12 ਤੋਂ 18 ਵਰ੍ਹਿਆਂ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)- 0175-2216783
ਇਸ ਤੋਂ ਪਹਿਲਾਂ ਕਿ ਮੈਂ ਜ਼ਿਕਰ ਕਰਾਂ 12 ਤੋਂ 18 ਵਰ੍ਹਿਆਂ ਦੇ ਬੱਚਿਆਂ ਦੀ, ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਅੰਦਰ ਝਾਤ ਮਾਰੀਏ ਕਿ ਅਸੀਂ ਰਿਸ਼ਤਿਆਂ ਨੂੰ ਕਿੰਨੀ ਕੁ ਅਹਿਮੀਅਤ ਦਿੰਦੇ ਹਾਂ ਤੇ ਬੱਚਿਆਂ ਨੂੰ ਕਿੰਨਾ ਕੁ ਸਮਾਂ ਦੇ ਰਹੇ ਹਾਂ !
ਜਦੋਂ ਕੌਮ ਉੱਤੇ ਜਾਂ ਦੇਸ ਉੱਤੇ ਭੀੜ ਬਣੇ ਤਾਂ ਕੀ ਸਾਡੇ ਬੱਚੇ ਓਨੇ ਦਲੇਰ ਬਣ ਰਹੇ ਹਨ ਜਿੰਨੀ ਉਨ੍ਹਾਂ ਨੂੰ ਲੋੜ ਹੈ ਕਿ ਲੱਚਰ ਗੀਤ ਸੰਗੀਤ ਤੇ ਫੈਸ਼ਨ, ਇੰਟਰਨੈੱਟ ਵਿਚ ਗ਼ਰਕ ਚੁੱਕੇ ਸਾਡੇ ਬੱਚੇ ਕੁੱਝ ਹੋਰ ਸੋਚ ਸਕਣ ਦੇ ਸਮਰੱਥ ਹੀ ਨਹੀਂ ਰਹੇ ?
ਅੱਜ ਦੇ ਜ਼ਮਾਨੇ ਦੇ ਸਾਡੇ ਜਵਾਨ ਹੁੰਦੇ ਬੱਚੇ ਖਾਸ ਕਰ 12 ਤੋਂ 18 ਵਰ੍ਹਿਆਂ ਦੇ, ਨਵੀਆਂ ਚੀਜ਼ਾਂ ਸਿਖਣ ਤੇ ਘੋਖਣ ਦੇ ਚਾਹਵਾਨ ਹੁੰਦੇ ਹਨ। ਇਸੇ ਲਈ ਸਿਰਫ ਕਲਾਸ ਵਿਚ ਪੜ੍ਹੀਆਂ ਜਾਣ ਵਾਲੀਆਂ ਕਿਤਾਬਾਂ ਤੋਂ ਇਲਾਵਾ ਆਲਾ ਦੁਆਲਾ ਤੇ ਆਪਣੀ ਦਿਖ ਵਲ ਵੱਧ ਧਿਆਨ ਕਰਦੇ ਹਨ। ਬੱਚੇ ਦਰਅਸਲ ਇਹ ਸੋਚਣ ਲੱਗ ਪੈਂਦੇ ਹਨ ਕਿ ਉਹ ਆਪਣੇ ਮਾਪਿਆਂ ਤੋਂ ਕਾਫੀ ਅਗਾਂਹ ਵਧ ਚੁੱਕੇ ਹਨ ਕਿਉਂਕਿ ਮਾਪੇ ਪੁਰਾਣੇ ਜ਼ਮਾਨੇ ਦੇ ਵੇਲੇ ਦੇ ਹਨ ਜਦੋਂ ਅਜਿਹਾ ਕੁੱਝ ਹੁੰਦਾ ਹੀ ਨਹੀਂ ਸੀ ਤੇ ਨਵੀਆਂ ਚੀਜ਼ਾਂ ਦੀ ਕਾਢ ਅਤੇ ਉਨ੍ਹਾਂ ਦੀ ਵਧ ਜਾਣਕਾਰੀ ਸਦਕਾ ਬੱਚੇ ਮਾਪਿਆਂ ਦੀ ਹਲਕੀ ਟਿੱਚਰ ਕਰਨ ਤੋਂ ਵੀ ਟਲਦੇ ਨਹੀਂ, ਖ਼ਾਸ ਕਰ ਮਾਂ ਦੀ।
ਆਮ ਘਰਾਂ ਵਿਚ ਇਹ ਵੇਖਿਆ ਜਾ ਸਕਦਾ ਹੈ ਜਦੋਂ ਕਿਸੇ ਨਵੀਂ ਚੀਜ਼ ਬਾਰੇ ਜਾਣਕਾਰੀ ਨਾ ਹੋਣ ਕਾਰਨ ਮਾਂ ਕੁੱਝ ਪੁੱਛ ਲਵੇ ਤਾਂ ਬੱਚੇ ਪਿਓ ਨੂੰ ਸੰਬੋਧਨ ਕਰਕੇ ਕਹਿ ਦਿੰਦੇ ਹਨ, ‘ਮੰਮੀ ਨੂੰ ਤਾਂ ਕੁੱਝ ਪਤਾ ਹੀ ਨਹੀਂ। ਮੈਨੂੰ ਸਭ ਕੁੱਝ ਆਉਂਦਾ ਹੈ।’
ਭਲੇ ਸਮੇਂ ਸਨ ਜਦੋਂ ਸਾਡੇ ਮਾਪੇ ਸਾਨੂੰ ਪੜ੍ਹਨ ਲਈ ਬਿਠਾਉਣ ਵਾਸਤੇ ਆਪਣੇ ਬਚਪਨ ਦਾ ਸਮਾਂ ਯਾਦ ਕਰਵਾਉਂਦੇ ਹੁੰਦੇ ਸਨ ਕਿ ਕਿਵੇਂ ਉਹ ਰਾਤ ਨੂੰ ਲਾਈਟ ਨਾ ਹੋਣ ਕਾਰਨ ਬਾਹਰ ਸੜਕ ਉੱਤੇ ਲਾਈਟ ਹੇਠਾਂ ਬਹਿ ਕੇ ਪੜ੍ਹਦੇ ਹੁੰਦੇ ਸਨ। ਜੇ ਅੱਜ ਦੇ ਬੱਚੇ ਨੂੰ ਇਹ ਕਹਿ ਲਈਏ ਤਾਂ ਉਸ ਦਾ ਸੁਭਾਅ ਹਲੀਮੀ ਵਲ ਜਾਣ ਦੀ ਬਜਾਏ ਕੁੱਝ ਅਜਿਹਾ ਹੁੰਦਾ ਹੈ, ‘ਬਈ ਦਿਨ ਵੇਲੇ ਐਸ਼ ਨਾ ਕਰਦੇ। ਉਦੋਂ ਦਿਨ ਵੇਲੇ ਪੜ੍ਹ ਲੈਂਦੇ ਤਾਂ ਰਾਤ ਨੂੰ ਜਾਗਣਾ ਨਾ ਪੈਂਦਾ।’
ਨਵੀਂ ਖੋਜ ਇਸ ਪਾਸੇ ਇਸ਼ਾਰਾ ਕਰ ਰਹੀ ਹੈ ਕਿ ਇਸ ਉਮਰ ਵਿਚ ਬੱਚੇ ਇਕਾਗਰਤਾ ਨਾਲ ਪੜ੍ਹ ਨਹੀਂ ਸਕਦੇ ਕਿਉਂਕਿ ਉਨ੍ਹਾਂ ਦਾ ਮਨ ਛੇਤੀ ਭਟਕ ਜਾਂਦਾ ਹੈ। ਸਕੂਲ ਦਾ ਕੰਮ ਕਰਦਿਆਂ ਮੋਬਾਈਲ ਕੰਨ ਨੂੰ ਟੁੰਗ ਲੈਣਾ ਤੇ ਜੇ ਦੋਸਤ ਮਿੱਤਰ ਨਾਲ ਗੱਲ ਨਾ ਵੀ ਹੋ ਸਕਦੀ ਹੋਵੇ ਤਾਂ ਗਾਣੇ ਹੀ ਨਾਲ ਨਾਲ ਕੰਨਾਂ ਵਿਚ ਚਲਦੇ ਰਹਿਣਾ ! ਇਹ ਵੀ ਕੋਈ ਨਵੀਂ ਗੱਲ ਨਾ ਸਮਝਣਾ ਕਿ ਅੱਜ ਕੱਲ੍ਹ ਦੇ ਕਈ ਬੱਚੇ ਤਾਂ ਪੜ੍ਹਾਈ ਕਰਦੇ ਸਮੇਂ ਨਾਲ ਨਾਲ ਟੀ. ਵੀ. ਚਲਾਈ ਰੱਖਦੇ ਹਨ ਜਾਂ ਨਾਲ ਡੀ. ਵੀ. ਡੀ. ਉੱਤੇ ਗਾਣੇ ਚਲਾ ਕੇ ਹੀ ਪੜ੍ਹਨ ਬਹਿ ਜਾਂਦੇ ਹਨ।
ਇਹ ਸਭ ਕਰਦੇ ਹੋਏ ਜੇ ਵਿਚ ਮਾਂ ਜਾਂ ਪਿਓ ਦੀ ਅਵਾਜ਼ ਕੰਨੀਂ ਪੈ ਜਾਏ ਤਾਂ ਵਾਪਸ ਉੱਚੀ ਬੋਲ ਕੇ ਕਹਿ ਵੀ ਦਿੰਦੇ ਹਨ ਕਿ ਪੜ੍ਹਾਈ ਖ਼ਰਾਬ ਹੋ ਰਹੀ ਹੈ ਹੌਲੀ ਬੋਲੋ ! ਹੁਣ ਭਲਾ ਦੱਸੋ ਗਾਣੇ ਨਾਲ ਪੜ੍ਹਾਈ ਵਿਚ ਵਿਘਨ ਨਹੀਂ ਪੈਂਦਾ ਤਾਂ ਮਾਪਿਆਂ ਦੀ ਉੱਚੀ ਅਵਾਜ਼ ਨਾਲ ਕਿਵੇਂ ਪੈ ਜਾਂਦਾ ਹੈ ? ਸਚਾਈ ਇਹ ਹੈ ਕਿ ਇਸ ਅਵਾਜ਼ ਨੂੰ ਬੱਚੇ ਆਪਣੀ ਅਜ਼ਾਦੀ ਵਿਚ ਵਿਘਨ ਪਿਆ ਸਮਝਦੇ ਹਨ ?
ਦਰਅਸਲ, ਇਸ ਉਮਰ ਦੇ ਬੱਚੇ ਵਾਸਤੇ ਪਹਿਲ ਦੇ ਆਧਾਰ ਮਾਪੇ ਨਹੀਂ ਰਹਿੰਦੇ ਬਲਕਿ ਉਸ ਦੇ ਆਪਣੇ ਬੁਣੇ ਜਾ ਰਹੇ ਸੁਫ਼ਨਿਆਂ ਦਾ ਘੇਰਾ ਹੁੰਦਾ ਹੈ ਜਿਸ ਰਾਹੀਂ ਉਹ ਦੁਨੀਆ ਨੂੰ ਸਾਬਤ ਕਰਨ ਦੇ ਚੱਕਰ ਵਿਚ ਹੁੰਦਾ ਹੈ ਕਿ ਮੈਂ ਬਾਕੀਆਂ ਤੋਂ ਵੱਖਰੀ ਆਪਣੀ ਹੈਸੀਅਤ ਰੱਖਦਾ ਹਾਂ। ਇਸੇ ਲਈ ਮਾਪਿਆਂ ਦੀ ਉਹੀ ਅਵਾਜ਼ ਜੋ ਬਚਪਨ ਵਿਚ ਬੱਚੇ ਦੀ ਰੂਹ ਦੀ ਖ਼ੁਰਾਕ ਹੁੰਦੀ ਹੈ, ਇਸ ਉਮਰ ਵਿਚ ਤਲਖ਼ੀ ਪੈਦਾ ਕਰ ਦਿੰਦੀ ਹੈ ਕਿ ਉਹ ਹੁਣ ਅਜ਼ਾਦ ਹਨ ਤੇ ਉਨ੍ਹਾਂ ਦਾ ਵੱਖਰਾ ਵਜੂਦ ਹੈ ਜਿਸ ਵਿਚ ਮਾਪਿਆਂ ਦੀ ਕੋਈ ਰੋਕ ਟੋਕ ਨਹੀਂ ਹੋਣੀ ਚਾਹੀਦੀ।
ਇਸ ਉਮਰ ਦਾ ਬੱਚਾ ਆਪਣੇ ਤਜਰਬੇ ਰਾਹੀਂ ਬਹੁਤ ਕੁੱਝ ਨਵਾਂ ਸਿੱਖ ਚੁੱਕਿਆ ਹੁੰਦਾ ਹੈ, ਇਸੇ ਲਈ ਧੌਂਸ ਜਮਾਉਣ ਦੇ ਚੱਕਰ ਵਿਚ ਹੁੰਦਾ ਹੈ ਕਿ ਉਸ ਤੋਂ ਵੱਧ ਸਿਆਣਾ ਕੋਈ ਹੈ ਹੀ ਨਹੀਂ।
ਬੱਚੇ ਦੇ ਆਪਣੇ ਵੱਲੋਂ ਸਿਖਿਆ ਨਵਾਂ ਤਜਰਬਾ ਉਸ ਲਈ ਜ਼ਿਆਦਾ ਮਾਅਨੇ ਰੱਖਦਾ ਹੈ, ਨਾ ਕਿ ਕਿਸੇ ਹੋਰ ਵੱਲੋਂ ਦੱਸੀ ਹੋਈ ਗੱਲ। ਮਸਲਨ ਇਹ ਕਹਿਣਾ ਕਿ ਬਈ ਹੱਥ ਨੂੰ ਅੱਗ ਤੋਂ ਬਚਾ ਕੇ ਰੱਖੋ ਨਹੀਂ ਤਾਂ ਸੜ ਜਾਏਗਾ ਸ਼ਾਇਦ ਓਨਾ ਅਸਰ ਨਾ ਵਿਖਾਏ ਜਿੰਨਾ ਉਹ ਬੱਚਾ ਧਿਆਨ ਰੱਖੇਗਾ ਜਿਸ ਦਾ ਆਪਣਾ ਹੱਥ ਅੱਗ ਨਾਲ ਪਹਿਲਾਂ ਸੜ੍ਹ ਚੁੱਕਿਆ ਹੋਵੇ।
ਬਿਲਕੁਲ ਏਸੇ ਹੀ ਤਰ੍ਹਾਂ ਆਪਣੇ ਤਜਰਬੇ ਨੂੰ ਅਹਿਮੀਅਤ ਦਿੰਦਾ ਇਸ ਉਮਰ ਦਾ ਬੱਚਾ ਛੇਤੀ ਕੀਤਿਆਂ ਕੋਈ ਨਵੀਂ ਗੱਲ ਮੰਨਦਾ ਵੀ ਨਹੀਂ ਜਦ ਤਕ ਕਿ ਕੋਈ ਸਬੂਤ ਨਾ ਮਿਲ ਜਾਏ। ਛੇਤੀ ਹੀ ਖਿੱਝ ਜਾਣਾ ਤੇ ਵਿਹਲੇ ਬਹਿ ਨਾ ਸਕਣਾ, ਦੋਸਤਾਂ ਨਾਲ ਵੱਧ ਵਕਤ ਬਿਤਾਉਣਾ ਤੇ ਮੋਬਾਈਲ ਨੂੰ ਦਿਲ ਦੀ ਧੜਕਨ ਵਾਂਗ, ਨਾਲ ਚਿਪਕਾਈ ਰੱਖਣਾ ਤਾਂ ਇਸ ਉਮਰ ਦੀਆਂ ਖ਼ਾਸ ਨਿਸ਼ਾਨੀਆਂ ਹਨ।
ਇਸ ਉਮਰ ਦਾ ਜੇ ਕਿਸੇ ਨੇ ਖ਼ਾਸ ਰਵੱਈਆ ਕਿਸੇ ਤੋਂ ਪੁੱਛਣਾ ਹੋਵੇ ਤਾਂ ਜਵਾਬ ਇਹੋ ਹੈ ਕਿ ਦੋਸਤਾਂ ਨਾਲ ਕਦੇ ਨਾ ਮੁੱਕਣ ਵਾਲੀਆਂ ਗੱਲਾਂ ਕਰਦੇ ਰਹਿਣਾ ਜਿਸ ਕਾਰਨ ਆਪਣੇ ਟੱਬਰ ਤੋਂ ਥੋੜ੍ਹਾ ਜਿਹਾ ਕਿਨਾਰਾ ਕਰਨਾ ਤੇ ਆਪਣੀ ਵੱਖਰੀ ਪਛਾਣ ਬਣਾਉਣੀ !
ਜਵਾਨੀ ਵਿਚ ਪੈਰ ਧਰ ਰਹੇ ਬੱਚੇ ਆਪਣੀਆਂ ਯੋਗਤਾਵਾਂ ਨੂੰ ਦਸ ਕੇ ਖੁਸ਼ੀ ਮਹਿਸੂਸ ਤਾਂ ਕਰਦੇ ਹੀ ਹਨ ਪਰ ਉਨ੍ਹਾਂ ਨੂੰ ਜ਼ਿੰਦਗੀ ਭਰ ਦੀਆਂ ਯਾਦਾਂ ਬਣਾ ਕੇ ਸਾਂਭ ਕੇ ਰੱਖਣ ਦੀ ਕੋਸ਼ਿਸ਼ ਵੀ ਕਰਦੇ ਹਨ। ਆਪਣੀ ਜ਼ਿੰਦਗੀ ਜੀਣ ਦਾ ਢੰਗ ਵੀ ਬੱਚੇ ਇਸੇ ਉਮਰ ਵਿਚ ਤਹਿ ਕਰ ਲੈਂਦੇ ਹਨ ਤੇ ਮਾਹਿਰਾਂ ਮੁਤਾਬਕ ਇਹੀ ਉਮਰ ਹੁੰਦੀ ਹੈ ਜਦੋਂ ਯਾਦ ਸ਼ਕਤੀ ਆਪਣੀ ਚਰਮ ਸੀਮਾ ਉੱਤੇ ਹੁੰਦੀ ਹੈ।
ਜਿੱਥੋਂ ਤਕ ਤਣਾਓ ਨੂੰ ਜਰ ਜਾਣ ਦੇ ਤਰੀਕੇ ਦੀ ਗੱਲ ਹੈ ਤਾਂ ਬੱਚੇ ਪਾਲਣ ਪੋਸ਼ਣ ਦੇ ਅਨੁਸਾਰ ਸਲੀਕੇ ਵਾਲੇ ਵੀ ਬਣ ਸਕਦੇ ਹਨ ਜਾਂ ਫੇਰ ਨਿੱਕੀ ਜਿਹੀ ਗੱਲ ਉੱਤੇ ਦਰਵਾਜ਼ਾ ਠਾਹ ਕਰ ਕੇ ਮਾਰਨਾ, ਉੱਚੀ ਉੱਚੀ ਚੀਕਣਾ, ਚੀਜ਼ਾਂ ਭੰਨਣੀਆਂ ਤੇ ਬਿਲਕੁਲ ਹੀ ਆਖਾ ਨਾ ਮੰਨਣ ਵਾਲਾ ਜਾਂ ਪੱਕਾ ਢੀਠ ਬੱਚਾ ਤਾਂ ਮਾਪਿਆਂ ਉੱਤੇ ਹੱਥ ਤਕ ਵੀ ਚੁੱਕ ਸਕਦਾ ਹੈ।
ਜਿਵੇਂ ਜਿਵੇਂ ਇਮਤਿਹਾਨ ਨੇੜੇ ਆਉਣ ਤਾਂ ਇਸ ਉਮਰ ਦੇ ਕਾਫੀ ਬੱਚਿਆਂ ਵਿਚ ਵੇਖਣ ਵਿਚ ਆਇਆ ਹੈ ਕਿ ਟਿਕ ਕੇ ਬਹਿ ਕੇ ਲੰਮਾ ਸਮਾਂ ਪੜ੍ਹਨ ਵੀ ਲੱਗ ਪੈਂਦੇ ਹਨ ਕਿਉਂਕਿ ਇਮਤਿਹਾਨਾਂ ਦੇ ਦੌਰਾਨ ਦਾ ਤਣਾਓ ਸਰੀਰ ਅੰਦਰ ਅਜਿਹੇ ਹਾਰਮੋਨ ਪੈਦਾ ਕਰਦਾ ਹੈ ਕਿ ਬੱਚਾ ਆਪਣੇ ਆਪ ਨੂੰ ਸਾਰਿਆਂ ਸਾਹਮਣੇ ਸਾਬਤ ਕਰਨ ਦੇ ਚੱਕਰ ਵਿਚ ਕਾਫੀ ਸਮਾਂ ਧਿਆਨ ਲਾ ਕੇ ਪੜ੍ਹਨਾ ਵੀ ਸ਼ੁਰੂ ਕਰ ਦਿੰਦਾ ਹੈ ਤਾਂ ਜੋ ਬਾਕੀਆਂ ਉੱਤੇ ਆਪਣੀ ਧਾਕ ਜਮਾ ਸਕੇ।
ਇਹ ਇਸ ਲਈ ਵੀ ਹੁੰਦਾ ਹੈ ਕਿ ਤਣਾਓ ਕਾਰਨ ਕੁੱਝ ਫਾਲਤੂ ਗਲੂਕੋਜ਼ ਸਰੀਰ ਵਿੱਚੋਂ ਦਿਮਾਗ਼ ਵੱਲ ਚਲੀ ਜਾਂਦੀ ਹੈ ਤੇ ਦਿਮਾਗ਼ ਦੀਆਂ ਨਸਾਂ ਨੂੰ ਲੋੜੀਂਦੀ ਖ਼ੁਰਾਕ ਮਿਲ ਜਾਣ ਕਾਰਨ ਵਕਫੀ ਯਾਦਾਸ਼ਤ ਵੀ ਵਧ ਜਾਂਦੀ ਹੈ।
ਜੇ ਤਣਾਓ ਸਹਾਰਿਆ ਨਾ ਜਾ ਰਿਹਾ ਹੋਵੇ ਤਾਂ ਸਰੀਰ ਅੰਦਰ ਕੋਰਟੀਸੋਲ ਵਧਣ ਕਾਰਨ ਬੱਚੇ ਦੀ ਯਾਦਾਸ਼ਤ ਸਗੋਂ ਘਟ ਵੀ ਸਕਦੀ ਹੈ। ਇਹ ਜਾਨਣ ਲਈ ਕਿ ਸਾਡਾ ਬੱਚਾ ਤਣਾਓ ਠੀਕ ਸਹਾਰ ਸਕ ਰਿਹਾ ਹੈ ਜਾਂ ਨਹੀਂ ਇਸ ਤੋਂ ਪਤਾ ਲਾਇਆ ਜਾ ਸਕਦਾ ਹੈ ਕਿ ਬੱਚੇ ਨੂੰ ਭੁੱਖ ਠੀਕ ਲੱਗ ਰਹੀ ਹੈ ਜਾਂ ਨਹੀਂ। ਜੇ ਭੁੱਖ ਠੀਕ ਲੱਗ ਰਹੀ ਹੈ ਜਾਂ ਵਧੀ ਹੈ ਤਾਂ ਫਿਕਰ ਦੀ ਗੱਲ ਨਹੀਂ ਪਰ ਜੇ ਭੁੱਖ ਘਟ ਗਈ ਹੈ ਤਾਂ ਬੱਚੇ ਦਾ ਤਣਾਓ ਘਟਾਉਣ ਦੀ ਲੋੜ ਹੈ।
ਇਸ ਉਮਰ ਦੇ ਸਰੀਰਕ ਬਦਲਾਓ ਬੱਚੇ ਨੂੰ ਦੂਜੇ ਲਿੰਗ ਵਾਲਿਆਂ ਵਲ ਵਧੇਰੇ ਆਕਰਸ਼ਿਤ ਕਰਦੇ ਹਨ ਤੇ ਜੇ ਮਾਪਿਆਂ ਵੱਲੋਂ ਸਹੀ ਸੇਧ ਨਾ ਮਿਲੇ ਤਾਂ ਝਟ ਹੀ ਗਲਤ ਰਸਤੇ ਤੁਰ ਪੈਂਦੇ ਹਨ।
ਕਈ ਬੱਚਿਆਂ ਲਈ ਬਚਪਨ ਤੋਂ ਜਵਾਨੀ ਵੱਲ ਜਾਂਦਾ ਰਸਤਾ ਮਾਪਿਆਂ ਨਾਲ ਵਿਦਰੋਹ ਦਰਸਾਉਣ ਦਾ ਜ਼ਰੀਆ ਬਣ ਜਾਂਦਾ ਹੈ ਤੇ ਉਹ ਲੋੜੋਂ ਵਧ ਚੀਜ਼ਾਂ ਦੀ ਮੰਗ ਕਰਨ ਲੱਗ ਪੈਂਦੇ ਹਨ ਜਾਂ ਫੇਰ ਘਰੋਂ ਭੱਜ ਵੀ ਜਾਂਦੇ ਹਨ।
ਕੁੱਝ ਬੱਚੇ ਆਪਣੀ ਦਿਖ ਬਾਰੇ ਏਨਾ ਫਿਕਰਮੰਦ ਹੋ ਜਾਂਦੇ ਹਨ ਕਿ ਉਨ੍ਹਾਂ ਲਈ ਤਾਂ ਚੌਵੀ ਘੰਟੇ ਵੀ ਸ਼ੀਸ਼ਾ ਵੇਖਣ ਲਈ ਥੋੜ੍ਹੇ ਜਾਪਦੇ ਹਨ। ਕੁੱਝ ਬੱਚੀਆਂ ਤਾਂ ਇੰਜ ਦੀਆਂ ਵੀ ਵੇਖੀਆਂ ਗਈਆਂ ਹਨ ਕਿ ਦੋ ਦੋ ਘੰਟੇ ਸ਼ੀਸ਼ੇ ਅੱਗੇ ਆਪਣੀ ਲਟ ਸੰਵਾਰਨ ਵਿਚ ਹੀ ਜ਼ਾਇਆ ਕਰ ਦਿੰਦੀਆਂ ਹਨ।
ਜਿਹੜੇ ਬੱਚਿਆਂ ਦੇ ਮਾਪੇ ਅਸਰ ਰਸੂਖ਼ ਵਾਲੇ ਹੋਣ, ਉਨ੍ਹਾਂ ਬੱਚਿਆਂ ਦੇ ਵਤੀਰੇ ਵਿਚ ਵੀ ਅੱਖੜਪਨ ਤੇ ਰੋਹਬ ਵੇਖਣ ਵਿਚ ਆਇਆ ਹੈ ਤੇ ਅਜਿਹੇ ਬੱਚੇ ਆਪਣਾ ਗਰੁੱਪ ਬਣਾ ਕੇ ਆਪ ਲੀਡਰ ਵਾਂਗ ਫਿਰਨਾ ਪਸੰਦ ਕਰਨ ਲੱਗ ਪੈਂਦੇ ਹਨ।
ਮਾਪਿਆਂ ਨਾਲ ਬੱਚੇ ਦੇ ਬਚਪਨ ਸਮੇਂ ਤੋਂ ਸੰਬੰਧ ਤੇ ਮਾਪਿਆਂ ਵੱਲੋਂ ਲਈਆਂ ਆਦਤਾਂ ਯਾਨੀ ਗੁੱਸਾ ਜਾਂ ਠਰੰਮਾ ਵੀ ਬੱਚਿਆਂ ਦਾ ਮਾਪਿਆਂ ਨਾਲ ਸੰਬੰਧਾਂ ਅਤੇ ਰਿਸ਼ਤੇਦਾਰੀ ਜਾਂ ਦੋਸਤਾਨਾ ਰਿਸ਼ਤਿਆਂ ਉੱਤੇ ਅਸਰ ਵਿਖਾਉਂਦਾ ਹੈ।
ਜਦੋਂ ਇਹ ਸਭ ਕੁੱਝ ਜਿੰਨਾ ਕੁੱਝ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੈ, ਮੈਂ ਪੜ੍ਹਿਆ ਸੀ ਤਾਂ ਮੇਰਾ ਮਨ ਇਹ ਨਹੀਂ ਸੀ ਸਮਝ ਸਕਿਆ ਕਿ ਇਸੇ ਉਮਰ ਵਿਚਲੇ ਵੱਡੇ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ (ਉਮਰ 17 ਸਾਲ) ਤੇ ਸਾਹਿਬਜ਼ਾਦਾ ਜੁਝਾਰ ਸਿੰਘ (ਉਮਰ 14 ਸਾਲ) ਕਿਸ ਮਿੱਟੀ ਦੇ ਬਣੇ ਹੋਏ ਹੋਣਗੇ ?
ਜਿਸ ਤਰ੍ਹਾਂ ਦੀ ਬਹਾਦਰੀ ਉਨ੍ਹਾਂ ਨੇ ਵਿਖਾਈ, ਉਹ ਤਾਂ ਕਿਸੇ ਦੇਹਧਾਰੀ ਇਲਾਹੀ ਜੋਤ ਵੱਲੋਂ ਹੀ ਬਖ਼ਸ਼ੀ ਹੋ ਸਕਦੀ ਸੀ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੀ ਦ੍ਰਿੜ੍ਹ ਇੱਛਾ ਸ਼ਕਤੀ ਦੇ ਮਾਲਕ ਰਾਹੀਂ ਹੀ ਮਿਲ ਸਕਦੀ ਸੀ।
ਮੁਗਲ ਹਕੂਮਤ ਦੇ ਵਗਦੇ ਆਉਂਦੇ ਹੜ੍ਹ ਅੱਗੇ ਮੁੱਛਫੁਟ ਗੱਭਰੂ ਵੱਲੋਂ ਆਪਣੇ ਪਿਤਾ ਤੋਂ ਜੂਝ ਕੇ ਸ਼ਹੀਦ ਹੋਣ ਲਈ ਆਗਿਆ ਮੰਗਣੀ ਕਿ ਮੇਰੀ ਆਉਣ ਵਾਲੀ ਕੌਮ ਮੇਰੀ ਸ਼ਹਾਦਤ ਤੋਂ ਆਪਣਾ ਲਹੂ ਗਰਮਾ ਸਕੇ, ਇਸ ਲਈ ਮੈਨੂੰ ਖਿੜੇ ਮੱਥੇ ਸ਼ਸਤਰ ਸਜਾ ਦੇ ਲੜਾਈ ਦੇ ਮੈਦਾਨ ਵਿਚ ਭੇਜਿਆ ਜਾਵੇ, ਕੀ ਅਦੁੱਤੀ ਮਿਸਾਲ ਨਹੀਂ ਹੈ ?
ਕੋਈ ਰਤਾ ਸੋਚ ਕੇ ਤਾਂ ਵੇਖੇ ਕਿ ਇਕ ਪਾਸੇ ਆਪਣੇ ਪੁੱਤਰ ਨੂੰ ਝਰੀਟ ਆਈ ਵੇਖ ਕੇ ਬੇਹੋਸ਼ ਹੋ ਜਾਣ ਵਾਲੇ ਅੱਜ ਕੱਲ੍ਹ ਦੇ ਮਾਪੇ ਤੇ ਦੂਜੇ ਪਾਸੇ ਉਹ ਸਿਖ਼ਰ ਜਿੱਥੇ ਆਪਣੇ ਮੁੱਛ ਫੁਟ ਗੱਭਰੂ ਪੁੱਤਰਾਂ ਨੂੰ ਅੱਖਾਂ ਸਾਹਮਣੇ ਸ਼ਹੀਦ ਹੁੰਦੇ ਵੇਖ ਕੇ ਇਕ ਹੰਝੂ ਵੀ ਨਾ ਡੇਗਣ ਵਾਲੀ ਤੇ ਰਹਿਮਤ ਦੀ ਬਾਹਿਸ਼ ਕਰਨ ਵਾਲੀ ਪਿਓ ਰੂਪੀ ਸ਼ਖ਼ਸੀਅਤ ਜਿਸ ਨੇ ਸਮੁੱਚੀ ਮਾਨਵਤਾ ਨੂੰ ਅਜਿਹੀ ਵਿਰਾਸਤ ਬਖ਼ਸ਼ੀ ਕਿ ਕਿਸੇ ਹੋਰ ਧਰਮ ਵਿਚ ਇਹ ਵਿਲੱਖਣ ਮਿਸਾਲ ਹਾਲੇ ਤਕ ਵੇਖਣ ਨੂੰ ਮਿਲੀ ਹੀ ਨਹੀਂ !
ਰੂਹਾਨੀ ਫੁੱਲ ਰਿਹਾ ਸਾਹਿਬਜ਼ਾਦਾ ਜੁਝਾਰ ਸਿੰਘ (ਉਮਰ 14 ਵਰ੍ਹੇ) ਕਿੰਨਾ ਨਿਡਰ ਹੋਵੇਗਾ, ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਪਣੇ ਵੱਡੇ ਭਰਾ ਨੂੰ ਜੰਗ ਦੇ ਮੈਦਾਨ ਵਿਚ ਆਪਣੇ ਅੱਖੀਂ ਸ਼ਹੀਦ ਹੁੰਦਾ ਵੇਖ ਕੇ ਰੱਤਾ ਵੀ ਨਾ ਥਿੜਕਿਆ ਤੇ ਝੱਟ ਆਪਣੇ ਪਿਤਾ ਤੋਂ ਜੰਗ ਦੇ ਮੈਦਾਨ ਵਿਚ ਜੂਝਣ ਦੀ ਆਗਿਆ ਮੰਗ ਲਈ।
ਕਿਹੋ ਜਿਹਾ ਚਿਹਰੇ ਉੱਤੇ ਜਲੌ ਹੋਵੇਗਾ ਉਸ ਨਿੱਕੜੇ ਬੱਚੇ ਦੇ ਕਿ ਉਸ ਦੇ ਨਾਲ ਦੇ ਮੁੱਠੀ ਭਰ ਸਿੰਘ ਵੀ ਉਸ ਨਾਲ ਸ਼ਹੀਦ ਹੋਣ ਲਈ ਚਮਕੌਰ ਦੀ ਗੜ੍ਹੀ ਤੋਂ ਬਾਹਰ ਜਾਣ ਨੂੰ ਕਾਹਲੇ ਪਏ ਹੋਏ ਸਨ ਤੇ ਉਹ ਜਾਨ ਵਾਰਨ ਨੂੰ ਤਿਆਰ ਦਸ ਲੱਖ ਦੀ ਪੂਰੀ ਮੁਗ਼ਲ ਫੌਜ ਨੂੰ ਟੱਕਰ ਦੇ ਗਿਆ ?
ਧੰਨ ਉਸ ਪਿਤਾ ਦਾ ਜਿਗਰਾ ਜਿਸ ਨੇ ਆਪਣੇ ਚਾਰੋਂ ਜਵਾਨ ਪੁੱਤਰਾਂ ਦੀ ਮੌਤ ਉੱਤੇ ਇਕ ਹੰਝੂ ਵੀ ਨਾ ਕੇਰਿਆ ਤੇ ਇਹ ਉਚਾਰਿਆ ਕਿ ਮੇਰੇ ਚਾਰ ਮਰ ਵੀ ਗਏ ਤਾਂ ਕੀ ਹੋਇਆ, ਮੇਰੇ ਤਾਂ ਹਜ਼ਾਰਾਂ ਪੁੱਤਰ ਹੋਰ ਹਨ !
ਇਹ ਤਾਂ ਅਸੀਂ ਨਿਰਮੋਹੇ ਹਾਂ ਕਿ ਜੋ ਉਸ ਸਤਿਗੁਰੂ ਦੇ ਅਸੂਲਾਂ ਉੱਤੇ ਖਰੇ ਨਹੀਂ ਉਤਰ ਸਕੇ ਤੇ ਉਨ੍ਹਾਂ ਦੇ ਪੁੱਤਰ ਹੋਣ ਦਾ ਮਾਣ ਹਾਸਲ ਨਹੀਂ ਕਰ ਸਕੇ ਕਿਉਂਕਿ ਅਸੀਂ ਕੌਮ ਲਈ ਘੱਟ ਅਤੇ ਆਪਣੇ ਬਾਰੇ ਜ਼ਿਆਦਾ ਚਿੰਤਿਤ ਰਹਿੰਦੇ ਹਾਂ।
ਸਾਲ ਬਾਅਦ ਹੀ ਸਹੀ, ਸਿਰਫ ਉਨ੍ਹਾਂ ਦੇ ਸ਼ਹਾਦਤ ਵਾਲੇ ਦਿਨ ਹੀ ਜੇ ਯਾਦ ਰੱਖ ਸਕੀਏ ਕਿ ਤਾਕਤ ਦੇ ਨਸ਼ੇ ਵਿਚ ਅੰਨ੍ਹੇ ਹੋਏ ਵਹਿਸ਼ੀ ਜ਼ਾਲਮ ਦਰਿੰਦੇ ਨੂੰ ਕਿਸ ਤਰ੍ਹਾਂ ਦੀ ਹਿੰਮਤ ਨਾਲ ਪਸਤ ਕੀਤਾ ਜਾ ਸਕਦਾ ਹੈ ਅਤੇ ਆਪਣੇ ਇਸ ਉਮਰ ਦੇ ਬੱਚਿਆਂ ਨੂੰ ਅਸਾਂ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਉਣ ਦਾ ਗੁਰ ਸਿਖਾਉਣਾ ਚਾਹੀਦਾ ਹੈ ਤਾਂ ਇਹ ਸ਼ਹਾਦਤ ਦੀ ਚੰਗਿਆੜੀ ਮਘਦੀ ਰੱਖੀ ਜਾ ਸਕਦੀ ਹੈ।
ਮੈਂ ਵਾਪਸ ਆਪਣੇ ਇਸੇ ਉਮਰ ਦੇ ਬੱਚਿਆਂ ਵੱਲ ਲਿਜਾ ਕੇ ਤੁਹਾਨੂੰ ਸਭ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਇਸ ਉਮਰ ਦੇ ਬੱਚੇ ਅੰਦਰ ਅਥਾਹ ਤਾਕਤ ਭਰੀ ਹੁੰਦੀ ਹੈ ਜੋ ਸਹੀ ਸੇਧ ਨਾ ਮਿਲਣ ਉੱਤੇ ਜਿੱਥੇ ਵਿਨਾਸ਼ ਵਲ ਤੁਰ ਪੈਂਦੀ ਹੈ, ਉੱਥੇ ਸਹੀ ਰਸਤਾ ਮਿਲ ਜਾਣ ਉੱਤੇ ਹਕੂਮਤ ਪਲਟਣ ਦੀ ਤਾਕਤ ਰੱਖਦੀ ਹੈ। ਇਹ ਜਵਾਨ ਲਹੂ ਦਾ ਉਬਾਲ ਨਵੀਂ ਸੋਚ ਵਾਲੀ ਨਵੀਂ ਸਵੇਰ ਲਿਆਉਣ ਦੀ ਸਮੱਰਥਾ ਰੱਖਦਾ ਹੈ।
ਇਤਿਹਾਸ ਵਲ ਝਾਤ ਮਾਰ ਕੇ ਵੀ ਵੇਖ ਲਵੋ। ਵੀਰ ਭਗਤ ਸਿੰਘ, ਰਾਜਗੁਰੂ ਜਾਂ ਸੁਖਦੇਵ ਵੀ ਏਸੇ ਉਮਰ ਵਿਚ ਆਪਣੀ ਜ਼ਿੰਦਗੀ ਨੂੰ ਇਕ ਮਕਸਦ ਦੇ ਸਕੇ ਸਨ। ਜੇ ਕੋਈ ਇਸ ਖ਼ਿਆਲ ਵਿਚ ਹੈ ਕਿ ਸਿਰਫ਼ ਮਾਪੇ ਹੀ ਬੱਚਿਆਂ ਦੇ ਮਨਾਂ ਉੱਤੇ ਅਸਰ ਪਾਉਂਦੇ ਹਨ ਤਾਂ ਊਧਮ ਸਿੰਘ ਦੀ ਜ਼ਿੰਦਗੀ ਵਿਚ ਪਾਈ ਝਾਤ ਦੱਸ ਦੇਵੇਗੀ ਕਿ ਪਿੰਗਲਵਾੜੇ ਵਿਚ ਬਿਨਾਂ ਮਾਂ ਪਿਓ ਦੇ ਪਲਿਆ ਉਹ ਵੀਰ ਸਿਰਫ਼ ਆਲੇ ਦੁਆਲੇ ਹੁੰਦਾ ਜ਼ੁਲਮ ਵੇਖ ਕੇ ਹੀ ਆਪਣੀ ਜ਼ਿੰਦਗੀ ਨੂੰ ਇਕ ਅਜਿਹਾ ਮਕਸਦ ਦੇ ਗਿਆ ਜਿਸ ਨੇ ਸੁਨਿਹਰੀ ਅੱਖਰਾਂ ਵਿਚ ਇਤਿਹਾਸ ਉਕਰ ਦਿੱਤਾ !
ਮੁਕਦੀ ਗੱਲ ਇਹ ਕਿ ਕਿਤੇ ਅਸੀਂ ਇਨ੍ਹਾਂ ਅਥਾਹ ਸ਼ਕਤੀ ਦੇ ਸੋਮਿਆਂ ਨੂੰ ਐਵੇਂ ਹੀ ਨਾ ਸੁਕਾ ਦੇਈਏ ਬਲਕਿ ਉਨ੍ਹਾਂ ਨੂੰ ਇਹ ਸਬਕ ਦੇਈਏ ਕਿ ਸਿਰਫ਼ ਖੰਭਾਂ ਦਾ ਹੋਣਾ ਹੀ ਸਭ ਕੁੱਝ ਨਹੀਂ ਹੁੰਦਾ, ਉਡਾਨ ਵਾਸਤੇ ਤਾਂ ਅੰਦਰੂਨੀ ਹਿੰਮਤ ਦੀ ਵੀ ਲੋੜ ਹੁੰਦੀ ਹੈ।
ਜੇ ਗੁਸਤਾਖ਼ੀ ਨਾ ਸਮਝੀ ਜਾਏ ਤਾਂ ਇਸ ਉਮਰ ਦੇ ਬੱਚਿਆਂ ਲਈ ਮੈਂ ਸੁਰਜੀਤ ਪਾਤਰ ਜੀ ਦੀਆਂ ਇਹ ਸਤਰਾਂ ਫਿਟ ਕਰ ਦੇਣੀਆਂ ਚਾਹੁੰਦੀ ਹਾਂ ਜੋ ਇਨ੍ਹਾਂ ਲਈ ਬਿਲਕੁਲ ਸਹੀ ਸਾਬਤ ਹੁੰਦੀਆਂ ਹਨ: ‘ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ।’