27.9 C
Jalandhar
Saturday, April 4, 2026
spot_img
Home Blog Page 4

ਬਾਬਾ ਫੌਜਾ ਸਿੰਘ ਨੂੰ ਅਲਵਿਦਾ !

0

ਬਾਬਾ ਫੌਜਾ ਸਿੰਘ ਨੂੰ ਅਲਵਿਦਾ !

ਪ੍ਰਿੰ. ਸਰਵਣ ਸਿੰਘ

ਜਲੰਧਰ ਜ਼ਿਲ੍ਹੇ ਦੇ ਪਿੰਡ ਬਿਆਸ ’ਚ ਪਿਤਾ ਮਿਹਰ ਸਿੰਘ (ਖੁਸ਼ਵੰਤ ਸਿੰਘ ਨੇ ਕਰਤਾਰ ਸਿੰਘ ਲਿਖਿਆ ਹੈ) ਦੇ ਘਰ ਅਤੇ ਮਾਤਾ ਕੁਲਵੰਤ ਕੌਰ ਦੀ ਕੁੱਖੋਂ 1 ਅਪ੍ਰੈਲ 1911 ਈ: ’ਚ ਜੰਮਿਆ ਬਾਬਾ ਫੌਜਾ ਸਿੰਘ ਬਚਪਨ ਦੇ ਪਹਿਲੇ 5 ਸਾਲ ਸਿਹਤ ਪੱਖੋਂ ਬਹੁਤ ਕਮਜ਼ੋਰ ਹੋਣ ਕਾਰਨ ਉਸ ਦੇ ਬਚਣ ਦੀ ਬਹੁਤੀ ਆਸ ਨਹੀਂ ਸੀ। ਸਿਹਤ ਪੱਖੋਂ ਬਹੁਤ ਕਮਜ਼ੋਰ ਹੋਣ ਕਾਰਨ ਉਹ ਰਿੜ੍ਹਨ ਤੇ ਖੜ੍ਹਨ ਵੀ ਬੜੀ ਦੇਰ ਨਾਲ ਲੱਗਾ। ਛੇਵਾਂ ਸਾਲ ਲੱਗਣ ’ਤੇ ਜਦੋਂ ਉਹ ਤੁਰਨ ਜੋਗਾ ਹੋਇਆ ਤਾਂ ਘਰ ਦਿਆਂ ਨੇ ਪਿੰਡ ’ਚ ਕੜਾਹ ਪ੍ਰਸ਼ਾਦ ਵੰਡਿਆ। ਉਸ ਦੀ ਮਾਂ ਖੇਤ ਰੋਟੀ ਲੈ ਕੇ ਜਾਂਦੀ ਤਾਂ ਉਹ ਵੀ ਨਾਲ ਜਾਣ ਦੀ ਜ਼ਿੱਦ ਕਰਦਾ। ਉਹ ਉਂਗਲ ਫੜ ਕੇ ਤੋਰਨ ਦਾ ਯਤਨ ਕਰਦੀ ਤਾਂ ਫੌਜੇ ਦੀਆਂ ਲੱਤਾਂ ’ਚ ਚੀਸਾਂ ਪੈਣ ਲੱਗਦੀਆਂ। ਮਾਂ ਉਹਦੀਆਂ ਲੱਤਾਂ ’ਤੇ ਪੱਟੀਆਂ ਬੰਨ੍ਹਦੀ ਰਹਿੰਦੀ। ਜਿੱਥੇ ਕਿਸੇ ਰੁੱਖ ਦੀ ਛਾਂ ਹੁੰਦੀ, ਉੱਥੇ ਬਹਿ ਕੇ ਦਮ ਲੈਣ ਲੱਗਦੇ। ਪੰਦਰਾਂ ਸਾਲ ਦੀ ਉਮਰ ਤਕ ਉਹ ਲਗਾਤਾਰ ਇੱਕ ਮੀਲ ਵੀ ਨਾ ਤੁਰ ਸਕਿਆ। ਅਜਿਹੇ ਮੁੰਡੇ ਨੂੰ ਤਾਂ ਰਿਸ਼ਤਾ ਹੋਣਾ ਵੀ ਮੁਸ਼ਕਲ ਸੀ ਕਿਉਂਕਿ ਕੁੜੀਆਂ ਜੰਮਦੀਆਂ ਮਾਰ ਦਿੱਤੀਆਂ ਜਾਂਦੀਆਂ ਸਨ। ਕਿਸਾਨਾਂ ਦੇ ਮੁੰਡੇ ਲਵੀ ਉਮਰ ’ਚ ਵਿਆਹੇ ਜਾਂਦੇ ਤਾਂ ਵਿਆਹੇ ਜਾਂਦੇ ਨਹੀਂ ਛੜੇ ਹੀ ਰਹਿ ਜਾਂਦੇ।

ਇਹ ਕੁਦਰਤ ਦਾ ਕ੍ਰਿਸ਼ਮਾ ਹੀ ਹੈ ਕਿ ਜਿਸ ਦੇ ਬਚਣ ਦੀ ਬੜੀ ਘੱਟ ਆਸ ਸੀ; ਉਹ 1.4.1911 ਤੋਂ 14.7.2025 ਤੱਕ 114 ਸਾਲ 3 ਮਹੀਨੇ 14 ਦਿਨ ਜੀਵਿਆ। ਜੋ ਪੰਜ ਸਾਲ ਦੀ ਉਮਰ ਤੱਕ ਪੰਜ ਕਦਮ ਚੱਲਣ ਦੇ ਵੀ ਸਮਰਥ ਨਹੀਂ ਸੀ, ਉਸ ਨੇ 100 ਸਾਲ ਦੀ ਉਮਰ ਪਾਰ ਕਰਨ ਉਪਰੰਤ ਮੈਰਾਥਨ ਦੌੜਾਂ ’ਚ ਕਈ ਵਿਸ਼ਵ ਰਿਕਾਰਡ ਆਪਣੇ ਨਾਂ ਕਰਵਾਏ।

ਬਾਬਾ ਫੌਜਾ ਸਿੰਘ ਦਾ ਪਿਤਾ ਮਿਹਰ ਸਿੰਘ ਵਿਚਾਰਾ ਥੁੜਿਆ ਟੁੱਟਿਆ ਕਿਸਾਨ ਸੀ। ਜਿਸ ਦਾ ਵੱਡਾ ਪਰਵਾਰ ਸੀ। ਕਰਜ਼ੇ ਲਾਹੁੰਦਾ, ਹਲ ਵਾਹੁੰਦਾ, ਪਾਣੀ ਲਾਉਂਦਾ, ਪੱਠੇ ਢੋਂਦਾ ਤੇ ਡੰਗਰ ਪਾਲਦਾ ਹੋਇਆ ਉਹ ਕੀਹਦਾ-ਕੀਹਦਾ ਇਲਾਜ ਕਰਾਉਂਦਾ ? ਮਿਹਰ ਸਿੰਘ ਦੀ ਮਿਹਰ ਨਾਲੋਂ ਉਹਦੇ ਪੁੱਤਰ ਫੌਜੂ ਤੋਂ ਬਾਬਾ ਫੌਜਾ ਸਿੰਘ ਬਣੇ ਮੈਰਾਥਨ ਦੇ ਮਹਾਂਰਥੀ ਉੱਤੇ ਕੁਦਰਤ ਦੇ ਕਾਦਰ ਦੀ ਮਿਹਰ ਵਧੇਰੇ ਰਹੀ।

ਫੌਜਾ ਹਲ ਵਾਹੁਣ ਲੱਗਾ ਤਾਂ ਉਹਦਾ 25 ਸਾਲ ਦੀ ਉਮਰ ’ਚ ਵਿਆਹ ਹੋਇਆ। ਬਰਾਤ ਗੱਡੇ ਉੱਤੇ ਚੜ੍ਹ ਕੇ ਪਿੰਡ ਕਾਲਘਟਾਂ ਗਈ। ਇਕ ਬਲਦ ਉਹਨਾਂ ਦੇ ਘਰ ਦਾ ਸੀ, ਦੂਜਾ ਉਹਦੇ ਮਸੇਰ ਦਾ। ਵਿਆਂਦੜ ਹੋਣ ਕਰਕੇ ਹੀ ਉਸ ਨੂੰ ਚਾਬੀ ਦੇ ਲੱਠੇ ਵਾਲੇ ਨਵੇਂ ਕੱਪੜੇ ਜੁੜੇ ਸਨ। ਉਹ ਹਲ ਵਾਹੀ ਕਰ ਕੇ ਟੱਬਰ ਪਾਲਣ ਲੱਗਾ। ਕਦੇ ਫਸਲ ਚੰਗੀ ਹੋ ਜਾਂਦੀ, ਕਦੇ ਮਾੜੀ, ਕਦੇ ਮੌਸਮ ਦੀ ਕਰੋਪੀ ਨਾਲ ਮਾਰੀ ਜਾਂਦੀ। ਉਹਦੇ ਘਰ ਤਿੰਨ ਪੁੱਤਰਾਂ ਤੇ ਤਿੰਨ ਧੀਆਂ ਨੇ ਜਨਮ ਲਿਆ, ਜਿਨ੍ਹਾਂ ਨੂੰ ਉਹ ਪੜ੍ਹਾ ਲਿਖਾ ਤਾਂ ਨਾ ਸਕਿਆ, ਪਰ ਇੱਕ ਪੁੱਤਰ ਨੂੰ ਇੰਗਲੈਂਡ ਤੇ ਇੱਕ ਧੀ ਨੂੰ ਕੈਨੇਡਾ ਵਿਆਹੁਣ ’ਚ ਕਾਮਯਾਬ ਹੋ ਗਿਆ।

ਬਚਪਨ ’ਚ ਨਾ ਉਹ ਖੇਡਣ ਜੋਗਾ ਸੀ ਤੇ ਨਾ ਪੜ੍ਹਨ ਜੋਗਾ। ਗਭਰੂ ਹੋ ਕੇ ਉਹ ਫੁੱਟਬਾਲ ਨੂੰ ਕਿੱਕਾਂ ਮਾਰਨ ਲੱਗ ਪਿਆ। ਸੰਨ 1947 ਦੇ ਰੌਲ਼ਿਆਂ ਗੌਲ਼ਿਆਂ ਵਿੱਚ ਫੁੱਟਬਾਲ ਦੀਆਂ ਕਿੱਕਾਂ ਵੀ ਭੁੱਲ ਗਈਆਂ। ਪੜ੍ਹਾਈ ਲਿਖਾਈ ਜਾਂ ਕਿਸੇ ਹੁਨਰ ਵੱਲੋਂ ਉਹ ਅਸਲੋਂ ਕੋਰਾ ਸੀ। ਸਿਰਫ਼ ਆਪਣੇ ਦਸਤਖ਼ਤ ਕਰਨੇ ਹੀ ਸਿੱਖਿਆ ਤੇ ਉਹ ਵੀ ਉਰਦੂ ਵਿਚ। ਇੰਗਲੈਂਡ ’ਚ ਬੁਢਾਪਾ ਪੈਨਸ਼ਨ ਲੈਣ ਵੇਲੇ ਵੀ ਉਹ ਉਰਦੂ ਵਿਚ ਹੀ ਦਸਤਖ਼ਤ ਕਰਦਾ ਸੀ। ਐਨਕ ਦੀ ਉਹਨੂੰ ਕਦੇ ਲੋੜ ਨਹੀਂ ਸੀ ਪਈ। ਦੰਦ ਜਾੜ੍ਹਾਂ ਡੰਗਸਾਰੂ ਸਨ। ਕੰਨਾਂ ਨੂੰ ਉੱਚਾ ਸੁਣਨ ਲੱਗਾ ਸੀ। ਬੁੱਲ੍ਹ ਪਤਲੇ, ਉਤਲੇ ਦੰਦ ਚੌੜੇ ਤੇ ਹੇਠਲੇ ਬਰੀਕ ਸਨ। ਦੰਦਾਂ ਵਿਚ ਵਿਰਲਾਂ ਪੈ ਗਈਆਂ ਸਨ। ਦਾੜ੍ਹੀ ਹੋਰ ਲੰਮੀ ਤੇ ਹੋਰ ਬੱਗੀ ਹੋ ਗਈ ਸੀ।

ਬਾਲਕ ਫੌਜੂ ਜੀਵਨ ਦੇ ਪਹਿਲੇ 5 ਸਾਲ ਬੇਸ਼ਕ 5 ਕਦਮ ਵੀ ਨਹੀਂ ਸੀ ਤੁਰ ਸਕਿਆ, ਪਰ ਪਿੱਛੋਂ ਏਨਾ ਤੁਰਿਆ, ਏਨਾ ਦੌੜਿਆ ਕਿ ਉਮਰ ਦੇ 80ਵਿਆਂ ਤੋਂ ਲੈ ਕੇ 110 ਵਿਆਂ ਤਾਈਂ ਦੌੜ ਦੌੜ ਧਰਤੀ ਘਸਾ ਦਿੱਤੀ ! ਉਹਦੀਆਂ ਲੰਮੀਆਂ ਦੌੜਾਂ ਤੇ ਨਿਰੰਤਰ ਤੋਰਾਂ ਦਾ ਕੋਈ ਅੰਤ ਨਾ ਰਿਹਾ। ਆਖ਼ਿਰ ਉਹਦਾ ਅੰਤ 14 ਜੁਲਾਈ 2025 ਨੂੰ ਉਹਦੇ ਘਰ ਕੋਲ ਹੀ ਸੜਕ ਹਾਦਸੇ ’ਚ ਹੋਇਆ।

1992 ’ਚ ਪਤਨੀ ਗਿਆਨ ਕੌਰ (ਖੁਸ਼ਵੰਤ ਸਿੰਘ ਨੇ ਗੁਰਦੇਵ ਕੌਰ ਲਿਖਿਆ ਹੈ) ਗੁਜ਼ਰ ਗਈ। 1990 ਵਿਚ ਗਭਲਾ (ਵਿਚਕਾਰਲਾ) ਪੁੱਤਰ ਕੁਲਦੀਪ ਸਿੰਘ ਵੀ ਛੱਤ ਤੋਂ ਡਿੱਗ ਕੇ ਮੁੱਕ ਗਿਆ। ਇਨ੍ਹਾਂ ਦੇ ਵਿਜੋਗ ’ਚ ਫੌਜਾ ਸਿੰਘ ਕਮਲਾ ਹੋਇਆ ਸਿਵਿਆਂ ’ਚ ਬੈਠਾ ਰਹਿੰਦਾ। ਪਿੰਡ ਵਾਲੇ ਸੋਚਦੇ, ਹੁਣ ਇਹ ਵੀ ਨੀ ਬਚਦਾ। ਉਹਦਾ ਵੱਡਾ ਪੁੱਤਰ ਸੁਖਵਿੰਦਰ ਸਿੰਘ ਵਲਾਇਤ ਵਿਚ ਸੀ। ਉਸ ਨੇ ਬਾਪ ਨੂੰ ਮੰਗਵਾਉਣ ਲਈ ਪਾਸਪੋਰਟ ਬਣਵਾਇਆ, ਅਟੇ ਸਟੇ ਜਨਮ ਤਾਰੀਖ 1 ਅਪ੍ਰੈਲ 1911 ਲਿਖੀ ਗਈ ਤੇ ਦਿਲ ਛੱਡੀ ਬੈਠੇ ਉਦਾਸੇ ਬਾਪ ਨੂੰ ਇੰਗਲੈਂਡ ਸੱਦ ਲਿਆ।

ਫੌਜਾ ਸਿੰਘ ਦਾ ਵਲਾਇਤ ਵਿਚ ਵੀ ਜੀਅ ਨਾ ਲੱਗਾ। ਉਹ ਮੁੜ ਪਿੰਡ ਪਰਤ ਆਇਆ। ਪਿੰਡ ਆ ਕੇ ਫਿਰ ਉਹੀ ਸ਼ੁਦਾਈਆਂ ਵਾਲਾ ਹਾਲ ਹੋਇਆ। ਦੁਬਾਰਾ ਇੰਗਲੈਂਡ ਗਿਆ ਤੇ ਫਿਰ ਪਿੰਡ ਨੂੰ ਪਰਤ ਪਿਆ। ਤਿੰਨ ਗੇੜੇ ਮਾਰ ਕੇ ਉਹ ਇੰਗਲੈਂਡ ਵਿਚ ਹੀ ਟਿਕ ਗਿਆ ਜਿੱਥੇ ਬਠਿੰਡੇ ਵੱਲ ਦੇ ਇੰਗਲੈਂਡ ਪਹੁੰਚੇ ਦੌੜਾਕ ਹਰਮੰਦਰ ਸਿੰਘ ਦੀ ਪ੍ਰੇਰਣਾ ਨਾਲ ਉਸ ਨੇ ਦੌੜਨਾ ਸ਼ੁਰੂ ਕੀਤਾ।

ਹਰਮੰਦਰ ਸਿੰਘ ਖ਼ੁਦ 10000 ਮੀਟਰ ਦੌੜ ਦਾ ਦੌੜਾਕ ਸੀ। ਮਾਸਕੋ-1980 ਦੀਆਂ ਓਲੰਪਿਕ ਖੇਡਾਂ ਲਈ ਉਸ ਨੇ ਟਰਾਇਲ ਦਿੱਤੇ ਸਨ, ਪਰ ਬਰਤਾਨੀਆ ਦੀ ਟੀਮ ’ਚ ਚੁਣੇ ਜਾਣੋ ਰਹਿ ਗਿਆ ਸੀ। ਫਿਰ ਉਹ ਵੈਟਰਨ ਦੌੜਾਕ ਵਜੋਂ ਮੈਰਾਥਨ ਦੌੜਾਂ ਲਾਉਣ ਲੱਗ ਪਿਆ। ਉਹ ਪਾਰਕ ਵਿੱਚ ਦੌੜਨ ਜਾਂਦਾ ਤਾਂ ਫੌਜਾ ਸਿੰਘ ਨੂੰ ਬੈਂਚ ਉੱਤੇ ਸਿਰ ਸੁੱਟੀ ਬੈਠਾ ਵੇਖਦਾ। ਇਕ ਦਿਨ ਉਸ ਨੇ ਨਿਮੋਝੂਣੇ ਬੈਠੇ ਫੌਜਾ ਸਿੰਘ ਨੂੰ ਕਿਹਾ ਕਿ ਜੇ ਤੂੰ ਮੇਰੇ ਨਾਲ ਦੌੜਨ ਲੱਗ ਪਵੇਂ ਤਾਂ ਤੇਰੀ ਉਦਾਸੀ ਦੂਰ ਹੋ ਜਾਵੇਗੀ।

ਬੁਢੇਪੇ ’ਚ ਪਹੁੰਚਿਆ ਫੌਜਾ ਸਿੰਘ, ਹਰਮੰਦਰ ਸਿੰਘ ਦੀ ਪ੍ਰੇਰਣਾ ਨਾਲ ਹੌਲੀ-ਹੌਲੀ ਦੌੜਨ ਲੱਗ ਪਿਆ ਤੇ ਦੌੜ ਕੇ ਨੇੜੇ ਦੇ ਗੁਰਦੁਆਰਿਆਂ ਵਿਚ ਜਾਣ ਲੱਗ ਪਿਆ। ਉਹ ਇਕ ਸ਼ਹਰ ਤੋਂ ਦੂਜੇ ਸ਼ਹਰ, ਇਕ ਪਾਰਕ ਤੋਂ ਦੂਜੇ ਪਾਰਕ ਤੇ ਇਕ ਗੁਰਦਵਾਰੇ ਤੋਂ ਦੂਜੇ ਗੁਰਦਵਾਰੇ ਤਕ ਦੌੜਨ ਲੱਗੇ। ਇੰਜ ਕੋਚ ਹਰਮੰਦਰ ਸਿੰਘ ਦਾ ਫੌਜਾ ਸਿੰਘ ਨੂੰ ਮੈਰਾਥਨਾ ਲੁਆਉਣ ਵਿਚ ਸਭ ਤੋਂ ਵੱਧ ਯੋਗਦਾਨ ਪਿਆ।

ਫੌਜਾ ਸਿੰਘ ਨੇ 84 ਸਾਲ ਦੀ ਉਮਰ ਟੱਪ ਕੇ ਦੌੜਨਾ ਸ਼ੁਰੂ ਕੀਤਾ ਸੀ। ਉਸ ਦੀ ਜੀਵਨ ਕਹਾਣੀ ਦੱਸਦੀ ਹੈ ਕਿ ਕਿਸੇ ਬੰਦੇ ਦੇ ਜੀਵਨ ਵਿਚ ਕਿੰਨੇ ਵੀ ਦੁੱਖ ਕਿਉਂ ਨਾ ਆਏ ਹੋਣ ਤੇ ਉਹ ਕਿੱਡੀ ਵੀ ਵੱਡੀ ਉਮਰ ਦਾ ਕਿਉਂ ਨਾ ਹੋ ਗਿਆ ਹੋਵੇ, ਜੇ ਹਿੰਮਤ ਧਾਰ ਲਵੇ ਤਾਂ ਕੁਛ ਦਾ ਕੁਛ ਕਰ ਸਕਦਾ ਹੈ। ਜੋ ਕੁੱਝ ਫੌਜਾ ਸਿੰਘ ਨੇ ਕੀਤਾ ਉਹ ਲਾਮਿਸਾਲ ਹੈ !

ਬਾਬਾ ਵਲਾਇਤ ਤੋਂ ਬਿਆਸ ਪਿੰਡ ਆਇਆ ਹੋਇਆ ਸੀ। ਆਉਣ ਸਾਰ ਕੋਵਿਡ ਦੀਆਂ ਬੰਧਸ਼ਾਂ ਲੱਗ ਗਈਆਂ। ਤੋਰਾ ਫੇਰਾ ਤੇ ਮਿਲਣਾ ਗਿਲਣਾ ਬੰਦ ਹੋ ਗਿਆ। ਉਤੋਂ ਗਰਮੀਆਂ ਆ ਗਈਆਂ। ਮੈਨੂੰ ਸਥਾਨਕ ਪੱਤਰਕਾਰ ਦਾ ਫੋਨ ਆਇਆ ਕਿ ਬਾਬਾ ਫੌਜਾ ਸਿੰਘ ਦਾ ਹਾਲ ਚਾਲ ਠੀਕ ਨਹੀਂ। ਤੁਰਤ ਆ ਕੇ ਮਿਲੋ। ਮੈਂ ਫੋਨ ਕੀਤਾ ਤਾਂ ਬਾਬਾ ਪੈਂਦੀ ਸੱਟੇ ਬੋਲਿਆ, ‘ਮੈਨੂੰ ਜਹਾਜ਼ ਚੜ੍ਹਾਓ, ਨਹੀਂ ਤਾਂ ਮੈਂ ਦਸ ਦਿਨ ਨੀ ਕੱਟਦਾ’।

ਮੈਂ ‘ਫਲਾਈਂਗ ਵਿੰਗਜ਼’ ਵਾਲੇ ਆਪਣੇ ਗੁਆਂਢੀ ਅਜੀਤ ਪਾਲ ਨੂੰ ਕਿਹਾ, ਕਰੋ ਕੋਈ ਇਲਾਜ, ਚੜ੍ਹਾਓ ਬਾਬੇ ਨੂੰ ਜਹਾਜ਼। ਉਹ ਕਹਿੰਦਾ, ਦਿੱਲੀਓਂ ਚੜ੍ਹਾ ਦਿੰਨੇ ਆਂ, ਪਰ ਮੋੜਵੀਂ ਟਿਕਟ ਅੰਮ੍ਰਿਤਸਰੋਂ ਚੜ੍ਹਨ ਦੀ ਸੀ। ਮੈਂ ਬਾਬੇ ਦੇ ਪੁੱਤਰ ਨੂੰ ਪੁੱਛਿਆ। ਦਿੱਲੀ ਤੋਂ ਚੜ੍ਹਾਉਣ ਲਈ ਨਾ ਪੁੱਤ ਮੰਨੇ, ਨਾ ਪਿਓ। ਬਾਬਾ ਇਹੋ ਦੁਹਾਈ ਪਾਈ ਜਾਵੇ ਕਿ ਅੰਬਰਸਰੋਂ ਚੜ੍ਹਾਓ, ਨਹੀਂ ਤਾਂ ਮੈਂ ਚੱਲਿਆ। ਫੇਰ ਨਾ ਅਖਿਓ, ਪਹਿਲਾਂ ਨੀ ਦੱਸਿਆ।

ਫੇਰ ਕੌਤਕ ਵਰਤਿਆ। ਅਜੀਤ ਪਾਲ ਦਾ ਫੋਨ ਆਇਆ ਕਿ ਅੰਮ੍ਰਿਤਸਰੋਂ ਲੰਡਨ ਜਾਣ ਵਾਲੀ ਫਲਾਈਟ ਖੁੱਲ੍ਹ ਗਈ। ਬਾਬੇ ਦਾ ਪਹਿਲੀ ਫਲਾਈਟ ਵਿਚ ਹੀ ਜਾਣ ਦਾ ਪ੍ਰਬੰਧ ਹੋ ਗਿਆ। ਸਭ ਨੇ ਸ਼ੁਕਰ ਮਨਾਇਆ। ਹਰਵਿੰਦਰ ਸਿੰਘ ਬਾਪ ਨੂੰ ਜਹਾਜ਼ ਚੜ੍ਹਾਅ ਆਇਆ ਤੇ ਫੋਨ ਕੀਤਾ, ਜੀਅ ਬਾਪੂ ਦਾ ਓਥੇ ਵੀ ਨੀ ਲੱਗਣਾ। ਉਹੀ ਗੱਲ ਹੋਈ। ਇੰਗਲੈਂਡ ’ਚ ਕੋਵਿਡ ਦੀਆਂ ਪਾਬੰਦੀਆਂ ਪੰਜਾਬ ਤੋਂ ਵੀ ਵੱਧ ਸਨ। ਵਲਾਇਤ ਦੀ ਜੇਲ੍ਹ ਤੋਂ ਅੱਕਿਆ ਉਹ ਮੁੜ ਬਿਆਸ ਪਿੰਡ ਆ ਪੁੱਜਾ, ਜਿੱਥੇ ਉਸ ਨੇ ਅੰਤਲੇ ਸਾਹ ਲੈਣੇ ਸਨ।

ਬਾਬਾ ਫੌਜਾ ਸਿੰਘ ਨਾਲ ਮੇਰੀਆਂ ਅਨੇਕ ਮੁਲਾਕਾਤਾਂ ਹੋਈਆਂ। ਕਦੇ ਲੰਡਨ ਲਾਗੇ ਈਰਥ ਵੂਲਿਚ, ਕਦੇ ਟੋਰਾਂਟੋ, ਬਰੈਂਪਟਨ, ਸਰੀ, ਵੈਨਕੂਵਰ ਤੇ ਕਦੇ ਪਟਿਆਲੇ। ਕਦੇ ਸਾਡੇ ਪਿੰਡ ਚਕਰ, ਜਿੱਥੇ ਉਸ ਨੂੰ ਕਿਸਤੀ ’ਚ ਝੀਲ ਦੀ ਸੈਰ ਕਰਾਈ ਤੇ ਨੌਂ ਮਾਡਰਨ ਸੱਥਾਂ ’ਚ ਬਜ਼ੁਰਗਾਂ ਨਾਲ ਮਿਲਵਾਇਆ। ਬਿਆਸ ਪਿੰਡ ਮੁੜ ਕੇ ਉਹ ਆਪਣੇ ਯਾਰਾਂ ਬੇਲੀਆਂ ਨੂੰ ‘ਚਾਨਣ ਮੁਨਾਰਾ’ ਬਣੇ ‘ਚਕਰ’ ਦੀਆਂ ਗੱਲਾਂ ਸੁਣਾਉਂਦਾ ਰਿਹਾ।

6 ਮਾਰਚ 2025 ਨੂੰ ਸ਼੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਦੀ ਅਥਲੈਟਿਕਸ ਮੀਟ ਸੀ। ਅਸੀਂ ਮੀਟ ਦਾ ਉਦਘਾਟਨ ਕਰ ਕੇ ਵਿਹਲੇ ਹੋਏ ਤਾਂ ਮੁੜਦਿਆਂ ਬਾਬਾ ਫੌਜਾ ਸਿੰਘ ਦੀਆਂ ਗੱਲਾਂ ਚੱਲ ਪਈਆਂ। ਮੈਂ ਮੀਟ ਦੇ ਉਦਘਾਟਨੀ ਭਾਸ਼ਨ ’ਚ ਬਾਬੇ ਦਾ ਜ਼ਿਕਰ ਜੁ ਕਰ ਬੈਠਾ ਸਾਂ। ਜੀਟੀ ਰੋਡ ’ਤੇ ਚੜ੍ਹਦਿਆਂ ਮੈਂ ਨਾਲ ਦਿਆਂ ਨੂੰ ਪੁੱਛਿਆ, ਬਾਬਾ ਫੌਜਾ ਸਿੰਘ ਨੂੰ ਮਿਲਣੈ ? ਅਮਰਦੀਪ ਕਾਲਜ ਮੁਕੰਦਪੁਰ ਦੇ ਬਾਨੀ ਗੁਰਚਰਨ ਸਿੰਘ ਸ਼ੇਰਗਿੱਲ ਤੇ ਕਾਰ ਚਲਾ ਰਹੇ ਮੇਰੇ ਪੁੱਤਰ ਜਗਵਿੰਦਰ ਸਿੰਘ ਨੇ ਹਾਮੀ ਭਰ ਦਿੱਤੀ। ਮੈਂ ਹਰਵਿੰਦਰ ਸਿੰਘ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ, ਮੈਂ ਤਾਂ ਬਾਹਰ ਹਾਂ, ਪਰ ਬਾਪੂ ਜੀ ਘਰ ਈ ਨੇ, ਆਓ, ਜੀ ਆਇਆਂ ਨੂੰ।

ਗੱਡੀ ਅਸੀਂ ਕਰਤਾਰਪੁਰੋਂ ਮੋੜਨੀ ਸੀ, ਪਰ ਮੋੜੀ ਜਲੰਧਰ-ਪਠਾਨਕੋਟ ਹਾਈਵੇ ਤੋਂ। ਬਿਆਸ ਪਿੰਡ ਨੂੰ ਉਥੋਂ ਮੁੜੇ, ਜਿੱਥੇ ਬਾਅਦ ਵਿਚ ਬਾਬਾ ਫੌਜਾ ਸਿੰਘ ਨਾਲ ਹਾਦਸਾ ਵਾਪਰਿਆ। ਅਸੀਂ ਫਿਰਨੀ ਦਾ ਚੱਕਰ ਲਾ ਕੇ ਬਾਬੇ ਦੇ ਘਰ ਪੁੱਜੇ। ਦਰ ਖੁੱਲ੍ਹਾ ਸੀ, ਸਾਹਮਣੇ ਰੁੱਖ ਦੀ ਛਾਵੇਂ ਬਾਬਾ ਮੰਜੇ ’ਤੇ ਪਿਆ ਸੀ। ਟ੍ਰੈਕਟਰ, ਟਰਾਲੀ, ਸਕੂਟਰ ਤੇ ਖੇਤੀਬਾੜੀ ਦੇ ਸੰਦਾਂ ਨਾਲ ਵਿਹੜਾ ਭਰਿਆ ਹੋਇਆ ਸੀ।

ਅਸੀਂ ਕਾਰ ’ਚੋਂ ਨਿਕਲੇ ਤਾਂ ਬਾਬੇ ਨੇ ਗੰਜੇ ਸਿਰ ’ਤੇ ਪੱਗ ਰੱਖੀ ਤੇ ਮੰਜੇ ਤੋਂ ਉਠ ਖੜ੍ਹਿਆ। ਅਸੀਂ ਬੈਠੇ ਰਹਿਣ ਲਈ ਕਿਹਾ, ਪਰ ਉਹ ਖੂੰਡੀ ਲੈ ਕੇ ਚਾਹ ਪਾਣੀ ਪਿਆਉਣ ਲਈ ਸਾਨੂੰ ਬੈਠਕ ਵੱਲ ਲੈ ਤੁਰਿਆ। ਬੈਠਕ ਖੇਡ ਸਨਮਾਨਾਂ ਨਾਲ ਭਰੀ ਹੋਈ ਸੀ। ਇਕ ਅਲਮਾਰੀ ਵਿਚ ਉਹਦਾ ਦੌੜਨ ਵਾਲਾ ਸੁਰਮਈ ਬੂਟਾਂ ਦਾ ਜੋੜਾ ਪਿਆ ਸੀ, ਜੋ ਖੇਡਾਂ ਦਾ ਸਮਾਨ ਬਣਾਉਣ ਵਾਲੀ ਐਡੀਡਾਸ ਕੰਪਨੀ ਨੇ ਮੁਹੰਮਦ ਅਲੀ ਤੇ ਡੇਵਿਡ ਬੈਕ੍ਹਮ ਤੋਂ ਬਾਅਦ 2004 ਵਿਚ ਫੌਜਾ ਸਿੰਘ ਨੂੰ ਆਪਣਾ ਅੰਬੈਸਡਰ ਬਣਾ ਕੇ ਭੇਟ ਕੀਤਾ ਸੀ। ਉਹਦੇ ਇਕ ਬੂਟ ਉੱਤੇ ‘ਫੌਜਾ’ ਤੇ ਦੂਜੇ ਉੱਤੇ ‘ਸਿੰਘ’ ਦੇ ਸਟਿੱਕਰ ਲੱਗੇ ਸਨ। ਬਾਬੇ ਨੂੰ ਦਿਸਦਾ ਠੀਕ ਸੀ, ਪਰ ਸੁਣਦਾ ਉੱਚਾ ਸੀ। ਚਮੜੀ ’ਤੇ ਫੁਲਬਹਿਰੀ ਦੇ ਚਿੱਟੇ ਦਾਗ ਪੈਣੇ ਸ਼ੁਰੂ ਹੋ ਗਏ ਸਨ। ਗੱਲਾਂ ਕਰਦਾ ਦੂਜੀ ਗੱਲ ਭੁੱਲ ਜਾਂਦਾ ਸੀ ਤੇ ਉੱਘ ਦੀਆਂ ਪਤਾਲ ਮਾਰਨ ਲੱਗ ਪੈਂਦਾ ਸੀ, ਪਰ ਹਾਸਾ ਪਹਿਲਾਂ ਵਾਲਾ ਹੀ ਹੱਸਦਾ ਸੀ। ਉਸ ਦਾ ਵੱਡਾ ਪੁੱਤਰ ਸੁਖਵਿੰਦਰ ਸਿੰਘ ਫਰਵਰੀ ’ਚ ਮਿਲਣ ਆਇਆ, ਬਾਪ ਲਈ ਵਲਾਇਤੀ ਵਿਸਕੀ ਛੱਡ ਗਿਆ ਸੀ। ਗੱਲੀਂ ਬਾਤੀਂ ਪਤਾ ਲੱਗਾ ਕਿ ਪਰਵਾਰ ਦੇ 15 ਖੇਤ ਹਨ ਤੇ ਏਨੇ ਕੁ ਹੋਰ ਠੇਕੇ ’ਤੇ ਲੈ ਕੇ ਛੋਟਾ ਪੁੱਤਰ ਖੇਤੀ ਕਰਦਾ ਹੈ।

ਮੈਂ ਸੋਚਿਆ ਸੀ ਕਿ ਜਦੋਂ ਨਵੰਬਰ ’ਚ ਕੈਨੇਡਾ ਤੋਂ ਪੰਜਾਬ ਮੁੜਾਂਗਾ ਤਾਂ ਨਵਦੀਪ ਗਿੱਲ ਤੇ ਹੋਰ ਖੇਡ ਲੇਖਕਾਂ ਨੂੰ ਨਾਲ ਲੈ ਕੇ ਬਾਬੇ ਸੰਗ ਪਿਕਨਿਕ ਮਨਾਵਾਂਗੇ। ਨਾਲੇ ‘ਮੈਰਾਥਨ ਦਾ ਮਹਾਂਰਥੀ ਬਾਬਾ ਫੌਜਾ ਸਿੰਘ’ ਨਾਂ ਦੀ ਪੁਸਤਕ ਲੋਕ ਅਰਪਣ ਕਰਾਂਗੇ, ਜੋ ਮੈਂ ਤਿਆਰ ਕਰ ਰਿਹਾਂ। ਪਰ ਕੁਦਰਤ ਨੂੰ ਕੁੱਝ ਹੋਰ ਮਨਜ਼ੂਰ ਸੀ, ਜਿਸ ਨੇ 14 ਜੁਲਾਈ ਨੂੰ ਹੀ ਭਾਣਾ ਵਰਤਾਅ ਦਿੱਤਾ।

ਫੌਜਾ ਸਿੰਘ ਨੂੰ ਮੈਂ ਪਹਿਲੀ ਵਾਰ 1999 ਵਿੱਚ ਈਰਥ-ਵੂਲਿਚ ਦੇ ਟੂਰਨਾਮੈਂਟ ’ਚ ਵੇਖਿਆ ਸੀ। ਮੈਂ ਕੁਮੈਂਟਰੀ ਕਰ ਰਿਹਾ ਸਾਂ ਤੇ ਉਹ ਕਬੱਡੀ ਦੇ ਦਾਇਰੇ ਦੁਆਲੇ ਰੇਵੀਏ ਪਿਆ ਗੇੜੇ ’ਤੇ ਗੇੜੇ ਲਾ ਰਿਹਾ ਸੀ। ਕਾਫੀ ਦੇਰ ਬਾਅਦ ਜਦ ਰੁਕਿਆ ਤਾਂ ਮੈਂ ਉਹਦੇ ਨਾਲ ਗੱਲਾਂ ਕੀਤੀਆਂ, ਪਰ ਕਾਪੀ ਵਿਚ ਨੋਟ ਨਾ ਕਰ ਸਕਿਆ। ਉਂਜ ਪਤਾ ਲੱਗ ਗਿਆ ਕਿ ਬਾਬਾ ਕਮਾਲ ਦੀ ਸ਼ੈਅ ਹੈ।

2000 ਵਿਚ ਮੈਂ ਫੌਜਾ ਸਿੰਘ ਦੀਆਂ ਤਸਵੀਰਾਂ ਅਖ਼ਬਾਰਾਂ ’ਚ ਛਪੀਆਂ ਵੇਖੀਆਂ। ਉਸ ਨੇ ਲੰਡਨ ਦੀ ਮੈਰਾਥਨ ਦੌੜ ਵਿਚ 80 ਸਾਲ ਤੋਂ ਵੱਡੀ ਉਮਰ ਦੇ ਦੌੜਾਕਾਂ ’ਚ ਨਵਾਂ ਵਿਸ਼ਵ ਰਿਕਾਰਡ ਰੱਖ ਦਿੱਤਾ ਸੀ ! ਉਸ ਮੈਰਾਥਨ ਵਿਚ 32,860 ਦੌੜਾਕਾਂ ਨੇ ਭਾਗ ਲਿਆ ਸੀ ਤੇ ਉਹ 10 ਹਜ਼ਾਰ ਦੌੜਾਕਾਂ ਨੂੰ ਪਿੱਛੇ ਛੱਡ ਗਿਆ ਸੀ। ਮੈਨੂੰ ਝੋਰਾ ਹੋਇਆ ਕਿ ਈਰਥ ਵਿਚ ਮੈਂ ਉਸ ਦੀ ਇੰਟਰਵਿਊ ਕਿਉਂ ਨਾ ਲੈ ਸਕਿਆ ?

28 ਸਤੰਬਰ 2003 ਨੂੰ ‘ਸਕੋਸ਼ੀਆਬੈਂਕ ਟੋਰਾਂਟੋ ਵਾਟਰਫਰੰਟ ਮੈਰਾਥਨ’ ਟੋਰਾਂਟੋ ਵਿਚ ਲੱਗੀ। ਮੈਂ ਉਦੋਂ ਉੱਥੇ ਹੀ ਸਾਂ। ਫੌਜਾ ਸਿੰਘ ਇੰਗਲੈਂਡ ਤੋਂ ਦੌੜ ਵਿਚ ਭਾਗ ਲੈਣ ਆਇਆ। ਉਹਦੇ ਕੇਸਰੀ ਪੱਗ ਬੱਧੀ ਹੋਈ ਸੀ ਤੇ ਦੌੜਦੇ ਦੀ ਲੰਮੀ ਦਾਹੜੀ ਲਹਿਰਾਅ ਰਹੀ ਸੀ। ਦੌੜ ਮੁੱਕੀ ਤਾਂ ਉਸ ਨੇ ਆਪਣਾ ਹੀ ਰਿਕਾਰਡ ਪਹਿਲਾਂ ਨਾਲੋਂ 31 ਮਿੰਟ ਘੱਟ ਸਮੇਂ ਨਾਲ ਤੋੜ ਦਿੱਤਾ। ਮੇਮਾਂ ਇੱਕ ਦੂਜੀ ਤੋਂ ਅੱਗੇ ਹੋ ਕੇ ਫੌਜਾ ਸਿੰਘ ਨੂੰ ਜੱਫੀਆਂ ਪਾਉਂਦੀਆਂ, ਵਧਾਈਆਂ ਦੇਣ ਲੱਗੀਆਂ। ਨਿਆਣੇ ਆਟੋਗਰਾਫ ਲੈਣ ਲੱਗੇ। ਬਿਆਸ ਪਿੰਡੀਆਂ ਨੇ ਫੌਜਾ ਸਿੰਘ ਨੂੰ ਮੋਢਿਆਂ ’ਤੇ ਚੁੱਕ ਲਿਆ। ਫੌਜਾ ਸਿੰਘ ਦੀ ਬੱਲੇ-ਬੱਲੇ ਹੋ ਗਈ। ਉਹਦੀ ਵਿਲੱਖਣਤਾ ਸੀ ਕਿ ਉਹ ਝੂਲਦੀ ਸਫੈਦ ਦਾੜ੍ਹੀ ਨਾਲ ਕੇਸਰੀ ਦਸਤਾਰ ’ਤੇ ਖੰਡਾ ਸਜਾ ਕੇ ਦੌੜਿਆ ਸੀ। ਉਹਦੇ ਨਿਆਰੇ ਸਰੂਪ ਨੇ ਉਹਦੀ ਮਸ਼ਹੂਰੀ ਹੋਰ ਵੀ ਵੱਧ ਕਰਾਈ !

ਸ਼ਾਮੀ ਅਸੀਂ ਲਾਂਭੇ ਬਹਿ ਕੇ ਖੁੱਲ੍ਹੀਆਂ ਗੱਲਾਂ ਕੀਤੀਆਂ। ਉਸ ਨੇ ਹੁੱਬ ਕੇ ਦੱਸਿਆ ਕਿ ‘ਪਿੰਡ ਹਲ ਵਾਹੁੰਦਿਆਂ ਉਹਨੂੰ ਕੋਈ ਪਾਣੀ ਵੀ ਨਹੀਂ ਸੀ ਪੁੱਛਦਾ, ਪਰ ਹੁਣ ਮੇਮਾਂ ਕੋਕ ਚੁੱਕੀ ਪਿਛੇ-ਪਿਛੇ ਤੁਰੀਆਂ ਫਿਰਦੀਆਂ। ਕੈਮਰਿਆਂ ਵਾਲੇ ਫੋਟੂ ਲੌਹਣੋਂ ਨੀ ਹਟਦੇ। ਪਿੰਡ ਵਾਲੇ ਮੈਨੂੰ ਫੌਜੂ ਕਹਿੰਦੇ ਸੀ, ਅਖ਼ਬਾਰਾਂ ਵਾਲੇ ਬਾਬਾ ਫੌਜਾ ਸਿੰਘ ਲਿਖੀ ਜਾਂਦੇ ਹਨ। ਉਸ ਨੇ ਕਿਹਾ, ‘ਇਹ ਸਭ ਕੁਜਰਤ ਦੀ ਖੇਡ ਐ।’ ਕੁਦਰਤ ਨੂੰ ਉਹ ਕੁਜਰਤ ਕਹਿ ਰਿਹਾ ਸੀ !

ਗੱਲਾਂ ਬਾਤਾਂ ਕਰਦਿਆਂ ਮੈਂ ਨੋਟ ਕੀਤਾ ਕਿ ਬਾਬਾ ਫੌਜਾ ਸਿੰਘ ਅੰਦਰ ਅਜੇ ਵੀ ਸ਼ੌਂਕੀ ਬੰਦਾ ਛੁਪਿਆ ਬੈਠਾ ਸੀ। ਉਹਨੇ ਸੋਨੇ ਦਾ ਕੜਾ ਪਾਇਆ ਹੋਇਆ ਸੀ ਤੇ ਸੁਨਹਿਰੀ ਘੜੀ ਬੱਧੀ ਹੋਈ ਸੀ। ਘੜੀ ਮਾੜੀ ਮੋਟੀ ਨੲ੍ਹੀਂ, ਰਾਡੋ ਸੀ, ਜੋ ਸਾਢੇ ਤਿੰਨ ਸੌ ਪੌਂਡ ਦੀ ਲਈ ਸੀ।

ਫੌਜਾ ਸਿੰਘ ਦੇ ਜੀਵਨ ਵਿੱਚ ਬੜੇ ਉਤਰਾਅ ਚੜ੍ਹਾਅ ਆਏ। ਦੁੱਖ ਵੀ ਭੋਗਿਆ ਤੇ ਸੁੱਖ ਵੀ ਮਾਣਿਆ। ਗੁੰਮਨਾਮ ਵੀ ਰਿਹਾ ਤੇ ਮਸ਼ਹੂਰ ਵੀ ਹੋਇਆ। ਉਸ ਨੇ ਕਿਹਾ ਕਿ ਬੰਦਾ ਠੋਹਕਰ ਖਾਧੇ ਬਿਨਾਂ ਨਹੀਂ ਸੁਧਰਦਾ। ਉਸ ਨੇ ਖ਼ੁਦ ਜੀਵਨ ਵਿੱਚ ਠੋਹਕਰਾਂ ਖਾਧੀਆਂ। ਉਹਦੇ ਅੰਦਰ ਛੁਪੇ ਹੋਏ ਚੰਗੇਰੇ ਭਵਿੱਖ ਨੇ ਉਹਨੂੰ ਲੰਮਾ ਸਮਾਂ ਜਿਉਂਦਾ ਰੱਖਿਆ। ਬਾਬਾ ਅਜਬ ਇਨਸਾਨ ਸੀ। ਬਜ਼ੁਰਗਾਂ ਦਾ ਰੋਲ ਮਾਡਲ ਤੇ ਬੰਦੇ ਦੇ ਬੁਲੰਦ ਜੇਰੇ ਦੀ ਜਿਊਂਦੀ ਜਾਗਦੀ ਮਿਸਾਲ। ਸਿਰੜੀ, ਮਿਹਨਤੀ ਤੇ ਮੰਜ਼ਿਲਾਂ ਮਾਰਨ ਵਾਲਾ ਮਹਾਂਰਥੀ। ਬੁੱਲ੍ਹੇ ਸ਼ਾਹ ਵਰਗੀ ਮਸਤ ਤਬੀਅਤ ਦਾ ਮਾਲਕ ਤੇ ਸ਼ਾਹ ਹੁਸੈਨ ਜਿਹਾ ਫੱਕਰ। ਸਹਿਜਤਾ, ਸੁਹਿਰਦਤਾ, ਮਸੂਮੀਅਤ ਤੇ ਭੋਲੇਪਨ ਦੀ ਮੂਰਤ। ਉਹਦੀਆਂ ਗੱਲਾਂ ਸਿੱਧੀਆਂ, ਸਾਦੀਆਂ, ਭੋਲੀਆਂ ਤੇ ਨਿਰਛਲ ਹਨ। ਹਾਸਾ ਠੱਠਾ ਕਰਨਾ ਉਹਦਾ ਸੁਭਾਅ ਸੀ, ਜਿਸ ਨਾਲ ਹੱਸਦੇ ਦੀਆਂ ਅੱਖਾਂ ਛਲਕ ਪੈਂਦੀਆਂ।

ਉਹ ਰੌਣਕੀ ਬੰਦਾ ਸੀ। ਸਿਰੇ ਦਾ ਗਾਲੜੀ। ਬੇਫਿਕਰ, ਬੇਪਰਵਾਹ, ਬੇਬਾਕ, ਦਾਨੀ ਤੇ ਦਇਆਵਾਨ। ਜੇ ਦੌੜਨ ਨਾ ਲੱਗਦਾ ਉਹਨੇ ਗੁੰਮਨਾਮੀ ’ਚ ਚੱਲ ਵਸਣਾ ਸੀ। ਦੌੜਾਂ ਲਾਉਣ ਨਾਲ ਉਹ ਮਰਨੋ ਬਚ ਗਿਆ। ਗ਼ਮਗ਼ੀਨੀ ’ਚੋਂ ਨਿਕਲ ਕੇ ਜਿਉਂਦਿਆਂ ’ਚ ਹੋ ਗਿਆ। ਬੁੱਢੇਵਾਰੇ ਦੌੜਾਂ ’ਚ ਪੈ ਕੇ ਉਹਨੇ ਪੂਰੇ ਵਿਸ਼ਵ ਵਿਚ ਬੱਲੇ-ਬੱਲੇ ਕਰਵਾਈ। ਉਸ ਨੂੰ 2004, 2008 ਤੇ 2012 ਦੀਆਂ ਓਲੰਪਿਕ ਖੇਡਾਂ ਦੀ ਮਿਸ਼ਾਲ ਲੈ ਕੇ ਦੌੜਨ ਦਾ ਮਾਣ ਮਿਲਿਆ। ਬਾਬੇ ਨੂੰ ਬਰਤਾਨੀਆ ਦੀ ਮਹਾਰਾਣੀ ਐਲਜ਼ਾਬੈੱਥ ਨੇ 100 ਸਾਲ ਦਾ ਸੀਨੀਅਰ ਸਿਟੀਜ਼ਨ ਹੋ ਜਾਣ ਦੀ ਵਧਾਈ ਦਿੱਤੀ ਤੇ ਸ਼ਾਹੀ ਮਹਿਲਾਂ ਵਿਚ ਖਾਣੇ ’ਤੇ ਸੱਦਿਆ। ਮਹਾਰਾਣੀ ਨੂੰ ਮਿਲ ਕੇ ਉਹ ਹੋਰ ਜੁਆਨ ਹੋ ਗਿਆ !

ਫੌਜਾ ਸਿੰਘ ਪੁੰਨ ਦੇ ਕਾਰਜਾਂ ਲਈ ਦੌੜਦਾ ਰਿਹਾ। ਚੈਰਟੀ ਲਈ ’ਕੱਠੇ ਹੋਏ ਪੈਸਿਆਂ ਵਿੱਚ ਥੋੜ੍ਹੇ ਬਹੁਤੇ ਆਪਣੇ ਵੱਲੋਂ ਵੀ ਪਾਉਂਦਾ ਰਿਹਾ। 2003 ਵਿਚ ਉਹ ਨਿਊਯਾਰਕ ਦੀ ਮੈਰਾਥਨ ‘ਸਿੱਖ ਪਛਾਣ’ ਲਈ ਦੌੜਿਆ। ਟੋਰਾਂਟੋ ਦੀ ਵਾਟਰ ਫਰੰਟ ਹਾਫ਼ ਮੈਰਾਥਨ ਉਹ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਲਈ ਦੌੜਿਆ। ਉਸ ਬਾਰੇ ਉਸ ਦੇ ਪੇਂਡੂਆਂ ਨੇ ਦੋ ਕਵਿਤਾਵਾਂ ਜੋੜੀਆਂ: ‘ਅਦਰਕ ਦੀ ਤਰੀ ਦਾ ਕਮਾਲ ਤੇ ਫੌਜਾ ਸਿੰਘ ਸਰਦਾਰ ਦੀ ਹੈ ਇਕ ਵੱਖਰੀ ਸ਼ਾਨ, ਇਸ ਦੇ ਕਰਤਬ ਵੇਖ ਕੇ ਦੁਨੀਆ ਹੋਏ ਹੈਰਾਨ..।’

ਉਹ ਲੰਡਨ ਓਲੰਪਿਕ-2012 ਦੀ ਮਿਸ਼ਾਲ ਲੈ ਕੇ ਦੌੜਿਆ ਤਾਂ ਰਸਤੇ ਵਿੱਚ ਛਬੀਲਾਂ ਲੱਗ ਗਈਆਂ ਸਨ ਅਤੇ ਲੰਗਰ ਲਾਏ ਗਏ ਸਨ। ਇਉਂ ਛਬੀਲਾਂ ਤੇ ਲੰਗਰ ਪਹਿਲੀ ਵਾਰ ਓਲੰਪਿਕ ਖੇਡਾਂ ਦੇ ਅੰਗ ਬਣੇ। ਵੀਹਵੀਂ ਸਦੀ ਵਿੱਚ ਪੱਗਾਂ ਦਾੜ੍ਹੀਆਂ ਵਾਲੇ ਫੌਜੀਆਂ ਤੇ ਹਾਕੀ ਦੇ ਖਿਡਾਰੀਆਂ ਨੇ ਸਿੱਖ ਸਰੂਪ ਦੀ ਪਛਾਣ ਬਾਕੀ ਦੁਨੀਆ ਨੂੰ ਕਰਾਈ ਸੀ। ਇੱਕੀਵੀਂ ਸਦੀ ਦੇ ਆਰੰਭ ਵਿੱਚ ਪੱਗ ਦਾੜ੍ਹੀ ਦੀ ਜਿੰਨੀ ਪਛਾਣ ਬਾਬਾ ਫੌਜਾ ਸਿੰਘ ਨੇ ਕਰਾਈ, ਉਨੀ ਹੋਰ ਕਿਸੇ ਨੇ ਨਹੀਂ ਕਰਾਈ। ਫੌਜਾ ਸਿੰਘ ਆਪ ਕਹਿੰਦਾ ਸੀ ਕਿ ਮੇਰੀ ਪਛਾਣ ਉਨੀ ਮੇਰੇ ਦੌੜਨ ਕਰਕੇ ਨਹੀਂ, ਜਿੰਨੀ ਪੱਗ ਦਾੜ੍ਹੀ ਕਰਕੇ ਹੈ। ਇਹੋ ਕਾਰਨ ਹੈ ਕਿ ਉਹ ਕਦੇ ਨੰਗੇ ਸਿਰ ਨਹੀਂ ਸੀ ਦੌੜਿਆ ਤੇ ਕਦੇ ਦਾੜ੍ਹੀ ਨਹੀਂ ਸੀ ਬੰਨ੍ਹੀ।

ਫੌਜਾ ਸਿੰਘ ਦਾ ਕਹਿਣਾ ਸੀ ਕਿ ਉਹ ਕੁਦਰਤ ਦੇ ਰੰਗਾਂ ਵਿਚ ਰਾਜ਼ੀ ਹੈ। ਉਹ ਪ੍ਰਹੇਜ਼ਗਾਰ ਸੀ, ਸਿਰੜੀ ਸੀ, ਸਿਦਕੀ ਸੀ ਤੇ ਲੋਭ ਲਾਲਚ ਤੋਂ ਪਰੇ ਸੀ। ਕਹਿੰਦਾ ਸੀ, ‘ਕਮਾਉਣ ਨੂੰ ਤਾਂ ਭਾਵੇਂ ਮੈ ਮਿਲੀਅਨ ਡਾਲਰ ਕਮਾ ਲਵਾਂ, ਪਰ ਕਰਨੇ ਕੀ ਆ ? ਲੋੜ ਜੋਗਾ ਰੱਬ ਦਾ ਦਿੱਤਾ ਬਹੁਤ ਕੁੱਝ ਹੈ। ਤੰਦਰੁਸਤੀ ਚਾਹੀਦੀ ਐ। ਜੀਹਦੇ ਕੋਲ ਤੰਦਰੁਸਤੀ ਐ, ਉਹਦੇ ਕੋਲ ਸਾਰੀਆਂ ਦੌਲਤਾਂ।’

ਕਿੱਥੇ ਫੌਜਾ ਸਿੰਘ ਤੇ ਕਿੱਥੇ ਕਰੋੜਾਂ ਰੁਪਏ ਇਕੱਠੇ ਕਰਨ ਵਾਲੇ ਨੇਤਾ ਤੇ ਵੱਡੇ ਅਫਸਰ ! ਉਹ ਕਰੋੜਾਂ ਰੁਪਏ ਕੋਲ ਹੋਣ ਦੇ ਬਾਵਜੂਦ ਨਹੀਂ ਰੱਜਦੇ ਜਦ ਕਿ ਫੌਜਾ ਸਿੰਘ ਬਿਨਾਂ ਬੈਂਕ ਬੈਲੈਂਸ ਦੇ ਹੀ ਰੱਜਿਆ ਪੁੱਜਿਆ ਸੀ। ਜੇ ਉਹ ਚਾਹੁੰਦਾ ਤਾਂ ਮੈਰਾਥਨ ਦੌੜਾਂ ਦੇ ਸਿਰ ’ਤੇ ਜਿੰਨੇ ਮਰਜ਼ੀ ਕਮਾ ਲੈਂਦਾ। ਉਸ ਨੇ ਲੰਮੀ ਦੌੜ ਦਾ ਰਿਕਾਰਡ ਹੀ ਨਹੀਂ ਰੱਖਿਆ ਬਲਕਿ ਬੇਲੋੜੀ ਮਾਇਆ ਦੇ ਤਿਆਗ ਕਰਨ ਦਾ ਰਿਕਾਰਡ ਵੀ ਰੱਖਿਆ !

ਆਖ਼ਰੀ ਮੁਲਾਕਾਤ ’ਚ ਮੈਂ ਪੁੱਛਿਆ ਸੀ, ‘ਅੱਜ ਕੱਲ੍ਹ ਕੀ ਮਹਿਸੂਸ ਕਰਦੇ ਓ ?’

‘ਰੱਬ ਦਾ ਸ਼ੁਕਰ ਐ। ਕਦੇ ਚਿੱਤ ਚੇਤੇ ਵੀ ਨਾ ਸੀ ਕਿ ਉਹ ਐਨੀਆਂ ਰਹਿਮਤਾਂ ਦੀ ਬਰਖਾ ਕਰੇਗਾ। ਜਦੋਂ ਮੈਂ ਸਦਮੇ ’ਚੋਂ ਗੁਜ਼ਰ ਰਿਹਾ ਸੀ ਤਾਂ ਉਹਨੇ ਮੇਰੇ ਅੰਦਰ ਦੌੜਨ ਦੀ ਚੁਆਤੀ ਲਾਈ ਅਤੇ ਆਪਣੀ ਬੁੱਕਲ ’ਚ ਸਮੋ ਲਿਆ। ਮੈਂ ਕਦੇ ਲਾਲਚ ਲਈ ਨੀ ਦੌੜਿਆ। ਜੋ ਪੈਸਾ ਧੇਲਾ ਦੌੜਾਂ ’ਚੋਂ ਮਿਲਿਆ, ਉਹ ਚੈਰਿਟੀ ਦੇ ਲੇਖੇ ਲਾਤਾ। ਸੋਚਦਾਂ ਖੌਰੇ ਕਿਸੇ ਓਸ ਗ਼ਰੀਬ ਦਾ ਵੀ ਭਲਾ ਕੀਤਾ ਹੋਊ ਜੀਹਦੀਆਂ ਅਸੀਸਾਂ ਨਾਲ ਮੈਂ ਦੌੜੀ ਜਾ ਰਿਹਾਂ।’

ਉਸ ਦੀ ਜੀਵਨ ਕਹਾਣੀ ਦਾ ਸਾਰ ਹੈ ਕਿ ਬੰਦੇ ਦੇ ਜੀਵਨ ਵਿਚ ਕਿੰਨੇ ਵੀ ਦੁੱਖ ਕਿਉਂ ਨਾ ਆਏ ਹੋਣ ਤੇ ਉਹ ਕਿੱਡੀ ਵੀ ਉਮਰ ਦਾ ਕਿਉਂ ਨਾ ਹੋ ਗਿਆ ਹੋਵੇ, ਜੇ ਉਹ ਹਿੰਮਤ ਧਾਰ ਲਵੇ ਤਾਂ ਕੁਛ ਦਾ ਕੁਛ ਕਰ ਸਕਦਾ ਹੈ। ਜੋ ਕੁੱਝ ਬਾਬਾ ਫੌਜਾ ਸਿੰਘ ਨੇ ਕੀਤਾ ਉਹ ਆਉਂਦੀਆਂ ਪੀੜ੍ਹੀਆਂ ਲਈ ਰਾਹ ਦਸੇਰਾ ਬਣਿਆ ਰਹੇਗਾ। ਬਾਬਾ ਫੌਜਾ ਸਿੰਘ ਨੂੰ ਜਾਂਦੀ ਵਾਰ ਦੀ ਫਤਿਹ, ਪ੍ਰਨਾਮ ਤੇ ਸਲਾਮ !

ਭਗਤ ਪੂਰਨ ਸਿੰਘ ਜੀ ਦੀ 33ਵੀਂ ਬਰਸੀ ’ਤੇ ਵਿਸ਼ੇਸ਼

0

ਭਗਤ ਪੂਰਨ ਸਿੰਘ ਜੀ ਦੀ 33ਵੀਂ ਬਰਸੀ ਤੇ ਵਿਸ਼ੇਸ਼

ਕਿਰਪਾਲ ਸਿੰਘ ਬਠਿੰਡਾ ਮੋਬ: 98554 80797

ਮੁੱਢਲਾ ਜੀਵਨ

ਦੁਨੀਆਂ ’ਚ ਬਹੁਤ ਮਨੁੱਖ ਹੋਏ ਹਨ ਤੇ ਹੁੰਦੇ ਰਹਿਣਗੇ, ਪਰ ਭਗਤ ਪੂਰਨ ਸਿੰਘ ਜੀ ਵਰਗਾ ਕੋਈ ਵਿਰਲਾ ਹੀ ਹੁੰਦਾ ਹੈ, ਜਿਹੜਾ ਰੱਖੇ ਗਏ ਆਪਣੇ ਨਾਂ ਦੇ ਅਰਥ ਭਾਵਾਂ ਅਨੁਸਾਰ ਪੂਰਾ ਉਤਰਿਆ ਹੋਵੇ। ਹਰ ਵੇਲੇ ਵਾਹਿਗੁਰੂ ਦੇ ਸ਼ੁਕਰ ਅਤੇ ਰਜ਼ਾ ’ਚ ਰਾਜੀ ਰਹਿੰਦਿਆਂ ਨਿਆਸਰਿਆਂ ਅਤੇ ਸਮਾਜ ਵੱਲੋਂ ਦੁਰਕਾਰੇ ਗਏ ਬਿਮਾਰ ਤੇ ਅਪਾਹਜ ਵਿਆਕਤੀਆਂ ਦੀ ਨਿਸ਼ਕਾਮ ਸੇਵਾ ਕਰਨੀ, ਪਰਉਪਕਾਰੀ, ਵਾਤਾਵਰਣ ਪ੍ਰੇਮੀ, ਸਾਹਿਤਕਾਰ ਅਤੇ ਵਿਦਵਾਨ ਹੋਣ ਦੇ ਬਾਵਜੂਦ ਅਹੰਕਾਰ, ਕਾਮ, ਕ੍ਰੋਧ ਆਦਿਕ ਵਿਕਾਰਾਂ ਤੋਂ ਨਿਰਲੇਪ ਰਹਿਣ ਵਰਗੇ ਸਾਰੇ ਗੁਣਾਂ ਨਾਲ ਪੂਰਨ ਹੋਣ ਕਾਰਨ ਜਿੱਥੇ ਉਨ੍ਹਾਂ ਦੇ ਨਾਂ ਮੁਤਾਬਕ ਪੂਰਨ ਸਿੰਘ ਕਹਿਣਾ ਵਾਜ਼ਬ ਹੈ, ਉੱਥੇ ਭਗਤ ਹੋਣ ਦੀਆਂ ਨਿਸ਼ਾਨੀਆਂ ਭੀ ਭਰਪੂਰ ਹਨ। ਸੁਖਮਨੀ ਸਾਹਿਬ ਦਾ ਇਹ ਵਾਕ ਉਨ੍ਹਾਂ ’ਤੇ ਪੂਰਾ ਢੁਕਦਾ ਪ੍ਰਤੀਤ ਹੁੰਦਾ ਹੈ :

ਗੁਰ ਕੈ ਗ੍ਰਿਹਿ, ਸੇਵਕੁ ਜੋ ਰਹੈ ਗੁਰ ਕੀ ਆਗਿਆ; ਮਨ ਮਹਿ ਸਹੈ

ਆਪਸ ਕਉ ਕਰਿ ਕਛੁ ਜਨਾਵੈ ਹਰਿ ਹਰਿ ਨਾਮੁ ਰਿਦੈ ਸਦ ਧਿਆਵੈ

ਮਨੁ ਬੇਚੈ; ਸਤਿਗੁਰ ਕੈ ਪਾਸਿ ਤਿਸੁ ਸੇਵਕ ਕੇ ਕਾਰਜ ਰਾਸਿ

ਸੇਵਾ ਕਰਤ, ਹੋਇ ਨਿਹਕਾਮੀ ਤਿਸ ਕਉ ਹੋਤ ਪਰਾਪਤਿ ਸੁਆਮੀ

ਅਪਨੀ ਕ੍ਰਿਪਾ; ਜਿਸੁ ਆਪਿ ਕਰੇਇ ਨਾਨਕ  ! ਸੋ ਸੇਵਕੁ; ਗੁਰ ਕੀ ਮਤਿ ਲੇਇ

ਭਗਤ ਪੂਰਨ ਸਿੰਘ ਜੀ ਦਾ ਮੁੱਢਲਾ ਨਾਮ ਰਾਮਜੀ ਦਾਸ ਸੀ। ਪਿੰਗਲਵਾੜਾ ਦੀ ਮੌਜੂਦਾ ਮੁਖੀ ਬੀਬੀ ਇੰਦਰਜੀਤ ਕੌਰ ਨੇ ਦੱਸਿਆ ਕਿ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ (ਜਿੱਥੇ ਗੁਰੂ ਅਰਜਨ ਸਾਹਿਬ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ) ਦੇ ਮਹੰਤ ਤੇਜਾ ਸਿੰਘ ਜੀ ਨੇ ਰਾਮਜੀ ਦਾਸ ਵੱਲੋਂ ਬੇਸਹਾਰਿਆਂ ਦੀ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਨੂੰ ਵੇਖਦਿਆਂ ਇਨ੍ਹਾਂ ਦਾ ਨਾਂ ਪੂਰਨ ਸਿੰਘ ਰੱਖਿਆ; ਜਿਸ ਨਾਂ ’ਤੇ ਇਹ ਖਰੇ ਉਤਰੇ। ਸਾਦੀ ਰਹਿਣੀ ਅਤੇ ਇਨ੍ਹਾਂ ਵੱਲੋਂ ਮਨੁੱਖਤਾ ਦੀ ਕੀਤੀ ਨਿਸ਼ਕਾਮ ਸੇਵਾ ਕਾਰਨ ਇਨ੍ਹਾਂ ਦੇ ਨਾਂ ਨਾਲ ‘ਭਗਤ’ ਸ਼ਬਦ ਜੁੜ ਗਿਆ, ਜੋ ਕਿ ਸਿੱਖ ਕੌਮ ’ਚ ਕਿਸੇ ਹੋਰ ਨਾਂ ਨਾਲ਼ ਨਹੀਂ ਜੁੜਿਆ ਸੀ/ਹੈ। ਆਪਣੇ ਨਾਂ ’ਤੇ ਪੂਰਾ ਉਤਰਨ ਵਾਲੇ ਇਸ ਮਹਾਨ ਵਿਅਕਤੀ ਦੀ ਆਪਣੀ ਲਿਖਤ ‘ਮੇਰੇ ਜੀਵਨ ਦੀਆਂ ਕਹਾਣੀਆਂ’ ਦੇ ਪੰਨਾ ਨੰ: 6 ’ਤੇ ਉਹ ਆਪ ਲਿਖਦੇ ਹਨ ‘ਮੇਰਾ ਜਨਮ ਸੰਨ 1904 ਵਿੱਚ ਆਏ ਮਹੀਨਾ ਜੇਠ ਸੁਦੀ ਦੂਜੇ ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ (ਰੋਹਣੋ) ਵਿਚ ਜੱਟ ਸਿੱਖ ਪਰਵਾਰ ਦੀ ਮਾਤਾ ਮਹਿਤਾਬ ਕੌਰ ਜੀ ਦੀ ਕੁੱਖੋਂ ਅਤੇ ਸਨਾਤਨੀ ਹਿੰਦੂ ਵੀਚਾਰਾਂ ਵਾਲੇ ਪਿਤਾ ਛਿੱਬੂ ਮੱਲ ਜੀ ਦੇ ਘਰ ਹੋਇਆ’।

ਸੰਨ 1904 ’ਚ ਆਈ ਜੇਠ ਸੁਦੀ ੨ ਨੂੰ ਕੈਲੰਡਰ ਦੀਆਂ ਦੂਸਰੀਆਂ ਪਧਤੀਆਂ ’ਚ ਤਬਦੀਲ ਕੀਤਿਆਂ ਬਣਦਾ ਹੈ ‘15 ਜੂਨ 1904 ਈ:/੨ ਹਾੜ ਬਿਕ੍ਰਮੀ ਸੰਮਤ ੧੯੬੧’, ਪਰ ਪਿੰਗਲਵਾੜਾ ਸੰਸਥਾ ’ਚ ਇਨ੍ਹਾਂ ਦਾ ਜਨਮ ਦਿਨ ਹਰ ਸਾਲ 4 ਜੂਨ ਨੂੰ ਮਨਾਇਆ ਜਾਂਦਾ ਹੈ। ਫੋਨ ’ਤੇ ਇਸ ਦਾ ਕਾਰਨ ਪੁੱਛਿਆ ਤਾਂ ਸੰਸਥਾ ਦੇ ਰਿਸੈਪਸ਼ਨਿਸਟ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਸਰਟੀਫਿਕੇਟ ’ਚ ਭਗਤ ਜੀ ਦਾ ਜਨਮ 4 ਜੂਨ 1904 ਈ: ਲਿਖਿਆ ਹੋਇਆ ਹੈ। ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਉਸ ਸਮੇਂ ਤੋਂ ਅੱਜ ਤੱਕ ਬਹੁਤੇ ਪੜ੍ਹੇ ਲਿਖੇ ਲੋਕਾਂ ਨੂੰ ਵੀ ਕੈਲੰਡਰ ਦੀ ਇੱਕ ਪਧਤੀ ਤੋਂ ਦੂਸਰੀ ਪਧਤੀ ’ਚ ਤਬਦੀਲ ਕਰਨ ਦੀ ਜਾਚ ਨਹੀਂ ਸੀ, ਇਸ ਲਈ ਅਧਿਆਪਕ ਨੇ ਅੰਦਾਜ਼ੇ ਨਾਲ 4 ਜੂਨ ਲਿਖ ਦਿੱਤਾ ਹੋਵੇਗਾ।

ਪਿਤਾ ਸ਼ਾਹੂਕਾਰਾ ਕਰਦੇ ਸਨ। ਉਸ ਸਮੇਂ ਜਦੋਂ ਪੈਸੇ ਦੀ ਕਾਫ਼ੀ ਕੀਮਤ ਸੀ, ਸੇਠ ਛਿੱਬੂ ਮੱਲ ਜੀ ਸਾਲਾਨਾ 52 ਰੁਪਏ ਆਮਦਨ ਕਰ ਅਤੇ 200 ਰੁਪਏ ਜ਼ਮੀਨ ਦਾ ਮਾਮਲਾ ਦਿੰਦੇ ਸੀ; ਜਿਸ ਤੋਂ ਉਨ੍ਹਾਂ ਦੀ ਅਮੀਰੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਰਾਮਜੀ ਦਾਸ ਨੂੰ 1911 ’ਚ ਪ੍ਰਾਇਮਰੀ ਸਕੂਲ ’ਚ ਦਾਖ਼ਲ ਕਰ ਪੜ੍ਹਨੇ ਪਾ ਦਿਤਾ ਗਿਆ, ਜਿੱਥੇ ਪ੍ਰਾਇਮਰੀ ਦੀ ਪੜ੍ਹਾਈ ਬਹੁਤ ਸੋਹਣੀ ਕੀਤੀ। ਸੰਨ 1914 ’ਚ ਦੇਸ਼ ’ਚ ਪਲੇਗ ਦੀ ਬੀਮਾਰੀ ਫੈਲ ਗਈ। ਕਾਲ਼ ਪੈ ਗਿਆ। ਦੂਜੇ ਪਾਸੇ ਸੰਸਾਰ ’ਚ ਯੁੱਧ ਵੀ ਛਿੜ ਪਿਆ। ਲੋਕ ਧੜਾ-ਧੜ ਮਰਨ ਲੱਗੇ। ਜਿਹਨਾਂ ਨੇ ਸ਼੍ਰੀ ਛਿੱਬੂ ਮੱਲ ਜੀ ਤੋਂ ਕਰਜਾ ਲਿਆ ਹੋਇਆ ਸੀ, ਉਹ ਭੀ ਮਰ ਗਏ। ਸ਼੍ਰੀ ਛਿੱਬੂ ਮੱਲ ਲੱਖਪਤੀ ਤੋਂ ਕੱਖਪਤੀ ਹੋ ਗਿਆ। ਉਨ੍ਹਾਂ ਦਾ ਆਪਣਾ ਭੀ ਸਭ ਕੁਝ ਵਿਕ ਗਿਆ। ਘਰ ਦੇ ਹਾਲਾਤ ਤੇਜ਼ੀ ਨਾਲ਼ ਬਦਲ ਗਏ। ਮਾਤਾ ਮਹਿਤਾਬ ਕੌਰ ਜੀ ਉਸ ਨੂੰ ਹਰ ਹਾਲਤ ਉੱਚ ਵਿੱਦਿਆ ਦੇ ਕੇ ਵੱਡਾ ਅਫ਼ਸਰ ਬਣਾਉਣਾ ਚਾਹੁੰਦੀ ਸੀ; ਇਸ ਲਈ ਰਾਮਜੀ ਦਾਸ ਨੇ 1918 ’ਚ ਐਂਗਲੋ ਸੰਸਕ੍ਰਿਤ ਹਾਈ ਸਕੂਲ ’ਚ ਦਾਖ਼ਲ ਕਰਵਾ ਦਿੱਤਾ। ਉਨ੍ਹਾਂ ਦੇ ਘਰ ਆਉਣ ਜਾਣ ਵਾਲੇ ਸਿੱਖ ਫੌਜੀ ਪੈਂਨਸ਼ਨਰ ਦੀ ਸਲਾਹ ਨਾਲ ਮਾਤਾ ਮਹਿਤਾਬ ਕੌਰ ਜੀ ਨੇ ਪਿੰਡ ਰਾਜੇਵਾਲ ਛੱਡ ਦਿੱਤਾ ਅਤੇ ਮਿੰਟਗੁਮਰੀ ਵਿਖੇ ਉਨ੍ਹਾਂ ਦੀ ਜਾਣ ਪਛਾਣ ਵਾਲੇ ਕਿਸੇ ਜੇਲ਼੍ਹ ਡਾਕਟਰ ਕੋਲ਼ ਘਰੇਲੂ ਨੌਕਰਾਣੀ ਦੀ ਸੇਵਾ ਕਰਨ ਲੱਗ ਪਏ ਤਾਂ ਕਿ ਰਾਮਜੀ ਦਾਸ ਦੀ ਪੜ੍ਹਾਈ ਦਾ ਖਰਚਾ ਪੂਰਾ ਹੋ ਸਕੇ। ਰਾਮਜੀ ਦਾਸ 1923 ’ਚ ਹੋਏ ਦਸਵੀਂ ਜਮਾਤ ਦੇ ਇਮਤਿਹਾਨ ਵਿੱਚੋਂ ਫੇਲ੍ਹ ਹੋ ਗਿਆ। ਮਾਤਾ ਜੀ ਨੇ ਉਨ੍ਹਾਂ ਨੂੰ ਖੰਨਾ ਤੋਂ ਬਦਲ ਕੇ ਲਾਹੌਰ ਦੇ ਸਕੂਲ ’ਚ ਦਾਖ਼ਲ ਕਰਵਾ ਦਿੱਤਾ, ਪਰ 1924 ’ਚ ਉਹ ਉੱਥੇ ਭੀ ਫੇਲ੍ਹ ਹੋ ਗਿਆ। ਰਾਮਜੀ ਦਾਸ ਸਾਬਤ ਸੂਰਤ ਸਿੱਖ ਬਣ ਗਿਆ ਸੀ ਤੇ 1924 ’ਚ ਉਹ ਕੰਪਾਉਡਰੀ ਦਾ ਕੋਰਸ ਕਰਨ ਲੱਗ ਪਿਆ, ਪਰ 9 ਮਹੀਨੇ ਤੋਂ ਬਾਅਦ ਉਨ੍ਹਾਂ ਨੇ ਮਹਾਤਮਾ ਗਾਂਧੀ ਜੀ ਦਾ ਰਸਾਲਾ ‘ਯੰਗ ਇੰਡੀਆ’ ਪੜ੍ਹ ਲਿਆ ਅਤੇ ਦੇਸ਼ ਦੀ ਸੇਵਾ ਦਾ ਮਨ ਬਣਾਇਆ। ਕੰਪਾਊਡਰੀ ਦਾ ਕੋਰਸ ਵਿੱਚ ਵੀ ਛੱਡ ਦਿੱਤਾ। ਮਾਤਾ ਮਹਿਤਾਬ ਕੌਰ ਦਾ ਦਿਲ ਟੁੱਟ ਗਿਆ, ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਦੇ ਸਪੂਤ ਨੇ ਮਨੁੱਖਤਾ ਦੀ ਸੇਵਾ ਕਰਕੇ ਜੋ ਮਰਤਬਾ ਹਾਸਲ ਕਰਨਾ ਸੀ ਤੇ ਮਾਤਾ ਜੀ ਦਾ ਨਾਂ ਰੌਸ਼ਨ ਕਰਨਾ ਸੀ, ਉਹ ਸ਼ਾਇਦ ਪੜ੍ਹਾਈ ਕਰਕੇ ਕਦੀ ਵੀ ਹਾਸਲ ਨਾ ਕਰ ਸਕਦਾ। ਅਖੀਰ ਰਾਮਜੀ ਦਾਸ ਗੁਰਦੁਆਰਾ ਡੇਰ੍ਹਾ ਸਾਹਿਬ ’ਚ ਨਿਸ਼ਕਾਮ ਸੇਵਾ ਕਰਨ ਲੱਗ ਪਿਆ।

ਹਿੰਦੂ ਮਤ ਵੱਲੋਂ ਸਿੱਖੀ ਵੱਲ ਝੁਕਾਅ :

1918 ’ਚ ਇਕ ਵੇਰ ਰਾਮਜੀ ਦਾਸ ਫਤਿਹਗੜ੍ਹ ਸਾਹਿਬ ਜੋੜ ਮੇਲੇ ’ਤੇ ਗਿਆ। ਉੱਥੇ ਪਟਿਆਲੇ ਵਾਲਾ ਮਹਾਰਾਜਾ ਭੂਪਿੰਦਰ ਸਿੰਘ ਆਪਣੀ ਗਾਰਡ ਸਮੇਤ ਆਏ। ਉਨ੍ਹਾਂ ਦੀਆਂ ਸੋਹਣੀਆਂ ਸਿਹਤਾਂ, ਉੱਚੇ ਲੰਮੇ ਕੱਦ, ਸੋਹਣੀ ਵਰਦੀ ਤੇ ਸੋਹਣੀ ਦਸਤਾਰ ਦੇਖ ਕੇ ਬਹੁਤ ਪ੍ਰਭਾਵਤ ਹੋਇਆ। ਭਾਰੀ ਇਕੱਠ ਭੀ ਸੀ। ਰਾਮਜੀ ਦਾਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦ ਮਹਾਰਾਜ ਸੰਗਤ ਦੇ ਵਿੱਚ, ਸੰਗਤ ਦੇ ਬਰਾਬਰ ਬੈਠ ਗਏ। ਇੱਥੇ ਰਾਮਜੀ ਦਾਸ; ਮਹਾਰਾਜ ਦੀ ਤੁਲਨਾ ਆਪਣੇ ਭਾਈ ਨਾਲ਼ ਕਰਦਾ ਰਿਹਾ। ਇਕ ਪਾਸੇ ਰਾਜਾ; ਪਰਜਾ ਵਿੱਚ ਇੱਕ ਜਗ੍ਹਾ ’ਤੇ ਬੈਠਾ ਹੈ, ਦੂਜੇ ਪਾਸੇ ਸਕਾ ਭਾਈ; ਆਪਣੇ ਹੀ ਘਰ ’ਚ ਪੰਗਤ ਵਿੱਚ ਬੈਠੇ ਨੂੰ ਨਹੀਂ ਸੀ ਜਰ ਸਕਿਆ। ਰਾਮਜੀ ਦਾਸ ਨੇ ਭੀ ਸਿੱਖ ਸਜਣ ਦਾ ਮਨ ਬਣਾ ਲਿਆ।

ਆਪ ਜੀ ਦੇ ਜੀਵਨ ਵਿੱਚ ਇੱਕ ਹੋਰ ਘਟਨਾ ਘਟੀ, ਜਿਸ ਦੇ ਚਲਦਿਆਂ ਸੰਨ 1923 ’ਚ ਆਪ ਨੇ ਲੁਧਿਆਣੇ ਜਦ 10ਵੀਂ ਦਾ ਇਮਤਿਹਾਨ ਦਿੱਤਾ ਤਾਂ ਆਉਂਦੇ ਹੋਏ ਇਕ ਸ਼ਿਵਾਲੇ (ਮੰਦਿਰ) ’ਚ ਰੁਕਿਆ। ਰਾਮਜੀ ਦਾਸ ਨੇ ਰੀਝਾਂ ਨਾਲ਼ ਮੰਦਿਰ ਦੀ ਸਫ਼ਾਈ ਕੀਤੀ। ਮੂਰਤੀਆਂ ਤੋਂ ਮੁੱਦਤਾਂ ਦਾ ਜੰਮਿਆਂ ਹੋਇਆ ਚੰਦਨ ਤੇ ਮੈਲ਼ ਖੁਰਚ-ਖੁਰਚ ਕੇ ਲਾ ਦਿੱਤੀ। ਰਾਮਜੀ ਦਾਸ ਥੱਕ ਕੇ ਚੂਰ ਹੋ ਗਿਆ। ਦੁਪਹਿਰ ਵੇਲਾ ਹੋਇਆ। ਪੰਡਿਤ ਜੀ ਰੋਟੀ ਲੈ ਕੇ ਆ ਗਏ। ਮੰਦਿਰ ਵਿੱਚ ਰਹਿ ਰਹੇ ਵਿਅਕਤੀ ਪੰਗਤ ’ਚ ਬੈਠ ਕੇ ਲੰਗਰ ਛੱਕਣ ਲੱਗੇ। ਰਾਮਜੀ ਦਾਸ ਭੀ ਪੰਗਤ ’ਚ ਬੈਠ ਗਿਆ। ਪੰਡਿਤ ਜੀ ਨੇ ਰਾਮਜੀ ਦਾਸ ਨੂੰ ਦੇਖਿਆ ਤਾਂ ਲਾਲ, ਪੀਲ਼ਾ ਹੋ ਕੇ ਉਸ ਨੂੰ ਪੰਗਤ ਵਿੱਚੋਂ ਉੱਠਾ ਦਿੱਤਾ ਤੇ ਇਹ ਭੀ ਕਹਿ ਦਿੱਤਾ, ‘ਤੇਰੇ ਵਾਸਤੇ ਰੋਟੀ ਨਹੀਂ’। ਰਾਮਜੀ ਦਾਸ ਸੋਚਦਾ ਇਹ ਕਿਹੋ ਜਿਹੇ ਲੋਕ ਹਨ ? ਸੇਵਾ ਕਰਨ ਵਾਲੇ ਨੂੰ ਦੁਰਕਾਰਦੇ ਹਨ। ਰਾਮਜੀ ਦਾਸ ਉੱਥੋਂ ਚਲਾ ਗਿਆ। ਦੋਰਾਹੇ ਲਾਗੇ ਰੇਰੂ ਸਾਹਿਬ ਗੁਰਦੁਆਰੇ ਲਾਗੇ ਖੂਹ ’ਤੇ ਦੋ ਬੰਦੇ ਬੈਠੇ ਸਨ। ਇਕ ਰਹਰਾਸਿ ਸਾਹਿਬ ਦਾ ਪਾਠ ਕਰ ਰਿਹਾ ਸੀ, ਦੂਸਰਾ ਸੁਣ ਰਿਹਾ ਸੀ। ਰਾਮਜੀ ਦਾਸ ਭੀ ਉਨ੍ਹਾਂ ਦੇ ਲਾਗੇ ਹੀ ਬੈਠ ਗਿਆ। ਪਾਠ ਦੀ ਸਮਾਪਤੀ ਹੋ ਗਈ। ਰਾਮਜੀ ਦਾਸ ਨੇ ਆਪਣੀ ਜਾਣ ਪਛਾਣ ਕਰਵਾਈ। ਸਿੰਘ; ਰਾਮਜੀ ਦਾਸ ਨੂੰ ਆਪਣੇ ਘਰ ਲੈ ਗਏ। ਘਰ ਲਿਜਾ ਕੇ ਸਤਿਕਾਰ ਨਾਲ ਰਾਮਜੀ ਦਾਸ ਦੀ ਪਸੰਦੀ ਦਾ ਭੋਜਨ ਛਕਾਇਆ। ਸੋਹਣਾ ਬਿਸਤਰਾ ਦਿੱਤਾ। ਰਾਮਜੀ ਦਾਸ ਨੇ ਅਰਾਮ ਨਾਲ ਰਾਤ ਕੱਟੀ ਤੇ ਸਵੇਰੇ ਗੁਰਦੁਆਰਾ ਰੇਰੂ ਸਾਹਿਬ ਚਲਾ ਗਿਆ। ਦੁਪਹਿਰ ਵੇਲੇ ਸਾਰਿਆਂ ਨੂੰ ਪ੍ਰਸ਼ਾਦਾ ਛਕਣ ਲਈ ਅਵਾਜ਼ ਮਾਰੀ ਗਈ। ਸ਼ਿਵਾਲੇ ’ਚ ਵਾਪਰੀ ਘਟਨਾ ਤੋਂ ਡਰੇ ਹੋਏ ਰਾਮਜੀ ਦਾਸ ਨੇ ਕਿਸੇ ਤੋਂ ਪੁੱਛਿਆ ਕਿ ਕੀ ਉਹ ਭੀ ਪ੍ਰਸ਼ਾਦਾ ਛਕ ਸਕਦਾ ਹੈ ? ਉਹ ਹੈਰਾਨ ਹੋਏ ਕਿ ਇਹ ਕਿਹੋ ਜਿਹਾ ਸਵਾਲ ਪੁੱਛ ਰਿਹਾ ਹੈ ? ਉਹ ਰਾਮਜੀ ਦਾਸ ਨੂੰ ਪ੍ਰਸ਼ਾਦਾ ਛਕਣ ਲਈ ਲੈ ਗਏ। ਰਾਮਜੀ ਦਾਸ ਪੰਗਤ ’ਚ ਬੈਠ ਗਿਆ। ਵਰਤਾਵਾ ਵਰਤਾਉਂਦਾ ਵਰਤਾਉਂਦਾ ਆਖ ਰਿਹਾ ਸੀ…ਪ੍ਰਸ਼ਾਦਾ ਜੀ ! ਦਾਲ਼ਾ ਗੁਰਮੁਖੋ  ! ! ਰਾਮਜੀ ਦਾਸ ਨੇ ਪ੍ਰਸੰਨ ਹੋ ਕੇ ਬੜੀ ਤਸੱਲੀ ਨਾਲ ਪ੍ਰਸ਼ਾਦਾ ਛਕਿਆ। ਉਪਰੰਤ ਰਾਮਜੀ ਦਾਸ; ਗੁਰੂ ਘਰ ਬਾਰੇ ਜਾਣਕਾਰੀ ਲੈਣ ਲੱਗਾ ਤੇ ਉੱਥੇ ਹੀ ਨਿਸ਼ਚਾ ਕਰ ਲਿਆ ਕਿ ਉਸ ਨੂੰ ਅਸਲੀ ਘਰ ਮਿਲ ਗਿਆ ਹੈ। ਆਪ ਦਾ ਝੁਕਾਅ ਗੁਰੂ ਘਰ ਵੱਲ ਵਧ ਗਿਆ। ਸੰਨ 1924 ’ਚ ਲਾਹੌਰ ਦੇ ਸਕੂਲ ਵਿੱਚੋਂ ਦੂਜੀ ਵਾਰ ਫੇਲ੍ਹ ਹੋਣ ਪਿੱਛੋਂ ਆਪ ਡੇਹਰਾ ਸਾਹਿਬ ਲਾਹੌਰ ਵਿਖੇ ਸੇਵਾ ਕਰਦੇ ਰਹੇ ਤੇ ਆਪਣਾ ਨਾਂ ਬਦਲ ਕੇ ‘ਪੂਰਨ ਸਿੰਘ’ ਰੱਖ ਲਿਆ।

ਮਾਤਾ ਜੀ ਦਾ ਦਿਹਾਂਤ

ਮਾਤਾ ਮਹਿਤਾਬ ਕੌਰ ਜੀ; 1926 ’ਚ ਬੀਮਾਰ ਹੋ ਗਏ। ਉਨ੍ਹਾਂ ਨੇ ਲਾਹੌਰ ਛੱਡ ਦਿੱਤਾ ਤੇ ਇਕ ਵਾਰੀ ਪਿੰਡ ਜਾਣ ਦੀ ਇੱਛਾ ਪ੍ਰਗਟਾਈ। ਪਿੰਡ ਵਿੱਚ ਉਸ ਨੂੰ ਢੋਈ ਨਾ ਮਿਲੀ ਕਿਉਕਿ ਮਹਿਤਾਬ ਕੌਰ ਸਿੱਖ ਪਰਵਾਰ ’ਚੋਂ ਸੀ ਅਤੇ ਸ਼੍ਰੀ ਛਿੱਬੂ ਮੱਲ ਦੀ ਦੂਜੀ ਪਤਨੀ ਹੋਣ ਕਾਰਨ ਸਨਾਤਨੀ ਹਿੰਦੂ ਪਰਵਾਰ ਵਿੱਚੋਂ, ਉਸ ਨੂੰ ਅਤੇ ਬੱਚੇ ਰਾਮਜੀ ਦਾਸ ਨੂੰ ਨਫ਼ਰਤ ਹੀ ਮਿਲੀ, ਇਸ ਲਈ ਉਨ੍ਹਾਂ ਨਾਲ਼ ਉੱਥੇ ਅਜ਼ਨਬੀਆਂ ਤੋਂ ਭੀ ਭੈੜਾ ਸਲੂਕ ਕੀਤਾ ਗਿਆ। ਦੋਹਾਂ ਮਾਂ ਪੁੱਤਾਂ ਨੂੰ ਰਾਜੇਵਾਲ (ਰੋਹਣੋ) ਰਾਤ ਕੱਟਣੀ ਭੀ ਦੁੱਭਰ ਹੋ ਗਈ। ਉਨ੍ਹਾਂ ਨੇ ਦਿਨ ਚੜ੍ਹਦੇ ਹੀ ਰਾਜੇਵਾਲ ਛੱਡ ਦਿੱਤਾ ਤੇ ਵਾਪਸ ਅੰਮ੍ਰਿਤਸਰ ਪਹੁੰਚ ਗਏ। ਦੋ ਸਾਲ ਇਵੇਂ ਹੀ ਨਿਕਲ ਗਏ। ਅਖੀਰ ਪੂਰਨ ਸਿੰਘ ਜੀ ਨੇ ਮਾਤਾ ਮਹਿਤਾਬ ਕੌਰ ਲਈ ਛੇਹਰਟਾ ’ਚ ਇੱਕ ਝੌਂਪੜੀ ਪਾ ਦਿੱਤੀ, ਜਿੱਥੇ ਉਹ 23-06-1930 ਨੂੰ ਅਕਾਲ ਚਲਾਣਾ ਕਰ ਗਏ। ਪੂਰਨ ਸਿੰਘ ਜੀ ਦਾ ਤਾਂ ਸੰਸਾਰ ਹੀ ਉਸ ਦੀ ਮਾਂ ਸੀ। ਉਹ ਮਾਂ ਤੋਂ ਬਿਨਾਂ ਨਹੀਂ ਸੀ ਰਹਿ ਸਕਦਾ। ਪੂਰਨ ਸਿੰਘ ਜੀ ਫਿਰ ਤੋਂ ਗੁਰਦੁਆਰਾ ਡੇਹਰਾ ਸਾਹਿਬ ਲਹੌਰ ਆ ਕੇ ਸੇਵਾ ਕਰਨ ਲੱਗ ਪਏ।

ਪਿੰਗਲਵਾੜੇ ਦੀ ਸ਼ੁਰੂਆਤ

ਵੈਸੇ ਤਾਂ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿੱਚ ਸੇਵਾ ਦੌਰਾਨ 1924 ਤੋਂ ਹੀ ਉਨ੍ਹਾਂ ਨੇ ਗੁਰਦੁਆਰੇ ਦੇ ਅਨੇਕ ਕੰਮਾਂ ਵਿੱਚ ਸੇਵਾ ਸ਼ੁਰੂ ਕਰ ਦਿੱਤੀ ਸੀ, ਪਰ 1934 ਵਿੱਚ ਅਗਿਆਤ ਬੰਦੇ ਕੋਈ ਚਾਰ ਕੁ ਸਾਲ ਦੇ ਅਪੰਗ ਬੱਚੇ ਨੂੰ ਰੋਂਦਾ ਛੱਡ ਗਏ। ਉਹ ਬੱਚਾ ਨਾ ਬੋਲ ਸਕਦਾ ਸੀ ਤੇ ਨਾ ਆਪ ਖਾ ਪੀ ਸਕਦਾ ਸੀ। ਲੱਤਾਂ ਬਾਂਹਾਂ ਤੋਂ ਨਕਾਰਾ ਟੱਟੀ ਨਾਲ਼ ਲਿਬੜਿਆ ਪਿਆ ਸੀ। ਪੂਰਨ ਸਿੰਘ ਨੇ ਉਸ ਬੱਚੇ ਨੂੰ ਗੋਦ ਲੈ ਲਿਆ ਤੇ ਕਿਹਾ ਮੈਂ ਇਸ ਦੀ ਮਾਂ ਬਣਾਂਗਾ। ਗਿਆਨੀ ਕਰਤਾਰ ਸਿੰਘ ਨੇ ਉਨ੍ਹਾਂ ਦੀ ਸੇਵਾ ਭਾਵਨਾ ਨੂੰ ਵੇਖਦੇ ਹੋਏ, ਉਨ੍ਹਾਂ ਦੇ ਨਾਂ ਨਾਲ ‘ਭਗਤ’ ਸ਼ਬਦ ਜੋੜ ਦਿੱਤਾ। ਭਗਤ ਪੂਰਨ ਸਿੰਘ ਜੀ; ਸੰਗਤਾਂ ਕੋਲੋਂ ਦਾਨ ਲੈ ਕੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਦੇ। ਲਾਹੌਰ ਦੀਆਂ ਵੱਡੀਆਂ ਲਾਇਬਰੇਰੀਆਂ ’ਚ ਜਾ ਕੇ ਫ਼ਿਲਾਸਫ਼ਰਾਂ ਦੀਆ ਕਿਤਾਬਾਂ ਪੜ੍ਹਦੇ ਰਹਿੰਦੇ। ਭਗਤ ਜੀ ਹੁਣ ਸੇਵਾ ’ਚ ਜੁਟ ਗਏ। ਵੱਡੇ-ਵੱਡੇ ਲੋਕਾਂ ਨਾਲ ਜਾਣ ਪਹਿਚਾਣ ਹੋਣ ਲੱਗ ਪਈ। ਸੰਗਤਾਂ ਕੋਲੋਂ ਦਾਨ ਲੈ ਕੇ ਬੇਸਹਾਰਾ ਮਰੀਜਾਂ ਨੂੰ ਹਸਪਤਾਲ਼ ਦਿਖਾਉਣ ਲੈ ਜਾਂਦੇ ਰਹੇ। ਕਿਸੇ ਨੂੰ ਭੀ ਕੋਈ ਲੋੜ ਹੁੰਦੀ, ਉਹ ਭਗਤ ਜੀ ਵੱਲ ਨੂੰ ਕਰ ਦਿੰਦੇ ਤੇ ਭਗਤ ਜੀ ਉਨ੍ਹਾਂ ਦੀ ਲੋੜ ਪੂਰੀ ਕਰਦੇ। ਭਗਤ ਜੀ ਨੇ ਗੁਰਦੁਆਰੇ ਡੇਹਰਾ ਸਾਹਿਬ ਜੋ ਸੇਵਾ ਕੀਤੀ, ਉਸ ਬਾਰੇ ਭਗਤ ਜੀ ਨੇ ਆਪਣੇ ਵੱਲੋਂ ਪੁਸਤਕ (ਤੇਰਾ ਸਦੜਾ ਸੁਣੀਜੈ ਭਾਈ, ਪੰਨਾ ਨੰ: 231) ’ਤੇ ਲਿਖਿਆ ਹੈ :

‘ਮਨੁੱਖ ਦੀ ਰੂਹ ਦੀ ਸਭ ਤੋਂ ਡੂੰਘੀ ਭੁੱਖ ਪਰਉਪਕਾਰ ਹੁੰਦਾ ਹੈ, ਪ੍ਰਾਣੀ ਮਾਤਰ ਦਾ ਭਲਾ ਕਰਨਾ। ਜਦੋਂ ਮੈਂ ਡੇਹਰਾ ਸਾਹਿਬ ਸੇਵਾ ਸ਼ੁਰੂ ਕੀਤੀ ਤਾਂ ਮੈਂ ਗੁਰਦੁਆਰੇ ਵਿੱਚ ਭੁੱਖਿਆਂ ਨੂੰ ਰੋਟੀ ਛਕਾਉਂਦਾ ਸਾਂ। ਬੇਆਸਰੇ, ਅਪਾਹਜਾਂ ਨੂੰ ਸੰਭਾਲਦਾ ਸਾਂ। ਹਸਪਤਾਲ਼ਾਂ ਤੋਂ ਉਨ੍ਹਾਂ ਦੇ ਇਲਾਜ ਕਰਾਂਦਾ ਸਾਂ। ਲੂਲ੍ਹੇ ਬੱਚੇ ਨੂੰ ਮੈਂ 14 ਸਾਲ ਪਿੱਠ ’ਤੇ ਚੁੱਕੀ ਫਿਰਿਆ ਅਤੇ ਉਸ ਨੂੰ ਸੜਕਾਂ ਦੇ ਕੰਢਿਆਂ ’ਤੇ ਰੁੱਖਾਂ ਦੇ ਹੇਠਾਂ ਬਿਨਾ ਮਕਾਨ ਤੋਂ ਖਿਡਾਉਂਦਾ ਰਿਹਾ। ਗੁਰਦੁਆਰਾ ਸਾਹਿਬ ਵਿੱਚ ਵੀ ਕੋਈ ਕਮਰਾ ਨਹੀਂ ਸੀ ਮਿਲਿਆ। ਸਾਇਕਲ ਸਟੈਂਡ ਦੇ ਟੀਨ ਦੀ ਛੱਤ ਹੇਠਾਂ ਭਗਤ ਜੀ ਤੇ ‘ਪਿਆਰਾ ਸਿੰਘ’ ਰਹਿੰਦੇ ਸੀ ਕਿਉਂਕਿ ਬੱਚੇ ਨੂੰ ਪਾਲਨਾ ਜੋ ਹੋਇਆ। ਬੱਚੇ ਰੱਬ ਦਾ ਰੂਪ ਗਿਣੇ ਜਾਂਦੇ ਹਨ ਕਿਉਂਕਿ ਉਨ੍ਹਾਂ ਨੇ ਕੋਈ ਪਾਪ ਨਹੀਂ ਕੀਤਾ ਹੁੰਦਾ। ਲੂਲੇ ਬੱਚੇ ਦੀ ਸੇਵਾ ਕਰਕੇ ਮੈਂ ਆਪਣੇ ਬਚਪਨ ਦਾ ਉਹ ਕਰਜ਼ਾ ਉਤਾਰ ਰਿਹਾ ਸਾਂ, ਜਿਹੜਾ ਮੇਰੀ ਮਾਂ ਨੇ ਮੈਨੂੰ ਪਾਲ਼ ਕੇ ਮੇਰੇ ਸਿਰ ਚਾੜ੍ਹਿਆ ਸੀ’।

ਸੰਨ 1947 ਨੂੰ ਜਦ ਦੇਸ਼ ਅਜ਼ਾਦ ਹੋਇਆ ਤਾਂ ਵੰਡ ਕਾਰਨ ਦੋਹਾਂ ਮੁਲਕਾਂ ਦੇ ਲੋਕਾਂ ’ਤੇ ਜਦ ਭਾਰੀ ਕਹਿਰ ਟੁੱਟਾ ਤਾਂ ਆਪ ਲਾਹੌਰ ਤੋਂ ਪਿਆਰਾ ਸਿੰਘ ਨੂੰ ਪਿੱਠ ’ਤੇ ਚੁੱਕ ਕੇ ਖ਼ਾਲਸਾ ਕਾਲਜ ਅੰਮ੍ਰਿਸਤਰ ਦੇ ਰੀਫਿਊਜ਼ੀ ਕੈਂਪ ਵਿੱਚ ਪਹੁੰਚੇ। ਇਨ੍ਹਾਂ ਦੇ ਨਾਲ਼ ਹੀ ਇੱਕ ਮਰਨ ਕਿਨਾਰੇ ਬੁੱਢਾ ਭੀ ਲੇਟ ਗਿਆ। ਪਾਕਿਸਤਾਨ ਤੋਂ ਹਰ ਰੋਜ਼ ਲੁੱਟੇ, ਕੁੱਟੇ ਤੇ ਭੁੱਖੇ ਲੋਕ ਆਉਂਦੇ ਸਨ। ਜਿਨ੍ਹਾਂ ਦਾ ਕੋਈ ਵਾਲੀ ਵਾਰਸ ਜਾਂ ਥਾਉਂ ਟਿਕਾਣਾ ਨਾ ਹੁੰਦਾ। ਉਨ੍ਹਾਂ ਦਾ ਆਸਰਾ ਭਗਤ ਜੀ ਹੀ ਹੁੰਦੇ। ਰੀਫਿਊਜ਼ੀ ਕੈਂਪ ਸਮਾਪਤ ਹੋਣ ਤੋਂ ਬਾਅਦ ਭਗਤ ਜੀ ਕੋਲ ਕੋਈ ਜਗ੍ਹਾ ਨਹੀਂ ਸੀ। ਪਾਕਿਸਤਾਨ ਤੋਂ ਅੱਜ ਵੀ ਬਿਮਾਰ ਲਾਵਾਰਿਸ ਰੋਗੀ ਆ ਰਹੇ ਸਨ। ਸੋ ਉਨ੍ਹਾਂ ਨੇ ਆਪਣਾ ਡੇਹਰਾ ਸਟੇਸ਼ਨ ਦੇ ਬਾਹਰ ਟਾਂਗਾ ਸਟੈਂਡ ’ਤੇ ਲਾ ਲਿਆ ਤੇ ਇੱਕਲੇ ਹੀ 10-12 ਪ੍ਰਾਣੀਆਂ ਦੀ ਸੇਵਾ ਕਰਨ ਲੱਗੇ। ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਹਸਪਤਾਲ ਦੇ ਬਾਹਰ ਝੋਪੜੀਆਂ ਬਣਾਈਆਂ ਕਿਉਕਿ ਮਰੀਜ਼ਾਂ ਦੀ ਗਿਣਤੀ ਵਧ ਗਈ ਸੀ।

ਸੰਨ 1958 ਨੂੰ ਅੰਮ੍ਰਿਤਸਰ ਵਿੱਚ ਜੀ.ਟੀ. ਰੋਡ ਲਾਗੇ ਹੁਣ ਵਾਲੀ ਥਾਂ ਪੱਕਾ ਟਿਕਾਣਾ ਹੋ ਗਿਆ। ਇਹ ਜਗ੍ਹਾ ਭਗਤ ਜੀ ਨੇ 4 ਰੁਪਏ ਗਜ ਦੇ ਹਿਸਾਬ ਨਾਲ਼ ਖ਼ਰੀਦੀ ਸੀ। ਪਿੰਗਲਵਾੜੇ ਦੀ ਰਜਿਸਟਰਡ ਸੋਸਾਇਟੀ ਬਣ ਗਈ। ਗੁਰਦੁਆਰਿਆਂ ਦੇ ਗੇਟਾਂ ਲਾਗੇ ਦਾਨ ਪਾਤਰ ਰੱਖੇ ਗਏ। ਭਗਤ ਪੂਰਨ ਸਿੰਘ ਜੀ ਨੂੰ 90% ਤੋਂ ਭੀ ਵੱਧ ਦਾਨ ਸਿੱਖ ਸੰਗਤਾਂ ਅਤੇ ਗੁਰਦੁਆਰਿਆਂ ਤੋਂ ਪ੍ਰਾਪਤ ਹੁੰਦਾ ਰਿਹਾ। ਆਪ ਜੀ ਨੇ ਲਿਖਿਆ ਹੈ : ‘ਮੈਂ ਦੁਨੀਆਂ ਦੇ ਬੰਦਿਆਂ ਨੂੰ ਇਹ ਕਹਿ ਦੇਣਾ ਚਾਹੁੰਦਾ ਹਾਂ ਕਿ ਆਪਣੇ ਬਚਾਉ, ਵਧਣ ਫੁੱਲਣ ਅਤੇ ਉਨਤੀ ਨੂੰ ਸਨਮੁਖ ਰੱਖਦਿਆਂ ਹੋਇਆਂ ਸਦਾ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਤੁਹਾਡੇ ਮਨਾਂ ਵਿੱਚੋਂ ਕਦੇ ਭੀ ਗੁਰਦੁਆਰਿਆਂ ਜੈਸੇ ਧਰਮ ਅਸਥਾਨਾਂ ਦਾ ਖਿਆਲ ਵਿਸਰ ਨਾ ਜਾਏ ਤੇ ਉਨ੍ਹਾਂ ਵੱਲ ਤੁਹਾਡੀ ਪਿੱਠ ਨਾ ਹੋ ਜਾਏ। ਆਪ ਜੋ ਸਾਹ ਲਵੋ ਉਹ ਗੁਰਦੁਆਰਿਆਂ ਦਾ ਧਿਆਨ ਧਰ ਕੇ ਲਵੋ। ਮੈਂ ਜਿੰਨਾ ਚਿਰ ਜੀਵਾਂਗਾ, ਮੇਰੇ ਹਿਰਦੇ ’ਚੋਂ ਸ਼ੁਕਰਾਨੇ ਦੇ ਭਾਵ ਨਾਲ਼ ਇਹ ਸ਼ਬਦ ਸਦਾ ਉਛਲਦੇ ਰਹਿਣਗੇ- ‘ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਦਾਨਾਂ ਸਿਰ ਦਾਨ ਨਾਮ ਦਾਨ, ਭਰੋਸਾ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁੱਗੋ ਜੁੱਗ ਅਟੱਲ, ਧਰਮ ਕਾ ਜੈਕਾਰ’। ਕੇਸ ਦਾਨ ਮੰਗਣਾ ਪ੍ਰਭੂ ਪਾਸੋਂ ਸ਼ਕਤੀ ਮੰਗਣਾ ਹੈ। ਭਗਤ ਪੂਰਨ ਸਿੰਘ ਜੀ ਨੇ ਨਿਸ਼ਕਾਮ ਭਾਵਨਾ ਨਾਲ ਪ੍ਰਾਣੀ ਮਾਤਰ ਦੀ ਸੇਵਾ ਕੀਤੀ। ਲੋਕਾਂ ਨੂੰ ਗਿਆਨਵਾਨ ਕਰਨ ਲਈ ਬਹੁਤ ਸਾਰਾ ਸਾਹਿਤ ਮੁਫ਼ਤ ਵੰਡਿਆ। ਮੋਟਰ ਗੱਡੀਆਂ ’ਚ ਫੂਕਿਆ ਜਾ ਰਿਹਾ ਈਂਧਨ ਬਚਾਉਣ ਅਤੇ ਪ੍ਰਦੂਸ਼ਨ ਹਟਾਉਣ ਲਈ ਪ੍ਰੇਰਣ ਵਾਸਤੇ ਰੈਲੀਆਂ ਕੀਤੀਆਂ, ਜਿਨ੍ਹਾਂ ’ਚ ਰੁੱਖ ਲਗਾਉਣ ਅਤੇ ਵੱਧ ਤੋਂ ਵੱਧ ਪੈਦਲ ਚੱਲਣ ਜਾਂ ਸਾਈਕਲ ਚਲਾਉਣ ਦਾ ਪ੍ਰਚਾਰ ਕੀਤਾ। ਭਗਤ ਜੀ ਨੇ ਵਿਆਹ ਇਸ ਲਈ ਨਹੀਂ ਕਰਵਾਇਆ ਤਾਂ ਕਿ ਛੋਟੇ ਪਰਵਾਰ ’ਚ ਸੀਮਤ ਰਹਿਣ ਨਾਲੋਂ ਵੱਡੇ ਪਰਵਾਰ ਦੀ ਸੇਵਾ ਕੀਤੀ ਜਾ ਸਕੇ। ਪਰਾਈ ਇਸਤਰੀ ਨੂੰ (ਬੇਸ਼ਕ ਉਹ ਬੀਮਾਰ ਹੋਵੇ) ਬਾਂਹ ਤੋਂ ਨਾ ਫੜਨ ਦਾ ਪ੍ਰਣ ਆਪਣੀ ਮਾਤਾ ਮਹਿਤਾਬ ਕੌਰ ਨਾਲ ਕੀਤਾ ਸੀ; ਉਸ ਨੂੰ ਤੋੜ ਨਿਭਾਇਆ। ਭਗਤ ਜੀ ਨੇ ਮਨੁੱਖੀ ਮਲ-ਮੂਤਰ ਸੰਭਾਲਣ ਦੇ ਬਹੁਤ ਪਰਚੇ ਵੰਡੇ। ਹੋਕਾ ਦਿੱਤਾ ਕਿ ਮਨੁੱਖੀ ਮਲ-ਮੂਤਰ ਦੀ ਖਾਦ ਬਣਾ ਕੇ ਧਰਤੀ ਮਾਂ ਨੂੰ ਤਕੜੀ ਕਰੋ। ਭਗਤ ਜੀ ਨੇ ਕਿਹਾ ਕਿ ‘ਜੇ ਲੋਕਾਂ ਨੂੰ ਕੂੜਾ ਸੁੱਟਣ ਦੀ ਹੀ ਜਾਂਚ ਆ ਜਾਏ ਤਾਂ ਬਹੁਤ ਸਾਰਾ ਪ੍ਰਦੂਸ਼ਨ ਆਪੇ ਘਟ ਜਾਵੇਗਾ। ਗਟਰਾਂ ਵਿੱਚ ਪਲਾਸਟਿਕ ਦੇ ਲਿਫਾਫੇ ਸੁੱਟਦੇ ਹਨ, ਜਿਸ ਨਾਲ ਗਟਰ ਬੰਦ ਹੋ ਜਾਂਦੇ ਹਨ। ਸਬਜ਼ੀਆਂ ਦੇ ਛਿਲਕੇ, ਪਲਾਸਟਿਕ ਦੇ ਲਿਫਾਫਿਆਂ ਵਿੱਚ ਬੰਨ੍ਹ ਕੇ ਸੁੱਟਦੇ ਹਨ ਤਾਂ ਉਹ ਕਿਸੇ ਕੰਮ ਨਹੀਂ ਆਉਂਦੇ। ਜੇ ਸਬਜ਼ੀਆਂ ਦੇ ਛਿਲਕੇ ਅਲੱਗ ਸੁੱਟੇ ਜਾਣ ਤਾਂ ਉਨ੍ਹਾਂ ਦੀ ਖਾਦ ਬਣੇਗੀ ਤੇ ਲਿਫਾਫੇ ਰੀ-ਸਾਈਕਲ ਹੋ ਜਾਣਗੇ। ਵੱਡੇ ਬਣਨ ਲਈ ਛੋਟੇ ਕੰਮ ਕਰਨੇ ਜ਼ਰੂਰੀ ਹਨ। ਭਗਤ ਪੂਰਨ ਸਿੰਘ ਜੀ ਨੂੰ ਇਸ ਤਰ੍ਹਾਂ ਕਰਦੇ ਕਰਦੇ 30 ਸਾਲ ਗੁਜ਼ਰ ਗਏ। ਮੀਡੀਆ ਦੀ ਨਜ਼ਰ ਇਸ ਸਮਾਜ ਸੇਵੀ ਅਤੇ ਮਨੁੱਖਤਾ ਦੇ ਪ੍ਰੇਮੀ ’ਤੇ ਨਾ ਪਈ ਅਤੇ ਨਾ ਹੀ ਸਰਕਾਰ ਦੇ ਧਿਆਨ ’ਚ ਆਏ।

ਜਿਸ 4 ਸਾਲ ਦੇ ਬੱਚੇ ਨੂੰ ਉਸ ਦੇ ਮਾਤਾ ਪਿਤਾ ਗੁਰਦੁਆਰਾ ਡੇਹਰਾ ਸਾਹਿਬ ਲਹੌਰ ਵਿੱਚ ਰੱਬ ਦੇ ਭਰੋਸੇ ਛੱਡ ਗਏ, ਉਸ ਬੱਚੇ ਨੂੰ ਭਗਤ ਪੂਰਨ ਸਿੰਘ ਜੀ ਨੇ ਗੋਦ ਲੈ ਕੇ ਸੰਭਾਲ ਕੀਤੀ ਤੇ ਪਿਆਰ ਨਾਲ ਉਸ ਦਾ ਨਾਂ ‘ਪਿਆਰਾ ਸਿੰਘ’ ਰੱਖਿਆ। ਜਿੱਥੇ ਵੀ ਜਾਂਦੇ ਭਗਤ ਪੂਰਨ ਸਿੰਘ ਜੀ ਇਸ ਬੱਚੇ ਨੂੰ ਆਪਣੀ ਪਿੱਠ ’ਤੇ ਚੁੱਕ ਕੇ ਜਾਂ ਰੇੜੀ ਵਿੱਚ ਪਾ ਕੇ ਨਾਲ ਲੈ ਜਾਂਦੇ। ਪਿਆਰਾ ਸਿੰਘ ਦੀ 58 ਸਾਲ ਸੇਵਾ ਕੀਤੀ ਤੇ ਉਸ ਦੀ 50 ਸਾਲ ਦੀ ਉਮਰ ਹੋ ਜਾਣ ਤੱਕ ਵੀ ਉਸ ਨੂੰ ਮਾਂ ਵਾਂਗ ਝੋਲ਼ੀ ਵਿੱਚ ਬਿਠਾ ਕੇ ਖਿਡਾਉਂਦੇ ਰਹੇ। ਪਿੰਗਲਵਾੜੇ ਦੀ ਮੌਜੂਦਾ ਸੰਚਾਲਕ ਡਾ: ਇੰਦਰਜੀਤ ਕੌਰ ਜੀ ਦੇ ਦੱਸਣ ਅਨੁਸਾਰ ਭਗਤ ਜੀ; ਇੱਕ ਵਾਰ ਉਨ੍ਹਾਂ ਕੋਲ ਸੰਗਰੂਰ ਹਰਨੀਆਂ ਦਾ ਅਪਰੇਸ਼ਨ ਕਰਵਾਉਣ ਆਏ ਤਾਂ ਪਿਆਰੇ ਨੂੰ ਨਾਲ ਨਾ ਲੈ ਕੇ ਆਏ। ਦਿਨ ਕੁਝ ਜ਼ਿਆਦਾ ਲੱਗ ਗਏ। ਰਾਜ਼ੀ ਹੋਣ ਤੋਂ ਬਾਅਦ ਭਗਤ ਜੀ ਅਤੇ ਡਾ: ਇੰਦਰਜੀਤ ਕੌਰ ਜੀ ਅੰਮ੍ਰਿਤਸਰ ਪਿੰਗਲਵਾੜੇ ਪਹੁੰਚੇ ਤਾਂ ਪਿਆਰਾ ਸਿੰਘ ਜੋ ਕਿ ਵਿਛੋੜੇ ਕਾਰਨ ਵਿਆਕੁਲ ਹੋਇਆ ਪਿਆ ਸੀ, ਨੇ ਆਪਣਾ ਰੋਸ ਪ੍ਰਗਟ ਕੀਤਾ। ਉਹ ਰੁੱਸ ਗਿਆ। ਭਗਤ ਜੀ ਨਾਲ ਬੋਲੇ ਹੀ ਨਾ, ਮੂੰਹ ਵੀ ਦੂਜੇ ਪਾਸੇ ਕਰ ਲਿਆ। ਭਗਤ ਜੀ ਉਹਦੇ ਮੰਜੇ ’ਤੇ ਉਸ ਦੇ ਪੈਰਾਂ ਵੱਲ ਬੈਠ ਗਏ। ਵੇਖੋ ਮਮਤਾ ਦੀ ਖੇਡ। ਭਗਤ ਪੂਰਨ ਸਿੰਘ ਜੀ ਪਿਆਰੇ ਦੇ ਪੈਰ ਫੜੀ ਬੈਠੇ ਹਨ, ਮਾਫ਼ੀਆਂ ਮੰਗ ਰਹੇ ਹਨ, ਪਰ ਪਿਆਰਾ ਹੈ ਕਿ ਮੰਨਣ ’ਚ ਹੀ ਨਹੀਂ ਆਉਂਦਾ। ਫਿਰ ਡਾ: ਇੰਦਰਜੀਤ ਕੌਰ ਜੀ ਨੇ ਪਿਆਰੇ ਨੂੰ ਦੱਸਿਆ ਕਿ ਬਾਬਾ ਜੀ ਤਾਂ ਬੀਮਾਰ ਸਨ, ਨਹੀਂ ਤਾਂ ਤੇਰੇ ਕੋਲੋਂ ਏਨੀ ਦੇਰ ਦੂਰ ਨਾ ਰਹਿ ਸਕਦੇ, ਅੱਗੋਂ ਤੋਂ ਤੈਨੂੰ ਨਾਲ ਲੈ ਕੇ ਜਾਇਆ ਕਰਨਗੇ, ਇਸ ਵਾਰੀ ਮਾਫ਼ ਕਰ ਦੇ। ਫਿਰ ਕਿਤੇ ਜਾ ਕੇ ਸਮਝੌਤਾ ਹੋਇਆ। ਹੈ ਕੋਈ ਇਸ ਸੰਸਾਰ ਵਿੱਚ ਐਸਾ ਇਨਸਾਨ, ਜੋ ਕਿ ਕਿਸੇ ਬੇਗ਼ਾਨੇ ਅਪੰਗ ਬੱਚੇ ’ਤੇ ਆਪਣੀ ਮਮਤਾ ਨਿਛਾਵਰ ਕਰਦਾ ਹੋਵੇ।

ਪਿਆਰਾ ਜਦੋਂ ਬਹੁਤ ਵੱਡਾ ਹੋ ਗਿਆ ਸੀ ਯਾਨੀ ਕਿ 50 ਸਾਲ ਤੋਂ ਜ਼ਿਆਦਾ ਤਾਂ ਵੀ ਭਗਤ ਪੂਰਨ ਸਿੰਘ ਜੀ ਉਸ ਨੂੰ ਗੋਦੀ ਵਿੱਚ ਲੈ ਕੇ ਬੈਠਦੇ ਸਨ ਅਤੇ ਕਹਿੰਦੇ ਸਨ ਕਿ ਜਦੋਂ ਪਿਆਰਾ ਮੇਰੀ ਗੋਦ ਵਿੱਚ ਹੁੰਦਾ ਹੈ, ਮੈਨੂੰ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਮੈਂ ਆਪਣੀ ਮਾਂ ਦੀ ਗੋਦ ਵਿੱਚ ਹੋਵਾਂ। ਅਪੰਗ ਅਤੇ ਮੰਦਬੁੱਧੀ ਹੋਣ ਕਰਕੇ ਇਹ ਧਿਆਨ ਅਤੇ ਸੰਭਾਲ ਬਹੁਤ ਛੋਟੇ ਬੱਚੇ ਵਰਗੀ ਮੰਗਦਾ ਸੀ। ਭਗਤ ਜੀ ਆਪਣੀ ਮਾਂ ਕੋਲੋਂ ਮਿਲੀ ਮਮਤਾ ਦਾ ਭੰਡਾਰ ਪਿਆਰੇ ਨੂੰ ਵੰਡਣ ਲੱਗੇ। ਪਿਆਰੇ ਦੇ ਸਰੀਰ ਦਾ ਹੇਠਲਾ ਹਿੱਸਾ ਬਹੁਤ ਕਮਜ਼ੋਰ ਸੀ, ਪੈਰਾਂ ਵਿੱਚ ਜਾਨ ਘੱਟ ਸੀ, ਇਸ ਲਈ ਟੱਟੀ ਕਰਨ ਲਈ ਜ਼ੋਰ ਨਹੀਂ ਸੀ ਲਾ ਸਕਦਾ। ਕਈ ਵਾਰ ਕਾਫ਼ੀ ਸਮਾਂ ਉਸ ਨੂੰ ਬੈਠਣਾ ਪੈਂਦਾ ਸੀ ਅਤੇ ਕਈ ਵਾਰ ਅਨੀਮਾਂ ਕਰਨਾ ਪੈਂਦਾ ਸੀ। ਸਰਦੀਆਂ ਵਿੱਚ ਨੰਗੇ ਬੈਠਣ ਨਾਲ ਠੰਢ ਲੱਗਣ ਦਾ ਡਰ ਹੁੰਦਾ ਸੀ। ਭਗਤ ਜੀ ਨੇ ਆਪਣਾ ਬਿਸਤਰਾ ਨਿੱਘਾ ਕਰੀ ਰੱਖਣਾ, ਜਦੋਂ ਪਿਆਰੇ ਨੇ ਵਿਹਲਾ ਹੋਣਾ ਤਾਂ ਆਪਣੇ ਨਿੱਘੇ ਬਿਸਤਰੇ ਵਿੱਚ ਪਾ ਕੇ ਪਿਆਰੇ ਨੂੰ ਆਪਣੇ ਸਰੀਰ ਦਾ ਨਿੱਘ ਦੇਣਾ ਕਿਉਂਕਿ ਪਿਆਰੇ ਦਾ ਸਰੀਰ ਕਮਜ਼ੋਰ ਹੋਣ ਕਰਕੇ ਗਰਮੀ ਪੈਦਾ ਨਹੀਂ ਕਰ ਸਕਦਾ ਸੀ। ਏਨਾ ਧਿਆਨ ਤਾਂ ਸ਼ਾਇਦ ਮਾਵਾਂ ਵੀ ਆਪਣੇ ਅਪੰਗ ਬੱਚੇ ਨੂੰ ਨਹੀਂ ਦੇ ਸਕਦੀਆਂ।

ਭਗਤ ਪੂਰਨ ਸਿੰਘ ਜੀ ਤਾਂ ਸਾਰਿਆਂ ਨੂੰ ਹੀ ਮਮਤਾ ਦਾ ਪ੍ਰਸ਼ਾਦ ਵੰਡਦੇ ਰਹੇ। ਪਿੰਗਲਵਾੜੇ ’ਚ ਪਿਆਰਾ ਸਿੰਘ ਵਰਗੇ ਕਈ ਬੱਚੇ ਪਲ਼ ਰਹੇ ਸਨ। ਜੇ ਕੋਈ ਬੱਚਾ ਰੋ ਪੈਂਦਾ ਤਾਂ ਭਗਤ ਜੀ ਆਪਣਾ ਕੜਾ ਲਾਹ ਕੇ ਲੋਹੇ ਦੇ ਬਾਟੇ ਨਾਲ ਵਜਾ ਕੇ ਬੱਚੇ ਨੂੰ ਚੁੱਪ ਕਰਵਾਉਂਦੇ। ਦਰਬਾਰ ਸਾਹਿਬ ਜਦੋਂ ਪ੍ਰਚਾਰ ਕਰਨ ਜਾਣ ਲੱਗੇ ਤਾਂ ਰਾਤ ਪਈ ਪਿੰਗਲਵਾੜੇ ਆਉਂਦੇ ਤਾਂ ਵਾਪਸ ਆਉਂਦੇ ਹੋਏ ਕਦੇ ਖਜੂਰਾਂ, ਕਦੇ ਮੂੰਗਫਲ਼ੀਆਂ ਤੇ ਕਦੇ ਰਿਉੜੀਆਂ ਲੈ ਕੇ ਆਉਂਦੇ। ਬੱਚੇ ਉਡੀਕਦੇ ਹੁੰਦੇ ਸਨ। ਜਦੋਂ ਭਗਤ ਜੀ ਡਿਉਢੀ ਵੜਦੇ, ਬੱਚੇ ਭੱਜੇ ਆਉਂਦੇ। ਬਾਬਾ ਜੀ ਆ ਗਏ, ਚੀਜ਼ੀ ਲੈ ਕੇ ਆਏ ਹਨ। ਭਗਤ ਜੀ ਸਾਰਿਆਂ ਨੂੰ ਲਿਆਈ ਹੋਈ ਚੀਜ਼ ਵੰਡਦੇ ਤੇ ਉਨ੍ਹਾਂ ਦਾ ਮਮਤਾ ਭਰਿਆ ਦਿਲ ਸੰਤੁਸ਼ਟੀ ਮਹਿਸੂਸ ਕਰਦਾ। ਇਹੋ ਜਿਹਾ ਮਮਤਾ ਭਰਿਆ ਸਨੇਹ ‘ਰੱਬ ਦਾ ਭਗਤ’ ਹੀ ਵੰਡ ਸਕਦਾ ਹੈ। ਇਸ ਸਨੇਹ ’ਚ ਅਥਾਹ ਸ਼ਕਤੀ ਹੁੰਦੀ ਹੈ, ਜੋ ਕਿ ਸੇਵਾ ਦੇ ਬਿਖਮ ਰਾਹਾਂ ’ਤੇ ਤੁਰਨ ਦੀ ਸਮਰੱਥਾ ਬਖ਼ਸ਼ਦੀ ਹੈ।

ਸੰਨ 1984 ਤੋਂ ਬਾਅਦ ਭਗਤ ਜੀ ਦੀ ਸਿਹਤ ਖਰਾਬ ਹੋਣ ਲੱਗ ਪਈ ਅਤੇ ਬੀਬੀ ਇੰਦਰਜੀਤ ਕੌਰ ਭਗਤ ਜੀ ਦੀ ਸੇਵਾ ’ਚ ਪਹੁੰਚ ਗਏ। ਬੀਬੀ ਜੀ ਨੇ ਬੱਚਿਆਂ ਦੀ ਤਰ੍ਹਾਂ ਸੇਵਾ ਕੀਤੀ; ਬੱਚਿਆਂ ਦੀ ਤਰ੍ਹਾਂ ਕੇਸੀ ਇਸ਼ਨਾਨ ਕਰਾਏ; ਮਾਲਸ਼ਾਂ ਕੀਤੀਆਂ। ਭਗਤ ਪੂਰਨ ਸਿੰਘ ਜੀ ਨੂੰ ਸਭ ਤੋਂ ਵੱਡਾ ਸਦਮਾ ਆਪਣੀ ਮਾਂ ਦੇ ਚੜ੍ਹਾਈ ਕਰ ਜਾਣ ’ਤੇ ਲੱਗਾ ਸੀ। ਉਸ ਮਾਂ ਨੂੰ ਖੋਜਦੇ ਖੋਜਦੇ ਭਗਤ ਜੀ ਨੇ ਅੰਤ ਬੀਬੀ ਇੰਦਰਜੀਤ ਕੌਰ ਦੇ ਰੂਪ ਵਿੱਚ ਮਾਂ ਦੇ ਰੂਪ ਨੂੰ ਪ੍ਰਾਪਤ ਕਰ ਲਿਆ ਸੀ। ਅਖੀਰ 05-08-1992 ਨੂੰ ਪਿੰਗਲਵਾੜੇ ਦੀ ਜ਼ਿੰਮੇਵਾਰੀ ਬੀਬੀ ਇੰਦਰਜੀਤ ਕੌਰ ਦੇ ਮੋਢਿਆਂ ’ਤੇ ਰੱਖ ਕੇ ਆਪ ਸਦਾ ਲਈ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।

ਅੱਜ ਇਸ ਸੰਸਥਾ ਦੀਆਂ ਅੰਮ੍ਰਿਤਸਰ ਤੋਂ ਇਲਾਵਾ ਮਾਨਾਂਵਾਲਾ, ਜਲੰਧਰ, ਸੰਗਰੂਰ, ਚੰਡੀਗੜ੍ਹ, ਪਲਸੌਰਾ ਅਤੇ ਗੋਇੰਦਵਾਲ ਸਾਹਿਬ  ਵਿਖੇ ਬ੍ਰਾਂਚਾਂ ’ਚ ਬਿਨਾਂ ਕਿਸੇ ਧਾਰਮਿਕ ਅਤੇ ਜਾਤੀ ਵਿਤਕਰੇ ਦੇ 30 ਸਤੰਬਰ 2024 ਤੱਕ 1835 ਲਾਵਾਰਸ ਮਰੀਜ਼ ਸਨ; ਜਿਨ੍ਹਾਂ ’ਚ ਮਾਨਸਕ ਰੋਗੀ, ਮੰਦਬੁੱਧੀ, ਅਧਰੰਗ ਤੇ ਪੋਲੀਓ ਦੇ ਮਰੀਜ਼, ਗੂੰਗੇ-ਬੋਲ਼ੇ, ਪਰਵਾਰ ਵੱਲੋਂ ਨਕਾਰੇ ਗਏ ਬਜ਼ੁਰਗ, ਜਖ਼ਮੀ, ਟੀ.ਬੀ. ਦੇ ਮਰੀਜ਼, ਅੱਖਾਂ ਦੀ ਜੋਤ ਗੁਆ ਚੁੱਕੇ, ਏਡਜ਼ ਦੀ ਬੀਮਾਰੀ ਤੋਂ ਪੀੜਤ, ਸ਼ੂਗਰ ਦੇ ਰੋਗੀ, ਸਕੂਲ ਪੜ੍ਹਨ ਵਾਲੇ ਬੱਚੇ, ਲਾਵਾਰਸ ਬੱਚੇ ਅਤੇ ਕੁਝ ਉਹ ਵਿਅਕਤੀ ਹਨ, ਜੋ ਬੀਮਾਰੀ ਤੋਂ ਤਾਂ ਛੁਟਕਾਰਾ ਪਾ ਚੁੱਕੇ ਹਨ, ਪਰ ਉਹ ਹਾਲੀ ਇੱਥੇ ਹੀ ਰਹਿਣਾ ਚਾਹੁੰਦੇ ਹਨ। ਮਰੀਜ਼ਾਂ ਦੀ ਗਿਣਤੀ ’ਚ ਹਰ ਸਾਲ ਨਿਰੰਤਰ ਵਾਧਾ ਹੁੰਦਾ ਰਹਿੰਦਾ ਹੈ ਤੇ ਇਲਾਜ਼ ਉਪਰੰਤ ਠੀਕ ਹੋਏ ਕਾਫ਼ੀ ਮਰੀਜ਼ ਘਰਾਂ ਨੂੰ ਭੇਜ ਦਿੱਤੇ ਜਾਂਦੇ ਹਨ। ਰਾਜੇਵਾਲ (ਰੋਹਣੋ) ਵਿਖੇ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਰੋਪੜ ਦੇ ਸਹਿਯੋਗ ਨਾਲ ਭਗਤ ਪੂਰਨ ਸਿੰਘ ਗੁਰਮਤਿ ਅਤੇ ਕਿੱਤਾ ਮੁਖੀ ਕਾਲਜ ਪਿਛਲੇ ਤਿੰਨ ਸਾਲ ਤੋਂ ਬੜੀ ਚੜ੍ਹਦੀ ਕਲਾ ਨਾਲ ਚਲ ਰਿਹਾ ਹੈ।

ਇਨ੍ਹਾਂ ਸਭਨਾ ਦੀ ਸੇਵਾ ਸੰਭਾਲ ਲਈ ਸਿਹਤ ਕਰਮਚਾਰੀ ਅਤੇ ਸਟਾਫ਼ ਤਾਇਨਾਤ ਹੈ। ਪਿੰਗਲਵਾੜੇ ’ਚ ਮੁੱਢਲੀਆਂ ਡਾਕਟਰੀ ਸਹੂਲਤਾਂ ਵਾਲੀ ਟਰਾਮਾ ਵੈਨ, ਜੀ.ਟੀ.ਰੋਡ ਉੱਤੇ ਹੁੰਦੇ ਸੜਕ ਹਾਦਸਿਆਂ ਦੇ ਪੀੜਤਾਂ ਲਈ ਹਮੇਸ਼ਾਂ ਤਿਆਰ ਰਹਿੰਦੀ ਹੈ। ਲੋੜਵੰਦ ਅੰਗਹੀਣਾਂ ਲਈ ਭਗਤ ਜੀ ਦੀ ਯਾਦ ’ਚ ਇਕ ਬਨਾਉਟੀ ਅੰਗ ਕੇਂਦਰ ਸਥਾਪਿਤ ਕੀਤਾ ਗਿਆ ਹੈ; ਜਿੱਥੇ ਅੰਗਹੀਣਾਂ ਨੂੰ ਮੁਫ਼ਤ ਬਨਾਉਟੀ ਅੰਗ ਲਗਾਏ ਜਾਂਦੇ ਹਨ। ਗਰੀਬ ਬੱਚਿਆਂ ਦੀ ਸਿੱਖਿਆ ਲਈ ਵੱਖ-ਵੱਖ ਵਿਦਿਅਕ ਸੰਸਥਾਵਾਂ ਦਾ ਪ੍ਰਬੰਧ ਹੈ। ਭਗਤ ਜੀ ਕੁਦਰਤੀ ਖੇਤੀ ਦਾ ਪ੍ਰਚਾਰ ਕਰਿਆ ਕਰਦੇ ਸਨ, ਇਸ ਲਈ ਉਨ੍ਹਾਂ ਦੀ ਜਾਨਸ਼ੀਨ (ਡਾ:) ਬੀਬੀ ਇੰਦਰਜੀਤ ਕੌਰ ਨੇ ਕੁਦਰਤੀ ਖੇਤੀ ਆਰੰਭ ਕਰ ਰੱਖੀ ਹੈ।

ਵੀਹਵੀਂ ਸਦੀ ਦੇ ਆਦਰਸ਼ਕ ਸਮਾਜ ਸੇਵਕ

ਭਗਤ ਜੀ ਦੀਆਂ ਸੇਵਾਵਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਵੱਲੋਂ 1979 ’ਚ ਭਗਤ ਜੀ ਨੂੰ ਪਦਮਸ਼੍ਰੀ ਨਾਲ ਨਿਵਾਜਿਆ ਗਿਆ, ਜਿਹੜਾ ਉਨ੍ਹਾਂ ਨੇ ਜੂਨ 1984 ’ਚ ਦਰਬਾਰ ਸਾਹਿਬ ਸਮੂਹ ’ਤੇ ਭਾਰਤੀ ਫੌਜਾਂ ਵੱਲੋਂ ਕੀਤੇ ਹਮਲੇ ਦੌਰਾਨ ਮਚਾਈ ਤਬਾਹੀ ਦੇ ਰੋਸ ਵਜੋਂ ਮਿਤੀ 09-09-1984 ਨੂੰ ਵਾਪਸ ਕਰ ਦਿੱਤਾ ਸੀ। ਇਸ ਉਪਰੰਤ ਸੰਨ 1990 ’ਚ ਹਾਰਮਨੀ ਐਵਾਰਡ, ਸੰਨ 1991 ’ਚ ਰੋਗ ਰਤਨ ਅਵਾਰਡ ਤੇ ਭਾਈ ਘਨੱਈਆ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਭਗਤ ਪੂਰਨ ਸਿੰਘ ਵਾਲ਼ੇ ਪਿੰਗਲਵਾੜੇ ਨੂੰ ਬੀਬੀ ਇੰਦਰਜੀਤ ਕੌਰ ਦੇ ਪ੍ਰਬੰਧ ਹੇਠ ਆਏ ਨੂੰ 33 ਸਾਲ ਹੋ ਚੁੱਕੇ ਹਨ। ਹੁਣ ਪਿੰਗਲਵਾੜੇ ’ਚ ਮਾਤਾ ਮਹਿਤਾਬ ਕੌਰ ਅਤੇ ਪਿਆਰਾ ਸਿੰਘ ਦੇ ਨਾਂ ’ਤੇ ਦੋ ਵਾਰਡ ਬਣੇ ਹੋਏ ਹਨ। ਪਿੰਗਲਵਾੜੇ ’ਚ 1835 ਮਰੀਜ਼ ਹਨ। ਪੰਜ ਸਕੂਲ ਅਤੇ ਇੱਕ ਗੁਰਮਤਿ ਤੇ ਕਿੱਤਾ ਮੁਖੀ ਕਾਲਜ ਚੱਲ ਰਹੇ ਹਨ। ਕੁਝ ਖ਼ਾਸ ਕਿਸਮ ਦੇ ਕੰਮ ਭੀ ਅਰੰਭੇ ਹੋਏ ਹਨ; ਜਿਵੇਂ ਕਿ ਕੁਦਰਤੀ ਖੇਤੀ ਕਰਨੀ, ਬਨਾਵਟੀ ਅੰਗਾਂ ਨੂੰ ਬਣਾਉਣਾ ਅਤੇ ਮੰਦ ਬੁੱਧੀ ਬੱਚਿਆਂ ਦੇ ਪ੍ਰੋਜੈਕਟ ਚਲਾਉਣੇ, ਆਦਿ। ਇਨ੍ਹਾਂ ਸਾਰਿਆਂ ਪ੍ਰੋਜੈਕਟਾਂ ’ਤੇ ਔਸਤਨ ਹਰ ਰੋਜ਼ ਸਾਢੇ 10 ਲੱਖ ਖ਼ਰਚ ਦਾ ਬਜਟ ਹੈ, ਜੋ ਸੰਗਤਾਂ ਦੇ ਸਹਿਯੋਗ ਨਾਲ ਪੂਰਾ ਕੀਤਾ ਜਾਂਦਾ ਹੈ।

ਜਿਸ ਤਰ੍ਹਾਂ ਰੈੱਡ ਕਰਾਸ ਦੀ ਨੀਂਹ ਭਾਈ ਘਨੱਈਆ ਜੀ ਨੇ ਰੱਖੀ ਸੀ, ਪਰ ਸਾਡੇ ਪ੍ਰਚਾਰ ਦੀ ਘਾਟ ਕਾਰਨ ਦੁਨੀਆ ਇਹ ਨਹੀਂ ਜਾਣ ਪਾਈ ਏਵੇਂ ਹੀ ਨਿਮਾਣਿਆ ਦੇ ਮਾਣ ਅਤੇ ਨਿਆਸਰਿਆਂ ਦੇ ਆਸਰੇ ਵਾਲੇ ਕੰਮ ਦੀ ਨੀਂਹ ਭਗਤ ਪੂਰਨ ਸਿੰਘ ਜੀ ਨੇ ਰੱਖੀ ਹੈ। ਸਾਰੇ ਸੰਸਾਰ ਦੇ ਸਿੱਖਾਂ ਨੂੰ ਹੋਕਾ ਹੈ ਕਿ ਜਿਵੇਂ ਪਹਿਲਾਂ ਭੀ ਤੁਸੀਂ ਭਗਤ ਪੂਰਨ ਸਿੰਘ ਵਾਲ਼ੇ ਪਿੰਗਲਵਾੜੇ ਨੂੰ ਦਾਨ ਜਾਂ ਦਸਵੰਧ ਆਦਿ ਦੇਂਦੇ ਆਏ ਹੋ, ਉਵੇਂ ਅੱਗੋਂ ਭੀ ਸਗੋਂ ਵਧ ਚੜ੍ਹ ਕੇ ਦਾਨ ਦੇਂਦੇ ਰਹੋ ਤਾਂ ਕਿ ਇਹ ਸੰਸਾਰ ਪ੍ਰਸਿੱਧ ਸੰਸਥਾ ਬਣ ਜਾਵੇ। ਭਗਤ ਪੂਰਨ ਸਿੰਘ ਵਰਗੀ ਘਾਲਣਾ ਕਰਨੀ ਤਾਂ ਬਹੁਤ ਔਖੀ ਹੈ, ਪਰ ਅਸੀਂ ਆਪੋ ਆਪਣੇ ਪਰਵਾਰਾਂ ਦੇ ਬਿਰਧ ਅਤੇ ਲਾਚਾਰਾਂ ਨੂੰ ਤਾਂ ਸੰਭਾਲ਼ ਹੀ ਸਕਦੇ ਹਾਂ। ਘੱਟੋ ਘੱਟ ਇੱਕ ਰੁੱਖ ਤਾਂ ਲਾ ਹੀ ਸਕਦੇ ਹਾਂ। ਸਕੂਟਰਾਂ, ਕਾਰਾਂ ਦੀ ਥਾਂ ਸਾਇਕਲਾਂ ਦੀ ਵਰਤੋਂ ਕਰ ਸਕਦੇ ਹਾਂ । ਘਰੇਲੂ ਕੂੜਾ ਤਾਂ ਠੀਕ ਤਰੀਕੇ ਨਾਲ਼ ਸੁੱਟ ਸਕਦੇ ਹਾਂ; ਜਿਵੇਂ ਕਿ ਸਬਜ਼ੀਆਂ ਦੇ ਛਿਲਕੇ ਅਲੱਗ ਅਤੇ ਮੋਮੀ ਕਾਗਜ਼ ਦੇ ਲਿਫਾਫੇ ਅਲੱਗ। ਸਿੱਖੀ ਦੇ ਪ੍ਰਚਾਰ ਲਈ ਨਿਸ਼ਕਾਮ ਸੇਵਾ ਜ਼ਰੂਰੀ ਹੈ। ਜੇ ਸੰਸਾਰ ਦੇ ਲੋਕਾਂ ਨੇ ਧਰਤੀ ਨੂੰ ਅਨੰਦਮਈ ਬਣਾਉਣਾ ਹੈ ਤਾਂ ਭਗਤ ਪੂਰਨ ਸਿੰਘ ਵਾਲ਼ੇ ਪਿੰਗਲਵਾੜੇ ਤੋਂ ਸੇਧ ਲਈ ਜਾ ਸਕਦੀ ਹੈ।

ਹਰ ਸਾਲ ਦੀ ਤਰ੍ਹਾਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਅੰਮ੍ਰਿਤਸਰ ਵੱਲੋਂ ਭਗਤ ਪੂਰਨ ਸਿੰਘ ਜੀ ਦੀ 33ਵੀਂ ਬਰਸੀ ਮੌਕੇ ਮਿਤੀ 1 ਅਗਸਤ 2025 ਦਿਨ ਸ਼ੁੱਕਰਵਾਰ ਤੋਂ 5 ਅਗਸਤ 2025 ਦਿਨ ਐਤਵਾਰ ਤੱਕ ਦੇ ਪੰਜ ਰੋਜ਼ਾ ਸਮਾਗਮ ਹੇਠ ਲਿਖੇ ਪ੍ਰੋਗਰਾਮ ਉਲੀਕੇ ਗਏ ਹਨ।

ਸਰਲ ਗੁਰਬਾਣੀ ਵਿਆਕਰਣ – ਭਾਗ 10

0

ਸਰਲ ਗੁਰਬਾਣੀ ਵਿਆਕਰਣਭਾਗ 10

(ਇਸਤਰੀ ਲਿੰਗ ਅਕਾਰਾਂਤ ਨਾਉਂ ਦਾ ਵਿਸ਼ੇਸ਼ਣਅਕਾਰਾਂਤ)

ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣਾ

‘ਮੰਮੀ ਜੀ  ! ਮੰਮੀ ਜੀ  ! ! ਅੱਜ ਮੇਰਾ ਸਕੂਲ ਵਿਚ ਟੈਸਟ ਸੀ, ਪਰ ਮੈਨੂੰ ਕਿਸੇ ਬੱਚੇ ਦੀ ਨਕਲ ਮਾਰਨੀ ਪਈ।’ ਮਿਹਰ ਸਿੰਘ ਨੇ ਘਰ ਵਿਚ ਦਾਖਲ ਹੁੰਦਿਆਂ ਆਪਣਾ ਬਸਤਾ ਟਿਕਾਣੇ ਸਿਰ ਰੱਖਦਿਆਂ ਕਿਹਾ।

‘ਮੰਮੀ ਜੀ, ਮਿਹਰ ਅੱਜ ਇਕ ਸੁਪਰ ਨਾਲਾਇਕ ਬੱਚੇ ਦੀ ਨਕਲ ਮਾਰ ਕੇ ਆਇਐ। ਉਹ ਬੱਚਾ ਤਾਂ ਕਦੀ ਪਾਸ ਹੋਇਆ ਨਹੀਂ ਤੇ ਦੇਖਿਓ ਇਹਨੇ ਵੀ ਪੱਕਾ ਫੇਲ੍ਹ ਹੋਣੈ।’ ਸੁਖਦੀਪ ਸਿੰਘ ਨੇ ਵੀ ਘਰ ਵਿਚ ਦਾਖਲ ਹੋ ਕੇ ਕਿਤਾਬਾਂ ਰੱਖਦਿਆਂ ਮਾਂ ਨੂੰ ਸ਼ਿਕਾਇਤ ਕੀਤੀ।

‘ਆਹ ਦੇਖੋ ਵੀਰੇ, ਸਾਰਾ ਟੈਸਟ ਬਿਲਕੁੱਲ ਠੀਕ ਹੈ।’ ਮਿਹਰ ਸਿੰਘ ਨੇ ਚੈੱਕ ਕੀਤਾ ਹੋਇਆ ਟੈਸਟ ਪੇਪਰ ਬਸਤੇ ਵਿਚੋਂ ਕੱਢ ਕੇ ਦਿਖਾਉਂਦਿਆਂ ਕਿਹਾ।

‘ਓਏ ਭੋਲੂਆ ਜਿਹਾ  ! ਇਹ ਕਿਵੇਂ ਹੋਇਆ ?’ ਸੁਖਦੀਪ ਸਿੰਘ ਨੇ ਹੈਰਾਨ ਹੁੰਦਿਆਂ ਕਿਹਾ।

‘ਵੀਰੇ ! ਨਕਲ ਵੀ ਅਕਲ ਨਾਲ ਮਾਰਨੀ ਪੈਂਦੀ ਐ। ਸਵਾਲ ਸਹੀ ਤੇ ਗਲਤ ਦੀ ਨਿਸ਼ਾਨੀ ਲਾਉਣ ਦਾ ਸੀ। ਮੈਨੂੰ ਪਤਾ ਸੀ ਕਿ ਉਹ ਨਲਾਇਕ ਹੈ ਤੇ ਉਹਨੇ ਫੇਲ੍ਹ ਹੀ ਹੋਣਾ ਹੈ। ਜਿਹੜੀਆਂ ਉਹਨੇ ਨਿਸ਼ਾਨੀਆਂ ਲਗਾਈਆਂ, ਮੈਂ ਉਸ ਤੋਂ ਬਿਲਕੁਲ ਉਲਟ ਨਿਸ਼ਾਨੀਆਂ ਲਗਾਈਆਂ ਤੇ ਪਾਸ ਹੋ ਗਿਆ।’ ਮਿਹਰ ਸਿੰਘ ਨੇ ਜੇਤੂ ਮੁਸਕਰਾਹਟ ਨਾਲ ਜਵਾਬ ਦਿੱਤਾ।

‘ਅੱਛਾ ਜੀ ? ਪੁੱਤਰ ਮਿਹਰ, ਨਕਲਾਂ ਵਿਚ ਕੁੱਝ ਨਹੀਂ ਪਿਆ। ਆਪਣੀ ਮਿਹਨਤ ਨਾਲ ਥੋੜੇ ਨੰਬਰ ਵੀ ਲੈ ਆਵੇਂ ਤਾਂ ਉਹ ਤੇਰੀ ਅਸਲ ਕਮਾਈ ਹੈ।’ ਮਾਂ ਨੇ ਸਮਝਾਉਂਦਿਆਂ ਕਿਹਾ।

‘ਮੰਮੀ ਜੀ, ਗਿਆਨੀ ਜੀ ਵੀ ਤਾਂ ਨਕਲ ਮਾਰਨਾ ਸਿਖਾਉਂਦੇ ਨੇ ?’ ਮਿਹਰ ਸਿੰਘ ਨੇ ਮੁਸਕਰਾਉਂਦਿਆਂ ਕਿਹਾ।

‘ਉਹ ਕਿਵੇਂ ?’ ਦੋਵੇਂ ਇਕੱਠੇ ਬੋਲ ਪਏ।

‘ਗਿਆਨੀ ਜੀ ਕਹਿੰਦੇ ਨੇ ਕਿ ਗੁਰਬਾਣੀ ਵਿਆਕਰਣ ਸਿੱਖਣ ਵੇਲੇ ਜਦੋਂ ਵੀ ਪੁਲਿੰਗ ਜਾਂ ਇਸਤਰੀ ਲਿੰਗ ਨਾਉਂ ਦਾ ਵਿਸ਼ੇਸ਼ਣ ਬਣਾਉਣਾ ਹੋਵੇ ਤਾਂ ਬੱਸ ਨਕਲ ਹੀ ਮਾਰ ਲਿਆ ਕਰੋ। ਜਿਹੋ-ਜਿਹਾ ਨਾਉਂ, ਉਹੋ ਜਿਹਾ ਵਿਸ਼ੇਸ਼ਣ।’ ਮਿਹਰ ਸਿੰਘ ਨੇ ਹਸਦਿਆਂ ਜਵਾਬ ਦਿੱਤਾ।

‘ਨਾ ਉਹ ਕਿਸ ਤਰ੍ਹਾਂ ?’ ਸੁਖਦੀਪ ਸਿੰਘ ਅਨਜਾਣ ਬਣਦਿਆਂ ਪੁੱਛਿਆ।

‘ਦੇਖੋ ਨਾ ਵੀਰੇ, ਜੇ ਪੁਲਿੰਗ ਇਕ ਵਚਨ ਨਾਉਂ ਉਕਾਰਾਂਤ (ਆਖਰੀ ਅੱਖਰ ਨੂੰ ਔਂਕੜ ਨਾਲ) ਹੋਵੇ ਤਾਂ ਉਸ ਦਾ ਵਿਸ਼ੇਸ਼ਣ ਵੀ ਉਕਾਰਾਂਤ ਹੁੰਦਾ ਹੈ। ਜੇ ਪੁਲਿੰਗ ਬਹੁ ਵਚਨ ਨਾਉਂ ਅਕਾਰਾਂਤ (ਆਖਰੀ ਅੱਖਰ ਮੁਕਤੇ ਨਾਲ) ਹੋਵੇ ਤਾਂ ਉਸ ਦਾ ਵਿਸ਼ੇਸ਼ਣ ਵੀ ਅਕਾਰਾਂਤ ਹੁੰਦਾ ਹੈ, ਜਿਵੇਂ:

ਜੋਤੀ ਅੰਦਰਿ ਬ੍ਰਹਮੁ ਅਨੂਪੁ

ਇਸ ਤੁੱਕ ਵਿਚ ‘ਬ੍ਰਹਮੁ’ ਪੁਲਿੰਗ ਇਕ ਵਚਨ ਨਾਉਂ ਹੈ, ਇਸੇ ਲਈ ਉਹ ਉਕਾਰਾਂਤ ਆ ਗਿਆ ਹੈ। ਵਿਸ਼ੇਸ਼ਣ ਲਈ ਸਿਰਫ ਨਕਲ ਮਾਰਨੀ ਹੈ। ‘ਬ੍ਰਹਮੁ’ ਦਾ ਵਿਸ਼ੇਸ਼ਣ ‘ਅਨੂਪੁ’ ਵੀ ਉਕਾਰਾਂਤ ਆ ਗਿਆ ਹੈ। ਇਸ ਦਾ ਅਰਥ ਹੈ: ਹਰੇਕ ਪ੍ਰਕਾਸ਼ ਵਿਚ ਸੁੰਦਰ ਪ੍ਰਭੂ ਆਪ ਵੱਸ ਰਿਹਾ ਹੈ।

ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ

ਇਸ ਤੁੱਕ ਵਿਚ ‘ਬਚਨ’ ਪੁਲਿੰਗ ਬਹੁ ਵਚਨ ਨਾਉਂ ਹੈ, ਇਸੇ ਲਈ ਉਹ ਅਕਾਰਾਂਤ ਆ ਗਿਆ ਹੈ। ਇਥੇ ਵੀ ਵਿਸ਼ੇਸ਼ਣ ਲਈ ਸਿਰਫ ਨਕਲ ਹੀ ਮਾਰਨੀ ਹੈ। ‘ਬਚਨ’ ਦਾ ਵਿਸ਼ੇਸ਼ਣ ‘ਅਨੂਪ’ ਵੀ ਅਕਾਰਾਂਤ ਆ ਗਿਆ ਹੈ। ਇਸ ਦਾ ਅਰਥ ਹੈ: ਹੇ ਮੋਹਨ ! ਤੇਰੇ (ਸਿਫਤ-ਸਲਾਹ ਨਾਲ ਭਰਪੂਰ) ਬਚਨ ਸੋਹਣੇ ਲੱਗਦੇ ਹਨ। ਤੇਰੀ ਚਾਲ (ਜਗਤ ਦੇ ਜੀਵਾਂ ਦੀ ਚਾਲ ਨਾਲੋਂ) ਵੱਖਰੀ ਹੈ।

ਦੇਖੋ, ਕਿੰਨਾ ਸੌਖਾ ਹੈ ਨਾ ? ਜਿਹੋ ਜਿਹਾ ਨਾਉਂ, ਉਹੋ ਜਿਹਾ ਵਿਸ਼ੇਸ਼ਣ। ਬੱਸ ਨਾਉਂ ਦੀ ਨਕਲ ਹੀ ਮਾਰਨੀ ਹੈ।’ ਮਿਹਰ ਸਿੰਘ ਨੇ ਗੁਰਬਾਣੀ ਵਿਚ ਆਉਣ ਵਾਲੇ ਵਿਸ਼ੇਸ਼ਣਾਂ ਦਾ ਨੇਮ ਸੌਖਿਆਂ ਹੀ ਸਮਝਾ ਦਿੱਤਾ। (ਦੇਖੋ: ਸਰਲ ਗੁਰਬਾਣੀ ਵਿਆਕਰਣ – ਭਾਗ 5)

‘ਫਿਰ ਤਾਂ ਇਸਤਰੀ ਲਿੰਗ ਨਾਉਂ ਦੇ ਵਿਸ਼ੇਸ਼ਣ ਲਈ ਵੀ ਨਕਲ ਮਾਰੀ ਜਾ ਸਕਦੀ ਹੈ।’ ਸੁਖਦੀਪ ਸਿੰਘ ਨੇ ਮਿਹਰ ਸਿੰਘ ਨੂੰ ਪਰਖਦਿਆਂ ਕਿਹਾ।

‘ਬਿਲਕੁਲ ਵੀਰ ਜੀ। ਜਿਵੇਂ ਇਸਤਰੀ ਲਿੰਗ ਨਾਉਂ ਭਾਵੇਂ ਇਕ ਵਚਨ ਹੋਵੇ, ਭਾਵੇਂ ਬਹੁ ਵਚਨ ਹੋਵੇ, ਉਹ ਅਕਾਰਾਂਤ ਆਉਂਦਾ ਹੈ। ਵਿਸ਼ੇਸ਼ਣ ਲਈ ਇੱਥੇ ਵੀ ਸਿਰਫ ਨਕਲ ਮਾਰਨੀ ਹੈ। ਇਸਤਰੀ ਲਿੰਗ ਨਾਉਂ ਦਾ ਵਿਸ਼ੇਸ਼ਣ ਵੀ ਅਕਾਰਾਂਤ ਹੀ ਆਉਂਦਾ ਹੈ, ਜਿਵੇਂ:

ਏਕ ਜੁ ਬਾਤ ਅਨੂਪ ਬਨੀ ਹੈ ਪਵਨੁ ਪਿਆਲਾ ਸਾਜਿਆ

ਇਸ ਤੁੱਕ ਵਿਚ ‘ਬਾਤ’ ਇਸਤਰੀ ਲਿੰਗ ਨਾਉਂ ਹੈ, ਜੋ ਅਕਾਰਾਂਤ ਆਇਆ ਹੈ। ਇਸ ਦਾ ਵਿਸ਼ੇਸ਼ਣ ‘ਅਨੂਪ’ ਵੀ ਅਕਾਰਾਂਤ ਹੀ ਆਇਆ ਹੈ। ਇਸ ਦਾ ਅਰਥ ਹੈ: ਇਕ ਹੋਰ ਗੱਲ ਸੋਹਣੀ ਬਣ ਗਈ ਹੈ ਕਿ ਮੈਂ ਹਰ ਸਾਹ (ਨਾਮ-ਅੰਮ੍ਰਿਤ ਪੀਣ ਦਾ) ਪਿਆਲਾ ਬਣਾ ਲਿਆ ਹੈ।’ ਮਾਸੂਮ ਮਿਹਰ ਸਿੰਘ ਨੇ ਬੜੀ ਗੰਭੀਰਤਾ ਨਾਲ ਸਮਝਾਇਆ।

‘ਮੇਰੇ ਭੋਲੂਆ ਜਿਹਾ ! ਤੈਨੂੰ ਤਾਂ ਸਭ ਕੁੱਝ ਪਤਾ ਹੈ ? ਮੈਂ ਤੈਨੂੰ ਦੋ ਪ੍ਰਮਾਣ ਸੁਣਾਉਂਦਾ ਹਾਂ, ਤੂੰ ਉਹਨਾਂ ਵਿਚੋਂ ਇਸਤਰੀ ਲਿੰਗ ਨਾਂਵ ਤੇ ਉਹਨਾਂ ਦੇ ਇਸਤਰੀ ਲਿੰਗ ਵਿਸ਼ੇਸ਼ਣ ਲੱਭ ਕੇ ਦੱਸ।

ਦੁਲਭ ਦੇਹ ਤਤਕਾਲ ਉਧਾਰੈ

ਗੁਹਜ ਗਲ ਜੀਅ ਕੀ ਕੀਚੈ ਸਤਿਗੁਰੂ ਪਾਸਿ ਤਾ ਸਰਬ ਸੁਖੁ ਪਾਈਐ

ਜੇ ਤੂੰ ਪਾਸ ਹੋ ਗਿਆ ਤਾਂ ਤੈਨੂੰ ਮੈਂ ਪ੍ਰੋ: ਮਿਹਰ ਸਿੰਘ ਕਿਹਾ ਕਰਾਂਗਾ।’ ਸੁਖਦੀਪ ਸਿੰਘ ਨੇ ਹੱਸਦਿਆਂ ਕਿਹਾ।

‘ਲੈ ਵੀਰੇ ਇਹ ਕਿਹੜਾ ਔਖਾ ਹੈ ? ਪਹਿਲੀ ਤੁੱਕ ਵਿਚ ਇਸਤਰੀ ਲਿੰਗ ਨਾਉਂ ‘ਦੇਹ’ ਦਾ ਵਿਸ਼ੇਸ਼ਣ ਹੈ ‘ਦੁਲਭ’। ਇਸ ਦਾ ਅਰਥ ਹੈ: ਉਹ ਇਸ ਦੁਰਲੱਭ ਮਨੁੱਖਾਸਰੀਰ ਨੂੰ ਉਸੇ ਵੇਲੇ (ਵਿਕਾਰਾਂ ਤੋਂ) ਬਚਾ ਲੈਂਦਾ ਹੈ।

ਦੂਜੀ ਤੁੱਕ ਵਿਚ ‘ਗਲ’ ਦਾ ਵਿਸ਼ੇਸ਼ਣ ਹੈ ‘ਗੁਹਜ’। ਇਸ ਦਾ ਅਰਥ ਹੈ: ਜਦੋਂ ਦਿਲ ਦੀ ਗੁੱਝੀ ਗੱਲ ਸਤਿਗੁਰੂ ਅੱਗੇ ਖੋਹਲੀ ਜਾਂਦੀ ਹੈ ਤਦੋਂ ਹਰੇਕ ਕਿਸਮ ਦਾ ਸੁਖ ਮਿਲ ਜਾਂਦਾ ਹੈ।’ ਮਿਹਰ ਸਿੰਘ ਨੇ ਫਟਾ-ਫੱਟ ਜਵਾਬ ਦਿੱਤਾ।

‘ਬਿਲਕੁਲ ਠੀਕ ਜਵਾਬ ਮੇਰੇ ਨਿੱਕੇ ਜਿਹੇ ਪ੍ਰੋ: ਜੀ।’ ਸੁਖਦੀਪ ਸਿੰਘ ਨੇ ਮਿਹਰ ਸਿੰਘ ਨੂੰ ਗਲਵੱਕੜੀ ਵਿਚ ਲੈਂਦਿਆਂ ਪਿਆਰ ਭਰੇ ਬੋਲਾਂ ਨਾਲ ਪ੍ਰਸ਼ੰਸਾ ਕੀਤੀ।

‘ਮਿਹਰ ਤਾਂ ਮੇਰਾ ਵਿਦਵਾਨ ਪੁੱਤਰ ਹੈ। ਮੇਰੇ ਬੱਚਿਓ ! ਨਕਲ ਮਾਰਨ ਲੱਗਿਆਂ ਇਹ ਵੀ ਧਿਆਨ ਰੱਖਣਾ ਕਿ ਇਸਤਰੀ ਲਿੰਗ ਨਾਉਂ ਦਾ ਹਮੇਸ਼ਾਂ ਅਕਾਰਾਂਤ ਰੂਪ ਵਿਚ ਆਉਣਾ ਜ਼ਰੂਰੀ ਨਹੀਂ ਹੈ, ਕਿਸੇ ਹੋਰ ਰੂਪ ਵਿਚ ਆਇਆ ਇਸਤਰੀ ਲਿੰਗ ਨਾਉਂ ਦਾ ਵਿਸ਼ੇਸ਼ਣ ਵੀ ਆਮ ਤੌਰ ’ਤੇ ਅਕਾਰਾਂਤ ਹੀ ਹੁੰਦਾ ਹੈ, ਜਿਵੇਂ:

ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਰਹਾਈ

ਹਰਿ ਦਰਿ ਸੋਭਾ ਮਹਾ ਉਤਮ ਬਾਣੀ

ਮਹਿਮਾ ਜਾ ਕੀ ਗਹਿਰ ਗੰਭੀਰ

ਤਰੀ ਜਾਈ ਦੁਤਰ ਮਾਇਆ

ਫਕੜ ਜਾਤੀ ਫਕੜੁ ਨਾਉ

ਇਹਨਾਂ ਤੁੱਕਾਂ ਵਿਚ ਇਸਤਰੀ ਲਿੰਗ ਨਾਵਾਂ ‘ਤ੍ਰਿਸਨਾ, ਬਾਣੀ, ਮਹਿਮਾ, ਮਾਇਆ ਤੇ ਜਾਤੀ’ ਦੇ ਵਿਸ਼ੇਸ਼ਣ ‘ਚੰਚਲ, ਊਤਮ, ਗਹਿਰ ਗੰਭੀਰ, ਦੁਤਰ ਤੇ ਫਕੜ’ ਅਕਾਰਾਂਤ ਆਏ ਹਨ।

ਸਿਰਫ ਵਿਸ਼ੇਸ਼ਣ ਹੀ ਨਹੀਂ, ਇਸਤਰੀ ਲਿੰਗ ਨਾਵਾਂ ਦੇ ਪੜਨਾਵੀਂ ਵਿਸ਼ੇਸ਼ਣ ਵੀ ਅਕਾਰਾਂਤ ਹੀ ਆਉਂਦੇ ਨੇ, ਜਿਵੇਂ :

ਇਹ ਬੇਨੰਤੀ ਸੁਣਿ ਪ੍ਰਭ ਮੇਰੇ

ਇਸ ਤੁੱਕ ਵਿਚ ਇਸਤਰੀ ਲਿੰਗ ਨਾਉਂ ‘ਬੇਨੰਤੀ’ ਦਾ ਪੜਨਾਵੀਂ ਵਿਸ਼ੇਸ਼ਣ ‘ਇਹ’ ਹੈ। ਇਸ ਦਾ ਅਰਥ ਹੈ: ਹੇ ਮੇਰੇ ਪ੍ਰਭੂ ! (ਮੇਰੀ) ਇਹ ਅਰਜ਼ੋਈ ਸੁਣ।

ਦੂਰਿ ਰਹੀ ਉਹ ਜਨ ਤੇ ਬਾਟ

ਇਸ ਤੁੱਕ ਵਿਚ ਇਸਤਰੀ ਲਿੰਗ ਨਾਉਂ ‘ਬਾਟ’ ਦਾ ਪੜਨਾਵੀਂ ਵਿਸ਼ੇਸ਼ਣ ‘ਉਹ’ ਵੀ ਅਕਾਰਾਂਤ ਆਇਆ ਹੈ। ਇਸ ਦਾ ਅਰਥ ਹੈ: ਉਹ ਵਾਟ ਸੰਤ-ਜਨਾਂ ਤੋਂ ਦੂਰ ਪਰੇ ਰਹਿ ਜਾਂਦੀ ਹੈ।’ ਮਾਂ ਨੇ ਆਪਣੇ ਦੋਵੇਂ ਬੱਚਿਆਂ ਨੂੰ ਬੜੇ ਪਿਆਰ ਨਾਲ ਸਮਝਾਇਆ।

‘ਮੇਰੇ ਪਿਆਰੇ ਜਿਹੇ ਗੋਲੂ ਜੀ ! ਇਹ ਵੀ ਯਾਦ ਰੱਖੋ ਕਿ ਇਸਤਰੀ ਲਿੰਗ ਨਾਵਾਂ ਦੇ ਨਿਸ਼ਚਿਤ ਤੇ ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ ਵੀ ਅਕਾਰਾਂਤ ਹੀ ਆਉਂਦੇ ਨੇ, ਜਿਵੇਂ:

ਗੁਰਾਇਕ ਦੇਹਿ ਬੁਝਾਈ

ਇਸ ਤੁੱਕ ਵਿਚ ਇਸਤਰੀ ਲਿੰਗ ਨਾਉਂ ‘ਬੁਝਾਈ’ ਦਾ ਸੰਖਿਅਕ ਵਿਸ਼ੇਸ਼ਣ ‘ਇਕ’ ਹੈ, ਜਿਸ ਦਾ ਅਰਥ ਹੈ: ਹੇ ਗੁਰੂ ਜੀ ! ਮੈਨੂੰ ਇਕ ਸਮਝ ਦੇ ਦਿਉ।

ਗੁਰੁ ਪੂਰਾ ਹਰਿ ਉਪਦੇਸੁ ਦੇਇ ਸਭ ਭੁਖ ਲਹਿ ਜਾਈਐ

ਇਸ ਤੁੱਕ ਵਿਚ ਇਸਤਰੀ ਲਿੰਗ ਨਾਉਂ ‘ਭੁਖ’ ਦਾ ਸੰਖਿਅਕ ਵਿਸ਼ੇਸ਼ਣ ‘ਸਭ’ ਹੈ, ਜਿਸ ਦਾ ਅਰਥ ਹੈ: ਪੂਰਾ ਸਤਿਗੁਰੂ ਪ੍ਰਭੂ (ਦੇ ਗੁਣਾਂ) ਦਾ ਉਪਦੇਸ਼ ਦੇਂਦਾ ਹੈ, ਜਿਸ ਨਾਲ ਸਾਰੀ ਭੁੱਖ ਉਤਰ ਜਾਂਦੀ ਹੈ।’ ਸੁਖਦੀਪ ਸਿੰਘ ਨੇ ਵੀ ਆਪਣੇ ਨਿੱਕੇ ਵੀਰ ਨੂੰ ਸਮਝਾਇਆ।

‘ਵੀਰ ਜੀ, ਜੇ ਪ੍ਰਭੂ ਦੇ ਗੁਣਾਂ ਨਾਲ ਸਾਰੀ ਭੁੱਖ ਉਤਰ ਜਾਂਦੀ ਹੈ ਤਾਂ ਫਿਰ ਅਸੀਂ ਖਾਣਾ ਕਿਉਂ ਖਾਂਦੇ ਹਾਂ ?’ ਮਿਹਰ ਸਿੰਘ ਨੇ ਮਾਸੂਮ ਜਿਹਾ ਬਣ ਕੇ ਸਵਾਲ ਕੀਤਾ।

‘ਓ ਭੋਲੇ ਬੱਚੇ ! ਗੁਰਬਾਣੀ ਦੇ ਬਹੁਤ ਸਾਰੇ ਉਪਦੇਸ਼ ਸਾਡੇ ਮਨ ਲਈ ਹੁੰਦੇ ਹਨ। ਜਿਵੇਂ ਸਰੀਰ ਦੀ ਭੁੱਖ ਮਿਟਾਉਣ ਲਈ ਸਾਨੂੰ ਭੋਜਨ ਦੀ ਲੋੜ ਪੈਂਦੀ ਹੈ ਅਤੇ ਭੋਜਨ ਖਾਣ ਨਾਲ ਸਾਡੇ ਸਰੀਰ ਦੀ ਭੁੱਖ ਮਿਟ ਜਾਂਦੀ ਹੈ। ਉਸੇ ਤਰ੍ਹਾਂ ਮਨ ਵਿਚੋਂ ਤ੍ਰਿਸ਼ਨਾ ਦੀ ਭੁੱਖ ਮਿਟਾਉਣ ਲਈ ਸਾਨੂੰ ਸਬਰ-ਸੰਤੋਖ ਵਰਗੇ ਰੱਬੀ ਗੁਣਾਂ ਦੀ ਲੋੜ ਪੈਂਦੀ ਹੈ ਤੇ ਇਹਨਾਂ ਗੁਣਾਂ ਨੂੰ ਧਾਰਨ ਕੀਤਿਆਂ ਮਨ ਦੀ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ।

ਗੁਰਬਾਣੀ ਵਿਚ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਤੁੱਕਾਂ ਹਨ। ਅਜਿਹੀਆਂ ਤੁੱਕਾਂ ਦੇ ਜੇਕਰ ਸਰੀਰ ਦੇ ਤਲ ’ਤੇ ਅਰਥ ਕੀਤੇ ਜਾਣ ਜਾਂ ਜੇਕਰ ਉਹਨਾਂ ਦੇ ਭਾਵ-ਅਰਥ ਨਾ ਸਮਝੇ ਜਾਣ ਤਾਂ ਸਾਡੇ ਕੋਲੋਂ ਉਹਨਾਂ ਦਾ ਅਸਲ ਗੁਰਮਤਿ ਸਿਧਾਂਤ ਹੀ ਖੁੰਝ ਜਾਏਗਾ।’ ਸੁਖਦੀਪ ਸਿੰਘ ਦੀ ਐਸੀ ਡੂੰਘੀ ਗੱਲ ਸੁਣ ਕੇ ਮਿਹਰ ਸਿੰਘ ਦਾ ਮੂੰਹ ਖੁਲ੍ਹੇ ਦਾ ਖੁੱਲ੍ਹਾ ਹੀ ਰਹਿ ਗਿਆ।

‘ਬਿਲਕੁਲ ਵੀਰ ਜੀ, ਦੋ ਵਾਰ ਸਮਝ ਗਿਆ।’ ਮਿਹਰ ਸਿੰਘ ਨੇ ਸਿਰ ਹਿਲਾਂਦਿਆਂ ਕਿਹਾ।

‘ਦੋ ਵਾਰ ਸਮਝ ਗਿਆ ਦਾ ਕੀ ਮਤਲਬ ?’ ਨਾਲ ਖਲੋਤੀ ਮਾਂ ਨੇ ਹੈਰਾਨ ਹੁੰਦਿਆਂ ਪੁੱਛਿਆ।

‘ਮੇਰਾ ਮਤਲਬ ਹੈ ਕਿ ਸਮਝ ਗਿਆ, ਸਮਝ ਗਿਆ।’ ਮਿਹਰ ਸਿੰਘ ਨੇ ਸ਼ਰਾਰਤੀ ਹਾਸਾ ਹੱਸਦਿਆਂ ਜਵਾਬ ਦਿੱਤਾ।

‘ਮੰਮੀ ਜੀ, ਇਹਨੇ ਕੋਈ ਲਫ਼ਜ਼ ਦੋ ਵਾਰ ਬੋਲਣਾ ਹੋਵੇ ਤਾਂ ਇਹ ਹਮੇਸ਼ਾਂ ਇਸੇ ਤਰ੍ਹਾਂ ਹੀ ਕਹਿੰਦੈ। ਚੱਲ ਹੁਣ ਤੂੰ ਬਹੁਤੀਆਂ ਬੁਝਾਰਤਾਂ ਨਾ ਪਾ, ਗੁਰਬਾਣੀ ਵਿਚੋਂ ਇਕ ਸੰਖਿਅਕ ਵਿਸ਼ੇਸ਼ਣ ਦਾ ਪ੍ਰਮਾਣ ਦੇਹ।’ ਸੁਖਦੀਪ ਸਿੰਘ ਨੇ ਮਿਹਰ ਸਿੰਘ ਨੂੰ ਪੁੱਛਿਆ।

‘ਹੁਣੇ ਲਉ ਵੀਰ ਜੀ। ਇਕ ਕਿਉਂ, ਦੋ ਪ੍ਰਮਾਣ ਸੁਣੋ ਜੀ:

ਸੇਜ ਏਕ ਪੈ ਮਿਲਨੁ ਦੁਹੇਰਾ

ਇਸ ਤੁੱਕ ਵਿਚ ਇਸਤਰੀ ਲਿੰਗ ਨਾਉਂ ‘ਸੇਜ’ ਹੈ ਤੇ ਉਸ ਦਾ ਸੰਖਿਅਕ ਵਿਸ਼ੇਸ਼ਣ ‘ਏਕ’ ਅਕਾਰਾਂਤ ਆ ਗਿਆ ਹੈ। ਇਸ ਦਾ ਅਰਥ ਹੈ: (ਸਾਡੀ ਦੋਹਾਂ ਦੀ) ਸੇਜ ਇਕ ਹੀ ਹੈ ਪਰ (ਫਿਰ ਭੀ) ਉਸ ਨੂੰ ਮਿਲਣਾ ਬਹੁਤ ਔਖਾ ਹੈ।

ਸਭ ਦੁਨੀਆ ਆਵਣ ਜਾਣੀਆ

ਇਸ ਤੁੱਕ ਵਿਚ ਇਸਤਰੀ ਲਿੰਗ ਨਾਉਂ ‘ਦੁਨੀਆ’ ਹੈ ਤੇ ਉਸ ਦਾ ਸੰਖਿਅਕ ਵਿਸ਼ੇਸ਼ਣ ‘ਸਭ’ ਅਕਾਰਾਂਤ ਆ ਗਿਆ ਹੈ। ਇਸ ਦਾ  ਅਰਥ ਹੈ: ਸਾਰੀ ਲੁਕਾਈ ਉਸ ਨੂੰ ਨਾਸ਼ਵੰਤ ਦਿਸਦੀ ਹੈ।

ਓਹ ਬੱਲੇ ! ਫਿਰ ਤਾਂ ਮੈਨੂੰ ਇਕ ਗੱਲ ਹੋਰ ਸਮਝ ਆ ਗਈ:

ਏਕ ਜੁ ਬਾਤ ਅਨੂਪ ਬਨੀ ਹੈ ਪਵਨੁ ਪਿਆਲਾ ਸਾਜਿਆ

ਪਹਿਲਾਂ ਮੈਂ ਇਸ ਤੁੱਕ ਵਿਚ ਇਸਤਰੀ ਲਿੰਗ ਨਾਉਂ ‘ਬਾਤ’ ਦਾ ਅਕਾਰਾਂਤ ਵਿਸ਼ੇਸ਼ਣ ਸਿਰਫ ‘ਅਨੂਪ’ ਹੀ ਸਮਝਦਾ ਸੀ ਪਰ ਹੁਣ ਮੈਨੂੰ ਸਮਝ ਆ ਗਈ ਹੈ ਕਿ ‘ਬਾਤ’ ਦਾ ਅਕਾਰਾਂਤ ਸੰਖਿਅਕ ਵਿਸ਼ੇਸ਼ਣ ‘ਏਕ’ ਵੀ ਹੈ। ਇਸ ਦਾ ਅਰਥ ਹੈ: ਇਕ ਿਹੜੀ ਗੱਲ ਸੋਹਣੀ ਬਣ ਗਈ ਹੈ ਕਿ ਮੈਂ ਹਰ ਸਾਹ (ਨਾਮ-ਅੰਮ੍ਰਿਤ ਪੀਣ ਦਾ) ਪਿਆਲਾ ਬਣਾ ਲਿਆ ਹੈ।’ ਮਿਹਰ ਸਿੰਘ ਨੇ ਗੁਰਬਾਣੀ ਦੀ ਪਹਿਲਾਂ ਸੁਣਾਈ ਹੋਈ ਤੁੱਕ ਨੂੰ ਹੋਰ ਸਪੱਸ਼ਟ ਕਰ ਦਿੱਤਾ। ਹੁਣ ਉਸ ਦੇ ਚਿਹਰੇ ’ਤੇ ਖੁਸ਼ੀ ਦੀ ਚਮਕ ਸਾਫ਼ ਦਿਖਾਈ ਦੇ ਰਹੀ ਸੀ।

‘ਵਾਹ ਭਈ ਵਾਹ ! ਮੇਰੇ ਲਈ ਤਾਂ ਮੇਰਾ ਲਾਲ ਪ੍ਰੋ: ਮਿਹਰ ਸਿੰਘ ਬਣ ਹੀ ਗਿਆ ਹੈ।’ ਮਾਂ ਨੇ ਆਪਣੇ ਨਿੱਕੜੇ ਤੇ ਲਾਡਲੇ ਜਿਹੇ ਪੁੱਤਰ ਦੇ ਸਿਰ ’ਤੇ ਹੱਥ ਰਖਦਿਆਂ ਤੇ ਬੇ-ਓੜਕਾ ਮਾਣ ਮਹਿਸੂਸ ਕਰਦਿਆਂ ਕਿਹਾ।

‘ਓਏ ਭੋਲੂਆ ਜਿਹਾ, ਤੂੰ ਤਾਂ ਅੱਜ ਬਾਜੀ ਮਾਰ ਗਿਆ ਹੈਂ। ਚੱਲ ਅੱਜ ਗਿਆਨੀ ਜੀ ਦੀ ਗੈਰ ਹਾਜ਼ਰੀ ਵਿਚ ਮੈਂ ਤੈਨੂੰ ਹੋਮ ਵਰਕ ਦਿੰਦਾ ਹਾਂ:

ਇਹ, ਏਹ, ਉਹ, ਓਹ, ਇਕ, ਏਕ, ਸਭ, ਅਵਰ, ਕਵਣ, ਕਵਨ, ਹੋਰ

ਇਹਨਾਂ ਇਸਤਰੀ ਲਿੰਗ ਵਿਸ਼ੇਸ਼ਣਾਂ ਦੇ ਗੁਰਬਾਣੀ ਵਿਚੋਂ ਪ੍ਰਮਾਣ ਲੱਭ ਕੇ ਲਿਖ ਤੇ ਇਹਨਾਂ ਪ੍ਰਮਾਣਾਂ ਦੇ ਅਰਥ ਵੀ ਲਿਖ ਕੇ ਦਿਖਾ।’ ਸੁਖਦੀਪ ਸਿੰਘ ਨੇ ਮਿਹਰ ਸਿੰਘ ਨੂੰ ਹੋਮ ਵਰਕ ਦਿੰਦਿਆਂ ਕਿਹਾ।

‘ਪੁੱਤਰ ਸੁਖਦੀਪ ਸਿੰਘ, ਤੈਨੂੰ ਮੈਂ ਵੀ ਹੋਮ ਵਰਕ ਦਿੱਤਾ ਹੋਇਆ ਹੈ। ਗੁਰਬਾਣੀ ਵਿਚ ਇਸਤਰੀ ਨਾਵਾਂ ਦੇ ਅਕਾਰਾਂਤ ਤੋਂ ਇਲਾਵਾ ਹੋਰ ਵੀ ਨੇਮ ਹਨ। ਉਹਨਾਂ ਨੇਮਾਂ ਦੇ ਪ੍ਰਮਾਣ ਲੱਭ ਕੇ ਲਿਖ ਤੇ ਉਹਨਾਂ ਦੇ ਅਰਥ ਵੀ ਲਿਖ ਕੇ ਮੈਨੂੰ ਦਿਖਾ।’ ਗੁਰਸਿੱਖ ਮਾਂ ਨੇ ਆਪਣੇ ਵੱਡੇ ਪੁੱਤਰ ਨੂੰ ਪਹਿਲਾਂ ਤੋਂ ਹੀ ਦਿੱਤਾ ਹੋਇਆ ਗੁਰਬਾਣੀ ਦਾ ਹੋਮ ਵਰਕ ਯਾਦ ਕਰਾਉਂਦਿਆਂ ਕਿਹਾ।

ਕਾਸ਼  ! ਸਾਰੇ ਗੁਰਸਿੱਖ ਮਾਂ-ਬਾਪ ਗੁਰਸਿੱਖੀ ਪ੍ਰਤੀ ਆਪਣੇ ਫਰਜ਼ ਪਛਾਣ ਲੈਣ ਤਾਂ ਉਹ ਦਿਨ ਦੂਰ ਨਹੀਂ, ਜਦੋਂ ਹਰ ਘਰ ਵਿਚੋਂ ਗੁਰਬਾਣੀ ਗਿਆਨ ਦਾ ਝਰਨਾ ਝਰਨ ਲੱਗ ਪਵੇਗਾ। ਕਿੰਨੀ ਹੀ ਲੋਕਾਈ ਗੁਰਬਾਣੀ ਗਿਆਨ ਦਾ ਅੰਮ੍ਰਿਤ ਛੱਕ ਕੇ ਆਪਣੀ ਆਤਮਿਕ ਪਿਆਸ ਬੁਝਾ ਲਵੇਗੀ।

ਸ੍ਰੋਮਣੀ ਅਕਾਲੀ ਦਲ ਦਾ ਏਜੰਡਾ

0

ਸ੍ਰੋਮਣੀ ਅਕਾਲੀ ਦਲ ਦਾ ਏਜੰਡਾ

ਕਿਰਪਾਲ ਸਿੰਘ (ਬਠਿੰਡਾ)-98554-80797

1920 ’ਚ ਜੋ ਸ੍ਰੋਮਣੀ ਅਕਾਲੀ ਦਲ ਹੋਂਦ ’ਚ ਆਇਆ। ਇਸ ਦਾ ਮੁੱਖ ਏਜੰਡਾ ਸੱਤਾ ਪ੍ਰਾਪਤ ਕਰਨਾ ਨਹੀਂ ਬਲਕਿ ਪੰਥ ਦੀ ਬਿਹਤਰੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ, ਪੰਥ ਵੱਲੋਂ ਸਾਂਝੇ ਰੂਪ ’ਚ ਲਏ ਗਏ ਫੈਸਲਿਆਂ ਨੂੰ ਲਾਗੂ ਕਰਵਾਉਣਾ ਅਤੇ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਅਜ਼ਾਦ ਕਰਵਾਉਣ ਲਈ ਅਗੁਵਾਈ ਕਰਨਾ ਸੀ। ਅਕਾਲੀ ਦੀ ਪਰਿਭਾਸ਼ਾ ਮਹਾਨ ਕੋਸ਼ ’ਚ ਭਾਈ ਕਾਨ੍ਹ ਸਿੰਘ ਨਾਭਾ; ਇਸ ਤਰ੍ਹਾਂ ਲਿਖਦੇ ਹਨ :

ਕਮਲ ਜ੍ਯੋਂ ਮਾਯਾ ਜਲ ਵਿੱਚ ਹੈ ਅਲੇਪ ਸਦਾ; ਸਭ ਦਾ ਸਨੇਹੀ, ਚਾਲ ਸਭ ਤੋਂ ਨਿਰਾਲੀ ਹੈ

ਕਰਕੇ ਕਮਾਈ ਖਾਵੇ, ਮੰਗਣਾ ਹਰਾਮ ਜਾਣੇ; ਭਾਣੇ ਵਿੱਚ ਵਿਪਦਾ ਨੂੰ ਮੰਨੇ ਖ਼ੁਸ਼ਹਾਲੀ ਹੈ

ਸ੍ਵਾਰਥ ਤੋਂ ਬਿਨਾਂ ਗੁਰਦ੍ਵਾਰਿਆਂ ਦਾ ਚੌਂਕੀਦਾਰ, ਧਰਮ ਦੇ ਜੰਗ ਲਈ ਚੜ੍ਹੇ ਮੁਖ ਲਾਲੀ ਹੈ

ਪੂਜੇ ਨਾ ਅਕਾਲ ਬਿਨਾਂ, ਹੋਰ ਕੋਈ ਦੇਵੀ ਦੇਵ, ਸਿੱਖ ਦਸਮੇਸ਼ ਦਾ ਕਹੀਏ ਸੋ ਅਕਾਲੀ ਹੈ

ਉਕਤ ਗੁਣਾਂ ਵਾਲੇ ਅਕਾਲੀਆਂ ਨੇ 1920 ਤੋਂ 1947 ਦੇ ਸਮੇਂ ਦੌਰਾਨ, ਜੋ ਇਤਿਹਾਸ ਸਿਰਜਿਆ; ਉਹ ਅਕਾਲੀ ਦਲ ਦਾ ਸ਼ਾਨਾਮੱਤੀ ਇਤਿਹਾਸ ਸੀ। ਅਕਾਲੀਆਂ ਦਾ ਮੁੱਖ ਕਾਰਜ ਵਿਭਚਾਰੀ ਅਤੇ ਭ੍ਰਿਸ਼ਟ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣਾ ਸੀ। ਇਸ ਦੌਰਾਨ ਸਾਕਾ ਨਨਕਾਣਾ ਸਾਹਿਬ-1921, ਸਾਕਾ ਗੁਰੂ ਕਾ ਬਾਗ ਮੋਰਚਾ-1922, ਸਾਕਾ ਪੰਜਾ ਸਾਹਿਬ-1922, ਮੋਰਚਾ ਗੰਗਸਰ ਜੈਤੋ-1924 ਤੋਂ ਇਲਾਵਾ ਹੋਰ ਖੂਨੀ ਘਟਨਾਵਾਂ ਵਾਪਰੀਆਂ, ਜਿਨ੍ਹਾਂ ’ਚ ਅਨੇਕਾਂ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਪੁਲਿਸ ਦੀਆਂ ਡਾਂਗਾਂ ਖਾਧੀਆਂ ਅਤੇ ਜੇਲ੍ਹਾਂ ਕੱਟੀਆਂ। ਸਿੰਘਾਂ ਦੇ ਜਜ਼ਬੇ ਨਾਲ਼ ਸਿੱਧਾ ਟਕਰਾਉਣ ਤੋਂ ਬਚਦਿਆਂ ਅੰਗਰੇਜ਼ ਸਰਕਾਰ ਨੇ 1925 ’ਚ ਗੁਰਦੁਆਰਾ ਐਕਟ ਰਾਹੀਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਦਿੱਤੀ। ਸ੍ਰੋਮਣੀ ਕਮੇਟੀ ਦੀਆਂ ਗਿਣਨਯੋਗ ਉਪਲਬਧੀਆਂ ਹਨ :

(1). ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਤ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਸਥਾਪਨਾ 1927 ’ਚ ਅੰਮ੍ਰਿਤਸਰ ’ਚ ਕੀਤੀ ਗਈ, ਜਿਸ ਦਾ ਮੁੱਖ ਉਦੇਸ਼; ਸਿੱਖ ਧਰਮ ਦੇ ਪ੍ਰਚਾਰ ਲਈ ਪੜ੍ਹੇ ਲਿਖੇ ਪ੍ਰਚਾਰਕਾਂ ਦੀ ਘਾਟ ਪੂਰੀ ਕਰਨ ਲਈ ਸਿੱਖ ਪ੍ਰਚਾਰਕ, ਰਾਗੀ ਅਤੇ ਗ੍ਰੰਥੀ ਤਿਆਰ ਕਰਨਾ ਸੀ।

(2). ਮਹੰਤਾਂ ਦੇ ਵੱਖ ਵੱਖ ਡੇਰਿਆਂ ’ਚ ਵੱਖ ਵੱਖ ਤਰ੍ਹਾਂ ਦੀ ਮਰਿਆਦਾ ਪ੍ਰਚਲਿਤ ਸਨ, ਜਿਨ੍ਹਾਂ ’ਚ ਹਿੰਦੂ ਧਰਮ ਦੇ ਬਹੁਤ ਸਾਰੇ ਮਨਮਤੀ ਕਰਮਕਾਂਡ ਵੀ ਸ਼ਾਮਲ ਹੋ ਗਏ ਸਨ। ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਸਿੱਖ ਰਹਿਤ ਮਰਿਆਦਾ (Sikh Code of Condut) ਬਣਾਉਣ ਲਈ 1931 ’ਚ ਰਹੁ-ਰੀਤੀ ਸਬ ਕਮੇਟੀ ਬਣਾਈ ਗਈ, ਜਿਸ ਦੇ ਮਿਤੀ 4-5 ਅਕਤੂਬਰ 1931, 3 ਜਨਵਰੀ 1932 ਅਤੇ 31 ਜਨਵਰੀ 1932 ਨੂੰ ਅਕਾਲ ਤਖ਼ਤ ਸਾਹਿਬ ’ਤੇ ਸਮਾਗਮ ਹੋਏ। ਇਨ੍ਹਾਂ ਸਮਾਗਮਾਂ ਸਮੇਂ ਸਿੱਖ ਰਹਿਤ ਮਰਿਆਦਾ ਦਾ ਇੱਕ ਖਰੜਾ ਤਿਆਰ ਹੋਇਆ, ਜਿਸ ’ਤੇ ਬੜੇ ਗਹੁ ਨਾਲ ਵੀਚਾਰ ਕੀਤੀ ਗਈ ਅਤੇ ਸੋਧ ਸੁਧਾਈ ਪਿੱਛੋਂ ਰਹੁ ਰੀਤ ਕਮੇਟੀ ਦੇ ਕਨਵੀਨਰ ਤੇਜਾ ਸਿੰਘ ਦੇ ਦਸਤਖ਼ਤਾਂ ਨਾਲ਼ 1 ਅਕਤੂਬਰ 1932 ਨੂੰ ਸ੍ਰੋਮਣੀ ਕਮੇਟੀ ਨੂੰ ਭੇਜਿਆ ਗਿਆ। ਸ੍ਰੋਮਣੀ ਕਮੇਟੀ ਨੇ ਇਸ ਖਰੜੇ ਨੂੰ ਛਪਵਾ ਕੇ ਵੰਡਿਆ ਤੇ ਉਨ੍ਹਾਂ ਦੇ ਸੁਝਾਅ ਦੀ ਮੰਗ ਕੀਤੀ। ਫ਼ੌਜੀ ਸਿੱਖਾਂ ਸਮੇਤ ਦੇਸ਼ ਵਿਦੇਸ਼ ਦੇ ਸਿੱਖਾਂ ਵੱਲੋਂ ਆਏ ਸਾਰੇ ਸੁਝਾਅ ’ਤੇ ਵੀਚਾਰ ਕਰਨ ਉਪਰੰਤ ਖਰੜੇ ਦੀ ਪ੍ਰਵਾਨਗੀ ਮਤਾ ਨੰਬਰ 1 ਮਿਤੀ 1.8.1936 ਰਾਹੀਂ ‘ਸਰਬ ਹਿੰਦ ਸਿੱਖ ਮਿਸ਼ਨ ਬੋਰਡ’ ਨੇ ਅਤੇ ਮਤਾ ਨੰਬਰ 149 ਮਿਤੀ 12.10.1936 ਦੁਆਰਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤੀ। ਸ੍ਰੋਮਣੀ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ ਮੁੜ 7.1.1945 ਨੂੰ ਵਿਚਾਰ ਕੇ ਇਸ ਵਿੱਚ ਕੁਝ ਵਾਧੇ ਘਾਟੇ ਕਰਨ ਦੀ ਸਿਫ਼ਾਰਸ਼ ਕੀਤੀ; ਜਿਸ ਦੀ ਪ੍ਰਵਾਨਗੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਇਕੱਤਰਤਾ ’ਚ ਮਤਾ ਨੰਬਰ 97 ਮਿਤੀ 3.2.1945 ਰਾਹੀਂ ਦੇ ਦਿੱਤੀ। ਇਸ ਪ੍ਰਵਾਨਗੀ ਦੇ ਮਿਲਣ ਤੋਂ ਪਿੱਛੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ; ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਅਤੇ ਹੋਰ ਸੰਸਥਾਵਾਂ ਪ੍ਰਚਾਰ ਹਿੱਤ ਹਰ ਸਾਲ ਲੱਖਾਂ ਦੀ ਗਿਣਤੀ ’ਚ ਇਸ ਨੂੰ ਛਪਵਾ ਕੇ ਭੇਟਾ ਰਹਿਤ ਵੰਡ ਰਹੀਆਂ ਹਨ।

(3). ਸ: ਪਾਲ ਸਿੰਘ ਪੁਰੇਵਾਲ ਨੇ ਕੈਲੰਡਰਾਂ ਸਬੰਧੀ ਆਪਣੀ ਖੋਜ ਡਾ. ਜਸਵੀਰ ਸਿੰਘ ਮਾਨ ਕੈਲੇਫੋਰਨੀਆ ਨਾਲ ਸਾਂਝੀ ਕੀਤੀ। ਡਾ. ਮਾਨ ਨੇ ਪੰਜਾਬ ਦੇ ਵਿਦਵਾਨਾਂ ਨਾਲ ਸੰਪਰਕ ਕਰਕੇ ਪੁਰੇਵਾਲ ਦੇ ਕੈਲੰਡਰ ’ਤੇ ਸੈਮੀਨਾਰ ਕਰਨ ਲਈ ਪ੍ਰੇਰਿਤ ਕੀਤਾ। ਸਿੱਟੇ ਵਜੋਂ 1994-95 ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਇੰਸਟੀਚੂਟ ਆਫ਼ ਸਿੱਖ ਸਟੱਡੀਜ਼ ਚੰਡੀਗੜ੍ਹ, ਗੁਰੂ ਗੋਬਿੰਦ ਸਿੰਘ ਕਾਲਜ, ਵਿਸ਼ਵ ਸਿੱਖ ਸੰਮੇਲਨ ਅੰਮ੍ਰਿਤਸਰ (1995), ਅਕੈਡਮੀ ਆਫ਼ ਸਿੱਖ ਰਿਲੀਜ਼ਨ ਐਂਡ ਕਲਚਰਲ ਪਟਿਆਲਾ ਆਦਿ ਥਾਵਾਂ ’ਤੇ ਸੈਮੀਨਾਰ ਕੀਤੇ ਗਏ। ਸੰਨ 1996 ਤੱਕ ਹੋਏ ਸੈਮੀਨਾਰਾਂ ਸਮੇਂ ਵਿਚਾਰ ਚਰਚਾ ਪਿੱਛੋਂ ਸਿੱਖ ਪੰਥ ਲਈ ਢੁਕਵੇਂ ਨਾਨਕਸ਼ਾਹੀ ਕੈਲੰਡਰ ਦਾ ਜੋ ਖਰੜਾ ਤਿਆਰ ਹੋਇਆ, ਉਹ ਇੰਸਟੀਚੂਟ ਆਫ਼ ਸਿੱਖ ਸਟੱਡੀਜ਼ ਵੱਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ ਸੌਂਪ ਦਿੱਤਾ ਗਿਆ, ਜਿਸ ਨੂੰ ਸ੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ 15.01.1998 ਅਤੇ ਜਨਰਲ ਹਾਊਸ ਨੇ ਬਜਟ ਸੈਸ਼ਨ ਸਮੇਂ ਪ੍ਰਵਾਨ ਕਰਦਿਆਂ ਜਨਵਰੀ 1999 ਤੋਂ ਲਾਗੂ ਕਰਨ ਦਾ ਮਤਾ ਨੰ: 100; ਮਿਤੀ 18.03.1998 ਪਾਸ ਕਰ ਦਿੱਤਾ। ਨਾਨਕਸ਼ਾਹੀ ਕੈਲੰਡਰ ਤਾਂ ਲਾਗੂ ਹੋ ਗਿਆ, ਪਰ ਕੁਝ ਜਥੇਬੰਦੀਆਂ ਅਤੇ ਵਿਅਕਤੀਆਂ ਦੁਆਰਾ ਉਠਾਏ ਗਏ ਸ਼ੰਕਿਆਂ ਕਾਰਨ ਕੁਝ ਸਮੇਂ ਲਈ ਇਸ ’ਤੇ ਰੋਕ ਲਾ ਦਿੱਤੀ ਗਈ।

ਅੰਤ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ (ਜਥੇਦਾਰ ਅਕਾਲ ਤਖ਼ਤ ਸਾਹਿਬ) ਦੀ ਸਰਪ੍ਰਸਤੀ ਹੇਠ ਸਿੱਖ ਵਿਦਵਾਨ ਜਥੇਬੰਦੀਆਂ ਅਤੇ ਸੰਸਥਾਵਾਂ ਦੇ ਨੁੰਮਾਇੰਦਿਆਂ ਦਾ 28 ਮਾਰਚ 2003 ਨੂੰ ਵੱਡਾ ਇਕੱਠ ਹੋਇਆ। ਇਸ ਇਕੱਠ ’ਚ ਕੈਲੰਡਰ ਨਿਰਣੈ ਕਮੇਟੀ ਦੀ ਰਿਪੋਰਟ ਪੇਸ਼ ਕੀਤੀ ਗਈ, ਜਿਸ ਦੀ ਪ੍ਰਵਾਨਗੀ ਪਿੱਛੋਂ ਪੱਤਰ ਨੰ: ਅ:ਤ: (ਅਕਾਲ ਤਖ਼ਤ) 03/3045 ਮਿਤੀ 28.03.2003 ਰਾਹੀਂ ਸ੍ਰੋਮਣੀ ਕਮੇਟੀ ਨੂੰ ਭੇਜਿਆ ਗਿਆ। ਸ੍ਰੋਮਣੀ ਕਮੇਟੀ ਦੇ ਜਨਰਲ ਹਾਊਸ ਨੇ ਸਰਬ ਸੰਮਤੀ ਨਾਲ ੧ ਵੈਸਾਖ ਨਾਨਕਸ਼ਾਹੀ ਸੰਮਤ ੫੩੫/14 ਅਪ੍ਰੈਲ 2003 ਤੋਂ ਲਾਗੂ ਕਰਨ ਲਈ ਮਤਾ ਪਾਸ ਕੀਤਾ। ਇਸ ਮਤੇ ਅਨੁਸਾਰ ਪਾਸ ਹੋਇਆ ਨਾਨਕਸ਼ਾਹੀ ਕੈਲੰਡਰ ਵੈਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਜਥੇਦਾਰ ਤਖ਼ਤ ਦਮਦਮਾ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਅਤੇ ਸ੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦੀ ਹਾਜ਼ਰੀ ’ਚ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਨੇ ਰੀਲੀਜ ਕੀਤਾ, ਜੋ 7 ਸਾਲ ਤੱਕ ਨਿਰਵਿਘਨ ਚਲਦਾ ਰਿਹਾ, ਪਰ ਸੰਨ 2010 ’ਚ ਇਹ ਮਸਲਾ ਸਿਆਸਤ ਦੀ ਭੇਟ ਚੜ੍ਹ ਗਿਆ।

ਸ੍ਰੋਮਣੀ ਅਕਾਲੀ ਦਲ ਨੇ 16-17 ਅਕਤੂਬਰ 1973 ਨੂੰ ਅਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ, ਜਿਸ ਦਾ ਮਨੋਰਥ ਸੀ :

(1). ਗੁਰਮਤਿ ਅਤੇ ਸਿੱਖ ਰਹਿਤ ਮਰਿਆਦਾ ਦਾ ਪ੍ਰਚਾਰ ਤੇ ਮਨਮਤਿ ਅਤੇ ਨਾਸਤਿਕਤਾ ਦਾ ਪ੍ਰਹਾਰ।

(2). ਸਿੰਘਾਂ ’ਚ ਪੰਥਕ ਆਜ਼ਾਦ ਹਸਤੀ ਦਾ ਅਹਿਸਾਸ ਕਾਇਮ ਰੱਖਣਾ ਅਤੇ ਅਜਿਹਾ ਦੇਸ਼ ਕਾਲ ਘੜਨਾ, ਜਿਸ ਵਿਚ ਸਿੱਖ ਪੰਥ ਦੇ ਕੌਮੀ ਜਜ਼ਬੇ ਅਤੇ ਕੌਮੀਅਤ ਦਾ ਪ੍ਰਗਟਾਉ ਪੂਰਨ ਤੌਰ ’ਤੇ ਮੂਰਤੀਮਾਨ ਤੇ ਪ੍ਰਜਵਲਤ ਹੋ ਸਕੇ।

(3). ਕੰਗਾਲੀ, ਭੁੱਖ-ਨੰਗ ਤੇ ਥੁੜ ਨੂੰ ਦੂਰ ਕਰਨਾ, ਨਿਆਂਕਾਰੀ ਤੇ ਚੰਗੇ ਨਿਜ਼ਾਮ ਕਾਇਮ ਕਰਨ ਲਈ ਦੌਲਤ ਤੇ ਉਪਜ ਨੂੰ ਵਧਾਉਣਾ ਤੇ ਮੌਜੂਦਾ ਪਾਣੀ ਵੰਡ ਅਤੇ ਲੁੱਟ ਖਸੁੱਟ ਨੂੰ ਦੂਰ ਕਰਨਾ।

(4). ਗੁਰਮਤਿ ਆਸ਼ੇ ਅਨੁਸਾਰ ਅਨਪੜ੍ਹਤਾ, ਛੂਤ-ਛਾਤ ਤੇ ਜਾਤ-ਪਾਤ ਦੇ ਵਿਤਕਰੇ ਨੂੰ ਹਟਾਉਣਾ।

(5). ਮੰਦੀ ਸਿਹਤ ਤੇ ਬਿਮਾਰੀ ਨੂੰ ਦੂਰ ਕਰਨ ਦੇ ਉਪਾਉ, ਨਸ਼ਿਆਂ ਦੀ ਨਿਖੇਧੀ ਅਤੇ ਬੰਦਸ਼; ਸਰੀਰਕ ਅਰੋਗਤਾ ਦਾ ਵਾਧਾ, ਜਿਸ ਨਾਲ ਕੰਮ ਵਿੱਚ ਉਤਸ਼ਾਹ ਜਾਗੇ ਤੇ ਨੌਜਵਾਨ ਕੌਮੀ ਬਚਾਉ ਲਈ ਤਿਆਰ ਹੋ ਸਕਣ।

ਅਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਸ੍ਰੋਮਣੀ ਅਕਾਲੀ ਦਲ ਇਹ ਵੀ ਯਤਨ ਕਰੇਗਾ ਕਿ ਹਿੰਦੋਸਤਾਨ ਦਾ ਵਿਧਾਨ ਸਹੀ ਅਰਥਾਂ ਵਿੱਚ ਫੈਡਰਲ ਬਣਾਇਆ ਜਾਵੇ ਤੇ ਇਸ ਦੀਆਂ ਸਾਰੀਆਂ ਰਿਆਸਤਾਂ ਦਾ ਕੇਂਦਰ ’ਚ ਬਰਾਬਰ ਦਾ ਅਧਿਕਾਰ ਅਤੇ ਨੁੰਮਾਇੰਦਗੀ ਹੋਵੇ। ਇਸ ਦਾ ਮਨੋਰਥ ਸੀ ‘ਪੰਜਾਬ ਅਤੇ ਦੇਸ਼ ਦੇ ਹੋਰ ਸੂਬਿਆਂ ਵਿੱਚ ਕੇਂਦਰ ਦਾ ਦਖ਼ਲ ਕੇਵਲ ਡੀਫੈਂਸ, ਪ੍ਰਦੇਸੀ ਮਾਮਲਿਆਂ, ਤਾਰ ਡਾਕ ਅਤੇ ਰੇਲਵੇ ਦੇ ਮਹਿਕਮਿਆਂ ਤੱਕ’ ਸੀਮਿਤ ਹੋਵੇ। ਇਨ੍ਹਾਂ 4 ਕੇਂਦਰੀ ਮਹਿਕਮਿਆਂ ਲਈ ਲੋੜੀਂਦੇ ਫਾਈਨਾਂਸ ਵੀ ਸੂਬੇ ਆਪਣਾ ਕੋਟਾ ਪਾਰਲੀਮੈਂਟ ਵਿੱਚ ਆਪਣੇ ਨੁੰਮਾਇੰਦਿਆਂ ਦੀ ਗਿਣਤੀ ਦੇ ਹਿਸਾਬ ਖ਼ੁਦ ਆਪ ਹੀ ਅਦਾ ਕਰਨ। ਬਾਕੀ ਸਾਰੇ ਮਹਿਕਮੇ ਸੂਬਿਆਂ ਦੇ ਆਪਣੇ ਅਧਿਕਾਰ ’ਚ ਹੋਣ। ਇਨ੍ਹਾਂ ਦੇ ਪ੍ਰਬੰਧ ਲਈ ਪੰਜਾਬ ਨੂੰ ਆਪਣਾ ਕਾਨੂੰਨ ਆਪ ਬਣਾਉਣ ਦਾ ਪੂਰਨ ਅਧਿਕਾਰ ਹੋਵੇ, ਪਰ 1996 ਵਿਚ ਹੋਈ ਮੋਗਾ ਕਾਨਫਰੰਸ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਉਣ ਨਾਲ ਸ੍ਰੋਮਣੀ ਅਕਾਲੀ ਦਲ ਅਤੇ ਸਿੱਖੀ ਸਿਧਾਂਤ ਦੇ ਪਤਨ ਦੀ ਸ਼ੁਰੂਆਤ ਹੋਈ। ਜਿਹੜਾ ਸ੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਫੈਡਰਲ ਢਾਂਚੇ ਦਾ ਮੁਦਈ ਸੀ, ਉਸ ਨੇ 15 ਸਾਲ ਤੱਕ ਪੰਜਾਬ ਅਤੇ ਕੇਂਦਰ ਸਰਕਾਰ ’ਚ ਭਾਜਪਾ ਨਾਲ ਭਾਈਵਾਲ ਦੀ ਸਰਕਾਰ ’ਚ ਹੋਣ ਦੇ ਬਾਵਜੂਦ ਸੂਬਿਆਂ ਲਈ ਵੱਧ ਅਧਿਕਾਰਾਂ, ਪੰਜਾਬ ਦੇ ਪਿੰਡ ਉਜਾੜ ਕੇ ਪੰਜਾਬ ਦੀ ਰਾਜਧਾਨੀ ਦੇ ਤੌਰ ’ਤੇ ਵਿਕਸਤ ਕੀਤੇ ਚੰਡੀਗੜ੍ਹ, ਪੰਜਾਬੀ ਬੋਲਦੇ ਖੇਤਰ, ਰਾਇਪੇਰੀਅਨ ਕਾਨੂੰਨ ਤਹਿਤ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦੀ ਮੰਗ, ਬੀਬੀਐੱਮਬੀ ਦਾ ਕੰਟਰੋਲ ਪੰਜਾਬ ਦੇ ਹਵਾਲੇ ਕਰਨ ਦੀਆਂ ਮੰਗਾਂ ਸਬੰਧੀ ਕਦੀ ਮੂੰਹ ਤੱਕ ਨਾ ਖੋਲ੍ਹਿਆ ਸਗੋਂ ਮੂਲ ਮੁੱਦਿਆਂ ਨੂੰ ਮੁੱਢੋਂ ਵਿਸਾਰਿਆ। ਜੰਮੂ ਕਸ਼ਮੀਰ ਲਈ ਧਾਰਾ 370 ਖ਼ਤਮ ਕਰਨ ਵਾਲੇ ਕਾਨੂੰਨ ਅਤੇ ਸੂਬਿਆਂ ਦੇ ਆਰਥਿਕ ਸਾਧਨਾਂ ਦੀ ਸੰਘੀ ਘੁੱਟਣ ਵਾਲੇ ਜੀਐੱਸਟੀ ਅਤੇ ਕਿਸਾਨ ਬਿੱਲਾਂ ਦੀ ਹਿਮਾਇਤ ਕੀਤੀ।

ਸਿੱਖ ਮਾਨਸਿਕਤਾ ’ਚ ਅਕਾਲ ਤਖ਼ਤ ਸਾਹਿਬ ਦਾ ਸਰਬਉੱਚ ਸਥਾਨ ਹੈ। ਗੁਰੂ ਗ੍ਰੰਥ ਸਾਹਿਬ ਜੀ ਅਤੇ ਅਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਛੂਤ-ਛਾਤ ਤੇ ਜਾਤ-ਪਾਤ ਦਾ ਵਿਤਕਰਾ ਖ਼ਤਮ ਕਰਨਾ; ਸਿੱਖਾਂ ਦਾ ਮੁਢਲਾ ਫ਼ਰਜ ਹੈ, ਪਰ ਕੁਝ ਭੇਖੀ ਸਿੱਖ ਡੇਰੇਦਾਰਾਂ ਦੀਆਂ ਠਾਠਾਂ ਦੇ ਲੰਗਰਾਂ ’ਚ ਅਖੌਤੀ ਨੀਵੀਂ ਜਾਤ ਲਈ ਵੱਖਰੀਆਂ ਪੰਕਤਾਂ ਅਤੇ ਵੱਖਰੇ ਹੀ ਭਾਂਡੇ ਰੱਖੇ ਜਾਂਦੇ ਹਨ, ਇਨ੍ਹਾਂ ਜਾਤਾਂ ਦੇ ਪਾਠੀ ਸਿੰਘਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਤੋਂ ਰੋਕ ਦਿੱਤਾ ਜਾਂਦਾ ਹੈ ਅਤੇ ਇੱਥੋਂ ਤੱਕ ਕਿ ਗੁਰਦੁਆਰੇ ’ਚ ਦਲਿਤ ਲੜਕੀ ਦੇ ਅਨੰਦ ਕਾਰਜ ਕਰਨ ਤੋਂ ਮਨ੍ਹਾ ਕਰ ਦਿੱਤਾ ਜਾਂਦਾ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੂਲਾਂ ਅਤੇ ਦੇਸ਼ ਦੇ ਕਾਨੂੰਨ ਦੀ ਘੋਰ ਉਲੰਘਨਾ ਕਰਨ ਨਾਲ਼ ਸਜ਼ਾ ਦੇ ਅਧਿਕਾਰੀ ਸਨ। ਉਸ ਸਮੇਂ ਅਕਾਲੀ ਸਰਕਾਰ ਹੋਣ ਦੇ ਬਾਵਜੂਦ ਇਨ੍ਹਾਂ ਗਰੀਬ ਦਲਿਤ ਸਿੱਖਾਂ ਨੂੰ ਇਨਸਾਫ਼ ਦੇਣ ਦੀ ਥਾਂ ਗੁਰਮਤਿ ਅਤੇ ਕਾਨੂੰਨ ਦੀ ਉਲੰਘਣਾ ਕਰ ਰਹੇ ਡੇਰੇਦਾਰ ਦੀ ਅਕਾਲ ਤਖਤ ਸਾਹਿਬ ਅਤੇ ਅਕਾਲੀ ਸਰਕਾਰ ਵੱਲੋਂ ਪੁਸ਼ਤ ਪਨਾਹੀ ਕੀਤੀ ਗਈ।

ਪੰਜਾਬ ’ਚ ਅਕਾਲੀ ਦਲ ਇੱਕ ਵੱਡੀ ਸਿਆਸੀ ਧਿਰ ਰਹੀ ਹੈ; ਜਿਸ ਦੀ ਦੋ ਵਾਰ ਜਸਟਿਸ ਗੁਰਨਾਮ ਸਿੰਘ, ਇੱਕ ਵਾਰ ਲਛਮਨ ਸਿੰਘ ਗਿੱਲ ਅਤੇ ਇੱਕ ਵਾਰ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਬਣਨ ਤੋਂ ਇਲਾਵਾ 5 ਵਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ’ਚ ਸਰਕਾਰ ਰਹੀ।  3 ਵਾਰ ਕੇਂਦਰ ’ਚ ਭਾਜਪਾ ਸਰਕਾਰ ’ਚ ਭਾਈਵਾਲੀ ਰਹੀ। ਗਿਰਾਵਟ ਉਸ ਸਮੇਂ ਸ਼ੁਰੂ ਹੋਈ ਜਦੋਂ ਬਾਦਲ ਪਰਵਾਰ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਨਿਯੁਕਤ ਕਰਨ ਅਤੇ ਹਟਾਉਣ ਦਾ ਅਧਿਕਾਰ ਕੇਵਲ ਆਪਣੇ ਹੱਥ ਲੈ ਕੇ ਜਥੇਦਾਰਾਂ ਰਾਹੀਂ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਕਰਨੀ ਸ਼ੁਰੂ ਕੀਤੀ। ਇਸ ਦਾ ਸਿਖਰ 2015 ’ਚ ਵੇਖਣ ਨੂੰ ਮਿਲਦਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਸ੍ਵਾਂਗ ਉਤਾਰਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਫਾੜ ਕੇ ਗਲੀਆਂ ’ਚ ਖਿਲਾਰਣ ਦੇ ਦੋਸ਼ੀ ਸੌਦਾ ਸਾਧ (ਗੁਰਮੀਤ ਰਾਮ ਰਹੀਮ) ਨੂੰ ਬਿਨਾਂ ਮੰਗਿਆਂ ਮਾਫ਼ੀ ਦਿਵਾ ਕੇ, ਕੀਤੀ ਵੱਡੀ ਗਲਤੀ ਕਾਰਨ ਉਸ ਪਿੱਛੋਂ ਆਈਆਂ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਸਾਰੀਆਂ ਜਨਰਲ ਚੋਣਾਂ/ਉੱਪ ਚੋਣਾਂ ’ਚ ਬਾਦਲ ਦਲ ਦੀ ਲਗਾਤਾਰ ਨਾਮੋਸ਼ੀ ਭਰੀ ਹਾਰ ਹੋਈ। ਸੰਨ 2024 ਦੀਆਂ ਲੋਕ ਸਭਾ ਚੋਣਾਂ ’ਚ ਤਾਂ 13 ’ਚੋਂ ਕੇਵਲ ਇੱਕ ਉਮੀਦਵਾਰ ਚੋਣ ਜਿੱਤ ਸਕਿਆ, ਦੋ ਦੀ ਮਸਾਂ ਹੀ ਜ਼ਮਾਨਤ ਬਚੀ ਅਤੇ ਬਾਕੀ 10 ਉਮੀਦਵਾਰ ਜ਼ਮਾਨਤ ਵੀ ਜ਼ਬਤ ਕਰਵਾ ਬੈਠੇ। ਭਾਜਪਾ ਜਿਸ ਦਾ ਬਾਦਲ ਰਾਜ ਤੋਂ ਪਹਿਲਾਂ ਪੰਜਾਬ ’ਚ ਕੋਈ ਵਜੂਦ ਹੀ ਨਹੀਂ ਸੀ, ਉਹ 2024 ਦੀਆਂ ਲੋਕ ਚੋਣਾਂ ’ਚ 18.56% ਵੋਟਾਂ ਹਾਸਲ ਕਰ ਗਈ ਜਦੋਂ ਕਿ ਅਕਾਲੀ ਦਲ ਦੇ ਕੋਲ਼ ਕੇਵਲ 13.42% ਵੋਟ ਰਹੀ। ਇਸ ਨਮੋਸ਼ੀ ਭਰੀ ਹਾਰ ਪਿੱਛੋਂ ਪਾਰਟੀ ਦੇ ਇੱਕ ਧੜੇ (ਜਿਸ ਨੂੰ ਬਾਗੀ ਧੜਾ ਕਿਹਾ ਜਾਂਦਾ ਹੈ) ਨੇ ਅਕਾਲ ਤਖ਼ਤ ਸਾਹਿਬ ਨੂੰ ਲਿਖ ਕੇ ਦੇ ਦਿੱਤਾ ਕਿ ਸਰਕਾਰ ਦੌਰਾਨ ਅਕਾਲੀ ਦਲ ਤੋਂ ਹੋਈਆਂ ਬੱਜਰ ਗਲਤੀਆਂ ਸਮੇਂ ਅਸੀਂ ਚੁੱਪ ਰਹਿਣ ਦੀ ਗਲਤੀ ਕੀਤੀ ਹੈ, ਇਸ ਲਈ ਸਾਨੂੰ ਅਕਾਲ ਤਖ਼ਤ ਤੋਂ ਸਜ਼ਾ ਲਾ ਕੇ ਦੋਸ਼ ਮੁਕਤ ਕੀਤਾ ਜਾਵੇ, ਜੀ। ਇਸ ਉਪਰੰਤ ਸੁਖਬੀਰ ਬਾਦਲ ਨੇ ਵੀ ਅਕਾਲ ਤਖ਼ਤ ਸਾਹਿਬ ’ਤੇ ਲਿਖ ਕੇ ਦੇ ਦਿੱਤਾ ਕਿ ਪਾਰਟੀ ਦਾ ਮੁਖੀ ਹੋਣ ਦੇ ਨਾਂ ’ਤੇ ਸਾਰੀਆਂ ਗਲਤੀਆਂ ਨੂੰ ਆਪਣੀ ਝੋਲ਼ੀ ’ਚ ਪਵਾਉਂਦਾ ਹਾਂ।

ਸੁਖਬੀਰ ਸਿੰਘ ਬਾਦਲ ਵੱਲੋਂ ਇਹ ਲਿਖ ਕੇ ਦੇਣਾ ਆਪਣੀਆਂ ਗਲਤੀਆਂ ਦਾ ਅਹਿਸਾਸ ਕਰ ਮਾਫ਼ੀ ਲਈ ਖਿਮਾ ਜਾਚਨਾ ਨਹੀਂ ਸੀ ਬਲਕਿ ਇੱਕ ਵਾਰ ਫਿਰ ਅਕਾਲ ਤਖ਼ਤ ਸਾਹਿਬ ਤੋਂ ਪਹਿਲਾਂ ਵਾਙ ਆਪਣੀ ਮਰਜੀ ਮੁਤਾਬਕ ਮਾੜੀ ਮੋਟੀ ਤਨਖ਼ਾਹ ਲਵਾ ਕੇ ਸੁਰਖੁਰੂ ਹੋਣ ਲਈ ਇੱਕ ਚਾਲ ਸੀ, ਪਰ 2 ਦਸੰਬਰ 2024 ਨੂੰ ਪੰਜ ਸਿੰਘ ਸਾਹਿਬਾਨ ਨੇ 1978 ਤੋਂ 2015 ਤੱਕ ਹੋਈਆਂ ਵੱਡੀਆਂ ਗਲਤੀਆਂ ਦਾ ਇੱਕ ਇੱਕ ਕਰਕੇ ਇਕਬਾਲ ਕਰਵਾਇਆ ਅਤੇ ਗਲਤੀਆਂ ਮੰਨ ਜਾਣ ਪਿੱਛੋਂ ਧਾਰਮਿਕ ਸਜ਼ਾ ਲਾਉਣ ਤੋਂ ਇਲਾਵਾ ਰਾਜਨੀਤਕ ਸਜ਼ਾ ਵਜੋਂ ਇਸ ਤਰ੍ਹਾਂ ਆਦੇਸ਼ ਸੁਣਾਇਆ ਗਿਆ :

* ਸ੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿੱਪ ਆਪਣੇ ਇਨ੍ਹਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗੁਆ ਚੁੱਕੀ ਹੈ; ਇਸ ਲਈ ਪੰਜ ਸਿੰਘ ਸਾਹਿਬਾਨ ਵੱਲੋਂ ਹੇਠ ਲਿਖੇ ਅਨੁਸਾਰ ਆਗੂਆਂ ਦੀ ਡਿਊਟੀ ਲਗਾਈ ਜਾਂਦੀ ਹੈ ਕਿ ਸ੍ਰੋਮਣੀ ਅਕਾਲੀ ਦਲ ਦੀ ਭਰਤੀ ਅਰੰਭ ਕਰਨ। ਭਰਤੀ ਬੋਗਸ ਨਾ ਹੋਵੇ। ਆਧਾਰ ਕਾਰਡ ਦੀ ਕਾਪੀ ਸਹਿਤ ਮੈਂਬਰ ਬਣਾਇਆ ਜਾਵੇ। ਪੁਰਾਣੇ ਡੈਲੀਗੇਟ ਦੇ ਨਾਲ ਨਾਲ ਨਵੇਂ ਡੈਲੀਗੇਟ ਬਣਾ ਕੇ ਛੇ ਮਹੀਨਿਆਂ ਦੇ ਅੰਦਰ ਅੰਦਰ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਿਧਾਨ ਮੁਤਾਬਕ ਕਰਨ। ਇਸ ਕਮੇਟੀ ’ਚ ਹੇਠ ਲਿਖੇ ਅਨੁਸਾਰ ਮੈਂਬਰ ਸ਼ਾਮਲ ਕੀਤੇ ਜਾਂਦੇ ਹਨ।

  1. ਸ. ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਇਸ ਦੇ ਮੁਖੀ ਹੋਣਗੇ।
  2. ਸ. ਕਿਰਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।
  3. ਸ. ਇਕਬਾਲ ਸਿੰਘ ਝੂੰਦਾ
  4. ਸ. ਗੁਰਪ੍ਰਤਾਪ ਸਿੰਘ ਵਡਾਲਾ
  5. ਸ. ਮਨਪ੍ਰੀਤ ਸਿੰਘ ਇਆਲੀ
  6. ਸ. ਸੰਤਾ ਸਿੰਘ ਉਮੈਦਪੁਰੀ
  7. ਬੀਬੀ ਸਤਵੰਤ ਕੌਰ ਸਪੁੱਤਰੀ ਸ਼ਹੀਦ ਭਾਈ ਅਮਰੀਕ ਸਿੰਘ

* ਵਰਕਿੰਗ ਕਮੇਟੀ ਨੂੰ ਆਦੇਸ਼ ਹੈ ਕਿ ਪ੍ਰਧਾਨ ਸਹਿਤ ਜਿਨ੍ਹਾਂ ਦੇ ਅਸਤੀਫ਼ੇ ਆਏ ਹਨ, ਉਹ 3 ਦਿਨਾਂ ਦੇ ਅੰਦਰ ਪ੍ਰਵਾਨ ਕਰਕੇ ਅਕਾਲ ਤਖ਼ਤ ਸਾਹਿਬ ਵਿਖੇ ਜਾਣਕਾਰੀ ਭੇਜਣ।

* ਵੱਖ ਹੋਇਆ ਧੜਾ ਅਲੱਗ ਚੁੱਲ੍ਹਾ ਸਮੇਟੇ ਅਤੇ ਸ੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਕਾਰਜ ਕਰੇ। ਆਪਣੀਆਂ ਸਾਰੀਆਂ ਅਹੁਦੇਦਾਰੀਆਂ ਭੰਗ ਕਰੇ। ਇਨ੍ਹਾਂ ਦਾ ਵੱਖਰਾ ਸੁਰ ਰਾਗ ਮੀਡੀਏ ’ਚ ਨਹੀਂ ਦਿਖਣਾ ਚਾਹੀਦਾ। ਦੋਵੇਂ ਧਿਰਾਂ ਆਪਣੀ ਹਊਮੈ ਅਤੇ ਈਰਖਾ ਦਾ ਤਿਆਗ ਕਰਕੇ ਇਕੱਠੇ ਹੋ ਕੇ ਚੱਲਣ।

* ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤਾ ‘ਫ਼ਖ਼ਰ-ਏ-ਕੌਮ’ ਦਾ ਖਿਤਾਬ ਵਾਪਸ ਲਿਆ ਜਾਂਦਾ ਹੈ।

* ਸ੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ 1 ਮਾਰਚ ਤੋਂ 30 ਅਪ੍ਰੈਲ ਤੱਕ 1,25,000 ਬੂਟਾ ਲਾਉਣਗੇ ਅਤੇ ਉਨ੍ਹਾਂ ਦਾ ਪਾਲਨ-ਪੋਸ਼ਨ ਵੀ ਕਰਨਗੇ।

ਜਿਹੜਾ ਅਕਾਲੀ ਦਲ ਹਰ ਚੋਣ ਸਮੇਂ ਆਪਣੇ ਆਪ ਨੂੰ ਅਕਾਲ ਤਖ਼ਤ ਸਾਹਿਬ ਨੂੰ ਸਮਰਪਤ ਅਤੇ ਪੰਥਕ ਪਾਰਟੀ ਹੋਣ ਦਾ ਦਾਅਵਾ ਕਰਕੇ ਵੋਟਾਂ ਮੰਗਦਾ ਰਿਹਾ ਹੈ, ਉਸ ਅਕਾਲੀ ਦਲ ਦੇ ਆਗੂਆਂ ਨੇ 2 ਦਸੰਬਰ 2024 ਨੂੰ ਤਾਂ ਅਕਾਲ ਤਖ਼ਤ ਦੀ ਫ਼ਸੀਲ ਦੇ ਸਾਹਮਣੇ ਖੜ੍ਹ ਕੇ ਹਰ ਦੋਸ਼ ਨੂੰ ਕਬੂਲ ਕੀਤਾ, ਪਰ ਉਕਤ ਹੁਕਮਨਾਮੇ ਦੀ ਇੱਕ ਵੀ ਮਦ ਨਾ ਮੰਨੀ। ਪਹਿਲੇ ਹੀ ਦਿਨ ਤੋਂ ਜਥੇਦਾਰ ਸਾਹਿਬਾਨ ’ਤੇ ਦਬਾਅ ਪਾਉਂਦੇ ਰਹੇ ਕਿ 2 ਦਸੰਬਰ ਦੇ ਫੈਸਲੇ ’ਚ ਤਬਦੀਲੀ ਕੀਤੀ ਜਾਵੇ; ਖ਼ਾਸ ਕਰ 7 ਮੈਂਬਰੀ ਕਮੇਟੀ ਵੱਲੋਂ ਭਰਤੀ ਕਰਵਾਉਣ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤਾ ‘ਫ਼ਖ਼ਰ-ਏ-ਕੌਮ’ ਦਾ ਖਿਤਾਬ ਵਾਪਸ ਲੈਣ ਵਾਲੀ ਮਦ ’ਤੇ ਰੋਕ ਲਾਈ ਜਾਵੇ। ਜਦ ਜਥੇਦਾਰ ਕਿਸੇ ਤਬਦੀਲੀ ਲਈ ਨਾ ਮੰਨੇ ਤਾਂ 29 ਦਸੰਬਰ 2024 ਨੂੰ ਕਾਰਜਕਾਰਨੀ ਕਮੇਟੀ ਵੱਲੋਂ ਸੱਦੀ ਐਮਰਜੈਂਸੀ ਮੀਟਿੰਗ ’ਚ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਵਜੋਂ ਕੰਮ ਕਾਜ ਕਰਨ ’ਤੇ 15 ਦਿਨਾਂ ਲਈ ਰੋਕ ਲਾ ਦਿੱਤੀ ਗਈ ਅਤੇ 18 ਸਾਲ ਪੁਰਾਣੇ ਪਰਵਾਰਕ ਕੇਸ (ਜਿਸ ਦਾ ਅਦਾਲਤ ’ਚ ਵੀ ਫੈਸਲੇ ਹੋ ਚੁੱਕਾ ਸੀ) ਦੀ ਉਸ ਦੇ ਸਾਬਕਾ ਸਾਢੂ ਤੋਂ ਸ਼ਿਕਾਇਤ ਲੈ ਕੇ ਉਸ ਦੀ ਪੜਤਾਲ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ। ਉਸ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ 10 ਫ਼ਰਵਰੀ 2025 ਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ। ਮਨੁੱਖੀ ਅਧਿਕਾਰ ਸੰਸਥਾ ਵੱਲੋਂ ਨਿਯੁਕਤ ਪੜਤਾਲੀਆ ਕਮੇਟੀ ਵੱਲੋਂ ਕੀਤੀ ਜਾਂਚ ’ਚ ਗਿਆਨੀ ਹਰਪ੍ਰੀਤ ਸਿੰਘ ’ਤੇ ਲਾਏ ਦੋਸ਼ਾਂ ਨੂੰ ਨਿਰਾਧਾਰ ਅਤੇ ਸਿਆਸੀ ਬਦਲਾਖੋਰੀ ਵਜੋਂ ਕੀਤੀ ਕਾਰਵਾਈ ਦੱਸਿਆ।

ਅਸਲ ’ਚ ਗਿਆਨੀ ਹਰਪ੍ਰੀਤ ਸਿੰਘ ’ਤੇ ਕੀਤੀ ਕਾਰਵਾਈ ਗਿਆਨੀ ਰਘਵੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ’ਤੇ ਦਬਾਅ ਪਾਉਣ ਲਈ ਸੀ ਕਿ ਜੇ ਉਹ 2 ਦਸੰਬਰ ਵਾਲੇ ਹੁਕਮਨਾਮੇ ’ਚ ਸੋਧ ਕਰਨ ਲਈ ਨਾ ਮੰਨੇ ਤਾਂ ਉਨ੍ਹਾਂ ਦਾ ਹਸ਼ਰ ਵੀ ਗਿਆਨੀ ਹਰਪ੍ਰੀਤ ਸਿੰਘ ਵਰਗਾ ਹੀ ਕੀਤਾ ਜਾਵੇਗਾ। ਜਦ ਉਹ ਦੋਵੇਂ ਜਥੇਦਾਰ ਵੀ ਨਾ ਮੰਨੇ ਤਾਂ ਆਖਿਰ 7 ਮਾਰਚ 2025 ਨੂੰ ਉਨ੍ਹਾਂ ਦੋਵਾਂ ਨੂੰ ਵੀ ਅਹੁਦੇ ਤੋਂ ਫ਼ਾਰਗ ਕਰ ਉਨ੍ਹਾਂ ਦੀ ਥਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦਾ ਜਥੇਦਾਰ ਤੇ ਵਾਧੂ ਚਾਰਜ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਅਤੇ ਬਾਬਾ ਟੇਕ ਸਿੰਘ ਧਨੌਲਾ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਲਾ ਦਿੱਤਾ। ਇਨ੍ਹਾਂ ਦੋਵਾਂ ਹੀ ਜਥੇਦਾਰਾਂ ਨੂੰ ਬਾਦਲ ਧੜੇ ਤੋਂ ਬਿਨਾਂ ਪੰਥ ਦੀ ਬਾਕੀ ਕਿਸੇ ਵੀ ਧਿਰ ਨੇ ਮਾਨਤਾ ਨਹੀਂ ਦਿੱਤੀ, ਪਰ ਬਾਦਲ ਧੜਾ ਹੁਣ ਇਨ੍ਹਾਂ ’ਤੇ 2 ਦਸੰਬਰ 2024 ਵਾਲੇ ਹੁਕਮਨਾਮੇ ’ਚ ਸੋਧ ਕਰਨ ਲਈ ਜੋਰ ਪਾ ਰਿਹਾ ਹੈ, ਜੋ ਇਨ੍ਹਾਂ ਦੋਵਾਂ ਲਈ ਕਰ ਸਕਣਾ ਅਸਾਨ ਨਹੀਂ ਕਿਉਂਕਿ ਕੋਰਮ ਪੂਰਾ ਕਰਨ ਲਈ ਬਾਕੀ ਦਾ ਕੋਈ ਵੀ ਜਥੇਦਾਰ ਜਾਂ ਗ੍ਰੰਥੀ ਇਸ ਕੰਮ ਲਈ ਤਿਆਰ ਨਹੀਂ ਹੈ। ਮੰਨ ਲਵੋ ਬਹੁਤਾ ਜ਼ੋਰ ਪਾ ਕੇ ਤਿੰਨ ਗ੍ਰੰਥੀ ਮੀਟਿੰਗ ’ਚ ਸ਼ਾਮਲ ਕਰਵਾ ਕੇ 2 ਦਸੰਬਰ ਵਾਲੇ ਹੁਕਮਨਾਮੇ ’ਚ ਕੋਈ ਤਬਦੀਲੀ ਕਰਵਾ ਵੀ ਲੈਂਦੇ ਹਨ ਤਾਂ ਕੀ ਇਹ ਉਸ ਤਬਦੀਲੀ ਨੂੰ ਲਾਗੂ ਕਰਵਾ ਲੈਣਗੇ ? ਕੀ ਇਸ ਨਵੇਂ ਹੁਕਮਨਾਮੇ ਦਾ ਹਸ਼ਰ 2015 ’ਚ ਗਿਆਨੀ ਗੁਰਬਚਨ ਸਿੰਘ ਵੱਲੋਂ ਸੌਦਾ ਸਾਧ ਨੂੰ ਮਾਫ਼ੀ ਦੇਣ ਵਾਲੇ ਹੁਕਮਨਾਮੇ ਵਰਗਾ ਨਹੀਂ ਹੋਵੇਗਾ ? ਬਾਦਲ ਦਲ ਅਤੇ ਨਵੇਂ ਜਥੇਦਾਰਾਂ ਲਈ ਇਹ ਕਾਰਵਾਈ 2015 ’ਚ ਕੀਤੀ ਗਲਤੀ ਨਾਲੋਂ ਵੀ ਘਾਤਕ ਸਿੱਧ ਹੋਵੇਗੀ।

ਇਨ੍ਹਾਂ ਹਾਲਤਾਂ ’ਚ ਸਿੱਖ ਪੰਥ ਦੀ ਵੱਡੀ ਲੋੜ ਹੈ ਕਿ ਕੁਰਾਹੇ ਪਏ ਸਿਆਸੀ ਆਗੂਆਂ ਵੱਲੋਂ ਤਬਾਹ ਕੀਤੀ ਜਾ ਰਹੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਨੂੰ ਕੇਵਲ ਬਚਾਇਆ ਹੀ ਨਹੀਂ ਸਗੋਂ ਮਜਬੂਤ ਕੀਤਾ ਜਾਵੇ। ਜਿਸ ਤਰ੍ਹਾਂ ਸ੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਵੱਲੋਂ 7 ਮੈਂਬਰੀ ਭਰਤੀ ਕਮੇਟੀ ਤੋਂ ਅਸਤੀਫ਼ਾ ਦੇਣ ਉਪਰੰਤ ਬਾਕੀ ਬਚੇ 5 ਮੈਂਬਰਾਂ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ’ਤੇ ਸੁਹਿਰਦਤਾ ਨਾਲ ਪਹਿਰਾ ਦੇਣ ਦਾ ਅਹਿਦ ਕਰਕੇ ਭਰਤੀ ਸ਼ੁਰੂ ਕੀਤੀ ਹੋਈ ਹੈ ਅਤੇ ਸਿੱਖ ਸੰਗਤਾਂ ਵੱਲੋਂ ਉਨ੍ਹਾਂ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ, ਇਸ ਤੋਂ ਸਪਸ਼ਟ ਹੈ ਕਿ ਨਵਾਂ ਅਕਾਲੀ ਦਲ ਹੋਂਦ ’ਚ ਆਉਣਾ ਤੈਅ ਹੈ ਕਿਉਂਕਿ ਬਾਦਲ ਧੜੇ ਨੇ ਤਾਂ ਅਕਾਲ ਤਖ਼ਤ ਸਾਹਿਬ ਨੂੰ ਪੂਰੀ ਪਿੱਠ ਦੇ ਕੇ ਟੱਕਰ ਲੈਂਦਿਆਂ ਸੁਖਬੀਰ ਸਿੰਘ ਬਾਦਲ ਨੂੰ ਮੁੜ ਪ੍ਰਧਾਨ ਚੁਣ ਲਿਆ ਹੈ। ਸੋ ਨਵੇਂ ਅਕਾਲੀ ਦਲ ਨੇ ਕਾਮਯਾਬ ਹੋਣਾ ਹੈ ਤਾਂ ਇਸ ਦਾ ਏਜੰਡਾ ਇਸ ਤਰ੍ਹਾਂ ਹੋਣਾ ਚਾਹੀਦਾ ਹੈ :-

੧. ਅਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਸੂਬਿਆਂ ਲਈ ਵੱਧ ਅਧਿਕਾਰ ਪ੍ਰਾਪਤ ਕਰਨ ਲਈ ਦੇਸ਼ ਦੀਆਂ ਬਾਕੀ ਖੇਤਰੀ ਪਾਰਟੀਆਂ ਖ਼ਾਸਕਰ ਤਾਮਿਲਨਾਡੂ ਦੀ ਡੀਐੱਮਕੇ ਅਤੇ ਬੰਗਾਲ ਦੀ ਟੀਐੱਮਸੀ ਆਦਿਕ ਪਾਰਟੀਆਂ, ਜੋ ਆਪਣੇ ਸੂਬੇ ਦੀ ਭਾਸ਼ਾ ਅਤੇ ਸਭਿਆਚਾਰ ਬਚਾਉਣ ਲਈ ਲੜ ਰਹੀਆਂ ਹਨ; ਨਾਲ ਮਿਲ ਕੇ ਦੇਸ਼ ’ਚ ਤੀਜਾ ਫਰੰਟ ਖੜ੍ਹਾ ਕਰਨਾ। ਇਹ ਤੀਜਾ ਫਰੰਟ ਕੇਂਦਰ ’ਚ ਵੱਡੀਆਂ ਦੋ ਕੌਮੀ ਪਾਰਟੀਆਂ ’ਚੋਂ ਕੇਵਲ ਉਸ ਪਾਰਟੀ ਨਾਲ ਹੀ ਤਾਲਮੇਲ ਵਧਾਉਣ, ਜਿਹੜੀ ਪਾਰਟੀ ਦੇਸ਼ ’ਚ ਫੈਡਰਲ ਢਾਂਚਾ ਲਾਗੂ ਕਰਨ ਦੀ ਸਹਿਮਤੀ ਦੇਵੇ।

੨. ਰਿਪੇਰੀਅਨ ਕਾਨੂੰਨ ਅਧੀਨ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦਾ ਹੱਕ ਪੰਜਾਬ ਲਈ ਪ੍ਰਾਪਤ ਕਰਨਾ।

੩. ਬੀਬੀਐੱਮਬੀ ਦਾ ਕੰਟਰੋਲ ਪੰਜਾਬ ਲਈ ਪ੍ਰਾਪਤ ਕਰਨਾ।

੪. ਪੰਜਾਬ ਦੇ ਪਿੰਡ ਉਜਾੜ ਕੇ ਪੰਜਾਬ ਰਾਜ ਲਈ ਰਾਜਧਾਨੀ ਦੇ ਤੌਰ ’ਤੇ ਉਸਾਰੀ ਗਈ ਚੰਡੀਗੜ੍ਹ ਪੰਜਾਬ ਲਈ ਪ੍ਰਾਪਤ ਕਰਨਾ।

੫. ਸੂਬਿਆਂ ਵਿੱਚ ਕੇਂਦਰ ਦਾ ਦਖ਼ਲ ਕੇਵਲ ਰੱਖਿਆ, ਵਿਦੇਸੀ ਮਾਮਲਿਆਂ, ਤਾਰ ਡਾਕ ਅਤੇ ਰੇਲਵੇ ਦੇ ਮਹਿਕਮਿਆਂ ਤੱਕ ਸੀਮਿਤ ਹੋਵੇ। ਬਾਕੀ ਸਾਰੇ ਮਹਿਕਮੇ ਸੂਬਿਆਂ ਦੇ ਆਪਣੇ ਅਧਿਕਾਰ ’ਚ ਹੋਣ।

੬. ਜੀਐੱਟੀ ਦੀ ਇਕੱਤਰ ਕੀਤੀ ਕੁੱਲ ਰਕਮ ’ਚੋਂ ਸੂਬੇ ਆਪਣੇ ਹਿੱਸੇ ਦੀ ਰਕਮ ਕੱਟ ਕੇ ਕੇਵਲ ਕੇਂਦਰ ਸਰਕਾਰ ਦਾ ਹਿੱਸਾ ਹੀ ਭੇਜੇ ਤਾਂ ਕਿ ਬਾਅਦ ’ਚ ਆਪਣੇ ਹੀ ਪੈਸਿਆਂ ਲਈ ਕੇਂਦਰ ਅੱਗੇ ਹੱਥ ਅੱਡਣ ਦੀ ਲੋੜ ਨਾ ਪਵੇ।

੭. ਪੰਜਾਬ ਲਈ ਖੇਤੀ ਵਿਭਿੰਨਤਾ ਨੀਤੀ ਤਿਆਰ ਕਰਨਾ ਅਤੇ ਸਾਰੀਆਂ ਫਸਲਾਂ ’ਤੇ ਕੇਂਦਰ ਪਾਸੋਂ ਐੱਮਐੱਸਪੀ ਗਰੰਟੀ ਪ੍ਰਾਪਤ ਕਰਨਾ। ਜੇ ਕੇਂਦਰ ਸਰਕਾਰ ਸਾਰੀਆਂ ਫਸਲਾਂ ’ਤੇ ਐੱਮਐੱਸਪੀ ਗਰੰਟੀ ਦੇਣ ਤੋਂ ਇਨਕਾਰੀ ਹੋਵੇ ਤਾਂ ਪਾਕਿਸਤਾਨ ਨਾਲ ਖੁੱਲ੍ਹਾ ਵਪਾਰ ਕਰਨ ਲਈ ਵਾਹਗਾ ਅਤੇ ਹੁਸੈਨੀਵਾਲਾ ਬਾਰਡਰ ਖੋਲ੍ਹੇ ਜਾਣ ਦੀ ਮੰਗ ਪ੍ਰਮੁਖਤਾ ਨਾਲ ਅੱਗੇ ਵਧਾਉਣਾ ਤਾਂ ਕਿ ਕਿਸਾਨ ਖੁੱਲ੍ਹੀ ਮੰਡੀ ’ਚੋਂ ਆਪਣੀਆਂ ਫਸਲਾਂ ਦੀਆਂ ਯੋਗ ਕੀਮਤਾਂ ਪ੍ਰਾਪਤ ਕਰ ਸਕਣ। ਇਸ ਨਾਲ ਪੰਜਾਬ ਨੂੰ ਤਾਂ ਆਰਥਿਕ ਲਾਭ ਹੋਵੇਗਾ ਹੀ ਸਮੁੱਚੇ ਦੇਸ਼ ਦੀ ਜੀਡੀਪੀ ’ਚ ਵੀ ਵਾਧਾ ਹੋਵੇਗਾ।

੮. ਪੰਜਾਬ ਇੱਕ ਸਰਹੱਦੀ ਸੂਬਾ ਹੋਣ ਕਰਕੇ ਇੱਥੇ ਪੰਜਾਬ ਦੀਆਂ ਸਰਹੱਦਾਂ ’ਤੇ ਸਭ ਤੋਂ ਵੱਧ ਤਨਾਅ ਬਣੇ ਰਹਿਣ ਕਾਰਨ ਕੁਝ ਸੰਨਤਕਾਰ ਪੰਜਾਬ ’ਚ ਸੰਨਤਾਂ ਲਾਉਣ ਤੋਂ ਪਹਿਲਾਂ ਹੀ ਕੰਨੀ ਕਤਰਾਉਂਦੇ ਹਨ। ਦੂਸਰੇ ਨੰਬਰ ’ਤੇ ਗੁਆਂਢੀ ਸੂਬੇ ਹਿਮਾਚਲ ਅਤੇ ਉੱਤਰਾਖੰਡ ’ਚ ਸੰਨਤਾਂ ਨੂੰ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਰਿਆਇਤਾਂ ਦੇਣ ਕਾਰਨ ਸਾਰੀਆਂ ਸੰਨਤਾਂ ਇੱਥੋਂ ਪਲਾਇਨ ਕਰ ਚੁਕੀਆਂ ਹਨ ਅਤੇ ਕੋਈ ਵੀ ਨਵਾਂ ਸੰਨਤਕਾਰ ਇੱਥੇ ਸੰਨਤ ਲਾਉਣ ਲਈ ਤਿਆਰ ਨਹੀਂ, ਜਿਸ ਕਾਰਨ ਪੰਜਾਬ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪੈ ਰਿਹਾ ਹੈ। ਇਹ ਨੁਕਸਾਨ ਪੂਰਾ ਕਰਨ ਲਈ ਸਰਹੱਦੀ ਸੂਬਾ ਹੋਣ ਦੇ ਨਾਤੇ ਵਿਸ਼ੇਸ਼ ਰਿਆਇਤਾਂ ਦੀ ਮੰਗ ਕੇਂਦਰ ਅੱਗੇ ਰੱਖਣਾ।

੯. ਪੰਜਾਬੀ ਭਾਸ਼ਾ, ਸਭਿਆਚਾਰ, ਪੰਜਾਬ ਦਾ ਇਤਿਹਾਸ ਅਤੇ ਡੈਮੋਗ੍ਰਾਫੀ ਬਚਾਉਣ ਲਈ ਵਿਸ਼ੇਸ਼ ਕਾਨੂੰਨ ਅਤੇ ਸਿੱਖਿਆ ਨੀਤੀ ਬਣਾ ਕੇ ਲਾਗੂ ਕਰਨਾ।

੧੦. ਅਕਾਲ ਤਖ਼ਤ ਸਾਹਿਬ ਅਤੇ ਸ੍ਰੋਮਣੀ ਕਮੇਟੀ ਨੂੰ ਸਿਆਸਤ ਤੋਂ ਮੁਕਤ ਆਜਾਦਾਨਾ ਤੌਰ ’ਤੇ ਕੰਮ ਕਰਨ ਦਾ ਮਾਹੌਲ ਤਿਆਰ ਕਰੇ ਤਾਂ ਕਿ ਉਹ ਉੱਚ ਸਿੱਖਿਅਤ ਮਿਸ਼ਨਰੀ ਪਚਾਰਕ ਤਿਆਰ ਕਰਕੇ ਨਿਰੋਲ ਗੁਰਮਤਿ ਦੇ ਸਿਧਾਂਤ, ਸਿੱਖ ਰਹਿਤ ਮਰਿਆਦਾ ਅਤੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਅਤੇ ਪ੍ਰਚਾਰ ਪਾਸਾਰ ਕਰਨ ਲਈ ਕੰਮ ਕਰ ਸਕਣ।

੧੧. ਅਕਾਲੀ ਪਾਰਟੀ ’ਚ ਇਕ ਵਿਅਕਤੀ ਇੱਕ ਅਹੁੱਦਾ ਅਤੇ ਇੱਕ ਪਰਵਾਰ ਇੱਕ ਟਿਕਟ ਦਾ ਸਿਧਾਂਤ ਲਾਗੂ ਕੀਤਾ ਜਾਵੇ ਭਾਵ ਪਾਰਟੀ ਪ੍ਰਧਾਨ ਮੁੱਖ ਮੰਤਰੀ ਅਤੇ ਜ਼ਿਲ੍ਹਾ ਪ੍ਰਧਾਨ ਵਿਧਾਇਕ/ਲੋਕ ਸਭਾ ਦਾ ਉਮੀਦਵਾਰ ਨਾ ਬਣ ਸਕੇ ਤਾਂ ਕਿ ਸੱਤਾ ਕਿਸੇ ਇੱਕ ਵਿਅਕਤੀ ਦੇ ਹੱਥ ’ਚ ਕੇਂਦ੍ਰਿਤ ਨਾ ਹੋ ਸਕੇ।

ਮਰਮ ਬਨਾਮ ਭਰਮ (ਭਾਗ ਪਹਿਲਾ)

0

ਮਰਮ ਬਨਾਮ ਭਰਮ (ਭਾਗ ਪਹਿਲਾ)

ਗਿਆਨੀ ਅਵਤਾਰ ਸਿੰਘ

ਮਰਮ ਅਤੇ ਭਰਮ; ਗੁਰਬਾਣੀ ’ਚ ਦੋ ਐਸੇ ਸ਼ਬਦ ਹਨ, ਜਿਨ੍ਹਾਂ ਦਾ ਉਚਾਰਨ ਭਾਵੇਂ ਇੱਕ ਸਮਾਨ ਜਿਹਾ ਜਾਪਦਾ ਹੈ, ਪਰ ਇਨ੍ਹਾਂ ਦੇ ਅਰਥ; ਇੱਕ ਦੂਜੇ ਦੇ ਬਿਲਕੁਲ ਉਲ਼ਟ ਹਨ। ‘ਮਰਮ’; ਗੁਰਬਾਣੀ ਦੇ ਗਹਿਰੇ ਸੂਖਮ ਵਿਸ਼ਿਆਂ (ਨਿਰਾਕਾਰ, ਨਾਮ, ਹੁਕਮ, ਮਿਹਰ, ਗੁਰੂ ਜੋਤਿ, ਆਤਮ-ਪ੍ਰਕਾਸ਼ ਯਾਨੀ ਪੂਰਨ ਸੱਚ) ਨਾਲ਼ ਜੋੜਦਾ ਹੈ ਜਦਕਿ ‘ਭਰਮ’; ਇਨ੍ਹਾਂ ਤੋਂ ਦੂਰ ਲੈ ਜਾਣ ਵਾਲ਼ਾ ਹਨ੍ਹੇਰਾ ਹੈ, ਅਗਿਆਨ ਹੈ, ਝੂਠ ਹੈ।

ਜੇਕਰ ਕਹੀਏ ਕਿ ਮਿਰਚ ਕੌੜੀ ਹੁੰਦੀ ਹੈ ਤਾਂ ਹਰ ਕੋਈ ਯਕੀਨ ਕਰ ਲੈਂਦਾ ਹੈ ਕਿਉਂਕਿ ਜੀਭ (ਇੰਦ੍ਰੇ) ਨੇ ਮਿਰਚ ਦੀ ਕੁੜੱਤਣ ਦਾ ਅਹਿਸਾਸ ਕਰਾਇਆ ਹੁੰਦਾ ਹੈ। ਜੇਕਰ ਕਿਹਾ ਜਾਵੇ ਕਿ ਬਹੁਤਾ ਸ਼ੋਰ; ਦਿਮਾਗ਼ ਨੂੰ ਅਸ਼ਾਂਤ ਕਰਦਾ ਹੈ ਤਾਂ ਭੀ ਹਰ ਕੋਈ ਸੱਚ ਮੰਨੇਗਾ ਕਿਉਂਕਿ ਸ਼ੋਰ ਦਾ ਦੁਰਪ੍ਰਭਾਵ; ਕੰਨਾਂ ਰਾਹੀਂ ਹਰ ਇੱਕ ਨੇ ਭੋਗਿਆ ਹੁੰਦਾ ਹੈ। ਜੇਕਰ ਕਹੀਏ ਕਿ ਸੂਰਜ; ਰੌਸ਼ਨੀ ਕਰਦਾ ਹੈ ਤਾਂ ਭੀ ਮਨ ’ਚ ਕੋਈ ਦੁਬਿਧਾ ਨਹੀਂ ਉਪਜਦੀ ਕਿਉਂਕਿ ਅੱਖਾਂ ਨਾਲ਼ ਸੂਰਜ ਦੀ ਰੌਸ਼ਨੀ ਵੇਖੀ ਹੁੰਦੀ ਹੈ, ਪਰ ਜਦ ਕਹੀਏ ਕਿ ਜੀਵ-ਜੰਤਾਂ ਸਮੇਤ ਪੂਰੇ ਬ੍ਰਹਿਮੰਡ ਦੇ ਵਿਕਾਸ (ਗਤੀ) ਪਿੱਛੇ ਇੱਕ ਅਦ੍ਰਿਸ਼ ਸ਼ਕਤੀ ਕੰਮ ਕਰ ਰਹੀ ਹੈ ਤਾਂ ਵਿਰਲਾ ਹੀ ਇਸ ਸਚਾਈ ’ਤੇ ਭਰੋਸਾ ਕਰਦਾ ਹੈ। ਬਹੁਤੇ ਧਰਮੀ ਅਖਵਾਉਣ ਵਾਲ਼ੇ ਭੀ ਇਸ ’ਤੇ ਭਰੋਸਾ ਨਹੀਂ ਕਰਦੇ ਵੇਖੇ ਗਏ ਕਿਉਂਕਿ ਇਹ ਸਚਾਈ; ਪੰਜ ਗਿਆਨ ਇੰਦ੍ਰਿਆਂ (ਅੱਖ, ਨੱਕ, ਕੰਨ, ਜੀਭ ਤੇ ਚਮੜੀ) ਦੁਆਰਾ ਹੁੰਦੇ ਅਹਿਸਾਸ ਤੋਂ ਬੜੀ ਗਹਿਰੀ ਹੈ, ਜੋ ਇੱਕ ਮਹਾਂ ਪੁਰਸ਼ (ਗੁਰੂ ਜਾਂ ਭਗਤ) ਦੇ ਆਤਮ-ਪ੍ਰਕਾਸ਼ (ਅਨੁਭਵ) ਨੇ ਪ੍ਰਗਟ ਕੀਤੀ ਹੈ। ਇਹੀ ਧਰਮ ਦੇ ਬਾਰੀਕ ਰਾਜ਼ ਹਨ, ਜਿਨ੍ਹਾਂ ਨੂੰ ਆਮ ਬੰਦਾ ਨਹੀਂ ਪਕੜ ਸਕਦਾ। ਇਨ੍ਹਾਂ ਦਾ ਲਾਹਾ ਲੈਣ ਲਈ ਮਨ ’ਚ ਸ਼ਰਧਾ ਦਾ ਹੋਣਾ ਅਤਿ ਜ਼ਰੂਰੀ ਹੈ।

ਗੁਰਬਾਣੀ ਲਿਖਣ ਤੋਂ ਪਹਿਲਾਂ (ਅਤੀਤ ’ਚ) ਭੀ ਆਪਣੀ-ਆਪਣੀ ਸਮਝ ਅਨੁਸਾਰ ਧਰਮ ਬਾਰੇ ਬਹੁਤ ਕੁੱਝ ਬੋਲਿਆ ਤੇ ਲਿਖਿਆ ਗਿਆ ਹੈ। ਉਨ੍ਹਾਂ ’ਚ ਰਹੀਆਂ ਉਕਾਈਆਂ ਨੂੰ ਭੀ ਗੁਰਬਾਣੀ ਨੇ ‘ਭਰਮ’ ਐਲਾਨਿਆ ਹੈ। ‘ਮਰਮ’ ਤੇ ‘ਭਰਮ’ ਦੇ ਇਸ ਫ਼ਰਕ ਨੂੰ ਸਮਝਣ ’ਚ ਹੁੰਦੀ ਕੁਤਾਹੀ ਕਾਰਨ ਅੱਜ ਬਹੁਤੇ ਸਿੱਖ; ਜਾਂ ਤਾਂ ‘ਭਰਮ’ ’ਤੇ ਭੀ ਸ਼ਰਧਾ ਕਰਦੇ ਵੇਖੀਦੇ ਹਨ ਜਾਂ ‘ਮਰਮ’ ਨੂੰ ਭੀ ਆਮ ਗਿਆਨ ਵਾਙ ਤਰਕਵਿਤਰਕ ਨਾਲ਼ ਵਿਚਾਰਨ ਦੀ ਭੁੱਲ ਕੀਤੀ ਜਾਂਦੀ ਹੈ। ਇਨ੍ਹਾਂ ਦੋਵੇਂ ਸ਼ਬਦਾਂ ਦਾ ਫ਼ਰਕ; ਹੇਠਾਂ ਵਿਚਾਰਿਆ ਗਿਆ ਹੈ :

(ੳ). ਭਗਤ ਕਬੀਰ ਜੀ ਦੇ ਬੋਲ ਹਨ, ‘‘ਕਬੀਰ  ! ਰਾਮ ਕਹਨ ਮਹਿ ਭੇਦੁ ਹੈ; ਤਾ ਮਹਿ ਏਕੁ ਬਿਚਾਰੁ ਸੋਈ ਰਾਮੁ ਸਭੈ ਕਹਹਿ; ਸੋਈ ਕਉਤਕਹਾਰ ੧੯੦’’ (ਭਗਤ ਕਬੀਰ/੧੩੭੪) ਭਾਵ ਰਾਮ ਕਹਿਣ ’ਚ ਫ਼ਰਕ ਹੈ, ਤਾਂ ਤੇ ਵਿਚਾਰ ਜ਼ਰੂਰੀ ਹੈ। ਓਹੀ ਰਾਮ ਸ਼ਬਦ; (ਦਸ਼ਰਥ ਦੇ ਪੁੱਤਰ ਲਈ ਹੈ, ਜਿਸ ਨੂੰ) ਸਾਰੇ ਜਪਦੇ ਹਨ ਤੇ ਓਹੀ ਰਾਮ; ਜਗਤ-ਖੇਡ ਰਚਣ ਵਾਲ਼ੇ (ਦਾਤਾਰ-ਪਿਤਾ) ਲਈ ਵਰਤਿਆ ਜਾਂਦਾ ਹੈ। ਸੋ ਜਿਹੜਾ ਰਾਮ; ਸਰਬ ਵਿਆਪਕ ਹੈ; ਉਹ ਕੇਵਲ ਇੱਕ ਸਰੀਰ ’ਚ ਨਹੀਂ ਬਲਕਿ ਸਾਰਿਆਂ ’ਚ ਬਰਾਬਰ ਹੁੰਦਾ ਹੈ, ਇਸ ਲਈ ਕਿਹਾ ਗਿਆ ਹੈ, ‘‘ਕਬੀਰ  ! ਰਾਮੈ ਰਾਮ ਕਹੁ; ਕਹਿਬੇ ਮਾਹਿ ਬਿਬੇਕ ਏਕੁ ਅਨੇਕਹਿ ਮਿਲਿ ਗਇਆ; ਏਕ ਸਮਾਨਾ ਏਕ ੧੯੧’’ (ਭਗਤ ਕਬੀਰ/੧੩੭੪) ਭਾਵ ਰਾਮ ਦਾ ਨਾਮ ਸਦਾ ਜਪੋ, ਪਰ ਜਪਣ ਸਮੇਂ ਧਿਆਨ ਰੱਖਣਾ ਕਿ ਇੱਕ ਰਾਮ; ਅਨੇਕਾਂ ਰੂਪਾਂ ’ਚ ਰਮਿਆ ਹੈ, ਵਿਆਪਕ ਹੈ ਤੇ ਇੱਕ ਰਾਮ (ਦਸ਼ਰਥ ਦਾ ਪੁੱਤਰ) ਕੇਵਲ ਇੱਕੋ ਸਰੀਰ ਵਜੋਂ ਜਾਣਿਆ ਜਾਂਦਾ ਹੈ। ਸੋ ਸਰਬ ਵਿਆਪਕ ਰਾਮ ਨੂੰ ਜਪਣਾ ਹੈ। ਕਿਸੇ ਖ਼ਾਸ ਸਰੀਰ ਨੂੰ ਰੱਬ ਨਹੀਂ ਸਮਝਣਾ, ਪਰ ਅਫ਼ਸੋਸ ਕਿ ਡੇਰੇਦਾਰ ਵਰਗ; ਦਸ਼ਰਥ ਦੇ ਪੁੱਤਰ ਲਈ ਭੀ ਅਕਸਰ ਬ੍ਰਾਹਮਣਾਂ ਵਾਙ ਬੋਲਦਾ ਸੁਣੀਦਾ ਹੈ, ‘ਭਗਵਾਨ ਸ਼੍ਰੀ ਰਾਮ ਚੰਦਰ ਜੀ’।

ਜੈਸੇ ਦਰਖ਼ਤ ਦੇ ਭਾਵੇਂ ਜੜ੍ਹ (ਮੂਸਲੀ), ਤਣੇ, ਪੋਰੀ, ਟਹਿਣੀਆਂ, ਪੱਤੇ, ਫੁੱਲ, ਫਲ਼ ਆਦਿ ਹੁੰਦੇ ਹਨ, ਪਰ ਇਸ ਦਾ ‘ਮੂਲ’; ‘ਜੜ੍ਹ’ ਨੂੰ ਹੀ ਮੰਨਿਆ ਜਾਂਦਾ ਹੈ; ਐਸੇ ਹੀ ਗੁਰਬਾਣੀ ਅੰਦਰ ਭਾਵੇਂ ਨਿਰਾਕਾਰ, ਆਕਾਰ (ਕੁਦਰਤ), ਜ਼ਿੰਦਗੀ ਤੇ ਕਰਮਕਾਂਡਾਂ ਦਾ ਵਿਸਥਾਰ ਸਹਿਤ ਵਰਣਨ ਹੈ, ਪਰ ਧਰਮ ਦਾ ਮੂਲ; ਨਿਰਾਕਾਰ ਨਾਲ਼ ਜੁੜੇ ਗਹਿਰੇ-ਸੂਖਮ ਰਾਜ਼ ਹੀ ਹਨ; ਜਿਵੇਂ ਕਿ ਬਚਨ ਹਨ, ‘‘ਜਿਨ੍ਹੀ ਨਾਮੁ ਵਿਸਾਰਿਆ; ਦੂਜੈ+ਭਰਮਿ (’) ਭੁਲਾਈ   ਮੂਲੁ ਛੋਡਿ, ਡਾਲੀ ਲਗੇ; ਕਿਆ ਪਾਵਹਿ ਛਾਈ (ਸੁਆਹ) ? (ਮਹਲਾ /੪੨੦) ਭਾਵ ਜਿਨ੍ਹਾਂ ਨੇ ਹੋਰ ਭਰਮ ’ਚ ਪੈ ਕੇ ਧਰਮ ਦਾ ਮੂਲ (ਰੱਬ ਦਾ ਨਾਮ ਹੀ) ਭੁਲਾ ਦਿੱਤਾ। ਉਹ (ਧਰਮ ਦੇ) ਮੂਲ ਨਾਲ਼ੋਂ ਟੁੱਟ ਕੇ ਟਹਿਣੀਆਂ ਨਾਲ਼ ਜੁੜੇ ਹੋਏ ਹਨ। ਕੀ ਸੁਆਹ ਲਾਹਾ ਲੈਣਗੇ ?, ਇਸ ਲਈ ਖ਼ਾਸ-ਖ਼ਾਸ ਬੰਦਿਆਂ ਨੂੰ ਰੱਬ ਮੰਨਣਾ; ਅਸਲ ਸਰਬ ਵਿਆਪਕ ਰੱਬ ਤੋਂ ਦੂਰ ਹੋਣਾ ਹੈ। ਇਸ ਤਰ੍ਹਾਂ ਧਰਮ ਦੇ ਗਹਿਰੇ ਰਾਜ਼ ਸਮਝਣੇ ਜਟਿਲ ਹੋ ਜਾਂਦੇ ਹਨ; ਜੈਸਾ ਕਿ ਕਿਹਾ ਹੈ, ‘‘ਘਟ ਹੀ ਭੀਤਰਿ ਬਸਤ ਨਿਰੰਜਨੁ; ਤਾ ਕੋ ਮਰਮੁ ਜਾਨਾ (ਮਹਲਾ /੬੩੨), ਜਿਥੈ ਵਥੁ ਹੋਵੈ, ਤਿਥਹੁ ਕੋਇ ਪਾਵੈ; ਮਨਮੁਖ ਭਰਮਿ ਭੁਲਾਵਣਿਆ ’’ (ਮਹਲਾ /੧੧੭) ਭਾਵ ਸਰੀਰ ਅੰਦਰ, ਜੋ ਰਾਮ ਵੱਸਦਾ ਹੈ; ਉਸ ਨੂੰ ਕੋਈ ਲੱਭਦਾ ਨਹੀਂ; ਮਨਮਤ ਕਾਰਨ ਲੋਕ ਭਰਮ ’ਚ ਫਸੇ ਕੁਰਾਹੇ ਪਏ ਹੋਏ ਹਨ, ਹੋਰ ਹੋਰ ਨੂੰ ਰੱਬ ਬਣਾਈ ਬੈਠੇ ਹਨ।

ਭਾਵੇਂ ਕਿ ਇਹ ਭੀ ਸੱਚ ਹੈ ਕਿ ਰੱਬ; ਜ਼ਰਰੇ-ਜ਼ਰਰੇ ’ਚ ਹੈ ਯਾਨੀ ਦਸ਼ਰਥ ਦੇ ਪੁੱਤਰ (ਰਾਮ ਚੰਦਰ) ’ਚ ਭੀ ਰੱਬ ਸੀ, ਪਰ ਸਿੱਖ ਨੇ ਆਪਣੇ ਅੰਦਰੋਂ ਰੱਬ ਨੂੰ ਖੋਜਣਾ ਹੈ; ਜਿਵੇਂ ਕਿ ਕਿਹਾ ਹੈ, ‘‘ਵਸੀ ਰਬੁ ਹਿਆਲੀਐ; ਜੰਗਲੁ ਕਿਆ ਢੂਢੇਹਿ  ?’’ (ਬਾਬਾ ਫਰੀਦ/੧੩੭੮) ਭਾਵ ਰੱਬ ਹਿਰਦੇ ’ਚ ਹੈ, ਉਸ ਨੂੰ ਬਾਹਰ ਜੰਗਲ਼ਾਂ ’ਚ ਨਾ ਲੱਭ। ਸਵਾਲ : ਕੀ ਜੰਗਲ਼ਾਂ ’ਚ ਰੱਬ ਨਹੀਂ ? ਜਵਾਬ : ਹਾਂ ਹੈ; ਜਿਵੇਂ ਕਿ ਕਿਹਾ ਹੈ, ‘‘ਖੰਡੀ, ਬ੍ਰਹਮੰਡੀ, ਪਾਤਾਲੀ, ਪੁਰੀਈ; ਤ੍ਰਿਭਵਣ ਤਾੜੀ ਲਾਈ ਹੇ ’’ (ਮਹਲਾ /੧੦੨੩) ਭਾਵ ਪ੍ਰਮਾਤਮਾ; ਖੰਡਾਂ, ਬ੍ਰਹਿਮੰਡਾਂ, ਪਾਤਾਲਾਂ, ਪੁਰੀਆਂ, ਤਿੰਨੇ ਲੋਕਾਂ ’ਚ ਗੁਪਤ ਰੂਪ ’ਚ ਵਿਆਪਕ ਹੈ, ਪਰ ਇਨ੍ਹਾਂ (ਬਾਹਰੀ ਖੰਡਾਂ, ਮੰਡਲਾਂ, ਦਰਖ਼ਤਾਂ, ਪੰਛੀਆਂ, ਪਸ਼ੂਆਂ) ’ਚੋਂ ਉਸ ਨੂੰ ਆਪਣੇ ਅਨੁਭਵ ਦਾ ਹਿੱਸਾ ਨਹੀਂ ਬਣਾਇਆ ਜਾ ਸਕਦਾ। ਭਗਤ ਆਪਣਾ ਆਤਮ-ਪ੍ਰਕਾਸ਼; ਪ੍ਰਫੁਲਿਤ ਕਰਨ ਲਈ ਆਪਣੇ ਅੰਦਰੋਂ ਹੀ ਰੱਬ ਨੂੰ ਖੋਜਦਾ ਹੈ; ਜਿਵੇਂ ਕਿ ਕਿਹਾ ਹੈ, ‘‘ਜੋ ਬ੍ਰਹਮੰਡੇ, ਸੋਈ ਪਿੰਡੇ; ਜੋ ਖੋਜੈ, ਸੋ ਪਾਵੈ ’’ (ਭਗਤ ਪੀਪਾ/੬੯੫) ਭਾਵ ਜੋ (ਰੱਬ), ਬ੍ਰਹਿਮੰਡ ’ਚ ਹੈ; ਓਹੀ ਸਰੀਰ ਅੰਦਰ ਹੈ। ਉਸ ਨੂੰ ਜਿਹੜਾ ਆਪਣੇ ਅੰਦਰੋਂ ਖੋਜਦਾ ਹੈ; ਓਹੀ ਪਾਉਂਦਾ ਹੈ, ‘‘ਜੋ ਬ੍ਰਹਮੰਡਿ (’); ਖੰਡਿ (’ਚੋਂ) ਸੋ ਜਾਣਹੁ ’’ (ਮਹਲਾ /੧੦੪੧) ਭਾਵ ਜੋ ਕੁਦਰਤ ’ਚ ਰਮਿਆ ਹੈ; ਉਸ ਨੂੰ ਆਪਣੇ ਸਰੀਰ (ਖੰਡ) ਅੰਦਰੋਂ ਲੱਭੋ। ਇਸ ਸਬੰਧ ’ਚ ਕੁੱਝ ਮਿਸਾਲਾਂ ਭੀ ਦਿੱਤੀਆਂ ਹਨ; ਜਿਵੇਂ ਕਿ ਕੁਰੰਕ (ਹਿਰਨ) ਦੇ ਅੰਦਰ ਕਸਤੂਰੀ (ਸੁਗੰਧੀ) ਹੁੰਦੀ ਹੈ, ਪਰ ਉਸ ਲਈ ਉਹ ਬਾਹਰ ਭਟਕਦਾ ਫਿਰਦਾ ਹੈ, ‘‘ਜੈਸੇ ਕੁਰੰਕ; ਨਹੀ ਪਾਇਓ ਭੇਦੁ   ਤਨਿ (’) ਸੁਗੰਧ; ਢੂਢੈ ਪ੍ਰਦੇਸੁ ’’ (ਭਗਤ ਰਵਿਦਾਸ/੧੧੯੬), ਇਸ ਤਰ੍ਹਾਂ ਰਾਮ ਨੂੰ ਆਪਣੇ ਸਰੀਰ ਦੇ ਬਾਹਰੋਂ ਲੱਭਣ ਵਾਲ਼ੇ ਬ੍ਰਾਹਮਣ ਤੇ ਡੇਰੇਦਾਰ; ਭਰਮ ’ਚ ਹਨ; ਜਿਵੇਂ ਕਿ ਕਿਹਾ ਹੈ, ‘ਸਭ ਕਿਛੁ ਘਰ ਮਹਿ; ਬਾਹਰਿ ਨਾਹੀ ਬਾਹਰਿ ਟੋਲੈ; ਸੋ ਭਰਮਿ (’) ਭੁਲਾਹੀ (ਮਹਲਾ /੧੦੨), ਜੋ ਬਾਹਰਿ; ਸੋ ਭੀਤਰਿ ਜਾਨਿਆ ਭਇਆ ਭੇਦੁ; ਭੂਪਤਿ ਪਹਿਚਾਨਿਆ ੩੦’’ (ਭਗਤ ਕਬੀਰ/੩੪੨) ਭਾਵ ਜੋ ਬਾਹਰ (ਹਰ ਥਾਂ) ਹੈ; (ਗੁਰੂ ਰਾਹੀਂ ਜਦੋਂ) ਉਸ ਦਾ ਭੇਤ/ਰਾਜ਼ (ਆਪਣੇ ਅੰਦਰ) ਜਾਣਿਆ, ਪ੍ਰਗਟ ਹੋਇਆ ਤਾਂ ਉਸ ਨੂੰ ਅੰਦਰੋਂ ਹੀ ਪਹਿਚਾਣ ਲਿਆ, ਪਾ ਲਿਆ।

ਆਪਣੇ ਅੰਦਰੋਂ ਰਾਮ ਨੂੰ ਲੱਭਣ ਕਾਰਨ ਕਬੀਰ ਜੀ ਨੂੰ ਲੋਗ ਪਾਗ਼ਲ ਕਹਿੰਦੇ ਹਨ ਜਦਕਿ ਕਬੀਰ ਜੀ ਦੇ ਅੰਦਰਲੇ ਰਾਜ਼ (ਬਦਲਾਅ/ਆਤਮ-ਪ੍ਰਕਾਸ਼) ਨੂੰ ਅੰਦਰਲਾ ਰਾਮ ਹੀ ਸਮਝ ਸਕਿਆ ਹੈ, ‘‘ਲੋਗੁ ਕਹੈ ਕਬੀਰੁ ਬਉਰਾਨਾ   ਕਬੀਰ ਕਾ ਮਰਮੁ; ਰਾਮਹਿ (ਨੇ) ਪਹਿਚਾਨਾ ’’ (ਭਗਤ ਕਬੀਰ/੧੧੫੮) ਸੋ ਜਦ ਤੱਕ ਬੰਦਾ; ਬਾਹਰ ਕਿਸੇ ਸਰੀਰ ਜਾਂ ਪੱਥਰ-ਮੂਰਤੀ ’ਚ ਰੱਬ ਨੂੰ ਵੇਖਦਾ ਰਹੇਗਾ; ਤਦ ਤੱਕ ਆਪਣੇ ਅੰਦਰੋਂ ਲੱਭਣ ਲਈ ਸੰਘਰਸ਼ ਨਹੀਂ ਕਰੇਗਾ ਯਾਨੀ ਆਪਣੀਆਂ ਵਾਸ਼ਨਾਵਾਂ ਨੂੰ ਨਹੀਂ ਮਾਰ ਸਕੇਗਾ। ਇਹੀ ਕਾਰਨ ਹੈ ਕਿ ਬ੍ਰਾਹਮਣ ਤੇ ਡੇਰੇਦਾਰ; ਸੰਗਤਾਂ ਨਾਲ਼ ਸਵੈ ਪੜਚੋਲ ਨਾਲ਼ ਸਬੰਧਿਤ ਕੋਈ ਗੱਲ ਨਹੀਂ ਕਰਦੇ। ਐਸੀ ਸੋਚ; ਤੰਗਦਿਲ ਤੇ ਹਿੰਸਕ ਹੁੰਦੀ ਹੈ। ਕੋਈ ਗਹਿਰੀ ਗੱਲ ਕਰੀਏ ਤਾਂ ਵਿਰੋਧ ਕਰਨ ਲੱਗਦੀ ਹੈ। ਵਿਚਾਰਕ ਮਤਭੇਦ ਹੋਣਾ ਸੁਭਾਵਕ ਹੈ, ਪਰ ਇਹ ਲੋਕ ਆਪਣੇ ਨਾਲ਼ ਅਸਹਿਮਤ ਬੰਦਿਆਂ ਨਾਲ਼ ਨਫ਼ਰਤ ਕਰਦੇ ਹਨ ਕਿਉਂਕਿ ਸਾਰਿਆਂ ਅੰਦਰ ਵੱਸਦਾ ਵਿਆਪਕ ਰਾਮ; ਇਨ੍ਹਾਂ ਨੂੰ ਨਜ਼ਰ ਨਹੀਂ ਆਇਆ ਹੁੰਦਾ।

ਐਸੀ ਆਕਾਰ-ਪੂਜਕ ਸੋਚ; ਸੱਚ ਨੂੰ ਭੀ ਆਪਣੀ ਸਮਝ ਅਨੁਸਾਰ ਬਿਆਨ ਕਰਦੀ ਹੈ; ਜਿਵੇਂ ਕਿ ਇਹ ਵਾਕ ਹੈ, ‘‘ਖੂਬੁ ਤੇਰੀ ਪਗਰੀ; ਮੀਠੇ ਤੇਰੇ ਬੋਲ   ਦ੍ਵਾਰਿਕਾ ਨਗਰੀ; ਕਾਹੇ ਕੇ ਮਗੋਲ ?   ਚੰਦਂੀ ਹਜਾਰ ਆਲਮ; ਏਕਲ ਖਾਨਾਂ   ਹਮ ਚਿਨੀ ਪਾਤਿਸਾਹ; ਸਾਂਵਲੇ ਬਰਨਾਂ ’’ (ਭਗਤ ਨਾਮਦੇਵ/੭੨੭) ਭਾਵ (ਹੇ ਪ੍ਰਭੂ ! ਹੇ ਪਿਆਰੇ ਯਾਰ !) ਤੇਰੇ ਬੋਲ ਬੜੇ ਪਿਆਰੇ ਹਨ। ਤੇਰੀ ਪਗੜੀ (ਭਾਵ ਸਰੂਪ ਭੀ) ਬੜਾ ਸੋਹਣਾ ਹੈ। ਨਾ ਹੀ ਤੂੰ ਕੇਵਲ ਦਵਾਰਕਾ ਨਗਰੀ ’ਚ (ਕ੍ਰਿਸ਼ਨ ਬਣਿਆ ਬੈਠਾ) ਹੈਂ ਤੇ ਨਾ ਹੀ ਕਿਤੇ ਇਸਲਾਮਿਕ ਧਰਮ ਦੇ ਕੇਂਦਰ ਮੱਕੇ ’ਚ ਹੈਂ ਭਾਵ ਤੂੰ ਹਰ ਥਾਂ ਹੈਂ। (ਸ੍ਰਿਸ਼ਟੀ ਦੇ) ਹਜ਼ਾਰਾਂ ਮੰਡਲਾਂ ਦਾ ਤੂੰ ਇਕਲੌਤਾ ਮਾਲਕ ਹੈਂ। ਸਾਵਲੇ ਰੰਗ ਦਾ ਕ੍ਰਿਸ਼ਨ ਭੀ ਤੂੰ ਆਪ ਹੀ ਹੈਂ।

ਐਸੇ ਹੀ ਬੋਲ; ਭਗਤ ਨਾਮਦੇਵ ਜੀ ਦੇ ਹਨ, ‘‘ਧਨਿ ਧੰਨਿ ਰਾਮ ਬੇਨੁ ਬਾਜੈ   ਮਧੁਰ ਮਧੁਰ ਧੁਨਿ ਅਨਹਤ ਗਾਜੈ ਰਹਾਉ   ਧਨਿ ਧਨਿ ਮੇਘਾ ਰੋਮਾਵਲੀ   ਧਨਿ ਧਨਿ ਕ੍ਰਿਸਨ; ਓਢੈ ਕਾਂਬਲੀ   ਧਨਿ ਧਨਿ; ਤੂ ਮਾਤਾ ਦੇਵਕੀ   ਜਿਹ ਗ੍ਰਿਹ; ਰਮਈਆ ਕਵਲਾਪਤੀ ’’ (ਭਗਤ ਨਾਮਦੇਵ/੯੮੮) ਭਾਵ ਮੈ, ਰਾਮ ਜੀ ਦੀ ਵੱਜ ਰਹੀ ਬੰਸਰੀ ਤੋਂ ਸਦਕੇ ਹਾਂ। ਬੜੀ ਪਿਆਰੀ ਧੁਨੀ ਨਿਰੰਤਰ ਗੱਜ ਰਹੀ ਹੈ ਯਾਨੀ ਲਗਾਤਾਰ ਅਨੰਦਿਤ ਕਰ ਰਹੀ ਹੈ। ਉਸ ਭੇਡੂ ਦੀ ਉੱਨ ਤੋਂ ਭੀ ਸਦਕੇ ਹਾਂ, ਜਿਸ ਦੀ ਬਣੀ ਕੰਬਲ਼ੀ ਨੂੰ ਕ੍ਰਿਸ਼ਨ ਜੀ ਪਹਿਨਦਾ ਹੈ। ਹੇ ਮਾਤਾ ਦੇਵਕੀ ! ਤੈਥੋਂ ਭੀ ਕੁਰਬਾਨ ਹਾਂ, ਜਿਸ ਦੇ ਘਰ ’ਚ ਸੋਹਣਾ ਕ੍ਰਿਸ਼ਨ ਜੀ ਪੈਦਾ ਹੋਇਆ ਹੈ। ਇਨ੍ਹਾਂ ਅਰਥਾਂ ਦਾ ਭਾਵ ਹੈ ਕਿ ਸਾਰਿਆਂ ’ਚ ਰੱਬ ਨੂੰ ਇੱਕ ਸਮਾਨ ਵੇਖਣਾ ਹੈ।

ਐਸੇ ਹੀ ਬੋਲ; ਭਗਤ ਕਬੀਰ ਜੀ ਦੇ ਹਨ, ‘‘ਬਿੰਦ੍ਰਾਬਨ ਮਨ ਹਰਨ ਮਨੋਹਰ; ਕ੍ਰਿਸਨ ਚਰਾਵਤ ਗਾਊ ਰੇ   ਜਾ ਕਾ ਠਾਕੁਰੁ ਤੁਹੀ ਸਾਰਿੰਗਧਰ ! ਮੋਹਿ ਕਬੀਰਾ ਨਾਊ ਰੇ ’’ (ਭਗਤ ਕਬੀਰ/੩੩੮) ਭਾਵ (ਹੇ ਪ੍ਰਭੂ !) ਬਿੰਦ੍ਰਾਬਨ ’ਚ ਕ੍ਰਿਸ਼ਨ ਜੀ ਗਾਈਆਂ ਚਾਰਦਾ ਸੀ (ਤੇ ਉਹ ਗੋਕਲ ਦੀਆਂ ਗੁਆਲਣਾਂ ਦੇ) ਮਨ ਨੂੰ ਮੋਹ ਲੈਣ ਵਾਲ਼ਾ ਸੀ ਭਾਵ ਉਨ੍ਹਾਂ ਲਈ ਬੜਾ ਸੁੰਦਰ ਸੀ, ਪਰ ਮੈ (ਤਾਂ ਗੁਆਲਣ ਨਹੀਂ ਤਾਂ ਜੋ ਖ਼ਾਸ ਬੰਦੇ ਭਾਵ ਕ੍ਰਿਸ਼ਨ ਜੀ ਨੂੰ ਮਨ ਦੇਵਾਂ) ਕਬੀਰ ਹਾਂ, ਜਿਸ ਦੇ ਮਨ ਨੂੰ ਮੋਹ ਲੈਣ ਵਾਲ਼ਾ ਮਾਲਕ ਭੀ ਤੂੰ ਹੀ ਹੈਂ (ਮੇਰੇ ਉੱਤੇ ਮਿਹਰ ਰੱਖ ਯਾਨੀ ਕਿ ਮੈ ਕ੍ਰਿਸ਼ਨ ਜੀ ਦੇ ਭਰੋਸੇ ਨਹੀਂ ਰਹਿਣਾ ਚਾਹੁੰਦਾ)।

ਜੇਕਰ ਉਕਤ ਸ਼ਬਦ; ਕ੍ਰਿਸ਼ਨ ਜੀ ਨੂੰ ਰੱਬ ਮੰਨਣ ਬਾਬਤ ਹੁੰਦੇ ਤਾਂ ਉਸ ਬਾਰੇ ਗੁਰੂ ਜੀ ਐਸਾ ਨਾ ਬੋਲਦੇ, ‘‘ਸਗਲੀ ਥੀਤਿ; ਪਾਸਿ ਡਾਰਿ ਰਾਖੀ   ਅਸਟਮ ਥੀਤਿ; ਗੋਵਿੰਦ ਜਨਮਾ ਸੀ   ਭਰਮਿ (’) ਭੂਲੇ ਨਰ; ਕਰਤ ਕਚਰਾਇਣ   ਜਨਮ ਮਰਣ ਤੇ ਰਹਤ ਨਾਰਾਇਣ ਰਹਾਉ .. ਸਗਲ ਪਰਾਧ ਦੇਹਿ ਲੋਰੋਨੀ   ਸੋ ਮੁਖੁ ਜਲਉ; ਜਿਤੁ ਕਹਹਿ ਠਾਕੁਰੁ ਜੋਨੀ   ਜਨਮਿ ਮਰੈ; ਆਵੈ ਜਾਇ   ਨਾਨਕ ਕਾ ਪ੍ਰਭੁ; ਰਹਿਓ ਸਮਾਇ ’’ (ਮਹਲਾ /੧੧੩੬) ਭਾਵ (ਚੰਦ੍ਰਮਾ ਦੀਆਂ) ਸਾਰੀਆਂ ਤਿੱਥਾਂ (ਦੂਜ, ਤੀਜ, ਪੂਰਨਮਾਸ਼ੀ, ਮੱਸਿਆ ਆਦਿ) ਪਿਛਾਂਹ ਕਰ ਦਿੱਤੀਆਂ ਯਾਨੀ ਅਰਥਹੀਣ ਮੰਨ ਲਈਆਂ। ਕੇਵਲ 8ਵੀਂ ਤਿੱਥ ਨੂੰ ਕਹਿੰਦੇ ਹਨ ਕਿ ਰੱਬ (ਕ੍ਰਿਸ਼ਨ ਜੀ) ਦਾ ਜਨਮ ਹੋਇਆ ਹੈ। ਐਸੇ ਲੋਕ ਭਰਮ ’ਚ ਫਸੇ ਹੋਣ ਕਾਰਨ ਕੁਰਾਹੇ ਪਏ ਹਨ ਤੇ ਕੱਚੀਆਂ (ਝੂਠੀਆਂ) ਗੱਲਾਂ ਕਰਦੇ ਹਨ ਜਦ ਕਿ ਅਸਲ ਪ੍ਰਭੂ; ਜਨਮ ਮਰਨ ਤੋਂ ਰਹਿਤ ਹੈ। ਕ੍ਰਿਸ਼ਨ ਜੀ ਨੂੰ ਪਾਲਕੀ (ਝੂਲੇ) ’ਚ ਪਾ ਕੇ ਲੋਰੀਆਂ ਦਿੰਦੇ ਹਨ, ਜੋ ਨਿਰਾ ਪਾਪ ਹੈ (ਨੋਟ : ਧਰਮ ਅਨੁਸਾਰ ਉਹ ਕਰਮ ਵੱਡਾ ਪਾਪ ਹੈ, ਜੋ ਸੱਚ ਨਾਲੋਂ ਤੋੜ ਕੇ ਝੂਠ ਨਾਲ਼ ਜੋੜੇ)। ਉਹ ਮੂੰਹ ਸੜ ਜਾਵੇ, ਜਿਸ ਨਾਲ਼ ਕਹਿੰਦੇ ਹਨ ਕਿ ਅਕਾਲ ਪੁਰਖ; (ਕ੍ਰਿਸ਼ਨ, ਰਾਮ ਆਦਿ ਬਣ) ਜਨਮ ਲੈਂਦਾ ਹੈ। ਅਸਲ ਮਾਲਕ; ਨਾ ਜਨਮ ਲੈ-ਲੈ ਕੇ ਮਰਦਾ ਹੈ ਤੇ ਨਾ ਹੀ ਜਨਮ-ਮਰਨ ਯਾਨੀ ਆਵਾਗਮਣ ’ਚ ਪੈਂਦਾ ਹੈ। ਨਾਨਕ ਦਾ ਉਹ ਪਾਤਿਸ਼ਾਹ; ਵਿਆਪਕ ਤੇ ਸਦਾ ਥਿਰ ਹੈ। ਪ੍ਰਭੂ ਦੀ ਹੋਂਦ ਬਾਰੇ ਇਹੀ ਵਿਆਖਿਆ; ‘ਜਪੁ’ ਜੀ ਦੇ ਅਰੰਭਕ ‘ਸਲੋਕ’ ’ਚ ਹੈ, ‘‘ਆਦਿ ਸਚੁ; ਜੁਗਾਦਿ ਸਚੁ   ਹੈ ਭੀ ਸਚੁ; ਨਾਨਕ  ! ਹੋਸੀ ਭੀ ਸਚੁ ’’ (ਜਪੁ)

ਇਹ ਭੁਲੇਖਾ ਨਾ ਰਹੇ ਕਿ ਗੁਰਬਾਣੀ ’ਚ ਗੁਰੂ ਜੀ (ਭਾਵ ਸਰੀਰ) ਨੂੰ ਭੀ ਤਾਂ ਅਕਾਲ ਪੁਰਖ ਸਮਾਨ ਮੰਨਿਆ ਹੈ; ਜਿਵੇਂ ਕਿ ‘‘ਜੋਤਿ ਰੂਪਿ (’) ਹਰਿ ਆਪਿ; ਗੁਰੂ ਨਾਨਕੁ ਕਹਾਯਉ (ਭਟ ਮਥੁਰਾ/੧੪੦੮), ਭਨਿ ਮਥੁਰਾ ਕਛੁ ਭੇਦੁ ਨਹੀ; ਗੁਰੁ ਅਰਜੁਨੁ ਪਰਤਖ ਹਰਿ ’’ (ਭਟ ਮਥੁਰਾ/੧੪੦੯) ਭਾਵ ਭੱਟ ਮਥੁਰਾ ਜੀ ਕਹਿੰਦੇ ਹਨ ਕਿ ਗੁਰੂ ਅਰਜਨ ਸਾਹਿਬ; ਪ੍ਰਤੱਖ ਹਰੀ ਸਮਾਨ ਹਨ; ਦੋਵਾਂ ’ਚ ਕੋਈ ਫ਼ਰਕ ਨਹੀਂ। ਧਿਆਨ ਰਹੇ ਕਿ ਇੱਥੇ ਗੁਰੂ ਸਾਹਿਬਾਨ ਨੂੰ ਹਰੀ ਵਰਗਾ ਗੁਣਕਾਰੀ ਤੇ ਪਰਉਪਕਾਰੀ ਕਿਹਾ ਹੈ, ਨਾ ਕਿ ਹਰੀ; ਜਿਵੇਂ ਕਿ ਕ੍ਰਿਸ਼ਨ ਜੀ ਤੇ ਰਾਮਚੰਦਰ ਜੀ ਆਦਿ ਦੇਵਤਿਆਂ ਨੂੰ ਹਰੀ ਹੀ ਸਮਝਿਆ ਜਾਂਦਾ ਹੈ। ਹਰੀ ਸਮਾਨ ਤੋਂ ਭਾਵ ਅਕਾਲ ਪੁਰਖ ਦੇ ਗੁਣਾਂ ਦਾ ਸਤਿਗੁਰੂ ਜੀ ਅੰਦਰ ਹੋਣਾ ਹੈ। ਗੁਰੂ; ਆਪਣੇ ਆਪ ਨੂੰ ਸ੍ਰਿਸ਼ਟੀ ਨੂੰ ਬਣਾਉਣ ਵਾਲ਼ਾ, ਰਿਜ਼ਕ ਦੇਣ ਵਾਲ਼ਾ ਤੇ ਨਾਸ ਕਰਨ ਵਾਲ਼ਾ ਨਹੀਂ ਮੰਨਦਾ। ਸਤਿਗੁਰੂ ਜੀ ਤਾਂ ਅਕਾਲ ਪੁਰਖ ਅਤੇ ਆਪਣੇ ਵਿਚਕਾਰਲਾ ਅੰਤਰ ਭੀ ਸਪਸ਼ਟ ਕਰਦੇ ਹਨ, ‘‘ਆਪਿ ਨਿਰਾਲਮੁ; ਗੁਰ ਗਮ ਗਿਆਨਾ   ਜੋ ਦੀਸੈ; ਤੁਝ ਮਾਹਿ ਸਮਾਨਾ   ਨਾਨਕੁ ਨੀਚੁ ਭਿਖਿਆ ਦਰਿ ਜਾਚੈ; ਮੈ ਦੀਜੈ ਨਾਮੁ ਵਡਾਈ ਹੇ ੧੬’’ (ਮਹਲਾ /੧੦੨੧) ਭਾਵ (ਹੇ ਪ੍ਰਭੂ ! ਮਾਇਆ ਦੇ ਅਧੀਨ ਵਿਸ਼ਾਲ ਜਗਤ ਰਚਨ ਦੇ ਬਾਵਜੂਦ ਭੀ) ਤੂੰ ਆਪ ਮਾਇਆ ਤੋਂ ਨਿਰਲੇਪ ਹੈਂ। ਤੁਹਾਡੇ ਤੱਕ ਪਹੁੰਚ; ਗੁਰੂ ਦੇ ਗਿਆਨ ਨਾਲ਼ ਹੀ ਹੋ ਸਕਦੀ ਹੈ। ਵਿਖਾਈ ਦਿੰਦਾ ਸਾਰਾ ਜਗਤ; (ਆਖ਼ਿਰ) ਤੇਰੇ ਅੰਦਰ ਹੀ ਸਮਾਉਂਦਾ ਹੈ। ਨਿਮਾਣਾ ਨਾਨਕ; ਤੇਰੇ ਦਰ ਤੋਂ (ਨਾਮ ਦੀ) ਖ਼ੈਰ ਮੰਗਦਾ ਹੈ। ਮੈਨੂੰ ਇਹ ਖ਼ੈਰ ਪਾ ਕਿਉਂਕਿ ਨਾਮ (ਦੀ ਕਮਾਈ ਕਾਰਨ) ਹੀ ਮੇਰੀ ਅਸਲ ਇੱਜ਼ਤ ਹੈ ਯਾਨੀ ਮੇਰੇ ਅੰਦਰ ਤੇਰੇ ਨਾਮ ਕਾਰਨ ਉਪਜਿਆ ਆਤਮ-ਪ੍ਰਕਾਸ਼ ਹੀ ਮੈਨੂੰ (ਆਮ ਇਨਸਾਨ ਤੋਂ) ਗੁਰੂ ਬਣਾਉਂਦਾ ਹੈ, ਇੱਜ਼ਤ ਦਿਲਵਾਉਂਦਾ ਹੈ।

ਸੋ ਇਸ ਤਰ੍ਹਾਂ ਸਤਿਗੁਰੂ; ਆਪਣੀ ਸਿੱਖ-ਸੰਗਤ ’ਚ (ਸਦੀਵੀ ਕਾਇਮ ਕੀਤੀ ਜਾਂਦੀ ਦੇਹਧਾਰੀ ਗੁਰੂ- ਪਰੰਪਰਾ ਵਾਙ) ਆਪਣੀ ਵਿਲੱਖਣਤਾ ਨੂੰ ਸਿਰਮੌਰ ਨਹੀਂ ਜਤਾਉਂਦਾ ਬਲਕਿ ਹਰੀ (ਦੇ ਗੁਣਾਂ) ਨੂੰ ਹੀ ਵਰਣਨ ਕਰਦਾ ਹੈ, ‘‘ਸਤਿਗੁਰੁ ਦੇਉ ਪਰਤਖਿ ਹਰਿ ਮੂਰਤਿ; ਜੋ ਅੰਮ੍ਰਿਤ ਬਚਨ ਸੁਣਾਵੈ   ਨਾਨਕ  ! ਭਾਗ ਭਲੇ ਤਿਸੁ ਜਨ ਕੇ; ਜੋ ਹਰਿ ਚਰਣੀ ਚਿਤੁ ਲਾਵੈ ’’ (ਮਹਲਾ /੧੨੬੪) ਯਾਨੀ ਗੁਰੂ; ਹਰੀ ਸਮਾਨ (ਭਾਵ ਹਰੀ ਦੇ ਗੁਣਾਂ ਤੋਂ ਵਾਕਫ਼) ਹੋਣ ਕਾਰਨ ਹੀ ਹਰੀ ਦੇ ਗੁਣਾਂ ਨਾਲ਼ ਸਿੱਖ ਦੀ ਸਾਂਝ ਬਣਾਉਂਦਾ ਹੈ। ਉਨ੍ਹਾਂ ਦੇ ਭਾਗ ਚੰਗੇ ਹੁੰਦੇ ਹਨ, ਜੋ (ਹਰੀ ਸਮਾਨ ਗੁਰੂ ਦੀ ਰਾਹੀਂ) ਹਰੀ ਦੇ ਚਰਨਾਂ ’ਚ ਚਿੱਤ ਜੋੜਦੇ ਹਨ। ਇਸ ਤਰ੍ਹਾਂ ਸਿੱਖ ਭੀ ਹਰੀ ਸਮਾਨ ਹੋ ਜਾਂਦੇ ਹਨ ਕਿਉਂਕਿ ‘‘ਜੈਸਾ ਸੇਵੈ; ਤੈਸੋ ਹੋਇ (ਮਹਲਾ /੨੨੩), ਨਿਰਭਉ ਜਪੈ; ਸਗਲ ਭਉ ਮਿਟੈ ’’ (ਸੁਖਮਨੀ/ਮਹਲਾ /੨੯੩) ਯਾਨੀ ਜੋ ਨਿਰਭਉ ਹਰੀ ਨੂੰ ਜਪਦਾ ਹੈ, ਉਹ ਭੀ ਨਿਰਭਉ (ਹਰੀ ਵਰਗਾ) ਹੋ ਜਾਂਦਾ ਹੈ। ਭਗਤ ਕਬੀਰ ਜੀ ਫ਼ੁਰਮਾਉਂਦੇ ਹਨ, ‘‘ਹਰਿ ਜਨੁ ਐਸਾ ਚਾਹੀਐ; ਜੈਸਾ ਹਰਿ ਹੀ ਹੋਇ ’’ (ਭਗਤ ਕਬੀਰ/੧੩੭੨)

ਸ਼੍ਰੀਮਦ ਭਗਵਦ ਗੀਤਾ ਦੇ ਅਧਿਆਇ 10, ਸਲੋਕ 8 (अहं सर्वस्य प्रभवो मत्तः सर्वं प्रवर्तते। इति मत्वा भजन्ते मां बुधा भावसमन्विताः॥) ’ਚ ਕ੍ਰਿਸ਼ਨ ਜੀ ਕਹਿੰਦੇ ਹਨ ਕਿ ਮੈ ਹੀ ਸਾਰੀ ਸ੍ਰਿਸ਼ਟੀ ਦਾ ਮੂਲ ਹਾਂ। ਸਭ ਚੀਜ਼ਾਂ ਮੇਰੇ ਤੋਂ ਹੀ ਪੈਦਾ ਹੁੰਦੀਆਂ ਹਨ। ਜੋ ਬੁੱਧੀਮਾਨ ਮਨੁੱਖ ਇਹ ਜਾਣ ਲੈਂਦਾ ਹੈ, ਉਹ ਪੂਰੀ ਸ਼ਰਧਾ ਅਤੇ ਪ੍ਰੇਮਮਈ ਭਾਵਨਾ ਨਾਲ਼ ਮੇਰੀ ਪੂਜਾ ਕਰਦਾ ਹੈ।

ਅਧਿਆਇ 15, ਸਲੋਕ 12 (यदादित्यगतं तेजो जगद्भासयतेऽखिलम् । यच्चन्द्रमसि यच्चाग्नौ तत्तेजो विद्धि मामकम्।) ’ਚ ਕ੍ਰਿਸ਼ਨ ਜੀ ਕਹਿੰਦੇ ਹਨ ਕਿ ਸੂਰਜ ਦੀ ਚਮਕ ਜੋ ਸਾਰੇ ਬ੍ਰਹਿਮੰਡ ਨੂੰ ਪ੍ਰਕਾਸ਼ਮਾਨ ਕਰਦੀ ਹੈ। ਚੰਦ ਅਤੇ ਅੱਗ ਦੀ ਚਮਕ; ਇਨ੍ਹਾਂ ਨੂੰ ਮੇਰਾ ਹੀ ਰੂਪ ਸਮਝ ਜਦਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਹਨ, ‘‘ਜੋ ਹਮ ਕੋ ਪਰਮੇਸੁਰ ਉਚਰਿ ਹੈ ॥ ਤੇ ਸਭ ਨਰਕ ਕੁੰਡ ਮਹਿ ਪਰਿ ਹੈ ॥ ਮੋ ਕੋ ਦਾਸੁ ਤਵਨ ਕਾ ਜਾਨੋ ॥ ਯਾ ਮੈ ਭੇਦੁ ਨ ਰੰਚ ਪਛਾਨੋ ॥੩੨॥’’ (ਬਚਿਤ੍ਰ ਨਾਟਕ) ਭਾਵ ਜੋ ਮੈਨੂੰ ਪਰਮੇਸ਼ਰ ਮੰਨਦੇ ਹਨ; ਉਹ ਸਾਰੇ ਵਾਰ-ਵਾਰ ਜਨਮ ਲੈਂਦੇ ਰਹਿੰਣਗੇ ਯਾਨੀ ਸਚਾਈ ਤੋਂ ਟੁੱਟੇ ਹੋਣ ਕਾਰਨ ਨਿਰਾਕਾਰ-ਪ੍ਰਭੂ ’ਚ ਲੀਨ ਨਹੀਂ ਹੋ ਸਕਦੇ, ਮੁਕਤੀ ਨਹੀਂ ਪਾ ਸਕਦੇ। ਮੈਨੂੰ ਤਾਂ ਉਸ ਦਾ ਦਾਸ ਸਮਝਣਾ। ਇਸ ਗੱਲ ’ਚ ਰੱਤੀ ਭਰ ਭੀ ਝੂਠ ਨਹੀਂ ਹੈ।

ਸੋ ਸਾਰਿਆਂ ਅੰਦਰ ਹਰੀ ਵੱਸਦਾ ਹੋਣ ਕਾਰਨ ਸਿੱਖ ਨੇ ਸਭ ਨੂੰ ਇੱਕ ਸਮਾਨ (ਹਰੀ ਵਾਙ) ਵੇਖਣਾ ਹੈ, ਨਾ ਕਿ ਇਨ੍ਹਾਂ ਵਿੱਚੋਂ ਕਿਸੇ-ਕਿਸੇ ਨੂੰ ਹਰੀ ਮੰਨ ਲੈਣਾ ਹੈ ਤੇ ਕਿਸੇ ਨਾਲ਼ ਵਿਤਕਰਾ ਜਾਂ ਨਫ਼ਰਤ ਕਰਨ ਲੱਗਣਾ ਹੈ। ਕਿਸੇ ਖ਼ਾਸ ਬੰਦੇ ਜਾਂ ਮੂਰਤੀ ਨੂੰ ਹਰੀ ਮੰਨਣਾ; ਭਰਮ ਗ੍ਰਸਤ ਹੋਣਾ ਹੈ, ਜੋ ਸੱਚ (ਸੂਖਮ ਮਰਮ) ਤੋਂ ਤੋੜਦਾ ਹੈ।

ਗੁਰਬਾਣੀ ਅਨੁਸਾਰ ਮਾਇਆ ਬੜੀ ਬਲਵਾਨ ਹੈ। ਇਸ ਦਾ ਪ੍ਰਭਾਵ (ਯਾਨੀ ਸਖ਼ਤ ਪਰਦਾ) ਹੀ ਧਰਮ ਦਾ ਮੂਲ-ਭਾਵ ਜਾਣਨ ਨਹੀਂ ਦਿੰਦਾ। ਇਹ ਪਰਦਾ ਹੀ ਮਨ ਦਾ ਭਰਮ ਹੈ, ਕੂੜ ਦੀ ਪਾਲਿ/ਕੰਧ ਹੈ। ਮਰਮ; ਜਿੱਥੇ ਸ਼ਰਧਾਵਾਨ ਦੀ ਸੁਰਤਿ ਨੂੰ ਉੱਚਾ ਚੁੱਕਦਾ ਹੈ ਤੇ ਓਥੇ ਭਰਮ, ਮਨਮੁਖ ਦੀ ਸੁਰਤਿ ਨੂੰ ਹੇਠਾਂ, ਸਮਾਜਿਕ ਪੱਧਰ ਵੱਲ ਖਿੱਚਦਾ ਹੈ। ਰਵਿਦਾਸ ਜੀ ਦੇ ਬੋਲ ਹਨ, ‘‘ਮਾਧਵੇ  ! ਕਿਆ ਕਹੀਐ ਭ੍ਰਮੁ ਐਸਾ   ਜੈਸਾ ਮਾਨੀਐ; ਹੋਇ ਤੈਸਾ ਰਹਾਉ ’’ (ਭਗਤ ਰਵਿਦਾਸ/੬੫੮) ਭਾਵ ਹੇ ਮਾਇਆ ਦੇ ਪਤੀ (ਭਾਵ ਭਰਮ ਤੋਂ ਮੁਕਤ ਹਰੀ !) ਕਿਵੇਂ ਬਿਆਨ ਕਰੀਏ; ਭਰਮ ਐਸਾ ਹਨ੍ਹੇਰਾ ਹੈ ਕਿ ਇਸ ਅੰਦਰ ਭਟਕਿਆ ਬੰਦਾ; ਜੈਸਾ (ਸੰਸਾਰ ਨੂੰ) ਸਮਝਦਾ ਹੈ; ਅਸਲ ’ਚ ਉਹ ਵੈਸਾ (ਸਦਾ ਥਿਰ) ਨਹੀਂ ਹੈ।

ਜੇਕਰ ਕੈਂਸਰ ਦੇ ਮਰੀਜ਼ ਨੂੰ ਡਾਕਟਰ ਸਲਾਹ ਦੇਵੇ ਕਿ ਜਲਦੀ ਇਲਾਜ ਕਰਵਾ ਵਰਨਾ ਜਾਨ ਜਾ ਸਕਦੀ ਹੈ। ਭਰਮ ਗ੍ਰਸਤ ਕੋਈ ਬੰਦਾ ਉਸ ਨੂੰ ਕਹਿ ਦੇਵੇ ਕਿ ਡਾਕਟਰ ਪੈਸੇ ਕਮਾਉਣ ਲਈ ਅਕਸਰ ਐਸਾ ਹੀ ਬੋਲਦੇ ਹਨ; ਘਬਰਾਉਣ ਦੀ ਲੋੜ ਨਹੀਂ ਤਾਂ ਮਰੀਜ਼ ਦੀ ਮੌਤ ਪੱਕੀ ਹੈ। ਐਸੇ ਹੀ ਭਰਮ; ਸਦਾ ਸੱਚ ਨਾਲ਼ੋਂ ਤੋੜਦਾ ਹੈ। ਸੱਚ ਤੋਂ ਟੁੱਟੇ ਲੋਕ; (ਮਰਮ ਨਾਲ਼ ਸਬੰਧਿਤ ਵਿਸ਼ਿਆਂ ਪ੍ਰਤੀ ਸ਼ਰਧਾ ਨਾ ਹੋਣ ਕਾਰਨ) ਆਪਣਾ ਕੀਮਤੀ ਜਨਮ ਅਜਾਈਂ ਗਵਾ ਲੈਂਦੇ ਹਨ। ਭਰਮ ਮੁਕਤ ਹੋ ਕੇ ਹੀ ਧਰਮ ਕਮਾਅ ਹੁੰਦਾ ਹੈ। ਗੁਰਬਾਣੀ ਅੰਦਰ ‘ਮਰਮ’ ਦੇ ਅਰਥਾਂ ਲਈ ਕਿਤੇ ਕਿਤੇ ‘ਭੇਦ’ ਜਾਂ ‘ਭੇਤ’ ਸ਼ਬਦ ਭੀ ਆਇਆ ਹੈ; ਜਿਵੇਂ ਕਿ

  1. ਗੁਰ ਗੋਵਿੰਦੁ, ਗੁੋਵਿੰਦੁ ਗੁਰੂ ਹੈ; ਨਾਨਕ ! ਭੇਦੁ ਭਾਈ (ਮਹਲਾ /੪੪੨)
  2. ਕਲਿ ਮੈ ਮੁਕਤਿ ਨਾਮ ਤੇ ਪਾਵਤ; ਗੁਰੁ ਯਹ ਭੇਦੁ ਬਤਾਵੈ (ਮਹਲਾ /੮੩੧)
  3. ਮਾਰਗ ਪਾਏ ਉਦਿਆਨ (ਜੰਗਲ਼) ਮਹਿ; ਗੁਰਿ (ਨੇ) ਦਸੇ ਭੇਤ (ਮਹਲਾ /੮੧੦)

ਉਕਤ ਪਹਿਲੇ ਵਾਕ ’ਚ ‘ਭੇਦ’ ਦਾ ਅਰਥ ਹੈ ‘ਅੰਤਰ’ (ਫ਼ਰਕ, ਵਖਰੇਵਾਂ) ਜਦਕਿ ਦੂਜੇ ਤੇ ਤੀਜੇ ਵਾਕ ’ਚ ‘ਭੇਦ/ਭੇਤ’ ਦਾ ਅਰਥ ਹੈ ‘ਮਰਮ’। ਗੁਰਬਾਣੀ ’ਚ ਜ਼ਿਆਦਾਤਰ ਇਨ੍ਹਾਂ ਦੋਵਾਂ (ਮਰਮ-ਭਰਮ) ਦੀ ਹੀ ਤੁਲਨਾਤਮਿਕ ਵਿਚਾਰ ਹੈ। ਨਿਰਾਕਾਰ, ਉਸ ਦਾ ਹੁਕਮ, ਉਸ ਦੀ ਦਇਆ ਦਿਲੀ (ਮਿਹਰ, ਨਦਰਿ, ਦਾਤ), ਗੁਰੂ ਜੋਤਿ, ਨਾਮ-ਅੰਮ੍ਰਿਤ ਤੇ ਆਤਮ-ਪ੍ਰਕਾਸ਼ ਬਾਰੇ ਸੰਕੇਤਿਕ ਸ਼ਬਦ ਹਨ ‘ਮਰਮ, ਭੇਦ, ਭੇਤ’ ਜਦਕਿ ‘ਭਰਮ’ ਦੇ ਅਰਥਾਂ ’ਚ ‘ਦੂਜੈ ਭਾਇ, ਦੁਬਿਧਾ, ਮਾਇਆ, ਪੰਜ ਕਾਮਾਦਿਕ-ਵਿਕਾਰ, ਕਰਮਕਾਂਡ’, ਆਦਿਕ ਸ਼ਬਦ ਭੀ ਹਨ। ਗੁਰਬਾਣੀ ’ਚ ਜਿੱਥੇ ‘ਨਾਮ’; 9 ਰੂਪਾਂ ’ਚ ਤਕਰੀਬਨ 5150 ਵਾਰ ਹੈ; ਓਥੇ ‘ਭਰਮ’ ਸ਼ਬਦ ਭੀ 98 ਰੂਪਾਂ ’ਚ ਸੈਂਕੜੇ ਵਾਰ ਹੈ। ਗੁਰੂ ਸਾਹਿਬਾਨ ਦੁਆਰਾ ਰਚਿਆ ‘ਦੂਜੈ ਭਾਇ’ ਸੰਯੁਕਤ ਸ਼ਬਦ; ਨਵਾਂ, ਆਧੁਨਿਕ ਤੇ ਨਿਵੇਕਲਾ ਹੈ। ਇਸ ਦਾ ਅਰਥ ਹੈ ‘(ਰੱਬ ਤੋਂ ਬਿਨਾਂ) ਹੋਰ ਨਾਲ਼ ਪਿਆਰ ਪਾਉਣ ਨਾਲ਼’। ਗੁਰਬਾਣੀ ’ਚ ਇਹ 151 ਵਾਰ ਹੈ। ਇਨ੍ਹਾਂ ’ਚੋਂ ਗੁਰੂ ਨਾਨਕ ਸਾਹਿਬ ਨੇ 10 ਵਾਰ, ਗੁਰੂ ਅਮਰਦਾਸ ਜੀ ਨੇ 126 ਵਾਰ, ਗੁਰੂ ਰਾਮਦਾਸ ਜੀ ਨੇ 14 ਵਾਰ ਤੇ ਗੁਰੂ ਅਰਜਨ ਸਾਹਿਬ ਨੇ 1 ਵਾਰ ਵਰਤਿਆ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਗੁਰੂ ਅਮਰਦਾਸ ਜੀ; ਜ਼ਿੰਦਗੀ ਦਾ ਬਹੁਤਾ ਸਮਾਂ ਭਰਮ ’ਚ ਤੀਰਥ ਇਸ਼ਨਾਨ ਕਰਦੇ ਰਹੇ ਸਨ ਤਾਹੀਓਂ ਆਪ ਨੇ ਇਸ ਨੂੰ ਜ਼ਿਆਦਾ ਵਾਰ ਆਪਣੀ ਬਾਣੀ ’ਚ ਵਰਤਿਆ। ਸੋ ਧਰਮੀ ਬਣਨ ਲਈ ‘ਮਰਮ’ (ਸੱਚ) ਤੇ ‘ਭਰਮ’ (ਝੂਠ) ਦਾ ਫ਼ਰਕ ਜਾਣਨਾ ਅਤਿ ਜ਼ਰੂਰੀ ਹੈ; ਜਿਵੇਂ ਕਿ ਕੁਝ ਕੁ ਮਿਸਾਲ ਹਨ :

(1). ਕਿਸੇ ਦੇ ਘਰ ’ਚ ਮੌਤ ਹੋਣ ’ਤੇ ਬ੍ਰਾਹਮਣ ਅਨੁਸਾਰ ਪਾਤਕ (ਬ੍ਰਾਹਮਣ ਦੇ ਘਰ 10 ਦਿਨ ਅਸ਼ੁੱਭ, ਖੱਤਰੀ ਦੇ ਘਰ 12 ਦਿਨ, ਵੈਸ਼ ਦੇ ਘਰ 15 ਦਿਨ ਤੇ ਸ਼ੂਦਰ ਦੇ ਘਰ 30 ਦਿਨ ਅਸ਼ੁੱਭ ਹੋਣਾ) ਅਤੇ ਬੱਚਾ ਪੈਦਾ ਹੋਣ ’ਤੇ ਸੂਤਕ (ਬ੍ਰਾਹਮਣ ਦੇ ਘਰ 12 ਦਿਨ, ਖੱਤਰੀ ਦੇ ਘਰ 13 ਦਿਨ, ਵੈਸ਼ ਦੇ ਘਰ 17 ਦਿਨ ਤੇ ਸ਼ੂਦਰ ਦੇ ਘਰ 30 ਦਿਨ ਅਸ਼ੁੱਭ ਹੋਣਾ) ਮੰਨਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਇਸ ਝੂਠ ਨੂੰ ਇਉਂ ਨੰਗਾ ਕੀਤਾ, ਰੱਦ ਕੀਤਾ, ‘‘ਸਭੋ ਸੂਤਕੁ ਭਰਮੁ ਹੈ; ਦੂਜੈ ਲਗੈ ਜਾਇ ਜੰਮਣੁ ਮਰਣਾ ਹੁਕਮੁ ਹੈ; ਭਾਣੈ ਆਵੈ ਜਾਇ   ਖਾਣਾ ਪੀਣਾ ਪਵਿਤ੍ਰੁ ਹੈ; ਦਿਤੋਨੁ ਰਿਜਕੁ ਸੰਬਾਹਿ   ਨਾਨਕ  ! ਜਿਨ੍ਹੀ ਗੁਰਮੁਖਿ ਬੁਝਿਆ; ਤਿਨ੍ਹਾ ਸੂਤਕੁ ਨਾਹਿ ’’ (ਮਹਲਾ /੪੭੨) ਭਾਵ ਸੂਤਕ-ਪਾਤਕ ਇੱਕ ਭਰਮ ਹੈ। ਇਸ ਨਾਲ਼ ਬੰਦਾ (ਸੱਚ ਦੀ ਥਾਂ) ਹੋਰ ਪਾਸੇ (ਭਾਵ ਹਨ੍ਹੇਰੇ ’ਚ) ਜ਼ਿੰਦਗੀ ਭੋਗਦਾ ਹੈ। ਜਨਮ ਹੋਣਾ ਤੇ ਮਰਨਾ ਤਾਂ ਪ੍ਰਭੂ ਦਾ ਹੁਕਮ ਹੈ [ਤਾਂ ਤੇ ਭਰਮੀ ਬੰਦਾ; ਹੁਕਮ (ਪੂਰਨ ਸੱਚ) ਨੂੰ ਮੰਨਣ ਤੋਂ ਇਨਕਾਰੀ ਹੁੰਦਾ ਹੈ]। ਜਿਨ੍ਹਾਂ ਨੇ ਗੁਰੂ ਰਾਹੀਂ ਇਹ ਹੁਕਮ ਬੁੱਝ ਲਿਆ, ਉਨ੍ਹਾਂ ਅੰਦਰ ਇਹ ਭਰਮ ਨਹੀਂ ਹੁੰਦਾ, ਨਹੀਂ ਰਹਿੰਦਾ।

(2). ਬ੍ਰਾਹਮਣ; ਇੱਕ ਮੂਰਤੀ (ਪੱਥਰ) ਨੂੰ ਪੂਜਦਾ ਹੈ ਤੇ ਦੂਜੇ ਪੱਥਰ (ਮੰਦਿਰ ’ਚ ਹੇਠਾਂ ਲੱਗੇ ਫ਼ਰਸ਼ ’ਤੇ) ਪੈਰ ਧਰਦਾ ਹੈ ਭਾਵੇਂ ਕਿ ਦੋਵੇਂ ਬੇਜਾਨ ਹੀ ਹੁੰਦੇ ਹਨ। ਜੇਕਰ ਮੂਰਤੀ; ਦੇਵਤਾ (ਭਾਵ ਪ੍ਰਾਣ ਪ੍ਰਤਿਸ਼ਠਾ ਨਾਲ਼ ਜੀਵਤ ਹੋਇਆ ਦੇਵਤਾ) ਹੈ ਤਾਂ ਮੰਦਿਰ ’ਚ ਲੱਗਿਆ ਫ਼ਰਸ਼ ਭੀ ਦੇਵਤਾ (ਜੀਵਤ ਹੋਇਆ) ਹੈ, ‘‘ਏਕੈ ਪਾਥਰ ਕੀਜੈ ਭਾਉ ਦੂਜੈ ਪਾਥਰ ਧਰੀਐ ਪਾਉ   ਜੇ ਓਹੁ ਦੇਉ; ਓਹੁ ਭੀ ਦੇਵਾ   ਕਹਿ ਨਾਮਦੇਉ; ਹਮ ਹਰਿ ਕੀ ਸੇਵਾ (ਭਗਤ ਨਾਮਦੇਵ/੫੨੫) ਨਾਮਦੇਵ ਤਾਂ (ਐਸੇ ਭਰਮ/ਝੂਠ ’ਚ ਪੈਣ ਦੀ ਥਾਂ) ਹਰੀ ਦੀ ਬੰਦਗੀ ਕਰਦਾ ਹੈ, ਸੱਚ ਨਾਲ਼ ਜੁੜਨਾ ਪਸੰਦ ਕਰਦਾ ਹੈ।

ਇਸ ਭਰਮ ਬਾਰੇ ਕਬੀਰ ਜੀ ਦੇ ਭੀ ਬੋਲ ਹਨ, ‘‘ਪਾਤੀ ਤੋਰੈ ਮਾਲਿਨੀ; ਪਾਤੀ ਪਾਤੀ ਜੀਉ   ਜਿਸੁ ਪਾਹਨ ਕਉ ਪਾਤੀ ਤੋਰੈ; ਸੋ ਪਾਹਨ ਨਿਰਜੀਉ ’’ (ਭਗਤ ਕਬੀਰ/੪੭੯) ਭਾਵ (ਮੂਰਤੀ ’ਤੇ ਚੜਾਉਣ ਲਈ) ਮਾਲਣ (ਦਰਖ਼ਤ ਦੇ) ਪੱਤੇ (ਫੁੱਲ, ਫਲ਼) ਤੋੜਦੀ ਹੈ, ਜਿਨ੍ਹਾਂ ’ਚ ਜਾਨ ਹੈ, ਪਰ ਜਿਸ ਮੂਰਤੀ ਵਾਸਤੇ ਤੋੜਦੀ ਹੈ; ਉਹ ਬੇਜਾਨ ਹੈ। ਗੁਰੂ ਰਾਮਦਾਸ ਜੀ ਦੇ ਭੀ ਬਚਨ ਹਨ, ‘‘ਭਰਮਿ (ਕਾਰਨ) ਭੂਲੇ ਅਗਿਆਨੀ ਅੰਧੁਲੇ; ਭ੍ਰਮਿ+ਭ੍ਰਮਿ (ਕੇ) ਫੂਲ ਤੋਰਾਵੈ ਨਿਰਜੀਉ ਪੂਜਹਿ, ਮੜਾ ਸਰੇਵਹਿ; ਸਭ ਬਿਰਥੀ ਘਾਲ ਗਵਾਵੈ ’’ (ਮਹਲਾ /੧੨੬੪) ਭਾਵ ਭਰਮ ਕਾਰਨ ਕੁਰਾਹੇ ਪਏ ਅਗਿਆਨੀ ਅਕਲਹੀਣ ਲੋਕ; ਭਟਕ-ਭਟਕ ਕੇ ਫੁੱਲ (ਪੱਤੇ) ਤੋੜਦੇ ਹਨ ਤੇ ਉਨ੍ਹਾਂ ਨਾਲ਼ ਬੇਜਾਨ (ਮੂਰਤੀ ਤੇ) ਸਮਾਧਾਂ ਪੂਜਦੇ ਹਨ। ਸੋ ਇਨ੍ਹਾਂ ਸਾਰੇ ਵਾਕਾਂ ਦਾ ਇਹੀ ਭਾਵ ਹੈ ਕਿ ‘‘ਮੂਲੁ ਛੋਡਿ, ਡਾਲੀ ਲਗੇ; ਕਿਆ ਪਾਵਹਿ ਛਾਈ  ?’’ (ਮਹਲਾ /੪੨੦)

(3). ਹਿੰਦੂ ਲੋਕ 68 ਤੀਰਥਾਂ ’ਤੇ ਇਸ ਭਰਮ ’ਚ ਆਪਣੇ ਸਰੀਰ ਨੂੰ ਇਸ਼ਨਾਨ ਕਰਾਉਣ ਜਾਂਦੇ ਹਨ ਕਿ ਇਸ ਨਾਲ਼ ਮਨ ਸਾਫ਼ ਹੁੰਦਾ ਹੈ, ਪਾਪਾਂ ਦੀ ਮੈਲ਼ ਧੋ ਹੁੰਦੀ ਹੈ। ਗੁਰੂ ਨਾਨਕ ਸਾਹਿਬ ਨੇ ਇਸ ਭਰਮ ਬਾਰੇ ਕਿਹਾ ਹੈ, ‘‘ਅਠਸਠਿ ਤੀਰਥ ਭਰਮਿ (’) ਵਿਗੂਚਹਿ; ਕਿਉ ਮਲੁ ਧੋਪੈ ਪਾਪੈ  ?’’ (ਮਹਲਾ /੧੦੧੩) ਭਾਵ ਭਰਮ ’ਚ ਗ੍ਰਸਤ ਲੋਕ; 68 ਤੀਰਥਾਂ ’ਤੇ ਨ੍ਹਾਉਂਦੇ ਹਨ ਤੇ ਖ਼ੱਜਲ਼-ਖ਼ੁਆਰ ਹੁੰਦੇ ਹਨ। (ਸਰੀਰ ਨੂੰ ਧੋਣ ਨਾਲ਼ ਮਨ ਦੇ) ਪਾਪਾਂ ਦੀ ਮੈਲ਼ ਕਿਵੇਂ ਧੋਤੀ ਜਾ ਸਕਦੀ ਹੈ ?

ਜਿਆਦਾਤਰ ਪ੍ਰਾਚੀਨ ਧਾਰਮਿਕ ਰਹੁ-ਰੀਤਾਂ; ਬੰਦੇ ਅੰਦਰ ਇਸ ਮਨੌਤ ਕਾਰਨ ਭਰਮ ਪੈਦਾ ਕਰਦੀਆਂ ਹਨ ਕਿ ਧਰਮ ਦਾ ਸਬੰਧ ਸਰੀਰ ਨਾਲ਼ ਹੈ, ਸਰੀਰਕ ਪਵਿੱਤਰਤਾ ਨਾਲ਼ ਹੈ ਜਦਕਿ ਬਾਣੀਕਾਰਾਂ ਨੇ ਧਰਮ ਦਾ ਸਬੰਧ; ਸਰੀਰ ਦੀ ਥਾਂ ਮਨ ਨਾਲ਼ ਦੱਸਿਆ ਹੈ, ‘‘ਨਾਵਣ ਚਲੇ ਤੀਰਥੀ; ਮਨਿ+ਖੋਟੈ (ਕਾਰਨ) ਤਨਿ (’) ਚੋਰ   ਇਕੁ ਭਾਉ ਲਥੀ ਨਾਤਿਆ; ਦੁਇ ਭਾ ਚੜੀਅਸੁ ਹੋਰ   ਬਾਹਰਿ ਧੋਤੀ ਤੂਮੜੀ; ਅੰਦਰਿ ਵਿਸੁ ਨਿਕੋਰ   ਸਾਧ ਭਲੇ ਅਣਨਾਤਿਆ; ਚੋਰ ਸਿ ਚੋਰਾ ਚੋਰ ’’ (ਮਹਲਾ /੭੮੯) ਭਾਵ ਮਨ ’ਚ ਪਾਪ-ਵਾਸ਼ਨਾ ਭਰੀ ਹੋਣ ਕਾਰਨ ਲੋਕ ਤੀਰਥਾਂ ’ਤੇ ਇਸ਼ਨਾਨ ਕਰਨ ਜਾਂਦੇ ਹਨ (ਤਾਂ ਕਿ ਇਹ ਲਹਿ ਜਾਵੇ)। ਜੇਕਰ ਇਸ ਤਰ੍ਹਾਂ ਇੱਕ ਹਿੱਸਾ ਸਰੀਰਕ ਮੈਲ਼ ਲਹਿ ਭੀ ਜਾਏ ਤਾਂ ਭੀ ਦੋ ਹਿੱਸੇ ਹੋਰ (ਕਿ ਮੈ ਤੀਰਥ ਇਸ਼ਨਾਨ ਕਰ ਆਇਆ) ਮਨ ਨੂੰ ਮੈਲ਼ ਚੜ੍ਹ ਜਾਂਦੀ ਹੈ। ਕੌੜ-ਤੂੰਬੀ ਨੂੰ ਪਾਣੀ ਨਾਲ਼ ਕਿੰਨਾ ਭੀ ਧੋ ਲਈਏ; ਉਸ ਅੰਦਰੋਂ ਕੁੜੱਤਣ ਨਹੀਂ ਜਾਂਦੀ। ਵਾਸ਼ਨਾਵਾਂ ਨੂੰ ਖ਼ਤਮ ਕਰਨ ਨਾਲ਼ ਹੀ ਮਨ ਪਵਿੱਤਰ ਹੁੰਦਾ ਹੈ। ਵਾਸ਼ਨਾਵਾਂ ਮੁਕਤ ਭਗਤ, ਬਿਨਾਂ ਸਰੀਰ ਧੋਤੇ ਭੀ ਪਵਿੱਤਰ ਹੁੰਦੇ ਹਨ ਜਦਕਿ ਚੋਰ; 68 ਤੀਰਥਾਂ ’ਤੇ ਇਸ਼ਨਾਨ ਕਰਕੇ ਭੀ ਚੋਰ ਹੀ ਬਣੇ ਰਹਿੰਦੇ ਹਨ। ਐਸੇ ਹੀ ਬਚਨ ਕਬੀਰ ਜੀ ਦੇ ਹਨ, ‘‘ਲਉਕੀ ਅਠਸਠਿ ਤੀਰਥ ਨ੍ਹਾਈ   ਕਉਰਾਪਨੁ ਤਊ ਜਾਈ ’’ (ਭਗਤ ਕਬੀਰ/੬੫੬) ਭਾਵ ਲੌਕੀ (ਅੱਲ/ਘੀਅ) ਨੂੰ 68 ਤੀਰਥ ਇਸਨਾਨ ਕਰਾ ਲਈਏ ਤਾਂ ਭੀ ਅੰਦਰੋਂ ਕੁੜੱਤਣ ਨਹੀਂ ਜਾਂਦੀ।

ਗੁਰਬਾਣੀ ’ਚ ਜਿੱਥੇ ਪੂਰਨ ਸੱਚ ਨੂੰ ਉਜਾਗਰ ਤੇ ਸਪਸ਼ਟ ਕਰ ਪ੍ਰਾਚੀਨ ਮੱਤਾਂ ਦੇ ਮੁਕਾਬਲੇ ਧਰਮ ਦੀ ਵਿਸ਼ਾਲ ਲਕੀਰ ਖਿੱਚੀ ਹੈ; ਓਥੇ ਉਨ੍ਹਾਂ ’ਚ ਰਹੀਆਂ ਗ਼ਲਤੀਆਂ (ਭਰਮ) ਨੂੰ ਭੀ ਤੱਥਾਂ-ਦਲੀਲਾਂ ਨਾਲ਼ ਨੰਗਾ (ਖ਼ਤਮ) ਕੀਤਾ ਹੈ। ਭਰਮੀ ਬੰਦਾ; ਨੀਵੇਂ ਪਾਸੇ ਡਿੱਗਦੇ ਪਾਣੀ ਵਾਙ ਸਦਾ ਸਰੀਰ ਨਾਲ਼ ਜੁੜੇ ਕਾਰਜਾਂ ਨੂੰ ਹੀ ਅਸਲ ਧਾਰਮਿਕ ਰਹੁ-ਰੀਤਾਂ ਮੰਨਦਾ ਹੈ ਕਿਉਂਕਿ (ਗੁਰੂ ਧਾਰਨ ਕਰਨ ਤੋਂ ਬਿਨਾਂ) ਅੰਦਰੂਨੀ ਵਾਸ਼ਨਾਵਾਂ ਨਾਲ਼ ਲੜਨ ਵਾਲ਼ਾ ਅੰਦਰ ਬਲ ਨਹੀਂ ਹੁੰਦਾ। ਉਕਤ ਨੰਬਰ 1 ’ਚ ਸੂਤਕ-ਪਾਤਕ ਭਰਮ ਦਾ ਸਬੰਧ ਭੀ ਸਰੀਰ ਦੇ ਜਨਮ-ਮਰਨ ਨਾਲ਼ ਹੈ। ਨੰਬਰ 2 ’ਚ ਦੇਵਤਿਆਂ ਦੀ ਮੂਰਤੀ ਨੂੰ ਪੂਜਣਾ ਭੀ ਨਾਸ਼ਵਾਨ ਸਰੀਰ ਦੀ ਪੂਜਾ ਹੈ। ਨੰਬਰ 3 ’ਚ ਤੀਰਥ-ਇਸ਼ਨਾਨ ਭੀ ਸਰੀਰਕ ਕਰਮ ਹੈ। ਇਸੇ ਤਰ੍ਹਾਂ ਜਾਤ-ਪਾਤ, ਵਰਣ ਆਸ਼ਰਮ, ਔਰਤ-ਮਰਦ ਵਿਤਕਰਾ, ਸੁੰਨਤ, ਦਾੜੀ ਰੱਖਣੀ ਤੇ ਮੁੱਛ ਕੱਟਣੀ ਜਾਂ ਮੁੱਛ ਰੱਖਣੀ ਤੇ ਦਾੜੀ ਕੱਟਣੀ, ਟੋਪੀ ਪਹਿਨਣੀ ਜਾਂ ਤਿਲਕ ਲਗਾਉਣਾ, ਆਦਿਕ ਸਰੀਰਕ ਕਰਮ ਹੀ ਹਨ। ਇਤਿਹਾਸ ਗਵਾਹ ਹੈ ਕਿ ਇਨ੍ਹਾਂ ਬਾਹਰੀ ਚਿੰਨ੍ਹਾ ਕਾਰਨ ਹੀ ਦੁਨੀਆ ’ਚ ਧਰਮ ਦੇ ਨਾਂ ’ਤੇ ਸਿਆਸਤ ਤੇ ਫਿਰਕੂ ਦੰਗੇ ਹੁੰਦੇ ਆਏ ਹਨ। ਜੇਕਰ ਧਰਮ ਦਾ ਸਬੰਧ ਸਰੀਰ ਨਾਲ਼ ਜੋੜ ਕੇ ਖ਼ਾਸ ਸਰੀਰ ਨੂੰ ਮਹਾਨ ਬਣਾਉਣ ਦੀ ਥਾਂ; ਮਨ ਦੀ ਸ਼ੁੱਧਤਾ ਨਾਲ਼ ਹੁੰਦਾ ਤਾਂ ਨਰਮ-ਦਿਲ ਹੋਣ ਕਾਰਨ ਆਪਸੀ ਪਿਆਰ ਵਧਦਾ ਤੇ ਸਮਾਜਿਕ ਰਿਸ਼ਤੇ ਮਜ਼ਬੂਤ ਹੁੰਦੇ। ਅਸਲ ’ਚ ਬ੍ਰਾਹਮਣ ਦੀ ਸੋਚ ਦਾ ਆਧਾਰ ਹੀ ਆਕਾਰ ਪੂਜਾ ਤੇ ਸਮਾਜਿਕ ਭਿੰਨ-ਭੇਦ ਨੂੰ ਕਾਇਮ ਰੱਖਣਾ ਹੈ, ਜਿਸ ਨੂੰ ਧਰਮ ਦਾ ਨਾਂ ਦਿੱਤਾ ਗਿਆ ਜਦਕਿ ਜ਼ਿੰਦਗੀ ’ਚ ਸਫਲ ਹੋਣਾ; ਮਨ ਦੀ ਸਾਧਨਾ ਹੈ, ‘‘ਮਮਾ; ਮਨ ਸਿਉ ਕਾਜੁ ਹੈ, ਮਨ ਸਾਧੇ ਸਿਧਿ ਹੋਇ (ਭਗਤ ਕਬੀਰ/੩੪੨), ਮਨਿ+ਮੈਲੈ (ਨਾਲ਼) ਸਭੁ ਕਿਛੁ ਮੈਲਾ; ਤਨਿ+ਧੋਤੈ (ਨਾਲ਼) ਮਨੁ ਹਛਾ ਹੋਇ   ਇਹ ਜਗਤੁ ਭਰਮਿ (’) ਭੁਲਾਇਆ; ਵਿਰਲਾ ਬੂਝੈ ਕੋਇ ’’ (ਮਹਲਾ /੫੫੮) ਯਾਨੀ ਮੈਲ਼ੇ ਮਨ ਨਾਲ਼ ਸਭ ਕੁਝ (ਭਾਵ ਸਰੀਰ, ਬੋਲ-ਚਾਲ, ਸੋਚ ਤੇ ਕੰਮ) ਮੈਲ਼ਾ ਹੁੰਦਾ ਹੈ। ਤਨ ਧੋਣ ਨਾਲ਼ ਮਨ ਨਿਰਮਲ ਨਹੀਂ ਹੁੰਦਾ। ਇਹ ਰਾਜ਼; ਕੋਈ ਵਿਰਲਾ ਹੀ ਜਾਣ ਪਾਉਂਦਾ ਹੈ। ਜੋ ਇਹ ਜਾਣ ਗਿਆ, ਅਸਲ ’ਚ ਉਹੀ ਭੇਤੀ ਹੈ, ਮਰਮੀ ਹੈ, ‘‘ਮਰਮੀ ਹੋਇ; ਸੁ ਮਨ ਕਉ ਜਾਨੈ ’’ (ਭਗਤ ਕਬੀਰ/੩੪੨) ਯਾਨੀ ਸੂਖਮ ਕਰਤਾਰ ਨੂੰ ਜਾਣਨ ਵਾਲ਼ਾ ਹੀ ਆਪਣੀਆਂ ਵਾਸ਼ਨਾਵਾਂ ’ਤੇ ਜਿੱਤ ਹਾਸਲ ਕਰ ਪਾਉਂਦਾ ਹੈ।

ਧਰਮ ਦੇ ਨਾਂ ’ਤੇ ਹੁੰਦੇ ਸਰੀਰਕ ਕਰਮ; ਨਿਰਾ ਭਰਮ ਹਨ। ਇਹ ਮਨ ਨੂੰ ਪਵਿੱਤਰ ਨਹੀਂ ਕਰ ਸਕਦੇ। ਇਹ ਭਰਮ; ਸਹੀ ਮਾਰਗ ’ਤੇ ਚੱਲਣ ਵਾਲ਼ਿਆਂ ਨੂੰ ਭਰਮਤ ਨਾ ਕਰਨ, ਇਸ ਲਈ ਗੁਰਬਾਣੀ ’ਚ ਇਨ੍ਹਾਂ ਨੂੰ ਨਿਰਮੂਲ ਸਿੱਧ ਕੀਤਾ ਹੈ। ਮਨੁੱਖ ਜਾਤੀ ਅੰਦਰ ਅਕਸਰ ਬਹੁਤੀ ਚੇਤਨਾ ਨਾ ਹੋਣ ਕਾਰਨ ਉਨ੍ਹਾਂ ਨੂੰ ਭਰਮ ’ਚੋਂ ਕੱਢਣਾ ਮੁਸ਼ਕਲ ਹੈ ਤੇ ਇਸ ਵਿੱਚ ਫਸਾਉਣਾ ਅਸਾਨ ਹੈ। ਮਨੁੱਖ ਦੀ ਇਸ ਕਮਜ਼ੋਰੀ ਦਾ ਬ੍ਰਾਹਮਣ ਨੇ ਖ਼ੂਬ ਲਾਹਾ ਖੱਟਿਆ। ਬ੍ਰਾਹਮਣ ਨੇ ਭਰਮ ਤੇ ਕਲਪਿਤ ਸਾਖੀਆਂ ਨੂੰ ਹੀ ਧਰਮ (ਅਸਲ ਸੱਚ) ਕਿਹਾ। ਜਿਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਭਾਵੇਂ ਕਿ ਉਨ੍ਹਾਂ ਨੇ ਸੱਚ ਹੀ ਕਿਹਾ ਸੀ; ਬ੍ਰਾਹਮਣਾਂ ਨੇ ਉਨ੍ਹਾਂ ਨਾਲ਼ ਦਿਲੋਂ ਧਰੋਹ/ਦਗ਼ਾ ਕੀਤਾ, ਪਰ ਅਫ਼ਸੋਸ ਕਿ ਭਰਮ ਤੋਂ ਮੁਕਤ ਹੋਣ ਦਾ ਦਾਅਵਾ ਕਰਨ ਵਾਲ਼ੇ ਡੇਰੇਦਾਰ ਭੀ ਬ੍ਰਾਹਮਣ ਦੀ ਸੋਚ ਦੇ ਵਧੇਰੇ ਨੇੜੇ ਰਹਿੰਦੇ ਹਨ ਤਾਹੀਓਂ ਬ੍ਰਾਹਮਣ ਦੀ ਤਰ੍ਹਾਂ ਇਹ ਭੀ ਔਰਤ ਨੂੰ (ਮਾਹਵਾਰੀ ਆਉਣ ਕਾਰਨ) ਸਰੀਰਕ ਪੱਖੋਂ ਅਪਵਿੱਤਰ ਮੰਨਦੇ ਹਨ। ਉਸ ਨੂੰ ਦਰਬਾਰ ਸਾਹਿਬ ’ਚ ਕੀਰਤਨ ਕਰਨ ਤੇ ਪੰਜ ਪਿਆਰਿਆਂ ’ਚ ਸ਼ਾਮਲ ਕਰਨ ਦੇ ਘੋਰ ਵਿਰੋਧੀ ਹਨ।

ਬਾਣੀਕਾਰਾਂ ਦੁਆਰਾ ਭਰਮ ਦਾ ਖੰਡਨ ਕਰਨ ਲਈ ਕੀਤੇ ਜਾਇਜ਼ ਤਰਕਾਂ ਨੂੰ ਆਧਾਰ ਬਣਾ ਕੁੱਝ ਸਿੱਖ; ਗੁਰਬਾਣੀ ਨੂੰ ਅਜੋਕਾ ਵਿਗਿਆਨਿਕ ਧਰਮ ਸਿੱਧ ਕਰਦੇ-ਕਰਦੇ ਕੁਦਰਤ ਦੇ ਪਿੱਛੇ ਕਾਰਜਸ਼ੀਲ ਗੁਪਤ ਸ਼ਕਤੀ ਨੂੰ ਭੀ ਮੰਨਣ ਤੋਂ ਇਨਕਾਰੀ ਹਨ। ਇਹ ਭੀ ਇੱਕ ਭਰਮ ਹੀ ਹੈ। ਬ੍ਰਾਹਮਣ; ਜਿੱਥੇ ਆਕਾਰ ਪੂਜਾ ਨੂੰ ਸਹੀ ਸਾਬਤ ਕਰਨ ਲਈ ਅਦ੍ਰਿਸ਼ ਨਿਰਾਕਾਰ ਦੀ ਹੋਂਦ ਅਤੇ ਉਸ ਦੇ ਹੁਕਮ ਨੂੰ ਮੰਨਣ ਤੋਂ ਇਨਕਾਰੀ ਹੈ; ਓਥੇ ਵਿਗਿਆਨ ਦੇ ਪੂਜਾਰੀ ਸਿੱਖ ਭੀ ਬ੍ਰਾਹਮਣ ਦੀ ਤਰ੍ਹਾਂ ਧਰਮ ਦੇ ਸੂਖਮ (ਮੂਲ-ਭਾਵ) ਤੋਂ ਟੁੱਟੇ ਹੋਏ ਹਨ ਜਦਕਿ ਇਹੀ, ਗੁਰਮਤਿ ਦਾ ਸਾਰ ਹੈ, ਅਸਲ ਵਿਲੱਖਣਤਾ ਹੈ। ਐਸੇ ਹੀ ਕੁੱਝ ਕਾਰਨ ਕਰਕੇ ਗੁਰੂਆਂ ਦੇ ਨਾਂ ’ਤੇ ਵੱਸਦੇ ਰੰਗਲੇ ਪੰਜਾਬ ’ਚ ਨਸ਼ੇ, ਪਤਿਤਪੁਣਾ, ਗੈਂਗਵਾਰ, ਆਤਮ ਹੱਤਿਆਵਾਂ ਦਾ ਵਹਾਅ ਤੇਜ਼ ਹੈ ਕਿਉਂਕਿ ਧਰਮ ਦੀ ਸੋਝੀ ਨਹੀਂ। ਇਸ ਦਾ ਦੋਸ਼; ਅਸਲ ਸਿੱਖ ਪ੍ਰਚਾਰਕ ਨੂੰ ਭੀ ਲੈਣਾ ਪੈਣਾ ਹੈ।

‘ਮਨ’ ਦਾ ਆਮ ਪ੍ਰਚਿਲਤ ਅਰਥ ਹੈ ‘ਸੰਕਲਪ ਤੇ ਵਿਕਲਪ ਦਾ ਸੁਮੇਲ’। ‘ਸੰਕਲਪ’ ਤੋਂ ਭਾਵ ‘ਨਵੇਂ ਵਿਚਾਰ ਪੈਦਾ ਹੋਣੇ’ ਤੇ ‘ਵਿਕਲਪ’ ਤੋਂ ਭਾਵ ‘ਉਨ੍ਹਾਂ ਵਿਚਾਰਾਂ ’ਤੇ ਦ੍ਰਿੜ੍ਹ ਨਾ ਰਹਿਣ ਦੇਣਾ ਯਾਨੀ ਭਰਮ। ਇਸ ਮਨ ਬਾਰੇ ਗੁਰੂ ਨਾਨਕ ਸਾਹਿਬ ਦੇ ਬਚਨ ਹਨ, ‘‘ਇਹੁ ਮਨੁ ਕਰਮਾ; ਇਹੁ ਮਨੁ ਧਰਮਾ   ਇਹੁ ਮਨੁ; ਪੰਚ ਤਤੁ ਤੇ ਜਨਮਾ ਸਾਕਤੁ ਲੋਭੀ; ਇਹੁ ਮਨੁ ਮੂੜਾ   ਗੁਰਮੁਖਿ ਨਾਮੁ ਜਪੈ; ਮਨੁ ਰੂੜਾ ’’ (ਮਹਲਾ /੪੧੫) ਭਾਵ ਐਸਾ ਮਨ; ਪੰਜ ਤੱਤਾਂ ਵਾਲ਼ੇ ਸਰੀਰ ਨਾਲ਼ ਉਪਜਦਾ ਹੈ। ਚੰਗੇ-ਮੰਦੇ ਕੰਮ ਕਰਦਾ ਹੋਇਆ ਨੇਮ ਨਿਬਾਹੁਦਾ ਹੈ। ਮਾਇਆਧਾਰੀ ਬਣ ਕੇ ਇਹ ਮਨ ਲਾਲਚੀ ਤੇ ਮੂਰਖ ਹੋ ਜਾਂਦਾ ਹੈ। ਜਦ ਗੁਰੂ ਦੀ ਰਾਹੀਂ ਨਾਮ ਜਪਦਾ ਹੈ ਤਾਂ ਸੁੰਦਰ (ਪਵਿੱਤਰ) ਹੋ ਜਾਂਦਾ ਹੈ। ਸੋ ਇਹ ਮਨ; ਜਨਮ ਲੈਣ ਸਮੇਂ ਤੋਂ ਉਪਜਣ ਕਾਰਨ ਬੰਦੇ ਦੇ ਨਾਵਾਂ ’ਚ ‘ਮ’ ਤੇ ‘ਨ’ ਅੱਖਰ (ਮਨੁੱਖ, ਮਾਨਵ, ਮੈਨ, ਆਦਿ) ਹੁੰਦੇ ਹਨ।

ਗੁਰਮਤਿ ਅਨੁਸਾਰ ਅਸਲ ਮਨ; ਅੰਤਹਿਕਰਣ ਹੈ, ਜਿਸ ’ਤੇ ਮੰਦੇ ਕਰਮਾਂ ਦੀ ਮੈਲ਼ ਚੜ੍ਹੀ ਹੁੰਦੀ ਹੈ, ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ.. ’’ (ਮਹਲਾ /੬੫੧) ਇਸ ਮੈਲ਼ ਨੂੰ ‘ਜਪੁ’ ਜੀ ਦੀ ਪਹਿਲੀ ਪਉੜੀ ’ਚ ਕੂੜੈ ਪਾਲਿਤੇ ਲਿਖਿਆ ਨਾਲਿ ਕਿਹਾ ਹੈ। ਅੰਤਹਿਕਰਣ; ਉਹ ਅੰਦਰੂਨੀ ਇੰਦ੍ਰੀ ਹੈ, ਜਿਸ ਦੀ ਮੈਲ਼-ਪਰਛਾਈ ਰਹਿ ਕੇ ਬਾਹਰੀ ਚਾਰ ਇੰਦ੍ਰੀਆਂ (ਸੁਰਤਿ, ਮਤਿ, ਮਨਿ, ਬੁਧਿ) ਕੰਮ ਕਰਦੀਆਂ ਹਨ। ਅੰਤਹਿਕਰਣ ਦੀ ਮੈਲ਼ ਉਤਰਨ ਨਾਲ਼ ਪਾਰਦਰਸ਼ੀ ਹੋਇਆ ਅੰਤਹਿਕਰਣ ਹੀ ਬਾਹਰੀ ਚਾਰੋਂ ਇੰਦ੍ਰੀਆਂ ਨੂੰ ਘੜਨਾ ਹੈ, ‘‘ਤਿਥੈ ਘੜੀਐ; ਸੁਰਤਿ, ਮਤਿ, ਮਨਿ, ਬੁਧਿ ..੩੬’’ (ਜਪੁ) ਕਿਉਂਕਿ ਪਾਰਦਰਸ਼ੀ ਹੋਏ ਅੰਤਹਿਕਰਣ ਰਾਹੀਂ ਅੰਦਰ ਵੱਸਦਾ ਇਲਾਹੀ ਨੂਰ (ਜੋਤਿ, ਰੂਹ, ਜਿੰਦ, ਆਤਮ-ਪ੍ਰਕਾਸ਼, ਨਾਮ-ਅੰਮ੍ਰਿਤ); ਬਾਹਰੀ ਚਾਰੋਂ ਇੰਦ੍ਰੀਆਂ ਤੱਕ ਹੂ-ਬਹੂ ਪਹੁੰਚ ਜਾਂਦਾ ਹੈ। ਇਹੀ ਹੈ ‘ਰੱਬ ਦਾ ਦਰਸ਼ਨ, ਮੁਕਤੀ ਅਤੇ ਪ੍ਰਮਾਤਮਾ ਵਾਙ ਸਭ ਨੂੰ ਇਕ ਸਮਾਨ ਵੇਖਣ ਵਾਲ਼ੀ ਦ੍ਰਿਸ਼ਟੀ’।

ਬਾਣੀਕਾਰਾਂ ਦੇ ਪਾਰਦਰਸ਼ੀ ਅੰਤਹਿਕਰਣ ਰਾਹੀਂ ਉਪਜਿਆ ਆਤਮ-ਪ੍ਰਕਾਸ਼ ਹੀ ਪੂਰਨ ਸੱਚ (ਅਸਲ ਧਰਮ) ਹੈ ਤਾਹੀਓਂ ਇਸ ਦਾ ਸਬੰਧ ਭੀ ਸਿੱਖ ਦੇ ਮਲ਼ੀਨ ਅੰਤਹਿਕਰਣ ਨੂੰ ਸਾਫ਼ ਕਰਨ ਨਾਲ਼ ਹੈ। ਸਾਰਿਆਂ ਅੰਦਰਲਾ ਆਤਮ-ਪ੍ਰਕਾਸ਼ ਹੀ ਅਕਾਲ ਪੁਰਖ ਦੀ ਸਰਬ ਵਿਆਪਕ ਹੋਂਦ ਹੈ। ਰਵਿਦਾਸ ਜੀ ਦੇ ਬਚਨ ਹਨ ਕਿ ਹਰੀ; ਸਾਰਿਆਂ ਅੰਦਰ ਆਪ ਹੀ ਆਪ ਹੈ। ਸਾਡੇ ਹੱਥਾਂ ਤੋਂ ਭੀ ਨੇੜੇ ਹੈ। ਉਹ ਜੋ ਭੀ ਕਰਨਾ ਚਾਹੁੰਦਾ ਹੈ; ਓਹੀ ਜਗਤ ’ਚ ਹੁੰਦਾ ਹੈ, ‘‘ਸਰਬੇ ਏਕੁ ਅਨੇਕੈ ਸੁਆਮੀ; ਸਭ ਘਟ ਭੁੋਗਵੈ ਸੋਈ ਕਹਿ ਰਵਿਦਾਸ  ! ਹਾਥ ਪੈ ਨੇਰੈ; ਸਹਜੇ ਹੋਇ, ਸੁ ਹੋਈ ’’ (ਭਗਤ ਰਵਿਦਾਸ/੬੫੮) ਜੇਕਰ ਕੋਈ ਹਮਲਾ ਕਰੇ ਤਾਂ ਸਭ ਤੋਂ ਪਹਿਲਾਂ ਬਚਾਅ ਲਈ ਬੰਦੇ ਦੇ ਹੱਥ ਉੱਠਦੇ ਹਨ। ਪ੍ਰਮਾਤਮਾ; ਹੱਥਾਂ ਤੋਂ ਭੀ ਨੇੜੇ ਰਹਿ ਕੇ ਭਗਤਾਂ ਦੀ ਮਦਦ ਕਰਦਾ ਹੈ, ਪਰ ਇਹ ਭਰੋਸਾ ਕੇਵਲ ਗੁਰਮੁਖਾਂ ਨੂੰ ਹੁੰਦਾ ਹੈ। ਮਨਮੁਖ ਤਾਂ ਭਰਮ (ਹਨ੍ਹੇਰ) ’ਚ ਭਟਕ ਰਹੇ ਹੁੰਦੇ ਹਨ, ‘‘ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉਧੁਰਿ (ਤੋਂ) ਤੂ ਰਖਦਾ ਆਇਆ   ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ! ਹਰਣਾਖਸੁ ਮਾਰਿ ਪਚਾਇਆ   ਗੁਰਮੁਖਾ ਨੋ ਪਰਤੀਤਿ (ਯਕੀਨ) ਹੈ ਹਰਿ ਜੀਉ ! ਮਨਮੁਖ ਭਰਮਿ (’) ਭੁਲਾਇਆ ’’ (ਮਹਲਾ /੬੩੭) ਐਸਾ ਹੀ ਹੁਕਮਨਾਮਾ; ਬਾਬਾ ਬੁੱਢਾ ਜੀ ਨੇ ‘ਆਦਿ ਗ੍ਰੰਥ’ ਸਾਹਿਬ ਜੀ ਦਾ ਪਹਿਲੀ ਵਾਰ ੧੭ ਭਾਦੋਂ ਸੰਮਤ ੧੭੬੩ (16 ਅਗਸਤ 1604) ਨੂੰ ਲਿਆ, ਜਦੋਂ ਸਾਮ੍ਹਣੇ ਗੁਰੂ ਅਰਜਨ ਸਾਹਿਬ ਜੀ ਬੈਠੇ ਹੋਏ ਸਨ, ‘‘ਸੰਤਾ ਕੇ ਕਾਰਜਿ (’) ਆਪਿ ਖਲੋਇਆ; ਹਰਿ ਕੰਮੁ ਕਰਾਵਣਿ ਆਇਆ ਰਾਮ ਧਰਤਿ ਸੁਹਾਵੀ, ਤਾਲੁ ਸੁਹਾਵਾ; ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ’’ (ਮਹਲਾ /੭੮੩) ਗੁਰੂ ਅਰਜਨ ਸਾਹਿਬ ਜੀ ਨੇ ਹੀ ਕਿਹਾ ਹੈ ਕਿ ਸਤਿ ਪੁਰਸ਼ਾਂ ਨੂੰ ਹਰੀ ਆਪ ਧਰਤੀ ’ਤੇ ਭੇਜਦਾ ਹੈ ਤਾਂ ਕਿ ਉਹ, ਲੋਕਾਂ ਨੂੰ ਦੱਸਣ ਕਿ ਪ੍ਰਭੂ; ਤੁਹਾਡੇ ਅਤੇ ਸਾਡੇ ਤੋਂ ਦੂਰ ਨਹੀਂ ਹਨ। ਜਿਨ੍ਹਾਂ ਨੂੰ ਇਹ ਸਮਝ ਲੱਗ ਗਈ, ਉਨ੍ਹਾਂ ਅੰਦਰੋਂ ਭਰਮ ਮਿਟ ਗਏ ਕਿਉਂਕਿ ਉਹ, ਸਰਬ ਵਿਆਪਕ ਰਾਮ ਦਾ ਸਿਮਰਨ ਕਰਨ ਲੱਗ ਪਏ, ‘‘ਸਾਧ ਪਠਾਏ ਆਪਿ ਹਰਿ; ਹਮ ਤੁਮ ਤੇ ਨਾਹੀ ਦੂਰਿ   ਨਾਨਕ  ! ਭ੍ਰਮ ਭੈ ਮਿਟਿ ਗਏ; ਰਮਣ ਰਾਮ ਭਰਪੂਰਿ ’’ (ਰੁਤੀ/ਮਹਲਾ /੯੨੯) ਭਗਤ ਕਬੀਰ ਜੀ ਨੇ ਭੀ ਕਿਹਾ ਕਿ ‘‘ਲੋਗਾ  ! ਭਰਮਿ ਭੂਲਹੁ ਭਾਈ   ਖਾਲਿਕੁ ਖਲਕ, ਖਲਕ ਮਹਿ ਖਾਲਿਕੁ; ਪੂਰਿ ਰਹਿਓ ਸ੍ਰਬ ਠਾਂਈ ਰਹਾਉ ’’ (ਭਗਤ ਕਬੀਰ/੧੩੫੦) ਭਾਵ ਹੇ ਲੋਕੋ ! ਕਿਸੇ ਭਰਮ ’ਚ ਨਾ ਪਏ ਰਹਿਓ। ਮਾਲਕ ਸਾਰੀ ਖ਼ਲਕਤ ਨੂੰ ਪੈਦਾ ਕਰਨ ਵਾਲ਼ਾ ਹੈ ਤੇ ਸਾਰੀ ਖ਼ਲਕਤ ’ਚ ਮੌਜੂਦ ਹੈ, ਹਰ ਥਾਂ ਵਿਆਪਕ ਹੈ (ਉਸ ਦਾ ਸਿਮਰਨ ਕਰੋ)।

ਅੱਜ ਹਰ ਪਾਸਿਓਂ ਸੁਣਨ ਨੂੰ ਮਿਲਦਾ ਹੈ ਕਿ ਹਰੀ, ਅੱਲ੍ਹਾ, ਰਾਮ, ਪ੍ਰਭੂ; ਸਾਡੇ ਸਾਰਿਆਂ ਦੇ ਅੰਦਰ ਹੈ, ਪਰ ਕੀ ਉਸ ਦੀ ਮੌਜੂਦਗੀ ਦਾ ਕਿਸੇ ਨੂੰ ਅਹਿਸਾਸ ਹੈ, ਡਰ ਹੈ ? ਜਵਾਬ ਹੈ : ਨਹੀਂ। ਜੇਕਰ ਡਰ ਹੁੰਦਾ ਤਾਂ ਹਰ ਪਾਸੇ ਪਾਪ ਨਾ ਹੁੰਦਾ, ‘‘ਨਿਕਟਿ ਬੁਝੈ; ਸੋ ਬੁਰਾ ਕਿਉ ਕਰੈ ਬਿਖੁ ਸੰਚੈ; ਨਿਤ ਡਰਤਾ ਫਿਰੈ ਹੈ ਨਿਕਟੇ ਅਰੁ ਭੇਦੁ ਪਾਇਆ ਬਿਨੁ ਸਤਿਗੁਰ ਸਭ ਮੋਹੀ ਮਾਇਆ ’’ (ਮਹਲਾ /੧੧੩੯) ਭਾਵ ਜੋ (ਗੁਰੂ ਦੀ ਰਾਹੀਂ) ਰੱਬ ਨੂੰ ਨੇੜੇ ਜਾਣਦਾ ਹੈ। ਉਹ ਕਿਸੇ ਦਾ ਬੁਰਾ ਨਹੀਂ ਕਰਦਾ, ਪਰ ਜੋ ਨੇੜੇ ਨਹੀਂ ਸਮਝਦਾ; ਉਹ ਮਾਇਆ ਜੋੜਦਾ ਹੈ ਤੇ ਉਸ ਨੂੰ ਕੋਈ ਖੋਹ ਨਾ ਲਵੇ, ਹਰ ਸਮੇਂ ਡਰਦਾ ਫਿਰਦਾ ਹੈ। ਪ੍ਰਮਾਤਮਾ ਨੇੜੇ ਜ਼ਰੂਰ ਹੈ, ਪਰ ਗੁਰੂ ਤੋਂ ਬਿਨਾਂ ਉਸ ਨੂੰ ਜਾਣਿਆ ਨਹੀਂ ਜਾ ਸਕਦਾ ਕਿਉਂਕਿ ਹਰ ਕੋਈ ਭਰਮ (ਮਾਇਆ) ’ਚ ਅੰਨ੍ਹਾ ਹੈ। ਇਸ ਬਾਰੇ ਗੁਰੂ ਅਰਜਨ ਸਾਹਿਬ ਦੇ ਬਚਨ ਹਨ, ‘‘ਨਿਕਟਿ ਸੁਨਉ, ਅਰੁ ਪੇਖਉ ਨਾਹੀ; ਭਰਮਿ+ਭਰਮਿ (ਕਾਰਨ) ਦੁਖ ਭਰੀਆ ’’ (ਮਹਲਾ /੧੨੦੯) ਭਾਵ ਉਹ ਨੇੜੇ ਹੈ, ਪਰ ਭਰਮ ਦਾ ਪਰਦਾ ਬਣਿਆ ਹੋਣ ਕਾਰਨ ਲੋਕ ਦੁਖੀ ਹਨ। ਗੁਰੂ ਹੀ ਭਰਮ ਤੋਂ ਮੁਕਤ ਕਰਦਾ ਹੈ, ‘‘ਨੇੜੈ ਨੇੜੈ ਸਭੁ ਕੋ ਕਹੈ ਗੁਰਮੁਖਿ ਭੇਦੁ; ਵਿਰਲਾ ਕੋ ਲਹੈ ਰਹਾਉ ’’ (ਮਹਲਾ /੧੧੩੯)

ਜਿਹੜਾ ਹਰੀ, ਅੱਲ੍ਹਾ, ਅਕਾਲ ਪੁਰਖ; ਕਣ-ਕਣ ’ਚ ਹੈ, ਉਹ ਸਭ ਨੂੰ ਆਪਣੇ ਹੁਕਮ ’ਚ ਨਾ ਚਲਾਵੇ; ਐਸਾ ਨਹੀਂ ਹੋ ਸਕਦਾ ਤਾਹੀਓਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਰੰਭਤਾ ’ਚ ਪਹਿਲਾਂ ‘ਹੁਕਮ’ ਨੂੰ ਵਿਚਾਰਿਆ ਹੈ, ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ   ਨਾਨਕ  ! ਹੁਕਮੈ ਜੇ ਬੁਝੈ; ਹਉਮੈ ਕਹੈ ਕੋਇ ’’ ਯਾਨੀ ਜੋ ਸਮਝ ਲੈਂਦਾ ਹੈ ਕਿ ਮੈ ਹੁਕਮ ’ਚ ਹਾਂ; ਉਹ ਅਹੰਕਾਰ ਨਹੀਂ ਕਰਦਾ। ਸਵਾਲ : ਕਾਹਦਾ ਅਹੰਕਾਰ ? ਜਵਾਬ : ਐਸਾ ਅਹੰਕਾਰ ਕਿ ਆਹ ਮੈ ਕੀਤਾ, ਔਹ ਮੈ ਕੀਤਾ ਕਿਉਂਕਿ ਸਭ ਕੁੱਝ ਕਰਾਉਣ ਵਾਲ਼ਾ ਮਾਲਕ; ਸਮਝ ’ਚ ਆ ਗਿਆ। ਜਿਸ ਦੇ ਹੁਕਮ ’ਚ ਹਰ ਕੋਈ ਹੈ।  25ਵੀਂ ਪਉੜੀ ’ਚ ਭੀ ਕਿਹਾ ਕਿ ਅਹੰਕਾਰ-ਬੰਧਨ ਤੋਂ ਮੁਕਤ; ਮੈ ਹੁਕਮ (ਭਾਣੇ) ’ਚ ਹਾਂ, ਇਹ ਸਮਝ ਕੇ ਹੀ ਹੋਈਦਾ ਹੈ। ਹੋਰ ਸਾਧਨ; ਕੋਈ ਭੀ ਬੰਦਾ ਨਹੀਂ ਦੱਸ ਸਕਦਾ। ਜੇਕਰ ਕੋਈ ਮੂਰਖ ਦੱਸਦਾ ਹੈ ਤਾਂ ਉਹ ਅਹੰਕਾਰ ਮੁਕਤ ਨਹੀਂ ਹੁੰਦਾ ਸਗੋਂ ਅਹੰਕਾਰ ਕਾਰਨ ਜੁੱਤੀਆਂ ਖਾਂਦਾ ਹੈ, ਬੇਪੱਤੀ ਸਹਾਰਦਾ ਹੈ, ‘‘ਬੰਦਿ ਖਲਾਸੀ ਭਾਣੈ (’) ਹੋਇ ਹੋਰੁ; ਆਖਿ ਸਕੈ ਕੋਇ ਜੇ ਕੋ ਖਾਇਕੁ; ਆਖਣਿ ਪਾਇ ਓਹੁ ਜਾਣੈ; ਜੇਤੀਆ ਮੁਹਿ (’ਤੇ) ਖਾਇ ..੨੫’’ (ਜਪੁ), ਹੁਕਮ ਦੀ ਇਹ ਵਿਚਾਰ ‘ਜਪੁ’ ਜੀ ਦੇ ਅੰਤ ਤੱਕ ਸਚਖੰਡ (37ਵੀਂ ਪਉੜੀ) ’ਚ ਭੀ ਹੈ, ‘‘ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ..੩੭’’ ਭਾਵ ਜਿਵੇਂ ਜਿਵੇਂ ਉਸ ਦਾ ਹੁਕਮ ਹੁੰਦਾ ਹੈ; ਉਸੇ ਤਰ੍ਹਾਂ ਜੀਵ-ਜੰਤ ਕੰਮ ਕਰਦੇ ਹਨ। ਇਸ ਹੁਕਮ ਨੂੰ ਸਮਝ ਕੇ ਹੀ ਮਾਲਕ ਦਾ ਭੇਤ (ਰਾਜ਼) ਜਾਣੀਦਾ ਹੈ, ‘‘ਕਹੁ ਨਾਨਕ  ! ਜਿਨਿ ਹੁਕਮੁ ਪਛਾਤਾ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ ’’ (ਮਹਲਾ /੮੮੫) ਭਾਵ ਮਾਲਕ ਦਾ ਹੁਕਮ ਭਾਵੇਂ ਹਰ ਥਾਂ ਵਾਪਰ ਰਿਹਾ ਹੈ, ਪਰ ਜਿਸ ਵਿਰਲੇ ਨੇ ਸਮਝਿਆ ਕਿ ਮੈ ਭੀ ਹੁਕਮ ’ਚ ਹਾਂ; ਉਸ ਨੇ ਹੀ ਮਾਲਕ ਪ੍ਰਭੂ ਦਾ ਮਰਮ ਜਾਣਿਆ ਹੈ। ਉਹ, ਮਾਲਕ ਦੇ ਡਰ-ਅਦਬ ’ਚ ਰਹਿਣ ਲੱਗ ਜਾਂਦਾ ਹੈ। ਐਸੇ ਹੀ ਬਚਨ; ਗੁਰੂ ਅਮਰਦਾਸ ਸਾਹਿਬ ਜੀ ਦੇ ਹਨ, ‘‘ਬਾਬਾ  ! ਤੂੰ ਐਸੇ ਭਰਮੁ ਚੁਕਾਹੀ   ਜੋ ਕਿਛੁ ਕਰਤੁ ਹੈ, ਸੋਈ ਕੋਈ ਹੈ ਰੇ  ! ਤੈਸੇ ਜਾਇ ਸਮਾਹੀ ਰਹਾਉ ’’ (ਮਹਲਾ /੧੬੨) ਭਾਵ ਹੇ ਭਾਈ ! ਤੂੰ ਐਸਾ ਜਾਣ ਕੇ ਹੀ ਆਪਣਾ ਭਰਮ ਮਿਟਾ ਸਕਦਾ ਹੈਂ ਕਿ ਮਾਲਕ-ਪ੍ਰਭੂ; ਜਿਸ ਤਰ੍ਹਾਂ ਜੀਵ ਨੂੰ ਬਣਾਉਂਦਾ ਹੈ; ਜੀਵ ਵੈਸਾ ਹੀ ਬਣਦਾ ਹੈ। ਵੈਸੇ ਹੀ ਕੰਮ-ਕਾਰਾਂ ’ਚ ਜੀਵ ਰੁੱਝੇ ਰਹਿੰਦੇ ਹਨ ਕਿਉਂਕਿ ਇੱਦਾਂ ਸਮਝਣ ਨਾਲ਼ ਹਰ ਕੋਈ ਆਪਣੇ ਕੰਮ ਦਾ ਮਹੱਤਵ ਆਪਣੇ ’ਤੇ ਨਹੀਂ ਲੈਂਦਾ ਸਗੋਂ ਜਿਸ ਦੇ ਹੁਕਮ ’ਚ ਹੈ, ਉਸ ਨੂੰ ਮਾਣ ਦਿੰਦਾ ਹੈ। ਉਸ ਦੀ ਮਹਿਮਾ ਗਾਉਣ ਲੱਗਦਾ ਹੈ।

ਜਦ ਨੌਕਰ ਆਪਣੇ ਮਾਲਕ ਦਾ ਹੁਕਮ ਸਮਝ ਗਿਆ ਤਾਂ ਉਸ ਨੂੰ ਅੰਗ-ਸੰਗ ਮਹਿਸੂਸ ਭੀ ਕਰਦਾ ਹੈ। ਉਸ ਦੇ ਗੁਣ ਭੀ ਗਾਉਂਦਾ ਹੈ। ਉਸ ਦਾ ਨਾਮ ਜਪਦਾ ਹੈ; ਨਹੀਂ ਤਾਂ ਹੁਕਮ ਨੂੰ ਸਮਝਣਾ ਕਾਹਦੇ ਲਈ ਭਾਵ ਹੁਕਮ ਨੂੰ ਸਮਝਣ ਦਾ ਕੀ ਲਾਭ  ?

ਜਦ ਪ੍ਰਭੂ ਸਾਰਿਆਂ ਦੇ ਅੰਦਰ ਹੈ ਤਾਂ ਉਸ ਦੇ ਗੁਣ ਭੀ ਸਾਰਿਆਂ ਅੰਦਰ ਹੋਣੇ ਚਾਹੀਦੇ ਹਨ। ਉਸ ਦਾ ਨਾਮ ਭੀ ਸਭ ਦੇ ਅੰਦਰ ਹੈ; ਜਿਵੇਂ ਕਿ ਬਚਨ ਹਨ, ‘‘ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ   ਦੇਹੀ ਮਹਿ; ਇਸ ਕਾ ਬਿਸ੍ਰਾਮੁ ’’ (ਸੁਖਮਨੀ/ਮਹਲਾ /੨੯੩) ਭਾਵ ਪ੍ਰਭੂ ਦਾ ਅਮਰ ਕਰਨ ਵਾਲ਼ਾ ਨਾਮ, ਜੋ ਜਗਤ ਦੇ 9 ਖ਼ਜ਼ਾਨਿਆਂ ਸਮਾਨ ਹੈ; ਹਰ ਸਰੀਰ ਅੰਦਰ ਮੌਜੂਦ ਹੈ।

[ਨੋਟ : ਕੁਬੇਰ ਦੇ 9 ਖਜ਼ਾਨੇ/ਨਿਧੀਆਂ ਹਨ : ਪਦਮ (ਸੋਨਾ, ਚਾਂਦੀ), ਮਹਾਂ ਪਦਮ (ਹੀਰੇ, ਜਵਾਹਰਰਾਤ), ਸ਼ੰਖ (ਸੁੰਦਰ ਭੋਜਨ ਤੇ ਕੱਪੜੇ), ਮਕਰ (ਸ਼ਸਤਰ ਵਿਦਿਆ ਦੀ ਪ੍ਰਾਪਤੀ ਤੇ ਰਾਜ ਦਰਬਾਰ ’ਚ ਮਾਣ), ਕੱਛਪ (ਕੱਪੜੇ, ਦਾਣੇ ਦਾ ਵਪਾਰ), ਕੁੰਦ (ਸੋਨੇ ਦਾ ਵਪਾਰ), ਨੀਲ (ਮੋਤੀ ਤੇ ਮੂੰਗੇ ਦਾ ਵਪਾਰ), ਮੁਕੁੰਦ (ਰਾਗ ਆਦਿ ਕੋਮਲ ਹੁਨਰਾਂ ਦੀ ਪ੍ਰਾਪਤੀ) ਤੇ ਵਰਚ ਜਾਂ ਖਰਬ (ਮਿਸ਼ਰਣ, ਚਲਾਕ, ਸਭ ਨਾਲ਼ ਮਿਲ ਜਾਣ ਵਾਲ਼ਾ)।]

ਗੁਰੂ ਨਾਨਕ ਸਾਹਿਬ ਜੀ; ਰੱਬ ਦੇ ਨਾਮ ਨੂੰ ਹੀ ਅੰਮ੍ਰਿਤ ਮੰਨਦੇ ਹਨ, ਜੋ ਹਰ ਬੰਦੇ ਅੰਦਰ ਹੈ, ‘‘ਮਨ ਰੇ  ! ਥਿਰੁ ਰਹੁ; ਮਤੁ ਕਤ ਜਾਹੀ ਜੀਉ   ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ; ਘਰਿ ਅੰਮ੍ਰਿਤੁ ਘਟ ਮਾਹੀ ਜੀਉ ਰਹਾਉ ’’ (ਮਹਲਾ /੫੯੮) ਗੁਰੂ ਅਮਰਦਾਸ ਜੀ ਭੀ ਇਹੀ ਕਹਿੰਦੇ ਹਨ, ‘‘ਘਟ ਅੰਤਰਿ ਅੰਮ੍ਰਿਤੁ ਰਖਿਓਨੁ; ਗੁਰਮੁਖਿ ਕਿਸੈ ਪਿਆਈ ’’ (ਮਹਲਾ /੯੫੧) ਭਾਵ ਹਰ ਹਿਰਦੇ ਅੰਦਰ ਅੰਮ੍ਰਿਤ ਨਾਮ ਉਸ (ਪ੍ਰਭੂ) ਨੇ ਰੱਖਿਆ ਹੈ। ਜਿਸ ਨੂੰ ਚਾਹੇ, ਉਸੇ ਨੂੰ ਪਿਲਾਉਂਦਾ ਹੈ। ਭਗਤ ਕਬੀਰ ਜੀ ਦੇ ਬਚਨ ਹਨ, ‘‘ਜੇਤੇ ਘਟ, ਅੰਮ੍ਰਿਤੁ ਸਭ ਹੀ ਮਹਿ; ਭਾਵੈ ਤਿਸਹਿ ਪੀਆਈ ’’ (ਭਗਤ ਕਬੀਰ/੧੧੨੩) ਗੁਰੂ ਅੰਗਦ ਸਾਹਿਬ ਜੀ ਦੇ ਬਚਨ ਹਨ ਕਿ ਨਾਮ-ਅੰਮ੍ਰਿਤ ਇੱਕੋ ਹੈ ਤੇ ਉਹ, ਸਾਰਿਆਂ ਦੇ ਅੰਦਰ ਹੈ, ‘‘ਨਾਨਕ  ! ਅੰਮ੍ਰਿਤੁ ਏਕੁ ਹੈ; ਦੂਜਾ ਅੰਮ੍ਰਿਤੁ ਨਾਹਿ   ਨਾਨਕ ! ਅੰਮ੍ਰਿਤੁ ਮਨੈ ਮਾਹਿ; ਪਾਈਐ ਗੁਰ ਪਰਸਾਦਿ ’’ (ਮਹਲਾ /੧੨੩੮) ਸੋ ਜਿਸ ਤਰ੍ਹਾਂ ਧਰਤੀ ਅੰਦਰ ਹਰ ਥਾਂ ਪਾਣੀ ਭਰਪੂਰ ਹੈ; ਉਸੇ ਤਰ੍ਹਾਂ ਨਾਮ-ਅੰਮ੍ਰਿਤ ਸਾਰਿਆਂ ਜੀਵ-ਜੰਤਾਂ ਦੇ ਅੰਦਰ ਹੈ। ਸਵਾਲ : ਫਿਰ ਅੰਮ੍ਰਿਤ ਜਲ; ਪੰਜ ਪਿਆਰਿਆਂ ਰਾਹੀਂ ਕਿਉਂ ਛਕਾਇਆ ਜਾਂਦਾ ਹੈ ? ਜਵਾਬ : ਜਿਸ ਤਰ੍ਹਾਂ ਨਲਕਾ ਜਾਂ ਬੋਰ ਲਗਾ ਕੇ ਉਸ ਵਿੱਚ ਪਹਿਲਾਂ ਉੱਪਰੋਂ ਥੋੜ੍ਹਾ ਪਾਣੀ ਪਾਈਦਾ ਹੈ ਤਾਂ ਕਿ ਅੰਦਰਲਾ ਪਾਣੀ ਬਾਹਰ ਕੱਢਿਆ ਜਾ ਸਕੇ। ਇਸ ਬਾਰੇ ਐਸਾ ਭੀ ਕਿਹਾ ਕਿ ਧਰਤੀ ਅੰਦਰ ਭਰਪੂਰ ਪਾਣੀ ਹੈ, ਫਿਰ ਭੀ ਬੱਦਲਾਂ ਰਾਹੀਂ ਵਰਖਾ ਕੀਤੀ ਜਾਂਦੀ ਹੈ, ‘‘ਜੈਸੀ ਧਰਤੀ ਊਪਰਿ ਮੇਘੁਲਾ ਬਰਸਤੁ ਹੈ; ਕਿਆ ਧਰਤੀ ਮਧੇ ਪਾਣੀ ਨਾਹੀ  ?’’ (ਮਹਲਾ /੧੬੨), ਵੈਸੇ ਹੀ ਪਹਿਲਾਂ ਅੰਮ੍ਰਿਤ ਛਕਾਈਦਾ ਹੈ ਤਾਂ ਕਿ ਨਿਤਨੇਮ ਰਾਹੀਂ ਨਾਮ-ਅੰਮ੍ਰਿਤ ਨੂੰ ਆਪਣੇ ਅੰਦਰੋਂ ਨਿੱਤ ਕੱਢਣ ਦਾ ਅਭਿਆਸ ਕੀਤਾ ਜਾ ਸਕੇ। ਇਹ ਅੰਮ੍ਰਿਤ-ਨਾਮ ਹੀ ਆਤਮ-ਪ੍ਰਕਾਸ਼ ਹੈ, ਇਲਾਹੀ ਜੋਤਿ ਹੈ, ਰੂਹ ਹੈ, ਜਿੰਦ ਹੈ, ਕਰਤਾਰ ਦੀ ਅੰਸ਼ ਹੈ, ‘‘ਕਹੁ ਕਬੀਰ ਇਹੁ ਰਾਮ ਕੀ ਅੰਸੁ’’ (ਭਗਤ ਕਬੀਰ/੮੭੧) ‘ਅੰਸ਼’ ਤੋਂ ਭਾਵ ਰੱਬ ਦਾ ਹਿੱਸਾ, ਭਾਗ, ਹੋਂਦ, ਗੁਣ, ਨਾਮ-ਅੰਮ੍ਰਿਤ। ਪਾਰਦਰਸ਼ੀ ਹੋਏ ਅੰਤਹਿਕਰਣ ਰਾਹੀਂ ਕਰਤਾਰ ਦੀ ਇਸ ਹੋਂਦ (ਨਾਮ-ਅੰਮ੍ਰਿਤ) ਦਾ ਸੁਰਤਿ ਨੂੰ ਹੂ-ਬਹੂ ਅਹਿਸਾਸ ਹੁੰਦਾ ਹੈ। ਇਹੀ ਰੱਬ ਦਾ ਮਿਲਾਪ ਹੈ। ਆਵਾਗਮਣ ਤੋਂ ਮੁਕਤੀ ਹੈ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਦੀਆਂ ਤੋਂ ਇਹ ਸਚਾਈ ਪ੍ਰਗਟ ਕਿਉਂ ਨਾ ਹੋਈ ? ਇਸ ਦਾ ਜਵਾਬ; ਭਗਤ ਕਬੀਰ ਜੀ ਦਿੰਦੇ ਹਨ, ‘‘ਜੋਗੀ; ਗੋਰਖੁ ਗੋਰਖੁ ਕਰੈ ਹਿੰਦੂ; ਰਾਮ ਨਾਮੁ ਉਚਰੈ ਮੁਸਲਮਾਨ ਕਾ ਏਕੁ ਖੁਦਾਇ ਕਬੀਰ ਕਾ ਸੁਆਮੀ ਰਹਿਆ ਸਮਾਇ ’’ (ਭਗਤ ਕਬੀਰ/੧੧੬੦) ਭਗਤ ਨਾਮਦੇਵ ਜੀ ਕਹਿੰਦੇ ਹਨ, ‘‘ਹਿੰਦੂ ਪੂਜੈ ਦੇਹੁਰਾ; ਮੁਸਲਮਾਣੁ ਮਸੀਤਿ ਨਾਮੇ ਸੋਈ ਸੇਵਿਆ; ਜਹ ਦੇਹੁਰਾ ਮਸੀਤਿ ’’ (ਭਗਤ ਨਾਮਦੇਵ/੮੭੫) ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ, ‘‘ਕਾਦੀ; ਕੂੜੁ ਬੋਲਿ ਮਲੁ ਖਾਇ ਬ੍ਰਾਹਮਣੁ ਨ੍ਹਾਵੈ; ਜੀਆ ਘਾਇ ਜੋਗੀ; ਜੁਗਤਿ ਜਾਣੈ ਅੰਧੁ ਤੀਨੇ; ਓਜਾੜੇ ਕਾ ਬੰਧੁ ’’ (ਮਹਲਾ /੬੬੨) ਗੁਰੂ ਅਮਰਦਾਸ ਜੀ ਦੇ ਬਚਨ ਹਨ, ‘‘ਬ੍ਰਹਮਾ ਬਿਸਨੁ ਮਹੇਸੁ ਤ੍ਰੈ ਮੂਰਤਿ; ਤ੍ਰਿਗੁਣਿ ਭਰਮਿ (’) ਭੁਲਾਈ ’’ (ਮਹਲਾ /੯੦੯) ਇਨ੍ਹਾਂ ਸਾਰੇ ਵਾਕਾਂ ਤੋਂ ਸਾਫ਼ ਹੈ ਕਿ ਕਿਸੇ ਨੂੰ ਭੀ ਪ੍ਰਮਾਤਮਾ; ਕਣ-ਕਣ ’ਚ ਮੌਜੂਦ ਹੈ, ਜੋਤਿ ਸਰੂਪ ਹੈ, ਉਸ ਦੇ ਹੁਕਮ ’ਚ ਜੀਵ-ਜੰਤ ਸਮੇਤ ਸਾਰਾ ਬ੍ਰਹਿਮੰਡ ਚੱਲਦਾ ਹੈ, ਦੀ ਸੋਝੀ ਹੀ ਨਹੀਂ ਸੀ/ਹੈ। ਇਹ ਭਰਮ; ਦੁਆਪਰ ਯੁੱਗ ’ਚ ਭੀ ਭਾਰੂ ਸੀ; ਜਿਵੇਂ ਕਿ ਵਾਕ ਹੈ, ‘‘ਜੁਗੁ ਦੁਆਪੁਰੁ ਆਇਆ, ਭਰਮਿ (’) ਭਰਮਾਇਆ; ਹਰਿ ਗੋਪੀ ਕਾਨ੍ਹੁ ਉਪਾਇ ਜੀਉ ’’(ਮਹਲਾ /੪੪੫) ਅਦ੍ਰਿਸ਼ ਨਿਰਾਕਾਰ ਨੂੰ ਪੰਜ ਗਿਆਨ ਇੰਦ੍ਰਿਆਂ ਨਾਲ਼ ਨਹੀਂ ਪਾਇਆ ਜਾ ਸਕਦਾ। ਉਹ ਵਿਖਾਈ ਨਹੀਂ ਦਿੰਦਾ, ਇਸ ਲਈ (ਗੁਰੂ ਤੋਂ ਬਿਨਾਂ) ਉਸ ਨਾਲ਼ ਸਬੰਧ ਕਿਵੇਂ ਬਣੇ, ‘‘ਵਿਣੁ ਡਿਠਾ ਕਿਆ ਸਾਲਾਹੀਐ  ? ਅੰਧਾ ਅੰਧੁ ਕਮਾਇ ’’ (ਮਹਲਾ /੬੪੬) ਮਨੁੱਖ ਨੂੰ ਸੂਖਮ ਸੱਚ ਵਿਖਾਉਣ ਵਾਲ਼ਾ ਨੇਤਰ; ਗੁਰੂ ਬਖ਼ਸ਼ਦਾ ਹੈ ਕਿਉਂਕਿ ਉਹੀ, ਅਕਾਲ ਪੁਰਖ ਦਾ ਰੂਪ ਹੈ। ਉਸ ਨਾਲ਼ ਅਭੇਦ ਹੈ ਤਾਹੀਓਂ ਗੁਰੂ; ਉਸ ਦੀ ਹੋਂਦ, ਉਸ ਦੇ ਹੁਕਮ, ਉਸ ਦੇ ਸੁਭਾਅ, ਉਸ ਦੀ ਦਇਆ ਦਿਲੀ ਤੋਂ ਵਾਕਫ਼ ਹੈ। ਗੁਰੂ ਨਾਨਕ ਸਾਹਿਬ ਦੇ ਬਚਨ ਹਨ, ‘‘ਰੂਪੁ ਰੇਖਿਆ; ਮਿਤਿ ਨਹੀ ਕੀਮਤਿ; ਸਬਦਿ ਭੇਦਿ ਪਤੀਆਇਦਾ ’’ (ਮਹਲਾ /੧੦੩੪) ਭਾਵ ਉਸ ਦਾ ਨਾ ਕੋਈ ਰੂਪ ਹੈ, ਨਾ ਕੋਈ ਚਿੰਨ੍ਹ ਹੈ ਤਾਂ ਜੋ ਅੱਖਾਂ ਨਾਲ਼ ਵੇਖ ਸਕੀਏ। ਉਹ ਕਿੰਨਾ ਵੱਡਾ ਹੈ, ਕਿਹੋ ਜਿਹਾ ਹੈ; ਇਹ ਸੋਝੀ ਗੁਰੂ ਦੇ ਸ਼ਬਦ ’ਚ ਆਪਣੇ ਆਪ ਨੂੰ ਵਿੰਨ੍ਹ ਕੇ ਭਾਵ ਨਿਰੰਤਰ ਸ਼ਬਦ ਦੀ ਵਿਚਾਰ ਕੀਤਿਆਂ ਹੀ ਆਉਂਦੀ ਹੈ। ਅਦ੍ਰਿਸ਼ ਨਿਰਾਕਾਰ ਦੀ ਹੋਂਦ ਦਾ ਅਹਿਸਾਸ ਹੋਣਾ; ਪੰਜ ਗਿਆਨ ਇੰਦ੍ਰਿਆਂ ਵਾਲ਼ੇ ਅਹਿਸਾਸ (ਅਨੁਭਵ) ਤੋਂ ਭਿੰਨ ਹੁੰਦਾ ਹੈ, ਵਿਲੱਖਣ ਹੁੰਦਾ ਹੈ, ਬੜਾ ਗਹਿਰਾ ਹੁੰਦਾ ਹੈ।

ਸੋ ਪੂਰੀ ਵਿਚਾਰ ਦਾ ਨਿਚੋੜ ਹੈ ਕਿ ‘ਮਰਮ’; ਜੀਵਨ ’ਚ ਚਾਨਣ ਪੈਦਾ ਕਰਾਉਂਦਾ ਹੈ ਤੇ ਭਰਮ; ਜ਼ਿੰਦਗੀ ’ਚ ਹਨ੍ਹੇਰਾ ਭਰਦਾ ਹੈ। ਸਿਆਸਤਦਾਨ, ਮੀਡੀਆ ਤੇ ਪਾਖੰਡੀ ਲੋਕ; ਭਰਮ (ਝੂਠ, ਹਨ੍ਹੇਰੇ) ਨੂੰ ਜਿਊਂਦਾ ਰੱਖਣਾ ਚਾਹੁੰਦੇ ਹਨ। ਸਮਾਜਿਕ ਵਿੱਦਿਆ ’ਚ ਨਿਪੁੰਨ ਹੋਣਾ ਭੀ ਭਰਮ ਤੋਂ ਮੁਕਤ ਹੋਣਾ ਨਹੀਂ ਅਖਵਾਉਂਦਾ। ਗਿਆਨਵਾਨ ਬੰਦਿਆਂ ਅੰਦਰ ਭੀ ਭਰਮ ਭਾਰੂ ਹੁੰਦਾ ਹੈ।

 ਅੰਤ ’ਚ ਭੱਟ ਮਥਰਾ ਜੀ ਦੇ ਬਚਨ ਸਾਡੇ ਲਈ ਬੜੇ ਗੁਣਕਾਰੀ ਹਨ, ‘‘ਤਿਨ ਕੇ ਦੁਖ ਕੋਟਿਕ ਦੂਰਿ ਗਏ; ਮਥੁਰਾ ਜਿਨ੍ ਅੰਮ੍ਰਿਤ ਨਾਮੁ ਪੀਅਉ ਇਹ ਪਧਤਿ (ਰਾਹ) ਤੇ ਮਤ ਚੂਕਹਿ ਰੇ ਮਨ ! ਭੇਦੁ ਬਿਭੇਦੁ ਜਾਨ ਬੀਅਉ (ਦੂਜਾ)’’ (ਭਟ ਮਥੁਰਾ/੧੪੦੯) ਭਾਵ ਉਨ੍ਹਾਂ ਦੇ ਕਰੋੜਾਂ ਦੁੱਖ ਮਿਟ ਗਏ, ਜਿਨ੍ਹਾਂ ਨੇ ਆਪਣੇ ਅੰਦਰੋਂ ਅੰਮ੍ਰਿਤ ਨਾਮ ਕੱਢਿਆ ਤੇ ਪੀਤਾ। ਹੇ ਮਨ ! ਇਸ ਮਾਰਗ ਤੋਂ ਬਿਲਕੁਲ ਨਾ ਭਟਕੀਂ ਤੇ ਨਾ ਹੀ ਇਹ ਸਮਝ ਬੈਠੀਂ ਕਿ ਅਕਾਲ ਪੁਰਖ ਅਤੇ ਗੁਰੂ (ਅਰਜਨ ਸਾਹਿਬ) ’ਚ ਕੋਈ ਫ਼ਰਕ ਹੈ।

ਨੋਟ : ਅਗਲੇ ਭਾਗ ’ਚ ਅੰਦਰਲਾ ਨਾਮ-ਅੰਮ੍ਰਿਤ ਪ੍ਰਗਟ ਕਰਨ ’ਚ ਗੁਰੂ ਦਾ ਯੋਗਦਾਨ ਅਤੇ ਨਾਮ-ਅੰਮ੍ਰਿਤ ਦਾ ਸੁਰਤਿ ’ਤੇ ਪੈਂਦਾ ਪ੍ਰਭਾਵ ਵਿਚਾਰਿਆ ਜਾਣਾ ਹੈ।

—ਚੱਲਦਾ–

ਗੁਰਮਤਿ ਪੈਮਾਨੇ ’ਚ ਸੰਪਟ ਪਾਠ

0

ਗੁਰਮਤਿ ਪੈਮਾਨੇ ਸੰਪਟ ਪਾਠ

ਕਿਰਪਾਲ ਸਿੰਘ (ਬਠਿੰਡਾ)-98554-80797

ਪਿਛਲੇ ਸਮੇਂ ’ਚ ਇੱਕ ਵੀਡੀਓ ਸਾਹਮਣੇ ਆਈ, ਜਿਸ ’ਚ ਇੱਕ ਚਿੱਟ ਕੱਪੜੀਆ ਸਿੱਖ ਸੰਤ ਕਹਿ ਰਿਹਾ ਹੈ ‘ਆਹ ਅੰਮ੍ਰਿਤਸਰ ਵਾਲਿਆਂ ਨੂੰ ਕੋਈ ਕਹਿੰਦਾ ਮਾੜੇ ਐ, ਕੋਈ ਕਹਿੰਦਾ ਚੰਗੇ ਐ। ਸ਼ਰਧਾਲੂ ਸਿੱਖ ਮੈਥੋਂ ਪੁਛਦੇ ਐ ਬਾਬਾ ਜੀ ! ਆਪਾਂ ਕੀ ਕਰੀਏ ? ਮੈ ਆਖਿਆ ਭਾਈ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿਣਾ। ਜਿਹੜੇ ਚੁਣੇ ਹੋਏ ਨੇ ਉਨ੍ਹਾਂ ਨੂੰ ਆਪਣਾ ਕੰਮ ਕਰਨ ਦਿਓ। ਅੰਮ੍ਰਿਤਸਰ ਵਾਲੇ ਆਪਣਾ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਆਪਣਾ ਕੰਮ ਕਰਨ ਦਿਓ। ਪੰਜਾਬ ਵਾਲੇ ਵੀ ਲੋਕਾਂ ਦੇ ਚੁਣੇ ਹੋਏ ਹਨ, ਉਨ੍ਹਾਂ ਨੂੰ ਆਪਣਾ ਕੰਮ ਕਰਨ ਦਿਓ। ਕੇਂਦਰ ਵਾਲੇ ਵੀ ਲੋਕਾਂ ਦੇ ਚੁਣੇ ਹੋਏ ਹਨ, ਉਹ ਆਪਣਾ ਕੰਮ ਕਰ ਰਹੇ ਹਨ; ਉਨ੍ਹਾਂ ਨੂੰ ਆਪਣਾ ਕੰਮ ਕਰਨ ਦਿਓ। ਚੁਣੇ ਹੋਏ ਸਾਰੇ ਲੋਕ ਚੰਗਾ ਕੰਮ ਕਰ ਰਹੇ ਹਨ। ਜੇ ਕਿਸੇ ਨੂੰ ਚੰਗੇ ਨਹੀਂ ਲੱਗਦੇ, ਅਗਲੀ ਵਾਰ ਉਹ ਚੋਣਾ ਲੜ ਲੈਣ; ਜੇ ਜਿੱਤ ਗਏ ਤਾਂ ਉਹ ਆਪਣੀ ਮਰਜ਼ੀ ਕਰ ਲੈਣ’। ਸ਼ਰਧਾਲੂ ਪੁੱਛਦੇ ਐ, ਬਾਬਾ ਜੀ ! ਫਿਰ ਆਪਾਂ ਕੀ ਕਰੀਏ ? ਮੈ ਆਖਿਆ ‘ਭਾਈ  ! ਆਪਾਂ ਸੰਪਟ ਪਾਠ ਕਰਾਂਗੇ; ਫਿਰ ਮਹਾਂ ਸੰਪਟ ਪਾਠ ਕਰਾਂਗੇ’। ਇੱਕ ਸ਼ਰਧਾਲੂ ਪੁੱਛਦਾ ਹੈ ਬਾਬਾ ਜੀ  ! ਪਾਠ ਕਰਨ ਨਾਲ ਕੀ ਹੁੰਦੈ, ਅੱਗੇ ਅੰਮ੍ਰਿਤਸਰ ਥੋਹੜੇ ਅਖੰਡ ਪਾਠ ਹੋ ਰਹੇ ਨੇ। ਮੈ ਆਖਿਆ ‘ਭਾਈ ! ਜਿਹੜੀ ਸੇਵਾ ਅੰਮ੍ਰਿਤਸਰ ਵਾਲਿਆਂ ਦੇ ਹਿੱਸੇ ਆਈ ਐ, ਉਹ ਆਪਣੀ ਸੇਵਾ ਨਿਭਾ ਰਹੇ ਹਨ। ਆਪਣੇ ਜਿੰਮੇ ਜੋ ਸੇਵਾ ਲੱਗੀ ਐ, ਉਹ ਆਪਾਂ ਕਰਨੀ ਐ।’

ਇਨ੍ਹਾਂ ਬਾਬਿਆਂ ਅਨੁਸਾਰ ਚੱਲਦੇ ਅਖੰਡ ਪਾਠ ਦੌਰਾਨ ਹਰ ਸ਼ਬਦ ਦੀ ਸਮਾਪਤੀ ਪਿੱਛੋਂ ਗੁਰਬਾਣੀ ਦੀ ਇਨ੍ਹਾਂ ਵੱਲੋਂ ਖਾਸ ਤੌਰ ’ਤੇ ਚੁਣੀ ਹੋਈ ਕੋਈ ਤੁਕ ਜਾਂ ਪਦਾ ਪੜ੍ਹਿਆ ਜਾਂਦਾ ਹੈ ਅਤੇ ਅਗਲੇ ਸ਼ਬਦ ਦੀ ਸਮਾਪਤੀ ਪਿੱਛੋਂ ਫਿਰ ਉਹੀ ਤੁਕ/ਪਦਾ ਪੜ੍ਹਿਆ ਜਾਂਦਾ ਹੈ। ਇਨ੍ਹਾਂ ਅਨੁਸਾਰ ਇਹੀ ਹੈ ‘ਸੰਪਟ ਲਾਉਣਾ’। ਕਿਸ ਕਾਰਜ ਸਿਧੀ ਲਈ ਸੰਪਟ ਪਾਠ ਕਰਵਾਉਣਾ ਹੈ, ਇਸ ਦੀ ਜਾਣਕਾਰੀ ਪ੍ਰਾਪਤ ਕਰਨ ਪਿੱਛੋਂ ਸੰਪਟ ਲਾਉਣ ਲਈ ਸ਼ਬਦ ਜਾਂ ਪਦੇ ਦੀ ਚੋਣ ਬਾਬਿਆਂ ਵੱਲੋਂ ਕੀਤੀ ਜਾਂਦੀ ਹੈ। ਭਰਮ ਇਹ ਫੈਲਾਇਆ ਜਾਂਦਾ ਹੈ ਕਿ ਵਿਧੀ ਅਨੁਸਾਰ ਸੰਪਟ ਪਾਠ ਦੀ ਸੰਪੂਰਨਤਾ ਪਿੱਛੋਂ ਮਨ ਚਿਤਵੇ ਸਾਰੇ ਕਾਰਜ ਸਫਲ ਹੋ ਜਾਂਦੇ ਹਨ।

ਉੱਤਮ ਭੰਡਾਰ ਨਾਨਕਸਰ ਵੱਲੋਂ ਨਾਨਕਸਰ ਦੀ ਮਰਿਆਦਾ ਅਨੁਸਾਰ ਛਾਪਿਆ ਸੁਖਮਨੀ ਸਾਹਿਬ ਦਾ ਗੁਟਕਾ ਮਿਲਿਆ, ਜਿਸ ਵਿੱਚ ਭੋਲ਼ੀਆਂ ਸੰਗਤਾਂ ’ਤੇ ਪ੍ਰਭਾਵ ਪਾਉਣ ਲਈ ਬੜੀ ਅਜੀਬੋ-ਗਰੀਬ ਕਹਾਣੀ ਲਿਖੀ ਹੈ ਕਿ ਬਾਬਾ ਈਸ਼ਰ ਸਿੰਘ ਸਤਿਗੁਰ ਦੇ ਕਮਰੇ ’ਚ ਬੈਠੇ ਨਿਤਨੇਮ ਦਾ ਪਾਠ ਕਰ ਰਹੇ ਸਨ ਕਿ ਬਿੱਲੇ ਦਾ ਰੂਪ ਧਾਰ ਕੇ ਕਲਜੁਗ ਅੰਦਰ ਆ ਵੜਿਆ ਅਤੇ ਆਖਣ ਲੱਗਾ ਸੁਖਮਨੀ ਦੇ ਪਾਠ ਬੰਦ ਕਰਵਾਉ। ਬਾਬਾ ਜੀ ਨੇ ਸਫ਼ਾਜੰਗ ਚੁੱਕਿਆ ਅਤੇ ਕਹਿਣ ਲੱਗੇ ਖੜ੍ਹ ਜਾ, ਹੁਣ ਜਾਵੀਂ ਨਾ। ਫਿਰ ਭੱਜ ਗਿਆ।

ਇਸੇ ਤਰ੍ਹਾਂ ਦੀ ਇੱਕ ਕਹਾਣੀ ਜਿਸ ’ਚ ਕਲਿਜੁਗ ਬਾਬਾ ਨੰਦ ਸਿੰਘ ਨੂੰ ਮਿਲੇ ਤੇ ਉਨ੍ਹਾਂ ਨੂੰ ਸੁਖਮਨੀ ਸਾਹਿਬ ਦੇ ਪਾਠ ਬੰਦ ਕਰਨ ਲਈ ਕਿਹਾ, ਪਰ ਬਾਬਾ ਜੀ ਨੇ ਦੋ ਪਾਠ ਸ਼ੁਰੂ ਕਰਵਾ ਦਿੱਤੇ। ਉੱਤਮ ਭੰਡਾਰ ਵਾਲੇ ਉਹ ਇਤਰਾਜ਼ਯੋਗ ਗੁਟਕੇ ਛਪਵਾ ਰਹੇ ਹਨ, ਜਿਸ ਦੇ ਆਰੰਭ ’ਚ ਬਾਬਾ ਈਸ਼ਰ ਸਿੰਘ ਦੀ ਤਸ਼ਵੀਰ ਛਾਪੀ ਹੁੰਦੀ ਹੈ। ਗੁਰੂ ਅਰਜਨ ਸਾਹਿਬ ਜੀ ਵੱਲੋਂ ਉਚਾਰਨ ਕੀਤੀ ਸੁਖਮਨੀ ਸਾਹਿਬ ਦੀ ਬਾਣੀ ਨੂੰ ਆਪਣੀ ਮਰਜ਼ੀ ਦਾ ਰੂਪ ਦੇ ਕੇ ‘ਰਹਾਉ’ ਤੁਕ ਨੂੰ ਹਰ ਅਸ਼ਟਪਦੀ ਨਾਲ ਦਰਜ ਕੀਤਾ ਹੈ ਭਾਵ ਸੰਪਟ ਲਾਇਆ ਹੈ। ਗੁਰੂ ਸਾਹਿਬ ਨੇ ਕਿਤੇ ਵੀ ਅੰਕਾਂ ਨੂੰ ਸ਼ਬਦਾਂ ਦੇ ਰੂਪ ’ਚ ਬਾਣੀ ਅੰਦਰ ਨਹੀਂ ਲਿਖਵਾਇਆ, ਪਰ ਉੱਤਮ ਭੰਡਾਰ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 6 ਫ਼ਰਵਰੀ 1995 ਨੂੰ ਤਨਖ਼ਾਹ ਲਵਾਉਣ ਦੇ ਬਾਵਜੂਦ ਆਪਣੀ ਮਰਜ਼ੀ ਨਾਲ ਐਸਾ ਹਰ ਅਸ਼ਟਪਦੀ ਦੇ ਅਰੰਭਕ ਸਲੋਕ ਤੋਂ ਪਹਿਲਾਂ ਛਾਪ ਰਹੇ ਹਨ। ਸੁਖਮਨੀ ਸਾਹਿਬ ’ਚ ਕਿਤੇ ਵੀ ‘ਸਤਿਨਾਮ ਵਾਹਿਗੁਰੂ’ ਨਹੀਂ ਲਿਖਿਆ, ਪਰ ਇਹ ਹਰ ਸਲੋਕ ਪਿੱਛੋਂ ਅਤੇ ਅਸ਼ਟਪਦੀ ਤੋਂ ਪਹਿਲਾਂ ਛਾਪ ਰਹੇ ਹਨ। ਨਾਨਕਸਰ ਵਾਲਿਆਂ ਦੀ ਇਹ ਮਨਮੱਤੀ ਕਾਰਵਾਈ ‘ਧੁਰ ਕੀ ਬਾਣੀ’ ’ਚ ਆਪਣੀ ਮਨੁੱਖੀ ਸੋਚ ਅਤੇ ਹੋਛੀ ਸਿਆਣਪ ਦਾ ਪ੍ਰਗਟਾਵਾ ਹੈ, ਜੋ ਸੰਗਤਾਂ ਨੂੰ ਗੁੰਮਰਾਹ ਕਰਨ ਲਈ ਉਨ੍ਹਾਂ ’ਤੇ ਠੋਸੀ ਗਈ ਹੈ।

ਗੁਰਬਾਣੀ ਪੜ੍ਹਨ ਅਤੇ ਸਮਝਣ ਵਾਲੇ ਜਾਣਦੇ ਹਨ ਕਿ ਕਲਿਜੁਗ ਕੋਈ ਜੀਵ ਜਾਂ ਸ਼ਲੇਡਾ ਨਹੀਂ; ਜੋ ਵੱਖਰੇ ਵੱਖਰੇ ਰੂਪ ਧਾਰ ਕੇ ਇਨ੍ਹਾਂ ਬਾਬਿਆਂ ਕੋਲ ਆ ਜਾਂਦਾ ਹੈ ਸਗੋਂ ਹਿੰਦੂ ਮਿਥਿਹਾਸ ਅਨੁਸਾਰ ਸਮੇਂ ਦੇ ਚਾਰ ਜੁੱਗਾਂ ’ਚੋਂ ਇੱਕ ਜੁੱਗ ਦਾ ਸਮਾਂ ਹੈ; ਜਿਵੇਂ ਕਿ ਵਾਕ ਹੈ, ‘‘ਇਕ ਘੜੀ ਮਿਲਤੇ; ਤਾ ਕਲਿਜੁਗੁ ਹੋਤਾ ਹੁਣਿ ਕਦਿ ਮਿਲੀਐ; ਪ੍ਰਿਅ ਤੁਧੁ ਭਗਵੰਤਾ ਮੋਹਿ ਰੈਣਿ ਵਿਹਾਵੈ; ਨੀਦ ਆਵੈ; ਬਿਨੁ ਦੇਖੇ ਗੁਰ ਦਰਬਾਰੇ ਜੀਉ ’’ (ਮਹਲਾ /੯੭) ਅਰਥ: (ਗੁਰੂ ਅਰਜਨ ਸਾਹਿਬ ਜੀ ਪ੍ਰਮਾਤਮਾ ਅੱਗੇ ਬੇਨਤੀ ਕਰਦੇ ਹਨ ਕਿ ਹੇ ਪਿਆਰੇ ਪ੍ਰਭੂ  ! ) ਜਦੋਂ ਮੈ ਤੈਨੂੰ ਇਕ ਘੜੀ ਭਰ ਭੀ ਨਹੀਂ ਮਿਲਦਾ ਤਾਂ ਮੇਰੇ ਭਾ ਦਾ ਕਲਿਜੁਗ ਆ ਜਾਂਦਾ ਹੈ। ਮੈ ਤੇਰੇ ਵਿਛੋੜੇ ’ਚ ਵਿਆਕੁਲ ਹਾਂ, ਦੱਸ ਹੁਣ ਤੈਨੂੰ ਮੈ ਕਦੋਂ ਮਿਲ ਸਕਾਂਗਾ।  ਗੁਰੂ ਦੇ ਦਰਬਾਰ ਦਾ ਦਰਸ਼ਨ ਕਰਨ ਤੋਂ ਬਿਨਾ ਮੇਰੀ (ਜ਼ਿੰਦਗੀ ਦੀ) ਰਾਤ (ਸੌਖੀ) ਨਹੀਂ ਲੰਘਦੀ। ਮੇਰੇ ਅੰਦਰ ਸ਼ਾਂਤੀ ਨਹੀਂ ਆਉਂਦੀ।

ਹਿੰਦੂ ਫ਼ਿਲਾਸਫ਼ੀ ਅਨੁਸਾਰ ਸਭ ਤੋਂ ਚੰਗਾ ਸਮਾਂ ਸਤਿਜੁਗ, ਦੂਸਰੇ ਨੰਬਰ ’ਤੇ ਤ੍ਰੇਤੇਜੁਗ ਅਤੇ ਤੀਸਰੇ ਨੰਬਰ ’ਤੇ ਦੁਆਪਰਜੁਗ ਹੈ ਅਤੇ ਕਲਿਜੁਗ ਨੂੰ ਸਭ ਤੋਂ ਮਾੜਾ ਸਮਾਂ ਮੰਨਿਆ ਹੈ, ਪਰ ਗੁਰਬਾਣੀ ਅਨੁਸਾਰ ਕਲਿਜੁਗ ਸਾਰੇ ਜੁਗਾਂ ਤੋਂ ਉੱਤਮ ਹੈ ਕਿਉਂਕਿ ਇਸ ਜੁਗ ’ਚ ਜੇਹੜਾ ਹੱਥ ਨਾਲ਼ ਕੋਈ ਕੰਮ ਕਰਦਾ ਹੈ, ਉਹੀ ਹੱਥ ਫ਼ਲ ਪਾਉਂਦਾ ਹੈ। ਕੋਈ ਮਨੁੱਖ; ਦੂਜੇ ਦੇ ਗੁਨਾਹ (ਵਿਕਾਰਾਂ) ਕਾਰਨ ਨਹੀਂ ਫੜਿਆ ਜਾਂਦਾ : ‘‘ਸਤਜੁਗੁ ਤ੍ਰੇਤਾ ਦੁਆਪਰੁ ਭਣੀਐ; ਕਲਿਜੁਗੁ ਊਤਮੋ ਜੁਗਾ ਮਾਹਿ ਅਹਿ ਕਰੁ ਕਰੇ, ਸੁ ਅਹਿ ਕਰੁ ਪਾਏ; ਕੋਈ ਪਕੜੀਐ, ਕਿਸੈ ਥਾਇ ’’ (ਮਹਲਾ /੪੦੬)

 ਨਾਨਕਸਰ ਸੰਪ੍ਰਦਾ ਦਾ ਦਾਅਵਾ ਹੈ ਕਿ ਸੰਪਟ ਲਾ ਕੇ ਕੀਤੇ ਪਾਠ ਨਾਲ ਅਖੰਡ ਪਾਠ ਤੋਂ ਭੀ ਦੁੱਗਣਾ ਲਾਭ ਹੁੰਦਾ ਹੈ। ਇਸ ਦੀ ਪਰਖ ਕਰਨ ਲਈ ਕਿ ਸੰਪਟ ਪਾਠ ਕੀ ਅਤੇ ਕਿਵੇਂ ਹੁੰਦਾ ਹੈ; ਸਿੱਖ ਰਹਿਤ ਮਰਿਆਦਾ ਵੇਖੀ ਗਈ। ਉਸਸ ਵਿੱਚ ਸਿਰਫ਼ ਦੋ ਤਰ੍ਹਾਂ ਦੇ ਹੀ ਪਾਠ ਕਰਨ ਦੀ ਹਦਾਇਤ ਹੈ – (1). ਸਾਧਾਰਨ ਪਾਠ (ਸਹਿਜ ਪਾਠ), ਜਿਸ ਸਬੰਧੀ ਲਿਖਿਆ ਹੈ :

(ੳ). ਹਰ ਇਕ ਸਿੱਖ ਨੂੰ ਵੱਸ ਲੱਗੇ, ਆਪਣੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦਾ ਵੱਖਰਾ ਤੇ ਨਿਵੇਕਲਾ ਸਥਾਨ ਨਿਯਤ ਕਰਨਾ ਚਾਹੀਏ।

(ਅ). ਹਰ ਇਕ ਸਿੱਖ ਸਿੱਖਣੀ, ਬੱਚੇ ਬੱਚੀ ਨੂੰ ਗੁਰਮੁਖੀ ਪੜ੍ਹਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸਿੱਖਣਾ ਚਾਹੀਏ।

(ੲ). ਹਰ ਇੱਕ ਸਿੱਖ ਅੰਮ੍ਰਿਤ ਵੇਲੇ ਪ੍ਰਸ਼ਾਦ ਛਕਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ‘ਹੁਕਮ’ ਲਵੇ। ਜੇ ਇਸ ਵਿੱਚ ਉਕਾਈ ਹੋ ਜਾਵੇ ਤਾਂ ਦਿਨ ਵਿੱਚ ਕਿਸੇ ਨਾ ਕਿਸੇ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੇ ਜਾਂ ਸੁਣੇ। ਸਫ਼ਰ ਆਦਿ ਔਕੜ ਵੇਲੇ ਦਰਸ਼ਨ ਕਰਨ ਤੋਂ ਅਸਮਰਥ ਹੋਵੇ ਤਾਂ ਸ਼ੰਕਾ ਨਹੀਂ ਕਰਨੀ।

(ਸ). ਚੰਗਾ ਤਾਂ ਇਹ ਹੈ ਕਿ ਹਰ ਸਿੱਖ ਆਪਣਾ ਸਾਧਾਰਨ ਪਾਠ ਜਾਰੀ ਰੱਖੇ ਤੇ ਮਹੀਨੇ, ਦੋ ਮਹੀਨੇ (ਜਾਂ ਜਿਤਨੇ ਸਮੇਂ ਵਿੱਚ ਹੋ ਸਕੇ) ਭੋਗ ਪਾਵੇ।

(ੲ). ਪਾਠ ਆਰੰਭ ਕਰਨ ਸਮੇਂ ਅਨੰਦ ਸਾਹਿਬ (ਪਹਿਲੀਆਂ ਪੰਜ ਪਉੜੀਆਂ ਤੇ ਇੱਕ ਅੰਤਲੀ ਪਉੜੀ) ਦੇ ਪਾਠ ਮਗਰੋਂ ਅਰਦਾਸਾ ਕਰਕੇ ‘ਹੁਕਮ’ ਲੈਣਾ ਚਾਹੀਏ। ਫੇਰ ਜਪੁ ਸਾਹਿਬ ਦਾ ਪਾਠ ਕਰਨਾ ਚਾਹੀਏ।

(2). ਅਖੰਡ ਪਾਠ, ਜਿਸ ਦੇ ਸਿਰਲੇਖ ਹੇਠ ਲਿਖਿਆ ਹੈ :

(ੳ). ਅਖੰਡ ਪਾਠ ਕਿਸੇ ਭੀੜ ਜਾਂ ਉਤਸ਼ਾਹ ਵੇਲੇ ਕੀਤਾ ਜਾਂਦਾ ਹੈ। ਇਹ ਤਕਰੀਬਨ 48 ਘੰਟੇ ਵਿਚ ਸੰਪੂਰਨ ਕੀਤਾ ਜਾਂਦਾ ਹੈ। ਇਸ ਵਿੱਚ ਪਾਠ ਲਗਾਤਾਰ ਬਿਨਾ ਰੋਕ ਦੇ ਕੀਤਾ ਜਾਂਦਾ ਹੈ। ਪਾਠ ਸਾਫ਼ ਤੇ ਸ਼ੁੱਧ ਹੋਵੇ। ਬਹੁਤ ਤੇਜ ਪੜ੍ਹਨਾ, ਜਿਸ ਤੋਂ ਸੁਣਨ ਵਾਲਾ ਕੁਝ ਸਮਝ ਨਾ ਸਕੇ, ਗੁਰਬਾਣੀ ਦੀ ਨਿਰਾਦਰੀ ਹੈ। ਅੱਖਰ ਮਾਤਰ ਦਾ ਧਿਆਨ ਰੱਖ ਕੇ ਪਾਠ ਸ਼ੁੱਧ ਤੇ ਸਾਫ਼ ਕਰਨਾ ਚਾਹੀਏ, ਭਾਵੇਂ ਸਮਾਂ ਕੁਝ ਵਧੀਕ ਲੱਗ ਜਾਵੇ।

(ਅ). ਅਖੰਡ ਪਾਠ, ਜਿਸ ਪਰਵਾਰ ਜਾਂ ਸੰਗਤ ਨੇ ਕਰਨਾ ਹੈ, ਉਹ ਆਪ ਕਰੇ, ਟੱਬਰ ਦੇ ਕਿਸੇ ਆਦਮੀ, ਸਾਕ-ਸਬੰਧੀ, ਮਿੱਤਰ ਆਦਿ ਮਿਲ ਕੇ ਕਰਨ। ਪਾਠੀਆਂ ਦੀ ਗਿਣਤੀ ਮੁਕੱਰਰ ਨਹੀਂ। ਜੇ ਕੋਈ ਆਦਮੀ ਪਾਠ ਨਹੀਂ ਕਰ ਸਕਦਾ ਤਾਂ ਕਿਸੇ ਚੰਗੇ ਪਾਠੀ ਕੋਲੋਂ ਸੁਣ ਲਵੇ, ਪਰ ਇਹ ਨਾ ਹੋਵੇ ਕਿ ਪਾਠੀ ਆਪੇ ਇਕੱਲਾ ਬਹਿ ਕੇ ਪਾਠ ਕਰਦਾ ਰਹੇ ਤੇ ਸੰਗਤ ਜਾਂ ਟੱਬਰ ਦਾ ਕੋਈ ਆਦਮੀ ਨਾ ਸੁਣਦਾ ਹੋਵੇ। ਪਾਠੀ ਦੀ ਯਥਾ-ਸ਼ਕਤਿ ਭੋਜਨ ਬਸਤਰ ਆਦਿ ਨਾਲ ਯੋਗ ਸੇਵਾ ਕੀਤੀ ਜਾਵੇ।

(ੲ). ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਲੀਏਰ ਆਦਿ ਰੱਖਣਾ ਜਾਂ ਵਿੱਚ ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ।

ਸੋ ਸਾਫ਼ ਹੈ ਕਿ ਬਾਬਾ ਜੀ ਵੱਲੋਂ ਦੱਸੇ ਜਾ ਰਹੇ ਸੰਪਟ ਪਾਠ ਅਤੇ ਮਹਾਂ ਸੰਪਟ ਪਾਠ ਸਬੰਧੀ ਸਿੱਖ ਰਹਿਤ ਮਰਿਆਦਾ ’ਚ ਕੋਈ ਜ਼ਿਕਰ ਨਹੀਂ ਹੈ। ਮਹਾਨ ਕੋਸ਼ ਵੇਖਿਆ ਤਾਂ ਸੰਪਟ/ਸੰਪੁਟ ਦੇ ਕਈ ਅਰਥ ਕੀਤੇ ਹਨ; ਜਿਵੇਂ (1) ਢੱਕਣ ਦੀ ਕ੍ਰਿਆ (2) ਡੱਬਾ (3) ਸੰਦੂਕ (4) ਪੜਦਾ (5) ਮੰਤਰ ਦੇ ਆਦਿ ਤੇ ਅੰਤ, ਕਿਸੇ ਪਦ ਦੇ ਜੋੜਨ ਦੀ ਕ੍ਰਿਆ, ਸੰਪਟ ਪਾਠ ਜੈਸੇ ‘‘ਓਅੰ ਵਾਹਗੁਰੂ ਓਅੰ’’ (6) ਦੋ ਵਰਤਣਾਂ ਵਿੱਚ ਰੱਖ ਕੇ ਦਵਾ ਨੂੰ ਆਂਚ ਦੇਣ ਦੀ ਕ੍ਰਿਆ। ਪ੍ਰੋ. ਸਾਹਿਬ ਸਿੰਘ ਦੁਆਰਾ ਕੀਤੇ ਅਰਥਾਂ ਮੁਤਾਬਕ ਸੰਪਟੁ = ਉਹ ਡੱਬਾ ਹੈ, ਜਿਸ ’ਚ ਠਾਕੁਰ (-ਮੂਰਤੀ) ਰੱਖੀਦਾ ਹੈ।

ਗੁਰਬਾਣੀ ’ਚੋਂ ਜਾਣਨਾ ਚਾਹਿਆ ਤਾਂ ਇਸ ਵਿੱਚ ਕੇਵਲ ਇੱਕ ਵਾਰ ‘ਸੰਪਟ’ ਤੇ 2 ਵਾਰ ‘ਸੰਪਟੁ’ ਸ਼ਬਦ ਮਿਲਦਾ ਹੈ। ਇਨ੍ਹਾਂ ਤਿੰਨੇ ਥਾਈਂ ਆਏ ‘ਸੰਪਟ’ ਵਾਲੇ ਪਦਿਆਂ ਦੀ ਹੇਠਾਂ ਤਰਤੀਬਵਾਰ ਵਿਚਾਰ ਕੀਤੀ ਗਈ ਹੈ। ਚੇਤੇ ਰਹੇ ਕਿ ਗੁਰਾਬਣੀ ਵਿਆਕਰਨ ਨਿਯਮਾਂ ਅਨੁਸਾਰ ਕਿਸੇ ਨਾਉ (ਸ਼ਬਦ) ਦੇ ਅੰਤਮ ਅੱਖਰ ਨੂੰ ਔਂਕੜ ਹੋਣਾ; ਇੱਕ ਵਚਨ, ਪੁਲਿੰਗ ਨਾਉ ਦਾ ਸੂਚਕ ਹੈ ਤੇ ਅੰਤ ਮੁਕਤਾ ਹੋਣਾ; ਬਹੁ ਵਚਨ ਜਾਂ ਇਸਤਰੀ ਲਿੰਗ ਜਾਂ ਇੱਕ ਵਚਨ ਪੁਲਿੰਗ (ਸੰਬੋਧਨ ਤੇ ਸਬੰਧ ਕਾਰਕ) ਹੋਣਾ ਹੁੰਦਾ ਹੈ।

(1). ਕਕਾ; ਕਿਰਣਿ ਕਮਲ ਮਹਿ ਪਾਵਾ ਸਸਿ ਬਿਗਾਸ ਸੰਪਟ ਨਹੀ ਆਵਾ ਅਰੁ ਜੇ ਤਹਾ ਕੁਸਮ ਰਸੁ ਪਾਵਾ ਅਕਹ ਕਹਾ ਕਹਿ ਕਾ ਸਮਝਾਵਾ (ਬਾਵਨ ਅਖਰੀ, ਭਗਤ ਕਬੀਰ ਜੀ/੩੪੦) ਅਰਥ : ਜਿਵੇਂ ਸੂਰਜ ਚੜ੍ਹਨ ’ਤੇ ਕੌਲ ਫੁੱਲ ਖਿੜਦਾ ਹੈ ਤੇ ਰਾਤ ਵੇਲੇ ਚੰਦ੍ਰਮਾ ਚੜ੍ਹਿਆਂ; ਫੁੱਲ ਫਿਰ ਆਪਣੀਆਂ ਪੰਖੜੀਆਂ ਬੰਦ ਕਰ ਲੈਂਦਾ ਹੈ। ਭਾਵ ਜਦ ਬ੍ਰਹਮ ਗਿਆਨ ਦੀਆਂ ਕਿਰਨਾ ਕੰਵਲ ਰੂਪੀ ਦਿਲ ’ਤੇ ਪੈਂਦੀਆਂ ਹਨ ਤਾਂ ਮਾਇਆਮਈ ਚੰਦ ਦਾ ਚਾਨਣ; ਦਿਲ ਰੂਪ ਡੱਬੇ ’ਚ ਨਹੀਂ ਪੈਂਦਾ ਭਾਵ ਮਨ ’ਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ ਤੇ ਜੇ ਕੋਈ ਮਨੁੱਖ ਉਸ ਖਿੜਾਓ ਅਵਸਥਾ ’ਚ (ਅੱਪੜ ਕੇ, ਹਿਰਦੇ-ਰੂਪ ਕੌਲ) ਫੁੱਲ ਦਾ ਆਨੰਦ ਭੀ ਮਾਣ ਲਵੇ ਤਾਂ ਉਹ ਅਵਸਥਾ ਬਿਆਨ ਤੋਂ ਪਰੇ ਹੈ। ਉਸ ਬਾਰੇ ਮੈ ਬੋਲ ਕੇ ਕੀ ਹੋਰਾਂ ਨੂੰ ਦੱਸਾਂ ਭਾਵ ਕੁਝ ਵੀ ਦੱਸਿਆ ਨਹੀਂ ਜਾ ਸਕਦਾ।

(2). ਘਟਿ ਘਟਿ (’) ਸੰਪਟੁ ਹੈ; ਰੇ ਜਾ ਕਾ ਅਭਗ ਸਭਾ ਸੰਗਿ ਹੈ ਸਾਧਾ ਆਰਤੀ ਕੀਰਤਨੁ ਸਦਾ ਅਨੰਦ ਮਹਿਮਾ ਸੁੰਦਰ ਸਦਾ ਬੇਅੰਤ (ਮਹਲਾ /੩੯੩) ਅਰਥ : (ਹੇ ਪੰਡਿਤ !) ਹਰ ਸਰੀਰ ’ਚ ਪ੍ਰਭੂ-ਠਾਕੁਰ ਵੱਸਦਾ ਹੈ। ਹਰੇਕ ਦਾ ਹਿਰਦਾ; (ਹਰੀ ਸਾਲਗਿਰਾਮ ਨੂੰ ਸੰਭਾਲਣ ਵਾਲ਼ਾ) ਡੱਬਾ ਹੈ। ਸਤਿ ਸੰਗਤ; ਠਾਕੁਰ ਦੀ ਅਬਿਨਾਸ਼ੀ ਕਚਹਿਰੀ ਹੈ। ਓਥੇ ਠਾਕੁਰ ਦੀ ਸਿਫ਼ਤਿ-ਸਲਾਹ ਕਰਨ ਨਾਲ਼ ਸਦਾ ਅਨੰਦ ਮਿਲਦਾ ਹੈ, ਜੋ ਕਿ ਉਸ ਦੀ ਆਰਤੀ ਹੋਣਾ ਹੈ ਕਿਉਂਕਿ ਸੰਗਤ ’ਚ ਬੇਅੰਤ ਤੇ ਸੁੰਦਰ ਪ੍ਰਭੂ (ਹਰਿ-ਸਾਲਗਿਰਾਮ) ਦੀ ਸਦਾ ਮਹਿਮਾ ਹੁੰਦੀ ਹੈ।

(3). ਮਨੁ ਸੰਪਟੁ ਜਿਤੁ ਸਤ ਸਰਿ ਨਾਵਣੁ; ਭਾਵਨ ਪਾਤੀ ਤ੍ਰਿਪਤਿ ਕਰੇ ਪੂਜਾ ਪ੍ਰਾਣ ਸੇਵਕੁ ਜੇ ਸੇਵੇ; ਇਨ੍ ਬਿਧਿ ਸਾਹਿਬੁ ਰਵਤੁ ਰਹੈ (ਮਹਲਾ /੭੨੮) ਅਰਥ : ਜੇਕਰ ਮਨੁੱਖ; ਆਪਣੇ ਮਨ ਨੂੰ ਠਾਕੁਰ ਦੇ ਨਿਵਾਸ ਲਈ ਡੱਬਾ ਬਣਾਏ। ਸਾਧ ਸੰਗਤਿ ਰੂਪ ਨਦੀ ’ਚ ਇਸ਼ਨਾਨ ਕਰਾਵੇ। ਮਨ ’ਚ ਟਿਕ ਕੇ ਸ਼ਰਧਾ ਰੂਪ ਪੱਤਰਾਂ ਰਾਹੀਂ ਠਾਕੁਰ ਨੂੰ ਪ੍ਰਸੰਨ ਕਰੇ ਤੇ ਆਪਾ ਭਾਵ ਤਿਆਗੇ ਤਾਂ ਇਸ ਯੁਕਤੀ ਨਾਲ਼ ਠਾਕੁਰ ਦਾ ਮਿਲਾਪ ਹਾਸਲ ਹੁੰਦਾ ਹੈ।

ਸੋ ਉਕਤ ਤਿੰਨੇ ਸ਼ਬਦਾਂ ’ਚ ਇੱਕ ਭੀ ਸੰਕੇਤ ਨਹੀਂ ਮਿਲਦਾ ਕਿ ਗੁਰੂ ਸਾਹਿਬ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਸਮੇਂ ਇਕਸਾਰਤਾ ਦੀ ਲੜੀ ’ਚ ਪ੍ਰੋਤੀ ਵਿਚਾਰਧਾਰਾ ਨੂੰ ਭੰਗ ਕਰ ਉਸ ਦੇ ਵਿਚ-ਵਿਚ ਕਿਸੇ ਸ਼ਬਦ ਦਾ ਪਾਠ ਕਰਨ ਨਾਲ ਭਾਵ ਸੰਪਟ ਲਾ ਕੇ ਪਾਠ ਕਰਨ ਨਾਲ ਫਲ ਦੁੱਗਣਾ ਮਿਲਦਾ ਹੈ। ਸੋ ਗੁਰਬਾਣੀ ਅਤੇ ਸਿੱਖ ਰਹਿਤ ਮਰਿਆਦਾ ਅਨੁਸਾਰ ਤਾਂ ਸੰਪਟ ਪਾਠ ਮਨਮਤ ਹੈ, ਜੋ ਮਨ ਦੀ ਇਕਾਗਰਤਾ ਭੰਗ ਕਰਨ ਦੇ ਤੁਲ ਹੈ। ਦੂਸਰਾ ਇਹ ਭਰਮ ਫੈਲਾਉਣਾ ਕਿ ਅਖੰਡ ਪਾਠ ਨਾਲੋਂ ਸੰਪਟ ਪਾਠ ਦਾ ਦੁੱਗਣਾ ਫਲ਼ ਮਿਲਦਾ ਹੈ; ਗੁਰ ਸਾਹਿਬ ਦੁਆਰਾ ਕੀਤੀ ਸੰਪਾਦਨਾ ’ਤੇ ਉਂਗਲ ਉਠਾਉਣਾ ਹੈ। ਇੱਥੋਂ ਤੱਕ ਕਿ ਆਪਣੇ ਆਪ ਨੂੰ ਗੁਰੂ ਤੋਂ ਵੀ ਵੱਧ ਸਿਆਣਾ ਸਮਝਣਾ ਤੇ ਘੋਸ਼ਤ ਕਰਨਾ ਹੈ। ਜੇ ਸੰਪਟ ਲਾਉਣ ਦਾ ਵੱਧ ਲਾਭ ਮਿਲਦਾ ਹੁੰਦਾ ਤਾਂ ਗੁਰੂ ਸਾਹਿਬ ਜੀ ਸੰਪਟ ਲਾ ਕੇ ਲਿਖ ਸਕਦੇ ਸਨ।

ਗੁਰਬਾਣੀ ਨੂੰ ਵਿਚਾਰਨ ਉਪਰੰਤ ਜਾਪਦਾ ਹੈ ਕਿ ਨਿਰਾ ਪਾਠ ਕਰਨ ਜਾਂ ਕਰਵਾਉਣ ਦਾ ਕੋਈ ਲਾਭ ਨਹੀਂ ਹੈ; ਜਿਵੇਂ ਕਿ ਕਿਹਾ ਹੈ ਕਿ  ਧਾਰਮਿਕ ਗ੍ਰੰਥ ਪੜ੍ਹਨ, ਸੁਣਨ ਦਾ ਬਹੁਤਾ ਲਾਭ ਨਹੀਂ; ਜੇਕਰ ਸਹਿਜਤਾ ਧਰਮ ਕਰ ਪ੍ਰਭੂ ਨਾਲ਼ ਮਿਲਾਪ ਨਾ ਹੋ ਸਕਿਆ, ‘‘ਕਿਆ ਪੜੀਐ ਕਿਆ ਗੁਨੀਐ  ? ਕਿਆ ਬੇਦ ਪੁਰਾਨਾਂ ਸੁਨੀਐ  ? ਪੜੇ ਸੁਨੇ ਕਿਆ ਹੋਈ  ? ਜਉ ਸਹਜ ਮਿਲਿਓ ਸੋਈ ’’ (ਕਬੀਰ ਸਾਹਿਬ ਜੀ/੬੫੫)

ਗੁਰੂ ਅਰਜਨ ਸਾਹਿਬ ਜੀ ਦੇ ਬਚਨ ਹਨ ਕਿ ਵੇਦ, ਪੁਰਾਣ, ਸਿੰਮ੍ਰਤੀਆਂ, ਕੁਰਾਨ, ਅੰਜੀਲ ਆਦਿ ਨੂੰ ਨਿਰਾ ਪੜ੍ਹਨ ਨਾਲ ਵਿਕਾਰਾਂ ਤੋਂ ਖ਼ਲਾਸੀ ਨਹੀਂ ਹੁੰਦੀ। ਜੋ ਮਨੁੱਖ ਗੁਰੂ ਦੀ ਸਰਨ ਪੈ ਕੇ ਅਬਿਨਾਸੀ ਪ੍ਰਭੂ ਦਾ ਨਾਮ ਜਪਦਾ ਹੈ, ਉਹੀ (ਲੋਕ ਪਰਲੋਕ ’ਚ) ਇੱਜ਼ਤ ਕਮਾਉਂਦਾ ਹੈ, ‘‘ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ; ਇਨ੍ਹ ਪੜਿਆ ਮੁਕਤਿ ਹੋਈ ਏਕੁ ਅਖਰੁ ਜੋ ਗੁਰਮੁਖਿ ਜਾਪੈ; ਤਿਸ ਕੀ ਨਿਰਮਲ ਸੋਈ ’’ (ਮਹਲਾ /੭੪੭)

ਸੋ ਰੂਹਾਨੀਅਤ ਵਿਕਾਸ; ਗਿਣਤੀ-ਮਿਣਤੀ ਦੇ ਪਾਠ ਜਾਂ ਸੰਪਟ ਪਾਠ ਨਾਲ ਨਹੀਂ ਹੁੰਦਾ; ਗੁਰੂ ਉਪਦੇਸ਼ਾਂ ਨੂੰ ਕਮਾ ਕੇ ਹੋਣਾ ਹੈ, ‘‘ਜਹ ਕਰਣੀ ਤਹ ਪੂਰੀ ਮਤਿ ਕਰਣੀ ਬਾਝਹੁ ਘਟੇ ਘਟਿ ’’ (ਮਹਲਾ /੨੫)

ਸੋ ਅਸਲ ਸਿੱਖੀ ਗੁਰਬਾਣੀ ਨੂੰ ਸਮਝ ਕੇ ਉਸ ਅਨੁਸਾਰ ਜੀਵਨ ਜਿਉਣ ਕਾਰਨ ਉਪਜਦੀ ਹੈ। ਹੁਣ ਜੇਕਰ ਗੁਰਬਾਣੀ ਤੇ ਰਹਿਤ ਮਰਿਆਦਾ ’ਚ ਸੰਪਟ ਪਾਠ ਦਾ ਕੋਈ ਜਿਕਰ ਨਹੀਂ ਤਾਂ ਇਹ ਚੋਲ਼ੇਧਾਰੀ ਲੋਕ; ਕਿਸ ਦੀ ਸ਼ਹਿ ’ਤੇ ਸੰਪਟ ਪਾਠ, ਅਖੰਡਪਾਠ ਦੀਆਂ ਇਕੋਤਰੀਆਂ ਤੇ ਗਿਣਤੀ ਦੇ ਪਾਠ ਸਿੱਖਾਂ ਪਾਸੋਂ ਕਰਾ ਰਹੇ ਹਨ। ਐਸੀ ਹੀ ਇੱਕ ਹੋਰ ਸੰਸਥਾ ਨੇ ਦੁਪਹਿਰੇ, ਚਉਪਹਿਰੇ ਦੀਆਂ ਲੜੀਆਂ ਚਲਾ ਰੱਖੀਆਂ ਹਨ।  ਕਿਹਾ ਜਾਂਦਾ ਹੈ ਕਿ ਇਨ੍ਹਾਂ ਸਮਾਗਮਾਂ ’ਚ ਗੁਰਬਾਣੀ ਦਾ ਹੀ ਪਾਠ ਹੁੰਦਾ ਹੈ; ਫਿਰ ਹਰਜ ਕੀ ਹੈ। ਹਰਜ ਇਹ ਹੈ ਕਿ ਸਿੱਖਾਂ ਪਾਸੋਂ ਪ੍ਰਤੀ ਦਿਨ ਦੋ-ਦੋ ਸੁਖਮਨੀ ਸਾਹਿਬ, 8 ਤੋਂ 10 ਜਪੁ ਜੀ ਤੇ ਦੁੱਖ ਭੰਜਨੀ ਆਦਿ ਦੇ ਪਾਠ ਕਰਨ ਤੋਂ ਇਲਾਵਾ ਦੁਪਹਿਰੇ, ਚਉਪਹਿਰੇ ਪਾਠ, ਇਕੋਤਰੀਆਂ ਅਤੇ ਸੰਪਟ ਲਗਾ-ਲਗਾ ਕੀਤੇ ਪਾਠਾਂ ਨੂੰ ਸੁਣਨ ਦਾ ਕਿਸੇ ਕੋਲ਼ ਸਮਾਂ ਹੈ ? ਸੰਗਤ ਨੂੰ ਇਨ੍ਹਾਂ ਵਿਅਸਤ ਕਰ ਰੱਖਿਆ ਹੈ ਕਿ ਉਸ ਕੋਲ਼ ਸ਼ਬਦ ਦੀ ਵਿਚਾਰ ਕਰਨ ਦਾ ਸਮਾਂ ਹੀ ਨਹੀਂ ਬਚਦਾ, ਜਿਸ ਦੀ ਅਹਿਮੀਅਤ ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ, ‘‘ਸਭਸੈ ਊਪਰਿ; ਗੁਰ ਸਬਦੁ ਬੀਚਾਰੁ ’’ (ਮਹਲਾ /੯੦੪) ਕੇਵਲ ਕਰਮਕਾਂਡ ਵਜੋਂ ਗੁਰਬਾਣੀ ਦੇ ਪਾਠਾਂ ਦੀ ਗਿਣਤੀ ਨੂੰ ਸਰਬੋਤਮ ਮੰਨਿਆ ਜਾਂਦਾ ਹੈ ਤੇ ਦੁੱਖ ਤਕਲੀਫ ਦੂਰ ਕਰਨ ਦੀ ਮਨਸ਼ਾ ਅਧੀਨ ਦੁੱਖ ਭੰਜਨੀ ਅਤੇ ਚਉਪਹਿਰੇ ਕੱਟਣ ’ਚ ਫਸਾਇਆ ਜਾ ਰਿਹਾ ਹੈ। ਗੁਰਬਾਣੀ ਅੰਦਰ ਨਾ ‘ਦੁਖ ਭੰਜਨੀ’ ਸਿਰਲੇਖ ਹੇਠ ਕੋਈ ਬਾਣੀ ਹੈ ਤੇ ਨਾ ਹੀ ਦੁਪਹਿਰੇ, ਚਉਪਹਿਰੇ ਜਾਂ ਸੰਪਟ ਪਾਠ ਦਾ ਜ਼ਿਕਰ ਹੈ। ਇਹ ਕਹਿਣਾ ਭੀ ਗ਼ਲਤ ਨਹੀਂ ਹੋਏਗਾ ਕਿ ਇਨ੍ਹਾਂ ਲਿਬਾਸਧਾਰੀਆਂ ’ਚੋਂ ਬਹੁਤਿਆਂ ਨੇ ਖ਼ੁਦ ਕਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਚਾਰ ਸਹਿਤ ਪੜ੍ਹਿਆ ਹੀ ਨਹੀਂ ਹੈ ਵਰਨਾ ਐਸੇ ਮਨਮਤੀ ਕਰਮ ਨਾ ਕਰਦੇ। ਇਨ੍ਹਾਂ ਦੀਆਂ ਜ਼ਿਆਦਾਤਰ ਰਹੁ-ਰੀਤਾਂ ਆਪਣੀਆਂ ਹਨ। ਜਿਨ੍ਹਾਂ ਬਾਰੇ ਕਹਿੰਦੇ ਹਨ ਕਿ ਵੱਡੇ ਸੰਤਾਂ ਵੱਲੋਂ ਚਲਾਈ ਮਰਿਆਦਾ ਹੈ ਯਾਨੀ ਕਿ ਸਿੱਖ ਕੌਮ ’ਚ ਸੰਤ ਭੀ ਬ੍ਰਾਹਮਣ ਵਾਙ ਇੱਕ ਉੱਚ-ਜਾਤੀ ਜਮਾਤ ਹੈ; ਜਿਸ ਬਾਰੇ ਗੁਰੂ ਸਾਹਿਬ ਦੇ ਬਚਨ ਹਨ, ‘‘ਜਾਤਿ ਕਾ ਗਰਬੁ ਕਰੀਅਹੁ ਕੋਈ   ਬ੍ਰਹਮੁ ਬਿੰਦੇ; ਸੋ ਬ੍ਰਾਹਮਣੁ ਹੋਈ   ਜਾਤਿ ਕਾ ਗਰਬੁ ਕਰਿ ਮੂਰਖ ਗਵਾਰਾ !   ਇਸੁ ਗਰਬ ਤੇ ਚਲਹਿ; ਬਹੁਤੁ ਵਿਕਾਰਾ ਰਹਾਉ   ਚਾਰੇ ਵਰਨ; ਆਖੈ ਸਭੁ ਕੋਈ   ਬ੍ਰਹਮੁ ਬਿੰਦ ਤੇ; ਸਭ ਓਪਤਿ ਹੋਈ ’’ (ਮਹਲਾ /੧੧੨੮) ਐਸੇ ਵਾਕ ਪੜ੍ਹਨ ਦੇ ਬਾਵਜੂਦ ਭੀ ਇਨ੍ਹਾਂ ਦੀਆਂ ਠਾਠਾਂ ਦੇ ਲੰਗਰ ਭੀ ਜਾਤ ਆਧਾਰਿਤ ਵੱਖ-ਵੱਖ ਪੰਕਤੀਆਂ ’ਚ ਤੇ ਵੱਖਰੇ=ਵੱਖਰੇ ਭਾਂਡਿਆਂ ਨਾਲ਼ ਛਕਾਏ ਜਾਂਦੇ ਹਨ।

ਦੁੱਖਾਂ ਦੀ ਨਵਿਰਤੀ ਲਈ ਗੁਰਬਾਣੀ; ਮੰਤਰ ਮਾਤਰ ਨਹੀਂ। ਇਹ ਮਨੁੱਖ ਅੰਦਰ ਦੁੱਖਾਂ ਨੂੰ ਸਹਾਰਨ ਦਾ ਬਲ ਬਖ਼ਸ਼ਦੀ ਹੈ; ਜਿਵੇਂ ਕਿ ਭਾਈ ਮਤੀ ਦਾਸ ਜੀ ਨੇ ਆਪਣੇ ਆਪ ਨੂੰ ਆਰੇ ਨਾਲ ਚਿਰਵਾ ਲਿਆ, ਭਾਈ ਦਿਆਲਾ ਜੀ ਨੇ ਗਰਮ ਪਾਣੀ ’ਚ ਬੈਠ ਕੇ ਆਪਣਾ ਸਰੀਰ ਉਬਾਲ ਲਿਆ, ਭਾਈ ਸਤੀ ਦਾਸ ਜੀ ਨੇ ਰੂੰ ’ਚ ਲਿਪਟ ਕੇ ਅੱਗ ਨਾਲ ਸੜਨਾ ਪ੍ਰਵਾਨ ਕਰ ਕੀਤਾ, ਪਰ ਗੁਰੂ ਤੋਂ ਬੇਮੁੱਖ ਨਾ ਹੋਏ। ਭਾਈ ਮਨੀ ਸਿੰਘ ਜੀ ਨੇ ਬੰਦ ਬੰਦ ਕਟਵਾਉਣਾ ਪ੍ਰਵਾਨ ਕੀਤਾ, ਪਰ ਈਨ ਨਾ ਮੰਨੀ। ਭਾਈ ਤਾਰੂ ਸਿੰਘ ਜੀ ਨੇ ਖੋਪਰੀ ਲੁਹਾ ਲਈ, ਪਰ ਗੁਰੂ ਦੀ ਮੋਹਰ (ਕੇਸ) ਕਟਵਾਉਣੀ ਪ੍ਰਵਾਨ ਨਾ ਕੀਤੀ। ਜਦ ਹਿਰਦੇ ’ਚ ਗੁਰਮਤਿ-ਪ੍ਰਕਾਸ਼ ਹੋਵੇ, ਬਲ ਹੋਵੇ ਤਾਂ ਗੁਰਸਿਖ ਨਾ ਕਿਸੇ ਤੋਂ ਡਰਦਾ ਹੈ ਤੇ ਨਾ ਕਿਸੇ ਨੂੰ ਡਰਾਉਂਦਾ ਹੈ, ‘‘ਭੈ ਕਾਹੂ ਕਉ ਦੇਤ ਨਹਿ ਨਹਿ; ਭੈ ਮਾਨਤ ਆਨ ਕਹੁ ਨਾਨਕ ਸੁਨਿ ਰੇ ਮਨਾਗਿਆਨੀ ਤਾਹਿ ਬਖਾਨਿ ’’ (ਮਹਲਾ /੧੪੨੭) ਗੁਰੂ ਨਾਨਕ ਸਾਹਿਬ ਨੇ ਦਲੇਰੀ ਨਾਲ਼ ਕਮਜ਼ੋਰਾਂ, ਬੇਸਹਾਰਿਆਂ ਤੇ ਲਿਤਾੜੇ ਲੋਕਾਂ ਲਈ ਅਵਾਜ਼ ਬੁਲੰਦ ਕੀਤੀ। ਜਿਹੜੇ ਰਾਜੇ; ਟੈਕਸਾਂ ਰਾਹੀਂ ਲੋਕਾਂ ਦਾ ਖ਼ੂਨ ਪੀ ਰਹੇ ਸਨ, ਐਸ਼ ਪ੍ਰਸਤੀ ਕਰਦੇ ਸਨ; ਉਨ੍ਹਾਂ ਨੂੰ ਵੰਗਾਰਿਆ, ‘‘ਰਾਜੇ ਸੀਹ ਮੁਕਦਮ ਕੁਤੇ ਜਾਇ ਜਗਾਇਨ੍ਹਿ ਬੈਠੇ ਸੁਤੇ ਚਾਕਰ ਨਹਦਾ ਪਾਇਨ੍ਹਿ ਘਾਉ ਰਤੁ ਪਿਤੁ ਕੁਤਿਹੋ ਚਟਿ ਜਾਹੁ ’’  (ਮਹਲਾ /੧੨੮੮) ਜਦਕਿ ਅਜੋਕੇ ਸਾਧ ਕਹਿੰਦੇ ਹਨ ਕਿ ਜਿਹੜੇ ਚੁਣੇ ਗਏ ਉਹ ਆਪਣੇ ਚੋਣ ਵਾਅਦੇ ਪੂਰੇ ਕਰਨ ਜਾਂ ਨਾ ਕਰਨ ਉਨ੍ਹਾਂ ਨੂੰ ਕੁਝ ਨਹੀਂ ਕਹਿਣਾ, ਉਨ੍ਹਾਂ ਨੂੰ ਆਪਣਾ ਕੰਮ ਕਰਨ ਦਿਉ।

ਗੁਰੂ ਕਾਲ ਸਮੇਂ ਭੀ ਹਰ ਧਰਮ ’ਚ ਐਸੇ ਆਗੂ ਸਨ, ਜੋ ਵਕਤੀ ਰਾਜਿਆਂ ਦੁਆਰਾ ਆਮ ਜਨਤਾ ’ਤੇ ਹੁੰਦੇ ਜੁਲਮ ਦੌਰਾਨ ਉਨ੍ਹਾਂ ਲਈ ਮਦਦਗਾਰ ਬਣਨ ਦੀ ਥਾਂ ਇਹ ਕਹਿੰਦੇ ਕਿ ਇਨ੍ਹਾਂ ਨੇ ਪਿਛਲੇ ਜਨਮਾਂ ’ਚ ਕੀਤੀ ਭਗਤੀ ਕਾਰਨ ਰੱਬ ਵੱਲੋਂ ਇਨ੍ਹਾਂ ਨੂੰ ਆਪਣੇ ਦੂਤ ਬਣਾ ਰਾਜ ਕਰਨ ਲਈ ਭੇਜਿਆ ਹੈ। ਰਾਜਿਆਂ ਦਾ ਹੁਕਮ ਮੰਨਣਾ ਹੀ ਧਰਮ ਹੈ। ਗਿਆਨ ਵਿਹੂਣੇ ਲੋਕ ਦੁੱਖਾਂ ਦੀ ਨਵਿਰਤੀ ਤੇ ਸੁੱਖਾਂ ਦੀ ਪ੍ਰਾਪਤੀ ਲਈ ਧਰਮ ਦੇ ਐਸੇ ਠੇਕੇਦਾਰਾਂ ਪਾਸੋਂ ਮੰਤਰਾਂ ਦੇ ਪਾਠ ਕਰਾਉਂਦੇ। ਗੁਰੂ ਸਾਹਿਬ ਨੇ ਐਸੇ ਧਾਰਮਿਕ ਠੱਗਾਂ ਬਾਰੇ ਕਿਹਾ ਹੈ, ‘‘ਕਾਦੀ ਕੂੜੁ ਬੋਲਿ ਮਲੁ ਖਾਇ ਬ੍ਰਾਹਮਣੁ ਨਾਵੈ ਜੀਆ ਘਾਇ ਜੋਗੀ ਜੁਗਤਿ ਜਾਣੈ ਅੰਧੁ ਤੀਨੇ ਓਜਾੜੇ ਕਾ ਬੰਧੁ ’’ (ਮਹਲਾ /੬੬੨)

ਜਿਸ ਤਰ੍ਹਾਂ ਹਰ ਦੁੱਖ ਦਾ ਇਲਾਜ ਇਹ ਬਾਬੇ ਸੰਪਟ ਪਾਠ ਦੱਸ ਰਹੇ ਹਨ; ਵੈਸੇ ਹੀ ਅਤੀਤ ’ਚ ਜਦ ਵਿਦੇਸ਼ੀ ਧਾੜਵੀ; ਫੌਜਾਂ ਲੈ ਕੇ ਹਿੰਦੋਸਤਾਨ ਨੂੰ ਲੁੱਟਣ ਆਉਂਦੇ ਤਾਂ ਵਕਤੀ ਰਾਜੇ; ਐਸੇ ਧਾਰਮਿਕ ਆਗੂਆਂ ਕੋਲ ਫ਼ਰਿਆਦ ਕਰਦੇ ਕਿ ਬਚਾਅ ਦਾ ਕੋਈ ਉਪਾ ਦੱਸੋ; ਤਾਂ ਗਿਆਨ ਵਿਹੂਣੇ ਧਾਰਮਿਕ ਆਗੂ ਕਹਿੰਦੇ ਕਿ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ, ਅਸੀਂ ਮੰਤਰਾਂ ਨਾਲ਼ ਹੀ ਦੁਸ਼ਮਣਾਂ ਨੂੰ ਅੰਨ੍ਹੇ ਕਰ ਦੇਣਾ ਹੈ। ਇਤਿਹਾਸ ਗਵਾਹ ਹੈ ਕਿ ਉਹ ਭਾਰਤ ਦੀ ਇੱਜ਼ਤ, ਧਨ ਸੰਪਤੀ, ਮੰਦਿਰ ਲੁਟ ਲੈ ਜਾਂਦੇ, ਇਨ੍ਹਾਂ ਦੇ ਮੰਤਰਾਂ ਨੇ ਉਨ੍ਹਾਂ ਦਾ ਕੁਝ ਨਾ ਵਿਗਾੜਿਆ। ਇਸ ਬਾਬਤ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ, ‘‘ਕੋਟੀ ਹੂ ਪੀਰ ਵਰਜਿ ਰਹਾਏ; ਜਾ ਮੀਰੁ (ਬਾਬਰ) ਸੁਣਿਆ ਧਾਇਆ ਥਾਨ ਮੁਕਾਮ ਜਲੇ ਬਿਜ ਮੰਦਰ; ਮੁਛਿ ਮੁਛਿ ਕੁਇਰ ਰੁਲਾਇਆ ਕੋਈ ਮੁਗਲੁ ਹੋਆ ਅੰਧਾ; ਕਿਨੈ ਪਰਚਾ ਲਾਇਆ ਮੁਗਲ ਪਠਾਣਾ ਭਈ ਲੜਾਈ; ਰਣ ਮਹਿ ਤੇਗ ਵਗਾਈ   ਓਨ੍ਹੀ ਤੁਪਕ ਤਾਣਿ ਚਲਾਈ; ਓਨ੍ਹੀ ਹਸਤਿ ਚਿੜਾਈ   ਜਿਨ੍ ਕੀ ਚੀਰੀ ਦਰਗਹ ਪਾਟੀ; ਤਿਨ੍ਹਾ ਮਰਣਾ ਭਾਈ   ਇਕ ਹਿੰਦਵਾਣੀ ਅਵਰ ਤੁਰਕਾਣੀ; ਭਟਿਆਣੀ ਠਕੁਰਾਣੀ   ਇਕਨ੍ਹਾ ਪੇਰਣ ਸਿਰ ਖੁਰ ਪਾਟੇ; ਇਕਨ੍ਹਾ ਵਾਸੁ ਮਸਾਣੀ   ਜਿਨ੍ ਕੇ ਬੰਕੇ ਘਰੀ ਆਇਆ; ਤਿਨ੍ ਕਿਉ ਰੈਣਿ ਵਿਹਾਣੀ ’’ (ਮਹਲਾ /੪੧੮)

ਸੰਨ 1521 ’ਚ ਬਾਬਰ ਦੁਆਰਾ ਏਮਨਾਬਾਦ (ਪਾਕਿਸਤਾਨ) ’ਤੇ ਕੀਤੇ ਹਮਲੇ ਨਾਲ਼ ਸਬੰਧਿਤ ਇਸ ਘਟਨਾ ਸਮੇਂ ਗੁਰੂ ਨਾਨਕ ਸਾਹਿਬ ਜੀ; ਭਾਈ ਲਾਲੋ ਜੀ ਦੇ ਘਰ ਠਹਿਰੇ ਹੋਏ ਸਨ, ਜੋ ਓਥੋਂ ਦਾ ਹੀ ਨਿਵਾਸੀ ਸੀ; ਜਿਵੇਂ ਕਿ ਆਪ ਜੀ ਦੇ ਬਚਨ ਹਨ, ‘‘ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ ਵੇ ਲਾਲੋ ਪਾਪ ਕੀ ਜੰਞ ਲੈ ਕਾਬਲਹੁ ਧਾਇਆ; ਜੋਰੀ ਮੰਗੈ ਦਾਨੁ ਵੇ ਲਾਲੋ ਸਰਮੁ ਧਰਮੁ ਦੁਇ ਛਪਿ ਖਲੋਏ; ਕੂੜੁ ਫਿਰੈ ਪਰਧਾਨੁ ਵੇ ਲਾਲੋ ਕਾਜੀਆ ਬਾਮਣਾ ਕੀ ਗਲ ਥਕੀ; ਅਗਦੁ (ਫੇਰੇ) ਪੜੈ ਸੈਤਾਨੁ ਵੇ ਲਾਲੋ ਮੁਸਲਮਾਨੀਆ ਪੜਹਿ ਕਤੇਬਾ; ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ਜਾਤਿ ਸਨਾਤੀ ਹੋਰਿ ਹਿਦਵਾਣੀਆ; ਏਹਿ ਭੀ ਲੇਖੈ ਲਾਇ ਵੇ ਲਾਲੋ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ! ਰਤੁ ਕਾ ਕੁੰਗੂ ਪਾਇ ਵੇ ਲਾਲੋ ’’ (ਮਹਲਾ /੭੨੩)

ਸੋ ਐਸੇ ਸੰਪਟ ਪਾਠਾਂ ਰਾਹੀਂ ਦੁੱਗਣਾ ਲਾਭ ਮਿਲਣ ਦਾ ਦਾਹਵਾ ਕਰਨ ਵਾਲ਼ੇ ਮਨਮਤੀ ਪ੍ਰਚਾਰ ਤੋਂ ਸੰਗਤਾਂ ਨੂੰ ਦੂਰ ਰਹਿਣਾ ਚਾਹੀਦਾ ਹੈ। ਮਨੁੱਖਾ ਜਨਮ ਬੜਾ ਕੀਮਤੀ ਤੋਹਫ਼ਾ ਹੈ। ਐਸੇ ਪਾਖੰਡੀ ਸਾਧਾਂ ਦੇ ਮਗਰ ਲੱਗ ਕੇ ਜੀਵਨ ਅਜਾਈਂ ਨਹੀਂ ਗਵਾਉਣਾ ਚਾਹੀਦਾ। ਗੁਰਬਾਣੀ ਦਾ ਸਹਿਜ ਪਾਠ ਸਹਿਜੇ ਸਹਿਜੇ ਅਰਥਾਂ ਨੂੰ ਵਿਚਾਰ ਕੇ ਕਰਨਾ ਚਾਹੀਦਾ ਹੈ; ਜੈਸਾ ਕਿ ਵਾਕ ਹੈ, ‘‘ਹਰਿ ਕਾ ਬਿਲੋਵਨਾ; ਬਿਲੋਵਹੁ ਮੇਰੇ ਭਾਈ  !  ਸਹਜਿ (’) ਬਿਲੋਵਹੁ; ਜੈਸੇ ਤਤੁ ਜਾਈ ਰਹਾਉ ’’ (ਭਗਤ ਕਬੀਰ/੪੭੮)

ਸ਼ਬਦ ਗੁਰੂ (ਭਾਗ 6)

0

ਸ਼ਬਦ ਗੁਰੂ (ਭਾਗ 6)

ਗਿਆਨੀ ਰਣਜੋਧ ਸਿੰਘ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਰੂਪੀ ਜਾਗਤ ਜੋਤਿ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰਮੇਸ਼ਰ ਰੂਪੀ ਜਗਦੀ ਜੋਤਿ ਕਿਵੇਂ ਹੈ ? ‘‘ਪੋਥੀ ਪਰਮੇਸਰ ਕਾ ਥਾਨੁ ’’ (ਮਹਲਾ /੧੨੨੬)ਤੋਂ ਗੁਰੂ ਸਾਹਿਬ ਜੀ ਦੀ ਪਦਵੀ Status, position ਤੱਕ ਕਿਵੇਂ ਯਾਤਰਾ ਸੰਪੂਰਨ ਹੋਈ ? ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਦੀ ਯਾਤਰਾ ਕਿਵੇਂ ਸੰਪੂਰਨ ਹੋਈ ? ਇਸ ਦੀ ਵਿਚਾਰ ਕਰਨੀ ਹੈ ਤਾਂ ਕਿ ਸ਼ਬਦ ਗੁਰੂ ਦਾ ਇਤਿਹਾਸ ਅੱਗੇ ਚੱਲੇ। ਅੱਗੇ ਚੱਲਣ ਤੋਂ ਪਹਿਲਾਂ ਥੋੜ੍ਹੀ ਪਿਛਲੀ ਵਿਚਾਰ ਨੂੰ ਦੁਬਾਰਾ ਦੁਹਰਾ ਦੇਵਾਂ ਤਾਂ ਕਿ ਸ਼ਬਦ ਗੁਰੂ ਦੇ ਇਤਿਹਾਸ ਦੀ ਕਥਾ-ਲੜੀ ਆਪਸ ’ਚ ਜੁੜ ਸਕੇ।

ਦੱਖਣ ਦੇ ਗਵਰਨਰ ਰਾਜਾ ਜੈ ਸਿੰਘ ਮਿਰਜ਼ਾ ਦੀ ਪਤਨੀ ਰਾਣੀ ਪੁਸ਼ਪਾਵਤੀ ਨੇ ਔਰੰਗਜ਼ੇਬ ਦੇ ਕਹਿਣ ਉੱਤੇ ਨੌਕਰਾਣੀਆਂ ਵਾਲੇ ਵਸਤਰ ਪਾ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਪਰਖ ਕੀਤੀ ਕਿ ਕੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ; ਗੁਰੂ ਨਾਨਕ ਸਾਹਿਬ ਵਾਲੀ ਯੋਗਤਾ ਰੱਖਦੇ ਹਨ ? ਐਸੀ ਹੀ ਪਰਖ ਗੁਰੂ ਨਾਨਕ ਸਾਹਿਬ ਦੀ ਸੰਗਲਾਦੀਪ ਦੇ ਰਾਜਾ ਸ਼ਿਵ ਨਾਭ ਨੇ ਭੀ ਕੀਤੀ ਸੀ ਕਿ ਇਹ ਸੱਚ ਹੀ ਗੁਰੂ ਨਾਨਕ ਸਾਹਿਬ ਜੀ ਹਨ ਜਾਂ ਨਹੀਂ। ਗੁਰੂ ਸਾਹਿਬ ਆਪ ਭੀ ਸਮੇਂ-ਸਮੇਂ ਸਿੱਖਾਂ ਦੀ ਪਰਖ ਕਰਦੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਦਾਦੂ ਦੀ ਸਮਾਧ ਉੱਤੇ ਤੀਰ ਨਾਲ ਨਮਸਕਾਰ ਕਰਕੇ ਭੀ ਸਿੱਖਾਂ ਦੀ ਪਰਖ ਕੀਤੀ ਕਿ ਇਹ ਸਿੱਖੀ ’ਚ ਕਿੰਨੇ ਕੁ ਦ੍ਰਿੜ੍ਹ ਹਨ। ਗੁਰੂ ਨਾਨਕ ਸਾਹਿਬ ਭੀ ਸਮੇਂ-ਸਮੇਂ ਸਿੱਖਾਂ ਅਤੇ ਪੁੱਤਰਾਂ ਦੀ ਪਰਖ ਕਰਦੇ ਰਹੇ ਸਨ। ਐਸੀ ਘੋਖ ਉਪਰੰਤ ਹੀ ਗੁਰਿਆਈ ਬਾਬਾ ਲਹਿਣਾ ਜੀ ਨੂੰ ਬਖਸ਼ੀ। ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਅਤੇ ਭਾਈ ਰਾਮਾ ਜੀ ਕੋਲੋਂ ਥੜ੍ਹੇ ਬਣਵਾ ਕੇ ਪਰਖ ਕੀਤੀ। ਪਰਖ ਹੋਣੀ ਭੀ ਚਾਹੀਦੀ ਹੈ, ਪਰ ਅੱਜ ਸਾਡੇ ਕੋਲ਼ ਪਰਖ ਕਰਨ ਦਾ ਨਜ਼ਰੀਆ ਨਹੀਂ, ਜਿਸ ਕਾਰਨ ਬਗਲੇ ਨੂੰ ਹੰਸ ਸਮਝ ਬੈਠਦੇ ਹਾਂ, ਕਾਂ ਨੂੰ ਕੋਇਲ ਤੇ ਤੁਮ੍ਹੇ ਨੂੰ ਖਰਬੂਜਾ ਸਮਝ ਬੈਠਦੇ ਹਾਂ। ਪਾਵਨ ਬਚਨ ਹਨ :

ਪੇਖੰਦੜੋ ਕੀ ਭੁਲੁ; ਤੁੰਮਾ ਦਿਸਮੁ ਸੋਹਣਾ

ਅਢੁ ਲਹੰਦੜੋ ਮੁਲੁ; ਨਾਨਕ  ! ਸਾਥਿ ਜੁਲਈ ਮਾਇਆ (ਮਹਲਾ /੭੦੮)

ਭਾਵ ਬਾਹਰੋਂ ਵੇਖਿਆਂ ਤੁੰਮ੍ਹਾ ਸੁੰਦਰ ਹੈ, ਪਰ ਅੰਦਰੋਂ ਕੌੜਾ ਨਿਕਲਦਾ ਹੈ। ਮਨੁੱਖ ਉਸ ਮਾਇਆ ਨੂੰ ਪਿਆਰ ਕਰਦਾ ਹੈ, ਜਿਸ ਦਾ ਸਾਥ ਨਿਭਾਉਣ ਵੇਲ਼ੇ ਅੱਧ ਮੁੱਲ ਨਹੀਂ ਪੈਂਦਾ ਭਾਵ ਉਹ ਨਾਲ ਨਹੀਂ ਹੁੰਦੀ। ਇਹੀ ਭਰਮ ਹੈ, ਭੁੱਲ ਹੁੰਦੀ ਹੈ ਕਿਉਂਕਿ ਅਸੀਂ ਪਰਖਦੇ ਨਹੀਂ, ਬੱਸ ਦੇਖਾ-ਦੇਖੀ, ਸੁਣ-ਸੁਣਾਈ ਗੱਲ ’ਤੇ ਯਕੀਨ ਕਰ ਬੈਠਦੇ ਹਾਂ; ਫਿਰ ਧੋਖਾ ਖਾਂਦੇ ਹਾਂ। ਗੁਰੂ ਅਮਰਦਾਸ ਜੀ ਕਹਿੰਦੇ ਹਨ, ‘‘ਮੈ ਜਾਨਿਆ ਵਡ ਹੰਸੁ ਹੈ; ਤਾ ਮੈ ਕੀਆ ਸੰਗੁ ਜੇ ਜਾਣਾ ਬਗੁ ਬਪੁੜਾ; ਜਨਮਿ (’) ਦੇਦੀ ਅੰਗੁ (ਸਾਥ)’’ (ਮਹਲਾ /੫੮੫)

ਅਸੀਂ ਆਮ ਕਰਕੇ ਮਿੱਤਰਾਂ ਨੂੰ ਦੁਸ਼ਮਣ ਸਮਝ ਲੈਂਦੇ ਹਾਂ ਤੇ ਦੁਸ਼ਮਣਾਂ ਨੂੰ ਮਿੱਤਰ, ਇਸ ਕਰਕੇ ਪੰਥ ਦਰਦੀਆਂ ਨਾਲ਼ ਨਫ਼ਰਤ ਹੁੰਦੀ ਵੇਖੀਦੀ ਹੈ। ਪੰਥ ਵਿੱਚੋਂ ਛੇਕੇ ਜਾਂਦੇ ਹਨ। ਪੰਥ ਦੇ ਦੁਸ਼ਮਣਾਂ ਨੂੰ ਉਨ੍ਹਾਂ ਦੀ ਪਿਛਲੀ ਗ਼ਲਤੀ ਮਾਫ਼ ਕਰਕੇ ਸਿਰ ’ਤੇ ਚੁੱਕ ਲੈਂਦੇ ਹਾਂ। ਅੱਜ ਸਿੱਖਾਂ ਅੰਦਰ ਪਰਖ ਕਰਨ ਵਾਲ਼ੀ ਯੋਗਤਾ ਨਹੀਂ, ਇਸ ਕਰਕੇ ਆਰ. ਐਸ. ਐਸ ਦੇ ਹੀ ਗੁਪਤ ਏਜੰਡਿਆਂ ਨੂੰ ਲਾਗੂ ਕਰੀ ਜਾਂਦੇ ਹਾਂ ਤੇ ਗੁਰਮਤਿ ਦੇ ਪ੍ਰਚਾਰਕਾਂ ਨੂੰ ਨਾਸਤਿਕ ਕਹੀ ਜਾਂਦੇ ਹਾਂ; ਫਿਰ ਕਹਿੰਦੇ ਹਾਂ ਜੀ ਸਾਨੂੰ ਪਤਾ ਨਹੀਂ ਲੱਗਾ ਕੌਣ ਕਿਸ ਤਰ੍ਹਾਂ ਦਾ ਹੈ। ਜੇ ਪਤਾ ਨਹੀਂ ਲੱਗਦਾ ਤਾਂ ਪੰਥ ’ਚ ਪਾਰਖੂ ਬਹੁਤ ਹਨ, ਉਨ੍ਹਾਂ ਕੋਲੋਂ ਪਰਖਾ ਲਿਆ ਕਰੀਏ; ਜਿਵੇਂ ਕਿ ਫ਼ੁਰਮਾਨ ਹੈ, ‘‘ਅੰਨ੍ਹੇ ਵਸਿ ਮਾਣਕੁ ਪਇਆ; ਘਰਿ ਘਰਿ ਵੇਚਣ ਜਾਇ ਓਨਾ ਪਰਖ ਆਵਈ; ਅਢੁ ਪਲੈ ਪਾਇ ਜੇ ਆਪਿ ਪਰਖ ਆਵਈ; ਤਾਂ ਪਾਰਖੀਆ ਥਾਵਹੁ ਲਇਓੁ ਪਰਖਾਇ ’’(ਮਹਲਾ /੧੨੪੯)

ਅੱਜ ਸਾਡੀ ਹਾਲਤ ਬਹੁਤ ਬਦਤਰ ਹੋ ਗਈ ਹੈ। ਅੰਨ੍ਹਿਆਂ ਨੂੰ ਪਰਖ ਵਾਸਤੇ ਬਿਠਾ ਲਿਆ ਹੈ, ਇਨ੍ਹਾਂ (ਗੁਰਬਚਨ ਸਿੰਘ, ਮੱਲ ਸਿੰਘ, ਗੁਰਮੁਖ ਸਿੰਘ, ਕੁਲਵੰਤ ਸਿੰਘ, ਇਕਬਾਲ ਸਿੰਘ) ਨੇ ਸਿਰਸਾ ਵਾਲੇ ਸੌਦਾ ਸਾਧ ਨੂੰ ਬਿਨਾਂ ਪੇਸ਼ ਹੋਣ ’ਤੇ ਅਤੇ ਬਿਨਾਂ ਮਾਫੀ ਮੰਗੇ; ਮਾਫ਼ ਕਰ ਦਿੱਤਾ, ਜਿਸ ਨੇ 2007 ’ਚ ਸਬਲਾਤਪੁਰ ਵਿੱਚ ਜਾਮਿ-ਏ-ਇੰਸਾਂ, ਲੋਕਾਂ ਨੂੰ ਪਿਲਾਇਆ ਸੀ।ਉਸ ਨੇ ਇਹ, ਗੁਰੂ ਗੋਬਿੰਦ ਸਿੰਘ ਜੀ ਦੀ ਰੀਸ ਕੀਤੀ ਸੀ। ਸਤਿਗੁਰੂ ਪਾਤਿਸ਼ਾਹ ਫ਼ੁਰਮਾਉਂਦੇ ਹਨ ਕਿ ਜੇ ਆਪ ਨੂੰ ਪਰਖ ਨਾ ਹੋਵੇ ਤਾਂ ਬੜੇ ਪਾਰਖੂ ਹਨ, ਉਨ੍ਹਾਂ ਪਾਸੋਂ ਪਰਖ ਕਰਵਾ ਲੈਣੀ ਚਾਹੀਦੀ ਹੈ, ਪਰ ਲਿਫ਼ਾਫ਼ੇ’ਚੋਂ ਨਿਕਲੇ ਇਹ ਜਥੇਦਾਰ ਤਾਂ ਪਾਰਖੂਆਂ ਨੂੰ ਹੀ ਜਲੀਲ ਕਰਦੇ ਹਨ। ਉਨ੍ਹਾਂ ਨੂੰ ਪੰਥ ਵਿੱਚੋਂ ਛੇਕਦੇ ਹਨ।

ਪਰਖ ਜ਼ਰੂਰ ਚਾਹੀਦੀ ਹੈ। ਰਾਣੀ ਨੇ ਪਰਖ ਕੀਤੀ ਸੀ ਭਾਵੇਂ ਔਰੰਗਜ਼ੇਬ ਦੇ ਕਹੇ ਉੱਤੇ ਹੀ ਕੀਤੀ ਸੀ, ਗੁਰੂ ਸਾਹਿਬ ਨੇ ਰਾਣੀ ਪੁਸ਼ਪਾਵਤੀ ਨੂੰ ਬਚਨ ਕਹੇ ਸਨ ਕਿ ਜੇਕਰ ਕੋਈ ਰਾਣੀ ਨੌਕਰਾਣੀਆਂ ਵਾਲੇ ਵਸਤਰ ਪਹਿਣ ਲਵੇ ਤਾਂ ਉਸ ਦੀ ਅੰਦਰੂਨੀ ਆਭਾ; ਨੌਕਰਾਣੀਆਂ ਵਰਗੀ ਨਹੀਂ ਬਣਦੀ। ਅਗਰ ਕੋਈ ਨੌਕਰਾਣੀ; ਰਾਣੀ ਵਾਲੇ ਵਸਤਰ ਪਹਿਣ ਲਵੇ ਤਾਂ ਉਸ ਦਾ ਹਾਵ-ਭਾਵ; ਰਾਣੀ ਵਰਗਾ ਨਹੀਂ ਬਣਦਾ। ਜੀਵਨ ਦੀ ਅਵਸਥਾ ਵਸਤਰਾਂ ਤੋਂ ਨਹੀਂ; ਗੁਣਾਂ ਤੋਂ ਜਾਣਨੀ ਚਾਹੀਦੀ ਹੈ। ਇਕ ਡਾਕੂ ਭੀ ਧਰਮੀਆਂ ਵਾਲੇ ਵਸਤਰਪਾ ਸਕਦਾ ਹੈ, ਇਸ ਦਾ ਇਹ ਮਤਲਬ ਨਹੀਂ ਕਿ ਉਹ ਧਰਮੀ ਬਣ ਗਿਆ। ਅੰਦਰੋਂ ਤਾਂ ਉਹ ਡਾਕੂ ਹੀ ਰਹੇਗਾ। ਆਸਾ ਰਾਮ, ਰਾਮ ਰਹੀਮ ਗੁਰਮੀਤ, ਮਾਲੇਗਾਉ ਵਾਲੀ ਸਾਧਵੀ ਪ੍ਰਗਿਆ, ਨਿਰਮਲ ਬਾਬਾ, ਰਾਧੇ ਮਾਂ, ਆਦਿ ਦੇ ਵਸਤਰ ਧਾਰਮੀਆ ਵਾਲੇ ਹੁੰਦੇ ਹਨ, ਪਰ ਜੀਵਨ ਪੱਖੋਂ ਇਹ ਸਭ ਅਧਰਮੀ ਹਨ।

ਸਿੱਖਾਂ ਅੰਦਰ ਵੀ ਐਸਾ ਸਿਲਸਿਲਾ ਚੱਲ ਰਿਹਾ ਹੈ ਕਿ ਵਸਤਰ; ਸਾਧਾਂ ਵਾਲੇ ਹੁੰਦੇ ਹਨ, ਪਰ ਕੰਮ ਚੋਰਾਂ ਵਾਲੇ ਹਨ। ਇਸ ਲਈਪਰਖ ਵਸਤਰਾਂ ਤੋਂ ਨਹੀਂ ਹੋਣੀ ਚਾਹੀਦੀ; ਰੱਬੀ ਗੁਣਾਂ ਤੋਂ ਹੋਣੀ ਚਾਹੀਦੀ ਹੈ। ਆਦਿ ਕਾਲ ਤੋਂ ਪਹਿਚਾਣ ਵਸਤਰਾਂ ਤੋਂ ਹੀ ਹੁੰਦੀ ਆਈ ਹੈ। ਹੁਣ ਭੀ ਕੀਤੀ ਜਾ ਰਹੀ ਹੈ ਕਿਉਂਕਿ ਮਨੁੱਖ ਕੋਲ਼ ਜੀਵਨ ਦੀ ਗਹਿਰਾਈ ਨੂੰ ਜਾਣਨ ਵਾਲ਼ਾ ਦ੍ਰਿਸ਼ਟੀਕੋਣ ਨਹੀਂ। ਪੀਰ ਪੈਗੰਬਰਾਂ ਨੇ ਜਿਹੜੇ ਵਸਤਰ ਇੱਕ ਵਾਰ ਪਾ ਲਏ, ਬਸ ਉਨ੍ਹਾਂ ਦੀ ਪਹਿਚਾਣ ਹੀ ਵਸਤਰ ਬਣ ਗਏ। ਦੇਵੀ ਦੇਵਤਿਆਂ, ਅਵਤਾਰਾਂ ਨੇ ਜਿਹੜੇ ਵਸਤਰ ਪਾ ਲਏ; ਉਹ ਬਦਲੇ ਨਹੀਂ, ਸਾਰੀ ਉਮਰ ਉਹੀ ਰੱਖੇ। ਅਗਰ ਉਹ ਵਸਤਰ ਬਦਲ ਲੈਂਦੇ ਤਾਂ ਉਨ੍ਹਾਂ ਦੀ ਪਹਿਚਾਣ ਖ਼ਤਮ ਹੋ ਜਾਂਦੀ। ਬੁੱਧ ਨੇ ਜਿਹੜੇ ਵਸਤਰ ਪਾ ਲਏ, ਉਹੀ ਬੁੱਧ ਦੀ ਪਹਿਚਾਣ ਹਨ। ਮਹਾਂਵੀਰ ਨੇ ਵਸਤਰ ਉਤਾਰ ਦਿੱਤੇ; ਵਸਤਰ-ਰਹਿਤ ਹੀ ਉਨ੍ਹਾਂ ਦੀ ਪਹਿਚਾਣ ਹੈ। ਜੋਗੀਆਂ ਨੇ ਗੇਰੂ ਰੰਗੇ ਵਸਤਰ ਪਾਏ, ਕੰਨਾਂ ’ਚ ਮੁੰਦਰਾਂ,ਹੱਥ ’ਚ ਡੰਡਾ, ਗਲ਼ ’ਚ ਝੋਲੀ ਪਾ ਲਈ। ਪਿੰਡੇ’ਤੇ ਸੁਆਹ ਮਲ਼ ਲਈ; ਇਹੀ ਜੋਗੀਆਂ ਦੀ ਪਹਿਚਾਣ ਹੋ ਗਈ। ਈਸਾ ਮਸੀਹ ਨੇ ਜਿਹੜੇ ਵਸਤਰ ਧਾਰਨ ਕੀਤੇ, ਉਹੀ ਪਹਿਚਾਣ ਵਜੋਂ ਪੌਪ ਧਾਰਨ ਕਰਦੇ ਹਨ। ਹਜ਼ਰਤ ਸਾਹਿਬ ਦੇ ਵਸਤਰ ਕਾਜ਼ੀਆਂ, ਮੌਲਾਣਿਆਂ ਦੀ ਪਹਿਚਾਣ ਬਣ ਗਏ। ਸੋ ਪੂਰਵਜਾਂ ਦੇ ਪਹਿਰਾਵੇ ਤੋਂ ਬਗੈਰ ਇਨ੍ਹਾਂ ਧਰਮਾਂ ਦੇ ਅਨੁਯਾਈਆਂ ਦੀ ਪਹਿਚਾਣ ਕਰਨੀ ਬੜੀ ਮੁਸ਼ਕਲ ਹੈ। ਸੰਸਾਰ ’ਚ ਇੱਕੋ ਪੈਗੰਬਰ ਐਸੇ ਆਏ ਹਨ, ਜਿਨ੍ਹਾਂ ਦੀ ਪਹਿਚਾਣ ਪਹਿਰਾਵੇ ਤੋਂ ਨਹੀਂ ਸਗੋਂ ਉਨ੍ਹਾਂ ਦੀ ਜੀਵਨਸ਼ੈਲੀਭਾਵ ਰੱਬੀ ਗੁਣਾਂ ਤੋਂ ਹੁੰਦੀ ਹੈ। ਉਹ ਹਨ ‘ਗੁਰੂ ਨਾਨਕ ਸਾਹਿਬ’। ਜਿਨ੍ਹਾਂ ਨੇ ਇੱਕੋ ਰੰਗ ਦੇ ਜਾਂ ਸਾਇਜ ਵਾਲ਼ੇ ਵਸਤਰ ਨੂੰ ਧਾਰਨ ਨਾ ਕੀਤਾ। ਆਪ ਸਮੇਂ ਸਮੇਂ ’ਤੇ ਵਸਤਰ ਬਦਲਦੇ ਰਹੇ।ਆਪ ਜਦੋਂ ਅਰਬ (ਇਸਲਾਮਿਕ) ਦੇਸ਼ਾਂ ’ਚ ਸੱਚਾ ਸੌਦਾ ਵੰਡਣ ਗਏ ਤਾਂ ਨੀਲੇ ਵਸਤਰ ਧਾਰਨ ਕੀਤੇ ਕਿਉਂਕਿ ਐਸੇ ਵਸਤਰ ਧਾਰੀਆਂ ਨੂੰ ਉਪਦੇਸ਼ ਦੇਣਾ ਸੀ। ਭਾਈ ਗੁਰਦਾਸ ਜੀ ਨੇ ਇਸ ਦਾ ਜ਼ਿਕਰ ਭੀ ਕੀਤਾ ਹੈ :

ਬਾਬਾ ਫਿਰਿ ਮਕੇ ਗਇਆ; ਨੀਲ ਬਸਤ੍ਰ ਧਾਰੇ ਬਨਵਾਰੀ

ਆਸਾ ਹਥਿ, ਕਿਤਾਬ ਕਛਿ; ਕੂਜਾ ਬਾਂਗ ਮੁਸਲਾ ਧਾਰੀ

ਬੈਠਾ ਜਾਇ ਮਸੀਤ ਵਿਚਿ; ਜਿਥੈ ਹਾਜੀ ਹਜਿ ਗੁਜਾਰੀ

ਜਾ ਬਾਬਾ ਸੁਤਾ ਰਾਤਿ ਨੋ; ਵਲਿ ਮਹਰਾਬੇ ਪਾਇ ਪਸਾਰੀ

ਜੀਵਣਿ ਮਾਰੀ ਲਤਿ ਦੀ; ਕੇਹੜਾ ਸੁਤਾ ਕੁਫਰ ਕੁਫਾਰੀ

ਲਤਾ ਵਲਿ ਖੁਦਾਇ ਦੈ; ਕਿਉ ਕਰਿ ਪਇਆ ਹੋਇ ਬਜਗਾਰੀ

ਟੰਗੋਂ ਪਕੜਿ ਘਸੀਟਿਆ; ਫਿਰਿਆ ਮਕਾ ਕਲਾ ਦਿਖਾਰੀ

ਹੋਇ ਹੈਰਾਨੁ; ਕਰੇਨਿ ਜੁਹਾਰੀ ੩੨ (ਵਾਰ ਪਉੜੀ ੩੨)

ਪਦ ਅਰਥ :ਬਨਵਾਰੀ= ਰੱਬ ਰੂਪ ਗੁਰੂ ਨਾਨਕ ਸਾਹਿਬ, ਕੂਜਾ= ਦਸਤੇ ਵਾਲ਼ਾ ਲੋਟਾ, ਬਜਗਾਰੀ= ਪਾਪੀ, ਜੁਹਾਰੀ= ਨਮਸਕਾਰ।

ਸੋ ਗੁਰੂ ਘਰ ’ਚ ਕਿਸੇ ਦੇ ਵਸਤਰ ਪਹਿਚਾਣ ਨਹੀਂਹੁੰਦੇ ਤੇ ਨਾ ਹੀ ਹੋਣੇ ਚਾਹੀਦੇ। ਗੁਰੂ ਸਾਹਿਬ ਦੇ ਸੱਚ ਬਚਨ ਹੀ ਪਹਿਚਾਣ ਹਨ। ਸੰਨ 1522 ’ਚ ਗੁਰੂ ਨਾਨਕ ਸਾਹਿਬ ਨੇ ਜਦੋਂ ਉਦਾਸੀਆਂ ਖ਼ਤਮ ਕੀਤੀਆਂ ਤਾਂ ਕਰਤਾਰਪੁਰ ਖੇਤੀ ਕਰਨ ਲੱਗ ਪਏ। ਉਨ੍ਹਾਂ ਨੇ ਵਸਤਰ ਸੰਸਾਰ ਵਾਲੇ ਪਾ ਲਏ। ਭਾਈ ਗੁਰਦਾਸ ਜੀ; ਇਸ ਦਾ ਭੀ ਜ਼ਿਕਰ ਕਰਦੇ ਹਨ :

ਫਿਰਿ ਬਾਬਾ ਆਇਆ ਕਰਤਾਰ ਪੁਰਿ; ਭੇਖੁ ਉਦਾਸੀ ਸਗਲ ਉਤਾਰਾ

ਪਹਿਰਿ ਸੰਸਾਰੀ ਕਪੜੇ; ਮੰਜੀ ਬੈਠਿ ਕੀਆ ਅਵਤਾਰਾ (ਵਾਰ ਪਉੜੀ ੩੮)

ਭਾਵ ਸੰਸਾਰੀ ਲੋਕ ਜੋ ਕੱਪੜੇ ਪਾਉਂਦੇ ਸਨ, ਗੁਰੂ ਨਾਨਕ ਸਾਹਿਬ ਨੇ ਵੀ ਓਹੀ ਕੱਪੜੇ ਪਾ ਲਏ ਕਿਉਂਕਿ ਆਪ ਦੀ ਪਹਿਚਾਣ ਵਸਤਰ ਕਾਰਨ ਨਹੀਂ; ਰੱਬੀ ਗੁਣਾਂ ਕਾਰਨ ਹੈ। ਸੰਨ 1530 ’ਚ ਗੁਰੂ ਸਾਹਿਬ ਨਾਲ਼ ਧਰਮ ਚਰਚਾ ਕਰਨ ਆਏ ਜੋਗੀਆਂ ਨੇ ਆਪ ਦੇ ਪਹਿਨੇ ਸੰਸਾਰਿਕ ਕੱਪੜੇ ਦੇਖ ਕੇ ਇਤਰਾਜ਼ ਭੀਕੀਤਾ। ਭਾਈ ਗੁਰਦਾਸ ਜੀ; ਇਸ ਦਾ ਭੀ ਜ਼ਿਕਰ ਕਰਦੇ ਹਨ :

ਖਾਧੀ ਖੁਣਸਿ ਜੁਗੀਸਰਾਂ; ਗੋਸਟਿ ਕਰਨਿ ਸਭੇ ਉਠਿ ਆਈ

ਪੁਛੇ ਜੋਗੀ ਭੰਗਰ ਨਾਥੁ; ਤੁਹਿ ਦੁਧ ਵਿਚਿ ਕਿਉਂ ਕਾਂਜੀ ਪਾਈ

ਫਿਟਿਆ ਚਾਟਾ ਦੁਧ ਦਾ; ਰਿੜਕਿਆ ਮਖਣੁ ਹਥਿ (’) ਆਈ

ਭੇਖੁ ਉਤਾਰਿ ਉਦਾਸਿ ਦਾ; ਵਤਿ ਕਿਉ ਸੰਸਾਰੀ ਰੀਤਿ ਚਲਾਈ

ਨਾਨਕ ਆਖੇ ਭੰਗਰਨਾਥ ! ਤੇਰੀ ਮਾਉ ਕੁਚਜੀ ਆਹੀ

ਭਾਂਡਾ ਧੋਇ ਜਾਤਿਓਨਿ; ਭਾਇ ਕੁਚਜੇ ਫੁਲੁ ਸੜਾਈ

ਹੋਇ ਅਤੀਤੁ, ਗ੍ਰਿਹਸਤਿ ਤਜਿ (ਕੇ); ਫਿਰਿ ਉਨਹੁ ਕੇ ਘਰਿ (’) ਮੰਗਣਿ ਜਾਈ

ਬਿਨੁ ਦਿਤੇ; ਕਛੁ ਹਥਿ (’) ਆਈ ੪੦ (ਵਾਰ ਪਉੜੀ ੪੦)

ਪਦ ਅਰਥ : ਖੁਣਸਿ= ਈਰਖਾ, ਵਤਿ= ਫਿਰਿ, ਮਾਉ= ਬੁੱਧੀ, ਸੜਾਈ= ਦੁੱਧ ਨੂੰ ਹੀ ਅੱਗ ਉੱਤੇ ਸਾੜ ਬੈਠੀ ਹੈ।

ਜੋਗੀਆਂ ਨੇ ਕਿਹਾ ਕਿ ਤੁਸੀਂ ਜਦੋਂ ਸੁਮੇਰ ਪਰਬਤ ’ਤੇ ਮਿਲੇ ਸੀ ਤਾਂ ਉਦਾਸੀਆਂ ਵਾਲੇ ਕੱਪੜੇ ਪਾਏ ਹੋਏ ਸਨ, ਪਰ ਹੁਣ ਸੰਸਾਰੀਆਂ ਵਾਲੇ ਕੱਪੜੇ ਪਾ ਲਏ ਹਨ। ਐਸਾ ਕਰਕੇ ਮਾਨੋ ਤੁਸੀਂ ਧਰਮ ਰੂਪ ਸਫ਼ੈਦ-ਦੁੱਧ ’ਚ ਮਾਇਆਵੀ ਰੀਤ ਵਾਲ਼ੀ ਕਾਂਜ਼ੀ ਪਾ ਦਿੱਤੀ ਹੈ। ਸਾਰਾ ਕਰਮ ਧਰਮ ਹੀ ਵਿਗਾੜ ਦਿੱਤਾ ਹੈ। ਹੁਣ ਧਰਮ ਰੂਪ ਮੱਖਣ (ਗੁਣ) ਤੁਹਾਡੇ ਜੀਵਨ ’ਚ ਪ੍ਰਗਟ ਨਹੀਂ ਹੋਵੇਗਾ।ਆਪ ਨੇ ਕਿਹਾ ਕਿ ਹੇ ਜੋਗੀ ਭੰਗਰਨਾਥ ! ਤੇਰੀ ਮਾਂ (ਮੱਤ) ਹੀ ਕੁਚੱਜੀ ਹੈ। ਇਸ ਨੇ ਤੇਰੇ ਹਿਰਦੇ-ਭਾਂਡੇ ਨੂੰ ਸਾਫ਼ ਨਹੀਂ ਹੋਣ ਦੇਣਾ ਤਾਹੀਓਂ ਤੈਂ ਨਿਰਮਲ ਧਰਮ (ਦੁੱਧ) ਨੂੰ ਈਰਖਾ, ਨਫ਼ਰਤ ਰੂਪ ਅੱਗ ’ਚ ਸਾੜ ਲਿਆ ਹੈ। ਤੁਸੀਂ ਗ੍ਰਿਹਸਤੀ ਦਾ ਤਿਆਗ ਕਰਕੇ ਜੋਗੀ ਬਣੇ ਤੇ ਭੈੜੀ ਮੱਤ ਕਾਰਨ ਉਨ੍ਹਾਂ ਗ੍ਰਹਿਸਤੀਆਂ ਦੀ ਨਿੰਦਾ ਕਰਦੇ ਹੋ, ਜਿਨ੍ਹਾਂ ਦੇ ਘਰ ’ਚ ਮੰਗਣ ਜਾਂਦੇ ਹੋ। ਤੁਸੀਂ ਗ਼ਲਤ ਹੋ। ਇਹ ਪਹਿਰਾਵਾ; ਅੰਦਰੂਨੀ ਗੁਣ ਹੋਣ ਦੀ ਨਿਸ਼ਾਨੀ ਨਹੀਂ। ਇਨ੍ਹਾਂ ਗੁਣਾਂ ਕਾਰਨ ਹੀ ਬੰਦਾ ਦੂਰ ਤੋਂ ਪਹਿਚਾਣਿਆ ਜਾਂਦਾ ਹੈ। ਗੁਰੂ ਸਾਹਿਬ ਦੇ ਇਹ ਬਚਨ ਸਮੁੱਚੀ ਮਨੁੱਖ ਜਾਤੀ ਲਈ ਹਨ। ਆਪ ਜੀ ਨੇ ਫ਼ੁਰਮਾਇਆ, ‘‘ਮੁੰਦਾ ਸੰਤੋਖੁ, ਸਰਮੁ ਪਤੁ ਝੋਲੀ; ਧਿਆਨ ਕੀ ਕਰਹਿ ਬਿਭੂਤਿ ਖਿੰਥਾ ਕਾਲੁ, ਕੁਆਰੀ ਕਾਇਆ ਜੁਗਤਿ; ਡੰਡਾ ਪਰਤੀਤਿ ਆਈ ਪੰਥੀ, ਸਗਲ ਜਮਾਤੀ; ਮਨਿ ਜੀਤੈ ਜਗੁ ਜੀਤੁ ਆਦੇਸੁ; ਤਿਸੈ ਆਦੇਸੁ ਆਦਿ, ਅਨੀਲੁ, ਅਨਾਦਿ, ਅਨਾਹਤਿ; ਜੁਗੁ ਜੁਗੁ ਏਕੋ ਵੇਸੁ ੨੮’’ (ਜਪੁ) ਭਾਵ ਹੇ ਜੋਗੀ ! ਸੰਤੋਖ ਦੀਆਂ ਮੁੰਦਰਾਂ ਬਣਾ ਭਾਵ ਕੁਦਰਤ ਵੱਲੋਂ ਮਿਲੀ ਸ਼ਕਲ ’ਤੇ ਭਰੋਸਾ ਰੱਖ। ਮਿਹਨਤ ਨੂੰ ਖੱਪਰ ਬਣਾ ਭਾਵ ਭੀਖ ਨਾ ਮੰਗ, ਖ਼ੁਦ ਹੱਥੀਂ ਕਮਾ ਕੇ ਖਾਹ। ਅਸਲ ਗੋਰਖ-ਨਾਥ ਨੂੰ ਚੇਤੇ ਰੱਖ; ਇਹੀ ਹੈ ਪਿੰਡੇ ’ਤੇ ਸੁਆਹ ਮਲ਼ਨੀ ਭਾਵ ਮੌਤ ਦੇਣ ਵਾਲ਼ੇ ਨੂੰ ਚੇਤੇ ਰੱਖ। ਫਟੇ ਕੱਪੜਿਆਂ ਨੂੰ ਮੌਤ ਸਮਝ, ਜੋ ਜਲਦੀ ਆਉਣੀ ਹੈ। ਅਣਵਿਆਹੇ ਸਰੀਰ ਵਾਙ ਨਿਰਮਲ ਰਹਿਣੀ ਰੱਖ। ਕਰਾਮਾਤੀ ਡੰਡੇ ਨਾਲ਼ ਹੋਰਾਂ ਨੂੰ ਡਰਾਉਣ ਦੀ ਬਜਾਇ ਇਸ ਜਿੰਨਾ ਭਰੋਸਾ ਕਰਤਾਰ ਉੱਤੇ ਰੱਖ। ਸਰਬੋਤਮ ਜਮਾਤ (ਆਈ ਪੰਥੀ) ਉਹ ਹੈ, ਜੋ ਇੱਕੋ ਜਮਾਤ ਦੇ ਬੱਚਿਆਂ ਵਾਙ ਸਭ ਨਾਲ਼ ਮਿਲ ਕੇ ਰਹਿੰਦਾ ਹੈ ਭਾਵ ਗ੍ਰਿਹਸਤੀ ਹੋਵੇ। ਮਨ ਨੂੰ ਜਿੱਤਣ ਨਾਲ਼ ਸਭ ਦਾ ਦਿਲ ਜਿੱਤਿਆ ਜਾਣਾ ਹੈ, ਨਾ ਕਿ ਖ਼ਾਸ ਲਿਬਾਸ ਨਾਲ਼। ਉਸ ਸਿਰਜਣਹਾਰ ਨੂੰ ਆਦੇਸ ਕਰ, ਨਮਸਕਾਰ ਕਰ, ਜੋ ਸ੍ਰਿਸ਼ਟੀ ਦਾ ਮੁੱਢ ਹੈ। ਜਿਸ ਦਾ ਆਪਣਾ ਕੋਈ ਮੁੱਢ ਨਹੀਂ। ਮਾਇਆਵੀ ਕਾਲ਼ਖ਼ ਤੋਂ ਮੁਕਤ ਹੈ। ਸਦਾ ਅਬਿਨਾਸ਼ੀ ਹੈ, ਨਾ ਜੰਮਦਾ ਹੈ, ਨਾ ਮਰਦਾ ਹੈ ਭਾਵ ਜੋ‘‘ਆਦਿ ਸਚੁ; ਜੁਗਾਦਿ ਸਚੁ ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ’’ (ਜਪੁ) ਹੈ, ਉਸ ਦਾ ਸਿਮਰਨ ਕਰ।

ਸੋ ! ਜੋਗੀ ਧਰਮ ਦੇ ਬਾਹਰੀ ਚਿੰਨ੍ਹ ਦੇਖ ਬੰਦਾ ਨਹੀਂ ਪਹਿਚਾਣਿਆ ਜਾਂਦਾ ਬਲਕਿ ਰੱਬੀ ਗੁਣ ਹੋਣੇ ਚਾਹੀਏ। ਕੋਈ ਬੰਦਾ ਮਨ ਕਰਕੇ ਬਹੁਤ ਸਬਰ ਸੰਤੋਖ ਵਾਲਾ ਹੋਵੇ, ਉਸ ਨੂੰ ਦੂਰੋਂ ਦੇਖ ਕੇ ਕੋਈ ਕਹੇ ਕਿ ਉਹ ਸੰਤੋਖੀ ਆ ਰਿਹਾ ਹੈ ਤਾਂਇਹੀ ਉਸ ਦੀ ਪਹਿਚਾਣ ਹੋਣੀ ਚਾਹੀਦੀ ਹੈ। ਕੋਈ ਮਨੁੱਖ ਬਹੁਤ ਮਿਹਨਤੀ ਹੋਵੇ। ਉਸ ਨੂੰ ਦੂਰੋਂ ਦੇਖ ਕੋਈ ਕਹੇ ਕਿ ਮਿਹਨਤੀ, ਉੱਦਮੀ ਆ ਰਿਹਾ ਹੈ। ਕੋਈ ਸਭ ਨੂੰ ਪਿਆਰ ਕਰਨ ਵਾਲ਼ਾ ਹੋਵੇ, ਕਿਸੇ ਨਾਲ ਵਿਤਕਰਾ ਨਾ ਕਰੇ; ਉਸ ਨੂੰ ਦੂਰੋਂ ਦੇਖ ਕੋਈ ਕਹੇ ਕਿ ਉਹ ਪਿਆਰਾ-ਪ੍ਰੇਮੀ ਆ ਰਿਹਾ ਹੈ। ਕੋਈ ਸਹਿਜ ਅਵਸਥਾ ਵਾਲਾ ਹੋਵੇ; ਉਸ ਨੂੰ ਦੂਰੋਂ ਆਉਂਦਾ ਵੇਖ ਕੋਈ ਕਹੇ ਕਿ ਉਹ ਸਹਿਜ ਵਾਲ਼ਾ ਆ ਰਿਹਾ ਹੈ। ਸੋਵਸਤਰ ਨਹੀਂ; ਰੱਬੀ ਗੁਣ ਪਹਿਚਾਣ ਹੋਣੇ ਚਾਹੀਦੇ ਹਨ।ਬਾਬਾ ਕਬੀਰ ਜੀ ਦੇ ਬਚਨ ਹਨ, ‘‘ਬਿਪਲ ਬਸਤ੍ਰ ਕੇਤੇ ਹੈ ਪਹਿਰੇ; ਕਿਆ ਬਨ ਮਧੇ ਬਾਸਾ ਕਹਾ ਭਇਆ ਨਰ ਦੇਵਾ ਧੋਖੇ; ਕਿਆ ਜਲਿ ਬੋਰਿਓ ਗਿਆਤਾ ’’ (ਭਗਤ ਕਬੀਰ/੩੩੮) ਭਾਵ ਭਾਵੇਂ ਕੋਈ ਲੰਬੇ ਵਸਤਰ ਯਾਨੀ ਲੰਬੇ ਖੁੱਲੇ ਚੋਲੇ ਪਾ ਲਵੇ, ਭਾਵੇਂ ਕੋਈ ਇਕਾਂਤ ’ਚ ਰਹਿਣ ਲੱਗ ਜਾਏ, ਭਾਵੇਂ ਧੂਫ ਆਦਿ ਧੁਖਾ ਕੇ ਭਾਵ ਸੁਗੰਧੀਆਂ ਨਾਲ਼ ਦੇਵਤਿਆਂ ਦੀ ਪੂਜਾ ਕਰਨ ਲੱਗੇ ਜਾਂ ਕਿਸੇ ਤੀਰਥ ’ਤੇ ਜਾ ਕੇ ਪਾਣੀ ’ਚ ਗੋਤਾ ਲਗਾ ਲਿਆ ਜਾਏ; ਇਨ੍ਹਾਂ ਸਭ ਧਾਰਮਿਕ ਕਿਰਿਆਵਾਂ ਨਾਲ਼ ਮਨ ਨਿਰਮਲ ਨਹੀਂ ਹੁੰਦਾ। ਜੀਵਨ ’ਚ ਬਦਲਾਅ ਨਹੀਂ ਆ ਸਕਦਾ। ਇਸ ਸ਼ਬਦ ਦੇ ਅੰਤ ’ਚ ਆਪ ਜੀ ਕਹਿੰਦੇ ਹਨ, ‘‘ਗਿਆਨੀ ਧਿਆਨੀ ਬਹੁ ਉਪਦੇਸੀ; ਇਹੁ ਜਗੁ ਸਗਲੋ ਧੰਧਾ ਕਹਿ ਕਬੀਰ  ! ਇਕ ਰਾਮ ਨਾਮ ਬਿਨੁ; ਇਆ ਜਗੁ ਮਾਇਆ ਅੰਧਾ ’’ (ਭਗਤ ਕਬੀਰ/੩੩੮)

ਸੋ ਇਨਸਾਨ ਦੀ ਪਹਿਚਾਣ; ਵਸਤਰਾਂ ਕਾਰਨ ਨਹੀਂ;ਆਤਮਿਕ ਗੁਣਾਂ ਕਾਰਨ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਰਾਜਾ ਜੈ ਸਿੰਘ ਮਿਰਜ਼ਾ ਦੀ ਰਾਣੀ ਪੁਸ਼ਪਾਵਤੀ ਨੂੰ ਬੜਾ ਲਾਜਵਾਬ ਸੁਨੇਹਾ ਦਿੱਤਾ ਸੀ। ਓਹੀ ਸਾਡੇ ਸਾਰਿਆਂ ਲਈ ਆਦਰਸ਼ ਬਣਨਾ ਚਾਹੀਦਾ ਹੈ। ਆਪ ਨੇ 22-23ਮਾਰਚ 1664 ਨੂੰ ਰਾਜਾ ਜੈ ਸਿੰਘ ਮਿਰਜ਼ਾ ਦੇ ਬੰਗਲੇ ’ਤੇ ਹੀ ਗੁਰੂ ਤੇਗ ਬਹਾਦਰ ਜੀ ਨਾਲ ਮੁਲਾਕਾਤ ਹੋਈ। 2 ਦਿਨ ਲਗਾਤਾਰ ਇਨ੍ਹਾਂ ਬਾਬੇ ਤੇ ਪੋਤੇ ਜੀ ਵਿਚਕਾਰ ਆਪਸੀ ਵੀਚਾਰਾਂ ਹੋਈਆਂ, ਜੋ ‘ਸਿੱਖੀ ਦੀ ਜਥੇਬੰਦਕ ਹਾਲਾਤ, ਗੁਰਗੱਦੀ ਦੀ ਅਗਲੀ ਜ਼ਿੰਮੇਵਾਰੀ, ਮੁਗਲ ਹਕੂਮਤ ਦੀਆਂ ਨੀਤੀਆਂ ਬਾਰੇ ਸੀ। ਔਰੰਗਜ਼ੇਬ ਦੀ ਨੀਤੀ ਬਾਰੇ ਭੀ ਵਿਚਾਰਾਂ ਹੋਈਆਂ। ਇੱਥੋਂ ਹੀ (ਗੁਰੂ) ਤੇਗ ਬਹਾਦਰ ਸਾਹਿਬ ਬਾਬਾ ਬਕਾਲੇ ਆ ਗਏ। ਹੁਣ ਪਿਛਲੇ ਭਾਗਾਂ ’ਚ ਕੀਤੀ ਵਿਚਾਰ ਤੋਂ ਇਤਿਹਾਸ ਅੱਗੇ ਚੱਲਦਾ ਹੈ :

ਔਰੰਗਜ਼ੇਬ ਨਾਲ ਮੁਲਾਕਾਤ:- ਔਰੰਗਜ਼ੇਬ ਨੇ ਅਗਲੇ ਦਿਨ (25 ਮਾਰਚ 1664) ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰਮੁਲਾਕਾਤ ਵਾਸਤੇ ਲਾਲ ਕਿਲ੍ਹੇ ਬੁਲਾਵਾ ਦਿੱਤਾ। ਗੁਰੂ ਸਾਹਿਬ ਜੀ ਪਾਲਕੀ ’ਚ ਸਵਾਰ ਹੋ ਕੇ ਕੰਵਰ ਰਾਮ ਸਿੰਘ (ਰਾਜਾ ਜੈ ਸਿੰਘ ਮਿਰਜ਼ਾ ਦਾ ਪੁੱਤਰ), ਦੀਵਾਨ ਦਰਗਹ ਮੱਲ ਜੀ, ਭਾਈ ਮਨੀ ਰਾਮ (ਭਾਈ ਮਨੀ ਸਿੰਘ) ਜੀ, ਭਾਈ ਗੁਰਬਖਸ਼ ਸਿੰਘ ਜੀ (ਰਾਮ ਰਾਏ ਦਾ ਮਸੰਦ), ਦੀਵਾਨ ਧਰਮ ਰਾਮ, ਦਾਦੀ ਬਸੀ ਜੀ ਅਤੇ ਸੁਹਿਰਦ ਸਿੱਖਾਂ ਨਾਲ ਲਾਲ ਕਿਲ੍ਹੇ ’ਚ ਔਰੰਗਜ਼ੇਬ ਦੇ ਦਰਬਾਰ ’ਚ ਪਹੁੰਚੇ ਗਏ (ਇਹ ਹਵਾਲਾ ਭੱਟ ਤਲਾਉਂਡਾ ’ਚੋਂ ਹੈ)। ਔਰੰਗਜ਼ੇਬ ਦੇ ਦਰਬਾਰ ’ਚ ਪੇਸ਼ ਹੋਣ ਵਾਲਿਆਂ ਨੂੰ ਜ਼ਮੀਨ ’ਤੇ ਬਿਠਾਇਆ ਜਾਂਦਾ ਸੀ, ਪਰ ਗੁਰੂ ਸਾਹਿਬ ਨੂੰ ਇਕ ਸ਼ਾਨਦਾਰ ਕਢਾਈ ਵਾਲੇ ਉੱਚੇ ਸਥਾਨ ’ਤੇ ਗੱਦਾ ਲਗਾ ਕੇ ਬਿਠਾਇਆ ਗਿਆ। ਗੁਰੂ ਸਾਹਿਬ ਜੀ ਦਾ ਪੂਰਾ-ਪੂਰਾ ਸਤਿਕਾਰ ਕੀਤਾ ਗਿਆ। ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਗਿਆ। ਫਿਰ ਔਰੰਗਜ਼ੇਬ ਅਪਣੇ ਮਕਸਦ ਵੱਲ ਆਇਆ। ਗੁਰੂ ਸਾਹਿਬ ਨੂੰ ਪੁੱਛਿਆ ਗਿਆ ਕਿ ਤੁਹਾਡਾ ਵੱਡਾ ਭਰਾ ਰਾਮ ਰਾਇ ਹੈ, ਪਰ ਤੁਹਾਡੇ ਗੁਰੂ ਪਿਤਾ ਨੇ ਉਸ ਨੂੰ ਛੱਡ ਕੇ ਗੁਰਿਆਈ ਦੀ ਜ਼ਿੰਮੇਵਾਰੀ ਤੁਹਾਨੂੰ ਕਿਉਂ ਦਿੱਤੀ ਹੈ ? ਗੁਰੂ ਸਾਹਿਬ ਨੇ ਜਵਾਬ ਦਿੱਤਾ ਕਿ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਅਤੇ ਜੁਗਤਿ ਦੀ ਸੇਵਾ ਕੋਈ ਨਿੱਜੀ ਜਾਇਦਾਤ ਨਹੀਂ ਤਾਂ ਕਿ ਵੱਡੇ ਪੁੱਤਰ ਨੂੰ ਹੀ ਮਿਲੇ। ਇਹ ਤਾਂ ਰੂਹਾਨੀ ਸੇਵਾ ਹੈ। ਗੁਰੂ ਪਿਤਾ ਜੀ ਨੂੰ ਜੋ ਸਹੀ ਲੱਗਾ, ਉਨ੍ਹਾਂ ਨੇ ਉਹੀ ਕੀਤਾ। ਔਰੰਗਜ਼ੇਬ ਨੇ ਦੂਸਰੀ ਗੱਲ ਕਹੀ ਕਿ ਤੁਸੀਂ ਗੁਰੂ ਹੋ, ਤੁਹਾਡੇ ਅੰਦਰ ਕੋਈ ਕਰਾਮਾਤ ਹੋਵੇਗੀ; ਉਹ ਦਿਖਾਵੋ। ਗੁਰੂ ਸਾਹਿਬ ਨੇ ਜਵਾਬ ਦਿੱਤਾ ਕਿ ਕਰਾਮਾਤ ਕਹਿਰ ਹੈ, ਕਿਆਮਤ ਹੈ, ਪਰਲੋ ਹੈ, ਰੱਬ ਨਾਲ ਸ਼ਰੀਕਾ ਬਾਜ਼ੀ ਹੈ।ਸਾਡੇ ਮੱਤ ਅਨੁਸਾਰ ਕਰਾਮਾਤ ਹੰਕਾਰ ਹੈ। ਕਰਾਮਾਤ ਸਿਰਫ਼ ਇਕ ਅਕਾਲ ਪੁਰਖ ਹੈ। ਕਾਦਰ ਦੀ ਕੁਦਰਤ ਦੇ ਨਿਯਮਾਂ ਨੂੰ ਕੋਈ ਨਹੀਂ ਬਦਲ ਸਕਦਾ। ਕਰਾਮਾਤ ਇੱਕ ਧੋਖੇ ਦਾ ਨਾਂ ਹੈ। ਚਮਤਕਾਰ ਸਿਰਫ ਇੱਕ ਰੱਬ ਹੀ ਹੈ। ਇਸ ਮੁਲਾਕਾਤ ਤੋਂ ਬਾਅਦ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਸਿਰ ਝੁਕਾਇਆ ਤੇ ਕਿਹਾ ਕਿ ਹੁਣ ਤੁਸੀਂ ਆਰਾਮ ਕਰੋ, ਇੱਕ ਵਾਰ ਫਿਰ ਮੁਲਾਕਾਤ ਹੋਵੇਗੀ। ਇੱਥੇ ਇੱਕ ਗੱਲ ਸਪਸ਼ਟ ਕਰ ਦੇਵਾਂ ਕਿ ਸੂਰਜ ਪ੍ਰਕਾਸ਼ ਅਤੇ ਇੱਕ ਦੋ ਹੋਰ ਲੇਖਕਾਂ ਨੇ ਇਹ ਲਿਖਿਆ ਹੈ ਕਿ ਗੁਰੂ ਸਾਹਿਬ ਨੇ ਕਿਹਾ ਸੀ, ਨਹ ਮਲੇਛ ਕੋ ਦਰਸ਼ਨ ਦੇ ਹੈ ਗੁਰਮਤਿ ਸਿਧਾਂਤਿਕ ਪੱਖੋਂ ਇਹ ਗੱਲ ਗਲਤ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨਾਲ ਬਾਬਰ ਦੀ ਮੁਲਾਕਾਤ ਹੋਈ ਸੀ। ਗੁਰੂ ਅੰਗਦ ਸਾਹਿਬ ਜੀ ਦੀ ਮੁਲਾਕਾਤ ਹਮਾਯੂੰ ਨਾਲ ਹੋਈ ਸੀ। ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਸਾਹਿਬ ਜੀ ਦੀ ਮੁਲਾਕਾਤ ਬਾਦਿਸ਼ਾਹ ਅਕਬਰ ਨਾਲ ਹੋਈ ਸੀ। ਗੁਰੂ ਹਰਗੋਬਿੰਦ ਸਾਹਿਬ ਜੀਦੀ ਮਿੱਤਰਤਾ ਜਹਾਂਗੀਰ ਨਾਲ ਹੋਈ ਸੀ। ਗੁਰੂ ਹਰਿਰਾਇ ਸਾਹਿਬ ਦੀ ਮੁਲਾਕਾਤ ਬਾਦਿਸ਼ਾਹ ਸ਼ਾਹਜਹਾਨ ਨਾਲ ਹੋਈ ਸੀ। ਫਿਰ ਅਗਾਂਹ ਗੁਰੂ ਗੋਬਿੰਦ ਸਿੰਘ ਨੂੰ ਮਿਲਣ ਦੀ ਇੱਛਾ ਔਰੰਗਜ਼ੇਬ ਨੇ ਕੀਤੀ ਸੀ। ਗੁਰੂ ਸਾਹਿਬ ਜੀ ਨਾਂਦੇੜ ਤੋਂ ਮਿਲਣ ਵਾਸਤੇ ਚੱਲ ਪਏ ਸਨ। ਇਹ ਗੱਲ ਵੱਖਰੀ ਹੈ ਕਿ ਔਰੰਗਜ਼ੇਬ ਦੀ ਮੌਤ ਹੋ ਗਈ ਸੀ। ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ ਮੁਲਾਕਾਤ ’ਤੇ ਇਤਰਾਜ਼ ਕਿਉਂ ?

ਸੋ 25 ਮਾਰਚ 1664 ਨੂੰ ਗੁਰੂ ਸਾਹਿਬ ਦੀ ਔਰੰਗਜ਼ੇਬ ਨਾਲ਼ ਮੁਲਾਕਾਤ ਹੋਈ। ਇਤਿਹਾਸ ਅੱਗੇ ਚੱਲਦਾ ਹੈ। ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ’ਚ ਸਨ ਤਾਂਓਨੀਂ ਦਿਨੀਂ ਓਥੇ ਚੇਚਕ ਬਿਮਾਰੀ ਦੀ ਭਰਮਾਰ ਸੀ। ਜਦੋਂ ਗੁਰੂ ਸਾਹਿਬ;ਪਾਲਕੀ ’ਚ ਰਾਜਾ ਜੈ ਸਿੰਘ ਮਿਰਜ਼ਾ ਦੇ ਬੰਗਲੇ ਵੱਲ ਜਾ ਰਹੇ ਸਨ ਤਾਂ ਕਈ ਫਕੀਰ ਤੇ ਬਹੁਤ ਸਾਰੀ ਸੰਗਤ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਉਮਡ ਪਈ। ਜਿਨ੍ਹਾਂ ’ਚ ਕਈ ਚੇਚਕ ਦੇ ਮਰੀਜ਼ ਸਨ। ਇਸ ਕਾਰਨ ਚੇਚਕ ਦਾ ਹਮਲਾ ਆਪ ਜੀ ’ਤੇ ਭੀ ਹੋ ਗਿਆ। ਗੁਰੂ ਸਾਹਿਬ ਜੀ; ਰਾਜਾ ਜੈ ਸਿੰਘ ਦੇ ਬੰਗਲੇ ’ਚ ਬਿਮਾਰ ਹੋ ਗਏ।ਆਪ ਜੀ ਦੇ ਸਰੀਰ ਉੱਤੇ ਚੇਚਕ ਫੈਲ ਗਈ। ਆਪ ਨੇ ਜਾਣ ਲਿਆ ਕਿ ਹੁਣ ਜੋਤੀ-ਜੋਤਿ ਸਮਾਉਣ ਦਾ ਸਮਾਂ ਨੇੜੇ ਹੈ।ਆਪ ਨੇ ਸੰਗਤਾਂ ਤੇ ਸੁਹਿਰਦ ਸਿੱਖਾਂ ਨੂੰ ਕੋਲ ਬੁਲਾਇਆ ਕਿ ਸਾਡੇ ਜਾਣ ਦਾ ਸਮਾਂ ਆ ਗਿਆ ਹੈ। ਸੰਗਤਾਂ ਨੇ ਪੁੱਛਿਆ ਕਿ ਪਾਤਿਸ਼ਾਹ ! ਸਾਨੂੰ ਕਿਸ ਦੇ ਲੜ ਲਾ ਕੇ ਜਾ ਰਹੇ ਹੋ। ਗੁਰੂ ਸਾਹਿਬ ਨੇ ਬਚਨ ਕੀਤੇ ਬਾਬਾ ਬਸਹਿ ਗ੍ਰਾਮ ਬਕਾਲੇ ਬਣ ਗੁਰ ਸੰਗਤਿ, ਸਕਲ ਸਮਾਲ੍ਹੇ’(ਗੁਰ ਪ੍ਰਤਾਪ ਸੂਰਜ ਗ੍ਰੰਥ)

ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ; ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਲਈ ਬਾਬਾ ਸੂਰਜ ਮੱਲ ਜੀ ਦੇ 2 ਸਪੁੱਤਰ (ਭਾਈ ਦੀਪ ਚੰਦ ਜੀ ਤੇ ਭਾਈ ਨੰਦ ਚੰਦ ਜੀ), ਗੁਰੂ ਅਮਰਦਾਸ ਜੀ ਦੀ ਵੰਸ਼ ’ਚੋਂ ਭਾਈ ਦੁਆਰਕਾ ਦਾਸ ਜੀ, ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਤੋਂ ਚੱਲਦੇ ਆ ਰਹੇ ਦੋ ਮਹਾਨ ਸਿੱਖ ਭਾਈ ਗੜ੍ਹੀਆ ਜੀ ਅਤੇ ਭਾਈ ਦੁਰਗਾ ਮੱਲ ਜੀ ਯਾਨੀ ਇਨ੍ਹਾਂ ਪੰਜ ਸਿੱਖਾਂ ਨੂੰ ਬਕਾਲਾ ਸਾਹਿਬ ਭੇਜ ਦਿੱਤਾ ਸੀ। ਬਚਨ ਕੀਤੇ ਸਨ ਕਿ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ-ਜੁਗਤਿ ਦੇ ਨਾਵੇਂ ਵਾਰਸ ਗੁਰੂ ਤੇਗ ਬਹਾਦਰ ਸਾਹਿਬ ਜੀ ਹੋਣਗੇ। ਇਨ੍ਹਾਂ ਪੰਜਾਂ ਨੇ ਬਕਾਲਾ ਸਾਹਿਬ ਆ ਕੇ ਗੁਰਿਆਈ ਦੀ ਜ਼ਿੰਮੇਵਾਰੀ; ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸੰਭਾਲਣ ਲਈ ਕਿਹਾ। ਇਨ੍ਹਾਂ ਨਾਲ ਭਾਈ ਮੱਖਣ ਸ਼ਾਹ ਲੁਬਾਣਾ ਜੀ, ਉਨ੍ਹਾਂ ਦੇ 3 ਪੁੱਤਰ (ਭਾਈ ਚੰਦੂ ਲਾਲ ਜੀ, ਭਾਈ ਲਾਲ ਚੰਦ ਜੀ, ਭਾਈ ਕੁਸ਼ਾਲ ਜੀ) ਤੇ ਮੱਖਣ ਸ਼ਾਹ ਜੀ ਦੀ ਸੁਪਤਨੀ ਬੀਬੀ ਸੋਲਜਈ ਵੀ ਸਨ।ਦੂਸਰੇ ਪਾਸੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 30 ਮਾਰਚ 1664 ਨੂੰ ਦਿੱਲੀ ’ਚ ਜੋਤੀ-ਜੋਤਿ ਸਮਾ ਗਏ। ਭਾਈ ਮਨੀ ਰਾਮ ਜੀ, ਭਾਈ ਦਰਗਹ ਮੱਲ ਜੀ, ਭਾਈ ਦਰੀਆ ਜੀ, ਮੁਨਸ਼ੀ ਕਲਿਆਣ ਦਾਸ ਜੀ, ਭਾਈ ਦਰੀਆ ਪਰਮਾਰ ਜੀ, ਭਾਈ ਬਹਿਲੋ ਜੀ, ਮਾਤਾ ਸੁਲੱਖਣੀ ਜੀ, ਦਾਦੀ ਬਸੀ ਜੀ ਅਤੇ ਸੁਹਿਰਦ ਸਿੱਖਾਂ ਨੇ ਹਜ਼ਾਰਾਂ ਸੰਗਤਾਂ ਦੀ ਹਾਜ਼ਰੀ ’ਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸਸਕਾਰ ਭੋਗਲ ਪਿੰਡ ’ਚ ਜਮੁਨਾ ਕਿਨਾਰੇ ਕੀਤਾ। ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਲਗੀਰ ਲਿਖਦਾ ਹੈ ਕਿ ਬੰਗਲਾ ਸਾਹਿਬ ਵਿਖੇ ਸੁਹਿਰਦ ਸਿੱਖਾਂ ਨੇ ਮਨ ਨੂੰ ਥੰਮੀ ਦੇਣ ਲਈ ਆਦਿ ਸ੍ਰੀ ਗ੍ਰੰਥ ਸਾਹਿਬ ਦਾ ਪਾਠ ਕੀਤਾ ਸੀ। ਆਪ ਨੇ 2 ਸਾਲ 5 ਮਹੀਨੇ 24 ਦਿਨ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲੀ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਰੀਰ ਤੌਰ ’ਤੇ 11ਸਾਲ 8 ਮਹੀਨੇ 10 ਦਿਨ ਸੰਸਾਰ ’ਚ ਰਹੇ। ਹੁਣ ਬਾਬਾ ਬਕਾਲਾ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਜੋਤਿ-ਜੁਗਤਿ ਦੇ ਨਾਵੇਂ ਵਾਰਸ ਹੋ ਗਏ। ਕਥਨ ਹੈ, ‘‘ਹਰੀ ਕ੍ਰਿਸਨਿ ਤਿਨ ਕੇ ਸੁਤ ਵਏ ਤਿਨ ਤੇ ਤੇਗ ਬਹਾਦੁਰ ਭਏ ੧੨’’ (ਬਚਿਤ੍ਰ ਨਾਟਕ . )

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ:- ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਹਿਲਾ ਨਾਮ ਬਾਬਾ ਤੇਗ ਮੱਲ ਸੀ। ਬਾਬਾ ਤੇਗ ਮੱਲ ਜੀ ਦਾ ਆਗਮਨ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਗੋਦ ’ਚ ਗੁਰੂ ਕੇ ਮਹਿਲ ਅੰਮ੍ਰਿਤਸਰ ’ਚ 1 ਅਪ੍ਰੈਲ 1621 (ਡਾਕਟਰ ਹਰਜਿੰਦਰ ਸਿੰਘ ਦਲਗੀਰ ਅਨੁਸਾਰ18ਅਕਤੂਬਰ 1621 ਈ.) ਨੂੰ ਹੋਇਆ। ਬਚਪਨ ’ਚ ਹੀ ਆਪ ਨੇ ਭਾਸ਼ਾਈ ਗਿਆਨ, ਗੁਰੂ ਇਤਿਹਾਸ, ਗੁਰਮਤਿ ਫ਼ਲਸਫ਼ਾ, ਆਦਿ ਗਿਆਨ ਪ੍ਰਾਪਤ ਕਰ ਲਿਆ ਸੀ। ਛੋਟੀ ਉਮਰ ’ਚ ਹੀ ਆਪ ਜੀ ਆਲਮ-ਫਾਜ਼ਲ ਬਣ ਗਏ ਸਨ। ਸੰਗਤਾਂ ਆਪ ਪਾਸੋਂ ਗੁਰਬਾਣੀ ਦੀ ਕਥਾ ਸੁਣ ਕੇ ਅਨੰਦ ਮਾਣਦੀਆਂ ਸਨ। ਬਚਪਨ ’ਚ ਹੀ ਆਪ ਨੇ ਸ਼ਸਤਰ ਵਿਦਿਆ, ਘੋੜ ਸਵਾਰੀ ਵੀ ਸਿੱਖ ਲਈ।  12 ਕੁ ਸਾਲ ਦੀ ਉਮਰ ’ਚ 14ਫਰਵਰੀ 1633 ਈ. ਨੂੰ ਆਪ ਜੀ ਦਾ ਵਿਆਹ ਭਾਈ ਲਾਲ ਚੰਦ ਸੁਭਿਖੀ ਜੀ ਦੀ ਪੁੱਤਰੀ ਮਾਤਾ ਗੂਜਰੀ ਜੀ ਨਾਲ ਕਰਤਾਰਪੁਰ ਵਿਖੇ ਹੋਇਆ।  14 ਕੁ ਸਾਲ ਦੀ ਉਮਰ ’ਚ26-28ਅਪ੍ਰੈਲ 1635 ਨੂੰ ਕਰਤਾਰਪੁਰ ਦੀ ਜੰਗ ’ਚ ਬਾਬਾ ਤੇਗ ਮੱਲ ਜੀ ਨੇ ਤੇਗ ਦੇ ਖੂਬ ਜੌਹਰ ਦਿਖਾਏ। ਜਿਸ ਵਿੱਚ ਮੁਗਲਾਂ ਨੂੰ ਕਰਾਰੀ ਹਾਰ ਹੋਈ। ਇੱਥੋਂ ਹੀ ਆਪ ਜੀ ਦਾ ਨਾਂ ‘ਬਾਬਾ ਤੇਗ ਮਲ’ ਤੋਂ ‘ਬਾਬਾ ਤੇਗ ਬਹਾਦਰ’ ਪ੍ਰਸਿੱਧ ਹੋਇਆ। ਬਾਬਾ ਬਕਾਲਾ ਵਿਖੇ ਆਪ ਜੀ ਦੇ ਨਾਨਾ ਹਰੀ ਚੰਦ ਲੰਬ ਅਤੇ ਨਾਨੀ ਹਰਦੇਈ ਜੀ ਰਹਿੰਦੇ ਸਨ। ਇਸ ਕਾਰਨਆਪ ਜੀ ਬਾਬਾ ਬਕਾਲਾ ਸਾਹਿਬ ਆ ਗਏ ਸਨ। ਬਕਾਲਾ ਸਾਹਿਬ ਸਿੱਖ ਧਰਮ ਦੇ ਪ੍ਰਚਾਰ ਦਾ ਕੇਂਦਰ ਬਣ ਗਿਆ।ਆਪ ਜੀ ਬਕਾਲਾ ਸਾਹਿਬ ’ਚ ਗੁਰਬਾਣੀ ਦੀ ਨਿਰੰਤਰ ਕਥਾ ਕਰਦੇ ਸਨ। ਅੱਗੇ ਚੱਲਣ ਤੋਂ ਪਹਿਲਾਂ ਇੱਕ ਗੱਲ ਗੁਰ ਇਤਿਹਾਸ ਅਤੇ ਗੁਰਬਾਣੀ ਦੇ ਆਧਾਰ ’ਤੇ ਸਪਸ਼ਟ ਕਰਨੀ ਜ਼ਰੂਰੀ ਹੈ

ਭੋਰੇ ਵਿੱਚ ਤਪੱਸਿਆ :- ਕਈ ਲਿਖਾਰੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਲਿਖਿਆ ਹੈ ਕਿ ਆਪ ਤਕਰੀਬਨ 26ਸਾਲ ਬਕਾਲੇ ਭੋਰੇ ’ਚ ਤਪ ਕਰਦੇ ਰਹੇ, ਜੋ ਕਿ ਸਹੀ ਨਹੀਂ। ਪਹਿਲੀ ਗੱਲ ਕਿ ਗੁਰੂ ਸਾਹਿਬ ਸਿਰਫ 12ਕੁ ਸਾਲ ਹੀ ਬਕਾਲਾ ਸਾਹਿਬ ਰਹੇ ਹਨ।ਓਦੋਂ ਭੀ ਰੁਜ਼ਾਨਾ ਗੁਰਬਾਣੀ ਦੀ ਰਹਸਮਈ ਕਥਾ ਕਰਦੇ ਸਨ।ਐਸਾ ਹੋ ਸਕਦਾ ਹੈ ਕਿ ਆਪ ਆਪਣਾ ਨਿਤਨੇਮ, ਸਿਮਰਨ ਇਕਾਂਤ ’ਚ ਬੈਠ ਕੇ ਕਰਦੇ ਰਹੇ ਹੋਣ; ਜੈਸਾ ਕਿ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਬਾਬਾ ਦੀਪ ਸਿੰਘ ਜੀ ਭੀ ਇੱਕ ਭੋਰੇ ’ਚ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਕਰਦੇ ਰਹੇ ਸਨ। ਇਤਿਹਾਸ ਗਵਾਹ ਹੈ ਕਿ ਪਹਿਲੇ 12 ਸਾਲ ਆਪ ਜੀ ਨੇ ਸਮਾਜਿਕ ਵਿੱਦਿਆ ਪ੍ਰਾਪਤ ਕੀਤੀ, ਫਿਰ ਫ਼ਿਲਾਸਫ਼ੀ, ਇਤਿਹਾਸ, ਆਦਿ ਦਾ ਅਧਿਐਨ ਕੀਤਾ। ਫਿਰ ਘੋੜ ਸਵਾਰੀ, ਤਲਵਾਰ, ਨੇਜ਼ਾ, ਹੋਰ ਸ਼ਸਤਰ ਆਦਿ ਵਿੱਦਿਆ ਲਈ। ਡਾ. ਦਲਗੀਰ ਅਨੁਸਾਰ ਸਾਢੇ 12 ਕੁਸਾਲ ਦੀ ਉਮਰ ’ਚ ਵਿਆਹ ਹੋ ਗਿਆ। ਗ੍ਰਿਹਸਤ ਦੀਆਂ ਜ਼ਿੰਮੇਵਾਰੀਆਂ ਤੋਂ ਆਪ ਨੇ ਮੂੰਹ ਨਾ ਮੋੜਿਆ ਸਗੋਂ ਉਨ੍ਹਾਂ ਨੂੰ ਬਾਖ਼ੂਬੀ ਨਿਭਾਇਆ। ਅਪ੍ਰੈਲ 1635 ’ਚ ਪੈਂਦੇ ਖਾਂ ਦੀ ਬੇਵਫਾਈ ਕਾਰਨ ਕਰਤਾਰਪੁਰ ਦੀ ਜੰਗ ’ਚ ਆਪ ਨੇ ਭਾਗ ਲਿਆ।ਐਸਾ ਕੁੱਝ ਤਾਂ ਹੀ ਸੰਭਵ ਹੋਇਆ ਜੇਕਰ ਪਹਿਲਾਂ ਇਹ ਯੋਗਤਾ ਹਾਸਲ ਕੀਤੀ ਹੋਵੇਗੀ। ਤੇਗ ਦੇ ਜੌਹਰ ਦਿਖਾਉਣ ਉੱਤੇ ਗੁਰੂ ਪਿਤਾ ਨੇ ਕਿਹਾ ਬੇਟਾ ਤੁਮ ਹੋ ਤੇਗ ਕੇ ਧਨੀ ਤੁਮ ਹੋ ਤੇਗ ਬਹਾਦਰ ਬਲੀ’(ਮਹਿਮਾ ਪ੍ਰਕਾਸ਼)

ਇਸ ਤੋਂ ਬਾਅਦ ਗੁਰੂ ਹਰਿਰਾਇ ਸਾਹਿਬ ਜੀ ਦੇ ਕਹਿਣ ਉੱਤੇ ਆਪ; ਆਸਾਮ, ਬਿਹਾਰ, ਬੰਗਾਲ, ਆਦਿਕ ਪੂਰਬ ਦੇਸ਼ਾਂ ’ਚ ਲਗਾਤਾਰ 8-10 ਸਾਲ ਪ੍ਰਚਾਰ ਕਰਦੇ ਰਹੇ।  30ਮਾਰਚ 1664 ਨੂੰ 43 ਸਾਲ ਦੀ ਉਮਰ ’ਚ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲੀ। 10 ਨਵੰਬਰ 1675 ਨੂੰ 54 ਸਾਲ ਦੀ ਉਮਰ ’ਚ ਸ਼ਹੀਦ ਹੋ ਗਏ। ਜੇਕਰ ਇਨ੍ਹਾਂ 54 ਸਾਲ ’ਚੋਂ 36ਸਾਲ ਗ੍ਰਿਹਸਤ ਦੀ ਜਿੰਮੇਵਾਰੀ, ਗੁਰਿਆਈ ਦੀ ਜ਼ਿੰਮੇਵਾਰੀ, ਦੁਨਿਆਵੀ ਅਤੇ ਧਾਰਮਿਕ ਵਿੱਦਿਆ, ਸ਼ਸਤਰਵਿੱਦਿਆ, ਆਦਿ ਘਟਾ ਦੇਈਏ ਤਾਂ 18 ਸਾਲ ਬਚਦੇ ਹਨ। ਹੁਣ ਦੱਸੋ ਕਿ 26ਸਾਲ ਭੋਰੇ ’ਚ ਕਿਵੇਂ ਰਹਿ ਗਏ ? ਦਰਅਸਲ ਭੋਰੇ ਦੇ ਲਿਖਾਰੀਆਂ ਨੂੰ ਇਤਿਹਾਸ ਦੀ ਸਮੱਗਰੀ ਨਹੀਂ ਮਿਲੀ ਜਾਂ ਉਨ੍ਹਾਂ ਨੇ ਖੋਜ ਕਰਨ ਦੀ ਖੇਚਲ ਨਾ ਕੀਤੀ। ਇਸ ਕਰਕੇ ਉਨ੍ਹਾਂ ਨੇ ਵਿਚਕਾਰਲੇ ਗੈਪ ਨੂੰ ਪੂਰਾ ਕਰਨ ਲਈ 26 ਸਾਲ ਭੋਰੇ ’ਚ ਤਪੱਸਿਆ ਕੀਤੀ, ਲਿਖ ਦਿੱਤਾ। ਤਪੱਸਿਆ ਕਰਨ ਦਾ ਗੁਰਮਤਿ ਫ਼ਲਸਫ਼ੇ ’ਚ ਕੋਈ ਸਥਾਨ ਨਹੀਂ। ਭਾਈ ਗੁਰਦਾਸ ਜੀ ਨੇ ਭੋਰਿਆਂ ’ਚ  ਬੈਠ ਤਪੱਸਿਆ ਕਰਨ ਦੀ ਹਮਾਇਤ ਨਾ ਕੀਤੀ ਸਗੋਂ ਇਸ ਦਾ ਐਸੇ ਖੰਡਨ ਕੀਤਾ ਹੈ :

ਘੁਘੂ ਸੁਝ ਸੁਝਈ; ਜਾਇ ਉਜਾੜੀ ਝਥਿ ਵਲਾਏ (ਵਾਰ ੧੭ ਪਉੜੀ )

ਘੁੱਘੂ ਸੁਝ ਸੁਝਈ; ਵਸਦੀ ਛਡਿ, ਰਹੈ ਓਜਾੜੀ (ਵਾਰ ੩੨ ਪਉੜੀ )

ਘੁਘੂ ਸੁਝੁ ਸੁਝਈ; ਕਰਮਾ ਦਾ ਹੀਣਾ (ਵਾਰ ੩੬ ਪਉੜੀ )

ਭਾਵ ਘੁੱਗੂ ਯਾਨੀ ਉੱਲੂ ਨੂੰ ਸਵੇਰੇ ਸੂਰਜ ਦਾ ਚਾਨਣਾ ਚੰਗਾ ਨਹੀਂ ਲੱਗਦਾ, ਇਸ ਕਰਕੇ ਉਹ ਦਿਨ ਨੂੰ ਉਜਾੜੇ ’ਚ ਰਹਿੰਦਾ ਹੈ। ਉੱਲੂ ਨੂੰ ਰੌਸ਼ਨੀ (ਰੌਣਕ) ਚੰਗੀ ਨਹੀਂ ਲੱਗਦੀ ਮਾਨੋ ਉਹ ਕਰਮਾਂ ਦਾ ਮਾਰਿਆ ਹੋਇਆ ਹੈ। ਉੱਲੂ ਨੂੰ ਖੁਸ਼ੀਆਂ (ਚਾਨਣਾ) ਚੰਗੀਆਂ ਨਹੀਂ ਲੱਗਦੀਆਂ, ਇਸ ਕਰਕੇ ਉਹ ਵਸਦੀ ਰਸਦੀ ਦੁਨੀਆ ਨੂੰ ਛੱਡ ਕੇ ਉਜਾੜ ਦੀਆਂ ਖੁੱਡਾਂ ’ਚ ਰਹਿੰਦਾ ਹੈ। ਸੋ ਭੋਰਿਆਂ ’ਚ ਰਹਿਣਾ ਧਰਮੀਆਂ ਦਾ ਕੰਮ ਨਹੀਂ, ਜਾਨਵਰਾਂ ਦਾ ਕੰਮ ਹੈ। ਗੁਰੂ ਸਾਹਿਬ ਜੀ ਤਾਂ ਸਮਾਜ ਨੂੰ ਬਦਲਣ ਆਏ ਸਨ। ਉਨ੍ਹਾਂ ਨੇ ਰੱਬ ਵੱਲੋਂ ਬਖ਼ਸ਼ੇ ਕੀਮਤੀ ਸਮੇਂ ਨੂੰ ਭੋਰੇ ’ਚ ਰਹਿ ਕੇ ਨਹੀਂ ਗਵਾਇਆ। ਗੁਰਬਾਣੀ ਦੇ ਬਚਨ ਹਨ, ‘‘ਤਨੁ ਤਪਾਇ ਤਨੂਰ ਜਿਉ; ਬਾਲਣੁ ਹਡ ਬਾਲਿ ਸਿਰਿ ਪੈਰੀ ਕਿਆ ਫੇੜਿਆ; ਅੰਦਰਿ ਪਿਰੀ ਸਮ੍ਾਲਿ (ਮਹਲਾ /੧੪੧੧), ਤਨੁ ਤਪਾਇ ਤਨੂਰ ਜਿਉ; ਬਾਲਣੁ ਹਡ ਬਾਲਿ ਸਿਰਿ ਪੈਰੀ ਕਿਆ ਫੇੜਿਆ; ਅੰਦਰਿ ਪਿਰੀ ਨਿਹਾਲਿ ੧੨੦ (ਬਾਬਾ ਫ਼ਰੀਦ/੧੩੮੪)

ਭਾਵ ਸਰੀਰ ਨੇ ਕੀ ਵਿਗਾੜਿਆ ਹੈ, ਜੋ ਭੋਰਿਆਂ ’ਚ ਵੜ ਕੇ ਤੈਂ ਇਸ ਨੂੰ ਤੰਗ ਕੀਤਾ ਹੈ। ਰੱਬ ਤਾਂ ਮਨੁੱਖ ਦੇ ਅੰਦਰ ਵੱਸਦਾ ਹੈ; ਫਿਰ ਭੋਰੇ ’ਚ ਤਪੱਸਿਆ ਸਾਧਣ ਦਾ ਕੀ ਲਾਭ, ‘‘ਗੋਵਿੰਦ ਭਜਨ ਕੀ ਮਤਿ ਹੈ ਹੋਰਾ ਵਰਮੀ ਮਾਰੀ ਸਾਪੁ ਮਰਈ; ਨਾਮੁ ਸੁਨਈ ਡੋਰਾ ਰਹਾਉ ’’ (ਮਹਲਾ /੩੮੧)

ਭਾਵ ਸੱਪ ਵਾਲੀ ਖੁੱਡ ’ਤੇ ਡੰਡੇ ਮਾਰੀ ਜਾਓ, ਇਸ ਤਰ੍ਹਾਂ ਖੁਡ ਵਿਚਲਾ ਸੱਪ ਨਹੀਂ ਮਰਦਾ। ਇਸੇ ਤਰ੍ਹਾਂ ਕਰਮਕਾਂਡ ਕੀਤਿਆਂ, ਬਾਹਰੋਂ ਸਰੀਰ ਨੂੰ ਕਸ਼ਟ ਦਿੱਤਿਆਂ ਮਨ ਦੀਆਂ ਵਾਸ਼ਨਾਵਾਂ, ਵਿਕਾਰ ਨਹੀਂ ਮਰਦੇ, ਪਰ ਨਾਸਮਝ ਮਨੁੱਖ; ਗੁਰੂ ਦੀ ਵਿਚਾਰ ਸੁਣਦਾ ਨਹੀਂ, ਹੋਰ ਹੋਰ ਕਰਮ ਕਰਦਾ ਰਹਿੰਦਾ ਹੈ। ਜਿਸ ਨਾਲ ਮਨ ਦਾ ਹੰਕਾਰ ਰੂਪੀ ਸੱਪ ਵੱਡਾ ਹੁੰਦਾ ਜਾਂਦਾ ਹੈ। ਅਕਾਲ ਪੁਰਖ ਦੀ ਬਾਣੀ ਦਾ ਭਜਨ ਤਾਂ ਨਿਰਮਲ ਮੱਤ ਬਣਾਉਂਦਾ ਹੈ। ਗੁਰਬਾਣੀ ਬੰਦੇ ਨੂੰ ਕਿਰਤ ਕਰਨ ਅਤੇ ਨਾਮ ਜਪਣ ਲਈ ਤਿਆਰ ਕਰਦੀ ਹੈ; ਜਿਵੇਂ ਕਿ ਬਚਨ ਹਨ, ‘‘ਨਾਮਾ ਕਹੈ ਤਿਲੋਚਨਾ ! ਮੁਖ ਤੇ ਰਾਮੁ ਸੰਮ੍ਾਲਿ ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ੨੧੩ (ਭਗਤ ਕਬੀਰ/੧੩੭੬), ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ; ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ’’ (ਮਹਲਾ /੩੦੬)

ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ 1 ਅਪਰੈਲ 1664 ਨੂੰ ਬਾਬਾ ਬਸਹਿ ਗ੍ਰਾਮ ਬਕਾਲੇ ਬਣ ਗੁਰ ਸੰਗਤਿ, ਸਕਲ ਸਮਾਲੇਬਚਨ ਅਨੁਸਾਰ ਗੁਰਿਆਈ ਦੀ ਜ਼ਿੰਮੇਵਾਰੀ ਪੰਜ ਸਿੱਖਾਂ ਰਾਹੀਂ ਸੌਂਪ ਦਿੱਤੀ ਸੀ, ਜਿਸ ਦਾ ਧੀਰਮਲੀਆਂ ਨੇ ਵਿਰੋਧ ਕੀਤਾ। ਮੱਖਣ ਸ਼ਾਹ ਲੁਬਾਣਾ ਜੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਧੀਰਮਲੀਆਂ ਅਤੇ ਸੀਹਾ ਮਸੰਦ ਦੀਆਂ ਚਾਲਾਂ ਨੂੰ ਅਸਫਲ ਬਣਾ ਦਿੱਤਾ ਤੇ ਉਨ੍ਹਾਂ ਨੂੰ ਸਜਾਵਾਂ ਭੀ ਦਿੱਤੀਆਂ। ਇਤਿਹਾਸ ਅੱਗੇ ਚੱਲਦਾ ਹੈ ਕਿ ਸੰਨ 1665 ਨੂੰ ਆਸਾਮ ਦੇ ਰਾਜੇ ਰਤਨ ਰਾਇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਸਾਮ ਆਉਣ ਦੀ ਬੇਨਤੀ ਕੀਤੀ। ਓਥੇ ਮੁਗਲ ਅਤੇ ਅਹੋਮੀ; ਆਮ ਪਰਜਾ ਨੂੰ ਤੰਗ ਕਰਦੇ ਸਨ। ਮੁਗਲ ਜਬਰੀ ਹਿੰਦੂ ਬਹੂ ਬੇਟੀਆਂ ਨੂੰ ਆਪਣੇ ਘਰ ਚੁੱਕ ਲੈ ਆਉਂਦੇ ਸਨ ਤੇ ਉਨ੍ਹਾਂ ਨੂੰ ਜਬਰੀ ਇਸਲਾਮ ਧਰਮ ਧਾਰਨ ਕਰਾਉਂਦੇ ਸਨ। ਗੁਰੂ ਸਾਹਿਬ ਪਰਵਾਰ ਸਮੇਤ ਆਸਾਮ ਨੂੰ ਚੱਲ ਪਏ। ਚਲਦਿਆਂ ਚਲਦਿਆਂ ਪਟਨਾ ਸਾਹਿਬ ਪਰਵਾਰ ਨੂੰ ਛੱਡ ਕੇ ਆਪ ਆਸਾਮ ਪਹੁੰਚੇ ਗਏ। ਗੁਰੂ ਸਾਹਿਬ ਨੇ ਅਹੋਮੀਆ, ਮੁਗਲਾਂ ਅਤੇ ਪਰਜਾ ’ਚ ਸੁਲਹ ਕਰਵਾ ਦਿੱਤੀ। ਅੱਤਿਆਚਾਰ ਹੋਣੋ ਰੁਕ ਗਿਆ। 45 ਸਾਲ ਦੀ ਉਮਰ ’ਚ 22ਦਸੰਬਰ 1666ਨੂੰ ਭਾਈ ਮਿਹਰ ਚੰਦ ਨੇ ਢਾਕੇ ਆ ਕੇ ਆਪ ਨੂੰ ਖਬਰ ਦਿੱਤੀ ਕਿ ਪਟਨਾ ਵਿਖੇ ਬਾਲ ਗੋਬਿੰਦ ਰਾਇ ਦਾ ਆਗਮਨ ਹੋਇਆ ਹੈ। ਪੁੱਤਰ ਮਿਲਾਪ ਦੀਆਂ ਤਰੰਗਾਂ ਤਾਂ ਬਹੁਤ ਸਨ, ਪਰ ਪਰਉਪਕਾਰ ਨੂੰ ਗੁਰੂ ਸਾਹਿਬ ਨੇ ਪਹਿਲ ਦਿੱਤੀ। ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਜਦੋਂ ਆਸਾਮ ’ਚ ਪੂਰਨ ਤੌਰ ’ਤੇ ਸ਼ਾਂਤੀ ਹੋ ਗਈ ਤਾਂ ਗੁਰੂ ਸਾਹਿਬ ਵਾਪਸ ਪਟਨਾ ਸਾਹਿਬ ਪਹੁੰਚੇ। ਉਸ ਵੇਲੇ ਬਾਲ ਗੋਬਿੰਦ ਰਾਇ ਜੀ 3 ਸਾਲ 6 ਮਹੀਨੇ 10ਦਿਨ ਦੇ ਹੋ ਚੁੱਕੇ ਸਨ। ਕੁਝ ਸਮਾਂ ਗੁਰੂ ਸਾਹਿਬ ਪਟਨਾ ਸਾਹਿਬ ਵਿਖੇ ਰਹੇ। ਤਕਰੀਬਨ 6 ਕੁ ਮਹੀਨੇ ਬੀਤੇ ਤੇ ਪੰਜਾਬ ਦੇ ਹਾਲਾਤ ਔਰੰਗਜ਼ੇਬ ਨੇ ਖਰਾਬ ਕਰ ਦਿੱਤੇ। ਔਰੰਗਜ਼ੇਬ ਨੇ ਹਿੰਦੂਆਂ ਤੇ ਜ਼ੁਲਮ ਦੀ ਇੰਤਹਾ ਕਰ ਦਿੱਤੀ। ਗੁਰੂ ਸਾਹਿਬ ਪਰਵਾਰ ਨੂੰ ਪਟਨਾ ਸਾਹਿਬ ਛੱਡ ਕੇ ਆਪ ਪੰਜਾਬ ’ਚ ਆ ਗਏ।  ਅਕਤੂਬਰ 1670 ਈਸਵੀ ਨੂੰ ਮਾਖੋਵਾਲ (ਅਨੰਦਪੁਰ ਸਾਹਿਬ) ਪਹੁੰਚੇ ਔਰੰਗਜ਼ੇਬ ਨੇ ਹਿੰਦੂਆਂ ਦਾ ਕਤਲ, ਉਨ੍ਹਾਂ ਨੂੰ ਇਸਲਾਮ ’ਚ ਲਿਆਉਣਾ, ਉਨ੍ਹਾਂ ਦੇ ਗ੍ਰੰਥਾਂ ਦੀ ਬੇਅਦਬੀ ਕਰਨੀ, ਮੰਦਿਰਾਂ ਨੂੰ ਢਾਹੁਣਾ ਆਦਿ ਵੱਡੇ ਪੱਧਰ ਉੱਤੇ ਸ਼ੁਰੂ ਕੀਤਾ ਹੋਇਆ ਸੀ। ਜਦੋਂ ਜ਼ੁਲਮ ਦੀ ਇੰਤਹਾ ਹੋ ਗਈ ਤਾਂ ਪੀ. ਐਨ. ਕੌਲ ਬਜਮਈ (ਹਿਸਟਰੀ ਆਫ ਕਸ਼ਮੀਰ) ਅਨੁਸਾਰ ਪੰਡਿਤ ਕਿਰਪਾ ਰਾਮ ਦੀ ਅਗਵਾਈ ’ਚ ਬਹੁਤ ਸਾਰੇ ਪੰਡਿਤ ਵਿਦਵਾਨ ਮਾਖੋਵਾਲ (ਅਨੰਦਪੁਰ ਸਾਹਿਬ) ਗੁਰੂ ਤੇਗ ਬਹਾਦਰ ਸਾਹਿਬ ਕੋਲ ਮਦਦ ਦੀ ਪੁਕਾਰ ਲੈ ਕੇ ਆਏ। ਇਸ ਸਮੇਂ ਤੱਕ ਗੁਰੂ ਸਾਹਿਬ ਜੀ ਦਾ ਪਰਵਾਰ ਭੀ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਪਹੁੰਚ ਚੁੱਕਿਆ ਸੀ। ਇਕ ਕਵੀ ਦਾ ਲਿਖਿਆ ਹੈ :

ਦੁਖੀ ਬਿਪਰ ਜੋ ਚਲ ਕੇ, ਆਇ ਪੁਰੀ ਅਨੰਦ

ਬਾਂਹ ਅਸਾਡੀ ਪਕੜੀਏ, ਗੁਰ ਹਰਿਗੋਬਿੰਦ ਕੇ ਨੰਦ (ਸ਼ਹੀਦ ਬਿਲਾਸ)

ਗਜ ਕੇ ਬੰਧਨ ਕਾਟਨਹਾਰੇ ਤੁਮ ਗੁਰੂ ਨਾਨਕ ਹੈ ਅਵਤਾਰੇ (ਗਜਹਾਥੀ)

ਜਿਮ ਦ੍ਰੋਪਤੀ ਰਾਖੀ ਲਾਜ ਦਿਉ ਸੁਦਾਮੇ ਕਾਜ ਸਵਾਰ

ਏਕ ਆਸਰਾ ਆਪ ਗੁਸਾਈਂ ਗਹੁ ਬਾਂਹ ਡੁਬਤ ਸਭ ਜਾਈਂ

ਰਾਖੋ ਆਪ ਹਿੰਦਨ ਕੀ ਟੇਕ ਨਾਹਿ ਤਾਂ ਜਗ ਮਹਿ ਰਹੈ ਏਕ (ਗੁਰ ਪ੍ਰਤਾਪ ਸੂਰਜ ਗ੍ਰੰਥ)

ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂਆਂ ਦੀ ਪੁਕਾਰ ਸੁਣੀ। ਉਨਾਂ ਦੀ ਮਦਦ ਦਾ ਵਾਅਦਾ ਕੀਤਾ :

ਸੰਤ ਰਿਦਾ ਨਵਨੀਤ ਸਮਾਨਾ ਕਹਿਓ ਕਵਿ ਨੇ ਪਰ ਕਹਿਆ ਜਾਨਾ

ਨਿਜ ਪ੍ਰਤਾਪੈ ਦ੍ਰਵੈ ਨਵਨੀਤਾ ਪਰਤਾਪੈ ਦ੍ਰਵੈ, ਰਿਦ ਸੰਤ ਪੁਨੀਤਾ (ਕਵੀ ਤੁਲਸੀਦਾਸ)

ਗੁਰੂ ਸਾਹਿਬ ਦਾ ਹਿਰਦਾ ਪੰਘਰ ਗਿਆ ਸੀ। ਕ੍ਰਿਪਾ ਰਾਮ ਨੂੰ ਕਿਹਾ ਕਿ ਕੁਰਬਾਨੀ ਦੀ ਲੋੜ ਹੈ। ਤੁਹਾਡੇ ’ਚੋਂ ਕੌਣ ਕੁਰਬਾਨੀ ਦੇ ਸਕਦਾ ਹੈ ? ਸਭ ਪੰਡਿਤ ਨੀਵੀ ਪਾ ਕੇ ਖੜ੍ਹੇ ਸਨ। ਗੁਰਬਾਣੀ ਸਿਧਾਂਤ ਹੈ ਕਿ

“ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ (ਮਹਲਾ /੧੪੨੭) ਕਿਉਂਕਿ “ਨਿਰਭਉ ਜਪੈ; ਸਗਲ ਭਉ ਮਿਟੈ (ਸੁਖਮਨੀ/ਮਹਲਾ /੨੯੩)

ਇਨ੍ਹਾਂ ਸਿਧਾਂਤਾਂ ’ਤੇ ਪਹਿਰਾ ਦੇਣ ਵਾਲੇ ਗੁਰੂ ਸਾਹਿਬ ਨੇ ਪੰਡਿਤਾਂ ਨੂੰ ਕਿਹਾ ਕਿ ਤੁਸੀਂ ਔਰੰਗਜ਼ੇਬ ਨੂੰ ਸੁਨੇਹਾ ਭੇਜਦਿਓ ਕਿ ਅਗਰ ਸਾਡਾ ਰਹਿਬਰ ਗੁਰੂ ਤੇਗ ਬਹਾਦਰ ਸਾਹਿਬ; ਇਸਲਾਮ ਕਬੂਲ ਕਰ ਲਵੇਗਾ ਤਾਂ ਅਸੀਂ ਸਾਰੇ ਦੀਨ-ਮੁਹੰਮਦ ਕਬੂਲ ਕਰ ਲਵਾਂਗੇ। ਗੁਰੂ ਸਾਹਿਬ ਨੇ ਸੁਹਿਰਦ ਸਿੱਖਾਂ ਤੇ ਬਾਲ ਗੋਬਿੰਦ ਰਾਇ ਨਾਲ ਮਸ਼ਵਰੇ ਕੀਤੇ। ਫਿਰ ਆਪ ਸ਼ਹੀਦੀ ਲਈ ਤਿਆਰ ਹੋ ਗਏ। ਬਚਨ ਕਰ ਦਿੱਤੇ ਕਿ ਸਾਡੀ ਸ਼ਹਾਦਤ ਉਪਰੰਤ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਅਤੇ ਜੁਗਤ ਦੇ ਵਾਰਸ ਗੋਬਿੰਦ ਰਾਇ ਹੋਣਗੇ। ਗੁਰੂ ਸਾਹਿਬ ਨੇ ਸਭ ਜ਼ਿੰਮੇਵਾਰੀਆਂ ਗੁਰਸਿੱਖਾਂ ਨੂੰ ਸੰਭਾਲ ਦਿੱਤੀਆਂ। ਦੂਸਰੇ ਪਾਸੇ ਪੰਡਿਤ ਕਿਰਪਾ ਰਾਮ ਦੀ ਅਗਵਾਈ ’ਚ ਦੁਆਰਕਾ ਤੋਂ ਐਲਾਨ ਕਰ ਦਿੱਤਾ ਕਿ ਹਿੰਦੂਆਂ ਦੇ ਰਹਿਬਰ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ। ਅਗਰ ਸਾਡੇ ਰਹਿਬਰ; ਇਸਲਾਮ ਕਬੂਲ ਕਰ ਲੈਣ ਤਾਂ ਅਸੀਂ ਸਾਰੇ ਹਿੰਦੂ; ਇਸਲਾਮ ਕਬੂਲ ਕਰ ਲਵਾਂਗੇ। ਇਸ ਵਕਤ ਔਰੰਗਜ਼ੇਬ ਪਠਾਣਾਂ ਦੀ ਬਗਾਵਤ ਦਬਾਉਣ ਲਈ ਕਾਬਲ ’ਚ ਸੀ। ਔਰੰਗਜੇਬ ਤਕਰੀਬਨ 1674 ਈਸਵੀ ਤੋਂ 1676 ਈਸਵੀ ਤੱਕ ਕਾਬਲ ਹੀ ਰਿਹਾ। ਇਨ੍ਹਾਂ ਦੋ ਸਾਲਾਂ ’ਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ‘‘ਨਿਰਭਉ ਜਪੈ ਸਗਲ ਭਉ ਮਿਟੈ’’ਦਾ ਪੈਗਾਮ ਲੋਕਾਂ ਅੰਦਰ ਭਰਿਆ। ‘‘ਭੈ ਕਾਹੁ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ’’ਦਾ ਜਜ਼ਬਾ ਲੋਕਾਂ ’ਚ ਉਮਡ ਆਇਆ ਸੀ। ਗੁਰੂ ਸਾਹਿਬ ਬਹੁਤ ਦੂਰ ਅੰਦੇਸ਼ੀ ਸਨ। ਚਲਦਿਆਂ ਚਲਦਿਆਂ ਇੱਕ ਗੱਲ ਹੋਰ ਕਹਿ ਦੇਵਾਂ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰਿਆਈ ਸਮੇਂ ਅਕਾਲ ਪੁਰਖ ਦੇ ਹੁਕਮ ’ਚ 59ਸ਼ਬਦ 15ਰਾਗਾਂ ’ਚ ਤੇ 57 ਸ਼ਲੋਕ ਉਚਾਰਨ ਕੀਤੇ। 31ਵੇਂ ਰਾਗ ਜੈ ਜਾਵੰਤੀ ’ਚ ਸਿਰਫ ਆਪ ਜੀ ਦੀ ਬਾਣੀ ਦਰਜ ਹੈ।

ਦਿੱਲੀ ਰਵਾਨਾ:- ਗੁਰੂ ਤੇਗ ਬਹਾਦਰ ਸਾਹਿਬ ਜੀ ਨਿਰਭਉ ਤੇ ਨਿਰਵੈਰ ਦਾ ਸੰਦੇਸ਼ ਦਿੰਦੇ-ਦਿੰਦੇ ਦਿੱਲੀ ਵੱਲ ਚੱਲ ਪਏ। ਗੁਰੂ ਸਾਹਿਬ ਜੀ ਨਾਲ ਭਾਈ ਮਤੀ ਦਾਸ ਜੀ, ਭਾਈ ਸਤੀਦਾਸ ਜੀ, ਭਾਈ ਦਿਆਲਾ ਜੀ, ਬਾਬਾ ਗੁਰਦਿੱਤਾ ਜੀ, ਭਾਈ ਜੈਤਾ ਜੀ, ਭਾਈ ਉਦੈ ਜੀ, ਭਾਈ ਨਨੂਆ ਜੀ, ਭਾਈ ਕਨੱਈਆ ਜੀ, ਆਦਿ ਸਨ। ਸੁਹਿਰਦ ਸਿੱਖ ਆਸ ਪਾਸ ਰਹਿ ਕੇ ਹਾਲਾਤਾਂ ਦਾ ਪੂਰਾ ਪੂਰਾ ਜਾਇਜ਼ਾ ਲੈ ਰਹੇ ਸਨ। ਹਰ ਪਾਸੇ ਸਿੱਖ ਪੂਰੀ ਪੂਰੀ ਨਿਗਰਾਨੀ ਰੱਖ ਰਹੇ ਸਨ, ‘‘ਸੋ ਡਰੈ ਜਿ ਪਾਪ ਕਮਾਵਦਾ; ਧਰਮੀ ਵਿਗਸੇਤੁ ’’ (ਮਹਲਾ /੮੪)ਦਾ ਉਪਦੇਸ਼ ਲੋਕਾਂ ਦੇ ਮਨਾਂ ’ਚ ਘਰ ਕਰ ਰਿਹਾਸੀ। ਔਰੰਗਜ਼ੇਬ ਨੂੰ ਪਲ ਪਲ ਦੀਆਂ ਖਬਰਾਂ ਮਿਲ ਰਹੀਆਂ ਸਨ। ਔਰੰਗਜ਼ੇਬ ਬਹੁਤ ਘਬਰਾ ਗਿਆ ਸੀ ਕਿਉਂਕਿ ਸਾਰੇ ਲੋਕ ‘‘ਭੈ ਕਾਹੂ ਕਉ ਦੇਤ ਨਹਿ’’ ਅਤੇ ‘‘ਨਿਰਭਉ ਜਪੈ’’ ਦਾ ਭਾਵ ਕਬੂਲ ਕਰ ਰਹੇ ਸਨ। ਔਰੰਗਜ਼ੇਬ ਨੂੰ ਇਸਲਾਮ ਦੀ ਮੁਹਿੰਮ ਠੁਸ ਹੁੰਦੀ ਨਜ਼ਰ ਆ ਰਹੀ ਸੀ। ਔਰੰਗਜ਼ੇਬ ਨੇ ਗੁਰੂ ਸਾਹਿਬ ਦੀ ਗ੍ਰਿਫਤਾਰੀ ਦੇ ਹੁਕਮ ਦੇ ਦਿੱਤੇ। ਗ੍ਰਿਫਤਾਰ ਕਰਾਉਣ ਦਾ ਇਨਾਮ ਵੀ ਐਲਾਨਿਆ ਗਿਆ। ਕੁਝ ਅਣਜਾਣ ਇਤਿਹਾਸਕਾਰ ਲਿਖਦੇ ਹਨ ਕਿ ਇਸ ਵੇਲੇ ਗੁਰੂ ਸਾਹਿਬ ਜੀ ਆਗਰੇ ਸਨ, ਪਰ ਇਹ ਸਹੀ ਨਹੀਂ ਕਿਉਂਕਿ ਗੁਰੂ ਸਾਹਿਬ ਤਾਂ ਦਿੱਲੀ ਨੂੰ ਰਵਾਨਾ ਹੋਏ ਸਨ। ਦਿੱਲੀ ਨੂੰ ਪਾਰ ਕਰਕੇ ਅਗਾਂਹ 100 ਕੋਹ ਦੂਰ ਆਗਰਾ ਹੈ। ਡਾਕਟਰ ਹਰਜਿੰਦਰ ਸਿੰਘ ਦਲਗੀਰ ਸਿੱਖ ਤਵਾਰੀਖ ਦੇ ਪਹਿਲੇ ਭਾਗ ’ਚ ਲਿਖਦੇ ਹਨ ਕਿ ਗੁਰੂ ਸਾਹਿਬ ਨੂੰ ਰੋਪੜ ਦੇ ਨੇੜੇ ਪਿੰਡ ਮਲਿਕ ਪੁਰ ਰੰਗੜਾਂ ’ਚ ਭਾਈ ਨਿਗਾਹੀਆਂ ਜੀ ਦੇ ਘਰੋਂ 11ਜੁਲਾਈ 1675 ਈਸਵੀ ਨੂੰ ਮਿਰਜਾ ਨੂਰ ਮੁਹੰਮਦ ਖਾਨ ਨੇ ਗ੍ਰਿਫਤਾਰ ਕੀਤਾ। ਫਿਰ ਸਰਹੰਦ ਦੇ ਸੂਬੇਦਾਰ ਅਬਦੁਲ ਅਜੀਜ ਦਿਲਾਵਰ ਖਾਨ ਹਵਾਲੇ ਕੀਤੇ ਗਏ। ਗੁਰੂ ਸਾਹਿਬ ਜੀ ਨਾਲ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਵੀ ਗ੍ਰਿਫਤਾਰ ਕੀਤੇ ਗਏ। ਸੁਜਾਨ ਰਾਇ ਭੰਡਾਰੀ; ਖੁਲਾਸਤੁਤ ਤਵਾਰੀਖ ’ਚ ਲਿਖਦਾ ਹੈ ਕਿ ਗੁਰੂ ਸਾਹਿਬ ਜੀ ਨੂੰ ਲੋਹੇ ਦੇ ਪਿੰਜਰੇ ’ਚ ਕੈਦ ਕਰਕੇ ਦਿੱਲੀ ਲੈ ਗਏ ਸਨ। ਦਿੱਲੀ ਦੇ ਸੂਬੇਦਾਰ ਸਾਫੀ ਖਾਨ ਨੇ ਗੁਰੂ ਸਾਹਿਬ ਜੀ ਨੂੰ ਕਾਜ਼ੀ ਅਬਦੁਲ ਵਹਾਬ ਵਹੁਰਾ ਅੱਗੇ ਪੇਸ਼ ਕੀਤਾ। ਗੁਰੂ ਸਾਹਿਬ ਨੂੰ ਤਿੰਨ ਗੱਲਾਂ ਕਾਜ਼ੀ ਨੇ ਕਹੀਆਂਤੁਸੀਂ ਕਲਮਾਂ ਪੜ੍ਹ ਕੇ ਦੀਨ ਮੁਹੰਮਦ ਕਬੂਲ ਕਰ ਲਵੋ ਜਾਂ ਤੁਸੀਂ ਕਰਾਮਾਤ ਦਿਖਾਓ ਜੇ ਇਹ ਦੋਨੋਂ ਕਬੂਲ ਨਹੀਂ ਤਾਂ ਮਰਨ ਲਈ ਤਿਆਰ ਹੋ ਜਾਵੋ। ਗੁਰੂ ਸਾਹਿਬ ਨੇ ਹਰ ਇੱਕ ਦਾ ਇਨਸਾਨੀਅਤ ਹੱਕ ਦੱਸਿਆ ਕਿ ਹਰ ਕੋਈ ਆਪਣੇ ਧਰਮ ’ਚ ਰਹੇ। ਜਬਰੀ ਧਰਮ ਬਦਲਾਉਣਾ ਇਨਸਾਨੀਅਤ ਤੋਂ ਉਲਟ ਹੈ। ਦੂਸਰੀ ਕਰਾਮਾਤ ਕਹਿਰ ਹੈ। ਕਰਾਮਾਤ ਸਿਰਫ ਰੱਬ ਹੀ ਹੈ। ਤੀਸਰੀ ਗੱਲ ਮੌਤ ਦੀ, ਉਹ ਤਾਂ ਮੁਸਲਮਾਨ ਬਣ ਕੇ ਵੀ ਆਉਣੀ ਹੈ, ਫਿਰ ਅਸੀਂ ਸੱਚ ਧਰਮ ਵਾਸਤੇ ਸ਼ਹਾਦਤ ਦੇਣ ਆਪ ਆਏ ਹਾਂ। ਕਾਜ਼ੀ ਅਤੇ ਸੂਬੇਦਾਰ ਖਿੱਝ ਗਏ।ਉਨ੍ਹਾਂ ਨੇ ਗੁਰੂ ਸਾਹਿਬ ਨੂੰ ਡਰਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ।

ਸ਼ਹੀਦੀਆਂ ਦਾ ਦੌਰ :- 10 ਨਵੰਬਰ ਨੂੰ ਗੁਰੂ ਸਾਹਿਬ ਨੂੰ ਪਿੰਜਰੇ ’ਚ ਬੰਦ ਕਰ ਚਾਂਦਨੀ ਚੌਂਕ ਲਿਆਂਦਾ ਗਿਆ। ਭਾਈ ਜੈਤਾ ਜੀ ਤੇ ਭਾਈ ਉਦੈ ਜੀ; ਗੁਰੂ ਸਾਹਿਬ ਜੀ ਦਾ ਸਰੀਰ ਚੁੱਕਣ ਲਈ ਭੇਸ ਬਦਲ ਕੇ ਆਏ ਸਨ। ਲੱਖੀ ਸ਼ਾਹ ਵਣਜਾਰਾ ਆਪਣੇ ਪੁੱਤਰ ਭਾਈ ਨਗਾਰੀਆ ਜੀ, ਭਾਈ ਹੇਮਾ ਜੀ ਤੇ ਭਾਈ ਹਾੜੀ ਜੀ ਸਮੇਤ ਗੁਰੂ ਸਾਹਿਬ ਜੀ ਦੇ ਸਰੀਰ ਨੂੰ ਚੁੱਕਣ ਵਾਸਤੇ ਲਾਲ ਕਿਲ੍ਹੇ ਤੋਂ ਬਾਹਰ ਗੱਡੇ ਲੈ ਕੇ ਤਿਆਰ ਖੜ੍ਹੇ ਸਨ। ਗੁਰੂ ਸਾਹਿਬ ਜੀ ਨੂੰ ਡਰਾਉਣ ਵਾਸਤੇ ਪਹਿਲਾਂ ਭਾਈ ਸਤੀ ਦਾਸ ਜੀ ਨੂੰ ਲੱਕੜ ਦੇ ਫੱਟਿਆਂ ’ਚ ਜਕੜਿਆ। ਸ਼ਾਸਲ ਬੇਗ ਅਤੇ ਬਾਸ਼ਲ ਬੇਗ ਨੇ ਕਾਜ਼ੀ ਦੇ ਫ਼ਤਵੇ ਨਾਲ਼ ਗੁਰੂ ਸਾਹਿਬ ਜੀ ਦੇ ਸਾਮ੍ਹਣੇ ਉਨ੍ਹਾਂ ਨੂੰ ਆਰੇ ਨਾਲ ਦੋ ਫਾੜ ਕਰ ਦਿੱਤਾ ਗਿਆ। ਭਾਈ ਸਤੀ ਦਾਸ ਅਡੋਲ ਚਿੱਤ ਬਾਣੀ ਪੜ੍ਹਦੇ ਹੋਏ ਸ਼ਹੀਦ ਹੋ ਗਏ। ਫਿਰ ਉਨ੍ਹਾਂ ਦੇ ਭਰਾ ਭਾਈ ਸਤੀ ਦਾਸ ਜੀ ਨੂੰ ਰੂਹ ’ਚ ਲਪੇਟਿਆ ਗਿਆ ਤੇ ਅੱਗ ਲਾ ਦਿੱਤੀ ਗਈ। ਭਾਈ ਸਤੀ ਦਾਸ ਵੀ ਬਾਣੀ ਪੜ੍ਹਦੇ ਹੋਏ ਸ਼ਹੀਦ ਹੋ ਗਏ। ਫਿਰ ਭਾਈ ਦਇਆਲਾ ਜੀ ਨੂੰ ਉਬਲਦੇ ਪਾਣੀ ਦੀ ਦੇਗ ’ਚ ਬਿਠਾ ਕੇ ਪਾਣੀ ਨੂੰ ਉਬਾਲ ਉਬਾਲ ਸ਼ਹੀਦ ਕਰ ਦਿੱਤਾ ਗਿਆ। ਗੁਰੂ ਸਾਹਿਬ ਅਡੋਲ ਰਹੇ। ਅਕਾਲ ਪੁਰਖ ਨਾਲ ਜੁੜੇ ਰਹੇ। ਉਨ੍ਹਾਂ ਦੇ ਮਨ ’ਤੇ ਇਸ ਦਾ ਅਸਰ ਨਾ ਹੋਇਆ। ਕਾਜ਼ੀ ਇਕ ਵਾਰ ਫਿਰ ਗੁਰੂ ਸਾਹਿਬ ਨੂੰ ਇਸਲਾਮ ਕਬੂਲ ਕਰਨ ਲਈ ਜ਼ੋਰ ਪਾਉਂਦਾ ਹੈ। ਗੁਰੂ ਸਾਹਿਬ ਸਹਜ ਅਵਸਥਾ ’ਚ ਅਡੋਲ ਰਹੇ। ਆਪ ਨੂੰ ਪਿੰਜਰੇ ’ਚੋਂ ਬਾਹਰ ਕੱਢਿਆ ਗਿਆ। ਫਿਰ ਆਪ ਜੀ ਦੀ ਇੱਛਾ ਅਨੁਸਾਰ ਸਖ਼ਤ ਪਹਿਰੇ ਹੇਠ ਆਪ ਨੇ ਇਸ਼ਨਾਨ ਕੀਤਾ। ਫਿਰ ਚਾਂਦਨੀ ਚੌਂਕ ’ਚ ਇੱਕ ਉੱਚੇ ਥੜੇ ’ਤੇ ਬਿਠਾਇਆ ਗਿਆ। ਜਲਾਦ ਜਲਾਲ ਉਦ ਦੀਨ ਤਲਵਾਰ ਲੈ ਕੇ ਖੜ੍ਹਾ ਸੀ। ਸਾਰੀ ਅਵਾਮ ਦੇਖ ਰਹੀ ਸੀ। ਚਾਰੇ ਪਾਸੇ ਕਰੜੀ ਨਿਗਾਹ ਰੱਖੀ ਜਾ ਰਹੀ ਸੀ। ਕਰੜੇ ਪਹਿਰੇ ਲੱਗੇ ਹੋਏ ਸਨ। ਕਾਜ਼ੀ ਨੇ ਫਿਰ ਆਪਣੀਆਂ ਤਿੰਨੇ ਗੱਲਾਂ ਦੁਹਰਾਈਆਂ। ਆਪ ਨੇ ਸ਼ਹਾਦਤ ਪ੍ਰਵਾਨ ਕੀਤੀ। ਕਾਜ਼ੀ ਨੇ ਜਲਾਲ ਨੂੰ ਇਸ਼ਾਰਾ ਕੀਤਾ। ਜਲਾਦ ਨੇ ਤਲਵਾਰ ਦਾ ਭਰਵਾਂ ਵਾਰ ਕੀਤਾ ਤੇ ਧੜ ਤੋਂ ਸੀਸ ਅਲੱਗ ਕਰ ਦਿੱਤਾ। ਕੁਦਰਤ ਦਾ ਕਰਿਸ਼ਮਾਕਿ ਤੁਫ਼ਾਨ ਵਾਙ ਹਵਾ ਚੱਲੀ ਤੇ ਹਜ਼ਾਰਾਂ ਦੀ ਇਕੱਤਰ ਕੀਤੀ ਭੀੜ ’ਚੋਂ ਭਾਈ ਜੈਤਾ ਜੀ ਅਤੇ ਭਾਈ ਉਦੈ ਜੀ ਨੇ ਫੁਰਤੀ ਨਾਲ ਗੁਰੂ ਸਾਹਿਬ ਜੀ ਦੇ ਸੀਸ ਨੂੰ ਚੁੱਕਿਆ। ਕੱਪੜੇ ’ਚ ਲਪੇਟ ਕੇ ਆਨੰਦਪੁਰ ਸਾਹਿਬ ਨੂੰ ਚੱਲ ਪਏ। ਭਾਈ ਲੱਖੀ ਸ਼ਾਹ ਵਣਜਾਰੇ ਨੇ ਸਾਥੀਆਂ ਸਮੇਤ ਗੁਰੂ ਸਾਹਿਬ ਦੇ ਸਰੀਰ ਨੂੰ ਗੱਡੇ ’ਚ ਰੱਖਿਆ ਤੇ ਆਪਣੇ ਘਰ ਸੀਨਾ ਰਾਏ (ਰਕਾਬ ਗੰਜ) ਲਿਆ ਕੇ ਘਰ ’ਚ ਸਰੀਰ ਨੂੰ ਰੱਖ ਕੇ ਘਰ ਨੂੰ ਅੱਗ ਲਾ ਦਿੱਤੀ। ਸਰੀਰ ਦਾ ਸਸਕਾਰ ਕਰ ਦਿੱਤਾ ਗਿਆ। ਭੱਟ ਕੇਸੋ ਲਿਖਦਾ ਹੈ:

ਚਲਾ ਚਲਾਈ ਹੋ ਰਹੀ, ਗਢ ਗਢ ਉਖੜੇ ਮੇਖ

ਲਖੀ ਨਗਾਹੀਆ ਲੈ ਗਏ, ਤੂੰ ਖੜਾ ਤਮਾਸ਼ਾ ਦੇਖ (ਭੱਟ ਸ਼੍ਰੀ ਕੇਸੋ ਜੀ)

ਭਾਈ ਨਾਨੂ ਜੀ ਅਤੇ ਬਾਬਾ ਗੁਰਦਿੱਤਾ ਜੀ; ਪਲ ਪਲ ਦੀ ਖਬਰ ਰੱਖ ਰਹੇ ਸਨ। ਭਾਈ ਜੈਤਾ ਜੀ ਅਤੇ ਭਾਈ ਉਦੇ ਜੀ ਆਨੰਦਪੁਰ ਸਾਹਿਬ ਨੇੜੇ ਕੀਰਤਪੁਰ ਪਹੁੰਚ ਗਏ। ਸਾਰੀਆਂ ਸੰਗਤਾਂ ਕੀਰਤਪੁਰ ਇਕੱਠੀਆਂ ਹੋ ਗਈਆਂ। ਗੁਰੂ ਸਾਹਿਬ ਜੀ ਦੇ ਸੀਸ ਨੂੰ ਪਾਲਕੀ ’ਚ ਰੱਖ ਕੇ ਨਗਰ ਕੀਰਤਨ ਦੇ ਰੂਪ ’ਚ ਆਨੰਦਪੁਰ ਸਾਹਿਬ ਲੈਜਾਇਆ ਗਿਆ। ਗੁਰੂ ਗੋਬਿੰਦ ਰਾਏ ਜੀ ਨੇ ਮਾਤਾ ਗੁਜਰੀ ਜੀ ਦੀ ਹਾਜ਼ਰੀ ’ਚ ਆਪ ਸਸਕਾਰ ਕੀਤਾ।ਬਚਿਤਰ ਨਾਟਕ ਦਾ ਕਰਤਾ ਲਿਖਦਾ ਹੈ :

ਤਿਲਕ ਜੰਞੂ ਰਾਖਾ ਪ੍ਰਭ ਤਾ ਕਾ ਕੀਨੋ ਬਡੋ ਕਲੂ ਮਹਿ ਸਾਕਾ

ਸਾਧਨ ਹੇਤਿ ਇਤੀ ਜਿਨਿ ਕਰੀ ਸੀਸੁ ਦੀਯਾ ਪਰੁ ਸੀ ਉਚਰੀ ੧੩ (ਬਚਿਤ੍ਰ ਨਾਟਕ . )

ਠੀਕਰ ਫੋਰਿ ਦਿਲੀਸ ਸਿਰਿ; ਪ੍ਰਭ ਪੁਰਿ ਕੀਯਾ ਪਯਾਨ

ਤੇਗ ਬਹਾਦੁਰ ਸੀ ਕ੍ਰਿਆ; ਕਰੀ ਕਿਨਹੂੰ ਆਨਿ ੧੫

ਤੇਗ ਬਹਾਦੁਰ ਕੇ ਚਲਤ; ਭਯੋ ਜਗਤ ਕੋ ਸੋਕ

ਹੈ ਹੈ ਹੈ ਸਭ ਜਗ ਭਯੋ; ਜੈ ਜੈ ਜੈ ਸੁਰ ਲੋਕਿ ੧੬ (ਅਧਿਆਏ ਪੰਜ, ਬਚਿੱਤਰ ਨਾਟਕ)

ਗੁਰਿਆਈ ਸਮੇਂ ਗੁਰੂ ਗੋਬਿੰਦ ਰਾਇ ਸਾਹਿਬ ਜੀ ਦੀ ਉਮਰ ਤਕਰੀਬਨ 9 ਕੁ ਸਾਲ ਸੀ। ਭੱਟ ਚਾਂਦ ਜੀ ਨੇ ਸੁੰਦਰ ਬਚਨ ਕਹੇ ਹਨ :

ਚਿਤ ਚਰਨ ਕਮਲ ਕਾ ਆਸਰਾ, ਚਿਤ ਕਰਨ ਕਮਲ ਸੰਗ ਜੋੜੀਐ

ਮਨ ਲੋਚੈ ਬੁਰਿਆਈਆਂ, ਗੁਰ ਸਬਦੀ ਇਹ ਮਨ ਹੋੜੀਐ

ਬਾਂਹ ਜਿਨਾਂ ਦੀ ਪਕੜੀਐ, ਸਿਰ ਦੀਜੈ ਬਾਂਹ ਛੋੜੀਐ

ਤੇਗ ਬਹਾਦਰ ਬੋਲਿਆ, ਧਰ ਪਈਐ, ਧਰਮ ਛੋੜੀਐ (ਭੱਟ ਸ਼੍ਰੀ ਚਾਂਦ ਜੀ)

ਇਉਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਸੱਚ ਧਰਮ ’ਚ ਦ੍ਰਿੜ੍ਹ ਰਹੇ ਤੇ ਮਜਲੂਮਾਂ ਵਾਸਤੇ ਸ਼ਹੀਦੀ ਦੇ ਦਿੱਤੀ। ‘‘ਪੋਥੀ ਪਰਮੇਸਰ ਕਾ ਥਾਨੁ’’ ਨੂੰ ਗੁਰੂ ਦੀ ਪਦਵੀ ਦੀ ਕਥਾ ਅਗਲੇ ਭਾਗ ’ਚ ਕਰਾਂਗਾ। ਜੋ ਗੁਰ ਪਰਮੇਸ਼ਰ ਕਿਰਪਾ ਕਰਨ ਤਾਂ ਕਿ ਇਹ ਉਹਦੇਸ਼ ਸਾਡੇ ਮਨ, ਜੀਵਨ ਦਾ ਹਿੱਸਾ ਬਣਨ। ਸਾਡਾ ਸਭ ਦਾ ‘‘ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ  ! ਹਰਿ ਪ੍ਰਭਿ (ਨੇ) ਆਪਹਿ ਮੇਲੇ ’’ (ਸੁਖਮਨੀ/ਮਹਲਾ /੨੯੩) ਵਾਕ ਅਨੁਸਾਰ ਜੀਵਨ ਸਫਲ ਹੋਵੇ। ਭੁੱਲਾਂ ਦੀ ਖਿਮਾ।

ਮੂਰਤਿ ਹਰਿਗੋਬਿੰਦ ਸਵਾਰੀ

0

ਮੂਰਤਿ ਹਰਿਗੋਬਿੰਦ ਸਵਾਰੀ

-ਰਮੇਸ਼ ਬੱਗਾ ਚੋਹਲਾ, 1348/17/1 ਗਲੀ ਨੰ: 8, ਰਿਸ਼ੀ ਨਗਰ, ਐਕਸਟੈਨਸ਼ਨ (ਲੁਧਿਆਣਾ)-9463132719

ਮਨੁੱਖਤਾ ਦੇ ਰਹਿਬਰ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਲੁਕਾਈ ਨੂੰ ਮਿਆਰੀ, ਪਰਉਪਕਾਰੀ ਅਤੇ ਵਿਵਹਾਰੀ (ਅਮਲੀ) ਜੀਵਨ ਜਿਉਣ ਦਾ ਉਪਦੇਸ਼ ਦਿੱਤਾ ਹੈ, ਉੱਥੇ ਸਿਰ ਨੂੰ ਤਲੀ ’ਤੇ ਧਰ ਕੇ ਪ੍ਰੇਮ (ਰੱਬ) ਦੀ ਖੇਡ ਖੇਡਣ ਦੀ ਵੰਗਾਰ ਵੀ ਦਿੱਤੀ ਹੈ। ਇਸ ਖੇਡ ਨੂੰ ਖੇਡਣ ਲਈ ਸੰਤ ਸੁਭਾਅ ਦੇ ਨਾਲ-ਨਾਲ ਸਿਪਾਹੀਅਤ (ਜੂਝਾਰੂ ਬਿਰਤੀ) ਨੂੰ ਵੀ ਬਰਾਬਰ ਅਹਿਮੀਅਤ ਦਿੱਤੀ ਗਈ ਹੈ। ਗੁਰੂ ਸਾਹਿਬ ਦਾ ਫ਼ੁਰਮਾਨ ਹੈ, ‘‘ਜੇ ਜੀਵੈ ਪਤਿ ਲਥੀ ਜਾਇ   ਸਭੁ ਹਰਾਮੁ ਜੇਤਾ ਕਿਛੁ ਖਾਇ ’’ (ਮਹਲਾ /੧੪੨)

ਇਸ ਪਤਿ ਦੀ ਸਲਾਮਤੀ ਹਿੱਤ ਅਤੇ ਸਿੱਖੀ ਨੂੰ ਅਣਖ ਦੀ ਪਾਣ ਚੜ੍ਹਾਈ (ਸ਼ਸਤਰਧਾਰੀ ਹੋ ਕੇ) ਰੱਖਣ ਲਈ ਛੇਵੇਂ ਨਾਨਕ; ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਗੁਰਿਆਈ ਦੇ ਸਮੇਂ ਦੋ ਤਲਵਾਰਾਂ ਧਾਰਨ ਕੀਤੀਆਂ; ਜਿਸ ਨੂੰ ਸਿੱਖ ਇਤਿਹਾਸ ’ਚ ਮੀਰੀ ਅਤੇ ਪੀਰੀ ਦਾ ਨਾਂ ਦਿੱਤਾ ਗਿਆ ਹੈ। ਧਰਮ ਅਤੇ ਰਾਜਨੀਤੀ ਦੀ ਇਸ ਨਿਵੇਕਲੀ ਤੇ ਚਿਰਸਥਾਈ ਸਾਂਝ ਨਾਲ ਸਿੱਖ ਧਰਮ ਇਕ ਅਤਿ ਅਣਖੀਲੇ ਅਤੇ ਕ੍ਰਾਂਤੀਕਾਰੀ ਮੋੜ ਵੱਲ ਮੁੜ ਗਿਆ; ਜਿਸ ਨੂੰ ਭਾਈ ਗੁਰਦਾਸ ਜੀ ਨੇ ਇਞ ਬਿਆਨਿਆ ਹੈ :-

ਪੰਜਿ ਪਿਆਲੇ ਪੰਜ ਪੀਰ; ਛਠਮੁ ਪੀਰੁ ਬੈਠਾ ਗੁਰੁ ਭਾਰੀ

ਅਰਜਨ ਕਾਇਆ ਪਲਟਿ ਕੈ; ਮੂਰਤਿ ਹਰਿਗੋਬਿੰਦ ਸਵਾਰੀ

ਚਲੀ ਪੀੜੀ ਸੋਢੀਆ; ਰੂਪੁ ਦਿਖਾਵਣਿ ਵਾਰੋ ਵਾਰੀ

ਦਲਭੰਜਨ ਗੁਰੁ ਸੂਰਮਾ; ਵਡ ਜੋਧਾ ਬਹੁ ਪਰਉਪਕਾਰੀ (ਭਾਈ ਗੁਰਦਾਸ ਜੀ/ਵਾਰ ਪਉੜੀ ੪੮)

ਪੀੜੀ ਭਾਵੇਂ ਸੋਢੀਆਂ ਦੀ ਹੀ ਸੀ ਅਤੇ ਹੁਕਮ ਵੀ ਪੰਚਮ ਪਾਤਿਸ਼ਾਹ ਜੀ ਦਾ ਹੀ ਵਰਤ ਰਿਹਾ ਸੀ, ਪਰ ਅਭਿਆਸੀ ਰੂਪ ’ਚ ਮੀਰੀ ਅਤੇ ਪੀਰੀ ਦੇ ਸਿਧਾਂਤ ਨੂੰ ਲਾਗੂ ਕਰਨ ਦਾ ਮਾਣ ਛੇਵੇਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਹਿੱਸੇ ਆਇਆ ਹੈ। ਇਸ ਨੂੰ ਅਮਲੀ ਜਾਮਾ ਪਹਿਨਾ ਕੇ ਜਿੱਥੇ ਛੇਵੇਂ ਪਾਤਿਸ਼ਾਹ ਨੇ ਗੁਰੂ ਨਾਨਕ ਸਾਹਿਬ ਜੀ ਦੀ ਫ਼ਿਲਾਸਫ਼ੀ ਦੀ ‘ਸੰਤ ਬਲ’ ਅਤੇ ‘ਰਾਜ ਬਲ’ ਨਾਲ ਆਪਸੀ ਸਾਂਝ ਪੁਆਈ, ਉੱਥੇ ਸੰਤਾਂ ਨੂੰ ਸਿਪਾਹੀ ਬਣਾਉਣ ਵਾਲਾ ਮੁਹਾਂਦਰਾ ਵੀ ਪ੍ਰਦਾਨ ਕੀਤਾ ਕਿਉਂਕਿ ਗੁਰੂ ਸਾਹਿਬ ਦਾ ਦ੍ਰਿੜ੍ਹ ਵਿਸ਼ਵਾਸ ਸੀ ਕਿ ਗੁਰੂ ਨਾਨਕ ਜੀ ਦੇ ਘਰ ’ਚ ਸੰਤਤਾਈ ਅਤੇ ਸਿਪਾਹੀਅਤ ਇਕੋ ਹੀ ਸਿੱਕੇ ਦੇ ਦੋ ਪਾਸੇ ਹੋਣਗੇ ਭਾਵ ਇਕ ਚੰਗਾ ਸੰਤ; ਇਕ ਚੰਗਾ ਸਿਪਾਹੀ ਅਤੇ ਇਕ ਚੰਗਾ ਸਿਪਾਹੀ ਭੀ ਇਕ ਚੰਗਾ ਸੰਤ ਸਾਬਤ ਹੋ ਸਕਦਾ ਹੈ।

ਗੁਰੂ ਨਾਨਕ ਪਾਤਿਸ਼ਾਹ ਦੀ ਛੇਵੀਂ ਜੋਤਿ ਗੁਰੂ ਹਰਗੋਬਿੰਦ ਜੀ ਦਾ ਜਨਮ ੨੧ ਹਾੜ ਸੰਮਤ ੧੬੫੨ ਮੁਤਾਬਕ 19 ਜੂਨ 1595 (ਕੁੱਝ ਇਤਿਹਾਸਕਾਰਾਂ ਦੀ ਰਾਇ 9 ਅਤੇ 14 ਜੂਨ ਬਾਰੇ ਵੀ ਹੈ) ਨੂੰ ਇਤਿਹਾਸਿਕ ਸ਼ਹਰ ਅੰਮ੍ਰਿਤਸਰ ਤੋਂ ਲਹਿੰਦੇ ਪਾਸੇ ਵਸੇ ਨਗਰ ਵਡਾਲੀ (ਗੁਰੂ ਕੀ ਵਡਾਲੀ) ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਹੋਇਆ।

ਛੇਵੀਂ ਪਾਤਿਸ਼ਾਹੀ ਦੇ ਪ੍ਰਕਾਸ਼ ਦਿਹਾੜੇ ਦੀਆਂ ਜਿੱਥੇ ਗੁਰੂ ਨਾਨਕ ਨਾਮ-ਲੇਵਾ ਸੰਗਤਾਂ ਨੇ ਭਰਪੂਰ ਖੁਸ਼ੀਆਂ ਮਨਾਈਆ, ਉੱਥੇ ਗੁਰੂ ਘਰ ਦੇ ਦੋਖੀਆਂ ਨੂੰ ਬਹੁਤ ਅਫ਼ਸੋਸ ਹੋਇਆ। ਇਨ੍ਹਾਂ ਦੋਖੀਆ ’ਚ ਪ੍ਰਮੁੱਖ ਨਾਂ ਪ੍ਰਿਥੀ ਚੰਦ ਦਾ ਸੀ, ਜੋ ਪਰਵਾਰਕ ਤੌਰ ’ਤੇ ਗੁਰੂ ਸਾਹਿਬ ਦੇ ਤਾਇਆ ਜੀ ਲੱਗਦੇ ਸਨ। ਗੁਰਗੱਦੀ ’ਤੇ ਕਬਜ਼ਾ ਕਰਨ ਹਿੱਤ ਈਰਖਾਲੂ ਪ੍ਰਿਥੀ ਚੰਦ; ਸ਼੍ਰੀ ਗੁਰੂ ਹਰਗੋਬਿੰਦ ਜੀ ਨੂੰ ਮਾਰਨ ਦੀਆਂ ਵਿਓਂਤ ਬੰਦੀਆਂ ਕਰਨ ਲੱਗਾ। ਇਨ੍ਹਾਂ ਵਿਓਂਤ ਬੰਦੀਆਂ ਤਹਿਤ ਪਹਿਲਾਂ ਤਾਂ ਉਸ ਨੇ ਇਕ ਜ਼ਹਰੀਲੇ ਦੁੱਧ ਵਾਲੀ ਦਾਈ ਨੂੰ ਅੰਮ੍ਰਿਤਸਰ ਤੋਂ ਵਡਾਲੀ ਭੇਜਿਆ, ਪਰ ਦਾਈ ਦੇ ਦੁੱਧ ਨੂੰ ਲੱਗਾ ਜ਼ਹਰ, ਉਸ ਦੇ ਆਪਣੇ ਆਪ ਲਈ ਹੀ ਘਾਤਕ ਸਾਬਤ ਹੋ ਗਿਆ। ਇਸ ਤੋਂ ਬਾਅਦ ਪ੍ਰਿਥੀਏ ਨੇ ਇਕ ਸਪੇਰੇ ਨੂੰ ਗੰਢ ਲਿਆ। ਉਸ ਨੇ ਬਲਕ ਵੱਲ ਇਕ ਫ਼ਨੀਅਰ ਸੱਪ ਨੂੰ ਛੱਡ ਦਿੱਤਾ, ਪਰ (ਗੁਰੂ) ਹਰਿਗੋਬਿੰਦ ਜੀ ਉਸ ਤੋਂ ਭੀ ਬਚ ਗਏ।

ਗੁਰੂ ਅਰਜਨ ਦੇਵ ਜੀ; ਜੋ ਸਰਬਤ ਦੇ ਭਲੇ ਅਤੇ ਗੁਰਸਿੱਖੀ ਦੇ ਪ੍ਰਚਾਰ ਲਈ ਲਾਹੌਰ ਗਏ ਹੋਏ ਸਨ। ਉਹ ਪਰਵਾਰ ਸਮੇਤ 1597 ਈ: ਨੂੰ ਵਡਾਲੀ ਗੁਰੂ ਕੀ ਵਿਖੇ ਆ ਗਏ। ਵਡਾਲੀ ਤੋਂ ਗੁਰੂ ਜੀ ਨੂੰ ਅੰਮ੍ਰਿਤਸਰ ਆਉਣਾ ਪਿਆ। ਪ੍ਰਿਥੀ ਚੰਦ ਵੀ ਅੰਮ੍ਰਿਤਸਰ ਵਿਖੇ ਰਹਿੰਦਾ ਸੀ। ਉਸ ਦੀਆਂ ਉਕਤ ਦੋ ਕਰਤੂਤਾਂ ਕਾਰਨ, ਉਸ ਦੇ ਹੱਥ ਪੱਲੇ ਤਾਂ ਕੁੱਝ ਨਹੀਂ ਪਿਆ ਸਗੋਂ ਨਮੋਸ਼ੀ ਹੀ ਸਹਿਣੀ ਪਈ। ਇਸ ਵਾਰ ਉਹ ਥੋੜ੍ਹਾ ਜਿਹਾ ਵਧੇਰੇ ਚੌਕਸ ਹੋ ਗਿਆ। ਇਸ ਵਾਰੀ ਉਸ ਨੇ ਬਾਲਕ ’ਤੇ ਤੀਸਰਾ ਹਮਲਾ ਕਰ ਦਿੱਤਾ। ਇਸ ਹਮਲੇ ਤਹਿਤ ਉਸ ਨੇ ਇਕ ਖਿਡਾਵੇ ਨੂੰ ਲਾਲਚ ਦੇ ਕੇ ਬਾਲਕ ਨੂੰ ਦਹੀਂ ’ਚ ਜ਼ਹਰ ਮਿਲਾ ਕੇ ਦੇਣ ਲਈ ਕਿਹਾ, ਪਰ ਬਲਾਕ ਨੇ ਖਾਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਖਿਡਾਵਾ ਕੋਈ ਧੱਕੇਸ਼ਾਹੀ ਕਰਦਾ, ਪੰਚਮ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਵੀ ਉੱਥੇ ਪਹੁੰਚ ਗਏ। ਖਿਡਾਵੇ ਨੂੰ ਆਪਣੀ ਅਤਿ ਨੀਚ ਹਰਕਤ ਦੀ ਕੀਮਤ (ਸੂਲ ਪੈ ਜਾਣ ਕਾਰਨ) ਜਾਨੋਂ ਹੱਥ ਧੋ ਕੇ ਚੁਕਾਉਣੀ ਪਈ।

ਅਕਤੂਬਰ 1605 ਈ: ’ਚ ਜਹਾਂਗੀਰ ਦੀ ਤਖਤਪੋਸ਼ੀ ਹੋਣ ਨਾਲ ਅਕਬਰ ਵੱਲੋਂ ਵੱਖ-ਵੱਖ ਧਰਮਾਂ ਪ੍ਰਤੀ ਅਪਣਾਈ ਉਦਾਰ ਨੀਤੀ ਦਮ ਤੋੜ ਗਈ। ਰਾਜ ਦਰਬਾਰ ਤੰਗ-ਦਿਲ ਅਤੇ ਫਿਰਕਾਪ੍ਰਸਤ ਮੁਸਲਿਮਾਨਾਂ ਦੇ ਹੱਥ ’ਚ ਆ ਗਿਆ। ਇਨ੍ਹਾਂ ਕੱਟੜ ਪੰਥੀਆਂ ਨੇ ਗੈਰ-ਮੁਸਲਿਮਾਨਾਂ ਪ੍ਰਤੀ ਨਫ਼ਰਤ ਭਰਨਾ ਸ਼ੁਰੂ ਕਰ ਦਿੱਤਾ। ਇਸ ਦਾ ਜਵਾਬ ’ਚ ਗੁਰੂ ਅਰਜਨ ਸਾਹਿਬ ਦੇ ਹੁਕਮਾ ਅਨੁਸਾਰ ਬਾਬਾ ਬੁੱਢਾ ਜੀ ਨੇ ਜਿੱਥੇ ਬਾਲਕ ਹਰਗੋਬਿੰਦ ਜੀ ਨੂੰ ਧਰਮ-ਫ਼ਲਸਫ਼ਾ ਦ੍ਰਿੜ੍ਹ ਕਰਵਾਇਆ, ਉੱਥੇ ਕੁਸ਼ਤੀ, ਘੋੜ-ਸਵਾਰੀ, ਤਲਵਾਰਬਾਜ਼ੀ ਆਦਿਕ ਜੰਗੀ ਕਰਤਬਾਂ ਦੀ ਸਿਖਲਾਈ ਭੀ ਦਿੱਤੀ। ਗੁਰੂ ਸਾਹਿਬ ਆਪਣੀ ਦੂਰ-ਅੰਦੇਸ਼ੀ ਨਾਲ ਭਾਂਪ ਗਏ ਸਨ ਕਿ ਮੁਗਲ ਹਕੂਮਤ ਨਾਲ ਸਿੱਖਾਂ ਨੂੰ ਦੋ ਹੱਥ ਕਰਨੇ ਹੀ ਪੇਣੈ ਹਨ।

6 ਅਪੈ੍ਰਲ 1606 ਨੂੰ ਜਹਾਂਗੀਰ ਦਾ ਪੁੱਤਰ ਖੁਸਰੋਂ ਬਾਗੀ ਹੋ ਕੇ ਆਗਰੇ ਤੋਂ ਪੰਜਾਬ ਵੱਲ ਭੱਜ ਪਿਆ। ਤਿੰਨ ਕੁ ਹਫ਼ਤਿਆਂ ਬਾਅਦ (27 ਅਪ੍ਰੈਲ) ਉਹ ਝਨਾ ਨਦੀ ਨੂੰ ਪਾਰ ਕਰਦਾ ਫੜਿਆ ਗਿਆ। ਸ਼ੇਖ ਅਹਿਮਦ ਸਰਹੰਦੀ ਅਤੇ ਕੁੱਝ ਹੋਰ ਕੱਟੜ ਪੰਥੀਆਂ ਨੇ ਜਹਾਂਗੀਰ ਦੇ ਕੰਨਾ ’ਚ ਗੁਰੂ ਅਰਜਨ ਦੇਵ ਜੀ ਦੇ ਖਿਲਾਫ਼ ਖੁਸਰੋ ਨੂੰ ਸਹਾਇਤਾ ਅਤੇ ਸਹਿਯੋਗ ਦੇਣ ਦੀ ਫੂਕ ਮਾਰੀ ਗਈ। ਜਹਾਂਗੀਰ ’ਤੇ ਫੂਕ ਦਾ ਐਸਾ ਅਸਰ ਹੋਇਆ ਕਿ ਉਸ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ।

ਮਈ 1606 ਦੇ ਆਖਰੀ ਹਫ਼ਤੇ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ, ਬਾਬਾ ਬੁੱਢਾ ਜੀ ਅਤੇ ਹੋਰ ਮੁੱਖੀ ਸਿੱਖਾਂ ਨਾਲ ਤਤਕਾਲੀ ਰਾਜਨੀਤਕ ਹਾਲਤਾਂ ਉੱਪਰ ਵਿਚਾਰ-ਵਟਾਂਦਰਾ ਕੀਤਾ। ਇਸ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਵਾਨ ਸਜਾ ਕੇ ਗੁਰਿਆਈ ਦੀ ਜ਼ਿੰਮੇਵਾਰੀ ਸ਼੍ਰੀ ਗਰੂ ਹਰਗੋਬਿੰਦ ਜੀ ਨੂੰ ਸੌਂਪ ਦਿੱਤੀ। ਇਸ ਸਮੇਂ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਨੂੰ ਦੋ ਤਲਵਾਰਾਂ (ਇਕ ਮੀਰੀ ਤੇ ਦੂਜੀ ਪੀਰੀ) ਪਹਿਨਾਈਆਂ, ਜੋ ਸੰਸਾਰਕ ਅਤੇ ਆਤਮਕ ਪੱਖ ਦੇ ਸੁਮੇਲ ਦੀ ਗਵਾਹੀ ਭਰਦੀਆਂ ਸਨ।

ਸ਼੍ਰੀ ਗੁਰੂ ਹਰਗੋਬਿੰਦ ਜੀ ਦੀ ਉਮਰ ਭਾਵੇਂ ਅਜੇ 11 ਕੁ ਸਾਲ ਸੀ, ਪਰ ਆਪਣੇ ਦੂਰਦਰਸ਼ਕ ਨਜ਼ਰੀਏ ਸਦਕਾ ਉਨ੍ਹਾਂ ਨੇ ਸਮਝ ਲਿਆ ਕਿ ਮੁਗਲ ਹਕੂਮਤ ਦੀ ਅਤਿਆਚਾਰੀ ਨੀਤੀ ਦਾ ਸਿਖਰ ਗੁਰੂ ਪਿਤਾ ਦੀ ਸ਼ਹੀਦੀ ਤੱਕ ਹੀ ਸੀਮਤ ਨਹੀਂ ਰਹੇਗਾ। ਐਸੇ ਲੋਕ; ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਢਾਹ ਲਾਉਣ ਦੀ ਭੀ ਕੋਸ਼ਸ਼ ਕਰਨਗੇ। ਹਕੂਮਤ ਦੀ ਇਸ ਰਣਨੀਤੀ ਨੂੰ ਅਸਫ਼ਲ ਕਰਨ ਲਈ ਛੇਵੇਂ ਪਾਤਿਸ਼ਾਹ ਨੇ ਹਥਿਆਰਬੰਦ ਸੰਘਰਸ਼ ਦਾ ਰਾਹ ਚੁਣਿਆ; ਜਿਸ ’ਤੇ ਸਫ਼ਲਤਾ ਪੂਰਵਕ ਚੱਲਣ ਲਈ ਮਸੰਦਾਂ ਰਾਹੀ ਆਪਣੇ ਸਿੱਖਾਂ (ਵਿਸ਼ੇਸ਼ ਕਰਕੇ ਵਪਾਰੀ ਵਰਗ) ਨੂੰ ਹੁਕਮਨਾਮੇ ਭੇਜੇ ਕਿ ਸਿੱਖ ਆਪਣੇ ਦਸਵੰਧ ’ਚੋਂ ਵਧੀਆ ਘੋੜੇ ਅਤੇ ਸ਼ਸਤਰ ਖ਼ਰੀਦ ਕੇ ਭੇਜਿਆ ਕਰਨ। ਇਸ ਤਰ੍ਹਾਂ ਸਿੱਖਾਂ ਕੋਲ ਜਿੱਥੇ ਘੋੜਿਆਂ ਦੀ ਗਿਣਤੀ ’ਚ ਵਾਧਾ ਹੋਇਆ, ਉੱਥੇ ਗੁਰੂ ਘਰ ਦਾ ਅਸਲਾਖਾਨਾ ਵੀ ਚੰਗਿਆਂ ਸ਼ਸਤਰਾਂ ਨਾਲ ਭਰਨ ਲੱਗ ਪਿਆ।

ਘੋੜੇ ਅਤੇ ਹਥਿਆਰ ਦੀ ਵਰਤੋਂ ਲਈ ਗੁਰੂ ਸਾਹਿਬ ਨੇ ਸਿੱਖਾਂ ਨੂੰ ਹਥਿਆਰ ਚਲਾਉਣੇ ਸਿਖਾਉਣ ਦਾ ਭੀ ਯੋਗ ਪ੍ਰਬੰਧ ਕਰ ਲਿਆ। ਇਸ ਸਿਖਲਾਈ ਲਈ ਗੁਰੂ ਜੀ ਨੇ 52 ਨਿਪੁੰਨ ਅੰਗ-ਰੱਖਿਅਕਾਂ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ। ਹੌਲੀ-ਹੌਲੀ ਸਿੱਖ ਸੈਨਿਕਾਂ ਦੀ ਗਿਣਤੀ ਵੱਧਣ ਲੱਗੀ। ਦੂਰੋਂ-ਨੇੜਿਓਂ ਕਈ ਗਭਰੂ ਅੰਮ੍ਰਿਤਸਰ ਵਿਖੇ ਆ ਕੇ ਮਹੀਨਿਆਂ ਬੱਧੀ ਪੜਾਅ ਕਰਦੇ ਤੇ ਮਾਰਸ਼ਲ ਆਰਟ ਦੀ ਸਿਖਲਾਈ ਪ੍ਰਾਪਤ ਕਰਕੇ ਵਾਪਸ ਘਰ ਪਰਤ ਜਾਂਦੇ।

ਉਸ ਵਕਤ ਫੌਜਾਂ ਰੱਖਣ ਅਤੇ ਸ਼ਿਕਾਰ ਖੇਡਣ ਦਾ ਅਧਿਕਾਰ ਸਿਰਫ ਰਾਜਿਆਂ-ਮਹਾਂ ਰਾਜਿਆਂ ਨੂੰ ਸੀ। ਬਾਕੀਆਂ ਲਈ ਇਹ ਵੰਗਾਰਾਤਮਕ ਸਾਬਤ ਹੋ ਰਹੀਆਂ ਸਨ। ਇਹ ਵੰਗਾਰ; ਉਸ ਵਕਤ ਤਾਂ ਹੋਰ ਵੀ ਸਪਸ਼ਟ ਰੂਪ ਧਾਰਨ ਕਰ ਗਈ ਜਦੋਂ ਜੂਨ 1608 ’ਚ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ ਗਈ। ਇਸ ਉਸਾਰੀ ਦਾ ਅਰਥ ਅਕਾਲ-ਪੁਰਖ ਦਾ ਸਦੀਵੀ ਸਿੰਘਾਸਨ ਕਾਇਮ ਕਰਨਾ ਸੀ। ਅਕਾਲ ਤਖਤ ਦੇ ਸਾਮ੍ਹਣੇ ਦੋ ਨਿਸ਼ਾਨ ਸਾਹਿਬ (ਰਾਜਨੀਤੀ ਤੇ ਧਰਮ ਦੇ ਪ੍ਰਤੀਕ ਵਜੋਂ) ਸਥਾਪਤ ਕੀਤੇ ਗਏ। ਇਸ ਤਖਤ ਉੱਪਰ ਗੁਰੂ ਹਰਗੋਬਿੰਦ ਜੀ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਉਪਦੇਸ਼ ਦਿੰਦੇ ਤੇ ਸੰਗਤਾਂ ਲਈ ਹੁਕਮਨਾਮੇ ਵੀ ਜਾਰੀ ਕਰਿਆ ਕਰਦੇ ਸਨ। ਇਸ ਤਖਤ ਦੇ ਸਾਮ੍ਹਣੇ ਦੀਵਾਨ ਸਜਾ ਕੇ ਢਾਡੀਆਂ ਦੀਆਂ ਵਾਰਾਂ ਨਾਲ ਸਿੱਖ ਸੰਗਤਾਂ ’ਚ ਬੀਰ ਰਸ ਦਾ ਸੰਚਾਰ ਭੀ ਕੀਤਾ ਜਾਂਦਾ ਸੀ। ਇਸ ਦੇ ਪ੍ਰਭਾਵ ਸਦਕਾ ਸਿੱਖ ਫੌਜੀਆਂ ਦੀ ਗਿਣਤੀ ਕਾਫ਼ੀ ਵਧ ਗਈ ਸੀ। ਜਿਸ ਨੂੰ ਪੰਜ ਕਮਾਡਰਾਂ (ਭਾਈ ਜੇਠਾ ਜੀ, ਭਾਈ ਪਿਰਾਣਾ ਜੀ, ਭਾਈ ਬਿਧੀ ਚੰਦ, ਭਾਈ ਪੈੜਾ ਅਤੇ ਭਾਈ ਮੋਖਾ ਜੀ) ਦੀ ਕਮਾਂਡ ਹੇਠ ਵੰਡ ਦਿੱਤਾ ਗਿਆ।

ਜਦੋਂ ਜਹਾਂਗੀਰ; ਆਗਰਾ ਛੱਡ ਕੇ ਦੱਖਣੀ ਦਿਸ਼ਾ ਵੱਲ ਗਿਆ ਤਾਂ ਗੁਰੂ ਘਰ ਲਈ ਕੁੱਝ ਸ਼ਾਂਤ ਮਹੌਲ ਰਿਹਾ। ਇਸ ਦਾ ਲਾਹਾ ਗੁਰੂ ਜੀ ਨੇ ਮਾਲਵੇ ਅਤੇ ਦੁਆਬੇ ’ਚ ਸਿੱਖੀ ਦਾ ਪ੍ਰਚਾਰ ਕਰਕੇ ਲਿਆ। ਦੁਆਬੇ ’ਚ ਪ੍ਰਚਾਰ ਕਰਦਿਆਂ ਗੁਰੂ ਸਾਹਿਬ ਨੇ ਕਰਤਾਰਪੁਰ ਨਗਰ ਨੂੰ ਭਾਗ ਲਗਾਏ। ਪੈਂਦੇ ਖਾਂ ਵੀ ਇੱਥੇ ਹੀ ਗੁਰੂ ਕੀ ਫ਼ੌਜ ’ਚ ਭਰਤੀ ਹੋਇਆ।

ਦੁਆਬੇ ਤੋਂ ਬਾਅਦ ਗੁਰੂ ਜੀ ਆਪਣੇ ਸਾਂਢੂ (ਸਾਂਈ ਦਾਸ) ਦੇ ਪਿੰਡ ‘ਡਰੋਲੀ ਭਾਈ ਕੀ’ ਵਿਖੇ ਆ ਗਏ। ਇੱਥੇ ਆਪ ਨੇ ਜਿੱਥੇ ਲੋੜਵੰਦਾਂ ਦੀ ਸਹਾਇਤਾ ਕੀਤੀ; ਉੱਥੇ ਰੱਬੀ ਬਾਣੀ ਦਾ ਸੰਦੇਸ਼ ਵੀ ਘਰ ਘਰ ’ਚ ਪਹੁੰਚਾਇਆ। ਕਸ਼ਮੀਰ ਨੂੰ ਬੇਸ਼ੱਕ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ, ਪਰ ਥੁੜ੍ਹਾਂ ਮਾਰੀ ਲੁਕਾਈ ਲਈ ਇਹ ਸਵਰਗੀ (ਆਨੰਦ) ਕਿੱਥੋਂ ? ਗਿਲਟੀ ਤਾਪ ਦੀ ਤਪਸ਼ ਨਾਲ ਕਸ਼ਮੀਰ ਦਾ ਗਰੀਬ-ਗੁਰਬਾ ਕੁਰਲਾ ਰਿਹਾ ਸੀ। ਇਹ ਕੁਰਲਾਹਟ ਜਦੋਂ 6ਵੇਂ ਨਾਨਕ ਤੱਕ ਪਹੁੰਚੀ ਤਾਂ ਦੁਖੀਆਂ ਦਾ ਦਰਦ ਵੰਡਾਉਣ ਲਈ ਆਪ ਕਸ਼ਮੀਰ ਪਹੁੰਚ ਗਏ। ਦੇਸ਼-ਪ੍ਰਦੇਸ਼ ਤੋਂ ਆਉਂਦੀ ਦਸਵੰਧ-ਰਕਮ; ਰੋਗੀਆਂ ਲਈ ਭੀ ਵਰਤਣੀ ਆਰੰਭ ਕਰ ਦਿੱਤੀ। ਇੱਥੋਂ ਹੀ ਆਪ ਸਿਆਲਕੋਟ ਅਤੇ ਲਾਹੌਰ ਦੀਆਂ ਸੰਗਤਾਂ ਦੀਆਂ ਤਕਲੀਫ਼ਾਂ ਦੂਰ ਕਰਨ ਲਈ ਜਾਇਆ ਕਰਦੇ ਸਨ।

ਗੁਰੂ ਸਾਹਿਬ ਦੀ ਸੇਵਾ-ਭਾਵਨਾ ਤੇ ਇਨਸਾਫ਼-ਪਸੰਦੀ ਨੂੰ ਦੇਖ ਕੇ ਕਈ ਗ਼ੈਰ ਧਰਮਾਂ (ਖਾਸ ਕਰਕੇ ਮੁਸਲਿਮ ਸਮਾਜ) ਦੇ ਲੋਕ ਵੀ ਗੁਰੂ ਘਰ ਨਾਲ ਜੁੜਨ ਲੱਗੇ। ਇਹ ਬਦਲਾਅ ਵਕਤ ਦੇ ਹਾਕਮ ਜਹਾਂਗੀਰ ਦੀ ਬਰਦਾਸ਼ਤ ਤੋਂ ਬਾਹਰ ਹੋਈ ਜਾ ਰਿਹਾ ਸੀ। ਉਸ ਨੇ ਜੁਰਮਾਨਾ ਵਸੂਲੀ ਦਾ ਬਹਾਨਾ ਬਣਾ ਕੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ’ਚ ਨਜ਼ਰਬੰਦ ਕਰ ਦਿੱਤਾ। ਇਹ ਕਿਲ੍ਹਾ; ਸ਼ਾਹੀ ਕੈਦੀਆਂ ਅਤੇ ਲੰਮੀ ਕੈਦ ਵਾਲਿਆਂ ਵਾਸਤੇ ਉਚੇਚੇ ਤੌਰ ’ਤੇ ਬਣਵਾਇਆ ਗਿਆ ਸੀ। ਕਈਆਂ ਕੈਦੀਆਂ ਦਾ ਜੀਵਨ ਤਾਂ ਇਸ ਕਿਲ੍ਹੇ ਦੀ ਹੀ ਭੇਟ ਚੜ੍ਹ ਜਾਂਦਾ ਸੀ। ਜਦੋਂ ਛੇਵੇਂ ਪਾਤਿਸ਼ਾਹ ਕਿਲੇ੍ਹ ’ਚ ਗਏ, ਉਨ੍ਹਾਂ ਦੇਖਿਆ ਕਿ ਕਈ ਰਾਜਪੂਤ ਰਜਵਾੜੇ ਤੇ ਸ਼ਿਵਾਲਕ ਪਹਾੜੀਆਂ ਦੇ ਰਾਜੇ ਵੀ ਕੈਦ ਕਟ ਰਹੇ ਸਨ। ਇਨ੍ਹਾਂ ਦੀ ਗਿਣਤੀ 52 ਦੇ ਕਰੀਬ ਸੀ। ਗੁਰੂ ਜੀ ਦੀ ਆਮਦ ਨਾਲ ਇਹ ਮਨਹੂਸ ਕਿਲ੍ਹਾ ਇਕ ਧਰਮਸ਼ਾਲਾ ਦਾ ਰੂਪ ਵਟਾ ਗਿਆ। ਸਵੇਰੇ-ਸ਼ਾਮ ਹੋਣ ਵਾਲੇ ਸਤਿਸੰਗ ਅਤੇ ਧਾਰਮਿਕ ਵਿਚਾਰਾਂ ਨੇ ਕਿਲ੍ਹੇ ਵਿਚਾਲੇ ਵਾਤਾਵਰਣ ਨੂੰ ਹੀ ਬਦਲ ਕੇ ਰੱਖ ਦਿੱਤਾ। ਇਥੋਂ ਤੱਕ ਕਿ ਕਿਲੇ੍ਹ ਦਾ ਦਰੋਗਾ ਹਰੀਦਾਸ ਵੀ ਗੁਰੂ ਸਾਹਿਬ ਦਾ ਪ੍ਰਭਾਵ ਕਬੂਲਣੋ ਨਾ ਰਹਿ ਸਕਿਆ।

ਇੱਧਰ ਜਦੋਂ ਸੰਗਤਾਂ ਨੂੰ ਆਪਣੇ ਸੱਚੇ ਪਾਤਿਸ਼ਾਹ ਦੀ ਗ੍ਰਿਫਤਾਰੀ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੇ ਰੋਸ ਦਾ ਪ੍ਰਗਟਾਵਾ; ਪਿੰਡਾਂ, ਸ਼ਹਰਾਂ ਤੇ ਕਸਬਿਆਂ ’ਚੋਂ ਚੌਕੀਆਂ ਕੱਢ ਕੇ ਕਰਨਾ ਸ਼ੁਰੂ ਕਰ ਦਿੱਤਾ।

ਗੁਰੂ ਸਾਹਿਬ ਦੀ ਗ੍ਰਿਫਤਾਰੀ ਦੀ ਸਭ ਤੋਂ ਵੱਧ ਖੁਸ਼ੀ ਚੰਦੂ ਬ੍ਰਾਹਮਣ ਨੂੰ ਹੋਈ ਕਿਉਂਕਿ ਉਸ ਨੂੰ ਪਤਾ ਸੀ ਕਿ ਜੇਕਰ ਗੁਰੂ ਜੀ ਬਾਹਰ ਆ ਗਏ ਤਾਂ ਉਸ ਨੂੰ ਆਪਣੇ ਕੀਤੇ ਹੋਏ ਪਾਪ ਦੀ ਸਜ਼ਾ ਜ਼ਰੂਰ ਮਿਲੇਗੀ (ਭਾਵ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ’ਚ ਨਿਭਾਈ ਗਈ ਇਸ ਦੀ ਭੂਮਿਕਾ ਗੁਰੂ ਘਰ ਵਿਰੁਧ ਸੀ)। ਉਸ ਨੇ ਦਰੋਗੇ ਹਰੀਦਾਸ ਰਾਹੀਂ ਗੁਰੂ ਸਾਹਿਬ ਨੂੰ ਖਤਮ ਕਰਨ ਦਾ ਨਾਕਾਮ ਯਤਨ ਭੀ ਕੀਤਾ।

ਜਹਾਂਗੀਰ ਜੋਬਨ ਰੁੱਤ ਤੋਂ ਹੀ ਸ਼ਰਾਬ-ਪਿਆਲੇ ਦਾ ਸ਼ੌਕੀਨ ਸੀ, ਪਰ ਉਮਰ ਵੱਡੀ ਹੋਣ ਨਾਲ ਉਸ ਨੂੰ ਇਹ ਸ਼ੌਕ ਕੁੱਝ ਮਹਿੰਗਾ ਪੈਣ ਲੱਗਾ। ਲੋੜੋਂ ਵੱਧ ਸੇਵਨ ਸਦਕਾ ਉਹ ਸਖਤ ਬਿਮਾਰ ਹੋ ਗਿਆ। ਜਦੋਂ ਦੁਆ ਅਤੇ ਦਵਾ ਕੰਮ ਨਾ ਆਈਆਂ ਤਾਂ ਕਿਸੇ ਨੇਕ-ਬੰਦੇ ਨੇ ਉਸ ਨੂੰ ਗੁਰੂ ਸਾਹਿਬ ਦੀ ਨਾਜਾਇਜ਼ ਨਜ਼ਰਬੰਦੀ ਦਾ ਅਹਿਸਾਸ ਕਰਵਾ ਦਿੱਤਾ। ਮੁਸੀਬਤ ’ਚ ਫਸੇ ਹੋਣ ਕੀਰਨ ਗੱਲ ਉਸ ਦੇ ਵੀ ਮਨ ਨੂੰ ਜਾ ਲੱਗੀ। ਉਸ ਨੇ ਗੁਰੂ ਸਾਹਿਬ ਨੂੰ ਰਿਹਾ ਕਰਨ ਦਾ ਹੁਕਮ ਦੇ ਦਿੱਤਾ। ਜਦੋਂ ਇਸ ਹੁਕਮ ਦਾ ਪਤਾ ਬੇਕਸੂਰ ਸਿਆਸੀ ਕੈਦੀ ਰਾਜਿਆਂ ਨੂੰ ਲੱਗਾ ਤਾਂ ਉਨ੍ਹਾਂ ਨੇ ਵੀ ਗੁਰੂ ਸਾਹਿਬ ਦੇ ਸਨਮੁੱਖ ਬੇਨਤੀ ਕੀਤੀ ਕਿ ‘ਸੱਚੇ ਪਾਤਿਸ਼ਾਹ ! ਸਾਨੂੰ ਵੀ ਇਸ ਨਰਕੀ ਜੀਵਨ ਤੋਂ ਛੁੱਟਕਾਰਾ ਦਿਵਾ ਦਿਓ’। ਗੁਰੂ ਜੀ ਨੇ ਜਹਾਂਗੀਰ ਨੂੰ ਸੁਨੇਹਾ ਭੇਜਿਆ ਕਿ ਉਹ ਤਦ ਹੀ ਕਿਲ੍ਹੇ ’ਚੋਂ ਬਾਹਰ ਆਉਣਗੇ ਜੇ ਇਨ੍ਹਾਂ ਸਾਰੇ ਰਾਜਿਆਂ ਨੂੰ ਭੀ ਰਿਹਾ ਕੀਤਾ ਜਾਵੇਗਾ। ਜਹਾਂਗੀਰ ਬਾਦਿਸ਼ਾਹ ਨੇ ਗੁਰੂ ਸਾਹਿਬ ਦੀ ਗੱਲ ਮੰਨਦੇ ਹੋਏ, ਚਿਰਾਂ ਤੋਂ ਬੰਦ ਕੀਤੇ ਹੋਏ ਇਨ੍ਹਾਂ ਸਿਆਸੀ ਰਾਜਿਆਂ ਨੂੰ ਭੀ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ। ਜਿਨ੍ਹਾਂ ਦੀ ਗਿਣਤੀ ਇਤਿਹਾਸ ’ਚ 52 ਦੱਸੀ ਜਾਂਦੀ ਹੈ। ਇਸੇ ਕਰਕੇ ਆਪ ਜੀ ਨੂੰ ਬੰਦੀ ਛੋੜ ਦਾਤਾ ਵੀ ਕਿਹਾ ਜਾਂਦਾ ਹੈ। 

ਸ੍ਰੀ ਗੁਰੂ ਹਰਗੋਬਿੰਦ ਜੀ; ਧੰਨ ਗੁਰੂ ਨਾਨਕ ਸਾਹਿਬ ਜੀ ਵੱਲੋਂ ਸਥਾਪਤ ਕੀਤੇ ਸਾਂਝੀਵਾਲਤਾ ਦੇ ਸਿਧਾਂਤ ਦੇ ਪਹਿਰੇਦਾਰ ਵੀ ਸਨ। ਇਸ ਪਹਿਰੇਦਾਰੀ ਦੀ ਗਵਾਹੀ ਲਾਹੌਰ ਦੇ ਰਹਿਣ ਵਾਲੇ ਸ਼ਾਹੀ ਕਾਜੀ ਦੀ ਬੇਟੀ ਬੀਬੀ ਕੌਲਾ ਦੇ ਆਪ ਜੀ ਪ੍ਰਤੀ ਪ੍ਰਗਟਾਏ ਪਿਆਰ ਅਤੇ ਸਤਿਕਾਰ ਤੋਂ ਭਲੀ-ਭਾਂਤ ਮਿਲ ਜਾਂਦੀ ਹੈ। ਗੁਰੂ ਘਰ ਪ੍ਰਤੀ ਬੀਬੀ ਕੌਲਾ ਦਾ ਅਥਾਹ ਪਿਆਰ; ਉਸ ਦੇ ਪਿਤਾ ਤੋਂ ਸਹਾਰਿਆ ਨਾ ਗਿਆ ਤੇ ਉਸ ਨੇ ਆਪਣੀ ਲਾਡਲੀ ਦੇ ਖਿਲਾਫ਼ ਮੌਤ ਦਾ ਫ਼ਤਵਾ ਜਾਰੀ ਕਰ ਦਿੱਤਾ। ਇਸ ਫ਼ਤਵੇ ਦੇ ਅਮਲ ’ਚ ਆਉਣ ਤੋਂ ਪਹਿਲਾਂ ਹੀ ਪੰਚਮ ਪਾਤਿਸ਼ਾਹ ਦੇ ਪਰਮ-ਮਿੱਤਰ ਅਤੇ ਗੁਰੂ ਨਾਨਕ ਦੀ ਸੋਚ ਪ੍ਰਤੀ ਆਸਥਾ ਰੱਖਣ ਵਾਲੇ ਸਾਈਂ ਮੀਆਂ ਮੀਰ ਜੀ ਨੇ ਆਪਣੇ ਖਾਸ ਮੁਰੀਦਾਂ ਦੀ ਮਦਦ ਨਾਲ ਬੀਬੀ ਕੌਲਾਂ ਨੂੰ ਅੰਮ੍ਰਿਤਸਰ ਗੁਰੂ ਸਾਹਿਬ ਦੀ ਸ਼ਰਨ ’ਚ ਭੇਜ ਦਿੱਤਾ। ਬਾਬੇ ਨਾਨਕ ਦਾ ਦਰ; ਸ਼ਰਨ ’ਚ ਆਏ ਦੀ ਹਮੇਸ਼ਾ ਲਾਜ ਰੱਖਦਾ ਆਇਆ ਹੈ ਤੇ ਬੀਬੀ ਦੀ ਲਾਜ ਰੱਖਣ ਲਈ ਛੇਵੇਂ ਨਾਨਕ ਨੇ ਉਸ ਦੀ ਰਿਹਾਇਸ਼ ਦਾ ਵੱਖਰਾ ਬੰਦੋਬਸਤ ਕਰ ਦਿੱਤਾ।

ਗੁਰੂ ਸਾਹਿਬ; ਸਿੱਖ ਧਰਮ ਦਾ ਪ੍ਰਚਾਰ ਕੇਂਦਰ ਲਾਹੌਰ ਤੋਂ ਕੁੱਝ ਹਟਾ ਕੇ ਬਣਾਉਣਾ ਚਾਹੁੰਦੇ ਸਨ। ਇਸ ਚਾਹਤ ਲਈ ਉਨ੍ਹਾਂ ਨੇ ਆਪਣੇ ਵੱਡੇ ਫਰਜੰਦ ਬਾਬਾ ਗੁਰਦਿੱਤਾ ਜੀ ਦੀ ਪਹਾੜੀ ਇਲਾਕੇ ’ਚ ਕੋਈ ਯੋਗ ਸਥਾਨ ਚੁਣਨ ਦੀ ਸੇਵਾ ਲਗਾਈ। ਬਾਬਾ ਜੀ ਨੇ ਉਹ ਸਥਾਨ; ਰੋਪੜ ਤੋਂ ਨੰਗਲ ਸੜਕ ’ਤੇ ਵੱਸੇ ਨਗਰ (ਸ੍ਰੀ ਕੀਰਤਪੁਰ ਸਾਹਿਬ) ਨੂੰ ਚੁਣਿਆ। ਇਹ ਨਗਰ ਸਿੱਖ ਸਮਾਜ ਲਈ ਬਹੁਤ ਹੀ ਮੁਕੱਦਸ ਅਤੇ ਸਤਿਕਾਰ ਵਾਲਾ ਬਣ ਗਿਆ।

ਗੁਰੂ ਹਰਗੋਬਿੰਦ ਸਾਹਿਬ ਦੀਆਂ ਸਰਗਰਮੀਆਂ; ਜਿਵੇ ਆਪਣੀ ਫੌਜ ਰੱਖਣਾ, ਨਗਾਰਾ ਵਜਾਉਣਾ, ਸ਼ਿਕਾਰ ਖੇਡਣਾ ਤੇ ਕਲਗੀ ਸਜਾ ਕੇ ਸ਼੍ਰੀ ਅਕਾਲ ਤਖ਼ਤ ’ਤੇ ਬੈਠਣਾ ਆਦਿ ਮੁਗਲ ਸਰਕਾਰ ਲਈ ਸਿੱਧੀ ਵੰਗਾਰ ਸੀ।

28 ਅਕਤੂਬਰ 1627 ’ਚ ਜਹਾਂਗੀਰ ਮਰ ਗਿਆ। ਇਸ ਤੋਂ ਬਾਅਦ ਉਸ ਦਾ ਪੁੱਤਰ ਸ਼ਾਹਜਹਾਨ ਰਾਜਗੱਦੀ ਦਾ ਵਾਰਸ ਬਣ ਗਿਆ। ਕੱਟੜ ਪੰਥੀ ਮੁਸਲਿਮਾਨਾਂ ਨੂੰ ਖੁਸ਼ ਕਰਨ ਲਈ ਉਸ ਨੇ ਗੈਰ ਮੁਸਲਿਮ ਭਾਈਚਾਰੇ ’ਤੇ ਜ਼ਿਆਦਤੀਆਂ ਦਾ ਸਿਲਸਿਲਾ ਆਰੰਭ ਕਰ ਦਿੱਤਾ। ਇਸ ਨੂੰ ਠੱਲ ਪਾਉਣ ਲਈ ਆਪ ਨੂੰ ਸਮੇ-ਸਮੇਂ ਕਈ ਜੰਗਜੂ ਕਾਰਵਾਈਆਂ/ਲੜਾਈਆਂ ਵੀ ਕਰਨੀਆ ਪਈਆ; ਜਿਵੇਂ ਕਿ ਆਪ ਨੂੰ ਰੁਹਲੇ (ਸ਼੍ਰੀ ਹਰਗੋਬਿੰਦਪੁਰ ਸਾਹਿਬ) ਵਿਖੇ ਪਹਿਲੀ ਲੜਾਈ ਲੜਨੀ ਪਈ।

ਗੁਰੂ ਸਾਹਿਬ ਦੀ ਦੂਸਰੀ ਜੰਗ ਲੋਹਗੜ੍ਹ ਤੋਂ ਲੈ ਕੇ ਅਜੋਕੇ ਖਾਲਸਾ ਕਾਲਜ ਵਿਚਕਾਰ ਹੋਈ। ਇਸ ਲੜਾਈ ’ਚ ਗੁਰੂ ਕੀਆਂ ਫੌਜਾਂ ਨੇ ਵੈਰੀ ਨੂੰ ਕਰਾਰੀ ਹਾਰ ਦਿੱਤੀ। ਇਹ ਸਮਾਂ ਅਪ੍ਰੈਲ 1634 ਦਾ ਹੈ।

ਤੀਸਰੀ ਲੜਾਈ ਮਰਾਝ ਦੇ ਨਜਦੀਕ ਇਕ ਢਾਬ ਉੱਤੇ ਮੋਰਚੇ ਕਾਇਮ ਕਰਕੇ ਲੜੀ ਗਈ। ਜਿਸ ਦਾ ਕਾਰਨ ਭਾਈ ਬਿਧੀ ਚੰਦ ਜੀ ਦੁਆਰਾ ਉਨ੍ਹਾਂ ਦੋ ਘੋੜਿਆ ਨੂੰ ਲਾਹੌਰ ਦੇ ਕਿਲ੍ਹੇ ’ਚੋ ਕੱਢ ਕੇ ਗੁਰੂ ਦਰਬਾਰ ’ਚ ਅਪੜਾਉਣਾ ਸੀ, ਜਿਨ੍ਹਾਂ ਨੂੰ ਕਾਬਲ ਤੋਂ ਆ ਰਹੇ ਸਿੱਖਾਂ ਕੋਲੋਂ ਲਾਹੌਰ ਦੇ ਹਾਕਮ ਨੇ ਖੋਹ ਲਿਆ ਸੀ। ਇਹ ਸਮਾਂ ਦੰਸਬਰ 1634 ਦਾ ਹੈ।

ਗੁਰੂ ਸਾਹਿਬ ਦੀ ਚੌਥੀ ਜੰਗ ਕਰਤਾਰਪੁਰ ਸਾਹਿਬ ਦੀ ਹੈ, ਜੋ ਸਿੱਖ ਇਤਿਹਾਸ ’ਚ ਅਹਿਮ ਸਥਾਨ ਹੈ। ਇਸ ਜੰਗ ਦਾ ਕਾਰਨ ਸਿੱਖ ਫੌਜ ਦੇ ਇਕ ਸਾਬਕਾ ਜਰਨੈਲ ਪੈਂਦੇ ਖਾਨ ਦੀ ਗੁਰੂ ਘਰ ਨਾਲ ਗਦਾਰੀ ਅਤੇ ਫੌਜਦਾਰ ਕਾਲੇ ਖਾਂ ਦੀ ਬਦਲੇ ਦੀ ਭਾਵਨਾ ਸੀ। ਸੋ ਇਨ੍ਹਾਂ ਦੁਸ਼ਟਾਂ ਨੇ ਮਿਲਵੇ ਰੂਪ ’ਚ ਗੁਰੂ ਸਾਹਿਬ ’ਤੇ ਹਮਲਾ ਕਰ ਦਿੱਤਾ। ਇਹ ਜੰਗ ਅਪ੍ਰੈਲ 1635 ’ਚ ਲਗਾਤਾਰ ਤਿੰਨ ਦਿਨ ਚੱਲੀ।

ਗੁਰੂ ਸਾਹਿਬ ਦੀ ਪੰਜਵੀ ਲੜਾਈ ਪਲਾਹੀ ਸਾਹਿਬ (ਫਗਵਾੜਾ) ਵਿਖੇ ਹੋਈ।  29 ਅਪ੍ਰੈਲ 1635 ਈ: ਨੂੰ ਸ਼ਾਹੀ ਫੌਜਾਂ ਨੇ ਗੁਰੂ ਕੀਆਂ ਫੌਜਾਂ ’ਤੇ ਅਚਾਨਕ ਹਮਲਾ ਬੋਲ ਦਿੱਤਾ। ਹਮਲਾ ਭਾਵੇਂ ਕਹਿਰੀ ਸੀ, ਪਰ ਸਿੱਖਾਂ ਨੇ ਇਸ ਦਾ ਮੂੰਹ ਤੋੜਵਾ ਜਵਾਬ ਦਿੱਤਾ। ਇਸ ਤਰ੍ਹਾਂ ਸ਼ਾਹੀ ਫੌਜਾਂ ਨੂੰ ਨਮੋਸ਼ੀ ਦਾ ਸਾਮ੍ਹਣਾ ਕਰਨਾ ਪਿਆ।

ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਪੂਰੀ ਉਮਰ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਲਗਾ ਦਿੱਤੀ। ਇਸ ਵਿੱਚ ਰੁਕਾਵਟ ਪੈਦਾ ਕਰਨ ਵਾਲੀ ਹਰੇਕ ਧਿਰ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਗਿਆ। ਜਿੱਥੇ ਗੁਰੂ ਸਾਹਿਬ ਨੇ ਆਪਣੀ ਕਹਿਣੀ ਤੇ ਕਰਣੀ ਨੂੰ ਇੱਕ ਸਮਾਨ ਰੱਖਿਆ; ਉੱਥੇ ਆਪਣੇ ਵਿਸ਼ਵਾਸ ਪਾਤਰਾਂ ਨੂੰ ਸੇਵਾ ਅਤੇ ਸਿਮਰਨ ਨਾਲ ਵੀ ਜੋੜੀ ਰੱਖਿਆ।

ਆਪਣੀ ਸੰਸਾਰਕ ਯਾਤਰਾ ਦੀ ਸੰਪੂਰਤਾ ਨੂੰ ਨੇੜੇ ਜਾਣ ਕੇ ਆਪ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਆਪਣੇ ਪੋਤਰੇ ਸ੍ਰੀ ਹਰਿ ਰਾਏ ਸਾਹਿਬ ਨੂੰ ਸੌਂਪ ਦਿੱਤੀ। ਗੁਰਿਆਈ ਬਖ਼ਸ਼ਣ ਤੋਂ ਬਾਅਦ ਆਪ 3 ਮਾਰਚ 1644 ਨੂੰ ਜੋਤੀ ਜੋਤ ਸਮਾ ਗਏ।

ਸ਼ਬਦ ਗੁਰੂ (ਭਾਗ 5)

0

ਸ਼ਬਦ ਗੁਰੂ (ਭਾਗ 5)

ਗਿਆਨੀ ਰਣਜੋਧ ਸਿੰਘ

ਪੰਜਿ ਪਿਆਲੇ ਪੰਜ ਪੀਰ; ਛਠਮੁ ਪੀਰੁ ਬੈਠਾ ਗੁਰੁ ਭਾਰੀ

ਅਰਜਨ ਕਾਇਆ ਪਲਟਿ ਕੈ; ਮੂਰਤਿ ਹਰਿਗੋਬਿੰਦ ਸਵਾਰੀ

ਚਲੀ ਪੀੜੀ ਸੋਢੀਆ; ਰੂਪੁ ਦਿਖਾਵਣਿ ਵਾਰੋ ਵਾਰੀ

ਦਲਭੰਜਨ ਗੁਰੁ ਸੂਰਮਾ; ਵਡ ਜੋਧਾ ਬਹੁ ਪਰਉਪਕਾਰੀ

ਪੁਛਨਿ ਸਿਖ ਅਰਦਾਸਿ ਕਰਿ; ਛਿਅ ਮਹਲਾਂ ਤਕਿ ਦਰਸੁ ਨਿਹਾਰੀ

ਅਗਮ ਅਗੋਚਰ ਸਤਿਗੁਰੂ; ਬੋਲੇ ਮੁਖ ਤੇ ਸੁਣਹੁ ਸੰਸਾਰੀ

ਕਲਿਜੁਗਿ ਪੀੜੀ ਸੋਢੀਆਂ; ਨਿਹਚਲ ਨੀਵ ਉਸਾਰਿ ਖਲਾਰੀ

ਜੁਗਿ ਜੁਗਿ ਸਤਿਗੁਰ ਧਰੇ ਅਵਤਾਰੀ ੪੮ (ਭਾਈ ਗੁਰਦਾਸ ਜੀ/ਵਾਰ ਪਉੜੀ ੪੮)

ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ, ਭਾਈ ਪਿਰਾਣਾ ਜੀ, ਭਾਈ ਮੰਝ ਜੀ, ਭਾਈ ਬਿਧੀ ਚੰਦ ਜੀ ਤਥਾ ਸੁਹਿਰਦ ਸਿੱਖਾਂ ਨੇ ਗੁਰਬਾਣੀ ਦੀ ਇਨ੍ਹਾਂ ਬਚਨਾਂ ‘‘ਮੂਰਖ ਗੰਢੁ ਪਵੈ; ਮੁਹਿ ਮਾਰ (ਮਹਲਾ /੧੪੩), ਜਉ ਤਉ ਪ੍ਰੇਮ ਖੇਲਣ ਕਾ ਚਾਉ   ਸਿਰੁ ਧਰਿ ਤਲੀ; ਗਲੀ ਮੇਰੀ ਆਉ   ਇਤੁ ਮਾਰਗਿ; ਪੈਰੁ ਧਰੀਜੈ   ਸਿਰੁ ਦੀਜੈ; ਕਾਣਿ ਕੀਜੈ ੨੦ (ਮਹਲਾ /੧੪੧੨), ਗਗਨ ਦਮਾਮਾ ਬਾਜਿਓ; ਪਰਿਓ ਨੀਸਾਨੈ ਘਾਉ   ਖੇਤੁ ਜੁ ਮਾਂਡਿਓ ਸੂਰਮਾ; ਅਬ ਜੂਝਨ ਕੋ ਦਾਉ (ਭਗਤ ਕਬੀਰ/੧੧੦੫), ਜਉ ਤਨੁ ਚੀਰਹਿ; ਅੰਗੁ ਮੋਰਉ   ਪਿੰਡੁ ਪਰੈ; ਤਉ ਪ੍ਰੀਤਿ ਤੋਰਉ ’’ (ਭਗਤ ਕਬੀਰ/੪੮੪) ਅਨੁਸਾਰ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਅਤੇ ਜੁਗਤਿ ਦੇ ਛੇਵੇਂ ਵਾਰਸ਼ ਥਾਪ ਦਿੱਤਾ। ਫਿਰ ਦੂਰ ਅੰਦੇਸ਼ੀ ਨਾਲ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਵੀ ਬਖ਼ਸ਼ ਦਿੱਤੀਆਂ :

ਦੋ ਤਲਵਾਰਾਂ ਬੱਧੀਆਂ; ਇੱਕ ਮੀਰੀ ਦੀ, ਇੱਕ ਪੀਰੀ ਦੀ

ਇੱ ਅਜ਼ਮਤ ਦੀ, ਇੱਕ ਰਾਜ ਦੀ; ਜੋ ਰਾਖੀ ਕਰੇ ਵਜ਼ੀਰੀ ਦੀ (ਭਾਈ ਨੱਥਾ ਮੱਲ ਜੀ ਸ਼ਾਹ ਅਬਦੁੱਲਾ ਜੀ)

ਕੁਝ ਲੋਕਾਂ ਅਤੇ ਕੁਝ ਨਾ ਸਮਝ ਸਿੱਖਾਂ ਨੇ ਮੀਰੀ-ਪੀਰੀ ਦੀਆਂ ਤਲਵਾਰਾਂ ’ਤੇ ਇਤਰਾਜ਼ ਵੀ ਕੀਤਾ ਸੀ। ਇਨ੍ਹਾਂ ਖੁਦਗਰਜ਼ਾਂ ਦੇ ਇਤਰਾਜ਼ ਕੀ ਸਨ ? ਉਨ੍ਹਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਹੈ :

ਧਰਮਸਾਲ ਕਰਿ ਬਹੀਦਾ; ਇਕਤ ਥਾਉਂ ਟਿਕੈ ਟਿਕਾਇਆ

ਪਾਤਿਸਾਹ ਘਰਿ ਆਵਦੇ; ਗੜਿ ਚੜਿਆ ਪਾਤਿਸਾਹ ਚੜਾਇਆ

ਉਮਤਿ ਮਹਲੁ ਪਾਵਦੀ; ਨਠਾ ਫਿਰੈ, ਡਰੈ ਡਰਾਇਆ

ਮੰਜੀ ਬਹਿ ਸੰਤੋਖਦਾ; ਕੁਤੇ ਰਖਿ ਸਿਕਾਰੁ ਖਿਲਾਇਆ

ਬਾਣੀ ਕਰਿ ਸੁਣਿ ਗਾਂਵਦਾ; ਕਥੈ ਸੁਣੈ ਗਾਵਿ ਸੁਣਾਇਆ

ਸੇਵਕ ਪਾਸ ਰਖੀਅਨਿ; ਦੋਖੀ ਦੁਸਟ ਆਗੂ ਮੁਹਿ ਲਾਇਆ

ਸਚੁ ਲੁਕੈ ਲੁਕਾਇਆ; ਚਰਣ ਕਵਲ ਸਿਖ ਭਵਰ ਲੁਭਾਇਆ

ਅਜਰੁ ਜਰੈ; ਆਪੁ ਜਣਾਇਆ ੨੪ (ਭਾਈ ਗੁਰਦਾਸ ਜੀ/ਵਾਰ ੨੬ ਪਉੜੀ ੨੪)

ਅਧੂਰਾ ਗਿਆਨ ਅਤੇ ਖੁਦਗਰਜ਼ੀ; ਮਨੁੱਖ ਨੂੰ ਸੱਚ ਤੋਂ ਦੂਰ ਰੱਖਦੀ ਹੈ। ਐਸੇ ਲੋਕ ਹੀ ਹਮੇਸ਼ਾ ਧਰਮ ਵਿੱਚ ਖੜਦੁੰਬ (ਲੜਾਈ) ਮਚਾਉਂਦੇ ਹਨ। ਸੱਚ ਅਤੇ ਅਸਲ; ਇਨ੍ਹਾਂ ਨੂੰ ਪਤਾ ਨਹੀਂ ਹੁੰਦਾ। ਅਹੰਕਾਰ ਨੂੰ ਅੱਗੇ ਰੱਖਦੇ ਹਨ। ਗੁਰੂ ’ਤੇ ਵੀ ਇਤਰਾਜ਼ ਕਰਦੇ ਰਹਿੰਦੇ ਹਨ; ਜਿਵੇਂ ਕਿ

(1). ਪਹਿਲੇ ਗੁਰੂ ਤਾਂ ਧਰਮਸ਼ਾਲਾਂ ਬਣਾਉਂਦੇ ਸਨ। ਧਰਮਸ਼ਾਲ ਸਥਾਪਤ ਕਰਕੇ ਸਿੱਖੀ ਦਾ ਪ੍ਰਚਾਰ ਕਰਦੇ ਸਨ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਸ੍ਰੀ ਕਰਤਾਰਪੁਰ ਸਾਹਿਬ, ਗੁਰੂ ਅੰਗਦ ਸਾਹਿਬ ਜੀ ਨੇ ਸ੍ਰੀ ਖਡੂਰ ਸਾਹਿਬ, ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ, ਗੁਰੂ ਰਾਮਦਾਸ ਜੀ ਨੇ ਚੱਕ ਗੁਰੂ ਰਾਮਦਾਸ (ਅੰਮ੍ਰਿਤਸਰ), ਗੁਰੂ ਅਰਜਨ ਸਾਹਿਬ ਨੇ ਦਰਬਾਰ ਸਾਹਿਬ ਅਤੇ ਤਰਨ ਤਾਰਨ ਸਾਹਿਬ ਵਿਖੇ ਧਰਮਸ਼ਾਲਾਂ ਕਾਇਮ ਕੀਤੀਆਂ ਪਰ ਇਹ ‘‘ਇਕਤ ਥਾਉਂ ਟਿਕੈ ਟਿਕਾਇਆ’’ ਭਾਵ ਇਹ ਗੁਰੂ ਹਰਿਗੋਬਿੰਦ ਤਾਂ ਇੱਕ ਥਾਂ ਟਿਕਦਾ ਹੀ ਨਹੀਂ ਹੈ। ਧਰਮਸ਼ਾਲ ਨਹੀਂ ਕਾਇਮ ਕਰਦਾ। ਧਰਮਸ਼ਾਲ ਬਣਾ ਗੁਰਬਾਣੀ ਦਾ ਪ੍ਰਚਾਰ ਹੀ ਨਹੀਂ ਕਰਦਾ ਹਾਲਾਂ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਕੀਰਤਪੁਰ ਸਾਹਿਬ ਵਿਖੇ ਧਰਮਸ਼ਾਲ ਬਣਾ ਗੁਰਮਤਿ ਪ੍ਰਚਾਰ ਦਾ ਕੇਂਦਰ ਕਾਇਮ ਕੀਤਾ ਹੈ, ਪਰ ਅਧੂਰਾ ਗਿਆਨ ਰੱਖਣ ਵਾਲੇ ਅਤੇ ਖੁਦਗਰਜ਼ ਹੰਕਾਰੀ ਲੋਕ ਫਿਰ ਵੀ ਇਤਰਾਜ਼ ਕਰਦੇ ਸਨ।

(2). ਦੂਸਰਾ ਇਤਰਾਜ਼ ਸੀ ਕਿ ਦੇਖੋ ਜੀ! ਪਹਿਲੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਬਾਦਿਸ਼ਾਹ ਸ਼ਰਧਾ ਨਾਲ ਆਉਂਦੇ ਸਨ; ਜਿਵੇਂ ਗੁਰੂ ਨਾਨਕ ਸਾਹਿਬ ਅੱਗੇ ਬਾਬਰ ਝੁਕਿਆ ਸੀ, ਗੁਰੂ ਅੰਗਦ ਸਾਹਿਬ ਅੱਗੇ ਹਮਾਯੂੰ ਝੁਕਿਆ ਸੀ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਦੇ ਦਰਬਾਰ ’ਚ ਅਕਬਰ ਬਾਦਿਸ਼ਾਹ ਸ਼ਰਧਾ ਨਾਲ ਆਇਆ ਸੀ ਤੇ ਗੁਰੂ ਅਰਜਨ ਸਾਹਿਬ ਕੋਲ ਤਾਂ ਜਹਾਂਗੀਰ ਵੀ ਆਇਆ ਸੀ, ਪਰ ‘‘ਗੜਿ ਚੜਿਆ ਪਾਤਿਸਾਹ ਚੜਾਇਆ’’ ਭਾਵ ਇਹ ਗੁਰੂ ਹਰਿਗੋਬਿੰਦ ਤਾਂ ਬਾਦਿਸ਼ਾਹਾਂ ਦੇ ਕਿਲ੍ਹਿਆਂ ਉੱਪਰ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ ਇਸ ਕਰਕੇ ਜਹਾਂਗੀਰ ਨੇ ਇਸ ਨੂੰ ਗਵਾਲੀਅਰ ਦੇ ਕਿਲ੍ਹੇ ’ਚ ਕੈਦ ਕਰ ਲਿਆ ਹੈ। ਐਸੇ ਲੋਕ ਨਹੀਂ ਜਾਣਦੇ ਕਿ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਨਾਲ ਭੀ ਮਿੱਤਰਤਾ ਕਾਇਮ ਕੀਤੀ ਸੀ।

(3). ਤੀਸਰਾ ਇਤਰਾਜ਼ ਕਰਦੇ ਹਨ ਕਿ ਪਹਿਲੇ ਗੁਰੂ ਸਾਹਿਬਾਨ ਕੋਲ ਤਾਂ ਹਰ ਵੇਲੇ ਸੰਗਤਾਂ ਆਉਂਦੀਆਂ ਸਨ, ਸੰਗਤਾਂ ਜੁੜਦੀਆਂ ਸਨ, ਪਰ ਇਸ ਗੁਰੂ ਹਰਗੋਬਿੰਦ ਜੀ ਨੇ ਤਾਂ ਸੰਗਤਾਂ ਤੋੜ ਦਿੱਤੀਆਂ ਹਨ, ‘‘ਨਠਾ ਫਿਰੈ, ਡਰੈ ਡਰਾਇਆ’’ ਭਾਵ ਇਹ ਗੁਰੂ ਤਾਂ ਦੌੜਿਆ ਭੱਜਿਆ ਰਹਿੰਦਾ ਹੈ, ਕਿਸੇ ਤੋਂ ਡਰਦਾ ਨਹੀਂ ਹੈ। ਕਿਸੇ ਬਾਦਿਸ਼ਾਹ ਦਾ ਵੀ ਡਰਾਇਆ ਨਹੀਂ ਡਰਦਾ।

(4). ਇਨ੍ਹਾਂ ਖੁਦਗਰਜ਼ਾਂ ਦਾ ਚੌਥਾ ਇਤਰਾਜ਼ ਹੈ ਕਿ ਪਹਿਲੇ ਗੁਰੂ ਸਾਹਿਬ ਤਾਂ ਮੰਜੀ ਗੁਰੂ ਦਰਬਾਰ ’ਚ ਸੁਸ਼ੋਭਿਤ ਕਰ ਸਤ-ਸੰਤੋਖ ਤੇ ਪ੍ਰੇਮ ਪਿਆਰ ਦਾ ਪ੍ਰਚਾਰ ਕਰਦੇ ਸਨ, ਪਰ ਇਹ ਤਾਂ ‘‘ਕੁਤੇ ਰਖਿ ਸਿਕਾਰੁ ਖਿਲਾਇਆ’’ ਭਾਵ ਕੁੱਤੇ ਪਾਲ਼ ਲਏ ਹਨ। ਹਰ ਵੇਲੇ ਸ਼ਿਕਾਰ ਖੇਡਣ ’ਚ ਰਹਿੰਦੇ ਹਨ।

(5). ਪੰਜਵਾਂ ਇਤਰਾਜ਼ ਸੀ ਕਿ ਪਹਿਲੇ ਗੁਰੂ ਸਾਹਿਬ ਤਾਂ ਰੱਬੀ ਬਾਣੀ ਵਿਚਾਰਦੇ ਸਨ। ਬਾਣੀ ਆਪ ਗਾਉਂਦੇ ਸਨ। ਕੀਰਤਨ ਕਰਦੇ ਸਨ। ਰਬਾਬੀ ਕੀਰਤਨੀਆਂ ਕੋਲੋਂ ਬਾਣੀ ਸੁਣਦੇ ਭੀ ਸਨ, ਪਰ ਇਹ ਤਾਂ ‘‘ਕਥੈ ਸੁਣੈ ਗਾਵਿ ਸੁਣਾਇਆ’’ ਭਾਵ ਇਹ ਤਾਂ ਨਾ ਬਾਣੀ ਉਚਾਰਦੇ ਹਨ। ਨਾ ਹੀ ਗੁਰਬਾਣੀ ਦਾ ਕੀਰਤਨ ਕਰਦੇ ਹਨ। ਨਾ ਹੀ ਗੁਰਬਾਣੀ ਦਾ ਕੀਰਤਨ ਸੁਣਦੇ ਹਨ। ਨਵੀਂ ਪ੍ਰੀਤ ਪਾ ਲਈ ਹੈ। ਕੀਰਤਨ ਦੀ ਥਾਂ ਢਾਡੀ ਵਾਰਾਂ ਆਰੰਭ ਕਰ ਰਹੀਆਂ ਹਨ।

(6). ਛੇਵਾਂ ਇਤਰਾਜ਼ ਸੀ ਕਿ ਪਹਿਲੇ ਗੁਰੂ ਸਾਹਿਬ ਕੋਲ ਤਾਂ ਹਰ ਵੇਲੇ ਸਿੱਖ ਸੇਵਕ ਰਹਿੰਦੇ ਸਨ; ਜਿਵੇਂ ਗੁਰੂ ਨਾਨਕ ਸਾਹਿਬ ਕੋਲ ਭਾਈ ਮਰਦਾਨਾ ਜੀ, ਭਾਈ ਤਾਰੂ ਪੋਪਟ ਜੀ, ਭਾਈ ਭਗੀਰਥ ਜੀ, ਭਾਈ ਦੌਲਤ ਖਾਂ ਲੋਦੀ, ਭਾਈ ਮੂਲਾ ਕੀੜ, ਇਤਿਆਦਿਕ। ਗੁਰੂ ਅੰਗਦ ਸਾਹਿਬ ਕੋਲ ਭਾਈ ਕੇਦਾਰੀ ਜੀ, ਭਾਈ ਮਾਲੂ ਸ਼ਾਹੀ, ਭਾਈ ਨਿਹੇਕਾਰੀ ਜੀ, ਭਾਈ ਨਾਰਾਇਣਾ ਜੀ, ਭਾਈ ਖਾਨੂ ਮਈਆ ਜੀ, ਆਦਿ। ਗੁਰੂ ਅਮਰਦਾਸ ਜੀ ਕੋਲ ਭਾਈ ਪਾਰੋ ਜੁਲਦਾ, ਭਾਈ ਅਮਰੂ ਜੀ, ਭਾਈ ਰਾਮੂ ਜੀ, ਭਾਈ ਮਹਿਤਾ ਜੀ, ਭਾਈ ਪਾਂਧਾ ਜੀ, ਆਦਿਕ ਸਨ। ਗੁਰੂ ਰਾਮਦਾਸ ਜੀ ਕੋਲ ਭਾਈ ਸਨਮੁਖ ਜੀ, ਭਾਈ ਮਾਣਕ ਚੰਦ, ਭਾਈ ਬਿਸਨਦਾਸ ਜੀ, ਭਾਈ ਭਾਰੂ ਦਾਸ ਜੀ, ਭਾਈ ਮਹਾਂ ਨੰਦ ਜੀ ਆਦਿਕ ਸਨ। ਗੁਰੂ ਅਰਜਨ ਸਾਹਿਬ ਜੀ ਕੋਲ ਭਾਈ ਬਹਿਲੋ ਜੀ, ਭਾਈ ਮੰਝ ਜੀ, ਭਾਈ ਗੁਰਦਾਸ ਜੀ, ਭਾਈ ਝਾਝੂ ਜੀ, ਭਾਈ ਮੁਕੰਦ ਜੀ, ਭਾਈ ਕੇਦਾਰਾ ਜੀ, ਆਦਿਕ ਸਨ, ਪਰ ਇਸ ਨੇ ਤਾਂ ‘‘ਦੋਖੀ ਦੁਸਟ ਆਗੂ ਮੁਹਿ ਲਾਇਆ’’ ਭਾਵ ਦੁਸ਼ਟ ਬਿਧੀ ਚੰਦ, ਅਬਦੁਲ, ਢਾਡੀ ਨੱਥਾ ਮੱਲ, ਮੁਹਸਨਫਾਨੀ, ਭਾਈ ਬੱਲੂ ਨੂੰ ਕੋਲ ਰੱਖਿਆ ਹੈ ਜਦਕਿ ਇਹ ਸਾਰੇ ਯੋਧੇ ਸਨ। ਇਹ ਖੁਦਗਰਜ਼, ਹੰਕਾਰੀ ਅਤੇ ਅਧੂਰੇ ਗਿਆਨੀ ਐਸੇ ਇਤਰਾਜ਼ ਲੋਕਾਂ ਸਾਮ੍ਹਣੇ ਆਮ ਲਾਉਂਦੇ ਸਨ, ਗੁਰੂ ਸਾਹਿਬ ਕੋਲ ਨਹੀਂ ਆਖਦੇ ਸਨ। ਹੁਣ ਭਾਈ ਗੁਰਦਾਸ ਜੀ ਆਪਣੇ ਵੱਲੋਂ ਆਖਦੇ ਹਨ ਕਿ ਗੁਰੂ ਨਾਨਕ ਸਾਹਿਬ ਦੇ ਨਿਰਮਲ ਪੰਥ ਅਨੁਸਾਰ ਹੀ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਹਨ, ਇਸ ਨਾਲ਼ ਨਿਰਮਲ ਪੰਥ ਦਾ ਸਿਧਾਂਤ ਨਹੀਂ ਬਦਲਿਆ। ਗੁਰੂ ਨਾਨਕ ਸਾਹਿਬ ਨੇ ਬਾਦਿਸ਼ਾਹਾਂ ਨੂੰ ਜਾਲਮ ਕਿਹਾ ਸੀ, ‘‘ਰਾਜੇ ਸੀਹ ਮੁਕਦਮ ਕੁਤੇ   ਜਾਇ ਜਗਾਇਨਿ੍ ਬੈਠੇ ਸੁਤੇ   ਚਾਕਰ ਨਹਦਾ ਪਾਇਨਿ੍ ਘਾਉ   ਰਤੁ ਪਿਤੁ ਕੁਤਿਹੋ ਚਟਿ ਜਾਹੁ ’’ (ਮਹਲਾ /੧੨੮੮) ਇਸੇ ਨਿਰਮਲ ਪੰਥ ’ਤੇ ਚਲਦਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਵਹਾਅ ਨੂੰ ਹੋਰ ਤੇਜ਼ ਕੀਤਾ ਹੈ, ਇਸ ਸਚਾਈ ਤੋਂ ਨਿਰਮਲ ਪੰਥ ਦਾ ਗਿਆਨ ਰੱਖਣ ਵਾਲੇ ਕਿਸੇ ਭੁਲੇਖੇ ’ਚ ਨਹੀਂ ਪੈਂਦੇ, ‘‘ਚਰਣ ਕਵਲ ਸਿਖ ਭਵਰ ਲੁਭਾਇਆ’’ ਭਾਵ ਗੁਰੂ ਦੇ ਸ਼ਬਦ ਰੂਪੀ ਚਰਨ; ਕਮਲ ਵਾਂਗ ਹਨ ਅਤੇ ਸਿੱਖ ਭਵਰੇ ਵਾਂਗ ਹਨ, ਜੋ ਹਰ ਵੇਲੇ ਸ਼ਬਦ ਗੁਰੂ ਨਾਲ ਲੁਭਿਤ ਰਹਿੰਦੇ ਹਨ। ਭਾਈ ਗੁਰਦਾਸ ਜੀ ਆਪਣੀ ਅਖੀਰਲੀ ਪੰਗਤੀ ’ਚ ਆਖਦੇ ਹਨ ਕਿ ਗੁਰੂ ਹਮੇਸ਼ਾ ਨਾ ਜਰੇ ਜਾਣ ਵਾਲੇ (ਚੁਗ਼ਲਖ਼ੋਰਾਂ) ਨੂੰ ਵੀ ਜਰਦਾ ਹੈ। ਗੁਰੂ ਮਹਾਨ ਸਹਿਨ ਸ਼ੀਲਤਾ ਵਾਲੇ ਹਨ। ਕਦੇ ਵੀ ਆਪਣੇ ਆਪ ਨੂੰ ਲੋਕਾਂ ’ਚ ਨਹੀਂ ਜਣਾਉਂਦੇ। ਸਦਾ ਗੰਭੀਰ ਰਹਿੰਦੇ ਹਨ। ਭਾਈ ਗੁਰਦਾਸ ਜੀ ਨੇ ਨਾ ਸਮਝ, ਖੁਦਗਰਜ਼ ਲੋਕਾਂ ਦੇ ਇਤਰਾਜ਼ਾਂ ਦਾ ਇੱਕ ਹੋਰ ਪਉੜੀ ’ਚ ਉੱਤਰ ਦਿੱਤਾ ਕਿ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਕਿਉਂ ਪਹਿਨੀਆਂ ਹਨ :

ਜਿਉ ਕਰਿ ਖੂਹਹੁ ਨਿਕਲੈ; ਗਲਿ ਬਧੇ ਪਾਣੀਜਿਉ ਮਣਿ ਕਾਲੇ ਸਪ ਸਿਰਿ; ਹਸਿ ਦੇਇ ਜਾਣੀ

ਜਾਣ ਕਥੂਰੀ ਮਿਰਗ ਤਨਿ; ਮਰਿ ਮੁਕੈ ਆਣੀਤੇਲ ਤਿਲਹੁ ਕਿਉ ਨਿਕਲੈ; ਵਿਣੁ ਪੀੜੇ ਘਾਣੀ

ਜਿਉ ਮੁਹੁ ਭੰਨੇ ਗਰੀ ਦੇ; ਨਲੀਏਰੁ ਨਿਸਾਣੀ

ਬੇਮੁਖ ਲੋਹਾ ਸਾਧੀਐ; ਵਗਦੀ ਵਾਦਾਣੀ ੧੩ (ਵਾਰ ੩੪ ਪਉੜੀ ੧੩)

‘‘ਜਿਉ ਕਰਿ ਖੂਹਹੁ ਨਿਕਲੈ; ਗਲਿ ਬਧੇ ਪਾਣੀ’’ ਤੋਂ ਭਾਵ ਖੂਹ ’ਤੇ ਘੜਾ ਅਤੇ ਰੱਸਾ ਪਿਆ ਹੋਵੇ। ਤੁਸੀਂ ਕਹੋ ਕਿ ਘੜਾ ਤੁਹਾਨੂੰ ਖੂਹ ਵਿੱਚੋਂ ਪਾਣੀ ਕੱਢ ਕੇ ਦੇਵੇਗਾ ਇਹ ਕਦੇ ਨਹੀਂ ਹੋਵੇਗਾ। ਪਾਣੀ ਦੀ ਪ੍ਰਾਪਤੀ ਵਾਸਤੇ ਘੜੇ ਦਾ ਗਲਾ ਰੱਸੇ ਨਾਲ ਬੰਨ੍ਹਣਾ ਪਵੇਗਾ ਫਿਰ ਰੱਸੇ ਨਾਲ ਬੰਨ੍ਹ ਕੇ ਘੜੇ ਨੂੰ ਖੂਹ ਵਿੱਚ ਵਰ੍ਹਾਉਣਾ ਪਵੇਗਾ, ਫਿਰ ਘੜੇ ਨੂੰ ਬਾਹਰ ਖਿੱਚਣਾ ਪਵੇਗਾ ਤਾਂ ਜਾ ਕੇ ਖੂਹ ਤੋਂ ਪਾਣੀ ਦੀ ਪ੍ਰਾਪਤੀ ਹੋਵੇਗੀ। ਸਿਰਫ ਘੜੇ ਜਾਂ ਖੂਹ ਅੱਗੇ ਹੱਥ ਜੋੜ ਕੇ ਮਿਨਤਾਂ ਤਰਲੇ ਕਰ ਕੇ ਪਾਣੀ ਦੀ ਪ੍ਰਾਪਤੀ ਨਹੀਂ ਹੋਵੇਗੀ। ਬਸ ਇਸੇ ਤਰ੍ਹਾਂ ਰਾਜ ਦੀ ਪ੍ਰਾਪਤੀ ਵਾਸਤੇ ਜਾਲਮ ਦਾ, ਬੇਮੁਖਾਂ ਦਾ ਗਲ਼ ਰੱਸੇ ਨਾਲ ਬੰਨ੍ਹਣਾ ਪਵੇਗਾ। ਜਾਲਮਾ ਅੱਗੇ ਲੁਕਣ ਨਾਲ ਸ਼ਾਂਤੀ ਨਹੀਂ ਬਣਦੀ। ਸਿਰਫ ਹੱਥ ਜੋੜਨ ਨਾਲ ਅਮਨ ਚੈਨ ਨਹੀਂ ਬਣਦਾ। ਹਿੰਮਤ ਨਾਲ ਇਨ੍ਹਾਂ ਨਾਲ ਜੂਝਣਾ ਪਵੇਗਾ ਅਤੇ ਜੂਝਣ ਵਾਸਤੇ ਸ਼ਸਤਰ ਚੁੱਕਣੇ ਪੈਣਗੇ, ‘ਸ਼ਸਤਰਨ ਕੇ ਅਧੀਨ ਹੈ ਰਾਜ ਜੋ ਨਾ ਪਹਰੈ ਤਿਸ ਵਿਗਰਸ ਕਾਜ’  (ਸਰਬਲੋਹ)

ਅੱਜ ਵੀ ਜਿਸ ਦੇਸ਼ ਕੋਲ ਆਧੁਨਿਕ ਹਥਿਆਰ ਹਨ, ਉਨ੍ਹਾਂ ਦਾ ਹੀ ਰਾਜ ਹੈ। ਸ਼ਸਤਰਾਂ ਤੋਂ ਬਗੈਰ ਤਾਂ ਮਨੁੱਖ ਭੇਡਾਂ ਦੀ ਤਰ੍ਹਾਂ ਹਨ :

ਬਿਨਾਂ ਸ਼ਸਤਰੰ ਕੇਸੰ ਨਰੰ ਭੇਡ ਜਾਨੋਗਹੇ ਕਾਨ ਤਾ ਕੋ ਕਿਤੈ ਲੇ ਸਿਧਾਨੋ

ਹੈ ਮੋਰ ਆਗਿਆ ਸੁਨੋ ਰੇ ਪਿਆਰੇਬਿਨਾ ਤੇਗ ਕੇਸੰ ਦੇਵੋ ਦੀਦਾਰੇ  (ਰਹਿਤਨਾਮਾ)

ਭਾਈ ਗੁਰਦਾਸ ਜੀ ਆਖਦੇ ਹਨ ਕਿ ਇਸੇ ਕਾਰਨ ਗੁਰੂ ਹਰਿਗੋਬਿੰਦ ਸਾਹਿਬ ਨੇ ਦੂਰ ਅੰਦੇਸ਼ੀ ਤੋਂ ਕੰਮ ਲੈਂਦਿਆਂ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਹਨ।

‘‘ਜਿਉ ਮਣਿ ਕਾਲੇ ਸਪ ਸਿਰਿ; ਹਸਿ ਦੇਇ ਜਾਣੀ’’ ਤੋਂ ਭਾਵ ਹੈ ਕਿ ਸੱਪ ਦੇ ਸਿਰ ’ਤੇ ਕੀਮਤੀ ਮਣੀ ਹੁੰਦੀ ਹੈ। ਸੱਪ ਅੱਗੇ ਹੱਥ ਜੋੜੇ, ਆਖੋ ਕਿ ਨਾਗ ਦੇਵਤਾ ਜੀ! ਇਹ ਕੀਮਤੀ ਮਣੀ ਮੈਨੂੰ ਦੇ ਦੇਵੋ। ਸੱਪ ਮਣੀ ਨਹੀਂ ਦੇਵੇਗਾ। ਫੂੰਕਾਰੇ ਮਾਰੇਗਾ। ਮਣੀ ਦੀ ਪ੍ਰਾਪਤੀ ਵਾਸਤੇ ਸੱਪ ਦੀ ਸਿਰੀ ਨੂੰ ਫੇਹਣਾ ਪੈਂਦਾ ਹੈ। ਸੱਪ ਨੂੰ ਮਾਰਨਾ ਪੈਂਦਾ ਹੈ। ਫਿਰ ਮਣੀ ਦੀ ਪ੍ਰਾਪਤੀ ਹੁੰਦੀ ਹੈ। ਸੱਪ ਨੂੰ ਮਾਰਨ ਵਾਸਤੇ ਡੰਡਾ ਸੋਟਾ ਚਾਹੀਦਾ ਹੈ। ਖਾਲੀ ਹੱਥ ਸੱਪ ਨਹੀਂ ਮਰਦਾ। ਡੰਡਾ ਸੋਟਾ ਹੋਵੇ ਤੇ ਸੱਪ ਨੂੰ ਮਾਰਨ ਦੀ ਹਿੰਮਤ ਵੀ ਹੋਵੇ। ਇਸੇ ਤਰ੍ਹਾਂ ਰਾਜ ਦੀ ਪ੍ਰਾਪਤੀ ਵਾਸਤੇ ਤੇ ਸੁੱਖ-ਆਨੰਦ ਦੀ ਪ੍ਰਾਪਤੀ ਵਾਸਤੇ ਭੀ ਅੱਜ ਦੇ ਡੰਡੇ-ਸੋਟੇ ਦੀ ਲੋੜ ਹੈ। ਹਿੰਮਤ ਅਤੇ ਹਥਿਆਰਾਂ ਦੀ ਲੋੜ ਹੁੰਦੀ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਸੇ ਕਰਕੇ ਅਕਾਲ ਬੁੰਗੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਕੀਤੇ ਸਨ ਕਿ ਹੁਣ ਸਿੱਖ ਦਸਵੰਧ ਦੇ ਰੂਪ ’ਚ ਵਧੀਆ ਸ਼ਸਤਰ, ਵਧੀਆ ਘੋੜੇ, ਜਵਾਨੀਆਂ ਭੇਟ ਕਰਨ। ਤੁਸੀਂ ਦੇਖੋ! ਗੁਰੂ ਸਾਹਿਬ ਜੀ ਨੇ ਚਾਰ ਜੰਗ ਲੜੇ, ਚਾਰੇ ਹੀ ਜਿੱਤੇ; ਉਸ ਤੋਂ ਬਾਅਦ ਸ਼ਾਹਜਹਾਨ ਸਮੇਂ ਅਮਨ-ਸ਼ਾਂਤੀ ਸੁੱਖ ਚੈਨ ਬਣਿਆ। ਇਸੇ ਕਰਕੇ ਸ਼ਸਤਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਪਹਿਨੇ ਹਨ।

 ਤੀਸਰੀ ਦਲੀਲ ਹੈ, ‘‘ਜਾਣ ਕਥੂਰੀ ਮਿਰਗ ਤਨਿ; ਮਰਿ ਮੁਕੈ ਆਣੀ’’ ਭਾਵ ਹਿਰਨ ਦੇ ਸਰੀਰ ਅੰਦਰ, ਹਿਰਨ ਦੀ ਨਾਭੀ ’ਚ ਕਸਤੂਰੀ ਹੁੰਦੀ ਹੈ। ਜੋ ਬੜੀ ਖੂਸ਼ਬੂਦਾਰ ਤੇ ਕੀਮਤੀ ਹੁੰਦੀ ਹੈ। ਹਿਰਨ ਕੋਲੋਂ ਕਸਤੂਰੀ ਐਵੇਂ ਨਹੀਂ ਮਿਲ ਜਾਂਦੀ। ਹਿਰਨ ਦਾ ਸ਼ਿਕਾਰ ਕਰਨਾ ਪੈਂਦਾ ਹੈ। ਮਰਨ ਤੋਂ ਬਾਅਦ ਹੀ ਹਿਰਨ ਤੋਂ ਕਸਤੂਰੀ ਦੀ ਪ੍ਰਾਪਤੀ ਹੁੰਦੀ ਹੈ। ਹਿਰਨ ਦੇ ਸ਼ਿਕਾਰ ਵਾਸਤੇ ਕੁੱਤੇ ਵਗੈਰਾ ਚਾਹੀਦੇ ਹਨ, ਜੋ ਹਿਰਨ ਦੇ ਬਰਾਬਰ ਦੌੜ ਸਕਣ। ਬਸ ਇਸੇ ਕਾਰਨ ‘‘ਕੁਤੇ ਰਖਿ ਸਿਕਾਰੁ ਖਿਲਾਇਆ’’ ਗਿਆ। ਕਸਤੂਰੀ ਦੀ ਮਹਿਕ ਵਾਸਤੇ, ਆਨੰਦ ਸੁੱਖ ਵਾਸਤੇ ਹੀ ਗੁਰੂ ਸਾਹਿਬ ਨੇ ਵਧੀਆ ਸ਼ਸਤਰ, ਵਧੀਆ ਘੋੜੇ, ਸੂਰਬੀਰ ਰੱਖੇ ਹਨ।

 ਚੌਥੀ ਦਲੀਲ ਦਿੱਤੀ ਹੈ, ‘‘ਤੇਲ ਤਿਲਹੁ ਕਿਉ ਨਿਕਲੈ; ਵਿਣੁ ਪੀੜੇ ਘਾਣੀ’’ ਭਾਵ ਤਿਲਾਂ ’ਚੋਂ ਤੇਲ ਦੀ ਪ੍ਰਾਪਤੀ ਵਾਸਤੇ ਤਿਲਾਂ ਨੂੰ ਕੋਹਲੂ ਅੰਦਰ ਪੀੜਨਾ ਪੈਂਦਾ ਹੈ। ਉਨ੍ਹਾਂ ਨੂੰ ਕੋਹਲੂ ਵਿੱਚ ਪੀੜਨ ਤੋਂ ਬਿਨਾਂ ਤੇਲ ਨਹੀਂ ਮਿਲਦਾ। ਜਾਲਮਾਂ ਨੂੰ ਜ਼ੁਲਮ ਤੋਂ ਹਟਾਉਣ ਲਈ ਪੀੜਨਾ ਪੈਂਦਾ ਹੈ ਤਾਂ ਹੀ ਸੁੱਖ ਅਨੰਦ ਰੂਪ ਤੇਲ ਮਿਲਦਾ ਹੈ। ਫਿਰ ਹੀ ਰਾਜ ਭਾਗ ਮਿਲਦਾ ਹੈ।

ਪੰਜਵੀਂ ਦਲੀਲ ਦਿੱਤੀ ਹੈ, ‘‘ਜਿਉ ਮੁਹੁ ਭੰਨੇ ਗਰੀ ਦੇ; ਨਲੀਏਰੁ ਨਿਸਾਣੀ’’ ਨਾਰੀਅਲ ਖੋਪੇ ਅੰਦਰ ਗਿਰੀ ਹੁੰਦੀ ਹੈ। ਨਾਰੀਅਲ ਬਹੁਤ ਸਖ਼ਤ (ਕਠੋਰ) ਹੁੰਦਾ ਹੈ। ਕੋਈ ਚਾਹੇ ਕਿ ਹੱਥਾਂ ਨਾਲ ਹੀ ਨਾਰੀਅਲ ਨੂੰ ਭੰਨ ਕੇ ਗਿਰੀ ਦੀ ਪ੍ਰਾਪਤੀ ਹੋ ਜਾਵੇ, ਇਹ ਸੰਭਵ ਨਹੀਂ। ਉਸ ਨੂੰ ਹਥੋੜੇ ਨਾਲ ਭੰਨਣਾ ਪੈਂਦਾ ਹੈ। ਉਸ ਦਾ ਮੂੰਹ ਭੰਨਣਾ ਪੈਂਦਾ ਹੈ, ਫਿਰ ਗਿਰੀ ਮਿਲਦੀ ਹੈ। ਇਸੇ ਤਰ੍ਹਾਂ ਜਾਲਮਾਂ ਦਾ ਮੂੰਹ ਭੰਨਣਾ ਪੈਂਦਾ ਹੈ ਫਿਰ ਸੁੱਖ-ਅਨੰਦ ਤੇ ਅਮਨ-ਸ਼ਾਂਤੀ ਰੂਪ ਗਿਰੀ ਮਿਲਦੀ ਹੈ। ਮੂੰਹ ਭੰਨਣ ਵਾਸਤੇ ਸ਼ਸਤਰਾਂ ਦੀ ਲੋੜ ਹੁੰਦੀ ਹੈ। ਇਸੇ ਕਰਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੇ ਦੋ ਸ਼ਸਤਰ ਰੱਖੇ ਹਨ।

ਅਖੀਰ ’ਚ ਭਾਈ ਗੁਰਦਾਸ ਜੀ ਆਖਦੇ ਹਨ, ‘‘ਬੇਮੁਖ ਲੋਹਾ ਸਾਧੀਐ; ਵਗਦੀ ਵਾਦਾਣੀ ੧੩’’ ਭਾਵ ਜਾਲਮ ਅਤੇ ਬੇਮੁਖ ਲੋਕ; ਲੋਹੇ ਵਾਂਗ ਕਠੋਰ ਹੁੰਦੇ ਹਨ। ਕਠੋਰ ਨਿਰਦਈ ਲੋਕ ਹੀ ਜੁਲਮ ਕਰਦੇ ਹਨ। ਇਨ੍ਹਾਂ ਜਾਲਮਾਂ ਨੂੰ ਸੋਧਣ ਵਾਸਤੇ ਹਥੌੜਿਆਂ (ਵਾਦਾਣੀ) ਦੀ ਲੋੜ ਪੈਂਦੀ ਹੈ। ਲੋਹੇ ਨੂੰ ਸਾਧਣ ਵਾਸਤੇ ਹਥੌੜੇ ਦੀ ਲੋੜ ਪੈਂਦੀ ਹੈ। ਬਸ ਇਨ੍ਹਾਂ ਮੁਗਲ ਅਤੇ ਪਹਾੜੀਆਂ ਨੂੰ ਸੋਧਣ ਵਾਸਤੇ ਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਹਨ ਤਾਂ ਕਿ ਸੁੱਖ-ਸ਼ਾਂਤੀ, ਅਮਨ-ਚੈਨ ਬਣਿਆ ਰਹੇ ਅਤੇ ਬਣਿਆ ਵੀ ਸੀ।

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਲਾਏ ਨਿਰਮਲ ਪੰਥ ਦੇ ਆਧਾਰ ’ਤੇ ਹੀ ਮੀਰੀ-ਪੀਰੀ ਦਾ ਸੰਕਲਪ ਬਖਸ਼ਿਆ। ਗੁਰੂ ਸਾਹਿਬ ਨੇ ਜੂਨ 1608 ਈ. ਨੂੰ ਸ੍ਰੀ ਦਰਬਾਰ ਸਾਹਿਬ ਦੇ ਸਨਮੁੱਖ ਸ਼੍ਰੀ ਅਕਾਲ ਬੁੰਗੇ (ਹੁਣ ਅਕਾਲ ਤਖਤ ਸਾਹਿਬ) ਜੀ ਦੀ ਸਥਾਪਨਾ ਕੀਤੀ। ਕਿਸੇ ਮਜ਼ਦੂਰ ਨੂੰ ਨਾ ਲਾਇਆ। ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਭਾਈ ਪਿਰਾਣਾ ਜੀ, ਭਾਈ ਬਿਧੀ ਚੰਦ ਜੀ, ਭਾਈ ਪਰਾਗਾ ਜੀ, ਭਾਈ ਲੰਗਾਹ ਜੀ, ਭਾਈ ਜੇਠਾ ਜੀ, ਆਦਿ ਨੇ ਆਪ ਸ੍ਰੀ ਅਕਾਲ ਬੁੰਗੇ ਦੀ ਉਸਾਰੀ ਕੀਤੀ। ਜੋ ਇੱਕ ਥੜੇ ਦੇ ਰੂਪ ਵਿੱਚ ਸੀ। ਇਸ ਥੜਾ ਸਾਹਿਬ ’ਤੇ ਬਿਰਾਜ ਹੋ ਕੇ ਗੁਰੂ ਸਾਹਿਬ; ਸਿੱਖਾਂ ਨੂੰ ਮੁਖ਼ਾਤਬ ਹੁੰਦੇ ਸਨ। ਮੀਰੀ-ਪੀਰੀ ਦਾ ਸੰਕਲਪ; ਗੁਰੂ ਗ੍ਰੰਥ ਸਾਹਿਬ ਅੰਦਰ ਬਿਆਨਿਆ ਹੈ। ਭਗਤ ਕਬੀਰ ਜੀ ਨੇ ਭੀ ਰਾਗ ਮਾਰੂ ’ਚ ਮੀਰੀ-ਪੀਰੀ ਸਿਧਾਂਤ ਬਾਰੇ ਇਉਂ ਬਚਨ ਕੀਤੇ ਹਨ :

ਗਗਨ ਦਮਾਮਾ ਬਾਜਿਓ; ਪਰਿਓ ਨੀਸਾਨੈ ਘਾਉ   ਖੇਤੁ ਜੁ ਮਾਂਡਿਓ ਸੂਰਮਾ; ਅਬ ਜੂਝਨ ਕੋ ਦਾਉ ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਿ ਮਰੈ; ਕਬਹੂ ਛਾਡੈ ਖੇਤੁ ’’ (ਭਗਤ ਕਬੀਰ/੧੧੦੫)

ਇਹ ਸ਼ਬਦ; ਸੰਤ-ਸਿਪਾਹੀ, ਭਗਤੀ-ਅਨੰਦ ਤੇ ਮੀਰੀ-ਪੀਰੀ ਨੂੰ ਬਿਆਨ ਕਰਦੇ ਹਨ। ਗੁਰੂ ਹਰਿਗੋਬਿੰਦ ਸਾਹਿਬ ਨੇ 38 ਸਾਲ ਨਾਨਕ-ਜੋਤਿ (ਗੁਰਿਆਈ) ’ਤੇ ਰਹਿ ਕੇ ਜੋਤਿ ਅਤੇ ਜੁਗਤਿ ਦਾ ਸਿਧਾਂਤ ਬਰਕਰਾਰ ਰੱਖਿਆ। ਇੱਕ ਰਤੀ ਭਰ ਵੀ ਸਿਧਾਂਤ ਨਾ ਬਦਲਿਆ। ਆਪ ਜਨਵਰੀ 1613 ਈ. ਤੋਂ ਲੈ ਕੇ 26 ਅਕਤੂਬਰ 1618 ਈ. ਤੱਕ 6 ਸਾਲ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਰਹੇ। ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਪਹਾੜੀ ਰਾਜੇ ਰਿਹਾਅ ਵੀ ਕਰਵਾਏ ਸਨ। ਗੁਰੂ ਨਾਨਕ ਸਾਹਿਬ ਜੀ ਭੀ ਬਾਬਰ ਦੇ ਹੁਕਮ ਨਾਲ ਲਾਹੌਰ ਦੀ ਜੇਲ੍ਹ ’ਚ ਰਹੇ ਅਤੇ ਲਾਹੌਰ ਜੇਲ੍ਹ ਦੇ ਸਾਰੇ ਸਿਆਸੀ ਰਾਜਿਆਂ ਦੀ ਰਿਹਾਈ ਕਰਵਾਈ ਸੀ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਦੇ ਚੱਲਦੇ ਨਿਰਮਲ ਪੰਥ ਦੇ ਸਿਧਾਂਤ ਨਿਭਾਏ; ਜਿਵੇਂ ਗੁਰੂ ਨਾਨਕ ਸਾਹਿਬ ਜੀ ਅੱਗੇ ਬਾਬਰ ਝੁਕਿਆ ਸੀ; ਓਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਅੱਗੇ ਜਹਾਂਗੀਰ ਝੁਕਿਆ ਸੀ, ਸਿਧਾਂਤ ਬਦਲਿਆ ਨਹੀਂ ਹੈ। ਨਿਰਮਲ ਪੰਥ ਦੀ ਸੇਵਾ ਨਿਭਾਉਂਦੇ ਹੋਏ ਆਪ ਨੇ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਅਤੇ ਜੁਗਤਿ ਦੇ 7ਵੇਂ ਵਾਰਸ਼ ਆਪਣੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਮਹਾਨ ਸਪੂਤ ਗੁਰੂ ਹਰਿਰਾਇ ਸਾਹਿਬ ਜੀ ਨੂੰ ਸੌਂਪ ਕੇ ਆਪ 3 ਮਾਰਚ 1644 ਈ. ਨੂੰ ਜੋਤੀ-ਜੋਤਿ ਸਮਾ ਗਏ। ਇਹ ਜ਼ਿਕਰ ਬਚਿੱਤਰ ਨਾਟਕ ’ਚ ਭੀ ਆਇਆ ਹੈ :

ਹਰਿਗੋਬਿੰਦ ਪ੍ਰਭ ਲੋਕਿ ਸਿਧਾਰੇ

ਹਰੀ ਰਾਇ ਤਿਹ ਠਾਂ ਬੈਠਾਰੇ ..੧੨ (ਬਚਿਤ੍ਰ ਨਾਟਕ)

ਗੁਰੂ ਹਰਿਰਾਇ ਸਾਹਿਬ ਜੀ :- ਗੁਰੂ ਹਰਿਰਾਇ ਸਾਹਿਬ ਜੀ ਦਾ ਆਗਮਨ ਸੰਨ 16 ਜਨਵਰੀ 1630 ਈ. ਨੂੰ ਕੀਰਤਪੁਰ ਸਾਹਿਬ ਵਿਖੇ ਪਿਤਾ ਬਾਬਾ ਗੁਰਦਿੱਤਾ ਜੀ ਦੇ ਘਰ ਮਾਤਾ (ਅਨੰਤੀ) ਕਿਸ਼ਨ ਕੌਰ ਜੀ ਦੀ ਕੁੱਖੋਂ ਹੋਇਆ। 8 ਸਾਲ ਦੀ ਉਮਰ ਸੀ ਕਿ ਪਿਤਾ ਬਾਬਾ ਗੁਰਦਿੱਤਾ ਜੀ ਚੜ੍ਹਾਈ ਕਰ ਗਏ। ਇਸ ਲਈ ਆਪ ਜੀ ਦਾ ਜ਼ਿਆਦਾ ਸਮਾਂ; ਦਾਦਾ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸੰਗਤ ਵਿੱਚ ਬੀਤਿਆ।  13 ਸਾਲ ਦੀ ਉਮਰ ’ਚ ਆਪ ਜੀ ਨੇ ਸੰਸਕ੍ਰਿਤ, ਫਾਰਸੀ ਤੇ ਸ਼ਸਤਰ ਵਿਦਿਆ ਪ੍ਰਾਪਤ ਕਰ ਲਈ ਸੀ। ਬਚਪਨ ’ਚ ਹੀ ਆਪ ਸੂਝ-ਬੂਝ ਵਾਲੇ ਜਰਨੈਲ, ਮਿਠ-ਬੋਲੜੇ, ਨਿਮਰਤਾ-ਸਹਜ, ਕੋਮਲ-ਜੀਵਨ ਵਾਲੇ ਸਨ। ਇੱਕ ਦਿਨ ਆਪ ਬਾਗ ਵਿੱਚ ਟਹਿਲ ਰਹੇ ਸਨ। ਆਪ ਦੇ ਚੋਲੇ ਨਾਲ ਲੱਕ ਕੇ ਕੁੱਝ ਕਲੀਆਂ ਟੁੱਟ ਗਈਆਂ ਸਨ। ਕੋਮਲ ਹਿਰਦੇ ਵਾਲੇ ਹੋਣ ਕਰਕੇ ਕਲੀਆਂ ਟੁੱਟੀਆਂ ਦੇਖ ਕੇ ਉਦਾਸ ਹੋ ਗਏ। ਦਾਦਾ ਗੁਰੂ ਹਰਿਗੋਬਿੰਦ ਸਾਹਿਬ ਨੇ ਬਚਨ ਕੀਤੇ ਕਿ ਟੁੱਟੀਆਂ ਕਲੀਆਂ ਤਾਂ ਮੁੜ ਬੂਟੇ ਨਾਲ ਨਹੀਂ ਜੁੜਨਗੀਆਂ। ਅੱਗੇ ਤੋਂ ਸੰਭਲ਼ ਕੇ ਚੱਲਣਾ, ਜਿੰਨਾ ਵੱਡਾ ਚੋਲਾ ਪਾਈਏ ਉਨੀ ਵੱਡੀ ਜ਼ਿੰਮੇਵਾਰੀ ਵੀ ਸੰਭਾਲਣੀ ਹੁੰਦੀ ਹੈ। ਗੁਰੂ ਦਾਦਾ ਜੀ ਦੀ ਇਹ ਸਿੱਖਿਆ ਹਰਿਰਾਇ ਸਾਹਿਬ ਨੇ ਜ਼ਿੰਦਗੀ ਭਰ ਨਿਭਾਈ। ਅੱਜ ਹਾਲਾਤ ਉਲ਼ਟ ਹਨ। ਕਲੀਆਂ ਟੁੱਟਣ ਦੀਆਂ ਗੱਲਾਂ ਤਾਂ ਇੱਕ ਪਾਸੇ ਰਹੀਆਂ, ਚੋਲਿਆਂ ਵਾਲੇ, ਧਾਰਮਿਕ ਲਿਬਾਸ ਵਾਲੇ ਤਾਂ ਲੋਕਾਂ ਦੇ ਦਿਲ ਟੁੱਟਣ ਦੀ ਵੀ ਪਰਵਾਹ ਨਹੀਂ ਕਰਦੇ। ਇਹ ਕੱਟੜ ਪੰਥੀ; ਗੁਰਮਤਿ ਪ੍ਰਚਾਰਕਾਂ ਦੀ ਬੇਇੱਜ਼ਤੀ ਕਰਨ ’ਚ ਫ਼ਕਰ ਮਹਿਸੂਸ ਕਰਦੇ ਹਨ। ਭਾਈ ਨੰਦ ਲਾਲ ਜੀ ਦੇ ਜ਼ਿੰਦਗੀ ਨਾਮਾ ਵਿੱਚ ਬਚਨ ਬੜੇ ਕੀਮਤੀ ਹਨ :

ਸ਼ਰਮ ਕੁਨ, ਹਾਣ ਸ਼ਰਮ ਕੁਨ; ਹਾਣ ਸ਼ਰਮ ਕੁਨ

ਈਣ ਦਿਲਿ ਚੂੰ ਸੰਗਿ, ਖ਼ੁਦ ਰਾ ਨਰਮ ਕੁਨ ੪੯ (ਭਾਈ ਨੰਦ ਲਾਲ ਗੋਇਆ)

ਸ਼ਰਮ ਕਰ ਤੂੰ ਸ਼ਰਮ ਕਰ ਤੂੰ ਸ਼ਰਮ ਕਰ

ਪਣੇ ਪੱਥਰ ਦਿਲ ਨੂੰ ਤੂੰ ਵੀ ਨਰਮ ਕਰ (ਡਾਕਟਰ ਗੁਰਦੇਵ ਸਿੰਘ ਪੰਕੋ )

ਗੁਰੂ ਹਰਿਰਾਏ ਸਾਹਿਬ; ਅਕਸਰ ਸੰਗਤਾਂ ਨੂੰ ਬਚਨ ਕਰਿਆ ਕਰਦੇ ਸਨ ਕਿ ਫੁੱਲਾਂ ਵਿੱਚ ਵੀ ਜਿੰਦ ਹੁੰਦੀ ਹੈ। ਇਨ੍ਹਾਂ ਨੂੰ ਤੋੜਨ ਦੀ ਥਾਂ ਇਨ੍ਹਾਂ ਦੀ ਖੂਬਸੂਰਤੀ ਅਤੇ ਮਹਿਕ ’ਚ ਵਾਹਿਗੁਰੂ ਨੂੰ ਅਨੁਭਵ ਕਰਨਾ ਚਾਹੀਦਾ ਹੈ। ਗੁਰੂ ਹਰਿਰਾਇ ਸਾਹਿਬ; ਅਕਸਰ ਹੀ ਕਬੀਰ ਸਾਹਿਬ ਜੀ ਦਾ ਸ਼ਬਦ ਗਾਇਆ ਕਰਦੇ ਸਨ, ‘‘ਪਾਤੀ ਤੋਰੈ ਮਾਲਿਨੀ; ਪਾਤੀ ਪਾਤੀ ਜੀਉ   ਜਿਸੁ ਪਾਹਨ ਕਉ ਪਾਤੀ ਤੋਰੈ; ਸੋ ਪਾਹਨ ਨਿਰਜੀਉ   ਭੂਲੀ ਮਾਲਨੀ ਹੈ ਏਉ   ਸਤਿਗੁਰੁ ਜਾਗਤਾ ਹੈ ਦੇਉ ਰਹਾਉ   ਬ੍ਰਹਮੁ ਪਾਤੀ; ਬਿਸਨੁ ਡਾਰੀ; ਫੂਲ ਸੰਕਰਦੇਉ   ਤੀਨਿ ਦੇਵ ਪ੍ਰਤਖਿ ਤੋਰਹਿ; ਕਰਹਿ ਕਿਸ ਕੀ ਸੇਉ   ਪਾਖਾਨ ਗਢਿ ਕੈ ਮੂਰਤਿ ਕੀਨ੍ਹੀ; ਦੇ ਕੈ ਛਾਤੀ ਪਾਉ   ਜੇ ਏਹ ਮੂਰਤਿ ਸਾਚੀ ਹੈ; ਤਉ ਗੜ੍ਹਣਹਾਰੇ ਖਾਉ   ਭਾਤੁ ਪਹਿਤਿ ਅਰੁ ਲਾਪਸੀ; ਕਰਕਰਾ ਕਾਸਾਰੁ   ਭੋਗਨਹਾਰੇ ਭੋਗਿਆ; ਇਸੁ ਮੂਰਤਿ ਕੇ ਮੁਖ ਛਾਰੁ   ਮਾਲਿਨਿ ਭੂਲੀ; ਜਗੁ ਭੁਲਾਨਾ; ਹਮ ਭੁਲਾਨੇ ਨਾਹਿ   ਕਹੁ ਕਬੀਰ ! ਹਮ ਰਾਮ ਰਾਖੇ; ਕ੍ਰਿਪਾ ਕਰਿ ਹਰਿਰਾਇ !’’ (ਭਗਤ ਕਬੀਰ/੪੭੯) ਭਾਵ ਲੋਕ; ਮੂਰਤੀਆਂ ਅੱਗੇ ਚੜ੍ਹਾਉਣ ਲਈ ਫੁੱਲ ਪੱਤੀਆਂ ਤੋੜਦੇ ਹਨ। ਉਹ ਨਾਸਮਝ ਇਹ ਨਹੀਂ ਜਾਣਦੇ ਕਿ ਹਰੇਕ ਫੁੱਲ ਪੱਤੀ ’ਚ ਜਿੰਦ ਹੈ ਜਦਕਿ ਜਿਸ ਪੱਥਰ ਦੀ ਮੂਰਤੀ ਵਾਸਤੇ ਫੁੱਲ ਪੱਤੀਆਂ ਤੋੜਦੇ ਹਨ, ਉਹ ਪੱਥਰ-ਮੂਰਤੀਆਂ ਤਾਂ ਨਿਰਜਿੰਦ ਹਨ। ਇਸ ਅਗਿਆਨਤਾ ਕਰਕੇ ਲੋਕ ਕੁਰਾਹੇ ਪਏ ਹਨ ਕਿਉਂਕਿ ਅਕਾਲ ਪੁਰਖ ਸਤਿਗੁਰ ਤਾਂ ਪ੍ਰਕਾਸ਼ ਰੂਪ ਹੈ, ਨਾ ਕਿ ਨਿਰਜਿੰਦ ਪੱਥਰ।  ਗੁਰੂ ਸਾਹਿਬ ਜੀ ਦੇ ਜੀਵਨ ਦੀ ਇਹ ਕਥਾ ਹਰ ਇਨਸਾਨ ਲਈ ਚਾਨਣ ਮੁਨਾਰਾ ਹੈ।

6 ਅਕਤੂਬਰ 1661 ਈ. ਨੂੰ ਗੁਰੂ ਹਰਿਰਾਇ ਜੀ ਜੋਤੀ-ਜੋਤਿ ਸਮਾ ਗਏ। ਆਪ ਤਕਰੀਬਨ 14 ਸਾਲ ਦੀ ਉਮਰ ’ਚ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਅਤੇ ਜੁਗਤਿ ਦੇ ਵਾਰਸ਼ ਬਣੇ। ਕੀਰਤਪੁਰ ਸਾਹਿਬ ਨੂੰ ਸਿੱਖੀ ਪ੍ਰਚਾਰ ਦਾ ਕੇਂਦਰ ਬਣਾਇਆ। ਇੱਥੇ ਬਹੁਤ ਕੀਮਤੀ ਬਾਗ ਲਗਾਇਆ, ਜਿਸ ਵਿੱਚ ਫਲ-ਫੁੱਲ, ਜੜੀ-ਬੂਟੀਆਂ ਲਗਾਈਆਂ। ਜੋ ਦਵਾਈਆਂ ’ਚ ਵਰਤੀਆਂ ਜਾਂਦੀਆਂ ਸਨ। ਗੁਰੂ ਸਾਹਿਬ ਨੇ ਕੀਰਤਪੁਰ ਸਾਹਿਬ ’ਚ ਸਿਆਣੇ ਵੈਦ ਰੱਖੇ ਹੋਏ ਸਨ। ਸ਼ਾਹਜਹਾਨ ਦੇ ਵੱਡੇ ਪੁੱਤਰ ਦਾਰਾ ਸਿਕੋਹ ਨੂੰ ਔਰੰਗਜ਼ੇਬ ਨੇ ਧੋਖੇ ਨਾਲ ਸ਼ੇਰ ਦੀ ਮੁੱਛ ਦਾ ਵਾਲ ਖਾਣੇ ’ਚ ਪਾ ਕੇ ਦੇ ਦਿੱਤਾ ਸੀ। ਦਾਰਾ ਸਿਕੋਹ ਕਿੱਧਰੋਂ ਵੀ ਤੰਦਰੁਸਤ ਨਾ ਹੋਇਆ। ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਦੋਂ ਦਾਰਾ ਸਿਕੋਹ ਕੀਰਤਪੁਰ ਆਇਆ ਤਾਂ ਆਪਣੀ ਬਿਮਾਰੀ ਦਾ ਖੁਲਾਸਾ ਕੀਤਾ। ਗੁਰੂ ਸਾਹਿਬ ਨੇ ਐਸਾ ਦਾਰੂ ਦਿੱਤਾ ਕਿ ਦਸਤਾਂ ਰਾਹੀਂ ਉਹ ਸ਼ੇਰ ਦੀ ਮੁੱਛ ਦਾ ਵਾਲ ਨਿਕਲ ਗਿਆ। ਦਾਰਾ ਸਿਕੋਹ ਤੰਦਰੁਸਤ ਹੋ ਗਿਆ। ਗੁਰੂ ਸਾਹਿਬ ਮਸੰਦਾਂ ਤੇ ਮੰਜੀਦਾਰਾਂ ਦਾ ਬਹੁਤ ਸਤਿਕਾਰ ਕਰਦੇ ਸਨ। ਅਕਸਰ ਕਿਹਾ ਕਰਦੇ ਸਨ, ‘‘ਹਰਿ ਦਰਸਨ ਕਉ ਮੇਰਾ ਮਨੁ ਬਹੁ ਤਪਤੈ; ਜਿਉ ਤ੍ਰਿਖਾਵੰਤੁ ਬਿਨੁ ਨੀਰ   ਮੇਰੈ ਮਨਿ; ਪ੍ਰੇਮੁ ਲਗੋ ਹਰਿ ਤੀਰ   ਹਮਰੀ ਬੇਦਨ ਹਰਿ ਪ੍ਰਭੁ ਜਾਨੈ; ਮੇਰੇ ਮਨ ਅੰਤਰ ਕੀ ਪੀਰ ਰਹਾਉ   ਮੇਰੇ ਹਰਿ ਪ੍ਰੀਤਮ ਕੀ ਕੋਈ ਬਾਤ ਸੁਨਾਵੈ; ਸੋ ਭਾਈ, ਸੋ ਮੇਰਾ ਬੀਰ   ਮਿਲੁ ਮਿਲੁ ਸਖੀ, ਗੁਣ ਕਹੁ ਮੇਰੇ ਪ੍ਰਭ ਕੇ; ਲੇ ਸਤਿਗੁਰ ਕੀ ਮਤਿ ਧੀਰ   ਜਨ ਨਾਨਕ ਕੀ ਹਰਿ ਆਸ ਪੁਜਾਵਹੁ; ਹਰਿ ਦਰਸਨਿ, ਸਾਂਤਿ ਸਰੀਰ (ਮਹਲਾ /੮੬੨), ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ; ਹਉ ਤਿਸੁ ਪਹਿ ਆਪੁ ਵੇਚਾਈ (ਮਹਲਾ /੭੫੭), ਕੋਈ ਜਨੁ ਹਰਿ ਸਿਉ ਦੇਵੈ ਜੋਰਿ   ਚਰਨ ਗਹਉ ਬਕਉ ਸੁਭ ਰਸਨਾ; ਦੀਜਹਿ ਪ੍ਰਾਨ ਅਕੋਰਿ ਰਹਾਉ ’’ (ਮਹਲਾ /੭੦੧)

ਅੱਜ ਤਾਂ ਸੰਤ; ਸੰਤਾਂ ਦੇ ਵਿਰੁੱਧ, ਜੱਥੇਦਾਰ; ਜਥੇਦਾਰਾਂ ਦੇ ਵਿਰੁੱਧ, ਗੁਰਦੁਆਰਾ ਪ੍ਰਬੰਧਕ ਕਮੇਟੀਆਂ; ਦੂਸਰੇ ਪ੍ਰਬੰਧਕਾਂ ਦੇ ਵਿਰੁੱਧ, ਪ੍ਰਚਾਰਕ; ਪ੍ਰਚਾਰਕਾਂ ਦੇ ਵਿਰੁੱਧ ਫੜਾਸ ਕੱਢ ਰਹੇ ਹਨ। ਸਾਨੂੰ ਗੁਰੂ ਹਰਿਰਾਇ ਸਾਹਿਬ ਜੀ ਦੇ ਜੀਵਨ ਤੋਂ ਤੇ ਗੁਰਬਾਣੀ ਤੋਂ ਸੇਧ ਲੈਣੀ ਚਾਹੀਦੀ ਹੈ। ਗੁਰੂ ਹਰਿਰਾਇ ਸਾਹਿਬ ਜੀ ਦਾ ਅਨੰਦ ਕਾਰਜ 14 ਜਨਵਰੀ 1640 ਈ. ਨੂੰ ਭਾਈ ਦਇਆ ਰਾਮ ਜੀ ਦੀ ਬੇਟੀ ਸੁਲੱਖਣੀ ਜੀ ਨਾਲ 10 ਸਾਲ 1 ਮਹੀਨੇ ਦੀ ਉਮਰ ਵਿੱਚ ਹੋਇਆ। ਜਦੋਂ ਗੁਰੂ ਹਰਿਰਾਇ ਸਾਹਿਬ ਜੀ ਦੀ ਉਮਰ 14 ਸਾਲ 2 ਮਹੀਨੇ 13 ਦਿਨ ਦੀ ਸੀ ਤਾਂ ਗੁਰੂ ਹਰਿ ਗੋਬਿੰਦ ਸਾਹਿਬ ਜੀ 3 ਮਾਰਚ 1644 ਈ. ਨੂੰ ਜੋਤੀ ਜੋਤਿ ਸਮਾ ਗਏ, ਜੋ ਗੁਰੂ ਹਰਿਰਾਇ ਸਾਹਿਬ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਬਖ਼ਸ਼ ਗਏ। ਗੁਰੂ ਹਰਿਰਾਇ ਸਾਹਿਬ ਜੀ ਨੂੰ 2200 ਘੋੜ ਸਵਾਰ, ਪੈਦਲ ਫ਼ੌਜ ਵੀ ਸੰਭਾਲ ਗਏ ਸਨ। ਗੁਰੂ ਸਾਹਿਬ ਜੀ ਕੋਲ ਇੰਨ੍ਹੀ ਵੱਡੀ ਫ਼ੌਜ ਸ਼ਕਤੀ ਸੀ, ਪਰ ਕਦੇ ਵੀ ਆਪ ਨੇ ਦਿਖਾਵਾ ਨਹੀਂ ਸੀ ਕੀਤਾ। ਧਰਮ ਦੀ ਇਹ ਬਹੁਤ ਵੱਡੀ ਨਿਸ਼ਾਨੀ ਹੈ, ਜੋ ਸ਼ਕਤੀ-ਬਲ ਹੁੰਦਿਆਂ ਵੀ ਸਹਿਜ ਵਿੱਚ ਰਹੇ। ਫ਼ੁਰਮਾਨ ਹੈ, ‘‘ਮਤਿ ਹੋਦੀ ਹੋਇ ਇਆਣਾ   ਤਾਣ ਹੋਦੇ; ਹੋਇ ਨਿਤਾਣਾ   ਅਣਹੋਦੇ ਆਪੁ ਵੰਡਾਏ   ਕੋ ਐਸਾ ਭਗਤੁ ਸਦਾਏ ੧੨੮’’ (ਭਗਤ ਫਰੀਦ/੧੩੮੪) ਭਾਵ ਮੱਤ ਉੱਚੀ ਹੋਵੇ, ਪਰ ਮਨ ਨੀਵਾਂ ਰਹੇ। ਤਾਣ, ਬਲ-ਸ਼ਕਤੀ ਹੋਵੇ, ਪਰ ਨਾਲ ਨਿਮਰਤਾ ਰਹੇ। ਵੰਡ ਛਕਣ ਦਾ ਸੁਭਾਅ ਹੋਵੇ, ਤਾਂ ਹੀ ਅਸਲ ’ਚ ਇਨਸਾਨ ਧਰਮੀ ਕਮਾਈਦਾ ਹੈ। ਗੁਰੂ ਹਰਿਰਾਇ ਸਾਹਿਬ ਜੀ ਦੇ ਘਰ ਬਾਬਾ ਰਾਮਰਾਇ ਜੀ, ਬੀਬੀ ਰੂਪ ਕੌਰ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ ਸੰਤਾਨ ਸਨ। ਜਦੋਂ ਔਰੰਗਜੇਬ ਨੂੰ ਪਤਾ ਲੱਗਾ ਕਿ ਗੁਰੂ ਹਰਿਰਾਇ ਜੀ ਨੇ ਭਰਾ ਦਾਰਾ ਸਿਕੋਹ ਦੀ ਮਦਦ ਕੀਤੀ ਤਾਂ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਆਪਣੇ ਦਰਬਾਰ ’ਚ ਪੇਸ਼ ਹੋਣ ਲਈ ਕਿਹਾ। ਗੁਰੂ ਸਾਹਿਬ ਬਹੁਤ ਦੂਰ ਅੰਦੇਸ਼ੀ ਸਨ। ਉਨ੍ਹਾਂ ਨੇ ਆਪਣੇ ਵੱਡੇ ਸਪੁੱਤਰ ਬਾਬਾ ਰਾਮਰਾਇ ਨੂੰ ਦਿੱਲੀ ਭੇਜਿਆ। ਬਾਬਾ ਰਾਮਰਾਇ ਬਹੁਤ ਵਿਦਵਾਨ ਸਨ। ਉਨ੍ਹਾਂ ਨੇ ਔਰੰਗਜ਼ੇਬ ਦੇ 72 ਸਵਾਲਾਂ ਦੇ ਜਵਾਬ ਬੜੇ ਕਰਾਮਾਤੀ ਢੰਗ ਨਾਲ ਦਿੱਤੇ। ਔਰੰਗਜ਼ੇਬ ਨੇ ਇੱਕ ਤਰ੍ਹਾਂ ਨਾਲ ਰਾਮਰਾਇ ਨੂੰ ਨਜ਼ਰਬੰਦ ਕਰ ਲਿਆ ਸੀ। ਰਾਮਰਾਇ ਡੋਲ ਗਿਆ, ‘‘ਡੋਲਿ ਡੋਲਿ ਮਹਾ ਦੁਖੁ ਪਾਇਆ; ਬਿਨਾ ਸਾਧੂ ਸੰਗ ’’ (ਮਹਲਾ /੪੦੫)

ਔਰੰਗਜ਼ੇਬ ਦੇ ਦਰਬਾਰ ’ਚ ਗੁਰਬਾਣੀ ਦੀ ਇੱਕ ਪੰਗਤੀ ’ਚ ਮੁਸਲਮਾਨ ਦੀ ਥਾਂ ਬੇਈਮਾਨ ਕਹਿ ਦਿੱਤਾ। ਜਦੋਂ ਗੁਰੂ ਹਰਿਰਾਇ ਸਾਹਿਬ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਕਿਹਾ ਕਿ ਰਾਮਰਾਇ ਸਾਡੇ ਮੱਥੇ ਨਾ ਲੱਗੇ। ਇਸ ਨੇ ਘੋਰ ਪਾਪ ਕੀਤਾ ਹੈ, ਜੋ ਰੱਬੀ ਬਾਣੀ ’ਚ ਬਦਲ ਕੀਤਾ ਹੈ ਜਦਕਿ ਅੱਜ ਤਾਂ ਗੁਰਬਾਣੀ ਦੀਆਂ ਪੰਗਤੀਆਂ ਬਹੁਤ ਬਦਲੀਆਂ ਜਾ ਰਹੀਆਂ ਹਨ। ਸਿਆਸੀ ਆਗੂਆਂ ਵੱਲੋਂ ਗੁਰਬਾਣੀ ਦੀਆਂ ਪੰਗਤੀਆਂ ਨੂੰ ਤੋੜਿਆ-ਮਰੋੜਿਆ ਜਾਂਦਾ ਹੈ। ਕਦੇ ਸਾਧ ਬਾਬਿਆਂ ਜਾਂ ਕੀਰਤਨੀਆਂ ਵੱਲੋਂ ਮਨਮਰਜ਼ੀ ਨਾਲ ਗੁਰਬਾਣੀ ਦੀ ਪੰਗਤੀਆਂ ਨੂੰ ਅੱਗੇ ਪਿੱਛੇ ਕਰਕੇ ਗਇਆ ਜਾਂਦਾ ਹੈ, ਪਰ ਸਿਰਮੌਰ ਸੰਸਥਾਂਵਾਂ ਵੱਲੋਂ ਕੋਈ ਕਾਰਵਾਈ ਨਹੀਂ ਹੁੰਦੀ।

ਗੁਰੂ ਸਾਹਿਬ ਨੇ ਰਾਮਰਾਇ ਨੂੰ ਮੂੰਹ ਨਹੀਂ ਸੀ ਲਾਇਆ ਭਾਵੇਂ ਉਨ੍ਹਾਂ ਦਾ ਹੀ ਪੁੱਤਰ ਸੀ। ਅੱਜ ਪੁੱਤਰ ਮੋਹ ’ਚ ਸਭ ਸਿਧਾਂਤ ਤੋੜੇ ਜਾ ਰਹੇ ਹਨ। ਆਖ਼ਿਰ ਰਾਮ ਰਾਇ ਨੂੰ ਉਸ ਦੇ ਮਸੰਦਾਂ ਨੇ ਹੀ ਸਾੜ ਕੇ ਮਾਰ ਦਿੱਤਾ ਸੀ। ਜੋ ਡੋਲ ਜਾਂਦਾ ਹੈ, ਉਹ ਗੁਰੂ ਤੋਂ ਦੂਰ ਹੋ ਜਾਂਦਾ ਹੈ ਤੇ ਆਖ਼ਿਰ ਦੁਖੀ ਹੀ ਸੰਸਾਰ ਤੋਂ ਵਿਦਾਅ ਹੋ ਜਾਂਦਾ ਹੈ। ਆਖ਼ਿਰ ਗੁਰੂ ਹਰਿਰਾਇ ਸਾਹਿਬ ਜੀ ਨੇ 6 ਅਕਤੂਬਰ 1661 ਈ. ਨੂੰ ਜੋਤੀ-ਜੋਤਿ ਸਮਾਉਣ ਸਮੇਂ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਅਤੇ ਜੁਗਤਿ ਦੇ ਵਾਰਸ਼ ਆਪਣੇ ਛੋਟੇ ਪੁੱਤਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਚੁਣਿਆ। ਆਪ 17 ਸਾਲ 7 ਮਹੀਨੇ 3 ਦਿਨ ਗੁਰਿਆਈ ’ਤੇ ਰਹੇ। ਸਾਢੇ 31 ਸਾਲ ਸਰੀਰਕ ਜਾਮੇ ਵਿੱਚ ਰਹੇ। ਇਸ ਛੋਟੀ ਉਮਰ ’ਚ ਸਿੱਖ ਜਗਤ ਨੂੰ ਮਹਾਨ ਮਹਾਨ ਉਪਦੇਸ਼ ਦੇ ਗਏ। ਹੁਣ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਅਤੇ ਜੁਗਤਿ ਦੇ ਵਾਰਸ਼ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹੋ ਗਏ ਸਨ।

ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ:- ਅੱਗੇ ਚੱਲਣ ਤੋਂ ਪਹਿਲਾਂ ਥੋੜ੍ਹਾ ਪਿਛਲਾ ਇਤਿਹਾਸ ਸੰਖੇਪ ’ਚ ਦੁਹਰਾ ਦੇਵਾਂ। ਗੁਰੂ ਨਾਨਕ ਸਾਹਿਬ ਜੀ ਧੁਰੋਂ ਅਕਾਲ ਪੁਰਖ ਤੋਂ ਵਰਸੋਏ ਹੋਏ ਜਗਤ ਗੁਰੂ; ਸੰਸਾਰ ’ਚ ਸੱਚ ਦਾ ਪੈਗਾਮ ਲੈ ਕੇ ਆਏ। ਅੱਗੋਂ ਗੁਰੂ ਅੰਗਦ ਸਾਹਿਬ ਜੀ, ਫਿਰ ਗੁਰੂ ਅੰਗਦ ਸਾਹਿਬ ਜੀ ਦੇ ਕੁੜਮ ਗੁਰੂ ਅਮਰਦਾਸ ਜੀ, ਗੁਰੂ ਅਮਰਦਾਸ ਜੀ ਦੇ ਜਵਾਈ ਗੁਰੂ ਰਾਮਦਾਸ ਪਾਤਿਸ਼ਾਹ ਜੀ, ਗੁਰੂ ਰਾਮਦਾਸ ਪਾਤਿਸ਼ਾਹ ਦੇ ਮਹਾਨ ਸਪੁੱਤਰ ਗੁਰੂ ਅਰਜਨ ਸਾਹਿਬ ਜੀ, ਗੁਰੂ ਅਰਜਨ ਸਾਹਿਬ ਜੀ ਦੇ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ, ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ, ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਗੁਰੂ ਹਰਿਰਾਇ ਸਾਹਿਬ ਜੀ ਅਤੇ ਹੁਣ ਗੁਰੂ ਹਰਿਰਾਇ ਸਾਹਿਬ ਜੀ ਦੇ ਛੋਟੇ ਸਪੁੱਤਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ; ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਅਤੇ ਜੁਗਤਿ ਦੇ 8ਵੇਂ ਵਾਰਸ਼ ਬਣੇ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਆਗਮਨ ਕੀਰਤਪੁਰ ਸਾਹਿਬ ਵਿਖੇ 7 ਜੁਲਾਈ 1656 ਈ. ਨੂੰ ਮਾਤਾ ਸੁਲੱਖਣੀ ਜੀ ਦੀ ਗੋਦ ਵਿੱਚ ਪਿਤਾ ਗੁਰੂ ਹਰਿਰਾਇ ਸਾਹਿਬ ਜੀ ਦੇ ਘਰ ਹੋਇਆ। ਜਦੋਂ ਗੁਰੂ ਹਰਿਰਾਇ ਸਾਹਿਬ ਜੀ ਜੋਤੀ ਜੋਤਿ ਸਮਾਏ ਤਾਂ ਗੁਰਿਆਈ ਦੀ ਜ਼ਿੰਮੇਵਾਰੀ 6 ਅਕਤੂਬਰ ਸੰਨ 1661 ਈ. ਨੂੰ ਗੁਰੂ ਹਰਿਰਾਇ ਜੀ; ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਸੌਂਪ ਗਏ। ਇਸ ਵੇਲੇ ਆਪ ਜੀ ਦੀ ਉਮਰ 5 ਸਾਲ 3 ਕੁ ਮਹੀਨੇ ਸੀ।

ਗੁਰਮਤਿ ਦਾ ਨਜ਼ਰੀਆ:- ਧਰਮ ਦੀ ਦੁਨੀਆ ਵਿੱਚ ਉਮਰ ਦਾ ਤਕਾਜ਼ਾ ਕਦੇ ਨਹੀਂ ਹੁੰਦਾ ਬਲਕਿ ਧਰਮ ਦੀ ਦੁਨੀਆਂ ’ਚ ਸੋਚ ਅਤੇ ਸੁਰਤਿ ਦੀ ਅਹਿਮੀਅਤ ਮੰਨੀ ਜਾਂਦੀ ਹੈ। ਸ਼ੇਖ ਸਾਅਦੀ ਦੇ ਇਸ ਪ੍ਰਥਾਇ ਬਚਨ ਹਨ :

ਬਜੁਰਗੀ ਅਕਲ ਅਸਤ ਕਿ ਸਾਲ

ਤਾਵੰਗਹੀ ਬਾਦਿਲ ਅਸਤ ਕਿ ਬਾਮਾਲ (ਸ਼ੇਖ ਸਾਅਦੀ)

ਭਾਵ ਬਜ਼ੁਰਗੀ; ਸਿਆਣਪ, ਉਚੀ ਸੋਚ ਅਤੇ ਸੁਰਤਿ ਕਰਕੇ ਮੰਨੀ ਜਾਂਦੀ ਹੈ, ਨਾ ਕਿ ਵੱਡੀ ਉਮਰ ਕਰਕੇ ਮੰਨੀ ਜਾਂਦੀ ਹੈ। ਕਈ ਵਾਰ ਦੇਖਣ ’ਚ ਆਇਆ ਹੈ ਕਿ ਉਮਰ 80-90 ਸਾਲ ਹੁੰਦੀ ਹੈ, ਪਰ ਗੱਲਾਂ 10-12 ਸਾਲ ਦੀ ਉਮਰ ਦੇ ਬੱਚਿਆਂ ਵਾਲੀਆਂ ਹੁੰਦੀਆਂ ਹਨ ਬਲਕਿ ਇਸ ਤੋਂ ਵੀ ਘਟੀਆਂ। ਵਿਦੇਸ਼ਾਂ ਦੇ ਪਾਰਕਾਂ ਅਤੇ ਗੁਰਦੁਆਰਿਆਂ ’ਚ ਵੱਡੀ ਉਮਰ ਵਾਲੇ ਬਹੁਤ ਘਟੀਆਂ ਗੱਲਾਂ ਕਰਦੇ ਮੈਂ ਆਪ ਸੁਣੇ ਹਨ। ਬਹੁਤ ਘਟੀਆਂ ਗੱਲਾਂ ਮੈਨੂੰ ਖਿਮਾ ਕਰ ਦੇਣਾ ਇਹ ਜੋ ਬਜ਼ੁਰਗ ਬਹੂ-ਬੇਟੀਆਂ ਦੇ ਸੰਬੰਧਾਂ ਵਿੱਚ ਬਹੁਤ ਘਟੀਆਂ ਟਿੱਪਣੀਆਂ-ਕਮੈਂਟਸ ਦੱਸਦੇ ਹਨ। ਇਨ੍ਹਾਂ ਨੂੰ ਕਦੇ ਬਜ਼ੁਰਗ ਨਹੀਂ ਕਿਹਾ ਜਾ ਸਕਦਾ। ਦੂਸਰੇ ਪਾਸੇ 6 ਤੇ 8 ਸਾਲ ਦੇ ਬੱਚੇ ਐਸੀਆਂ ਗੱਲਾਂ ਕਰ ਗਏ, ਐਸੇ ਮਹਾਨ ਕਾਰਨਾਮੇ ਕਰ ਗਏ, ਜਿਨ੍ਹਾਂ ਨੇ ਸੰਸਾਰ ਨੂੰ ਹੈਰਾਨ ਕਰ ਦਿੱਤਾ। ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਂ 6 ਤੇ 8 ਸਾਲ ਦੇ ਬੱਚਿਆਂ ਨੂੰ ਕਹਿੰਦਾ ਹੈ ਕਿ ਤੁਸੀਂ ਇਸਲਾਮ ਕਬੂਲ ਕਰ ਲਵੋ, ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ। ਅੱਗੋਂ ਦਲੇਰੀ ਨਾਲ ਬੱਚੇ ਆਖਦੇ ਹਨ ਵਜ਼ੀਰ ਖਾਂ! ਮੁਸਲਮਾਨ ਬਣ ਕੇ ਕੀ ਮੌਤ ਨਹੀ ਆਵੇਗੀ ? ਜੇ ਮੌਤ ਆਉਂਦੀ ਹੀ ਹੈ ਤਾਂ ਸਾਨੂੰ ਦੁਨੀਆਂ ਦੀ ਸ਼ੋਹਰਤ ਨਾਲੋਂ ਸੱਚ ਧਰਮ ਵਾਸਤੇ ਜ਼ੁਲਮ ਅਤੇ ਜਾਲਮ ਨੂੰ ਖਤਮ ਕਰਨ ਵਾਸਤੇ ਸ਼ਹੀਦੀ ਪਿਆਰੀ ਹੈ। ਬੱਚਿਆਂ ਨੂੰ ਦੀਵਾਰ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਸੀ। ਅੱਜ ਵੀ ਇਨ੍ਹਾਂ ਬੱਚਿਆਂ ਦੇ ਮਹਾਨ ਕਾਰਨਾਮਿਆਂ ਅੱਗੇ ਸਿਰ ਝੁਕਦਾ ਹੈ। ਉਮਰ ਭਾਵੇਂ ਛੋਟੀ ਸੀ, ਪਰ ਕਾਰਨਾਮੇ ਮਹਾਨ ਸਨ। ਫਿਰ ਦੇਖੋ ਕੱਥੂ ਨੰਗਲ (ਅੰਮ੍ਰਿਤਸਰ) ਬੂੜਾ ਜੀ, ਉਮਰ 12 ਸਾਲ, ਪਰ ਗੁਰੂ ਨਾਨਕ ਸਾਹਿਬ ਨਾਲ ਐਸੀਆਂ ਗੱਲਾਂ ਕੀਤੀਆਂ ਕਿ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਨਾਂ ਕਹਿ ਦਿੱਤਾ ਸੀ। ਆਖਿਆ ਤੁਸੀਂ ਤਾਂ ਅਸਲ ਬੁੱਢੇ ਹੋ। ਇਹੀ ਦਰਬਾਰ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ ਹੋਏ ਸਨ। ਸੋ ਧਰਮ ਦੀ ਦੁਨੀਆ ਅੰਦਰ ਉਮਰ ਦਾ ਤਕਾਜ਼ਾ ਨਹੀਂ ਹੈ। ਧਰਮ ਦੀ ਦੁਨੀਆਂ ’ਚ ਉੱਚੀ ਸੁਰਤਿ ਅਤੇ ਉੱਚੀ ਸੋਚ ਦੀ ਅਹਿਮੀਅਤ ਹੈ।

ਗਾਥਾ ਸ਼ੇਖ ਸਾਅਦੀ ਅਤੇ ਬੱਚੇ ਦੀ:- ਇੱਕ ਵਾਰ ਸ਼ੇਖ ਸਾਅਦੀ ਯਾਤਰਾ ’ਤੇ ਸੀ। ਗਰਮੀਆਂ ਦੇ ਦਿਨ ਸਨ। ਚਲਦਿਆਂ-ਚਲਦਿਆਂ ਥੱਕ ਗਏ ਸਨ। ਪਿੰਡ ਤੋਂ ਬਾਹਰ ਇੱਕ ਦਰੱਖਤ ਥੱਲੇ ਆਰਾਮ ਕਰਨ ਲਈ ਬੈਠ ਗਏ ਸਨ। ਸ਼ੇਖ ਸਾਅਦੀ ਉਦਾਸ ਅਤੇ ਪ੍ਰੇਸ਼ਾਨ ਸੀ। ਇੱਕ 8-10 ਸਾਲ ਦਾ ਬੱਚਾ ਆ ਗਿਆ। ਕਹਿਣ ਲੱਗਾ ਬਾਬਾ ਤੂੰ ਉਦਾਸ ਅਤੇ ਪ੍ਰੇਸ਼ਾਨ ਕਿਉਂ ਹੈ ? ਸ਼ੇਖ ਸਾਅਦੀ ਨੇ ਕਿਹਾ ਬੱਚਾ ਮੈਂ ਭੁੱਖਾ ਹਾਂ। ਮੇਰੇ ਨਾਲ ਇਹ ਖੋਤਾ ਤੇ ਮੁਰਗਾ ਹੈ, ਇਹ ਵੀ ਭੁੱਖੇ ਹਨ। ਅਸੀਂ ਤਿੰਨ ਜਣੇ ਭੁੱਖੇ ਹਾਂ। ਮੇਰੇ ਕੋਲ ਸਿਰਫ ਇੱਕ ਹੀ ਆਨਾ ਹੈ, ਮੈਂ ਕੀ ਕਰਾਂ ? ਇੱਕ ਆਨੇ ’ਚ ਤਿੰਨ ਕਿਵੇਂ ਰੱਜਣਗੇ ? ਬੱਚੇ ਨੇ ਕਿਹਾ ਬਾਬਾ! ਤੂੰ ਤਾਂ ਬਿਲਕੁਲ ਬੱਚਿਆਂ ਵਾਲੀਆਂ ਗੱਲਾਂ ਕਰਦਾ ਹੈ। ਸ਼ੇਖ ਸਾਅਦੀ ਹੈਰਾਨ ਸੀ ਕਿ ਇਹ ਬੱਚਾ ਮੈਨੂੰ ਬੱਚਿਆਂ ਵਾਂਗ ਕਹਿ ਰਿਹਾ ਹੈ। ਸ਼ੇਖ ਨੇ ਕਿਹਾ ਬੱਚਾ! ਮੈਨੂੰ ਦੱਸ ਕਿ ਮੈਂ ਬੱਚਿਆਂ ਵਾਲੀ ਗੱਲ ਕਿਵੇਂ ਕੀਤੀ ? ਬੱਚੇ ਨੇ ਕਿਹਾ ਆਨੇ ਦੇ ਦੋ ਤਿੰਨ ਹਦਵਾਣੇ ਲੈ। ਹਦਵਾਣੇ (ਤਰਬੂਜ) ਵਿੱਚੋਂ ਗੁਦਾ ਤੂੰ ਆਪ ਖਾ, ਹਦਵਾਣੇ ਦੇ ਬੀਜ ਮੁਰਗੇ ਨੂੰ ਪਾ ਤੇ ਪੱਖੜ ਖੋਤੇ ਨੂੰ ਪਾ ਦੇਹ; ਤੁਸੀਂ ਤਿੰਨੋ ਰੱਜ ਜਾਵੋਗੇ। ਸ਼ੇਖ ਸਾਅਦੀ ਨੇ ਉਸ ਬੱਚੇ ਨੂੰ ਨਮਸਕਾਰ ਕੀਤੀ। ਬੱਚਾ ਉਮਰ ਵਿੱਚ ਭਾਵੇਂ ਛੋਟਾ ਸੀ, ਪਰ ਸਿਆਣਪ ਬਜ਼ੁਰਗਾਂ ਵਾਲੀ ਸੀ। ਐਸਾ ਕਈ ਵਾਰ ਸੁਭਾਵਕ ਹੁੰਦਾ ਹੈ। ਉਮਰ ਛੋਟੀ ਹੁੰਦੀ ਹੈ, ਗੱਲਾਂ ਮਹਾਨ ਹੁੰਦੀਆਂ ਹਨ। ਕਈ ਵਾਰ ਉਮਰ ਵੱਡੀ ਹੁੰਦੀ ਹੈ, ਪਰ ਗੱਲਾਂ ਨੀਚ ਹੁੰਦੀਆਂ ਹਨ। ਕਈ ਵਾਰ ਚੀਜ਼ਾਂ ਛੋਟੀਆਂ ਹੁੰਦੀਆਂ ਹਨ, ਪਰ ਕੀਮਤ ਬਹੁਤ ਵੱਡੀ ਹੁੰਦੀ ਹੈ। ਭਾਈ ਗੁਰਦਾਸ ਜੀ ਦੇ ਬਚਨ ਹਨ :

ਜੈਸੇ ਹੀਰਾ ਹਾਥ ਮੈ ਤਨਕ ਸੋ ਦਿਖਾਈ ਦੇਤ; ਮੋਲ ਕੀਏ ਦਮਕਨ ਭਰਤ ਭੰਡਾਰ ਜੀ

ਜੈਸੇ ਬਰ ਬਾਧੇ ਹੁੰਡੀ ਲਾਗਤ ਭਾਰ ਕਛੁ; ਆਗੈ ਜਾਇ ਪਾਈਅਤ ਲਛਮੀ ਅਪਾਰ ਜੀ

ਜੈਸੇ ਬਟਿ ਬੀਜ ਅਤਿ ਸੂਖਮ ਸਰੂਪ ਹੋਤ; ਬੋਏ ਸੈ ਬਿਬਿਧਿ ਕਰੈ ਬਿਰਖਾ ਬਿਸਥਾਰ ਜੀ

ਤੈਸੇ ਗੁਰ ਬਚਨ ਸਚਨ ਗੁਰਸਿਖਨ ਮੈ; ਜਾਨੀਐ ਮਹਾਤਮ ਗਏ ਹੀ ਹਰਿਦੁਆਰ ਜੀ ੩੭੩

(ਭਾਈ ਗੁਰਦਾਸ ਜੀ/ਕਬਿੱਤ ੩੭੩)

ਸੋ ਉਮਰ ਨਹੀਂ, ਅਹਿਮੀਅਤ ਬਚਨਾ ਦੀ ਹੁੰਦੀ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਉਮਰ ਭਾਵੇਂ ਛੋਟੀ ਹੈ, ਪਰ ਆਪ ਦੇ ਬਚਨ ਅਤੇ ਜੀਵਨ ਦੇ ਕਾਰਨਾਮੇ ਮਹਾਨ ਹਨ।  ਦੋ ਸਲੋਕ ਬੜੇ ਕੀਮਤੀ ਹਨ।

ਗੁਰਮੁਖਿ ਬੁਢੇ ਕਦੇ ਨਾਹੀ; ਜਿਨ੍ਹਾ ਅੰਤਰਿ ਸੁਰਤਿ ਗਿਆਨੁ   ਸਦਾ ਸਦਾ ਹਰਿ ਗੁਣ ਰਵਹਿ; ਅੰਤਰਿ ਸਹਜ ਧਿਆਨੁ   ਓਇ ਸਦਾ ਅਨੰਦਿ ਬਿਬੇਕ ਰਹਹਿ; ਦੁਖਿ ਸੁਖਿ ਏਕ ਸਮਾਨਿ   ਤਿਨਾ ਨਦਰੀ ਇਕੋ ਆਇਆ; ਸਭੁ ਆਤਮ ਰਾਮੁ ਪਛਾਨੁ ੪੪ ਮਨਮੁਖੁ ਬਾਲਕੁ ਬਿਰਧਿ ਸਮਾਨਿ ਹੈ; ਜਿਨ੍ਹਾ ਅੰਤਰਿ ਹਰਿ ਸੁਰਤਿ ਨਾਹੀ   ਵਿਚਿ ਹਉਮੈ ਕਰਮ ਕਮਾਵਦੇ; ਸਭ ਧਰਮਰਾਇ ਕੈ ਜਾਂਹੀ   ਗੁਰਮੁਖਿ ਹਛੇ ਨਿਰਮਲੇ; ਗੁਰ ਕੈ ਸਬਦਿ ਸੁਭਾਇ   ਓਨਾ ਮੈਲੁ ਪਤੰਗੁ ਲਗਈ; ਜਿ ਚਲਨਿ ਸਤਿਗੁਰ ਭਾਇ   ਮਨਮੁਖ ਜੂਠਿ ਉਤਰੈ; ਜੇ ਸਉ ਧੋਵਣ ਪਾਇ   ਨਾਨਕ ! ਗੁਰਮੁਖਿ ਮੇਲਿਅਨੁ; ਗੁਰ ਕੈ ਅੰਕਿ ਸਮਾਇ ੪੫’’ (ਮਹਲਾ /੧੪੧੮)

ਭਾਵ ਗੁਰੂ ਦੇ ਰਸਤੇ ’ਤੇ ਚੱਲਣ ਵਾਲੇ ਸੁਰਤ ਅਤੇ ਸੋਚ ਕਰਕੇ ਕਮਜ਼ੋਰ (ਬੁੱਢੇ) ਨਹੀਂ ਹੁੰਦੇ। ਗੁਰੂ ਦੇ ਮਾਰਗ ਤੋਂ ਭਟਕੇ ਹੋਏ ਜਵਾਨ ਹੀ ਸੋਚ ਅਤੇ ਸੁਰਤਿ ਤੋਂ ਕਮਜ਼ੋਰ ਹੁੰਦੇ ਹਨ। ਸੰਖੇਪ ਵਿੱਚ ਕਹਾਂਗਾ ਰਾਮਰਾਇ ਦੇ ਕਹਿਣ ਉੱਤੇ ਔਰੰਗਜ਼ੇਬ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਬੁਲਾਇਆ। ਗੁਰੂ ਸਾਹਿਬ ਜੀ ਨੂੰ ਦਿੱਲੀ ਲਿਆਉਣ ਵਾਸਤੇ ਰਾਜਾ ਜੈ ਸਿੰਘ ਮਿਰਜਾਂ ਦੀ ਡਿਊਟੀ ਲਾਈ ਗਈ। ਰਾਜਾ ਜੈ ਸਿੰਘ ਨੇ ਆਪਣੇ ਵਜ਼ੀਰ ਦੀਵਾਨ ਪਰਸਰਾਮ ਨੂੰ ਕੀਰਤਪੁਰ ਭੇਜਿਆ। ਗੁਰੂ ਸਾਹਿਬ ਜੀ ਨਾਲ ਦਾਦੀ ਬਸੀ ਜੀ, ਮਾਤਾ ਸੁਲੱਖਣੀ ਜੀ, ਦੀਵਾਨ ਦਰਗਾਹ ਮੱਲ ਜੀ, ਭਾਈ ਦਰੀਆ ਪਰਮਾਰ ਜੀ, ਭਾਈ ਮਨੀ ਰਾਮ (ਭਾਈ ਮਨੀ ਸਿੰਘ ਜੀ) ਅਤੇ ਹੋਰ ਸੁਹਿਰਦ ਸਿੱਖ; ਦਿੱਲੀ ਵੱਲ ਚੱਲ ਪਏ। ਅੰਬਾਲਾ ਤੋਂ ਪਿੰਡ ਪੰਜੋਖਰਾ ਪੜਾਅ ਕੀਤਾ। ਇੱਥੇ ਗੁਰੂ ਕੀ ਸੰਗਤ ਪਹਿਲਾਂ ਤੋਂ ਕਾਇਮ ਹੋ ਚੁੱਕੀ ਸੀ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਗਏ ਤਾਂ ਇੱਥੇ ਹੀ ਧਰਮਸ਼ਾਲ ’ਤੇ ਪੜਾਅ ਕੀਤਾ ਸੀ। ਇੱਥੇ ਰੋਜ਼ਾਨਾ ਸੰਗਤਾਂ ਜੁੜਦੀਆਂ ਸਨ। ਗੁਰਬਾਣੀ ਦੀਆਂ ਵਿਚਾਰਾਂ ਹੁੰਦੀਆਂ ਸਨ। ਬ੍ਰਾਹਮਣ ਪੁਜਾਰੀ ਔਖੇ ਸਨ। ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਨ ਲਈ ਸੰਗਤਾਂ ਉਮੜ ਆਈਆਂ। ਪੰਡਿਤ ਲਾਲ ਚੰਦ ਵੀ ਪਹੁੰਚਿਆ, ਇਸ ਨੇ ਬੜੀ ਈਰਖਾ ਖਾਧੀ ਤੇ ਆਖੇ ਕਿ ਛੋਟਾ ਜਿਹਾ ਬਾਲ ਉਮਰ 8 ਕੁ ਸਾਲ, ਪਰ ਨਾਮ ਹਰਿਕ੍ਰਿਸ਼ਨ ਸਾਹਿਬ; ਗੁਰੂ ਨਾਨਕ ਦੇ ਵਾਰਸ਼। ਇਹ ਗੀਤਾ ਦੀ ਪੋਥੀ ਲੈ ਕੇ ਆਇਆ ਸੀ। ਕਹਿਣ ਲੱਗਾ ਕਿ ਤੁਸੀਂ ਕੁਝ ਸਲੋਕਾਂ ਦੇ ਅਰਥ ਕਰੋ। ਗੁਰੂ ਜੀ; ਪੰਡਿਤ ਲਾਲ ਚੰਦ ਦੀ ਚਾਲ ਨੂੰ ਸਮਝ ਗਏ ਕਿ ਸੰਗਤਾਂ ਵਿੱਚ ਗੁਰੂ ਦੀ ਹੇਠੀ ਕਰਨੀ ਚਾਹੁੰਦਾ ਹੈ। ਗੁਰੂ ਸਾਹਿਬ ਨੇ ਕਿਹਾ ਕਿ ਸਾਡਾ ਹਰ ਸਿੱਖ ਸੰਤ-ਸਿਪਾਹੀ, ਗਿਆਨੀ ਹੈ। ਸਾਡੇ ਸਿੱਖਾਂ ਨੇ ਗੀਤਾਂ ਸਮੇਤ ਕਈ ਗ੍ਰੰਥ ਪੜ੍ਹੇ ਹਨ। ਤੁਸੀਂ ਜਿਸ ਸਿੱਖ ਨੂੰ ਕਹੋਗੇ ਉਹੀ ਗੀਤਾ ਦੇ ਸ਼ਲੋਕਾਂ ਦੇ ਅਰਥ ਕਰ ਦੇਵੇਗਾ। ਪੰਡਿਤ ਲਾਲ ਚੰਦ ਦੀ ਨਜ਼ਰਾਂ ’ਚ ਭਾਈ ਛੱਜੂ ਜੀ ਝਿਊਰ, ਇੱਕ ਸਾਧਾਰਨ ਜਿਹਾ ਸਿੱਖ ਆਇਆ। ਉਸ ਨੇ ਭਾਈ ਛੱਜੂ ਜੀ ਦਾ ਨਾਂ ਲੈ ਦਿੱਤਾ। ਭਾਈ ਛੱਜੂ ਜੀ ਨੇ ਗੀਤਾ ਦੇ ਸ਼ਲੋਕਾਂ ਦੇ ਅਰਥ ਨਿਵੇਕਲੇ ਜਿਹੇ ਢੰਗ ਨਾਲ ਕੀਤੇ। ਲਾਲ ਚੰਦ ਹੈਰਾਨ ਹੋ ਗਿਆ। ਉਸ ਦਾ ਹੰਕਾਰ ਟੁੱਟ ਗਿਆ। ਲਾਲ ਚੰਦ ਨੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ। ਆਪਣੇ ਕੀਤੇ ਦੀ ਮਾਫ਼ੀ ਵੀ ਮੰਗੀ। ਸਿੱਖੀ ’ਚ ਸ਼ਾਮਲ ਹੋ ਗਿਆ। ਅੱਗੇ ਚੱਲ ਕੇ ਇਸ ਨੇ ਖੰਡੇ ਦੀ ਪਾਹੁਲ ਛਕੀ ਤੇ ਜੰਗ ’ਚ ਲਾਲ ਸਿੰਘ ਜੀ ਨੇ ਸ਼ਹੀਦੀ ਪਾਈ।

ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਪਹੁੰਚਦੇ:- ਪੰਜੋਖੜਾ ਤੋਂ ਕੁਰਕਸ਼ੇਤਰ ਅਤੇ ਪਾਣੀਪਤ ਤੋਂ ਹੁੰਦੇ ਹੋਏ ਗੁਰੂ ਜੀ ਦਿੱਲੀ ਪਹੁੰਚਦੇ ਹਨ। ਰਾਜਾ ਜੈ ਸਿੰਘ ਮਿਰਜ਼ਾ ਦੇ ਬੰਗਲੇ ’ਚ ਉਤਾਰਾ ਕਰਵਾਇਆ ਗਿਆ। ਇਸ ਵੇਲੇ ਰਾਜਾ ਜੈ ਸਿੰਘ ਮਿਰਜ਼ਾ ਦੱਖਣ ਦਾ ਗਵਰਨਰ ਸੀ। ਬੰਗਲੇ ’ਚ ਰਾਜੇ ਦੀ ਪਤਨੀ ਰਾਣੀ ਪੁਸ਼ਪਾ ਵਤੀ ਅਤੇ ਪੁੱਤਰ ਕੰਵਰ ਰਾਮ ਸਿੰਘ ਸਨ। ਔਰੰਗਜ਼ੇਬ ਦੇ ਕਹੇ ’ਤੇ ਰਾਣੀ ਪੁਸ਼ਪਾ ਵਤੀ ਨੇ ਨੌਕਰਾਣੀਆਂ ਵਾਲੇ ਕੱਪੜੇ ਪਾਏ ਸਨ। ਨੌਕਰਾਣੀ ਨੂੰ ਰਾਣੀ ਦੇ ਬਸਤਰ ਪਹਿਨਾਏ ਗਏ ਸਨ ਤਾਂ ਕਿ ਗੁਰੂ ਸਾਹਿਬ ਜੀ ਦੀ ਪਰਖ ਹੋ ਸਕੇ। ਗੁਰੂ ਸਾਹਿਬ ਜੀ ਨੇ ਰਾਣੀ ਪੁਸ਼ਪਾ ਵਤੀ ਨੂੰ ਕਿਹਾ ਕਿ ਰਾਣੀ ਦੇ ਕੱਪੜੇ ਪਾ ਕੇ ਨੌਕਰਾਣੀ ਦੇ ਚਿਹਰੇ ਦੇ ਹਾਵ-ਭਾਵ, ਸੰਜੀਦਗੀ-ਸਲੀਕਾ, ਸੂਝ-ਬੂਝ ਨਹੀਂ ਬਦਲਦੇ। ਪਹਿਰਾਵੇ ਨਾਲ ਅੰਦਰੂਨੀ ਖੂਬੀਆਂ ’ਚ ਫ਼ਰਕ ਨਹੀਂ ਪੈਂਦਾ। ਰਾਣੀ ਪੁਸ਼ਪਾਵਤੀ ਗੁਰੂ ਸਾਹਿਬ ਜੀ ਦੇ ਚਰਨਾਂ ’ਤੇ ਡਿੱਗ ਪਈ। ਮਾਫੀ ਵੀ ਮੰਗੀ। ਭਾਈ ਗੁਰਦਾਸ ਜੀ ਦੇ ਬਚਨ ਹਨ।

ਪੁਤੁ ਜਣੈ ਵੜਿ ਕੋਠੜੀ; ਬਾਹਰਿ ਜਗੁ ਜਾਣੈ

ਧਨੁ ਧਰਤੀ ਵਿਚਿ ਦਬੀਐ; ਮਸਤਕੁ ਪਰਵਾਣੈ (ਵਾਰ ੩੬ ਪਉੜੀ ੨੦)

ਭਾਵ ਧੰਨ ਹੋਵੇ, ਚਿਹਰੇ ਦੇ ਹਾਵ-ਭਾਵ ਦੱਸ ਦਿੰਦੇ ਹਨ। ਪਹਿਰਾਵਾ ਅੰਦਰੂਨੀ ਅਵਸਥਾ ਨਹੀਂ ਬਦਲਦਾ। ਸਾਧ ਭਾਵੇਂ ਪਹਿਰਾਵਾ ਕਿਸ ਤਰ੍ਹਾਂ ਦਾ ਪਾ ਲੈਣ, ਪਰ ਮਨ ਦੀ ਹਾਲਤ ਛੁਪੀ ਨਹੀਂ ਰਹਿੰਦੀ ਖੈਰ…….

ਬਿਪਲ ਬਸਤ੍ਰ ਕੇਤੇ ਹੈ ਪਹਿਰੇ; ਕਿਆ ਬਨ ਮਧੇ ਬਾਸਾ   ਕਹਾ ਭਇਆ ਨਰ ਦੇਵਾ ਧੋਖੇ; ਕਿਆ ਜਲਿ ਬੋਰਿਓ ਗਿਆਤਾ (ਭਗਤ ਕਬੀਰ/੩੩੮) ਭਾਵ ਖੁੱਲ੍ਹੇ ਚੋਲੇ ਭਾਵੇਂ ਜਿੰਨੇ ਮਰਜ਼ੀ ਪਾ ਲਵੋ, ਭਾਵੇਂ ਇਕਾਂਤ ਵਾਸਾ ਵੀ ਕਰ ਲਵੋ, ਭਾਵੇਂ ਪਾਣੀ ਨਾਲ ਸਿਰ ਸਮੇਤ ਸਰੀਰ ਇਸ਼ਨਾਨ ਕਰ ਲਿਆ ਜਾਏ, ਫਿਰ ਭੀ ਕੀ ਹੋਇਆ ? ਮਨੁੱਖ ਨੇ ਦੇਵਤਿਆਂ ਲਈ ਧੂਪ ਬਗੈਰਾ ਧੁਖਾ ਲਏ। ਇਸ ਨਾਲ ਭੀ ਮਨ ਦੀ ਅਵਸਥਾ ਨਹੀਂ ਸੁਧਰਦੀ। ਮਨ ਦੀ ਅਵਸਥਾ ਬਸਤਰਾਂ ਨਾਲ, ਕਰਮਕਾਂਡਾਂ ਨਾਲ ਉੱਚੇ ਸੁੱਚੇ ਨਹੀਂ ਬਣਦੀ। ਮਨ ਦੀ ਅਵਸਥਾ ਸੱਚ ਧਰਮ ਕਮਾਉਣ ਨਾਲ, ਰੱਬੀ ਗੁਣ ਨਾਲ, ਗੁਰਬਾਣੀ ਦੀ ਵਿਚਾਰ ਕਮਾਉਣ ਨਾਲ ਬਣਦੀ ਹੈ।

ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਰਾਣੀ ਪੁਸ਼ਪਾਵਤੀ ਨੂੰ ਕਿਹਾ ਕਿ ਨੌਕਰਾਨੀ ਨੇ ਬਸਤ੍ਰ ਭਾਵੇਂ ਰਾਣੀਆਂ ਵਾਲੇ ਪਾ ਲਏ, ਪਰ ਮਨ ਦੀ ਅਵਸਥਾ ਰਾਣੀਆਂ ਵਾਲੀ ਨਹੀਂ ਬਣੀ। ਰਾਣੀਆਂ ਵਾਲੇ ਬਸਤਰ ਪਾ ਕੇ ਮਨ ਦੀ ਅਵਸਥਾ ਨੌਕਰਾਣੀਆਂ ਵਾਲੀ ਹੈ। ਤੁਸੀਂ ਭਾਵੇਂ ਬਸਤਰ ਨੌਕਰਾਣੀ ਵਾਲੇ ਪਾਏ ਹਨ, ਪਰ ਮਨ ਦੀ ਅਵਸਥਾ ਤਾਂ ਰਾਣੀ ਵਾਲੀ ਹੀ ਹੈ। ਧਨ ਭਾਵੇਂ ਕਿਸੇ ਨੇ ਛੁਪਾ ਲਿਆ ਹੋਵੇ, ਪਰ ਚਿਹਰੇ ਦੇ ਹਾਵ-ਭਾਵ ਨਹੀਂ ਛੁਪਾਏ ਜਾਂਦੇ। ਨਾਮ ਧਨ, ਗੁਰਬਾਣੀ ਦੀ ਕਮਾਈ ਜੀਵਨ ਵਿੱਚੋਂ ਹੋਵੇ ਤਾਂ ਛੁਪਦੀ ਨਹੀਂ, ਪਰ ਕਮਾਈ ਨਾ ਹੋਵੇ ਤਾਂ ਬਸਤਰ ਹੀ ਪ੍ਰਗਟ ਕਰ ਦਿੰਦੇ ਹਨ ਕਿ ਅੰਦਰ ਕਮਾਈ ਨਹੀਂ ਹੈ। ਇਤਿਹਾਸ ਅੱਗੇ ਚੱਲਦਾ ਹੈ। ਬਾਬਾ ਤੇਗ ਬਹਾਦਰ ਜੀ (ਗੁਰੂ ਤੇਗ ਬਹਾਦਰ ਜੀ) ਨਾਲ ਵੀ ਮਿਲਾਪ ਹੋਇਆ। ਔਰੰਗਜ਼ੇਬ ਦੀ ਵੀ ਮੁਲਾਕਾਤ ਰਾਜਾ ਰਾਮ ਸਿੰਘ ਮਿਰਜ਼ਾ ਦੇ ਬੰਗਲੇ ’ਤੇ ਹੀ ਹੋਈ। ਇਸ ਦੀ ਵਿਚਾਰ ਅਗਲੀ ਵਿਚਾਰ ਰਾਹੀਂ ਕਰਾਂਗਾ। ਜੋ ਅਸੀਂ ਗੁਰਬਾਣੀ ਤੇ ਇਤਿਹਾਸ ਸੁਣਦੇ ਹਾਂ, ਉਹ ਸਾਡੇ ਜੀਵਨ ਦਾ ਆਧਾਰ ਬਣੇ ਤਾਂ ਕਿ ਸਾਡਾ ਸਾਰਿਆਂ ਦਾ ‘‘ਇਹ ਲੋਕ ਸੁਖੀਏ ਪਰਲੋਕ ਸੁਹੇਲੇ   ਨਾਨਕ ! ਹਰਿ ਪ੍ਰਭਿ ਆਪਹਿ ਮੇਲੇ ’’ (ਸੁਖਮਨੀ/ਮਹਲਾ /੨੯੩) ਰੂਪ ਦਾਤਾਂ, ਬਰਕਤਾਂ ਮਿਲਣ। ਭੁੱਲਾਂ ਦੀ ਖਿਮਾ ।

ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਸੋਚ (ਭਾਗ ਚੌਥਾ)

0

ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਸੋਚ (ਭਾਗ ਚੌਥਾ)

ਗਿਆਨੀ ਅਵਤਾਰ ਸਿੰਘ

ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਸੋਚ (ਭਾਗ ਪਹਿਲਾ)

ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਸੋਚ (ਭਾਗ ਦੂਜਾ)

ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਸੋਚ (ਭਾਗ ਤੀਜਾ)

ਅਨੁਯਾਈਆਂ ਜਾਂ ਪੈਰੋਕਾਰਾਂ ਲਈ ਬਣਾਇਆ ਜਾਂਦਾ ਨਿਤਨੇਮ; ਕਿਸੇ ਕੌਮ ਦੇ ਫ਼ਲਸਫ਼ੇ ਦਾ ਨਿਚੋੜ (ਮੂਲ ਉਦੇਸ਼) ਹੁੰਦਾ ਹੈ। ਫ਼ਲਸਫ਼ਾ; ਇੱਕ ਕੌਮ ਨੂੰ ਖੜ੍ਹੀ ਕਰਦਾ ਹੈ, ਜੋ ਆਪਣਾ ਵੱਖਰਾ ਇਤਿਹਾਸ ਸਿਰਜਦੀ ਹੈ। ਹਿੰਦੂ, ਕੋਈ ਕੌਮ ਨਹੀਂ; ਇੱਕ ਸਮਾਜਿਕ ਵਰਗ ਹੈ। ਇਸ ਦੀ ਪੁਸ਼ਟੀ; ਭਾਰਤ ਦੀ ਸੁਪਰੀਮ ਕੋਰਟ ਭੀ ਕਰ ਚੁੱਕੀ ਹੈ। ਆਪਣੇ ਸਰਦਾਰਾਂ ਨੂੰ ਨਿਰੰਤਰ ਜੀਵਤ ਰੱਖਣ ਲਈ ਉਨ੍ਹਾਂ ਦੇ ਕਿਰਦਾਰ; ਵਧਾ ਚੜ੍ਹਾ ਕੇ ਉਲੀਕੇ ਗਏ ਹਨ। ਉਨ੍ਹਾਂ ਦੀ ਕਥਾ (ਗੀਤਾ, ਰਾਮਾਇਣ ਆਦਿ) ਹੀ ਪੂਜਾ ਹੈ, ਨਿਤਨੇਮ ਹੈ। ਹਰ ਬੰਦੇ ਦੇ ਜੀਵਨਸ਼ੈਲੀ ’ਚ ਅੰਤਰ ਹੁੰਦਾ ਹੈ ਤਾਹੀਓਂ ਰਾਮਚੰਦਰ ਜੀ; ਮਰਿਆਦਾ ਪਰਸ਼ੋਤਮ (ਇੱਕ ਪਤਨੀ ਵਾਲ਼ਾ) ਤੇ ਕ੍ਰਿਸ਼ਨ ਜੀ; ਲੀਲ੍ਹਾ ਪਰਸ਼ੋਤਮ (ਕਈ ਪਤਨੀਆਂ ਵਾਲ਼ੇ) ਹਨ। ਜੇ ਕਿਸੇ ਫ਼ਲਸਫ਼ੇ ’ਚੋਂ ਪੈਦਾ ਹੋਈ ਹਿੰਦੂ-ਜਮਾਤ, ਇੱਕ ਕੌਮ ਹੁੰਦੀ ਤਾਂ ਐਸਾ ਆਪਾ ਵਿਰੋਧੀ ਰਹਿਬਰਾਂ ਦਾ ਕਿਰਦਾਰ ਨਾ ਹੁੰਦਾ। ਦੂਜੇ ਪਾਸੇ ਸਿੱਖ; ਇੱਕ ਕੌਮ ਹੈ, ਜਿਸ ਨੂੰ ਕੌਮੀ ਸਿਧਾਂਤ ਨੇ ਪ੍ਰਗਟ ਕੀਤਾ ਹੈ। ਜਿਸ ਦਾ ਤਤਸਾਰ (ਕੁੱਝ ਸੰਖੇਪ ਸ਼ਬਦ); ਸਿੱਖ ਲਈ ਨਿਤਨੇਮ ਬਣਾਇਆ ਹੈ। ਨਿਤਨੇਮ ਦੇ ਇਸ ਸੰਖੇਪ-ਭਾਵ ਦੀ ਵਿਚਾਰ; ਇਸ ਲੇਖ ’ਚ ਕੀਤੀ ਜਾਣੀ ਹੈ।

ਜਿਸ ਤਰ੍ਹਾਂ ਇੱਕ ਡਾਕਟਰ ਬਣਨ ਲਈ ਪਹਿਲਾਂ-ਪਹਿਲ ਭਾਵ 10ਵੀਂ ਜਮਾਤ ਤੱਕ ਆਮ ਸਮਾਜਿਕ ਗਿਆਨ ਪੜ੍ਹਨਾ ਜ਼ਰੂਰੀ ਹੁੰਦਾ ਹੈ; ਵੈਸੇ ਹੀ ਧਰਮ ਦੀ ਉੱਚ ਵਿਦਿਆ (ਨਿਰੋਲ ਸੱਚ/ਗੁਰਮਤਿ) ਨੂੰ ਜਾਣਨ ਲਈ ਗੁਰਬਾਣੀ ਅੰਦਰ ਕਈ ਤਰ੍ਹਾਂ ਦਾ ਹੋਰ ਗਿਆਨ (ਸੱਚ) ਭੀ ਹੈ; ਜਿਵੇਂ ਕਿ ਕੁਦਰਤ ਬਣਨ ਬਾਰੇ ਹੈ, ‘‘ਸਾਚੇ ਤੇ ਪਵਨਾ ਭਇਆ; ਪਵਨੈ ਤੇ ਜਲੁ ਹੋਇ   ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ’’ (ਮਹਲਾ /੧੯) ਭਾਵ ਅਦ੍ਰਿਸ਼ ਨਿਰਾਕਾਰ ਤੋਂ ਹਵਾ (ਗੈਸ ਆਦਿ) ਬਣੀ; ਫਿਰ ਗੈਸਾਂ ਤੋਂ ਪਾਣੀ ਬਣਿਆ; ਪਾਣੀ ਤੋਂ ਜੀਵ-ਜੰਤ ਬਣੇ। ਇਨ੍ਹਾਂ ਸਭ ’ਚ ਓਹੀ ਅਦ੍ਰਿਸ਼-ਸ਼ਕਤੀ ਮੌਜੂਦ ਹੈ (ਜਿਸ ਤੋਂ ਸ਼ੁਰੂ ਸ਼ੁਰੂ ’ਚ ਹਵਾ ਬਣੀ ਹੈ)। ਇਸਾਈ, ਯਹੂਦੀ, ਆਦਿਕ ਮੱਤ ਵਾਙ ਕੁਦਰਤ ਨੂੰ ਰਚਨ ’ਚ 6 ਦਿਨ ਨਹੀਂ ਲੱਗੇ ਤੇ ਨਾ ਹੀ 7ਵੇਂ ਦਿਨ ਥੱਕ ਜਾਣ ਕਾਰਨ ਮਾਲਕ ਨੇ ਅਰਾਮ ਕੀਤਾ ਹੈ (ਨੋਟ : ਇਸੇ ਕਾਰਨ ਦੁਨੀਆ ਭਰ ’ਚ 7ਵੇਂ ਦਿਨ ਸਰਕਾਰੀ ਛੁੱਟੀ ਹੋਣ ਲੱਗੀ) ਬਲਕਿ (ਉਹ ਐਨਾ ਤਾਕਤਵਰ ਹੈ ਕਿ) ਇਕੋ ਹੁਕਮ ਨਾਲ਼ ਇੱਕੋ ਸਕਿੰਟ ’ਚ ਸੰਸਾਰ ਬਣ ਗਿਆ, ‘‘ਕੀਤਾ ਪਸਾਉ; ਏਕੋ ਕਵਾਉ   ਤਿਸ ਤੇ ਹੋਏ; ਲਖ ਦਰੀਆਉ ..੧੬’’ (ਜਪੁ)

ਕੁਦਰਤ ਪ੍ਰਤੀ ਬਣੀ ਇਸ ਗ਼ਲਤ ਧਾਰਨਾ ਨੂੰ ਭੀ ਝੂਠ ਕਿਹਾ ਕਿ ਧਰਤੀ; ਇੱਕ ਬਲ਼ਦ ਦੇ ਸਿੰਗ ’ਤੇ ਖੜ੍ਹੀ ਹੈ। ਸਿੰਗ ਬਦਲਣ ’ਤੇ ਭੁਚਾਲ ਆਉਂਦਾ ਹੈ, ‘‘ਧਵਲੈ ਉਪਰਿ ਕੇਤਾ ਭਾਰੁ ?   ਧਰਤੀ; ਹੋਰੁ ਪਰੈ ਹੋਰੁ ਹੋਰੁ   ਤਿਸ ਤੇ ਭਾਰ ਤਲੈ; ਕਵਣੁ ਜੋਰੁ ? ..੧੬’’ (ਜਪੁ) ਭਾਵ ਅਣਗਿਣਤ ਧਰਤੀਆਂ ਹੇਠ ਤੁਹਾਡੇ ਅਨੁਸਾਰ ਅਣਗਿਣਤ ਬਲ਼ਦ ਹੋਣੇ; ਸਭ ਤੋਂ ਹੇਠਲੀ ਧਰਤੀ ਨੂੰ ਚੁੱਕੀ ਖੜ੍ਹੇ ਬਦਲ਼ ’ਤੇ ਉਪਰਲੀਆਂ ਸਭ ਧਰਤੀਆਂ ਦਾ ਕਿੰਨਾ ਅਸੀਮ ਭਾਰ ਹੋਏਗਾ ਤੇ ਫਿਰ ਸਭ ਤੋਂ ਹੇਠਲਾ ਬਲ਼ਦ, ਅਗਾਂਹ ਹੋਰ ਕਿਹੜੀ ਧਰਤੀ ’ਤੇ ਪੈਰ ਰੱਖੀ ਖੜ੍ਹਾ ਹੈ ? ਇਸ ਮਨੌਤ ਬਾਰੇ ਪੰਡਿਤ ’ਤੇ ਤੰਜ਼ ਕੱਸਦਿਆਂ ਕਬੀਰ ਜੀ ਪੁੱਛਦੇ ਹਨ ਕਿ ਉਤਾਂਹ ਅਕਾਸ਼ ’ਚ ਭੀ ਤਾਰੇ ਵਿਖਾਈ ਦਿੰਦੇ ਹਨ, ਉਹ ਅਕਾਸ਼ ਕਿਸ ਆਸਰੇ ਖੜ੍ਹਾ ਹੈ ਕਿਉਂਕਿ ਉਨ੍ਹਾਂ ਹੇਠ ਬਲ਼ਦ ਨਜ਼ਰ ਨਹੀਂ ਆ ਰਹੇ, ‘‘ਓਇ ਜੁ ਦੀਸਹਿ; ਅੰਬਰਿ (ਅਕਾਸ਼) ਤਾਰੇ   ਕਿਨਿ ਓਇ ਚੀਤੇ; ਚੀਤਨਹਾਰੇ  ?  ਕਹੁ ਰੇ ਪੰਡਿਤ ! ਅੰਬਰੁ ਕਾ ਸਿਉ ਲਾਗਾ   ਬੂਝੈ ਬੂਝਨਹਾਰੁ ਸਭਾਗਾ ਰਹਾਉ   ਸੂਰਜ ਚੰਦੁ ਕਰਹਿ ਉਜੀਆਰਾ   ਸਭ ਮਹਿ ਪਸਰਿਆ; ਬ੍ਰਹਮ ਪਸਾਰਾ   ਕਹੁ ਕਬੀਰ  ! ਜਾਨੈਗਾ ਸੋਇ   ਹਿਰਦੈ ਰਾਮੁ; ਮੁਖਿ (’) ਰਾਮੈ ਹੋਇ ’’ (ਭਗਤ ਕਬੀਰ/੩੨੯) ਭਾਵ ਇਹ ਸੂਖਮ ਰਾਜ਼; ਓਹੀ ਜਾਣੇਗਾ, ਜਿਸ ਦੇ ਹਿਰਦੇ ’ਚ ਤੇ ਜ਼ਬਾਨ ’ਤੇ ਸਰਬ ਵਿਆਪਕ ਰਾਮ ਵੱਸਦਾ ਹੈ (ਨਾ ਕਿ ਕੋਈ ਮੂਰਖ)। ਸੋ ਭਾਵੇਂ ਕਿ ਗੁਰਬਾਣੀ ’ਚ ਐਸਾ ਹੋਰ ਭੀ ਬਹੁਤ ਗਿਆਨ (ਸੱਚ) ਹੈ, ਪਰ ਉਸ ਨੂੰ ਨਿਤਨੇਮ ਦਾ ਭਾਗ ਨਹੀਂ ਬਣਾਇਆ।

ਨਿਤਨੇਮ ਦਾ ਮੰਤਵ : ਜੋਗੀਆਂ ਨੇ ਗੁਰੂ ਨਾਨਕ ਸਾਹਿਬ ਤੋਂ ਪੁੱਛਿਆ, ‘‘ਤੇਰਾ ਕਵਣੁ ਗੁਰੂ ? ਜਿਸ ਕਾ ਤੂ ਚੇਲਾ ..੪੩’’ ਆਪ ਦਾ ਜਵਾਬ ਸੀ, ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ..੪੪’’ (ਗੋਸਟਿ/ਮਹਲਾ /੯੪੩) ਭਾਵ ਕਰਤਾਰ ਦੀ ਸਿਫ਼ਤਿ ਰੂਪ ਸ਼ਬਦ; ਮੇਰਾ ਗੁਰੂ ਹੈ, ਟੀਚਾ ਹੈ, ਉਸ ਨਾਲ਼ ਜੁੜਨਾ ਜਾਂ ਉਸ ਵਿੱਚ ਧਿਆਨ ਜੋੜਣਾ; ਸਿੱਖ ਹੋਣਾ ਹੈ, ਚੇਲਾ ਬਣਨਾ ਹੈ। ਇਹੀ ਯੁਕਤੀ ਕਬੀਰ ਜੀ ਸਮਝਾਉਂਦੇ ਹਨ, ‘‘ਮਨੁ ਕਰਿ ਬੈਲੁ, ਸੁਰਤਿ ਕਰਿ ਪੈਡਾ.. ’’ (ਭਗਤ ਕਬੀਰ/੧੧੨੩) ਭਾਵ ਜੇ ਸੁਰਤਿ; ਮਾਰਗ ਹੋਵੇ, ਨਿਸ਼ਾਨਾ ਹੋਵੇ ਤਾਂ ਪਿੱਛੇ-ਪਿੱਛੇ ਮਨ-ਬੈਲ (ਤੁਰਦਿਆਂ) ਕਾਬੂ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦੇ ਹੋਰ ਭੀ ਬਚਨ ਹਨ, ‘‘ਸੁਰਤੀ ਕੈ ਮਾਰਗਿ (’ਤੇ) ਚਲਿ ਕੈ; ਉਲਟੀ ਨਦਰਿ ਪ੍ਰਗਾਸੀ ’’ (ਮਹਲਾ /੧੩੨੯) ਭਾਵ (ਕਰਤਾਰ ਵੱਲ ਜਾਂਦੇ) ਸੁਰਤਿ-ਮਾਰਗ ’ਤੇ ਚੱਲ ਕੇ ਮੱਤ ਬਦਲਦੀ ਹੈ, ਮਨ ਕਾਬੂ ਹੁੰਦਾ ਹੈ। ਦੂਜੇ ਪਾਸੇ ਸੰਸਾਰੀ ਬੰਦੇ ਦੀ ਮੱਤ; ਹੇਠਾਂ ਨੂੰ ਮਨ ਅਨੁਸਾਰ ਚੱਲਦੀ ਹੈ ਯਾਨੀ ਕਿ ਭੇਡ-ਮੱਤ; ਆਪਣੇ ਲੇਲ੍ਹੇ-ਮਨ ਨੂੰ ਚੁੰਘਦੀ ਹੈ, ‘‘ਕਹੁ ਕਬੀਰ  ! ਪਰਗਟੁ ਭਈ ਖੇਡ   ਲੇਲੇ ਕਉ ਚੂਘੈ ਨਿਤ ਭੇਡ ’’ (ਭਗਤ ਕਬੀਰ/੩੨੬)

ਗੁਰੂ ਨਾਨਕ ਸਾਹਿਬ ਨੇ ਮਨੁੱਖ ਦੀ ਸੁਰਤਿ ਨੂੰ ਉੱਚਾ ਚੁੱਕਣ ਲਈ ਉੱਚੇ ਕਰਤਾਰ ਦੇ ਗੁਣਾਂ ਨਾਲ਼ ਜੋੜਨ ਨੂੰ ਨਿਤਨੇਮ ਬਣਾਇਆ ਤਾਂ ਕਿ ਨੀਵੀਂ ਸੋਚ ਵਾਲ਼ੇ ਕੀੜੇ-ਮਨੁੱਖ ਅੰਦਰ ਭੀ ਅਕਾਸ਼ ਵੱਲ ਉੱਡਣ ਦੀ ਤਾਂਘ ਜਾਗ ਪਵੇ; ਜੈਸਾ ਕਿ ਵਾਕ ਹੈ ‘‘ਸੁਣਿ ਗਲਾ ਆਕਾਸ ਕੀ; ਕੀਟਾ ਆਈ ਰੀਸ ..੩੨’’ (ਜਪੁ) ਸੁਰਤਿ ਨੂੰ ਉੱਚਾ ਕਰਾਉਣ ਵਾਲ਼ੇ ਸਤਿਗੁਰੂ ਨਾਲ਼ ਸੰਵਾਦ ਕਰਨ ਨੂੰ ਭੀ ਨਿਤਨੇਮ ’ਚ ਸ਼ਾਮਲ ਕੀਤਾ; ਜਿਵੇਂ ਕਿ ‘ਜਪੁ’ ਜੀ ਵਿੱਚ ਹੈ, ‘‘ਗੁਰਾ  ! ਇਕ ਦੇਹਿ ਬੁਝਾਈ   ਸਭਨਾ ਜੀਆ ਕਾ ਇਕੁ ਦਾਤਾ; ਸੋ ਮੈ ਵਿਸਰਿ ਜਾਈ ’’ ਅਤੇ ਰਹਰਾਸਿ ਵਿੱਚ ਹੈ, ‘‘ਹਰਿ ਕੇ ਜਨ ਸਤਿਗੁਰ ਸਤਪੁਰਖਾ ! ਬਿਨਉ ਕਰਉ ਗੁਰ ਪਾਸਿ ਹਮ ਕੀਰੇ ਕਿਰਮ, ਸਤਿਗੁਰ ਸਰਣਾਈ; ਕਰਿ ਦਇਆ ਨਾਮੁ ਪਰਗਾਸਿ ’’ (ਸੋ ਦਰੁ/ਮਹਲਾ /੧੦) ਯਾਨੀ ਅਸੀਂ ਛੋਟੀ ਅਕਲ ਵਾਲ਼ੇ ਕੀੜੇ ਹਾਂ। ਤੇਰੀ ਮਿਹਰ ਤੋਂ ਬਿਨਾਂ ਅਕਾਸ਼ ’ਚ ਉੱਡਣ ਦੀ ਗੱਲ ਕਰਨਾ, ਨਿਰਾ ਝੂਠ ਹੈ, ‘‘ਸੁਣਿ ਗਲਾ ਆਕਾਸ ਕੀ; ਕੀਟਾ ਆਈ ਰੀਸ   ਨਾਨਕ  ! ਨਦਰੀ ਪਾਈਐ; ਕੂੜੀ ਕੂੜੈ ਠੀਸ ੩੨’’ (ਜਪੁ) ‘ਕੂੜੀ ਕੂੜੈ ਠੀਸ’ ਤੋਂ ਭਾਵ ਝੂਠੇ ਦੀ ਨਿਰੀ ਗੱਪ ਹੈ।

ਗੁਰੂ ਸਾਹਿਬ ਦੁਆਰਾ ਬਣਾਏ ਨਿਤਨੇਮ (ਨਿੱਤ ਦੇ ਨੇਮ) ਦਾ ਭਾਵ; ਦਾਤਾਰ-ਪਿਤਾ ਅਤੇ ਸਤਿਗੁਰੂ ਨੂੰ ਯਾਦ ਕਰਨਾ ਹੈ, ਉਨ੍ਹਾਂ ਨਾਲ਼ ਸੰਵਾਦ ਕਰਨਾ ਹੈ ਤਾਂ ਕਿ ਉਨ੍ਹਾਂ ਦੀ ਬਖ਼ਸ਼ਸ਼ ਦਾ ਪਾਤਰ ਬਣਿਆ ਜਾ ਸਕੇ; ਇਉਂ ਮਨ ’ਚ ਸੱਚ ਪ੍ਰਤੀ ਪ੍ਰੇਮ ਤੇ ਸ਼ਰਧਾ ਉਪਜਦੀ ਹੈ ਤੇ ਭਰਮ ਨਾਸ ਹੁੰਦਾ ਹੈ। ‘ਜਪੁ’ ਤੇ ‘ਜਾਪੁ’ ਦਾ ਅਰਥ ਹੈ ‘ਸਿਮਰਨ’। ‘ਰਹਰਾਸਿ’ ਦਾ ਅਰਥ ਹੈ ‘ਜੀਵਨ ਸਫ਼ਰ ਦੀ ਪੂੰਜੀ ਯਾਨੀ ਰਾਹ ਦੀ ਪੂੰਜੀ’ ਭਾਵ ਸਿਮਰਨ। ਸਿਮਰਨ; ਸੰਸਕ੍ਰਿਤ ਦਾ ਸ਼ਬਦ ਹੈ। ਉਰਦੂ ’ਚ ‘ਯਾਦ ਕਰਨਾ’ ਤੇ ਪੰਜਾਬੀ ’ਚ ‘ਚੇਤੇ ਰੱਖਣਾ’ ਹੁੰਦਾ ਹੈ। ਸਮੁੱਚੀ ਬਾਣੀ ਸਿਮਰਨ ਕਰਨ ਲਈ ਪ੍ਰੇਰਦੀ ਹੈ; ਜਿਵੇਂ ਕਿ ਸੁਖਮਨੀ ਸਾਹਿਬ ’ਚ ਸਿਮਰਨ (ਜਪੁ, ਜਾਪੁ, ਰਹਰਾਸਿ) ਦੇ ਲਾਭ ਗਿਣੇ ਗਏ ਹਨ, ‘‘ਪ੍ਰਭ ਕੈ ਸਿਮਰਨਿ (ਨਾਲ਼) ਗਰਭਿ (’) ਬਸੈ ਪ੍ਰਭ ਕੈ ਸਿਮਰਨਿ; ਦੂਖੁ ਜਮੁ ਨਸੈ .. ਪ੍ਰਭ ਕੈ ਸਿਮਰਨਿ; ਭਉ ਬਿਆਪੈ ਪ੍ਰਭ ਕੈ ਸਿਮਰਨਿ; ਦੁਖੁ ਸੰਤਾਪੈ ’’ (ਸੁਖਮਨੀ/ਮਹਲਾ /੨੬੩) ਸਮੁੱਚੀ ਗੁਰਬਾਣੀ ਅਨੁਸਾਰ ਅਸਲ ਧਰਮ; ਸਿਮਰਨ ਕਰਨਾ ਹੈ (ਸਰਬ ਧਰਮ ਮਹਿ ਸ੍ਰੇਸਟ ਧਰਮੁ ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ ਸੁਖਮਨੀ/ਮਹਲਾ /੨੬੬) ਹੋਰ ਸ਼ਬਦ ਹਨ, ‘‘ਦੁਖ ਭੰਜਨੁ ਤੇਰਾ ਨਾਮੁ ਜੀ ! ਦੁਖ ਭੰਜਨੁ ਤੇਰਾ ਨਾਮੁ   ਆਠ ਪਹਰ ਆਰਾਧੀਐ; ਪੂਰਨ ਸਤਿਗੁਰ ਗਿਆਨੁ ਰਹਾਉ ’’ (ਮਹਲਾ /੨੧੮) ਭਾਵ ਹੇ ਪ੍ਰਭੂ ! ਤੇਰਾ ਨਾਮ ਭਾਵ ਸਿਮਰਨ ਹੀ ਦੁੱਖਾਂ ਨੂੰ ਨਾਸ ਕਰਨ ਵਾਲ਼ਾ ਹੈ। ਅੱਠੇ ਪਹਿਰ ਸਿਮਰਨ ਕਰਨਾ ਚਾਹੀਦਾ ਹੈ। ਇਹੀ ਹੈ ‘ਸਤਿਗੁਰੂ ਦਾ ਪੂਰਨ ਗਿਆਨ’ ਭਾਵ ਮੂਲ ਉਪਦੇਸ਼।

ਗੁਰੂ ਸਾਹਿਬਾਨ ਨੇ ਗੁਰਬਾਣੀ ਨੂੰ ਪੜ੍ਹਨ ਦੀ ਥਾਂ ਇਸ ਦੀ ਵਿਚਾਰ ਕਰਨ ਨੂੰ ਵੱਧ ਲਾਭਕਾਰੀ ਕਿਹਾ ਹੈ; ਜਿਵੇਂ ਕਿ ਸ਼ਬਦ ਹਨ, ‘‘ਪੜਿਐ ਨਾਹੀ; ਭੇਦੁ ਬੁਝਿਐ ਪਾਵਣਾ (ਮਹਲਾ /੧੪੮), ਸਭਸੈ ਊਪਰਿ ਗੁਰ ਸਬਦੁ ਬੀਚਾਰੁ (ਮਹਲਾ /੯੦੪), ਡਿਠੈ ਮੁਕਤਿ ਹੋਵਈ; ਜਿਚਰੁ ਸਬਦਿ ਕਰੇ ਵੀਚਾਰੁ ’’ (ਮਹਲਾ /੫੯੪) ਜਦਕਿ ਬਹੁਤਾ ਪੜ੍ਹਨ ਬਾਰੇ ਉਪਦੇਸ਼ ਹੈ, ‘‘ਪੜੀਅਹਿ ਜੇਤੇ ਬਰਸ ਬਰਸ; ਪੜੀਅਹਿ ਜੇਤੇ ਮਾਸ (ਮਾਹ)  ਪੜੀਐ ਜੇਤੀ ਆਰਜਾ; ਪੜੀਅਹਿ ਜੇਤੇ ਸਾਸ   ਨਾਨਕ  ! ਲੇਖੈ (’) ਇਕ ਗਲ; ਹੋਰੁ ਹਉਮੈ ਝਖਣਾ ਝਾਖ ’’ (ਮਹਲਾ /੪੬੭), ਪਰ ਅਫ਼ਸੋਸ ਕਿ ਸੰਖੇਪ ਨਿਤਨੇਮ ਦਾ ਮੰਤਵ ਜਾਣਨ ਦੀ ਥਾਂ ਇਸ ਨੂੰ ਵਧਾਉਣ ਲਈ ਵੱਧ ਬਾਣੀਆਂ ਪੜ੍ਹਨ ਦੇ ਲਾਭ ਦੱਸੇ ਜਾਂਦੇ ਹਨ, ਜਿਸ ਨਾਲ਼ ਨਿਤਨੇਮ ਦਾ ਮਨੋਰਥ ਸਮਝਣਾ ਕਠਿਨ ਹੁੰਦਾ ਜਾ ਰਿਹਾ ਹੈ, ਉਸ ਤੋਂ ਦੂਰ ਹੋਣਾ ਹੈ।

ਪੰਥਕ ਏਕਤਾ ਨੂੰ ਮਜਬੂਤ ਕਰਨ ਲਈ ਤਕਰੀਬਨ 13 ਸਾਲ (ਸੰਨ 1932 ਤੋਂ 1945) ਤੱਕ ਕੀਤੇ ਵਿਚਾਰ-ਵਟਾਂਦਰੇ ਉਪਰੰਤ ਸਿੱਖ ਕੌਮ ਨੇ ਅਕਾਲ ਤਖ਼ਤ ਸਾਹਿਬ (ਅੰਮ੍ਰਿਤਸਰ ਸਾਹਿਬ) ਤੋਂ ਲਾਗੂ ਕੀਤੀ ਸਰਬ ਪ੍ਰਵਾਣਿਤ ਸਿੱਖ ਰਹਿਤ ਮਰਿਆਦਾ ਅਨੁਸਾਰ ਇਹ ਨਿਤਨੇਮ ਹੈ : ਸੁਬ੍ਹਾ ‘ਜਪੁ, ਜਾਪੁ ਤੇ 10 ਸਵੱਈਏ’ (‘ਸ੍ਰਾਵਗ ਸੁਧ’ ਵਾਲ਼ੇ), ਸ਼ਾਮ ਨੂੰ ਰਹਰਾਸਿ ’ਚ ਸ਼ਬਦ ਹਨ ‘ਗੁਰੂ ਗ੍ਰੰਥ ਸਾਹਿਬ ’ਚ ਦਰਜ 9 ਸ਼ਬਦ (‘‘ਸੋ ਦਰੁ ਤੇਰਾ ਕੇਹਾ’’ ਤੋਂ ‘‘ਸਰਣਿ ਪਰੇ ਕੀ ਰਾਖਹੁ ਸਰਮਾ ’’ ਅੰਕ 8 ਤੋਂ 12 ਤੱਕ), ਬੇਨਤੀ ਚੌਪਈ ਪਾਤਿਸ਼ਾਹੀ ੧੦ (ਹਮਰੀ ਕਰੋ ਹਾਥ ਦੈ ਰੱਛਾ’ ਤੋਂ ਲੈ ਕੇ ‘ਦੁਸਟ ਦੋਖ ਤੇ ਲੇਹੁ ਬਚਾਈ’ ਤੱਕ), ਸ੍ਵੈਯਾ (‘ਪਾਇ ਗਹੇ ਜਬ ਤੇ ਤੁਮਰੇ’ ਅਤੇ) ਦੋਹਰਾ (ਸਗਲ ਦੁਆਰ ਕਉ ਛਾਡਿ ਕੈ), ਅਨੰਦ ਸਾਹਿਬ ਦੀਆਂ ਪਹਿਲੀਆਂ 5 ਪਉੜੀਆਂ ਤੇ ਅੰਤਲੀ ਇਕ ਪਉੜੀ, ਮੁੰਦਾਵਣੀ ਤੇ ਸਲੋਕ ਮਹਲਾ ੫ (ਤੇਰਾ ਕੀਤਾ ਜਾਤੋ ਨਾਹੀ) ਅਤੇ ਰਾਤ ਨੂੰ ਸੌਣ ਵੇਲ਼ੇ ਸੋਹਿਲਾ (‘‘ਜੈ ਘਰਿ ਕੀਰਤਿ ਆਖੀਐ’’ ਤੋਂ ਲੈ ਕੇ ‘‘ਨਾਨਕ ਦਾਸੁ ਇਹੈ ਸੁਖੁ ਮਾਗੈ; ਮੋ ਕਉ ਕਰਿ ਸੰਤਨ ਕੀ ਧੂਰੇ ’’ ਤੱਕ 5 ਸ਼ਬਦ ਹਨ), ਪਰ ਅਫ਼ਸੋਸ ਕਿ ਬਹੁਤਿਆਂ ਨੂੰ ਨਾ ਇਸ ਦਾ ਭਾਵ ਪਤਾ ਹੈ ਤੇ ਨਾ ਹੀ ਇਹ ਜ਼ਬਾਨੀ ਯਾਦ (ਕੰਠ) ਹੈ। ਗੁਟਕਾ ਸਾਹਿਬ ਤੋਂ ਵੇਖ ਕੇ ਨਿਤਨੇਮ ਕੀਤਾ ਜਾਂਦਾ ਹੈ।

ਨਿਤਨੇਮ ਨੂੰ ਅਰਥਾਂ ਸਹਿਤ ਕੰਠ ਕਰਨਾ ਹੈ ਤਾਂ ਕਿ ਇਸ ਵਿੱਚ ਪ੍ਰੋਏ ਮੋਤੀ; ਸੁਰਤਿ ਨੂੰ ਆਪਣੇ ਵੱਲ ਉੱਚਾ ਖਿੱਚਣ; ਜਿਵੇਂ ਕਿ ਵਾਕ ਹੈ, ‘‘ਧੁਨਿ ਮਹਿ ਧਿਆਨੁ; ਧਿਆਨ ਮਹਿ ਜਾਨਿਆ; ਗੁਰਮੁਖਿ ਅਕਥ ਕਹਾਨੀ ’’ (ਮਹਲਾ /੮੭੯) ਭਾਵ ਗੁਰਮੁਖ; ਪ੍ਰਭੂ ਦੀ ਸਿਫ਼ਤਿ-ਧੁਨੀ ’ਚ ਧਿਆਨ ਜੋੜ-ਜੋੜ ਉੱਚੇ ਨੂੰ ਜਾਣ ਲੈਂਦਾ ਹੈ, ਉਸ ਤੋਂ ਮੋਹਿਆ ਜਾਂਦਾ ਹੈ।

ਸੰਖੇਪ ਨਿਤਨੇਮ; ਕੰਠ ਕਰਨਾ ਅਸਾਨ ਹੈ। ਅੱਖਾਂ ਬੰਦ ਕਰ ਨਿਤਨੇਮ ’ਚ ਧਿਆਨ ਵੱਧ ਜੁੜਦਾ ਹੈ, ਅਸਲ ਮੰਤਵ ਭੀ ਸਮਝ ਲੱਗਦਾ ਹੈ ਤੇ ਸੁਰਤਿ ਉੱਚੀ ਹੁੰਦੀ ਹੈ। ਦੂਜੇ ਪਾਸੇ ਸੁਖਮਨੀ ਸਾਹਿਬ, ਚੌਪਈ, ਦੁੱਖ ਭੰਜਨੀ ਆਦਿ ਦੇ ਪਾਠ ਕਰਨ ਵਾਲ਼ੀਆਂ ਅਨੇਕਾਂ ਬੀਬੀਆਂ, ਜੋ ਚੌਪਹਿਰੇ ਭੀ ਕੱਟਦੀਆਂ ਹਨ, ਫਿਰ ਭੀ ਮਨਮਤੀ ਕਰਵਾ ਚੌਥ ਵਰਤ ਰੱਖਦੀਆਂ ਹਨ। ਇਹ ਭੀ ਨਾ ਸਮਝ ਆਈ ਕਿ ‘ਸਿਮਰਨ’ ਕਰਨ ਨਾਲ਼ ਦੁੱਖ ਮਿਟਦੇ ਹਨ, ਨਾ ਕਿ ਦੁਕਾਨਦਾਰਾਂ ਦੁਆਰਾ ਗੁਰਬਾਣੀ ’ਚੋਂ ‘ਦੁਖ, ਦੁਖ’ ਸ਼ਬਦ ਚੁਣ ਕੇ ਇਕੱਤਰ ਕੀਤੇ ਕੇਵਲ ‘ਦੁੱਖ ਭੰਜਨੀ’ ਸ਼ਬਦ ਪੜ੍ਹਨ ਨਾਲ਼।

ਸੋ ਬਾਣੀਆਂ ਵੱਧ ਪੜ੍ਹ ਕੇ ਨਹੀਂ; ਇਸ ਦੇ ਮੰਤਵ ਨੂੰ ਸਮਝਣ ਨਾਲ਼ ਬਖ਼ਸ਼ਸ਼ ਹੁੰਦੀ ਹੈ, ਸੁਰਤਿ ਉੱਚੀ ਹੁੰਦੀ ਹੈ। ਸੁਰਤਿ ਉੱਚਾ ਉੱਠਾਉਣਾ; ਦੁਨੀਆਂ ਦਾ ਸਭ ਤੋਂ ਕਠਿਨ ਕੰਮ ਹੈ। ਸ਼ਾਮ ਨੂੰ ਪੜ੍ਹਦੇ ਹਾਂ, ‘‘ਆਖਾ ਜੀਵਾ; ਵਿਸਰੈ ਮਰਿ ਜਾਉ   ਆਖਣਿ ਅਉਖਾ; ਸਾਚਾ ਨਾਉ ’’ (ਸੋ ਦਰੁ/ਮਹਲਾ /) ਭਾਵ ਰੱਬੀ ਗੁਣ ਗਾਉਂਦਾ ਹਾਂ ਤਾਂ ਜੀਵਨ ਉੱਚਾ ਹੁੰਦਾ ਹੈ, ਜਦ ਭੁਲਾ ਦਿੰਦਾ ਹਾਂ ਤਾਂ ਸੁਰਤਿ ਨੀਵੀਂ ਰਹਿੰਦੀ ਹੈ, ਮਰ ਜਾਂਦਾ ਹਾਂ। ਇਹ ਸੋਝੀ ਹੋਣ ’ਤੇ ਭੀ ਨਾਮ ਜਪਣਾ; ਬੜਾ ਕਠਿਨ ਹੈ। ਜੈਸੇ ਪਾਣੀ ਹੇਠਾਂ ਨੂੰ ਵਹਿੰਦਾ ਹੈ; ਵੈਸੇ ਮਨੁੱਖ ਦੀ ਸੋਚ ਭੀ ਹੇਠਾਂ ਵੱਲ ਜਾਂਦੀ ਹੈ, ਭਰਮ ’ਚ ਪਾਈ ਜਾ ਸਕਦੀ ਹੈ। ਇੱਕ ਭਰਮ (ਸੂਤਕ-ਪਾਤਕ) ਦਾ ਜ਼ਿਕਰ ਕਬੀਰ ਜੀ ਕਰਦੇ ਹਨ, ‘‘ਫਾਸਨ ਕੀ ਬਿਧਿ ਸਭੁ ਕੋਊ ਜਾਨੈ; ਛੂਟਨ ਕੀ ਇਕੁ ਕੋਈ   ਕਹਿ ਕਬੀਰ ਰਾਮੁ ਰਿਦੈ ਬਿਚਾਰੈ; ਸੂਤਕੁ ਤਿਨੈ ਹੋਈ ’’ (ਭਗਤ ਕਬੀਰ/੩੩੧) ਭਾਵ ਲੋਕ; ਭਰਮਾਂ ’ਚ ਪੈਣਾ ਜਾਣਦੇ ਹਨ। ਇਨ੍ਹਾਂ ਤੋਂ ਮੁਕਤ ਹੋਣਾ ਨਹੀਂ। ਕੋਈ ਵਿਰਲਾ ਹੀ ਦਿਲ ਤੋਂ ਰਾਮ ਨੂੰ ਸਿਮਰਦਾ ਹੈ। ਉਸ ਦੇ ਮਨ ’ਚ ਸੂਤਕ-ਪਾਤਕ ਵਾਲ਼ਾ ਭਰਮ ਨਹੀਂ ਹੁੰਦਾ। ‘ਸੂਤਕ-ਪਾਤਕ’ ਤੋਂ ਭਾਵ ਬੱਚੇ ਦੇ ਜਨਮ ਜਾਂ ਮਰਨ ਸਮੇਂ ਘਰ ਅਪਵਿੱਤਰ ਹੋਣਾ ਹੈ। ਬੱਚੇ ਦੇ ਜਨਮ ਸਮੇਂ ਪੰਡਿਤ ਦੇ ਘਰ ’ਚ ਇਹ ਅਸ਼ੁੱਧੀ/ਸੂਤਕ 11 ਦਿਨ, ਖੱਤਰੀ ਦੇ 13 ਦਿਨ, ਵੈਸ਼ ਦੇ 17 ਦਿਨ ਤੇ ਸ਼ੂਦਰ ਦੇ 30 ਦਿਨ ਰਹਿੰਦਾ, ਮੰਨਿਆ ਗਿਆ। ਮੌਤ ਹੋਣ ’ਤੇ ਪੰਡਿਤ ਦਾ ਘਰ 10 ਦਿਨ, ਖੱਤਰੀ ਦਾ 12 ਦਿਨ, ਵੈਸ਼ ਦਾ 15 ਦਿਨ ਤੇ ਸ਼ੂਦਰ ਦਾ ਘਰ 30 ਦਿਨ ਅਸ਼ੁੱਧ/ਪਾਤਕ ਹੁੰਦਾ, ਮੰਨਿਆ ਗਿਆ। ਐਸਾ ਭੀ ਸਮਝ ਸਕਦੇ ਹਾਂ ਕਿ ਸੁਰਤਿ ਨੂੰ ਉੱਚਾ ਕਰਨ ਵਾਲ਼ਾ ਕੰਮ (ਨਿਤਨੇਮ ਦਾ ਮੰਤਵ); ਕਠਿਨ ਹੋਣ ਕਾਰਨ ਬਾਕੀ ਬਾਣੀਆਂ ਨੂੰ ਨਿਤਨੇਮ ’ਚ ਜੋੜਨ ਵੱਲ ਵਧਿਆ ਗਿਆ।

ਜੇਕਰ ਥੋੜ੍ਹਾ ਨੀਵਾਂ ਜਹਾਜ਼ ਉੱਪਰ ਦੀ ਲੰਘ ਜਾਵੇ ਤਾਂ ਹਰ ਕੋਈ ਉਸ ਦੀਆਂ ਗੱਲਾਂ ਕਰਦਾ ਹੈ, ਉਸ ਤੋਂ ਪ੍ਰਭਾਵਤ ਹੋ ਜਾਂਦਾ ਹੈ। ਕਰਤਾਰ ਨੇ ਮਨੁੱਖ ਲਈ ਦਿਨ ਤੇ ਰਾਤ ਬਣਾਏ; ਜੈਸਾ ਕਿ ਨਿੱਤ ਪੜ੍ਹਿਆ ਜਾਂਦਾ ਹੈ ‘‘ਜੇਵਡੁ ਆਪਿ; ਤੇਵਡ ਤੇਰੀ ਦਾਤਿ   ਜਿਨਿ ਦਿਨੁ ਕਰਿ ਕੈ; ਕੀਤੀ ਰਾਤਿ ’’ (ਸੋ ਦਰੁ/ਮਹਲਾ /੧੦) ਭਾਵ ਹੇ ਮਾਲਕ !  ਤੂੰ ਜਿੰਨਾ ਵੱਡਾ ਹੈਂ, ਓਨੀ ਹੀ ਵੱਡੀ ਤੇਰੀ ਦਾਤ (ਕੁਦਰਤ) ਹੈ, ਜਿਸ ਵਿੱਚ (ਕੰਮ-ਕਾਰ ਕਰਨ ਲਈ) ਦਿਨ ਬਣਾ ਕੇ ਫਿਰ (ਅਰਾਮ ਕਰਨ ਲਈ) ਤੈਂ ਰਾਤ ਬਣਾਈ ਹੈ, ਪਰ ਕੀ ਇਸ ਵਿਸ਼ਾਲ ਦਾਤ ਨੂੰ ਸਮਝ ਕੇ ਸਿੱਖ ਭੀ ਓਨਾ ਪ੍ਰਭਾਵਤ ਹੁੰਦਾ ਹੈ। ਚਿਤਾਵਨੀ ਭੀ ਦਿੱਤੀ ਕਿ ਜੋ ਇਸ ਨੂੰ ਨਾ ਸਮਝੇ; ਉਹ ਸੱਚ ਤੋਂ ਟੁੱਟੇ ਹੋਏ ਹਨ, ਛੋਟੀ ਜਾਤ (ਸੋਚ) ਵਾਲ਼ੇ ਹਨ, ‘‘ਖਸਮੁ ਵਿਸਾਰਹਿ; ਤੇ ਕਮਜਾਤਿ   ਨਾਨਕ  ! ਨਾਵੈ ਬਾਝੁ ਸਨਾਤਿ ’’ ਪੂਰਨ ਸੱਚ ਦਾ ਕੋਈ ਤਿਲ ਮਾਤਰ ਭੀ ਵਰਣਨ ਨਹੀਂ ਕਰ ਸਕਦਾ; ਇਹ ਭੀ ਨਿੱਤ ਪੜ੍ਹੀਦਾ ਹੈ, ‘‘ਸਾਚੇ ਨਾਮ ਕੀ ਤਿਲੁ ਵਡਿਆਈ   ਆਖਿ ਥਕੇ; ਕੀਮਤਿ ਨਹੀ ਪਾਈ ’’ (ਸੋ ਦਰੁ/ਮਹਲਾ /)

‘ਜਪੁ’ ਸਾਹਿਬ ’ਚ ਹੈ, ‘‘ਵਡਾ ਸਾਹਿਬੁ; ਊਚਾ ਥਾਉ   ਊਚੇ ਉਪਰਿ; ਊਚਾ ਨਾਉ ..੨੪’’ ਭਾਵ ਮਾਲਕ ਆਪ ਬਹੁਤ ਉੱਚਾ ਹੈ। ਮਾਇਆ ਤੋਂ ਨਿਰਲੇਪ ਹੈ। ਉਸ ਦੇ ਗੁਣ ਭੀ ਬੜੇ ਉੱਚੇ (ਭਾਵ ਕੁਦਰਤ ’ਚ) ਵਿਸ਼ਾਲ ਹਨ, ‘‘ਵਡਾ ਸਾਹਿਬੁ, ਵਡੀ ਨਾਈ; ਕੀਤਾ ਜਾ ਕਾ ਹੋਵੈ ..੨੧’’ ਇਨ੍ਹਾਂ ਉਪਕਾਰਾਂ ਬਦਲੇ ਉਹ ਕੋਈ ਤਮਾਅ (ਉਮੀਦ) ਭੀ ਨਹੀਂ ਰੱਖਦਾ ਕਿ ਉਸ ਦੀ ਤਾਰੀਫ਼ ਕੀਤੀ ਜਾਵੇ, ‘‘ਬਹੁਤਾ ਕਰਮੁ ਲਿਖਿਆ ਨਾ ਜਾਇ   ਵਡਾ ਦਾਤਾ; ਤਿਲੁ ਤਮਾਇ ..੨੫’’ ਇਹੀ ਰਹਰਾਸਿ ’ਚ ਹੈ, ‘‘ਵਡੇ ਮੇਰੇ ਸਾਹਿਬਾ ! ਗਹਿਰ ਗੰਭੀਰਾ ! ਗੁਣੀ ਗਹੀਰਾ   ਕੋਇ ਜਾਣੈ; ਤੇਰਾ ਕੇਤਾ ਕੇਵਡੁ ਚੀਰਾ ਰਹਾਉ ’’ (ਸੋ ਦਰੁ/ਮਹਲਾ /) ਅਨੰਦ ਸਾਹਿਬ ’ਚ ਭੀ ਹੈ, ‘‘ਸਾਚੇ ਸਾਹਿਬਾ  ! ਕਿਆ ਨਾਹੀ ਘਰਿ+ਤੇਰੈ (’)  ਘਰਿ ਤੇਰੈ, ਸਭੁ ਕਿਛੁ ਹੈ; ਜਿਸੁ ਦੇਹਿ, ਸੁ ਪਾਵਏ ..’’ (ਅਨੰਦ/ਮਹਲਾ /੯੧੭) ਗੁਰੂ ਗ੍ਰੰਥ ਸਾਹਿਬ ਦਾ ਅੰਤਮ ਸ਼ਬਦ ਹੀ ਰਹਰਾਸਿ ’ਚ ਅੰਤਮ ਸ਼ਬਦ ਹੈ, ‘‘ਤੇਰਾ ਕੀਤਾ ਜਾਤੋ ਨਾਹੀ; ਮੈਨੋ ਜੋਗੁ ਕੀਤੋਈ   ਮੈ ਨਿਰਗੁਣਿਆਰੇ, ਕੋ ਗੁਣੁ ਨਾਹੀ; ਆਪੇ ਤਰਸੁ ਪਇਓਈ ’’ (ਮਹਲਾ /੧੪੨੯) ਰਾਤ ਨੂੰ ਸੋਹਿਲਾ ਸਾਹਿਬ ਭੀ ਮਾਲਕ ਦੀ ਵਿਸ਼ਾਲਤਾ ਬਾਰੇ ਹੈ, ‘‘ਗਗਨ ਮੈ ਥਾਲੁ; ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ, ਜਨਕ ਮੋਤੀ   ਧੂਪੁ ਮਲਆਨਲੋ, ਪਵਣੁ ਚਵਰੋ ਕਰੇ; ਸਗਲ ਬਨਰਾਇ ਫੂਲੰਤ ਜੋਤੀ   ਕੈਸੀ ਆਰਤੀ ਹੋਇ   ਭਵ ਖੰਡਨਾ ! ਤੇਰੀ ਆਰਤੀ   ਅਨਹਤਾ ਸਬਦ ਵਾਜੰਤ ਭੇਰੀ ਰਹਾਉ ’’ (ਸੋਹਿਲਾ/ਮਹਲਾ /੧੩) ਭਾਵ ਵਿਸ਼ਾਲ ਕੁਦਰਤ ’ਚ ਆਕਾਸ਼ਮਈ ਥਾਲ ਹੈ, ਜਿਸ ਵਿੱਚ ਚੰਦ ਤੇ ਸੂਰਜ; ਦੋ ਦੀਵੇ ਹਨ। ਸਮੂਹ ਤਾਰੇ; ਇਸ ਆਕਾਸ਼ਮਈ-ਥਾਲ ’ਚ ਮਾਨੋ ਮੋਤੀ ਰੱਖੇ ਹਨ। ਸ੍ਰੀਲੰਕਾ ਦਾ ਮਲਿਆ ਪਰਬਤ; ਸੁਗੰਧੀ ਦੇ ਰਿਹਾ ਹੈ। ਹਵਾ; ਚੌਰ ਕਰ ਰਹੀ ਹੈ। ਸਾਰੀ ਬਨਸਪਤੀ; ਜੋਤਾਂ ਦੇ ਸਮੂਹ (ਜੋਤੀ) ਮਾਲਕ ਉੱਤੇ ਫੁੱਲਾਂ ਦੀ ਵਰਖਾ ਕਰ ਰਹੀ ਹੈ। ਹੇ ਸੰਸਾਰ-ਸਮੁੰਦਰ ’ਚੋਂ ਤਾਰਨ ਵਾਲ਼ੇ ! ਤੇਰੀ ਕੈਸੀ ਅਦਭੁਤ ਆਰਤੀ ਹੈ, ਜੋ ਮੇਰੇ ਮਨ ਨੂੰ ਮੋਹ ਰਹੀ ਹੈ।

ਹੁਣ ਕੀ ਸਿੱਖ; ਇਨ੍ਹਾਂ ਪਾਵਨ ਬਚਨਾਂ ਨੂੰ ਨਿੱਤ ਪੜ੍ਹ ਕੇ ਨੀਵਾਂ ਲੰਘਿਆ ਜਹਾਜ਼ ਵੇਖਣ ਵਾਙ ਮੋਹਿਆ ਜਾਂਦਾ ਹੈ ਜਾਂ ‘ਅੱਗਾ ਦੌੜ ਪਿੱਛਾ ਚੌੜ’ ਹੋ ਰਿਹਾ ਹੈ ਯਾਨੀ ਬਹੁਤੇ ਪਾਠ ਕਰਨ ਦੇ ਚੱਕਰ ’ਚ ਗੁਰਬਾਣੀ ਦਾ ਤਤਸਾਰ (ਨਿਤਨੇਮ ਦਾ ਮੰਤਵ) ਹੀ ਭੁੱਲ ਬੈਠੇ ਹਾਂ।

ਸਿਮਰਨ ਕਰਨ ਨਾਲ਼ ਹੁੰਦੀ ਖ਼ਾਸ ਬਖ਼ਸ਼ਸ਼ : ਕਰਤਾਰ; ਸਭ ਨੂੰ ਦਾਤਾਂ ਦਿੰਦਾ ਹੈ, ‘‘ਦਦਾ, ਦਾਤਾ ਏਕੁ ਹੈ; ਸਭ ਕਉ ਦੇਵਨਹਾਰ ’’ ਭਾਵੇਂ ਕੋਈ ਉਸ ਨੂੰ ਯਾਦ ਕਰੇ ਜਾਂ ਨਾ ਕਰੇ, ਇਹ ਦਾਤਾਂ ਮਿਲਦੀਆਂ ਰਹਿਣੀਆਂ ਹਨ। ਭਗਤ; ਮਾਲਕ ਦਾ ਸ਼ੁਕਰਾਨਾ ਕਰਦਾ ਹੈ, ਸਿਮਰਨ ਕਰਦਾ ਹੈ ਤੇ ਆਪਣੇ ਡੋਲਦੇ ਮਨ ਕਾਰਨ ਹੁੰਦੀ ਅਵੱਗਿਆ ਲਈ ਅਰਦਾਸ ਰਾਹੀਂ ਮਾਫ਼ੀ ਮੰਗਦਾ ਹੈ; ਇਉਂ ਮਾਲਕ ਪ੍ਰਸੰਨ ਹੁੰਦਾ ਕਹਿੰਦਾ ਹੈ, ‘‘ਦਾਸ ਅਨਿੰਨ; ਮੇਰੋ ਨਿਜ ਰੂਪ ’’ (ਭਗਤ ਨਾਮਦੇਵ/੧੨੫੩) ਭਾਵ ਮੇਰੇ ’ਤੇ ਭਰੋਸਾ ਰੱਖਣ ਵਾਲ਼ੇ ਦਾਸ; ਮੇਰਾ ਹੀ ਰੂਪ ਹਨ। ਇਸ ਪਰਸਪਰ ਪਿਆਰ ਕਾਰਨ ਭਗਤ ਅੰਦਰ ਖੇੜਾ ਪੈਦਾ ਕਰਨ ਲਈ ਖ਼ਾਸ ਬਖ਼ਸ਼ਸ਼ ਕਰਦਾ ਹੈ; ਜਿਸ ਦਾ ਜ਼ਿਕਰ (ਸਮੂਹ ਦਾਤਾਂ ਦੀ ਵਿਆਖਿਆ ਕਰਦੀ) 25ਵੀਂ ਪਉੜੀ ਦੇ ਅੰਤ ’ਚ ਹੈ, ‘‘ਜਿਸ ਨੋ ਬਖਸੇ; ਸਿਫਤਿ ਸਾਲਾਹ   ਨਾਨਕ  ! ਪਾਤਿਸਾਹੀ ਪਾਤਿਸਾਹੁ ੨੫’’ (ਜਪੁ) ਸਕੂਲ ’ਚ ਬੱਚੇ ਨੂੰ ਮਿਲਦੇ ਵਜ਼ੀਫ਼ਾ ਵਾਙ ਭਗਤ ’ਤੇ ਹੋਈ ਇਹ ਖ਼ਾਸ ਮਿਹਰ; ਜ਼ਿੰਦਗੀ ਨੂੰ ਸਫ਼ਲ ਬਣਾਉਂਦੀ ਹੈ, ਅੰਤਹਿਕਰਣ ਨੂੰ ਪਾਰਦਰਸ਼ੀ ਕਰਾਉਂਦੀ ਹੈ। ਇਸੇ ਖ਼ਾਸ ਮਿਹਰ ਦਾ ਜ਼ਿਕਰ ਆਪ ਨੇ ਆਸਾ ਦੀ ਵਾਰ ’ਚ ਕੀਤਾ ਹੈ, ‘‘ਚਾਕਰੁ ਲਗੈ ਚਾਕਰੀ; ਜੇ ਚਲੈ ਖਸਮੈ ਭਾਇ   ਹੁਰਮਤਿ ਤਿਸ ਨੋ ਅਗਲੀ; ਓਹੁ ਵਜਹੁ ਭਿ ਦੂਣਾ ਖਾਇ ..੨੨ (ਮਹਲਾ /੪੭੪)

ਨਿਤਨੇਮ ਵਾਲ਼ੇ ਉਕਤ ਸ਼ਬਦ; ਗੁਰੂ ਨਾਨਕ ਸਾਹਿਬ ਜੀ ਦੇ ਹੀ ਵਿਚਾਰੇ ਗਏ ਹਨ। ਆਪ ਨੇ ਚਾਰ ਉਦਾਸੀਆਂ ਖ਼ਤਮ ਕਰ ਸੰਨ 1522 ’ਚ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਪੱਕਾ ਨਿਵਾਸ ਕਰ ਲਿਆ ਸੀ। ਇੱਥੇ ਹੁੰਦੇ ਨਿਤਨੇਮ ਦਾ ਜ਼ਿਕਰ; ਭਾਈ ਗੁਰਦਾਸ ਜੀ ਕਰਦੇ ਹਨ, ‘‘ਫਿਰਿ ਬਾਬਾ ਆਇਆ ਕਰਤਾਰਪੁਰਿ (’); ਭੇਖੁ ਉਦਾਸੀ ਸਗਲ ਉਤਾਰਾ ਪਹਿਰਿ (ਕੇ) ਸੰਸਾਰੀ ਕਪੜੇ; ਮੰਜੀ ਬੈਠਿ, ਕੀਆ ਅਵਤਾਰਾ.. ਸੋ ਦਰੁ ਆਰਤੀ ਗਾਵੀਐ; ਅੰਮ੍ਰਿਤ ਵੇਲੇ ਜਾਪੁ ਉਚਾਰਾ’’ (ਵਾਰ ਪਉੜੀ ੩੮) ਯਾਨੀ ਕਿ ਸਿੱਖ ਸਵੇਰੇ ‘ਜਪੁ’ ਜੀ ਸਾਹਿਬ, ਸ਼ਾਮ ਨੂੰ ਕੇਵਲ ‘‘ਸੋ ਦਰੁ ਤੇਰਾ ਕੇਹਾ’’ ਸ਼ਬਦ ਤੇ ਰਾਤ ਨੂੰ ਆਰਤੀ ਵਾਲ਼ਾ ਇੱਕ ਸ਼ਬਦ ‘‘ਗਗਨ ਮੈ ਥਾਲੁ; ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ, ਜਨਕ ਮੋਤੀ ’’ ਪੜ੍ਹਦੇ ਸਨ ਜਦਕਿ ਆਪ ਨੇ 19 ਰਾਗਾਂ ’ਚ 977 ਸ਼ਬਦ ਉਚਾਰੇ ਹਨ। ਕੋਈ ਕਾਰਨ ਤਾਂ ਹੋਏਗਾ ਕਿ ਆਪ ਨੇ ‘ਜਪੁ’ ਜੀ ਸਾਹਿਬ ਦੀ 27ਵੀਂ ਪਉੜੀ ‘‘ਸੋ ਦਰੁ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ ਸਰਬ ਸਮਾਲੇ ..੨੭’’ ਨੂੰ ਹੀ ਸ਼ਾਮੀ ਪੜ੍ਹਨ ਦਾ ਹੁਕਮ ਕੀਤਾ।

ਇਸ ਤੋਂ 82 ਸਾਲ ਬਾਅਦ ਸੰਨ 1604 (‘ਆਦਿ ਗ੍ਰੰਥ’ ਦੀ ਸੰਪਾਦਨਾ) ਤੋਂ ਦਸਮੇਸ਼ ਪਿਤਾ (80-90 ਸਾਲ) ਤੱਕ ਗੁਰੂ ਅਰਜਨ ਸਾਹਿਬ ਨੇ ਭੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਕੁ ਅੰਕ ਹੀ ਸਿੱਖਾਂ ਲਈ ਨਿਤਨੇਮ ਬਣਾਏ। ਜਿਸ ਦਾ ਪਾਠ ਕਰ ਕਰ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ; 11 ਨਵੰਬਰ 1675 ਨੂੰ ਚਾਂਦਨੀ ਚੌਂਕ (ਦਿੱਲੀ) ’ਚ ਗੁਰੂ ਦੇ ਬਚਨਾਂ (ਬਾਂਹਿ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਂਹਿ ਛੋੜੀਐ ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਛੋੜੀਐ ਜਾਂ ‘‘ਧਰਮ ਹੇਤ ਸਾਕਾ ਜਿਨਿ ਕੀਆ ਸੀਸੁ ਦੀਆ; ਪਰੁ ਸਿਰਰੁ ਦੀਆ ’’) ਨੂੰ ਸਹੀ ਸਿੱਧ ਕਰਕੇ ਅਮਰ ਹੋ ਗਏ।

ਦੂਜੇ ਪਾਸੇ ਇੱਕੋ ਸ਼ਬਦ (ਵਾਹਿਗੁਰੂ ਵਾਹਿਗੁਰੂ) ਨੂੰ ਜਪ ਕੇ ਕਈ ਕਈ ਘੰਟੇ ਸੁਰਤਿ ਉੱਚੀ ਰੱਖਣ ਦਾ ਦਾਅਵਾ ਕਰਨ ਵਾਲ਼ੇ ਡੇਰੇਦਾਰ; ਸੰਗਤਾਂ ਨੂੰ ਵੱਧ ਤੋਂ ਵੱਧ ਬਾਣੀਆਂ ਨਿੱਤ ਪੜ੍ਹਨ ਲਈ ਪ੍ਰੇਰ ਰਹੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਇੱਕ ਸ਼ਬਦ ਹੀ ਉੱਚੀ ਸੁਰਤਿ ਰੱਖ ਸਕਦਾ ਹੈ ਤਾਂ ਬਹੁਤੀਆਂ ਬਾਣੀਆਂ ਨੂੰ ਨਿਤਨੇਮ ਬਣਾ ਕੇ ਕਿਉਂ ਸਰਬ ਪ੍ਰਵਾਣਿਤ ਰਹਿਤ ਮਰਿਆਦਾ ਨੂੰ ਭੰਗ ਕੀਤਾ ਜਾ ਰਿਹਾ ਹੈ ?

ਜਦ ਗੱਡੀ ’ਚ ਤੇਲ ਪਵਾਉਣਾ ਹੋਵੇ ਤਾਂ ਇੰਜਣ ਬੰਦ ਕਰ ਦੇਈਦੀ ਹੈ ਤਾਂ ਕਿ ਬੇਲੋੜਾ ਤੇਲ ਨਾ ਮੱਚੇ; ਇਸੇ ਤਰ੍ਹਾਂ ਹਰ ਦਿਨ ਧਿਆਨ ਨੂੰ ਉੱਚੇ ਤੋਂ ਉੱਚੇ ਕਰਤਾਰ ਨਾਲ਼ ਜੋੜ ਕੇ ਸੁਰਤਿ ਉੱਚੀ ਕਰਨੀ ਹੈ, ਊਰਜਾ ਇਕੱਤਰ ਕਰਨੀ ਹੈ, ਨਾ ਕਿ ਤੇਲ ਭਰਨ ਤੋਂ ਪਹਿਲਾਂ ਹੀ ਉਸ ਨੂੰ ਐਸੇ ਖ਼ਰਚਣਾ ਹੈ, ‘‘ ਰਸਨਾ  ! ਤੂ ਅਨ ਰਸਿ ਰਾਚਿ ਰਹੀ.. ੩੨, ਸਰੀਰਾ ਮੇਰਿਆ ! .. ੩੩, ਨੇਤ੍ਰਹੁ ਮੇਰਿਹੋ  ! .. ੩੬, ਸ੍ਰਵਣਹੁ ਮੇਰਿਹੋ !.. ੩੭’’ (ਅਨੰਦ/ਮਹਲਾ /੯੨੨) ਇਸੇ ਕਾਰਨ ਅਭਿਆਸੀ ਸਿੱਖਾਂ ਨੇ ਅਨੰਦ ਸਾਹਿਬ ਦੀਆਂ ਪਹਿਲੀਆਂ 5 ਪਉੜੀਆਂ ਤੇ ਅੰਤਲੀ ਇੱਕ ਪਉੜੀ ਨੂੰ ਨਿਤਨੇਮ ਦੇ ਆਸ਼ੇ ਅਨੁਸਾਰ ਸਮਝਿਆ; ਬਾਕੀ 34 ਪਉੜੀਆਂ (6 ਤੋਂ 39) ਨੂੰ ਨਹੀਂ ਕਿਉਂਕਿ ਇਨ੍ਹਾਂ ’ਚ ਕਰਤਾਰ ਦੀ ਥਾਂ; ਗਿਆਨ ਇੰਦ੍ਰਿਆਂ (ਅੱਖ, ਕੰਨ, ਜੀਭ ਆਦਿ) ਨੂੰ ਸੰਬੋਧਨ ਕੀਤਾ ਹੈ, ਪਰ ਹੁਣ ਜੇ ਕੋਈ ਪੂਰੇ ਅਨੰਦ ਸਾਹਿਬ (40 ਪਉੜੀਆਂ) ਨੂੰ ਨਿਤਨੇਮ ’ਚ ਸ਼ਾਮਲ ਕਰਨ ਦੀ ਜ਼ਿੱਦ ਕਰੇ ਤਾਂ 6 ਪਉੜੀਆਂ ਨੂੰ ਵੱਖ ਕਰਨ ਵਾਲ਼ੀ ਕਸੌਟੀ ਦਾ ਕੀ ਹੋਏਗਾ ? ਐਸਾ ਕਿਹਾ ਜਾਂਦਾ ਹੈ ਕਿ ਇਹ ਅੰਮ੍ਰਿਤ ਸੰਚਾਰ ਸਮੇਂ ਪੜ੍ਹੀ ਜਾਣ ਵਾਲ਼ੀ ਬਾਣੀ ਹੈ। ਸਭ ਨੂੰ ਕੰਠ ਹੋਣੀ ਚਾਹੀਦੀ ਹੈ। ਜੇਕਰ ਕੰਠ ਕਰਨ ਲਈ ਹੀ ਬਾਣੀ ਨੂੰ ਨਿਤਨੇਮ ’ਚ ਸ਼ਾਮਲ ਕਰਨਾ ਹੈ ਤਾਂ ਕਿੰਨੇ ਕੁ ਸਿੱਖਾਂ ਨੂੰ ਨਿਤਨੇਮ ਕੰਠ ਹੈ ? ਅਕਸਰ ਗੁਟਕਾ ਸਾਹਿਬ ਵੇਖ ਕੇ ਪਾਠ ਕਰਦੇ ਹਨ। ਇਹ ਡੇਰੇਦਾਰ; ਔਰਤਾਂ ਨੂੰ ਪੰਜ ਪਿਆਰਿਆਂ ’ਚ ਸ਼ਾਮਲ ਕਰਨ ਦੇ ਭੀ ਵਿਰੋਧੀ ਹਨ ਤਾਂ ਤੇ ਔਰਤਾਂ ਨੂੰ ਤਾਂ ਸਰਬ ਪ੍ਰਵਾਣਿਤ ਸਿੱਖ ਰਹਿਤ ਮਰਿਆਦਾ ਅਨੁਸਾਰ ਨਿਤਨੇਮ ਕਰ ਕੇ ਪੰਥਕ ਏਕਤਾ ਮਜ਼ਬੂਤ ਕਰਨੀ ਬਣਦੀ ਹੈ। ਪੰਜ ਪਿਆਰਿਆਂ ’ਚ ਸ਼ਾਮਲ ਹੋਣ ਲਈ ਹਜ਼ਾਰਾਂ ਸਿੱਖਾਂ ’ਚੋਂ ਕੋਈ ਇੱਕ ਭਾਗਾਂ ਵਾਲ਼ਾ ਅੱਗੇ ਆਉਂਦਾ ਹੈ। ਸੋ ਗੁਰਬਾਣੀ ਭਾਵੇਂ ਬਹੁਤੀ ਕੰਠ ਨਾ ਹੋਵੇ, ਪਰ ਇਸ ਦੀ ਵਿਚਾਰ ਕਰ ਅਸਲ ਮੰਤਵ ਸਮਝ ਕੇ ਅਮਲ ਕਰਨਾ ਜ਼ਰੂਰੀ ਹੈ।

ਚੋਣਵੇਂ ਸ਼ਬਦਾਂ ਦਾ ਸੰਖੇਪ ਨਿਤਨੇਮ; ਗੁਰੂ ਨਾਨਕ ਸਾਹਿਬ ਜੀ ਨੇ ਆਰੰਭ ਕੀਤਾ ਹੈ, ਜਿਸ ਨੂੰ ਬਾਕੀ ਗੁਰੂ ਸਾਹਿਬਾਨ ਨੇ ਭੀ ਅਪਣਾਅ ਲਿਆ ਕਿਉਂਕਿ ਗੁਰੂ ਨਾਨਕ-ਜੋਤਿ ਨੂੰ ਸਿਰਮੌਰ ਰੱਖਣਾ ਹੈ; ਜਿਵੇਂ ਕਿ ਗੁਰੂ ਅਰਜਨ ਸਾਹਿਬ ਦੇ ਬਚਨ ਹਨ, ‘‘ਗਿਆਨੁ ਧਿਆਨੁ ਕਿਛੁ ਕਰਮੁ ਜਾਣਾ; ਸਾਰ ਜਾਣਾ ਤੇਰੀ   ਸਭ ਤੇ ਵਡਾ ਸਤਿਗੁਰੁ ਨਾਨਕੁ; ਜਿਨਿ ਕਲ ਰਾਖੀ ਮੇਰੀ ’’ (ਮਹਲਾ /੭੫੦) ਚੇਤੇ ਰਹੇ ਕਿ ਗੁਰਬਾਣੀ ’ਚ ਨਾਨਕੁ ਨੀਚੁ ਸ਼ਬਦ 6 ਵਾਰ ਹੈ, ਜੋ ਕੇਵਲ ਗੁਰੂ ਨਾਨਕ ਸਾਹਿਬ ਨੇ ਵਰਤਿਆ ਹੈ; ਜੈਸਾ ਕਿ

ਅਸੰਖ ਨਿੰਦਕ ਸਿਰਿ ਕਰਹਿ ਭਾਰੁ   ਨਾਨਕੁ ਨੀਚੁ ਕਹੈ ਵੀਚਾਰੁ ..੧੮ (ਜਪੁ)

ਨਾਨਕੁ ਨੀਚੁ ਕਹੈ ਬੀਚਾਰੁ   ਧਾਣਕ ਰੂਪਿ (’) ਰਹਾ; ਕਰਤਾਰ  ! (ਮਹਲਾ /੨੪)

ਦੁਖੁ ਸੁਖੁ ਭਾਣੈ ਤਿਸੈ ਰਜਾਇ   ਨਾਨਕੁ ਨੀਚੁ ਕਹੈ ਲਿਵ ਲਾਇ (ਮਹਲਾ /੨੨੩)

ਭਾਇ ਮਿਲੈ ਭਾਵੈ ਭਇਕਾਰੁ   ਨਾਨਕੁ ਨੀਚੁ ਕਹੈ ਬੀਚਾਰੁ (ਮਹਲਾ /੪੧੩

ਨਾਨਕੁ ਨੀਚੁ ਭਿਖਿਆ ਦਰਿ (ਤੋਂ) ਜਾਚੈ; ਮੈ ਦੀਜੈ ਨਾਮੁ ਵਡਾਈ ਹੇ ੧੬ (ਮਹਲਾ /੧੦੨੧)

ਨਾਨਕੁ ਨੀਚੁ ਕਹੈ ਬੇਨੰਤੀ; ਦਰਿ ਦੇਖਹੁ ਲਿਵ ਲਾਈ ਹੇ ੧੬ (ਮਹਲਾ /੧੦੨੨)

ਗੁਰਬਾਣੀ ’ਚ ਇੱਕ ਸ਼ਬਦ (ਸੋ ਦਰੁ) ਭੀ ਤਿੰਨ ਵਾਰ ਹੈ, ਜੋ ਗੁਰੂ ਨਾਨਕ ਸਾਹਿਬ ਦਾ ਰਚਿਆ ਹੈ ਤੇ ਉਸ ਨੂੰ ਸੁਬ੍ਹਾ-ਸ਼ਾਮ ਪੜ੍ਹਨ ਦਾ ਵਿਧਾਨ ਹੈ। ਬਾਕੀ ਗੁਰੂ ਸਾਹਿਬਾਨ ਨੇ ਨਾ ਨਾਨਕੁ ਨੀਚੁ ਸ਼ਬਦ ਵਰਤਿਆ, ਨਾ ਆਪਣਾ ਕੋਈ ਸ਼ਬਦ ਤਿੰਨ ਵਾਰ ਰਚਿਆ ਤੇ ਨਾ ਹੀ ਆਪਣੇ ਸ਼ਬਦ ਨੂੰ ਸੁਬ੍ਹਾ-ਸ਼ਾਮ ਪੜ੍ਹਨ ਦਾ ਨਿਯਮ ਬਣਾਇਆ। ਇੱਥੇ ਇਹ ਮਤਲਬ ਨਹੀਂ ਕਿ ਬਾਕੀ ਗੁਰੂ ਸਾਹਿਬਾਨ ਨੇ ਨਾਨਕੁ ਨੀਚੁ ਨਾ ਵਰਤ ਕੇ ਕੋਈ ਅਵੱਗਿਆ ਕੀਤੀ ਹੈ ਜਾਂ ਉਨ੍ਹਾਂ ਅੰਦਰ ਅਹੰਕਾਰ ਹੈ, ਪਰ ਅੱਜ ‘ਚੌਪਈ’ (ਹਮਰੀ ਕਰੋ ਹਾਥ ਦੈ ਰੱਛਾ) ਨੂੰ ਸੁਬ੍ਹਾ-ਸ਼ਾਮ ਪੜ੍ਹ ਕੇ ਇਹ ਵਿਧਾਨ ਤੋੜਿਆ ਜਾ ਰਿਹਾ ਹੈ। ਸ਼ਾਇਦ ਕੋਈ ਕਹੇ ਕਿ ‘ਚੌਪਈ’ ਦਾ ਵਿਰੋਧ ਕੀਤਾ ਹੈ, ਪਰ ਨਹੀਂ। ਚੌਪਈ ਦੇ 25 ਪਦਿਆਂ ਨੂੰ ਰਹਰਾਸਿ ’ਚ ਪੜ੍ਹਨ ਦਾ ਵਿਧਾਨ; ਸਿੱਖ ਰਹਿਤ ਮਰਿਆਦਾ ’ਚ ਹੈ, ਸੁਬ੍ਹਾ ਪੜ੍ਹਨ ਦਾ ਨਹੀਂ ਜਦਕਿ ਡੇਰੇਦਾਰ; ਇਸ ਨੂੰ ਦਸਮ ਗ੍ਰੰਥ ਦੇ ਤ੍ਰਿਅ ਚਰਿਤ੍ਰ ਦਾ ਭਾਗ ਬਣਾਉਣ ਲਈ ਇਸ ਦੇ ਅਗੇਤਰ ਦੋ ਹੋਰ ਦੋਹਰੇ ਪੁਨਿ ਰਾਛਸ ਕਾ ਕਾਟਾ ਸੀਸਾ ਸ੍ਰੀ ਅਸਿਕੇਤੁ ਜਗਤ ਕੇ ਈਸਾ ਪੁਹਪਨ ਬ੍ਰਿਸਟਿ ਗਗਨ ਤੇ ਭਈ ਸਭਹਿਨ ਆਨਿ ਬਧਾਈ ਦਈ ੩੭੫ ਧੰਨ੍ਯ ਧੰਨ੍ਯ ਲੋਗਨ ਕੇ ਰਾਜਾ ਦੁਸਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨਹਾਰੇ ਦਾਸ ਜਾਨਿ ਮੁਹਿ ਲੇਹੁ ਉਬਾਰੇ ੩੭੬ ਵਾਧੂ ਜੋੜਦੇ ਹਨ ਤੇ ਇਸ ਦੇ ਅੰਤ ’ਚ 4 ਹੋਰ ਦੋਹਰੇ ਕ੍ਰਿਪਾ ਕਰੀ ਹਮ ਪਰ ਜਗਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਖ ਸਕਲ ਦੇਖ ਕੋ ਹਰਤਾ ਦੁਸਟ ਦੋਖਿਯਨ ਕੋ ਛੈ ਕਰਤਾ ੪੦੨ ਸ੍ਰੀ ਅਸਿਧੁਜ ਜਬ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੈ ਸੋਈ ਦੂਖ ਤਿਸੈ ਬਿਆਪਤ ਕੋਈ ੪੦੩ ਅੜਿਲ ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ ਸੁਨੈ ਮੂੜ ਚਿਤ ਲਾਇ, ਚਤੁਰਤਾ ਆਵਈ ਦੂਖ ਦਰਦ ਭੌ ਨਿਕਟ ਤਿਨ ਨਰ ਕੇ ਰਹੈ ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹੈ ੪੦੪ ਸੰਬਤ ਸਤ੍ਰਹ ਸਹਸ ਭਣਿਜੈ ਅਰਧ ਸਹਸ ਫੁਨਿ ਤੀਨਿ ਕਹਿਜੈ ਭਾਦ੍ਰਵ ਸੁਦੀ ਅਸਟਮੀ ਰਵਿ ਵਾਰਾ ਤੀਰ ਸਤੁਦ੍ਰਵ ਗ੍ਰੰਥ ਸੁਧਾਰਾ ੪੦੫ ਵਾਧੂ ਜੋੜ ਕੇ ਗੁਰਮਤਿ ਦੀ ਤਤਸਾਰ (ਨਿਤਨੇਮ ਦਾ ਮੰਤਵ) ਖ਼ਤਮ ਕੀਤਾ ਜਾ ਰਿਹਾ ਹੈ। ਇਹ ਦੋਹਰੇ ਜੋੜਨ ਵਾਲਿਆਂ ਦਾ ਮੰਤਵ ਤਾਂ ਹੈ ਨਿਤਨੇਮ ਦੇ ਬਹਾਨੇ ਵਿਵਾਦਤ ਸੰਪੂਰਨ ਤ੍ਰਿਆ ਚਰਿਤ੍ਰ (ਰਚਨਾ) ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸਿੱਧ ਕਰਨਾ, ਪਰ ਇਨ੍ਹਾਂ ਗਿਆਨ ਬਿਹੂਣੇ ਡੇਰੇਦਾਰਾਂ ਨੂੰ ਇਹ ਸੋਝੀ ਨਹੀਂ ਕਿ ਇਸ ਨਾਲ਼ ਉਹ ਪੰਥ ਵੱਲੋਂ ਪ੍ਰਵਾਣਿਤ ‘ਕਬਿਯੋ ਬਾਚ ਚੌਪਈ’ ਨੂੰ ਹੀ ਸ਼ੱਕ ਦੇ ਘੇਰੇ ’ਚ ਲਿਆ ਰਹੇ ਹਨ ਕਿਉਂਕਿ ਸੰਬਤ ਸਤ੍ਰਹ ਸਹਸ ਭਣਿਜੈ ਅਰਧ ਸਹਸ ਫੁਨਿ ਤੀਨਿ ਕਹਿਜੈ ਭਾਦ੍ਰਵ ਸੁਦੀ ਅਸਟਮੀ ਰਵਿ ਵਾਰਾ ਤੀਰ ਸਤੁਦ੍ਰਵ ਗ੍ਰੰਥ ਸੁਧਾਰਾ ੪੦੫ ਦਾ ਅਰਥ ਹੈ ਕਿ (ਪਹਿਲਾਂ) ਸਤਾਰਾਂ ਸੌ (੧੭੦੦) ਸੰਮਤ ਕਹੋ ਤੇ (ਫਿਰ ਉਸ ਨਾਲ) ਅੱਧਾ ਸੌ (੫੦) ਅਤੇ ੩ ਹੋਰ ਕਹੋ (ਭਾਵ ੧੭੫੩ ਬਿਕ੍ਰਮੀ) ਭਾਦੋਂ ਸੁਦੀ ਅੱਠਵੀਂ, ਦਿਨ ਐਤਵਾਰ ਨੂੰ ਸਤਲੁਜ ਨਦੀ ਦੇ ਕੰਢੇ (ਬੈਠ ਕੇ ਇਹ) ਗ੍ਰੰਥ ਸੰਪੂਰਨ ਕੀਤਾ ਗਿਆ, ਪਰ ਜਦੋਂ ਇਹ ਤਿਥ; ਕੈਲੰਡਰੀਕਲ ਟੈਬੂਲੇਸ਼ਨ ਤੋਂ ਚੈੱਕ ਕਰੀਏ ਤਾਂ ਉਸ ਦਿਨ ਐਤਵਾਰ ਨਹੀਂ; ਮੰਗਲਵਾਰ ਬਣਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸੰਪ੍ਰਦਾਈ ਪ੍ਰਚਾਰਕਾਂ ਦੇ ਹੱਠ ਕਾਰਨ ਜੇ ਤ੍ਰਿਆ ਚਰਿਤ੍ਰ ਵਾਲ਼ੀ ਇਸ ਸਾਰੀ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਉਚਾਰਨ ਕੀਤੀ ਮੰਨ ਲਈਏ ਤਾਂ ਕਹਿਣਾ ਪਏਗਾ ਕਿ ਇਹ ਗਲਤੀ; ਗੁਰੂ ਸਾਹਿਬ ਵੱਲੋਂ ਹੋਈ ਹੈ ਜਦਕਿ ਗੁਰੂ ਨਾਨਕ ਸਾਹਿਬ; ਗੁਰੂ ਨੂੰ ਅਭੁੱਲ ਕਹਿੰਦੇ ਹਨ ‘‘ਭੁਲਣ ਅੰਦਰਿ ਸਭੁ ਕੋ; ਅਭੁਲੁ ਗੁਰੂ ਕਰਤਾਰੁ ’’ (ਮਹਲਾ /੬੧)

ਉਲ਼ਟਾ ਇਹ ਲੋਕ; ‘ਚੌਪਈ’ ’ਚ ਤ੍ਰਿਆ ਚਰਿਤਰ ਦੇ ਉਕਤ 6 ਦੋਹਰੇ ਵਧਾਉਣ ਵਾਲ਼ੀ ਮਰਿਆਦਾ; ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਚਲਦੀ ਸਿੱਧ ਕਰਦੇ ਹਨ। ਕੀ ਗੁਰੂ ਗੋਬਿੰਦ ਸਿੰਘ ਜੀ; ਗ਼ੈਰਸਿਧਾਂਤਿਕ ਰਚਨਾਵਾਂ ਨੂੰ ਨਿਤਨੇਮ ’ਚ ਸ਼ਾਮਲ ਕਰ ਗੁਰੂ ਨਾਨਕ ਸਾਹਿਬ ਦੇ ਉਦੇਸ਼ (ਕਿ ਸਿਮਰਨ ਹੀ ਨਿਤਨੇਮ ਹੋਵੇ) ਦੇ ਵਿਰੁਧ ਜਾਣਗੇ ? ਜਵਾਬ ਹੈ ਨਹੀਂ। ਦਰਅਸਲ ਇਹ ਡੇਰੇਦਾਰ; ਗੁਰਮਤਿ ਫ਼ਲਸਫ਼ੇ ਨੂੰ ਖ਼ਤਮ ਕਰਨ ਲਈ ਹਿੰਦੂ-ਸਮਾਜ ਵਾਙ ਇਤਿਹਾਸ ਹੀ ਨਿਤਨੇਮ ’ਚ ਰੱਖਣਾ ਚਾਹੁੰਦੇ ਹਨ। ਜਿਸ ਤਰ੍ਹਾਂ ਗੀਤਾ, ਰਾਮਾਇਣ, ਮਹਾਂ ਭਾਰਤ ਹੈ; ਵੈਸੇ ਹੀ ਇਹ ਤ੍ਰਿਆ ਚਰਿਤਰ; ਇਤਿਹਾਸਕ ਰਚਨਾ ਹੈ; ਜਿਵੇਂ ਕਿ ਪੁਨਿ ਰਾਛਸ ਕਾ ਕਾਟਾ ਸੀਸਾ ਭਾਵ ਫਿਰ ਦੁਰਗਾ ਨੇ ਰਾਖਸ਼ ਦਾ ਸਿਰ ਕੱਟ ਦਿੱਤਾ, ਪਰ ਅਫ਼ਸੋਸ ਕਿ ਲੱਖਾਂ ਸਿੱਖ ਰਹਿਤ ਮਰਿਆਦਾ ਛਾਪ ਕੇ ਫਰੀ ਵੰਡਣ ਵਾਲ਼ੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ; ਸਿਆਸੀ ਲਾਹਾ ਲੈਣ ਲਈ 100 ਪੁੱਤਰਾਂ ਦੇ ਪਿਤਾ ਧ੍ਰਿਤਰਾਸ਼ਟਰ ਵਾਙ ਅੰਨ੍ਹੀ ਹੋਈ ਬੈਠੀ ਹੈ।

ਨਿਤਨੇਮ ਦਾ ਮੰਤਵ; ਸਿੱਖ ਅੰਦਰਲੀ ਸ਼ਰਧਾ ਨਾਲ਼ ਜੁੜਿਆ ਵਿਸ਼ਾ ਹੈ। ਅੱਜ ਸਾਇੰਸ ਯੁੱਗ ਹੈ। ਹਰ ਕੋਈ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਸਫਲ ਵੇਖਣਾ ਚਾਹੁੰਦਾ ਹੈ, ਪਰ ਇਹ ਰਾਹ; ਧਰਮ ਕਮਾਉਣ ਲਈ ਖ਼ਤਰਨਾਕ ਭੀ ਹੈ ਕਿਉਂਕਿ ਸਮਾਜਿਕ ਗਿਆਨ ਤੱਥਾਂ ਆਧਾਰਿਤ ਸਿਲੇਬਸ ਹੁੰਦਾ ਹੈ ਜਦਕਿ ਧਰਮ; ਸ਼ਰਧਾ ਆਧਾਰਿਤ। ਅੱਜ ਧਰਮ ਨੂੰ ਸਮਝਣ ਸਮੇਂ ਭੀ ਪ੍ਰਮਾਣ ਮੰਗਿਆ ਜਾਂਦਾ ਹੈ, ਤਰਕ ਕੀਤਾ ਜਾਂਦਾ ਹੈ। ਜਿਸ ਦਾ ਆਧਾਰ; ਭਰਮ ਹੁੰਦਾ ਹੈ, ਜਿਸ ਤੋਂ ਬਚਣ ਲਈ ਸਿੱਖ ਨੂੰ ‘ਕੜਾ’ ਧਾਰਨ ਕਰਵਾਇਆ ਗਿਆ ਹੈ।

ਇੱਕ ਸਾਖੀ ਹੈ ਕਿ ਇੱਕ ਵਾਰ ਪਿਤਾ ਤੇ ਪੁੱਤਰ; ਰਾਤ ਨੂੰ ਸਫ਼ਰ ਕਰ ਰਹੇ ਸਨ। ਰਸਤੇ ’ਚ ਡਾਕੂਆਂ ਦਾ ਗਿਰੋਹ ਮਿਲ ਗਿਆ। ਪੁੱਤਰ ਡਰਪੋਕ ਸੀ। ਉਸ ਨੇ ਵੇਖਿਆ ਕਿ ਇਹ ਸਾਨੂੰ ਮਾਰ ਦੇਣਗੇ। ਉਹ ਹਨ੍ਹੇਰੇ ’ਚ ਡਾਕੂਆਂ ਵੱਲ ਹੋ ਕੇ ਬਚਣ ਲਈ ਪਿਤਾ ਨੂੰ ਹੀ ਮਾਰਨ ਲੱਗ ਗਿਆ। ਡਾਕੂ; ਸਮਾਨ ਖੋਹ ਕੇ ਲੈ ਗਏ। ਇਸੇ ਤਰ੍ਹਾਂ ਤਰਕ ਦੇ ਡਰ ਕਾਰਨ ਪ੍ਰਚਾਰਕ; ਸ਼ਰਧਾ ਨਾਲ਼ ਜੁੜੀ ਧਰਮ ਦੀ ਗਹਿਰੀ ਗੱਲ ਕਰਨ ਤੋਂ ਬਚਦੇ ਹਨ, ਡਰਦੇ ਹਨ।

ਸੱਚ ਦਾ ਓਹੀ ਅਸਲ ਪੂਜਾਰੀ ਹੁੰਦਾ ਹੈ, ਜੋ ਜ਼ਮੀਨੀ ਹਾਲਾਤ ਬਦਲੇ, ਨਾ ਕਿ ਹਾਲਾਤਾਂ ਮੁਤਾਬਕ ਆਪ ਬਦਲ ਜਾਏ ਜਾਂ ਆਪਣੀ ਬੋਲ-ਚਾਲ ਬਣਾ ਲਏ। ਬਾਬਰ ਨੂੰ ਮੂੰਹ ’ਤੇ ਜਾਬਰ (ਜ਼ੁਲਮ ਕਰਨ ਵਾਲ਼ਾ) ਕਹਿਣ ਵਾਲ਼ਾ ਸਾਹਸ; ਗੁਰਮਤਿ ਦੀ ਇਸ ਸਚਾਈ ਤੋਂ ਉਪਜਣਾ ਹੈ ਕਿ ਹਰੀ ਤੋਂ ਬਿਨਾਂ ਕੋਈ ਕਿਸੇ ਦਾ ਕੁੱਝ ਨਹੀਂ ਵਿਗਾੜ ਸਕਦਾ, ‘‘ਹਰਿ ਬਿਨੁ ਕੋਈ ਮਾਰਿ ਜੀਵਾਲਿ ਸਕੈ, ਮਨ  ! ਹੋਇ ਨਿਚਿੰਦ, ਨਿਸਲੁ ਹੋਇ ਰਹੀਐ ’’ (ਮਹਲਾ /੫੯੪) ਸੱਪ ਲੰਘਣ ਤੋਂ ਬਾਅਦ ਲਕੀਰ ਪਿੱਟ-ਪਿੱਟ ਜੋਧਾ ਬਣਨ ਦੀ ਥਾਂ ਸਮੇਂ ਸਿਰ ਸੱਚ ਦੀ ਕੀਤੀ ਵਕਾਲਤ ਹੀ ਹਿਰਦੇ ’ਚ ਕਮਾਏ ਕੀਤੇ ਸੱਚ-ਧਰਮ ਦੀ ਨਿਸ਼ਾਨੀ ਹੈ, ‘‘ਸਚ ਕੀ ਬਾਣੀ ਨਾਨਕੁ ਆਖੈ; ਸਚੁ ਸੁਣਾਇਸੀ, ਸਚ ਕੀ ਬੇਲਾ ’’ (ਮਹਲਾ /੭੨੩) ਅਤੇ ‘‘ਸਚੁ ਪੂਰੈ+ਗੁਰਿ (ਨੇ) ਉਪਦੇਸਿਆ; ਨਾਨਕੁ ਸੁਣਾਵੈ ’’ (ਮਹਲਾ /੧੧੯੩) ਭਾਵ ਜੋ ਸੱਚ; ਪੂਰਨ ਸਤਿਗੁਰੂ ਨਾਨਕ ਜੀ ਨੇ ਸਮਝਾਇਆ; ਓਹੀ ਹੁਣ ਨਾਨਕ (ਗੁਰੂ ਅਰਜਨ ਜੀ) ਸੁਣਾ ਰਿਹਾ ਹੈ।

ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਦਾ ਮੂਲ ਉਦੇਸ਼; ਸਿੱਖ ਅੰਦਰ ਸ਼ਰਧਾ ਹੋਣ ’ਤੇ ਹੀ ਪਕੜ ਹੋਣਾ ਹੈ, ਪਰ ਕੁੱਝ ਅਸ਼ਰਧਕ ਸਿੱਖ; ਆਪਣੀ ਮੱਤ ਨੂੰ ਹੀ ਸੱਚ ਸਮਝ ਬੈਠੇ ਹਨ। ਉਨ੍ਹਾਂ ਦੁਆਰਾ ਕੀਤੀ ਗੁਰਮਤਿ ਦੀ ਵਿਆਖਿਆ ਸਗੋਂ ਹੋਰ ਸੰਦੇਹ (ਭਰਮ) ਪੈਦਾ ਕਰਦੀ ਹੈ; ਜਿਵੇਂ ਕਿ ਨਿਤਨੇਮ ’ਚ ਸ਼ਾਮਲ ‘ਜਾਪੁ’ ਬਾਰੇ ਕਹਿਣਾ ਹੈ ਕਿ ਇਹ ਗੁਰਮਤਿ ਸਿਧਾਂਤ ਵਿਰੁੱਧ ਰਚਨਾ ਹੈ। ਉਨ੍ਹਾਂ ਅਨੁਸਾਰ ਪਰਮਾਤਮਾ; ਕੇਵਲ ਨਰਮ ਦਿਲ ਹੈ। ਇਸ ਸਬੰਧ ’ਚ ਮਿਸਾਲ ਦਿੰਦੇ ਹਨ, ‘‘ਮਿਠ ਬੋਲੜਾ ਜੀਹਰਿ ਸਜਣੁ ਸੁਆਮੀ ਮੋਰਾ ’’ (ਮਹਲਾ /੭੮੫), ਲੜਾਈ ਕਰਵਾਉਣ ਵਾਲ਼ਾ ਕਠੋਰ ਦਿਲ ਨਹੀਂ; ਜਿਵੇਂ ਕਿ ‘ਜਾਪੁ’ ਸਾਹਿਬ ’ਚ ਹੈ, ‘‘ਨਮੋ ਕਲਹ ਕਰਤਾ.. , ਨਮੋ ਨਿਤ ਨਾਰਾਇਣੇ; ਕ੍ਰੂਰ ਕਰਮੇ ’’

ਜਾਪੁ ਸਾਹਿਬ ਦਾ ਪਹਿਲਾ ਛੰਦ; ਅਕਾਲ ਪੁਰਖ ਨੂੰ ਇਉਂ ਬਿਆਨ ਕਰਦਾ ਹੈ, ‘‘ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ਰੂਪ ਰੰਗ ਅਰੁ ਰੇਖ ਭੇਖ; ਕੋਊ ਕਹਿ ਸਕਤਿ ਕਿਹ ’’ ਭਾਵ ਜਿਸ ਦਾ ਕੋਈ ਖ਼ਾਸ ਰੰਗ-ਰੂਪ, ਚਿੰਨ੍ਹ-ਵਰਨ, ਜਾਤ-ਪਾਤ, ਆਦਿ ਨਹੀਂ, ਜਿਸ ਦੇ ਰੂਪ-ਰੇਖ ਨੂੰ ਕੋਈ ਉਲੀਕ ਨਹੀਂ ਸਕਦਾ।

ਸਮੁੱਚੇ ਜਾਪੁ ਸਾਹਿਬ ’ਚ ਉਕਤ ਪ੍ਰਭੂ ਦੇ 1100 ਕਿਰਤਮ ਨਾਂਵ ਹਨ, ਜਿਨ੍ਹਾਂ ਨੂੰ ਸੰਬੋਧਨ ਕਰ 1100 ਵਾਰ ਨਮਸਕਾਰ ਕੀਤਾ ਹੈ, ਪਰ ਇਹ ਮੰਨਦੇ ਹਨ ਕਿ ‘ਜਾਪੁ’ ਦਾ ਲਿਖਾਰੀ; ਸ਼ਿਵਜੀ (ਜਿਸ ਦਾ ਰੂਪ-ਰੇਖ, ਚਿੰਨ੍ਹ-ਵਰਨ ਹੈ) ਨੂੰ ਨਮਸਕਾਰ ਕਰਦਾ ਹੈ। ਇਹ ਭਰਮ; ਇਸ ਕਾਰਨ ਉਪਜਿਆ ਕਿਉਂਕਿ ਐਸੀ ਹੀ ਛੰਦ-ਬੰਦੀ ਤੇ ਕੁੱਝ ਸ਼ਬਦ; ਸ਼ਿਵ ਪੁਰਾਣ ’ਚ ਹਨ।

ਵਿਚਾਰ : ਉਕਤ ਵਾਕ (ਮਿਠ ਬੋਲੜਾ ਜੀ !); ਗੁਰੂ ਅਰਜਨ ਸਾਹਿਬ ਦੁਆਰਾ ਰਚਿਆ ਇੱਕ ਚਉਪਦਾ ਹੈ। ਜਿਸ ਦੇ ਦੂਜੇ ਬੰਦ ’ਚ ਕਿਹਾ ਹੈ ਕਿ ਇਹ (ਮਿਠ ਬੋਲੜਾ-ਪ੍ਰਭੂ); ਕਣ-ਕਣ ’ਚ ਵਿਆਪਕ ਹੈ, ‘‘ਆਦਿ ਅੰਤਿ ਮਧਿ ਪ੍ਰਭੁ ਰਵਿਆ; ਜਲਿ ਥਲਿ ਮਹੀਅਲਿ ਸੋਈ ..’’ ਤੀਜੇ ਬੰਦ ’ਚ ਫਿਰ ਕਿਹਾ ਹੈ, ‘‘ਸਭ ਕੈ ਮਧਿ, ਸਭ ਹੂ ਤੇ ਬਾਹਰਿ; ਰਾਗ ਦੋਖ ਤੇ ਨਿਆਰੋ ..’’ ਭਾਵ ਉਹ ਰੰਗ-ਰੂਪ ਤੋਂ ਰਹਿਤ ਪ੍ਰਭੂ; ਸਾਰਿਆਂ ਦੇ ਅੰਦਰ ਭੀ ਹੈ, ਪਰ ਮਾਇਆ ਦੇ ਅਧੀਨ ਨਾ ਹੋਣ ਕਾਰਨ ਸਭ ਤੋਂ ਨਿਰਲੇਪ ਭਾਵ ਬਾਹਰ ਭੀ ਹੈ। ਇੱਥੇ ਭੀ ਪ੍ਰਭੂ ਨੂੰ ‘‘ਰਾਗ ਦੋਖ ਤੇ ਨਿਆਰੋ’’ ਕਿਹਾ ਹੈ; ਜੈਸਾ ਕਿ ‘ਜਾਪੁ’ ਸਾਹਿਬ ਦੇ ਪਹਿਲੇ ਬੰਦ ’ਚ, ‘‘ਰੂਪ ਰੰਗ ਅਰੁ ਰੇਖ ਭੇਖ; ਕੋਊ ਕਹਿ ਸਕਤਿ ਕਿਹ ’’ ਕਿਹਾ ਹੈ ਤਾਂ ਫਿਰ ਰੰਗ-ਰੇਖਾ ਵਾਲ਼ਾ ਸ਼ਿਵਜੀ ਕਿਵੇਂ ਹੋ ਸਕਦਾ ਹੈ ? ਜੇਕਰ ਵਿਰੋਧ ਦਾ ਕਾਰਨ ਸ਼ਿਵ ਪੁਰਾਣ ’ਚ ਐਸੇ ਸ਼ਬਦ ਹੋਣਾ ਹੈ ਤਾਂ ਪੰਜਵੇਂ ਪਾਤਿਸ਼ਾਹ ਜੀ; ਇਸੇ ਸ਼ਬਦ ਦੇ ਅੰਤਮ ਬੰਦ ’ਚ ਹਿੰਦੂ ਗ੍ਰੰਥਾਂ ਦਾ ਹੀ ਹਵਾਲਾ ਦਿੰਦੇ ਹਨ ਕਿ ਉਸ (ਮਿਠ ਬੋਲੜਾ-ਹਰੀ) ਦੀ ਮਹਿਮਾ; ਵੇਦ, ਸਿਮਰਤੀਆਂ, ਰਿਸ਼ੀ ਮੁਨੀ, ਜੋਗੀ ਆਦਿ ਨੇ ਭੀ ਗਾਈ ਹੈ, ‘‘ਸ੍ਰੁਤਿ (ਵੇਦ) ਸਿਮ੍ਰਿਤਿ ਗੁਨ ਗਾਵਹਿ ਕਰਤੇ; ਸਿਧ ਸਾਧਿਕ ਮੁਨਿ ਜਨ ਧਿਆਇਆ   ਨਾਨਕ  ! ਸਰਨਿ ਕ੍ਰਿਪਾ ਨਿਧਿ ਸੁਆਮੀ ਵਡਭਾਗੀ ਹਰਿ ਹਰਿ ਗਾਇਆ ’’

ਸੋ ਜਿਹੜਾ ਮਿਠ ਬੋਲੜਾ; ਸਰਬ ਵਿਆਪਕ ਹੈ ਉਹ ਕਠੋਰ-ਚਿੱਤ ’ਚ ਭੀ ਹੈ, ਨਰਮ-ਦਿੱਲ ’ਚ ਭੀ ਹੈ। ਮੂਰਖ ’ਚ ਭੀ ਹੈ ਤੇ ਸਿਆਣੇ ’ਚ ਭੀ ਹੈ। ਉਹ ਲੜਾਈ ਭੀ ਕਰਾਉਂਦਾ ਹੈ ਤੇ ਸ਼ਾਂਤੀ ਭੀ ਕਰਾਉਂਦਾ ਹੈ ਕਿਉਂਕਿ ਸਭ ਕੁੱਝ ਉਹ ਆਪ ਹੀ ਆਪ ਹੈ; ਜਿਵੇਂ ਕਿ ਉਸ ਨੇ ਮਾਸਾਹਾਰੀ ਜੀਵਾਂ ਨੂੰ ਤੇਜ਼ ਨਿਗਾਹ, ਨੁਕੀਲੇ ਪੰਜੇ ਤੇ ਤੇਜ਼ ਰਫ਼ਤਾਰ ਦਿੱਤੀ ਅਤੇ ਸਾਕਾਹਾਰੀ ਜੀਵਾਂ ਨੂੰ ਰੱਖਿਆ ਕਰਨ ਲਈ ਸਿੰਗ ਭੀ ਦਿੱਤੇ ਹਨ। ਐਸਾ ਨਹੀਂ ਕਿ ਹਿੰਸਕ ਮਾਸਾਹਾਰੀ ਜੀਵਾਂ ਅੰਦਰ ਮਿਠ ਬੋਲੜਾ-ਰੱਬ ਨਹੀਂ ਹੈ।

ਦੂਜਾ ਤਰਕ ਹੁੰਦਾ ਹੈ ਕਿ ‘ਜਾਪੁ’ ’ਚ ‘‘ਨਮੋ ਅੰਧਕਾਰੇ; ਨਮੋ ਤੇਜ ਤੇਜੇ ’’ ਦੋ ਆਪਾ ਵਿਰੋਧੀ ਸਿਧਾਂਤ ਹਨ ਯਾਨੀ ਪਰਮਾਤਮਾ; ਚਾਨਣ ਤੇ ਹਨ੍ਹੇਰਾ; ਦੋਵੇਂ ਤਰ੍ਹਾਂ ਦਾ ਆਪਾ ਵਿਰੋਧੀ ਕਿਵੇਂ ਹੋ ਸਕਦਾ ਹੈ ਤਾਂ ਕਿ ਉਸ ਨੂੰ ਨਮਸਕਾਰ ਕਰੀਏ ?

ਵਿਚਾਰ : ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ, ‘‘ਮੂਰਖੁ ਸਿਆਣਾ ਏਕੁ ਹੈ; ਏਕ ਜੋਤਿ ਦੁਇ ਨਾਉ   ਮੂਰਖਾ ਸਿਰਿ ਮੂਰਖੁ ਹੈ; ਜਿ ਮੰਨੇ ਨਾਹੀ ਨਾਉ ’’ (ਮਹਲਾ /੧੦੧੫) ਭਾਵ ਮੂਰਖ (ਹਨ੍ਹੇਰਾ) ਅਤੇ ਸਿਆਣਾ (ਚਾਨਣ); ਦੋ ਨਾਂਵ ਮਾਤਰ ਹਨ। ਉਞ ਇਨ੍ਹਾਂ ਦੋਵਾਂ ’ਚ ਅਕਾਲ ਪੁਰਖ ਦੀ ਜੋਤਿ (ਚਾਨਣ-ਪ੍ਰਕਾਸ਼) ਹੈ, ਜੋ ਇਹ ਸਚਾਈ ਨਾ ਮੰਨੇ; ਉਹ ਮੂਰਖਾਂ ਵਿੱਚੋਂ ਸ੍ਰੇਸ਼ਟ ਮੂਰਖ ਹੈ।

‘ਜਾਪੁ’ ਸਾਹਿਬ ਦਾ ਪਹਿਲਾ ਛੰਦ ਹੈ, ‘‘ਤ੍ਵ ਸਰਬ ਨਾਮ ਕਥੈ ਕਵਨ ? ਕਰਮ ਨਾਮ ਬਰਣਤ ਸੁਮਤਿ ’’ ਭਾਵ ਹੇ ਅਕਾਲ ਪੁਰਖ !  ਤੇਰੇ ਸਾਰੇ ਨਾਂਵ ਕੌਣ ਦੱਸ ਸਕਦਾ ਹੈ। ਸ਼ਰਧਾਵਾਨ ਭਗਤ; ਸਮਾਜਿਕ ਕੰਮਾਂ ਨੂੰ ਆਧਾਰ ਬਣਾ (ਜਿਵੇਂ ਮੌਤ ਨੂੰ ਵੇਖ ਕੇ ਤੇਰਾ ਨਾਂ ‘ਅਕਾਲ, ਅਮਰ, ਅਟੱਲ, ਅਬਿਨਾਸੀ’ ਬਣਿਆ) ਤੇਰੇ ਨਾਂਵ ਰੱਖਦੇ ਹਨ ਤੇ ਉਨ੍ਹਾਂ ਨੂੰ ਸੰਬੋਧਨ ਕਰ ਤੇਰੇ ਗੁਣ ਗਾਉਂਦੇ ਹਨ। ਮਿਠ ਬੋਲੜੇ ਦੇ ਐਸੇ ਹੀ ਬੇਅੰਤ ਨਾਂਵਾਂ ਦਾ ਜ਼ਿਕਰ; ‘ਜਪੁ’ ਸਾਹਿਬ ਦੀ 19ਵੀਂ ਪਉੜੀ ’ਚ ਹੈ, ‘‘ਅਸੰਖ ਨਾਵ ਅਸੰਖ ਥਾਵ ..੧੯’’ (ਜਪੁ) ਗੁਰੂ ਅਰਜਨ ਸਾਹਿਬ ਜੀ ਦੇ ਭੀ ਬਚਨ ਹਨ, ‘‘ਕਿਰਤਮ ਨਾਮ ਕਥੇ ਤੇਰੇ; ਜਿਹਬਾ   ਸਤਿ ਨਾਮੁ ਤੇਰਾ ਪਰਾ ਪੂਰਬਲਾ ’’  (ਮਹਲਾ /੧੦੮੩) ਭਾਵ ਹੇ ਪ੍ਰਭੂ ! ਤੇਰੇ ਕਿਰਤਮ ਨਾਂਵ ਹੀ ਮੇਰੀ ਰਸਨਾ ਜਪਦੀ ਹੈ, ਪਰ ਤੇਰਾ ਸਦੀਵੀ ਸਥਿਰ ਨਾਉ (ਆਦਿ ਸਚੁ ਜੁਗਾਦਿ ਸਚੁ) ਆਦਿ ਕਾਲ ਤੋਂ ਹੈ (ਜੋ ਮਨੁੱਖਾਂ ਨੇ ਨਹੀਂ ਰੱਖਿਆ)। ਇੱਥੇ ਜੋ ‘ਕਿਰਤਮ ਨਾਮ’ ਹਨ; ਓਹੀ ਜਾਪੁ ਸਾਹਿਬ ’ਚ ‘ਕਰਮ ਨਾਮ’ ਹਨ; ਦੋਵਾਂ ਦਾ ਅਰਥ ਇੱਕੋ ਹੈ।

ਝੋਲ਼ਾ-ਚੁੱਕ ਹਕੀਮਾਂ ਲਈ ਕਹਾਵਤ ਹੈ, ‘ਨੀਮ ਹਕੀਮ ਖਤਰਾ ਏ ਜਾਨ, ਨੀਮ ਮੁੱਲਾ ਖਤਰਾ ਏ ਈਮਾਨ (ਧਰਮ)’। ਅੱਜ ਧਰਮ ਨੂੰ ਖ਼ਤਰਾ; ਧਾਰਮਿਕ ਲਿਬਾਸ ਧਾਰਨ ਵਾਲ਼ਿਆਂ ਤੋਂ ਹੈ ਕਿਉਂਕਿ ਉਹ, ਸੱਚ ਨੂੰ ਅੰਦਰੋਂ ਅੰਦਰ ਦੀਮਕ ਵਾਙ ਖਾਂਦੇ ਹਨ, ਕੂੜ ’ਚ ਬਦਲਦੇ ਹਨ। ਪ੍ਰਾਇਮਰੀ ਕਲਾਸ ਦੇ ਬੱਚੇ ਕੋਲ਼ ਯੂਨੀਵਰਸਿਟੀ ਪੱਧਰ ਦੀ ਗੱਲ ਕਰੀਏ ਤਾਂ ‘ਮੱਝ ਅੱਗੇ ਬੀਨ ਵਜਾਉਣ’ ਵਾਲ਼ੀ ਕਹਾਵਤ ਵਾਙ ਉਸ ਦੇ ਪੱਲੇ ਕੁੱਝ ਨਹੀਂ ਪੈਂਦਾ। ਇਸੇ ਤਰ੍ਹਾਂ ਮਨੁੱਖ ਕੋਲ਼ ਧਰਮ ਦੀ ਗਹਿਰੀ ਗੱਲ ਕਰੀਏ ਤਾਂ ਉਸ ਦੇ ਸਿਰ ਉੱਤੋਂ ਦੀ ਲੰਘ ਜਾਂਦੀ ਹੈ।

ਇਨ੍ਹਾਂ ਸਾਰੇ ਭਾਗਾਂ ’ਚ ਕੀਤੀ ਵਿਚਾਰ ਦਾ ਨਿਚੋੜ ਹੈ ਕਿ ਹਰ ਮਨੁੱਖ ਦੇ ਜ਼ਿੰਮੇ ਲੇਖ ਹੈ। ਉਸੇ ਅਨੁਸਾਰ ਕਰਤਾਰ ਦਾ ਹੁਕਮ; ਹਰ ਮਨੁੱਖ ਲਈ ਭਿੰਨ ਭਿੰਨ ਹੁੰਦਾ ਹੈ। ਕਰਤਾਰ ਦਾ ਨਿੱਤ ਸਿਮਰਨ ਕਰਨ ਨਾਲ਼ ਉਸ ਨਾਲ਼ ਬਣੀ ਨੇੜਤਾ, ਪਿਆਰ ਅਤੇ ਹੁੰਦੀ ਖ਼ਾਸ ਬਖ਼ਸ਼ਸ਼ ਨਾਲ਼ ਇਹ ਲੇਖ ਮਿਟ ਜਾਂਦਾ ਹੈ। ਨਦੀਆਂ ਤੇ ਨਾਲੇ; ਸਮੁੰਦਰ ’ਚ ਸਦਾ ਲਈ ਮਿਲ ਜਾਂਦੇ ਹਨ; ਫਿਰ ਜਨਮ ਮਰਨ ਰੂਪ ਨਰਕ ’ਚ ਵਾਰ-ਵਾਰ ਖ਼ੱਜਲ਼-ਖ਼ੁਆਰ ਨਹੀਂ ਹੋਣਾ ਪੈਂਦਾ।

ਅੰਤ ’ਚ ਚੇਤੇ ਰਹੇ ਕਿ ‘ਸੋ ਦਰੁ’ (ਸਿਰਲੇਖ ਹੇਠ 5 ਸ਼ਬਦਾਂ ’ਚੋਂ) ਅਤੇ ‘ਸੋ ਪੁਰਖੁ’ (ਸਿਰਲੇਖ ਹੇਠ 4 ਸ਼ਬਦਾਂ ’ਚੋਂ) ਅੰਤਮ ਸ਼ਬਦ; ਗੁਰੂ ਅਰਜਨ ਸਾਹਿਬ ਜੀ ਦੁਆਰਾ ਰਚੇ ਹਨ, ਜਿਨ੍ਹਾਂ ’ਚ ‘ਮਨ’ ਨੂੰ ਸੰਬੋਧਨ ਹੈ ਕਿਉਂਕਿ ਪ੍ਰਭੂ ਦਾ ਸਿਮਰਨ ਕਰਨ ਸਮੇਂ ਅਕਸਰ ਮਨ ਭਟਕਦਾ ਹੈ। ਇਨ੍ਹਾਂ ’ਚ ਮਨ ਤੋਂ ਸਹਿਯੋਗ ਮੰਗਿਆ ਗਿਆ ਹੈ; ਜਿਵੇਂ ਕਿ

(1). ਕਾਹੇ ਰੇ ਮਨ  ! ਚਿਤਵਹਿ ਉਦਮੁ; ਜਾ ਆਹਰਿ ਹਰਿ ਜੀਉ ਪਰਿਆ   ਸੈਲ ਪਥਰ ਮਹਿ ਜੰਤ ਉਪਾਏ; ਤਾ ਕਾ ਰਿਜਕੁ ਆਗੈ ਕਰਿ ਧਰਿਆ (ਸੋ ਦਰੁ/ਗੂਜਰੀ/ਮਹਲਾ /੧੦) ਅਰਥ : ਹੇ ਮਨ ! ਕਿਉਂ ਇੱਧਰ-ਓਧਰ ਰੋਟੀ ਨੂੰ ਭਟਕਦਾ ਹੈ। ਜਿਸ ਭੋਜਨ (ਦੇਣ) ਚ ਦਾਤਾਰ ਆਪ ਲੱਗਿਆ ਹੈ। ਵੇਖ ਪੱਥਰ ’ਚ ਕੀੜੇ ਪੈਦਾ ਕੀਤੇ ਹਨ। ਉਨ੍ਹਾਂ ਦਾ ਭੋਜਨ; ਪੈਦਾ ਹੋਣ ਤੋਂ ਪਹਿਲਾਂ ਹੀ ਓਥੇ ਮੌਜੂਦ ਹੁੰਦਾ ਹੈ।

(2). ਭਈ ਪਰਾਪਤਿ ਮਾਨੁਖ  ! ਦੇਹੁਰੀਆ   ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ   ਅਵਰਿ ਕਾਜ; ਤੇਰੈ ਕਿਤੈ ਕਾਮ   ਮਿਲੁ ਸਾਧਸੰਗਤਿ; ਭਜੁ ਕੇਵਲ ਨਾਮ (ਸੋ ਪੁਰਖੁ/ਆਸਾ/ਮਹਲਾ /੧੨) ਅਰਥ : ਹੇ ਮਨੁੱਖ (ਭਾਵ ਮਨ) ! ਤੈਨੂੰ ਸੁੰਦਰ ਦੇਹ ਮਿਲੀ ਹੈ। ਬਖ਼ਸ਼ਣਹਾਰ ਨੂੰ ਮਿਲਣ ਦਾ ਇਹੀ ਮੌਕਾ ਹੈ। ਗੁਰੂ ਦੀ ਸੰਗਤ ’ਚ ਮਿਲ ਤੇ ਨਾਮ ਨੂੰ ਜਪ; ਹੋਰ ਸਾਰੇ ਕੰਮ ਤੇਰੇ ਕਿਸੇ ਖਾਤੇ ’ਚ ਨਹੀਂ ਪੈਣੇ।

ਇਸੇ ਪ੍ਰਸੰਗ ਅਨੁਸਾਰ ਅਨੰਦ ਸਾਹਿਬ ਦਾ ਇਹ ਸ਼ਬਦ ਰਹਰਾਸਿ ’ਚ ਸ਼ਾਮਲ ਕੀਤਾ ਗਿਆ, ‘‘ ਮਨ ਮੇਰਿਆ ! ਤੂ ਸਦਾ ਰਹੁ ਹਰਿ ਨਾਲੇ ..’’ (ਅਨੰਦ/ਮਹਲਾ /੯੧੭)

–ਸਮਾਪਤ—

Most Viewed Posts