39.9 C
Jalandhar
Tuesday, April 21, 2026
spot_img
Home Blog Page 188

ਇਸਤ੍ਰੀਤਵ ਨਾਲ ਜੁੜੀਆਂ ਸਮੱਸਿਆਵਾਂ

0

ਇਸਤ੍ਰੀਤਵ ਨਾਲ ਜੁੜੀਆਂ ਸਮੱਸਿਆਵਾਂ

ਡਾ: ਹਰਸ਼ਿੰਦਰ ਕੌਰ– 0175-2216783

ਜ਼ਿੰਦਗੀ ਨੂੰ ਨਿਰੰਤਰ ਚਲਦਾ ਰੱਖਣ ਲਈ ਕੁਦਰਤ ਨੇ ਮਨੁੱਖੀ ਸਰੀਰ ਵਿੱਚ ਕਈ ਪ੍ਰਕਾਰ ਦੀਆਂ ਕਿਰਿਆਵਾਂ ਨੂੰ ਸਥਾਪਤ ਕੀਤਾ ਹੈ ਜਿਸ ਵਿੱਚੋਂ ਇਸਤ੍ਰੀ ਦੇ ਸਰੀਰ ਨਾਲ ਸਬੰਧਤ ਇੱਕ ਕਿਰਿਆ ਨੂੰ ਮਾਹਵਾਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਆਓ, ਇਸ ਨਾਲ ਜੁੜੇ ਕੁਝ ਖਾਸ ਪਹਿਲੂ ਨੂੰ ਵੀਚਾਰੀਏ ਜਿਸ ਦੀ ਜਾਣਕਾਰੀ ਨਾ ਹੋਣ ਕਾਰਨ ਕਈ ਗੰਭੀਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮਾਹਵਾਰੀ ਸ਼ੁਰੂ ਹੋਣ ਤੋਂ ਲਗਪਗ 7 ਤੋਂ 14 ਦਿਨ ਪਹਿਲਾਂ ਲਗਪਗ 40 ਫ਼ੀਸਦੀ ਲੜਕੀਆਂ ਤੇ ਔਰਤਾਂ ਨੂੰ ਮਾਨਸਿਕ ਅਤੇ ਸਰੀਰਕ ਤਕਲੀਫ਼ ਮਹਿਸੂਸ ਹੋ ਸਕਦੀ ਹੈ ਜਿਹੜੀ ਮਾਹਵਾਰੀ ਸ਼ੁਰੂ ਹੁੰਦੇ ਸਾਰ ਠੀਕ ਹੋ ਜਾਂਦੀ ਹੈ। ਇਨ੍ਹਾਂ ਵਿੱਚੋਂ 5 ਤੋਂ 8 ਫ਼ੀਸਦੀ ਨੂੰ ਕਾਫ਼ੀ ਜ਼ਿਆਦਾ ਤਕਲੀਫ਼ ਸਹਿਣੀ ਪੈਂਦੀ ਹੈ। ਜ਼ਿਆਦਾਤਰ ਇਹ ਤਕਲੀਫ਼ 25 ਤੋਂ 40 ਸਾਲਾਂ ਦੀਆਂ ਔਰਤਾਂ ਨੂੰ ਹੁੰਦੀ ਹੈ। ਇਹ ਜ਼ਰੂਰੀ ਨਹੀਂ ਕਿ ਹਰ ਕਿਸੇ ਨੂੰ ਇੱਕੋ ਜਿਹੇ ਲੱਛਣ ਹੋਣ ਪਰ ਇਨ੍ਹਾਂ ਵਿੱਚੋਂ ਕੁਝ ਵੀ ਮਹਿਸੂਸ ਹੋ ਸਕਦਾ ਹੈ:- ਪੇਟ ਵਿੱਚ ਅਫ਼ਾਰਾ, ਛਾਤੀ ਵਿੱਚ ਦਰਦ ਅਤੇ ਭਾਰਾਪਨ, ਅੱਡੀ ਦੁਆਲੇ ਸੋਜਾ, ਭਾਰ ਦਾ ਥੋੜ੍ਹਾ ਵਧਿਆ ਮਹਿਸੂਸ ਹੋਣਾ, ਚਮੜੀ ਉੱਤੇ ਦਾਣੇ ਜਾਂ ਖ਼ਾਰਿਸ਼, ਚਿੜਚਿੜਾਪਨ, ਹਰ ਨਿੱਕੀ ਜਿਹੀ ਗੱਲ ਉੱਤੇ ਲੜਨ ਲੱਗ ਪੈਣਾ ਜਾਂ ਭੜਕ ਪੈਣਾ, ਢਹਿੰਦੀ ਕਲਾ ਵਿੱਚ ਜਾਣਾ, ਧਿਆਨ ਨਾ ਲਾ ਸਕਣਾ, ਸਹਿਵਾਸ ਕਰਨ ਨੂੰ ਜ਼ਿਆਦਾ ਦਿਲ ਕਰਨਾ ਜਾਂ ਬਿਲਕੁਲ ਹੀ ਨਾ ਕਰਨਾ, ਸੁਸਤੀ ਮਹਿਸੂਸ ਹੋਣੀ, ਕੁਝ ਵੱਖ ਤਰ੍ਹਾਂ ਦਾ ਕਰਾਰਾ ਜਾਂ ਖੱਟਾ ਜਾਂ ਠੰਢਾ ਮਿੱਠਾ ਖਾਣ ਨੂੰ ਦਿਲ ਕਰਨਾ ਅਤੇ ਜਦੋਂ ਮੂਡ ਵੀ ਜ਼ਿਆਦਾ ਬਦਲਦਾ ਦਿਸੇ ਜਾਂ ਲਗਾਤਾਰ ਮਾਨਸਿਕ ਤਣਾਓ ਜਿਹਾ ਮਹਿਸੂਸ ਹੋ ਰਿਹਾ ਹੋਵੇ ਤੇ ਕੰਮ ਕਾਰ ਵੀ ਠੀਕ ਨਾ ਹੋ ਸਕੇ ਤਾਂ ਇਸ ਨੂੰ ਬਿਮਾਰੀ ਗਿਣਿਆ ਜਾਂਦਾ ਹੈ।

ਡਾਕਟਰ ਕੋਲ ਜਾਣ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਕਰਨਾ ਜ਼ਰੂਰੀ ਹੈ। ਆਪਣੀ ਇੱਕ ਡਾਇਰੀ ਬਣਾ ਲਵੋ ਜਿਸ ਵਿੱਚ ਦੋ ਤਿੰਨ ਮਹੀਨਿਆਂ ਦੇ ਪੂਰੇ ਲੱਛਣ ਦਿਨਾਂ ਦੇ ਹਿਸਾਬ ਨਾਲ ਨੋਟ ਕੀਤੇ ਹੋਣ। ਜੇ ਲੱਛਣ ਦੋ ਹਫ਼ਤੇ ਪਹਿਲਾਂ ਦੀ ਥਾਂ ਸਾਰੇ ਮਹੀਨੇ ਹੀ ਰਹਿੰਦੇ ਹੋਣ ਤਾਂ ਢਹਿੰਦੀ ਕਲਾ ਆਉਣੀ ਲਾਜ਼ਮੀ ਹੈ ਜਿਸ ਦਾ ਇਲਾਜ ਜ਼ਰੂਰੀ ਹੈ।

ਜੇ ਲੱਛਣ ਥੋੜ੍ਹੇ ਹੋਣ ਤਾਂ ਅੱਗੇ ਦੱਸੇ ਨੁਕਤਿਆਂ ਨਾਲ ਆਰਾਮ ਮਹਿਸੂਸ ਹੋ ਸਕਦਾ ਹੈ, ਜਿਨ੍ਹਾਂ ਵਿੱਚ ਕਸਰਤ (ਭੱਜਣਾ, ਸਾਈਕਲ ਚਲਾਉਣਾ, ਏਰੋਬਿਕ) ਕਰਨੀ, ਕੌਫ਼ੀ ਪੀਣੀ ਘਟਾਉਣੀ, ਲੂਣ ਤੇ ਸ਼ਰਾਬ (ਜੇ ਪੀਤੀ ਜਾ ਰਹੀ ਹੋਵੇ) ਦੀ ਵਰਤੋਂ ਘਟਾਉਣੀ, 1200 ਮਿਲੀਗ੍ਰਾਮ ਕੈਲਸ਼ੀਅਮ ਰੋਜ਼ ਖਾਣਾ, 800 ਇੰਟਰਨੈਸ਼ਨਲ ਯੂਨਿਟ ਵਿਟਾਮਿਨ ਡੀ ਰੋਜ਼ ਖਾਣਾ, ਕਾਰਬੋਹਾਈਡਰੇਟ ਜਿਵੇਂ ਆਲੂ, ਆਟਾ ਆਦਿ ਜ਼ਿਆਦਾ ਖਾਣ ਨਾਲ ਇਨ੍ਹਾਂ ਤਕਲੀਫ਼ਾਂ ਤੋਂ ਆਰਾਮ ਮਿਲ ਸਕਦਾ ਹੈ।

ਜਦੋਂ ਸੋਜ਼ਿਸ਼ ਵਧ ਜਾਏ ਜਾਂ ਛਾਤੀ ਵਿੱਚ ਦਰਦ ਵਧੇ ਜਾਂ ਪੇਟ ਦਾ ਅਫ਼ਾਰਾ ਕਾਫ਼ੀ ਤੰਗ ਕਰ ਰਿਹਾ ਹੋਵੇ ਤਾਂ ਸਪਾਈਰੋਨੋਲੈਕਟੋਨ 100 ਮਿਲੀਗ੍ਰਾਮ ਗੋਲੀ ਉਨ੍ਹਾਂ ਦਿਨਾਂ ਵਿੱਚ ਰੋਜ਼ ਡਾਕਟਰ ਦੀ ਸਲਾਹ ਨਾਲ ਲੈਣੀ ਪੈਂਦੀ ਹੈ। ਇਸ ਤੋਂ ਇਲਾਵਾ ਗਰਭ ਨਿਰੋਧਕ ਗੋਲੀਆਂ ਜਾਂ ਟੀਕੇ ਵੀ ਛਾਤੀ ਵਿਚਲੀ ਦਰਦ ਤੇ ਅਕੜਾਓ ਘਟਾਉਣ ਵਿੱਚ ਸਹਾਈ ਹੋ ਜਾਂਦੇ ਹਨ। ਕਈ ਜਣੀਆਂ ਦਰਦ ਦੀ ਦਵਾਈ, ਮੈਫੇਨੇਮਿਕ ਏਸਿਡ ਖਾਂਦੀਆਂ ਰਹਿੰਦੀਆਂ ਹਨ। ਇਸ ਨਾਲ ਬਾਕੀ ਲੱਛਣ ਤਾਂ ਠੀਕ ਹੋ ਜਾਂਦੇ ਹਨ ਪਰ ਛਾਤੀ ਵਿਚਲੀ ਦਰਦ ਨਹੀਂ।

ਜੇ ਮੂਡ ਜ਼ਿਆਦਾ ਹੀ ਖ਼ਰਾਬ ਰਹਿਣ ਲੱਗ ਪਿਆ ਹੋਵੇ ਤਾਂ ਘਰ ਦੇ ਬਾਕੀ ਲੋਕ ਵੀ ਚਿੜਚਿੜੇਪਨ ਤੋਂ ਤੰਗ ਆ ਚੁੱਕੇ ਹੋਣ ਤਾਂ ਕਈ ਵਾਰ ਫਲੌਕਸੀਟੀਨ 20 ਮਿਲੀਗ੍ਰਾਮ ਦੀ ਗੋਲੀ ਰੋਜ਼ ਉਨ੍ਹਾਂ ਤਕਲੀਫ਼ ਵਾਲੇ ਦਿਨਾਂ ਵਿੱਚ ਜਾਂ ਲਗਾਤਾਰ ਡਾਕਟਰ ਦੀ ਸਲਾਹ ਨਾਲ ਖਾਣੀ ਜ਼ਰੂਰੀ ਹੋ ਜਾਂਦੀ ਹੈ। ਇਸ ਨਾਲ ਤਣਾਓ ਵੀ ਘਟਦਾ ਹੈ, ਚਿੜਚਿੜਾਪਨ ਵੀ ਤੇ ਸਾਰਾ ਦਿਨ ਥੱਕੇ ਟੁੱਟੇ ਜਿਹੇ ਵੀ ਮਹਿਸੂਸ ਹੋਣਾ ਬੰਦ ਹੋ ਜਾਂਦਾ ਹੈ।

ਕਈ ਵਾਰ ਇਹ ਲੱਛਣ ਏਨੇ ਵਧ ਚੁੱਕੇ ਹੁੰਦੇ ਹਨ ਕਿ ਇਨ੍ਹਾਂ ਵਿੱਚੋਂ ਕੋਈ ਵੀ ਦਵਾਈ ਅਸਰ ਨਹੀਂ ਕਰਦੀ। ਇਸ ਤਰ੍ਹਾਂ ਮਜਬੂਰੀ ਤਹਿਤ ਅੰਡਕੋਸ਼ ਦੇ ਕੰਮ ਕਾਰ ਨੂੰ ਹੀ ਵਕਫ਼ੀ ਤੌਰ ਉੱਤੇ ਠੱਪ ਕਰਨਾ ਪੈ ਸਕਦਾ ਹੈ। ਇਹ ਦਵਾਈ ਕਦੇ ਵੀ ਕਿਸੇ ਸਿਆਣੇ ਡਾਕਟਰ ਦੀ ਸਲਾਹ ਤੋਂ ਬਗ਼ੈਰ ਨਹੀਂ ਲੈਣੀ ਚਾਹੀਦੀ।

ਇਸ ਸਮੱਸਿਆ ਬਾਰੇ ਜਾਣਕਾਰੀ ਇਸ ਲਈ ਜ਼ਰੂਰੀ ਹੈ ਕਿ ਕਈ ਟੱਬਰਾਂ ਵਿੱਚ ਇਸ ਸਮੇਂ ਦੌਰਾਨ ਏਨਾ ਤਣਾਅ ਵਧ ਜਾਂਦਾ ਹੈ ਕਿ ਗੱਲ ਤੋੜ ਵਿਛੋੜੇ ਤਕ ਪਹੁੰਚ ਜਾਂਦੀ ਹੈ ਤੇ ਫੇਰ ਉਹ ਸਮਾਂ ਲੰਘ ਜਾਣ ਬਾਅਦ ਕੁਝ ਹੱਥ ਨਹੀਂ ਰਹਿੰਦਾ। ਜੇ ਦੋਹਾਂ ਪਤੀ ਪਤਨੀ ਜਾਂ ਮਾਪਿਆਂ ਨੂੰ ਆਪਣੀ ਬੱਚੀ ਬਾਰੇ ਇਸ ਦੀ ਜਾਣਕਾਰੀ ਹੋਵੇ ਤਾਂ ਸਮੇਂ ਸਿਰ ਇਲਾਜ ਕਰਵਾ ਕੇ ਮਾਹੌਲ ਵੀ ਸੁਖਾਵਾਂ ਬਣਾਇਆ ਜਾ ਸਕਦਾ ਹੈ ਤੇ ਉਹ ਬੱਚੀ ਜਾਂ ਔਰਤ ਜੋ ਇਹ ਸਭ ਸਹਿ ਰਹੀ ਹੈ, ਦੀ ਤਕਲੀਫ਼ ਨੂੰ ਵੀ ਆਰਾਮ ਮਿਲ ਸਕਦਾ ਹੈ।

ਜੇ ਇਨ੍ਹਾਂ ਲੱਛਣਾਂ ਵਿੱਚੋਂ ਕੋਈ ਵੀ ਲੱਛਣ ਦਿਸ ਰਿਹਾ ਹੋਵੇ ਤਾਂ ਉੱਤੇ ਦੱਸੇ ਨੁਸਖ਼ੇ ਅਜ਼ਮਾ ਲਵੋ। ਜੇ ਦੋ ਕੁ ਮਹੀਨਿਆਂ ਵਿੱਚ ਆਰਾਮ ਨਾ ਮਿਲੇ ਤਾਂ ਹੀ ਦਵਾਈਆਂ ਲੈਣ ਵਾਲੇ ਪਾਸੇ ਝੁਕਾਓ ਰੱਖੋ। ਬਿਨਾਂ ਮਤਲਬ ਬੁੱਕ ਭਰ ਕੇ ਉਮਰ ਭਰ ਦਵਾਈਆਂ ਖਾਣ ਦੀ ਲੋੜ ਨਹੀਂ ਹੈ। ਇਸ ਸਭ ਨੂੰ ਠੀਕ ਕਰਨ ਦਾ ਇੱਕ ਹੋਰ ਰਾਮ ਬਾਣ ਵੀ ਹੈ ਪਿਆਰ। ਜੇ ਔਰਤ ਦਾ ਇਸ ਮਾਹੌਲ ਵਿੱਚ ਪਿਆਰ ਨਾਲ ਸਾਥ ਦਿੱਤਾ ਜਾਵੇ ਤਾਂ ਇਸ ਦਾ ਅਸਰ ਬਹੁਤ ਵਧੀਆ ਹੁੰਦਾ ਹੈ।

ਭਰੂਣ ਦੇ ਵਧਣ ਫੁਲਣ ’ਤੇ ਅਸਰ ਪਾਉਂਦੇ ਕੁਝ ਤੱਤ

0

ਭਰੂਣ ਦੇ ਵਧਣ ਫੁਲਣ ’ਤੇ ਅਸਰ ਪਾਉਂਦੇ ਕੁਝ ਤੱਤ

ਡਾ. ਹਰਸ਼ਿੰਦਰ ਕੌਰ, ਐਮ.ਡੀ.- ਫੋਨ ਨੰ: 0175-2216783

ਮਾਂ ਦੇ ਪੇਟ ਅੰਦਰ ਪਲ ਰਿਹਾ ਭਰੂਣ ਮਾਂ ਦੇ ਸਾਰੇ ਅਸਰ ਆਪਣੇ ਉੱਤੇ ਲੈਂਦਾ ਹੈ। ਇਸ ਦੇ ਨਾਲ ਨਾਲ ਬੱਚੇਦਾਨੀ ਦਾ ਆਕਾਰ ਅਤੇ ਬਿਮਾਰੀ ਵੀ ਉਸ ਉੱਤੇ ਅਸਰ ਪਾਉਂਦੇ ਹਨ। ਜੀਨ ਦਾ ਅਸਰ ਵੀ ਬੱਚੇ ਦੇ ਭਾਰ ’ਤੇ ਪੈਂਦਾ ਹੈ। ਲਗਪਗ 38 ਫ਼ੀਸਦੀ ਬੱਚਿਆਂ ਦਾ ਜਨਮ ਸਮੇਂ ਦਾ ਭਾਰ ਖ਼ਾਨਦਾਨੀ ਜੀਨਾਂ ’ਤੇ ਆਧਾਰਿਤ ਹੁੰਦਾ ਹੈ।

ਜਿਹੜੀਆਂ ਚੀਜ਼ਾਂ ਭਰੂਣ ’ਤੇ ਅਸਰ ਪਾਉਂਦੀਆਂ ਹਨ, ਉਹ ਹਨ:

ਜੱਚਾ ਦੀ ਉਮਰ: ਜਿਵੇਂ ਜਿਵੇਂ ਮਾਂ ਦੀ ਉਮਰ ਵਧਦੀ ਜਾਵੇ, ਭਰੂਣ ਦਾ ਭਾਰ ਵੀ ਵਧ ਹੁੰਦਾ ਜਾਂਦਾ ਹੈ। ਲਗਪਗ 34 ਸਾਲ ਦੀ ਉਮਰ ਤਕ ਦੀਆਂ ਮਾਵਾਂ ਦਾ ਭਰੂਣ ਭਾਰਾ ਹੁੰਦਾ ਹੈ। ਵੀਹ ਸਾਲ ਤੋਂ ਘੱਟ ਉਮਰ ਦੀਆਂ ਮਾਵਾਂ ਦੇ ਬੱਚਿਆਂ ਦਾ ਭਾਰ ਘੱਟ ਹੁੰਦਾ ਹੈ ਤੇ 34 ਵਰ੍ਹਿਆਂ ਤੋਂ ਵੱਧ ਉਮਰ ਵਾਲੀਆਂ ਮਾਵਾਂ ਦੇ ਬੱਚੇ ਵੀ ਕਮਜ਼ੋਰ ਪੈਦਾ ਹੁੰਦੇ ਹਨ।

ਮਾਂ ਦਾ ਭਾਰ ਅਤੇ ਲੰਬਾਈ: ਗਿੱਠੀਆਂ ਤੇ ਪਤਲੀਆਂ ਮਾਵਾਂ ਦੇ ਬੱਚੇ ਵੀ ਲੰਬਾਈ ਵਿੱਚ ਛੋਟੇ ਤੇ ਘੱਟ ਭਾਰ ਦੇ ਜੰਮਦੇ ਹਨ ਅਤੇ ਕਈ ਵਾਰ ਪੂਰੇ ਸਮੇਂ ਤੋਂ ਪਹਿਲਾਂ ਹੀ ਜੰਮ ਪੈਂਦੇ ਹਨ। ਲੰਮੀਆਂ ਤੇ ਨਰੋਈਆਂ ਮਾਵਾਂ ਦੇ ਬੱਚੇ ਜ਼ਿਆਦਾਤਰ ਲੰਮੇ ਅਤੇ ਠੀਕ ਭਾਰ ਦੇ ਜੰਮਦੇ ਹਨ।
ਮਾਂ ਦੀ ਖ਼ੁਰਾਕ: ਮਾਂ ਦੀ ਖ਼ੁਰਾਕ ਦਾ ਬੱਚੇ ’ਤੇ ਕਾਫ਼ੀ ਅਸਰ ਪੈਂਦਾ ਹੈ। ਮਾਂ ਦੇ ਸਰੀਰ ਅੰਦਰਲੇ ਪ੍ਰੋਟੀਨ ਦੀ ਮਾਤਰਾ ਖ਼ਾਸਕਰ ਐਲਬਿਊਮਿਨ ਬੱਚੇ ਦੇ ਭਾਰ ’ਤੇ ਅਸਰ ਪਾਉਂਦੀ ਹੈ।

ਮਾਂ ਦੀ ਕਸਰਤ ਜਾਂ ਵਾਧੂ ਕੰਮ ਦਾ ਭਾਰ: ਜੇ ਜੱਚਾ ਪਹਿਲੇ ਤਿੰਨ ਮਹੀਨਿਆਂ ਦੇ ਗਰਭ ਦੌਰਾਨ ਭਾਰਾ ਕੰਮ ਕਰਦੀ ਰਹੇ ਤਾਂ ਭਰੂਣ ਨੂੰ ਬੱਚੇਦਾਨੀ ਅੰਦਰ ਪੂਰਾ ਲਹੂ ਨਹੀਂ ਪਹੁੰਚਦਾ। ਇੰਜ ਭਰੂਣ ਪੂਰੀ ਤਰ੍ਹਾਂ ਵੱਧ ਫੁੱਲ ਨਹੀਂ ਸਕਦਾ ਕਿਉਂਕਿ ਉਸ ਨੂੰ ਪੂਰੀ ਖ਼ੁਰਾਕ ਨਹੀਂ ਪਹੁੰਚਦੀ। ਲਹੂ ਰਾਹੀਂ ਜਾਂਦੀ ਲੋੜੀਂਦੀ ਆਕਸੀਜਨ ਦੀ ਘਾਟ ਕਾਰਨ ਵੀ ਭਰੂਣ ਕਮਜ਼ੋਰ ਰਹਿ ਜਾਂਦਾ ਹੈ। ਜੇ ਜੱਚਾ ਗਰਮੀਆਂ ਵਿੱਚ ਕਾਫ਼ੀ ਭਾਰਾ ਕੰਮ ਕਰਦੀ ਰਹੇ ਤਾਂ ਉਸ ਦੇ ਸਰੀਰ ਵਿੱਚੋਂ ਪਾਣੀ ਤੇ ਲੋੜੀਂਦੇ ਕਣ ਘੱਟ ਹੋ ਜਾਂਦੇ ਹਨ ਜਿਸ ਨਾਲ ਲਹੂ ਵਿਚਲਾ ਤਰਲ ਵੀ ਘਟ ਜਾਂਦਾ ਹੈ। ਇੰਜ ਭਰੂਣ ਦਾ ਵਧਣਾ ਰੁੱਕ ਜਾਂਦਾ ਹੈ ਜਾਂ ਕਾਫ਼ੀ ਘੱਟ ਹੋ ਜਾਂਦਾ ਹੈ। ਭਾਰਤ ਵਿੱਚ ਘਰ ਦਾ ਕੰਮ ਕਰਦੀਆਂ ਔਰਤਾਂ ਦੇ ਬੱਚਿਆਂ ਤੇ ਘਰੋਂ ਬਾਹਰ ਕੰਮ ਕਰਦੀਆਂ ਔਰਤਾਂ ਦੇ ਕੁੱਖੋਂ ਜੰਮੇਂ ਬੱਚਿਆਂ ਦੇ ਔਸਤਨ ਭਾਰ ਵਿੱਚ ਬਹੁਤਾ ਫ਼ਰਕ ਵੇਖਣ ਨੂੰ ਨਹੀਂ ਮਿਲਦਾ ।

ਦਰਅਸਲ ਭਾਰਤ ਵਿੱਚ ਜੱਚਾ ਦੀ ਖ਼ੁਰਾਕ ਦਾ ਬਹੁਤਾ ਧਿਆਨ ਨਾ ਰੱਖਣ ਸਦਕਾ ਹੀ ਵਿਕਸਿਤ ਦੇਸ਼ਾਂ ਨਾਲੋਂ ਨਵਜੰਮੇ ਬੱਚੇ ਘੱਟ ਭਾਰ ਦੇ ਜੰਮਦੇ ਹਨ। ਬਹੁਤ ਜ਼ਿਆਦਾ ਗ਼ਰੀਬੀ ਵਿੱਚ ਪਲ ਰਹੇ ਬੱਚੇ ਵੀ ਸੰਤੁਲਿਤ ਖ਼ੁਰਾਕ ਨਾ ਮਿਲਣ ਸਦਕਾ ਭੁੱਖਮਰੀ ਦੇ ਸ਼ਿਕਾਰ ਹੋ ਜਾਂਦੇ ਹਨ। ਜਿਹੜੀਆਂ ਔਰਤਾਂ ਭਾਰ ਢੋਣ ਦਾ ਕੰਮ ਕਰਦੀਆਂ ਰਹਿੰਦੀਆਂ ਹਨ ਤੇ ਵੇਲੇ ਸਿਰ ਲੋੜੀਂਦੀ ਖ਼ੁਰਾਕ ਨਹੀਂ ਲੈ ਸਕਦੀਆਂ, ਉਨ੍ਹਾਂ ਦੇ ਬੱਚੇ ਵੀ ਕਾਫ਼ੀ ਕਮਜ਼ੋਰ ਪੈਦਾ ਹੁੰਦੇ ਹਨ।

ਤਮਾਕੂ/ਬੀੜੀ ਪੀਣ ਵਾਲੀਆਂ ਮਾਵਾਂ: ਕਈ ਖੋਜਾਂ ਬਾਅਦ ਇਹ ਸਾਬਤ ਹੋ ਚੁੱਕਿਆ ਹੈ ਕਿ ਤਮਾਕੂ ਬੀੜੀ ਪੀਣ ਵਾਲੀਆਂ ਮਾਵਾਂ ਦੇ ਭਰੂਣ ਘੱਟ ਵਧਦੇ ਹਨ ਅਤੇ ਅਜਿਹੀਆਂ ਮਾਵਾਂ ਦਾ ਗਰਭ ਡਿੱਗ ਵੀ ਸਕਦਾ ਹੈ।

ਵੱਧ ਬੱਚੇ: ਚੌਥੇ ਜਾਂ ਪੰਜਵੇਂ ਬੱਚੇ ਦੇ ਪੈਦਾ ਹੋਣ ਤਕ ਤਾਂ ਬੱਚੇ ਦਾ ਭਾਰ ਮਾਂ ਦੇ ਢਿੱਡ ਅੰਦਰ ਠੀਕ ਠਾਕ ਵਧਦਾ ਰਹਿੰਦਾ ਹੈ ਪਰ ਉਸ ਤੋਂ ਬਾਅਦ ਪੈਦਾ ਹੋਏ ਬੱਚੇ ਕਮਜ਼ੋਰ ਹੁੰਦੇ ਹਨ ਅਤੇ ਮਾਂ ਦੀਆਂ ਹੱਡੀਆਂ ਵੀ ਕਮਜ਼ੋਰ ਕਰ ਦਿੰਦੇ ਹਨ।

ਔਲ (ਪਲਾਸੈਂਟਾ): ਜੇ ਔਲ ਛੋਟੀ ਹੋਵੇ ਤਾਂ ਬੱਚੇ ਦਾ ਭਾਰ ਘੱਟ ਹੁੰਦਾ ਹੈ ਅਤੇ ਭਰੂਣ ਮਾਂ ਦੇ ਢਿੱਡ ਅੰਦਰ ਪੂਰੀ ਤਰ੍ਹਾਂ ਵਧਦਾ ਫੁੱਲਦਾ ਨਹੀਂ। ਜੇ ਔਲ ਵੱਡੀ ਹੋਵੇ ਤਾਂ ਭਰੂਣ ਨੂੰ ਪੂਰੀ ਖ਼ੁਰਾਕ ਪਹੁੰਚਦੀ ਹੈ ਅਤੇ ਭਰੂਣ ਤਗੜਾ ਹੋ ਜਾਂਦਾ ਹੈ।

ਨਰ/ਮਾਦਾ: ਜੇ ਨਰ ਬੱਚਾ ਹੋਵੇ ਤਾਂ 5 ਮਹੀਨਿਆਂ ਦੇ ਨਰ ਭਰੂਣ ਦਾ ਟੈਸਟੋਸਟੀਰੋਨ ਵਧਣ ਲੱਗ ਪੈਂਦਾ ਹੈ ਜਿਸ ਨਾਲ ਉਸ ਦਾ ਭਾਰ ਮਾਦਾ ਬੱਚੇ ਨਾਲੋਂ ਵੱਧ ਹੋ ਜਾਂਦਾ ਹੈ। ਜੇ ਲਹੂ ਵਿੱਚ ਆਕਸੀਜਨ ਦੀ ਕਮੀ ਹੋ ਜਾਵੇ ਤਾਂ ਇਸ ਦਾ ਅਸਰ ਮਾਦਾ ਭਰੂਣ ’ਤੇ ਵੱਧ ਹੁੰਦਾ ਹੈ ਅਤੇ ਉਸ ਦਾ ਵਧਣਾ-ਫੁੱਲਣਾ ਨਰ ਭਰੂਣ ਦੇ ਮੁਕਾਬਲੇ ਘੱਟ ਹੋ ਜਾਂਦਾ ਹੈ।

ਹਾਰਮੋਨ: ਮਾਂ ਦੇ ਸਰੀਰ ਅੰਦਰ ਵਧੀਆ ਹਾਰਮੋਨ ਦੇ ਵਾਧੇ ਨਾਲ ਭਰੂਣ ਵੀ ਚੰਗਾ ਭਾਰਾ ਹੋ ਜਾਂਦਾ ਹੈ। ਪਰ, ਜੇ ਹਾਰਮੋਨ ਮਾੜੇ ਹੋਣ ਅਤੇ ਮਾਂ ਢਹਿੰਦੀ ਕਲਾ ਵਿੱਚ ਹੋਵੇ ਤਾਂ ਭਰੂਣ ਦਾ ਵਧਣਾ-ਫੁੱਲਣਾ ਰੁਕ ਜਾਂਦਾ ਹੈ।

ਜੱਚਾ ਦਾ ਬਲੱਡ ਪ੍ਰੈਸ਼ਰ ਤੇ ਸ਼ੱਕਰ ਰੋਗ: ਜੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਗਰਭ ਠਹਿਰਨ ਤੋਂ ਪਹਿਲਾਂ ਦੀ ਹੋਵੇ ਜਾਂ ਗਰਭ ਦੌਰਾਨ ਹੋਵੇ ਤਾਂ ਇਸ ਦਾ ਸਹੀ ਇਲਾਜ ਕਰਵਾਉਣ ਦੀ ਲੋੜ ਹੈ ਕਿਉਂਕਿ ਇਹ ਭਰੂਣ ਨੂੰ ਪੂਰੀ ਤਰ੍ਹਾਂ ਵਧਣ-ਫੁੱਲਣ ਨਹੀਂ ਦਿੰਦਾ। ਇੰਜ ਹੀ ਸ਼ੱਕਰ ਰੋਗ ਨੂੰ ਕਾਬੂ ਰੱਖਣ ਲਈ ਜੱਚਾ ਨੂੰ ਹਮੇਸ਼ਾਂ ਹੀ ਇਨਸੂਲਿਨ ਦੇ ਟੀਕੇ ਲਵਾਉਣੇ ਚਾਹੀਦੇ ਹਨ ਤਾਂ ਜੋ ਬੱਚੇ ਨੂੰ ਜਮਾਂਦਰੂ ਨੁਕਸ ਹੋਣ ਤੋਂ ਬਚਾਇਆ ਜਾ ਸਕੇ।

ਜੱਚਾ ਵੱਲੋਂ ਖਾਧੀਆਂ ਜਾ ਰਹੀਆਂ ਦਵਾਈਆਂ: ਗਰਭ ਦੇ ਪਹਿਲੇ ਤਿੰਨ ਮਹੀਨੇ ਸਿਵਾਏ ਫੋਲਿਕ ਐਸਿਡ ਦੇ ਬੇਲੋੜੀਆਂ ਦਵਾਈਆਂ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ। ਜੇ ਦੌਰੇ ਵਾਲੀਆਂ ਦਵਾਈਆਂ ਖਾਧੀਆਂ ਜਾ ਰਹੀਆਂ ਹੋਣ ਤਾਂ ਇਕਦਮ ਡਾਕਟਰੀ ਸਲਾਹ ਨਾਲ ਬਦਲ ਲੈਣੀਆਂ ਚਾਹੀਦੀਆਂ ਹਨ। ਭਰੂਣ ਲਈ ਖ਼ਤਰਨਾਕ ਸਾਬਤ ਹੋ ਚੁੱਕੀਆਂ ਦਵਾਈਆਂ ਹਨ- ਫੈਨੀਟਾਇਨ, ਸੋਡੀਅਮ ਵੈਲਪਰੋਏਟ, ਐਰਿਥਰੋਮਾਈਸਿਨ, ਬੀਟਾ ਬਲੌਕਰ ਤੇ ਵਾਰਫੈਰਿਨ ਆਦਿ।

ਅਲਟਰਾਸਾਊਂਡ ਰਾਹੀਂ ਮਾਂ ਦੇ ਢਿੱਡ ਅੰਦਰ ਭਰੂਣ ਦਾ ਆਕਾਰ ਨਾਪਿਆ ਜਾ ਸਕਦਾ ਹੈ ਕਿ ਹਰ ਮਹੀਨੇ ਭਰੂਣ ਠੀਕ ਠਾਕ ਵਧ ਰਿਹਾ ਹੈ ਜਾਂ ਨਹੀਂ। ਇੰਜ ਹੀ ਕਿਸੇ ਕਮੀ ਸਦਕਾ ਖ਼ਾਸ ਕਰ ਫੋਲਿਕ ਐਸਿਡ ਦੀ ਘਾਟ ਕਾਰਣ ਜੇ ਭਰੂਣ ਦੀ ਰੀੜ ਦੀ ਹੱਡੀ ਪੂਰੀ ਨਾ ਬਣੀ ਹੋਵੇ ਤਾਂ ਉਹ ਵੀ ਦਿਸ ਜਾਂਦਾ ਹੈ। ਜੇ ਬਹੁਤ ਹੀ ਜ਼ਿਆਦਾ ਨੁਕਸ ਹੋਵੇ ਅਤੇ ਭਰੂਣ ਦਾ ਜੰਮਦੇ ਸਾਰ ਮਰ ਜਾਣ ਦਾ ਖ਼ਤਰਾ ਹੋਵੇ ਤਾਂ ਭਰੂਣ ਡੇਗਣ ਵਿੱਚ ਹੀ ਫ਼ਾਇਦਾ ਹੁੰਦਾ ਹੈ। ਜੇ ਅਲਟਰਾਸਾਊਂਡ ਰਾਹੀਂ ਪਤਾ ਲੱਗੇ ਕਿ ਭਰੂਣ ਕਮਜ਼ੋਰ ਹੈ ਤਾਂ ਮਾਂ ਦੀ ਖ਼ੁਰਾਕ ਸੰਤੁਲਿਤ ਕੀਤੀ ਜਾ ਸਕਦੀ ਹੈ ਤੇ ਮਾਂ ਨੂੰ ਲੋੜੀਂਦੇ ਵਿਟਾਮਿਨ, ਲੋਹ ਕਣ ਤੇ ਕੈਲਸ਼ੀਅਮ ਵੇਲੇ ਸਿਰ ਦਿੱਤੇ ਜਾ ਸਕਦੇ ਹਨ ਤਾਂ ਜੋ ਭਰੂਣ ਸਹੀ ਸਲਾਮਤ ਠੀਕ ਠਾਕ ਵਧ-ਫੁੱਲ ਸਕੇ।

ਕਈ ਖੋਜਾਂ ਰਾਹੀਂ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਜੇ ਜੱਚਾ ਨੂੰ ਫੋਲਿਕ ਐਸਿਡ ਗਰਭ ਠਹਿਰਨ ਵੇਲੇ ਸ਼ੁਰੂ ਤੋਂ ਹੀ ਖੁਆਈ ਜਾਵੇ ਤਾਂ ਭਰੂਣ ਦੇ ਦਿਮਾਗ਼ ਤੇ ਰੀੜ੍ਹ ਦੀ ਹੱਡੀ ਦੇ ਨੁਕਸ ਵੀ ਕਾਫ਼ੀ ਘਟ ਜਾਂਦੇ ਹਨ। ਆਇਰਨ ਤੇ ਫੋਲਿਕ ਐਸਿਡ ਦੀਆਂ ਗੋਲੀਆਂ ਜੇ ਜੱਚਾ ਨੂੰ ਸੱਤਵੇਂ ਮਹੀਨੇ ਵਿੱਚ ਵੀ ਖੁਆਈਆਂ ਜਾਣ ਤਾਂ ਵੇਖਣ ਵਿੱਚ ਆਇਆ ਹੈ ਕਿ ਭਰੂਣ ਦਾ ਭਾਰ ਵਧਣ ਲੱਗ ਪੈਂਦਾ ਹੈ ਅਤੇ ਉਹ ਸਿਹਤਮੰਦ ਹੋ ਜਾਂਦਾ ਹੈ।

ਪਹਾੜਾਂ ਵਿੱਚ ਵਸਦੀਆਂ ਮਾਵਾਂ ਵਿੱਚ ਆਕਸੀਜਨ ਦੀ ਕਮੀ ਸਦਕਾ ਉਨ੍ਹਾਂ ਦੇ ਬੱਚੇ ਜ਼ਿਆਦਾਤਰ ਕਮਜ਼ੋਰ ਅਤੇ ਘੱਟ ਲੰਬਾਈ ਵਾਲੇ ਪੈਦਾ ਹੁੰਦੇ ਹਨ। ਇੰਜ ਹੀ ਦਿਲ ਦੇ ਰੋਗਾਂ ਵਾਲੀਆਂ ਮਾਵਾਂ ਦੇ ਬੱਚੇ ਵੀ ਬਹੁਤੇ ਸਿਹਤਮੰਦ ਨਹੀਂ ਹੁੰਦੇ। ਸ਼ਰਾਬ ਦੀ ਵਰਤੋਂ ਨਾਲ ਜਿੱਥੇ ਜਮਾਂਦਰੂ ਰੋਗ ਹੋ ਜਾਂਦੇ ਹਨ, ਉੱਥੇ ਭਰੂਣ ਕਮਜ਼ੋਰ ਵੀ ਹੋ ਜਾਂਦਾ ਹੈ।

ਪ੍ਰਾਈਵੇਟ ਯੂਨੀਵਰਸਿਟੀਆਂ ਬਨਾਮ ਵਪਾਰਕ ਅਦਾਰੇ

0

ਪ੍ਰਾਈਵੇਟ ਯੂਨੀਵਰਸਿਟੀਆਂ ਬਨਾਮ ਵਪਾਰਕ ਅਦਾਰੇ

ਪ੍ਰੋ. ਤਰਸਪਾਲ ਕੌਰ

   ਕਿਸੇ ਰਾਸ਼ਟਰ ਦੇ ਵਿਕਾਸ ਲਈ ਉਥੋਂ ਦਾ ਵਿੱਦਿਅਕ ਪ੍ਰਬੰਧ ਅਹਿਮ ਤੇ ਮੁੱਖ ਆਧਾਰ ਹੈ। ਅਜ਼ਾਦੀ ਦੇ 66 ਸਾਲ ਬੀਤ ਗਏ ਹਨ। ਕਈ ਸਰਕਾਰਾਂ ਆਈਆਂ ਤੇ ਕਈ ਚਲੀਆਂ ਵੀ ਗਈਆਂ, ਪਰ ਅਫ਼ਸੋਸ ਦੀ ਗੱਲ ਹੈ ਕਿ ਦੇਸ਼ ਦੀ ਅਜ਼ਾਦੀ ਦੇ ਇੰਨੇ ਵਰ੍ਹਿਆਂ ਬਾਅਦ ਵੀ ਕੋਈ ਠੋਸ ਵਿੱਦਿਅਕ ਨੀਤੀ ਨਾ ਬਣ ਸਕੀ। ਜਿਸ ਦਾ ਖ਼ਮਿਆਜ਼ਾ ਕਿਸੇ ਇਕ ਵਰਗ ਨੂੰ ਨਹੀਂ, ਬਲਕਿ ਹਰੇਕ ਵਰਗ ਨੂੰ ਭੁਗਤਣਾ ਪੈ ਰਿਹਾ ਹੈ। ਅੱਜ 21ਵੀਂ ਸਦੀ ਵਿਚ ਵਿੱਦਿਅਕ ਪ੍ਰਬੰਧ ਸਿਰਫ਼ ਤੇ ਸਿਰਫ਼ ਵਪਾਰਕ ਧੰਦਾ ਬਣਕੇ ਰਹਿ ਗਿਆ ਹੈ। ਇਹ ਗੱਲ ਪ੍ਰਾਇਮਰੀ ਪੱਧਰ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ ਦੀ ਵਿੱਦਿਆ ਤੱਕ ਲਾਗੂ ਹੁੰਦੀ ਹੈ।

 ਇਕ ਠੋਸ ਵਿੱਦਿਅਕ ਨੀਤੀ ਦੀ ਅਣਹੋਂਦ ਕਰਕੇ ਸਰਕਾਰੀ ਸੰਸਥਾਵਾਂ ਦੀ ਤਾਂ ਗੱਲ ਹੀ ਛੱਡੋ, ਜਿੱਥੇ ਵਿਦਿਆਰਥੀਆਂ ਦੇ ਪੜ੍ਹਣ ਲਈ ਪੂਰੇ ਅਧਿਆਪਕ ਹੀ ਨਹੀਂ ਹਨ, ਉਥੇ ਵਾਰ-ਵਾਰ ਅਜਿਹੀਆਂ ਘਾਟਾਂ ਦਾ ਵਰਨਣ ਵੀ ਹੁਣ ਬੇਲੋੜਾ ਜਾਪਣ ਲੱਗ ਪਿਆ ਹੈ। ਅੱਜ ਦੇ ਯੁੱਗ ਵਿਚ ਵਿੱਦਿਆ ਸਿਰਫ਼ ਤੇ ਸਿਰਫ਼ ਪ੍ਰਾਈਵੇਟ ਸੰਸਥਾਵਾਂ ’ਤੇ ਨਿਰਭਰ ਹੋ ਗਈ ਹੈ। ਪਹਿਲਾਂ ਤਾਂ ਇਹ ਸਿਰਫ਼ ਸਕੂਲਾਂ ਤੇ ਕਾਲਜਾਂ ਤੱਕ ਹੀ ਸੀਮਿਤ ਸੀ ਪਰ ਹੁਣ ਵਿਸ਼ਵੀਕਰਨ ਤੇ ਨਿੱਜੀਕਰਨ ਦੇ ਪ੍ਰਭਾਵ ਹੇਠ ਕੁਝ ਵਰ੍ਹਿਆਂ ਤੋਂ ਇਹ ਦੇਖਣ ਵਿਚ ਆਇਆ ਹੈ ਕੁਝ ਕਾਲਜਾਂ ਜਾਂ ਇਹਨਾਂ ਵਿੱਦਿਅਕ ਸੰਸਥਾਵਾਂ ਨੇ ਪ੍ਰਾਈਵੇਟ ਯੂਨੀਵਰਸਿਟੀਆਂ ਦਾ ਰੂਪ ਧਾਰਨ ਕਰ ਲਿਆ। ਗੱਲ ਜੇ ਸਾਡੇ ਸੂਬੇ ਪੰਜਾਬ ਦੀ ਹੀ ਲੈ ਲਈਏ ਤਾਂ ਇਕ ਪਾਸੇ ਉਹ ਵਰਗ ਹੈ ਜਿਸਨੂੰ ਦੋ ਵਕਤ ਦੀ ਰੋਟੀ ਲਈ ਰੁਜ਼ਗਾਰ ਵੀ ਹਾਸਿਲ ਨਹੀਂ ਹੋ ਰਿਹਾ ਤੇ ਦੂਸਰੇ ਪਾਸੇ ਉਹ ਵਰਗ ਵੀ ਹੈ, ਜਿਸ ਕੋਲ ਬੇਸ਼ੁਮਾਰ ਪੈਸਾ ਹੈ ਤੇ ਉਸਨੂੰ ਸਮਝ ਨਹੀਂ ਆ ਰਹੀ ਕਿ ਕਿਸ ਖੇਤਰ ਵਿਚ ਉਹ ਆਪਣਾ ਪੈਸਾ ਵਹਾਵੇ।
ਦੇਖੋ ਕਿੰਨੀ ਅਜੀਬ ਗੱਲ ਹੈ, ਸੂਝ-ਬੂਝ ਤੇ ਬੌਧਿਕਤਾ ਤੋਂ ਅਣਜਾਣ ਇਹ ਧਨੀ ਵਰਗ, ਕਿਸੇ ਯੂਨੀਵਰਸਿਟੀ ਜਾਂ ਵਿੱਦਿਅਕ ਸੰਸਥਾ ਦੀ ਸਥਾਪਨਾ ਵੇਲੇ ਆਪਣਾ ਦ੍ਰਿਸ਼ਟੀਕੋਣ ਕਿਸੇ ਵਪਾਰਕ ਮਾਲ, ਸਿਨੇਮਾ ਘਰ, ਮੈਰਿਜ-ਪੈਲੇਸ ਜਾਂ ਰੈਸਟੋਰੈਂਟ ਵਾਲੇ ਮੁਨਾਫ਼ੇ ਵਾਲਾ ਹੀ ਰੱਖਦਾ ਹੈ। ਬੜੇ ਅਫ਼ਸੋਸ ਦੀ ਗੱਲ ਹੈ ਕਿ 21ਵੀਂ ਸਦੀ ਦੇ ਇਸ ਆਧੁਨਿਕ ਦੌਰ ਵਿਚ ਵਿੱਦਿਅਕ ਅਤੇ ਸੂਖਮ ਸੁਹਜ-ਕਲਾਵਾਂ ਵੱਲ ਸਾਡਾ ਦ੍ਰਿਸ਼ਟੀਕੋਣ ਕਿੰਨਾ ਗਿਆਨ-ਵਿਹੂਣਾ ਹੈ।
ਪਿਛਲੇ ਲੰਮੇ ਅਰਸੇ ਤੋਂ ਸਾਡੇ ਸੂਬੇ ਵਿਚ ਕਈ ਪ੍ਰਾਈਵੇਟ ਯੂਨੀਵਰਸਿਟੀਆਂ ਹੋਂਦ ਵਿਚ ਆਈਆਂ ਹਨ। ਇਹਨਾਂ ਨਿੱਜੀ ਯੂਨੀਵਰਸਿਟੀਆਂ ਦੀ ਸਥਾਪਨਾ ਕਿਸੇ ਗੁਣਾਤਮਿਕ ਵਿੱਦਿਆ ਦੇ ਪਸਾਰ ਲਈ ਨਹੀਂ, ਬਲਕਿ ਨਿੱਜੀ ਮੁਨਾਫ਼ੇ ਲਈ ਹੈ। ਅੰਤਾਂ ਦਾ ਪੈਸਾ ਵਹਾਅ ਕੇ ਇਹਨਾਂ ਯੂਨੀਵਰਸਿਟੀਆਂ ਦੀਆਂ ਇਮਾਰਤਾਂ ਅਤਿ-ਆਧੁਨਿਕ ਸਹੂਲਤਾਂ ਵਾਲੀਆਂ ਬਣਾਈਆਂ ਗਈਆਂ ਹਨ। ਇਹ ਸਾਰੀਆਂ ਸੰਸਥਾਵਾਂ ਇਕ ਦੂਸਰੇ ਨਾਲੋਂ ਵਧ ਚੜ੍ਹ ਕੇ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਲਈ ਮੁਕਾਬਲੇ ਵਿਚ ਹਨ। ਇਹ ਆਧੁਨਿਕ ਉੱਚਤਮ ਦਰਜੇ ਦੀਆਂ ਬੇਸ਼ੁਮਾਰ ਸਹੂਲਤਾਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਚਕਾਚੌਂਧ ਕਰ ਰਹੀਆਂ ਹਨ। ਆਮ ਦੇਖਣ ਵਿਚ ਆਇਆ ਹੈ ਕਿ ਅਜਿਹੀਆਂ ਸੰਸਥਾਵਾਂ ਵਿਚ ਮਿਆਰੀ ਵਿੱਦਿਅਕ ਮਾਹੌਲ ਵੀ ਸਥਾਪਿਤ ਨਹੀਂ ਕੀਤਾ ਗਿਆ, ਜੋ ਕਿ ਨਵੀਂ ਪੀੜ੍ਹੀ ਦੇ ਚਰਿੱਤਰ ਨਿਰਮਾਣ ਲਈ ਅੱਜ ਦੇ ਸਮੇਂ ਵਿਚ ਅਤਿਅੰਤ ਜ਼ਰੂਰੀ ਹੈ। ਵਿਦਿਆਰਥੀ ਲੜਕੇ ਤੇ ਲੜਕੀਆਂ ਇਕ ਖੁੱਲ੍ਹੇ ਮਾਹੌਲ ਵਿਚ ਕਿਸੇ ਵਪਾਰਕ ਮਾਲ ਜਾਂ ਸਿਨੇਮਾ ਘਰਾਂ ਵਾਂਗ ਵਿਚਰਦੇ ਹਨ ਜਿੱਥੇ ਕੋਈ ਵੀ ਰੋਕ-ਟੋਕ ਨਹੀਂ ਹੁੰਦੀ। ਸਾਡੀ ਨਵੀਂ ਪੀੜ੍ਹੀ ਇਸੇ ਮਾਹੌਲ ਨੂੰ ਹੀ ਆਧੁਨਿਕਤਾ ਦਾ ਨਾਂ ਦਿੰਦੀ ਹੈ। ਅਜੇ ਤੱਕ ਇਹ ਗੱਲ ਸਮਝ ਨਹੀਂ ਆ ਰਹੀ ਕਿ ਰਾਜ ਸਰਕਾਰ ਤੇ ਕੇਂਦਰ ਸਰਕਾਰ ਦੀ ਆਖਿਰ ਸਾਡੇ ਯੁਵਕ ਵਰਗ ਲਈ ਵਿੱਦਿਆ ਦੀ ਕੀ ਨੀਤੀ ਹੈ ? ਸਰਕਾਰ ਕਿਉਂ ਇਹਨਾਂ ਧੜਾਧੜ ਖੁੱਲ੍ਹ ਰਹੀਆਂ ਨਿੱਜੀ ਦੁਕਾਨਾਂ ਨੂੰ ਬੜਾਵਾ ਦੇ ਰਹੀ ਹੈ, ਜਿਹੜੀਆਂ ਵਿੱਦਿਆ ਪ੍ਰਦਾਨ ਕਰਨ ਦਾ ਨਹੀਂ ਬਲਕਿ ਡਿਗਰੀਆਂ ਵੰਡਣ ਦਾ ਕੰਮ ਕਰ ਰਹੀਆਂ ਹਨ। ਵਿਦਿਆਰਥੀਆਂ ਕੋਲੋਂ ਵੱਡੀ ਮਾਤਰਾ ਵਿਚ ਫੀਸਾਂ, ਫੰਡ ਤੇ ਹੋਰ ਖਰਚੇ ਵਸੂਲ ਕੀਤੇ ਜਾਂਦੇ ਹਨ। ਉੱਚੇ ਸਮਾਜਿਕ ਸਤਰ ਵਾਲੇ ਮਾਪੇ ਇਹ ਸਭ ਆਰਾਮ ਨਾਲ ਦੇ ਰਹੇ ਹਨ ਤੇ ਵਿੱਦਿਅਕ ਸਰਟੀਫਿਕੇਟਾਂ ਦੀ ਖਰੀਦ ਕੀਤੀ ਜਾਂਦੀ ਹੈ। ਇਹਨਾਂ ਸੰਸਥਾਵਾਂ ਵਿਚ ਦਾਖਲਿਆਂ ਸਬੰਧੀ ਕੋਈ ਮਾਪਦੰਡ ਨਹੀਂ ਰੱਖਦੇ ਜਾਂਦੇ ਸਿਵਾਏ ਇਸਦੇ ਕਿ ਵਿਦਿਆਰਥੀ ਵੱਡੀਆਂ ਫੀਸਾਂ ਦੇਣ ਦੀ ਯੋਗਤਾ ਰੱਖਦਾ ਹੋਵੇ।
ਇਕ ਹੋਰ ਦੂਸਰਾ ਪੱਖ ਇਹਨਾਂ ਯੂਨੀਵਰਸਿਟੀਆਂ ਦੇ ਅਧਿਆਪਨ ਅਤੇ ਗੈਰ-ਅਧਿਆਪਨ ਅਮਲੇ ਦਾ ਹੈ। ਦੇਖਣ ਵਿਚ ਆਇਆ ਹੈ ਕਿ ਅਧਿਆਪਕਾਂ ਦੀ ਭਰਤੀ ਵੀ ਸਾਲਾਨਾ ਪੈਕੇਜ਼ ਦੇ ਆਧਾਰ ’ਤੇ ਆਪਣੀਆਂ ਹੀ ਏਜੰਸੀਆਂ ਦੁਆਰਾ ਕੀਤੀ ਜਾਂਦੀ ਹੈ। ਜਿਵੇਂ ਕਿ ਪ੍ਰਾਈਵੇਟ ਫਰਮਾਂ ਜਾਂ ਫੈਕਟਰੀਆਂ ਵਿਚ ਕੀਤੀ ਜਾਂਦੀ ਹੈ। ਇਹ ਏਜੰਸੀਆਂ ਨਿੱਜੀ ਯੂਨੀਵਰਸਿਟੀਆਂ ਲਈ ਵਿਦਿਆਰਥੀ ਵੀ ਖਿੱਚ ਕੇ ਲਿਆਉਂਦੀਆਂ ਹਨ। ਇਹ ਏਜੰਸੀਆਂ ਬਹੁਤੀ ਵਾਰੀ ਦੇਸ਼ ਦੇ ਦੂਸਰੇ ਰਾਜਾਂ ਤੋਂ ਆਏ ਆਪਣੇ ਵਿਅਕਤੀਆਂ ਨੂੰ ਇਹਨਾਂ ਨਿੱਜੀ ਯੂਨੀਵਰਸਿਟੀਆਂ ਵਿਚ ਭਰਤੀ ਕਰਵਾਉਂਦੀਆਂ ਹਨ। ਜੇ ਇੱਥੇ ਥੋੜ੍ਹੇ ਜਿਹੇ ਵੀ ਭਰਤੀ ਸਬੰਧੀ ਮਾਪਦੰਡ ਰੱਖੇ ਹੋਣ ਤਾਂ ਉਹ ਉਸੇ ਤਰ੍ਹਾਂ ਦੇ ਹੀ ਹੁੰਦੇ ਹਨ ਜਿਵੇਂ ਇਕ ਸੇਲਜ਼ਮੈਨ ਜਾਂ ਸੇਲਜ਼ਗਰਲ ਦੀ ਭਰਤੀ ਕਰਨ ਵੇਲੇ ਹੁੰਦੇ ਹਨ। ਮੈਨੂੰ ਅਜਿਹੀਆਂ ਯੂਨੀਵਰਸਿਟੀਆਂ ਵਿਚ ਜਾਣ ਦਾ ਮੌਕਾ ਅਕਸਰ ਮਿਲਦਾ ਰਹਿੰਦਾ ਹੈ। ਉਥੇ ਜਾ ਕੇ ਪਹਿਲਾ ਪ੍ਰਭਾਵ ਅਧਿਆਪਨ ਜਾਂ ਗੈਰ-ਅਧਿਆਪਨ ਅਮਲੇ ਨੂੰ ਦੇਖ ਕੇ ਇਹੀ ਗ੍ਰਹਿਣ ਹੁੰਦਾ ਹੈ ਜਿਵੇਂ ਕਿਸੇ ਫੈਸ਼ਨ ਸ਼ੋਅ ਜਾਂ ਸੁੰਦਰਤਾ ਉਤਪਾਦ ਕੰਪਨੀ ਦੇ ਵਿਗਿਆਪਨ ਵਿਚ ਔਰਤਾਂ ਤੇ ਮਰਦ ਹਿੱਸਾ ਲੈਣ ਆਏ ਹੋਣ। ਇਹ ਬੜੇ ਅਫ਼ਸੋਸ ਦੀ ਗੱਲ ਹੈ ਕਿ ਜਿੱਥੇ ਇਕ ਪਾਸੇ ਬੁੱਧੀਜੀਵੀ ਵਰਗ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਦੁਹਾਈਆਂ ਪਾ ਰਿਹਾ ਹੈ ਤੇ ਦੂਜੇ ਪਾਸੇ ਇੰਜ ਜਾਪ ਰਿਹਾ ਹੈ ਜਿਵੇਂ ਰਾਜ ਸਰਕਾਰ ਦੀ ਮਾਤ-ਭਾਸ਼ਾ ਪ੍ਰਤੀ ਇਖ਼ਲਾਕੀ ਜ਼ਿੰਮੇਵਾਰੀ ਖਤਮ ਹੀ ਹੋ ਗਈ ਹੋਵੇ। ਇਹਨਾਂ ਸੰਸਥਾਵਾਂ ਵਿਚ ਅਧਿਆਪਨ ਤੇ ਗ਼ੈਰ-ਅਧਿਆਪਨ ਅਮਲਾ ਅੰਗਰੇਜ਼ੀ ਜਾਂ ਹਿੰਦੀ ਬੋਲਦਾ ਹੀ ਭਰਤੀਕੀਤਾ ਜਾਂਦਾ ਹੈ। ਜਦੋਂ ਰਿਸੈਪਸ਼ਨ ’ਤੇ ਤੁਸੀਂ ਪਹੁੰਚ ਜਾਵੋ ਤਾਂ ਇਕ ਸਜੀ-ਫ਼ਬੀ ਚੰਗੇ ਮੇਕਅੱਪ ਵਾਲੀ ਲੜਕੀ ਤੁਹਾਡੇ ਨਾਲ ਹਿੰਦੀ ਜਾਂ ਅੰਗਰੇਜ਼ੀ ਵਿਚ ਹੀ ਗੱਲ ਕਰੇਗੀ। ਇਹ ਨਿੱਜੀ ਯੂਨੀਵਰਸਿਟੀਆਂ ਪੰਜਾਬੀ ਤੇ ਪੰਜਾਬੀਅਤ ਪ੍ਰਤੀ ਆਪਣਾ ‘ਹੀਣ’ ਦ੍ਰਿਸ਼ਟੀਕੋਣ ਪੇਸ਼ ਕਰ ਰਹੀਆਂ ਹਨ। ਜੇਕਰ ਇਸ ਮੁੱਦੇ ਪ੍ਰਤੀ ਗੰਭੀਰ ਨੋਟਿਸ ਨਾ ਲਿਆ ਗਿਆ ਤਾਂ ਇਹ ਸਾਰੇ ਭਿਆਨਕ ਪੱਖ ਵਿੱਦਿਆ, ਮਾਂ-ਬੋਲੀ ਤੇ ਪੰਜਾਬੀਅਤ ਲਈ ਵੱਡਾ ਖਤਰਾ ਸਾਬਿਤ ਹੋਣਗੇ।
ਵਿਸ਼ਵੀਕਰਨ ਤੇ ਮੰਡੀ ਦੇ ਪ੍ਰਭਾਵ ਨੇ ਸਾਡੇ ਮਨਾਂ ਨੂੰ ਚਕਾਚੌਂਧ ਕਰ ਦਿੱਤਾ ਹੈ। ਭਾਸ਼ਾ ਕਿਸੇ ਸਮਾਜ ਦੇ ਵਰਤਾਰੇ ਵਿਚ ਅਹਿਮ ਤੇ ਪਹਿਲਾ ਪਹਿਲੂ ਹੈ। ਕਿਸੇ ਮੁਲਕ ਦੇ ਸਮਾਜਿਕ ਵਿਕਾਸ ਦਾ ਅੰਦਾਜ਼ਾ ਉਸ ਮੁਲਕ ਦੀਆਂ ਭਾਸ਼ਾਵਾਂ ਦੀ ਸਥਿਤੀ ਤੋਂ ਲਗਾਇਆ ਜਾ ਸਕਦਾ ਹੈ। ਵਿਸ਼ਵੀਕਰਨ ਤੇ ਮੰਡੀ ਸਾਡੇ ਬੌਧਿਕ ਵਿਕਾਸ ਦੇ ਸਭ ਤੋਂ ਅਹਿਮ ਅੰਗ ‘ਵਿੱਦਿਅਕ ਪ੍ਰਬੰਧ’ ’ਤੇ ਹਾਵੀ ਹੋ ਗਏ ਹਨ। ਜੇਕਰ ਰਾਜ ਸਰਕਾਰਾਂ ਅਤੇ ਕੇਂਦਰ ਨੇ ਇਸ ਗੱਲ ਨੂੰ ਨਾ ਵਿਚਾਰਿਆ ਤਾਂ ਭਵਿੱਖ ਵਿਚ ਸਾਡੀ ਕੌਮ ਦਾ ਬੌਧਿਕ ਤੇ ਵਿੱਦਿਅਕ ਸਤਰ ਕੀ ਹੋਵੇਗਾ ? ਇਸ ਬਾਰੇ ਤੁਸੀਂ ਸਾਰੇ ਆਪ ਅਨੁਮਾਨ ਲਗਾ ਸਕਦੇ ਹੋ।

ਦਿਲ ਦੀ ਤੰਦਰੁਸਤੀ

0

ਦਿਲ ਦੀ ਤੰਦਰੁਸਤੀ

ਡਾ. ਕਪਿਲ ਗੁਪਤਾ

ਇਸ ਮੁਕਾਬਲੇ ਅਤੇ ਤੇਜ਼ ਰਫਤਾਰ ਯੁੱਗ ’ਚ ਜ਼ਿਆਦਾਤਰ ਲੋਕ ਸਿਹਤ ਨਾਲ ਸਮਝੌਤਾ ਕਰਦੇ ਹੋਏ ਅੱਗੇ ਵੱਧਦੇ ਹਨ। ਉਹ ਬਿਹਤਰ ਜ਼ਿੰਦਗੀ ਦੀ ਕਲਪਨਾ ਤਾਂ ਕਰਦੇ ਹਨ ਪਰ ਸਿਹਤਮੰਦ ਜ਼ਿੰਦਗੀ ਦਾ ਸੰਕਲਪ ਕਿਤੇ ਗਾਇਬ ਹੁੰਦਾ ਹੈ। ਇਸੇ ਕਰਕੇ ਬਹੁਤ ਕੁਝ ਹੋਣ ਦੇ ਬਾਵਜੂਦ ਵੀ ਉਹ ਸਿਹਤਮੰਦ ਜ਼ਿੰਦਗੀ ਤੋਂ ਵਿਰਵੇ ਹੁੰਦੇ ਹਨ, ਜਿਸ ਦਾ ਮਲਾਲ ਉਨ੍ਹਾਂ ਨੂੰ ਰਹਿੰਦਾ ਹੀ ਹੈ। ਲਾਈਫ ਸਟਾਈਲ ’ਚੋਂ ਪੈਦਾ ਹੋਣ ਵਾਲੀਆਂ ਕਈ ਬਿਮਾਰੀਆਂ ’ਚ ਦਿਲ ਨਾਲ ਸਬੰਧਤ ਬਿਮਾਰੀਆਂ ਵੀ ਹਨ। ਜੇ ਇਸ ਨੂੰ ਗੰਭੀਰਤਾ ਨਾਲ ਨਾ ਲਿਆ ਜਾਵੇ ਤਾਂ ਇਹ ਦਿਲ ਦਾ ਮਾਮਲਾ ਜਾਨਲੇਵਾ ਹੋ ਸਕਦਾ ਹੈ।

ਸਾਡੇ ਮੁਲਕ ’ਚ ਦਿਲ ਨਾਲ ਸਬੰਧਤ ਬਿਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ’ਚ ਵੱਡਾ ਇਜ਼ਾਫਾ ਹੋ ਰਿਹਾ ਹੈ ਅਤੇ ਪੰਜਾਬ ਇਸ ਮਾਮਲੇ ’ਚ ਵੀ ਅੱਗੇ ਹੈ। ਹਾਲਾਂਕਿ ਦਿਲ ਨਾਲ ਸਬੰਧਤ ਬਿਮਾਰੀਆਂ ਦੇ ਇਲਾਜ ’ਚ ਅਤਿ ਆਧੁਨਿਕ ਤਕਨੀਕਾਂ ਅਤੇ ਦਵਾਈਆਂ ਦਾ ਇਸਤੇਮਾਲ ਹੋਣ ਲੱਗਾ ਹੈ। ਪਰ ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਨੂੰ ਹੋਣ ਹੀ ਕਿਉਂ ਦਿੱਤਾ ਜਾਵੇ? ਇਹ ਗੱਲ ਬਿਲਕੁਲ ਠੀਕ ਹੈ ਕਿ ਇਨ੍ਹਾਂ ਬਿਮਾਰੀਆਂ ਨੂੰ ਹੋਣ ਹੀ ਕਿਉਂ ਦਿੱਤਾ ਜਾਵੇ, ਇਨ੍ਹਾਂ ਨੂੰ ਹੋਣ ਤੋਂ ਪਹਿਲਾਂ ਹੀ ਰੋਕਿਆ ਜਾਵੇ। ਇਸ ਤੋਂ ਬਚਾਅ ਲਈ ਕੁਝ ਤਰੀਕੇ ਹਨ ਜੇ ਇਨ੍ਹਾਂ ਨੂੰ ਜ਼ਿੰਦਗੀ ’ਚ ਅਪਣਾ ਲਿਆ ਜਾਵੇ ਤਾਂ ਤੰਦਰੁਸਤ ਦਿਲ ਦੇ ਨਾਲ-ਨਾਲ ਸਿਹਤਮੰਦ ਜ਼ਿੰਦਗੀ ਵੀ ਭੋਗੀ ਜਾ ਸਕਦੀ ਹੈ।

(1). ਜੀਵਨ ਸ਼ੈਲੀ ਵਿਚ ਸਾਕਾਰਾਤਮਕ ਤਬਦੀਲੀ ਲਿਆਉਣੀ ਜ਼ਰੂਰੀ ਹੈ।

(2). ਡਾਕਟਰ ਤੋਂ ਸਲਾਹ ਲੈ ਕੇ ਰੈਗੂਲਰ 45 ਮਿੰਟ ਦੀ ਤੇਜ਼ ਸੈਰ ਕਰਨੀ ਚਾਹੀਦੀ ਹੈ।

(3). ਯੋਗਾ ਤੇ ਮੈਡੀਟੇਸ਼ਨ ਨੂੰ ਆਪਣੀ ਰੂਟੀਨ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।

(4). ਕਿਸੇ ਨਾ ਕਿਸੇ ਖੇਡ ਦਾ ਸ਼ੌਕ ਜ਼ਰੂਰ ਹੋਣਾ ਚਾਹੀਦਾ ਹੈ।

(5). ਸਿਗਰਟ ਅਤੇ ਸ਼ਰਾਬ ਤੁਹਾਡੀ ਸਿਹਤ ਦੇ ਦੁਸ਼ਮਣ ਹਨ। ਇਨ੍ਹਾਂ ਤੋਂ ਪਰਹੇਜ਼ ਕਰੋ।

(6). ਰਾਤ ਨੂੰ ਜਲਦੀ ਸੌਣ ਤੇ ਸਵੇਰੇ ਜਲਦੀ ਉੱਠਣ ਦੀ ਆਦਤ ਹੋਣੀ ਚਾਹੀਦੀ ਹੈ।

(7). ਖਾਣਾ ਨਿਰਧਾਰਤ ਸਮੇਂ ’ਤੇ ਹੀ ਖਾਣਾ ਚਾਹੀਦਾ ਹੈ।

(8). ਤਲੇ ਅਤੇ ਜ਼ਿਆਦਾ ਕੈਲਰੀਜ਼ ਵਾਲੇ ਖਾਧ ਪਦਾਰਥਾਂ ਦੀ ਜਗ੍ਹਾ ’ਤੇ ਪੌਸ਼ਕ ਤੱਤਾਂ ਨਾਲ ਭਰਪੂਰ ਖਾਧ ਪਦਾਰਥਾਂ ਨੂੰ ਪਹਿਲ ਦਿਓ। ਸਮੋਸਾ, ਪਕੌੜਾ, ਮੋਮੋ, ਮਿਠਾਈ ਆਦਿ ਦੀ ਥਾਂ ਪੂੰਗਰੇ ਅਨਾਜ, ਸਾਬਤ ਅਨਾਜ ਆਦਿ ਦਾ ਇਸਤੇਮਾਲ ਕਰੋ।

(9). ਦੇਸੀ ਘਿਓ, ਮੱਖਣ ਆਦਿ ਦਿਲ ਦੀਆਂ ਦੁਸ਼ਮਣ ਚੀਜ਼ਾਂ ਦੀ ਜਗ੍ਹਾ ਆਲਿਵ ਆਇਲ, ਸਰੋਂ ਦਾ ਤੇਲ ਆਦਿ ਦਾ ਇਸਤੇਮਾਲ ਕਰੋ।

(10). ਮੈਦੇ ਅਤੇ ਇਸ ਤੋਂ ਬਣੀਆਂ ਚੀਜ਼ਾਂ ਤੋਂ ਪਰਹੇਜ਼ ਕਰੋ। ਇਸ ਦੀ ਥਾਂ ਫਲਾਂ ਅਤੇ ਸਬਜ਼ੀਆਂ ਨੂੰ ਪਹਿਲ ਦਿਓ।

(11). ਓਮੇਗਾ 3 ਫੈਟੀ ਐਸਿਡ ਅਤੇ ਅਲਸੀ ਦਾ ਸੇਵਨ ਦਿਲ ਦੀ ਸਿਹਤ ਲਈ ਫਾਇਦੇਮੰਦ ਹੈ। ਓਮੇਗਾ 3 ਫੈਟੀ ਐਸਿਡ ਮੱਛੀ, ਬਾਦਾਮ, ਅਖਰੋਟ ਅਤੇ ਸੀਡਸ ’’ਚ ਪਾਇਆ ਜਾਂਦਾ ਹੈ।

ਕਰਜ਼ਿਆਂ ਦੇ ਜਾਲ ਨਾਲ ਦਿੱਤਾ ਜਾਂਦਾ ਕਿਸਾਨਾ ਨੂੰ ਮਿੱਠਾ ਜ਼ਹਿਰ

0

ਕਰਜ਼ਿਆਂ ਦੇ ਜਾਲ ਨਾਲ ਦਿੱਤਾ ਜਾਂਦਾ ਕਿਸਾਨਾ ਨੂੰ ਮਿੱਠਾ ਜ਼ਹਿਰ

ਗੁਰਚਰਨ ਸਿੰਘ ਪੱਖੋਕਲਾਂ-94177 27245

ਸਰਕਾਰਾਂ ਚਲਾਉਂਦੇ ਰਾਜਨੀਤਕ ਲੋਕ ਜਦੋਂ ਦੇਸ ਦੇ ਕਿਸਾਨ ਵਰਗ ਨੂੰ ਕਰਜ਼ਿਆਂ ਦੇ ਵਿੱਚ ਫਸਾਉਣ ਵਾਲੀਆਂ ਸਕੀਮਾਂ ਐਲਾਨ ਕੇ ਆਪਣੀ ਬੱਲੇ ਬੱਲੇ ਕਰਵਾਉਂਦੇ ਹਨ, ਪਰ ਉਹ ਦੇਸ਼ ਦੇ ਅਣਭੋਲ ਵਰਗ ਨਾਲ ਕਿੱਡਾ ਫਰੇਬ ਧੋਖਾ ਕਰ ਰਹੇ ਹੁੰਦੇ ਹਨ, ਦਾ ਪਤਾ ਕਿਸਾਨਾਂ ਦੀ ਖੁਦਕਸੀਆਂ ਤੋਂ ਬਾਅਦ ਹੀ ਪਤਾ ਲੱਗਦਾ ਹੈ। ਵਰਤਮਾਨ ਸਮੇਂ ਕਿਸਾਨਾਂ ਦੀਆਂ ਖੁਦਕਸੀਆਂ ਦਾ ਕਾਰਨ ਕਰਜ਼ਾ ਹੀ ਹੁੰਦਾ ਹੈ। ਅਸਲ ਨੀਤੀ ਤਾਂ ਕਿਸਾਨਾਂ ਲਈ ਇਹੋ ਜਿਹੀ ਚਾਹੀਦੀ ਹੈ, ਜਿਸ ਵਿੱਚ ਉਹਨਾਂ ਨੂੰ ਕਰਜ਼ਾ ਚੁੱਕਣਾ ਹੀ ਨਾ ਪਵੇ ਕਿਉਂਕਿ ਖੇਤੀਬਾੜੀ ਦੇ ਲਾਹੇਵੰਦ ਹੋਣ ਦੀ ਤਾਂ ਕੋਈ ਗਾਰੰਟੀ ਹੀ ਨਹੀਂ ਹੈ, ਕਿਉਂਕਿ ਖੇਤੀ ਦਿਮਾਗਾਂ ਦੀ ਖੇਡ ਨਹੀਂ ਕੁਦਰਤ ਦੇ ਰਹਿਮੋ ਕਰਮ ‘ਤੇ ਹੋਣ ਵਾਲੀ ਖੇਤੀ ਕਰਮਾਂ ਛੇਤੀ ਹੈ। ਦੇਸ ਦੀਆਂ ਸਰਕਾਰਾਂ ਤਾਂ ਹਾਲੇ ਤੱਕ ਫਸਲਾਂ ਸਬੰਧੀ ਖੇਤੀ ਬੀਮਾ ਸਕੀਮ ਵੀ ਸ਼ੁਰੂ ਨਹੀਂ ਕਰਵਾ ਸਕੀਆਂ। ਤਿੰਨ ਚਾਰ ਰਾਜਾਂ ਵਿੱਚ ਝੋਨੇ ਅਤੇ ਕਣਕ ਦੇ ਘੱਟੋ ਘੱਟ ਸਮਰਥਨ ਮੁੱਲ ਦੇਣ ਤੋਂ ਬਿਨਾਂ ਸਿਰਫ ਫੋਕੇ ਐਲਾਨ ਹੀ ਸੈਂਟਰ ਸਰਕਾਰ ਕਰਦੀ ਹੈ। ਬਾਕੀ ਸਾਰੀਆਂ ਫਸਲਾਂ ਬਜ਼ਾਰ ਦੇ ਰਹਿਮੋ ਕਰਮ ’ਤੇ ਹਨ, ਜਿਸ ਵਿੱਚ ਸਾਰਾ ਮੁਨਾਫਾ ਵਪਾਰੀ ਅਤੇ ਜਮਾਂਖੋਰ ਹੀ ਹੜੱਪ ਜਾਂਦੇ ਹਨ।
ਕਿਸਾਨ ਵਰਗ ਦਾ ਵੱਡਾ ਹਿੱਸਾ ਤਾਂ ਆਪਣੀਆਂ ਫਸਲਾਂ ਨੂੰ ਬਜ਼ਾਰ ਵਿੱਚ ਵੇਚਣ ਨਹੀਂ ਜਾਂਦਾ ਸਗੋਂ ਸਿੱਟਣ ਜਾਂਦਾ ਹੈ। ਸਰਕਾਰਾਂ ਕਿਸੇ ਵੀ ਫਸਲ ‘ਤੇ ਕਿਸਾਨ ਨੂੰ ਘੱਟੋ ਘੱਟ ਆਮਦਨ ਦੀ ਕਦੇ ਵੀ ਗਰੰਟੀ ਨਹੀਂ ਦਿੰਦੀਆਂ ਫੋਕੇ ਬਿਆਨਾਂ ਨਾਲ ਹੀ  ਕਿਸਾਨਾਂ ਦੇ ਦਿਲ ਬਹਿਲਾਉਂਦੀਆਂ ਹਨ। ਇੱਕ ਪਾਸੇ ਕਿਸਾਨ ਨੂੰ ਮੁਨਾਫਾ ਅਧਾਰਤ ਕੀਮਤ ਨਹੀਂ ਦਿੱਤੀ ਜਾਂਦੀ ਦੂਸਰੇ ਪਾਸੇ ਅੰਤਰਰਾਜੀ ਅਤੇ ਅੰਤਰ ਰਾਸ਼ਟਰੀ ਵਪਾਰ ਕਰਨ ‘ਤੇ ਹੀ ਪਾਬੰਦੀ ਲਾ ਦਿੱਤੀ ਜਾਂਦੀ ਹੈ।

  ਪੰਜਾਬ ਦੇ ਕਿਸਾਨ ਤੋਂ 1400 ਰੁਪਏ ਕੁਇੰਟਲ ਖਰੀਦੀ ਜਾਣ ਵਾਲੀ ਕਣਕ ਬਾਘੇ ਬਾਰਡਰ ਦੇ ਪਰਲੇ ਪਾਸੇ ਦਸ ਕਿਲੋਮੀਟਰ ਤੇ ਲਾਹੌਰ ਵਿੱਚ 2500 ਰੁਪਏ ਵਿਕਦੀ ਹੈ। ਇਹੋ ਕਣਕ ਦਿੱਲੀ ਵਿੱਚ ਆਟਾ ਬਣਾ ਕੇ  ਪਰਚੂਨ ਮੰਡੀ ਵਿੱਚ 30 ਤੋਂ 40 ਰੁਪਏ ਕਿੱਲੋ ਦੀ ਕੀਮਤ ਤੇ ਵਿਕ ਰਿਹਾ ਹੈ। ਕੁਝ ਸਰਕਾਰਾਂ ਦੇ ਟੈਕਸ ਅਤੇ ਵਪਾਰੀਆਂ ਦੇ ਮੁਨਾਫੇ ਨਾਲ ਇਸ ਦੀ ਕੀਮਤ ਦੇਸ ਵਿੱਚ ਹੀ ਦੁਗਣੀ ਹੋ ਜਾਂਦੀ ਹੈ। ਜਦ ਕਿਸਾਨ ਵਰਗ ਘਰੇਲੂ ਲੋੜਾਂ ਯੋਗਾ ਵੀ ਮੁਨਾਫਾ ਨਹੀਂ ਕਰ ਪਾਉਂਦਾ ਪਰ ਸਰਕਾਰਾਂ ਟੈਕਸਾਂ ਨਾਲ ਖਜਾਨੇ ਭਰਨ ਦੀ ਫਿਰਾਕ ਵਿੱਚ ਲੁੱਟਣ ਤੱਕ ਪਹੁੰਚ ਜਾਂਦੀਆਂ ਹਨ।
      ਕਿਸਾਨ ਦੀਆਂ ਸਮੱਸਿਆਵਾਂ ਦਾ ਹਲ ਇੱਕੋ ਹੀ ਹੈ ਕਿ ਖੇਤੀ ਲਾਹੇਵੰਦ ਧੰਦਾ ਬਣਾਇਆ ਜਾਵੇ ਪਰ ਸਰਕਾਰਾਂ ਇਸ ਦਾ ਹੱਲ ਕਿਸਾਨਾ ਨੂੰ ਕਰਜ਼ੇ ਦਿਵਾ ਕੇ ਉਸ ਦੇ ਗਲ ਵਿੱਚ ਕਰਜ਼ੇ ਦਾ ਗਲਘੋਟੂ ਰੱਸਾ ਪਾਉਣ ਨੂੰ ਪਹਿਲ ਦੇ ਰਹੀਆਂ ਹਨ। ਇਸ ਕਿੱਤੇ ਵਿੱਚ ਫਸਿਆ ਕਿਸਾਨ ਆਪਣੇ ਕਿੱਤੇ ਨੂੰ ਚਲਦਾ ਰੱਖਣ ਲਈ ਹੀ ਮਜਬੂਰੀ ਵੱਸ ਸੂਦਖੋਰ ਵਪਾਰੀਆਂ ਅਤੇ ਬੈਂਕਾਂ ਦੇ ਜਾਲ ਵਿੱਚ ਫਸਣ ਲਈ ਮਜਬੂਰ ਹੋ ਜਾਂਦਾ ਹੈ। ਕਿਸਾਨ ਤਾਂ ਇਹੋ ਜਿਹੀ ਸੀਲ ਫੰਡਰ ਮੱਝ ਵਾਂਗ ਬਣਾ ਦਿੱਤਾ ਗਿਆ ਹੈ ਜਿਸ ਨੂੰ ਚੋਣ ਲਈ ਨਾ ਟੀਕਾ ਲਾਉਣ ਦੀ ਲੋੜ ਹੈ, ਨਾ ਕੱਟਾ ਛੱਡਣ ਦੀ, ਜਿਹੜਾ ਮਰਜ਼ੀ ਸੂਦਖੋਰ ਧਨਾਡ ਥਾਪੀ ਦੇ ਕੇ ਚੋਅ ਲਵੇ। ਕਰਜ਼ੇ ਦਾ ਮੱਕੜ ਜਾਲ ਵਿੱਚ ਫਸਿਆ ਹੋਇਆ ਕਿਸਾਨ ਤਾਂ ਨਿਆਣਾਂ ਮਾਰੀ ਹੋਈ ਗਾਂ ਵਰਗਾ ਬਣਨ ਨੂੰ ਮਜਬੂਰ ਹੈ ਜੋ ਚਾਹੁੰਦਾ ਹੋਇਆਂ ਵੀ ਹਿੱਲ ਜਾਂ ਬੋਲ ਨਹੀਂ ਸਕਦਾ। ਜਦ ਇਸ ਕਰਜ਼ੇ ਦਾ ਮੱਕੜ ਜਾਲ ਕਿਸੇ ਕਿਸਾਨ ਨੂੰ ਸਮਾਜ ਵਿੱਚ ਬੇਇੱਜ਼ਤਾ ਬਣਾਉਣ ਲੱਗ ਜਾਂਦਾ ਹੈ ਤਦ ਉਸ ਕੋਲ ਬੇਸਰਮੀ ਤੋਂ ਖਹਿੜਾ ਛੁਵਾਉਣ ਲਈ ਖੁਦਕਸੀ ਦਾ ਰਾਹ ਹੀ ਬਚਦਾ ਹੈ।
ਗੈਰ ਕਾਸਤਕਾਰਾਂ ਨੂੰ ਜ਼ਮੀਨ ਦੀ ਖਰੀਦ ਕਰਨ ਦੀ ਖੁੱਲ ਦੇ ਕੇ ਸਰਕਾਰਾਂ ਨੇ ਕਰਜ਼ਾ ਦੇਣ ਵਾਲਿਆ ਨੂੰ ਹੱਲਾਸ਼ੇਰੀ ਦੇ ਰੱਖੀ ਹੈ। ਕਿਸਾਨਾ ਨੂੰ ਕਰਜ਼ਾ ਦੇਣ ਸਬੰਧੀ ਕੋਈ ਸਰਕਾਰੀ ਨੀਤੀ ਨਹੀਂ । ਕਰਜ਼ੇ ਕਾਰਨ ਕਿਸਾਨ ਦੀ ਜ਼ਮੀਨ ਕੁਰਕ ਕਰਨ ਦੀ ਖੁੱਲ ਦੇਣਾ ਰਾਜਨੀਤਕ ਅਤੇ ਧਨਾਢ ਵਰਗ ਦੀ ਸਾਂਝੀ ਚਾਲ ਹੈ ਜਿਸ ਵਿੱਚ ਕਿਸਾਨ ਵਰਗ ਹਲਾਲ ਕੀਤਾ ਜਾਂਦਾ ਹੈ। ਅੱਜ ਪੰਜਾਬ ਦੇ ਇੱਕ ਕਰੋੜ  ਕਿਸਾਨਾ ਸਿਰ 63,000 ਕਰੋੜ ਦਾ ਗਰੰਟੀ ਅਧਾਰਤ ਬੈਕਿੰਗ ਕਰਜ਼ਾ ਹੈ। 40,000 ਕਰੋੜ ਦਾ ਛਿਮਾਹੀ ਜਾਂ ਸਲਾਨਾ ਲਿਮਟਾਂ ਅਧਾਰਤ ਕਰਜ਼ਾ ਹੈ। ਧਨਾਢਾ ਅਤੇ ਸੂਦਖੌਰ ਆੜਤੀਆਂ ਦੇ ਕਰਜ਼ਾ ਜੋ ਰਜਿਸਟਰਡ ਕਰਜ਼ਿਆਂ ਤੋਂ ਕਈ ਗੁਣਾਂ ਜ਼ਿਆਦਾ  ਹਨ ਜਿਸ ਬਾਰੇ ਕਦੇ ਕੋਈ ਅੰਕੜੇ ਸਾਹਮਣੇ ਨਹੀਂ ਆਉਂਦੇ ਅਤੇ ਜੋ ਕਿ ਅਸਲ ਵਿੱਚ ਕਾਲੇ ਧਨ ਦਾ ਵਿਸਾਲ ਰੂਪ ਹੈ ਕਿਸਾਨਾ ਨੂੰ ਤਬਾਹ ਅਤੇ ਗੁਲਾਮ ਬਣਾਈ ਬੈਠਾ ਹੈ। ਸਰਕਾਰਾਂ ਨੂੰ ਇਸ ਕਾਲੇ ਧਨ ਵਾਲੇ ਨਿੱਜੀ ਸੂਦਖੋਰਾਂ ਦੇ ਕਰਜ਼ੇ ਤੋਂ ਕਿਸਾਨਾ ਦਾ ਖਹਿੜਾ ਛੁਡਾਉਣ ਲਈ ਅਦਾਲਤੀ ਕਾਰਵਾਈ ਰੋਕ ਦੇਣੀ ਚਾਹੀਦੀ ਹੈ ਸਗੋਂ ਇਸ ਤਰਾਂ ਦਾ ਕਰਜ਼ਾ ਦੇਣ ਵਾਲਿਆਂ ਦੀ ਸੰਪਤੀ ਜਬਤ ਕਰਨ ਦੀ ਕਾਰਵਾਈ ਕਰਨੀ ਚਾਹੀਦੀ ਹੈ। ਬਿਨਾ ਕਿਸੇ ਰਜਿਸਟਰਡ ਅਦਾਰੇ ਦੇ ਦਿੱਤਾ ਗਿਆ ਕਰਜ਼ਾ ਕਿਸੇ ਵੀ ਸੂਦਖੋਰ ਦਾ ਮੁਨਾਫਾ ਲਊ ਕਾਰੋਬਾਰ ਨਹੀਂ ਹੋਣਾ ਚਾਹੀਦਾ।
   ਛੋਟੇ ਕਿਸਾਨਾ ਨੂੰ ਕਰਜ਼ਾ ਉਹਨਾ ਦੀ ਹੋਣ ਵਾਲੀ ਆਮਦਨ ਦੇ ਹਿਸਾਬ ਨਾਲ ਹੀ ਦਿੱਤਾ ਜਾਣਾ ਚਾਹੀਦਾ ਹੈ। ਕਿਸਾਨ ਦੇ ਕਰਜ਼ੇ ਦੀ ਕਿਸਤ ਉਸ ਦੀ ਹੋਣ ਵਾਲੀ ਸੁੱਧ ਆਮਦਨ ਦੇ ਦਸਵੇਂ ਹਿੱਸੇ ਤੋਂ ਜ਼ਿਆਦਾ  ਨਹੀਂ ਹੋਣਾ ਚਾਹੀਦਾ। ਕਰਜ਼ਾ ਮੁਕਤ ਕਿਸਾਨ ਹੀ ਖੇਤੀਬਾੜੀ ਦੇ ਵਿਕਾਸ ਰਫਤਾਰ ਨੂੰ ਗਤੀ ਦੇ ਸਕਦਾ ਹੈ। ਕਰਜ਼ਾਈ ਕਿਸਾਨ ਕਦੇ ਵੀ ਵਧੀਆ ਖੇਤੀ ਉਤਪਾਦਨ ਨਹੀਂ ਕਰ ਸਕਦਾ। ਇਸ ਨਾਲ ਜਿੱਥੇ ਖੇਤੀ ਉਤਪਾਦਨ ਘੱਟ ਹੁੰਦਾ ਹੈ ਉਥੇ ਮਹਿੰਗਾਈ ਵੱਧਦੀ ਹੈ। ਸਰਕਾਰਾਂ ਨੂੰ ਖੇਤੀ ਲਈ ਮੁਨਾਫਾ ਅਧਾਰਤ ਬਨਾਉਣ ਵੱਲ ਪਹਿਲ ਕਰਨੀ ਚਾਹੀਦੀ ਹੈ ਜਿਸ ਨਾਲ ਕਿਸਾਨਾ ਨੂੰ ਸਬਸਿਡੀਆਂ ਦੇਣ ਦੀ ਲੋੜ ਹੀ ਨਾ ਰਹੇ। ਸਬਸਿਡੀ ਸਿਰਫ ਗਰੀਬ ਲੋਕਾਂ ਨੂੰ ਅਨਾਜ ਸਸਤਾ ਦੇਣ ਲਈ ਹੀ ਕਰਨੀ ਚਾਹੀਦੀ ਹੈ। ਬਿਨਾ ਕਿਸੇ ਹਿਸਾਬ ਕਿਤਾਬ ਦੇ ਕਿਸਾਨਾ ਨੂੰ ਅੰਨਾ ਕਰਜ਼ਾ ਦੇਣਾ ਇੱਕ ਮਿੱਠਾ ਜ਼ਹਿਰ ਹੀ ਸਿੱਧ ਹੁੰਦਾ ਹੈ, ਜੋ ਕਿਸਾਨ ਅਤੇ ਖੇਤੀ ਨੂੰ ਤਬਾਹ ਕਰਨ ਵੱਲ ਹੀ ਲੈ ਜਾਂਦਾ ਹੈ। ਕਰਜ਼ਾ ਮੁਕਤ ਕਿਸਾਨ ਹੀ ਦੇਸ ਨੂੰ ਅੰਤਰਾਸਟਰੀ ਪੱਧਰ ‘ਤੇ ਮਾਣ ਨਾਲ ਖੜਾ ਕਰ ਸਕਦਾ ਹੈ। ਕਿਸਾਨ ਦੀ ਖੇਤੀ ਯੋਗ ਜ਼ਮੀਨ ‘ਤੇ ਕਰਜ਼ਾ ਦੇਣ ਦੀ ਹੱਦ ਉਸ ਤੋਂ ਹੋਣ ਵਾਲੀ ਆਮਦਨ ਦੇ ਹਿਸਾਬ ਨਾਲ ਮਿੱਥਿਆ ਜਾਣਾ ਸਮੇਂ ਦੀ ਲੋੜ ਹੈ। ਕਰਜ਼ਾ ਘੱਟ ਮਿਲਣ ਨਾਲ ਕਿਸਾਨ ਆਪਣੇ ਬੇਲੋੜੇ ਖਰਚਿਆਂ ਤੋਂ ਪਾਸਾ ਵੱਟਣ ਨੂੰ ਮਜਬੂਰ ਹੋ ਜਾਣਗੇ।
ਬੇਲੋੜੇ ਖਰਚੇ ਵੀ ਕਿਸਾਨ ਉਸ ਵਕਤ ਹੀ ਚੁਕਦਾ ਹੈ ਜਦ ਉਸ ਨੂੰ ਬੇਲੋੜੇ ਅਤੇ ਬਿਨਾ ਕਿਸੇ ਹੱਦ ਦੇ ਕਰਜ਼ੇ ਦਿੱਤੇ ਜਾਦੇ ਹਨ। ਕਿਸਾਨ ਕੋਈ ਕਾਰਖਾਨੇਦਾਰਾਂ ਜਾਂ ਵਪਾਰੀਆਂ ਵਰਗਾ ਤਾਂ ਹੁੰਦਾ ਨਹੀਂ, ਜਿਹਨਾ ਨੂੰ ਦਿਵਾਲੀਆਂ ਹੋਣ ‘ਤੇ ਖਾਲੀ ਥਾਵਾਂ ਹੀ ਸਰਕਾਰ ਹਵਾਲੇ ਕਰਨੀਆਂ ਹੁੰਦੀਆਂ ਹਨ ਕਿਉਂਕਿ ਸਾਰਾ ਪੈਸਾ ਤਾਂ ਉਹ ਕਿੱਧਰੇ ਹੋਰ ਗੋਲਮਾਲ ਕਰ ਜਾਂਦੇ ਹਨ ਪਰ ਕਿਸਾਨਾ ਕੋਲ ਤਾਂ ਉਹਨਾ ਦੀ ਮਾਂ ਵਰਗੀ ਜ਼ਮੀਨ ਹੀ ਕਰਜ਼ਾ ਦੇਣ ਵਾਲੇ ਅਦਾਰਿਆਂ ਕੋਲ ਗਿਰਵੀ ਰੱਖੀ ਹੁੰਦੀ ਹੈ, ਜੋ ਕੌਡੀਆਂ ਦੇ ਭਾਅ ਸਾਹੂਕਾਰਾਂ ਤੇ ਧਨਾਢਾ ਕੋਲ ਵਿੱਕ ਜਾਂਦੀ ਹੈ। ਆਧੁਨਿਕ ਸਿਆਣੇ ਅਖਵਾਉਂਦੇ ਯੁੱਗ ਵਿੱਚ ਕਿਸਾਨ ਨੂੰ ਰੱਬ ਆਸਰੇ ਦੀ ਥਾਂ ਸਰਕਾਰਾਂ ਦਾ ਆਸਰਾ ਵੀ ਲੋੜੀਦਾ ਹੈ ਜੋ ਕਿ ਸਹੀ ਸਰਕਾਰੀ ਨੀਤੀਆਂ ਦੀ ਬਦੌਲਤ ਹੀ ਸੰਭਵ ਹੈ। ਵਿਦੇਸਾਂ ਅੱਗੇ ਮੰਗਤੇ ਤੋਂ ਸਰਦਾਰ ਬਣਾ ਦੇਣ ਵਾਲੇ ਸਾਡੇ ਕਿਸਾਨ ਨੂੰ ਬਚਾਉਣਾ ਚਾਹੀਦਾ ਹੈ, ਰਾਜਨੀਤਕ ਆਗੂ ਕਿੱਧਰੇ ਦੁਬਾਰਾ ਵਿਦੇਸ਼ੀ ਸਰਕਾਰਾਂ ਅੱਗੇ ਮੰਗਤੇ ਨਾ ਬਣ ਜਾਣ ਬਾਰੇ ਸਾਡੀ ਰਾਜਨੀਤਕਾਂ ਦੀ ਸਲਾਹਕਾਰ ਬਾਬੂਸਾਹੀ ਨੂੰ ਵੀ ਜ਼ਰੂਰ ਜਾਗਣਾ ਚਾਹੀਦਾ ਹੈ ਅਤੇ ਕਿਸਾਨ ਪੱਖੀ ਨੀਤੀਆਂ ਬਨਾਉਣੀਆਂ ਚਾਹੀਦੀਆਂ ਹਨ।

ਅਮੀਰ ਘਰਾਣਿਆਂ ਨੂੰ ਛੋਟਾਂ-ਲੋਕ ਸਹੂਲਤਾਂ ਉੱਤੇ ਕੈਂਚੀ

0

ਅਮੀਰ ਘਰਾਣਿਆਂ ਨੂੰ ਛੋਟਾਂ-ਲੋਕ ਸਹੂਲਤਾਂ ਉੱਤੇ ਕੈਂਚੀ

ਨਰਭਿੰਦਰ ਸਿੰਘ-93544-30211 (ਤਰਨਤਾਰਨ)

‘ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਨ ਹਮਾਰਾ।’

ਸਰਕਾਰ ਨੇ ਪੂੰਜੀਪਤੀ ਘਰਾਣਿਆਂ ਨੂੰ ਸਾਲ 2014-15 ਵਿਚ ਲਗਭਗ 5 ਲੱਖ 89 ਹਜ਼ਾਰ 285 ਕਰੋੜ ਰੁਪੈ (589285 ਕਰੋੜ) ਦੀਆਂ ਰਿਆਇਤਾਂ ਦਿੱਤੀਆਂ ਹਨ ਜਿਹੜੀਆਂ ਪਹਿਲੇ ਸਾਲਾਂ ਨਾਲੋਂ ਕਿਤੇ ਵੱਧ ਹਨ। ਇਸ ਵਿਚ 7559 ਕਰੋੜ ਰੁਪਏ ਸਿਰਫ ਸੋਨਾ, ਹੀਰਾ, ਜਵਾਹਰਤ, ਗਹਿਣੇ ਆਦਿ ਉੱਤੇ ਟੈਕਸਾਂ ਦੀ ਛੋਟ ਵਜੋਂ ਦਿੱਤੇ ਗਏ ਹਨ। ਇਹ ਵਪਾਰੀਆਂ ਨੂੰ ਦਿੱਤੀ ਛੋਟ ਹੈ। ਆਮ ਲੋਕਾਂ ਨੂੰ ਨਹੀਂ, ਪਿਛਲੇਰੇ 11 ਸਾਲਾਂ ਵਿਚ ਪੂੰਜੀਪਤੀਆਂ ਨੂੰ ਜਿਹੜੀਆਂ ਟੈਕਸਾਂ ’ਚ ਛੋਟਾਂ ਦਿੱਤੀਆਂ ਉਹਦਾ ਮੋਟਾ ਜਿਹਾ ਖਾਕਾ ਹੇਠਾਂ ਵੇਖਿਆ ਜਾ ਸਕਦਾ ਹੈ

ਟੈਕਸਾਂ ’ਚ ਛੋਟ (ਕਰੋੜਾਂ ਰੁਪਈਆਂ ’ਚ)

ਸਾਲ          ਕੰਪਨੀ ਟੈਕਸ    ਆਮਦਨੀ ਟੈਕਸ   ਉਤਪਾਦਨ ਸ਼ੁਲਕ  ਆਯਾਤ ਸ਼ੁਲਕ    ਕੁੱਲ

2004-05          57852         11695             30449              92561             192557

2005-06         34618         13550             66760              127730           242658

2006-07         45034         32143             75475              137105           289757

2007-08         62199         38057             87468              153593           341317

2008-09        68914         39553             128293             225752           462512

2009-10        72881         45142             169121             195288           482432

2010-11        57912         36826             192227             172740           459705

2011-12       61765         39375             195590             236852           533582

2012-13       68720         33535             209940             254039           566234

2013014          57793         35254             196223             260714           549984

2014-15       62398         40434             184764             301688           589285

ਕੁੱਲ ਕਰੋੜ ਰੁਪਏ     6,50,086      3, 65,564    15,36,310         21,58,062        4710023

ਸਰੋਤ : ਕੇਂਦਰ ਸਰਕਾਰ ਦਾ ਬਜਟ ਦਸਤਾਵੇਜ  2004-05 ਤੋਂ ਲੈ ਕੇ 2014-15 ਤੱਕ।

ਹਾਲਾਂਕਿ ਸਰਕਾਰ ਨੇ ਦਾਹਵਾ ਕੀਤਾ ਹੈ ਕਿ ਸਾਲ 2014-15 ਵਿਚ ਉਹ ਨੇ ਸਾਲ 2012-13 ਦੇ ਮੁਕਾਬਲੇ ਪੂੰਜੀਪਤੀਆਂ ਨੂੰ ਰਿਆਇਤਾਂ ਘੱਟ ਕੀਤੀਆਂ ਹਨ, ਪਰ ਉਪਰੋਕਤ ਖਾਕੇ ਤੋਂ ਇਸ ਝੂਠ ਦਾ ਪਰਦਾ ਸਾਫ ਹੁੰਦਾ ਹੈ। ਜਿੱਥੇ ਪੂੰਜੀਪਤੀਆਂ ਨੂੰ ਟੈਕਸਾਂ ’ਚ ਦਿੱਤੀਆਂ ਛੋਟਾਂ ਹਨ ਉੱਥੇ ਲੋਕ ਭਲਾਈ ਦੇ ਖਰਚਿਆਂ ਉੱਤੇ ਕੈਂਚੀ ਫੇਰ ਦਿੱਤੀ ਹੈ। ਮਿਸਾਲ ਵਜੋਂ ਸਿੱਖਿਆ ਉੱਤੇ ਖਰਚ ਜਿਹੜਾ ਪਿਛਲੇ ਬਜਟ ’ਚ 48,584 ਕਰੋੜ ਰੱਖਿਆ ਸੀ, ਜਿਸ ਵਿੱਚੋਂ ਵੀ ਖਰਚ ਸਿਰਫ 40,656 ਕਰੋੜ ਰੁਪਏ ਹੀ ਕੀਤਾ ਗਿਆ ਸੀ, ਨੂੰ 2015-16 ’ਚ ਹੋਰ ਘਟਾ ਕੇ 35,781 ਕਰੋੜ ਰੁਪਏ ਕਰ ਦਿੱਤਾ ਹੈ ਭਾਵ ਪਿਛਲੇ ਸਾਲ ਨਾਲੋਂ ਲਗਭਗ 13,000 ਕਰੋੜ ਘਟਾ ਦਿੱਤਾ ਹੈ, ਇਵੇਂ ਹੀ ਉੱਚ ਸਿੱਖਿਆ ਵਾਸਤੇ ਰਾਜਾਂ ਲਈ 2014-15 ਵਿੱਚ 2105 ਕਰੋੜ ਦੀ ਰਾਸ਼ੀ ਰੱਖੀ ਗਈ ਸੀ ਜਿਸ ’ਚੋਂ ਮਹਿਜ 387 ਕਰੋੜ ਹੀ ਖਰਚ ਕੀਤੇ ਗਏ ਸਨ। ਯੂਨੀਵਰਸਿਟੀਆਂ, ਫੰਡਾਂ ਲਈ ਹਾਲ ਦੁਹਾਈ ਪਾਉਦੀਆਂ ਰਹੀਆਂ। ਹੁਣ 2015-16 ਦੇ ਬਜਟ ’ਚ ਇਹ ਰਾਸ਼ੀ ਘਟਾ ਕੇ 1060 ਕਰੋੜ ਦੀ ਰਾਸ਼ੀ ਹੀ ਰੱਖੀ ਗਈ ਹੈ। ਇਹ ਰਾਸ਼ੀ ਉਹ ਹੈ ਜਿਹੜੀ ਰਾਜਾਂ ਨੂੰ ਸਹਿਯੋਗ ਲਈ ਰੱਖੀ ਜਾਂਦੀ ਹੈ। ਕੇਂਦਰ ਸਰਕਾਰ ਵਲੋਂ ਉੱਚ ਵਿਦਿਆ ਉੱਤੇ ਖਰਚੀ ਜਾਣ ਵਾਲੀ ਰਾਸ਼ੀ 2013-14 ਵਿਚ 24, 202 ਕਰੋੜ ਰੁਪਏ ਸੀ। ਜਿਹੜੀ 2014-15 ਵਿਚ 25, 450 ਕਰੋੜ ਹੋ ਗਈ। ਪਰ ਇਸ ’ਚੋਂ ਵੀ ਪੂਰੀ ਨਹੀਂ ਖਰਚੀ ਗਈ ਭਾਵ ਖਰਚੀ ਸਿਰਫ 23, 302 ਕਰੋੜ ਹੀ ਗਈ ਸੀ। ਸਾਲ 2015-16 ’ਚ ਇਹ ਵੀ ਮਹਿਜ 25,700 ਕਰੋੜ ਰੁਪਏ ਹੀ ਕੀਤਾ ਗਿਆ ਹੈ। ਹਾਲਾਂਕਿ ‘ਮੇਡ ਇੰਨ ਇੰਡੀਆਂ’ ਦੀਆਂ ਦੁਹਾਈਆਂ ਦਿੱਤੀਆਂ ਜਾ ਰਹੀਆਂ ਹਨ।

ਕਿਸੇ ਦੇਸ਼ ਦੇ ਆਧੁਨਿਕ ਬਣਨ ਲਈ ਕਲ ਕਾਰਖਾਨੇ ਹੀ ਨਹੀਂ ਬਲਕਿ ਉੱਥੋਂ ਦੇ ਕਾਮਿਆਂ ਦੀ ਗੁਣਵੱਤਾ, ਭਾਵ ਸਿੱਖਿਆ ਦਾ ਪੱਧਰ ਪ੍ਰਮੁੱਖ ਗਿਣਿਆ ਜਾਂਦਾ ਹੈ। ਉੱਚ ਸਿੱਖਿਆ ਤਾਂ ਪਹਿਲਾਂ ਹੀ ਸਰਕਾਰ ਬਾਜ਼ਾਰ ਅਤੇ ਪੂੰਜੀ ਦੇ ਹਵਾਲੇ ਕਰ ਚੁੱਕੀ ਹੈ। ਜਿਸ ਵਿੱਚੋਂ ਪੂੰਜੀਪਤੀ ਘਰਾਣੇ ਸਰਕਾਰੀ ਬਜਟ ਨਾਲੋਂ ਕਈ ਗੁਣਾਂ ਵੱਧ ਮੁਨਾਫਾ ਕਮਾ ਰਹੇ ਹਨ। ਉਪਰੋਕਤ ਤੱਥਾਂ ਦੇ ਆਧਾਰਤ 2015-16 ਵਿਚ ਬੱਚਿਆਂ ਦੀ ਸਿਖਿਆ ਦੇ ਪ੍ਰੋਗਰਾਮਾ ਉੱਤੇ ਖਰਚ ਕੀਤੀ ਜਾਣ ਵਾਲੀ ਰਾਸ਼ੀ ’ਚੋਂ 25 ਫੀ ਸਦੀ ਘਟਾ ਦਿੱਤਾ ਗਿਆ ਹੈ।

ਇਹੋ ਹਾਲ ਸਿਹਤ ਦਾ ਹੈ। ਕੇਂਦਰ ਸਰਕਾਰ ਨੇ ਸਾਲ 2014-15 ਵਿਚ ਇਸ ਖੇਤਰ ਲਈ 10, 672 ਕਰੋੜ ਰੁਪਏ ਰੱਖੇ ਸਨ। ਪਰ ਖਰਚ ਹੋਏ ਸਿਰਫ 10,251 ਕਰੋੜ ਰੁਪਏ, ਹੁਣ 2015-16 ਦੇ ਬਜਟ ’ਚ 11, 358 ਕਰੋੜ ਦੀ ਰਾਸ਼ੀ ਹੀ ਰੱਖੀ ਗਈ ਹੈ। ਇਸੇ ਸਿਹਤ ਖੇਤਰ ’ਚ ਰਾਜਾਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ 2014-15 ਵਿਚ 24, 202 ਕਰੋੜ ਦੀ ਰੱਖੀ ਗਈ ਸੀ ਜਦੋਂ ਕਿ ਹਕੀਕਤ ਵਿਚ ਖਰਚ ਹੋਇਆ ਸਿਰਫ 18, 589 ਕਰੋੜ ਰੁਪਿਆ ਹੀ। ਇਸ ਦੀਆਂ ਤਰੁਟੀਆਂ ਨੂੰ ਲੱਭ ਕੇ ਦੂਰ ਕਰਨ ਦੀ ਬਜਾਏ ਹੁਣ ਸਾਲ 2015-16 ਲਈ ਇਹ ਘਟਾ ਕੇ 18, 000 ਕਰੋੜ ਕਰ ਦਿੱਤਾ ਗਿਆ ਹੈ। ਜਿਸ ਦੇਸ਼ ’ਚ ਬੱਚਿਆਂ ਦੀ ਮੌਤ ਦਰ ਦੁਨੀਆਂ ’ਚੋਂ ਸਭ ਤੋਂ ਵੱਧ ਹੋਵੇ ਉੱਥੇ ਸਰਕਾਰ ਸਿਹਤ ਦਾ ਬਜਟ ਘਟਾ ਰਹੀ ਹੈ, ਪੂੰਜੀਪਤੀਆਂ ਨੂੰ ਟੈਕਸਾਂ ’ਚ ਛੋਟਾਂ ਦੇ ਰਹੀ ਹੈ। ਇਹੋ ਹਾਲ ਪੇਂਡੂ ਖੇਤਰ ਦੇ ਵਿਕਾਸ ਦਾ ਹੈ। ਪੇਂਡੂ ਵਿਕਾਸ ਲਈ ਰਾਸ਼ੀ 2014-15 ਵਿਚ 7, 490 ਕਰੋੜ ਰੱਖੀ ਗਈ ਸੀ ਜਿਸ ਵਿੱਚੋਂ ਖਰਚ ਸਿਰਫ 6, 233 ਕਰੋੜ ਰੁਪਏ ਹੀ ਹੋਏ ਸਨ। ਇੱਥੇ ਵੀ ਉਣਤਾਈਆਂ ਨੂੰ ਵੇਖ ਕੇ ਹੋਰ ਸੁਧਾਰ ਲਈ ਵਜਟ ਵਧਾਉਣ ਦੀ ਬਜਾਏ ਇਸ ਵਾਰ ਭਾਵ 2015-16 ਲਈ ਵੀ ਕੇਵਲ 7, 493 ਕਰੋੜ ਰੁਪਏ ਰਾਸ਼ੀ ਰੱਖੀ ਗਈ ਹੈ ਹਾਲਾਂਕਿ ਇਹ ਵਧਣੀ ਚਾਹੀਦੀ ਸੀ ਪਰ ਸਰਕਾਰ ਕਹਿ ਰਹੀ ਹੈ ਪਿੰਡਾਂ ਦੇ ਵਿਕਾਸ ਲਈ ਰਾਸ਼ੀ ਬਹੁਤ ਜ਼ਿਆਦਾ ਖਰਚ ਹੋ ਰਹੀ ਹੈ। ਜਦੋਂਕਿ ਸਮਾਜ ਨੂੰ ਹੋਰ ਵੀ ਵੱਡੀਆਂ ਜ਼ਰੂਰਤਾਂ ਜਿਵੇਂ ਕਿ ਪੀਣ ਦਾ ਪਾਣੀ ਅਤੇ ਲੈਟਰੀਨ ਦੀਆਂ ਸ਼ਹੂਲਤਾਂ ਵੀ ਮਹੱਈਆਂ ਨਹੀਂ। ਇਸੇ ਖੇਤਰ ਵਿਚ ਰਾਜਾਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ 2014-15 ਦੇ ਮੁਕਾਬਲੇ 8, 409 ਕਰੋੜ ਰੁਪਏ ਘਟਾ ਦਿੱਤੀ ਹੈ ਭਾਵ ਸਾਲ 2014-15 ਵਿਚ ਇਹ ਰਾਸ਼ੀ 72, 509 ਕਰੋੜ ਰੱਖੀ ਗਈ ਸੀ ਜਿਸ ਵਿੱਚੋਂ ਖਰਚੀ ਸਿਰਫ 61, 907 ਕਰੋੜ ਰੁਪਏ ਗਈ ਸੀ। ਹੁਣ 2015-16 ਵਿਚ ਇਹ ਘਟਾ ਕੇ 64, 100 ਕਰੋੜ ਰੁਪਏ ਕਰ ਦਿੱਤੀ ਹੈ। ਇਵੇਂ ਹੀ ਪੇਂਡੂ ਖੇਤਰ ਜਾਂ ਦੇਸ਼ ਵਿਚ ਲੋਕਾਂ ਲਈ ਲੋੜੀਂਦੇ ਬੁਨਿਆਦੀ ਢਾਂਚੇ ਜਿਸ ਵਿਚ ਅਸੀਂ ਆਵਾਜ਼ਾਈ ਖੇਤਰ ਵਿਚ ਸੜਕਾਂ ਆਦਿ ਨੂੰ ਵੇਖ ਸਕਦੇ ਹਾਂ, ਨੂੰ ਪਬਲਿਕ ਪ੍ਰਾਈਵੇਟ ਸਾਂਝੇਦਾਰੀ (ਪੀ.ਪੀ.ਪੀ.) ਮਾਡਲ ਦੇ ਰਹਿਮੋ-ਕਰਮ ਉੱਤੇ ਛੱਡ ਦਿੱਤਾ ਹੈ ਭਾਵ ਸਰਕਾਰ ਨੇ ਜਿਹੜੀ ਰਾਸ਼ੀ ਇਸ ਖੇਤਰ ਵਿਚ ਖਰਚਨੀ ਹੈ, ਉਸ ਲਈ ਬੁਨਿਆਦੀ ਸਰੰਚਨਾ ਕੋਸ਼ ਵਿਚ 20, 000 ਕਰੋੜ ਰੁਪਏ ਜਮਾਂ ਕਰਵਾ ਦੇਵੇਗੀ ਅਤੇ ਫਿਰ ਪ੍ਰਾਈਵੇਟ ਨਿੱਜੀ ਪੂੰਜੀਪਤੀਆਂ ਨੂੰ ਉਸਾਰੀ ਦਾ ਕੰਮ ਦੇਵੇਗੀ। ਪਿਛੋਂ ਇਹੀ ਰਾਸ਼ੀ ਪ੍ਰਾਈਵੇਟ ਅਦਾਰੇ ਟੋਲ ਟੈਕਸ ਲਗਾ ਕੇ ਉਗਰਾਉਦੇ ਰਹਿਣਗੇ। ਸਰਕਾਰ ਦਿਖਾਵੇ ਲਈ ਸੜਕਾਂ ਅਤੇ ਪੁਲਾਂ ਦੇ ਨਿਰਮਾਣ ਦਾ ਕੰਮ ਕਰਦੀ ਹੈ ਪਰ ਪਿਛੋਂ ਕੈਂਚੀ, ਲੋਕਾਂ ਦੀਆਂ ਜੇਬਾਂ ਉੱਤੇ ਚਲਾਉਣ ਲਈ ਪ੍ਰਾਈਵੇਟ ਨਿੱਜੀ ਪੂੰਜੀ ਪਤੀਆਂ ਦੇ ਹੱਥ ਫੜਾ ਦਿੰਦੀ ਹੈ।

ਸਰਕਾਰ ਨੇ ਜਿੱਥੇ ਦੇਸ਼ ਦੀ ਲੋਕਾਈ ਪ੍ਰਤੀ ਬਣਦੀ ਜੁੰਮੇਵਾਰੀ ਤੋਂ ਪਿਛੇ ਹੱਟਣ ਦੀ ਠਾਣੀ ਹੋਈ ਹੈ ਉੱਥੇ ਪੂੰਜੀ ਪਤੀਆਂ ਲਈ ਰਿਆਇਤਾਂ ਦੇਣ ਤੋਂ ਕਦਾਚਿਤ ਨਹੀਂ ਖੁੰਝਦੀ। ਕੰਪਨੀ ਟੈਕਸ 30 ਫੀ ਸਦੀ ਤੋਂ ਘਟਾ ਕੇ 25 ਫੀ ਸਦੀ ਕਰ ਦਿੱਤਾ ਗਿਆ ਹੈ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਇਸ ਨਾਲ ਪੂੰਜੀ ਦਾ ਨਿਵੇਸ਼ ਵਧੇਗਾ, ਆਰਥਿਕ ਦਰ ਉੱਚੀ ਹੋਵੇਗੀ ਅਤੇ ਨੌਕਰੀਆਂ ਵੱਧਣਗੀਆਂ। ਇਹ ਧੋਖਾ ਦੇਹੀ ਹੈ ਜਾਂ ਸੁਪਨਸਾਜ਼ੀ। ਨਾਂ ਤਾਂ ਨੌਕਰੀਆਂ ਵਧੀਆਂ ਹਨ, ਨਾ ਹੀ ਆਰਥਿਕ ਦਰ ਉੱਚੀ ਹੋਵੇਗੀ। ਪਿਛਲੇ ਸਾਲ 100 ਪੜ੍ਹੇ ਲਿਖੇ ਯੋਗ ਕਾਮਿਆਂ ’ਚੋਂ ਸਿਰਫ 5.3 ਨੂੰ ਹੀ ਰੋਜ਼ਗਾਰ ਨਸੀਬ ਹੋਇਆ ਸੀ। ਇਸ ਦੇ ਮੁਕਾਬਲੇ ਕਿੰਨੀ ਹੀ ਵੱਡੀ ਆਬਾਦੀ (ਗਿਣਤੀ) ਉਮਰ ਵਡੇਰੀ (60 ਸਾਲ ਤੋਂ ਉਪਰ) ਹੋਣ ਕਾਰਨ ਰਿਟਾਇਰ ਵੀ ਹੋਈ ਸੀ ਅਤੇ ਉਨ੍ਹਾਂ ਦੀਆਂ ਥਾਵਾਂ ਵੀ ਖਾਲੀ ਹੋਈਆਂ, ਜਿਨ੍ਹਾਂ ਦੀ ਪੂਰਤੀ ਵੀ ਨਹੀਂ ਕੀਤੀ ਗਈ। ਪ੍ਰਾਈਵੇਟ ਨਿਜੀ ਖੇਤਰ ਵਿਚ 1990-91 ਵਿਚ 45.91 ਲੱਖ ਲੋਕ ਨੌਕਰੀ ’ਚ ਲੱਗੇ ਸਨ, 2011-12 ਦੇ ਅਖੀਰ ’ਚ 56.13 ਲੱਖ ਲੋਕ ਨਿੱਜੀ ਖੇਤਰ ਵਿਚ ਕੰਮ ਕਰਦੇ ਸਨ। ਇਸ ਵਿਚ ਮੈਨੂੰ ਫੈਕਚਰਿੰਗ, ਬਿਜਲੀ, ਗੈਸ ਅਤੇ ਪਾਣੀ, ਖਾਣਾਂ ਅਤੇ ਉਸਾਰੀ ਖੇਤਰ ਆਉਦੇ ਹਨ। ਪਿਛਲੇਰੇ 21 ਸਾਲਾਂ ਵਿਚ 10. 22 ਲੱਖ ਨੌਕਰੀਆਂ ਹੀ ਵਧੀਆਂ ਭਾਵ ਔਸਤਨ ਇਹ ਹੈ ਕਿ ਹਰ ਸਾਲ 50 ਹਜ਼ਾਰ ਤੋਂ ਘੱਟ ਨੌਜਵਾਨਾਂ ਨੂੰ ਹੀ ਰੋਜ਼ਗਾਰ ਮਿਲ ਸਕਿਆ ਸੀ। ਕਰੋੜਾਂ ਦੀ ਬੇਰਜ਼ਗਾਰ ਆਬਾਦੀ ਵਿਚ ਇਹ ਆਂਕੜਾ ਬਹੁਤ ਹੀ ਮਾਮੂਲੀ ਹੈ। ਹਾਂ ਪੂੰਜੀਪਤੀ ਘਰਾਣਿਆਂ ਦੀ ਪੂੰਜੀ ਜ਼ਰੂਰ ਜ਼ਰਬਾਂ ਲਾ ਲਾ ਕੇ ਵਧੀ ਹੈ। ਉਨ੍ਹਾਂ ਨੂੰ ਸਿਰਫ ਟੈਕਸਾਂ ’ਚ ਹੀ ਛੋਟਾਂ ਨਹੀਂ ਦਿੱਤੀਆਂ ਜਾਂ ਰਹੀਆਂ ਸਗੋਂ ਕਰਜ਼ਿਆਂ ਦੀ ਵੱਡੀ ਰਾਸ਼ੀ ਵੀ ਮੁਆਫ ਕੀਤੀ ਗਈ ਹੈ। ਬੈਂਕਾਂ ਦੇ ਉਹ ਕਰਜੇ ਜਿਹੜੇ ਡੁੱਬਤ ਕਰਜੇ ਜਾਣੇ ਜਾਂਦੇ ਹਨ, ਦੋ ਖਰਬ ਰੁਪਏ ਹੋ ਗਏ ਹਨ। ਇਹ ਸਿਰਫ ਵੱਡੇ ਪੂੰਜੀਪਤੀ ਘਰਾਣਿਆਂ ਵੱਲ ਡੁੱਬੇ ਕਰਜਿਆਂ ਦੀ ਰਾਸ਼ੀ ਹੀ ਹੈ। ਸਰਕਾਰ ਇਨ੍ਹਾਂ ਨੂੰ ਮੁਆਫ ਕਰ ਰਹੀ ਹੈ। ਉਨ੍ਹਾਂ ਲਈ ਟੈਕਸ ਵੀ ਮੁਆਫ, ਕਰਜੇ ਵੀ ਮੁਆਫ ਅਤੇ ਪੂੰਜੀ ਵਧਾਉਣ ਲਈ ਖੁਲ੍ਹੀਆਂ ਰਿਆਇਤਾਂ ਅਤੇ ਸਰਕਾਰੀ ਫੰਡਾਂ ਦੀ ਪੇਸ਼ਕਾਰੀ, ਫਿਰ ਸਰਕਾਰ ਕਿਨ੍ਹਾਂ ਵਰਗਾਂ ਦੀ ਸੇਵਾ ਕਰ ਰਹੀ ਹੈ?

ਜਿੱਥੇ 2014-15 ਵਿਚ ਪੂੰਜੀਪਤੀਆਂ ਨੂੰ 5, 89, 285 ਕਰੋੜ ਰੁਪਏ ਦੀਆਂ ਟੈਕਸ ਰਿਆਇਤਾਂ ਦਿੱਤੀਆਂ ਗਈਆਂ ਹਨ, ਜਿਹੜੀਆਂ ਪਿਛਲੇਰੇ 11 ਸਾਲਾਂ ਵਿੱਚ ਦਿੱਤੀਆਂ ਜਾ ਰਹੀਆਂ ਰਿਆਇਤਾਂ ਨਾਲੋਂ ਕਿਤੇ ਵੱਧ ਹਨ ਅਤੇ ਹੁਣ ਤੱਕ ਸਰਕਾਰ ਪਿਛਲੇਰੇ 11 ਸਾਲ ਵਿਚ 47 ਲੱਖ 10 ਹਜ਼ਾਰ 022 ਕਰੋੜ ਰੁਪਏ ਦੀ ਰਾਸ਼ੀ ਸਰਕਾਰੀ ਟੈਕਸਾਂ ’ਚੋਂ ਵੱਡੇ ਪੂੰਜੀ ਪਤੀ ਘਰਾਣਿਆਂ ਨੂੰ ਸੌਂਪ ਚੁੱਕੀ ਹੈ। ਉੱਥੇ ਦੁਨੀਆਂ ਦੇ ਮੁਕਾਬਲੇ ਭਾਰਤ ਦਾ ਸਿਹਤ ਅਤੇ ਵਿਦਿਆ ਉੱਤੇ ਕੀ ਖਰਚ ਹੋ ਰਿਹਾ ਹੈ ? ਜਿਸ ਉੱਤੇ ਵੀ ਇਕ ਨਿਗਾਹ ਮਾਰਨੀ ਜ਼ਰੂਰੀ ਹੈ।

ਸਿੱਖਿਆ ਅਤੇ ਸਿਹਤ ਉੱਤੇ ਖਰਚ ਜੀ. ਡੀ. ਪੀ. ਦੀ ਫੀਸਦੀ (%) ਦੇ ਹਿਸਾਬ ਨਾਲ

                                                                            ਦੇਸ਼ ਸਿਹਤ 2010                    ਸਿੱਖਿਆ 2005-10

                                      (1).     ਭਾਰਤ                             1.0                                      3. 0

                                      (2). ਭੂਟਾਨ                                 4. 5                                     4. 0

                                      (3). ਨੇਪਾਲ                                1. 8                                      4. 7

                                     (4). ਉਪ ਸਹਾਰਾ ਅਫਰੀਕਾ             3. 0                                    5. 2

                                     (5). ਅਮਰੀਕਾ                                9. 5                                   5. 4

                                     (6). ਬ੍ਰਿਟੇਨ                                  8. 9                                  5. 6

                                     (7). ਡੈਨਮਾਰਕ                                9. 7                                   8. 7

                                      (8). ਨਾਰਵੇ                                    8. 0                                  7. 3

ਹਵਾਲਾ:- ਮਨੁੱਖੀ ਵਿਕਾਸ ਰਿਪੋਰਟ 2013

ਕਿਸੇ ਦੇਸ਼ ਦੀ ਬੁਨਿਆਦੀ ਪੂੰਜੀ ਉਸ ਦੇ ਲੋਕ ਹੁੰਦੇ ਹਨ। ਇਹੋ ਪੂੰਜੀ ਹੈ ਜਿਹੜੀ ਦੇਸ਼ ਦੇ ਨਿਰਮਾਣ ਵਿਚ ਅਹਿਮ ਭੂਮਿਕਾ ਨਿਭਾਉਦੀ ਹੈ। ਕਿਸੇ ਸਰਕਾਰ (ਹਕੂਮਤ) ਨੇ ਸਭ ਤੋਂ ਪਹਿਲੀ ਜੁੰਮੇਂਵਾਰੀ ਲੋਕਾਂ ਦੇ ਨਿਰਮਾਣ ਪ੍ਰਤੀ ਨਿਭਾਉਣੀ ਹੁੰਦੀ ਹੈ। ਜਿਸ ਦੇਸ਼ ਦੀ ਆਬਾਦੀ ਦਾ ਵਿਦਿਆ ਦਾ ਪੱਧਰ ਅਤੇ ਸਿਹਤ ਦਾ ਪੱਧਰ ਉਚੇਚਾ ਹੋਵੇਗਾ ਉਹ ਦੇਸ਼ ਅਮੀਰ ਗਿਣਿਆ ਜਾਂਦਾ ਹੈ। ਕੱਲ ਕਾਰਖਾਨੇ ਕੁਝ ਪੂੰਜੀ ਪਤੀ ਘਰਾਣਿਆਂ ਦੀ ਜਾਇਦਾਦ ਨਾਲ ਦੇਸ਼ ਦੀ ਅਮੀਰੀ ਨਹੀਂ ਮਾਪੀ ਜਾ ਸਕਦੀ, ਮਨੁੱਖੀ ਵਿਕਾਸ ਦੇ ਮਾਪਦੰਡਾਂ ਦੇ ਲਿਹਾਜ਼ ਨਾਲ ਅੱਜ ਭਾਰਤ ਦੁਨੀਆਂ ਦੇ ਉੱਚ 185 ਦੇਸ਼ਾਂ ਵਿੱਚੋਂ 136 ਵੇਂ ਸਥਾਨ ਉੱਤੇ ਹੈ, ਇਹ 2005-2010 ਦੀ ਰਿਪੋਰਟ ਸੀ। ਫੇਰ ਇਕ ਹੋਰ ਸਰਵੇ ਆਇਆ ਕਿ ਭਾਰਤ 142 ਵੇਂ ਸਥਾਨ ਉੱਤੇ ਹੈ। ਹੁਣ ਜਿਸ ਲਿਹਾਜ ਨਾਲ ਭਾਰਤੀ ਹਕੂਮਤ ਲੋਕਾਂ ਤੋਂ ਸਿਹਤ, ਵਿੱਦਿਆ ਅਤੇ ਰੋਜ਼ਗਾਰ ਦੀਆਂ ਸਹੂਲਤਾਂ ਖੋਹ ਰਹੀ ਹੈ। ਕੋਈ ਅੱਲਾ ਜਾਂ ਰਾਮ ਇਹ ਨੂੰ ਨਹੀਂ ਬਚਾ ਸਕਦਾ। ਵਿੱਦਿਆ ਉੱਤੇ ਨਾਰਵੇ ਤੇ ਡੈਨ ਮਾਰਕ ਦੇ ਖਰਚੇ ਕ੍ਰਮਵਾਰ 8.7 ਅਤੇ 7.3 ਫੀਸਦੀ ਭਾਰਤ ਸਹਿਜ 3.0 ਫੀਸਦੀ, ਸਾਡੇ ਨਾਲੋਂ ਤਾਂ ਨੇਪਾਲ ਹੀ ਚੰਗਾ ਹੈ, ਜਿਹੜਾ ਵਿਦਿਆ ਉੱਤੇ 4.7 ਫੀਸਦੀ ਖਰਚ ਕਰ ਰਿਹਾ ਹੈ। ਸਿਹਤ ਉੱਤੇ ਜਿੱਥੇ ਅਮੀਰ ਦੇਸ਼ 9.7 ਅਤੇ 9.5 ਫੀਸਦੀ ਜੀ. ਡੀ. ਪੀ. ਦਾ ਖਰਚ ਕਰਦੇ ਹਨ, ਅਸੀਂ ਮਹਿਜ 1.3 ਫੀਸਦੀ ਕਰ ਰਹੇ ਹਾਂ। ਰੋਜ਼ਗਾਰ ਅਸੀਂ ਸਿਰਜ ਨਹੀਂ ਰਹੇ ਅਤੇ ਪੂੰਜੀਪਤੀਆਂ ਨੂੰ ਰਿਆਇਤਾਂ ਛੋਟਾਂ ਮੁਆਫੀਆਂ ਦੇਣ ਵਿਚ ਦੁਨੀਆਂ ਭਰ ਨਾਲੋਂ ਪਹਿਲੇ ਨੰਬਰ ’ਤੇ ਹਾਂ। ਸੱਦਾ ਦਿੰਦੇ ਹਾਂ ਆਉ, ਭਾਰਤ ’ਚ ਨਿਵੇਸ਼ ਕਰੋ। ਸਾਡੇ ਕੋਲ ਹਰ ਪੱਧਰ ਦੀਆਂ ਛੋਟਾਂ ਹਨ ਪਰ ‘ਮੇਡ ਇੰਨ ਇੰਡੀਆਂ’, ਵਿੱਚੋਂ ਗਾਇਬ ਹਨ। ਕੀ ਇਹੀ ਭਾਰਤ ਭਾਵ ‘ਮੇਡ ਇੰਨ ਇੰਡੀਆ’ ਦਾ ਵਿਕਾਸ ਹੈ ?

ਸਿਆਸਤ ਦਾ ਵੱਖਰਾ ਬੂਟਾ ਲਾਉਣ ਦਾ ਸਮਾਂ

0

ਸਿਆਸਤ ਦਾ ਵੱਖਰਾ ਬੂਟਾ ਲਾਉਣ ਦਾ ਸਮਾਂ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਮੈਨੂੰ ਇੱਕ ਸੂਝਵਾਨ ਸੱਜਣ ਨੇ ਦੱਸਿਆ ਕਿ ਮਹਾਂਭਾਰਤ ਦੇ ਅਖੀਰ ਵਿਚ ਲਿਖਿਆ ਹੈ- ਜਦੋਂ ਭਗਵਾਨ ਕ੍ਰਿਸ਼ਨ ਕੌਰਵਾਂ ਦੀ ਹਾਰ ਤੋਂ ਬਾਅਦ ਜੰਗਲ ਵਿਚ ਆਪਣੇ ਗੁਰੂ ਨੂੰ ਮਿਲਣ ਗਏ ਤਾਂ ਉਨ੍ਹਾਂ ਨੇ ਸਾਰੀ ਗਾਥਾ ਸੁਣ ਕੇ ਕ੍ਰਿਸ਼ਨ ਜੀ ਨੂੰ ਕਿਹਾ ਕਿ ਤੈਨੂੰ ਤਾਂ ਕੌਰਵਾਂ ਪਾਂਡਵਾਂ ਵਿਚ ਮੇਲ ਮਿਲਾਪ ਕਰਵਾਉਣਾ ਚਾਹੀਦਾ ਸੀ, ਜੰਗ ਕਿਉਂ ਕਰਵਾਈ ? ਇਸ ਉੱਤੇ ਕ੍ਰਿਸ਼ਨ ਜੀ ਦਾ ਜਵਾਬ ਸੀ, ‘ਮੇਰਾ ਇਕ ਰੂਪ ਸਿਆਸਤਦਾਨ ਦਾ ਹੈ। ਸਿਆਸਤ ਵਿਚ ਤਾਂ ਇਹੋ ਕੁੱਝ ਹੁੰਦਾ ਹੈ। ਜਦੋਂ ਇਕ ਦਾ ਸਾਥ ਦਿਉ ਤਾਂ ਦੂਜੇ ਨੂੰ ਹਰ ਹਾਲ ਹਰਾਉਣਾ ਹੀ ਹੁੰਦਾ ਹੈ। ਜਿਸ ਨੂੰ ਜਿਤਾਉਣਾ ਹੋਵੇ, ਉਸ ਦੀਆਂ ਮਾੜੀਆਂ ਗੱਲਾਂ ਉੱਤੇ ਪਰਦਾ ਪਾਉਣਾ ਪੈਂਦਾ ਹੈ।’

ਮੇਰੇ ਪਿਤਾ ਜੀ ਨੇ ਵੀ ਇਕ ਵਾਰ 70-80 ਸਾਲ ਪੁਰਾਣੀ ਛਪੀ ਇਕ ਕਿਤਾਬ ਵਿੱਚੋਂ ਕੁੱਝ ਸਤਰਾਂ ਪੜ੍ਹ ਕੇ ਸੁਣਾਈਆਂ ਸਨ। ਉਨ੍ਹਾਂ ਦਾ ਸਾਰ ਅੰਸ਼ ਕੁੱਝ ਇੰਜ ਸੀ- ‘ਸਿਆਸਤ ਇਕ ਡੂੰਘੀਆਂ ਜੜ੍ਹਾਂ ਵਾਲੇ ਦਰਖਤ ਵਾਂਗ ਹੁੰਦੀ ਹੈ। ਦਰਖਤ ਦੀਆਂ ਜੜ੍ਹਾਂ ਤੇ ਟਾਹਣੀਆਂ ਉਹੀ ਰਹਿੰਦੀਆਂ ਹਨ। ਰੁੱਤ ਦੇ ਬਦਲਣ ਨਾਲ ਪੁਰਾਣੇ ਪੱਤੇ ਝੜ ਜਾਂਦੇ ਹਨ ਤੇ ਨਵੇਂ ਪੱਤੇ ਪੁੰਗਰ ਪੈਂਦੇ ਹਨ। ਕੁੱਝ ਚਿਰ ਤਾਂ ਲੱਗਦਾ ਹੈ ਕਿ ਪਹਿਲੇ ਮੁਰਝਾ ਚੁੱਕੇ ਪੱਤਿਆਂ ਨਾਲ ਇਹ ਖਿੜੇ ਤੇ ਧੋਤੇ ਨਵੇਂ ਨਕੋਰ ਪੱਤੇ ਕੁੱਝ ਵੱਖ ਹੋਣਗੇ। ਪਰ ਝਟਪਟ ਦਿਸਣ ਲੱਗ ਪੈਂਦਾ ਹੈ ਕਿ ਇਹ ਬਿਲਕੁਲ ਪਹਿਲਾਂ ਵਰਗੇ ਹੀ ਪੱਤੇ ਹਨ। ਬਿਲਕੁਲ ਉਹੀ ਰੰਗ-ਰੂਪ, ਉਸੇ ਹੀ ਤਰ੍ਹਾਂ ਦੀ ਬਣਤਰ, ਇੱਥੋਂ ਤਕ ਕਿ ਪੱਤਿਆਂ ਵਿਚਲੀਆਂ ਲਾਈਨਾਂ ਵੀ ਪਹਿਲੇ ਪੱਤਿਆਂ ਵਾਂਗ ਹੀ ਹਨ। ਹਰ ਸਾਲ ਪਤਝੜ ਬਹਾਰ ਤੋਂ ਬਾਅਦ ਭਾਵੇਂ ਹਰ ਕਿਸੇ ਨੂੰ ਨਵੇਂ ਪੱਤਿਆਂ ਲਈ ਉਮੀਦ ਬਣੀ ਰਹਿੰਦੀ ਹੈ। ਪਰ ਹਾਸਲ ਕੁੱਝ ਵੱਖ ਨਹੀਂ ਹੁੰਦਾ। ਸਿਆਸਤ ਦੇ ਬੂਟੇ ਦੀ ਖਾਦ ਹੁੰਦੀ ਹੈ ‘ਝੂਠ’। ਜਿੰਨੀ ਵੱਧ ਖਾਦ, ਓਨੇ ਹੀ ਵੱਧ ਫਲ ਤੇ ਪੱਤੇ।’

ਹੁਣ ਇਕ ਤੀਜੀ ਉਦਾਹਰਣ ਵੱਲ ਝਾਤ ਮਾਰੀਏ। ਹਿਟਲਰ ਦੇ ਪ੍ਰਚਾਰ ਮੰਤਰੀ ਗੋਇਬਲਜ਼ ਅਨੁਸਾਰ ਸਫਲਤਾ ਦਾ ਮੰਤਰ ਸੀ, ਜਿੰਨੀ ਵੱਧ ਵਾਰ ਝੂਠ ਨੂੰ ਦੁਹਰਾਇਆ ਜਾਏ, ਉਨ੍ਹਾਂ ਹੀ ਉਹ ਸੱਚ ਜਾਪਣ ਲੱਗ ਪੈਂਦਾ ਹੈ। ਇਸੇ ਲਈ ਸਿਆਸਤ ਵਿਚ ਕੋਈ ਵੀ ਇਕ ਗੱਲ ਜੋ ਦੂਜੀ ਧਿਰ ਨੂੰ ਢਾਹੁਣ ਲਈ ਕਾਰਗਰ ਸਾਬਤ ਹੋ ਰਹੀ ਹੋਵੇ (ਭਾਵੇਂ ਝੂਠੀ ਹੀ ਹੋਵੇ), ਵੱਡੀ ਪੱਧਰ ’ਤੇ ਦੁਹਰਾਈ ਜਾਂਦੀ ਹੈ। ਇਹੋ ਫਾਰਮੂਲਾ ਹੁਣ ਵੀ ਅਜ਼ਮਾਇਆ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਅਜ਼ਮਾਇਆ ਜਾਵੇਗਾ। ਦਰਅਸਲ, ਸਿਆਸਤ ਵਿਚ ਸਿਰਫ਼ ਖਿਡਾਰੀ ਬਦਲਦੇ ਹਨ, ਖੇਡ ਨਹੀਂ ਬਦਲਦੀ। ਇਹ ਦਸਤੂਰ ਸਦੀਆਂ ਤੋਂ ਚਲਦਾ ਆ ਰਿਹਾ ਹੈ।

ਜਿੰਨ੍ਹਾਂ ਕੋਈ ਵੱਧ ਝੂਠ ਬੋਲ ਸਕਦਾ ਹੋਵੇ, ਵੱਧ ਤਮਾਸ਼ਾ ਕਰ ਕੇ ਜ਼ਿਆਦਾ ਭੀੜ ਇਕੱਠੀ ਕਰ ਸਕਦਾ ਹੋਵੇ, ਪਿਛਲੇ ਸਿਆਸਤਦਾਨਾਂ ਨੂੰ ਸ਼ਬਦ ਭੰਡਾਰ ਦੀਆਂ ਨਿਵਾਣਾਂ ਨਾਲ ਭੰਡ ਸਕਦਾ ਹੋਵੇ, ਅਸ਼ਿਸ਼ਟ ਵਿਹਾਰ ਦੀ ਸਿਖਰ ਛੂਹ ਸਕਦਾ ਹੋਵੇ, ਓਨ੍ਹਾਂ ਹੀ ਉਸ ਦੇ ਜਿੱਤਣ ਦੇ ਆਸਾਰ ਵੱਧ ਹੋ ਜਾਂਦੇ ਹਨ। ਜਿਵੇਂ ਦਰਖ਼ਤ ਨੂੰ ਬਹੁਤੇ ਪਾਣੀ ਦੀ ਲੋੜ ਨਹੀਂ ਹੁੰਦੀ, ਇੰਜ ਹੀ ਜਨਤਾ ਉੱਤੇ ਚੁਣਾਵੀ ਏਜੰਡਿਆਂ ਦੇ ਵਰਕੇ, ਪਾਣੀ ਦੇ ਛਿੱਟੇ ਵਾਂਗ ਤਰੋਂਕ ਦਿੱਤੇ ਜਾਂਦੇ ਹਨ ਤਾਂ ਜੋ ਉਹ ਪਾਣੀ ਵਿਚ ਸਿਰਫ ਭਿੱਜੇ ਹੀ ਮਹਿਸੂਸ ਕਰਨ। ਉਨ੍ਹਾਂ ਦੀ ਪਿਆਸ ਨਾ ਬੁੱਝੇ। ਇਨ੍ਹਾਂ ਏਜੰਡਿਆਂ ਨਾਲ ਕਿਸੇ ਦਾ ਕੁੱਝ ਲੈਣਾ ਦੇਣਾ ਨਹੀਂ ਹੁੰਦਾ। ਇਹ ਸਿਰਫ਼ ਕਿਸੇ ਵੀ ਹਾਲ ਵਿਚ ਵੋਟਾਂ ਹਾਸਲ ਕਰਨ ਦਾ ਜ਼ਰੀਆ ਹੁੰਦੇ ਹਨ।

ਅੱਜ ਦੇ ਦਿਨ ਵੀ ਜੇ ਪੰਜਾਬ ਅੰਦਰ ਝਾਤ ਮਾਰੀਏ ਤਾਂ ਬਥੇਰੇ ਨੌਜਵਾਨ ਫੇਰ ਪੁਰਾਣੇ ਪੱਤੇ ਝੜਨ ਤੇ ਨਵੇਂ ਪੁੰਗਰਨ ਨਾਲ ਉਹੀ ਸਦੀਆਂ ਪੁਰਾਣੀ ਨਵੀਂ ਉਮੀਦ, ਨਵੇਂ ਬਦਲਾਓ ਦੀ ਉਡੀਕ ਵਿਚ ਬੈਠੇ ਹਨ। ਪਰ ਅਸਲੀਅਤ ਕੀ ਹੈ, ਇਹ ਵਾਰ-ਵਾਰ ਕਹਿਣ ਦੀ ਲੋੜ ਨਹੀਂ ਹੈ।

ਜੇ ਮੁੱਖ ਤਿੰਨ ਪਾਰਟੀਆਂ ਨੂੰ ਗਹੁ ਨਾਲ ਵੇਖੀਏ ਤਾਂ ਇਹੋ ਏਜੰਡੇ ਹਨ : ਆਪਣੇ ਆਪ ਨੂੰ ਹੀਰੋ ਸਾਬਤ ਕਰਨਾ, ਕਿਸੇ ਵੀ ਤਰੀਕੇ ਕੁਰਸੀ ਹਾਸਲ ਕਰਨੀ, ਹਰ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਸਾਬਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਉਣਾ, ਜੋ ਨਸ਼ਾ ਅਮਰੀਕਾ ਤੇ ਕੈਨੇਡਾ ਨਹੀਂ ਬੰਦ ਕਰਵਾ ਸਕੇ ਅਤੇ ਦਿੱਲੀ, ਮੁੰਬਈ, ਮਹਾਰਾਸ਼ਟਰ, ਰਾਜਸਥਾਨ, ਗੋਆ ਆਦਿ ਵਿਚ ਧੜੱਲੇ ਨਾਲ ਵਿਕ ਰਿਹਾ ਹੈ, ਉਸ ਨੂੰ ਇਕ ਮਹੀਨੇ ਅੰਦਰ ਪੰਜਾਬ ਵਿਚ ਬੰਦ ਕਰਵਾਉਣ ਦਾ ਹੋਕਾ ਦੇਣਾ, ਟਿਕਟਾਂ ਦੀ ਵੰਡ ਵੇਲੇ ਕਰੋੜਾਂ ਇਕੱਠੇ ਕਰਨੇ, ਲੋਕਾਂ ਦੀ ਭੀੜ ਇਕੱਠੀ ਕਰ ਕੇ ਤੇ ਆਪਣੀ ਤਾਕਤ ਦਿਖਾ ਕੇ ਲੋਕਾਂ ਨੂੰ ਭਰਮਾਉਣਾ, ਸੜਕਾਂ ਦੇ ਕੋਨਿਆਂ ਉੱਤੇ ਆਪੋ ਆਪਣੀਆਂ ਫੋਟੋਆਂ ਦੇ ਫਲੈਕਸ ਲਾ ਕੇ ਆਪਣੀ ਹਾਉਮੈ ਨੂੰ ਪੱਠੇ ਪਾਉਣੇ, ਦੂਜੀਆਂ ਧਿਰਾਂ ਦੇ ਵਿਰੁੱਧ ਡਟ ਕੇ ਭੜਾਸ ਕੱਢਣੀ, ਤਾਕਤ ਵਿਚ ਆਉਣ ਉੱਤੇ ਦੂਜੀ ਪਾਰਟੀ ਵਾਲਿਆਂ ਨੂੰ ਜੇਲ੍ਹਾਂ ਵਿਚ ਡੱਕਣ ਬਾਰੇ ਰੌਲਾ ਪਾਉਣਾ ਅਤੇ ਇਲਜ਼ਾਮਤਰਾਸ਼ੀ ਦੀਆਂ ਹੱਦਾਂ ਪਾਰ ਕਰਨੀਆਂ।

ਲੋਕ ਮੁੱਦੇ ਤਿਆਗ ਕੇ ਘਰੇਲੂ ਕਿਸਮ ਦੇ ਮੁੱਦੇ ਪ੍ਰਚਾਰ ਦਾ ਵਿਸ਼ਾ ਬਣਾਏ ਜਾ ਰਹੇ ਹਨ। ਇਖ਼ਲਾਕ ਗ਼ਾਇਬ ਹੈ। ਕੀ ਕੋਈ ਪਾਰਟੀ ਅਜਿਹੀ ਹੈ ਜਿਸ ਦੇ ਕਿਸੇ ਆਗੂ ਵੱਲੋਂ ਔਰਤਾਂ ਨਾਲ ਛੇੜਛਾੜ ਨਹੀਂ ਕੀਤੀ ਜਾ ਰਹੀ ? ਕੀ ਕਿਸੇ ਪਾਰਟੀ ਵਿਚ ਕੁਰਸੀ ਦੀ ਤਾਕਤ ਵਿਚ ਅੰਨ੍ਹੇ ਹੋ ਕੇ ਪਤਨੀਆਂ ਨੂੰ ਤਲਾਕ ਜਾਂ ਘਰੇਲੂ ਹਿੰਸਾ ਦਾ ਸ਼ਿਕਾਰ ਨਹੀਂ ਬਣਾਇਆ ਜਾ ਰਿਹਾ ? ਕੀ ਕੋਈ ਪਾਰਟੀ ਉਸ ਦੀਆਂ ਸਫ਼ਾਂ ਵਿਚ ਨਾਜਾਇਜ਼ ਸਬੰਧ ਬਣਾਉਣ ਵਾਲੇ ਆਗੂ ਨਾ ਹੋਣ ਦਾ ਦਾਅਵਾ ਕਰ ਸਕਦੀ ਹੈ ? ਕੀ ਕੋਈ ਪਾਰਟੀ ਲੋਕਾਂ ਵੱਲੋਂ ਇਕੱਠੇ ਕੀਤੇ ਜਾਂ ਰਿਸ਼ਵਤ ਦੇ ਰੂਪ ਵਿਚ ਲਏ ਪੈਸਿਆਂ ਨੂੰ ਪਾਰਟੀ ਫੰਡਾਂ ਦਾ ਨਾਂ ਦੇ ਕੇ ਨਾਜਾਇਜ਼ ਇਸਤੇਮਾਲ ਨਹੀਂ ਕਰ ਰਹੀ ? ਕੀ ਸਾਰੀਆਂ ਪਾਰਟੀਆਂ ਵੱਲੋਂ ਲੋਕਾਂ ਲਈ ਕੀਤੇ ਨਿੱਕੇ ਤੋਂ ਨਿੱਕੇ ਕੰਮਾਂ ਬਦਲੇ ਅਹਿਸਾਨਮੰਦੀ ਨਹੀਂ ਮੰਗੀ ਜਾ ਰਹੀ ? ਹਰ ਪਾਰਟੀ ਵਿਚ ਨਕਲੀ ਡਿਗਰੀਆਂ ਵਾਲੇ ਲੋਕ ਬੈਠੇ ਹਨ- ਉਨ੍ਹਾਂ ਖਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ? ਸੱਚਮੁੱਚ ਜਿਸ ਕਿਸਮ ਦਾ ਦੰਭ ਅੱਜ ਕੱਲ੍ਹ ਵੇਖਿਆ ਜਾ ਰਿਹਾ ਹੈ, ਉਸ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ। ਪਾਰਟੀਆਂ ਨੂੰ ਲੋਕ ਮਸਲਿਆਂ ਦੀ ਸੁੱਧ ਹੀ ਨਹੀਂ। ਉਹ ਸੱਤਾ ਹਥਿਆਉਣ ਤੇ ਪੰਜ ਸਾਲ ਮੌਜਾਂ ਕਰਨ ਦਾ ਟੀਚਾ ਸਾਹਮਣੇ ਰੱਖ ਕੇ ਚੋਣ ਲੜ ਰਹੀਆਂ ਹਨ। ਇਸੇ ਲਈ ਪ੍ਰਚਾਰ ਦੀ ਭਾਸ਼ਾ ਤੇ ਮਿਆਰ ਏਨਾ ਨੀਵਾਂ ਹੈ।

ਨੌਟੰਕੀਬਾਜ਼ਾਂ ਦੀਆਂ ਮਜ਼ਾਕੀਆਂ ਗੱਲਾਂ ਨਾਲ ਦੇਸ਼ ਨਹੀਂ ਉਸਰਿਆ ਕਰਦੇ। ਨਾ ਹੀ ਸੜਕਾਂ ਤੇ ਮੁਫ਼ਤ ਬਿਜਲੀਆਂ ਨਾਲ ਤਰੱਕੀ ਕਰਦੇ ਹਨ। ਦੇਸ਼ ਤਰੱਕੀ ਕਰਦੇ ਹਨ-ਬੁੱਧੀਜੀਵੀਆਂ ਨਾਲ, ਉਸਾਰੂ ਸੋਚ ਨਾਲ, ਕਿਰਤੀਆਂ ਦੀਆਂ ਸਮੱਸਿਆਵਾਂ ਸੁਲਝਾਉਣ ਨਾਲ, ਸਮਾਜ ਦੇ ਸਭ ਵਰਗਾਂ ਦੇ ਉਥਾਨ ਲਈ ਕੰਮ ਕਰਨ ਨਾਲ, ਨਾ ਕਿ ਦੂਜੇ ਨੂੰ ਢਾਹ ਕੇ ਜੇਲ੍ਹਾਂ ਵਿਚ ਡੱਕ ਦੇਣ ਦੇ ਐਲਾਨਾਂ ਨਾਲ। ਜਿਹੜੇ ਮੁਲਕ ਤਰੱਕੀ ਕਰ ਚੁੱਕੇ ਹਨ, ਉੱਥੇ ਦਿਮਾਗ਼ ਵਾਲਿਆਂ ਦੀ ਕਦਰ ਕੀਤੀ ਜਾਂਦੀ ਹੈ, ਖੋਜੀਆਂ ਨੂੰ ਪ੍ਰੋਤਸਾਹਿਤ ਕੀਤਾ ਜਾਂਦਾ ਹੈ, ਕਲਮਾਂ ਵਾਲਿਆਂ ਨੂੰ ਸਿਰਾਂ ਉੱਤੇ ਬਿਠਾਇਆ ਜਾਂਦਾ ਹੈ, ਖਿਡਾਰੀਆਂ ਦੀ ਬੱਲੇ-ਬੱਲੇ ਕੀਤੀ ਜਾਂਦੀ ਹੈ, ਮਾਂ ਬੋਲੀ ਨੂੰ ਵਧਣ ਦੀ ਖੁੱਲ ਦਿੱਤੀ ਜਾਂਦੀ ਹੈ ਅਤੇ ਸਾਹਿਤ ਤੇ ਲੇਖਣ ਨੂੰ ਸਰਵੋਤਮ ਥਾਂ ਦਿੱਤੀ ਜਾਂਦੀ ਹੈ। ਉੱਥੇ ਬਾਲਪਣ ਨੂੰ ਇਨਸਾਨੀ ਗੁਣ ਸਿਖਾਏ ਜਾਂਦੇ ਹਨ ਅਤੇ ਸ਼ਖਸ਼ੀਅਤ ਦਾ ਹਿੱਸਾ ਬਣਾਏ ਜਾਂਦੇ ਹਨ, ਪਰ ਅਜਿਹਾ ਏਜੰਡਾ ਤਾਂ ਤਿੰਨਾਂ ਪ੍ਰਮੁੱਖ ਧਿਰਾਂ ਦੀ ਸੋਚ ਦਾ ਅੰਗ ਹੀ ਨਹੀਂ। ਉਨ੍ਹਾਂ ਵਿੱਚੋਂ ਕੋਈ ਵੀ ਨਿਆਰੀ ਜਾਂ ਸੁਥਰੀ ਹੋਣ ਦਾ ਪ੍ਰਭਾਵ ਦੇਣ ਲਈ ਯਤਨਸ਼ੀਲ ਵੀ ਨਹੀਂ।

ਲੋੜ ਹੈ ਕਿ ਅਜਿਹੇ ਲੋਕਾਂ ਨੂੰ ਲੱਭ ਕੇ ਅਗਾਂਹ ਲਿਆਉਣ ਦੀ ਜੋ ਪੁਰਾਣੀ ਸਿਆਸਤ ਦੇ ਦਰਖ਼ਤ ਨੂੰ ਜੜ੍ਹੋਂ ਪੁੱਟ ਕੇ ਅਤੇ ਨਵੇਂ ਬੂਟੇ ਲਾ ਕੇ ਸੂਬੇ ਤੇ ਮੁਲਕ ਨੂੰ ਤਰੱਕੀ ਦੇ ਰਾਹ ਤੋਰ ਸਕਣ। ਕੇਵਲ ਫੇਸਬੁੱਕਾਂ ਉੱਤੇ ਆਪਣਾ ਹੀ ਬਖ਼ਾਨ ਕਰਨ, ਲੱਖਾਂ ਰੁਪਏ ਦੀ ਇਸ਼ਤਿਹਾਰਬਾਜ਼ੀ ਕਰਨ ਜਾਂ ਸੜਕਾਂ ਕੰਢੇ ਫਲੈਕਸਾਂ ਲਾ ਕੇ ਆਪਣੀ ਹਊਮੈ ਨੂੰ ਪੱਠੇ ਪਾਉਣ ਵਾਲਿਆਂ ਵਿੱਚੋਂ ਸਾਨੂੰ ਅਜਿਹੇ ਸੁਥਰੇ ਲੋਕ ਨਹੀਂ ਲੱਭਣਗੇ। ਸਿਆਸਤ ਦਾ ਵੱਖਰਾ ਬੂਟਾ ਲਾਉਣ ਦਾ ਹੁਣ ਸਮਾਂ ਹੈ। ਇਸ ਲਈ ਵੋਟ ਦੇ ਹੱਕ ਦੀ ਸੁਹਜਮਈ ਵਰਤੋਂ ਅਤਿਅੰਤ ਜ਼ਰੂਰੀ ਹੈ।

‘ਗੁਰੂ ਰਵਿਦਾਸ’ ਜੀ ਦੀ ਬਾਣੀ ਵਿਚ ਕੀਤੀ ਮਿਲਾਵਟ’

0

‘ਗੁਰੂ ਰਵਿਦਾਸ’ ਜੀ ਦੀ ਬਾਣੀ ਵਿਚ ਕੀਤੀ ਮਿਲਾਵਟ’

ਮੇਜਰ ਸਿੰਘ (ਬੁਢਲਾਡਾ) 94176–42327

‘ਡੇਰਾ ਬੱਲਾਂ’ ਦੇ  ਮੁਖੀ ਨਰਿੰਜਣ ਦਾਸ ਜੀ ਨੇ ਸੰਤ ਰਾਮਾ ਨੰਦ ਦੀ ਮੌਤ ਤੋਂ ਬਾਅਦ ਛੇਤੀ ਹੀ ਆਪਣਾ ਨਵਾਂ ‘ਰਵਿਦਾਸੀਆ ਧਰਮ’ ਬਣਾਉਣ ਦਾ ਐਲਾਨ ਕਰਦਿੱਤਾ ਅਤੇ ‘ਅਮ੍ਰਿਤਬਾਣੀ’ ਨਾਂ ਦੀ ਧਾਰਮਿਕ ਪੁਸਤਕ ਆਪਣੇ ਸੇਵਕਾਂ ਲਈ ਜਾਰੀ ਕਰ ਦਿਤੀ। ‘ਅਮ੍ਰਿਤਬਾਣੀ’ ਨਾਂ ਦੀ ਇਸ ਪੁਸਤਕ ਦੀ ਥੋੜੇ ਸਮੇਂ ਬਾਅਦ ਹੀ, ‘ਚੱਕ ਹਕੀਮਾਂ’ (ਫਗਵਾੜਾ ) ਦੇ ਮਹੰਤ ਪ੍ਰਸ਼ੋਤਮ ਦਾਸ ਨੇ ਅਲੋਚਨਾ ਕਰ ਦਿਤੀ ਅਤੇ ਪ੍ਰੈੱਸ ਕਾਨਫ੍ਰੰਸ ਕਰਕੇ ਵੱਖ –ਵੱਖ ਅਖ਼ਬਾਰਾਂ ਵਿਚ ਬਿਆਨ ਦਿੱਤਾ ਕਿ ‘ਚੱਕਹਕੀਮ’ ਵਿਖੇ ‘ਡੇਹਰਾ ਗੁਰੂ ਰਵਿਦਾਸ ਜੀ’ ਦੇ ਪਹਿਲੇ ਸੰਤ ਹੀਰਾ ਦਾਸ ਦੁਆਰਾ 1912 ਵਿਚ ਲਿਖੇ  ‘ਸ੍ਰੀ ਗੁਰੂ ਰਵਿਦਾਸ ਦੀਪ ਗਰੰਥ’ ਵਿਚੋਂ ਵੱਡੀ ਪੱਧਰ ਤੇਰਚਨਾਵਾਂ ਚੋਰੀ ਕਰਕੇ ‘ਅਮ੍ਰਿਤਬਾਣੀ’ ਵਿਚ ਪਾ ਦਿਤੀਆਂ ਅਤੇ ਰਚਨਾਵਾਂ ਵਿਚੋਂ ਸੰਤ ਹੀਰਾ ਦਾਸ ਨਾਮ ਕੱਟ ਕੇ ‘ਰਵਿਦਾਸ ਜੀ’ ਦਾ ਨਾਮ ਲਿਖ ਦਿਤਾ।’ ਇਸਬਾਬਤ ਮਹੰਤ ਪ੍ਰਸ਼ੋਤਮ ਦਾਸ ਨੇ ‘ਡੇਰਾ ਬੱਲਾਂ’ ਉਤੇ ਕੋਰਟ ਵਿਚ ਕੇਸ ਦਰਜ ਕਰਵਾਇਆ ਹੋਇਆ ਹੈ।

   ਹੁਣ ਜਦੋਂ ਸਬੱਬ ਬਣਿਆ ਤਾਂ ਸੰਤ ਹੀਰਾ ਦਾਸ ਦਾ ਲਿਖਿਆ ‘ਸ਼੍ਰੀ ਗੁਰੂ ਰਵਿਦਾਸ ਦੀਪ ਗਰੰਥ’ ਅਤੇ ਡੇਰਾਂ ਬੱਲਾਂ ਵਲੋਂ ਤਿਆਰ ਕੀਤੀ ‘ਅਮ੍ਰਿਤਬਾਣੀ’ ਨੂੰਸਾਹਮਣੇ ਰੱਖ ਕੇ ‘ਉਪਰੋਕਤ ਸੱਚ’ ਜਾਨਣ ਦੀ ਕੋਸ਼ਿਸ ਕੀਤੀ, ਤਾਂ ਸਾਹਮਣੇ ਆਇਆ ,ਕਿ ਡੇਰਾ ਬੱਲਾਂਵਾਲਿਆਂ ਨੇ ‘ਸ੍ਰੀ ਗੁਰੂ ਰਵਿਦਾਸ ਦੀਪ’ ਗਰੰਥ ਵਿਚੋਂ ਕਾਫੀ ਸਾਰੀਆਂ ਰਚਨਾਵਾਂ ‘ਅਮ੍ਰਿਤਬਾਣੀ’ ਵਿਚਪਾਈਆਂ ਹੋਈਆਂ ਹਨ, ਜਿਸ ਨੂੰ ਦੇਖ ਕੇ ਮਨ ਵਿਚ ਬੜੀ ਭਾਰੀ ਠੇਸ ਪਹੁੰਚੀ, ਕਿਉਕਿ ਗੁਰਬਾਣੀ ਨਾਲਮਾਮੂਲੀ ਜਿਹੀ ਛੇੜ–ਛਾੜ ਹੀ ਬਹੁਤ ਵੱਡਾ ਤੇ ਭਾਰੀ ਜ਼ੁਰਮ ਹੈ। ਇਸ ਸਬੰਧੀ ਅੱਗੇ ਚੱਲਣ ਤੋਂ ਪਹਿਲਾਂਇਤਿਹਾਸ ਵਿਚ ‘ਬਾਣੀ’ ਨਾਲ ਸਬੰਧਤ ਇਕ ਅਹਿਮ ਘਟਨਾ/ਜਾਣਕਾਰੀ ਦਾ ਜਿਕਰ ਕਰਨਾ ਚਾਹਾਂਗਾ।

 ‘ਬਾਣੀ’ ਨਾਲ ਛੇੜ–ਛਾੜ ਦੇ ਸਬੰਧ ਵਿਚ, ਇਤਿਹਾਸ ਵਿਚ ਇਕ ਬੜੀ ਮਸ਼ਹੂਰ ਸਾਖੀ ਹੈ -“ ਇਤਿਹਾਸਕਾਰ ਲਿਖਦੇ ਹਨ ਕਿ-“ਔਰੰਗਜ਼ੇਬ ਨੇ ਗੁਰੂ ‘ਹਰਿ ਰਾਇ’ਸਹਿਬ ਨੂੰ ਦਿੱਲੀ ਆਉਣ ਦਾ ਸੱਦਾਭੇਜਿਆ। ਉਸ ਵੇਲੇ ਤੱਕ ਗੁਰੂ ‘ਹਰਿ ਰਾਇ’ ਜੀ ਮਾਝੇ, ਮਾਲਵੇ ਅਤੇ ਦੁਆਬੇ ਦੇ ਪਿੰਡਾਂ ਦਾ ਚੱਕਰ ਲਾ ਕੇ ‘ਕੀਰਤਪੁਰ’ ਵਾਪਸ ਆ ਚੁੱਕੇ ਸਨ। ਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਬਾਬਾ ‘ਰਾਮ ਰਾਇ’ ਨੂੰ ਆਪਣੀ ਜਗਾ ਔਰੰਗਜ਼ੇਬ ਕੋਲ ਭੇਜ ਦਿੱਤਾ ਕਿਉਕਿ ‘ਬਾਬਾ ਰਾਮਰਾਇ’ ਵੀ ਬੜੇ ਹੁਸ਼ਿਆਰ ਤੇ ਹਾਜਰ–ਜਵਾਬੀ ਸਨ ਤੇ ਨਾਲ ਕੁਝ ਸਿਆਣੇ ਮਸੰਦ (ਪ੍ਰਚਾਰਕ) ਵੀ ਭੇਜ ਦਿੱਤੇ। ਤੁਰਨ ਲੱਗਿਆਂ ਨੂੰ ਗੁਰੂ ਜੀ ਨੇ ਸਿਖਿਆ ਦਿੱਤੀ ਕਿਗੁਰੂ ਆਸਰੇ ਰਹਿਣਾ, ਗੁਰੂ ਨੂੰ ਸਦਾ ਅੰਗ–ਸੰਗ ਸਮਝਣਾ। ਇਤਿਹਾਸਕਾਰ ਲਿਖਦੇ ਹਨ ਕਿ ਔਰੰਗਰੇਜ਼ ਬਾਦਸ਼ਾਹ ਨੇ ਬਾਬਾ ‘ਰਾਮ ਰਾਇ’ ਜੀ ਨੂੰ ਪਰਖਣਵਾਸਤੇ ਕਈ ਅਜ਼ਮਾਇਸ਼ਾਂ ਕੀਤੀਆਂ ਤੇ ਬਾਬਾ ਜੀ ਹਰੇਕ ਅਜ਼ਮਾਇਸ਼ ਵਿਚ ਪੂਰੇ ਉਤਰਦੇ ਰਹੇ, ਜਿਸ ਕਰਕੇ ‘ਔਰੰਗਜ਼ੇਬ’ ਬਾਬਾ ‘ਰਾਮ ਰਾਇ’ ਦਾ ਬੜਾਆਦਰ–ਸਤਿਕਾਰ ਕਰਨ ਲੱਗ ਪਿਆ, ਪਰ ਰਾਜੇ ਦੇ ਦਰਬਾਰੀਆਂ ਨੂੰ ਇਹ ਗੱਲ ਚੰਗੀ ਨਾ ਲੱਗੀ। ਕਾਜ਼ੀਆਂ ਦੀ ਪ੍ਰੇਰਨਾ ਤੇ ਇਕ ਦਿਨ ਔਰੰਗਜ਼ੇਬ ਨੇ ‘ਰਾਮਰਾਇ’ ਜੀ ਤੋਂ ਪੁਛਿਆ, ਕਿ ਗੁਰੂ ਨਾਨਕ ਦੇਵ ਜੀ ਨੇ ਜੋ ਮੁਸਲਮਾਨਾਂ ਬਾਰੇ ਲਿਖਿਆ ਹੈ, “ਮਿਟੀ ਮੁਸਲਮਾਨ ਕੀ ਪੇੜੈ ਪਈ ਕਮ੍ਹਿਆਰ॥”  ਦਾ ਕੀ ਭਾਵ ਹੈ ?  ਬਾਦਸ਼ਾਹ ਔਰੰਗਜ਼ੇਬ ਨਾਲ ਬਣਿਆ ਰਸੂਖ ਕਾਇਮ ਰੱਖਣ ਲਈ, ਬਾਬਾ ‘ਰਾਮ ਰਾਇ’ ਨੇ ਕਹਿ ਦਿੱਤਾ, ਕਿ  “ਗੁਰੂ ਨਾਨਕ ਜੀ ਨੇ ਤਾਂ ਅਸਲ ਵਿਚ “ਮਿਟੀਬੇਈਮਾਨ ਕੀ” ਉਚਾਰਿਆ ਸੀ, ਲਿਖਾਰੀ ਦੀ ਭੁੱਲ ਨਾਲ “ਮਿਟੀ ਮਸੁਲਮਾਨ ਕੀ” ਲਿਖਿਆ ਗਿਆ ਹੈ।”

 ਜਦੋਂ ਇਸ ਗੱਲ ਦਾ ਗੁਰੂ ‘ਹਰਿ ਰਾਇ’ ਜੀ ਨੂੰ ਪਤਾ ਲੱਗਾ, ਤਾਂ ਗੁਰੂ ‘ਹਰਿ ਰਾਇ’ ਜੀ ਨੇ ਉਸੇ ਵਕਤ ਆਪਣੇ ਹੋਣਹਾਰ ਸਿਆਣੇ ਪੁੱਤਰ  ਨੂੰ ਸੁਨੇਹਾ ਘੱਲ ਦਿਤਾ, ਤੁਸਾਂ ਬਾਦਸ਼ਾਹ ਔਰੰਗਜ਼ੇਬ ਨਾਲ ਆਪਣਾ ਰਸ਼ੂਖ ਕਾਇਮ ਰੱਖਣ ਲਈ ‘ਗੁਰੂ ਨਾਨਕ’  ਸਾਹਿਬ ਦੀ ਬਾਣੀ ਬਦਲ ਦਿੱਤੀ, ਇਸ ਲਈ ਸਾਰੀ ਉਮਰ ਮੇਰੇ ਮੱਥੇਨਹੀਂ ਲੱਗਣਾ।”

 ਇਹ ਹੈ ਆਪਣੇ ਗੁਰੂ ਅਤੇ ਉਹਦੀ ਬਾਣੀ ਦਾ ਸਤਿਕਾਰ। ਗੁਰੂ ‘ਹਰਿ ਰਾਇ’ ਜੀ ਨੇ ਆਪਣੇ ਗੁਰੂ ਦੀ ਬਾਣੀ ਨਾਲ ਮਾਮੂਲੀ ਛੇੜ–ਛਾੜ ਬਰਦਾਸਤ ਨਹੀਂ ਕੀਤੀ, ਜਿਸ ਦੇ ਬਦਲੇ ਆਪਣੇ ਪੁੱਤਰ ਦਾ ਸਦਾ ਲਈ ਵਿਛੋੜਾ ਬਰਦਾਸਤ ਕਰ ਲਿਆ।   

ਉਪਰੋਕਤ ਘਟਨਾ ਦੇ ਮੁਕਾਬਲੇ ‘ਡੇਰਾ ਬੱਲਾਂ’ ਵਾਲਿਆਂ ਨੇ ਤਾਂ ਇਕ ਅੱਧੇ ਸ਼ਬਦ ਦੀ ਨਹੀਂ  ਸਗੋਂ ਬਹੁਤ ਸਾਰੇ  ਗ਼ੈਰ ਸ਼ਬਦ ‘ਰਵਿਦਾਸ’ ਜੀ ਨਾਲ ਜੋੜ ਕੇ ‘ਬਾਣੀ’ ਵਿਚ ਭਾਰੀ ਮਿਲਾਵਟ ਕਰ ਦਿਤੀ, ਜਿਹਨਾਂ ਵਿਚੋਂ ਇਥੇ ਆਪ ਜੀ ਦੇ ਨਾਲ ਦੋ ਕੁ ਸ਼ਬਦ ਸਾਂਝੇ ਕਰਦਾ ਹਾਂ, ਜੋ ਸਬੂਤ ਵਜੋਂ ਕਾਫੀ ਹਨ –

“ਮੰਗਲਾਚਾਰ ਚੌਥਾ”

 ਮੰਗਲ ਚਾਰ ਆਨੰਦ ਸਖੀ ਮੁਖ ਗਾਇਆ। ਕਾਰਜ ਭਇਆ ਸੁਹੇਲਾ ਹਰਿ ਹਰਿ ਧਿਆਇਆ। ਧੰਨ ਔਰ ਪਿਰ ਕੀ ਪ੍ਰੀਤ ਬਣੀ ਇੱਕ ਸਾਰ ਹੈ। ਘਟਾ ਛਟਾ ਸਮਮਿਲੀ ਮੀਨ ਜਿਉਂ ਵਾਰ ਹੈ॥1॥ਪਿਰ ਸੰਗ ਪਾਇ ਆਨੰਦ ਨਾ ਦੁੱਖ ਕੀ ਲੇਸ ਹੈ। ਪਤੀ ਕੀ ਆਗਿਯਾ ਮੇਂ ਜੋ ਰਹੇ ਹਮੇਸ਼ ਹੈ। ਪਤੀ ਪਰਮੇਸ਼ਵਰ ਕਰਕੇ ਜਿਨ ਧੰਨਜਾਣਿਆ। ਸਦਾ ਸੁਖੀ ਬਹੁ ਨਾਰ ਸਰਬ ਸੁੱਖ ਮਾਣਿਆ॥2॥ ਜਨਿ ਪਰ ਸਤਿਗੁਰ ਦਯਾਲ ਸੁਖੀ ਬਹੁ ਗਾਈਏ। ਮਹਿਮਾ ਅਪਰ ਅਪਾਰ ਨਾ ਕੀਮਤ ਪਾਈਏ।ਤਿਨ੍ਹਾਂ ਕੇ ਸੰਗ ਤਰੇ ਅਵਰ ਵੀ ਕੇਤੜੇ। ਕਰ ਕੇ ਦ੍ਰਿੜ ਪ੍ਰੀਤ ਪ੍ਰੇਮ ਕਰੋ ਜੇਤੜੇ॥3॥ ਕਾਰਜ ਸਭ ਹੀ ਪੂਰੇ ਸਤਿਗੁਰ ਕਰ ਦੀਏ॥ ਪੂਰਬ ਪੁੰਨ ਅਨੇਕ ਫਲ ਤਿਸ ਅਬਲੀਏ॥ ਜਨ ਰਵਿਦਾਸ ਪਿਆਸ ਰਹੇ ਸਦਾ ਨਾਮ ਕੀ॥ ਹੀਰਾ ਦਾਸ ਸਬ ਜਗਤ ਤੁਛ ਬਿਨ ਨਾਮ ਕੀ॥4॥

ਇਹ ਸ਼ਬਦ ‘ਸ੍ਰੀ ਗੁਰੂ ਰਵਿਦਾਸ ਦੀਪ ਗਰੰਥ’ ਵਿਚ  ਪੰਨਾ ਨੰਬਰ 488/489 ਤੇ ਦਰਜ ਹੈ। ਇਹੋ ਸ਼ਬਦ ਅਮ੍ਰਿਤਬਾਣੀ ਦੇ ਪੰਨਾ ਨੰਬਰ 148 ਤੇ ਦਰਜ਼ ਹੈ। ਇਸਵਿਚੋਂ ਜਿਥੇ “ਹੀਰਾ ਦਾਸ ਸਬ ਜਗਤ ਤੁਛ ਬਿਨ ਨਾਮ ਕੀ॥”  ਪੰਗਤੀ ਨੂੰ ਕੱਟ ਕੇ “ਹਰਿ ਸੰਗ ਰਹੇ ਪ੍ਰੀਤ,ਓਟ ਨਾਮ ਕੀ॥” ਲਿਖ ਦਿਤਾ ਹੈ।

 ਇਸੇ ਤਰਾਂ ‘ਸ੍ਰੀ ਗੁਰੂ ਰਵਿਦਾਸ ਦੀਪ ਗਰੰਥ’ ਵਿਚ ‘ਬਾਰਾਂ ਮਾਸ’ ਪੰਨਾ ਨੰਬਰ 492 ਤੋਂ ਸ਼ੁਰੂ ਹੁੰਦਾ ਹੈ– “॥ਛੰਦ॥ਚੜਿਆ ਚੇਤ ਸੁਲਖਣਾ, ਕਰ ਸੰਤਨ ਸੰਗਪ੍ਰੀਤ। ਗੁਰ ਚਰਨਨ ਚਿਤੁ ਲਾਇ ਕਰ ਰਾਮ ਨਾਮ ਜੱਪ ਨੀਤ। ਗੁਰ ਗੋਬਿੰਦ ਜਹਿ ਗਾਈਏ ਕਰੋ ਸਰਵਣ ਨਿੱਤ ਨੀਤ। ਗੁਰ ਕੇ ਚਰਨਨ ਪ੍ਰੇਮ ਕਰ ਹਿਰਦੇ ਧਰੋਗੁਰ ਮੀਤ। ਬਚਨ ਗੁਰ ਕੇ ਸੁਨਤ ਹੀ ਮਿਟਤ ਭਰਮ ਸਭ ਭੀਤ। ਮਨ ਮੁੱਖ ਸੰਗ ਨਾ ਕੀਜੀਏ, ਗੁਰਮੁਖ ਸੰਗਤ ਧਾਰ। ਮਨਮੁਖ ਸੰਗਤ ਬਿਗਨ ਹੈ ਗੁਰਮੁਖ ਸੰਗਤਸਾਰ। ਮਨਮੁੱਖ ਸੰਗਤ ਡੂਬਣੋ ਗੁਰਮੁਖ ਸੰਗਤ ਪਾਰ। ਗੁਰਮੁਖ ਹਿਰਦੈ ਪ੍ਰਗਾਸ ਹੈ ਮਨਮੁੱਖ ਅੰਧ ਗਵਾਰ। ਗੁਰ ਕੇ ਅੰਮ੍ਰਿਤ ਵਚਨ ਸੁਣ ਸ਼ਰਧਾ ਹਿਰਦੇ ਧਾਰ॥ਸਰਵਣ ਭਗਤ ਇਤ ਹੈ ਹਿਰਦੇ ਖੂਬ ਬਿਚਾਰ। ਚੈਤ ਸੁਹਾਵੇ ਤਿਨ੍ਹਾਂ ਨੂੰ ਜੋ ਸਰਵਣ ਸਾਥ ਪਿਆਰ। ਜਨ ਰਵਿਦਾਸ ਗੁਰੂ ਚਰਨ ਕੋ, ਹੀਰਾ ਦਾਸ ਬਲਿਹਾਰ॥1॥”

ਇਹੋ ਸ਼ਬਦ ਡੇਰੇ ਵਾਲੀ ‘ਅਮ੍ਰਿਤਬਾਣੀ ਪੁਸਤਕ ਵਿਚ ਪੰਨਾ ਨੰ: 127 ਤੇ ਹੈ, ਫਰਕ ਇਹ ਪਾਇਆ ਗਿਆ ਹੈ, ਜਿਥੇ ਉਪਰੋਕਤ ਸ਼ਬਦ ਦੇ ਅਖੀਰ ਵਿਚ ਤਿੰਨਲਾਇਨਾ “ਸਰਵਣ ਭਗਤ ਏਤ ਹੈ ਹਿਰਦੇ ਖੂਬ ਬਿਚਾਰ। ਚੈਤ ਸੁਹਾਵੇ ਤਿੰਹਾਂ ਨੂੰ ਜੋ ਸਰਵਣ ਸਾਥ ਪਿਆਰ। ਜਨ ਰਵਿਦਾਸ ਗੁਰੂ ਚਰਨ ਕੋ ਹੀਰਾ ਦਾਸਬਲਿਹਾਰ॥1॥” ਨੂੰ ਕੱਟ ਕੇ, ਲਿਖ ਦਿੱਤਾ “ ਰਵਿਦਾਸ ਭਗਤੀ ਇਹੀ ਹੈ, ਹਿਰਦੇ ਖੂਬ ਵਿਚਾਰ॥ ਚੇਤ ਸੁਹਣਾ ਤਿਨ੍ਹਾਂ ਨੂੰ ਜਿਨਾਂ ਸੋਹੰ ਨਾਲ ਪਿਆਰ॥” ਆਦਿ।

  ਉਪਰੋਕਤ ਇਤਿਹਾਸਕ ਸਾਖੀ ਇਕ ਸਚਾਈ ਹੈ। ਇਕ ਪਾਸੇ ਤਾਂ ਗੁਰੂ ‘ਹਰਿ ਰਾਇ’ ਜੀ ਨੇ ਆਪਣੇ ਗੁਰੂ ਦੀ ਬਾਣੀ ਦੀ ਮਾਮੂਲੀ ਬਦਲੀ ਪਿਛੇ ਆਪਣੇ ਹੋਣਹਾਰਪੁੱਤਰ ਬਾਬਾ ‘ਰਾਮ ਰਾਇ’ ਜੀ ਨੂੰ ਮੁੜ ਕੇ ਆਪਣੇ ਮੱਥੇ ਨਹੀਂ ਲੱਗਣ ਦਿੱਤਾ, ਜਦ ਕਿ ਇਕ ਵਾਰ ਗਲਤੀ ਮੁਆਫ਼ ਵੀ ਕੀਤੀ ਜਾ ਸਕਦੀ ਸੀ।

  ਦੂਜੇ ਪਾਸੇ ‘ਡੇਰਾ ਬੱਲਾਂ’ ਦੇ ਮੁਖੀਆਂ ਨੇ ਆਪਣੇ ‘ਗੁਰੂ ਰਵਿਦਾਸ’ ਜੀ ਦੇ ਨਾਲ ‘ਰਵਿਦਾਸ ਦੀਪ ਗਰੰਥ’ ਵਿਚੋਂ ਇਕ–ਅੱਧਾ ਨਹੀਂ ਬਲਕਿ ਪੂਰਾ ਬਾਰਾਂ ਮਾਂਹ,ਮੰਗਲਾਚਰਨ ਆਦਿ ਕੱਚੀ ਬਾਣੀ ਨੂੰ, ਗੁਰੂ ਰਵਿਦਾਸ ਜੀ ਦੀ ਬਾਣੀ ਬਣਾ ਕੇ, ਡੇਰੇ ਵਲੋਂ ਤਿਆਰ ਕੀਤੀ ‘ਅੰਮ੍ਰਿਤਬਾਣੀ’ ਵਿਚ ਸ਼ਾਮਲ ਕਰ ਦਿਤਾ ਅਤੇ ਜਿਹੜਾ ਕੰਮ ਦੁਸ਼ਮਣ ਵੀ (‘ਬਾਣੀ’ ਵਿਚ ਮਿਲਾਵਟ ਕਰਨ ਲੱਗੇ) ਖੌਫ਼ ਮੰਨਦੇ ਸਨ, ਉਹ ਕੰਮ ਗੁਰੂ ਦੇ ਸੇਵਕ ਅਖਵਾਉਣ ਵਾਲਿਆਂ ਨੇ, ਬਿਨਾਂ ਝਿਜਕ ਕਰ ਦਿੱਤਾ ਤੇ ਇਸ ਦੇ ਵਿਰੁਧ ਕੋਈ ਆਵਾਜ਼ ਵੀ ਬੁਲੰਦ ਨਹੀਂ ਕਰਦਾ।    

 ਕਿਸੇ ਦੀ ‘ਮੱਤ  (ਮਨਮਤਿ) ਨੂੰ ‘ਗੁਰੂ’ ਦੀ ‘ਮੱਤ’  (ਗੁਰਮਤਿ) ਬਣਾ ਕੇ ਲੋਕਾਂ ਵਿਚ ਪ੍ਰਚਾਰਨਾ ਮਹਾਂ ਪਾਪ ਹੈ, ਮਹਾਂ ਅਪਰਾਧ ਹੈ, ਜਿਹੜਾ ਕਿ ਗੁਰੂ ਰਵਿਦਾਸ ਜੀਦੇ ਬਹੁਤ ਸਾਰੇ (ਖਾਸ਼ ਕਰਕੇ ਡੇਰਾ ਬੱਲਾਂ ਦੇ) ਸੇਵਕ ਜਾਣੇ–ਅਣਜਾਣੇ ਵਿਚ ਕਰ ਰਹੇ ਹਨ। ਚਾਹੀਦਾ ਤਾਂ ਇਹ ਸੀ ,ਜਦ ‘ਚੱਕ ਹਕੀਮਾਂ ਦੇ ‘ਮਹੰਤ’ ਦਾ ਪ੍ਰੈੱਸ ਵਿਚਬਿਅਨ ਆ ਗਿਆ ਸੀ ਤਾਂ ਤੁਰੰਤ ਡੇਰੇ ਦੇ ਟਰੱਸਟੀ ਅਤੇ ਇਸ ਡੇਰੇ ਨਾਲ ਸਬੰਧਤ ਸੂਝਵਾਨ ਸਿਆਣੇ ਲੋਕ, ਘੋਖ–ਪੜਤਾਲ ਕਰਕੇ ਸੱਚ ਨੂੰ ਸੱਚ ਹੀ ਰਹਿਣ ਦਿੰਦੇ,ਪਰ ਅਫ਼ਸੋਸ ! ਐਸਾ ਹੋਇਆ ਨਹੀਂ । ਉਪਰੋਕਤ ਮਿਲਾਵਟ ਬਾਰੇ ਜਦੋਂ ਗੁਰੂ ਰਵਿਦਾਸ ਜੀ ਦੇ ਸਾਰੇ ਸੂਝਵਾਨ ਸੇਵਕਾਂ ਨੂੰ ਜਾਣਕਾਰੀ ਮਿਲੇਗੀ, ਤਾਂ ਉਹਨਾਂ ਦੇ ਮਨਨੂੰ ਕਿਨੀ ਠੇਸ ਪਹੁੰਚੇਗੀ, ਇਹ ਤਾਂ ਬਿਆਨ ਹੀ ਨਹੀਂ ਕੀਤੀ ਜਾ ਸਕਦੀ। ਇਥੇ ਹੋਰ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਜੋ ਜਾਣਕਾਰੀ (ਮਿਲਾਵਟ) ਸਾਹਮਣੇ ਆ ਗਈ ਹੈ, ਉਸ ਤੋਂ ਇਲਾਵਾ ਹੋਰ ਵੀ ਕਿਨੀ ਕੁ ‘ਰਵਿਦਾਸ’ ਜੀ ਦੀ ‘ਬਾਣੀ’ ਵਿਚ ਮਿਲਾਵਟ ਕੀਤੀ ਗਈ ਹੋਵੇ ਕਿਉਕਿ ਗੁਰੂ ਗਰੰਥ ਸਹਿਬ ਅੰਦਰ ਬਾਣੀ ਤੋਂ ਪਤਾ ਚਲਦਾ ਕਿ ‘ਰਵਿਦਾਸ’ ਜੀ ਸਮੇਂ ਅਤੇ ਇਸ ਤੋਂ ਪਹਿਲਾਂ ਅਤੇ ਬਾਅਦ ਵਿਚ ‘ਬਾਣੀ’ ਨੂੰ ਰਾਗਾਂ ਵਿਚ ਲਿਖਿਆ ਜਾਂਦਾ ਸੀ ਅਤੇ ਸ਼ਬਦ ਦਾ ਸਾਰ / ਭਾਵ ‘ਰਹਾਉ’ ਦੀ ਤੁਕ ਵਿਚ ਦਿੱਤਾ ਜਾਂਦਾ ਸੀ। ਪਰ ਡੇਰੇ ਵਾਲੀ ਅਮ੍ਰਿਤਬਾਣੀ‘ ਵਿਚ ਸ਼ਾਮਲ ‘ਰਵਿਦਾਸ’ ਜੀ ਦੇ ਨਾਮ ਹੇਠ (ਗੁਰੂ ਗਰੰਥ ਸਹਿਬ ਵਿਚਲੇ ਚਾਲੀ (40) ਸ਼ਬਦ, 16 ਰਾਗਾਂ ਵਿਚ, ਤੋਂ ਬਿਨਾਂ) ਕਿਸੇ ਵੀ ਸ਼ਬਦ ਵਿਚ ‘ਰਹਾਉ’ ਸ਼ਬਦ ਹੀ ਨਹੀਂ ਹੈ। ਇਸ ਲਈ ਸ਼ੱਕ ਪੈਦਾ ਹੁੰਦਾ ਕਿ ਸਾਹਮਣੇ ਆਈ ਮਿਲਾਵਟ ਤੋਂ ਬਿਨਾਂ, ਹੋਰ ਵੀ ਮਿਲਾਵਟ ਹੋ ਸਕਦੀ ਹੈ।

ਇਸ ਲਈ ਸਾਰੇ ਸੂਝਵਾਨ ਬੁੱਧੀਜੀਵੀਆਂ, ਵਿਦਵਾਨ ਸੱਜਣਾਂ ਨੂੰ ਗੁਰੂ ਰਵਿਦਾਸ ਦੇ ਸੇਵਕ ਅਖਵਾਉਣ ਵਾਲੇ ਸਿਆਣੇ ਲੋਕਾਂ ਨੂੰ ਚਾਹੀਦਾ ਹੈ ਕਿ ਏਕਤਾ ਬਣਾ ਕੇ,ਇਸ ਤਰਾਂ ਦੀ ਮਿਲਾਵਟ ਰੋਕਣ ਲਈ ਜੋਰਦਾਰ ਯਤਨ ਕਰਨੇ ਚਾਹੀਦੇ ਹਨ ਅਤੇ ਐਸਾ ਸਖ਼ਤ ਫ਼ੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਕਿਸੇ ਨੂੰ ਇਸ ਤਰਾਂ ਦੀਮਿਲਾਵਟ ਕਰਨ ਦਾ ਹੌਂਸਲਾ ਨਾ ਪਵੇ।

ਆਜ਼ਾਦ ਅਨੰਦ ਮੈਰਿਜ ਐਕਟ 1909 ਨੂੰ ਸੰਨ 2012 ਵਿੱਚ ਹਿੰਦੂ ਮੈਰਿਜ ਐਕਟ 1995 ਦੇ ਅਧੀਨ ਕਰਕੇ ਸਿੱਖਾਂ ਨਾਲ ਕੀਤਾ ਗਿਆ ਧੋਖਾ

0

ਆਜ਼ਾਦ ਅਨੰਦ ਮੈਰਿਜ ਐਕਟ 1909 ਨੂੰ ਸੰਨ 2012 ਵਿੱਚ ਹਿੰਦੂ ਮੈਰਿਜ ਐਕਟ 1995 ਦੇ ਅਧੀਨ ਕਰਕੇ ਸਿੱਖਾਂ ਨਾਲ ਕੀਤਾ ਗਿਆ ਧੋਖਾ

ਸ. ਹਰਬੰਸ ਸਿੰਘ ਔਜਲਾ ਵੱਲੋਂ ਅਨੰਦ ਮੈਰਿਜ ਐਕਟ-2012 ਦੀ ਅਸਲ ਕਾਪੀ ਅਕਾਲ ਤਖ਼ਤ ਦੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜ ਕੇ ਇਸ ਦੇ ਸੈਕਸ਼ਨ 6 ਵੱਲ ਧਿਆਨ ਦਿਵਾਇਆ ਗਿਆ ਹੈ ਜਿਸ ਤਹਿਤ ਇੱਕ ਆਜ਼ਾਦ ਅਨੰਦ ਮੈਰਿਜ ਐਕਟ 1909 ਨੂੰ ਸੰਨ 2012 ਵਿੱਚ ਹਿੰਦੂ ਮੈਰਿਜ ਐਕਟ 1955 ਦੇ ਅਧੀਨ ਕਰਕੇ ਸਿੱਖਾਂ ਨਾਲ ਧੋਖਾ ਕੀਤਾ ਗਿਆ ਹੈ ਪਰ ਸਿੱਖਾਂ ਨੇ ਇਸ ਦਾ ਵਿਰੋਧ ਨਹੀਂ ਕੀਤਾ ਜਾਂ ਵਿਰੋਧ ਕਰਨ ਲਈ ਕੌਮ ਨੂੰ ਤਿਆਰ ਕੀਤਾ। ਪੰਥਕ ਧਿਰਾਂ ਨੇ ਜਥੇਦਾਰ ਅਕਾਲ ਤਖ਼ਤ ਤੋਂ ਮੰਗ ਕੀਤੀ ਹੈ ਕਿ ਸੰਬੰਧਤ ਲੀਡਰਾਂ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕੀਤਾ ਜਾਵੇ ਅਤੇ ਇਸ ਨਵੇਂ ਐਕਟ ਦੇ ਸੈਕਸ਼ਨ 6 ’ਚ ਕੀਤੀ ਗਈ ਤਬਦੀਲੀ ਨੂੰ ਐਕਟ ਵਿੱਚੋਂ ਕਢਵਾ ਕੇ ਮੁੜ ਪਹਿਲਾਂ ਵਾਲਾ ‘ਅਨੰਦ ਮੈਰਿਜ ਐਕਟ 1909’ ਹੀ ਲਾਗੂ ਕਰਵਾਉਣ ਲਈ ਕੇਂਦਰ ਸਰਕਾਰ ’ਤੇ ਦਵਾਬ ਬਣਾਇਆ ਜਾਵੇ।

ਸੰਪਾਦਕ

THE ANAND MARRIAGE ACT, 1909 Amended Anand marriage Act 2012 

7 of 1909
[AS ON 01.05.2014]

[22nd October, 1909]

An Act to remove doubts as to the validity of the marriage ceremony common among the Sikhs called Anand.
WHEREAS it is expedient to remove any doubts as to the validity of the marriage ceremony acidity of the marriage ceremony common among the Sikhs called Anand; It is hereby enacted as follows:–
1. Short title and extent: (a) This Act may be called the Anand Marriage Act, 1909; and
(b) It extends to all of India 2 [except the State of Jammu and Kashmir].
2. Validity of Anand marriages: All marriages which may be or may have been duly solemnized according to the Sikh marriage ceremony called Anand 3[(commonly known as Anand Karaj)] shall be, and shall be deemed to have been with effect from the date of the solemnization of each respectively , good and valid in law.
3. Exemption of certain marriages from Act: Nothing in this Act shall apply to —
(a) any marriage between persons not professing the Sikh religion, or
(b) any marriage which has been judicially declared to be null and void.
4. Saving of marriages solemnized according to other ceremonies: Nothing in this Act shall affect the validity of any marriage duly solemnized according to any other marriage ceremony customary among the Sikhs.
5. Non–validation of marriages within prohibited degrees: Nothing in this Act shall be deemed to validate any marriage between persons who are related to each other in any degree of consanguinity or affinity which would, according to the customary law of the Sikhs , render a marriage between them illegal.

6. Registration of marriages: (a) For the purposes of facilitation of proof of marriage ceremony
(commonly known as Anand Karaj) customary among the Sikhs, the State Government shall,without prejudice to anything contained in the Hindu Marriage Act, 1955 or any other lawfor the time being in force, make rules providing that the parties to any such marriage [whether solemnized before or after the commencement of the Anand Marriage (Amendment) Act, 2012], may have the particulars relating to their marriage entered, in such manner and subject to such conditions as may be provided in the said rules, in a Marriage Register kept by such officer of the State Government or of a local authority authorised by the
State Government, by notification in the Official Gazette, in this behalf. 25 of 1955
(b) The Marriage Register shall, at all reasonable times, be open for inspection, and shall be admissible as evidence of the statements contained therein and certified extracts there from shall, on an application, be given by the Registrar to the parties to the marriage on payment of such fees as may be provided in the rules.
(c) Notwithstanding anything contained in this section, the validity of any Anand Marriage solemnized shall in no way be affected by the omission to make an entry in the Marriage Register.
(d) Every rule made by the State Government under this section shall be laid before the State Legislature, as soon as may be, after they are made.
(e) The parties to the marriage, whose marriage has been registered under this Act, shall not be required to get their marriage registered under any other law for the time being in force (including State Act).
Footnotes:

1. The Act extended to Dadra and Nagar Haveli by Reg. 6 of 1963, s. 2 and Sch. I (w.e.f 01-07-1965).

2.  Subs. by Act 48 of 1959, s. 3 and Sch. I for certain words (w.e.f 01-02-1960).

ਸਿੱਖਾਂ ਦਾ ਸੁਤੰਤਰ ਅਨੰਦ ਮੈਰਿਜ ਐਕਟ 1909; ਜੋ ਕਿ ਸਿੱਖਾਂ ਨੂੰ ਮੁਸਲਿਮ ਪਰਸਨਲ ਲਾਅ ਅਤੇ ਹਿੰਦੂ ਪਰਸਨਲ ਲਾਅ ਵਿੱਚੋਂ ਬਾਹਰ ਕੱਢਦਾ ਤੇ ਆਜ਼ਾਦ ਕਰਦਾ ਹੈ; ਹੁਣ ਤੁਸੀਂ ਦੇਖੋ ਹਿੰਦ ਸਰਕਾਰ ਨੇ ਚਲਾਕੀ ਨਾਲ 2012 ਵਿਚ ਸੰਪੂਰਣ ਸਿੱਖ ਮੈਰਿਜ ਐਕਟ ਬਣਾਉਣ ਦੀ ਬਜਾਏ ਸਿਰਫ ਰਜਿਸਟਰੇਸ਼ਨ ਸੈਕਸ਼ਨ 6 ਪਾ ਕੇ ਲੂੱਲਾ ਲੰਗੜਾ ਕਰਕੇ ਇਸ ਵਿਚ ਐਸੀ ਸ਼ਬਦਾਬਲੀ ਦੀ ਵਰਤੋਂ ਕੀਤੀ, ਜਿਸ ਨਾਲ ਇਸ ਨੂੰ ਹਿੰਦੂ ਮੈਰਿਜ ਐਕਟ ਦੇ ਅਧੀਨ ਮਹਿਤੈਤ ਕਰ ਦਿੱਤਾ। ਸਿੱਖਾਂ ਦਾ ਸੁਤੰਤਰ ਐਕਟ ਭੀ ਖੋਹ ਲਿਆ। ਇਸ ਦੇ ਸੈਕਸ਼ਨ 6 ਵਿਚ ਇਹ ਸਾਫ਼ ਲਿਖ ਦਿਤਾ ਹੈ ਕਿ ‘ਸਿੱਖ ਹਿੰਦੂ ਮੈਰਿਜ ਐਕਟ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ’without prejudice anything contained in the Hindu marriage act or any other Hindu laws.ਵਿਦਔਊਟ ਪਰੈਜੂਡਾਇਸ (without prejudice ) ਦਾ ਮਤਲਬ ਹੈ; ਸਿੱਖ ਹਿੰਦੂ ਮੈਰਿਜ ਐਕਟ ਨੂੰ ਐਬਾਡੰਨ (Abandon) ਛੱਡ ਨਹੀ ਸਕਦੇ, ਬਾਹਰ ਨਹੀਂ ਨਿਕਲ ਸਕਦੇ: without detriment to any existing claim or right. ਜਾਨੀ ਕਿ ਸਿੱਖ ਹਿੰਦੂਆਂ ਦੇ ਅਧੀਨ ਗੁਲਾਮ ਹੀ ਰਹਿਣਗੇ। ਪਰ ਸਿੱਖ ਲੀਡਰਾਂ ਨੇ ਭੰਗੜੇ ਪਾ ਕੇ ਸਿੱਖ ਕੌਮ ਦੀਆਂ ਅੱਖਾਂ ਵਿਚ ਮਿੱਟੀ ਘੱਟਾ ਪਾਉਣ ਦੀ ਕੋਈ ਕਸਰ ਨਹੀਂ ਛੱਡੀ। ਅਸੀਂ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਨਿਮਰਤਾ ਸਾਹਿਤ ਬੇਨਤੀ ਕਰਦੇ ਹਾਂ ਕਿ ਇਹਨਾਂ ਸਭ ਲੀਡਰਾਂ, ਐਮ ਪੀ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਕੇ ਸਿੱਖ ਸੁਤੰਤਰ ਅਨੰਦ ਮੈਰਿਜ ਐਕਟ ਨੂੰ ਹਿੰਦੂ ਮੈਰਿਜ ਐਕਟ ਦੇ ਅਧੀਨ ਕਰਵਾਉਣ ਦੇ ਦੋਸ਼ ਹੇਠ ਸਖ਼ਤ ਸਜਾਵਾਂ ਦਿੱਤੀਆਂ ਜਾਣ।

ਸ. ਹਰਬੰਸ ਸਿੰਘ ਔਜਲਾ

ਸਿੱਖ ਧਰਮ ਤੇ ਪਾਲੇਟਿਕਸ

0

ਸਿੱਖ ਧਰਮ ਤੇ ਪਾਲੇਟਿਕਸ

ਪਿ੍ਰੰ. ਤੇਜਾ ਸਿੰਘ

(1). ਧਰਮ ਕੀ ਹੈ ?

ਧਰਮ ਦੇ ਸਬੰਧ ਵਿੱਚ ਅੱਜਕੱਲ ਦੋ ਤਰ੍ਹਾਂ ਦੇ ਖਿਆਲ ਪ੍ਰਚੱਲਿਤ ਹਨ। ਇੱਕ ਪਾਸੇ ਕਿਹਾ ਜਾਂਦਾ ਹੈ ਕਿ ਧਰਮ ਮਨੁੱਖ ਦਾ ਨਿੱਜੀ ਮਾਮਲਾ ਹੈ, ਜਿਸ ਵਿੱਚ ਕਿਸੇ ਦੂਜੇ ਮਨੁੱਖ ਦਾ ਵਾਸਤਾ ਨਹੀਂ ਹੁੰਦਾ। ਇਹ ਇੱਕ ਅਨੁਭਵੀ ਰਿਸ਼ਤਾ ਹੈ ਜੋ ਕਿਸੇ ਨਿਵੇਕਲੇ ਬਹਿ ਕੇ ਪੂਜਾ ਪਾਠ ਕਰਨ, ਮਾਲਾ ਫੇਰਨ ਜਾਂ ਅੰਤਰ-ਧਿਆਨ ਹੋ ਕੇ ਅਕਾਸ਼ੀ ਵਸਦੇ ਰੱਬ ਵਿੱਚ ਲੀਨ ਹੋਣ ਦੀ ਥਾਂ ਹੈ। ਅਜਿਹੇ ਧਰਮ ਦਾ ਪਾਲੇਟਿਕਸ ਜਾਂ ਸਿਆਸਤ ਨਾਲ ਕੋਈ ਸਬੰਧ ਨਹੀਂ।

ਜੇ ਇੱਕ ਪਾਸੇ ਧਰਮ ਬਾਬਤ ਇਹ ਖਿਆਲ ਹੈ ਕਿ ਧਰਮ ਮਨੁੱਖ ਦੀਆਂ ਸਾਰੀਆਂ ਰੁਚੀਆਂ ਤੇ ਰੁਝੇਵਿਆਂ ਨੂੰ ਸੁਆਰਦਾ ਤੇ ਅਗਵਾਈ ਕਰਦਾ ਹੈ। ਧਰਮ, ਇੱਕ ਖਿਆਲਾਂ ਜਜ਼ਬਿਆਂ ਤੇ ਅਮਲਾਂ ਨੂੰ ਬਣਾਂਦਾ, ਢਾਲਦਾ ਤੇ ਉੱਚੇ ਤੋਂ ਉੱਚੇ ਸਿਖਰ ’ਤੇ ਪੁਚਾਂਦਾ ਹੈ। ਇਸ ਦਾ ਸਬੰਧ ਨਾ ਕਿ ਕੇਵਲ ਉਸ ਦੀ ਸ਼ਖ਼ਸੀ ਜ਼ਿੰਦਗੀ ਨਾਲ ਹੁੰਦਾ ਹੈ ਸਗੋਂ ਉਸ ਦੀ ਸਮਾਜਿਕ, ਪੰਥਕ ਤੇ ਸਿਆਸੀ ਰਹਿਣੀ ਨਾਲ ਵੀ ਹੁੰਦਾ ਹੈ। ਧਰਮ ਦਾ ਜ਼ਿੰਦਗੀ ਨਾਲ ਵੀ ਉਹ ਸਬੰਧ ਹੁੰਦਾ ਹੈ, ਜੋ ਰੂਹ ਦਾ ਸਰੀਰ ਨਾਲ ਹੈ। ਕਰਮ-ਕਾਂਡ ਨੂੰ ਸਮਾਜ ਵਿੱਚੋਂ ਕੱਢਣ ਵੇਲੇ ਦੱਸਦੇ ਸਨ ਕਿ ਗੁਰੂ ਜੀ ਨੇ ਆਪਣੀ ਬਾਣੀ ਵਿੱਚ ਇਨ੍ਹਾਂ ਦਾ ਖੰਡਨ ਕੀਤਾ ਹੈ। ਇਸੇ ਤਰ੍ਹਾਂ ਜਿਹੜਾ ਕੋਈ ਜਗਿਆਸੂ, ਕਿਸੇ ਚਿੰਨ੍ਹ ਜਾਂ ਅਸੂਲ ਨੂੰ ਆਪਣੇ ਧਰਮ ਵਿੱਚੋਂ ਕੱਢਣ ਦਾ ਪ੍ਰਚਾਰ ਕਰੇ ਉਸ ਨੂੰ ਸਾਬਤ ਕਰਨਾ ਪੈਂਦਾ ਹੈ ਕਿ ਫਲਾਣੀ ਥਾਂ ਗੁਰੂ ਜੀ ਨੇ ਹੁਕਮ ਦਿੱਤਾ ਕਿ ਇਹ ਕੰਮ ਨਹੀਂ ਕਰਨਾ, ਐਵੇਂ ਫਾਲਤੂ ਇਹ ਕੰਮ ਕਰਨ ਦੀ ਪ੍ਰੇਰਨਾ ਕਿਸੇ ਨੇ ਪਿੱਛੋਂ ਆ ਕੇ ਪਾ ਦਿੱਤੀ ਸੀ ਜਿਵੇਂ ਕਿ ਸਿੰਘ ਸਭਾ ਵਾਲੇ ਕਰਮ-ਕਾਂਡ ਦੀਆਂ ਰੀਤਾਂ ਨੂੰ ਸਿੱਖੀ ਵਿੱਚੋਂ ਕੱਢਣ ਵੇਲੇ ਦੱਸਦੇ ਸਨ ਕਿ ਗੁਰੂ ਜੀ ਨੇ ਆਪਣੀ ਬਾਣੀ ਵਿੱਚ ਇਨ੍ਹਾਂ ਦਾ ਖੰਡਨ ਇਉਂ ਕੀਤਾ ਹੈ। ਰੂਹ ਕੇਵਲ ਦਿਮਾਗ ਜਾਂ ਹਿਰਦੇ ਵਿੱਚ ਹੀ ਨਹੀਂ ਹੁੰਦੀ, ਸਗੋਂ ਉਗਲਾਂ ਦੇ ਪੋਟਿਆਂ, ਗੋਡਿਆਂ ਤੇ ਪਸਲੀਆਂ ਵਿੱਚ ਵੀ ਹੁੰਦੀ ਹੈ। ਧਰਮ ਜਦ ਕਿਸੇ ਸਰੀਰ ਵਿੱਚ ਜਾਗ ਉੱਠਦਾ ਹੈ ਤਾਂ ਉਸ ਦੇ ਅੰਗ-ਅੰਗ ਨੂੰ ਸੁਰਜੀਤ ਕਰ ਦਿੰਦਾ ਹੈ ਤੇ ਜਿੱਥੇ ਉਸ ਦੀਆਂ ਆਤਮਿਕ ਰੁੱਚੀਆਂ ਪ੍ਰਫੁੱਲਤ ਹੁੰਦੀਆਂ ਹਨ, ਉੱਥੇ ਨਾਲ ਹੀ ਉਸ ਦੀ ਸਰੀਰਕ, ਦਿਮਾਗੀ, ਆਰਥਿਕ, ਸਾਹਿਤਕ ਤੇ ਸਿਆਸੀ ਜ਼ਿੰਦਗੀ ਵੀ ਨਵੇਂ ਸਿਰਿਓ ਢਲਦੀ ਹੈ। ਅਜਿਹਾ ਧਰਮ ਜਿੱਥੇ ਕੌਮ ਦੇ ਪਰਮਾਰਥ ਨੂੰ ਸੁਆਰਦਾ ਹੈ ਉੱਥੇ ਉਸ ਦੇ ਸੰਸਾਰਕ ਹਾਣ-ਲਾਭ ਦਾ ਵੀ ਖਿਆਲ ਰੱਖਦਾ ਹੈ।

ਸਿੱਖ ਧਰਮ ਇੱਕ ਦੂਜੀ ਕਿਸਮ ਦਾ ਧਰਮ ਹੈ। ਇਸ ਦੀ ਨੀਂਹ ਰੱਖਣ ਵਾਲਿਆਂ ਨੇ ਇਸ ਦੀ ਉਸਾਰੀ ਕਰਨ ਵੇਲੇ ਹੀ ਕਹਿ ਦਿੱਤਾ ਸੀ ਕਿ: ‘‘ਸਰਬ ਧਰਮ ਮਹਿ, ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥’’ (ਮ: ੫/੨੬੬)

ਧਰਮ ਉਹੀ ਚੰਗਾ ਹੈ ਜਿਸ ਵਿੱਚ ਨੈਤਿਕਤਾ ਅਤੇ ਚੰਗੇ ਕਰਮ ਕਰਨ ਦਾ ਪ੍ਰਬੰਧ ਹੋਵੇ। ਜਿਵੇਂ ਕਿ ਸਿੱਖ ਧਰਮ ਦੇ ਬੁਨਿਆਦੀ ਅਸੂਲ ਦੋ ਹਨ: ਨਾਮ ਜਪਣਾ ਤੇ ਸੇਵਾ।

(ੳ). ਨਾਮ ਜਪਣਾ- ਬਾਣੀ ਦੇ ਅਭਿਆਸ ਲਈ ਸੰਗਤਾਂ ਵਿੱਚ ਜੁੜਨਾਂ, ਗੁਰਦੁਆਰਿਆਂ ਵਿੱਚ ਇਕੱਠੇ ਹੋ ਕੇ ਪਾਠ ਕੀਰਤਨ ਵਿੱਚ ਸ਼ਾਮਲ ਹੋਣਾ ਅਤੇ ਰਲਵੀਂ ਅਰਦਾਸ ਕਰਨੀ ਜ਼ਰੂਰੀ ਹੈ। ਅਰਦਾਸ ਹੁੰਦੀ ਹੀ ਸਮੁੱਚੇ ਪੰਥ ਵੱਲੋਂ, ਸਰਬੱਤ ਖਾਲਸਾ ਵੱਲੋਂ ਹੈ। ਇਸ ਵਿੱਚ ਜਹਾਂ-ਜਹਾਂ ਖਾਲਸਾ ਜੀ ਸਾਹਿਬ ਤਹਾਂ-ਤਹਾਂ ਰੱਛਿਆ ਰਿਆਇਤ ਮੰਗੀ ਜਾਂਦੀ ਹੈ, ਪੰਥ ਕੀ ਜੀਤ ਤੇ ਪੰਥਕ ਤਾਕਤ ਨੂੰ ਇੱਕ-ਮੁੱਠ ਕਰਕੇ ਸਥਾਨਕ ਸੰਗਤਾਂ ਨੂੰ ਅਗਵਾਈ ਦਿੱਤੀ ਜਾਂਦੀ ਹੈ।

(ਅ). ਸੇਵਾ – ਜਿਨ੍ਹਾਂ ਧਰਮਾਂ ਵਿੱਚ ਸੇਵਾ ਦਾ ਖਿਆਲ ਨਹੀਂ ਹੁੰਦਾ ਉਨ੍ਹਾਂ ਵਿੱਚ ਪੰਥ ਬਨਾਉਣ ਜਾਂ ਜਥੇਬੰਦੀ ਦੀ ਲੋੜ ਹੀ ਨਹੀਂ ਹੁੰਦੀ। ਪਰ ਜਿੱਥੇ ਸੇਵਾ ਜਾਂ ਅਮਲੀ ਪਰਉਪਕਾਰ ਦਾ ਪ੍ਰਬੰਧ ਕਰਨਾ ਹੁੰਦਾ ਹੈ ਉੱਥੇ ਜਥੇਬੰਦੀ ਦੀ ਲੋੜ ਹੁੰਦੀ ਹੈ, ਕਿਉਂਕਿ ਜਥੇਬੰਦੀ ਨਾਲ ਹੀ ਸੇਵਾ ਕਰਨ ਵਾਲੇ ਥੋੜੀ ਤੋਂ ਥੋੜੀ ਤਾਕਤ ਜਾਂ ਵਸੀਲੇ ਨਾਲ ਵਧੀਕ ਤੋਂ ਵਧੀਕ ਲਾਭ ਪਹੁੰਚਾ ਸਕਦੇ ਹਨ।

(2). ਖਾਲਸੇ ਦੀਆਂ ਮੁੱਢਲੀਆਂ ਰਵਾਇਤਾਂ:

ਸਿੱਖ ਧਰਮ ਦੀ ਵਿਸ਼ੇਸ਼ ਖੂਬੀ ਇਹ ਹੈ ਕਿ ਜਿੱਥੇ ਹੋਰ ਧਰਮ ਮਨੁੱਖ ਤੋਂ ਨਿਖੇੜ ਕੇ ਵੱਖੋ-ਵੱਖ ਟੋਲੇ (ਫਿਰਕੇ) ਬਣਾਉਂਦੇ ਹਨ, ਇਹ ਧਰਮ ਵਖਰੇਵੇਂ ਦੂਰ ਕਰਦਾ ਤੇ ਸਾਰਿਆਂ ਨੂੰ ਨੇੜੇ ਲਿਆ ਕੇ ਜੋੜ ਦਿੰਦਾ ਹੈ, ਕਿਉਂਕਿ ਇਸ ਦੀ ਨੀਂਹ ਰੱਖਣ ਵਾਲਾ ਮਨੁੱਖ ਜਾਤੀ ਨੂੰ ਜੋੜਨ ਆਇਆ ਸੀ, ਤੋੜਨ ਨਹੀਂ ਸੀ ਆਇਆ। ‘‘ਨਾਨਕ! ਸਤਿਗੁਰੁ ਐਸਾ ਜਾਣੀਐ, ਜੋ ਸਭਸੈ ਲਏ ਮਿਲਾਇ ਜੀਉ॥’’

ਕਈ ਧਾਰਮਿਕ ਪੁਸਤਕਾਂ ਮਨੁੱਖਾਂ ਨੂੰ ਮਨੁੱਖਾਂ ਤੋਂ ਨਿਖੇੜਦੀਆਂ (ਤੋੜਦੀਆਂ) ਹਨ। ਕੁਰਾਨ ਨੂੰ ਕੋਈ ਗੈਰ-ਮੁਸਲਮ ਆਪਣੀ ਪੁਸਤਕ ਨਹੀਂ ਸਮਝ ਸਕਦਾ। ਅੰਜੀਲ ਨੂੰ ਕੋਈ ਗੈਰ-ਈਸਾਈ ਆਪਣੀ ਆਤਮਾ ਦਾ ਅਧਾਰ ਨਹੀਂ ਮੰਨ ਸਕਦਾ, ਪਰ ਸਿੱਖ ਧਰਮ ਦਾ ਧਾਰਮਿਕ ਗ੍ਰੰਥ ਤਾਂ ਕੌਮਾਂਤਰੀ ਗ੍ਰੰਥ ਦੇ ਤੌਰ ’ਤੇ ਹੀ ਬਣਾਇਆ ਗਿਆ ਸੀ ‘‘ਅੰਮਿ੍ਰਤ ਨਾਮੁ ਠਾਕੁਰ ਕਾ ਪਇਓ, ਜਿਸ ਕਾ ਸਭਸੁ ਅਧਾਰੋ॥ ਜੇ ਕੋ ਖਾਵੈ, ਜੇ ਕੋ ਭੁੰਚੈ; ਤਿਸ ਕਾ ਹੋਇ ਉਧਾਰੋ॥’’ (ਮ: ੫/੧੪੨੯)

ਇਹ ਨਾ ਸਿਰਫ ਸਿੱਖਾਂ ਦੀ ਆਤਮਿਕ ਖੁਰਾਕ ਹੈ, ਸਗੋਂ ਜਿਹੜਾ ਵੀ ਇਸ ਨੂੰ ਖਾਵੇ ਜਾਂ ਭੁੰਚੇ ਉਸ ਦਾ ਉਧਾਰ ਹੋ ਜਾਂਦਾ ਹੈ। ਇਸ ਲਈ ‘‘ਏਹ ਵਸਤੁ ਤਜੀ ਨਹ ਜਾਈ, ਨਿਤ ਨਿਤ ਰਖੁ ਉਰਿ ਧਾਰੋ॥’’ (ਮ: ੫/੧੪੨੯) ਇਹ ਚੀਜ਼ ਛੁੱਟ ਨਹੀਂ ਸਕਦੀ, ਇਸ ਦਾ ਸਭ ਨੂੰ ਆਸਰਾ ਲੈਣਾ ਪਵੇਗਾ। ਇਸ ਵਿੱਚ ਜਿੱਥੇ ਸਿੱਖ ਗੁਰੂਆਂ ਤੇ ਹਿੰਦੂ ਭਗਤਾਂ ਦੀ ਬਾਣੀ ਹੈ, ਉੱਥੇ ਕਈ ਮੁਸਲਮਾਨੀ ਘਰਾਣਿਆਂ ਵਿੱਚ ਜੰਮੇ ਪਲੇ ਫਕੀਰਾਂ ਦੀ ਬਾਣੀ ਵੀ ਦਰਜ ਹੈ। ਜਿੱਥੇ ਇਸ ਨੂੰ ਹਿੰਦੂ ਤੇ ਸਿੱਖ ਪੜ੍ਹਦੇ ਆਏ ਹਨ ਉੱਥੇ ਕਈ ਮੁਸਲਮਾਨ ਵੀ ਸੁਣਦੇ ਪੜ੍ਹਦੇ ਆਏ ਹਨ।

ਇਹ ਸੱਚ ਹੈ ਕਿ ਖ਼ਾਲਸੇ ਨੂੰ ਨਿਆਰਾ ਰਹਿਣ ਦਾ ਹੁਕਮ ਹੈ: ‘ਖਾਲਸਾ ਹਿੰਦੂ ਮੁਸਲਮਾਨ ਤੇ ਨਿਆਰਾ ਰਹੇ।’ (ਰਹਿਤਨਾਮਾ ਭਾਈ ਚੌਪਾ ਸਿੰਘ)

ਪਰ ਨਿਆਰਾ ਕਿਸ ਗੱਲ ਵਿੱਚ ? ਵੱਖਰੇ ਹੱਕ ਮੰਗਣ ਵਿੱਚ ਨਹੀਂ, ਨਾ ਹੀ ਸਮੁੱਚੀ ਕੌਮ ਦੀਆਂ ਆਰਥਿਕ, ਸਭਿਆਚਾਰਕ ਅਤੇ ਸਿਆਸੀ ਲਹਿਰਾਂ ਤੋਂ ਵੱਖਰਾ ਰਹਿਣ ਵਿੱਚ ਅਤੇ ਨਾ ਹੀ ਮੁਲਕ ਦੀਆਂ ਅਗਾਹਾਂ-ਵਧੂ ਸੰਸਥਾਵਾਂ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਵਿੱਚ, ਸਗੋਂ ਖਾਲਸੇ ਦਾ ਨਿਆਰਾਪਣ ਇਸ ਗੱਲ ਵਿੱਚ ਹੈ ਕਿ ਇਸ ਨੇ ਸਭ ਨਿਆਰਾਪਣ ਮੇਟ ਦੇਣਾ ਹੈ, ਸਭ ਵਖਰੇਵਾਂ ਦੂਰ ਕਰ ਦੇਣਾ ਹੈ। ਬੇਸ਼ੱਕ ਹੋਰ ਟੱਬਰ ਆਪਣੇ 12 ਮੈਂਬਰ ਹੋਣ ’ਤੇ 13 ਚੁਲ੍ਹੇ ਬਣਾ ਲੈਣ ਪਰ ਸਗਲ-ਜਮਾਤੀ ਖਾਲਸੇ ਦਾ ਚੌਂਕਾ 12 ਕੋਹ ’ਚ ਇਕ ਹੀ ਹੁੰਦਾ ਹੈ, ਇਹ ਤਾਂ ‘ਆਸ਼ਰਮ ਬਰਨ ਬਿਚਾਰ ਨਹਿ, ਇਕ-ਪੰਗਤੀ ਬੈਸਹਿ।’ (ਸੂਰਜ ਪ੍ਰਕਾਸ਼)। ਖਾਲਸੇ ਦਾ ਲੰਗਰ ਸਾਂਝਾ ਹੈ, ਨਾ ਕੇਵਲ ਆਪਣੇ ਸਿੱਖ ਭਰਾਵਾਂ ਨਾਲ ਸਗੋਂ ਗੈਰ-ਸਿੱਖਾਂ ਨਾਲ ਵੀ। ਉਹ ਗੁਰੂ ਕਾ ਲੰਗਰ ਹੀ ਨਹੀਂ ਅਖਵਾ ਸਕਦਾ ਜਿਸ ਵਿੱਚ ਕੇਵਲ ਸਿੱਖ ਹੀ ਪ੍ਰਸ਼ਾਦ ਛੱਕ ਸਕਣ ਅਤੇ ਹੋਰਨਾਂ ਨੂੰ ਸ਼ਾਮਲ ਹੋਣ ਦੀ ਮਨਾਹੀ ਹੋਵੇ। ਸਿੱਖਾਂ ਵਿੱਚ ਸੇਵਾ ਲੋਕ-ਸੇਵਾ ਹੁੰਦੀ ਹੈ, ਨਿਰੋਲ ਪਰ-ਉਪਕਾਰ ਦੇ ਭਾਵ ਨਾਲ ਹੁੰਦੀ ਹੈ। ਇਹ ਸਦਾ ਤੋਂ ਅਫਿਰਕੂ ਹੁੰਦੀ ਆਈ ਹੈ। ਇਸੇ ਅਸੂਲ ਦੀ ਵਰਤੋਂ ਕਰਦਿਆਂ ਜਦ ਸਿੱਖ ਰਾਜ ਕਾਇਮ ਹੋਇਆ ਤਾਂ ਉਹ ਨਿਰੋਲ ਅਫਿਰਕੂ ਸੀ। ਮਹਾਰਾਜਾ ਰਣਜੀਤ ਸਿੰਘ ਨੇ ਸਿਆਸਤ ਵਿੱਚੋਂ ਅਕਾਲ ਤਖਤ ਦੇ ਮਤੇ ਨੂੰ ਹਟਾ ਕੇ ਸਿੱਖਾਂ ਅਤੇ ਅਣ-ਸਿੱਖਾਂ ਦੀ ਸਾਂਝੀ ਕੌਂਸਲ ਦੀ ਮਦਦ ਨਾਲ ਰਾਜ ਕੀਤਾ। ਉਸ ਨੇ ਲਾਹੌਰ ਸ਼ਹਿਰ, ਸਿੱਖ ਸਰਦਾਰਾਂ ਪਾਸੋਂ ਖੋਹ ਕੇ ਇੱਕ ਮੁਸਲਮਾਨ ਕੋਤਵਾਲ ਦੇ ਹਵਾਲੇ ਕੀਤਾ। ਉਸ ਦਾ ਸਭ ਤੋਂ ਨਜ਼ਦੀਕੀ ਤੇ ਭਰੋਸੇ ਵਾਲਾ ਵਜ਼ੀਰ ਫਕੀਰ ਅਜ਼ੀਜ਼ੁੱਦੀਨ ਸੀ। ਉਸ ਨੇ ਸਿਆਸੀ ਮੰਡਲ ਵਿੱਚ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਦੇ ਵਿਤਕਰੇ ਮਿਟਾ ਦਿੱਤੇ।

(1). ਰਵਾਇਤਾਂ ਵਿੱਚ ਤਰਮੀਮਾਂ:

ਇਸ ਸਾਂਝੀਵਾਲਤਾ ਵਾਲੇ ਤੇ ਅਫਿਰਕੂ ਰਾਜ ਦੇ ਕਾਇਮ ਕਰਨ ਲਈ ਜੋ ਵੱਡਾ ਕੰਮ ਉਸ ਵੇਲੇ ਕੀਤਾ ਗਿਆ, ਜੇਕਰ ਉਸ ਨੂੰ ਚੰਗੀ ਤਰ੍ਹਾਂ ਸਮਝ ਲਈਏ ਤਾਂ ਅੱਜ ਕੱਲ ਦੇ ਬਹੁਤ ਸਾਰੇ ਪੰਥਕ ਝਗੜੇ ਮਿਟ ਸਕਦੇ ਹਨ। ਉਹ ਇਹ ਸੀ ਕਿ ਸ੍ਰੀ ਅਕਾਲ ਤਖਤ ਦੇ ਗੁਰਮਤੇ ਵਿੱਚੋਂ ਹਕੂਮਤ ਵਾਲੇ ਮਾਮਲੇ ਕੱਢ ਲਏ ਗਏ ਅਤੇ ਇਸ ਪੰਥਕ ਅਸਥਾਨ ਨੂੰ ਪੰਥਕ ਮਾਮਲਿਆਂ ਲਈ ਹੀ ਮਹਿਦੂਦ ਕੀਤਾ ਗਿਆ। ਇਸ ਤੋਂ ਪਹਿਲਾਂ ਸਾਰੇ ਮੁਲਕੀ ਮਾਮਲੇ ਅਕਾਲ ਤਖਤ ਦੇ ਹਜ਼ੂਰ ਇਕੱਤਰ ਹੋਏ ਸਰਬੱਤ ਖਾਲਸਾ ਦੇ ਦੀਵਾਨ ਵਿੱਚ ਨਜਿੱਠੇ ਜਾਂਦੇ ਸਨ। ਸਰਕਾਰੀ ਅਹਿਦਨਾਮਿਆਂ ਉੱਤੇ ਵੀ ਇੱਥੇ ਹੀ ਦਸਤਖਤ ਹੁੰਦੇ ਸਨ (ਜਿਵੇਂ ਲਾਰਡ ਲੇਕ ਦੇ ਅੱਗੇ-ਅੱਗੇ ਭੱਜਾ ਆਉਂਦਾ ਮਰਹੱਟਾ ਸਰਦਾਰ ਹੁਲਕਰ ਇੱਥੇ ਹੀ ਖਾਲਸੇ ਦੀ ਇਕੱਤ੍ਰਤਾ ਵਿੱਚ ਹਾਜ਼ਰ ਹੋਇਆ ਸੀ ਇੱਥੇ ਹੀ ਖਾਲਸੇ ਨੇ ਵਿੱਚ ਪੈ ਕੇ ਅੰਗਰੇਜ਼ਾਂ ਨਾਲ ਸੁਲਹ ਕਾਰਵਾਈ ਸੀ ਅਤੇ ਇੱਥੇ ਹੀ ਸੁਲਹਨਾਮੇ ਉੱਤੇ ਦਸਤਖਤ ਹੋਏ ਸਨ) ਇੱਥੇ ਜਦ ਸਰਬਤ ਖਾਲਸਾ ਇਕੱਠਾ ਹੁੰਦਾ ਸੀ ਤਾਂ ਗੁਰਮਤਾ ਪੇਸ਼ ਹੋਣ ਤੋਂ ਪਹਿਲਾਂ ਇਹ ਜ਼ਰੂਰੀ ਸਮਝਿਆ ਜਾਂਦਾ ਸੀ ਕਿ ਇਕੱਤਰ ਹੋਏ ਖਾਲਸੇ ਆਪਣੇ ਸਾਰੇ ਸਿਆਸੀ ਵਖਰੇਵੇਂ ਦੂਰ ਕਰ ਕੇ ਗੁਰੂ ਕੇ ਹੋ ਕੇ ਬੈਠਣ, ਗੁਰੂ ਦਰਬਾਰ ਅੰਦਰ ਇੱਕਮਿੱਕ ਹੋ ਕੇ ਬੈਠਣ। ਜਦ ਤੱਕ ਇਹ ਨਹੀਂ ਹੁੰਦਾ, ਤਦ ਤੱਕ ਕੋਈ ਮਤਾ ਹੀ ਪੇਸ਼ ਨਹੀਂ ਸੀ ਹੁੰਦਾ। ਜਦ ਇਲਾਚੀ ਬੇਰੀ ਦੇ ਪਿੱਛੇ ਬਹਿ ਕੇ ਸਭ ਝਗੜੇ ਝਾਂਜੇ ਮਿਟਾ ਕੇ ਜਥੇਦਾਰ ਅਕਾਲ ਤਖਤ ਨੂੰ ਇਹ ਭਰੋਸਾ ਦਿਵਾਇਆ ਜਾਂਦਾ ਸੀ ਕਿ ਹੁਣ ਅਸੀਂ ਇੱਕ ਮਿੱਕ ਹੋ ਗਏ ਹਾਂ ਤਾਂ ਜਥੇਦਾਰ ਕਹਿੰਦਾ ਸੀ: ਖਾਲਸਾ ਜੀ, ਗੁਰਮਤਾ ਇਹ ਹੈ।

ਪਰ ਜਦ ਮਹਾਰਾਜਾ ਰਣਜੀਤ ਸਿੰਘ ਨੇ ਖਾਲਸੇ ਦੇ ਮੁੱਢਲੇ ਆਦਰਸ਼ ਦੀ ਪੂਰਤੀ ਲਈ ਹਿੰਦੂਆਂ ਮੁਸਲਮਾਨਾਂ ਦਾ ਅਫਿਰਕੂ ਰਾਜ ਕਾਇਮ ਕਰਨ ਦਾ ਫੈਸਲਾ ਕੀਤਾ ਤਾਂ ਉਸ ਵਿੱਚ ਅਕਾਲ ਤਖਤ ਦੇ ਹਕੂਮਤੀ ਮਤੇ ਪਾਸ ਕਰਨ ਵਾਲੀ ਪਰਪਾਟੀ ਨੂੰ ਇੱਕ ਰੁਕਾਵਟ ਸਮਝ ਕੇ ਹਟਾ ਦਿੱਤਾ ਗਿਆ। ਅੱਗੇ ਤਾਂ ਮੁਸਲਮਾਨ ਓਪਰੇ ਤੇ ਗੈਰ-ਕੌਮ ਸਮਝੇ ਜਾਂਦੇ ਸਨ ਅਤੇ ਹਿੰਦੂਆਂ ਵਿੱਚ ਕੌਮੀ ਜ਼ਿੰਦਗੀ ਮੁੱਕ ਚੁੱਕੀ ਸੀ। ਉਸ ਹਾਲਤ ਵਿੱਚ ਖਾਲਸਾ ਹੀ ਕੌਮ ਦਾ ਇੱਕ ਜੀਊਂਦਾ ਅੰਗ ਸੀ, ਇਸ ਲਈ ਰਾਜ ਕਰੇਗਾ ਖਾਲਸਾ ਦੀ ਧੁੰਨੀ ਉਠਾਣੀ ਜ਼ਰੂਰੀ ਸੀ, ਪਰ ਜਦ ਖਾਲਸੇ ਨੇ ਗੁਰ-ਆਸ਼ੇ ਅਨੁਸਾਰ ਫੈਸਲਾ ਕੀਤਾ ਕਿ: ਹੁਣਿ ਹੁਕਮੁ ਹੋਆ ਮਿਹਰਵਾਣ ਦਾ॥ ਪੈ ਕੋਇ ਨ ਕਿਸੈ ਰਞਾਣਦਾ॥ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ॥

ਤਾਂ ਇਹ ਗੱਲ ਅਯੋਗ ਸਮਝੀ ਗਈ ਕਿ ਨਵੇਂ ਅਫਿਰਕੂ ਤੇ ਸਾਂਝੇ ਮਾਹੌਲ ਵਿੱਚ ਕਿਸੇ ਇੱਕ ਫਿਰਕੇ ਦੇ ਧਾਰਮਿਕ ਸਥਾਨ ਤੋਂ ਨਿਕਲੇ ਹੁਕਮਨਾਮਿਆਂ ਨਾਲ ਰਾਜ ਕੀਤਾ ਜਾਏ। ਇਸੇ ਅਸੂਲ ਨੂੰ ਮੁੱਖ ਰੱਖ ਕੇ ਸਿੱਖ ਮਿਸਲਾਂ ਦਾ ਖਾਤਮਾ ਕੀਤਾ ਗਿਆ, ਕਿਉਂਕਿ ਉਹ ਵੀ ਪੁਰਾਣੇ ਫਿਰਕੂ ਸਮੇਂ ਦੀਆਂ ਨਿਸ਼ਾਨੀਆਂ ਸਨ।

ਇੱਕ ਹੋਰ ਗੱਲ ਉਸ ਵੇਲੇ ਦੀ ਇਹ ਹੈ ਕਿ ਇਨ੍ਹਾਂ ਵਕਤਾਂ ਵਿੱਚ ਖਾਲਸੇ ਦੀਆਂ ਰਵਾਇਤਾਂ ਕਾਇਮ ਹੋ ਰਹੀਆਂ ਸਨ, ਤਦੋਂ ਉੱਤੇ ਇੱਕ ਅਕਾਲ ਪੁਰਖ ਤੇ ਥੱਲੇ ਖਾਲਸਾ ਸੀ। ਦੋਹਾਂ ਦੇ ਵਿਚਕਾਰ ਕਿਸੇ ਹੋਰ ਤਾਕਤ ਨੂੰ ਨਹੀਂ ਮੰਨਿਆ ਜਾਂਦਾ ਸੀ। ਖਾਲਸਾ ਸੁਤੰਤਰ ਰਿਹਾ ਹੈ, ਜਾਂ ਤਾਂ ਮੁਗਲ ਰਾਜ ਤੋਂ ਆਕੀ ਜਾਂ ਆਪਣੇ ਰਾਜ ਵਾਲਾ। ਇਸ ਲਈ ਇਸ ਨੂੰ ਮੌਕਾ ਹੀ ਨਹੀਂ ਮਿਲਿਆ ਕਿ ਕਿਸੇ ਗੈਰ ਰਾਜ ਨਾਲ ਮਿਲਵਰਤਣ ਕਰੇ। ਅੰਗਰੇਜ਼ੀ ਰਾਜ ਵੇਲੇ ਖਾਲਸਾ ਆਪਣਾ ਆਪ ਭੁਲਾ ਚੁੱਕਾ ਸੀ, ਇਸ ਲਈ ਉਸ ਵੇਲੇ ਦੀ ਮਿਲਵਰਤਣ ਨਿਰ ਬੇਵੱਸੀ ਸੀ। ਸੋਚ ਸਮਝ ਕੇ ਮਿਲਵਰਤਣ ਕਰਨ ਦਾ ਮੌਕਾ ਹੁਣੇ ਹੀ ਆਇਆ ਹੈ।

ਇਸ ਵੇਲੇ ਖਾਲਸੇ ਦੀਆਂ ਮੁੱਢਲੀਆਂ ਰਵਾਇਤਾਂ ਨੂੰ ਪੂਰੀ ਤਰ੍ਹਾਂ ਸੁਰਜੀਤ ਕਰਨ ਵੇਲੇ ਖਤਰਾ ਹੈ ਕਿ ਮੁੜ ਓਹੀ ਦੁਵਲੀ ਖਿੱਚੋ-ਤਾਣ ਤੇ ਮੁਠ-ਭੇੜ ਨਾ ਸ਼ੁਰੂ ਹੋ ਜਾਵੇ। ਯਾਦ ਰੱਖਣਾ ਚਾਹੀਦਾ ਹੈ ਕਿ ਜੇ ਤਾਂ ਖਾਲਸੇ ਦੀ ਉਨ੍ਹਾਂ ਵੇਲਿਆਂ ਦੀ ਰਵਾਇਤ ਉਘਾੜਨੀ ਹੈ ਜਦੋਂ ਖਾਲਸਾ ਹੀ ਹਿੰਦ ਦੀ ਕੌਮ ਦਾ ਜੀਊਂਦਾ ਹਿੱਸਾ ਸੀ, ਤਦ ਤਾਂ ਗੈਰ-ਸਿੱਖਾਂ ਨਾਲ ਟਾਕਰਾ ਛਿੜ ਪਏਗਾ, ਪਰ ਜੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀਆਂ ਤਰਮੀਮ-ਹੋਈਆਂ ਰਵਾਇਤਾਂ ਉੱਤੇ ਚਲਣਾ ਹੈ ਤਾਂ ਗੈਰ-ਸਿੱਖਾਂ ਨਾਲ ਮਿਲਵਰਤਣ ਕਰਕੇ ਇੱਕ ਸਾਂਝੀ ਹਕੂਮਤ ਦੀ ਕਾਇਮੀ ਦੀ ਪ੍ਰੋੜਤਾ ਕਰਨੀ ਪਵੇਗੀ। ਜਦ ਮੁਸਲਮਾਨ ਓਪਰੇ ਤੇ ਬਿਗਾਨੇ ਸਨ ਅਤੇ ਹਿੰਦੂ ਮੁਰਦਾ ਸਨ, ਤਦ ਤਾਂ ਦੋਹਾਂ ਨੂੰ ਲਾਂਭੇ ਛੱਡ ਕੇ ਰਾਜ ਕਰੇਗਾ ਖਾਲਸਾ ਕਹਿਣਾ ਠੀਕ ਸੀ ਪਰ ਇਹ ਪੇਸ਼ੀਨਗੋਈ (ਭਵਿਖਬਾਣੀ) ਕਦ ਦੀ ਪੂਰੀ ਹੋ ਚੁੱਕੀ। ਪੂਰੀ ਹੋਣ ਤੋਂ ਉਪਰੰਤ ਸਮੇਂ ਦੇ ਹਾਲਾਤ ਨੇ ਇਸ ਨਜ਼ਰੀਏ ਵਿੱਚ ਕਈ ਤਬਦੀਲੀਆ ਲਿਆਂਦੀਆਂ, ਖਾਸ ਕਰਕੇ ਇਹ ਕਿ ਮਹਾਰਾਜਾ ਰਣਜੀਤ ਸਿੰਘ ਨੇ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਦੀ ਇੱਕ ਸਾਂਝੀ ਕੌਮ ਦਾ ਆਦਰਸ਼ ਕਾਇਮ ਕੀਤਾ। ਫਿਰ 1947 ਵਿੱਚ ਸਾਡੀ ਮਿਲਵਰਤਨ ਨਾਲ ਹਿੰਦੁਸਤਾਨੀ ਰਾਜ ਕਾਇਮ ਹੋਇਆ, ਜਿਸ ਵਿੱਚ ਸਭ ਲੋਕਾਂ ਨੇ ਅਫਿਰਕੂ ਰਾਜ ਬਣਤਰ ਦੇ ਹੇਠਾਂ ਰਹਿਣਾ ਹੈ। ਅਜਿਹੀ ਹਾਲਤ ਵਿੱਚ ਕਿਸੇ ਇੱਕ ਫਿਕਰੇ ਦਾ ਆਪਣਾ ਸਿਆਸੀ ਦਾਅਵਾ ਕਿਸੇ ਹੋਰ ਫਿਕਰੇ ਉੱਤੇ ਪਾਣ ਦੀ ਕੋਸ਼ਿਸ਼ ਕਰਨੀ ਮੁਲਕ ਨੂੰ ਡੇਢ ਸੌ ਵਰ੍ਹਾ ਪਿਛਾਂਹ ਜਾ ਸੁੱਟਣਾ ਹੈ। ਇਹ ਜਤਨ ਨਾ ਕੇਵਲ ਸਿਆਸੀ ਤੌਰ ’ਤੇ ਪਿਛਾਂਹ-ਖਿੱਚੂ ਹੈ, ਸਗੋਂ ਗੁਰੂ ਨਾਨਕ ਸਾਹਿਬ ਦੇ ਪੰਜ ਸੌ ਵਰ੍ਹੇ ਤੋਂ ਚਲੇ ਆਏ ਅਤੇ ਹੁਣ ਪ੍ਰਫੁੱਲਤ ਹੁੰਦੇ ਆਦਰਸ਼ ਤੋਂ ਮੂੰਹ ਮੋੜਨਾ ਹੈ। ਗੁਰੁ ਜੀ ਦਾ ਫੁਰਮਾਨ ਹੈ: ‘‘ਹੁਕਮੁ ਕਰਹਿ ਮੂਰਖ ਗਾਵਾਰ॥’’

ਕਿਸੇ ਇੱਕ ਫਿਕਰੇ ਦਾ ਕਿਸੇ ਹੋਰ ਫਿਕਰੇ ਉੱਤੇ ਹਕੂਮਤ ਕਰਨ ਦਾ ਸੁਫਨਾ ਲੈਣਾ ਮੂਰਖਤਾ ਹੈ, ਭਾਵੇਂ ਇਹ ਸੁਫਨਾ ਹਿੰਦੂਆਂ ਦਾ ਹੋਵੇ ਤੇ ਭਾਵੇਂ ਸਿੱਖਾਂ ਦਾ। ਸਭਨਾਂ ਨਾਲ ਰਲ ਕੇ ਇੱਕ ਸਾਂਝਾ ਰਾਜ ਕਾਇਮ ਹੋ ਚੁੱਕਾ ਹੈ। ਅਸਾਂ ਇਸੇ ਨੂੰ ਅਪਨਾਉਣਾ ਹੈ, ਇਸੇ ਨੂੰ ਤਕੜਾ ਕਰਨਾ ਹੈ, ਇਸ ਦੀਆਂ ਉਣਤਾਈਆਂ ਆਪਣੀਆਂ ਸਮਝ ਕੇ ਦੂਰ ਕਰਨੀਆਂ ਤੇ ਕਰਾਉਣੀਆਂ ਹਨ।

(2). ਵਿਚਾਰ ਤੇ ਸਿੱਟੇ

ਉਪਰੋਕਤ ਸਾਰੀ ਵਿਚਾਰ ਤੋਂ ਜੋ ਸਿੱਟੇ ਨਿਕਲ ਕਰ ਸਾਹਮਣੇ ਆਉਂਦੇ ਹਨ ਉਹ ਇਸ ਪ੍ਰਕਾਰ ਹਨ:

(ੳ). ਕੌਮ ਦੀ ਸਮੁੱਚੀ ਜ਼ਿੰਦਗੀ ਦੀ ਅਗਵਾਈ ਧਰਮ (ਗੁਰਮਤਿ ਸਿਧਾਂਤ) ਨੇ ਕਰਨੀ ਹੈ। ਇਸ ਲਈ ਧਰਮ ਤੋਂ ਸਿਆਸਤ ਨੂੰ ਨਿਖੇੜ ਨਹੀਂ ਸਕਦੇ। ਜਿਸ ਕਿਸੇ ਮਾਮਲੇ ਵਿੱਚ ਸਰਕਾਰ ਦਾ ਦਖਲ ਹੋਵੇਗਾ ਉਸ ਵਿੱਚ ਸਿਆਸਤ ਆ ਜਾਵੇਗੀ। ਜਦ ਕਿਸੇ ਵਕਤ ਸਰਕਾਰ ਨੇ ਸਾਡੇ ਗੁਰਦੁਆਰਿਆਂ ਜਾਂ ਕਿਸੇ ਹੋਰ ਧਾਰਮਿਕ ਕੰਮ ਲਈ ਕੋਈ ਹੁਕਮ ਜਾਂ ਕਾਨੂੰਨ ਪਾਸ ਕੀਤਾ, ਉਸ ਵੇਲੇ ਸਾਡੇ ਧਾਰਮਿਕ ਜੱਥਿਆਂ ਨੂੰ ਉਸ ਸਬੰਧੀ ਆਪਣੀ ਰਾਏ ਦੇਣ ਜਾਂ ਐਜੀਟੇਸ਼ਨ ਕਰਨ ਦਾ ਹੱਕ ਹੋਵੇਗਾ। ਜਿਵੇਂ ਕਿ ਹੁਣੇ-ਹੁਣੇ ਜਦ ਬਿਹਾਰ ਦੀ ਸਰਕਾਰ ਨੇ ਧਾਰਮਿਕ ਅਸਥਾਨਾਂ ਦੀ ਸੰਭਾਲ ਲਈ ਇੱਕ ਕਾਨੂੰਨ ਘੜਨਾ ਚਾਹਿਆ, ਜਿਸ ਦੀ ਮੱਦ ਵਿੱਚ ਸਾਡਾ ਪਟਨੇ ਸਾਹਿਬ ਦਾ ਤਖਤ ਆਉਂਦਾ ਸੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਖਲ ਦੇਣਾ ਪਿਆ। ਇਹੋ ਜਿਹੇ ਸਵਾਲ ਸਾਡੇ ਲਈ ਧਾਰਮਿਕ ਹਨ, ਭਾਵੇਂ ਸਮੇਂ ਦੀ ਸਰਕਾਰ ਲਈ ਸਿਆਸੀ ਹਨ।

(ਅ). ਉਪਰਲੀ ਵਿਚਾਰ ਤੋਂ ਇਹ ਵੀ ਸਿੱਟਾ ਨਿਕਲਦਾ ਹੈ ਕਿ ਧਾਰਮਿਕ ਦੀਵਾਨਾਂ, ਗੁਰਦੁਆਰਿਆਂ ਅਤੇ ਖਾਸ ਕਰਕੇ ਅਕਾਲ ਤਖਤ ਸਾਹਿਬ ਦੇ ਹਜ਼ੂਰ ਜੁੜੀਆਂ ਸੰਗਤਾਂ ਵਿੱਚ ਕੋਈ ਆਪਸ ਦੇ ਝਗੜੇ ਵਾਲੀ ਜਾਂ ਧੜੇਬਾਜ਼ੀ ਵਾਲੀ ਗੱਲ ਪੇਸ਼ ਨਹੀਂ ਹੋਣੀ ਚਾਹੀਦੀ। ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਉੱਚੀ-ਨੀਵੀਂ ਗੱਲ ਕਰਨੀ ਗੁਰੂ ਸਾਹਿਬ ਦੀ ਬੇਅਦਬੀ ਹੈ। ਪ੍ਰਬੰਧ ਦੀ ਮਰਯਾਦਾ ਦੇ ਉਲਟ ਕੋਈ ਕਾਰਵਾਈ ਕਰਨੀ ਜਾਂ ਕਰਾਉਣ ਦਾ ਜਤਨ ਕਰਨਾ ਰੌਲਾ ਪਾਉਣਾ ਹੈ। ਉਹ ਅਰਦਾਸ ਹੀ ਕੀ ਹੋਈ ਜੋ ਅਰਦਾਸੀਏ ਨੂੰ ਝੰਝੋੜ ਕੇ ਜਾਂ ਠੂੰਗੇ ਮਾਰ ਕੇ ਜ਼ਬਰਦਸਤੀ ਕਰਾਈ ਜਾਏ? ਪੰਥਕ ਅਰਦਾਸ ਊਹੀ ਹੋ ਸਕਦੀ ਹੈ, ਜਿਸ ਵਿੱਚ ਮਨ ਨੀਵਾਂ, ਮਤ ਉੱਚੀ ਹੋਵੇ ਅਤੇ ਜਿਸ ਵਿੱਚ ਸਾਰੇ ਧੜੇ ਆਪੋ ਵਿੱਚ ਰਲ ਕੇ ਗੁਰੂ ਵਿੱਚ ਇੱਕ-ਮਿੱਕ ਹੋ ਕੇ ਪ੍ਰਾਰਥਨਾ ਕਰਨ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦਾ ਮਤਲਬ ਹੀ ਇਹ ਹੈ ਕਿ ਇੱਕ ਧੜੇ ਵਾਲੇ ਸਿੱਖ ਦੂਜੇ ਧੜੇ ਵਾਲੇ ਸਿੱਖਾਂ ਲਈ ਹਰ ਰੋਜ਼ ਅਰਦਾਸ ਕਰਦੇ ਰਹਿਣ ਕਿ ਹੇ ਵਾਹਿਗੁਰੂ ਸੱਚੇ ਪਾਤਿਸ਼ਾਹ! ਆਪ ਦੀ ਮਿਹਰ ਦਾ ਹੱਥ ਇਨ੍ਹਾਂ ਸਭਨਾਂ ਦੇ ਸਿਰ ’ਤੇ ਹਮੇਸ਼ਾ ਬਣਿਆ ਰਹੇ। ਇਸੇ ਤਰ੍ਹਾਂ ਦੂਜੇ ਧੜ੍ਹੇ ਵਾਲੇ ਸਿੱਖ ਹਰ ਰੋਜ਼ ਪਹਿਲੇ ਧੜ੍ਹੇ ਉੱਤੇ ਰੱਬ ਦੀ ਮਿਹਰ ਦਾ ਹੱਥ ਮੰਗਦੇ ਰਹਿਣ। ਜਿੱਥੇ ਨਿਤ ਨਿਤ ਇਹੋ ਜਿਹੀ ਅਰਦਾਸ ਹੁੰਦੀ ਹੋਵੇ ਉੱਥੇ ਇੱਕ ਦੂਜੇ ਉੱਤੇ ਹਮਲੇ ਹੋਣੇ ਨਹੀਂ ਚਾਹੀਦੇ ‘ਗੁਰੁ ਕਾ ਸਿੱਖ ਹੋਇ, ਸੋ ਸਿੱਖ ਉਪਰ ਸ਼ੱਕ ਨਾ ਕਰੇ।’

(ੲ). ਖਾਲਸੇ ਨੇ ਆਪਣੀ ਸਿਆਸਤ ਹੋਰ ਦੇਸ-ਵਾਸੀਆਂ ਨਾਲ ਸਾਂਝੀ ਬਣਾਈ ਹੈ। ਸਾਰੇ ਆਰਥਿਕ ਤੇ ਬੋਲੀ ਆਦਿ ਦੇ ਸਵਾਲ ਅਫਿਰਕੂ ਸਭਾਵਾਂ ਬਣਾ ਕੇ ਨਜਿੱਠਣੇ ਹਨ। ਇਸ ਨੇ ਨਿਆਰਾ ਵੀ ਰਹਿਣਾ ਹੈ, ਅਥਵਾ ਇਸ ਨੇ ਕਿਸੇ ਭਰਮੀ ਸੰਪਰਦਾ ਵਿੱਚ ਸ਼ਾਮਲ ਵੀ ਨਹੀਂ ਹੋਣਾ ਜਿਸ ਵਿੱਚ ਮੂਰਤੀ ਪੂਜਾ, ਅਵਤਾਰ ਪ੍ਰਸਤੀ, ਗ੍ਰਹਿ ਪੂਜਾ, ਜੰਤਰ-ਮੰਤਰ-ਤੰਤਰ ਆਦਿ ਦਾ ਰਿਵਾਜ ਹੋਵੇ ਜਾਂ ਜਿਸ ਵਿੱਚ ਕਿਸੇ ਪੁਰਾਤਨ ਬੋਲੀ ਨੂੰ ਦੇਵ-ਬਾਣੀ ਮੰਨ ਕੇ ਲੋਕ-ਬੋਲੀ ਬਨਾਉਣ ਦਾ ਜਤਨ ਹੁੰਦਾ ਹੋਵੇ। ਪਰ ਖਾਲਸੇ ਨੂੰ ਆਪਣੇ ਮਿਸ਼ਨ ਦੀ ਪੂਰਤੀ ਲਈ ਦੇਸ਼ ਦੀ ਹਰ ਇੱਕ ਸਾਂਝੀ ਸੰਸਥਾ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਜਿਸ ਦੇ ਰਾਹੀਂ ਭੈ-ਭਰਮ ਦਾ ਨਾਸ ਹੋ ਸਕੇ ਅਤੇ ਹਰ ਤਰ੍ਹਾਂ ਦੇ ਵਖਰੇਵੇਂ ਦੂਰ ਹੋ ਕੇ ‘‘ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥’’ (ਮ:੫/੯੭) ਵਾਲਾ ਪਾਵਨ ਉਪਦੇਸ ਪੂਰਾ ਹੋਵੇ। ਇਸ ਆਦਰਸ਼ ਨੂੰ ਪੂਰਾ ਕਰਨ ਲਈ ਜ਼ਰੂਰੀ ਹੈ ਕਿ ਹਜ਼ਾਰਾਂ ਲੱਖਾਂ ਸਿੱਖ ਕਾਂਗਰਸ ਆਦਿ ਸਾਂਝੀਆਂ ਸੰਸਥਾਵਾਂ ਵਿੱਚ ਸ਼ਾਮਲ ਹੋ ਜਾਣ ਅਤੇ ਅੰਦਰ ਹੋ ਕੇ ਆਪਣੇ ਗੈਰ-ਸਿੱਖ ਭਰਾਵਾਂ ਨੂੰ ਖਾਲਸੇ ਦੇ ਆਦਰਸ਼ ਸਮਝਾਉਣ ਦਾ ਮੌਕਾ ਦੇਣ ਤਾਂ ਜੋ ਕੌਮ ਦੇ ਸਾਰੇ ਅੰਗ ਆਪੋ ਵਿੱਚ ਮਿਲਵਰਤਨ ਕਰਦੇ ਹੋਏ ਇੱਕ ਪੱਧਰ ’ਤੇ ਆ ਕੇ ਇੱਕ-ਮਿੱਕ ਹੋ ਜਾਣ। ਥੋੜੇ ਜਿਹੇ ਸਿੱਖਾਂ ਦਾ ਸ਼ਾਮਲ ਹੋਣਾ ਕੋਈ ਅਰਥ ਨਹੀਂ ਰੱਖਦਾ, ਸਗੋਂ ਬਹੁਤ ਹਾਨੀਕਾਰਕ ਸਾਬਤ ਹੁੰਦਾ ਹੈ।

Most Viewed Posts