ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਪਹਿਲਾਂ)

0
989

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਪਹਿਲਾਂ)

ਗੁਰਪ੍ਰੀਤ ਸਿੰਘ (USA)

ਇੱਕ ਸ਼ੁਕਰ ਗੁਜ਼ਾਰ ਸਿੱਖ ਆਪਣੀ ਬੋਲੀ, ਸ਼ਹੀਦਾਂ ਤੇ ਗੁਰੂ ਨੂੰ ਕਦੀ ਵੀ ਨਹੀਂ ਵਿਸਾਰਦਾ ਪਰ ਅੱਜ ਬਹੁਤਾਤ ਸਿੱਖ ਸੰਗਤ ਬਾਹਰਮੁਖੀ ਫੋਕਟ ਕਰਮਕਾਂਡਾਂ ’ਚ ਫਸ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਤੋਂ ਕਿਨਾਰਾ ਕਰੀ ਬੈਠੀ ਹੈ।  ਗੁਰ ਉਪਦੇਸ਼ ਨੂੰ ਧਾਰਨ ਕਰ ਕੇ, ਗੁਰਮੁਖ ਕਿਵੇਂ ਬਣਨਾ ਹੈ ਭਾਵ ਮਨੁੱਖਾ ਜੀਵਨ ਨੂੰ ਸੁਚੱਜੇ ਢੰਗ ਨਾਲ ਕਿਵੇਂ ਜਿਊਣਾ ਹੈ ! ਇਹ ਸਾਰੀ ਸੇਧ (ਜੀਵਨ ਜਾਚ) ਤੇ ਮਰਯਾਦਾ, ਗੁਰੂ ਗ੍ਰੰਥ ਸਾਹਿਬ ਅੰਦਰ ਬਹੁਤ ਹੀ ਸਰਲ ਤੇ ਰਸਮਈ ਕਾਵਿ ਰੂਪ ’ਚ ਦਰਜ ਹੈ। ਗੁਰੂ ਦਾ ਪਿਆਰਾ ਸਿੱਖ ਜਦੋਂ ਗੁਰੂ ਦੀ ਸ਼ਰਨ ’ਚ ਆ ਕੇ ਖੋਜੀ ਬਣਦਾ ਹੈ (ਗੁਰ ਉਪਦੇਸ਼ ਨੂੰ ਮੰਨਦਾ ਹੈ) ਤਾਂ ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਕੀਮਤੀ ਆਤਮਕ ਗੁਣਾਂ ਨਾਲ਼ ਭਰਪੂਰ ਹੋ ਜਾਂਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਗੁਰ ਉਪਦੇਸਿ ਜਵਾਹਰ ਮਾਣਕ; ਸੇਵੇ ਸਿਖੁ, ਸੁੋ ਖੋਜਿ ਲਹੈ॥ (ਮ : ੧, ਪੰਨਾ ੧੩੨੮), ਗੁਰ ਉਪਦੇਸ ਸਾਚੁ ਸੁਖੁ ਜਾ ਕਉ; ਕਿਆ ਤਿਸੁ ਉਪਮਾ ਕਹੀਐ  ?॥ ਲਾਲ ਜਵੇਹਰ ਰਤਨ ਪਦਾਰਥ; ਖੋਜਤ ਗੁਰਮੁਖਿ ਲਹੀਐ ॥’’ (ਮ : ੧, ਪੰਨਾ ੧੩੩੨)

ਗੁਰਮਤ ਦੇ ਨਿਰਮਲ ਤੇ ਨਿਵੇਕਲੇ ਮਾਰਗ ਉੱਪਰ ਚੱਲਣ ਲਈ ਬੇਅੰਤ ਨੁਕਤੇ ਧਿਆਨ ਦੀ ਮੰਗ ਕਰਦੇ ਹਨ ਪਰ ਇਸ ਲੇਖ ਦਾ ਮਕਸਦ ਸਾਡੀ ਰੋਜ਼ਮੱਰਹ ਦੀ ਜ਼ਿੰਦਗੀ ’ਚ ਵਾਪਰ ਰਹੀਆਂ ਕੁਝ ਮੁੱਖ ਮਨਮਤਾਂ/ਦੁਬਿਧਾਵਾਂ ਤੇ ਨੁਕਤਿਆਂ ਨੂੰ ਗੁਰ ਉਪਦੇਸ਼ (ਗੁਰਬਾਣੀ) ਰਾਹੀਂ ਵਿਚਾਰਨਾ ਹੈ ਤਾਂ ਕਿ ਅਸੀਂ ਅਗਾਂਹ ਤੋਂ ਗੁਰਮਤ ਅਨੁਸਾਰੀ ਹੋ ਕੇ, ਆਪਣਾ ਤੇ ਆਪਣੇ ਬੱਚਿਆਂ ਦਾ ਜੀਵਨ ਸਵਾਰ ਸਕੀਏ। ਗੁਰੂ ਗ੍ਰੰਥ ਸਾਹਿਬ ਜੀ ਅੰਦਰ ਭਾਵੇਂ ਕਈ ਨੁਕਤਿਆਂ ਨੂੰ ਵਾਰ-ਵਾਰ ਦੁਹਰਾਇਆ ਗਿਆ ਹੈ ਪਰ ਉਸੇ ਵਿਸ਼ੇ ਬਾਰੇ ਜਿੱਥੇ ਕਿਤੇ ਵੀ ਦੁਹਰਾਉ ਹੈ, ਹਰ ਜਗ੍ਹਾ ਹੀ ਗਿਆਨ ਦੇ ਨਵੇਂ ਮੋਤੀ ਲੱਭਦੇ ਹਨ। ਹਥਲੇ ਲੇਖ ਨੂੰ ਆਕਾਰ ਵਜੋਂ ਸੀਮਤ ਰੱਖਣ ਦੀ ਕੋਸ਼ਸ਼ ਤਹਿਤ ਵਿਚਾਰਨਯੋਗ ਵਿਸ਼ੇ ਹੇਠ ਅਨੇਕਾਂ ਹੀ ਪ੍ਰਮਾਣਾਂ ਦੀ ਬਜਾਇ ਸਿਰਫ਼ ਕੁਝ ਚੋਣਵੇਂ ਪ੍ਰਮਾਣ ਹੀ ਵਰਤੇ ਗਏ ਹਨ। ਆਉ, ਰਲ਼ ਮਿਲ਼ ਕੇ ਹੇਠ ਲਿਖੇ ਕੁਝ ਵਿਸ਼ੇ ਸੰਖੇਪ ’ਚ ਗੁਰਬਾਣੀ ਰਾਹੀਂ ਵਿਚਾਰੀਏ ਤੇ ‘‘ਸਾਝ ਕਰੀਜੈ ਗੁਣਹ ਕੇਰੀ; ਛੋਡਿ ਅਵਗਣ ਚਲੀਐ ॥’’ (ਮ : ੧, ਪੰਨਾ ੭੬੫) ਵਾਕ ਅਨੁਸਾਰ ਹੋਰਨਾਂ ਨਾਲ ਵੀ ਸਾਂਝੇ ਕਰੀਏ।

(1). ਊਚ ਨੀਚ/ਨਸਲ ਭੇਦ : ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ ਕਿ ਪ੍ਰਭੂ ਨੇ ਇੱਕ ਤਮਾਸ਼ਾ ਰਚਿਆ ਹੋਇਆ ਹੈ। ਇਸ ਜਗਤ ਤਮਾਸ਼ੇ ’ਚ ਉਸ ਨੇ ਕੋਈ ਵੀ ਇੱਕ ਜੀਵ ਦੂਜੇ ਵਰਗਾ ਨਹੀਂ ਬਣਾਇਆ ਹੋਇਆ। ਉਹ ਆਪ ਹੀ ਜੀਵਾਂ ’ਚ ਫ਼ਰਕ ਪੈਦਾ ਕਰਦਾ ਹੈ ਤੇ ਫਿਰ ਆਪ ਹੀ ਇਹ ਫ਼ਰਕ ਵੇਖ ਕੇ ਖ਼ੁਸ਼ ਵੀ ਹੁੰਦਾ ਹੈ। ਗੁਰ ਵਾਕ ਹਨ : ‘‘ਮੇਰੈ ਪ੍ਰਭਿ ਸਾਚੈ; ਇਕੁ ਖੇਲੁ ਰਚਾਇਆ ॥ ਕੋਇ ਨ, ਕਿਸ ਹੀ ਜੇਹਾ; ਉਪਾਇਆ ॥ ਆਪੇ ਫਰਕੁ ਕਰੇ ਵੇਖਿ ਵਿਗਸੈ; ਸਭਿ ਰਸ ਦੇਹੀ ਮਾਹਾ ਹੇ ॥’’ (ਮ : ੩, ਪੰਨਾ ੧੦੫੬), ਪਰ ਇਹ ਵੀ ਸੱਚ ਹੈ ਕਿ ਅਕਾਲ ਪੁਰਖ ਸਾਰੇ ਜਗਤ ’ਚ ਆਪ ਹੀ ਵਿਆਪਕ ਹੈ ਤੇ ਉਸ ਤੋਂ ਬਿਨਾਂ ਕੋਈ ਹੋਰ ਨਹੀਂ ਹੈ। ਜਗਤ ਗੁਰੂ ਨਾਨਕ ਸਾਹਿਬ ਜੀ ਹੇਠ ਲਿਖੀਆਂ ਤੁਕਾਂ ਰਾਹੀਂ ਇਸ ਸਚਾਈ ਨੂੰ ਬਿਆਨ ਕੀਤਾ ਹੈ : ‘‘ਮੇਰੇ ਸਾਹਿਬਾ  ! ਤੇਰੇ ਚੋਜ ਵਿਡਾਣਾ ॥  ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ; ਆਪੇ ਸਰਬ ਸਮਾਣਾ ॥ ਰਹਾਉ ॥  ਜਹ ਜਹ ਦੇਖਾ ਤਹ ਜੋਤਿ ਤੁਮਾਰੀ; ਤੇਰਾ ਰੂਪੁ ਕਿਨੇਹਾ  ?॥  ਇਕਤੁ ਰੂਪਿ ਫਿਰਹਿ ਪਰਛੰਨਾ; ਕੋਇ ਨ ਕਿਸ ਹੀ ਜੇਹਾ ॥੨॥  ਅੰਡਜ ਜੇਰਜ ਉਤਭੁਜ ਸੇਤਜ; ਤੇਰੇ ਕੀਤੇ ਜੰਤਾ ॥  ਏਕੁ ਪੁਰਬੁ ਮੈ ਤੇਰਾ ਦੇਖਿਆ; ਤੂ ਸਭਨਾ ਮਾਹਿ ਰਵੰਤਾ ॥੩॥’’ (ਮ : ੧, ਪੰਨਾ ੫੯੬)

ਗੁਰਸਿੱਖ ਹਰ ਰੋਜ਼ ‘ਜਪੁ’ ਬਾਣੀ ਰਾਹੀਂ (ਸਭਨਾ ਜੀਆ ਕਾ ਇਕੁ ਦਾਤਾ; ਸੋ ਮੈ ਵਿਸਰਿ ਨ ਜਾਈ ॥) ਅਜਿਹੀ ਸੋਝੀ (ਸਮਝ) ਦੀ ਦਾਤ ਮੰਗਦਾ ਹੈ ਜਿਸ ਸਦਕਾ ਹਮੇਸ਼ਾਂ ਇਹ ਯਾਦ ਰਹੇ ਕਿ ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਸਿਰਫ਼ ਇੱਕ ਦਾਤਾ ਹੈ ਤੇ ਅਜਿਹਾ ਦਾਤਾ ਮੈਨੂੰ ਕਦੇ ਵੀ ਨਾ ਭੁੱਲੇ। ਪੰਚਮ ਪਿਤਾ ਦਾ ਫ਼ੁਰਮਾਨ ਹੈ : ‘‘ਸਗਲ ਬਨਸਪਤਿ ਮਹਿ ਬੈਸੰਤਰੁ; ਸਗਲ ਦੂਧ ਮਹਿ ਘੀਆ ॥ ਊਚ ਨੀਚ ਮਹਿ ਜੋਤਿ ਸਮਾਣੀ; ਘਟਿ ਘਟਿ ਮਾਧਉ ਜੀਆ ॥’’ (ਮ : ੫, ਪੰਨਾ ੬੧੭)

ਸੋ, ਊਚ ਨੀਚ ਕੀਤਿਆਂ ਭਾਵ ਮਨੁੱਖ ਮਾਤਰ ਨਾਲ ਪ੍ਰੇਮ ਕਰਨ ਦੇ ਅਵਸਰ ਤੋਂ ਆਪਣੇ ਆਪ ਨੂੰ ਵਾਂਝਿਆਂ ਕਰ ਕੇ, ਰੱਬੀ ਬਖ਼ਸ਼ਸ਼ ਦੀ ਆਸ ਰੱਖਣਾ ਵਿਅਰਥ ਹੈ। ਕਿਸੇ ਨਾਲ ਵੀ ਊਚ ਨੀਚ ਜਾਂ ਨਸਲ, ਰੰਗ ਆਦਿ ਦਾ ਭੇਦ ਭਾਵ (ਵਿਤਕਰਾ) ਕਰਨਾ, ਗੁਰਮਤ ਅਨੁਸਾਰੀ ਨਹੀਂ ਹੈ ਬਲਕਿ ਸਾਨੂੰ ਗੁਰਬਾਣੀ ਦੀਆਂ ਹੇਠ ਲਿਖੀਆਂ ਤੁਕਾਂ ਹਮੇਸ਼ਾ ਚੇਤੇ ਰੱਖਣੀਆਂ ਚਾਹੀਦੀਆਂ ਹਨ : ‘‘ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ  ? ਕੋ ਮੰਦੇ  ?॥ (ਭਗਤ ਕਬੀਰ, ਪੰਨਾ ੧੩੪੯) ਸਾਰਿਆਂ ’ਚ ਰੱਬੀ ਜੋਤ ਦੀ ਹੋਂਦ ਨੂੰ ਕਬੂਲਣਾ ਤੇ ਸਤਿਕਾਰਨਾ ਭਾਵ ਮਨੁੱਖਤਾ ਹੀ ਸਭ ਤੋਂ ਉੱਤਮ ਧਰਮ ਹੈ।

(2). ਆਲਸ : ਗੁਰਮਤ ’ਚ ਆਲਸ ਲਈ ਕੋਈ ਥਾਂ ਨਹੀਂ ਹੈ ਬਲਕਿ ਆਲਸ ਦੀ ਬਜਾਇ ਉੱਦਮ ਕਰਨ ਦੀ ਹਿਦਾਇਤ ਮਿਲਦੀ ਹੈ : ‘‘ਉਦਮੁ ਕਰੇਦਿਆ ਜੀਉ ਤੂੰ; ਕਮਾਵਦਿਆ ਸੁਖ ਭੁੰਚੁ ॥ ਧਿਆਇਦਿਆ ਤੂੰ ਪ੍ਰਭੂ ਮਿਲੁ; ਨਾਨਕ  ! ਉਤਰੀ ਚਿੰਤ ॥’’ (ਮ : ੫, ਪੰਨਾ ੫੨੨) ਵਿਹਲੜ ਜੋਗੀਆਂ ਨੂੰ ਕਿਰਤ ਕਰਨ ਦੀ ਜਾਚ ਸਿਖਾਉਣ ਲਈ ਹੀ ਕਿਰਤੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੁਮੇਰ ਪਰਬਤ ਦੀ ਉਚਾਈ ਨਾਪਣੀ ਪਈ ਸੀ।

ਮਨੁੱਖ ਵੱਲੋਂ ਅਧਿਆਤਮਿਕ ਮਾਰਗ ’ਤੇ ਨਾ ਚੱਲਣ ਦੇ ਆਲਸ ਨੂੰ ਵੀ ਗੁਰਮਤ ਬੜੇ ਸਪੱਸ਼ਟ ਸ਼ਬਦਾਂ ’ਚ ਸੰਬੋਧਿਤ ਕਰਦੀ ਹੈ ਕਿ ਹੇ ਆਲਸੀ ਮਨੁੱਖ ! ਤੂੰ ਆਪਣੇ ਆਲਸ ਕਰਕੇ ਠੱਗਿਆ ਜਾ ਰਿਹਾ ਹੈਂ। ਆਪਣੇ ਮਨ ਦੇ ਪਿੱਛੇ ਲੱਗ ਕੇ ਮਾਇਆ ਮੋਹ ਦੀ ਕੋਝੀ ਚੋਗ ਚੁਗਦੇ ਰਹਿਣ ਕਰਕੇ ਤੂੰ ਆਪਣਾ ਮਨੁੱਖੀ ਜਨਮ ਵਿਅਰਥ ਹੀ ਗਵਾ ਲਿਆ ਹੈ : ‘‘ਮਾਇਆ ਮੂਠਾ ਚੇਤਸਿ ਨਾਹੀ; ਜਨਮੁ ਗਵਾਇਓ ਆਲਸੀਆ  !॥ (ਭਗਤ ਤ੍ਰਿਲੋਚਨ, ਪੰਨਾ ੯੨), ਮਨਮੁਖ ਕਉ ਆਲਸੁ ਘਣੋ; ਫਾਥੇ ਓਜਾੜੀ ॥ ਫਾਥਾ ਚੁਗੈ ਨਿਤ ਚੋਗੜੀ; ਲਗਿ ਬੰਧੁ ਵਿਗਾੜੀ ॥’’ (ਮ : ੧, ਪੰਨਾ ੧੦੧੧), ਇਸ ਲਈ ਹੇ ਮਨੁੱਖ, ਹੇ ਮਨਾ ! ਹੋਸ਼ ਕਰ ਭਾਵ ਆਲਸ ਤਿਆਗ ਕੇ, ਰੱਬ ਦਾ ਨਾਮ ਜਪ।, ਗਾਫ਼ਲ ਬਣ ਕੇ ਬੁਰਿਆਈ ਵਾਲੇ ਕੰਮਾਂ ਨੂੰ ਪਹਿਲ ਦੇਣ ਨਾਲ਼ ਮੌਤ ਦੀ ਫਾਹੀ ਤੋਂ ਬਚਿਆ ਨਹੀਂ ਜਾ ਸਕਦਾ; ਜਿਵੇਂ ਕਿ ਗੁਰ ਵਾਕ ਹਨ : ‘‘ਜਾਗ ਲੇਹੁ ਰੇ ਮਨਾ ! ਜਾਗ ਲੇਹੁ; ਕਹਾ ਗਾਫਲ ਸੋਇਆ॥  ਜੋ ਤਨੁ ਉਪਜਿਆ ਸੰਗ ਹੀ; ਸੋ ਭੀ ਸੰਗਿ ਨ ਹੋਇਆ ॥੧॥ ਰਹਾਉ॥ (ਮ : ੯, ਪੰਨਾ ੭੨੬), ਚੰਗਿਆੲਂੀ ਆਲਕੁ ਕਰੇ; ਬੁਰਿਆੲਂੀ ਹੋਇ ਸੇਰੁ ॥ ਨਾਨਕ  ! ਅਜੁ ਕਲਿ ਆਵਸੀ; ਗਾਫਲ ਫਾਹੀ ਪੇਰੁ ॥’’ (ਮ : ੫, ਪੰਨਾ ੫੧੮)

ਗੁਰ ਉਪਦੇਸ਼ ਵਜੋਂ ਗੁਰੂ ਸਾਹਿਬਾਨ ਜੀ ਫ਼ੁਰਮਾਉਂਦੇ ਹਨ ਕਿ ਸਾਨੂੰ ਇਸ ਮਨ ਨੂੰ ਸਮਝਾਉਣਾ ਚਾਹੀਦਾ ਹੈ ਕਿ ਹੇ ਮਨ ! ਆਲਸ ਛੱਡ ਤੇ ਗੁਰੂ ਦੀ ਸ਼ਰਨ ਪੈ ਕੇ ਨਾਮ ਜਪ, ਨਹੀਂ ਤਾਂ ਭੋਲ਼ੀਏ ਰੂਹੇ ! ਫਿਰ ਪਤਾ ਨਹੀਂ ਕਦੋਂ ਮਨੁੱਖਾ ਜਨਮ ਮਿਲੇਗਾ :  ‘‘ਭਾਈ ਰੇ  ! ਇਸੁ ਮਨ ਕਉ ਸਮਝਾਇ ॥ ਏ ਮਨ  ! ਆਲਸੁ ਕਿਆ ਕਰਹਿ ? ਗੁਰਮੁਖਿ ਨਾਮੁ ਧਿਆਇ ॥੧॥ ਰਹਾਉ ॥ (ਮ : ੩, ਪੰਨਾ ੨੮), ਭੋਰੇ ਭੋਰੇ ਰੂਹੜੇ ! ਸੇਵੇਦੇ ਆਲਕੁ ॥  ਮੁਦਤਿ ਪਈ ਚਿਰਾਣੀਆ; ਫਿਰਿ ਕਡੂ ਆਵੈ ਰੁਤਿ ॥’’ (ਮ : ੫, ਪੰਨਾ ੧੦੯੫), ਆਉ ! ਪ੍ਰਮਾਤਮਾ ਪਾਸ ਬੇਨਤੀ ਕਰੀਏ ਕਿ ਸਾਡਾ ਸਾਰਾ ਆਲਸ ਦੂਰ ਹੋ ਜਾਵੇ ਤੇ ਪ੍ਰਭੂ ਚਰਨਾਂ ’ਚ ਜੁੜਿਆਂ ਸਾਡਾ ਜੀਵਨ ਸੋਹਣਾ ਬਣਦਾ ਚਲਾ ਜਾਵੇ : ‘‘ਵੰਞੁ ਮੇਰੇ ਆਲਸਾ ! ਹਰਿ ਪਾਸਿ ਬੇਨੰਤੀ ॥ ਰਾਵਉ ਸਹੁ ਆਪਨੜਾ; ਪ੍ਰਭ ਸੰਗਿ ਸੋਹੰਤੀ ॥’’ (ਮ : ੫, ਪੰਨਾ ੪੬੦)

ਨੋਟ : ਕੌਮ ਦੇ ਭਲੇ ਵਾਸਤੇ ਅਜੋਕੇ ਸਿੱਖ ਪ੍ਰਚਾਰਕਾਂ ਨੂੰ ਵੀ ਆਪਣੀ ਆਜੀਵਕਾ ਲਈ ਆਪਣੇ ਹੱਥੀਂ ਆਪ ਕਿਰਤ ਕਰਨ ਦੀ ਪਿਰਤ ਵੀ ਪਾਉਣੀ ਚਾਹੀਦੀ ਹੈ।

(3). ਅਨਮਤੀ ਗ੍ਰੰਥ : ਅਨਮਤੀ ਗ੍ਰੰਥਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸਥਾਪਿਤ ਕਰਨ ਦੀ ਸਾਜ਼ਸ਼ ਅਤੇ ਇਸ ਜ਼ਰੀਏ ਸਿੱਖ ਕੌਮ ਨੂੰ ਦੋਫਾੜ ਕਰਨ ਦੀ ਕੋਸ਼ਸ਼ ਨੂੰ ਨਕਾਰਾ ਕਰਨਾ ਹਰ ਇੱਕ ਗੁਰਸਿੱਖ ਦਾ ਫ਼ਰਜ਼ ਬਣਦਾ ਹੈ। ਭਗਤ ਕਬੀਰ ਜੀ ਦਾ ਬਚਨ ਹੈ : ‘‘ਬੇਦ ਕਤੇਬ ਇਫਤਰਾ ਭਾਈ ! ਦਿਲ ਕਾ ਫਿਕਰੁ ਨ ਜਾਇ ॥.. ਦਰੋਗੁ (ਭਾਵ ਝੂਠ ਨੂੰ) ਪੜਿ ਪੜਿ ਖੁਸੀ ਹੋਇ; ਬੇਖਬਰ ਬਾਦੁ ਬਕਾਹਿ ॥’’ (ਭਗਤ ਕਬੀਰ, ਪੰਨਾ ੭੨੭) ਭਾਵ ਵਾਦ ਵਿਵਾਦ ਦੀ ਖ਼ਾਤਰ ਵੇਦਾਂ, ਕਤੇਬਾਂ ਆਦਿ ਦੇ ਹਵਾਲੇ ਦੇ ਕੇ ਅਸਲੀਅਤ ਨਾਲ਼ੋਂ ਵਧਾ ਕੇ ਦੱਸੀਆਂ ਹੋਈਆਂ ਗੱਲਾਂ ਕਰਨ ਨਾਲ ਮਨੁੱਖ ਦੇ ਆਪਣੇ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਬੇਸਮਝ ਲੋਕ ਝੂਠ (Fiction) ਪੜ੍ਹ-ਪੜ੍ਹ ਕੇ, ਖੁਸ਼ ਹੋ ਕੇ ਬਹਿਸ ਕਰਦੇ ਹਨ ਤੇ ਊਲ ਜਲੂਲ ਬੋਲਦੇ ਹਨ। ਉਪਰੋਕਤ ਤੁਕ ਸਾਡੇ ਤੇ ਅੱਜ ਸੌ ਫ਼ੀਸਦੀ ਲਾਗੂ ਹੁੰਦੀ ਜਾਪਦੀ ਹੈ ਜਦੋਂ ਕਿ ਗੁਰਮਤ ਤਾਂ ਇਹ ਹੈ : ‘‘ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ; ਇਨ੍ ਪੜਿਆ ਮੁਕਤਿ ਨ ਹੋਈ ॥’’ (ਮ : ੫, ਪੰਨਾ ੭੪੭) ਭਾਵ ਧਾਰਮਕ ਪੁਸਤਕਾਂ ਨੂੰ ਨਿਰੇ ਪੜ੍ਹਨ ਨਾਲ਼ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲ ਸਕਦੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਇਲਾਵਾ ਸਿੱਖ ਨੂੰ ਹੋਰ ਕਿੱਧਰੇ ਵੀ ਵੇਖਣ (ਝਾਕਣ) ਦੀ ਕੋਈ ਲੋੜ ਨਹੀਂ, ਰਹਿ ਜਾਂਦੀ ਕਿਉਂਕਿ ਗੁਰ ਉਪਦੇਸ਼ ਹੈ : ‘‘ਗੁਰਮੁਖਿ ਕ੍ਰਿਪਾ ਕਰੇ, ਭਗਤਿ ਕੀਜੈ; ਬਿਨੁ ਗੁਰ ਭਗਤਿ ਨ ਹੋਈ ॥ ਆਪੈ ਆਪੁ ਮਿਲਾਏ ਬੂਝੈ; ਤਾ ਨਿਰਮਲੁ ਹੋਵੈ ਸੋਈ ॥ ਹਰਿ ਜੀਉ ਸਾਚਾ, ਸਾਚੀ ਬਾਣੀ; ਸਬਦਿ ਮਿਲਾਵਾ ਹੋਈ ॥’’ (ਮ : ੩, ਪੰਨਾ ੩੨)

ਯਕੀਨਨ ! ਪ੍ਰਮਾਤਮਾ ਸਦਾ ਥਿਰ ਰਹਿਣ ਵਾਲਾ ਹੈ ਤੇ ਉਸ ਦੀ ਬਾਣੀ ਵੀ ਸੱਚੀ ਹੈ। ਗੁਰ ਸ਼ਬਦ ਭਾਵ ਸਿਫ਼ਤ ਸਲਾਹ ਦੀ ਬਾਣੀ ਰਾਹੀਂ ਹੀ ਪ੍ਰਮਾਤਮਾ ਨਾਲ ਮਿਲਾਪ ਹੁੰਦਾ ਹੈ। ਧਿਆਨ ਰਹੇ ਕਿ ਅਸੀਂ ਜਦੋਂ ਤੱਕ ਸਤਿਗੁਰੂ ਦੇ ਸ਼ਬਦ ’ਚ ਨਹੀਂ ਜੁੜਦੇ; ਸਾਡੀ ਆਤਮਕ ਤਰੱਕੀ ਸੰਭਵ ਹੀ ਨਹੀਂ । ਸੱਚੀ ਬਾਣੀ ਦੇ ਪੂਰਨ ਤੇ ਅਤੁੱਟ ਖ਼ਜ਼ਾਨੇ, ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਸੁਣ ਕੇ, ਮੰਨਣ ਨਾਲ਼ ਸਾਰੇ ਭਰਮ ਭੁਲੇਖੇ (ਦੁਬਿਧਾਵਾਂ) ਤੇ ਡਰ ਦੂਰ ਹੋ ਜਾਂਦਾ ਹੈ : ‘‘ਸੁਣਿ ਸਿਖਿਐ ਸਾਦੁ ਨ ਆਇਓ; ਜਿਚਰੁ, ਗੁਰਮੁਖਿ ਸਬਦਿ ਨ ਲਾਗੈ ॥ ਸਤਿਗੁਰਿ ਸੇਵਿਐ ਨਾਮੁ ਮਨਿ ਵਸੈ; ਵਿਚਹੁ, ਭ੍ਰਮੁ ਭਉ ਭਾਗੈ ॥’’ (ਮ : ੩, ਪੰਨਾ ੫੯੦)

(4). ਅਖੌਤੀ ਸਾਧ, ਸੰਤ, ਡੇਰੇਦਾਰ ਆਦਿ : ਗੁਰਬਾਣੀ ’ਚ ਸਾਧ, ਸੰਤ, ਸਾਧੂ, ਮਹਾਂਪੁਰਖ, ਆਦਿ ਸ਼ਬਦ ਕੇਵਲ ਗੁਰੂ ਜਾਂ ਅਕਾਲ ਪੁਰਖ ਜਾਂ ਸਾਧ ਸੰਗਤ (ਬਹੁ ਵਚਨ) ਲਈ ਵਰਤੇ ਗਏ ਹਨ; ਜਿਵੇਂ ਕਿ ਗੁਰ ਵਾਕ ਹਨ : ‘‘ਭਾਗੁ ਹੋਆ; ਗੁਰਿ (ਨੇ) ਸੰਤੁ ਮਿਲਾਇਆ ॥ ਪ੍ਰਭੁ ਅਬਿਨਾਸੀ; ਘਰ ਮਹਿ ਪਾਇਆ ॥ (ਮ : ੫, ਪੰਨਾ ੯੭), ਕੋਈ ਸਜਣੁ ਸੰਤੁ (ਗੁਰੂ) ਮਿਲੈ ਵਡਭਾਗੀ; ਮੈ ਹਰਿ ਪ੍ਰਭੁ ਪਿਆਰਾ ਦਸੈ ਜੀਉ ॥ (ਮ : ੪, ਪੰਨਾ ੯੪), ਕੋਈ ਐਸਾ ਸੰਤੁ (ਗੁਰੂ) ਸਹਜ ਸੁਖਦਾਤਾ; ਮੋਹਿ ਮਾਰਗੁ ਦੇਇ ਬਤਾਈ ॥੧॥ ਰਹਾਉ ॥ (ਮ : ੫, ਪੰਨਾ ੨੦੪), ਧੰਨੁ ਸਿ ਸੇਈ ਨਾਨਕਾ ! ਪੂਰਨੁ ਸੋਈ ਸੰਤੁ ॥ (ਮ : ੫, ਪੰਨਾ ੩੧੯), ਕਰਉ ਬੇਨੰਤੀ ਸੁਣਹੁ ਮੇਰੇ ਮੀਤਾ  ! ਸੰਤ ਟਹਲ ਕੀ ਬੇਲਾ ॥’’ (ਮ : ੫, ਪੰਨਾ ੧੩) ਭਾਵ ਗੁਰੂ ਦੀ ਸੇਵਾ ਟਹਿਲ ਕਰਨ ਦਾ ਸਮਾਂ ਹੈ, ਗੁਰੂ ਉਪਦੇਸ਼ ਨੂੰ ਕਮਾਉਣ ਦਾ ਸਮਾਂ ਹੈ। ‘‘ਹਰਿ ਕੇ ਸੰਤ ਸੁਣਹੁ ਜਨ ਭਾਈ !  ਹਰਿ ਸਤਿਗੁਰ ਕੀ ਇਕ ਸਾਖੀ ॥ (ਮ : ੪, ਪੰਨਾ ੮੭), ਅਪੁਨੇ ਸੰਤ ਤੁਧੁ ਖਰੇ ਪਿਆਰੇ  ! ਤੂ ਸੰਤਨ ਕੇ ਪ੍ਰਾਨਾ ਜੀਉ ॥’’ (ਮ : ੫, ਪੰਨਾ ੧੦੦)

ਸਿੱਖ ਦਾ ਗੁਰੂ; ਸਿਰਫ਼ ਸ਼ਬਦ ਗੁਰੂ, ‘ਗੁਰੂ ਗ੍ਰੰਥ’ ਸਾਹਿਬ ਹੈ ਪਰ ਅੱਜ ਬੇਅੰਤ ਹੀ ਵਿਹਲੜ, ਭੇਖੀ, ਅਖੌਤੀ ਸੰਤ ਤੇ ਡੇਰੇਦਾਰ; ਗੁਰਬਾਣੀ ਦੇ ਅਨਰਥ ਕਰ ਕੇ ਆਪਣੀਆਂ ਝੂਠ ਦੀਆਂ ਦੁਕਾਨਾਂ ਚਲਾ ਰਹੇ ਹਨ ਤੇ ਲੋਕਾਈ ਨੂੰ ਗੁਰੂ ਦੇ ਸ਼ਬਦ ਨਾਲ਼ੋਂ ਤੋੜ ਰਹੇ ਹਨ। ਯਾਦ ਰਹੇ ਕਿ ਸਭ  ਨੂੰ ਦਾਤਾਂ ਦੀ ਬਖ਼ਸ਼ਸ਼ ਕੇਵਲ ਇੱਕ ਅਕਾਲ ਪੁਰਖ ਦਾਤਾ ਹੀ ਕਰਦਾ ਹੈ; ਸੋ, ਮਾਲਕ ਦਾ ਦਰ ਛੱਡ ਕੇ ਕਿਸੇ ਮਨੁੱਖ ਦੀ ਟੇਕ ਰੱਖਣਾ, ਬਿਲਕੁਲ ਵਿਅਰਥ ਹੈ। ਗੁਰੂ ਦੇ ਸ਼ਬਦ ’ਚ ਜੁੜ ਕੇ ਹੀ ਸਦੀਵੀ ਆਤਮਕ ਆਨੰਦ ਵਾਲਾ ਡੇਰਾ (ਟਿਕਾਣਾ) ਲੱਭਿਆ ਜਾ ਸਕਦਾ ਹੈ। ਸੋ, ਸ਼ਬਦ ਗੁਰੂ ਨੂੰ ਛੱਡ ਕੇ ਡੇਰਿਆਂ ’ਤੇ ਜਾਣ ਵਾਲ਼ਿਆਂ ਨੂੰ ਗੁਰੂ ਸਾਹਿਬ ਜੀ ਦੇ ਇਹ ਬਚਨ ਯਾਦ ਰੱਖਣੇ ਚਾਹੀਦੇ ਹਨ : ‘‘ਡਡਾ; ਡੇਰਾ ਇਹੁ ਨਹੀ, ਜਹ ਡੇਰਾ, ਤਹ ਜਾਨੁ ॥  ਉਆ ਡੇਰਾ ਕਾ ਸੰਜਮੋ; ਗੁਰ ਕੈ ਸਬਦਿ ਪਛਾਨੁ ॥’’ (ਮ : ੫, ਪੰਨਾ ੨੫੬)

(5). ਅੰਤਿਮ ਸਸਕਾਰ/ਰਸਮਾਂ : ਗੁਰੂ ਨਾਨਕ ਸਾਹਿਬ ਜੀ ਦੇ ਵਚਨ ਹਨ : ‘‘ਇਕ ਦਝਹਿ ਇਕ ਦਬੀਅਹਿ; ਇਕਨਾ ਕੁਤੇ ਖਾਹਿ ॥ ਇਕਿ ਪਾਣੀ ਵਿਚਿ ਉਸਟੀਅਹਿ; ਇਕਿ, ਭੀ ਫਿਰਿ ਹਸਣਿ (ਖੂਹ ’ਚ) ਪਾਹਿ॥ ਨਾਨਕ  ! ਏਵ ਨ ਜਾਪਈ; ਕਿਥੈ ਜਾਇ ਸਮਾਹਿ ॥’’ (ਮ : ੧, ਪੰਨਾ ੬੪੮) ਭਾਵ ਜੀਵ ਦੇ ਮਰਨ ’ਤੇ ਉਸ ਦੇ ਸਰੀਰ ਨੂੰ ਭਾਵੇਂ ਕਿਸੇ ਵੀ ਢੰਗ ਨਾਲ ਕਿਉਂ ਨਾ ਖਪਾ ਦੇਈਏ, ਇਸ ਨਾਲ ਇਹ ਪਤਾ ਨਹੀਂ ਲੱਗ ਸਕਦਾ ਕਿ ਰੂਹ ਕਿੱਥੇ ਜਾ ਕੇ ਵਸਦੀ ਹੈ ? ਭਾਵਾਰਥ (ਅਸਲ ਭਾਵ) ਹੈ ਕਿ ਕਿਸੇ ਪ੍ਰਾਣੀ ਦੇ ਮਰਨ ਉੁਪਰੰਤ ਭਾਵੇਂ ਜਿਹੜੇ ਵੀ ਮਰਜ਼ੀ ਕਰਮਕਾਂਡ ਕਰ ਲਈਏ, ਰੂਹ ਨੂੰ ਉਸ ਨਾਲ਼ ਕੋਈ ਫ਼ਰਕ ਨਹੀਂ ਪੈਂਦਾ, ਕੋਈ ਲਾਭ ਨਹੀਂ।

ਹਰਿਦਵਾਰ ਜਾਂ ਕੀਰਤਪੁਰ ਆਦਿ ਅਸਥਾਨਾਂ ’ਤੇ ਉਚੇਚਾ ਜਾ ਕੇ ਅਸਥੀਆਂ ਜਲ ਪ੍ਰਵਾਹ ਕਰਨੀਆਂ (ਫੁੱਲ ਤਾਰਨੇ), ਆਤਮਾ ਦੀ ਸ਼ਾਂਤੀ ਲਈ ਅਖੰਡ ਪਾਠ ਕਰਵਾਉਣੇ, ਪਿੰਡ ਭਰਾਉਣੇ ਆਦਿ ਅਨੇਕਾਂ ਰਸਮਾਂ ਅਗਿਆਨਤਾ ਤੋਂ ਇਲਾਵਾ ਕੁਝ ਵੀ ਨਹੀਂ ਹਨ। ਅਜਿਹੇ ਵੇਲ਼ੇ ਕੇਵਲ ਗੁਰਬਾਣੀ ਦਾ ਸਹਿਜ ਪਾਠ, ਅਰਦਾਸ ਤੇ ਪ੍ਰਭੂ ਦਾ ਨਾਮ ਹੀ ਮਨ ਨੂੰ ਧਰਵਾਸ ਦੇਣ ’ਚ ਲਾਭਦਾਇਕ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਇਸ ਨੁਕਤੇ ਨੂੰ ਸਮਝਾਉਂਦਿਆਂ ਫ਼ੁਰਮਾਉਂਦੇ ਹਨ : ‘‘ਲੋਕਾ  ! ਮਤ ਕੋ ਫਕੜਿ ਪਾਇ ॥  ਲਖ ਮੜਿਆ ਕਰਿ ਏਕਠੇ; ਏਕ ਰਤੀ ਲੇ ਭਾਹਿ ॥੧॥ ਰਹਾਉ ॥ ਪਿੰਡੁ ਪਤਲਿ, ਮੇਰੀ ਕੇਸਉ ਕਿਰਿਆ; ਸਚੁ ਨਾਮੁ ਕਰਤਾਰੁ ॥ ਐਥੈ ਓਥੈ, ਆਗੈ ਪਾਛੈ; ਏਹੁ ਮੇਰਾ ਆਧਾਰੁ ॥੨॥ ਗੰਗ ਬਨਾਰਸਿ ਸਿਫਤਿ ਤੁਮਾਰੀ; ਨਾਵੈ ਆਤਮ ਰਾਉ ॥ ਸਚਾ ਨਾਵਣੁ ਤਾਂ ਥੀਐ; ਜਾਂ ਅਹਿਨਿਸਿ ਲਾਗੈ ਭਾਉ ॥੩॥ ਇਕ ਲੋਕੀ, ਹੋਰੁ ਛਮਿਛਰੀ; ਬ੍ਰਾਹਮਣੁ ਵਟਿ ਪਿੰਡੁ ਖਾਇ ॥ ਨਾਨਕ  ! ਪਿੰਡੁ ਬਖਸੀਸ ਕਾ; ਕਬਹੂੰ ਨਿਖੂਟਸਿ ਨਾਹਿ ॥੪॥’’ (ਮ : ੧, ਪੰਨਾ ੩੫੮)

ਬਾਬਾ ਸੁੰਦਰ ਜੀ (ਜੋ ਕਿ ਗੁਰੂ ਅਮਰਦਾਸ ਜੀ ਦੇ ਪੜਪੋਤੇ ਸਨ) ਨੇ  ਬਾਣੀ ‘ਸਦੁ’ ’ਚ ਤੀਜੀ ਪਾਤਸ਼ਾਹੀ ਵੱਲੋਂ ਆਪਣੇ ਅੰਤਮ ਸਮੇਂ ਦੇ ਉਪਦੇਸ਼ ਨੂੰ ਰਾਮਕਲੀ ਰਾਗ ’ਚ (ਪੰਨਾ ੯੨੩) ਅੰਕਿਤ ਕੀਤਾ ਹੈ। ਪ੍ਰੋਫੈਸਰ ਸ. ਸਾਹਿਬ ਸਿੰਘ ਜੀ ਦੁਆਰਾ ਕੀਤੀ ਗਈ ‘ਸਦੁ’ ਬਾਣੀ ਦੀ ਬਾਕਮਾਲ ਵਿਆਖਿਆ ਨੂੰ ਪੜ੍ਹਨਾ ਹਰ ਸਿੱਖ ਲਈ ਬਹੁਤ ਜ਼ਰੂਰੀ ਹੈ ਤਾਂ ਕਿ ਇਸ ਨੁਕਤੇ ’ਤੇ ਸਾਡਾ ਹਰੇਕ ਸ਼ੱਕ ਦੂਰ ਹੋ ਸਕੇ।

(6). ਆਸ (ਤ੍ਰਿਸ਼ਨਾ/ਇੱਛਾ) ਰੱਖਣੀ : ਮਨੁੱਖ ਤ੍ਰਿਸ਼ਨਾ ਅੰਦਰ ਜਨਮ ਲੈਂਦਾ ਹੈ ਅਤੇ ਤ੍ਰਿਸ਼ਨਾ ਦਾ ਬੱਧਾ ਹੋਇਆ ਹੀ (ਵਿਕਾਰੀ ਜੀਵਨ ਕਰਕੇ) ਮੁੜ-ਮੁੜ ਮੂੰਹ ’ਤੇ ਵਿਕਾਰਾਂ ਦੀਆਂ ਚੋਟਾਂ ਸਹਾਰਦਾ ਹੈ ਤੇ ਆਸਾ ਦੇ ਪ੍ਰਭਾਵ ਹੇਠ ਹੀ ਇੱਥੋਂ ਤੁਰਦਾ ਹੈ, ਜਿਵੇਂ ਕਿ ਗੁਰ ਵਾਕ ਹਨ : ‘‘ਆਸਾ ਅੰਦਰਿ ਜੰਮਿਆ; ਆਸਾ ਰਸ ਕਸ ਖਾਇ ॥ ਆਸਾ ਬੰਧਿ ਚਲਾਈਐ; ਮੁਹੇ ਮੁਹਿ ਚੋਟਾ ਖਾਇ ॥ ਅਵਗਣਿ ਬਧਾ ਮਾਰੀਐ; ਛੂਟੈ, ਗੁਰਮਤਿ ਨਾਇ ॥’’ (ਮ : ੧, ਪੰਨਾ ੬੧)

ਇਹ ਵੀ ਸੱਚ ਹੈ ਕਿ ਮਨੁੱਖ ਦੀ ਜ਼ਿੰਦਗੀ ਦੀ ਤਾਣੀ ਦੁਨੀਆ ਦੇ ਜੰਜਾਲ ’ਚ ਉਲਝੀ ਹੋਈ ਹੈ। ਇਸ ਦੇ ਗਲ਼ ਵਿੱਚ ਮਾਇਆ ਦੇ ਮੋਹ ਦੀ ਫਾਹੀ ਪਈ ਹੋਈ ਹੈ, ਪਰ ਇਸ ਦੀ ਕੋਈ ਪੇਸ਼ ਨਹੀਂ ਜਾਂਦੀ। ਅਨੇਕਾਂ ਵਿਕਾਰਾਂ ਕਰਕੇ ਮਨੁੱਖ ਨਿਰੰਤਰ ਠੱਗਿਆ ਜਾ ਰਿਹਾ ਹੈ, ਪਰ ਫਿਰ ਵੀ ਮਨੁੱਖ ਆਪਣੇ ਆਪ ਨੂੰ ਸਿਆਣਾ (ਸੁਚੇਤ) ਸਮਝਦਾ ਹੈ ਤੇ ਦੁਨੀਆ ਦੇ ਕੰਮਾਂ ’ਚ ਮਗਨ ਹੈ। ਦੁਨੀਆ ਦੀਆਂ ਆਸਾਵਾਂ ਦਾ ਮਾਰਿਆ ਸੰਸਾਰ ’ਚ ਆਉਂਦਾ ਹੈ ਤੇ ਮਨ ਦੇ ਅਨੇਕਾਂ ਫੁਰਨੇ ਲੈ ਕੇ, ਇੱਥੋਂ ਉੱਠ ਜਾਂਦਾ ਹੈ : ‘‘ਜਾਗਤੁ ਬਿਗਸੈ; ਮੂਠੋ ਅੰਧਾ ॥ ਗਲਿ ਫਾਹੀ; ਸਿਰਿ ਮਾਰੇ ਧੰਧਾ ॥  ਆਸਾ ਆਵੈ; ਮਨਸਾ ਜਾਇ ॥ ਉਰਝੀ ਤਾਣੀ; ਕਿਛੁ ਨ ਬਸਾਇ ॥’’ (ਮ : ੧, ਪੰਨਾ ੧੩੩੦)

ਗੁਰੂ ਸਾਹਿਬਾਨ ਫ਼ੁਰਮਾਉਂਦੇ ਹਨ ਕਿ ਸੰਸਾਰ ਵਿੱਚ ਜੋ ਵੀ ਦਿੱਸਦਾ ਹੈ, ਉਹ ਟੁੱਟੇ ਦਿਲ ਵਾਲ਼ਾ ਭਾਵ ਕਿ ਢੱਠੀਆਂ ਹੋਈਆਂ ਉਮੀਦਾਂ ਵਾਲਾ ਹੀ ਦਿੱਸਦਾ ਹੈ ਕਿਉਂਕਿ ਬਹੁਤਾਤ ਲੋਕਾਈ ਇੱਛਾਵਾਂ ਹੀ ਇੱਛਾਵਾਂ ਬਣਾਉਂਦੀ ਰਹਿੰਦੀ ਹੈ, ਜਿਸ ਕਾਰਨ ਸੰਤੋਖ ਦੀ ਬਜਾਇ ਬੈਚੇਨੀ ਦੀ ਨੀਂਦ ਸੁੱਤੀ ਰਹਿੰਦੀ ਹੈ। ਇਸ ਨੀਂਦ ’ਚੋਂ ਪ੍ਰਮਾਤਮਾ ਦੀ ਮਿਹਰ ਸਦਕਾ ਹੀ ਜਾਗਿਆ ਜਾ ਸਕਦਾ ਹੈ : ‘‘ਜੋ ਦੀਸੈ; ਸੋ ਆਸ ਨਿਰਾਸਾ ॥ ਕਾਮ ਕ੍ਰੋਧ ਬਿਖੁ ਭੂਖ ਪਿਆਸਾ ॥ ਨਾਨਕ  ! ਬਿਰਲੇ ਮਿਲਹਿ, ਉਦਾਸਾ (ਭਾਵ ਆਸਾ ਰਹਿਤ) ॥ (ਮ : ੧, ਪੰਨਾ ੨੨੪), ਆਸਾ ਆਸ ਕਰੇ ਸਭੁ ਕੋਈ ॥  ਹੁਕਮੈ ਬੂਝੈ; ਨਿਰਾਸਾ ਹੋਈ ॥ ਆਸਾ ਵਿਚਿ ਸੁਤੇ; ਕਈ ਲੋਈ ॥ ਸੋ ਜਾਗੈ; ਜਾਗਾਵੈ ਸੋਈ ॥’’ (ਮ : ੩, ਪੰਨਾ ੪੨੩)

ਮਨੁੱਖਾ ਜਨਮ ਦਾ ਮਨੋਰਥ ਯਕੀਨਨ ਪ੍ਰਮਾਤਮਾ ਨਾਲ਼ ਇੱਕ ਮਿੱਕ ਹੋਣਾ ਹੈ ਪਰ ਜਦ ਤੱਕ ਮਨੁੱਖ ਦੇ ਮਨ ਵਿੱਚ ਚਿੰਤਾਵਾਂ, ਡਰ ਅਤੇ  ਖਾਹਸ਼ਾਂ ਆਦਿ ਹਨ; ਮਨੁੱਖ ਇੱਕ ਪ੍ਰਮਾਤਮਾ ਨੂੰ ਨਹੀਂ ਸਿਮਰ ਸਕਦਾ। ਪ੍ਰਭੂ ਦਾ ਮਿਲਾਪ ਤਾਂ ਹੀ ਸੰਭਵ ਹੈ, ਜੇਕਰ ਆਸਾਵਾਂ ’ਚ ਰਹਿੰਦੇ ਹੋਏ ਵੀ ਆਸਾ ਤੋਂ ਨਿਰਲੇਪ ਰਹਿਣ ਦੀ ਜਾਚ ਸਿੱਖ ਲਈ ਜਾਵੇ; ਜਿਵੇਂ ਕਿ ਗੁਰ ਵਾਕ ਹਨ : ‘‘ਜਬ ਆਸਾ, ਅੰਦੇਸਾ ਤਬ ਹੀ; ਕਿਉ ਕਰਿ ਏਕੁ ਕਹੈ ॥  ਆਸਾ ਭੀਤਰਿ ਰਹੈ ਨਿਰਾਸਾ; ਤਉ ਨਾਨਕ ਏਕੁ ਮਿਲੈ ॥’’ (ਮ : ੧, ਪੰਨਾ ੮੭੭)

ਧਿਆਨ ਰਹੇ ਕਿ ਗੁਰੂ ਦੇ ਸੱਚੇ ਸ਼ਬਦ ਦੁਆਰਾ ਹੀ ਦੁਨਿਆਵੀ ਇੱਛਾਵਾਂ ਨੂੰ ਸਾੜਿਆ ਜਾ ਸਕਦਾ ਹੈ (ਆਸਾ ਮਨਸਾ, ਸਬਦਿ ਜਲਾਏ॥) ਤੇ ਗੁਰੂ ਦੇ ਹੁਕਮ ’ਚ ਤੁਰਿਆਂ ਗ੍ਰਹਿਸਤ ’ਚ ਰਹਿ ਕੇ ਵੀ, ਦੁਨੀਆ ਦੀ ਹਰ ਲਾਲਸਾ ਤੋਂ ਉਪਰਾਮ ਹੋਇਆ ਜਾ ਸਕਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਸਚਾ ਸਬਦੁ, ਸਚੁ ਮਨਿ; ਘਰ ਹੀ ਮਾਹਿ ਉਦਾਸਾ ॥ ਨਾਨਕ  ! ਸਤਿਗੁਰੁ ਸੇਵਨਿ ਆਪਣਾ; ਸੇ ਆਸਾ ਤੇ ਨਿਰਾਸਾ ॥’’ (ਮ : ੧, ਪੰਨਾ ੧੪੦) ਦੂਜੇ ਪਾਸੇ ਭਾਵ ਮਨ ਦੇ ਪਿੱਛੇ ਤੁਰਨ ਵਾਲੇ (ਮਨਮੁਖ) ਦੀ ਤ੍ਰਿਸ਼ਨਾ ਤੇ ਭੁੱਖ ਦੂਰ ਨਹੀਂ ਹੁੰਦੀ ਪਰ ਗੁਰੂ ਦੇ ਸ਼ਬਦ ’ਚ ਆਪਣੇ ਆਪ ਨੂੰ ਰੰਗ ਕੇ ਅਸੀਂ ਸੰਤੋਖ ਜ਼ਰੂਰ ਹਾਸਲ ਕਰ ਸਕਦੇ ਹਾਂ; ਜਿਵੇਂ ਕਿ ਗੁਰੂ ਅਮਰਦਾਸ ਜੀ ਦੇ ਬਚਨ ਹਨ : ‘‘ਕਿਆ ਗਭਰੂ  ? ਕਿਆ ਬਿਰਧਿ ਹੈ  ? ਮਨਮੁਖ ਤ੍ਰਿਸਨਾ ਭੁਖ ਨ ਜਾਇ ॥ ਗੁਰਮੁਖਿ ਸਬਦੇ ਰਤਿਆ; ਸੀਤਲੁ ਹੋਏ, ਆਪੁ ਗਵਾਇ ॥’’ (ਮ : ੩, ਪੰਨਾ ੬੫੦) ਗੁਰੂ ਜੀ ਫ਼ੁਰਮਾਉਂਦੇ ਹਨ ਕਿ ਜਹਾਨ ਆਸਾਵਾਂ ਨੂੰ ਬੰਨ੍ਹਦਾ ਹੋਇਆ ਮਰ ਜਾਂਦਾ ਹੈ, ਪਰ ਇਹ ਆਸ ਕਦੇ ਨਹੀਂ ਮਰਦੀ; ਇਸ ਲਈ ਜ਼ਰੂਰੀ ਹੈ ਕਿ ਬਾਕੀ ਸਾਰੀਆਂ ਆਸਾਵਾਂ ਤਿਆਗ ਕੇ, ਇੱਕ ਪ੍ਰਮਾਤਮਾ ਦੀ ਆਸ ਰੱਖੀ ਜਾਵੇ ਜਿਸ ’ਤੇ ਸਭ ਜੀਵਾਂ ਨੂੰ ਭਰੋਸਾ ਹੈ। ਗੁਰੂ ਜੀ ਸਾਨੂੰ ਦੁਨਿਆਵੀ ਖਾਹਸ਼ਾਂ ਨੂੰ ਸਾੜ ਕੇ, ਜਗਤ ਵਿੱਚ ਮਹਿਮਾਨ ਬਣ ਕੇ ਰਹਿਣ ਦਾ ਉਪਦੇਸ਼ ਕਰਦੇ ਹਨ। ਕੁਝ ਗੁਰ ਵਾਕ ਇਸ ਤਰ੍ਹਾਂ ਹਨ : ‘‘ਆਸਾ ਕਰਤਾ ਜਗੁ ਮੁਆ; ਆਸਾ ਮਰੈ ਨ ਜਾਇ ॥ ਨਾਨਕ  ! ਆਸਾ ਪੂਰੀਆ; ਸਚੇ ਸਿਉ ਚਿਤੁ ਲਾਇ ॥ (ਮ : ੩, ਪੰਨਾ ੫੧੭), ਆਸਾ ਸਭੇ ਲਾਹਿ ਕੈ; ਇਕਾ ਆਸ ਕਮਾਉ ॥ (ਮ : ੫, ਪੰਨਾ ੪੩), ਤਿਸ ਹੀ ਕੀ ਕਰਿ ਆਸ ਮਨ  ! ਜਿਸ ਕਾ ਸਭਸੁ ਵੇਸਾਹੁ ॥ (ਮ : ੫, ਪੰਨਾ ੪੪), ਮੇਰੇ ਮਨ  ! ਆਸਾ ਕਰਿ ਜਗਦੀਸ ਗੁਸਾਈ ॥ ਜੋ ਬਿਨੁ ਹਰਿ ਆਸ ਅਵਰ ਕਾਹੂ ਕੀ ਕੀਜੈ; ਸਾ ਨਿਹਫਲ ਆਸ ਸਭ ਬਿਰਥੀ ਜਾਈ ॥੧॥ ਰਹਾਉ ॥ (ਮ : ੪, ਪੰਨਾ ੮੫੯), ਆਸਾ ਮਨਸਾ ਜਲਾਇ ਤੂ; ਹੋਇ ਰਹੁ ਮਿਹਮਾਣੁ ॥’’ (ਮ : ੩, ਪੰਨਾ ੬੪੬), ਆਦਿ।

ਗੁਰੂ ਦੇ ਸ਼ਬਦ ਦੁਆਰਾ ਆਪਣੇ ਮਨ ਨੂੰ ਸਮਝਾਉਣ (ਦੁਨਿਆਵੀ ਆਸਾ ਸਾੜਨ) ਲਈ ਹੇਠਲੇ ਗੁਰ ਵਾਕ ਬਹੁਤ ਲਾਭਕਾਰੀ ਸਾਬਤ ਹੋਣਗੇ, ਜਿਨ੍ਹਾਂ ’ਚ ਗੁਰੂ ਜੀ ਸਮਝਾਉਂਦੇ ਹਨ ਕਿ ਜੇਕਰ ਅਸੀਂ ਪ੍ਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਦੀ ਆਸ ਕਰਦੇ ਹਾਂ, ਤਾਂ ਸਾਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਮਾਇਆ ਆਦਿਕ ਦੀ ਆਸ; ਦੂਜਾ ਤੇ ਝੂਠਾ ਪਿਆਰ ਹੈ; ਜੋ ਕਿ ਇੱਕ ਖਿਨ ’ਚ ਨਾਸ ਹੋ ਜਾਂਦਾ ਹੈ : ‘‘ਜੇ ਕਿਛੁ ਆਸ ਅਵਰ ਕਰਹਿ ਪਰਮਿਤ੍ਰੀ; ਮਤ ਤੂੰ ਜਾਣਹਿ, ਤੇਰੈ ਕਿਤੈ ਕੰਮਿ ਆਈ ॥ ਇਹ ਆਸ ਪਰਮਿਤ੍ਰੀ ਭਾਉ ਦੂਜਾ ਹੈ; ਖਿਨ ਮਹਿ ਝੂਠੁ ਬਿਨਸਿ ਸਭ ਜਾਈ ॥ ਮੇਰੇ ਮਨ  ! ਆਸਾ ਕਰਿ ਹਰਿ ਪ੍ਰੀਤਮ ਸਾਚੇ ਕੀ; ਜੋ ਤੇਰਾ ਘਾਲਿਆ ਸਭੁ, ਥਾਇ ਪਾਈ ॥’’ (ਮ : ੪, ਪੰਨਾ ੮੫੯) ਅੱਗੇ ਹੋਰ ਉਪਦੇਸ਼ ਕਰਦੇ ਹਨ ਕਿ ਸੰਸਾਰੀ ਮਮਤਾ, ਧਨ ਅਤੇ ਪਰਵਾਰ ਆਦਿ ’ਤੇ ਆਸ ਰੱਖਣਾ ਮਾਨੋ ਜੀਵਨ ਵਿਅਰਥ ਗਵਾਉਣਾ ਹੈ ਕਿਉਂਕਿ ਇਹ ਸੰਬੰਧੀ ਵਿਚਾਰੇ ਰੱਬੀ ਦਰਗਾਹ ’ਚ ਕੁਝ ਵੀ ਮਦਦ ਨਹੀਂ ਕਰ ਸਕਦੇ। ਸਰਬ ਕਲਾ ਸਮਰੱਥ ਪ੍ਰਭੂ ਦੀ ਆਸ ਰੱਖਣੀ ਚਾਹੀਦੀ ਹੈ ਕਿਉਂਕਿ ਅਜਿਹਾ ਮਿੱਤਰ ਹੀ ਸਾਨੂੰ ਤੇ ਸਾਡੇ ਪਰਵਾਰ ਨੂੰ ਪਾਰ ਲੰਘਾ ਸਕਦਾ ਹੈ : ‘‘ਜੋ ਦੀਸੈ ਮਾਇਆ ਮੋਹ ਕੁਟੰਬੁ ਸਭੁ; ਮਤ ਤਿਸ ਕੀ ਆਸ ਲਗਿ, ਜਨਮੁ ਗਵਾਈ ॥  ਇਨ੍ ਕੈ ਕਿਛੁ ਹਾਥਿ ਨਹੀ; ਕਹਾ ਕਰਹਿ ਇਹਿ ਬਪੁੜੇ; ਇਨ੍ ਕਾ ਵਾਹਿਆ ਕਛੁ ਨ ਵਸਾਈ ॥ ਮੇਰੇ ਮਨ  ! ਆਸ ਕਰਿ ਹਰਿ ਪ੍ਰੀਤਮ ਅਪੁਨੇ ਕੀ; ਜੋ ਤੁਝੁ ਤਾਰੈ, ਤੇਰਾ ਕੁਟੰਬੁ ਸਭੁ ਛਡਾਈ ॥’’ (ਮ : ੪, ਪੰਨਾ ੮੫੯)

ਇੱਕ ਗੱਲ ਹੋਰ ਵੀ ਧਿਆਨ ਰੱਖਣਯੋਗ ਹੈ ਕਿ ਆਸਾ, ਮਨਸ਼ਾ ਭਾਵ ਮਨ ਦੇ ਬੇਲੋੜੇ ਫੁਰਨੇ ਤਦ ਹੀ ਮੁੱਕ ਸਕਦੇ ਹਨ, ਜਦ ਇਹਨਾਂ ਨੂੰ ਪੈਦਾ ਕਰਨ ਵਾਲਾ ਸਿਰਜਣਹਾਰ ਹੀ ਆਪ ਮੁਕਾਉਂਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਆਸਾ ਮਨਸਾ ਮਰਿ ਜਾਇਸੀ; ਜਿਨਿ ਕੀਤੀ, ਸੋ ਲੈ ਜਾਇ ॥ ਨਾਨਕ ਨਿਹਚਲੁ ਕੋ ਨਹੀ; ਬਾਝਹੁ ਹਰਿ ਕੈ ਨਾਇ ॥’’ (ਮ : ੩, ਪੰਨਾ ੫੧੭) ਭਾਵਾਰਥ ਹੈ ਕਿ ਸੱਚੇ ਨਾਲ਼ ਚਿੱਤ ਲਾਇਆਂ ਹੀ ਤ੍ਰਿਸ਼ਨਾ ਬੁਝਦੀ ਹੈ। ਯਾਦ ਰੱਖੀਏ ਕਿ ਰਚਨਹਾਰ; ਹਰ ਹਿਰਦੇ ’ਚ ਵਿਆਪਕ ਹੈ ਤੇ ਮਨ ਦੀ ਮੰਗ ਅਨੁਸਾਰ ਹੀ ਸਾਡੀ ਖਾਹਸ਼ ਪੂਰੀ ਕਰ ਦਿੰਦਾ ਹੈ (ਜੈਸੀ ਆਸਾ ਤੈਸੀ ਮਨਸਾ ਪੂਰਿ ਰਹਿਆ ਭਰਪੂਰੇ ॥ ਮ : ੧, ਪੰਨਾ ੭੬੩) ਇਸ ਲਈ ਮਨ ’ਚ ਸਿਰਫ਼ ਇੱਕ ਨਿਰੰਕਾਰ ਦੀ ਆਸ ਰੱਖਣੀ ਤੇ ਬੇਨਤੀ ਭਾਵ ’ਚ ਵਿਚਰਨਾ ਹੀ ਮਨੁੱਖਾ ਜਨਮ ਲਈ ਸਾਰਥਕ ਸਾਬਤ ਹੋ ਸਕਦਾ ਹੈ : ‘‘ਤੁਮਰੀ ਸਰਣਿ ਤੁਮਾਰੀ ਆਸਾ; ਤੁਮ ਹੀ ਸਜਨ ਸੁਹੇਲੇ ॥ ਰਾਖਹੁ ਰਾਖਨਹਾਰ ਦਇਆਲਾ; ਨਾਨਕ ਘਰ ਕੇ ਗੋਲੇ ॥’’ (ਮ : ੫, ਪੰਨਾ ੬੭੪)

(7). ਸਰਾਧ, ਸਾਲਾਨਾ (ਬਰਸੀਆਂ) : ਭਗਤ ਕਬੀਰ ਜੀ ਨੇ ਸੰਸਾਰੀ ਲੋਕਾਂ ਦੇ ਵਿਹਾਰ ਸੰਬੰਧੀ ਇੱਕ ਕਮਾਲ ਦੀ ਸਚਾਈ ਪੇਸ਼ ਕਰਦਿਆਂ ਇਹ ਤੁਕਾਂ ਉਚਾਰਨ ਕੀਤੀਆਂ ਹਨ : ‘‘ਜੀਵਤ ਪਿਤਰ ਨ ਮਾਨੈ ਕੋਊ; ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ; ਕਊਆ ਕੂਕਰ ਖਾਹੀ ॥’’ (ਭਗਤ ਕਬੀਰ, ਪੰਨਾ ੩੩੨) ਬ੍ਰਾਹਮਣ ਨੇ ਆਪਣੀ ਰੋਟੀ ਪਾਣੀ ਵਧੀਆ ਚਲਾਉਣ ਲਈ ਸਰਾਧ ਕਰਵਾਉਣ ਵਰਗੇ ਕਰਮਕਾਂਡ ਨੂੰ ਪ੍ਰਚਾਰਿਆ ਪਰ ਸਾਡੇ ਭਲੇ ਲਈ ਗੁਰੂ ਨਾਨਕ ਦੇਵ ਜੀ ਨੇ ਪੰਡਿਤ ਨੂੰ ਤਾੜਨਾ ਕੀਤੀ ਕਿ ਸੱਚ ਬੋਲਣਾ ਚਾਹੀਦਾ ਹੈ : ‘‘ਝੂਠੁ ਨ ਬੋਲਿ ਪਾਡੇ  ! ਸਚੁ ਕਹੀਐ ॥… ਵਾਚੈ ਵਾਦੁ; ਨ ਬੇਦੁ ਬੀਚਾਰੈ ॥ ਆਪਿ ਡੁਬੈ; ਕਿਉ ਪਿਤਰਾ ਤਾਰੈ  ?॥’’ (ਮ : ੧, ਪੰਨਾ ੯੦੫) ਭਾਵ ਹੇ ਪੰਡਿਤ ! ਤੂੰ ਬੇਦਾਂ ਨੂੰ ਜੀਵਨ ਦੀ ਅਗਵਾਈ ਵਾਸਤੇ ਤਾਂ ਨਹੀਂ ਵਿਚਾਰਦਾ ਪਰ ਝਗੜੇ ਵਾਲੀ ਚਰਚਾ ਭਾਵ ਕਿ ਕਰਮਕਾਂਡਾਂ ਵਾਲੀ ਬਹਿਸ ਕਰਨ ਲਈ ਹੀ ਪੜ੍ਹਦਾ ਹੈਂ। ਅਜਿਹਾ ਕੀਤਿਆਂ ਜਿਹੜਾ ਮਨੁੱਖ ਆਪ ਵਿਕਾਰਾਂ ’ਚ ਡੁੱਬਿਆ ਰਹੇ ਤਾਂ ਉਹ ਆਪਣੇ ਮਰ ਚੁੱਕੇ ਬਜ਼ੁਰਗਾਂ ਨੂੰ ਕਿਵੇਂ ਪਾਰ ਲੰਘਾ ਸਕਦਾ ਹੈ ?

ਸਿੱਖ ਨੂੰ ਇਹ ਸ਼ੋਭਦਾ ਨਹੀਂ ਕਿ ਉਹ ਦੇਖਾ ਦੇਖੀ ਭਾਵ ਕਿ ਲੋਕ ਲਾਜ ਦੀ ਖ਼ਾਤਰ ਸਰਾਧ ਕਰਾਵੇ ਕਿਉਂਕਿ ਦਇਆ ਦੇ ਸਾਗਰ, ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਕੇਵਲ ਪਰਮਾਤਮਾ ਦੇ ਚਰਨਾ ’ਚ ਚਿੱਤ ਜੋੜ ਕੇ ਹੀ ਜੀਵਨ ਦਾ ਉਧਾਰ ਹੋ ਸਕਦਾ ਹੈ : ‘‘ਗੁਰ ਕੇ ਸੇਵਕ, ਸਤਿਗੁਰ ਪਿਆਰੇ ॥ ਓਇ ਬੈਸਹਿ ਤਖਤਿ,  ਸੁ ਸਬਦੁ ਵੀਚਾਰੇ ॥ ਤਤੁ ਲਹਹਿ ਅੰਤਰਗਤਿ ਜਾਣਹਿ; ਸਤਸੰਗਤਿ ਸਾਚੁ ਵਡਾਈ ਹੇ ॥੧੫॥ ਆਪਿ ਤਰੈ ਜਨੁ,  ਪਿਤਰਾ ਤਾਰੇ ॥ ਸੰਗਤਿ ਮੁਕਤਿ,  ਸੁ ਪਾਰਿ ਉਤਾਰੇ ॥ ਨਾਨਕੁ  ਤਿਸ ਕਾ ਲਾਲਾ ਗੋਲਾ; ਜਿਨਿ, ਗੁਰਮੁਖਿ ਹਰਿ ਲਿਵ ਲਾਈ ਹੇ ॥’’ (ਮਾਰੂ ਸੋਲਹੇ ਮ :੧/੧੦੨੬)

(8). ਸ਼ਰਾਬ ਤੇ ਭੰਗ ਆਦਿ ਨਸ਼ਿਆਂ ਦਾ ਸੇਵਨ : ਨਸ਼ੇ ਸੰਬੰਧੀ ਗੁਰ ਉਪਦੇਸ਼ ਨੂੰ ਸਮਝਣ ਤੇ ਅਪਣਾਉਣ ਦੀ ਅੱਜ ਬਹੁਤ ਵੱਡੀ ਲੋੜ ਹੈ ਕਿਉਂਕਿ ਅਸੰਤੁਸ਼ਟ ਮਾਨਸਿਕਤਾ ਕਾਰਨ ਬਹੁਤਾਤ ਲੋਕਾਈ ਵਿਕਾਰਾਂ ਦੀ ਦਲਦਲ ’ਚ ਆਸਾਨੀ ਨਾਲ਼ ਧੱਸਦੀ ਜਾ ਰਹੀ ਹੈ। ਅਸੀਂ ਪੰਜਾਬੀ ਖ਼ਾਸ ਕਰਕੇ ਸਾਡੇ ਨੌਜਵਾਨ ਆਪਣੇ ਆਪ ਨੂੰ ਇਸ ਤ੍ਰਾਸਦੀ ਤੋਂ ਨਹੀਂ ਬਚਾ ਸਕੇ ਤੇ ਆਪਣਾ ਚੜ੍ਹਦੀ ਕਲਾ ਵਾਲਾ ਕਿਰਦਾਰ ਭੁਲਾ ਕੇ, ਚੰਦਰੇ ਨਸ਼ਿਆਂ ਹੱਥੋਂ ਹੀ ਹਾਰ ਗਏ ਹਾਂ। ਹੋਰ ਤੇ ਹੋਰ ਸਾਡੇ ਸਿੱਖਾਂ ਦਾ ਹੀ ਇੱਕ ਵਰਗ ਜਿਹੜਾ ਕਿ ਭਾਵੇਂ ਬਾਣੇ ਦਾ ਧਾਰਨੀ ਹੈ (ਤੇ ਆਪਣੇ ਨਾਲ਼ ਹਮੇਸ਼ਾਂ ਬਾਣੀ ਦਾ ਖ਼ਜ਼ਾਨਾ ਰੱਖਣ ਦਾ ਦਾਅਵਾ ਵੀ ਕਰਦਾ ਹੈ) ਪਰ ਨਾਮ ਦੇ ਸੱਚੇ ਨਸ਼ੇ ਦੀ ਬਜਾਇ ਭੰਗ ਦਾ ਨਸ਼ਾ ਕਰ ਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿਧਾਂਤਿਕ ਬੇਅਦਬੀ ਕਰਨ ਲਈ ਵੀ ਹਰ ਸਮੇਂ ਤੱਤਪਰ ਰਹਿੰਦਾ ਹੈ ਭਾਵੇਂ ਕਿ ਅਜਿਹੇ ਵਰਤਾਉ ਬਾਰੇ ਭਗਤ ਕਬੀਰ ਜੀ ਬਚਨ ਕਰਦੇ ਹਨ : ‘‘ਕਬੀਰ  ! ਭਾਂਗ ਮਾਛੁਲੀ ਸੁਰਾ ਪਾਨਿ; ਜੋ ਜੋ ਪ੍ਰਾਨੀ ਖਾਂਹਿ ॥ ਤੀਰਥ ਬਰਤ ਨੇਮ ਕੀਏ; ਤੇ ਸਭੈ ਰਸਾਤਲਿ ਜਾਂਹਿ॥’’ (ਸਲੋਕ ਭਗਤ ਕਬੀਰ ਜੀ/੧੩੭੭)

ਕਬੀਰ ਸਾਹਿਬ ਜੀ ਨੇ ਸੰਸਾਰਕ ਰਸਾਂ (ਵਿਕਾਰਾਂ) ਦਾ ਜ਼ਿਕਰ ਕਰਨ ਲਈ ਭੰਗ, ਸ਼ਰਾਬ ਆਦਿ ਸ਼ਬਦ ਵਰਤ ਕੇ ਸਮਝਾਇਆ ਹੈ ਕਿ ਜੇ ਵਿਕਾਰੀ ਬਿਰਤੀ ਵੀ ਰੱਖਣੀ ਹੈ ਤਾਂ ਕੀਤੇ ਧਾਰਮਕ ਕਰਮ ਕਰਨ ਦਾ ਕੋਈ ਫ਼ਾਇਦਾ ਨਹੀਂ ਹੁੰਦਾ। ਇਸ ਦੇ ਉਲਟ ਵਿਕਾਰ ਰਹਿਤ ਜੀਵਨ ਭਾਵ ਰੱਬੀ ਰਜ਼ਾ ’ਚ ਤੁਰਨ ਵਾਲੇ ਮਨੁੱਖ ਦਾ ਖਾਣਾ, ਪਹਿਨਣਾ ਆਦਿ ਸਭ ਪਵਿੱਤਰ ਤੇ ਪਰਵਾਨ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ; ਜੋ ਨਾਮਿ ਹਰਿ ਰਾਤੇ ॥…ਤਿਨ ਕੇ ਕਰਮ ਧਰਮ ਕਾਰਜ ਸਭਿ ਪਵਿਤੁ ਹਹਿ; ਜੋ ਬੋਲਹਿ ਹਰਿ ਹਰਿ ਰਾਮ ਨਾਮੁ ਹਰਿ ਸਾਤੇ ॥’ (ਮ : ੧/੬੪੮)

ਯਕੀਨਨ ! ਭੇਖ, ਵਿਕਾਰ ਤੇ ਮਨ ਦੀਆਂ ਚਤੁਰਾਈਆਂ ਲਈ ਗੁਰਮਤਿ ’ਚ ਕੋਈ ਥਾਂ ਨਹੀਂ ਹੈ। ਮਨ, ਤਨ ’ਚ ਵਿਕਾਰ ਤੇ ਅਨੇਕਾਂ ਰੋਗ ਪੈਦਾ ਕਰਨ ਵਾਲੇ ਮਾਰੂ ਨਸ਼ੇ ਵਰਤਣ ਦੀ ਜਗ੍ਹਾ ਗੁਰਮਤ ’ਚ ਰੱਬੀ ਪ੍ਰੇਮ ਤੇ ਅਦਬ ਦਾ ਨਸ਼ਾ ਕਰਨਾ ਹੀ ਪ੍ਰਵਾਨ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਭਉ ਤੇਰਾ ਭਾਂਗ, ਖਲੜੀ ਮੇਰਾ ਚੀਤੁ॥ ਮੈ ਦੇਵਾਨਾ, ਭਇਆ ਅਤੀਤੁ ॥’’ (ਤਿਲੰਗ ਮ : ੧/੭੨੧) ਪਰ ਵਿਕਾਰਾਂ ’ਚ ਗ਼ਲਤਾਨ ਹੋਏ ਪ੍ਰਾਣੀਆਂ ਨੂੰ ਤਾੜਨਾ ਕਰਦਿਆਂ ਗੁਰੂ ਸਾਹਿਬ ਜੀ ਫ਼ੁਰਮਾਉਂਦੇ ਹਨ : ‘‘ਪਾਨ ਸੁਪਾਰੀ ਖਾਤੀਆ; ਮੁਖਿ ਬੀੜੀਆ ਲਾਈਆ॥ ਹਰਿ ਹਰਿ ਕਦੇ ਨ ਚੇਤਿਓ; ਜਮਿ ਪਕੜਿ ਚਲਾਈਆ॥’’ (ਤਿਲੰਗ ਮ :੪/੭੨੬) ਇਸੇ ਤਰ੍ਹਾਂ ਸ਼ਰਾਬ ਦਾ ਨਸ਼ਾ ਕਰਨ ਵਾਲ਼ਿਆਂ ਨੂੰ ਸਖ਼ਤ ਹਿਦਾਇਤ ਕੀਤੀ ਜਾ ਰਹੀ ਹੈ ਕਿ ਭੁੱਲ ਕੇ ਵੀ ਅਜਿਹੇ ਭੈੜੇ ਨਸ਼ੇ ਦੇ ਲਾਗੇ ਨਹੀਂ ਜਾਣਾ ਚਾਹੀਦਾ ਜਿਸ ਸਦਕਾ ਆਪਣੇ ਤੇ ਪਰਾਏ ਦੀ ਪਛਾਣ ਤੱਕ ਨਹੀਂ ਰਹਿੰਦੀ ਅਤੇ ਜਿਸ ਦੇ ਪੀਤਿਆਂ ਰੱਬ ਵੱਲੋਂ ਵੀ ਫਿਟਕਾਰਾਂ ਹੀ ਪੈਦੀਆਂ ਹਨ : ‘‘ਜਿਤੁ ਪੀਤੈ, ਮਤਿ ਦੂਰਿ ਹੋਇ; ਬਰਲੁ ਪਵੈ ਵਿਚਿ ਆਇ ॥ ਆਪਣਾ ਪਰਾਇਆ ਨ ਪਛਾਣਈ; ਖਸਮਹੁ ਧਕੇ ਖਾਇ ॥ ਜਿਤੁ ਪੀਤੈ, ਖਸਮੁ ਵਿਸਰੈ; ਦਰਗਹ ਮਿਲੈ ਸਜਾਇ ॥ ਝੂਠਾ ਮਦੁ ਮੂਲਿ ਨ ਪੀਚਈ; ਜੇ ਕਾ ਪਾਰਿ ਵਸਾਇ ॥ ਨਾਨਕ ! ਨਦਰੀ ਸਚੁ ਮਦੁ ਪਾਈਐ; ਸਤਿਗੁਰੁ ਮਿਲੈ ਜਿਸੁ ਆਇ ॥ ਸਦਾ ਸਾਹਿਬ ਕੈ ਰੰਗਿ ਰਹੈ; ਮਹਲੀ ਪਾਵੈ ਥਾਉ॥’’ (ਮ :੩/੫੫੪)

ਦਇਆ ਦੇ ਸਾਗਰ ਧੰਨ ਗੁਰੂ ਨਾਨਕ ਪਾਤਸ਼ਾਹ ਸਾਨੂੰ ਸ਼ਰਾਬ ਵਰਗੇ ਹੋਛੇ ਨਸ਼ੇ ਦੀ ਬਜਾਇ ਗੁਰੂ ਦੀ ਬਾਣੀ ਤੇ ਪ੍ਰਮਾਤਮਾ ਦੇ ਸਿਮਰਨ ਦਾ ਰਸ ਪੀ ਕੇ ਅਸਲ ਨਸ਼ਈ ਬਣਨ ਦੀ ਜਾਚ ਸਿਖਾਉਂਦੇ ਹਨ : ‘‘ਗੁੜੁ ਕਰਿ ਗਿਆਨੁ, ਧਿਆਨੁ ਕਰਿ ਧਾਵੈ; ਕਰਿ ਕਰਣੀ, ਕਸੁ ਪਾਈਐ ॥ ਭਾਠੀ ਭਵਨੁ ਪ੍ਰੇਮ ਕਾ ਪੋਚਾ; ਇਤੁ ਰਸਿ ਅਮਿਉ ਚੁਆਈਐ ॥੧॥ ਬਾਬਾ ! ਮਨੁ ਮਤਵਾਰੋ, ਨਾਮ ਰਸੁ ਪੀਵੈ;  ਸਹਜ ਰੰਗ ਰਚਿ ਰਹਿਆ ॥ ਅਹਿਨਿਸਿ ਬਨੀ, ਪ੍ਰੇਮ ਲਿਵ ਲਾਗੀ; ਸਬਦੁ ਅਨਾਹਦ ਗਹਿਆ ॥’’ (ਆਸਾ ਮ :੧/੩੬੦) ਵੈਸੇ ਤਾਂ ਸਾਰੇ ਜੀਵ ਹੀ ਮਾਇਆ ਦੇ ਤਿੰਨ ਗੁਣਾਂ (ਰਜੋ, ਤਮੋ ਸਤੋ) ਦੇ ਪ੍ਰਭਾਵ ਵਿੱਚ ਨੱਚ ਰਹੇ ਹਨ ਪਰ ਇੱਥੇ ਇਹ ਕਹਿਣ ਤੋਂ ਗੁਰੇਜ਼ ਨਹੀਂ ਕਿ ਆਨੰਦ ਕਾਰਜ ਵਰਗੇ ਮੌਕੇ ਸ਼ਰਾਬੀ ਹੋ ਕੇ ਨੱਚਣਾ ਤੇ ਨੱਚਦਿਆਂ ਹੋਇਆਂ ਆਪਣੀਆਂ ਦਸਤਾਰਾਂ ਦੀ ਸੰਭਾਲ਼ ਵੀ ਨਾ ਕਰ ਸਕਣਾ, ਬਹੁਤ ਹੀ ਸ਼ਰਮਨਾਕ ਕਾਰਾ ਹੈ। ਨਾਚ ਗਾਣੇ, ਸਿਹਰੇ, ਸਿੱਖਿਆ, ਜੈ ਮਾਲ਼ਾ, ਆਦਿ ਕਰਮ ਗੁਰਮਤ ਅਨੁਸਾਰੀ ਨਹੀਂ ਹਨ। ਜੇ ਨੱਚਣਾ ਹੀ ਹੈ ਤਾਂ ਆਪਣੇ ਸਰੀਰ ਨਾਲ਼ ਨਹੀਂ ਬਲਕਿ ਆਪਣੇ ਮਨ ਨੂੰ ਗੁਰੂ ਦੀ ਹਜ਼ੂਰੀ ’ਚ ਨਚਾਈਏ ਭਾਵ ਕਿ ਗੁਰੂ ਦੇ ਹੁਕਮ ’ਚ ਤੁਰੀਏ ਤਾਂ ਹੀ ‘ਇਹ ਲੋਕ ਸੁਖੀਏ, ਪਰਲੋਕ ਸੁਹੇਲੇ’ ਸੰਭਵ ਹੋ ਸਕਦਾ ਹੈ; ਜਿਵੇਂ ਕਿ ਗੁਰੂ ਜੀ ਉਪਦੇਸ਼ ਕਰਦੇ ਹਨ : ‘‘ਨਿਰਤਿ ਕਰੀ, ਇਹੁ ਮਨੁ ਨਚਾਈ ॥ ਗੁਰ ਪਰਸਾਦੀ, ਆਪੁ ਗਵਾਈ ॥ ਚਿਤੁ ਥਿਰੁ ਰਾਖੈ, ਸੋ ਮੁਕਤਿ ਹੋਵੈ; ਜੋ ਇਛੀ ਸੋਈ ਫਲੁ ਪਾਈ ॥੧॥ ਨਾਚੁ ਰੇ ਮਨ ! ਗੁਰ ਕੈ ਆਗੈ ॥ ਗੁਰ ਕੈ ਭਾਣੈ ਨਾਚਹਿ, ਤਾ ਸੁਖੁ ਪਾਵਹਿ; ਅੰਤੇ ਜਮ ਭਉ ਭਾਗੈ ॥’’ (ਗੂਜਰੀ ਮ : ੩/੫੦੬)

—–ਚਲਦਾ—–

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਦੂਜਾ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਤੀਜਾ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਚੌਥਾ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਪੰਜਵਾਂ)