ਸਰਲ ਗੁਰਬਾਣੀ ਵਿਆਕਰਣ – ਭਾਗ 5

0
36

ਸਰਲ ਗੁਰਬਾਣੀ ਵਿਆਕਰਣਭਾਗ 5

(ਨਾਉਂਪੁਲਿੰਗਵਿਸ਼ੇਸ਼ਣਪੜਨਾਂਵਆਦਰਵਾਚੀ ਵਾਕ)

ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣਾ

ਦੋਵੇਂ ਇਕੋ-ਦਮ ਚੀਕ ਉਠੇ, ‘ਮੈਨੂੰ ਪਤਾ ਹੈ, ਮੈਂ ਦੱਸਾਂਗਾ। ਨਹੀਂ ਨਹੀਂ ਮੈਂ ਦੱਸਾਂਗਾ। ਮੈਂ ਮੈਂ ਮੈਂ। ਨਹੀਂ ਮੈਂ ਮੈਂ ਮੈਂ’।

ਬੀਬੀ ਪਰਮਜੀਤ ਕੌਰ ਨੇ ਉਨ੍ਹਾਂ ਨੂੰ ਚੁੱਪ ਕਰਾਉਂਦਿਆਂ ਕਿਹਾ, ‘ਤੁਸੀਂ ਤਾਂ ਦੋਵੇਂ ਬੱਕਰੀਆਂ ਦੀ ਤਰ੍ਹਾਂ ਮੈਂ-ਮੈਂ ਕਰਨ ਲੱਗ ਪਏ ਓ। ਜਿਸ ਨੂੰ ਗਿਆਨੀ ਜੀ ਪੁੱਛਣਗੇ, ਉਹ ਹੀ ਜਵਾਬ ਦੇਵੇਗਾ’।

‘ਪੁੱਤਰ ਮਿਹਰ ਸਿੰਘ ! ਤੁਸੀਂ ਦੱਸੋ : ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ

ਇਸ ਤੁੱਕ ਵਿਚ ‘ਪੰਡਿਤ’ ਦੇ ਆਖਰੀ ਅੱਖਰ ਤੱਤੇ ਨੂੰ ਔਂਕੜ ਕਿਉਂ ਨਹੀਂ ਆਈ ?’ ਮੈਂ ਮਿਹਰ ਸਿੰਘ ਨੂੰ ਸਵਾਲ ਕੀਤਾ।

‘ਕਿਉਂਕਿ ਪੰਡਿਤ ਸੰਬੋਧਨ ਹੈ। ਇਸ ਦਾ ਅਰਥ ਬਣੇਗਾ : ਹੇ ਪੰਡਿਤ !’ ਮਿਹਰ ਸਿੰਘ ਨੇ ਜਵਾਬ ਦਿੱਤਾ।

‘ਬਿਲਕੁੱਲ ਠੀਕ ਜਵਾਬ। ਪੁੱਤਰ ਸੁਖਦੀਪ ਸਿੰਘ ! ਹੁਣ ਤੁਸੀਂ ਦੱਸੋ ਕਿ ‘ਬਾਮਨ’ ਦੇ ਆਖਰੀ ਅੱਖਰ ਨੰਨੇ ਨੂੰ ਔਂਕੜ ਕਿਉਂ ਨਹੀਂ ਆਈ ?’ ਮੇਰੀ ਗੱਲ ਸੁਣਦਿਆਂ ਹੀ ਮਿਹਰ ਸਿੰਘ ਤਾੜੀਆਂ ਮਾਰਦਾ ਖੁਸ਼ ਹੋ ਗਿਆ। ਹੁਣ ਜਵਾਬ ਦੇਣ ਦੀ ਵਾਰੀ ਸੁਖਦੀਪ ਸਿੰਘ ਦੀ ਸੀ।

‘ਗਿਆਨੀ ਜੀ ! ਇਸ ਤੁੱਕ ਵਿਚ ‘ਬਾਮਨ’ ਬਹੁ ਵਚਨ ਹੈ, ਭਾਵ : ਬਹੁਤੇ ਬਾਮਨ। ਬਹੁ ਵਚਨ ਹੋਣ ਕਰਕੇ ਅਕਾਰਾਂਤ (ਆਖਰੀ ਅੱਖਰ ਮੁਕਤਾ) ਆਇਆ ਹੈ। ਪੂਰੀ ਤੁੱਕ ਦਾ ਅਰਥ ਇਸ ਤਰ੍ਹਾਂ ਬਣੇਗਾ : ਹੇ ਪੰਡਿਤ ! ਦੱਸੋ, ਬ੍ਰਾਹਮਣ ਕਦੋਂ ਤੋਂ ਹੋਏ ਹਨ ?’

‘ਪਰ ਗਿਆਨੀ ਜੀ ! ਵੈਸੇ ਤਾਂ ‘ਪੰਡਿਤ’ ਸ਼ਬਦ ਬ੍ਰਾਹਮਣ ਦਾ ਵਿਸ਼ੇਸ਼ਣ ਹੈ ਨਾ ?’ ਸੁਖਦੀਪ ਸਿੰਘ ਨੇ ਸਵਾਲ ਕੀਤਾ।

‘ਪੁੱਤਰ, ਤੈਨੂੰ ਪਤਾ ਹੈ ਕਿ ਵਿਸ਼ੇਸ਼ਣ ਕਿਸ ਨੂੰ ਕਹਿੰਦੇ ਹਨ ?’ ਮੈਂ ਪੁੱਛਿਆ।

‘ਹਾਂ ਜੀ ਗਿਆਨੀ ਜੀ, ਜਿਹੜੇ ਸ਼ਬਦ ਨਾਉਂ ਜਾਂ ਪੜਨਾਉਂ ਨਾਲ ਲੱਗ ਕੇ ਉਹਨਾਂ ਦੀ ਵਿਸ਼ੇਸ਼ਤਾ ਦੱਸਦੇ ਹਨ, ਉਨ੍ਹਾਂ ਨੂੰ ਵਿਸ਼ੇਸ਼ਣ (AdjecÒive) ਕਿਹਾ ਜਾਂਦਾ ਹੈ, ਜਿਵੇਂ : ਚਿੱਟਾ, ਪਤਲਾ, ਸਿਆਣਾ, ਭੋਲਾ, ਤੇਜ, ਮੋਟਾ, ਮੈਲਾ, ਸੋਹਣਾ ਆਦਿ।’ ਸੁਖਦੀਪ ਸਿੰਘ ਨੇ ਸਮਝਾਇਆ।

‘ਵਿਸ਼ੇਸ਼ਣ ਦਾ ਮਤਲਬ ਕੀ ਹੁੰਦਾ ਹੈ ?’ ਮੈਂ ਫਿਰ ਸਵਾਲ ਕੀਤਾ।

‘ਵਿਸ਼ੇਸ਼ਣ ਦਾ ਮਤਲਬ ਹੈ ਕਿਸੇ ਦੀ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ। ਹਰ ਕਿਸੇ ਦੀ ਕੋਈ ਨਾ ਕੋਈ ਖੂਬੀ ਹੁੰਦੀ ਹੈ। ਉਸ ਨੂੰ ਖੂਬੀ ਕਹਿ ਲੋ, ਖਾਸੀਅਤ ਕਹਿ ਲੋ ਜਾਂ ਵਿਸ਼ੇਸ਼ਤਾ, ਗੱਲ ਤਾਂ ਇਕੋ ਹੀ ਹੈ। ਜਿਵੇਂ : ਇਹ ਬੱਚਾ ਸੋਹਣਾ ਹੈ। ਇੱਥੇ ਬੱਚੇ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਸੋਹਣਾ ਹੈ। ਜਿਵੇਂ : ਮਿਹਰ ਬਹੁਤ ਮਾਸੂਮ ਹੈ। ਮਿਹਰ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਮਾਸੂਮ ਹੈ।’ ਸੁਖਦੀਪ ਸਿੰਘ ਨੇ ਮਿਹਰ ਸਿੰਘ ਵੱਲ ਵੇਖ ਕੇ ਹੱਸਦਿਆਂ ਕਿਹਾ।

‘ਮੇਰਾ ਸੁਖਦੀਪ ਵੀਰਾ ਬਹੁਤ ਸਿਆਣਾ ਹੈ। ਇਹ ਮੇਰੇ ਵੀਰੇ ਦੀ ਵਿਸ਼ੇਸ਼ਤਾ ਹੈ ਕਿ ਉਹ ਸਿਆਣਾ ਹੈ।’ ਮਿਹਰ ਸਿੰਘ ਨੇ ਵੀ ਫਟਾਫੱਟ ਹੱਸਦਿਆਂ ਜਵਾਬ ਦਿਤਾ।

‘ਵਾਹ ਜੀ ਵਾਹ ! ਮੇਰੇ ਮਿਹਰ ਪੁੱਤਰ ਨੂੰ ਵੀ ਪਤਾ ਹੈ ਵਿਸ਼ੇਸ਼ਣਾਂ ਦਾ ? ਮੇਰੇ ਨਿੱਕੇ ਜਿਹੇ, ਪਿਆਰੇ ਜਿਹੇ ਬੱਚੇ ! ਮੈਂ ਹੁਣੇ ਦੋ ਵਿਸ਼ੇਸ਼ਣ ਵਰਤੇ ਨੇ, ਦੱਸੋ ਉਹ ਕਿਹੜੇ ਨੇ ?’ ਮੈਂ ਮਿਹਰ ਨੂੰ ਪੁੱਛਿਆ।

‘ਗਿਆਨੀ ਜੀ, ਨਿੱਕੇ ਤੇ ਪਿਆਰੇ।’ ਮਿਹਰ ਸਿੰਘ ਨੇ ਮਾਸੂਮੀਅਤ ਨਾਲ ਜਵਾਬ ਦਿੱਤਾ।

‘ਗਿਆਨੀ ਜੀ ‘ਨਿੱਕੇ’ ਤੇ ‘ਪਿਆਰੇ’ ਹਨ ?’ ਬੀਬੀ ਪਰਮਜੀਤ ਕੌਰ ਨੇ ਮਜ਼ਾਕ ਕਰਦਿਆਂ ਕਿਹਾ।

‘ਨਹੀਂ ! ਨਹੀਂ ! ਮੈਂ ‘ਨਿੱਕਾ ਜਿਹਾ’ ਤੇ ‘ਪਿਆਰਾ ਜਿਹਾ’ ਬੱਚਾ ਹਾਂ। ਗਿਆਨੀ ਜੀ ਨੇ ਮੈਨੂੰ ਕਿਹਾ ਹੈ।’ ਮਿਹਰ ਸਿੰਘ ਨੇ ਮੂੰਹ ’ਤੇ ਹੱਥ ਰੱਖ ਕੇ ਸ਼ਰਮਾਉਦਿਆਂ ਕਿਹਾ।

          ‘ਹੁਣ ਤੂੰ ਨਿੱਕਾ ਨਹੀਂ, ਵੱਡਾ ਹੋ ਗਿਆ ਹੈਂ। ਤੈਨੂੰ ਤਾਂ ਮੇਰੇ ਨਾਲੋਂ ਜ਼ਿਆਦਾ ਗੁਰਬਾਣੀ ਦੀ ਵਿਆਕਰਣ ਆਉਂਦੀ ਐ।

          ਅਮੁਲੁ ਧਰਮੁ ਅਮੁਲੁ ਦੀਬਾਣੁ

‘ਚੱਲ ਦੱਸ ਇਸ ਤੁੱਕ ਵਿਚ ਪੁਲਿੰਗ ਇਕ ਵਚਨ ਦਾ ਵਿਸ਼ੇਸ਼ਣ ਕਿਹੜਾ ਹੈ ?’ ਸੁਖਦੀਪ ਸਿੰਘ ਨੇ ਮਿਹਰ ਸਿੰਘ ਨੂੰ ਸਵਾਲ ਕੀਤਾ।

‘ਇਸ ਤੁੱਕ ਵਿਚ ‘ਧਰਮੁ’ ਤੇ ‘ਦੀਬਾਣੁ’ ਪੁਲਿੰਗ ਇਕ ਵਚਨ ਹਨ ਅਤੇ ਉਹਨਾਂ ਦਾ ਵਿਸ਼ੇਸ਼ਣ ਹੈ : ‘ਅਮੁਲੁ’। ਜਿਵੇਂ ਪੁਲਿੰਗ ਇਕ ਵਚਨ ਨਾਉਂ ਦੇ ਆਖਰੀ ਅੱਖਰ ਨੂੰ ਔਂਕੜ ਆਉਂਦੀ ਹੈ, ਉਸੇ ਤਰ੍ਹਾਂ ਪੁਲਿੰਗ ਇਕ ਵਚਨ ਵਿਸ਼ੇਸ਼ਣ ਦੇ ਆਖਰੀ ਅੱਖਰ ਨੂੰ ਵੀ ਔਂਕੜ ਆ ਜਾਂਦੀ ਹੈ, ਇਸੇ ਲਈ ‘ਅਮੁਲੁ’ ਦੇ ਵੀ ਆਖਰੀ ਅੱਖਰ ਨੂੰ ਔਂਕੜ ਆ ਗਈ ਹੈ।’ ਮਿਹਰ ਸਿੰਘ ਨੇ ਬਹੁਤ ਖੂਬਸੂਰਤੀ ਨਾਲ ਜਵਾਬ ਦਿੱਤਾ।

‘ਇਸ ਦੁਨੀਆਂ ਵਿਚ ਧਰਮ ਤਾਂ ਬਹੁਤ ਸਾਰੇ ਮੰਨੇ ਗਏ ਹਨ ਪਰ ਇਸ ਤੁੱਕ ਵਿਚ ‘ਧਰਮੁ’ ਇਕ ਵਚਨ ਕਿਉਂ ਆਇਆ ਹੈ ?’ ਮੈਂ ਸਵਾਲ ਕੀਤਾ।

ਮਿਹਰ ਸਿੰਘ ਤੋਂ ਪਹਿਲਾਂ ਹੀ ਸੁਖਦੀਪ ਸਿੰਘ ਬੋਲ ਉਠਿਆ, ‘ਕਿਉਂਕਿ ਗੁਰਬਾਣੀ ਨੇ ਇਕ ਹੀ ‘ਧਰਮ’ ਮੰਨਿਆ ਹੈ। ਕੋਈ ਮਨੁੱਖ ਸੱਚ ਨੂੰ ਆਪਣੀ ਜ਼ਿੰਦਗੀ ਵਿਚ ਦ੍ਰਿੜ੍ਹ ਕਰ ਲਵੇ, ਇਹੋ ਹੀ ਸਮੁੱਚੀ ਮਨੁੱਖਤਾ ਦਾ ਇਕ ਸਾਂਝਾ ਧਰਮ ਹੈ।

ਏਕੋ ਧਰਮੁ ਦ੍ਰਿੜੈ ਸਚੁ ਕੋਈ

ਭਾਵ : ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫ਼ਰਜ਼ਾਂ ਨੂੰ ਪੂਰਾ ਕਰਨ ਦਾ ਨਾਮ ਹੀ ਧਰਮ ਹੈ।

‘ਵਾਹ ! ਵਾਹ ! !’ ਸੁਖਦੀਪ ਸਿੰਘ ਦੇ ਮੂੰਹੋਂ ਧਰਮ ਦੀ ਇੰਨੀ ਸੌਖੀ ਵਿਆਖਿਆ ਸੁਣ ਕੇ ਮੈਂ ‘ਵਾਹ-ਵਾਹ’ ਕਰ ਕੇ ਹੀ ਅਵਾਕ ਰਹਿ ਗਿਆ।

‘ਗਿਆਨੀ ਜੀ ! ਜੇ ਰੱਬ ਇਕ ਹੈ ਤਾਂ ਇਕ ਰੱਬ ਦੇ ਬਹੁਤ ਸਾਰੇ ‘ਧਰਮ’ ਕਿਵੇਂ ਹੋ ਸਕਦੇ ਹਨ ? ਝੂਠ ਬਹੁਤ ਹੋ ਸਕਦੇ ਹਨ, ਪਰ ਸੱਚ ਤਾਂ ਇਕ ਹੀ ਹੁੰਦਾ ਹੈ।’ ਮਿਹਰ ਸਿੰਘ ਦੇ ਮੂੰਹੋਂ ਹੋਰ ਗੂੜ੍ਹ-ਗਿਆਨ ਦੀ ਗੱਲ ਸੁਣ ਕੇ ਮੈਂ ਫਿਰ ਸੋਚਾਂ ਵਿਚ ਪੈ ਗਿਆ।

ਇਸ ਬੱਚੇ ਦੀ ਗੱਲ ਤਾਂ ਸੱਚ ਹੀ ਸੀ ਕਿ ਅਸੀਂ ਇਕ ਰੱਬ ਦੇ ਨਾਮ ’ਤੇ ਕਿੰਨੇ ਹੀ ਮਜ਼੍ਹਬ ਤੇ ਕਿੰਨੀਆਂ ਹੀ ਸੰਪਰਦਾਵਾਂ ਬਣਾ ਬੈਠੇ ਹਾਂ। ਮਨੁੱਖਤਾ ਨੂੰ ਅਨੇਕਾਂ ਮੱਤਾਂ ਵਿਚ ਵੰਡ ਕੇ ਟੁੱਕੜੇ-ਟੁੱਕੜੇ ਕਰ ਦਿੱਤਾ ਗਿਆ ਹੈ। ਇਕ ਰੱਬ ਦੇ ਨਾਂ ’ਤੇ ਇਕ ਇਨਸਾਨ ਦੂਜੇ ਇਨਸਾਨ ਦੇ ਖ਼ੂਨ ਦਾ ਪਿਆਸਾ ਹੋ ਗਿਆ ਹੈ। ਜੰਮਣ, ਮਰਣ, ਵਿਆਹ ਆਦਿ ਵੇਲੇ ਲੋਕ ਮਜ਼੍ਹਬਾਂ ਦੇ ਵਿਤਕਰੇ ਕੀਤੇ ਬਿਨਾਂ ਇਕ-ਦੂਜੇ ਦੇ ਸੁੱਖ-ਦੁੱਖ ਵਿਚ ਸ਼ਰੀਕ ਹੁੰਦੇ ਹਨ। ਬੱਸ, ਟਰੇਨ ਜਾਂ ਪਲੇਨ ਵਿਚ ਹੱਸਦੇ-ਖੇਡਦੇ, ਰਲ-ਮਿਲ ਕੇ ਸਫ਼ਰ ਕਰਦੇ ਹਨ। ਨੌਕਰੀ ਜਾਂ ਵਪਾਰ ਕਰਦਿਆਂ ਇਕ-ਦੂਜੇ ਨਾਲ ਵਧੀਆ ਵਿਹਾਰ ਕਰਦੇ ਹਨ, ਪਰ ਜਦੋਂ ਧਰਮ ਦੀ ਗੱਲ ਆਉਂਦੀ ਹੈ ਤਾਂ ਇਕ ਰੱਬ ਨੂੰ ਮੰਨਣ ਵਾਲੇ ਦੋ ਵੱਖ-ਵੱਖ ਮਜ਼੍ਹਬਾਂ ਦੇ ਲੋਕ ਇਕ ਛੱਤ ਥੱਲੇ ਬੈਠ ਕੇ ਇਕ ਰੱਬ ਦੀ ਸਿਫਤ-ਸਲਾਹ ਨਹੀਂ ਕਰ ਸਕਦੇ ਤੇ ਉਨ੍ਹਾਂ ਵਿਚ ਦੰਗੇ-ਫਸਾਦ ਹੋ ਜਾਂਦੇ ਹਨ। ਜੇ ਰੱਬ ਇਕ ਹੈ ਤਾਂ ਸੱਚ ਨੂੰ ਦ੍ਰਿੜ੍ਹ ਕਰਨਾ ਹੀ ਸਾਰੀ ਮਨੁੱਖਤਾ ਦਾ ਸਾਂਝਾ ਧਰਮ ਹੋਣਾ ਚਾਹੀਦਾ ਹੈ।

‘ਮਿਹਰ ਪੁੱਤਰ ਜੀ, ਤੁਹਾਨੂੰ ‘ਅਮੁਲੁ’ ਤੋਂ ਇਲਾਵਾ ਹੋਰ ਵੀ ਪੁਲਿੰਗ ਇਕ ਵਚਨ ਦੇ ਅਰਥਾਂ ਵਾਲੇ ਵਿਸ਼ੇਸ਼ਣਾਂ ਦੀ ਪਛਾਣ ਹੈ ?’ ਬੀਬੀ ਪਰਮਜੀਤ ਕੌਰ ਦੇ ਮਿਹਰ ਸਿੰਘ ਨੂੰ ਕੀਤੇ ਸਵਾਲ ਨੇ ਮੇਰੀ ਸੋਚਾਂ ਦੀ ਲੜੀ ਤੋੜ ਦਿੱਤੀ।

‘ਹਾਂ ਜੀ ਮੰਮੀ ਜੀ, ਮੈਂ ਗੁਰਬਾਣੀ ਦਾ ਪਾਠ ਕਰਦਿਆਂ ਵਿਸ਼ੇਸ਼ਣ ਆਪਣੀ ਡਾਇਰੀ ਵਿਚ ਲਿਖਦਾ ਰਹਿੰਦਾ ਹਾਂ। ਪੁਲਿੰਗ ਇਕ ਵਚਨ ਦੇ ਵਿਸ਼ੇਸ਼ਣਾਂ ਦੇ ਆਖਰੀ ਅੱਖਰ ਨੂੰ ਔਂਕੜ ਲੱਗੀ ਹੁੰਦੀ ਹੈ, ਜਿਵੇਂ: ਅਖੁਟੁ, ਅਨੂਪੁ, ਸੁੰਦਰੁ, ਸੁਘਰੁ, ਨਿਰਵੈਰੁ, ਬੇਅੰਤੁ, ਸੁਜਾਣੁ, ਸੁਘੜੁ, ਮੋਹਨੁ, ਦੁਤਰੁ, ਗਹਿਰੁ, ਗੰਭੀਰੁ, ਅਘਖੰਡੁ, ਅਗੰਮੁ, ਅਗੋਚਰੁ, ਅਤੁਲੁ, ਪੁਰਖੁ, ਅਮੋਲਕੁ, ਸਮਰਥੁ, ਬਖਸਣਹਾਰੁ, ਅਭੁਲੁ, ਨਿਰਮਲੁ, ਅਪਾਰੁ, ਉਤਮੁ, ਵੇਪਰਵਾਹੁ, ਪਾਵਨੁ, ਇਕੁ, ਏਕੁ, ਇਹੁ, ਏਹੁ, ਅਮੁਲੁ, ਅਮੋਲੁ, ਅਮਰੁ, ਅਟਲੁ, ਅਤੋਲੁ, ਅਥਾਹੁ, ਬਿਖਮੁ, ਅਸਗਾਹੁ, ਨਿਰੰਜਨੁ, ਸੁਆਲਿਹੁ, ਦਇਆਲੁ, ਰਸਾਲੁ, ਅਤੀਤੁ, ਰਤਨੁ, ਦੁਲੰਭੁ, ਚੰਚਲੁ, ਅਚਲੁ, ਮੀਤੁ, ਨਿਹਚਲੁ, ਗੁਣਤਾਸੁ, ਦੁਸਟੁ, ਚੋਰੁ, ਨਿਰਮੋਲੁ, ਅਤੁਟੁ, ਸਾਜਨੁ, ਬੇਸੁਮਾਰੁ, ਊਜਲੁ, ਅਸਥਿਰੁ, ਸਾਇਰੁ ਆਦਿ ਬਹੁਤ ਸਾਰੇ ਹਨ।’ ਮਿਹਰ ਸਿੰਘ ਨੇ ਤਾਂ ਪੁਲਿੰਗ ਇਕ ਵਚਨ ਦੇ ਵਿਸ਼ੇਸ਼ਣਾਂ ਦੀ ਲੰਬੀ ਸਾਰੀ ਲਿਸਟ ਹੀ ਸੁਣਾ ਦਿੱਤੀ।

‘ਵਾਹ ਮਿਹਰ ਪੁੱਤਰ ! ਵਿਸ਼ੇਸ਼ਣਾਂ ਦੀ ਤਾਂ ਤੁਹਾਨੂੰ ਬੜੀ ਪਛਾਣ ਹੈ। ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਸ਼ਬਦ ਦਾ ਇਹ ਵਿਸ਼ੇਸ਼ਣ ਹੈ। ਮੇਰੇ ਨਿੱਕੇ ਜਿਹੇ ਗੁਣਵਾਨ ਪੁੱਤਰ ! ਮੈਂ ਤੁਹਾਡਾ ਇਕ ਛੋਟਾ ਜਿਹਾ ਟੈਸਟ ਲੈਂਦੀ ਹਾਂ :

ਮਨੁ ਚੰਚਲੁ ਬਹੁ ਚੋਟਾ ਖਾਇ

ਨਾਮੁ ਰਤਨੁ ਲੈ ਗੁਝਾ ਰਖਿਆ

ਤਿਨਿ ਕਰਤੈ ਇਕੁ ਖੇਲੁ ਰਚਾਇਆ

ਇਹੁ ਵਾਪਾਰੁ ਵਿਰਲਾ ਵਾਪਾਰੈ

ਗੋਵਿੰਦੁ ਊਜਲੁ ਊਜਲ ਹੰਸਾ

ਇਹਨਾਂ ਤੁੱਕਾਂ ਵਿਚ ਵਿਸ਼ੇਸ਼ਣ ਕਿਹੜੇ ਹਨ ਤੇ ਕਿਹੜੇ ਪੁਲਿੰਗ ਇਕ ਵਚਨ ਨਾਉਂ ਦੀ ਵਿਸ਼ੇਸ਼ਤਾ ਦੱਸਦੇ ਹਨ ?’ ਬੀਬੀ ਪਰਮਜੀਤ ਕੌਰ ਨੇ ਸਵਾਲ ਕੀਤਾ।

‘ਮੰਮੀ ਜੀ, ਇਹਨਾਂ ਤੁੱਕਾਂ ਵਿਚ ਵਿਸ਼ੇਸ਼ਣ ਉਕਾਰਾਂਤ (ਆਖਰੀ ਅੱਖਰ ਔਂਕੜ-ਅੰਤ) ਹਨ। ਪੁਲਿੰਗ ਇਕ ਵਚਨ ਨਾਉਂ ਮਨੁ ਦਾ ਵਿਸ਼ੇਸ਼ਣ ਹੈ ‘ਚੰਚਲੁ’, ਨਾਮੁ ਦਾ ਵਿਸ਼ੇਸ਼ਣ ‘ਰਤਨੁ’, ਖੇਲੁ ਦਾ ਸੰਖਿਅਕ ਵਿਸ਼ੇਸ਼ਣ ਆ ਗਿਆ ‘ਇਕੁ’, ਵਾਪਾਰੁ ਦਾ ਪੜਨਾਵੀਂ ਵਿਸ਼ੇਸ਼ਣ ‘ਇਹੁ’ ਤੇ ਗੋਵਿੰਦੁ ਦਾ ਵਿਸ਼ੇਸ਼ਣ ਹੈ ‘ਊਜਲੁ’।’ ਮਿਹਰ ਸਿੰਘ ਨੇ ਸਹਿਜੇ ਹੀ ਜਵਾਬ ਦੇ ਦਿੱਤਾ।

‘ਵਾਹ ਭਈ ਵਾਹ ! ਇਹ ਤਾਂ ਬਿਲਕੁੱਲ ਠੀਕ ਦੱਸੇ ਹਨ ਪਰ ਇਕ ਕਨਫਿਊਜ਼ਨ ਹੈ। ਗੋਵਿੰਦੁ ਦਾ ਵਿਸ਼ੇਸ਼ਣ ਤਾਂ ‘ਊਜਲੁ’ ਆਖਰੀ ਅੱਖਰ ਔਂਕੜ ਨਾਲ ਆ ਗਿਆ, ਪਰ ਦੂਜੇ ‘ਊਜਲ’ ਨੂੰ ਔਂਕੜ ਕਿਉਂ ਨਹੀਂ ਆਈ ?’ ਮਾਂ ਨੇ ਇਕ ਹੋਰ ਸਵਾਲ ਕੀਤਾ।

‘ਮੰਮੀ ਜੀ ! ਵੈਰੀ ਸਿੰਪਲ ! ਜਿਵੇਂ ਨਾਉਂ ਪੁਲਿੰਗ ਬਹੁ ਵਚਨ ਹੋਵੇ ਤਾਂ ਉਸ ਦੇ ਆਖਰੀ ਅੱਖਰ ਦੀ ਔਂਕੜ ਲੱਥ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਪੁਲਿੰਗ ਬਹੁ ਵਚਨ ਦਾ ਵਿਸ਼ੇਸ਼ਣ ਹੋਵੇ ਤਾਂ ਉਸ ਦੇ ਵੀ ਆਖਰੀ ਅੱਖਰ ਦੀ ਔਂਕੜ ਲੱਥ ਜਾਂਦੀ ਹੈ। ਅਗਲਾ ਵਿਸ਼ੇਸ਼ਣ ‘ਊਜਲ’; ਹੰਸਾ ਦਾ ਬਹੁ ਵਚਨ ਹੈ। ਭਾਵ : ਬਹੁਤੇ ਊਜਲ ਹੰਸ।’ ਮਿਹਰ ਸਿੰਘ ਨੇ ਸਪਸ਼ਟ ਕੀਤਾ।

‘ਮਿਹਰ ! ਮੈਂ ਤੈਨੂੰ ਤੁੱਕਾਂ ਦਸਦਾ ਹਾਂ :

ਅਮੁਲ ਗੁਣ ਅਮੁਲ ਵਾਪਾਰ

ਅਸੰਖ ਨਾਵ ਅਸੰਖ ਥਾਵ

ਪਾਰਬ੍ਰਹਮ ਕੇ ਭਗਤ ਨਿਰਵੈਰ

ਤੋਟਿ ਆਵੈ ਅਖੁਟ ਭੰਡਾਰ

ਸੇਈ ਸੁੰਦਰ ਸੋਹਣੇ

ਇਹਨਾਂ ਤੁੱਕਾਂ ਵਿਚ ਪੁਲਿੰਗ ਬਹੁ ਵਚਨ ਨਾਉਂ ਦੇ ਵਿਸ਼ੇਸ਼ਣ ਕਿਹੜੇ ਹਨ।’ ਹੁਣ ਸੁਖਦੀਪ ਸਿੰਘ ਨੇ ਸਵਾਲ ਕਰ ਦਿੱਤਾ।

ਮਿਹਰ ਸਿੰਘ ਨੇ ਬੜੇ ਵਿਸ਼ਵਾਸ ਨਾਲ ਜਵਾਬ ਦਿੱਤਾ, ‘ਵੀਰ ਜੀ, ਇਹ ਤਾਂ ਬਹੁਤ ਸੌਖਾ ਸਵਾਲ ਹੈ। ਜਿਵੇਂ ਨਾਉਂ ਪੁਲਿੰਗ ਬਹੁ ਵਚਨ ਅਕਾਰਾਂਤ (ਆਖਰੀ ਅੱਖਰ ਮੁਕਤਾ-ਅੰਤ) ਹੁੰਦਾ ਹੈ, ਇਸੇ ਤਰ੍ਹਾਂ ਹੀ ਪੁਲਿੰਗ ਬਹੁ ਵਚਨ ਦਾ ਵਿਸ਼ੇਸ਼ਣ ਵੀ ਅਕਾਰਾਂਤ ਹੁੰਦਾ ਹੈ। ‘ਗੁਣ’ ਤੇ ‘ਵਾਪਾਰ’ ਦਾ ਬਹੁ ਵਚਨ ਵਿਸ਼ੇਸ਼ਣ ‘ਅਮੁਲ’, ‘ਨਾਵ’ ਤੇ ‘ਥਾਵ’ ਦਾ ਵਿਸ਼ੇਸ਼ਣ ‘ਅਸੰਖ’, ‘ਭਗਤ’ ਦਾ ਵਿਸ਼ੇਸ਼ਣ ‘ਨਿਰਵੈਰ’, ‘ਭੰਡਾਰ’ ਦਾ ਵਿਸ਼ੇਸ਼ਣ ‘ਅਖੁਟ’ ਅਤੇ ‘ਸੇਈ’ (ਬਹੁ ਵਚਨ) ਪੜਨਾਉਂ ਦਾ ਬਹੁ ਵਚਨ ਵਿਸ਼ੇਸ਼ਣ ‘ਸੁੰਦਰ’ ਹੈ। ਵੀਰ ਜੀ ! ਇਕ ਗੱਲ ਪੁੱਛਾਂ ? ‘ਸੇਈ’ ਦਾ ਇਕ ਵਚਨ ਪੜਨਾਉਂ ਕਿਵੇਂ ਆਉਂਦਾ ਹੈ ?’

‘ਪੁਲਿੰਗ ਇਕ ਵਚਨ ਪੜਨਾਉਂ ਲਈ ‘ਸੁ, ਸੁਇ, ਸੁਈ, ਸੋ, ਸੋਇ, ਸੋਈ, ਸੁੋਈ, ਸੋਊ, ਸੋਆ’ ਵਰਤਿਆ ਜਾਂਦਾ ਹੈ, ਜਿਵੇਂ :

ਧੰਨੁ ਸੁ ਤੇਰਾ ਥਾਨੁ

ਞਾਣਤ ਸੋਈ ਸੰਤੁ ਸੁਇ ਭ੍ਰਮ ਤੇ ਕੀਚਿਤ ਭਿੰਨ

ਕਲਾ ਧਰੈ ਹਿਰੈ ਸੁਈ

ਸੋ ਸੇਵਕੁ ਜਿਸੁ ਕਿਰਪਾ ਕਰੀ

ਆਪੇ ਆਪਿ ਨਿਰੰਜਨੁ ਸੋਇ

ਜੋ ਲੋੜੀਦਾ ਸੋਈ ਪਾਇਆ

ਸੁੋਈ ਨਾਨਕ ਸਖਾ ਜੀਅ ਸੰਗਿ ਕਿਤੋ

ਸੋਊ ਗਨੀਐ ਸਭ ਤੇ ਊਚਾ

ਸਿਮਰਹਿ ਪਾਤਾਲ ਪੁਰੀਆ ਸਚੁ ਸੋਆ

ਇਸਤਰੀ ਲਿੰਗ ਇਕ ਵਚਨ ਪੜਨਾਉਂ ਲਈ ‘ਸਾ, ਸਾਇ, ਸਾਈ’ ਵਰਤਿਆ ਜਾਂਦਾ ਹੈ, ਜਿਵੇਂ :

ਸਾ ਸੋਭਾ ਭਜੁ ਹਰਿ ਕੀ ਸਰਨੀ

ਵਥੁ ਸੁਹਾਵੀ ਸਾਇ ਨਾਨਕ ਨਾਉ ਜਪੰਦੋ ਤਿਸੁ ਧਣੀ

ਜੋ ਤੁਧੁ ਭਾਵੈ ਸਾਈ ਭਲੀ ਕਾਰ

ਪੁਲਿੰਗ ਤੇ ਇਸਤਰੀ ਲਿੰਗ; ਦੋਵਾਂ ਦੇ ਬਹੁ ਵਚਨ ਪੜਨਾਉਂ ਲਈ ‘ਸਿ, ਸੇ, ਸੇਇ, ਸੇਈ’ ਵਰਤਿਆ ਜਾਂਦਾ ਹੈ, ਜਿਵੇਂ:

ਪ੍ਰਭ ਕਉ ਸਿਮਰਹਿ ਸੇ ਧਨਵੰਤੇ

ਬਡਭਾਗੀ ਨਾਨਕ ਜਨ ਸੇਇ

ਧੰਨੁ ਿ ਸੇਈ ਨਾਨਕਾ ਪੂਰਨੁ ਸੋਈ ਸੰਤੁ

ਜਿਵੇਂ ਆਖਰੀ ਤੁੱਕ ਵਿਚ ‘ਸਿ’ ਤੇ ‘ਸੇਈ’ ਬਹੁ ਵਚਨ ਲਈ ਅਤੇ ‘ਸੋਈ’ ਇਕ ਵਚਨ ਲਈ ਆਇਆ ਹੈ, ਭਾਵ : ਜਿਹਨਾਂ ਨੂੰ ਸਵਾਸ-ਗਿਰਾਸ ਪ੍ਰਭੂ ਦਾ ਨਾਮ ਨਹੀਂ ਭੁੱਲਦਾ, ਉਹ (‘ਸਿ’ ਤੇ ‘ਸੇਈ’) ਬਹੁਤੇ ਭਗਤ ਧੰਨਤਾਯੋਗ ਹਨ, ਪਰ ਪੂਰਨ ਤਾਂ ਉਹ (ਸੋਈ) ਇਕ ਪ੍ਰਭੂ (ਸੰਤ) ਹੀ ਹੈ।’ ਸੁਖਦੀਪ ਨੇ ਔਖੇ ਨੇਮ ਨੂੰ ਸੌਖਿਆਂ ਹੀ ਸਮਝਾ ਦਿੱਤਾ।

‘ਗਿਆਨੀ ਜੀ, ਪ੍ਰਭੂ ਇਕ ਹੈ, ਇਸ ਲਈ ਪ੍ਰਭੂ ਲਈ ‘ਸੋਈ’ ਪੜਨਾਉਂ ਆਇਆ ਹੈ। ਕਈ ਵਾਰੀ ਜਦੋਂ ਮੈਂ ਗੁਰਬਾਣੀ ਦਾ ਪਾਠ ਕਰਦਾ ਹਾਂ ਤਾਂ ਪ੍ਰਭੂ ਬਹੁ ਵਚਨ ਵੀ ਆ ਜਾਂਦਾ ਹੈ। ਕੀ ਰੱਬ ਵੀ ਬਹੁਤੇ ਹੁੰਦੇ ਹਨ ?’ ਮਿਹਰ ਸਿੰਘ ਨੇ ਅਜੀਬ ਸਵਾਲ ਕੀਤਾ।

‘ਪੁੱਤਰ, ਉਹ ਕਿਹੜੀ ਤੁੱਕ ਹੈ ? ਮੈਂ ਸਮਝਿਆ ਨਹੀਂ।’ ਮੈਂ ਹੈਰਾਨੀ ਨਾਲ ਪੁੱਛਿਆ।

‘ਮੈਂ ਇਕ ਤੁੱਕ ਆਪਣੀ ਸਹਿਜ ਪਾਠ ਵਾਲੀ ਡਾਇਰੀ ’ਤੇ ਨੋਟ ਵੀ ਕੀਤੀ ਹੈ :

ਪ੍ਰਭ ਜੀ ਬਸਹਿ ਸਾਧ ਕੀ ਰਸਨਾ

ਇਸ ਤੁੱਕ ਵਿਚ ‘ਪ੍ਰਭ’ ਅਕਾਰਾਂਤ (ਮੁਕਤਾ-ਅੰਤ) ਹੋਣ ਕਰਕੇ ਬਹੁ ਵਚਨ ਹੋ ਗਿਆ ਹੈ, ਭਾਵ : ਬਹੁਤੇ ਪ੍ਰਭੂ। ਇਸੇ ਤਰ੍ਹਾਂ ‘ਬਸਹਿ’ ਕਿਰਿਆ ‘ਹਿ’-ਅੰਤ ਹੋਣ ਕਾਰਨ ਬਹੁ ਵਚਨ ਹੋ ਗਈ ਹੈ, ਭਾਵ : ਵੱਸਦੇ ਹਨ। ਇਸ ਤੁੱਕ ਵਿਚ ਬਹੁਤੇ ਰੱਬ ਹੋ ਗਏ ਨਾ ?’ ਮਿਹਰ ਸਿੰਘ ਇਸ ਤਰ੍ਹਾਂ ਜੇਤੂ ਅੰਦਾਜ਼ ਵਿਚ ਬੋਲਿਆ ਕਿ ਮਾਨੋ ਉਸ ਨੇ ਵਿਆਕਰਣ ਦੀ ਕੋਈ ਗਲਤੀ ਫੜ ਲਈ ਹੋਵੇ।

ਮੇਰੇ ਬੋਲਣ ਤੋਂ ਪਹਿਲਾਂ ਹੀ ਬੀਬੀ ਪਰਮਜੀਤ ਕੌਰ ਜੀ ਬੋਲ ਪਏ, ‘ਮਿਹਰ ਪੁੱਤਰ ਜੀ ! ਕਿਸੇ ਮਹਾਨ ਮਨੁੱਖ ਜਾਂ ਆਪਣੇ ਤੋਂ ਵੱਡੇ ਇਨਸਾਨ ਨੂੰ ਆਦਰ (ਸਤਿਕਾਰ) ਦੇਣ ਲਈ ਨਾਉਂ, ਪੜਨਾਉਂ ਜਾਂ ਕਿਰਿਆ ਵੀ ਬਹੁ ਵਚਨ ਰੂਪ ਵਿਚ ਵਰਤ ਲਈ ਜਾਂਦੀ ਹੈ, ਜਿਵੇਂ :

ਪ੍ਰੋ: ਸਾਹਿਬ ਸਿੰਘ ਜੀ ਗੁਰਬਾਣੀ ਵਿਆਕਰਣ ਦੇ ਮਹਾਨ ਵਿਦਵਾਨ ਹੋਏ ਹਨ ਉਹਨਾਂ ਨੇ ਕਈ ਗ੍ਰੰਥ ਰਚੇ ਹਨ

ਇਸ ਵਾਕ ਵਿਚ ਉਹਨਾਂ ਨੂੰ ਆਦਰ ਦੇਣ ਲਈ ਇਕ ਵਚਨੀ ਸ਼ਬਦ ‘ਦਾ, ਹੋਇਆ ਹੈ, ਉਸ ਨੇ, ਰਚਿਆ ਹੈ’ ਨਹੀਂ ਵਰਤੇ ਗਏ, ਸਗੋਂ ਬਹੁ ਵਚਨੀ ਸ਼ਬਦ ‘ਦੇ, ਹੋਏ ਹਨ, ਉਹਨਾਂ ਨੇ, ਰਚੇ ਹਨ’ ਵਰਤੇ ਗਏ ਹਨ। ਇਸੇ ਤਰ੍ਹਾਂ ਗੁਰਬਾਣੀ ਵਿਚ ਵੀ ਕਿਸੇ ਨੂੰ ਆਦਰ ਦੇਣ ਲਈ ਨਾਉਂ, ਪੜਨਾਉਂ, ਵਿਸ਼ੇਸ਼ਣ ਜਾਂ ਕਿਰਿਆ ਆਦਿ ਬਹੁ ਵਚਨ ਰੂਪ ਵਿਚ ਵਰਤੇ ਗਏ ਹਨ। ਅਜਿਹੀਆਂ ਤੁੱਕਾਂ ਨੂੰ ਦੇਖ ਕੇ ਬਹੁ ਵਚਨ ਵਾਕ ਹੋਣ ਦਾ ਭੁਲੇਖਾ ਨਹੀਂ ਲੱਗਣਾ ਚਾਹੀਦਾ। ਅਜਿਹੇ ਬਹੁ ਵਚਨ ਰੂਪ ਨੂੰ ‘ਆਦਰਵਾਚੀ ਵਾਕ’ ਕਿਹਾ ਜਾਂਦਾ ਹੈ, ਜਿਵੇਂ ਤੁਸੀਂ ਇਹ ਤੁੱਕ ਸੁਣਾਈ ਹੈ :

ਪ੍ਰਭ ਜੀ ਬਸਹਿ ਸਾਧ ਕੀ ਰਸਨਾ

ਭਾਵ : ਪ੍ਰਭੂ ਜੀ, ਗੁਰਮੁਖ ਜਨਾਂ ਦੀ ਰਸਨਾ ’ਤੇ ਵੱਸਦੇ ਹਨ। ਪ੍ਰਭੂ ਤਾਂ ਇਕ ਹੀ ਹੈ, ਪਰ ‘ਪ੍ਰਭੂ ਜੀ’ ਨੂੰ ਆਦਰ ਦੇਣ ਲਈ ਸਤਿਗੁਰੂ ਜੀ ਨੇ ਬਹੁ ਵਚਨ ਰੂਪ ਵਿਚ ਗੁਰਬਾਣੀ ਉਚਾਰਣ ਕੀਤੀ ਹੈ।’

ਇੰਨੀ ਗੱਲ ਸੁਣਦਿਆਂ ਹੀ ਸੁਖਦੀਪ ਸਿੰਘ ਨੇ ਵੀ ਪ੍ਰੋੜਤਾ ਕਰਦਿਆਂ ਕੁੱਝ ਹੋਰ ਪ੍ਰਮਾਣ ਦੇਣੇ ਸ਼ੁਰੂ ਕਰ ਦਿੱਤੇ, ‘ਮਿਹਰ ਸਿੰਘ, ਬਿਲਕੁੱਲ ਠੀਕ ਗੱਲ ਹੈ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਪ੍ਰਮਾਣ ਗੁਰਬਾਣੀ ਵਿਚ ਆਉਂਦੇ ਹਨ, ਜਿਵੇਂ :

ਜਬ ਸੁਪ੍ਰਸੰਨ ਭਏ ਪ੍ਰਭ ਮੇਰੇ ਗੁਰਮੁਖਿ ਪਰਚਾ ਲਾਇ

ਇਸ ਤੁੱਕ ਵਿਚ ‘ਸੁਪ੍ਰਸੰਨ ਭਏ ਪ੍ਰਭ ਮੇਰੇ’ ਬਹੁ ਵਚਨ ਰੂਪ ਵਿਚ ਤਾਂ ਹੈ, ਪਰ ਇਸ ਦਾ ਅਰਥ ਸਿਰਫ਼ ਆਦਰਵਾਚੀ ਹੀ ਹੋਵੇਗਾ। ਇਸ ਤੁੱਕ ਦਾ ਭਾਵ ਹੈ : ਜਦੋਂ ਮੇਰੇ ਪ੍ਰਭੂ ਜੀ (ਕਿਸੇ ਮਨੁੱਖ ਉੱਤੇ) ਪ੍ਰਸੰਨ ਹੁੰਦੇ ਹਨ, ਤਦੋਂ ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਜੀ ਨਾਲ ਪਿਆਰ ਪਾਉਂਦਾ ਹੈ।

ਕਹੁ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ

ਸਤਿਗੁਰ ਭਏ ਦਇਆਲ ਪੂਰਾ ਪਾਈਐ

ਕਹੁ ਨਾਨਕ ਗੁਰ ਭਏ ਹੈ ਦਇਆਲ

ਇਹਨਾਂ ਤੁੱਕਾਂ ਵਿਚ ‘ਪ੍ਰਭ, ਸਤਿਗੁਰ ਤੇ ਗੁਰ’ ਸ਼ਬਦ ਆਦਰਵਾਚੀ ਹੋਣ ਕਰਕੇ ਬਹੁ ਵਚਨ ਰੂਪ ਵਿਚ ਹਨ।’

ਗੁਰਬਾਣੀ ਵਿਆਕਰਣ ਦੇ ਇਸ ਨੇਮ ਨੂੰ ਸਮਝਦਿਆਂ ਹੀ ਮਿਹਰ ਸਿੰਘ ਦੀਆਂ ਅੱਖਾਂ ਵਿਚ ਚਮਕ ਆ ਗਈ ਤੇ ਉਹ ਇਕੋ-ਦਮ ਬੋਲ ਉਠਿਆ, ‘ਮੈਂ ਸਮਝ ਗਿਆ ਵੀਰ ਜੀ ! ਮੈਂ ਵੀ ਪ੍ਰਮਾਣ ਦਿੰਦਾ ਹਾਂ :

ਪ੍ਰਹਲਾਦ ਪਠਾਏ ਪੜਨ ਸਾਲ

ਪ੍ਰਹਲਾਦ ਬੁਲਾਏ ਬੇਗਿ ਧਾਇ

ਇਹਨਾਂ ਤੁੱਕਾਂ ਵਿਚ ‘ਪ੍ਰਹਲਾਦ’ ਇਕ ਵਚਨ, ਪੁਲਿੰਗ ਨਾਉਂ ਹੈ, ਪਰ ਆਦਰਵਾਚੀ ਹੋਣ ਕਰਕੇ ਬਹੁ ਵਚਨ ਰੂਪ ਵਿਚ ਅਕਾਰਾਂਤ (ਮੁਕਤਾ-ਅੰਤ) ਆਇਆ ਹੈ। ਇਸ ਤੋਂ ਇਲਾਵਾ ‘ਪਠਾਏ’ ਅਤੇ ‘ਬੁਲਾਏ’ ਕਿਰਿਆਵਾਂ ਵੀ ਆਦਰਵਾਚੀ ਹੋਣ ਕਰਕੇ ਬਹੁ ਵਚਨੀ ਰੂਪ ਵਿਚ ਆਈਆਂ ਹਨ।’

‘ਵਾਹ ਮੇਰੇ ਗਿਆਨਵਾਨ ਪੁੱਤਰੋ ! ਮੈਨੂੰ ਤਾਂ ਅੱਜ ਵੀ ਕੁੱਝ ਸਮਝਾਉਣ ਦੀ ਲੋੜ ਨਹੀਂ ਪਈ। ਤੁਸੀਂ ਆਪ ਹੀ ਸਾਰਾ ਕੁੱਝ ਦੱਸ ਦਿੱਤਾ ਹੈ। ਮੈਂ ਤਾਂ ਸੋਚਿਆ ਸੀ ਕਿ ਅੱਜ ਤੁਹਾਨੂੰ ਗੁਰਬਾਣੀ ਵਿਆਕਰਣ ਵਿਚ ਪੁਲਿੰਗ ਦੇ ਵਿਸ਼ੇਸ਼ਣਾਂ ਸਬੰਧੀ ਕੁੱਝ ਨੇਮ ਦੱਸ ਕੇ ਜਾਵਾਂਗਾ, ਪਰ ਤੁਸੀਂ ਤਾਂ ਪਹਿਲਾਂ ਹੀ ਸਭ ਕੁੱਝ ਜਾਣਦੇ ਹੋ। ਮੈਨੂੰ ਪੂਰੀ ਆਸ ਹੈ ਕਿ ਤੁਸੀਂ ਇਸੇ ਤਰ੍ਹਾਂ ਗੁਰਬਾਣੀ ਵਿਆਕਰਣ ਦਾ ਅਭਿਆਸ ਕਰਦੇ ਰਹੋਗੇ। ਉਹ ਦਿਨ ਦੂਰ ਨਹੀਂ ਹੈ, ਜਦੋਂ ਗੁਰਬਾਣੀ ਦੇ ਅਰਥ ਦੇਖਣ ਲਈ ਸਟੀਕ ਨਹੀਂ ਚੁੱਕਣੀ ਪਵੇਗੀ, ਤੁਹਾਨੂੰ ਸਹਿਜੇ ਹੀ ਗੁਰੂ ਜੀ ਦੀ ਬੋਲੀ ਸਮਝ ਆ ਜਾਇਆ ਕਰੇਗੀ।’ ਇੰਨਾ ਕਹਿੰਦਿਆਂ ਹੀ ਮੈਂ ਉਹਨਾਂ ਦੋਵਾਂ ਬੱਚਿਆਂ ਨੂੰ ਘੁੱਟ ਕੇ ਗਲੇ ਨਾਲ ਲਗਾ ਲਿਆ।

ਗੁਰਮੁਖ ਪਿਆਰਿਓ ! ਹੁਣ ਤੁਸੀਂ ਵੀ ਚੁੱਕ ਲਉ ਆਪਣੀ ਡਾਇਰੀ ਤੇ ਗੁਰਬਾਣੀ ਵਿਚੋਂ 10 ਐਸੇ ਪ੍ਰਮਾਣ (ਤੁੱਕਾਂ) ਲਿਖੋ, ਜਿਨ੍ਹਾਂ ਵਿਚ ਪੁਲਿੰਗ ਨਾਉਂ ਇਕ ਵਚਨ ਅਤੇ ਬਹੁ ਵਚਨ ਦੇ ਵਿਸ਼ੇਸ਼ਣ ਹੋਣ। ਆਦਰਵਾਚੀ ਵਾਕਾਂ ਦੇ ਵੀ 5 ਪ੍ਰਮਾਣ ਲਿਖੋ ਅਤੇ ਨਾਲ ਹੀ ਪ੍ਰੋ: ਸਾਹਿਬ ਸਿੰਘ ਜੀ ਦੀ ਲਿਖੀ ਹੋਈ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਸਟੀਕ ਵਿਚੋਂ ਸਾਰੇ ਪ੍ਰਮਾਣਾਂ ਦੇ ਅਰਥ ਵੀ ਲਿਖੋ।