39.9 C
Jalandhar
Tuesday, April 21, 2026
spot_img
Home Blog Page 187

ਗਰਭਵਤੀ ਔਰਤਾਂ ਦੇ ਸਿਰ ਪੀੜ ਦੇ ਕਾਰਨ ਤੇ ਇਲਾਜ

0

ਗਰਭਵਤੀ ਔਰਤਾਂ ਦੇ ਸਿਰ ਪੀੜ ਦੇ ਕਾਰਨ ਤੇ ਇਲਾਜ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ) ਫੋਨ ਨੰ: 0175-2216783

ਗਰਭਵਤੀ ਔਰਤਾਂ ਲਈ ਸਿਰ ਪੀੜ ਇਕ ਵੱਡੀ ਸਮੱਸਿਆ ਹੈ। ਲਗਭਗ ਹਰ ਜੱਚਾ ਨੂੰ ਕਦੇ ਨਾ ਕਦੇ ਸਿਰ ਪੀੜ ਨਾਲ ਜੂਝਣਾ ਪੈਂਦਾ ਹੈ, ਕਿਉਂਕਿ ਗਰਭ ਦੌਰਾਨ ਵਧਿਆ ਪ੍ਰੋਜੈਸਟਰੋਨ ਹਾਰਮੋਨ ਸਰੀਰ ਦੀਆਂ ਲਹੂ ਵਾਲੀਆਂ ਨਸਾਂ ਖੋਲ੍ਹ ਦਿੰਦਾ ਹੈ ਤਾਂ ਜੋ ਲਹੂ ਪੂਰੇ ਸਰੀਰ ਦੇ ਨਾਲੋ ਨਾਲ ਭਰੂਣ ਦੇ ਅੰਦਰ ਵੀ ਪਹੁੰਚ ਸਕੇ। ਇੰਜ ਹੀ ਦਿਮਾਗ਼ ਵੱਲ ਜਾਂਦੀਆਂ ਨਸਾਂ ਵੀ ਖੁੱਲ ਜਾਂਦੀਆਂ ਹਨ। ਵਾਧੂ ਲਹੂ ਜਿਉਂ ਹੀ ਜੱਚਾ ਦੇ ਸਿਰ ਅੰਦਰ ਪਹੁੰਚੇ, ਸਿਰ ਪੀੜ ਦਾ ਕਾਰਨ ਬਣ ਜਾਂਦਾ ਹੈ। ਬਹੁਤੀ ਵਾਰ ਅਜਿਹੀ ਪੀੜ ਗਰਭ ਦੇ ਪਹਿਲੇ ਤਿੰਨਾਂ ਮਹੀਨਿਆਂ ਵਿਚ ਮਹਿਸੂਸ ਹੁੰਦੀ ਹੈ।

ਜੇ ਸਿਰ ਪੀੜ ਵੱਧ ਹੋ ਜਾਵੇ ਤਾਂ ਇਸ ਦਾ ਕਾਰਨ ਸਿਰਫ਼ ਹਾਰਮੋਨ ਹੀ ਨਹੀਂ ਬਲਕਿ ਤਣਾਓ, ਟੇਢਾ ਬੈਠਣਾ ਜਾਂ ਲੇਟਣਾ, ਨਜ਼ਰ ਘਟਣੀ, ਆਦਿ ਵੀ ਹੋ ਸਕਦੇ ਹਨ।

ਇਸ ਤੋਂ ਇਲਾਵਾ ਸਿਰ ਪੀੜ ਦੇ ਹੋਰ ਕਾਰਨ ਹਨ :-

(1). ਨੀਂਦਰ ਨਾ ਆਉਣੀ।

(2). ਲਹੂ ਵਿਚ ਸ਼ੱਕਰ ਦੀ ਕਮੀ।

(3). ਪਾਣੀ ਦੀ ਕਮੀ।

(4). ਵਾਧੂ ਕੌਫ਼ੀ ਪੀਣ ਵਾਲੀਆਂ ਔਰਤਾਂ ਜਦੋਂ ਇਕਦਮ ਕੋਫ਼ੀ ਪੀਣੀ ਛੱਡ ਦੇਣ।

(5). ਘਬਰਾਹਟ, ਤਣਾਓ।

(6). ਮਿਗਰੇਨ।

ਗਰਭ ਦੇ ਛੇਵੇਂ ਮਹੀਨੇ ਤੋਂ ਬਾਅਦ ਹੁੰਦੀ ਸਿਰ ਪੀੜ ਦੇ ਕਾਰਨ :-

(7). ਟੇਢਾ ਲੇਟਣਾ ਜਾਂ ਟੇਢਾ ਬੈਠਣਾ।

(8). ਭਰੂਣ ਬਾਰੇ ਬੇਵਜ੍ਹਾ ਚਿੰਤਾ।

(9). ਬਲੱਡ ਪ੍ਰੈੱਸ਼ਰ ਦਾ ਵਾਧਾ।

ਇਨ੍ਹਾਂ ਕਾਰਨਾਂ ਉੱਤੇ ਸੌਖਿਆਂ ਕਾਬੂ ਪਾਇਆ ਜਾ ਸਕਦਾ ਹੈ। ਇਸ ਵਾਸਤੇ ਰੈਗੂਲਰ ਤੌਰ ਉੱਤੇ ਕਸਰਤ ਕਰਨੀ ਲਾਜ਼ਮੀ ਹੁੰਦੀ ਹੈ। ਰੋਜ਼ਾਨਾ ਕੀਤੀ ਸੈਰ ਜਿੱਥੇ ਸਰੀਰ ਤੰਦਰੁਸਤ ਰੱਖਦੀ ਹੈ, ਉੱਥੇ ਹੱਡੀਆਂ ਤੇ ਪੱਠਿਆਂ ਨੂੰ ਵੀ ਮਜ਼ਬੂਤੀ ਦਿੰਦੀ ਹੈ। ਸਵੇਰੇ ਦੀ ਤਾਜ਼ਾ ਹਵਾ ਮਨ ਵਿੱਚੋਂ ਕਈ ਤਰ੍ਹਾਂ ਦੀਆਂ ਬੇਲੋੜੀਆਂ ਚਿੰਤਾਵਾਂ ਤੋਂ ਵੀ ਮੁਕਤੀ ਦੁਆ ਦਿੰਦੀ ਹੈ।

ਆਰਾਮ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਭਰੂਣ ਨੂੰ ਲਹੂ ਸਹੀ ਤਰੀਕੇ ਪਹੁੰਚਦਾ ਰਹੇ ਤੇ ਭਰੂਣ ਠੀਕ ਤਰ੍ਹਾਂ ਵੱਧ ਫੁੱਲ ਸਕੇ। ਆਰਾਮ ਨਾਲ ਲੇਟਣ ’ਤੇ ਪੂਰੀ ਨੀਂਦਰ ਲੈਣ ਨਾਲ ਤਣਾਓ ਘੱਟ ਜਾਂਦਾ ਹੈ।

ਭਰੂਣ ਪ੍ਰਤੀ ਚੰਗੇ ਵਿਚਾਰ ਤੇ ਉਸ ਦੇ ਪੈਦਾ ਹੋਣ ਤੋਂ ਬਾਅਦ ਉਸ ਨੂੰ ਵਧੀਆ ਤਰੀਕੇ ਸਾਂਭਣ, ਬੱਚੇ ਦੇ ਨਵੇਂ ਕੱਪੜੇ ਖਰੀਦਣ, ਆਦਿ ਵੱਲ ਧਿਆਨ ਕਰਨ ਨਾਲ ਮਨ ਖ਼ੁਸ਼ੀ ਨਾਲ ਭਰ ਜਾਂਦਾ ਹੈ ਤੇ ਸਿਰ ਪੀੜ ਤੋਂ ਬਚਿਆ ਜਾ ਸਕਦਾ ਹੈ।

ਠੀਕ ਤਰੀਕੇ ਬੈਠਣਾ ਜ਼ਰੂਰੀ ਹੈ। ਯਾਨੀ ਪਿੱਠ ਸਿੱਧੀ ਰੱਖ ਕੇ ਢੋਅ ਲਾ ਕੇ ਬੈਠਣ ਨਾਲ ਪੀੜ ਘੱਟ ਜਾਂਦੀ ਹੈ। ਖ਼ੁਰਾਕ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਹਰੀਆਂ ਸਬਜ਼ੀਆਂ, ਦੁੱਧ, ਦਹੀਂ, ਫ਼ਲ, ਫੁਲਕਾ, ਚੌਲ, ਦਾਲਾਂ, ਅੰਡਾ ਆਦਿ ਸਮੇਤ ਸੰਤੁਲਿਤ ਖ਼ੁਰਾਕ ਖਾਣੀ ਚਾਹੀਦੀ ਹੈ ਜੋ ਭਰੂਣ ਨੂੰ ਸਿਹਤਮੰਦ ਰੱਖਦੀ ਹੈ ਤੇ ਜੱਚਾ ਨੂੰ ਵੀ।

ਜ਼ਿਆਦਾ ਸਿਰ ਪੀੜ ਹੋਣ ਉੱਤੇ ਸਿਰ ਦੁਆਲੇ ਠੰਡੇ ਤੇ ਤੱਤੇ ਪੈਕ ਲਾਏ ਜਾ ਸਕਦੇ ਹਨ ਜੋ ਸਿਰ ਪੀੜ ਨੂੰ ਆਰਾਮ ਦਿੰਦੇ ਹਨ। ਹਲਕਾ-ਹਲਕਾ ਸਿਰ ਨੂੰ ਘੁਟਾਉਣਾ ਜਾਂ ਤੇਲ ਝੱਸਣ ਨਾਲ ਵੀ ਆਰਾਮ ਮਿਲ ਜਾਂਦਾ ਹੈ।

ਸਿਰ ਪੀੜ ਲਈ ਐਸਪਰਿਨ ਜਾਂ ਇਬੂਪਰੋਫੈਨ ਨਹੀਂ ਲੈਣੀ ਚਾਹੀਦੀ। ਜੇ ਸਾਈਨਸ ਦੀ ਪੀੜ ਹੋਵੇ ਤਾਂ ਅੱਖਾਂ ਤੇ ਨੱਕ ਦੁਆਲੇ ਗਰਮ ਕੱਪੜੇ ਨਾਲ ਸੇਕ ਕੀਤਾ ਜਾ ਸਕਦਾ ਹੈ ਤੇ ਭਾਫ਼ ਵੀ ਲਈ ਜਾ ਸਕਦੀ ਹੈ।

ਜੇ ਤਣਾਓ ਨਾਲ ਸਿਰ ਪੀੜ ਹੋ ਰਹੀ ਹੋਵੇ ਤਾਂ ਸਿਰ ਦੇ ਪਿਛਲੇ ਹਿੱਸੇ ਵਿਚ ਗਲੇ ਉੱਤੇ ਕੱਪੜੇ ਵਿਚ ਬਰਫ਼ ਰੱਖ ਕੇ ਕੁੱਝ ਚਿਰ ਆਰਾਮ ਲਿਆ ਜਾ ਸਕਦਾ ਹੈ। ਇੰਜ ਹਲਕੀ ਠੰਡਕ ਨਾਲ ਖਿੱਚੀਆਂ ਨਸਾਂ ਨੂੰ ਆਰਾਮ ਮਿਲ ਜਾਂਦਾ ਹੈ।

ਲਹੂ ਵਿਚਲੀ ਸ਼ੱਕਰ ਦੀ ਮਾਤਰਾ ਠੀਕ ਰੱਖਣ ਲਈ ਜੱਚਾ ਨੂੰ ਕੁੱਝ ਨਾ ਕੁੱਝ ਥੋੜੇ-ਥੋੜੇ ਚਿਰ ਬਾਅਦ ਖਾਂਦੇ ਰਹਿਣਾ ਚਾਹੀਦਾ ਹੈ। ਇਸ ਨਾਲ ਜਿੱਥੇ ਸਰੀਰ ਨੂੰ ਤਾਕਤ ਮਿਲਦੀ ਰਹਿੰਦੀ ਹੈ, ਉੱਥੇ ਸ਼ੱਕਰ ਦੀ ਮਾਤਰਾ ਵੀ ਸਹੀ ਰਹਿੰਦੀ ਹੈ। ਇਸ ਵਾਸਤੇ ਸਲਾਦ, ਫ਼ਲ, ਆਈਸਕ੍ਰੀਮ, ਪਿੰਨੀ, ਸੁੱਕੇ ਮੇਵੇ, ਆਦਿ ਲਏ ਜਾ ਸਕਦੇ ਹਨ।

ਗਲੇ ਤੇ ਮੋਢਿਆਂ ਦੀ ਮਾਲਿਸ਼ ਰੋਜ਼ਾਨਾ ਕਰਨ ਦੀ ਲੋੜ ਹੈ। ਇਸ ਲਈ ਕਿਸੇ ਖ਼ਾਸ ਕਿਸਮ ਦੇ ਤੇਲ ਦੀ ਲੋੜ ਨਹੀਂ ਹੁੰਦੀ। ਕੋਈ ਵੀ ਤੇਲ ਜਾਂ ਕ੍ਰੀਮ ਨਾਲ ਮਾਲਿਸ਼ ਕੀਤੀ ਜਾ ਸਕਦੀ ਹੈ।

ਹਨ੍ਹੇਰੇ ਕਮਰੇ ਵਿਚ ਬਹਿ ਕੇ, ਅੱਖਾਂ ਮੀਟ ਕੇ, ਲੰਮੇ-ਲੰਮੇ ਸਾਹ ਖਿੱਚਣ ਨਾਲ ਵੀ ਕਾਫ਼ੀ ਆਰਾਮ ਮਿਲ ਜਾਂਦਾ ਹੈ ਤੇ ਵਾਧੂ ਚਿੰਤਾ ਵੀ ਘੱਟ ਜਾਂਦੀ ਹੈ।

ਰੋਜ਼ ਕੋਸੇ ਪਾਣੀ ਨਾਲ ਨਹਾਉਣਾ ਤੇ ਨਹਾਉਣ ਤੋਂ ਪਹਿਲਾਂ ਲੱਤਾਂ ਬਾਹਵਾਂ ਦੀ ਮਾਲਿਸ਼ ਵੀ ਸਿਰ ਪੀੜ ਘਟਾ ਦਿੰਦੀ ਹੈ।

ਹੁਣ ਤੱਕ ਦੇ ਸਾਰੇ ਦੱਸੇ ਤਰੀਕਿਆਂ ਵਿੱਚੋਂ ਸਭ ਤੋਂ ਵੱਧ ਅਸਰਦਾਰ ਹੈ- ਠੰਡੇ, ਤੱਤੇ ਪੈਕ ਜੇ ਸਿਰ, ਗਲੇ ਤੇ ਅੱਖਾਂ ਦੁਆਲੇ ਵਾਰੋ ਵਾਰ ਲਾਏ ਜਾਣ ਤਾਂ ਝਟਪਟ ਆਰਾਮ ਲਿਆ ਜਾ ਸਕਦਾ ਹੈ।

ਜਿਸ ਨੂੰ ਮਿਗਰੇਨ ਹੁੰਦੀ ਹੋਵੇ, ਉਸ ਜੱਚਾ ਨੂੰ ਅੱਗੇ ਦੱਸੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ:-

(1). ਚਾਕਲੇਟ।

(2). ਸ਼ਰਾਬ।

(3). ਠੰਡਾ ਦਹੀਂ।

(4). ਪੁਰਾਣਾ ਪਨੀਰ।

(5). ਮੂੰਗਫਲੀ।

(6). ਬਰੈੱਡ (ਖਮੀਰ ਸਦਕਾ)।

(7). ਡੱਬਾ ਬੰਦ ਮੀਟ।

(8). ਖੱਟੀ ਮਲਾਈ।

ਜੇ ਉੱਪਰ ਦੱਸੇ ਕਿਸੇ ਵੀ ਤਰੀਕੇ ਨਾਲ ਆਰਾਮ ਨਾ ਮਿਲ ਰਿਹਾ ਹੋਵੇ ਤਾਂ ਸਿਆਣੇ ਡਾਕਟਰ ਕੋਲ ਜ਼ਰੂਰ ਚੈੱਕਅੱਪ ਕਰਵਾ ਲੈਣਾ ਚਾਹੀਦਾ ਹੈ।

ਡਾਕਟਰ ਕੋਲ ਤੁਰੰਤ ਚੈੱਕਅੱਪ ਕਰਵਾਉਣ ਜਾਣਾ ਚਾਹੀਦਾ ਹੈ, ਜੇ :-

(1). ਤਿੱਖੀ ਸਿਰ ਪੀੜ ਤੇ ਉਲਟੀਆਂ ਲੱਗ ਜਾਣ।

(2). ਪਹਿਲਾਂ ਨਾਲੋਂ ਵੱਖ ਤਰ੍ਹਾਂ ਦੀ ਸਿਰ ਪੀੜ ਹੋਣ ਲੱਗ ਪਵੇ।

(3). ਨਜ਼ਰ ਘੱਟਣ ਲੱਗ ਪਵੇ।

(4). ਇਕਦਮ ਭਾਰ ਵਧ ਜਾਵੇ।

(5). ਢਿੱਡ ਦੇ ਉੱਪਰਲੇ ਸੱਜੇ ਹਿੱਸੇ ਵਿਚ ਪੀੜ ਹੋਣ ਲੱਗ ਪਵੇ।

(6). ਹੱਥਾਂ ਪੈਰਾਂ ਵਿਚ ਸੋਜ਼ਿਸ਼ ਹੋ ਜਾਵੇ।

ਬਹੁਤ ਜ਼ਿਆਦਾ ਮੋਬਾਈਲ ਫ਼ੋਨ, ਫੇਸਬੁੱਕ, ਟੀ.ਵੀ ਅਤੇ ਕੰਪਿਊਟਰ ਉੱਤੇ ਬਹਿ ਕੇ ਕੰਮ ਕਰਨ ਵਾਲੀਆਂ ਗਰਭਵਤੀ ਔਰਤਾਂ ਨੂੰ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਜਿੱਥੇ ਅੱਖਾਂ ਥੱਕਣ ਕਾਰਨ ਸਿਰ ਭਾਰਾ ਹੋ ਜਾਂਦਾ ਹੈ, ਉੱਥੇ ਮਾੜੀਆਂ ਚੰਗੀਆਂ ਖ਼ਬਰਾਂ ਨਾਲ ਵੀ ਤਣਾਓ ਬਹੁਤ ਵਧ ਜਾਂਦਾ ਹੈ ਜੋ ਸਿਰਫ਼ ਸਿਰ ਪੀੜ ਹੀ ਨਹੀਂ ਬਲਕਿ ਭਰੂਣ ਵੱਲ ਜਾਂਦੇ ਲਹੂ ਨੂੰ ਵੀ ਵਧਾ ਘਟਾ ਦਿੰਦਾ ਹੈ ਤੇ ਭਰੂਣ ਦੀ ਧੜਕਨ ਉੱਤੇ ਵੀ ਅਸਰ ਪੈਂਦਾ ਹੈ। ਇਸੇ ਲਈ ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰ ਕੇ ਪੂਜਾ-ਪਾਠ, ਸੁਖਾਵਾਂ ਸੰਗੀਤ, ਸੈਰ, ਆਦਿ ਵੱਲ ਵੱਧ ਧਿਆਨ ਦੇਣ ਦੀ ਲੋੜ ਹੁੰਦੀ ਹੈ।

ਜੇ ਪਾਣੀ ਦੀ ਕਮੀ ਕਰਕੇ ਸਿਰ ਪੀੜ ਹੋ ਰਹੀ ਹੋਵੇ ਤਾਂ ਇਹ ਆਮ ਤੌਰ ਉੱਤੇ ਸਿਰ ਦੇ ਪਿਛਲੇ ਪਾਸੇ ਹੇਠਾਂ ਕਰਕੇ ਹੁੰਦੀ ਹੈ। ਜੇ ਤਣਾਓ ਕਰਕੇ ਹੋ ਰਹੀ ਹੋਵੇ ਤਾਂ ਸਾਰਾ ਸਿਰ ਜਕੜਿਆ ਮਹਿਸੂਸ ਹੁੰਦਾ ਹੈ।

ਗਰਭ ਦੌਰਾਨ ਪਹਿਲੇ ਚਾਰ-ਪੰਜ ਮਹੀਨਿਆਂ ਤੱਕ ਤੈਰਿਆ ਵੀ ਜਾ ਸਕਦਾ ਹੈ। ਤੈਰਨ ਨਾਲ ਵੀ ਬਹੁਤ ਸਾਰੇ ਕੇਸਾਂ ਵਿਚ ਸਿਰ ਪੀੜ ਤੇ ਤਣਾਓ ਘਟਦਾ ਵੇਖਿਆ ਗਿਆ ਹੈ।

ਗਰਭਵਤੀ ਔਰਤਾਂ ਨੂੰ ਰੋਜ਼ ਡੇਢ ਲਿਟਰ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਤੇ ਕੌਫ਼ੀ ਚਾਹ ਘਟਾ ਲੈਣੀ ਚਾਹੀਦੀ ਹੈ। ਸਿਗਰਟ, ਸ਼ਰਾਬ ਉੱਕਾ ਹੀ ਬੰਦ ਕਰਨੀ ਬਿਹਤਰ ਹੈ।

ਹਰੀ ਚਾਹ (ਗਰੀਨ ਟੀ) ਵੀ ਲੈਣੀ ਠੀਕ ਨਹੀਂ ਹੈ ਕਿਉਂਕਿ ਇਸ ਵਿਚ ਕਾਫ਼ੀ ਜ਼ਿਆਦਾ ਕੇਫ਼ੀਨ ਹੁੰਦੀ ਹੈ। ਕਾਲੀ ਚਾਹ (ਬਿਨਾਂ ਦੁੱਧ) ਵੀ ਪੀਣੀ ਠੀਕ ਨਹੀਂ। ਇਸ ਦੀ ਥਾਂ ਫੁੱਲਾਂ ਤੇ ਫ਼ਲਾਂ ਤੋਂ ਬਣੀ ਚਾਹ ਪੱਤੀ ਤੇ ਕੇਫ਼ੀਨ ਤੋਂ ਬਿਨਾਂ ਵਾਲੀ ਚਾਹ ਪੱਤੀ ਪੀਤੀ ਜਾ ਸਕਦੀ ਹੈ।

ਸਿਰ ਹੇਠਾਂ ਰੱਖੇ ਸਿਰਹਾਣੇ ਬਹੁਤੇ ਉੱਚੇ ਨਹੀਂ ਹੋਣੇ ਚਾਹੀਦੇ ਜਿਸ ਨਾਲ ਗਲਾ ਤੇ ਸਿਰ ਬਹੁਤ ਟੇਢਾ ਹੋ ਜਾਂਦਾ ਹੈ ਤੇ ਸਿਰ ਪੀੜ ਦੇ ਨਾਲ ਪਿੱਠ ਦਰਦ ਵੀ ਹੋਣ ਲੱਗ ਪੈਂਦੀ ਹੈ।

          ਸਾਰ ਵਿਚ :-

(1). ਸਿਰ ਪੀੜ ਹੁੰਦੇ ਸਾਰ ਕੰਮ ਕਾਰ ਛੱਡ ਕੇ ਸੈਰ ਕਰਨ ਨਿਕਲ ਜਾਓ।

(2). ਪੀੜ ਵਾਲੀ ਥਾਂ ਫਰੀਜ਼ਰ ਵਿੱਚੋਂ ਜੰਮੇ ਮਟਰਾਂ ਦਾ ਪੈਕਟ ਹੀ ਝਟਪਟ ਕੱਢ ਕੇ ਧਰਿਆ ਜਾ ਸਕਦਾ ਹੈ ਜਾਂ ਠੰਡੇ ਤੱਤੇ ਪਾਣੀ ਵਿਚ ਭਿਉਂ ਕੇ ਰੱਖੇ ਵੱਖੋ-ਵੱਖ ਤੋਲੀਏ ਵਰਤੇ ਜਾ ਸਕਦੇ ਹਨ।

(3). ਠੰਡੇ ਪਾਣੀ ਨਾਲ ਸਿਰ ਨਹਾਓ ਜਾਂ ਸਿਰ ਦੀ ਮਾਲਿਸ਼ ਕਰ ਲਓ।

(4). ਧਿਆਨ ਰਹੇ ਸਿਰ ਧੋਣ ਤੋਂ ਬਾਅਦ ਡਾਰਾਇਰ ਨਾਲ ਵਾਲ ਨਹੀਂ ਸੁਕਾਉਣੇ ਚਾਹੀਦੇ। ਜੇ ਵਰਤਣਾ ਵੀ ਪਵੇ ਤਾਂ ਬਹੁਤ ਹਲਕੀ ਹਵਾ ਤੇ ਘਟ ਗਰਮ ਹਵਾ ਹੀ ਚਲਾਉਣੀ ਚਾਹੀਦੀ ਹੈ।

(5). ਐਕੂਪਰੈਸ਼ਰ ਵੀ ਅਸਰਦਾਰ ਹੈ।

(6). ਲੈਵੈਂਡਰ ਤੇਲ ਦੀ ਖੁਸ਼ਬੂ ਲੈਣ ਨਾਲ ਜਾਂ ਸਿਰ ਦੇ ਪਾਸਿਆਂ ਉੱਤੇ ਇਕ ਅੱਧ ਬੂੰਦ ਲਾ ਕੇ ਸੁੰਘਦੇ ਰਹਿਣ ਨਾਲ ਆਰਾਮ ਮਿਲ ਜਾਂਦਾ ਹੈ।

ਬਸ ਅਖ਼ੀਰ ਵਿਚ ਇਕ ਗ਼ੱਲ ਧਿਆਨ ਰੱਖਣ ਦੀ ਲੋੜ ਹੈ। ਖ਼ੁਸ਼ ਰਹੋ ਤੇ ਖੁਸ਼ ਰੱਖੋ! ਜੋ ਬੀਜਿਆ ਜਾਵੇ, ਉਹੀ ਹਾਸਲ ਹੁੰਦਾ ਹੈ। ਆਪ ਸੁਖੀ ਵੱਸਣ ਲਈ ਤੇ ਚਿੰਤਾ ਮੁਕਤ ਹੋਣ ਲਈ ਦੂਜਿਆਂ ਦੀ ਚਿੰਤਾ ਤੇ ਦੁੱਖ ਘਟਾਉਣ ਦੀ ਲੋੜ ਹੁੰਦੀ ਹੈ। ਮਾਂ ਬਣਨ ਦਾ ਇਹਸਾਸ ਕਿਸਮਤ ਵਾਲਿਆਂ ਨੂੰ ਨਸੀਬ ਹੁੰਦਾ ਹੈ। ਸੋ, ਤਣਾਓ ਛੱਡ ਕੇ, ਇਹ ਸਮਾਂ ਮਾਣ ਲਵੋ।

ਝੂਠਾ ਮਦੁ ਮੂਲਿ ਨ ਪੀਚਈ; ਜੇ ਕਾ ਪਾਰਿ ਵਸਾਇ ॥

0

ਝੂਠਾ ਮਦੁ ਮੂਲਿ ਨ ਪੀਚਈ; ਜੇ ਕਾ ਪਾਰਿ ਵਸਾਇ ॥

ਡਾ. ਕੁਲਵੰਤ ਸਿੰਘ (ਸੂਬਾ ਪ੍ਰਧਾਨ) ਪੀ. ਐੱਚ. ਡੀ. ਅਧਿਆਪਕ ਫ਼ਰੰਟ (ਪੰਜਾਬ)-94631-53862

ਅਜੋਕੇ ਸਮੇਂ ਵਿੱਚ ਨਸ਼ਿਆਂ ਦਾ ਪ੍ਰਕੋਪ ਬਹੁਤ ਹੀ ਭਿਅੰਕਰ ਰੂਪ ਧਾਰਨ ਕਰ ਰਿਹਾ ਹੈ। ਬਹੁਤ ਸਾਰੇ ਨਸ਼ੇ ਜਿਵੇਂ ਕਿ ਸ਼ਰਾਬ, ਭੁੱਕੀ, ਤੰਬਾਕੂ, ਹੈਰੋਇਨ ਤੇ ਸਮੈਕ ਦੀ ਵਰਤੋਂ ਦੇ ਨਾਲ-ਨਾਲ ਗੋਲੀਆਂ, ਟੀਕਿਆਂ, ਕੈਪਸੂਲ ਤੇ ਦਵਾਈਆਂ (drugs) ਦੀ ਵਰਤੋਂ ਵੀ ਧੜੱਲੇ ਨਾਲ ਹੋ ਰਹੀ ਹੈ। ਇਨ੍ਹਾਂ ਸਾਰੇ ਨਸ਼ਿਆਂ ਵਿਚੋਂ ਸ਼ਰਾਬ ਦੀ ਵਰਤੋਂ ਸਭ ਤੋਂ ਵਧੇਰੇ ਮਾਤਰਾ ਵਿੱਚ ਹੋ ਰਹੀ ਹੈ। ਅੰਕੜਿਆਂ ਅਨੁਸਾਰ ਵਿਸ਼ਵ ਦੇ ਤਕਰੀਬਨ ਸਾਢੇ ਛੇ ਕਰੋੜ ਲੋਕ ਸ਼ਰਾਬ ਦੇ ਨਸ਼ੇ ਦੀ ਲੱਤ ਦਾ ਸ਼ਿਕਾਰ ਹੋ ਚੁੱਕੇ ਹਨ। ਸ਼ਰਾਬ ਦੀ ਵਰਤੋਂ ਦੁਆਰਾ ਅੱਜ ਦਾ ਮਨੁੱਖ ਘੋਰ ਬਰਬਾਦੀ ਵੱਲ ਵਧ ਰਿਹਾ ਹੈ ਅਤੇ ਸਮੁੱਚੀ ਕਾਇਨਾਤ ਦੇ ਅੰਦਾਜਨ ਡੇਢ ਲੱਖ ਲੋਕ ਸ਼ਰਾਬ ਦੀ ਵਰਤੋਂ ਨਾਲ ਜੁੜੇ ਕਾਰਨਾਂ ਕਰਕੇ ਹਰ ਸਾਲ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ। ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਵਿਚੋਂ ਤਕਰੀਬਨ ਅੱਧੀਆਂ ਦਾ ਕਰਾਨ ਸ਼ਰਾਬ ਦੀ ਵਰਤੋਂ ਹੀ ਹੈ ਕਿਉਂਕਿ ਸ਼ਰਾਬੀ ਡਰਾਈਵਰ ਆਪਣੀ ਨਿਰਣੈ ਸ਼ਕਤੀ ਪ੍ਰਭਾਵਿਤ ਹੋਣ ਕਾਰਨ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ।

ਜੇਕਰ ਸ਼ਰਾਬ ਦੇ ਇਤਿਹਾਸ ਦੀ ਪੜਤਾਲ ਕੀਤੀ ਜਾਵੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਪ੍ਰਾਚੀਨ ਕਾਲ ਤੋਂ ਹੀ ਮਨੁੱਖ ਇਸ ਦੀ ਗ੍ਰਿਫ਼ਤ ਵਿਚ ਫਸਿਆ ਹੋਇਆ ਹੈ। ਪ੍ਰਾਚੀਨ ਭਾਰਤ ਵਿਚ ਆਦਿ ਵਾਸੀ ਲੋਕ ਦੇਵੀ-ਦੇਵਤਿਆਂ ਨੂੰ ਸ਼ਰਾਬ ਭੇਟ ਕਰਦੇ ਅਤੇ ਇਸ ਦੀ ਵਰਤੋਂ ਪ੍ਰਸ਼ਾਦ ਦੇ ਰੂਪ ਵਿਚ ਖ਼ੁਦ ਵੀ ਕਰਦੇ ਸਨ।ਸਭ ਤੋਂ ਪੁਰਾਣੇ ਗ੍ਰੰਥ ਰਿਗਵੇਦ ਵਿਚ ਵੀ ਸੋਮ ਰਸ ਅਤੇ ਸੁਰਾ ਦੇ ਰੂਪ ਵਿਚ ਇਸ ਦੀ ਵਰਤੋਂ ਦੇ ਸੰਕੇਤ ਮਿਲਦੇ ਹਨ। ਇੱਕ ਧਾਰਨਾ ਅਨੁਸਾਰ ਇਸ ਦਾ ਜਨਮ ਅੰਗੂਰਾਂ ਦੇ ਰਸ ਵਿਚੋਂ ਹੋਇਆ, ਜਿਸ ਅਨੁਸਾਰ ਇੱਕ ਵਾਰ ਪਰਸ਼ੀਆ ਦੇ ਰਾਜ ਕੁਮਾਰ ਲਈ ਵਧੀਆ ਕਿਸਮ ਦੇ ਅੰਗੂਰ ਲਿਆਂਦੇ ਗਏ, ਜਿਨ੍ਹਾਂ ਵਿਚੋਂ ਕੁਝ ਅਗਲੇ ਦਿਨ ਖ਼ਰਾਬ ਹੋ ਜਾਣ ਕਾਰਨ ਜਦੋਂ ਨੌਕਰਾਨੀ ਸੁੱਟਣ ਗਈ ਤਾਂ ਉਸ ਨੇ ਇਸ ਦਾ ਰਸ ਪੀ ਲਿਆ ਤਾਂ ਉਸ ਨੂੰ ਕੁਝ ਮਸਤੀ ਦਾ ਅਨੁਭਵ ਹੋਇਆ। ਇਸ ਅਨੁਭਵ ਨੂੰ ਉਸ ਨੇ ਦਰਬਾਰ ਦੇ ਹੋਰ ਲੋਕਾਂ ਨਾਲ ਸਾਂਝਾ ਕੀਤਾ ਅਤੇ ਕਿਹਾ ਜਾਂਦਾ ਹੈ ਕਿ ਇੱਥੋਂ ਹੀ ਸ਼ਰਾਬ ਦਾ ਮੁੱਢ ਬੱਝਾ ਅਤੇ ਇਸ ਦੀ ਵਰਤੋਂ ਕੀਤੀ ਜਾਣ ਲੱਗੀ। ਅਜੋਕੇ ਸਮੇਂ ਇਹ ਅੰਤਰਰਾਸ਼ਟਰੀ ਸਮੱਸਿਆ ਬਣ ਚੁੱਕੀ ਹੈ ਅਤੇ ਦੁਨੀਆ ਦੇ ਲਗਭਗ ਹਰ ਖਿੱਤੇ ਵਿਚ ਇਸ ਦੀ ਵਰਤੋਂ ਕਰਦਿਆਂ ਇਸ ਨੂੰ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ। ਉਦਾਹਰਨ ਦੇ ਤੌਰ ’ਤੇ ਰੂਸ ਵਿਚ ਇਸ ਨੂੰ ਵੋਦਕਾ, ਫਰਾਂਸ ਵਿਚ ਬਰਾਂਡੀ, ਹਾਲੈਂਡ ਵਿਚ ਜਿਨ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ। ਵਿਸ਼ਵ ਦੇ ਕੁਝ ਕੁ ਖਿੱਤਿਆਂ ਖ਼ਾਸ ਕਰਕੇ ਇਸਲਾਮਿਕ ਮੁਲਕਾਂ ਵਿਚ ਇਸ ਦੀ ਵਰਤੋਂ ਦੀ ਕਾਨੂੰਨਨ ਤੌਰ ’ਤੇ ਮਨਾਹੀ ਵੀ ਹੈ। ਇਸ ਤੋਂ ਇਲਾਵਾ ਅਜੋਕੀ ਵਿਸ਼ਵ ਸ਼ਕਤੀ ਅਮਰੀਕਾ ਵਿਚ 1919 ਤੋਂ 1933 ਤੱਕ ਇਸ ’ਤੇ ਪਾਬੰਦੀ ਲਾਉਣ ਦਾ ਤਜਰਬਾ ਵੀ ਕੀਤਾ ਗਿਆ, ਜੋ ਸਫਲ ਨਾ ਹੋ ਸਕਿਆ ।

ਸ਼ਰਾਬ ਦੇ ਈਜਾਦ (ਲਾਗੂ) ਹੋਣ ਦਾ ਕਾਰਨ ਕੁਝ ਵੀ ਹੋਵੇ ਪਰੰਤੂ ਇੱਕ ਗੱਲ ਸਪਸ਼ਟ ਹੈ ਕਿ ਇਸ ਦੀ ਵਰਤੋਂ ਪ੍ਰਾਚੀਨ ਸਮਿਆਂ ਤੋਂ ਹੀ ਹੋ ਰਹੀ ਹੈ। ‘ਸ਼ਰਾਬ’ ਦੇ ਸ਼ਬਦਿਕ ਅਰਥਾਂ ਬਾਰੇ ਘੋਖ ਕਰਦਿਆਂ ਇਸ ਦੇ ਅਰਥ ਸ਼ਰਾਰਤ ਭਰਿਆ ਪਾਣੀ ਦੇ ਤੌਰ ’ਤੇ ਹੁੰਦੀ ਹੈ। ‘ਸ਼ਰਾਬ’ ਮੂਲ ਰੂਪ ਵਿਚ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ, ਜੋ ਸ਼ਰਾ ਅਤੇ ਆਬ ਦੇ ਸੁਮੇਲ ਤੋਂ ਬਣਿਆ ਹੈ। ਇਸ ਗੱਲ ਦੀ ਪੁਸ਼ਟੀ ਕਰਦਿਆਂ ਭਾਈ ਕਾਨ੍ਹ ਸਿੰਘ ਨਾਭਾ ਆਪਣੀ ਸ਼ਾਹਕਾਰ ਰਚਨਾ ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼’ ਵਿਚ ਲਿਖਦੇ ਹਨ: ਸ਼ਰਾਬ: ਸ਼ਰ-ਆਬ, ਸ਼ਰਾਰਤ ਭਰਿਆ ਪਾਣੀ।

ਸਪਸ਼ਟ ਹੈ ਕਿ ਸ਼ਰਾਬ ਇਕ ਅਜਿਹਾ ਪਾਣੀ ਹੈ ਜਿਸ ਦੇ ਸੇਵਨ ਨਾਲ ਮਨੁੱਖ ਨੂੰ ਸ਼ਰਾਰਤਾਂ ਸੁਝਦੀਆਂ ਹਨ। ਇਨ੍ਹਾਂ ਸ਼ਰਾਰਤਾਂ ਦਾ ਆਰੰਭ ਇਸ ਦੇ ਸੇਵਨ ਤੋਂ ਪੰਜ-ਸੱਤ ਮਿੰਟ ਤੱਕ ਪੁੱਜਦਿਆਂ ਹੀ ਕਾਰਜਸ਼ੀਲ ਹੋ ਜਾਂਦਾ ਹੈ।

ਭਾਰਤ ਦੇ ਸਭ ਤੋਂ ਪੁਰਾਣੇ ਗ੍ਰੰਥ ਰਿਗਵੇਦ ਵਿਚ ਸੁਰਾਪਾਨ ਦਾ ਜ਼ਿਕਰ ਸਿੱਧ ਕਰਦਾ ਹੈ ਕਿ ਭਾਰਤ ਵਿਚ ਇਸ ਦੀ ਵਰਤੋਂ ਸਦੀਆਂ ਪਹਿਲਾਂ ਹੋ ਚੁੱਕੀ ਸੀ ਪਰੰਤੂ ਇਹ ਨਸ਼ਾ ਸਮਾਜ ਤੇ ਨਿਜ਼ਾਮ ਵੱਲੋਂ ਪ੍ਰਮਾਣਿਤ ਨਾ ਹੋਣ ਕਾਰਨ ਇਸ ਦਾ ਸੇਵਨ ਰਾਜੇ-ਮਹਾਰਾਜਿਆਂ ਜਾਂ ਉਨ੍ਹਾਂ ਦੇ ਅਹਿਲਕਾਰਾਂ ਤੱਕ ਹੀ ਸੀਮਤ ਸੀ। ਇਸ ਤੋਂ ਇਲਾਵਾ ਦੂਰ-ਦੁਰਾਡੇ ਰਹਿੰਦੇ ਕੁੱਝ ਪੇਂਡੂ ਖੇਤਰਾਂ ਦੇ ਲੋਕ ਆਪਣੇ ਘਰ ਵਿਚ ਸ਼ਰਾਬ ਤਿਆਰ ਕਰਕੇ ਵੀ ਇਸ ਦਾ ਪ੍ਰਯੋਗ ਕਰ ਲੈਂਦੇ ਸਨ। ਭਾਰਤ ਵਿਚ ਮੁਗਲ ਸਾਮਰਾਜ ਨੂੰ ਪੱਕੇ ਪੈਰੀਂ ਕਰਨ ਵਾਲਾ ਬਾਬਰ ਵੀ ਇਸ ਦੀ ਲੱਤ ਦਾ ਸ਼ਿਕਾਰ ਸੀ। ਬਾਬਰ ਸਮੇਂ ਜਦੋਂ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਉਦਾਸੀਆਂ ਦੌਰਾਨ ਸਮੁੱਚੀ ਲੋਕਾਈ ਨੂੰ ਸਮਾਨਤਾ, ਨਿਰਭੈਤਾ, ਸੁਤੰਤਰਤਾ, ਸੱਚ ਅਤੇ ਕਿਰਤ ਕਰਨ ਦਾ ਉਪਦੇਸ਼ ਦਿੰਦੇ ਹੋਏ ਆਮ ਲੋਕਾਂ ਵਿਚ ਵਿਚਰੇ ਤਾਂ ਉਨ੍ਹਾਂ ਨੂੰ ਸ਼ਰਾਬ, ਘਰ ਵਿਚ ਬਣਾਉਣ ਅਤੇ ਇਸ ਦਾ ਇਸਤੇਮਾਲ ਕਰਨ ਵਾਲੇ ਮਨੁੱਖਾਂ ਨੂੰ ਵੇਖਦਿਆਂ ਬੜਾ ਦੁੱਖ ਹੋਇਆ। ਗੁੜ ਦੀ ਵਰਤੋਂ ਦੁਆਰਾ ਕਿੱਕਰ ਦਾ ਸੱਕ ਅਤੇ ਧਾਤਕੀ ਦੇ ਫੁੱਲ ਪਾ ਕੇ ਸ਼ਰਾਬ ਤਿਆਰ ਕਰਨ ਵਾਲੇ ਮਨੁੱਖਾਂ ਨੂੰ ਇਸ ਐਬ ਤੋਂ ਬਚਦਿਆਂ ਗਿਆਨਵਾਨ ਮਨੁੱਖ ਬਣ ਕੇ ਆਪਣਾ ਨੈਤਿਕ ਪੱਧਰ ਉੱਚਾ ਰੱਖਣ ਤੇ ਸਦਗੁਣ ਪੈਦਾ ਕਰਨ ਦੀ ਲੋੜ ’ਤੇ ਬਲ ਦਿੰਦਿਆਂ ਉਨ੍ਹਾਂ ਫ਼ੁਰਮਾਇਆ: ‘‘ਗੁੜੁ ਕਰਿ ਗਿਆਨੁ, ਧਿਆਨੁ ਕਰਿ ਧਾਵੈ; ਕਰਿ ਕਰਣੀ ਕਸੁ ਪਾਈਐ ॥ ਭਾਠੀ ਭਵਨੁ, ਪ੍ਰੇਮ ਕਾ ਪੋਚਾ; ਇਤੁ ਰਸਿ ਅਮਿਉ ਚੁਆਈਐ ॥’’ (ਮ: ੧/੩੬੦) ਭਾਵ ਸ਼ਰਾਬ ਪੀਣ ਵਾਲੇ ਨਾਦਾਨ ਮਨੁੱਖ  ! ਤੂੰ ਸ਼ਰਾਬ ਬਣਾਉਣ ਲਈ ਗੁੜ ਦੀ ਥਾਂ ਗਿਆਨ ਪ੍ਰਾਪਤੀ ਵੱਲ ਧਿਆਨ ਕਰ। ਮਨ ਨੂੰ ਧਾਤਕੀ ਦਾ ਫੁੱਲ (wood fordia floribunda) ਜੋ ਸ਼ਰਾਬ ਬਣਾਉਣ ਲਈ ਵਧੀਆ ਮਸਾਲਾ ਮੰਨਿਆ ਜਾਂਦਾ ਹੈ, ਬਣਾ ਅਤੇ ਨੇਕ ਕਿਰਤ ਨੂੰ ਕਿੱਕਰ ਦਾ ਸੱਕ ਸਮਝਦਿਆਂ ਸੱਚੀ-ਮੁੱਚੀ ਕਿਰਤ ਕਮਾਈ ਕਰਿਆ ਕਰ। ਈਮਾਨਦਾਰੀ ਨੂੰ ਭੱਠੀ ਬਣਾ ਕੇ ਪ੍ਰੇਮ ਦਾ ਲੇਪ ਕਰ ਭਾਵ ਆਪਣੇ ਅੰਦਰ ਖ਼ਲਕਤ ਪ੍ਰਤੀ ਪ੍ਰੇਮ ਭਾਵਨਾ ਪੈਦਾ ਕਰ। ਅਜਿਹਾ ਕਰਨ ਨਾਲ ਤੈਨੂੰ ਅਜਿਹੇ ਆਨੰਦ ਦੀ ਪ੍ਰਾਪਤੀ ਹੋਵੇਗੀ ਕਿ ਸ਼ਰਾਬ ਵਰਗੇ ਝੂਠੇ ਅਤੇ ਫੋਕੇ ਨਸ਼ੇ ਦੀ ਜ਼ਰੂਰਤ ਹੀ ਮਹਿਸੂਸ ਨਹੀਂਹੋਵੇਗੀ। ਇਸ ਤਰ੍ਹਾਂ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਮਨੋਵਿਗਿਆਨਕ ਢੰਗ ਨਾਲ ਮਾਨਵਤਾ ਨੂੰ ਸ਼ਰਾਬ ਤੋਂ ਬਚਾਣ ਦਾ ਭਾਵਨਾਤਮਕ ਉਪਦੇਸ਼ ਦਿੰਦਿਆਂਸ਼ਰਾਬ ਨੋਸ਼ੀ ਵਰਗੇ ਅਵਗੁਣਾਂ ਨੂੰ ਤਿਆਗ ਕੇ ਸਦਗੁਣ ਜੀਵਨ ਬਤੀਤ ਕਰਨ ਲਈ ਤਿਆਰ ਕਰਨ ਦਾ ਸਾਰਥਿਕ ਉਪਰਾਲਾ ਕੀਤਾ।

ਬਾਬਰ ਤੋਂ ਬਾਅਦ ਵਾਲੇ ਮੁਗਲ ਬਾਦਸ਼ਾਹ ਵੀ ਲਗਭਗ ਇਸ ਦੀ ਖ਼ੁਮਾਰੀ ਦਾ ਸ਼ਿਕਾਰ ਰਹੇ ਹਨ। ਇੱਥੋਂ ਤੱਕ ਕਿ ਮੁਗਲ ਬਾਦਸ਼ਾਹ ਸ਼ਾਹ ਜਹਾਨ ਦੀ ਪੁੱਤਰੀਜਹਾਨ ਆਰਾ ਵੀ ਅੰਗਰੇਜ਼ੀ ਸ਼ਰਾਬ ਦੀ ਮਤਵਾਲੀ ਸੀ, ਹਾਂ ਔਰੰਗਜ਼ੇਬ ਧਾਰਮਿਕ ਕੱਟੜਤਾ ਕਾਰਨ ਇਸ ਦੀ ਵਰਤੋਂ ਦੇ ਸਖ਼ਤ ਖ਼ਿਲਾਫ ਸੀ ਅਤੇ ਉਸ ਨੇ ਆਪਣੇ ਕਾਰਜਕਾਲ ਦੌਰਾਨ ਸ਼ਰਾਬ ਕੱਢਣ, ਵੇਚਣ ਅਤੇ ਪੀਣ ਦੀ ਸਖ਼ਤ ਮਨਾਹੀ ਕਰ ਦਿੱਤੀ ਸੀ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗਲ ਹਕੂਮਤ ਦੀ ਅਧੋਗਤੀ ਕਾਰਨ ਅਤੇ ਬਿ੍ਰਟਿਸ਼ ਹਕੂਮਤ ਦੌਰਾਨ ਇਸ ਦੀ ਵਰਤੋਂ ਵਿਚ ਚੌਖਾ ਵਾਧਾ ਹੋਇਆ ਕਿਉਂਕਿ ਮੁਗਲ ਕਾਲ ਦੌਰਾਨ ਇਹ ਸਮਾਜਿਕ ਤੇ ਰਾਜਨੀਤਿਕ ਤੌਰ ’ਤੇ ਪ੍ਰਮਾਣਿਤ ਨਹੀਂ ਸੀ। ਦੂਸਰੇ ਸ਼ਬਦਾਂ ਵਿਚ ਇਸ ਦੀ ਵਰਤੋਂ ਗ਼ੈਰਕਾਨੂੰਨੀ ਹੀ ਹੁੰਦੀ ਸੀ। ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 1849 ਵਿਚ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਕਬਜ਼ੇ ’ਚ ਕਰ ਲਿਆ। ਅੰਗਰੇਜ਼ਾਂ ਦੁਆਰਾ ਪੰਜਾਬ ਨੂੰ ਆਪਣੇ ਅਧੀਨ ਕਰਨ ਤੋਂ ਬਾਅਦ ਪੰਜਾਬੀਆਂ ਦੀ ਖ਼ੁਸ਼ਹਾਲੀ, ਗ਼ੈਰਤ ਭਰਪੂਰ ਜ਼ਿੰਦਗੀ ਅਤੇ ਦੇਸ਼ ਤੇ ਕੌਮ ਪ੍ਰਤੀ ਕੁਰਬਾਨੀ ਜਾਂ ਜਜ਼ਬਾ ਉਨ੍ਹਾਂ ਦੀ ਅੱਖ ਵਿਚ ਰੜਕਨ ਲੱਗਾ। ਇਸ ਦੇ ਨਾਲ-ਨਾਲ ਪੰਜਾਬੀਆਂ ਦੀ ਆਰਥਿਕ ਖ਼ੁਸ਼ਹਾਲੀ ਤੋਂ ਟੈਕਸ ਦੇ ਰੂਪ ਵਿਚ ਆਮਦਨ ਪ੍ਰਾਪਤ ਕਰਨ ਦੀ ਸਾਜਿਸ਼ ਤਹਿਤ ਉਨ੍ਹਾਂ ਪਹਿਲੀ ਵਾਰ 1873 ਈ. ’ਚ ਪੰਜਾਬ ਵਿਚ ਆਬਕਾਰੀ ਵਿਭਾਗ(excise deptt.) ਦੀ ਸ਼ੁਰੂਆਤ ਕੀਤੀ। ਇਸ ਤਰ੍ਹਾਂ ਸ਼ਰਾਬ ਪੀਣ ਨੂੰ ਵੱਡਾ ਗੁਨਾਹ ਸਮਝਿਆ ਜਾਣ ਵਾਲਾ ਕਾਰਨਾਮਾ ਪਹਿਲੀ ਵਾਰ ਨਿਜ਼ਾਮ ਤੇ ਸਮਾਜ ਦੁਆਰਾ ਪ੍ਰਵਾਨਤ ਮੰਨਿਆ ਜਾਣ ਲੱਗਾ। ਆਬਕਾਰੀ ਵਿਭਾਗ ਦੇ ਸਥਾਪਿਤ ਹੋ ਜਾਣ ਦੇ ਬਾਵਜੂਦ ਵੀ ਉਸ ਸਮੇਂ ਸ਼ਰਾਬ ਦੀ ਵਰਤੋਂ ਅੰਗਰੇਜ਼ਾਂ, ਉਨ੍ਹਾਂ ਦੇ ਨੇੜਲੇ ਹੱਥਠੋਕਿਆਂ ਅਤੇ ਅਮੀਰਜਾਦਿਆਂ ਤੱਕ ਹੀ ਸੀਮਤ ਸੀ। ਆਮ ਵਰਗ ਦੇ ਇੱਜ਼ਤਦਾਰ ਲੋਕ ਇਸ ਨੂੰ ਬਹੁਤ ਮਾੜਾ ਸਮਝਦੇ, ਇਸ ਦੇ ਨੇੜੇ ਨਹੀਂ ਜਾਂਦੇ ਸਨ ਅਤੇ ਉਹ ਪਰੰਪਰਾਗਤ ਕਦਰਾਂ-ਕੀਮਤਾਂ ਵਿਚ ਵਿਸ਼ਵਾਸ ਰੱਖਦਿਆਂ ਸਦਾਚਾਰਕ ਤੌਰ ’ਤੇ ਉਚੇਰਾ ਜੀਵਨ ਬਤੀਤ ਕਰਦੇ ਸਨ।

ਪੰਜਾਬ ਦੀ ਅਣਖ਼ ਭਰਪੂਰ ਸਾਦਗੀ ਤੇ ਖ਼ੁਸ਼ਹਾਲੀ ਭਰੀ ਜ਼ਿੰਦਗੀ ਨੂੰ ਬਰਬਾਦ ਕਰਨ ਹਿਤ ਅੰਗਰੇਜ਼ਾਂ ਦੁਆਰਾ ਬੀਜਿਆ ਇਹ ਬੀਜ ਅੱਜ ਇੱਕ ਵਿਸ਼ਾਲ ਤੇ ਖ਼ਤਰਨਾਕ ਜੰਗਲ ਵਾਲਾ ਭਿਅੰਕਰ ਰੂਪ ਧਾਰਨ ਕਰ ਗਿਆ ਹੈ। ਅੱਜ ਪੰਜਾਬ ਦੇ 80 ਫ਼ੀਸਦੀ ਤੋਂ ਵੀ ਜ਼ਿਆਦਾ ਲੋਕ ਸ਼ਰਾਬ ਦੀ ਵਰਤੋਂ ਕਰਦੇ ਹੋਏ ਮਾਣ ਮਹਿਸੂਸ ਕਰ ਰਹੇ ਹਨ। ਪੰਜਾਬ ਵਰਗੇ ਛੋਟੇ ਜਿਹੇ ਖਿੱਤੇ ਵਿਚ ਸਵਾ ਪੰਜ ਲੱਖ ਤੋਂ ਵੀ ਵਧੇਰੇ ਬੋਤਲਾਂ ਦੇ ਢੱਕਣ ਹਰ ਰੋਜ਼ ਖੁਲ੍ਹਣੇ, ਸਾਡੀ ਬਰਬਾਦੀ ਦਾ ਸੂਚਕ ਹੈ। ਹੈਰਾਨੀਜਨਕ ਅੰਕੜਾ ਦਸਦਾ ਹੈ ਕਿ ਪੰਜਾਬ ਵਿਚ ਲੋਕ 15 ਕਰੋੜ ਰੁਪਈਆ ਹਰ ਰੋਜ਼ ਸ਼ਰਾਬ ’ਤੇ ਬਰਬਾਦ ਕਰ ਰਹੇ ਹਨ। ਸ਼ਰਾਬ ਦੀ ਇਸ ਖਪਤ ਨਾਲ ਜਿੱਥੇ ਪਰਿਵਾਰਾਂ ਦੇ ਪਰਿਵਾਰ ਉਜੜ ਰਹੇ ਹਨ ਉੱਥੇ ਜ਼ੁਲਮਾਂ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਵਿਦਵਾਨਾਂ ਅਨੁਸਾਰ 50 ਫ਼ੀਸਦੀ ਸੜਕੀ ਦੁਰਘਟਨਾਵਾਂ, 60 ਫ਼ੀਸਦੀ ਬਲਾਤਕਾਰ ਅਤੇ 70 ਫ਼ੀਸਦੀ ਡਕੈਤੀ ਦੀਆਂ ਘਟਨਾਵਾਂ ਸ਼ਰਾਬ ਦੀ ਵਰਤੋਂ ਕਾਰਨ ਹੋ ਰਹੀਆਂ ਹਨ। ਸ਼ੋਸ਼ਲ ਡਰਿੰਕਿੰਗ (social drinking) ਦੀ ਆੜ ਹੇਠ ਸ਼ੁਰੂ ਹੋਈ ਇਹ ਬੀਮਾਰੀ ਅੱਜ ਮਹਾਂਮਾਰੀ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ ਅਤੇ ਸ਼ਰਾਬ ਨੋਸ਼ੀ ਦੇ ਫੈਸ਼ਨ ਨੇ ਸਾਡੇ ਅਮੀਰ ਤੇ ਗੌਰਵਮਈ ਸੱਭਿਆਚਾਰ ਨੂੰ ਮਲੀਨ ਕਰ ਦਿੱਤਾ ਹੈ।

ਮਾਨਵਤਾ ਦੀ ਤਬਾਹੀ ਨੂੰ ਰੋਕਣ ਅਤੇ ਅਮੀਰ ਸੱਭਿਆਚਾਰ ਦੀ ਪਾਕੀਜ਼ਗੀ ਲਈ ਇਸ ਦੁਰਾਚਾਰ ਤੋਂ ਛੁਟਕਾਰਾ ਬੜਾ ਜ਼ਰੂਰੀ ਹੈ। ਅਜਿਹੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਸਾਡੇ ਲਈ ਚਾਨਣ ਮੁਨਾਰਾ ਹਨ ਅਤੇ ਇਨ੍ਹਾਂ ਸਿੱਖਿਆਵਾਂ ’ਤੇ ਅਮਲ ਕਰਨਾ ਅੱਜ ਸਮੇਂ ਦੀ ਮੁੱਖ ਲੋੜ ਹੈ। ਗੁਰਬਾਣੀ ਮਨੁੱਖਤਾ ਨੂੰਸਪਸ਼ਟ ਕਰਦੀ ਹੈ ਕਿ ਜਿਸ ਦੇ ਪੀਣ ਨਾਲ ਬੁੱਧੀ ਨਸ਼ਟ ਹੋ ਜਾਂਦੀ ਹੈ ਅਤੇ ਪਰਮਾਤਮਾ ਦੀ ਯਾਦ ਵਿਸਰ ਜਾਂਦੀ ਹੈ, ਅਜਿਹੇ ਸ਼ਰਾਬ ਰੂਪੀ ਨਸ਼ੇ ਦੇ ਕਦੇ ਭੁੱਲ ਕੇ ਵੀ ਨੇੜੇ ਨਹੀਂ ਜਾਣਾ ਚਾਹੀਦਾ: ‘‘ਮਾਣਸੁ ਭਰਿਆ ਆਣਿਆ; ਮਾਣਸੁ ਭਰਿਆ ਆਇ ॥ ਜਿਤੁ ਪੀਤੈ, ਮਤਿ ਦੂਰਿ ਹੋਇ; ਬਰਲੁ ਪਵੈ ਵਿਚਿ ਆਇ ॥ ਆਪਣਾ ਪਰਾਇਆ ਨ ਪਛਾਣਈ; ਖਸਮਹੁ ਧਕੇ ਖਾਇ ॥ ਜਿਤੁ ਪੀਤੈ, ਖਸਮੁ ਵਿਸਰੈ; ਦਰਗਹ ਮਿਲੈ ਸਜਾਇ ॥ ਝੂਠਾ ਮਦੁ, ਮੂਲਿ ਨ ਪੀਚਈ; ਜੇ ਕਾ ਪਾਰਿ ਵਸਾਇ ॥’’ (ਮ: ੩/੫੫੪) ਭਾਵ ਸ਼ਰਾਬ ਪੀਣ ਨਾਲ ਅਕਲ ਕੰਮ ਕਰਨੋਂ ਹਟ ਜਾਂਦੀ ਹੈ ਅਤੇ ਸ਼ਰਾਰਤ ਤੇ ਝੱਲਪੁਣਾ ਦਿਮਾਗ਼ ਉੱਪਰ ਭਾਰੂ ਹੋ ਜਾਂਦਾ ਹੈ, ਅਜਿਹੇ ਮਨੁੱਖ ਨੂੰ ਆਪਣੇ ਤੇ ਪਰਾਏ ਦੀ ਪਰਖ ਨਹੀਂ ਰਹਿੰਦੀ ਤੇ ਉਹ ਪਰਮਾਤਮਾ ਦੀ ਮਿਹਰ ਦਾ ਪਾਤਰ ਨਹੀਂ ਬਣ ਸਕਦਾ। ਅਜਿਹੀ ਝੂਠੀ ਸ਼ਰਾਬ ਤੋਂ ਹਰ ਪ੍ਰਾਣੀ ਨੂੰ ਬਚਣਾ ਬੜਾ ਜਰੂਰੀ ਹੈ ਅਤੇ ਅਜਿਹਾ ਕਰਕੇ ਹੀ ਮਨੁੱਖ ਲੋਕ ਪ੍ਰਲੋਕ ਦੀਆਂ ਖ਼ੁਸ਼ੀਆਂ ਦਾ ਹੱਕਦਾਰ ਹੋ ਸਕਦਾ ਹੈ।

ਅੱਜ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਪਹਿਲੇ ਪ੍ਰਕਾਸ਼ ਵਾਲੇ ਪਾਵਨ ਸਥਾਨ ਦੇ ਬਾਸ਼ਿੰਦੇ ਹੀ ਗੁਰੂ ਸਾਹਿਬਾਨ ਦੁਆਰਾ ਦਰਸਾਏ ਮਾਗਰ ਤੋਂ ਭਟਕ ਗਏ ਹੋਣ ਤਾਂ ਇਸ ਤੋਂ ਵੱਡੀ ਤ੍ਰਾਸ਼ਦੀ ਹੋਰ ਕੀ ਹੋ ਸਕਦੀ ? ਸਾਡੀ ਬਰਬਾਦੀ ਦਾ ਸਭ ਤੋਂ ਵੱਡਾ ਕਾਰਨ ਹੀ ਸਾਡੇ ਰਹਿਬਰਾਂ ਦੀਆਂ ਸਿੱਖਿਆਵਾਂ ਤੋਂ ਬੇਮੁੱਖ ਹੋਣਾ ਹੈ। ਨਸ਼ਿਆਂ, ਖ਼ਾਸ ਕਰਕੇ ਸ਼ਰਾਬ ਦੀ ਵਰਤੋਂ ਕਾਰਨ ਗੰਭੀਰ ਹੋ ਰਹੀਆਂ ਸਥਿਤੀਆਂ ਨਾਲ ਨਿਪਟਣ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਵਿਗਿਆਨਕ ਨਜ਼ਰੀਏ ਤੋਂ ਸਮਝ ਕੇ ਇਨ੍ਹਾਂ ਉੱਪਰ ਅਮਲ ਕਰਨਾ, ਅੱਜ ਸਮੇਂ ਦੀ ਪ੍ਰਮੁੱਖ ਮੰਗ ਹੈ। ਅਮੀਰ ਵਿਰਸੇ ਨਾਲ ਜੁੜ ਕੇ ਹੀ ਅਜਿਹੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਅਧਿਆਪਕਾਂ ਤੇ ਬੁਧੀਜੀਵੀਆਂ ਨੂੰ ਇਸ ਪਾਵਨ ਕਾਰਜ ਵਿਚ ਈਮਾਨਦਾਰੀ ਨਾਲ ਆਪਣਾ ਬਣਦਾ ਯੋਗਦਾਨ ਪਾਉਂਦਿਆਂ ਆਪਣੇ ਆਲੇ-ਦੁਆਲੇ ਅਤੇ ਸੰਪਰਕ ਵਾਲੇ ਲੋਕਾਂ ਨੂੰ ਇਸ ਭਿਅੰਕਰ ਬੀਮਾਰੀ ਦੇ ਮਾਰੂ ਪ੍ਰਭਾਵਾਂ ਬਾਰੇ ਸੁਚੇਤ ਕਰਨਾ ਚਾਹੀਦਾ ਹੈ। ਗੁਰੂ ਅਮਰਦਾਸ ਜੀ ਦੁਆਰਾ ਉਚਾਰਨ ਕੀਤਾ ਗਿਆ ਇਹ ਬਚਨ ਕਿ ‘‘ਝੂਠਾ ਮਦੁ ਮੂਲਿ ਨ ਪੀਚਈ; ਜੇ ਕਾ ਪਾਰਿ ਵਸਾਇ ॥’’ (ਮ: ੩/੫੫੪) ਭਾਵ ਜਿੱਥੋਂ ਤੱਕ ਹੋ ਸਕੇ ਅਸਥਾਈ ਮਸਤੀ ਦੇਣ ਵਾਲਾ ਸ਼ਰਾਬ ਦਾ ਨਸ਼ਾ ਬਿਲਕੁਲ ਵੀ ਨਹੀਂ ਵਰਤਣਾ ਚਾਹੀਦਾ, ਨਰੋਏ ਸਮਾਜ ਦੀ ਸਿਰਜਣਾ ਲਈ ਸਰਬੋਤਮ ਢੰਗ ਹੈ।

ਕੁਦਰਤ ਬੱਚੇ ਨੂੰ ਖਾਣ ਲਈ ਕਿਵੇਂ ਤਿਆਰ ਕਰਦੀ ਹੈ ?

0

ਕੁਦਰਤ ਬੱਚੇ ਨੂੰ ਖਾਣ ਲਈ ਕਿਵੇਂ ਤਿਆਰ ਕਰਦੀ ਹੈ ?

ਡਾ. ਹਰਸ਼ਿੰਦਰ ਕੌਰ (ਪਟਿਆਲਾ)-0175-2216783

ਛੇ ਮਹੀਨੇ ਦੀ ਉਮਰ ਤਕ ਪਹੁੰਚਦਾ ਬੱਚਾ ਆਪਣੇ ਜਨਮ ਸਮੇਂ ਦੇ ਭਾਰ ਤੋਂ ਦੁਗਣੇ ਤੋਂ ਵੱਧ ਭਾਰ ਦਾ ਹੋ ਜਾਂਦਾ ਹੈ। ਜ਼ਾਹਿਰ ਹੈ ਉਸ ਦੀ ਖ਼ੁਰਾਕ ਵਾਸਤੇ ਲੋੜਾਂ ਵਿਚ ਵੀ ਬੇਹਿਸਾਬ ਵਾਧਾ ਹੋ ਜਾਣਾ ਹੋਇਆ। ਇਕੱਲੇ ਮਾਂ ਦੇ ਦੁੱਧ ਨਾਲ ਤਾਂ ਢਿੱਡ ਭਰਨਾ ਨਾ ਹੋਇਆ, ਇਸੇ ਲਈ ਬੱਚੇ ਦੀ ਸਰੀਰਕ ਲੋੜ ਅਨੁਸਾਰ ਉਸ ਨੂੰ ਹੋਰ ਖਾਣ ਦੀਆਂ ਚੀਜ਼ਾਂ ਦੇਣੀਆਂ ਸ਼ੁਰੂ ਕਰਨੀਆਂ ਪੈਂਦੀਆਂ ਹਨ।
ਜਨਮ ਤੋਂ ਬਾਅਦ ਪਹਿਲੇ ਚਾਰ ਮਹੀਨੇ ਬੱਚੇ ਦਾ ਸਰੀਰ ਬਹੁਤ ਤੇਜ਼ੀ ਨਾਲ ਵਧਦਾ ਹੈ ਅਤੇ ਨਾਲ ਦੀ ਨਾਲ ਅੰਦਰੂਨੀ ਅੰਗ ਵੀ। ਵੱਖੋ ਵਖ ਅੰਗਾਂ ਨੂੰ ਆਪੋ ਆਪਣੇ ਕੰਮ-ਕਾਰ ਲਈ ਪ੍ਰੋਟੀਨ, ਥਿੰਦਾ, ਵਿਟਾਮਿਨ, ਲੋਹ ਕਣ, ਜ਼ਿੰਕ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੌਰਸ ਤੇ ਹੋਰ ਵੀ ਕਈ ਕੁੱਝ ਚਾਹੀਦਾ ਹੁੰਦਾ ਹੈ, ਜਿਸ ਲਈ ਪਹਿਲੇ ਪੰਜ ਕੁ ਮਹੀਨਿਆਂ ਦੀ ਉਮਰ ਤੱਕ ਦੇ ਭੰਡਾਰ ਤਾਂ ਮਾਂ ਦੇ ਢਿੱਡ ਅੰਦਰੋਂ ਹੀ ਜਮਾਂ ਹੋ ਕੇ ਬੱਚੇ ਨੂੰ ਪਹੁੰਚੇ ਹੁੰਦੇ ਹਨ।ਛੇ ਮਹੀਨੇ ਦੀ ਉਮਰ ਤਕ ਪਹੁੰਚਦਾ ਬੱਚਾ ਆਪਣੇ ਜਨਮ ਸਮੇਂ ਦੇ ਭਾਰ ਤੋਂ ਦੁਗਣੇ ਤੋਂ ਵੱਧ ਭਾਰ ਦਾ ਹੋ ਜਾਂਦਾ ਹੈ। ਜ਼ਾਹਿਰ ਹੈ ਉਸ ਦੀ ਖ਼ੁਰਾਕ ਵਾਸਤੇ ਲੋੜਾਂ ਵਿਚ ਵੀ ਬੇਹਿਸਾਬ ਵਾਧਾ ਹੋ ਜਾਣਾ ਹੋਇਆ। ਇਕੱਲੇ ਮਾਂ ਦੇ ਦੁੱਧ ਨਾਲ ਤਾਂ ਢਿੱਡ ਭਰਨਾ ਨਾ ਹੋਇਆ, ਇਸੇ ਲਈ ਬੱਚੇ ਦੀ ਸਰੀਰਕ ਲੋੜ ਅਨੁਸਾਰ ਉਸ ਨੂੰ ਹੋਰ ਖਾਣ ਦੀਆਂ ਚੀਜ਼ਾਂ ਦੇਣੀਆਂ ਸ਼ੁਰੂ ਕਰਨੀਆਂ ਪੈਂਦੀਆਂ ਹਨ।

ਛੇਵੇਂ ਮਹੀਨੇ ਤੋਂ ਬਾਅਦ ਜੇ ਸਹੀ ਖ਼ੁਰਾਕ ਬੱਚੇ ਨੂੰ ਨਾ ਮਿਲੇ ਤਾਂ ਸਰੀਰ ਅੰਦਰ ਕਈ ਤਰ੍ਹਾਂ ਦੀਆਂ ਕਮੀਆਂ ਪੈਦਾ ਹੋ ਜਾਂਦੀਆਂ ਹਨ ਜਿਨ੍ਹਾਂ ਵਿਚ ਦਿਮਾਗ਼ ਦੇ ਕੰਮ-ਕਾਰ ਦੇ ਨੁਕਸ ਵੀ ਸ਼ਾਮਲ ਹਨ।

ਇਸ ਉਮਰ ਵਿਚ ਕੋਈ ਖ਼ੁਰਾਕ ਸ਼ੁਰੂ ਕਰਨ ਤੋਂ ਪਹਿਲਾਂ ਬੱਚੇ ਦੇ ਬਾਰੇ ਹੇਠ ਦੱਸੀਆਂ ਗੱਲਾਂ ਦਾ ਪਤਾ ਹੋਣਾ ਜ਼ਰੂਰੀ ਹੈ:

(1). ਛੇ ਮਹੀਨੇ ਦਾ ਬੱਚਾ ਸਹਾਰੇ ਨਾਲ ਬਹੁਤ ਵਧੀਆ ਬਹਿ ਜਾਂਦਾ ਹੈ ਤੇ ਥੋੜਾ ਚਿਰ ਸਹਾਰੇ ਤੋਂ ਬਗ਼ੈਰ ਵੀ। ਬੱਚਾ ਇਸ ਉਮਰ ਵਿਚ ਸਿਰ ਵੀ ਸੰਭਾਲਣ ਲਗ ਪੈਂਦਾ ਹੈ, ਇਸ ਲਈ ਸਿਰਫ਼ ਪਾਣੀ ਵਾਂਗ ਤਰਲ ਚੀਜ਼ਾਂ ਤੋਂ ਇਲਾਵਾ ਰਤਾ ਕੁ ਗਾੜੀਆਂ ਚੀਜ਼ਾਂ ਵੀ ਗਲੇ ਅੰਦਰ ਬਿਨਾਂ ਹੱਥੂ ਲਏ ਲੰਘਾ ਲੈਂਦਾ ਹੈ; ਜਿਵੇਂ ਸੂਜੀ ਦੀ ਖੀਰ, ਦਹੀਂ ਆਦਿ।

(2). ਛੋਟੇ ਬੱਚੇ ਦੇ ਮੂੰਹ ਵਿਚ ਕੁੱਝ ਵੀ ਪਾਇਆ ਜਾਏ ਤਾਂ ਉਸ ਦੀ ਜੀਭ ਉਸ ਨੂੰ ਬਾਹਰ ਨੂੰ ਧੱਕਦੀ ਹੈ ਕਿਉਂਕਿ ਗਾੜੀ ਚੀਜ਼ ਅੰਦਰ ਲੰਘਾਉਣ ਦਾ ਵੱਲ ਹਾਲੇ ਉਸ ਨੂੰ ਆਇਆ ਨਹੀਂ ਹੁੰਦਾ। ਛੇ ਮਹੀਨੇ ਦੀ ਉਮਰ ਪੂਰੀ ਹੋਣ ਤਕ ਇਹ ਵੱਲ ਬੱਚੇ ਨੂੰ ਆ ਜਾਂਦਾ ਹੈ ਤੇ ਉਹ ਸਾਰਾ ਕੁੱਝ ਬਾਹਰ ਸੁੱਟਣ ਦੀ ਬਜਾਏ ਥੋੜਾ ਅੰਦਰ ਵੀ ਲੰਘਾਉਣ ਲੱਗ ਪੈਂਦਾ ਹੈ।

(3). ਇਕ ਹੋਰ ਵੱਲ ਜੋ ਛੇ ਮਹੀਨੇ ਦੀ ਉਮਰ ਉੱਤੇ ਬੱਚੇ ਨੂੰ ਆ ਜਾਂਦਾ ਹੈ, ਉਹ ਹੈ ਜੀਭ ਮੂੰਹ ਵਿਚ ਗੋਲ ਘੁਮਾ ਕੇ ਗਰਾਹੀ ਬਣਾਉਣ ਦੀ ਜਾਚ। ਇਸ ਦਾ ਫ਼ਾਇਦਾ ਇਹ ਹੁੰਦਾ ਹੈ ਕਿ ਬੱਚਾ ਕੁੱਝ ਸਖ਼ਤ ਚੀਜ਼ ਨੂੰ ਮੂੰਹ ਵਿਚਲੀ ਥੁੱਕ ਵਿਚ ਘੋਲ ਕੇ ਖਾ ਸਕਣ ਜੋਗਾ ਹੋ ਜਾਂਦਾ ਹੈ।

(4). ਇਸ ਉਮਰ ਤੋਂ ਛੋਟਾ ਬੱਚਾ ਤਾਂ ਸਿਰਫ਼ ਮਾਂ ਦਾ ਦੁੱਧ ਪੀਣ ਲਈ ਹੀ ਮਾਂ ਦੀ ਛਾਤੀ ਵੱਲ ਮੂੰਹ ਘੁਮਾਉਣਾ ਜਾਣਦਾ ਹੁੰਦਾ ਹੈ ਪਰ ਛੇ ਮਹੀਨੇ ਦਾ ਬੱਚਾ ਚਮਚ ਵੇਖ ਕੇ ਵੀ ਉਸ ਵੱਲ ਮੂੰਹ ਘੁਮਾਉਣ ਲੱਗ ਪੈਂਦਾ ਹੈ।

(5). ਜੇ ਬੱਚਾ ਭੁੱਖਾ ਨਾ ਹੋਵੇ ਤਾਂ ਮੂੰਹ ਚਮਚ ਤੋਂ ਪਰ੍ਹਾਂ ਕਰ ਲੈਂਦਾ ਹੈ। ਜੇ ਇਸ ਵੇਲੇ ਧੱਕੋਜ਼ੋਰੀ ਮੂੰਹ ਅੰਦਰ ਚੀਜ਼ ਪਾਈ ਜਾਏ ਤਾਂ ਬੱਚਾ ਉਲਟੀ ਤਾਂ ਕਰਦਾ ਹੀ ਹੈ ਪਰ ਉਸ ਨੂੰ ਖਾਣੇ ਤੋਂ ਨਫਰਤ ਵੀ ਹੋਣ ਲਗ ਪੈਂਦੀ ਹੈ।

(6). ਜੇ ਬੱਚੇ ਦੀ ਗੱਲ ਮੰਨ ਕੇ ਉਸ ਦਾ ਢਿੱਡ ਭਰ ਜਾਣ ਉੱਤੇ ਉਸ ਨੂੰ ਖਾਣਾ ਖੁਆਉਣਾ ਬੰਦ ਕਰ ਦਿੱਤਾ ਜਾਏ ਤਾਂ ਹੌਲੀ ਹੌਲੀ ਬੱਚਾ ਵਖਰੀ ਕਿਸਮ ਦੇ ਖਾਣਿਆਂ ਨੂੰ ਬਣਦਾ ਵੇਖ ਕੇ ਅਤੇ ਖੁਸ਼ਬੋ ਸੁੰਘ ਕੇ ਮੂੰਹ ਵਿਚ ਉਂਗਲ ਪਾ ਕੇ ਇਸ਼ਾਰਾ ਵੀ ਕਰ ਦਿੰਦਾ ਹੈ ਕਿ ਖਾਣਾ ਹੈ !

(7). ਇਸ ਉਮਰ ਦਾ ਬੱਚਾ ਖਾਣਾ ਖਾਂਦਿਆਂ ਆਪਣੇ ਹੱਥਾਂ ਨਾਲ ਲਗਾਤਾਰ ਖੇਡਦਾ ਰਹਿੰਦਾ ਹੈ ਅਤੇ ਜੇ ਉਸ ਦੇ ਖਾਣੇ ਦੇ ਦੌਰਾਨ ਕੋਈ ਜਾਣ ਪਛਾਣ ਦਾ ਬੰਦਾ ਦਿਸ ਜਾਏ ਤਾਂ ਭੁੱਖ ਭੁੱਲ ਕੇ ਫਟ ਉਸ ਵਲ ਉੱਲਰ ਪੈਂਦਾ ਹੈ। ਪਰ, ਜੇ ਓਪਰਾ ਬੰਦਾ ਦਿਸ ਜਾਏ ਤਾਂ ਝਟ ਰੋਣ ਵੀ ਲਗ ਪੈਂਦਾ ਹੈ ਅਤੇ ਰੋਟੀ ਛੱਡ ਕੇ ਮਾਂ ਦੀ ਬੁੱਕਲ ਵਿਚ ਲੁਕ ਜਾਂਦਾ ਹੈ।

(8). ਕਈ ਵਾਰ ਤਾਂ ਏਨਾ ਮਜ਼ਾ ਆਉਂਦਾ ਹੈ ਜਦੋਂ ਬੱਚਾ ਖਾਂਦਿਆਂ ਹੋਇਆਂ ਨਾਲ ਨਾਲ ਆਪਣੇ ਪੈਰ ਦਾ ਅੰਗੂਠਾ ਵੀ ਫੜ ਕੇ ਮੂੰਹ ਵਿਚ ਪਾ ਲੈਂਦਾ ਹੈ ਜਾਂ ਮਾਂ ਦਾ ਅੰਗੂਠਾ ਜੇ ਹੱਥ ਵਿਚ ਆ ਜਾਏ ਤਾਂ ਉਹ ਵੀ ਖਿੱਚ ਕੇ ਆਪਣੇ ਮੂੰਹ ਅੰਦਰ ਪਾਉਣ ਦੀ ਕੋਸ਼ਿਸ਼ ਕਰਦਾ ਹੈ।

(9). ਅੱਠ ਮਹੀਨੇ ਦਾ ਬੱਚਾ ਚੀਜ਼ਾਂ ਆਪ ਚੁੱਕ ਕੇ ਮੂੰਹ ਵਿਚ ਪਾਉਣੀਆਂ ਸ਼ੁਰੂ ਕਰ ਦਿੰਦਾ ਹੈ ਅਤੇ ਇਕ ਤੋਂ ਦੂਜੇ ਹੱਥ ਵਿਚ ਚੀਜ਼ ਫੜਾਉਣ ਵੀ ਲਗ ਪੈਂਦਾ ਹੈ। ਕੁੱਝ ਅਵਾਜ਼ਾਂ ਵੀ ਕੱਢ ਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਖਾਣਾ ਉੱਕਾ ਹੀ ਬਕਵਾਸ ਹੈ ਜਾਂ ਨਹੀਂ। ਇਹ ਵਖਰੀ ਗੱਲ ਹੈ ਕਿ ਉਸ ਦੀ ਗੱਲ ਅਣਸੁਣੀ ਕਰ ਕੇ ਮਾਪੇ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾਉਂਦੇ ਕਿ ਉਨ੍ਹਾਂ ਦਾ ਬੱਚਾ ‘ਆ’ ‘ਬਲਾ’ ‘ਕਾ’ ‘ਤਾ’ ਬੋਲ ਗਿਆ ਤਾਂ ਕਮਾਲ ਹੀ ਹੋ ਗਿਆ! ਕੀ ਪਤਾ ਅਸਲ ਵਿਚ ਉਹ ਕਹਿ ਰਿਹਾ ਹੋਵੇ ਬਈ ਆਪ ਤਾਂ ਮਜ਼ੇਦਾਰ ਚਾਟ ਖਾਈ ਬੈਠੇ ਹੋ ਤੇ ਮੈਨੂੰ ਉਬਲੀ ਫਿੱਕੀ ਦਾਲ ਦੇਈ ਜਾ ਰਹੇ ਹੋ ! ਜਾਂ, ਬਈ ਪਿਛਲੇ ਸੱਤ ਮਹੀਨਿਆਂ ਤੋਂ ਨਿਰੇ ਦੁੱਧ ਉੱਤੇ ਹੀ ਰੱਖਿਆ ਹੋਇਆ ਹੈ ! ਹੁਣ ਕੁੱਝ ਹੋਰ ਵੀ ਬਦਲ ਕੇ ਮਿਲੇਗਾ? ਆਪ ਰੋਜ਼ ਸੱਤ ਮਹੀਨੇ ਲਗਾਤਾਰ ਦਿਨ ਵਿਚ ਪੰਜ ਵਾਰ ਮੂੰਗੀ ਧੋਤੀ ਦਾਲ ਖਾ ਕੇ ਵੇਖੋ ਖਾਂ ! ਮੈਨੂੰ ਵੀ ਹੁਣ ਕੁੱਝ ਵਖਰਾ ਖੁਆ ਦਿਓ !

(10). ਅੱਠ ਮਹੀਨੇ ਦਾ ਬੱਚਾ ਆਪਣੀ ਪਸੰਦ ਨਾਪਸੰਦ ਚੰਗੀ ਤਰ੍ਹਾਂ ਸਮਝਾਉਣ ਦੇ ਸਮਰਥ ਹੋ ਜਾਂਦਾ ਹੈ। ਇਸੇ ਲਈ ਬੋਲ ਨਾ ਸਕਣ ਦੇ ਬਾਵਜੂਦ ਜੇ ਖਾਣ ਵਾਲੀ ਚੀਜ਼ ਪਸੰਦ ਨਾ ਹੋਵੇ ਤਾਂ ਆਪਣੇ ਬੁੱਲ ਘੁੱਟ ਕੇ ਬੰਦ ਕਰ ਲੈਂਦਾ ਹੈ। ਸੁਆਦਲੀ ਚੀਜ਼ ਨੂੰ ਉੱਪਰਲੇ ਬੁੱਲ ਰਤਾ ਕੁ ਉੱਪਰ ਕਰ ਕੇ ਚਮਚ ਮੂੰਹ ਅੰਦਰ ਪਾਉਣ ਦੀਕੋਸ਼ਿਸ਼ ਕਰਦਾ ਹੈ। ਮਾਂ ਵੱਲੋਂ ਫੜੀ ਭਾਰੀ ਬੋਤਲ ਵੀ ਆਪਣੇ ਨਿੱਕੇ ਹੱਥਾਂ ਨਾਲ ਸਹਾਰੇ ਨਾਲ ਫੜਨ ਦੀ ਕੋਸ਼ਿਸ਼ ਕਰਦਾ ਹੈ। ਖਾਣੇ ਨੂੰ ਰਤਾ ਰਤਾ ਚਿੱਥਣ ਦੀ ਕੋਸ਼ਿਸ਼ ਕਰਦਾ ਵੀ ਬੱਚਾ ਏਸੇ ਉਮਰ ਵਿਚ ਵੇਖਿਆ ਜਾ ਸਕਦਾ ਹੈ। ਇਸ ਉਮਰ ਤੋਂ ਪਹਿਲਾਂ ਤਾਂ ਬੱਚਾ ਸਿਰਫ਼ ਨਿਗਲਦਾ ਹੈ ਪਰ ਹੁਣ ਰਤਾ ਕੁ ਜਬਾੜਾ ਵੀ ਘੁਮਾਉਣ ਲੱਗ ਪੈਂਦਾ ਹੈ। ਏਸੇ ਲਈ ਕੁੱਝ ਹੋਰ ਗਾੜੀਆਂ ਚੀਜ਼ਾਂ ਬੱਚੇ ਨੂੰ ਖਾਣ ਲਈ ਦਿੱਤੀਆਂ ਜਾ ਸਕਦੀਆਂ ਹਨ ਜਿਵੇਂ ਖਿਚੜੀ, ਖੀਰ, ਚੌਲ, ਕੜਾਹ, ਆਦਿ। ਸਭ ਤੋਂ ਮਜ਼ੇਦਾਰ ਗੱਲ ਤਾਂ ਇਹ ਲਗਦੀ ਹੈ ਕਿ ਬੱਚਾ ਸੁਆਦੀ ਚੀਜ਼ ਨੂੰ ਛੇਤੀ ਛੇਤੀ ਮੂੰਹ ਵਿਚ ਪਾਉਣ ਲਈ ਮਾਂ ਦਾ ਹੱਥ ਵੀ ਫੜ ਕੇ ਚਮਚ ਮੂੰਹ ਵਿਚ ਧੱਕਣ ਦੀ ਕਰਦਾ ਹੈ।

(11). ਦਸ ਮਹੀਨੇ ਦਾ ਬੱਚਾ ਆਪਣਾ ਨਾਂ ਅਤੇ ਰੋਟੀ ਬਾਰੇ ਪਈ ਅਵਾਜ਼ ਫਟ ਪਛਾਨਣ ਲੱਗ ਪੈਂਦਾ ਹੈ ਅਤੇ ਰਤਾ ਕੁ ਮੂੰਹ ਖੋਲ੍ਹ ਕੇ ਇਸ਼ਾਰਾ ਵੀ ਕਰ ਦਿੰਦਾ ਹੈ ਕਿ ਲਿਆਓ ਜੀ ਤਿਆਰ ਬੈਠੇ ਹਾਂ ! ਇਸ ਉਮਰ ਦਾ ਬੱਚਾ ਭੁੱਖੇ ਹੋਣ ਉੱਤੇ ਰੋਣਾ ਵੀ ਵਖਰੀ ਕਿਸਮ ਦਾ ਰੋਂਦਾ ਹੈ ਅਤੇ ਪਿਆਸਾ ਹੋਣ ਉੱਤੇ ਬੋਤਲ, ਗਿਲਾਸ ਜਾਂ ਕੱਪ ਆਪਣੇ ਹੱਥੀਂ ਫੜ ਕੇ ਮੂੰਹ ਨੂੰ ਲਾ ਲੈਂਦਾ ਹੈ।

(12). ਹੁਣ ਤਾਂ ਬੱਚਾ ਆਪਣੇ ਨਿੱਕੇ ਜਿਹੇ ਹੱਥਾਂ ਨਾਲ ਗਰਾਹੀ ਜਾਂ ਬਿਸਕੁਟ ਫੜ ਕੇ ਮੂੰਹ ਵਿਚ ਆਪੇ ਪਾ ਕੇ ਉਸ ਨੂੰ ਮੂੰਹ ਅੰਦਰ ਘੁਮਾ ਕੇ ਦਬਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਵੇਲੇ ਜੇ ਭੁੱਖ ਨਾ ਹੋਣ ਉੱਤੇ ਬੱਚੇ ਦੇ ਮੂੰਹ ਅੰਦਰ ਖਾਣਾ ਧੱਕਣ ਦੀ ਕੋਸ਼ਿਸ਼ ਕੀਤੀ ਜਾਏ ਤਾਂ ਪੱਕੀ ਤਰ੍ਹਾਂ ਮੂੰਹ ਬੰਦ ਕਰ ਕੇ ਸਿਰ ਵੀ ਪਾਸੇ ਉੱਤੇ ਘੁਮਾ ਕੇ ਘੂਰੀ ਵੱਟ ਕੇ ਬੱਚਾ ਹੈਰਾਨ ਹੁੰਦਾ ਪੁੱਛਦਾ ਜਾਪਦਾ ਹੈ – ਕੀ ਹੁਣ ਪੂਰੇ ਘਰ ਦਾ ਖਾਣਾ ਮੇਰੇ ਨਿੱਕੇ ਜਿਹੇ ਢਿੱਡ ਵਿਚ ਹੀ ਘਸੋੜ ਛੱਡੋਗੇ ? ਇਸੇ ਉਮਰ ਵਿਚ ਪਹਿਲੀ ਦੰਦੀ ਵੀ ਬਹੁਤੀ ਵਾਰ ਬੱਚਾ ਕੱਢ ਲੈਂਦਾ ਹੈ। ਜੇ ਮੂੰਹ ਅੰਦਰ ਖਾਣਾ ਧੱਕਣਾ ਬੰਦ ਨਾ ਕੀਤਾ ਜਾਏ ਤਾਂ ਬੱਚਾ ਉਂਗਲੀ ਉੱਤੇ ਦੰਦੀ ਵੀ ਵੱਢ ਦਿੰਦਾ ਹੈ।

(13). ਇਕ ਸਾਲ ਦਾ ਬੱਚਾ ਮਾਪਿਆਂ ਦੀ ਕਹੀ ਨਿੱਕੀ ਮੋਟੀ ਗੱਲ ਮੰਨ ਵੀ ਲੈਂਦਾ ਹੈ ਅਤੇ ਦਿਲ ਨਾ ਕਰੇ ਤਾਂ ਪੂਰੇ ਜ਼ੋਰ ਦੀ ਸਿਰ ‘ਨਾ’ ਵਿਚ ਹਿਲਾ ਕੇ ਵਿਖਾ ਦਿੰਦਾ ਹੈ। ਹੁਣ ਕਿਉਂਕਿ ਬੱਚਾ ਬੋਲਣ ਜੋਗਾ ਹੋ ਜਾਂਦਾ ਹੈ ਇਸੇ ਲਈ ‘ਮਾਮਾ’ ਕਹਿ ਕੇ ਅੱਗੋਂ ‘ਨਾ’ ਵਿਚ ਸਿਰ ਹਿਲਾ ਕੇ ਸਮਝਾ ਦਿੰਦਾ ਹੈ ਕਿ ਖਾਣਾ ਹੈ ਜਾਂ ਨਹੀਂ। ਇਸੇ ਉਮਰ ਵਿਚ ਬੱਚਾ ਗੁੱਸਾ ਜ਼ਾਹਰ ਕਰਨ ਜੋਗਾ ਹੋ ਜਾਂਦਾ ਹੈ, ਸੋ ਜੇ ਨਾ ਖਾਣਾ ਹੋਵੇ ਤਾਂ ਚੀਕ ਚਿੰਘਾੜਾ ਵੀ ਮਚਾ ਸਕਦਾ ਹੈ ਜਾਂ ਹੱਥ ਫੜੀ ਚੀਜ਼ ਵਗਾਹ ਕੇ ਪਰ੍ਹਾਂ ਮਾਰਦਾ ਹੈ। ਹੁਣ ਬੱਚਾ ਆਪ ਚਮਚ ਫੜ ਕੇ ਖਾਣ ਦੀ ਕੋਸ਼ਿਸ਼ ਕਰਦਾ ਹੈ ਅਤੇ ਮੂੰਹ ਨੂੰ ਸਾਰੇ ਪਾਸਿਓਂ ਲਬੇੜ ਕੇ ਖ਼ੂਬਸੂਰਤ ਮੁਸਕੁਰਾਹਟ ਵੀ ਬਿਖੇਰ ਦਿੰਦਾ ਹੈ ਕਿ ਲਓ ਜੀ ਮੈਂ ਵੱਡਾ ਹੋ ਗਿਆ ਹਾਂ। ਇਸ ਵੇਲੇ ਜੇ ਬੱਚੇ ਨੂੰ ਚੀਜ਼ ਚਬਾਉਂਦਿਆਂ ਵੇਖਿਆ ਜਾਵੇ ਤਾਂ ਬੜਾ ਮਜ਼ਾ ਆਉਂਦਾ ਹੈ ਕਿਉਂਕਿ ਉਹ ਬੋੜਾ ਇਧਰੋਂ ਉਧਰੋਂ ਘੁਮਾ ਕੇ ਕੁੱਝ ਬਾਹਰ ਕੱਢ ਦਿੰਦਾ ਹੈ ਤੇ ਕੁੱਝ ਅੰਦਰ ਲੰਘਾ ਦਿੰਦਾ ਹੈ। ਇਹ ਕਰਨ ਵੇਲੇ ਉਹ ਮੂੰਹ ਗੋਲ ਗੋਲ ਹਿਲਾਉਂਦਾ ਹੈ ਅਤੇ ਕਦੇ ਕਦਾਈਂ ਇਕ ਅੱਖ ਵੀ ਬੰਦ ਕਰ ਲੈਂਦਾ ਹੈ। ਕੁਦਰਤ ਵੱਲੋਂ ਇਸ ਤੋਂ ਖ਼ੂਬਸੂਰਤ ਨਜ਼ਾਰਾ ਹੋਰ ਕੋਈ ਬਖ਼ਸ਼ਿਆ ਹੀ ਨਹੀਂ ਗਿਆ ਹੋਣਾ ਕਿਉਂਕਿ ਬੱਚੇ ਦੀ ਅਜਿਹੀ ਯਾਦਗਾਰੀ ਤਸਵੀਰ ਕਿਸੇ ਵੀ ਹੋਰ ਸੋਹਣੇ ਤੋਂ ਸੋਹਣੇ ਨਜ਼ਾਰੇ ਤੋਂ ਵਧ ਦਿਲ ਨੂੰ ਗੁਦਗੁਦਾ ਸਕਦੀ ਹੈ।

(14). ਖਾਣੇ ਦੇ ਨਾਲ ਵਿਚ ਵਾਰ ਵਾਰ ਪਾਣੀ ਦਾ ਗਿਲਾਸ ਮੂੰਹ ਨੂੰ ਆਪੇ ਲਾ ਕੇ ਬੱਚਾ ਖਾਣਾ ਝਟਪਟ ਅੰਦਰ ਲੰਘਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਸ ਉਮਰ ਦਾ ਬੱਚਾ ਮੂੰਹ ਬੰਦ ਕਰ ਕੇ ਖਾਣਾ ਖਾਣ ਲਗ ਪੈਂਦਾ ਹੈ ਯਾਨੀ ਕੁਦਰਤੀ ਤੌਰ ਉੱਤੇ ਤਹਿਜ਼ੀਬ ਆ ਜਾਂਦੀ ਹੈ ਜੋ ਕਈ ਜਣੇ ਵੱਡੇ ਹੋ ਕੇ ਛੱਡ ਦਿੰਦੇ ਹਨ ਅਤੇ ਮੂੰਹ ਖੋਲ੍ਹ ਕੇ ਖਾਣ ਲਗ ਪੈਂਦੇ ਹਨ। ਇਸ ਉਮਰ ਵਿਚ ਬੱਚਾ ਵੱਡਿਆਂ ਵਾਂਗ ਬੁੱਲ, ਜੀਭ ਅਤੇ ਦੰਦ ਵਰਤ ਕੇ ਰੋਟੀ ਖਾਣ ਲਗ ਪੈਂਦਾ ਹੈ।

ਜਦੋਂ ਵੀ ਬੱਚੇ ਨੂੰ ਖ਼ੁਰਾਕ ਦੇਣੀ ਹੋਵੇ ਤਾਂ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਨਿੱਕੇ ਬੱਚੇ ਦਾ ਢਿੱਡ ਵੱਡਿਆਂ ਦੇ ਢਿੱਡ ਦਾ ਦਸਵਾਂ ਹਿੱਸਾ ਹੀ ਹੁੰਦਾ ਹੈ। ਇਸੇ ਲਈ ਆਪਣੇ ਹਿਸਾਬ ਨਾਲ ਮਿਣ ਕੇ ਬੱਚੇ ਦੀ ਖ਼ੁਰਾਕ ਨਹੀਂ ਮਿੱਥੀ ਜਾ ਸਕਦੀ।

ਹਰ ਇਨਸਾਨ ਦੀ ਆਪਣੀ ਵਖਰੀ ਲੋੜ ਹੁੰਦੀ ਹੈ ਅਤੇ ਉਸ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਬਿਲਕੁਲ ਏਸੇ ਹੀ ਤਰ੍ਹਾਂ ਬੱਚਾ ਵੀ ਆਪਣੀ ਹੋਂਦ ਦਾ ਅਹਿਸਾਸ ਕਰਵਾ ਰਿਹਾ ਹੁੰਦਾ ਹੈ। ਇਸੇ ਲਈ ਉਸ ਦੀ ਨਿੱਕੀ ਨਿੱਕੀ ਲੋੜ ਦਾ ਖ਼ਿਆਲ ਰੱਖਣਾ ਮਾਪਿਆਂ ਦਾ ਫ਼ਰਜ਼ ਹੁੰਦਾ ਹੈ ਨਾ ਕਿ ਆਪਣੇ ਹਿਸਾਬ ਨਾਲ ਖਾਣਾ ਪੀਣਾ ਠੋਸਣਾ।

ਯਾਦ ਸਿਰਫ਼ ਏਨਾ ਰੱਖਣ ਦੀ ਲੋੜ ਹੈ ਕਿ ਬੱਚੇ ਨੂੰ ਰੋਜ਼ ਵੱਖੋ ਵਖਰੀਆਂ ਚੀਜ਼ਾਂ ਖਾਣ ਲਈ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਰੋਜ਼ ਇੱਕੋ ਜਿਹੀ ਚੀਜ਼ ਖਾ ਕੇਅੱਕ ਨਾ ਜਾਵੇ ਤੇ ਖਾਣ ਪੀਣ ਤੋਂ ਇਨਕਾਰੀ ਹੋ ਜਾਵੇ।

ਵਿਸ਼ਵ ਤਮਾਕੂ ਵਿਰੋਧੀ ਦਿਵਸ ’ਤੇ ਵਿਸ਼ੇਸ਼

0

ਵਿਸ਼ਵ ਤਮਾਕੂ ਵਿਰੋਧੀ ਦਿਵਸ ’ਤੇ ਵਿਸ਼ੇਸ਼

ਕਿਰਪਾਲ ਸਿੰਘ (ਬਠਿੰਡਾ) -98554-80797

ਨਿਕੋਟੀਆਨਾ ਕੁਲ ਦੇ ਸੋਲਨਸੀਏ ਪਰਿਵਾਰ ਦੇ ਕਿਸੇ ਵੀ ਪੌਦੇ ਨੂੰ ਜਾਂ ਇਸ ਦੇ ਪੱਤਿਆਂ ਤੋਂ ਬਣੇ ਤਮਾਮ ਉਤਪਾਦਾਂ ਨੂੰ, ਜੋ ਬੀੜੀ, ਸਿਗਰਟਾਂ ਆਦਿ ਵਿੱਚ ਵਰਤੇ ਜਾਂਦੇ, ਇੱਕ ਕਿਰਸਾਨੀ ਉਤਪਾਦ ਨੂੰ ਤਮਾਕੂ ਜਾਂ ਤੰਬਾਕੂ ਕਿਹਾ ਜਾਂਦਾ ਹੈ। ਇਸ ਨੂੰ ਖਾਇਆ, ਕੀਟ-ਨਾਸ਼ਕ ਵਜੋਂ ਵਰਤਿਆ, ਨਿਕੋਟੀਨ ਟਾਰਟਾਰੇਟ ਵਜੋਂ ਦਵਾਈਆਂ ਵਿੱਚ ਵਰਤਿਆ ਜਾ ਸਕਦਾ ਹੈ। ਇਸ ਦੀ ਸਭ ਤੋਂ ਵੱਧ ਵਰਤੋਂ ਨਸ਼ੇ ਦੇ ਤੌਰ ਉੱਤੇ ਪਾਨ ਮਸਾਲਾ, ਜ਼ਰਦਾ, ਬੀੜੀਆਂ, ਸਿਗਰਟਾਂ, ਚਿਲਮ, ਹੁੱਕੇ ਰਾਹੀਂ ਹੁੰਦੀ ਹੈ। ਤਮਾਕੂ ਦੇ ਹਾਨੀਕਾਰਕ ਪ੍ਰਭਾਵ ਇਸ ਦੇ ਧੂੰਏ ਵਿਚਲੇ ਹਜ਼ਾਰਾਂ ਤਰ੍ਹਾਂ ਦੇ ਵੱਖ-ਵੱਖ ਸੰਯੋਗਾਂ (ਜਿਵੇਂ ਕਿ ਬੈਂਜਪਾਇਰੀਨ, ਫਾਰਮੈਲਡੀਹਾਈਡ, ਕੈਡਮੀਅਮ, ਗਿਲਟ, ਸੰਖੀਆ, ਫੀਨੋਲ ਆਦਿ) ਕਰ ਕੇ ਉਪਜਦੇ ਹਨ। ਤੰਬਾਕੂਨੋਸ਼ੀ ਵਿੱਚੋਂ 21 ਪ੍ਰਕਾਰ ਦੀ ਜ਼ਹਿਰ ਪੈਦਾ ਹੁੰਦੀ ਹੈ, ਜਿਹਨਾਂ ਵਿੱਚੋਂ ਨਿਕੋਟੀਨ ਸਭ ਤੋਂ ਜ਼ਹਿਰੀਲੀ ਹੈ। ਨਿਕੋਟੀਨ ਦੀ ਜ਼ਹਿਰੀਲੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਦੀ ਇੱਕ ਬੂੰਦ ਨਾਲ 6 ਬਿੱਲੀਆਂ ਜਾਂ 2 ਕੁੱਤੇ ਮਰ ਸਕਦੇ ਹਨ। 8 ਬੂੰਦਾਂ ਘੋੜੇ ਨੂੰ ਮਾਰਨ ਲਈ ਕਾਫੀ ਹੁੰਦੀਆਂ ਹਨ। ਇਸ ਤੋਂ ਬਿਨਾਂ ਨਿਕੋਟੀਨ ਜ਼ਹਿਰ ਨਾੜੀ ਤੰਤਰ ਦੇ ਨਾਲ-ਨਾਲ ਫੇਫੜਿਆਂ ਵਰਗੇ ਕੋਮਲ ਅੰਗਾਂ ਨੂੰ ਵੀ ਨਸ਼ਟ ਕਰ ਦਿੰਦੀ ਹੈ ਅਤੇ ਜੀਅ ਕੱਚਾ ਹੋਣ ਲਗਦਾ ਹੈ, ਜਿਸ ਨਾਲ ਖੂਨ ਦਾ ਦਬਾਅ ਵੱਧ ਜਾਂਦਾ ਹੈ। ਨਿਕੋਟੀਨ ਦੀ ਲਗਾਤਾਰ ਵਰਤੋਂ ਅੱਖਾਂ ’ਤੇ ਵੀ ਬੁਰਾ ਅਸਰ ਪਾਉਂਦੀ ਹੈ। ਕਈ ਵਾਰ ਵਿਅਕਤੀ ਅੰਨ੍ਹਾ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਨਿਕੋਟੀਨ ਨਾਲ ਗਲੇ ਦੇ ਅਨੇਕਾਂ ਰੋਗ ਅਤੇ ਪੇਟ ਵਿੱਚ ਜਖ਼ਮ ਬਣਦੇ ਹਨ। ਤੰਬਾਕੂ ਵਿੱਚ ਮੌਜੂਦ ‘ਅਲਕਤਰੇ’ ਦੇ ਹਾਨੀਕਾਰਕ ਪਦਾਰਥ, ਨੱਕ, ਮੂੰਹ, ਬੁੱਲ੍ਹਾਂ, ਗਲੇ, ਜੀਭ, ਗੁਰਦੇ ਅਤੇ ਫੇਫੜਿਆਂ ਵਿੱਚ ਜਾਂਦੇ ਹਨ ਜਿਸ ਨਾਲ ਕੈਂਸਰ ਵਰਗੀ ਭਿਆਨਕ ਬਿਮਾਰੀ ਹੋ ਸਕਦੀ ਹੈ। ਗੁਰਦੇ ਵਿੱਚ ‘ਅਲਕਤਰੇ’ ਨਾਲ ‘ਐਂਫੀਸੀਮਾ’ ਨਾਂ ਦਾ ਰੋਗ ਹੋ ਜਾਂਦਾ ਹੈ ਜੋ ਕੈਂਸਰ ਤੋਂ ਵੀ ਜ਼ਿਆਦਾ ਖ਼ਤਰਨਾਕ ਹੈ, ਜਿਸ ਨਾਲ ਰੋਗੀ ਦੀ ਤੜਪ-ਤੜਪ ਕੇ ਜਾਨ ਨਿਕਲਦੀ ਹੈ।

ਤੰਬਾਕੂ ਦਾ ਸੇਵਨ, ਮੌਤ ਨੂੰ ਸੱਦਾ ਦੇਣਾ ਹੈ, ਪ੍ਰੰਤੂ ਇਸ ਕੌੜੀ ਸਚਾਈ ਨੂੰ ਜਾਣ ਲੈਣ ਦੇ ਬਾਵਜੂਦ ਨਸ਼ੇੜੀ ਮੌਤ ਨੂੰ ਜੱਫੀ ਪਾਉਣ ਤੋਂ ਝਿਜਕਦੇ ਨਹੀਂ। ਕਲਕੱਤੇ ਤੋਂ ਟਰੱਕ ਡਰਾਈਵਰਾਂ ਰਾਹੀਂ ਆਇਆ ਜ਼ਰਦਾ, ਜਿਸ ਨੂੰ ‘ਬੀੜਾ’ ਵੀ ਆਖਿਆ ਜਾਂਦਾ ਹੈ, ਪੰਜਾਬ ’ਚ ਖ਼ਾਸ ਕਰਕੇ ਪੇਂਡੂ ਖੇਤਰ ’ਚ ਵੱਡੀ ਪੱਧਰ ’ਤੇ ਵਰਤਿਆ ਜਾਂਦਾ ਹੈ। ਸਿੱਖ ਪ੍ਰਚਾਰਕਾਂ ਵੱਲੋਂ ਇਸ ਜਗਤ ਜੂਠ ਵਿਰੁੱਧ ਉਸ ਪੱਧਰ ’ਤੇ ਪ੍ਰਚਾਰ ਨਹੀਂ ਕੀਤਾ ਗਿਆ, ਜਿਸ ਨਾਲ ਤੰਬਾਕੂ ਦੀ ਵਰਤੋਂ ਕਰਨ ਵਾਲੇ ਸਿੱਖ ਪਰਿਵਾਰਾਂ ਦੇ ਬੰਦਿਆਂ ਨੂੰ ਆਪਣੇ ਗੁਨਾਹਾਂ ’ਤੇ ਪਛਤਾਵਾ ਹੋਵੇ ਤੇ ਉਹ ਤੋਬਾ ਕਰਨ ਲੱਗਣ। ਜਿੱਥੇ ਤੰਬਾਕੂ ਵਿਰੁੱਧ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਲੋੜ ਹੈ, ਉੱਥੇ ਮਨੁੱਖੀ ਮਾਨਸਿਕਤਾ ਦੀਆਂ ਉਨ੍ਹਾਂ ਕਮਜ਼ੋਰੀਆਂ ਨੂੰ, ਜਿਨ੍ਹਾਂ ਕਾਰਨ ਮਨੁੱਖ ਨਸ਼ਿਆਂ ਦਾ ਗੁਲਾਮ ਬਣਦਾ ਹੈ, ਉਨ੍ਹਾਂ ਨੂੰ ਵੀ ਦੂਰ ਕਰਨ ਦੀ ਲੋੜ ਹੈ। ਜਿੱਥੇ ਸਰਕਾਰਾਂ ਨਸ਼ਿਆਂ ਨੂੰ ਆਪਣੀ ਆਮਦਨ ’ਤੇ ਵੋਟ ਬੈਂਕ ਵਜੋਂ ਦੇਖਦੀਆਂ ਹੋਣ, ਉੱਥੇ ਨਸ਼ਿਆਂ ਦੀ ਰੋਕਥਾਮ ਬਾਰੇ ਕਿਆਸ ਲਗਾਉਣਾ ਆਪਣੇ ਆਪ ਨਾਲ ਧੋਖਾ ਹੈ।

ਅੱਜ ਜਦੋਂ ਨੌਜਵਾਨ ਪੀੜ੍ਹੀ ਦੇ ਨਸ਼ਿਆਂ ’ਚ ਗਰਕ ਹੋ ਜਾਣਾ ’ਤੇ ਹਰ ਕੋਈ ਡੂੰਘੀ ਚਿੰਤਾ ਪ੍ਰਗਟਾਉਂਦਾ ਹੈ, ਤਾਂ ਸਰਕਾਰ ’ਤੇ ਦਬਾਅ ਪਾ ਕੇ ਨਸ਼ਿਆਂ ਵਿਰੁੱਧ ਵਿਆਪਕ ਸਖ਼ਤ ਕਾਨੂੰਨ ਅਤੇ ਉਸ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਸਮੁੱਚੇ ਸਮਾਜ ਨੂੰ ਅਤੇ ਖ਼ਾਸ ਕਰਕੇ ਸਮਾਜ ਦੇ ਜਾਗਰੂਕ ਵਰਗ ਨੂੰ ਖ਼ੁਦ ਨਸ਼ਿਆ ਵਿਰੁੱਧ ਵਿਆਪਕ ਲਹਿਰ ਖੜ੍ਹੀ ਕਰਨੀ ਹੋਵੇਗੀ। ਇਸ ਲਹਿਰ ਨਾਲ ਨਸ਼ਿਆਂ ਦੇ ਸੁਦਾਗਰ ਅਤੇ ਨਸ਼ੇੜੀਆਂ ਨੂੰ ਨੱਥ ਪਾ ਕੇ ਹੀ ਸਮਾਜ ’ਚੋਂ ਨਸ਼ਿਆਂ ਦੀ ਬੁਰਿਆਈ ਨੂੰ ਖ਼ਤਮ ਕਰਨ ਬਾਰੇ ਸੋਚਿਆ ਜਾ ਸਕਦਾ ਹੈ।

ਅੱਜ ਜਿੱਥੇ ਸਮੈਕ ਵਰਗੇ ਨਸ਼ੇ ਦੀ ਰੋਕਥਾਮ ਬੇਹੱਦ ਜ਼ਰੂਰੀ ਹੈ, ਉੱਥੇ ਗੁਰੂਆਂ, ਪੀਰਾਂ ਦੀ ਪਵਿੱਤਰ ਧਰਤੀ ਤੋਂ ‘ਜਗਤ ਜੂਠ ਤੰਬਾਕੂ’ ਦਾ ਖ਼ਾਤਮਾ ਕਰਨਾ ਵੀ ਲਾਜਮੀ ਹੈ। ਆਓ ! ਅਸੀਂ ਨਸ਼ਾ ਵਿਰੋਧੀ ਦਿਵਸ ਜਾਂ ਤੰਬਾਕੂ ਦਿਵਸ ਕਾਗਜ਼ਾਂ ਜਾਂ ਰਸਮੀ ਕਾਰਵਾਈਆਂ ਦੀ ਥਾਂ ਨਸ਼ਾ ਸੌਦਾਗਰਾਂ ਵਿਰੁੱਧ ਲਹਿਰ ਨੂੰ ਹੋਰ ਪ੍ਰਚੰਡ ਕਰਕੇ ਮਨਾਈਏ।

‘ਤੰਬਾਕੂਨੋਸ਼ੀ’ ਦਾ ਸਿਹਤ ਵਿਗਿਆਨ ਅਨੁਸਾਰ ਅਰਥ ਇਹ ਨਿਕਲਦਾ ਹੈ ਕਿ ਹੌਲੀ-ਹੌਲੀ ਖੁਦਕੁਸ਼ੀ ਵੱਲ ਕਦਮ ਵਧਾਉਂਦੇ ਜਾਣਾ। ਇਹ ਅਜਿਹਾ ਨਸ਼ਾ ਹੈ ਜਿਹੜਾ ਨਸ਼ਾਖੋਰ ਨੂੰ ਹੀ ਨੁਕਸਾਨ ਨਹੀਂ ਪਹੁੰਚਾਉਂਦਾ, ਸਗੋਂ ਨਸ਼ਾ ਨਾ ਕਰਨ ਵਾਲਿਆਂ ਨੂੰ ਸੰਗੀਨ ਬਿਮਾਰੀਆਂ ਦਾ ‘ਅਣਭੋਲ’ ਹੀ ਸ਼ਿਕਾਰ ਬਣਾ ਦਿੰਦਾ ਹੈ। ਤੰਬਾਕੂ ਦਾ ਕਸ਼ ਲਾਉਂਦੇ ਹੋਏ, ਜ਼ਹਿਰੀਲੇ ਧੂੰਏਂ ਦੇ ਛੱਲੇ ਬਣਾ ਕੇ ਲੁਤਫ ਲੈਂਦੇ ਹਨ ਤਾਂ ਧੂੰਆਂ ਕੋਲ ਬੈਠਣ, ਖੜ੍ਹਨ ਵਾਲਿਆਂ ਤੇ ਕੋਲੋਂ ਦੀ ਲੰਘਣ ਵਾਲਿਆਂ ‘ਨਿਰਦੋਸ਼’ ਲੋਕਾਂ ਦੇ ਫੇਫੜਿਆਂ ਤੱਕ ਜ਼ਹਿਰ ਪਹੁੰਚਾਉਣ ਵਿੱਚ ਕੋਈ ਕਮੀ ਨਹੀਂ ਛੱਡਦਾ। ਇਸ ਕਾਰਨ ‘ਤੰਬਾਕੂਨੋਸ਼ੀ’ ਸਿਰਫ ਇਖ਼ਲਾਕੀ ਜੁਰਮ ਹੀ ਨਹੀਂ ਸਗੋਂ ਘੋਰ ਸਮਾਜਿਕ ਅਪਰਾਧ ਵੀ ਹੈ। ਬੀੜੀਆਂ, ਸਿਗਰਟਾਂ, ਹੁੱਕਿਆਂ, ਚਿਲਮਾਂ ਦੇ ਸੂਟਿਆਂ ਦੁਆਰਾ ਛੱਡਿਆ ਗਿਆ ਛੱਲੇਦਾਰ ਧੂੰਆਂ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦਾ ਹੈ ਤੇ ਜ਼ਰਦੇ, ਪਾਨ ਦਾ ਰੰਗਦਾਰ ਥੁੱਕ ਸੜਕਾਂ ’ਤੇ ਰੰਗ ਚੜ੍ਹਾਉਂਦਾ ਲੰਘਣ ਵਾਲਿਆਂ ਨੂੰ ਨੱਕ ’ਤੇ ਰੁਮਾਲ ਰੱਖ ਲੈਣ ਲਈ ਦੂਰੋਂ ਹੀ ਸੰਕੇਤ ਦੇ ਦਿੰਦਾ ਹੈ। ਦੱਖਣ/ਪੂਰਬੀ ਭਾਰਤ ਦੀਆਂ ਸੜਕਾਂ ਵੱਲ ਨਜ਼ਰ ਮਾਰੀਏ ਤਾਂ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਰਹਿ ਜਾਂਦੀ। ਉਹ ਲੋਕ 27 ਪ੍ਰਕਾਰ ਦਾ ਜ਼ਰਦਾ ਵਰਤਦੇ ਹਨ। ਮਾਸੂਮ, ਅਣਭੋਲ, ਫੱਕਰ ਲੋਕਾਂ ਦੇ ਅੰਦਰ ਧੂੰਏਂ ਦਾ ਅਮਲ ਲਗਾਤਾਰ ਜਾਰੀ ਰਹਿਣ ਤੋਂ ਪ੍ਰਤੱਖ ਹੈ ਕਿ ਇਹ ਲੋਕ ਮਾਨਵ ‘ਨਸਲਕੁਸ਼ੀ’ ਦਾ ਸਬੱਬ ਬਣ ਕੇ ਦਿਨ ਰਾਤ ਨੁਕਸਾਨ ਪਹੁੰਚਾਉਂਦੇ ਰਹਿੰਦੇ ਹਨ। ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਮੁਤਾਬਕ ਇਸ ਮਿੱਠੇ ਜ਼ਹਿਰ ਦੇ ਕਾਰਨ ਦੁਨੀਆਂ ਦੀ 44 ਕਰੋੜ ਵਸੋਂ ਨੇੜਲੇ ਭਵਿੱਖ ਵਿਚ ਸ਼ਮਸ਼ਾਨਘਾਟ ਵੱਲ ਲਗਾਤਾਰ ਕਦਮ ਵਧਾ ਰਹੀ ਹੈ, ਜਿਸ ਅਨੁਸਾਰ ਹਰ ਸਾਲ ਤੰਬਾਕੂ ਦਾ ਸੇਵਨ ਕਰਨ ਵਾਲੇ ਇਕ ਕਰੋੜ ਲੋਕ ਮਰਦੇ ਹਨ। ਪੂਰੀ ਦੁਨੀਆਂ ’ਚ ਹਰ ਮਿੰਟ ਇਕ ਕਰੋੜ ਦਾ ਤੰਬਾਕੂ ਵਿਕਦਾ ਹੈ। ਭਾਰਤ ਦੀ ਸਥਿਤੀ ’ਤੇ ਨਜ਼ਰ ਮਾਰੀਏ ਤਾਂ ਹੋਰ ਵੀ ਅਸਚਰਜ ਹੁੰਦਾ ਹੈ। 12 ਕਰੋੜ ਲੋਕ ਸਿਗਰਟ ਤੇ ਬੀੜੀਆਂ ਦਾ ਸੇਵਨ ਕਰ ਕੇ ਮੌਤ ਨੂੰ ਆਵਾਜ਼ਾਂ ਮਾਰਦੇ ਨਜ਼ਰ ਆ ਰਹੇ ਹਨ। ਇਕ ਕਰੋੜ 20 ਲੱਖ ਔਰਤਾਂ ਇਸ ਦਾ ਸੇਵਨ ਕਰਦੀਆਂ ਹਨ। 54 ਲੱਖ ਔਰਤਾਂ ਬੀੜੀਆਂ, ਹੁੱਕਾ, ਸਿਗਰਟਾਂ, ਧੁਮਟੀ ਆਦਿ ਦੀ ਵਰਤੋਂ ਕਰਦੀਆਂ ਹਨ। 65 ਲੱਖ ਔਰਤਾਂ ਗੁਟਕਾ, ਮਿਸਰੀ, ਉੱਥ ਪਾਊਡਰ ਰਾਹੀਂ ਤੰਬਾਕੂ ਆਪਣੇ ਅੰਦਰ ਲੈ ਜਾਂਦੀਆਂ ਹਨ। ਜ਼ਰਦਾ ਤੇ ਪਾਨ ਮਸਾਲਾ ਵਰਤਣ ਵਾਲਿਆਂ ਦੀ ਕੋਈ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ। ਆਕਰਸ਼ਕ ਪੈਕਟਾਂ ’ਚ ਜ਼ਰਦਾ ਵੇਚਣ ਕਾਰਨ ਸਕੂਲੀ ਬੱਚੇ ਵੀ ਇਸ ਦੇ ਪ੍ਰਭਾਵ ਹੇਠ ਆਉਂਦੇ ਜਾ ਰਹੇ ਹਨ।

ਕਿਸ਼ੋਰ ਉਮਰ ਦੀਆਂ ਬੱਚੀਆਂ ਵੀ ਇਸ ਲਾਹਨਤ ਤੋਂ ਬਚ ਨਹੀਂ ਸਕੀਆਂ; ਜਿਵੇਂ ਤੇਰਾਂ ਤੋਂ ਪੰਦਰਾਂ ਸਾਲ ਦੀਆਂ 8.3% ਲੜਕੀਆਂ ਤੰਬਾਕੂ ਸੇਵਨ ਵੱਲ, 2.4% ਸਿਗਰਟਾਂ ਵੱਲ ਤੇ 7.25% ਤੰਬਾਕੂ ਨਾਲ ਸੰਬੰਧਿਤ ਕਿਸੇ ਹੋਰ ਸ਼ੌਕ ਵੱਲ ਵਧ ਕੇ ਆਪਣੇ ਸੁੰਦਰ ਸਰੀਰਾਂ ਨੂੰ ਨਸ਼ਟ ਕਰ ਰਹੀਆਂ ਹਨ। ਬਾਜ਼ਾਰ ਦੀ ਆਮਦਨ ’ਚ 48% ਬੀੜੀ, 38% ਜ਼ਰਦਾ ਤੇ 14.4% ਸਿਗਰਟਾਂ ਹਿੱਸਾ ਪਾਉਂਦੀਆਂ ਹਨ।

ਮਨੋਵਿਗਿਆਨ ਅਨੁਸਾਰ ਬੱਚਾ ਵਿਰਾਸਤੀ ਗੁਣ ਲੈ ਕੇ ਜੰਮਦਾ ਹੈ। ਮਾਤਾ-ਪਿਤਾ ਦੀ ਫੋਟੋ ਕਾਪੀ ਦੀ ਬੱਚਾ ਹੁੰਦਾ ਹੈ। ਹੁਣ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਇਨ੍ਹਾਂ ਸ਼ਰਾਬੀਆਂ, ਕਬਾਬੀਆਂ, ਅਮਲੀਆਂ, ਭੰਗੀਆਂ, ਪੋਸਤੀਆਂ, ਤੰਬਾਕੂਨੋਸ਼ਾਂ ਮਰਦਾਂ ਤੇ ਔਰਤਾਂ ਦੀ ਔਲਾਦ ਕਿਹੋ ਜਿਹੀ ਹੋਵੇਗੀ। ਮਨੋਵਿਗਿਆਨ ਇੱਥੋਂ ਤੱਕ ਕਹਿੰਦਾ ਹੈ ਕਿ ਵਿਰਾਸਤੀ ਗੁਣ ਤੀਜੀ ਪੀੜ੍ਹੀ ’ਚ ਵੀ ਉਜਾਗਰ ਹੋ ਜਾਂਦੇ ਹਨ। ਇਨ੍ਹਾਂ ਦੀ ਔਲਾਦ ਦਲਿੱਦਰੀ, ਹੱਡਹਰਾਮੀ, ਕੰਮਚੋਰ, ਸੁਸਤ, ਆਲਸੀ, ਨਿਕੰਮੀ, ਭਿ੍ਰਸ਼ਟ, ਬਦਇਖ਼ਲਾਕ, ਬੇਸ਼ਰਮ ਤੇ ਹੱਦ ਦਰਜੇ ਦੀ ਘੌਲੀ ਹੋਵੇਗੀ। ਆਉਣ ਵਾਲੀ ਪੀੜ੍ਹੀ ਬੈਠੀ ਕਰਮਾਂ ਨੂੰ ਰੋਵੇਗੀ।

ਤੰਬਾਕੂਨੋਸ਼ੀ ਲਈ ਅਨਪੜ੍ਹ ਜਾਂ ਪੜ੍ਹੇ ਲਿਖੇ ਹੋਣ ਨਾਲ ਕੋਈ ਫ਼ਰਕ ਨਹੀਂ ਪੈਂਦਾ, ਬਲਕਿ ਜੇ ਇਹ ਕਹਾਂ ਕਿ ਇਸ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਣਕਾਰੀ ਰੱਖਣ ਵਾਲੇ ਤੰਬਾਕੂ ਨੂੰ ਵਧੇਰਾ ਵਰਤਦੇ ਹਨ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਡਾਕਟਰ, ਵਕੀਲ, ਦਫਤਰਾਂ ਦੇ ਬਾਬੂ ਅਧਿਆਪਕ ਵੀ ਇਸ ਦੀ ਵਰਤੋਂ ਕਰਨ ਤੋਂ ਸੰਕੋਚ ਨਹੀਂ ਕਰਦੇ। ਜੱਚਾ ਬੱਚਾ ਦਾ ਨਿਰੀਖਣ ਕਰਦੇ ਸਮੇਂ ਧੂੰਏਂ ਦੇ ਬੱਦਲ ਛੱਡਦੇ ਟਾਵੇਂ ਟਾਵੇਂ ਡਾਕਟਰ ਵੀ ਵੇਖੇ ਗਏ ਹਨ। ਕੁਝ ਕੁ ਸਾਥੀ ਅਧਿਆਪਕ ਵੀ ਲੰਮਾ ਸਮਾਂ ਲੱਗਣ ’ਤੇ ਇਸ ਦਾ ਨਸ਼ਾ ਖਿੜਾਉਂਦੇ ਹਨ, ਜਿਨ੍ਹਾਂ ਨੂੰ ਇਹ ਚੰਦਰੀ ਆਦਤ ਪੈ ਜਾਵੇ ਉਹ ਜਾਨ ਦੀ ਬਾਜ਼ੀ ਲਾ ਕੇ ਹੀ ਹਟਦੇ ਹਨ।

ਇਸ ਦੇ ਬੁਰੇ ਪ੍ਰਭਾਵਾਂ ਨੂੰ ਵੇਖ ਕੇ ਰੂਹ ਕੰਬ ਜਾਂਦੀ ਹੈ। ਆਰਥਿਕ ਤਬਾਹੀ ਦੇ ਨਾਲ ਨਾਲ ਘਰੇਲੂ ਕਲੇਸ਼ ਰਹਿਣ ਕਰਕੇ ਗ੍ਰਹਿਸਤੀ ਜੀਵਨ ਤਹਿਸ ਨਹਿਸ ਹੋ ਜਾਂਦਾ ਹੈ। ਡਾਕਟਰੀ ਪੱਖ ਤੋਂ ਇਹ ਸਭ ਤੋਂ ਵੱਧ ਖ਼ਤਰਨਾਕ ਨਸ਼ਾ ਹੈ। ਇਹ 30 ਕਿਸਮ ਦੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਯੂਨੀਵਰਸਿਟੀ ਆਫ ਕੈਲੇਫੋਰਨੀਆਂ ਦੇ ਪ੍ਰੋਫੈਸਰ ਯੂਲੀਅਸ ਨੋਵੈੱਲ ਦੀ ਖੋਜ ਮੁਤਾਬਕ ਇੱਕ ਸਿਗਰਟ ਦਾ ਸੇਵਨ ਕਰਨ ਵਾਲਾ ਸ਼ੌਕੀਨ ਆਪਣੀ ਉਮਰ ਦੇ 7 ਮਿੰਟ ਘਟਾ ਲੈਂਦਾ ਹੈ। ਜ਼ਰਦਾ, ਗੁਟਕਾ, ਪਾਨ ਮਸਾਲਾ ਛਕਣ ਵਾਲਾ ਹਰ ਵਿਅਕਤੀ ਹਰ ਚੁਟਕੀ ਨਾਲ ਇਕ ਮਾਈਕਰੋਗ੍ਰਾਮ ਜ਼ਹਿਰ ਨੂੰ ਆਪਣੇ ਸਰੀਰ ਵਿੱਚ ਜਮ੍ਹਾਂ ਕਰ ਲੈਂਦਾ ਹੈ।

ਤੰਬਾਕੂ 4000 ਜ਼ਹਿਰੀਲੇ ਰਸਾਇਣਾਂ ਦਾ ਮਿਸ਼ਰਣ ਹੈ। ਨਿਕੋਟੀਨ, ਨਾਈਟਰੋਜਨ ਯੋਗਿਕਾਂ ਨੂੰ ਮਨੁੱਖੀ ਸਿਹਤ ਲਈ ਸਭ ਤੋਂ ਵੱਧ ਹਾਨੀਕਾਰਕ ਐਲਾਨਿਆ ਗਿਆ ਹੈ। ਇਹ ਵਿਸ਼ੈਲੇ ਅੰਸ਼ ਦਿਲ, ਦਿਮਾਗ, ਗੁਰਦੇ, ਮਿਹਦੇ, ਸਾਹ ਪ੍ਰਣਾਲੀ ਤੇ ਪ੍ਰਜਣਨ ਪ੍ਰਣਾਲੀ ’ਤੇ ਬੁਰਾ ਪ੍ਰਭਾਵ ਪਾਉਂਦੇ ਹਨ ਤੇ ਇਨ੍ਹਾਂ ਅੰਗਾਂ ਨੂੰ ਨਿਰਬਲ ਕਰ ਦੇਂਦੇ ਹਨ। ਨਿਕੋਟੀਨ ਦਿਲ ਦੀ ਗਤੀ ਅਤੇ ਬਲੱਡ ਪ੍ਰੈਸ਼ਰ ਨੂੰ ਤੇਜ਼ ਕਰਦਾ ਹੈ। ਦਿਲ ਦੇ ਦੌਰੇ ਦੀ ਸੰਭਾਵਨਾ ਵਧ ਜਾਂਦੀ ਹੈ। ਖੂਨ ਦੀਆਂ ਨਾੜੀਆਂ ਤੰਗ ਹੋਣ ਨਾਲ ਦਿਮਾਗ ਦੀ ਨਾੜੀ ਫਟ ਜਾਣ ਦਾ ਖ਼ਤਰਾ ਬਣ ਜਾਂਦਾ ਹੈ।

ਤੰਬਾਕੂਨੋਸ਼ੀ ਵਾਲੇ ਅਕਸਰ ਹੀ ਦਮੇ ਦੇ ਸ਼ਿਕਾਰ ਹੁੰਦੇ ਹਨ। ਧੂੰਏ ਕਾਰਨ ਬਲਗਮ ਤੇਜ਼ੀ ਨਾਲ ਪੈਦਾ ਹੋਣ ਲੱਗਦੀ ਹੈ ਤੇ ਬਾਹਰ ਕੱਢਣ ਵਿਚ ਬਹੁਤ ਔਖ ਆਉਂਦੀ ਹੈ। ਜਦੋਂ ਕੋਈ ਖੰਘਦਾ ਹੈ ਤੇ ‘ਘੰਗਾਰੀ’ ਬਾਹਰ ਕੱਢਦਾ ਹੈ ਤਾਂ ਦੂਜਿਆਂ ਨੂੰ ‘ਸੂਗ’ ਆਉਂਦੀ ਹੈ। ਦੂਜਿਆਂ ਦੇ ਕੰਮ ਵਿਚ ਵਿਘਨ ਪੈਂਦਾ ਹੈ। ਹੌਲੀ-ਹੌਲੀ ਫੇਫੜਿਆਂ, ਤਪਦਿਕ ਤੇ ਦਮੇ ਦਾ ਰੋਗੀ ਬਣ ਜਾਂਦਾ ਹੈ। ਇਸ ਤੋਂ ਬਿਨਾਂ ਮੂੰਹ, ਜੀਭ, ਖੁਰਾਕ ਨਾਲੀ, ਸਾਹ ਨਾਲੀ ਅਤੇ ਮਿਹਦੇ ਦੇ ਕੈਂਸਰ ਦਾ ਵੱਡਾ ਕਾਰਨ ਤੰਬਾਕੂ ਦਾ ਪ੍ਰਯੋਗ ਕਰਨਾ ਹੀ ਐਲਾਨਿਆ ਗਿਆ ਹੈ। ਭਾਰਤ ਵਿਚ ਮੂੰਹ ਦੇ ਕੈਂਸਰ ਦੇ ਮਾਮਲੇ ਦੁਨੀਆਂ ਵਿਚ ਸਭ ਤੋਂ ਵੱਧ ਹਨ। ਧੂੰਏਂ ਨਾਲ ਅੰਦਰਲੇ ਅੰਗਾਂ ਦੀਆਂ ਨਾਜ਼ਕ ਝਿੱਲੀਆਂ ਵਿਚ ਵਿਗਾੜ ਆ ਜਾਂਦਾ ਹੈ।

ਤੰਬਾਕੂਨੋਸ਼ੀ ਉਮਰ ਤੋਂ ਪਹਿਲਾਂ ਬੁੱਢਾ ਕਰ ਦਿੰਦੀ ਹੈ। ਨਾਮਰਦੀ, ਚਿਹਰੇ ਦੇ ਚਿੱਬ ਤੇ ਝੁਰੜੀਆਂ ਇਸ ਕਾਰਨ ਹੀ ਹੁੰਦੇ ਹਨ। ਔਰਤਾਂ ਲਈ ਇਹ ਸਭ ਤੋਂ ਵੱਧ ਖ਼ਤਰਨਾਕ ਹੈ। ਪ੍ਰਜਣਨ ਪ੍ਰਣਾਲੀ ਤਹਿਸ-ਨਹਿਸ ਹੋ ਜਾਂਦੀ ਹੈ, ਜਿਵੇਂ ਬਾਂਝ ਹੋਣ ਦਾ ਖ਼ਤਰਾ ਬਣ ਜਾਂਦਾ ਹੈ, ਪੇਟ ਵਿਚ ਪਲ ਰਹੇ ਬੱਚੇ ਨੂੰ ਪੂਰੀ ਆਕਸੀਜ਼ਨ ਨਹੀਂ ਮਿਲਦੀ, ਸਿਹਤ ਕਮਜ਼ੋਰ ਹੋ ਜਾਂਦੀ ਹੈ, ਕਈ ਵਾਰ ਪੇਟ ਵਿਚ ਹੀ ਬੱਚਾ ਮਰ ਜਾਂਦਾ ਹੈ, ਗਰਭਪਾਤ ਵੀ ਅਕਸਰ ਹੋ ਜਾਂਦਾ ਹੈ, ਜਨਮ ਲੈਣ ਤੋਂ ਬਾਅਦ ਵੀ ਸਿਹਤ ਕਮਜ਼ੋਰ ਰਹਿੰਦੀ ਹੈ, ਆਦਿ। ਬੱਚਿਆਂ ਦੀਆਂ ਮੌਤਾਂ ਹੋਣ ਵਿਚ 97% ਹਿੱਸਾ ਤੰਬਾਕੂਨੋਸ਼ੀ ਦਾ ਹੈ। ਜਿਹੜੇ ਪਤੀ ਪਤਨੀ ਦੋਵੇਂ ਸੇਵਨ ਕਰਦੇ ਹਨ ਉਹ ਪੁਸ਼ਤੈਨੀ ਨਾ-ਮੁਰਾਦ ਬਿਮਾਰੀਆਂ ਦੇ ਬੀਜ ਬੀਜ ਕੇ ਆਉਣ ਵਾਲੀ ਪੀੜ੍ਹੀ ਲਈ ਸਰਾਪ ਬਣ ਜਾਂਦੇ ਹਨ।

ਮੋਟੇ ਤੌਰ ’ਤੇ ਤੰਬਾਕੂ ਦੇ ਸੇਵਨ ਨਾਲ ਹੇਠ ਲਿਖੇ ਨੁਕਸਾਨ ਵਧੇਰੇ ਪਾਏ ਜਾਂਦੇ ਹਨ:

(1). ਤੰਬਾਕੂਨੋਸ਼ੀ ਕਰਨ ਨਾਲ ਫੇਫੜਿਆਂ ਦੇ ਕੈਂਸਰ ਹੋਣ ਦਾ ਗੰਭੀਰ ਖ਼ਤਰਾ ਹੈ।

(2). ਦਿਲ ਦੀਆਂ ਬਿਮਾਰੀਆਂ ਵਾਲੇ ਮਰੀਜਾਂ ਵਿੱਚੋਂ 30% ਮਰੀਜ ਤੰਬਾਕੂ ਦੀ ਵਰਤੋਂ ਕਰਨ ਵਾਲੇ ਹੁੰਦੇ ਹਨ; ਜਿਵੇਂ ਕਿ 65 ਸਾਲ ਤੋਂ ਘੱਟ ਉਮਰ ਵਿੱਚ ਦਿਲ ਦਾ ਦੌਰਾ ਪੈਣ ਉਪਰੰਤ ਮਰਨ ਵਾਲਿਆਂ ਦੀ ਗਿਣਤੀ ’ਚੋਂ 40% ਤੰਬਾਕੂ ਦੀ ਵਰਤੋਂ ਕਰਨ ਵਾਲੇ ਹੁੰਦੇ ਹਨ।

(3). ਦਮਾ ਅਤੇ ਸਾਹ ਦੀਆਂ ਜ਼ਿਆਦਾਤਰ ਬਿਮਾਰੀਆਂ ਤੰਬਾਕੂਨੋਸ਼ੀ ਕਾਰਨ ਹੁੰਦੀਆਂ ਹਨ।

(4). ਤੰਬਾਕੂਨੋਸ਼ਾਂ ਵਿੱਚ ਕੰਨਾਂ ਨੂੰ ਸਿਗਨਲ ਭੇਜਣ ਵਾਲੇ ਖਿੱਤਿਆਂ ’ਚ ਤਬਦੀਲੀ ਆ ਜਾਂਦੀ ਹੈ, ਜਿਸ ਨਾਲ ਅੱਲ੍ਹੜ ਉਮਰ ਵਿੱਚ ਦਿਮਾਗ ਲਈ ਖ਼ਤਰਾ ਕਈ ਗੁਣਾਂ ਵੱਧ ਜਾਂਦਾ ਹੈ।

(5). ਸਿਗਰਟ ਪੀਣ ਨਾਲ ਪੈਦਾ ਹੋਈ ਜ਼ਹਿਰੀਲੀ ਗੈਸ ‘ਨਿਕੋਟੀਨ’ ਰਾਹੀਂ ਕੁੱਖ ਵਿੱਚ ਪਲ ਰਹੇ ਭਰੂਣ ਦੇ ਦਿਮਾਗੀ ਵਿਕਾਸ ’ਤੇ ਬੁਰਾ ਅਸਰ ਪੈਂਦਾ ਹੈ।

(6). ਸੰਸਾਰ ਵਿੱਚ ਤੰਬਾਕੂ ਦੀ ਵਰਤੋਂ ਕਰਨ ਨਾਲ ਹਰ ਸਾਲ ਅੰਦਾਜ਼ਨ 90 ਲੱਖ ਲੋਕ ਅਤੇ ਭਾਰਤ ਵਿੱਚ ਕੇਵਲ ਸਿਗਰਟ ਪੀਣ ਕਾਰਨ ਹੀ 8 ਲੱਖ ਲੋਕ ਮੌਤ ਦੇ ਮੂੰਹ ’ਚ ਚਲੇ ਜਾਂਦੇ ਹਨ।

(7). ਤੰਬਾਕੂਨੋਸ਼ ਦੇ ਮੂੰਹ ਵਿੱਚੋਂ ਨਿਕਲਿਆ ਧੂੰਆਂ ਨੇੜੇ ਬੈਠੇ ਵਿਅਕਤੀ ਨੂੰ ਵੀ ਬਿਮਾਰੀ ਦੀ ਲਪੇਟ ’ਚ ਲੈ ਸਕਦਾ ਹੈ। ਤੰਬਾਕੂਨੋਸ਼ੀ ਵਾਤਾਵਰਨ ਲਈ ਵੀ ਮਾਰੂ ਹੈ।

(8). ਤੰਬਾਕੂ ਦੇ ਸੇਵਨ ਕਰਨ ਨਾਲ ਇਨਸਾਨ ਨੂੰ ਲਗਭਗ 30 ਪ੍ਰਕਾਰ ਦੀਆਂ ਬਿਮਾਰੀਆਂ ਜਨਮ ਲੈਂਦੀਆਂ ਹਨ।

ਤੰਬਾਕੂ ਨੂੰ ਵਿਸ਼ਵ ਪੱਧਰ ’ਤੇ ਭਿਆਨਕ ਬਿਮਾਰੀਆਂ ਪੈਦਾ ਕਰਨ ਵਾਲਾ ਮੰਨਿਆ ਗਿਆ ਹੈ, ਜੋ ਸਮੇਂ ਤੋਂ ਪਹਿਲਾਂ ਮੌਤ ਦੇਂਦਾ ਹੈ। ਭਾਰਤ ਵਿੱਚ ਹਰ ਸਾਲ ਤੰਬਾਕੂ ਦੀ ਵਰਤੋਂ ਕਰਨ ਨਾਲ ਲਗਪਗ 40 ਲੱਖ ਲੋਕ ਮਰਦੇ ਹਨ, ਕੇਵਲ ਮੂੰਹ ਦੇ ਕੈਂਸਰ ਵਾਲ਼ੇ ਹੀ ਹਰ ਸਾਲ 1.6 ਲੱਖ ਨਵੇਂ ਮਾਮਲੇ ਸਾਮ੍ਹਣੇ ਆਉਂਦੇ ਹਨ, ਦਿਲ ਦੀਆਂ ਬਿਮਾਰੀਆਂ ਦੇ 45 ਲੱਖ ਕੇਸਾਂ ਤੋਂ ਇਲਾਵਾ ਹੋਰ ਖ਼ਤਰਨਾਕ ਬਿਮਾਰੀਆਂ ਦੇ ਵੀ 30 ਲੱਖ ਕੇਸ ਮਿਲਦੇ ਹਨ, ਜਿਨ੍ਹਾਂ ਵਿੱਚੋਂ ਲਗਪਗ 40 % ਕੈਂਸਰ ਕੇਵਲ ਤੰਬਾਕੂ ਸੇਵਨ ਨਾਲ ਹੁੰਦਾ ਹੈ।

ਗੈਟਸ (Global adult Tobacco Survey ) ਸਰਵੇ ਮੁਤਾਬਕ ਕੇਵਲ ਭਾਰਤ ’ਚ ਹੀ 34.6 % ਤੰਬਾਕੂ ਦੀ ਵਰਤੋਂ ਹੁੰਦੀ ਹੈ। ਮਰਦਾਂ ਵਿੱਚ ਇਹ ਗਿਣਤੀ 47.9 % ਅਤੇ ਔਰਤਾਂ ’ਚ 20.3 % ਹੈ, ਜਿਨ੍ਹਾਂ ’ਚੋਂ 60.2 % ਸਵੇਰੇ ਉੱਠਣ ਦੇ ਮਾਤ੍ਰ ਅੱਧੇ ਘੰਟੇ ’ਚ ਹੀ ਤੰਬਾਕੂ ਸੇਵਨ ਸ਼ੁਰੂ ਕਰ ਦਿੰਦੇ ਹਨ। ਕਾਨੂੰਨੀ ਤੌਰ ’ਤੇ 18 ਸਾਲ ਤੋਂ ਘੱਟ ਉਮਰ ਵਾਲਾ ਕੋਈ ਵੀ ਵਿਅਕਤੀ ਤੰਬਾਕੂ ਨਹੀਂ ਖਰੀਦ ਸਕਦਾ ਪਰ ਫਿਰ ਵੀ 15 ਤੋਂ 17 ਸਾਲ ਦੇ 9.6 % ਵਿਅਕਤੀ ਇਸ ਦੀ ਵਰਤੋਂ ਕਰਦੇ ਹਨ। ਭਾਰਤੀ ਕਾਨੂੰਨ ਅਨੁਸਾਰ ਤੰਬਾਕੂ ਸੇਵਨ ਆਰੰਭ ਕਰਨ ਦੀ ਔਸਤਨ ਉਮਰ 17.8 ਸਾਲ ਹੈ ਪਰ 25 % ਕੇਵਲ ਔਰਤਾਂ ਮਾਤ੍ਰ 15 ਸਾਲ ਦੀ ਉਮਰ ’ਚ ਹੀ ਇਸ ਦਾ ਸੇਵਨ ਸ਼ੁਰੂ ਕਰ ਦਿੰਦੀਆਂ ਹਨ। 50 % ਬਾਲਗ਼ ਘਰਾਂ ਵਿੱਚ ਅਤੇ 29 % ਸਰਵਜਨਕ ਥਾਵਾਂ ’ਤੇ ਹੋਰਨਾਂ ਵੱਲੋਂ ਕੀਤੇ ਤੰਬਾਕੂ ਦੇ ਧੂੰਏਂ ਤੋਂ ਪ੍ਰਭਾਵਤ ਹੁੰਦੇ ਹਨ। 90 % ਤੰਬਾਕੂ ਵਰਤਣ ਵਾਲਿਆਂ ਨੂੰ ਇਸ ਦੇ ਨੁਕਸਾਨ ਬਾਰੇ ਪਹਿਲਾਂ ਹੀ ਜਾਣਕਾਰੀ ਹੁੰਦੀ ਹੈ ਫਿਰ ਵੀ ਮਾਤ੍ਰ 5 % ਹੀ ਇਸ ਤੋਂ ਤੋਬਾ ਕਰਦੇ ਹਨ।

‘ਤੰਬਾਕੂਨੋਸ਼’ ਇਕ ਖਾਮੋਸ਼ ਕਾਤਲ ਦਾ ਕੰਮ ਕਰਦਾ ਹੈ। ਭਾਰਤੀ ਦੰਡ ਵਿਧਾਨ ਦੀ ਧਾਰਾ 278 ਅਨੁਸਾਰ ਜਨਤਕ ਥਾਵਾਂ ’ਤੇ ਇਸ ਦਾ ਸੇਵਨ ਸਜ਼ਾਯੋਗ ਅਪਰਾਧ ਹੈ। ਸੁਪਰੀਮ ਕੋਰਟ ਨੇ ਵੀ 1 ਮਈ 2004 ਨੂੰ ਜਨਤਕ ਥਾਵਾਂ ’ਤੇ ਸਿਗਰਟ ਪੀਣ ਉੱਤੇ ਪਾਬੰਦੀ ਲਾਈ। ਜਨਤਕ ਥਾਵਾਂ ’ਚ ਸਿਨੇਮਾ, ਪਾਰਕ, ਪੈਦਲ ਰਸਤਾ, ਬੱਸ ਅੱਡਾ, ਰੇਲਵੇ ਸਟੇਸਨ, ਰੇਲ ਸਫ਼ਰ, ਜਨਤਕ ਆਵਾਜਾਈ ਦੇ ਸਾਧਨ ਆਦਿ ਆਉਂਦੇ ਹਨ। ਵਿਸ਼ਵ ਸਿਹਤ ਸੰਸਥਾ ਵੱਲੋਂ ਤੰਬਾਕੂ ਦੀ ਵਿਸ਼ਵ ਪੱਧਰ ’ਤੇ ਵਧ ਰਹੀ ਵਰਤੋਂ ਅਤੇ ਇਸ ਤੋਂ ਹੋਣ ਵਾਲੇ ਨੁਕਸਾਨਾਂ ਨੂੰ ਮਹਿਸੂਸ ਕਰਦਿਆਂ ਹਰ ਸਾਲ 31 ਮਈ ਨੂੰ ਕੌਮਾਂਤਰੀ ਪੱਧਰ ’ਤੇ ਤੰਬਾਕੂ ਵਿਰੋਧੀ ਦਿਵਸ ‘ਵਿਸ਼ਵ ਸਿਹਤ ਸੰਸਥਾ, ਸਿਹਤ ਨਾਲ ਸਬੰਧਤ ਹੋਰ ਸਮਾਜਿਕ, ਧਾਰਮਿਕ ਸੰਸਥਾਵਾਂ’ ਆਦਿ ਵੱਲੋਂ ਮਨਾਇਆ ਜਾਂਦਾ ਹੈ। ਇਸ ਦਿਹਾੜੇ ਨੂੰ ਮਨਾਉਣ ਦੀ ਸ਼ੁਰੂਆਤ 31 ਮਈ 1988 ਤੋਂ ਕੀਤੀ ਗਈ।

ਜਿਸ ਤੰਬਾਕੂ ਸੇਵਨ ਦੇ ਨੁਕਸਾਨ ਦਾ ਅਨੁਮਾਨ ‘ਵਿਸ਼ਵ ਸਿਹਤ ਸੰਸਥਾ’ ਨੂੰ 1988 ’ਚ ਹੋਇਆ, ਉਹ ਸਿੱਖ ਧਰਮ ’ਚ 5 ਸਦੀਆਂ ਪਹਿਲਾਂ ਤੋਂ ਹੀ ਵਰਜਿਤ ਹੈ। ਗੁਰੂ ਨਾਨਕ ਸਾਹਿਬ ਜੀ ਦੁਆਰਾ ਭਾਈ ਮਰਦਾਨਾ ਜੀ ਨੂੰ ਆਪਣਾ ਸਾਥੀ ਚੁਣਨ ਤੋਂ ਪਹਿਲਾਂ ਤਿੰਨ ਬਚਨ ਕਹੇ ਸਨ: (1) ਕੇਸ ਨਹੀਂ ਕਟਾਉਣੇ (2) ਤਮਾਕੂ ਦੀ ਵਰਤੋਂ ਨਹੀਂ ਕਰਨੀ (3) ਅੰਮ੍ਰਿਤ ਵੇਲੇ ਦੀ ਸੰਭਾਲ਼ ਕਰਨੀ।

ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵੈਸਾਖੀ ਨੂੰ ਅੰਮ੍ਰਿਤ ਛਕਾਉਣ ਸਮੇਂ ਤਮਾਕੂ ਨੂੰ ਜਗਤ ਜੂਠ ਦੱਸ ਕੇ ਇਸ ਦੀ ਵਰਤੋਂ ਕਰਨ ਦੀ ਸਖ਼ਤ ਮਨਾਹੀ ਕੀਤੀ ਤੇ ਇਸ ਨੂੰ ‘ਬੱਜਰ ਕੁਰਹਿਤਾਂ’ ’ਚ ਸ਼ਾਮਲ ਕਰ ਦਿੱਤਾ। ਅੰਮ੍ਰਿਤ ਛਕਣ ਉਪਰੰਤ ਤਮਾਕੂ ਦੀ ਵਰਤੋਂ ਕਰਨ ਵਾਲੇ ਨੂੰ ‘ਪਤਿਤ’ ਭਾਵ ਧਰਮ ਤੋਂ ਗਿਰਿਆ ਹੋਇਆ ਕਿਹਾ ਜਾਂਦਾ ਹੈ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਰਹਿਤ ਨਾਮਿਆਂ ’ਚ ਇਸ ਤਰ੍ਹਾਂ ਦਰਜ ਹਨ:-‘ਕੁੱਠਾ ਹੁੱਕਾ ਚਰਸ ਤਮਾਕੂ॥ ਗਾਂਜਾ ਟੋਪੀ ਤਾੜੀ ਖਾਕੂ॥ ਇਨ ਕੀ ਓਰ ਨ ਕਬਹੂ ਦੇਖੈ॥ ਰਹਿਤਵੰਤ ਸੋ ਸਿੰਘ ਵਿਸੇਖੈ॥’ (ਅੰਮ੍ਰਿਤ ਕੀਰਤਨ, ਪੰਨਾ 1014) ਸਿੱਖਾਂ ਨੂੰ ਤੰਮਾਕੂ ਤੋਂ ਅਛੋਹ ਰੱਖਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਕੌਤਕ ਵਰਤਾਇਆ ਜਿਸ ਅਨੁਸਾਰ ਉਨ੍ਹਾਂ ਦੇ ਘੋੜੇ ਨੇ ਵੀ ਤੰਮਾਕੂ ਦੇ ਖੇਤ ’ਚ ਵੜਨ ਤੋਂ ਮਨ੍ਹਾ ਕਰ ਦਿੱਤਾ। ਇਸ ਸੰਕੇਤ ਤੋਂ ਸਾਨੂੰ ਸੇਧ ਮਿਲਦੀ ਹੈ ਕਿ ਜਿਸ ਫਸਲ ’ਚ ਗੁਰੂ ਜੀ ਦੇ ਘੋੜੇ ਨੇ ਵੀ ਪੈਰ ਨਾ ਰੱਖਿਆ ਉਸ ਦਾ ਉਤਪਾਦ ਜਾਂ ਸੇਵਨ ਕਰਨ ਵਾਲਾ ਸਿੱਖ ਨਹੀਂ ਹੋ ਸਕਦਾ।

ਸਵਾਮੀ ਦਇਆਨੰਦ ਸਰਸਵਤੀ ਨੇ ਆਪਣੇ ਸ਼ਰਧਾਲੂਆਂ ਨੂੰ ਹਦਾਇਤ ਕੀਤੀ ਸੀ ਕਿ ‘ਮੇਰੇ ਮ੍ਰਿਤਕ ਸਰੀਰ ਨੂੰ ਉਹ ਹੱਥ ਨਾ ਲਾਵੇ ਜਿਸ ਨੇ ਕਦੇ ਤਮਾਕੂ ਦਾ ਸੇਵਨ ਕੀਤਾ ਹੋਵੇ।’ ਇਹ ਸਚਾਈ ਵੀ ਪ੍ਰਤੱਖ ਹੈ ਕਿ ਮਰਨ ਉਪਰੰਤ ਉਸ ਦੇ ਸਰੀਰ ਨੂੰ ਕੰਧਾ ਲਗਾਉਣ ਲਈ 4 ਅੰਮ੍ਰਿਤਧਾਰੀ ਸਿੱਖਾਂ ਨੂੰ ਬੁਲਾਇਆ ਗਿਆ ਸੀ। ਜੂਨ 1996 ’ਚ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਐੱਚ. ਡੀ. ਦੇਵ ਗੌਡਾ ਆਪਣੀ ਪਹਿਲੀ ਕਰਨਾਟਕਾ ਫੇਰੀ ਲਈ ਜਿਸ ਜਹਾਜ਼ ’ਤੇ ਸਫਰ ਕਰਕੇ ਗਏ ਉਹ ਭਾਰਤ ’ਚ ਤਮਾਕੂ ਉਤਪਾਦਨ ਕਰਨ ਵਾਲ਼ੀ ਸਭ ਤੋਂ ਵੱਡੀ ਕੰਪਨੀ ਨੇ ਉਪਲਬਧ ਕਰਵਾਇਆ ਸੀ, ਤਾਂ ਜੋ ਭਾਰਤ ’ਚ ਤੰਬਾਕੂ ’ਤੇ ਪੂਰਨ ਰੋਕ ਨਾ ਲੱਗ ਸਕੇ। 12 ਜੂਨ 2015 ਨੂੰ ਰਾਜਸਥਾਨ ਸਰਕਾਰ ਨੇ ਤੰਬਾਕੂ ਉਪਭੋਗੀ ਨੂੰ ਸਰਕਾਰੀ ਨੌਕਰੀ ਲਈ ਅਯੋਗ ਕਰ ਦਿੱਤਾ ਅਤੇ ਇਸ ’ਤੇ ਟੈਕਸ ਦਰ ਵਧਾ ਕੇ 65% ਕਰ ਦਿੱਤੀ ਤਾਂ ਜੋ ਲੋਕ ਇਸ ਤੋਂ ਤੋਬਾ ਕਰਨ ਲੱਗ ਜਾਣ।

ਪਰ ਦੁੱਖ ਦੀ ਗੱਲ ਇਹ ਹੈ ਕਿ ਗੁਰੂ ਬਚਨਾਂ ’ਤੇ ਪਹਿਰਾ ਦੇਣ ਦੀ ਬਜਾਏ ਖ਼ਾਲਸੇ ਦੀ ਜਨਮ ਭੂਮੀ ਪੰਜਾਬ ’ਚ ਹੀ ਇਸ ’ਤੇ ਪਾਬੰਦੀ ਨਹੀਂ ਲਗਾਈ ਜਾ ਸਕੀ, ਜਿਸ ਦਾ ਕਾਰਨ ਸਾਡੇ ਲੀਡਰਾਂ ਨੂੰ ਮਿਲਣ ਵਾਲੀ ਆਰਥਿਕ ਮਦਦ ਹੈ। ਇੱਕ ਪਾਸੇ ਇਹ ਸਿੱਖਾਂ ਦੀ ਸਿਰਮੌਰ ਨੁਮਾਇੰਦਗੀ ਕਰਦੇ ਵਿਖਾਈ ਦਿੰਦੇ ਹਨ ਤੇ ਦੂਸਰੇ ਪਾਸੇ (ਪੰਜਾਬ) ਸਰਕਾਰ ਨੇ ਤੰਮਾਕੂ ਉੱਪਰ ਟੈਕਸ ਦਰ 50% ਤੋਂ ਘਟਾ ਕੇ 20% ਕਰ ਦਿੱਤਾ ਤਾਂ ਜੋ ਇਸ ਦਾ ਸੇਵਨ ਵਧੇ। ਸਾਡੇ ਗੁਆਂਢੀ ਸੂਬੇ ‘ਹਿਮਾਚਲ ਪ੍ਰਦੇਸ, ਜੰਮੂ ਕਸ਼ਮੀਰ, ਦਿੱਲੀ’ ਆਦਿ ’ਚ ਤੰਮਾਕੂ ’ਤੇ ਟੈਕਸ ਵਧਾਇਆ ਗਿਆ ਹੈ। ਬਿਹਾਰ ਸਰਕਾਰ ਨੇ ਵੀ ਪਿਛਲੇ ਸਾਲ ਤੰਮਾਕੂ ਉੱਪਰ ਟੈਕਸ ਦਰ 57% ਕਰ ਦਿੱਤਾ, ਜੋ ਕਿ ਸਲਾਹੁਣ ਯੋਗ ਕਦਮ ਹੈ।

ਤੰਬਾਕੂ ਸੇਵਨ ਨੂੰ ਸਿੱਖ ਧਰਮ ’ਚ ਕੁਰਹਿਤ ਮੰਨ ਕੇ ‘ਜਗਤ ਝੂਠ’ ਆਖਿਆ ਗਿਆ ਹੈ ਪ੍ਰੰਤੂ ਇਸ ਦੇ ਬਾਵਜੂਦ ਜੇ ਗੁਰੂਆਂ, ਪੀਰਾਂ, ਫ਼ਕੀਰਾਂ ਦੀ ਧਰਤੀ (ਪੰਜਾਬ) ਉੱਤੇ ਤੰਬਾਕੂ ਦਾ ਸੇਵਨ ਦਿਨੋਂ-ਦਿਨ ਵੱਧ ਰਿਹਾ ਹੈ ਤਾਂ ਸਾਡਾ ਸਿੱਖੀ ਕਿਰਦਾਰ ਜ਼ਰੂਰ ਸ਼ੱਕ ਪੈਦਾ ਕਰਵਾਉਂਦਾ ਹੈ। ਵੋਟ ਸ਼ਕਤੀ ਨੂੰ ਮੁੱਖ ਰੱਖਦਿਆਂ ਤੰਬਾਕੂ ਸੇਵਨ ਪ੍ਰਤਿ ਸਰਕਾਰਾਂ ਨੇ ਕੁੱਝ ਸਖ਼ਤ ਕਾਨੂੰਨ ਵੀ ਬਣਾਏ ਪਰ ਇੱਛਾ ਸ਼ਕਤੀ ਦੀ ਘਾਟ ਤੇ ਆਰਥਿਕ ਮਦਦ ਮਿਲਣ ਕਾਰਨ ਉਨ੍ਹਾਂ ’ਤੇ ਅਮਲ ਕਦੇ ਹੁੰਦਾ ਨਹੀਂ ਵੇਖਿਆ; ਜਿਵੇਂ ਕਿ ਜਨਤਕ ਥਾਵਾਂ ’ਤੇ ਸਿਗਰਟ, ਬੀੜ੍ਹੀ ਪੀਣੀ ਕਾਨੂੰਨ ਅਨੁਸਾਰ ਜੁਰਮ ਹੈ ਪਰ ਹਰ ਥਾਂ ’ਤੇ ਧੂੰਇਆਂ ਦੇ ਛੱਲੇ ਉਡਦੇ ਦਿਖਾਈ ਦਿੰਦੇ ਹਨ, ਜਿਸ ਨੂੰ ਰੋਕਣ ਵਾਲੇ (ਕਾਨੂੰਨ) ਨੇ ਅੱਖਾਂ ਬੰਦ ਕੀਤੀਆਂ ਹੁੰਦੀਆਂ ਹਨ। ਪਾਨ, ਬੀੜੀ, ਸਿਗਰਟ ਦੇ ਸ਼ਿੰਗਾਰੇ ਹੋਏ ਖੋਖੇ, ਨਜ਼ਾਇਜ਼ ਕਬਜ਼ੇ ਕਰਕੇ ਥਾਂ-ਥਾਂ ਰੱਖੇ ਹੋਏ ਹਨ, ਪ੍ਰੰਤੂ ਕਾਨੂੰਨ ਹੋਣ ਦੇ ਬਾਵਜੂਦ, ਇਨ੍ਹਾਂ ਖੋਖਿਆਂ ਨੂੰ ਹਟਾਉਣ ਲਈ ਕਿਧਰੇ ਕੋਈ ਕਾਰਵਾਈ ਨਹੀਂ ਹੁੰਦੀ ਵੇਖੀ।

ਸਮਾਂ ਤੇ ਸਿਹਤ ਮਨੁੱਖ ਨੂੰ ਮੁਫ਼ਤ ’ਚ ਮਿਲਦੇ ਹਨ। ਬਿਨਾਂ ਭੇਟਾ ਜੋ ਚੀਜ਼ ਮਿਲੇ ਉਸ ਦੀ ਕਦਰ ਜਾਂ ਮੁੱਲ ਵਿਰਲਾ ਪਾਉਂਦਾ ਹੈ। ਨਸ਼ੇਖੋਰਾਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ। ਜ਼ਹਿਰ ਖਾਣਾ ਕੋਈ ਚੰਗੀ ਗੱਲ ਨਹੀਂ। ਸਰਕਾਰ, ਸਮਾਜ ਸੇਵੀ ਸੰਸਥਾਵਾਂ ਨੂੰ ਇਸ ਪਾਸੇ ਗੰਭੀਰਤਾ ਨਾਲ ਧਿਆਨ ਦੇਣ ਦੀ ਜ਼ਰੂਰਤ ਹੈ।

ਮੇਰਾ ਕਸਾਈ ਪਿਓ ਮੈਨੂੰ ਹਲਾਲ ਕਰਦਾ ਰਿਹਾ

0

ਮੇਰਾ ਕਸਾਈ ਪਿਓ ਮੈਨੂੰ ਹਲਾਲ ਕਰਦਾ ਰਿਹਾ

ਹੁਣ ਮਾਵਾਂ ਨੂੰ ਦੁਰਗਾ ਦਾ ਰੂਪ ਧਾਰਨ ਕਰਨਾ ਪੈਣਾ ਹੈ !

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ,

ਲੋਅਰ ਮਾਲ (ਪਟਿਆਲਾ) ਫੋਨ ਨੰ: 0175-2216783

ਭਾਰਤ ਵਿਚ ਬੱਚਿਆਂ ਉੱਤੇ ਹੋ ਰਹੇ ਜੁਰਮਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਦਰਜ ਹੋ ਰਹੇ ਕੇਸਾਂ ਅਨੁਸਾਰ ਹਰ ਘੰਟੇ ਵਿਚ 10 ਬੱਚੇ ਜਿਸਮਾਨੀ ਵਧੀਕੀ ਦੇ ਸ਼ਿਕਾਰ ਹੋ ਰਹੇ ਹਨ। ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਨੇ ਸੰਨ 2014 ਵਿਚ ਇਹ ਅੰਕੜੇ ਜਗ ਜ਼ਾਹਿਰ ਕੀਤੇ ਸਨ। ਪਰ, ਉਸੇ ਸੰਸਥਾ ਅਨੁਸਾਰ ਰਿਪੋਰਟ ਹੋ ਰਹੀ ਇਹ ਗਿਣਤੀ ਲਗਭਗ ਨਾ-ਮਾਤਰ ਹੀ ਹੈ ਕਿਉਂਕਿ ਅਸਲ ਵਿਚ ਇਨ੍ਹਾਂ ਕੇਸਾਂ ਦੀ ਗਿਣਤੀ ਲਗਭਗ 41 ਪ੍ਰਤੀਸ਼ਤ ਦੇ ਨੇੜੇ-ਤੇੜੇ ਜਾਂ ਸ਼ਾਇਦ ਇਸ ਤੋਂ ਵੀ ਵੱਧ ਹੋਵੇ। ਉਹ ਇਸ ਲਈ, ਕਿਉਂਕਿ ਬਹੁਗਿਣਤੀ ਬੱਚੇ ਜਾਂ ਬੱਚੀਆਂ ਕਿਸੇ ਨੇੜੇ ਦੇ ਰਿਸ਼ਤੇਦਾਰ, ਚਾਚੇ, ਤਾਏ, ਭਰਾ ਜਾਂ ਪਿਓ ਹੱਥੋਂ ਸ਼ਿਕਾਰ ਹੋਏ ਹੁੰਦੇ ਹਨ, ਜਿਸ ਕਰਕੇ ਇਹ ਕੇਸ ਰਿਪੋਰਟ ਨਹੀਂ ਹੋ ਰਹੇ। ਨਿੱਕੇ ਬੱਚੇ ਆਪ ਇਸ ਕਾਬਲ ਨਹੀਂ ਹੁੰਦੇ ਕਿ ਉਹ ਆਪਣੇ ਉੱਤੇ ਹੁੰਦੇ ਜਬਰ ਬਾਰੇ ਆਪ ਰਿਪੋਰਟ ਦਰਜ ਕਰਵਾਉਣ।

ਅੱਗੇ ਦੱਸਿਆ ਕੇਸ ਉੱਤਰ ਪਰਦੇਸ ਦੇ ਜ਼ਿਲ੍ਹੇ ਜਲੌਨ ਦੇ ਪਿੰਡ ਕੁਠੋਂਡ ਦਾ ਹੈ। ਹਿਰਦੇ ਨੂੰ ਵਲੂੰਧਰ ਦੇਣ ਵਾਲਾ ਰਿਪੋਰਟ ਹੋਇਆ ਇਹ ਕੇਸ ਅਸਲ ਹਾਲਾਤ ਤੋਂ ਬਾਖੂਬੀ ਵਾਕਫ਼ ਕਰਵਾ ਦਿੰਦਾ ਹੈ।

‘‘ਖ਼ਬਰ 16 ਮਾਰਚ 2016 ਦੀ ਹੈ। ਸਮੂਹ ਹਿੰਦੁਸਤਾਨੀਆਂ ਨੇ ਇਕ ਨਾਮਵਰ ਅਖ਼ਬਾਰ ਵਿਚ ਛਪੀ ਇਹ ਖ਼ਬਰ ਪੜ੍ਹੀ ਹੋਵੇਗੀ  ! ਅਫ਼ਸੋਸ ਕਿ ਇਕ ਸੌ ਪੰਝੀ ਕਰੋੜ ਆਬਾਦੀ ਵਿੱਚੋਂ ਕੋਈ ਇਕ ਵੀ ਜੇਰਾ ਨਹੀਂ ਕਰ ਸਕਿਆ ਕਿ ਮੇਰੇ ਲਈ ਆਵਾਜ਼ ਚੁੱਕੇ  ! ਮੇਰੇ ਵਰਗੀ ਦਾ ਇਹ ਪਹਿਲਾ ਕੇਸ ਨਹੀਂ ਹੈ ਜਿੱਥੇ ਪਿਓ ਨੇ ਆਪਣੀ ਜਿਸਮਾਨੀ ਭੁੱਖ ਮਿਟਾਉਣ ਲਈ ਗੋਦ ਵਿਚ ਖੇਡ ਰਹੀ ਆਪਣੀ ਹੀ ਮਾਸੂਮ ਬੱਚੀ ਦੇ ਜਿਸਮ ਨੂੰ ਛਲਣੀ ਕਰ ਦਿੱਤਾ ਹੋਵੇ। ਪਰ, ਯਕੀਨਨ ਮੇਰਾ ਪਹਿਲਾ ਕੇਸ ਹੈ ਜਿੱਥੇ ਮੈਨੂੰ ਆਪਣੇ ਪਿਓ ਹੱਥੋਂ ਪੱਤ ਲੁਟਾਏ ਜਾਣ ਦਾ ਸਬੂਤ ਇਕੱਠਾ ਕਰਨਾ ਪਿਆ।

‘‘ਚੌਦਾਂ ਵਰ੍ਹਿਆਂ ਦੀ ਸੀ ਜਦੋਂ ਮੇਰੇ ਪਿਓ ਨੇ ਮੈਨੂੰ ਪੁਚਕਾਰ ਦੁਲਾਰ ਕੇ ਮੋਟਰਸਾਈਕਲ ਸਿਖਾਉਣ ਲਈ ਘਰੋਂ ਬਾਹਰ ਲਿਜਾਉਣ ਲਈ ਮਨਾ ਲਿਆ। ਮੈਨੂੰ ਸਿੱਧਾ ਖੇਤਾਂ ਵਿਚ ਲਿਜਾ ਕੇ ਉਸ ਨੇ ਮੇਰਾ ਸਤਭੰਗ ਕੀਤਾ। ਉਹੀ ਪਿਓ ਜੋ ਮੇਰਾ ਸਿਰ ਪਲੋਸਦਾ ਸੀ, ਮੈਨੂੰ ਅਤਿ ਦੀ ਪੀੜ ਕਰ ਰਿਹਾ ਸੀ। ਜੋ ਮੇਰੀ ਇਕ ਚੀਕ ਉੱਤੇ ਭੱਜ ਕੇ ਮੈਨੂੰ ਚੁੱਕਦਾ ਹੁੰਦਾ ਸੀ, ਉਸ ਦਿਨ ਉਸ ਉੱਤੇ ਮੇਰੀਆਂ ਚੀਕਾਂ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ। ਮੇਰਾ ਮੂੰਹ ਉਸ ਨੇ ਘੁੱਟ ਕੇ ਬੰਦ ਕਰ ਦਿੱਤਾ ਤੇ ਉਦੋਂ ਤਕ ਮੈਨੂੰ ਮਧੋਲਦਾ ਰਿਹਾ ਜਦੋਂ ਤਕ ਉਸ ਨੇ ਆਪਣੀ ਕਾਮ ਵਾਸਨਾ ਨੂੰ ਤ੍ਰਿਪਤ ਨਾ ਕਰ ਲਿਆ ! ਫਿਰ ਮੈਨੂੰ ਲਹੂ ਲੁਹਾਨ ਹੋਈ ਨੂੰ ਵਾਪਸ ਘਰ ਛੱਡ ਦਿੱਤਾ। ਮੈਂ ਡਰੀ ਕੰਬੀ ਮਾਂ ਦੀ ਬੁੱਕਲ ਵਿਚ ਲੁਕਣ ਨੂੰ ਭੱਜੀ। ਉਸ ਨੇ ਮੈਨੂੰ ਪਿਆਰ ਕੀਤਾ। ਜਦੋਂ ਮੈਨੂੰ ਥੋੜਾ ਜਿਹਾ ਆਸਰਾ ਮਹਿਸੂਸ ਹੋਇਆ ਤਾਂ ਮੈਂ ਮਾਂ ਨੂੰ ਸਾਰੀ ਗ਼ੱਲ ਦੱਸੀ। ਮੇਰੀ ਮਾਂ ਨੇ ਪਹਿਲੀ ਵਾਰ ਉਸ ਦਿਨ ਰੱਜ ਕੇ ਮੈਨੂੰ ਕੁੱਟਿਆ ਤੇ ਮੇਰੀ ਗ਼ੱਲ ਨੂੰ ਝੂਠ ਮੰਨ ਕੇ ਮੈਨੂੰ ਰਾਤ ਤਕ ਦੁਰਕਾਰਦੀ ਰਹੀ।

‘‘ਕਿਸ ਨਾਲ ਆਪਣੀ ਪੀੜ ਸਾਂਝੀ ਕਰਦੀ ? ਕਿਸ ਅੱਗੇ ਆਪਣਾ ਦੁਖੜਾ ਫਰੋਲਦੀ  ? ਉਸ ਰਾਤ ਦੀ ਪਿਓ ਦੀ ਖਚਰੀ ਹਾਸੀ ਮੈਨੂੰ ਅੱਜ ਤਾਈਂ ਨਹੀਂ ਭੁੱਲੀ ! ਉਸ ਦੀਆਂ ਨਜ਼ਰਾਂ ਵਿੱਚੋਂ ਮੈਨੂੰ ਸਪਸ਼ਟ ਵਹਿਸ਼ੀਆਨਾ ਝਲਕ ਦਿਸ ਰਹੀ ਸੀ। ਇੱਕੋ ਕਮਰੇ ਦੇ ਕੋਨੇ ਵਿਚ ਵੱਸੇ ਅਸੀਂ ਚਾਰ ਜੀਅ !

‘‘ਸਾਡੇ ਦੁਹਾਂ ਤੋਂ ਇਲਾਵਾ ਮੇਰੀ ਮਾਂ ਤੇ ਵੱਡੀ ਭੈਣ। ਸਭ ਨਿਸਚਿੰਤ ਹੋ ਕੇ ਉਸ ਰਾਤ ਸੁੱਤੇ। ਪਰ ਮੈਂ ਇਕ ਪਲ ਵੀ ਸੌਂ ਨਹੀਂ ਸਕੀ। ਪੂਰੀ ਰਾਤ ਰੱਬ ਕੋਲ ਸ਼ਿਕਾਇਤ ਲਾਈ ਪਰ ਉਹ ਵੀ ਨਹੀਂ ਬਹੁੜਿਆ। ਮੈਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਭਰੇ ਪੂਰੇ ਘਰ ਵਿਚ ਮੈਂ ਬਿਲਕੁਲ ਇਕੱਲੀ ਸੀ। ਪੂਰੀ ਦੁਨੀਆਂ ਵਿਚ ਇਕੱਲੀ ! ਕੋਈ ਮੇਰੀ ਪੀੜ ਸਾਂਝੀ ਕਰਨ ਵਾਲਾ ਨਹੀਂ ! ਮੈਨੂੰ ਅੱਜ ਵੀ ਪੂਰੀ ਤਰ੍ਹਾਂ ਚੇਤੇ ਹੈ ਜਦੋਂ ਅਗਲੇ ਦਿਨ ਸਵੇਰੇ ਨਾਸ਼ਤੇ ਵੇਲੇ ਸਕੂਲ ਜਾਣ ਤੋਂ ਪਹਿਲਾਂ ਮੇਰੇ ਪਿਓ ਨੇ ਮੇਰੇ ਸਿਰ ਉੱਤੇ ਹੱਥ ਫੇਰਿਆ ਤੇ ਮੈਨੂੰ ਜੱਫੀ ਪਾਈ ਤਾਂ ਮੈਨੂੰ ਇੰਜ ਜਾਪਿਆ ਸੀ ਜਿਵੇਂ ਪਿਓ ਨਹੀਂ ਕੋਈ ਕਸਾਈ ਮੇਮਣੇ ਦੇ ਡਕਰੇ-ਡਕਰੇ ਕਰਨ ਤੋਂ ਪਹਿਲਾਂ ਉਸ ਨੂੰ ਟੋਹ ਰਿਹਾ ਹੋਵੇ ਕਿ ਕਿਸ ਤਰ੍ਹਾਂ ਦਾ ਨਰਮ-ਨਰਮ ਗੋਸ਼ਤ ਤਿਆਰ ਹੋਣ ਵਾਲਾ ਹੈ !

‘‘ਫੇਰ ਇੰਜ ਹੀ ਤਿੰਨ ਸਾਲ ਚੱਲਦਾ ਰਿਹਾ। ਮੇਰੀ ਵੱਡੀ ਭੈਣ ਵਿਆਹੀ ਗਈ। ਮੇਰੀ ਸੁਣਵਾਈ ਕਿਤੇ ਨਹੀਂ ਹੋਈ। ਮੈਂ ਆਪਣੇ ਹੀ ਕਸਾਈ ਦੀ ਦੇਖ-ਰੇਖ ਵਿਚ ਕੈਦ ਸੀ ਤੇ ਰੋਜ਼ ਹਲਾਲ ਹੋ ਰਹੀ ਸੀ। ਕੁਤਰੇ ਹੋਏ ਪਰਾਂ ਵਾਲੇ ਪੰਛੀ ਵਾਂਗ ਫੜਫੜਾਉਂਦੀ ਅਖ਼ੀਰ ਮੈਂ ਨਰਸਿੰਗ ਦੀ ਪੜ੍ਹਾਈ ਕਰਨ ਲਈ ਘਰੋਂ ਬਾਹਰ 50 ਕਿਲੋਮੀਟਰ ਦੂਰ ‘ਓਰਾਈ’ ਵਿਚ ਪੜ੍ਹਨ ਚਲੀ ਗਈ। ਮੈਨੂੰ ਲੱਗਿਆ ਮੈਂ ਨਰਕ ਦੀ ਸਜ਼ਾ ਪੂਰੀ ਕਰ ਲਈ ਹੈ ਤੇ ਹੁਣ ਜ਼ਿੰਦਗੀ ਜੀਅ ਸਕਦੀ ਹਾਂ। ਪਰ ਮੇਰੀ ਸਜ਼ਾ ਹਾਲੇ ਪੂਰੀ ਨਹੀਂ ਸੀ ਹੋਈ। ਘਰੋਂ ਪਿੰਨੀਆਂ ਤੇ ਬਿਸਕੁਟ ਲਿਆ ਕੇ ਦੇਣ ਦੇ ਬਹਾਨੇ ਮੇਰਾ ਪਿਓ ਏਥੇ ਵੀ ਮੇਰੀਆਂ ਬੋਟੀਆਂ ਵੱਢਣ ਲਈ ਪਹੁੰਚ ਗਿਆ।

‘‘ਮੈਂ ਮਾਂ ਨੂੰ ਦੁਬਾਰਾ ਇਸ ਬਾਰੇ ਦੱਸਿਆ ਤਾਂ ਉਸ ਨੇ ਫਿਰ ਮੈਨੂੰ ਦੱਬ ਕੇ ਝਿੜਕਿਆ ਤੇ ਲਾਅਨਤਾਂ ਪਾਈਆਂ ਤੇ ਮੇਰੇ ਵਿਚ ਹੀ ਕਸੂਰ ਕੱਢ ਦਿੱਤਾ। ਮੇਰੇ ਅੱਗੇ ਹੁਣ ਕੋਈ ਰਸਤਾ ਨਹੀਂ ਸੀ। ਖ਼ੁਦਕੁਸ਼ੀ ਕਰ ਲਵਾਂ ਜਾਂ ਅਜਿਹੇ ਹੈਵਾਨ ਨੂੰ ਬੇਨਕਾਬ ਕਰਾਂ ! ਮੈਨੂੰ ਦੱਸਿਆ ਗਿਆ ਸੀ ਕਿ ਜਦ ਤੱਕ ਮੈਂ 18 ਵਰ੍ਹੇ ਪੂਰੇ ਨਹੀਂ ਕਰ ਲੈਂਦੀ, ਮੈਂ ਬਾਲਗ ਨਹੀਂ ਕਹਾਈ ਜਾਵਾਂਗੀ ਤੇ ਨਾ ਹੀ ਆਪਣੀ ਪੈਰਵੀ ਆਪ ਕਰ ਸਕਾਂਗੀ। ਮੈਂ ਲੜ੍ਹਨ ਦਾ ਫ਼ੈਸਲਾ ਕੀਤਾ ! ਹੋਰਨਾਂ ਲਈ ਮਿਸਾਲ ਬਣਨ ਦਾ ਫ਼ੈਸਲਾ ! ਇਸ ਫ਼ੈਸਲੇ ਵਿਚ ਮੈਨੂੰ ਹੋਰ ਜ਼ਲੀਲ ਹੋਣਾ ਪੈਣਾ ਸੀ ! ਅਤਿ ਦਾ ਜ਼ਲੀਲ ! ਆਪਣੀ ਮਾਂ ਨੂੰ ਸਬੂਤ ਦੇਣ ਦੀ ਲੋੜ ਸੀ ਕਿ ਅੱਖਾਂ ਮੀਟ ਕੇ ਜਿਸ ਨੂੰ ਰੱਬ ਦਾ ਦਰਜਾ ਦੇ ਕੇ ਉਹ ਬੈਠੀ ਸੀ, ਉਹ ਤਾਂ ਹੈਵਾਨਾਂ ਦਾ ਬਾਦਸ਼ਾਹ ਸੀ ! ਫੇਰ 17 ਮਾਰਚ ਸੰਨ 2016 ਨੂੰ ਮੈਂ ਇਕ ਇਤਿਹਾਸਕ ਫ਼ੈਸਲਾ ਲਿਆ। ਮੈਂ ‘ਓਰਾਈ’ ਤੋਂ 100 ਕਿਲੋਮੀਟਰ ਦੂਰ ਝਾਂਸੀ ਵਿਖੇ ਆਪਣੀ ਸਹੇਲੀ ਘਰ ਗਈ ਤੇ ਉੱਥੇ ਹੀ ਆਪਣੇ ਪਿਓ ਨੂੰ ਬੁਲਾਇਆ। ਉਹ ਲਾਰਾਂ ਟਪਕਾਉਂਦਾ ਰਾਤ ਨੂੰ ਉੱਥੇ ਪਹੰੁਚ ਗਿਆ। ਮੈਂ ਆਪਣੀ ਸਹੇਲੀ ਨੂੰ ਮੋਬਾਈਲ ਫ਼ੋਨ ਫੜਾਇਆ ਤੇ ਆਪਣੇ ਕਮਰੇ ਦਾ ਦਰਵਾਜ਼ਾ ਖੁੱਲਾ ਹੀ ਛੱਡ ਦਿੱਤਾ। ਪਰਦੇ ਪਿੱਛੇ ਲੁਕ ਕੇ ਮੇਰੀ ਸਹੇਲੀ ਨੇ ਡੇਢ ਘੰਟੇ ਦਾ ਮੇਰੇ ਪਿਓ ਵੱਲੋਂ ਚੂੰਢੇ ਜਾਣ ਦਾ ਵੀਡੀਓ ਤਿਆਰ ਕੀਤਾ। ਕੌਣ ਸਮਝ ਸਕਦਾ ਹੈ ਇਹ ਪੀੜ ! ਆਪਣੇ ਹੀ ਹਲਾਲ ਹੋਣ ਦਾ ਵੀਡੀਓ ਤਿਆਰ ਕਰਵਾ ਕੇ ਆਪ ਹੀ ਹੋਰ ਜ਼ਲੀਲ ਹੋਣਾ !

‘‘ਇਹੀ ਮੋਬਾਈਲ ਕਲਿੱਪ ਮੈਂ ਸਵੇਰੇ ਲੈ ਕੇ ਆਪਣੀ ਮਾਂ ਕੋਲ ਗਈ। ਹੁਣ ਮੈਂ ਅਠਾਰ੍ਹਾਂ ਵਰ੍ਹਿਆਂ ਦੀ ਹੋ ਗਈ ਸੀ। ਆਪਣੇ ਕੇਸ ਦੀ ਆਪ ਪੈਰਵੀ ਕਰਨ ਯੋਗ ! ਮੇਰੀ ਮਾਂ ਕੋਲੋਂ ਤਿੰਨ ਮਿੰਟ ਦਾ ਵੀਡੀਓ ਹੀ ਵੇਖਿਆ ਗਿਆ। ਉਹ ਚੱਕਰ ਖਾ ਕੇ ਡਿੱਗ ਕੇ ਬੇਹੋਸ਼ ਹੋ ਗਈ। ਉਸ ਤੋਂ ਇਹ ਸਦਮਾ ਬਰਦਾਸ਼ਤ ਨਹੀਂ ਹੋਇਆ। ਜਦੋਂ ਹੋਸ਼ ਆਈ ਤਾਂ ਉਹ ਇਕ ਪਲ ਵੀ ਘਰ ਅੰਦਰ ਨਹੀਂ ਬਹਿ ਸਕੀ। ਸਿੱਧੀ ਮੈਨੂੰ ਲੈ ਕੇ ਪੁਲਿਸ ਸਟੇਸ਼ਨ ਪਹੁੰਚੀ ਤੇ ਸ਼ੇਰਨੀ ਵਾਂਗ ਗਰਜੀ-ਇਸ ਹੈਵਾਨ ਨੂੰ ਫਾਂਸੀ ਦੇ ਦਿਓ ! ਰੋ-ਰੋ ਕੇ ਉਸ ਨੇ ਬਿਆਨ ਦਰਜ ਕਰਵਾਏ ਕਿ ਅਜਿਹੇ ਘਿਨਾਉਣੇ ਜੁਰਮ ਬਾਰੇ ਉਹ ਸੁਫ਼ਨੇ ਵਿਚ ਵੀ ਨਹੀਂ ਸੀ ਸੋਚ ਸਕਦੀ। ਉਸ ਦਿਨ ਉਸ ਨੂੰ ਕੋਈ ਰਿਸ਼ਤਾ ਪਵਿੱਤਰ ਨਹੀਂ ਸੀ ਜਾਪ ਰਿਹਾ। ਉਸ ਥਾਣੇ ਵਿਚ ਗੱਜ ਕੇ ਕਿਹਾ ਕਿ ਫਾਂਸੀ ਤੋਂ ਵੱਡੀ ਕੋਈ ਸਜ਼ਾ ਹੈ ਤਾਂ ਇਸ ਹੈਵਾਨ ਨੂੰ ਉਹੀ ਮਿਲਣੀ ਚਾਹੀਦੀ ਹੈ।

‘‘ਮੈਂ ਕਿਵੇਂ ਭੁਲਾ ਸਕਦੀ ਹਾਂ ਉਹ ਖੱਚਰੀ ਹਾਸੀ ਜੋ ਮੇਰੇ ਕਸਾਈ ਪਿਓ ਨੇ ਫੜੇ ਜਾਣ ਉੱਤੇ ਹੱਸੀ ਸੀ। ਬਿਨ੍ਹਾਂ ਕਿਸੇ ਸ਼ਿਕਵੇ ਦੇ ਉਸ ਨੇ ਦਨਦਨਾਉਂਦੇ ਹੋਏ ਬਿਆਨ ਦਿੱਤਾ ਕਿ ਸ਼ਰਾਬ ਦੀ ਲਤ ਨੇ ਹੀ ਉਸ ਨੂੰ ਅਜਿਹਾ ਮਾਸ ਚੂੰਡਣ ਉੱਤੇ ਮਜਬੂਰ ਕਰ ਦਿੱਤਾ ਸੀ ! ਇਸੇ ਲਈ ਮੈਂ ਥਾਣੇ ਵਿਚ ਸਭ ਦੇ ਸਾਹਮਣੇ ਦਲੇਰ ਹੋ ਕੇ ਕਿਹਾ ਸੀ ਕਿ ਮੈਂ ਅਜਿਹੇ ਕਸਾਈ ਪਿਓ ਲਈ ਭਰੇ ਬਜ਼ਾਰ ਵਿਚ ਫਾਂਸੀ ਦਿੱਤੇ ਜਾਣ ਦੀ ਪ੍ਰੌੜਤਾ ਕਰਦੀ ਹਾਂ ਤਾਂ ਜੋ ਕੋਈ ਹੋਰ ਬੱਚੀ ਅਜਿਹੇ ਨਰਕ ਵਿੱਚੋਂ ਨਾ ਲੰਘੇ ਜਿਸ ਵਿੱਚੋਂ ਮੈਂ ਲੰਘੀ ਹਾਂ।’’

ਸੈਕਸ਼ਨ ਅਫਸਰ ਨੇ ਮੀਡੀਆ ਨੂੰ ਸਪਸ਼ਟ ਕੀਤਾ ਕਿ ਅਜਿਹਾ ਘਿਨਾਉਣਾ ਜੁਰਮ ਬਥੇਰੀ ਥਾਈਂ ਹੋ ਰਿਹਾ ਹੈ ਪਰ ਜਿਹੜਾ ਜਿਗਰਾ ਇਸ ਬੱਚੀ ਨੇ ਵਿਖਾਇਆ ਹੈ, ਉਹ ਬੇਮਿਸਾਲ ਹੈ ਤੇ ਆਪਣੇ ਆਪ ਵਿਚ ਵਿਲੱਖਣ ਹੈ। ਜਦੋਂ ਪਿਓ ਨੂੰ ਫੜ ਕੇ ਥਾਣੇ ਵਿਚ ਲਿਆਇਆ ਗਿਆ ਤਾਂ ਮਾਂ ਨੇ ਥਾਣੇ ਵਿਚ ਹੀ ਸਭ ਦੇ ਸਾਹਮਣੇ ਅੱਧਾ ਘੰਟਾ ਆਪਣੀਆਂ ਚੱਪਲਾਂ ਨਾਲ ਉਸ ਨੂੰ ਚੰਗਾ ਭੰਨਿਆ ਤੇ ਰੱਜ ਕੇ ਗਾਹਲਾਂ ਕੱਢ ਕੇ ਬੇਸ਼ਰਮ ਕੀਤਾ। ਪਰ, ਉਸ ਕਸਾਈ ਉੱਤੇ ਇਸ ਦਾ ਭੋਰਾ ਅਸਰ ਨਹੀਂ ਹੋਇਆ।

ਕੀ ਇਸ ਕੇਸ ਰਾਹੀਂ ਕਿਸੇ ਹੋਰ ਦਾ ਮਨ ਵੀ ਝੰਜੋੜਿਆ ਗਿਆ ਹੈ ? ਕਿਉਂ ਅਸੀਂ ਆਪਣੇ ਆਲੇ-ਦੁਆਲੇ ਨਾਬਾਲਗਾਂ ਉੱਤੇ ਹੋ ਰਹੇ ਜੁਰਮਾਂ ਬਾਰੇ ਵੇਖ ਸੁਣ ਕੇ ਵੀ ਚੁੱਪੀ ਧਾਰ ਕੇ ਬੈਠੇ ਹਾਂ ? ਕਦੋਂ ਅਸੀਂ ਸਮਾਜ ਨੂੰ ਸੁਧਾਰਨ ਵਿਚ ਪਹਿਲ ਕਦਮੀ ਕਰਾਂਗੇ ?

ਕਦੋਂ ਪਾਲਣਹਾਰ ਮਾਂ, ਦੁਰਗਾ ਦਾ ਰੂਪ ਧਾਰਨ ਕਰੇਗੀ ਤੇ ਆਪਣੇ ਬੱਚਿਆਂ ਦੀ ਰਾਖੀ ਕਰਨ ਦੇ ਸਮਰੱਥ ਬਣੇਗੀ ? ਘਰੇਲੂ ਹਿੰਸਾ ਦੀਆਂ ਸ਼ਿਕਾਰ ਔਰਤਾਂ ਆਪਣੀਆਂ ਨਿੱਕੀਆਂ ਬੱਚੀਆਂ ਦੀ ਰਾਖੀ ਕਰਨ ਤੇ ਉਨ੍ਹਾਂ ਦੀ ਆਵਾਜ਼ ਬਣਨ ਵਿਚ ਕਿਉਂ ਫੇਲ੍ਹ ਹੋ ਰਹੀਆਂ ਹਨ ? ਸਮਾਜ ਸਿਰਫ਼ ਉਨ੍ਹਾਂ ਨੂੰ ਸਿਰ ਦਾ ਤਾਜ ਬਣਾਉਂਦਾ ਹੈ ਜੋ ਜੁਅਰਤ ਵਿਖਾ ਸਕਣ ਯੋਗ ਹੋਣ। ਭੇਡਾਂ, ਬੱਕਰੀਆਂ ਤਾਂ ਸਿਰਫ਼ ਸ਼ਿਕਾਰ ਕਰਨ ਲਈ ਹੀ ਹੁੰਦੀਆਂ ਹਨ। ਜੇ ਆਪਣੀਆਂ ਧੀਆਂ ਨੂੰ ਫੁੰਡੇ ਜਾਣ ਤੋਂ ਬਚਾਉਣਾ ਹੈ ਤਾਂ ਅੱਖਾਂ, ਕੰਨ ਖੋਲ੍ਹ ਕੇ, ਦਿਮਾਗ਼ੀ ਸ਼ਕਤੀ ਨੂੰ ਬੁਲੰਦ ਕਰ ਕੇ ਸ਼ੇਰ ਦੀ ਸਵਾਰੀ ਕਰਨ ਯੋਗ ਹੀ ਬਣਨਾ ਪੈਣਾ ਹੈ। ਇਹੋ ਸਮੇਂ ਦੀ ਲੋੜ ਹੈ ! ਅੱਜ ਦੇ ਸਮਾਜ ਨੂੰ ਸਾਫ਼ ਸੁਥਰਾ ਤੇ ਬੱਚੀਆਂ ਲਈ ਸੁਰੱਖਿਅਤ ਬਣਾਉਣ ਲਈ ਮਾਂ ਦੁਰਗਾ ਦੀ ਹੀ ਲੋੜ ਹੈ ! ਚਲੋ ਹੰਭਲਾ ਮਾਰੀਏ !

ਸਵਾਲ ਮਾਪਿਆਂ ਦੇ ਜਵਾਬ ਡਾ. ਕੌਰ ਦੇ (ਭਾਗ-1)

0

ਸਵਾਲ ਮਾਪਿਆਂ ਦੇ ਜਵਾਬ ਡਾ. ਕੌਰ ਦੇ (ਭਾਗ-1)

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ,ਪਟਿਆਲਾ। ਫੋਨ ਨੰ: 0175-2216783

ਸਵਾਲ : ਮੇਰੀ 5 ਸਾਲ ਦੀ ਬੇਟੀ ਦੇ ਪਿਛਲੇ 8 ਦਿਨਾਂ ਤੋਂ ਪਲੇਟਲੈੱਟ ਸੈੱਲ ਘਟ ਰਹੇ ਹਨ। ਕੀ ਕਾਰਨ ਹੋ ਸਕਦਾ ਹੈ ?

ਜਵਾਬ : ਜੇ ਪਹਿਲਾਂ ਤੋਂ ਠੀਕ ਠਾਕ ਬੱਚੇ ਦੇ ਵਾਇਰਲ ਬੁਖ਼ਾਰ ਤੋਂ ਤਿੰਨ ਚਾਰ ਹਫ਼ਤਿਆਂ ਬਾਅਦ ਚਮੜੀ ਵਿਚ ਲਾਲ ਦਾਣੇ ਦਿਸਣ ਲੱਗ ਪੈਣ ਜਾਂ ਮਸੂੜਿਆਂ ਵਿੱਚੋਂ ਲਹੂ ਵਗ ਪਏ ਅਤੇ ਜਿਗਰ ਜਾਂ ਤਿਲੀ ਨਾ ਵਧੇ ਹੋਣ ਤੇ ਨਾ ਹੀ ਗਲੇ ਵਿਚ ਕੋਈ ਗਿਲਟੀਆਂ ਹੋਣ ਤਾਂ ਇਸ ਨੂੰ ਥਰੋਂਬੋਸਾਈਟੋਪੀਨਿਕ ਪੁਰਪੁਰਾ ਕਹਿੰਦੇ ਹਨ। ਕਈ ਵਾਰ ਤਾਂ ਬਗ਼ੈਰ ਦਵਾਈ ਦੇ ਅਤੇ ਕਈ ਵਾਰ ਦਵਾਈ ਨਾਲ ਇਹ ਬੀਮਾਰੀ ਜਿਸ ਵਿਚ ਪਲੇਟਲੈੱਟ ਸੈੱਲ ਘਟ ਜਾਂਦੇ ਹਨ, ਆਪਣੇ ਆਪ ਹੀ 6 ਮਹੀਨਿਆਂ ਦੇ ਅੰਦਰ ਅੰਦਰ ਠੀਕ ਹੋ ਜਾਂਦੀ ਹੈ। ਜੇ ਠੀਕ ਨਾ ਹੋਵੇ ਤਾਂ ਕਈ ਵਾਰ 10 ਕੁ ਪ੍ਰਤੀਸ਼ਤ ਬੱਚਿਆਂ ਵਿਚ ਇਹ ਲੰਬੀ ਬੀਮਾਰੀ ਦੀ ਸ਼ਕਲ ਇਖ਼ਤਿਆਰ ਕਰ ਲੈਂਦੀ ਹੈ ਜਿਸ ਵਿਚ ਡਾਕਟਰ ਦੀ ਸਲਾਹ ਨਾਲ ਮਹਿੰਗਾ ਇਲਾਜ ਕਰਵਾਉਣਾ ਪੈ ਜਾਂਦਾ ਹੈ।

ਜੇ ਤੇਜ਼ ਬੁਖ਼ਾਰ ਵਿਚ ਪਲੇਟਲੈੱਟ ਘਟ ਰਹੇ ਹੋਣ ਤਾਂ ਡੈਂਗੂ ਬੁਖ਼ਾਰ ਵੀ ਇਕ ਕਾਰਨ ਹੋ ਸਕਦਾ ਹੈ। ਇਸ ਵਿਚ ਅੱਖਾਂ ਵਿਚ ਦਰਦ ਤੇ ਤਿੱਖੀ ਪਿਠ ਦਰਦ ਹੋਣ ਲੱਗ ਪੈਂਦੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਬੀਮਾਰੀਆਂ ਦਾ ਇਹ ਇਕ ਲੱਛਣ ਹੋ ਸਕਦਾ ਹੈ ਜੋ ਇਕ ਸਿਆਣਾ ਡਾਕਟਰ ਫੱਟ ਲੱਭ ਸਕਦਾ ਹੈ।

ਸਵਾਲ : ਮੇਰਾ ਡੇਢ ਸਾਲ ਦਾ ਬੱਚਾ ਹਾਲੇ ਤੱਕ ਤੁਰਨ ਨਹੀਂ ਲੱਗਿਆ। ਇਸ ਦਾ ਕੀ ਕਾਰਨ ਹੋ ਸਕਦਾ ਹੈ? ਨੋਂ ਮਹੀਨੇ ਦੀ ਉਮਰ ’ਤੇ ਉਹ ਬੈਠਣ ਲੱਗਿਆ ਸੀ।

ਜਵਾਬ : ਕਈ ਵਾਰ ਜੰਮਣ ਲੱਗਿਆਂ ਜੇ ਬੱਚਾ ਕੁੱਝ ਮਿੰਟ ਲੇਟ ਰੋਏ ਤਾਂ ਉਸ ਦੇ ਦਿਮਾਗ਼ ਵਿਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ। ਇਸ ਨਾਲ ਦਿਮਾਗ਼ ਤੋਂ ਨਿਕਲਦੀਆਂ ਨਸਾਂ ਦੀ ਖ਼ਰਾਬੀ ਹੋ ਜਾਂਦੀ ਹੈ ਤੇ ਬੱਚਾ ਆਮ ਬੱਚਿਆਂ ਨਾਲੋਂ ਸਰੀਰਕ ਤੇ ਦਿਮਾਗੀ ਪੱਖੋਂ ਪੱਛੜ ਜਾਂਦਾ ਹੈ। ਇਸੇ ਕਰਕੇ ਇਹ ਜ਼ਰੂਰੀ ਹੈ ਕਿ ਬੱਚੇ ਦਾ ਜਨਮ ਕਿਸੇ ਚੰਗੇ ਡਾਕਟਰ ਦੀ ਦੇਖ ਰੇਖ ਹੇਠਾਂ ਹੀ ਹੋਵੇ।

ਇਸ ਤੋਂ ਇਲਾਵਾ ਕੁੱਝ ਜਮਾਂਦਰੂ ਬੀਮਾਰੀਆਂ ਵਿਚ ਵੀ ਬੱਚਾ ਆਮ ਬੱਚਿਆਂ ਨਾਲੋਂ ਪੱਛੜ ਸਕਦਾ ਹੈ ਜਿਨ੍ਹਾਂ ਵਿੱਚੋਂ ਬਹੁਤੀਆਂ ਬਾਰੇ ਭ੍ਰੂਣ ਦੇ ਟੈਸਟ ਜਾਂ ਮਾਪਿਆਂ ਦੇ ਲਹੂ ਦੇ ਟੈਸਟ ਕਰਕੇ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਪਤਾ ਲਗਾਇਆ ਜਾ ਸਕਦਾ ਹੈ।

ਕੁੱਝ ਬੱਚਿਆਂ ਵਿਚ ਜਮਾਂਦਰੂ ਥਾਇਰਾਈਡ ਹਾਰਮੋਨਾਂ ਦੀ ਕਮੀ ਕਰਕੇ ਵੀ ਅਜਿਹਾ ਵੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਹਨ ਜਿਹੜੇਕਿਸੇ ਚੰਗੇ ਡਾਕਟਰ ਤੋਂ ਚੈਕਅਪ ਜ਼ਰੂਰ ਕਰਵਾ ਲੈਣੇ ਚਾਹੀਦੇ ਹਨ ਤਾਂ ਜੋ ਘੱਟੋ ਘੱਟ ਪੁਸ਼ਤ ਦਰ ਪੁਸ਼ਤ ਚਲਣ ਵਾਲੀਆਂ ਬੀਮਾਰੀਆਂ ਬਾਰੇ ਤਾਂ ਵੇਲੇ ਸਿਰ ਪਤਾ ਲੱਗ ਸਕੇ।

ਸਵਾਲ : ਮੇਰੇ ਬੱਚੇ ਨੂੰ ਥੈਲਾਸੀਮੀਆ ਹੈ ਤੇ ਇਸ ਨੂੰ ਹਰ ਤਿੰਨ ਹਫ਼ਤਿਆਂ ਬਾਅਦ ਲਹੂ ਚੜ੍ਹਾਉਣਾ ਪੈਂਦਾ ਹੈ। ਕੀ ਕੋਈ ਨਵੀਂ ਦਵਾਈ ਇਸ ਵਾਸਤੇ ਆਈ ਹੈ ?

ਜਵਾਬ : ਲਗਾਤਾਰ ਲਹੂ ਚੜ੍ਹਾਉਂਦੇ ਰਹਿਣ ਕਾਰਨ ਬੱਚੇ ਦੇ ਸਰੀਰ ਅੰਦਰ ਲੋਹ ਕਣਾਂ ਦਾ ਢੇਰ ਲਗ ਜਾਂਦਾ ਹੈ ਜਿਹੜਾ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਤਰ੍ਹਾਂ ਜਿਗਰ, ਤਿਲੀ, ਪੈਨਕਰੀਆਜ਼, ਥਾਈਰਾਇਡ ਤੇ ਦਿਲ ਦੇ ਕੰਮਕਾਰ ਤੇ ਬਹੁਤ ਮਾੜਾ ਅਸਰ ਪੈ ਜਾਂਦਾ ਹੈ ਤੇ ਇਨ੍ਹਾਂ ਅੰਗਾਂ ਦੀਆਂ ਬੀਮਾਰੀਆਂ ਸ਼ੁਰੂ ਹੋ ਜਾਂਦੀਆਂ ਹਨ ਜੋ ਮੌਤ ਦਾ ਕਾਰਨ ਬਣਦੀਆਂ ਹਨ। ਲੋਹ ਕਣਾਂ ਦੇ ਭੰਡਾਰ ਨੂੰ ਘਟਾਉਣ ਵਾਸਤੇ 10 ਤੋਂ 20 ਵਾਰ ਲਹੂ ਚੜਾਉਣ ਤੋਂ ਬਾਅਦ ਡਾਕਟਰ ਦੀ ਦੇਖ ਰੇਖ ਹੇਠ ਡੈਸਫੈਰੀਆਕਸਾਮੀਨ ਦੇ ਟੀਕੇ, ਡੈਫਰੀਪਰੋਨ ਗੋਲੀ ਜਾਂ ਡੈਫਰਾਸੀਰੋਕਸ ਦਵਾਈ ਸ਼ੁਰੂ ਕੀਤੀ ਜਾ ਸਕਦੀ ਹੈ। ਲਹੂ ਚੜ੍ਹਾਉਣ ਦੇ ਨਾਲ ਨਾਲ ਇਨ੍ਹਾਂ ਦਵਾਈਆਂ ਨਾਲ ਹੁਣ ਅਜਿਹੇ ਬੱਚਿਆਂ ਦੀ ਜ਼ਿੰਦਗੀ ਏਨੀ ਲੰਬੀ ਹੋਣ ਲੱਗ ਪਈ ਹੈ ਕਿ ਅਜਿਹੇ ਬੱਚੇ ਹੁਣ ਆਪ ਵੀ ਮਾਪੇ ਬਣ ਸਕਦੇ ਹਨ।

ਸਵਾਲ : ਕੀ ਭ੍ਰੂਣ ਨੂੰ ਵੀ ਲਹੂ ਚੜ੍ਹਾਇਆ ਜਾ ਸਕਦਾ ਹੈ ?

ਜਵਾਬ : ਜੀ ਹਾਂ। ਵੀਹ ਹਫ਼ਤਿਆਂ ਦੇ ਭ੍ਰੂਣ ਨੂੰ ਉਸ ਦੀ ਬੀਮਾਰੀ ਦੇ ਹਿਸਾਬ ਨਾਲ ਲਹੂ ਵਿਚਲੇ ਲਾਲ ਸੈੱਲ ਜਾਂ ਪਲੇਟਲੈੱਟ ਚੜ੍ਹਾਏ ਜਾ ਸਕਦੇ ਹਨ। ਜਿੱਥੇ ਲਾਲ ਸੈੱਲ 5-10 ਮਿਲੀਲਿਟਰ ਪ੍ਰਤੀ ਮਿੰਟ ਚੜ੍ਹਾਏ ਜਾਂਦੇ ਹਨ, ਉੱਥੇ ਪਲੇਟਲੈੱਟ ਸੈਲ 1-5 ਮਿਲੀਲਿਟਰ ਪ੍ਰਤੀ ਮਿੰਟ ਤੋਂ ਤੇਜ਼ ਨਹੀਂ ਦਿੱਤੇ ਜਾ ਸਕਦੇ।

ਸਵਾਲ ਮਾਪਿਆਂ ਦੇ ਜਵਾਬ ਡਾਕਟਰ ਦੇ (ਭਾਗ-2)

0

ਸਵਾਲ ਮਾਪਿਆਂ ਦੇ ਜਵਾਬ ਡਾਕਟਰ ਦੇ (ਭਾਗ-2)

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ,ਪਟਿਆਲਾ। ਫੋਨ ਨੰ: 0175-2216783

ਸਵਾਲ : ਮੇਰੇ ਅਤੇ ਮੇਰੇ ਬੱਚੇ ਦੇ ਪੇਟ ਵਿਚ ਗੈਸ ਬਹੁਤ ਬਣਦੀ ਹੈ। ਕਾਰਨ ਅਤੇ ਉਪਾਅ ਦੱਸੋ।

ਜਵਾਬ : ਢਿੱਡ ਅੰਦਰ ਹਵਾ ਬਣਨਾ ਅਤੇ ਨਿਕਲਣਾ ਨਾਰਮਲ ਗਿਣਿਆ ਜਾਂਦਾ ਹੈ। ਮੂੰਹ ਰਾਹੀਂ ਲੰਘੀ ਵਾਧੂ ਹਵਾ ਜਾਂ ਕਿਸੇ ਖਾਣ ਵਾਲੀ ਚੀਜ਼ ਤੋਂ ਬਣੀ ਵਾਧੂ ਹਵਾ ਢਿੱਡ ਨੂੰ ਫੁਲਾ ਦੇ ਪੀੜ ਮਹਿਸੂਸ ਕਰਵਾ ਦਿੰਦੀ ਹੈ। ਜੇ ਅਜਿਹੀ ਪੀੜ ਤੇ ਪੇਟ ਦਾ ਫੁੱਲਣਾ ਰੋਜ਼ ਹੁੰਦਾ ਜਾਪੇ ਤਾਂ ਬੀਮਾਰੀ ਗਿਣਨੀ ਚਾਹੀਦੀ ਹੈ। ਜੇ ਹਵਾ ਨਾ ਸਰੇ ਅਤੇ ਡਕਾਰ ਵੀ ਨਾ ਆਵੇ ਤਾਂ ਗੈਸ ਢਿੱਡ ਜਾਂ ਅੰਤੜੀਆਂ ਵਿਚ ਜਮ੍ਹਾਂ ਹੁੰਦੀ ਰਹਿੰਦੀ ਹੈ ਜੋ ਕਈ ਵਾਰ ਤਿੱਖੀ ਪੀੜ ਵੀ ਕਰ ਦਿੰਦੀ ਹੈ। ਅਜਿਹੇ ਮੌਕੇ ਜੇ ਟੱਟੀ ਕਰ ਲਈ ਜਾਵੇ ਤਾਂ ਤੁਰੰਤ ਆਰਾਮ ਮਿਲ ਜਾਂਦਾ ਹੈ ਕਿਉਂਕਿ ਅੰਤੜੀਆਂ ਵਿਚ ਫਸੀ ਵਾਧੂ ਹਵਾ ਬਾਹਰ ਸਰਕ ਜਾਂਦੀ ਹੈ।

          ਵਾਧੂ ਹਵਾ ਬਣਨ ਦੇ ਕਈ ਕਾਰਨ ਹਨ :-

  1. ਬਹੁਤੇ ਥਿੰਦੇ ਵਾਲਾ ਖਾਣਾ ਜੋ ਢਿੱਡ ਛੇਤੀ ਹਜ਼ਮ ਨਹੀਂ ਕਰ ਸਕਦਾ ਅਤੇ ਖਾਣਾ ਬਹੁਤੀ ਦੇਰ ਢਿੱਡ ਵਿਚ ਪਏ ਰਹਿਣ ਕਾਰਨ ਗੈਸ ਬਣਨ ਲੱਗ ਪੈਂਦੀ ਹੈ।
  2. ਗੈਸ ਭਰੇ ਠੰਡੇ ਜਾਂ ਸੋਡਾ ਪੀਣ ਨਾਲ।
  3. ਬਹੁਤ ਛੇਤੀ-ਛੇਤੀ ਬਿਨਾਂ ਪੂਰੀ ਤਰ੍ਹਾਂ ਚਿੱਥੇ ਖਾਣਾ ਅੰਦਰ ਲੰਘਾਉਣਾ, ਪਾਈਪ ਰਾਹੀਂ ਤੇਜ਼ੀ ਨਾਲ ਪੀਣ ਵਾਲੀ ਚੀਜ਼ ਅੰਦਰ ਲੰਘਾਉਣੀ, ਚਿੰਗਮ ਚੱਬਣ, ਟਾਫ਼ੀ ਚੂਸਣ ਆਦਿ ਨਾਲ ਵਾਧੂ ਹਵਾ ਢਿੱਡ ਅੰਦਰ ਲੰਘ ਜਾਂਦੀ ਹੈ।
  4. ਤਣਾਓ, ਘਬਰਾਹਟ
  5. ਸਿਗਰਟ ਪੀਣੀ
  6. ਅੰਤੜੀਆਂ ਦੀ ਸੋਜ਼ਿਸ਼
  7. ਅੰਤੜੀਆਂ ਵਿਚ ਰੋਕਾ
  8. ਇਰੀਟੇਬਲ ਬਾਵਲ ਸਿੰਡਰੋਮ
  9. ਕਣਕ ਤੋਂ ਐਲਰਜੀ, ਲੈਕਟੋਜ਼ ਤੋਂ ਐਲਰਜੀ ਜਾਂ ਕਿਸੇ ਹੋਰ ਖਾਣ ਵਾਲੀ ਚੀਜ਼ ਤੋਂ ਐਲਰਜੀ ਹੋਣਾ।
  10. ਕੁੱਝ ਤਰ੍ਹਾਂ ਦੀਆਂ ਸਬਜ਼ੀਆਂ ਜਾਂ ਫਲ ਵੀ ਵਾਧੂ ਗੈਸ ਬਣਾਉਂਦੇ ਹਨ, ਜਿਵੇਂ :- ਬਰੌਕਲੀ, ਫਲੀਆਂ, ਪੱਤ ਗੋਭੀ, ਫੁੱਲ ਗੋਭੀ, ਸੇਬ, ਨਾਸ਼ਪਾਤੀ, ਅਲੂਚਾ, ਟਾਫ਼ੀਆਂ, ਚਾਕਲੇਟ, ਪਾਲਕ, ਦੁੱਧ, ਲੱਸੀ, ਪਿਆਜ਼, ਸ਼ੂਗਰ ਫਰੀ ਖਾਣੇ, ਵਾਧੂ ਛਾਣਬੂਰਾ ਆਦਿ।

ਅਜਿਹੀਆਂ ਚੀਜ਼ਾਂ ਖਾਣ ਨਾਲ ਢਿੱਡ ਅਤੇ ਅੰਤੜੀਆਂ ਵਿਚ ਵਾਧੂ ਗੈਸ ਬਣ ਜਾਂਦੀ ਹੈ ਜੋ ਤਕਲੀਫ ਦਿੰਦੀ ਹੈ। ਇੱਥੋਂ ਤਕ ਕਿ ਖਾਣਾ ਖਾਣ ਸਮੇਂ ਜੇ ਲਗਾਤਾਰ ਗੱਲਬਾਤ ਦਾ ਸਿਲਸਿਲਾ ਜਾਰੀ ਰਹੇ, ਤਾਂ ਵੀ ਪੇਟ ਅੰਦਰ ਗੈਸ ਜਮਾਂ ਹੁੰਦੀ ਰਹਿੰਦੀ ਹੈ।

ਡਕਾਰ ਮਾਰਨ ਜਾਂ ਹਵਾ ਸਰਨ ਨਾਲ ਤੁਰੰਤ ਆਰਾਮ ਮਿਲ ਜਾਂਦਾ ਹੈ। ਜੇ ਖਾਣੇ ਦੀ ਪਾਈਪ ਰਾਹੀਂ ਢਿੱਡ ਅੰਦਰਲਾ ਏਸਿਡ ਬਾਹਰ ਨਿਕਲ ਰਿਹਾ ਹੋਵੇ, ਤਾਂ ਵੀ ਕਾਫ਼ੀ ਡਕਾਰ ਤੇ ਅਫਾਰਾ ਮਹਿਸੂਸ ਹੁੰਦਾ ਰਹਿੰਦਾ ਹੈ।

ਕੁੱਝ ਲੋਕ ਆਦਤਨ ਵਾਧੂ ਹਵਾ ਅੰਦਰ ਲੰਘਾ ਕੇ ਸਾਰਾ ਦਿਨ ਡਕਾਰ ਮਾਰਦੇ ਰਹਿੰਦੇ ਹਨ, ਜਿਸ ਨਾਲ ਗੈਸਟਰਾਈਟਿਸ ਹੋ ਸਕਦਾ ਹੈ ਅਤੇ ਕੀਟਾਣੂਆਂ ਦਾ ਹਮਲਾ ਵੀ।

ਇਸ ਤੋਂ ਬਚਾਓ ਲਈ :-

  1. ਹੌਲੀ-ਹੌਲੀ ਚਬਾ ਕੇ ਖਾਣਾ ਖਾਣਾ ਚਾਹੀਦਾ ਹੈ।
  2. ਬੀਅਰ, ਸੋਡਾ, ਠੰਡਿਆਂ ਤੋਂ ਪਰਹੇਜ਼ ਕਰੋ, ਜਿਨ੍ਹਾਂ ਵਿਚ ਕਾਰਬਨ ਡਾਇਓਕਸਾਈਡ ਗੈਸ ਭਰੀ ਗਈ ਹੈ।
  3. ਚਿੰਗਮ ਖਾਣੀ ਘਟਾਓ ਤੇ ਟਾਫ਼ੀਆਂ ਚਾਕਲੇਟਾਂ ਵੀ।
  4. ਸਿਗਰਟ ਨਾ ਪੀਓ।
  5. ਜੇ ਨਕਲੀ ਦੰਦ ਲੱਗੇ ਹਨ ਤਾਂ ਡੈਂਚਰ ਚੈੱਕ ਕਰਵਾਉਣ ਦੀ ਲੋੜ ਹੈ ਕਿਉਂਕਿ ਪੂਰੀ ਤਰ੍ਹਾਂ ਰੋਟੀ ਨਾ ਚੱਬ ਸਕਣ ਕਾਰਨ ਅੱਧੀ ਪਚੱਧੀ ਖਾਧੀ ਹੋਈ ਰੋਟੀ ਵੀ ਢਿੱਡ ਅੰਦਰ ਪਹੁੰਚ ਕੇ ਗੈਸ ਬਣਾ ਦਿੰਦੀ ਹੈ।
  6. ਜੇ ਢਿੱਡ ਅੰਦਰੋਂ ਏਸਿਡ ਬਾਹਰ ਨਿਕਲ ਰਿਹਾ ਹੈ ਤਾਂ ਤੁਰੰਤ ਡਾਕਟਰੀ ਇਲਾਜ ਕਰਵਾਉਣ ਦੀ ਲੋੜ ਹੈ।
  7. ਜਦੋਂ ਵੀ ਐਂਟੀਬਾਇਓਟਿਕ ਦਵਾਈਆਂ ਖਾਧੀਆਂ ਜਾ ਰਹੀਆਂ ਹੋਣ ਤਾਂ ਅੰਤੜੀਆਂ ਅੰਦਰਲੇ ਨਾਰਮਲ ਕੀਟਾਣੂ ਮਰ ਜਾਂਦੇ ਹਨ ਜਿਨ੍ਹਾਂ ਨਾਲ ਬਾਹਰਲੇ ਮਾੜੇ ਕੀਟਾਣੂ ਜਮ੍ਹਾਂ ਹੋ ਕੇ ਬੀਮਾਰੀ ਪੈਦਾ ਕਰ ਸਕਦੇ ਹਨ ਤੇ ਵਾਧੂ ਗੈਸ ਵੀ ਬਣਾ ਦਿੰਦੇ ਹਨ।
  8. ਕਬਜ਼ ਦਾ ਤੁਰੰਤ ਇਲਾਜ ਕਰਨ ਦੀ ਲੋੜ ਹੈ, ਕਿਉਂਕਿ ਅੰਤੜੀਆਂ ਦੀ ਘਟ ਹਿਲਜੁਲ ਨਾਲ ਹਵਾ ਜਮ੍ਹਾਂ ਹੋਣੀ ਸ਼ੁਰੂ ਹੋ ਜਾਂਦੀ ਹੈ।
  9. ਜਿਨ੍ਹਾਂ ਨੂੰ ਖੁੰਭਾਂ ਤੋਂ ਐਲਰਜੀ ਹੋਵੇ ਤਾਂ ਇਹ ਖਾਣ ਨਾਲ ਕਾਫ਼ੀ ਗੈਸ ਭਰ ਸਕਦੀ ਹੈ। ਜੇ ਦੁੱਧ ਤੋਂ ਐਲਰਜੀ ਹੋਵੇ ਤਾਂ ਲੈਕਟੋਜ਼ ਫਰੀ ਚੀਜ਼ਾਂ ਪੀਤੀਆਂ ਜਾ ਸਕਦੀਆਂ ਹਨ। ਜੇ ਕਣਕ ਤੋਂ ਐਲਰਜੀ ਹੋਵੇ ਤਾਂ ਕਣਕ ਅਤੇ ਮੈਦਾ ਖਾਣਾ ਬੰਦ ਕਰ ਦੇਣਾ ਚਾਹੀਦਾ ਹੈ।
  10. ਰਾਤ ਦੇ ਖਾਣੇ ਤੋਂ ਬਾਅਦ ਇਕਦਮ ਨਹੀਂ ਸੌਣਾ ਚਾਹੀਦਾ। ਕੁੱਝ ਚਿਰ ਸੈਰ ਕਰਨੀ ਜ਼ਰੂਰੀ ਹੈ।

ਕੁੱਝ ਕੇਸਾਂ ਵਿਚ ਤੁਰੰਤ ਡਾਕਟਰੀ ਸਲਾਹ ਲੈਣ ਦੀ ਲੋੜ ਹੁੰਦੀ ਹੈ :-

  1. ਜੇ ਗੈਸ ਦੇ ਨਾਲ ਟੱਟੀਆਂ ਲੱਗ ਗਈਆਂ ਹੋਣ।
  2. ਤਿੱਖੀ ਢਿੱਡ ਪੀੜ ਹੋਣ ਲੱਗ ਪਵੇ।
  3. ਪੇਟ ਗੈਸ ਨਾਲ ਟੱਟੀ ਵਿਚ ਲਹੂ ਆਉਣ ਲੱਗ ਪਵੇ।
  4. ਟੱਟੀ ਵਿਚ ਲੇਸ ਆਵੇ ਜਾਂ ਕਾਲੀ, ਚਿੱਟੀ ਰੰਗ ਦੀ ਟੱਟੀ ਹੋ ਜਾਵੇ।
  5. ਭਾਰ ਘਟਣ ਲੱਗ ਪਵੇ।
  6. ਛਾਤੀ ਵਿਚ ਪੀੜ ਮਹਿਸੂਸ ਹੋਣ ਲੱਗ ਪਵੇ।

ਸਵਾਲ 2 : ਮੇਰੇ ਬੱਚੇ ਦੀ ਜੀਭ ਦਾ ਰੰਗ ਕਦੇ ਚਿੱਟਾ ਹੋ ਜਾਂਦਾ ਹੈ ਕਦੇ ਲਾਲ। ਕੀ ਕਾਰਨ ਹੋ ਸਕਦੇ ਹਨ?

ਜਵਾਬ : ਜੀਭ ਦੇ ਵੱਖੋ-ਵੱਖ ਰੰਗ ਅਲੱਗ-ਅਲੱਗ ਬੀਮਾਰੀਆਂ ਬਾਰੇ ਦੱਸਦੇ ਹਨ।

  1. ਲਹੂ ਦੀ ਕਮੀ ਜਾਂ ਪੀਲੀਏ ਕਾਰਨ ਜੀਭ ਪੀਲੀ ਹੋ ਸਕਦੀ ਹੈ।
  2. ਜੀਭ ਉੱਤੇ ਉੱਲੀ ਲੱਗ ਜਾਣ ਕਾਰਨ ਚਿੱਟੇ ਦਾਗ਼ ਦਿਸ ਸਕਦੇ ਹਨ ਜੋ ਐਂਟੀਬਾਇਓਟਿਕ ਦਵਾਈਆਂ ਖਾਣ ਨਾਲ ਹੋ ਸਕਦੇ ਹਨ।
  3. ਯੈਲੋ ਬੁਖ਼ਾਰ ਕਾਰਨ ਜੀਭ ਲਾਲ ਰੰਗ ਦੀ ਹੋ ਸਕਦੀ ਹੈ।
  4. ਸਿਗਰਟ ਪੀਣ ਕਾਰਨ ਵੀ ਜੀਭ ਉੱਤੇ ਚਿੱਟੇ ਚਟਾਕ ਦਿਸ ਸਕਦੇ ਹਨ।
  5. ਲਾਈਕਨ ਪਲੈਨਸ ਤੇ ਦਿਲ ਦੇ ਰੋਗਾਂ ਕਾਰਨ ਜੀਭ ਨੀਲੀ ਪੈ ਸਕਦੀ ਹੈ।
  6. ਹੇਅਰੀ ਜੀਭ ਬੀਮਾਰੀ ਵਿਚ ਜੀਭ ਚਿੱਟੀ ਦਿਸ ਸਕਦੀ ਹੈ।
  7. ਵਿਟਾਮਿਨ-ਬੀ 12, ਨਾਇਆਸਿਨ ਤੇ ਫੋਲਿਕ ਏਸਿਡ ਦੀ ਕਮੀ ਸਦਕਾ ਜੀਭ ਲਾਲ ਹੋ ਸਕਦੀ ਹੈ।
  8. ਗਲੇ ਖ਼ਰਾਬ ਵਿਚ ਸਟਰੈਪਟੋਕੌਕਲ ਕੀਟਾਣੂਆਂ ਸਦਕਾ ਵੀ ਜੀਭ ਲਾਲ ਹੋ ਸਕਦੀ ਹੈ।
  9. ਜੌਗਰੈਫ਼ਿਕ ਜੀਭ ਵਿਚ ਜੀਭ ਉੱਤੇ ਨਕਸ਼ੇ ਦੀ ਸ਼ਕਲ ਵਾਂਗ ਟੇਢੀਆਂ ਮੇਢੀਆਂ ਲਾਈਨਾਂ ਦਿਸਣ ਲੱਗ ਪੈਂਦੀਆਂ ਹਨ ਜੋ ਖ਼ਤਰਨਾਕ ਨਹੀਂ ਹੁੰਦੀਆਂ ਤੇ ਆਪਣੇ ਆਪ ਠੀਕ ਵੀ ਹੋ ਜਾਂਦੀਆਂ ਹਨ।
  10. ਜਾਮਨੀ ਜੀਭ : ਵਿਟਾਮਿਨ ਬੀ-2 ਦੀ ਕਮੀ ਨਾਲ ਇਹ ਰੰਗ ਵੇਖਿਆ ਜਾ ਸਕਦਾ ਹੈ।
  11. ਨੀਲੀ ਜੀਭ : ਆਕਸੀਜਨ ਦੀ ਕਮੀ ਸਦਕਾ ਜੀਭ ਨੀਲੀ ਹੋ ਸਕਦੀ ਹੈ। ਇਸ ਦੇ ਕਾਰਨ ਹਨ:-

* ਸਾਹ ਤੋਂ ਤਕਲੀਫ

* ਸਾਹ ਦੀ ਨਾਲੀ ਦਾ ਰੋਕਾ

* ਦਮਾ

* ਜਮਾਂਦਰੂ ਦਿਲ ਦੇ ਰੋਗ

* ਨਿਮੂਨੀਆ

* ਜ਼ਹਿਰੀਲੀ ਚੀਜ਼ ਦਾ ਖਾਧਾ ਜਾਣਾ

  1. ਜੇ ਜੀਭ ਉੱਪਰਲੇ ਪੈਪਿਲੇ (ਉਭਰੇ ਦਾਣੇ) ਲੰਮੇ ਵਾਲਾਂ ਵਾਂਗ ਹੋ ਜਾਣ ਤਾਂ ਕਾਲੀ ਵਾਲਾਂ ਵਾਲੀ ਜੀਭ ਬਣ ਜਾਂਦੀ ਹੈ, ਜਿਸ ਵਿਚ ਖਾਣ ਵਾਲੀਆਂ ਚੀਜ਼ਾਂ ਅੜਨ ਲੱਗ ਪੈਂਦੀਆਂ ਹਨ ਤੇ ਕੀਟਾਣੂਆਂ ਦੇ ਹਮਲੇ ਕਾਰਨ ਜੀਭ ਪਹਿਲਾਂ ਭੂਰੀ ਤੇ ਫੇਰ ਕਾਲੀ ਹੋ ਜਾਂਦੀ ਹੈ।

          ਬਦਹਜ਼ਮੀ ਲਈ ਵਰਤੀਆਂ ਜਾਂਦੀਆਂ ਬਿਸਮਥ ਵਾਲੀਆਂ ਦਵਾਈਆਂ, ਕੁੱਝ ਐਂਟੀਬਾਇਓਟਿਕ ਦਵਾਈਆਂ, ਮਾਊਥਵਾਸ਼, ਤਮਾਕੂ, ਮੂੰਹ ਰਾਹੀਂ ਸਾਹ ਲੈਂਦੇ ਰਹਿਣ ਕਾਰਨ, ਦੰਦਾਂ ਵਿਚ ਕੀਟਾਣੂਆਂ ਦੇ ਹਮਲੇ ਆਦਿ ਕਾਰਨ ਵੀ ਜੀਭ ਕਾਲੀ ਹੋ ਸਕਦੀ ਹੈ।

          ਟਾਈਫਾਈਡ ਬੁਖ਼ਾਰ ਵਿਚ ਜੀਭ ਉੱਤੇ ਚਿੱਟਾ-ਚਿੱਟਾ ਕੁੱਝ ਜੰਮ ਜਾਂਦਾ ਹੈ ਅਤੇ ਬਦਹਜ਼ਮੀ ਵਿਚ ਵੀ ਇਹੋ ਕੁੱਝ ਹੋ ਸਕਦਾ ਹੈ।

ਮੁੱਕਦੀ ਗੱਲ ਇਹ ਕਿ ਜੀਭ ਦਾ ਰੰਗ ਬਦਲਦੇ ਸਾਰ ਤੁਰੰਤ ਸਿਆਣੇ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ।

ਸਵਾਲ ਮਾਪਿਆਂ ਦੇ ਜਵਾਬ ਡਾਕਟਰ ਦੇ (ਭਾਗ-3)

0

ਸਵਾਲ ਮਾਪਿਆਂ ਦੇ ਜਵਾਬ ਡਾਕਟਰ ਦੇ (ਭਾਗ-3)

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ। ਫੋਨ ਨੰ: 0175-2216783

ਸਵਾਲ :- ਮੇਰਾ ਬੱਚਾ ਟਿਕ ਕੇ ਨਹੀਂ ਬਹਿੰਦਾ। ਮੈਂ ਸਾਰਾ ਦਿਨ ਉਸ ਨਾਲ ਖਪ ਖਿੱਝ ਕੇ ਥੱਕ ਜਾਂਦੀ ਹਾਂ, ਕੀ ਕਰਾਂ ?

ਜਵਾਬ :- ਟਿਕ ਕੇ ਨਾ ਬਹਿ ਸਕਣ ਵਾਲੇ ਬੱਚੇ ਨੂੰ ਸੰਭਾਲਣਾ ਬਹੁਤ ਜ਼ਿਆਦਾ ਔਖਾ ਹੈ ਪਰ ਨਾਮੁਮਕਿਨ ਨਹੀਂ। ਅਜਿਹਾ ਬੱਚਾ ਧਿਆਨ ਲਾ ਕੇ ਪੜ੍ਹ ਨਹੀਂ ਸਕਦਾ ਤੇ ਨਾ ਹੀ ਪੂਰੀ ਗੱਲ ਸੁਣਦਾ ਹੈ। ਆਪਣੇ ਆਪ ਨੂੰ ਕਾਬੂ ਰੱਖਣਾ ਵੀ ਬੱਚੇ ਲਈ ਨਾਮੁਮਕਿਨ ਹੁੰਦਾ ਹੈ, ਜਿਸ ਸਦਕਾ ਉਹ ਗੁੱਸੇ ਵਾਲਾ, ਜਿੱਦੀ ਤੇ ਅੜਬ ਤਾਂ ਬਣਦਾ ਹੀ ਹੈ ਪਰ ਲਗਾਤਾਰ ਝਿੜਕਾਂ ਵੀ ਖਾਂਦਾ ਰਹਿੰਦਾ ਹੈ।

ਬੱਚੇ ਦੇ ਵਿਹਾਰ ਵਿਚ ਤਬਦੀਲੀ ਲਿਆਉਣ ਲਈ ਕਾਫ਼ੀ ਕੁੱਝ ਕੀਤਾ ਜਾ ਸਕਦਾ ਹੈ ਪਰ, ਇਕ ਗੱਲ ਪੱਲੇ ਬੰਨ੍ਹ ਲਓ ਕਿ ਬੱਚੇ ਨੂੰ ਬਿਗੜੈਲ ਘੋੜੇ ਵਾਂਗ ਔਖਿਆਂ ਕਾਬੂ ਕਰਨਾ ਪੈਂਦਾ ਹੈ ਤੇ ਉਹ ਵੀ ਬਿਨਾਂ ਗੁੱਸੇ ਹੋਏ। ਕਈ ਕਈ ਦਿਨ ਮਿਹਨਤ ਕਰਨ ਬਾਅਦ ਕੁੱਝ ਕੁ ਕੰਮ, ਬੱਚੇ ਦੇ ਜਿੰਮੇ ਪੱਕੀ ਤੌਰ ਉੱਤੇ ਲਾਏ ਜਾ ਸਕਦੇ ਹਨ, ਜਿਨ੍ਹਾਂ ਨਾਲ ਬੱਚੇ ਨੂੰ ਟਾਈਮ ਟੇਬਲ ਵਾਂਗ ਕੰਮ ਕਰਨ ਦਾ ਵੱਲ ਆ ਜਾਂਦਾ ਹੈ।  ਮਸਲਨ:

  1. ਆਪਣਾ ਬਿਸਤਰਾ ਰੋਜ਼ ਸਾਫ਼ ਕਰ ਕੇ ਚਾਦਰ ਜਾਂ ਰਜਾਈ ਤੈਅ ਕਰੇ।
  2. ਧੋਤੇ ਹੋਏ ਭਾਂਡੇ ਚੰਗੀ ਤਰ੍ਹਾਂ ਫੱਟੇ ਉੱਤੇ ਟਿਕਾਏ।
  3. ਰੋਟੀ ਤੋਂ ਬਾਅਦ ਜੂਠੇ ਭਾਂਡੇ ਚੁੱਕੇ।
  4. ਖਾਣਾ ਖਾਣ ਲਈ ਪੂਰੇ ਸਮੇਂ ਉੱਤੇ ਖਾਣੇ ਦੀ ਮੇਜ਼ ਉੱਤੇ ਪਹੁੰਚੇ।

ਜਿਹੜੇ ਬੱਚੇ ਮਾਨਸਿਕ ਪੱਖੋਂ ਨਾਰਮਲ ਨਾ ਹੋਣ ਅਤੇ ਟਿਕ ਕੇ ਬਹਿ ਨਾ ਸਕਦੇ ਹੋਣ, ਉਨ੍ਹਾਂ ਲਈ ਇਹ ਕੰਮ ਬਹੁਤ ਔਖੇ ਹੁੰਦੇ ਹਨ ਕਿਉਂਕਿ ਉਹ ਕਿਸੇ ਹੋਰ ਨੂੰ ਬੋਲਦੇ ਹੋਏ ਨੂੰ ਟੋਕਦੇ ਰਹਿੰਦੇ ਹਨ, ਸਕੂਲ ਦਾ ਕੰਮ ਪੂਰਾ ਨਹੀਂ ਕਰ ਸਕਦੇ ਅਤੇ ਸਵੇਰ ਵੇਲੇ ਮੰਜੇ ਤੋਂ ਉੱਠਣ ਤੋਂ ਇਨਕਾਰੀ ਹੁੰਦੇ ਹਨ।

ਰੂਟੀਨ ਬੰਨਣ ਲਈ ਇਨਾਮ ਦੇਣਾ ਜ਼ਰੂਰੀ ਹੁੰਦਾ ਹੈ। ਬੱਚੇ ਦੇ ਕਿਸੇ ਵੀ ਕੀਤੇ ਚੰਗੇ ਕੰਮ ਜਾਂ ਰੂਟੀਨ ਦੇ ਬੰਨ੍ਹੇ ਹੋਏ ਕੰਮਾਂ ਨੂੰ ਨੇਪਰੇ ਚੜ੍ਹਾਉਂਦੇ ਰਹਿਣ ਲਈ ਇਨਾਮ ਦੇਣਾ ਲਾਜ਼ਮੀ ਹੈ। ਇਸ ਲਈ ਬਹੁਤੇ ਔਖੇ ਕੰਮ ਨਹੀਂ ਦੇਣੇ ਚਾਹੀਦੇ। ਇਨਾਮ ਵੀ ਹੱਦੋਂ ਵੱਧ ਮਹਿੰਗਾ ਨਹੀਂ, ਬਲਕਿ ਨਿੱਕੀ ਮੋਟੀ ਬੱਚੇ ਦੀ ਪਸੰਦੀਦਾ ਚੀਜ਼ ਹੋ ਸਕਦੀ ਹੈ।

ਮਸਲਨ ਸਭ ਤੋਂ ਪਹਿਲਾਂ, ਵਿਹਾਰ ਵਿਚ ਤਬਦੀਲੀ ਦੀ ਗੱਲ ਹੀ ਲਈਏ। ਇਕ ਤੋਂ 25 ਤੱਕ ਵੱਖੋ-ਵੱਖਰੇ ਕੰਮਾਂ ਦੇ ਨੰਬਰ ਦੇ ਦਿਓ। ਜਿਵੇਂ ਸਵਖ਼ਤੇ ਵੇਲੇ ਸਿਰ ਉੱਠਣਾ-10 ਨੰਬਰ, ਉੱਠ ਕੇ ਸਭ ਨੂੰ ਸਤਿ ਸ੍ਰੀ ਅਕਾਲ ਬੁਲਾਉਣਾ-4 ਨੰਬਰ, ਆਪਣਾ ਬਿਸਤਰਾ ਆਪ ਠੀਕ ਕਰਨਾ-8 ਨੰਬਰ, ਗੁੱਸਾ ਕਾਬੂ ਕਰਨਾ-10 ਨੰਬਰ, ਮੇਜ਼ ਉੱਤੇ ਪਲੇਟਾਂ ਲਾਉਣੀਆਂ-10 ਨੰਬਰ, ਚੀਜ਼ ਨਾ ਤੋੜਨੀ-20 ਨੰਬਰ, ਹੋਮਵਰਕ ਕਰਨਾ-20 ਨੰਬਰ! ਜਿਹੜੇ ਕੰਮ ਕਰ ਲਏ, ਉਸ ਦੇ ਨੰਬਰ ਜਮਾਂ ਕਰੀ ਜਾਣੇ ਤੇ ਜਿਹੜੇ ਨਾ ਕੀਤੇ, ਉਸ ਦੇ ਨੰਬਰ ਮਨਫ਼ੀ ਕਰੀ ਜਾਣੇ।

ਇੰਜ ਕਰਦਿਆਂ ਸ਼ਾਮ ਨੂੰ ਬੱਚੇ ਨੂੰ ਕੋਲ ਬਿਠਾ ਕੇ ਪੂਰੇ ਨੰਬਰ ਜਮਾਂ-ਮਨਫ਼ੀ ਕਰ ਲੈਣੇ। ਇਹ ਸਭ ਸੌਖੇ ਸ਼ਬਦਾਂ ਵਿਚ ਬੱਚੇ ਨੂੰ ਵਾਰ-ਵਾਰ ਦੁਹਰਾ ਕੇ ਸਮਝਾਉਣ ਦੀ ਲੋੜ ਹੁੰਦੀ ਹੈ।

ਮੈਂ ਦੁਬਾਰਾ ਚੇਤੇ ਕਰਵਾ ਦਿਆਂ ਕਿ ਇਹ ਬੱਚੇ ਮਾਨਸਿਕ ਪੱਖੋਂ ਬਾਕੀ ਬੱਚਿਆਂ ਤੋਂ ਕਾਫੀ ਪਛੜੇ ਹੁੰਦੇ ਹਨ। ਇਸ ਲਈ ਅਜਿਹੇ ਨਿੱਕੇ ਕੰਮ ਜੋ ਆਮ ਬੱਚੇ ਕੰਮ ਹੀ ਨਹੀਂ ਗਿਣਦੇ, ਇਨ੍ਹਾਂ ਬੱਚਿਆਂ ਲਈ ਬਹੁਤ ਵੱਡੇ ਕਾਰਜ ਸਾਬਤ ਹੁੰਦੇ ਹਨ। ਇਸ ਰੂਟੀਨ ਨੂੰ ਪੂਰੀ ਤਰ੍ਹਾਂ ਅਪਨਾਉਣ ਲਈ ਬੱਚੇ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਅਤੇ ਆਪਣੇ ਬੇਕਾਬੂ ਮਨ ਅਤੇ ਸਰੀਰ ਨੂੰ ਪੂਰੀ ਤਾਕਤ ਨਾਲ ਜੋੜ ਕੇ ਰੱਖਣਾ ਪੈਂਦਾ ਹੈ। ਇਸੇ ਲਈ 25 ਨੰਬਰ ਟੱਪ ਜਾਣ ਉੱਤੇ ਉਸ ਦੀ ਮਰਜ਼ੀ ਦੀ ਕਮੀਜ਼, ਜੁੱਤੀ, ਰੁਮਾਲ, ਖਿਡੌਣਾ, ਚਾਕਲੇਟ ਆਦਿ ਦਿੱਤੇ ਜਾ ਸਕਦੇ ਹਨ ਜਾਂ ਉਸ ਦੀ ਮਰਜ਼ੀ ਦੀ ਥਾਂ ਘੁਮਾਉਣ ਲਿਜਾਇਆ ਜਾ ਸਕਦਾ ਹੈ, ਜਿਨ੍ਹਾਂ ਵਿਚ ਖੇਡਣ ਵਾਲਾ ਪਾਰਕ ਵਗੈਰਾਹ ਵੀ ਹੋ ਸਕਦਾ ਹੈ।

ਜਦੋਂ ਅਜਿਹਾ ਨੰਬਰ ਸਿਸਟਮ ਲਾਗੂ ਕੀਤਾ ਜਾਂਦਾ ਹੈ ਤਾਂ ਸ਼ੁਰੂ ਵਿਚ ਇਹ ਬੱਚੇ ਉੱਕਾ ਹੀ ਮਨਾ ਕਰ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਇਹ ਸੰਭਵ ਨਹੀਂ ਹੈ ਤੇ ਮਹਿਸੂਸ ਕਰਦੇ ਹਨ ਜਿਵੇਂ ਉਨ੍ਹਾਂ ਨੂੰ ਵਾੜੇ ਅੰਦਰ ਤਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਏਸੇ ਲਈ ਸ਼ੁਰੂ-ਸ਼ੁਰੂ ਵਿਚ ਮਨਫ਼ੀ ਵਾਲੇ ਟੋਕਨ ਨੰਬਰ ਕਦੇ ਕਦਾਈਂ ਰਹਿਣ ਦੇਣੇ ਚਾਹੀਦੇ ਹਨ। ਫਿਰ ਹੌਲੀ-ਹੌਲੀ ਇਕ ਮਨਫ਼ੀ ਵਾਲਾ ਟੋਕਨ ਟਿਕਾਈ ਰੱਖੋ। ਫੇਰ ਦੋ ਕਰੋ। ਜੇ ਬੱਚਾ ਆਪਣੀ ਮਨਪਸੰਦ ਵਾਲੀ ਚੀਜ਼ ਪਾਉਣ ਲਈ ਚਾਹਵਾਨ ਹੋਵੇ ਤਾਂ ਹੌਲੀ-ਹੌਲੀ ਮਨਫ਼ੀ ਵਾਲੇ ਟੋਕਨਾਂ ਤੋਂ ਬਚਣਾ ਸ਼ੁਰੂ ਕਰ ਦੇਵੇਗਾ।

ਏਨਾ ਧਿਆਨ ਰੱਖਣ ਦੀ ਲੋੜ ਹੈ ਕਿ ‘ਸ਼ੁਰੂ-ਸ਼ੁਰੂ’ ਦਾ ਮਤਲਬ ਹੈ ਸਿਰਫ਼ ਪਹਿਲੇ 2 ਜਾਂ 3 ਦਿਨ। ਜੇ ਇਸ ਤੋਂ ਵਧ ਦਿਨ ਮਨਫ਼ੀ ਵਾਲੇ ਟੋਕਨ ਵਰਤਣੇ ਨਾ ਸ਼ੁਰੂਕੀਤੇ ਗਏ ਤਾਂ ‘ਬਿਹੇਵੀਅਰ ਪਲੈਨ’ ਉੱਕਾ ਹੀ ਕਮਜ਼ੋਰ ਹੋ ਜਾਵੇਗਾ ਤੇ ਫੇਰ ਅਜਿਹੇ ਬੱਚੇ ਬਿਲਕੁਲ ਕਿਸੇ ਪਾਸਿਓਂ ਕਾਬੂ ਨਹੀਂ ਆਉਂਦੇ।

ਬੱਚੇ ਨੂੰ ਰੋਜ਼ ਉਸ ਦੇ ਨੰਬਰਾਂ ਵਾਲੀ ਸ਼ੀਟ ਵਿਖਾਉਣੀ ਚਾਹੀਦੀ ਹੈ। ਸਾਰੇ ਟੱਬਰ ਨੂੰ ਇਸ ਵਿਚ ਸ਼ਾਮਲ ਕਰਨ ਦੀ ਲੋੜ ਹੈ ਤਾਂ ਜੋ ਕੋਈ ਮੋਹ ਦਾ ਮਾਰਿਆ ਬੱਚੇ ਦੇ ਮਾਨਸਿਕ ਪਰਿਵਰਤਨ ਵਿਚ ਰੋਕਾ ਨਾ ਪਾ ਦੇਵੇ।

ਜੇ ਬੱਚਾ ਪਲੈਨ ਦੇ ਮੁਤਾਬਕ ਉੱਕਾ ਹੀ ਨਾ ਚਲ ਰਿਹਾ ਹੋਵੇ ਤਾਂ ਇਸ ਦਾ ਮਤਲਬ ਹੈ ਕਿ ਜਿੰਨਾ ਉਸ ਦਾ ਦਿਮਾਗ਼ ਸਮਝ ਸਕਦਾ ਹੈ, ਇਹ ਕੰਮ ਉਸ ਤੋਂ ਵਧ ਦੱਸੇ ਗਏ ਹਨ। ਸੋ ‘ਬਿਹੇਵੀਅਰ ਪਲੈਨ’ ਵਿਚਲੇ ਕੰਮ ਘਟਾਉਣ ਦੀ ਲੋੜ ਹੈ।

ਸਭ ਤੋਂ ਪਹਿਲਾਂ ਜਿਸ ਪੱਖੋਂ ਵੱਧ ਤੰਗ ਹੋਵੇ, ਉਸੇ ਕੰਮ ਨੂੰ ਫੜਨ ਦੀ ਲੋੜ ਹੈ। ਮਸਲਨ-ਸਵਖ਼ਤੇ ਉੱਠਣਾ ਜਾਂ ਮੇਜ਼ ਉੱਤੋਂ ਜੂਠੀਆਂ ਪਲੇਟਾਂ ਚੁੱਕਣੀਆਂ, ਆਦਿ।

ਜੇ ਅਜਿਹਾ ਇਕ ਅੱਧ ਕੰਮ ਵੀ ਠਰੰਮੇ ਨਾਲ ਕਰਵਾ ਲਿਆ ਤਾਂ ਅਗਲੇ ਹੋਰ ਕੰਮ ਜੋੜੇ ਜਾ ਸਕਦੇ ਹਨ। ਧਿਆਨ ਰਹੇ, ਜੇ ਕਿਸੇ ਵੇਲੇ ਵੀ ਮਾਪੇ ਖਿਝਣ ਲੱਗ ਪਏ ਤਾਂ ਸਾਰਾ ਕੀਤਾ ਕਰਾਇਆ ਖ਼ਤਮ ਸਮਝੋ।

ਬੱਚੇ ਨਾਲ ਲੰਮੀਆਂ-ਲੰਮੀਆਂ ਗੱਲਾਂ ਜਾਂ ਸਲਾਹਾਂ ਕਰਨ ਦੀ ਲੋੜ ਨਹੀਂ ਹੈ। ਜੇ ਸਲਾਹਾਂ ਕਰਨ ਲੱਗ ਪਏ ਜਾਂ ਬੱਚੇ ਦੇ ਕਹੇ ਅਨੁਸਾਰ ਚੱਲੇ ਤਾਂ ਉਹ ਉੱਕਾ ਹੀ ਬੇਕਾਬੂ ਹੋ ਜਾਏਗਾ। ਸੋ ਆਪਣੇ ਬਣਾਏ ਪਲੈਨ ਵਿਚ ਰਤਾ ਕੁ ਸਖ਼ਤੀ ਨਾਲ ਟਿਕੇ ਰਹਿਣ ਦੀ ਲੋੜ ਹੈ। ਢਿੱਲ ਦੇਣ ਦਾ ਮਤਲਬ ਹੈ ਬੱਚੇ ਦਾ ਉੱਕਾ ਹੀ ਹੱਥੋਂ ਨਿਕਲਜਾਣਾ। ਢਹਿ ਢੇਰੀ ਹੋ ਕੇ ਬਹਿਣ ਨਾਲੋਂ ‘ਬਿਹੇਵੀਅਰ ਪਲੈਨ’ ਬਣਾ ਕੇ ਜਿੱਥੇ ਬੱਚੇ ਨੂੰ ਸੇਧ ਮਿਲਦੀ ਹੈ ਉੱਥੇ ਉਸ ਦਾ ਦਿਮਾਗ਼ ਆਹਰੇ ਲੱਗ ਜਾਂਦਾ ਹੈ। ਸਕੂਲ ਵਿਚ ਵੀ ‘ਬਿਹੇਵੀਅਰ ਪਲੈਨ’ ਦੀ ਲੋੜ ਹੈ।

  1. ਬੱਚੇ ਦੀ ਸੀਟ ਅਧਿਆਪਕ ਦੇ ਨੇੜੇ ਪਰ ਖਿੜਕੀਆਂ ਦਰਵਾਜ਼ੇ ਤੋਂ ਪਰ੍ਹਾਂ ਹੋਣੀ ਚਾਹੀਦੀ ਹੈ।
  2. ਅਜਿਹੇ ਬੱਚੇ ਅਧਿਆਪਕ ਵੱਲੋਂ ਬੋਲੀ ਹੋਈ ਹਰ ਗੱਲ ਯਾਦ ਰੱਖਣ ਦੇ ਸਮਰਥ ਨਹੀਂ ਹੁੰਦੇ, ਸੋ ਹਰ ਕਲਾਸ ਵਿਚਲਾ ਸਬਕ ਟੇਪ ਕਰ ਕੇ ਦੇਣਾ ਚਾਹੀਦਾ ਹੈ।
  3. ਲਿਖਣ ਵਿਚ ਦਿੱਕਤ ਆਉਣ ਕਾਰਣ ਇਨ੍ਹਾਂ ਬੱਚਿਆਂ ਨੂੰ ਕਿਸੇ ਹੋਰ ਲੋੜਵੰਦ ਬੱਚੇ ਵੱਲੋਂ ਕਾਪੀ ਵਿਚ ਪੂਰਾ ਕਲਾਸ ਦਾ ਕੰਮ ਉਤਾਰਨ ਲਈ ਕਿਹਾ ਜਾ ਸਕਦਾ ਹੈ, ਜਿਸ ਦਾ ਥੋੜਾ ਬਹੁਤ ਮਿਹਨਤਾਨਾ ਦੇਣਾ ਚਾਹੀਦਾ ਹੈ।
  4. ਘਰ ਵਿਚ ਕਰਨ ਲਈ ਲਿਖਤੀ ਕੰਮ ਘੱਟ ਦੇਣਾ ਚਾਹੀਦਾ ਹੈ। ਸਿਰਫ਼ ਯਾਦ ਕਰਨ ਲਈ ਕੁੱਝ ਪਹਿਰੇ ਜਾਂ ਸਵਾਲ ਬਥੇਰੇ ਹਨ।
  5. ਇਮਤਿਹਾਨਾਂ ਵਿਚ ਬੱਚੇ ਨੂੰ ਬਾਕੀਆਂ ਨਾਲੋਂ ਵੱਧ ਵਕਤ ਦੇਣ ਦੀ ਲੋੜ ਹੈ।
  6. ਇਨ੍ਹਾਂ ਬੱਚਿਆਂ ਵਿਚ ਟਿਕ ਕੇ ਬਹਿਣ ਵਿਚ ਦਿੱਕਤ ਆਉਂਦੀ ਹੈ। ਸੋ ਕੁੱਝ ਅਜਿਹੇ ਕੰਮ, ਜਿਵੇਂ, ਸਾਰੇ ਬੱਚਿਆਂ ਦੀਆਂ ਕਾਪੀਆਂ ਇਕੱਠੀਆਂ ਕਰ ਕੇ ਟੀਚਰ ਨੂੰ ਫੜਾਓ, ਬਾਹਰੋਂ ਪਾਣੀ ਲੈ ਕੇ ਆਓ, ਬਲੈਕ ਬੋਰਡ ਸਾਫ਼ ਕਰੋ ਵਰਗੀਆਂ ਨਿੱਕੀਆਂ ਮੋਟੀਆਂ ਗੱਲਾਂ ਨਾਲ ਬੱਚਾ ਰਤਾ ਮਾਸਾ ਹਿਲ ਜੁਲ ਹੋਣ ਬਾਅਦ ਫਿਰ ਕੁੱਝ ਚਿਰ ਟਿਕ ਕੇ ਬਹਿ ਜਾਂਦਾ ਹੈ।

ਪੱਲੇ ਬੰਨਣ ਦੀ ਗੱਲ ਇਹ ਹੈ ਕਿ ਬੱਚਾ ਤਾਂ ਮਾਨਸਿਕ ਪੱਖੋਂ ਰੋਗੀ ਹੈ ਹੀ, ਉਸ ਨਾਲ ਢਹਿ ਢੇਰੀ ਹੋ ਕੇ ਬਹਿ ਜਾਣ ਜਾਂ ਕੋਸਣ ਨਾਲ ਕੁੱਝ ਹਾਸਲ ਨਹੀਂ ਹੋਣਾ। ਹਿੰਮਤ ਕਰਦੇ ਰਹਿਣ ਨਾਲ ਸਭ ਸੰਵਾਰਿਆ ਜਾ ਸਕਦਾ ਹੈ। ਸੋ ਡਟੇ ਰਹੋ ਤੇ ਸਫ਼ਲਤਾ ਹਾਸਲ ਕਰੋ ! ਨਾਲੇ ਲੰਮੀ ਉਮਰ ਭੋਗੇ। ਮਨੋਰਥ ਪੂਰ ਚਾੜ੍ਹਨ ਦਾ ਹੁਲਾਰਾ ਲੰਮੀ ਉਮਰ ਬਖ਼ਸ਼ ਦਿੰਦਾ ਹੈ !

ਪੱਤਰਕਾਰ ਦੀ ਕਲਮ ਠੱਗੀਆਂ ਮਾਰ ਕੇ ਪੈਸੇ ਕਮਾਉਣ ਲਈ ਨਹੀਂ ਹੁੰਦੀ।

0

ਪੱਤਰਕਾਰ ਦੀ ਕਲਮ ਠੱਗੀਆਂ ਮਾਰ ਕੇ ਪੈਸੇ ਕਮਾਉਣ ਲਈ ਨਹੀਂ ਹੁੰਦੀ।

ਰੀਤਵਾਲ ਬਰੇਟਾ, ਪਿੰਡ/ਡਾਕ. ਬਰੇਟਾ , ਤਹਿਸੀਲ ਬੁਢਲਾਡਾ, ਜਿਲਾ ਮਾਨਸਾ – ਫੋਨ ਨੰ : 98722-49961

ਪੱਤਰਕਾਰੀ ਨੂੰ ਲੋਕਤੰਤਰ ਦੇ ਚਾਰ ਥੰਮਾਂ ’ਚੋਂ ਇੱਕ ਥੰਮ ਹੋਣ ਦਾ ਮਾਣ ਤਾਂ ਹਾਸਲ ਹੈ ਪਰ ਹੁਣ ਪੱਤਰਕਾਰੀ ਵੀ ਇੱਕ ਧੰਦਾ ਬਣ ਕੇ ਰਹਿ ਗਈ ਹੈ । ਬੇਰੁਜਗਾਰੀ ਦੇ ਮਾਰੇ ਹੋਏ ਕਈ ਵੀਰ ਪੱਤਰਕਾਰੀ ਵਿੱਚੋਂ ਹੀ ਰੁਜਗਾਰ ਲੱਭਣ ਦੀ ਭਾਲ ਵਿੱਚ ਬਲੈਕ ਮੇਲਰ ਬਣ ਜਾਂਦੇ ਹਨ। ਕਿਉਂਕਿ ਅਖਬਾਰਾਂ ਵਾਲੇ ਵੀ ਪੱਤਰਕਾਰਾਂ ਨੂੰ ਕੁੱਝ ਦੇਣ ਦੀ ਥਾਂ ਉਲਟਾ ਉਹਨਾ ਤੋਂ ਹੀ ਕਮਾਈ ਭਾਲਦੇ ਹਨ, ਸਪਲੀਮੈਂਟਾਂ ਦੇ ਨਾਮ ’ਤੇ ਹਰ ਸਾਲ ਪੱਤਰਕਾਰ ਤੋਂ ਦਸ ਹਜਾਰ ਤੋਂ ਲੈ ਕੇ ਇੱਕ ਲੱਖ ਰੁਪਏ ਤੱਕ ਦਾ ਬਿਜਨਸ ਮੰਗ ਕੇ ਪੱਤਰਕਾਰ ਨੂੰ ਇਨਸਾਨੀਅਤ ਤੋਂ ਗਿਰਾ ਕੇ ਮੰਗਤਾ ਬਣਾਇਆ ਜਾਂਦਾ ਹੈ। ਹਰ ਸਾਲ ਲੋਕਾਂ ਤੋਂ ਹੱਥ ਅੱਡ ਕੇ ਮੰਗਣ ਵਾਲੇ ਪੱਤਰਕਾਰ ਵਿੱਚ ਸੱਚ ਲਿਖਣ ਦੀ ਯੋਗਤਾ ਰਹਿ ਹੀ ਨਹੀਂ ਸਕਦੀ, ਕਿਉਂਕਿ ਜੋ ਲੋਕ ਸਪਲੀਮੈਂਟ ਲਈ ਵੱਡੇ ਇਸਤਿਹਾਰ ਦਿੰਦੇ ਹਨ ਜਿਆਦਾਤਰ ਘਪਲੇ ਵੀ ਉਹੀ ਲੋਕ ਕਰਦੇ ਹਨ। ਫਿਰ ਅਜਿਹੇ ਲੋਕਾਂ ਤੋਂ ਇਸਤਿਹਾਰ ਲੈਣਵਾਲਾ ਪੱਤਰਕਾਰ ਉਹਨਾ ਵਿਰੁੱਧ ਸੱਚ ਕਿਵੇਂ ਲਿਖੇਗਾ ? ਜੇ ਉਹ ਅਜਿਹੇ ਲੋਕਾਂ ਵਿਰੁੱਧ ਸੱਚ ਲਿਖੇਗਾ ਤਾਂ ਉਹਇਸਤਿਹਾਰ ਵੀ ਕਿਉਂ ਦੇਣਗੇ? ਇਹੀ ਕਾਰਨ ਹੈ ਕਿ ਅੱਜ ਦੇ ਸਮੇਂ ਵਿੱਚ ਸੱਚੀ ਸੁੱਚੀ ਪੱਤਰਕਾਰੀ ਕਰਨ ਵਾਲੇ ਪੱਤਰਕਾਰ ਵੀਰ ਨਾ ਮਾਤਰ ਦੇ ਬਰਾਬਰ ਹੀ ਹਨ। ਪੱਤਰਕਾਰੀ ਇੱਕ ਸਾਧਨ ਹੈ ਜਿਸ ਰਾਹੀ ਅਸੀ ਲੋਕਾਂ ਦੀਆਂ ਹੱਕੀ ਮੰਗਾਂ ਅਤੇ ਸਮੱਸਿਆਵਾਂ ਨੂੰ ਪ੍ਰਸਾਸਨ ਅਤੇ ਸਰਕਾਰਾਂ ਦੀਆਂ ਨਜ਼ਰਾਂ ਤੱਕ ਪਹੁੰਚਾ ਸਕਦੇ ਹਾਂ। ਭਰਿਸ਼ਟ ਅਫਸਰਾਂ, ਮੰਤਰੀਆਂ, ਲੀਡਰਾਂ, ਵਪਾਰੀਆਂ ਆਦਿ ਦੀਆਂ ਘਟੀਆ ਹਰਕਤਾਂ, ਨਾਕਾਮੀਆਂ ਅਤੇ ਲੋਕ ਵਿਰੋਧੀ ਨੀਤੀਆਂ ਨੂੰ ਲੋਕਾਂ ਸਾਹਮਣੇ ਨੰਗਾ ਕਰਕੇ ਸੱਚ ਸਾਹਮਣੇ ਲਿਆ ਸਕਦੇ ਹਾਂ। ਪਰ ਮਿਸ਼ਨ ਤੋਂ ਕਮਿਸ਼ਨ (ਧੰਦਾ) ਬਣੇ ਪੱਤਰਕਾਰੀ ਦੇ ਇਸ ਪਵਿਤਰ ਪੇਸ਼ੇ ਵਿੱਚ ਸੱਚ ਲਈ ਸ਼ਾਇਦ ਕੋਈ ਜਗ੍ਹਾ ਬਾਕੀ ਨਹੀਂ ਰਹੀ। ਇਸੇ ਲਈ ਬੀਤੇ ਦਿਨੀ ਸ਼ਹਿਰ ਦੇ ਇੱਕ ਪੱਤਰਕਾਰ ਵੀਰ ਨੇ ਕਿਹਾ ਕਿ ਰੀਤਵਾਲ ਜੀ ਤੁਸੀਂ ਤਾਂ ਜ਼ਿਲ੍ਹਾ ਰਿਪੋਟਰ ਹੋਂ ਜੇਕਰ ਕੋਈ ਕੁੱਝ ਦਿੰਦਾ ਹੋਵੇ ਤਾਂ ਮੋੜਿਆ ਨਾ ਕਰੋ ਕਿਉਂਕਿ ਇਕੱਲੀਆਂ ਖਬਰਾਂ ਲਾ ਕੇ ਕੁੱਝ ਨੀ ਬਣਦਾ। ਛੋਟੇ-ਵੱਡੇ ਅਫ਼ਸਰ ਕਿਹੜਾ ਕਿਸੇ ਨੂੰ ਬਖ਼ਸਦੇ ਹਨ ਅਤੇ ਅਖਬਾਰ ਵਾਲੇ ਵੀ ਆਪਾਂ ਨੂੰ ਕੁੱਝ ਦੇਣ ਦੀ ਥਾਂ ਸਗੋਂ ਸਾਡੇ ਕੋਲੋਂ ਹੀ ਮੰਗਦੇ ਰਹਿੰਦੇ ਹਨ, ਨਾਲੇ ਜੇ ਠੱਗਾਂ ਨਾਲ ਠੱਗੀ ਮਾਰ ਲਈ ਜਾਵੇ ਫਿਰ ਕਿਹੜਾ ਮਾੜੀ ਗੱਲ ਹੈ? ਜਦੋਂ ਅਸੀਂ ਪੱਤਰਕਾਰੀ ਕਰਦੇ ਸੀ ਤਾਂ ਸਾਡਾ 3-4 ਜਣਿਆਂ ਦਾ ਗਰੁੱਪ ਹੁੰਦਾ ਸੀ। ਅਸੀਂ ਤਾਂ ਪਿਛਲ਼ੀਆਂ ਚੋਣਾਂ ਦੌਰਾਨ ਲੀਡਰਾਂ ਤੋਂ ਵੀ ਪੱਤਰਕਾਰੀ ਦੀ ਆੜ ਵਿੱਚ ਬਹੁਤ ਪੈਸੇ ਕਮਾਏ ਹਨ। ਮੈਂ ਉਸ ਨੂੰ ਕਿਹਾ ਕਿ ਮੇਰੇ ਵੱਡੇ ਵੀਰ ਤੁਹਾਨੂੰ ਸ਼ਰਮਆਉਣੀ ਚਾਹੀਂਦੀ ਹੈ ਤੁਸੀਂ ਲੋਕ ਪੈਸੇ ਦੀ ਖਾਤਰ ਪੱਤਰਕਾਰੀ ਦੇ ਪਵਿੱਤਰ ਪੇਸ਼ੇ ਨੂੰ ਕਲੰਕਿਤ ਕਰਦੇ ਹੋਂ, ਜੇ ਪੈਸਾ ਹੀ ਕਮਾਉਣਾ ਹੈ ਤਾਂ ਕੋਈ ਹੋਰ ਦੁਕਾਨ ਜਾਂ ਧੰਦਾ ਕਰ ਲਵੋ, ਪੱਤਰਕਾਰੀ ਨੂੰ ਕਿਉਂ ਬਦਨਾਮ ਕਰਦੇ ਹੋਂ, ਤੁਸੀਂ ਲੋਕਾਂ ਨੂੰ ਕੀ ਸੇਧ ਦਿਉਂਗੇ, ਕੀ ਸੱਚ ਸਾਹਮਣੇ ਲਿਆਉਂਗੇ ? ਤਾਂ ਉਹ ਉਲਟਾ ਮੈਨੂੰ ਕਹਿੰਦਾ ਕੋਈ ਗੱਲ ਨਹੀਂ ਵੀਰ ਜੀ ! ਤੁਸੀ ਇਸ ਲਾਇਨ ਵਿੱਚ ਨਵੇਂ ਨਵੇਂ ਆਏ ਹੋਂ, ਇੱਥੇ ਤਾਂ ਸੱਭ ਕੁੱਝ ਏਵੇਂ ਹੀ ਰਲ ਕੇ ਚਲਦਾ ਹੈ। ਮੈਂ ਉਸ ਨੂੰ ਕਿਹਾ ਵੀਰ ! ਮੇਰੀ ਜ਼ਿੰਦਗੀ ਵਿੱਚ ਅਜਿਹਾ ਕੋਈ ਦਿਨ ਤੈਨੂੰ ਵੇਖਣ ਨੂੰ ਨਹੀਂ ਮਿਲੇਗਾ ਜਿਸ ਦਿਨ ਮੈਂ ਤੈਨੂੰ ਪੱਤਰਕਾਰੀ ਦੇ ਨਾਂ ’ਤੇ ਕੋਈ ਨਜਾਇਜ਼ ਫਾਇਦਾ ਲੈਂਦਾ ਮਿਲ ਜਾਵਾਂ, ਕਿਉਂਕਿ ਮੈਂ ਇਸ ਲਾਇਨ ਵਿੱਚ ਆਪਣੇ ਸ਼ੋਂਕ ਅਤੇ ਸੱਚ ਲਿਖਣ ਲਈ ਆਇਆ ਹਾਂ, ਕਮਾਈ ਕਰਨ ਲਈ ਨਹੀਂ, ਇਹ ਗੱਲ ਠੀਕ ਹੈ ਕਿ ਅਖਬਾਰਾਂ ਵਾਲੇ ਆਪਾਂ ਨੂੰ ਕੁੱਝ ਨਹੀਂਦਿੰਦੇ, ਪਰ ਅਖਬਾਰਾਂ ਵਾਲੇ ਆਪਾਂ ਨੂੰ ਬੁਲਾਉਣ ਵੀ ਨਹੀਂ ਆਉਂਦੇ, ਆਪਾਂ ਖੁਦ ਹੀ ਚੱਲ ਕੇ ਜਾਂਦੇ ਹਾਂ ਕਿ ਮੈਨੂੰ ਰੱਖੋ ਜੀ। ਪਰ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਕੁੱਝ ਅਖਬਾਰਾਂ ਦੀ ਪੈਸੇ ਕਮਾਊ ਸੋਚ ਸਦਕਾ ਮਾੜੇ ਪੱਤਰਕਾਰ ਅੱਗੇ ਆ ਰਹੇ ਹਨ ਜਿੰਨਾ ਨੇ ਪੱਤਰਕਾਰੀ ਦੇ ਮਿਸ਼ਨ ਨੂੰ ਧੰਦਾ ਬਣਾ ਕੇ ਬਦਨਾਮ ਕਰ ਦਿੱਤਾ ਹੈ।ਇੱਕ-ਇੱਕ ਅਖਵਾਰ ਨੇ ਇੱਕ ਇੱਕ ਸ਼ਹਿਰ ਵਿੱਚ ਕਈ ਕਈ ਪੱਤਰਕਾਰ ਰੱਖੇ ਹੋਏ ਹਨ। ਮੈਨੂੰ ਇੱਕ ਸ਼ਹਿਰ ਵਾਸੀ ਨੇ ਦੱਸਿਆ ਕਿ ਮੈ ਪਿਛਲੇ ਦਿਨੀ ਇੱਕ ਪੱਤਰਕਾਰ ਵੀਰ ਕੋਲ ਆਪਣੇ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਖਬਾਰ ਵਿੱਚ ਫੋਟੋ ਲਗਵਾਉਣ ਗਿਆ ਸੀ ਤਾਂ ਉਸ ਨੇ ਮੇਰੇ ਕੋਲੋਂ ਖਰਚੇ ਦੇ 70 ਰੁਪਏ ਲੈ ਲਏ। ਅਜਿਹੀਆਂ ਗੱਲਾਂ ਸੁਣ ਕੇ ਦੁੱਖ ਹੁੰਦਾ ਹੈ ਬੇਸ਼ੱਕ ਸਾਰੇ ਪੱਤਰਕਾਰ ਮਾੜੇ ਨਹੀਂ ਹੁੰਦੇ ਪਰ ਅਜਿਹੇ ਪੱਤਰਕਾਰਾਂ ਕਾਰਨ ਅੱਜ ਸਮਾਜ ਵਿੱਚ ਪੱਤਰਕਾਰਾਂ ਨੂੰ ਇੱਜ਼ਤ ਦੀ ਨਜਰ ਨਾਲ ਨਹੀਂ ਵੇਖਿਆ ਜਾਦਾ। ਫਿਰ ਮੇਰੇ ਉਹ ਗੱਲ ਯਾਦ ਆ ਜਾਂਦੀ ਹੈ ਜਦੋਂ ਪੱਤਰਕਾਰੀ ਲਾਇਨ ਵਿੱਚ ਨਵਾਂ ਨਵਾਂ ਆਇਆ ਸੀ ਉਦੋਂ ਮੈਂ ਇੱਕ ਇਮਾਨਦਾਰ ਤੇ ਹਮੇਸ਼ਾ ਸੱਚ ਨਾਲ ਖੜ੍ਹਨ ਵਾਲੇ ਵੀਰ ਹਰਲਾਜ ਸਿੰਘ ਬਹਾਦਰਪੁਰ ਸਾਬਕਾ ਪੱਤਰਕਾਰ ਰੋਜਾਨਾ ਸਪੋਕਸਮੈਨ ਕੋਲ ਗਿਆ ਸੀ, ਕਿ ਵੀਰ ਜੀ!ਤੁਸੀਂ ਮੇਰੇ ਕਰਕੇ ਦੁਬਾਰਾ ਪੱਤਰਕਾਰੀ ਸ਼ੁਰੂ ਕਰ ਲਓ ਕਿਉਂਕਿ ਮੈਨੂੰ ਤੁਹਾਡੇ ਜਿਹੇ ਇਮਾਨਦਾਰ ਪੱਤਰਕਾਰ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਮੈਨੂੰ ਪਤਾ ਸੀ ਕਿ ਉਸ ਨੇ ਆਪਣੇ ਸਮੇ ਸਪੋਕਸਮੈਨ ਅਖਬਾਰ ਨੂੰ ਆਪਣੇ ਏਰੀਏ ਵਿੱਚ ਸ਼ਿਖਰਾਂ ’ਤੇ ਚੜ੍ਹਾ ਦਿੱਤਾ ਸੀ। ਇਸ ਲਈ ਮੈਨੂੰ ਵੀ ਅਜਿਹੇ ਪੱਤਰਕਾਰ ਦੀ ਜ਼ਰੂਰਤ ਸੀ, ਪਰ ਉਹ ਨਾ ਮੰਨਿਆ, ਉਸ ਨੇ ਕਿਹਾ ਕਿ ਵੀਰ ਰੀਤਵਾਲ ਜੀ ! ਇਹ ਪ੍ਰੈਸ ਦੇ ਨਾਮ ’ਤੇ ਦੁਕਾਨਾਂ ਖੁਲੀਆਂ ਹੋਈਆਂ ਹਨ, ਇੱਥੇ ਪੱਤਰਕਾਰਤਾ ਦੇ ਮਿਸ਼ਨ ਦੀ ਥਾਂ ਪੈਸੇ ਨੂੰ ਪਹਿਲ ਦਿੱਤੀ ਜਾਂਦੀ ਹੈ, ਸਚਾਈ ਦੀ ਕੋਈ ਕਦਰ ਨਹੀਂ ਕੀਤੀ ਜਾਂਦੀ, ਇਸ ਲਈ ਮੈਂ ਹੁਣ ਪੱਤਰਕਾਰੀ ਦੇ ਖੇਤਰ ਵਿੱਚ ਦੁਬਾਰਾ ਨਹੀਂ ਆਉਣਾ ਚਾਹੁੰਦਾ। ਇਹ ਜਵਾਬ ਮਿਲਣ ’ਤੇ ਮੈਨੂੰ ਕਾਫੀ ਨਿਰਾਸ਼ਾ ਵੀ ਹੋਈ ਸੀ। ਮੈਨੂੰ ਬਾਅਦ ਵਿੱਚ ਪਤਾ ਲੱਗਿਆ ਸੀ ਕਿ ਹਰਲਾਜ ਸਿੰਘ ਨੇ ਦਸੰਬਰ 2009 ਵਿੱਚ ਇਸ ਕਰਕੇ ਪੱਤਰਕਾਰੀ ਛੱਡ ਦਿੱਤੀ ਸੀ ਕਿ ਉਸ ਨੇ ਇੱਕ ਅਗਵਾਹ ਕਾਂਢ ਦੀ ਖਬਰ ਭੇਜੀ ਸੀ, ਜੋ ਸਥਾਨਿਕ ਥਾਣੇਦਾਰ ਦੇ ਵਿਰੁੱਧ ਜਾਂਦੀ ਸੀ, ਥਾਣੇਦਾਰ ਨੇ ਸਪੋਕਸਮੈਨ ਦੇ ਦਫਤਰ ਪਹੁੰਚ ਕਰਕੇ ਉਸ ਖਬਰ ਨੂੰ ਰੁਕਵਾ ਦਿੱਤਾ ਸੀ, ਇਸੇ ਤਰ੍ਹਾਂ ਉਸ ਦੀਆਂ ਦੋ-ਤਿੰਨ ਖਬਰਾਂ ਹੋਰ ਰੁਕਵਾ ਦਿੱਤੀਆਂ ਗਈਆਂ ਸਨ। ਅਖਬਾਰਾਂ ਅਤੇ ਪੱਤਰਕਾਰਾਂ ਦੀਆਂ ਅਜਿਹੀਆਂ ਘਟਨਾਵਾਂ ਨੂੰ ਚੇਤੇ ਕਰਕੇ ਮਨ ਬਹੁਤ ਦੁਖੀ ਹੁੰਦਾ ਹੈ, ਪੱਤਰਕਾਰੀ ਦੇ ਡਿੱਗ ਰਹੇ ਮਿਆਰ ਕਾਰਨ ਹੀ ਇਹ ਕੁੱਝ ਲਿਖਣਾ ਪਿਆ ਹੈ। ਬੀਤੇ ਕੁਝ ਦਿਨ ਪਹਿਲਾ ਮੈਂ ਅੱਜ ਦੀ ਆਵਾਜ਼ ਅਖ਼ਬਾਰ ਤੇ ਨਿਰਪੱਖ ਆਵਾਜ਼ ਅਖ਼ਬਾਰ ਵਿੱਚ ਪੱਤਰਕਾਰੀ ਤੇ ਇੱਕ ਆਰਟੀਕਲ ਲਗਾਇਆ ਸੀ। ਜਿਸ ਨੂੰ ਪੜ੍ਹ ਕੇ ਸੱਚ ਨੂੰ ਚਾਉਣ ਵਾਲੇ ਪਾਠਕ ਵੀਰਾਂ ਤੇ ਪੱਤਰਕਾਰ ਵੀਰਾਂ ਨੂੰ ਬਹੁਤ ਖ਼ੁਸੀ ਹੋਈ ਪ੍ਰੰਤੂ ਕੁਝ ਅਜਿਹੇ ਪੱਤਰਕਾਰ ਵੀਰ ਵੀ ਨਿੱਕਲੇ ਜਿੰਨ੍ਹਾਂ ਨੂੰ ਆਰਟੀਕਲ ਪੜ੍ਹ ਕੇ ਬਹੁਤ ਜਲਣ ਹੋਈ। ਕੁੱਝ ਮੇਰੇ ਪੱਤਰਕਾਰ ਵੀਰਾਂ ਨੇ ਕਿਹਾ ਕਿ ਰੀਤਵਾਲ ਜੀ! ਅਜਿਹਾ ਕੁੱਝ ਕਿਉਂ ਲਿਖਣਾ ਸੀ? ਇੱਕ ਨੇ ਤਾਂ ਜਲਣ ਵਿੱਚ ਆ ਕੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਰੀਤਵਾਲ ਨਾਲ ਕੋਈ ਘਟਨਾ ਵਾਪਰ ਜਾਵੇ ਤਾਂ ਮਜਾ ਹੀ ਆ ਜਾਵੇ। ਮੈਂ ਉਸ ਨੂੰ ਕਿਹਾ ਕਿ ਵੀਰ ! ਕੋਈ ਗੱਲ ਨਹੀਂ ਜੇਕਰ ਤੂੰ ਹੀ ਮੇਰਾ ਇੰਨ੍ਹਾ ਬੁਰਾ ਚਾਹੁੰਦਾ ਹੈ ਤਾਂ ਇਸ ਤੋਂ ਵੱਡੀ ਘਟਨਾ ਮੇਰੇ ਨਾਲ ਹੋਰ ਕੀ ਵਾਪਰ ਸਕਦੀ ਹੈ? ਮੈਂ ਅਜਿਹੇ ਵੀਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਵੀਰੋ! ਕਿਸੇ ਨਾਲ ਘਟਨਾ ਵਾਪਰਨ ’ਤੇ ਮਜਾ ਲੈਣ ਦੀ ਥਾਂ ਸੱਚ ਲਿਖ ਕੇ ਮਜੇ ਲਓ ਤੇ ਆਓ ਵੀਰੋ! ਲੋਕਾਂ ਦੀ ਭਲਾਈ ਲਈ ਕਲਮਾਂ ਚੁੱਕੀਏ ਨਾ ਕਿ ਦੁਖੀ ਲੋਕਾਂ ਨੂੰ ਕਲਮਾਂ ਦੀ ਨੋਕ ਨਾਲ ਹੋਰ ਪੀੜਾ ਦੇਈਏ, ਮੈਂ ਆਸ ਕਰਦਾ ਹਾਂ ਕਿ ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਸੁਧਰਨ ਦੀ ਕੋਸ਼ਿਸ ਜ਼ਰੂਰ ਕਰਾਂਗੇ । ਪੱਤਰਕਾਰ ਦੀ ਕਲਮ ਠੱਗੀਆਂ ਮਾਰ ਕੇ ਪੈਸੇ ਕਮਾਉਣ ਲਈ ਨਹੀਂ ਹੁੰਦੀ, ਇਹ ਤਾਂ ਬੇਅਵਾਜ਼ੇ ਲੋਕਾਂ ਦੀ ਆਵਾਜ਼ ਹੈ, ਚੋਰਾਂ ਲਈ ਪਹਿਰੇਦਾਰ ਹੈ, ਬੇਇਨਸਾਫੀ ਦੇ ਵਿਰੁੱਧ ਲਲਕਾਰ ਹੈ ਅਤੇ ਜੁਰਮ ਦੇ ਵਿਰੁੱਧ ਤਲਵਾਰ ਹੈ, ਆਓ ਇਸ ਦੀ ਸੁਚੱਜੇ ਢੰਗ ਨਾਲ ਵਰਤੋਂ ਕਰੀਏ। ਮੇਰੇ ਇਸ ਲੇਖ ਨਾਲ ਜੇਕਰ ਮੇਰੇ ਕਿਸੇ ਛੋਟੇ ਵੱਡੇ ਵੀਰ ਦਾ ਦਿਲ ਦੁਖਿਆ ਹੋਵੇ ਤਾਂ ਛੋਟਾ ਤੇ ਨਾ ਸਮਝ ਵੀਰ ਸਮਝ ਕੇ ਮਾਫ਼ ਕਰ ਦੇਣਾ ਜੀ। ਧੰਨਵਾਦ ।

ਨੋਬਲ ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ

0

ਨੋਬਲ ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ

ਡਾ. ਹਰਸ਼ਿੰਦਰ ਕੌਰ (ਐਮ. ਡੀ.)

ਸੰਨ 2015 ਦੇ ਵਿਚ ਤਿੰਨ ਜਣਿਆਂ ਵਿਚ ਵੰਡਿਆ ਜਾਣ ਵਾਲਾ ਨੋਬਲ ਪ੍ਰਾਈਜ਼ ਦੋ ਦਵਾਈਆਂ ਉੱਤੇ ਆਧਾਰਿਤ ਹੈ।

ਪਹਿਲੀ-‘ਆਈਵਰਮੈਕਟਿਨ’ ਤੇ ਦੂਜੀ-‘ਆਰਟੀਮੈਸੀਨਿਨ।’’ ‘ਕੈਂਪਬੈੱਲ’ ਤੇ ‘ਓਮੂਰਾ’ ਨੇ ਆਈਵਰਮੈਕਟਿਨ ਦੀ ਖੋਜ ਕੀਤੀ ਤੇ ‘ਯੂਯੂ ਟੂ’ ਨੇ ਆਰਟੀਮੈਸੀਨਿਨ ਦੀ।

ਇਨ੍ਹਾਂ ਦਵਾਈਆਂ ਦੀ ਖੋਜ ਮਨੁੱਖਤਾ ਲਈ ਵਰਦਾਨ ਸਾਬਤ ਹੋ ਗਈ ਹੈ। ਦੁਨੀਆਂ ਭਰ ਵਿਚ ਕੀੜਿਆਂ ਰਾਹੀਂ ਹੋ ਰਹੀਆਂ ਬੀਮਾਰੀਆਂ ਨਾਲ ਕਰੋੜਾਂ ਲੋਕ ਪੀੜਤ ਹਨ। ਕੈਂਸਰ, ਸ਼ੂਗਰ, ਦਿਲ ਦੀਆਂ ਬੀਮਾਰੀਆਂ ਤੇ ਬਲੱਡ ਪ੍ਰੈੱਸ਼ਰ ਤੋਂ ਵੀ ਵੱਧ ਲੋਕ ਮਲੇਰੀਆ ਨਾਲ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਇਸੇ ਲਈ ਇਹ ਖੋਜ ਬੜੀ ਮਹੱਤਵਪੂਰਨ ਸਾਬਤ ਹੋ ਗਈ ਹੈ।

‘ਰਿਵਰ ਬਲਾਈਂਡਨੈੱਸ’ ਬੀਮਾਰੀ ਤੇ ‘ਲਿੰਫੈਟਿਕ ਫਾਈਲੇਰੀਏਸਿਸ’ ਤੋਂ ਨਿਜਾਤ ਦਵਾਉਣ ਲਈ ਆਈਵਰਮੈਕਟਿਨ ਦਾ ਕਮਾਲ ਦਾ ਅਸਰ ਵੇਖਿਆ ਗਿਆ ਹੈ। ਦੂਜੇ ਪਾਸੇ ਮਲੇਰੀਆ ਨਾਲ ਹੋ ਰਹੀਆਂ ਮੌਤਾਂ ਆਰਟੀਮੈਸੀਨਿਨ ਦਵਾਈ ਸਦਕਾ ਬਹੁਤ ਜ਼ਿਆਦਾ ਘਟ ਹੋ ਗਈਆਂ ਹਨ।

ਉਂਕੋਸਰਕਾਇਸਿਸ ਜਾਂ ਰਿਵਰ ਬਲਾਈਂਡਨੈੱਸ ਬੀਮਾਰੀ ਵਿਚ ਉਂਕੋਸਰਕਾ ਕੀੜਾ, ਜੋ ਦਰਿਆ ਨੇੜੇ ਰਹਿੰਦੀਆਂ ਮੱਖੀਆਂ ਦੇ ਵੱਢਣ ਨਾਲ ਇਨਸਾਨੀ ਸਰੀਰ ਅੰਦਰ ਚਲਾ ਜਾਂਦਾ ਹੈ, ਪਹਿਲਾਂ ਚਮੜੀ ਵਿਚ ਤੇ ਫੇਰ ਅੱਖਾਂ ਅੰਦਰ ਪਹੁੰਚ ਕੇ ਅੱਖ ਦਾ ਹਰ ਹਿੱਸਾ ਤੇ ਦਿਮਾਗ਼ ਵੱਲੋਂ ਆਉਂਦੀ ਨਸ ਤਕ ਖ਼ਰਾਬ ਕਰ ਦਿੰਦਾ ਹੈ।

5 ਤੋਂ 15 ਸਾਲਾਂ ਦੇ ਬੱਚਿਆਂ ਵਿਚ ਇਸ ਕੀੜੇ ਕਾਰਨ ਦੌਰੇ ਵੀ ਪੈ ਜਾਂਦੇ ਹਨ। ਸੰਨ 1948 ਵਿਚ ਉਂਕੋਸਰਕਾਇਸਿਸ ਦੀ ਬੀਮਾਰੀ ਲਈ ਵਰਤੀ ਜਾਂਦੀ ਦਵਾਈ ‘ਡਾਈਈਥਾਈਲ ਕਾਰਬਾਮਾਜ਼ੀਨ’ ਨਾਲ ਮਰੀਜ਼ਾਂ ਨੂੰ ਜੋੜਾਂ ਦੀਆਂ ਦਰਦਾਂ, ਪੈਰਾਂ ਉੱਤੇ ਸੋਜਿਸ਼, ਬਲੱਡ ਪ੍ਰੈੱਸ਼ਰ ਦਾ ਘਟਣਾ, ਢਿੱਡ ਪੀੜ ਆਦਿ ਬਹੁਤ ਕੁੱਝ ਵੇਖਣ ਨੂੰ ਮਿਲਦਾ ਸੀ।

ਲਗਭਗ 25 ਮਿਲੀਅਨ ਲੋਕ ਇਸ ਵੇਲੇ ਇਸ ਬੀਮਾਰੀ ਸਦਕਾ ਹਮੇਸ਼ਾ ਲਈ ਅੰਨ੍ਹੇ ਹੋ ਚੁੱਕੇ ਹਨ ਤੇ ਇਕ ਮਿਲੀਅਨ ਦੇ ਨੇੜੇ ਤੇੜੇ ਦੀ ਬਹੁਤ ਘੱਟ ਨਜ਼ਰ ਰਹਿ ਚੁੱਕੀ ਹੈ। ਇਨ੍ਹਾਂ ਤੋਂ ਇਲਾਵਾ ਲਗਭਗ 37 ਮਿਲੀਅਨ ਲੋਕਾਂ ਦੇ ਸਰੀਰ ਅੰਦਰ ਇਹ ਕੀੜਾ ਵੜਿਆ ਪਿਆ ਹੈ। ਦੋ ਸੌ ਮਿਲੀਅਨ ਲੋਕ ਦੁਨੀਆਂ ਭਰ ਵਿਚ ਇਸ ਕੀੜੇ ਦੇ ਕਹਿਰ ਹੇਠ ਜੀਅ ਰਹੇ ਹਨ ਜਿਨ੍ਹਾਂ ਦੇ ਸਰੀਰ ਅੰਦਰ ਕਿਸੇ ਵੀ ਵੇਲੇ ਇਹ ਕੀੜਾ ਵੜ ਸਕਦਾ ਹੈ।

ਆਈਵਰਮੈਕਟਿਨ ਦਵਾਈ ਦੇ ਈਜਾਦ ਹੋਣ ਨਾਲ ਸੰਨ 2002 ਤੋਂ ਬਾਅਦ ਇਕ ਵੀ ਮੌਤ ਇਸ ਬੀਮਾਰੀ ਨਾਲ ਨਹੀਂ ਹੋਈ। ਕਰੋੜਾਂ ਲੋਕ ਅੰਨ੍ਹੇ ਹੋਣ ਤੋਂ ਬਚ ਗਏ। ਵਰਲਡ ਹੈਲਥ ਆਰਗੇਨਾਈਜੇਸ਼ਨ ਅਨੁਸਾਰ ਇਹ ਬੀਮਾਰੀ ਜਿਸ ਵੀ ਬੰਦੇ ਨੂੰ ਹੋ ਜਾਏ, ਉਸ ਦੀ ਉਮਰ 13 ਸਾਲ ਘੱਟ ਕਰ ਦਿੰਦੀ ਹੈ।

ਸਪਸ਼ਟ ਹੈ ਕਿ ਮਨੁੱਖਤਾ ਦੇ ਭਲੇ ਵਾਸਤੇ ਲੱਭੀ ਇਸ ਦਵਾਈ ਦਾ ਸਿਹਰਾ ਜਿਨ੍ਹਾਂ ਬੰਦਿਆਂ ਉੱਤੇ ਜਾਂਦਾ ਹੈ, ਉਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਣਾ ਹੀ ਚਾਹੀਦਾ ਸੀ। ਗੌਰਤਲਬ ਹੈ ਕਿ ਹਾਲੇ ਵੀ 10 ਲੱਖ ਦੇ ਕਰੀਬ ਲੋਕ ਹਨ, ਜਿਨ੍ਹਾਂ ਦੇ ਸਰੀਰ ਅੰਦਰੋਂ ਕੀੜਾ ਭਾਵੇਂ ਮਰ ਗਿਆ ਹੈ, ਪਰ ਫਿਰ ਵੀ ਉਸ ਤੋਂ ਹੋ ਚੁੱਕੀਆਂ ਬੀਮਾਰੀਆਂ ਨਾਲ ਜੂਝ ਰਹੇ ਹਨ। ਜ਼ਿਆਦਾਤਰ ਇਹ ਬੀਮਾਰੀ ਅਫ਼ਰੀਕਾ ਵਿਚ ਪਾਈ ਜਾਂਦੀ ਹੈ।

ਮਲੇਰੀਏ ਨਾਲ ਹੋ ਰਹੀਆਂ ਅਣਗਿਣਤ ਮੌਤਾਂ ਤੇ ਕੁਨੀਨ ਦੇ ਨਾਲ-ਨਾਲ ਕਲੋਰੋਕੁਇਨ ਨਾਲ ਪੂਰੀ ਤਰ੍ਹਾਂ ਕਾਬੂ ਨਾ ਕਰ ਸਕਣ ਦੇ ਸਦਕਾ ਮੌਤਾਂ ਵਿਚ ਵਾਧਾ ਹੁੰਦਾ ਜਾ ਰਿਹਾ ਸੀ। ਯੂਯੂ ਟੂ ਨੇ ਚੀਨ ਵਿਚ ‘ਆਰਟੀਮੀਸੀਆ ਬੂਟੇ’ ਵਿੱਚੋਂ ਦਵਾਈ ਕੱਢੀ ਜਿਸ ਨੂੰ ‘ਆਰਟੀਮੈਸੀਨਿਨ’ ਦਾ ਨਾਂ ਦਿੱਤਾ ਤੇ ਉਸ ਦੀ ਵਰਤੋਂ ਨਾਲ ਕਰੋੜਾਂ ਜਾਨਾਂ ਬਚਾਈਆਂ ਜਾ ਸਕੀਆਂ ਤੇ ਹੁਣ ਵੀ ਬਚਾਈਆਂ ਜਾ ਰਹੀਆਂ ਹਨ। ਮਲੇਰੀਆ ਭਾਵੇਂ ਖ਼ਤਮ ਨਹੀਂ ਕੀਤਾ ਜਾ ਸਕਿਆ ਪਰ ਹਰ ਸਾਲ 200 ਮਿਲੀਅਨ ਬੰਦੇ ਜੋ ਮਲੇਰੀਆ ਦੇ ਸ਼ਿਕਾਰ ਹੋ ਰਹੇ ਹਨ, ਉਨ੍ਹਾਂ ਨੂੰ ਆਰਟੀਮੈਸੀਨਿਨ ਦਵਾਈ ਨਾਲ ਬਚਾਇਆ ਜਾ ਰਿਹਾ ਹੈ। ਬੱਚਿਆਂ ਵਿਚ 30 ਪ੍ਰਤੀਸ਼ਤ ਤੋਂ ਵੱਧ ਤੇ ਵੱਡਿਆਂ ਵਿਚ 20 ਪ੍ਰਤੀਸ਼ਤ ਤੋਂ ਵੱਧ ਮਲੇਰੀਏ ਦੇ ਮਰੀਜ਼ ਬਚ ਰਹੇ ਹਨ। ਇਕੱਲੇ ਅਫ਼ਰੀਕਾ ਵਿਚ ਹਰ ਸਾਲ ਇਕ ਲੱਖ ਮਲੇਰੀਏ ਦੇ ਮਰੀਜ਼ ਆਰਟੀਮੈਸੀਨਿਨ ਵਰਤਣ ਨਾਲ ਬਚ ਰਹੇ ਹਨ। ਮਨੁੱਖਤਾ ਦੀ ਭਲਾਈ ਦੇ ਇਸ ਕਾਰਜ ਲਈ ਯਕੀਨਨ ਯੂਯੂ ਟੂ ਨੋਬਲ ਪ੍ਰਾਈਜ਼ ਦੀ ਹੱਕਦਾਰ ਬਣ ਜਾਂਦੀ ਹੈ।

ਆਓ, ਹੁਣ ਇਨ੍ਹਾਂ ਨੋਬਲ ਪ੍ਰਾਈਜ਼ ਲੈਣ ਵਾਲਿਆਂ ਬਾਰੇ ਵੀ ਕੁੱਝ ਜਾਣੀਏ।

(1). ਵਿਲੀਅਮ ਕੈਂਪਬੈੱਲ :- ਸੰਨ 1930 ਵਿਚ ਆਇਰਲੈਂਡ ਵਿਚ ਜੰਮਿਆ ਕੈਂਪਬੈੱਲ, ਯੂਨੀਵਰਸਿਟੀ ਆਫ਼ ਡੁਬਲਿਨ ਤੋਂ ਬੀ. ਏ ਕਰਨ ਬਾਅਦ ਅਮਰੀਕਾ ਦੀ ਯੂਨੀਵਰਸਿਟੀ ਆਫ਼ ਵਿਨਕੌਸਿਨ ਤੋਂ ਪੀ. ਐੱਚ. ਡੀ ਕਰਨ ਲਈ ਗਿਆ। ਸੰਨ 1957 ਤੋਂ 1990 ਤੱਕ ਉਹ ਮਰਕ ਇੰਸਟੀਚਿਊਟ ਫਾਰ ਥੈਰਾਪਿਊਟਿਕ ਰੀਸਰਚ ਵਿਚ ਖੋਜ ਕਰਦਾ ਰਿਹਾ। ਹੁਣ ਅਮਰੀਕਾ ਦੀ ਡਰਿਊ ਯੂਨੀਵਰਸਿਟੀ ਵਿਚ ਫੈਲੋ ਐਮਰੀਟਸ ਵਜੋਂ ਕੰਮ ਕਰ ਰਿਹਾ ਹੈ।

(2). ਸਾਤੋਸ਼ੀ ਓਮੂਰਾ :- ਸੰਨ 1935 ਵਿਚ ਜਪਾਨ ਵਿਚ ਜੰਮਿਆ ਓਮੂਰਾ, ਯੂਨੀਵਰਸਿਟੀ ਆਫ਼ ਟੋਕਿਓ ਵਿੱਚੋਂ 1968 ਵਿਚ ਪੀ. ਐੱਚ. ਡੀ ਕਰ ਕੇ, ਦੂਜੀ ਪੀ. ਐੱਚ. ਡੀ ਯੂਨੀਵਰਸਿਟੀ ਆਫ਼ ਸਾਇੰਸ ਵਿਚ ਕਰਨ ਗਿਆ। ਕਿਟਾਸਾਟੋ ਯੂਨੀਵਰਸਿਟੀ ਵਿਚ 1975 ਤੋਂ 2007 ਤਕ ਪ੍ਰੋਫੈੱਸਰ ਵਜੋਂ ਕੰਮ ਕਰ ਕੇ, ਹੁਣ ਉੱਥੇ ਹੀ ਪ੍ਰੋਫੈੱਸਰ ਐਮਰੀਟਸ ਵਜੋਂ ਸੇਵਾ ਨਿਭਾਅ ਰਿਹਾ ਹੈ।

(3). ਯੂ ਯੂ ਟੂ :- ਚੀਨ ਵਿਚ ਸੰਨ 1930 ਵਿਚ ਜੰਮੀ ਯੂਯੂ ਨੇ 1955 ਵਿਚ ਬੀਜਿੰਗ ਮੈਡੀਕਲ ਯੂਨੀਵਰਸਿਟੀ ਤੋਂ ਪੜ੍ਹ ਕੇ ਸੰਨ 1979 ਤੋਂ 1984 ਤਕ ਬਤੌਰ ਸਹਾਇਕ ਪ੍ਰੋਫੈੱਸਰ ਵਜੋਂ ਨੌਕਰੀ ਕੀਤੀ ਤੇ ਫੇਰ ਸੰਨ 1985 ਤੋਂ ਬਤੌਰ ਪ੍ਰੋਫੈੱਸਰ। ਸੰਨ 2000 ਤੋਂ ਬਤੌਰ ਚੀਫ਼ ਪ੍ਰੋਫੈੱਸਰ, ਚਾਈਨਾ ਅਕਾਦਮੀ ਆਫ਼ ਟਰਾਡੀਸ਼ਨਲ ਚਾਈਨੀਜ਼ ਮੈਡੀਸਨ ਵਿਖੇ ਕੰਮ ਕਰ ਰਹੀ ਹੈ। ਇਨ੍ਹਾਂ ਨੋਬਲ ਪੁਰਸਕਾਰ ਜੇਤੂਆਂ ਨੂੰ ਸਮੂਹ ਮਨੁੱਖਤਾ ਵੱਲੋਂ ਸਲਾਮ !!

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

Most Viewed Posts