ਪ੍ਰਸ਼ਨ-ਉੱਤਰ (ਭਾਗ 2)

0
107

ਪ੍ਰਸ਼ਨਉੱਤਰ (ਭਾਗ 2)

ਸਵਾਲ:  ਹੁਕਮਨਾਮਾ ਲੈਣ ਤੋਂ ਪਹਿਲਾਂ ਪੜ੍ਹੇ ਜਾਣ ਵਾਲੇ ਸਲੋਕਾਂ ਦੀ ਕੋਈ ਗਿਣਤੀ ਜਾਂ ਕੋਈ ਨਿਯਮ ਨਿਸ਼ਚਿਤ ਹੈ ?

ਜਵਾਬ: ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਵਿੱਚ ਇਸ ਸੰਬੰਧੀ ਕੋਈ ਵਿਸੇਸ ਹਦਾਇਤ ਦਰਜ ਨਹੀਂ ਹੈ। ਹੁਕਮਨਾਮਾ ਲੈਣ ਤੋਂ ਪਹਿਲਾਂ ਮੰਗਲਾਚਰਨ ਵਜੋਂ ਮੂਲ ਮੰਤਰ ਦਾ ਪਾਠ ਅਤੇ ਬੇਨਤੀ ਪੱਖ ਵਾਲੇ ਸੰਖੇਪ ਵਿੱਚ ਇੱਕ ਦੋ ਸਲੋਕ ਜਾਂ ਭੱਟਾਂ ਦੇ ਸਵਈਏ ਪੜ੍ਹੇ ਜਾ ਸਕਦੇ ਹਨ, ਪਰ ਕਈ ਵਾਰ ਲੰਬੇ ਲੰਬੇ ਸ਼ਬਦ ਪੜ੍ਹਨੇ ਸ਼ੁਰੂ ਕਰ ਦਿੱਤੇ ਹਨ, ਜੋ ਕਿ ਹੁਕਮਨਾਮੇ ’ਚ ਪੜ੍ਹੇ ਜਾਣ ਵਾਲ਼ੇ ਸ਼ਬਦ ਦੇ ਪ੍ਰਭਾਵ ਨੂੰ ਘਟਾ ਦਿੰਦੇ ਹਨ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਬਹੁਤੀਆਂ ਸੰਗਤਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਹੁਕਮਨਾਮਾ ਹੈ ਜਾਂ ਦੁਬਾਰਾ ਪਾਠ ਸ਼ੁਰੂ ਕਰ ਦਿੱਤਾ ਹੈ। ਚੱਲ ਰਹੇ ਸਮਾਗਮ ਦੌਰਾਨ ਪਹਿਲਾਂ ਲੰਬਾ ਸਮਾਂ ਬਾਣੀ ਪੜ੍ਹੀ ਅਤੇ ਕੀਰਤਨ ਕਥਾ ਹੋ ਚੁੱਕੀ ਹੁੰਦੀ ਹੈ; ਹੁਕਮਨਾਮਾ ਕੇਵਲ ਸਮਾਪਤੀ ਹੈ; ਇਸ ਲਈ ਸਮਾਪਤੀ ਨੂੰ ਬਹੁਤਾ ਲਮਕਾਈ ਜਾਣਾ ਠੀਕ ਨਹੀਂ ਹੈ।

ਸਵਾਲ: ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖ ਆਸਣ ਕਰਦੇ ਸਮੇਂ ਸੋਹਿਲਾ ਬਾਣੀ ਦੇ ਪਾਠ ਉਪਰੰਤ ਸਲੋਕ ਪਵਣੁ ਗੁਰੂ ਪਾਣੀ ਪਿਤਾ ਪੜ੍ਹਨਾ ਚਾਹੀਦਾ ਹੈ ?

ਜਵਾਬ: ਸੋਹਿਲਾ ਸਾਹਿਬ ਦੀ ਬਾਣੀ ਦੇ ਪਾਠ ਮਗਰੋਂ ਇਹ ਸਲੋਕ ਪੜ੍ਹੇ ਜਾਣ ਦੀ ਹਦਾਇਤ ਸਿੱਖ ਰਹਿਤ ਮਰਿਆਦਾ ’ਚ ਨਹੀਂ ਹੈ।

ਸਵਾਲ : ਕਈ ਪ੍ਰਚਾਰਕ ਅਕਸਰ ਕਿਹਾ ਕਰਦੇ ਹਨ ਕਿ ਗੁਰਬਾਣੀ ’ਚ ਸਵਾਲ ਕਰਕੇ ਉਸ ਦੇ ਜਵਾਬ ਵੀ ਨਾਲੋ ਨਾਲ ਦਿੱਤੇ ਗਏ ਹਨ ਤਾਂ ਕਿ ਸਾਡੇ ਲਈ ਗੁਰਬਾਣੀ ਸਮਝਣੀ ਆਸਾਨ ਹੋ ਜਾਵੇ। ਮਿਸਾਲ ਦੇ ਕੇ ਸਮਝਾਇਆ ਜਾਵੇ ਕਿ ਗੁਰਬਾਣੀ ’ਚ ਸਵਾਲ ਜਵਾਬ ਕਿੱਥੇ ਲਿਖੇ ਗਏ ਹਨ ?

ਜਵਾਬ : ਵੈਸੇ ਤਾਂ ਸਿੱਧ ਗੋਸ਼ਟਿ ਦੀ ਸਾਰੀ ਬਾਣੀ ’ਚ ਸਿੱਧਾਂ ਵੱਲੋਂ ਸਵਾਲ ਅਤੇ ਨਾਲ ਹੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਨ੍ਹਾਂ ਦੇ ਉੱਤਰ ਦਿੱਤੇ ਗਏ ਹਨ, ਪਰ ਇਸ ਤੋਂ ਇਲਾਵਾ ਵੀ ਅਨੇਕਾਂ ਥਾਵਾਂ ’ਤੇ ਸਾਨੂੰ ਸਮਝਾਉਣ ਲਈ ਗੁਰੂ ਸਾਹਿਬ ਜੀ ਆਪਣੇ ਵੱਲੋਂ ਸਵਾਲ ਕਰਕੇ ਨਾਲ ਹੀ ਆਪ ਜਵਾਬ ਦੇ ਦਿੰਦੇ ਹਨ; ਜਿਵੇਂ ਕਿ ‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ਸਵਾਲ ਹੈ ‘‘ਕਿਵ ਸਚਿਆਰਾ ਹੋਈਐ  ? ਕਿਵ ਕੂੜੈ ਤੁਟੈ ਪਾਲਿ  ?’’, ਇਸ ਦਾ ਜਵਾਬ ਵੀ ਗੁਰੂ ਜੀ ਆਪ ਹੀ ਦਿੰਦੇ ਹਨ ਕਿ ‘‘ਹੁਕਮਿ ਰਜਾਈ ਚਲਣਾ; ਨਾਨਕ  ! ਲਿਖਿਆ ਨਾਲਿ ’’ (ਜਪੁ) ਭਾਵ ਰਜ਼ਾ ਦੇ ਮਾਲਕ ਦੇ ਹੁਕਮ ਵਿੱਚ ਚੱਲਦਾ ਹਾਂ, ਨੂੰ ਸਵੀਕਾਰ ਕੇ ‘ਕੂੜ ਦੀ ਕੰਧ’ ਢਹਿ ਜਾਂਦੀ ਹੈ, ਸਚਿਆਰ ਹੋ ਜਾਈਦਾ ਹੈ ਕਿਉਂਕਿ ਮਨੁੱਖ; ਪ੍ਰਭੂ ਦੇ ਡਰ-ਅਦਬ ਵਿੱਚ ਰਹਿਣਾ ਸਿੱਖ ਲੈਂਦਾ ਹੈ। ਹਰ ਕੰਮ ਦਾ ਮਹੱਤਵ ਆਪਣੇ ਉੱਤੇ ਲੈ ਕੇ ਆਪਣਾ ਅਹੰਕਾਰ ਨਹੀਂ ਵਧਾਉਂਦਾ। ਇਹੀ ਝੂਠ ਦੀ ਦੀਵਾਰ ਸੀ।

ਸਵਾਲ : ਸਹਿਜ ਪਾਠ ਕਰਦੇ ਸਮੇਂ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਨਿਸਾਨੀ ਰੱਖੀ ਜਾ ਸਕਦੀ ਹੈ ?

ਜਵਾਬ : ਨਹੀਂ ਜੀ, ਐਸਾ ਕਰਨਾ ਮਨਮਤ ਹੈ। ਆਪਣੇ ਕੋਲ ਇੱਕ ਕਾਪੀ ਰੱਖ ਲੈਣੀ ਚਾਹੀਦੀ ਹੈ ਤਾਂ ਜੋ ਅੰਕ ਨੰਬਰ ਅਤੇ ਸਬਦ ਦੀ ਪਹਿਲੀ ਤੁਕ, ਜਿੱਥੋਂ ਪਾਠ ਆਰੰਭ ਕਰਨਾ ਹੈ, ਨੋਟ ਕਰ ਲਈ ਜਾਵੇ।

ਸਵਾਲ : ਕੀ ਮੌਨ ਵਰਤ ਗੁਰਮਤਿ ਵਿੱਚ ਪ੍ਰਵਾਨ ਹੈ ?

ਜਵਾਬ :  ਹੱਠ ਨਾਲ ਮੋਨ ਵਰਤ ਧਾਰਨਾ ਅਤੇ ਕਰਤਾਰ ਦੀ ਦਿੱਤੀ ਰਸਨਾ ਨੂੰ ਯੋਗ ਤਰੀਕੇ ਨਾਲ ਨਾ ਵਰਤਣਾ ਗੁਰਮਤਿ ਵਿੱਚ ਨਿੰਦਣਯੋਗ ਕਰਮ ਹੈ। ਗੁਰਮਤਿ ਵਿੱਚ ਥੋੜ੍ਹਾ ਬੋਲਣਾ, ਥੋੜ੍ਹਾ ਸੌਣਾ ਅਤੇ ਮੂਰਖਾਂ ਨਾਲ ਫਾਲਤੂ ਗੱਲ ਕਰਨ ਤੋਂ ਬਚਣ ਦਾ ਉਪਦੇਸ ਹੈ।

ਸਵਾਲ : ਗੁਰਬਾਣੀ ਦਾ ਪਾਠ ਕਰਨ ਵੇਲੇ ਸਿਰ ਢੱਕਣਾ ਕਿਉਂ ਜ਼ਰੂਰੀ ਹੈ ?

ਜਵਾਬ : ਕੇਵਲ ਗੁਰਬਾਣੀ ਦੇ ਪਾਠ ਵੇਲੇ ਹੀ ਨਹੀਂ, ਸਗੋਂ ਹਰ ਸਮੇ ਸਿਰ ਨੂੰ ਢੱਕ ਕੇ ਰੱਖਣ ਦੀ ਸਿੱਖ ਰਹਿਤ ਮਰਿਆਦਾ ’ਚ ਹਿਦਾਇਤ ਹੈ। ਇਸੇ ਵਿੱਚ ਕੇਸ, ਗੁਰਬਾਣੀ ਅਤੇ ਸਿੱਖੀ ਦਾ ਸਤਿਕਾਰ ਹੈ। ਜੋ ਇਹ ਕਹਿੰਦੇ ਹਨ ਕਿ ਮਨ ਵਿੱਚ ਸਿੱਖੀ ਹੋਣੀ ਚਾਹੀਦੀ ਹੈ, ਸਿਰ ਢੱਕਣ ਨਾਲ ਕੋਈ ਫਰਕ ਨਹੀਂ ਪੈਂਦਾ, ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੇ ਗੁਰੂ ਸਾਹਿਬ ਵੱਲੋਂ ਸਿਰ ਢੱਕਣ ਦੇ ਹੁਕਮ ਨੂੰ ਹੀ ਨਹੀਂ ਮੰਨਿਆ ਗਿਆ ਤਾਂ ਸਿੱਖ ਕਿਵੇਂ ਹੋਏ ਕਿਉਂਕਿ ਮਰਿਆਦਾ ’ਚ ਰਹਿਣਾ ਹੀ ਤਾਂ ਸਿੱਖੀ ਹੈ। ਹਾਂ ਕੇਸਾਂ ਨੂੰ ਧੁੱਪ ਜਾਂ ਹਵਾ ਲਵਾਉਣ ਲਈ ਕੁਝ ਸਮਾਂ ਕੇਸ ਨੰਗੇ ਕੀਤੇ ਜਾ ਸਕਦੇ ਹਨ, ਪਰ ਉਹ ਵੀ ਘਰ ਵਿੱਚ ਹੀ, ਬਾਹਰ ਨਹੀਂ।

ਸਵਾਲ : ਸਰੀਰ ਦੇ ਗਿਆਨ ਇੰਦਰੇ ਤੇ ਕਰਮ ਇੰਦਰੇ ਕਿਹੜੇ ਹਨ ?

ਜਵਾਬ : ਜਿਨ੍ਹਾਂ ਇੰਦਰੀਆਂ ਨਾਲ ਅਸੀਂ ਸੰਸਾਰ ਅਤੇ ਆਸ ਪਾਸ ਦਾ ਗਿਆਨ ਪ੍ਰਾਪਤ ਕਰਦੇ ਅਤੇ ਸੰਸਾਰ ਨਾਲ ਸੰਬੰਧ ਪੈਦਾ ਕਰਦੇ ਹਾਂ ਉਨ੍ਹਾਂ ਨੂੰ ਪੰਜ ਗਿਆਨ ਇੰਦਰੇ ਕਿਹਾ ਜਾਂਦਾ ਹੈ; ਜਿਵੇਂ ਕਿ ‘ਨੱਕ, ਕੰਨ, ਚਮੜੀ, ਨੇਤਰ ਅਤੇ ਜੀਭ’।

ਜਿਨ੍ਹਾਂ ਇੰਦਰੀਆਂ ਨਾਲ ਅਸੀਂ ਸਰੀਰਕ ਅਤੇ ਸੰਸਾਰੀ ਕੰਮ ਕਰਦੇ ਹਾਂ ਉਨ੍ਹਾਂ ਨੂੰ ਪੰਜ ਕਰਮ ਇੰਦਰੇ ਕਿਹਾ ਹੈ; ਜਿਵੇਂ ਕਿ ‘ਹੱਥ, ਪੈਰ, ਮੂੰਹ, ਗੁੱਦਾ ਤੇ ਲਿੰਗ’।

ਸਵਾਲ : ਅਖੰਡ ਪਾਠ ਸਮੇਂ ਮੱਧ ਦੀ ਅਰਦਾਸ ਕਰਨੀ ਜ਼ਰੂਰੀ ਹੈ ?

ਜਵਾਬ : ਸਿੱਖ ਰਹਿਤ ਮਰਿਆਦਾ ਵਿੱਚ ਮੱਧ ਦੀ ਅਰਦਾਸ ਦਾ ਕੋਈ ਜਿਕਰ ਨਹੀਂ ਹੈ। ਇਸ ਲਈ ਇਹ ਆਪਣੇ ਵੱਲੋਂ ਹੀ ਨਿਸ਼ਚਿਤ ਕੀਤਾ ਕਾਰਜ ਹੈ। ਇਹ ਸਿਧਾਂਤਕ ਪੱਖੋਂ ਵੀ ਠੀਕ ਨਹੀਂ ਹੈ ਕਿਉਂਕਿ ਜਿਸ ਸ਼ਬਦ ‘‘ਜੈਤਸਰੀ ਮਹਲਾ ਵਾਰ ਸਲੋਕਾ ਨਾਲਿ  ਸਤਿਗੁਰ ਪ੍ਰਸਾਦਿ   ਸਲੋਕ   ਆਦਿ ਪੂਰਨ, ਮਧਿ ਪੂਰਨ, ਅੰਤਿ ਪੂਰਨ ਪਰਮੇਸੁਰਹ ਸਿਮਰੰਤਿ ਸੰਤ ਸਰਬਤ੍ਰ ਰਮਣੰ; ਨਾਨਕ ਅਘਨਾਸਨ ਜਗਦੀਸੁਰਹ ’’ (ਮਹਲਾ /੭੦੫੭੦੬) ’ਤੇ ਮੱਧ ਦੀ ਅਰਦਾਸ ਕੀਤੀ ਜਾਂਦੀ ਹੈ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 705-706 ’ਤੇ ਦਰਜ ਹੈ ਜਦੋਂ ਕਿ ਮੱਧ 715-716 ’ਤੇ ਬਣਦਾ ਹੈ। ਦੂਸਰੀ ਗੱਲ ਇਹ ਹੈ ਕਿ ਇਹ ਵਾਰ ਦੀ ਪਹਿਲੀ ਪਉੜੀ ਦੇ ਪਹਿਲੇ ਸਲੋਕ ਦਾ ਪਹਿਲਾ ਬੰਦ ਹੈ, ਨਾ ਕਿ ਇਸ ਵਾਰ ਦਾ ਮੱਧ। ਤੀਸਰੀ ਗੱਲ ਇਹ ਹੈ ਕਿ ਇਹ ਵਾਕ; ਗੁਰਬਾਣੀ ਦੇ ਮੱਧ ਨਾਲ਼ ਸੰਬੰਧਿਤ ਨਹੀਂ ਬਲਕਿ ਪਰਮੇਸੁਰ ਦੇ ਗੁਣ ਬਿਆਨ ਕਰਦਾ ਹੈ ਕਿ ਪਰਮੇਸੁਰ ਆਦਿ ਭਾਵ ਸਭ ਦੇ ਮੁੱਢ ’ਚ ਵੀ ਪੂਰਨ ਸੀ; ਮੱਧ ਭਾਵ ਮੌਜੂਦਾ ਸਮੇਂ ਵੀ ਪੂਰਨ ਹੈ ਸ੍ਰਿਸ਼ਟੀ ਦੇ ਅੰਤ ’ਚ ਵੀ ਪੂਰਨ ਰਹੇਗਾ; ਜਿਵੇਂ ਕਿ ਜਪੁ ਜੀ ਸਾਹਿਬ ਵਿੱਚ ਫ਼ੁਰਮਾਇਆ ਹੈ, ‘‘ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ’’ ਜੇਕਰ ‘ਮਧਿ’ ਨੂੰ ਹੀ ਗੁਰਬਾਣੀ ਦਾ ਮੱਧ ਸਮਝ ਕੇ ਮੱਧ ਦੀ ਅਰਦਾਸ ਕਰਨਾ ਜ਼ਰੂਰੀ ਹੈ ਤਾਂ ਇਹ ਸ਼ਬਦ; 18 ਹੋਰ ਥਾਵਾਂ ’ਤੇ ਵੀ ਦਰਜ ਹੈ, ਜਿਵੇਂ ਕਿ

ਆਦਿ ਮਧਿ ਅੰਤਿ ਪ੍ਰਭੁ ਸੋਈ ਅਵਰੁ ਕੋਇ ਦਿਖਾਲੀਐ ਜੀਉ (ਮਹਲਾ /੧੦੨)

ਆਦਿ ਮਧਿ ਅੰਤਿ ਪ੍ਰਭੁ ਸੋਈ ਸੁੰਦਰ ਗੁਰ ਗੋਪਾਲਾ (ਮਹਲਾ /੪੫੪)

ਆਦਿ ਅੰਤਿ ਮਧਿ ਪ੍ਰਭੁ ਰਵਿਆ ਜਲਿ ਥਲਿ ਮਹੀਅਲਿ ਸੋਈ (ਮਹਲਾ /੭੮੪)

ਆਦਿ ਮਧਿ ਅੰਤਿ ਹੈ ਸੋਊ (ਮਹਲਾ /੧੦੦੧)     

ਕੀ ਇਨ੍ਹਾਂ ਥਾਵਾਂ ’ਤੇ ਵੀ ਮੱਧ ਦੀ ਅਰਦਾਸ ਕੀਤੀ ਜਾ ਸਕਦੀ ਹੈ ? ਜਵਾਬ ਹੈ : ਨਹੀਂ। ਵੈਸੇ ਗੁਰੂ ਜੀ ਅੱਗੇ ਅਰਦਾਸ ਕਿੰਨੀ ਵਾਰ ਵੀ ਕੀਤੀ ਜਾਵੇ, ਕੋਈ ਮਨਾਹੀ ਨਹੀਂ। ਇਹ ਹੋ ਸਕਦਾ ਹੈ ਕਿ ਅਖੰਡ ਪਾਠ; ਲਗਾਤਾਰ ਤਕਰੀਬਨ 48 ਘੰਟੇ ਜਾਰੀ ਰਹਿੰਦਾ ਹੈ। ਪਾਠ ਅਰੰਭ ਕਰਨ ਦੇ ਦੂਸਰੇ ਦਿਨ ਸੰਗਤ ਲਈ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਗੁਰੂ ਗ੍ਰੰਥ ਸਹਿਬ ਜੀ ਦੀ ਹਜ਼ੂਰ ’ਚ ਲਿਆਂਦੀ ਜਾਂਦੀ ਹੋਵੇ, ਜਿਸ ਦੀ ਪ੍ਰਵਾਨਗੀ ਲਈ ਅਰਦਾਸ ਕੀਤੀ ਜਾਂਦੀ ਹੋਵੇ, ਜਿਸ ਦਾ ਹੁਣ ਅਰਥ ਗੁਰਬਾਣੀ ਦੇ ਮੱਧ ਨਾਲ਼ ਜੋੜ ਲਿਆ।

ਕਈ ਵਾਰ ਵੇਖਿਆ ਗਿਆ ਹੈ ਕਿ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੋਣ ’ਚ ਕਿਸੇ ਕਾਰਨ ਦੇਰੀ ਹੋ ਜਾਂਦੀ ਹੈ ਅਤੇ ਅਖੰਡ ਪਾਠ ਦੀ ਰੌਲ ’ਤੇ ਬੈਠਾ ਪਾਠੀ ਐਵੇਂ ਬਿਨਾਂ ਮਤਲਬ ਹੀ ਪਾਠ ਨੂੰ ਐਨਾ ਲਮਕਾਅ ਰਿਹਾ ਹੁੰਦਾ ਹੈ ਕਿ ਪਾਠ ਦੀ ਸਮਝ ਹੀ ਨਹੀਂ ਆਉਂਦੀ ਅਤੇ ਮੱਧ ਦੀ ਅਰਦਾਸ ਹੋਣ ਤੋਂ ਬਾਅਦ ਪਾਠੀ ਨੂੰ ਤੇਜ਼ੀ ਨਾਲ਼ ਪਾਠ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਤਾਂ ਵੀ ਪਾਠ ਦੀ ਸਮਝ ਨਹੀਂ ਆਉਂਦੀ। ਇਉਂ ਪਾਠ ਦੀ ਬੇਅਦਬੀ ਹੈ ਕਿਉਂਕਿ ਪਾਠ ਸਹਿਜੇ ਸਹਿਜੇ ਹੋਣਾ ਚਾਹੀਦਾ ਹੈ ਤਾਂ ਜੋ ਸ੍ਰਵਣ ਕਰ ਰਹੀ ਸੰਗਤ ਨੂੰ ਕੁਝ ਸਮਝ ਆਵੇ। ਸੋ ‘‘ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ’’ ਵਾਕ ਦੀ ਬਿਨਾਂ ਉਡੀਕ ਕੀਤਿਆਂ ਕੜਾਹ ਪ੍ਰਸ਼ਾਦ ਦੀ ਅਰਦਾਸ ਕੀਤੀ ਜਾ ਸਕਦੀ ਹੈ ਅਤੇ ਅਰਦਾਸ ਦੀ ਸਮਾਪਤੀ ’ਤੇ ਜਿਸ ਸ਼ਬਦ ਦਾ ਪਾਠ ਚੱਲ ਰਿਹਾ ਹੋਵੇ, ਉਸ ਨੂੰ ਹੀ ਪ੍ਰਵਾਨਗੀ ਦਾ ਹੁਕਮ ਸਮਝਣਾ ਚਾਹੀਦਾ ਹੈ। ਵੱਡੇ ਸਮਾਗਮਾਂ ਜਾਂ ਜੋੜ ਮੇਲਿਆਂ ਵੇਲੇ ਜਿੱਥੇ ਸੰਗਤ ਦੀ ਆਵਾਜਾਈ ਬਹੁਤ ਜ਼ਿਆਦਾ ਹੋਵੇ ਤਾਂ ਲੋੜ ਮੁਤਾਬਕ ਇੱਕ ਤੋਂ ਵੱਧ ਵਾਰ ਵੀ ਦੇਗ ਲਿਆ ਕੇ ਅਰਦਾਸ ਕੀਤੀ ਜਾ ਸਕਦੀ ਹੈ।

ਸਵਾਲ : ਜੇਕਰ ਮਨੁੱਖ ਅਕਾਲ ਪੁਰਖ ਦੇ ਬਣਾਏ ਹੋਏ ਹਨ ਫਿਰ ਮਨੁੱਖ ਵਿੱਚ ਅਵਗੁਣ ਕਿਉਂ ਹਨ ?

ਜਵਾਬ : ਗੁਣਾਂ ਦਾ ਸੋਮਾ ਅਕਾਲ ਪੁਰਖ ਹੈ। ਜੋ ਉਸ ਨਾਲ ਜੁੜਦਾ ਹੈ, ਉਹ ਗੁਣਾਂ ਨਾਲ ਭਰਪੂਰ ਹੋ ਜਾਂਦਾ ਹੈ, ਪਰ ਜੋ ਉਸ ਨਾਲੋਂ ਟੁੱਟ ਜਾਂਦਾ ਹੈ, ਉਸ ਵਿੱਚ ਅਵਗੁਣ ਆ ਜਾਂਦੇ ਹਨ। ਅਕਾਲ ਪੁਰਖ ਨੇ ਜੀਵ ਦੇ ਅੰਦਰ ਆਤਮਾ ਦੇ ਰੂਪ ’ਚ ਵਾਸਾ ਕੀਤਾ ਹੈ, ਜੋ ਭਲੇ ਬੁਰੇ ਦੀ ਪਹਿਚਾਣ ਕਰਦਾ ਹੈ। ਕੀ ਕਰਨਾ ਠੀਕ ਹੈ ਤੇ ਕੀ ਗਲਤ, ਇਸ ਬਾਰੇ ਮਨੁੱਖ ਦੀ ਆਤਮਾ ਦੱਸਦੀ ਰਹਿੰਦੀ ਹੈ, ਪਰ ਜੇ ਜੀਵ ਆਤਮਾ ਦੀ ਆਵਾਜ ਸੁਣ ਕੇ ਵੀ ਬੁਰਾ ਕੰਮ ਕਰਦਾ ਹੈ ਤਾਂ ਇਹ ਕਮਜੋਰੀ ਜੀਵ ਦੀ ਹੀ ਸਮਝੀ ਜਾਵੇਗੀ। ਇਹੀ ਕਮਜ਼ੋਰੀ ਔਗੁਣਾਂ ਨੂੰ ਜਨਮ ਦਿੰਦੀ ਹੈ।

ਸਵਾਲ : ਕੀ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੇ ਬਾਅਦ ਉਨ੍ਹਾਂ ਦੇ ਅੰਤਮ ਸੰਸਕਾਰ ਨੂੰ ਲੈ ਕੇ ਉਸ ਸਮੇਂ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਝਗੜਾ ਹੋਇਆ ਸੀ  ?

ਜਵਾਬ : ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਵਿਖੇ ਜੋਤੀ ਜੋਤ ਸਮਾ ਗਏ ਸਨ। ਕੁੱਝ ਲਿਖਾਰੀਆਂ ਨੇ ਇਕ ਮਨਘੜਤ ਕਹਾਣੀ ਜੋੜ ਦਿੱਤੀ ਕਿ ਸਸਕਾਰ ਵੇਲੇ ਹਿੰਦੂਆਂ ਤੇ ਮੁਸਲਮਾਨਾਂ ’ਚ ਝਗੜਾ ਹੋਇਆ। ਹਿੰਦੂ ਸਸਕਾਰ ਕਰਨਾ ਚਾਹੁੰਦੇ ਸਨ ਅਤੇ ਮੁਸਲਮਾਨ ਦਫਨਾਉਣਾ ਚਾਹੁੰਦੇ ਸਨ। ਸਿਧਾਂਤਕ ਪੱਖੋਂ ਇਹ ਕਹਾਣੀ ਸਹੀ ਨਹੀਂ। ਪਹਿਲੀ ਗੱਲ ਗੁਰੂ ਸਾਹਿਬ ਜੀ ਨੇ ਇਹ ਐਲਾਨ ਕੀਤਾ ਸੀ ਨਾ ਕੋਈ ਹਿੰਦੂ, ਨਾ ਮੁਸਲਮਾਨ ਭਾਵ ਕਿ ਧਰਮ ਦੇ ਨਾਂ ’ਤੇ ਲੋਕਾਂ ਵਿੱਚ ਵੰਡੀਆ ਨਹੀਂ ਪਾਈਆਂ ਜਾ ਸਕਦੀਆਂ ਅਤੇ ਸਚਿਆਰ ਜੀਵਨ ਨੂੰ ਅਸਲ ਧਰਮ ਦੱਸਿਆ ਸੀ।  ਭਾਈ ਗੁਰਦਾਸ ਜੀ ਲਿਖਦੇ ਹਨ ‘‘ਮਾਰਿਆ ਸਿੱਕਾ ਜਗਤ੍ਰ ਵਿਚਿ ਨਾਨਕ ਨਿਰਮਲ ਪੰਥ ਚਲਾਇਆ ’’

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਚਾਰ ਅਤੇ ਸਤਿਕਾਰ ਨਾਲ ਬਹੁਤਾਤ ਗਿਣਤੀ ਵਿੱਚ ਹਿੰਦੂ ਅਤੇ ਮੁਸਲਮਾਨ ਗੁਰੂ ਜੀ ਦੇ ਸੱਚੇ ਸਿੱਖ ਬਣ ਚੁੱਕੇ ਸਨ। ਗੁਰੂ ਸਾਹਿਬ ਨੇ ਕਰਤਾਰਪੁਰ ਆਪ ਵਸਾਇਆ ਅਤੇ 18 ਸਾਲ ਤੱਕ ਇੱਥੇ ਸਿੱਖੀ ਦਾ ਪ੍ਰਚਾਰ ਕੀਤਾ। ਕਰਤਾਰ ਪੁਰ ਵਿਚ ਉਸ ਸਮੇਂ ਵੱਸਣ ਵਾਲੇ ਸਾਰੇ ਸਿੱਖ ਹੀ ਸਨ। ਕੀ ਉਹ ਸਸਕਾਰ ਕਰਨ ਸਮੇਂ ਨਹੀਂ ਆਏ ?

ਗੁਰੂ ਜੀ ਦੇ ਆਪਣੇ ਪਰਵਾਰ ਅਤੇ ਸਿੱਖ ਸੰਗਤ ਦੇ ਸਾਹਮਣੇ ਕੋਈ ਤੀਸਰਾ ਬੰਦਾ ਗੁਰੂ ਸਾਹਿਬ ਦੇ ਸਰੀਰ ਦਾ ਸਸਕਾਰ ਆਪਣੇ ਢੰਗ ਨਾਲ ਕਰਨ ਦੀ ਜੁਰਅਤ ਨਹੀਂ ਕਰ ਸਕਦਾ ਸੀ ਅਤੇ ਗੁਰੂ ਸਾਹਿਬ ਦੀ ਦੇਹ ਦਾ ਸਸਕਾਰ ਰਾਵੀ ਦਰਿਆ ਦੇ ਕੰਡੇ ’ਤੇ ਕੀਤਾ ਗਿਆ ਸੀ ।

ਸਵਾਲ : ਕੀ ਹੇਮਕੁੰਟ ਸਾਹਿਬ ਦੀ ਕੋਈ ਇਤਿਹਾਸਕ ਮਹੱਤਤਾ ਹੈ  ?

ਜਵਾਬ : ਪਹਾੜੀ ਇਲਾਕੇ ਵਿੱਚ ਰਮਣੀਕ ਥਾਂ ’ਤੇ ਬਣਿਆ ਗੁਰਦੁਆਰਾ ਹੇਮਕੁੰਟ ਇਤਿਹਾਸਕ ਸਥਾਨ ਨਹੀਂ ਹੈ, ਇਸ ਦਾ ਸੰਬੰਧ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਜਨਮ ਨਾਲ ਜੋੜਿਆ ਜਾਂਦਾ ਹੈ, ਜੋ ਕਿ ਗਲਤ ਹੈ। ਗੁਰੂ ਗੋਬਿੰਦ ਸਿੰਘ ਜੀ; ਗੁਰਿਆਈ ਮਿਲਣ ਤੋ ਬਾਅਦ ਹੀ ਸਾਡੇ ਗੁਰੂ ਬਣੇ ਸਨ। ਪਿਛਲੇ ਜਨਮ ਵਿੱਚ ਉਹ ਕੀ ਸਨ, ਉਸ ਨਾਲ ਸਾਡਾ ਕੋਈ ਵਾਸਤਾ ਨਹੀਂ । ਇਸ ਲਈ ਗੁਰਦੁਆਰਾ ਹੇਮਕੁੰਟ ਸਾਹਿਬ ਹੋਰ ਗੁਰਦੁਆਰਿਆਂ ਦੀ ਤਰ੍ਹਾਂ ਇੱਕ ਗੁਰਦੁਆਰਾ ਹੀ ਹੈ।

ਸਵਾਲ : ਕੀ ਭਾਈ ਮਰਦਾਨਾ ਜੀ ਨੇ ਕੋਈ ਬਾਣੀ ਉਚਾਰਨ ਕੀਤੀ ਹੈ ?

ਜਵਾਬ ; ਭਾਈ ਮਰਦਾਨਾ ਜੀ ਨੇ ਕੋਈ ਵੀ ਬਾਣੀ ਉਚਾਰਨ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 553 ’ਤੇ ਵਡਹੰਸ ਕੀ ਵਾਰ ਵਿਚ ਸਲੋਕ ਮਰਦਾਨਾ   ਦੇ ਸਿਰਲੇਖ ਹੇਠ ਦੋ ਸਲੋਕ ਦਰਜ ਹਨ, ਜੋ ਭਾਈ ਮਰਦਾਨਾ ਜੀ ਨੂੰ ਸੰਬੋਧਨ ਕਰਦਿਆਂ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤੇ ਹਨ। ਇਨ੍ਹਾਂ ਦੋਵਾਂ ਸਲੋਕਾਂ ਦੇ ਅੰਤ ’ਚ ਆਇਆ ਸ਼ਬਦ ਨਾਨਕਸਪਸ਼ਟ ਸੰਕੇਤ ਕਰਦਾ ਹੈ ਕਿ ਇਹ ਤਿੰਨੇ ਸਲੋਕ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤੇ ਹਨ। ਗੁਰਿਆਈ ਮਿਲਣ ਤੋਂ ਬਿਨਾਂ ਕੋਈ ਵੀ ਵਿਅਕਤੀ ‘ਨਾਨਕ’ ਸ਼ਬਦ ਦੀ ਵਰਤੋਂ ਨਹੀਂ ਕਰ ਸਕਦਾ; ਜਿਵੇਂ ਕਿ ਰਾਮਕਲੀ ‘ਸਦੁ’ ਬਾਬਾ ਸੁੰਦਰ ਜੀ ਦੀ  ਉਚਾਰਨ ਕੀਤੀ ਹੈ, ਉਸ ਵਿੱਚ ‘ਨਾਨਕ’ ਸ਼ਬਦ ਦੀ ਵਰਤੋਂ ਨਹੀਂ ਹੈ। ਇਸੇ ਤਰ੍ਹਾਂ ਰਾਮਕਲੀ ਰਾਗ ’ਚ ਸਤੇ ਬਲਵੰਡ ਦੀ ਵਾਰ ਹੈ, ਭਟਾਂ ਦੇ ਸਵਈਏ ਹਨ, ਉਨ੍ਹਾਂ ’ਚੋਂ ਕਿਸੇ ਨੇ ਵੀ ਕਾਵਿ ਛਾਪ ਵਜੋਂ ਨਾਨਕਸ਼ਬਦ ਦੀ ਵਰਤੋਂ ਨਹੀਂ ਕੀਤੀ।

ਸਵਾਲ : ਅਰਦਾਸ ਕਰਨ ਸਮੇਂ ਕਿਰਪਾਨ ਕੜਾਹ ਪ੍ਰਸਾਦ ਵਿਚ ਫੇਰੀ ਜਾਂਦੀ ਹੈ, ਇਹ ਰਿਵਾਜ ਕਦੋਂ ਤੋਂ ਪਿਆ ?

ਜਵਾਬ : (ੳ) ਦਸਮੇਸ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਜਦੋਂ ਕੜਾਹ ਪ੍ਰਸਾਦ ਦੀਵਾਨ ਵਿਚ ਸਤਿਗੁਰ ਅੱਗੇ ਪੇਸ਼ ਹੁੰਦਾ ਤਾਂ ਸਤਿਗੁਰੂ ਜੀ ਤੀਰ ਦੀ ਨੋਕ ਨਾਲ ਥੋੜ੍ਹਾ ਪ੍ਰਸ਼ਾਦ ਲੈ ਕੇ ਸੰਗਤ ਵਿੱਚ ਵਰਤਾਉਣ ਦੀ ਆਗਿਆ ਦੇ ਦਿੰਦੇ ਸਨ। ਸੋ ਸਤਿਗੁਰੂ ਤੋਂ ਬਾਅਦ ਇਹੀ ਪਰੰਪਰਾ ਚੱਲੀ ਆਉਂਦੀ ਹੈ ਤੇ ਸਤਿਗੁਰੂ ਜੀ ਵੱਲੋਂ ਬਖ਼ਸ਼ੀ ਕਿਰਪਾਨ ਭੇਟ ਕੀਤੀ ਜਾਂਦੀ ਹੈ।

(ਅ) ਪੰਥ ਪ੍ਰਮਾਣਿਕ ਰਹਿਤ ਮਰਿਆਦਾ ਅਨੁਸਾਰ ਅਰਦਾਸ ਅਤੇ ਹੁਕਮਨਾਮੇ ਤੋਂ ਬਾਅਦ ਹੀ ਕੜਾਹ ਪ੍ਰਸ਼ਾਦ ਨੂੰ ਕ੍ਰਿਪਾਨ ਭੇਂਟ ਕਰਨਾ ਯੋਗ ਹੈ। ਅਰਦਾਸ ਕਰਦੇ ਸਮੇਂ ਵਿਚਕਾਰ ਹੀ ਕਿਰਪਾਨ ਭੇਟ ਕਰਨਾ ਸਹੀ ਨਹੀਂ।

ਸਵਾਲ : ਕੀ ਸੰਗਤ ਵਿੱਚ ਗੈਰ ਸਿੱਖ ਕੀਰਤਨ ਕਰ ਸਕਦਾ ਹੈ ?

ਜਵਾਬ : ਸਿੱਖ ਰਹਿਤ ਮਰਿਆਦਾ ਅਨੁਸਾਰ ਸੰਗਤ ਵਿੱਚ ਕੀਰਤਨ ਕੇਵਲ ‘ਸਿੰਘ’ ਹੀ ਕਰ ਸਕਦਾ ਹੈ, ਗੈਰ ਸਿੱਖ ਨਹੀਂ ਕਿਉਂਕਿ ਸੰਗਤ ਵਿੱਚ ਪਾਠ, ਕਥਾ, ਵਖਿਆਨ ਅਤੇ ਕੀਰਤਨ ਕਰਨ ਵਾਲਾ ਸਿੱਖ ਧਰਮ ਦਾ ਪ੍ਰਚਾਰਕ ਹੀ ਹੁੰਦਾ ਹੈ। ਜਿਹੜਾ ਵਿਅਕਤੀ ਸਿੱਖ ਧਰਮ ਨੂੰ ਦਿਲੋਂ ਨਹੀਂ ਮੰਨਦਾ, ਉਸ ਨੂੰ ਸਿੱਖ ਸੰਗਤਾਂ ’ਚ ਧਰਮ ਪ੍ਰਚਾਰ ਕਰਨ ਦਾ ਕੋਈ ਅਧਿਕਾਰ ਨਹੀਂ। ਜਿਸ ਵਿਅਕਤੀ ਦਾ ਆਪਣਾ ਸਰੂਪ ਹੀ ਸਿੱਖੀ ਵਾਲਾ ਨਾ ਹੋਵੇ, ਉਹ ਦੂਸਰੇ ਨੂੰ ਸਿੱਖ ਹੋਣ ਲਈ ਕੀ ਪ੍ਰੇਰਨਾ ਦੇ ਸਕਦਾ ਹੈ।