27.7 C
Jalandhar
Sunday, June 29, 2025
spot_img
Home Blog Page 37

ਹਰਿ ਜਨ ਸਿਮਰਹੁ ਹਿਰਦੈ ਰਾਮ

0

ਹਰਿ ਜਨ ਸਿਮਰਹੁ ਹਿਰਦੈ ਰਾਮ

ਪ੍ਰਿੰਸੀਪਲ ਹਰਭਜਨ ਸਿੰਘ (ਰੋਪੜ)

ਜੈਤਸਰੀ ਮਹਲਾ ੫ ॥

ਹਰਿ ਜਨ ! ਸਿਮਰਹੁ ਹਿਰਦੈ ਰਾਮ ॥ 

ਹਰਿ ਜਨ ਕਉ ਅਪਦਾ ਨਿਕਟਿ ਨ ਆਵੈ; ਪੂਰਨ ਦਾਸ ਕੇ ਕਾਮ ॥੧॥ ਰਹਾਉ ॥

ਕੋਟਿ ਬਿਘਨ ਬਿਨਸਹਿ ਹਰਿ ਸੇਵਾ; ਨਿਹਚਲੁ ਗੋਵਿਦ ਧਾਮ ॥ 

ਭਗਵੰਤ ਭਗਤ ਕਉ ਭਉ ਕਿਛੁ ਨਾਹੀ; ਆਦਰੁ ਦੇਵਤ ਜਾਮ ॥੧॥

ਤਜਿ ਗੋਪਾਲ, ਆਨ ਜੋ ਕਰਣੀ; ਸੋਈ ਸੋਈ ਬਿਨਸਤ ਖਾਮ ॥ 

ਚਰਨ ਕਮਲ ਹਿਰਦੈ ਗਹੁ, ਨਾਨਕ ! ਸੁਖ ਸਮੂਹ ਬਿਸਰਾਮ ॥੨॥ (ਮਹਲਾ ੫/੭੦੨)

ਵੀਚਾਰ ਅਧੀਨ ਪਾਵਨ ਸ਼ਬਦ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਨ ਕੀਤਾ ਹੋਇਆ ਜੈਤਸਰੀ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 702 ਉੱਤੇ ਅੰਕਿਤ ਹੈ। ਇਸ ਸ਼ਬਦ ਰਾਹੀਂ ਸਤਿਗੁਰੂ ਜੀ ਨਾਮ ਦੀ ਵਡਿਆਈ ਦਰਸਾਉਂਦੇ ਹੋਏ ਸਮਝਾ ਰਹੇ ਹਨ ਕਿ ਹਰੇਕ ਪ੍ਰਾਣੀ ਨੂੰ ਕੇਵਲ ਅਕਾਲ ਪੁਰਖ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ; ਜਿਵੇਂ ਕਿ ਗੁਰਵਾਕ ਹੈ ‘‘ਸਦਾ ਸਦਾ ਸੋ ਸੇਵੀਐ; ਜੋ ਸਭ ਮਹਿ ਰਹੈ ਸਮਾਇ   ਅਵਰੁ ਦੂਜਾ ਕਿਉ ਸੇਵੀਐਜੰਮੈ ਤੈ ਮਰਿ ਜਾਇ ’’ (ਮਹਲਾ /੫੦੯)

ਗੁਰਮਤਿ ਅੰਦਰ ਕੇਵਲ ਕਰਤਾਰ ਦੀ ਉਪਾਸ਼ਨਾ ਕਰਨ ਦਾ ਹੀ ਵਿਧਾਨ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ ’ਚ ਗੁਰੂ ਨਾਨਕ ਸਾਹਿਬ ਜੀ ਨੇ ਮੂਲ ਮੰਤਰ ਵਿੱਚ ਕੇਵਲ ਇੱਕ ਦੀ ਹੀ ਵਿਆਖਿਆ ਕੀਤੀ ਹੈ। ਕਈ ਵਿਦਵਾਨ ਸੱਜਣ ਤਾਂ ਇਹ ਮੰਨਦੇ ਹਨ ਕਿ ਮੂਲ ਮੰਤਰ ਦੀ ਵਿਆਖਿਆ ‘ਜਪੁ’ ਬਾਣੀ ਹੈ ਅਤੇ ‘ਜਪੁ’ ਦੀ ਵਿਆਖਿਆ; ਸਮੁੱਚੀ ਬਾਣੀ ਹੈ। ਇਹ ਗੱਲ ਹੈ ਵੀ ਠੀਕ ਕਿ ਸਤਿਗੁਰੂ ਜੀ ਇੱਕ ਨਾਮ ਤੋਂ ਗੱਲ ਸ਼ੁਰੂ ਕਰਦੇ ਹਨ ਅਤੇ ਸਮਾਪਤੀ (ਰਾਗਮਾਲਾ ਤੋਂ ਪਹਿਲਾਂ) ‘‘ਨਾਨਕ  ! ਨਾਮੁ ਮਿਲੈ ਤਾਂ ਜੀਵਾਂ; ਤਨੁ ਮਨੁ ਥੀਵੈ ਹਰਿਆ ’’ (ਮਹਲਾ /੧੪੨੯) ਪੰਕਤੀ ਨਾਲ਼ ਕਰਦੇ ਹਨ।

‘‘ਨਾਨਕ ਕੈ ਘਰਿ; ਕੇਵਲ ਨਾਮੁ ’’ (ਮਹਲਾ /੧੧੩੬) ਮਹਾਂਵਾਕ ਅਨੁਸਾਰ ਨਾਮ ਹੀ ਸਾਰਿਆਂ ਨਾਲੋਂ ਸ਼ਿਰੋਮਣੀ ਵਸਤੂ ਹੈ। ਇਸ ਨਾਮ ਨੂੰ ਭਾਵੇਂ ਰਾਮ ਰਾਮ ਕਹਿ ਕੇ ਜਪ ਲਵੋ, ਪਰ ਸ਼ਰਤ ਇਹ ਹੈ ਕਿ ਜਪਿਆ ਪ੍ਰੇਮ ਨਾਲ ਜਾਏ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਨਾਮ ਨੂੰ ਪ੍ਰੇਮ ਨਾਲ ਜਪਿਆ ਜਾਏ ਤਾਂ ਕੀ ਕੁਝ ਪ੍ਰਾਪਤ ਹੁੰਦਾ ਹੈ ? ਇਸ ਸਵਾਲ ਦਾ ਜਵਾਬ ਸਤਿਗੁਰੂ ਜੀ ਵੀਚਾਰ ਅਧੀਨ ਸ਼ਬਦ ਦੀਆਂ ‘ਰਹਾਉ’ ਵਾਲੀ ਪੰਕਤੀ ਵਿੱਚ ਦਿੰਦੇ ਹੋਏ ਫ਼ੁਰਮਾਉਂਦੇ ਹਨ ‘‘ਹਰਿ ਜਨ ! ਸਿਮਰਹੁ ਹਿਰਦੈ ਰਾਮ   ਹਰਿ ਜਨ ਕਉ ਅਪਦਾ ਨਿਕਟਿ ਆਵੈ; ਪੂਰਨ ਦਾਸ ਕੇ ਕਾਮ ਰਹਾਉ ’’  ਅਰਥ : ਹੇ ਪ੍ਰਭੂ ਦੇ ਪਿਆਰਿਓ ! ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਸਿਮਰਿਆ ਕਰੋ, ਫਿਰ ਕੋਈ ਵੀ ਬਿਪਤਾ ਪ੍ਰਭੂ ਦੇ ਸੇਵਕਾਂ ਦੇ ਨੇੜੇ ਨਹੀਂ ਆਉਂਦੀ। ਸੇਵਕਾਂ ਦੇ ਸਾਰੇ ਕਾਰਜ ਸਿਰੇ ਚੜ੍ਹਦੇ ਰਹਿੰਦੇ ਹਨ। ਪ੍ਰਭੂ ਪਿਆਰਿਆਂ ਵਾਸਤੇ ਸਭ ਤੋਂ ਵੱਡੀ ਬਿਪਤਾ ਜਾਂ ਦੁੱਖ, ਪ੍ਰਭੂ ਦੇ ਨਾਮ ਨੂੰ ਭੁਲਾਉਣਾ ਹੀ ਹੈ; ਜਿਵੇਂ ਕਿ ਫ਼ੁਰਮਾਨ ਹੈ ‘‘ਦੁਖੁ ਤਦੇ ਜਾ ਵਿਸਰਿ ਜਾਵੈ ’’ (ਮਹਲਾ /੯੮) ਇਸ ਲਈ ਜੇ ‘‘ਸਭ ਸੁਖ ਦਾਤਾ ਰਾਮੁ ਹੈ; ਦੂਸਰ ਨਾਹਿਨ ਕੋਇ ’’ (ਮਹਲਾ /੧੪੨੬) ਉਹਨਾਂ ਦੇ ਚੇਤੇ ਹੈ ਤਾਂ ਬਿਪਤਾ ਆ ਹੀ ਨਹੀਂ ਸਕਦੀ।

ਆਮ ਸੰਸਾਰੀ ਮਨੁੱਖ ਦੀ ਸੋਚ ਇਹ ਹੈ ਕਿ ਪ੍ਰਭੂ ਦਾ ਸਿਮਰਨ ਕਰਨ ਵਾਲਿਆਂ ਨੂੰ ਸਰੀਰਕ ਤੌਰ ’ਤੇ ਦੁੱਖ ਆਉਂਦੇ ਹੀ ਨਹੀਂ, ਪਰ ਏਥੇ ਸਮਝਣ ਵਿੱਚ ਫ਼ਰਕ ਹੈ। ਦੁੱਖਾਂ ਦਾ ਆਉਣਾ ਹੋਰ ਗੱਲ ਹੈ ਅਤੇ ਦੁੱਖਾਂ ਨੂੰ ਮਹਿਸੂਸ ਕਰਨਾ ਹੋਰ ਗੱਲ; ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਫ਼ੁਰਮਾਨ ਹੈ ‘‘ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ’’ (ਮਹਲਾ /੬੩੩), ਯਾਨੀ ਨਾਮ ਸਿਮਰਨ ਵਿੱਚ ਇਤਨੀ ਬਰਕਤ ਹੈ ਕਿ ਦੁੱਖ ਆਤਮਕ ਸੁੱਖ ਵਿੱਚ ਤਬਦੀਲ ਹੋ ਜਾਂਦੇ ਹਨ ਫਿਰ ਤਾਂ ਨਾਮ ਰੰਗ ਵਿੱਚ ਰੰਗੀਆਂ ਰੂਹਾਂ ਦੇ ਮੁੱਖ ਤੋਂ ਸਦਾ ਇਹੀ ਸੁਣਨ ਨੂੰ ਮਿਲਦੈ ‘‘ਦੁਖੁ ਨਾਹੀ, ਸਭੁ ਸੁਖੁ ਹੀ ਹੈ ਰੇ.. ’’ (ਮਹਲਾ /੧੩੦੨)

ਧਨਾਸਰੀ ਰਾਗ ਵਿਚਲੇ ਸ਼ਬਦ ਦੁਆਰਾ ਗੁਰੂ ਰਾਮਦਾਸ ਸਾਹਿਬ ਜੀ ਵੀ ਨਾਮ ਸਿਮਰਨ ਦੀ ਮਹਿਮਾ ਦਾ ਵਰਣਨ ਇਸ ਤਰ੍ਹਾਂ ਕਰਦੇ ਹਨ ‘‘ਜਹ ਹਰਿ ਸਿਮਰਨੁ ਭਇਆ; ਤਹ ਉਪਾਧਿ ਗਤੁ ਕੀਨੀ; ਵਡਭਾਗੀ ਹਰਿ ਜਪਨਾ   ਜਨ ਨਾਨਕ ਕਉ ਗੁਰਿ (ਨੇ) ਇਹ ਮਤਿ ਦੀਨੀ; ਜਪਿ ਹਰਿ, ਭਵਜਲੁ ਤਰਨਾ ’’ (ਮਹਲਾ /੬੭੦) ਉਹ ਮਤਿ ਜਿਸ ਸਦਕਾ ਸਾਰੇ ਗਿਆਨ ਅਤੇ ਕਰਮ ਇੰਦ੍ਰੇ ਨਾਮ ਵਿੱਚ ਪਰਵਿਰਤ ਰਹਿਣ; ਗੁਰੂ ਪਾਸੋਂ ਪ੍ਰਾਪਤ ਹੋਣੀ ਹੈ। ‘‘ਬਾਣੀ ਗੁਰੂ ਗੁਰੂ ਹੈ ਬਾਣੀ ..’’ (ਮਹਲਾ /੯੮੨) ਦੇ ਵਾਕ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਹੀ ਗੁਰਸਿੱਖਾਂ ਲਈ ਗੁਰੂ ਰੂਪ ਹੈ। ਇਸ ਲਈ ਨਾਮ ਭਗਤੀ ਕੀ ਹੈ ? ਕਿਵੇਂ ਕੀਤੀ ਜਾਂਦੀ ਹੈ ? ਕਿਉਂ ਕਰਨੀ ਚਾਹੀਦੀ ਹੈ ? ਇਹਨਾਂ ਸਾਰਿਆਂ ਸਵਾਲਾਂ ਦਾ ਜਵਾਬ ਗੁਰਬਾਣੀ ਦੇਂਦੀ ਹੈ। ਹੁਣ ਵੀਚਾਰ ਅਧੀਨ ਸ਼ਬਦ ਦੀਆਂ ਪਹਿਲੇ ਪਦੇ ਵਾਲੀਆਂ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਜੀ ਫ਼ੁਰਮਾ ਰਹੇ ਹਨ ‘‘ਕੋਟਿ ਬਿਘਨ ਬਿਨਸਹਿ ਹਰਿ ਸੇਵਾ; ਨਿਹਚਲੁ ਗੋਵਿਦ ਧਾਮ ਭਗਵੰਤ ਭਗਤ ਕਉ ਭਉ ਕਿਛੁ ਨਾਹੀ; ਆਦਰੁ ਦੇਵਤ ਜਾਮ ’’  ਅਰਥ : ਹੇ ਹਰੀ ਜਨੋ ! ਪਰਮਾਤਮਾ ਦੀ ਭਗਤੀ ਦੀ ਬਰਕਤ ਨਾਲ ਜ਼ਿੰਦਗੀ ਦੇ ਰਾਹ ਵਿੱਚੋਂ ਕ੍ਰੋੜਾਂ ਔਕੜਾਂ ਨਾਸ਼ ਹੋ ਜਾਂਦੀਆਂ ਹਨ ਅਤੇ ਪਰਮਾਤਮਾ ਦਾ ਸਦਾ ਹੀ ਸਥਿਰ ਰਹਿਣ ਵਾਲਾ ਘਰ ਵੀ ਮਿਲ ਜਾਂਦਾ ਹੈ। ਭਗਵਾਨ ਦੇ ਭਗਤਾਂ ਨੂੰ ਕੋਈ ਵੀ ਡਰ ਪੋਹ ਨਹੀਂ ਸਕਦਾ ਜਮਰਾਜ ਵੀ ਉਹਨਾਂ ਦਾ ਸਤਿਕਾਰ ਕਰਦਾ ਹੈ। ਪਰਮਾਤਮਾ ਦੀ ਭਗਤੀ ਕਰਨ ਤੋਂ ਭਾਵ ਉਸ ਦੇ ਭਾਣੇ ਵਿੱਚ ਚਲਣਾ ਹੈ, ਨਾਮ ਨੂੰ ਜਪਣਾ ਹੈ, ਇਸ ਤਰ੍ਹਾਂ ਕੋਈ ਵੀ ਰੁਕਾਵਟ ਜੀਵਨ ’ਚ ਨਹੀਂ ਆ ਸਕਦੀ ਅਤੇ ਸਿਧੇ ਤੌਰ ’ਤੇ ਧਰਮ ਨਾਲ ਸੰਬੰਧ ਕਾਇਮ ਹੋ ਜਾਂਦਾ ਹੈ। ਜਪੁ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸਾਨੂੰ ਸੇਧ ਬਖ਼ਸ਼ਦੇ ਹਨ ‘‘ਮੰਨੈ; ਮਾਰਗਿ ਠਾਕ ਪਾਇ   ਮੰਨੈ; ਪਤਿ ਸਿਉ ਪਰਗਟੁ ਜਾਇ   ਮੰਨੈ; ਮਗੁ ਚਲੈ ਪੰਥੁ   ਮੰਨੈ; ਧਰਮ ਸੇਤੀ ਸਨਬੰਧੁ   ਐਸਾ ਨਾਮੁ ਨਿਰੰਜਨੁ ਹੋਇ   ਜੇ ਕੋ; ਮੰਨਿ ਜਾਣੈ ਮਨਿ, ਕੋਇ ੧੪ (ਜਪੁ)

ਇਤਿਹਾਸ ਅਤੇ ਗੁਰਬਾਣੀ ਨੇ ਨਾਮ ਸਿਮਰਨ ਦੇ ਅਸੂਲ ਨੂੰ ਸਿੱਧ ਕਰ ਦਿੱਤਾ ਹੈ ਕਿ ਇਹ ਤਰੀਕਾ ਆਤਮਕ ਉੱਨਤੀ ਲਈ ਬਿਲਕੁਲ ਠੀਕ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਦੇ ਅਨੇਕਾਂ ਸਬੂਤ ਮਿਲਦੇ ਹਨ। ਸੁਖਮਨੀ ਸਾਹਿਬ ਵਾਲੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਦੇ ਬਚਨ ਹਨ ‘‘ਹਰਿ ਸਿਮਰਨੁ ਕਰਿ, ਭਗਤ ਪ੍ਰਗਟਾਏ   ਹਰਿ ਸਿਮਰਨਿ ਲਗਿ, ਬੇਦ ਉਪਾਏ   ਹਰਿ ਸਿਮਰਨਿ, ਭਏ ਸਿਧ ਜਤੀ ਦਾਤੇ   ਹਰਿ ਸਿਮਰਨਿ, ਨੀਚ ਚਹੁ ਕੁੰਟ ਜਾਤੇ (ਸੁਖਮਨੀ/ਮਹਲਾ /੨੬੩) ਹਰੀ ਆਪ ਨਿਰਭਉ ਹੈ। ਉਸ ਨੂੰ ਸਿਮਰਨ ਵਾਲਾ ਵੀ ਉਸੇ ਦਾ ਹੀ ਰੂਪ ਹੋ ਜਾਂਦਾ ਹੈ। ਫਿਰ ਡਰ ਕਾਹਦਾ ‘‘ਜੋ ਜੋ ਕੀਨੋ ਆਪਨੋ; ਤਿਸੁ ਅਭੈ ਦਾਨੁ ਦੀਤਾ ’’ (ਮਹਲਾ /੮੦੯) ਦੇ ਵਾਕ ਅਨੁਸਾਰ ਨਿਰਭੈਤਾ ਵਾਲਾ ਗੁਣ ਉਸ ਵਿੱਚ ਆ ਜਾਂਦਾ ਹੈ। ਹੁਣ ਉਸ ਨੂੰ ਯਮਰਾਜ ਤੋਂ ਵੀ ਡਰ ਨਹੀਂ ਲੱਗਦਾ ‘‘ਪ੍ਰਭ ਕੈ ਸਿਮਰਨਿ, ਦੂਖੁ ਜਮੁ ਨਸੈ ’’ (ਮਹਲਾ /੨੬੨) ਜਾਂ ‘‘ਧਰਮ ਰਾਇ ਦਰਿ ਕਾਗਦ ਫਾਰੇ; ਜਨ ਨਾਨਕ ਲੇਖਾ ਸਮਝਾ ’’ (ਮਹਲਾ /੬੯੮) ਵਾਲੀ ਪਦਵੀ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ।

ਸ਼ਬਦ ਦੇ ਦੂਸਰੇ ਅਤੇ ਅਖੀਰਲੇ ਪਦੇ ਵਿੱਚ ਗੁਰੂ ਸਾਹਿਬ ਜੀ ਫ਼ੁਰਮਾਉਂਦੇ ਹਨ ‘‘ਤਜਿ ਗੋਪਾਲ, ਆਨ ਜੋ ਕਰਣੀ; ਸੋਈ ਸੋਈ ਬਿਨਸਤ ਖਾਮ   ਚਰਨ ਕਮਲ ਹਿਰਦੈ ਗਹੁ, ਨਾਨਕ  ! ਸੁਖ ਸਮੂਹ ਬਿਸਰਾਮ ’’ ਅਰਥ : ਪਰਮਾਤਮਾ ਦਾ ਸਿਮਰਨ ਭੁਲਾ ਕੇ ਹੋਰ ਜਿਹੜਾ ਵੀ ਕੰਮ ਕਰੀਦਾ ਹੈ ਉਹ ਨਾਸ਼ਵਾਤ ਹੈ ਅਤੇ ਕੱਚਾ ਹੈ। ਇਸ ਵਾਸਤੇ ਗੁਰੂ ਅਰਜਨ ਦੇਵ ਜੀ ਫ਼ੁਰਮਾ ਰਹੇ ਹਨ ਕਿ ਪਰਮਾਤਮਾ ਦੇ ਸੁੰਦਰ ਚਰਨ ਆਪਣੇ ਹਿਰਦੇ ਵਿੱਚ ਵਸਾਈ ਰੱਖ; ਇਹੀ ਸਾਰੇ ਸੁੱਖਾਂ ਦਾ ਘਰ ਹਨ। ਹੋਰ ਕੰਮਾਂ ਤੋਂ ਭਾਵ ਇੱਥੇ ਧਰਮ ਦੇ ਨਾਮ ਥੱਲੇ ਕੀਤੇ ਜਾਂਦੇ ਕਰਮਕਾਂਡਾਂ ਵੱਲ ਇਸ਼ਾਰਾ ਹੈ। ਗੁਰਮਤਿ ਉਹਨਾਂ ਕਰਮਕਾਂਡਾਂ ਤੋਂ ਜਗਿਆਸੂ ਨੂੰ ਰੋਕ ਕੇ ਸੱਚੇ ਨਾਮ ਨਾਲ ਜੋੜਦੀ ਹੈ। ਗੁਰਬਾਣੀ ਵਿੱਚ ਇਸ ਸੰਬੰਧੀ ਅਨੇਕਾਂ ਫ਼ੁਰਮਾਨ ਹਨ; ਜਿਵੇਂ ‘‘ਕਰਮ ਧਰਮ ਪਾਖੰਡ ਜੋ ਦੀਸਹਿ; ਤਿਨ ਜਮੁ ਜਾਗਾਤੀ ਲੂਟੈ   ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ; ਨਿਮਖ ਸਿਮਰਤ ਜਿਤੁ ਛੂਟੈ (ਮਹਲਾ /੭੪੭), ਜੀਅਰੇ ! ਓਲ੍ਾ ਨਾਮ ਕਾ   ਅਵਰੁ ਜਿ ਕਰਨ ਕਰਾਵਨੋ; ਤਿਨ ਮਹਿ ਭਉ ਹੈ ਜਾਮ ਕਾ ਰਹਾਉ ’’ (ਮਹਲਾ /੨੧੧) ਤਾਂ ਤੇ ਇਸ ਹਥਲੇ ਸ਼ਬਦ ਦਾ ਸਮੁੱਚਾ ਭਾਵ ਇਹੋ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਤੋਂ ਸੇਧ ਲੈ ਕੇ ਉਸ ਕਰਤੇ ਅਕਾਲ ਪੁਰਖ ਨਾਲ ਜੁੜ ਜਾਈਏ।

ਐ ਮੇਰੇ ਸੋਹਣੇ ਪੁੱਤ ਭਰਾਵੋ। ਸਿਰ ਸੋਹਣੀ ਦਸਤਾਰ ਜਾਵੋ।

0

ਐ ਮੇਰੇ ਸੋਹਣੇ ਪੁੱਤ ਭਰਾਵੋ। ਸਿਰ ਸੋਹਣੀ ਦਸਤਾਰ ਜਾਵੋ।

ਗਿਆਨੀ ਅੰਮ੍ਰਿਤਪਾਲ ਸਿੰਘ, ਲੁਧਿਆਣੇ ਵਾਲੇ।

Giani Amritpal Singh from Ludhiana

ਅੱਜ ਕੁੱਝ ਯੋਰਪੀਨ ਦੇਸ਼ਾਂ ਵਿੱਚ ਸਿੱਖਾਂ ਦੀਆਂ ਦਸਤਾਰਾਂ ’ਤੇ ਪਾਬੰਦੀ ਲਗਾਈ ਜਾ ਰਹੀ ਹੈ। ਕੁੱਝ ਦੇਸ਼ਾਂ ਵਿੱਚ ਸਿੱਖਾਂ ਨੇ ਆਪਣੀ ਦਸਤਾਰ ਦੀ ਅਹਿਮੀਅਤ ਸਰਕਾਰਾਂ ਨੂੰ ਦੱਸੀ ਅਤੇ ਆਪਣੇ ਧਾਰਮਿਕ ਹੱਕਾਂ ਦੀ ਰਖਵਾਲੀ ਕੀਤੀ ਹੈ। ਭਵਿੱਖ ਵਿੱਚ ਅਜਿਹੀਆਂ ਦਸਤਾਰ ਪਾਬੰਦੀ ਦੀਆਂ ਘਟਨਾਵਾਂ ਸਿਰਫ਼ ਯੂਰੋਪ ਤੱਕ ਸੀਮਤ ਨਹੀਂ ਰਹਿਣਗੀਆਂ ਸਗੋਂ ਹੋਰ ਦੇਸ਼ਾਂ ਵਿੱਚ ਵੀ ਹੋ ਸਕਦੀਆਂ ਹਨ। ਇਸ ਲਈ ਸਾਨੂੰ ਅੱਜ ਤੋਂ ਹੀ ਦੂਰ ਦੀ ਸੋਚ ਕੇ ਚੱਲਣਾ ਪਵੇਗਾ ਅਤੇ ਆਪਣੀ ਕੌਮ ਦੇ ਭਵਿੱਖ ਦੀ ਨਵੀਂ ਰੂਪ-ਰੇਖਾ ਤਿਆਰ ਕਰਨੀ ਪਵੇਗੀ।

ਅਜੇ ਵੀ ਕਈ ਦੇਸ਼ਾਂ ਵਿੱਚ ਸਿੱਖਾਂ ਵੱਲੋਂ ਮੁਜ਼ਾਹਰੇ ਕੀਤੇ ਜਾ ਰਹੇ ਹਨ, ਸਰਕਾਰਾਂ ਨੂੰ ਮੈਮੋਰੰਡਮ ਦਿੱਤੇ ਜਾ ਰਹੇ ਹਨ। ਕਿਉਂ ? ਕਾਰਨ ਇਹ ਕਿ ਵਿਦੇਸ਼ੀ ਸਰਕਾਰਾਂ ਨੂੰ ਆਪਣੀ ਦਸਤਾਰ ਦੀ ਅਹਿਮੀਅਤ ਦੱਸੀ ਜਾਵੇ ਤਾਂ ਕਿ ਉਹ ਸਿੱਖ ਦੀ ਦਸਤਾਰ ’ਤੇ ਪਾਬੰਦੀ ਨਾ ਲਗਾਉਣ, ਪਰ ਮੈਂ ਕਈ ਵਾਰ ਸੋਚਦਾ ਹਾਂ ਕਿ ਜੇ ਕਿਤੇ ਵਿਦੇਸ਼ੀ ਸਰਕਾਰਾਂ ਸਿੱਖ ਨੌਜਵਾਨਾਂ ਦਾ ਸਰਵੇ ਕਰਨ ਲੱਗ ਜਾਣ ਤਾਂ ਅਸੀਂ ਕਿਤੇ ਵੀ ਮੂੰਹ ਲੁਕਾਉਣ ਜੋਗੇ ਨਹੀਂ ਰਹਾਂਗੇ ? ਵਿਦੇਸ਼ੀ ਸਰਕਾਰਾਂ ਇਹ ਕਹਿਣਗੀਆਂ ਕਿ ਤੁਸੀਂ ਕਿਹੜੇ ਮੂੰਹ ਨਾਲ ਸਾਡੇ ਤੋਂ ਦਸਤਾਰ ਦਾ ਹੱਕ ਮੰਗ ਰਹੇ ਹੋ ? ਤੁਹਾਡੇ ਬੱਚੇ ਤਾਂ ਦਸਤਾਰਾਂ ਸਜਾਉਣ ਨੂੰ ਤਿਆਰ ਹੀ ਨਹੀਂ ? ਤੁਸੀਂ ਆਪਣੇ ਬੱਚਿਆਂ ਨੂੰ ਤਾਂ ਦਸਤਾਰਾਂ ਦਿੱਤੀਆਂ ਹੀ ਨਹੀਂ, ਨਾ ਹੀ ਦਸਤਾਰਾਂ ਦੀ ਅਹਿਮੀਅਤ ਦੱਸੀ ਹੈ ? ਉਹ ਤਾਂ ਕੇਸ ਵੀ ਕਤਲ ਕਰਾਈ ਬੈਠੇ ਹਨ। ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਤਾਂ ਦਸਤਾਰਾਂ ਦੀ ਅਹਿਮੀਅਤ ਦੱਸੋ, ਫਿਰ ਸਾਨੂੰ ਆਪਣੀ ਦਸਤਾਰ ਦੀ ਅਹਿਮੀਅਤ ਦੱਸਣਾ। ਯਾਦ ਰੱਖਿਓ ! ਉਸ ਸਮੇਂ ਸ਼ਰਮਿੰਦਗੀ ਤੋਂ ਬਿਨਾਂ ਸਾਡੇ ਕੋਲ ਇਸ ਗੱਲ ਦਾ ਹੋਰ ਕੋਈ ਜਵਾਬ ਨਹੀਂ ਹੋਣਾ।

ਸਿਆਣਿਆਂ ਦਾ ਕਥਨ ਹੈ ਕਿ ਕਿਸੇ ਘਰ ਦੇ ਭਾਗ; ਘਰ ਦੀ ਡਿਉਢੀ (ਮੁੱਖ ਦਰਵਾਜ਼ਾ) ਤੋਂ ਪਛਾਣੇ ਜਾਂਦੇ ਹਨ। ਲੋਕ ਆਪਣੀ ਦੌਲਤ ਦੀ ਨੁਮਾਇਸ਼ ਨਹੀਂ ਕਰਦੇ ਬਲਕਿ ਤਿਜੌਰੀ ਵਿੱਚ ਜਾਂ ਬੈਂਕ ਵਿੱਚ ਸੰਭਾਲ ਕੇ ਰੱਖਦੇ ਹਨ। ਅਮੀਰੀ ਜ਼ਾਹਰ ਕਰਨ ਲਈ ਘਰ ਦੇ ਦਰਵਾਜ਼ੇ ਖ਼ੂਬਸੂਰਤ ਤੇ ਮਜ਼ਬੂਤ ਬਣਾਏ ਜਾਂਦੇ ਹਨ। ਜਿਸ ਘਰ ਦਾ ਦਰਵਾਜ਼ਾ ਕਮਜ਼ੋਰ ਤੇ ਟੁੱਟਿਆ ਹੋਇਆ ਹੋਵੇ ਤਾਂ ਇਹ ਸਮਝਿਆ ਜਾਂਦਾ ਹੈ ਕਿ ਘਰ ਵਿੱਚ ਕੋਈ ਕੀਮਤੀ ਚੀਜ਼ ਨਹੀਂ ਹੈ। ਜੇ ਘਰ ਦਾ ਦਰਵਾਜ਼ਾ ਖ਼ੂਬਸੂਰਤ ਤੇ ਮਜ਼ਬੂਤ ਹੋਵੇ ਤਾਂ ਇਹ ਜ਼ਾਹਰ ਕਰਦਾ ਹੈ ਕਿ ਇਸ ਘਰ ਵਿੱਚ ਕੋਈ ਕੀਮਤੀ ਚੀਜ਼ ਹੈ। ਘਰ ਦੇ ਭਾਗ; ਘਰ ਦੇ ਦਰਵਾਜ਼ੇ ਤੋਂ ਪਛਾਣੇ ਜਾਂਦੇ ਹਨ ‘‘ਮੰਦਰਿ ਭਾਗੁ ਸੋਭ ਦੁਆਰੈ; ਅਨਹਤ ਰੁਣੁ ਝੁਣੁ ਲਾਏ ਕਹੁ ਨਾਨਕ  ! ਸਦਾ ਰੰਗੁ ਮਾਣੇ; ਗ੍ਰਿਹ ਪ੍ਰਿਅ ਥੀਤੇ ਸਦ ਥਾਏ ’’ (ਮਹਲਾ /੫੩੩)

ਇਸੇ ਤਰ੍ਹਾਂ ਸਿੱਖੀ ਰੂਪੀ ਘਰ ਦਾ ਦਰਵਾਜ਼ਾ ਸਿੱਖ ਦਾ ਚਿਹਰਾ ਹੈ। ਜੇ ਕਿਸੇ ਸਿੱਖ ਦੇ ਸਿਰ ’ਤੇ ਦਸਤਾਰ ਨਹੀਂ ਹੈ, ਸਿਰ ’ਤੇ ਕੇਸ ਨਹੀਂ ਹਨ, ਦਾਹੜਾ ਤੇ ਮੁਛਹਿਰੇ ਕਤਲ ਕੀਤੇ ਹੋਏ ਹਨ ਤਾਂ ਸਮਝੋ ਕਿ ਘਰ ਦਾ ਦਰਵਾਜ਼ਾ ਤਿੜਕਿਆ ਹੋਇਆ ਤੇ ਕਮਜ਼ੋਰ ਹੈ। ਹੁਣ ਇਸ ਘਰ ਵਿੱਚ ਸਿੱਖੀ ਦੀ ਦੌਲਤ ਨਹੀਂ ਰਹੀ। ਕੇਸਗੜ੍ਹ ਦੇ ਦਰਵਾਜ਼ੇ ਵਿੱਚ ਆਈ ਹੋਈ ਤਰੇੜ ਹੀ ਦੱਸ ਦਿੰਦੀ ਹੈ ਕਿ ਸਿੱਖੀ ਦਾ ਕਿਲ੍ਹਾ ਮਜ਼ਬੂਤ ਨਹੀਂ ਰਿਹਾ, ਕਮਜ਼ੋਰ ਹੋ ਗਿਆ ਹੈ। ਜੇ ਕਿਸੇ ਸਿੱਖ ਦੇ ਚਿਹਰੇ ਦਾ ਦਰਵਾਜ਼ਾ ਸਾਬਤ ਤੇ ਖ਼ੂਬਸੂਰਤ ਨਜ਼ਰ ਆਏ ਤਾਂ ਲੋਕ ਸਮਝਦੇ ਹਨ ਕਿ ਇਸ ਦੇ ਜੀਵਨ ਵਿੱਚ ਘਰ ਵਿੱਚ ਜ਼ਰੂਰ ਸਿੱਖੀ ਦਾ ਖ਼ਜ਼ਾਨਾ ਹੋਵੇਗਾ। ਕੇਸ ਅਤੇ ਦਸਤਾਰ ਸਿੱਖੀ ਦੀ ਦੌਲਤ ਹੋਣ ਦੀ ਪਹਿਲੀ ਨਿਸ਼ਾਨੀ ਹੈ, ਪਰ ਇਸ ਦੇ ਨਾਲ ਹੀ ਇਹ ਵੀ ਯਾਦ ਰੱਖੋ ਕਿ ਜੇ ਦਰਵਾਜ਼ਾ ਸਾਬਤ ਹੈ ਤਾਂ ਅੰਦਰ ਸਿੱਖੀ ਦੀ ਦੌਲਤ ਹੋਣੀ ਵੀ ਬਹੁਤ ਜ਼ਰੂਰੀ ਹੈ।

ਕਦੀ ਨਾਦਿਰ ਸ਼ਾਹ ਨੇ ਹੰਕਾਰ ਵਿੱਚ ਭਰ ਕੇ ਜ਼ਕਰੀਆ ਖਾਨ ਨੂੰ ਕਿਹਾ ਸੀ ਕਿ ਮੈਂ ਭਾਰਤ ਦਾ ਬਾਦਸ਼ਾਹ ਹਾਂ। ਮੇਰੇ ਵਿੱਚ ਇੰਨੀ ਤਾਕਤ ਹੈ ਕਿ ਮੈਂ ਇਹਨਾਂ ਸਿੱਖਾਂ ਨੂੰ ਦਬਾ ਲਵਾਂਗਾ। ਜ਼ਕਰੀਆ ਖਾਨ ਕਹਿਣ ਲੱਗਾ ਕਿ ਰਹਿਣ ਦੇ ਨਾਦਿਰ ਸ਼ਾਹ। ਤੂੰ ਇੱਕ ਬਾਦਸ਼ਾਹ ਹੈਂ, ਇਹ ਸਿੱਖ ਸਾਰੇ ਹੀ ਬਾਦਸ਼ਾਹ ਨੇ। ਨਾਦਿਰ ਸ਼ਾਹ ਬੜਾ ਹੈਰਾਨ ਹੋਇਆ। ਕਹਿਣ ਲੱਗਾ ਕਿ ਜੇ ਸਿੱਖ ਬਾਦਸ਼ਾਹ ਨੇ ਤਾਂ ਇਹਨਾਂ ਦੇ ਵੱਡੇ-ਵੱਡੇ ਮਹਿਲ ਹੋਣਗੇ। ਇਹਨਾਂ ਕੋਲ ਵਧੀਆ ਘੋੜੇ ਤੇ ਆਧੁਨਿਕ ਹਥਿਆਰ ਹੋਣਗੇ। ਇਹ ਸਿੱਖ ਤਾਂ ਕੀਮਤੀ ਰੇਸ਼ਮੀ ਬਸਤਰ ਪਹਿਨਦੇ ਹੋਣਗੇ। ਇਹਨਾਂ ਦੀਆਂ ਖੁਰਾਕਾਂ ਬਹੁਤ ਵਧੀਆ ਹੋਣਗੀਆਂ। ਇਹ ਤਾਂ ਘਿਉ-ਬਦਾਮ ਖਾਂਦੇ ਹੋਣਗੇ।

ਜ਼ਕਰੀਆ ਖਾਨ ਕਹਿਣ ਲੱਗਾ ਕਿ ਨਹੀਂ। ਇਹ ਮਹਿਲਾਂ ਵਿੱਚ ਨਹੀਂ ਰਹਿੰਦੇ ਸਗੋਂ ਜੰਗਲ਼ਾਂ ਤੇ ਪਹਾੜਾਂ ਵਿੱਚ ਰਹਿੰਦੇ ਹਨ। ਇਹਨਾਂ ਕੋਲ ਵਧੀਆ ਨਸਲ ਦੇ ਘੋੜੇ ਤੇ ਆਧੁਨਿਕ ਹਥਿਆਰ ਵੀ ਨਹੀਂ ਹਨ ਸਗੋਂ ਇਹ ਲੋਕ ਕਮਜ਼ੋਰ ਖੱਚਰਾਂ ਤੇ ਬੈਠ ਕੇ ਸਿਰਫ਼ ਆਪਣੀਆਂ ਕਿਰਪਾਨਾਂ ਨਾਲ ਹੀ ਸਾਡੇ ਨਾਲ ਲੜੀ ਜਾਂਦੇ ਹਨ। ਇਹ ਰੇਸ਼ਮੀ ਬਸਤਰ ਨਹੀਂ ਪਹਿਨਦੇ ਸਗੋਂ ਸਰੀਰ ’ਤੇ ਇਕ ਚਾਦਰ ਤੇ ਕਛਹਿਰੇ ਨਾਲ ਹੀ ਸਰਦੀ-ਗਰਮੀ ਲੰਘਾ ਲੈਂਦੇ ਹਨ।

ਨਾਦਿਰ ਹੋਰ ਹੈਰਾਨ ਹੋ ਕੇ ਕਹਿਣ ਲੱਗਾ ਕਿ ਜੇ ਇਹ ਲੋਕ ਇੰਨੇ ਗਰੀਬ ਤੇ ਇੰਨੀਆਂ ਮੁਸ਼ਕਲਾਂ ਵਿੱਚ ਘਿਰੇ ਹੋਏ ਮੁਸੀਬਤਾਂ ਦੇ ਮਾਰੇ ਹਨ ਤਾਂ ਫਿਰ ਇਹ ਆਪਣੇ ਆਪ ਨੂੰ ਬਾਦਸ਼ਾਹ ਕਿਉਂ ਅਖਵਾਉਂਦੇ ਹਨ ?

ਜ਼ਕਰੀਆ ਖਾਨ ਕਹਿਣ ਲੱਗਾ ਕਿ ਐ ਨਾਦਿਰ ਸ਼ਾਹ ! ਧਿਆਨ ਨਾਲ ਸੁਣ। ਇਹ ਮੁਸ਼ਕਲਾਂ ਤੋਂ ਘਬਰਾਉਂਦੇ ਨਹੀਂ ਹਨ ਸਗੋਂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ। ਜਦੋਂ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ, ਇਸ਼ਨਾਨ ਕਰਕੇ ਨਿੱਤਨੇਮ ਦਾ ਪਾਠ ਕਰਦਾ ਹੈ। ਫਿਰ ਇੱਕ-ਇੱਕ ਲੜ ਸੋਹਣਾ ਚਿਣ-ਚਿਣ ਕੇ ਦਸਤਾਰ ਸਜਾਉਂਦਾ ਹੈ ਤੇ ਆਪਣਾ ਰੋਅਬਦਾਰ ਸਰੂਪ ਵੇਖ ਕੇ ਆਖਦਾ ਹੈ ਕਿ ਬਾਦਸ਼ਾਹ ਨੇ ਸਿਰ ’ਤੇ ਤਾਜ ਸਜਾ ਲਿਆ ਹੈ। ਇਹਨਾਂ ਦੇ ਸਿਰ ਦੀ ਦਸਤਾਰ ਇਹਨਾਂ ਦੇ ਸਿਰ ਦਾ ਤਾਜ ਹੈ। ਸਿਰ ’ਤੇ ਦਸਤਾਰ ਸਜਾ ਕੇ ਇਹ ਆਪਣੇ ਆਪ ਨੂੰ ਬਾਦਸ਼ਾਹ ਤੋਂ ਘੱਟ ਨਹੀਂ ਸਮਝਦੇ। ਐ ਨਾਦਿਰ ਸ਼ਾਹ ! ਤੂੰ ਤਾਂ ਇਕ ਬਾਦਸ਼ਾਹ ਹੈਂ, ਇਹ ਸਿਰ ’ਤੇ ਦਸਤਾਰ ਸਜਾਉਣ ਵਾਲੇ ਸਾਰੇ ਹੀ ਬਾਦਸ਼ਾਹ ਨੇ।

ਨਾਦਿਰ ਸ਼ਾਹ ਨੇ ਬੜੇ ਵਿਸ਼ਵਾਸ ਨਾਲ ਕਿਹਾ ਕਿ ਜੇ ਇਹ ਗੱਲ ਹੈ ਤਾਂ ਇਕ ਸਮਾਂ ਐਸਾ ਆਵੇਗਾ ਕਿ ਇਹ ਦਸਤਾਰ ਸਜਾਉਣ ਵਾਲੇ ਕਦੀ ਇਸ ਦੇਸ ’ਤੇ ਰਾਜ ਕਰਨਗੇ।

ਸੱਚ ਮੁਚ  ! ਕਲਗੀਧਰ ਪਾਤਸ਼ਾਹ ਜੀ ਨੇ ਸਿੱਖ ਨੂੰ ਦਸਤਾਰ ਦੀ ਦਾਤ ਬਖ਼ਸ਼ਸ਼ ਕਰਕੇ ਬਾਦਸ਼ਾਹੀ ਬਖ਼ਸ਼ੀ ਹੈ। ਸਿੱਖ ਨੂੰ ਹੁਕਮ ਹੈ ਕਿ ਸਿੱਖ ਦੋਨੋਂ ਵਕਤ ਕੰਘਾ ਕਰਕੇ, ਇੱਕ-ਇੱਕ ਲੜ ਚੁਣ ਕੇ ਸੋਹਣੀ ਦਸਤਾਰ ਸਜਾਏ ਅਤੇ ਨਾਲ ਹੀ ਹਰ ਵਕਤ ਇਸ ਦੀ ਸੰਭਾਲ ਵੀ ਕਰੇ। ਸਾਡੇ ਰਹਿਤਨਾਮਿਆਂ ਵਿੱਚ ਇਸ ਤਰ੍ਹਾਂ ਦੇ ਅਨੇਕ ਬਚਨ ਮਿਲਦੇ ਹਨ। ਜਿਵੇਂ ਭਾਈ ਨੰਦ ਲਾਲ ਜੀ ਦੀ ਬਾਣੀ ਵਿੱਚ ਇਕ ਬਚਨ ਹੈ ‘‘ਕੰਘਾ ਦੋਨੋ ਵਕਤ ਕਰ, ਪਾਗ ਚੁਨੈ ਕਰ ਬਾਂਧਈ ਦਾਤਨ ਨੀਤ ਕਰੇਇ, ਨਾ ਦੁਖ ਪਾਵੇ ਲਾਲ ਜੀ’’ ਇਕ ਹੋਰ ਰਹਿਤਨਾਮੇ ਦਾ ਕਥਨ ਹੈ ‘ਦੁਇ ਵੇਲੇ ਬੰਧਯੋ ਦਸਤਾਰੰ ਆਠ ਪਹਰ ਰਖਯੋ ਸੰਭਾਰੰ

ਭਗਤ ਨਾਮਦੇਵ ਜੀ ਦਾ ਬਚਨ ਯਾਦ ਆ ਜਾਂਦਾ ਹੈ ਕਿ ਅਕਾਲ ਪੁਰਖ ਨੇ ਵੀ ਸੀਸ ’ਤੇ ਦਸਤਾਰ ਸਜਾਈ ਹੋਈ ਹੈ। ਨਿਰੀ ਦਸਤਾਰ ਹੀ ਨਹੀਂ ਬਲਕਿ ਉਸ ਦੀ ਦਸਤਾਰ ਖ਼ੂਬਸੂਰਤ ਵੀ ਹੈ। ਐ ਮੇਰੇ ਪ੍ਰਭੂ ! ਤੇਰੇ ਸੀਸ ’ਤੇ ਸਜੀ ਹੋਈ ਦਸਤਾਰ ਬਹੁਤ ਹੀ ਖ਼ੂਬਸੂਰਤ ਹੈ ਤੇ ਤੇਰੇ ਬੋਲ ਵੀ ਬਹੁਤ ਮਿੱਠੇ ਹਨ ‘‘ਖੂਬੁ ਤੇਰੀ ਪਗਰੀ; ਮੀਠੇ ਤੇਰੇ ਬੋਲ ’’ (ਭਗਤ ਨਾਮਦੇਵ/੭੨੭)

ਸਿੱਖ ਵੀ ਜਦੋਂ ਆਪਣੇ ਸੀਸ ’ਤੇ ਖ਼ੂਬਸੂਰਤ ਦਸਤਾਰ ਸਜਾਉਂਦਾ ਹੈ ਤਾਂ ਅਤਿ ਸੁੰਦਰ, ਮਨ ਨੂੰ ਮੋਹ ਲੈਣ ਵਾਲੇ ਰੱਬ ਦਾ ਹੀ ਰੂਪ ਨਜ਼ਰ ਆਉਂਦਾ ਹੈ। ਕਿਸੇ ਨੌਜਵਾਨ ਵੀਰ ਨੇ ਬੜੀ ਖ਼ੂਬਸੂਰਤ ਇਹ ਗੱਲ ਕਹੀ ਕਿ ‘ਸਵੇਰੇ ਉੱਠ ਕੇ ਤਿਆਰ ਹੁੰਦਿਆਂ ਪਹਿਲਾਂ ਮੈਂ ਆਪਣੀ ਦਸਤਾਰ ਸਜਾਉਂਦਾ ਹਾਂ, ਫਿਰ ਦਸਤਾਰ ਮੈਨੂੰ ਸਾਰਾ ਦਿਨ ਸਜਾ ਕੇ ਰੱਖਦੀ ਹੈਇਸ ਲਈ ਅੱਜ ਸਭ ਤੋਂ ਪਹਿਲਾਂ ਗੁਰਸਿੱਖ ਮਾਤਾ-ਪਿਤਾ, ਫਿਰ ਸਾਰੀਆਂ ਸਿੱਖ ਸੰਸਥਾਵਾਂ, ਗੁਰਦੁਆਰਿਆਂ, ਪ੍ਰਬੰਧਕਾਂ ਤੇ ਪ੍ਰਚਾਰਕਾਂ ਦਾ ਫ਼ਰਜ਼ ਬਣਦਾ ਹੈ ਕਿ ਨੌਜਵਾਨਾਂ ਤੇ ਬੱਚਿਆਂ ਨੂੰ ਅਕਾਲ ਪੁਰਖ ਦੀ ਦਾਤ ਕੇਸਾਂ ਦੀ ਅਤੇ ਦਸਤਾਰ ਦੀ ਅਹਿਮੀਅਤ ਦੱਸ ਕੇ ਆਪਣਾ ਕੌਮੀ ਫ਼ਰਜ਼ ਪੂਰਾ ਕੀਤਾ ਜਾਵੇ।

ਇਸ ਕੌਮੀ ਫ਼ਰਜ਼ ਨੂੰ ਨਿਭਾਉਣ ਲਈ ਮਾਤਾ-ਪਿਤਾ ਵੱਲੋਂ ਬਚਪਨ ਤੋਂ ਹੀ ਬੱਚਿਆਂ ਨੂੰ ਕੇਸਾਂ ਅਤੇ ਦਸਤਾਰ ਦੀ ਮਹੱਤਤਾ ਸੰਬੰਧੀ ਸੁਚੇਤ ਕਰ ਦੇਣਾ ਚਾਹੀਦਾ ਹੈ। ਛੋਟੇ-ਛੋਟੇ ਪਟਕੇ ਬੰਨਣ ਦੇ ਰੁਝਾਨ ਨੂੰ ਖਤਮ ਕਰ ਦਸਤਾਰ ਸਜਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।

ਸਿੱਖ ਸੰਸਥਾਵਾਂ ਨੂੰ ਇਸ ਕਾਰਜ ਲਈ ਯੋਗ ਉਪਰਾਲੇ ਕਰਨੇ ਚਾਹੀਦੇ ਹਨ, ਜਿਹਨਾਂ ਵਿੱਚ ਕੇਸਾਂ ਅਤੇ ਦਸਤਾਰ ਦੀ ਮਹੱਤਤਾ ਬਾਰੇ ਲਿਟਰੇਚਰ ਛਪਵਾ ਕੇ ਵੰਡਣਾ ਚਾਹੀਦਾ ਹੈ। ਘਰ-ਘਰ ਜਾ ਕੇ ਬੱਚਿਆਂ ਦੇ ਸ਼ੰਕਿਆਂ ਦੇ ਜਵਾਬ ਦੇਣੇ ਚਾਹੀਦੇ ਹਨ। ਰੋਜ਼ਾਨਾ ਦਸਤਾਰ ਸਜਾਉਣ ਵਾਲਿਆਂ ਨੂੰ ਢੁੱਕਵੇਂ ਇਨਾਮ ਦੇ ਕੇ ਹੋਰ ਉਤਸ਼ਾਹਿਤ ਕਰਨਾ ਚਾਹੀਦਾ ਹੈ, ਤਾਂ ਜੋ ਹੋਰ ਬੱਚੇ ਵੀ ਆਕਰਸ਼ਿਤ ਹੋ ਸਕਣ।

ਗੁਰਦੁਆਰਿਆਂ ਵਿੱਚ ਕੇਸਾਂ ਅਤੇ ਦਸਤਾਰ ਦੀ ਅਹਿਮੀਅਤ ਸੰਬੰਧੀ ਗੁਰਮਤਿ ਕੈਂਪ ਲੱਗਣੇ ਚਾਹੀਦੇ ਹਨ। ਸਕੂਲ, ਕਾਲਜ ਤੋਂ ਛੁੱਟੀ ਵਾਲੇ ਦਿਨ ਆਕਰਸ਼ਕ ਤਰੀਕਿਆਂ ਨਾਲ ਬੱਚਿਆਂ ਅਤੇ ਨੌਜਵਾਨਾਂ ਨੂੰ ਗੁਰਬਾਣੀ ਅਤੇ ਇਤਿਹਾਸ ਦੀ ਵੀਚਾਰ ਦ੍ਰਿੜ੍ਹ ਕਰਾਉਣੀ ਚਾਹੀਦੀ ਹੈ। ਕੇਸਾਂ ਦੀ ਸੰਭਾਲ ਦੇ ਅਤੇ ਦਸਤਾਰ ਸਜਾਉਣ ਦੇ ਯੋਗ ਤਰੀਕੇ ਸਮਝਾਉਣੇ ਚਾਹੀਦੇ ਹਨ।

ਜੇ ਹਰ ਇਕ ਗੁਰਸਿੱਖ ਆਪਣਾ ਕੌਮ ਪ੍ਰਤੀ ਫ਼ਰਜ਼ ਨਿਭਾਉਣਾ ਸ਼ੁਰੂ ਕਰ ਦੇਵੇ ਤਾਂ ਉਹ ਦਿਨ ਦੂਰ ਨਹੀਂ, ਜਦੋਂ ਗੁਰੂ ਨਾਨਕ ਦੀ ਸਿੱਖੀ ਘਰ-ਘਰ ਪਹੁੰਚ ਜਾਵੇਗੀ। ਭਾਈ ਗੁਰਦਾਸ ਜੀ ਦੇ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਦਾ ਇਕ ਸੁਫਨਾ ਹੈ ਕਿ ਹਰ ਘਰ ਧਰਮ ਦਾ ਘਰ ਬਣ ਜਾਏ। ਹਰ ਘਰ ਵਿੱਚ ਅਕਾਲ ਪੁਰਖ ਦੀ ਸਿਫ਼ਤ ਗਾਈ ਜਾਵੇ। ਫਿਰ ਇਹ ਸੁਫਨਾ ਵੀ ਪੂਰਾ ਹੋ ਜਾਵੇਗਾ ‘‘ਘਰਿ ਘਰਿ ਅੰਦਰਿ ਧਰਮਸਾਲ; ਹੋਵੈ ਕੀਰਤਨੁ ਸਦਾ ਵਿਸੋਆ’’ (ਭਾਈ ਗੁਰਦਾਸ ਜੀ/ਵਾਰ ਪਉੜੀ ੨੭)

ਬੀਬੀ ਮਾਲੀ

0

ਬੀਬੀ ਮਾਲੀ

ਡਾ. ਹਰਸ਼ਿੰਦਰ ਕੌਰ, ਐਮ.ਡੀ., ਬੱਚਿਆਂ ਦੀ ਮਾਹਿਰ, 28,

ਪ੍ਰੀਤ ਨਗਰ, ਲੋਅਰ ਮਾਲ,  ਪਟਿਆਲਾ। ਫੋਨ ਨੰ: 0175-2216783

ਇਹ ਮਰਦ ਪ੍ਰਧਾਨ ਸਮਾਜ ਹੈ, ਇਸੇ ਲਈ ਦੇਸ਼ ਵਾਸਤੇ ਜਾਨ ਵਾਰਨ ਵਾਲ਼ੀਆਂ ਔਰਤਾਂ ਜਾਂ ਜਾਨ ਜੋਖ਼ਮ ਵਿੱਚ ਪਾ ਕੇ ਮੁਲਕ ਬਚਾਉਣ ਵਾਲ਼ੀਆਂ ਔਰਤਾਂ ਨੂੰ ਬਹੁਤਾ ਉਘਾੜਿਆ ਨਹੀਂ ਜਾਂਦਾ। ਅਜਿਹੀ ਹੀ ਇੱਕ ਸਾਧਾਰਨ ਬੀਬੀ ਮਾਲੀ ਨੇ ਅਸਾਧਾਰਨ ਬਹਾਦਰੀ ਦੀ ਮਿਸਾਲ ਕਾਇਮ ਕੀਤੀ, ਪਰ ਇਤਿਹਾਸ ਵਿੱਚ ਕਿਤੇ ਗੁੰਮ ਹੋ ਗਈ।

ਪੂੰਛ ਦੇ ਅਰਾਈ ਪਿੰਡ ਵਿੱਚ ਸੰਨ 1930 ਵਿੱਚ ਇੱਕ ਗ਼ਰੀਬ ਗੁੱਜਰ ਟੱਬਰ ਵਿੱਚ ਪੈਦਾ ਹੋਈ ਮਾਲੀ ਨੂੰ ਬਹੁਤ ਛੋਟੀ ਉਮਰੇ ਅਬਦੁਲ ਗੱਫਾਰ ਨਾਲ਼ ਵਿਆਹ ਦਿੱਤਾ ਗਿਆ। ਪਹਿਲਾਂ ਗ਼ਰੀਬ ਉੱਤੋਂ ਕੁੜੀ, ਫਿਰ ਪੜ੍ਹਾਈ ਤੋਂ ਸੱਖਣੀ ਅਤੇ ਸਭ ਤੋਂ ਵੱਡੀ ਮਾਰ ਇਹ ਕਿ ਪਤੀ ਮਾਨਸਿਕ ਰੋਗੀ ਨਿਕਲਿਆ। ਸ਼ੁਕਰ ਹੈ ਕਿ ਮਾਲੀ ਦੇ ਵੱਡੇ ਭਰਾ ਜਲਾਲੁਦੀਨ ਦੇ ਮਨ ਵਿੱਚ ਦਯਾ ਭਾਵਨਾ ਜਾਗ ਪਈ ਅਤੇ ਉਹ ਮਾਲੀ ਨੂੰ ਵਾਪਸ ਪੇਕੇ ਘਰ ਲੈ ਆਇਆ।

ਮਾਲੀ ਲਈ ਜ਼ਿੰਦਗੀ ਕਾਫੀ ਔਖੀ ਹੋ ਗਈ ਕਿਉਂਕਿ ਅਜਿਹੀਆਂ ਔਰਤਾਂ ਜੋ ‘ਛੁੱਟੜ’ ਵੱਲੋਂ ਮਿਹਣੇ ਸਹਿੰਦੀਆਂ ਹਨ, ਆਪ ਵੀ ਮਾਨਸਿਕ ਰੋਗੀ ਹੀ ਬਣ ਜਾਂਦੀਆਂ ਹਨ। ਸਾਡਾ ਸਮਾਜ ਕਸੂਰ ਸਿਰਫ਼ ਔਰਤ ਵਿੱਚ ਹੀ ਕੱਢਣਾ ਜਾਣਦਾ ਹੈ। ਪੇਕੇ ਘਰ ਕੋਈ ਜ਼ਮੀਨ ਨਹੀਂ ਸੀ। ਖ਼ਰਚਾ ਔਖਾ ਹੋ ਗਿਆ। ਏਸੇ ਲਈ ਮਾਲੀ ਦਿਨੇ ਦਿਹਾੜੀ ਦਾ ਕੰਮ ਕਰਨ ਲੱਗ ਪਈ ਅਤੇ ਸਵਖਤੇ ਭੇਡਾਂ ਬੱਕਰੀਆਂ ਚਾਰਨ ਚਲੀ ਜਾਂਦੀ।

ਇਕੱਲੀ ਜਵਾਨ ਅਨਪੜ੍ਹ ਛੁੱਟੜ ਔਰਤ ਵਜੋਂ ਲਗਾਤਾਰ ਮਿਹਣੇ ਸਹਿੰਦੀ ਮਾਲੀ ਸਵੇਰ ਤੋਂ ਰਾਤ ਤਕ ਚੁੱਪ ਚਾਪ ਕੰਮ ਵਿੱਚ ਜੁਟੀ ਰਹਿੰਦੀ। ਜਦੋਂ ਬਰਫ਼ ਬਹੁਤ ਪੈ ਜਾਂਦੀ ਤਾਂ ਅਰਾਈ ਪਿੰਡ ਅੰਦਰ ਹੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ। ਗਰਮੀਆਂ ਵਿੱਚ ਉਹ ਬੱਕਰੀਆਂ ਲੈ ਕੇ ਜੱਬੀ ਤੇ ਪਿੱਲਾਂਵਾਲੀ ਦੇ ਉੱਚੇ ਪਹਾੜਾਂ ਵੱਲ ਲੰਘ ਜਾਂਦੀ। ਆਖ਼ਰ ਕਿੰਨੀ ਦੇਰ ਲੋਕਾਂ ਦੀਆਂ ਭੈੜੀਆਂ ਨਜ਼ਰਾਂ ਤੋਂ ਬਚਦੀ। ਇਸੇ ਲਈ ਉਸ ਨੇ ਆਪਣੇ ਵੱਡੇ ਭਰਾ ਦੇ ਪੁੱਤਰ ਨੂੰ, ਜੋ ਲਗਭਗ ਉਸ ਤੋਂ 10 ਕੁ ਸਾਲ ਛੋਟਾ ਹੀ ਸੀ, ਨੂੰ ਆਪਣਾ ਪੁੱਤਰ ‘ਬਸ਼ੀਰ’ ਬਣਾ ਲਿਆ ਤੇ ਪਾਲਣਾ ਸ਼ੁਰੂ ਕੀਤਾ।

ਸੰਨ 1971 ਦੀ ਹਿੰਦ ਪਾਕ ਜੰਗ ਲੱਗੀ ਤਾਂ ਪੂੰਛ ਦੇ ਇਲਾਕੇ ਵਿੱਚ ਤਕੜੀ ਹਲਚਲ ਸੀ। ਸੰਨ 1965 ਵਿੱਚ ਹਾਜੀਪੁਰ ਪਾਸ ਖੁੱਸ ਜਾਣ ਸਦਕਾ ਪਾਕਿਸਤਾਨ ਹੁਣ ਪੂੰਛ ਇਲਾਕੇ ਉੱਤੇ ਹੱਲਾ ਬੋਲਣਾ ਚਾਹੁੰਦਾ ਸੀ। ਪੂੰਛ ਵਿੱਚ ਹੌਲ਼ੀ ਹੌਲ਼ੀ ਪਾਕਿਸਤਾਨ ਨੇ ਆਪਣੇ ਬੰਦੇ ਭੇਜ ਕੇ ਇਲਾਕੇ ਦੀ ਜਾਣਕਾਰੀ ਲੈਣੀ ਸੀ।

ਇਸੇ ਸਕੀਮ ਤਹਿਤ ਪਾਕਿਸਤਾਨ ਨੇ ਇੱਕ ਐਡਵਾਂਸ ਫ਼ੌਜੀ ਪਾਰਟੀ ਨੂੰ ਪੂੰਛ ਦੇ ਪਛੜੇ ਇਲਾਕੇ ਵਿੱਚ ਛੋਟੀਆਂ ਟੁਕੜੀਆਂ ਬਣਾ ਕੇ ਭੇਜ ਦਿੱਤਾ। ਉਹਨਾਂ ਟੁਕੜੀਆਂ ਨੇ ਪੂਰੀ ਜਾਣਕਾਰੀ ਇਕੱਠੀ ਕੀਤੀ ਤੇ ‘ਬੇਸ ਕੈਂਪ’ ਬਣਾਉਣਾ ਸ਼ੁਰੂ ਕਰ ਦਿੱਤਾ।

ਗੱਲ 13 ਦਸੰਬਰ 1971 ਦੀ ਹੈ। ਓਦੋਂ ਅਰਾਈ ਪਿੰਡ ਦੀ ਪਹਾੜੀ ਦੀ ਸਿਖਰ ਅਤੇ ਪਿੱਲਾਂਵਾਲੀ ਦੀ ਚੋਟੀ ਪੂਰੀ ਬਰਫ਼ ਨਾਲ਼ ਢੱਕ ਚੁੱਕੀ ਸੀ। ਬੀਬੀ ਮਾਲੀ ਓਦੋਂ 41 ਕੁ ਸਾਲਾਂ ਦੀ ਸੀ। ਉਸ ਨੇ ਹਰ ਹਾਲ ਬਕਰੀਆਂ ਲਈ ਪੱਤੇ ਲੱਭਣੇ ਸਨ ਤੇ ਅੱਗ ਬਾਲਣ ਲਈ ਲਕੜਾਂ ਵੀ। ਇਸੇ ਲਈ ਮੂੰਹ ਸਿਰ ਚੰਗੀ ਤਰ੍ਹਾਂ ਲਪੇਟ ਕੇ ਜਿੰਨੇ ਵੀ ਕੱਪੜੇ ਸਨ, ਸਰੀਰ ਨੂੰ ਨਿੱਘਾ ਰੱਖਣ ਲਈ ਪਾ ਕੇ ਉਹਨਾਂ ਪਹਾੜੀਆਂ ਵੱਲ ਹੋ ਤੁਰੀ। ਜਦੋਂ ਪਿੱਲਾਂਵਾਲੀ ਪਹੁੰਚੀ ਤਾਂ ਉਸ ਨੂੰ ਦੂਰੋਂ ਹਲਕੇ ਧੂੰਏਂ ਦਾ ਝੌਲਾ ਪਿਆ। ਉਹ ਹੈਰਾਨ ਹੋ ਗਈ ਕਿਉਂਕਿ ਉਸ ਨੇ ਕਦੇ ਇੱਧਰ ਕੋਈ ਵਸਦਾ ਵੇਖਿਆ ਨਹੀਂ ਸੀ।

ਬਹੁਤ ਧਿਆਨ ਨਾਲ਼ ਲੁਕ ਲੁਕ ਕੇ ਤੇ ਕਈ ਥਾਂਈਂ ਰੀਂਗ ਕੇ ਉਹ ਉਸ ਥਾਂ ਦੇ ਨੇੜੇ ਪਹੁੰਚ ਗਈ, ਜਿੱਥੋਂ ਧੂੰਆਂ ਨਿਕਲ ਰਿਹਾ ਸੀ। ਧੂੰਆਂ ਨਿਕਲਣ ਦੇ ਨਾਲ ਹੀ ਇੱਕ ਬਰੀਕ ਵਿਰਲ ਵਿੱਚੋਂ ਜਦ ਉਸ ਨੇ ਅੰਦਰ ਝਾਕਿਆ ਤਾਂ ਬਹੁਤ ਘਬਰਾ ਗਈ। ਓਥੇ ਕੁਝ ਫ਼ੌਜੀ ਬੰਦੂਕਾਂ ਸਾਫ਼ ਕਰ ਰਹੇ ਸਨ ਪਰ ਉਹਨਾਂ ਦੀ ਵਰਦੀ ਭਾਰਤੀ ਨਹੀਂ ਸੀ।

ਰੱਤਾ ਕੁ ਧੜਕਨ ਠੀਕ ਹੋਈ ਤਾਂ ਉਸ ਨੇ ਸੋਚਿਆ ਕਿ ਕੁੱਝ ਗੜਬੜ ਹੈ ਜਿਸ ਬਾਰੇ ਪਿੰਡ ਵਾਸੀਆਂ ਨੂੰ ਦੱਸਣਾ ਚਾਹੀਦਾ ਹੈ। ਬਰਫ਼ ਬਹੁਤ ਜ਼ਿਆਦਾ ਸੀ ਤੇ ਠੰਢ ਵੀ ਆਖ਼ਰਾਂ ਦੀ। ਗੋਡੇ ਗੋਡੇ ਤਕ ਬਰਫ਼ ਵਿੱਚ ਦੱਬੀ ਉਹ ਛੋਟੇ ਰਾਹ ਵੱਲੋਂ ਤੇਜ਼ੀ ਨਾਲ਼ ਅਰਾਈ ਪਿੰਡ ਵੱਲ ਹੋ ਤੁਰੀ। ਏਨੀ ਠੰਢ ਵਿੱਚ ਵੀ ਪਸੀਨੋ ਪਸੀਨੇ ਹੋ ਕੇ ਉਹ ਘਰ ਪਹੁੰਚੀ ਤਾਂ ਭਰਾ ਉਸ ਨੂੰ ਵੇਖ ਕੇ ਹੈਰਾਨ ਹੋ ਗਿਆ। ਉਸ ਨੇ ਇੱਕ ਸਾਹੇ ਸਾਰਾ ਕੁੱਝ ਆਪਣੇ ਭਰਾ ਨੂੰ ਦੱਸਿਆ ਤਾਂ ਭਰਾ ਨੇ ਉਸ ਨੂੰ ਤਾੜਨਾ ਕੀਤੀ ਕਿ ਹੁਣ ਚੁੱਪ ਕਰ ਕੇ ਘਰ ਅੰਦਰ ਬਹਿ ਜਾਹ ਤੇ ਕਿਸੇ ਨੂੰ ਕੰਨੋਂ ਕੰਨੀਂ ਖ਼ਬਰ ਨਾ ਨਿਕਲੇ। ਫਿਰ ਵੀ ਮਾਲੀ ਰੁਕੀ ਨਹੀਂ ਤੇ ਝੱਟ ਪਿੰਡ ਦੇ ਸਰਪੰਚ ਮੀਰ ਹੁਸੈਨ ਨੂੰ ਜਾ ਦੱਸਿਆ ਪਰ ਉਹ ਵੀ ਪਾਸਾ ਵੱਟ ਗਿਆ।

ਹੁਣ ਮਾਲੀ ਵਿਚਾਰੀ ਕੀ ਕਰਦੀ  ! ਉਸ ਨੂੰ ਸਮਝ ਸੀ ਕਿ ਜੇ ਪਾਕਿਸਤਾਨੀ ਫ਼ੌਜੀਆਂ ਨੇ ਹੱਲਾ ਬੋਲ ਦਿੱਤਾ ਤਾਂ ਅਨੇਕ ਬੇਦੋਸੇ ਮਾਰੇ ਜਾਣਗੇ ਤੇ ਭਾਰਤ ਦੇ ਇਸ ਹਿੱਸੇ ਉੱਤੇ ਪਾਕਿਸਤਾਨ ਦਾ ਕਬਜ਼ਾ ਹੋ ਜਾਵੇਗਾ। ਉਸੇ ਵੇਲ਼ੇ ਹੀ ਚੁੱਪ ਚੁਪੀਤੇ ਉਹ ਘਰ ਦੇ ਪਿਛਲੇ ਪਾਸਿਓਂ ਕਲਾਈ ਵਾਲੇ ਪਾਸੇ ਤੁਰ ਪਈ। ਰਸਤਾ ਬਹੁਤ ਔਖਾ ਸੀ। ਉਸ ਨੂੰ ਏਨੀ ਕੁ ਖ਼ਬਰ ਸੀ ਕਿ ਉਸ ਪਾਸੇ ਭਾਰਤੀ ਫ਼ੌਜੀ ਪੋਸਟ ਹੈ। ਲੰਮਾ ਪਹਾੜੀ ਰਸਤਾ ਤੇ ਉੱਤੋਂ ਬਰਫ਼ ਨਾਲ਼ ਭਰਿਆ। ਇਕੱਲੀ ਨਿਹੱਥੀ ਔਰਤ ਪਰ ਦਿਲ ਵਿੱਚ ਦੇਸ਼ ਪ੍ਰਤੀ ਮੁਹੱਬਤ ਠਾਠਾਂ ਮਾਰਦੀ ਸੀ। ਸਿਰਫ਼ ਇਹ ਹੀ ਨਹੀਂ, ਉਸ ਵਿਚਾਰੀ ਨੂੰ ਸਿਵਾਏ ਆਪਣੀ ਮਾਂ ਬੋਲੀ ਗੁੱਜਰੀ ਦੇ ਹੋਰ ਕੋਈ ਬੋਲੀ ਆਉਂਦੀ ਹੀ ਨਹੀਂ ਸੀ। ਇਸ ਬਾਰੇ ਸੋਚੇ ਬਗੈਰ ਉਹ ਬਰਫ਼ ਸਦਕਾ ਨੀਲੇ ਪੈ ਚੁੱਕੇ ਹੱਥ ਪੈਰਾਂ ਨਾਲ਼ ਗੋਡਿਆਂ ਤਕ ਡੂੰਘੀ ਬਰਫ਼ ਵਿੱਚ ਵਾਹੋ-ਦਾਹੀ ਤੁਰੀ ਗਈ। ਪਤਾ ਹੀ ਨਹੀਂ ਕਿ ਕਿੰਨੇ ਘੰਟਿਆਂ ਬਾਅਦ ਉਹ ਭਾਰਤੀ ਫ਼ੌਜੀ ਪੋਸਟ ਉੱਤੇ ਪਹੁੰਚੀ ਪਰ ਪਹੁੰਚਦੇ ਸਾਰ ਉਹ ਝਟਪਟ ਬੋਲਣਾ ਸ਼ੁਰੂ ਹੋ ਗਈ। ਕਿਸੇ ਨੂੰ ਉਸ ਦੀ ਗੱਲ ਸਮਝ ਹੀ ਨਹੀਂ ਆਈ। ਅਖ਼ੀਰ ਉਸ ਦੇ ਚਿਹਰੇ ਦੀ ਘਬਰਾਹਟ ਵੇਖ ਫ਼ੌਜੀਆਂ ਨੇ ਸਮਝਿਆ ਕਿ ਸ਼ਾਇਦ ਇਹ ਗੁੰਮ ਗਈ ਹੈ। ਹੇਠਲੇ ਪਿੰਡ ਵਿੱਚੋਂ ਇੱਕ ਬੰਦਾ ਬੁਲਾਉਣ ਭੇਜਿਆ ਗਿਆ ਤਾਂ ਜੋ ਮਾਲੀ ਦੀ ਬੋਲੀ ਦੀ ਸਮਝ ਆਵੇ। ਉਸ ਦੀ ਹਾਲਤ ਵੇਖਦਿਆਂ ਫ਼ੌਜੀਆਂ ਨੇ ਚਾਹ ਦੇਣੀ ਚਾਹੀ ਪਰ ਮਾਲੀ ਤਾਂ ਪੂਰਾ ਜ਼ੋਰ ਸਿਰਫ਼ ਉਹਨਾਂ ਨੂੰ ਸਮਝਾਉਣ ਉੱਤੇ ਲਾ ਰਹੀ ਸੀ। ਨਾ ਉਹ ਬੈਠੀ ਤੇ ਨਾ ਹੀ ਉਸ ਨੂੰ ਆਪਣੇ ਸਰੀਰ ਉੱਤੇ ਠੰਢ ਨਾਲ਼ ਹੋ ਚੁੱਕੇ ਮਾੜੇ ਅਸਰ ਦਿਸ ਰਹੇ ਸਨ।

ਜਦ ਪਿੰਡ ਵਿੱਚੋਂ ਬੰਦਾ ਪਹੁੰਚਿਆ ਅਤੇ ਪੂਰੀ ਗੱਲ ਦੱਸੀ ਤਾਂ ਉਹ ਛੇ ਫ਼ੌਜੀ ਉਸ ਦੀ ਗੱਲ ਸੁਣ ਕੇ ਇਕਦਮ ਘਬਰਾ ਗਏ ਤੇ ਝਟਪਟ ਉਸ ਨੂੰ ਪੂੰਛ ਵਿਖੇ ਵੱਡੀ ਸਿੱਖ ਬਟਾਲੀਅਨ ਤੇ ਕਮਾਂਡਰ ਨਾਲ਼ ਗੱਲ ਕਰਨ ਲਈ ਦੋ ਫ਼ੌਜੀਆਂ ਨਾਲ਼ ਅਗਾਂਹ ਤੋਰ ਦਿੱਤਾ।

ਓਥੇ ਮਾਲੀ ਨੂੰ ਪੂਰੀ ਇੱਜ਼ਤ ਨਾਲ਼ ਬਿਠਾ ਕੇ ਸਾਰੀ ਗੱਲ ਸੁਣਨ ਬਾਅਦ ਕਮਾਂਡਰ ਨੇ ਕਿਹਾ ਕਿ ਖ਼ਬਰ ਬਹੁਤ ਗੰਭੀਰ ਹੈ ਪਰ ਮਾਲੀ ਦੀ ਹਾਲਤ ਹੁਣ ਹੋਰ ਤੁਰਨ ਯੋਗ ਨਹੀਂ। ਘੁਸਪੈਠੀਆਂ ਕੋਲ ਪਹੁੰਚਣ ਲਈ ਵਾਪਸ ਕਈ ਕਿੱਲੋਮੀਟਰ ਗੋਡੇ ਗੋਡੇ ਬਰਫ਼ ਵਿੱਚ ਚੜ੍ਹਾਈ ਕਰਕੇ ਪਹੁੰਚਣਾ ਸੀ। ਉਸ ਥਾਂ ਬਾਰੇ ਸਿਰਫ਼ ਮਾਲੀ ਨੂੰ ਹੀ ਪਤਾ ਸੀ। ਮਾਲੀ ਨੇ ਸਭ ਕੁਝ ਸਮਝਦਿਆਂ ਝੱਟ ਕਿਹਾ ‘ਮੇਰੀ ਪਰਵਾਹ ਨਾ ਕਰੋ। ਜੋ ਮੈਂ ਜੀਅ ਰਹੀ ਹਾਂ, ਉਸ ਨੂੰ ਜ਼ਿੰਦਗੀ ਥੋੜ੍ਹਾ ਕਹਿੰਦੇ ਹਨ। ਮੈਂ ਦੇਸ ਦੇ ਕਿਸੇ ਕੰਮ ਆ ਸਕਾਂ ਤਾਂ ਇਸ ਤੋਂ ਵੱਡੀ ਮੇਰੇ ਲਈ ਹੋਰ ਕਿਹੜੀ ਗੱਲ ਹੋ ਸਕਦੀ ਹੈ ? ਜੇ ਮੈਂ ਮਰ ਵੀ ਗਈ ਤਾਂ ਕੋਈ ਫ਼ਿਕਰ ਦੀ ਗੱਲ ਨਹੀਂ।’ ਇਸ ਤੋਂ ਬਾਅਦ ਵੀ ਫ਼ੌਜੀਆਂ ਦੀ ਹਿਚਕਿਚਾਹਟ ਵੇਖਦਿਆਂ ਮਾਲੀ ਨੇ ਫਿਰ ਕਿਹਾ ‘ਮੇਰੇ ਵਰਗੀਆਂ ਨੂੰ ਰੱਬ ਵੀ ਛੇਤੀ ਨਹੀਂ ਬੁਲਾਉਂਦਾ। ਮੇਰੀ ਫ਼ਿਕਰ ਛੱਡ ਕੇ ਮੁਲਕ ਦੀ ਫ਼ਿਕਰ ਕਰੋ।’ ਏਨਾ ਸੁਣਦਿਆਂ ਹੀ ਝੱਟ ਇੱਕ ਟੁਕੜੀ ਮਾਲੀ ਦੇ ਪਿੱਛੇ ਹੋ ਤੁਰੀ।

ਰਾਤ ਪੈ ਚੱਲੀ ਸੀ ਤੇ ਉੱਤੋਂ ਬਰਫ਼ ਵੀ ਪੈਣੀ ਸ਼ੁਰੂ ਹੋ ਗਈ। ਦਸ ਘੰਟੇ ਤਕ ਸਵੇਰ ਤੋਂ ਲਗਾਤਾਰ ਭੁੱਖੀ ਭਾਣੀ ਮਾਲੀ ਤੁਰ ਕੇ ਥੱਕੀ ਨਹੀਂ ਸੀ। ਅੱਗੋਂ ਹੋਰ ਚਾਰ ਘੰਟੇ ਤੁਰ ਕੇ ਮਾਲੀ ਨੇ ਫ਼ੌਜੀਆਂ ਦੀ ਅਗਵਾਈ ਕੀਤੀ ਤੇ ਅਖ਼ੀਰ ਉਸ ਥਾਂ ਪਹੁੰਚਾ ਦਿੱਤਾ।

ਓਥੇ ਉਸ ਸਮੇਂ ਅੱਧ ਰਾਤ 30 ਹੋਰ ਪਾਕਿਸਤਾਨੀ ਫ਼ੌਜੀ ਪਹੁੰਚ ਚੁੱਕੇ ਹੋਏ ਸਨ ਤੇ ਹਥਿਆਰਾਂ ਨਾਲ਼ ਲੈਸ ਵੱਖੋ ਵੱਖ ਥਾਂਵਾਂ ਵੱਲ ਕੂਚ ਕਰਨ ਵਾਲ਼ੇ ਸਨ। ਉਹਨਾਂ ਨੂੰ ਕੈਦ ਵਿੱਚ ਲੈ ਕੇ ਪੁੱਛਗਿੱਛ ਕਰਨ ਬਾਅਦ ਪਤਾ ਲੱਗਿਆ ਕਿ ਘੱਟੋ ਘੱਟ ਛੇ ਹੋਰ ਥਾਂਵਾਂ ਤੋਂ ਪਾਕਿਸਤਾਨੀ ਫ਼ੌਜੀ ਅੰਦਰ ਲੰਘ ਆਏ ਹੋਏ ਸਨ। ਉਹ ਸਾਰੇ ਨਾਲਿਆਂ ਤੇ ਜੰਗਲ਼ਾਂ ਰਾਹੀਂ ਵੜ ਰਹੇ ਸਨ। ਦੋਦਾ ਤੇ ਸੌਜੀਆਂ ਰਾਹੀਂ ਵੜ ਕੇ ਸਭ ਨੇ ਪੂੰਛ ਨੂੰ ਪਿਛਲੇ ਪਾਸਿਓਂ ਘੇਰ ਕੇ ਹੱਲਾ ਬੋਲਣਾ ਸੀ।

ਸਾਰੇ ਬ੍ਰਿਗੇਡ ਨੂੰ ਤੁਰੰਤ ਉਹਨਾਂ ਥਾਂਵਾਂ ਉੱਤੇ ਤੋਰ ਦਿੱਤਾ ਗਿਆ ਤੇ ਸਾਰੇ ਘੁਸਪੈਠੀ ਮਾਰ ਮੁਕਾ ਦਿੱਤੇ ਗਏ। ਇਸ ਦੌਰਾਨ ਮਾਲੀ ਬਾਰੇ ਸਾਰੇ ਭੁੱਲ ਗਏ ਤੇ ਮਾਲੀ ਆਪਣੇ ਘਰ ਅਰਦਾਸਾਂ ਕਰਦੀ ਵਾਪਸ ਮੁੜ ਗਈ ਕਿ ਰੱਬ ਭਾਰਤ ਉੱਤੇ ਖ਼ੈਰ ਕਰੇ।

ਉਸ ਵੇਲੇ ਮਾਲੀ ਵਰਗੀ ਕਮਜ਼ੋਰ ਮੰਨੀ ਗਈ ਔਰਤ ਦੀ ਹਿੰਮਤ ਸਦਕਾ ਭਾਰਤ ਹੱਥੋਂ ਪੂੰਛ ਦਾ ਇਲਾਕਾ ਨਿਕਲ ਕੇ ਪਾਕਿਸਤਾਨ ਵਿੱਚ ਸ਼ਾਮਲ ਹੋਣੋ ਬਚ ਗਿਆ। ਇਸ ਤੋਂ ਬਾਅਦ ਬਟਾਲੀਅਨ ਨੇ ਵਧਾਈ ਦਾ ਸਿਹਰਾ ਮਾਲੀ ਨੂੰ ਦਿੱਤਾ। ਉਸੇ ਸਦਕਾ ਮਾਲੀ ਨੂੰ ‘ਵੀਰ ਚੱਕਰ’ ਨਾਲ ਸਨਮਾਨਿਤ ਕੀਤੇ ਜਾਣ ਦੀ ਗੱਲ ਉੱਠੀ। ਫ਼ੌਜੀ ਨਾ ਹੋਣ ਕਾਰਨ ਸੰਨ 1972, 25 ਮਾਰਚ ਨੂੰ ਮਾਲੀ ਨੂੰ ‘ਪਦਮ ਸ੍ਰੀ’ ਨਾਲ ਸਨਮਾਨਿਤ ਕੀਤਾ ਗਿਆ। ਵੀ. ਵੀ. ਗਿਰੀ ਜੀ ਉਸ ਸਮੇਂ ਭਾਰਤ ਦੇ ਰਾਸ਼ਟਰਪਤੀ ਸਨ। ਮਾਲੀ ਨੂੰ 10,000 ਰੁਪੈ ਦੇ ਨਾਲ ਇੱਕ ਮੈਡਲ ਤੇ ਇੱਕ ਸਰਟੀਫਿਕੇਟ ਦਿੱਤਾ ਗਿਆ।

ਇਸ ਤੋਂ ਬਾਅਦ ਮਾਲੀ ਦਾ ਕਦੇ ਕਿਸੇ ਨੇ ਜ਼ਿਕਰ ਨਹੀਂ ਕੀਤਾ। ਸੰਨ 1999 ਵਿੱਚ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਬਹੁਤ ਹੀ ਔਖੇ ਰਾਹ ਰਾਹੀਂ ਪਹੁੰਚਣ ਵਾਲ਼ੀ ਥਾਂ ਗੰਡੋਹ ਤੋਂ ਪੂੰਛ ਜ਼ਿਲ੍ਹੇ ਦੇ ਸੂਰਨਕੋਟ ਵਿਖੇ ਕਰਨਲ ਲਲਿਤ ਚਮੋਲਾ ਦੀ ਬਦਲੀ ਹੋਈ। ਇਹ ਥਾਂ ਪਾਕਿਸਤਾਨੋਂ ਆਏ ਅੱਤਵਾਦੀਆਂ ਦਾ ਡੇਰਾ ਬਣ ਚੁੱਕੀ ਹੋਈ ਸੀ। ਇੱਥੇ ਉਹਨਾਂ ਕਈ ਕੈਂਪ ਬਣਾ ਲਏ ਹੋਏ ਸਨ। ਪੀਰ ਪੰਜਾਲ ਦੀਆਂ ਪਹਾੜੀਆਂ ਰਾਹੀਂ ਪੂੰਛ ਤੋਂ ਕਸ਼ਮੀਰ ਜਾਣ ਦੀਆਂ ਗਲੀਆਂ ਅਤੇ ਮੰਡੀ, ਲੋਰਾਂ, ਤੱਤਾਕੁਟੀ ਤੋਂ ਹਿਲਕਾਕਾ ਤਕ ਚੁਫੇਰੇ ਦੁਸ਼ਮਣਾਂ ਵੱਲੋਂ ਤੱਕੜਾ ਖ਼ਤਰਾ ਸੀ। ਇਹਨਾਂ ਰਾਹਾਂ ਨੂੰ ਚੰਗੀ ਤਰ੍ਹਾਂ ਪਛਾਨਣ ਦੀ ਲੋੜ ਸੀ। ਇਸੇ ਲਈ ਕਰਨਲ ਲਲਿਤ ਚਮੋਲਾ ਨੇ ਓਥੋਂ ਦੇ ਲੋਕਾਂ ਦੀ ਮਦਦ ਲਈ।

ਲਲਿਤ ਚਮੋਲਾ ਨੂੰ ਪਤਾ ਸੀ ਕਿ ਓਥੋਂ ਦੇ ਲੋਕਾਂ ਦੇ ਮਨਾਂ ਵਿੱਚ ਪਹਿਲਾਂ ਡਿਊਟੀ ਕਰ ਚੁੱਕੇ ਮੇਜਰ ਰਣਜੀਤ ਸਿੰਘ ਦੀ ਕਿੰਨੀ ਇੱਜ਼ਤ ਸੀ ਜਿਨ੍ਹਾਂ ਦੇ ਦ੍ਰਿੜ੍ਹ ਇਰਾਦੇ ਅਤੇ ਬਹਾਦਰੀ ਸਦਕਾ ਹੀ ਹਾਜੀਪੁਰ ਪਾਸ ਉੱਤੇ ਕਬਜ਼ਾ ਹੋ ਸਕਿਆ ਸੀ, ਜਿਸ ਸਦਕਾ ਪਾਕਿਸਤਾਨੀ ਫ਼ੌਜ ਦਾ ਰਾਹ ਬੰਦ ਹੋਇਆ ਸੀ। ਇਸੇ ਲਈ ਲਲਿਤ ਚਮੋਲਾ ਜੀ ਦਾ ਕੰਮ ਆਸਾਨ ਹੋ ਗਿਆ। ਲੋਕਾਂ ਨੇ ਵੱਧ ਚੜ੍ਹ ਕੇ ਉਹਨਾਂ ਦੀ ਮਦਦ ਕੀਤੀ ਅਤੇ ਸਾਰੇ ਓਥੋਂ ਦੇ ਲੁਕੇ ਰਾਹਾਂ ਬਾਰੇ ਜਾਣਕਾਰੀ ਦਿੱਤੀ।

ਇੰਝ ਹੀ ਪਿੰਡਾਂ ਵਿੱਚ ਘੁੰਮਦਿਆਂ ਇੱਕ ਦਿਨ ਅਰਾਈ ਦੇ ਪਿੰਡ ਵੱਲ ਲਲਿਤ ਨੇ ਮੂੰਹ ਕੀਤਾ। ਓਥੇ ਇੱਕ ਢੱਠਾ ਹੋਇਆ ਘਰ ਸੀ ਜਿਸ ਬਾਰੇ ਦੱਸਿਆ ਗਿਆ ਕਿ ਓਥੇ ਇੱਕ 78 ਕੁ ਸਾਲਾਂ ਦੀ ਬਜ਼ੁਰਗ ਔਰਤ ਇਕੱਲੀ ਰਹਿੰਦੀ ਹੈ। ਜਦੋਂ ਲਲਿਤ ਨੇ ਅੱਧ ਟੁੱਟਿਆ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਇੱਕ ਬਜ਼ੁਰਗ ਔਰਤ ਨੇ ਅਵਾਜ਼ ਦਿੱਤੀ ‘ਲੰਘ ਆਓ।’ ਲਲਿਤ ਨੂੰ ਉਹ ਜ਼ਬਾਨ ਸਮਝ ਨਹੀਂ ਆਈ। ਜਦੋਂ ਨਾਲ਼ ਖੜ੍ਹੇ ਬੰਦੇ ਨੇ ਮਤਲਬ ਦੱਸਿਆ ਤਾਂ ਲਲਿਤ ਅੰਦਰ ਲੰਘ ਗਿਆ।

ਸਾਮ੍ਹਣੇ ਕੰਧ ਉੱਤੇ ਇੱਕ ਪਦਮ ਸ੍ਰੀ ਦਾ ਮੈਡਲ ਤੇ ਸਰਟੀਫਿਕੇਟ ਟੰਗੇ ਹੋਏ ਸਨ ਜੋ ਮਿੱਟੀ ਨਾਲ਼ ਭਰ ਚੁੱਕੇ ਹੋਏ ਸਨ। ਲਲਿਤ ਨੇ ਹੈਰਾਨੀ ਨਾਲ਼ ਉਹ ਪੜ੍ਹਿਆ ਤਾਂ ਉਸ ਉੱਤੇ ‘ਮਾਲੀ’ ਦਾ ਨਾਂ ਲਿਖਿਆ ਸੀ। ਹੈਰਾਨ ਪ੍ਰੇਸ਼ਾਨ ਹੋ ਚੁਫੇਰੇ ਵੇਖ ਜਦੋਂ ਕੁਝ ਪੁੱਛਣਾ ਚਾਹਿਆ ਤਾਂ ਔਰਤ ਦੀ ਬੋਲੀ ਸਮਝ ਨਾ ਆਵੇ।

ਨਾਲ ਖੜ੍ਹੇ ਬੰਦੇ ਨੇ ਲਲਿਤ ਨੂੰ ਸਾਰੀ ਕਹਾਣੀ ਦੱਸੀ ਕਿ ਇਹੀ ਉਹ ਮਾਲੀ ਹੈ ਜਿਸ ਸਦਕਾ 1971 ਦੀ ਜੰਗ ਜਿੱਤੀ ਜਾ ਸਕੀ ਸੀ। ਏਨੀ ਦੇਰ ਨੂੰ ਉਸ ਦਾ ਗੋਦ ਲਿਆ ਪੁੱਤਰ (ਬਸ਼ੀਰ) ਮੁਹੰਮਦ ਆਜ਼ਮ ਪਹੁੰਚ ਗਿਆ। ਮਾਲੀ ਘਰੋਂ ਬਾਹਰ ਨਿਕਲਣ ਨੂੰ ਤਿਆਰ ਹੀ ਨਹੀਂ ਸੀ।  70 ਕੁ ਸਾਲ ਦੀ ਉਮਰ ਟੱਪ ਚੁੱਕੀ ਮਾਲੀ ਦੀ ਕੰਬਦੀ ਦੇਹ ਵੇਖ ਕੇ ਲਲਿਤ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਇਹ ਔਰਤ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਗੋਡਿਆਂ ਤਕ ਬਰਫ਼ ਵਿੱਚ ਧਸ ਕੇ ਕਈ ਘੰਟੇ ਆਪਣੇ ਮੁਲਕ ਨੂੰ ਬਚਾਉਣ ਲਈ ਭੁੱਖੀ ਭਾਣੀ ਪਹਾੜੀ ਚੋਟੀਆਂ ਉੱਤੇ ਤੁਰਦੀ ਰਹੀ ਸੀ।

ਮੁਹੰਮਦ ਆਜ਼ਮ ਨੇ ਦੱਸਿਆ ਕਿ ਜਦੋਂ ਮਾਲੀ ਇਨਾਮ ਲੈਣ ਦਿੱਲੀ ਗਈ ਸੀ ਤਾਂ ਇਹ ਉਸ ਦੀ ਜ਼ਿੰਦਗੀ ਦਾ ਪਹਿਲਾ ਤੇ ਆਖ਼ਰੀ ਗੇੜਾ ਪੂੰਛ ਤੋਂ ਬਾਹਰ ਸੀ। ਉਸ ਲਈ ਉਹ ਦੁਨੀਆਂ ਹੀ ਵੱਖ ਸੀ। ਸਾਰੀ ਉਮਰ 60 ਰੁਪੈ ਮਹੀਨਾ ਦੀ ਪੈਨਸ਼ਨ ਨਾਲ਼ ਗੁਜ਼ਾਰਾ ਕਰਨ ਵਾਲੀ ਮਾਲੀ ਨੂੰ ਕਿਸੇ ਕਿਸਮ ਦੀ ਕੋਈ ਲੋੜ ਹੀ ਨਹੀਂ ਸੀ।

ਲਲਿਤ ਹੈਰਾਨ ਸੀ ਕਿ ਇਹ ਕਿਸ ਕਿਸਮ ਦੀ ਔਰਤ ਸੀ। ਕਰਨਲ ਲਲਿਤ ਚਮੋਲਾ ਨੇ ਉਸੇ ਵੇਲੇ ਓਥੋਂ ਦੇ ਐਮ.ਐਲ.ਏ. ਮੁਹੰਮਦ ਜਾਨ ਨੂੰ ਕਹਿ ਕੇ ਮਾਲੀ ਦੀ ਪੈਨਸ਼ਨ ਵਧਾਈ ਅਤੇ ਥੋੜ੍ਹੀ ਜਿਹੀ ਜ਼ਮੀਨ ਵੀ ਉਸ ਦੇ ਨਾਂ ਲੁਆਈ। ਉਸ ਤੋਂ ਪੰਜ ਕੁ ਸਾਲ ਬਾਅਦ ਮਾਲੀ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਈ।

ਉਸ ਦੀ ਜ਼ਿੰਦਗੀ ਆਉਣ ਵਾਲ਼ੀਆਂ ਪੀੜ੍ਹੀਆਂ ਲਈ ਇੱਕ ਮਿਸਾਲ ਹੈ ਕਿ ਅਸਲੋਂ ਕਮਜ਼ੋਰ ਤੇ ਨਕਾਰਾ ਮੰਨੀ ਇਕੱਲੀ ਔਰਤ ਮਾਲੀ ਸਦਕਾ ਭਾਰਤ ਦਾ ਪੂੰਛ ਇਲਾਕਾ ਅੱਜ ਵੀ ਭਾਰਤ ਕੋਲ਼ ਹੈ।

ਸਾਕਾ ਨਨਕਾਣਾ ਸਾਹਿਬ ਤੇ 21 ਫਰਵਰੀ ਨੂੰ ਸਿੱਖਾਂ ਹੱਥ ਪ੍ਰਬੰਧ

0

ਸਿੰਘ ਸਭਾ ਲਹਿਰ ਦੇ 150 ਸਾਲਾ ਸਥਾਪਨਾ ਦਿਵਸ ਨੂੰ ਸਮਰਪਤਿ

ਸਾਕਾ ਨਨਕਾਣਾ ਸਾਹਿਬ ਤੇ 21 ਫਰਵਰੀ ਨੂੰ ਸਿੱਖਾਂ ਹੱਥ ਪ੍ਰਬੰਧ

ਗਿਆਨੀ ਕੇਵਲ ਸਿੰਘ (ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ)-95920-93472

(ਗੁਰੂ ਗ੍ਰੰਥ-ਗੁਰੂ ਪੰਥ ਨੂੰ ਸਮਰਪਤਿ ਸੰਸਥਾਵਾਂ ਤੇ ਸੰਗਤਾਂ ਦੇ ਸਾਂਝੇ ਮੰਚ ‘ਪੰਥਕ ਤਾਲਮੇਲ ਸੰਗਠਨ’ ਵਲੋਂ 21 ਫਰਵਰੀ 2022 ਨੂੰ ਗੁ: ਅਕਾਲ ਬੁੰਗਾ, ਸਾਹਮਣੇ: ਖੰਡ ਮਿੱਲ ਬੁੱਢੇਵਾਲ, ਲੁਧਿਆਣਾ ਵਿਖੇ ਸਾਕਾ ਨਨਕਾਣਾ ਸਾਹਿਬ ਨੂੰ ਸਮਰਪਤਿ ਸਮਾਗਮ ਮੌਕੇ )

ਅਠਾਰਵੀਂ ਸਦੀ ਦੇ ਅੰਤ ਤੱਕ ਸਿੱਖ ਪੰਜਾਬ ਵਿੱਚ ਆਪਣੀ ਰਾਜਨੀਤਕ ਪੈਂਠ ਬਣਾ ਚੁੱਕੇ ਸਨ। 19ਵੀਂ ਸਦੀ ਦੇ ਆਰੰਭ ਵਿੱਚ ਹੀ ਸਾਰੀਆਂ ਸਿੱਖ ਰਿਆਸਤਾਂ ਮਹਾਰਾਜਾ ਰਣਜੀਤ ਸਿੰਘ ਅਧੀਨ ਹੋ ਚੁੱਕੀਆਂ ਸਨ। ਮੁਗਲ ਸੂਬਾ ਲਾਹੌਰ, ਸੂਬਾ ਮੁਲਤਾਨ, ਸੂਬਾ ਕਸ਼ਮੀਰ ਅਤੇ ਸਤਲੁਜ ਤੋਂ ਪਾਰ ਵੀ ਮਹਾਰਾਜੇ ਨੇ ਮੱਲ ਮਾਰੀ ਹੋਈ ਸੀ ਪਰੰਤੂ ਸਿੱਖਾਂ ਦੀ ਇਸ ਰਾਜਨੀਤਕ ਪ੍ਰਾਪਤੀ ਦਾ ਧਾਰਮਿਕ ਹਾਲਾਤਾਂ ਨਾਲ ਤਸੱਲੀਬਖਸ਼ ਵਾਸਤਾ ਨਹੀਂ ਸੀ। ਧਾਰਮਿਕ ਹਾਲਤ ਤਰਸਯੋਗ ਬਣੀ ਪਈ ਸੀ। ਗੁਰੂ ਸਾਹਿਬਾਨ ਨੇ ਜਿਨ੍ਹਾਂ ਬੁਰਾਈਆਂ ’ਚੋਂ ਬਾਹਰ ਕੱਢਿਆ ਸੀ, ਸਿੱਖ ਸਮਾਜ ਉਨ੍ਹਾਂ ਵਿੱਚ ਹੀ ਧੱਸ ਰਿਹਾ ਸੀ।

ਮਹਾਰਾਜੇ ਨੂੰ ਸਿੱਖ ਪੰਥ ਦਾ ਸੇਵਕ ਮੰਨਿਆ ਜਾਂਦਾ ਹੈ। ਉਸ ਨੇ ਸਿੱਖ ਗੁਰਦੁਆਰਿਆਂ ਦੀ ਉਸਾਰੀ ਤੇ ਸੁੰਦਰਤਾ ਨਾਲ ਸੰਬੰਧਿਤ ਸੇਵਾਵਾਂ ਹੀ ਨਹੀਂ ਨਿਭਾਈਆਂ ਬਲਕਿ ਸਮੂਹ ਧਾਰਮਿਕ ਅਸਥਾਨਾਂ ਦੇ ਨਾਮ ਜਾਇਦਾਦਾਂ ਵੀ ਕਰਾਈਆਂ ਸਨ, ਪਰ ਉਸ ਦੇ ਜੀਵਨ ਉੱਪਰ ਵੀ ਬ੍ਰਾਹਮਣਵਾਦ ਭਾਰੂ ਸੀ। ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਮਾਈ ਸਤਨਾਮੋ ਦਾ ਬਿਆਨ ਦਰਜ ਕੀਤਾ ਹੋਇਆ ਹੈ। ਮਾਈ ਦੱਸਦੀ ਹੈ ਕਿ ਮੇਰਾ ਸਹੁਰਾ ਮਹਾਰਾਜਾ ਦਾ ਅੰਗੀਠੀਆ ਸੀ। ਕਹਿੰਦੀ ਅੰਗੀਠੀਆ ਉਹ ਹੁੰਦਾ ਹੈ, ਜੋ ਸਰਦੀਆਂ ਵਿੱਚ ਸੋਨੇ ਦੀ ਬਣੀ ਅੰਗੀਠੀ ਅਤੇ ਗਰਮੀਆਂ ਵਿੱਚ ਚਾਂਦੀ ਦੀ ਘੜੀ ਅੰਗੀਠੀ ਅੰਮ੍ਰਿਤ ਵੇਲੇ ਬਾਲ, ਹਰ ਰੋਜ਼ ਮਹਾਰਾਜੇ ਪਾਸ ਲੈ ਜਾਵੇ ਅਤੇ ਜਾਗਦੇ ਸਾਰ ਉਸ ਨੂੰ ਬੈਸੰਤਰ ਦੇਵਤਾ ਦੇ ਦਰਸ਼ਨ ਕਰਾ ਕੇ ਪ੍ਰਕਰਮਾ ਕਰਵਾ ਕੇ ਪੂਜਾ ਹਾਸਲ ਕਰੇ।

ਮਹਾਰਾਜੇ ਦੇ ਰਾਜ ਸਮੇਂ ਹੀ ਅਜਿਹੀਆਂ ਕੁਰੀਤੀਆਂ ਵਿਰੁੱਧ ਬਾਬਾ ਦਇਆਲ ਨੇ ਪੇਸ਼ਾਵਰ ਤੇ ਰਾਵਲਪਿੰਡੀ ਵਿੱਚ ਆਵਾਜ਼ ਉਠਾਈ। ਭਾਈ ਬਾਲਕ ਸਿੰਘ ਨੇ ਫਜ਼ੂਲ ਰਸਮਾਂ ਵਿਰੁੱਧ ਡਟਵਾਂ ਪ੍ਰਚਾਰ ਆਰੰਭਿਆ, ਪਰ ਜਦ ਇਹ ਵੀ ਪੈਗੰਬਰੀ ਹੋਣ ਦੇ ਦਾਅਵੇਦਾਰ ਬਣ ਗਏ ਤਾਂ ਸਿੱਖੀ ਸਾਗਰ ਨਾਲੋਂ ਟੁੱਟ ਗਏ। ਜੋ ਸਿੰਘ ਸਭਾ ਲਹਿਰ 1 ਅਕਤੂਬਰ 1873 ਨੂੰ ਉੱਠੀ ਉਸ ਦਾ ਜਨਮ ਸਮਾਂ ਨਿਰੰਕਾਰੀ ਤੇ ਨਾਮਧਾਰੀ ਲਹਿਰ ਵੇਲੇ ਦਾ ਮੰਨਿਆ ਜਾਣਾ ਸੀ, ਜੇ ਸ਼ਖ਼ਸੀ ਪੂਜਾ ਨਾ ਉੱਭਰਦੀ। ਨਿਰੰਕਾਰੀ ਅਤੇ ਨਾਮਧਾਰੀ ਲਹਿਰ ਦੀ ਮੁੱਢਲੀ ਦੇਣ ਦੇ ਪੰਨੇ ਸੁਨਹਿਰੀ ਅੱਖਰਾਂ ਵਿੱਚ ਹਨ।

ਸਿੰਘ ਸਭਾ ਲਹਿਰ ਦੀ ਸਿਫ਼ਤ ਹੈ ਕਿ ਇਹ ਸ਼ਖ਼ਸੀ ਪੂਜਾ ਤੇ ਪ੍ਰਭਾਵਾਂ ਨੂੰ ਪਛਾੜਦੀ ਸਮੂਹ ਪੰਥ ਤੇ ਗੁਰੂ-ਗ੍ਰੰਥ ਸਾਹਿਬ ਦੀ ਹੋ ਨਿਬੜੀ। ਸਬੂਤ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਾਲੋਂ ਟੁੱਟ ਕੇ ਕੋਈ ਆਪਣੀ ਡਫਲੀ ਨਹੀਂ ਵਜਾਈ। ਸਿੰਘ ਸਭਾ ਲਹਿਰ ਦੇ ਆਰੰਭ ਹੋਣ ਦਾ ਤਤਕਾਲੀਨ ਕਾਰਨ ਬਣਿਆ ਕਿ ਅੰਮ੍ਰਿਤਸਰ ਦੇ ਮਿਸ਼ਨ ਸਕੂਲ ਦੇ ਚਾਰ ਸਿੱਖ ਵਿਦਿਆਰਥੀਆਂ (ਆਇਆ ਸਿੰਘ, ਅਤਰ ਸਿੰਘ, ਸਾਧੂ ਸਿੰਘ ਤੇ ਸੰਤੋਖ ਸਿੰਘ) ਨੇ ਈਸਾਈ ਹੋਣ ਦੀ ਇੱਛਾ ਦਾ ਪ੍ਰਗਟਾਵਾ ਕਰ ਦਿੱਤਾ ਸੀ। ਸ਼ਰਧਾ ਰਾਮ ਫਿਲੌਰੀ ਸ੍ਰੀ ਦਰਬਾਰ ਸਾਹਿਬ ਦੀ ਹਦੂਦ ਅੰਦਰ ਸਿੱਖ ਧਰਮ ਵਿਰੁੱਧ ਬੋਲ ਕੇ ਬਲਦੀ ’ਤੇ ਤੇਲ ਪਾਇਆ। ਸਿੰਘ ਸਭਾਵਾਂ ਦੇ ਤਾਲਮੇਲ ਹਿਤ ਸੰਨ 1880 ਵਿੱਚ ਕੇਂਦਰੀ ਕਮੇਟੀ ਬਣਾਈ ਗਈ, ਜੋ ਕਿ ਇਕ ਮਹਾਨ ਸੰਸਥਾ ਖ਼ਾਲਸਾ ਦੀਵਾਨ ਦੇ ਨਾਂ ਨਾਲ ਪ੍ਰਸਿੱਧ ਹੋਈ। ਆਪਸੀ ਧੜੇਬੰਦੀਆਂ ਦੇ ਬਾਵਜੂਦ 30 ਅਕਤੂਬਰ 1902 ਵਿੱਚ ਚੀਫ਼ ਖ਼ਾਲਸਾ ਦੀਵਾਨ ਦੀ ਸਥਾਪਨਾ ਕੀਤੀ ਗਈ। ਮਤਭੇਦਾਂ ਦੇ ਚੱਲਦਿਆਂ ਸੰਨ 1906 ਵਿੱਚ ਪੰਚ ਖ਼ਾਲਸਾ ਦੀਵਾਨ ਬਣਿਆ। ਇਸ ਸਾਰੇ ਸਿਲਸਲੇ  ’ਚੋਂ ਖ਼ਾਲਸਾ ਕਾਲਜ ਅਤੇ ਸਿੱਖ ਵਿੱਦਿਅਕ ਕਾਨਫ਼ਰੰਸਾਂ ਵਰਗੇ ਕਈ ਇਤਿਹਾਸਕ ਕਾਰਜ ਕੌਮ ਲਈ ਮਾਣ ਬਣੇ। ਸਿੱਖ ਕੌਮ ਦਾ ਹਰ ਅੰਗ ਜਿੱਥੇ ਕਿਤੇ ਵੀ ਬੈਠਾ ਸੀ, ਉਹ ਜਾਗ ਗਿਆ ਤੇ ਉੱਠ ਪਿਆ।

19 ਵੀਂ ਸਦੀ ਦੇ ਅਖ਼ੀਰ ਤੱਕ ਅੰਗਰੇਜ਼ਾਂ ਦੁਆਰਾ ਪੰਜਾਬ ਦੇ ਹਰ ਗੁਰਦੁਆਰੇ ਉੱਤੇ ਕਬਜ਼ੇ ਨੂੰ ਬਰਦਾਸ਼ਤ ਨਾ ਕਰਨ ਦਾ ਅਹਿਸਾਸ ਹੋ ਗਿਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅੰਗਰੇਜ਼ਾਂ ਦੇ ਸਰਬਰਾਹ ਦਾ ਨਿਯੁਕਤ ਹੋ ਕੇ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ੀ ਸਰਕਾਰ ਦੇ ਵਫ਼ਾਦਾਰ ਰਹਿਣ ਦਾ ਹੁਕਮਨਾਮਾ ਜਾਰੀ ਹੋਣਾ, ਪ੍ਰੋਫੈਸਰ ਗੁਰਮੁਖ ਸਿੰਘ ਜੀ ਨੂੰ ਤਨਖਾਹੀਏ ਕਰਾਰ ਦੇਣਾ ਅਤੇ ਆਜ਼ਾਦੀ ਦੇ ਪਰਵਾਨੇ ਗਦਰੀ ਸਿੱਖਾਂ ਨੂੰ ਪਤਿਤ ਕਰਾਰ ਦੇਣ ਦੇ ਵਰਤਾਰੇ ਨੇ ਸਿੱਖ ਕੌਮ ਨੂੰ ਝੰਜੋੜ ਕੇ ਰੱਖ ਦਿੱਤਾ। ਜਲ੍ਹਿਆਂ ਵਾਲੇ ਬਾਗ ਦੇ ਸਾਕੇ ’ਚ ਖ਼ੂਨੀ ਦੋਸ਼ੀ ਜਨਰਲ ਡਾਇਰ ਨੂੰ ਸਰਬਰਾਹ ਅਰੂੜ ਸਿੰਘ ਵੱਲੋਂ ਸਿਰੋਪਾਓ ਦੇਣਾ ਅਸਹਿ ਕਾਰਾ ਸੀ। ਪੁਜਾਰੀ ਮਹੰਤਾਂ ਨੇ ਅਖੌਤੀ ਮਰਯਾਦਾ ਬਣਾਈ ਹੋਈ ਸੀ ਕਿ ਉਹ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਮਜ਼ਹਬੀ ਸਿੰਘਾਂ ਦਾ ਪ੍ਰਸ਼ਾਦ ਵੀ ਸਵੀਕਾਰ ਨਹੀਂ ਕਰਨਗੇ। ਮੱਥਾ ਟੇਕਣ ਲਈ, ਸਮੇਂ ਦੀਆਂ ਬੰਦਸ਼ਾਂ ਵੀ ਲਾਈਆਂ ਹੋਈਆਂ ਸਨ। ਸਰਕਾਰੀ ਕਾਨੂੰਨ ਕਾਰਨ ਗੁਰਦੁਆਰਿਆਂ ਦੀਆਂ ਜਾਇਦਾਦਾਂ ਦੇ ਮਾਲਕ ਬਣ ਬੈਠੇ ਪੁਜਾਰੀਆਂ ਅਤੇ ਮਹੰਤਾਂ ਵੱਲੋਂ ਗੁਰਦੁਆਰੇ ਵਿਭਚਾਰ ਤੇ ਦੁਰਾਚਾਰ ਦੇ ਬਣੇ ਅੱਡੇ ਹੁਣ ਸਿੱਖ ਸਹਿਣ ਨਹੀਂ ਕਰ ਸਕਦਾ ਸੀ। ਸਿੱਖਾਂ ਨੇ ਫ਼ੈਸਲਾ ਕਰ ਲਿਆ ਕਿ ਜਥੇਬੰਦ ਹੋ ਗੁਰਦੁਆਰੇ ਆਜ਼ਾਦ ਕਰਵਾਉਣੇ ਹਨ।  ਮਈ 1920 ਵਿੱਚ ਲਾਹੌਰ ਤੋੋਂ ਸ਼ੁਰੂ ਹੋਏ ‘ਅਕਾਲੀ’ ਅਖ਼ਬਾਰ ਨੇ ਅੰਗਰੇਜ਼ਾਂ ਅਤੇ ਮਹੰਤਾਂ ਦੀਆਂ ਮਾੜੀਆਂ ਕਰਤੂਤਾਂ ਵਿਰੁੱਧ ਸਿੱਖ ਜਗਤ ਵਿੱਚ ਰੋਸ ਦਾ ਭਾਂਬੜ ਬਾਲ ਦਿੱਤਾ।

6 ਅਕਤੂਬਰ 1920 ਨੂੰ ਸਿੰਘਾਂ ਨੇ ਸਭ ਤੋਂ ਪਹਿਲਾਂ ‘ਬਾਬੇ ਦੀ ਬੇਰ’ ਸਿਆਲਕੋਟ ਦੇ ਇਤਿਹਾਸਕ ਗੁਰਦੁਆਰੇ ਦੀ ਸੇਵਾ ਸੰਭਾਲੀ।  12 ਅਕਤੂਬਰ 1920 ਦਾ ਦਿਨ ਸਿੰਘ-ਸ਼ਕਤੀ ਦੇ ਸੂਰਜ ਚੰਦਰਮਾ ਦੀ ਤਰ੍ਹਾਂ ਚੜ੍ਹਿਆ। ਜਿਨ੍ਹਾਂ ਨੂੰ ਨਿਮਨ ਜਾਤਾਂ ਕਿਹਾ ਜਾਂਦਾ ਸੀ ਉਹਨਾਂ ਨੇ ਪ੍ਰਸ਼ਾਦ ਵੀ ਸਵੀਕਾਰ ਕਰਵਾਇਆ ਤੇ ਅਰਦਾਸਾ ਵੀ ਸੋਧਿਆ। 15-16 ਨਵੰਬਰ 1920 ਨੂੰ ਸ੍ਰੀ ਦਰਬਾਰ ਸਾਹਿਬ ਅੰਦਰ ਇਕ ਪੰਥਕ ਇਕੱਠ ਕਰਕੇ 175 ਮੈਂਬਰਾਂ ਦੀ ਕਮੇਟੀ ਬਣਾਈ ਗਈ, ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਮ ਮਿਲਿਆ। 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਨਾਮ ਦੀ ਜਥੇਬੰਦੀ ਵੀ ਹੋਂਦ ਵਿੱਚ ਆ ਗਈ। ਇਹਨਾਂ ਜਥੇਬੰਦੀਆਂ ਦੀ ਬਦੌਲਤ ਪੰਜਾ ਸਾਹਿਬ, ਤਰਨਤਾਰਨ, ਗੁਰੂ ਕੇ ਬਾਗ, ਗੁਰਦੁਆਰਾ ਭਾਈ ਜੋਗਾ ਸਿੰਘ ਪਿਸ਼ਾਵਰ ਤੋਂ ਇਲਾਵਾ ਬਹੁਤ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆ ਗਿਆ।

ਗੁਰਦੁਆਰਾ ਸੁਧਾਰ ਲਹਿਰ ਦੇ ਦੌਰਾਨ ਦਰਜਨਾਂ ਥਾਈਂ ਖ਼ੂਨੀ ਸਾਕੇ ਹੋਏ। ਸ੍ਰੀ ਨਨਕਾਣਾ ਸਾਹਿਬ ਦਾ ਦਰਦਨਾਕ ਸਾਕਾ 20 ਫਰਵਰੀ 1921 ਨੂੰ ਵਾਪਰਿਆ ਅਤੇ ਸਾਕੇ ਦੀ ਗਾਥਾ ਲੂੰ-ਕੰਡੇ ਖੜ੍ਹੇ ਕਰ ਦਿੰਦੀ ਹੈ। ਗੁਰਦੁਆਰਾ ਨਨਕਾਣਾ ਸਾਹਿਬ ਦੀ ਜ਼ਮੀਨ ਜਾਇਦਾਦ ਤੋਂ ਸਾਲਾਨਾ ਦੋ ਤਿੰਨ ਲੱਖ ਦੀ ਆਮਦਨ ਕਾਰਨ ਮਹੰਤ ਸ਼ਰਾਬੀ ਤੇ ਵਿਭਚਾਰੀ ਬਣੇ ਹੋਏ ਸਨ। ਕੁਕਰਮੀ ਮਹੰਤ ਸਾਧੂ ਦਾਸ ਦੀ ਮੌਤ ਤੋਂ ਬਾਅਦ ਬਣੇ ਕਿਸ਼ਨ ਦਾਸ ਨੇ ਤਾਂ ਭਤੀਜੇ ਦੇ ਵਿਆਹ ਮੌਕੇ ਗੁਰਦੁਆਰੇ ਦੀ ਹਦੂਦ ਅੰਦਰ ਕੰਜਰੀਆਂ ਦੇ ਨਾਚ ਤੱਕ ਕਰਵਾਏ। ਕਿਸ਼ਨ ਦਾਸ ਜਦ ਅਸਾਧ ਰੋਗ ਦੇ ਇਲਾਜ਼ ਵਾਸਤੇ ਲਾਹੌਰ ਹਸਪਤਾਲ ਵਿੱਚ ਦਾਖ਼ਲ ਸੀ ਤਾਂ ਚੇਲੇ ਨਰੈਣ ਦਾਸ ਨੇ ਉਸ ਦੀ ਜੇਬ੍ਹ ਵਿੱਚੋਂ ਗੁਰਦੁਆਰਾ ਜਨਮ ਅਸਥਾਨ ਦੀਆਂ ਚਾਬੀਆਂ ਖਿਸਕਾ ਲਈਆਂ ਤੇ ਆਪਣਾ ਕਬਜ਼ਾ ਕਰ ਲਿਆ। ਨਰੈਣੂ ਨੇ ਵੀ ਬਦਚਲਨ ਔਰਤ ਘਰ ਰੱਖ ਲਈ ਅਤੇ 1917 ਵਿੱਚ ਗੁਰਦੁਆਰੇ ਵਿੱਚ ਮੁਜਰਾ ਕਰਵਾਇਆ।  ਸਿੰਘ ਸਭਾਵਾਂ ਨੇ ਕੁਕਰਮ ਰੋਕਣ ਲਈ ਮਤੇ ਪਾ ਕੇ ਸਰਕਾਰ ਨੂੰ ਭੇਜੇ, ਪਰ ਸਰਕਾਰ ਦੇ ਕੰਨ ’ਤੇ ਜੂੰ ਨਾ ਸਰਕੀ। ਨਵੰਬਰ 1920 ਦੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸੰਗਤਾਂ ਦੇ ਸੰਭਾਵੀ ਰੋਸ ਦੇ ਡਰ ਵਜੋਂ ਮਹੰਤ ਨੇ ਕ੍ਰਿਪਾਨਧਾਰੀ ਸਿੱਖਾਂ ਦੇ ਦਾਖ਼ਲੇ ’ਤੇ ਰੋਕ ਲਗਾ ਦਿੱਤੀ। ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਰੋਕਿਆ ਤਾਂ ਹਾਜ਼ਰ ਪੁਲਿਸ ਨੇ ਮਾਮਲਾ ਸ਼ਾਂਤ ਕਰਵਾਇਆ। ਦਸੰਬਰ 1920 ਵਿੱਚ ਧਾਰੋਵਾਲੀ ਪਿੰਡ ਵਿੱਚ ਦੀਵਾਨ ਹੋਇਆ ਅਤੇ ਮਤਾ ਪਾਇਆ ਕਿ ਮਹੰਤ ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰ ਕਰੇ, ਪਰ ਮਹੰਤ ਨੂੰ ਸਰਕਾਰ ਅਤੇ ਬਾਬਾ ਕਰਤਾਰ ਸਿੰਘ ਬੇਦੀ ਵਰਗਿਆਂ ਦੀ ਸ਼ਹਿ ਸੀ।

ਮਹੰਤ ਨਰੈਣੂ ਨੇ ਨਨਕਾਣਾ ਸਾਹਿਬ ਵਿੱਚ ਉਦਾਸੀ ਮਹੰਤਾਂ ਦੀ ਇਕੱਤਰਤਾ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਕਾਬਲੇ ਆਪਣੀ ਕਮੇਟੀ ਬਣਾ ਲਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 24 ਜਨਵਰੀ 1921 ਦੀ ਇਕੱਤਰਤਾ ਵਿੱਚ 4, 5 ਅਤੇ 6 ਮਾਰਚ ਨੂੰ ਨਨਕਾਣਾ ਸਾਹਿਬ ਵਿਖੇ ਵੱਡਾ ਸਿੱਖ ਇਕੱਠ ਕਰਨ ਦਾ ਫ਼ੈਸਲਾ ਲਿਆ। ਗੁਰਦੁਆਰਾ ਪ੍ਰਬੰਧ ਸਿੱਖ ਪੰਥ ਨੂੰ ਸੌਂਪ ਦੇਣ ਲਈ ਬੇਨਤੀ ਇਸ਼ਤਿਹਾਰ; ਸਰਕਾਰ ਅਤੇ ਮੋਹਤਬਰਾਂ ਨੂੰ ਭੇਜਿਆ। ਮਹੰਤ ਨੇ ਸਰਦਾਰ ਕਰਤਾਰ ਸਿੰਘ ਝੱਬਰ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਵੀ ਬਣਾਇਆ ਤੇ ਦੂਜੇ ਪਾਸੇ ਬਦਮਾਸ਼ਾਂ ਅਤੇ ਹਥਿਆਰਾਂ ਦਾ ਪ੍ਰਬੰਧ ਵੀ ਕਰ ਲਿਆ। ਮਹੰਤ ਦੀਆਂ ਮੰਦੀਆਂ ਵਿਉਂਤਾਂ ਦੇ ਮੱਦੇ-ਨਜ਼ਰ ਸਰਦਾਰ ਕਰਤਾਰ ਸਿੰਘ ਝੱਬਰ, ਭਾਈ ਲਛਮਣ ਸਿੰਘ ਧਾਰੋਵਾਲੀ ਅਤੇ ਭਾਈ ਬੂਟਾ ਸਿੰਘ ਨੇ 17 ਫ਼ਰਵਰੀ ਨੂੰ ਸਲਾਹ ਕੀਤੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਮਿਥੀ ਮਿਤੀ ਤੋਂ ਪਹਿਲਾਂ, ਬਿਨਾਂ ਦੇਰੀ ਨਨਕਾਣਾ ਸਾਹਿਬ ਦੀ ਸੇਵਾ ਸੰਭਾਲ ਲਈ ਜਾਵੇ। ਭਾਈ ਝੱਬਰ ਅਤੇ ਧਾਰੋਵਾਲੀ ਦੇ ਜਥਿਆਂ ਨੇ 19 ਫ਼ਰਵਰੀ ਦੀ ਰਾਤ ਨੂੰ ਨਨਕਾਣਾ ਸਾਹਿਬ ਤੋਂ ਕੁਝ ਮੀਲ ਦੂਰ ਇਕੱਠੇ ਹੋਣ ਦਾ ਫ਼ੈਸਲਾ ਕੀਤਾ। ਸ: ਤੇਜਾ ਸਿੰਘ ਸਮੁੰਦਰੀ, ਸ: ਹਰਚੰਦ ਸਿੰਘ ਅਤੇ ਮਾਸਟਰ ਤਾਰਾ ਸਿੰਘ ਨੂੰ ਲਾਹੌਰ ਅਕਾਲੀ ਦਫ਼ਤਰ ਵਿੱਚ ਇਸ ਵਿਉਂਤਬੰਦੀ ਦਾ ਪਤਾ ਲੱਗਾ ਤਾਂ ਉਹਨਾਂ ਖ਼ਤਰਾ ਮਹਿਸੂਸ ਕੀਤਾ। ਸ: ਸਰਦੂਲ ਸਿੰਘ ਕਵਿਸ਼ਰ, ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਸ: ਜਸਵੰਤ ਸਿੰਘ ਝਬਾਲ ਅਤੇ ਭਾਈ ਦਲੀਪ ਸਿੰਘ ਸਾਂਗਲਾ ਦੀ ਸਹਿਮਤੀ ਨਾਲ ਜਥਿਆਂ ਨੂੰ ਰੋਕਣ ਵਾਸਤੇ ਸੁਨੇਹੇ ਭੇਜ ਦਿੱਤੇ। ਸਰਦਾਰ ਝਬਾਲ ਤੇ ਸਾਂਗਲਾ ਰਾਤ ਨੂੰ ਜਥੇਦਾਰ ਝੱਬਰ ਨੂੰ ਮਿਲ ਗਏ ਅਤੇ ਉਹਨਾਂ ਨੂੰ ਸਹਿਮਤ ਕਰਨ ਵਿੱਚ ਸਫ਼ਲ ਹੋ ਗਏ। ਭਾਈ ਲਛਮਣ ਸਿੰਘ ਧਾਰੋਵਾਲੀ ਦਾ ਲਗਭਗ 200 ਸਿੰਘਾਂ ਦਾ ਜਥਾ ਚੰਦਰਕੋਟ ਤੋਂ ਅੱਗੇ ਨਨਕਾਣਾ ਸਾਹਿਬ ਨੇੜੇ ਭੱਠਿਆਂ ਉੱਤੇ ਪੁੱਜ ਚੁੱਕਾ ਸੀ। ਇਕ ਘੋੜ ਸਵਾਰ ਭਾਈ ਦਲੀਪ ਸਿੰਘ ਦਾ ਪੱਤਰ ਲੈ ਕੇ ਜਥੇ ਪਾਸ ਪੁੱਜਾ ਤੇ ਭਾਈ ਦਲੀਪ ਸਿੰਘ ਪ੍ਰਤੀ ਸਤਿਕਾਰ ਕਰਦਿਆਂ ਸਹਿਮਤੀ ਬਣ ਰਹੀ ਸੀ, ਪਰ ਜਥੇ ਦੇ ਮੈਂਬਰ ਭਾਈ ਟਹਿਲ ਸਿੰਘ ਨੇ ਕੀਤੀ ਅਰਦਾਸ ਨੂੰ ਮੁੱਖ ਰੱਖਦਿਆਂ ਸ਼ਾਂਤਮਈ ਮੱਥਾ ਟੇਕ ਕੇ ਮੁੜਣ ਲਈ ਜ਼ੋਰ ਪਾਇਆ ਤੇ ਚਾਲੇ ਪਾ ਦਿੱਤੇ। ਜਥੇ ਨੇ ਸਰੋਵਰ ਵਿੱਚ ਇਸ਼ਨਾਨ ਕੀਤਾ। ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਉਪਰੰਤ ਭਾਈ ਲਛਮਣ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਗਏ ਅਤੇ ਕੀਰਤਨ ਸ਼ੁਰੂ ਕੀਤਾ। ਮਹੰਤ ਨੂੰ ਮੌਕਾ ਮਿਲ ਗਿਆ 20  ਫ਼ਰਵਰੀ ਨੂੰ ਗੋਲ਼ੀਆਂ ਦੀਆਂ ਬੁਛਾੜਾਂ ਨਾਲ ਸਿੰਘ ਸ਼ਹੀਦ ਕਰ ਦਿੱਤੇ ਅਤੇ ਗੁਰੂ ਗਰੰਥ ਸਾਹਿਬ ਜੀ ਨੂੰ ਵੀ ਗੋਲ਼ੀਆਂ ਵੱਜੀਆਂ। ਸੰਗਤਾਂ ’ਤੇ ਕਹਿਰ ਢਾਹੁਣ ਦੀ ਦਰਦਨਾਕ ਦਾਸਤਾਨ ਵੱਖਰੀ ਹੈ।

ਨਨਕਾਣਾ ਸਾਹਿਬ ਸਾਕੇ ਦੀ ਖ਼ਬਰ ਸੁਣਦਿਆਂ ਹੀ ਸਿੱਖ ਸੰਗਤਾਂ ਨੇ ਚਾਲੇ ਪਾ ਦਿੱਤੇ। ਜਥੇਦਾਰ ਕਰਤਾਰ ਸਿੰਘ ਝੱਬਰ 2200 ਸਿੰਘਾਂ ਦੇ ਜਥੇ ਨਾਲ ਪੁੱਜੇ। ਜਥੇਦਾਰ ਝੱਬਰ ਸਰਕਾਰੀ ਰੋਕਾਂ ਤੋੜ ਕੇ ਗੁਰਦੁਆਰੇ ਅੰਦਰ ਦਾਖ਼ਲ ਹੋਣ ਲਈ ਅੜ ਗਏ। ਅੰਤ ਨੂੰ ਸਰਕਾਰ ਨੇ ਸਿੱਖ ਜਥੇ ਦੇ ਰੋਹ ਅੱਗੇ ਝੁਕਦਿਆਂ 21 ਫ਼ਰਵਰੀ 1921 ਨੂੰ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਦੀਆਂ ਚਾਬੀਆਂ ਸਿੱਖ ਆਗੂਆਂ ਨੂੰ ਸੌਂਪ ਦਿੱਤੀਆਂ।

ਵਿਰਲੇ ਦਰਸ਼ਨ ਪਾਇਆ

0

ਵਿਰਲੇ ਦਰਸ਼ਨ ਪਾਇਆ

ਪੰਜੇ ਤੱਤ ਖ਼ੁਦਾ ਨੇ ਜੋੜੇ, ਸੁੰਦਰ ਬੁੱਤ ਬਣਾਇਆ।

ਆਪਣੀ ਸੱਤਿਆ ਵਿੱਚ ਟਿਕਾ ਕੇ ਜੀਵਨ ਖੇਲ ਰਚਾਇਆ।

ਨੱਕ ਕੰਨ ਹੱਥ ਜੀਭਾ ਦੇ ਕੇ, ਇਹ ਜੱਗ ਕਾਰੇ ਲਾਇਆ।

ਸੁਰਤ ਮੱਤ ਮਨ ਬੁੱਧੀ ਦਿੱਤੀ, ਮਾਇਆ ਸੰਗ ਭਰਮਾਇਆ।

ਰਾਹ ਕੁਰਾਹੇ ਆਪੇ ਪਾ ਕੇ ਹੁਕਮੀਂ ਨੱਥ ਚਲਾਇਆ।

ਇਕਨਾਂ ਨੂੰ ਸਭ ਸੋਝੀ ਬਖ਼ਸ਼ੀ, ਇਕਿ ਆਪੇ ਉਲਝਾਇਆ।

ਇਕਨਾਂ ਉੱਪਰ ਕਰ ਕੇ ਕਿਰਪਾ, ਆਪਣਾ ਘਰ ਦਿਖਲਾਇਆ।

ਖ਼ਾਲਕ ਖ਼ਲਕਤ ਤੂੰ ਹੀ ਤੂੰ ਹੀ, ਆਪੇ ਖਸਮ ਕਹਾਇਆ।

ਨੇੜਿਉਂ ਨੇੜੇ ਨਜ਼ਰ ਨਾ ਆਵੇਂ, ਆਪਣਾ ਆਪ ਛੁਪਾਇਆ।

ਰਹੇ ਅਲੇਪਾ ‘ਸਹਿਜ’ ਅਗੋਚਰ, ਅੰਤ ਕਿਸੇ ਨਾ ਪਾਇਆ।

ਅਰਸ਼ ਪਤਾਲਾਂ ਤੇਰਾ ਜਲਵਾ, ਵਿਰਲੇ ਦਰਸ਼ਨ ਪਾਇਆ।

ਸ. ਹਰਮਿੰਦਰ ਸਿੰਘ ਸਹਿਜ ਹੁਸ਼ਿਆਰਪੁਰ-97819-93037

ਨਾਨਕ ਦੇ ਸੱਚੇ ਬੋਲਾਂ ਨੂੰ

0

ਨਾਨਕ ਦੇ ਸੱਚੇ ਬੋਲਾਂ ਨੂੰ

ਲੋੜ ਹੈ ਨਾਨਕ ਬਾਣੀ ਦੀ, ਅੱਜ ਕੌਮ ਦੀ ਨਵੀਂ ਪਨੀਰੀ ਨੂੰ।

ਸ਼ਬਦ ਸਾਂਝ ਦੀ ਤਾਕਤ ਸਾਂਭੋ, ਰੂਹ ਦੀ ਅਸਲ ਅਮੀਰੀ ਨੂੰ।

ਮੁੜ ਤੋਂ ਦ੍ਰਿੜ੍ਹ ਕਰਵਾਉ ਖ਼ੁਦ ਨੂੰ, ਕਿਰਤ, ਸ਼ਬਦ, ਵੰਡ ਮੇਲ।

ਜਗੇ ਚਿਰਾਗ ਕਦੇ ਨਾ ਜੱਗ ਤੇ, ਬਿਨ ਬੱਤੀ ਬਿਨ ਤੇਲ।

ਲੋੜ ਹੈ ਸੌਦਾ ਖਰਾ ਸਿਖਾਉਣਾ, ਦੇਸ਼ ਦੇ ਧਨੀ ਅਮੀਰਾਂ ਨੂੰ।

ਸ਼ਬਦ ਹਲੂਣਾ ਦੇਵੋ ਹੁਣ ਤਾਂ, ਸੁੱਤੀਆਂ ਸਰਦ ਜ਼ਮੀਰਾਂ ਨੂੰ।

ਕਾਮੇ ਦੀ ਸੁੱਚੀ ਮਿਹਨਤ ਨੂੰ, ਲੁੱਟਦੇ ਸ਼ਾਹੂਕਾਰਾਂ ਨੂੰ।

ਲੋੜ ਹੈ ਨਾਨਕ ਬਾਣੀ ਦੀ ਅੱਜ, ਧਰਮ ਦੇ ਠੇਕੇਦਾਰਾਂ ਨੂੰ।

ਛੱਡ ਕੇ ਮੰਦਿਰ ਮਸਜਿਦ ਝਗੜੇ, ਅੰਦਰ ਝਾਤ ਪਵਾਉਂਦਾ ਜਾਹ।

ਸਰਬ ਧਰਮ ਸਤਿਕਾਰ ਦੇ ਬੂਟੇ, ਬੰਜਰ ਮਨ ਵਿੱਚ ਲਾਉਂਦਾ ਜਾਹ।

ਸੱਜਣ ਠੱਗ ਤੇ ਕੌਡੇ ਰਾਖ਼ਸ਼, ਖੂਨ ਦੀ ਭੱਠ ਤਪਾਉਂਦੇ ਨੇ।

ਖ਼ੂਨ ਗ਼ਰੀਬ ਦਾ ਕਾੜ੍ਹ ਕਾੜ੍ਹ ਕੇ, ਆਪਣੀ ਪਿਆਸ ਮਿਟਾਉਂਦੇ ਨੇ।

ਚੰਦਰੀ ਖ਼ੂਨੀ ਦੀ ਭੱਠੀ ਉੱਤੇ, ਪਿਆਰ ਦਾ ਮੀਂਹ ਵਰਸਾਉਂਦਾ ਜਾਹ।

ਬਣ ਜਾ ਸਿੱਖ ਅਸਲ ਸਤਿਗੁਰ ਦਾ, ਤਜ ਦੇ ਭੋਜਨ ਭਾਗੋਆਂ ਦਾ।

ਭਾਈ ਲਾਲੋ ਬਣ  ਜਾ ਬੰਦਿਆ ! ਹੱਕ ਦੀ ਅੱਧੀ ਖਾਂਦਾ ਜਾਹ।

ਦੇਸ਼ ਦੀ ਹੱਦ, ਬੋਲੀ ਦੇ ਝਗੜੇ, ਕਿਉਂ ਇਹ ਕਰਦੇ ਫਿਰਦੇ ਓ।

ਲੋਕਾਂ ਵੱਲ ਜਾਂ ਜੋਕਾਂ ਵੱਲ, ਦੱਸੋ ਜੀ ਕਿਹੜੀ ਧਿਰ ਦੇ ਓ।

ਇਕੋ ਮਾਲਕ ਦੇ ਧੀ ਪੁੱਤ ਹਾਂ, ਸਮਝ ਦਾ ਪਾਠ ਪੜ੍ਹਾਉਂਦਾ ਜਾਹ।

ਮਾਂ ਬੋਲੀ ਵੱਲ ਜੋ ਪਿੱਠ ਕਰਦਾ, ਜੀਂਦੇ ਜੀਅ ਮਰ ਜਾਂਦਾ ਏ।

ਮਾਂ ਬੋਲੀ ਦਾ ਸਰਵਣ ਪੁੱਤ ਬਣ, ਇਹ ਸੁਨੇਹਾ ਲਾਉਂਦਾ ਜਾਹ।

ਕਰ ਅਰਦਾਸ ਅਗੰਮੀ ਬੋਲ ’ਚੋਂ, ਆਸ  ਕਦੇ ਵੀ ਮੁੱਕਦੀ ਨਹੀਂ।

ਇਸ ਜੀਵਨ ’ਚੋਂ ਹਿੰਮਤ ਨੂੰ, ਧਰਵਾਸ ਦੀ ਟਾਹਣੀ ਸੁੱਕਦੀ ਨਹੀਂ।

ਪਵਣੁ ਗੁਰੂ, ਪਾਣੀ ਹੈ ਪਿਤਾ,  ਧਰਤੀ ਮਾਤ ਬੁਲਾਉਂਦਾ ਜਾਹ।

ਨਾਨਕ ਦੇ ਸੱਚੇ ਬੋਲਾਂ ਨੂੰ, ਆਪਣੇ ਹਿਰਦੇ ’ਚ ਵਸਾਉਂਦਾ ਜਾਹ।

ਨਵਗੀਤ ਕੌਰ (ਲੁਧਿਆਣਾ)

ਕੌਣ ਕਰਾ ਰਿਹਾ ਹੈ ਬੇਅਦਬੀ ?

0

ਕੌਣ ਕਰਾ ਰਿਹਾ ਹੈ ਬੇਅਦਬੀ ?

ਹਰਪ੍ਰੀਤ ਸਿੰਘ ਸਰਹੰਦ, 88475-46903

ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੇਅਦਬੀ ਕੌਣ ਕਰਾ ਰਿਹਾ ਹੈ। ਤੁਸੀਂ ਸਭ-ਕੁੱਝ ਜਾਣਦੇ ਹੋ । ਤੁਸੀਂ ਕੋਈ ਅਣਜਾਣ ਬੱਚੇ ਨਹੀਂ ਹੋ। ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸੱਤ ਸਾਲ ਦੇ ਲਖਤੇ ਜਿਗਰ ਬਾਬਾ ਫਤਿਹ ਸਿੰਘ ਜੀ ਨੂੰ ਚੰਗੇ-ਮਾੜੇ ਦਾ ਪਤਾ ਸੀ ਤਾਂ ਤੁਹਾਨੂੰ ਚੰਗੇ ਮਾੜੇ ਬੰਦੇ ਦੀ ਪਰਖ ਕਿਉਂ ਨਹੀਂ ਹੈ। ਤੁਸੀਂ ਤਾਂ ਬਾਬਾ ਫਤਿਹ ਸਿੰਘ ਜੀ ਤੋਂ ਦੁਗਣੀ, ਤਿਗਣੀ, ਚੋਗੁਣੀ ਉਮਰ ਦੇ ਹੋ। ਅਕਾਲ ਪੁਰਖ ਵਾਹਿਗੁਰੂ ਨੇ ਸਭ ਨੂੰ ਦਿਮਾਗ ਦਿੱਤਾ ਹੈ। ਕਿਸੇ ਦੀਆਂ ਗੱਲਾਂ ਵਿੱਚ ਕਿਉਂ ਆਉਦੇ ਹੋ। ਗੁਰੂ ਕੋਲੋਂ ਮੱਤ ਲੈ ਕੇ ਆਪਣੀ ਦਿਮਾਗ ਦਾ ਇਸਤੇਮਾਲ ਕਿਉਂ ਨਹੀਂ ਕਰਦੇ। ਕਿਉਂ ਕਿਸੇ ਦੀਆਂ ਗੱਲਾਂ ਦਾ ਵਿਸ਼ਵਾਸ ਕਰ ਲੈਂਦੇ ਹੋ। ਸੰਨ 2015 ਤੋਂ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਤੇ ਇਹ ਰੁਕਣ ਦਾ ਨਾਮ ਵੀ ਨਹੀਂ ਲੈ ਰਹੀਆਂ। ਹੁਣ ਤਾਂ ਦੋਖੀਆਂ ਨੇ ਸਿੱਖਾਂ ਦੇ ਮੁੱਖ ਕੇਂਦਰੀ ਅਸਥਾਨ ਦਰਬਾਰ ਸਾਹਿਬ (ਸ੍ਰੀ ਅਮ੍ਰਿਤਸਰ ਸਾਹਿਬ ) ਜਾ ਹੱਥ ਪਾਇਆ ਹੈ। ਭਾਵੇਂ ਕਿ ਉਸ ਦੋਖੀ ਨੂੰ ਆਪਣੇ ਕੀਤੇ ਹੋਏ ਦੀ ਸਜ਼ਾ ਮਿਲ ਚੁੱਕੀ ਹੈ ਪਰ ਅਸਲ ਦੋਸ਼ੀ ਹਲੇ ਵੀ ਹੱਥ ਨਹੀਂ ਆਇਆ। ਕਹਿਣ ਤੋਂ ਭਾਵ ਜੋ ਬੇਅਦਬੀ ਕਰਵਾ ਰਿਹਾ ਹੈ। ਜੋ ਮਾਸਟਰ-ਮਾਈਡ ਇਹਨਾਂ ਪਿਆਦਿਆਂ ਨੂੰ ਵਰਤ ਰਿਹਾ ਹੈ। ਉਸ ਦਾ ਚਿਹਰਾ ਹਲੇ ਵੀ ਪਰਦੇ ਦੇ ਪਿੱਛੇ ਹੀ ਹੈ। ਅਸੀਂ ਉਡੀਕ ਕਰ ਰਹੇ ਹਾਂ ਕਿ ਪ੍ਰਸ਼ਾਸ਼ਨ, ਦੇਸ਼ ਦਾ ਕਾਨੂੰਨ ਜਾਂ ਪੁਲਿਸ ਕੁੱਝ ਕਰੇਗੀ, ਪਰ ਸਾਨੂੰ ਸਾਰਿਆਂ ਨੂੰ ਇਹ ਵੀ ਪਤਾ ਹੀ ਹੈ ਕਿ ਕਾਨੂੰਨ ਦੇ ਰਖਵਾਲੇ ਵੀ ਕਿਸੇ ਦੇ ਹੁਕਮ ਅਨੁਸਾਰ ਹੀ ਚੱਲਦੇ ਹੁੰਦੇ ਹਨ। ਇਹ ਕੋਈ ਆਮ ਮਸਲਾ ਨਹੀਂ ਹੈ। ਇਸ ਮਸਲੇ ਦੀਆਂ ਤਾਰਾਂ ਰਾਜਨੀਤੀ ਅਤੇ ਧਾਰਮਿਕ ਮਸਲਿਆਂ ਨਾਲ ਬਹੁਤ ਡੁੰਘੀਆਂ ਜੁੜਦੀਆਂ ਹਨ। ਇਹ ਏਨਾਂ ਕੁ ਗੁੱਝਲ਼ਦਾਰ ਮਸਲਾ ਹੈ ਕਿ ਇਸ ਨੂੰ ਹੱਲ ਕਰ ਦੇਣਾ ਕਿਸੇ ਇੱਕ ਵਿਅਕਤੀ ਜਾਂ ਸਿੱਖ ਦੇ ਹੱਥ ਵੱਸ ਨਹੀਂ ਹੈ। ਵੈਸੇ ਵੀ ਆਮ ਸਿੱਖ ਦੀ ਤਾਂ ਹਾਲਤ ਕੁੱਝ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਉਸ ਨੂੰ ਹੁਣ ਇਹ ਗੱਲ ਛੋਟੀ ਜਿਹੀ ਜਾਪਣ ਲੱਗ ਗਈ ਹੈ। ਆਮ ਸਿੱਖ ਹੁਣ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਬਾਰੇ ਸੁਣਦਾ ਹੈ, ਥੋੜ੍ਹਾ ਅਫਸੋਸ ਕਰਦਾ ਹੈ ਤੇ ਅਗਲੇ ਹੀ ਦਿਨ ਸਭ ਕੁੱਝ ਭੁੱਲ ਜਾਦਾ ਹੈ, ਪਰ ਜਾਗਦੀ ਜਮੀਰ ਵਾਲੇ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਕੋਈ ਉਨ੍ਹਾਂ ਦੇ ਗੁਰੂ ਦੀ ਬੇਅਦਬੀ ਕਰੇ। ਸੋ ਇਸ ਲੇਖ ਵਿੱਚ ਆਪਾ ਇਹੀ ਵੇਖਾਂਗੇ ਕਿ ਇਹ ਸਭ ਕੁੱਝ ਕੌਣ ਕਰਵਾ ਰਿਹਾ ਹੈ ਤੇ ਕੌਣ ਕਰ ਰਿਹਾ ਹੈ ?

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ : ਇਹ ਬਿਲਕੁਲ ਸੱਚ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਬੰਦੇ ਨਸ਼ੇੜੀ ਹੁੰਦੇ ਹਨ ਪਰ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਕਮਜ਼ੋਰ ਦੱਸਿਆ ਜਾਂਦਾ ਹੈ ਜੋ ਕਿ ਕੋਰਾ ਝੂਠ ਹੁੰਦਾ ਹੈ। ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਹਨ ਉਹ ਬਿਲਕੁਲ ਠੀਕ ਠਾਕ ਹੁੰਦੇ ਹਨ। ਉਹ ਕਿਸੇ ਵੀ ਤਰ੍ਹਾਂ ਦੇ ਮਾਨਸਿਕ ਰੋਗੀ ਨਹੀਂ ਹੁੰਦੇ ਹਾਂ ਉਹ ਗਰੀਬ ਪਰਿਵਾਰਾਂ ਵਿੱਚੋਂ ਜ਼ਰੂਰ ਹੁੰਦੇ ਹਨ। ਇਨ੍ਹਾਂ ਬੰਦਿਆਂ ਦਾ ਕੋਈ ਵੀ ਧਰਮ ਨਹੀਂ ਹੁੰਦਾ। ਇਹ ਨਾ ਹੀ ਹਿੰਦੂ ਹੁੰਦੇ ਹਨ। ਨਾ ਹੀ ਮੁਸਲਮਾਨ ਜਾਂ ਇਸਾਈ ਅਤੇ ਨਾ ਹੀ ਸਿੱਖ। ਇਹ ਕੇਵਲ ਤੇ ਕੇਵਲ ਲਾਲਚੀ ਇਨਸਾਨ ਹੁੰਦੇ ਹਨ, ਜੋ ਗਰੀਬ ਹੋਣ ਕਰਕੇ ਪੈਸਿਆਂ ਦੇ ਲਾਲਚ ਵਿੱਚ ਆ ਕੇ ਕੁੱਝ ਵੀ ਕਰਨ ਲਈ ਤਿਆਰ ਹੋ ਜਾਦੇ ਹਨ। ਇਹ ਗੁਰੂ ਘਰ ਅੰਦਰ ਵੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਫਾੜ ਦਿੰਦੇ ਹਨ ਜਾਂ ਗੁਟਕਾ ਸਾਹਿਬ, ਬਾਣੀ ਦੀਆਂ ਪੋਥੀਆਂ ਜਾਂ ਹੋਰ ਧਾਰਮਿਕ ਗ੍ਰੰਥ ਫਾੜ ਕੇ ਗਲੀਆਂ ਆਦਿ ਵਿੱਚ ਸੁਟ ਦਿੰਦੇ ਹਨ। ਇਹ ਇਸ ਗੱਲ ਤੋਂ ਬਿਲਕੁਲ ਬੇਖਬਰ ਹੁੰਦੇ ਹਨ ਕਿ ਜੇ ਉਹ ਇਹ ਸਭ ਕਰਦੇ ਹੋਏ ਫੜੇ ਜਾਣ ਤਾਂ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਹੈ। ਅਸਲ ਵਿੱਚ ਇਹ ਉਹ ਲੋਕ ਹੁੰਦੇ ਹਨ, ਜਿਨ੍ਹਾਂ ਦੇ ਅੰਦਰ ਦੀ ਇਨਸਾਨੀਅਤ ਮਰ ਚੁੱਕੀ ਹੁੰਦੀ ਹੈ। ਨਸ਼ੇ ਅਤੇ ਗਰੀਬੀ ਨੇ ਇਹਨਾਂ ਦੀ ਸੋਚਣ ਸ਼ਕਤੀ ਖਤਮ ਕਰ ਦਿੱਤੀ ਹੁੰਦੀ ਹੈ। ਕੁੱਝ ਕੁ ਪੈਸਿਆਂ ਦੇ ਲਾਲਚ ਵਿੱਚ ਆ ਕੇ ਇਹ ਭੁੱਲ ਜਾਂਦੇ ਹਨ ਕਿ ਕਰ ਕੀ ਰਹੇ ਹਨ। ਅਸੀਂ ਇਹਨਾਂ ਪਿਆਦਿਆਂ ਨੂੰ ਫੜੇ ਜਾਣ ਤੇ ਚੰਗੀ ਤਰ੍ਹਾਂ ਵੇਖ ਸਕਦੇ ਹਾਂ, ਪਰ ਇਹ ਅਸਲ ਦੋਸ਼ੀ ਨਹੀਂ ਹੁੰਦੇ। ਅਸਲ ਦੋਸ਼ੀ ਤਾਂ ਉਹ ਹੁੰਦੇ ਹਨ, ਜੋ ਇਹ ਸਭ ਕੁੱਝ ਕਰਵਾਉਂਦੇ ਹਨ ਤੇ ਪਰਦੇ ਪਿਛੇ ਰਹਿੰਦੇ ਹਨ।

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਾਲੇ ਅਸਲ ਦੋਸ਼ੀ : ਦਰਅਸਲ ਅਸਲੀ ਦੋਸ਼ੀ ਤਾਂ ਉਹ ਹਨ ਜੋ ਇਨ੍ਹਾਂ ਗਰੀਬੜੇ ਜਿਹੇ ਬੰਦਿਆਂ ਤੋਂ ਇਹ ਸਭ ਕੁੱਝ ਕਰਵਾ ਰਹੇ ਹਨ। ਇਹ ਉਹ ਲੋਕ ਹਨ ਜੋ ਸਮਾਜ ਨੂੰ ਬੇਚੇਨ ਵੇਖਣਾ ਚਾਹੁੰਦੇ ਹਨ। ਉਹ ਨਹੀਂ ਚਾਹੁੰਦੇ ਕਿ ਸਾਰੇ ਧਰਮਾਂ ਦੇ ਲੋਕ ਆਪਸ ਵਿੱਚ ਇਕੱਠੇ ਹੋ ਕੇ ਬੇਠਣ। ਇਹ ਲੋਕ ਧਰਮ ਦੇ ਨਾਮ ’ਤੇ ਵੰਡੀਆਂ ਪਾਉਣੀਆਂ ਚਾਹੁੰਦੇ ਹਨ। ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਉਂਦੇ ਹਨ। ਇਨ੍ਹਾਂ ਲੋਕਾਂ ਦਾ ਵੀ ਕੋਈ ਧਰਮ ਨਹੀਂ ਹੁੰਦਾ। ਇਹ ਰਾਜਨੀਤਕ ਲੋਕ ਵੀ ਹੋ ਸਕਦੇ ਹਨ ਤੇ ਕਿਸੇ ਖੁਫੀਆ ਏਜੰਸੀ ਦੇ ਬੰਦੇ ਵੀ ਹੋ ਸਕਦੇ ਹਨ। ਕਾਫੀ ਤਾਕਤਵਰ ਵੀ ਹੋ ਸਕਦੇ ਹਨ। ਇਹ ਲੋਕ ਕਾਨੂੰਨ ਨੂੰ ਆਪਣੀ ਜੇਬ ਵਿੱਚ ਪਾ ਕੇ ਰੱਖਦੇ ਹਨ। ਕਹਿਣ ਤੋਂ ਭਾਵ ਇਨ੍ਹਾਂ ਨੂੰ ਕਿਸੇ ਵੀ ਕਾਨੂੰਨ ਆਦਿ ਦਾ ਕੋਈ ਡਰ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਲਈ ਪਹਿਲਾਂ ਪੂਰੀ ਤਿਆਰੀ ਕੀਤੀ ਜਾਂਦੀ ਹੈ। ਪੂਰਾ ਪਲਾਨ ਤਿਆਰ ਕੀਤਾ ਜਾਂਦਾ ਹੈ। ਮੈ ਉੱਪਰ ਪਹਿਲਾਂ ਦੱਸ ਚੁੱਕਾ ਹਾਂ ਕਿ ਇਸ ਕੰਮ ਲਈ ਨਸ਼ਈ ਤੇ ਗਰੀਬ ਜਿਹੇ ਬੰਦੇ ਲੱਭੇ ਜਾਂਦੇ ਹਨ। ਫੇਰ ਉਨ੍ਹਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਇਹ ਸਭ ਕੁੱਝ ਕਰਵਾਇਆ ਜਾਂਦਾ ਹੈ। ਸਿਆਣੇ ਕਹਿੰਦੇ ਆ ਕਿ ਕਮਲੇ ਨੂੰ ਨਾ ਮਾਰੋ ਕਮਲੇ ਦੀ ਮਾਂ ਨੂੰ ਮਾਰੋ ਤਾਂ ਜੋ ਮੁੜ ਕੋਈ ਕਮਲਾ ਜਨਮ ਨਾ ਲੈ ਸਕੇ। ਬਿਲਕੁਲ ਇਸੇ ਤਰ੍ਹਾਂ ਇਹਨਾਂ ਬੇਅਦਬੀ ਕਰਨ ਵਾਲਿਆਂ ਦਾ ਤੇ ਬੇਅਦਬੀ ਕਰਵਾਉਣ ਵਾਲਿਆਂ ਦਾ ਮਾਂ-ਪੁੱਤ ਦਾ ਰਿਸ਼ਤਾ ਸਾਹਮਣੇ ਆਉਂਦਾ ਹੈ। ਪੰਜਾਬ ਦੇ ਮਹੌਲ ਨੂੰ ਖਰਾਬ ਕਰਨ ਲਈ ਇਹ ਸਭ ਚਾਲਾਂ ਚੱਲੀਆਂ ਜਾ ਰਹੀਆਂ ਹਨ। ਬਹੁਤੇ ਲੋਕਾਂ ਨੂੰ ਤਾਂ ਇਹ ਗੱਲ ਸੌਣ ਨਹੀਂ ਦੇ ਰਹੀ ਕਿ ਪੰਜਾਬ ਸਿਆ ਨੇ ਦਿੱਲੀ ਨੂੰ ਇੱਕ ਵਾਰ ਫੇਰ ਤੋਂ ਨੱਥ ਪਾ ਲਈ ਹੈ, ਜਿਹੜੇ ਚਾਹੁੰਦੇ ਸਨ ਕਿ ਪੰਜਾਬ ਦਿੱਲੀ ਦਾ ਗੁਲਾਮ ਬਣ ਜਾਵੇ। ਹੋ ਸਕਦਾ ਹੈ ਇਹ ਉਹੀ ਲੋਕ ਹੋਣ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਹੈ। ਪੰਜਾਬ ਕੀ ਉਹ ਲੋਕ ਕਿਸੇ ਵੀ ਸੂਬੇ ਨੂੰ ਖੁਸ਼ਹਾਲ ਨਹੀਂ ਦੇਖਣਾ ਚਾਹੁੰਦੇ, ਜਿਨ੍ਹਾਂ ਦੀ ਜਮੀਰ ਮਰ ਚੁੱਕੀ ਹੈ। ਸਿਆਸੀ ਬੰਦੇ ਦਾ ਵੀ ਵੈਸੇ ਕੋਈ ਦੀਨ ਧਰਮ ਨਹੀਂ ਹੁੰਦਾ। ਉਸ ਨੂੰ ਤਾਂ ਆਪਣੀਆਂ ਵੋਟਾਂ ਤੱਕ ਮਤਲਬ ਹੁੰਦਾ ਹੈ ਤੇ ਉਹ ਹਰ ਹਾਲ ਵਿੱਚ ਤੁਹਾਡੀ ਵੋਟ ਹਾਸਲ ਕਰਨੀ ਚਾਹੁੰਦਾ ਹੈ, ਇਸ ਲਈ ਭਾਵੇਂ ਬੇਅਦਬੀ ਹੀ ਕਿਉਂ ਨਾ ਕਰਵਾਉਣੀ ਪੈ ਜਾਵੇ। ਉਹ ਇਹ ਕਾਰਾ ਕਰਵਾਉਂਦਾ ਹੈ। ਸੋ ਸਾਨੂੰ ਆਪਣੀ ਅਕਲ ਦਾ ਪੂਰਾ ਇਸਤੇਮਾਲ ਕਰ ਕੇ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਸਭ ਕੌਣ ਕਰਵਾ ਰਿਹਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਮੇਂ ਆਮ ਸਿੱਖਾਂ ਦਾ ਪ੍ਰਤੀਕਰਮ:- ਕੋਈ ਵੀ ਸਿੱਖ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਉਸ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਵੇ। ਸਿੱਖ ਲਈ ਉਹ ਬੰਦਾ ਸਭ ਤੋਂ ਵੱਡਾ ਵੈਰੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਰਿਹਾ ਹੈ। ਇਹ ਸੁਭਾਵਕ ਹੀ ਹੈ ਕਿ ਹਰ ਸਿੱਖ ਇਹੀ ਆਖੇਗਾ ਕਿ ਗੁਰੂ ਦੀ ਬੇਅਦਬੀ ਕਰਨ ਵਾਲੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੇਅਦਬੀ ਕਰਨ ਵਾਲੇ ਨੂੰ ਮੌਕੇ ’ਤੇ ਹੀ ਸੋਧਾ ਲਾ ਦਿੱਤਾ ਗਿਆ। ਇਸ ਤੋਂ ਬਾਅਦ ਵੱਖ ਵੱਖ ਸਿੱਖਾਂ ਨੇ ਆਪਣੇ ਵੱਖ ਵੱਖ ਵਿਚਾਰ ਦਿੱਤੇ। ਮੁੱਖ ਰੂਪ ਵਿੱਚ ਸਾਨੂੰ ਦੋ ਤਰ੍ਹਾਂ ਦੇ ਵਿਚਾਰ ਸੁਣਨ ਨੂੰ ਮਿਲੇ। ਇੱਕ ਧੜਾ ਆਖ ਰਿਹਾ ਹੈ ਕਿ ਬੇਅਦਬੀ ਕਰਨ ਵਾਲੇ ਨੂੰ ਮੌਕੇ ’ਤੇ ਸਜ਼ਾ ਮਿਲ ਗਈ ਹੈ, ਇਹ ਬਿਲਕੁਲ ਠੀਕ ਹੋਇਆ ਹੈ ਤੇ ਦੂਸਰਾ ਧੜਾ ਆਖ ਰਿਹਾ ਹੈ ਕਿ ਬੇਅਦਬੀ ਕਰਨ ਵਾਲੇ ਨੂੰ ਮਾਰਨਾ ਨਹੀਂ ਚਾਹੀਦਾ ਸੀ। ਉਸ ਤੋਂ ਪੁੱਛ ਪੜਤਾਲ ਕਰ ਲੈਣੀ ਚਾਹੀਦੀ ਸੀ। ਗੱਲ ਕਰਦੇ ਹਾਂ ਪਹਿਲੇ ਧੜੇ ਦੀ ਉਨ੍ਹਾ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਨੂੰ ਮੌਕੇ ’ਤੇ ਸੋਧਾ ਲਾ ਦੇਣਾ ਚਾਹੀਦਾ ਹੈ ਤਾਂ ਜੋ ਅੱਗੇ ਨੂੰ ਅਜਿਹੀ ਘਟਨਾ ਨਾ ਵਾਪਰੇ। ਅਸਲ ਵਿੱਚ ਹਰ ਮਨੁੱਖ ਦੀਆਂ ਭਾਵਨਾਵਾਂ ਅਲੱਗ ਅਲੱਗ ਹੁੰਦੀਆਂ ਹਨ। ਅਜਿਹਾ ਉਨ੍ਹਾਂ ਨੇ ਇਸ ਲਈ ਆਖਿਆ ਕਿਉਂਕਿ ਇਹ ਬੇਅਦਬੀਆਂ ਦਾ ਸਿਲਸਿਲਾ 2015 ਤੋਂ ਲਗਾਤਾਰ ਚੱਲਦਾ ਹੀ ਆ ਰਿਹਾ ਸੀ। ਕਈ ਦੋਸ਼ੀ ਫੜੇ ਵੀ ਗਏ, ਪਰ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਕੋਈ ਵੀ ਸਜ਼ਾ ਨਹੀਂ ਦਿੱਤੀ ਗਈ। ਸੰਨ 2015 ਤੋਂ ਹੀ ਸਾਰੀਆਂ ਸਿਆਸੀ ਪਾਰਟੀਆਂ ਨੇ ਇਸ ਗੱਲ ਨੂੰ ਮੁਹਰੇ ਰੱਖਿਆ ਕਿ ਸਾਡੀ ਸਰਕਾਰ ਆਉਣ ’ਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇਗੀ ਪਰ ਸੱਤ ਸਾਲਾਂ ਵਿੱਚ ਅਜਿਹਾ ਕੁੱਝ ਵੀ ਨਾ ਵਾਪਰਿਆ। ਸਾਡੇ ਬਿਲਕੁਲ ਹੀ ਲਾਗਲੇ ਪਿੰਡ ਤਰਖਾਣ ਮਾਜਰਾ ਅਤੇ ਪਿੰਡ ਜੱਲ੍ਹਾ ਵਿਖੇ ਇੱਕੋ ਹੀ ਦਿਨ ਬੇਅਦਬੀ ਦੀਆਂ ਦੋ ਘਟਨਾਵਾਂ ਵਾਪਰੀਆਂ ਪਰ ਦੋਸ਼ੀ ਨੂੰ ਹਲੇ ਤੱਕ ਵੀ ਕੋਈ ਸਜ਼ਾ ਨਹੀਂ ਮਿਲੀ। ਬਰਗਾੜੀ, ਬਹਿਬਲ ਕਲਾਂ ਤੇ ਕੋਟਕਪੁਰੇ ਦੇ ਕਿਸੇ ਵੀ ਦੋਸ਼ੀ ਨੂੰ ਸਜ਼ਾ ਨਹੀਂ ਮਿਲੀ। ਉਲ਼ਟਾ ਪੁਲਿਸ ਦੀ ਲਾਪਰਵਾਹੀ ਕਾਰਨ ਦੋ ਸਿੰਘ ਸ਼ਹੀਦ ਹੋ ਗਏ। ਜਿਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਹੁਣ ਸਿੱਖ ਆਪਣੇ ਗੁਰੂ ਦੀ ਬੇਅਦਬੀ ਕਰਨ ਵਾਲੇ ਨੂੰ ਆਪ ਹੀ ਸਜ਼ਾ ਦੇਣ ਲੱਗ ਪਏ ਹਨ ਭਾਵੇਂ ਕਿ ਕਾਨੂੰਨ ਇਸ ਦੀ ਇਜਾਜ਼ਤ ਨਹੀਂ ਦਿੰਦਾ, ਪਰ ਕੁੱਝ ਕੁ ਸਿੱਖਾਂ ਅਤੇ ਸਿੱਖ ਜੱਥੇਬੰਦੀਆਂ ਨੂੰ ਇਹ ਠੀਕ ਲੱਗ ਰਿਹਾ ਹੈ। ਉਨ੍ਹਾਂ ਨੂੰ ਭਾਰਤੀ ਕਾਨੂੰਨ ਅਤੇ ਪੰਜਾਬ ਦੀ ਪੁਲਿਸ ’ਤੇ ਭੋਰਾ ਵੀ ਭਰੋਸਾ ਨਹੀਂ ਹੈ। ਇਸ ਤਰ੍ਹਾਂ ਦੇ ਸਿੱਖ ਆਪਣੀਆਂ ਭਾਵਨਾਵਾਂ ਨੂੰ ਕਾਬੂ ਨਹੀਂ ਕਰ ਪਾਉਂਦੇ। ਉਨ੍ਹਾਂ ਨੂੰ ਲਗਦਾ ਹੈ ਕਿ ਗੁਰੂ ਦੀ ਬੇਅਦਬੀ ਕਰਨ ਵਾਲੇ ਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ, ਇਸ ਲਈ ਉਹ ਜਲਦਬਾਜੀ ਵਿੱਚ ਇਹ ਫ਼ੈਸਲਾ ਲੈ ਲੈਂਦੇ ਹਨ ਤੇ ਦੋਸ਼ੀ ਨੂੰ ਆਪਣੇ ਹਿਸਾਬ ਨਾਲ ਸਜ਼ਾ ਦੇ ਦਿੰਦੇ ਹਨ। ਪੁਰਾਤਨ ਸਿੰਘ ਵੀ ਗੁਰੂ ਦੀ ਬੇਅਦਬੀ ਕਰਨ ਵਾਲੇ ਨੂੰ ਆਪ ਹੀ ਸਜ਼ਾ ਦਿਆ ਕਰਦੇ ਸਨ। ਗੁਰਬਾਣੀ ਫੁਰਮਾਨ ਹੈ ‘‘ਜੈਕਾਰੁ ਕੀਓ ਧਰਮੀਆ ਕਾ; ਪਾਪੀ ਕਉ ਡੰਡੁ ਦੀਓਇ ’’ (ਮਹਲਾ /੮੯) ਦੂਸਰੀ ਧਿਰ ਆਖਦੀ ਹੈ ਕਿ ਦੋਸ਼ੀ ਨੂੰ ਮਾਰਨਾ ਨਹੀਂ ਚਾਹੀਦਾ, ਉਸ ਨੂੰ ਫੜ ਕੇ ਪੁੱਛ ਪੜਤਾਲ ਕਰਨੀ ਚਾਹੀਦੀ ਹੈ। ਉਸ ਤੋਂ ਇਹ ਪਤਾ ਕਰਨਾ ਚਾਹੀਦਾ ਹੈ ਕਿ ਇਹ ਬੇਅਦਬੀ ਦੀਆਂ ਘਟਨਾਵਾਂ ਕੌਣ ਕਰਵਾ ਰਿਹਾ ਹੈ। ਇਸ ਦਾ ਮੁੱਖ ਦੋਸ਼ੀ ਕੌਣ ਹੈ। ਉਨ੍ਹਾਂ ਦੇ ਹਿਸਾਬ ਨਾਲ ਇਹ ਤਰੀਕਾ ਸਹੀ ਨਹੀਂ ਹੈ। ਦੋਸ਼ੀ ਨੂੰ ਜਾਨੋਂ ਨਹੀਂ ਮਾਰਨਾ ਚਾਹੀਦਾ। ਦੋਸ਼ੀ ਨੂੰ ਮਾਰਨ ਨਾਲ ਸਬੂਤ ਵੀ ਮਰ ਜਾਂਦੇ ਹਨ। ਇਹ ਵੀ ਸੋਚਣੀ ਦੂਰ ਅੰਦੇਸ਼ੀ ਵੱਲ ਸੰਕੇਤ ਕਰਦੀ ਹੈ ਕਿ ਦੋਸ਼ੀ ਨੂੰ ਜਾਨੋ ਨਹੀਂ ਮਾਰਨਾਂ ਚਾਹੀਦਾ, ਪਰ ਮੈ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਹਰ ਮਨੁੱਖ ਦਾ ਸੋਚਣ ਦਾ ਨਜਰੀਆਂ ਅਲੱਗ ਅਲੱਗ ਹੁੰਦਾ ਹੈ। ਇੱਕ ਦਮ ਸਹੀ ਫ਼ੈਸਲਾ ਲੈਣ ਦਾ ਗੁਣ ਵੀ ਕਿਸੇ ਕਿਸੇ ਵਿੱਚ ਹੁੰਦਾ ਹੈ। ਮੌਕੇ ’ਤੇ ਮੱਦੇਨਜ਼ਰ ਕੀ ਹੋ ਜਾਵੇ, ਕਿਸੇ ਨੂੰ ਕੁੱਝ ਵੀ ਪਤਾ ਨਹੀਂ ਹੁੰਦਾ।

ਇੱਕ ਬੇਅਦਬੀ ਇਹ ਵੀ ਤਾਂ ਹੈ : ਇੱਕ ਬੇਅਦਬੀ ਗੁਰੂ ਕੇ ਸਰੂਪ ਦੀ ਹੁੰਦੀ ਹੈ ਕਹਿਣ ਤੋਂ ਭਾਵ ਜਿਵੇਂ ਦੋਖੀਆਂ ਦੁਆਰਾ ਗੁਰੂ ਕੇ ਅੰਗ ਫਾੜ ਦੇਣਾ ਜਾਂ ਅੱਗ ਲਗਾ ਦੇਣੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾ ਦੇਣਾ। ਦੂਸਰੀ ਬੇਅਦਬੀ ਹੁੰਦੀ ਹੈ ਗੁਰੂ ਦਾ ਹੁਕਮ ਨਾ ਮੰਨਣਾ, ਜੋ ਸ਼ਾਇਦ ਮੇਰੇ ਸਮੇਤ ਸਾਰੇ ਹੀ ਕਰਦੇ ਹਨ। ਗੁਰੂ ਦੇ ਹੁਕਮ ਤੋਂ ਬਾਗੀ ਹੋ ਕੇ ਗੁਰਬਾਣੀ ਨੂੰ ਨਾ ਮੰਨਣਾ ਵੀ ਗੁਰੂ ਦੀ ਬੇਅਦਬੀ ਕਰਨਾ ਹੀ ਹੁੰਦਾ ਹੈ। ਵੈਸੇ ਗੁਰਬਾਣੀ ਦੀ ਕੋਈ ਵੀ ਬੇਅਦਬੀ ਨਹੀਂ ਕਰ ਸਕਦਾ, ਪਰ ਜੇ ਅਸੀਂ ਗੁਰੂਆਂ ਦੁਆਰਾ ਲਿਖੀ ਹੋਈ ਬਾਣੀ ਅਨੁਸਾਰ ਕਰਮ ਨਹੀਂ ਕਰਦੇ ਤਾਂ ਅਸੀਂ ਗੁਰੂ ਤੋਂ ਬਾਗੀ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੀ ਕਰ ਰਹੇ ਹੁੰਦੇ ਹਾਂ। ਜਿਹੜੇ ਸਿੱਖ ਨਿਤ ਸ਼ਰਾਬ ਪੀਂਦੇ ਹਨ। ਨਸ਼ਾ ਕਰਦੇ ਹਨ ਉਹ ਗੁਰੂ ਦੇ ਹੁਕਮਾ ਦੀ ਉਲੱਘਣਾ ਕਰ ਕੇ ਗੁਰੂ ਦੀ ਬੇਅਦਬੀ ਹੀ ਕਰ ਰਹੇ ਹੁੰਦੇ ਹਨ। ਜਿਹੜੇ ਦੂਸਰਿਆ ਦਾ ਹੱਕ ਮਾਰ ਕੇ ਆਪਣਾ ਬੈਂਕ ਬੈਲੇਂਸ ਵਧਾਉਂਦੇ ਹਨ, ਉਹ ਗੁਰੂ ਦੀ ਬੇਅਦਬੀ ਹੀ ਕਰ ਰਹੇ ਹੁੰਦੇ ਹਨ। ਜਿਹੜੇ ਦੂਸਰੇ ਦੀ ਧੀ ਭੈਣ ਨੂੰ ਮੈਲ਼ੀ ਨਜ਼ਰ ਨਾਲ ਵੇਖਦੇ ਹਨ, ਉਹ ਗੁਰੂ ਦੋਖੀ ਹੀ ਹੁੰਦੇ ਹਨ। ਸੋ ਕਹਿਣ ਤੋਂ ਭਾਵ ਜਿਹੜਾ ਇਨਸਾਨ ਜਾਂ ਆਪਣੇ ਆਪ ਨੂੰ ਸਿੱਖ ਕਹਾਉਣ ਵਾਲਾ ਗੁਰਬਾਣੀ ਦੀ ਉਲੰਘਣਾ ਕਰਦਾ ਹੈ, ਉਹ ਗੁਰੂ ਦੋਖੀ ਗੁਰੂ ਦੀ ਬੇਅਦਬੀ ਹੀ ਕਰ ਰਿਹਾ ਹੁੰਦਾ ਹੈ। ਅਜਿਹੇ ਗੁਰੂ ਦੋਖੀ ਆਮ ਹੀ ਸਮਾਜ ਵਿੱਚ ਮਿਲ ਜਾਂਦੇ ਹਨ। ਸੋ ਅੰਤ ਵਿੱਚ ਮੈ ਆਪਣੇ ਸਾਰੇ ਵੀਰ ਭੈਣਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਗੁਰੂ ਦੀ ਬੇਅਦਬੀ ਕਰਨ ਵਾਲੇ ਅਤੇ ਕਰਾਉਣ ਵਾਲੇ ਸਾਡੇ ਸਮਾਜ ’ਤੇ ਕਲੰਕ ਹਨ। ਸਾਨੂੰ ਆਪਣੀ ਤੀਖਣ ਬੁੱਧੀ ਨਾਲ ਉਹਨਾਂ ਦੀ ਪਛਾਣ ਕਰਨੀ ਚਾਹੀਦੀ ਹੈ। ਚੰਗਾ ਹੋਵੇ ਜੇ ਬੇਅਦਬੀ ਕਰਨ ਵਾਲੇ ਨੂੰ ਪੁਲਿਸ ਦੇ ਹਵਾਲੇ ਨਾ ਕਰਕੇ ਪੁੱਛ ਪੜਤਾਲ ਰਾਹੀਂ ਉਸ ਨੂੰ ਉਸ ਦੇ ਅਸਲ ਮਾਲਕ ਦਾ ਪਤਾ ਪੁੱਛ ਲਿਆ ਜਾਵੇ। ਜਦੋਂ ਸਾਡੇ ਗੁਰੂ ਘਰਾਂ ਵਿੱਚ ਅਜਿਹੀ ਘਟਨਾ ਵਾਪਰਦੀ ਹੈ ਤਾਂ ਸਾਨੂੰ ਸਾਰਿਆਂ ਨੂੰ ਬੜੇ ਹੀ ਧੀਰਜ ਨਾਲ ਕੰਮ ਲੈਣਾ ਚਾਹੀਦਾ ਹੈ, ਜਲਦਬਾਜੀ ਵਿੱਚ ਕੋਈ ਵੀ ਅਜਿਹਾ ਕਦਮ ਨਹੀਂ ਪੁੱਟਣਾ ਚਾਹੀਦਾ, ਜਿਸ ਦਾ ਭਵਿੱਖ ਵਿੱਚ ਸਾਨੂੰ ਕੋਈ ਨੁਕਸਾਨ ਹੋਵੇ।

ਧੰਨਵਾਦ ਸਹਿਤ

ਹੱਸਣਾ ਕਿੰਨਾ ਕੁ ਜ਼ਰੂਰੀ ਹੈ ?

0

ਹੱਸਣਾ ਕਿੰਨਾ ਕੁ ਜ਼ਰੂਰੀ ਹੈ ?

                       ਡਾ. ਹਰਸ਼ਿੰਦਰ ਕੌਰ, ਐੱਮ.ਡੀ,  28, ਪ੍ਰੀਤ ਨਗਰ,ਲੋਅਰ ਮਾਲ, ਪਟਿਆਲਾ 0175-2216783

    ਜੇਮਜ਼ ਲੈਂਜ ਥਿਊਰੀ ਅਨੁਸਾਰ ਹਾਸਾ, ਤਣਾਓ, ਘਬਰਾਹਟ ਆਦਿ ਹਮੇਸ਼ਾ ਸਰੀਰ ਉੱਤੇ ਕੋਈ ਨਾ ਕੋਈ ਅਸਰ ਵਿਖਾਉਂਦੇ ਹਨ। ਡਾ. ਐਵਰਿਲ ਨੇ ਇਸ ਤੱਥ ਨੂੰ ਘੋਖਣ ਲਈ ਖੋਜ ਸ਼ੁਰੂ ਕੀਤੀ। ਇਸ ਖੋਜ ਵਿਚ ਬੰਦਿਆਂ ਨੂੰ ਤਿੰਨ ਗਰੁੱਪਾਂ ’ਚ ਵੰਡ ਲਿਆ ਗਿਆ। ਇੱਕ ਗਰੁੱਪ ਨੂੰ ਬਹੁਤ ਜ਼ਿਆਦਾ ਹਾਸੇ ਵਾਲਾ ਪ੍ਰੋਗਰਾਮ ਵਿਖਾਇਆ ਗਿਆ, ਇੱਕ ਨੂੰ ਰੋਣ ਵਾਲਾ ਤੇ ਇੱਕ ਨੂੰ ਵਿਚਕਾਰਲੇ ਮੇਲ ਦਾ, ਜਿਸ ਵਿਚ ਨਾ ਬਹੁਤਾ ਹਾਸਾ ਸੀ ਤੇ ਨਾ ਬਹੁਤਾ ਰੋਣਾ।

ਇਨ੍ਹਾਂ ਸਭ ਦਾ ਬਲੱਡ ਪ੍ਰੈੱਸ਼ਰ, ਦਿਲ ਦੀ ਧੜਕਣ, ਸਾਹ, ਚਮੜੀ ਦਾ ਤਾਪਮਾਨ ਅਤੇ ਚਮੜੀ ਅੰਦਰ ਲੰਘਦੀਆਂ ਬਿਜਲੀ ਤਰੰਗਾਂ ਨੂੰ ਘੋਖਿਆ ਗਿਆ। ਨਤੀਜੇ ਕੁੱਝ ਇਸ ਤਰ੍ਹਾਂ ਦੇ ਆਏ ਸਨ :

  1. ਰੋਣ ਅਤੇ ਹੱਸਣ ਵਾਲੇ ਗਰੁੱਪ ਵਿਚਲੇ ਲੋਕਾਂ ਦੇ ਚਮੜੀ ਵਿਚਲੀਆਂ ਤਰੰਗਾਂ ਕਾਫ਼ੀ ਸਰਗਰਮ ਹੋਈਆਂ ਲੱਭੀਆਂ।
  2. ਰੋਣ ਅਤੇ ਬਹੁਤ ਉਦਾਸ ਹੋਣ ਵਾਲਿਆਂ ਵਿਚ ਬਲੱਡ ਪ੍ਰੈੱਸ਼ਰ ਕਾਫ਼ੀ ਵਧਿਆ ਹੋਇਆ ਮਿਲਿਆ।
  3. ਥੋੜ੍ਹਾ ਹੱਸਣ ਅਤੇ ਸਹਿਜ ’ਚ ਰਹਿਣ ਵਾਲੇ ਗਰੁੱਪ ਦਾ ਬਲੱਡ ਪ੍ਰੈੱਸ਼ਰ ਨਾਰਮਲ ਹੀ ਰਿਹਾ। ਇਨ੍ਹਾਂ ਨਤੀਜਿਆਂ ਤੋਂ ਇਹੋ ਤੱਥ ਲਏ ਗਏ ਕਿ ਹੱਸਣ ਨਾਲ ਬਲੱਡ ਪ੍ਰੈੱਸ਼ਰ ਉੱਤੇ ਵਧੀਆ ਅਸਰ ਪੈਂਦਾ ਹੈ।

ਇੱਕ ਹੋਰ ਖੋਜ ਵਿਚ ਕਾਲਜ ਦੇ 53 ਵਿਦਿਆਰਥੀ ਸ਼ਾਮਲ ਕੀਤੇ ਗਏ ਜਿਹੜੇ ਬਹੁਤ ਜ਼ਿਆਦਾ ਘਬਰਾਹਟ ਦੇ ਸ਼ਿਕਾਰ ਸਨ। ਇਸ ਦੇ ਨਾਲ ਹੀ 53 ਨਾਰਮਲ ਵਿਦਿਆਰਥੀ ਦੂਜੇ ਗਰੁੱਪ ਵਿਚ ਸ਼ਾਮਲ ਕਰ ਲਏ ਗਏ। ਸਭ ਨੂੰ ਇਹ ਕਿਹਾ ਗਿਆ ਕਿ ਤੁਹਾਨੂੰ ਕਰੰਟ ਲਾ ਕੇ ਟੈਸਟ ਕੀਤਾ ਜਾਣਾ ਹੈ। ਇਸ ਤੋਂ ਬਾਅਦ ਇਨ੍ਹਾਂ ਨੂੰ ਤਿੰਨ ਹਿੱਸਿਆਂ ਵਿਚ ਵੰਡ ਕੇ ਅਲੱਗ-ਅਲੱਗ ਕਮਰਿਆਂ ਵਿਚ ਬਿਠਾ ਦਿੱਤਾ ਗਿਆ। ਇੱਕ ਕਮਰੇ ਵਿਚ ਹਾਸੇ ਦਾ ਪ੍ਰੋਗਰਾਮ ਲਾਇਆ ਗਿਆ ਸੀ ਤੇ ਇੱਕ ਵਿਚ ਆਮ ਜਿਹੀ ਚਰਚਾ ਸੁਣਾਈ ਗਈ। ਤੀਜੇ ਨਾਰਮਲ ਗਰੁੱਪ ਨੂੰ ਕੋਈ ਵੀ ਫ਼ਿਲਮ ਨਹੀਂ ਵਿਖਾਈ ਗਈ।  ਡਾ. ਐਵਰਿਲ ਨੇ ਅਖ਼ੀਰ ਨਤੀਜੇ ਕੱਢ ਕੇ ਦੱਸਿਆ ਕਿ ਹਰ ਕਿਸੇ ਦੇ ਦਿਲ ਦੀ ਧੜਕਣ ਵਧੀ ਹੋਈ ਲੱਭੀ। ਇਸ ਦੇ ਦੋ ਅਰਥ ਕੱਢੇ ਗਏ। ਅੱਗੋਂ ਆਉਣ ਵਾਲਾ ਮਾੜਾ ਸਮਾਂ ਦਿਲ ਦੀ ਧੜਕਣ ਵਧਾ ਦਿੰਦਾ ਹੈ। ਦੂਜਾ ਨੁਕਤਾ ਇਹ ਸੁਝਾਇਆ ਗਿਆ ਕਿ ਭਾਵੇਂ ਹੱਸਣ ਵਾਲਿਆਂ ਦੇ ਚਿਹਰੇ ਉੱਤੇ ਘਬਰਾਹਟ ਘੱਟ ਦਿਸੀ, ਇਸੇ ਲਈ ਹੋ ਸਕਦਾ ਹੈ ਕਿ ਬੇਤਹਾਸ਼ਾ ਹੱਸਣ ਸਦਕਾ ਦਿਲ ਦੀ ਧੜਕਣ ਕੁੱਝ ਸਮੇਂ ਲਈ ਵਧ ਗਈ ਹੋਵੇ। ਇਹ ਇਸ ਲਈ ਸੋਚਿਆ ਗਿਆ ਕਿਉਂਕਿ ਕੁੱਝ ਸਮੇਂ ਬਾਅਦ ਚੈੱਕਅੱਪ ਕਰਨ ਉੱਤੇ ਹੱਸਣ ਵਾਲਿਆਂ ਦੀ ਧੜਕਣ ਛੇਤੀ ਨਾਰਮਲ ਹੋਈ ਲੱਭੀ।

ਇਸ ਤੋਂ ਬਾਅਦ ਕਿਸੇ ਹੋਰ ਡਾਕਟਰ ਵੱਲੋਂ ਖੋਜ ਅੱਗੇ ਤੋਰੀ ਗਈ। ਉਸ ਵਿਚ ਸਰੀਰ ਅੰਦਰਲੇ ਤਣਾਅ ਦੇ ਹਾਰਮੋਨ ਮਾਪੇ ਗਏ। ਉਸ ਵਾਸਤੇ 20 ਔਰਤਾਂ ਚੁਣੀਆਂ ਗਈਆਂ ਜਿਨ੍ਹਾਂ ਨੂੰ ਚਾਰ ਵੱਖੋ ਵੱਖਰੀਆਂ ਫ਼ਿਲਮਾਂ ਵਿਖਾਈਆਂ ਗਈਆਂ। ਪਹਿਲੀ ਫ਼ਿਲਮ ਵਿਚ ਸਿਰਫ਼ ਕੁਦਰਤੀ ਵਧੀਆ ਥਾਂਵਾਂ ਦਿਖਾਈਆਂ ਗਈਆਂ। ਦੂਜੀ ਬਹੁਤ ਹਾਸੇ ਵਾਲੀ ਸੀ। ਤੀਜੀ ਜੰਗ ਫ਼ਿਲਮ ਵਲੂੰਧਰ ਦੇਣ ਵਾਲੀ ਸੀ। ਚੌਥੀ ਫ਼ਿਲਮ ਡਰਾਉਣ ਵਾਲੀ ਸੀ। ਹਰ ਫ਼ਿਲਮ ਵਿਖਾਉਣ ਤੋਂ 90 ਮਿੰਟ ਪਹਿਲਾਂ ਪਿਸ਼ਾਬ ਵਿਚਲੇ ਹਾਰਮੋਨਾਂ ਦਾ ਟੈਸਟ ਕੀਤਾ ਗਿਆ। ਫਿਰ ਫ਼ਿਲਮ ਵਿਖਾਉਣ ਤੋਂ 90 ਮਿੰਟ ਬਾਅਦ ਦਾ ਵੀ ਟੈਸਟ ਕੀਤਾ ਗਿਆ।

    ਕੁਦਰਤੀ ਖ਼ੂਬਸੂਰਤੀ ਵਾਲੀ ਫ਼ਿਲਮ ਵੇਖਣ ਤੋਂ ਬਾਅਦ ਪਿਸ਼ਾਬ ਵਿਚਲੇ ਐਪੀਨੈਫਰੀਨ ਹਾਰਮੋਨ ਘਟੇ ਹੋਏ ਲੱਭੇ। ਜੰਗ ਵਾਲੀ ਫ਼ਿਲਮ ਵੇਖਣ ਤੋਂ ਬਾਅਦ ਵਧੇ ਹੋਏ ਸਨ। ਡਰਾਵਣੀ ਫ਼ਿਲਮ ਵੇਖਣ ਤੋਂ ਬਾਅਦ ਕੁੱਝ ਹੋਰ ਵਧੇ ਹੋਏ ਸਨ ਪਰ ਕਮਾਲ ਇਹ ਸੀ ਕਿ ਹਾਸੇ ਵਾਲੀ ਫ਼ਿਲਮ ਵੇਖਣ ਤੋਂ ਬਾਅਦ ਵੀ ਹਾਰਮੋਨ ਕਾਫ਼ੀ ਵਧੇ ਹੋਏ ਮਿਲੇ।

ਇਹ ਸਾਰੀਆਂ ਔਰਤਾਂ ਬਿਲਕੁਲ ਨਾਰਮਲ ਸਨ ਤੇ ਕਿਸੇ ਨੂੰ ਵੀ ਕੋਈ ਬੀਮਾਰੀ ਨਹੀਂ ਸੀ। ਇਸ ਖੋਜ ਤੋਂ ਬਾਅਦ ਇਹ ਨਤੀਜਾ ਕੱਢਿਆ ਗਿਆ ਕਿ ਕਿਸੇ ਵੀ ਤਰ੍ਹਾਂ ਦੇ ਜਜ਼ਬਾਤ ਹਾਰਮੋਨ ਵਧਾ ਦਿੰਦੇ ਹਨ। ਇਸ ਖੋਜ ਉੱਤੇ ਬਹੁਤ ਕਿੰਤੂ ਪਰੰਤੂ ਹੋਏ ਕਿਉਂਕਿ ਸਿਰਫ਼ ਔਰਤਾਂ ਸ਼ਾਮਲ ਕੀਤੀਆਂ ਗਈਆਂ ਸਨ ਤੇ ਗਿਣਤੀ ਵੀ ਬਹੁਤ ਘੱਟ ਸੀ। ਇਸੇ ਲਈ ਇੱਕ ਵੱਡੀ ਪੱਧਰ ਉੱਤੇ ਖੋਜ ਸ਼ੁਰੂ ਕੀਤੀ ਗਈ ਜਿਸ ਵਿਚ ਲਹੂ ਵਿਚਲੀ ਹਾਰਮੋਨਾਂ ਦੀ ਮਾਤਰਾ ਮਾਪੀ ਗਈ। ਇਨ੍ਹਾਂ ਹਜ਼ਾਰਾਂ ਲੋਕਾਂ ਦੇ ਇਸੇ ਹੀ ਤਰ੍ਹਾਂ ਯਾਨੀ ਚਾਰੋਂ ਕਿਸਮਾਂ ਦੀਆਂ ਫ਼ਿਲਮਾਂ ਵਿਖਾਉਣ ਤੋਂ ਪਹਿਲਾਂ, ਉਸ ਦੇ ਦੌਰਾਨ ਅਤੇ ਬਾਅਦ ਵਿਚ ਤਣਾਓ ਦੇ ਹਾਰਮੋਨ ਮਾਪਣ ਲਈ ਲਹੂ ਦੇ ਸੈਂਪਲ ਲਏ ਗਏ। ਇਸ ਵਿਚ ਕੌਰਟੀਸੋਲ, ਗਰੋਥ ਹਾਰਮੋਨ, ਡੋਪਾਮੀਨ, ਪ੍ਰੋਲੈਕਟਿਨ, ਐਪੀਨੈਫਰੀਨ, ਨੋਰ ਐਪੀਨੈਫਰੀਨ ਆਦਿ ਮਾਪੇ ਗਏ।

ਇਸ ਵੱਡੀ ਖੋਜ, ਜਿਸ ਵਿਚ ਹਜ਼ਾਰਾਂ ਲੋਕ ਸ਼ਾਮਲ ਸਨ, ਰਾਹੀਂ ਪਤਾ ਲੱਗਿਆ ਕਿ ਹਾਸੇ ਵਾਲੀ ਫ਼ਿਲਮ ਵੇਖਣ ਤੋਂ ਬਾਅਦ ਤਣਾਓ ਦੇ ਸਾਰੇ ਹਾਰਮੋਨ ਘਟ ਚੁੱਕੇ ਸਨ, ਜੋ ਕਾਫ਼ੀ ਦੇਰ ਤੱਕ ਘਟੇ ਰਹੇ। ਸਿਰਫ਼ ਹਾਰਮੋਨ ਹੀ ਨਹੀਂ ਘਟੇ ਬਲਕਿ ਇਮਿਊਨ ਸਿਸਟਮ ਵਿਚ ਰਵਾਨੀ ਵੀ ਹੋਈ ਲੱਭੀ। ਇਸ ਖੋਜ ਵਿਚ ਔਰਤਾਂ ਅਤੇ ਪੁਰਸ਼ ਬਰਾਬਰ ਗਿਣਤੀ ਵਿਚ ਸ਼ਾਮਲ ਕੀਤੇ ਗਏ ਸਨ, ਪਰ ਬਾਕੀ ਫ਼ਿਲਮਾਂ ਵੇਖਣ ਤੋਂ ਬਾਅਦ ਹਾਰਮੋਨ ਘਟੇ ਹੋਏ ਨਹੀਂ ਲੱਭੇ।

ਇੱਕ ਹੋਰ ਵੱਡੀ ਖੋਜ ਰਾਹੀਂ ਸਪਸ਼ਟ ਕੀਤਾ ਗਿਆ ਕਿ ਖੁੱਲ ਕੇ ਹੱਸਣ ਨਾਲ ਪੱਠਿਆਂ ਦੀ ਵਧੀਆ ਕਸਰਤ ਹੋ ਜਾਂਦੀ ਹੈ ਜਿਸ ਨਾਲ ਦਿਲ ਦੀ ਧੜਕਣ ਵਧ ਜਾਂਦੀ ਹੈ, ਸਾਹ ਤੇਜ਼ ਤੇ ਡੂੰਘਾ ਹੋ ਜਾਂਦਾ ਹੈ ਅਤੇ ਸਰੀਰ ਅੰਦਰ ਵੱਧ ਆਕਸੀਜਨ ਖਿੱਚੀ ਜਾਂਦੀ ਹੈ। ਕੁੱਝ ਚਿਰ ਬਾਅਦ ਸਰੀਰ ਦੇ ਪੱਠੇ ਢਿੱਲੇ ਪੈ ਜਾਂਦੇ ਹਨ ਅਤੇ ਤਣਾਓ ਦੇ ਹਾਰਮੋਨ ਬਾਹਰ ਨਿਕਲ ਜਾਣ ਨਾਲ ਦਿਲ ਦੀ ਧੜਕਣ ਝੱਟ ਨਾਰਮਲ ਹੋ ਜਾਂਦੀ ਹੈ, ਸਾਹ ਵੀ ਨਾਰਮਲ ਹੋ ਜਾਂਦਾ ਹੈ ਅਤੇ ਬਲੱਡ ਪ੍ਰੈੱਸ਼ਰ ਵੀ ਠੀਕ ਹੋ ਜਾਂਦਾ ਹੈ। ਸਭ ਤੋਂ ਕਮਾਲ ਦੀ ਗੱਲ ਇਹ ਦਿਸੀ ਕਿ ਬੀਮਾਰੀਆਂ ਨਾਲ ਲੜਨ ਵਾਲਾ ਇਮਿਊਨ ਸਿਸਟਮ ਕਾਫ਼ੀ ਦੇਰ ਤੱਕ ਰਵਾਂ ਰਹਿਣ ਅਤੇ ਇਮਿਊਨਿਟੀ ਵਧਾਉਣ ਵਿਚ ਰੁੱਝਿਆ ਰਿਹਾ ਲੱਭਿਆ।

ਇਹ ਖੋਜ ਇੰਡਿਆਨਾ ਸਟੇਟ ਯੂਨੀਵਰਸਿਟੀ ਵਿਖੇ ਕੀਤੀ ਗਈ ਸੀ ਤੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਛਾਪੀ ਗਈ। ਇਸ ਖੋਜ ਦੇ ਅੰਤ ਵਿਚ ਇਹ ਨੁਕਤਾ ਲਿਖਿਆ ਸੀ ਕਿ ਖੁੱਲ੍ਹ ਕੇ ਹੱਸਣਾ ਹੁਣ ਆਮ ਲੋਕ ਭੁੱਲ ਹੀ ਚੁੱਕੇ ਹਨ ਅਤੇ ਵਾਧੂ ਤਣਾਅ ਹੇਠ ਬੀਮਾਰੀਆਂ ਸਹੇੜ ਰਹੇ ਹਨ। ਰੋਜ਼ ਹੱਸਣ ਨਾਲ ਜਿੱਥੇ ਤਣਾਅ ਘਟਾਇਆ ਜਾ ਸਕਦਾ ਹੈ, ਉੱਥੇ ਸਰੀਰ ਦੀਆਂ ਬੀਮਾਰੀਆਂ ਨਾਲ ਲੜਨ ਦੀ ਤਾਕਤ ਵੀ ਵਧਾਈ ਜਾ ਸਕਦੀ ਹੈ।

ਯੂਰੋਪੀਅਨ ਸੋਸਾਇਟੀ ਔਫ਼ ਕਾਰਡੀਓਲੋਜੀ ਵੱਲੋਂ ਪੈਰਿਸ ਵਿਚ ਕਈ ਖੋਜਾਂ ਦੌਰਾਨ ਜੋ ਤੱਥ ਸਾਹਮਣੇ ਆਏ ਸਨ, ਜਗ ਜ਼ਾਹਰ ਕੀਤੇ ਗਏ, ਇਹ ਸਨ :

  1. ਹੱਸਣ ਨਾਲ ਸਕਾਰਾਤਮਕ ਊਰਜਾ ਉਪਜਦੀ ਹੈ, ਜੋ ਸੋਚ ਵੀ ਸਾਰਥਕ ਕਰ ਦਿੰਦੀ ਹੈ।
  2. ਹੱਸਣ ਨਾਲ ਗੁੱਸੇ ਦੇ ਦੌਰੇ ਲਗਭਗ ਨਾ-ਬਰਾਬਰ ਹੋ ਜਾਂਦੇ ਹਨ ਤੇ ਗੁੱਸੇ ਤੋਂ ਉਤਪੰਨ ਹੁੰਦੀਆਂ ਬੀਮਾਰੀਆਂ ਤੋਂ ਵੀ ਬਚਾਓ ਹੋ ਜਾਂਦਾ ਹੈ।
  3. ਕੰਮ ਕਰਨ ਦੌਰਾਨ ਹੁੰਦਾ ਤਣਾਓ ਵੀ ਹੱਸਣ ਨਾਲ ਘਟਿਆ ਹੋਇਆ ਲੱਭਿਆ।
  4. ਹਾਰਟ ਅਟੈਕ ਦਾ ਖ਼ਤਰਾ ਵੀ ਕਾਫ਼ੀ ਘੱਟ ਹੋ ਜਾਂਦਾ ਹੈ। ਜਿਸ ਪ੍ਰੈਸ ਕਾਨਫਰੰਸ ਦੌਰਾਨ ਇਨ੍ਹਾਂ ਖੋਜਾਂ ਦਾ ਡਾਕਟਰਾਂ ਨੇ ਖੁਲਾਸਾ ਕੀਤਾ, ਉਸ ਦਾ ਸਿਰਲੇਖ ‘ਡੌਂਟ ਵਰੀ, ਬੀ ਹੈਪੀ’ (ਫ਼ਿਕਰ ਛੱਡੋ, ਖ਼ੁਸ਼ ਰਹੋ) ਰੱਖਿਆ ਸੀ।

ਬਾਲਟੀਮੋਰ ਦੇ ਯੂਨੀਵਰਸਿਟੀ ਔਫ਼ ਮੈਰੀਲੈਂਡ ਮੈਡੀਕਲ ਸਕੂਲ ਦੇ ਡਾ. ਮਾਈਕਲ ਮਿੱਲਰ ਨੇ ਹੱਸਣ ਦੀ ਕਿਰਿਆ ਨਾਲ ਲਹੂ ਦੀਆਂ ਨਾੜੀਆਂ ਦੀ ਅੰਦਰਲੀ ਪਰਤ (ਐਂਡੋਥੀਲੀਅਮ) ਦਾ ਨਿਰੀਖਣ ਕਰਨ ਤੋਂ ਬਾਅਦ ਦੱਸਿਆ ਕਿ ਹੱਸਣ ਨਾਲ ਇਸ ਪਰਤ ਦੀ ਟੁੱਟ-ਫੁੱਟ ਘੱਟ ਹੁੰਦੀ ਹੈ, ਜੋ ਦਿਲ ਸਿਹਤਮੰਦ ਰੱਖਣ ’ਚ ਸਹਾਈ ਹੁੰਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੌਜੂਦਾ ਖੋਜ ਤੋਂ ਪਹਿਲਾਂ ਕਸਰਤ ਅਤੇ ਸੰਤੁਲਿਤ ਖ਼ੁਰਾਕ ਹੀ ਦਿਲ ਵਾਸਤੇ ਵਧੀਆ ਮੰਨੇ ਗਏ ਸਨ ਪਰ ਹੁਣ ਹਾਸੇ ਦਾ ਦਿਲ ਉੱਤੇ ਅਸਰ ਵੇਖ ਕੇ ਹਰ ਕਿਸੇ ਨੂੰ ਖੁੱਲ੍ਹ ਕੇ ਹੱਸਣ ਲਈ ਵੀ ਪਰਚੀ ਉੱਤੇ ਦਵਾਈ ਵਾਂਗ ਲਿਖ ਕੇ ਦੇਣਾ ਪਵੇਗਾ। ਨਕਲੀ ਹਾਸਾ ਵਧੀਆ ਅਸਰ ਨਹੀਂ ਵਿਖਾਉਂਦਾ ਸਗੋਂ ਖਿੜਖਿੜਾ ਕੇ ਹੱਸਣ ਨਾਲ ਹੀ ਵਧੀਆ ਅਸਰ ਦਿਸਦੇ ਹਨ। ਅੱਜ ਕੱਲ੍ਹ ਦੇ ਮਹੌਲ ਵਿਚ ਮੁਸਕੁਰਾਹਟ ਤੱਕ ਹੀ ਲੋਕ ਸੀਮਤ ਹੋ ਕੇ ਰਹਿ ਗਏ ਹਨ ਜਦਕਿ ਖਿੜਖਿੜਾ ਕੇ ਹੱਸਣ ਵਾਲੇ ਨੂੰ ਉਜੱਡ (ਮੂਰਖ) ਕਿਹਾ ਜਾਣ ਲੱਗ ਪਿਆ ਹੈ।

ਡਾ. ਮਿੱਲਰ ਨੇ ਮੀਡੀਆ ਸਾਹਮਣੇ ਆਪਣੀ ਖੋਜ ਦੀਆਂ ਬਾਰੀਕੀਆਂ ਰੱਖੀਆਂ ਅਤੇ ਸਮਝਾਇਆ ਕਿ ਕਿਵੇਂ ਹਾਸੇ ਵਾਲੀਆਂ ਫ਼ਿਲਮਾਂ ਜਾਂ ਛੋਟੇ ਪ੍ਰੋਗਰਾਮ ਦੌਰਾਨ ਸਰੀਰ ਅੰਦਰ ਖਿੜਖਿੜਾ ਕੇ ਹੱਸਣ ਨਾਲ ਲਹੂ ਦੀਆਂ ਨਾੜੀਆਂ ਵੀ ਸਿਹਤਮੰਦ ਹੋ ਜਾਂਦੀਆਂ ਹਨ। ਦਿਲ ਨੂੰ ਵਲੂੰਧਰ ਦੇਣ ਵਾਲੇ ਹਾਦਸੇ ਜਾਂ ਫ਼ਿਲਮਾਂ ਵੇਖਣ ਨਾਲ ਲਹੂ ਦੀਆਂ ਨਾੜੀਆਂ 30 ਤੋਂ 50 ਫੀਸਦੀ ਤੱਕ ਸੁੰਗੜੀਆਂ ਹੋਈਆਂ ਲੱਭੀਆਂ। ਇਸ ਦੇ ਉਲਟ, ਖਿੜਖਿੜਾ ਕੇ ਹੱਸਣ ਤੋਂ ਬਾਅਦ ਨਸਾਂ ਪੂਰੀ ਤਰ੍ਹਾਂ ਖੁੱਲ ਗਈਆਂ।

ਕਮਾਲ ਤਾਂ ਇਹ ਵੇਖਿਆ ਗਿਆ ਕਿ ਰੋਣ ਤੋਂ ਬਾਅਦ ਜਦੋਂ ਉਨ੍ਹਾਂ ਸਾਰਿਆਂ ਨੂੰ ਖੁੱਲ੍ਹ ਕੇ ਹਸਾਇਆ ਗਿਆ ਤਾਂ ਸੁੰਗੜੀਆਂ ਹੋਈਆਂ ਨਾੜੀਆਂ ਝੱਟ ਫੈਲ ਗਈਆਂ। ਡਾ. ਮਿੱਲਰ ਨੇ ਇਹ ਵੀ ਸਪਸ਼ਟ ਕੀਤਾ ਕਿ ਸੁੰਗੜੀਆਂ ਹੋਈਆਂ ਨਾੜੀਆਂ ਅੰਦਰ ਲਗਭਗ ਇੱਕ ਘੰਟੇ ਤੱਕ ਲਹੂ ਦਾ ਵਹਾਓ ਘਟਿਆ ਰਹਿੰਦਾ ਹੈ ਯਾਨੀ ਰੋਣ ਨਾਲ ਜਾਂ ਤਣਾਅ ਨਾਲ ਹਾਰਟ ਅਟੈਕ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ। ਦੂਜੇ ਪਾਸੇ ਖਿੜਖਿੜਾ ਕੇ ਹੱਸਣ ਨਾਲ ਖੁੱਲੀਆਂ ਨਾੜੀਆਂ 24 ਘੰਟਿਆਂ ਤੱਕ ਵੀ ਬਥੇਰਿਆਂ ਵਿਚ ਖੁੱਲੀਆਂ ਹੋਈਆਂ ਹੀ ਲੱਭੀਆਂ। ਇਹ ਅਸਰ ਸਟੈਟਿਨ ਦਵਾਈਆਂ ਜਾਂ ਤਗੜੀ ਕਸਰਤ ਜਿੰਨਾ ਹੀ ਵਧਿਆ ਲੱਭਿਆ। ਫ਼ਰਕ ਸਿਰਫ਼ ਏਨਾ ਸੀ ਕਿ ਕਸਰਤ ਪੂਰੀ ਇੱਕ ਘੰਟੇ ਦੀ ਕੀਤੀ ਗਈ ਸੀ ਤੇ ਹੱਸਿਆ ਸਿਰਫ਼ 10 ਤੋਂ 15 ਮਿੰਟ ਹੀ ਗਿਆ ਸੀ। ਅਸਰ ਇੱਕੋ ਜਿੰਨਾ ਵਧਿਆ ਸੀ।

ਫਿਨਲੈਂਡ ਦੀ ਯੂਨੀਵਰਸਿਟੀ ਦੇ ਡਾ. ਟੀਅ ਲਾਲੂਕਾ ਨੇ ਇੱਕ ਵੱਖ ਖੋਜ ਰਾਹੀਂ ਸਪਸ਼ਟ ਕੀਤਾ ਸੀ ਕਿ ਹਰ ਰੋਜ਼ ਤਿੰਨ ਘੰਟੇ ਓਵਰਟਾਈਮ ਕੰਮ ਕਰਨ ਨਾਲ ਦਿਲ ਦੇ ਰੋਗ ਅਤੇ ਹਾਰਟ ਅਟੈਕ ਦਾ ਖ਼ਤਰਾ ਚਾਰ ਗੁਣਾ ਵੱਧ ਹੋ ਜਾਂਦਾ ਹੈ। ਇਟਲੀ ਦੇ ਪੀਸਾ ਦੇ ਇੰਸਟੀਚਿਊਟ ਔਫ਼ ਕਲਿਨੀਕਲ ਫ਼ਿਜ਼ਿਓਲੋਜੀ ਦੇ ਡਾ. ਫਰੈਂਕੋ ਬੋਨਾਗਾਈਡੀ ਨੇ 228 ਉਨ੍ਹਾਂ ਲੋਕਾਂ ਉੱਤੇ ਖੋਜ ਕੀਤੀ ਜਿਨ੍ਹਾਂ ਨੂੰ ਓਵਰਟਾਈਮ ਸਦਕਾ ਹਾਰਟ ਅਟੈਕ ਹੋ ਚੁੱਕਿਆ ਸੀ। ਇਨ੍ਹਾਂ ਮਰੀਜ਼ਾਂ ਦਾ 10 ਸਾਲ ਲਗਾਤਾਰ ਖੋਜ ਅਧੀਨ ਚੈੱਕਅੱਪ ਕੀਤਾ ਜਾਂਦਾ ਰਿਹਾ। ਇਨ੍ਹਾਂ ਵਿੱਚੋਂ ਜਿਹੜੇ ਹਰ ਰੋਜ਼ ਕੁੱਝ ਚਿਰ ਖੁੱਲ੍ਹ ਕੇ ਹੱਸਦੇ ਰਹਿੰਦੇ ਸਨ, ਉਨ੍ਹਾਂ ਵਿੱਚੋਂ 78.5 ਫੀਸਦੀ ਲੋਕਾਂ ਨੂੰ ਦੁਬਾਰਾ ਦਿਲ ਦੇ ਰੋਗ ਨਹੀਂ ਹੋਏ, ਪਰ ਘਬਰਾਹਟ ਵਿਚ ਰਹਿੰਦੇ ਲੋਕਾਂ ਵਿੱਚੋਂ 57.4 ਫੀਸਦੀ ਨੂੰ ਜਾਂ ਤਾਂ ਦੁਬਾਰਾ ਹਾਰਟ ਅਟੈਕ ਹੋ ਗਿਆ ਜਾਂ ਲਗਾਤਾਰ ਛਾਤੀ ਵਿਚ ਪੀੜ ਹੁੰਦੀ ਰਹੀ ਜਾਂ ਅਪਰੇਸ਼ਨ ਕਰਵਾਉਣ ਦੀ ਨੌਬਤ ਵੀ ਆਈ।

ਡਾ. ਫਰੈਂਕੋ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਲੋੜੋਂ ਵੱਧ ਖਾਣ ਤੇ ਕਸਰਤ ਨਾ ਕਰਨ ਦੇ ਜਿੰਨੇ ਮਾੜੇ ਅਸਰ ਕੁੱਝ ਸਾਲਾਂ ਬਾਅਦ ਦਿਸਣੇ ਹੁੰਦੇ ਹਨ, ਓਨੇ ਮਾੜੇ ਅਸਰ ਤਣਾਓ ਨਾਲ ਕੁੱਝ ਘੰਟਿਆਂ ਜਾਂ ਦਿਨਾਂ ਵਿਚ ਦਿੱਸ ਪੈਂਦੇ ਹਨ। ਇਨ੍ਹਾਂ ਮਾੜੇ ਅਸਰਾਂ ਤੋਂ ਬਚਣ ਲਈ ਖਿੜਖਿੜਾ ਕੇ ਕੁੱਝ ਮਿੰਟ ਰੋਜ਼ ਹੱਸਣ ਦੀ ਲੋੜ ਹੁੰਦੀ ਹੈ।

ਅਸਟ੍ਰੇਲੀਆ ਦੇ ਰੋਇਲ ਮੈਲਬੋਰਨ ਹਸਪਤਾਲ ਦੇ ਡਾ. ਬਾਰਬਰਾ ਮਰਫ਼ੀ ਨੇ ਅਸਟ੍ਰੇਲੀਆ ਵਿਚ ‘ਬੀਟਿੰਗ ਹਾਰਟ ਪ੍ਰਾਬਲਮ’ ਪ੍ਰੋਗਰਾਮ ਅਧੀਨ ਲੋਕਾਂ ਦੇ ਅੱਠ ਸੈਸ਼ਨ ਤਿਆਰ ਕੀਤੇ ਜਿਸ ਤਹਿਤ ਦਿਲ ਦੇ ਰੋਗਾਂ (ਹਾਰਟ ਅਟੈਕ ਅਤੇ ਦਿਲ ਦੀ ਹੋ ਚੁੱਕੀ ਸਰਜਰੀ ਵਾਲੇ) ਦੇ ਮਰੀਜ਼ਾਂ ਨੂੰ ਢਹਿੰਦੀ ਕਲਾ ਅਤੇ ਤਣਾਓ ਤੋਂ ਬਾਹਰ ਕੱਢਣ ਲਈ ਰੋਜ਼ ਕੁੱਝ ਮਿੰਟ ਖਿੜਖਿੜਾ ਕੇ ਹੱਸਣਾ ਸਿਖਾਇਆ। ਕੁੱਲ ਚਾਰ ਮਹੀਨਿਆਂ ਬਾਅਦ ਹੀ ਉਨ੍ਹਾਂ ਮਰੀਜ਼ਾਂ ਦੀ ਢਹਿੰਦੀ ਕਲਾ ਬਿਲਕੁਲ ਠੀਕ ਹੋ ਗਈ; ਬੌਧਿਕ ਵਿਕਾਸ ਹੋਇਆ ਲੱਭਿਆ; ਯਾਦਦਾਸ਼ਤ ਦਰੁਸਤ ਹੋਈ; ਢਿੱਡ ਦੁਆਲਿਓਂ ਮੋਟਾਪਾ ਘਟਿਆ ਹੋਇਆ ਲੱਭਿਆ; ਰੋਜ਼ ਦੀ ਸੈਰ ਦਾ ਰੂਟੀਨ ਬੱਝ ਗਿਆ ਅਤੇ ਕੋਲੈਸਟਰੋਲ ਵੀ ਕਾਬੂ ਵਿਚ ਹੋ ਗਿਆ। ਇੱਕ ਸਾਲ ਤੋਂ ਬਾਅਦ ਜਦੋਂ ਇਹ ਮਰੀਜ਼ ਦੁਬਾਰਾ ਚੈੱਕਅੱਪ ਕਰਨ ਲਈ ਸੱਦੇ ਗਏ ਤਾਂ ਲਗਭਗ ਸਾਰਿਆਂ ਦੀ ਹੀ ਸਿਹਤ ਪਹਿਲਾਂ ਨਾਲੋਂ ਬਹੁਤ ਬਿਹਤਰ ਸੀ।

ਇਨ੍ਹਾਂ ਸਾਰੀਆਂ ਖੋਜਾਂ ਤੋਂ ਬਾਅਦ ਹੁਣ ਇੱਕ ਗੱਲ ਸਪਸ਼ਟ ਰੂਪ ’ਚ ਸਾਹਮਣੇ ਆ ਚੁੱਕੀ ਹੈ ਕਿ ਤਣਾਓ, ਸਾਡੀ ਜ਼ਿੰਦਗੀ ਛੋਟੀ ਕਰ ਰਿਹਾ ਹੈ। ਕੰਮ ਕਾਰ ਦੇ ਰੁਝੇਵਿਆਂ ਵਿਚ ਸਾਡਾ ਹਾਸਾ ਗੁਆਚ ਚੁੱਕਿਆ ਹੈ। ਇਸੇ ਲਈ ਦੁਨੀਆ ਦੇ ਚੋਟੀ ਦੇ ਡਾਕਟਰਾਂ ਨੇ ਲੰਮੀ ਤੇ ਸਿਹਤਮੰਦ ਜ਼ਿੰਦਗੀ ਦਾ ਰਾਜ਼ ਦੁਨੀਆ ਦੇ ਸਾਹਮਣੇ ਰੱਖ ਦਿੱਤਾ ਹੈ ਅਤੇ ਉਹ ਹੈ-ਰੋਜ਼ 10 ਤੋਂ 15 ਮਿੰਟ ਖਿੜਖਿੜਾ ਕੇ ਹੱਸਣਾ !

ਫਿਰ ਦੇਰ ਕਾਹਦੀ ? ਝਟਪਟ ਸ਼ੀਸ਼ੇ ਸਾਹਮਣੇ ਖੜ੍ਹੇ ਹੋਵੋ ਤੇ ਆਪਣੇ ਖ਼ੂਬਸੂਰਤ ਚਿਹਰੇ ਨੂੰ ਨਿਹਾਰ ਕੇ ਪਿਆਰੀ ਜਿਹੀ ਮੁਸਕਾਨ ਬਿਖੇਰੋ ਅਤੇ ਹੋ ਜਾਓ ਖਿੜਖਿੜਾ ਕੇ ਹੱਸਣਾ ਸ਼ੁਰੂ ! ਵੇਖੋ ਕਿੰਨੀ ਪਿਆਰੀ ਜ਼ਿੰਦਗੀ ਤੁਹਾਡੀ ਉਡੀਕ ਕਰਦੀ ਲੱਭੇਗੀ !

ਸਾਰ :-

ਖੋਜ ਇੱਕ ਨਿਰੰਤਰ ਵਗਦਾ ਦਰਿਆ ਹੁੰਦਾ ਹੈ। ਹੁਣ ਤੱਕ ਦੀਆਂ ਖੋਜਾਂ ਨੇ ਖਿੜਖਿੜਾ ਕੇ ਹੱਸਣ ਨੂੰ ਬਿਹਤਰੀਨ ਦਵਾਈ ਵਜੋਂ ਸਾਬਤ ਕਰ ਦਿੱਤਾ ਹੈ। ਅਜੇ ਹੋਰ ਖੋਜਾਂ ਜਾਰੀ ਹਨ। ਵੇਖੀਏ ਹੋਰ ਕਿਹੜੇ ਨਵੇਂ ਤੱਥ ਸਾਹਮਣੇ ਆਉਂਦੇ ਹਨ। ਗੁਰਬਾਣੀ ਵੀ ਇਹੀ ਉਪਦੇਸ਼ ਕਰਦੀ ਪਈ ਹੈ ਕਿ ‘‘ਬੰਦੇਖੋਜੁ ਦਿਲ ਹਰ ਰੋਜ; ਨਾ ਫਿਰੁ ਪਰੇਸਾਨੀ ਮਾਹਿ ’’ (ਭਗਤ ਕਬੀਰ ਜੀ/੭੨੭)

ਗੁਰਮਤਿ ਬਨਾਮ ਗੁਰਬਾਣੀ

0

ਗੁਰਮਤਿ ਬਨਾਮ ਗੁਰਬਾਣੀ

ਗਿਆਨੀ ਅਵਤਾਰ ਸਿੰਘ

ਗੁਰਮਤਿ ਤੋਂ ਭਾਵ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਦਾ ਰੱਬ ਅਤੇ ਸੰਸਾਰ ਬਾਰੇ ਨਜ਼ਰੀਆ ਹੈ ਅਤੇ ਗੁਰਬਾਣੀ ਤੋਂ ਭਾਵ ਮਨੁੱਖ ਜਾਤੀ ਦੇ ਕਲਿਆਣ ਲਈ ਗੁਰਮਤਿ ਨੂੰ ਲਿਖਤ ਰੂਪ ਦਿੰਦਿਆਂ ਅਨੇਕਾਂ ਸਮਾਜਿਕ ਤੱਥ ਭੀ ਇਸ ਵਿੱਚ ਸ਼ਾਮਲ ਕਰਨਾ ਹੈ। ਇਨ੍ਹਾਂ ਤੱਥਾਂ ’ਚ ਸ਼ਾਮਲ ਹਨ ‘ਸਮਾਜਿਕ ਗਿਆਨ/ਵਿਗਿਆਨ, ਰਵਾਇਤੀ ਧਾਰਮਿਕ ਨਿਯਮ/ਕਰਮ, ਮਿਥਿਹਾਸ (ਯਾਨੀ ਕਾਲਪਨਿਕ ਕਥਾਵਾਂ), ਮੁਹਾਵਰੇ/ਦੰਦ ਕਥਾਵਾਂ, ਅਲੰਕਾਰ ਆਦਿਕ।’

ਗੁਰਬਾਣੀ ਨੂੰ ਨਿਰੰਤਰ ਪੜ੍ਹਨ ਵਾਲ਼ੇ ਗੁਰਸਿੱਖ ਅੰਦਰ ਭੀ ਅਕਸਰ ਇਹ ਦੁਬਿਧਾ ਵੇਖੀ ਗਈ ਹੈ ਕਿ ਜੇਕਰ ਸਾਰੇ ਕੰਮ ਰੱਬ ਕਰਦਾ ਹੈ ਤਾਂ ਗੁਰਬਾਣੀ ਅੰਦਰ ਮਨੁੱਖ ਨੂੰ ਵਾਰ-ਵਾਰ ਕਿਉਂ ਤਾੜਨਾ ਕੀਤੀ ਗਈ ਹੈ ਜਾਂ ਜੇਕਰ ਸਭ ਕੁੱਝ ਮਨੁੱਖ ਨੇ ਕਰਨਾ ਹੈ ਤਾਂ ਰੱਬ; ਸਾਰੇ ਕਾਰਜ ਕਰਨ ਵਾਲ਼ਾ ਕਿਵੇਂ ਹੋਇਆ ? ਕੁੱਝ ਮਨਮਤੀ ਲੋਕ ਤਾਂ ਇੱਥੋਂ ਤੱਕ ਕਹਿੰਦੇ ਭੀ ਸੁਣੇ ਗਏ ਕਿ ਗੁਰਬਾਣੀ; ਅਸਲ ਸਚਿਆਈ ਹੈ, ਪਰ ਗੁਰੂ ਸਾਹਿਬਾਨ ਦੀ ਸੋਚ (ਯਾਨੀ ਕਿ ਗੁਰਮਤਿ) ਨੇ ਆਪਣਾ ਉੱਤਰਾਧਿਕਾਰੀ ਚੁਣਨ ਲੱਗਿਆਂ ਕੁੱਝ ਗ਼ਲਤੀਆਂ ਕੀਤੀਆਂ ਹਨ। ਸੋ ਇਨ੍ਹਾਂ ਭੁਲੇਖਿਆਂ ਨੂੰ ਦੂਰ ਕਰਨ ਲਈ ਹਥਲਾ ਵਿਸ਼ਾ ‘ਗੁਰਮਤਿ ਬਨਾਮ ਗੁਰਬਾਣੀ’ ਵਿਚਾਰਨਾ ਜ਼ਰੂਰੀ ਸਮਝਿਆ ਹੈ।

ਦੁਨਿਆਵੀ ਵਿਦਿਅਕ ਸਿਲੇਬਸ ਨੂੰ ਵੇਖਿਆਂ ਜਾਪਦਾ ਹੈ ਕਿ ਛੋਟੀਆਂ ਜਮਾਤਾਂ ਦੇ ਸਿਲੇਬਸ ’ਚ ਕਈ ਸਾਖੀਆਂ ਭੀ ਵਿਸਥਾਰ ਪੂਰਵਕ ਸ਼ਾਮਲ ਕੀਤੀਆਂ ਜਾਂਦੀਆਂ ਹਨ ਤਾਂ ਜੋ ਮੂਲ ਵਿਸ਼ਾ; ਬੱਚਿਆਂ ਦੀ ਪਕੜ ’ਚ ਲਿਆਂਦਾ ਜਾ ਸਕੇ, ਪਰ ਜਿਉਂ-ਜਿਉਂ ਬੱਚਾ ਉੱਚ ਸਿੱਖਿਆ ਦੀ ਪੜ੍ਹਾਈ ਕਰਦਾ ਹੈ; ਵਾਧੂ ਸਾਖੀਆਂ ਦੀ ਮਿਸਾਲ ਸੰਖੇਪ ਮਾਤਰ ਰਹਿ ਜਾਂਦੀ ਹੈ ਜਾਂ ਬਿਲਕੁਲ ਖ਼ਤਮ ਹੋ ਜਾਂਦੀ ਹੈ ਕਿਉਂਕਿ ਤਦ ਬੱਚਾ ਆਪਣੇ ਵਿਸ਼ੇ ਨੂੰ ਇਸ਼ਾਰੇ ਮਾਤਰ ਨਾਲ਼ ਸਮਝਣਯੋਗ ਹੋ ਚੁੱਕਿਆ ਹੁੰਦਾ ਹੈ। ਇਹੀ ਯੁਕਤੀ ਰੂਹਾਨੀਅਤ ਗਿਆਨ ਯਾਨੀ ਕਿ ਧਾਰਮਿਕ ਗ੍ਰੰਥਾਂ ’ਚ ਦਰਜ ਕੀਤੀ ਮਿਲਦੀ ਹੈ। ਗੁਰਮਤਿ; ਰੂਹਾਨੀਅਤ ਦਾ ਸਿਰਮੌਰ ਵਿਸ਼ਾ (ਪੜਾਅ) ਹੈ ਤਾਂ ਤੇ ਇਸ ਦੀ ਸੋਝੀ ਕਰਾਉਣ ਲਈ ਸਮਾਜਿਕ ਤੱਥ ਭੀ ਵਧੇਰੇ ਵਿਸਥਾਰ ਪੂਰਬਕ ਮਿਲਣਗੇ। ਗੁਰਮਤਿ ਅਤੇ ਗੁਰਬਾਣੀ ਦੀ ਇਸ ਵਿਭਿੰਨਤਾ ਬਾਰੇ ਨਾਸਮਝੀ ਹੀ ਦੁਬਿਧਾ ਦਾ ਕਾਰਨ ਬਣਦੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਅੰਦਰ ਛੇ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ। ਸਾਰੇ ਗੁਰੂ ਸਾਹਿਬਾਨ ਇੱਕੋ ‘ਨਾਨਕ ਜੋਤਿ’ ਹਨ ਯਾਨੀ ਰੂਹਾਨੀਅਤ ਬਲ, ਸਮਝ ਅਤੇ ਰਹਿਣੀ ਇੱਕੋ ਜਿਹੀ ਸੀ; ਜਿਵੇਂ ਕਿ ਪਾਵਨ ਵਚਨ ਹਨ ‘‘ਜੋਤਿ ਓਹਾ, ਜੁਗਤਿ ਸਾਇ; ਸਹਿ (ਨੇ) ਕਾਇਆ ਫੇਰਿ ਪਲਟੀਐ ’’ (ਬਲਵੰਡ ਸਤਾ/੯੬੬) ਅਰਥ : ਗੁਰੂ ਅੰਗਦ ਸਾਹਿਬ ਜੀ ਅੰਦਰ ਜੋਤਿ ਅਤੇ ਰਹਿਣੀ ਓਹੀ (ਗੁਰੂ ਨਾਨਕ ਸਾਹਿਬ ਜੀ ਵਾਲ਼ੀ) ਸੀ। ਅਸਲ ’ਚ ਗੁਰੂ ਨਾਨਕ ਪਾਤਿਸ਼ਾਹ ਨੇ ਗੁਰੂ ਅੰਗਦ ਸਾਹਿਬ ਦੇ ਰੂਪ ’ਚ ਆਪਣਾ ਸਰੀਰ ਹੀ ਬਦਲਿਆ ਹੈ। ਇਸ ਲਈ ਗੁਰੂ ਨਾਨਕ ਸਾਹਿਬ ਜੀ ਤੋਂ ਇਲਾਵਾ ਬਾਕੀ ਪੰਜ ਗੁਰੂ ਸਾਹਿਬਾਨ ਨੇ ਭੀ ਆਪਣੇ ਹਰ ਸ਼ਬਦ ਦੀ ਸਮਾਪਤੀ ’ਚ ਬਾਣੀਕਾਰ ਵਜੋਂ ‘ਨਾਨਕ’ ਸ਼ਬਦ ਹੀ ਦਰਜ ਕੀਤਾ ਹੈ।

ਗੁਰਬਾਣੀ ਮੁਤਾਬਕ ਰੱਬ; ਜੋਤਿ ਸਰੂਪ ’ਚ ਸਰਬ ਵਿਆਪਕ ਹੈ। ਰੱਬੀ ਜੋਤਿ ਵਰਗਾ ਨਿਰਮਲ (ਰੱਬ ਸਮਾਨ) ਰੂਪ ਹੀ ਸਰਗੁਣ ਵਜੋਂ ‘ਨਾਨਕ ਜੋਤਿ’ ਹੈ ‘‘ਜੋਤਿ ਰੂਪਿ ਹਰਿ ਆਪਿ; ਗੁਰੂ ਨਾਨਕੁ ਕਹਾਯਉ ’’ (ਭਟ ਮਥੁਰਾ/੧੪੦੮) ਤਾਹੀਓਂ ਮੰਨੇ ਜਾਂਦੇ ਸਤਿਯੁਗ ਤੋਂ ‘ਨਾਨਕ ਜੋਤਿ’ ਸੰਸਾਰ ’ਚ ਵਿਚਰਦੀ ਸਮਝਾਈ ਹੈ ‘‘ਸਤਜੁਗਿ ਤੈ ਮਾਣਿਓ; ਛਲਿਓ ਬਲਿ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ; ਰਾਮੁ ਰਘੁਵੰਸੁ ਕਹਾਇਓ ਦੁਆਪੁਰਿ (’) ਕ੍ਰਿਸਨ ਮੁਰਾਰਿ ਕਲਿਜੁਗਿ (’) ਪ੍ਰਮਾਣੁ ਨਾਨਕ; ਗੁਰੁ ਅੰਗਦੁ ਅਮਰੁ ਕਹਾਇਓ (ਭਟ ਕਲੵ/੧੩੯੦) ਹਥਲੇ ਵਿਸ਼ੇ ਦੀ ਅਗਾਂਹ ਵਿਚਾਰ ਕਰਦਿਆਂ ਕੋਈ ਸੰਦੇਹ ਨਾ ਉਪਜੇ, ਇਸ ਲਈ (ਨਾਨਕ ਜੋਤਿ ਬਾਰੇ) ਐਨਾ ਕੁ ਜਾਣਨਾ ਜ਼ਰੂਰੀ ਸੀ।

ਪਹਿਲੇ ਪੰਜ ਗੁਰੂ ਸਾਹਿਬਾਨ ਦੇ ਜੀਵਨ ਨਾਲ਼ ਸੰਬੰਧਿਤ ਗੁਰਬਾਣੀ ਅੰਦਰ ਸੱਤਾ ਬਲਵੰਡ ਜੀ ਦੀ ਇੱਕ ਵਾਰ ਹੈ, ਜਿਸ ਦੀਆਂ ਅੱਠ ਪਉੜੀਆਂ ਹਨ। ਬਲਵੰਡ ਜੀ ਨੇ ਤੀਜੀ ਪਉੜੀ ’ਚ ਗੁਰੂ ਅੰਗਦ ਸਾਹਿਬ ਜੀ ਬਾਰੇ ਕਿਹਾ ਕਿ ਉਨ੍ਹਾਂ ਨੇ ਮਰਦਾਂ ਵਾਲ਼ੀ ਘਾਲਣਾ ਘਾਲ਼ੀ ਤਾਹੀਓਂ ਗੁਰੂ ਨਾਨਕ ਸਾਹਿਬ ਜੀ ਦੇ ਦਰ ’ਤੇ ਪ੍ਰਵਾਨ ਹੋਏ ‘‘ਪਏ ਕਬੂਲੁ ਖਸੰਮ ਨਾਲਿ; ਜਾਂ ਘਾਲ ਮਰਦੀ ਘਾਲੀ ’’ (ਬਲਵੰਡ ਸਤਾ/੯੬੭) ਅਤੇ ਗੁਰੂ ਅਮਰਦਾਸ ਜੀ ਬਾਰੇ ਸੱਤਾ ਜੀ ਨੇ ਛੇਵੀਂ ਪਉੜੀ ’ਚ ਕਿਹਾ ਕਿ ਉਨ੍ਹਾਂ ਨੇ ਮੇਰੂ-ਪਰਬਤ (ਵਾਙ ਆਪਣੀ ਉੱਚੀ ਸੁਰਤਿ) ਨੂੰ ਮਧਾਣੀ ਬਣਾ ਆਪਣਾ ਸਰੀਰ-ਸਮੁੰਦਰ ਰਿੜਕ ਕੇ 14 ਰਤਨ ਕੱਢੇ, ਜਿਨ੍ਹਾਂ ਨਾਲ਼ ਮਨੁੱਖੀ ਹਿਰਦਿਆਂ ’ਚ ਪ੍ਰਕਾਸ਼ ਹੋਇਆ; ਜਿਵੇਂ ਕਿ ਦੇਵਤਿਆਂ ਨੇ ਸਮੁੰਦਰ ਰਿੜਕ ਕੇ 14 ਰਤਨ ਕੱਢੇ, ਮੰਨੇ ਗਏ ‘‘ਜਿਨਿ ਸਮੁੰਦੁ ਵਿਰੋਲਿਆ; ਕਰਿ ਮੇਰੁ ਮਧਾਣੁ ਚਉਦਹ ਰਤਨ ਨਿਕਾਲਿਅਨੁ; ਕੀਤੋਨੁ ਚਾਨਾਣੁ ’’ (ਬਲਵੰਡ ਸਤਾ/੯੬੮)

ਉਕਤ ਦੋਵੇਂ ਗੁਰੂ ਸਾਹਿਬਾਨ ਦੁਆਰਾ ਕੀਤੀ ਗਈ ਗੁਰਮਤਿ ਅਨੁਸਾਰ ਕਮਾਈ/ਮਿਹਨਤ ਦਾ ਵਰਣਨ ਵਾਰ ਦੀਆਂ ਪਹਿਲੀਆਂ ਛੇ ਪਉੜੀਆਂ ’ਚ ਹੈ, ਪਰ ਬਾਕੀ ਦੋ ਪਉੜੀਆਂ ’ਚ ਚੌਥੇ ਅਤੇ ਪੰਜਵੇਂ ਪਾਤਿਸ਼ਾਹ ਦੁਆਰਾ ਘਾਲ਼ੀ ਘਾਲਣਾ ਬਾਰੇ ਕੋਈ ਜ਼ਿਕਰ ਨਹੀਂ ਸਗੋਂ ਇਨ੍ਹਾਂ ਨੂੰ ਰੱਬ ਦਾ ਰੂਪ ਬਲਕਿ ਰੱਬ ਹੀ ਮੰਨਿਐ; ਜਿਵੇਂ ਕਿ ਸੱਤਾ ਜੀ ਨੇ 7ਵੀਂ ਪਉੜੀ ’ਚ ਗੁਰੂ ਰਾਮਦਾਸ ਜੀ ਬਾਰੇ ਕਿਹਾ ਕਿ ਸਿੱਖ ਸੰਗਤਾਂ ਨੇ ਉਨ੍ਹਾਂ ਨੂੰ ਰੱਬ ਦਾ ਰੂਪ ਜਾਣ ਕੇ ਨਮਸਕਾਰ ਕੀਤੀ ਹੈ ‘‘ਸਿਖੀ ਅਤੈ ਸੰਗਤੀ; ਪਾਰਬ੍ਰਹਮੁ ਕਰਿ ਨਮਸਕਾਰਿਆ ’’ (ਬਲਵੰਡ ਸਤਾ/੯੬੮) ਅਤੇ ਸੱਤਾ ਜੀ ਨੇ ਹੀ 8ਵੀਂ ਪਉੜੀ ’ਚ ਗੁਰੂ ਅਰਜਨ ਸਾਹਿਬ ਜੀ ਬਾਰੇ ਕਿਹਾ ਕਿ ਉਨ੍ਹਾਂ ਅੰਦਰ ਅਕਾਲ ਪੁਰਖ ਨੇ ਆਪ ਬੈਠ ਕੇ ਬਾਣੀ ਲਿਖੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬ ਨੇ ਆਪ ਹੀ ਸੰਪਾਦਨਾ ਕੀਤੀ ‘‘ਆਪੇ ਪਟੀ, ਕਲਮ ਆਪਿ; ਆਪਿ ਲਿਖਣਹਾਰਾ ਹੋਆ ’’ (ਬਲਵੰਡ ਸਤਾ/੯੬੮)

ਉਕਤ ਵਾਰ ਦੀਆਂ ਪਹਿਲੀਆਂ ਛੇ ਪਉੜੀਆਂ ਨੂੰ ਰੂਹਾਨੀਅਤ ਦਾ ਪਹਿਲਾ ਪੜਾਅ ਅਤੇ ਅਗਲੀਆਂ ਦੋ ਪਉੜੀਆਂ ਨੂੰ ਦੂਜਾ ਪੜਾਅ ਸਮਝ ਕੇ ਅਗਾਂਹ ਵਿਚਾਰਿਆ ਜਾਵੇਗਾ। ਪਹਿਲੇ ਪੜਾਅ ’ਚ ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਜੀ ਨੂੰ ਰੱਬ ਦਾ ਰੂਪ ਨਹੀਂ ਮੰਨਿਆ ਤੇ ਨਾ ਹੀ ਕਿਹਾ ਹੈ ਕਿ ਇਹ ਘਾਲਣਾ ਰੱਬ ਨੇ ਘਾਲ਼ੀ ਹੈ, ਪਰ ਦੂਜੇ ਪੜਾਅ ’ਚ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਬਾਰੇ ਇਹ ਦੋਵੇਂ ਗੱਲਾਂ ਕਹੀਆਂ ਹਨ ਕਿਉਂਕਿ ਗੁਰਮਤਿ-ਸਿਧਾਂਤ ਅਨੁਸਾਰ ਭਗਤ ਦੁਆਰਾ ਕੀਤੀ ਕਮਾਈ ਦਾ ਮਹੱਤਵ ਖ਼ੁਦ ਭਗਤ ਨੂੰ ਨਹੀਂ; ਰੱਬ ਨੂੰ ਦੇਈਦਾ ਹੈ ਕਿਉਂਕਿ ਜਦ ਭਗਤ ਆਪਣੇ ਮਨ ਨੂੰ ਸਾਧਦਾ (ਮਨ ਨਾਲ਼ ਸੰਘਰਸ ਕਰਦਾ) ਹੈ ਤਦੋਂ ਮਿਲਦੀ ਸਫਲਤਾ ਪਿੱਛੇ ਰੱਬ ਦੀ ਮਿਹਰ ਹੀ ਕੰਮ ਕਰਦੀ ਪਈ ਹੁੰਦੀ ਹੈ।

ਉਕਤ ਵਿਚਾਰ ਤੋਂ ਇਹ ਸਮਝਣਾ ਹੈ ਕਿ ਪਹਿਲਾ ਪੜਾਅ ਗੁਰਬਾਣੀ ਹੈ ਅਤੇ ਦੂਜਾ ਪੜਾਅ ਗੁਰਮਤਿ। ਧਿਆਨ ਰਹੇ ਕਿ ਪਹਿਲੇ ਪੜਾਅ ਨੂੰ ਗੁਰਮਤਿ ਜਾਂ ਦੂਜੇ ਨੂੰ ਗੁਰਬਾਣੀ ਨਹੀਂ ਕਹਿ ਸਕਦੇ ਕਿਉਂਕਿ ਸਿੱਖ ਨੇ ਗੁਰਬਾਣੀ ਰਾਹੀਂ ਗੁਰਮਤਿ ਵੱਲ ਵਧਣਾ ਹੈ, ਨਾ ਕਿ ਗੁਰਮਤਿ ਰਾਹੀਂ ਗੁਰਬਾਣੀ ਵੱਲ। ਰੂਹਾਨੀਅਤ ਦਾ ਸਰਬੋਤਮ ਪੜਾਅ ਗੁਰਮਤਿ ਹੈ; ਗੁਰਬਾਣੀ ਨਹੀਂ। ਗੁਰਮਤਿ ਦਾ ਜ਼ਿਕਰ ਹਰ ਲੰਬੀ ਰਚਨਾ ਦੀ ਸਮਾਪਤੀ ’ਚ ਹੁੰਦੈ; ਜਿਵੇਂ ਕਿ ‘ਜਪੁ’ ਬਾਣੀ ਦੀ ਸਮਾਪਤੀ ’ਚ ਸਚਖੰਡ ਦਾ ਜ਼ਿਕਰ ਹੈ। ਸਚਖੰਡ; ਨਿਰੋਲ ਗੁਰਮਤਿ ਹੈ, ਇਸ ਪੜਾਅ ’ਚ ਕਿਸੇ ਦੁਨਿਆਵੀ ਤੱਥ ਨੂੰ ਮਿਸਾਲ ਵਜੋਂ ਨਹੀਂ ਲਈਦਾ ਕਿਉਂਕਿ ਸਮਾਜ ’ਚ ਕੋਈ ਐਸਾ ਹੁੰਦਾ ਹੀ ਨਹੀਂ, ਜੋ ਮਿਸਾਲ ਬਣ ਸਕੇ।

ਗੁਰਬਾਣੀ ’ਚ ਕੁੱਲ 5870 ਸ਼ਬਦ ਹਨ। ਇਨ੍ਹਾਂ ’ਚੋਂ 2657 ਸ਼ਬਦਾਂ ’ਚ ‘ਰਹਾਉ’ ਬੰਦ ਹੈ, ਜੋ ਪੂਰੇ ਸ਼ਬਦ ਦਾ ਕੇਂਦਰੀ ਭਾਵ (ਯਾਨੀ ਕਿ ਇਹ ਭੀ ਗੁਰਮਤਿ) ਹੁੰਦਾ ਹੈ। ਇਨ੍ਹਾਂ ਵਿੱਚ 25 ਸ਼ਬਦ ‘ਰਹਾਉ’ ਅਤੇ ‘ਰਹਾਉ ਦੂਜਾ’ ਸਮੇਤ ਹਨ, ਜਿਨ੍ਹਾਂ ’ਚ ਪਹਿਲੇ ‘ਰਹਾਉ’ ’ਚ ਸਵਾਲ ਹੁੰਦਾ ਹੈ ਤੇ ਉਸ ਦਾ ਜਵਾਬ ‘ਰਹਾਉ ਦੂਜਾ’ ’ਚ ਦਿੱਤਾ ਗਿਆ ਹੈ।

ਦੁਨਿਆਵੀ ਵਿੱਦਿਆ ਸਮੇਂ ਪਹਿਲੀ ਜਮਾਤ ਨੂੰ ਪਾਸ ਕਰਦਿਆਂ ਦੂਜੀ ਜਮਾਤ ਦਾ ਸਿਲੇਬਸ ਸਹਿਯੋਗ ਨਹੀਂ ਕਰਦਾ, ਪਰ ਰੂਹਾਨੀਅਤ ਸਿੱਖਿਆ ਦੀ ਪਹਿਲੀ ਜਮਾਤ ਨੂੰ ਪਾਰ ਕਰਨ ਲਈ ਗੁਰਬਾਣੀ ਦਾ ਸਰਬੋਤਮ ਸਿਲੇਬਸ (ਗੁਰਮਤਿ) ਸਹਿਯੋਗ ਕਰਦੈ; ਜਿਵੇਂ ਕਿ ਉਕਤ ਦੂਜੇ ਪੜਾਅ ’ਚ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਬਾਰੇ ਬਿਆਨ ਕੀਤਾ ਗੁਰਮਤਿ ਪੱਖ ਜੇ ਧਿਆਨ ’ਚ ਨਾ ਰੱਖੀਏ ਤਾਂ ਪਹਿਲੇ ਪੜਾਅ ’ਚ ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਸਾਹਿਬ ਜੀ ਦੁਆਰਾ ਘਾਲ਼ੀ ਗਈ ਘਾਲਣਾ; ਖ਼ੁਦ ਨੂੰ ਮਹੱਤਵ ਲੈ ਲਵੇਗੀ। ਇਹੀ ਭੁਲੇਖਾ ਇਹ ਸਵਾਲ ਪੈਦਾ ਕਰਦੈ ਕਿ ਜੇਕਰ ਸਭ ਕੁੱਝ ਰੱਬ ਕਰਦੈ ਤਾਂ ਗੁਰਬਾਣੀ ਅੰਦਰ ਬੰਦੇ ਨੂੰ ਕਿਉਂ ਪ੍ਰੇਰਿਐ ਜਾਂ ਦੋਸ਼ੀ ਮੰਨਿਐ ? ਦਰਅਸਲ ਅਕਸਰ ਸਿੱਖ; ਰੂਹਾਨੀਅਤ ਦੇ ਪਹਿਲੇ ਅਤੇ ਦੂਜੇ ਪੜਾਅ ਦੇ ਅੰਤਰ ਨੂੰ ਪਛਾਣਨ ਦੀ ਬਜਾਇ ਦੋਵਾਂ ਨੂੰ ਇੱਕੋ ਸਮਝ ਬੈਠਦੇ ਹਨ ਕਿਉਂਕਿ ਰੂਹਾਨੀਅਤ ਦੇ ਪਹਿਲੇ ਪੜਾਅ ਨੂੰ ਪਾਰ ਕਰਨ ’ਚ ਦੂਜਾ ਪੜਾਅ ਸਹਿਯੋਗ ਜੋ ਕਰ ਰਿਹਾ ਹੁੰਦਾ ਹੈ। ਇਹੀ ਭੁਲੇਖੇ ਨੂੰ ਜਨਮ ਦਿੰਦਾ ਹੈ। ਇਸ ਗਹਿਰੇ ਰਾਜ਼ ਨੂੰ ਹੋਰ ਗਹਿਰਾਈ ਨਾਲ਼ ਸਮਝਣ ਦੀ ਜ਼ਰੂਰਤ ਹੈ।

ਗੁਰੂ ਅਰਜਨ ਸਾਹਿਬ ਨੇ ਬਾਣੀ ਦੀ ਸੰਪਾਦਨਾ ਕਰਦਿਆਂ; ਜਿਵੇਂ ਵਾਰਾਂ ਨਾਲ਼ ਸਲੋਕ ਦਰਜ ਕੀਤੇ ਓਵੇਂ ਹੀ ਕੁੱਝ ਵਾਰਾਂ ’ਚ ਆਪਣੇ ਵੱਲੋਂ ਉਚਾਰ ਕੇ ਪਉੜੀਆਂ ਭੀ ਦਰਜ ਕੀਤੀਆਂ ਹਨ; ਜਿਵੇਂ ਕਿ ਮਲਾਰ ਰਾਗ ’ਚ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਵਾਰ ਹੈ, ਜਿਸ ਦੀਆਂ ਪਹਿਲਾਂ 27 ਪਉੜੀਆਂ ਸਨ, ਪਰ 27ਵੀਂ ਪਉੜੀ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਵੱਲੋਂ ਰਚ ਕੇ ਗੁਰੂ ਨਾਨਕ ਸਾਹਿਬ ਜੀ ਦੀ 27ਵੀਂ ਪਉੜੀ ਨੂੰ 28ਵੀਂ ਕਰ ਦਿੱਤਾ ਕਿਉਂਕਿ ਇਹ ਨਿਰੋਲ ਗੁਰਮਤਿ ਸੀ, ਜੋ ਅੰਤ ’ਚ ਹੀ ਚਾਹੀਦੀ ਹੈ। ਗੁਰਬਾਣੀ ਨੂੰ ਲਿਖਤੀ ਰੂਪ ਦੇਣ ਤੋਂ ਪਹਿਲਾਂ ਯਾਨੀ ਕਿ ਗੁਰੂ ਨਾਨਕ ਸਾਹਿਬ ਜੀ ਤਿੰਨ ਸਾਲ ਦੀ ਉਮਰ ’ਚ ਭੀ ਬੱਚਿਆਂ ਨਾਲ਼ ਖੇਲਦਿਆਂ ਕਈ ਵਾਰ ਇਕਾਂਤ ’ਚ ਬੈਠ ਕੇ ਰੱਬ ਨਾਲ਼ ਇਉਂ ਸੰਵਾਦ ਕਰਦੇ ਵੇਖੇ ਗਏ ਸਨ ‘‘ਤੂੰ ਆਪੇ ਆਪਿ ਵਰਤਦਾ; ਆਪਿ ਬਣਤ ਬਣਾਈ ਤੁਧੁ ਬਿਨੁ ਦੂਜਾ ਕੋ ਨਹੀ; ਤੂ ਰਹਿਆ ਸਮਾਈ ਤੇਰੀ ਗਤਿ ਮਿਤਿ ਤੂਹੈ ਜਾਣਦਾ; ਤੁਧੁ ਕੀਮਤਿ ਪਾਈ ਤੂ ਅਲਖ ਅਗੋਚਰੁ ਅਗਮੁ ਹੈ; ਗੁਰਮਤਿ ਦਿਖਾਈ (ਜੋ) ਅੰਤਰਿ ਅਗਿਆਨੁ ਦੁਖੁ ਭਰਮੁ ਹੈ; (ਉਹ) ਗੁਰ ਗਿਆਨਿ (ਨਾਲ਼) ਗਵਾਈ ਜਿਸੁ ਕ੍ਰਿਪਾ ਕਰਹਿ ਤਿਸੁ ਮੇਲਿ ਲੈਹਿ; ਸੋ ਨਾਮੁ ਧਿਆਈ ਤੂ ਕਰਤਾ ਪੁਰਖੁ ਅਗੰਮੁ ਹੈ; ਰਵਿਆ ਸਭ ਠਾਈ (ਠਾਈਂ) ਜਿਤੁ ਤੂ ਲਾਇਹਿ ਸਚਿਆ ! ਤਿਤੁ ਕੋ ਲਗੈ; ਨਾਨਕ ਗੁਣ ਗਾਈ (ਗਾਈਂ)੨੮ ਸੁਧੁ (ਮਲਾਰ ਕੀ ਵਾਰ/ਮਹਲਾ /੧੨੯੧) ਧਿਆਨ ਰਹੇ ਕਿ ਗੁਰੂ ਅਰਜਨ ਸਾਹਿਬ ਜੀ ਨੇ ਜਿਨ੍ਹਾਂ ਵਾਰਾਂ ’ਚ ਆਪਣੇ ਵੱਲੋਂ ਉਚਾਰ ਕੇ ਪਉੜੀਆਂ ਦਰਜ ਕੀਤੀਆਂ ਹਨ, ਉਹ ਸਭ ਸੰਬੰਧਿਤ ਵਾਰ ਦੀ ਅੰਤਮ ਪਉੜੀ ਤੋਂ ਪਹਿਲਾਂ ਜਾਂ ਅੰਤਮ ਦੋ ਪਉੜੀਆਂ ਤੋਂ ਪਹਿਲਾਂ ਹੀ ਦਰਜ ਕੀਤੀਆਂ ਹਨ ਤਾਂ ਜੋ ਅੰਤਮ ਪਉੜੀ ’ਚ ਬਿਆਨ ਕੀਤੀ ਨਿਰੋਲ ਗੁਰਮਤਿ; ਹੋਰ ਸੁਖਾਲੇ ਢੰਗ ਨਾਲ਼ ਸਿੱਖਾਂ ਦੇ ਸਮਝ ਆ ਸਕੇ।

ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੀ ਗਈ ਮਲਾਰ ਰਾਗ ਦੀ 26ਵੀਂ ਪਉੜੀ ਸਮਝਣੀ ਜ਼ਰੂਰੀ ਹੈ ਤਾਂ ਜੋ 27ਵੀਂ ਨਵੀਂ ਪਉੜੀ ਦਰਜ ਕਰਨ ਦਾ ਮਨੋਰਥ ਪਕੜ ’ਚ ਆ ਜਾਵੇ; 26ਵੀਂ ਪਉੜੀ ਹੈ ‘‘ਪਉੜੀ ਸਿਰਿ ਸਿਰਿ ਹੋਇ ਨਿਬੇੜੁ; ਹੁਕਮਿ ਚਲਾਇਆ ਤੇਰੈ ਹਥਿ ਨਿਬੇੜੁ; ਤੂਹੈ ਮਨਿ ਭਾਇਆ ਕਾਲੁ ਚਲਾਏ ਬੰਨਿ; ਕੋਇ ਰਖਸੀ ਜਰੁ ਜਰਵਾਣਾ; ਕੰਨਿ੍ ਚੜਿਆ ਨਚਸੀ ਸਤਿਗੁਰੁ ਬੋਹਿਥੁ ਬੇੜੁ; ਸਚਾ ਰਖਸੀ ਅਗਨਿ ਭਖੈ ਭੜਹਾੜੁ; ਅਨਦਿਨੁ ਭਖਸੀ ਫਾਥਾ ਚੁਗੈ ਚੋਗ; ਹੁਕਮੀ ਛੁਟਸੀ ਕਰਤਾ ਕਰੇ ਸੁ ਹੋਗੁ; ਕੂੜੁ ਨਿਖੁਟਸੀ ੨੬’’ ਅਰਥ : ਭਾਵੇਂ ਰੱਬ ਨੇ ਆਪਣੇ ਹੁਕਮ ’ਚ ਸਭ ਨੂੰ ਚਲਾਇਐ (ਹੁਕਮਿ ਚਲਾਇਆ), ਫਿਰ ਭੀ ਹਰ ਇੱਕ ਦੇ ਸਿਰ ’ਤੇ ਲਿਖੇ ਲੇਖ ਮੁਤਾਬਕ ਫ਼ੈਸਲਾ ਹੁੰਦਾ ਹੈ (ਸਿਰਿ ਸਿਰਿ ਹੋਇ ਨਿਬੇੜੁ) ਯਾਨੀ ਕੀਤੇ ਕਰਮਾਂ ਦਾ ਫਲ਼; ਵਿਅਕਤੀ ਵਿਸ਼ੇਸ਼ ਨੂੰ ਮਿਲਣਾ ਹੀ ਹੁੰਦਾ ਹੈ ਤਾਂ ਤੇ ਹੇ ਪ੍ਰਭੂ ! ਤੇਰੇ ਹੱਥ ’ਚ (ਸਾਡਾ) ਇਨਸਾਫ਼ ਯਾਨੀ ਭਵਿੱਖ ਹੈ (ਤੇਰੈ ਹਥਿ ਨਿਬੇੜੁ)। ਮੇਰੇ ਮਨ ’ਚ ਤੂੰ ਹੀ ਪਿਆਰਾ ਲੱਗਦਾ ਹੈਂ (ਤੂਹੈ ਮਨਿ ਭਾਇਆ)। ਮੌਤ ਸਭ ਨੂੰ ਬੰਨ੍ਹ ਕੇ ਚਲਾਉਂਦੀ ਹੈ (ਕਾਲੁ ਚਲਾਏ ਬੰਨਿ)। ਕੋਈ ਉਸ ਤੋਂ ਬਚਾ ਨਹੀਂ ਸਕਦਾ (ਕੋਇ ਨ ਰਖਸੀ)। ਜ਼ਾਲਮ ਬੁਢੇਪਾ ਸਾਰਿਆਂ ਦੇ ਮੋਢਿਆਂ ’ਤੇ ਨੱਚਦਾ ਹੈ (ਜਰੁ ਜਰਵਾਣਾ; ਕੰਨਿ੍ ਚੜਿਆ ਨਚਸੀ) ਯਾਨੀ ਬੁਢੇਪਾ ਆਉਣਾ ਹੀ ਹੈ। ਸਤਿਗੁਰੂ ਹੀ ਸੱਚਾ ਜਹਾਜ਼ ਹੈ (ਸਤਿਗੁਰੁ ਬੋਹਿਥੁ ਬੇੜੁ), ਜੋ ਬੁਢੇਪੇ/ਮੌਤ ਦੇ ਡਰ ਤੋਂ ਬਚਾਉਂਦਾ ਹੈ (ਸਚਾ ਰਖਸੀ)। (ਨਿਗੁਰਿਆਂ ਅੰਦਰ) ਅੱਗ ਦਾ ਭਾਂਬੜ ਬਲਦੈ, ਜੋ ਹਰ ਦਿਨ ਵਧਦਾ ਜਾਂਦੈ (ਅਗਨਿ ਭਖੈ ਭੜਹਾੜੁ; ਅਨਦਿਨੁ ਭਖਸੀ)। ਇਸ ਨਫ਼ਰਤ ’ਚ ਫਸਿਆ ਬੰਦਾ ਈਰਖਾ ਦੇ ਚੋਗ ਚੁਗਦੈ (ਫਾਥਾ ਚੁਗੈ ਚੋਗ), (ਪਰ ਐਸਾ ਨਹੀਂ ਕਿ ਇਸ ਦਾ ਇਲਾਜ ਨਹੀਂ, ਇਲਾਜ ਹੈ ਕਿ) ਰੱਬ ਦੇ ਹੁਕਮ ’ਚ ਵਿਚਰਦਾ ਹਾਂ, ਨੂੰ ਸਵੀਕਾਰ ਕੇ ਇਹ ਰੋਗ ਖ਼ਤਮ ਹੁੰਦੈ (ਹੁਕਮੀ ਛੁਟਸੀ)। ਕਰਤਾਰ ਜੋ ਕਰੇਗਾ ਓਹੀ ਹੋਵੇਗਾ। ਝੂਠਾ ਖਿਲਾਰਿਆ ਵਪਾਰ ਅਵੱਸ਼ (ਹੱਥੋਂ) ਸੁੱਟੇਗਾ ਯਾਨੀ ਅੰਤ ਨੂੰ ਮਦਦ ਨਹੀਂ ਕਰੇਗਾ (ਕਰਤਾ ਕਰੇ ਸੁ ਹੋਗੁ; ਕੂੜੁ ਨਿਖੁਟਸੀ)।

ਉਕਤ 26ਵੀਂ ਪਉੜੀ ’ਚ ਇਹ ਜ਼ਿਕਰ ਨਹੀਂ ਕਿ ਇਸ ਰੋਗ ਤੋਂ ਕੌਣ ਮੁਕਤ ਹੁੰਦੈ ਅਤੇ ਕਿਵੇਂ ਹੁੰਦੈ ? ਜਵਾਬ ਹੈ ‘ਗੁਰਮੁਖ ਮੁਕਤ ਹੁੰਦੈ; ਗੁਰੂ ਦੀ ਰਾਹੀਂ ਅਤੇ ਰੱਬ ਦੀ ਕਿਰਪਾ ਨਾਲ਼ ਹੁੰਦੈ’। ਇਹੀ ਜ਼ਿਕਰ ਨਵੀਂ 27ਵੀਂ ਪਉੜੀ ’ਚ ਹੈ ‘‘ਪਉੜੀ ਨਵੀ ਮਹਲਾ ਸਭੋ ਵਰਤੈ ਚਲਤੁ; ਚਲਤੁ ਵਖਾਣਿਆ ਪਾਰਬ੍ਰਹਮੁ ਪਰਮੇਸਰੁ (ਨੂੰ); ਗੁਰਮੁਖਿ (ਨੇ) ਜਾਣਿਆ ਲਥੇ ਸਭਿ ਵਿਕਾਰ; ਸਬਦਿ ਨੀਸਾਣਿਆ ਸਾਧੂ ਸੰਗਿ ਉਧਾਰੁ; ਭਏ ਨਿਕਾਣਿਆ ਸਿਮਰਿ ਸਿਮਰਿ ਦਾਤਾਰੁ; ਸਭਿ ਰੰਗ ਮਾਣਿਆ ਪਰਗਟੁ ਭਇਆ ਸੰਸਾਰਿ (’) ਮਿਹਰ ਛਾਵਾਣਿਆ ਆਪੇ ਬਖਸਿ ਮਿਲਾਏ; ਸਦ ਕੁਰਬਾਣਿਆ ਨਾਨਕ ! ਲਏ ਮਿਲਾਇ; (ਜੋ) ਖਸਮੈ ਭਾਣਿਆ ੨੭ (ਮਲਾਰ ਕੀ ਵਾਰ/ਮਹਲਾ /੧੨੯੧) ਪਦ ਅਰਥ : ਚਲਤ-ਕੌਤਕ/ਤਮਾਸ਼ਾ (ਕਿਸੇ ਨੂੰ ਚੰਗੇ ਪਾਸੇ ਅਤੇ ਕਿਸੇ ਨੂੰ ਮਾੜੇ ਪਾਸੇ ਪ੍ਰੇਰਨਾ)।, ਵਖਾਣਿਆ-ਕਿਹਾ ਜਾ ਸਕਦੈ।, ਸਬਦਿ ਨਿਸਾਣਿਆ-(ਦਿਮਾਗ਼ ’ਚ) ਗੁਰੂ ਸ਼ਬਦ ਰੂਪ ਨਗਾਰਾ ਵੱਜਣ ਨਾਲ਼।, ਸਾਧੂ ਸੰਗਿ-ਗੁਰੂ ਦੀ ਰਾਹੀਂ।, ਭਏ ਨਿਕਾਣਿਆ-ਬੇ-ਮੁਥਾਜ ਹੋ ਗਏ।, ਮਿਹਰ ਛਾਵਾਣਿਆ-ਮਿਹਰ ਰੂਪ ਚੰਦੋਆ ਉਸ ’ਤੇ ਤਣ ਗਿਆ।, ਕੁਰਬਾਣਿਆ- ਮੈ ਕੁਰਬਾਨ ਜਾਂਦਾ ਹਾਂ।, ਖਸਮੈ ਭਾਣਿਆ- ਜੋ ਮਾਲਕ ਨੂੰ ਪਸੰਦ ਆ ਗਏ।

ਸੋ ਉਕਤ 27ਵੀਂ ਪਉੜੀ ਸ਼ਾਮਲ ਕਰਨ ਨਾਲ਼ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰੀ ਗਈ 28ਵੀਂ ਪਉੜੀ (ਉਕਤ ਵਿਚਾਰੀ ਜਾ ਚੁੱਕੀ ਹੈ) ਅਸਾਨੀ ਨਾਲ਼ ਪਕੜ ’ਚ ਆ ਜਾਂਦੀ ਹੈ। ਇਹੀ ਗੁਰਮਤਿ ਹੈ। ਇਸ ਤਰ੍ਹਾਂ ਹੀ ਗੁਰੂ ਰਾਮਦਾਸ ਜੀ ਦੁਆਰਾ ਰਚੀ ਇੱਕ ਸਾਰੰਗ ਕੀ ਵਾਰ ਹੈ, ਜਿਸ ਦੀਆਂ ਪਹਿਲਾਂ 35 ਪਉੜੀਆਂ ਸਨ, ਪਰ ਗੁਰੂ ਅਰਜਨ ਸਾਹਿਬ ਜੀ ਨੇ 35ਵੀਂ ਨਵੀਂ ਪਉੜੀ ਉਚਾਰ ਕੇ ਗੁਰੂ ਰਾਮਦਾਸ ਜੀ ਦੁਆਰਾ ਉਚਾਰੀ 35ਵੀਂ ਪਉੜੀ ਨੂੰ 36ਵੀਂ ਕਰ ਦਿੱਤਾ; ਜਿਵੇਂ ਕਿ ‘‘ਵਡਾ ਆਪਿ ਅਗੰਮੁ ਹੈ; ਵਡੀ ਵਡਿਆਈ ਗੁਰ ਸਬਦੀ ਵੇਖਿ ਵਿਗਸਿਆ; ਅੰਤਰਿ ਸਾਂਤਿ ਆਈ ਸਭੁ ਆਪੇ ਆਪਿ ਵਰਤਦਾ; ਆਪੇ ਹੈ ਭਾਈ ! ਆਪਿ ਨਾਥੁ, ਸਭ ਨਥੀਅਨੁ; ਸਭ ਹੁਕਮਿ ਚਲਾਈ ਨਾਨਕ ! ਹਰਿ ਭਾਵੈ ਸੋ ਕਰੇ; ਸਭ ਚਲੈ ਰਜਾਈ ੩੬ ਸੁਧੁ (ਸਾਰੰਗ ਕੀ ਵਾਰ/ਮਹਲਾ /੧੨੫੧) ਅਰਥ : ਹੇ ਭਾਈ ਜਨੋ ! ਕੁਦਰਤ ਨੂੰ ਰਚਨਹਾਰ ਮਾਲਕ; ਆਪ ਬਹੁਤ ਵੱਡਾ ਹੈ। ਉਸ ਦੀ ਮਹਿਮਾ ਭੀ ਅਪਾਰ ਹੈ। ਗਿਆਨ ਇੰਦ੍ਰਿਆਂ (ਅੱਖ, ਕੰਨ, ਜੀਭ, ਨੱਕ, ਤ੍ਵਚਾ) ਦੀ ਪਹੁੰਚ ਤੋਂ ਪਰੇ ਹੈ (ਵਡਾ ਆਪਿ ਅਗੰਮੁ ਹੈ; ਵਡੀ ਵਡਿਆਈ॥) ਯਾਨੀ ਅਨੁਭਵ ਨਾਲ਼ ਹੀ ਜਾਣਿਆ ਜਾ ਸਕਦੈ। ਗੁਰੂ ਦੇ ਉਪਦੇਸ਼ ਨਾਲ਼ ਉਸ ਨੂੰ ਅਨੁਭਵ ਕਰ ਅਨੰਦ ਮਾਣੀਦਾ ਹੈ, ਅੰਦਰ ਸਥਿਰਤਾ/ਸ਼ਾਂਤੀ ਆ ਜਾਂਦੀ ਹੈ (ਗੁਰ ਸਬਦੀ ਵੇਖਿ ਵਿਗਸਿਆ; ਅੰਤਰਿ ਸਾਂਤਿ ਆਈ॥)। ਹਰ ਥਾਂ ਉਹ ਆਪ ਹੀ ਆਪ ਮੌਜੂਦ ਹੈ। ਆਪ ਹੀ ਮਾਲਕ ਹੈ (ਸਭੁ ਆਪੇ ਆਪਿ ਵਰਤਦਾ; ਆਪੇ ਹੈ ਭਾਈ ! ॥)। ਉਸ ਨੇ ਸਭ ਨੂੰ ਆਪਣੀ ਮਰਿਆਦਾ ’ਚ ਬੰਨ੍ਹਿਆ ਹੈ। ਹੁਕਮ ’ਚ ਚਲਾ ਰਿਹਾ ਹੈ (ਆਪਿ ਨਾਥੁ, ਸਭ ਨਥੀਅਨੁ; ਸਭ ਹੁਕਮਿ ਚਲਾਈ॥)। ਜੋ ਉਸ ਨੂੰ ਪਸੰਦ ਹੈ ਓਹੀ ਕਰਦਾ ਹੈ। ਸਾਰੀ ਲੁਕਾਈ ਉਸ ਦੀ ਰਜ਼ਾ ’ਚ ਚਲਦੀ ਹੈ (ਨਾਨਕ ! ਹਰਿ ਭਾਵੈ ਸੋ ਕਰੇ; ਸਭ ਚਲੈ ਰਜਾਈ ॥੩੬॥)।

ਉਕਤ 36ਵੀਂ ਪਉੜੀ ਨਾਲ਼ ਜੋੜਦੀ ਗੁਰੂ ਰਾਮਦਾਸ ਜੀ ਦੁਆਰਾ ਰਚੀ 34ਵੀਂ ਪਉੜੀ ਨੂੰ ਜਾਣਨਾ ਜ਼ਰੂਰੀ ਹੈ ਤਾਂ ਜੋ 35ਵੀਂ ਨਵੀਂ ਪਉੜੀ ਰਚਨ ਦਾ ਕਾਰਨ ਸਪਸ਼ਟ ਹੋ ਜਾਵੇ; 34ਵੀਂ ਪਉੜੀ ਹੈ ‘‘ਗੁਰ ਪੂਰੇ ਕੀ ਦਾਤਿ; ਨਿਤ ਦੇਵੈ, ਚੜੈ ਸਵਾਈਆ ਤੁਸਿ ਦੇਵੈ ਆਪਿ ਦਇਆਲੁ; ਛਪੈ ਛਪਾਈਆ ਹਿਰਦੈ ਕਵਲੁ ਪ੍ਰਗਾਸੁ; ਉਨਮਨਿ ਲਿਵ ਲਾਈਆ ਜੇ ਕੋ ਕਰੇ ਉਸ ਦੀ ਰੀਸ; ਸਿਰਿ ਛਾਈ ਪਾਈਆ ਨਾਨਕ ! ਅਪੜਿ ਕੋਇ ਸਕਈ; ਪੂਰੇ ਸਤਿਗੁਰ ਕੀ ਵਡਿਆਈਆ ੩੪ ਅਰਥ : ਪੂਰੇ ਗੁਰੂ ਦੁਆਰਾ (ਰੱਬ ਦੀ ਸਿਫ਼ਤ ਕਰਾਉਣ ਵਾਲ਼ੀ) ਦਾਤ ਨਿੱਤ ਮਿਲਦੀ ਹੈ, ਹਰ ਦਿਨ ਵਧਦੀ ਹੈ (ਕਿਉਂਕਿ ਗੁਰੂ ਕੋਲ਼ ਖ਼ਜ਼ਾਨੇ ਭਰੇ ਪਏ ਹਨ) (ਗੁਰ ਪੂਰੇ ਕੀ ਦਾਤਿ; ਨਿਤ ਦੇਵੈ, ਚੜੈ ਸਵਾਈਆ॥) ਉਹ ਦਇਆ ਦਾ ਘਰ ਆਪ ਪ੍ਰਸੰਨ ਹੋ ਕੇ (ਇਹ ਦਾਤ) ਦਿੰਦਾ ਰਹਿੰਦਾ ਹੈ। ਜਿਸ ਨੂੰ ਮਿਲਦੀ ਹੈ ਉਹ ਸੰਸਾਰ ’ਚ ਪ੍ਰਗਟ ਹੋ ਜਾਂਦਾ ਹੈ ਯਾਨੀ ਛੁਪਾਇਆਂ ਛੁਪਦਾ ਨਹੀਂ (ਤੁਸਿ ਦੇਵੈ ਆਪਿ ਦਇਆਲੁ; ਨ ਛਪੈ ਛਪਾਈਆ॥)। ਉਸ ਦਾ ਕਮਲ-ਹਿਰਦਾ ਫੁੱਲ ਖਿੜ ਜਾਂਦਾ ਹੈ। ਪੂਰਨ ਖਿੜਾਓ ’ਚ ਰਹਿੰਦਾ ਹੈ (ਹਿਰਦੈ ਕਵਲੁ ਪ੍ਰਗਾਸੁ; ਉਨਮਨਿ ਲਿਵ ਲਾਈਆ ॥)। ਜਿਹੜਾ ਉਸ ਦੀ ਨਕਲ ਕਰਦਾ ਹੈ, ਉਸ ਵਰਗਾ ਬਣਨਾ ਲੋਚਦਾ ਹੈ; ਉਹ ਆਪਣੇ ਸਿਰ ’ਤੇ ਸੁਆਹ ਪਾ ਲੈਂਦਾ ਹੈ (ਕਿਉਂਕਿ ਅੰਦਰ ਵੈਸੇ ਗੁਣ ਨਹੀਂ ਹੁੰਦੇ) (ਜੇ ਕੋ ਕਰੇ ਉਸ ਦੀ ਰੀਸ; ਸਿਰਿ ਛਾਈ ਪਾਈਆ ॥)। ਪੂਰੇ ਗੁਰੂ ਦੀ ਇਸ ਵਡਿਆਈ ਦੇ ਬਰਾਬਰ ਕੋਈ ਪਹੁੰਚ ਨਹੀਂ ਸਕਦਾ (ਨਾਨਕ ! ਅਪੜਿ ਕੋਇ ਨ ਸਕਈ; ਪੂਰੇ ਸਤਿਗੁਰ ਕੀ ਵਡਿਆਈਆ ॥੩੪॥)।

ਉਕਤ 34ਵੀਂ ਪਉੜੀ ’ਚ ਗੁਰੂ ਦੀ ਮਿਹਰ ਦਾ ਜ਼ਿਕਰ ਹੈ, ਪਰ ਇਹ ਸਭ ’ਤੇ ਨਹੀਂ ਹੁੰਦੀ ਤਾਹੀਓਂ 35ਵੀਂ ਨਵੀਂ ਪਉੜੀ ’ਚ ਬੰਦੇ ਦੇ ਭਾਗ/ਨਸੀਬ, ਰੱਬ ਦੀ ਸਿਫ਼ਤ ਸਲਾਹ, ਸਤਿਗੁਰੂ ਅਤੇ ਗੁਰੂ ਸੰਗਤ ਦੀ ਮਹੱਤਤਾ ਦਾ ਜ਼ਿਕਰ ਹੈ ‘‘ਪਉੜੀ ਮਹਲਾ ਸਚੁ ਖਾਣਾ ਸਚੁ ਪੈਨਣਾ; ਸਚੁ ਨਾਮੁ ਅਧਾਰੁ ਗੁਰਿ+ਪੂਰੈ (ਨੇ) ਮੇਲਾਇਆ; ਪ੍ਰਭੁ ਦੇਵਣਹਾਰੁ ਭਾਗੁ ਪੂਰਾ ਤਿਨ ਜਾਗਿਆ; ਜਪਿਆ ਨਿਰੰਕਾਰੁ ਸਾਧੂ ਸੰਗਤਿ ਲਗਿਆ; ਤਰਿਆ ਸੰਸਾਰੁ ਨਾਨਕ ! ਸਿਫਤਿ ਸਲਾਹ ਕਰਿ; ਪ੍ਰਭ ਕਾ ਜੈਕਾਰੁ ੩੫ (ਸਾਰੰਗ ਕੀ ਵਾਰ/ਮਹਲਾ /੧੨੫੧)

ਉਕਤ 35ਵੀਂ ਨਵੀਂ ਪਉੜੀ ਨੇ ਵਿਚਕਾਰ ਆ ਕੇ 34ਵੀਂ ਪਉੜੀ ਅਤੇ ਅੰਤਮ 36ਵੀਂ ਪਉੜੀ ਦੇ ਵਿਸ਼ੇ ਨੂੰ ਨਿਰੰਤਰ ਜੋੜ ਦਿੱਤਾ ਤਾਂ ਜੋ ਬੰਦੇ ਦੇ ਭਾਗ, ਰੱਬ ਦੀ ਸਿਫ਼ਤ ਆਦਿ ਬਾਰੇ ਭੁਲੇਖਾ ਨਾ ਰਹੇ ਕਿ ਗੁਰੂ ਦੀ ਮਿਹਰ ਸਭ ’ਤੇ ਕਿਉਂ ਨਹੀਂ ਹੁੰਦੀ। ਹੁਣ ਇੱਥੇ ਸਵਾਲ ਪੈਦਾ ਹੋ ਸਕਦਾ ਹੈ ਕਿ ਕੀ ਗੁਰੂ ਨਾਨਕ ਸਾਹਿਬ ਅਤੇ ਗੁਰੂ ਰਾਮਦਾਸ ਜੀ ਦੁਆਰਾ ਉਚਾਰੀ ਗਈ ਉਕਤ ਬਾਣੀ ’ਚ ਪਹਿਲਾਂ ਕੋਈ ਘਾਟ ਰਹੀ ਸੀ, ਜਿਸ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਪੂਰਾ ਕੀਤਾ ਹੈ। ਜਵਾਬ ਹੈ : ਨਹੀਂ। ਦਰਅਸਲ ਗੁਰੂ ਅਰਜਨ ਸਾਹਿਬ ਜੀ ਇਨ੍ਹਾਂ ਦੋਵੇਂ ਵਾਰਾਂ ਦੀ ਅੰਤਮ ਪਉੜੀ ’ਚ ਬਿਆਨ ਕੀਤੇ ਸੰਦੇਸ਼ ਨੂੰ ਹੋਰ ਸਰਲ ਤੇ ਸਪਸ਼ਟ ਕਰ ਸਮਝਾਉਣਾ ਚਾਹ ਰਹੇ ਹਨ, ਜੋ ਸਮੁੱਚੀ ਵਾਰ ਦਾ ਤੱਤ-ਸਾਰ ਹੈ, ਗੁਰਮਤਿ ਹੈ।

ਸੋ ਹਥਲਾ ਵਿਸ਼ਾ ਗੁਰਬਾਣੀ ਵਿੱਚੋਂ ਨਿਰੋਲ ਗੁਰਮਤਿ ਨੂੰ ਪਛਾਣਨਾ ਹੈ ਤਾਂ ਜੋ ਉਸ ਦੀ ਰੌਸ਼ਨੀ ’ਚ ਸਮੁੱਚੀ ਗੁਰਬਾਣੀ ਨੂੰ ਵਿਚਾਰਦਿਆਂ ਕੋਈ ਸੰਦੇਹ ਨਾ ਰਹੇ। ਗੁਰੂ ਨਾਨਕ ਸਾਹਿਬ ਜੀ ਨੇ ‘ਜਪੁ’ ਬਾਣੀ ਦੇ ਅੰਤ ’ਚ ਸਚਖੰਡ ਅਵਸਥਾ ਨੂੰ ਇਉਂ ਰੂਪਮਾਨ ਕੀਤਾ ਹੈ ‘‘ਸਚਖੰਡਿ ਵਸੈ ਨਿਰੰਕਾਰੁ ਕਰਿ ਕਰਿ ਵੇਖੈ; ਨਦਰਿ ਨਿਹਾਲ ਤਿਥੈ; ਖੰਡ ਮੰਡਲ ਵਰਭੰਡ ਜੇ ਕੋ ਕਥੈ; ਅੰਤ ਅੰਤ ਤਿਥੈ; ਲੋਅ ਲੋਅ ਆਕਾਰ ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ਵੇਖੈ ਵਿਗਸੈ; ਕਰਿ ਵੀਚਾਰੁ ਨਾਨਕ ! ਕਥਨਾ ਕਰੜਾ ਸਾਰੁ ੩੭’’ (ਜਪੁ) ਅਰਥ : ਸਚਖੰਡ ਅਵਸਥਾ ’ਚ ਨਿਰਾਕਾਰ ਮਾਲਕ ਵੱਸਦਾ ਹੈ (ਕੇਵਲ ਉਸ ਦੀ ਯਾਦ ਵੱਸਦੀ ਹੈ)। ਜੋ ਮਿਹਰ ਭਰੀ ਨਜ਼ਰ ਨਾਲ਼ ਸਭ ਨੂੰ ਪੈਦਾ ਕਰ-ਕਰ ਸੰਭਾਲ਼ਦਾ ਹੈ ਤੇ ਪ੍ਰਸੰਨ ਰਹਿੰਦਾ ਹੈ। ਇਸ ਅਵਸਥਾ ’ਚ ਅਨੇਕਾਂ ਖੰਡ, ਮੰਡਲ, ਬ੍ਰਹਿਮੰਡ, ਲੋਕ, ਆਕਾਰ ਆਦਿ ਪ੍ਰਤੀਤ ਹੁੰਦੇ ਹਨ ਯਾਨੀ ਕਰਤਾਰ ਦੁਆਰਾ ਰਚੀ ਕੁਦਰਤਿ; ਬੇਅੰਤ ਮਹਿਸੂਸ ਹੁੰਦੀ ਹੈ। ਜੇ ਕੋਈ ਇਸ ਦਾ ਅੰਦਾਜ਼ਾ ਲਾਉਣਾ ਚਾਹੇ ਤਾਂ ਕੋਈ ਅੰਤ ਹੀ ਨਹੀਂ। ਹੋਰ ਵਧੀਕ ਇਸ ਦਾ ਵਰਣਨ ਕਰਨਾ; ਲੋਹਾ ਚੱਬਣ ਜਿੰਨਾ ਮੁਸ਼ਕਲ ਹੈ। ਜਿਸ ਤਰ੍ਹਾਂ ਉਸ ਦਾ ਹੁਕਮ ਹੁੰਦਾ ਹੈ, ਉਸ ਤਰ੍ਹਾਂ ਹੀ ਜਗਤ ਦਾ ਕਾਰ ਵਿਹਾਰ ਚੱਲਦਾ ਹੈ। ਮਾਲਕ; ਸਭ ਨੂੰ ਵੇਖਦਾ ਹੈ, ਵਿਚਾਰ ਕਰ-ਕਰ ਕੇ ਖ਼ੁਸ਼ ਹੁੰਦਾ ਹੈ ਯਾਨੀ ਕੋਈ ਭੀ ਉਸ ਦਾ ਹੁਕਮ ਅਦੂਲੀ ਕਰਨ ਵਾਲ਼ਾ ਨਹੀਂ; ਜਿਵੇਂ ਪਿਤਾ ਦੇ ਹੁਕਮ ਨੂੰ ਮੰਨਦੇ ਬੱਚਿਆਂ ਨੂੰ ਵੇਖ ਪਿਤਾ ਸਦਾ ਪ੍ਰਸੰਨ ਚਿੱਤ ਰਹਿੰਦਾ ਹੈ।

ਉਕਤ ਗੁਰਮਤਿ ਨੂੰ ਧਿਆਨ ’ਚ ਰੱਖਦਿਆਂ ਸਮੁੱਚੀ ਗੁਰਬਾਣੀ ਦੀ ਵਿਚਾਰ ਕਰਨ ਸਮੇਂ ਮਨ ’ਚ ਇਹ ਭਰਮ ਨਹੀਂ ਰਹਿੰਦਾ ਕਿ ਰੱਬ ਦੀ ਮਿਹਰ ਤੋਂ ਬਿਨਾਂ ਮਨੁੱਖ ਦੇ ਹੱਥ ’ਚ ਭੀ ਕੁੱਝ ਕਰਨ ਦੀ ਤਾਕਤ ਹੁੰਦੀ ਹੈ। ਵਾਰਾਂ ਦੀਆਂ ਉਕਤ ਅੰਤਮ ਪਉੜੀਆਂ ਵਾਙ ਆਸਾ ਕੀ ਵਾਰ ਦੀ ਅੰਤਮ ਪਉੜੀ ਭੀ ਇਉਂ ਹੈ, ਜੋ ਨਿੱਤ ਸੁਣੀਦੀ ਹੈ ‘‘ਵਡੇ ਕੀਆ ਵਡਿਆਈਆ; ਕਿਛੁ ਕਹਣਾ ਕਹਣੁ ਜਾਇ ਸੋ ਕਰਤਾ ਕਾਦਰ ਕਰੀਮੁ; ਦੇ ਜੀਆ ਰਿਜਕੁ ਸੰਬਾਹਿ ਸਾਈ ਕਾਰ ਕਮਾਵਣੀ; ਧੁਰਿ ਛੋਡੀ ਤਿੰਨੈ ਪਾਇ ਨਾਨਕ ! ਏਕੀ ਬਾਹਰੀ; ਹੋਰ ਦੂਜੀ ਨਾਹੀ ਜਾਇ ਸੋ ਕਰੇ; ਜਿ ਤਿਸੈ ਰਜਾਇ ੨੪ ਸੁਧੁ (ਆਸਾ ਕੀ ਵਾਰ/ਮਹਲਾ /੪੭੫) ਪਦ ਅਰਥ : ਦੇ- ਦਿੰਦਾ ਹੈ।, ਦੇ ਰਿਜਕੁ ਸੰਬਾਹਿ-ਖਾਣਾ-ਪੀਣਾ ਇਕੱਠਾ ਕਰ-ਕਰ ਦਿੰਦਾ ਹੈ।, ਜੀਆ-ਜੀਵਾਂ ਨੂੰ।, ਸਾਈ-ਉਹੋ ਜਿਹੀ।, ਧੁਰਿ-ਧੁਰ ਤੋਂ।, ਤਿੰਨੈ ਪਾਇ- ਉਸ ਨੇ ਪਾ ਕੇ।, ਦੂਜੀ ਨਾਹੀ ਜਾਇ- ਹੋਰ ਥਾਂ ਨਾਹੀਂ ਯਾਨੀ ਕੋਈ ਹੋਰ ਆਸਰਾ ਨਹੀਂ।, ਤਿਸੈ ਰਜਾਇ-ਉਸ (ਰੱਬ) ਦੀ ਮਰਜ਼ੀ।

ਅੰਤ ’ਚ ਜਪੁ ਬਾਣੀ ਦੀ ਮਿਸਾਲ ਲੈਣੀ ਜ਼ਰੂਰੀ ਹੈ ਤਾਂ ਜੋ ਨਿਤਨੇਮ ਕਰਦਿਆਂ ਹਥਲਾ ਵਿਸ਼ਾ ਸਦਾ ਧਿਆਨ ’ਚ ਆਉਂਦਾ ਰਹੇ। ਜਪੁ ਬਾਣੀ ਦੀਆਂ ਕੁੱਲ 38 ਪਉੜੀਆਂ ਅਤੇ 2 ਸਲੋਕ ਹਨ। ਅੰਤਮ 38ਵੀਂ ਪਉੜੀ ’ਚ ਸੁਨਿਆਰ ਦੁਆਰਾ ਸੋਨੇ ਦੇ ਗਹਿਣਿਆਂ ਦੀ ਹੁੰਦੀ ਨਵੀਂ ਘਾੜਤ ਵਾਙ ਜੀਵਨ ਘਾੜਤ ਨੂੰ ਸੰਖੇਪ ’ਚ ਵਿਚਾਰਿਆ ਹੈ। 34 ਤੋਂ 37ਵੀਂ ਪਉੜੀ ਤੱਕ ਰੂਹਾਨੀਅਤ ਦੇ ਪੰਜ ਪੜਾਵਾਂ ਦਾ ਜ਼ਿਕਰ ਹੈ ਅਤੇ 33ਵੀਂ ਪਉੜੀ; ਜਪੁ ਬਾਣੀ ਦੀ ਅਰੰਭਕ ਪਉੜੀ ਤੋਂ ਚਲਦੀ ਵਿਸ਼ਾ ਲੜੀ ਨੂੰ ਸੰਖੇਪ ’ਚ ਸੰਕੋਚਦੀ ਹੈ; ਜਿਵੇਂ ਕਿ ਪਹਿਲੀ ਪਉੜੀ ’ਚ ਜ਼ਿਕਰ ਹੈ ‘‘ਚੁਪੈ, ਚੁਪ ਹੋਵਈ; ਜੇ ਲਾਇ ਰਹਾ ਲਿਵ ਤਾਰ ’’ (ਜਪੁ) ਅਰਥ : ਮੌਨ ਧਾਰਨ ਨਾਲ਼ ਮਨ ਸ਼ਾਂਤ ਨਹੀਂ ਹੋ ਸਕਦਾ ਭਾਵੇਂ ਨਿਰੰਤਰ ਇਕਾਗਰ ਚਿੱਤ ਬੈਠੇ ਰਹੀਏ, ਪਰ ਗੁਰਮਤਿ ਨਜ਼ਰੀਏ ਤੋਂ ਮੌਨ ਧਾਰਨਾ ਅਤੇ ਵੱਧ ਬੋਲਣਾ ਬੰਦੇ ਦੇ ਅਧਿਕਾਰ ’ਚ ਨਹੀਂ; (ਯਾਨੀ ਰੱਬ ਹੀ ਵੱਧ ਬੁਲਾਉਂਦੈ ਜਾਂ ਮੌਨ ਰਖਵਾਉਂਦਾ ਹੈ), ਇਹੀ ਪੱਖ 33ਵੀਂ ਪਉੜੀ ’ਚ ਇਉਂ ਦਰਜ ਹੈ ‘‘ਆਖਣਿ ਜੋਰੁ; ਚੁਪੈ ਨਹ ਜੋਰੁ ’’ ਅਰਥ: ਕੁੱਝ ਕਹਿਣ ਵਿੱਚ ਅਤੇ ਨਾ ਕਹਿਣ ਵਿੱਚ ਯਾਨੀ ਮੌਨ ਧਾਰਨ ’ਚ ਬੰਦੇ ਦਾ ਕੋਈ ਜ਼ੋਰ ਨਹੀਂ ਚੱਲਦਾ।

ਜਪੁ ਬਾਣੀ ਦੀ ਚੌਥੀ ਪਉੜੀ ’ਚ ਦਰਜ ਹੈ ‘‘ਆਖਹਿ ਮੰਗਹਿ ਦੇਹਿ ਦੇਹਿ ਫੇਰਿ ਕਿ ਅਗੈ ਰਖੀਐ ?… ’ ਯਾਨੀ ਕੁੱਝ ਮੰਗਣ ਅਤੇ ਦਾਨ (ਭੇਂਟ) ਕਰਨ ਦਾ ਜ਼ਿਕਰ ਹੈ, ਪਰ ਗੁਰਮਤਿ ਨਜ਼ਰੀਏ ਤੋਂ 33ਵੀਂ ਪਉੜੀ ’ਚ ਇਹ ਵਿਸ਼ਾ ਇਉਂ ਸੰਕੋਚਿਆ ਹੈ ‘‘ਜੋਰੁ ਮੰਗਣਿ; ਦੇਣਿ ਜੋਰੁ ’’ ਅਰਥ : ਕੁੱਝ ਮੰਗਣ ਵਿੱਚ ਅਤੇ ਕੁੱਝ ਭੇਂਟ ਕਰਨ ’ਚ ਬੰਦੇ ਦਾ ਕੋਈ ਜ਼ੋਰ ਨਹੀਂ ਚੱਲਦਾ।

ਜਪੁ ਬਾਣੀ ਦੀ 7ਵੀਂ ਪਉੜੀ ’ਚ ਜ਼ਿਕਰ ਹੈ ਕਿ ਲੰਬੀ ਉਮਰ ਕਰ ਸਾਰੀ ਧਰਤੀ ’ਤੇ ਬੰਦਾ ਪ੍ਰਸਿੱਧ ਭੀ ਹੋ ਜਾਵੇ। ਰਾਜ ਸੱਤਾ ਦਾ ਅਹੰਕਾਰ (ਯਾਨੀ ਹੁਕਮ ਚਲਾਉਣ ਵਾਲ਼ੀ ਸ਼ਕਤੀ ਨੂੰ) ਹਰ ਕੋਈ ਮੰਨਣ ਲੱਗ ਜਾਵੇ। ਵਡਿਆਈ ਭੀ ਮਿਲਣ ਲੱਗ ਜਾਏ ‘‘ਜੇ ਜੁਗ ਚਾਰੇ ਆਰਜਾ; ਹੋਰ ਦਸੂਣੀ ਹੋਇ ਨਵਾ ਖੰਡਾ ਵਿਚਿ ਜਾਣੀਐ; ਨਾਲਿ ਚਲੈ ਸਭੁ ਕੋਇ ਚੰਗਾ ਨਾਉ ਰਖਾਇ ਕੈ; ਜਸੁ ਕੀਰਤਿ ਜਗਿ ਲੇਇ ’’, ਪਰ ਗੁਰਮਤਿ ਨਜ਼ਰੀਏ ਤੋਂ ਲੰਬੀ ਉਮਰ ਕਰਨੀ ਜਾਂ ਜਲਦੀ ਮਰਨਾ ਅਤੇ ਮਨ ’ਚ ਰਾਜ ਸੱਤਾ ਦੇ ਅਹੰਕਾਰ ਦੇ ਸ਼ੋਰ ਬਾਰੇ 33ਵੀਂ ਪਉੜੀ ’ਚ ਇਉਂ ਜ਼ਿਕਰ ਹੈ ‘‘ਜੋਰੁ ਜੀਵਣਿ; ਮਰਣਿ ਨਹ ਜੋਰੁ ਜੋਰੁ , ਰਾਜਿ ਮਾਲਿ ਮਨਿ ਸੋਰੁ ’’ ਯਾਨੀ ਜਲਦੀ ਮਰਨ ਵਿੱਚ ਜਾਂ ਲੰਬੀ ਉਮਰ ਕਰਨ ’ਚ, ਰਾਜ ਸੱਤਾ ਹਾਸਲ ਕਰਨ ’ਚ ਅਤੇ ਮਨ ਵਿੱਚ ਅਹੰਕਾਰ ਪੈਦਾ ਕਰਨ ’ਚ ਬੰਦੇ ਦਾ ਕੋਈ ਅਖ਼ਤਿਆਰ ਨਹੀਂ ਹੁੰਦਾ ।

ਜਪੁ ਬਾਣੀ ਦੀ 13ਵੀਂ ਪਉੜੀ ’ਚ ਜ਼ਿਕਰ ਹੈ ਕਿ ਗੁਰੂ ਉਪਦੇਸ਼ ਮੰਨਣ ਨਾਲ਼ ਉੱਚੀ ਸੁਰਤ ਹੋ ਜਾਂਦੀ ਹੈ ਅਤੇ ਮਨ ਵਿੱਚ ਜਾਗਰੂਕਤਾ ਆ ਜਾਂਦੀ ਹੈ ‘‘ਮੰਨੈ; ਸੁਰਤਿ ਹੋਵੈ, ਮਨਿ ਬੁਧਿ੧੩’’ ਇਸ ਵਿਸ਼ੇ ਨੂੰ ਭੀ 33ਵੀਂ ਪਉੜੀ ’ਚ ਇਉਂ ਸਮੇਟਿਆ ਹੈ ‘‘ਜੋਰੁ ਸੁਰਤੀ; ਗਿਆਨਿ ਵੀਚਾਰਿ ’’ ਯਾਨੀ ਗੁਰੂ ਗਿਆਨ ਅਤੇ ਗੁਰੂ ਸ਼ਬਦ ਵਿਚਾਰ ਨਾਲ਼ ਉੱਚੀ ਸੁਰਤ ਕਰਨ ’ਚ ਬੰਦੇ ਦਾ ਆਪਣਾ ਕੋਈ ਜ਼ੋਰ ਨਹੀਂ ਚੱਲਦਾ। ਇਸ ਪਉੜੀ ਦੇ ਅੰਤ ’ਚ ਇਉਂ ਕਹਿ ਕੇ ਵਿਸ਼ਾ ਸਮਾਪਤ ਕੀਤਾ ਗਿਆ ‘‘ਜਿਸੁ ਹਥਿ ਜੋਰੁ; ਕਰਿ ਵੇਖੈ ਸੋਇ ਨਾਨਕ ! ਉਤਮੁ ਨੀਚੁ ਕੋਇ ੩੩’’ (ਜਪੁ) ਅਰਥ : ਜਿਸ ਮਾਲਕ ਦੇ ਅਧਿਕਾਰ ਵਿੱਚ ਸਾਰੀ ਸਮਰੱਥਾ ਹੈ ਓਹੀ ਜਗਤ ਨੂੰ ਰਚ-ਰਚ ਕੇ ਸੰਭਾਲ਼ਦਾ ਹੈ। ਉਸ ਦੀ ਇਸ ਸਮਰੱਥਾ ਤੋਂ ਬਿਨਾਂ ਜਗਤ ’ਚ ਕੋਈ ਛੋਟਾ-ਵੱਡਾ ਜਾਂ ਸ੍ਰੇਸ਼ਟ ਤੇ ਹੀਣ ਨਹੀਂ ਹੋ ਸਕਦਾ ਹੈ।

ਸੋ ਹਥਲੀ ਵਿਚਾਰ ਤੋਂ ਸਪਸ਼ਟ ਹੁੰਦਾ ਹੈ ਕਿ ਗੁਰਬਾਣੀ ਵਿੱਚ ਦਰਜ ਲੰਬੀਆਂ ਰਚਨਾਵਾਂ ਦੀ ਅੰਤਮ ਪਉੜੀ ਨੂੰ ਸਮਝਾਉਣ ਲਈ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਕਿਉਂਕਿ ਇਹ ਗੁਰਬਾਣੀ ਦਾ ਤੱਤ-ਸਾਰ (ਗੁਰਮਤਿ) ਹੈ; ਜਿਵੇਂ ‘ਜਪੁ’ ਬਾਣੀ ਦੀ 33ਵੀਂ ਪਉੜੀ ’ਚ ਸਿਰਮੌਰ ਸਿਧਾਂਤ ਹੈ; ਓਵੇਂ ਹੀ ਪੰਜ ਖੰਡਾਂ ਵਾਲ਼ੀ ਲੜੀ ’ਚ ਸਚਖੰਡ ਰੂਪ ਅੰਤਮ 37ਵੀਂ ਪਉੜੀ ਭੀ ਨਿਰੋਲ ਗੁਰਮਤਿ ਹੈ, ਸਿੱਖਾਂ ਲਈ ਮੰਜ਼ਲ ਹੈ। ਸਿੱਖਾਂ ਨੂੰ ਗੁਰਬਾਣੀ ਦਾ ਪ੍ਰਚਾਰ-ਪ੍ਰਸਾਰ ਕਰਦਿਆਂ ਇਸ ਗੁਰਮਤਿ ਨੂੰ ਧਿਆਨ ’ਚ ਰੱਖ ਕੇ ਹੀ ਸਮੁੱਚੀ ਬਾਣੀ ਨੂੰ ਵਾਚਣਾ ਚਾਹੀਦਾ ਹੈ। ਜੇਕਰ ‘‘ਆਖਣਿ ਜੋਰੁ; ਚੁਪੈ ਨਹ ਜੋਰੁ ’’ ਗੁਰਮਤਿ-ਸਿਧਾਂਤ ਨੂੰ ਦਰਕਿਨਾਰ ਕਰ ਪਹਿਲੀ ਪਉੜੀ ‘‘ਚੁਪੈ, ਚੁਪ ਹੋਵਈ; ਜੇ ਲਾਇ ਰਹਾ ਲਿਵ ਤਾਰ ’’ ਦੀ ਵਿਆਖਿਆ ਕਰਾਂਗੇ ਤਾਂ ਜਿੱਥੇ ਕਰਮਕਾਂਡੀ ਬੰਦੇ ਬਾਰੇ ਆਪਣੇ ਮਨ ਅੰਦਰ ਨਫ਼ਰਤ ਪੈਦਾ ਹੋਵੇਗੀ ਓਥੇ ਆਪਣੇ ਆਪ ਨੂੰ ਕਰਮਕਾਂਡ ਮੁਕਤ ਹੋਣ ਦਾ ਭਰਮ ਪੈਦਾ ਹੋਏਗਾ। ਇਸ ਤੋਂ ਜਾਪੇਗਾ ਕਿ ਸ਼ਾਇਦ ਮੈ ਹੀ ਸਤਿਗੁਰੂ ਦਾ ਸੱਚਾ ਸਿੱਖ ਹਾਂ।

ਗੁਰਬਾਣੀ ’ਚ ਜਿੱਥੇ ਤਰਕ ਆਧਾਰਿਤ ਦਲੀਲਾਂ ਵੇਖਣ ਨੂੰ ਮਿਲਦੀਆਂ ਹਨ, ਓਥੇ ਗੁਰਮਤਿ; ਕੇਵਲ ਸ਼ਰਧਾ ਭਾਵਨਾ ਨਾਲ਼ ਵਿਚਾਰਨ ਵਾਲ਼ਾ ਵਿਸ਼ਾ ਹੈ। ਗੁਰੂ ਸਾਹਿਬਾਨ ਨੇ ਗੁਰਮਤਿ ਦਾ ਪ੍ਰਚਾਰ ਕੀਤਾ ਹੈ, ਨਾ ਕਿ ਗੁਰਮਤਿ ਨੂੰ ਸਮਝਾਉਣ ਲਈ ਵਰਤੀਆਂ ਯੁਕਤੀਆਂ ਦਾ। ਕੀ ਜੋਗੀਆਂ ਨਾਲ਼ ਗੋਸਟਿ ਦੌਰਾਨ ਵਰਤੇ ਸ਼ਬਦ ਮੌਲਵੀਆਂ ਨਾਲ਼ ਮੱਕੇ ’ਚ ਦੁਹਰਾਏ ਜਾ ਸਕਦੇ ਹਨ ਜਾਂ ਮੌਲਵੀਆਂ ਨਾਲ਼ ਵਰਤੀ ਸ਼ਬਦਾਵਲੀ ਪੰਡਿਤਾਂ ਨਾਲ਼ ਧਰਮ-ਚਰਚਾ ਕਰਦਿਆਂ ਮੁੜ ਵਰਤੀ ਜਾ ਸਕਦੀ ਹੈ ? ਜਵਾਬ ਹੈ : ਨਹੀਂ। ਸੋ ਸਿੱਖਾਂ ਨੂੰ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ’ਤੇ ਜ਼ੋਰ ਦੇਣਾ ਬਣਦੈ, ਨਾ ਕਿ ਤਰਕ ਆਧਾਰਿਤ ਸਮਾਜਿਕ ਤੱਥਾਂ ਤੱਕ ਸੀਮਤ ਰਹਿਣਾ ਹੈ। ਦੂਜੇ ਪਾਸੇ ਜੋ ਸਿੱਖ ਕਹਿੰਦੇ ਹਨ ਕਿ ਗੁਰਬਾਣੀ ਅਸਲ ਸਚਾਈ ਹੈ, ਪਰ ਗੁਰਮਤਿ ਯਾਨੀ ਕਿ ਗੁਰੂ ਦੀ ਨਿਜੀ ਸੋਚ ਨੇ ਫ਼ੈਸਲੇ ਲੈਂਦਿਆਂ ਕੁੱਝ ਗ਼ਲਤੀਆਂ ਕੀਤੀਆਂ ਹਨ ਉਨ੍ਹਾਂ ਗੁਰੂ ਨਿੰਦਕਾਂ ਲਈ ਇਹੀ ਗੁਰਬਾਣੀ ਵਾਕ ਢੁੱਕਦਾ ਹੈ ‘‘ਜਿਨਾ ਗੁਰੁ ਗੋਪਿਆ ਆਪਣਾ; ਤੇ ਨਰ ਬੁਰਿਆਰੀ   ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ; ਪਾਪਿਸਟ ਹਤਿਆਰੀ ’’ (ਮਹਲਾ /੬੫੧) ਅਰਥ : ਜਿਨ੍ਹਾਂ ਨੇ ਆਪਣੇ ਸਤਿਗੁਰੂ ਦੀ ਨਿੰਦਿਆ ਕੀਤੀ ਹੈ ਯਾਨੀ ਗੁਰੂ ਦੇ ਗੁਣਾਂ ਨੂੰ ਘਟਾ ਕੇ ਆਂਕਿਆ ਹੈ, ਉਹ ਭੈੜੀ ਸ਼ਕਲ-ਸੂਰਤ ਵਾਲੇ, ਪਾਪੀ ਹਤਿਆਰੇ ਹਨ। ਰੱਬ ਜੀ ਮਿਹਰ ਕਰਨ ਤਾਂ ਜੋ ਉਨ੍ਹਾਂ ਦਾ ਦਰਸ਼ਨ ਹੀ ਕਰਨਾ ਨਾ ਪਵੇ ਯਾਨੀ ਮਰ ਹੀ ਜਾਣ।

ਗੁਰਬਾਣੀ ਉਚਾਰਨ ਅਤੇ ਵਿਸਰਾਮ ਦਾ ਮਹੱਤਵ

0

ਗੁਰਬਾਣੀ ਉਚਾਰਨ ਅਤੇ ਵਿਸਰਾਮ ਦਾ ਮਹੱਤਵ

ਕਿਰਪਾਲ ਸਿੰਘ ਬਠਿੰਡਾ 88378-13661

ਗੁਰੂ ਕਾਲ ਤੋਂ ਲੈ ਕੇ ਹੁਣ ਤੱਕ ਗੁਰਬਾਣੀ ਉਚਾਰਨ ਅਤੇ ਵਿਆਖਿਆ ਸੰਬੰਧੀ ਕਈ ਤਰ੍ਹਾਂ ਦੀਆਂ ਵਿਆਖਿਆ ਪਰਣਾਲੀਆਂ ਪ੍ਰਚਲਿਤ ਰਹੀਆਂ ਹਨ; ਜਿਵੇਂ ਕਿ (1) ਸਹਿਜ ਪਰਣਾਲੀ- ਭਾਵ ਗੁਰਬਾਣੀ ਵਿੱਚੋਂ ਹੀ ਉਚਾਰਨ ਦੀ ਸੇਧ ਲੈਣੀ। (2) ਭਾਈ ਪਰਣਾਲੀ- ਭਾਈ ਗੁਰਦਾਸ ਜੀ ਵਾਲੀ। (3) ਪਰਮਾਰਥੀ ਪਰਣਾਲੀ- ਭਾਈ ਮਿਹਰਬਾਨ, ਭਾਈ ਹਰਿ ਜੀ ਸੋਢੀ, ਸੋਢੀ ਚਤੁਰਭੁਜ। (4) ਉਦਾਸੀ ਪਰਣਾਲੀ- ਸਾਧੂ ਅਨੰਦਘਨ ਤੇ ਸੁਆਮੀ ਸਦਾਨੰਦ। (5) ਨਿਰਮਲਾ ਪਰਣਾਲੀ, ਜਿਸ ’ਚ ਕਵੀ ਭਾਈ ਸੰਤੋਖ ਸਿੰਘ, ਗਿਆਨੀ ਗਿਆਨ ਸਿੰਘ, ਪੰਡਿਤ ਤਾਰਾ ਸਿੰਘ ਨਰੋਤਮ, ਪੰਡਿਤ ਗੁਲਾਬ ਸਿੰਘ, ਗਿਆਨੀ ਦਲ ਸਿੰਘ, ਸੰਤ ਸੰਪੂਰਨ ਸਿੰਘ ਆਦਿ ਸ਼ਾਮਲ ਹਨ। (6) ਸੰਪਰਦਾਈ ਪਰਣਾਲੀ-ਭਾਈ ਮਨੀ ਸਿੰਘ, ਗਿਆਨੀ ਬਦਨ ਸਿੰਘ, ਸੰਤ ਅਮੀਰ ਸਿੰਘ, ਭਾਈ ਭਗਵਾਨ ਸਿੰਘ, ਸੋਢੀ ਬੁੱਢਾ ਸਿੰਘ, ਭਾਈ ਜੋਧ ਸਿੰਘ, ਗਿਆਨੀ ਸੰਤ ਰਾਮ, ਭਾਈ ਬਖ਼ਸ਼ੀਸ਼ ਸਿੰਘ, ਸੰਤ ਗੁਲਾਬ ਸਿੰਘ, ਗਿਆਨੀ ਬਿਸ਼ਨ ਸਿੰਘ ਲੱਖੂਵਾਲ, ਅਕਾਲੀ ਨਿਹਾਲ ਸਿੰਘ ਸੂਰੀ, ਪੰਡਿਤ ਨਰੈਣ ਸਿੰਘ ਗਿਆਨੀ, ਪੰਡਿਤ ਕਰਤਾਰ ਸਿੰਘ ਦਾਖਾ। (7) ਸਿੰਘ ਸਭਾਈ ਪਰਣਾਲੀ, ਜਿਸ ’ਚ ਪ੍ਰਿੰ. ਤੇਜਾ ਸਿੰਘ, ਪ੍ਰੋ. ਸਾਹਿਬ ਸਿੰਘ, ਭਾਈ ਵੀਰ ਸਿੰਘ, ਡਾ. ਮੋਹਨ ਸਿੰਘ ਦੀਵਾਨਾ,  ਡਾ. ਸ਼ੇਰ ਸਿੰਘ, ਪ੍ਰੋ. ਗੰਗਾ ਸਿੰਘ, ਸੋਢੀ ਹਜ਼ਾਰਾ ਸਿੰਘ, ਬੇਦੀ ਬ੍ਰਿਜ ਬੱਲਭ ਸਿੰਘ ਊਨਾ ਆਦਿਕ ਵਿਦਵਾਨ ਸ਼ਾਮਲ ਹਨ। (8) ਕੋਸ਼ਕਾਰੀ, ਜਿਸ ਵਿੱਚ ਭਾਈ ਕਾਹਨ ਸਿੰਘ ਨਾਭਾ ਤੇ ਪ੍ਰੋ. ਪਿਆਰਾ ਸਿੰਘ ਪਦਮ ਸ਼ਾਮਲ ਹਨ, ਪਰ ਮੌਜੂਦਾ ਸਮੇਂ ਦੋ ਵੀਚਾਰਧਾਰਾ ਮੁੱਖ ਤੌਰ ’ਤੇ ਪ੍ਰਚਲਿਤ ਹਨ-ਇੱਕ ਸੰਪਰਦਾਈ ਪਰਣਾਲੀ, ਜੋ ਗੁਰਬਾਣੀ ਲਿਖਤ ਰੂਪ ’ਚ ਲੱਗੀਆਂ ਸਾਰੀਆਂ ਲਗਾਂ ਮਾਤਰਾਵਾਂ ਉਚਾਰਨ ਦੇ ਪੱਖ ਵਿੱਚ ਹਨ ਅਤੇ ਦੂਸਰੀ ਸਿੰਘ ਸਭਾਈ, ਜਿਸ ਨੂੰ ਆਮ ਤੌਰ ’ਤੇ ਮਿਸ਼ਨਰੀ ਪਰਣਾਲੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਵੀਚਾਰਧਾਰਾ ਨੂੰ ਪ੍ਰਮੁੱਖ ਤੌਰ ’ਤੇ ਸਿੱਖ ਮਿਸ਼ਨਰੀ ਕਾਲਜ ਪ੍ਰਚਾਰ ਰਹੇ ਹਨ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਮਿਸ਼ਨਰੀ ਕਾਲਜ਼/ ਵਿਦਿਆਲੇ ਅਤੇ ਪਰਾਈਵੇਟ ਸੰਸਥਾਵਾਂ ਹੇਠ ਚੱਲ ਰਹੇ ਮਿਸ਼ਨਰੀ ਕਾਲਜ਼ ਸ਼ਾਮਲ ਹਨ। ਇਸ ਵੀਚਾਰਧਾਰਾ ਵਾਲਿਆਂ ਦਾ ਪੱਖ ਹੈ ਕਿ ਗੁਰਬਾਣੀ ’ਚ ਖ਼ਾਸ ਤੌਰ ’ਤੇ ਮਗਰਲੇ ਅੱਖਰਾਂ ਨੂੰ ਵਿਆਕਰਣਿਕ ਤੌਰ ’ਤੇ ਲੱਗੀ ਔਂਕੜ ਅਤੇ ਸਿਹਾਰੀ ਦਾ ਸੰਬੰਧ ਉਚਾਰਨ ਨਾਲ ਨਾਂ ਹੋ ਕੇ ਅਰਥ ਸਮਝਣ ਲਈ ਹੈ ਅਤੇ ਬਾਕੀ ਦੀਆਂ ਸਾਰੀਆਂ ਮਾਤਰਾਵਾਂ ਉਚਾਰੀਆਂ ਜਾਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਕੁਝ ਕਿਰਿਆਵਾਚੀ ਸ਼ਬਦਾਂ ਅਤੇ ਕਾਰਕੀ ਅਰਥ ਦੇਣ ਵਾਲੇ ਨਾਂਵ, ਪੜਨਾਂਵ ਸ਼ਬਦਾਂ ਨੂੰ ਗੁਰਬਾਣੀ ਵਿੱਚ ਹੀ ਵਰਤੇ ਅਜਿਹੇ ਸ਼ਬਦਾਂ ਤੋਂ ਸੇਧ ਲੈ ਕੇ ਨਾਸਕੀ ਉਚਾਰਨ ਕੀਤੇ ਜਾਣ ਦੇ ਪੱਖ ’ਚ ਹਨ ਜਿਸ ਦਾ ਸੰਪ੍ਰਦਾਈ ਪ੍ਰਣਾਲੀ ਦੇ ਮੌਜੂਦਾ ਪ੍ਰਚਾਰਕ ਸਖ਼ਤ ਵਿਰੋਧ ਕਰਦੇ ਹਨ। ਇਸ ਵਖਰੇਵੇਂ ਕਾਰਨ ਪੰਥ ’ਚ ਵੀਚਾਰਧਾਰਕ ਅਤੇ ਸਿਧਾਂਤਕ ਤੌਰ ’ਤੇ ਵਖਰੇਵੇਂ ਦਿਨੋ ਦਿਨ ਵਧ ਰਹੇ ਹਨ; ਜਿਸ ਕਾਰਨ ਪੰਥਕ ਸ਼ਕਤੀ ਕਮਜ਼ੋਰ ਹੁੰਦੀ ਜਾ ਰਹੀ ਹੈ। ਇਸ ਵਖਰੇਵੇਂ ਨੂੰ ਘਟਾਉਣ ਲਈ ਚਾਹੀਦਾ ਤਾਂ ਇਹ ਸੀ ਕਿ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪੰਥ ਦੀਆਂ ਦੋ ਸਿਰਮੌਰ ਸੰਸਥਾਵਾਂ ਹੋਣ ਦੇ ਨਾਤੇ; ਦੋਵੇਂ ਧਿਰਾਂ ਦੇ ਸਾਂਝੇ ਸੰਵਾਦ ਸਮਾਗਮ ਰਚਾ ਕੇ ਉਚਾਰਨ ਸੰਬੰਧੀ ਡੂੰਘੇ ਹੋ ਰਹੇ ਮਤਭੇਦ ਘਟਾਉਣ ਅਤੇ ਅਰਥਾਂ/ ਸਿਧਾਂਤ ਨੂੰ ਉਜਾਗਰ ਕਰਨ ਅਤੇ ਪ੍ਰਚਾਰਨ ਦੇ ਕੰਮ ਕਰਨ, ਪਰ ਇਸ ਸਮੇਂ ਸ਼੍ਰੋਮਣੀ ਕਮੇਟੀ ਦਾ ਨਿਸ਼ਾਨਾ ਧਾਰਮਿਕ ਘੱਟ ਅਤੇ ਸਿਆਸੀ ਵੱਧ ਬਣ ਚੁੱਕਾ ਹੈ। ਇਸ ਤੋਂ ਵੱਧ ਦੁਰਭਾਗ ਇਹ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੁਰਮਤਿ ਅਨੁਸਾਰ ਫ਼ੈਸਲੇ ਲੈਣ ਦੀ ਥਾਂ ਅਕਾਲੀ ਦਲ ਦੇ ਬੁਲਾਰੇ ਵਜੋਂ ਵਿਚਰ ਰਹੇ ਹਨ। ਪਿਛਲੇ ਸਾਲ ਅਕਤੂਬਰ ਮਹੀਨੇ ’ਚ ਪਟਿਆਲੇ ਵਿਖੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਗੁਰਮਤਿ ਇੰਸਟੀਚੂਟ ’ਚ ਸੰਪਰਦਾਈ ਸੋਚ ਨਾਲ ਖੜ੍ਹੇ, ਪੰਜਾਬੀ ਯੂਨੀਵਰਸਿਟੀ ਦੇ ਇੱਕ ਗਰੁੱਪ ਦੇ ਸਕਾਲਰਾਂ ਨੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਇੱਕ ਸੈਮੀਨਾਰ ਕਰਵਾਇਆ ਜਿਸ ਵਿੱਚ ਗਿਆਨੀ ਹਰਪਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵਿਸ਼ੇਸ਼ ਤੌਰ ’ਤੇ ਆਪਣੇ ਭਾਸ਼ਣ ’ਚ ‘ਗੁਰਬਾਣੀ ਜਿਵੇਂ ਲਿਖੀ ਉਵੇਂ ਪੜ੍ਹੀ ਜਾਵੇ’ ’ਤੇ ਜ਼ੋਰ ਦਿੱਤਾ। ਭਾਵੇਂ ਵੀਚਾਰਧਾਰਕ/ ਉਚਾਰਨ ਸੰਬੰਧੀ ਮਤਭੇਦ ਤਾਂ ਚਿਰਾਂ ਤੋਂ ਚੱਲ ਰਹੇ ਹਨ ਪਰ ਦੁਖਦਾਇਕ ਇਹ ਹੈ ਕਿ ਜਥੇਦਾਰ ਦੇ ਦਸਤਖ਼ਤਾਂ ਵਾਲਾ ਕਿਤਾਬਚਾ ਸ਼੍ਰੋਮਣੀ ਕਮੇਟੀ ਵੱਲੋਂ ਛਾਪਿਆ ਗਿਆ, ਜਿਸ ਵਿੱਚ ਗੁਰਬਾਣੀ ਜਿਵੇਂ ਲਿਖੀ ਹੈ ਉਵੇਂ ਪੜ੍ਹੀ ਜਾਣ ਦੀ ਵਕਾਲਤ ਕਰਨ ਤੋਂ ਇਲਾਵਾ ਅਕਾਲ ਤਖ਼ਤ ਤੋਂ ਇਹ ਮੰਗ ਕੀਤੀ ਗਈ ਕਿ ਸਾਰੀਆਂ ਮਾਤਰਾਵਾਂ ਉਚਾਰੇ ਜਾਣ ਤੋਂ ਇਨਕਾਰੀ ਅਤੇ ਆਪਣੇ ਵੱਲੋਂ ਬਿੰਦੀ ਟਿੱਪੀ ਲਾ ਕੇ ਉਚਾਰਨ ਕਰਨ ਦੀ ਸੇਧ ਦੇਣ ਵਾਲੀ ਖੋਜ ਅਤੇ ਪ੍ਰਚਾਰ ਸਮੱਗਰੀ ਛਾਪੇ ਜਾਣ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਰੋਕ ਲਾਈ ਜਾਵੇ। ਇਸ ਕਿਤਾਬਚੇ ਨੂੰ ਮਿਸ਼ਨਰੀ ਵੀਚਾਰਧਾਰਾ ਵਾਲੇ ਤਾਂ ਆਪਣੇ ਵਿਰੋਧ ’ਚ ਮੰਨਦੇ ਹੀ ਹਨ; ਇਹ ਕਿਤਾਬਚਾ ਸੰਪਰਦਾਈ/ ਦਮਦਮੀ ਟਕਸਾਲ ਦੇ ਭਾਵੇਂ ਹੱਕ ’ਚ ਭੁਗਤ ਰਿਹਾ ਜਾਪਦਾ ਹੈ ਪਰ ਜੇ ਇਸ ’ਤੇ ਦੀਰਘ ਵੀਚਾਰ ਕੀਤੀ ਜਾਵੇ ਤਾਂ ਸੰਪਰਦਾਈ ਪਰਣਾਲੀ ਅਤੇ ਦਮਦਮੀ ਟਕਸਾਲ ਦੋਵਾਂ ਦੇ ਵਿਰੋਧ ’ਚ ਭੀ ਭੁਗਤ ਰਿਹਾ ਹੈ।

ਨਿਰਮਲਾ ਪਰਣਾਲੀ ਦੇ ਸਿਰਕੱਢ ਵਿਦਵਾਨ ਚੂੜਾਮਨੀ ਕਵੀ ਸੰਤੋਖ ਸਿੰਘ ਨੇ ੧੮੨੯ ਈ: ’ਚ ਲਿਖੀ ਜਪੁ ਜੀ ਸਾਹਿਬ ਗਰਬ ਗੰਜਨੀ ਸਟੀਕ ’ਚ ਲਿਖਿਆ ਹੈ ‘ਗੁਰੂ ਅਰਜਨ ਜੀ ਕੋ ਭੀ ਬਚਨ ਹੈ, ਜਿਸ ਸਮੇਂ ਗ੍ਰੰਥ ਸਾਹਿਬ ਪੂਰੋ ਲਿਖ੍ਯੋ ਗਯੋ ਹੈ, ਤਬ ਕਿਸੀ ਸਿਖ ਨੇ ਅਰਦਾਸ ਕਰੀ ਹਜ਼ੂਰ, ਬਿੰਦਾ ਔਰ ਅਧਿਕ ਇਨ ਕੋ ਘਾਟੋ ਰਹ੍ਯੋ ਗ੍ਰੰਥ ਸਾਹਿਬ ਮੇਂ । ਸਾਹਿਬ ਜੀ ਨੇ ਕਹ੍ਯੋ : ਅਬ ਨਹੀਂ ਲਗਤ ਹੈ, ਸਿਖ੍ਯ ਬੁਧਿਵਾਨ ਅਗਾਰੀ ਆਪ ਹੀ ਤਿਸੀ ਰੀਤਿ ਪਠ ਕਰਿ ਅਰਥ ਕੋ ਕਰੈਂਗੇ ।’ (ਪੰਨਾ ੧੩੬)   

 ਸ੍ਰੀ ਮਾਨ ਪੰਡਿਤ ਕਰਤਾਰ ਸਿੰਘ ‘ਦਾਖਾ’ ਜੀ ਰਚਿਤ ‘ਸ੍ਰੀ ਗੁਰੂ ਵਿਆਕਰਣ ਪੰਚਾਇਣ’ ਵੀ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਵਾਲੀ ਉਪਰੋਕਤ ਉਚਾਰਨ ਪੱਧਤੀ ਦੀ ਹੀ ਪ੍ਰੋੜ੍ਹਤਾ ਕਰਦੀ ਹੈ। ਉਨ੍ਹਾਂ ਤਾਂ ਇੱਥੋਂ ਤੱਕ ਲਿਖਿਆ ਕਿ ਬਾਣੀ ਦੇ ਕਿਸੇ ਵੀ ਸ਼ਬਦ ਦਾ ਉਚਾਰਨ ਉਸ ਦੇ ਅਰਥ ਨੂੰ ਮੁੱਖ ਰੱਖ ਕੇ ਸ਼੍ਰੋਤੇ ਦੀ ਸਮਝ ਦੇ ਅਨੁਕੂਲ ਕਰੋ ਤਾਂ ਕਿ ਉਸ ਨੂੰ ਸੁਖਾਲਾ ਸਮਝ ਪਵੇ ਕਿਉਂਕਿ ਗੁਰਬਾਣੀ ਕੇਵਲ ਕੋਈ ਪੜ੍ਹਨ ਮਾਤ੍ਰ ਵੇਦ-ਮੰਤ੍ਰ ਨਹੀਂ, ਗੁਰ ਉਪਦੇਸ਼ ਹੈ, ਜੋ ਪਾਠ ਸੁਣਨ ਵਾਲਿਆਂ ਨੂੰ ਸੌਖੇ ਹੀ ਸਮਝ ਆਉਣਾ ਚਾਹੀਦਾ ਹੈ। ਇਸ ਲਈ ਪਾਠ ਕਰਨ ਮੌਕੇ ‘ਬਿੰਦੀ ਟਿੱਪੀ’,  ਤੇ ‘ਅੱਧਕ’ ਆਦਿਕ ਲੋੜੀਂਦੇ ਚਿੰਨ੍ਹਾਂ ਦਾ ਵੱਖ ਵੱਖ ਦੇਸ਼ਾਂ ਦੀ ਭਾਸ਼ਾਈ ਰੀਤ ਤੇ ਵਿਸ਼ੇਸ ਧੁਨੀ ਅਨੁਸਾਰ ਉਚਾਰਨ ਕਰਨਾ ਦੋਸ਼ ਨਹੀਂ। ਇਸ ਤੋਂ ਇਲਾਵਾ ਸੰਪ੍ਰਦਾਈ ਪਰਣਾਲੀ ਦੀ ਸ਼ਾਖ਼ਾ ਦਮਦਮੀ ਟਕਸਾਲ ’ਚ ਸਭ ਤੋਂ ਵੱਡੇ ਵਿਦਿਆ ਮਾਰਤੰਡ ਸਮਝੇ ਜਾਂਦੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਵੱਲੋਂ ਲਿਖੀ ਪੁਸਤਕ ‘ਗੁਰਬਾਣੀ ਪਾਠ ਦਰਸ਼ਨ’ ’ਚ ਬਹੁਤ ਸਾਰੇ ਥਾਵਾਂ ’ਤੇ ਬਿੰਦੀ ਟਿੱਪੀ ਲਾ ਕੇ ਨਾਸਕੀ ਅਤੇ ਅੱਧਕ ਲਾ ਕੇ ਦੁੱਤ ਉਚਾਰਨ ਕੀਤੇ ਜਾਣ ਦੀਆਂ ਹਦਾਇਤਾਂ ਦਰਜ ਹਨ। ਇਸ ਲਈ ਸ਼੍ਰੋਮਣੀ ਕਮੇਟੀ ਵੱਲੋਂ ਛਾਪਿਆ ਗਿਆ ਨਵਾਂ ਕਿਤਾਬਚਾ ਜਿੱਥੇ ਦਮਦਮੀ ਟਕਸਾਲ ਦੇ ਵਿਰੋਧ ’ਚ ਹੈ ਉੱਥੇ ਸ਼੍ਰੋਮਣੀ ਕਮੇਟੀ ਖ਼ੁਦ ਆਪਣੇ ਵਿਰੁੱਧ ਵੀ ਭੁਗਤ ਰਹੀ ਹੈ ਕਿਉਂਕਿ ਹੁਣ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਪ੍ਰਚਾਰ/ ਪ੍ਰਸਾਰ ਦੇ ਹਿੱਸੇ ਵਜੋਂ ਉਹ ਖ਼ੁਦ ਪ੍ਰਿੰ. ਤੇਜਾ ਸਿੰਘ ਵੱਲੋਂ ਲਿਖਿਆ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਬਦਾਂਤਿਕ ਲਗਾਂ ਮਾਤ੍ਰਾਂ ਦੇ ਗੁੱਝੇ ਭੇਦ’ ਨਾਮ ਦਾ ਕਿਤਾਬਚਾ ਛਾਪ ਕੇ ਵੱਡੀ ਗਿਣਤੀ ’ਚ ਮੁਫਤ ਵੰਡ ਰਹੀ ਹੈ ਅਤੇ ਇਸੇ ਕਿਤਾਬਚੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ‘ਸ਼ਬਦਾਰਥ ਪੋਥੀਆਂ’ ਭਾਗ ਪਹਿਲਾ ਦੀ ਭੂਮਿਕਾ ’ਚ ਗੁਰਬਾਣੀ ਪੜ੍ਹਨ ਅਤੇ ਅਰਥ ਸਮਝਣ ਲਈ ਹਿਦਾਇਤਾਂ ਛਾਪ ਰਹੀ ਹੈ। ਇਸ ਦਾ ਭਾਵ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਦਮਦਮੀ ਟਕਸਾਲ ਆਪਣੇ ਵੱਲੋਂ ਹੀ ਛਪਵਾਈਆਂ ਜਾ ਰਹੀਆਂ ਪੁਸਤਕਾਂ ਖ਼ੁਦ ਆਪ ਨਹੀਂ ਪੜ੍ਹਦੇ। ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਜਾ ਰਹੇ ਦੋਵੇਂ ਕਿਤਾਬਚੇ ਆਮ ਸਿੱਖਾਂ ਦੇ ਹੱਥਾਂ ਵਿੱਚ ਜਾਣਗੇ ਤਾਂ ਸਗੋਂ ਦੁਬਿਧਾ ਹੋਰ ਵਧੇਗੀ ਕਿ ਇਨ੍ਹਾਂ ਦੋਵਾਂ ਕਿਤਾਬਚਿਆਂ ’ਚੋਂ ਕਿਸ ਨੂੰ ਠੀਕ ਮੰਨਿਆ ਜਾਵੇ !

ਗੁਰਬਾਣੀ ’ਚ ਕੇਵਲ ਪੜ੍ਹਨ ਅਤੇ ਉਚਾਰਨ ਨੂੰ ਮਹੱਤਤਾ ਨਹੀਂ ਦਿੱਤੀ ਸਗੋਂ ਸ਼ਬਦ ਵੀਚਾਰ ਅਤੇ ਗੁਰ ਉਪੇਦਸ਼ਾਂ ਮੁਤਾਬਕ ਅਮਲਾਂ ’ਤੇ ਵੱਧ ਜ਼ੋਰ ਦਿੱਤਾ ਗਿਆ ਹੈ ‘‘ਪੜਿਐ ਨਾਹੀ; ਭੇਦੁ ਬੁਝਿਐ ਪਾਵਣਾ (ਮਹਲਾ /੧੪੮), ਪੜਿਆ ਅਣਪੜਿਆ; ਪਰਮ ਗਤਿ ਪਾਵੈ (ਮਹਲਾ /੧੯੭), ਪੜਿ ਪੜਿ ਗਡੀ ਲਦੀਅਹਿ; ਪੜਿ ਪੜਿ ਭਰੀਅਹਿ ਸਾਥ ਪੜਿ ਪੜਿ ਬੇੜੀ ਪਾਈਐ; ਪੜਿ ਪੜਿ ਗਡੀਅਹਿ ਖਾਤ ਪੜੀਅਹਿ ਜੇਤੇ ਬਰਸ ਬਰਸ; ਪੜੀਅਹਿ ਜੇਤੇ ਮਾਸ ਪੜੀਐ ਜੇਤੀ ਆਰਜਾ; ਪੜੀਅਹਿ ਜੇਤੇ ਸਾਸ ਨਾਨਕ  ! ਲੇਖੈ ਇਕ ਗਲ; ਹੋਰੁ ਹਉਮੈ ਝਖਣਾ ਝਾਖ ’’ (ਮਹਲਾ /੪੬੭) ਆਸਾ ਕੀ ਵਾਰ ਦੀ ਇਸ ਪਉੜੀ ’ਚ ਲੇਖੇ ’ਚ ਕੰਮ ਆਉਣ ਵਾਲੀ, ਜਿਸ ਇੱਕ ਗੱਲ ਵੱਲ ਇਸ਼ਾਰਾ ਹੈ ਉਹ ਸ਼ਬਦ ਦੀ ਵੀਚਾਰ ਨਾਲ ਹੀ ਬੁਝੀ ਅਤੇ ਸਮਝੀ ਜਾ ਸਕਦੀ ਹੈ; ਇਸੇ ਕਾਰਨ ਗੁਰੂ ਸਾਹਿਬ ਜੀ ਨੇ ਸ਼ਬਦ ਵੀਚਾਰ ਨੂੰ ਸਭ ਤੋਂ ਉੱਪਰ ਦੱਸਿਆ ਹੈ ‘‘ਸਭਸੈ ਊਪਰਿ; ਗੁਰ ਸਬਦੁ ਬੀਚਾਰੁ ਹੋਰ ਕਥਨੀ ਬਦਉ ; ਸਗਲੀ ਛਾਰ (ਮਹਲਾ /੯੦੪), ਸੇਵਕ ਸਿਖ ਪੂਜਣ ਸਭਿ ਆਵਹਿ; ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ; ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ’’ (ਮਹਲਾ /੬੬੯) ਗੁਰੂ ਦੇ ਹੁਕਮਾਂ ਨੂੰ ਸਤਿ ਸਤਿ ਕਰ ਮੰਨਣਾ ਵੀ ਤਾਂ ਹੀ ਸੰਭਵ ਹੈ, ਜੇ ਪਹਿਲਾਂ ਗੁਰੂ ਹੁਕਮਾਂ ਦੀ ਸਮਝ ਪਵੇਗੀ ਕਿ ਗੁਰੂ ਸਾਹਿਬ ਦੇ ਹੁਕਮ ਜਾਂ ਆਗਿਆ ਹੈ ਕੀ ? ਨਹੀਂ ਤਾਂ ਬਿਨਾਂ ਸੋਝੀ ਤੋਂ ਪੜ੍ਹਨਾ ‘ਪੜ੍ਹ ਪੜ੍ਹ ਗੱਡੇ ਲੱਦਣ’ ਅਤੇ ‘ਖੂਹ ਖਾਤੇ ਭਰਨ’ ਦੇ ਬਰਾਬਰ ਹੈ, ਜਿਸ ਨੂੰ ਗੁਰੂ ਸਾਹਿਬ ਜੀ ਨੇ ‘ਝਖਣਾ ਝਾਖ’ ਤੇ ‘ਸਗਲੀ ਛਾਰ’ ਕਿਹਾ ਹੈ। ਇਸ ਲਈ ‘ਸਿੰਘ ਸਭਾਈ’/ ਮਿਸ਼ਨਰੀ ਵੀਚਾਰਧਾਰਾ ਦਾ ਮੰਨਣਾ ਹੈ ਕਿ ਗੁਰਬਾਣੀ ਦਾ ਉਚਾਰਨ ਇਸ ਤਰ੍ਹਾਂ ਦਾ ਹੋਵੇ ਕਿ ਪੜ੍ਹਨ ਅਤੇ ਸੁਣਨ ਵਾਲਿਆਂ ਦੇ ਗੁਰਬਾਣੀ ਦੇ ਅਰਥ, ਨਾਲੋਂ ਨਾਲ ਸਮਝ ’ਚ ਆਉਂਦੇ ਜਾਣ ਤਾਂ ਕਿ ਅਣਪੜ੍ਹ ਵਿਅਕਤੀ ਵੀ ਸੁਣ ਕੇ ਪਰਮ ਗਤੀ ਪ੍ਰਾਪਤ ਕਰ ਸਕੇ।

ਇਸ ਉਪਰੰਤ ਦੋ ਸੈਮੀਨਾਰ ਹੋਰ ਹੋਏ, ਜਿਨ੍ਹਾਂ ਵਿੱਚੋਂ ਪਹਿਲਾ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਵਿਖੇ ਹੋਇਆ ਜਿਸ ਵਿੱਚ ਪ੍ਰੋ. ਬਲਕਾਰ ਸਿੰਘ ਨੇ ਮੁੱਖ ਪਰਚਾ ਪੜ੍ਹਿਆ ਅਤੇ ਮਿਸ਼ਨਰੀ ਵੀਚਾਰਧਾਰਾ ਨਾਲ ਸੰਬੰਧਿਤ ਵਿਦਵਾਨ ਪ੍ਰੋ. ਮਨਜੀਤ ਸਿੰਘ, ਗਿਆਨੀ ਕੇਵਲ ਸਿੰਘ, ਪ੍ਰਿੰ. ਨਰਿੰਦਰ ਸਿੰਘ ਦਿੱਲੀ, ਗਿਆਨੀ ਅਵਤਾਰ ਸਿੰਘ ਜਲੰਧਰ ਸੰਪਾਦਕ ਮਿਸ਼ਨਰੀ ਸੇਧਾਂ, ਪ੍ਰਿੰ. ਗੁਰਜਿੰਦਰ ਸਿੰਘ ਗੁਰਮਤਿ ਕਾਲਜ਼ ਮਸਤੂਆਣਾ, ਪ੍ਰੋ. ਕੇਹਰ ਸਿੰਘ, ਐਡਵੋਕੇਟ ਜਸਵਿੰਦਰ ਸਿੰਘ ਅਕਾਲ ਪੁਰਖ ਕੀ ਫੌਜ, ਸ਼੍ਰੋਮਣੀ ਕਮੇਟੀ ਮੈਂਬਰ ਹਰਦੀਪ ਸਿੰਘ ਮੋਹਾਲੀ ਆਦਿਕ ਵਿਦਵਾਨਾਂ ਨੇ ਆਪਣੇ ਵੀਚਾਰ ਤੱਥਾਂ ਸਹਿਤ ਪੇਸ਼ ਕਰਦਿਆਂ ਗੁਰਬਾਣੀ ਨੂੰ ਵਿਆਕਰਣਿਕ ਨਿਯਮਾਂ ਅਤੇ ਅਰਥਾਂ ਨੂੰ ਵਿਚਾਰ ਅਧੀਨ ਰੱਖ ਕੇ ਪੜ੍ਹਨ ਦੀ ਵਕਾਲਤ ਕੀਤੀ। ਗਿਆਨੀ ਜਗਤਾਰ ਸਿੰਘ ਜਾਚਕ ਨੇ ਦੱਸਿਆ ਗੁਰੂ ਗ੍ਰੰਥ ਸਾਹਿਬ ’ਚ ਤਕਰੀਬਨ 46 ਭਾਸ਼ਾਵਾਂ ਅਤੇ ਉਪ ਭਾਸ਼ਾਵਾਂ ਵਿੱਚ ਗੁਰਬਾਣੀ ਉਚਾਰੀ ਗਈ ਹੈ, ਜਿਸ ਵਿੱਚ ਤਤਸਮ ਅਤੇ ਤਦਭਵ ਦੋਵੇਂ ਤਰ੍ਹਾਂ ਦੇ ਸ਼ਬਦ ਦਰਜ ਹਨ। ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਕਿ 12 ਕੋਹ ’ਤੇ ਬੋਲੀ ਬਦਲ ਜਾਂਦੀ ਹੈ। ਇੱਥੋਂ ਤੱਕ ਕਿ ਪੇਂਡੂ ਅਤੇ ਸ਼ਹਿਰੀ ਖੇਤਰ ਦੇ ਵਸਨੀਕਾਂ ਦੇ ਉਚਾਰਨ ਦਾ ਫ਼ਰਕ ਹੁੰਦਾ ਹੈ; ਪੜ੍ਹੇ ਲਿਖੇ ਅਤੇ ਅਨਪੜ੍ਹ ਵਿਅਕਤੀਆਂ ਦੇ ਉਚਾਰਨ ’ਚ ਫ਼ਰਕ ਹੁੰਦਾ ਹੈ, ਇਸ ਲਈ ਜਿਵੇਂ ਲਿਖੀ ਹੈ ਓਵੇਂ ਇੱਕ ਸਾਰ ਉਚਾਰਨ ਹੋ ਹੀ ਨਹੀਂ ਸਕਦਾ; ਉਚਾਰਨ ਵਿੱਚ ਫ਼ਰਕ ਰਹੇਗਾ ਹੀ ਰਹੇਗਾ। ਸਾਨੂੰ ਚਾਹੀਦਾ ਤਾਂ ਇਹ ਹੈ ਕਿ ਗੁਰਬਾਣੀ ਨੂੰ ਵੱਖ ਵੱਖ ਭਾਸ਼ਾਵਾਂ ’ਚ ਉਲੱਥਾ ਕਰਵਾ ਕੇ ਦੁਨੀਆਂ ਦੇ ਕੋਨੇ ਕੋਨੇ ’ਚ ਪਹੁੰਚਾਇਆ ਜਾਵੇ ਤਾਂ ਕਿ ਹਰ ਵਿਅਕਤੀ ਇਸ ਤੋਂ ਲਾਭ ਉਠਾ ਸਕੇ। ਦੂਸਰੀਆਂ ਭਾਸ਼ਾਵਾਂ ’ਚ ਕੀਤੇ ਉਲੱਥਿਆਂ ਨੂੰ ਵੀ ਇਕਸਾਰ ਪੜ੍ਹਨਾ ਇਸ ਤੋਂ ਵੀ ਮੁਸ਼ਕਲ ਹੈ ਕਿਉਂਕਿ ਹਰ ਭਾਸ਼ਾ ਦੀ ਲਿੱਪੀ ਦਾ ਉਚਾਰਨ ਵੱਖਰਾ ਹੁੰਦਾ ਹੈ। ਇਸ ਲਈ ਇਕਸਾਰ ਉੁਚਾਰਨ ’ਤੇ ਜ਼ੋਰ ਦੇਣ ਦੀ ਥਾਂ ਉਚਾਰਨ ਐਸਾ ਹੋਵੇ ਕਿ ਪਾਠ ਕਰਨ ਵਾਲੇ ਪਾਠੀ ਅਤੇ ਸੁਣਨ ਵਾਲੇ ਸਰੋਤੇ ਨੂੰ ਅਰਥ ਭਾਵਾਂ ਦੀ ਨਾਲੋਂ ਨਾਲ ਸਮਝ ਪੈਂਦੀ ਜਾਏ। ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਉਸ ਨਵੇਂ ਕਿਤਾਬਚੇ ’ਚ ਇੱਕ ਗੱਲ ਸਿਧਾਂਤਕ ਤੌਰ ’ਤੇ ਮੁੱਢੋਂ ਗਲਤ ਲਿਖੀ ਹੈ ਕਿ ‘ਆਦਿ ਸਚੁ,  ਜੁਗਾਦਿ ਸਚੁ ॥ ’ਚ 16 ਚਿੰਨ੍ਹਾਂ ਰਾਹੀਂ 9 ਧੁਨੀਆਂ ਪੇਸ਼ ਕੀਤੀਆਂ ਗਈਆਂ ਹਨ। ਇਸ ਦਾ ਪੂਰਾ ਲਾਭ ਤਾਂ ਹੀ ਮਿਲੇਗਾ ਜੇ ਇਨ੍ਹਾਂ ਸਭਨਾਂ ਦਾ ਉਚਾਰਨ ਕੀਤਾ ਜਾਵੇ। ਜੇ ਅਖੀਰਲੇ ਅੱਖਰਾਂ ਨੂੰ ਲੱਗੀ ਔਂਕੜ ਅਤੇ ਸਿਹਾਰੀ ਨਾ ਬੋਲੀ ਜਾਵੇ ਤਾਂ ਇਸ ਦੀਆਂ 4 ਮਾਤਰਾਂ ਉਚਾਰਨ ਤੋਂ ਰਹਿ ਜਾਣਗੀਆਂ ਜਿਸ ਕਾਰਨ ਇਸ ਦਾ ਪ੍ਰਭਾਵ ਘਟ ਜਾਵੇਗਾ ਅਤੇ ਪੂਰਾ ਲਾਭ ਨਹੀਂ ਮਿਲੇਗਾ। ਕਿਸੇ ਮੰਤਰ ਦਾ ਅਸਰ ਘੱਟ ਜਾਂ ਵੱਧ ਹੋਣਾ; ਗੁਰਮਤਿ ਨਹੀਂ ਬਲਕਿ ਵੈਦਿਕ ਵੀਚਾਰਧਾਰਾ ਹੈ, ਜਿਸ ਨੂੰ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ 38ਵੀਂ ਪੳੜੀ ’ਚ ਅਥਰਬਣੀ ਭਾਰ ਦੱਸ ਕੇ ਰੱਦ ਕੀਤਾ ਹੈ “ਗੁਰਮਖਿ ਭਾਰ ਅਥਰਬਣਿ ਤਾਰਾ॥ ੩੮॥” ਕਿਉਂਕਿ ਗੁਰਬਾਣੀ ਵੇਦ ਮੰਤਰ ਨਹੀਂ, ਜਿਸ ਦੀਆਂ ਲਗਾਂ ਮਾਤਰਾਵਾਂ ਦਾ ਉਚਾਰਨ ਰਹਿ ਜਾਣ ਕਾਰਨ ਇਸ ਦਾ ਅਸਰ ਘਟ ਜਾਣਾ ਹੈ; ਸਗੋਂ ਸਾਨੂੰ ਜੀਵਨ ਜਾਚ ਦੀ ਸੇਧ ਦਿੰਦੀ ਹੈ, ਅਕਾਲ ਪੁਰਖ ਬਾਰੇ ਸੋਝੀ ਦਿੰਦੀ ਹੈ ਅਤੇ ਸਭਨਾਂ ਜੀਵਾਂ ’ਚ ਪਰਮਾਤਮਾਂ ਦੀ ਜੋਤ ਵੇਖਣ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਇਸ ਨਵੇਂ ਕਿਤਾਬਚੇ ’ਤੇ ਪਾਬੰਦੀ ਲਾਈ ਜਾਵੇ ਅਤੇ ਦੋਵੇਂ ਧਿਰਾਂ ਦੇ ਧਾਰਮਿਕ ਅਤੇ ਅਕੈਡਮਿਕ ਖੇਤਰ ਦੇ ਵਿਦਵਾਨਾਂ; ਜਿਨ੍ਹਾਂ ਨੂੰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਵੀਚਾਰਧਾਰਾ ਦਾ ਗਿਆਨ ਹੋਵੇ; ਦੀ ਸ਼ਮੂਲੀਅਤ ਨਾਲ ਸਾਂਝੇ ਸੰਵਾਦ ਰਚਾ ਕੇ ਗੁਰਬਾਣੀ ਦੇ ਉਚਾਰਨ ਸੰਬੰਧੀ ਮਤਭੇਦ ਘਟਾਏ ਜਾਣ।

ਇਸ ਉਪਰੰਤ ਦੂਸਰਾ ਸੈਮੀਨਾਰ ਪਟਿਆਲੇ ਵਿਖੇ ਹੋਇਆ, ਜਿਸ ਵਿੱਚ ਮੁੱਖ ਬੁਲਾਰਾ ਡਾ. ਹਰਿਭਜਨ ਸਿੰਘ ਦੇਹਰਾਦੂਨ ਵਾਲੇ ਸਨ। ਇਸ ਵਿੱਚ ਤਕਰੀਬਨ ਦੋਵੇਂ ਵੀਚਾਰਧਾਰਾਵਾਂ ਦੇ ਵਿਦਵਾਨ ਸ਼ਾਮਲ ਸਨ। ਡਾ. ਹਰਿਭਜਨ ਸਿੰਘ ਨੇ ਨਵਾਂ ਹੀ ਵੀਚਾਰ ਪੇਸ਼ ਕੀਤਾ ਕਿ ਪਹਿਲਾਂ ਲੰਡੇ ਅੱਖਰ ਹੀ ਸਨ ਫਿਰ ਲਘੂ ਮਾਤਰਾਵਾਂ ਬਣੀਆਂ, ਜੋ ਬਾਅਦ ’ਚ ਦੀਰਘ ਮਾਤਰਾਵਾਂ ਬਣੀਆਂ ਹਨ, ਇਸ ਲਈ ਲਘੂ ਮਾਤਰਾ ਨੂੰ ਜੇਕਰ ਦੀਰਘ ਮਾਤਰਾ ਕਰਕੇ ਪੜ੍ਹ ਲਿਆ ਜਾਵੇ ਤਾਂ ਇਸ ਵਿੱਚ ਕੋਈ ਹਰਜ ਨਹੀਂ ਸਗੋਂ ਇਸ ਨਾਲ ਅਰਥ ਹੋਰ ਸਪਸ਼ਟ ਹੋ ਜਾਂਦੇ ਹਨ। ਆਪਣਾ ਪੱਖ ਪੂਰਨ ਲਈ ਉਨ੍ਹਾਂ ‘‘ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ; ਜਿਸੁ ਤੂੰ ਆਪਿ ਕਰਾਇਹਿ ॥’’ (ਮਹਲਾ ੫/੭੪੯) ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਇੱਥੇ ‘‘ਮੁਕਤ ਭੁਗਤ ਜੁਗਤ’’ ਪੜ੍ਹਨ ਦੀ ਕੋਈ ਤੁਕ ਨਹੀਂ ਕਿਉਂਕਿ ਜੇ ਬਾਅਦ ’ਚ ਇਨ੍ਹਾਂ ਦੇ ਅਰਥ ‘ਮੁਕਤੀ, ਜੁਗਤੀ’ ਹੀ ਕਰਨੇ ਹਨ ਤਾਂ ਕਿਉਂ ਨਾ ਪਹਿਲਾਂ ਹੀ ਪਾਠ ਮੁਕਤੀ, ਜੁਗਤੀ ਕਰ ਲਿਆ ਜਾਵੇ ਤਾਂ ਅਰਥ ਕਰਨ ਦੀ ਲੋੜ ਹੀ ਨਹੀਂ ਪਵੇਗੀ। ਓਪਰੀ ਨਿਗ੍ਹਾ ਨਾਲ ਡਾ. ਹਰਿਭਜਨ ਸਿੰਘ ਦਾ ਇਹ ਸੁਝਾਅ ਬਹੁਤ ਠੀਕ ਲਗਦਾ ਹੈ, ਪਰ ਗੁਰਬਾਣੀ ਵਿਆਕਰਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਵੀਚਾਰਧਾਰਾ ਨੂੰ ਸਮਝਣ ਵਾਲੇ ਗਿਆਨੀ ਅਵਤਾਰ ਸਿੰਘ ਸੰਪਾਦਕ ਮਿਸ਼ਨਰੀ ਸੇਧਾਂ ਨੇ ਸਵਾਲ ਕੀਤਾ ਕਿ ਤੁਸੀਂ ਕੇਵਲ ਸੰਸਕ੍ਰਿਤ ਦੇ ਉਨ੍ਹਾਂ ਨਾਂਵ ਸ਼ਬਦਾਂ ਦੀ ਉਦਾਹਰਨ ਦੇ ਰਹੇ ਹੋ, ਜਿਹੜੇ ਸੰਸਕ੍ਰਿਤ ਲਿਖਣਸ਼ੈਲੀ ਵਿੱਚ ਲਿਖੇ ਸਿਹਾਰੀ ਨਾਲ ਜਾਂਦੇ ਹਨ ਪਰ ਪੜ੍ਹੇ ਬਿਹਾਰੀ ਸਹਿਤ ਜਾਂਦੇ ਹਨ। ਜਦੋਂ ਕਿ ਜਿਹੜੇ ਨਾਂਵ ਕਰਤਾ ਕਾਰਕ ਅਤੇ ਪੂਰਨ ਪੂਰਬ ਕਾਰਦੰਤਕ ਦੇ ਅਰਥ ਦੇਣ ਲਈ ਅੰਤ ਸਿਹਾਰੀ ਨਾਲ ਲਿਖੇ ਜਾਂਦੇ ਹਨ ਉਨ੍ਹਾਂ ਨੂੰ ਬਿਹਾਰੀ ਸਹਿਤ ਨਹੀਂ ਪੜ੍ਹਿਆ ਜਾ ਸਕਦਾ; ਜਿਵੇਂ ਕਿ ‘‘ਗੁਰਿ ਨਾਨਕਿ (ਨੇ) ਮੇਰੀ ਪੈਜ ਸਵਾਰੀ ’’ (ਮਹਲਾ /੮੦੬) ਦੇ ਅਰਥ ਹਨ ‘ਗੁਰੂ ਨਾਨਕ ਨੇ ਮੇਰੀ ਇੱਜਤ ਰੱਖ ਲਈ ਹੈ। ਇੱਥੇ ਉਚਾਰਨ ‘ਗੁਰੀ ਨਾਨਕੀ’ ਨਹੀਂ ਕੀਤਾ ਜਾ ਸਕਦਾ’। ਇਸੇ ਤਰ੍ਹਾਂ  ‘‘ਇਕਿ, ਘਰਿ ਆਵਹਿ ਆਪਣੈ; ਇਕਿ, ਮਿਲਿ ਮਿਲਿ ਪੁਛਹਿ ਸੁਖ ’’ (ਮਹਲਾ /੪੧੭) ਤੁਕ ’ਚ ‘ਇਕਿ’ ਸ਼ਬਦ ਦੇ ਅੰਤਲੇ ‘ਕ’ ਨੂੰ ਲੱਗੀ ਸਿਹਾਰੀ ਬਹੁ ਵਚਨ ਦੇ ਅਰਥ ਦਿੰਦੀ ਹੈ; ‘ਘਰਿ’ ਦੇ ‘ਰ’ ਨੂੰ ਲੱਗੀ ਸਿਹਾਰੀ ਅਧਿਕਰਣ ਕਾਰਕ ਦੇ ਤੌਰ ’ਤੇ ਵਰਤੀ ਗਈ ਹੈ, ਜਿਸ ਦਾ ਅਰਥ ਹੈ ‘ਘਰ ਵਿੱਚ’ ਅਤੇ ‘ਮਿਲਿ ਮਿਲਿ’ ਸ਼ਬਦਾਂ ਦੇ ਅੰਤਲੇ ‘ਲ’ ਨੂੰ ਲਗੀ ਸਿਹਾਰੀ ਪੂਰਬ ਪੂਰਨ ਕਾਰਦੰਤਕ ਦੇ ਤੌਰ ’ਤੇ ਅਰਥ ਦਿੰਦੀ ਹੈ ‘ਮਿਲ ਮਿਲ ਕੇ’ ਇਸ ਲਈ ਇਸ ਤੁਕ ਵਿੱਚ ਨਾ ਹੀ ਇਕਿ ਨੂੰ ਇਕੀ ਪੜ੍ਹਿਆ ਜਾ ਸਕਦਾ ਹੈ; ਨਾ ‘ਘਰਿ’ ਨੂੰ ‘ਘਰੀ’ ਅਤੇ ਨਾ ਹੀ ‘ਮਿਲਿ ਮਿਲਿ’ ਨੂੰ ‘ਮਿਲੀ ਮਿਲੀ’।

ਜਵਾਬ ’ਚ ਡਾ. ਹਰਿਭਜਨ ਸਿੰਘ ਨੇ ਕਿਹਾ ਇਨ੍ਹਾਂ ਅੱਖਰਾਂ ਨੂੰ ਹਲਕੀ ‘ਲਾਂ’ ਵਾਙ ਪੜ੍ਹਿਆ ਜਾਵੇ। ਇਸ ਦਾ ਭਾਵ ਇਹ ਹੋਇਆ ਕਿ ਜਿਵੇਂ ਲਿਖਿਆ ਓਵੇਂ ਪੜ੍ਹੇ ਜਾਣ ਦੀ ਰੱਟ ਲਾਉਣ ਵਾਲੇ ਡਾ. ਹਰਿਭਜਨ ਸਿੰਘ ਦੀ ਸਲਾਹ ਵੀ ਨਹੀਂ ਮੰਨਣਗੇ ਕਿਉਂਕਿ ਇਹ ਵੀ ‘ਸਿਹਾਰੀ’ ਨੂੰ ਪ੍ਰਸੰਗ ਅਤੇ ਅਰਥਾਂ ਮੁਤਾਬਕ ਪੜ੍ਹਨ ਦੀ ਸਲਾਹ ਦੇ ਰਹੇ ਹਨ। ਦੂਸਰਾ ਸਵਾਲ ਇਹ ਹੈ ਕਿ ਜੇ ਡਾ. ਹਰਿਭਜਨ ਸਿੰਘ ਲਘੂ ਮਾਤਰਾ ਨੂੰ ਦੀਰਘ ਮਾਤਰਾ ਵਜੋਂ ਪੜ੍ਹੇ ਜਾਣਾ ਦਰੁਸਤ ਮੰਨਦੇ ਹਨ ਤਾਂ ‘ਸਿਹਾਰੀ ਨੂੰ ਬਿਹਾਰੀ’ ’ਚ ਬਦਲੇ ਜਾਣਾ ਤਾਂ ਠੀਕ ਦੀਰਘ ਮਾਤਰਾ ਬਣ ਗਈ ਪਰ ‘ਸਿਹਾਰੀ’ ਦੀ ਦੀਰਘ ਮਾਤਰਾ ‘ਲਾਂ’ ਤਾਂ ਕਦਾਚਿਤ ਨਹੀਂ ਹੈ। ਇਸੇ ਤਰ੍ਹਾਂ ਔਂਕੜ ਦੀ ਦੀਰਘ ਮਾਤਰਾ ਦੁਲੈਂਕੜ ਹੈ, ਨਾ ਕਿ ਹੋੜਾ। ਫਿਰ ਸਾਰੀਆਂ ਮਾਤਰਾਵਾਂ ਬੋਲੇ ਜਾਣ ਦੇ ਹਾਮੀ ‘ਵੀਆਹੁ ਨੂੰ ਵੀਆਹੋ, ਰਾਹੁ ਨੂੰ ਰਾਹੋ, ਮਾਹੁ ਨੂੰ ਮਾਹੋ’ ਕਿਹੜੇ ਨਿਯਮ ਅਧੀਨ ਪੜ੍ਹ ਰਹੇ ਹਨ ਕਿਉਂਕਿ ਇਨ੍ਹਾਂ ਦੇ ਅਰਥ ਤਾਂ ਕਰਮਵਾਰ ‘ਵੀਆਹ, ਰਾਹ, ਮਾਹ’ ਹੀ ਹਨ। ਇਨ੍ਹਾਂ ਦੇ ਅਖੀਰਲੇ ਅੱਖਰ ਨੂੰ ਲੱਗੀ ਔਂਕੜ ਤਾਂ ਇੱਕ ਵਚਨ ਪੁਲਿੰਗ ਸ਼ਬਦਾਂ ਦੇ ਅਰਥ ਦੇਣ ਲਈ ਵਿਆਕਰਣਿਕ ਨਿਯਮਾਂ ਅਨੁਸਾਰ ਲੱਗੀ ਹੈ ਤਾਂ ਇਨ੍ਹਾਂ ਨੂੰ ਬਿਨਾਂ ਔਂਕੜ ਉਚਾਰੇ ਜਾਣ ’ਚ ਕੀ ਹਰਜ਼ ਹੈ ? ਜਿਵੇਂ ਕਿ ‘ਸੁਣਿਐ ਅੰਧੇ ਪਾਵਹਿ ਰਾਹੁ ॥’  (ਜਪੁ) ਵਿੱਚ ਔਂਕੜ ਸਹਿਤ ‘ਰਾਹੁ’ ਇੱਕ ਵਚਨ ਹੈ। ਤੁਕ ਦੇ ਅਰਥ ਹਨ ‘ਨਾਮ ਸੁਣਨ ਨਾਲ ਅੰਧੇ (ਗਿਆਨਹੀਣ) ਮਨੁੱਖ ਵੀ ਪ੍ਰਮਾਤਮਾ ਨੂੰ ਮਿਲਣ ਦਾ ਰਾਹ (ਤਰੀਕਾ) ਲੱਭ ਲੈਂਦੇ ਹਨ’, ਪਰ ‘‘ਰਾਹ ਦੋਵੈ; ਇਕੁ ਜਾਣੈ, ਸੋਈ ਸਿਝਸੀ ’’ (ਮਹਲਾ /੧੪੨) ਵਿੱਚ ਔਂਕੜ ਰਹਿਤ ‘ਰਾਹ’ ਬਹੁ ਵਚਨ ਅਰਥ ਦੇਣ ਲਈ ਹੈ। ਤੁਕ ਦੇ ਅਰਥ ਹਨ (ਮਨੁੱਖ ਜੂਨੀ ਲਈ ਮਾਇਆ ਤੇ ਨਾਮ ਰੂਪੀ) ਦੋ ਰਸਤੇ ਹਨ; (ਇਸ ਜੀਵਨ ’ਚ) ਸਫਲ ਉਹੀ ਹੁੰਦਾ ਹੈ ਜਿਹੜਾ ਦੋਵਾਂ ’ਚੋਂ ਇੱਕ ਪ੍ਰਮਾਤਮਾ ਦੇ ਨਾਮ ਨੂੰ ਚੇਤੇ ਰੱਖਣ ਦਾ ਤਰੀਕਾ (ਰਸਤਾ) ਲੱਭ ਲੈਂਦਾ ਹੈ।

ਗੁਰਬਾਣੀ ਜਿਵੇਂ ਲਿਖੀ ਹੈ ਤਿਵੇਂ ਪੜ੍ਹੀ ਜਾਵੇ ਦਾ ਰੌਲ਼ਾ ਪਾ ਰਹੇ ਵਿਦਵਾਨ ਅਸਲ ਵਿੱਚ ਗੁਰਬਾਣੀ ਵਿਆਕਰਨ ਅਤੇ ਗੁਰਬਾਣੀ ਲਿਖੇ ਜਾਣ ਦੀ ਸ਼ੈਲੀ ਤੋਂ ਅਣਜਾਣ ਹਨ। ਹੋਰਨਾਂ ਦੀ ਤਾਂ ਗੱਲ ਹੀ ਛੱਡੋ ਸਿੱਖੀ ਦੇ ਕੇਂਦਰ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਦਮਦਮੀ ਟਕਸਾਲ ਦਾ ਵਿਦਿਆਰਥੀ ਹੋਣ ਕਾਰਨ ਉਸ ਨੇ ਸਾਰੇ ਗ੍ਰੰਥੀਆਂ ਨੂੰ ਗਸ਼ਤੀ ਪੱਤਰ ਜਾਰੀ ਕਰ ਵਾਧੂ ਬਿੰਦੀ ਟਿੱਪੀ ਲਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਗੁਰਬਾਣੀ ਜਿਵੇਂ ਲਿਖੀ ਹੈ ਉਵੇਂ ਹੀ ਸ਼ੁੱਧ ਪਾਠ ਕੀਤਾ ਜਾਵੇ। ਇਸ ਲਈ ਟੀਵੀ ਚੈੱਨਲ ’ਤੇ ਪਰਸਾਰਤ ਹੋਣ ਵਾਲੇ ਪ੍ਰੋਗਰਾਮਾਂ ’ਚ ਬਿੰਦੀ ਟਿੱਪੀ ਲਾਉਣ ਤੋਂ ਬਹੁਤ ਸੰਕੋਚ ਕਰਦੇ ਗ੍ਰੰਥੀ ‘‘ਸਿਧਾ ਪੁਰਖਾ ਕੀਆ ਵਡਿਆਈਆ ’’ (ਸੋ ਦਰੁ/ਮਹਲਾ /) ਨੂੰ ਅੰਤਲਾ ਕੰਨਾ ਬਿਨਾਂ ਬਿੰਦੀ ਬੜਾ ਘੋਟ ਘੋਟ ਕੇ ਪਾਠ ਕਰਦੇ ਆਪਣੇ ਜਣੇ ਸ਼ੁੱਧ ਪਾਠ ਕਰ ਰਹੇ ਹੁੰਦੇ ਹਨ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹੀ ਸ਼ਬਦ ਮੁੜ ਆਸਾ ਰਾਗ ’ਚ ਪਾਵਨ ਅੰਕ ੩੪੯ ’ਤੇ ਦਰਜ ਹੈ; ਜਿਸ ਵਿੱਚ ‘ਵਡਿਆਈਆਂ’ ਦਾ ਅੰਤਲਾ ਅੱਖਰ ‘ਆ’ ਕੰਨਾਂ ਬਿੰਦੀ ਸਹਿਤ ਆਇਆ ਹੈ। ਇਸੇ ਸ਼ਬਦ ਨੂੰ ਰਹਰਾਸਿ ’ਚ ਬਿਨਾਂ ਬਿੰਦੀ ਪਾਠ ਕਰਨ ਵਾਲੇ ਪਾਠੀ ਦੱਸਣ ਕਿ ਇਨ੍ਹਾਂ ਦੋਵਾਂ ’ਚੋਂ ਕਿਹੜੀ ਤੁਕ ਦਾ ਅਸਰ ਉਹ ਵੱਧ ਜਾਂ ਘੱਟ ਸਮਝਦੇ ਹਨ। ਗੁਰਦੁਆਰਾ ਕਰਮਸਰ ਰਾੜਾ, ਜ਼ਿਲ੍ਹਾ ਲੁਧਿਆਣਾ ਵੱਲੋਂ ‘ਈਸ਼ਰ ਮਾਈਕਰੋ ਮੀਡਿਆ’ ਗੁਰਬਾਣੀ ਸਰਚਰ ਨਾਮ ਦਾ ਇੱਕ ਤਾਕਤਵਰ ਇੰਜਨ ਤਿਆਰ ਕੀਤਾ ਹੈ, ਜਿਸ ਨੂੰ ਸ਼੍ਰੋਮਣੀ ਕਮੇਟੀ ਦੀ ਪਰਵਾਨਗੀ ਹੈ। ਇਸ ਵਿੱਚ ‘ਪਾਠ ਬੋਧ’ ਸਿਰਲੇਖ ਹੇਠ ਅੰਕ ੯ ਅਤੇ ੩੪੯ ਦੋਵਾਂ ਥਾਵਾਂ ’ਤੇ ਇਸ ਤੁਕ ਦੇ ਤਿੰਨੇ ਸ਼ਬਦਾਂ ‘ਸਿਧਾਂ, ਪੁਰਖਾਂ, ਵਡਿਆਈਆਂ’ ਨੂੰ ਅੰਤ ਕੰਨਾ; ਬਿੰਦੀ ਸਹਿਤ ਉਚਾਰਨ ਦੀ ਸੇਧ ਦਿੱਤੀ ਹੈ। ਇਸ ਦਾ ਭਾਵ ਹੈ ਕਿ ਉਚਾਰਨ ਪੱਖੋਂ ‘ਰਾੜਾ ਸੰਸਥਾ’ ਵਾਲੇ ਵੀ ਮਿਸ਼ਨਰੀ ਪ੍ਰਚਾਰਕਾਂ ਨਾਲ ਲਗਭਗ ਸਹਿਮਤ ਹਨ।

ਲੋੜ ਅਨੁਸਾਰ ‘ਬਿੰਦੀ, ਟਿੱਪੀ’ ਸਹਿਤ ਨਾਸਕੀ ਉਚਾਰਨ ਕਰਨ ਵਾਲਿਆਂ ਨੂੰ ਸਾਕਤ, ਗੁਰੂ ਨਿੰਦਕ ਅਤੇ ਕਾਮਰੇਡ ਆਦਿਕ ਲਕਬ ਦੇਣ ਵਾਲੇ ਵਿਦਵਾਨ ਅਤੇ ਦਰਬਾਰ ਸਾਹਿਬ ਦੇ ਮੌਜੂਦਾ ਮੁੱਖ ਗ੍ਰੰਥੀ ਨੂੰ ਕਦੀ ਨਹੀਂ ਵੇਖਿਆ ਗਿਆ ਕਿ ਉਹ ਗਲਤ ਥਾਵਾਂ ’ਤੇ ਵਿਸਰਾਮ ਦੇ ਕੇ ਅਰਥਾਂ ਦੇ ਅਨਰਥ ਕਰਨ ਵਾਲਿਆਂ ਨੂੰ ਅਜਿਹੇ ਲਕਬ ਦਿੰਦੇ ਹੋਣ। ਦਰਬਾਰ ਸਾਹਿਬ ਤੋਂ ਚੈੱਨਲ ’ਤੇ ਪ੍ਰਸਾਰਤ ਹੋ ਰਹੇ ਪਾਠ ਅਤੇ ਸ਼ਬਦ ਕੀਰਤਨ ’ਚੋਂ ਹੇਠਾਂ ਕੁਝ ਉਦਾਹਰਣਾਂ ਦਿੱਤੀਆਂ ਜਾ ਰਹੀਆਂ ਹਨ, ਜਿੱਥੇ ਉਹ ਗਲਤ ਥਾਵਾਂ ’ਤੇ ਵਿਸਰਾਮ ਲਾ ਕੇ ਅਰਥਾਂ ਦੇ ਅਨਰਥ ਕਰ ਰਹੇ ਹਨ :

  1. ਹਰਿ ਬੁਝਨਿ ਨਾਹੀ; ਹਾਰਿਆ ॥ ਪ੍ਰਸੰਗ ਅਨੁਸਾਰ ਅਰਥ ਬਣਦੇ ਹਨ: ਜੋ ਮਨੁੱਖ ਹਰੀ ਪ੍ਰਮਾਤਮਾ ਨੂੰ ਨਹੀਂ ਸਮਝਦੇ ਉਹ ਜੀਵਨ ਬਾਜ਼ੀ ਹਾਰ ਜਾਂਦੇ ਹਨ ਇਸ ਲਈ ਵਿਸਰਾਮ ਚਾਹੀਦਾ ਹੈ ‘ਨਾਹੀ’ ਤੋਂ ਬਾਅਦ, ਪਰ ਵਿਸਰਾਮ ਅਯੋਗ ਥਾਂ ਭਾਵ ‘ਬੁਝਨਿ’ ਤੋਂ ਬਾਅਦ ਲਾ ਕੇ ਅਰਥਾਂ ਦੇ ਅਨਰਥ ਬਣ ਜਾਣਗੇ: ਜੋ ਹਰੀ ਨੂੰ ਬੁਝਦੇ ਹਨ; ਉਹ ਆਪਣੇ ਜੀਵਨ ਦੀ ਬਾਜ਼ੀ ਨਹੀਂ ਹਾਰਦੇ ਜਦੋਂ ਕਿ ਸਾਰੀ ਪਉੜੀ ਦੇ ਅਰਥ ਵੀਚਾਰਨ ਤੋਂ ਸਮਝ ਲੱਗ ਜਾਂਦੀ ਹੈ ਕਿ ਇਹ ਅਰਥ ਢੁੱਕਵੇਂ ਨਹੀਂ ਹਨ।
  2. ਗੋਹੇ ਅਤੈ ਲਕੜੀ ਅੰਦਰਿ; ਕੀੜਾ ਹੋਇ ॥ ਕੀੜਾ ਕਿੱਥੇ ਹੁੰਦਾ ਹੈ ? ਗੋਹੇ ਅਤੇ ਲਕੜੀ ਅੰਦਰ। ਇਸ ਲਈ ਵਿਸਰਾਮ ‘ਅੰਦਰਿ’ ਤੋਂ ਬਾਅਦ ਚਾਹੀਦਾ ਹੈ ਪਰ ਬਹੁਤੇ ਰਾਗੀ ਸਿੰਘ ‘ਲਕੜੀ’ ਤੋਂ ਬਾਅਦ ਵਿਸਰਾਮ ਲਾ ਕੇ ‘ਅੰਦਰਿ ਕੀੜਾ ਹੋਇ॥’ ਇਕੱਠਾ ਪਾਠ ਕਰਦੇ ਹਨ, ਜਿਸ ਨਾਲ ਸਰੋਤੇ ਨਹੀਂ ਸਮਝ ਸਕਦੇ ਕਿ ਕੀੜਾ ਕਿਸ ਅੰਦਰ ਹੁੰਦਾ ਹੈ ?
  3. ਮਨ ਮਹਿ, ਰਾਮ ਨਾਮਾ ਜਾਪਿ ॥ ‘ਮਨ’ ਤੋਂ ਬਾਅਦ ਸੰਬੰਧਕੀ ਸ਼ਬਦ ‘ਮਹਿ’ ਆਉਣ ਸਦਕਾ ‘ਮਨ’ ਅੰਤ ਮੁਕਤਾ ਆਇਆ ਹੈ। ਇਸੇ ਤਰ੍ਹਾਂ ‘ਰਾਮ’ ਦਾ ‘ਮ’ ਮੁਕਤਾ ਹੋਣ ਤੋਂ ਸੰਕੇਤ ਇਹੀ ਮਿਲਦਾ ਹੈ ਕਿ ਇਸ ਤੋਂ ਬਾਅਦ ਲੁਪਤ ਰੂਪ ’ਚ ਸੰਬੰਧਕੀ ਸ਼ਬਦ ‘ਦਾ’ ਆਵੇਗਾ, ਜੋ ‘ਨਾਮਾ’ ਦਾ ਸੰਬੰਧ ‘ਰਾਮ’ ਨਾਲ ਜੋੜੇਗਾ ਭਾਵ ‘ਰਾਮ ਦਾ ਨਾਮ’। ਇਸ ਕਾਰਨ ਵਿਸਰਾਮ ‘ਰਾਮ’ ਤੋਂ ਬਾਅਦ ਦੇਣਾ ਗਲਤ ਹੈ। ਜੇ ‘ਰਾਮ’ ਤੋਂ ਬਾਅਦ ਵਿਸਰਾਮ ਆਉਣਾ ਹੁੰਦਾ ਤਾਂ ਇਹ ਅੰਤ ਮੁਕਤਾ ਹੋਣ ਦੀ ਬਜਾਏ ਔਂਕੜ ਸਹਿਤ ਹੁੰਦਾ (ਮਨ ਮਹਿ ਰਾਮੁ)। ਸਹੀ ਥਾਂ ’ਤੇ ਵਿਸਰਾਮ ਦੇ ਕੇ ਅਰਥ ਬਣਦੇ ਹਨ ‘ਮਨ ਤੋਂ ਰਾਮ ਦਾ ਨਾਮ ਜਪ’, ਪਰ ‘ਰਾਮ’ ਤੋਂ ਬਾਅਦ ਵਿਸਰਾਮ ਦੇਣ ਨਾਲ ਇਸ ਦਾ ਸਬੰਧ ‘ਨਾਮਾ’ ਨਾਲੋਂ ਟੁੱਟ ਗਿਆ ਇਸ ਲਈ ਪਤਾ ਨਹੀਂ ਚੱਲੇਗਾ ਕਿ ‘ਨਾਮ’ ਕਿਸ ਦਾ ਜਪਣਾ ਹੈ ?
  4. ਨਾਨਕ ! ਤੇ ਮੁਖ ਉਜਲੇ ; ਕੇਤੀ ਛੁਟੀ ਨਾਲਿ ॥ ਇਸ ਤੁਕ ’ਚ ‘ਨਾਨਕ’ ਪਦ ਗੁਰਬਾਣੀ ਰਚਨਹਾਰ ਦੀ ਮੋਹਰਛਾਪ ਵਜੋਂ ਵਰਤਿਆ ਗਿਆ ਹੈ, ਜਿਸ ਦਾ ਅੰਤਲਾ ‘ਕ’ ਮੁਕਤਾ ਹੋਣ ਕਰਕੇ ਇਹ ਸੰਬੋਧਨ ਰੂਪ ’ਚ ਹੈ ਭਾਵ ਗੁਰੂ ਨਾਨਕ ਸਾਹਿਬ ਜੀ ਸਾਨੂੰ ਸਿੱਖਿਆ ਦੇਣ ਲਈ ਆਪਣੇ ਆਪ ਨੂੰ ਸੰਬੋਧਨ ਕਰ ਲਿਖ ਰਹੇ ਹਨ ਕਿ ‘ਹੇ ਨਾਨਕ ! ਜਿਨ੍ਹਾਂ ਨੇ ਨਾਮ ਧਿਆਇਆ ਉਨ੍ਹਾਂ ਦੇ ਮੂੰਹ ਰੱਬੀ ਦਰਗਾਹ ’ਚ ਰੌਸ਼ਨ ਹੋ ਗਏ ਅਤੇ ਉਨ੍ਹਾਂ ਨਾਲ ਕਿੰਨੇ ਹੋਰ ਭੀ ਮਾਇਆ ਬੰਧਨਾ ਤੋਂ ਛੁੱਟ ਗਏ।’ ਸੰਬੋਧਨ ’ਚ ਹੋਣ ਕਰਕੇ ‘ਨਾਨਕ’ ਤੋਂ ਬਾਅਦ ਵਿਸਰਾਮ ਚਾਹੀਦਾ ਹੈ, ਪਰ ਬਹੁਤੇ ਪਾਠੀ ਅਤੇ ਕੀਰਤਨੀਏ ਪਾਠ ਕਰਦੇ ਹਨ ‘‘ਨਾਨਕ ਤੇ ਮੁਖ ਉਜਲੇ’’ ਜਦਕਿ ਇਉਂ ਅਰਥ ਬਣ ਜਾਂਦਾ ਹੈ ਕਿ ‘ਨਾਨਕ ਨਾਲੋਂ ਮੁੱਖ ਰੌਸ਼ਨ ਹੋ ਗਏ।’ ਇਹ ਅਰਥਾਂ ਦਾ ਅਨਰਥ ਹੈ।
  5. ਏਹ ਵੈਰੀ, ਮਿਤ੍ਰ ਸਭਿ ਕੀਤਿਆ; ਨਹ ਮੰਗਹਿ ਮੰਦਾ ॥ ਯਾਨੀ ਸਭ ਵੈਰੀ; ਮੇਰੇ ਮਿੱਤਰ ਬਣਾ ਦਿੱਤੇ, ਇਸ ਲਈ ਹੁਣ ਇਹ ਮੇਰਾ ਬੁਰਾ ਨਹੀਂ ਲੋਚਦੇ, ਪਰ ਜਦੋਂ ਵਿਸਰਾਮ ‘ਵੈਰੀ’ ’ਤੇ ਲਗਾਉਣ ਦੀ ਬਜਾਏ ‘ਵੈਰੀ ਮਿਤ੍ਰ’ ਇਕੱਠਾ ਪਾਠ ਕਰ ਦਿੱਤਾ ਜਾਂਦਾ ਹੈ ਤਾਂ ਕੁਝ ਪਤਾ ਨਹੀਂ ਲੱਗਦਾ ਕਿ ਕਿਸ ਨੂੰ ਕੀ ਬਣਾ ਦਿੱਤਾ ?
  6. ਭਗਤ, ਤੇਰੈ ਮਨਿ ਭਾਵਦੇ ; ਦਰਿ ਸੋਹਨਿ ਕੀਰਤਿ ਗਾਵਦੇ ॥ ਇਸ ਤੁਕ ’ਚ ‘ਭਗਤ’ ਸ਼ਬਦ ਬਹੁ ਵਚਨ ਹੋਣ ਕਰਕੇ ਮੁਕਤਾ ਅੰਤ ਆਇਆ ਹੈ, ਨਾ ਕਿ ਲੁਪਤ ਸੰਬੰਧਕੀ ਕਾਰਕ ਹੋਣ ਕਰਕੇ। ਜਦੋਂ ਇੱਕ ਨਾਂਵ ਸ਼ਬਦ ਦੂਸਰੇ ਨਾਂਵ ਜਾਂ ਪੜਨਾਂਵ ਦੇ ਬਿਲਕੁਲ ਨਾਲ ਹੀ ਆਵੇ ਅਤੇ ਉਹ ਦੋਵੇਂ ਨਾਂਵ ਜਾਂ ਪੜਨਾਂਵ ਅੰਤ ‘ਸਿਹਾਰੀ’ ਜਾਂ ਅੰਤ ‘ਦੁਲਾਵਾਂ’ ਸਹਿਤ ਹੋਣ ਜਾਂ ਉਨ੍ਹਾਂ ਦੋਵਾਂ ’ਚੋਂ ਇੱਕ ਦੁਲਾਵਾਂ ਨਾਲ ਤੇ ਦੂਜਾ ਅੰਤ ਸਿਹਾਰੀ ਨਾਲ ਹੋਵੇ ਤਾਂ ਉਹ ਦੋਵੇਂ ਅਧਿਕਰਣ ਕਾਰਕ ’ਚ ਹੁੰਦੇ ਹਨ; ਜਿਵੇਂ ਕਿ ‘ਤੇਰੈ ਮਨਿ’ ਅਰਥ ਬਣਨਗੇ ‘ਤੇਰੇ ਮਨ ਵਿੱਚ’ ਇਨ੍ਹਾਂ ਦੋਵਾਂ ਦਾ ਇਕੱਠਾ ਪਾਠ ਹੋਵੇਗਾ। ਕਦੀ ਵੀ ਦੋਵਾਂ ਦੇ ਵਿਚਕਾਰ ਵਿਸਰਾਮ ਨਹੀਂ ਲੱਗ ਸਕਦਾ। ਸੋ ਇੱਥੇ ਬਿਨਾਂ ਵਿਸਰਾਮ ਪਾਠ ਕੀਤਿਆਂ ਪੂਰੀ ਤੁਕ ਦੇ ਅਰਥ ਹੋਣਗੇ ‘ਹੇ ਪ੍ਰਭੂ ! (ਜਿਹੜੇ) ਭਗਤ ਤੇਰੇ ਦਰ ’ਤੇ ਤੇਰੀ ਸਿਫਤ ਸਲਾਹ ਕਰ ਰਹੇ ਹਨ; (ਉਹ) ਤੈਨੂੰ ਤੇਰੇ ਮਨ ਵਿੱਚ ਚੰਗੇ ਲਗਦੇ ਹਨ’। ਪਰ ਆਮ ਦੇਖਿਆ ਗਿਆ ਹੈ ਕਿ ਪਾਠੀ/ਰਾਗੀ ‘ਤੇਰੈ’ ਤੋਂ ਬਾਅਦ ਵਿਸਰਾਮ ਲਾ ਕੇ ਪਾਠ ਕਰਦੇ ਹਨ ਫਿਰ ਕੋਈ ਪਤਾ ਨਹੀਂ ਲੱਗਦਾ ਕਿ ‘ਤੇਰੇ ਭਗਤ’ ਹੈ ਜਾਂ ‘ਤੇਰੇ ਮਨ’ ਹੈ ਯਾਨੀ ਕਿਸ ਦੇ ਮਨ ਵਿੱਚ ਚੰਗੇ ਲੱਗਦੇ ਹਨ, ਭੁਲੇਖਾ ਪੈਦਾ ਹੋ ਜਾਂਦਾ ਹੈ।
  7. ਜਿਉ ਭਾਵੈ, ਤਿਉ ਰਾਖਿ ਲੈ; ਹਮ, ਸਰਣਿ, ਪ੍ਰਭ ! ਆਏ ਰਾਮ ਰਾਜੇ ॥ ਇਸ ਤੁਕ ’ਚ ‘ਪ੍ਰਭ’ ਅੰਤ ਮੁਕਤਾ ਹੋਣ ਕਰਕੇ ਸੰਬੋਧਨ ਕਾਰਕ ’ਚ ਹੈ ਅਤੇ ਇੱਥੇ ਸੰਬੋਧਨੀ ਵਿਸਰਾਮ ਦੇਣਾ ਜ਼ਰੂਰੀ ਹੈ। ਇਸ ਤੁਕ ਦੇ ਅਨਵੈ ਅਰਥ ਹੋਣ ਕਰਕੇ ਇਸ ਤੋਂ ਪਹਿਲਾਂ ਵੀ ਵਿਸਰਾਮ ਲੱਗਣਾ ਜ਼ਰੂਰੀ ਹੈ। ਉਪਰੋਕਤ ਦੀ ਤਰ੍ਹਾਂ ਸਾਰੇ ਵਿਸਰਾਮ ਦੇ ਕੇ ਸਹੀ ਅਰਥ ਬਣਨਗੇ : ਹੇ ਪ੍ਰਭੂ ! ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਰੱਖ ਲੈ। ਪਰ ਅਣਗਹਿਲੀ ’ਚ ‘ਹਮ’ ਅਤੇ ‘ਪ੍ਰਭ’ ਤੋਂ ਬਾਅਦ ਵਿਸਰਾਮ ਦੇਣ ਦੀ ਬਜਾਏ ‘ਹਮ ਸਰਣਿ’ ਇਕੱਠਾ ਪਾਠ ਕੀਤਾ ਜਾਂਦਾ ਹੈ। ਇਸ ਤਰ੍ਹਾਂ ਗਲਤ ਵਿਸਰਾਮ ਦੇਣ ਨਾਲ ਅਰਥਾਂ ਦੇ ਅਨਰਥ ਹੋ ਜਾਂਦੇ ਹਨ ਕਿਉਂਕਿ ਸਾਰੀ ਤੁਕ ਦੇ ਅਰਥ ਬਣ ਜਾਣਗੇ ‘ਸਾਡੀ ਸ਼ਰਨ ਵਿੱਚ ਪ੍ਰਭੂ ਜੀ ਆ ਗਏ।’
  8. ਕਪੜੁ ਰੂਪੁ ਸੁਹਾਵਣਾ; ਛਡਿ ਦੁਨੀਆ ਅੰਦਰਿ, ਜਾਵਣਾ ॥ ਇਸ ਤੁਕ ਵਿੱਚ ਵਿਖਾਏ ਗਏ ਸਹੀ ਥਾਂ ਵਿਸਰਾਮ ਦੇਣ ਨਾਲ ਅਰਥ ਬਣ ਜਾਣਗੇ ਇਹ ‘ਸੋਹਣਾ ਸਰੀਰ, ਸੋਹਣਾ ਰੂਪ (ਇਸੇ ਜਗਤ ਵਿਚ) ਛੱਡ ਕੇ (ਜੀਵਾਂ ਨੇ) ਤੁਰ ਜਾਣਾ ਹੈ।’, ਪਰ ਜੇ ‘ਸੁਹਾਵਣਾ ਅਤੇ ‘ਅੰਦਰਿ’ ਤੋਂ ਬਾਅਦ ਵਿਸਰਾਮ ਨਾ ਦੇ ਕੇ ਪਾਠ ਕਰੀਏ ‘ਦੁਨੀਆ ਅੰਦਰਿ ਜਾਵਣਾ ॥’; ਇਸ ਦੇ ਅਰਥ ਬਣ ਜਾਣਗੇ ‘ਇਹ ਸੋਹਣਾ ਸਰੀਰ ਤੇ ਸੋਹਣਾ ਰੂਪ ਛੱਡ ਕੇ (ਜੀਵਾਂ ਨੇ) ਦੁਨੀਆਂ ਅੰਦਰ ਤੁਰ ਜਾਣਾ ਹੈ। ਇਹ ਗੁਰਮਤਿ ਅਤੇ ਕੁਦਰਤੀ ਨਿਯਮਾਂ ਦੇ ਵਿਰੁੱਧ ਅਰਥ ਹਨ ਕਿਉਂਕਿ ਦੁਨੀਆਂ ਵਿੱਚ ਤਾਂ ਜੀਵ ਵਿਚਰ ਹੀ ਰਹੇ ਹੁੰਦੇ ਹਨ ਅਗਾਂਹ ਤਾਂ ਮਰਨਾ ਹੀ ਹੋਣਾ ਹੈ।
  9. ਹਰਿ ਸੁਜਾਣੁ, ਨ ਭੁਲਈ ; ਮੇਰੇ ਗੋਵਿੰਦਾ ! ਆਪੇ ਸਤਿਗੁਰੁ ਜੋਗੀ ਜੀਉ ॥ ਦਰਸਾਏ ਗਏ ਸਹੀ ਵਿਸਰਾਮ ਨਾਲ ਅਰਥ ਬਣਦੇ ਹਨ ‘ਹੇ ਮੇਰੇ ਗੋਬਿੰਦ ! ਤੂੰ ਸਿਆਣਾ ਹੈ, ਨਾ ਕਿ ਭੁੱਲਣਹਾਰ। ਆਪ ਹੀ ਸਭ ਨੂੰ ਆਪਣੇ ਨਾਲ ਜੋੜਨ ਵਾਲ਼ਾ ਸੱਚਾ ਸਤਿਗੁਰੂ ਰੂਪ ਹੋ। ਪਰ ਜੇ ਵਿਸਰਾਮ ‘ਸੁਜਾਣੁ ਦੀ ਥਾਂ ‘ਨ’ ’ਤੇ ਲਾ ਦਿੱਤਾ ਜਾਵੇ ਤਾਂ ਅਰਥ ਬਣਨਗੇ ‘ਪ੍ਰਭੂ ਸਿਆਣਾ ਨਹੀਂ, ਭੁੱਲਣਹਾਰ ਹੈ’; ਇਹ ਅਰਥਾਂ ਦਾ ਅਨਰਥ ਹੋਵੇਗਾ, ਜੋ ਅਕਸਰ ਗਲਤ ਪਾਠ ਕਰਦਿਆਂ ਵੇਖਣ ਨੂੰ ਮਿਲਦਾ ਹੈ।

ਸੋ ਉਪਰੋਕਤ ਕੇਵਲ ਨਾ ਮਾਤਰ ਉਦਾਹਰਨਾਂ ਹਨ, ਵੈਸੇ ਇਸ ਤਰ੍ਹਾਂ ਦੀਆਂ ਸੈਂਕੜੇ ਗਲਤੀਆਂ ਰੋਜ਼ਾਨਾ ਹੁੰਦੀਆਂ ਵੇਖੀਦੀਆਂ ਹਨ। ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਮੇਤ ਸ਼੍ਰੋਮਣੀ ਕਮੇਟੀ ਨੂੰ ਭੀ ਚਾਹੀਦਾ ਹੈ ਕਿ ਨਾਸਕੀ ਉਚਾਰਨ ਕਰਨ ਵਾਲਿਆਂ ਨੂੰ ਕੇਵਲ ਸਾਕਤ, ਗੁਰੂ ਨਿੰਦਕ, ਅਸ਼ੁੱਧ ਪਾਠੀ, ਅਵਿਗਿਆਨੀ ਆਦਿ ਕਹਿਣ ਦੀ ਬਜਾਇ ਗੁਰਬਾਣੀ ਵਿਆਕਰਨ ਨਿਯਮਾਂ ਨੂੰ ਸਮਝ ਕੇ ਕੀਤੇ ਜਾ ਰਹੇ ਸ਼ੁੱਧ ਉਚਾਰਨ ਦੀ ਮਹੱਤਤਾ ਨੂੰ ਸਮਝਣ, ਨਾ ਕਿ ਸ਼ੁੱਧ ਪਾਠ ਕਰਨ ਵਾਲਿਆਂ ਦਾ ਵਿਰੋਧ ਕਰਨ। ਸ਼ੁੱਧ ਪਾਠ ਹੀ ਗੁਰਬਾਣੀ ਦੇ ਭਾਵਾਰਥਾਂ ਨੂੰ ਸਪਸ਼ਟ ਕਰਦਾ ਹੈ ਤਾਂ ਜੋ ਅਯੋਗ ਥਾਂਵਾਂ ’ਤੇ ਵਿਸਰਾਮ ਲਗਾ ਕੇ ਆਪਣੇ ਆਪ ਨੂੰ ਅਗਿਆਨੀ ਪ੍ਰਤੀਤ ਨਾ ਹੋਣਾ ਪਵੇ।

Most Viewed Posts