ਜਗਤਾਰ ਸਿੰਘ (ਮੁੱਖ ਗ੍ਰੰਥੀ ਦਰਬਾਰ ਸਾਹਿਬ) ਨੇ ਗੁਰਬਾਣੀ ਸੰਪਾਦਨਾ ਵਿਧੀ ਨੂੰ ਦਿੱਤੀ ਚੁਣੌਤੀ
ਪਿਛਲੇ ਕਈ ਸਾਲਾਂ ਤੋਂ ਅਸੀਂ ਕੁਝ ਸਿੱਖ; ਆਪਣੇ ਸ਼ਹਿਰ ਦੇ ਵੱਖ ਵੱਖ ਗੁਰਦੁਆਰਿਆਂ ’ਚ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਸੰਥਿਆ ਪਾਠ ਦੀਆਂ ਕਲਾਸਾਂ ’ਚ ਭਾਗ ਲੈਂਦੇ ਆ ਰਹੇ ਹਾਂ। ਇਨ੍ਹਾਂ ਕਲਾਸਾਂ ’ਚੋਂ ਮਿਲਦੀ ਸਿੱਖਿਆ ਨਾਲ਼ ਵਧੇਰੇ ਪ੍ਰਭਾਵਤ ਗੁਰੂ ਅਰਜਨ ਸਾਹਿਬ ਜੀ ਦੀ ਸੰਪਾਦਨ ਕਲਾ ਤੋਂ ਹੋਏ ਹਾਂ। ਬਲਿਹਾਰ ਹਾਂ ਗੁਰੂ ਸਾਹਿਬ ਜੀ ਦੀ ਇਸ ਕਲਾ ਤੋਂ, ਜਿਨ੍ਹਾਂ ਨੇ ਇੱਕ ਵੀ ਤੁਕ ਬੇਨਾਮੀ ਨਹੀਂ ਲਿਖੀ; ਜਿਵੇਂ ਕਿ ਭਗਤ ਸੂਰਦਾਸ ਜੀ ਦੁਆਰਾ ਲਿਖੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਕੇਵਲ ਇੱਕ ਤੁਕ ਹੈ ‘‘ਛਾਡਿ ਮਨ ! ਹਰਿ ਬਿਮੁਖਨ ਕੋ ਸੰਗੁ ॥’’ ਅਰਥ : ਹੇ ਮਨ ! ਹਰੀ ਤੋਂ ਬੇਮੁਖ ਹੋਏ ਬੰਦਿਆਂ ਦਾ ਸਾਥ ਛੱਡ ਦੇਹ। ਸਮੁੱਚੀ ਗੁਰਬਾਣੀ ਦੀ ਸਬਦ ਸੰਖਿਆ ਮੁਤਾਬਕ ਇਹ ਤੁਕ ਵੀ ਇੱਕ ਸ਼ਬਦ ਹੈ। ਇਸ ਦੇ ਸਿਰਲੇਖ ’ਚ ਜਾਂ ਤੁਕ ਦੀ ਸਮਾਪਤੀ ’ਚ ਕਿਸੇ ਰਚੇਤਾ ਭਗਤ ਦਾ ਨਾਂ ਦਰਜ ਨਹੀਂ ਤਾਂ ਜੋ ਲੇਖਕ ਬਾਰੇ ਪਤਾ ਲੱਗ ਸਕਦਾ। ਇਹ ਤੁਕ ਕਿਨ੍ਹਾਂ ਦੁਆਰਾ ਉਚਾਰਨ ਕੀਤੀ ਹੈ, ਇਸ ਨੂੰ ਸਪਸ਼ਟ ਕਰਨ ਲਈ ਅਗਲੇ ਹੀ ਸ਼ਬਦ ਦਾ ਸਿਰਲੇਖ ਹੈ ‘‘ਸਾਰੰਗ ਮਹਲਾ ੫ ਸੂਰਦਾਸ ॥’’, ਇਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਸ਼ਬਦ ਭਾਵੇਂ ਗੁਰੂ ਅਰਜਨ ਸਾਹਿਬ ਜੀ ਦਾ ਹੈ, ਪਰ ਇਸ ਦਾ ਸਿੱਧਾ ਸੰਬੰਧ ਪਿਛਲੇ ਸ਼ਬਦ (ਛਾਡਿ ਮਨ ਹਰਿ ਬਿਮੁਖਨ ਕੋ ਸੰਗੁ॥) ਨਾਲ ਹੈ ਤਾਂ ਜੋ ਕਿਸੇ ਨੂੰ ਇਸ ਦੇ ਲਿਖਾਰੀ ਦੇ ਨਾਂ ਬਾਰੇ ਅਤੇ ਸ਼ਬਦ ਵਿਸ਼ੇ ਨੂੰ ਸਮਝਣ ’ਚ ਕੋਈ ਭੁਲੇਖਾ ਨਾ ਰਹੇ ਕਿ ਬੇਮੁਖਾਂ ਦਾ ਸਾਥ ਕਿਵੇਂ ਛੱਡਣਾ ਹੈ। ਆਪਣੇ ਇਸ ਸ਼ਬਦ ਰਾਹੀਂ ਗੁਰੂ ਸਾਹਿਬ ਜੀ; ਭਗਤ ਸੂਰਦਾਸ ਜੀ ਨੂੰ ਸੰਬੋਧਨ ਕਰ ਕੇ ‘‘ਹਰਿ ਬਿਮੁਖਨ ਕੋ ਸੰਗੁ’’ ਛੱਡਣ ਦੀ ਯੁਕਤੀ ਦੱਸਦੇ ਹਨ ਕਿ ਜਿਉਂ ਜਿਉਂ ‘‘ਹਰਿ ਕੇ ਸੰਗ ਬਸੇ ਹਰਿ ਲੋਕ’’ ਤਿਉਂ ਤਿਉਂ ‘‘ਆਨ ਬਸਤੁ ਸਿਉ ਕਾਜੁ ਨ ਕਛੂਐ’’ ਯਾਨੀ ਹਰੀ ਦੇ ਨੇੜੇ ਰਹਿਣ ਨਾਲ਼ ਸੁਤੇ ਹੀ ਹਰੀ ਤੋਂ ਬੇਮੁਖਾਂ ਦਾ ਸਾਥ ਭੀ ਛੁੱਟ ਜਾਂਦਾ ਹੈ ਕਿਉਂਕਿ ਹਰੀ ਦੇ ਭਗਤਾਂ ਅੰਦਰ ਹਰੀ ਤੋਂ ਬੇਮੁਖਾਂ ਨਾਲ ਸੰਬੰਧ ਬਣਾਨ ਵਾਲ਼ੀ ਕੋਈ ਚਾਹਤ ਹੀ ਨਹੀਂ ਰਹਿੰਦੀ।
ਗੁਰੂ ਅਰਜਨ ਸਾਹਿਬ ਜੀ ਦਾ ਇਹ ਸ਼ਬਦ ਦੋ ਬੰਦਾਂ ਵਾਲਾ ਹੈ ਅਤੇ ਇੱਕ ਰਹਾਉ ਪਦਾ ਹੈ, ਜੋ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਇਸ ਪੂਰੇ ਸ਼ਬਦ ਨੂੰ ਵਿਚਾਰਨ ਨਾਲ਼ ਭਗਤ ਜੀ ਦੀ ਉਕਤ ਤੁਕ ਦਾ ਭਾਵਾਰਥ ਸਪਸ਼ਟ ਹੋ ਜਾਂਦਾ ਹੈ। ਗੁਰੂ ਜੀ ‘ਰਹਾਉ’ ਬੰਦ ’ਚ ਫ਼ੁਰਮਾਉਂਦੇ ਹਨ ਕਿ (ਬੇਮੁਖਾਂ ਦਾ ਸਾਥ ਛੱਡ ਕੇ) ਹਰੀ ਦੇ ਨੇੜੇ ਵੱਸਣ ਵਾਲ਼ੇ ਲੋਕ; ਆਪਣਾ ਤਨ ਮਨ ਆਦਿ ਸਭ ਕੁੱਝ (ਆਪਣੇ ਪਿਆਰੇ ਤੋਂ) ਵਾਰ ਕੇ ਅਨੰਦ ਦਾ ਹੁਲਾਰਾ, ਸਹਿਜਤਾ ਦਾ ਝੂਟਾ ਲੈਂਦੇ ਰਹਿੰਦੇ ਹਨ ‘‘ਹਰਿ ਕੇ ਸੰਗ ਬਸੇ ਹਰਿ ਲੋਕ ॥ ਤਨੁ ਮਨੁ ਅਰਪਿ, ਸਰਬਸੁ ਸਭੁ ਅਰਪਿਓ ; ਅਨਦ ਸਹਜ ਧੁਨਿ ਝੋਕ ॥੧॥ ਰਹਾਉ ॥’’, ਇਸ ਲਈ ਬੇਮੁਖਾਂ ਦੇ ਨਾਲ਼ ਨਹੀਂ ਰਹਿੰਦੇ।
ਸ਼ਬਦ ਦੇ ਪਹਿਲੇ ਬੰਦ ’ਚ ਗੁਰੂ ਜੀ ਨੇ ਆਪਣਾ ਅਨੁਭਵ ਸਾਂਝਾ ਕਰਦਿਆਂ ਕਿਹਾ ਹੈ ਕਿ ਹਰੀ ਦੇ ਸੁੰਦਰ ਮੁਖ ਦਾ ਦਰਸ਼ਨ ਕਰਕੇ ਭਗਤ-ਜਨ ਵਿਕਾਰ ਮੁਕਤ ਹੋ ਜਾਂਦੇ ਹਨ। ਉਨ੍ਹਾਂ ਨੇ ਸਾਰੇ ਪਦਾਰਥ ਪਾ ਲਏ ਹੁੰਦੇ ਹਨ। ਮਾਇਆਵੀ ਪਦਾਰਥ ਨਾਲ਼ ਕੋਈ ਸੰਬੰਧ ਨਹੀਂ ਬਚਦਾ ‘‘ਦਰਸਨੁ ਪੇਖਿ, ਭਏ ਨਿਰਬਿਖਈ; ਪਾਏ ਹੈ ਸਗਲੇ ਥੋਕ ॥ ਆਨ ਬਸਤੁ ਸਿਉ ਕਾਜੁ ਨ ਕਛੂਐ ; ਸੁੰਦਰ ਬਦਨ ਅਲੋਕ ॥੧॥’’, ਇਸ ਲਈ ਬੇਮੁਖਾਂ ਦੇ ਨਾਲ਼ ਨਹੀਂ ਰਹਿੰਦੇ।
ਸ਼ਬਦ ਦੇ ਦੂਜੇ ਯਾਨੀ ਅੰਤਮ ਬੰਦ ’ਚ ਵਚਨ ਹਨ ਕਿ ਸੋਹਣੇ ਸਾਂਵਲੇ ਪਿਆਰੇ (ਪ੍ਰਭੂ) ਨੂੰ ਭੁਲਾ ਕੇ ਜੋ ਹੋਰ ਹੋਰ ਪਦਾਰਥਾਂ ਵੱਲ ਖਿੱਚ ਰੱਖਦੇ ਹਨ, ਉਹ ਲੋਕ ਉਸ ਜੋਕ ਵਰਗੇ ਹਨ, ਜਿਹੜੀ ਇੱਕ ਕੋਹੜੀ ਦੇ ਸਰੀਰ ’ਚੋਂ (ਗੰਦਾ ਖ਼ੂਨ ਚੂਸਦੀ ਹੈ), ਪਰ ਹੇ ਸੂਰਦਾਸ ! ਜਿਨ੍ਹਾਂ ਦਾ ਮਨ ਪ੍ਰਭੂ ਨੇ ਆਪਣੇ ਵੱਸ ਵਿੱਚ ਕਰ ਲਿਆ, ਉਨ੍ਹਾਂ ਲਈ ਇਹ ਲੋਕ ਤੇ ਪਰਲੋਕ ਦੋਵੇਂ ਬਖ਼ਸ਼ ਦਿੱਤੇ ਯਾਨੀ ਉਹ ਲੋਕ ਪਰਲੋਕ ’ਚ ਖ਼ੁਸ਼ ਰਹਿੰਦੇ ਹਨ ‘‘ਸਿਆਮ ਸੁੰਦਰ ਤਜਿ, ਆਨ ਜੁ ਚਾਹਤ ; ਜਿਉ, ਕੁਸਟੀ ਤਨਿ ਜੋਕ ॥ ਸੂਰਦਾਸ ਮਨੁ ਪ੍ਰਭਿ ਹਥਿ ਲੀਨੋ ; ਦੀਨੋ ਇਹੁ ਪਰਲੋਕ ॥੨॥੧॥੮॥’’ (ਮਹਲਾ ੫/੧੨੫੩)
ਨੋਟ : ਭਗਤ ਸੂਰਦਾਸ ਜੀ ਦੀ ਉਕਤ ਤੁਕ ਤੋਂ ਪਹਿਲਾਂ ਭਗਤ ਬਾਣੀ ਦੀ ਚਲਦੀ ਲੜੀ ’ਚ ਭਗਤ ਪਰਮਾਨੰਦ ਜੀ ਦਾ ਸ਼ਬਦ ਹੈ, ਜਿਸ ਦੇ ਤਿੰਨ ਬੰਦ ਹਨ। ਤੀਸਰੇ ਯਾਨੀ ਅੰਤਮ ਬੰਦ ਦੀ ਸਮਾਪਤੀ ’ਚ ਸ਼ਬਦ ਸੰਖਿਆ ਇਉਂ ਹੈ ‘‘ਪਰਮਾਨੰਦ ਸਾਧਸੰਗਤਿ ਮਿਲਿ; ਕਥਾ ਪੁਨੀਤ ਨ ਚਾਲੀ ॥੩॥੧॥੬॥’’ (੧੨੫੩), ਇਸ ਸ਼ਬਦ ਗਿਣਤੀ (॥੩॥੧॥੬॥) ਤੋਂ ਬਾਅਦ ਹੈ ‘‘ਛਾਡਿ ਮਨ ! ਹਰਿ ਬਿਮੁਖਨ ਕੋ ਸੰਗੁ॥’’ ਅਤੇ ਇਸ ਤੋਂ ਬਾਅਦ ਹੈ ਗੁਰੂ ਅਰਜਨ ਸਾਹਿਬ ਜੀ ਦਾ ਉਕਤ ਸ਼ਬਦ, ਜਿਸ ਦੀ ਸਮਾਪਤੀ ’ਚ ਸ਼ਬਦ ਸੰਖਿਆ ਹੈ ॥੨॥੧॥੮॥ , ਇਸ ਗਿਣਤੀ ਦਾ ਮਤਲਬ ਹੈ ਕਿ ਅੰਕ ੨; ਗੁਰੂ ਅਰਜਨ ਸਾਹਿਬ ਜੀ ਦੇ ਸ਼ਬਦ ਦੇ ਦੋ ਬੰਦ ਹਨ, ਬਾਰੇ ਜਾਣਕਾਰੀ ਦਿੰਦਾ ਹੈ। ਅੰਕ ੧; ਭਗਤ ਸੂਰਦਾਸ ਜੀ ਦੇ ਸ਼ਬਦ ਦਾ ਸੂਚਕ ਹੈ। ਅੰਕ ੮ ਤੋਂ ਭਾਵ ਹੈ ਕਿ ਸਾਰੰਗ ਰਾਗ ’ਚ ਭਗਤ ਬਾਣੀ ਦੇ ਅੱਠ ਸ਼ਬਦ ਹਨ ਯਾਨੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਵੀ ਭਗਤ ਬਾਣੀ ਦਾ ਹਿੱਸਾ ਹੈ; ਜਿਵੇਂ ਕਿ ਭਗਤ ਕਬੀਰ ਜੀ ਅਤੇ ਬਾਬਾ ਫ਼ਰੀਦ ਜੀ ਦੇ ਸਲੋਕਾਂ ’ਚ ਗੁਰੂ ਸਾਹਿਬਾਨ (ਮਹਲਾ ੧, ਮਹਲਾ ੩, ਮਹਲਾ ੫) ਦੁਆਰਾ ਭਗਤ ਸਾਹਿਬਾਨ ਦੇ ਵਿਸ਼ਿਆਂ ਨੂੰ ਹੋਰ ਸਪਸ਼ਟ ਕਰਨ ਲਈ ਰਚੇ ਸਲੋਕ ਭੀ ਭਗਤ ਬਾਣੀ ਹੀ ਅਖਵਾਉਂਦੇ ਹਨ।
ਉਕਤ ਵਿਚਾਰ ਤੋਂ ਸਾਫ ਹੈ ਕਿ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਸ਼ਬਦ ਰਾਹੀਂ ਸਪਸ਼ਟ ਕੀਤਾ ਕਿ (1). ਇਹ ਤੁਕ ਭਗਤ ਸੂਰਦਾਸ ਜੀ ਦੁਆਰਾ ਰਚੀ ਗਈ ਹੈ। (2). ਭਗਤ ਸੂਰਦਾਸ ਜੀ ਦੀ ਇਹ ਤੁਕ; ਪੂਰਾ ਸ਼ਬਦ ਹੈ। (2). ਭਗਤ ਜੀ ਦੇ ਪਾਵਨ ਸਿਧਾਂਤ ‘‘ਛਾਡਿ ਮਨ ! ਹਰਿ ਬਿਮੁਖਨ ਕੋ ਸੰਗੁ॥’’ ਦਾ ਮਨੁੱਖਾ ਜ਼ਿੰਦਗੀ ਲਈ ਲਾਭ ਅਤੇ ਨੁਕਸਾਨ; ਦੋਵੇਂ ਪੱਖ ਉਜਾਗਰ ਕੀਤੇ ਹਨ। (4). ਭਗਤ ਸੂਰਦਾਸ ਜੀ ਦੇ ਸ਼ਬਦ ਦੀ ਸੰਖਿਆ ॥੧॥੭॥ ਮੰਨੀ ਹੈ।
ਗੁਰੂ ਅਰਜਨ ਸਾਹਿਬ ਜੀ ਦੇ ਇਸ ਸ਼ਬਦ ਤੋਂ ਅਗਲਾ ਦੋ ਬੰਦ ਵਾਲ਼ਾ ਸ਼ਬਦ; ਭਗਤ ਕਬੀਰ ਜੀ ਦਾ ਹੈ, ਜਿਸ ਦੇ ਦੂਜੇ/ਅੰਤਮ ਬੰਦ ਨਾਲ਼ ਇਉਂ ਸ਼ਬਦ ਸੰਖਿਆ ਹੈ ‘‘ਸਗਲ ਧਰਮ ਪੁੰਨ ਫਲ ਪਾਵਹੁ; ਧੂਰਿ ਬਾਂਛਹੁ ਸਭ ਜਨ ਕਾ ॥ ਕਹੈ ਕਬੀਰੁ ਸੁਨਹੁ ਰੇ ਸੰਤਹੁ ! ਇਹੁ ਮਨੁ ਉਡਨ ਪੰਖੇਰੂ ਬਨ ਕਾ ॥੨॥੧॥੯॥’’ (੧੨੫੩)। ਅੰਕ ੧ ਤੋਂ ਭਾਵ ਕਬੀਰ ਜੀ ਦਾ ਇੱਕ ਸ਼ਬਦ ਹੈ ਅਤੇ ਅੰਕ ੯ ਤੋਂ ਭਾਵ ਭਗਤ ਬਾਣੀ ਦੇ ਸਾਰੰਗ ਰਾਗ ’ਚ ਕੁੱਲ ੯ ਸ਼ਬਦ ਹੋ ਚੁੱਕੇ ਹਨ। ਐਸੀ ਸ਼ਬਦ ਸੰਖਿਆ ਤਰਤੀਬ; ਗੁਰੂ ਗ੍ਰੰਥ ਸਾਹਿਬ ਸ਼ਬਦ ਸੰਗ੍ਰਹਿ ਵਿੱਚ ਕਿਸੇ ਨੂੰ ਇੱਕ ਸ਼ਬਦ ਵਾਧੂ ਜੋੜਨ ਜਾਂ ਕੋਈ ਸ਼ਬਦ ਕੱਢਣ ਦੀ ਅਨੁਮਤੀ ਨਹੀਂ ਦਿੰਦੀ।
ਸ਼ਬਦਾਂ ਦੇ ਸਿਰਲੇਖ ਅਤੇ ਅੰਕ ਜੋੜਾਂ ਦੀ ਇਹ ਕੋਈ ਇਕੱਲੀ ਉਦਾਹਰਨ ਨਹੀਂ ਹੈ। ਅਨੇਕਾਂ ਹੋਰ ਵੀ ਮਿਲ ਜਾਂਦੀਆਂ ਹਨ; ਜਿਨ੍ਹਾਂ ’ਚੋਂ ਕੁਝ ਕੁ ਨੂੰ ਵਿਚਾਰਨਾ ਜ਼ਰੂਰੀ ਹੈ :
(1). ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਕ ੩੨੬ ’ਤੇ ਸਿਰਲੇਖ ‘‘ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ ੫ ॥’’ ਵੀ ਵਿਸ਼ੇਸ਼ ਸੰਪਾਦਕੀ ਸੰਕੇਤ ਹੈ, ਜੋ ਇਸ ਰਾਗ ਵਿੱਚ ਚਲਦੀ ਸ਼ਬਦ ਸੰਖਿਆ ਲੜੀ ਮੁਤਾਬਕ ਇਸ ਤੋਂ ਪਹਿਲਾਂ ਅਤੇ ਪਿੱਛੋਂ ਆਏ ਸ਼ਬਦਾਂ ਨਾਲ ਸੰਬੰਧਿਤ ਨਹੀਂ। ਇਸ ਸ਼ਬਦ ਦਾ ਕੇਵਲ ਸਿਰਲੇਖ ਹੀ ਨਹੀਂ ਬਲਕਿ ਸ਼ਬਦ ਜੋੜ ਅੰਕ ਵੀ ਵੱਖਰੇ ਢੰਗ ਨਾਲ ਲਿਖਿਆ ਹੈ। ਇਸ ਤੋਂ ਉਪਰਲੇ ਸ਼ਬਦਾਂ ਦੇ ਸਿਰਲੇਖ ਹਨ ‘ਗਉੜੀ ਕਬੀਰ ਜੀ’ ਅਤੇ ਅੰਕ ਜੋੜ ਹਨ ॥੪॥੧੨॥; ॥੪॥੧੩॥ ਆਦਿ ਅਤੇ ਵਿਚਾਰ ਅਧੀਨ ਸ਼ਬਦ ਤੋਂ ਬਾਅਦ ਵਾਲੇ ਸਿਰਲੇਖਾਂ ਹੇਠ ਆਏ ਸ਼ਬਦਾਂ ਦੇ ਜੋੜ ਹਨ ॥੪॥੧੫॥ ; ॥੪॥੧੬॥ ਆਦਿ, ਇਸ ਲਈ ਉਕਤ ਸ਼ਬਦ ਦਾ ਜਿੱਥੇ ਸਿਰਲੇਖ ਵੱਖਰਾ ਹੈ ਉੱਥੇ ਜੋੜ ਵੀ ਵੱਖਰੇ ਅੰਦਾਜ਼ ’ਚ ਹੈ ॥੪॥੧॥੧੪॥; ਇਸ ਤੋਂ ਸਪਸ਼ਟ ਹੈ ਕਿ ਭਾਵੇਂ ਸਾਰੇ ਸ਼ਬਦ ਚਾਰ ਚਾਰ ਬੰਦਾਂ ਦੇ ਹਨ, ਪਰ ਅੰਕ ੧; ਵੱਖਰਾ ਹੈ, ਜੋ ਪਿਛਲੇ ਜੋੜ ॥੧੩॥ ’ਚ ਮਿਲ ਕੇ ਕੁਲ ॥੧੪॥ ਹੁੰਦਾ ਹੈ।
ਸਿਰਲੇਖ ’ਚ ਇਹ ਦਰਜ ‘‘ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ ੫ ॥’’ ਤੋਂ ਸਪਸ਼ਟ ਹੈ ਕਿ ਇਹ ਸ਼ਬਦ ਨਾ ਤਾਂ ਨਿਰੋਲ ਕਬੀਰ ਸਾਹਿਬ ਜੀ ਦਾ ਹੈ ਅਤੇ ਨਾ ਹੀ ਕੇਵਲ ਮਹਲਾ ੫ (ਗੁਰੂ ਅਰਜਨ ਸਾਹਿਬ ਜੀ) ਦਾ ਯਾਨੀ ਕਿ ਕਬੀਰ ਜੀ ਦੇ ਇਸ ਸ਼ਬਦ ਦੇ ਅੰਤ ’ਚ ਕੁਝ ਹਿੱਸਾ ਮਹਲਾ ੫ ਦਾ ਵੀ ਹੈ। ਅਰਥ ਵਾਚਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਰਹਾਉ ਸਮੇਤ ਪਹਿਲੇ ਤਿੰਨ ਪਦੇ ਕਬੀਰ ਸਾਹਿਬ ਜੀ ਦੇ ਹਨ; ਜਿਵੇਂ ਕਿ ‘‘ਐਸੋ ਅਚਰਜੁ; ਦੇਖਿਓ ਕਬੀਰ ॥ ਦਧਿ ਕੈ ਭੋਲੈ (ਦਹੀਂ ਦੇ ਭੁਲੇਖੇ), ਬਿਰੋਲੈ ਨੀਰੁ ॥੧॥ ਰਹਾਉ ॥ ਹਰੀ ਅੰਗੂਰੀ ਗਦਹਾ ਚਰੈ ॥ ਨਿਤ ਉਠਿ ਹਾਸੈ; ਹੀਗੈ ਮਰੈ ॥੧॥ ਮਾਤਾ ਭੈਸਾ, ਅੰਮੁਹਾ ਜਾਇ ॥ ਕੁਦਿ ਕੁਦਿ ਚਰੈ, ਰਸਾਤਲਿ ਪਾਇ ॥੨॥ ਕਹੁ ਕਬੀਰ, ਪਰਗਟੁ ਭਈ ਖੇਡ ॥ ਲੇਲੇ ਕਉ ਚੂਘੈ ਨਿਤ ਭੇਡ ॥੩॥’’ ਅਰਥ : ਹੇ ਕਬੀਰ ! ਅਜਿਹਾ ਤਮਾਸ਼ਾ ਜਗਤ ’ਚ ਵੇਖਿਆ ਹੈ ਕਿ ਸਾਰਾ ਸੰਸਾਰ; ਦਹੀਂ ਦੇ ਭੁਲੇਖੇ ਯਾਨੀ ਦਹੀਂ ਸਮਝ ਕੇ ਪਾਣੀ ਰਿੜਕ ਰਿਹਾ ਹੈ॥ ਰਹਾਉ॥ ਮਨ ਭਾਉਂਦੇ ਵਿਕਾਰ ਮੂਰਖ ਭੋਗਦਾ ਹੈ। (ਪਛੁਤਾਵੇ ਦੀ ਥਾਂ ਸਗੋਂ) ਰੋਜ਼ਾਨਾ ਸੁਬ੍ਹਾ ਤੋਂ ਹੀ ਹੱਸਦਾ ਹੈ। (ਖੋਤੇ ਵਾਙ) ਹਿਣਕਦਾ ਹੈ; (ਇਉਂ ਆਤਮਕ ਮੌਤ ਵੀ) ਮਰਦਾ ਹੈ॥੧॥ ਮਸਤੇ ਸਾਂਢ ਵਰਗਾ ਮੂਰਖ ਮਨ (ਇਸ ਪਾਸਿਓਂ) ਮੁੜਦਾ ਨਹੀਂ ਸਗੋਂ ਉਛਲ ਉਛਲ ਕੇ (ਵਿਕਾਰਾਂ ਨੂੰ) ਚਰਦਾ ਹੈ, ਮਾਣਦਾ ਹੈ ਭਾਵੇਂ ਕਿ ਗਿਰਾਵਟ ਵੱਲ ਹੀ ਵਧਦਾ ਜਾਂਦਾ ਹੈ॥੨॥ ਹੇ ਕਬੀਰ ! (ਮੈਨੂੰ ਤਾਂ) ਇਹ ਅਜੀਬ ਤਮਾਸ਼ਾ ਸਮਝ ਵਿੱਚ ਆ ਗਿਆ ਕਿ ਸੰਸਾਰਕ ਜੀਵਾਂ ਦੀ (ਭੇਡ ਰੂਪ) ਬੁੱਧੀ; (ਲੇਲੇ ਰੂਪ) ਮਨ ਦੇ ਪਿੱਛੇ ਲੱਗੀ ਫਿਰਦੀ ਹੈ (ਜਦਕਿ ਚਾਹੀਦਾ ਹੈ ਕਿ ਲੇਲਾ ਮਨ; ਆਪਣੀ ਮਾਤਾ ਬੁੱਧੀ ਅਨੁਸਾਰ ਚੱਲਦਾ)॥੩॥ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਭਗਤ ਕਬੀਰ ਜੀ ਨੂੰ ਇਹ ਸਮਝ ਕਿਵੇਂ ਆਈ ? ਇਸ ਨੂੰ ਸਪਸ਼ਟ ਕਰਨ ਲਈ ਹੀ ਇਸ ਸ਼ਬਦ ਦਾ ਚੌਥਾ ਬੰਦ ਗੁਰੂ ਅਰਜਨ ਸਾਹਿਬ ਜੀ ਇਉਂ ਉਚਾਰਦੇ ਹਨ ‘‘ਰਾਮ ਰਮਤ ; ਮਤਿ ਪਰਗਟੀ ਆਈ ॥ ਕਹੁ ਕਬੀਰ, ਗੁਰਿ (ਨੇ) ਸੋਝੀ ਪਾਈ ॥੪॥੧॥੧੪॥’’ (ਪੰਨਾ ੩੨੬) ਅਰਥ : ਸਤਿਗੁਰੂ ਨੇ (ਮਿਹਰ ਕਰਕੇ) ਸਮਝ ਬਖ਼ਸ਼ੀ ਹੈ; (ਉਹ ਸਮਝ ਹੈ) ਪ੍ਰਭੂ ਦਾ ਸਿਮਰਨ ਕਰਦਿਆਂ ਕਰਦਿਆਂ ਬੁੱਧੀ ਜਾਗ ਪਈ ਹੈ (ਮਨ ਦੇ ਪਿੱਛੇ ਤੁਰਨੋਂ ਹਟ ਗਈ)।
(2). ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ੩੦੦ ਤੋਂ ੩੧੮ ਤੱਕ ਗੁਰੂ ਰਾਮਦਾਸ ਜੀ ਦੀ ਗਉੜੀ ਕੀ ਵਾਰ ਹੈ, ਸ਼ੁਰੂ ’ਚ ਇਹ ਵਾਰ ਕੇਵਲ ੨੮ ਪਉੜੀਆਂ ਦੀ ਸੀ। ਸੰਪਾਦਨਾ ਸਮੇਂ ਗੁਰੂ ਅਰਜਨ ਸਾਹਿਬ ਜੀ ਨੇ ਇਸ ਵਾਰ ਦੀਆਂ ਪੰਜ ਪਉੜੀਆਂ (੨੭, ੨੮, ੨੯, ੩੦, ੩੧) ਆਪਣੇ ਵੱਲੋਂ ਲਿਖੀਆਂ ਹਨ, ਜਿਨ੍ਹਾਂ ਨੂੰ ਨਵਾਂ ਸਿਰਲੇਖ ‘ਪਉੜੀ ੫’ ਜਾਂ ਪਉੜੀ ਮ: ੫’ ਵੀ ਦਿੱਤਾ ਗਿਆ ਹੈ। ਤਾਂ ਜੋ ਗੁਰਸਿੱਖ; ਹਮੇਸ਼ਾਂ ਧਿਆਨ ’ਚ ਰੱਖਣ ਕਿ ਇਹ ਪਉੜੀਆਂ ਦਰਜ ਕਰਨ ਦਾ ਅਸਲ ਮਨੋਰਥ ਕੀ ਹੈ। ਇਨ੍ਹਾਂ ਪੰਜ ਪਉੜੀਆਂ ਸਮੇਤ ਅੱਜ ਇਸ ਦੀਆਂ ੩੩ ਪਉੜੀਆਂ ਹਨ।
(3). ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ੪੮੭ ’ਤੇ ਆਸਾ ਰਾਗੁ ’ਚ ਭਗਤ ਧੰਨਾ ਜੀ ਦਾ ਸ਼ਬਦ ਹੈ ‘‘ਆਸਾ ਬਾਣੀ ਭਗਤ ਧੰਨੇ ਜੀ ਕੀ ੴ ਸਤਿ ਗੁਰ ਪ੍ਰਸਾਦਿ ॥ ਭ੍ਰਮਤ ਫਿਰਤ ਬਹੁ ਜਨਮ ਬਿਲਾਨੇ; ਤਨੁ ਮਨੁ ਧਨੁ ਨਹੀ ਧੀਰੇ ॥ ਲਾਲਚ ਬਿਖੁ ਕਾਮ ਲੁਬਧ ਰਾਤਾ; ਮਨਿ ਬਿਸਰੇ ਪ੍ਰਭ ਹੀਰੇ ॥੧॥ ਰਹਾਉ ॥… ॥੩॥ ਜੋਤਿ ਸਮਾਇ ਸਮਾਨੀ ਜਾ ਕੈ; ਅਛਲੀ ਪ੍ਰਭੁ ਪਹਿਚਾਨਿਆ ॥ ਧੰਨੈ (ਨੇ) ਧਨੁ ਪਾਇਆ ਧਰਣੀਧਰੁ; ਮਿਲਿ ਜਨ ਸੰਤ ਸਮਾਨਿਆ ॥੪॥੧॥ (ਭਗਤ ਧੰਨਾ ਜੀ/੪੮੭) ਭਾਵੇਂ ਕਿ ਇਸ ਸ਼ਬਦ ਦੇ ਅੰਤ ’ਚ ਭਗਤ ਧੰਨਾ ਜੀ ਸਪਸ਼ਟ ਕਰਦੇ ਪਏ ਹਨ ਕਿ ਉਨ੍ਹਾਂ ਨੇ ਧਰਤੀ ਦੇ ਆਸਰੇ ਪ੍ਰਭੂ ਦਾ ਨਾਮ-ਧਨ ਸੰਤ ਜਨਾਂ ਨੂੰ ਮਿਲ ਕੇ ਪਾਇਆ ਹੈ, ਨਾ ਕਿ ਪੱਥਰ ਦੀ ਮੂਰਤੀ ਪੂਜ ਕੇ, ਪਰ ਫਿਰ ਵੀ ਕੋਈ ਭੁਲੇਖਾ ਨਾ ਰਹੇ ਇਸ ਦੇ ਨਾਲ ਹੀ ਸੰਪਾਦਨਾ ਸਮੇਂ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਸ਼ਬਦ ਦੀ ਰਾਹੀਂ ਇਉਂ ਸਪਸ਼ਟ ਵੀ ਕਰ ਦਿੱਤਾ ‘‘ਮਹਲਾ ੫ ॥ ਗੋਬਿੰਦ ਗੋਬਿੰਦ ਗੋਬਿੰਦ ਸੰਗਿ; ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ; ਹੋਇਓ ਲਾਖੀਣਾ ॥੧॥ ਰਹਾਉ ॥ ਬੁਨਨਾ ਤਨਨਾ ਤਿਆਗਿ ਕੈ; ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ; ਭਇਓ ਗੁਨੀਯ ਗਹੀਰਾ ॥੧॥ ਰਵਿਦਾਸੁ ਢੁਵੰਤਾ ਢੋਰ ਨੀਤਿ; ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ; ਹਰਿ ਦਰਸਨੁ ਪਾਇਆ ॥੨॥ ਸੈਨੁ ਨਾਈ ਬੁਤਕਾਰੀਆ; ਓਹੁ ਘਰਿ ਘਰਿ ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ; ਭਗਤਾ ਮਹਿ ਗਨਿਆ ॥੩॥ ਇਹ ਬਿਧਿ ਸੁਨਿ ਕੈ ਜਾਟਰੋ; ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ; ਧੰਨਾ ਵਡਭਾਗਾ ॥੪॥੨॥ (ਮਹਲਾ ੫/੪੮੮) ਪਦ ਅਰਥ : ਲੀਣਾ- ਲੀਨ ਹੋ ਗਿਆ।, ਲਾਖੀਣਾ- ਲੱਖਾਂ ਦਾ।, ਪ੍ਰੀਤ ਚਰਨ- ਹਰੀ ਦੇ ਚਰਨਾਂ ਨਾਲ਼ ਪ੍ਰੀਤ।, ਕਬੀਰਾ- ਕਬੀਰ ਜੀ ਦੀ।, ਨੀਚ ਕੁਲਾ ਜੋਲਾਹਰਾ- ਛੋਟੀ ਕੁਲ ਦਾ ਜੁਲਾਹਾ (ਤਾਣੀ ਬੁਣਨ ਵਾਲ਼ਾ)।, ਭਇਓ ਗੁਨੀਯ ਗਹੀਰਾ- ਗੁਣਾਂ ਦਾ ਸਾਗਰ ਬਣ ਗਿਆ।, ਢੋਰ- ਮਰੇ ਹੋਏ ਪਸ਼ੂ।, ਬੁਤਕਾਰੀਆ- ਛੋਟੇ ਮੋਟੇ ਕੰਮ ਕਰਨ ਵਾਲ਼ਾ।, ਜਾਟਰੋ- ਧੰਨਾ ਜੱਟ। ਨੋਟ : ਇਸ ਸ਼ਬਦ ਦਾ ਅਸਲ ਮਨੋਰਥ ਇਹ ਸਾਬਤ ਕਰਨਾ ਹੈ ਕਿ ਇਨ੍ਹਾਂ ਸਾਰੇ ਭਗਤਾਂ ਨੇ ਸਾਧ ਸੰਗਤ ’ਚ ਰਹਿੰਦਿਆਂ ਨਿਰਾਕਾਰ ਰੱਬ ਨੂੰ ਪ੍ਰਾਪਤ ਕੀਤਾ ਹੈ ਯਾਨੀ ਸੱਚੇ ਭਗਤ ਸਨ, ਨਾ ਕਿ ਅਖੌਤੀ; ਜਿਵੇਂ ਕਿ ਇਨ੍ਹਾਂ ਦੀ ਜਾਤ ਨੂੰ ਅਖੌਤੀ ਮੰਨਿਆ ਜਾਂਦਾ ਰਿਹਾ ਸੀ।
(4). ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ੧੨੭੮ ਤੋਂ ੧੨੯੧ ਤੱਕ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੀ ਮਲਾਰ ਰਾਗ ਦੀ ਵਾਰ ਹੈ, ਜਿਸ ਦੀਆਂ ਹੁਣ ੨੮ ਪਉੜੀਆਂ ਹਨ ਕਿਉਂਕਿ ਸ਼ੁਰੂ ਵਿੱਚ ਇਸ ਦੀਆਂ ਵੀ 27 ਪਉੜੀਆਂ ਸਨ। ਸੰਪਾਦਨਾ ਸਮੇਂ ਪੰਜਵੇਂ ਪਾਤਿਸ਼ਾਹ ਜੀ ਨੇ ੨੭ਵੀਂ ਪਉੜੀ ਆਪਣੇ ਵੱਲੋਂ ਦਰਜ ਕਰਕੇ ਉਸ ਨੂੰ ਸਿਰਲੇਖ ਦਿੱਤਾ ਹੈ ‘ਪਉੜੀ ਨਵੀ ਮ: ੫॥’ ਤਾਂ ਜੋ ਇਸ ਨੂੰ ਦਰਜ ਕਰਨ ਦਾ ਅਸਲ ਮਨੋਰਥ ਬਾਣੀ ਨੂੰ ਧਿਆਨ ਨਾਲ਼ ਪੜ੍ਹਨ ਵਾਲ਼ੇ ਗੁਰਸਿੱਖ ਸਮਝਦੇ ਰਹਿਣ। ਚੇਤੇ ਰਹੇ ਕਿ ਸੰਪਾਦਨਾ ਸਮੇਂ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਵੱਲੋਂ ਜੋ ਜੋ ਰਚਨਾ; ਬਾਕੀ ਬਾਣੀਕਾਰਾਂ ਦੀ ਰਚਨਾ ਦੇ ਸੰਬੰਧ ਵਿੱਚ ਕੀਤੀ ਹੈ, ਉਹ ਜਾਂ ਤਾਂ ਲੰਬੀ ਰਚਨਾ (ਵਾਰਾਂ) ਦੀਆਂ ਤਕਰੀਬਨ ਅੰਤਮ ਪਉੜੀਆਂ ’ਚ ਹੈ ਜਾਂ ਕਿਸੇ ਸ਼ਬਦ ਦੇ ਅਖੀਰ ਵਿੱਚ, ਇਸ ਤੋਂ ਸਾਫ਼ ਹੁੰਦਾ ਹੈ ਕਿ ਗੁਰੂ ਸਾਹਿਬ; ਗੁਰਮਤਿ ਦਾ ਤੱਤਸਾਰ ਹੀ ਹੋਰ ਵਧੀਕ ਸਪਸ਼ਟ ਕਰਦੇ ਹਨ, ਜੋ ਹਰ ਰਚਨਾ ਦੇ ਅੰਤ ’ਚ ਹੁੰਦਾ ਹੈ। ਧਿਆਨ ਰਹੇ ਕਿ ਉਕਤ ਦੋਵੇਂ ਵਾਰਾਂ (ਗਉੜੀ ਅਤੇ ਮਲਾਰ) ਦੀ ਸਮਾਪਤੀ ਪਉੜੀ; ਗੁਰੂ ਅਰਜਨ ਸਾਹਿਬ ਜੀ ਦੁਆਰਾ ਨਹੀਂ ਰਚੀ ਗਈ ਕਿਉਂਕਿ ਗੁਰੂ ਰਾਮਦਾਸ ਜੀ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੀਆਂ ਵਾਰਾਂ ਦੇ ਵਿਸ਼ੇ ਨੂੰ ਅੰਤ ’ਚ ਬਾਖ਼ੂਬੀ ਸਪਸ਼ਟ ਕੀਤਾ ਹੈ, ਸਮੇਟਿਆ ਹੈ। ਨਹੀਂ ਤਾਂ ਕੁੱਝ ਸਿੱਖ ਇਹ ਵੀ ਭੁਲੇਖਾ ਖਾ ਜਾਂਦੇ ਕਿ ਸ਼ਾਇਦ ਵਾਰਾਂ ਦੀਆਂ ਅੰਤਮ ਪਉੜੀਆਂ ਉਤਾਰਾ ਕਰਦਿਆਂ ਗੁੰਮ ਹੋ ਗਈਆਂ ਹੋਣ ਜਾਂ ਵਾਰਾਂ ਅਧੂਰੀਆਂ ਹੀ ਲਿਖੀਆਂ ਗਈਆਂ ਹੋਣ।
(5). ਭਗਤ ਕਬੀਰ ਜੀ ਅਤੇ ਬਾਬਾ ਸ਼ੇਖ਼ ਫ਼ਰੀਦ ਜੀ ਦੇ ਕੁੱਝ ਸਲੋਕਾਂ ਦੇ ਵਿਸ਼ੇ ਨੂੰ ਹੋਰ ਸਪਸ਼ਟ ਕਰਨ ਲਈ ਗੁਰੂ ਸਾਹਿਬਾਨ (ਗੁਰੂ ਨਾਨਕ ਸਾਹਿਬ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ) ਦੁਆਰਾ ਆਪਣੇ ਵੱਲੋਂ ਇਨ੍ਹਾਂ ਭਗਤਾਂ ਨੂੰ ਸੰਬੋਧਨ ਹੁੰਦਿਆਂ ਹੀ ਸਲੋਕ ਲਿਖੇ ਹਨ ਪਰ ਉਨ੍ਹਾਂ ਵਿੱਚ ਸਿਰਲੇਖ ਵਜੋਂ ਮ: ੧, ਮ: ੩, ਮ: ੪, ਮ: ੫, ਲਿਖਿਆ ਮਿਲਦਾ ਹੈ; ਜਿਵੇਂ ਕਿ
ਫਰੀਦਾ ! ਰਤੀ ਰਤੁ ਨ ਨਿਕਲੈ; ਜੇ ਤਨੁ ਚੀਰੈ ਕੋਇ ॥ ਜੋ ਤਨ ਰਤੇ ਰਬ ਸਿਉ; ਤਿਨ ਤਨਿ ਰਤੁ ਨ ਹੋਇ ॥੫੧॥ (ਬਾਬਾ ਫ਼ਰੀਦ ਜੀ)
ਮ: ੩ ॥ ਇਹੁ ਤਨੁ ਸਭੋ ਰਤੁ ਹੈ; ਰਤੁ ਬਿਨੁ ਤੰਨੁ ਨ ਹੋਇ ॥ ਜੋ ਸਹ ਰਤੇ ਆਪਣੇ; ਤਿਤੁ ਤਨਿ ਲੋਭੁ ਰਤੁ ਨ ਹੋਇ ॥ ਭੈ ਪਇਐ ਤਨੁ ਖੀਣੁ ਹੋਇ; ਲੋਭੁ ਰਤੁ ਵਿਚਹੁ ਜਾਇ ॥ ਜਿਉ ਬੈਸੰਤਰਿ ਧਾਤੁ ਸੁਧੁ ਹੋਇ; ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥ ਨਾਨਕ ! ਤੇ ਜਨ ਸੋਹਣੇ; ਜਿ ਰਤੇ ਹਰਿ ਰੰਗੁ ਲਾਇ ॥੫੨॥ (ਫਰੀਦ ਜੀ/ਮਹਲਾ ੩/੧੩੮੦)
(6). ਸਲੋਕ ਵਾਰਾਂ ਤੇ ਵਧੀਕ ਮਹਲਾ ੧॥ ਸਿਰਲੇਖ ਹੇਠ ਕੱਲ 33 ਸਲੋਕ ਹਨ, ਜਿਨ੍ਹਾਂ ’ਚ 28ਵਾਂ ਸਲੋਕ ਗੁਰੂ ਅਮਰਦਾਸ ਜੀ ਦਾ ਹੈ; ਜਿਵੇਂ ਕਿ ‘‘ਮਹਲਾ ੩ ॥ ਲਾਹੌਰ ਸਹਰੁ, ਅੰਮ੍ਰਿਤ ਸਰ, ਸਿਫਤੀ ਦਾ ਘਰੁ ॥੨੮॥’’ (ਪੰਨਾ ੧੪੧੨), ਜੋ ਗੁਰੂ ਨਾਨਕ ਸਾਹਿਬ ਜੀ ਦੇ 27ਵੇਂ ਸਲੋਕ (ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ ॥੨੭॥) ਨੂੰ ਹੀ ਵਿਸਥਾਰ ਦਿੰਦਾ ਹੈ, ਪਰ ‘ਮਹਲਾ ੩’ ਦਰਜ ਕਰਕੇ ਸਾਫ਼ ਕੀਤਾ ਗਿਆ ਕਿ ਇਹ ਸਲੋਕ ਗੁਰੂ ਨਾਨਕ ਸਾਹਿਬ ਜੀ ਦਾ ਨਹੀਂ ਹੈ। ਸੋ ਗੁਰਬਾਣੀ ਦੀ ਸੰਪਾਦਨਾ ਦੌਰਾਨ ਗੁਰੂ ਅਰਜਨ ਸਾਹਿਬ ਜੀ ਨੇ ਗੁਰਬਾਣੀ ਨੂੰ ਪੜ੍ਹਨ, ਸਮਝਣ ਵਾਲ਼ੇ ਸਿੱਖ ਲਈ ਕੋਈ ਕੁਤਾਹੀ ਨਹੀਂ ਛੱਡੀ ਤਾਂ ਜੋ ਸਿੱਖ ਨੂੰ ਕਿਸੇ ਹੋਰ ਗ੍ਰੰਥ ਜਾਂ ਕਿਸੇ ਕਾਲਪਨਿਕ ਕਹਾਣੀ ਦੀ ਟੇਕ ਲੈ ਕੇ ਗੁਰੂ ਉਪਦੇਸ਼ ਨੂੰ ਸਮਝਣ ਦੀ ਲੋੜ ਪਵੇ, ਪਰ ਫਿਰ ਵੀ ਕੁੱਝ ਭੁੱਲੜ ਸਿੱਖ ਪ੍ਰਚਾਰਕ; ਗੁਰਬਾਣੀ ਤੋਂ ਬਾਹਰੋਂ ਹਵਾਲੇ ਦੇ ਕੇ ਸੰਗਤਾਂ ’ਚ ਦੁਬਿਧਾ ਫੈਲਾਉਂਦੇ ਵੇਖੇ ਜਾ ਰਹੇ ਹਨ।
8 ਮਈ ਨੂੰ ਗੁਰਦੁਆਰਾ ਮੰਜੀ ਹਾਲ ਸਾਹਿਬ, ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸਟੇਜ ’ਤੇ ਕਥਾ ਕਰਦਿਆਂ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ ਨੇ ਕਿਹਾ ਕਿ ਅਨੰਦੁ ਸਾਹਿਬ ਦੀਆਂ 38 ਪਾਉੜੀਆਂ; ਗੁਰੂ
ਅਮਰਦਾਸ ਜੀ ਨੇ ਉਚਾਰੀਆਂ ਹਨ; 39ਵੀਂ ਪਉੜੀ ਗੁਰੂ ਰਾਮਦਾਸ ਜੀ ਦੀ ਅਤੇ 40ਵੀਂ ਪਉੜੀ ਗੁਰੂ ਅਰਜਨ ਸਾਹਿਬ ਜੀ ਨੇ ਸੰਪਾਦਨਾ ਸਮੇਂ ਉਚਾਰਨ ਕੀਤੀ ਹੈ ਜਦਕਿ ਗੁਰਬਾਣੀ ਵਿੱਚੋਂ ਅਜਿਹਾ ਕੋਈ ਸੰਕੇਤ ਨਹੀਂ ਮਿਲਦਾ। ਉਕਤ ਕੀਤੀ ਗਈ ਗੁਰਬਾਣੀ ਸੰਪਾਦਨਾ ਦੀ ਵਿਚਾਰ ਉਪਰੰਤ ਗਿਆਨੀ ਜਗਤਾਰ ਸਿੰਘ ਜੀ ਦਾ ਇਹ ਕਥਨ ਨਿਰੋਲ ਮਨਮਤ ਜਾਪਦਾ ਹੈ ਕਿਉਂਕਿ ਗੁਰੂ ਅਰਜਨ ਸਾਹਿਬ ਜੀ ਨੇ ਗੁਰਬਾਣੀ ਦੀ ਸੰਪਾਦਨਾ ਕਰਦਿਆਂ ਪੂਰੀ ਸਾਵਧਾਨੀ ਨਾਲ ਜ਼ਿੰਮੇਵਾਰੀ ਨਿਭਾਈ ਹੈ। ਜੋ ਜੋ ਸ਼ਬਦ ਜਿਸ ਜਿਸ ਬਾਣੀਕਾਰ ਦੁਆਰਾ ਉਚਾਰਨ ਕੀਤੇ ਗਏ ਓਹੀ ਓਹੀ ਉਨ੍ਹਾਂ ਦੇ ਨਾਂ ਹੇਠ ਕਲਮਬੱਧ ਕੀਤੇ ਹੋਏ ਅੱਜ ਵੀ ਪ੍ਰਤੱਖ ਦਰਸ਼ਨ ਦੇ ਰਹੇ ਹਨ।
ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਲੰਬੀਆਂ ਰਚਨਾਵਾਂ ’ਚ ਇਹ ਵੀ ਵੇਖਣ ਨੂੰ ਮਿਲਦਾ ਹੈ ਕਿ ਜਿਸ ਸਿਰਲੇਖ ਅਧੀਨ ਕੋਈ ਰਚਨਾ ਕੀਤੀ ਗਈ ਹੋਵੇ, ਉਸੇ ਰਚਨਾ ਦੀ ਸਮਾਪਤੀ ਸਮੇਂ ਮੁੜ ਸਿਰਲੇਖ ਵਿਸ਼ਾ ਚੇਤੇ ਕਰਵਾਇਆ ਜਾਂਦਾ ਹੈ; ਜਿਵੇਂ ਕਿ ਇੱਕ ਲੰਬੀ ਰਚਨਾ ਹੈ ‘ਸੁਖਮਨੀ’ (ਸਾਹਿਬ)। ਇਸ ਦੇ ਸਿਰਲੇਖ ਵਜੋਂ ਦਰਜ ‘ਸੁਖਮਨੀ’ ਸ਼ਬਦ; ਪਹਿਲੀ ਅਸਟਪਦੀ ’ਚ ਆਈ ਰਹਾਉ ਦੀ ਤੁਕ ‘‘ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥ ਭਗਤ ਜਨਾ ਕੈ ਮਨਿ ਬਿਸ੍ਰਾਮ ॥ ਰਹਾਉ ॥’’ (ਪੰਨਾ ੨੬੨) ਵਿੱਚ ਦਰਜ ਹੈ ਜਾਂ ਫਿਰ ਅੰਤਮ (24ਵੀਂ) ਅਸਟਪਦੀ ’ਚ ਦੋ ਵਾਰ ਇਉਂ ਦਰਜ ਹੈ ‘‘ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ ॥ ਸਾਵਧਾਨ ਏਕਾਗਰ ਚੀਤ ॥ ਸੁਖਮਨੀ ਸਹਜ ਗੋਬਿੰਦ ਗੁਨ ਨਾਮ ॥ ਜਿਸੁ ਮਨਿ ਬਸੈ ਸੁ ਹੋਤ ਨਿਧਾਨ ॥… ॥੫॥… ਸਭ ਤੇ ਊਚ ਤਾ ਕੀ ਸੋਭਾ ਬਨੀ ॥ ਨਾਨਕ ਇਹ ਗੁਣਿ ਨਾਮੁ ਸੁਖਮਨੀ ॥੮॥੨੪॥ (ਸੁਖਮਨੀ/ਮਹਲਾ ੫/੨੯੬)
ਇਸੇ ਤਰ੍ਹਾਂ ਤੀਸਰੇ ਪਾਤਿਸ਼ਾਹ (ਗੁਰੂ ਅਮਰਦਾਸ ਜੀ) ਦੁਆਰਾ ਲਿਖੀ ਇੱਕ ਲੰਬੀ ਰਚਨਾ ਹੈ ‘ਅਨੰਦੁ’ (ਸਾਹਿਬ), ਜਿਸ ਦੀਆਂ 40 ਪਉੜੀਆਂ ਹਨ। ਇਸ ਬਾਣੀ ’ਚ ਭੀ ‘ਅਨੰਦ’ ਸ਼ਬਦ ਪਹਿਲੀ, ਸੱਤਵੀਂ ਅਤੇ ਅੰਤਮ 40ਵੀਂ ਪਉੜੀ ਵਿੱਚ ਇਉਂ ਆਇਆ ਹੈ :
‘ਅਨੰਦੁ’ ਭਇਆ ਮੇਰੀ ਮਾਏ ! ਸਤਿਗੁਰੂ ਮੈ ਪਾਇਆ ॥ ਸਤਿਗੁਰੁ ਤ ਪਾਇਆ ਸਹਜ ਸੇਤੀ; ਮਨਿ (’ਚ) ਵਜੀਆ ਵਾਧਾਈਆ ॥ … ਰਾਗ ਰਤਨ ਪਰਵਾਰ ਪਰੀਆ; ਸਬਦ ਗਾਵਣ ਆਈਆ ॥ ਸਬਦੋ ਤ ਗਾਵਹੁ ਹਰੀ ਕੇਰਾ; ਮਨਿ (’ਚ) ਜਿਨੀ ਵਸਾਇਆ ॥ ਕਹੈ ਨਾਨਕੁ ‘ਅਨੰਦੁ’ ਹੋਆ; ਸਤਿਗੁਰੂ ਮੈ ਪਾਇਆ ॥੧॥ (ਅਨੰਦ/ਮਹਲਾ ੩/੯੧੭)
‘ਆਨੰਦੁ’ ‘ਆਨੰਦੁ’ ਸਭੁ ਕੋ ਕਹੈ; ਆਨੰਦੁ ਗੁਰੂ ਤੇ ਜਾਣਿਆ ॥ ਜਾਣਿਆ ਆਨੰਦੁ ਸਦਾ ਗੁਰ ਤੇ; ਕ੍ਰਿਪਾ ਕਰੇ ਪਿਆਰਿਆ ॥ ਕਰਿ ਕਿਰਪਾ ਕਿਲਵਿਖ ਕਟੇ; ਗਿਆਨ ਅੰਜਨੁ ਸਾਰਿਆ ॥ ਅੰਦਰਹੁ ਜਿਨ ਕਾ ਮੋਹੁ ਤੁਟਾ; ਤਿਨ ਕਾ ਸਬਦੁ, ਸਚੈ (ਨੇ) ਸਵਾਰਿਆ ॥ ਕਹੈ ਨਾਨਕੁ ਏਹੁ ਅਨੰਦੁ ਹੈ; ਆਨੰਦੁ ਗੁਰ ਤੇ ਜਾਣਿਆ ॥੭॥ (ਅਨੰਦ/ਮਹਲਾ ੩/੯੧੭)
‘ਅਨਦੁ ਸੁਣਹੁ ਵਡਭਾਗੀਹੋ ! ਸਗਲ ਮਨੋਰਥ ਪੂਰੇ ॥ ਪਾਰਬ੍ਰਹਮੁ ਪ੍ਰਭੁ ਪਾਇਆ; ਉਤਰੇ ਸਗਲ ਵਿਸੂਰੇ ॥ ਦੂਖ ਰੋਗ ਸੰਤਾਪ ਉਤਰੇ; ਸੁਣੀ ਸਚੀ ਬਾਣੀ ॥ ਸੰਤ ਸਾਜਨ ਭਏ ਸ+ਰਸੇ; ਪੂਰੇ ਗੁਰ ਤੇ ਜਾਣੀ ॥ ਸੁਣਤੇ ਪੁਨੀਤ ਕਹਤੇ ਪਵਿਤੁ; ਸਤਿਗੁਰੁ ਰਹਿਆ ਭਰਪੂਰੇ ॥ ਬਿਨਵੰਤਿ ਨਾਨਕੁ ਗੁਰ ਚਰਣ ਲਾਗੇ; ਵਾਜੇ ਅਨਹਦ ਤੂਰੇ ॥੪੦॥੧॥ (ਅਨੰਦ/ਮਹਲਾ ੩/੯੨੨)
ਉਕਤ ਵਿਚਾਰ ਤੋਂ ਸਾਫ਼ ਹੁੰਦਾ ਹੈ ਕਿ ‘ਅਨੰਦੁ’ ਸਿਰਲੇਖ ਅਧੀਨ ਰਚੀ ਬਾਣੀ ਦੀ 7ਵੀਂ ਪਉੜੀ ’ਚ ਅਖੌਤੀ ਅਨੰਦ (‘ਆਨੰਦੁ’ ‘ਆਨੰਦੁ’ ਸਭੁ ਕੋ ਕਹੈ) ਅਤੇ ਸਤਿਗੁਰੂ ਪਾਸੋਂ ਮਿਲਦੇ ਸੱਚੇ ਅਨੰਦ (ਆਨੰਦੁ ਗੁਰੂ ਤੇ ਜਾਣਿਆ) ਨੂੰ ਤੁਲਨਾਤਮਿਕ ਵਿਚਾਰਿਆ ਗਿਆ ਹੈ ਜਦਕਿ ਪਹਿਲੀ ਪਉੜੀ ’ਚ ‘ਅਨੰਦੁ’ ਪ੍ਰਸੰਗ ਸ਼ੁਰੂ ਕਰਕੇ ਅੰਤਮ (40ਵੀਂ) ਪਉੜੀ ’ਚ ਅਨੰਦੁ ਸਿਰਲੇਖ ਵਿਸ਼ੇ ਨੂੰ ਸਮੇਟਿਆ ਗਿਆ ਹੈ। ਸਾਰੀ ਬਾਣੀ ਪੜ੍ਹਨ ਨਾਲ ਸਮਝ ਆਉਂਦੀ ਹੈ ਕਿ ਇੱਕ ਰਸ ਬੱਝਵੀਂ ਲੜੀ ’ਚ ਪ੍ਰੋਤੇ ਹੋਏ ਖਿਆਲਾਂ ਦਾ ਪ੍ਰਵਾਹ ਚੱਲ ਰਿਹਾ ਹੈ ਅਤੇ ਇੱਕ ਹੀ ਗੁਰੂ ਸਾਹਿਬ ਦੀ ਉਚਾਰਨ ਕੀਤੀ ਹੋਈ ਹੈ। ਹੁਣ ਜੇਕਰ ਇਹ ਮੰਨੀਏ ਕਿ 39ਵੀਂ ਅਤੇ 40ਵੀਂ ਪਉੜੀ ਤੀਸਰੇ ਪਾਤਿਸ਼ਾਹ ਦੁਆਰਾ ਰਚੀ ਹੋਈ ਨਹੀਂ ਤਾਂ ਇਹ ਗੁਰਬਾਣੀ ਦੀ ਲਿਖਣ ਵਿਧੀ ਦੇ ਉਲ਼ਟ ਹੋਵੇਗਾ। ਕੀ ਕੋਈ ਇਹ ਕਹਿ ਸਕਦਾ ਹੈ ਕਿ ‘ਸੁਖਮਨੀ’ ਬਾਣੀ ਦੀ ਅੰਤਮ (24ਵੀਂ) ਅਸਟਪਦੀ, ਜਿਸ ਵਿੱਚ ਸੁਖਮਨੀ ਸਿਰਲੇਖ ਵਿਸ਼ੇ ਨੂੰ ਸਮੇਟਿਆ ਹੈ, ਪੰਜਵੇਂ ਪਾਤਿਸ਼ਾਹ ਦੁਆਰਾ ਲਿਖੀ ਹੋਈ ਨਹੀਂ ? ਜੇਕਰ ਜਵਾਬ ਨਹੀਂ ਹੈ ਤਾਂ ਅਨੰਦੁ ਸਾਹਿਬ ਦੀ ਅੰਤਮ ਪਉੜੀ, ਜਿਸ ਵਿੱਚ ਅਨੰਦ ਸਿਰਲੇਖ ਵਿਸ਼ੇ ਨੂੰ ਸਮੇਟਿਆ ਹੈ, ਗੁਰੂ ਅਮਰਦਾਸ ਜੀ ਦੁਆਰਾ ਲਿਖੀ ਹੋਈ ਨਹੀਂ, ਕਿਵੇਂ ਮੰਨਿਆ ਜਾ ਸਕਦਾ ਹੈ ?
ਗੁਰੂ ਅਰਜਨ ਸਾਹਿਬ ਜੀ ਦੁਆਰਾ ਉਕਤ ਕੀਤੀ ਸੰਪਾਦਨਾ ਤਰਤੀਬ ਨੂੰ ਧਿਆਨ ’ਚ ਰੱਖਦਿਆਂ ਜੇਕਰ ੩੯ਵੀਂ ਪਉੜੀ ਚੌਥੇ ਪਾਤਸ਼ਾਹ (ਗੁਰੂ ਰਾਮਦਾਸ ਜੀ) ਦੀ ਅਤੇ ੪੦ਵੀਂ ਪਉੜੀ ਪੰਜਵੇਂ ਪਾਤਸ਼ਾਹ (ਗੁਰੂ ਅਰਜਨ ਸਾਹਿਬ) ਜੀ ਦੀ ਹੁੰਦੀ ਤਾਂ ਸੰਪਾਦਨਾ ਸਮੇਂ ਗੁਰੂ ਅਰਜਨ ਸਾਹਿਬ ਜੀ ੩੯ਵੀਂ ਅਤੇ ੪੦ਵੀਂ ਪਉੜੀ ਦੇ ਸਿਰਲੇਖ ’ਚ ਮਹਲਾ ੪ ਅਤੇ ਮਹਲਾ ੫ ਲਿਖ ਦਿੰਦੇ ਅਤੇ 39ਵੀਂ ਪਉੜੀ ਦੀ ਸਮਾਪਤੀ ’ਚ ॥੧॥੩੯ ਅਤੇ 40ਵੀਂ ਪਉੜੀ ਦੀ ਸਮਾਪਤੀ ’ਚ ॥੧॥੧॥੪੦॥ ਲਿਖਿਆ ਹੁੰਦਾ ਕਿਉਂਕਿ ਐਸਾ ਨਹੀਂ ਲਿਖਿਆ, ਇਸ ਲਈ ਸਾਰੀਆਂ 40 ਦੀਆਂ 40 ਪਉੜੀਆਂ ਹੀ ਸ਼ੁਰੂ ’ਚ ਲਿਖੇ ਸਿਰਲੇਖ ‘‘ਰਾਮਕਲੀ ਮਹਲਾ ੩ ਅਨੰਦੁ’’ ਮੁਤਾਬਕ ਤੀਸਰੇ ਪਾਤਸ਼ਾਹ ਦੀਆਂ ਹੀ ਹਨ।
ਕੁੱਝ ਟਕਸਾਲੀ ਸੱਜਣ; ਗਿਆਨੀ ਜਗਤਾਰ ਸਿੰਘ ਜੀ ਦੀਆਂ ਉਕਤ ਮਨਘੜਤ ਗੱਲਾਂ ਨੂੰ ਸਹੀ ਠਹਿਰਾਉਣ ਲਈ ਦਲੀਲ ਦਿੰਦੇ ਹਨ ਕਿ ਗੁਰਬਾਣੀ ਵਿੱਚ ‘ਬਿਨਵੰਤਿ’ ਸ਼ਬਦ; ਕੇਵਲ ਪੰਜਵੇਂ ਪਾਤਿਸ਼ਾਹ ਜੀ ਦੁਆਰਾ ਦਰਜ ਕੀਤਾ ਹੈ, ਗੁਰੂ ਅਮਰਦਾਸ ਜੀ ਦੁਆਰਾ ਨਹੀਂ, ਇਸ ਲਈ ਅਨੰਦ ਸਾਹਿਬ ਦੀ ਅੰਤਮ (40ਵੀਂ) ਪਉੜੀ ’ਚ ਦਰਜ ‘‘ਬਿਨਵੰਤਿ ਨਾਨਕੁ ਗੁਰ ਚਰਣ ਲਾਗੇ; ਵਾਜੇ ਅਨਹਦ ਤੂਰੇ ॥੪੦॥੧॥’’ ਪਉੜੀ ਗੁਰੂ ਅਰਜਨ ਸਾਹਿਬ ਜੀ ਦੀ ਹੈ।
ਗੁਰਬਾਣੀ ਵਿੱਚ ‘ਬਿਨਵੰਤਿ’ ਸ਼ਬਦ ਪੰਜ ਰੂਪਾਂ (ਬਿਨਵੰਤ, ਬਿਨਵੰਤਿ, ਬਿਨਵਤਿ, ਬਿਨਵੰਤਾ, ਬਿਨਵਤਾ) ’ਚ 107 ਵਾਰ ਦਰਜ ਹੈ, ਜਿਨ੍ਹਾਂ ਵਿੱਚ ਇੱਕ ਵਾਰ ਭਗਤ ਕਬੀਰ ਜੀ, 2 ਵਾਰ ਗੁਰੂ ਨਾਨਕ ਸਾਹਿਬ ਜੀ, ਇੱਕ ਵਾਰ ਗੁਰੂ ਅਮਰਦਾਸ ਜੀ ਅਤੇ 103 ਵਾਰ ਗੁਰੂ ਅਰਜਨ ਸਾਹਿਬ ਜੀ ਨੇ ਦਰਜ ਕੀਤਾ ਹੈ। ਜੇਕਰ ਗੁਰਬਾਣੀ ਦੀ ਲਿਖਤ ਵਿਧੀ ਅਤੇ ਸਿਧਾਂਤਿਕ ਲੜੀ ਨੂੰ ਅਣਡਿੱਠ ਕਰ ਕੇਵਲ ‘ਬਿਨਵੰਤਿ’ ਸ਼ਬਦ ਨੂੰ ਆਧਾਰ ਬਣਾ ਕੇ ਵਿਚਾਰ ਕਰਨੀ ਹੈ ਤਾਂ ਤੇ ਹੇਠਲੀਆਂ ਪੰਕਤੀਆਂ ਭੀ ਕਬੀਰ ਜੀ ਅਤੇ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੀਆਂ ਨਹੀਂ ਹੋ ਸਕਦੀਆਂ :
ਗੁਰ ਚਰਣ ਲਾਗਿ ਹਮ ਬਿਨਵਤਾ; ਪੂਛਤ ਕਹ ਜੀਉ ਪਾਇਆ ॥ (ਭਗਤ ਕਬੀਰ/੪੭੫)
ਬਿਨਵੰਤਿ ਨਾਨਕੁ ਜਾਇ ਸਹਸਾ; ਬੁਝੈ ਗੁਰ ਬੀਚਾਰਾ ॥ (ਮਹਲਾ ੧/੫੬੭)
ਬਿਨਵੰਤਿ ਨਾਨਕੁ ਦਾਸੁ ਹਰਿ ਕਾ; ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥੮॥੨॥ (ਮਹਲਾ ੧/੫੬੭)
ਦੂਸਰਾ ਤਰਕ ਦਿੱਤਾ ਜਾਂਦਾ ਹੈ ਕਿ ਕਵੀ ਸੰਤੋਖ ਸਿੰਘ ਨੇ ਗੁਰੂ ਪ੍ਰਤਾਪ ਸੂਰਯ (ਸੂਰਜ ਪ੍ਰਕਾਸ਼) ਗ੍ਰੰਥ ਵਿੱਚ ਇਹੀ ਲਿਖਿਆ ਹੈ ਕਿ ਗੁਰੂ ਅਮਰਦਾਸ ਜੀ ਦੀਆਂ ਪਹਿਲੀਆਂ 38 ਪਉੜੀਆਂ ਹਨ, ਗੁਰੂ ਰਾਮਦਾਸ ਜੀ ਦੀ 39ਵੀਂ ਪਉੜੀ ਅਤੇ ਗੁਰੂ ਅਰਜਨ ਸਾਹਿਬ ਜੀ ਦੀ 40ਵੀਂ ਪਉੜੀ ਹੈ; ਜਿਵੇਂ ਕਿ ‘ਆਠ ਤੀਸ ਪੌੜੀ ਸਭਿ ਗਾਈ। ਧੁਨ ਊਚੀ ਸੋਂ ਨਰਨ (ਲੋਕਾਂ ਨੂੰ) ਸੁਨਾਈ। ਜਿਨ ਜਿਨ ਸੁਨ੍ਯੋ ਕਾਨ ਮਹਿਂ ਤਬੈ। ਭਗਤਿ ਪ੍ਰਗਟੀ ਉਰ ਸਬੈ।੨੩। ਅਨਂਦ ਮੂਲ ਬਾਣੀ ਸ਼ੁਭ ਕਰੀ। ਭਗਤਿ ਵਿਰਾਗ ਗ੍ਯਾਨ ਸੋਂ ਭਰੀ। ਚਤੁਰਥ ਪਾਤਸਾਹ ਜਬਿ ਭਏ। ਇਕ ਪੌੜੀ ਤਿਨਹੂਂ ਰਚਿ ਕਏ।੨੪। ਇਕ ਸ਼੍ਰੀ ਅਰਜਨ ਤਿਹ ਸੰਗ ਜੋੜੀ। ਅਨਂਦ ਮਹਾਤਮ ਚਾਲਿਸ ਪੌੜੀ। ਅੰਮ੍ਰਿਤ ਸਮੈਂ ਜੁ ਪਠਹਿ ਅਨੰਦ। ਮਿਲਹਿ ਗੁਬਿੰਦ ਮੁਕੰਦ ਅਨੰਦ।੨੫।’
ਸਿੱਖ ਇਤਿਹਾਸ ਵਿੱਚ ਬਹੁਤ ਕੁੱਝ ਗੁਰਮਤਿ ਵਿਰੋਧੀ ਭੀ ਦਰਜ ਹੈ। ਇਹ ਤਾਂ ਹਰ ਗੁਰਸਿੱਖ ਨੇ ਵੇਖਣਾ ਹੈ ਕਿ ਉਹ ਨਿਰੋਲ ਗੁਰਬਾਣੀ ਨੂੰ ਕਸੌਟੀ ਮੰਨਦਾ ਹੈ ਜਾਂ ਕਿਸੇ ਬਾਹਰੀ ਰਚਨਾ ਨੂੰ ਭੀ। ਗਿਆਨੀ ਜਗਤਾਰ ਸਿੰਘ ਜੀ ਨੇ ਕਵੀ ਸੰਤੋਖ ਸਿੰਘ ਜੀ ਦੇ ਹਵਾਲੇ ਨਾਲ਼ ਅਨੰਦ ਸਾਹਿਬ ਜੀ ਦੀ 39ਵੀਂ ਅਤੇ 40ਵੀਂ ਪਉੜੀ ਨੂੰ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਦੀ ਰਚਨਾ ਮੰਨਿਆ ਹੈ। ਹੁਣ ਜੇਕਰ ਗੁਰਬਾਣੀ ਤੋਂ ਬਾਹਰੋਂ ਕਵੀ ਸੰਤੋਖ ਸਿੰਘ ਜੀ ਦੀ ਰਚਨਾ ਨੂੰ ਕਸੌਟੀ ਮੰਨੀਏ ਤਾਂ ਉਨ੍ਹਾਂ ਦੇ ਇਹ ਵਿਚਾਰ ਵੀ ਮੰਨਣੇ ਚਾਹੀਦੇ ਹਨ :
(1). ਕਵੀ ਸੰਤੋਖ ਸਿੰਘ ਰਾਗਮਾਲਾ ਬਾਰੇ ਲਿਖਦੇ ਹਨ ਕਿ ਇਹ ਗੁਰੂ ਕ੍ਰਿਤ ਨਹੀਂ ‘ਰਾਗ ਮਾਲਾ ਸ੍ਰੀ ਗੁਰੂ ਕ੍ਰਿਤ ਨਹਿ ਹੈ, ਮੁੰਦਾਵਣੀ ਲਗ ਗੁਰਬੈਨ। ਇਸ ਮਹਿ ਨਹਿ ਸੰਸੈ ਕੁਛ ਕਰੀਅਹੁ; ਜੇ ਸੰਸੈ, ਅਵਲੋਕਹੁ ਨੈਨ। ਮਾਧਵਨਲ ਆਲਮ ਕਵਿ ਕੀਨਸਿ, ਤਿਸ ਮਹਿ ਨ੍ਰਿਤਕਾਰੀ ਕਹਿ ਤੈਨ। ਰਾਗ ਰਾਗਨੀ ਨਾਮ ਗਿਨੇ ਤਹਿ, ਯਾਂਤੇ ਸ੍ਰੀ ਅਰਜਨ ਕ੍ਰਿਤ ਹੈ ਨ। ੪੮। (ਰਾਸ.3. ਅੰਸੂ 48 ਪੰਨਾ 2128)
(2). ਕਵੀ ਸੰਤੋਖ ਸਿੰਘ ਜੀ ਨੇ ਜਪੁ ਬਾਣੀ ਦਾ ਟੀਕਾ ਕੀਤਾ ਹੈ। ਉਸ ਦਾ ਨਾਮ ਰੱਖਿਆ ਹੈ ‘ਗਰਬ ਗਜਨੀ ਟੀਕਾ’। ਇਸ ਦੀ 25ਵੀਂ ਪਉੜੀ ਦੀ ਅੰਤਮ ਪੰਕਤੀ ‘‘ਜਿਸ ਨੋ ਬਖਸੇ ਸਿਫਤਿ ਸਾਲਾਹ॥ ਨਾਨਕ ਪਾਤਿਸਾਹੀ ਪਾਤਿਸਾਹੁ॥੨੫॥’’ ਦੇ ਅਰਥਾਂ ’ਚ ਲਿਖਿਆ ਹੈ ਕਿ ‘ਗੁਰੂ ਅਰਜਨ ਜੀ ਕੋ ਭੀ ਬਚਨ ਹੈ, ਜਿਸ ਸਮੇਂ ਗ੍ਰੰਥ ਸਾਹਿਬੁ ਪੂਰੋ ਲਿਖ੍ਯੋ ਗ੍ਯੋ ਹੈ, ਤਬ ਕਿਸੀ ਸਿਖ ਨੇ ਅਰਦਾਸ ਕਰੀ ਹਜ਼ੂਰ ਮੈਂ: ਬਿੰਦਾ ਔਰ ਅਧਿਕ ਇਨ ਕੋ ਘਾਟੋ ਰਹ੍ਯੋ ਗ੍ਰੰਥ ਸਾਹਿਬ ਮੇਂ। ਸਾਹਿਬ ਜੀ ਨੇ ਕਹ੍ਯੋ: ਅਬ ਨਹੀਂ ਲਗਤ ਹੈ, ਸਿਖ੍ਯ ਬੁਧਿਵਾਨ ਅਗਾਰੀ ਆਪ ਹੀ ਤਿਸੀ ਰੀਤਿ ਪੜਿ ਕਰਿ ਅਰਥ ਕੋ ਕਰੈਂਗੇ। ਯਾਂਤੇ ਈਹਾਂ ‘ਪਾਤਿਸ਼ਾਹੀਂ’ ਕੋ ਅਰਥ ਹੋਤ ਹੈ’। (ਕਵੀ ਚੂੜਮਣਿ ਭਾਈ ਸੰਤੋਖ ਸਿੰਘ ਜੀ)
(3). ਕਵੀ ਭਾਈ ਸੰਤੋਖ ਸਿੰਘ ਜੀ (ਪੂਰਬਾਰਧ ਅਧਿਆਇ ੨੯, ਸੂਰਜ ਪ੍ਰਕਾਸ਼ ’ਚ) ਮੂਲ ਮੰਤਰ ਦਾ ਸਰੂਪ ‘‘ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥’’ ਤੱਕ ਮੰਨਦੇ ਹਨ ਆਦਿ।
ਉਕਤ ਤਿੰਨੇ ਮਿਸਾਲਾਂ ਕਵੀ ਸੰਤੋਖ ਸਿੰਘ ਜੀ ਦੀ ਲਿਖਤ ਵਿੱਚੋਂ ਹਨ। ਗਿਆਨੀ ਜਗਤਾਰ ਸਿੰਘ ਜੀ ਸਮੇਤ ਟਕਸਾਲੀ ਪ੍ਰਚਾਰਕਾਂ ਨੇ ਅਨੰਦੁ ਸਾਹਿਬ ਬਾਰੇ ਲਿਖਤ ਤਾਂ ਸਹੀ ਮੰਨ ਲਈ, ਪਰ ਰਾਗਮਾਲਾ ਬਾਣੀ ਨਹੀਂ, ਗੁਰਬਾਣੀ ਉਚਾਰਨ ਦੌਰਾਨ ਲੋੜ ਮੁਤਾਬਕ ਢੁਕਵੀਂ ਜਗ੍ਹਾ ਅੱਧਕ ਅਤੇ ਬਿੰਦੀ ਲਗਾਉਣ ਦੀ ਹਦਾਇਤ, ਜੋ ਗੁਰੂ ਅਰਜਨ ਸਾਹਿਬ ਜੀ ਵੱਲੋਂ ਕੀਤੀ ਗਈ ਸੀ, ਨੂੰ ਮੰਨਣ ਲਈ ਤਿਆਰ ਨਹੀਂ ਹਨ ਅਤੇ ਕਵੀ ਸੰਤੋਖ ਸਿੰਘ ਦੁਆਰਾ ਲਿਖੇ ਗਏ ਮੂਲਮੰਤਰ ਸਰੂਪ ‘‘ੴ …………. ਗੁਰਪ੍ਰਸਾਦਿ ॥’’ ਨੂੰ ਅਣਡਿੱਠ ਕਰ ਇਹੀ ਲੋਕ ‘‘ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥ ਜਪੁ॥ ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥’’ ਤੱਕ ਮੂਲਮੰਤਰ ਮੰਨਦੇ ਹਨ। ਹੈ ਨਾ ਕਮਾਲ !!
ਸਿੱਖ ਰਹਿਤ ਮਰਿਆਦਾ ’ਚ ਵੀ ਦਰਜ ਹੈ ਕਿ ਭੋਗ ਸਥਾਨਕ ਮਰਿਆਦਾ ਅਨੁਸਾਰ ਮੁੰਦਾਵਣੀ ’ਤੇ ਜਾਂ ਰਾਗਮਾਲਾ ਪੜ੍ਹ ਕੇ ਪਾਇਆ ਜਾਵੇ, ਪਰ ਇਸ ਗਿਆਨੀ ਜੀ ਨੇ ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ ਤੋਂ 4 ਮਈ ਨੂੰ ਕਿਹਾ ਕਿ ਭੋਗ ਰਾਗਮਾਲਾ ’ਤੇ ਹੀ ਪਾਇਆ ਜਾਵੇ, ਜਿਹੜਾ ਰਾਗਮਾਲਾ ਪੜ੍ਹਦਾ ਹੈ, ਉਸ ਦੀ ਚੌਰਾਸੀ ਕੱਟੀ ਜਾਂਦੀ ਹੈ ਭਾਵ ਰਾਗਮਾਲਾ ਦੇ ਸੰਬੰਧ ’ਚ ਇਹ ਸੂਰਜ ਪ੍ਰਕਾਸ਼ ਦੀ ਕ੍ਰਿਤ ਨੂੰ ਨਹੀਂ ਮੰਨਦੇ। ਇਸ ਤੋਂ ਸਪਸ਼ਟ ਹੈ ਕਿ ਇਨ੍ਹਾਂ ਦਾ ਮਕਸਦ ਸੰਗਤਾਂ ਨੂੰ ਦੁਬਿਧਾ ਮੁਕਤ ਕਰਨਾ ਨਹੀਂ ਬਲਕਿ ਸੰਗਤਾਂ ’ਚ ਵਧੇਰੇ ਦੁਬਿਧਾ ਪਾਉਣੀ ਹੈ। ਅਜਿਹੇ ਸਿੱਖ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੋਂ ਉਹ ਗੱਲਾਂ ਪੜ੍ਹ ਕੇ ਬੋਲਣ ’ਚ ਮਾਣ ਮਹਿਸੂਸ ਕਰਦੇ ਹਨ, ਜਿਨ੍ਹਾਂ ਨਾਲ਼ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤੀ ਯੁਕਤੀ ਅਤੇ ਸਿਧਾਂਤਿਕ ਲੜੀ ਨੂੰ ਨੁਕਸਾਨ ਹੁੰਦਾ ਹੋਵੇ ਜਦਕਿ ਗੁਰਬਾਣੀ ਦਾ ਗੁਰਸਿੱਖਾਂ ਲਈ ਸਖ਼ਤ ਉਪਦੇਸ਼ ਹੈ ‘‘ਹੰਸਾ ਹੀਰਾ ਮੋਤੀ ਚੁਗਣਾ; ਬਗੁ ਡਡਾ ਭਾਲਣ ਜਾਵੈ ॥’’ (ਮਹਲਾ ੫/੯੬੦)