ਚਮਕੌਰ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਸ਼ਹੀਦੀ ਸਮਾਗਮ ਆਯੋਜਿਤ

0
269

ਚਮਕੌਰ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਸ਼ਹੀਦੀ ਸਮਾਗਮ ਆਯੋਜਿਤ

ਭਾਈ ਪੰਥਪ੍ਰੀਤ ਸਿੰਘ ਨੇ ਪ੍ਰਚਾਰ ਦੌਰਾਨ ਅਕਾਲੀਆਂ ਅਤੇ ਕਾਂਗਰਸ ਨੂੰ ਲਾਏ ਖ਼ੂਬ ਰਗੜੇ

ਬਠਿੰਡਾ, 10 ਦਸੰਬਰ: (ਅਵਤਾਰ ਸਿੰਘ ਤੁੰਗਵਾਲੀ) : ਅੱਜ ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਅਤੇ ਮਾਡਲ ਟਾਊਨ ਫੇਜ਼-3 ਦੇ ਮੁਹੱਲਾ ਵਾਸੀਆਂ ਵੱਲੋਂ ਸਮੂਹ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਮਾਤਾ ਗੁੱਜਰ ਕੌਰ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਥ ਦੇ ਉੱਘੇ ਤੇ ਨਿਧੜਕ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਨੇ ਦੀਵਾਨ ਸਜਾਏ। ਇਸ ਦੌਰਾਨ, ਜਿੱਥੇ ਭਾਈ ਪੰਥਪ੍ਰੀਤ ਸਿੰਘ ਨੇ ਸਿੱਖ ਸ਼ਹੀਦੀਆਂ ਦਾ ਇਤਿਹਾਸ ਅਤੇ ਗੁਰਬਾਣੀ ਸਿਧਾਂਤ ਦ੍ਰਿੜ੍ਹ ਕਰਵਾਇਆ, ਉੱਥੇ ਹੀ ਉਨ੍ਹਾਂ ਸਮੇਂ ਦੀਆਂ ਸਰਕਾਰਾਂ ਨੂੰ ਵੀ ਖੂਬ ਰਗੜੇ ਲਾਏ। ਉਨ੍ਹਾਂ ਸਿੱਖ ਪੰਥ ਵਿੱਚ ਕੈਲੰਡਰ ਦੇ ਮਸਲੇ ਨੂੰ ਗੰਭੀਰ ਮਸਲੇ ਵਿੱਚ ਉਲਝਾਉਣ ਲਈ ਸੰਘ ਨੂੰ ਜ਼ਿੰਮੇਵਾਰ ਦੱਸਦਿਆਂ ਸਿੱਖਾਂ ਨੂੰ ਸੁਚੇਤ ਹੋਣ ਅਤੇ ਸਮਝਦਾਰੀ ਤੋਂ ਕੰਮ ਲੈਣ ਦੀ ਅਪੀਲ ਕੀਤੀ। ਉਨ੍ਹਾਂ ਸੰਖੇਪ ਵਿੱਚ ਦੱਸਿਆ ਕਿ ਕਲਗੀਧਰ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਜਿਸ ਦਿਨ ਪ੍ਰਕਾਸ਼ ਹੋਇਆ ਉਸ ਦਿਨ ਚੰਦਰਮਾਂ ਦੀਆਂ ਤਿੱਥਾਂ ਮੁਤਾਬਕ ਪੋਹ ਸੁਦੀ ਸੱਤਵੀਂ ਅਤੇ ਸੂਰਜੀ ਮਹੀਨੇ ਦੀ 23 ਪੋਹ ਵੀ ਸੀ ਜਿਸ ਦੇ ਹਿਸਾਬ ਨਾਲ, 2003 ਵਿੱਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ 23 ਪੋਹ ਹਰ ਸਾਲ 5 ਜਨਵਰੀ ਨੂੰ ਆਉਂਦਾ ਹੈ ਜਦੋਂ ਕਿ ਪੋਹ ਸੁਦੀ 7 ਹਰ ਸਾਲ ਬਦਲਵੀਆਂ ਤਰੀਕਾਂ, ਬਦਲਵੇਂ ਮਹੀਨਿਆਂ ਵਿੱਚ ਆਉਣ ਤੋਂ ਇਲਾਵਾ ਕਿਸੇ ਸਾਲ ਵਿੱਚ ਦੋ ਵਾਰ ਅਤੇ ਕਿਸੇ ਸਾਲ ਗੁਰ ਪੁਰਬ ਆਉਂਦਾ ਹੀ ਨਹੀਂ। ਇਹੋ ਕਾਰਨ ਹੈ ਕਿ ਮਹਾਤਮਾ ਗਾਂਧੀ ਦਾ ਜਨਮ ਦਿਨ 2 ਅਕਤੂਬਰ ਅਤੇ ਨਹਿਰੂ ਦਾ ਜਨਮ ਦਿਨ 14 ਨਵੰਬਰ ਤਾਂ ਸਾਡੇ ਬੱਚੇ-ਬੱਚੇ ਨੂੰ ਯਾਦ ਹੈ ਪਰ ਸਾਡੇ ਗੁਰੂ ਸਾਹਿਬਾਨਾਂ ਦੇ ਗੁਰ ਪੁਰਬ ਬੱਚਿਆਂ ਨੂੰ ਤਾਂ ਕੀ ਸਾਡੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਵੀ ਯਾਦ ਨਹੀਂ ਰਹਿੰਦੇ। ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਨਾਲ ਜਿੱਥੇ ਆਮ ਸਿੱਖ ਸੰਗਤਾਂ ਨੂੰ ਗੁਰ ਪੁਰਬ ਯਾਦ ਰੱਖਣੇ ਅਤੇ ਗੁਰ ਪੁਰਬ ਮਨਾਉਣ ਲਈ ਅਗਾਊਂ ਪ੍ਰਬੰਧ ਕਰਨ ਵਿੱਚ ਬੇਅੰਤ ਸਹੂਲਤ ਮਿਲੀ ਹੈ ਉੱਥੇ ਸਾਡੀ ਨਵੀਂ ਪੀੜ੍ਹੀ ਨੂੰ ਆਪਣੇ ਗੌਰਵਮਈ ਇਤਿਹਾਸਕ ਦਿਹਾੜਿਆਂ ਦੀਆਂ ਤਰੀਕਾਂ ਯਾਦ ਰੱਖਣ ਵਿੱਚ ਵੀ ਮਦਦ ਮਿਲ ਰਹੀ ਹੈ ਪਰ ਸਾਡੇ ਜਿਹੜੇ ਆਗੂ ਅਤੇ ਸੰਪ੍ਰਦਾਵਾਂ ਸੰਘ ਦੇ ਪਿਛ ਲਗ ਬਣੇ ਹੋਏ ਹਨ ਉਹ ਨਹੀਂ ਚਾਹੁੰਦੇ ਕਿ ਅਸੀਂ ਆਪਣੇ ਇਤਿਹਾਸ ਨਾਲ ਜੁੜੇ ਰਹੀਏ ਇਸ ਲਈ ਉਨ੍ਹਾਂ ਨੂੰ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਕੇ ਕੌਮ ਨੂੰ ਤਿੱਥਾਂ ਦੇ ਭੁਲੇਖੇ ਵਿੱਚ ਪਾਉਣ ਦਾ ਯਤਨ ਕਰ ਰਹੇ ਹਨ। ਭਾਈ ਪੰਥ ਪ੍ਰੀਤ ਸਿੰਘ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਨਾਨਕਸ਼ਾਹੀ ਕੈਲੰਡਰ ਰਾਜਸੀ ਵਿਸ਼ਾ ਨਹੀਂ ਬਲਕਿ ਸਾਡਾ ਧਾਰਮਿਕ ਮਾਮਲ ਹੈ ਇਸ ਲਈ ਸਾਰੇ 23 ਪੋਹ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰ ਪੁਰਬ ਮਨਾ ਕੇ ਏਕਤਾ ਦਾ ਸਬੂਤ ਦਿੱਤਾ ਜਾਵੇ ਅਤੇ ਸੰਘ ਤੱਕ ਇਹ ਸੰਦੇਸ਼ ਪੁਜਦਾ ਕਰ ਦਿੱਤਾ ਜਾਵੇ ਕਿ ਹੁਣ ਤੁਸੀਂ ਕੈਲੰਡਰ ਦੇ ਭੰਬਲਭੂਸੇ ਰਾਹੀ ਸਿੱਖਾਂ ਨੂੰ ਹੋਰ ਵੰਡ ਨਹੀਂ ਸਕਦੇ।

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੱਸਿਆ ਕਿ ਉਸ ਸਮੇਂ ਸਿੱਖਾਂ ਨੇ ਕੋਟਕਪੂਰੇ ਅਤੇ ਬਹਿਬਲ ਕਲਾਂ ਵਿਖੇ ਮੁੱਖ ਮਾਰਗਾਂ ਤੋਂ ਹਟ ਕੇ ਧਰਨੇ ਲਾਏ ਸਨ ਤੇ ਸੰਗਤ ਪਾਠ ਕਰ ਰਹੀ ਸੀ; ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਉਨ੍ਹਾਂ ਦਾ ਨਿੱਜੀ ਮਸਲਾ ਵੀ ਨਹੀਂ ਸੀ ਬਲਕਿ ਸਭ ਦਾ ਸਾਂਝਾ ਮਸਲਾ ਸੀ। ਉਨ੍ਹਾਂ ਧਰਨਿਆਂ ਦੌਰਾਨ ਟ੍ਰੈਫਿਕ ਨਿਰਵਿਘਨ ਚੱਲ ਰਹੀ ਸੀ ਅਤੇ ਆਮ ਜਨਤਾ ਨੂੰ ਕੋਈ ਪ੍ਰੇਸ਼ਾਨੀ ਨਹੀਂ ਸੀ ਪਰ ਫਿਰ ਵੀ ਪੁਲਿਸ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਜਿਸ ਵਿੱਚ ਦੋ ਸਿੱਖ ਨੌਜਵਾਨ ਸ਼ਹੀਦ ਹੋ ਗਏ ਅਤੇ ਕਈ ਗੰਭੀਰ ਰੂਪ ਵਿੱਚ ਜਖ਼ਮੀ ਹੋਏ। ਇਸ ਦੇ ਬਾਵਜੂਦ ਅੱਜ ਤੱਕ ਉਨ੍ਹਾਂ ਦੇ ਕਾਤਲਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਅੱਜ ਖੁਦ ਸੁਖਬੀਰ ਬਾਦਲ ਆਪਣੇ ਨਿੱਜੀ ਮੁਫਾਦਾਂ ਨੂੰ ਲੈ ਕੇ ਮੁੱਖ ਮਾਰਗਾਂ ਨੂੰ ਰੋਕ ਰਿਹਾ ਹੈ। ਉਸ ਸਮੇਂ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਜੋ ਲੋਕ ਘਰੋਂ ਵਿਹਲੇ ਤੇ ਬੇਕਾਰ ਹਨ ਉਹ ਆ ਕੇ ਧਰਨੇ ਵਿੱਚ ਬੈਠ ਜਾਂਦੇ ਹਨ ਤੇ ਇੱਥੋਂ ਲੰਗਰ ਛੱਕ ਕੇ ਚਲੇ ਜਾਂਦੇ ਹਨ ਪਰ ਅੱਜ ਉਹੀ ਸੁਖਬੀਰ ਬਾਦਲ ਖੁਦ ਸੜਕਾਂ ਉੱਪਰ ਧਰਨੇ ਲਾ ਰਿਹਾ ਹੈ। ਜੇਕਰ ਅੱਜ ਕਾਂਗਰਸ ਧੱਕਾ ਕਰ ਰਹੀ ਹੈ ਤਾਂ ਉਹ ਇਸ ਦੀ ਵੀ ਨਿਖੇਧੀ ਕਰਦੇ ਹਨ ਪਰ ਸੁਖਬੀਰ ਬਾਦਲ, ਉਸ ਸਮੇਂ ਲੱਗੇ ਧਰਨਿਆਂ ਸਬੰਧੀ ਆਪਣੇ ਕਹੇ ਹੋਏ ਸ਼ਬਦਾਂ ਬਾਰੇ ਖੁਦ ਹੀ ਸਹੀ ਤਰੀਕੇ ਨਾਲ ਦੱਸ ਸਕਦੇ ਹਨ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਰਾਜਨੀਤਿਕ ਲੋਕਾਂ ਨੂੰ ਸੱਚ ਉੱਪਰ ਖੜ੍ਹਨਾ ਚਾਹੀਦਾ ਹੈ ਅਤੇ ਆਪਣੇ ਦਿੱਤੇ ਬਿਆਨਾਂ ਉੱਪਰ ਵੀ ਪਹਿਰਾ ਦੇਣਾ ਚਾਹੀਦਾ ਹੈ।

ਅਖੀਰ ਵਿੱਚ ਭਾਈ ਪੰਥਪ੍ਰੀਤ ਸਿੰਘ ਨੇ ਸਮੂਹ ਸੰਗਤ ਨੂੰ ਨਸ਼ਿਆਂ ਦੇ ਮਿੱਠੇ ਜ਼ਹਿਰ ਤੋਂ ਬਚਣ, ਸਮਾਜਿਕ ਬੁਰਿਆਈਆਂ ਨੂੰ ਤਿਆਗਣ, ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਅਤੇ ਸੱਚ ਨਾਲ ਜੁੜਨ ਦੀ ਜੋਰਦਾਰ ਅਪੀਲ ਕੀਤੀ ਅਤੇ ਆਪਣੇ ਪਰਿਵਾਰਾਂ ਅਤੇ ਬੱਚਿਆਂ ਦੀ ਪੂਰੀ ਜ਼ਿੰਮੇਵਾਰੀ ਨਾਲ ਪਾਲਣ ਪੋਸ਼ਣ ਕਰਨ ’ਤੇ ਜੋਰ ਦਿੱਤਾ ਤਾਂ ਕਿ ਸਾਡਾ ਸਮਾਜ ਨਰੋਆ ਹੋ ਸਕੇ। ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।