕ ਗੱਲ ਜਰੂਰ ਹੈ, ਜਿਸ ਬਰਤਨ ਰਾਹੀਂ ਪਾਣੀ ਪੀਤਾ ਹੈ, ਉਸ ਬਰਤਨ ਦਾ ਸਤਿਕਾਰ ਜ਼ਰੂਰ ਹੈ, ਪਰ ਅੱਜ ਖਾਲੀ ਬਰਤਨ ਹੀ ਬਹੁਤ ਦਾਅਵਾ ਪਿਆਸ ਬੁਝਾਉਣ ਦਾ ਕਰਦੇ ਹਨ, ਜੋ ਗਲਤ ਹਨ। ਇਹ ਸਾਧ ਬਾਬੇ ਖਾਲੀ ਬਰਤਨ ਹਨ, ਹੋਰ ਕੁਝ ਵੀ ਨਹੀਂ, ਕਿਸੇ ਗਲਾਸ, ਘੜੇ, ਤਲਾਬ, ਸਾਗਰ ਦਾ ਮਹੱਤਵ ਪਾਣੀ ਕਰਕੇ ਹੁੰਦਾ ਹੈ। ਗੁਰੂ ਸਾਹਿਬਾਨ ਦਾ ਸਤਿਕਾਰ ਬਾਣੀ ਕਰਕੇ ਹੈ। ਸੋ ਪਿਆਸ ਬਰਤਨ ਨੇ ਨਹੀਂ ਪਾਣੀ ਨੇ ਬੁਝਾਉਣੀ ਹੈ। ਕਲਿਆਣ ਬਾਣੀ ਨੇ ਕਰਨਾ ਹੈ, ਸਰੀਰ ਨੇ ਨਹੀਂ, ਇਸ ਲਈ ਸਰੀਰ ਗੁਰੂ ਨਹੀਂ ਹੈ ਸ਼ਬਦ ਗੁਰੂ ਹੈ, ਗੱਲ ਤੁਹਾਡੇ ਮਨ ਵਿੱਚ ਪੂਰੀ ਤਰ੍ਹਾਂ ਵਸ ਜਾਵੇ, ਇਸ ਲਈ ਗੁਰ ਇਤਿਹਾਸ ਦਾ ਇੱਕ ਵਾਕਿਆ, ਇੱਕ ਘਟਨਾ ਕਹਾਂਗਾ, ਜੋ ਕਿ ਧਿਆਨ ਨਾਲ ਸੁਣਨਯੋਗ ਹੈ।
ਬਾਬਾ ਅਮਰਦਾਸ ਤੋਂ ਗੁਰੂ ਅਮਰਦਾਸ ਜੀ:- ਗੁਰੂ ਜੀ ਦੇ ਜੀਵਨ ਵਿੱਚੋਂ ਵਾਕਿਆ ਹੈ, ਜਦੋਂ ਗੁਰੂ ਅਮਰਦਾਸ ਜੀ ਹਾਲੇ ਆਮ ਆਦਮੀ ਹੀ ਸਨ, ਜਦੋਂ ਇਹ ਗੁਰੂ ਦੀ ਸ਼ਰਨ ਨਹੀਂ ਆਏ ਸਨ, ਜਦੋਂ ਇਹ ਤੀਰਥਾਂ ਦੇ ਨਹਾਉਣ ਨੂੰ ਹੀ ਧਰਮ ਸਮਝਦੇ ਸਨ। ਬਾਬਾ ਅਮਰਦਾਸ ਜੀ ਦਾ ਆਗਮਨ 5 ਮਈ 1479 ਨੂੰ ਮਾਤਾ ਸੁਲੱਖਣੀ (ਮਾਤਾ ਲੱਖੋ, ਲਕਸ਼ਮੀ) ਜੀ ਦੇ ਘਰ ਪਿਤਾ ਬਾਬਾ ਤੇਜਭਾਨ ਜੀ ਦੇ ਗ੍ਰਹਿ ਪਿੰਡ ਬਾਸਰਕੇ ਅੰਮ੍ਰਿਤਸਰ ਵਿਖੇ ਹੋਇਆ। ਬਾਬਾ ਅਮਰਦਾਸ ਜੀ ਦਾ ਵਿਆਹ ਸੰਨ 1532 ਈਸਵੀ ਨੂੰ ਮਾਤਾ ਮਨਸਾ ਦੇਵੀ ਜੀ ਨਾਲ ਹੋਇਆ ਸੀ। ਇਹਨਾਂ ਦੇ ਘਰ ਦੋ ਪੁੱਤਰ (ਮੋਹਨ ਜੀ ਅਤੇ ਮੋਹਰੀ ਜੀ) ਅਤੇ ਦੋ ਬੇਟੀਆਂ (ਬੀਬੀ ਭਾਨੀ ਜੀ ਤੇ ਬੀਬੀ ਦਾਨੀ ਜੀ) ਪੈਦਾ ਹੋਏ ਸਨ। ਬਾਬਾ ਅਮਰਦਾਸ ਜੀ ਦਾ ਅਰੰਭਕ ਜੀਵਨ ਕਰਮਕਾਂਡੀ ਸੀ। ਆਪ ਹਰੇਕ ਸਾਲ ਕਿਸੇ ਨਾ ਕਿਸੇ ਤੀਰਥ ਇਸ਼ਨਾਨ ਲਈ ਜਾਂਦੇ ਸਨ। 62 ਸਾਲ ਦੀ ਉਮਰ ਹੋ ਗਈ ਸੀ। ਇਤਿਹਾਸ ਕਹਿੰਦਾ ਹੈ ਕਿ 21ਵੀਂ ਵਾਰ ਹਰਿਦੁਆਰ (ਵਿਸ਼ਨੂੰ ਦੁਆਰ) ਤੋਂ ਵਾਪਸ ਆ ਰਹੇ ਸਨ। ਆਉਂਦਿਆਂ ਆਉਂਦਿਆਂ ਬਾਬਾ ਅਮਰਦਾਸ ਜੀ ਦਾ ਮੇਲ ਇੱਕ ਸੰਨਿਆਸੀ ਫਕੀਰ ਹਰੀਰਾਮ ਨਾਲ ਹੋ ਗਿਆ। ਬੰਸਾਵਲੀ ਨਾਮੇ ਦਾ ਕਰਤਾ ਇਸ ਦਾ ਜ਼ਿਕਰ ਕਰਦਾ ਹੈ :-
ਮਾਰਗ ਵਿਚਿ ਇਕ ਮਿਲਿਆ ਫਕੀਰ।
ਹਰੀਰਾਮ ਨਾਮ ਜਿਸ ਦਾ, ਸ੍ਰੀ ਚੰਦ ਸਾਹਿਬ ਗੁਰ ਪੀਰ। (ਕੇਸਰ ਸਿੰਘ ਛਿੱਬਰ)
ਹਰੀਰਾਮ ਸੰਨਿਆਸੀ ਫਕੀਰ; ਸ੍ਰੀ ਚੰਦ ਦਾ ਵੀ ਗੁਰੂ ਸੀ। ਬਾਬਾ ਅਮਰਦਾਸ ਅਤੇ ਫਕੀਰ ਹਰੀਰਾਮ ਇਕੱਠੇ ਚੱਲ ਪਏ। ਦੋ ਦਿਨ ਬਚਨ ਕਰਦਿਆਂ ਚਲਦਿਆਂ ਬੀਤ ਗਏ, ਪਿੰਡ ਬਾਸਰਕੇ ਨੇੜੇ ਆ ਗਏ ਸਨ। ਸ਼ਾਮ ਦਾ ਸਮਾਂ ਸੀ, ਬਾਬਾ ਅਮਰਦਾਸ ਨੇ ਕਿਹਾ ਰਾਤ ਆ ਰਹੀ ਹੈ। ਤੁਸੀਂ ਰਾਤ ਮੇਰੇ ਕੋਲ ਰਹਿ ਕੇ ਜਾਓ। ਰਾਤ ਮੇਰੇ ਕੋਲ ਠਹਿਰ ਜਾਓ। ਕੱਲ੍ਹ ਸਵੇਰੇ ਚਲੇ ਜਾਣਾ। ਉਹ ਫਕੀਰ ਹਰੀਰਾਮ ਮੰਨ ਗਿਆ, ਘਰ ਪਹੁੰਚ ਕੇ ਬਾਬਾ ਅਮਰਦਾਸ ਜੀ ਨੇ ਆਪ ਦੀ ਹੱਥੀ ਸਾਰੀ ਸੇਵਾ ਕੀਤੀ। ਲੰਗਰ ਪਾਣੀ ਛਕਾਇਆ ਫਿਰ ਰਾਤ ਨੂੰ ਆਰਾਮ ਕਰਨ ਲਈ ਘਰ ਦੀ ਛੱਤ ਉੱਪਰ ਚਲੇ ਗਏ। ਸੌਣ ਵੇਲੇ ਧਰਮ ਦੀਆਂ ਗੱਲਾਂ ਹੋਣ ਲੱਗੀਆਂ। ਹਰੀਰਾਮ ਨੇ ਪੁੱਛਿਆ, ਪੁਰਖਾ ! ਤੇਰਾ ਗੁਰੂ ਕੌਣ ਹੈ ? ਕਿਸ ਗੁਰੂ ਕੋਲੋਂ ਤੁਸਾਂ ਦੀਖਿਆ ਸਿੱਖਿਆ ਲਈ ਹੈ। ਬਾਬਾ ਅਮਰਦਾਸ ਚੁੱਪ ਸੀ ਕਿਉਂਕਿ ਇਹ ਪਹਿਲੀ ਵਾਰ ਸਵਾਲ ਕਿਸੇ ਨੇ ਕੀਤਾ ਸੀ। ਦੁਬਾਰਾ ਫਿਰ ਹਰੀਰਾਮ ਨੇ ਪੁੱਛਿਆ ਪੁਰਖਾ ! ਤੇਰਾ ਗੁਰੂ ਕੌਣ ਹੈ ? ਬਾਬਾ ਅਮਰਦਾਸ ਜੀ ਇਮਾਨਦਾਰ ਸਨ। ਮੈਂ ਗੁਰੂ ਧਾਰਨ ਨਹੀਂ ਕੀਤਾ। ਗੁਰੂ ਦੀ ਖੋਜ ’ਚ ਹਾਂ । ਮਹਿਮਾ ਪ੍ਰਕਾਸ਼ ਦਾ ਕਰਤਾ ਇਸ ਵਾਰਤਾਲਾਪ ਦਾ ਜ਼ਿਕਰ ਕਰਦਾ ਹੈ:-
ਤੁਮ ਕਿਸੁ ਗੁਰ–ਗ੍ਰਹਿ ਕੇ ਸੇਵਕ ਅਹੋ । ਯਹ ਬ੍ਰਿਤੰਤ ਦਿਆਲ ਮੁਹਿ ਕਹੋ ।
ਯਹ ਬਚਨ ਦਿਆਲ ਤਾਹ ਸੋ ਕਹਾ । ਮੈ ਅਬ ਲਗ ਗੁਰ ਖੋਜਤ ਰਹਾ । (ਸਰੂਪ ਦਾਸ ਭੱਲਾ)
ਜਦੋਂ ਹਰੀਰਾਮ ਨੂੰ ਪਤਾ ਲੱਗਾ ਇਹ ਨਿਗੁਰਾ ਹੈ। ਉਹ ਬਾਬਾ ਅਮਰਦਾਸ ਜੀ ਨੂੰ ਗੁੱਸੇ ਵਿੱਚ ਬੋਲਣ ਲੱਗ ਪਿਆ। ਤੂੰ ਨਿਗੁਰਾ ਹੈਂ। ਮੈਂ ਅੱਜ ਨਿਗੁਰੇ ਦੇ ਹੱਥੋਂ ਖਾਣਾ ਖਾਦਾ। ਮੇਰਾ ਸਾਰਾ ਕੁਝ ਕੀਤਾ ਭ੍ਰਸ਼ਟ ਹੋ ਗਿਆ ਹੈ। ਕਹਿੰਦਾ ਕਹਿੰਦਾ ਉਹ ਛੱਤ ਤੋਂ ਥੱਲੇ ਆ ਗਿਆ । ਮਹਿਮਾ ਪ੍ਰਕਾਸ਼ ਵਿੱਚ ਜ਼ਿਕਰ ਹੈ :-
ਬ੍ਰਹਮਚਾਰੀ ਇਹ ਬਚਨ ਸੁਨ, ਅਤ ਮਨ ਤਨ ਦੁਖ ਮਾਨ ।
ਮਮ ਤੀਰਥ ਬ੍ਰਤ ਬ੍ਰਿਥਾ ਭਏ, ਕੀਓ ਜੁ ਤੁਮ ਸੌ ਖਾਨ । (ਸਰੂਪ ਦਾਸ ਭੱਲਾ)
ਇਉਂ ਹਰੀਰਾਮ ਨਰਾਜ ਹੋ ਕੇ ਰਾਤ ਨੂੰ ਹੀ ਬਾਬਾ ਅਮਰਦਾਸ ਕੋਲੋਂ ਚਲਾ ਗਿਆ ਸੀ। ਬਾਬਾ ਅਮਰਦਾਸ ਦੇ ਮਨ ਨੂੰ ਠੋਕਰ ਵੱਜੀ ਕਿ ਮੈਂ ਨਿਗੁਰਾ ਹਾਂ, ਬੁਰਾ ਹਾਂ, ਜੋ ਮੇਰੇ ਹੱਥੋਂ ਖਾਣਾ ਖਾਣ ਨਾਲ ਉਸ ਦੇ ਕੀਤੇ ਕਰਮ ਧਰਮ ਭ੍ਰਿਸ਼ਟ ਹੋ ਗਏ ਹਨ। ਗੁਰੂ ਪਦਵੀ ’ਤੇ ਆਉਣ ਉਪਰੰਤ ਆਪ ਨੇ ਇਹ ਬਚਨ ਉਚਾਰਨ ਕੀਤੇ ਹਨ:-
ਸਤਿਗੁਰ ਬਾਝਹੁ ਗੁਰੁ ਨਹੀ ਕੋਈ, ਨਿਗੁਰੇ ਕਾ ਹੈ ਨਾਉ ਬੁਰਾ ॥ (ਮਹਲਾ ੩/੪੩੪)
ਨਿਗੁਰਾ ਬੁਰਾ ਹੁੰਦਾ ਹੈ, ਨਿਗੁਰੇ ਦਾ ਸਾਥ ਵੀ ਬੁਰਾ ਹੁੰਦਾ ਹੈ। ਬਾਬਾ ਅਮਰਦਾਸ ਜੀ ਦਾ ਮਨ ਵਿਆਕੁਲ ਹੋ ਗਿਆ ਸੀ। ਆਤਮਾ ਝੰਜੋੜੀ ਗਈ ਸੀ ਜਿਵੇਂ ਪਾਣੀ ਤੋਂ ਬਗੈਰ ਮੱਛੀ ਤੜਫਦੀ ਹੈ। ਬਾਬਾ ਅਮਰਦਾਸ ਜੀ ਸਾਰੀ ਰਾਤ ਤੜਫਦੇ ਰਹੇ। ਸਾਰੀ ਰਾਤ ਹੀ ਸੋਚਦੇ ਰਹੇ। ਮੇਰੇ ਨਿਗੁਰੇ ਕਾਰਨ ਉਸ ਦਾ ਕਮਾਇਆ ਧਰਮ ਭ੍ਰਿਸ਼ਟ ਹੋ ਗਿਆ ਹੈ। ਸਾਰੀ ਰਾਤ ਬੀਤ ਗਈ ਨੀਂਦ ਨਹੀਂ ਸੀ ਆਈ। ਤੜਕਾ ਹੋ ਗਿਆ ਬਾਬਾ ਅਮਰਦਾਸ ਜੀ ਦੀ ਭਤੀਜ ਨੂੰਹ; ਗੁਰੂ ਅੰਗਦ ਸਾਹਿਬ ਜੀ ਦੀ ਸਪੁੱਤਰੀ (ਬੀਬੀ ਅਮਰੋ ਜੀ) ਜਾਗ ਪਏ ਸਨ।
ਇਥੋਂ ਥੋੜ੍ਹਾ ਇਤਿਹਾਸ ਨੂੰ ਸਮਝਣਾ ਜ਼ਰੂਰੀ ਹੈ। ਗੁਰੂ ਅੰਗਦ ਸਾਹਿਬ ਜੀ ਦੀ ਪੁੱਤਰੀ (ਬੀਬੀ ਅਮਰੋ ਜੀ); ਬਾਬਾ ਅਮਰਦਾਸ ਜੀ ਦੀ ਭਤੀਜ ਨੂੰਹ ਹਨ। ਬਾਬਾ ਤੇਜ ਭਾਨ ਜੀ ਦੇ ਚਾਰ ਪੁੱਤਰ ਸਨ । ਬਾਬਾ ਅਮਰਦਾਸ ਜੀ, ਜੋ ਤੀਰਥ ਯਾਤਰੀ ਸਨ। ਆਪ 72 ਸਾਲ ਦੀ ਉਮਰ ਵਿੱਚ ਗੁਰੂ ਪਦਵੀ ਨੂੰ ਪਹੁੰਚੇ ਸਨ। (2). ਬਾਬਾ ਈਸ਼ਰ ਮਲ ਜੀ, ਇਹਨਾਂ ਦੇ ਸਪੁੱਤਰ ਭਾਈ ਗੁਰਦਾਸ ਜੀ ਹੋਏ ਹਨ, ਜਿਨ੍ਹਾਂ ਦੀ ਰਚਨਾ ਦਾ ਕੀਰਤਨ ਹੁੰਦਾ ਹੈ। (3). ਬਾਬਾ ਖੇਮ ਰਾਇ ਜੀ, ਇਹਨਾਂ ਦੇ ਪੁੱਤਰ ਭਾਈ ਸਾਵਣ ਮੱਲ ਜੀ ਹੋਏ ਹਨ। ਜੋ ਗੋਬਿੰਦਵਾਲ ਸਾਹਿਬ ਦੀ ਉਸਾਰੀ ਲਈ ਹਿਮਾਚਲ ਪ੍ਰਦੇਸ਼ ਵਿੱਚੋਂ ਹਰੀਪੁਰ ਤੋਂ ਰਾਜਾ ਹਰੀ ਸੈਨ ਰਾਹੀਂ ਲੱਕੜ ਲਿਆਏ ਸਨ। (4). ਬਾਬਾ ਮਾਣਕ ਚੰਦ ਜੀ, ਇਹਨਾਂ ਦੇ ਸਪੁੱਤਰ ਭਾਈ ਜੱਸੂ ਰਾਏ (ਡਾ. ਦਲਗੀਰ ਸਿੰਘ ਅਨੁਸਾਰ ਰਾਮ ਜੀ ਮੱਲ) ਦਾ ਵਿਆਹ ਗੁਰੂ ਅੰਗਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਨਾਲ ਹੋਇਆ ਹੈ। ਇਸ ਲਿਹਾਜੇ ਨਾਲ ਬੀਬੀ ਅਮਰੋ ਜੀ; ਬਾਬਾ ਅਮਰਦਾਸ ਜੀ ਦੀ ਭਤੀਜ ਨੂੰਹ ਲੱਗਦੇ ਹਨ।
ਇਹ ਇਤਿਹਾਸਿਕ ਤੱਥ ਅਤੇ ਸੱਚ ਹੈ ਕਿ ਜਦੋਂ ਗੁਰੂ ਅੰਗਦ ਸਾਹਿਬ ਜੀ; ਖਡੂਰ ਸਾਹਿਬ ਤੋਂ ਆਪਣੀ ਬੇਟੀ ਅਮਰੋ ਦਾ ਰਿਸ਼ਤਾ ਤੈਅ ਕਰਨ ਲਈ ਬਾਸਰਕੇ ਆਏ ਤਾਂ ਬਾਬਾ ਅਮਰਦਾਸ ਜੀ ਵੱਡੇ ਹੋਣ ਕਰਕੇ ਉੱਥੇ ਮੌਜੂਦ ਸਨ। ਜਦੋਂ ਬੀਬੀ ਅਮਰੋ ਜੀ ਦਾ ਰਿਸ਼ਤਾ ਭਾਈ ਜੱਸੂ ਰਾਏ (ਰਾਮ ਜੀ ਮੱਲ) ਨਾਲ ਹੋ ਗਿਆ, ਉਸ ਵੇਲੇ ਗੁਰੂ ਅੰਗਦ ਸਾਹਿਬ ਜੀ; ਬਾਬਾ ਅਮਰਦਾਸ ਜੀ ਦੇ ਗਲ ਨਾਲ ਮਿਲੇ ਸਨ, ਫਿਰ ਜਦੋਂ ਬਾਬਾ ਤੇਜ ਭਾਨ ਜੀ; ਪਿੰਡ ਬਾਸਰਕੇ ਤੋਂ ਖਡੂਰ ਸਾਹਿਬ ਜੱਸੂ ਰਾਏ ਦੇ ਵਿਆਹ ਲਈ ਆਏ, ਉਸ ਵੇਲੇ ਵੀ ਬਾਬਾ ਅਮਰਦਾਸ ਜੀ; ਆਪਣੇ ਗੁਰੂ ਅੰਗਦ ਸਾਹਿਬ ਜੀ ਕੁੜਮਾਚਾਰੀ ਕਰਕੇ ਮਿਲੇ ਸਨ ਭਾਵ ਗੁਰੂ ਅੰਗਦ ਸਾਹਿਬ ਜੀ ਦੇ ਚੰਗੀ ਤਰ੍ਹਾਂ ਸਰੀਰ ਕਰਕੇ ਦਰਸ਼ਨ ਹੋਏ ਸਨ, ਪਰ ਸਰੀਰ ਦਰਸ਼ਨਾ ਨਾਲ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਸੀ ਆਈ। ਉਸੇ ਤਰ੍ਹਾਂ ਤੀਰਥ ਯਾਤਰਾ ’ਤੇ ਜਾਂਦੇ ਰਹੇ ਸਨ, ਪਰ ਅੱਜ ਜਦੋਂ ਮਹਾਤਮਾ ਹਰੀਰਾਮ ਨੇ ਕਿਹਾ ਕਿ ਤੂੰ ਨਿਗੁਰਾ ਹੈਂ, ਬੁਰਾ ਹੈਂ, ਤਾਂ ਬਾਬਾ ਅਮਰਦਾਸ ਤੜਫ ਗਏ ਸਨ। ਸਾਰੀ ਰਾਤ ਨੀਂਦ ਨਹੀਂ ਸੀ ਆਈ। ਸਾਰੀ ਰਾਤ ਜਾਗਦੇ ਰਹੇ। ਹੁਣ ਜਦੋਂ ਤੜਕਾ ਹੋਇਆ ਬੀਬੀ ਅਮਰੋ ਜੀ ਜਾਗੇ ਹਨ। ਇਸ਼ਨਾਨ ਕੀਤਾ ਦਹੀ ਰਿੜਕਣ ਲਈ ਚਾਟੀ ਵਿੱਚ ਮਧਾਣੀ ਪਾਈ। ਦਹੀ ਰਿੜਕਣ ਲੱਗ ਪਏ । ਨਾਲ ਨਾਲ ਬੜੀ ਸੁਰੀਲੀ ਆਵਾਜ਼ ਵਿੱਚ ਇੱਕ ਸ਼ਬਦ ਉਚਾਰ ਕੇ ਪੜਨ ਲੱਗ ਪਏ। ਮਹਿਮਾ ਪ੍ਰਕਾਸ਼ ਅੰਦਰ ਸਰੂਪ ਦਾਸ ਭੱਲਾ ਇਸ ਦਾ ਜ਼ਿਕਰ ਕਰਦੇ ਹਨ:-
ਬੀਬੀ ਅਮਰੋ ਜੀ ਜਾਗੀ । ਮੁਖ ਕਰ ਪਦ ਧੋਇ ਭਜਨ ਅਨਰਾਗੀ ।
ਗੁਰਬਾਣੀ ਬੀਬੀ ਪਾਠ ਮੁਖ ਕਰੀ । ਸੁਨੀ ਸਾਹਿਬ ਹਿਰਦੇ ਸਭ ਧਰੀ ।
ਇਹ ਸ਼ਬਦ ਸੰਪੂਰਨ ਬੀਬੀ ਪੜਾ । ਸਾਹਿਬ ਸੁਨੇ ਓਲੇ ਹੋਏ ਖੜਾ । (ਮਹਿਮਾ ਪ੍ਰਕਾਸ਼)
ਬਾਬਾ ਅਮਰਦਾਸ ਜੀ ਜਾਗਦੇ ਸਨ। ਜਦੋਂ ਬੀਬੀ ਅਮਰੋ ਜੀ ਸ਼ਬਦ ਪੜ੍ਹਨ ਲੱਗੇ ਤਾਂ ਬਾਬਾ ਅਮਰਦਾਸ ਜੀ ਕੰਧ ਨਾਲ ਬੈਠ ਕੇ ਸ਼ਬਦ ਬਹੁਤ ਧਿਆਨ ਨਾਲ ਸੁਣਨ ਲੱਗੇ, ਜੋ ਮਾਰੂ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰਨ ਕੀਤਾ ਹੈ:-
ਮਾਰੂ ਮਹਲਾ ੧ ਘਰੁ ੧ ॥
ਕਰਣੀ ਕਾਗਦੁ ਮਨੁ ਮਸਵਾਣੀ; ਬੁਰਾ ਭਲਾ ਦੁਇ ਲੇਖ ਪਏ ॥
ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ; ਤਉ ਗੁਣ ਨਾਹੀ ਅੰਤੁ ਹਰੇ ॥੧॥
ਚਿਤ ! ਚੇਤਸਿ ਕੀ ਨਹੀ ਬਾਵਰਿਆ ! ॥ ਹਰਿ ਬਿਸਰਤ; ਤੇਰੇ ਗੁਣ ਗਲਿਆ ॥੧॥ ਰਹਾਉ॥
ਜਾਲੀ ਰੈਨਿ; ਜਾਲੁ ਦਿਨੁ ਹੂਆ; ਜੇਤੀ ਘੜੀ; ਫਾਹੀ ਤੇਤੀ ॥
ਰਸਿ ਰਸਿ ਚੋਗ ਚੁਗਹਿ; ਨਿਤ ਫਾਸਹਿ; ਛੂਟਸਿ ਮੂੜੇ ਕਵਨ ਗੁਣੀ ? ॥੨॥
ਕਾਇਆ ਆਰਣੁ; ਮਨੁ, ਵਿਚਿ ਲੋਹਾ; ਪੰਚ ਅਗਨਿ ਤਿਤੁ ਲਾਗਿ ਰਹੀ ॥
ਕੋਇਲੇ ਪਾਪ ਪੜੇ ਤਿਸੁ ਊਪਰਿ; ਮਨੁ ਜਲਿਆ ਸੰਨ੍ਹੀ ਚਿੰਤ ਭਈ ॥੩॥
ਭਇਆ ਮਨੂਰੁ; ਕੰਚਨੁ ਫਿਰਿ ਹੋਵੈ; ਜੇ ਗੁਰੁ ਮਿਲੈ ਤਿਨੇਹਾ ॥
ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ; ਤਉ ਨਾਨਕ ਤ੍ਰਿਸਟਸਿ ਦੇਹਾ ॥੪॥ (ਮਹਲਾ ੧/੯੯੦)
ਜਿਵੇਂ ਜਿਵੇਂ ਸ਼ਬਦ ਗੁਰੂ ਬਾਬਾ ਅਮਰਦਾਸ ਜੀ ਸੁਣ ਰਹੇ ਸਨ, ਸ਼ਬਦ ਦੀ ਗਹਿਰਾਈ, ਅੰਦਰ ਗਹਿਰਾ ਅਸਰ ਕਰ ਰਹੀ ਸੀ। ਮਨੁੱਖ ਦਾ ਜੀਵਨ ਕੋਰੇ ਕਾਗਜ਼ ਵਰਗਾ ਹੁੰਦਾ ਹੈ। ਉਸ ਦਾ ਮਨ, ਸਿਆਹੀ ਦੀ ਦਵਾਤ ਵਾਂਗ ਹੈ। ਦਵਾਤ ਵਿੱਚ ਬੁਰੀ ਅਤੇ ਭਲੀ ਸੋਚ ਦੀ ਸਿਆਹੀ ਪਈ ਹੈ। ਇਸ ਬੁਰੀ ਅਤੇ ਭਲੀ ਸੋਚ ਦੀ ਸਿਆਹੀ ਨਾਲ ਬੁਰੇ ਅਤੇ ਭਲੇ ਸੰਸਕਾਰਾਂ ਦੇ ਲੇਖ ਲਿਖੇ ਜਾਂਦੇ ਹਨ। ਮਨੁੱਖ ਨੇ ਜੀਵਨ ਅੰਦਰ ਜਿਸ ਜਿਸ ਤਰ੍ਹਾਂ ਦੇ ਕਰਮ ਕੀਤੇ ਹਨ, ਉਹਨਾਂ ਕਰਮਾਂ ਦੇ ਬਣੇ ਅਕਾਰ ਅੱਗੋਂ ਜੀਵਨ ਨੂੰ ਉਸੇ ਤਰ੍ਹਾਂ ਚਲਾ ਰਹੇ ਹਨ। ਇਹ ਸਭ ਅਕਾਲ ਪੁਰਖ ਦੇ ਨਿਯਮਾਂ ਦੀ ਖੇਡ ਹੈ। ਇਸ ਖੇਡ ਦਾ ਕੋਈ ਵੀ ਪੂਰਾ ਪੂਰਾ ਭੇਦ ਨਹੀਂ ਪਾ ਸਕਦਾ। ਬਾਬਾ ਅਮਰਦਾਸ ਜੀ ਬੜੇ ਸਹਿਜ ਨਾਲ ਇਹ ਅਰਥ ਸਮਝ ਰਹੇ ਹਨ ਅਤੇ ਨਾਲ ਨਾਲ ਗਹਿਰਾਈ ਨਾਲ ਸੋਚ-ਵਿਚਾਰ ਕਰ ਰਹੇ ਹਨ। ਬੀਬੀ ਅਮਰੋ ਜੀ ਰਹਾਉ ਵਾਲੀ ਪੰਕਤੀ ਗਾ ਰਹੇ ਹਨ । ਕਮਲੇ ਮਨ ! ਤੂੰ ਗੁਰੂ ਰਾਹੀਂ ਅਨੰਤ ਬੇਅੰਤ ਗੁਣਾਂ ਵਾਲੇ ਪਰਮੇਸ਼ਰ ਨੂੰ ਯਾਦ ਕਿਉਂ ਨਹੀਂ ਕਰਦਾ। ਯਾਦ ਰੱਖੀ ਜੇ ਪਰਮਾਤਮਾ ਦੀ ਯਾਦ ਜੀਵਨ ਦਾ ਹਿੱਸਾ ਨਾ ਬਣੀ ਤਾਂ ਸਾਰੇ ਜੀਵਨ ਦੇ ਗੁਣ ਗਲ ਜਾਣਗੇ ਭਾਵ ਖਤਮ ਹੋ ਜਾਣਗੇ। ਜਦ ਕੋਈ ਵੀ ਚੀਜ਼ ਗਲ ਜਾਵੇ, ਉਹ ਬਦਬੂ ਮਾਰਨ ਲੱਗ ਪੈਂਦੀ ਹੈ। ਜੇਕਰ ਜੀਵਨ ਵਿੱਚੋਂ ਗੁਣ ਗਲ਼ ਜਾਣ, ਫਿਰ ਜੀਵਨ ਵਿੱਚੋਂ ਹੰਕਾਰ ਦੀ ਬਦਬੂ ਆਉਣ ਲੱਗ ਪੈਂਦੀ ਹੈ। ਬਦਬੂ ਵਾਲੇ ਨੂੰ, ਗਲ਼ੇ ਪਦਾਰਥ ਨੂੰ ਕੋਈ ਵੀ ਪਸੰਦ ਨਹੀਂ ਕਰਦਾ। ਇਹ (ਰਹਾਉ) ਸੁਣ ਕੇ ਬਾਬਾ ਅਮਰਦਾਸ ਦੇ ਨੇਤਰਾਂ ਵਿੱਚੋਂ ਬੈਰਾਗ ਦਾ ਨੀਰ ਵਹਿ ਤੁਰਿਆ। ਬੀਬੀ ਅਮਰੋ ਜੀ ਸ਼ਬਦ ਦਾ ਦੂਸਰਾ ਪਹਿਰਾ ਪੜ੍ਹ ਰਹੇ ਸਨ। ਮਨ ਇਕ ਪੰਛੀ ਦੀ ਤਰ੍ਹਾਂ ਹੈ, ਜੋ ਦਸਾਂ ਦਿਸ਼ਾ ਵਿੱਚ ਉੱਡ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਆਖਦੇ ਹਨ ਕਿ ਇਸ ਮਨ ਵਾਸਤੇ ਰਾਤ ਫਾਹੀ ਬਣਦੀ ਜਾ ਰਹੀ ਹੈ, ਦਿਨ ਜਾਲ ਫਾਹਾ ਬਣਦਾ ਜਾ ਰਿਹਾ ਹੈ। ਗੁਰ ਪਰਮੇਸ਼ਰ ਦੀ ਸ਼ਰਨ ਬਗੈਰ ਇਕ ਇਕ ਘੜੀ ਮੌਤ ਲਈ ਫਾਹੀ ਬਣਦੀ ਜਾ ਰਹੀ ਹੈ। ਇਹ ਮਨ ਗੁਰ ਪਰਮੇਸ਼ਰ ਦੀ ਸਿੱਖਿਆ ਤੋਂ ਬਗੈਰ ਰੋਜ਼ ਰੋਜ਼ ਵਿਕਾਰਾਂ ਦਾ ਚੋਗਾ ਚੁਗ ਰਿਹਾ ਹੈ। ਇਉਂ ਵਿਕਾਰਾਂ ਵਿੱਚ ਫਸਦਾ ਜਾ ਰਿਹਾ ਹੈ। ਜਦੋਂ ਮਨ ਵਿਕਾਰਾਂ ਵਿੱਚ ਪੂਰਾ ਪੂਰਾ ਫਸ ਗਿਆ, ਫਿਰ ਕਿਵੇਂ ਛੁਟਕਾਰਾ ਪਵੇਗਾ, ਕਦੇ ਵੀ ਨਹੀਂ ਛੁੱਟ ਸਕਦਾ। ਜਦੋਂ ਸ਼ਬਦ ਦੀ ਇਹ ਵਿਚਾਰ ਸਰਵਣ ਕੀਤੀ ਤਾਂ ਬਾਬਾ ਅਮਰਦਾਸ ਜੀ ਦਾ ਮਨ ਝੰਝੋੜਿਆ ਗਿਆ। ਸ਼ਬਦ ਦਾ ਤੀਸਰਾ ਪਹਿਰਾ ਆਰੰਭ ਹੁੰਦਾ ਹੈ। ਗੁਰੂ ਨਾਨਕ ਸਾਹਿਬ ਆਖਦੇ ਹਨ ਇਹ ਸਰੀਰ ਲੁਹਾਰ ਦੀ ਭੱਠੀ ਵਾਂਗ ਹੈ। ਗੁਰੂ ਦੇ ਉਪਦੇਸ਼ ਤੋਂ ਬਿਨਾਂ, ਗੁਰੂ ਦੀ ਸ਼ਰਨ ਤੋਂ ਬਿਨਾਂ ਇਸ ਸਰੀਰ ਦੀ ਭੱਠੀ ਵਿੱਚ ਕਾਮ, ਕ੍ਰੋਧ, ਈਰਖਾ ਨਫਰਤ ਦੀ ਤ੍ਰਿਸ਼ਨਾ, ਅਹੰਕਾਰ ਦੀ ਅੱਗ ਬਲ਼ ਰਹੀ ਹੈ। ਇਸ ਸਰੀਰ ਦੀ ਅਹਿਰਨ ਭੱਠੀ ਵਿੱਚ ਮਨ ਲੋਹੇ ਦੇ ਟੁਕੜੇ ਵਾਂਗ ਪਿਆ ਹੈ। ਵਿਕਾਰਾਂ ਦੀ ਅੱਗ ਸਰੀਰ ਜੀਵਨ ਵਿੱਚ ਤੇਜ਼ ਹੋ ਰਹੀ ਹੈ ਕਿਉਂਕਿ ਭੱਠੀ ਵਿੱਚ, ਜੀਵਨ ਵਿੱਚ ਕੁਕਰਮਾ ਪਾਪਾਂ ਦੇ ਕੋਇਲੇ ਲਗਾਤਾਰ ਪੈ ਰਹੇ ਹਨ। ਮਨੁੱਖ ਦਾ ਮਨ ਵਿਕਾਰਾਂ ਦੀ ਅੱਗ ਨਾਲ ਅਤੇ ਪਾਪਾ ਦੇ ਕੋਲਿਆਂ ਨਾਲ ਤਪ ਰਿਹਾ ਹੈ, ਸੜ ਰਿਹਾ ਹੈ, ਚਿੰਤਾ ਸੰਨੀ ਵਾਂਗ ਹੈ, ਮਨੁੱਖ ਦਾ ਮਨ ਵਿਕਾਰਾਂ ਦੀ ਅੱਗ ਨਾਲ ਅਤੇ ਪਾਪਾਂ ਦੇ ਕੋਲਿਆਂ ਦੇ ਸੇਕ ਨਾਲ ਜਲ਼ ਕੇ ਮਨੂਰ ਵਾਂਗ ਕਠੋਰ ਨਿਰਦਈ ਹੋ ਗਿਆ ਹੈ, ਜਿਸ ਉੱਪਰ ਕਿਸੇ ਚੀਜ਼ ਦਾ ਅਸਰ ਹੀ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਆਖਦੇ ਹਨ ਕਿ ਜੇਕਰ ਐਸੇ ਮਨੂਰ ਮਨ, ਕਠੋਰ ਮਨ ਨੂੰ ਗੁਰੂ ਉਪਦੇਸ਼ ਦੇ ਪਾਰਸ ਦੀ ਛੋਹ ਮਿਲ ਜਾਵੇ ਤਾਂ ਗੁਰੂ ਪਾਰਸ ਦੀ ਬਰਕਤ ਨਾਲ ਇਹ ਕਠੋਰ ਮਨ ਸੋਨੇ ਵਰਗਾ ਕੀਮਤੀ ਹੋ ਜਾਂਦਾ ਹੈ, ਜਦੋਂ ਸਰਨ ਪਏ ਮਨੁੱਖ ਨੂੰ ਗੁਰੂ ਨਾਨਕ ਬਾਣੀ ਦਾ ਉਪਦੇਸ਼, ਨਾਮ ਦਾ ਅੰਮ੍ਰਿਤ ਬਖਸ਼ਦਾ ਹੈ ਤਾਂ ਜੀਵਨ ਦਾ ਕੇਂਦਰ ਮਨ ਟਿਕ ਜਾਂਦਾ ਹੈ, ਜੇਕਰ ਮਨ ਟਿਕ ਗਿਆ ਤਾਂ ਸਾਰਾ ਜੀਵਨ ਟਿਕ ਜਾਂਦਾ ਹੈ, ਜੇ ਮਨ ਭਟਕ ਗਿਆ ਸਾਰਾ ਜੀਵਨ ਭਟਕ ਜਾਂਦਾ ਹੈ। ਇਹ ਮਨ ਗੁਰੂ ਦੇ ਗਿਆਨ ਨਾਲ ਹੀ ਟਿਕਦਾ ਹੈ। ਫੁਰਮਾਨ ਹੈ:-
ਕੁੰਭੇ ਬਧਾ ਜਲੁ ਰਹੈ, ਜਲ ਬਿਨੁ ਕੁੰਭੁ ਨ ਹੋਇ ॥
ਗਿਆਨ ਕਾ ਬਧਾ ਮਨੁ ਰਹੈ, ਗੁਰ ਬਿਨੁ ਗਿਆਨੁ ਨ ਹੋਇ ॥ (ਮਹਲਾ ੧/੪੬੯)
ਪਾਣੀ ਘੜੇ ਵਿੱਚ ਹੀ ਟਿਕਦਾ ਹੈ, ਪਾਣੀ ਤੋਂ ਬਗੈਰ ਘੜਾ ਨਿਕੰਮਾ ਹੈ। ਪਿਆਸ ਨਹੀਂ ਬੁਝਾਉਂਦਾ, ਇਸੇ ਤਰ੍ਹਾਂ ਮਨ ਗਿਆਨ ਨਾਲ ਹੀ ਟਿਕਦਾ ਹੈ, ਗੁਰੂ ਤੋਂ ਬਿਨਾਂ ਗਿਆਨ ਨਹੀਂ ਮਿਲਦਾ। ਜੇ ਮਿਲਦਾ ਹੈ, ਤਾਂ ਉਹ ਗਿਆਨ ਮਨ ਲਈ ਨਿਕੰਮਾ ਹੈ, ਹੰਕਾਰ ਦਾ ਹਿੱਸਾ ਬਣ ਜਾਂਦਾ ਹੈ। ਇਸ ਲਈ ਮਨ ਗੁਰੂ ਰਾਹੀਂ ਹੀ ਟਿਕਦਾ ਹੈ। ਬਾਬਾ ਅਮਰਦਾਸ ਜੀ ਨੇ ਸਾਰਾ ਸ਼ਬਦ ਬੜੇ ਧਿਆਨ ਨਾਲ, ਸਹਿਜ ਨਾਲ ਸੁਣਿਆ, ਜੀਵਨ ਵੈਰਾਗਮਈ ਹੋ ਗਿਆ, ਚਾਨਣਾ ਵੀ ਹੋ ਗਿਆ, ਬਾਬਾ ਅਮਰਦਾਸ ਜੀ ਨੇ ਬੜੀ ਨਿਮਰਤਾ ਅਤੇ ਬੈਰਾਗ ਨਾਲ ਆਪਣੀ ਭਤੀਜ ਨੂੰਹ ਨੂੰ ਕਿਹਾ ਬੀਬਾ ! ਮੇਰੀ ਬੱਚੀ ! ਜੋ ਤੁਸੀਂ ਬਚਨ ਗਾ ਕੇ ਪੜ੍ਹੇ ਹਨ, ਇਹ ਬਚਨ ਕਿਸ ਸਤਿ ਪੁਰਖ ਦੇ ਹਨ। ਅੱਗੋਂ ਬੀਬੀ ਅਮਰੋ ਜੀ ਨੇ ਪਿਆਰ ਵਿੱਚ ਭਿੱਜ ਕੇ ਕਿਹਾ ਪਿਤਾ ਜੀ ! ਇਹ ਬਚਨ ਗੁਰੂ ਨਾਨਕ ਸਾਹਿਬ ਜੀ ਦੇ ਪੜ੍ਹੇ ਹਨ। ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾ ਗਏ ਹਨ। ਉਹਨਾਂ ਦੀ ਜੋਤ ਜੁਗਤ ਦੇ ਵਾਰਿਸ ਮੇਰੇ ਪਿਤਾ ਜੀ (ਗੁਰੂ ਅੰਗਦ ਸਾਹਿਬ ਜੀ) ਹਨ। ਮੇਰੇ ਪਿਤਾ ਗੁਰੂ ਅੰਗਦ ਸਾਹਿਬ ਜੀ ਦੂਸਰੇ ਗੁਰੂ ਨਾਨਕ ਹਨ, ਬਾਬਾ ਅਮਰਦਾਸ ਜੀ ਨੇ ਕਿਹਾ ਕਿ ਮੇਰੀ ਬੱਚੀ ! ਮੇਰੇ ’ਤੇ ਕਿਰਪਾ ਕਰ ਮੈਨੂੰ ਗੁਰੂ ਕੋਲ ਲੈ ਚੱਲ। ਮੈਂ ਸਾਰੀ ਉਮਰ ਤੇਰਾ ਅਹਿਸਾਨਮੰਦ ਹੋਵਾਂਗਾ। ਬੀਬੀ ਅਮਰੋ ਜੀ ਨੇ ਕਿਹਾ ਪਿਤਾ ਜੀ ! ਤੁਸੀਂ ਦੋ ਚਾਰ ਵਾਰ ਮਿਲ ਚੁੱਕੇ ਹੋ। ਇਹ ਸੁਣ ਕੇ ਬਾਬਾ ਅਮਰਦਾਸ ਜੀ ਦੇ ਨੇਤਰਾਂ ਵਿੱਚ ਪਾਣੀ ਭਰ ਆਇਆ। ਕਹਿਣ ਲੱਗੇ ਮੇਰੀ ਬੇਟੀ ! ਮੇਰੇ ਪਿਤਾ ਤੇਜਭਾਨ ਜੀ ਅਤੇ ਮੇਰੇ ਭਰਾ ਮਾਣਕ ਚੰਦ ਨੇ ਮੈਨੂੰ ਸਿਰਫ ਕੁੜਮ ਨਾਲ ਮਿਲਾਇਆ ਸੀ। ਤੂੰ ਮੇਰੇ ’ਤੇ ਕਿਰਪਾ ਕਰ ਮੈਨੂੰ ਗੁਰੂ ਨਾਲ ਮਿਲਾ ਦੇ। ਬੀਬੀ ਅਮਰੋ ਜੀ ਨੇ ਰਾਮ ਜੀ ਮੱਲ ਤੋਂ ਆਗਿਆ ਲਈ ਤੇ ਬਾਬਾ ਅਮਰਦਾਸ ਜੀ ਨਾਲ ਬਾਸਰਕੇ ਤੋਂ ਖਡੂਰ ਸਾਹਿਬ ਪਹੁੰਚੇ। ਗੁਰੂ ਅੰਗਦ ਸਾਹਿਬ ਜੀ ਨੂੰ ਪਤਾ ਲੱਗਾ ਕਿ ਬੇਟੀ ਅਮਰੋ ਜੀ ਨਾਲ ਕੁੜਮ ਬਾਬਾ ਅਮਰਦਾਸ ਜੀ ਆਏ ਹਨ। ਸਤਿਕਾਰ ਨਾਲ ਬਾਬਾ ਅਮਰਦਾਸ ਜੀ ਨੂੰ ਮਿਲਣ ਆਏ। ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ। ਬਾਬਾ ਅਮਰਦਾਸ ਜੀ ਦੀ ਉਮਰ 62 ਸਾਲ ਦੀ ਸੀ। ਹੱਥ ਜੋੜ ਕੇ ਕਹਿਣ ਲੱਗੇ ਅੱਜ ਮੈਂ ਕੁੜਮ ਨਹੀਂ, ਸੇਵਕ ਬਣ ਕੇ ਆਇਆ ਹਾਂ। ਅੱਜ ਮੈਂ ਸੇਵਾ ਕਰਾਉਣ ਨਹੀਂ, ਸੇਵਾ ਕਰਨ ਲਈ ਆਇਆ ਹਾਂ। ਅੱਜ ਮੈਂ ਕੁੜਮ ਨੂੰ ਨਹੀਂ, ਗੁਰੂ ਨੂੰ ਮਿਲਣ ਆਇਆ ਹਾਂ। ਮੇਰੇ ’ਤੇ ਮਿਹਰ ਕਰੋ ਮੈਨੂੰ ਆਪਣੀ ਸ਼ਰਨ ਬਖਸ਼ੋ।
ਵੇਖਿਆ ਜਾਵੇ ਗੁਰੂ ਅਮਰਦਾਸ ਜੀ ਪਹਿਲਾਂ ਗੁਰੂ ਅੰਗਦ ਸਾਹਿਬ ਜੀ ਨੂੰ ਸਰੀਰ ਕਰਕੇ ਮਿਲ ਚੁੱਕੇ ਹਨ। ਸਰੀਰ ਕਰਕੇ ਦਰਸ਼ਨ ਕਰ ਚੁੱਕੇ ਹਨ, ਪਰ ਜੀਵਨ ਜਿਉਂ ਦਾ ਤਿਉਂ ਹੀ ਰਿਹਾ ਸੀ ਜਦਕਿ ਹੁਣ ਜਦੋਂ ਸ਼ਬਦ ਗੁਰੂ ਦੇ ਸਰਵਣ ਦਰਸ਼ਨ ਹੋਏ, ਤਾਂ ਅੰਦਰ ਵੈਰਾਗ ਅਤੇ ਪ੍ਰੇਮ ਜਾਗਿਆ। ਸ਼ਬਦ ਗੁਰੂ ਦੇ ਸਰਵਣ ਦਰਸ਼ਨ ਕਰਕੇ ਜੀਵਨ ਬਦਲਿਆ ਹੈ। ਸ਼ਬਦ ਗੁਰੂ ਨੇ ਜੀਵਨ ਵਿੱਚ ਮਹਾਨਤਾ ਲਿਆਂਦੀ। ਇਤਿਹਾਸ ਦਾ ਇਹ ਵਾਕਿਆ ਦੱਸਦਾ ਹਾਂ ਕਿ ਗੁਰੂ ਸਰੀਰ ਨਹੀਂ ਹੈ, ਗੁਰੂ ਸ਼ਬਦ ਹੈ, ਬਰਤਨ ਨੇ ਪਿਆਸ ਨਹੀਂ ਬੁਝਾਉਣੀ। ਪਿਆਸ ਤਾਂ ਪਾਣੀ ਨੇ ਬੁਝਾਉਣੀ ਹੈ। ਸ਼ਬਦ ਗਿਆਨ ਨੇ ਜੀਵਨ ਨੂੰ ਮਹਾਨ ਬਣਾਉਣਾ ਹੈ, ਇਸ ਲਈ ਸ਼ਬਦ ਗੁਰੂ ਹੈ ਜਦੋਂ ਤੱਕ ਮਨੁੱਖ ਸ਼ਬਦ ਦੀ ਵਿਚਾਰ ਨਹੀਂ ਕਰਦਾ, ਵਿਚਾਰ ਨੂੰ ਨਹੀਂ ਮੰਨਦਾ ਸੱਚ ਜਾਣਿਓ ਉਦੋਂ ਤੱਕ ਜੀਵਨ ਵਿੱਚ ਕੌਤਕ ਨਹੀਂ ਵਰਤਦਾ। ਜੀਵਨ ਜਿਉਂ ਦਾ ਤਿਉਂ ਹੀ ਰਹਿੰਦਾ ਹੈ। ਸ਼ਬਦ ਗੁਰੂ ਨਾਲ ਹੀ ਵਹਿਮਾ ਭਰਮਾਂ ਤੋਂ, ਚਿੰਤਾ ਫਿਕਰ ਤੋਂ, ਈਰਖਾ ਨਫ਼ਰਤ ਤੋਂ, ਕੂੜ ਕਪਟ ਤੋਂ, ਛਲ ਫਰੇਬ ਤੋਂ, ਵਿਕਾਰਾਂ ਤੋਂ ਮੁਕਤੀ ਮਿਲਣੀ ਹੈ। ਫੁਰਮਾਨ ਹੈ:-
ਸਤਿਗੁਰ ਨੋ ਸਭੁ ਕੋ ਵੇਖਦਾ, ਜੇਤਾ ਜਗਤੁ ਸੰਸਾਰੁ ॥
ਡਿਠੈ ਮੁਕਤਿ ਨ ਹੋਵਈ, ਜਿਚਰੁ ਸਬਦਿ ਨ ਕਰੇ ਵੀਚਾਰੁ ॥ (ਮਹਲਾ ੩/੫੯੪)
ਸਬਦ ਵਿਚਾਰ ਨਾਲ ਹੀ ਮਨੁੱਖ ਦੇ ਵਿਚਾਰ ਬਦਲਦੇ ਹਨ। ਜਦੋਂ ਵਿਚਾਰ ਬਦਲ ਜਾਂਦੇ ਹਨ ਤਾਂ ਸਭ ਕੁਝ ਬਦਲ ਜਾਂਦਾ ਹੈ। ਤਨ ਤਾਂ ਉਹੀ ਰਹਿੰਦਾ ਹੈ, ਪਰ ਜੀਵਨ ਦੀ ਪ੍ਰਕਿਰਿਆ ਬਦਲ ਜਾਂਦੀ ਹੈ। ਅੱਖਾਂ ਉਹੀ ਰਹਿੰਦੀਆਂ ਹਨ, ਪਰ ਅੱਖਾਂ ਦਾ ਦੇਖਣਾ ਪਵਿੱਤਰ ਹੋ ਜਾਂਦਾ ਹੈ। ਕੰਨ ਉਹੀ ਰਹਿੰਦੇ ਹਨ, ਪਰ ਕੰਨਾਂ ਦਾ ਸੁਣਨਾ ਸੁਹਾਵਣਾ ਹੋ ਜਾਂਦਾ ਹੈ। ਰਸਨਾ ਤਾਂ ਉਹੀ ਰਹਿੰਦੀ ਹੈ, ਪਰ ਰਸਨਾ ਦਾ ਬੋਲਣਾ ਮਿੱਠਾ ਹੋ ਜਾਂਦਾ ਹੈ। ਮਨ ਤਾਂ ਉਹੀ ਰਹਿੰਦਾ ਹੈ, ਪਰ ਮਨ ਦਾ ਸੋਚਣਾ ਸਕਾਰਾਤਮਕ ਚੰਗਾ ਹੋ ਜਾਂਦਾ ਹੈ। ਹੱਥ ਪੈਰ ਉਹੀ ਰਹਿੰਦੇ ਹਨ, ਪਰ ਹੱਥਾਂ ਪੈਰਾਂ ਦਾ ਚਲਣਾ, ਕਰਨਾ ਸ਼ੁਭ ਹੋ ਜਾਂਦਾ ਹੈ। ਬੰਦਾ ਤਾਂ ਉਹੀ ਰਹਿੰਦਾ ਹੈ, ਪਰ ਬੰਦੇ ਦਾ ਉਠਣਾ ਬੈਠਣਾ, ਖਾਣਾ ਪੀਣਾ, ਚਲਣਾ ਫਿਰਨਾ ਸਭ ਸ਼ੁਭ ਹੋ ਜਾਂਦਾ ਹੈ, ਪਰ ਜੇਕਰ ਜੀਵਨ ਦੀ ਵਿਚਾਰ ਨਾ ਹੋਈ, ਵਿਚਾਰ ਨਾ ਮੰਨੀ ਤਾਂ ਬੰਦਾ ਨਹੀਂ ਬਦਲਦਾ । ਅੱਜ ਮਾਹੌਲ ਐਸਾ ਹੀ ਚੱਲ ਰਿਹਾ ਹੈ। ਗੁਰੂ ਦੇ ਦਰਸ਼ਨ ਹਨ, ਗੁਰੂ ਨੂੰ ਭੇਟਾਵਾਂ ਹਨ, ਗੁਰੂ ਨੂੰ ਸੁੰਦਰ ਰੁਮਾਲੇ ਪਾਲਕੀਆਂ ਹਨ, ਗੁਰੂ ਨੂੰ ਮੱਥੇ ਟੇਕਣੇ ਹਨ, ਲੰਗਰਾਂ ਦੀ ਸੇਵਾ ਹੈ, ਕੀਰਤਨ ਦਰਬਾਰ ਹਨ, ਸੋਨੇ ਦੀਆਂ ਪਾਲਕੀਆਂ ਹਨ, ਸ਼ਤਾਬਦੀਆਂ ਵਿੱਚ ਭੀੜਾਂ ਹਨ, ਨਗਰ ਕੀਰਤਨ ਹਨ, ਪਰ ਸ਼ਬਦ ਵਿਚਾਰ ਬਹੁਤ ਘੱਟ ਹੈ। ਜੇਕਰ ਸ਼ਬਦ ਵਿਚਾਰ ਹੈ ਤਾਂ ਉਸ ਵਿਚਾਰ ਨੂੰ ਸਵੀਕਾਰਦੇ, ਮੰਨਦੇ ਨਹੀਂ ਹਨ। ਇਸ ਕਰਕੇ ਜੀਵਨ ਵਿੱਚ ਰੂਹਾਨੀਅਤ ਨਹੀਂ ਹੈ। ਜੀਵਨ ਵਿੱਚ ਸਹਜ ਅਤੇ ਅਨੰਦ ਨਹੀਂ ਹੈ। ਜੀਵਨ ਵਿੱਚ ਪ੍ਰੇਮ ਪਿਆਰ, ਸਤ, ਸੰਤੋਖ, ਦਇਆ ਨਹੀਂ ਹੈ। ਗੁਰੂ ਅਮਰਦਾਸ ਜੀ ਦੇ ਇਤਿਹਾਸ ਵਿੱਚ ਇੱਕ ਸਾਖੀ ਆਉਂਦੀ ਹੈ :-
ਭਾਈ ਹੰਸਾ ਜੀ:- ਗੋਇੰਦਵਾਲ ਸਾਹਿਬ ਭਾਈ ਹੰਸਾ ਜੀ ਦੁਕਾਨ ਕਰਦੇ ਸਨ। ਦੁਕਾਨ; ਗੁਰੂ ਦਰਬਾਰ ਦੇ ਨਜ਼ਦੀਕ ਹੀ ਸੀ। ਭਾਈ ਹੰਸਾ ਜੀ; ਸਵੇਰ ਸ਼ਾਮ ਤਾਂ ਗੁਰੂ ਦਰਬਾਰ ਵਿੱਚ ਆਉਂਦੇ ਹੀ ਸਨ, ਦਿਨ ਵਿੱਚ ਜਦੋਂ ਵੀ ਵੇਲ਼ ਮਿਲਦਾ ਉਸ ਵੇਲੇ ਵੀ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਣ ਆ ਜਾਂਦੇ ਸਨ। ਲੰਗਰ ਛਕਦੇ ਅਤੇ ਲੰਗਰਾਂ ਦੀ ਸੇਵਾ ਵੀ ਕਰਦੇ ਸਨ। ਦਿਨ ਵਿੱਚ ਭਾਈ ਹੰਸਾ ਜੀ ਕਈ ਕਈ ਵਾਰ ਗੁਰੂ ਦਰਸ਼ਨਾਂ ਨੂੰ ਆਉਂਦੇ ਸਨ। ਸਿੱਖ ਭਾਈ ਹੰਸਾ ਜੀ ਨੂੰ ਦੇਖਦੇ ਸਨ, ਉਨਾਂ ਨੂੰ ਜਾਣਦੇ ਵੀ ਸਨ, ਪਰ ਭਾਈ ਹੰਸਾ ਜੀ ਜੀਵਨ ਵਿੱਚ ਸੁਖੀ ਨਹੀਂ ਸਨ। ਜੀਵਨ ਵਿੱਚ ਸਹਿਜ ਨਹੀਂ ਸੀ। ਮਨ ਨੂੰ ਚੈਨ ਵੀ ਨਹੀਂ ਸੀ। ਜੀਵਨ ਵਿੱਚ ਤਲਖੀ ਭਟਕਣਾ ਸੀ। ਇੱਕ ਦਿਨ ਸਿੱਖਾਂ ਨੇ ਗੁਰੂ ਅਮਰਦਾਸ ਜੀ ਨੂੰ ਪੁੱਛਿਆ ਪਾਤਿਸ਼ਾਹ ਜੀ ! ਭਾਈ ਹੰਸਾ ਜੀ ਦਿਨ ਵਿੱਚ ਕਈ ਕਈ ਵਾਰ ਗੁਰੂ ਦਰਸ਼ਨਾਂ ਨੂੰ ਆਉਂਦਾ ਹੈ, ਮੱਥਾ ਟੇਕਦਾ ਹੈ, ਸੇਵਾ ਵੀ ਕਰਦਾ ਹੈ, ਪਰ ਜੀਵਨ ਵਿੱਚ ਸਹਿਜ ਨਹੀਂ ਹੈ, ਜੀਵਨ ਵਿੱਚ ਭਟਕਣਾ ਹੈ, ਪਾਤਿਸ਼ਾਹ ਇਸ ਦੀ ਵਜਹਾ ਕੀ ਹੈ ? ਉਸ ਵੇਲੇ ਗੁਰੂ ਅਮਰਦਾਸ ਜੀ ਨੇ ਬੜੇ ਕੀਮਤੀ ਬਚਨ ਕਹੇ ਕਿ ਭਾਈ ਗੁਰਸਿੱਖੋ ! ਭਾਈ ਹੰਸਾ ਜੀ ਗੁਰੂ ਦਰਬਾਰ ਜ਼ਰੂਰ ਆਉਂਦੇ ਹਨ, ਮੱਥਾ ਵੀ ਟੇਕਦੇ ਹਨ, ਸੇਵਾ ਵੀ ਕਰਦਾ ਹੈ, ਅਰਦਾਸਾਂ ਵੀ ਕਰਦਾ ਹੈ, ਪਰ ਜਦੋਂ ਦੀਵਾਨ ਵਿੱਚ ਸ਼ਬਦ ਗੁਰੂ ਦੀ ਵਿਚਾਰ (ਕਥਾ) ਹੁੰਦੀ ਹੈ, ਉਸ ਵੇਲੇ ਭਾਈ ਹੰਸਾ ਜੀ ਦੀਵਾਨ ਵਿੱਚ ਬੈਠ ਕੇ ਵਿਚਾਰ ਨਹੀਂ ਸੁਣਦੇ, ਸੇਵਾ ਦਾ ਬਹਾਨਾ ਬਣਾ ਕੇ ਦੀਵਾਨ ਤੋਂ ਦੂਰ ਰਹਿੰਦੇ ਹਨ। ਇਕਾਗਰਤਾ ਨਾਲ ਟਿਕ ਕੇ ਵਿਚਾਰ ਨਹੀਂ ਸੁਣਦੇ। ਗੁਰੂ ਸ਼ਬਦ ਦੀ ਵਿਚਾਰ ਤੋਂ ਖਾਲੀ ਰਹਿ ਜਾਂਦੇ ਹਨ, ਬਸ ਇਸ ਕਰਕੇ ਮਨ ਨੂੰ ਸ਼ਾਂਤੀ ਨਹੀਂ ਹੈ, ਜੀਵਨ ਵਿੱਚ ਇਸੇ ਕਰਕੇ ਸਹਿਜ ਵੀ ਨਹੀਂ ਹੈ, ਗੁਰੂ ਸਾਹਿਬ ਨੇ ਇੱਕ ਬਹੁਤ ਕੀਮਤੀ ਗੱਲ ਕਹੀ ਕਿ ਜੇਕਰ ਮਨੁੱਖ ਸ਼ਬਦ ਵਿਚਾਰ ਨਹੀਂ ਸੁਣਦਾ, ਨਹੀਂ ਮੰਨਦਾ ਤਾਂ ਭਾਵੇਂ ਉਹ ਗੁਰੂ ਦਰਬਾਰ ਵਿੱਚ 100-100 ਵਾਰ ਆਵੇ ਉਸ ਦਾ ਆਉਣਾ, ਸੇਵਾ ਕਰਨੀ, ਲੇਖੇ ਵਿੱਚ ਨਹੀਂ ਪੈਂਦੀ ।
ਸਤਿਗੁਰ ਕੀ ਪਰਤੀਤਿ ਨ ਆਈਆ; ਸਬਦਿ (’ਚ) ਨ ਲਾਗੋ ਭਾਉ ॥
ਓਸ ਨੋ ਸੁਖੁ ਨ ਉਪਜੈ; ਭਾਵੈ ਸਉ ਗੇੜਾ ਆਵਉ ਜਾਉ॥ (ਮਹਲਾ ੩/੫੯੧)
ਜੇਕਰ ਸ਼ਬਦ ਗੁਰੂ ’ਤੇ ਪ੍ਰਤੀਤ, ਪਿਆਰ ਨਹੀਂ ਹੈ, ਫਿਰ ਅੰਦਰਲਾ ਸੁਖ ਨਹੀਂ ਮਿਲਦਾ ਭਾਵੇਂ ਕੋਈ ਸੌ ਵਾਰ ਆਈ ਜਾਵੇ, ਭਾਵੇਂ ਸੌ ਸੌ ਵਾਰ ਦਰਸ਼ਨ ਕਰੇ, ਸੌ ਸੌ ਵਾਰ ਮੱਥਾ ਟੇਕੀ ਜਾਵੇ, ਜੀਵਨ ਲੇਖੇ ਵਿੱਚ ਨਹੀਂ ਪੈਂਦਾ । ਗੁਰ ਇਤਿਹਾਸ ਪੜ੍ਹਿਆਂ ਹੀ ਸਬਦ ਗੁਰੂ ਦੀ ਕੀਤੀ ਕਮਾਈ ਸਮਝ ਪੈਂਦੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਦੋ ਪੁੱਤਰ ਹਨ। ਮੱਥਾ ਵੀ ਟੇਕਦੇ ਹੋਣਗੇ, ਪਰ ਸ਼ਬਦ ਗੁਰੂ ਨੂੰ ਨਹੀਂ ਸੀ ਮੰਨਦੇ, ਇਸ ਲਈ ਮਹਾਨਤਾ ਤੋਂ ਵਾਂਝੇ ਰਹਿ ਗਏ ਸਨ। ਭਾਈ ਲਹਿਣਾ ਜੀ ਗੁਰੂ ਸ਼ਰਨ ਆਏ। ਸ਼ਬਦ ਗੁਰੂ ਨੂੰ ਜੀਵਨ ਦਾ ਹਿੱਸਾ ਬਣਾਇਆ, ਇਸੇ ਲਈ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਸਾਹਿਬ ਜੀ ਸਿਰਜੇ ਗਏ, ਫਿਰ ਗੁਰੂ ਅੰਗਦ ਸਾਹਿਬ ਜੀ ਦੇ ਪੁੱਤਰ (ਸ੍ਰੀ ਦਾਸੂ ਅਤੇ ਸ੍ਰੀ ਦਾਤੂ ਜੀ); ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰਦੇ ਸਨ, ਮੱਥਾ ਵੀ ਦੇਖਾ ਦੇਖੀ ਟੇਕਦੇ ਸਨ, ਪਰ ਸ਼ਬਦ ਗੁਰੂ ਦੇ ਪਾਬੰਦ ਨਹੀਂ ਸੀ ਰਹਿੰਦੇ, ਇਸੇ ਕਰਕੇ ਜੀਵਨ ਦੇ ਸਹਿਜ ਤੋਂ ਵਾਂਝੇ ਰਹਿ ਗਏ। ਬਾਬਾ ਅਮਰਦਾਸ ਜੀ; ਗੁਰੂ ਸਰਨ ਆਏ। ਸ਼ਬਦ ਗੁਰੂ ਨੂੰ ਇਮਾਨਦਾਰੀ ਨਾਲ ਸੁਣਿਆ ਅਤੇ ਮੰਨਿਆ, ਬਾਬਾ ਅਮਰਦਾਸ ਤੋਂ ਗੁਰੂ ਅਮਰਦਾਸ ਜੀ ਦੀ ਪਦਵੀ ਤੱਕ ਪਹੁੰਚ ਗਏ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਆਸਰਿਆਂ ਦੇ ਆਸਰੇ, ਨਿਓਟਿਆਂ ਦੀ ਓਟ ਹੋ ਗਏ। ਫਿਰ ਗੁਰੂ ਅਮਰਦਾਸ ਜੀ ਦੇ ਪੁੱਤਰ (ਮੋਹਨ ਜੀ ਤੇ ਮੋਹਰੀ ਜੀ) ਗੁਰੂ ਦੇ ਦਰਸ਼ਨ ਕਰਦੇ ਸਨ। ਦੇਖਾ ਦੇਖੀ ਮੱਥਾ ਵੀ ਟੇਕਦੇ ਸਨ, ਸੇਵਾ ਵੀ ਕਰਦੇ ਸਨ, ਪਰ ਗੁਰੂ ਦੇ ਬਚਨ (ਸ਼ਬਦ ਗੁਰੂ) ਨੂੰ ਨਹੀਂ ਸੁਣਦੇ ਸਨ ਅਤੇ ਨਾ ਹੀ ਮੰਨਦੇ ਸਨ, ਇਸ ਕਰਕੇ ਗੁਰੂ ਬਖਸ਼ਸ਼ ਤੋਂ ਵਿਹੂਣੇ ਰਹਿ ਗਏ ਸਨ। ਗੁਰਿਆਈ ਤੋਂ ਵੀ ਵਾਂਝੇ ਰਹਿ ਗਏ ਸਨ। ਭਾਈ ਜੇਠਾ ਜੀ ਮਨ ਕਰਕੇ ਗੁਰੂ ਦੀ ਸ਼ਰਨ ਆਏ। ਸੇਵਾ ਕਰਦਿਆਂ ਗੁਰੂ ਦੇ ਬਚਨਾਂ ਨੂੰ ਜੀਵਨ ਵਿੱਚ ਵਸਾਇਆ। ਜੀਵਨ ਸ਼ਬਦ ਗੁਰੂ ਅਨੁਸਾਰ ਬਣਾ ਲਿਆ, ਇਸ ਕਰਕੇ ਭਾਈ ਜੇਠਾ ਜੀ ਤੋਂ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਹੋ ਗਏ । ਫਿਰ ਗੁਰੂ ਰਾਮਦਾਸ ਪਾਤਿਸ਼ਾਹ ਦੇ ਦਰਸ਼ਨ, ਇਹਨਾਂ ਦੇ ਦੋ ਪੁੱਤਰ (ਮਹਾਦੇਵ ਜੀ ਅਤੇ ਪ੍ਰਿਥੀ ਚੰਦ ਜੀ) ਕਰਦੇ ਸਨ। ਸੇਵਾ ਵੀ ਪ੍ਰਿਥੀ ਚੰਦ ਬਹੁਤ ਕਰਦਾ ਸੀ, ਪਰ ਗੁਰੂ ਤੋਂ ਵਿਚਾਰਾਂ ਤੋਂ ਉਲਟ ਹੀ ਚਲਦੇ ਸਨ। ਗੁਰੂ ਆਗਿਆ ਨਹੀਂ ਸੀ ਮੰਨਦੇ, ਇਸ ਲਈ ਸੰਗਤਾਂ ਦੇ ਮਾਣ ਸਨਮਾਨ ਤੋਂ ਖਾਲੀ ਰਹਿ ਗਏ। ਗੁਰੂ ਪਦਵੀ ਦੀ ਅਵਸਥਾ ਤੱਕ ਨਹੀਂ ਸੀ ਪਹੁੰਚੇ। ਗੁਰੂ ਰਾਮਦਾਸ ਜੀ ਦੀ ਸ਼ਰਨ ਇਹਨਾਂ ਦੇ ਛੋਟੇ ਪੁੱਤਰ ਗੁਰੂ ਅਰਜਨ ਸਾਹਿਬ ਜੀ ਆਏ। ਮਨ, ਤਨ ਨਾਲ ਸੇਵਾ ਕੀਤੀ, ਹੁਕਮ ਮੰਨਿਆ, ਸ਼ਬਦ ਗੁਰੂ ਨੂੰ ਜੀਵਨ ਦਾ ਆਧਾਰ ਬਣਾਇਆ, ਇਸ ਕਰਕੇ ਛੋਟੇ ਹੁੰਦੇ ਹੋਏ ਭੀ ਵੱਡੀ ਪਦਵੀ ਨੂੰ ਪ੍ਰਾਪਤ ਹੋ ਗਏ ‘ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ’। ਇਸੇ ਸੰਦਰਭ ਵਿੱਚ ਧੀਰਮਲ, ਰਾਮਰਾਏ ਦਰਸ਼ਨ ਜ਼ਰੂਰ ਕਰਦੇ ਸਨ, ਪਰ ਗੁਰੂ ਆਸ਼ੇ ਤੋਂ ਉਲਟ ਚੱਲ ਪਏ ਸਨ, ਇਸ ਕਰਕੇ ਗੁਰੂ ਦਰਬਾਰ ਵਿੱਚ ਸੰਗਤਾਂ ਦੇ ਪਿਆਰ ਤੋਂ ਸੱਖਣੇ ਰਹਿ ਗਏ ਸਨ। ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਜਦੋਂ ਤੱਕ ਅਸੀਂ ਸ਼ਬਦ ਵਿਚਾਰ ਨਹੀਂ ਕਰਦੇ ਤਾਂ ਜੀਵਨ ਫਿਕਰ ਵਿੱਚ ਘਿਰਿਆ ਰਹੇਗਾ। ਦੂਸਰੀ ਗੱਲ ਗੁਰੂ ਸਰੀਰ ਨਹੀਂ ਹੈ, ਸ਼ਬਦ ਹੀ ਗੁਰੂ ਹੈ। ਫੁਰਮਾਨ ਹੈ :-
ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ ॥
ਗੁਰੁ, ਬਾਣੀ ਕਹੈ; ਸੇਵਕੁ ਜਨੁ ਮਾਨੈ; ਪਰਤਖਿ ਗੁਰੂ ਨਿਸਤਾਰੇ ॥(ਮਹਲਾ ੪/੯8੨)
ਗੁਰਬਾਣੀ ਹੀ ਅਸਲ ’ਚ ਮਨ (ਆਤਮਾ) ਲਈ ਗੁਰੂ ਹੈ, ਸੁਰਤ (ਆਤਮਾ) ਲਈ ਗੁਰੂ ਹੈ। ਜੋ ਜੀਵਨ ਮਾਰਗ ਦਰਸ਼ਨ ਕਰਾਉਂਦੀ ਹੈ, ਜੋ ਵੀ ਸਤਸੰਗੀ ਜਨ ਗੁਰਬਾਣੀ ਵਿਚਲੇ ਨਾਮ ਅੰਮ੍ਰਿਤ ਦੀ ਸੰਭਾਲ ਕਰਦੇ ਹਨ, ਸ਼ਬਦ ਦੇ ਉਪਦੇਸ਼ ਨੂੰ ਮੰਨਦੇ ਹਨ, ਉਹ ਪ੍ਰਤੱਖ ਨਿਸਤਾਰੇ ਗਏ, ਵਿਕਾਰਾਂ ਤੋਂ ਬਚ ਜਾਂਦੇ ਹਨ। ਸੋ ਬਚਨ ਉਪਦੇਸ਼ ਹੀ ਗੁਰੂ ਹੈ। ਫੁਰਮਾਨ ਹੈ :-
ਖਰੇ ਖਰੋਏ ਬੈਠਤ ਊਠਤ; ਮਾਰਗਿ ਪੰਥਿ ਧਿਆਵੈਗੋ ॥
ਸਤਿਗੁਰ ਬਚਨ; ਬਚਨ ਹੈ ਸਤਿਗੁਰ; ਪਾਧਰੁ ਮੁਕਤਿ ਜਨਾਵੈਗੋ ॥ (ਮਹਲਾ ੪/੧੩੦੯)
ਜਗਿਆਸੂ ਜਨ ਕਿਰਤ ਕਰਦਿਆਂ, ਸੱਚ ਦੇ ਮਾਰਗ ’ਤੇ ਚਲਦਿਆਂ ਧਰਮ ਨੂੰ ਜੀਵਨ ਵਿੱਚ ਰੱਖਦੇ ਹਨ, ਜੋ ਬਚਨ; ਅਸਲ ’ਚ ਮਨ ਸੁਰਤ ਲਈ ਗੁਰੂ ਹੈ। ਸ਼ਬਦ ਗੁਰੂ ਹੀ ਜੀਵਨ ਮੁਕਤੀ ਦਾ ਪਧਰਾ( ਸਿੱਧਾ, ਸੁਖੈਨ) ਰਸਤਾ ਦੱਸਦਾ ਹੈ। ਸੋ ਕੋਈ ਸਰੀਰ, ਕੋਈ ਸਾਧ ਸੰਤ, ਕੋਈ ਬ੍ਰਹਮ ਗਿਆਨੀ, ਕੋਈ ਸਨਿਆਸੀ, ਕੋਈ ਬੈਰਾਗੀ, ਤਿਆਗੀ ਵਗ਼ੈਰਾ ਗੁਰੂ ਨਹੀਂ ਹੋ ਸਕਦਾ। ਗੁਰੂ ਸ਼ਬਦ ਹੈ। ਜਦੋਂ ਤੁਸੀਂ ਦੇਹਧਾਰੀਆਂ ਨੂੰ ਕਹੋਗੇ ਕਿ ਗੁਰੂ ਨਾਨਕ ਸਾਹਿਬ ਆਪ ਆਖਦੇ ਹਨ ਕਿ ਸਾਡਾ ਗੁਰੂ ਸ਼ਬਦ ਹੈ। ਸ਼ਬਦ ਗੁਰੂ ਦੀ ਚੇਲਾ ਸੁਰਤ ਹੈ, ਫਿਰ ਤੁਸੀਂ ਕਿਉਂ ਨਹੀਂ ਸ਼ਬਦ ਨੂੰ ਗੁਰੂ ਮੰਨਦੇ ? ਤੁਸੀਂ ਵੀ ਸ਼ਬਦ ਨੂੰ ਗੁਰੂ ਮੰਨ ਲਵੋ ।
ਦੇਹਧਾਰੀ ਗੁਰੂ ਅਤੇ ਉਨ੍ਹਾਂ ਦੇ ਪਖੰਡੀ ਚੇਲੇ ਤੁਹਾਨੂੰ ਇੱਕ ਸਵਾਲ ਕਰਨਗੇ, ਉਹ ਆਖਣਗੇ ਕਿ ਗੁਰੂ ਨਾਨਕ ਸਾਹਿਬ ਜੀ ਕੋਲ 15 ਭਗਤਾਂ ਦੇ ਸ਼ਬਦ ਸਨ ਅਤੇ ਉਨ੍ਹਾਂ ਦੇ ਉਚਾਰਨ ਕੀਤੇ ਵੀ ਅਨੇਕ ਸ਼ਬਦ ਸਨ, ਤੁਸੀਂ ਦੱਸੋ ? ਉਹਨਾਂ ਸੈਂਕੜੇ ਹਜ਼ਾਰਾਂ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਗੁਰੂ ਨਾਨਕ ਸਾਹਿਬ ਦਾ ਗੁਰੂ ਹੈ, ਜਦੋਂ ਇਹ ਸਵਾਲ ਤੁਹਾਨੂੰ ਕਰਨਗੇ ਦੱਸੋ ਕਿਹੜਾ ਸ਼ਬਦ ਉਨਾਂ ਦਾ ਗੁਰੂ ਹੈ, ਤਦ ਤੁਹਾਨੂੰ ਕੋਈ ਜਵਾਬ ਨਹੀਂ ਆਵੇਗਾ। ਤੁਸੀਂ ਉਹਨਾਂ ਦੇ ਭਰਮ ਜਾਲ ਵਿੱਚ ਫਸ ਜਾਵੋਗੇ, ਇਸ ਲਈ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਕਿਹੜਾ ਸ਼ਬਦ, ਉਨ੍ਹਾਂ ਦਾ ਗੁਰੂ ਹੈ। ਬਹੁਤ ਕਠਿਨ ਸਵਾਲ ਹੈ। ਗੁਰੂ ਨਾਨਕ ਸਾਹਿਬ ਜੀ ਦਾ ਕਿਹੜਾ ਸ਼ਬਦ ਗੁਰੂ ਹੈ, ਇਸ ਦਾ ਖੁਲਾਸਾ ਅਗਲੇ ਭਾਗ ਵਿੱਚ ਕਰਾਂਗਾ। ਅੱਜ ਦੇ ਵਕਤ ਬਸ ਇਹੀ ਸਿੱਖਿਆ ਗ੍ਰਹਿਣ ਕਰਨੀ ਹੈ। ਸ਼ਬਦ ਗੁਰੂ ਹੈ।
ਸਤਿਗੁਰ ਪਾਤਿਸ਼ਾਹ, ਅਕਾਲ ਪੁਰਖ ਕਿਰਪਾ ਕਰਨ ਇਹ ਉਪਦੇਸ਼ ਸਾਡੇ ਜੀਵਨ ਦਾ ਆਧਾਰ ਬਣੇ ਤਾਂ ਕਿ ਸਾਡੇ ਸਾਰਿਆਂ ਦਾ ‘‘ਇਹ ਲੋਕ ਸੁਖੀਏ ਪਰਲੋਕ ਸੁਹੇਲੇ ॥ ਨਾਨਕ ! ਹਰਿ ਪ੍ਰਭਿ (ਨੇ) ਆਪਹਿ ਮੇਲੇ ॥’’ (ਮਹਲਾ ੫/੨੯੨) ਸਫਲੇ ਹੋ ਜਾਣ। ‘‘ਆਪੇ ਸੇਵਾ ਲਾਇਅਨੁ; ਆਪੇ ਬਖਸ ਕਰੇਇ ॥ ਸਭਨਾ ਕਾ ਮਾ ਪਿਉ ਆਪਿ ਹੈ; ਆਪੇ ਸਾਰ ਕਰੇਇ ॥’’(ਮਹਲਾ ੩/੬੫੩) ਭੁੱਲਾਂ ਦੀ ਖਿਮਾ।