ਗੁਰਬਾਣੀ ਰਚਨ ਦਾ ਮੰਤਵ (ਭਾਗ ਦੂਜਾ)
ਗੁਰਬਾਣੀ ਰਚਨ ਦਾ ਮੰਤਵ (ਭਾਗ ਦੂਜਾ)
ਗਿਆਨੀ ਅਵਤਾਰ ਸਿੰਘ
‘ਧਰਮ’; ਸੰਸਕ੍ਰਿਤ ਦਾ ਸ਼ਬਦ ਹੈ ਤੇ ਕੋਸ਼ਾਂ ’ਚ ਇਸ ਦੇ ਅਰਥ ਹਨ ‘ਫ਼ਰਜ਼, ਰਿਵਾਜ, ਪ੍ਰਾਕ੍ਰਿਤੀ, ਸੁਭਾਅ, ਇਨਸਾਫ਼, ਦੇਸ ਦੀ ਰੀਤ ਤੇ ਸੰਸਾਰ ਨੂੰ ਧਾਰਨ ਕਰਨ ਵਾਲ਼ਾ ਪਵਿੱਤਰ ਨਿਯਮ ਯਾਨੀ ਸੰਸਾਰਕ ਗਤੀ ਦਾ ਆਧਾਰ/ਸਰੋਤ; ਜਿਵੇਂ ਕਿ ਅੱਗ ਦਾ ਧਰਮ ਹੈ ‘ਸਾੜਨਾ’, ਸੂਰਜ ਦਾ ਧਰਮ ਹੈ ‘ਰੌਸ਼ਨੀ ਤੇ ਗਰਮੀ’ ਦੇਣਾ।
‘ਮਜ਼੍ਹਬ’ (ਮਜ਼ਹਬ); ਫ਼ਾਰਸੀ ਦਾ ਸ਼ਬਦ ਹੈ ਤੇ ਕੋਸ਼ਾਂ ’ਚ ਇਸ ਦੇ ਅਰਥ ਹਨ ‘ਰਸਤਾ, ਈਮਾਨ, ਅਕੀਦਾ, ਸੱਚੀ ਗੱਲ ’ਤੇ ਵਿਸ਼ਵਾਸ, ਦਿਲ ਦਾ ਭਰੋਸਾ’। ਇਨ੍ਹਾਂ ਦੋਵੇਂ ਸ਼ਬਦਾਂ ਦੇ ਅਰਥਾਂ ਨੂੰ ਸਮਾਨੰਤਰ ਵਾਚੀਏ ਤਾਂ ‘ਧਰਮ’ (ਸੰਸਕ੍ਰਿਤ) ਦੇ ਅਰਥਾਂ ’ਚ ‘ਦਿਲ ਦਾ ਭਰੋਸਾ’ ਤੇ ਸੱਚੀ ਗੱਲ ’ਤੇ ਵਿਸ਼ਵਾਸ’; ਅਰਥ ਨਹੀਂ ਹਨ। ਸ਼ਾਇਦ ਇਸੇ ਕਾਰਨ ਭਗਤ ਨਾਮਦੇਵ ਜੀ; ਮੁਸਲਮਾਨ ਨੂੰ ਕਾਣਾ (ਕੇਵਲ ਇੱਕ ਅੱਖ ਤੋਂ ਅੰਨ੍ਹਾ) ਤੇ ਹਿੰਦੂ ਨੂੰ ਦੋਵੇਂ ਅੱਖਾਂ ਤੋਂ ਅੰਨ੍ਹਾ ਮੰਨਦੇ ਹਨ, ‘‘ਹਿੰਦੂ ਅੰਨ੍ਹਾ; ਤੁਰਕੂ ਕਾਣਾ ॥’’ (ਭਗਤ ਨਾਮਦੇਵ/੮੭੫) ਕਿਉਂਕਿ ਹਿੰਦੂ ਦੇ ਹਿਰਦੇ ’ਚ ਆਪਣੇ ਇਸ਼ਟ ਪ੍ਰਤੀ ਮੁਸਲਮਾਨ ਵਾਙ ਸ਼ਰਧਾ ਭੀ ਨਹੀਂ।
ਪੰਡਿਤ; ਪ੍ਰਾਕ੍ਰਿਤੀ (ਕੁਦਰਤ) ਦਾ ਉਪਾਸ਼ਕ ਹੈ, ਜੋ ‘ਦੇਵਤੇ, ਪੱਥਰ-ਮੂਰਤੀ, ਪੇਡ-ਪੌਦੇ (ਪਿੱਪਲ, ਤੁਲਸੀ), ਸੂਰਜ, ਚੰਦ, ਗ੍ਰਹਿ, ਆਦਿ ਦੀ ਪੂਜਾ ਕਰਦਾ ਹੈ ਯਾਨੀ ਕੁਦਰਤ ਨੂੰ ਆਦਰਸ਼ ਮੰਨਦਾ ਹੈ। ਇਸ ਪੂਜਾ ਵਾਸਤੇ ‘ਦਿਲ ’ਚ ਭਰੋਸਾ ਜਾਂ ਵਿਸ਼ਵਾਸ ਹੋਣਾ’; ਜ਼ਰੂਰੀ ਨਹੀਂ ਹੁੰਦਾ ਕਿਉਂਕਿ ਪ੍ਰਾਕ੍ਰਿਤੀ; ਖ਼ੁਦ ਇੱਕ ਚਿੱਤਰ ਹੈ, ਜਿਸ ਨੂੰ ਪੰਜ ਗਿਆਨ ਇੰਦ੍ਰੇ (ਅੱਖ, ਨੱਕ, ਕੰਨ, ਜੀਭ ਤੇ ਚਮੜੀ) ਪ੍ਰਤੱਖ ਵੇਖ ਜਾਂ ਮਹਿਸੂਸ ਕਰਦੇ ਹਨ। ਤਰਕ ਵਿਤਰਕ ਦੀ ਸੰਭਾਵਨਾ ਨਹੀਂ ਹੁੰਦੀ। ਐਸੀ ਹੀ ਸੋਚ; ਕੁੱਝ ਅੱਪਗ੍ਰੇਡ (ਮਾਡਰਨ) ਸਿੱਖਾਂ ਦੀ ਹੈ। ਦੋਵਾਂ ਵਾਸਤੇ ਧਰਮ ਲਈ ਦਿਲ ’ਚ ਭਰੋਸਾ ਹੋਣਾ, ਜ਼ਰੂਰੀ ਨਹੀਂ। ਭਰੋਸਾ ਹੋਣਾ; ਇਨ੍ਹਾਂ ਅਨੁਸਾਰ ਅੰਧ ਭਗਤੀ ਹੈ, ਨਾ ਕਿ ਸੱਚੀ ਭਗਤੀ। ਉਂਞ ਇਹ, ਉਸ ਅਰਦਾਸ ’ਚ ਖੜ੍ਹੇ ਹੁੰਦੇ ਹਨ, ਜਿਸ ਵਿੱਚ ‘ਭਰੋਸਾ ਦਾਨ’ ਮੰਗਿਆ ਜਾ ਰਿਹਾ ਹੁੰਦਾ ਹੈ।
ਗੁਰਬਾਣੀ; ਕੁਦਰਤ ਦੀ ਪੂਜਾ ਦੇ ਵਿਰੁਧ ਹੈ; ਜੈਸਾ ਕਿ ਸ਼ੁਰੂ ’ਚ ਹੀ ਵਾਕ ਹੈ, ‘‘ਥਾਪਿਆ ਨ ਜਾਇ; ਕੀਤਾ ਨ ਹੋਇ ..॥੫॥’’ (ਜਪੁ) ਭਾਵ ‘ੴ’ ਦੀ ਮੂਰਤੀ (ਸ਼ਕਲ) ਨਹੀਂ ਬਣ ਸਕਦੀ। ਜਿਸ ਦੀ ਤਸਵੀਰ ਨਹੀਂ; ਉਹ ਸਥਾਪਿਤ ਭੀ ਨਹੀਂ ਹੋਏਗਾ ਯਾਨੀ ਉਸ ਨੂੰ ਮੰਦਿਰ, ਮਸਜਿਦ ਜਾਂ ਗੁਰਦੁਆਰੇ ’ਚ ਮੂਰਤੀ ਬਣਾ ਕੇ ਨਹੀਂ ਟਿਕਾਇਆ ਜਾ ਸਕਦਾ। ਮੂਰਤੀ ਜਾਂ ਤਸਵੀਰ ਰੂਪ ’ਚ ਪੂਜਣਾ ਮਨ੍ਹਾ ਹੈ, ਵਰਜਿਤ ਹੈ।
ਗੁਰੂ ਨਾਨਕ ਸਾਹਿਬ ਦੁਆਰਾ ਕੀਤਾ 40-50 ਹਜ਼ਾਰ ਕਿਲੋਮੀਟਰ ਦਾ ਸਫ਼ਰ; ਇੱਕ ਧਰਮ ਦਾ ਪ੍ਰਚਾਰ ਨਹੀਂ ਬਲਕਿ ਸੱਚ ਨੂੰ ਉਜਾਗਰ ਕਰਨਾ ਸੀ। ਬੰਦੇ ਕੋਲ਼ ਜੋ ਵਸਤੂ ਹੋਵੇ; ਉਸੇ ਦਾ ਵਪਾਰ ਕਰਦਾ ਹੈ। ਗੁਰੂ ਸਾਹਿਬ ਅੰਦਰ ‘ਸਚ’ ਸੀ। ਆਪ ਨੇ ਇਸੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ ’ਚ ਸਪਸ਼ਟ ਕੀਤਾ, ‘‘ਆਦਿ ਸਚੁ; ਜੁਗਾਦਿ ਸਚੁ ॥’’
ਪੰਜਾਬੀ ਕੋਸ਼ਾਂ ’ਚ ‘ਸੱਚ’ ਦਾ ਅਰਥ ਹੈ ‘ਯਥਾਰਥ, ਅਸਲ, ਵਾਸਤਵਿਕਤਾ, ਹਕੀਕਤ, ਜੋ ਝੂਠ ਨਾ ਹੋਵੇ, ਠੀਕ, ਬਿਲਕੁੱਲ ਸੱਚ, ਪਰ ਗੁਰਬਾਣੀ ’ਚ ‘ਸਚੁ’ ਨੂੰ ਇਨ੍ਹਾਂ ਅਰਥਾਂ ਲਈ ਨਹੀਂ ਵਰਤਿਆ; ਜਿਵੇਂ ਕਿ ਕਹੀਏ, ‘ਬੱਚਿਆਂ ਦੀ ਦੇਖ-ਭਾਲ਼ ਮਾਤਾ-ਪਿਤਾ ਕਰਦੇ ਹਨ। ਜਨਤਾ ਦੀ ਰੱਖਿਆ ਰਾਜਾ ਕਰਦਾ ਹੈ। ਸੋਨਾ-ਚਾਂਦੀ; ਕੀਮਤੀ ਧਾਤੂ ਹਨ’। ਪੰਜਾਬੀ ਕੋਸ਼ਾਂ ਮੁਤਾਬਕ ਇਹ ਸਾਰੇ ਵਾਕ ‘ਸੱਚ’ ਹਨ ਜਦਕਿ ਗੁਰਮਤਿ ਅਨੁਸਾਰ ਝੂਠ ਹਨ, ‘‘ਕੂੜੁ ਰਾਜਾ, ਕੂੜੁ ਪਰਜਾ; ਕੂੜੁ ਸਭੁ ਸੰਸਾਰੁ ॥ ਕੂੜੁ ਮੰਡਪ, ਕੂੜੁ ਮਾੜੀ; ਕੂੜੁ ਬੈਸਣਹਾਰੁ ॥ ਕੂੜੁ ਸੁਇਨਾ, ਕੂੜੁ ਰੁਪਾ (ਚਾਂਦੀ); ਕੂੜੁ ਪੈਨ੍ਹਣਹਾਰੁ ॥ ਕੂੜੁ ਕਾਇਆ, ਕੂੜੁ ਕਪੜੁ; ਕੂੜੁ ਰੂਪੁ ਅਪਾਰੁ ॥ ਕੂੜੁ ਮੀਆ (ਪਤੀ), ਕੂੜੁ ਬੀਬੀ; ਖਪਿ ਹੋਏ ਖਾਰੁ ॥ ਕੂੜਿ+ਕੂੜੈ (’ਚ) ਨੇਹੁ ਲਗਾ; ਵਿਸਰਿਆ ਕਰਤਾਰੁ ॥ ਕਿਸੁ ਨਾਲਿ ਕੀਚੈ ਦੋਸਤੀ ? ਸਭੁ ਜਗੁ ਚਲਣਹਾਰੁ ॥ ਕੂੜੁ ਮਿਠਾ, ਕੂੜੁ ਮਾਖਿਉ; ਕੂੜੁ ਡੋਬੇ ਪੂਰੁ ॥ ਨਾਨਕੁ ਵਖਾਣੈ ਬੇਨਤੀ; ਤੁਧੁ ਬਾਝੁ, ਕੂੜੋ ਕੂੜੁ ॥੧॥’’ (ਆਸਾ ਕੀ ਵਾਰ/ਮਹਲਾ ੧/੪੬੮) ਭਾਵ ਹੇ ਪਭੂ ! ਤੇਰੇ ਤੋਂ ਇਲਾਵਾ; ਹਰ ਰਾਜਾ, ਪ੍ਰਜਾ (ਜਨਤਾ), ਸਾਰਾ ਸੰਸਾਰ, ਸੁੰਦਰ ਮਹਿਲ-ਮਾੜੀਆਂ, ਸੋਨਾ, ਚਾਂਦੀ, ਸਰੀਰ, ਕੱਪੜਾ, ਸੁੰਦਰਤਾ, ਪਤੀ, ਪਤਨੀ, ਆਦਿ ਸਭ ਝੂਠੇ ਹਨ, ਨਾਸ਼ਵਾਨ ਹਨ, ਜੋ (ਤੇਰੀ ਤਰ੍ਹਾਂ) ਸਦਾ ਸਾਥ ਨਹੀਂ ਨਿਭਾ ਸਕਦੇ। ਇਨ੍ਹਾਂ ’ਚ ਗ੍ਰਸਤ ਲੋਕ; ਅਸਲ ਮਾਲਕ ਨੂੰ ਭੁਲਾ ਲੈਂਦੇ ਹਨ, ਜੋ ਸਦਾ ਥਿਰ, ‘‘ਆਦਿ ਸਚੁ, ਜੁਗਾਦਿ ਸਚੁ ॥ ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ॥੧॥’’ ਹੈ ਭਾਵ ‘ਨਾਸ਼ਵਾਨ ਸੰਸਾਰ ਬਣਨ ਤੋਂ ਪਹਿਲਾਂ ਭੀ ਕਰਤਾਰ ਥਿਰ ਸੀ। ਜੁਗਾਂ ਦੀ ਅਰੰਭਤਾ ਸਮੇਂ ਭੀ ਕਾਇਮ (ਥਿਰ) ਸੀ। ਹੁਣ ਭੀ ਮੌਜੂਦ (ਥਿਰ) ਹੈ ਤੇ ਸੰਸਾਰ ਦੇ ਨਾਸ ਹੋਣ ਉਪਰੰਤ (ਕਿਆਮਤ ਤੋਂ ਬਾਅਦ) ਭੀ ਕਾਇਮ (ਥਿਰ) ਰਹੇਗਾ’। ਇਸ (ਸਚ) ਨੂੰ ਸਿਰਮੌਰ ਮੰਨਿਆ ਹੈ; ਜਿਵੇਂ ਕਿ ‘ਜਪੁ’ ਜੀ ਸਾਹਿਬ ’ਚ ਹੀ ਵਾਰ-ਵਾਰ ਦੁਹਰਾਇਆ ਹੈ, ‘‘ਤੂ ਸਦਾ ਸਲਾਮਤਿ; ਨਿਰੰਕਾਰ !॥, ਸੋਈ ਸੋਈ ਸਦਾ ਸਚੁ; ਸਾਹਿਬੁ ਸਾਚਾ, ਸਾਚੀ ਨਾਈ ॥ ਹੈ ਭੀ, ਹੋਸੀ, ਜਾਇ ਨ ਜਾਸੀ.. ॥, ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥’’ ਇਨ੍ਹਾਂ ਵਾਕਾਂ ’ਚ ‘ਸਦਾ ਸਲਾਮਤਿ, ਜਾਇ ਨ ਜਾਸੀ, ਅਨਾਹਤਿ, ਜੁਗੁ ਜੁਗੁ ਏਕੋ ਵੇਸੁ’ ਦੇ ਇੱਕੋ ਹੀ ਅਰਥ ਹਨ ‘ਉਹ ਮਾਲਕ ਸਦਾ ਥਿਰ ਹੈ’। ਇਸੇ ਸਬੰਧ ’ਚ ਗੁਰਬਾਣੀ ਦੇ ਅੰਤ ’ਚ ਦਰਜ; ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਹਨ, ‘‘ਨਿਜ ਕਰਿ ਦੇਖਿਓ ਜਗਤੁ ਮੈ; ਕੋ ਕਾਹੂ ਕੋ ਨਾਹਿ ॥ ਨਾਨਕ ! ਥਿਰੁ ਹਰਿ ਭਗਤਿ ਹੈ; ਤਿਹ ਰਾਖੋ ਮਨ ਮਾਹਿ ॥੪੮॥’’ (ਮਹਲਾ ੯/੧੪੨੯) ਭਾਵ ਮੈ ਜਗਤ ’ਚ ਬਹੁਤ ਨੇੜਿਓਂ ਵੇਖਿਆ ਹੈ ਕਿ ਕੋਈ ਕਿਸੇ ਦਾ ਸਦੀਵੀ ਆਸਰਾ ਨਹੀਂ। ਕੇਵਲ ਹਰੀ ਦਾ ਨਾਮ ਹੀ ਸਥਿਰ ਹੈ, ਉਸ ਨੂੰ ਆਪਣੇ ਹਿਰਦੇ ’ਚ ਪ੍ਰੋ ਕੇ ਰੱਖੋ।
ਗੁਰਬਾਣੀ ਅੰਦਰ ਸੰਸਕ੍ਰਿਤ ਦੇ ਸਤਿ (‘ਸਤ੍ਯ’ ਤਤਸਮ) ਦਾ ਤਦਭਵ ਰੂਪ ‘ਸਚੁ’ ਹੈ, ਗੁਰਮੁਖੀ ਦਾ ਸ਼ਬਦ ਨਹੀਂ। ਗੁਰੂ ਨਾਨਕ ਸਾਹਿਬ ਨੇ ਇਸੇ ਅਰਥ (ਸਦਾ ਥਿਰ) ਲਈ ‘ਸਚੁ’ ਨੂੰ ਵਰਤਿਆ ਹੈ; ਜਿਵੇਂ ਕਿ ‘‘ਕੂੜ ਨਿਖੁਟੇ ਨਾਨਕਾ ! ਓੜਕਿ ਸਚਿ (’ਚ ਲੀਨ ਰਿਹਾਂ) ਰਹੀ ॥ (ਮਹਲਾ ੧/੯੫੩), ਕੂੜ ਨਿਖੁਟੇ ਨਾਨਕਾ ! ਸਚੁ ਕਰੇ, ਸੁ ਹੋਈ ॥ (ਮਹਲਾ ੧/੧੨੮੩), ਸਚਿ (’ਚ) ਮਿਲੈ ਸਚਿਆਰੁ; ਕੂੜਿ (ਨਾਲ਼) ਨ ਪਾਈਐ ॥ ਸਚੇ ਸਿਉ ਚਿਤੁ ਲਾਇ; ਬਹੁੜਿ ਨ ਆਈਐ ॥’’ (ਮਹਲਾ ੧/੪੧੯) ਭਾਵ ਸਚ (ਕਰਤਾਰ) ’ਚ ਸਚਿਆਰ ਬਣ ਕੇ ਹੀ ਲੀਨ ਹੋਈਦਾ ਹੈ। ਕੂੜ ’ਚ ਗ੍ਰਸਤ ਰਿਹਾਂ ਸਚ ਨਹੀਂ ਪਾਇਆ ਜਾ ਸਕਦਾ। ਸਚ ਨਾਲ਼ ਚਿੱਤ ਜੋੜ ਕੇ ਮੁੜ-ਮੁੜ ਜਨਮ (ਆਵਾਗਮਣ) ਨਹੀਂ ਹੁੰਦਾ, ਕੂੜਾ-ਸਰੀਰ ਨਹੀਂ ਧਾਰਨਾ ਪੈਂਦਾ।
‘ਸਤਿ’ (ਤਤਸਮ) ਉੱਤੇ ਗੁਰਬਾਣੀ ਦਾ ਕੋਈ ਭੀ ਵਿਆਕਰਨ ਨਿਯਮ ਲਾਗੂ ਨਹੀਂ ਹੁੰਦਾ ਕਿਉਂਕਿ ਇਸ ਦੀ ਅੰਤਮ ਸਿਹਾਰੀ; ਮੂਲਕ ਹੈ, ਜੋ ਸਬੰਧਿਤ ਭਾਸ਼ਾ ’ਚ ਉਚਾਰਨ ਹੁੰਦੀ ਹੈ, ਪਰ ‘ਸਚੁ, ਸਚਿ, ਸਚ’ (ਤਦਭਵ) ਉੱਤੇ ਵਿਆਕਰਨ ਨਿਯਮ ਲਾਗੂ ਹੁੰਦੇ ਹਨ ਭਾਵ ‘ਸਚਿ’ ਤੇ ‘ਸਚੁ’ ਦੀ ਅੰਤ ਸਿਹਾਰੀ ਤੇ ਅੰਤ ਔਂਕੜ; ਅਰਥ ਸਮਝਾਉਣ ਲਈ ਹਨ, ਨਾ ਕਿ ਉਚਾਰਨ ਲਈ। ‘ਸਚੁ’ ਤੇ ‘ਸਚਿ’ ਦਾ ਉਚਾਰਨ ‘ਸਚ’ ਹੈ।
‘ਸਚਿਆਰ’ ਹੋਣ ਤੋਂ ਭਾਵ ਸੱਚ ਨੂੰ ਜਾਣ ਕੇ ਉਸ ਵਿੱਚ ਲੀਨ ਹੋਣਾ, ਉਸ ਵਰਗਾ ਬਣਨਾ ਹੈ। ਸਚ ’ਚ ਅਭੇਦ ਹੋਏ ਭਗਤ; ਆਪਣਾ ਅਨੁਭਵ ਬਿਆਨ ਕਰਦੇ ਹਨ ਕਿ ‘‘ਜਿਉ ਕਾਮੀ; ਕਾਮਿ (’ਚ) ਲੁਭਾਵੈ ॥ ਤਿਉ ਹਰਿ ਦਾਸ; ਹਰਿ ਜਸੁ ਭਾਵੈ (ਪਸੰਦ)॥ (ਮਹਲਾ ੫/੬੨੯), ਕਾਮੀ ਪੁਰਖ ਕਾਮਨੀ ਪਿਆਰੀ ॥ ਐਸੀ ਨਾਮੇ ਪ੍ਰੀਤਿ ਮੁਰਾਰੀ ॥’’ (ਭਗਤ ਨਾਮਦੇਵ/੧੧੬੪) ਭਾਵ ਜਿਸ ਤਰ੍ਹਾਂ ਕਾਮੀ ਪੁਰਸ਼; ਪਰਾਈ ਔਰਤ ਨੂੰ ਪਿਆਰ ਕਰਦਾ ਹੈ; ਉਸੇ ਤਰ੍ਹਾਂ ਹਰੀ ਦਾ ਸੇਵਕ; ਹਰੀ ਨੂੰ ਪਿਆਰ ਕਰਦਾ ਹੈ, ਉਸ ਦੇ ਗੁਣ ਗਾਉਂਦਾ ਹੈ। ਕਾਮੀ ਬੰਦੇ ਦੀ ਇਸਤਰੀ ਪ੍ਰੀਤ ਵਰਗੀ ਨਾਮਦੇਵ ਦੀ ਪ੍ਰੀਤ; ਮੁਰਾਰੀ-ਕ੍ਰਿਸ਼ਨ (ਪ੍ਰਭੂ) ਨਾਲ਼ ਹੈ। ਸੋ ‘ਸਚੁ’ ਨੂੰ ਪਿਆਰ ਕਰ-ਕਰ ‘ਸਚਿਆਰ’ ਹੋਣ ਲਈ ‘ਸਚੁ’ ਪ੍ਰਤੀ ਮਨ ’ਚ ਭਰੋਸਾ, ਵਿਸ਼ਵਾਸ ਹੋਣਾ ਅਤਿ ਜ਼ਰੂਰੀ ਹੈ, ਨਾ ਕਿ ਪੰਡਿਤ ਜਾਂ ਆਧੁਨਿਕ ਸਿੱਖਾਂ ਵਾਙ ਅਸ਼ਰਧਕ ਰਹਿ ਕੇ ਇਹ ਅਵਸਥਾ ਹਾਸਲ ਹੁੰਦੀ ਹੈ।
ਕੁਦਰਤ ਦਾ ਉਪਾਸ਼ਕ (ਪੰਡਿਤ); ਕੁਦਰਤ ਨੂੰ ਕਦੇ ਭੀ ਨਾਸ਼ਵਾਨ ਨਹੀਂ ਕਹੇਗਾ ਕਿਉਂਕਿ ਕੁਦਰਤ ਉਸ ਦਾ ਆਦਰਸ਼ ਹੈ, ਭਗਵਾਨ ਹੈ। ਮਾਡਰਨ ਸਿੱਖਾਂ ਦਾ ਆਦਰਸ਼ (ਰੱਬ); ਕੁਦਰਤ ਦਾ ਨਿਯਮ ਹੈ। ਇਹ ਭੀ ਕੁਦਰਤ ਨੂੰ ਨਾਸ਼ਵਾਨ ਨਹੀਂ ਬੋਲਣਗੇ ਤਾਂ ਕਿ ਬੰਦਾ ਇਸ ਨਾਲ਼ ਗਹਿਰੇ ਸਬੰਧ ਨਾ ਬਣਾਏ। ਕੁਦਰਤ ਨੂੰ ਨਾਸ਼ਵਾਨ ਕਹਿਣ ਨਾਲ਼ ਪੰਡਿਤ ਤੇ ਇਨ੍ਹਾਂ ਸਿੱਖਾਂ ਦਾ ਆਦਰਸ਼ (ਰੱਬ) ਭੀ ਮਰਦਾ ਹੈ। ਧਰਮ ਦੀ ਵਿਆਖਿਆ ’ਚ ਇਨ੍ਹਾਂ ਦੇ ਇਹੀ ਬੋਲ ਹੋਣਗੇ ਕਿ ‘ਕੁਦਰਤ ਵਾਙ ਨਿਯਮ ਦਾ ਪਾਲਣ ਕਰੋ’ ਯਾਨੀ ਕਿ ਇਨ੍ਹਾਂ ਅਨੁਸਾਰ ਮਨੁੱਖ; ਕੁਦਰਤ ਦੇ ਨਿਯਮ ਦਾ ਪਾਲਣ ਨਹੀਂ ਕਰ ਰਿਹਾ।
ਕੁਦਰਤ ’ਚ ਮਾਸਾਹਾਰੀ ਜੀਵ; ਸਾਕਾਹਾਰੀ ਜੀਵਾਂ ਨੂੰ (ਮਾਰ ਕੇ ਜਾਂ ਬਿਨਾਂ ਮਾਰੇ ਜੀਵਦਿਆਂ ਹੀ) ਖਾਂਦੇ ਹਨ। ਉਨ੍ਹਾਂ ਦੇ ਬੱਚੇ ਭੀ ਮਾਰ ਦਿੰਦੇ ਹਨ। ਫਿਰ ਭੀ ਉਹ ਕੁਦਰਤ ਦੇ ਨਿਯਮ ’ਚ ਹਨ ਕਿਉਂਕਿ ਹਿੰਸਕ ਜੀਵਾਂ ਨੂੰ (ਐਸਾ ਕਰਨ ਲਈ) ਨੁਕੀਲੇ ਪੰਜੇ ਤੇ ਤੇਜ਼ ਨਿਗ੍ਹਾ ਕਰਤਾਰ ਨੇ ਹੀ ਦਿੱਤੀ ਹੁੰਦੀ ਹੈ ਜਦਕਿ ਮਨੁੱਖ ਜਾਤੀ; ਐਨੀ ਹਿੰਸਕ (ਜ਼ਾਲਮ) ਨਹੀਂ ਹੁੰਦੀ। ਜੇਕਰ 1-2% ਬੰਦੇ ਜ਼ਾਲਮ ਹੋਣ ਤਾਂ ਭੀ ਬਾਕੀ 98% ਨੂੰ ਧਰਮੀ ਨਹੀਂ ਮੰਨਿਆ ਜਾ ਸਕਦਾ ਯਾਨੀ ਧਰਮੀ ਹੋਣ ਦਾ ਪੈਮਾਨਾ; ਕੁਦਰਤ ਦੇ ਨਿਯਮ ਦਾ ਪਾਲਣ ਕਰਨਾ ਜਾਂ ਨਾ ਕਰਨਾ, ਨਹੀਂ ਹੁੰਦਾ।
ਗੁਰਬਾਣੀ ਅਨੁਸਾਰ ਸਾਰਾ ਸੰਸਾਰ; ਉਸ ਦੇ ਹੁਕਮ (ਨਿਯਮ) ’ਚ ਹੈ, ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ..॥੨॥ (ਮਹਲਾ ੧), ਹੁਕਮੁ ਸਾਜਿ, ਹੁਕਮੈ ਵਿਚਿ ਰਖੈ; ਹੁਕਮੈ ਅੰਦਰਿ ਵੇਖੈ ॥ ਨਾਨਕ ! ਅਗਹੁ ਹਉਮੈ ਤੁਟੈ; ਤਾਂ ਕੋ ਲਿਖੀਐ ਲੇਖੈ ॥’’ (ਮਹਲਾ ੨/੧੨੪੩) ਭਾਵ ਪ੍ਰਭੂ; ਆਪਣੇ ਹੁਕਮ ’ਚ ਬੰਦੇ ਨੂੰ ਪੈਦਾ ਕਰਕੇ, ਹੁਕਮ ’ਚ ਹੀ ਚਲਾਉਂਦਾ ਹੈ। ਜਦ ਇਹ ਸਮਝ ਆ ਗਈ ਤਾਂ ਬੰਦਾ ਖ਼ੁਦ ਨੂੰ ਵੱਖਰੀ ਹਸਤੀ ਸਮਝ ਕੇ ਅਹੰਕਾਰ ਨਹੀਂ ਕਰਦਾ। ਐਸਾ ਹੀ ਇਹ ਬਚਨ ਸਮਝਾਉਂਦੇ ਹਨ, ‘‘ਨਾਨਕ ! ਹੁਕਮੈ ਜੇ ਬੁਝੈ; ਤ ਹਉਮੈ ਕਹੈ ਨ ਕੋਇ ॥੨॥ (ਮਹਲਾ ੧), ਅਗਹੁ ਹਉਮੈ ਤੁਟੈ; ਤਾਂ ਕੋ ਲਿਖੀਐ ਲੇਖੈ ॥’’ (ਮਹਲਾ ੨/੧੨੪੩) ਯਾਨੀ ਬੰਦਾ; ਪਹਿਲਾਂ ਆਪਣੀ ਵੱਖਰੀ ਹੋਂਦ ਖ਼ਤਮ ਕਰੇ ਤਾਂ ਹੀ ਲੇਖੇ ’ਚ ਪਏਗਾ, ਸਚ ’ਚ ਅਭੇਦ ਹੋਏਗਾ।
ਰਾਜਾ; ਰਸਤਿਆਂ ’ਚ ਮੁਸਾਫ਼ਰਾਂ ਲਈ ਲੰਗਰ ਲਗਵਾਉਂਦਾ ਹੈ। ਰਸਦ-ਪਾਣੀ ਦੀ ਘਾਟ ਨਾ ਰਹੇ, ਨਿਰੰਤਰ ਸਮੱਗਰੀ ਭੇਜਦਾ ਰਹਿੰਦਾ ਹੈ। ਸਮਾਂ ਬੀਤਦਾ ਗਿਆ। ਲੰਗਰ ’ਚ ਕੰਮ ਕਰਨ ਵਾਲ਼ੇ ਆਪਣੇ ਰਾਜੇ ਨੂੰ ਭੁੱਲ ਗਏ ਕਿਉਂਕਿ ਰਸਦ-ਪਾਣੀ ਲੈਣ ਲਈ ਕਦੇ ਉਸ ਕੋਲ਼ ਜਾਣ ਦੀ ਲੋੜ ਨਾ ਪਈ, ‘‘ਦਾਤਿ ਪਿਆਰੀ; ਵਿਸਰਿਆ ਦਾਤਾਰਾ ॥’’ (ਮਹਲਾ ੫/੬੭੬) ਗੁਰਬਾਣੀ ’ਚ ਬਿਨਾਂ ਮੰਗੇ, ਕਰਤਾਰ ਵੱਲੋਂ ਦਾਨ ਮਿਲਣ ਦਾ ਜ਼ਿਕਰ 5 ਵਾਰ ਹੈ। ਜਿਨ੍ਹਾਂ ’ਚੋਂ 4 ਵਾਰ ਗੁਰੂ ਨਾਨਕ ਸਾਹਿਬ ਤੇ ਇੱਕ ਵਾਰ; ਗੁਰੂ ਰਾਮਦਾਸ ਜੀ ਕਰਦੇ ਹਨ, ‘‘ਅਣਮੰਗਿਆ ਦਾਨੁ ਦੇਵਣਾ; ਕਹੁ ਨਾਨਕ ! ਸਚੁ ਸਮਾਲਿ ਜੀਉ ॥ (ਮਹਲਾ ੧/੭੩), ਅਣਮੰਗਿਆ ਦਾਨੁ ਦੀਜੈ ਦਾਤੇ ! ਤੇਰੀ ਭਗਤਿ ਭਰੇ ਭੰਡਾਰਾ ॥ (ਮਹਲਾ ੧/੪੩੭), ਸੁਣੇ, ਦੇਖੇ, ਬਾਝੁ ਕਹਿਐ; ਦਾਨੁ ਅਣਮੰਗਿਆ ਦਿਵੈ ॥ (ਮਹਲਾ ੧/੭੬੬), ਥਿਰੁ ਨਾਰਾਇਣੁ, ਥਿਰੁ ਗੁਰੂ; ਥਿਰੁ ਸਾਚਾ ਬੀਚਾਰੁ ॥ .. ਅਣਮੰਗਿਆ ਦਾਨੁ ਦੇਵਸੀ; ਵਡਾ ਅਗਮ ਅਪਾਰੁ ॥੩੪॥’’ (ਓਅੰਕਾਰ/ਮਹਲਾ ੧/੯੩੪), ਤੂ ਕਰਣ ਕਾਰਣ ਸਮਰਥੁ ਹੈ; ਤੂ ਕਰਹਿ, ਸੁ ਥੀਆ ॥ ਤੂ ਅਣਮੰਗਿਆ ਦਾਨੁ ਦੇਵਣਾ; ਸਭਨਾਹਾ ਜੀਆ ॥’’ (ਮਹਲਾ ੪/੫੮੫) ਸੋ ਬਿਨਾਂ ਮੰਗਿਆਂ ਰਸਦ-ਪਾਣੀ ਮਿਲਣ ਕਾਰਨ ਬੰਦਾ ਉਸ ਨੂੰ ਭੁਲਾ ਕੇ ਕਹਿਣ ਲੱਗਾ ‘ਲੰਗਰ ਮੇਰੇ ਵੱਲੋਂ ਹੈ’ ਯਾਨੀ ਘਰ-ਮਕਾਨ, ਗੱਡੀਆਂ ਮੈ ਖ਼ਰੀਦੀਆਂ ਹਨ, ਬੱਚਿਆਂ ਨੂੰ ਮੈ ਕਾਬਲ ਬਣਾਇਆ ਹੈ, ਮੈ ਅਕਲਮੰਦ ਹਾਂ, ਉਦਾਰਵਾਦੀ ਹਾਂ, ਆਦਿ। ਇਹੀ ਹੈ ‘ਕੂੜ ਦੀ ਪਾਲਿ (ਕੰਧ)’, ਜਿਸ ਨੇ ਮਾਲਕ ਨਾਲ਼ੋਂ ਸਬੰਧ ਤੋੜਿਆ, ਵਿਚਕਾਰ ਪਰਦਾ ਪਾਈ ਰੱਖਿਆ। ਹਰ ਕੋਈ ਇਸ ‘ਕੂੜ ਦੀ ਪਾਲਿ’ ਅਨੁਸਾਰ ਜਨਮ ਲੈਂਦਾ ਤੇ ਮਰਦਾ ਹੈ ਕਿਉਂਕਿ ਵਿਚਕਾਰਲਾ ਪਰਦਾ ਕਾਇਮ ਹੈ, ‘‘ਲੇਖੁ ਨ ਮਿਟਈ ਹੇ ਸਖੀ ! ਜੋ ਲਿਖਿਆ ਕਰਤਾਰਿ (ਨੇ)॥’’ (ਓਅੰਕਾਰ/ਮਹਲਾ ੧/੯੩੭) ‘ਲੇਖੁ’ ਤੋਂ ਭਾਵ ‘ਕੂੜ ਦੀ ਪਾਲਿ’ ਹੈ।
ਮਾਲਕ ਨੇ ਸੋਚਿਆ ਕਿ ‘ਕੂੜ ਦੀ ਪਾਲਿ’ ਐਨੀ ਮਜ਼ਬੂਤ ਨਾ ਕਰਾਂ ਕਿ ਹਰ ਕੋਈ ਮੈਥੋਂ ਟੁਟਿਆ ਰਹੇ ਤੇ ਜੰਮਦਾ-ਮਰਦਾ ਫਿਰੇ। ਇਸ ਲਈ ਸੁਵਿਧਾ ਭੀ ਜ਼ਰੂਰੀ ਹੈ; ਜਿੱਦਾਂ ਸਕੂਲਾਂ, ਕਾਲਜਾਂ ’ਚ ਸਿਲੇਬਸ ਪੜ੍ਹਨ ਉਪਰੰਤ ਪੇਪਰ ਦੇਣ ਦੀ ਸੁਵਿਧਾ ਹੈ ਤਾਂ ਕਿ ਸਿਲੇਬਸ ਨੂੰ ਪਾਰ ਕੀਤਾ ਜਾ ਸਕੇ ਯਾਨੀ ਜੰਮਣਾ-ਮਰਨਾ (ਆਵਾਗਮਣ) ਖ਼ਤਮ ਹੋਵੇ। ਮਾਲਕ ਨੇ ਆਪਣੀ ਇਸ ਗਹਿਰੀ ਵਿਓਂਤ ਤੋਂ ਜਾਣੂ ਆਪਣੇ ਖ਼ਾਸ ਵਫ਼ਾਦਾਰ (ਗੁਰੂ) ਨੂੰ ਮਨੁੱਖਾ ਜੂਨੀ ’ਚ ਭੇਜਿਆ ਕਿਉਂਕਿ ਇਹੀ ਜੂਨ; ਬਾਕੀਆਂ ਨਾਲੋਂ ਵੱਧ ਚੇਤਨ ਹੈ। ਪਾਵਨ ਬਚਨ ਹਨ, ‘‘ਅਵਰ ਜੋਨਿ; ਤੇਰੀ ਪਨਿਹਾਰੀ ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ ॥’’ (ਮਹਲਾ ੫/੩੭੪) ਭਾਵ ਸਾਰੀਆਂ ਜੂਨਾਂ; ਮਨੁੱਖ ਦੀ ਸੇਵਾ ਲਈ ਹਨ। ਇਸ ਧਰਤੀ ’ਤੇ ਚੌਧਰ; ਮਨੁੱਖ ਦੀ ਚੱਲਦੀ ਹੈ।
ਸਤਿਗੁਰੂ ਨੇ ਸ਼ਰਧਾਵਾਨ ਮਨੁੱਖ ਨੂੰ ਸਚ ਨਾਲ਼ ਜੋੜ ਕੇ ‘‘ਲੇਖੁ ਨ ਮਿਟਈ ਹੇ ਸਖੀ !’’ ਵਾਲ਼ਾ ਭਰਮ ਤੋੜ ਦਿੱਤਾ; ਜੈਸਾ ਕਿ ਵਾਕ ਹੈ, ‘‘ਸੰਤਨ ਮੋ ਕਉ ਪੂੰਜੀ ਸਉਪੀ; ਤਉ ਉਤਰਿਆ ਮਨ ਕਾ ਧੋਖਾ (ਭਰਮ)॥ ਧਰਮਰਾਇ ਅਬ ਕਹਾ ਕਰੈਗੋ ? ਜਉ ਫਾਟਿਓ ਸਗਲੋ ਲੇਖਾ ॥ (ਮਹਲਾ ੫/੬੧੪), ਸਿਮਰਤ ਨਾਮੁ; ਕਿਲਬਿਖ ਸਭਿ ਕਾਟੇ ॥ ਧਰਮਰਾਇ ਕੇ ਕਾਗਰ ਫਾਟੇ ॥’’ (ਮਹਲਾ ੫/੧੩੪੮)
ਸਤਿਗੁਰੂ; ਆਪ ਜਨਮ ਮਰਨ ਤੋਂ ਰਹਿਤ ਹਨ, ‘‘ਜਨਮ ਮਰਣ ਦੁਹਹੂ ਮਹਿ ਨਾਹੀ; ਜਨ ਪਰਉਪਕਾਰੀ ਆਏ ॥ ਜੀਅ ਦਾਨੁ ਦੇ ਭਗਤੀ ਲਾਇਨਿ; ਹਰਿ ਸਿਉ ਲੈਨਿ ਮਿਲਾਏ ॥’’ (ਮਹਲਾ ੫/੭੪੯) ਭਾਵ ਸਤਿਗੁਰੂ; ਆਪ ਜਨਮ-ਮਰਨ ਦੇ ਗੇੜ ’ਚ ਨਹੀਂ। ਉਹ ਤਾਂ ਭਰਮ (ਅਗਿਆਨਤਾ) ਕਾਰਨ ਜੰਮਣ-ਮਰਨ ’ਚ ਭਟਕ ਰਿਹਾਂ ਨੂੰ ਜੂਨ-ਸਿਲੇਬਸ ’ਚੋਂ ਕੱਢਣ ਆਏ ਹਨ। ਅਸਲ ਦਾਤਾਰ ਪਿਤਾ ਦੀ ਹੋਂਦ ਤੋਂ ਜਾਣੂ ਕਰਾ; ਮੈ ਮੈ ਕਾਰਨ ਉਪਜੀ ‘ਕੂੜ ਦੀ ਪਾਲਿ’ (ਪਰਦਾ) ਖ਼ਤਮ ਕਰਨ ਆਏ ਹਨ। ਸਤਿਗੁਰੂ; ਖ਼ੁਦ ‘ਸਚੁ’ (ਥਿਰ) ’ਚ ਅਭੇਦ ਹਨ; ਸ਼ਰਧਾਵਾਨਾਂ ਨੂੰ ਭੀ ਸਚ ’ਚ ਲੀਨ ਕਰ ਲੈਂਦੇ ਹਨ। ਉਸ ਦੀ ਬੰਦਗੀ ਤੇ ਨੇਕ ਕੰਮ ਕਰਨਾ ਹੀ ਅਸਲ ਸਿੱਖੀ ਹੈ, ‘‘ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ; ਨਿਰਮਲ ਕਰਮੁ ॥’’ (ਸੁਖਮਨੀ/ਮਹਲਾ ੫/੨੬੬)
ਕਰਤਾਰ ਦਾ ਸੁਭਾਅ; ਭਗਤ ਵਾਸਤੇ ਹੁਕਮ ਹੈ ਤੇ ਕੁਦਰਤ ਲਈ ਨਿਯਮ; ਜਿਵੇਂ ਕਿ ਲੰਗਰ ਲਈ ਰਸਦ ਭੇਜਣੀ; ਮਾਲਕ ਦਾ ਸੁਭਾਅ ਹੈ ਤੇ ਲੰਗਰ ਲਗਾਉਣ ਵਾਲ਼ਿਆਂ ਲਈ ‘ਹੁਕਮ’ ਹੈ। ਕਰਤਾਰ ਵਰਗੀ ਸੋਚ ਦਾ ਮਾਲਕ; ਸਤਿਗੁਰੂ ਹੈ ਤਾਹੀਓਂ ਕਰਤਾਰ ਦੇ ਇਸ ਸੁਭਾਅ ਤੋਂ ਜਾਣੂ ਹੈ; ਜਿਵੇਂ ਕਿ ਬਚਨ ਹਨ, ‘‘ਕਰਤੇ ਕੀ ਮਿਤਿ (ਵਡੱਪਣ) ਕਰਤਾ ਜਾਣੈ ਕੈ (ਜਾਂ) ਜਾਣੈ ਗੁਰੁ ਸੂਰਾ (ਸੂਰਮਾ)॥ (ਓਅੰਕਾਰ/ਮਹਲਾ ੧/੯੩੦), ਅਪਰੰਪਰ ਪਾਰਬ੍ਰਹਮੁ ਪਰਮੇਸਰੁ; ਨਾਨਕ ! ਗੁਰੁ ਮਿਲਿਆ ਸੋਈ ਜੀਉ ॥ (ਮਹਲਾ ੧/੫੯੯), ਮਾਨੁਖ ਕਾ ਕਰਿ ਰੂਪੁ ਨ ਜਾਨੁ ॥’’ (ਮਹਲਾ ੫/੮੯੫) ਸਚ ਦੇ ਇਸ ਸੁਭਾਅ ਤੋਂ ਜਾਣੂ ਹੋ ਕੇ ਸੇਵਕ-ਭਾਵਨਾ ’ਚ ਰਹਿਣਾ; ਮਨੁੱਖ ਦਾ ਟੀਚਾ ਹੈ। ਮਨੁੱਖ ਨੇ ਸਚ ਨੂੰ ਜਾਣਨਾ, ਉਸ ’ਤੇ ਭਰੋਸਾ ਕਰਨਾ ਤੇ ਉਸ ਵਿੱਚ ਲੀਨ ਹੋਣਾ ਹੈ। ਸਤਿਗੁਰੂ ਦਾ ਟੀਚਾ; ਸਚ ਨੂੰ ਪ੍ਰਗਟ ਕਰਨਾ, ਕੂੜ ਸਾਮ੍ਹਣੇ ਸਚ ਦੀ ਹਾਰ ਨਾ ਹੋਵੇ, ਨਿਰੰਤਰ ਸਚ ਦੀ ਹਿਫ਼ਾਜ਼ਤ ਲਈ ਵਕਾਲਤ ਕਰਨਾ ਹੈ। ਸੋ ਧਰਮ ਦੀ ਲੋੜ; ਮਨੁੱਖ ਨੂੰ ਹੈ; ਗੁਰੂ ਜਾਂ ਰੱਬ ਨੂੰ ਨਹੀਂ, ਇਸ ਲਈ ਬਚਨ ਕੀਤੇ ਹਨ ਕਿ ਦਾਤਾਰ-ਪਿਤਾ ਦੀ ਕੋਈ ਤਾਰੀਫ਼ ਕਰੇ; ਉਹ ਵੱਡਾ ਨਹੀਂ ਹੋ ਜਾਂਦਾ ਤੇ ਨਾ ਸਿਫ਼ਤ ਕਰੇ; ਉਹ ਛੋਟਾ ਨਹੀਂ ਹੋ ਜਾਂਦਾ, ‘‘ਜੇ ਸਭਿ ਮਿਲਿ ਕੈ; ਆਖਣਿ ਪਾਹਿ ॥ ਵਡਾ ਨ ਹੋਵੈ; ਘਾਟਿ ਨ ਜਾਇ ॥’’ (ਸੋ ਦਰੁ/ਮਹਲਾ ੧)
ਰਾਹਗੀਰਾਂ ਲਈ ਲੰਗਰ ’ਚ ਕੰਮ ਕਰਨਾ ਭੀ ਮਾਲਕ ਦੇ ਹੁਕਮ ਦੀ ਪਾਲਣਾ ਕਰਨਾ ਹੀ ਹੈ, ਹੁਕਮ ’ਚ ਚੱਲਣਾ ਹੈ। ਸਰੀਰਕ ਦੁੱਖ-ਭੁੱਖ ਦਾ ਮੂਲ ਕਾਰਨ; ਰਸਦ-ਪਾਣੀ (ਯਾਨੀ ਅਕਲ, ਸੁਆਸ, ਸਰੀਰ, ਬੱਚੇ, ਧਨ-ਦੌਲਤ) ਦੇਣ ਵਾਲ਼ੇ ਨੂੰ ਭੁਲਾ ਕੇ ‘ਲੰਗਰ ਮੇਰੇ ਵੱਲੋਂ ਹੈ’ ਆਖ-ਆਖ ਵਧਾਇਆ ਗਿਆ ਆਪਣਾ ਅਹੰਕਾਰ ਹੈ। ਗੁਰੂ; ਮਨੁੱਖ ਨੂੰ ਇਹ ਦਾਤਾਂ ਦੇਣ ਵਾਲ਼ੇ (ਸਚ, ਦਾਤਾਰ) ਦੀ ਸੋਝੀ ਕਰਾਉਂਦਾ ਹੈ। ਇਹ ਯੁਕਤੀ ਸਮਝਣ ਦੀ ਥਾਂ ਇਹ ਕਹਿਣਾ ਕਿ ਮਨੁੱਖ; ਪ੍ਰਭੂ ਦੇ ਹੁਕਮ ’ਚ ਨਹੀਂ ਚੱਲਦਾ, ਇਸ ਲਈ ਦੁੱਖ-ਭੁਖ ਵਾਪਰਦੇ ਹਨ; ਨਿਰੀ ਮਨਮਤ ਹੈ। ਐਸੇ ਲੋਕ; ਪੰਡਿਤ ਵਾਙ ਕੁਦਰਤ (ਆਕਾਰ) ਨੂੰ ਸਿੱਧੇ ਜਾਂ ਅਸਿੱਧੇ ਸਿਰਮੌਰ ਮੰਨ ਕੇ ਨਿਰਾਕਾਰ ਤੋਂ ਟੁੱਟੇ ਹੋਏ ਕੁਰਾਹੇ ਪਏ ਹੁੰਦੇ ਹਨ ਤੇ ਹੋਰਾਂ ਦਾ ਕੀਮਤੀ ਜੀਵਨ ਬਰਬਾਦ ਕਰਦੇ ਹਨ।
ਜਿਸ ਤਰ੍ਹਾਂ ਇੱਕ ਵਕੀਲ; ਕਾਨੂੰਨ ਨੂੰ ਸਮਝ ਕੇ ਉਸ ਦੀ ਹਿਫ਼ਾਜ਼ਤ ਲਈ ਅਦਾਲਤਾਂ ’ਚ ਪੈਰਵੀ ਕਰਦਾ ਹੈ। ਉਸੇ ਤਰ੍ਹਾਂ ‘ਸਚੁ’ ਨੂੰ ਸਮਝ ਚੁੱਕੇ ਬਾਣੀਕਾਰਾਂ ਨੇ ਮਨੁੱਖਤਾ ਦੇ ਕਲਿਆਣ ਲਈ ਸਚ ਨੂੰ ਪ੍ਰਗਟ ਕੀਤਾ, ਸਚ ਤੋਂ ਮਨੁੱਖਤਾ ਨੂੰ ਜਾਣੂ ਕਰਾਇਆ। ਵਕੀਲਾਂ ਵਾਙ ਬਾਣੀਕਾਰਾਂ ਨੇ ਸਚ ਦੀ ਪੈਰਵੀ ਕੀਤੀ ਤਾਂ ਜੋ ਸਚ ਉੱਤੇ ਕੂੜ ਰੂਪ ਪਰਦਾ ਨਾ ਪਏ। ਕੁਦਰਤ (ਕੂੜ) ਦੀ ਪੂਜਾ ਕਰਨ ਵਾਲ਼ੇ ਭੀ ਜ਼ਿਆਦਾਤਰ ਸਚ ਨੂੰ ਲੱਭਦੇ ਸਨ ਤਾਹੀਓਂ ਗੁਰੂ/ਭਗਤ ਸਾਹਿਬਾਨ ਦੀ ਸਿੱਖਿਆ ਦਾ (ਧਰਮ ਨੂੰ ਧੰਦਾ ਬਣਾ ਚੁੱਕੇ ਕੁੱਝ ਪੰਡਿਤ ਤੇ ਕਾਜ਼ੀਆਂ ਤੋਂ ਇਲਾਵਾ) ਬਹੁਤਾਤ ਸ਼ਰਧਾਵਾਨਾਂ ਨੇ ਵਿਰੋਧ ਨਾ ਕੀਤਾ, ਸਚ ਨੂੰ ਅਪਣਾਅ ਲਿਆ ਭਾਵੇਂ ਕਿ ਉਹ ਹਿੰਦੂ ਸਨ ਜਾਂ ਮੁਸਲਿਮ ਜਾਂ ਜੋਗੀ।
ਅਕਸਰ ਸੁਣੀਦਾ ਹੈ ਕਿ ਸਿੱਖੀ ਦੇ ਤਿੰਨ ਮੁੱਢਲੇ ਅਸੂਲ (ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛੱਕਣਾ) ਹਨ ਭਾਵੇਂ ਕਿ ਇਹ ਭੀ ਅਹਿਮ ਹਨ, ਪਰ ਇਨ੍ਹਾਂ ’ਚ ਸਚ ਦੀ ਪੈਰਵੀ ਕਰਨਾ, ਸ਼ਾਮਲ ਨਹੀਂ, ਜੋ ਕਿ ਗੁਰਮਤਿ ਦਾ ਆਧਾਰ ਹੈ, ਧੁਰਾ ਹੈ।
ਕਿਰਤ ਕਰਨਾ : ਗੁਰੂ ਨਾਨਕ ਸਾਹਿਬ ਨੇ ਆਪਣੇ ਹੱਥੀਂ ਕਿਰਤ ਕੀਤੀ। ਸੁਲਤਾਨਪੁਰ ਲੋਧੀ (ਚੜ੍ਹਦਾ ਪੰਜਾਬ) ਵਿਖੇ ਮੋਦੀਖ਼ਾਨਾ ਸੰਭਾਲ਼ਿਆ। ਕਰਤਾਰਪੁਰ ਸਾਹਿਬ (ਲਹਿੰਦਾ ਪੰਜਾਬ) ਵਿਖੇ ਖੇਤੀ ਕੀਤੀ। ਭਗਤ ਕਬੀਰ ਜੀ ਨੇ ਉਪਜੀਵਕਾ (ਰੋਜ਼ੀ) ਲਈ ਤਾਣੀ ਬੁਣੀ। ਭਗਤ ਰਵੀਦਾਸ ਜੀ; ਜੁਤੀਆਂ ਗੰਢਦੇ ਰਹੇ, ਆਦਿ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ‘ਕਿਰਤ’; ਬੰਦੇ ਨੂੰ ਪਰਵਾਰ ਤੇ ਸਮਾਜ ’ਚ ਇੱਜ਼ਤ ਦਿਵਾਉਂਦੀ ਹੈ। ਭਗਤ ਕਬੀਰ ਜੀ ਨੇ ਕਿਹਾ ਹੈ ਕਿ ਜਿਸ ਕੋਲ਼ ਮਾਇਆ ਨਹੀਂ, ਉਸ ਦੇ ਘਰ ਆਏ ਮਹਿਮਾਨ ਭੀ ਭੁਖੇ ਵਾਪਸ ਮੁੜਦੇ ਹਨ, ‘‘ਗ੍ਰਿਹਿ ਸੋਭਾ ਜਾ ਕੈ ਰੇ ਨਾਹਿ ॥ ਆਵਤ ਪਹੀਆ; ਖੂਧੇ ਜਾਹਿ ॥ ਵਾ ਕੈ ਅੰਤਰਿ; ਨਹੀ ਸੰਤੋਖੁ ॥ ਬਿਨੁ ਸੋਹਾਗਨਿ; ਲਾਗੈ ਦੋਖੁ ॥’’ (ਭਗਤ ਕਬੀਰ/੮੭੨) ਭਾਵ ਜਿਸ ਦੇ ਘਰ ’ਚ ਅੰਨ-ਪਾਣੀ, ਧਨ-ਦੌਲਤ ਨਹੀਂ। ਓਥੇ ਆਏ ਪ੍ਰਾਹੁਣੇ ਭੀ ਨਿਰਾਸ਼ ਮੁੜਦੇ ਹਨ। ਉਸ ਦੇ ਮਨ ’ਚ ਸੰਤੋਖ ਨਹੀਂ ਉਪਜ ਸਕਦਾ। ਇਸ ਸੰਤੋਖ ਦਾ ਜ਼ਿਕਰ; ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤਮ ਸ਼ਬਦ ’ਚ ਭੀ ਕੀਤਾ ਹੈ, ‘‘ਥਾਲ ਵਿਚਿ ਤਿੰਨਿ ਵਸਤੂ ਪਈਓ; ਸਤੁ ਸੰਤੋਖੁ ਵੀਚਾਰੋ ॥’’ (ਮੁੰਦਾਵਣੀ/ਮਹਲਾ ੫/੧੪੨੯), ਘਰ ਆਏ ਮਹਿਮਾਨ ਦੀ ਸੇਵਾ ਨਾ ਹੋਣੀ; ਗ਼ਰੀਬ ਹਾਲਾਤਾਂ ਦਾ ਦੋਸ਼ ਲੱਗਦਾ ਹੈ। ਇਸੇ ਕਾਰਨ ਅੱਜ ਬਹੁਤੇ ਗ਼ਰੀਬ-ਸਿੱਖ ਪ੍ਰਚਾਰਕਾਂ ਪਾਸੋਂ ਸੁਣਿਆ ਗੁਰੂ ਸ਼ਬਦ; ਸਿੱਖ ਸੰਗਤਾਂ ’ਤੇ ਬਹੁਤਾ ਅਸਰ ਨਹੀਂ ਕਰਦਾ।
ਵੰਡ ਛੱਕਣਾ : ਜੇਕਰ ਹੱਥੀਂ ਕਿਰਤ ਕੀਤੀ ਹੋਏ ਤਾਂ ਹੀ ਹੋਰਾਂ ਦੀ ਮਦਦ ਕੀਤੀ ਜਾ ਸਕਦੀ ਹੈ ਤੇ ਹਿਰਦੇ ਅੰਦਰ ਉਦਾਰ-ਭਾਵਨਾ ਜਨਮ ਲੈਂਦੀ ਹੈ। ਸਮਾਜਕ ਰਿਸ਼ਤੇ ਮਜ਼ਬੂਤ ਹੁੰਦੇ ਹਨ। ਕੌਮੀ ਕਾਰਜਾਂ ’ਚ ਯੋਗਦਾਨ ਪਾਇਆ ਜਾ ਸਕਦਾ ਹੈ।
ਨਾਮ ਜਪਣਾ : ‘ਨਾਮ ਜਪਣ’ ਤੋਂ ਭਾਵ ਦੇਣ ਵਾਲ਼ੇ (ਦਾਤਾਰ) ਨੂੰ ਯਾਦ ਕਰਨਾ ਹੈ। ਜਿਸ ਪਾਸੋਂ ਮਿਲੀਆਂ ਦਾਤਾਂ ਨਾਲ਼ ਮਨੁੱਖ; ਪਰਵਾਰਿਕ, ਸਮਾਜਕ ਤੇ ਕੌਮੀ ਫ਼ਰਜ਼ ਨਿਭਾਉਣ ਯੋਗ ਬਣਦਾ ਹੈ।
ਉਕਤ ਤਿੰਨੇ ਗੁਣ; ਹਰ ਮਨੁੱਖ ਅੰਦਰ ਹੋਣੇ ਅਤਿ ਜ਼ਰੂਰੀ ਹਨ, ਪਰ ਜ਼ਰਾ ਸੋਚੀਏ ਕਿ ਇਹ ਤਿੰਨੇ ਕੰਮ ਕਰਨ ਵਾਲ਼ੇ ਬੰਦੇ ਦਾ ਸਮਾਜ ’ਚ ਵਿਰੋਧ ਹੋਏਗਾ ? ਜਵਾਬ ਹੈ : ਨਹੀਂ। ਫਿਰ ਗੁਰੂ ਅਤੇ ਸਿੱਖਾਂ ਨੂੰ ਸ਼ਹੀਦ ਕਿਉਂ ਕੀਤਾ ਗਿਆ ? ਇਸ ਦਾ ਅਸਲ ਕਾਰਨ ਹੈ ਕਿ ਇਨ੍ਹਾਂ ਨੇ ‘ਸਚੁ’ ਉੱਤੇ ਕੂੜ ਦਾ ਪਰਦਾ ਨਹੀਂ ਪੈਣ ਦਿੱਤਾ ਤੇ ਕੂੜ ਦੇ ਉਪਾਸ਼ਕ; ਆਪਣੀ ਉਪਜੀਵਕਾ ਨੂੰ ਬਚਾਉਣ ਲਈ ਸੱਚੇ ਭਗਤਾਂ ਦੇ ਵਿਰੋਧੀ ਬਣੇ। ਹੁਣ ਭੀ ਇਹ ਮਾਨਸਿਕਤਾ ਜੀਵਤ ਹੈ ਤੇ ਅਗਾਂਹ ਕਿਆਮਤ ਤੱਕ ਜੀਵਤ ਰਹੇਗੀ। ‘ਸਚ’ ਨੂੰ ਉਜਾਗਰ ਕਰਦੇ ਗੁਰੂ ਅਰਜਨ ਸਾਹਿਬ ਜੀ ਦੇ ਬੋਲ ਹਨ, ‘‘ਸਚੁ, ਪੂਰੈ+ਗੁਰਿ (ਨੇ) ਉਪਦੇਸਿਆ; ਨਾਨਕੁ ਸੁਣਾਵੈ ॥੩॥’’ (ਮਹਲਾ ੫/੧੧੯੩) ਭਾਵ ਜੋ ਸਚ; ਗੁਰੂ ਨਾਨਕ ਸਾਹਿਬ ਨੇ ਸਮਝਾਇਆ, ਉਸੇ ਬਾਰੇ ਹੁਣ ਗੁਰੂ ਅਰਜਨ ਸਾਹਿਬ ਦੱਸ ਰਹੇ ਹਨ ਭਾਵ ਉਸੇ ਸਚ ਦੀ ਵਕਾਲਤ ਕਰ ਰਹੇ ਹਨ। ਐਸੀ ਹੀ ਕਮਾਈ ਬਾਰੇ ਬਾਬਾ ਫ਼ਰੀਦ ਜੀ ਕਹਿੰਦੇ ਹਨ, ‘‘ਜਿਨਾ ਪਛਾਤਾ ਸਚੁ; ਚੁੰਮਾ ਪੈਰ ਮੂੰ ॥’’ (ਬਾਬਾ ਫਰੀਦ/੪੮੮) ਭਾਵ ਜਿੰਨ੍ਹਾਂ ਨੇ ਸਚ ਜਾਣ ਲਿਆ, ਮੈ ਉਨ੍ਹਾਂ ਦੇ ਪੈਰ ਚੁੰਮਦਾ ਹਾਂ।
ਸੋ ਅੱਜ ਜੇ ਕਿਸੇ ਸੰਤ, ਬ੍ਰਹਮਗਿਆਨੀ, ਸ਼੍ਰੀ ਸ਼੍ਰੀ 1008, ਮਹਾਤਮਾ, ਸ਼ੰਕਰਾਚਾਰੀਆ, ਗੁਰੂ, ਆਦਿ ਦੇ ਬੋਲਾਂ ਦਾ ਵਿਰੋਧ ਨਹੀਂ ਹੁੰਦਾ ਤਾਂ ਸਮਝ ਲੈਣਾ ਕਿ ਉਹ ਕੂੜ ਦੇ ਉਪਾਸ਼ਕਾਂ ਵਿਰੁਧ ਨਹੀਂ ਹਨ। ਉਨ੍ਹਾਂ ਅੰਦਰ ਸਚ ਦੀ ਪੈਰਵੀ ਕਰਨਯੋਗ ਸਮਰੱਥਾ ਨਹੀਂ, ਸਮਝ ਨਹੀਂ। ਅਫ਼ਸੋਸ ਕਿ ਬਹੁਤਾਤ ਸਿੱਖ ਭੀ ਗੁਰਮਤਿ ਨੂੰ ਖ਼ੁਦ ਸਮਝਣ ਦੀ ਥਾਂ ਧਰਮ ਦੇ ਨਾਂ ’ਤੇ ਇੱਧਰੋਂ ਓਧਰੋਂ ਸੁਣੀਆਂ-ਸੁਣਾਈਆਂ ਕਹਾਣੀਆਂ, ਅਰਥਹੀਣ ਗੱਪਾਂ ਨੂੰ ਹੀ ਸਚ ਮੰਨਦੇ-ਮੰਨਦੇ ਕੌਮ ’ਚ ਕਈ ਧੜਿਆਂ ਨੂੰ ਜਨਮ ਦੇ ਬੈਠੇ ਹਨ। ਧੜਿਆਂ ’ਚ ਵੰਡੇ ਹਰ ਸਿੱਖ ਲਈ ਓਹੀ ‘ਸਚ’ ਹੈ, ਜੋ ਗੁਰੂ ਅਤੇ ਸਿੱਖ ਦੇ ਆਪਸੀ ਪਵਿੱਤਰ ਰਿਸ਼ਤੇ (ਸਬੰਧਾਂ) ਵਿਚਕਾਰ ਬਣੇ ਕਿਸੇ ਨਾ ਕਿਸੇ ਵਿਚੋਲੇ (ਸੰਤ ਜਾਂ ਬ੍ਰਹਮ ਗਿਆਨ ਜਾਂ ਪ੍ਰਚਾਰਕ) ਦੁਆਰਾ ਦੱਸਿਆ ਹੁੰਦਾ ਹੈ, ਨਾ ਕਿ ਖ਼ੁਦ ਗੁਰਬਾਣੀ ਨੂੰ ਵਿਚਾਰ-ਵਿਚਾਰ ‘ਸਚੁ’ ਨੂੰ ਜਾਣਿਆ ਹੈ।
ਧਿਆਨ ਰਹੇ ਕਿ ਗੁਰਬਾਣੀ ’ਚ ਸੰਤ ਜਨਾਂ ਦੀ ਸੰਗਤ ਨੂੰ ਭੀ ਗੁਰੂ ਸਮਾਨ ਦਰਜਾ ਪ੍ਰਾਪਤ ਹੈ ਬਸ਼ਰਤੇ ਕਿ ਉਹ ਸੰਗਤ; ਕੇਵਲ ਅਕਾਲ ਪੁਰਖ ਮਾਲਕ ਨੂੰ ਯਾਦ ਕਰਦੀ ਹੋਵੇ, ‘‘ਸਤਸੰਗਤਿ ਕੈਸੀ ਜਾਣੀਐ ?॥ ਜਿਥੈ, ਏਕੋ ਨਾਮੁ ਵਖਾਣੀਐ ॥ ਏਕੋ ਨਾਮੁ ਹੁਕਮੁ ਹੈ; ਨਾਨਕ ! ਸਤਿਗੁਰਿ (ਨੇ) ਦੀਆ ਬੁਝਾਇ ਜੀਉ ॥’’ (ਮਹਲਾ ੧/੭੨)
‘ਸਚ’ ਨੂੰ ਜਾਣ ਚੁੱਕਿਆ ਹੀ ਹਰ ਜਗ੍ਹਾ; ਸਚ ਦੀ (ਕੂੜ ਦੇ ਹੱਥੋਂ ਹੁੰਦੀ) ਹਾਰ ਸਮੇਂ ਡੱਟ ਕੇ ਖੜ੍ਹਨਾ; ਆਪਣਾ ਕੌਮੀ ਫ਼ਰਜ਼ ਸਮਝੇਗਾ। ਅੱਜ ਘਰ-ਘਰ, ਪਿੰਡ-ਪਿੰਡ, ਸ਼ਹਰ-ਸ਼ਹਰ ’ਚ ਜ਼ਾਲਮ ਅਤੇ ਪਰਾਇਆ ਮਾਲ ਖਾਣ ਵਾਲ਼ੇ; ਨਿਮਾਣਿਆ ਤੇ ਨਿਤਾਣਿਆ ਦਾ ਹੱਕ ਮਾਰਨ ਲਈ ਮੂੰਹ ਖੋਲ੍ਹੀ ਬੈਠੇ ਹਨ। ਐਸੇ ਹਾਲਾਤਾਂ ’ਚ ਹੁੰਦੀ ਕੂੜ ਦੀ ਜਿੱਤ ਨੂੰ ਨੇੜੇ ਖੜ੍ਹਾ ਪੰਜ ਕਕਾਰ ਧਾਰੀ ਸਿੱਖ; ਫ਼ਸਲਾਂ ਦੀ ਰਾਖੀ ਲਈ ਖੇਤ ’ਚ ਗੱਡੇ ਡਰਨੇ ਵਾਙ ਵੇਖਦਾ ਪਿਆ ਹੁੰਦਾ ਹੈ। ਮੂਹੋਂ ਕੁੱਝ ਬੋਲਣ ਦਾ ਸਾਹਸ ਨਹੀਂ ਜੁਟਾ ਪਾਉਂਦਾ ਜਦਕਿ ਗੁਰਬਾਣੀ ਦੇ ਬੋਲ ਹਨ, ‘‘ਨਿਰਭਉ ਜਪੈ; ਸਗਲ ਭਉ ਮਿਟੈ ॥ (ਸੁਖਮਨੀ/ਮਹਲਾ ੫/੨੯੩) ਭਾਵ ਜੋ ਡਰ ਮੁਕਤ ਹਰੀ ਦਾ ਸਿਮਰਨ ਕਰਦਾ ਹੈ, ਉਹ ਖ਼ੁਦ ਭੀ ਡਰ ਮੁਕਤ ਹੋ ਜਾਂਦਾ ਹੈ।
ਸੰਗਤਾਂ ’ਚ ਸ਼ਰਾਬ ਬਾਰੇ, ਕਰਵਾ ਚੌਥ ਬਾਰੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲੈ ਜਾਣ ਸਮੇਂ ਅੱਗੇ ਅੱਗੇ ਛਿੜਕੇ ਜਾਂਦੇ ਪਾਣੀ ਬਾਰੇ, ਕਿਰਪਾਨ ਦੇ ਦਿਨ ਬ ਦਿਨ ਘਟਦੇ ਆਕਾਰ ਬਾਰੇ ਜਾਂ ਗੁਰਦੁਆਰਿਆਂ ’ਚ ਲੱਗਦੀ ਬਿਜਲੀ ਦੀ ਸਿੱਧੀ ਕੁੰਡੀ-ਚੋਰੀ ਬਾਰੇ ਬੋਲ ਕੇ ਵੇਖਣਾ, ਪਤਾ ਲੱਗ ਜਾਣਾ ਹੈ ਕਿ ‘ਸਚ’ ਦੀ ਪੈਰਵੀ ਕਰਨ ਵਾਲ਼ੇ ਕਿੰਨੇ ਕੁ ਹਨ। ਗੁਰੂ ਨਾਨਕ ਸਾਹਿਬ ਦੇ ਇਹ ਬੋਲ ਅਜੋਕੇ ਹਲਾਤਾਂ ਮੁਤਾਬਕ ਸਹੀ ਢੁਕਦੇ ਹਨ, ‘‘ਸਰਮੁ ਧਰਮੁ ਦੁਇ ਛਪਿ ਖਲੋਏ; ਕੂੜੁ ਫਿਰੈ ਪਰਧਾਨੁ ਵੇ ਲਾਲੋ !॥’’ (ਮਹਲਾ ੧/੭੨੨) ਬੜੀਆਂ ਘਾਲਣਾ ਨਾਲ਼ ਉਜਾਗਰ ਕੀਤੇ ‘ਸਚ’ ਦੀ ਰੌਸ਼ਨੀ; ਜਦ ਕੂੜ ਦੇ ਪ੍ਰਭਾਵ ਕਾਰਨ ਸਾਨੂੰ ਮੱਧਮ ਜਿਹੀ ਪ੍ਰਤੀਤ ਹੁੰਦੀ ਹੈ ਤਾਂ ਨਾ ਧਰਮ ਕਮਾਇਆ ਜਾਣਾ ਹੈ ਤੇ ਨਾ ਹੀ ਭਗਤਾਂ ਦਾ ਮਾਣ ਸਤਿਕਾਰ ਕਾਇਮ ਰਹਿਣਾ ਹੈ।
ਗੁਰੂ ਸਾਹਿਬ ਨੇ ‘ਕਿਰਤ ਕਰਨ ਤੇ ਵੰਡ ਛਕਣ’ ਦਾ ਉਪਦੇਸ਼; ਓਨ੍ਹਾਂ ਲੋਕਾਂ ਦੇ ਸੰਦਰਭ ’ਚ ਕਿਹਾ ਹੈ, ਜੋ ‘ਕਿਰਤ’ ਨੂੰ ਮਾਇਆਵੀ ਔਗੁਣ ਸਮਝ ਕੇ ਗ੍ਰਿਹਸਤੀ ਜੀਵਨ ਨੂੰ ਛੱਡ ਚੁੱਕੇ ਸਨ; ਜਿਵੇਂ ਕਿ ‘‘ਗਿਆਨ ਵਿਹੂਣਾ ਗਾਵੈ ਗੀਤ ॥ ਭੁਖੇ ਮੁਲਾਂ ਘਰੇ ਮਸੀਤਿ ॥ ਮਖਟੂ ਹੋਇ ਕੈ ਕੰਨ ਪੜਾਏ ॥ ਫਕਰੁ ਕਰੇ ਹੋਰੁ; ਜਾਤਿ ਗਵਾਏ ॥ ਗੁਰੁ ਪੀਰੁ ਸਦਾਏ; ਮੰਗਣ ਜਾਇ ॥ ਤਾ ਕੈ, ਮੂਲਿ ਨ ਲਗੀਐ ਪਾਇ ॥ ਘਾਲਿ ਖਾਇ; ਕਿਛੁ ਹਥਹੁ ਦੇਇ ॥ ਨਾਨਕ ! ਰਾਹੁ ਪਛਾਣਹਿ ਸੇਇ ॥੧॥’’ (ਮਹਲਾ ੧/੧੨੪੫) ਭਾਵ ਆਤਮ ਗਿਆਨ ਤੋਂ ਸੱਖਣਾ ਪੰਡਿਤ; ਭਗਤੀ ਦੇ ਗੀਤ ਗਾਉਂਦਾ ਹੈ। ਮੌਲਵੀ; ਆਪਣੀ ਉਪਜੀਵਕਾ ਲਈ ਮਸਜਿਦ ’ਚ ਜਾ ਕੇ ਨਮਾਜ਼ ਪੜ੍ਹਦਾ ਹੈ। ਕਿਰਤ ਕਰਨ ਤੋਂ ਭੱਜਿਆ ਯੋਗੀ; ਆਪਣੇ ਕੰਨਾਂ ’ਚ ਛੇਦ ਕਰਵਾ ਲੈਂਦਾ ਹੈ। ਇੱਕ ਹੋਰ (ਕਬੀਲਾ) ਫ਼ਕੀਰ ਬਣ ਕੇ ਜਾਤ-ਬਰਾਦਰੀ ਦੀ ਰੀਤ (ਯਾਨੀ ਗ੍ਰਿਹਸਤ ’ਚ ਰਹਿ ਕੇ ਕਿਰਤ ਕਰਨੀ) ਛੱਡ ਦਿੰਦਾ ਹੈ। ਐਸੇ ਜੋ ਜੋ ਆਪਣੇ ਆਪ ਨੂੰ ਗੁਰੂ, ਪੀਰ ਅਖਵਾਉਂਦੇ ਹਨ ਤੇ ਮਾਇਆਵੀ ਲੋਕਾਂ ਦੇ ਘਰ ਰੋਟੀਆਂ ਮੰਗਣ ਭੀ ਜਾਂਦੇ ਹਨ, ‘‘ਰੋਟੀਆ ਕਾਰਣਿ ਪੂਰਹਿ ਤਾਲ ॥ ਆਪੁ ਪਛਾੜਹਿ; ਧਰਤੀ ਨਾਲਿ ॥ ਗਾਵਨਿ ਗੋਪੀਆ; ਗਾਵਨਿ ਕਾਨ੍ ॥ ਗਾਵਨਿ ਸੀਤਾ ਰਾਜੇ ਰਾਮ ॥’’ (ਆਸਾ ਕੀ ਵਾਰ/ਮਹਲਾ ੧/੪੬੫) ਭਾਵ ਭੋਜਨ ਲਈ ਕ੍ਰਿਸ਼ਨ ਜੀ, ਰਾਮ ਚੰਦਰ ਜੀ, ਮਾਤਾ ਸੀਤਾ ਜੀ ਆਦਿ ਦਾ ਸ੍ਵਾਂਗ ਧਾਰਦੇ ਹਨ। ਨੱਚਦੇ ਹੋਏ ਧਰਤੀ ’ਤੇ ਲੇਟ ਭੀ ਜਾਂਦੇ ਹਨ। ਐਸੇ ਗੁਰੂ, ਪੀਰਾਂ ਦੇ ਚਰਨੀਂ ਬਿਲਕੁਲ ਨਹੀਂ ਲੱਗਣਾ ਚਾਹੀਦਾ ਭਾਵ ਉਨ੍ਹਾਂ ਨੂੰ ਆਪਣਾ ਆਦਰਸ਼ ਨਹੀਂ ਮੰਨਣਾ ਚਾਹੀਦਾ ਕਿਉਂਕਿ ਉਹ ਖ਼ੁਦ ਕੁਰਾਹੇ ਪਏ ਹੋਏ ਹੁੰਦੇ ਹਨ।
ਸੋ ਅੱਜ ਕਿਹੜਾ ਬੰਦਾ ਹੈ, ਜਿਹੜਾ ਕਿਰਤ ਨਹੀਂ ਕਰਦਾ। ਆਪਣਾ ਪਰਵਾਰ ਨਹੀਂ ਪਾਲ਼ਦਾ। ਪੈਸੇ ਲਈ ਪੰਜਾਬੀ ਵਿਦੇਸ਼ ਜਾਂਦੇ ਹਨ। ਕਿਸਾਨ; ਖੇਤੀ ਕਰਦੇ ਹਨ। ਵਪਾਰੀ; ਵਪਾਰ ਕਰਦੇ ਹਨ। ਨੌਕਰ; ਨੌਕਰੀ ਕਰਦੇ ਹਨ। ਆਪਣੇ ਘਰ-ਬਾਰ ਛੱਡਦੇ ਹਨ। ਕੀ ਇਨ੍ਹਾਂ ਸਾਰਿਆਂ ਨੂੰ ‘ਧਰਮੀ’ ਕਿਹਾ ਜਾ ਸਕਦਾ ਹੈ ਕਿਉਂਕਿ ਇਹ ‘ਕਿਰਤ’ ਕਰਦੇ ਹਨ ? ਜਵਾਬ ਹੈ ‘ਨਹੀਂ’। ਸੋ ਗੁਰਮਤਿ ਦਾ ਟੀਚਾ ‘ਸਚੁ’ ਨੂੰ ਜਾਣਨਾ, ਉਸ ਵਿੱਚ ਲੀਨ ਹੋਣਾ। ਕੂੜ ਦੇ ਪ੍ਰਭਾਵ ਸਾਮ੍ਹਣੇ ਸਚ ਨੂੰ ਅਲੋਪ ਹੁੰਦਾ ਨਹੀਂ ਵੇਖਣਾ। ਸਾਡੀਆਂ ਅੱਖਾਂ ’ਚੋਂ ਗਾਇਬ ਨਹੀਂ ਹੋਣ ਦੇਣਾ। ਵਕੀਲ ਵਾਙ ਸਚ ਦੇ ਨਾਲ ਖੜ੍ਹਨਾ ਹੈ। ਇਹ ਭੀ ਸੱਚ ਹੈ ਕਿ ਜੋ ਸੱਚ ਦਾ ਉਪਾਸ਼ਕ ਹੋਵੇਗਾ, ਓਹੀ ਉਸ ਦੀ ਪੈਰਵੀ ਕਰੇਗਾ ਕਿਉਂਕਿ ਜਿਸ ਅੰਦਰ ਜੋ ਵਸਤੂ ਹੋਵੇ, ਉਹ ਉਸੇ ਦਾ ਵਪਾਰ ਕਰਦਾ ਹੈ। ਅਫ਼ਸੋਸ ਕਿ ਅੱਜ ਬਹੁਤਾਤ ਲੋਕ; ਸਚ ਨੂੰ ਸਮਝਣ ਤੋਂ ਉਸ ਦੇ ਨਾਲ਼ ਖੜ੍ਹਨ ਲਈ ਤਿਆਰ ਨਹੀਂ। ਇਸੇ ਦਾ ਹੀ ਨਤੀਜਾ ਹੈ ਕਿ ਮਨ ਦੀ ਸ਼ਾਂਤੀ ਲਈ ਬੰਦਾ ਨਸ਼ਿਆਂ ਤੱਕ ਦਾ ਸਹਾਰਾ ਲੈਂਦਾ ਫਿਰਦਾ ਹੈ।
ਨਾਨਕਸ਼ਾਹੀ ਕੈਲੰਡਰ ਦੀ ਲੋੜ ਕਿਉਂ ?
ਨਾਨਕਸ਼ਾਹੀ ਕੈਲੰਡਰ ਦੀ ਲੋੜ ਕਿਉਂ ?
ਕਿਰਪਾਲ ਸਿੰਘ (ਬਠਿੰਡਾ)- 98554-80797
ਗੁਰੂ ਕਾਲ ਦੌਰਾਨ ਪੰਜਾਬ ’ਚ ਕੇਵਲ ਦੋ ਤਰ੍ਹਾਂ ਦੇ ਕੈਲੰਡਰਾਂ ਦੀ ਵਰਤੋਂ ਕੀਤੀ ਜਾਂਦੀ ਸੀ – (ਸੂਰਜੀ ਸਿਧਾਂਤ) ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਅਤੇ ਹਿਜ਼ਰੀ ਕੈਲੰਡਰ। ਜ਼ਿਆਦਾਤਰ ਸਿੱਖ ਇਤਿਹਾਸ ਸੂਰਜੀ ਸਿਧਾਂਤ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ’ਚ ਲਿਖਿਆ ਮਿਲਦਾ ਹੈ, ਜਿਸ ਦੇ ਸੂਰਜੀ ਸਾਲ ਦੀ ਲੰਬਾਈ 365.258756 ਦਿਨ (365 ਦਿਨ 6 ਘੰਟੇ 12 ਮਿੰਟ 36.56 ਸਕਿੰਟ) ਅਤੇ ਚੰਦਰ ਸਾਲ ਦੀ ਲੰਬਾਈ 354.367068 ਦਿਨ (354 ਦਿਨ 8 ਘੰਟੇ 48 ਮਿੰਟ 34.67 ਸਕਿੰਟ) ਹੈ ਜਦੋਂ ਕਿ ਕੁਦਰਤੀ/ਰੁੱਤੀ ਸਾਲ (ਟਰੌਪੀਕਲ ਈਯਰ) ਦੀ ਲੰਬਾਈ 365.24219 ਦਿਨ (365 ਦਿਨ 5 ਘੰਟੇ 48 ਮਿੰਟ 45.2 ਸਕਿੰਟ) ਹੈ। ਇਸ ਤਰ੍ਹਾਂ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦਾ ਸੂਰਜੀ ਸਾਲ; ਰੁੱਤੀ ਸਾਲ ਨਾਲੋਂ ਤਕਰੀਬਨ 24 ਮਿੰਟ ਵੱਡਾ ਹੈ ਤੇ 60 ਸਾਲਾਂ ’ਚ ਰੁੱਤਾਂ ਨਾਲੋਂ 1 ਦਿਨ ਅੱਗੇ ਚਲਾ ਜਾਂਦਾ ਸੀ।
ਯੂਰਪੀਨ ਦੇਸ਼ਾਂ ’ਚ ਜੂਲੀਅਨ (ਈਸਵੀ) ਕੈਲੰਡਰ ਲਾਗੂ ਸੀ। ਇਸ ਦੇ ਸਾਲ ਦੀ ਲੰਬਾਈ 365 ਦਿਨ 6 ਘੰਟੇ (365.25 ਦਿਨ) ਮੰਨੀ ਗਈ ਯਾਨੀ ਰੁੱਤੀ ਸਾਲ ਨਾਲੋਂ ਤਕਰੀਬਨ 11 ਮਿੰਟ ਵੱਧ। ਇਹ ਕੈਲੰਡਰ; 128 ਸਾਲਾਂ ’ਚ ਹੀ ਰੁੱਤੀ ਸਾਲ ਤੋਂ 1 ਦਿਨ ਅੱਗੇ ਚਲਾ ਜਾਂਦਾ ਸੀ। 16ਵੀਂ ਸਦੀ ’ਚ ਈਸਾਈ ਜਗਤ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਈਸਟਰ ਸੰਡੇ ਦਾ ਤਿਉਹਾਰ; ਰੁੱਤਾਂ ਦਾ ਸਾਥ ਛੱਡ ਰਿਹੈ। ਉਸ ਸਮੇਂ ਤੱਕ 10 ਦਿਨਾਂ ਦਾ ਫਰਕ ਪੈ ਚੁੱਕਾ ਸੀ। ਆਪਣੇ ਤਿਉਹਾਰਾਂ ਨੂੰ ਨਿਰਧਾਰਿਤ ਕੀਤੀਆਂ ਗਈਆਂ ਰੁੱਤਾਂ ’ਚ ਰੱਖਣ ਲਈ ਰੋਮ ਚਰਚ ਦੇ ਪੋਪ ਗ੍ਰੈਗਰੀ ਨੇ 4 ਅਕਤੂਬਰ 1582 ਈ: ਨੂੰ ਇਕੱਠੀਆਂ 10 ਤਾਰੀਖ਼ਾਂ ਖਤਮ ਕਰ 4 ਅਕਤੂਬਰ ਦਿਨ ਵੀਰਵਾਰ ਤੋਂ ਅਗਲਾ ਸ਼ੁੱਕਰਵਾਰ ਦਿਨ (5 ਅਕਤੂਬਰ ਦੀ ਥਾਂ)
15 ਅਕਤੂਬਰ ਐਲਾਨ ਦਿੱਤਾ; ਜਿਸ ਨੂੰ ਹੇਠਾਂ ਦਿੱਤੇ 1582 ਈ: ਦੇ ਅਕਤੂਬਰ ਮਹੀਨੇ ਦੇ ਕੈਲੰਡਰ ਤੋਂ ਵੇਖਿਆ ਜਾ ਸਕਦਾ ਹੈ।
ਹੁਣ ਇਸ ਦਾ ਨਾਂ ਗ੍ਰੈਗੋਰੀਅਨ ਕੈਲੰਡਰ ਰੱਖਿਆ ਗਿਆ। ਇਸ ਦੇ ਸਾਲ ਦੀ ਲੰਬਾਈ 365.2425 ਦਿਨ (365 ਦਿਨ 5 ਘੰਟੇ 49 ਮਿੰਟ 12 ਸਕਿੰਟ ਹੈ, ਜੋ ਕਿ ਕੁਦਰਤੀ/ਰੁਤੀ ਸਾਲ ਤੋਂ ਕੇਵਲ 26.8 ਸਕਿੰਟ ਵੱਡਾ ਹੈ ਤੇ 3225/26 ਸਾਲਾਂ ’ਚ ਕੇਵਲ ਇਕ ਦਿਨ ਅੱਗੇ ਜਾਏਗਾ। ਸੋਚਣਾ ਬਣਦਾ ਹੈ ਕਿ ਜਿਨ੍ਹਾਂ ਦਾ ਕੈਲੰਡਰ ਕੇਵਲ 11 ਕੁ ਮਿੰਟ ਵੱਡਾ ਸੀ; ਉਹ 1582 ’ਚ ਹੀ ਇਸ ਵਿੱਚ ਲੋੜੀਂਦੀ ਸੋਧ ਕਰ ਗਏ, ਪਰ ਸਾਡਾ ਕੈਲੰਡਰ, ਜੋ ਰੁੱਤਾਂ ਨਾਲੋਂ ਤਕਰੀਬਨ 24 ਮਿੰਟ ਵੱਡਾ ਹੈ, ਫਿਰ ਭੀ ਇਸ ਵਿੱਚ ਸੋਧ ਕਰਨ ਲਈ ਤਿਆਰ ਨਹੀਂ। ਸ਼ਾਇਦ ਅਸੀਂ ਨਵੇਂ ਯੁੱਗ ਦੇ ਧਰਮ (ਸਿੱਖੀ) ਨੂੰ ਪੁਰਾਤਨਤਾ ਦੇ ਪਰਦੇ ’ਚ ਢੱਕ ਕੇ ਰੱਖਣ ਦੇ ਆਦੀ ਹਾਂ ?
ਇੰਗਲੈਂਡ ਨੇ ਉਸ ਸਮੇਂ ਇਹ ਸੋਧ ਨਾ ਮੰਨੀ। ਬਾਅਦ ’ਚ 170 ਸਾਲਾਂ ਬਾਅਦ ਉਨ੍ਹਾਂ ਨੂੰ ਭੀ 1752 ਈ: ’ਚ ਮੰਨਣੀ ਪਈ। ਤਦ ਤੱਕ 1 ਦਿਨ ਦਾ ਹੋਰ ਫ਼ਰਕ ਪੈ ਚੁੱਕਾ ਸੀ ਤਾਹੀਓਂ ਉਨ੍ਹਾਂ ਨੇ 2 ਸਤੰਬਰ 1752 ਨੂੰ ਆਏ ਬੁੱਧਵਾਰ ਤੋਂ ਅਗਲਾ
ਦਿਨ ਵੀਰਵਾਰ; 3 ਸਤੰਬਰ ਦੀ ਥਾਂ ਸਿੱਧਾ 11 ਦਿਨ ਦੀ ਸੋਧ ਲਾ ਕੇ 14 ਸਤੰਬਰ ਕਰਨਾ ਪਿਆ; ਜਿਵੇਂ ਕਿ ਹੇਠਾਂ ਦਿੱਤੇ ਸੰਨ 1752 ਦੇ ਸਤੰਬਰ ਮਹੀਨੇ ਦੇ ਕੈਲੰਡਰ ਤੋਂ ਵੇਖਿਆ ਜਾ ਸਕਦਾ ਹੈ।
ਭਾਰਤ ਇੰਗਲੈਂਡ ਦੇ ਅਧੀਨ ਸੀ, ਇਸ ਕਾਰਨ ਇੱਥੇ ਭੀ 1752 ਤੋਂ ਇਹ ਸੋਧ ਲਾਗੂ ਹੋਈ। ਅੱਜ ਦੁਨੀਆ ਭਰ ’ਚ ਗ੍ਰੈਗੋਰੀਅਨ ਕੈਲੰਡਰ ਚੱਲਦਾ ਹੈ। ਪੰਜਾਬ ’ਤੇ ਕਬਜ਼ਾ ਕਰਨ ਉਪਰੰਤ ਅੰਗਰੇਜ਼ਾਂ ਨੇ ਸੰਨ 1469 ਤੋਂ 2 ਸਤੰਬਰ 1752 ਈ: ਤੱਕ ਦਾ ਸਿੱਖ ਇਤਿਹਾਸ; ਜੂਲੀਅਨ ਕੈਲੰਡਰ ’ਚ ਅਤੇ 14 ਸਤੰਬਰ 1752 ਤੋਂ ਬਾਅਦ ਵਾਲ਼ਾ ਸਾਰਾ ਇਤਿਹਾਸ; ਗ੍ਰੈਗੋਰੀਅਨ ਕੈਲੰਡਰ ’ਚ ਤਬਦੀਲ ਕਰਵਾ ਕੇ ਲਿਖਵਾਇਆ। ਕੈਲੰਡਰਾਂ ਦੇ ਸਾਲਾਂ ਦੀ ਲੰਬਾਈ ’ਚ ਐਸੇ ਫ਼ਰਕ ਕਾਰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਸੰਮਤ ੧੫੨੬ ’ਚ ਵੈਸਾਖੀ (੧ ਵੈਸਾਖ); 27 ਮਾਰਚ 1469 ਈ: ਨੂੰ ਸੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਜਦੋਂ ਸੰਮਤ ੧੭੫੬ ’ਚ ਖੰਡੇ-ਬਾਟੇ ਦੀ ਪਹੁਲ ਛਕਾ ਕੇ ਖ਼ਾਲਸਾ ਸਾਜਿਆ ਗਿਆ ਤਾਂ ਵੈਸਾਖੀ (੧ ਵੈਸਾਖ); 29 ਮਾਰਚ 1699 ਈ: ਨੂੰ ਸੀ ਯਾਨੀ 230 ਸਾਲ ਦੇ ਗੁਰੂ ਕਾਲ ’ਚ ਹੀ ਕੈਲੰਡਰ ’ਚ ਦੋ ਦਿਨਾਂ ਦਾ ਅੰਤਰ ਆ ਗਿਆ। ਇਹ ਅੰਤਰ ਇੱਥੇ ਹੀ ਨਾ ਰੁਕਿਆ ਸਗੋਂ ਲਗਾਤਾਰ ਵਧਦਾ ਰਿਹਾ। ਮਿਸਾਲ ਵਜੋਂ ਇੰਗਲੈਂਡ ਦੁਆਰਾ 1752 ਈ: ’ਚ ਲਾਗੂ ਕੀਤੇ ਗ੍ਰੈਗੋਰੀਅਨ ਕੈਲੰਡਰ ਤੋਂ ਬਾਅਦ 1753 ਦੀ ਵੈਸਾਖੀ; 9 ਅਪ੍ਰੈਲ ਸੀ, ਸੰਨ 1801 ’ਚ ਲਾਹੌਰ ਦੇ ਕਿਲੇ ’ਤੇ ਜਿੱਤ ਪ੍ਰਾਪਤ ਕਰਨ ਸਮੇਂ ਮਹਾਰਾਜਾ ਰਣਜੀਤ ਸਿੰਘ ਦੀ ਹੋਈ ਤਾਜ਼ਪੋਸ਼ੀ ਦੌਰਾਨ ਵੈਸਾਖੀ; 11 ਅਪ੍ਰੈਲ ਨੂੰ ਸੀ ਤੇ ਹੁਣ 13/14 ਅਪ੍ਰੈਲ ਨੂੰ ਆ ਰਹੀ ਹੈ। ਜੇ ਇਸ ਤਰ੍ਹਾਂ ਚੱਲਦਾ ਰਿਹਾ ਤਾਂ 1000 ਸਾਲ ਬਾਅਦ ਵੈਸਾਖੀ; 27/28 ਅਪ੍ਰੈਲ ਨੂੰ ਹੋਏਗੀ ਯਾਨੀ ਇਨ੍ਹਾਂ 1500 ਸਾਲਾਂ (1469-2969) ’ਚ ਹੀ ਇੱਕ ਮਹੀਨੇ ਦਾ ਫ਼ਰਕ ਪੈ ਜਾਏਗਾ।
ਨਵੰਬਰ 1964 ਈ: ’ਚ ਉੱਤਰੀ ਭਾਰਤ ਦੇ ਹਿੰਦੂ ਪੰਚਾਂਗਕਾਰਾਂ ਦੀ ਅੰਮ੍ਰਿਤਸਰ ਵਿਖੇ ਮੀਟਿੰਗ ਹੋਈ। ਉਨ੍ਹਾਂ ਨੇ ਸੂਰਜੀ ਸਿਧਾਂਤ ਨੂੰ ਨੁਕਸਦਾਰ ਸਮਝ ਕੇ ਅਗਾਂਹ ਦ੍ਰਿਕ ਗਣਿਤ ਸਿਧਾਂਤ ਲਾਗੂ ਕਰਨ ਦਾ ਫ਼ੈਸਲਾ ਲਿਆ, ਜਿਸ ਦੇ ਸਾਲ ਦੀ ਲੰਬਾਈ 365.256362 ਦਿਨ (365 ਦਿਨ 6 ਘੰਟੇ 9 ਮਿੰਟ 9.7 ਸੈਕਿੰਡ) ਹੈ ਭਾਵ ਸਾਲ ਦੀ ਲੰਬਾਈ ਸੂਰਜੀ ਸਿਧਾਂਤ ਤੋਂ ਸਾਢੇ ਕੁ 3 ਮਿੰਟ ਘਟਾਈ ਗਈ। ਰੁੱਤੀ ਸਾਲ ਨਾਲੋਂ ਹਾਲੀ ਵੀ ਇਹ ਸਾਢੇ ਕੁ 20 ਮਿੰਟ ਅਤੇ ਗ੍ਰੈਗੋਰੀਅਨ ਕੈਲੰਡਰ ਤੋਂ 20 ਮਿੰਟ ਵੱਧ ਹੈ। ਇਨ੍ਹਾਂ 3.5 ਕੁ ਮਿੰਟਾਂ ਦੀ ਸੋਧ ਨਾਲ ਸਾਲ ਦੀਆਂ 3 ਤੋਂ 5 ਸੰਗਰਾਂਦਾਂ ’ਚ 1 ਦਿਨ ਦਾ ਫ਼ਰਕ ਪੈਂਦਾ ਹੈ। ਸੰਨ 1964 ਤੋਂ ਬਾਅਦ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭੀ ਹਿੰਦੂ ਪੰਚਾਂਗਕਾਰਾਂ ਦੁਆਰਾ ਬਿਕ੍ਰਮੀ ਦ੍ਰਿਕ ਗਣਿਤ ਆਧਾਰਿਤ ਛਪ ਰਹੀਆਂ ਜੰਤਰੀਆਂ ਮੁਤਾਬਕ ਕੈਲੰਡਰ ਛਾਪਦੀ ਹੈ, ਜੋ ਰੁੱਤਾਂ ਨਾਲੋਂ 70-71 ਸਾਲਾਂ ’ਚ ਇੱਕ ਦਿਨ ਅੱਗੇ, 13000 ਸਾਲ ’ਚ ਲਗਭਗ 6 ਮਹੀਨੇ ਅੱਗੇ ਅਤੇ 26000 ਸਾਲਾਂ ’ਚ ਤਕਰੀਬਨ ਇੱਕ ਸਾਲ ਅੱਗੇ ਨਿਕਲ ਜਾਵੇਗਾ। ਰੁੱਤਾਂ ਦਾ ਇਹ ਅੰਤਰ ਗੁਰਪੁਰਬਾਂ ਨੂੰ ਹੀ ਕੁਝ ਦਿਨ ਅੱਗੇ ਪਿੱਛੇ ਨਹੀਂ ਕਰਦਾ ਬਲਕਿ ਪੁਰਾਤਨ ਇਤਿਹਾਸ ਸੁਣਾਉਣ ਅਤੇ ਗੁਰਬਾਣੀ ਦੇ ਅਰਥ ਕਰਦੇ ਸਮੇਂ ਭੀ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਮਿਸਾਲ ਵਜੋਂ ਗੁਰੂ ਅਰਜਨ ਸਾਹਿਬ ਜੀ ਨੂੰ ੨ ਹਾੜ ਨੂੰ ਸ਼ਹੀਦ ਕੀਤਾ ਸੀ; ਜਿਸ ਵੇਲੇ ਗਰਮੀ ਦਾ ਸਿਖਰ ਹੁੰਦਾ ਹੈ। ਇਤਿਹਾਸ ’ਚ ਲਿਖਿਆ ਹੀ ਪ੍ਰਚਾਰਕ ਅਕਸਰ ਸੁਣਾਉਂਦੇ ਹਨ ਕਿ ਅਤਿ ਦੀ ਗਰਮੀ ’ਚ ਜਹਾਂਗੀਰ ਨੇ ਗੁਰੂ ਸਾਹਿਬ ਜੀ ਨੂੰ ਵਧੇਰੇ ਤਸੀਹੇ ਦੇਣ ਲਈ ਤੱਤੀ ਤਵੀ ’ਤੇ ਬਿਠਾਉਣ, ਕੜਛਿਆਂ ਨਾਲ ਸਿਰ ’ਚ ਗਰਮ ਰੇਤ ਪਾਉਣ ਅਤੇ ਪਾਣੀ ਦੀ ਦੇਗ ’ਚ ਬਿਠਾ ਕੇ ਉਬਾਲਣ ਦਾ ਹੁਕਮ ਦਿੱਤਾ ਸੀ, ਪਰ 13000 ਸਾਲ ਬਾਅਦ ਜਦ ਹਾੜ ’ਚ ਮੌਜੂਦਾ ਪੋਹ ਦੇ ਮਹੀਨੇ ਵਰਗੀ ਠੰਡ ਹੋਵੇਗੀ ਤਾਂ ਇਸ ਬ੍ਰਿਤਾਂਤ ਨੂੰ ਕਿਸ ਢੰਗ ਨਾਲ ਬਿਆਨ ਕੀਤਾ ਜਾ ਸਕਦਾ ਹੈ ? ਐਸੇ ਹੀ ਛੋਟੇ ਸਾਹਿਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਜੀ ਨੂੰ ੧੩ ਪੋਹ ਨੂੰ ਸ਼ਹੀਦ ਕੀਤਾ ਸੀ। ਇਸ ਸਾਕੇ ਬਾਰੇ ਪ੍ਰਚਾਰਕ ਅਕਸਰ ਕਹਿੰਦੇ ਹਨ ਕਿ ਪੋਹ ਦੇ ਮਹੀਨੇ ਦੀ ਅਤਿ ਦੀ ਠੰਡ ’ਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਬਿਨਾਂ ਗਰਮ ਕੱਪੜਿਆਂ ਦੇ ਠੰਡੇ ਬੁਰਜ ’ਚ ਰੱਖ ਕੇ ਤਸੀਹੇ ਦਿੱਤੇ ਗਏ, ਪਰ 13000 ਸਾਲ ਬਾਅਦ ਜਦ ਪੋਹ; ਅਜੋਕੇ ਹਾੜ ਮਹੀਨੇ ਵਰਗੀ ਗਰਮੀ ’ਚ ਆਏਗਾ ਤਾਂ ਇਸ ਸਾਕੇ ਦਾ ਕਿਵੇਂ ਵਰਣਨ ਹੋਇਆ ਕਰੇਗਾ ?
ਗੁਰੂ ਗ੍ਰੰਥ ਸਾਹਿਬ ਜੀ ਅੰਦਰ ਭੀ ਰਾਮਕਲੀ ਰੁਤੀ ਬਾਣੀ ’ਚ 2-2 ਮਹੀਨਿਆਂ ਵਾਲ਼ੀਆਂ 6 ਰੁੱਤਾਂ ਦਾ ਵਰਨਣ ਹੈ। ਬਾਰਹਮਾਹਾ ਸਮੇਤ ਕਈ ਹੋਰ ਸ਼ਬਦਾਂ ’ਚ ਭੀ ਰੁੱਤਾਂ ਅਨੁਸਾਰ ਹੁੰਦੀ ਕੁਦਰਤੀ ਤਬਦੀਲੀ ਅਤੇ ਪੰਛੀਆਂ ਦੇ ਸੁਭਾਅ ਦਾ ਮਿਸਾਲ ਵਜੋਂ ਵਰਣਨ ਹੈ।
ਗੁਰਬਾਣੀ ’ਚੋਂ ਉਦਾਹਰਣਾਂ ਦੇਣ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਰੁੱਤਾਂ ਬਦਲਣ ਦਾ ਕੀ ਕਾਰਨ ਹੈ ? ਇਨ੍ਹਾਂ ਦੇ ਬਦਲਣਾ ਦਾ ਮੁੱਖ ਕਾਰਨ ਹੈ, ‘ਧਰਤੀ ਦੇ ਧੁਰੇ ਦਾ ਤਕਰੀਬਨ 23.5° ’ਤੇ ਝੁਕੇ ਹੋਣਾ’। ਇਸ ਝੁਕਾਅ ਕਾਰਨ ਸੂਰਜ ਦੁਆਲੇ ਘੁੰਮਦੀ ਹੋਈ ਧਰਤੀ; ਸਾਲ ’ਚ ਦੋ ਵਾਰ (ਇਕ ਵਾਰ 20-21 ਮਾਰਚ ਨੂੰ ਅਤੇ ਦੂਜੀ ਵਾਰ 22-23 ਸਤੰਬਰ ਨੂੰ) ਇਸ ਸਥਿਤੀ ’ਚ ਆਉਂਦੀ ਹੈ ਕਿ ਸੋਲਰ ਦੁਪਹਿਰ ਦੇ ਸਮੇਂ ਸੂਰਜ ਦੀਆਂ ਕਿਰਨਾਂ ਭੂ-ਮੱਧ ਰੇਖਾ ਉੱਤੇ ਬਿਲਕੁਲ ਸਿੱਧੀਆਂ ਪੈਂਦੀਆਂ ਹਨ ਭਾਵ ਭੂ-ਮੱਧ ਰੇਖਾ ਨਾਲ 90° ਦਾ ਕੋਣ ਬਣਾਉਂਦੀਆਂ। ਇਸ ਸਮੇਂ ਧਰਤੀ ਦੇ ਸਾਰੇ ਭਾਗਾਂ ’ਚ ਦਿਨ ਤੇ ਰਾਤ ਬਰਾਬਰ ਹੋ ਜਾਂਦੇ ਹਨ। ਇਸ ਸਮੇਂ ਸੂਰਜ; ਧੁਰ ਪੂਰਬ ’ਚੋਂ ਉਦੈ ਹੋ ਕੇ ਧੁਰ ਪੱਛਮ ’ਚ ਛਿਪਦਾ ਹੈ। ਇਸ ਸਮੇਂ ਤੋਂ ਬਾਅਦ ਧਰਤੀ ਦੇ ਉੱਤਰੀ ਅਰਧ ਗੋਲ਼ੇ (ਜਿਸ ’ਚ ਭਾਰਤ, ਯੂਰਪ, ਅਮਰੀਕਾ ਕਨੇਡਾ ਆਦਿ ਦੇਸ਼ ਆਉਂਦੇ ਹਨ) ’ਚ ਬਸੰਤ ਰੁੱਤ ਸ਼ੁਰੂ ਹੋ ਜਾਂਦੀ ਹੈ। ਇਸ ਸਮੇਂ ਨੂੰ ਬਸੰਤੀ ਸਮਰਾਤ (Spring Equinox) ਅਤੇ ਦੱਖਣੀ ਅਰਧ ਗੋਲ਼ੇ (ਜਿਸ ’ਚ ਅਸਟ੍ਰੇਲੀਆ, ਨਿਊਜ਼ੀਲੈਂਡ ਆਦਿ ਦੇਸ਼ ਆਉਂਦੇ ਹਨ) ’ਚ ਪਤਝੜ ਦੀ ਰੁੱਤ ਹੁੰਦੀ ਹੈ। ਖਗੋਲ ਭਾਸ਼ਾ ’ਚ ਮਾਰਚ ਅਤੇ ਸਤੰਬਰ ਦੇ ਇਨ੍ਹਾਂ ਦਿਨਾਂ ਨੂੰ ਸਮਰਾਤਾਂ (Equinoxes) ਕਹਿੰਦੇ ਹਨ।
ਹੁਣ ਕੇਵਲ ਉੱਤਰੀ ਅਰਧ ਗੋਲ਼ੇ ਦੀ ਮਿਸਾਲ ਦਿੱਤੀ ਜਾਵੇਗੀ। ਦੱਖਣੀ ਅਰਧ ਗੋਲ਼ੇ ’ਚ ਰੁੱਤਾਂ ਉੱਤਰੀ ਅਰਧ ਗੋਲ਼ੇ ਨਾਲੋਂ ਬਿਲਕੁਲ ਉਲ਼ਟ ਹੁੰਦੀਆਂ ਹਨ। ਬਸੰਤੀ ਸਮਰਾਤ ਤੋਂ ਬਾਅਦ ਧਰਤੀ ਦੀ ਧੁਰੀ ਦਾ ਝੁਕਾਅ ਥੋੜ੍ਹਾ-ਥੋੜ੍ਹਾ ਕਰਕੇ ਉੱਤਰ ਵੱਲ ਵਧਦਾ ਜਾਵੇਗਾ, ਜਿਸ ਨਾਲ ਉੱਤਰੀ ਅਰਧ ਗੋਲ਼ੇ ’ਚ ਦਿਨ ਭੀ ਥੋੜ੍ਹੇ-ਥੋੜ੍ਹੇ ਕਰਕੇ ਵੱਡੇ ਹੋਣੇ ਤੇ ਗਰਮੀ ਭੀ ਥੋੜ੍ਹੀ-ਥੋੜ੍ਹੀ ਵਧਣੀ ਸ਼ੁਰੂ ਹੋ ਜਾਂਦੀ ਹੈ। ਸੂਰਜ; ਸਵੇਰ ਨੂੰ ਚੜ੍ਹਦੇ ਸਮੇਂ ਪੂਰਬ ਤੋਂ ਹਰ ਰੋਜ਼ ਥੋੜ੍ਹਾ-ਥੋੜ੍ਹਾ ਕਰਕੇ ਉੱਤਰ ਵੱਲ ਖਿਸਕਦਾ ਵਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ। ਅਖੀਰ 20-21 ਜੂਨ ਨੂੰ ਕਰਕ ਰੇਖਾ (ਜੋ ਕਿ ਭੂ-ਮੱਧ ਰੇਖਾ ਤੋਂ 23.5° ਦੀ ਦੂਰੀ ’ਤੇ ਭੂ-ਮਧ ਰੇਖਾ ਤੋਂ ਉੱਤਰ ਵੱਲ 16 ਦੇਸ਼ਾਂ ਸਣੇ ਭਾਰਤ ਦੇ ਅੱਠ ਰਾਜਾਂ (ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਪੱਛਮੀ ਬੰਗਾਲ, ਤ੍ਰਿਪੁਰਾ ਤੇ ਮਿਜ਼ੋਰਮ) ’ਚੋਂ ਲੰਘਦੀ ਹੈ ਤੇ ਸੋਲਰ ਦੁਪਹਿਰ ਦੇ ਸਮੇਂ ਸੂਰਜ ਦੀਆਂ ਕਿਰਨਾਂ ਕਰਕ ਰੇਖਾ ਨਾਲ ਲੰਬ ਕੋਣ ਬਣਾਉਂਦੀਆਂ ਹਨ। ਇਸ ਸਮੇਂ ਸੂਰਜ ਵੱਧ ਤੋਂ ਵੱਧ ਉੱਤਰ ਵੱਲ ਜਾ ਚੁੱਕਾ ਹੁੰਦਾ ਹੈ। ਇਸ ਨੂੰ ਖਗੋਲੀ ਭਾਸ਼ਾ ’ਚ ਉੱਤਰਾਇਣੰਤ (Summer Solstice) ਕਿਹਾ ਜਾਂਦਾ ਹੈ। ਤੁਖਾਰੀ ਰਾਗ ’ਚ ਦਰਜ ਗੁਰੂ ਨਾਨਕ ਸਾਹਿਬ ਜੀ ਦੇ ਬਾਰਹਮਾਹਾ ਦੇ ੮ਵੇਂ ਛੰਤ ’ਚ ਇਸ ਨੂੰ ਸੂਰਜ ਦਾ ‘ਰਥ ਫਿਰਨਾ’ ਕਿਹਾ ਹੈ। ਇਸ ਦਾ ਥੋੜ੍ਹਾ ਵਰਣਨ ਅਗਾਂਹ ਕੀਤਾ ਜਾਏਗਾ। ਇਹ ਦਿਨ; ਉੱਤਰੀ ਅਰਧ ਗੋਲ਼ੇ ’ਚ ਵੱਡੇ ਤੋਂ ਵੱਡਾ ਅਤੇ ਰਾਤ; ਛੋਟੀ ਤੋਂ ਛੋਟੀ ਹੁੰਦੀ ਹੈ। ਇਸ ਤੋਂ ਬਾਅਦ ਸੂਰਜ ਦੁਆਲੇ ਚੱਕਰ ਲਾ ਰਹੀ ਧਰਤੀ ਦੇ ਧੁਰੇ ਦਾ ਝੁਕਾਅ ਦੱਖਣ ਵੱਲ ਵਧਣਾ ਸ਼ੁਰੂ ਹੋ ਜਾਂਦਾ ਹੈ। ਜਿਸ ਕਾਰਨ ਸੂਰਜ ਵਾਪਸ ਦੱਖਣ ਵੱਲ ਆਪਣੀ ਯਾਤਰਾ ਕਰਦਾ ਵਿਖਾਈ ਦਿੰਦਾ ਹੈ ਅਤੇ ਹੋਲ਼ੀ ਹੋਲ਼ੀ ਕਰਕੇ ਦਿਨ ਛੋਟੇ ਅਤੇ ਰਾਤਾਂ ਵੱਡੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਸਮੇਂ ਉੱਤਰੀ ਅਰਧ ਗੋਲ਼ੇ ’ਚ ਅਤਿ ਦੀ ਗਰਮੀ ਪੈਂਦੀ ਹੈ। ਜਦ ਸੂਰਜ ਉੱਤਰ ਵੱਲ ਜਾਂਦਾ ਹੈ, ਉਸ ਨੂੰ ਉੱਤਰਾਇਣ ਅਤੇ ਜਦ ਦੱਖਣ ਵੱਲ ਜਾਂਦਾ ਹੈ, ਉਸ ਨੂੰ ਦੱਖਨਾਇਣ ਕਹਿੰਦੇ ਹਨ।
22-23 ਸਤੰਬਰ ਨੂੰ ਫਿਰ ਦਿਨ ਤੇ ਰਾਤ ਬਰਾਬਰ ਹੋ ਜਾਂਦੇ ਹਨ। ਇਸ ਸਮੇਂ ਸੂਰਜ; ਫਿਰ ਧੁਰ ਪੁਰਬ ’ਚੋਂ ਚੜ੍ਹਦਾ ਵਿਖਾਈ ਦਿੰਦਾ ਹੈ। ਉੱਤਰੀ ਅਰਧ ਗੋਲ਼ੇ ’ਚ ਇਹ ਪਤਝੜ ਦੀ ਰੁੱਤ ਹੁੰਦੀ ਹੈ। ਇਸ ਸਮੇਂ ਨੂੰ ਪਤਝੜੀ ਸਮਰਾਤ (Atumnal Equinox) ਕਿਹਾ ਜਾਂਦਾ ਹੈ ਕਿਉਂਕਿ 23.5° ’ਤੇ ਝੁਕੀ ਹੋਈ ਧਰਤੀ; ਲਗਾਤਾਰ ਸੂਰਜ ਦੁਆਲੇ ਚੱਕਰ ਲਗਾਉਂਦੀ ਰਹਿੰਦੀ ਹੈ, ਇਸ ਲਈ ਰਾਤਾਂ ਵੱਡੀਆਂ ਤੇ ਦਿਨ ਛੋਟੇ ਹੋਣ ਦੇ ਨਾਲ-ਨਾਲ ਮੌਸਮ; ਸਰਦ ਰੁੱਤ ਵੱਲ ਵਧਣਾ ਸ਼ੁਰੂ ਹੋ ਜਾਂਦਾ ਹੈ। ਆਖਰ 21-22 ਦਸੰਬਰ ਦੇ ਆਸ-ਪਾਸ ਮਕਰ ਰੇਖਾ; ਜੋ ਕਿ ਭੂ-ਮੱਧ ਰੇਖਾ ਤੋਂ 23.5° ਦੀ ਦੂਰੀ ’ਤੇ ਦੱਖਣ ਵੱਲ ਹੈ, ਉਸ ਉੱਤੇ ਸੂਰਜ ਦੀਆਂ ਕਿਰਨਾਂ ਸਿੱਧੀਆ ਪੈਂਦੀਆਂ ਹਨ ਯਾਨੀ ਸੋਲਰ ਦੁਪਹਿਰ ਦੇ ਸਮੇਂ ਮਕਰ ਰੇਖਾ ਨਾਲ ਲੰਬ ਕੋਣ ਬਣਾਉਂਦੀਆਂ ਹਨ। ਮਕਰ ਰੇਖਾ ਤਿੰਨ ਮਹਾਂਦੀਪਾਂ ਦੇ 10 ਦੇਸ਼ਾਂ (ਦੱਖਣੀ ਅਮਰੀਕਾ ’ਚ ਅਰਜਨਟੀਨਾ, ਬ੍ਰਾਜ਼ੀਲ, ਚਿਲੀ ਤੇ ਪੈਰਾਗੁਏ; ਅਫਰੀਕਾ ’ਚ ਨਾਮੀਬੀਆ, ਬੋਤਸਵਾਨਾ, ਦੱਖਣੀ ਅਫਰੀਕਾ, ਮੋਜ਼ਾਮਬੀਕ ਤੇ ਮੈਡਾਗਾਸਕਰ ਅਤੇ ਆਸਟ੍ਰੇਲੀਆ ’ਚੋਂ ਦੀ ਲੰਘਦੀ ਹੈ। ਸੂਰਜ ਵੱਧ ਤੋਂ ਵੱਧ ਦੱਖਣ ਵੱਲ ਜਾ ਚੁੱਕਾ ਹੁੰਦਾ ਹੈ, ਜਿਸ ਨੂੰ ਖਗੋਲ ਭਾਸ਼ਾ ’ਚ ਦੱਖਨਾਇਣੰਤ (Winter Solstice) ਆਖਦੇ ਹਨ। ਇਹ ਦਿਨ; ਦੱਖਣੀ ਅਰਧ ਗੋਲ਼ੇ ’ਚ ਵੱਡੇ ਤੋਂ ਵੱਡਾ ਅਤੇ ਉੱਤਰੀ ਅਰਧ ਗੋਲ਼ੇ ’ਚ ਛੋਟੇ ਤੋਂ ਛੋਟਾ ਹੁੰਦਾ ਹੈ ਤੇ ਰਾਤ; ਵੱਡੀ ਤੋਂ ਵੱਡੀ ਹੋ ਜਾਂਦੀ ਹੈ। ਇਹੀ ਸਰਦ ਰੁੱਤ ਦਾ ਸਿਖਰ ਹੈ। ਇਸ ਸਮੇਂ ਦੂਜੀ ਵਾਰ ਸੂਰਜ ਦਾ ‘ਰਥ ਫਿਰਦਾ’ ਹੈ, ਜਿਸ ਨਾਲ ਦਿਨ ਥੋੜ੍ਹੇ-ਥੋੜ੍ਹੇ ਵੱਡੇ ਅਤੇ ਰਾਤਾਂ ਛੋਟੀਆਂ ਹੋਣ ਲੱਗਦੀਆਂ ਹਨ, ਜਿਸ ਨਾਲ਼ ਠੰਡ ਦਾ ਜ਼ੋਰ ਘਟਨਾ ਸ਼ੁਰੂ ਹੋ ਜਾਂਦਾ ਹੈ। ਇੱਦਾਂ ਇੱਕ ਸਾਲ ਦਾ ਚੱਕਰ ਪੂਰਾ ਹੁੰਦਾ ਹੋਇਆ ਅਗਲੇ ਸਾਲ ਦੀ 20-21 ਮਾਰਚ ਨੂੰ ਫਿਰ ਦਿਨ ਤੇ ਰਾਤ ਬਰਾਬਰ ਹੋ ਜਾਂਦੇ ਹਨ। ਇਸ ਤਰ੍ਹਾਂ ਰੁੱਤਾਂ ਦਾ ਚੱਕਰ ਨਿਰੰਤਰ ਜਾਰੀ ਰਹਿੰਦਾ ਹੈ।
ਖਗੋਲ ਵਿਗਿਆਨ ਦੇ ਇਹ ਨਿਯਮ ਕਿ Equinoxes ਅਤੇ Solstices ਬਿੰਦੂਆਂ ’ਤੇ ਰੁੱਤਾਂ ਦੀ ਤਬਦੀਲੀ ਹੁੰਦੀ ਹੈ, ਨੂੰ ਹਿੰਦੂ ਪੰਚਾਂਗਕਾਰ ਵੀ ਮੰਨਦੇ ਹੋਏ ਆਪਣੀਆਂ ਪੰਚਾਂਗਾਂ ’ਚ ਇਨ੍ਹਾਂ ਤਾਰੀਖ਼ਾਂ ਦੇ ਸਾਮ੍ਹਣੇ ਸਬੰਧਿਤ ਰੁੱਤਾਂ ਦੀ ਤਬਦੀਲੀ ਦਾ ਇੰਦਰਾਜ਼ ਕਰਕੇ ਖਗੋਲ ਵਿਗਿਆਨ ਦੇ ਨਿਯਮਾ ਦੀ ਪੁਸ਼ਟੀ ਕਰਦੇ ਹਨ।
ਹਾੜ ਮਹੀਨੇ ਦੀ ਗੁਰਬਾਣੀ ਮੁਤਾਬਕ ਵਿਆਖਿਆ : (ਜਦੋਂ) ਹਾੜ ਮਹੀਨਾ ਆਪਣੇ ਜੋਬਨ ’ਤੇ ਹੁੰਦਾ ਹੈ। ਸੂਰਜ ਤਪਦਾ ਹੈ, ਜੋ ਅੱਗ (ਦੇ ਸੇਕ ਵਾਂਗ) ਪਾਣੀ ਸੁਕਾਉਂਦਾ ਹੈ। ਜੈਸੇ ਜੈਸੇ ਧਰਤੀ ਦੀ ਨਮੀ) ਸੁਕਦੀ ਹੈ; ਵੈਸੇ ਵੈਸੇ ਧਰਤੀ ਤਪਦੀ ਹੈ, ਦੁੱਖ ਸਹਾਰਦੀ ਹੈ ਯਾਨੀ ਜੀਅ-ਜੰਤ ਪੀੜਾ ’ਚ ਹੁੰਦੇ ਹਨ। (ਹਰ ਜਿੰਦ) ਕ੍ਰਾਹ ਕ੍ਰਾਹ ਕਰਦੀ ਹੈ ਕਿਉਂਕਿ ਸੂਰਜ ਦੀ ਤਪਸ; ਆਪਣਾ ਪ੍ਰਭਾਵ ਪਾਉਣਾ ਨਹੀਂ ਛੱਡਦੀ। ਸੂਰਜ ਦਾ ਰਥ ਫਿਰਦਾ ਹੈ ਯਾਨੀ ਉੱਤਰਾਇਣ ਤੋਂ ਦੱਖਨਾਇਣ ਨੂੰ ਮੁੜਦਾ ਹੈ। ਇਸਤਰੀ ਰੂਪ ਜਿੰਦ-ਜਾਨ ਭਾਵ ਬੁਧੀਜੀਵੀ (ਜਿਵੇਂ ਕਿ ਤਾਰਾ ਵਿਗਿਆਨੀ, ਜੋਤਸ਼ੀ ਆਦਿ); ਛਾਂ ਨੂੰ ਵੇਖ ਅੰਦਾਜ਼ਾ ਲਾਉਂਦੇ ਹਨ ਕਿ ਰੁੱਤ ਬਦਲ ਰਹੀ ਹੈ ਯਾਨੀ ਵਰਖਾ ਰੁੱਤ ਆ ਗਈ। (ਐਸੇ ਸਮੇਂ ਖੁਸ਼ੀ ’ਚ ਬੀਂਡਾ ਟੀਂ ਟੀਂ ਕਰਦਾ ਹੈ (ਆਮ ਤੌਰ ’ਤੇ ਮੀਂਹ ਪੈਣ ਪਿਛੋਂ ਬਿੰਡੇ ਬੋਲਦੇ ਹਨ) : ‘‘ਆਸਾੜੁ ਭਲਾ; ਸੂਰਜੁ ਗਗਨਿ ਤਪੈ ॥ ਧਰਤੀ ਦੂਖ ਸਹੈ; ਸੋਖੈ ਅਗਨਿ ਭਖੈ ॥ ਅਗਨਿ ਰਸੁ ਸੋਖੈ, ਮਰੀਐ ਧੋਖੈ; ਭੀ ਸੋ ਕਿਰਤੁ ਨ ਹਾਰੇ ॥ ਰਥੁ ਫਿਰੈ, ਛਾਇਆ ਧਨ ਤਾਕੈ; ਟੀਡੁ ਲਵੈ ਮੰਝਿ ਬਾਰੇ ॥’’ (ਤੁਖਾਰੀ ਬਾਰਹਮਾਹਾ ਮਹਲਾ ੧/੧੧੦੮)
ਰੁੱਤ ਦੀ ਤਬਦੀਲੀ ਵਜੋਂ ਕੁੱਝ ਮਿਸਾਲਾਂ ਹਨ ਕਿ ਕੱਤਕ ਦੇ ਮਹੀਨੇ ’ਚ ਕੂੰਜਾਂ (ਆਉਂਦੀਆਂ ਹਨ), ਚੇਤ ’ਚ ਜੰਗਲ਼ਾਂ ਨੂੰ ਅੱਗ (ਲੱਗ ਪੈਂਦੀ ਹੈ), ਸੌਣ ’ਚ ਬਿਜਲੀਆਂ (ਚਮਕਦੀਆਂ ਹਨ), ਸਿਆਲ ’ਚ (ਇਸਤ੍ਰੀਆਂ ਦੀਆਂ) ਸੁੰਦਰ ਬਾਹਾਂ; ਪਤੀਆਂ ਦੇ ਗਲ ਨੂੰ ਲੱਗਣ ਲਈ ਤਾਂਘ ’ਚ ਹਨ : ‘‘ਕਤਿਕ ਕੂੰਜਾਂ, ਚੇਤਿ ਡਉ; ਸਾਵਣਿ ਬਿਜੁਲੀਆਂ ॥ ਸੀਆਲੇ ਸੋਹੰਦੀਆਂ; ਪਿਰ ਗਲਿ ਬਾਹੜੀਆਂ ॥’’ (ਬਾਬਾ ਫਰੀਦ ਜੀ/੪੮੮)
ਗੁਰਬਾਣੀ ਦੇ ਉਕਤ ਵਾਕਾਂ ਅਤੇ ਮੌਸਮੀ ਰੁੱਤਾਂ ਦਾ ਪਰਸਪਰ ਸਬੰਧ ਤਾਂ ਅਗਲੇ 2 ਕੁ ਹਜ਼ਾਰ ਸਾਲ ’ਚ ਹੀ ਖ਼ਤਮ ਹੋ ਜਾਣਾ ਹੈ, ਜਦ ਇੱਕ ਮਹੀਨੇ ਤੋਂ ਵੱਧ ਦਾ ਅੰਤਰ ਪੈ ਜਾਵੇਗਾ, ਇਸ ਲਈ ਗੁਰਬਾਣੀ ਅਤੇ ਆਪਣੇ ਇਤਿਹਾਸ ਦੇ ਨੇੜੇ ਰਹਿਣ ਲਈ ਦੇਰ ਸਵੇਰ ਸਾਨੂੰ ਆਪਣੇ ਕੈਲੰਡਰ ’ਚ ਸੋਧ ਕਰਨੀ ਹੀ ਪੈਣੀ ਹੈ ਤਾਂ ਫਿਰ ਦੇਰੀ ਕਿਉਂ ?
ਸੰਨ 1964 ’ਚ ਸੋਧ ਕੀਤੇ ਬਿਕ੍ਰਮੀ ਕੈਲੰਡਰ ਅਨੁਸਾਰ ਛਪਦੇ ਸ੍ਰੋਮਣੀ ਕਮੇਟੀ ਦੇ ਕੈਲੰਡਰ ’ਚ ਇੱਕ ਹੋਰ ਵੱਡਾ ਨੁਕਸ ਹੈ ਕਿ ਸਿੱਖਾਂ ਦੀਆਂ ਇਤਿਹਾਸਕ ਤਾਰੀਖ਼ਾਂ ਇੱਕ ਨਹੀਂ ਬਲਕਿ ਵੱਖ ਵੱਖ ਲੰਬਾਈ ਵਾਲੇ ਤਿੰਨ ਕੈਲੰਡਰਾਂ ਅਨੁਸਾਰ ਨਿਸ਼ਚਿਤ ਕੀਤੀਆਂ ਗਈਆਂ ਹਨ। ਗੁਰਪੁਰਬ ਸਮੇਤ ਕੁਝ ਦਿਹਾੜੇ ਚੰਦਰ ਸਾਲ ਦੀਆਂ ਤਿੱਥਾਂ ਮੁਤਾਬਕ ਹਨ, ਜਿਸ ਦੇ ਸਾਲ ਦੀ ਲੰਬਾਈ 354.367066 ਦਿਨ (354 ਦਿਨ 8 ਘੰਟੇ 48 ਮਿੰਟ 34.67 ਸਕਿੰਟ) ਹੈ। ਵੈਸਾਖੀ ਸਮੇਤ ਕੁੱਝ ਪੁਰਾਤਨ ਇਤਿਹਾਸਕ ਦਿਹਾੜੇ; ਸੂਰਜ ਆਧਾਰਿਤ ਬਿਕ੍ਰਮੀ ਕੈਲੰਡਰ ਦੀਆਂ ਸੰਗਰਾਂਦਾਂ ਮੁਤਾਬਕ ਹਨ, ਜਿਸ ਦੇ ਸਾਲ ਦੀ ਲੰਬਾਈ 365.256362 ਦਿਨ ਹੈ। ਕੁਝ ਦਿਹਾੜੇ ਈਸਵੀ ਕੈਲੰਡਰ ਦੀਆਂ ਤਾਰੀਖ਼ਾਂ ਮੁਤਾਬਕ ਭੀ ਹਨ, ਜਿਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ।
ਚੰਦਰ ਸਾਲ; ਸੂਰਜੀ ਸਾਲ ਨਾਲੋਂ 10-11 ਦਿਨ ਛੋਟਾ ਹੈ। ਇਸ ਅਨੁਸਾਰ ਮਨਾਏ ਜਾਣ ਵਾਲੇ ਦਿਹਾੜੇ; ਪਿਛਲੇ ਸਾਲ ਨਾਲੋਂ 10-11 ਦਿਨ ਪਹਿਲਾਂ ਆ ਜਾਂਦੇ ਹਨ, ਅਗਲੇ ਸਾਲ 21-22 ਦਿਨ ਪਹਿਲਾਂ ਅਤੇ ਅਗਾਂਹ ਤੀਜੇ ਸਾਲ ਵਿਚਕਾਰ ਮਲਮਾਸ ਆ ਜਾਣ ਕਾਰਨ 18-19 ਦਿਨ ਪਿੱਛੋਂ ਆਉਂਦੇ ਹਨ। ਇਸ ਕਾਰਨ ਗੁਰਪੁਰਬ ਅੱਗੜ ਪਿੱਛੜ ਹੋ ਜਾਂਦੇ ਹਨ, ਜੋ ਅਕਸਰ ਯਾਦ ਨਹੀਂ ਰਹਿੰਦੇ। ਜਿਹੜੇ ਇਤਿਹਾਸਕ ਦਿਹਾੜੇ ਸੰਗਰਾਂਦ ਆਧਾਰਿਤ ਤਾਰੀਖ਼ਾਂ ਮੁਤਾਬਕ ਮਨਾਏ ਜਾਂਦੇ ਹਨ, ਉਨ੍ਹਾਂ ਦੀ ਈਸਵੀ ਕੈਲੰਡਰ ਵਾਲ਼ੀ ਤਾਰੀਖ਼ ਹਰ ਸਾਲ ਬਦਲ ਜਾਂਦੀ ਹੈ; ਜਿਵੇਂ ਕਿ ਵੈਸਾਖੀ; ਕਦੇ 13 ਅਪ੍ਰੈਲ ਨੂੰ ਤੇ ਕਦੇ 14 ਅਪ੍ਰੈਲ ਨੂੰ ਹੁੰਦੀ ਹੈ। ਜਿਹੜੇ ਦਿਹਾੜੇ ਈਸਵੀ ਕੈਲੰਡਰ ਆਧਾਰਿਤ ਮਨਾਏ ਜਾਂਦੇ ਹਨ, ਉਨ੍ਹਾਂ ਦੀ ਦੇਸੀ ਤਾਰੀਖ਼ ਹਰ ਸਾਲ ਬਦਲ ਜਾਂਦੀ ਹੈ; ਜਿਵੇਂ ਕਿ ਸਰਹਿੰਦ ਫ਼ਤਿਹ ਦਿਵਸ 12 ਮਈ; ਕਦੇ ੨੯ ਵੈਸਾਖ ਨੂੰ ਤੇ ਕਦੇ ੩੦ ਵੈਸਾਖ ਨੂੰ ਹੁੰਦੀ ਹੈ। ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਸਮੇਤ ਕਈ ਸਿੰਘਾਂ ਦੀ ਸ਼ਹੀਦੀ; ਜੋ 6 ਜੂਨ ਨੂੰ ਹੋਈ ਸੀ, ਉਹ ਕਦੇ ੨੩ ਜੇਠ ਨੂੰ ਤੇ ਕਦੇ ੨੪ ਜੇਠ ਨੂੰ ਆਉਂਦੀ ਹੈ। ਸ੍ਰੋਮਣੀ ਕਮੇਟੀ, ਪ੍ਰਚਾਰਕ ਅਤੇ ਆਮ ਵਿਅਕਤੀਆਂ ਨੂੰ ਕੋਈ ਸਮਝ ਨਹੀਂ ਲੱਗਦੀ ਕਿ ਕਿਹੜਾ ਦਿਹਾੜਾ ਕਦੋਂ ਅਤੇ ਕਿਹੜੇ ਕੈਲੰਡਰ ਅਨੁਸਾਰ ਮਨਾਇਆ ਜਾਣਾ ਹੈ। ਇਸ ਤਰ੍ਹਾਂ ਦੇ ਵੱਖਰੇ ਵੱਖਰੇ ਕੈਲੰਡਰ ਲਾਗੂ ਕਰਨ ਦੀ; ਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਅਤੇ ਨਾ ਹੀ ਗੁਰੂ ਸਾਹਿਬਾਨ ਵੱਲੋਂ ਜਾਰੀ ਕੀਤੇ ਕਿਸੇ ਹੁਕਮਨਾਮੇ ’ਚ ਪੁਸ਼ਟੀ ਹੁੰਦੀ ਹੈ। ਐਸੀ ਦੁਚਿੱਤੀ ਤੇ ਵਿਵਾਦ ਨੂੰ ਖ਼ਤਮ ਕਰਨ ਲਈ ਹੀ ਅਕਾਲ ਤਖਤ ਸਾਹਿਬ ਵੱਲੋਂ ਕੈਨੇਡਾ ਨਿਵਾਸੀ ਸ: ਪਾਲ ਸਿੰਘ ਪੁਰੇਵਾਲ ਦੀ ਸ਼ਮੂਲੀਅਤ ਵਾਲੀ ਸਥਾਪਤ ਕੀਤੀ ਕੈਲੰਡਰ ਕਮੇਟੀ ਨੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦਾ ਸੁਝਾਅ ਦਿੱਤਾ ਸੀ, ਜਿਸ ਦੇ ਕੁੱਝ ਤੱਥ ਹੇਠ ਲਿਖੇ ਅਨੁਸਾਰ ਹਨ :
ਨਾਨਕਸ਼ਾਹੀ ਕੈਲੰਡਰ ਦੇ ਨਿਯਮ
- ਨਾਨਕਸ਼ਾਹੀ ਸੰਮਤ ਦਾ ਅਰੰਭ (Epoch); ਨਾਨਕਸ਼ਾਹੀ ਸੰਮਤ ੧; ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਵਰ੍ਹੇ 1469 ਈਸਵੀ ਤੋਂ ਸ਼ੁਰੂ ਹੁੰਦਾ ਹੈ। ਚੇਤੇ ਰਹੇ ਕਿ ਨਾਨਕਸ਼ਾਹੀ ਕੈਲੰਡਰ; ਹੋਂਦ ’ਚ ਆਉਣ ਤੋਂ ਪਹਿਲਾਂ ਹੀ ਸਿੱਖਾਂ ’ਚ ਬਿਕ੍ਰਮੀ ਕੈਲੰਡਰ ’ਤੇ ਹੀ ‘ਨਾਨਕਸ਼ਾਹੀ ਸੰਮਤ’ ਲਿਖੇ ਜਾਣਾ ਪ੍ਰਚਲਿਤ ਸੀ। ਮੂਲ ਰੂਪ ’ਚ ਇਹ ਬਿਕ੍ਰਮੀ ਕੈਲੰਡਰ ਹੀ ਸੀ, ਜਿਸ ਦੇ ਸਾਲ ਦੀ ਲੰਬਾਈ ਸੋਧ ਕੇ ਹੀ ਨਾਨਕਸ਼ਾਹੀ ਕੈਲੰਡਰ; ਵਜੂਦ ’ਚ ਆਇਆ ਹੈ।
- ਨਾਨਕਸ਼ਾਹੀ ਕੈਲੰਡਰ ਦੇ ਮਹੀਨਿਆਂ ਦੇ ਨਾਮ ਅਤੇ ਤਰਤੀਬ; ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਦੋਵੇਂ ਬਾਰਹਮਾਹਾ ਦੇ ਮਹੀਨਿਆਂ ਅਨੁਕੂਲ ਹੈ। ਜਿਸ ਅੰਦਰ ਪਹਿਲਾ ਮਹੀਨਾ ਚੇਤ ਅਤੇ ਅੰਤਮ ਮਹੀਨਾ ਫੱਗਣ ਹੈ। ਧਿਆਨ ਰਹੇ ਕਿ ਬਿਕ੍ਰਮੀ ਕੈਲੰਡਰ ਦਾ ਸੂਰਜੀ ਸਾਲ; ੧ ਵੈਸਾਖ ਤੋਂ ਸ਼ੁਰੂ ਹੁੰਦਾ ਹੈ, ਚੰਦਰ ਸਾਲ ਚੇਤ ਸੁਦੀ ੧ ਤੋਂ ਅਤੇ ਨਾਨਕਸ਼ਾਹੀ ਕੈਲੰਡਰ; ਬਾਰਹਮਾਹਾ ਅਨੁਸਾਰ ੧ ਚੇਤ ਤੋਂ ਸ਼ੁਰੂ ਹੁੰਦਾ ਹੈ।
- ਚੱਲ ਰਹੇ ਪ੍ਰਕਰਮੀ ਸਾਲ (Sidereal year) = 365.256362 ਦਿਨਾਂ ਦੀ ਲੰਬਾਈ ਵਾਲੇ ਬਿਕ੍ਰਮੀ ਕੈਲੰਡਰ ਨੂੰ ਤੀਜੀ ਖ਼ਾਲਸਾ ਸ਼ਤਾਬਦੀ ਸਮੇਂ 1999 ਈ:/ਨਾਨਕਸ਼ਾਹੀ ਸੰਮਤ ੫੩੧ ਤੋਂ ਟਰੌਪੀਕਲ ਸਾਲ (2425 ਦਿਨਾਂ ਦੀ ਲੰਬਾਈ ਵਾਲੇ) ਨਾਨਕਸ਼ਾਹੀ ਕੈਲੰਡਰ ’ਚ ਤਬਦੀਲ ਕੀਤਾ ਹੈ। ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ; ‘‘ਰਥ ਫਿਰੈ’’ਤੋਂ ਮੁੜ ਉਸੇ ‘‘ਰਥ ਫਿਰੈ’’ ਤੱਕ ਭਾਵ ਉੱਤਰਾਇਣੰਤ (Summer Solstice) ਤੋਂ ਅਗਲੇ ਸਾਲ ਉੱਤਰਾਇਣੰਤ (Summer Solstice) ਤੱਕ ਦਾ ਸਮਾਂ = ਰੁੱਤੀ ਸਾਲ (Tropical Year) ਦੀ ਲੰਬਾਈ 365.24219 ਦਿਨ (365 ਦਿਨ 5 ਘੰਟੇ 48 ਮਿੰਟ 45.2 ਸਕਿੰਟ) ਦੇ ਬਹੁਤ ਹੀ ਨੇੜੇ ਤੇ ਦੁਨੀਆ ਭਰ ’ਚ ਪ੍ਰਚਲਿਤ ਗ੍ਰੈਗੋਰੀਅਨ ਕੈਲੰਡਰ ਦੇ ਸਾਲ ਦੀ ਲੰਬਾਈ ਦੇ ਬਿਲਕੁਲ ਬਰਾਬਰ 365.2425 ਦਿਨ (365 ਦਿਨ 5 ਘੰਟੇ 49 ਮਿੰਟ 12 ਸਕਿੰਟ) ਰੱਖੀ ਗਈ ਹੈ। ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਦੀ ਬਜਾਏ ਗ੍ਰੈਗੋਰੀਅਨ ਕੈਲੰਡਰ ਦੇ ਸਾਲ ਦੀ ਲੰਬਾਈ ਦੇ ਬਰਾਬਰ ਰੱਖੇ ਜਾਣ ਦਾ ਮੁੱਖ ਕਾਰਨ ਇਹ ਹੈ ਕਿ ਮੌਜੂਦਾ ਸਮੇਂ ਗ੍ਰੈਗੋਰੀਅਨ ਕੈਲੰਡਰ; ਦੁਨੀਆ ਭਰ ’ਚ ਲਾਗੂ ਹੈ। ਇਸ ਸਮੇਂ ਸਿੱਖ ਭੀ ਦੁਨੀਆਂ ਦੇ ਹਰ ਕੋਨੇ ’ਚ ਵਸਦੇ ਹਨ। ਗ੍ਰੈਗੋਰੀਅਨ ਕੈਲੰਡਰ ਨਾਲ ਬਿਲਕੁਲ ਸਿੰਕਰੋਨਾਈਜ਼ (Synchronize) ਹੋਣ ਕਾਰਨ ਦੁਨੀਆਂ ਭਰ ’ਚ ਵਸ ਰਹੇ ਹਰ ਸਿੱਖ ਲਈ ਨਾਨਕਸ਼ਾਹੀ ਕੈਲੰਡਰ ਸਮਝਣਾ ਤੇ ਲਾਗੂ ਕਰਨਾ ਬਹੁਤ ਆਸਾਨ ਹੈ। ਨਾਨਕਸ਼ਾਹੀ ਕੈਲੰਡਰ ਦੇ ਆਮ ਸਾਲ ਦੇ ਪੂਰਕ ਦਿਨਾਂ ਦੀ ਗਿਣਤੀ 365 ਹੈ ਤੇ ਲੀਪ ਦਾ ਸਾਲ 366 ਦਿਨਾਂ ਦਾ ਹੋਵੇਗਾ।
- ਬਿਕ੍ਰਮੀ ਕੈਲੰਡਰ ਦੇ ਮੁੱਖ ਅੰਗ, ਸੰਗਰਾਂਦ, ਰਾਸ਼ੀ, ਨਛੱਤਰ, ਯੋਗ ਅਤੇ ਕਰਨ ਆਦਿਕ ਜਿਨ੍ਹਾਂ ਦੇ ਆਧਾਰ ’ਤੇ ਪੰਚਾਂਗਾਂ ਤਿਆਰ ਕੀਤੀਆਂ ਜਾਂਦੀਆਂ ਹਨ ਭਾਵ ਸੰਗਰਾਂਦਾਂ ਤਿੱਥਾਂ ਅਤੇ ਮਹੂਰਤਾਂ ਦੀਆਂ ਤਾਰੀਖ਼ਾਂ ਅਤੇ ਸਮੇਂ ਨਿਰਧਾਰਿਤ ਕੀਤੇ ਜਾਂਦੇ ਹਨ; ਦਾ ਗੁਰਬਾਣੀ ’ਚ ਕੋਈ ਜ਼ਿਕਰ ਨਹੀਂ, ਇਸ ਲਈ ਇਹ ਕਹਿਣਾ ਕਿ ਗੁਰੂ ਸਾਹਿਬਾਨ ਨੇ ਕੋਈ ਸਿੱਖ ਕੈਲੰਡਰ ਬਣਾਇਆ, ਸੋਧਿਆ ਜਾਂ ਲਾਗੂ ਕੀਤਾ; ਨਿਰਾ ਝੂਠ ਅਤੇ ਗੁਮਰਾਹਕੁਨ ਪ੍ਰਚਾਰ ਹੈ। ਗੁਰੂ ਸਾਹਿਬਾਨ ਦੇ ਸਮੇਂ ਜੋ ਬਿਕ੍ਰਮੀ ਕੈਲੰਡਰ ਪ੍ਰਚਲਿਤ ਸੀ, ਉਸ ਨੂੰ ਵਰਤਿਆ ਜਰੂਰ ਹੈ, ਪਰ ਬਣਾਇਆ ਜਾਂ ਲਾਗੂ ਨਹੀਂ ਕੀਤਾ। ਜਦੋਂ ਗੁਰਬਾਣੀ ’ਚ ਸੰਗਰਾਂਦ, ਰਾਸ਼ੀ, ਨਛੱਤਰ, ਯੋਗ ਅਤੇ ਕਰਨ ਆਦਿਕ ਦਾ ਕੋਈ ਜ਼ਿਕਰ ਹੀ ਨਹੀਂ ਤਾਂ ਨਾਨਕਸ਼ਾਹੀ ਕੈਲੰਡਰ ਦਾ ਵੀ ਸੂਰਜ ਆਧਾਰਿਤ ਰਾਸ਼ੀਆਂ ਅਤੇ ਸੰਗਰਾਂਦਾਂ ਨਾਲ ਕੋਈ ਸਬੰਧ ਨਹੀਂ ਰਹਿ ਜਾਂਦਾ। ਯਾਦ ਰੱਖਣ ਅਤੇ ਹਿਸਾਬ ਕਰਨ ਦੀ ਸੌਖ ਨੂੰ ਮੁੱਖ ਰੱਖ ਕੇ 365 ਦਿਨਾਂ ਵਾਲੇ ਸਾਲ ਨੂੰ 12 ਮਹੀਨਿਆਂ ’ਚ ਇਸ ਤਰ੍ਹਾਂ ਬਰਾਬਰ ਵੰਡਿਆ ਗਿਆ ਹੈ ਕਿ ਪਹਿਲੇ ਪੰਜ ਮਹੀਨੇ ਚੇਤ, ਵੈਸਾਖ, ਜੇਠ, ਹਾੜ ਅਤੇ ਸਾਵਣ 31-31 ਦਿਨਾਂ ਦੇ ਅਤੇ ਅੰਤਲੇ 7 ਮਹੀਨੇ ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ ਅਤੇ ਫੱਗਣ 30-30 ਦਿਨਾਂ ਦੇ ਹੋਣਗੇ। ਲੀਪ ਦੇ ਸਾਲ ’ਚ ਅੰਤਲਾ ਮਹੀਨਾ ਫੱਗਣ 31 ਦਿਨਾਂ ਦਾ ਹੋਵੇਗਾ।
- ਨਾਨਕਸ਼ਾਹੀ ਕੈਲੰਡਰ; ਤੀਜੀ ਖ਼ਾਲਸਾ ਸ਼ਤਾਬਦੀ ਦੀ ਵੈਸਾਖੀ ਭਾਵ ੧ ਵੈਸਾਖ; ਬਿਕ੍ਰਮੀ ਸੰਮਤ ੨੦੫੬/14 ਅਪ੍ਰੈਲ 1999 ਈ:/ ਨਾਨਕਸ਼ਾਹੀ ਸੰਮਤ ੫੩੧ ਤੋਂ ਲਾਗੂ ਕੀਤਾ ਗਿਆ। ਬਿਕ੍ਰਮੀ ਸੰਮਤ ੨੦੫੬ ਦੀ ਵੈਸਾਖੀ; 14 ਅਪ੍ਰੈਲ 1999 ਈ: ਨੂੰ ਆਈ ਸੀ। ਵੈਸਾਖੀ ਤੋਂ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਕਾਰਨ ਇਹ ਨਾਨਕਸ਼ਾਹੀ ਕੈਲੰਡਰ ਦੀ ਭੀ ੧ ਵੈਸਾਖ ਮੰਨੀ ਗਈ। ਇੱਥੋਂ ਤਰਤੀਬਵਾਰ ਮਹੀਨਿਆਂ ਦੇ ਦਿਨ ਪੂਰੇ ਕਰਨ ਤੋਂ ਬਾਅਦ ਮਹੀਨਿਆਂ ਦੇ ਨਾਮ ਅਤੇ
ਰੁੱਤ, ਪਹਿਲੀ ਤਾਰੀਖ਼ ਅਤੇ ਦਿਨਾਂ ਦੀ ਗਿਣਤੀ ਹੇਠਾਂ ਦਿਤੀ ਸਾਰਣੀ ਮੁਤਾਬਕ ਹੈ। ਇਸ ਲਈ ਗੁਰਬਾਣੀ ਆਧਾਰਿਤ ਮੰਨਣਾ ਬਣਦਾ ਹੈ :- - ਲੀਪ ਸਾਲ ਦਾ ਨਿਯਮ ਹੈ ਕਿ ਜਿਸ ਨਾਨਕਸ਼ਾਹੀ ਸੰਮਤ ’ਚ 1469 ਜੋੜ ਕੇ 4 ’ਤੇ ਪੂਰਾ ਪੂਰਾ ਵੰਡਿਆ ਜਾਵੇ, ਉਹ ਲੀਪ ਸਾਲ ਹੋਵੇਗਾ; ਜਿਵੇਂ ਕਿ ਨਾਨਕਸ਼ਾਹੀ ਸੰਮਤ (੫੩੧+1469) = ਸੰਨ 2000 ਸੀ, ਜੋ 400 ’ਤੇ ਪੂਰਾ ਪੂਰਾ ਵੰਡਿਆ ਗਿਆ, ਇਸ ਕਾਰਨ ਸੰਮਤ ੫੩੧ ਲੀਪ ਸਾਲ ਸੀ। ਨਾਨਕਸ਼ਾਹੀ ਸੰਮਤ (੫੫੫+1469) = 2024 ਸੀ, ਜੋ 4 ’ਤੇ ਪੂਰਾ ਵੰਡਿਆ ਗਿਆ। ਇਸ ਲਈ ‘ਸੰਮਤ ੫੫੫’; ਲੀਪ ਸਾਲ ਸੀ। ਇਸੇ ਤਰ੍ਹਾਂ ਅਗਾਂਹ (੯੩੧+1469) = 2400 ਬਣੇਗਾ, ਜੋ 400 ’ਤੇ ਪੂਰਾ ਵੰਡਿਆ ਜਾ ਸਕੇਗਾ ਤਾਹੀਓਂ ਸੰਮਤ ੯੩੧ ਨੂੰ ਲੀਪ ਸਾਲ ਕਹਾਂਗੇ। ਪੂਰਨ ਸਦੀ ਕੇਵਲ ਉਹੀ ਲੀਪ ਸਾਲ ਵਾਲੀ ਹੋਵੇਗੀ, ਜੋ 400 ’ਤੇ ਪੂਰੀ ਪੂਰੀ ਵੰਡੀ ਜਾਵੇਗੀ। ਇਸੇ ਕਾਰਨ ਸੰਮਤ ੬੩੧ (ਸੰਨ 2100), ੭੩੧ (ਸੰਨ 2200) ਅਤੇ ੮੩੧ (ਸੰਨ 2300); ਲੀਪ ਸਾਲ ਨਹੀਂ ਹੋ ਸਕਦੇ।
- ਨਾਨਕਸ਼ਾਹੀ ਕੈਲੰਡਰ; 3225/26 ਸਾਲਾਂ ’ਚ ਰੁੱਤਾਂ ਨਾਲੋਂ ਕੇਵਲ ਇੱਕ ਦਿਨ ਅੱਗੇ ਜਾਏਗਾ। ਤਦ ਤੱਕ ਦੁਨੀਆ ਭਰ ਦੇ ਵਿਦਵਾਨਾਂ ਨਾਲ਼ ਮਿਲ ਕੇ ਸਰਬ ਸਾਂਝੇ ਫੈਸਲੇ ਨਾਲ ਨਵਾਂ ਨਿਯਮ ਬਣਾ ਲਿਆ ਜਾਵੇਗਾ; ਜਿਵੇਂ ਕਿ ਸਰਬ ਸੰਮਤੀ ਬਣ ਸਕਦੀ ਹੈ ਕਿ (ੳ). ਸੰਨ 3200ਵਾਂ ਸਾਲ (ਨਾਨਕਸ਼ਾਹੀ ਸੰਮਤ ੧੭੩੧), ਜੋ ਕਿ ਵੈਸੇ ਲੀਪ ਸਾਲ ਹੋਣਾ ਹੈ, ਉਸ ਨੂੰ ਸਧਾਰਨ ਸਾਲ ਮੰਨ ਕੇ ਇੱਕ ਦਿਨ ਦਾ ਅੰਤਰ ਵੀ ਨਿਕਲ ਜਾਵੇਗਾ।
(ਅ). ਗ੍ਰੈਗੋਰੀਅਨ ਕੈਲੰਡਰ 1582 ਈ: ’ਚ ਲਾਗੂ ਹੋਇਆ ਸੀ। ਸੰਨ 1582 ਤੋਂ 3200 ਈ: ਤੱਕ; 1628 ਸਾਲ ਬਣਨਗੇ ਤੇ ਰੁੱਤਾਂ ਨਾਲੋਂ ਤਕਰੀਬਨ ਅੱਧਾ ਕੁ ਦਿਨ ਅੱਗੇ ਹੋਏਗਾ, ਪਰ ਇੱਥੇ 1 ਦਿਨ ਦੀ ਸੋਧ ਹੋਣ ਨਾਲ਼ ਅੱਧਾ ਕੁ ਦਿਨ ਪਿੱਛੇ ਰਹੇਗਾ। ਇਸ ਨੂੰ ਪੂਰਾ ਕਰਨ ਲਈ ਅਗਾਂਹ 3200 ’ਤੇ ਪੂਰੀ ਪੂਰੀ ਵੰਡੀ ਜਾਣ ਵਾਲੀ ਹਰ ਸਦੀ; ਲੀਪ ਸਾਲ ਨਹੀਂ ਹੋਵੇਗੀ।
ਇਸ ਸੋਧ ਨਾਲ ਅਗਾਂਹ ਲੰਬੇ ਸਮੇਂ ਤੱਕ ਇਹ ਕੈਲੰਡਰ; ਰੁੱਤਾਂ ਨਾਲੋਂ ਅੱਧੇ ਕੁ ਦਿਨ ਤੋਂ ਵੱਧ ਅੱਗੇ ਪਿੱਛੇ ਨਹੀਂ ਹੋਵੇਗਾ। ਇਸੇ ਤਰ੍ਹਾਂ ਲੋੜ ਅਨੁਸਾਰ ਲੀਪ ਦੇ ਸਾਲ ਦਾ ਹੱਲ ਕਰਨ ਨਾਲ ਹਮੇਸ਼ਾਂ ਹਮੇਸ਼ਾਂ ਲਈ ਨਾਨਕਸ਼ਾਹੀ ਕੈਲੰਡਰ; ਰੁੱਤਾਂ ਅਤੇ ਵਿਸ਼ਵ ਭਰ ’ਚ ਸਾਂਝੇ ਸਾਲ (ਗ੍ਰੈਗੋਰੀਅਨ ਕੈਲੰਡਰ) ਨਾਲ ਜੁੜਿਆ ਰਹੇਗਾ ਜਦ ਕਿ ਸ੍ਰੋਮਣੀ ਕਮੇਟੀ ਦਾ ਮੌਜੂਦਾ ਬਿਕ੍ਰਮੀ ਦ੍ਰਿਕ ਗਣਿਤ ਆਧਾਰਿਤ ਕੈਲੰਡਰ; 70-71 ਸਾਲਾਂ ’ਚ ਹੀ ਰੁੱਤਾਂ ਨਾਲੋਂ ਇੱਕ ਦਿਨ ਅੱਗੇ ਹੁੰਦਾ ਹੈ, 13000 ਸਾਲ ਬਾਅਦ ਤਕਰੀਬਨ 6 ਮਹੀਨੇ ਅਤੇ 26000 ਸਾਲ ਪਿੱਛੋਂ ਇੱਕ ਸਾਲ ਅੱਗੇ ਨਿਕਲ ਜਾਵੇਗਾ।
- ਸਾਰਾ ਸਿੱਖ ਇਤਿਹਾਸ ਸੂਰਜ ਸਿਧਾਂਤ ਵਾਲੇ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦੇ ਸੂਰਜੀ ਪ੍ਰਵਿਸ਼ਟਿਆਂ ਅਤੇ ਸੁਦੀ ਵਦੀ ਦੀਆਂ ਚੰਦਰ ਤਿੱਥਾਂ ’ਚ ਲਿਖਿਆ ਹੋਇਆ ਹੈ। ਅੰਗਰੇਜ਼ਾਂ ਦਾ ਸੰਨ 1849 ’ਚ ਪੰਜਾਬ ’ਤੇ ਕਬਜ਼ਾ ਹੋਣ ਤੋਂ ਸਾਲ ਕੁ ਬਾਅਦ ਹੀ ਈਸਵੀ ਕੈਲੰਡਰ ਦੀਆਂ ਤਾਰੀਖ਼ਾਂ ਲਿਖਣ ਦਾ ਪ੍ਰਭਾਵ; ਲੇਖਕਾਂ ਉੱਤੇ ਪੈਣ ਲੱਗ ਪਿਆ ਸੀ ਕਿਉਂਕਿ ਪੂਰੇ ਭਾਰਤ ’ਚ ਪਹਿਲਾਂ ਹੀ ਇੰਗਲੈਂਡ ਨੇ ਗ੍ਰੈਗੋਰੀਅਨ ਕੈਲੰਡਰ 1752 ਈ: ਤੋਂ ਲਾਗੂ ਕਰ ਰੱਖਿਆ ਸੀ।
ਇਹੀ ਕਾਰਨ ਸਨ ਕਿ ਇਤਿਹਾਸਕਾਰਾਂ ਵਲੋਂ 2 ਸਤੰਬਰ 1752 ਤੋਂ ਪਹਿਲਾਂ ਦੀਆਂ ਸਾਰੀਆਂ ਤਾਰੀਖ਼ਾਂ ਜੂਲੀਅਨ ਕੈਲੰਡਰ ’ਚ ਅਤੇ ਇਸ ਤੋਂ ਬਾਅਦ ਦੀਆਂ ਤਾਰੀਖ਼ਾਂ ਨੂੰ ਗ੍ਰੈਗੋਰੀਅਨ ਕੈਲੰਡਰ ਦੀਆਂ ਤਾਰੀਖ਼ਾਂ ’ਚ ਤਬਦੀਲ ਕਰ ਕੇ ਇਤਿਹਾਸ ਲਿਖਿਆ ਗਿਆ; ਜਿਵੇਂ ਕਿ ਸੰਨ 1850 ਤੋਂ ਬਾਅਦ ਲੇਖਕਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਤਾਰੀਖ਼ ਪੋਹ ਸੁਦੀ ੭, ੨੩ ਪੋਹ ਸੰਮਤ ੧੭੨੩ ਦੇ ਨਾਲ-ਨਾਲ਼ 22 ਦਸੰਬਰ 1666 ਈ: ਭੀ ਲਿਖਣੀ ਸ਼ੁਰੂ ਕਰ ਦਿੱਤੀ ਜਦ ਕਿ ਹੁਣ ਇਹ ਤਿੰਨੇ ਤਾਰੀਖ਼ਾਂ (ਪੋਹ ਸੁਦੀ ੭, ੨੩ ਪੋਹ ਅਤੇ 22 ਦਸੰਬਰ) ਕਦੇ ਭੀ ਇਕੱਠੀਆਂ ਨਹੀਂ ਆਉਣਗੀਆਂ। ਇਸ ਦਾ ਹੱਲ ਇਹੀ ਹੈ ਕਿ ਇਨ੍ਹਾਂ ’ਚੋਂ ਕਿਸੇ ਇੱਕ ਦੀ ਚੋਣ ਕਰਨੀ ਪੈਣੀ ਹੈ। ਜੂਲੀਅਨ ਅਤੇ ਗ੍ਰੈਗੋਰੀਅਨ ਕੈਲੰਡਰ; ਸਿੱਖਾਂ ਦੇ ਕੈਲੰਡਰ ਨਹੀਂ ਹਨ ਅਤੇ ਨਾ ਹੀ ਇਨ੍ਹਾਂ ਦੀਆਂ ਤਾਰੀਖ਼ਾਂ ਸਿੱਖਾਂ ਦੇ ਕਿਸੇ ਮੁੱਢਲੇ ਸੋਮੇ, ਜਿਵੇਂ ਕਿ ਭੱਟ ਵਹੀਆਂ/ਜਨਮ ਸਾਖੀਆਂ, ਹੁਕਮਨਾਮਿਆਂ ਆਦਿ ’ਚ, ਲਿਖੀਆਂ ਮਿਲਦੀਆਂ ਹਨ, ਇਸ ਲਈ ਇਨ੍ਹਾਂ ਦੀਆਂ ਤਾਰੀਖ਼ਾਂ ਨੂੰ ਮਹੱਤਵ ਦੇਣਾ, ਸਹੀ ਨਹੀਂ ਹੋਵੇਗਾ। ਸਾਰੇ ਮੂਲ ਸੋਮਿਆਂ ’ਚ ਤਾਰੀਖ਼ਾਂ, ਉਸ ਵੇਲੇ ਦੇ ਪ੍ਰਚਲਿਤ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ (ਸੂਰਯ ਸਿਧਾਂਤ) ਦੇ ਪ੍ਰਵਿਸ਼ਟਿਆਂ ਜਾਂ ਚੰਦਰਮਾ ਦੀਆਂ ਵਦੀ/ਸੁਦੀ ਤਿੱਥਾਂ ’ਚ ਲਿਖੀਆਂ ਹੋਈਆਂ ਹਨ। ਗੁਰਬਾਣੀ ’ਚ ਦਰਜ ਦੋਵੇਂ ਬਾਰਹਮਾਹਾ (ਮਾਝ ਮਹਲਾ ੫ ਤੇ ਤੁਖਾਰੀ ਮਹਲਾ ੧) ਅਤੇ ਰਾਮਕਲੀ ਮਹਲਾ ੫ ਰੁਤੀ, ਆਦਿ ਬਾਣੀਆਂ ’ਚ ਪਹਿਲਾ ਮਹੀਨਾ; ਚੇਤ ਅਤੇ ਅੰਤਮ ਮਹੀਨਾ; ਫੱਗਣ ਲਿਖੇ ਹੋਏ ਹਨ। ਇਸ ਲਈ ਚੇਤ, ਵੈਸਾਖ, ਜੇਠ, ….. ਮਾਘ, ਫੱਗਣ ਆਦਿਕ ਮਹੀਨਿਆਂ ਵਾਲੇ ਕੈਲੰਡਰ ਦੀਆਂ ਤਿੱਥਾਂ ਜਾਂ ਪ੍ਰਵਿਸ਼ਟਿਆਂ ਵਿੱਚੋਂ ਹੀ ਕਿਸੇ ਇੱਕ ਦੀ ਚੋਣ ਕਰਨੀ ਪੈਣੀ ਹੈ।
ਚੰਦਰ ਕੈਲੰਡਰ ਦੀ ਇੱਕ ਤਿੱਥ; ਕਦੀ ਕਸ਼ਯ ਅਤੇ ਕਦੀ ਇਕੋ ਚੰਦਰ ਤਿੱਥ; ਲਗਾਤਾਰ ਦੋ ਸੂਰਜੀ ਦਿਨਾਂ ’ਚ ਆ ਜਾਂਦੀ ਹੈ। ਇਨ੍ਹਾਂ ਤਿਥਾਂ ਵਾਙ 19 ਸਾਲਾਂ ’ਚੋਂ 7 ਸਾਲ ਅਜਿਹੇ ਹੁੰਦੇ ਹਨ, ਜਿਨ੍ਹਾਂ ਅੰਦਰ ਇੱਕੋ ਨਾਂ ਦੇ ਦੋ-ਦੋ ਮਹੀਨੇ ਆ ਜਾਂਦੇ ਹਨ, ਜਿਸ ਨੂੰ ਅਧਿਕ ਮਹੀਨਾ (ਮਲ ਮਾਸ) ਆਖਦੇ ਹਨ। ਔਸਤਨ 63 ਸਾਲ (ਘੱਟੋ ਘੱਟ 19 ਸਾਲ ਤੇ ਵੱਧ ਤੋਂ ਵੱਧ 141 ਸਾਲ) ਬਾਅਦ ਇੱਕ ਮਹੀਨਾ ਕਸ਼ਯ ਹੋ ਜਾਂਦਾ ਹੈ। ਪੋਹ ਦਾ ਮਹੀਨਾ ਸਭ ਤੋਂ ਛੋਟਾ ਹੋਣ ਕਾਰਨ ਇਹ ਸਭ ਤੋਂ ਜ਼ਿਆਦਾ ਵਾਰ ਕਸ਼ਯ ਹੁੰਦਾ ਸੀ। ਇਨ੍ਹਾਂ ਕਾਰਨਾਂ ਕਰਕੇ (ੳ). ਸੁਦੀ/ਵਦੀ ਦੀਆਂ ਤਿੱਥਾਂ ’ਚ ਆਈਆਂ ਮਹੱਤਵ ਪੂਰਨ ਇਤਿਹਾਸਕ ਘਟਨਾਵਾਂ ਦੇ ਵਾਪਰਨ ਦੀ ਤਰਤੀਬ (Choronolgy) ਅਲੱਗ-ਥਲੱਗ ਹੋ ਜਾਂਦੀ ਹੈ; ਜਿਵੇਂ ਕਿ ਹੋਲਾ ਮਹੱਲਾ; ਅਕਸਰ ਹੋਲੀ ਤੋਂ 1 ਦਿਨ ਬਾਅਦ ਜਾਂ ਕਦੇ ਦੋਵੇਂ ਇਕੱਠੇ ਇੱਕੋ ਦਿਨ ਆਉਂਦੇ ਹਨ। ਕਦੇ ਕਦਾਈਂ ਚੇਤ ਤੋਂ ਫੱਗਣ ਦੇ ਸੂਰਜੀ ਸਾਲ ’ਚ ਹੋਲਾ ਮਹੱਲਾ; ਦੋ ਵਾਰ ਆ ਜਾਂਦਾ ਹੈ ਜਾਂ ਕਦੇ ਸਾਲ ’ਚ ਇੱਕ ਵਾਰ ਭੀ ਨਹੀਂ ਆਉਂਦਾ।
(ਅ). ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ; ਇਨ੍ਹਾਂ ਦੋਵਾਂ ਵਿਚਕਾਰ ਅਕਸਰ 10 ਤੋਂ 12 ਦਿਨਾਂ ਦਾ ਅੰਤਰ ਹੁੰਦਾ ਹੈ, ਪਰ ਕਦੇ ਕਦਾਈਂ ਇਨ੍ਹਾਂ ਦਿਨਾਂ ਵਿਚਕਾਰ ਮਲ ਮਾਸ ਆਉਣ ਕਾਰਨ ਦੋਵਾਂ ਪੁਰਬਾਂ ’ਚ 40 ਦਿਨਾਂ ਦਾ ਅੰਤਰ ਪੈ ਜਾਂਦਾ ਹੈ।
(ੲ). ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ; ਕਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਤੋਂ ਪਹਿਲਾਂ, ਕਦੇ ਦੋਵੇਂ ਇਕੱਠੇ ਇੱਕੋ ਦਿਨ ਜਾਂ ਕਦੇ 20-22 ਦਿਨਾਂ ਦੇ ਅੰਤਰ ਨਾਲ ਆਉਂਦਾ ਹੈ। ਇਹ ਸਾਰੇ ਹੀ ਦਿਹਾੜੇ ਅਗਲੇ ਨਵੇਂ ਸਾਲ ’ਚ ਭਾਵ 365/66 ਦਿਨਾਂ ਪਿੱਛੋਂ ਨਿਸ਼ਚਿਤ ਦਿਨ ਆਉਣੇ ਸਨ, ਪਰ ਕਦੇ 354/55 ਦਿਨ ਪਿੱਛੋਂ ਤੇ ਕਦੇ 383/84 ਦਿਨਾਂ ਬਾਅਦ ਆਉਂਦੇ ਹਨ, ਜਿਨ੍ਹਾਂ ਨੂੰ ਯਾਦ ਰੱਖਣਾ ਬੜਾ ਕਠਿਨ ਹੁੰਦਾ ਹੈ।
ਇਸ ਦੇ ਹੱਲ ਲਈ ਹੀ ਸੰਨ 1998 ’ਚ ਸ. ਪਾਲ ਸਿੰਘ ਪੁਰੇਵਾਲ ਦੀ ਸ਼ਮੂਲੀਅਤ ਵਾਲੀ ਕੈਲੰਡਰ ਕਮੇਟੀ ਨੇ ਚੰਦਰ ਤਿੱਥਾਂ ਦਾ ਤਿਆਗ ਕਰ ਪ੍ਰਵਿਸ਼ਟਿਆਂ (ਸੰਗਰਾਂਦ ਦੇ ਹਿਸਾਬ ਸੂਰਜੀ ਤਾਰੀਖ਼ਾਂ) ਨੂੰ ਪ੍ਰਮੁਖਤਾ ਦਿੱਤੀ। ਇਸ ਫ਼ੈਸਲੇ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਲਈ ੨੩ ਪੋਹ ਨਿਰਧਾਰਿਤ ਕੀਤਾ ਗਿਆ, ਜੋ ਸੰਨ 1999 ਈ: ਦੀ ਵੈਸਾਖੀ ਤੋਂ ਬਾਅਦ ਹਮੇਸ਼ਾਂ 5 ਜਨਵਰੀ ਨੂੰ ਹੀ ਆਵੇਗਾ ਜਦੋਂ ਕਿ ਬਿਕ੍ਰਮੀ ਕੈਲੰਡਰ ’ਚ 1666 ਈ: ’ਚ ੨੩ ਪੋਹ; 22 ਦਸੰਬਰ ਨੂੰ ਸੀ, 1999 ’ਚ 6 ਜਨਵਰੀ ਨੂੰ ਤੇ ਅੱਜ ਕੱਲ੍ਹ 6 ਜਾਂ 7 ਜਨਵਰੀ ਨੂੰ ਆਉਂਦਾ ਹੈ। ਜੇ ਇਹੀ ਹਾਲ ਰਿਹਾ ਤਾਂ ਅਗਾਂਹ 1000 ਸਾਲ ਬਾਅਦ ੨੩ ਪੋਹ; 20/21 ਜਨਵਰੀ ਨੂੰ ਆਵੇਗਾ ਭਾਵ 29/30 ਦਿਨਾਂ ਦਾ ਫ਼ਰਕ ਪੈ ਜਾਵੇਗਾ। ਇੱਦਾਂ ਹੀ ਬਾਕੀ ਦੇ ਸਾਰੇ ਦਿਹਾੜਿਆਂ ਲਈ ਪ੍ਰਵਿਸ਼ਟੇ ਨਿਸ਼ਚਿਤ ਕੀਤੇ ਗਏ; ਜਿਵੇਂ ਕਿ ਹੋਲਾ ਮਹੱਲਾ; ੧ ਚੇਤ/14 ਮਾਰਚ, ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਤੇ ਖ਼ਾਲਸਾ ਪੰਥ ਦਾ ਸਾਜਨਾ ਦਿਵਸ; ੧ ਵੈਸਾਖ/14 ਅਪ੍ਰੈਲ, ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ; ੨੮ ਜੇਠ/11 ਜੂਨ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ; ੨ ਹਾੜ/16 ਜੂਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ; ੧੧ ਮੱਘਰ/24 ਨਵੰਬਰ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ; ੮ ਪੋਹ/21 ਦਸੰਬਰ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ; ੧੩ ਪੋਹ/26 ਦਸੰਬਰ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ; ੨੩ ਪੋਹ/5 ਜਨਵਰੀ ਨੂੰ, ਆਦਿ। ਇਸ ਤਰ੍ਹਾਂ ਦੇ ਪ੍ਰਬੰਧ ਨਾਲ ਸਾਰੇ ਦਿਹਾੜੇ ਯਾਦ ਰੱਖਣੇ ਭੀ ਆਸਾਨ ਹਨ ਤੇ ਮਹੱਤਵ ਪੂਰਨ ਇਤਿਹਾਸਕ ਘਟਨਾਵਾਂ ਵਾਪਰਨ ਦੀ ਤਰਤੀਬ (Choronolgy) ’ਚ ਭੀ ਵਿਘਨ ਨਹੀਂ ਪੈਂਦਾ।
ਨਾਨਕਸ਼ਾਹੀ ਕੈਲੰਡਰ ਵਿਰੁਧ ਉਠਾਏ ਜਾਂਦੇ ਬੇਤੁਕੇ ਇਤਰਾਜ਼ਾਂ ਦਾ ਪਿਛੋਕੜ ਤੱਥ
ਸਵਾਲ 1. ਜਿਹੜਾ ਕੈਲੰਡਰ ਗੁਰੂ ਕਾਲ ਦੌਰਾਨ ਵਰਤਿਆ ਜਾਂਦਾ ਸੀ ਅਸੀਂ ਉਸ ਨੂੰ ਕਿਉਂ ਛੱਡੀਏ ?
ਜਵਾਬ : ਐਸਾ ਇਤਰਾਜ਼ ਕਰਨ ਵਾਲੇ ਵਿਦਵਾਨ ਇਸ ਤੱਥ ਤੋਂ ਪੂਰੀ ਤਰ੍ਹਾਂ ਅਣਜਾਣ ਹਨ ਕਿ ਗੁਰੂ ਕਾਲ ਦੌਰਾਨ ਸੂਰਜੀ ਸਿਧਾਂਤ ਵਾਲਾ ਬਿਕ੍ਰਮੀ ਕੈਲੰਡਰ ਵਰਤਿਆ ਜਾਂਦਾ ਸੀ, ਜਿਸ ਦੇ ਸਾਲ ਦੀ ਲੰਬਾਈ 365.258756 ਦਿਨ ਸੀ। ਸੰਨ 1964 ’ਚ ਹਿੰਦੂਆਂ ਵੱਲੋਂ ਸੂਰਜੀ ਸਿਧਾਂਤ ਦੀ ਥਾਂ ਦ੍ਰਿਕ ਗਣਿਤ ਸਿਧਾਂਤ ਲਾਗੂ ਕਰ ਲਿਆ ਗਿਆ, ਜਿਸ ਦੇ ਸਾਲ ਦੀ ਲੰਬਾਈ 365.256362 ਦਿਨ ਹੈ। ਸ੍ਰੋਮਣੀ ਕਮੇਟੀ ਸਮੇਤ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲੇ ਸਭਨਾਂ ਨੇ ਇਸ ਸੋਧ ਨੂੰ ਬਿਨਾਂ ਹੀਲ ਹੁਜ਼ਤ ਮੰਨ ਲਿਆ ਭਾਵ ਗੁਰੂ ਕਾਲ ਦੌਰਾਨ ਵਰਤੇ ਜਾਣ ਵਾਲੇ ਕੈਲੰਡਰ ਨੂੰ ਇਹ ਲੋਕ; ਸੰਨ 1964 ਈ: ’ਚ ਹੀ ਛੱਡ ਚੁੱਕੇ ਹਨ। ਇਸੇ ਤਰ੍ਹਾਂ ਗੁਰੂ ਕਾਲ ਸਮੇਂ ਜੂਲੀਅਨ ਕੈਲੰਡਰ ਪ੍ਰਚਲਿਤ ਸੀ, ਜਿਸ ਦੇ ਸਾਲ ਦੀ ਲੰਬਾਈ 365.25 ਦਿਨ ਸੀ। ਸੰਨ 1752 ਈ: ’ਚ ਇੰਗਲੈਂਡ ਨੇ ਸੋਧਿਆ ਕੈਲੰਡਰ ਭਾਵ ਗ੍ਰੈਗੋਰੀਅਨ ਕੈਲੰਡਰ ਲਾਗੂ ਕਰ ਲਿਆ, ਜਿਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ। ਇਸ ਸੋਧ ਨੂੰ ਵੀ ਇਨ੍ਹਾਂ ਵਿਦਵਾਨਾਂ ਨੇ ਹੂ-ਬਹੂ ਮੰਨ ਲਿਆ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜੇ ਅੰਗੇਰਜ਼ਾਂ ਨੂੰ ਇਸ ਗੱਲ ਦਾ ਪਤਾ ਲੱਗਣ ’ਤੇ ਕਿ ਉਨ੍ਹਾਂ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ 11 ਕੁ ਮਿੰਟ ਵੱਧ ਹੈ, ਇਸ ਲਈ ਇਹ ਕੈਲੰਡਰ; ਰੁੱਤਾਂ ਦਾ ਸਾਥ ਛੱਡ ਰਿਹਾ ਹੈ। ਉਨ੍ਹਾਂ ਨੇ ਆਪਣੇ ਕੈਲੰਡਰ ’ਚ ਸੋਧ ਕਰ ਲਈ। ਸਿੱਖਾਂ ਨੇ ਬਿਨਾਂ ਹੀਲ ਹੁੱਜ਼ਤ ਉਸ ਸੋਧ ਨੂੰ ਭੀ ਮੰਨ ਲਿਆ। ਗੁਰੂ ਕਾਲ ਵਾਲੇ ਬਿਕ੍ਰਮੀ ਕੈਲੰਡਰ ’ਚ ਹਿੰਦੂਆਂ ਨੇ ਸੋਧ ਕੀਤੀ; ਉਹ ਭੀ ਇਨ੍ਹਾਂ ਵਿਦਵਾਨਾਂ ਨੇ ਹੂ-ਬਹੂ ਮੰਨ ਲਈ ਤਾਂ ਫਿਰ 1999 ਈ: ’ਚ ਸਿੱਖਾਂ ਵੱਲੋਂ ਕੀਤੀ ਸੋਧ ਮੰਨਣ ਤੋਂ ਇਹ ਇਨਕਾਰੀ ਕਿਉਂ ? ਵਿਚਾਰਨਾ ਬਣਦਾ ਹੈ ਕਿ ਇਹ ਲੋਕ ਸੰਨ 2003 ’ਚ ਆਰ.ਐੱਸ.ਐੱਸ ਦੇ ਮੁਖੀ ਵੱਲੋਂ ਦਿੱਤੇ ਉਸ ਬਿਆਨ ਦੀ ਪੂਰਤੀ ਲਈ ਕੰਮ ਤਾਂ ਨਹੀਂ ਕਰ ਰਹੇ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ‘ਅਸੀਂ ਨਾਨਕਸ਼ਾਹੀ ਕੈਲੰਡਰ ਲਾਗੂ ਨਹੀਂ ਹੋਣ ਦੇਵਾਂਗੇ।’
ਸਵਾਲ 2. ਵੈਸਾਖੀ ਨਹੀਂ ਖਿਸਕ ਰਹੀ ਸਗੋਂ ਅੰਗਰੇਜ਼ੀ (ਗ੍ਰੈਗੋਰੀਅਨ) ਤਾਰੀਖ਼ਾਂ ਖਿਸਕ ਰਹੀਆਂ ਹਨ। ਵੈਸਾਖੀ ਹਮੇਸ਼ਾਂ ਵਾਙ ੧ ਵੈਸਾਖ ਨੂੰ ਹੀ ਆ ਰਹੀ ਹੈ ਜਦ ਕਿ ਵੈਸਾਖੀ ਵਾਲੇ ਦਿਨ ਕਦੇ 27, 29 ਮਾਰਚ, ਕਦੇ 9, 10, 11, 12 ਅਪ੍ਰੈਲ ਹੁੰਦੀ ਸੀ, ਅਤੇ ਹੁਣ 13/14 ਅਪ੍ਰੈਲ ਦੀ ਤਾਰੀਖ਼ ਹੁੰਦੀ ਹੈ।
ਜਵਾਬ : ਕਿੰਨਾ ਹਾਸੋਹੀਣਾ ਅਤੇ ਬੇਸਮਝੀ ਵਾਲਾ ਤਰਕ ਹੈ। ਇਹ ਸੋਚ; ਚਲਦੀ ਗੱਡੀ ਦੀ ਬਾਰੀ ’ਚ ਬੈਠੇ ਉਸ ਵਿਅਕਤੀ ਦੀ ਸੋਚ ਵਰਗੀ ਹੈ, ਜੋ ਕਹੇ ਕਿ ਗੱਡੀ ਤਾਂ ਉੱਥੇ ਹੀ ਖੜ੍ਹੀ ਹੈ, ਹੇਠਾਂ ਲਾਈਨ ਦੇ ਨਾਲ ਖੜ੍ਹੇ ਦਰਖ਼ਤ, ਟੈਲੀਫੋਨ ਖੰਭੇ, ਸਟੇਸ਼ਨ, ਆਦਿ ਪਿੱਛੇ ਨੂੰ ਦੌੜ ਰਹੇ ਹਨ।
ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਬਸੰਤੀ ਸਮਰਾਤ (Equinox) 11-12 ਮਾਰਚ (ਜੂਲੀਅਨ)/20-21 ਮਾਰਚ (ਗ੍ਰੈਗੋਰੀਅਨ) ਨੂੰ ਸੀ, ਜੋ ਅੱਜ ਭੀ 20-21 ਮਾਰਚ ਨੂੰ ਹੀ ਹੈ ਜਦ ਕਿ ਰੁੱਤਾਂ ’ਚ ਤਬਦੀਲੀ ‘ਸਮਰਾਤ’ ਅਤੇ ‘ਰੱਥ ਫਿਰੈ’ (Solstice) ਕਾਰਨ ਹੁੰਦੀ ਹੈ। ਕੈਲੰਡਰ ਬਣਾਉਣ ਦਾ ਅਸਲ ਕਾਰਨ; ਇਤਿਹਾਸ ਨੂੰ ਸੰਭਾਲਣ ਅਤੇ ਭਵਿੱਖ ਦੀਆਂ ਨੀਤੀਆਂ ਉਲੀਕਣਾ ਹੈ ਕਿ ਕਦੋਂ ਫਸਲਾਂ ਬੀਜਣ, ਪੱਕਣ ਅਤੇ ਵੱਢਣ ਦਾ ਸਮਾਂ ਹੋਵੇਗਾ। ਕਦੋਂ ਮੀਂਹ ਪੈਣ ਤੇ ਹੜ੍ਹ ਆਉਣ ਦੀ ਸੰਭਾਵਨਾ ਹੈ ਤਾਂ ਕਿ ਉਨ੍ਹਾਂ ਦੇ ਰੋਕਥਾਮ ਲਈ ਅਗਾਊਂ ਪ੍ਰਬੰਧ ਕੀਤੇ ਜਾਣ। ਵਿਚਾਰਨਾ ਇਹ ਬਣਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਵੈਸਾਖੀ; ਬਸੰਤੀ ਸਮਰਾਤ ਤੋਂ ਕਿੰਨੇ ਦਿਨ ਬਾਅਦ ਆਉਂਦੀ ਸੀ ਤੇ ਹੁਣ ਕਿੰਨੇ ਦਿਨ ਬਾਅਦ ਆ ਰਹੀ ਹੈ। ਫਿਰ ਪਤਾ ਲੱਗੇਗਾ ਕਿ ਵੈਸਾਖੀ ਖਿਸਕ ਰਹੀ ਹੈ ਜਾਂ ਮਾਰਚ/ਅਪ੍ਰੈਲ ਦੀਆਂ ਤਾਰੀਖ਼ਾਂ ? ਬਦਲੀਆਂ ਰੁੱਤਾਂ ਦਾ ਗੁਰਬਾਣੀ ਅਤੇ ਇਤਿਹਾਸ ’ਤੇ ਕੀ ਅਸਰ ਪੈਂਦਾ ਹੈ ? ਇਸ ਦਾ ਵਰਣਨ ਇਸ ਲੇਖ ਦੇ ਪਹਿਲੇ ਹਿੱਸੇ ਹੀ ’ਚ ਕੀਤਾ ਜਾ ਚੁੱਕਾ ਹੈ।
ਸਵਾਲ 3. ਇਹ ਭੀ ਇਤਰਾਜ਼ ਹੁੰਦਾ ਹੈ ਗੁਰਪੁਰਬ ਨਿਸ਼ਚਿਤ ਕਰਨ ਸਮੇਂ 4 ਤੋਂ 7 ਦਿਨਾਂ ਦੀ ਗਲਤੀ ਹੋਈ ਹੈ। ਆਪਣੇ ਵੱਲੋਂ ਮਿਥ ਲਈ, ਇਸ ਗਲਤੀ ਨੂੰ ਸਹੀ ਸਿੱਧ ਕਰਨ ਲਈ ਮਿਸਾਲ ਦਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ੨੩ ਪੋਹ/22 ਦਸੰਬਰ 1666 ਜੂਲੀਅਨ ਨੂੰ ਹੋਇਆ ਸੀ। 10 ਦਿਨ ਦੀ ਸੋਧ ਤੋਂ ਬਾਅਦ ਇਸ ਦੀ ਗ੍ਰੈਗੋਰੀਅਨ ਤਾਰੀਖ਼ 22 ਦਸੰਬਰ + 10 = 1 ਜਨਵਰੀ ਬਣਦੀ ਹੈ, ਪਰ ਨਾਨਕਸ਼ਾਹੀ ਕੈਲੰਡਰ ’ਚ 5 ਜਨਵਰੀ ਨਿਸ਼ਚਿਤ ਕਰ ਲਈ, ਜੋ ਕਿ 4 ਦਿਨਾਂ ਦੀ ਗਲਤੀ ਹੈ। ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ; ੨ ਹਾੜ/30 ਮਈ 1606 ਜੂਲੀਅਨ ਨੂੰ ਹੋਈ ਸੀ। 10 ਦਿਨ ਦੀ ਸੋਧ ਤੋਂ ਬਾਅਦ 30 ਮਈ + 10 = 9 ਜੂਨ ਬਣਦੀ ਹੈ, ਪਰ ਨਾਨਕਸ਼ਾਹੀ ਕੈਲੰਡਰ ’ਚ ੨ ਹਾੜ/16 ਜੂਨ ਨਿਸ਼ਚਿਤ ਕਰ ਲਈ, ਜੋ ਕਿ 7 ਦਿਨਾਂ ਦੀ ਗਲਤੀ ਹੈ।
ਜਵਾਬ : (ੳ). ਵੈਸੇ ਤਾਂ ਇਹ ਲੋਕ ਕਹਿੰਦੇ ਹਨ ਕਿ ਸਾਡਾ ਈਸਾਈਆਂ ਦੇ ਕੈਲੰਡਰ ਨਾਲ ਕੀ ਲੈਣਾ ਦੇਣਾ ਹੈ ? ਸਾਡਾ ਸਿੱਖਾਂ ਦਾ ਆਪਣਾ ਵੱਖਰਾ ਕੈਲੰਡਰ ਹੈ। ਅਸੀਂ ਪੁਰਾਤਨ ਰਵਾਇਤ ਅਤੇ ਆਪਣੇ ਕੈਲੰਡਰ ਮੁਤਾਬਕ ਹੀ ਗੁਰਪੁਰਬ ਮਨਾਵਾਂਗੇ, ਪਰ ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖ਼ਾਂ ਦੀ ਪਰਖ ਕਰਦੇ ਸਮੇਂ ਖ਼ੁਦ ਹੀ ਪੈਮਾਨਾ ਉਸੇ ਇਸਾਈਆਂ ਦੇ ਕੈਲੰਡਰ ਦਾ ਫੜ ਲੈਂਦੇ ਹਨ।
ਆਪਣੇ ਕੈਲੰਡਰ ਦੀਆਂ ਤਾਰੀਖ਼ਾਂ ਦੀ ਪਰਖ ਕਰਦੇ ਸਮੇਂ ਸਾਨੂੰ ਆਪਣੇ ਕੈਲੰਡਰ ਦਾ ਹੀ ਪੈਮਾਨਾ ਫੜਨਾ ਪਏਗਾ। ਜਦੋਂ ਅਸੀਂ ਆਪਣੇ ਕੈਲੰਡਰ ਦਾ ਪੈਮਾਨਾ ਫੜਾਂਗੇ ਤਾਂ ਮਸਲਾ ਤੁਰੰਤ ਹੱਲ ਹੋ ਜਾਵੇਗਾ; ਜਿਵੇਂ ਕਿ ਖ਼ਾਲਸਾ ਪੰਥ ਦੀ ਸਾਜਣਾ 1699 ਈ: ’ਚ ੧ ਵੈਸਾਖ ਨੂੰ ਕੀਤੀ ਸੀ। ਨਾਨਕਸ਼ਾਹੀ ਕੈਲੰਡਰ ’ਚ ਭੀ ੧ ਵੈਸਾਖ ਹੀ ਰੱਖੀ ਗਈ ਹੈ। ਸੰਨ 1999 ਈ: ’ਚ ਨਾਨਕਸ਼ਾਹੀ ਕੈਲੰਡਰ ਅਤੇ ਬਿਕ੍ਰਮੀ ਕੈਲੰਡਰ ਦੋਵਾਂ ਦਾ ੧ ਵੈਸਾਖ 14 ਅਪ੍ਰੈਲ ਨੂੰ ਸੀ; ਫਿਰ ਗਲਤੀ ਕਾਹਦੀ ਹੋਈ ?
ਐਸੇ ਹੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ੨ ਹਾੜ ਨੂੰ ਹੋਈ ਸੀ; ਸੰਨ 1999 ਈ: ’ਚ ਨਾਨਕਸ਼ਾਹੀ ਕੈਲੰਡਰ ਅਤੇ ਬਿਕ੍ਰਮੀ ਕੈਲੰਡਰ ਦੋਵਾਂ ਦੀ ੨ ਹਾੜ; 16 ਜੂਨ ਨੂੰ ਸੀ। ਨਾਨਕਸ਼ਾਹੀ ਕੈਲੰਡਰ ’ਚ ਸ਼ਹੀਦੀ ਗੁਰਪੁਰਬ ਇਸੇ ੨ ਹਾੜ/16 ਜੂਨ ਦਾ ਨਿਸ਼ਚਿਤ ਕੀਤਾ ਗਿਆ ਹੈ। ਇਸ ਲਈ 7 ਦਿਨਾਂ ਵਾਲ਼ੀ ਗਲਤੀ ਕਿਸ ਤਰ੍ਹਾਂ ਹੋਈ ?
ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ; ੨੩ ਪੋਹ ਨੂੰ ਸੀ। ਇਸ ਲਈ ਪ੍ਰਕਾਸ਼ ਪੁਰਬ ਭੀ ੨੩ ਪੋਹ ਨਿਸ਼ਚਿਤ ਕੀਤਾ ਗਿਆ ਹੈ। ਇਸ ਲਈ 4 ਦਿਨਾਂ ਦੀ ਗਲਤੀ ਕਿੱਥੇ ਹੈ ?
ਪਰ ਹਾਂ, ਇਹ ਜ਼ਰੂਰ ਹੈ ਕਿ ਸੰਨ 1999 ’ਚ ਬਿਕ੍ਰਮੀ ਕੈਲੰਡਰ ਦੀ ੨੩ ਪੋਹ; 6 ਜਨਵਰੀ ਨੂੰ ਆਈ ਸੀ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੀ ੨੩ ਪੋਹ; 5 ਜਨਵਰੀ ਨੂੰ ਸੀ। ਇਸ ਕਾਰਨ ਇੱਥੇ 1 ਦਿਨ ਦਾ ਅੰਤਰ ਹੈ। ਇਸ ਬਾਬਤ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਕੈਲੰਡਰ ’ਚ ਸੋਧ ਹੁੰਦੀ ਹੈ ਤਾਂ 1 ਜਾਂ 2 ਦਿਨ ਦਾ ਅੰਤਰ ਅਕਸਰ ਹੋ ਜਾਂਦਾ ਹੈ। ਮਿਸਾਲ ਵਜੋਂ ਹਿੰਦੂਆਂ ਨੇ ਜਦ 1964 ’ਚ ਸੂਰਜੀ ਸਿਧਾਂਤ ਨੂੰ ਤਿਆਗ ਕੇ ਦ੍ਰਿਕ ਗਣਿਤ ਅਪਣਾਇਆ ਤਾਂ ਭੀ ਉਸ 6 ਜਨਵਰੀ 1964 ਵਾਲ਼ੇ ਦਿਨ ਸੂਰਜੀ ਸਿਧਾਂਤ ਦਾ ੨੨ ਪੋਹ ਅਤੇ ਦ੍ਰਿਕ ਗਣਿਤ ਦਾ ੨੩ ਪੋਹ ਸੀ। ਇਸ ਤੋਂ ਬਾਅਦ ਕਿਸੇ ਵੀ ਸਾਲ ਦੇ ਬਿਕ੍ਰਮੀ ਸੰਮਤ ਦੇ ਸੂਰਜੀ ਸਿਧਾਂਤ ਅਤੇ ਦ੍ਰਿਕ ਗਣਿਤ ਦੇ ਕੈਲੰਡਰਾਂ ਦਾ ਮਿਲਾਨ ਕਰਕੇ ਵੇਖ ਲਵੋ, ਇਨ੍ਹਾਂ ਦੋਵਾਂ ਦੀਆਂ 3 ਤੋਂ 5 ਸੰਗਰਾਂਦਾਂ ’ਚ 1-1 ਦਿਨ ਦਾ ਫ਼ਰਕ ਹੈ। ਜੇਕਰ ਉਸ ਸਮੇਂ ਤੋਂ ਅੱਜ ਤੱਕ ਇਨ੍ਹਾਂ ਲੋਕਾਂ ਨੂੰ ਦ੍ਰਿਕ ਗਣਿਤ ’ਚ ਕੋਈ ਗਲਤੀ ਨਹੀਂ ਦਿੱਸ ਰਹੀ ਤਾਂ ਨਾਨਕਸ਼ਾਹੀ ਕੈਲੰਡਰ ’ਚ ਹੀ ਕਿਵੇਂ ਵਿਖਾਈ ਦਿੰਦੀ ਪਈ ਹੈ ?
ਦਰਅਸਲ ਵੈਸਾਖੀ ਦੀ ਤਾਰੀਖ਼ ਨੂੰ ਤਾਂ ਇਹ ਸਹੀ ਮੰਨਦੇ ਹਨ, ਪਰ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਪੁਰਬ ’ਚ 7 ਦਿਨਾਂ ਦੀ ਗਲਤੀ ਵੇਖਦੇ ਹਨ। ਵੈਸੇ ਐਨੀ ਕੁ ਸੋਝੀ ਹਰ ਸਿੱਖ ਨੂੰ ਹੈ ਕਿ ਵੈਸਾਖੀ; ਹਮੇਸ਼ਾਂ ੧ ਵੈਸਾਖ ਨੂੰ ਹੁੰਦੀ ਹੈ, ਇਸ ਲਈ ਇਹ ਭੀ ਮੰਨ ਲੈਂਦੇ ਹਨ, ਪਰ ਜੇਕਰ ਇਹ ਆਪਣੇ ਆਪ ਨੂੰ ਵਿਦਵਾਨ ਸਮਝਦੇ ਹਨ ਤਾਂ ਇਹ ਭੀ ਮੰਨਣ ਕਿ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਭੀ ਹਮੇਸ਼ਾਂ ੨ ਹਾੜ ਨੂੰ ਆਉਣਾ ਹੈ। ਫਿਰ ਇਤਰਾਜ਼ ਕਿਉਂ ?
ਸਾਢੇ ਤਿੰਨ ਕੁ ਮਿੰਟ ਦੀ ਸੋਧ ਨਾਲ ਮੌਜੂਦਾ ਸਮੇਂ ਸੂਰਜੀ ਸਿਧਾਂਤ ਅਤੇ ਦ੍ਰਿਕ ਗਣਿਤ ਦੋਵਾਂ ਕੈਲੰਡਰਾਂ ਦੀਆਂ ਹਰ ਸਾਲ 3 ਤੋਂ 5 ਸੰਗਰਾਂਦਾਂ ’ਚ ਇੱਕ ਦਿਨ ਦਾ ਫ਼ਰਕ ਹੁੰਦਾ ਹੈ, ਜੋ 3000 ਸੀਈ ਤੱਕ ਵਧ ਕੇ ਸਾਰੀਆਂ ਹੀ ਸੰਗਰਾਂਦਾਂ ’ਚ 3 ਦਿਨਾਂ ਦਾ ਫ਼ਰਕ ਪੈ ਜਾਵੇਗਾ। ਇਸੇ ਤਰ੍ਹਾਂ 20 ਮਿੰਟ ਦੀ ਸੋਧ ਕਰਨ ਨਾਲ ਨਾਨਕਸ਼ਾਹੀ ਕੈਲੰਡਰ ਦੇ ਕੁਝ ਮਹੀਨਿਆਂ ਦਾ ਅਰੰਭ; ਬਿਕ੍ਰਮੀ ਕੈਲੰਡਰ ਦੀਆਂ ਸੰਗਰਾਂਦਾਂ ਨਾਲੋਂ 1-2 ਦਿਨਾਂ ਦੇ ਫ਼ਰਕ ਨਾਲ ਹੈ। ਜੇ ਗੁਰੂ ਸਾਹਿਬਾਨ ਵੇਲੇ ਪ੍ਰਚਲਿਤ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਅਤੇ 1964 ’ਚ ਹਿੰਦੂਆਂ ਵੱਲੋਂ ਸੋਧੇ ਬਿਕ੍ਰਮੀ ਕੈਲੰਡਰ (ਦ੍ਰਿਕ ਗਣਿਤ) ਦੀਆਂ ਜੰਤਰੀਆਂ ’ਚ ਹਰ ਸਾਲ 3 ਤੋਂ 5 ਸੰਗਰਾਂਦਾਂ ’ਚ ਇੱਕ ਦਿਨ ਦਾ ਫ਼ਰਕ, ਇਨ੍ਹਾਂ ਨੂੰ ਨਜ਼ਰ ਨਹੀਂ ਆ ਰਿਹਾ ਤਾਂ ਸਿੱਖ ਵਿਦਵਾਨਾਂ ਦੁਆਰਾ ਕੀਤੀ ਸੋਧ ਨਾਲ ਕੁਝ ਸੰਗਰਾਂਦਾਂ ’ਚ 1 ਜਾਂ 2 ਦਿਨਾਂ ਦੇ ਫ਼ਰਕ ’ਤੇ ਇਤਰਾਜ਼ ਕਿਉਂ ? ਜਿਸ ਸੰਗਰਾਂਦ ਦਾ ਵੇਰਵਾ; ਗੁਰੂ ਗ੍ਰੰਥ ਸਾਹਿਬ ਜੀ ’ਚ ਨਹੀਂ ਮਿਲਦਾ, ਉਸ ਸੰਗਰਾਂਦ ਦਾ ਇੱਕ ਅੱਧ ਦਿਨ ਅੱਗੇ ਪਿੱਛੇ ਹੋਣ ਨਾਲ਼ ਐਨਾ ਦਰਦ ਕਿਉਂ ? ਆਪਣੇ ਗੁਰੂ ਸਾਹਿਬਾਨਾਂ ਦੇ ਗੁਰਪੁਰਬਾਂ ਦਾ 18-19 ਦਿਨ ਅੱਗੇ ਪਿੱਛੇ ਆਉਣ ਨਾਲ਼ ਇਨ੍ਹਾਂ ਨੂੰ ਕੋਈ ਚਿੰਤਾ ਨਹੀਂ ! ਗਰਮੀ ’ਚ ਆਉਣ ਵਾਲੇ ਗੁਰਪੁਰਬ; ਜੇਕਰ ਅਗਾਂਹ ਸਰਦੀ ’ਚ ਆ ਜਾਣ ਤਾਂ ਵੀ ਕੋਈ ਚਿੰਤਾ ਨਹੀਂ ਹੋਣੀ !
ਇਹ ਲੋਕ ਜਾਂ ਤਾਂ ਜਾਣ ਬੁੱਝ ਕੇ ਭੋਲ਼ੇ ਭਾਲ਼ੇ ਸਿੱਖਾਂ ਨੂੰ ਗੁਮਰਾਹ ਕਰ ਰਹੇ ਹਨ ਜਾਂ ਕੈਲੰਡਰ ਸੋਧਾਂ ਦੇ ਇੰਟਰਨੈਸ਼ਨਲ ਨਿਯਮਾਂ ਤੋਂ ਬਿਲਕੁਲ ਅਣਜਾਣ ਅਤੇ ਬੇ ਸਮਝ ਹਨ। ਅਜਿਹੇ ਇਤਰਾਜ਼ ਕਰਨ ਵਾਲ਼ੇ ਵਿਦਵਾਨਾਂ ਨੂੰ ਸਵਾਲ ਕਰਨਾ ਬਣਦਾ ਹੈ:
(ਅ). ਜੂਲੀਅਨ ਕੈਲੰਡਰ ਦੀ 25 ਦਸੰਬਰ ਨੂੰ ਈਸਾਈ ਜਗਤ ਕ੍ਰਿਸਮਿਸ ਮਨਾਉਂਦੇ ਸਨ। ਰੋਮ ਚਰਚ ਨੇ 1582 ਈ: ’ਚ ਆਪਣੇ ਕੈਲੰਡਰ ’ਚ 10 ਦਿਨ ਦੀ ਸੋਧ ਕਰਕੇ ਗ੍ਰੈਗੋਰੀਅਨ ਕੈਲੰਡਰ ਲਾਗੂ ਕਰ ਲਿਆ ਸੀ, ਤਾਂ ਭੀ ਉਹ ਕ੍ਰਿਸਮਿਸ; ਗ੍ਰੈਗੋਰੀਅਨ ਕੈਲੰਡਰ ਦੀ 25 ਦਸੰਬਰ ਨੂੰ ਹੀ ਮਨਾ ਰਹੇ ਹਨ, ਨਾ ਕਿ ਇਸ ਵਿੱਚ 10 ਦਿਨਾਂ ਦੀ ਸੋਧ ਲਾ ਕੇ 4 ਜਨਵਰੀ ਨੂੰ ਮਨਾਉਣਾ ਸ਼ੁਰੂ ਕੀਤਾ ਹੈ।
ਇਸੇ ਤਰ੍ਹਾਂ ਇੰਗਲੈਂਡ ਨੇ 1752 ਈ: ’ਚ 11 ਦਿਨ ਦੀ ਸੋਧ ਲਾ ਕੇ ਗ੍ਰੈਗੋਰੀਅਨ ਕੈਲੰਡਰ ਲਾਗੂ ਕਰ ਲਿਆ ਤਾਂ ਭੀ ਉਨ੍ਹਾਂ ਨੇ ਕ੍ਰਿਸਮਿਸ ਦਾ ਤਿਉਹਾਰ; ਗ੍ਰੈਗੋਰੀਅਨ ਕੈਲੰਡਰ ਦੀ 25 ਦਸੰਬਰ ਨੂੰ ਹੀ ਮਨਾਉਣਾ ਜਾਰੀ ਰੱਖਿਆ ਹੈ, ਨਾ ਕਿ 11 ਦਿਨਾਂ ਦੀ ਸੋਧ ਲਾ ਕੇ 5 ਜਨਵਰੀ ਨੂੰ ਮਨਾਉਣ ਦੀ ਕਿਸੇ ਨੇ ਮੰਗ ਕੀਤੀ ਹੈ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ; ਬਿਕ੍ਰਮੀ ਕੈਲੰਡਰ ਦੀ ੨੩ ਪੋਹ ਸੰਮਤ ੧੭੨੩ ਨੂੰ ਹੋਇਆ ਸੀ। ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਪਿੱਛੋਂ ਭੀ ਇਹ ਪ੍ਰਕਾਸ਼ ਪੁਰਬ; ਨਾਨਕਸ਼ਾਹੀ ੨੩ ਪੋਹ ਨੂੰ ਹੀ ਮਨਾਇਆ ਜਾਣਾ ਢੁਕਦਾ ਹੈ। ੨੩ ਪੋਹ ਨੂੰ ਅੰਗਰੇਜ਼ੀ ਤਾਰੀਖ਼ ਭਾਵੇਂ ਕੋਈ ਵੀ ਹੋਵੇ।
(ੲ). 1964 ’ਚ ਹਿੰਦੂ ਵਿਦਵਾਨਾਂ ਵੱਲੋਂ ਸੂਰਜ ਸਿਧਾਂਤ ਦੀ ਥਾਂ ਦ੍ਰਿਕ ਗਣਿਤ ਸਿਧਾਂਤ ਲਾਗੂ ਕਰਨ ਨਾਲ ਅੱਜ ਕੱਲ੍ਹ 3 ਤੋਂ 5 ਸੰਗਰਾਂਦਾਂ ’ਚ ਇੱਕ ਦਿਨ ਦਾ ਫ਼ਰਕ ਹੈ, ਪਰ ਜੇ ਪਿਛਲੀਆਂ ਤਾਰੀਖ਼ਾਂ ਦ੍ਰਿਕ ਗਣਿਤ ਨਾਲ ਕੱਢੀਆਂ ਜਾਣ ਤਾਂ 1469 ਈਸਵੀ/ਸੰਮਤ ੧੫੨੬ ਬਿਕ੍ਰਮੀ ਦੇ (ਕੱਤਕ ਮਹੀਨੇ ਤੋਂ ਇਲਾਵਾ) 11 ਮਹੀਨਿਆਂ ਦੀਆਂ ਸੰਗਰਾਂਦਾਂ ਸੂਰਯ ਸਿਧਾਂਤ ਨਾਲੋਂ ਇੱਕ ਦਿਨ ਪਹਿਲਾਂ ਆਈਆਂ ਹਨ; ਜਿਵੇਂ ਕਿ ਸੂਰਯ ਸਿਧਾਂਤ ’ਚ ਸੰਮਤ ੧੫੨੬ ਵਾਲਾ ੧ ਵੈਸਾਖ; ਦ੍ਰਿਕ ਗਣਿਤ ਸਿਧਾਂਤ ਦੇ ਸੰਮਤ ੧੫੨੫ ’ਚ ੩੧ ਚੇਤ ਬਣੇਗਾ। ਆਮ ਵੇਖਣ ਨੂੰ ਇਹ ਇਕ ਸਾਲ ਦਾ ਫ਼ਰਕ ਜਾਪੇਗਾ, ਪਰ ਅਸਲ ’ਚ ਇਹ ਇੱਕ ਦਿਨ ਦਾ ਹੀ ਅੰਤਰ ਹੈ ਕਿਉਂਕਿ ਬਿਕ੍ਰਮੀ ਕੈਲੰਡਰ ਦਾ ਨਵਾਂ ਸਾਲ ੧ ਵੈਸਾਖ ਤੋਂ ਸ਼ੁਰੂ ਹੁੰਦਾ ਹੈ। ਇਸ ਹਿਸਾਬ ੩੧ ਚੇਤ, ਸੰਮਤ ੧੫੨੫ ਦਾ ਅੰਤਮ ਦਿਨ ਹੈ ਤੇ ੧ ਵੈਸਾਖ ਨਵੇਂ ਸੰਮਤ ੧੫੨੬ ਦਾ ਪਹਿਲਾ ਦਿਨ ਹੈ।
2999 ਈ:/ਸੰਮਤ ੩੦੫੬ ’ਚ ਵੈਸਾਖ, ਹਾੜ, ਸਾਵਣ, ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਅਤੇ ਫੱਗਣ 9 ਮਹੀਨਿਆਂ ਦੀਆਂ ਸੂਰਯ ਸਿਧਾਂਤ ਦੀਆਂ ਸੰਗਰਾਂਦਾਂ ਦ੍ਰਿਕ ਗਣਿਤ ਸਿਧਾਂਤ ਨਾਲੋਂ 3 ਦਿਨ ਪਿੱਛੋਂ ਆਉਣਗੀਆਂ ਅਤੇ ਬਾਕੀ 3 ਮਹੀਨਿਆਂ, ਚੇਤ ਜੇਠ ਅਤੇ ਮਾਘ ਦੀਆਂ ਸੂਰਯ ਸਿਧਾਂਤ ਦੀਆਂ ਸੰਗਰਾਂਦਾਂ ਦ੍ਰਿਕ ਗਣਿਤ ਸਿਧਾਂਤ ਨਾਲੋਂ 2 ਦਿਨ ਪਿੱਛੋਂ ਆਉਣਗੀਆਂ। ੧ ਵੈਸਾਖ ਸੰਮਤ ੩੦੫੬ (ਸੂਰਯ ਸਿਧਾਂਤ)/2999 ਈ: ਵਾਲੇ ਦਿਨ ਦ੍ਰਿਕ ਗਣਿਤ ਸਿਧਾਂਤ ਦੀ ੪ ਵੈਸਾਖ ਸੰਮਤ ੩੦੫੬ ਹੋਵੇਗੀ। ਸੂਰਯ ਸਿਧਾਂਤ ਦੀ ੨੩ ਪੋਹ ਸੰਮਤ ੩੦੫੬ ਵਾਲੇ ਦਿਨ ਦ੍ਰਿਕ ਗਣਿਤ ਸਿਧਾਂਤ ਦੀ ੨੬ ਪੋਹ ਸੰਮਤ ੩੦੫੬ ਹੋਵੇਗੀ। ਇਸ ਦਾ ਭਾਵ ਇਹ ਹੋਇਆ ਕਿ ਸੰਮਤ ੧੭੫੬/1699 ਈ: ਤੋਂ ਸੰਮਤ ੩੦੫੬/2999 ਈ: ਤੱਕ 1300 ਸਾਲਾਂ ’ਚ ਵੈਸਾਖੀ ਦਾ ਸੂਰਯ ਸਿਧਾਂਤ ਦਾ ਦ੍ਰਿਕ ਗਣਿਤ ਨਾਲੋਂ 4 ਦਿਨਾਂ (੩੧ ਚੇਤ ਤੋਂ ੪ ਵੈਸਾਖ ਤੱਕ) ਦਾ ਫ਼ਰਕ ਪੈ ਜਾਵੇਗਾ। ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ’ਚ ਸੰਮਤ ੧੭੨੩/1666 ਈ: ਤੋਂ ਸੰਮਤ ੩੦੫੬/2999 ਈ: ਤੱਕ 1330 ਸਾਲਾਂ ’ਚ 3 ਦਿਨਾਂ (੨੩ ਪੋਹ ਤੋਂ ੨੬ ਪੋਹ ਤੱਕ) ਦਾ ਫ਼ਰਕ ਪੈ ਜਾਵੇਗਾ। ਇਸ ਦੇ ਬਾਵਜੂਦ 1964 ’ਚ ਦ੍ਰਿਕ ਗਣਿਤ ਸਿਧਾਂਤ ਲਾਗੂ ਕਰਨ ਸਮੇਂ ਕਿਸੇ ਨੇ ਗੁਰਪੁਰਬ ਨਿਸ਼ਚਿਤ ਕਰਨ ਲਈ ਸੂਰਯ ਸਿਧਾਂਤ ਕੈਲੰਡਰ ਦੇ ਕਿਸੇ ਵੀ ਪ੍ਰਵਿਸ਼ਟੇ ਨੂੰ ਦ੍ਰਿਕ ਗਣਿਤ ’ਚ ਤਬਦੀਲ ਕਰਕੇ ਨਹੀਂ ਲਿਖਿਆ ਸਗੋਂ ਸੂਰਜੀ ਸਿਧਾਂਤ ਕੈਲੰਡਰ ਦੇ ਪ੍ਰਵਿਸ਼ਟਿਆਂ/ਤਿੱਥਾਂ ਨੂੰ ਹੀ ਦ੍ਰਿਕ ਗਣਿਤ ਕੈਲੰਡਰ ਦੇ ਪ੍ਰਵਿਸ਼ਟਿਆਂ ਵਜੋਂ ਮਾਣਤਾ ਦਿੱਤੀ ਗਈ। ਠੀਕ ਇਸੇ ਤਰ੍ਹਾਂ 1999 ਈ: ’ਚ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਸਮੇਂ ਪ੍ਰਚਲਤ ਦ੍ਰਿਕ ਗਣਿਤ ਸਿਧਾਂਤ ਦੇ ਪ੍ਰਵਿਸ਼ਟਿਆਂ ਨੂੰ ਹੀ ਨਾਨਕਸ਼ਾਹੀ ਕੈਲੰਡਰ ਦੇ ਪ੍ਰਵਿਸ਼ਟਿਆਂ ਵਜੋਂ ਮਾਨਤਾ ਦਿੱਤੇ ਜਾਣ ’ਚ ਕੁਝ ਵੀ ਗੈਰ ਸਿਧਾਂਤਕ ਵਿਧੀ ਨਹੀਂ ਅਪਣਾਈ ਗਈ।
(ਸ). ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਨਾ ਸਮੇਂ ਲਾਗੂ ਸੂਰਯ ਸਿਧਾਂਤ ਆਧਾਰਿਤ ਬਿਕ੍ਰਮੀ ਕੈਲੰਡਰ ਦੀ ਹਾੜ ਵਦੀ ੫, ੧੮ ਹਾੜ ਸੰਮਤ ੧੬੬੩/15 ਜੂਨ 1606 ਜੂਲੀਅਨ ਸੀ। ਦ੍ਰਿਕ ਸਿਧਾਂਤ ’ਚ ਤਬਦੀਲ ਕੀਤਿਆਂ ਇਹ, ਸੰਮਤ ੧੬੬੩ ’ਚ ਹਾੜ ਵਦੀ ੬, ੧੭ ਹਾੜ ਬਣਦੀ ਹੈ। ਇਹ ਹੈ ਗੋਰਖ਼ਧੰਦਾ ! ! ਜੇ ਚੰਦ੍ਰ ਤਿੱਥ ਮੁਤਾਬਕ ਸਿਰਜਨਾ ਦਿਵਸ ਨਿਸ਼ਚਿਤ ਕਰੀਏ ਤਾਂ ਮੌਜੂਦਾ ਕੈਲੰਡਰ ’ਚ ਸੂਰਯ ਸਿਧਾਂਤ ਤੋਂ ੧ ਦਿਨ ਬਾਅਦ ਹੋਵੇਗਾ, ਪਰ ਜੇ ਪ੍ਰਵਿਸ਼ਟੇ ਨੂੰ ਮੁੱਖ ਰੱਖਿਆ ਜਾਵੇ ਤਾਂ ਸੂਰਯ ਸਿਧਾਂਤ ਤੋਂ ੧ ਦਿਨ ਪਹਿਲਾਂ ਹੋਵੇਗਾ ਯਾਨੀ ਇੱਕੋ ਦਿਹਾੜਾ ਨਿਸ਼ਚਿਤ ਕਰਨ ਲਈ ਦੋ ਦਿਨਾਂ ਦਾ ਅੰਤਰ ਪੈਂਦਾ ਹੈ। ਅੱਜ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਸਮੇਂ ਜਿਹੜੇ ਸਾਰੀਆਂ ਤਾਰੀਖ਼ਾਂ ਨੂੰ ਜੂਲੀਅਨ ਜਾਂ ਗ੍ਰੈਗੋਰੀਅਨ ਕੈਲੰਡਰ ਦੇ ਪੈਮਾਨੇ ਨਾਲ ਵਾਚਣ ਦੀ ਜ਼ਿਦ ਫੜੀ ਬੈਠੇ ਹਨ, ਉਹ 1964 ’ਚ ਹਿੰਦੂਆਂ ਵੱਲੋਂ ਕੀਤੀ ਸੋਧ ਸਮੇਂ ਚੁੱਪ ਕਿਉਂ ਰਹੇ ! ! ਜੇ ਉਸ ਸਮੇਂ ਸਮਝ ਨਹੀਂ ਸੀ ਤਾਂ ਹੁਣ ਕੰਪਿਊਟਰ ਯੁੱਗ ’ਚ ਬਦਲਣ ਦਾ ਉਦਮ ਕਰਕੇ ਵਿਖਾਉਣ ?
(ਹ). ਬਿਕ੍ਰਮੀ ਸੰਮਤ ੨੦੭੮/2021 ਈ: ’ਚ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਉਨ੍ਹਾਂ ਦੇ ਸਮੇਂ ਪ੍ਰਚਲਿਤ ਸੂਰਯ ਸਿਧਾਂਤ ਕੈਲੰਡਰ ਮੁਤਾਬਕ ਕੱਤਕ ਸੁਦੀ ੧੧; 15 ਨਵੰਬਰ ਨੂੰ ਸੀ, ਜੋ ਮੌਜੂਦਾ ਪ੍ਰਚਲਿਤ ਦ੍ਰਿਕ ਸਿਧਾਂਤ ਕੈਲੰਡਰ ’ਚ ਕੱਤਕ ਸੁਦੀ ੧੧; 14 ਨਵੰਬਰ ਹੈ। ਸ੍ਰੋਮਣੀ ਕਮੇਟੀ ਨੇ ਭਗਤ ਨਾਮਦੇਵ ਜੀ ਦਾ ਆਗਮਨ ਪੁਰਬ; 2021 ਈ: ’ਚ ਪ੍ਰਚਲਿਤ ਸੂਰਯ ਸਿਧਾਂਤ ਕੈਲੰਡਰ ਅਨੁਸਾਰ 15 ਨਵੰਬਰ ਨੂੰ ਅਣਡਿੱਠ ਕਰ ਮੌਜੂਦਾ ਕੈਲੰਡਰ ਦੀ ਕੱਤਕ ਸੁਦੀ ੧੧ ਮੁਤਾਬਕ 14 ਨਵੰਬਰ ਨੂੰ ਮਨਾਇਆ, ਆਦਿ।
ਉਕਤ ਕੁਝ ਮਿਸਾਲਾਂ ਤੋਂ ਇਹੀ ਸੇਧ ਮਿਲਦੀ ਹੈ ਕਿ ਕਿਸੇ ਵੀ ਕੈਲੰਡਰ ’ਚ ਸੋਧ ਕਰਨ ਸਮੇਂ ਸੋਧ ਲਾਗੂ ਹੋਣ ਦੀ ਮਿਤੀ ਤੋਂ ਪਹਿਲਾਂ ਪੁਰਾਣੇ ਕੈਲੰਡਰ ਦੀਆਂ ਤਿੱਥਾਂ (ਤਾਰੀਖ਼ਾਂ) ਨੂੰ ਹੀ ਨਵੇਂ ਕੈਲੰਡਰ ਦੀਆਂ ਹੂ-ਬਹੂ ਤਿੱਥਾਂ (ਤਾਰੀਖ਼ਾਂ) ਮੰਨਣਾ ਉਚਿਤ ਹੁੰਦਾ ਹੈ, ਨਾ ਕਿ ਅਤੀਤ ਦੀਆਂ ਤਾਰੀਖ਼ਾਂ ਨੂੰ ਭੀ ਨਵੇਂ ਕੈਲੰਡਰ ਦੇ ਫ਼ਾਰਮੂਲੇ ਨਾਲ ਸੋਧ ਕੇ ਲਿਖਣਾ ਬਣਦਾ ਹੈ। ਜੇਕਰ ਕੋਈ ਸਰਕਾਰ ਆਪਣੇ ਪੁਰਾਣੇ ਕਿਸੇ ਨਿਯਮ ’ਚ ਸੋਧ ਕਰਦੀ ਹੈ; ਤਾਂ ਸਜ਼ਾ ਭੁਗਤ ਚੁੱਕੇ ਕੈਦੀਆਂ ਨੂੰ ਉਸ ਨਵੇਂ ਬਣੇ ਨਿਯਮ ਦੇ ਪੈਮਾਨੇ ਨਾਲ਼ ਮੁੜ ਵਧੀਕ ਸਜ਼ਾ ਜਾਂ ਛੋਟ ਨਹੀਂ ਦਿੱਤੀ ਜਾਂਦੀ ਬਲਕਿ ਅਗਾਂਹ ਲਈ ਹੀ ਕੀਤੇ ਅਪਰਾਧ ਨੂੰ ਨਵੇਂ ਨਿਯਮ ਦੇ ਪੈਮਾਨੇ ’ਚ ਵਾਚਿਆ ਜਾਂਦਾ ਹੈ। ਜੇਕਰ ਐਨੀ ਕੁ ਸਮਝ ਭੀ ਨਾ ਰੱਖਣ ਵਾਲ਼ੇ ਵਿਅਕਤੀ ਦੀ ਜ਼ਿੱਦ ਪੂਰੀ ਕਰਨ ਲਈ ਅਤੀਤ ਦੀਆਂ ਸਭ ਤਾਰੀਖ਼ਾਂ ਭੀ ਨਵੇਂ ਕੈਲੰਡਰ ਅਨੁਸਾਰ ਸੋਧ ਦਿੱਤੀਆਂ ਜਾਣ ਤਾਂ ਅਤੀਤ ’ਚ ਲਿਖੀਆਂ ਸਾਰੀਆਂ ਇਤਿਹਾਸਕ ਪੁਸਤਕਾਂ; ਨਵੇਂ ਖੋਜੀ ਇਤਿਹਾਸਕਾਰਾਂ ਲਈ ਦੁਬਿਧਾਵਾਂ ਹੀ ਖੜ੍ਹੀਆਂ ਕਰਨਗੀਆਂ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਤਾਰੀਖ਼ (੨੩ ਪੋਹ ਸੰਮਤ ੧੭੨੩/22 ਦਸੰਬਰ 1666) ਨੂੰ 5 ਜਨਵਰੀ 1667 ਲਿਖਣਾ ਜਾਂ ਗੁਰਪੁਰਬ ੨੩ ਪੋਹ/ 1 ਜਨਵਰੀ ਨਿਰਧਾਰਿਤ ਕਰਨ ਵਾਲ਼ੀ ਜ਼ਿੱਦ ਨਿਰੀ ‘‘ਕੂੜੇ ਮੂਰਖ ਕੀ ਹਾਠੀਸਾ॥’’ (ਮਹਲਾ ੫/੭੩੮) ਵਾਲ਼ੀ ਜ਼ਿਦ ਹੈ।
(ਖ). ਚੰਦਰ ਕੈਲੰਡਰ ਨੂੰ ਸਭ ਤੋਂ ਸ਼ੁੱਧ ਅਤੇ ਕੁਦਰਤੀ ਕੈਲੰਡਰ ਮੰਨਿਆ ਜਾ ਰਿਹਾ ਹੈ। ਇਸ ਦੀਆਂ ਕੁਝ ਤਿੱਥਾਂ ’ਚ 1 ਦਿਨ ਦਾ ਫ਼ਰਕ ਤਾਂ ਅਕਸਰ ਵੇਖੀਦਾ ਹੈ, ਪਰ ਕਈ ਵਾਰ ਮਹੀਨੇ ਦਾ ਭੀ ਅੰਤਰ ਪੈ ਜਾਂਦਾ ਹੈ; ਜਿਵੇਂ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ, ਤਤਕਾਲੀ ਸੂਰਯ ਸਿਧਾਂਤ ਆਧਾਰਿਤ ਬਿਕ੍ਰਮੀ ਕੈਲੰਡਰ ਦੀ ਅਧਿਕ ਚੇਤ ਸੁਦੀ ੫, ਸੰਮਤ ੧੭੦੧, ੬ ਚੇਤ ਸੰਮਤ ੧੭੦੦ (3 ਮਾਰਚ 1644 ਜੂਲੀਅਨ) ਦਿਨ ਐਤਵਾਰ ਨੂੰ ਜੋਤੀ-ਜੋਤ ਸਮਾਏ ਸਨ, ਪਰ ਜੇ ਅਜੋਕੇ ਦ੍ਰਿਕ ਗਣਿਤ ਆਧਾਰਿਤ ਫ਼ਾਰਮੂਲੇ ਨਾਲ ਅਤੀਤ ਨੂੰ ਵਾਚੀਏ ਤਾਂ ਉਸ ਦਿਨ; ਫੱਗਣ ਸੁਦੀ ੫, ੬ ਚੇਤ ਸੰਮਤ ੧੭੦੦ (3 ਮਾਰਚ 1644) ਬਣਦੀ ਹੈ।
ਸੰਨ 1964 ’ਚ ਦ੍ਰਿਕ ਗਣਿਤ ਸਿਧਾਂਤ ਲਾਗੂ ਹੋਣ ਤੋਂ ਬਾਅਦ ਸ੍ਰੋਮਣੀ ਕਮੇਟੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੋਤੀ-ਜੋਤ ਗੁਰਪੁਰਬ ਚੇਤ ਸੁਦੀ ੫ ਨੂੰ ਆਧਾਰ ਮੰਨ ਕੇ ਦਿਨ ਨਿਸ਼ਚਿਤ ਕਰਦੀ ਹੈ; ਨਾ ਕਿ ਅਜੋਕੇ ਸੋਧ ਕੀਤੇ ਬਿਕ੍ਰਮੀ ਕੈਲੰਡਰ ਨੂੰ ਆਧਾਰ ਬਣਾ ਪਿਛੋਕੜ (ਅਤੀਤ) ਭੀ ਸੋਧ ਕੇ ਫੱਗਣ ਸੁਦੀ ੫ ਮੁਤਾਬਕ ਨਿਸ਼ਚਿਤ ਕਰਦੀ ਹੈ।
(ਗ). ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਤੋਂ 5 ਦਿਨ ਪਹਿਲਾਂ; ਸੂਰਯ ਸਿਧਾਂਤ ਆਧਾਰਿਤ ਚੇਤ ਵਦੀ ੧੫, ੧ ਚੇਤ ਸੰਮਤ ੧੭੦੦ (27 ਫ਼ਰਵਰੀ 1644) ਨੂੰ ਗੁਰੂ ਹਰਿਰਾਇ ਸਾਹਿਬ ਜੀ ਗੁਰਗੱਦੀ ’ਤੇ ਬਿਰਾਜਮਾਨ ਹੋਏ ਸਨ। ਜੇ ਇਸ ਦਿਨ ਨੂੰ ਭੀ ਅਜੋਕੇ ਦ੍ਰਿਕ ਗਣਿਤ ਸਿਧਾਂਤ ਨਾਲ ਪਿਛੋਕੜ (ਅਤੀਤ) ਵਾਚੀਏ ਤਾਂ ਅਧਿਕ ਫੱਗਣ ਵਦੀ ੧੫, ੧ ਚੇਤ ਸੰਮਤ ੧੭੦੦ (27 ਫ਼ਰਵਰੀ 1644) ਬਣਦਾ ਹੈ ਜਦ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ; ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਗੱਦੀ ਪੁਰਬ; ਸੰਨ 1964 ’ਚ ਸੋਧ ਕੀਤੇ ਗਏ ਅਜੋਕੇ ਦ੍ਰਿਕ ਗਣਿਤ ਸਿਧਾਂਤ ਅਨੁਸਾਰ ਚੇਤ ਵਦੀ ੧੫ ਹੀ ਨਿਸ਼ਚਿਤ ਕਰਦੀ ਹੈ, ਨਾ ਕਿ ਅਜੋਕੇ ਕੈਲੰਡਰ ਦੇ ਪੈਮਾਨੇ ਨਾਲ਼ ਅਤੀਤ ਦੀਆਂ ਸੋਧਾਂ ਕਰਨ ਉਪਰੰਤ ਫੱਗਣ ਵਦੀ ੧੫ ਮੁਤਾਬਕ ਨਿਸ਼ਚਿਤ ਕਰਦੀ ਹੈ।
(ਘ). ਸ੍ਰੀ ਦਰਬਾਰ ਸਾਹਿਬ ਵਿਖੇ ‘ਆਦਿ ਗ੍ਰੰਥ’ ਸਾਹਿਬ (ਪੋਥੀ ਪਰਮੇਸੁਰ ਕਾ ਥਾਨੁ) ਦਾ ਪਹਿਲਾ ਪ੍ਰਕਾਸ਼; ਤਤਕਾਲੀ ਸੂਰਯ ਸਿਧਾਂਤ ਆਧਾਰਿਤ ਬਿਕ੍ਰਮੀ ਕੈਲੰਡਰ ਅਨੁਸਾਰ ਭਾਦੋਂ ਸੁਦੀ ੧, ੧੭ ਭਾਦੋਂ ਸੰਮਤ ੧੬੬੧/16 ਅਗਸਤ 1604 ਈ: ਨੂੰ ਕੀਤਾ ਗਿਆ ਸੀ। ਜੇ ਇਸ ਦਿਨ ਦੀ ਅਜੋਕੇ ਦ੍ਰਿਕ ਗਣਿਤ ਆਧਾਰਿਤ ਸਿਧਾਂਤ ਨਾਲ਼ ਤਿੱਥ ਕੱਢੀਏ ਤਾਂ ਭਾਦੋਂ ਸੁਦੀ ੨ ਬਣੇਗਾ। ਕੀ ਕਦੇ ਕਿਸੇ ਨੇ ਮੰਗ ਕੀਤੀ ਹੈ ਕਿ ਸੰਨ 1964 ’ਚ ਦ੍ਰਿਕ ਗਣਿਤ ਸਿਧਾਂਤ ਲਾਗੂ ਹੋਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ; ਇਸ ਬਦਲੇ ਹੋਏ ਕੈਲੰਡਰ ਦੀ ਭਾਦੋਂ ਸੁਦੀ ੨ ਅਨੁਸਾਰ ਮਨਾਇਆ ਜਾਵੇ ?
ਸਵਾਲ 4. ਸਾਰੇ ਪੁਰਾਤਨ ਧਰਮਾਂ ਵਾਲੇ ਆਪਣੇ ਧਾਰਮਿਕ ਦਿਹਾੜੇ ਚੰਦਰ ਤਿੱਥਾਂ ਮੁਤਾਬਕ ਮਨਾ ਰਹੇ ਹਨ ਤਾਂ ਸਾਨੂੰ ਚੰਦਰ ਤਿੱਥਾਂ ਦਾ ਤਿਆਗ ਕਰਨ ਦੀ ਕੀ ਲੋੜ ਪੈ ਗਈ ?
ਜਵਾਬ : ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਨੁੱਖ ਨੂੰ ਸਭ ਤੋਂ ਪਹਿਲਾਂ ਦਿਨ-ਰਾਤ, ਮੱਸਿਆ, ਪੂਰਨਮਾਸ਼ੀ ਆਦਿ ਦੀ ਹੀ ਸੋਝੀ ਹੋਈ। ਗ੍ਰਿਹਸਤ ਤੋਂ ਉਪਰਾਮ ਹੋ ਕੇ ਜੰਗਲ਼ਾਂ ’ਚ ਕੁਟੀਆ ਬਣਾ ਕੇ ਰਹਿਣ ਵਾਲੇ ਰਿਸ਼ੀਆਂ ਮੁਨੀਆਂ ਨੂੰ ਰਾਤ ਨੂੰ ਚੰਦ ਦੀਆਂ ਵਧਦੀਆਂ ਘਟਦੀਆਂ ਕਲਾਵਾਂ ਨੂੰ ਗਹੁ ਨਾਲ ਵਾਚਣ ਦਾ ਮੌਕਾ ਮਿਲਦਾ ਸੀ। ਉਨ੍ਹਾਂ ਨੇ ਨੋਟ ਕੀਤਾ ਕਿ ਇੱਕ ਰਾਤ; ਅਕਾਸ਼ ’ਚ ਪੂਰਾ ਚੰਦਰਮਾ ਚਮਕਦਾ ਹੈ, ਜਿਸ ਨੂੰ ਪੂਰਨਮਾਸ਼ੀ ਦਾ ਨਾਂ ਦਿੱਤਾ ਗਿਆ। ਪੂਰਨਮਾਸ਼ੀ ਤੋਂ ਅਗਲੇ ਦਿਨ ਚੰਦਰਮਾ ਦਾ ਪ੍ਰਕਾਸ਼ ਦੇਣ ਵਾਲਾ ਹਿੱਸਾ ਥੋੜ੍ਹਾ ਥੋੜ੍ਹਾ ਕਰਕੇ ਘਟਣਾ ਸ਼ੁਰੂ ਹੋ ਜਾਂਦਾ ਹੈ (Waning)। ਘਟਦਾ ਘਟਦਾ ਇੱਕ ਰਾਤ; ਚੰਦ ਬਿਲਕੁਲ ਅਲੋਪ ਹੋ ਜਾਂਦਾ ਹੈ, ਜਿਸ ਨੂੰ ਮੱਸਿਆ ਕਿਹਾ ਗਿਆ। ਮੱਸਿਆ ਤੋਂ ਬਾਅਦ ਚੰਦ੍ਰਮਾ ਫਿਰ ਹੌਲ਼ੀ ਹੌਲ਼ੀ ਵਧਦਾ ਜਾਂਦਾ (Waxing) ਪੂਰਨਮਾਸ਼ੀ ਬਣਾ ਦਿੰਦਾ ਹੈ। ਹੌਲ਼ੀ ਹੌਲ਼ੀ ਹਿਸਾਬ ਕਿਤਾਬ ਕਰਦਿਆਂ ਉਨ੍ਹਾਂ ਨੇ ਅੰਦਾਜ਼ਾ ਲਾਇਆ ਕਿ ਚੰਦ ਨੂੰ ਮੱਸਿਆ ਤੋਂ ਮੱਸਿਆ ਤੱਕ ਜਾਂ ਪੂਰਨਮਾਸ਼ੀ ਤੋਂ ਪੂਰਨਮਾਸ਼ੀ ਤੱਕ ਪਹੁੰਚਣ ਲਈ 29/30 ਦਿਨ ਲੱਗਦੇ ਹਨ। ਜਿਸ ਨੂੰ ਇੱਕ ਮਹੀਨੇ ਦਾ ਨਾਂ ਦਿੱਤਾ ਗਿਆ। ਐਸੇ 12 ਮਹੀਨਿਆਂ ਦਾ ਇੱਕ ਸਾਲ ਬਣ ਗਿਆ।
ਪੂਰਨਮਾਸ਼ੀ ਤੋਂ ਮੱਸਿਆ (ਨਵੇਂ ਚੰਦ ਦੇ ਦਿਨ) ਤੱਕ, ਧਰਤੀ ਤੋਂ ਚੰਦਰਮਾ ਦੇ ਪ੍ਰਕਾਸ਼ ਵਾਲੇ ਖੇਤਰ ਦੀ ਦਿੱਖ ’ਚ ਥੋੜ੍ਹੀ ਥੋੜ੍ਹੀ ਲਗਾਤਾਰ ਕਮੀ ਆਉਂਦੀ ਰਹਿੰਦੀ ਹੈ (Waning)। ਇਸ ਪੱਖ ਦੀਆਂ ਤਿੱਥਾਂ ਨਾਲ ‘ਵਦੀ’ ਲਿਖ ਲਿਆ। ਨਵੇਂ ਚੰਦਰਮਾ (ਮੱਸਿਆ) ਤੋਂ ਪੂਰਨਮਾਸ਼ੀ ਤੱਕ, ਧਰਤੀ ਤੋਂ ਵੇਖਿਆਂ ਚੰਦਰਮਾ ਦੇ ਪ੍ਰਕਾਸ਼ ਵਾਲੇ ਖੇਤਰ ਦੀ ਦਿੱਖ ਥੋੜ੍ਹੀ ਥੋੜ੍ਹੀ ਵਧਦੀ ਰਹਿੰਦੀ ਹੈ (Waxing)। ਇਨ੍ਹਾਂ ਤਿੱਥਾਂ ਨਾਲ ‘ਸੁਦੀ’ ਲਿਖਿਆ ਜਾਣ ਲੱਗਾ। ਸੁਦੀ ਅਤੇ ਵਦੀ; ਇਨ੍ਹਾਂ ਦੋ ਪੱਖਾਂ ਦਾ ਇੱਕ ਚੰਦਰ ਮਹੀਨਾ (29/30 ਦਿਨ) ਹੁੰਦਾ ਹੈ। ਇੱਦਾਂ ਦੀਆਂ ਗਿਣਤੀਆਂ ਮਿਣਤੀਆਂ ਨਾਲ ਜਦੋਂ ਕਿਸੇ ਨੇ ਸਭ ਤੋਂ ਪਹਿਲਾਂ ਚੰਦਰ ਕੈਲੰਡਰ ਬਣਾਇਆ ਹੋਵੇਗਾ ਤਾਂ ਇਹ ਗਿਆਨ, ਮਨੁੱਖ ਦੇ ਜੀਵਨ ’ਚ ਇੱਕ ਕ੍ਰਾਂਤੀ ਤੋਂ ਘੱਟ ਨਹੀਂ ਸੀ। ਵੈਸੇ ਇਸ ਦਾ ਕੋਈ ਇਤਿਹਾਸ ਨਹੀਂ ਮਿਲਦਾ ਕਿ ਸਭ ਤੋਂ ਪਹਿਲਾਂ ਚੰਦਰ ਕੈਲੰਡਰ ਕਿਸ ਨੇ ਅਤੇ ਕਦੋਂ ਈਜ਼ਾਦ ਕੀਤਾ। ਇੰਨਾ ਕੁ ਜ਼ਰੂਰ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਸ੍ਰੀ ਰਾਮ ਚੰਦਰ ਜੀ, ਸ੍ਰੀ ਕ੍ਰਿਸ਼ਨ ਜੀ ਅਤੇ ਹੋਰਨਾਂ ਧਰਮਾਂ ਦੇ ਅਵਤਾਰਾਂ ਸਮੇਂ ਚੰਦਰ ਕੈਲੰਡਰ ਪ੍ਰਚਲਤ ਹੋ ਚੁੱਕੇ ਸਨ ਪਰ ਸੂਰਜੀ ਕੈਲੰਡਰ ਹਾਲੀ ਹੋਂਦ ’ਚ ਨਹੀਂ ਆਏ ਸਨ ਤਾਹੀਓਂ ਪੁਰਾਤਨ ਧਰਮਾਂ ਦੇ ਅਵਤਾਰਾਂ ਦੇ ਜਨਮ ਦਿਨ, ਜੋ ਕਿ ਸੀਨਾ ਬਸੀਨਾ ਸੁਣਦੇ ਹਾਂ, ਉਹ ਸਭ ਵਦੀ ਸੁਦੀ ਦੀਆਂ ਤਿੱਥਾਂ ਦੇ ਹਿਸਾਬ ਮਨਾਏ ਜਾਣ ਲੱਗੇ; ਜਿਵੇਂ ਕਿ ਰਾਮ ਨੌਵੀਂ = ਸ੍ਰੀ ਰਾਮ ਚੰਦਰ ਜੀ ਦਾ ਜਨਮ ਦਿਨ ਚੇਤ ਸੁਦੀ ੯, ਜਨਮ ਅਸ਼ਟਮੀ = ਸ੍ਰੀ ਕ੍ਰਿਸ਼ਨ ਜੀ ਦਾ ਜਨਮ ਦਿਨ ਭਾਦੋਂ ਸੁਦੀ ੮ ਆਦਿ। ਇਸੇ ਤਰ੍ਹਾਂ ਹੋਰ ਰਿਸ਼ੀਆਂ-ਮੁਨੀਆਂ, ਅਵਤਾਰਾਂ ਤੇ ਪੈਗ਼ੰਬਰਾਂ ਦੇ ਜਨਮ ਦਿਨ; ਕੇਵਲ ਚੰਦਰਮਾ ਦੀਆਂ ਤਿੱਥਾਂ ਅਨੁਸਾਰ ਪ੍ਰਚਲਿਤ ਹਨ। ਕਿਸੇ ਦਾ ਭੀ ਸੰਮਤ ਅਤੇ ਪ੍ਰਵਿਸ਼ਟਾ ਲਿਖਿਆ ਨਹੀਂ ਮਿਲਦਾ। ਹਿੰਦੂ ਧਰਮ ਨਾਲ ਸਬੰਧਿਤ ਜਿੰਨੇ ਵੀ ਵਰਤ/ਤਿਉਹਾਰ ਆਦਿ ਹਨ, ਉਹ ਭੀ ਤਿੱਥਾਂ ਆਧਾਰਿਤ ਹਨ; ਜਿਵੇਂ ਕਿ ਟਿੱਕਾ ਭਾਈ ਦੂਜ, ਤੀਜ ਦੀਆਂ ਤੀਆਂ, ਕਰਵਾ ਚੌਥ, ਬਸੰਤ ਪੰਚਮੀ, ਛਟ ਪੂਜਾ, ਦੁਸਹਿਰਾ, ਇਕਾਦਸੀ ਦਾ ਵਰਤ ਆਦਿ।
ਜਦ ਉਸ ਸਮੇਂ ਸੂਰਜੀ ਕੈਲੰਡਰ ਲਾਗੂ ਹੀ ਨਹੀਂ ਸਨ ਅਤੇ ਨਾ ਹੀ ਉਨ੍ਹਾਂ ਦੇ ਜਨਮ ਦਿਨ ਦਾ ਕੋਈ ਸੰਮਤ ਲਿਖਿਆ ਹੋਇਆ ਮਿਲਦਾ ਹੈ ਤਾਂ ਜੋ ਉਨ੍ਹਾਂ ਤਿੱਥਾਂ ਨੂੰ ਕਿਸੇ ਪ੍ਰਵਿਸ਼ਟੇ ਜਾਂ ਸੂਰਜੀ ਤਾਰੀਖ਼ ’ਚ ਤਬਦੀਲ ਕੀਤਾ ਜਾ ਸਕਦਾ। ਹੁਣ ਉਨ੍ਹਾਂ ਦੇ ਅਤੀਤ ਦੀ ਮਜਬੂਰੀ ਨੂੰ ਆਧਾਰ ਬਣਾ ਸਿੱਖਾਂ ਲਈ ਧਾਰਮਿਕ ਅਸੂਲ ਨਹੀਂ ਬਣ ਸਕਦੇ ਕਿ ਸਾਰੇ ਧਰਮਾਂ ਦੇ ਮੁਖੀਆਂ ਦੇ ਦਿਨ ਚੰਦਰਮਾ ਆਧਾਰਿਤ ਤਿੱਥਾਂ ਮੁਤਾਬਕ ਹਨ, ਇਸ ਲਈ ਸਾਨੂੰ ਭੀ ਚੰਦਰਮਾ ਕੈਲੰਡਰ ਹੀ ਅਪਣਾਉਣਾ ਚਾਹੀਦਾ ਹੈ।
ਸਿੱਖ ਧਰਮ ਦੇ ਵਜੂਦ ’ਚ ਆਉਣ ਤੋਂ ਬਹੁਤ ਪਹਿਲਾਂ ਹੀ ਸੂਰਜੀ ਕੈਲੰਡਰ ਹੋਂਦ ’ਚ ਆ ਚੁੱਕੇ ਸਨ। ਸਿੱਖ ਇਤਿਹਾਸ ਲਿਖਣ ਲਈ ਪ੍ਰਵਿਸ਼ਟਿਆਂ ਅਤੇ ਚੰਦਰ ਤਿੱਥਾਂ; ਦੋਵੇਂ ਤਰ੍ਹਾਂ ਦੀਆਂ ਪੱਧਤੀਆਂ ਦੀ ਵਰਤੋਂ ਹੋਈ ਹੈ। ਬਹੁਤ ਸਾਰੇ ਹੁਕਮਨਾਮੇ ਵੀ ਐਸੇ ਮਿਲਦੇ ਹਨ, ਜਿਨ੍ਹਾਂ ’ਤੇ ਪ੍ਰਵਿਸ਼ਟੇ ਲਿਖੇ ਹੋਏ ਹਨ। ਜਿੱਥੇ ਨਹੀਂ ਵੀ ਲਿਖੇ, ਉਹ ਭੀ ਹੁਣ ਬੜੀ ਆਸਾਨੀ ਨਾਲ ਪ੍ਰਵਿਸ਼ਟਿਆਂ ’ਚ ਤਬਦੀਲ ਹੋ ਸਕਦੇ ਹਨ। ਇਸ ਲਈ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ; ਨਿਸ਼ਚਿਤ ਕਰਨ ਲਈ ਤਿੱਥਾਂ ਨੂੰ ਛੱਡ ਕੇ ਪ੍ਰਵਿਸ਼ਟਿਆਂ ਦੀ ਵਰਤੋਂ ਕਰਨ ਨਾਲ ਕੋਈ ਅਸੂਲਣ ਅਵੱਗਿਆ ਨਹੀਂ ਹੋਣ ਵਾਲ਼ੀ ਤੇ ਨਾ ਹੀ ਗੁਰਬਾਣੀ ’ਚ ਇਹ ਲਿਖਿਆ ਮਿਲਦਾ ਹੈ ਕਿ ਗੁਰੂ, ਭਗਤਾਂ, ਆਦਿ ਦੇ ਜਨਮ ਦਿਨ; ਕੇਵਲ ਚੰਦਰਮਾ ਆਧਾਰਿਤ ਵਦੀਆਂ/ਸੁਦੀਆਂ (ਤਿੱਥਾਂ) ਮੁਤਾਬਕ ਹੀ ਮਨਾਏ ਜਾਣ ਅਤੇ ਕੁੱਝ ਦਿਹਾੜੇ ਪ੍ਰਵਿਸ਼ਟਿਆਂ ਤੇ ਈਸਵੀ ਕੈਲੰਡਰ ਦੀਆਂ ਤਾਰੀਖ਼ਾਂ ਅਨੁਸਾਰ ਮਨਾਏ ਜਾਣ। ਇਨ੍ਹਾਂ ਚੰਦਰਮਾ ਆਧਾਰਿਤ ਤਿੱਥਾਂ ਤੇ ਸੂਰਜ ਆਧਾਰਿਤ ਦਿਨਾਂ (ਵਾਰਾਂ) ਨੂੰ ਸ਼ੁਭ-ਅਸ਼ੁਭ ਮੰਨ ਕੇ ਪੂਜਾ ਕਰਨ ਵਾਲੇ ਪੂਜਾਰੀਆਂ ਨੂੰ ਗੁਰਬਾਣੀ ਤਾੜਨਾ ਕਰਦੀ ਹੈ, ਗਵਾਰ ਕਹਿੰਦੀ ਹੈ: ‘‘ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ; ਮੁਗਧ ਗਵਾਰ ॥’’ (ਮਹਲਾ ੩/੮੪੩)
ਐਸੇ ਲੋਕ; ਹੱਥ ’ਚ ਗਿਆਨ ਦਾ ਦੀਵਾ ਲੈ ਕੇ ਮਾਨੋ ਅਗਿਆਨਤਾ ਦੇ ਖੂਹ ’ਚ ਡਿੱਗੇ ਹੁੰਦੇ ਹਨ, ‘‘ਚਉਦਸ ਅਮਾਵਸ ਰਚਿ ਰਚਿ ਮਾਂਗਹਿ; ਕਰ ਦੀਪਕੁ ਲੈ, ਕੂਪਿ ਪਰਹਿ॥’’ (ਭਗਤ ਕਬੀਰ ਜੀ/੯੭੦) ਅਰਥ : (ਹੇ ਪੰਡਿਤ !) ਚੌਦੇਂ, ਮੱਸਿਆ (ਆਦਿ ਨੂੰ ਸ਼ੁਭ/ਅਸ਼ੁਭ) ਬਣਾ ਕੇ ਤੂੰ (ਜਜ਼ਮਾਨਾਂ ਪਾਸੋਂ) ਮੰਗਦਾ ਹੈਂ (ਸ਼ਰਮ ਨਹੀਂ ਆਉਂਦੀ। ਧਾਰਮਿਕ ਗਿਆਨ ਰੂਪ) ਦੀਵਾ ਹੱਥਾਂ ਉੱਤੇ ਰੱਖ ਕੇ ਖੂਹ ’ਚ ਡਿੱਗ ਰਿਹਾ ਹੈਂ।
‘‘ਗਣਿ ਗਣਿ ਜੋਤਕੁ; ਕਾਂਡੀ ਕੀਨੀ॥ ਪੜੈ ਸੁਣਾਵੈ; ਤਤੁ ਨ ਚੀਨੀ॥ ਸਭਸੈ ਊਪਰਿ; ਗੁਰ ਸਬਦੁ ਬੀਚਾਰੁ॥ ਹੋਰ ਕਥਨੀ ਬਦਉ ਨ; ਸਗਲੀ ਛਾਰੁ॥’’ (ਮਹਲਾ ੧/੯੦੫) ਅਰਥ : ਜੋਤਸ਼ (ਦੇ ਲੇਖੇ) ਗਿਣ ਗਿਣ (ਪੰਡਿਤ; ਜਜ਼ਮਾਨ ਦੇ ਪੁੱਤਰ ਦੀ) ਜਨਮ ਪੱਤ੍ਰੀ ਬਣਾਉਂਦਾ ਹੈ, (ਜੋਤਸ਼ ਬਾਰੇ ਆਪ) ਪੜ੍ਹਦਾ ਹੈ ਤੇ (ਜਜ਼ਮਾਨ ਨੂੰ) ਸੁਣਾਉਂਦਾ ਹੈ, ਪਰ ਸਚਾਈ ਨਹੀਂ ਪਛਾਣਦਾ ਕਿ ਐਸੀਆਂ ਗੱਲਾਂ ਨਾਲ਼ੋਂ ਸ੍ਰੇਸ਼ਟ ਗੱਲ; ਗੁਰੂ ਦੇ ਸ਼ਬਦ ਦੀ ਵੀਚਾਰ ਕਰਨਾ ਹੈ, ਉਸ ਵੀਚਾਰ ਨੂੰ ਮਨ ’ਚ ਵਸਾਉਣਾ ਹੈ। ਸੋ ਮੈਂ (ਤਾਂ ਪ੍ਰਭੂ ਤੋਂ ਬਿਨਾਂ ਐਸੇ ਵਹਿਮ-ਭਰਮ ਵਾਲੀ) ਹੋਰ ਗੱਲ ਕਰਨਾ ਨਹੀਂ ਜਾਣਦਾ। ਇਹ ਸਾਰੀਆਂ ਵਿਚਾਰਾਂ ਮੇਰੇ ਲਈ ਸੁਆਹ ਸਮਾਨ ਵਿਅਰਥ ਹਨ।
ਦਰਅਸਲ ਸਿੱਖਾਂ ਲਈ ਉਹੀ ਦਿਨ ਸ਼ੁਭ ਹੈ, ਜਿਸ ਦਿਨ ਪ੍ਰਭੂ ਚੇਤੇ ਆਵੇ। ਜਦ ਚੇਤੇ ’ਚੋਂ ਵਿਸਰ ਗਿਆ ਤਾਂ ਸਮਝੋ ਉਹੀ ਦਿਨ ਅਸ਼ੁਭ ਹੈ : ‘‘ਨਾਨਕ ! ਸੋਈ ਦਿਨਸੁ ਸੁਹਾਵੜਾ; ਜਿਤੁ, ਪ੍ਰਭੁ ਆਵੈ ਚਿਤਿ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ; ਫਿਟੁ ਭਲੇਰੀ ਰੁਤਿ॥’’ (ਮਹਲਾ ੫/੩੧੮)
ਗੁਰਬਾਣੀ ਨੂੰ ਧਿਆਨ ’ਚ ਰੱਖਦਿਆਂ ਸਿੱਖਾਂ ਲਈ ੨੩ ਪੋਹ ਜਾਂ ਪੋਹ ਸੁਦੀ ੭ ’ਚ ਕੋਈ ਫ਼ਰਕ ਨਹੀਂ। ਵੈਸੇ ਇਤਿਹਾਸਕ ਸਚਾਈ ਜਾਣਨ ਲਈ ਇਹੀ ਉਚਿਤ ਹੈ ਕਿ ਜਿਨ੍ਹਾਂ ਰੁੱਤਾਂ ’ਚ ਜੋ ਘਟਨਾਵਾਂ ਵਾਪਰੀਆਂ ਹੋਣ; ਉਨ੍ਹਾਂ ਨੂੰ ਉਸੇ ਰੁੱਤ ’ਚ ਵਿਚਾਰਨਾ ਬਣਦਾ ਹੈ; ਜੈਸਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼; ਪੋਹ ਸੁਦੀ ੭/੨੩ ਪੋਹ ਸੰਮਤ ੧੭੨੩ ਨੂੰ ਹੋਇਆ ਸੀ, ਜੋ ਠੰਡੀ ਰੁੱਤ ਸੀ; ਭਵਿੱਖ ’ਚ ਭੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ; ਸਦਾ ਠੰਡੀ ਰੁੱਤ ’ਚ ਹੀ ਆਵੇ। ਇਹ ਤਾਂ ਹੀ ਸੰਭਵ ਹੋਣਾ ਹੈ ਜੇਕਰ ਸੂਰਜ ਆਧਾਰਿਤ ਨਾਨਕਸ਼ਾਹੀ ਕੈਲੰਡਰ ਦੀ ੨੩ ਪੋਹ ਲਈ ਜਾਵੇ। ਬਿਕ੍ਰਮੀ ਕੈਲੰਡਰ ਕਾਰਨ ਜੋ ਫ਼ਰਕ ਹੁਣ ਤੱਕ ਪੈਣਾ ਸੀ, ਉਹ ਪੈ ਚੁੱਕਾ ਹੈ; ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ’ਤੇ ਅਗਾਂਹ ਲਈ ੨੩ ਪੋਹ; ਸਦਾ ਹੀ 5 ਜਨਵਰੀ ਨੂੰ ਆਵੇਗਾ, ਜੋ ਠੰਡ ਰੁੱਤ ਤੋਂ ਵਿਛੜਨ ਵਾਲ਼ਾ ਨਹੀਂ।
ਸੋ ਸਾਰਅੰਸ਼ ਇਹੀ ਹੈ ਕਿ ਸਾਰੇ ਦਿਹਾੜਿਆਂ ਲਈ ਪ੍ਰਵਿਸ਼ਟਿਆਂ ਨੂੰ ਪ੍ਰਮੁਖਤਾ ਦੇਣਾ ਬਿਲਕੁਲ ਜਾਇਜ਼ ਹੈ ਕਿਉਂਕਿ ਜੇ ਚੰਦਰ-ਸੂਰਜੀ ਕੈਲੰਡਰ ’ਚ 19 ਸਾਲਾਂ ’ਚ 7 ਵਾਰ ਇੱਕ ਵਾਧੂ ਚੰਦਰ ਮਹੀਨਾ ਜੋੜ ਕੇ ਉਸ ਨੂੰ ਰੁੱਤਾਂ ਦੇ ਨੇੜੇ ਹੀ ਕਰਨਾ ਹੈ ਤਾਂ ਕਿਉਂ ਨਾ ਕੇਵਲ ਸੂਰਜੀ ਕੈਲੰਡਰ ਆਧਾਰਿਤ ਸਾਰੇ ਦਿਹਾੜੇ ਮਨਾ ਲਏ ਜਾਣ ਤਾਂ ਕਿ ਸਾਰੀਆਂ ਘਟਨਾਵਾਂ ਦੀ Choronolgy ’ਚ ਹਮੇਸ਼ਾਂ ਲਈ ਇਕਸਾਰਤਾ ਬਣੀ ਰਹੇ। ਜਿਸ ਤਰ੍ਹਾਂ ਚੰਦ ਦਾ ਧਰਤੀ ਦੁਆਲੇ ਚੱਕਰ ਕੱਟਣਾ; ਇਕ ਕੁਦਰਤੀ ਪ੍ਰਕਿਰਿਆ ਹੈ; ਉਸੇ ਤਰ੍ਹਾਂ ਧਰਤੀ ਦਾ ਸੂਰਜ ਦੀ ਪ੍ਰਕਰਮਾ ਕਰਨਾ ਭੀ ਕੁਦਰਤੀ ਵਿਧਾਨ ਹੀ ਹੈ। ਇਸੇ ਤਰ੍ਹਾਂ ਸਾਲ ’ਚ ਦੋ ਵਾਰ ਦਿਨ ਰਾਤ ਬਰਾਬਰ ਹੋਣਾ (Equinox) ਜਾਂ ਸਾਲ ’ਚ ਇੱਕ ਸਮਾਂ ਐਸਾ ਆਉਣਾ, ਜਦ ਦਿਨ; ਸਭ ਤੋਂ ਵੱਡਾ ਦਿਨ ਤੇ ਰਾਤ; ਸਭ ਤੋਂ ਛੋਟੀ ਰਾਤ ਹੋਣਾ (Summer Solstice) ਜਾਂ ਸਾਲ ’ਚ ਇੱਕ ਸਮਾਂ ਐਸਾ ਆਉਣਾ, ਜਦ ਦਿਨ; ਸਭ ਤੋਂ ਛੋਟਾ ਦਿਨ ਤੇ ਰਾਤ; ਸਭ ਤੋਂ ਵੱਡੀ ਰਾਤ ਹੋਣਾ (Winter Solstice) ਆਦਿ ਘਟਨਾਵਾਂ ਭੀ ਕੁਦਰਤੀ ਹੀ ਵਾਪਰਦੀਆਂ ਹਨ।
ਚਾਰਿ ਪੁਰਖ ਦੁਇ ਨਾਰਿ ॥
ਚਾਰਿ ਪੁਰਖ ਦੁਇ ਨਾਰਿ ॥
ਗਿਆਨੀ ਰਣਜੋਧ ਸਿੰਘ
ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ। ਅਕਾਲ ਪੁਰਖ ਪਰਮੇਸ਼ਰ ਅਨੰਤ, ਬੇਅੰਤ ਗੁਣਾਂ ਦਾ ਮਾਲਕ ਹੈ। ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਦਾ ਅੰਤ ਪਾਉਣਾ ਤਾਂ ਇੱਕ ਪਾਸੇ ਦੀ ਗੱਲ ਹੈ, ਉਸ ਕਾਦਰ ਦੀ ਕੁਦਰਤ ਦਾ ਵੀ ਕੋਈ ਅੰਤ ਨਹੀਂ ਪਾ ਸਕਿਆ ਅਤੇ ਨਾ ਹੀ ਪਾ ਸਕਦਾ ਹੈ। ਫ਼ੁਰਮਾਨ ਹੈ, ‘‘ਉਸਤਤਿ ਕਰਹਿ ਅਨੇਕ ਜਨ; ਅੰਤੁ ਨ ਪਾਰਾਵਾਰ ॥ ਨਾਨਕ ! ਰਚਨਾ ਪ੍ਰਭਿ ਰਚੀ; ਬਹੁ ਬਿਧਿ ਅਨਿਕ ਪ੍ਰਕਾਰ ॥੧॥’’ (ਸੁਖਮਨੀ/ਮਹਲਾ ੫/੨੭੫) ਭਾਵ ਅਨੇਕ ਅਨੇਕ ਜਗਿਆਸੂ ਜਨ; ਪ੍ਰਭੂ ਦੇ ਗੁਣਾਂ ਨੂੰ ਗਾਉਂਦੇ ਹਨ, ਪਰ ਕੋਈ ਵੀ ਗੁਣਾਂ ਦਾ ਅੰਤ ਨਹੀਂ ਪਾ ਸਕਿਆ। ਉਸ ਪਰਮੇਸ਼ਰ ਦੀ ਰਚੀ ਰਚਨਾ (ਸ੍ਰਿਸ਼ਟੀ, ਕੁਦਰਤ) ਦਾ ਵੀ ਕੋਈ ਅੰਤ ਨਹੀਂ ਪਾ ਸਕਿਆ ਕਿਉਂਕਿ ਕਾਦਰ ਆਪਣੀ ਰਚੀ ਕੁਦਰਤ ’ਚ ਆਪ ਵਿਆਪਕ ਹੈ, ‘‘ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥’’ (ਮਹਲਾ ੧/੪੬੯)
ਪੁਰਾਤਨ ਕਥਾ ਅਨੁਸਾਰ ਕਹਿੰਦੇ ਹਨ ਕਿ ਬ੍ਰਹਮਾ ਨੇ ਸ੍ਰਿਸ਼ਟੀ ਉਪਾਈ ਹੈ। ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਪੁਰਾਣ ਵੀ ਕਹਿੰਦੇ ਹਨ ਕਿ ਬ੍ਰਹਮਾ ਨੇ ਵੀ ਕੁਦਰਤ ਦਾ ਅੰਤ ਨਹੀਂ ਪਾਇਆ। ਕਮਲ ਦੀ ਨਾਭ ਵਿੱਚ ਹੀ ਭਟਕਦਾ ਰਿਹਾ ਸੀ, ‘‘ਨਾਭਿ ਵਸਤ ਬ੍ਰਹਮੈ ਅੰਤੁ ਨ ਜਾਣਿਆ ॥ ਗੁਰਮੁਖਿ ਨਾਨਕ ਨਾਮੁ ਪਛਾਣਿਆ ॥’’ (ਮਹਲਾ ੧/੧੨੩੭) ਅਕਾਲ ਪੁਰਖ ਪਰਮੇਸ਼ਰ ਦਾ ਅਤੇ ਉਸ ਦੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਅਸੰਭਵ ਅਸੰਭਵ ਕਾਰਜ ਹੈ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਜਪੁ ਜੀ ਸਾਹਿਬ ਅੰਦਰ ਫ਼ੁਰਮਾਉਂਦੇ ਹਨ, ‘‘ਅੰਤੁ ਨ ਸਿਫਤੀ; ਕਹਣਿ ਨ ਅੰਤੁ ॥ ਅੰਤੁ ਨ ਕਰਣੈ; ਦੇਣਿ ਨ ਅੰਤੁ ॥ ਅੰਤੁ ਨ ਵੇਖਣਿ; ਸੁਣਣਿ ਨ ਅੰਤੁ ॥ ਅੰਤੁ ਨ ਜਾਪੈ; ਕਿਆ ਮਨਿ ਮੰਤੁ ?॥ ਅੰਤੁ ਨ ਜਾਪੈ; ਕੀਤਾ ਆਕਾਰੁ ॥ ਅੰਤੁ ਨ ਜਾਪੈ; ਪਾਰਾਵਾਰੁ ॥ ਅੰਤ ਕਾਰਣਿ; ਕੇਤੇ ਬਿਲਲਾਹਿ ॥ ਤਾ ਕੇ ਅੰਤ; ਨ ਪਾਏ ਜਾਹਿ ॥ ਏਹੁ ਅੰਤੁ; ਨ ਜਾਣੈ ਕੋਇ ॥ ਬਹੁਤਾ ਕਹੀਐ; ਬਹੁਤਾ ਹੋਇ .. ॥੨੪॥’’ (ਜਪੁ/ਮਹਲਾ ੧) ਭਾਵ ਪਰਮੇਸ਼ਰ ਦਾ ਅਤੇ ਪਰਮੇਸ਼ਰ ਦੇ ਗੁਣਾਂ ਦਾ ਅੰਤ ਲੈਣ ਲਈ ਕਿੰਨੇ ਕਿੰਨੇ ਵਿਲਕਦੇ ਰਹੇ ਹਨ, ਪਰ ਅੰਤ ਨਾ ਪਾ ਸਕੇ। ਬਿਲਕਦੇ ਹੀ ਰਹਿ ਗਏ। ਜਿੰਨੇ ਕੋਈ ਗੁਣ ਬਿਆਨ ਕਰੇਗਾ, ਇਉਂ ਮਹਿਸੂਸ ਹੋਵੇਗਾ ਕਿ ਗੁਣ ਬਹੁਤ ਬਹੁਤ ਹਨ, ਪਰ ਮੇਰੀ ਗੁਣ ਬਿਆਨ ਕਰਨ ਵਾਲੀ ਸੋਚ ਬਹੁਤ ਛੋਟੀ ਹੈ। ਇਸੇ ਸੰਦਰਭ ’ਚ ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣਾ ਨਜ਼ਰੀਆ ਬਿਆਨ ਕਰਦੇ ਹਨ, ‘‘ਜਿਹਵਾ ਏਕ; ਕਵਨ ਗੁਨ ਕਹੀਐ ?॥ ਬੇਸੁਮਾਰ ਬੇਅੰਤ ਸੁਆਮੀ ! ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥’’ (ਮਹਲਾ ੫/੬੭੪) ਭਾਵ ਹੇ ਪਰਮੇਸ਼ਰ ਜੀ ! ਮੇਰੇ ਕੋਲ ਜੀਭ ਇੱਕ ਹੈ। ਇਸ ਇੱਕ ਰਸਨਾ ਨਾਲ ਤੇਰੇ ਕਿਹੜੇ ਕਿਹੜੇ ਪੱਖ ਬਿਆਨ ਕਰਾਂ। ਤੂੰ ਬੇਅੰਤ, ਅਨੰਤ, ਬੇਸ਼ੁਮਾਰ ਗੁਣਾਂ ਦਾ ਖਜ਼ਾਨਾ ਹੈਂ।
ਹੁਣ ਧਿਆਨ ਨਾਲ ਸੁਣਨਾ ਪਰਮੇਸ਼ਰ ਅਤੇ ਪਰਮੇਸ਼ਰ ਦੇ ਗੁਣਾਂ ਦਾ ਅੰਤ ਨਾ ਕੋਈ ਪਾ ਸਕਿਆ ਹੈ ਅਤੇ ਨਾ ਹੀ ਕੋਈ ਪਾ ਸਕੇਗਾ। ਫਿਰ ਸਵਾਲ ਹੈ ਕਿ ਜੇ ਪਰਮੇਸ਼ਰ ਅਤੇ ਪਰਮੇਸ਼ਰ ਦੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਦਾ, ਫਿਰ ਗੁਣ ਗਾਉਂਦੇ ਕਿਉਂ ਹਨ। ਜੇ ਗੁਣਾਂ ਦਾ ਅੰਤ ਮਿਲਣਾ ਹੀ ਨਹੀਂ, ਫਿਰ ਬਿਆਨ ਹੀ ਕਿਉਂ ਕਰਨੇ ਹਨ। ਇਹ ਸਵਾਲ ਬੜਾ ਅਹਿਮ ਸਵਾਲ ਹੈ ਤੇ ਕੀਮਤੀ ਸਵਾਲ ਭੀ ਹੈ। ਸਤਿਗੁਰ ਪਾਤਿਸ਼ਾਹ ਨੇ ਸੱਚ ਕੀ ਬਾਣੀ ’ਚ ਦੱਸਿਆ ਹੈ, ਜੋ ਬਿਲਕੁਲ ਠੀਕ ਹੈ ਕਿ ਪਰਮੇਸ਼ਰ ਅਤੇ ਪਰਮੇਸ਼ਰ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਰ ਇਹ ਵੀ ਸੱਚ ਹੈ ਕਿ ਪਰਮੇਸ਼ਰ ਦੇ ਗੁਣ ਗਾਉਂਦਿਆਂ ਗਾਉਂਦਿਆਂ ਮਨੁੱਖ ਆਪ ਪ੍ਰਭੂ ਦੇ ਗੁਣਾਂ ਵਿੱਚ ਸਮਾਅ ਜਾਂਦਾ ਹੈ। ਫ਼ੁਰਮਾਨ ਹੈ, ‘‘ਤੇਰੇ ਗੁਣ ਕਹਾ; ਮੈ ਕਹਣੁ ਨ ਜਾਈ ॥ ਅੰਤੁ ਨ ਪਾਰਾ; ਕੀਮਤਿ ਨਹੀ ਪਾਈ ॥ ਆਪੇ ਦਇਆ ਕਰੇ ਸੁਖਦਾਤਾ; ਗੁਣ ਮਹਿ ਗੁਣੀ ਸਮਾਇਆ ॥’’ (ਮਹਲਾ ੩/੧੦੬੭) ਭਾਵ ਗੁਣਾਂ ਦਾ ਅੰਤ ਤਾਂ ਕੋਈ ਨਹੀਂ ਪਾ ਸਕਦਾ, ਪਰ ਗੁਣਾਂ ਨੂੰ ਗਾਉਂਦਿਆਂ ਗਾਉਂਦਿਆਂ, ਗੁਣਾਂ ਨੂੰ ਬਿਆਨ ਕਰਦਿਆਂ ਕਰਦਿਆਂ ਮਨੁੱਖ; ਪ੍ਰਭੂ ਦੇ ਗੁਣਾਂ ਵਿੱਚ ਹੀ ਸਮਾਅ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਇਸ ‘‘ਗੁਣ ਮਹਿ ਗੁਣੀ ਸਮਾਇਆ’’ ਨੂੰ ਆਪਣੇ ਇਕ ਕਬਿੱਤ ਵਿੱਚ ਖੋਲ੍ਹਿਆ ਹੈ, ‘‘ਪੇਖਤ ਪੇਖਤ ਜੈਸੇ ਰਤਨ ਪਾਰੁਖੁ ਹੋਤ; ਸੁਨਤ ਸੁਨਤ ਜੈਸੇ ਪੰਡਿਤ ਪ੍ਰਬੀਨ ਹੈ। ਸੂੰਘਤ ਸੂੰਘਤ ਸੌਧਾ ਜੈਸੇ ਤਉ ਸੁਬਾਸੀ ਹੋਤ; ਗਾਵਤ ਗਾਵਤ ਜੈਸੇ ਗਾਇਨ ਗੁਨੀਨ ਹੈ। ਲਿਖਤ ਲਿਖਤ ਲੇਖ ਜੈਸੇ ਤਉ ਲੇਖਕ ਹੋਤ; ਚਾਖਤ ਚਾਖਤ ਜੈਸੇ ਭੋਗੀ ਰਸੁ ਭੀਨ ਹੈ। ਚਲਤ ਚਲਤ ਜੈਸੇ ਪਹੁਚੈ ਠਿਕਾਨੈ ਜਾਇ; ਖੋਜਤ ਖੋਜਤ ਗੁਰ ਸਬਦੁ ਲਿਵ ਲੀਨ ਹੈ ॥੫੮੮॥’’ (ਭਾਈ ਗੁਰਦਾਸ ਜੀ/ਕਬਿੱਤ ੫੮੮) ਭਾਵ ਪਵਿੱਤਰ ‘‘ਗੁਣ ਕਹਿ ਗੁਣੀ ਸਮਾਵਣਿਆ ॥’’ (ਮਹਲਾ ੩/੧੧੭) ਦਾ ਖੁਲਾਸਾ ਇੱਥੇ 8 ਦਲੀਲਾਂ ਦੇ ਕੇ ਕੀਤਾ ਹੈ; ਜਿਵੇਂ ਕਿ ਮਨੁੱਖ ਸੋਨੇ ਦਾ, ਹੀਰਿਆਂ ਦਾ, ਜਵਾਹਰਾਤ, ਰਤਨਾ ਦਾ ਪਾਰਖੂ ਨਹੀਂ ਹੈ, ਪਰ ਉਹ ਸੁਨਿਆਰ (ਜੌਹਰੀ) ਦੀ ਦੁਕਾਨ ’ਤੇ ਲੱਗ ਜਾਂਦਾ ਹੈ। ਕੰਮ ਸਿੱਖਦਾ ਸਿੱਖਦਾ ਹੈ, ਧਾਂਤਾਂ ਨੂੰ ਪਰਖਦਾ ਪਰਖਦਾ ਉਹ ਚੰਗਾ ਪਾਰਖੂ ਹੋ ਜਾਂਦਾ ਹੈ ਫਿਰ ਦੇਖਦਿਆਂ ਹੀ ਦੱਸ ਦਿੰਦਾ ਹੈ ਕਿ ਇਹ ਸੋਨਾ, ਹੀਰਾ ਕੈਸਾ ਹੈ। ਇਸ ਵਿੱਚ ਮਿਲਾਵਟ ਹੈ ਜਾਂ ਨਹੀਂ। ਪਟਨਾ ਸਾਹਿਬ ਵਿਖੇ ਜਦੋਂ ਭਾਈ ਮਰਦਾਨਾ ਜੀ ਸਾਲਸਰਾਇ ਜੌਹਰੀ ਦੀ ਦੁਕਾਨ ’ਤੇ ਇੱਕ ਪੱਥਰ ਲੈ ਕੇ ਗਿਆ ਸੀ ਤਾਂ ਸਾਲਸਰਾਇ ਦੇ ਨੌਕਰ ਅਧਰਕਾ ਨੇ ਦੇਖਦਿਆਂ ਹੀ ਪਰਖ ਲਿਆ ਕਿ ਇਹ ਹੀਰਾ ਬਹੁਤ ਕੀਮਤੀ ਹੈ। ਸਾਲਸਰਾਇ ਨੇ ਕਿਹਾ ਇਸ ਦੀ ਕੀਮਤ ਨਹੀਂ ਦਿੱਤੀ ਜਾ ਸਕਦੀ। ਦਰਸ਼ਨੀ ਭੇਟਾ ਦਿੱਤੀ ਜਾ ਸਕਦੀ ਹੈ। ਸੋ ਮਨੁੱਖ ਦੇਖਦਿਆਂ ਦੇਖਦਿਆਂ ਚੰਗਾ ਪਾਰਖੂ ਬਣ ਜਾਂਦਾ ਹੈ। ਭਾਈ ਸਾਹਿਬ ਨੇ ਦੂਸਰੀ ਉਦਾਹਰਨ ਇਹ ਦਿੱਤੀ ਹੈ ਕਿ ਸਤਸੰਗਤ ਵਿੱਚ ਜਾ ਕੇ ਕੋਈ ਆਮ ਮਨੁੱਖ; ਖਸਮ ਕੀ ਬਾਣੀ ਦੀ ਕਥਾ ਸੁਣੇ, ਕਥਾ ਸੁਣਦਿਆਂ ਸੁਣਦਿਆਂ ਉਹ ਹੌਲੀ ਹੌਲੀ ਇੱਕ ਚੰਗਾ ਵਿਦਵਾਨ ਬਣ ਜਾਂਦਾ ਹੈ ਕਿਉਂਕਿ ਕਥਾ ਮਨ ’ਚ ਵੱਸਦੀ ਜਾਂਦੀ ਹੈ। ਕਥਾ ਮਨ ਜੀਵਨ ਦਾ ਹਿੱਸਾ ਬਣ ਜਾਂਦੀ ਹੈ। ਇਕ ਆਦਮੀ ਰੋਜ਼ਾਨਾ ਹੀ ਫੁੱਲਾਂ ਦੀ ਬਗੀਚੀ ਅੰਦਰ ਜਾਂਦਾ ਹੈ। ਫੁੱਲਾਂ ਦੀ ਮਹਿਕ ਲੈਂਦਾ ਹੈ। ਜੰਗਲ਼ ’ਚ ਹਰ ਬ੍ਰਿਛ ਨੂੰ ਪਰਖਦਾ ਹੈ। ਉਹ ਹੌਲੀ ਹੌਲੀ ਚੰਗਾ ਗਾਂਧਿਕ (ਸੁਗੰਧੀ ਬਣਾਉਣ ਤੇ ਵੇਚਣ ਵਾਲ਼ਾ) ਬਣ ਜਾਂਦਾ ਹੈ। ਉਸ ਨੂੰ ਤਜਰਬਾ ਹੋ ਜਾਂਦਾ ਹੈ। ਇਕ ਆਮ ਆਦਮੀ ਕਿਸੇ ਗਵਈਏ (ਕੀਰਤਨੀਏ) ਨੂੰ ਉਸਤਾਦ ਬਣਾ ਕੇ ਰੋਜਾਨਾ ਹਰਮੋਨੀਅਮ ’ਤੇ ਅਭਿਆਸ ਕਰੇ, ਉਹ ਅਭਿਆਸ ਕਰਦਾ ਕਰਦਾ ਇਕ ਦਿਨ ਚੰਗਾ ਕੀਰਤਨੀ, ਚੰਗਾ ਗਵਈਆ ਹੋ ਜਾਂਦਾ ਹੈ ਕਿਉਂਕਿ ਰੋਜ਼ਾਨਾ ਅਭਿਆਸ ਕਰਦਾ ਹੈ। ਕੋਈ ਆਮ ਮਨੁੱਖ ਰੋਜ਼ਾਨਾ ਹੀ ਚੰਗੀਆਂ ਕਿਤਾਬਾਂ ਪੜ੍ਹੇ। ਕੁਝ ਨਾ ਕੁਝ ਲਿਖੇ। ਲਿਖਦਿਆਂ ਲਿਖਦਿਆਂ ਚੰਗਾ ਲਿਖਾਰੀ ਬਣ ਜਾਂਦਾ ਹੈ। ਇਸੇ ਤਰ੍ਹਾਂ ਰਸੋਈਆ ਰਸਾਂ ਕਸਾਂ ਨੂੰ ਰੋਜ਼ਾਨਾ ਚੱਖਦਿਆਂ ਚੱਖਦਿਆਂ ਰਸਾਂ ਕਸਾਂ ਦਾ ਚੰਗਾ ਸੂਝਵਾਨ ਹੋ ਜਾਂਦਾ ਹੈ ਕਿਉਂਕਿ ਰੋਜ਼ਾਨਾ ਹੀ ਰਸਾਂ ਕਸਾਂ ਨੂੰ ਚੱਖਦਾ ਹੈ। ਕੋਈ ਮਨੁੱਖ ਮੰਜ਼ਲ ਨੂੰ ਨਿਰਧਾਰਿਤ ਕਰਕੇ ਚੱਲ ਪਵੇ। ਹੌਲੀ ਹੌਲੀ, ਚਲਦਿਆਂ ਚਲਦਿਆਂ ਉਹ ਮੰਜ਼ਲ ’ਤੇ ਪਹੁੰਚ ਜਾਂਦਾ ਹੈ। ਮੰਜ਼ਲ ਭਾਵੇਂ ਮਾਊਂਟ ਐਵਰਸਟ ਹੋਵੇ ਜਾਂ ਸੁਮੇਰ ਪਰਬਤ। ਮੰਜ਼ਲ ਭਾਵੇਂ ਚੰਦਰਮਾ ਹੋਵੇ ਜਾਂ ਸ਼ੁਕਰ ਤੇ ਮੰਗਲ ਗ੍ਰਹਿ ਹੋਵੇ, ਆਦਿ।
ਇਹ 7 ਉਦਾਹਰਨਾਂ ਦੇ ਕੇ ਭਾਈ ਸਾਹਿਬ ਆਖ਼ਿਰ ’ਚ ਆਖਦੇ ਹਨ ਕਿ ਮਨੁੱਖ ਰੋਜ਼ਾਨਾ ਹੀ ਗੁਰਬਾਣੀ ਦੇ ਇੱਕ ਦੋ ਸ਼ਬਦਾਂ ਨੂੰ ਪੜ੍ਹੇ। ਉਨ੍ਹਾਂ ਦੇ ਅਰਥ ਵਿਚਾਰੇ, ਸ਼ਬਦ ਦੀ ਵਿਚਾਰ ਨਾਲ ਜੀਵਨ ਨੂੰ ਜੋੜੇ। ਜੀਵਨ ਦੀ ਖੋਜ ਕਰੇ ਤਾਂ ਨਿਸ਼ਚਿਤ ਤੌਰ ’ਤੇ ਉਹ ਸ਼ਬਦ ਰੂਪੀ ਪਰਮੇਸ਼ਰ ਦੇ ਗੁਣਾਂ ਵਾਲਾ ਹੋ ਜਾਵੇਗਾ। ਫ਼ੁਰਮਾਨ ਹੈ, ‘‘ਤੇਰੇ ਭਗਤ ਸੋਹਹਿ; ਸਾਚੈ ਦਰਬਾਰੇ ॥ ਗੁਰ ਕੈ ਸਬਦਿ; ਨਾਮਿ ਸਵਾਰੇ ॥ ਸਦਾ ਅਨੰਦਿ ਰਹਹਿ ਦਿਨੁ ਰਾਤੀ; ਗੁਣ ਕਹਿ ਗੁਣੀ ਸਮਾਵਣਿਆ ॥’’ (ਮਹਲਾ ੩/੧੨੨) ਭਾਵ ਗੁਣ ਗਾਉਂਦਿਆਂ ਗਾਉਂਦਿਆਂ ਜੀਵਨ ’ਚੋਂ ਔਗੁਣ ਘਟਣੇ ਸ਼ੁਰੂ ਹੋ ਜਾਂਦੇ ਹਨ। ਗੁਣ ਜੀਵਨ ਦਾ ਹਿੱਸਾ ਬਣ ਜਾਂਦੇ ਹਨ। ਜਿਸ ਤਰ੍ਹਾਂ ਚਾਨਣ ਹੁੰਦਿਆਂ ਹਨ੍ਹੇਰਾ ਦੂਰ ਹੋ ਜਾਂਦਾ ਹੈ। ਜਿਸ ਤਰ੍ਹਾਂ ਸੁਗੰਧੀ ਸੁੰਘਦਿਆਂ ਹੀ ਦੁਰਗੰਧ ਹਟ ਜਾਂਦੀ ਹੈ। ਜਿਸ ਤਰ੍ਹਾਂ ਗਰਮੀ ਆਉਂਦਿਆਂ ਹੀ ਸਰਦੀ ਚਲੀ ਜਾਂਦੀ ਹੈ। ਇਸੇ ਤਰ੍ਹਾਂ ਗੁਣ ਗਾਉਂਦਿਆਂ ਗਾਉਂਦਿਆਂ, ਗੁਣ ਕਥਨ ਕਰਦਿਆਂ ਕਰਦਿਆਂ ਗੁਣ ਜੀਵਨ ’ਚ ਸਮਾਅ ਜਾਂਦੇ ਹਨ। ਔਗੁਣ ਮਿਟਣੇ ਸ਼ੁਰੂ ਹੋ ਜਾਂਦੇ ਹਨ। ਪਰਮੇਸ਼ਰ ਅਤੇ ਪਰਮੇਸ਼ਰ ਦੇ ਗੁਣਾਂ ਦਾ ਤਾਂ ਅੰਤ ਨਹੀਂ ਪਾਇਆ ਜਾ ਸਕਦਾ, ਪਰ ਗੁਣੀ ਨੂੰ ਗਾਉਂਦਿਆਂ ਗੁਣਾਂ ’ਚ ਸਮਾਅ ਜਾਈਦਾ ਹੈ। ਔਗੁਣਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਇਸ ਦੀ ਵਿਆਖਿਆ ਭਗਤ ਕਬੀਰ ਸਾਹਿਬ ਨੇ ਆਪਣੀ ਸਲੋਕ ਲੜੀ 81 ਤੋਂ ਲੈ ਕੇ 91 ਤੱਕ ਵਿੱਚ ਕੀਤੀ ਹੈ। ਵਿਚਾਰ ਬਹੁਤ ਗਹਿਰੀ ਹੈ।
ਲੜੀਵਾਰ ਸਲੋਕ ਨੰਬਰ 81 ’ਚ ਭਗਤ ਕਬੀਰ ਜੀ ਫ਼ੁਰਮਾ ਰਹੇ ਹਨ, ‘‘ਕਬੀਰ ਸਾਤ ਸਮੁੰਦਹਿ ਮਸੁ ਕਰਉ; ਕਲਮ ਕਰਉ ਬਨਰਾਇ ॥ ਬਸੁਧਾ ਕਾਗਦੁ ਜਉ ਕਰਉ; ਹਰਿ ਜਸੁ ਲਿਖਨੁ ਨ ਜਾਇ ॥੮੧॥’’ (ਭਗਤ ਕਬੀਰ/੧੩੬੮) ਭਾਵ ਸਾਰੇ ਸਮੁੰਦਰ ਦੇ ਪਾਣੀ ਦੀ ਸਿਆਹੀ ਬਣਾ ਲਈਏ। ਸਾਰੀ ਦੀ ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਲਈਏ। ਸਾਰੀ ਧਰਤੀ ਨੂੰ ਕਾਗਜ਼ ਬਣਾ ਲਿਆ ਜਾਵੇ। ਸਿਆਹੀ ਮੁੱਕ ਜਾਵੇਗੀ। ਕਲਮਾਂ ਘਸ ਜਾਣਗੀਆ। ਕਾਗਜ਼ ਖ਼ਤਮ ਹੋ ਜਾਏਗਾ, ਪਰ ਫਿਰ ਵੀ ਪ੍ਰਭੂ ਦੇ ਗੁਣਾਂ ਨੂੰ, ਉਸ ਦੇ ਜਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਫ਼ੁਰਮਾਨ ਹੈ, ‘‘ਨਾਨਕ ! ਕਾਗਦ ਲਖ ਮਣਾ; ਪੜਿ ਪੜਿ ਕੀਚੈ ਭਾਉ ॥ ਮਸੂ ਤੋਟਿ ਨ ਆਵਈ; ਲੇਖਣਿ ਪਉਣੁ ਚਲਾਉ ॥ ਭੀ ਤੇਰੀ ਕੀਮਤਿ ਨਾ ਪਵੈ; ਹਉ ਕੇਵਡੁ ਆਖਾ ਨਾਉ ?॥੪॥’’ (ਮਹਲਾ ੧/੧੪) ਇੰਨਾ ਕੁਝ ਕਹਿਣ ਦੇ ਬਾਵਜੂਦ ਪਰਮੇਸ਼ਰ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਗੁਣ ਗਾਉਣ ਨਾਲ ਜੀਵਨ ਅੰਦਰ ਜੋ ਕੌਤਕ ਵਰਤਦਾ ਹੈ, ਉਸ ਦਾ ਜ਼ਿਕਰ ਭਗਤ ਕਬੀਰ ਜੀ ਨੇ ਸਲੋਕ 91 ਅੰਦਰ ਕੀਤਾ ਹੈ, ‘‘ਕਬੀਰ ! ਏਕ ਮਰੰਤੇ ਦੁਇ ਮੂਏ; ਦੋਇ ਮਰੰਤਹ ਚਾਰਿ ॥ ਚਾਰਿ ਮਰੰਤਹ ਛਹ ਮੂਏ; ਚਾਰਿ ਪੁਰਖ, ਦੁਇ ਨਾਰਿ ॥੯੧॥’’ (ਭਗਤ ਕਬੀਰ/੧੩੬੯) ਭਾਵ ਕੌਤਕ ਵਰਤਦਾ ਹੈ ਕਿ ਗੁਣ ਗਾਉਂਦਿਆਂ ਗਾਉਂਦਿਆਂ ਪਹਿਲਾਂ ਇੱਕ ਔਗੁਣ ਮਰਦਾ ਹੈ। ਇੱਕ ਔਗੁਣ ਮਰਨ ਨਾਲ ਫਿਰ ਦੋ ਹੋਰ ਔਗੁਣ ਮਰ ਜਾਂਦੇ ਹਨ। ਦੋ ਔਗੁਣ ਮਰਨ ਨਾਲ ਚਾਰ ਔਗੁਣ ਮਰ ਜਾਂਦੇ ਹਨ। ਚਾਰ ਔਗੁਣ ਮਰਨ ਨਾਲ ਛੇ ਔਗੁਣ ਮਰ ਜਾਂਦੇ ਹਨ। ਇਨ੍ਹਾਂ ਛੇ ਔਗੁਣਾਂ ’ਚੋਂ ਚਾਰ ਔਗੁਣ ਪੁਰਖ ਵਾਚਕ ਹਨ ਅਤੇ ਦੋ ਔਗੁਣ ਇਸਤਰੀ ਵਾਚਕ ਹਨ। ਇਹ ਕਿਹੜੇ ਕਿਹੜੇ ਹਨ ‘6 ਔਗੁਣ’ ? ਇਨ੍ਹਾਂ ਦਾ ਜ਼ਿਕਰ ਸਲੋਕ 81 ਤੋਂ ਲੈ ਕੇ 91 ਤੱਕ ਦੇ ਵਿਚਕਾਰਲੇ 9 ਸਲੋਕਾਂ ’ਚ ਕਰਮਵਾਰ ਕੀਤਾ ਹੈ। ਜੀਵਨ ’ਚ 6 ਔਗੁਣਾਂ ਦਾ ਸੁਧਾਰ ਹੋ ਜਾਂਦਾ ਹੈ। ਇਨ੍ਹਾਂ ’ਚੋਂ ਪਹਿਲਾਂ ਹੈ ‘ਮਨ’।
ਮਨ ਜੀਵਨ ਦਾ ਕੇਂਦਰ ਹੈ। ਜੈਸਾ ਮਨ ਹੈ ਵੈਸਾ ਜੀਵਨ ਹੁੰਦਾ ਹੈ। ਮਨ ਹੀ ਸਭ ਕੁਝ ਕਰਾਉਂਦਾ ਹੈ। ਮਨ ਜੈਸਾ ਕੋਈ ਹੋਰ ਦੂਸਰਾ ਜੀਵਨ ਦਾ ਸਾਥੀ ਨਹੀਂ ਹੈ ‘‘ਮਮਾ, ਮਨ ਸਿਉ ਕਾਜੁ ਹੈ; ਮਨ ਸਾਧੇ ਸਿਧਿ ਹੋਇ ॥ ਮਨ ਹੀ ਮਨ ਸਿਉ ਕਹੈ ਕਬੀਰਾ ! ਮਨ ਸਾ ਮਿਲਿਆ ਨ ਕੋਇ ॥੩੨॥’’ (ਬਾਵਨ ਅਖਰੀ/ਭਗਤ ਕਬੀਰ/੩੪੨) ਮਨ ਨਾਲ ਹੀ ਜੀਵਨ ਦੇ ਕਾਰਜ ਪੂਰੇ ਹੁੰਦੇ ਹਨ। ਮਨ ਸਾਧਿਆ ਗਿਆ ਤਾਂ ਜੀਵਨ ਸਾਧਿਆ ਜਾਂਦਾ ਹੈ। ਮਨ ਹੀ ਜੀਵਨ ਦਾ ਕੇਂਦਰ ਹੈ, ਪਰ ਮਨ ਨੂੰ ਸੁਧਾਰਨਾ ਕੋਈ ਸੌਖੀ ਖੇਡ ਨਹੀਂ ਹੈ। ਮਨ ਨੂੰ ਕਾਬੂ ਕਰਨਾ ਕੋਈ ਸੌਖਾ ਕੰਮ ਨਹੀਂ ਹੈ। ਬਹੁਤ ਔਖਾ ਹੈ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਖਦੇ ਹਨ, ‘‘ਸਾਧੋ ! ਇਹੁ ਮਨੁ ਗਹਿਓ ਨ ਜਾਈ ॥ ਚੰਚਲ ਤ੍ਰਿਸਨਾ ਸੰਗਿ ਬਸਤੁ ਹੈ; ਯਾ ਤੇ ਥਿਰੁ ਨ ਰਹਾਈ ॥੧॥ ਰਹਾਉ ॥’’ (ਮਹਲਾ ੯/੨੧੯) ਭਾਵ ਐ ਭਲੇ ਪੁਰਖੋ ! ਇਹ ਮਨ ਜਲਦੀ ਕਾਬੂ ਨਹੀਂ ਆਉਂਦਾ। ਇਸ ਨੂੰ ਵੱਸ ’ਚ ਕਰਨਾ ਬੜਾ ਕਠਨ ਹੈ ਕਿਉਂਕਿ ਮਨ ਅੰਦਰ ਔਗੁਣ ਹਨ। ਚੰਚਲਤਾ ਹੈ, ਤ੍ਰਿਸ਼ਨਾ ਹੈ। ਇਹ ਮਨ ਨੂੰ ਟਿਕਣ ਨਹੀਂ ਦਿੰਦੇ। ਮਨ ਨੂੰ ਸਾਧਨ ਵਾਸਤੇ, ਕਾਬੂ ਕਰਨ ਲਈ ਜੋਗੀ ਲੋਕ, ਸਾਧੂ ਮਹਾਤਮਾ ਲੋਕ, ਸਨਿਆਸੀ ਲੋਕ ਜੰਗਲਾਂ ’ਚ ਪਰਬਤ ਤੇ ਇਕਾਂਤ ’ਚ ਚਲੇ ਗਏ ਸਨ। ਜ਼ਿਕਰ ਹੈ, ‘‘ਮਨੁ ਮਾਰਣ ਕਾਰਣਿ; ਬਨ ਜਾਈਐ ॥ ਸੋ ਜਲੁ; ਬਿਨੁ ਭਗਵੰਤ ਨ ਪਾਈਐ ॥’’ (ਭਗਤ ਕਬੀਰ/੩੨੩) ਭਾਵ ਮਨ ਦੇ ਸੁਧਾਰ ਲਈ ਮਨੁੱਖ ਚਾਲੀਸੇ ਕੱਟਦਾ ਹੈ। ਤੀਰਥਾਂ ’ਤੇ ਜਾਂਦਾ ਹੈ। ਕਰਮ ਧਰਮ ਕਮਾਉਂਦਾ ਹੈ। ਪੁੰਨ ਦਾਨ ਕਰਦਾ ਹੈ। ਕਥਾ ਕੀਰਤਨ ਸੁਣਦਾ ਹੈ। ਪੂਜਾ ਪਾਠ ਕਰਦਾ ਹੈ, ਪਰ ਫਿਰ ਵੀ ਮਨ ਕਾਬੂ ਨਹੀਂ ਆਉਂਦਾ। ਖੋਤੇ ਵਾਂਗ ਖਰਮਸਤੀਆਂ ਕਰਦਾ ਹੈ। ਫ਼ੁਰਮਾਨ ਹੈ, ‘‘ਮਨ ਖੁਟਹਰ ! ਤੇਰਾ ਨਹੀ ਬਿਸਾਸੁ; ਤੂ ਮਹਾ ਉਦਮਾਦਾ ॥ ਖਰ ਕਾ ਪੈਖਰੁ ਤਉ ਛੁਟੈ; ਜਉ ਊਪਰਿ ਲਾਦਾ ॥੧॥ ਰਹਾਉ ॥’’ (ਮਹਲਾ ੫/੮੧੫) ਭਾਵ ਮਨ ਔਗੁਣਾ ਕਰਕੇ ਖੋਟਾ ਹੈ। ਬਹੁਤ ਵੱਡਾ ਢੀਠ ਹੈ। ਖੋਤੇ ਵਾਂਗ ਹਰ ਵੇਲੇ ਖਰਮਸਤੀਆਂ ਕਰਦਾ ਹੈ। ਖੋਤੇ ਦਾ ਪੈਰ ਬੰਨ੍ਹਿਆ ਹੋਇਆ ਉਦੋਂ ਖੋਲ੍ਹਿਆ ਜਾਂਦਾ ਹੈ, ਜਦੋਂ ਉਸ ਦੇ ਉੱਪਰ ਸਮਾਨ ਲੱਦ ਦਿੱਤਾ ਜਾਂਦਾ ਹੈ। ਕਬੀਰ ਸਾਹਿਬ ਆਖਦੇ ਹਨ ਕਿ ਪ੍ਰਭੂ ਦੇ ਗੁਣਾਂ ਨਾਲ ਮਨ ਨੂੰ ਲੱਦ ਦੇਈਏ, ਫਿਰ ਮਨ ਕਾਬੂ ਆ ਜਾਂਦਾ ਹੈ, ‘‘ਕਬੀਰ ! ਕਾਇਆ ਕਜਲੀ ਬਨੁ ਭਇਆ; ਮਨੁ ਕੁੰਚਰੁ ਮਯ ਮੰਤੁ ॥ ਅੰਕਸੁ ਗੵਾਨੁ ਰਤਨੁ ਹੈ; ਖੇਵਟੁ ਬਿਰਲਾ ਸੰਤੁ ॥੨੨੪॥’’ (ਭਗਤ ਕਬੀਰ/੧੩੭੬) ਭਾਵ ਅਗਰ ਮਨੁੱਖ ਪ੍ਰਭੂ ਦੇ ਗੁਣ ਨਾ ਗਾਵੇ। ਸਿਮਰਨ ਨਾ ਕਰੇ ਤਾਂ ਉਸ ਦਾ ਸਰੀਰ ਮਾਨੋ ਰਿਖੀਕੇਸ ਹਰਿਦੁਆਰ ਦੇ ਨਜ਼ਦੀਕ ਦਾ ਜੰਗਲ਼ (ਕਜਲੀ) ਬਣ ਜਾਂਦਾ ਹੈ। ਇਸ ਸਰੀਰ ਜੰਗਲ਼ ’ਚ ਮਨ ਹਾਥੀ ਬਣਿਆ ਫਿਰਦਾ ਹੈ। ਜੇ ਕਿਸੇ ਕੋਲ ਪ੍ਰਭੂ ਦੇ ਗੁਣਾਂ ਰੂਪ ਗਿਆਨ ਦਾ ਕੁੰਡਾ ਹੋਵੇ, ਉਹ ਮਨ ਹਾਥੀ ਨੂੰ, ਮਨ ਦੇ ਖੋਤੇ ਸੁਭਾਅ ਨੂੰ ਕਾਬੂ ਕਰ ਲੈਂਦਾ ਹੈ। ਮਨ ਨੂੰ ਗੁਣਾਂ ਦੇ ਗਿਆਨ-ਅੰਕਸ ਨਾਲ ਵੱਸ ’ਚ ਕਰ ਲੈਂਦਾ ਹੈ ਭਾਵ ਮਨ ਨੂੰ ਗੁਣਾਂ ਨਾਲ ਸੁਧਾਰ ਲੈਂਦਾ ਹੈ। ਗੁਣ ਗਾਉਂਦਿਆਂ ਗਾਉਂਦਿਆਂ ਪਰਮੇਸ਼ਰ ਦਾ ਅੰਤ ਤਾਂ ਨਹੀਂ ਪਾਇਆ ਜਾ ਸਕਦਾ, ਪਰ ਗੁਣਾਂ ਰਾਹੀਂ ਮਨ ਨੂੰ ਵੱਸ ’ਚ ਕਰ ਲਿਆ ਜਾਂਦਾ ਹੈ। ਮਨ ਮਰ ਗਿਆ ਭਾਵ ਮਨ ਔਗੁਣਾਂ ਵੱਲੋਂ ਮੁੜ ਪਿਆ।
‘‘ਕਬੀਰ ! ਏਕ ਮਰੰਤੇ ਦੁਇ ਮੂਏ..॥’’ ਭਾਵ ਜਦੋਂ ਇਕ ਮਨ ਮਰ ਗਿਆ ਤਾਂ ਇਸ ਨਾਲ ਇਕ ਹੋਰ ਔਗੁਣ ਮਰ ਜਾਂਦਾ ਹੈ ਯਾਨੀ ‘ਜਾਤ ਅਭਿਮਾਨ ਤੇ ਹੀਣਤਾ’ ਦੋਵੇਂ ਮਰ ਜਾਂਦੇ ਹਨ। ਇਹ ਦੂਸਰਾ ਹੈ ਕਿ ਮਨੁੱਖ ਉੱਚੀ ਜਾਤ ਦਾ ਹੰਕਾਰ ਨਹੀਂ ਕਰਦਾ ਅਤੇ ਨੀਵੀ ਜਾਤ ਕਰਕੇ ਕਿਸੇ ਨਾਲ਼ ਹੀਣ ਭਾਵਨਾ ਨਹੀਂ ਰੱਖਦਾ। ਇਸ ਸਬੰਧ ’ਚ ਸਲੋਕ ਹੈ, ‘‘ਕਬੀਰ ! ਜਾਤਿ ਜੁਲਾਹਾ ਕਿਆ ਕਰੈ ? ਹਿਰਦੈ ਬਸੇ ਗੁਪਾਲ ॥ ਕਬੀਰ ! ਰਮਈਆ ਕੰਠਿ ਮਿਲੁ; ਚੂਕਹਿ ਸਰਬ ਜੰਜਾਲ ॥੮੨॥’’ (ਭਗਤ ਕਬੀਰ/੧੩੬੮) ਸ਼੍ਰੀ ਕਬੀਰ ਸਾਹਿਬ ਜੀ ਤਥਾ ਕਥਿਤ ਨੀਵੀ ਜਾਤ ਦੇ ਮੰਨੇ ਜਾਂਦੇ ਸਨ। ਉੱਚੀ ਜਾਤ ਦੇ ਲੋਕ ਹੰਕਾਰ ’ਚ ਇਨ੍ਹਾਂ ਨੂੰ ਜੁਲਾਹਾ ਕਹਿੰਦੇ ਸਨ। ਨਫਰਤ ਵੀ ਕਰਦੇ ਸਨ। ਅੱਜ ਵੀ ਉੱਚੀ ਜਾਤ ਦਾ ਹੰਕਾਰ ਅਤੇ ਨੀਵੀਂ ਜਾਤ ਦੀ ਹੀਣਤਾ ਮੰਨੀ ਜਾਂਦੀ ਹੈ। ਪਹਿਲਾਂ ਸਭ ਤੇ ਜ਼ਿਆਦਾ ਉੱਚੀ ਜਾਤ ਦਾ ਹੰਕਾਰ ਬ੍ਰਾਹਮਣ ਕਰਦੇ ਸਨ, ਪਰ ਅੱਜ ਉਨ੍ਹਾਂ ਦੀ ਥਾਂ ਜੱਟਾਂ ਨੇ ਭੀ ਲੈ ਲਈ ਹੈ। ਮੈਨੂੰ ਖਿਮਾ ਕਰ ਦੇਣਾ ਬਹੁਤ ਜੱਟਾਂ ਨੇ ਹੰਕਾਰ ਪਾਲ ਲਿਆ ਹੈ। ਤੁਸੀਂ ਦੇਖੋਗੇ ਗੱਡੀਆਂ, ਕਾਰਾਂ ’ਤੇ ਲਿਖਿਆ ਹੁੰਦਾ ਹੈ ‘ਪੁੱਤ ਜੱਟਾਂ ਦੇ, ਪਸੰਦ ਜੱਟਾਂ ਦੀ, ਜਾਰੀ ਜੱਟਾਂ ਦੀ, ਜੱਟਾਂ ਦੇ ਕਾਕੇ ਨਾ ਕੋਈ ਫਿਕਰ ਨਾ ਫਾਕੇ, ਗੁਲਾਮੀ ਜੱਟ ਦੀ, ਗੰਡਾਸੀ ਜੱਟ ਦੀ’। ਇਹ ਸਭ ਕਿਸ ਗੱਲ ਦੀ ਪ੍ਰਦਰਸ਼ਨੀ ਹੈ। ਕੇਵਲ ਤੇ ਕੇਵਲ ਹੰਕਾਰ ਦੀ ਹੀ ਪ੍ਰਦਰਸ਼ਨੀ ਕਿਹਾ ਜਾ ਸਕਦਾ ਹੈ। ਦੂਸਰੇ ਪਾਸੇ ਨੀਵੀਂ ਜਾਤ ਦੀ ਹੀਣਤਾ ਵੀ ਬਹੁਤ ਮੰਨੀ ਜਾਂਦੀ ਹੈ। ਅਸੀਂ ਨੀਵੀ ਜਾਤ ਵਾਲਿਆਂ ਨੇ ਕੀ ਕਰਨਾ ਹੈ। ਉਹ ਐਵੇਂ ਹੱਥ ਜੋੜੀ ਜਾਣਗੇ। ਬਾਣੀਕਾਰਾਂ ਨੇ ਉੱਚੀ ਜਾਤ ਦਾ ਹੰਕਾਰ ਭੰਨਿਆ ਤੇ ਨੀਵੀ ਜਾਤ ਦੀ ਹੀਣ ਭਾਵਨਾ ਨੂੰ ਖ਼ਤਮ ਕੀਤਾ। ਫ਼ੁਰਮਾਨ ਹੈ, ‘‘ਫਰੀਦਾ ! ਮਨੁ ਮੈਦਾਨੁ ਕਰਿ; ਟੋਏ ਟਿਬੇ ਲਾਹਿ ॥ ਅਗੈ ਮੂਲਿ ਨ ਆਵਸੀ; ਦੋਜਕ ਸੰਦੀ ਭਾਹਿ ॥੭੪॥’’ (ਬਾਬਾ ਫਰੀਦ/੧੩੮੧) ਭਾਵ ਹੇ ਮਨੁੱਖ ! ਤੂੰ ਮਨ ਨੂੰ ਪੱਧਰਾ ਕਰ। ਟੋਏ ਟਿੱਬੇ ਖ਼ਤਮ ਕਰ। ਟੋਏ ਦਾ ਭਾਵ ਹੈ ‘ਨੀਵੀਂ ਜਾਤ ਵਾਲ਼ੀ ਹੀਣਤਾ ਲਾਹ’ ਅਤੇ ਟਿੱਬੇ ਉੱਚੀ ਜਾਤ ਦਾ ਹੰਕਾਰ ਲਾਹ। ਫਿਰ ਹੰਕਾਰ ਅਤੇ ਹੀਣ ਭਾਵਨਾ ਦੇ ਨਰਕ ਤੋਂ ਬਚ ਸਕੇਗਾ। ਸੋ ਕਬੀਰ ਸਾਹਿਬ ਆਖਦੇ ਹਨ ਕਿ ਅਸੀਂ ਪ੍ਰਭੂ ਦੇ ਗੁਣਾਂ ਨੂੰ ਜੀਵਨ ’ਚ ਵਸਾਇਆ ਹੈ। ਹੁਣ ਜੁਲਾਹਾ ਜਾਤ ਮਨ ਉੱਪਰ ਹੀਣ ਭਾਵਨਾ ਨਹੀਂ ਲਿਆ ਸਕਦੀ ਕਿਉਂਕਿ ਮੇਰੇ ਹਿਰਦੇ ’ਚ ਗੋਪਾਲ ਦੇ ਗੁਣ ਆ ਵਸੇ ਹਨ। ਜਦੋਂ ਪ੍ਰਭੂ ਜੀਵਨ ’ਚ ਵਸ ਗਿਆ। ਤਾਂ ਹੀਣ ਭਾਵਨਾ ਦੇ ਜੰਜਾਲ ਖ਼ਤਮ ਹੋ ਗਏ। ਇਹ ਹੀਣ ਭਾਵਨਾ ਖ਼ਤਮ ਹੋ ਗਈ ਹੈ ਕਿ ਉਹ ਜੱਟ ਹੈ, ਮੈਂ ਚਮਾਰ ਹੈ, ਉਹ ਬ੍ਰਾਹਮਣ ਹੈ, ਮੈਂ ਚੂੜਾ ਹਾਂ, ਇਹ ਸਭ ਜੰਜਾਲ ਖ਼ਤਮ ਹੋ ਗਏ। ਫ਼ੁਰਮਾਨ ਹੈ, ‘‘ਕਬੀਰ ! ਮੇਰੀ ਜਾਤਿ ਕਉ; ਸਭੁ ਕੋ ਹਸਨੇਹਾਰੁ ॥ ਬਲਿਹਾਰੀ ਇਸ ਜਾਤਿ ਕਉ; ਜਿਹ ਜਪਿਓ ਸਿਰਜਨਹਾਰੁ ॥’’ (ਭਗਤ ਕਬੀਰ/੧੩੬੪) ਭਾਵ ਸਾਡੀ ਨੀਵੀਂ ਜਾਤ ਜੁਲਾਹੇ ਨੂੰ ਸਭ ਮਖੌਲ ਕਰਦੇ ਹਨ। ਅਭਿਮਾਨੀ ਲੋਕ ਸਾਡੇ ’ਤੇ ਮਜਾਕ ਕਰਦੇ ਹਨ ਕਿ ਜੁਲਾਹਿਆਂ ਨੂੰ ਹਿਸਾਬ ਕਿਤਾਬ ਨਹੀਂ ਆਉਂਦਾ। ਕਹਾਣੀ ਪਾਉਂਦੇ ਹਨ ਕਿ ਇੱਕ ਨਦੀ ਤੋਂ 10 ਜੁਲਾਹਿਆਂ ਨੇ ਪਾਰ ਜਾਣਾ ਸੀ। ਪਾਰ ਲੰਘ ਗਏ, ਪਰ ਪਾਰ ਲੰਘ ਕੇ ਜਦੋਂ ਗਿਣਤੀ ਕੀਤੀ ਤਾਂ 9 ਰਹਿ ਗਏ। ਗਿਣਤੀ ਕਰਨ ਵਾਲਾ ਆਪਣੇ ਆਪ ਨੂੰ ਗਿਣੇ ਹੀ ਨਾ। ਰੋਣ ਲੱਗ ਪਏ। ਕਿਸੇ ਸਿਆਣੇ ਨੇ ਗਿਣਤੀ ਕਰਕੇ ਪੂਰੇ 10 ਕਰ ਦਿੱਤੇ। ਇਉਂ ਲੋਕ ਮਖੌਲ ਕਰਦੇ ਹਨ, ਪਰ ਸ਼੍ਰੀ ਕਬੀਰ ਜੀ ਆਖਦੇ ਹਨ ਕਿ ਮੈਂ ਇਸ ਤਥਾ ਕਥਿਤ ਨੀਵੀਂ ਜਾਤ ਤੋਂ ਬਲਿਹਾਰ ਹਾਂ ਕਿਉਂਕਿ ਇਸ ਜਾਤ ’ਚ ਜਨਮ ਲੈ ਕੇ ਸਿਰਜਨਹਾਰ ਦੇ ਗੁਣਾਂ ਨੂੰ ਗਾਵਿਆ ਹੈ। ਗੁਣ ਗਾ ਕੇ ਗੁਣਾਂ ’ਚ ਸਮਾਅ ਕੇ ਅੰਦਰੋਂ ਹੀਣ ਭਾਵਨਾ ਖ਼ਤਮ ਕਰ ਲਈ। ਫਿਰ ਇਹ ਗੱਲ; ਗੁਣਾਂ ਨੂੰ ਜਪ ਜਪ ਕੇ ਹੀ ਪਤਾ ਲੱਗਦੀ ਹੈ ਕਿ ਸਾਰੇ ਰੱਬ ਦੇ ਬੰਦੇ ਹਨ। ਫ਼ੁਰਮਾਨ ਹੈ, ‘‘ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ ਕੋ ਮੰਦੇ ॥’’ (ਭਗਤ ਕਬੀਰ/੧੩੪੯) ਭਾਵ ਸਾਰੇ ਬੰਦੇ, ਭਾਵੇਂ ਉਹ ਮਨੁੱਖ ਵੱਲੋਂ ਬਣਾਈ ਕਿਸੇ ਵੀ ਜਾਤ ਦੇ ਹੋਣ, ਉਹ, ਕਾਦਰ ਦੀ ਕੁਦਰਤ ’ਚ ਇੱਕ ਪ੍ਰਭੂ ਦੇ ਨੂਰ (ਹੁਕਮ) ਤੋਂ ਸਾਰਾ ਸੰਸਾਰ ਉਪਜਿਆ ਹੈ। ਜਾਤ ਦੇ ਆਧਾਰ ’ਤੇ ਕੋਈ ਚੰਗਾ ਮੰਦਾ ਨਹੀਂ ਹੁੰਦਾ। ਕਰਮ ਕਰਕੇ ਕੋਈ ਉੱਚਾ ਨੀਵਾਂ ਹੋ ਸਕਦਾ ਹੈ। ਫ਼ੁਰਮਾਨ ਹੈ, ‘‘ਖਸਮੁ ਵਿਸਾਰਹਿ ਤੇ ਕਮਜਾਤਿ ॥ ਨਾਨਕ ! ਨਾਵੈ ਬਾਝੁ ਸਨਾਤਿ ॥’’ (ਸੋ ਦਰੁ/ਮਹਲਾ ੧/੧੦) ਭਾਵ ਜੋ ਆਪਣੇ ਮਾਲਕ ਪਰਮੇਸ਼ਰ ਨੂੰ ਭੁਲਾ ਦਿੰਦੇ ਹਨ ਤੇ ਹੰਕਾਰ ਕਰਕੇ ਨਿਰੰਕਾਰ ਨਾਲੋਂ ਟੁੱਟ ਜਾਂਦੇ ਹਨ, ਉਹ ਕਮਜਾਤ ਯਾਨੀ ਅਸਲ ਨੀਵੀਂ ਜਾਤ ਦੇ ਹੁੰਦੇ ਹਨ। ਭਾਵੇਂ ਉਹ ਬ੍ਰਾਹਮਣ ਹੈਂ ਜਾਂ ਜੱਟ; ਨਾਮ ਗੁਣਾਂ ਤੋਂ ਬਿਨਾਂ ਬਹੁਤ ਹੀ ਨੀਚ ਜਾਤ ਦੇ ਹੁੰਦੇ ਹਨ। ਸੋ ਕਰਮ ਦੇ ਆਧਾਰ ’ਤੇ ਹਾ ਕੋਈ ਉੱਚਾ ਜਾਂ ਨੀਵਾਂ ਹੁੰਦਾ ਹੈ, ‘‘ਜਾਤਿ ਜਨਮੁ ਨਹ ਪੂਛੀਐ; ਸਚ ਘਰੁ ਲੇਹੁ ਬਤਾਇ ॥ ਸਾ ਜਾਤਿ, ਸਾ ਪਤਿ ਹੈ; ਜੇਹੇ ਕਰਮ ਕਮਾਇ ॥ ਜਨਮ ਮਰਨ ਦੁਖੁ ਕਾਟੀਐ; ਨਾਨਕ ! ਛੂਟਸਿ ਨਾਇ ॥੪॥’’ (ਮਹਲਾ ੧/੧੩੩੦) ਇੱਕ ਸਿੱਖ ਨੂੰ ਨਹੀਂ ਪੁੱਛਣਾ ਚਾਹੀਦਾ ਕਿ ਤੂੰ ਕਿਸ ਜਾਤ ’ਚੋਂ ਹੈਂ। ਇਹ ਪੁੱਛਣਾ ਚਾਹੀਦਾ ਹੈ ਕਿ ਸੱਚ ਦਾ ਘਰ, ਸੱਚ ਦੀ ਅਵਸਥਾ ਕਿਵੇਂ ਮਿਲਦੀ ਹੈ ? ਆਤਮਾ ਦਾ ਮਿਲਾਪ ਪਰਮਾਤਮਾ ਨਾਲ ਕਿਵੇਂ ਹੁੰਦਾ ਹੈ ? ਇਹ ਦੱਸਣਾ ਚਾਹੀਦਾ ਹੈ ਕਿ ਜਿਹੋ ਜਿਹੇ ਮਨੁੱਖ ਕਰਮ ਕਰਦਾ ਹੈ, ਵਿਚਾਰ ਰੱਖਦਾ ਹੈ, ਉਸ ਅਨੁਸਾਰ ਹੀ ਜਾਤ ਹੈ ਤੇ ਪਾਪ ਹੈ। ਸ਼ੂਦਰ ਅਤੇ ਬ੍ਰਾਹਮਣ; ਮਨ ਦੀਆਂ ਦੋ ਹਾਲਤਾਂ ਹਨ। ਜੀਵਨ ਅੰਦਰ ਮਾੜੇ ਵਿਚਾਰ ਹੋਣ ਤਾਂ ਮਾੜੇ ਕਰਮ ਕਰਦਾ ਹੋਵੇਗਾ। ਨੀਚ ਵਿਚਾਰਾਂ ਅਤੇ ਨੀਚ ਕਰਮਾਂ ਕਰਕੇ ਕੋਈ ਸ਼ੂਦਰ (ਨੀਚ) ਹੋ ਸਕਦਾ ਹੈ ਭਾਵੇਂ ਉਹ ਬ੍ਰਾਹਮਣ ਹੀ ਕਿਉਂ ਨਾ ਹੋਵੇ। ਜੇ ਵਿਚਾਰ ਅਤੇ ਕਰਮ ਬਹੁਤ ਉੱਤਮ ਹਨ, ਪਵਿੱਤਰ ਹਨ; ਫਿਰ ਉਹ ਉੱਚੀ ਜਾਤ ਦਾ ਹੈ ਭਾਵੇਂ ਜਨਮ ਨੀਵੀਂ ਜਾਤ ’ਚ ਹੋਇਆ ਹੋਵੇ। ਇਸ ਲਈ ‘‘ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ; ਸੋ ਬ੍ਰਾਹਮਣੁ ਹੋਈ ॥੧॥ (ਮਹਲਾ ੩/੧੧੨੭), ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ! ॥ ਇਸੁ ਗਰਬ ਤੇ ਚਲਹਿ; ਬਹੁਤੁ ਵਿਕਾਰਾ ॥੧॥ ਰਹਾਉ ॥’’ (ਮਹਲਾ ੩/੧੧੨੮) ਭਾਵ ਜੋ ਅਸਲ ਬ੍ਰਹਮ (ਪ੍ਰਭੂ) ਨਾਲ ਸਾਂਝ ਪਾਉਂਦਾ ਹੈ, ਅਸਲ ਮਾਅਨਿਆ ’ਚ ਉਹ ਬ੍ਰਾਹਮਣ ਹੈ। ਜਾਤ ਦੇ ਹੰਕਾਰ ਨਾਲ ਜ਼ਿੰਦਗੀ ਅੰਦਰ, ਕੌਮਾਂ ਅੰਦਰ ਵਿਗਾੜ ਪੈਂਦਾ ਹੈ। ਵੰਡੀਆਂ ਪੈਂਦੀਆਂ ਹਨ। ਗੁਸਤਾਖ਼ੀ ਮਾਫ਼ ਗੁਰਦੁਆਰਿਆਂ ’ਚ ਵੀ ਜਾਤ ਦਾ ਬੋਲਬਾਲਾ ਹੈ। ਇਹ ਰਵਿਦਾਸੀਆਂ ਦਾ, ਇਹ ਰਾਮਗੜੀਆਂ ਦਾ, ਇਹ ਭਾਪਿਆਂ ਦਾ, ਇਹ ਜੱਟਾਂ ਦਾ, ਇਹ ਜੁਲਾਹਿਆਂ ਦਾ, ਇਹ ਭਾਟੜਿਆਂ ਦਾ। ਗੁਰਦੁਆਰਿਆਂ ’ਚ ਵੀ ਜਾਤ ਆ ਗਈ। ਹੋਰ ਹੈਰਾਨ ਹੋਵੋਗੇ ਕਿ ਮਰਨ ਤੋਂ ਬਾਅਦ ਵੀ ਮਨੁੱਖ ਜਾਤ ਨਹੀਂ ਛੱਡਦਾ। ਇਹ ਚਮਾਰਾਂ ਦਾ ਸ਼ਮਸ਼ਾਨ ਘਾਟ ਹੈ। ਇਹ ਬਾਕੀ ਸਾਰਿਆਂ ਦਾ। ਸ਼੍ਰੀ ਰਵਿਦਾਸ ਜੀ ਮਹਾਰਾਜ ਆਖਦੇ ਹਨ ਕਿ ਅਸੀਂ ਗੁਣ ਗਾਉਂਦਿਆਂ ਗਾਉਂਦਿਆਂ ਨੀਚਪੁਣੇ ਤੋਂ, ਹੀਣ ਭਾਵਨਾ ਤੋਂ ਛੁਟਕਾਰਾ ਪਾ ਲਿਆ ਹੈ। ਫ਼ੁਰਮਾਨ ਹੈ, ‘‘ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ; ਸੁ ਮੀਤੁ ਹਮਾਰਾ ॥੩॥’’ (ਭਗਤ ਰਵਿਦਾਸ/੩੪੫) ਜੋ ਇਨਸਾਨ ਜਾਤ ਦਾ ਹੰਕਾਰ ਅਤੇ ਜਾਤ ਦੀ ਹੀਣ ਭਾਵਨਾ ਤੋਂ ਬਾਹਰ ਆ ਜਾਂਦਾ ਹੈ। ਉਹ ਸਾਡਾ ਜਮਾਤੀ ਹੈ ਕਿਉਂਕਿ ਕਬੀਰ ਸਾਹਿਬ ਆਖਦੇ ਹਨ, ‘‘ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥ ਕਹੁ ਰੇ ਪੰਡਿਤ ! ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥ ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ?॥੨॥ ਤੁਮ ਕਤ ਬ੍ਰਾਹਮਣ; ਹਮ ਕਤ ਸੂਦ ॥ ਹਮ ਕਤ ਲੋਹੂ; ਤੁਮ ਕਤ ਦੂਧ ॥੩॥ ਕਹੁ ਕਬੀਰ ! ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥੪॥’’ (ਭਗਤ ਕਬੀਰ/੩੨੪) ਭਾਵ ਜੇ ਤੂੰ ਵੱਡੀ ਜਾਤ ਦਾ ਮਾਣ ਰੱਖਦਾ ਹੈਂ ਤਾਂ ਜੰਮਣ ਦਾ ਢੰਗ ਤਾਂ ਵੱਖਰਾ ਨਾ ਹੋਇਆ। ਆਮ ਸੰਸਾਰ ਦੇ ਜਨਮ ਵਾਂਗ ਤੇਰਾ ਭੀ ਜਨਮ ਹੋਇਆ ਹੈ। ਫਿਰ ਸਰੀਰ ਅੰਦਰ ਲਹੂ ਵੀ ਇੱਕ ਸਮਾਨ ਲਾਲ ਹੈ। ਇਹ ਨਹੀਂ ਕਿ ਤੇਰੇ ਅੰਦਰ ਲਹੂ ਦੇ ਥਾਂ ਦੁੱਧ ਹੋਵੇ। ਦਰਅਸਲ ਜੋ ਬ੍ਰਹਮ (ਪ੍ਰਭੂ) ਨਾਲ ਸਾਂਝ ਪਾਉਂਦਾ ਹੈ, ਅਸਲ ’ਚ ਉਹ ਬ੍ਰਾਹਮਣ ਹੈ। ਸੋ ਮਨੁੱਖ ਅੰਦਰ ਜਾਤ ਦੇ ਆਧਾਰ ’ਤੇ ਵੰਡੀਆਂ ਪਾਉਣੀਆਂ, ਬਹੁਤ ਦੁਖਦਾਈ ਹਨ। ਦਸਮੇਸ਼ ਪਿਤਾ ਦਾ ਬਚਨ ਹੈ, ‘‘ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ ..॥੧੫॥ (ਅਕਾਲ ਉਸਤਤਿ) ਭਾਵ ਕਿ ਭਾਵੇਂ ਉਹ ਮਨੂ ਦੀਆਂ ਬਣਾਈਆਂ ਕਿਸੇ ਵੀ ਜਾਤ ’ਚ ਹੋਵੇ। ਜਾਤ ਪਾਤ ਦੀਆਂ ਫਹੁੜੀਆਂ ਲੈ ਕੇ ਨਹੀਂ ਚੱਲਣਾ ਚਾਹੀਦਾ। ਸ਼੍ਰੀ ਕਬੀਰ ਸਾਹਿਬ ਆਖਦੇ ਹਨ ਕਿ ਗੁਣ ਗਾਉਂਦਿਆਂ ਗਾਉਂਦਿਆਂ ਗੁਣਾਂ ਦਾ ਅੰਤ ਤਾਂ ਨਾ ਪਿਆ, ਪਰ ਅੰਦਰੋਂ ਹੀਣ ਭਾਵਨਾ ਖ਼ਤਮ ਹੋ ਗਈ ਹੈ। ਗੁਣ ਗਾਉਂਦਿਆਂ ਗਾਉਂਦਿਆਂ ਜਾਤ ਦਾ ਹੰਕਾਰ ਤੇ ਹੀਣ ਭਾਵਨਾ ਖ਼ਤਮ ਹੋ ਗਏ।
82ਵੇਂ ਸਲੋਕ ’ਚ ਇਸ ਦਾ ਜ਼ਿਕਰ ਹੈ ਕਿ ਜਦੋਂ ਪਰਮੇਸ਼ਰ ਦੇ ਗੁਣ ਗਾਉਂਦਿਆਂ ਗਾਉਂਦਿਆਂ ਮਨ ਅਤੇ ਜਾਤ ਦਾ ਅਭਿਮਾਨ (ਤੇ ਹੀਣ ਭਾਵਨਾ) ਮਰ ਜਾਂਦੀ ਹੈ ਤਾਂ ਦੋ ਹੋਰ ਔਗੁਣ ਮਰ ਜਾਂਦੇ ਹਨ। ਉਨ੍ਹਾਂ ’ਚੋਂ ਇੱਕ ਹੈ ‘ਦੇਹ-ਅਧਿਆਸ’। ਗੁਣ ਗਾਉਂਦਿਆਂ-ਗਾਉਂਦਿਆਂ ਮਨੁੱਖ ਦੇ ਅੰਦਰੋਂ ਦੇਹ-ਅਧਿਆਸ ਤੇ ਸਰੀਰਕ ਮੋਹ ਮਰ ਜਾਂਦਾ ਹੈ। ਜਿਸ ਨੂੰ ਗਿਆਨ ਹੋ ਜਾਂਦਾ ਹੈ ਕਿ ਇਹ ਸਰੀਰ ਨਿਤ ਨਵਾਂ ਨਿਰੋਆ ਨਹੀਂ ਰਹਿਣਾ। ਪਿਛਲੀ ਯਾਤਰਾ ਕਰਕੇ ਬਚਪਨ ਤੋਂ ਜਵਾਨੀ, ਫਿਰ ਜਵਾਨੀ ਤੋਂ ਬੁਢੇਪਾ, ਫਿਰ ਬੁਢੇਪੇ ਤੋਂ ਮੌਤ ਦੀ ਦਹਿਲੀਜ਼ ’ਤੇ ਪਹੁੰਚਣਾ ਹੈ। ਇਸ ਸਰੀਰ ਵਿੱਚੋਂ ਇੱਕ ਦਿਨ ਸਤਿਆ ਖ਼ਤਮ ਹੋ ਜਾਂਦੀ ਹੈ। ਇਹ ਗਿਆਨ; ਪਰਮੇਸ਼ਰ ਦੇ ਗੁਣ ਗਾਉਂਦਿਆਂ ਗਾਉਂਦਿਆਂ ਹੁੰਦਾ, ਇਸ ਦਾ ਜ਼ਿਕਰ ਸਲੋਕ 83, 84 ਤੇ 85 ’ਚ ਕੀਤਾ ਹੈ। ਇੱਕ ਇੱਕ ਸਲੋਕ ਦੀ ਗਹਿਰਾਈ ਨੂੰ ਸਮਝਣਾ ਹੈ। ਫ਼ੁਰਮਾਨ ਹੈ, ‘‘ਕਬੀਰ ! ਐਸਾ ਕੋ ਨਹੀ; ਮੰਦਰੁ ਦੇਇ ਜਰਾਇ ॥ ਪਾਂਚਉ ਲਰਿਕੇ ਮਾਰਿ ਕੈ; ਰਹੈ ਰਾਮ ਲਿਉ ਲਾਇ ॥੮੩॥’’ (ਭਗਤ ਕਬੀਰ/੧੩੬੮) ਭਾਵ ਐਸਾ ਕੋਈ ਵਿਰਲਾ ਹੀ ਪੁਰਸ਼ ਹੁੰਦਾ ਹੈ, ਜੋ ਗੁਣਾਂ ਨਾਲ ਸਾਂਝ ਪਾ ਕੇ ਸਰੀਰ-ਮੰਦਰ ਨੂੰ ਸਾੜ ਦੇਵੇ ਭਾਵ ਸਰੀਰ ਦੇ ਮੋਹ ਨੂੰ ਛੱਡ ਦੇਵੇ। ਜੋ ਸਰੀਰ-ਘਰ ਦੇ ਅੰਦਰ ਪੰਜ ਪ੍ਰਮੁੱਖ ਲੜਾਕੇ ਵਿਕਾਰ ਹਨ, ਉਨ੍ਹਾਂ ਨੂੰ ਸਾੜ ਕੇ ਭਾਵ ਸੁਧਾਰ ਕੇ ਪਰਮੇਸ਼ਰ ਨਾਲ ਸੁਰਤ ਜੋੜ ਲਵੇ, ਕੋਈ ਵਿਰਲਾ ਹੀ ਹੁੰਦਾ ਹੈ। ਅਗਾਂਹ 84ਵੇਂ ਸਲੋਕ ਅੰਦਰ ਜ਼ਿਕਰ ਕੀਤਾ ਹੈ, ‘‘ਕਬੀਰ ! ਐਸਾ ਕੋ ਨਹੀ; ਇਹੁ ਤਨੁ ਦੇਵੈ ਫੂਕਿ ॥ ਅੰਧਾ ਲੋਗੁ ਨ ਜਾਨਈ; ਰਹਿਓ ਕਬੀਰਾ ਕੂਕਿ ॥੮੪॥’’ (ਭਗਤ ਕਬੀਰ/੧੩੬੮), ‘‘ਗੁਣ ਮਹਿ ਗੁਣੀ ਸਮਾਇਆ’’ ਅਨੁਸਾਰ ਕੋਈ ਵਿਰਲਾ ਹੀ ਪੁਰਸ਼ ਹੁੰਦਾ ਹੈ, ਜੋ ਇਸ ਤਨ ਨੂੰ ਫੂਕ, ਸਾੜ ਦੇਵੇ ਭਾਵ ਸਰੀਰ ਦਾ ਮੋਹ ਛੱਡ ਦੇਵੇ। ਮੁਆਫ਼ ਕਰਨਾ ਅੱਜ ਸਾਨੂੰ ਸਰੀਰ ਦਾ ਬਹੁਤ ਮੋਹ ਹੈ। ਮਨੁੱਖ ਬੁੱਢਾ ਹੋਣਾ ਪ੍ਰਵਾਨ ਹੀ ਨਹੀਂ ਕਰਦਾ। ਜੇਕਰ ਬੁਢੇਪਾ ਆ ਜਾਂਦਾ ਹੈ ਤਾਂ ਉਸ ਦੀਆਂ ਨਿਸ਼ਾਨੀਆਂ ਮਿਟਾਉਣ ਲੱਗ ਜਾਂਦਾ ਹੈ ਤਾਂ ਕਿ ਮੇਰਾ ਪਤਾ ਨਾ ਲੱਗੇ ਕਿ ਮੈ ਬੁੱਢਾ ਹਾਂ। ਇਹ ਬਿਊਟੀ ਪਾਰਲਰ ਇਨ੍ਹਾਂ ਦੀ ਹੀ ਦੇਣ ਹਨ। ਮੇਰਾ ਪਤਾ ਨਾ ਲੱਗੇ ਕਿ ਮੇਰੀ ਉਮਰ ਵਡੇਰੀ ਹੋ ਗਈ ਹੈ। ਫਿਰ ਪਲਾਸਟਿਕ ਸਰਜਰੀ ਭੀ ਇਸੇ ਲੜੀ ਦੀ ਕੜੀ ਹੈ, ਪਰ ਬੁਢੇਪੇ ਦੀਆਂ ਨਿਸ਼ਾਨੀਆਂ ਨੂੰ ਜਿੰਨਾ ਮਰਜ਼ੀ ਹਟਾਇਆ ਜਾਏ, ਬੁਢੇਪੇ ਨੇ ਤਾਂ ਪ੍ਰਗਟ ਹੋ ਹੀ ਜਾਣਾ ਹੈ। ਫ਼ੁਰਮਾਨ ਹੈ, ‘‘ਜੇ ਜਰਵਾਣਾ ਪਰਹਰੈ; ਜਰੁ ਵੇਸ ਕਰੇਦੀ ਆਈਐ ॥ ਕੋ ਰਹੈ ਨ; ਭਰੀਐ ਪਾਈਐ ॥੫॥’’ (ਮਹਲਾ ੧/੪੬੫) ਭਾਵ ਜੇ ਕੋਈ ਬਲ ਵਾਲ਼ਾ ਬੁਢੇਪੇ ਨੂੰ ਪਰ੍ਹਾਂ ਸੁੱਟਣਾ ਚਾਹੇ। ਚਾਹੇ ਕਾਸਮੈਟਿਕ ਰਾਹੀਂ ਜਾਂ ਮੈਡੀਸ਼ਨ ਰਾਹੀਂ ਜਾਂ ਪਲਾਸਟਿਕ ਸਰਜਰੀ ਰਾਹੀਂ ਜਾਂ ਕਿਸੇ ਹੋਰ ਢੰਗ ਨਾਲ਼ ਫਿਰ ਭੀ ਬੁਢੇਪਾ ਕਿਸੇ ਨਾ ਕਿਸੇ ਰੂਪ ’ਚ ਪ੍ਰਗਟ ਹੋ ਹੀ ਜਾਂਦਾ ਹੈ। ਇਸ ਦਾ ਗਿਆਨ ‘‘ਗੁਣ ਮਹਿ ਗੁਣੀ ਸਮਾਇਆ’’ ਅਨੁਸਾਰ ਹੁੰਦਾ ਹੈ। ਜਦੋਂ ਐਸਾ ਗਿਆਨ ਹੁੰਦਾ ਹੈ ਤਾਂ ਫਿਰ ਅਕਾਲੀ ਫੂਲਾ ਸਿੰਘ ਵਾਙ ਕੋਈ ਕਹਿੰਦਾ ਹੈ, ‘ਜਾਹ ਕਹਿ ਦੇਹ ਮੂਰਖ ਢਗੇ ਨੂੰ, ਕਿਉਂ ਕਾਲਾ ਕਰਨੈ ਬਗੇ ਨੂੰ। ਜੇ ਆਖ਼ਿਰ ਨੂੰ ਤੈਂ ਮਰਨਾ ਹੈਂ, ਤਾਂ ਮੂੰਹ ਕਾਲਾ ਕਿਉਂ ਕਰਨਾ ਹੈ ?’ (ਅਦੀਬ), ਪਰ ਮਨੁੱਖ ਕਿਉਂ ਐਸਾ ਕਰਦਾ ਹੈ। ਬੁਢੇਪੇ ਦੀਆਂ ਨਿਸ਼ਾਨੀਆਂ ਨੂੰ ਕਿਉਂ ਪ੍ਰਵਾਨ ਨਹੀਂ ਕਰਦਾ। ਬਹੁਤ ਇਮਾਨਦਾਰੀ ਨਾਲ ਤੇ ਗਹਿਰਾਈ ਨਾਲ ਸਰਵਣ ਕਰਨਾ।
ਇਸਲਾਮ ਮੱਤ ਅੰਦਰ ਇੱਕ ਮਰਦ ਨੂੰ ਘੱਟੋ ਘੱਟ ਚਾਰ ਚਾਰ ਨਿਕਾਹ ਕਰਵਾਉਣ ਦੀ ਸ਼ਰਾਅ ਹੈ। ਕਾਰਨ ਅੰਦਰ ਕਾਮ ਬਹੁਤ ਪ੍ਰਬਲ ਹੈ। ਕਾਮ ਪੂਰਤੀ ਲਈ ਚਾਰ ਚਾਰ ਔਰਤਾਂ। ਫਿਰ ਨਿਕਾਹ ਕਰਾਉਂਦਾ ਕਰਾਉਂਦਾ ਬੁੱਢਾ ਹੋ ਜਾਂਦਾ ਹੈ, ਪਰ ਫਿਰ ਵੀ ਔਰਤਾਂ ਦੀ ਨਿਗਹਾ ਵਿੱਚ ਜਵਾਨ ਰਹਿਣ ਲਈ ਕੇਸ ਅਤੇ ਦਾੜੀ ਮੁੱਛਾਂ ਰੰਗਦਾ ਹੈ। ਇਸਲਾਮਕ ਦੇਸ਼ਾਂ ਵਿੱਚ ਸ਼ਰਾਅ ਕਾਨੂੰਨ ਹੈ। ਇੱਕ ਬੁੱਢਾ ਵੀ ਪੈਸੇ ਦੇ ਜ਼ੋਰ ਨਾਲ ਜਵਾਨ ਲੜਕੀ ਨਾਲ ਨਿਕਾਹ ਕਰ ਸਕਦਾ ਹੈ। ਬੁੱਢੇ ਸ਼ੇਖ ਜਵਾਨ ਲੜਕੀਆਂ ਨਾਲ ਪੈਸੇ ਦੇ ਜ਼ੋਰ ਨਾਲ ਨਿਕਾਹ ਕਰਾਉਂਦੇ ਹਨ, ਪਰ ਵਿਕਾਰ ਕਰਨ ਲਈ ਤਾਂ ਜਵਾਨੀ ਚਾਹੀਦੀ ਹੈ। ਬੁਢੇ ਨਹੀਂ ਵਿਕਾਰ ਕਮਾਅ ਸਕਦੇ। ਫਿਰ ਵਿਕਾਰ ਕਮਾਉਣ ਲਈ ਉਹ ਜਵਾਨ ਬਣਨ ਦੀ ਕੋਸ਼ਸ਼ ਕਰਦੇ ਹਨ। ਵਾਲਾਂ ਨੂੰ ਰੰਗਦੇ ਹਨ। ਇੱਕ ਇਸਲਾਮਿਕ ਕਵੀ; ਆਪਣੇ ਬੁੱਢੇ ਮਿੱਤਰ ਨੂੰ ਵਾਲ ਰੰਗਦੇ ਨੂੰ ਦੇਖ ਕੇ ਕਹਿੰਦਾ ਹੈ, ‘ਹਬੀਬਾ ! ਅਭੀ ਕੁਛ ਖ਼ਾਹਸ਼ ਹੈ, ਲਜਤੇ ਗੁਨਾਹ ਕੀ, ਜੋ ਸ਼ੇਖ ਨੇ ਇਸ ਉਮਰ ਮੇ ਦਾੜੀ ਸਿਆਹ ਕੀ’। (ਅਦੀਬ) ਭਾਵ ਮੇਰੇ ਬੀਬਾ ਦੋਸਤ ! ਹਾਲੇ ਵੀ ਵਿਕਾਰ ਕਮਾਉਣ ਦੀ ਇੱਛਾ ਖ਼ਤਮ ਨਹੀਂ ਹੋਈ। ਹਾਲੇ ਵੀ ਲੱਜਤੇ ਬੇ-ਸ਼ਰਮ ਹੋ ਕੇ ਗੁਨਾਹ ਕਰਨ ਲਈ ਸੋਚ ਰਿਹਾ ਹੈਂ। ਜੋ ਮੇਰਾ ਮਿੱਤਰ ਸ਼ੇਖ ਇਸ ਉਮਰ ਵਿੱਚ ਵੀ ਵਾਲ ਕਾਲ਼ੇ ਕਰ ਰਿਹਾ ਹੈ। ਇਹ ਵੀ ਸਰਵਣ ਕਰਨਾ ਕਿ ਕਾਲ਼ੇ ਵਾਲ ਅਗਿਆਨਤਾ ਦਾ ਚਿੰਨ੍ਹ ਹੈ। ਚਿੱਟੇ ਵਾਲ ਗਿਆਨ ਦੀ ਨਿਸ਼ਾਨੀ ਹੈ, ਪਰ ਪਤਾ ਨਹੀਂ ਮਨੁੱਖ ਕਿਉਂ ਨਹੀਂ ਚਿੱਟੇ ਪ੍ਰਵਾਨ ਕਰਦਾ। ਕਿਉਂ ਕਾਲੇ ਵਿੱਚ ਹੀ ਰਹਿਣਾ ਪਸੰਦ ਕਰਦਾ ਹੈ। ਸ਼੍ਰੀ ਕਬੀਰ ਜੀ ਆਖਦੇ ਹਨ, ਜੋ ਗੁਣ ਗਾਉਂਦਿਆਂ ਗਾਉਂਦਿਆਂ ਸਰੀਰਕ ਮੋਹ ਨੂੰ ਤਿਆਗਦਾ ਹੈ, ਉਹ ਮੌਤ ਅਤੇ ਬੁਢੇਪੇ ਤੋਂ ਬੇਪਰਵਾਹ ਹੁੰਦਾ ਹੈ। ਇਸ ਦਾ ਜ਼ਿਕਰ ਕਬੀਰ ਸਾਹਿਬ 85ਵੇਂ ਸਲੋਕ ਅੰਦਰ ਕਰਦੇ ਹਨ, ‘‘ਕਬੀਰ ! ਸਤੀ ਪੁਕਾਰੈ ਚਿਹ ਚੜੀ; ਸੁਨੁ ਹੋ ਬੀਰ ਮਸਾਨ ॥ ਲੋਗੁ ਸਬਾਇਆ ਚਲਿ ਗਇਓ; ਹਮ ਤੁਮ ਕਾਮੁ ਨਿਦਾਨ ॥੮੫॥’’ (ਭਗਤ ਕਬੀਰ/੧੩੬੮) ਭਾਵ ਸਤੀ ਹੋਣ ਵਾਲੀ ਔਰਤ ਦੀ ਉਦਾਹਰਨ ਦਿੰਦੇ ਹਨ। ਸਤੀ ਪ੍ਰਥਾ ਗੁਰਮਤਿ ਅੰਦਰ ਅਤੇ ਕਨੂੰਨ ਦੀ ਨਜ਼ਰ ਵਿੱਚ ਪ੍ਰਵਾਨ ਨਹੀਂ ਹੈ। ਇਹ ਪੁਰਾਤਨ ਪ੍ਰਥਾ ਸੀ, ਜਦੋਂ ਕਿਸੇ ਔਰਤ ਦਾ ਪਤੀ ਕਾਲ ਵੱਸ ਹੋ ਜਾਂਦਾ ਸੀ ਤਾਂ ਔਰਤ ਨੂੰ ਉਸ ਨਾਲ ਸਾੜ ਕੇ ਮਰਨਾ ਪੈਂਦਾ ਸੀ। ਸੜ ਕੇ ਮਰਨ ਨੂੰ ਸਤੀ ਕਿਹਾ ਜਾਂਦਾ ਹੈ। ਔਰਤ ਨਾਂ ਵੀ ਸਤੀ ਹੋਣਾ ਚਾਹੇ ਤਾਂ ਵੀ ਪੁਜਾਰੀ ਜ਼ਬਰਦਸਤੀ ਉਸ ਨੂੰ ਚਿਖਾ ਵਿੱਚ ਸੁੱਟ ਦਿੰਦੇ ਸਨ। ਖਿਆਲ ਦਿੱਤਾ ਜਾਂਦਾ ਸੀ ਕਿ ਪਤੀ ਨਾਲ ਚਿਖਾ ’ਤੇ ਇਸ ਦੇ ਸੜਨ ਨਾਲ ਦੂਸਰੀ ਦੁਨੀਆ ਵਿੱਚ ਪਤੀ ਦਾ ਮਿਲਾਪ ਹੋ ਜਾਂਦਾ ਹੈ। ਇਸ ਲਈ ਪਤਨੀ ਨੂੰ ਸਤੀ ਹੋਣਾ ਪੈਂਦਾ ਸੀ, ਪਰ ਪਤੀ ਕਦੇ ਨਹੀਂ ਸੀ ਸਤੀ ਹੁੰਦਾ। ਸ਼੍ਰੀ ਗੁਰੂ ਅਮਰਦਾਸ ਜੀ ਨੇ ਇਸ ਪ੍ਰਥਾ ਦਾ ਡਟਵਾਂ ਵਿਰੋਧ ਕੀਤਾ ਸੀ। ਫ਼ੁਰਮਾਨ ਹੈ, ‘‘ਸਤੀਆ ਏਹਿ ਨ ਆਖੀਅਨਿ; ਜੋ ਮੜਿਆ ਲਗਿ ਜਲੰਨਿ੍ ॥ ਨਾਨਕ ! ਸਤੀਆ ਜਾਣੀਅਨਿ੍; ਜਿ ਬਿਰਹੇ ਚੋਟ ਮਰੰਨਿ੍ ॥੧॥ (ਮਹਲਾ ੩/੭੮੭), ਭੀ ਸੋ ਸਤੀਆ ਜਾਣੀਅਨਿ; ਸੀਲ ਸੰਤੋਖਿ ਰਹੰਨਿ੍ ॥ ਸੇਵਨਿ ਸਾਈ ਆਪਣਾ; ਨਿਤ ਉਠਿ ਸੰਮ੍ਹਾਲੰਨਿ੍ ॥੨॥’’ (ਮਹਲਾ ੩/੭੮੭) ਭਾਵ ਸਤੀਆਂ ਉਹ ਨਹੀਂ, ਜੋ ਪਤੀ ਨਾਲ ਅੱਗ ਵਿੱਚ ਸੜ ਜਾਂਦੀਆਂ ਹਨ। ਅਸਲ ’ਚ ਸੱਤਵਾਦੀ ਉਹ ਹਨ, ਜੋ ਆਪਣੇ ਪ੍ਰਭੂ ਮਾਲਕ ਦੇ ਪਿਆਰ ’ਚ ਭਿੱਜ ਕੇ ਵਿਕਾਰਾਂ ਤੋਂ ਅਛੋਹ ਹੋ ਜਾਣ। ਉਹ ਵੀ ਸਤੀਆਂ ਹਨ, ਜੋ ਸੀਲ ਸੰਜਮ ’ਚ, ਸਬਰ ਸੰਤੋਖ ’ਚ ਰਹਿਣ। ਆਪਣੇ ਸਾਈਂ ਮਾਲਕ ਨੂੰ ਹਮੇਸ਼ਾ ਯਾਦ ਰੱਖਣ। ਸ਼੍ਰੀ ਗੁਰੂ ਅਮਰਦਾਸ ਜੀ ਨੇ ਸਤੀ ਰਸਮ ਦਾ ਡੱਟ ਕੇ ਵਿਰੋਧ ਕੀਤਾ ਸੀ।
ਸਤੀ ਪ੍ਰਥਾ ਵਿਰੁੱਧ ਭਗਤ ਕਬੀਰ ਜੀ ਨੇ ਭੀ ਆਪਣੀ ਬਾਣੀ ਰਾਹੀਂ ਆਵਾਜ਼ ਬੁਲੰਦ ਕੀਤੀ ਹੈ, ‘‘ਬਿਨੁ ਸਤ; ਸਤੀ ਹੋਇ ਕੈਸੇ ਨਾਰਿ ? ॥ ਪੰਡਿਤ ! ਦੇਖਹੁ ਰਿਦੈ ਬੀਚਾਰਿ ॥ (ਭਗਤ ਕਬੀਰ/੩੨੮) ਭਾਵ ਹੇ ਪੰਡਿਤ ! ਮਨ ’ਚ ਵਿਚਾਰ ਕੇ ਵੇਖ ਕਿ ਸੱਚੇ ਧਰਮ ਦੀ ਕਮਾਈ ਕਰਨ ਤੋਂ ਬਿਨਾਂ ਕੋਈ (ਚਿਖ਼ਾ ’ਤੇ ਬੈਠ ਕੇ ਸੜਨ ਨਾਲ਼) ਸਤੀ ਕਿਵੇਂ ਅਖਵਾ ਸਕਦੀ ਹੈ ?
ਭਗਤ ਕਬੀਰ ਜੀ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ ਔਰਤ ਨੂੰ ਮਰਦ ਦੇ ਬਰਾਬਰ ਖੜ੍ਹਾ ਕਰਨ ਵਾਸਤੇ ਕਈ ਸੁਧਾਰ ਕੀਤੇ ਸਨ। ਇਨ੍ਹਾਂ ’ਚ ਸਤੀ ਰਸਮ ਅਤੇ ਘੁੰਡ ਕੱਢਣਾ ਨੂੰ ਖ਼ਤਮ ਕਰਨਾ ਭੀ ਸੀ। ਸਤੀ ਜ਼ਾਲਮਾਨਾ ਰਸਮ ਹਿੰਦੂਆਂ ’ਚ ਬੜੀ ਅਹਿਮ ਥਾਂ ਰੱਖਦੀ ਸੀ। ਗੁਰੂ ਸਾਹਿਬ ਨੇ ਹੁਕਮ ਜਾਰੀ ਕੀਤਾ ਕਿ ਆਪਣੇ ਮਰਦ ਦੇ ਮਰਨ ਮਗਰੋਂ ਔਰਤ ਆਪਣੇ ਆਪ ਨੂੰ ਮਰਦ ਦੀ ਚਿਖ਼ਾ ’ਤੇ ਨਹੀਂ ਸੜੇਗੀ। ਉਹ ਚਾਹੇ ਤਾਂ ਨਵਾਂ ਵਿਆਹ ਕਰ ਕੇ ਜ਼ਿੰਦਗੀ ਨੂੰ ਚੰਗੇ ਲੇਖੇ ਲਾ ਸਕਦੀ ਹੈ। ਆਪ ਨੇ ਔਰਤਾਂ ਅੰਦਰ ਇਹ ਅਹਿਸਾਸ ਭਰਿਆ ਕਿ ਉਹ ਸਿਰਫ਼ ਮਰਦ ਦੀ ਵਰਤੋਂ ਦੀਆਂ ਚੀਜ਼ਾਂ ਨਹੀਂ ਹਨ ਬਲਕਿ ਆਪਣੇ ਆਪ ’ਚ ਇਕ ਨਿਵੇਕਲੀ ਥਾਂ ਰੱਖਦੀਆਂ ਹਨ। ਐਸਾ ਜਾਪਦਾ ਹੈ ਕਿ ਸਿੱਖਾਂ ’ਚ ਸਤੀ ਦੀ ਰਸਮ ਬੰਦ ਹੋਣ ਮਗਰੋਂ ਅਕਬਰ ਨੇ ਭੀ ਹਿੰਦੂ ਔਰਤਾਂ ’ਤੇ ਪਾਬੰਦੀ ਲਾ ਦਿੱਤੀ ਸੀ ਕਿ ਉਹ ਵੀ ਸਤੀ ਨਹੀਂ ਹੋ ਸਕਣਗੀਆਂ। ਦੂਜੇ ਲਫ਼ਜ਼ਾਂ ’ਚ ਕਹਿ ਸਕਦੇ ਹਾਂ ਕਿ ਜਦ ਗੁਰੂ ਸਾਹਿਬ ਨੂੰ ਮਿਲਣ ਲਈ ਅਕਬਰ ਗੋਇੰਦਵਾਲ ਸਾਹਿਬ ਆਇਆ ਤਾਂ ਇਸ ਮਗਰੋਂ ਅਕਬਰ ’ਤੇ ਭੀ ਗੁਰੂ ਸਾਹਿਬ ਦੇ ਸਤੀ ਪ੍ਰਥਾ ਵਿਰੁੱਧ ਹੁਕਮਾਂ ਦਾ ਅਸਰ ਹੋਇਆ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਇਹ ਰਸਮ ਬੰਦ ਕਰਨ ਲਈ ਸਖ਼ਤ ਕਾਨੂੰਨ ਬਣਾਉਣ ਲਈ ਭੀ ਕਿਹਾ ਸੀ।
ਬਾਅਦ ’ਚ ਬ੍ਰਹਮ ਸਮਾਜ ਦੇ ਬਾਨੀ ਬੰਗਾਲੀ ਰਾਜਾ ਰਾਮ ਮੋਹਨ ਰਾਇ ਨੇ ਭੀ ਤਕਰੀਬਨ 1828 ਈਸਵੀ ’ਚ ਸਤੀ ਰਸਮ ਵਿਰੁੱਧ ਆਵਾਜ਼ ਉਠਾਈ। 7 ਦਸੰਬਰ 1829 ਈਸਵੀ ਨੂੰ ਲਾਰਡ ਵਿਲੀਅਮ ਬੈਂਟਿਕ ਨੇ ਇਸ ਸਤੀ ਰਸਮ ਵਿਰੁੱਧ ਕਾਨੂੰਨ ਪਾਸ ਕਰ ਦਿੱਤਾ ਸੀ। ਪੰਜਾਬ ਅਤੇ ਰਾਜਪੂਤਾਨੇ ’ਚ ਇਹ ਕਾਨੂੰਨ 1842 ਈਸਵੀ ਨੂੰ ਲਾਗੂ ਹੋਇਆ ਸੀ।
ਸੋ ਕਬੀਰ ਸਾਹਿਬ ਨੇ ਪੁਰਾਤਨ ਪ੍ਰਥਾ ਦੀ ਉਦਾਹਰਨ ਦੇ ਕੇ ਸਰੀਰਕ ਮੋਹ ਤੋਂ ਉੱਪਰ ਉੱਠਣ ਲਈ ਕਿਹਾ ਹੈ। ਜਦੋਂ ਸਤੀ ਹੋਣ ਵਾਲੀ ਔਰਤ ਸਿਦਕ ਤੇ ਭਾਵਨਾ ਨਾਲ ਚਿਖ਼ਾ ਉੱਪਰ ਬੈਠਦੀ ਹੈ ਤਾਂ ਮਨ ਹੀ ਮਨ ’ਚ ਚਿਖ਼ਾ ਦੀ ਅੱਗ ਨੂੰ ‘ਬੀਰ ਮਸਾਨ’ ਕਹਿ ਕੇ ਪੁਕਾਰਦੀ ਹੈ ਤੇ ਕਹਿੰਦੀ ਹੈ ਹੇ ਅਗਨ ਬੀਰ ! ਸਾਰੇ ਤਾਂ ਇੱਥੋਂ (ਸ਼ਮਸ਼ਾਨ ਵਿੱਚੋਂ) ਚਲੇ ਗਏ, ਹੁਣ ਤੇਰਾ ਅਤੇ ਮੇਰਾ ਹੀ ਸਾਥ ਰਹਿ ਜਾਣਾ ਹੈ। ਮੇਰਾ ਵਾਸਤਾ ਸਿਰਫ਼ ਤੇਰੇ ਨਾਲ ਹੀ ਰਹਿ ਜਾਵੇਗਾ, ‘‘ਕਬੀਰ ! ਸਤੀ ਪੁਕਾਰੈ ਚਿਹ ਚੜੀ; ਸੁਨੁ ਹੋ ਬੀਰ ਮਸਾਨ ॥ ਲੋਗੁ ਸਬਾਇਆ ਚਲਿ ਗਇਓ; ਹਮ ਤੁਮ ਕਾਮੁ ਨਿਦਾਨ ॥੮੫॥’’ (ਭਗਤ ਕਬੀਰ/੧੩੬੮)
ਸਤੀ ਹੋਣ ਵਾਲੀ ਔਰਤ ਸਰੀਰ ਦਾ ਮੋਹ ਤਿਆਗ ਕੇ ਹੀ ਚਿਖ਼ਾ ’ਤੇ ਬੈਠਦੀ ਹੈ। ਫਿਰ ਖ਼ਿਆਲਾਂ ਅਨੁਸਾਰ ਸਤੀ ਹੋ ਕੇ ਪਤੀ ਦਾ ਮਿਲਾਪ ਕਰਦੀ ਹੈ। ਕਬੀਰ ਸਾਹਿਬ ਉਦਾਹਰਨ ਦੇ ਕੇ ਸਮਝਾਉਂਦੇ ਹਨ ਕਿ ਬ੍ਰਹਮ ਅਗਨ (ਬ੍ਰਹਮ ਗਿਆਨ) ਨਾਲ ਹੀ ਸਰੀਰ ਦਾ ਮੋਹ ਸੜਦਾ ਹੈ, ਖ਼ਤਮ ਹੁੰਦਾ ਹੈ। ਗੁਣ ਗਾਉਂਦਿਆਂ ਗਾਉਂਦਿਆਂ ਸਰੀਰ ਦਾ ਮੋਹ ਮੁੱਕ ਜਾਂਦਾ ਹੈ। ਜੋ ਪਰਮੇਸ਼ਰ ਸਰੀਰ ਅੰਦਰ ਤਬਦੀਲੀ ਕਰਦਾ ਹੈ, ਮਨੁੱਖ ਉਸ ਨੂੰ ਸਤਿ ਕਰਕੇ ਪ੍ਰਵਾਨ ਕਰ ਲੈਂਦਾ ਹੈ। ਸੋ ਗੁਣ ਗਾਉਂਦਿਆਂ ਗਾਉਂਦਿਆਂ ਪਰਮੇਸ਼ਰ ਅਤੇ ਪਰਮੇਸ਼ਰ ਦੇ ਗੁਣਾਂ ਦਾ ਅੰਤ ਤਾਂ ਨਹੀਂ ਪੈਂਦਾ, ਪਰ ਸਰੀਰ ਦਾ ਮੋਹ ਖ਼ਤਮ ਹੋ ਜਾਂਦਾ ਹੈ। ਜਦੋਂ ਇਹ ਤੀਸਰਾ ਔਗੁਣ (ਸਰੀਰਕ ਮੋਹ) ਖ਼ਤਮ ਹੁੰਦਾ ਹੈ ਤਾਂ ਚੌਥਾ ਇੱਕ ਔਗੁਣ ਹੋਰ ਮਰ ਜਾਂਦਾ ਹੈ। ਉਹ ਚੌਥਾ ਹੈ ‘ਤ੍ਰਿਸ਼ਨਾ’। ਤ੍ਰਿਸ਼ਨਾ ਦਾ ਜ਼ਿਕਰ 86ਵੇਂ ਸਲੋਕ ਵਿੱਚ ਕੀਤਾ ਹੈ, ‘‘ਕਬੀਰ ! ਮਨੁ ਪੰਖੀ ਭਇਓ; ਉਡਿ ਉਡਿ ਦਹ ਦਿਸ ਜਾਇ ॥ ਜੋ ਜੈਸੀ ਸੰਗਤਿ ਮਿਲੈ; ਸੋ ਤੈਸੋ ਫਲੁ ਖਾਇ ॥੮੬॥’’ (ਭਗਤ ਕਬੀਰ/੧੩੬੯) ਭਾਵ ਮਨੁੱਖ ਦਾ ਮਨ (ਸੋਚ) ਪੰਛੀ ਦੀ ਤਰ੍ਹਾਂ ਹੈ, ਜੋ ਹਰ ਵੇਲੇ ਖ਼ਿਆਲਾਂ ਦੀਆਂ ਵਿਚਾਰਾਂ ਦੇ ਵਿਕਲਪ ਤੇ ਸੰਕਲਪ ਦੀ ਉਡਾਰੀ ਲਾਉਂਦਾ ਰਹਿੰਦਾ ਹੈ। ਇੱਕ ਦਰਖ਼ਤ ’ਤੇ ਟਿਕ ਕੇ ਨਹੀਂ ਬੈਠਦਾ। ਇੱਕ ਪਰਮੇਸ਼ਰ ਦਾ ਆਸਰਾ ਨਹੀਂ ਲੈਂਦਾ। ਵੱਖ ਵੱਖ ਦਰਖਤਾਂ ’ਤੇ ਭਟਕਦਾ ਹੈ। ਦਸਾਂ ਦਿਸ਼ਾਵਾਂ ਵੱਲ, ਹਰ ਪਾਸੇ ਭਟਕਦਾ ਹੈ। ਇਕ ਦਰਖਤ ’ਤੇ ਤ੍ਰਿਸ਼ਨਾ ਦੀ ਪੂਰਤੀ ਨਹੀਂ ਹੋਈ, ਫਿਰ ਦੂਸਰੇ ਦੇ ਦਰ ’ਤੇ ਚਲੇ ਜਾਣਾ, ਦੂਸਰੇ ਤੋਂ ਤ੍ਰਿਸ਼ਨਾ ਦੀ ਪੂਰਤੀ ਨਹੀਂ ਹੋਈ ਤਾਂ ਤੀਸਰੇ ਕੋਲ ਚਲੇ ਜਾਣਾ; ਇਉਂ ਆਸਰੇ ਬਦਲਦਾ ਹੀ ਰਹਿੰਦਾ ਹੈ। ਪੰਛੀ ਵੀ ਦਰਖਤ ਬਦਲਦਾ ਰਹਿੰਦਾ ਹੈ। ਪੰਛੀ ਨੂੰ ਜੈਸਾ ਦਰਖ਼ਤ ਮਿਲਦਾ ਹੈ, ਪੰਛੀ ਜੈਸੇ ਦਰਖ਼ਤ ’ਤੇ ਬੈਠਦਾ ਹੈ, ਵੈਸਾ ਫਲ਼ ਖਾਂਦਾ ਹੈ। ਮਨੁੱਖ ਜੈਸੇ ਆਸਰੇ ਕੋਲ ਜਾਂਦਾ ਹੈ, ਵੈਸੀ ਪੂਰਤੀ ਹੁੰਦੀ ਹੈ। ਮਨ ਪੰਛੀ ਦੇ ਭਟਕਣ ਦਾ ਕਾਰਨ ਹੈ ‘ਤ੍ਰਿਸ਼ਨਾ’। ਜੈਸਾ ਕਿ ਫ਼ੁਰਮਾਨ ਹੈ, ‘‘ਤ੍ਰਿਸਨਾ ਬਿਰਲੇ ਹੀ ਕੀ ਬੁਝੀ ਹੇ ॥੧॥ ਰਹਾਉ ॥ ਕੋਟਿ ਜੋਰੇ ਲਾਖ ਕ੍ਰੋਰੇ; ਮਨੁ ਨ ਹੋਰੇ ॥ ਪਰੈ ਪਰੈ ਹੀ ਕਉ ਲੁਝੀ ਹੇ ॥੧॥ ਸੁੰਦਰ ਨਾਰੀ, ਅਨਿਕ ਪਰਕਾਰੀ; ਪਰ ਗ੍ਰਿਹ ਬਿਕਾਰੀ ॥ ਬੁਰਾ ਭਲਾ ਨਹੀ ਸੁਝੀ ਹੇ ॥੨॥’’ (ਮਹਲਾ ੫/੨੧੩) ਭਾਵ ਕੋਈ ਵਿਰਲਾ ਹੀ ਪੰਛੀ ਮਨ ਹੋਵੇਗਾ, ਜੋ ਇੱਕ ਪਰਮੇਸ਼ਰ ਰੂਪ ਦਰਖ਼ਤ ’ਤੇ ਭਰੋਸੇ ਕਰਕੇ ਟਿਕਦਾ ਹੋਵੇਗਾ ਵਰਨਾ ਮਨ ਪੰਛੀ ਹੋਰ ਹੋਰ ਦਰਖ਼ਤਾਂ ਦੀ ਭਾਲ ’ਚ ਉੱਡਦਾ ਫਿਰਦਾ ਹੈ। ਹੋਰ ਹੋਰ ਲਈ ਝਗੜਦਾ ਫਿਰਦਾ ਹੈ। ਇਹੀ ਤ੍ਰਿਸ਼ਨਾ ਹੈ। ਅਨੇਕ ਤਰ੍ਹਾਂ ਦੀਆਂ ਸੁੰਦਰ ਔਰਤਾਂ ਦੀ ਇੱਛਾ ਰੱਖਣੀ, ਬੁਰਾ ਭਲਾ ਇਸ ਤ੍ਰਿਸ਼ਨਾ ਦੀ ਅੱਗ ’ਚ ਸਮਝਦਾ ਹੀ ਨਹੀਂ ਆਉਂਦਾ। ਜਦੋਂ ਮਨ ਪੰਛੀ ਨੂੰ ਸਬਰ ਦਾ ਫਲ਼ ਮਿਲ ਜਾਵੇ, ਫਿਰ ਮਨ ਦੀ ਭਟਕਣਾ ਖ਼ਤਮ ਹੋ ਜਾਂਦੀ ਹੈ। ਇਹੀ ਜ਼ਿਕਰ ਸ਼੍ਰੀ ਕਬੀਰ ਸਾਹਿਬ ਜੀ 97ਵੇਂ ਸਲੋਕ ’ਚ ਕਰਦੇ ਹਨ, ‘‘ਕਬੀਰ ! ਜਾ ਕਉ ਖੋਜਤੇ; ਪਾਇਓ ਸੋਈ ਠਉਰੁ ॥ ਸੋਈ ਫਿਰਿ ਕੈ ਤੂ ਭਇਆ; ਜਾ ਕਉ ਕਹਤਾ ਅਉਰੁ ॥੮੭॥’’ (ਭਗਤ ਕਬੀਰ/੧੩੬੯) ਗੁਣ ਗਾਉਂਦਿਆਂ ਜਿਸ (ਪ੍ਰਭੂ) ਦੀ ਖੋਜ ਸੀ, ਜਿਸ ਅਵਸਥਾ ਦੀ ਖੋਜ ਸੀ; ਉਹ ਮਿਲ ਗਈ ਹੈ। ਹੁਣ ਮਨ ਭਟਕ ਭਟਕ ਕੇ ਸਹੀ ਪਾਸੇ ਆ ਗਿਆ ਹੈ, ਟਿਕ ਗਿਆ ਹੈ। ਪਹਿਲਾਂ ਤ੍ਰਿਸ਼ਨਾ ਕਾਰਨ ਮੈਂ ਮੈਂ ਇਸ ਦੀ ਉਡਾਰੀ ਸੀ, ਪਰ ਹੁਣ ਗੁਣ ਗਾਉਂਦਿਆਂ-ਗਾਉਂਦਿਆਂ ਮੈਂ ਮੈਂ ਦੀ ਉਡਾਰੀ ਖ਼ਤਮ ਹੋ ਗਈ, ਤੂੰ ਹੀ ਤੂੰ ਹੀ ਦਾ ਟਿਕਾਣਾ ਮਿਲ ਗਿਆ। ਫ਼ੁਰਮਾਨ ਹੈ, ‘‘ਤ੍ਰਿਸਨਾ ਬੁਝੈ ਹਰਿ ਕੈ ਨਾਮਿ ॥ ਮਹਾ ਸੰਤੋਖੁ ਹੋਵੈ ਗੁਰ ਬਚਨੀ; ਪ੍ਰਭ ਸਿਉ ਲਾਗੈ ਪੂਰਨ ਧਿਆਨੁ ॥੧॥ ਰਹਾਉ ॥’’ (ਮਹਲਾ ੫/੬੮੨) ਭਾਵ ਗੁਣ ਗਾਉਂਦਿਆਂ ਗਾਉਂਦਿਆਂ ਪਰਮੇਸ਼ਰ ਅਤੇ ਪਰਮੇਸ਼ਰ ਦੇ ਗੁਣਾਂ ਦਾ ਅੰਤ ਤਾਂ ਨਹੀਂ ਪੈਂਦਾ, ਪਰ ਤ੍ਰਿਸ਼ਨਾ ਮੁੱਕ ਜਾਂਦੀ ਹੈ। ਤ੍ਰਿਸ਼ਨਾ ਮਰ ਜਾਂਦੀ ਹੈ। ਜੀਵਨ ’ਚ ਸੰਤੋਖ ਆ ਜਾਂਦਾ ਹੈ। ਇਸ ਸੰਤੋਖ ਨਾਲ਼ ਵੰਡ ਛੱਕਣਾ ਦਾ ਸੁਭਾਅ ਬਣਦਾ ਹੈ ਤੇ ‘‘ਗੁਣ ਮਹਿ ਗੁਣੀ ਸਮਾਇਆ’’ ਅਨੁਸਾਰ ਚਾਰ ਔਗਣ ਮਰ ਗਏ। ਚਾਰ ਔਗੁਣ ਸੁਧਰ ਗਏ ਹਨ। ਮਨ ਮਰਨ ਨਾਲ ਜਾਤ ਅਭਿਮਾਨ ਮਰ ਗਿਆ। ਇਨ੍ਹਾਂ ਦੋਵਾਂ ਦੇ ਮਰਨ ਨਾਲ ਦੋ ਹੋਰ ਮਰ ਗਏ ‘ਸਰੀਰ ਦਾ ਮੋਹ ਅਤੇ ਤ੍ਰਿਸ਼ਨਾ, ਭਟਕਣ’। ਕੁੱਲ ਚਾਰ ਮਰ ਗਏ, ‘‘ਕਬੀਰ ! ਏਕ ਮਰੰਤੇ ਦੁਇ ਮੂਏ; ਦੋਇ ਮਰੰਤਹ ਚਾਰਿ ॥’’
ਇਨ੍ਹਾਂ ਚਾਰ ਦੇ ਮਰਨ ਨਾਲ਼ ਦੋ ਹੋਰ ਮਰ ਕੇ ਔਗੁਣਾਂ ਦੀ ਗਿਣਤੀ 6 ਹੋ ਗਈ। ਇਨ੍ਹਾਂ ਛੇ ’ਚ 5ਵਾਂ ਹੈ ‘ਕੁਸੰਗ’ ਭਾਵ ‘ਮਾੜਾ ਸੰਗ’। ਗੁਣ ਗਾਉਂਦਿਆਂ ਗਾਉਂਦਿਆਂ ‘ਮਾੜਾ ਸੰਗ’ ਛੁੱਟ ਜਾਂਦਾ ਹੈ। ਜੇਕਰ ਮਾੜਿਆਂ ਦਾ ‘ਸੰਗ ਸਾਥ’ ਹੋਵੇਗਾ ਤਾਂ ਮਨੁੱਖ ਦਾ ਜਨਮ ਕਦੇ ਭੀ ਅਨੰਦ (ਸੁਖ) ’ਚ ਨਹੀਂ ਗੁਜਰੇਗਾ ਸਗੋਂ ਅਨੰਦ, ਸ਼ਾਂਤੀ ਭੰਗ ਹੋਵੇਗੀ। ਪਹਿਲਾਂ ਮਾੜਿਆਂ ਦਾ, ਸ਼ਰਾਬੀ ਕਬਾਬੀਆਂ ਦਾ, ਲਫੰਗਿਆਂ ਦਾ, ਜੁਆਰੀਆਂ ਤੇ ਬੇਸਵਾਂ ਦਾ ਸਾਥ ਸੀ, ਸੰਗ ਸੀ। ਇਹ ਸਾਰੇ ਆਨੰਦ, ਸ਼ਾਂਤੀ ’ਚ ਭੰਗ ਪਾਉਂਦੇ ਸਨ। ਕਿਵੇਂ ਸ਼ਾਂਤੀ ਭੰਗ ਕਰਦੇ ਸਨ। ਇਸ ਦੀ ਉਦਾਹਰਨ 88ਵੇਂ ਸਲੋਕ ’ਚ ਦਿੱਤੀ ਗਈ ਹੈ। ਫ਼ੁਰਮਾਨ ਹੈ, ‘‘ਕਬੀਰ ! ਮਾਰੀ ਮਰਉ ਕੁਸੰਗ ਕੀ; ਕੇਲੇ ਨਿਕਟਿ ਜੁ ਬੇਰਿ ॥ ਉਹ ਝੂਲੈ, ਉਹ ਚੀਰੀਐ; ਸਾਕਤ ਸੰਗੁ ਨ ਹੇਰਿ ॥੮੮॥’’ (ਭਗਤ ਕਬੀਰ/੧੩੬੯) ਭਾਵ ਕੇਲੇ ਦਾ ਬੂਟਾ ਕੋਮਲ ਹੈ। ਬੇਰੀ ਦਾ ਬ੍ਰਿਛ ਕੰਡਿਆਂ ਵਾਲਾ ਹੈ। ਜੇਕਰ ਕੇਲੇ ਦਾ ਬੂਟਾ; ਬੇਰੀ ਦੇ ਬ੍ਰਿਛ ਕੋਲ ਉਗ ਪਵੇ। ਫਿਰ ਕੀ ਹੋਵੇਗਾ ? ਹਵਾ ਦੇ ਝੋਕਿਆਂ ਨਾਲ ਕੇਲੇ ਦਾ ਬੂਟਾ ਝੂਲੇਗਾ ਤੇ ਕੋਲ ਬੇਰੀ ਹੈ। ਬੇਰੀ ਦੇ ਕੁੰਡੀਦਾਰ ਕੰਡਿਆਂ ਨਾਲ ਕੇਲੇ ਦਾ ਬੂਟਾ ਛਿੱਲਿਆ ਜਾਂਦਾ ਹੈ। ਇਸ ਉਦਾਹਰਨ ’ਚ ਕਿਹਾ ਹੈ ਕਿ ਕੇਲੇ ਦੇ ਬੂਟੇ ਵਾਂਗ ਧਰਮੀ ਜਗਿਆਸੂ ਜਨ; ਕੋਮਲ ਹਿਰਦੇ ਵਾਲੇ ਹੁੰਦੇ ਹਨ। ਬੇਰੀ ਦੇ ਬ੍ਰਿਛ ਵਾਂਗ ਸਾਕਤ ਜਨ ਜਾਲਮ ਸੁਭਾਅ ਦੇ ਹੁੰਦੇ ਹਨ। ਚੁਭਮੀਆਂ ਗੱਲਾਂ ਕਰਨ ਵਾਲੇ ਹੁੰਦੇ ਹਨ। ਜੇਕਰ ਧਰਮੀ ਜਗਿਆਸੂ ਜਨ ਕਿਤੇ ਧਰਮ ਦੀ ਗੱਲ ਜਾਂ ਸੇਵਾ ਸਿਮਰਨ ਦੀ ਵਿਚਾਰ ਕਰਨ ਤਾਂ ਸਾਕਤ ਲੋਕ ਚੋਭਾਂ ਮਾਰਨਗੇ। ਲੈ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚਲੀ ਏ। ਕੋਮਲ ਮਨ ਨੂੰ ਕਠੋਰ ਗੱਲਾਂ ਨਾਲ ਚੀਰ ਕੇ ਰੱਖ ਦਿੰਦੇ ਹਨ। ਇਸ ਲਈ ਕਬੀਰ ਸਾਹਿਬ ਨੇ ਕਿਹਾ, ‘‘ਸਾਕਤ ਸੰਗੁ ਨ ਹੇਰਿ’’, ਧਰਮੀ ਜਗਿਆਸੂ ਜਨ; ਬੇਰੀ ਸਾਕਤ ਲੋਕਾਂ ਦੇ ਸੰਗ ਵੱਲ ਜਾਣਾ ਤਾਂ ਇੱਕ ਪਾਸੇ ਰਿਹਾ, ਵੇਖਦੇ ਵੀ ਨਹੀਂ ਹਨ। ਦੂਰੋਂ ਹੀ ਪਾਸੇ ਹਟ ਜਾਂਦੇ ਹਨ। ਫ਼ੁਰਮਾਨ ਹੈ, ‘‘ਕਬੀਰ ! ਸਾਕਤ ਸੰਗੁ ਨ ਕੀਜੀਐ; ਦੂਰਹਿ ਜਾਈਐ ਭਾਗਿ ॥ ਬਾਸਨੁ ਕਾਰੋ ਪਰਸੀਐ; ਤਉ ਕਛੁ ਲਾਗੈ ਦਾਗੁ ॥੧੩੧॥’’ (ਭਗਤ ਕਬੀਰ/੧੩੭੧) ਕਾਲ਼ੇ ਬਰਤਨ ਨੂੰ ਹੱਥ ਲਾਵਾਂਗੇ, ਕਾਲ਼ੇ ਬਰਤਨ ਕੋਲ ਰਹਾਂਗੇ ਤਾਂ ਅਵੇਸਲੇ ਹੋਇਆਂ ਜ਼ਰੂਰ ਕੁਝ ਕਾਲ਼ੇ ਦਾਗ਼ ਲੱਗ ਜਾਣਗੇ। ਇਸ ਲਈ ਕਾਲੇ ਬਰਤਨਾਂ ਤੋਂ ਦਾਮਨ ਬਚਾਅ ਕੇ ਹੀ ਰੱਖਣਾ ਹੈ। ਗੁਰੂ ਨਾਨਕ ਦੇਵ ਜੀ ਦੇ ਬਚਨ ਹਨ, ‘‘ਦੁਸਟੀ ਸਭਾ ਵਿਗੁਚੀਐ; ਬਿਖੁ ਵਾਤੀ ਜੀਵਣ ਬਾਦਿ ॥’’ (ਮਹਲਾ ੧/੧੩੪੩) ਭਾਵ ਦੁਸ਼ਟਾਂ ਦੀ ਸੰਗਤ ’ਚ ਮਨੁੱਖ ਸਦਾ ਖ਼ੁਆਰ ਹੁੰਦਾ ਹੈ ਕਿਉਂਕਿ ਦੁਸ਼ਟਾਂ ਦੀਆਂ ਗੱਲਾਂ ਜ਼ਹਰ ਵਰਗੀਆਂ ਹੁੰਦੀਆਂ, ਜੋ ਜੀਵਨ ਨੂੰ ਬਰਬਾਦ ਕਰ ਦਿੰਦੀਆਂ ਹਨ। ਭਗਤ ਸੂਰਦਾਸ ਜੀ ਨੇ ਭੀ ਇੱਕੋ ਪੰਗਤੀ ’ਚ ਨਿਬੇੜਾ ਕੀਤਾ ਹੈ, ‘‘ਛਾਡਿ ਮਨ ! ਹਰਿ ਬਿਮੁਖਨ ਕੋ ਸੰਗੁ ॥’’ (ਭਗਤ ਸੂਰਦਾਸ/੧੨੫੩) ਭਾਵ ਹੇ ਮਨ ! ਤੂੰ ਰੱਬ ਤੋਂ, ਗੁਰੂ ਤੋਂ ਬੇਮੁਖ ਦਾ ਸੰਗ ਸਾਥ ਛੱਡ ਦੇਹ। ਜਦੋਂ ਗੁਣ ਗਾਉਂਦਿਆਂ ਗਾਉਂਦਿਆਂ ਮਨੁੱਖ; ਬੇਮੁਖ ਸਾਕਤਾਂ ਦਾ ਸੰਗ ਸਾਥ ਛੱਡ ਜਾਂਦਾ ਹੈ ਤਾਂ ਫਿਰ ਅਨੰਦ ’ਚ ਜੀਵਨ ਬਤੀਤ ਕਰਦਾ ਹੈ। ਗੁਣ ਗਾਉਂਦਿਆਂ ਪਰਮੇਸ਼ਰ ਅਤੇ ਪਰਮੇਸ਼ਰ ਦੇ ਗੁਣਾਂ ਦਾ ਅੰਤ ਤਾ ਨਹੀਂ ਪੈਂਦਾ, ਪਰ ਹਾਂ ਗੁਣ ਗਾਉਂਦਿਆਂ ਮਨੁੱਖ; ਸਾਕਤਾਂ, ਬੇਮੁਖਾਂ, ਮਾੜਿਆਂ ਦਾ ਸੰਗ ਸਾਥ ਛੱਡ ਜਾਂਦਾ ਹੈ। ਜਦੋਂ 5 ਮਰ ਗਏ ਫਿਰ ਇੱਕ ਹੋਰ ਮਰ ਜਾਂਦਾ ਹੈ। ਉਹ ਕਿਹੜਾ ਹੈ। ਉਹ ਹੈ ‘ਨਿੰਦਾ ਦਾ ਸੁਭਾਅ’।
ਕਰਤਾਰ ਦੇ ਗੁਣ ਗਾਉਂਦਿਆਂ ਗਾਉਂਦਿਆਂ ਮਨੁੱਖ ਨਿੰਦਾ ਕਰਨ ਤੋਂ ਭੀ ਹਟ ਜਾਂਦਾ ਹੈ। ਪਹਿਲਾਂ ਗੁਣ ਨਹੀਂ ਸੀ ਗਾਉਂਦਾ ਸਗੋਂ ਨਿੰਦਾ ਹੀ ਕਰਦਾ ਸੀ। ਦੂਸਰੇ ਨੂੰ ਬੁਰਾ ਕਹਿ ਕੇ ਆਪਣੇ ਆਪ ਨੂੰ ਭਲਾ ਸਿੱਧ ਕਰਦਾ ਸੀ। ਬਹੁਤੇ ਲੋਕ ਨਿੰਦਾ ਦਾ ਭਾਰ ਚੁੱਕ ਕੇ ਧਰਮ ਦੇ ਮਾਰਗ ’ਤੇ ਤੁਰਨਾ ਚਾਹੀਦੇ ਹਨ। ਆਪਣੇ ਅੰਦਰਲੇ ਔਗੁਣਾਂ ਤੋਂ ਚਿੰਤਤ ਨਹੀਂ ਹੁੰਦੇ। ਇਸ ਦਾ ਜ਼ਿਕਰ 89ਵੇਂ ਸਲੋਕ ਅੰਦਰ ਕੀਤਾ ਹੈ, ‘‘ਕਬੀਰ ! ਭਾਰ ਪਰਾਈ ਸਿਰਿ ਚਰੈ; ਚਲਿਓ ਚਾਹੈ ਬਾਟ ॥ ਅਪਨੇ ਭਾਰਹਿ ਨਾ ਡਰੈ; ਆਗੈ ਅਉਘਟ ਘਾਟ ॥੮੯॥’’ (ਭਗਤ ਕਬੀਰ/੧੩੬੯) ਭਾਵ ਦੇਖੋ ਇਨਸਾਨ; ਪਰਾਈ ਨਿੰਦਾ ਦਾ ਭਾਰ ਚੁੱਕ ਕੇ ਧਰਮ ਦੇ ਰਸਤੇ ’ਤੇ ਚੱਲਣਾ ਚਾਹੁੰਦਾ ਹੈ। ਰਸਤਾ ਤੈਅ ਕਰਨਾ ਚਾਹੁੰਦਾ ਹੈ। ਹੱਦ ਹੋ ਗਈ, ਇਸ ਨੇ ਆਪਣੇ ਕੀਤੇ ਪਾਪਾਂ ਦੇ ਭਾਰ ਵੀ ਚੁੱਕੇ ਹਨ। ਉਨ੍ਹਾਂ ਤੋਂ ਇਹ ਡਰਦਾ ਨਹੀਂ ਸਗੋਂ ਹੋਰ ਨਿੰਦਾ ਦਾ ਭਾਰ ਚੁੱਕੀ ਜਾਂਦਾ ਹੈ। ਧਰਮ ਦਾ ਰਸਤਾ ਬੜਾ ਔਖਾ ਹੈ। ਆਪਣੇ ਪਾਪਾਂ ਦਾ ਅਤੇ ਪਰਾਈ ਨਿੰਦਾ ਦਾ ਭਾਰ ਚੁੱਕ ਕੇ ਮਨੁੱਖ ਨਹੀਂ ਚੱਲ ਸਕਦਾ। ਆਪਣੇ ਸਿਰ ’ਤੇ ਪਰਾਈ ਨਿੰਦਾ ਦਾ ਭਾਰ ਚੁੱਕਣ ਵਾਲ਼ੇ ਬੇਅੰਤ ਲੋਕ ਹਨ, ‘‘ਅਸੰਖ ਨਿੰਦਕ; ਸਿਰਿ ਕਰਹਿ ਭਾਰੁ ..॥੧੮॥’’ (ਜਪੁ) ਭਾਵ ਅਸੰਖ ਅਸੰਖ ਨੇ ਨਿੰਦਾ ਦਾ ਭਾਰ ਬਿਨਾਂ ਵਜ੍ਹਾ (ਕਾਰਨ) ਚੁੱਕਿਆ ਹੈ। ਰੇਲਵੇ ਸਟੇਸ਼ਨਾਂ ’ਤੇ ਕੁਲੀ ਭਾਰ ਚੁੱਕਦੇ ਹਨ ਮਜ਼ਦੂਰੀ ਲੈ ਕੇ, ਪਰ ਮਨੁੱਖ ਅਜੀਬ ਕਿਸਮ ਦਾ ਕੁਲੀ ਹੈ, ਜੋ ਬਿਨਾਂ ਮਜ਼ਦੂਰੀ ਦੇ ਹੀ ਨਿੰਦਾ ਦਾ ਭਾਰ ਚੁੱਕੀ ਫਿਰਦਾ ਹੈ। ਜੈਸਾ ਕਿ ਫ਼ੁਰਮਾਨ ਹੈ, ‘‘ਨਿੰਦਾ ਕਰਿ ਕਰਿ ਬਹੁ ਭਾਰੁ ਉਠਾਵੈ; ਬਿਨੁ ਮਜੂਰੀ ਭਾਰੁ ਪਹੁਚਾਵਣਿਆ ॥੪॥’’ (ਮਹਲਾ ੩/੧੧੮) ਜਦੋਂ ਮਨੁੱਖ ਪਰਮੇਸ਼ਰ ਦੇ ਗੁਣ ਗਾਇਨ ਕਰਦਾ ਹੈ। ਉਸ ਦੀ ਸਿਫ਼ਤ-ਸਲਾਹ ਕਰਦਾ ਹੈ। ਫਿਰ ਪਰਾਈ ਨਿੰਦਾ ਕਰਨ ਦਾ ਸੁਭਾਅ ਹਟ ਜਾਂਦਾ ਹੈ। ਫਿਰ ਕਿਸੇ ਨੂੰ ਬੁਰਾ ਕਹਿਣ ਦੀ ਥਾਂ ਕਹਿੰਦਾ ਹੈ, ‘‘ਕਬੀਰ ! ਸਭ ਤੇ ਹਮ ਬੁਰੇ; ਹਮ ਤਜਿ, ਭਲੋ ਸਭੁ ਕੋਇ ॥’’ (ਭਗਤ ਕਬੀਰ/੧੩੬੪) ਪਰਾਈ ਨਿੰਦਾ ਦੀ ਥਾਂ ਪ੍ਰਭੂ ਦੀ ਮਹਿਮਾ ਲੈ ਲੈਂਦੀ ਹੈ। ਫਿਰ ਆਤਮਾ, ਜੋ ਪੁਕਾਰ ਪ੍ਰਭੂ ਅੱਗੇ ਕਰਦੀ ਹੈ, ਉਸ ਦਾ ਜ਼ਿਕਰ 90ਵੇਂ ਸਲੋਕ ਅੰਦਰ ਹੈ, ‘‘ਕਬੀਰ ! ਬਨ ਕੀ ਦਾਧੀ ਲਾਕਰੀ; ਠਾਢੀ ਕਰੈ ਪੁਕਾਰ ॥ ਮਤਿ ਬਸਿ ਪਰਉ ਲੁਹਾਰ ਕੇ; ਜਾਰੈ ਦੂਜੀ ਬਾਰ ॥੯੦॥’’ (ਭਗਤ ਕਬੀਰ/੧੩੬੯) ਕਬੀਰ ਸਾਹਿਬ ਨੇ ਅਲੰਕਾਰ ਦ੍ਰਿਸ਼ਟਾਂਤ ਵਰਤਿਆ ਹੈ। ਆਖਦੇ ਹਨ ਕਿ ਜੰਗਲ਼ ਦੀ ਲੱਕੜੀ ਪ੍ਰਤੱਖ ਪੁਕਾਰ ਕਰਦੀ ਹੈ ਕਿ ਮਤਾ ਮੈਂ ਲੁਹਾਰ ਦੇ ਵੱਸ ਪੈ ਜਾਵਾਂ, ਉਹ ਮੈਨੂੰ ਦੋ ਵਾਰ ਸਾੜੇਗਾ। ਲੁਹਰਾ ਲੱਕੜ ਨੂੰ ਕੱਟਦਾ ਹੈ, ਫਿਰ ਇੱਕ ਖ਼ਾਸ ਕਿਸਮ ਦੀ, ਚਾਰੋਂ ਪਾਸਿਓਂ ਬੰਦ ਭੱਠੀ ’ਚ ਅੱਗ ਲਾ ਕੇ ਲੱਕੜ ਨੂੰ ਦੱਬ ਦਿੰਦਾ ਹੈ ਤਾਂ ਕਿ ਲੱਕੜ ਸੜ ਜਾਵੇ, ਪਰ ਉਸ ਦੇ ਕੋਲਿਆਂ ’ਚ ਗੈਸ ਅਤੇ ਅੱਗ ਦੀ ਸੁਭਾਵਨਾ ਬਚੀ ਰਹੇ। ਇੱਕ ਵਾਰ ਲੱਕੜੀ ਸੜ ਕੇ ਕੋਲੇ ਬਣ ਗਈ। ਲੁਹਾਰ ਹੁਣ ਆਪਣਾ ਕੰਮ ਕਰਨ ਲਈ ਕੋਲਿਆਂ ਨੂੰ ਦੁਬਾਰਾ ਭੱਠੀ ’ਚ ਪਾਉਂਦਾ ਹੈ। ਕੋਲੇ ਉੱਥੇ ਪੂਰੀ ਤਰ੍ਹਾਂ ਸੜਦੇ ਹਨ। ਇਸ ਅਲੰਕਾਰ ਰਾਹੀਂ ਸ਼੍ਰੀ ਕਬੀਰ ਸਾਹਿਬ ਆਖਦੇ ਹਨ ਕਿ ਆਤਮਾ; ਪਰਮੇਸ਼ਰ ਅੱਗੇ ਬੇਨਤੀ ਕਰਦੀ ਹੈ ਕਿ ਪਰਮੇਸ਼ਰ ਜੀ ! ਪਹਿਲਾਂ ਤਾਂ ਮੈਂ ਵਿਕਾਰਾਂ ਵੱਸ ਪਈ ਹਾਂ। ਹੁਣ ਦੂਜੀ ਵਾਰ ਨਿੰਦਾ ਦੇ ਵੱਸ ਨਾ ਪਾਈਂ। ਇਹ ਨਿੰਦਾ ਮੈਨੂੰ ਫਿਰ ਦੂਜੀ ਵਾਰ ਖ਼ੁਆਰ ਕਰੇਗੀ, ਦੁਖੀ ਕਰੇਗੀ। ਸ਼ੇਖ ਫ਼ਰੀਦ ਜੀ ਭੀ ਐਸਾ ਹੀ ਜ਼ਿਕਰ ਕਰਦੇ ਹਨ, ‘‘ਕੰਧਿ ਕੁਹਾੜਾ ਸਿਰਿ ਘੜਾ; ਵਣਿ ਕੈਸਰੁ ਲੋਹਾਰੁ ॥ ਫਰੀਦਾ ! ਹਉ ਲੋੜੀ ਸਹੁ ਆਪਣਾ; ਤੂ ਲੋੜਹਿ ਅੰਗਿਆਰ ॥੪੩॥’’ (ਭਗਤ ਫਰੀਦ/੧੩੮੦) ਭਾਵ ਕੰਧੇ ਉੱਪਰ ਕੁਹਾੜਾ ਹੈ। ਸਿਰ ’ਤੇ ਪੀਣ ਲਈ ਪਾਣੀ ਦਾ ਘੜਾ ਹੈ। ਲੁਹਾਰ ਲੱਕੜਹਾਰਾ ਬਾਦਿਸ਼ਾਹ ਬਣਿਆ ਜੰਗਲ਼ ਵਿੱਚ ਫਿਰਦਾ ਹੈ। ਜੰਗਲ਼ ਦੀ ਬਨਾਸਪਤੀ ਤਾਂ ਆਪਣੇ ਮਾਲਕ ਨੂੰ ਲੱਭਦੀ ਹੈ, ਪਰ ਇਹ ਲੁਹਾਰ ਅੰਗਿਆਰਿਆਂ, ਕੋਇਲਿਆਂ ਦੀ ਭਾਲ ਮੇਰੇ ਵਿੱਚੋਂ ਕਰਦਾ ਹੈ ਭਾਵ ਆਤਮਾ ਤਾਂ ਪ੍ਰਭੂ (ਦੇ ਮਿਲਾਪ) ਨੂੰ ਭਾਲਦੀ ਹੈ, ਪਰ ਵਿਕਾਰ ਹੋਰ ਔਗੁਣ ਸਾਂਭਦੇ ਪਏ ਹਨ। ਗੁਣ ਗਾਉਂਦਿਆਂ ਗਾਉਂਦਿਆਂ ਪਰਮੇਸ਼ਰ ਅਤੇ ਪਰਮੇਸ਼ਰ ਦੇ ਗੁਣਾਂ ਦਾ ਅੰਤ ਤਾਂ ਨਹੀਂ ਪੈਂਦਾ, ਪਰ ਗੁਣ ਗਾਉਂਦਿਆਂ ਗਾਉਂਦਿਆਂ ਮਨੁੱਖ ਗੁਣਾਂ ’ਚ ਹੀ ਸਮਾਅ ਜਾਂਦਾ ਹੈ। ‘‘ਗੁਣ ਮਹਿ ਗੁਣੀ ਸਮਾਇਆ’’ ਅਨੁਸਾਰ ਔਗੁਣਾਂ ਵੱਲੋਂ ਛੁਟਕਾਰਾ ਮਿਲ ਜਾਂਦਾ ਹੈ। ਹਰੀ ਦਾ ਜਸ ਕਰਦਿਆਂ-ਕਰਦਿਆਂ ਔਗੁਣਾਂ ਦੀ ਨਿਵਿਰਤੀ ਹੋ ਜਾਂਦੀ ਹੈ। ਪਰਮੇਸ਼ਰ ਦੇ ਗੁਣਾਂ ਦਾ ਅੰਤ ਨਹੀਂ ਪੈਂਦਾ, ਇਸ ਦਾ ਜ਼ਿਕਰ 81ਵੇਂ ਸਲੋਕ ’ਚ ਕੀਤਾ ਹੈ, ‘‘ਕਬੀਰ ! ਸਾਤ ਸਮੁੰਦਹਿ ਮਸੁ ਕਰਉ; ਕਲਮ ਕਰਉ ਬਨਰਾਇ ॥ ਬਸੁਧਾ ਕਾਗਦੁ ਜਉ ਕਰਉ; ਹਰਿ ਜਸੁ ਲਿਖਨੁ ਨ ਜਾਇ ॥੮੧॥’’ (ਭਗਤ ਕਬੀਰ/੧੩੬੮) ਭਾਵ ਸਤ ਸਮੁੰਦਰਾਂ ਨੂੰ ਸਿਆਹੀ, ਸਾਰੀ ਬਨਸਪਤੀ ਦੀ ਕਲਮ, ਸਾਰੀ ਧਰਤੀ ਨੂੰ ਕਾਗਜ਼ ਬਣਾਉਣ ਨਾਲ ਭੀ ਪਰਮੇਸ਼ਰ ਤੇ ਪਰਮੇਸ਼ਰ ਦੇ ਗੁਣਾਂ ਨੂੰ ਪੂਰਨ ਤੌਰ ’ਤੇ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਹਾਂ ਉਸ ਦੇ ਗੁਣ ਬਿਆਨ ਕਰਦਿਆ ਕਰਦਿਆਂ ਜੀਵਨ ’ਚ ਜੋ ਕੌਤਕ ਵਰਤਦਾ ਹੈ, ਉਸ ਦਾ ਜ਼ਿਕਰ 91ਵੇਂ ਸਲੋਕ ’ਚ ਕੀਤਾ ਹੈ, ‘‘ਕਬੀਰ ! ਏਕ ਮਰੰਤੇ ਦੁਇ ਮੂਏ; ਦੋਇ ਮਰੰਤਹ ਚਾਰਿ ॥ ਚਾਰਿ ਮਰੰਤਹ ਛਹ ਮੂਏ; ਚਾਰਿ ਪੁਰਖ, ਦੁਇ ਨਾਰਿ ॥੯੧॥’’ (ਭਗਤ ਕਬੀਰ/੧੩੬੯) ਭਾਵ ਪਰਮੇਸ਼ਰ ਅਤੇ ਪਰਮੇਸ਼ਰ ਦੇ ਗੁਣਾਂ ਦਾ ਅੰਤ ਤਾਂ ਨਹੀਂ ਪੈਂਦਾ, ਪਰ ਹਾਂ ਉਸ ਦੇ ਗੁਣ ਗਾਉਂਦਿਆ ਗਾਉਂਦਿਆ 6 ਔਗੁਣ ਮਰ ਜਾਂਦੇ ਹਨ, ਸੁਧਰ ਜਾਂਦੇ ਹਨ। ਪਹਿਲਾ ‘ਮਨ’ ਮਰਦਾ ਹੈ, ਮਨ ਸੁਧਰਦਾ ਹੈ। ਫਿਰ ਇਸ ਦੇ ਨਾਲ਼ ‘ਜਾਤ ਦਾ ਅਭਿਮਾਨ’ ਅਤੇ ‘ਹੀਣ ਭਾਵਨਾ’ ਮਰ ਜਾਂਦੀ ਹੈ। ਇਹ ਦੋ ਔਗੁਣ ਆਪਣੇ ਨਾਲ਼ ਹੋਰਾਂ ਨੂੰ ਭੀ ਮਾਰ ਲੈਂਦੇ ਹਨ। ਉਹ ਹਨ ‘ਸਰੀਰ ਦਾ ਮੋਹ’ ਅਤੇ ‘ਤ੍ਰਿਸ਼ਨਾ’। ਇਹ ਚਾਰ ਜਦੋਂ ਮਰ ਜਾਂਦੇ ਹਨ ਤਾਂ ਇਹ ਚਾਰ; ਦੋ ਹੋਰਾਂ ਨੂੰ ਭੀ ਮਾਰ ਲੈਂਦੇ ਹਨ ‘ਕੁਸੰਗ’ ਅਤੇ ‘ਨਿੰਦਾ’ ਯਾਨੀ 6 ਔਗੁਣ ਮਰ ਗਏ। ਇਨ੍ਹਾਂ ਵਿੱਚੋਂ ਚਾਰ ਪੁਰਖ ਹਨ ਅਤੇ ਦੋ ਇਸਤਰੀ ਵਾਚੀ ਔਗੁਣ। ਪੁਰਖ ਵਾਚੀ ਚਾਰ ਹਨ ‘ਮਨ, ਜਾਤ ਅਭਿਮਾਨ, ਸਰੀਰਕ ਮੋਹ ਤੇ ਕੁਸੰਗ’ ਜਦਕਿ ਦੋ ਇਸਤਰੀ ਵਾਚੀ ਹਨ ‘ਹੀਨ ਭਾਵਨਾ ਤੇ ਤ੍ਰਿਸ਼ਨਾ’ ਇਨ੍ਹਾਂ 6 ਔਗੁਣਾਂ ਦਾ ਜ਼ਿਕਰ ਹੀ 81 ਤੋਂ 91 ਸਲੋਕਾਂ ਦੇ ਵਿਚਕਾਰ ਹੈ, ਜੋ ਕਿ 9 ਸਲੋਕ ਬਣਦੇ ਹਨ। ਪ੍ਰਭੂ ਦਾ ਜਸ ਕਰਦਿਆਂ ਕਰਦਿਆਂ ਪਰਮੇਸ਼ਰ ਦਾ ਅਤੇ ਪਰਮੇਸ਼ਰ ਦੇ ਗੁਣਾਂ ਦਾ ਅੰਤ ਤਾਂ ਨਹੀਂ ਪਾਇਆ ਜਾ ਸਕਦਾ, ਪਰ ਗੁਣ ਗਾਉਂਦਿਆਂ ਗਾਉਂਦਿਆਂ, ਜਸ ਕਰਦਿਆਂ ਕਰਦਿਆਂ ਔਗੁਣਾਂ ਤੋਂ ਮਨੁੱਖ ਅਜ਼ਾਦ ਹੋ ਜਾਂਦਾ ਹੈ। ‘‘ਗੁਣ ਮਹਿ ਗੁਣੀ ਸਮਾਇਆ’’ ਬਚਨਾਂ ਅਨੁਸਾਰ ਮਨੁੱਖ; ਪਰਮੇਸ਼ਰ ’ਚ ਅਭੇਦ ਹੋ ਜਾਂਦਾ ਹੈ, ਫਿਰ ਸੁਤੇ ਸਿੱਧ ਬੋਲ ਪ੍ਰਗਟ ਹੁੰਦੇ ਹਨ ਕਿ ‘‘ਅਬ ਤਉ ਜਾਇ ਚਢੇ ਸਿੰਘਾਸਨਿ; ਮਿਲੇ ਹੈ ਸਾਰਿੰਗਪਾਨੀ ॥ ਰਾਮ ਕਬੀਰਾ ਏਕ ਭਏ ਹੈ; ਕੋਇ ਨ ਸਕੈ ਪਛਾਨੀ ॥੬॥’’ (ਭਗਤ ਕਬੀਰ/੯੬੯) ਭਾਵ ਹੁਣ ਪਰਮੇਸ਼ਰ ਤੇ ਕਬੀਰ; ਗੁਣ ਗਾਉਂਦਿਆਂ ਗਾਉਂਦਿਆਂ ਇਕ ਮਿਕ ਹੋ ਗਏ ਹਨ। ਹੁਣ ਵੱਖਰੀ ਹਸਤੀ ਨਹੀਂ ਰਹੀ। ਗੁਣ ਗਾਉਂਦਿਆਂ ਗਾਉਂਦਿਆਂ, ਹਰਿ ਜਸ ਕਰਦਿਆਂ ਕਰਦਿਆਂ ਪਰਮੇਸ਼ਰ ’ਚ ਮਨੁੱਖ ਲੀਨ ਹੋ ਜਾਂਦਾ ਹੈ।
ਸਤਿਗੁਰੂ ਪਾਤਿਸ਼ਾਹ, ਕਿਰਪਾ ਕਰਨ ਤਾਂ ਕਿ ਅਸੀਂ ਸਾਰੇ ਹਰਿ ਜਸ ਕਰ ਕਰ ਪਰਮੇਸ਼ਰ ’ਚ ਮਗਨ ਰਹੀਏ, ਮਸਤ ਰਹੀਏ ਤਾਂ ਕਿ ਸਾਡਾ ਸਾਰਿਆਂ ਦਾ ਹੀ ਜੀਵਨ ਸਫਲ ਹੋ ਜਾਏ। ਜੈਸਾ ਕਿ ਵਾਕ ਹੈ, ‘‘ਇਹ ਲੋਕ ਸੁਖੀਏ; ਪਰਲੋਕ ਸੁਹੇਲੇ ॥ ਨਾਨਕ ! ਹਰਿ ਪ੍ਰਭਿ ਆਪਹਿ ਮੇਲੇ ॥’’ (ਸੁਖਮਨੀ/ਮਹਲਾ ੫/੨੯੩) ਭਾਵ ਇਨ੍ਹਾਂ ਵਾਕਾਂ ਅਨੁਸਾਰ ਜੀਵਨ ਘੜਿਆ ਜਾ ਸਕੇ। ਉਸ ਦੀਆਂ ਦਾਤਾਂ, ਬਰਕਤਾਂ ਮਿਲਦੀਆਂ ਰਹਿਣ। ਹੋਈਆਂ ਭੁੱਲਾਂ ਦੀ ਖਿਮਾ।
ਗੁਰੂ ਨਾਨਕ ਸਾਹਿਬ ਜੀ ਦੇ ਜਨਮ ਬਾਰੇ ਕੀਤਾ ਜਾਂਦਾ ਝੂਠਾ ਪ੍ਰਚਾਰ
ਗੁਰੂ ਨਾਨਕ ਸਾਹਿਬ ਜੀ ਦੇ ਜਨਮ ਬਾਰੇ ਕੀਤਾ ਜਾਂਦਾ ਝੂਠਾ ਪ੍ਰਚਾਰ
ਪੰਜਾਬ ਟਾਈਮਜ਼, 28 ਜੂਨ 2025 ਈ: (ਅੰਕ 26) ’ਚ ਛਪੇ ਲੇਖ ‘ਗੁਰੂ ਪਰਿਵਾਰਾਂ ਦੀਆਂ ਬੀਬੀਆਂ’ (ਪੰਨਾ 13) ’ਚ ਡਾ. ਹਰਜਿੰਦਰ ਸਿੰਘ ਜੀ ਦਿਲਗੀਰ ਲਿਖਦੇ ਹਨ ਕਿ ‘ਗੁਰੂ ਨਾਨਕ ਸਾਹਿਬ ਦਾ ਜਨਮ 20 ਅਕਤੂਬਰ 1469 ਦੇ ਦਿਨ ਹੋਇਆ ਸੀ। ਗੁਰੂ ਨਾਨਕ ਸਾਹਿਬ ਦੇ ਜਨਮ ਬਾਰੇ ਇਕ ਹੋਰ ਤਾਰੀਖ 15 ਅਪਰੈਲ 1469 ਵੀ ਲਿਖੀ ਜਾਂਦੀ ਹੈ। ਇਹ ਭੁਲੇਖਾ ਜਨਮ ਸਾਖੀਆਂ ਵਿੱਚ ਵੱਖ-ਵੱਖ ਤਾਰੀਖਾਂ ਲਿਖਣ ਕਰਕੇ ਹੋਇਆ ਹੋਵੇਗਾ। ਵਿਸਾਖ (ਅਪਰੈਲ) ਵਾਲੀ ਗ਼ਲਤ ਤਾਰੀਖ ਸਭ ਤੋਂ ਪਹਿਲਾ ਪ੍ਰਿਥੀ ਚੰਦ ਮੀਣਾ ਦੇ ਪੁੱਤਰ ਮਿਹਰਬਾਨ ਨੇ ਲਿਖੀ ਸੀ। ਉਹ ਸਿੱਖ ਹਿਸਰਟੀ ਵਿਗਾੜਨ ਵਾਲਾ ਪਹਿਲਾ ਸਿੱਖ ਦੋਖੀ ਸੀ’।
ਇਹ ਠੀਕ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਤਾਰੀਖ ਸਬੰਧੀ ਵਾਦ-ਵਿਵਾਦ ਹੈ, ਪਰ ਵਿਦਵਾਨ ਲੇਖਕ ਨੇ ਬਿਨਾਂ ਕੋਈ ਠੋਸ ਸਬੂਤ ਦਿੱਤੇ, 20 ਅਕਤੂਬਰ 1469 ਈ: ਨੂੰ ਸਹੀ ਤੇ 15 ਅਪ੍ਰੈਲ 1469 ਈ: ਨੂੰ ਗ਼ਲਤ ਕਰਾਰ ਦੇ ਦਿੱਤਾ ਹੈ।
ਡਾ. ਦਿਲਗੀਰ ਦਾ ਇਹ ਲਿਖਣਾ ਤਾਂ ਠੀਕ ਹੈ ਕਿ ਪ੍ਰਿਥੀ ਚੰਦ ਮੀਣਾ, ਗੁਰੂ ਘਰ ਦਾ ਵਿਰੋਧੀ ਸੀ, ਪਰ ਇਹ ਲਿਖਣਾ ਕਿ ਉਸ ਦਾ ਪੁੱਤਰ ਮਿਹਰਬਾਨ, ‘ਸਿੱਖ ਹਿਸਰਟੀ ਵਿਗਾੜਨ ਵਾਲਾ ਪਹਿਲਾ ਸਿੱਖ ਦੋਖੀ ਸੀ’, ਸਹੀ ਨਹੀਂ ਜਾਪਦਾ। ਮਿਹਰਬਾਨ ਵਾਲੀ ਜਨਮ ਸਾਖੀ ਪੋਥੀ ਸਚਖੰਡ ਬਾਰੇ ਵਿਦਵਾਨਾਂ ਦਾ ਮੰਨਣਾ ਹੈ ਕਿ ਇਹ 1619 ਈ: ’ਚ ਲਿਖੀ ਗਈ ਸੀ। ਜਦੋਂ ਕਿ ਦੋ ਹੋਰ ਜਨਮ ਸਾਖੀਆਂ ਇਸ ਤੋਂ ਪਹਿਲਾਂ ਲਿਖੀਆਂ ਜਾ ਚੁੱਕੀਆਂ ਸਨ। ਸੀਹਾਂ ਉਪਲ ਦੀ ‘ਸਾਖੀ ਮਹਲ ਪਹਿਲੇ ਕੀ’ ਦਾ ਲਿਖਣ ਸਮਾਂ 1570-74 ਈ: ਮੰਨਿਆ ਜਾਂਦਾ ਹੈ ਤੇ ਭਾਈ ਬੂਲਾ ਵਾਲੀ ਜਨਮ ਸਾਖੀ ‘ਜਨਮ ਪਤ੍ਰੀ ਬਾਬੇ ਜੀ’ ਕੀ ਦੇ ਲਿਖਣ ਦਾ ਸਮਾਂ 1597-1600 ਈ: ਮੰਨਿਆ ਜਾਂਦਾ ਹੈ। ਇਨ੍ਹਾਂ ਦੋਵਾਂ ਜਨਮ ਸਾਖੀਆਂ ’ਚ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਵੈਸਾਖ ਦਾ ਹੀ ਲਿਖਿਆ ਹੋਇਆ ਹੈ। ਸੋ ਮਿਹਰਬਾਨ, ਪਹਿਲਾ ਨਹੀਂ ਸਗੋਂ ਤੀਜਾ ਵਿਅਕਤੀ ਸੀ, ਜਿਸ ਨੇ ‘ਵੈਸਾਖ’ ਲਿਖਿਆ ਸੀ।
ਗੁਰੂ ਜੀ ਦੇ ਜਨਮ ਦੀ ਤਾਰੀਖ, ਕੱਤਕ ਦੀ ਪੁੰਨਿਆ ਸੰਮਤ ੧੫੨੬ ਬਿ: (20 ਅਕਤੂਬਰ 1469 ਈ:) ਕੇਵਲ ਭਾਈ ਬਾਲੇ ਦੇ ਨਾਂ ਨਾਲ ਜਾਣੀ ਜਾਂਦੀ ਜਨਮ ਸਾਖੀ ’ਚ ਦਰਜ ਹੈ। ਇਸ ਜਨਮ ਸਾਖੀ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਗੁਰੂ ਅੰਗਦ ਸਾਹਿਬ ਜੀ ਦੀ ਹਜ਼ੂਰੀ ’ਚ ਲਿਖੀ ਗਈ ਸੀ। ਜੇ ਇਹ ਸੱਚ ਹੈ ਤਾਂ ਇਹ ਜਨਮ ਸਾਖੀ ਸੰਮਤ ੧੫੯੬ ਬਿਕ੍ਰਮੀ ਦੇ ਅਖੀਰ (1540 ਈ: ਦਾ ਆਰੰਭ) ਤੀਕ ਲਿਖੀ ਜਾ ਚੁੱਕੀ ਹੋਵੇਗੀ। ਇਸ ਹਿਸਾਬ ਨਾਲ ਇਹ ਜਨਮ ਸਾਖੀ ਸਭ ਤੋਂ ਵੱਧ ਭਰੋਸੇ ਯੋਗ ਲਿਖਤ ਹੋਣੀ ਚਾਹੀਦੀ ਹੈ, ਪਰ ਅਜਿਹਾ ਨਹੀਂ ਹੈ। ਭਾਈ ਬਾਲੇ ਦੇ ਨਾਂ ਨਾਲ ਜਾਣੀ ਜਾਂਦੀ ਜਨਮ ਸਾਖੀ ਦੀ ਸਭ ਤੋਂ ਪੁਰਾਣੀ ਹੱਥ ਲਿਖਤ ‘ਸੰਮਤ 1715 ਬਿਕ੍ਰਮੀ (1658 ਈ:)’ ’ਚ ਲਿਖੀ ਹੋਈ ਮਿਲਦੀ ਹੈ, ਜੋ ਹੰਦਾਲੀਆਂ ਵੱਲੋਂ ਲਿਖਵਾਈ ਗਈ ਸੀ।
ਡਾ. ਹਰਜਿੰਦਰ ਸਿੰਘ ਜੀ ਦਿਲਗੀਰ ਨੂੰ ਬੇਨਤੀ ਹੈ ਕਿ ਗੁਰੂ ਅੰਗਦ ਸਾਹਿਬ ਜੀ ਦੀ ਹਜ਼ੂਰੀ ’ਚ ਲਿਖੀ ਗਈ ਭਾਈ ਬਾਲੇ ਵਾਲੀ ਹੱਥ ਲਿਖਤ ਜਨਮ ਸਾਖੀ (ਸੰਮਤ 1596 ਬਿਕ੍ਰਮੀ); ਇਨ੍ਹਾਂ ਪਾਸ ਹੈ ਜਾਂ ਇਨ੍ਹਾਂ ਨੇ ਕਿਸੇ ਲਾਇਬਰੇਰੀ ’ਚ ਵੇਖੀ ਹੈ ਤਾਂ ਇਹ ਜਾਣਕਾਰੀ, ਜ਼ਰੂਰ ਜਨਤਕ ਕੀਤੀ ਜਾਵੇ। ਜੇ ਅਜਿਹੀ ਕੋਈ ਜਨਮ ਸਾਖੀ ਨਹੀਂ ਹੈ ਤਾਂ ਗੁਰੂ ਜੀ ਦਾ ਜਨਮ ਦਿਹਾੜਾ ‘ਕੱਤਕ ਦੀ ਪੁੰਨਿਆ’ ਮੰਨਣ ਦਾ ਕੀ ਆਧਾਰ ਹੈ, ਸਪਸ਼ਟ ਕੀਤਾ ਜਾਵੇ। ਆਸ ਕਰਦੇ ਹਾਂ ਕਿ ਡਾ. ਦਿਲਗੀਰ ਜੀ, ਬੇਨਤੀ ਪ੍ਰਵਾਨ ਕਰਨਗੇ। ਧੰਨਵਾਦ
ਸਰਲ ਗੁਰਬਾਣੀ ਵਿਆਕਰਣ – ਭਾਗ 11
ਸਰਲ ਗੁਰਬਾਣੀ ਵਿਆਕਰਣ – ਭਾਗ 11
(ਤਤਸਮ ਇਸਤਰੀ ਲਿੰਗ ਸ਼ਬਦ –ਉਕਾਰਾਂਤ, ਇਕਾਰਾਂਤ ਤੇ ਵਿਸ਼ੇਸ਼ਣ)
– ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣਾ।
‘ਮੰਮੀ ਜੀ ! ਮੰਮੀ ਜੀ ! ! 20 ਰੁਪਏ ਦੇਣਾ। ਬਾਹਰ ਇਕ ਗਰੀਬ ਆਦਮੀ ਨੂੰ ਦੇਣੇ ਨੇ।’ ਮਿਹਰ ਸਿੰਘ ਕੁਲਫ਼ੀ ਖਾਂਦਿਆਂ ਘਰ ਅੰਦਰ ਦਾਖਲ ਹੋ ਕੇ ਬੋਲਿਆ।
‘ਕੀ ਗੱਲ ਹੈ ਪੁੱਤਰ ? ਕਿਹੜਾ ਗਰੀਬ ?’ ਮਾਂ ਨੇ ਰਸੋਈ ਵਿਚੋਂ ਬਾਹਰ ਆਉਂਦਿਆਂ ਪੁੱਛਿਆ।
‘ਉਹ ਵਿਚਾਰਾ ਬਾਹਰ ਧੁੱਪ ਵਿਚ ਕੁਲਫ਼ੀਆਂ ਵੇਚ ਰਿਹਾ ਹੈ।’ ਮਿਹਰ ਸਿੰਘ ਦੀ ਇੰਨੀ ਗੱਲ ਸੁਣਦਿਆਂ ਸਾਰੇ ਖਿੜ-ਖਿੜਾ ਕੇ ਹੱਸ ਪਏ।
‘ਗਿਆਨੀ ਜੀ, ਮੈਂ ਅੱਜ ਇਸਤਰੀ ਲਿੰਗ ਸ਼ਬਦਾਂ ’ਤੇ ਵੀਚਾਰ ਕਰ ਰਿਹਾ ਹਾਂ। ਸਾਡੀ ਬੋਲੀ ਵਿਚ ਬਹੁਤ ਸਾਰੀਆਂ ਹੋਰ ਬੋਲੀਆਂ ਦੇ ਸ਼ਬਦ ਰਲੇ ਹੋਏ ਹਨ, ਜਿਨ੍ਹਾਂ ਬਾਰੇ ਅਸੀਂ ਕਦੀ ਸੋਚਿਆ ਵੀ ਨਹੀਂ ਹੁੰਦਾ। ਹੁਣੇ ਮਿਹਰ ਨੇ ‘ਕੁਲਫ਼ੀ’ ਸ਼ਬਦ ਵਰਤਿਆ ਹੈ, ਇਹ ਅਰਬ ਦੇਸ਼ ਦੀ ਬੋਲੀ ਦਾ ਸ਼ਬਦ ਹੈ। ਇਸ ਨੂੰ ਅਸੀਂ ਤਤਸਮ ਸ਼ਬਦ ਕਹਿੰਦੇ ਹਾਂ।’ ਸੁਖਦੀਪ ਸਿੰਘ ਨੇ ‘ਕੁਲਫ਼ੀ’ ਸ਼ਬਦ ਤੋਂ ਅੱਜ ਦੀ ਵਿਆਕਰਣਿਕ ਵੀਚਾਰ ਸ਼ੁਰੂ ਕੀਤੀ।
‘ਮੈਨੂੰ ਪਤਾ ਹੈ ਵੀਰ ਜੀ, ਹਰ ਬੋਲੀ ਦੇ ਸ਼ਬਦ ਭੰਡਾਰ ਵਿਚ ਤਿੰਨ ਤਰ੍ਹਾਂ ਦੇ ਸ਼ਬਦ ਹੁੰਦੇ ਨੇ। ਮੌਲਿਕ ਸ਼ਬਦ, ਤਦਭਵ ਸ਼ਬਦ ਤੇ ਤਤਸਮ ਸ਼ਬਦ।’ ਕੁਲਫ਼ੀ ਖਾਂਦਿਆਂ ਮਿਹਰ ਸਿੰਘ ਨੇ ਵਿਚੇ ਹੀ ਗੱਲ ਸ਼ੁਰੂ ਕਰ ਦਿੱਤੀ।
‘ਵਾਹ ਮੇਰੇ ਪੁੱਤਰ ! ਤੈਨੂੰ ਤਾਂ ਸਭ ਕੁੱਝ ਪਤਾ ਹੈ। ਇਹ ਸ਼ਬਦਾਂ ਦਾ ਕੀ ਅਰਥ ਹੁੰਦਾ ਹੈ ?’ ਮਾਂ ਨੇ ਬੜੇ ਮਾਣ ਨਾਲ ਪੁੱਛਿਆ।
‘ਮੰਮੀ ਜੀ, ਇਹ ਤਾਂ ਬਹੁਤ ਸੌਖਾ ਹੈ।
ਮੌਲਿਕ ਸ਼ਬਦ, ਉਹ ਹੁੰਦੇ ਹਨ, ਜਿਹੜੇ ਆਪਣੀ ਹੀ (ਦੇਸੀ) ਬੋਲੀ ਦੇ ਸ਼ਬਦ ਹੁੰਦੇ ਨੇ, ਜਿਵੇਂ: ਲੱਸੀ, ਕੰਧ, ਕੇਹਰ, ਗੋਂਗਲੂ, ਭੁਕਾਨਾ ਵਗੈਰਾ।
ਤਦਭਵ ਸ਼ਬਦ ਉਹ ਹੁੰਦੇ ਹਨ, ਜਿਹੜੇ ਕਿਸੇ ਹੋਰ ਬੋਲੀ ਤੋਂ ਬਦਲ ਕੇ ਬਣਾਏ ਜਾਂਦੇ ਨੇ, ਜਿਵੇਂ: ਸੂਰਯ ਤੋਂ ਸੂਰਜ, ਘ੍ਰਿਤ ਤੋਂ ਘਿਉ, ਸਨਾਨ ਤੋਂ ਇਸ਼ਨਾਨ, ਦੁਗਧ ਤੋਂ ਦੁੱਧ, ਯੋਗੀ ਤੋਂ ਜੋਗੀ ਵਗੈਰਾ।
ਤਤਸਮ ਸ਼ਬਦ ਉਹ ਹੁੰਦੇ ਹਨ, ਜਿਹੜੇ ਕਿਸੇ ਹੋਰ ਬੋਲੀ ਦੇ ਮੌਲਿਕ ਸ਼ਬਦ ਹੋਣ ਅਤੇ ਬਿਨਾਂ ਰੂਪ ਬਦਲੇ, ਇੰਨ-ਬਿੰਨ ਵਰਤੇ ਜਾਣ, ਜਿਵੇਂ: ਕੁਲਫ਼ੀ।’ ਮਿਹਰ ਸਿੰਘ ਦੇ ਮੂੰਹੋਂ ਕੁਲਫ਼ੀ ਦਾ ਨਾਮ ਸੁਣਦਿਆਂ ਹੀ ਫਿਰ ਹਾਸਾ ਮੱਚ ਗਿਆ।
‘ਤਤਸਮ ਸ਼ਬਦ ਤਾਂ ਮੈਂ ਦੱਸ ਦਿੰਦਾ ਹਾਂ ਮਿਹਰ ! ਜਿਹੜੇ ਸਾਡੀ ਆਮ ਬੋਲ-ਚਾਲ ਦਾ ਹਿੱਸਾ ਬਣ ਚੁੱਕੇ ਨੇ, ਜਿਵੇਂ:
ਇੰਗਲਿਸ਼ ਦੇ ਸ਼ਬਦ: ਪੈੱਨ, ਪੈਨਸਿਲ, ਕਾਲਜ, ਡਾਕਟਰ, ਰੇਡੀਉ, ਟੈਲੀਵਿਜ਼ਨ, ਪੋਸਟ, ਟਿਕਟ, ਸਾਈਕਲ, ਮਸ਼ੀਨ, ਡਾਟਾ, ਕੰਪਿਊਟਰ, ਰੇਲ, ਸਟੇਸ਼ਨ, ਇੰਟਰਨੈੱਟ, ਪ੍ਰਿੰਟਰ ਵਗੈਰਾ।
ਫ਼ਾਰਸੀ ਦੇ ਸ਼ਬਦ: ਚਸ਼ਮਾ, ਚਾਪਲੂਸ, ਆਦਮੀ, ਜਮੀਂਦਾਰ, ਦੁਕਾਨ, ਨਮਕ, ਹੁਕਮ, ਦਰਬਾਰ, ਸਾਬੁਣ, ਬਰਫ਼, ਰੁਮਾਲ, ਅਨਾਰ, ਅੰਦਰ, ਨਮੂਨਾ, ਕੀਮਤ, ਬੀਮਾਰ ਵਗੈਰਾ।
ਅਰਬੀ ਦੇ ਸ਼ਬਦ: ਕਨੂੰਨ, ਕਲਮ, ਗਰੀਬ, ਅਮੀਰ, ਕੈਦੀ, ਔਰਤ, ਕਤਲ, ਫ਼ਕੀਰ, ਔਲਾਦ, ਰਿਸ਼ਵਤ, ਮਾਲਿਕ, ਕਬੀਰ ਵਗੈਰਾ।
ਪੁਰਤਗਾਲੀ ਦੇ ਸ਼ਬਦ: ਤੌਲੀਆ, ਸਾਬੁਣ, ਕਮੀਜ਼, ਗਮਲਾ, ਅਚਾਰ, ਕਾਰਤੂਸ, ਤਿਜੌਰੀ, ਚਾਬੀ, ਫੀਤਾ, ਤੰਬਾਕੂ, ਕਾਫੀ ਵਗੈਰਾ।
ਫਰਾਂਸੀਸੀ ਦੇ ਸ਼ਬਦ: ਪੁਲਿਸ, ਕਾਰਟੂਨ, ਇੰਜੀਨੀਅਰ, ਕਰਫਿਊ, ਬਿਗੁਲ ਵਗੈਰਾ।
ਤੁਰਕੀ ਦੇ ਸ਼ਬਦ: ਕੈਂਚੀ, ਚਾਕੂ, ਤੋਪ, ਬਾਰੂਦ, ਲਾਸ਼, ਦਰੋਗਾ, ਬਹਾਦੁਰ ਵਗੈਰਾ।
ਯੂਨਾਨੀ ਦੇ ਸ਼ਬਦ: ਟੈਲੀਫ਼ੋਨ, ਟੈਲੀਗ੍ਰਾਫ਼, ਐਟਮ, ਡੈਲਟਾ ਵਗੈਰਾ।
ਚੀਨੀ ਦੇ ਸ਼ਬਦ: ਚਾਹ, ਲੀਚੀ, ਪਟਾਖਾ ਵਗੈਰਾ।
ਇੱਥੋਂ ਤੱਕ ਕਿ ਗੁਰਬਾਣੀ ਵਿਚ ਵੀ ਪੰਜਾਬੀ, ਲਹਿੰਦੀ ਪੰਜਾਬੀ, ਸਿੰਧੀ, ਅਰਬੀ, ਫ਼ਾਰਸੀ, ਪੂਰਬੀ ਹਿੰਦੀ, ਪੱਛਮੀ ਹਿੰਦੀ, ਸਧੂਕੜੀ, ਹਰਿਆਣਵੀ, ਗੁਜਰਾਤੀ, ਮਰਾਠੀ, ਸੰਸਕ੍ਰਿਤ, ਪੂਰਬੀ ਅਪਭ੍ਰੰਸ਼, ਪਾਲੀ, ਪ੍ਰਾਕ੍ਰਿਤ ਆਦਿ ਅਨੇਕਾਂ ਬੋਲੀਆਂ ਦੇ ਸ਼ਬਦ ਵਰਤੇ ਗਏ ਹਨ।’ ਸੁਖਦੀਪ ਸਿੰਘ ਨੇ ਕਿੰਨੇ ਹੀ ਤਤਸਮ ਸ਼ਬਦ ਇਕੋ-ਸਾਹੇ ਗਿਣਾ ਦਿੱਤੇ।
‘ਵੀਰ ਜੀ, ਮੈਂ ਤੁਹਾਨੂੰ ਮੰਨ ਜਾਵਾਂ ਜੇ ਇਹ ਦੱਸ ਦਿਉ ਕਿ ‘ਰਿਕਸ਼ਾ’ ਕਿਸ ਦੇਸ਼ ਦੀ ਬੋਲੀ ਦਾ ਸ਼ਬਦ ਹੈ।’ ਮਿਹਰ ਸਿੰਘ ਨੇ ਸ਼ਰਾਰਤੀ ਅੰਦਾਜ਼ ਵਿਚ ਚੁਟਕੀ ਲੈਂਦਿਆਂ ਕਿਹਾ।
‘ਜਪਾਨ ਦਾ।’ ਮਾਂ ਨੇ ਇਕੋ-ਦਮ ਜਵਾਬ ਦਿੱਤਾ।
‘ਮੰਮੀ ਜੀ, ਤੁਸੀਂ ਕਿਉਂ ਦੱਸਿਆ। ਵੀਰੇ ਤੋਂ ਪੁੱਛਣਾ ਸੀ।’ ਮਿਹਰ ਸਿੰਘ ਨੇ ਮੂੰਹ ਜਿਹਾ ਬਣਾ ਕੇ ਨਰਾਜ਼ ਹੁੰਦਿਆਂ ਕਿਹਾ।
‘ਚਲੋ ਠੀਕ ਹੈ ਜੀ, ਮੰਨ ਲੈਂਦਾ ਹਾਂ ਕਿ ਮੈਨੂੰ ਨਹੀਂ ਪਤਾ ਸੀ, ਪਰ ਮੇਰੇ ਨਿੱਕੇ ਜਿਹੇ ਪ੍ਰੋਫੈਸਰ ਨੂੰ ਪਤਾ ਸੀ।’ ਸੁਖਦੀਪ ਸਿੰਘ ਨੇ ਮਿਹਰ ਸਿੰਘ ਨੂੰ ਪਿਆਰ ਨਾਲ ਪਲੋਸਦਿਆਂ ਕਿਹਾ।
‘ਮੈਨੂੰ ਪਤਾ ਸੀ ਕਿ ਵੀਰੇ ਨੂੰ ਨਹੀਂ ਪਤਾ।’ ਇੰਨੇ ਵਿਚ ਹੀ ਮਿਹਰ ਸਿੰਘ ਖੁਸ਼ ਹੋ ਗਿਆ।
‘ਗਿਆਨੀ ਜੀ, ਮੈਨੂੰ ਅੱਜ ਇਕ ਹੋਰ ਮਜ਼ੇਦਾਰ ਗੱਲ ਪਤਾ ਚੱਲੀ ਹੈ ਕਿ ਇਸਤਰੀ ਆਪਣੇ ਪੇਕੇ ਘਰ ਤੋਂ ਮਿਲੇ ਹੋਏ ਸੰਸਕਾਰ, ਆਪਣੇ ਸਹੁਰੇ ਘਰ ਵਿਚ, ਨਾਲ ਹੀ ਲੈ ਕੇ ਆਉਂਦੀ ਹੈ।’ ਸੁਖਦੀਪ ਸਿੰਘ ਨੇ ਬੜੀ ਗੰਭੀਰਤਾ ਨਾਲ ਇਹ ਗੱਲ ਕਹੀ।
‘ਬਿਲਕੁੱਲ ਬੇਟੇ, ਬੱਚੀ ਨੂੰ ਆਪਣੇ ਪੇਕਿਉਂ ਸਹੁਰੇ ਘਰ, ਦਾਜ ਵਿਚ ਘਰੇਲੂ ਵਸਤਾਂ ਲਿਜਾਣ ਦੀ ਬਜਾਇ, ਸ਼ੁੱਭ ਗੁਣ ਲਿਜਾਣੇ ਚਾਹੀਦੇ ਹਨ। ਇਸੇ ਲਈ ਧੰਨ ਗੁਰੂ ਰਾਮਦਾਸ ਸਾਹਿਬ ਜੀ ਫ਼ੁਰਮਾਉਂਦੇ ਹਨ ਕਿ ਹੇ ਮੇਰੇ ਬਾਬੁਲ ! ਮੈਨੂੰ ਉਹ ਇੱਜ਼ਤ ਰੂਪੀ ਕੱਪੜੇ ਦਿਉ, ਜਿਸ ਨਾਲ ਮੇਰੀ ਪ੍ਰਭੂ ਦੇ ਘਰ ਵਿਚ ਸ਼ੋਭਾ ਬਣ ਜਾਏ।
ਹਰਿ ਪ੍ਰਭੁ ਮੇਰੇ ਬਾਬੁਲਾ ! ਹਰਿ ਦੇਵਹੁ ਦਾਨੁ ਮੈ ਦਾਜੋ॥
ਹਰਿ ਕਪੜੋ ਹਰਿ ਸੋਭਾ ਦੇਵਹੁ; ਜਿਤੁ ਸਵਰੈ ਮੇਰਾ ਕਾਜੋ॥
ਪਰ ਬੇਟਾ ਜੀ, ਤੁਹਾਨੂੰ ਅੱਜ ਕਿਵੇਂ ਪਤਾ ਚੱਲਿਆ ?’ ਮੈਂ ਸੁਖਦੀਪ ਸਿੰਘ ਤੋਂ ਪੁੱਛਿਆ।
‘ਗਿਆਨੀ ਜੀ, ਮੰਮੀ ਜੀ ਨੇ ਮੈਨੂੰ ਗੁਰਬਾਣੀ ਵਿਚੋਂ ਇਸਤਰੀ ਨਾਵਾਂ ਦੇ ਅਕਾਰਾਂਤ (ਆਖਰੀ ਅੱਖਰ ਮੁਕਤਾ) ਤੋਂ ਇਲਾਵਾ ਇਸਤਰੀ ਲਿੰਗ ਨਾਵਾਂ ਦੇ ਹੋਰ ਵੀ ਨੇਮਾਂ ਦੇ ਪ੍ਰਮਾਣ ਲਿਖਣ ਦਾ ਹੋਮਵਰਕ ਦਿੱਤਾ ਹੋਇਆ ਹੈ। ਉਨ੍ਹਾਂ ਨੇਮਾਂ ਦੇ ਪ੍ਰਮਾਣ ਲਿਖਦਿਆਂ ਮੈਨੂੰ ਇਕ ਕੀਮਤੀ ਗੱਲ ਸਮਝ ਪਈ।
ਬਾਹਰਲੀਆਂ ਬੋਲੀਆਂ ਵਿਚੋਂ ਕੁੱਝ ਐਸੇ ਇਸਤਰੀ ਲਿੰਗ ਨਾਂਵ ਗੁਰਬਾਣੀ ਵਿਚ ਆਏੇ ਹਨ, ਜਿਨ੍ਹਾਂ ਦਾ ਮੂਲ ਰੂਪ ਉਨ੍ਹਾਂ ਦੀ ਆਪਣੀ ਪੁਰਾਣੀ ਬੋਲੀ ਦਾ ਹੀ ਰਿਹਾ, ਜਿਸ ਵਿਚ ਉਨ੍ਹਾਂ ਦਾ ਜਨਮ ਹੋਇਆ ਸੀ। ਮਤਲਬ ਜਿਵੇਂ ਕੋਈ ਇਸਤਰੀ ਪੇਕੇ ਘਰੋਂ ਆਪਣੇ ਸੰਸਕਾਰ ਨਾਲ ਹੀ ਲੈ ਕੇ ਆਉਂਦੀ ਹੈ, ਇਸੇ ਤਰ੍ਹਾਂ ਇਸਤਰੀ ਲਿੰਗ ਨਾਂਵ ਵੀ, ਆਪਣੀ ਜਨਮ ਦੇਣ ਵਾਲੀ ਬੋਲੀ ਵਿਚੋਂ, ਆਪਣਾ ਮੂਲ ਸਰੂਪ ਨਾਲ ਹੀ ਲੈ ਕੇ ਗੁਰਬਾਣੀ ਵਿਚ ਆਏ ਹਨ। ਉਦਾਹਰਣ ਵਜੋਂ ਅਸੀਂ ਗੁਰਬਾਣੀ ਵਿਚ ਹੋਰ ਬੋਲੀਆਂ ਵਿਚੋਂ ਆਏ ਇਸਤਰੀ ਲਿੰਗ ਨਾਂਵਾਂ ਦੀ ਮੌਲਿਕ ਔਂਕੜ ਦੇਖ ਸਕਦੇ ਹਾਂ, ਜਿਵੇਂ:
ਰੇਣੁ, ਰੇਨੁ, ਸਾਸੁ, ਲਾਜੁ, ਧੇਨੁ, ਅੰਸੁ, ਹਿੰਙੁ, ਕਫੁ, ਕਲਤੁ, ਖਾਕੁ, ਖਾਂਡੁ, ਖੜੁ, ਚਿੰਜੁ, ਛਾਰੁ, ਜਿੰਦੁ, ਜਰੁ, ਤੰਤੁ, ਦਭੁ, ਦਰਦੁ, ਧੇਣੁ, ਧਾਤੁ, ਫੇਨੁ, ਬਸਤੁ, ਬਿਖੁ, ਬੇਨੁ, ਬਿੰਦੁ, ਭਸੁ, ਮਸੁ, ਮਲੁ, ਰਤੁ, ਰਕਤੁ, ਰੇਤੁ, ਲਾਜੁ, ਵਾਉ, ਵਿਸੁ, ਵੰਸੁ, ਵਾਸੁ, ਵਸਤੁ, ਵਥੁ ਆਦਿਕ। ਇਨ੍ਹਾਂ ਤਤਸਮ ਇਸਤਰੀ ਲਿੰਗ ਨਾਂਵਾਂ ਨੂੰ ਦੇਖ ਕੇ ਇਹ ਭੁਲੇਖਾ ਨਹੀਂ ਲੱਗਣਾ ਚਾਹੀਦਾ ਕਿ ਇਹ ਪੁਲਿੰਗ ਇਕ ਵਚਨ ਨਾਂਵ ਹਨ।’ ਸੁਖਦੀਪ ਸਿੰਘ ਨੇ ਵਿਸਥਾਰ ਨਾਲ ਦੱਸਿਆ।
‘ਵੀਰ ਜੀ, ਮੈਂ ਗੁਰਬਾਣੀ ਵਿਚੋਂ ਪ੍ਰਮਾਣ ਸੁਣਾਵਾਂ ?’ ਮਿਹਰ ਸਿੰਘ ਨੇ ਆਪਣੇ ਵੱਡੇ ਵੀਰ ਸੁਖਦੀਪ ਸਿੰਘ ਤੋਂ ਪੁੱਛਿਆ।
‘ਕਿਉਂ ਨਹੀਂ, ਮੇਰੇ ਨਿੱਕੇ ਪ੍ਰੋ: ਸਾਹਿਬ ਜੀ ! ਜ਼ਰੂਰ ਕੀਮਤੀ ਗਿਆਨ ਬਖਸ਼ੋ ਜੀ।’ ਸੁਖਦੀਪ ਸਿੰਘ ਨੇ ਇਸ ਤਰ੍ਹਾਂ ਪਿਆਰ ਨਾਲ ਜਵਾਬ ਦਿੱਤਾ ਕਿ ਮਿਹਰ ਸਿੰਘ ਥੋੜਾ ਸ਼ਰਮਾ ਜਿਹਾ ਗਿਆ।
‘ਮੈਨੂੰ ਪਤਾ ਹੈ ਵੀਰ ਜੀ, ਤੁਸੀਂ ਮੇਰੇ ਨਾਲ ਮਜ਼ਾਕ ਕਰਦੇ ਓਪਰ ਮੈਂ ਪ੍ਰਮਾਣ ਸੁਣਾ ਸਕਦਾ ਹਾਂ।
ਅਨਦਿਨੁ ਮੂਸਾ ਲਾਜੁ ਟੁਕਾਈ॥
ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ॥
ਗੁਰ ਕੀ ਰੇਣੁ ਨਿਤ ਮਜਨ ਕਰਉ॥
ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ॥
ਤੈਸੀ ਵਸਤੁ ਵਿਸਾਹੀਐ; ਜੈਸੀ ਨਿਬਹੈ ਨਾਲਿ॥
ਇਨ੍ਹਾਂ ਤੁਕਾਂ ਵਿਚ ਲਾਜੁ (ਰੱਸੀ), ਬਿਖੁ (ਜ਼ਹਰ), ਰੇਣੁ (ਧੂੜ), ਧੇਨੁ (ਗਾਂ) ਤੇ ਵਸਤੁ (ਚੀਜ਼) ਇਸਤਰੀ ਲਿੰਗ ਤਤਸਮ ਸ਼ਬਦ ਨੇ, ਜਿਹੜੇ ਆਪਣੀ ਮੌਲਿਕ ਔਂਕੜ ਨਾਲ ਹੀ ਲੈ ਕੇ ਆਏ ਹਨ।’ ਮਿਹਰ ਸਿੰਘ ਨੇ ਬੜੇ ਵਿਸ਼ਵਾਸ ਨਾਲ ਗੁਰਬਾਣੀ ਵਿਚੋਂ ਪ੍ਰਮਾਣ ਸੁਣਾਏ।
‘ਪੁੱਤਰ ਮਿਹਰ, ਤੁਹਾਨੂੰ ਤਾਂ ਪਤਾ ਹੀ ਹੈ ਕਿ ਪੁਲਿੰਗ ਇਕ ਵਚਨ ਨਾਂਵਾਂ ਦੇ ਆਖਰੀ ਅੱਖਰ ਨੂੰ ਵੀ ਔਂਕੜ ਆਉਂਦੀ ਹੈ। ਇਹ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਇਹ ਸ਼ਬਦ ਇਸਤਰੀ ਲਿੰਗ ਹੀ ਹਨ ?’ ਮੈਂ ਬੜੇ ਪਿਆਰ ਨਾਲ ਮਿਹਰ ਸਿੰਘ ਤੋਂ ਪੁੱਛਿਆ।
‘ਹਮਮਮ ! ਦੇਖੋ ਗਿਆਨੀ ਜੀ, ਲਾਜੁ (ਰੱਸੀ) ਨਾਲ ਇਸਤਰੀ ਲਿੰਗ ਕਿਰਿਆ ‘ਟੁਕਾਈ’ ਆਈ ਹੈ, ਜੇ ਪੁਲਿੰਗ ਨਾਉਂ ਹੁੰਦਾ ਤਾਂ ਟੁਕਾਇਆ ਆਉਣਾ ਸੀ ਨਾ ? ਇਸੇ ਤਰ੍ਹਾਂ ‘ਬਿਖੁ’ ਨਾਲ ‘ਖਾਟੀ’ ਆਇਆ ਹੈ, ਖਾਟਾ ਨਹੀਂ। ‘ਗੁਰ ਕੀ ਰੇਣੁ’ ਆਇਆ ਹੈ, ਗੁਰ ਕਾ ਰੇਣੁ ਨਹੀਂ। ਧੇਨੁ ਦੁਧੈ ਤੇ ‘ਬਾਹਰੀ’ ਆਇਆ ਹੈ, ਬਾਹਰਾ ਨਹੀਂ ਤੇ ‘ਤੈਸੀ ਵਸਤੁ’ ਆਇਆ ਹੈ, ਤੈਸਾ ਵਸਤੁ ਨਹੀਂ। ਇਸ ਤੋਂ ਸਾਫ਼ ਪਤਾ ਲਗਦਾ ਹੈ ਕਿ ਇਹ ਸਾਰੇ ਸ਼ਬਦ ਇਸਤਰੀ ਲਿੰਗ ਹਨ। ਇਹ ਆਪਣੇ ਆਖਰੀ ਅੱਖਰ ਨਾਲ ਆਪਣੀ ਮੌਲਿਕ ਔਂਕੜ ਲੈ ਕੇ ਆਏ ਹਨ, ਇਸ ਲਈ ਇਹ ਤਤਸਮ ਇਸਤਰੀ ਲਿੰਗ ਸ਼ਬਦ ਹਨ।’ ਮਿਹਰ ਸਿੰਘ ਨੇ ਸਪਸ਼ਟ ਕੀਤਾ।
‘ਪੁਲਿੰਗ ਨਾਉਂ ਅਤੇ ਤਤਸਮ ਇਸਤਰੀ ਲਿੰਗ ਨਾਉਂ ਦੀ ਲੱਗੀ ਹੋਈ ਆਖਰੀ ਔਂਕੜ ਵਿਚ ਕੀ ਫਰਕ ਹੈ ?’ ਮੈਂ ਪੁੱਛਿਆ।
‘ਪੁਲਿੰਗ ਨਾਉਂ ਦੀ ਆਖਰੀ ਅੱਖਰ ਨੂੰ ਲੱਗੀ ਹੋਈ ਔਂਕੜ ਇਕ ਵਚਨ ਦੀ ਲਖਾਇਕ ਹੈ ਤੇ ਬਹੁ ਵਚਨ, ਸੰਬੋਧਨ ਜਾਂ ਸਬੰਧਕ ਦੇ ਆਉਣ ’ਤੇ ਪੁਲਿੰਗ ਦੀ ਆਖਰੀ ਅੱਖਰ ਦੀ ਔਂਕੜ ਲੱਥ ਜਾਂਦੀ ਐ। ਤਤਸਮ ਇਸਤਰੀ ਲਿੰਗ ਨਾਉਂ ਦੀ ਲੱਗੀ ਆਖਰੀ ਔਂਕੜ ਬਹੁ ਵਚਨ, ਸੰਬੋਧਨ ਜਾਂ ਸਬੰਧਕ ਦੇ ਆਉਣ ’ਤੇ ਵੀ ਲੱਗੀ ਰਹਿੰਦੀ ਹੈ, ਜਿਵੇਂ:
ਸਾਸੁ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮਿ ਡਰਉ ਰੇ॥
ਬਿਖੁ ਕਾ ਕੀਰਾ ਬਿਖੁ ਮਹਿ ਰਾਤਾ ਬਿਖੁ ਹੀ ਮਾਹਿ ਪਚਾਵਣਿਆ॥
ਤਤਸਮ ਇਸਤਰੀ ਲਿੰਗ ‘ਸਾਸੁ’ ਨਾਲ ਸਬੰਧਕ ‘ਕੀ’ ਆਉਣ ’ਤੇ ਵੀ ‘ਸਾਸੁ’ ਦੇ ਆਖਰੀ ਅੱਖਰ ਦੀ ਔਂਕੜ ਕਾਇਮ ਹੈ। ਤਤਸਮ ਇਸਤਰੀ ਲਿੰਗ ‘ਬਿਖੁ’ ਨਾਲ ਸਬੰਧਕ ‘ਕਾ’, ‘ਮਹਿ’ ਤੇ ਅਵਿੱਯੇ ‘ਹੀ’ ਆਉਣ ’ਤੇ ਵੀ ‘ਬਿਖੁ’ ਦੇ ਆਖਰੀ ਅੱਖਰ ਦੀ ਔਂਕੜ ਕਾਇਮ ਹੈ।’ ਸੁਖਦੀਪ ਸਿੰਘ ਨੇ ਗੁਰਬਾਣੀ ਵਿਆਕਰਣ ਦੇ ਔਖੇ ਨੇਮ ਨੂੰ ਸੌਖਿਆਂ ਹੀ ਸਮਝਾ ਦਿੱਤਾ।
‘ਪੁੱਤਰ ਜੀ, ਤੁਹਾਨੂੰ ਪਤਾ ਹੈ ਕਿ ਇਸਤਰੀ ਲਿੰਗ ਨਾਂਵਾਂ ਦੇ ਹੋਰ ਵੀ ਨੇਮ ਹੁੰਦੇ ਹਨ।’ ਮਾਂ ਨੇ ਸੁਖਦੀਪ ਸਿੰਘ ਨੂੰ ਸਵਾਲ ਕੀਤਾ।
‘ਹਾਂ ਜੀ ਮੰਮੀ ਜੀ, ਗੁਰਬਾਣੀ ਵਿਚ ਕਈ ਵਾਰ ਇਸਤਰੀ ਲਿੰਗ ਨਾਂਵ ਇਕਾਰਾਂਤ (ਆਖਰੀ ਅੱਖਰ ਸਿਹਾਰੀ) ਨਾਲ ਵੀ ਆਉਂਦੇ ਹਨ। ਅਸਲ ਵਿਚ ਉਹ ਵੀ ਤਤਸਮ ਇਸਤਰੀ ਲਿੰਗ ਸ਼ਬਦ ਹੁੰਦੇ ਹਨ, ਜਿਵੇਂ:
ਪਰਦੇਸਨਿ, ਬਨਜਾਰਨਿ, ਫੁਰਮਾਇਸਿ, ਉਸਤਤਿ, ਉਤਪਤਿ, ਸਲਾਮਤਿ, ਸਉਕਨਿ, ਹਕੀਕਤਿ, ਹਟਤਾਰਿ, ਕੁਦਰਤਿ, ਕਰਾਮਾਤਿ, ਜਰੂਰਤਿ, ਬਰਾਬਰਿ, ਮਸਲਤਿ, ਭੰਡਾਰਣਿ, ਅਹਰਣਿ, ਸੁਹਾਗਣਿ, ਦੁਹਚਾਰਣਿ, ਕਲਾਲਨਿ, ਬੈਰਾਗਨਿ, ਕਰਤੂਤਿ, ਪੜੋਸਨਿ, ਭਸਮੜਿ, ਅਕਲਿ, ਇਲਤਿ, ਸੰਗਤਿ, ਸਮਾਧਿ, ਸਿਫਤਿ, ਸਾਬਾਸਿ, ਸਾਬਤਿ, ਕਿਰਤਿ, ਤਪਤਿ, ਭਗਤਿ, ਸੁਰਤਿ, ਦ੍ਰਿਸਟਿ, ਨਦਰਿ, ਮਸੀਤਿ, ਧਰਤਿ, ਲਬਧਿ, ਖਬਰਿ, ਪ੍ਰਭਾਤਿ, ਜੁਗਤਿ, ਸਾਪਨਿ, ਗੀਹਨਿ, ਸਰਣਿ, ਤ੍ਰਿਪਤਿ, ਬਿਭੂਤਿ, ਸ੍ਰਿਸਟਿ, ਤੇਜਨਿ, ਕਾਮਣਿ, ਤਰੁਣਿ, ਬੈਰਨਿ, ਮੂਰਤਿ, ਮਾਲਨਿ, ਸਾਹਨਿ, ਤੇਜਨਿ, ਸੁਚਿ, ਕੀਟਿ, ਜੂਠਿ, ਕੰਠਿ, ਖੈਰਿ, ਜਾਤਿ, ਦਾਤਿ, ਰੈਣਿ, ਭੂਮਿ, ਬੇਲਿ, ਵੇਲਿ, ਪਾਲਿ, ਭੀਤਿ, ਡੋਰਿ, ਰੁਤਿ, ਵਾਰਿ, ਵਾੜਿ, ਰਿਧਿ, ਸਿਧਿ, ਨਿਧਿ, ਮਤਿ, ਧੁਨਿ, ਭੂਮਿ, ਪ੍ਰੀਤਿ, ਰੀਤਿ, ਛੋਤਿ, ਨਾਰਿ ਆਦਿਕ। ਇਨ੍ਹਾਂ ਤਤਸਮ ਇਸਤਰੀ ਲਿੰਗ ਨਾਂਵਾਂ ਨੂੰ ਦੇਖ ਕੇ ਇਹ ਭੁਲੇਖਾ ਨਹੀਂ ਲੱਗਣਾ ਚਾਹੀਦਾ ਕਿ ਇਹ ਪੁਲਿੰਗ ਨਾਂਵਾਂ ਦੇ ਆਖਰੀ ਅੱਖਰ ਨੂੰ ਲੱਗੀ ਹੋਈ ਸਿਹਾਰੀ ਹੈ।’ ਸੁਖਦੀਪ ਸਿੰਘ ਨੇ ਬਹੁਤ ਸਾਰੇ ਤਤਸਮ ਇਸਤਰੀ ਲਿੰਗ ਨਾਂਵਾਂ ਦੀ ਜਾਣਕਾਰੀ ਦਿੰਦਿਆਂ ਕਿਹਾ।
‘ਵੀਰ ਜੀ, ਇਹਦੇ ਵਿਚੋਂ ਵੀ ਮੈਂ ਕੁੱਝ ਪ੍ਰਮਾਣ ਸੁਣਾਵਾਂਗਾ।
ਮੈ ਬਨਜਾਰਨਿ ਰਾਮ ਕੀ॥
ਅਪਨੀ ਕੁਦਰਤਿ ਜਾਣੈ ਆਪਿ॥
ਰੈਣਿ ਗਈ ਫਿਰਿ ਹੋਇ ਪਰਭਾਤਿ॥
ਸਚੀ ਤੇਰੀ ਸਿਫਤਿ ਸਚੀ ਸਾਲਾਹ॥
ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ॥
ਇਨ੍ਹਾਂ ਤੁਕਾਂ ਵਿਚ ‘ਬਨਜਾਰਨਿ, ਕੁਦਰਤਿ, ਰੈਣਿ, ਪਰਭਾਤਿ, ਸਿਫਤਿ, ਉਸਤਤਿ ਤੇ ਰਾਤਿ’ ਤਤਸਮ ਇਸਤਰੀ ਲਿੰਗ ਸ਼ਬਦ ਨੇ, ਜਿਹੜੇ ਆਪਣੀ ਮੌਲਿਕ ਸਿਹਾਰੀ ਨਾਲ ਹੀ ਲੈ ਕੇ ਆਏ ਹਨ।’ ਮਿਹਰ ਸਿੰਘ ਨੇ ਇਸ ਵਾਰ ਫਿਰ ਗੁਰਬਾਣੀ ਵਿਚੋਂ ਢੁੱਕਵੇਂ ਪ੍ਰਮਾਣ ਸੁਣਾਏ।
‘ਮਿਹਰ, ਤੈਨੂੰ ਪਤਾ ਹੈ ਕਿ ਕਈ ਵਾਰੀ ਕੁੱਝ ਵਿਸ਼ੇਸ਼ਣੀ ਪਦ ਵੀ ਇਸਤਰੀ ਲਿੰਗ ਨਾਂਵ ਰੂਪ ਵਿਚ ਵਰਤੇ ਜਾਂਦੇ ਹਨ, ਉਨ੍ਹਾਂ ਸ਼ਬਦਾਂ ਦੇ ਵੀ ਅਖੀਰਲੇ ਅੱਖਰ ਨੂੰ ਸਿਹਾਰੀ ਲੱਗ ਜਾਂਦੀ ਹੈ, ਜਿਵੇਂ:
ਸੁੰਦਰਿ, ਸੁਜਾਣਿ, ਚਤੁਰਿ, ਚੰਚਲਿ, ਬੇਪੀਰਿ, ਅਨਾਥਿ, ਸੁਘਰਿ, ਸੁਘੜਿ, ਸਰੂਪਿ, ਸੁਜਾਨਿ, ਸੇਵਕਿ, ਕਰੂਪਿ, ਕੁਜਾਤਿ, ਬਚਿਤ੍ਰਿ, ਸੀਲਵੰਤਿ, ਨਿਰਗੁਣਿ, ਨਿਰਗੁਨਿ, ਪਰਧਾਨਿ, ਰੂਪਵੰਤਿ, ਬਿਚਖਨਿ, ਸੀਲਵੰਤਿ, ਵਡਭਾਗਣਿ, ਅਚਾਰਵੰਤਿ ਆਦਿਕ। ਉਦਾਹਰਣ ਦੇ ਤੌਰ ’ਤੇ:
ਮੋਹਨੀ ਮਹਾ ਬਚਿਤ੍ਰਿ ਚੰਚਲਿ ਅਨਿਕ ਭਾਵ ਦਿਖਾਵਏ॥
ਪਹਿਲੀ ਕਰੂਪਿ ਕੁਜਾਤਿ ਕੁਲਖਨੀ ਸਾਹੁਰੈ ਪੇਈਐ ਬੁਰੀ॥
ਅਬ ਕੀ ਸਰੂਪਿ ਸੁਜਾਨਿ ਸੁਲਖਨੀ ਸਹਜੇ ਉਦਰਿ ਧਰੀ॥
ਰੂਪਵੰਤਿ ਸਾ ਸੁਘੜਿ ਬਿਚਖਣਿ ਜੋ ਧਨ ਕੰਤ ਪਿਆਰੀ ਜੀਉ॥
ਨਿਰਗੁਨਿ ਨਿਮਾਣੀ ਅਨਾਥਿ ਬਿਨਵੈ; ਮਿਲਹੁ ਪ੍ਰਭ ਕਿਰਪਾ ਨਿਧੇ॥
ਇਨ੍ਹਾਂ ਸਾਰੇ ਪ੍ਰਮਾਣਾਂ ਵਿਚ ਬਚਿਤ੍ਰਿ, ਚੰਚਲਿ, ਕਰੂਪਿ, ਕੁਜਾਤਿ, ਸਰੂਪਿ, ਸੁਜਾਨਿ, ਰੂਪਵੰਤਿ, ਸੁਘੜਿ, ਬਿਚਖਣਿ, ਨਿਰਗੁਨਿ ਤੇ ਅਨਾਥਿ ਵਿਸ਼ੇਸ਼ਣੀ ਪਦ ਇਸਤਰੀ ਲਿੰਗ ਨਾਂਵ ਰੂਪ ਵਿਚ ਵਰਤੇ ਗਏ ਹਨ। ਇਨ੍ਹਾਂ ਵੱਲ ਦੇਖ ਕੇ ਵੀ ਇਹ ਭੁਲੇਖਾ ਨਹੀਂ ਲੱਗਣਾ ਚਾਹੀਦਾ ਕਿ ਇਹ ਪੁਲਿੰਗ ਨਾਂਵਾਂ ਦੇ ਆਖਰੀ ਅੱਖਰ ਨੂੰ ਲੱਗੀ ਹੋਈ ਸਿਹਾਰੀ ਹੈ।’ ਸੁਖਦੀਪ ਸਿੰਘ ਨੇ ਇਕਾਰਾਂਤ ਇਸਤਰੀ ਲਿੰਗ ਵਿਸ਼ੇਸ਼ਣੀ ਪਦਾਂ ਸਬੰਧੀ ਵਿਸ਼ੇਸ਼ ਨੇਮ ਦੱਸਦਿਆਂ ਕਿਹਾ :
‘ਮੈਨੂੰ ਇਹ ਪਤਾ ਹੈ ਕਿ ਹੁਣ ਮਿਹਰ ਵੀ ਇਨ੍ਹਾਂ ਨਾਂਵਾਂ ਦੇ ਪ੍ਰਮਾਣ ਸੁਣਾਏਗਾ।’ ਮੈਂ ਮੁਸਕਰਾਉਂਦਿਆਂ ਮਿਹਰ ਸਿੰਘ ਵੱਲ ਦੇਖ ਕੇ ਕਿਹਾ।
‘ਅੱਛਾ ਗਿਆਨੀ ਜੀ, ਹੁਣ ਤੁਸੀਂ ਜਾਣੀ-ਜਾਣ, ਅੰਤਰਜਾਮੀ ਬਾਬਾ ਜੀ ਬਣ ਗਏ ਓ।’ ਮਿਹਰ ਸਿੰਘ ਨੇ ਮੁਸਕੜੀਂ ਹਸਦਿਆਂ ਕਿਹਾ।
‘ਅੰਤਰਜਾਮੀ ਤਾਂ ਨਹੀਂ ਪਰ ਪੁੱਤਰ ਜੀ, ਮੈਨੂੰ ਤੁਹਾਡੇ ਲੱਛਣਾਂ ਦਾ ਪਤਾ ਹੈ। ਕਿਸੇ ਗੱਲ ’ਚੋਂ ਤੁਸੀਂ ਪਿੱਛੇ ਕਿਵੇਂ ਰਹਿ ਸਕਦੇ ਓ। ਜਵਾਬ ਭਾਵੇਂ ਗਲਤ ਈ ਹੋਵੇ ਪਰ ਕੌਨਫੀਡੈਂਸ ਪੂਰਾ ਹੈ।’ ਮੈਂ ਜਾਣ-ਬੁੱਝ ਕੇ ਮਿਹਰ ਸਿੰਘ ਨੂੰ ਛੇੜਦਿਆਂ ਕਿਹਾ।
‘ਐਸੀ ਵੀ ਗੱਲ ਨਹੀਂ ਗਿਆਨੀ ਜੀ। ਮੈਂ ਬਿਲਕੁਲ ਠੀਕ ਪ੍ਰਮਾਣ ਦਿਆਂਗਾ।
ਸੋ ਸੇਵਕਿ ਰਾਮ ਪਿਆਰੀ॥
ਤੂੰ ਸਤਵੰਤੀ ਤੂੰ ਪਰਧਾਨਿ॥
ਅਤਿ ਸੁੰਦਰਿ ਬਿਚਖਨਿ ਤੂੰ॥
ਸੁਨਿ ਅੰਧਲੀ ਲੋਈ ਬੇਪੀਰਿ॥
ਅਚਾਰਵੰਤਿ ਸਾਈ ਪਰਧਾਨੇ॥
ਸਾ ਗੁਣਵੰਤੀ ਸਾ ਵਡਭਾਗਣਿ॥
ਪੁਤ੍ਰਵੰਤੀ ਸੀਲਵੰਤਿ ਸੋਹਾਗਣਿ॥
ਧਨ ਕਛੂ ਨ ਸਮਝੈ ਚੰਚਲਿ ਕਾਚੇ॥
ਸੋਹਨੀ ਸਰੂਪਿ ਸੁਜਾਣਿ ਬਿਚਖਨਿ॥
ਸੁੰਦਰਿ ਸੁਜਾਣਿ ਚਤੁਰਿ ਬੇਤੀ ਸਾਸ ਬਿਨੁ ਜੈਸੇ ਤਨਾ॥
ਅਜੇ ਤਾਂ ਮੈਂ ਹੋਰ ਵੀ ਬਹੁਤ ਸਾਰੇ ਪ੍ਰਮਾਣ ਲਿਖੇ ਹੋਏ ਨੇ।’ ਮਿਹਰ ਸਿੰਘ ਨੇ ਆਪਣੀ ਗੁਰਬਾਣੀ ਵਿਆਕਰਣ ਵਾਲੀ ਡਾਇਰੀ ਵਿਚੋਂ ਪ੍ਰਮਾਣ ਪੜ੍ਹ ਕੇ ਸੁਣਾਉਂਦਿਆਂ ਕਿਹਾ।
‘ਓ ਭਾਈ, ਇਹ ਇੰਨੇ ਸਾਰੇ ਕਿਹੜੇ ਪ੍ਰਮਾਣ ਸੁਣਾ ਦਿੱਤੇ ਨੇ ?’ ਮੈਂ ਹੈਰਾਨ ਹੋ ਕੇ ਮਿਹਰ ਸਿੰਘ ਨੂੰ ਪੁੱਛਿਆ।
‘ਗਿਆਨੀ ਜੀ, ਇਨ੍ਹਾਂ ਸਾਰੇ ਪ੍ਰਮਾਣਾਂ ਵਿਚ ਸੇਵਕਿ, ਪਰਧਾਨਿ, ਸੁੰਦਰਿ, ਬਿਚਖਨਿ, ਬੇਪੀਰਿ, ਅਚਾਰਵੰਤਿ, ਵਡਭਾਗਣਿ, ਸੀਲਵੰਤਿ, ਸੋਹਾਗਣਿ, ਚੰਚਲਿ, ਸਰੂਪਿ, ਸੁਜਾਣਿ, ਬਿਚਖਨਿ, ਸੁੰਦਰਿ, ਸੁਜਾਣਿ ਤੇ ਚਤੁਰਿ ਵਿਸ਼ੇਸ਼ਣੀ ਪਦ ਇਸਤਰੀ ਲਿੰਗ ਵਾਲੇ ਨਾਂਵ ਰੂਪ ਵਿਚ ਵਰਤੇ ਗਏ ਹਨ।’ ਮਿਹਰ ਸਿੰਘ ਨੇ ਬੜੇ ਸਰਲ ਤਰੀਕੇ ਨਾਲ ਸਮਝਾ ਦਿੱਤਾ।
‘ਵਾਹ ਭਈ ਵਾਹ ! ਮੰਨ ਗਏ ਨਿੱਕੇ ਪ੍ਰੋਫ਼ੈਸਰ ਜੀ ਨੂੰ। ਲਗਦੈ, ਤੈਨੂੰ ਗੁਰਬਾਣੀ ਦੀ ਸਾਰੀ ਵਿਆਕਰਣ ਆ ਗਈ ਐ।’ ਸੁਖਦੀਪ ਸਿੰਘ ਨੇ ਖੁਸ਼ ਹੁੰਦਿਆਂ ਕਿਹਾ।
‘ਨਹੀਂ ਵੀਰ ਜੀ, ਸਾਰੀ ਵਿਆਕਰਣ ਨਹੀਂ ਆਈ। ਇਕ ਸਵਾਲ ਅਜੇ ਵੀ ਮੇਰੇ ਮਨ ਵਿਚ ਚੱਲ ਰਿਹਾ ਹੈ। ਜੇ ਕਿਸੇ ਨਾਉਂ ਦੇ ਅਖੀਰਲੇ ਅੱਖਰ ਨੂੰ ਔਂਕੜ ਜਾਂ ਸਿਹਾਰੀ ਆ ਜਾਏ ਤਾਂ ਕਿਵੇਂ ਪਤਾ ਲੱਗੇਗਾ ਕਿ ਉਹ ਪੁਲਿੰਗ ਹੈ ਜਾਂ ਤਤਸਮ ਇਸਤਰੀ ਲਿੰਗ ?’ ਮਿਹਰ ਸਿੰਘ ਨੇ ਸਿਰ ਖੁਰਕਦਿਆਂ ਪੁੱਛਿਆ।
‘ਓ ਮੇਰੇ ਭੋਲੂਆ ਜਿਹਾ ! ਇਹ ਤਾਂ ਉਹ ਗੱਲ ਹੋਈ ਕਿ ਹਾਥੀ ਲੰਘ ਗਿਆ ਪਰ ਪੂਛ ਅਟਕ ਗਈ। ਗੁਰਬਾਣੀ ਵਿਆਕਰਣ ਦੇ ਇੰਨੇ ਵੱਡੇ-ਵੱਡੇ ਨੇਮ ਸਮਝ ਗਿਆ ਹੈਂ ਤੇ ਇਕ ਛੋਟੀ ਜਿਹੀ ਗੱਲ ’ਤੇ ਅਟਕ ਗਿਐਂ ? ਤੈਨੂੰ ਪਹਿਲਾਂ ਸਮਝਾਇਆ ਤਾਂ ਸੀ (ਦੇਖੋ: ਸਰਲ ਗੁਰਬਾਣੀ ਵਿਆਕਰਣ – ਭਾਗ ਦੂਜਾ) ਕਿ ਜਿਸ ਨਾਉਂ ਦੇ ਅੱਗੇ ‘ਮੇਰਾ’ ਜਾਂ ‘ਚੰਗਾ’ ਸ਼ਬਦ ਲੱਗ ਸਕੇ, ਉਹ ਪੁਲਿੰਗ ਹੈ ਤੇ ਜਿਸ ਨਾਉਂ ਅੱਗੇ ‘ਮੇਰੀ’ ਜਾਂ ‘ਚੰਗੀ’ ਸ਼ਬਦ ਲੱਗ ਸਕੇ, ਉਹ ਇਸਤਰੀ ਲਿੰਗ ਹੈ, ਭਾਵੇਂ ਉਹ ਆਮ ਇਸਤਰੀ ਲਿੰਗ ਹੋਵੇ, ਭਾਵੇਂ ਤਤਸਮ ਇਸਤਰੀ ਲਿੰਗ।’ ਸੁਖਦੀਪ ਸਿੰਘ ਨੇ ਮਿਹਰ ਸਿੰਘ ਦੇ ਸਿਰ ’ਤੇ ਪਿਆਰ ਭਰੀ ਪਟੋਕੀ ਮਾਰਦਿਆਂ ਕਿਹਾ।
‘ਚਲੋ ਬੱਚਿਓ ! ਅੱਜ ਮੈਂ ਤੁਹਾਨੂੰ ਸਿਰਫ 7 ਸ਼ਬਦਾਂ ਦਾ ਹੋਮਵਰਕ ਦੇ ਰਿਹਾ ਹਾਂ।
ਕਾਮਣੁ, ਕਾਮਣ, ਕਾਮਣਿ, ਤਰਣੁ, ਤਰਣ, ਤਰੁਣਿ, ਤਰੁਣ।
ਇਨ੍ਹਾਂ ਵਿਚੋਂ 6 ਸ਼ਬਦਾਂ ਦੇ ਗੁਰਬਾਣੀ ਵਿਚੋਂ ਪ੍ਰਮਾਣ ਅਤੇ ਉਨ੍ਹਾਂ ਦੇ ਅਰਥ ਲਿਖ ਕੇ ਦਿਖਾਉ।’ ਮੈਂ ਇਨ੍ਹਾਂ ਬੱਚਿਆਂ ਨੂੰ ਹੋਮਵਰਕ ਦਿੰਦਿਆਂ ਸੋਚ ਰਿਹਾ ਸਾਂ ਕਿ ਸਾਡੀ ਕੌਮ ਵਿਚ ਉਹ ਦਿਨ ਕਦੋਂ ਆਵੇਗਾ, ਜਦੋਂ ਹਰ ਇਕ ਗੁਰਸਿੱਖ ਬੱਚਾ ਗੁਰਬਾਣੀ ਵਿਆਕਰਣਿਕ ਨੇਮਾਂ ਅਨੁਸਾਰ ਅਰਥ-ਭਾਵ ਨੂੰ ਸਮਝ ਕੇ ਸਚੀ ਬਾਣੀ ਨੂੰ ਆਪਣੇ ਜੀਵਨ ਵਿਚ ਧਾਰਨ ਕਰੇਗਾ। ਉਸ ਦਿਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਬਚਨ ‘ਵਾਹੁ ਵਾਹੁ ਬਾਣੀ ਸਤਿ ਹੈ; ਗੁਰਮੁਖਿ ਬੂਝੈ ਕੋਇ॥’ ਦਾ ਗਿਆਨ ਹਰ ਗੁਰਸਿੱਖ ਦੇ ਘਰ ਵਿਚ ਪਰਗਟ ਹੋ ਜਾਵੇਗਾ।
ਗੁਰਬਾਣੀ ਰਚਨ ਦਾ ਮੰਤਵ (ਭਾਗ 1)
ਗੁਰਬਾਣੀ ਰਚਨ ਦਾ ਮੰਤਵ (ਭਾਗ 1)
ਗਿਆਨੀ ਅਵਤਾਰ ਸਿੰਘ
ਕੁਦਰਤ ’ਚ ਜਾਨਵਰਾਂ ਵਾਙ ਮਨੁੱਖ ਭੀ ਇੱਕ ਪ੍ਰਜਾਤੀ ਹੈ, ਨਸਲ ਹੈ, ਜੋ ਭੋਜਨ ਲਈ ਤੇ ਵੰਸ਼ਜ ਪੈਦਾ ਕਰਨ ’ਚ ਮਗਨ ਹੈ। ਇਸ ਤੋਂ ਵੱਧ ਗਿਆਨ; ਨਾ ਪਸ਼ੂ-ਪੰਛੀਆਂ ਕੋਲ਼ ਹੈ ਤੇ ਨਾ ਹੀ ਮਨੁੱਖ ਕੋਲ਼ ਹੈ। ਪ੍ਰਭੂ ਵੱਲੋਂ ਮਿਲੀ ਇਹ ਚੇਤਨਾ ਸਭ ਅੰਦਰ ਪਾਈ ਹੁੰਦੀ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ, ‘‘ਏਕਾ ਸੁਰਤਿ; ਜੇਤੇ ਹੈ ਜੀਅ ॥ ਸੁਰਤਿ ਵਿਹੂਣਾ; ਕੋਇ ਨ ਕੀਅ (ਕੀਤਾ) ॥’’ (ਮਹਲਾ ੧/੨੫) ਜੇ ਇਹ ਚੇਤਨਾ ਨਾ ਪਾਈ ਹੁੰਦੀ ਤਾਂ ਕੁੱਤੀ; ਕਤੂਰਿਆਂ ਨੂੰ ਜਨਮ ਦੇਣ ਤੋਂ ਪਹਿਲਾਂ ਉਨ੍ਹਾਂ ਦੀ ਰੱਖਿਆ ਲਈ ਘੋਰਨਾ ਨਾ ਪੁੱਟਦੀ। ਪੰਛੀ; ਅੰਡੇ ਦੇਣ ਤੋਂ ਪਹਿਲਾਂ ਆਲ੍ਹਣਾ ਨਾ ਬਣਾ ਸਕਦੇ। ਇਹੀ ਚੇਤਨਾ; ਮਨੁੱਖ ਪਾਸੋਂ ਘਰ, ਦੁਕਾਨ ਦਾ ਨਿਰਮਾਣ ਕਰਾਉਂਦੀ ਹੈ। ਭਾਵੇਂ ਕਿ ਇਹ ਜ਼ਿੰਦਗੀ ਭੀ ਮਾਲਕ ਦੇ ਹੁਕਮ ’ਚ ਗੁਜ਼ਰ ਰਹੀ ਹੁੰਦੀ ਹੈ, ਪਰ ਧਰਮ ਦੀ ਨਜ਼ਰ ਤੋਂ ਇਹ, ਸੁਖਦਾਈ ਤੇ ਸਫਲ ਜ਼ਿੰਦਗੀ ਨਹੀਂ ਹੈ।
ਸਵਾਲ : ਧਰਮ ਕੀ ਹੈ ? ਜਵਾਬ : ਪੂਰਨ ਸੱਚ ਦਾ ਰੂਪ ਹੋਣਾ ਹੀ ਮਨੁੱਖ ਦਾ ‘ਧਰਮ’ ਹੈ। ਹਿੰਦੂ, ਮੁਸਲਿਮ, ਈਸਾਈ, ਸਿੱਖ, ਪਾਰਸੀ, ਜੈਨੀ, ਬੋਧੀ, ਆਦਿ ਧਰਮ ਨਹੀਂ ਹਨ ਬਲਕਿ ਆਪਣੇ ਆਪਣੇ ‘ਮੱਤ’ ਹਨ। ‘ਮੱਤ’ ਤੋਂ ਭਾਵ ਨਿਜੀ ਸੋਚ, ਜੋ ਇਨ੍ਹਾਂ ਦੇ ਕਬੀਲਿਆਂ ’ਚ ਪੈਦਾ ਹੋਏ ਕਿਸੇ ਇੱਕ ਪੈਗ਼ੰਬਰ, ਦੇਵਤੇ, ਗੁਰੂ, ਮਹਾਂ ਪੁਰਸ਼ ਆਦਿ ਦੀ ਸੋਚ ਰਹੀ ਹੁੰਦੀ ਹੈ। ਉਸ ਨੂੰ ਹੀ ਅਗਾਂਹ ਇਨ੍ਹਾਂ ਪੈਰੋਕਾਰਾਂ ਨੇ ਅਪਣਾਅ ਰੱਖਿਆ ਹੁੰਦਾ ਹੈ। ਇਸ ਤਰ੍ਹਾਂ ਹਰ ਕੋਈ ਆਪਣੀ ਮੱਤ ਨੂੰ ‘ਧਰਮ’ ਸਮਝਦਾ ਹੈ। ਹਰ ਕੋਈ ਦਾਅਵਾ ਕਰਦਾ ਹੈ ਕਿ ਸਾਡੇ ਵਰਗ, ਸਾਡੀ ਜਾਤ ਦੀ ਸੋਚ ਹੀ ‘ਅਸਲ ਸੱਚ’ ਹੈ। ਹਿੰਦੂ ਕਹਿੰਦਾ ਹੈ ਕਿ ‘ਸੱਚ’ ਸਾਡੇ ਪੁਰਖਿਆਂ ਨੇ ਜਾਣਿਆ ਹੈ। ਈਸਾਈ ਕਹਿੰਦਾ ਹੈ ਕਿ ‘ਸੱਚ’; ਸਾਡੇ ਪੁਰਖੇ ਹੀ ਸਮਝ ਸਕੇ ਹਨ। ਧਰਮ ਦੇ ਨਾਂ ’ਤੇ ਬਣੀ ਇਹ ਧਾਰਨਾ; ਸਮਾਜਕ ਝਗੜਿਆਂ ਦਾ ਕਾਰਨ ਬਣਦੀ ਹੈ। ਮਨੁੱਖਤਾ ਅੰਦਰ ਨਫ਼ਰਤ ਭਰਦੀ ਹੈ ਜਦਕਿ ਸੱਚ; ਸਭ ਨੂੰ ਜੋੜਦਾ ਹੈ। ਸਾਰਿਆਂ ਅੰਦਰ ਭਾਈਚਾਰਕ ਸਾਂਝ ਸਿਰਜਦਾ ਹੈ; ਜਿਵੇਂ ਕਿ ਗੁਰਬਾਣੀ ਦੇ ਬੋਲ ਹਨ, ‘‘ਏਕੁ ਪਿਤਾ, ਏਕਸ ਕੇ ਹਮ ਬਾਰਿਕ.. ॥ (ਮਹਲਾ ੫/੬੧੧), ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥’’ (ਮਹਲਾ ੫/੯੭)
ਧਰਮ ਦੇ ਨਾਂ ’ਤੇ ਹੁੰਦੇ ਭੇਦ-ਭਾਵ, ਝਗੜਿਆਂ ਨੂੰ ਵੇਖ ਕੇ ਬਹੁਤੇ ਲੋਕ; ਧਰਮ ਬਾਰੇ ਜਾਣਨ ਤੇ ਮੰਨਣ ਤੋਂ ਹੀ ਇਨਕਾਰੀ ਹੋ ਗਏ ਹਨ। ਐਸੇ ਹਾਲਾਤਾਂ ’ਚ ਸੱਚ ਬੋਲਿਆ; ਦੋ ਤਰ੍ਹਾਂ ਦੇ ਲੋਕਾਂ ਨੂੰ ਨਹੀਂ ਭਾਉਂਦਾ (1). ਜੋ ਝੂਠ ਨੂੰ ਸੱਚ ਮੰਨ ਬੈਠੇ ਹਨ (ਪਾਖੰਡੀ, ਕਰਮਕਾਂਡੀ ਲੋਕ) (2). ਜੋ ਸੱਚ ਦੀ ਗੱਲ ਸੁਣਨ ਤੋਂ ਹੀ ਇਨਕਾਰੀ ਹਨ (ਨਾਸਤਿਕ ਲੋਕ)। ਇਹ ਦੋਵੇਂ; ਸੱਚੇ ਧਰਮੀ ਬੰਦਿਆਂ ਦੇ ਦਿਲੋਂ ਵਿਰੋਧੀ ਹਨ ਤੇ ਰਹਿਣਗੇ। ਉਨ੍ਹਾਂ ਨੂੰ ਖ਼ਤਮ ਕਰਨ ਦਾ ਹਰ ਹੀਲਾ (ਸ਼ਾਮ, ਦਾਮ, ਦੰਡ, ਭੇਦ) ਵਰਤਣਗੇ। ਜੇਕਰ ਕਿਸੇ ਮਹਾਂ ਪੁਰਸ਼, ਗੁਰੂ ਜਾਂ ਸੰਤ ਦੀ ਅਵਾਜ਼ ਦਾ ਅੱਜ ਕੋਈ ਵਿਰੋਧ ਨਹੀਂ ਕਰ ਰਿਹਾ ਤਾਂ ਸਮਝ ਲੈਣਾ ਕਿ ਉਹ ਸੱਚ ਦਾ ਪਹਿਰੇਦਾਰ ਨਹੀਂ ਬਲਕਿ ਸ਼ਰਧਾ ਦਾ ਨਜਾਇਜ਼ ਫ਼ਾਇਦਾ ਉੱਠਾ ਰਿਹਾ ਹੈ। ਐਸੀ ਜਗ੍ਹਾ ਜਾਣਾ, ਉਸ ਦੇ ਵਿਚਾਰ ਸੁਣਨਾ; ਆਪਣੇ ਜੀਵਨ ਨੂੰ ਅਜਾਈਂ ਗਵਾਉਣਾ ਹੈ।
ਧਰਮ ਦੀ ਵਿਆਖਿਆ 5 ਕੁ ਹਜ਼ਾਰ ਸਾਲ ਤੋਂ ਹੋਣ ਲੱਗੀ। ਫਿਰ ਇਸ ਵਿੱਚ ਹੋਰ ਹੋਰ ਸੁਧਾਰ ਹੁੰਦਾ ਰਿਹਾ। ਗੁਰੂ ਕਾਲ (1469-1708/239 ਸਾਲ) ਤੋਂ ਪਹਿਲਾਂ; ਪ੍ਰਾਚੀਨ ਵਿਆਖਿਆ ਨਾਲ਼ੋਂ ਉੱਨਤ ਸੂਫ਼ੀ ਮੱਤ; ਸੱਚ ਦੇ ਬਹੁਤ ਨੇੜੇ ਹੈ ਤਾਹੀਓਂ ਗੁਰੂ ਸਾਹਿਬਾਨ ਨੇ ਬਾਬਾ ਫ਼ਰੀਦ ਜੀ (1173-7 ਅਕਤੂਬਰ 1266/ਉਮਰ 93 ਸਾਲ) ਦੇ ਅੰਮ੍ਰਿਤਮਈ ਬਚਨਾਂ ਨੂੰ ਗੁਰੂ ਗ੍ਰੰਥ ਸਾਹਿਬ ’ਚ ਦਰਜ ਕੀਤਾ। ਭਗਤੀ ਲਹਿਰ ਦੇ ਮੋਢੀ ਰਹੇ ਭਗਤ ਰਾਮਾਨੰਦ ਜੀ (1360-1470/ਉਮਰ 110 ਸਾਲ) ਅਤੇ ਉਨ੍ਹਾਂ ਦੇ ਸਮਕਾਲੀ ਭਗਤ ਕਬੀਰ ਜੀ (1398-1518/ਉਮਰ 120 ਸਾਲ), ਭਗਤ ਰਵੀਦਾਸ ਜੀ (ਸੰਨ 1377-1520/ਉਮਰ 143 ਸਾਲ) ਸਮੇਤ 15 ਭਗਤਾਂ ਦੇ ਅੰਮ੍ਰਿਤਮਈ ਬਚਨ ਭੀ ਸੱਚ ਦੇ ਨੇੜੇ ਹਨ ਤਾਹੀਓਂ ਉਨ੍ਹਾਂ ਨੂੰ ਭੀ ਗੁਰਬਾਣੀ ਅੰਦਰ ਸੰਭਾਲ਼ਿਆ ਗਿਆ। ਐਸਾ ਕਰਦਿਆਂ ਗੁਰੂ ਸਾਹਿਬਾਨ ਨੇ ਕਿਸੇ ਅਖੌਤੀ ਜਾਤ ਜਾਂ ਭਾਸ਼ਾਈ ਵਿਤਕਰੇ ਨੂੰ ਨਾ ਅਹਿਮੀਅਤ ਦਿੱਤੀ, ਰੁਕਾਵਟ ਨਾ ਬਣਨ ਦਿੱਤਾ। ਦੁਨੀਆ ’ਚ ਐਸਾ ਕੋਈ ਧਾਰਮਿਕ ਗ੍ਰੰਥ ਨਹੀਂ, ਜਿਸ ਅੰਦਰ ਇੱਕ ਤੋਂ ਵੱਧ ਭਾਸ਼ਾਵਾਂ ਹੋਣ ਤੇ ਵੱਖ ਵੱਖ ਕਬੀਲਿਆਂ ਜਾਂ ਕਿੱਤਿਆਂ ਨਾਲ਼ ਸਬੰਧਿਤ ਮਹਾ ਪੁਰਸ਼ਾਂ ਦੇ ਵਿਚਾਰਾਂ ਨੂੰ ਇੱਕ ਗ੍ਰੰਥ ’ਚ ਸੰਭਾਲ਼ਿਆ ਗਿਆ ਹੋਵੇ। ਸਾਰੀ ਗੁਰਬਾਣੀ; 6 ਗੁਰੂ ਸਾਹਿਬਾਨ, 15 ਭਗਤ ਸਾਹਿਬਾਨ, 11 ਭੱਟ ਸਾਹਿਬਾਨ ਤੇ 3 ਗੁਰਸਿੱਖਾਂ ਦਾ ਅਨੁਭਵ ਹੈ, ਜਿਸ ਨੂੰ ਉਨ੍ਹਾਂ ਨੇ ਆਪ ਲਿਖਤੀ ਰੂਪ ’ਚ ਸੰਭਾਲ਼ਿਆ। ਇਹ ਭੀ ਇੱਕ ਅਨੋਖੀ ਮਿਸਾਲ ਹੈ ਕਿਉਂਕਿ ਇਸ ਤੋਂ ਪਹਿਲਾਂ ਕਿਸੇ ਭੀ ਪੀਰ, ਪੈਗ਼ੰਬਰ, ਦੇਵਤੇ, ਆਚਾਰੀਆ, ਆਦਿ ਨੇ ਆਪਣੇ ਅਨੁਭਵ ਨੂੰ ਆਪ ਲਿਖਤੀ ਰੂਪ ਨਹੀਂ ਦਿੱਤਾ। ਮਿਸਾਲ ਵਜੋਂ ਵੇਦਾਂ ਦਾ ਗਿਆਨ; ਬ੍ਰਹਮਾ ਦੇ ਬੋਲ ਮੰਨੇ ਜਾਂਦੇ ਹਨ। ਉਹ ਕਦੋਂ ਪੈਦਾ ਹੋਇਆ ਤੇ ਕਦੋਂ ਮਰਿਆ, ਇਸ ਦਾ ਕਿਤੇ ਜ਼ਿਕਰ ਨਹੀਂ, ਪਰ ਵੇਦਾਂ ਦਾ ਲਿਖਾਰੀ ਵੇਦ ਵਿਆਸ ਹੈ, ਜੋ 3000 ਤੋਂ 1500 ਈਸਾ ਪੂਰਵ ਰਿਹਾ, ਮੰਨਿਆ ਗਿਆ। ਭਗਵਦ ਗੀਤਾ; ਕ੍ਰਿਸ਼ਨ ਜੀ ਦੇ ਬੋਲ ਹਨ। ਖਗੋਲੀ ਘਟਨਾਵਾਂ ਅਨੁਸਾਰ ਇਨ੍ਹਾਂ ਦਾ ਜਨਮ; 18 ਜੁਲਾਈ 3228 ਈਸਵੀ ਪੂਰਵ ਕੱਢਿਆ ਹੈ ਜਦਕਿ ਗੀਤਾ ਨੂੰ ਲਿਖਣ ਦਾ ਸਮਾਂ 500 ਤੋਂ 200 ਈਸਾ ਪੂਰਵ ਹੈ। ਰਾਮਚੰਦਰ ਜੀ ਦਾ ਜਨਮ 5114 ਈਸਾ ਪੂਰਵ ਕੱਢਿਆ ਹੈ, ਪਰ ਇਨ੍ਹਾਂ ਦੀ ਜੀਵਨੀ (ਰਾਮਾਇਣ); ਤੁਲਸੀਦਾਸ ਨੇ ਲਿਖੀ, ਜਿਹੜਾ ਸੰਨ 1532 ਤੋਂ 1623 ਤੱਕ (ਉਮਰ 91 ਸਾਲ) ਰਿਹਾ। ਯਹੂਦੀ ਮੱਤ ਦੇ ਸੰਸਥਾਪਕ ਮੂਸਾ ਜੀ ਦਾ ਜਨਮ 1391 ਤੋਂ 1271 ਈਸਾ ਪੂਰਵ, ਮੰਨੀਦਾ ਹੈ, ਪਰ ਇਨ੍ਹਾਂ ਨੂੰ ਸੁਣਾਈ ਦਿੱਤੀ ਅਕਾਸ਼ਬਾਣੀ ਨੂੰ ਪਹਿਲੀ ਬਾਈਬਲ (ਤੌਰਾਤ) ’ਚ 1200 ਤੋਂ 1000 ਈਸਾ ਪੂਰਵ, ਲਿਖਿਆ ਹੈ ਭਾਵ 200 ਤੋਂ 400 ਸਾਲ ਬਾਅਦ। ਈਸਾ ਮਸੀਹ; 6 ਤੋਂ 4 ਈਸਵੀ ਪੂਰਵ (25 ਦਸੰਬਰ) ਤੋਂ 7 ਅਪਰੈਲ 30 ਜਾਂ 3 ਅਪਰੈਲ 33 ਤੱਕ ਰਿਹਾ, ਪਰ ਇਨ੍ਹਾਂ ਨੂੰ ਸੁਣਾਈ ਦਿੱਤੀ ਅਕਾਸ਼ਬਾਣੀ; ਦੂਜੀ ਬਾਈਬਲ ’ਚ ਪੌਲੁਸ ਨੇ 50 ਤੋਂ 52 ਈਸਵੀ ’ਚ ਲਿਖੀ ਹੈ ਯਾਨੀ 20-22 ਸਾਲ ਬਾਅਦ। ਚੇਤੇ ਰਹੇ ਕਿ ਪਹਿਲੀ ਬਾਈਬਲ (ਤੌਰਾਤ) ’ਚ ਮੂਸਾ ਪੈਗ਼ੰਬਰ ਦੇ ਬੋਲ ਹਨ ਤੇ ਦੂਜੀ ਬਾਈਬਲ ’ਚ ਈਸਾ ਮਸੀਹ ਦੇ ਬੋਲ ਹਨ। ਇਸਲਾਮ ਦੇ ਸੰਸਥਾਪਕ ਪੈਗ਼ੰਬਰ ਮੁਹੰਮਦ ਸਾਹਿਬ ਦਾ ਸਮਾਂ ਸੰਨ 570 ਤੋਂ 632 ਈਸਵੀ (63 ਸਾਲ) ਸੀ, ਪਰ ਇਨ੍ਹਾਂ ਨੂੰ ਸੁਣਾਈ ਦਿੱਤੀ ਅਕਾਸ਼ਬਾਣੀ ਨੂੰ ਖ਼ਲੀਫ਼ਾ ਅਬੂ ਬਕਰ ਨੇ ਸੰਨ 632 ਤੋਂ 634 ਵਿਚਕਾਰ ਅਤੇ ਖ਼ਲੀਫ਼ਾ ਉਸਮਾਨ ਨੇ ਸੰਨ 644 ਤੋਂ 656 ਵਿਚਕਾਰ ਇਕੱਠਾ ਕੀਤਾ, ਜੋ ਮੁਹੰਮਦ ਸਾਹਿਬ ਨੇ ਆਪਣੇ ਪੈਰੋਕਾਰਾਂ (ਚੇਲਿਆਂ) ਨੂੰ ਵੱਖ ਵੱਖ ਜਗ੍ਹਾ ਸੁਣਾਈ ਸੀ। ਇਨ੍ਹਾਂ ਤੋਂ ਭੀ ਬਾਅਦ ਤੀਜੇ ਖ਼ਲੀਫ਼ਾ ਉਸਮਾਨ ਬਿਨ ਅਫਾਨ ਨੇ ਸੰਨ 650 ਤੋਂ 653 ਵਿਚਕਾਰ (ਯਾਨੀ 21 ਸਾਲ ਬਾਅਦ) ਇੱਕ ਕਮੇਟੀ ਦੀ ਅਗਵਾਈ ’ਚ ਕੁਰਾਨ ਨੂੰ ਲਿਖਤੀ ਰੂਪ ’ਚ ਸੰਪਾਦਿਤ ਕੀਤਾ। ਮੁਹੰਮਦ ਸਾਹਿਬ ਆਪ ਪੜ੍ਹੇ ਲਿਖੇ ਨਹੀਂ ਸਨ, ਇਸ ਲਈ ਉਨ੍ਹਾਂ ਨੇ ਆਪਣੇ ਅਨੁਭਵ ਨੂੰ ਲਿਖਤੀ ਰੂਪ ’ਚ ਨਹੀਂ ਸੰਭਾਲ਼ਿਆ ਜਦਕਿ ਗੁਰੂ ਨਾਨਕ ਸਾਹਿਬ; ਆਪਣਾ ਅਨੁਭਵ ਖ਼ੁਦ ਲਿਖਿਆ ਕਰਦੇ ਸਨ। ਇਸ ਦੀ ਇੱਕ ਮਿਸਾਲ ਭਾਈ ਗੁਰਦਾਸ ਜੀ ਦੀ ਰਚਨਾ ’ਚੋਂ ਮਿਲਦੀ ਹੈ, ‘‘ਬਾਬਾ ਫਿਰਿ ਮਕੇ ਗਇਆ; ਨੀਲ ਬਸਤ੍ਰ ਧਾਰੇ ਬਨਵਾਰੀ। ਆਸਾ ਹਥਿ, ਕਿਤਾਬ ਕਛਿ; ਕੂਜਾ ਬਾਂਗ ਮੁਸਲਾ ਧਾਰੀ।’’ (ਵਾਰ ੧ ਪਉੜੀ ੩੨) ਭਾਵ ਜਦ ਗੁਰੂ ਜੀ ਮੱਕੇ ਗਏ ਤਾਂ ਉਨ੍ਹਾਂ ਨੇ ਨੀਲੇ ਰੰਗ ਦੇ ਕੱਪੜੇ ਪਹਿਨੇ ਸਨ। ਹੱਥ ’ਚ ਸੋਟਾ ਤੇ ਕੱਛ ’ਚ ਕਿਤਾਬ (ਪੋਥੀ) ਸੀ (ਜਿਸ ਵਿੱਚ ਨਾਲ਼-ਨਾਲ਼ ਬਾਣੀ ਲਿਖੀ ਜਾਂਦੀ ਸੀ)। ਲੋਟਾ ਤੇ (ਹੇਠਾਂ ਵਿਛਾ ਕੇ ਨਮਾਜ਼ ਪੜ੍ਹਨ ਵਾਲ਼ਾ) ਮੁਸੱਲਾ ਭੀ ਸੀ। ਗੁਰੂ ਅਮਰਦਾਸ ਜੀ ਨੇ ਗੁਰੂ ਅਰਜਨ ਸਾਹਿਬ ਲਈ ਬਚਨ ਕਹੇ ਸਨ, ‘ਦੋਹਤਾ ਬਾਣੀ ਦਾ ਬੋਹਿਥਾ (ਜਹਾਜ਼)’। ਇਹ ਉਨ੍ਹਾਂ ਦੇ ਲਿਖਾਰੀ/ਕਵੀ ਹੋਣ ਵੱਲ ਸੰਕੇਤ ਹੈ।
ਧਰਮ (ਸੱਚ) ਦਾ ਮੂਲ ਹੁੰਦਾ ਹੈ ‘ਇੱਕ ਅਲੌਕਿਕ ਸ਼ਕਤੀ ਦੀ ਹੋਂਦ ਬਾਰੇ ਵਿਆਖਿਆ, ਜਿਸ ਨੇ ਪੂਰਾ ਬ੍ਰਹਿਮੰਡ ਰਚਿਆ ਹੈ’। ਬ੍ਰਾਹਮਣ ਅਨੁਸਾਰ ਬ੍ਰਹਮਾ ਨੇ ਜਗਤ ਨੂੰ ਪੈਦਾ ਕੀਤਾ, ਜੋ 5 ਸਿਰਾਂ ਵਾਲ਼ਾ ਦੇਵਤਾ ਹੈ। ਇੱਕ ਵਾਰ ਇਹ ਆਪਣੀ ਲੜਕੀ (ਸਰਸਵਤੀ) ’ਤੇ ਮੋਹਿਤ ਹੋ ਗਿਆ। ਸ਼ਿਵਜੀ ਨੇ ਇਸ ਦਾ 5ਵਾਂ ਸਿਰ ਵੱਡ ਦਿੱਤਾ ਸੀ। ਬਾਅਦ ’ਚ ਇਸ ਨੇ ਸਰਸਵਤੀ ਨਾਲ਼ ਸ਼ਾਦੀ ਕਰ ਲਈ। ਉਸ ਨੂੰ ਗਿਆਨ ਦੀ ਦੇਵੀ ਕਿਹਾ ਜਾਂਦਾ ਹੈ ਕਿਉਂਕਿ ਬ੍ਰਹਮਾ ਦੇ ਮੂੰਹੋਂ ਵੇਦ (ਗਿਆਨ) ਪ੍ਰਗਟ ਹੋਇਆ, ਮੰਨਿਆ ਜਾਂਦਾ ਸੀ।
ਯਹੂਦੀ, ਈਸਾਈ ਤੇ ਇਸਲਾਮ ਮੱਤਾਂ ਅਨੁਸਾਰ ਪ੍ਰਭੂ, ਅੱਲ੍ਹਾ; 7 ਅਕਾਸ਼ ਉੱਪਰ ਹੈ ਯਾਨੀ ਸਰਬ ਵਿਆਪਕ ਨਹੀਂ; ਜੈਸਾ ਕਿ ਗੁਰਮਤਿ ਸਿਧਾਂਤ ਹੈ, ‘‘ਘਟ ਘਟ ਮੈ ਹਰਿ ਜੂ ਬਸੈ; ਸੰਤਨ ਕਹਿਓ ਪੁਕਾਰਿ ॥’’ (ਮਹਾਲ ੯/੧੪੨੭) 52 ਸਾਲ ਦੀ ਉਮਰ ’ਚ ਪੈਗ਼ੰਬਰ ਮੁਹੰਮਦ ਸਾਹਿਬ; 16 ਜੁਲਾਈ 622 ਈਸਵੀ (ਗ੍ਰੈਗੋਰੀਅਨ ਕੈਲੰਡਰ) ਨੂੰ ‘ਸ਼ਬੇ ਮਿਅਰਾਜ’ (ਯਾਨੀ ਅਕਾਸ਼ੀ ਸਫ਼ਰ) ’ਤੇ ਗਏ ਤੇ 7 ਅਕਾਸ਼ ਉੱਪਰ ਅੱਲ੍ਹਾ ਦੇ ਬਹੁਤ ਨੇੜੇ ਬਹਿ ਕੇ ਸੰਦੇਸ਼ ਪ੍ਰਾਪਤ ਕੀਤਾ। ਇਸ ਦਿਨ ਤੋਂ ਹੀ ਇਸਲਾਮ ’ਚ ‘ਹਿਜਰੀ ਕੈਲੰਡਰ’ ਲਾਗੂ ਹੋਇਆ ਹੈ। ‘ਹਿਜਰੀ’ ਤੋਂ ਭਾਵ ‘ਮੱਕੇ ਤੋਂ ਵਿਛੁੜਨਾ’ ਹੈ। ਸੋ ਹਿੰਦੂ, ਈਸਾਈ ਤੇ ਇਸਲਾਮ ਮੱਤ ਅਨੁਸਾਰ ਅਕਾਲ ਪੁਰਖ; ਸਰਬ ਵਿਆਪਕ ਨਹੀਂ ਹੈ। ਇਹੀ ਕਾਰਨ ਹੈ ਕਿ ਮੁਸਲਮਾਨ ਨੂੰ ਹਿੰਦੂ ਤੇ ਯਹੂਦੀਆਂ ’ਚ ਅੱਲ੍ਹਾ ਵੱਸਦਾ ਪ੍ਰਤੀਤ ਨਹੀਂ ਹੁੰਦਾ, ਨਹੀਂ ਹੋ ਸਕਦਾ। ਇਹ, ਗ਼ੈਰ ਮੁਸਲਿਮ ਨੂੰ ਕਾਫ਼ਰ (ਨਾਸਤਿਕ) ਮੰਨਦੇ ਹਨ ਤੇ ਹਿੰਦੂਆਂ ਨੂੰ ਮੁਸਲਮਾਨ ਅੰਦਰ ਰਾਮ, ਬ੍ਰਹਮਾ, ਵਿਸ਼ਨੂੰ, ਸ਼ਿਵ ਵੱਸਦਾ ਵਿਖਾਈ ਨਹੀਂ ਦਿੰਦਾ, ਨਹੀਂ ਦੇ ਸਕਦਾ ਜਦਕਿ ਬਾਣੀਕਾਰਾਂ ਦਾ ਮਾਨਵਤਾ ਲਈ ਸਪਸ਼ਟ ਸੰਦੇਸ਼ ਹੈ ਕਿ ਅਕਾਲ ਪੁਰਖ ਨੂੰ ਆਪਣੇ ਅੰਦਰੋਂ ਲੱਭਣਾ ਹੈ, ਅੰਗ ਸੰਗ ਮਹਿਸੂਸ ਕਰਨਾ ਹੈ। ਸਾਰੀ ਮਾਨਵਤਾ ਉਸ ਗ਼ੈਬੀ ਸ਼ਕਤੀ ਦਾ ਰੂਪ ਹੋਣ ਕਾਰਨ ਸਭ ਨੂੰ ਪਿਆਰ ਕਰਨਾ ਹੈ। ਇਹੀ ਕਾਰਨ ਸੀ ਕਿ ਸਿੱਖਾਂ ਨੇ ਭੱਜਦੇ ਦੁਸ਼ਮਣ ਦਾ ਕਦੇ ਪਿੱਛਾ ਨਾ ਕੀਤਾ। ਭਾਈ ਘਨੱਈਆ ਜੀ ਦੁਸ਼ਮਣਾਂ ਨੂੰ ਭੀ ਪਾਣੀ ਪਿਲਾਉਂਦੇ ਰਹੇ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਨ੍ਹਾਂ ਨੂੰ ਦੁਸ਼ਮਣ ਦੇ ਭੀ ਮੱਲ੍ਹਮ ਪੱਟੀ ਕਰਨ ਲਈ ਕਿਹਾ। ਗੁਰੂ ਸਾਹਿਬ ਦੀ ਸਪਸ਼ਟ ਹਦਾਇਤ ਸੀ ਕਿ ਯੁੱਧ ਦੇ ਮੈਦਾਨ ’ਚ ਫ਼ਤਿਹ ਕੀਤੇ ਇਲਾਕੇ ’ਚ ਹੋਰਾਂ ਦੀ ਧੀ-ਭੈਣ ਨੂੰ ਆਪਣੀ ਧੀ-ਭੈਣ ਸਮਝਣਾ ਹੈ ਜਦਕਿ ਮੁਸਲਮਾਨ ਅਤੇ ਹਿੰਦੂ ਕੱਟੜਵਾਦੀਆਂ ਅੰਦਰ ਐਸੀ ਸੋਚ ਬਿਲਕੁਲ ਭੀ ਵਿਕਸਿਤ ਨਹੀਂ ਹੋ ਸਕਦੀ।
ਧਰਮ (ਸੱਚ) ਨੂੰ ਅਪਣਾਉਣ ਤੋਂ ਪਹਿਲਾਂ ਇਹ ਜਾਣਨਾ ਭੀ ਬੜਾ ਜ਼ਰੂਰੀ ਹੈ ਕਿ ਉਸ ਰਹਿਬਰ ਜਾਂ ਗੁਰੂ ਨੂੰ ਇਹ ਪਤਾ ਉਮਰ ਦੇ ਕਿਸ ਪੜਾਅ ’ਚ ਲੱਗਾ ਕਿ ਕੋਈ ਗ਼ੈਬੀ ਸ਼ਕਤੀ ਹੈ। ਪੈਗ਼ੰਬਰ ਮੂਸਾ ਜੀ ਨੇ ਇਲਾਹੀ ਕੌਤਕ (ਪੈਗ਼ਾਮ); 80 ਸਾਲ ਦੀ ਉਮਰ ਤੋਂ ਬਾਅਦ ਸੁਣੇ ਹਨ ਤੇ ਉਹ ਡਰ ਕੇ 40 ਦਿਨ ਭੁੱਖਾ ਭੀ ਰਿਹਾ। ਈਸਾ ਮਸੀਹ ਨੇ ਬਚਪਨ ’ਚ ਯਹੂਦੀ ਮੱਤ ਅਨੁਸਾਰ ਆਪਣੀ ਸੁੰਨਤ ਕਰਾਈ ਸੀ। 33 ਤੋਂ 36 ਸਾਲ ਦੀ ਉਮਰ ’ਚ ਇਨ੍ਹਾਂ ਨੇ ਆਪਣੇ ਨਵੇਂ ਮੱਤ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਯਾਨੀ ਇਹ ਪੈਦਾਇਸ਼ ਤੋਂ ਈਸਾਈ ਨਹੀਂ ਸੀ। ਆਪਣੇ ਮੱਤ ਦਾ ਪ੍ਰਚਾਰ ਭੀ ਕੇਵਲ ਤਿੰਨ ਸਾਲ ਕੀਤਾ। ਜਦ ਇਨ੍ਹਾਂ ਨੂੰ ਸੂਲੀ ’ਤੇ ਚਾੜ੍ਹਿਆ ਜਾ ਰਿਹਾ ਸੀ ਤਾਂ ਇਸ ਦੇ 12 ਪ੍ਰਮੁੱਖ ਚੇਲਿਆਂ ਨੇ ਆਪਣੀ ਜਾਨ ਬਚਾਉਣ ਲਈ ਇਨ੍ਹਾਂ ਨੂੰ ਲਾਹਨਤਾਂ ਭੀ ਪਾਈਆਂ। ਇੱਕ ਚੇਲੇ ਯਹੂਦਾ ਅਸ਼ਕਰੂਤੀ ਨੇ ਤਾਂ ਈਸਾ ਨੂੰ ਗ੍ਰਿਫ਼ਤਾਰ ਕਰਾਉਣ ਬਦਲੇ 30 ਰੁਪਏ ਇਨਾਮ ਭੀ ਲਿਆ ਸੀ ਜਦਕਿ ਗ਼ੈਰ ਧਰਮ (ਹਿੰਦੂਆਂ) ਦੀ ਰੱਖਿਆ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ਼ ਦਿੱਲੀ ’ਚ 11 ਨਵੰਬਰ 1675 ਨੂੰ ਸ਼ਹੀਦ ਹੋਣ ਵਾਲ਼ੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੇ ਤਸੀਹੇ ਸਹਾਰਦਿਆਂ ਸ਼ਹੀਦੀਆਂ ਪਾ ਲਈਆਂ, ਪਰ ਕਸ਼ਮੀਰੀ ਪੰਡਿਤਾਂ ਨਾਲ਼ ਗੁਰੂ ਜੀ ਦੇ ਕੀਤੇ ਬਚਨਾਂ ਦੀ ਹਾਰ ਨਾ ਹੋਣ ਦਿੱਤੀ, ਗੁਰੂ ਵੱਲ ਪਿੱਠ ਨਾ ਕੀਤੀ। ਇਹੀ, ਸੱਚ ਦੀ ਕੀਤੀ ਕਮਾਈ ਦਾ ਪੈਮਾਨਾ ਹੈ। ਹਿੰਦੂ ਫ਼ਲਸਫ਼ੇ ’ਚ ਤਾਂ ਦੇਵੀ-ਦੇਵਤਿਆਂ ਨੂੰ ਪਰਵਾਰਕ ਤੇ ਰਾਜਨੀਤਿਕ ਲੜਾਈਆਂ ਦੈਂਤਾਂ (ਦਰਾਵੜਾਂ, ਜੋ ਕਿ ਭਾਰਤ ਦੇ ਮੂਲ ਨਿਵਾਸੀ ਸਨ) ਨਾਲ਼ ਕਰਦੇ ਹੀ ਵਿਖਾਇਆ ਗਿਆ ਹੈ।
ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਸਾਹਿਬ ਜੀ; ਤਿੰਨ ਕੁ ਸਾਲ ਦੀ ਉਮਰ ’ਚ ਹੀ ਅਕਾਲ ਪੁਰਖ ਨਾਲ਼ ਧਿਆਨ ਜੋੜ ਕੇ ਕਈ ਕਈ ਘੰਟੇ ਇਕਾਗਰ ਚਿੱਤ ਬੈਠੇ ਰਹਿੰਦੇ ਸਨ। ਕਈ ਵਾਰ ਤਾਂ ਪਿਤਾ (ਮਹਿਤਾ ਕਾਲੂ ਜੀ); ਆਪ ਨੂੰ ਬਿਮਾਰ ਸਮਝ ਕੇ ਵੈਦ (ਹਰੀ ਦਾਸ) ਨੂੰ ਬੁਲਾ ਲਿਆਉਂਦੇ ਸਨ। ਵੈਦ ਨਾਲ਼ ਹੁੰਦੀ ਗੱਲ ਬਾਤ ਦਾ ਜ਼ਿਕਰ; ਆਪ ਨੇ ਬਾਣੀ ਅੰਦਰ ਖ਼ੁਦ ਕੀਤਾ ਹੈ, ‘‘ਵੈਦ ਨ ਭੋਲੇ ! ਦਾਰੂ ਲਾਇ ॥ ਦਰਦੁ ਹੋਵੈ; ਦੁਖੁ ਰਹੈ ਸਰੀਰ ॥ ਐਸਾ ਦਾਰੂ; ਲਗੈ ਨ ਬੀਰ !॥੧॥ ਰਹਾਉ ॥’’ (ਮਹਲਾ ੧/੧੨੫੬) ਆਪ ਨੇ 7-11 ਸਾਲ ਦੀ ਬਾਲਕ ਅਵਸਥਾ ’ਚ ਹੀ ਪਿਤਾ ਪੁਰਖੀ ਰੀਤ ਅਨੁਸਾਰ ਪੰਡਿਤ ਹਰਦਿਆਲ ਜੀ ਪਾਸੋਂ ਜਨੇਊ ਪਹਿਨਣ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਸਬੰਧ ’ਚ ਆਪ ਜੀ ਦੇ ਬਚਨ ਹਨ, ‘‘ਦਇਆ ਕਪਾਹ, ਸੰਤੋਖੁ ਸੂਤੁ; ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ; ਹਈ, ਤ ਪਾਡੇ ! ਘਤੁ ॥ ਨਾ ਏਹੁ ਤੁਟੈ, ਨ ਮਲੁ ਲਗੈ; ਨਾ ਏਹੁ ਜਲੈ, ਨ ਜਾਇ ॥ ਧੰਨੁ ਸੁ ਮਾਣਸ ਨਾਨਕਾ ! ਜੋ ਗਲਿ (’ਚ) ਚਲੇ ਪਾਇ (ਕੇ)॥’’ (ਮਹਲਾ ੧/੪੭੧) ਆਪ ਨੇ ਜਨੇਊ ਧਾਰਨ ਕਰ ਈਸਾ ਮਸੀਹ ਵਾਙ ਪਿਤਾ ਪੁਰਖੀ ਰੀਤ (ਸੁੰਨਤ ਕਰਾਉਣ ਦਾ ਭਾਰ) ਸਾਰੀ ਉਮਰ ਨਹੀਂ ਉਠਾਇਆ ਤਾਹੀਓਂ ਆਪ ਜੀ ਬਾਰੇ ਭੱਟ ਮਥੂਰਾ ਜੀ ਲਿਖਦੇ ਹਨ, ‘‘ਜੋਤਿ ਰੂਪਿ ਹਰਿ ਆਪਿ; ਗੁਰੂ ਨਾਨਕੁ ਕਹਾਯਉ ॥’’ (ਭਟ ਮਥੁਰਾ/੧੪੦੮) ਯਾਨੀ ਹਰੀ ਆਪ ਹੀ ਜੋਤਿ ਰੂਪ ’ਚ ਗੁਰੂ ਨਾਨਕ ਸਾਹਿਬ ਜੀ ਹਨ। ਗੁਰੂ ਗ੍ਰੰਥ ਸਾਹਿਬ ਜੀ ਅੰਦਰ ਭਾਵੇਂ 35 ਮਹਾਂ ਪੁਰਸ਼ਾਂ ਦੀ ਬਾਣੀ ਹੈ, ਪਰ ਇਸ (ਸੱਚ) ਨੂੰ ਇਕੱਤਰ ਕਰਨ ਤੇ ਸੰਭਾਲ਼ਣ ਦਾ ਪੈਮਾਨਾ; ਹਰੀ ਦੇ ਜੋਤਿ ਰੂਪ ਗੁਰੂ ਨਾਨਕ ਸਾਹਿਬ ਜੀ ਦੁਆਰਾ ਹੀ ਨਿਰਧਾਰਿਤ ਕੀਤਾ ਹੋਇਆ ਹੈ। ਸੋ ਜੀਵਨ ਨੂੰ ਸਫਲ ਤੇ ਗੁਣਕਾਰੀ ਬਣਾਉਣ ਲਈ ਆਪਣੇ ਗੁਰੂ, ਪੈਗ਼ੰਬਰ ਬਾਰੇ ਇਹ ਜਾਣ ਲੈਣਾ ਭੀ ਬੜਾ ਜ਼ਰੂਰੀ ਹੈ ਕਿ ਉਸ ਨੂੰ ਬ੍ਰਹਮ ਗਿਆਨ ਉਮਰ ਦੇ ਕਿਸ ਪੜਾਅ ’ਚ ਕਿਸ ਪਾਸੋਂ ਤੇ ਕਿਵੇਂ ਮਿਲਿਆ ਹੈ ਕਿਉਂਕਿ ਗੁਰੂ; ਅਨੁਭਵ ਗਿਆਨ ਦਾ ਸਰੋਤ (ਝਰਨਾ, ਸਮੁੰਦਰ) ਹੁੰਦਾ ਹੈ ਤੇ ਉਸ ਦਾ ਪ੍ਰਚਾਰ-ਪ੍ਰਸਾਰ ਨਦੀਆਂ ਹੁੰਦੀਆਂ ਹਨ। ਜੇਕਰ ਝਰਨੇ ਨੂੰ ਗਹਿਰਾ ਖੋਦਿਆ ਜਾਏ ਤਾਂ ਹੇਠੋਂ ਗਿੱਲ (ਨਮੀ) ਨਿਕਲਦੀ ਰਹੇਗੀ ਜਦਕਿ ਨਦੀ ਨੂੰ ਗਹਿਰਾ ਖੋਦਣ ’ਤੇ ਉਸ ਅੰਦਰੋਂ ਸੁੱਕੀ ਮਿੱਟੀ ਆਉਣੀ ਸ਼ੁਰੂ ਹੋ ਜਾਂਦੀ ਹੈ; ਜਿਵੇਂ ਕਿ ਬਚਨ ਹਨ, ‘‘ਗੁਰੂ ਸਮੁੰਦੁ, ਨਦੀ ਸਭਿ ਸਿਖੀ; ਨਾਤੈ ਜਿਤੁ ਵਡਿਆਈ ॥’’ (ਮਹਲਾ ੧/੧੫੦) ਭਾਵ ਗੁਰੂ ਸਮੁੰਦਰ ਹੈ, ਉਸ ਦੇ ਵਿਚਾਰਾਂ ਦਾ ਪ੍ਰਵਾਹ (ਭਾਵ ਲੈਣ-ਦੇਣ, ਪ੍ਰਚਾਰ-ਪ੍ਰਸਾਰ) ਸਾਰੀਆਂ ਨਦੀਆਂ ਹਨ, ਜਿਨ੍ਹਾਂ ’ਚ ਟੁੰਭੀ ਮਾਰਨ ਨਾਲ਼ ਇੱਜ਼ਤ ਮਿਲਦੀ ਹੈ, ਜੀਵਨ ਸਫਲ ਹੁੰਦਾ ਹੈ। ਅੱਜ ਵਥੇਰੇ ਬੰਦੇ; ਗੁਰਬਾਣੀ ’ਚੋਂ ਗਿਆਨ ਪ੍ਰਾਪਤ ਕਰ ਉਸ ਦੇ ਪ੍ਰਚਾਰ-ਪ੍ਰਸਾਰ ਕਰਨ ਬਦਲੇ ਹੀ ਗੁਰੂ ਬਣੇ ਬੈਠੇ ਹਨ, ਸੰਤ ਬਣ ਗਏ ਹਨ, ਰੱਬ ਅਖਵਾਉਂਦੇ ਹਨ। ਨਕਲੀ ਅਸਲੀ ਦੀ ਪਹਿਚਾਣ ਕਰਨ ਲਈ, ਉਨ੍ਹਾਂ ਨੂੰ ਪ੍ਰਾਪਤ ਹੋਏ ਇਸ ਗਿਆਨ ਦਾ ਉਮਰ ਦੇ ਪੜਾਅ-ਪੈਮਾਨੇ ਨਾਲ਼ ਮੁਲਾਂਕਣ ਕਰਨਾ ਹੀ ਢੁਕਵਾਂ ਸਾਧਨ ਹੈ। ਜੇਕਰ ਕੋਈ 25 ਸਾਲ ’ਚ ਜਾਂ 40 ਸਾਲ ’ਚ ਗੁਰੂ, ਸੰਤ ਜਾਂ ਰੱਬ ਬਣਿਆ ਹੈ ਤਾਂ ਉਹ ਸਮੁੰਦਰ ਨਹੀਂ, ਝਰਨਾ ਨਹੀਂ ਬਲਕਿ ਨਦੀ ਹੈ, ਅੰਦਰੋਂ ਸੁੱਕਿਆ ਹੋਇਆ ਹੈ, ਨਕਲੀ ਹੈ।
ਸੱਚ (ਧਰਮ) ਦੀ ਵਿਆਖਿਆ ’ਚ ਇਹ ਵਿਚਾਰ ਭੀ ਅਹਿਮ ਹੁੰਦੇ ਹਨ ਕਿ ਧਰਮ ਕਮਾਉਣ ਨਾਲ਼ ਮਿਲਦੀ ਮੁਕਤੀ ਤੋਂ ਕੀ ਭਾਵ ਹੈ। ਹਿੰਦੂ, ਈਸਾਈ, ਮੁਸਲਮਾਨ, ਆਦਿ ਮੱਤ ਅਨੁਸਾਰ ਹਰ ਸਰੀਰ ਅੰਦਰ ਰੂਹ ਹੈ, ਆਤਮਾ ਹੈ, ਜਿੰਦ ਹੈ। ਜਿਸ ਨੂੰ ਆਵਾਗਮਣ ਤੋਂ ਮੁਕਤ ਕਰਨਾ ਹੀ ਧਰਮ ਦੀ ਕੀਤੀ ਕਮਾਈ ਦਾ ਅਸਲ ਫਲ਼ ਹੈ, ਮੁਕਤੀ ਹੈ ਤਾਹੀਓਂ ਪੰਡਿਤ ਨੇ ਆਤਮਾ ਦੀ ਮੁਕਤੀ ਲਈ ਤੀਰਥ ਇਸਨਾਨ ਨਿਰਧਾਰਿਤ ਕੀਤੇ। ਮਰਨ ਉਪਰੰਤ ਇਸ ਨੂੰ ਵੈਤਰਣੀ (ਪੀਕ ਦੀ) ਨਦੀ ਤੋਂ ਪਾਰ/ਮੁਕਤ ਕਰਨ ਲਈ ਆਟੇ ਦੀ ਗਊ, ਚੌਲਾਂ ਦੇ ਪਿੰਡ ਪੱਤਲ ਆਦਿ ਕਿਰਿਆ ਸ਼ੁਰੂ ਕੀਤੀ ਗਈ। ਗੁਰੂ ਸਾਹਿਬ ਨੇ ਇਸ ਦਾ ਬਦਲ ਇਹ ਸਮਝਾਇਆ, ‘‘ਪਿੰਡੁ ਪਤਲਿ ਮੇਰੀ ਕੇਸਉ ਕਿਰਿਆ; ਸਚੁ ਨਾਮੁ ਕਰਤਾਰੁ ॥ ਐਥੈ ਓਥੈ, ਆਗੈ ਪਾਛੈ; ਏਹੁ ਮੇਰਾ ਆਧਾਰੁ ॥’’ (ਮਹਲਾ ੧/੩੫੮) ਭਾਵ ਪੱਤਿਆਂ ਉੱਤੇ ਚੌਲਾਂ ਦੇ ਪਿੰਨ ਵੱਟ ਕੇ ਰੱਖਣੇ ਮੇਰੇ ਲਈ ਕਰਤਾਰ ਦਾ ਸੱਚਾ ਨਾਮ ਜਪਣਾ ਹੀ ਹੈ। ਇਹੀ ਲੋਕ ਪ੍ਰਲੋਕ ’ਚ ਮੇਰਾ ਆਸਰਾ ਹੈ, ਸਹਾਰਾ ਹੈ ਯਾਨੀ ਮੈਨੂੰ ਕਿਸੇ ਵੈਤਰਣੀ ਨਦੀ ਜਾਂ ਪੁਲਸਿਰਾਤ (ਪੁੱਲ) ਤੋਂ ਪਾਰ ਹੋਣ ਦਾ ਖ਼ਤਰਾ ਨਹੀਂ। ਇਸਲਾਮ ਮੱਤ ਅਨੁਸਾਰ ਨਰਕਾਂ ’ਚ ਇੱਕ ਪੁੱਲ ਹੈ, ਜੋ ਵੈਤਰਣੀ ਨਦੀ ਵਾਙ ਪਾਰ ਕਰਨਾ ਮੁਸ਼ਕਲ ਹੈ। ਬਾਬਾ ਫ਼ਰੀਦ ਜੀ ਇਸ ਬਾਰੇ ਜ਼ਿਕਰ ਕਰਦੇ ਹਨ, ‘‘ਜਿੰਦੁ ਨਿਮਾਣੀ ਕਢੀਐ; ਹਡਾ ਕੂ ਕੜਕਾਇ ॥ ਸਾਹੇ ਲਿਖੇ ਨ ਚਲਨੀ; ਜਿੰਦੂ ਕੂੰ ਸਮਝਾਇ ..॥ ਵਾਲਹੁ ਨਿਕੀ ਪੁਰਸਲਾਤ; ਕੰਨੀ ਨ ਸੁਣੀ ਆਇ ॥ ਫਰੀਦਾ ਕਿੜੀ ਪਵੰਦੀਈ; ਖੜਾ ਨ ਆਪੁ ਮੁਹਾਇ ॥’’ (ਬਾਬਾ ਫਰੀਦ/੧੩੭੭) ਭਾਵ ਸਰੀਰ ਨੂੰ ਕਮਜ਼ੋਰ ਕਰਕੇ ਇਸ ਵਿੱਚੋਂ ਅੰਤ ਨੂੰ ਜਿੰਦ ਕੱਢ ਲਈਦੀ ਹੈ। ਜਿੰਦ ਨੂੰ ਹੁਣੇ ਹੀ ਸਮਝਾਓ ਕਿ ਮੌਤ ਦਾ ਸਮਾਂ ਨਿਸ਼ਚਿਤ ਹੈ, ਟਲ ਨਹੀਂ ਸਕਦਾ, ਜ਼ਰੂਰ ਆਉਣਾ ਹੈ (ਤੇ ‘ਪੁਲ ਸਿਰਾਤ’ ਕੋਲ਼ ਕੀਤੇ ਪਾਪਾਂ ਕਾਰਨ ਰੂਹ ਦੀਆਂ ਚੀਕਾਂ ਪੈਣੀਆਂ ਹਨ)। ਹੇ ਬੰਦੇ ! ਤੈਂ ਕਦੇ ‘ਪੁਲ ਸਿਰਾਤ’ ਦਾ ਨਾਂ ਨਹੀਂ ਸੁਣਿਆ, ਜੋ ਵਾਲ ਤੋਂ ਭੀ ਬਾਰੀਕ ਹੈ। ਸੰਸਾਰ ’ਚ ਵਿਕਾਰਾਂ ਦੀਆਂ ਅਵਾਜ਼ਾਂ ਪੈਂਦੀਆਂ ਹਨ। ਆਪਣੇ ਆਪ ਨੂੰ ਇਨ੍ਹਾਂ ਦੇ ਹੱਥੋਂ ਨਾ ਲੁਟਾਈ ਜਾਹ ਵਰਨਾ ਅੰਤ ਭਿਆਨਕ ਹੋਣਾ ਹੈ। ‘ਵਿਕਾਰਾਂ ਦੇ ਹੱਥੋਂ ਲੁਟਾਉਣ’ ਤੋਂ ਭਾਵ ਸੁਆਸ-ਪੂੰਜੀ ਨੂੰ ਵਿਕਾਰਾਂ ’ਚ ਮਸਤ ਰਹਿ ਕੇ ਅਜਾਈਂ ਗਵਾਉਣਾ ਹੈ।
ਧਰਮ ਦੀ ਉਕਤ ਕੀਤੀ ਵਿਆਖਿਆ ਅਨੁਸਾਰ ਪ੍ਰਾਚੀਨ ਮੱਤਾਂ ਨੇ ਰੂਹ (ਆਤਮਾ, ਜਿੰਦ) ਨੂੰ ਮੁਕਤ ਕਰਨਾ ਹੀ ਭਗਤੀ/ਬੰਦਗੀ ਕਰਨ ਦਾ ਅਸਲ ਫਲ਼ ਮੰਨਿਆ ਹੈ ਜਦਕਿ ਗੁਰਬਾਣੀ ਅਨੁਸਾਰ ਇਹ, ਅਕਾਲ ਪੁਰਖ ਦੀ ਅੰਸ਼ ਹੈ, ਜੋਤਿ ਹੈ, ‘‘ਕਹੁ ਕਬੀਰ ! ਇਹੁ ਰਾਮ ਕੀ ਅੰਸੁ ॥ ਜਸ ਕਾਗਦ ਪਰ ਮਿਟੈ ਨ ਮੰਸੁ ॥’’ (ਭਗਤ ਕਬੀਰ/੮੭੧) ਭਾਵ ਜਿਵੇਂ ਕਾਗਜ਼ ’ਤੇ ਲਿਖੀ ਸਿਆਹੀ ਨਹੀਂ ਮਿਟਦੀ; ਉਸੇ ਤਰ੍ਹਾਂ ਆਤਮਾ (ਰੂਹ); ਪ੍ਰਭੂ ਤੋਂ ਭਿੰਨ ਨਹੀਂ ਹੋ ਸਕਦਾ। ਉਸ ਨੂੰ ਕਿਤੇ ਵੱਖਰੀ ਜਗ੍ਹਾ ਲੈ ਜਾ ਕੇ ਦੰਡ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਆਤਮਾ ਨਾ ਬ੍ਰਾਹਮਣ ਹੁੰਦਾ ਹੈ, ਨਾ ਖੱਤਰੀ, ਨਾ ਮਰਦਾ ਹੈ, ਨਾ ਜੰਮਦਾ ਹੈ, ‘‘ਨਾ ਇਹੁ ਬ੍ਰਹਮਨੁ; ਨਾ ਇਹੁ ਖਾਤੀ ॥੨॥ ਨਾ ਇਹੁ ਤਪਾ; ਕਹਾਵੈ ਸੇਖੁ ॥ ਨਾ ਇਹੁ ਜੀਵੈ; ਨ ਮਰਤਾ ਦੇਖੁ ॥ ਇਸੁ ਮਰਤੇ ਕਉ ਜੇ ਕੋਊ ਰੋਵੈ ॥ ਜੋ ਰੋਵੈ; ਸੋਈ ਪਤਿ ਖੋਵੈ ॥੩॥’’ (ਭਗਤ ਕਬੀਰ/੮੭੧)
ਗੁਰਬਾਣੀ ਅਨੁਸਾਰ ਅੰਤਹਿਕਰਣ ਨੂੰ ਲੱਗੀ ਜਨਮਾਂ ਜਨਮਾਂ ਦੀ ਮੈਲ਼ (ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ.. ॥ ਮਹਲਾ ੩/੬੫੧) ਨੂੰ ਖ਼ਤਮ ਕਰਨਾ ਹੀ ਮੁਕਤੀ ਹੈ। ਇਸੇ ਨੂੰ ‘ਕੂੜੈ ਪਾਲਿ’ ਕਿਹਾ ਹੈ, ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ? ॥’’ (ਜਪੁ) ਇਸ ਵਾਸਤੇ ਇੱਕੋ ਮਾਰਗ ਹੈ ਕਿ ਮਨੁੱਖ; ਜਿਸ ਅਕਾਲ ਪੁਰਖ ਦੇ ਹੁਕਮ ’ਚ ਚੱਲਦਾ ਪਿਆ ਹੈ, ਉਸ ਹੁਕਮ ਨੂੰ ਸਮਝੇ ਕਿ ਮੈ ਭੀ ਹੁਕਮ ’ਚ ਹਾਂ। ਹਰ ਕੰਮ ਲਈ ਮੈ ਕੀਤਾ, ਮੈ ਕਰ ਸਕਦਾ ਹਾਂ; ਨਾ ਕਹੇ ਯਾਨੀ ਕੀਤੇ ਕੰਮਾਂ ਦਾ ਮਹੱਤਵ ਆਪਣੇ ’ਤੇ ਨਾ ਲਵੇ। ਇਸ ਨਾਲ਼ ਅਹੰਕਾਰ ’ਚ ਵਾਧਾ ਹੁੰਦਾ ਹੈ। ਕੂੜ ਦੀ ਕੰਧ ਵੱਡੀ ਹੁੰਦੀ ਹੈ। ਹੁਕਮ ਦੇ ਮਾਲਕ ਨੂੰ ਪਹਿਚਾਣ ਕੇ ਉਸ ਦਾ ਸਿਮਰਨ ਕਰਨਾ ਹੈ। ਉਸ ਅੱਗੇ ਫ਼ਰਿਆਦੀ ਹੋਣਾ ਹੈ। ਬੇਨਤੀ ਕਰਨੀ ਹੈ ਤਾਂ ਕਿ ਅਖੌਤੀ ਵੈਤਰਣੀ ਨਦੀ ਤੇ ਅਖੌਤੀ ਪੁਲ ਸਿਰਾਤ ਦਾ ਡਰ ਨਾ ਰਹੇ ਤੇ ਨਾ ਹੀ ਸਾਡੇ ਮਰਨ ਪਿੱਛੋਂ ਪਿੰਡ ਪੱਤਲ ਕਿਰਿਆ ਦੇ ਨਾਂ ’ਤੇ ਕੋਈ ਸਾਡੇ ਬੱਚਿਆਂ ਦੀ ਮਿਹਨਤ ਦੀ ਕਮਾਈ ਨੂੰ ਲੁੱਟ ਕੇ ਲਿਜਾ ਸਕੇਗਾ।
ਇਹ ਕਹਿਣਾ ਕਿ ਸਾਰੇ ਮੱਤਾਂ ਨੇ ‘ਸੱਚ’ ਦੀ ਵਿਆਖਿਆ ਇਕ ਸਮਾਨ ਕੀਤੀ ਹੈ, ਆਪਣੀ ਅਗਿਆਨਤਾ ਤੇ ਮੂਰਖਤਾ ਨੂੰ ਉਜਾਗਰ ਕਰਨਾ ਹੈ। ਸਾਰੇ ਮੱਤਾਂ ’ਚ ਕੁੱਝ ਚੰਗੇ ਗੁਣ ਭੀ ਹਨ। ਕੋਈ ਭੀ ਮੱਤ ਕਿਸੇ ਨੂੰ ਪਾਪੀ ਜਾਂ ਬਲਾਤਕਾਰੀ ਬਣਨ ਲਈ ਨਹੀਂ ਪ੍ਰੇਰਦਾ, ਪਰ ਧਰਮ (ਸੱਚ) ਦੇ ਮੂਲ ਸਰੋਤ ਅਦ੍ਰਿਸ਼ ਸ਼ਕਤੀ ਨਾਲ਼ ਪਿਆਰ ਪਾਇਆਂ ਆਤਮ ਬਲ (ਆਤਮ-ਪ੍ਰਕਾਸ਼) ਵਧਦਾ ਹੈ, ਜੋ ਵਿਕਾਰਾਂ ਨਾਲ਼ ਲੜਨ ਸਮੇਂ, ਪਰਵਾਰਕ ਜ਼ਿੰਮੇਵਾਰੀਆਂ ਨਿਭਾਉਣ ’ਚ, ਸਮਾਜਿਕ ਸੇਵਾ ਕਰਨ ਅਤੇ ਕੌਮੀ ਕਾਰਜਾਂ ਲਈ ਤਤਪਰ ਕਰਦਾ ਹੈ, ਰੱਖਦਾ ਹੈ। ਐਨਾ ਸਾਹਸ; ਕਿਸੇ ਅਧਰਮੀ ਬੰਦੇ ਅੰਦਰ ਨਹੀਂ ਉਪਜ ਸਕਦਾ। ਧਰਮ ਨਾਲ਼ ਜੁੜਨ ਦਾ ਇਹੀ ਅਸਲ ਮਕਸਦ ਹੈ, ਮੰਤਵ ਹੈ। ਮਨੁੱਖ ਆਪਣਾ ਕੀਮਤੀ ਜਨਮ ਅਜਾਈਂ ਨਾ ਗਵਾ ਲਵੇ, ਇਸ ਲਈ ਪ੍ਰਭੂ ਜੀ ਵੱਲੋਂ ਮਨੁੱਖਤਾ ਦੀ ਭਲਾਈ ਲਈ ਗੁਰੂ ਸਾਹਿਬਾਨ, ਭਗਤ ਸਾਹਿਬਾਨ ਆਦਿ ਨੂੰ ਰੋਲ ਮਾਡਲ ਬਣਾਇਆ ਹੈ। ਗੁਰਬਾਣੀ ਕਿਸੇ ਇੱਕ ਸਮੁਦਾਇ ਦਾ ਧਾਰਮਿਕ ਗ੍ਰੰਥ ਨਹੀਂ ਬਲਕਿ ਇਹ ਨਾਸਤਿਕ ਬੰਦੇ ਨੂੰ ਭੀ ਆਪਣੇ ਅੰਦਰਲੇ ਵਿਕਾਰ ਦੂਰ ਕਰਨ ਅਤੇ ਆਪਣੇ ਅੰਦਰੋਂ ਰੱਬ ਨੂੰ ਪ੍ਰਾਪਤ ਕਰਨ ਲਈ ਸੇਧ ਬਖ਼ਸ਼ਦੀ ਹੈ। ਬਦ ਨਸੀਬ ਹੁੰਦੇ ਹਨ, ਜੋ ਇਸ ਸੱਚ ਦਾ ਵਿਰੋਧ ਕਰਨ ਜਾਂ ਇਸ ਤੋਂ ਲਾਭ ਨਾ ਲੈਣ।
ਗੁਰਬਾਣੀ ਹੀ ਪ੍ਰਮਾਤਮਾ ਦੀ ਹੋਂਦ ਨੂੰ ਸਰਬ ਵਿਆਪਕ ਯਾਨੀ ਕਿ ਹਰ ਬੰਦੇ ਅੰਦਰ ਉਸ ਦੀ ਮੌਜੂਦਗੀ ਦਾ ਅਹਿਸਾਸ ਕਰਾਉਂਦੀ ਹੈ। ਸ਼ਰਧਾਵਾਨ ਮਨੁੱਖ; ਗੁਰੂ ਤੋਂ ਸੇਧ ਲੈਂਦਾ ਲੈਂਦਾ ਆਪਣੇ ਅੰਦਰਲੇ ਵਿਕਾਰਾਂ ਨਾਲ਼ ਲੜਦਾ ਲੜਦਾ ਰੱਬ ਦੀ ਪ੍ਰਾਪਤੀ ਕਰ ਲੈਂਦਾ ਹੈ। ਅਨੰਦਿਤ ਰਹਿੰਦਾ ਹੈ। ਹੋਰਾਂ ਲਈ ਚਾਨਣ ਮੁਨਾਰਾ ਬਣਦਾ ਹੈ। ਐਸਾ ਜੀਵਨ ਸਿਰਜਣ ਕਾਰਨ ਹੀ ਧਰਮ (ਪੂਰਨ ਸੱਚ); ਮਨੁੱਖ ਜਾਤੀ ਨੂੰ ਪਸ਼ੂ-ਪੰਛੀਆਂ ਦੀ ਰਹਿਣੀ ਤੋਂ ਵੱਖਰੇਪਣ ਦਾ ਅਹਿਸਾਸ ਕਰਾਉਂਦਾ ਹੈ।
ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਸਬੰਧੀ ਵੱਖ ਵੱਖ ਭੇਦ
ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਸਬੰਧੀ ਵੱਖ ਵੱਖ ਭੇਦ
ਸਰਬਜੀਤ ਸਿੰਘ ਸੈਕਰਾਮੈਂਟੋ- +1 916 529 4775
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਂ ਹੇਠ ਛਾਪੇ ਗਏ, ਚੰਦਰ-ਸੂਰਜੀ ਬਿਕ੍ਰਮੀ (ਦ੍ਰਿਕਗਿਣਤ ਸਿਧਾਂਤ, ਸਾਲ ਦੀ ਲੰਬਾਈ 365.2563 ਦਿਨ) ਕੈਲੰਡਰ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ਼ ਹਾੜ ਵਦੀ ੧, ੩੦ ਜੇਠ/12 ਜੂਨ ਦਰਜ ਹੈ। ਪਿਛਲੇ ਸਾਲ (੫੫੬ ਨ: ਸ:) ਦੇ ਕੈਲੰਡਰ ਵਿੱਚ ਇਹ ਦਿਹਾੜਾ ੯ ਹਾੜ/ 22 ਜੂਨ ਦਾ ਦਰਜ ਸੀ। (ਯਾਦ ਰਹੇ ਕਮੇਟੀ ਨੇ ਆਪਣੇ ਕੈਲੰਡਰ ’ਚ ਵਦੀਆਂ-ਸੁਦੀਆਂ, ਇਸ ਸਾਲ ਹੀ ਦਰਜ ਕੀਤੀਆਂ ਹਨ) ਇਥੇ ਪ੍ਰਵਿਸ਼ਟਿਆਂ ਅਤੇ ਤਾਰੀਖਾਂ ਦੇ ਅੰਤਰ ਤੋਂ ਇਹ ਜਾਣਕਾਰੀ ਮਿਲਦੀ ਹੈ ਕਿ ਸ੍ਰੋਮਣੀ ਕਮੇਟੀ ਇਹ ਦਿਹਾੜਾ ਚੰਦ ਦੇ ਕੈਲੰਡਰ ਮੁਤਾਬਕ, ਹਾੜ ਵਦੀ ੧ ਨੂੰ ਮਨਾਉਂਦੀ ਹੈ।
ਹੈਰਾਨੀ ਹੋਈ ਜਦੋਂ ਸ੍ਰੋਮਣੀ ਕਮੇਟੀ ਦੀ ਵੈੱਬ ਸਾਈਟ ਵੇਖੀ ਤਾਂ ਉੱਥੇ ਇਹ ਹਾੜ ਵਦੀ ੭, ੨੧ ਹਾੜ ਦਰਜ ਹੈ: Sri Guru Hargobind Sahib ji was born at village Guru ki Wadali (district Amritsar) on Harh Vadi ੭ (੨੧ Harh ) Samvat ੧੬੫੨ (19th June 1595U. (sgpc.net) ਇਨ੍ਹਾਂ ਦੋਵਾਂ ਤਾਰੀਖਾਂ ਵਿੱਚ ਇਕ ਹਫ਼ਤੇ ਦਾ ਫਰਕ ਹੋਣ ਕਾਰਨ, ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਇਹ ਦੋਵੇਂ ਤਾਰੀਖਾਂ ਸਹੀ ਨਹੀਂ ਹੋ ਸਕਦੀਆਂ। ਇਨ੍ਹਾਂ ਵਿੱਚੋਂ ਇੱਕ ਜ਼ਰੂਰ ਗ਼ਲਤ ਹੋਵੇਗੀ। ਆਓ ਵੇਖੀਏ ਕਿ ਸਹੀ ਤਾਰੀਖ਼ ਕਿਹੜੀ ਹੈ ?
ਸ੍ਰੋਮਣੀ ਕਮੇਟੀ ਦੀ ਵੈੱਬ ਸਾਈਟ ਉੱਪਰ ਦਰਜ ਤਾਰੀਖ਼, ਹਾੜ ਵਦੀ ੭, ੨੧ ਹਾੜ ਸੰਮਤ ੧੬੫੨ ਬਿਕ੍ਰਮੀ (19 ਜੂਨ 1595 ਈ: ਜੂਲੀਅਨ, ਵੀਰਵਾਰ) ਦਰਜ ਹੈ। ਜੇ ਕਮੇਟੀ ਦੇ ਕੈਲੰਡਰ ਮੁਤਾਬਕ ਵੇਖੀਏ ਤਾਂ ਇਹ, ਹਾੜ ਵਦੀ ੧, ੧੪ ਹਾੜ ਸੰਮਤ ੧੬੫੨ ਬਿਕ੍ਰਮੀ (12 ਜੂਨ 1595 ਈ: ਜੂਲੀਅਨ) ਦਿਨ ਵੀਰਵਾਰ ਬਣਦੀ ਹੈ।
ਧਰਮ ਪ੍ਰਚਾਰ ਕਮੇਟੀ ਵੱਲੋਂ ਲੱਖਾਂ ਦੀ ਗਿਣਤੀ ’ਚ ਛਾਪੀ ਜਾ ਚੁੱਕੀ, ਧਾਰਮਿਕ ਪ੍ਰੀਖਿਆ ਲਈ ਨਿਰਧਾਰਿਤ ਪੁਸਤਕ ‘ਗੁਰਮਤਿ ਗਿਆਨ-ਦਰਜਾ ਦੂਜਾ’ ਦੇ ਕਰਤਾ ਡਾ ਇੰਦਰਜੀਤ ਸਿੰਘ ਗੋਗੋਆਣੀ ਲਿਖਦੇ ਹਨ, ‘ਪ੍ਰਕਾਸ਼:- 19 ਜੂਨ 1595 ਈ:’ (ਪੰਨਾ 8) ਹੁਣ ਜੇ ਇਸ ਅੰਗਰੇਜ਼ੀ ਤਾਰੀਖ਼ ਨੂੰ ਬਿਕ੍ਰਮੀ ਕੈਲੰਡਰ ’ਚ ਬਦਲੀ ਕਰੀਏ ਤਾਂ ਇਹ, ਹਾੜ ਵਦੀ ੭, ੨੧ ਹਾੜ ਸੰਮਤ ੧੬੫੨ ਬਿਕ੍ਰਮੀ ਹੀ ਬਣਦੀ ਹੈ।
ਧਰਮ ਪ੍ਰਚਾਰ ਕਮੇਟੀ ਵੱਲੋਂ ਹੀ ਛਾਪੀ ਗਈ, ‘ਸ਼੍ਰੀ ਗੁਰੂ ਹਰਿਗੋਬੰਦ ਸਾਹਿਬ ਜੀ’ (ਡਾ. ਜੋਧ ਸਿੰਘ) ’ਚ ਵੀ ੨੧ ਹਾੜ ਹੀ ਦਰਜ ਹੈ। ‘ਵਡਾਲੀ ਵਿਖੇ ਹੀ ਸੰਮਤ ੧੬੫੨ (1595 ਈ:) ਦੇ ਇੱਕੀ ਹਾੜ ਨੂੰ (ਗੁਰੂ) ਹਰਿਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ’। (ਪੰਨਾ 6)
ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਛਾਪੀ ਗਈ ਇਕ ਹੋਰ ਪੁਸਤਕ, ‘ਸਿੱਖ ਇਤਿਹਾਸ’ (ਪ੍ਰੋ: ਕਰਤਾਰ ਸਿੰਘ) ਵਿੱਚ ਵੀ ‘ਹਾੜ ਵਦੀ ੭, ੨੧ ਹਾੜ ਸੰਮਤ ੧੬੫੨, ਮੁਤਾਬਕ 19 ਜੂਨ ਸੰਨ 1595’ ਹੀ ਦਰਜ ਹੈ। (ਪੰਨਾ 223)
‘History And Philosophy of the Sikh Religion’ ਕਰਤਾ ਖਜਾਨ ਸਿੰਘ ਵੀ ਇਸੇ ਤਾਰੀਖ਼ ਨਾਲ ਸਹਿਮਤ ਹੈ। Guru Arjan had only one son, Hargobind. He was born on 21st har Sambat ੧੬੫੨ (June 1595A.D.) at vadali in Amritsar District. (Page 126)’
‘ਹਰਿਗੋਬਿੰਦ, ਗੁਰੂ (1595-1644): ਗੁਰੂ ਨਾਨਕ ਦੇਵ ਤੋਂ ਪਿੱਛੋਂ ਅਧਿਆਤਮਿਕ ਪੀੜ੍ਹੀ ਵਿਚੋਂ ਛੇਵੇਂ ਗੁਰੂ ਨੇ ਗੁਰੂ ਅਰਜਨ ਦੇਵ ਅਤੇ ਮਾਤਾ ਗੰਗਾ ਜੀ ਦੇ ਘਰ ਅੰਮ੍ਰਿਤਸਰ ਦੇ ਨੇੜੇ ਵਡਾਲੀ ਵਿਖੇ ਜਿਸ ਨੂੰ ਹੁਣ ਗੁਰੂ ਕੀ ਵਡਾਲੀ ਕਹਿੰਦੇ ਹਨ, ਹਾੜ੍ਹ ਵਦੀ ੭, ੧੬੫੨ ਬਿਕਰਮੀ/19 ਜੂਨ 1595 ਈ. ਨੂੰ ਜਨਮ ਲਿਆ ਸੀ’। (ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ)
ਕਵੀ ਸੰਤੋਖ ਸਿੰਘ ਵੀ ੨੧ ਹਾੜ ਸੰਮਤ ੧੬੫੨ ਬਿ: ਹੀ ਲਿਖ ਰਿਹਾ ਹੈ, ਪਰ ਕਵੀ ਜੀ ਵੱਲੋਂ ਲਿਖਿਆ ਨਛੱਤਰ ‘ਪੱਖ’ ਸਹੀ ਨਹੀਂ ਹੈ। ਇਹ ਅੱਠਵਾਂ ਨਛੱਤਰ ਹੈ, ਜਦੋਂ ਕਿ ੨੧ ਹਾੜ, ਹਾੜ ਵਦੀ ੭ (ਜੂਨ 19) ਨੂੰ ਛਬੀਵਾਂ ਨਛੱਤਰ ‘ਉਤ੍ਰਾ ਭਾਦ੍ਰਪਦ’ ਸੀ।
‘ਸੰਮਤ ਸੋਲਹਿ ਸੈ ਅਰੁ ਬਾਵਨ ਹਾੜ ਇਕਸਵੀ ਕੋ ਦਿਨ ਸੋਊ।
ਜਾਮਨੀ ਆਧਿ ਬਿਤੀਤਿ ਭਈ ਜਬਿ ਪੁੱਖ ਨਿਚੱਤ ਸਮੋਂ ਤਬਿ ਹੋਊ।’ (ਰਾਸ 3 ਅਧਿਆਇ 4)
ਡਾ. ਹਰਜਿੰਦਰ ਸਿੰਘ ਦਿਲਗੀਰ, ਭੱਟ ਵਹੀ ‘ਮੁਲਤਾਨੀ ਸਿੰਧੀ’ ਦੇ ਹਵਾਲੇ ਨਾਲ ਲਿਖਦੇ ਹਨ, ‘ਗੁਰੂ ਹਰਿਗੋਬਿੰਦ ਸਾਹਿਬ ਦਾ ਜਨਮ ਮਾਤਾ ਗੰਗਾ ਜੀ ਦੀ ਕੁਖ ਤੋਂ ਗੁਰੂ ਅਰਜਨ ਸਾਹਿਬ ਦੇ ਘਰ 19 ਜੂਨ 1590 ਦੇ ਦਿਨ ਵਡਾਲੀ, ਨੇੜੇ ਛੇਹਰਟਾ ਸਾਹਿਬ (ਅੰਮ੍ਰਿਤਸਰ) ਵਿੱਚ ਹੋਇਆ’। ਇਥੇ ਤਾਰੀਖ਼ ਤਾਂ ‘19 ਜੂਨ’ (੨੧ ਹਾੜ) ਹੀ ਲਿਖਦੇ ਹਨ, ਪਰ ਸਾਲ 1590 ਈ: ਲਿਖਦੇ ਹਨ। ਜਦੋਂ ਕਿ ਅਸਲ ਲਿਖਤ ’ਚ ‘ਸੰਮਤ ਸਤਰਾਂ ਸੈ ਸੰਤਾਲੀਸ, ਮਾਹ ਹਾੜ ਦਿਹੁੰ ਇਕੀਸ ਗਿਆ’ (18 ਜੂਨ 1690 ਈ) ਦਰਜ ਹੈ। ‘ਇਸ ਇੰਦਰਾਜ ਤੋਂ ਸਾਫ ਪਤਾ ਲੱਗਦਾ ਹੈ ਕਿ ਗੁਰੂ ਜੀ ਦਾ ਜਨਮ ਬਿਕਰਮੀ ਸੰਮਤ ੧੬੪੭, ਯਾਨਿ 1690 ਵਿੱਚ ਹੋਇਆ ਸੀ’। (ਪੰਨਾ 225)
ਡਾ. ਸੁਖਦਿਆਲ ਸਿੰਘ ਜੀ ਵੀ, ਇਸੇ ਭੱਟ ਵਹੀ ਦੇ ਹਵਾਲੇ ਨਾਲ ਲਿਖਦੇ ਹਨ, ‘ਗੁਰੂ ਹਰਿਗੋਬੰਦ ਸਾਹਿਬ ਜੀ ਦਾ ਜਨਮ ਪ੍ਰਚਲਿਤ ਰਵਾਇਤ ਅਨੁਸਾਰ 9 ਜੂਨ 1595 ਈ: ਨੂੰ ਹੋਇਆ ਮੰਨਿਆ ਜਾਂਦਾ ਹੈ। ਆਧੁਨਿਕ ਸਿੱਖ ਇਤਿਹਾਸਕਾਰ ਵੀ ਇਸੇ ਤਿਥੀ ਨੂੰ ਅਪਣਾਅ ਕੇ ਚਲਦੇ ਹਨ, ਪਰ ਭੱਟ ਵਹੀ ਜਿਸ ਦਾ ਉਹ ਹਵਾਲਾ ਦਿੰਦੇ ਹਨ; ਵਿੱਚ ਗੁਰੂ ਜੀ ਦਾ ਜਨਮ ਇੱਕੀ ਹਾੜ ਸੰਮਤ ਸਤਾਰਾਂ ਸੌ ਸੰਤਾਲੀ ਬਿ. ਮੁਤਾਬਕ 19 ਜੂਨ, 1690 ਈ. ਵਿੱਚ ਹੋਇਆ ਦੱਸਿਆ ਗਿਆ ਹੈ।… ਇਨਾਂ ਦੋਹਾਂ ਮਿਤੀਆਂ ਵਿੱਚ ਪੰਜ ਸਾਲ ਦਾ ਫਰਕ ਹੈ। ਭੱਟ ਵਹੀਆਂ ਵਿੱਚ ਦਿੱਤੀਆਂ ਗਈਆਂ ਮਿਤੀਆਂ ਆਮ ਤੌਰ ’ਤੇ ਸਾਡੇ ਇਤਿਹਾਸਕਾਰਾਂ ਵੱਲੋਂ ਠੀਕ ਹੀ ਮੰਨੀਆਂ ਗਈਆਂ ਹਨ। ਅਗਲੀ ਕੋਈ ਹੋਰ ਭਰੋਸੇ ਯੋਗ ਗਵਾਹੀ ਮਿਲਣ ਦੀ ਉਡੀਕ ਵਿੱਚ ਇਸ ਬਾਰੇ ਫੈਸਲਾ ਖੁੱਲਾ ਰੱਖਦੇ ਹਾਂ’। (ਗੁਰੂ ਹਰਿਗੋਬਿੰਦ ਸਾਹਿਬ ਜੀਵਨ, ਯੁੱਧ ਅਤੇ ਯਾਤਰਾਵਾਂ, ਪਹਿਲੀ ਵਾਰ 1998, ਪੰਨਾ 15) । ਇਕ ਥਾਂ ਸਾਲ 1995 ਹੈ, ਦੂਜੇ ਥਾਂ 1690, ਫਰਕ 5 ਸਾਲ ਦਾ, ਵਾਹ ! ‘ਇਨਾਂ ਦੋਹਾਂ ਮਿਤੀਆਂ ਵਿੱਚ ਪੰਜ ਸਾਲ ਦਾ ਫਰਕ ਹੈ’।
ਇੱਥੇ 9 ਜੂਨ ਛਪਿਆ ਵੇਖ ਕੇ ਸੋਚਿਆ ਕਿ ਇਹ ਗਲਤੀ ਨਾਲ 19 ਜੂਨ ਦੀ ਬਜਾਏ 9 ਜੂਨ ਛਪ ਗਿਆ ਹੋਵੇਗਾ, ਪਰ ਹੈਰਾਨੀ ਹੋਈ ਜਦੋਂ ਡਾ. ਸੁਖਦਿਆਲ ਸਿੰਘ ਦੀਆਂ ਦੋ ਹੋਰ ਲਿਖਤਾਂ, ‘ਸ੍ਰੋਮਣੀ ਸਿੱਖ ਇਤਿਹਾਸ’ ਪੰਨਾ 146 (2010 ਈ:) ਅਤੇ ‘ਪੰਜਾਬ ਦਾ ਇਤਿਹਾਸ’, ਪੰਨਾ 116 (2012 ਈ:) ਵੇਖੀਆਂ। ਇਨ੍ਹਾਂ ਦੋਵਾਂ ਕਿਤਾਬਾਂ ’ਚ ਵੀ 9 ਜੂਨ ਅਤੇ ਸਾਲ ਬਾਰੇ ਫੈਸਲਾ ਭਰੋਸੇ ਯੋਗ ਗਵਾਹੀ ਮਿਲਣ ਦੀ ਉਡੀਕ ’ਚ ਖੁੱਲਾ ਛੱਡਿਆ ਹੋਇਆ ਹੈ। ਪਹਿਲੀ ਕਿਤਾਬ 1998 ’ਚ ਛਪੀ ਸੀ ਅਤੇ ਤੀਜੀ 2010 ਈ:, ਭਾਵ 12 ਸਾਲਾਂ ਪਿਛੋਂ ਵੀ ਤਾਰੀਖ਼ ਅਤੇ ਸਾਲ ਬਾਰੇ ਫੈਸਲਾ ਭਵਿੱਖ ’ਚ ਮਿਲਣ ਵਾਲੀ ‘ਭਰੋਸੇ ਯੋਗ ਗਵਾਹੀ’ ਦੀ ਉਡੀਕ ’ਚ ਖੁੱਲਾ ਛੱਡਿਆ ਹੋਇਆ ਹੈ। ਉਂਝ ਕਿਤਾਬਾਂ ਦੇ ਅਖੀਰ ਤੇ ਸਾਰੀ ਲਾਇਬਰੇਰੀ ਦੀਆਂ ਕਿਤਾਬਾਂ ਦੀ ਸੂਚੀ ਛਾਪੀ ਹੋਈ ਹੈ। ਜੇ 21ਵੀਂ ਸਦੀ ਦੇ ਵਿਦਵਾਨਾਂ ਦਾ ਇਹ ਹਾਲ ਹੈ ਤਾਂ 17ਵੀਂ-18ਵੀਂ ਸਦੀ ਦੇ ਲੇਖਕਾਂ ਦਾ ਕੀ ਦੋਸ਼ ?
‘ਗੁਰਮਤਿ ਰਹਿਤ ਮਰਯਾਦਾ’ ’ਚ ਗਿਆਨੀ ਗੁਰਬਚਨ ਸਿੰਘ ਭਿੰਡਰ ਕਲਾਂ ਲਿਖਦੇ ਹਨ, ‘ਅਵਤਾਰ ਧਾਰਨ ਸੰਮਤ:- ੧੬੫੨ ਬਿ: ਹਾੜ ਵਦੀ ਏਕਮ, ਦਿਨ ਐਤਵਾਰ, ਪੁੰਨਿਆ ਦੀ ਰਾਤ ਸੀ, 6 ਜੂਨ 1595 ਈ: ਪੱਖ ਨਛੱਤਰ ਸੰਗਰਾਂਦੀ ੨੧ ਹਾੜ’ (ਪੰਨਾ 37)। ਇੱਕੇ ਹੀ ਦਿਨ ’ਚ ਦੋ ਤਿਥਾਂ ਹਾੜ ਵਦੀ ਏਕਮ ਅਤੇ ਪੁੰਨਿਆਂ ਦੀ ਰਾਤ ਕਿਵੇਂ ਹੋ ਸਕਦੀ ਹੈ ? ਇਹ ਕਿਹਾ ਜਾਣ ਵਾਲਾ ਬ੍ਰਹਮਗਿਆਨੀ ਵਿਦਿਆ ਮਾਰਤੰਡ ਹੀ ਦੱਸ ਸਕਦਾ ਹੈ, ਜਿਸ ਨੂੰ ਕੋਈ ਸਵਾਲ ਨਹੀਂ ਕੀਤਾ ਜਾ ਸਕਦਾ। ਇਸ ਕਿਤਾਬ ’ਚ ਦਰਜ ਹੋਰ ਬਹੁਤੀਆਂ ਤਾਰੀਖਾਂ ਵਾਂਗੂ, ਇਹ ਤਾਰੀਖ਼ ਵੀ ਗੋਲ ਮਾਲ ਹੀ ਹੈ, ਪਰ ਵੇਖਣ ਵਾਲੀ ਗੱਲ ਇਹ ਹੈ ਕਿ ਪ੍ਰਵਿਸ਼ਟਾ ਇੱਥੇ ਵੀ ੨੧ ਹਾੜ ਹੀ ਹੈ। ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ਼, ਚੇਤ ਸੁਦੀ ਪੰਚਮੀ, ਸੰਮਤ 1695 ਬਿ:, 28 ਮਾਰਚ 1638 ਈ: ਅਤੇ ਕੁਲ ਉਮਰ 42 ਬਰਸ 9 ਮਹੀਨੇ 19 ਦਿਨ ਦਰਜ ਹੈ, ਜੋ ਕਿ ਮੰਨਣ ਯੋਗ ਨਹੀਂ ਹੈ।
‘ਬੰਸਾਵਲੀਨਾਮਾ’ ਦਾ ਕਰਤਾ, ਕੇਸਰ ਸਿੰਘ ਛਿੱਬਰ (ਸੰਪਾਦਕ ਪਿਆਰਾ ਸਿੰਘ ਪਦਮ) ਪ੍ਰਵਿਸ਼ਟਾ ਤਾਂ ੨੧ ਹਾੜ ਹੀ ਲਿਖਦਾ ਹੈ, ਪਰ ਸੰਮਤ ਇਹ ਵੀ ੧੬੪੭ ਲਿਖਦਾ ਹੈ। ਸਾਹਿਬ ਗੁਰੂ ਹਰਿਗੋਬਿੰਦ ਜੀ ਜਨਮੇ ਵਡਾਲੀ। ਸੰਮਤੁ ਸੋਲਾਂ ਸੈ ਗਏ ਸੈਂਤਾਲੀ। ਹਾੜ ਮਾਸ ਦਿਨ ਬੀਤੇ ਇੱਕੀ ਮਾਤਾ ਗੰਗਾ ਜੀ ਦੇ ਉਦਰੋਂ ਜਨਮ ਪਤ੍ਰੀ ਦਿਜ ਲਿਖੀ। (ਪੰਨਾ 86) ਪਰ ਇਸ ਵੱਲੋਂ ਲਿਖੀ ਗਈ ਕੁਲ ਉਮਰ 48 ਸਾਲ ਸਾਡੀ ਸਮੱਸਿਆ ਨੂੰ ਹਲ ਕਰਨ ਵਿੱਚ ਸਹਾਈ ਹੁੰਦੀ ਹੈ। ‘ਅਠਤਾਲੀ ਬਰਸ ਕੀ ਆਉਧ ਗੁਜਾਰੀ’ (ਪੰਨਾ 102)
ਹੁਣ ਜੇ ਇਸ ਦੇ ਹਿਸਾਬ ਕਿਤਾਬ ਦੀਆਂ ਕੜੀਆਂ ਮੇਲੀਏ ਤਾਂ ਤਸਵੀਰ ਕਾਫੀ ਸਾਫ਼ ਹੋ ਜਾਂਦੀ ਹੈ। ਗੁਰੂ ਜੀ ਜੋਤੀ ਜੋਤਿ ਸਮਾਉਣ ਦੀ ਤਾਰੀਖ਼, ੬ ਚੇਤ, ਚੇਤ ਸੁਦੀ ੫ ਸੰਮਤ ੧੭੦੧ ਬਿਕ੍ਰਮੀ (3 ਮਾਰਚ 1644 ਈ: ਜੂਲੀਅਨ) ਦਿਨ ਐਤਵਾਰ, ਬਾਰੇ ਕੋਈ ਮਤਭੇਦ ਨਹੀਂ ਹੈ। ਕੁਲ ਉਮਰ 48 ਸਾਲ ਦੇ ਹਿਸਾਬ ਨਾਲ ਵੇਖੀਏ ਤਾਂ ਗੁਰੂ ਜੀ ਦੀ ਜਨਮ ਤਾਰੀਖ਼ ੨੧ ਹਾੜ ਸੰਮਤ ੧੬੫੨ ਸਹੀ ਬਣਦੀ ਹੈ।
ਗਿਆਨੀ ਗਿਆਨ ਸਿੰਘ, ਇਕ ਥਾਂ ਗੁਰੂ ਜੀ ਦੀ ਜਨਮ ਤਾਰੀਖ਼, ਹਾੜ ਵਦੀ ੧, ਸੰਮਤ ੧੬੫੨ ਬਿਕ੍ਰਮੀ ਅਤੇ ਦੂਜੀ ਥਾਂ ਹਾੜ ਸੁਦੀ ੨, ਕੁਲ ਉਮਰ 48 ਸਾਲ 9 ਮਹੀਨੇ 4 ਦਿਨ ਲਿਖਦੇ ਹਨ। ‘ਏਹ ਗੁਰੂ ਸੰਮਤ ੧੬੫੨ ਬਿਕ੍ਰਮੀ ਹਾੜ ਸੁਦੀ ੨ ਨੂੰ ਪ੍ਰਗਟ ਹੋ ਕੇ, 10 ਬਰਸ 11 ਮਹੀਨੇ ਇੱਕ ਦਿਨ ਦੀ ਉਮਰ ਵਿੱਚ ਗੱਦੀ ਬੈਠ ਕਰ, 31 ਸਾਲ 10 ਮਹੀਨੇ ਤਿੰਨ ਦਿਨ ਗੁਰਿਆਈ ਕਰ ਕੇ, 48 ਵਰ੍ਹੇ 9 ਮਹੀਨੇ 4 ਦਿਨ ਸਾਰੀ ਉਮਰ ਭੋਗ ਕੇ, ਚੇਤਰ ਸੁਦੀ ੫ ਸ਼ੁਕ੍ਰਵਾਰ 9 ਘੜੀ ਰਾਤੀ ਰਹੀ, ਸੰਮਤ ੧੭੦੧ ਬਿਕ੍ਰਮੀ ਤੇ ਸਾਲ ੧੭੪ ਨਾਨਕਸ਼ਾਹੀ ਨੂੰ ਚੋਲਾ ਛੱਡ ਕੇ ਸੱਚਖੰਡ ਗੁਰਪੁਰ ਵਿੱਚ ਜਾ ਬਸੇ’। (ਤਵਾਰੀਖ਼ ਗੁਰੂ ਖਾਲਸਾ ਪਾ: ੬)
ਸਿਖ ਇਤਿਹਾਸ ਰਿਸਰਚ ਬੋਰਡ ਵੱਲੋਂ ਛਾਪੀ ਗਈ 1965-66 ਦੀ ਡਾਇਰੀ ਵਿੱਚ, ਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ਼ ੨੧ ਹਾੜ ੧੬੫੨ ਸੰਮਤ (14 ਜੂਨ 1595 ਈ:) ਦਰਜ ਹੈ।
ਧਰਮ ਪ੍ਰਚਾਰ ਕਮੇਟੀ ਵੱਲੋਂ ਛਾਪੀ ਗਈ ਖਾਲਸਾ ਡਾਇਰੀ 1975-76 ਈ: ਵਿੱਚ, ‘ਹਾੜ ਵਦੀ ੭, ਹਾੜ ਪ੍ਰਵਿਸ਼ਟੇ ੨੧ ਸੰਮਤ ੧੬੫੨ ਬਿ:, 19 ਜੂਨ, ਸੰਨ 1594 ਈ: ਦਿਨ ਵੀਰਵਾਰ’ ਦਰਜ ਹੈ। ਸ੍ਰੋਮਣੀ ਡਾਇਰੀ 1991 ਵਿੱਚ, ‘ਹਾੜ ਵਦੀ ੬, ਸੰਮਤ ੧੬੫੨ ਬਿ:, 14 ਜੂਨ, ਸੰਨ 1595 ਈ:’ ਦਰਜ ਹੈ।
ਸ੍ਰੋਮਣੀ ਡਾਇਰੀ 1992 ਵਿੱਚ, ‘ਹਾੜ ਵਦੀ ੧, ਸੰਮਤ ੧੬੫੨ ਬਿ:/ 19 ਜੂਨ, ਸੰਨ 1595 ਈ:’ ਦਰਜ ਹੈ।
ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ 1998 ਈ: ਵਿੱਚ ਛਾਪੀ ਗਈ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਡਾ. ਅਮਰਜੀਤ ਸਿੰਘ ਵੱਲੋਂ ਸੰਪਾਦਨ ਕੀਤੀ ਗਈ ‘ਗੁਰਬਿਲਾਸ ਪਾਤਸ਼ਾਹੀ ੬’ ਮੁਤਾਬਕ ਵੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ੨੧ ਹਾੜ ਸੰਮਤ ੧੬੫੨ ਬਿਕ੍ਰਮੀ ਨੂੰ ਹੀ ਹੋਇਆ ਸੀ। ਸੰਮਤ ਸੋਰਹ ਸੈ ਸੁ ਬਵੰਜਾ ਹਾੜ ਇੱਕੀ ਨਿਸਿ ਆਧੀ ਮੰਝਾ। (ਪੰਨਾ 19)
ਉਪਰੋਕਤ ਖੋਜ-ਪੜਤਾਲ ਤੋਂ ਸਹਿਜੇ ਹੀ ਇਸ ਨਤੀਜੇ ’ਤੇ ਪੁੱਜਿਆ ਜਾ ਸਕਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ੨੧ ਹਾੜ, ਹਾੜ ਵਦੀ ੭ ਸੰਮਤ ੧੬੫੨ ਬਿ: ਦਿਨ ਵੀਰਵਾਰ ਨੂੰ ਹੋਇਆ ਸੀ। ਜਦੋਂ ਇਸ ਨੂੰ ਅੰਗਰੇਜ਼ੀ ਕੈਲੰਡਰ ’ਚ ਬਦਲਿਆ ਗਿਆ ਤਾਂ ਇਹ 19 ਜੂਨ 1595 ਈ: (ਜੂਲੀਅਨ) ਲਿਖੀ ਗਈ। ਨਾਨਕਸ਼ਾਹੀ ਕੈਲੰਡਰ ’ਚ ਇਹ ਦਿਹਾੜਾ ੨੧ ਹਾੜ ਦਾ ਹੀ ਦਰਜ ਹੈ, ਜਿਸ ’ਤੇ ਕੋਈ ਕਿੰਤੂ ਪਰੰਤੂ ਨਹੀਂ ਹੈ।
ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਕਿ ਜੇ ਇਹ ਦਿਹਾੜਾ ਪ੍ਰਵਿਸ਼ਟਿਆਂ ਮੁਤਾਬਕ ਦਰਜ ਕਰਨ ਦੀ ਬਜਾਏ ਵਦੀ-ਸੁਦੀ ਮੁਤਾਬਕ ਦਰਜ ਕਰਨਾ ਤੁਹਾਡੀ ਕੋਈ ਮਜ਼ਬੂਰੀ ਹੈ ਤਾਂ ਘੱਟੋ-ਘੱਟ ਆਪਣੇ ਕੈਲੰਡਰ ’ਚ ਤਿੱਥ (ਹਾੜ ਵਦੀ ੭) ਤਾਂ ਸਹੀ ਛਾਪੋ।












