ੴ ਸਤਿਗੁਰ ਪ੍ਰਸਾਦਿ
ਕਾਜ਼ੀ ਨੂਰ ਮੁਹੰਮਦ ਤੇ ਉਸ ਦਾ ਜੰਗਨਾਮਾ
ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ,
ਹੈਡਮਾਸਟਰ (ਸੇਵਾ ਮੁਕਤ), 105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ)-99155-15436
ਅਹਿਮਦਸ਼ਾਹ ਅਬਦਾਲੀ ਨੇ ਸੰਨ 1764 ਦੇ ਅਖੀਰ ਵਿੱਚ ਹਿੰਦੋਸਤਾਨ ਤੇ ਸੱਤਵੇਂ ਹਮਲੇ ਦੀ ਯੋਜਨਾ ਬਣਾਈ ਤਾਂ ਉਸ ਨੇ ਬਲੋਚਿਸਤਾਨ ਦੀ ਇੱਕ ਰਿਆਸਤ ਕਲਾਤ ਦੇ ਹਾਕਮ ਮੁਹੰਮਦ ਨਸੀਰ ਖਾਨ ਨੂੰ ਆਪਣੇ ਨਾਲ ਚੱਲਣ ਲਈ ਕਿਹਾ। ਨਸੀਰ ਖਾਨ ਸਿੱਖਾਂ ਦਾ ਕੱਟੜ ਦੁਸ਼ਮਣ ਸੀ ਤੇ ਉਹ ਸਿੱਖਾਂ ਨਾਲ ਨਫ਼ਰਤ ਕਰਦਾ ਸੀ ਅਤੇ ਇਸ ਮੌਕੇ ਦੀ ਭਾਲ ਵਿੱਚ ਸੀ ਕਿ ਮੈਂ ਕਦੋਂ ਇਹਨਾਂ ਦਾ ਖੁਰਾ ਖੋਜ ਮਿਟਾ ਦੇਵਾਂ। ਇਸ ਲਈ ਉਹ ਸੁਣਦੇ ਸਾਰ ਹੀ ਸਿੱਖਾਂ ਨੂੰ ਕੁਚਲਣ ਲਈ ਅਬਦਾਲੀ ਦੇ ਨਾਲ ਆਪਣੀ ਫ਼ੌਜ ਸਮੇਤ ਜਾਣ ਲਈ ਤਿਆਰ ਹੋ ਗਿਆ। ਜਦੋਂ ਮੁਹੰਮਦ ਨਸੀਰ ਖਾਨ ਕਲਾਤ ਤੋਂ ਚੱਲਿਆ ਤਾਂ ਰਸਤੇ ਵਿੱਚ ਵੱਖ ਵੱਖ ਗੋਤਾਂ ਦੇ ਬਰੂਹੀ ਬਲੋਚ ਉਸ ਦੇ ਨਾਲ ਰਲ਼ਦੇ ਗਏ। ਅਹਿਮਦਸ਼ਾਹ ਅਬਦਾਲੀ ਪਠਾਨ ਸੀ ਤੇ ਨਸੀਰ ਖਾਨ ਬਰੂਹੀ ਗੋਤ ਦਾ ਸੀ। ਨਸੀਰ ਖਾਨ ਆਪਣੇ ਲਸ਼ਕਰ ਸਮੇਤ ਗੰਜਾਬੇ ਪਹੁੰਚਿਆ। ਕਾਜ਼ੀ ਨੂਰ ਮੁਹੰਮਦ ਗੰਜਾਬੇ ਦੇ ਰਹਿਣ ਵਾਲਾ ਸੀ। ਬਲੋਚੀ ਫ਼ੌਜ ਦਾ ਜੋਸ਼ ਵੇਖ ਕੇ ਕਾਜੀ ਨੂਰ ਮੁਹੰਮਦ ਜੋ ਸਿੱਖਾਂ ਦਾ ਅੱਤ ਦਰਜੇ ਦਾ ਵੈਰੀ ਸੀ, ਨੂੰ ਵੀ ਗਾਜ਼ੀ ਬਣਨ ਦਾ ਚਾਅ ਪੈਦਾ ਹੋ ਗਿਆ। ਨਸੀਰ ਖਾਨ ਨੇ ਕਾਜ਼ੀ ਨੂੰ ਕਿਹਾ ਕਿ ਤੂੰ ਸਾਡੇ ਲਸ਼ਕਰ ਦੇ ਨਾਲ ਹੀ ਚੱਲ ਤੇ ਸਾਡੀ ਬਹਾਦਰੀ ਦੀ ਦਾਸਤਾਨ ਨੂੰ ਇੱਕ ਲੰਬੀ ਕਵਿਤਾ ਵਿੱਚ ਨਸ਼ਰ ਕਰੀਂ। ਕਾਜ਼ੀ ਕਹਿਣ ਲੱਗਾ ਕਿ ਮੈਂ ਤੁਹਾਡੀ ਬਹਾਦਰੀ ਦੇ ਕਾਰਨਾਮੇ ਤਾਂ ਜ਼ਰੂਰ ਲਿਖ ਦਿਆਂਗਾ ਪਰ ਮੈਨੂੰ ਇਸ ਦੇ ਬਦਲੇ ਜਿੱਥੇ ਮੈਂ ਗੰਜਾਬੇ ਦਾ ਕਾਜ਼ੀ ਹਾਂ ਉੱਥੇ ਮੈਨੂੰ ਸ਼ਿਕਾਰਪੁਰ, ਡੇਰਾ ਇਜ਼ਰਾਈਲ ਅਤੇ ਡੇਰਾ ਗਾਜ਼ੀਖਾਨ ਦਾ ਕਾਜ਼ੀ ਵੀ ਥਾਪ ਦੇਣਾ। ਇਸ ਵਕਤ ਤੱਕ ਕਾਜ਼ੀ ਨੂਰ ਮੁਹੰਮਦ ਦੀ ਉਮਰ ਪੰਜਾਹ ਵਰ੍ਹਿਆਂ ਤੋਂ ਟੱਪ ਚੁੱਕੀ ਸੀ। ਉਸ ਦੀ ਦਾੜ੍ਹੀ ਚਿੱਟੀ ਹੋ ਚੁੱਕੀ ਸੀ। ਕਾਜੀ ਨੂਰ ਮੁਹੰਮਦ ਦਾ ਬਾਪ; ਕਾਜ਼ੀ ਅਬਦੁਲ ਕਿਲਵਾੜ ਵਾਸੀ ਗੰਜਾਬੇ (ਬਲੋਚਿਸਤਾਨ) ਦੇ ਰਹਿਣ ਵਾਲਾ ਸੀ। ਕਾਜ਼ੀ ਨੂਰ ਮੁਹੰਮਦ ਇਹ ਵਾਅਦਾ ਲੈ ਕੇ ਅਬਦਾਲੀ ਵੱਲੋਂ ਕੀਤੇ ਜਾ ਰਹੇ ਭਾਰਤ ਉਪਰ ਸੱਤਵੇਂ ਹਮਲੇ ਵਿੱਚ ਜਾਣ ਲਈ ਤਿਆਰ ਹੋ ਗਿਆ।
ਅਹਿਮਦਸ਼ਾਹ ਅਬਦਾਲੀ ਸਿੱਖਾਂ ਦੀ ਤਾਕਤ ਪਹਿਲਾਂ ਵੀ ਵੇਖ ਚੁੱਕਾ ਸੀ ਕਿ ਭਾਵੇਂ ਇਹ ਗਿਣਤੀ ਵਿੱਚ ਘੱਟ ਹਨ, ਪਰ ਹਾਰਨ ਵਾਲੇ ਨਹੀਂ ਹਨ। ਇਸ ਲਈ ਉਸ ਨੇ ਵੱਧ ਤੋਂ ਵੱਧ ਫ਼ੌਜੀ ਤਾਕਤ ਹਾਸਲ ਕਰਨ ਲਈ ਜਹਾਦ ਦਾ ਨਾਹਰਾ ਮਾਰਿਆ। ਸੰਨ 1764 ਦੇ ਅਖੀਰ ਵਿੱਚ ਅਬਦਾਲੀ ਆਪਣੀ 18000 ਫ਼ੌਜ ਲੈ ਕੇ ਕੰਧਾਰ ਤੋਂ ਰਵਾਨਾ ਹੋਇਆ। ਨਸੀਰ ਖਾਨ ਆਪਣੀ 12000 ਫ਼ੌਜ ਲੈ ਕੇ ਕਲਾਤ ਤੋਂ ਚੱਲ ਪਿਆ। ਕਾਜ਼ੀ ਨੂਰ ਮੁਹੰਮਦ (ਪ੍ਰਸਿੱਧ ਇਤਿਹਾਸਕਾਰ) ਵੀ ਯੁੱਧ ਦਾ ਅੱਖੀਂ ਡਿੱਠਾ ਹਾਲ ਲਿਖਣ ਦੇ ਮਨੋਰਥ ਨਾਲ ਨਸੀਰ ਖਾਨ ਦੇ ਨਾਲ ਚੱਲ ਪਿਆ। ਰਸਤੇ ਵਿੱਚ ਕਾਜ਼ੀ ਨੂਰ ਮੁਹੰਮਦ ਨੇ ਚਨਿਓਟ ਸ਼ਹਰ, ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ, ਨੂੰ ਤਬਾਹ ਹੋਇਆ ਵੇਖਿਆ। ਇਸ ਸ਼ਹਰ ਨੂੰ ਭੰਗੀ ਮਿਸਲ ਦੇ ਸਰਦਾਰ ਝੰਡਾ ਸਿੰਘ ਭੰਗੀ ਨੇ ਜਿੱਤਿਆ ਸੀ ਤੇ ਫਿਰ ਲੁੱਟ ਕੇ ਤਬਾਹ ਕਰ ਦਿੱਤ ਸੀ। ਇਸ ਸ਼ਹਰ ਨੂੰ ਲੁੱਟਿਆ ਵੇਖ ਕੇ ਕਾਜ਼ੀ ਨੂਰ ਮੁਹੰਮਦ ਸੜ ਬਲ ਗਿਆ ਤੇ ਸਿੱਖਾਂ ਨੂੰ ਲਾਹਨਤਾਂ ਪਾਉਣ ਲੱਗਾ। ਉਸ ਨੇ ਸਿੱਖਾਂ ਨੂੰ ਸੱਗ (ਕੁੱਤੇ), ਪਲੀਤ, ਬੁੱਤ ਪੂਜਕ ਅਤੇ ਅਧਰਮੀ ਸ਼ਬਦਾਂ ਨਾਲ ਸੰਬੋਧਤ ਕੀਤਾ। ਆਪਣੇ ਜੰਗ ਨਾਮੇ ਵਿੱਚ ਵੀ ਉਸ ਨੇ ਸਿੱਖਾਂ ਲਈ ਫਾਰਸੀ ਦਾ ਸ਼ਬਦ ‘ਸਗ’ ਭਾਵ ਕੁੱਤਾ ਹੀ ਲਿਖਿਆ ਹੈ।
ਨਸੀਰ ਖਾਨ ਆਪਣੀ 12000 ਫ਼ੌਜ ਸਮੇਤ ਐਮਨਾਬਾਦ ਪਹੁੰਚਿਆ, ਜਿੱਥੇ ਅਬਦਾਲੀ ਆਪਣੀ 18000 ਫ਼ੌਜ ਨਾਲ ਪਹਿਲਾਂ ਹੀ ਡੇਰੇ ਲਾਈ ਬੈਠਾ ਸੀ। ਹੁਣ ਅਬਦਾਲੀ ਕੋਲ ਟਾਕਰੇ ਲਈ 30,000 ਫ਼ੌਜ ਸੀ। ਅਬਦਾਲੀ ਆਪਣੀ ਫ਼ੌਜ ਸਮੇਤ ਰਾਵੀ ਦਰਿਆ ਪਾਰ ਕਰਕੇ ਲਹੌਰ ਪਹੁੰਚਿਆ। ਨਸੀਰ ਖਾਨ ਅਗਲੇ ਦਿਨ ਲਹੌਰ ਪਹੁੰਚਿਆ, ਪਰ ਸਿੱਖਾਂ ਨੇ ਉਸ ਦੇ ਫ਼ੌਜੀ ਦਸਤੇ ’ਤੇ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਸ੍ਰ: ਚੜ੍ਹਤ ਸਿੰਘ ਦੀ ਅਗਵਾਈ ਵਿੱਚ ਹਮਲਾ ਕਰ ਦਿੱਤਾ। ਇਸ ਹਮਲੇ ਦਾ ਅੱਖੀ ਡਿੱਠਾ ਹਾਲ ਕਾਜ਼ੀ ਨੂਰ ਮੁਹੰਮਦ ਨੇ ਆਪਣੇ ਜੰਗ ਨਾਮੇ ਵਿੱਚ ਲਿਖਿਆ। ਈਰਖਾ ਵੱਸ ਉਹ ਸ੍ਰ: ਚੜ੍ਹਤ ਸਿੰਘ ਨੂੰ ਆਪਣੇ ਜੰਗ ਨਾਮੇ ਵਿੱਚ ਚੜ੍ਹਤੂ ਹੀ ਲਿਖਦਾ ਹੈ। ਇਸ ਤੋਂ ਬਾਅਦ ਅਬਦਾਲੀ ਤੇ ਨਸੀਰ ਖਾਨ 30,000 ਫ਼ੌਜ ਸਮੇਤ ਅੰਮ੍ਰਿਤਸਰ ਪਹੁੰਚੇ। ਸਿੱਖ ਉਸ ਵਕਤ ਅੰਮ੍ਰਿਤਸਰ ਵਿੱਚ ਨਹੀਂ ਸਨ। ਅਕਾਲ ਬੁੰਗੇ (ਅਕਾਲ ਤਖਤ) ਵਿਖੇ ਬਾਬਾ ਗੁਰਬਖਸ਼ ਸਿੰਘ ਦੀ ਅਗਵਾਈ ਵਿੱਚ ਕੇਵਲ ਤੀਹ ਸਿੰਘ ਸਨ, ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਅਬਦਾਲੀ ਦੀ ਤੀਹ ਹਜ਼ਾਰ ਫ਼ੌਜ ਨਾਲ ਡੱਟ ਕੇ ਮੁਕਾਬਲਾ ਕੀਤਾ ਤੇ ਸਾਰੇ ਤੀਹ ਸਿੰਘ ਹਜ਼ਾਰਾਂ ਅਬਦਾਲੀ ਦੇ ਫ਼ੌਜੀਆਂ ਨੂੰ ਮਾਰਨ ਤੋਂ ਬਾਅਦ ਸ਼ਹੀਦ ਹੋ ਗਏ। ਇਸ ਜੰਗ ਨੂੰ ਵੇਖ ਕੇ ਕਾਜ਼ੀ ਨੂਰ ਮੁਹੰਮਦ, ਜੋ ਸਿੱਖਾਂ ਲਈ ‘ਸਗ, ਪਲੀਤ ਅਤੇ ਕਾਫ਼ਰ’ ਆਦਿ ਸ਼ਬਦ ਵਰਤਦਾ ਹੈ, ਸਿੱਖਾਂ ਦੀ ਬਹਾਦਰੀ ਵੇਖ ਕੇ ਇਹ ਲਿਖਣ ਲਈ ਮਜਬੂਰ ਹੋ ਗਿਆ ‘ਇਹਨਾਂ ਨੂੰ ਸਗ (ਕੁੱਤੇ) ਨਾ ਕਹੋ, ਇਹ ਸ਼ੇਰ ਹਨ। ਜੰਗ ਦੇ ਮੈਦਾਨ ਵਿੱਚ ਇਹ ਬੱਬਰ ਸ਼ੇਰ ਹਨ। ਜੋ ਮਨੁੱਖ ਜੰਗ ਦੇ ਮੈਦਾਨ ਵਿੱਚ ਸ਼ੇਰਾਂ ਵਾਂਗ ਗੱਜਦੇ ਹਨ, ਉਹਨਾਂ ਨੂੰ ਸਗ ਕਿਵੇਂ ਕਿਹਾ ਜਾ ਸਕਦਾ ਹੈ। ਜੇ ਕੋਈ ਜੰਗ ਦੀ ਕਲਾ ਸਿੱਖਣੀ ਚਾਹੇ ਤਾਂ ਇਹਨਾਂ ਸ਼ੇਰਾਂ ਕੋਲੋਂ ਸਿੱਖ ਲਵੇ। ਇਹ ਦੁਸ਼ਮਣ ਅੱਗੇ ਹਿੱਕ ਤਾਣ ਕੇ ਲੜਦੇ ਹਨ ਤੇ ਆਪਣੇ ਆਪ ਨੂੰ ਬਚਾਉਂਦੇ ਹਨ। ‘ਸਿੰਘ’ ਦਾ ਮਤਲਬ ਹੈ ‘ਸ਼ੇਰ’। ਇਹਨਾਂ ਨੂੰ ਸਗ ਕਹਿਣਾ ਬੇਇਨਸਾਫ਼ੀ ਹੈ।
ਅਕਾਲ ਬੁੰਗੇ ਵਿਖੇ ਹੋਈ ਇਸ ਝੜਪ ਤੋਂ ਬਾਅਦ ਅਬਦਾਲੀ ਲਹੌਰ ਤੋਂ ਬਟਾਲੇ, ਹੁਸ਼ਿਆਰਪੁਰ, ਰੋਪੜ ਅਤੇ ਪਿੰਜੋਰ ਤੋਂ ਹੁੰਦਾ ਹੋਇਆ ਕੁੰਜਪੁਰੇ (ਕਰਨਾਲ) ਪਹੁੰਚ ਗਿਆ, ਪਰ ਉਸ ਦੀ ਇਹ ਹਿੰਮਤ ਨਾ ਪਈ ਕਿ ਦਿੱਲੀ ਵੀ ਜਾਵੇ ਕਿਉਂਕਿ ਸਿੱਖਾਂ ਨੇ ਦਿੱਲੀ ਨੂੰ ਪਹਿਲਾਂ ਹੀ ਘੇਰਾ ਪਾਇਆ ਹੋਇਆ ਸੀ। ਇਸ ਲਈ ਉਸ ਨੇ ਰੋਹਤਾਸ ਦੇ ਰਸਤੇ ਵਾਪਸ ਅਫ਼ਗਾਨਿਸਤਾਨ ਜਾਣ ਦਾ ਫ਼ੈਸਲਾ ਕੀਤਾ।
ਕਾਜ਼ੀ ਨੂਰ ਮੁਹੰਮਦ ਨੇ ਵਾਪਸ ਕਲਾਤ ਪਹੁੰਚ ਕੇ, ਜੋ ਜੰਗਨਾਮਾ ਲਿਖਿਆ ਉਸ ਦੇ 55 ਅਧਿਆਇ ਹਨ। ‘ਜੰਗਨਾਮਾ’ ਫ਼ਾਰਸੀ ਦਾ ਸ਼ਬਦ ਹੈ। ‘ਜੰਗ’ ਦਾ ਅਰਥ ਹੈ ‘ਲੜਾਈ’ ਅਤੇ ‘ਨਾਮਾ’ ਦਾ ਭਾਵ ਹੈ ‘ਵਾਰ’ (ਕਵਿਤਾ ਦਾ ਰੂਪ)। ਇਸ ਜੰਗ ਨਾਮੇ ਰਾਹੀਂ ਇਤਿਹਾਸ ਦੀਆਂ ਬਹੁਤ ਸਾਰੀਆਂ ਕੜੀਆਂ ਖੁੱਲ੍ਹਦੀਆਂ ਹਨ। ਉਹ, ਆਪਣੇ ਜੰਗਨਾਮੇ ਵਿੱਚ ਲਿਖਦਾ ਹੈ ਕਿ ਸਰਹਿੰਦ ਦੇ ਇਲਾਕੇ ਵਿੱਚ ਇੱਕ ਸਰਦਾਰ ਆਲਾ ਜੱਟ ਸੀ, ਜੋ ਅਬਦਾਲੀ ਦਾ ਖੈਰ ਖੁਆਹ ਸੀ। ਜਦੋਂ ਅਬਦਾਲੀ ਸਰਹਿੰਦ ਵਿੱਚ ਸੀ ਤਾਂ ਉਸ ਨੇ ਆਲੇ ਜੱਟ ਨੂੰ ਸੱਦਾ ਭੇਜਿਆ ਉਹ ਕੁੱਝ ਤੋਹਫੇ ਲੈ ਕੇ ਅਬਦਾਲੀ ਕੋਲ ਹਾਜ਼ਰ ਹੋਇਆ। ਅਬਦਾਲੀ ਨੇ ਖੁਸ਼ ਹੋ ਕੇ ਉਸ ਨੂੰ ਸਰਹਿੰਦ ਦਾ ਇਲਾਕਾ ਸੌਂਪ ਦਿੱਤਾ, ਪਰ ਅਸਲੀਅਤ ਇਹ ਵੀ ਸੀ ਕਿ ਗੁਰੂ ਮਾਰੀ ਸਰਹਿੰਦ ਨੂੰ ਕੋਈ ਸਿੱਖ ਲੈਣ ਲਈ ਤਿਆਰ ਨਹੀਂ ਸੀ। ਮੁਸਲਮਾਨ ਵੀ ਇਸ ਇਲਾਕੇ ਵਿੱਚ ਆਉਣ ’ਤੇ ਸਿੱਖਾਂ ਕੋਲ਼ੋਂ ਡਰਦੇ ਸਨ। ਇਹ ਆਲਾ ਜੱਟ ਦਰਅਸਲ ਬਾਬਾ ਆਲਾ ਸਿੰਘ ਹੀ ਸੀ। ਇਸ ਨੇ ਆਪਣਾ ਵਕੀਲ ਨਾਨੂ ਸਿੰਘ ਗਰੇਵਾਲ; ਦਲ ਖਾਲਸਾ ਕੋਲ ਭੇਜਿਆ ਕਿ ਸਿੰਘ ਅਬਦਾਲੀ ਨਾਲ ਸਮਝੌਤਾ ਕਰ ਲੈਣ ਤੇ ਅਮਨ ਅਮਾਨ ਨਾਲ ਬੈਠਣ। ਖਾਲਸੇ ਨੇ ਅੱਗੋਂ ਜੁਆਬ ਭੇਜਿਆ ਕਿ ਅਬਦਾਲੀ; ਲੁਟੇਰਾ ਤੇ ਧਾੜਵੀ ਹੈ। ਇਸ ਨਾਲ ਸਾਡਾ ਕੋਈ ਮੇਲ ਮਿਲਾਪ ਨਹੀਂ ਹੋ ਸਕਦਾ। ਸਾਨੂੰ ਤਾਂ ਸਤਿਗੁਰੂ ਜੀ ਨੇ ਪਹਿਲਾਂ ਹੀ ਪਾਤਸ਼ਾਹੀ ਬਖ਼ਸ਼ੀ ਹੋਈ ਹੈ। ਅਬਦਾਲੀ ਸਾਨੂੰ ਦੇਣ ਵਾਲਾ ਕੌਣ ਹੁੰਦਾ ਹੈ। ਇਸ ਲੁਟੇਰੇ ਨਾਲ ਗੱਲ-ਬਾਤ ਤਾਂ ਜੰਗ ਦੇ ਮੈਦਾਨ ਵਿੱਚ ਹੀ ਹੋਵੇਗੀ। ਜੰਗ ਨਾਮੇ ਵਿੱਚ ਕਾਜੀ ਨੂਰ ਮੁਹੰਮਦ ਨੇ ਪੰਜਾਬ ਦੇ ਲੋਕਾਂ ਦਾ ਸੱਭਿਆਚਾਰ, ਰਹਿਣ ਸਹਿਣ ਤੇ ਖਾਣ ਪੀਣ ਦਾ ਢੰਗ, ਪੰਜਾਬ ਦੀ ਖੇਤੀ ਆਦਿ ਦਾ ਵਰਣਨ ਵੀ ਕੀਤਾ ਹੈ।
ਅਬਦਾਲੀ ਦੀ ਫ਼ੌਜ ਵੱਲੋਂ ਜੰਗ ਦੇ ਦੌਰਾਨ ਵਾਪਰੀਆਂ ਘਟਨਾਵਾਂ ਦਾ ਹਾਲ ਉਸ ਨੇ ਜੰਗ ਨਾਮੇ ਵਿੱਚ ਵਿਸਥਾਰ ਸਹਿਤ ਕੀਤਾ ਹੈ। ਇਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ, ਜੋ ਸ਼ੁਕਰ ਚਕੀਆ ਮਿਸਲ ਦੇ ਸਰਦਾਰ ਸਨ, ਦੀ ਲਹੌਰ ਨੇੜੇ ਬਲੋਚਾਂ ਨਾਲ ਹੋਈ ਝੜਪ, ਅਕਾਲ ਬੁੰਗਾ (ਅੰਮ੍ਰਿਤਸਰ) ਵਿਖੇ ਭਾਈ ਗੁਰਬਖਸ਼ ਸਿੰਘ ਦੀ 30 ਸਾਥੀਆਂ ਸਮੇਤ ਹੋਈ ਸ਼ਹੀਦੀ ਦਾ ਵੀ ਜ਼ਿਕਰ ਹੈ। ਇਸ ਤੋਂ ਇਲਾਵਾ ਮਹਾਰਾਜਾ ਆਲਾ ਸਿੰਘ ਨੂੰ ਰਾਜਗੀ ਦਾ ਖਿਤਾਬ ਦੇਣਾ ਅਤੇ ਵਾਪਸੀ ਤੇ ਲਹੌਰ ਵੱਲੋਂ ਪਰਤਣ ਸਮੇਂ ਸਿੰਘਾਂ ਨੇ ਫਿਲੋਰ ਅਤੇ ਤਲਵਣ ਦੇ ਪੱਤਣ ਤੇ ਨਾਕਾ ਲਾ ਲੈਣਾ ਅਤੇ ਅਬਦਾਲੀ ਵੱਲੋਂ ਝਕਾਨੀ ਦੇ ਕੇ ਨਿੱਕਲ ਜਾਣ ਦਾ ਵਰਨਣ ਵੀ ਹੈ। ਖ਼ਲਸਾ ਫ਼ੌਜ ਨੇ ਫਿਰ ਅਬਦਾਲੀ ਨੂੰ ਜਾ ਕੇ ਘੇਰਿਆ ਅਤੇ ਬਿਸਤ ਦੁਆਬੇ ਵਿੱਚ ਕਈ ਦਿਨ ਉਸ ਨੂੰ ਚੰਗੀ ਟੱਕਰ ਦਿੱਤੀ। ਅੰਤ ਮਜਬੂਰ ਹੋ ਕੇ ਅਬਦਾਲੀ ਰੋਹਤਾਸ ਦੇ ਰਸਤੇ ਵਲਾਇਤ (ਆਪਣੇ ਦੇਸ਼) ਚਲਾ ਗਿਆ।
ਜੰਗ ਨਾਮੇ ਦੇ 41ਵੇਂ ਅਧਿਆਇ ਵਿੱਚ ਉਹ ਸਿੰਘਾਂ ਦੀ ਬਹਾਦਰੀ, ਲੜਾਈ ਦੇ ਦਾਓ ਪੇਚ ਅਤੇ ਸਿੰਘਾਂ ਦੇ ਉੱਚੇ ਤੇ ਸੁੱਚੇ ਚਾਲ ਚੱਲਣ ਦੀ ਰੱਜ ਕੇ ਤਰੀਫ ਕਰਦਾ ਹੈ। ਇੱਕ ਕੱਟੜ ਜਨੂੰਨੀ ਮੁਸਲਮਾਨ, ਜੋ ਸਿੱਖਾਂ ਨੂੰ ਸਗ (ਕੁੱਤੇ) ਲਿਖਦਾ ਹੈ, ਵੱਲੋਂ ਤਾਰੀਫ਼ ਕਰਨੀ ਸਿੱਖਾਂ ਲਈ ਫਖ਼ਰ ਦੀ ਗੱਲ ਹੈ। ਕਾਜ਼ੀ ਨੂਰ ਮੁਹੰਮਦ ਜੰਗਨਾਮੇ ਵਿੱਚ ਲਿਖਦਾ ਹੈ ਕਿ ਇਹਨਾਂ ਸਿੱਖਾਂ ਨੂੰ ਸਗ (ਕੁੱਤੇ) ਨਾ ਕਹੋ, ਇਹ ਸ਼ੇਰ ਹਨ। ਜਦੋਂ ਇਹ ਹੱਥ ਵਿੱਚ ਤਲਵਾਰ ਫੜਦੇ ਹਨ ਤਾਂ ਮਾਰੋ ਮਾਰ ਕਰਦੇ ਜਾਂਦੇ ਹਨ। ਜਦੋਂ ਇਹ ਨੇਜ਼ਾ ਫੜਦੇ ਹਨ ਤਾਂ ਦੁਸ਼ਮਣ ਦੀ ਫ਼ੌਜ ਵਿੱਚ ਭਾਜੜ ਪੈ ਜਾਂਦੀਆਂ ਹਨ। ਇਹ ਨੇਜ਼ੇ ਦੀ ਨੋਕ ਨੂੰ ਉੱਚਾ ਅਸਮਾਨ ਵੱਲ ਚੁੱਕਦੇ ਹਨ ਤਾਂ ਇਹ ਪਹਾੜ ਵੀ ਚੀਰ ਸੁੱਟਦੇ ਹਨ। ਜਦੋਂ ਇਹ ਕਮਾਨ ਦਾ ਚਿੱਲਾ ਚੜਾਉਂਦੇ ਹਨ ਤਾਂ ਦੁਸ਼ਮਣ ਥਰ ਥਰ ਕੰਬਣ ਲੱਗਦਾ ਹੈ। ਸਰੀਰ ਇਹਨਾਂ ਨੂੰ ਪਹਾੜ ਦਾ ਟੁਕੜਾ ਹੀ ਲੱਗਦਾ ਹੈ ਅਤੇ ਇੱਕ ਇੱਕ ਸੈਨਿਕ 50 ਸੈਨਿਕਾਂ ਜਿੰਨੀ ਤਾਕਤ ਰੱਖਦਾ ਹੈ। ਜਦੋਂ ਇਹ ਬੰਦੂਕ ਨੂੰ ਹੱਥ ਪਾਉਂਦੇ ਹਨ ਤਾਂ ਸ਼ੇਰਾਂ ਵਾਂਗੂੰ ਗਰਜਦੇ ਹੋਏ ਨਾਅਰੇ ਮਾਰਦੇ ਹਨ ਤੇ ਜੰਗ ਦੇ ਮੈਦਾਨ ਵਿੱਚ ਕਈਆਂ ਦੇ ਸਿਰ ਲਾਹ ਸੁੱਟਦੇ ਹਨ। ਇਹ ਅੱਗੇ ਚੱਲ ਕੇ ਲਿਖਦਾ ਹੈ ਕਿ ਮੈਨੂੰ ਲੱਗਦਾ ਹੈ ਕਿ ਪਿਛਲੇ ਜਮਾਨੇ ਵਿੱਚ ਬੰਦੂਕ, ਲੁਕਮਨ ਹਕੀਮ ਨੇ ਨਹੀਂ ਬਲਕਿ ਸਗਾਂ ਨੇ ਹੀ ਬਣਾਈ ਸੀ। ਇਸ ਗੱਲ ਦੀ ਗਵਾਹੀ ਇੱਥੋਂ ਹੀ ਮਿਲਦੀ ਹੈ ਕਿ 30 ਸਿੰਘਾਂ ਨੇ ਅਬਦਾਲੀ ਦੀ ਤੀਹ ਹਜਾਰ ਫ਼ੌਜ ਨਾਲ ਟੱਕਰ ਲਈ ਹੈ। ਲੜਾਈ ਵਿੱਚੋਂ ਭੱਜ ਜਾਣਾ ਵੀ ਇਹਨਾਂ ਦਾ ਇੱਕ ਦਾਅ ਪੇਚ ਹੈ। ਇਸ ਤਰ੍ਹਾਂ ਦੁਸ਼ਮਣ ਦੀ ਫ਼ੌਜ ਪਿੱਛੇ ਚਲੀ ਜਾਂਦੀ ਹੈ ਤੇ ਫਿਰ ਉਸ ਨੂੰ ਜਾ ਘੇਰਦੇ ਹਨ। ਨਸੀਰ ਖਾਨ ਇਸੇ ਚਾਲ ਵਿੱਚ ਹੀ ਫਸ ਗਿਆ ਸੀ। ਉਸ ਦੇ ਘੋੜੇ ਨੂੰ ਗੋਲੀ ਲੱਗੀ ਤੇ ਉਸ ਨੇ ਆਪ ਮਸਾਂ ਹੀ ਭੱਜ ਕੇ ਜਾਨ ਬਚਾਈ।
ਕਾਜ਼ੀ ਨੂਰ ਮੁਹੰਮਦ ਸਿੱਖਾਂ ਦੇ ਧਰਮ ਬਾਰੇ ਲਿਖਦਾ ਹੈ ਕਿ ਸਿੱਖ ਉਸ ਧਾਰਮਿਕ ਬਿਰਤੀ ਵਾਲੇ ਪੀਰ ਦੇ ਚੇਲੇ ਹਨ, ਜੋ ਚੱਕ (ਅੰਬਰਸਰ) ਵਿੱਚ ਰਹਿੰਦਾ ਸੀ। ਉਸ ਤੋਂ ਪਿੱਛੋਂ ਉਹਨਾਂ ਦਾ ਗੱਦੀ ਨਸ਼ੀਨ ਗੋਬਿੰਦ ਸਿੰਘ ਹੋਇਆ ਹੈ, ਜਿਸ ਨੇ ਸਿੱਖਾਂ ਨੂੰ ‘ਸਿੰਘ’ ਦਾ ਖਿਤਾਬ ਦਿੱਤਾ ਹੈ। ਇਹ ਸਗ; ਹਿੰਦੂਆਂ ਵਿੱਚੋਂ ਨਹੀਂ ਹਨ ਸਗੋਂ ਇਹਨਾਂ ਦਾ ਰਸਤਾ ਵੱਖਰਾ ਹੀ ਹੈ। ਸਿੱਖਾਂ ਦੇ ਉੱਚੇ ਤੇ ਸੁੱਚੇ ਚਾਲ ਚੱਲਣ ਦਾ ਵੀ ਕਾਜ਼ੀ ਨੂਰ ਮੁਹੰਮਦ ਨੇ ਜੰਗ ਨਾਮੇ ਵਿੱਚ ਵਰਣਨ ਕੀਤਾ ਹੈ। ਉਹ ਸਿੱਖਾਂ ਦੀ ਬਦਖੋਈ ਕਰਨ ਵਿੱਚ ਕੋਈ ਕਸਰ ਨਹੀਂ ਛੱਡਦਾ ਪਰ ਜਦੋਂ ਉਹ ਸਿੱਖਾਂ ਦੀ ਨਿਡਰਦਾ, ਦਲੇਰੀ, ਬਹਾਦਰੀ ਤੇ ਉੱਚੇ ਚਰਿੱਤਰ ਨੂੰ ਵੇਖਦਾ ਹੈ ਤਾਂ ਤਾਰੀਫ਼ ਕਰਨੋਂ ਵੀ ਉਸ ਦੀ ਕਲਮ ਨਹੀਂ ਰੁਕਦੀ। ਇੱਕ ਘਟਨਾ ਨੇ ਕਾਜ਼ੀ ਨੂੰ ਮਜਬੂਰ ਹੀ ਕਰ ਦਿੱਤਾ ਕਿ ਸਿੱਖਾਂ ਦੇ ਉੱਚੇ ਤੇ ਸੁੱਚੇ ਜੀਵਨ ਤੇ ਜ਼ਰੂਰ ਲਿਖੇ। ਨਰਿੰਜਨ ਸਾਥੀ ਲਿਖਦਾ ਹੈ ਕਿ ਇੱਕ ਦਿਨ ਕਾਜ਼ੀ ਆਪਣੀ ਫ਼ੌਜ ਦੇ ਤੰਬੂਆਂ ਤੋਂ ਬਾਹਰ ਸੈਰ ਕਰ ਰਿਹਾ ਸੀ। ਅਚਾਨਕ ਸਿੱਖਾਂ ਦਾ ਇੱਕ ਜੱਥਾ ਜੈਕਾਰੇ ਗਜਾਉਂਦਾ ਹੋਇਆ ਨੰਗੀਆਂ ਤਲਵਾਰਾਂ ਲੈ ਕੇ ਤੰਬੂਆਂ ਤੇ ਹਮਲਾ ਕਰਨ ਲਈ ਚੱਲ ਪਿਆ। ਕਾਜ਼ੀ ਡਰ ਕੇ ਝਾੜੀਆਂ ਦੇ ਉਹਲੇ ਲੁਕ ਗਿਆ ਅਤੇ ਸਿੰਘਾਂ ਦੇ ਗੁਰੀਲਾ ਹਮਲੇ ਨੂੰ ਵੇਖਣ ਲੱਗਾ ਜਦੋਂ ਸਿੰਘ ਤਲਵਾਰਾਂ ਲਹਿਰਾਉਂਦੇ ਹੋਏ ਤੰਬੂਆਂ ਦੇ ਅੰਦਰ ਵੜੇ ਤਾਂ ਹੀਰੇ ਜਵਾਹਰਾਤਾਂ ਨਾਲ ਸ਼ਿੰਗਾਰੀਆਂ ਹੋਈਆਂ ਮੁਸਲਿਮ ਔਰਤਾਂ ਬੈਠੀਆਂ ਸਨ। ਕਾਜ਼ੀ ਨੇ ਸੋਚਿਆ ਕਿ ਸਿੰਘ ਉਹਨਾਂ ਦੇ ਗਹਿਣੇ ਲੁੱਟ ਕੇ ਇਹਨਾਂ ਨੂੰ ਬੇ-ਪੱਤ ਕਰਨਗੇ, ਪਰ ਜਿਵੇਂ ਹੀ ਸਿੰਘਾਂ ਨੇ ਤੰਬੂ ਅੰਦਰ ਔਰਤਾਂ ਨੂੰ ਵੇਖਿਆ ਤਾਂ ਜੱਥੇਦਾਰ ਨੇ ਹੁਕਮ ਕੀਤਾ ਕਿ ਖਾਲਸਾ ਜੀ ! ਇਹ ਬੀਬੀਆਂ ਦਾ ਤੰਬੂ ਹੈ। ਇਹਨਾਂ ਨੂੰ ਕੁੱਝ ਨਹੀਂ ਕਹਿਣਾ ਤੇ ਸਾਰੇ ਬਾਹਰ ਨਿਕਲ ਜਾਓ। ਇਸ ਤਰ੍ਹਾਂ ਸਾਰੇ ਸਿੰਘ ਬਾਹਰ ਆ ਗਏ ਤਾਂ ਉਹਨਾਂ ਨੇ ਹੋਰ ਤੰਬੂਆਂ ਤੇ ਹਮਲਾ ਕਰਕੇ ਉੱਥੋਂ ਅਨਾਜ ਤੇ ਕਈ ਕਿਸਮ ਦੇ ਹਥਿਆਰ ਲੁੱਟ ਲਏ। ਕਾਜ਼ੀ ਨੂਰ ਮੁਹੰਮਦ ਇਸ ਘਟਨਾ ਤੋਂ ਏਨਾ ਪ੍ਰਭਾਵਤ ਹੋਇਆ ਕਿ ਉਸ ਨੇ ਆਪਣੇ ਜੰਗ ਨਾਮੇ ਵਿੱਚ ਸਿੰਘਾਂ ਦੇ ਉੱਚੇ ਤੇ ਸੁੱਚੇ ਚਰਿੱਤਰ ਦਾ ਵਰਣਨ ਇਸ ਤਰ੍ਹਾਂ ਕੀਤਾ ‘ਲੁੱਟਣ ਸਮੇਂ ਇਹ ਕਿਸੇ ਔਰਤ ਦੇ ਗਹਿਣੇ ਗੱਟੇ ਤੇ ਨਕਦੀ ਨੂੰ ਹੱਥ ਤੱਕ ਨਹੀਂ ਲਾਉਂਦੇ। ਔਰਤ ਭਾਵੇਂ ਵੱਡੀ ਹੋਵੇ, ਛੋਟੀ ਜਾਂ ਬਰਾਬਰ ਦੀ, ਉਸ ਦਾ ਸਤਿਕਾਰ ਕਰਦੇ ਹਨ ਤੇ ਉੁਸ ਨੂੰ ‘ਬੁਢੀਆ’ ਕਹਿ ਕੇ ਬੁਲਾਉਂਦੇ ਹਨ। ਇਹ ਚੋਰਾਂ ਤੇ ਵਿਭਚਾਰੀਆਂ ਦਾ ਸਾਥ ਨਹੀਂ ਦਿੰਦੇ। ਇਹਨਾਂ ਦੀ ਸਿਫ਼ਤ ਹੈ ਕਿ ਜੇਕਰ ਕੋਈ ਸੈਨਿਕ ਹਥਿਆਰ ਸੁੱਟ ਦਿੰਦਾ ਹੈ ਤਾਂ ਇਹ ਉਸੇ ਉੱਤੇ ਵਾਰ ਨਹੀਂ ਕਰਦੇ ਅਤੇ ਨਾ ਹੀ ਜੋ ਜੰਗ ਦੇ ਮੈਦਾਨ ਵਿੱਚੋਂ ਭੱਜ ਜਾਵੇ ਉਸ ਉੱਤੇ ਹਮਲਾ ਕਰਦੇ ਹਨ।’ ਅੱਗੇ ਕਾਜ਼ੀ ਲਿਖਦਾ ਹੈ ਕਿ ‘ਇਹਨਾਂ ਦੇ ਨਿਰਾਲੇ ਪੰਥ ਦੇ ਬਾਨੀ ਬਾਬਾ ਨਾਨਕ ਦੇਵ ਹੋਏ ਹਨ। ਉਹਨਾਂ ਦੇ ਜਾਨ ਨਸ਼ੀਨ ਗੋਬਿੰਦ ਸਿੰਘ ਜੀ ਨੇ ਇਹਨਾਂ ਨੂੰ ‘ਸਿੰਘ’ ਦੇ ਖਿਤਾਬ ਨਾਲ ਨਿਵਾਜਿਆ ਹੈ’।
ਕਾਜ਼ੀ ਨੂਰ ਮੁਹੰਮਦ ਨੇ ਇਹ ਜੰਗ ਨਾਮਾ ਸੰਨ 1765 ਵਿੱਚ ਮੁਕੰਮਲ ਕਰਕੇ ਮੁਹੰਮਦ ਨਸੀਰ ਖਾਨ ਨੂੰ ਭੇਂਟ ਕੀਤਾ। ਕਾਜ਼ੀ ਨੂਰ ਮੁਹੰਮਦ; ਕਾਜੀ ਅਬਦੁਲਾ ਦਾ ਪੁੱਤਰ ਸੀ ਤੇ ਸ਼ਾਇਰ ਵਜੋਂ ਕਾਫ਼ੀ ਮਸ਼ਹੂਰ ਸੀ। ਨਸੀਰ ਖਾਨ ਬਲੋਚ ਦੇ ਪਿਤਾ ਮੀਰ ਅਬਦੁਲਾ ਖਾਨ ਨੇ ਵੀ ਪਹਿਲਾਂ ਕਾਜ਼ੀ ਨੂਰ ਮੁਹੰਮਦ ਨੂੰ ਇਤਿਹਾਸ ਲਿਖਣ ਵਾਸਤੇ ਕਿਹਾ ਸੀ ਪਰ ਅਬਦੁਲਾ ਖਾਨ ਦੇ ਮਰ ਜਾਣ ਕਰਕੇ ਇਹ ਇਤਿਹਾਸ ਲਿਖਿਆ ਨਾ ਜਾ ਸਕਿਆ। ਇਹ ਜੰਗ ਨਾਮਾ ਲਿਖਣ ਦੇ ਇਵਜ਼ ਵਜੋਂ ਮੁਹੰਮਦ ਨਸੀਰ ਖਾਨ ਬਲੋਚ ਨੇ ਆਪਣੇ ਵਾਅਦੇ ਮੁਤਾਬਕ ਕਾਜੀ ਨੂਰ ਮੁਹੰਮਦ ਨੂੰ ਸਿਕਾਰਪੁਰ ਤੇ ਡੇਰਾ ਗਾਜ਼ੀਖਾਨ ਦਾ ਕਾਜ਼ੀ ਥਾਪ ਦਿੱਤਾ।