ਹਰਿ ਕੇ ਜਨ ਸਤਿਗੁਰ ਸਤਪੁਰਖਾ  ! ਬਿਨਉ ਕਰਉ ਗੁਰ ਪਾਸਿ ॥ 

0
56

ਰਾਗੁ ਗੂਜਰੀ ਮਹਲਾ ੪ ॥

ਪ੍ਰੋਫ਼ੈਸਰ ਮਨਮੋਹਨ ਸਿੰਘ (ਕੈਨੇਡਾ)

ਹਥਲਾ ਸ਼ਬਦ ਗੁਰੂ ਰਾਮਦਾਸ ਪਾਤਿਸ਼ਾਹ ਜੀ ਦੁਆਰਾ ਉਚਾਰਨ ਕੀਤਾ ਹੋਇਆ ਹੈ, ਜੋ ‘ਸੋ ਦਰੁ’ ਦੇ ਸਿਰਲੇਖ ਹੇਠ ਚੌਥੇ ਨੰਬਰ ’ਤੇ ਅੰਕਿਤ ਹੈ। ਇਸ ਸ਼ਬਦ ਰਾਹੀਂ ਗੁਰੂ ਜੀ ਸਮਝਾ ਰਹੇ ਹਨ ਕਿ ਪਰਮਾਤਮਾ ਕੋਲ਼ੋਂ ਕੀ ਮੰਗਣਾ ਹੈ, ਕਿਵੇਂ ਮੰਗਣਾ ਹੈ, ਜੋ ਮੰਗਿਆ ਹੈ ਉਸ ਨੂੰ ਆਪਣੇ ਹਿਰਦੇ-ਘਰ ’ਚ ਜੇ ਵਸਾਇਆ ਹੈ ਤਾਂ ਤੁਹਾਡਾ ਜੀਵਨ ਕਿਹੋ ਜਿਹਾ ਬਣੇਗਾ। ਜੇਕਰ ਨਹੀਂ ਵਸਾਇਆ ਤਾਂ ਜੀਵਨ ਕਿਹੋ ਜਿਹਾ ਹੋਵੇਗਾ। ਪੂਰਾ ਸ਼ਬਦ ਹੈ ‘‘ਰਾਗੁ ਗੂਜਰੀ ਮਹਲਾ ੪ ॥ ਹਰਿ ਕੇ ਜਨ ਸਤਿਗੁਰ ਸਤਪੁਰਖਾ  ! ਬਿਨਉ ਕਰਉ ਗੁਰ ਪਾਸਿ ॥  ਹਮ ਕੀਰੇ ਕਿਰਮ, ਸਤਿਗੁਰ ਸਰਣਾਈ; ਕਰਿ ਦਇਆ ਨਾਮੁ ਪਰਗਾਸਿ ॥੧॥  ਮੇਰੇ ਮੀਤ ਗੁਰਦੇਵ  ! ਮੋ ਕਉ ਰਾਮ ਨਾਮੁ ਪਰਗਾਸਿ ॥  ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ; ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ ॥  ਹਰਿ ਜਨ ਕੇ ਵਡ ਭਾਗ ਵਡੇਰੇ; ਜਿਨ, ਹਰਿ ਹਰਿ ਸਰਧਾ, ਹਰਿ ਪਿਆਸ ॥  ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ; ਮਿਲਿ ਸੰਗਤਿ ਗੁਣ ਪਰਗਾਸਿ ॥੨॥  ਜਿਨ, ਹਰਿ ਹਰਿ, ਹਰਿ ਰਸੁ ਨਾਮੁ ਨ ਪਾਇਆ; ਤੇ ਭਾਗਹੀਣ ਜਮ ਪਾਸਿ ॥  ਜੋ, ਸਤਿਗੁਰ ਸਰਣਿ ਸੰਗਤਿ ਨਹੀ ਆਏ; ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥੩॥  ਜਿਨ ਹਰਿ ਜਨ, ਸਤਿਗੁਰ ਸੰਗਤਿ ਪਾਈ; ਤਿਨ, ਧੁਰਿ ਮਸਤਕਿ ਲਿਖਿਆ ਲਿਖਾਸਿ ॥  ਧਨੁ ਧੰਨੁ ਸਤਸੰਗਤਿ, ਜਿਤੁ ਹਰਿ ਰਸੁ ਪਾਇਆ; ਮਿਲਿ ਜਨ, ਨਾਨਕ  ! ਨਾਮੁ ਪਰਗਾਸਿ ॥੪॥੪॥ (ਸੋ ਦਰੁ/ਮਹਲਾ ੪/ਪੰਨਾ ੧੦)

ਉਕਤ ‘ਰਹਾਉ’ ਬੰਦ ਦੀ ਤੁਕ ’ਚ ਇੱਕ ਸ਼ਬਦ ‘ਰਹਰਾਸਿ’ ਹੈ; ਜਿਵੇਂ ਕਿ ‘‘ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ; ਹਰਿ ਕੀਰਤਿ ਹਮਰੀ ਰਹਰਾਸਿ ’’, ਸਿਆਣਿਆ ਦਾ ਮੰਨਣਾ ਹੈ ਕਿ ਇਸ ਸ਼ਬਦ ਕਰਕੇ ਹੀ ‘ਸੋ ਦਰੁ’ ਅਤੇ ‘ਸੋ ਪੁਰਖੁ’ ਸਿਰਲੇਖ ਅਧੀਨ ਦਰਜ 9 ਸ਼ਬਦਾਂ ਨੂੰ ‘ਰਹਰਾਸਿ’ ਬਾਣੀ ਮੰਨਿਆ ਜਾਂਦਾ ਹੈ। ਗੁਰਬਾਣੀ ਵਿੱਚ ‘ਰਹਰਾਸਿ’ ਸ਼ਬਦ 4 ਅਲੱਗ-ਅਲੱਗ ਅਰਥਾਂ (ਮਰਿਆਦਾ, ਅਰਦਾਸ/ਬੇਨਤੀ, ਨਮਸਕਾਰ/ਮੱਥਾ ਟੇਕਣਾ ਅਤੇ ਰਾਹ ਦੀ ਪੂੰਜੀ) ਵਜੋਂ ਦਰਜ ਕੀਤੇ ਮਿਲਦੇ ਹਨ; ਜਿਵੇਂ ਕਿ

  1. ਮਰਿਆਦਾ – ‘‘ਹਰਿ ਕੀਰਤਿ ਰਹਰਾਸਿ ਹਮਾਰੀ; ਗੁਰਮੁਖਿ ਪੰਥੁ ਅਤੀਤੰ ’’ (ਮਹਲਾ /੩੬੦)

ਅਰਥ : ਹਰੀ-ਪ੍ਰਭੂ ਦੀ ਉਸਤਤ ਕਰਨੀ ਮੇਰੇ ਲਈ (ਯੋਗ ਮੱਤ ਦੀ) ਮਰਯਾਦਾ ਹੈ। ਗੁਰੂ ਦੇ ਦਰ ’ਤੇ ਟਿਕੇ ਰਹਿਣਾ ਸਾਡੇ ਧਰਮ ਦਾ ਮਾਰਗ ਹੈ, ਜੋ ਮਾਇਆ ਤੋਂ ਨਿਰਲੇਪ ਰੱਖਦਾ ਹੈ।

  1. ਅਰਦਾਸ/ਬੇਨਤੀ – ‘‘ਤਿਸੁ ਆਗੈ ਰਹਰਾਸਿ ਹਮਾਰੀ; ਸਾਚਾ ਅਪਰ ਅਪਾਰੋ ’’ (ਮਹਲਾ /੯੩੮)

ਅਰਥ : ਸਾਡੀ ਅਰਦਾਸ ਉਸ ਸੰਤ-ਸਭਾ ਲਈ ਹੈ, ਜਿਸ ਵਿੱਚ ਅਪਰ-ਅਪਾਰ ਪ੍ਰਭੂ ਵੱਸਦਾ ਹੈ।

  1. ਨਮਸਕਾਰ/ਮੱਥਾ ਟੇਕਣਾ – ‘‘ਗੁਰਿ, ਚੇਲੇ ਰਹਰਾਸਿ ਕੀਈ; ਨਾਨਕਿ ਸਲਾਮਤਿ ਥੀਵਦੈ ’’ (ਭਾਈ ਬਲਵੰਡ ਸਤਾ/੯੬੬)

ਅਰਥ : ਗੁਰੂ ਨਾਨਕ ਜੀ ਨੇ ਆਪਣੇ ਜਿਊਂਦਆਂ ਜੀਅ ਆਪਣੇ ਚੇਲੇ (ਭਾਈ ਲਹਿਣਾ ਜੀ ਨੂੰ ਗੁਰਿਆਈ ਬਖ਼ਸ਼ ਕੇ ਉਨ੍ਹਾਂ) ਅੱਗੇ ਨਮਸਕਾਰ ਕੀਤੀ। ਧਿਆਨ ਰਹੇ ਕਿ ‘ਗੁਰਿ’ ਅਤੇ ‘ਨਾਨਕਿ’ ਦੀ ਸਿਆਹੀ ਅੰਤ ਵਿੱਚੋਂ ‘ਨੇ’ (ਕਰਤਾ ਕਾਰਕ) ਅਰਥ ਨਿਕਲਦੇ ਹਨ।

  1. ਰਾਹ ਦੀ ਪੂੰਜੀ – ‘‘ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ; ਹਰਿ ਕੀਰਤਿ ਹਮਰੀ ਰਹਰਾਸਿ ਰਹਾਉ ’’ (ਸੋ ਦਰੁ/ਮਹਲਾ /੧੦)

ਅਰਥ : ਗੁਰੂ ਦੀ ਸਿੱਖਿਆ ’ਚੋਂ ਮਿਲਿਆ ਪ੍ਰਭੂ ਦਾ ਨਾਮ ਮੇਰੇ ਪ੍ਰਾਣਾਂ ਦਾ ਸਾਥੀ ਬਣਿਆ ਰਹੇ ਅਤੇ ਹਰੀ ਦੀ ਉਸਤਤ ਮੇਰੇ ਜੀਵਨ-ਰਾਹ ਦੀ ਪੂੰਜੀ ਹੋਵੇ।

ਭਾਈ ਨੰਦ ਲਾਲ ਜੀ ਦੁਆਰਾ ਰਚਿਤ ਰਹਿਤਨਾਮੇ ’ਚ ਲਿਖਿਆ ਹੈ ਕਿ ਸੰਧਿਆ ਸਮੇਂ ਸੁਨੇ ਰਹਰਾਸਿ ਕੀਰਤਨ ਕਥਾ ਸੁਨੈ ਹਰਿ ਜਾਸ ਇਨ ਪੈ ਨੇਮ ਜੁ ਏਕ ਕਰਾਇ ਸੋ ਸਿਖ ਅਮਰ ਪੁਰੀ ਮਹਿ ਜਾਇ ਇਸ ਲਿਖਤ ਤੋਂ ਜਾਪਦਾ ਹੈ ਕਿ ‘ਸੋ ਦਰੁ’ ਬਾਣੀ ਨੂੰ ‘ਰਹਰਾਸਿ’ ਕਹਿਣ ਦੀ ਪ੍ਰਥਾ; ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੇਲ਼ੇ ਹੀ ਸ਼ੁਰੂ ਹੋ ਚੁੱਕੀ ਸੀ।

ਸੋ ਵਿਚਾਰ ਅਧੀਨ ਸ਼ਬਦ ਦੇ ਪਹਿਲੇ ਪਦੇ ਵਿੱਚ ਗੁਰੂ ਰਾਮਦਾਸ ਜੀ ਸਮਝਾ ਰਹੇ ਹਨ ਕਿ ਜਦੋਂ ਗੁਰੂ ਕੋਲ਼ੋਂ ਮੰਗਣ ਜਾਣਾ ਹੈ ਤਾਂ ਆਪਣੇ ਆਪ ਨੂੰ ਇਉਂ ਸਮਝਣਾ ਹੈ ਕਿ ਮੈਂ ਕੀੜਿਆਂ ’ਚੋਂ ਵੀ ਬਹੁਤ ਨਿੱਕਾ ਜਿਹਾ ਕੀਟ ਹਾਂ। ਮੇਰੀ ਕੋਈ ਪਾਇਆਂ ਨਹੀਂ, ਮੇਰੀ ਕੋਈ ਸਮਰੱਥਾ ਨਹੀਂ, ਮੈਂ ਨਿਮਾਣਾ ਹਾਂ, ਨਿਤਾਣਾ ਹਾਂ ਆਦਿ ਭਾਵ ਗੁਰੂ ਅੱਗੇ ਬੇਨਤੀ ਕਰਨ ਲੱਗਿਆਂ ਹਉਮੈ ਨੂੰ ਤਿਆਗ ਕੇ ਨੀਵੇਂ ਹੋਣਾ ਹੈ। ਕਦੇ ਵੀ ਇਹ ਨਹੀਂ ਸੋਚਣਾ ਕਿ ਮੈਂ ਇਹ ਕੀਤਾ ਜਾਂ ਔਹ ਕੀਤਾ। ਗੁਰੂ ਦੇ ਦਰ ’ਤੇ ਹਮੇਸ਼ਾਂ ਮੰਗਤੇ ਬਣ ਕੇ ਜਾਣਾ ਹੈ, ਬਖਸ਼ਸ਼ਾਂ ਲੈਣ ਜਾਣਾ ਹੈ ਅਤੇ ਬੇਨਤੀ ਕਰਨੀ ਹੈ ਕਿ ਮੈਂ ਸਤਿਗੁਰੂ ਦੀ ਸ਼ਰਨ ਆਇਆ ਹਾਂ। ਦਇਆ ਕਰਕੇ ਆਪਣਾ ਨਾਮ ਮੇਰੇ ਹਿਰਦੇ ਘਰ ਵਿੱਚ ਵਸਾ ਕੇ ਪ੍ਰਕਾਸ਼ ਕਰ ਦਿਓ; ਜਿਵੇਂ ਕਿ ਪਹਿਲੇ ਬੰਦ ਵਿੱਚ ਬਚਨ ਹਨ ‘‘ਹਰਿ ਕੇ ਜਨ ਸਤਿਗੁਰ ਸਤਪੁਰਖਾ  ! ਬਿਨਉ ਕਰਉ ਗੁਰ ਪਾਸਿ   ਹਮ ਕੀਰੇ ਕਿਰਮ, ਸਤਿਗੁਰ ਸਰਣਾਈ; ਕਰਿ ਦਇਆ, ਨਾਮੁ ਪਰਗਾਸਿ ’’  ਐਸੀ ਹੀ ਬੇਨਤੀ; ਗੁਰੂ ਅਰਜਨ ਸਾਹਿਬ ਜੀ ਆਪਣੇ ਇੱਕ ਸ਼ਬਦ ’ਚ ਕਰਦੇ ਸਮਝਾ ਰਹੇ ਹਨ ਕਿ ਹੇ ਮੇਰੇ ਸਾਈਂ ! ਮੇਰੇ ’ਤੇ ਦਇਆ ਕਰਕੇ ਐਸੀ ਮੱਤ ਦੇਵੋ ਕਿ ਮੈਂ ਹਮੇਸ਼ਾਂ ਤੈਨੂੰ ਹੀ ਸਿਮਰਾਂ ‘‘ਤੁਮ੍ਹ ਕਰਹੁ ਦਇਆ ਮੇਰੇ ਸਾਈ !   ਐਸੀ ਮਤਿ ਦੀਜੈ ਮੇਰੇ ਠਾਕੁਰ ! ਸਦਾ ਸਦਾ ਤੁਧੁ ਧਿਆਈ ਰਹਾਉ ’’ (ਮਹਲਾ /੬੭੩) ਸੋ ਆਪਣੇ ਅਹੰਕਾਰ ਨੂੰ ਛੱਡ ਕੇ ਗੁਰੂ ਦੇ ਦਰ ਤੋਂ ਪਰਮਾਤਮਾ ਦਾ ਨਾਮ ਮੰਗਣਾ ਹੈ। ਉਸ ਦਾ ਸਿਮਰਨ ਕਰਨ ਦੀ ਜਾਚ ਲੈਣੀ ਹੈ, ਸਿਖਣੀ ਹੈ।

ਵਿਚਾਰ : ਰੋਜ਼ਾਨਾ ਅਸੀਂ ਅਰਦਾਸ ਵਿੱਚ ਮੰਗਦੇ ਹਾਂ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰਿ ਦਾਨ ਨਾਮ ਦਾਨ ਯਾਨੀ ਦਾਨਾਂ ਵਿੱਚੋਂ ਸਭ ਤੋਂ ਵੱਡਾ ਦਾਨ ‘ਨਾਮ ਦਾ ਦਾਨ’। ਨਾਸ਼ਵਾਨ ਚੀਜ਼ਾਂ ਦੀ ਸਾਡੀ ਲਿਸਟ ਬਹੁਤ ਲੰਮੀ ਹੁੰਦੀ ਹੈ ਪਰ ਅਸਲ ਵਿੱਚ ਅਸੀਂ ਜੋ ਮੰਗਣਾ ਹੈ ਉਹ ਨਾਮ ਹੈ ਤੇ ਇਹ ਦਾਤ ਸਾਨੂੰ ਕੇਵਲ ਸਤਿਗੁਰੂ ਕੋਲ਼ੋਂ ਹੀ ਮਿਲ ਸਕਦੀ ਹੈ। ਨਾਮ; ਹਿਰਦੇ ਅੰਦਰ ਪ੍ਰਗਾਸ ਕਰਦਾ ਹੈ ਅਤੇ ਅੰਦਰੋਂ ਅਗਿਆਨਤਾ ਦਾ ਹਨ੍ਹੇਰਾ ਮਿਟਦਾ ਹੈ।  ‘ਗੁਰੂ’ ਸ਼ਬਦ ਦਾ ਅਰਥ ਹੀ ਹੈ- ‘ਗੁ’ – ਹਨ੍ਹੇਰਾ; ‘ਰੂ’ – ਰੌਸ਼ਨੀ, ਚਾਨਣ ਭਾਵ ਅਗਿਆਨਤਾ ਦਾ ਹਨ੍ਹੇਰਾ ਦੂਰ ਕਰਨ ਵਾਲ਼ੀ ਸ਼ਖ਼ਸੀਅਤ; ਸਤਿਗੁਰੂ ਜੀ ਹਨ।

‘ਰਹਾਉ’ ਵਾਲ਼ਾ ਬੰਦ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਇਸ ਸ਼ਬਦ ਦੇ ‘ਰਹਾਉ’ ਦੀ ਤੁਕ ਵਿੱਚ ਗੁਰੂ ਜੀ ਸਮਝਾਉਂਦੇ ਹਨ ਕਿ ਹੇ ਪ੍ਰਭੂ ! ਮੈਂ ਇਹ ਨਾਮ-ਦਾਨ ਇਸ ਲਈ ਮੰਗ ਰਿਹਾ ਹਾਂ ਕਿਉਂਕਿ ਇਹ ਨਾਮ; ਮੇਰੇ ਪ੍ਰਾਣਾਂ ਦਾ ਆਧਾਰ ਹੈ। ਇਸ ਰਾਹੀਂ ਮੈਂ ਤੈਨੂੰ ਹਰ ਵੇਲੇ ਯਾਦ ਕਰਦਾ ਰਹਾਂ। ਇਹੀ ਮੇਰੇ ਰਾਹ ਦੀ ਪੂੰਜੀ ਹੈ। ਜਿਸ ਵੇਲੇ ਜਮ; ਮੈਨੂੰ ਲੈਣ ਆਉਣਗੇ ਉਸ ਵੇਲੇ ਮੈਨੂੰ ਹਿਸਾਬ ਦੇਣਾ ਪਵੇਗਾ ਕਿ ਮੈਂ ਕਿੰਨਾ ਕੁ ਨਾਮ-ਧਨ ਕਮਾਇਆ ਹੈ। ਉਸ ਸਮੇਂ ਕਿਸੇ ਨੇ ਇਹ ਨਹੀਂ ਪੁੱਛਣਾ ਕਿ ਕਿੰਨਾ ਦੁਨਿਆਵੀ ਧਨ ਇਕੱਠਾ ਕੀਤਾ ਹੈ। ਗੁਰਬਾਣੀ ਵਿੱਚ ਕੇਵਲ ਤੇ ਕੇਵਲ ਨਾਮ-ਦਾਨ; ਮੰਗਣ ਲਈ ਪ੍ਰੇਰਿਆ ਗਿਆ ਹੈ; ਜਿਵੇਂ ਕਿ ਇਸ ‘ਰਹਾਉ’ ਬੰਦ ਵਿੱਚ ਕਿਹਾ ਹੈ ਕਿ ਹੇ ਮੇਰੇ ਮਿੱਤਰ ਗੁਰਦੇਵ ਜੀਉ ! ਮੈਨੂੰ ਰਾਮ (ਜੋ ਹਰ ਥਾਂ ਰਮਿਆ ਹੋਇਆ ਹੈ) ਦੇ ਨਾਮ ਦਾ ਪ੍ਰਕਾਸ਼ ਦਿਓ ‘‘ਮੇਰੇ ਮੀਤ ਗੁਰਦੇਵ ! ਮੋ ਕਉ ਰਾਮ ਨਾਮੁ ਪਰਗਾਸਿ   ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ; ਹਰਿ ਕੀਰਤਿ ਹਮਰੀ ਰਹਰਾਸਿ ਰਹਾਉ ’’

ਗੁਰਬਾਣੀ ਵਿੱਚ ‘ਅਰਦਾਸ’ ਸ਼ਬਦ ਨਾਲ਼ ਸੰਬੰਧਿਤ ਕੁਝ ਕੁ ਉਦਾਹਰਣਾਂ ਇਸ ਪ੍ਰਕਾਰ ਹਨ ‘‘ਇਕ, ਨਾਨਕ ਕੀ ਅਰਦਾਸਿ; ਜੇ ਤੁਧੁ ਭਾਵਸੀ ’’ (ਮਹਲਾ /੭੫੨) ਭਾਵ ਗੁਰੂ ਨਾਨਕ ਸਾਹਿਬ ਜੀ ਅਰਦਾਸ ਕਰਦੇ ਹਨ ਕਿ ਜੇ ਤੈਨੂੰ ਭਾਵੇ ਤਾਂ ਮੈਨੂੰ ਆਪਣੇ ਨਾਮ ਦੀ ਦਾਤ ਦੇਹ ਤਾਂ ਜੋ ਮੇਰੇ ਹਿਰਦੇ ਵਿੱਚ ਨਾਮ ਦਾ ਨਿਵਾਸ ਹੋ ਜਾਏ। ਮੈਂ ਹਰ ਵੇਲੇ ਤੇਰੇ ਗੁਣ ਗਾਵਾਂ। ਇਸ ਬਾਰੇ ਪੰਜਵੇਂ ਪਾਤਿਸ਼ਾਹ ਜੀ ਵੀ ਫ਼ੁਰਮਾ ਰਹੇ ਹਨ ਕਿ ‘‘ਨਾਨਕੁ ਏਕ ਕਰੈ ਅਰਦਾਸਿ ਵਿਸਰੁ ਨਾਹੀ ਪੂਰਨ ਗੁਣਤਾਸਿ ’’ (ਮਹਲਾ /੭੪੨) ਭਾਵ ਹੇ ਪ੍ਰਭੂ ਜੀਓ ! ਮੇਰੀ ਇਕ ਅਰਦਾਸ ਹੈ ਕਿ ਤੂੰ ਮੈਨੂੰ ਕਦੇ ਵੀ ਨਾ ਵਿਸਰੇਂ। ‘ਅਰਦਾਸ’ ਨਾਲ਼ ਸੰਬੰਧਿਤ ਆਪ ਜੀ ਦੇ ਹੋਰ ਵੀ ਕਈ ਸ਼ਬਦ ਹਨ; ਜਿਵੇਂ ਕਿ ‘‘ਸਭੁ ਕਿਛੁ ਤੁਮ ਤੇ ਮਾਗਨਾ; ਵਡਭਾਗੀ ਪਾਏ ਨਾਨਕ ਕੀ ਅਰਦਾਸਿ ਪ੍ਰਭ ! ਜੀਵਾ ਗੁਨ ਗਾਏ ’’ (ਮਹਲਾ /੮੧੧) ਭਾਵ ਹੇ ਪ੍ਰਭੂ ! ਹਰ ਵਿਅਕਤੀ ਨੇ ਤੈਥੋਂ ਹੀ ਮੰਗਣਾ ਹੈ, ਪਰ ਕੋਈ ਵੱਡੇ ਭਾਗਾਂ ਵਾਲਾ ਇਹ ਦਾਤ ਪ੍ਰਾਪਤ ਕਰਦਾ ਹੈ। ਨਾਨਕ ਦੀ ਇਕ ਅਰਦਾਸ ਹੈ ਕਿ ਮੈਂ ਤੇਰੇ ਗੁਣ ਗਾਉਂਦਿਆਂ ਗਾਉਂਦਿਆਂ ਆਤਮਕ ਜੀਵਨ ਜੀਵਾਂ, ਭੋਗਾਂ; ਨਹੀਂ ਤਾਂ ਮੇਰੀ ਆਤਮਕ ਮੌਤ ਹੈ। ਪਰਮਾਤਮਾ ਦੇ ਨਾਮ ਦੀ ਮੰਗ ਕਰਦੇ ਆਪ ਜੀ ਦੇ ਬਚਨ ਹਨ ‘‘ਬਿਸਰੁ ਨਾਹੀ ਨਿਮਖ ਮਨ ਤੇ; ਨਾਨਕ ਕੀ ਅਰਦਾਸਿ ’’ (ਮਹਲਾ /੧੦੧੭) ਭਾਵ ਹੇ ਪ੍ਰਭੂ ! ਨਾਨਕ ਦੀ ਅਰਦਾਸ ਹੈ ਕਿ ਇਕ ਨਿਮਖ (ਅੱਖ ਝਪਕਣ ਜਿੰਨੇ ਸਮੇਂ ਲਈ ਭੀ) ਮਾਤਰ ਵੀ ਤੂੰ ਮੇਰੇ ਮਨ ਤੋਂ ਵਿਸਰ ਨਾ ਜਾਏਂ।

ਸੋ ‘ੴ’ ਦਾ ਨਾਮ; ਗੁਰੂ ਦੀ ਕਿਰਪਾ ਨਾਲ਼ ਮਿਲਦਾ ਹੈ ਜਾਂ ਗੁਰੂ ਦੀ ਸੰਗਤ ਕੋਲ਼ੋਂ ਮਿਲਦਾ ਹੈ, ਇਸ ਲਈ ਸੋਹਿਲਾ ਸਾਹਿਬ ਦੀ ਆਖ਼ਰੀ ਤੁਕ ਵਿੱਚ ਆਪ ਜੀ ਨੇ ਸੰਤ ਜਨਾਂ, ਸਤਿਸੰਗੀਆਂ ਦੇ ਚਰਨਾਂ ਦੀ ਧੂੜ ਬਣਨ ਲਈ ਵੀ ਅਰਦਾਸ ਕੀਤੀ ਹੈ ‘‘ਅੰਤਰਜਾਮੀ ਪੁਰਖ ਬਿਧਾਤੇ ! ਸਰਧਾ ਮਨ ਕੀ ਪੂਰੇ ਨਾਨਕ ਦਾਸੁ ਇਹੈ ਸੁਖੁ ਮਾਗੈ; ਮੋ ਕਉ ਕਰਿ ਸੰਤਨ ਕੀ ਧੂਰੇ ’’  (ਸੋਹਿਲਾ/ਮਹਲਾ /੧੩) ਭਾਵ ਹੇ ਦਿਲਾਂ ਦੀ ਜਾਣਨਹਾਰ ਵਾਹਿਗੁਰੂ ਜੀ ! ਮੇਰੀ ਸ਼ਰਧਾ ਪੂਰੀ ਕਰ।  (ਸ਼ਰਧਾ ਹੈ ਕਿ) ਜੋ ਤੇਰਾ ਨਾਮ ਜਪਦੇ ਹਨ, ਮੈਨੂੰ ਉਨ੍ਹਾਂ ਦੇ ਚਰਨਾਂ ਦੀ ਧੂੜ ਬਣਾ ਦੇਹ। ਇਸੇ ਤਰ੍ਹਾਂ ਆਪ ਜੀ ਨੇ ਹਥਲੇ ਸ਼ਬਦ ਦੀ ‘ਰਹਾਉ’ ਤੁਕ ’ਚ ਸਤਿਗੁਰੂ ਜੀ ਅੱਗੇ ਅਰਦਾਸ ਕਰਕੇ ਹਰੀ ਦੇ ਨਾਮ ਦੀ ਮੰਗ ਕੀਤੀ ਹੈ ‘‘ਮੇਰੇ ਮੀਤ ਗੁਰਦੇਵ ! ਮੋ ਕਉ ਰਾਮ ਨਾਮੁ ਪਰਗਾਸਿ   ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ; ਹਰਿ ਕੀਰਤਿ ਹਮਰੀ ਰਹਰਾਸਿ ਰਹਾਉ ’’  ਰਾਮ ਦੇ ਇਸ ਨਾਮ ਦੀ ਕੀਤੀ ਕਮਾਈ ਦਾ ਜਦ ਲੇਖਾ-ਜੋਖਾ ਹੋਣਾ ਹੈ। ਇਸ ਬਾਰੇ ਭਗਤ ਕਬੀਰ ਜੀ ਆਪਣੇ ਸ਼ਬਦ ਰਾਹੀਂ ਸਮਝਾ ਰਹੇ ਹਨ ਕਿ ਬੰਦੇ ਨੇ ਕੀ ਖੱਟਿਆ ਹੈ ਅਤੇ ਕੀ ਗਵਾਇਆ ਹੈ, ਇਸ ਦਾ ਹਿਸਾਬ-ਕਿਤਾਬ ਜ਼ਰੂਰ ਹੋਣਾ ਹੈ; ਜਿਵੇਂ ਕਿ ਬਚਨ ਹਨ ‘‘ਅਮਲੁ ਸਿਰਾਨੋ ਲੇਖਾ ਦੇਨਾ   ਆਏ ਕਠਿਨ ਦੂਤ ਜਮ ਲੇਨਾ   ਕਿਆ ਤੈ ਖਟਿਆ ? ਕਹਾ ਗਵਾਇਆ  ?  ਚਲਹੁ ਸਿਤਾਬ; ਦੀਬਾਨਿ (ਨੇ) ਬੁਲਾਇਆ ’’ (ਭਗਤ ਕਬੀਰ/੭੯੨) ਅਰਥ : ਹੇ ਜੀਵ !  ਕਮਾਈ ਕਰਨ ਵਾਲ਼ਾ ਕੀਮਤੀ ਸਮਾਂ ਬੀਤ ਰਿਹਾ ਹੈ। (ਤੈਂ ਜੋ ਕੀਤਾ ਉਸ ਦਾ) ਲੇਖਾ ਦੇਣਾ ਪੈਣਾ ਹੈ। ਜਦੋਂ ਡਰਾਵਣੇ ਜਮਦੂਤ ਤੈਨੂੰ ਲੈਣ ਆਉਣਗੇ। (ਉਹ ਪੁੱਛਣਗੇ ਕਿ) ਤੈਂ ਕੀ ਖੱਟਿਆ ਹੈ ਤੇ ਉਹ, ਕਿੱਥੇ ਗਵਾ ਦਿੱਤਾ ਹੈ ? ਹੁਣ ਜਲਦੀ ਚੱਲੋ ਕਿਉਂਕਿ ਅਸਲ ਰਾਜੇ (ਧਰਮਰਾਜ) ਨੇ ਬੁਲਾਇਆ ਹੈ।

ਵਿਚਾਰ ਅਧੀਨ ਸ਼ਬਦ ਦਾ ਦੂਸਰਾ ਬੰਦ ਹੈ ਕਿ ‘‘ਹਰਿ ਜਨ ਕੇ ਵਡ ਭਾਗ ਵਡੇਰੇ; ਜਿਨ ਹਰਿ ਹਰਿ ਸਰਧਾ ਹਰਿ ਪਿਆਸ   ਹਰਿ ਹਰਿ ਨਾਮੁ ਮਿਲੈ; ਤ੍ਰਿਪਤਾਸਹਿ, ਮਿਲਿ ਸੰਗਤਿ ਗੁਣ ਪਰਗਾਸਿ ’’ ਭਾਵ ਓਹੀ ਹਰੀ ਦੇ ਜਨ ਵੱਡੇ ਭਾਗਾਂ ਵਾਲੇ ਹਨ, ਜਿਨ੍ਹਾਂ ਦੀ ਹਰੀ ਦੇ ਨਾਮ ’ਤੇ ਪੂਰੀ ਸ਼ਰਧਾ ਬਣ ਗਈ, ਜਿਨ੍ਹਾਂ ਦੇ ਮਨ ਨੂੰ ਹਰੀ ਰਸ ਦੀ ਪਿਆਸ ਲੱਗ ਗਈ ਹੈ।

ਹਰੀ ਦਾ ਨਾਮ ਲੈਣ ਲਈ ਸ਼ਰਧਾ ਬਣਾਉਣਾ; ਬਹੁਤ ਹੀ ਕਠਿਨ ਹੁੰਦਾ ਹੈ ‘‘ਆਖਣਿ ਅਉਖਾ; ਸਾਚਾ ਨਾਉ ’’ (ਸੋ ਦਰੁ/ਮਹਲਾ /), ਮਨ ਕਦੇ ਵੀ ਨਾਮ ਜਪਣ ਲਈ ਨਹੀਂ ਮੰਨਦਾ। ਕੇਵਲ ਸਤਿਗੁਰੂ ਦੀ ਕਿਰਪਾ ਨਾਲ ਹੀ ਇਹ ਕਾਰਜ  ਕਰਨਾ ਸੰਭਵ ਹੈ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ‘‘ਸਤਿਗੁਰੁ ਹੋਇ ਦਇਆਲੁ; ਸਰਧਾ ਪੂਰੀਐ ’’ (ਮਹਲਾ /੧੪੯) ਭਾਵ ਸਤਿਗੁਰੂ ਜੀ ਮਿਹਰ ਕਰਨ ਤਾਂ ਹੀ ਮਨੁੱਖ ਅੰਦਰ ਰੱਬ ਦੇ ਨਾਮ ਪ੍ਰਤੀ ਸ਼ਰਧਾ ਪੈਦਾ ਹੁੰਦੀ ਹੈ। ਪੰਜਵੇਂ ਪਾਤਿਸ਼ਾਹ ਜੀ ਫ਼ੁਰਮਾ ਰਹੇ ਹਨ ‘‘ਜੋ ਜੋ ਸੁਨੈ ਪੇਖੈ ਲਾਇ ਸਰਧਾ; ਤਾ ਕਾ ਜਨਮ ਮਰਨ ਦੁਖੁ ਭਾਗੈ ’’ (ਮਹਲਾ /੩੮੧) ਭਗਤ ਕਬੀਰ ਜੀ ਦੇ ਵੀ ਬਚਨ ਹਨ ‘‘ਅਬ ਕੀ ਬਾਰ ਬਖਸਿ ਬੰਦੇ ਕਉ; ਬਹੁਰਿ ਭਉਜਲਿ ਫੇਰਾ ’’ (ਭਗਤ ਕਬੀਰ/੧੧੦੪)

ਇਕ ਸੰਤ, ਬ੍ਰਹਮਗਿਆਨੀ ਦੀ ਇਹ ਨਿਸ਼ਾਨੀ ਹੁੰਦੀ ਹੈ ਕਿ ਉਸ ਨੂੰ ਪਰਮਾਤਮਾ ਉੱਤੇ ਪੂਰਾ ਭਰੋਸਾ ਰੱਖਦਾ ਹੈ। ਜੋ ਮਨੁੱਖ ਪਰਮਾਤਮਾ ਦਾ ਨਾਮ ਸੁਣਦੇ ਹਨ। ਨਾਮ ਦੇ ਪ੍ਰੇਮ ਵਿੱਚ ਮਗਨ ਰਹਿੰਦੇ ਹਨ ਭਾਵ ਨਾਮ ਉੱਪਰ ਪੂਰੀ ਸ਼ਰਧਾ ਬਣਾਉਂਦੇ ਹਨ, ਉਨ੍ਹਾਂ ਦਾ ਜਨਮ-ਮਰਨ ਖ਼ਤਮ ਹੋ ਜਾਦਾਂ ਹੈ ‘‘ਜੋ ਜੋ ਸੁਨੈ ਪੇਖੈ ਲਾਇ ਸਰਧਾ; ਤਾ ਕਾ ਜਨਮ ਮਰਨ ਦੁਖੁ ਭਾਗੈ ’’ (ਮਹਲਾ /੩੮੧), ਬੈਕੁੰਠ ਕਿਤੇ ਮਰਨ ਤੋਂ ਬਾਅਦ ਨਹੀਂ ਮਿਲਦਾ। ਗੁਰੂ ਸਾਹਿਬ ਦੱਸਦੇ ਹਨ ਕਿ ਜਿਊਂਦੇ ਜੀਅ ਹੀ ਪ੍ਰਭੂ ਦੇ ਨਾਮ ਵਿੱਚ ਸ਼ਰਧਾ ਬਣਾ ਕੇ, ਧਿਆਨ ਧਰ ਕੇ, ਬੈਕੁੰਠ ਵਿੱਚ ਵਾਸਾ ਹੁੰਦਾ ਹੈ ‘‘ਤਹਾ ਬੈਕੁੰਠੁ, ਜਹ ਕੀਰਤਨੁ ਤੇਰਾ; ਤੂੰ ਆਪੇ ਸਰਧਾ ਲਾਇਹਿ ’’ (ਮਹਲਾ /੭੪੯), ਸ਼ਰਧਾ ਉਪਜਦੀ ਹੀ ਉੱਥੇ ਹੈ, ਜਿੱਥੇ ਸੱਚ ਦੀ ਬਾਣੀ ਦੀ ਵਿਚਾਰ ਹੋ ਰਹੀ ਹੋਵੇ। ਸੰਗਤ ਦੇ ਨਾਲ ਮਿਲ ਕੇ ਹੀ ਗੁਰੂ ਦੇ ਸ਼ਬਦ ਦੇ ਰਸ ਨੂੰ ਚੱਖਿਆ ਜਾ ਸਕਦਾ ਹੈ। ਹਰੀ ਰਸ ਦਾ ਸੁਆਦ ਲਿਆ ਜਾ ਸਕਦਾ ਹੈ। ਗੁਰੂ ਦੀ ਸੰਗਤ ਵਿੱਚ ਬੈਠ ਕੇ, ਗੁਰੂ ਸ਼ਬਦ ਰਾਹੀਂ ਹਰੀ ਦਾ ਨਾਮ ਰਸ ਮਾਣਦਿਆਂ ਹੀ ਪੂਰਨ ਸ਼ਰਧਾ ਉਪਜਦੀ ਹੈ ‘‘ਮਿਲਿ ਸੰਗਤਿ, ਸਰਧਾ ਊਪਜੈ; ਗੁਰ ਸਬਦੀ ਹਰਿ ਰਸੁ ਚਾਖੁ ’’ (ਮਹਲਾ /੯੯੭), ਐਸੇ ਹਰੀ ਦੇ ਜਨਾਂ ਨੂੰ, ਹਰੀ ਦੇ ਗੁਣ ਗਾਉਂਦਿਆਂ ਹੀ ਹਰੀ ਮਿਲਿਆ ਹੈ ਕਿਉਂਕਿ ਉਨ੍ਹਾਂ ਅੰਦਰ ਹਰੀ ਪ੍ਰਤੀ ਸ਼ਰਧਾ ਉਪਜੀ ਹੁੰਦੀ ਹੈ ‘‘ਹਰਿ ਜਨ ਕਉ ਹਰਿ ਮਿਲਿਆ; ਹਰਿ ਸਰਧਾ ਤੇ ਮਿਲਿਆ; ਗੁਰਮੁਖਿ ਹਰਿ ਮਿਲਿਆ ’’ (ਮਹਲਾ /੧੨੦੧), ਪਿਛਲੇ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਨੇ ਫ਼ੁਰਮਾਇਆ ਸੀ ‘‘ਸਾਚੇ ਨਾਮ ਕੀ ਲਾਗੈ ਭੂਖ ਉਤੁ ਭੂਖੈ; ਖਾਇ ਚਲੀਅਹਿ ਦੂਖ ’’ (ਸੋ ਦਰੁ/ਮਹਲਾ /) ਅਤੇ ਇਸ ਸ਼ਬਦ ਵਿੱਚ ਗੁਰੂ ਰਾਮਦਾਸ ਜੀ ਕਹਿ ਰਹੇ ਹਨ ‘‘ਹਰਿ ਜਨ ਕੇ ਵਡ ਭਾਗ ਵਡੇਰੇ; ਜਿਨ ਹਰਿ ਹਰਿ ਸਰਧਾ ਹਰਿ ਪਿਆਸ ’’ (ਸੋ ਦਰੁ/ਮਹਲਾ /੧੦) ਯਾਨੀ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਹਨ ਜਿਨ੍ਹਾਂ ਨੂੰ ਸੱਚੇ ਨਾਮ ਦੀ ਭੁੱਖ ਲੱਗਦੀ ਹੈ ਅਤੇ ਗੁਰੂ ਰਾਮਦਾਸ ਜੀ ਕਹਿ ਰਹੇ ਹਨ ਜਿਨ੍ਹਾਂ ਅੰਦਰ ਹਰੀ ਨਾਮ ਦੀ ਪਿਆਸ ਲੱਗਦੀ ਹੈ, ਸ਼ਰਧਾ ਉਪਜਦੀ ਹੈ ਓਹੀ ਨਾਮ ਰਸ ਨੂੰ ਮਾਣਦੇ ਹਨ, ਜਿਸ ਉਪਰੰਤ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ।

ਹਰੀ ਦੇ ਨਾਮ ਵਿੱਚ ਰੰਗ ਕੇ, ਨਾਮ ਬਾਣੀ ਨਾਲ਼ ਤ੍ਰਿਪਤ ਹੋ ਕੇ ਮਨ ਵਿੱਚ ਪ੍ਰਕਾਸ਼ ਹੁੰਦਾ ਹੈ, ਮਨ ਸ਼ਾਂਤ ਹੁੰਦਾ ਹੈ ‘‘ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ; ਮਿਲਿ ਸੰਗਤਿ ਗੁਣ ਪਰਗਾਸਿ (ਸੋ ਦਰੁ/ਮਹਲਾ /੧੦) ਮਨੁੱਖ ਦੀ ਪਿਆਸ ਤਾਂ ਹੀ ਤ੍ਰਿਪਤ ਹੋਏਗੀ ਜੇਕਰ ਹਰੀ-ਨਾਮ ਰੂਪੀ ਗਿਆਨ ਹਿਰਦੇ ਵਿੱਚ ਵੱਸ ਜਾਏ। ਫਿਰ ਸਾਰੀਆਂ ਦੁਨਿਆਵੀ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ। ਸੰਗਤ ਵਿੱਚ ਮਿਲ ਕੇ ਰੱਬੀ ਗੁਣਾਂ ਦਾ ਪ੍ਰਗਾਸ ਹੁੰਦਾ ਹੈ।

ਵਿਚਾਰ : ਗੁਣਾਂ ਦਾ ਖਜਾਨਾ/ਮਾਲਕ ਕੇਵਲ ਪਰਮਾਤਮਾ ਹੈ। ਹੋਰ ਕੋਈ ਵੀ ਗੁਣ ਨਹੀਂ ਦੇ ਸਕਦਾ ‘‘ਨਾਨਕ  ! ਨਿਰਗੁਣਿ (’) ਗੁਣੁ ਕਰੇ; ਗੁਣਵੰਤਿਆ ਗੁਣੁ ਦੇ ’’ (ਜਪੁ/ਮਹਲਾ /), ਪਰਮਾਤਮਾ ਦੇ ਇਨ੍ਹਾਂ ਗੁਣਾਂ ਨਾਲ਼ ਸਾਂਝ ਸਤਿਗੁਰੂ ਦੇ ਸ਼ਬਦ ਰਾਹੀਂ ਹੁੰਦੀ ਹੈ, ਇਸ ਲਈ ਕਿਹਾ ਗਿਆ ਕਿ ਗੁਰੂ ਤੋਂ ਬਲਿਹਾਰੀ ਹਾਂ, ਜਿਸ ਨੇ ਸਾਡੇ ਔਗੁਣਾਂ ਨੂੰ ਮੇਟ ਕੇ, ਗੁਣ ਪ੍ਰਗਟ ਕਰ ਦਿੱਤੇ ਹਨ। ਗੁਣ ਪ੍ਰਗਟ ਕਰ ਦਿਤੇ ਭਾਵ ਔਗੁਣਾਂ ਨੂੰ ਕੱਟ ਕੇ ਚੰਗੇ ਗੁਣਾਂ ਨੂੰ ਧਾਰਨ ਕਰਾਇਆ ‘‘ਬਲਿਹਾਰੀ ਗੁਰ ਆਪਣੇ; ਜਿਨਿ (ਨੇ), ਅਉਗਣ ਮੇਟਿ, ਗੁਣ ਪਰਗਟੀਆਏ ’’  (ਮਹਲਾ /੩੦੩) ਤਾਂ ਤੇ ਬੇਨਤੀ ਕਰਨੀ ਬਣਦੀ ਹੈ ਕਿ ਹੇ ਸੱਚੇ ਪਾਤਿਸ਼ਾਹ ! ਮੈਨੂੰ ਨਿਰਗੁਣੇ ਨੂੰ ਗੁਣਾਂ ਦਾ ਖਜ਼ਾਨਾ ਬਖ਼ਸ਼, ਤਾਂ ਜੋ ਤੇਰਾ ਨਾਮ ਜਪਿਆ ਜਾ ਸਕੇ ‘‘ਨਿਰਗੁਨੀਆਰੇ ਕਉ ਗੁਨੁ ਕੀਜੈ; ਹਰਿ ਨਾਮੁ ਮੇਰਾ ਮਨੁ ਜਾਪੇ ’’ (ਮਹਲਾ /੨੦੯), ਪਰਮਾਤਮਾ; ਔਗੁਣਾਂ ਨੂੰ ਮਾਰ ਕੇ ਗੁਣਾਂ ਦਾ ਹਿਰਦੇ ਘਰ ਵਿੱਚ ਪ੍ਰਭਾਵ ਪਾ ਦਿੰਦਾ ਹੈ ‘‘ਅਵਗਣ ਮਾਰਿ, ਗੁਣੀ ਘਰੁ ਛਾਇਆ; ਪੂਰੈ ਪੁਰਖਿ ਬਿਧਾਤੈ (ਨੇ)’’ (ਮਹਲਾ /੭੬੫) ਗੁਰੂ ਦੀ ਸੰਗਤ ਰਾਹੀਂ ਹਿਰਦੇ-ਘਰ ਵਿੱਚ ਹੁੰਦੇ ਪ੍ਰਕਾਸ਼ ਦਾ ਜ਼ਿਕਰ ਹੀ ਵਿਚਾਰ ਅਧੀਨ ਸ਼ਬਦ ਦੇ ਦੂਜੇ ਬੰਦ ਦੀ ਸਮਾਪਤੀ ’ਚ ਕੀਤਾ ਸੀ; ਜਿਵੇਂ ਕਿ ‘‘ਹਰਿ ਜਨ ਕੇ ਵਡ ਭਾਗ ਵਡੇਰੇ; ਜਿਨ, ਹਰਿ ਹਰਿ ਸਰਧਾ, ਹਰਿ ਪਿਆਸ   ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ; ਮਿਲਿ ਸੰਗਤਿ ਗੁਣ ਪਰਗਾਸਿ  

ਦੂਜੇ ਪਾਸੇ ਮਨੁੱਖ ਅੰਦਰ ਜਿੰਨੇ ਔਗੁਣ ਹੁੰਦੇ ਹਨ ਓਨੀਆਂ ਹੀ ਗਲ ਵਿੱਚ ਜੰਜੀਰਾਂ ਪਈਆਂ ਹੁੰਦੀਆਂ ਹਨ। ਗੁਰੂ ਜੀ ਦਾ ਬਚਨ ਹੈ ‘‘ਨਾਨਕ  ! ਅਉਗੁਣ ਜੇਤੜੇ; ਤੇਤੇ ਗਲੀ ਜੰਜੀਰ ’’ (ਮਹਲਾ /੫੯੫), ਜੋ ਮਨੁੱਖ ਅਗਾਂਹ ਪਾਪ, ਵਿਕਾਰ, ਔਗੁਣ ਲੈ ਕੇ ਜਾਂਦੇ ਹਨ, ਉਨ੍ਹਾਂ ਨੂੰ ਆਦਰ ਨਹੀਂ ਮਿਲਦਾ। ਉਨ੍ਹਾਂ ਦੀ ਦੁਰਗਤੀ ਹੁੰਦੀ ਹੈ ‘‘ਅਗੈ ਗਏ ਮੰਨੀਅਨਿ; ਮਾਰਿ ਕਢਹੁ ਵੇਪੀਰ ’’ (ਮਹਲਾ /੫੯੫) ਜਿਨ੍ਹਾਂ ਨੂੰ ਹਰੀ ਦਾ ਨਾਮ ਮਿੱਠਾ ਲੱਗਾ ਉਨ੍ਹਾਂ ਦਾ ਮਨ ਤ੍ਰਿਪਤ ਹੋ ਗਿਆ ‘‘ਹਰਿ ਹਰਿ ਨਾਮੁ ਮਿਲੈ, ਤ੍ਰਿਪਤਾਸਹਿ.. ’’, ਪਰ ਜਿਨ੍ਹਾਂ ਨੂੰ ਹਰੀ ਦਾ ਨਾਮ ਮਿੱਠਾ ਨਾ ਲੱਗਾ। ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਨਾ ਸਮਝਿਆ, ਨਾ ਮੰਨਿਆ। ਜਿਹੜੇ ਹਰੀ ਦੇ ਨਾਮ ਤੋਂ ਸੱਖਣੇ ਹੀ ਜੀਵਨ ਅਜਾਈਂ ਗੁਵਾ ਕੇ ਚਲੇ ਜਾਂਦੇ ਹਨ, ਉਨ੍ਹਾਂ ਦੇ ਭਾਗ ਬਹੁਤ ਮਾੜੇ ਹੁੰਦੇ ਹਨ। ਉਹ, ਜਮਾਂ ਦੇ ਵੱਸ ਪੈਂਦੇ ਹਨ। ਇਹੀ ਗੁਰੂ ਉਪਦੇਸ਼ ਵਿਚਾਰ ਅਧੀਨ ਸ਼ਬਦ ਦੇ ਅਗਲੇ ਤੀਜੇ ਬੰਦ ਵਿੱਚ ਦਰਜ ਹੈ ‘‘ਜਿਨ, ਹਰਿ ਹਰਿ, ਹਰਿ ਰਸੁ ਨਾਮੁ ਪਾਇਆ; ਤੇ ਭਾਗਹੀਣ ਜਮ ਪਾਸਿ ..’’

ਜਿਹਨਾਂ ਨੇ ਹਰੀ ਦਾ ਨਾਮ-ਰਸ ਨਾ ਪਾਇਆ, ਉਨ੍ਹਾਂ ਦਾ ਜਨਮ ਵਿਅਰਥ ਚਲਾ ਗਿਆ। ਉਹ ਜਨਮ-ਮਰਨ ਦੇ ਗੇੜ ਵਿੱਚ ਪੈ ਗਏ; ਜਿਵੇਂ ਕਿ ਗੁਰੂ ਅਮਰਦਾਸ ਜੀ ਦੇ ਬਚਨ ਹਨ ‘‘ਹਰਿ ਰਸੁ ਪਾਇਆ; ਬਿਰਥਾ ਜਨਮੁ ਗਵਾਇਆ, ਜੰਮਹਿ ਵਾਰੋ ਵਾਰਾ ’’ (ਮਹਲਾ /੬੦੧), ਉਹ ਜਨ ਕੂੜੇ ਦੇ ਕੀੜੇ, ਸਾਰਾ ਜਨਮ ਕੂੜ/ਝੂਠ ਵਿੱਚ ਹੀ ਗਵਾ ਦਿੰਦੇ ਹਨ। ਕੂੜ ਵਿੱਚ ਹੀ ਜੰਮਦੇ ਹਨ ਅਤੇ ਅੰਤ ਕੂੜ ਵਿੱਚ ਹੀ ਸਮਾ ਜਾਂਦੇ ਹਨ। ਉਹ ਮੂਰਖ ਅੰਜਾਣ ਲੋਕ ਹੰਕਾਰੀ ਹੁੰਦੇ ਹਨ। ਜਿਨ੍ਹਾਂ ਨੇ ਪਰਮਾਤਮਾ ਨਾਲ ਪ੍ਰੀਤ ਨਾ ਪਾਈ। ਉਨ੍ਹਾਂ ਦੀਆਂ ਸਾਰੀਆਂ ਗੱਲਾਂ ਝੂਠੀਆਂ ਹਨ ‘‘ਨਾਨਕ  ! ਗਾਲੀ ਕੂੜੀਆ; ਬਾਝੁ ਪਰੀਤਿ ਕਰੇਇ ’’ (ਮਹਲਾ /੫੯੪), ਸੱਚੀ ਸੰਗਤ ਤੋਂ ਬਿਨਾਂ ਮਨੁੱਖ ਇਸ ਤਰ੍ਹਾਂ ਫਿਰਦਾ ਹੈ; ਜਿਵੇਂ ਪਸ਼ੂ ‘‘ਬਿਨੁ ਸੰਗਤੀ ਸਭਿ ਐਸੇ ਰਹਹਿ; ਜੈਸੇ ਪਸੁ ਢੋਰ ’’ (ਮਹਲਾ /੪੨੭)

ਜਿਸ ਪਰਮਾਤਮਾ ਨੇ ਮਨੁੱਖ ਨੂੰ ਬਣਾਇਆ ਹੈ। ਮਨੁੱਖ ਨੂੰ ਸਭ ਦਾਤਾਂ ਦੇ ਕੇ ਨਿਵਾਜਿਆ ਹੈ। ਮਨੁੱਖ; ਉਸ ਨੂੰ ਹੀ ਨਹੀਂ ਪਛਾਣ ਰਿਹਾ; ਮੈਂ-ਮੇਰੀ ਵਿੱਚ ਫਸ ਕੇ ਉਸ ਨੂੰ ਜਾਣਨ ਤੋਂ ਇਨਕਾਰੀ ਹੋ ਜਾਂਦਾ ਹੈ। ਜਿਸ ਦੀ ਜ਼ਬਾਨ ਤੋਂ ਗੁਰੂ ਦੀ ਬਾਣੀ ਨਹੀਂ ਉਚਾਰਨ ਹੁੰਦੀ, ਉਸ ਦੀ ਅਵਸਥਾ ਚੋਰਾਂ ਵਰਗੀ ਹੈ ‘‘ਜਿਨ੍ਹਿ ਕੀਤੇ, ਤਿਸੈ ਜਾਣਨ੍ਹੀ; ਬਿਨੁ ਨਾਵੈ, ਸਭਿ ਚੋਰ ’’ (ਮਹਲਾ /੪੨੭)

ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ ਹਨ ਕਿ ਹੇ ਪ੍ਰਭੂ ! ਮੈਂ ਤੇਰਾ ਕੀਤਾ ਅਹਿਸਾਨ ਨਾ ਜਾਣਿਆ, ਇਸ ਲਈ ਹਰਾਮਖ਼ੋਰ ਹਾਂ। ਮੈਂ ਤੇਰੇ ਦਰ ’ਤੇ ਜਾ ਕੇ ਕੀ ਮੂੰਹ ਦਿਖਾਵਾਂਗਾ ? ਮੈਂ ਦੁਸ਼ਟ ਹਾਂ ‘‘ਮੈ, ਕੀਤਾ ਜਾਤਾ, ਹਰਾਮਖੋਰੁ; ਹਉ ਕਿਆ ਮੁਹੁ ਦੇਸਾਦੁਸਟੁ ਚੋਰੁ ’’ (ਮਹਲਾ /੨੪)

ਮਨੁੱਖ ਦਾ ਇਕ ਸੁਭਾਅ ਹੈ ਕਿ ਜੋ ਦਾਤਾਂ ਪਰਮਾਤਮਾ ਨੇ ਦਿੱਤੀਆਂ ਹਨ, ਉਨ੍ਹਾਂ ਦਾ ਸ਼ੁਕਰਾਨਾ ਕਰਨ ਦੀ ਬਜਾਏ ਜੋ ਇਕ ਚੀਜ਼ ਨਾ ਮਿਲੀ ਉਸ ਲਈ ਗਿੱਲਾ ਕਰਨ ਲੱਗਦਾ ਹੈ, ਪਰ ਜੇ ਪਰਮਾਤਮਾ; ਆਪਣੀਆਂ ਦਿੱਤੀਆਂ 10 ਦਾਤਾਂ ਵੀ ਵਾਪਸ ਲੈ ਲਵੇ। ਉਨ੍ਹਾਂ ਵਿੱਚੋਂ ਇਕ ਵੀ ਨਾ ਦੇਵੇ ਤਾਂ ਵੀ ਮੂਰਖ ਮਨੁੱਖ ਕੀ ਕਰ ਸਕਦਾ ਹੈ ‘‘ਦਸ ਬਸਤੂ ਲੇ ਪਾਛੈ ਪਾਵੈ ਏਕ ਬਸਤੁ ਕਾਰਨਿ; ਬਿਖੋਟਿ ਗਵਾਵੈ ਏਕ ਭੀ ਦੇਇ, ਦਸ ਭੀ ਹਿਰਿ ਲੇਇ ਤਉ, ਮੂੜਾ ਕਹੁ ਕਹਾ ਕਰੇਇ ’’  (ਸੁਖਮਨੀ/ਮਹਲਾ /੨੬੮), ਐਸੇ ਮਨੁੱਖ ਦੀ ਦੁਰਦਸ਼ਾ ਨੂੰ ਹੀ ਤੀਜੇ ਬੰਦ ਵਿੱਚ ਬਿਆਨਿਆ ਗਿਆ ਹੈ ‘‘ਜਿਨ, ਹਰਿ ਹਰਿ, ਹਰਿ ਰਸੁ ਨਾਮੁ ਪਾਇਆ; ਤੇ ਭਾਗਹੀਣ ਜਮ ਪਾਸਿ ਜੋ, ਸਤਿਗੁਰ ਸਰਣਿ ਸੰਗਤਿ ਨਹੀ ਆਏ; ਧ੍ਰਿਗੁ ਜੀਵੇ, ਧ੍ਰਿਗੁ ਜੀਵਾਸਿ ’’, ਪਰ ਜਿਨ੍ਹਾਂ ਨੇ ਸਤਿਗੁਰ ਦੀ ਸੰਗਤ ਪਾ ਲਈ, ਜਿਨ੍ਹਾਂ ਨੇ ਹਰੀ ਰਸ ਦਾ ਵਪਾਰ ਕੀਤਾ, ਜਿਨ੍ਹਾਂ ਦੇ ਉੱਪਰ ਪਰਮਾਤਮਾ ਦੀ ਕਿਰਪਾ ਹੋ ਗਈ, ਜਿਨ੍ਹਾਂ ਦੇ ਭਾਗ ਵਿੱਚ ਧੁਰੋਂ ਚੰਗਾ ਲੇਖ ਲਿਖਿਆ ਹੋਇਆ ਹੈ; ਉਨ੍ਹਾਂ ਨੂੰ ਸਤਿਸੰਗਤ ਮਿਲ ਜਾਂਦੀ ਹੈ। ਹਥਲੇ ਸ਼ਬਦ ਦੇ ਚੌਥੇ ਅਤੇ ਅੰਤਮ ਬੰਦ ਵਿੱਚ ਇਹੀ ਬਚਨ ਦਰਜ ਹਨ ‘‘ਜਿਨ ਹਰਿ ਜਨ, ਸਤਿਗੁਰ ਸੰਗਤਿ ਪਾਈ; ਤਿਨ, ਧੁਰਿ ਮਸਤਕਿ ਲਿਖਿਆ ਲਿਖਾਸਿ ਧਨੁ ਧੰਨੁ ਸਤਸੰਗਤਿ; ਜਿਤੁ, ਹਰਿ ਰਸੁ ਪਾਇਆ; ਮਿਲਿ ਜਨ, ਨਾਨਕ  ! ਨਾਮੁ ਪਰਗਾਸਿ ’’

ਵਿਚਾਰ : ਉਹ ਮਨੁੱਖ ਭਾਗਾਂ ਵਾਲ਼ੇ ਹੁੰਦੇ ਹਨ, ਧਨਾਡ ਅਖਵਾਉਂਦੇ ਹਨ, ਜੋ ਸਹਿਜ ਅਵਸਥਾ ਵਿੱਚ ਟਿਕ ਕੇ, ਪ੍ਰੇਮ ਨਾਲ਼ ਹਰੀ ਦੇ ਗੁਣ ਗਾਉਂਦੇ ਹਨ ‘‘ਹਮ ਧਨਵੰਤ ਭਾਗਠ ਸਚ ਨਾਇ ਹਰਿ ਗੁਣ ਗਾਵਹ ਸਹਜਿ ਸੁਭਾਇ ਰਹਾਉ ’’ (ਮਹਲਾ /੧੮੫)

ਸਤਿਸੰਗਤ ਹੀ ਹਰੀ ਨਾਲ਼ ਮਿਲਾਪ ਕਰਨ ਦਾ ਸਾਧਨ ਹੈ। ਸੱਚੀ ਸੰਗਤ ਓਹੀ ਹੈ, ਜਿੱਥੇ ਸਦਾ ਹਰੀ ਦੇ ਗੁਣਾਂ ਦਾ ਗਾਇਨ ਕੀਤਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਆਪਣੇ ਆਪ ਨੂੰ ਸੰਬੋਧਨ ਕਰਕੇ ਕਹਿ ਰਹੇ ਹਨ ਕਿ ਹੇ ਨਾਨਕ  !  ਸੱਚੇ ਸ਼ਬਦ ਦੁਆਰਾ ਉਸ ਦੀ ਸਿਫ਼ਤ ਕਰ; ਤਾਂ ਹੀ ਸੱਚ ਦੀ ਪਹਿਚਾਣ ਹੁੰਦੀ ਹੈ ‘‘ਸਤਸੰਗਤਿ ਮੇਲਾਪੁ, ਜਿਥੈ ਹਰਿ ਗੁਣ ਸਦਾ ਵਖਾਣੀਐ ਨਾਨਕ  ! ਸਚਾ ਸਬਦੁ ਸਲਾਹਿ, ਸਚੁ ਪਛਾਣੀਐ ’’ (ਮਹਲਾ /੧੨੮੦)

ਜੇਕਰ ਅਸੀਂ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਵੀ ਗੁਰ ਸ਼ਬਦ ਦੀ ਵਿਚਾਰ ਨਾ ਕੀਤੀ, ਕੇਵਲ ਇੱਧਰ ਓਧਰ ਦੀਆਂ ਗੱਲਾਂ ’ਚ ਹੀ ਸਮਾਂ ਲੰਘਾ ਦਿੱਤਾ ਤਾਂ ਇਹ ਸਤਿਸੰਗਤ ਕਰਨਾ ਨਹੀਂ। ਸੰਗਤ ਵਿੱਚ ਜਾ ਕੇ ਪਰਮਾਤਮਾ ਦਾ ਨਾਮ ਜਪਣਾ ਹੀ ਉਸ ਦਾ ਹੁਕਮ ਹੈ ‘‘ਸਤਸੰਗਤਿ ਕੈਸੀ ਜਾਣੀਐ  ? ਜਿਥੈ ਏਕੋ ਨਾਮੁ ਵਖਾਣੀਐ ਏਕੋ ਨਾਮੁ ਹੁਕਮੁ ਹੈ; ਨਾਨਕ  ! ਸਤਿਗੁਰਿ (ਨੇ) ਦੀਆ ਬੁਝਾਇ ਜੀਉ ’’ (ਮਹਲਾ /੭੨)

ਉਹ ਜਨ ਧੰਨ ਹਨ, ਜਿਨ੍ਹਾਂ ਨੇ ਸਤਿਸੰਗਤ ’ਚ ਮਿਲ ਕੇ ਹਰੀ ਦਾ ਪ੍ਰੇਮ ਰਸ ਮਾਣਿਆ ਹੁੰਦਾ ਹੈ। ਐਸੇ ਜਨਾਂ ਨੂੰ ਮਿਲ ਕੇ ਹਰੀ ਦੇ ਗਿਆਨ ਰੂਪੀ ਨਾਮ ਦਾ ਹਿਰਦੇ ਅੰਦਰ ਪਰਗਾਸ ਹੁੰਦਾ ਹੈ। ਜਦੋਂ ਇਹ ਪ੍ਰਕਾਸ਼ ਹੋ ਗਿਆ ਤਾਂ ਅਨਰਸ; ਜਿਵੇਂ ਕਿ ਮਾਇਆ ਦੇ ਰਸ ਭੁੱਲ ਜਾਂਦੇ ਹਨ। ਇਹੀ ਗੁਰੂ ਸਿੱਖਿਆ ਅੰਤਮ ਬੰਦ ’ਚ ਹੈ ‘‘ਜਿਨ, ਹਰਿ ਜਨ ਸਤਿਗੁਰ ਸੰਗਤਿ ਪਾਈ; ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ਧਨੁ ਧੰਨੁ ਸਤਸੰਗਤਿ, ਜਿਤੁ ਹਰਿ ਰਸੁ ਪਾਇਆ; ਮਿਲਿ ਜਨ, ਨਾਨਕ  ! ਨਾਮੁ ਪਰਗਾਸਿ ’’  (ਸੋ ਦਰੁ/ਮਹਲਾ /੧੦)

ਗੁਰੂ ਪਾਤਿਸ਼ਾਹ ਜੀ ਕਹਿੰਦੇ ਹਨ ਕਿ ਹੇ ਮਨੁੱਖ ! ਤੂੰ ਇਸ ਜਗਤ ਵਿੱਚ ਬਾਣੀ ਸੁਣਨ ਅਤੇ ਪੜ੍ਹਨ ਲਈ ਆਇਆ ਹੈਂ, ਪਰ ਹਰੀ ਨਾਮ ਨੂੰ ਵਿਸਾਰ ਕੇ ਅਨਰਸ ਵਿੱਚ ਲੱਗ ਗਿਆ ਹੈਂ। ਜਨਮ ਨੂੰ ਬਿਰਥਾ ਗਵਾ ਲਿਆ ਹੈ। ਹੇ ਅਚੇਤ ਮਨ ! ਸੁਚੇਤ ਹੋ ਜਾਹ; ਗੁਰੂ ਪਿਆਰਿਆਂ ਨਾਲ ਮਿਲ ਕੇ ਅਕੱਥ ਪ੍ਰਭੂ ਦੀ ਕਥਾ-ਕਹਾਣੀ ਗਾਇਆ ਕਰ। ਹੁਣ ਲਾਹਾ ਖੱਟ ਲੈ। ਪਰਮਾਤਮਾ ਨੂੰ ਹਿਰਦੇ-ਘਰ ਵਿੱਚ ਯਾਦ ਕਰ। ਇਸ ਤਰ੍ਹਾਂ ਜਨਮ ਮਰਨ ਦਾ ਗੇੜ ਮੁੱਕ ਜਾਏਗਾ। ਸੱਚਾ ਨਾਮ ਜਪਣ ਦੀ ਤਾਕਤ, ਉੱਦਮ ਅਤੇ ਸਿਆਣਪ ਪਰਮਾਤਮਾ ਦੇ ਹੀ ਦਿੱਤੇ ਹੋਏ ਗੁਣ ਹਨ। ਜੀਵ ਦੀ ਕੋਈ ਪਾਇਆਂ ਨਹੀਂ ‘‘ਆਇਓ ਸੁਨਨ ਪੜਨ ਕਉ ਬਾਣੀ ਨਾਮੁ ਵਿਸਾਰਿ, ਲਗਹਿ ਅਨ ਲਾਲਚਿ; ਬਿਰਥਾ ਜਨਮੁ ਪਰਾਣੀ ਰਹਾਉ ’’ (ਮਹਲਾ /੧੨੧੯) ਤਾਂ ਤੇ ਅਰਦਾਸ ਕਰਨੀ ਬਣਦੀ ਹੈ ਕਿ ਹੇ ਪ੍ਰਭੂ ! ਕਿਰਪਾ ਕਰੋ, ਦਇਆ ਕਰੋ, ਸੁਮੱਤ ਬਖ਼ਸ਼ੋ; ਤਾਂ ਜੋ ਅਨੁਭਵੀ ਪੁਰਸ਼ਾਂ ਦੀ ਸੰਗਤ ਕਰਕੇ ਤੇਰੇ ਨਾਮ ਨੂੰ ਪਛਾਣ ਸਕੀਏ, ਜਪ ਸਕੀਏ ਕਿਉਂਕਿ ਉਹੀ ਭਗਤ; ਤੇਰੀ ਭਗਤੀ ਕਰ ਸਕਦੇ ਹਨ, ਜੋ ਤੈਨੂੰ ਪਰਮਾਤਮਾ ਨੂੰ ਭਾਉਂਦੇ ਹਨ। ਜਿਨ੍ਹਾਂ ਉੱਤੇ ਤੂੰ ਕਿਰਪਾ ਕਰਦਾ ਹੈਂ। ਸਤਿਗੁਰੂ ਦਾ ਮਿਲਾਪ ਕਰਵਾਉਂਦਾ ਹੈ। ਸਤਿਸੰਗਤ ਰਾਹੀਂ ਹੀ ਰੂਹਾਨੀਅਤ ਖਿੜਾਓ ਪੈਦਾ ਕਰਦਾ ਹੈਂ।