25.5 C
Jalandhar
Sunday, April 5, 2026
spot_img
Home Blog Page 116

ਉਮਰ ਕੈਦ ਬਨਾਮ ਮਰਨ ਤੱਕ ਉਮਰ ਕੈਦ ਦੀ ਸਿਆਸਤ

0

ਉਮਰ ਕੈਦ ਬਨਾਮ ਮਰਨ ਤੱਕ ਉਮਰ ਕੈਦ ਦੀ ਸਿਆਸਤ

-ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਜਿਲ੍ਹਾ ਕਚਹਿਰੀਆਂ (ਲੁਧਿਆਣਾ)-98554-01843

17 ਮਾਰਚ 2018 ਨੂੰ 1992 ਵਿੱਚ ਕੇਂਦਰ ਦੀ ਥਾਪੀ ਨਾਲ ਘੱਟ ਗਿਣਤੀ ਵੋਟਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਬਣੇ ਬੇਅੰਤ ਸਿਉਂ ਦੇ ਕਤਲ ਕੇਸ ਵਿੱਚ ਭਾਈ ਜਗਤਾਰ ਸਿੰਘ ਤਾਰਾ ਜੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਇਸ ਉਮਰ ਕੈਦ ਨੂੰ ਤਾਅ ਉਮਰ ਦੀ ਉਮਰ ਕੈਦ ਜਾਂ ਮਰਨ ਤੱਕ ਦੀ ਉਮਰ ਕੈਦ ਦੇ ਲਕਬਾਂ ਨਾਲ ਨਿਵਾਜ਼ਿਆ ਗਿਆ ਅਤੇ ਬਹੁਤਿਆਂ ਵੱਲੋਂ ਇਹੀ ਪਰਚਾਰ ਕੀਤਾ ਜਾ ਰਿਹਾ ਹੈ ਕਿ ਭਾਈ ਤਾਰੇ ਨੂੰ ਰਹਿੰਦੀ ਜਿੰਦਗੀ ਤੱਕ ਹੁਣ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ, ਜਿਹਾ ਕਿ ਇਸ ਕੇਸ ਵਿੱਚ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਦੀ ਫਾਂਸੀ ਦੀ ਸਜ਼ਾ ਖ਼ਤਮ ਕਰ ਕੇ ਕੁਦਰਤੀ ਉਮਰ ਤੱਕ ਜੇਲ੍ਹ ਵਿੱਚ ਰੱਖਣ ਦੀ ਉਮਰ ਕੈਦ ਦੀ ਸਜ਼ਾ ਦਿੱਤੀ ਸੀ ਅਤੇ ਇਹ ਵੀ ਜ਼ਿਕਰਯੋਗ ਹੈ ਕਿ ਅਜਿਹਾ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਕਿਸੇ ਨੂੰ ਸਾਰੀ ਉਮਰ ਦੀ ਉਮਰ ਕੈਦ ਦੀ ਸਜ਼ਾ ਦਾ ਜ਼ਿਕਰ ਅਦਾਲਤਾਂ ਨੇ ਕੀਤਾ ਹੋਵੇ ਸਗੋਂ ਅਜਿਹਾ ਬਹੁਤ ਸਾਰੇ ਕੇਸਾਂ ਵਿੱਚ ਪਹਿਲਾਂ ਵੀ ਫ਼ੈਸਲੇ ਹੋ ਚੁੱਕੇ ਹਨ ਅਤੇ ਉਮਰ ਕੈਦ ਜਾਂ ਸਾਰੀ ਉਮਰ ਦੀਆਂ ਉਮਰ ਕੈਦਾਂ ਵਾਲੇ ਬਹੁਤ ਸਾਰੇ ਲੋਕ ਮਰਨ ਤੋਂ ਪਹਿਲਾਂ 14-20 ਆਦਿ ਸਾਲਾਂ ਬਾਅਦ ਰਿਹਾਅ ਹੋ ਚੁੱਕੇ ਹਨ। ਉਮਰ ਕੈਦ ਜਾਂ ਸਾਰੀ ਉਮਰ ਦੀ ਉਮਰ ਕੈਦ ਦਾ ਘਚੋਲ਼ਾ ਸਿਰਫ਼ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਜੇਕਰ ਉਮਰ ਕੈਦ ਦਾ ਮਤਲਬ ਵਾਕਿਆ ਹੀ ਸਾਰੀ ਉਮਰ ਕੈਦ ਹੈ ਤਾਂ ਕਿਸੇ ਇੱਕ ਉਮਰ ਕੈਦੀ ਦਾ ਨਾਮ ਦੱਸੋਂ, ਜੋ 1947 ਜਾਂ 1950 ਤੋਂ ਬਾਅਦ ਹੁਣ ਤੱਕ ਸਾਰੀ ਉਮਰ ਦੀ ਉਮਰ ਕੈਦ ਕੱਟ ਰਿਹਾ ਹੋਵੇ ਜਾਂ ਕੱਟੀ ਹੋਵੇ ? ਅਸਲ ਵਿੱਚ ਉਮਰ ਕੈਦੀ ਜਾਂ ਸਾਰੀ ਉਮਰ ਦੇ ਉਮਰ ਕੈਦੀ ਦੀ ਰਿਹਾਈ ਸਿੱਧੇ ਤੌਰ ’ਤੇ ਸਿਆਸੀ ਹੱਥਾਂ ਦੀ ਖੇਡ ਹੈ, ਜਿਸ ਨੂੰ ਸਮਝਣਾ ਅਤੇ ਇਸ ਅਧੀਨ ਬੰਦੀਆਂ ਦੀ ਰਿਹਾਈ ਲਈ ਸੁਹਿਰਦ ਸਿਆਸੀ ਤੇ ਕੂਟਨੀਤਕ ਯਤਨਾਂ ਦੀ ਲੋੜ ਹੈ।

ਉਮਰ ਕੈਦ ਦੀ ਸਜ਼ਾ ਸਾਰੀ ਉਮਰ ਦੀ ਉਮਰ ਕੈਦ ਹੁੰਦੀ ਹੈ, ਇਸ ਸਬੰਧੀ ਭਾਰਤੀ ਸੁਪਰੀਮ ਕੋਰਟ ਜਾਂ ਹੋਰ ਹਾਈ ਕੋਰਟਾਂ ਵਿੱਚ ਕਾਫ਼ੀ ਭਿੰਨ-ਭੇਦ ਰਿਹਾ ਹੈ ਅਤੇ ਦੋਹਾਂ ਹੀ ਪੱਖਾਂ ਦੀਆਂ ਕਈ ਜੱਜਮੈਂਟਾਂ ਮਿਲ ਜਾਂਦੀਆਂ ਹਨ, ਪਰ ਇੱਥੇ ਉਮਰ ਕੈਦ ਜਾਂ ਸਾਰੀ ਉਮਰ ਦੀ ਉਮਰ ਕੈਦ ਸਬੰਧੀ ਭੇਦ ਜਾਂ ਸਮਾਨਤਾ ਦੀ ਗੱਲ ਹੀ ਕਰਾਂਗੇ।

ਸਭ ਤੋਂ ਪਹਿਲਾਂ ਮੁੱਖ ਰੂਪ ਵਿੱਚ ਸਮਝਣ ਦੀ ਗੱਲ ਹੈ ਕਿ ਭਾਰਤੀ ਸੰਵਿਧਾਨ ਦੀ ਧਾਰਾ 72 ਅਤੇ 161 ਅਧੀਨ ਕ੍ਰਮਵਾਰ ਰਾਸ਼ਟਰਪਤੀ ਅਤੇ ਗਵਰਨਰਾਂ ਕੋਲ ਅਤੇ ਫ਼ੌਜਦਾਰੀ ਜ਼ਾਬਤੇ ਦੀਆਂ ਧਾਰਾਵਾਂ 432/433 ਅਧੀਨ ਕੇਂਦਰ ਤੇ ਪ੍ਰਾਂਤਕ ਸਰਕਾਰਾਂ ਕੋਲ ਅਸੀਮਤ ਤਾਕਤਾਂ ਹਨ ਜਿਹਨਾਂ ਰਾਹੀਂ ਕਿਸੇ ਵੀ ਕਿਸਮ ਦੇ ਕੈਦੀ, ਉਮਰ ਕੈਦੀ ਜਾਂ ਸਾਰੀ ਉਮਰ ਦੇ ਉਮਰ ਕੈਦੀ ਦੀ ਸਜ਼ਾ ਪੂਰੀ ਖ਼ਤਮ, ਕਟੌਤੀ ਜਾਂ ਮੁਆਫ਼ ਕੀਤੀ ਜਾ ਸਕਦੀ ਹੈ ਅਤੇ ਇਹਨਾਂ ਤਾਕਤਾਂ ਵਿੱਚ ਕੋਈ ਵੀ ਅਦਾਲਤ, ਸੁਪਰੀਮ ਕੋਰਟ ਜਾਂ ਹਾਈ ਕੋਰਟਾਂ ਕੋਈ ਦਖ਼ਲ ਨਹੀਂ ਦੇ ਸਕਦੀਆਂ ਭਾਵ ਕਿ ਕੈਦ ਦੀ ਸਜ਼ਾ ਖ਼ਤਮ ਕਰਨ ਲਈ ਸਿਆਸੀ ਇੱਛਾ ਸ਼ਕਤੀ ਹੀ ਕਾਫ਼ੀ ਹੈ ਜਾਂ ਕਹਿ ਸਕਦੇ ਹਾਂ ਕਿ ਸਿਆਸੀ ਦਬਾਅ ਨਾਲ ਕਿਸੇ ਵੀ ਕੈਦੀ ਨੂੰ ਛੱਡਿਆ ਜਾਂ ਛੁਡਾਇਆ ਜਾ ਸਕਦਾ ਹੈ। ਭਾਈ ਜਗਤਾਰ ਸਿੰਘ ਤਾਰਾ ਨੂੰ ਉਮਰ ਕੈਦ ਦੇਣ ਵਾਲੀ ਅਦਾਲਤ ਵੱਲੋਂ ਦਿੱਤੇ ਫ਼ੈਸਲੇ ਨੂੰ ਵਾਚਣ ਤੋਂ ਪਤਾ ਲੱਗਦਾ ਹੈ ਕਿ ਇਹ ਜੱਜਮੈਂਟ ਆਪਾ ਵਿਰੋਧੀ ਹੈ, ਇਕ ਪਾਸੇ ਤਾਂ ਕਿਹਾ ਜਾ ਰਿਹਾ ਹੈ ਕਿ ਇਸ ਕਤਲ ਵਿੱਚ ਸਾਜ਼ਸ਼ ਦੀਆਂ ਦੋ ਕੈਟਾਗਰੀਆਂ ਹਨ, ਏ ਕੈਟਾਗਰੀ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਭਾਈ ਜਗਤਾਰ ਸਿੰਘ ਹਵਾਰਾ ਸ਼ਾਮਲ ਹਨ ਅਤੇ ਬੀ ਕੈਟਾਗਰੀ ਵਿੱਚ ਭਾਈ ਜਗਤਾਰ ਸਿੰਘ ਤਾਰਾ, ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਤੇ ਭਾਈ ਸਮਸ਼ੇਰ ਸਿੰਘ ਪਰ ਦੂਜੇ ਪਾਸੇ ਭਾਈ ਜਗਤਾਰ ਸਿੰਘ ਤਾਰਾ ਨੂੰ ਉਮਰ ਕੈਦ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਲ ਦੀ ਸੁਣਾ ਦਿੱਤੀ ਗਈ ਜਦ ਕਿ ਭਾਈ ਜਗਤਾਰ ਸਿੰਘ ਤਾਰਾ ਦਾ ਕੇਸ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਵਰਗਾ ਨਹੀਂ ਸਗੋਂ ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਤੇ ਭਾਈ ਸਮਸ਼ੇਰ ਸਿੰਘ ਵਰਗਾ ਸੀ ਤਾਂ ਭਾਈ ਜਗਤਾਰ ਸਿੰਘ ਤਾਰੇ ਨੂੰ ਸਜ਼ਾ ਉਮਰ ਕੈਦ ਹੀ ਦੇਣੀ ਚਾਹੀਦੀ ਸੀ, ਨਾ ਕਿ ਸਾਰੀ ਉਮਰ ਦੀ ਉਮਰ ਕੈਦ। ਜ਼ਿਕਰਯੋਗ ਹੈ ਕਿ ਭਾਈ ਜਗਤਾਰ ਸਿੰਘ ਹਵਾਰੇ ਦੀ ਫਾਂਸੀ ਦੀ ਸਜ਼ਾ ਨੂੰ ਸਾਰੀ ਉਮਰ ਦੀ ਉਮਰ ਕੈਦ ਵਿੱਚ ਤਬਦੀਲ ਕਰਦਿਆਂ ਹਾਈ ਕੋਰਟ ਨੇ ਕਿਹਾ ਕਿ ਭਾਵੇਂ ਕਿ ਭਾਈ ਜਗਤਾਰ ਸਿੰਘ ਹਵਾਰਾ ਸਾਜ਼ਸ ਦੀ ਏ ਕੈਟਾਗਰੀ ਵਿੱਚ ਸ਼ਾਮਲ ਸੀ, ਪਰ ਕਿਉਂਕਿ ਉਹ ਮੌਕੇ ’ਤੇ ਹਾਜ਼ਰ ਨਹੀਂ ਸੀ ਇਸ ਲਈ ਇਸ ਨੂੰ ਦੁਰਲਭ ਤੋਂ ਦੁਰਲਭ ਕੇਸ ਨਹੀਂ ਕਿਹਾ ਜਾ ਸਕਦਾ। ਇਸ ਲਈ ਇਹ ਸਮਝਣਾ ਔਖਾ ਨਹੀਂ ਕਿ ਭਾਈ ਜਗਤਾਰ ਸਿੰਘ ਤਾਰੇ ਦਾ ਕੇਸ ਸਾਜ਼ਸ ਦੀ ਬੀ ਕੈਟਾਗਰੀ ਦਾ ਮੰਨਿਆ ਗਿਆ ਹੈ ਅਤੇ ਭਾਈ ਜਗਤਾਰ ਸਿੰਘ ਤਾਰੇ ਦੀ ਸਜ਼ਾ ਅਪੀਲ ਵਿੱਚ ਸਾਰੀ ਉਮਰ ਦੀ ਉਮਰ ਕੈਦ ਟੁੱਟ ਕੇ ਉਮਰ ਕੈਦ ਵਿੱਚ ਤਬਦੀਲ ਹੋ ਸਕਦੀ ਹੈ, ਭਾਵੇਂਕਿ ਉਮਰ ਕੈਦ ਅਤੇ ਸਾਰੀ ਉਮਰ ਦੀ ਉਮਰ ਕੈਦ ਵਿੱਚ ਕਾਨੂੰਨਨ ਜਾਂ ਸਿਆਸੀ ਤੌਰ ’ਤੇ ਕੋਈ ਭਿੰਨਤਾ ਨਹੀਂ, ਪਰ ਭਾਈ ਜਗਤਾਰ ਸਿੰਘ ਤਾਰੇ ਨੂੰ ਜੇ ਕਰ ਸਾਰੀ ਉਮਰ ਦੀ ਉਮਰ ਕੈਦ ਦੀ ਥਾਂ ਉਮਰ ਕੈਦ ਸੁਣਾਈ ਜਾਂਦੀ ਤਾਂ ਉਹਨਾਂ ਨੂੰ ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਤੇ ਭਾਈ ਸਮਸ਼ੇਰ ਸਿੰਘ ਵਾਂਗ ਪੈਰੋਲ ਵੀ ਮਿਲ ਸਕਦੀ ਹੈ, ਜੋ ਕਿ ਪੱਕੀ ਰਿਹਾਈ ਦਾ ਮਜ਼ਬੂਤ ਆਧਾਰ ਬਣ ਸਕਦਾ ਹੈ।

ਸਾਰੀ ਉਮਰ ਦੀ ਉਮਰ ਕੈਦ ਲਈ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਜਗਤਾਰ ਸਿੰਘ ਤਾਰਾ ਨੂੰ ਸਜ਼ਾ ਦੇਣ ਲਈ ਜੋ ਜੱਜਮੈਂਟ ਸਿੱਧੇ ਰੂਪ ਵਿੱਚ ਵਰਤੀ ਗਈ ਉਸ ਦਾ ਫ਼ੈਸਲਾ ਭਾਰਤੀ ਸੁਪਰੀਮ ਕੋਰਟ ਦੇ ਤੀਹਰੇ ਬੈਂਚ ਵੱਲੋਂ 22 ਜੁਲਾਈ 2008 ਨੂੰ ਸਵਾਮੀ ਸ਼ਰਧਾਨੰਦ ਉਰਫ ਮੁਰਲੀ ਮਨੋਹਰ ਜੋਸ਼ੀ ਦੇ ਕੇਸ ਵਿੱਚ ਕੀਤਾ ਗਿਆ ਸੀ, ਜਿਸ ਵਿੱਚ ਸ਼ਰਧਾਨੰਦ ਦੀ ਫਾਂਸੀ ਦੀ ਸਜ਼ਾ ਤੋੜ ਕੇ ਸਾਰੀ ਉਮਰ ਦੀ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਗਈ ਸੀ। ਇਸ ਕੇਸ ਦਾ ਪਿਛੋਕੜ ਸੀ ਕਿ ਸ਼ਰਧਾਨੰਦ ਜੋ ਕਿ ਇੱਕ ਧਾਰਮਿਕ ਦੰਭੀ ਸੀ, ਨੇ ਕਰੋੜਾਂ ਦੀ ਪ੍ਰਾਪਰਟੀ ਦੀ ਮਾਲਕ ਇੱਕ ਤਲਾਕਸ਼ੁਦਾ ਮੁਸਲਮਾਨ ਔਰਤ ਨਾਲ ਵਿਆਹ ਕਰਵਾਇਆ ਅਤੇ ਉਸ ਨੂੰ ਐਨਾ ਜ਼ਿਆਦਾ ਵਿਸ਼ਵਾਸ ਵਿੱਚ ਲਿਆ ਕਿ ਮਈ 1991 ਵਿੱਚ ਇਕ ਦਿਨ ਸ਼ਰਧਾਨੰਦ ਨੇ ਆਪਣੀ ਪਤਨੀ ਨੂੰ ਡੂੰਘੀ ਨੀਂਦ ਵਿੱਚ ਹੁੰਦਿਆਂ ਇਕ ਬਕਸੇ ਵਿੱਚ ਬੰਦ ਕਰ ਦਿੱਤਾ ਅਤੇ ਉਸ ਬਕਸੇ ਨੂੰ ਘਰ ਵਿੱਚ ਇਕ ਟੋਆ ਪੁੱਟ ਕੇ ਉਸ ਵਿੱਚ ਦੱਬ ਦਿੱਤਾ। ਇਸ ਕਤਲ ਬਾਰੇ ਖੁਲਾਸਾ ਮਾਰਚ 1994 ਵਿੱਚ ਹੋਇਆ ਅਤੇ ਸ਼ਰਧਾਨੰਦ ਨੂੰ ਪਹਿਲਾਂ ਫਾਂਸੀ ਦੀ ਸਜ਼ਾ ਹੋਈ ਤੇ ਬਾਅਦ ਵਿੱਚ ਫਾਂਸੀ ਦੀ ਸਜ਼ਾ ਨੂੰ ਸਾਰੀ ਉਮਰ ਦੀ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸ਼ਰਧਾਨੰਦ ਦਾ ਕੇਸ ਸਿੱਧੇ ਕਤਲ ਦਾ ਕੇਸ ਹੈ ਪਰ ਭਾਈ ਜਗਤਾਰ ਸਿੰਘ ਹਵਾਰੇ ਤੇ ਭਾਈ ਜਗਤਾਰ ਸਿੰਘ ਤਾਰੇ ਦਾ ਕੇਸ ਸਿੱਧੇ ਕਤਲ ਦਾ ਨਾ ਹੋ ਕੇ ਕਤਲ ਦੀ ਸਾਜ਼ਸ਼ ਦਾ ਹੈ।

ਸਾਰੀ ਉਮਰ ਦੀ ਉਮਰ ਕੈਦ ਲਈ ਜੋ ਦੂਸਰੀ ਮੁੱਖ ਜੱਜਮੈਂਟ ਵਰਤੀ ਜਾਂਦੀ ਹੈ ਉਸ ਦਾ ਫ਼ੈਸਲਾ ਭਾਰਤੀ ਸੁਪਰੀਮ  ਕੋਰਟ ਦੇ ਦੋਹਰੇ ਬੈਂਚ ਨੇ 16 ਸਤੰਬਰ 2005 ਨੂੰ ਮੁਹੰਮਦ ਮੁੰਨਾ ਦੇ ਕੇਸ ਵਿੱਚ ਕੀਤਾ ਸੀ ਜੋ ਕਿ ਸਿੱਧੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਸੀ। ਸੁਪਰੀਮ ਕੋਰਟ ਨੇ ਇਸ ਕੇਸ ਵਿੱਚ ਵੀ ਕਿਹਾ ਕਿ ਉਮਰ ਕੈਦ ਦਾ ਮਤਲਬ ਰਹਿੰਦੀ ਸਾਰੀ ਕੁਦਰਤੀ ਜ਼ਿੰਦਗੀ ਦੀ ਕੈਦ ਹੈ ਅਤੇ ਸਰਕਾਰ ਛੋਟ ਅਤੇ ਰਿਹਾਈ ਦੇ ਸਕਦੀ ਹੈ।

ਜੇ ਸਾਰੀ ਉਮਰ ਦੀ ਉਮਰ ਕੈਦ ਦੇ ਪਿਛੋਕੜ ਵਿੱਚ ਝਾਤ ਮਾਰੀਏ ਤਾਂ ਭਾਰਤੀ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਫ਼ੈਸਲਿਆਂ ਵਿੱਚ ਮਹਾਤਮਾ ਗਾਂਧੀ ਦੇ ਕਤਲ ਕੇਸ ਦੀ ਸਾਜ਼ਸ਼ ਵਿੱਚ ਸ਼ਾਮਲ ਨੱਥੂ ਰਾਮ ਗੋਂਡਸੇ ਦੇ ਭਰਾ ਗੋਪਾਲ ਵਿਨਾਇਕ ਗੋਂਡਸੇ ਦੇ ਕੇਸ ਨੂੰ ਵਾਚਣਾ ਜ਼ਰੂਰੀ ਹੈ ਜੋ ਕਿ ਸਾਰੀ ਉਮਰ ਦੀ ਉਮਰ ਕੈਦ ਦੀ ਸਜ਼ਾ ਦੇਣ ਦਾ ਆਧਾਰ ਹੈ ਅਤੇ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਜਗਤਾਰ ਸਿੰਘ ਤਾਰਾ ਨੂੰ ਸਾਰੀ ਉਮਰ ਦੀ ਉਮਰ ਕੈਦ ਦਿੰਦਿਆਂ ਇਸ ਕੇਸ ਦਾ ਖ਼ਾਸ ਜ਼ਿਕਰ ਕੀਤਾ ਗਿਆ ਹੈ। ਇਸ ਕੇਸ ਦੀ ਸੁਣਵਾਈ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਵੱਡੇ ਬੈਂਚ ਨੇ ਕੀਤੀ ਸੀ ਅਤੇ ਇਹ ਫ਼ੈਸਲਾ 12 ਜਨਵਰੀ 1961 ਨੂੰ ਕੀਤਾ ਗਿਆ ਸੀ। ਇਸ ਕੇਸ ਦੀ ਜੱਜਮੈਂਟ ਪੜ੍ਹਿਆਂ ਹੀ ਪਤਾ ਲੱਗ ਜਾਂਦਾ ਹੈ ਕਿ ਉਮਰ ਕੈਦ ਦਾ ਮਤਲਬ ਸਾਰੀ ਉਮਰ ਦੀ ਉਮਰ ਕੈਦ ਹੈ ਪਰ ਨਾਲ ਹੀ ਕਿਹਾ ਗਿਆ ਹੈ ਕਿ ਸਿਰਫ਼ ਸਰਕਾਰ ਹੀ ਸਜ਼ਾ ਵਿੱਚ ਕਟੌਤੀ ਕਰ ਸਕਦੀ ਹੈ ਭਾਵ ਕਿ ਜੇ ਸਰਕਾਰ ਚਾਹੇ ਤਾਂ ਰਿਹਾਅ ਕਰ ਸਕਦੀ ਹੈ ਅਤੇ ਅਜਿਹਾ ਹੋਇਆ ਵੀ ਅਤੇ 1919 ਵਿੱਚ ਜਨਮਿਆ ਗੋਪਾਲ ਵਿਨਾਇਕ ਗੋਂਡਸੇ 1948 ਵਿੱਚ ਗ੍ਰਿਫ਼ਤਾਰੀ ਤੋਂ ਬਾਅਦ 16 ਸਾਲ ਦੀ ਕੈਦ ਕੱਟਣ ਤੋਂ ਬਾਅਦ ਅਕਤੂਬਰ 1964 ਵਿੱਚ ਮਹਾਤਮਾ ਗਾਂਧੀ ਕਤਲ ਕੇਸ ਦੀ ਸਾਰੀ ਉਮਰ ਦੀ ਉਮਰ ਕੈਦ ਵਿੱਚੋਂ ਰਿਹਾਅ ਹੋ ਗਿਆ ਅਤੇ ਉਸ ਦੀ ਮੌਤ ਪੂਨੇ ਵਿੱਚ 26 ਨਵੰਬਰ 2005 ਨੂੰ ਹੋਈ। ਜੇ ਮਹਾਤਮਾ ਗਾਂਧੀ ਦੇ ਕਤਲ ਦੀ ਸਾਜ਼ਸ਼ ਵਿੱਚ ਸ਼ਾਮਲ ਗੋਪਾਲ ਵਿਨਾਇਕ ਗੋਂਡਸੇ 16 ਸਾਲ ਦੀ ਕੈਦ ਤੋਂ ਬਾਅਦ ਰਿਹਾਅ ਹੋ ਸਕਦਾ ਹੈ ਤਾਂ 20-22-25-27 ਸਾਲ ਤੱਕ ਸਜ਼ਾਵਾਂ ਕੱਟਣ ਵਾਲੇ ਸਿੰਘ ਕਿਉਂ ਨਹੀਂ ਰਿਹਾਅ ਕੀਤੇ ਜਾ ਸਕਦੇ ? ਇਸ ਦਾ ਜਵਾਬ ਮੇਰੇ ਸਮੇਤ ਸਭ ਕੋਲ ਹੈ ਪਰ ਕੀ ਸਾਨੂੰ ਇਸ ਸਿਸਟਮ ਨੂੰ ਨੰਗਾ ਕਰਨ ਲਈ ਇਸ ਨੂੰ ਵਰਤਣਾ ਨਹੀਂ ਚਾਹੀਦਾ ?  ਜਾਂ ਕੀ ਸਰਕਾਰਾਂ ਵਾਂਗ ਅਸੀਂ ਵੀ ਆਪਣੇ ਜੋਧਿਆਂ ਨੂੰ ਜੇਲ੍ਹਾਂ ਵਿੱਚ ਰੱਖ ਕੇ ਸਿਆਸਤ ਕਰਨ ਦੇ ਹੀ ਚਾਹਵਾਨ ਹਾਂ ?  ਕੀ ਅਸੀਂ ਨਿੱਜੀ ਸਵਾਰਥ ਭੁੱਲ ਕੇ ਭਾਰਤੀ ਸਿਸਟਮ ਉੱਪਰ ਇਹਨਾਂ ਰਿਹਾਈਆਂ ਲਈ ਕੋਈ ਬੱਝਵਾਂ ਦਬਾਅ ਪਾਉਂਣ ਵਿੱਚ ਕਾਮਯਾਬ ਨਹੀਂ ਹੋ ਸਕੇ  ?

ਸੋ ਸਾਨੂੰ ਉਮਰ ਕੈਦ ਅਤੇ ਸਾਰੀ ਉਮਰ ਦੀ ਉਮਰ ਕੈਦ ਦੇ ਰੌਲੇ ਤੇ ਸਿਆਸਤ ਨੂੰ ਸਮਝਣਾ ਚਾਹੀਦਾ ਹੈ ਅਤੇ ਹਰ ਮੁਹਾਜ਼ ਉੱਪਰ ਇਹ ਲੜਾਈ ਜਾਰੀ ਰੱਖਣੀ ਚਾਹੀਦੀ ਹੈ ਬਸ਼ਰਤੇ ਕਿ ਇਸ ਵਿੱਚ ਨਿੱਜੀ ਹਿੱਤਾਂ ਦੀ ਥਾਂ ਸਾਂਝੇ ਹਿੱਤਾਂ ਦੀ ਪੂਰਤੀ ਹੋ ਸਕੇ। ਪੰਥ ਦਾ ਵਾਲੀ ਕਲਗੀਆਂ ਵਾਲਾ ਆਪ ਸਹਾਈ ਹੋਵੇਗਾ।

-0-

ਗੁਰਮਤਿ ਕਾਲਜ ਹੁਸ਼ਿਆਰਪੁਰ

0

ਗੁਰਮਤਿ ਕਾਲਜ ਹੁਸ਼ਿਆਰਪੁਰ

ਸੁਨਹਿਰੀ ਮੌਕਾ

  1. ਗੁਰਮਤਿ ਡਿਪਲੋਮਾ / ਕੋਰਸ ਪਾਸ (ਅਪੀਅਰ) ਵਾਸਤੇ : ਗੁਰਬਾਣੀ ਵਿਆਕਰਨ ਤੇ ਪਾਠ ਬੋਧ ਦੀ ਉੱਚ-ਤਾਲੀਮ (ਡਿਗਰੀ ਪ੍ਰੋਗਰਾਮ 3 ਸਾਲਾ)

 ਗੁਣੀ ਸਿਖਿਆਰਥੀਆਂ ਨੂੰ ਪਹਿਲੇ ਸਾਲ ਤਿੰਨ ਮਹੀਨੇ ਦੀ ਪਰਖ ਉਪਰੰਤ 3000/- ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਸਕਾਲਰਸ਼ਿਪ ਦਿੱਤਾ ਜਾਵੇਗਾ।  ਦੂਸਰੇ ਸਾਲ ਕਾਬਲੀਅਤ ਅਨੁਸਾਰ ਦੋ ਗੁਣਾਂ ਤੇ ਤੀਸਰੇ ਸਾਲ ਹੋਰ ਵੱਧ ਦਿੱਤਾ ਜਾਵੇਗਾ। ਰੁਜ਼ਗਾਰ ਮੌਕਿਆਂ ਲਈ ਸੇਧ ਦਿੱਤੀ ਜਾਵੇਗੀ।

  1. ਗਰੈਜੂਏਟ ਵਾਸਤੇ :  ਗੁਰਸਿੱਖ / ਕੇਸਾਧਾਰੀ ਨੌਜਵਾਨੀ ਦੀ ਨੌਕਰੀਆਂ ਵਾਸਤੇ ਤਿਆਰੀ

ਇਕ ਸਾਲ ਦੇ ਗੁਰਮਤਿ ਕੋਰਸ ਲਈ ਦਾਖਲ ਵਿਦਿਆਰਥੀਆਂ ਨੂੰ 9ਵੇਂ ਮਹੀਨੇ ਤੋਂ 12ਵੇਂ ਮਹੀਨੇ ਦੌਰਾਨ

ਬੈਂਕਿੰਗ, ਰਾਜ ਸਰਕਾਰ, ਕੇਂਦਰ ਸਰਕਾਰ (Banking, State Government, Centre Government) ਅਤੇ ਹੋਰ ਮੁਕਾਬਲਾ ਪ੍ਰੀਖਿਆਵਾਂ (Competition Exams) ਲਈ ਪ੍ਰੋਫੈਸ਼ਨਲ ਇੰਸਟੀਚਿਊਟ ਤੋਂ ਕੋਚਿੰਗ ਕਰਵਾਈ ਜਾਵੇਗੀ।

  1. 10ਵੀਂ ਅਤੇ 10+2 ਵਾਸਤੇ : ਦੋ/ ਤਿੰਨ ਸਾਲਾ ਡਿਪਲੋਮਾ ਇਨ ਗੁਰਮਤਿ ਸਟੱਡੀਜ਼ ( ਗੁਰਮਤਿ ਪ੍ਰਚਾਰਕ-ਕਥਾਵਾਚਕ-ਕੀਰਤਨਏ)

    ਨੋਟ : ਸੀਟਾਂ ਸੀਮਤ ਹਨ।

ਚੁਣੇ ਗਏ ਵਿਦਿਆਰਥੀਆਂ ਤੋਂ 5000/- ਰੁਪਏ ਸਕਿਉਰਟੀ ਜਮ੍ਹਾਂ ਕਰਵਾਈ ਜਾਵੇਗੀ।

ਪੜ੍ਹਾਈ, ਰਿਹਾਇਸ਼ ਅਤੇ ਭੋਜਨ ਦਾ ਪ੍ਰਬੰਧ ਮੁਫ਼ਤ ਦਿੱਤਾ ਜਾਵੇਗਾ। ਕੋਚਿੰਗ ਜਾਂ ਕਿਸੇ ਯੂਨੀਵਰਸਿਟੀ ਦੇ ਖਰਚ ਵਿੱਚ ਅੱਧਾ ਹਿੱਸਾ ਵਿਦਿਆਰਥੀ ਨੂੰ ਪਾਉਣਾ ਪਵੇਗਾ। ਬਹੁਤ ਗਰੀਬ ਨੂੰ ਛੋਟ ਹੋਵੇਗੀ।

ਵਿਦਿਆਰਥੀਆਂ ਦੀ ਚੋਣ ਲਈ ਟੈਸਟ ਤੇ ਇੰਟਰਵਿਊ ਮਿਤੀ 25 ਅਪ੍ਰੈਲ 2018 ਹੋਵੇਗੀ।

ਪਿੰਡਾਂ ਦੇ ਵਿਦਿਆਰਥੀਆਂ ਨੂੰ ਪਹਿਲ ਦਿੱਤੀ ਜਾਵੇਗੀ।

ਚਾਹਵਾਨ ਵਿਦਿਆਰਥੀ ਪ੍ਰਾਸਪੈਕਟ (ਫਾਰਮ) ਪ੍ਰਾਪਤ ਕਰ ਸਕਦੇ ਹਨ ਜਾਂ ਸਾਦੀ ਅਰਜ਼ੀ ਡਾਕ ਰਾਹੀਂ ਜਾਂ ਈਮੇਲ ਰਾਹੀਂ 15 ਅਪ੍ਰੈਲ 2018 ਤੱਕ ਭੇਜ ਸਕਦੇ ਹਨ।

ਪਤਾ : ਗੁਰਮਤਿ ਕਾਲਜ, ਸਾਹਮਣੇ : ਆਊਟਡੋਰ ਸਟੇਡੀਅਮ, ਟਾਂਡਾ ਰੋਡ, ਹੁਸ਼ਿਆਰਪੁਰ।    

gurmatcollegehsp@gmail.com <mailto:gurmatcollegehsp@gmail.com>

98554-40151, 95920-93472.

ਗੁਰਮਤਿ ਸੇਵਾ ਲਹਿਰ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਕੀਤਾ ਰੀਲੀਜ਼

0

ਗੁਰਮਤਿ ਸੇਵਾ ਲਹਿਰ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਕੀਤਾ ਰੀਲੀਜ਼

ਬਠਿੰਡਾ, 16 ਮਾਰਚ (ਕਿਰਪਾਲ ਸਿੰਘ): ਪਿਛਲੇ ਸਾਲਾਂ ਦੀ ਤਰ੍ਹਾਂ ਗੁਰਮਤਿ ਸੇਵਾ ਲਹਿਰ ਵੱਲੋਂ ਪ੍ਰਕਾਸ਼ਤ ਕਰਵਾਇਆ ਗਿਆ ਮੂਲ ਨਾਨਕਸ਼ਾਹੀ ਕੈਲੰਡਰ ਸੰਮਤ 550 (2018-19) ਰਾਇ ਕੋਟ ਦੇ ਨਜ਼ਦੀਕ ਪਿੰਡ ਬੱਸੀਆਂ ਵਿਖੇ ਚੱਲ ਰਹੇ ਤਿੰਨ ਦਿਨਾਂ ਗੁਰਮਤਿ ਸਮਾਗਮ ਦੇ ਆਖਰੀ ਦੀਵਾਨ ਦੌਰਾਨ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ, ਜਸਪਾਲ ਸਿੰਘ ਹੇਰਾਂ ਮੁੱਖ ਸੰਪਾਦਕ ਪਹਿਰੇਦਾਰ ਅਤੇ ਗੁਰਮਤਿ ਸੇਵਾ ਲਹਿਰ ਦੀ ਸਮੁੱਚੀ ਟੀਮ ਵੱਲੋਂ ਅੱਜ ਰੀਲੀਜ਼ ਕੀਤਾ ਗਿਆ। ਇਸ ਸਮੇਂ ਉਨ੍ਹਾਂ ਨਾਲ ਗੁਰਮਤਿ ਸੇਵਾ ਲਹਿਰ ਨਾਲ ਸਬੰਧਿਤ ਪ੍ਰਚਾਰਕ ਟੀਮ ਦੇ ਮੈਂਬਰ ਭਾਈ ਸਤਿਨਾਮ ਸਿੰਘ ਚੰਦੜ, ਭਾਈ ਹਰਪ੍ਰੀਤ ਸਿੰਘ ਜਗਰਾਉਂ, ਭਾਈ ਕਿਰਪਾਲ ਸਿੰਘ ਬਠਿੰਡਾ, ਭਾਈ ਗੁਰਮੇਲ ਸਿੰਘ ਬੀਬੀਵਾਲਾ, ਭਾਈ ਕੁਲਵਿੰਦਰ ਸਿੰਘ ਬੀਬੀਵਾਲਾ, ਬੀਬੀ ਸੁਰਿੰਦਰ ਕੌਰ ਮਹਿਲ ਕਲਾਂ, ਭਾਈ ਬਹਾਦਰ ਸਿੰਘ ਢਿਪਾਲੀ, ਭਾਈ ਲਿਸ਼ਕਾਰ ਸਿੰਘ, ਭਾਈ ਰਘਵੀਰ ਸਿੰਘ ਖਿਆਲੀਵਾਲਾ, ਮਾਸਟਰ ਜਗਰੂਪ ਸਿੰਘ ਕਲਿਆਣ, ਭਾਈ ਕੁਲਵਿੰਦਰ ਸਿੰਘ ਗੋਨਿਆਣਾ, ਭਾਈ ਸੁਦਾਗਰ ਸਿੰਘ ਭਦੌੜ, ਭਾਈ ਅਮਰਜੀਤ ਸਿੰਘ ਮਾਂਗੇਵਾਲ, ਭਾਈ ਮੱਖਨ ਸਿੰਘ ਮੁਸਾਫਿਰ, ਭਾਈ ਜਸਵੀਰ ਸਿੰਘ ਚੀਮਾ ਅਤੇ ਭਾਈ ਗੁਰਪ੍ਰੀਤ ਸਿੰਘ ਕਾਲ਼ਾਬੂਲ਼ਾ ਆਦਿਕ ਹਾਜਰ ਸਨ।

ਇਸ ਮੌਕੇ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂƒ ਜਾਰੀ ਕੀਤੇ ਜਾ ਰਹੇ ਨਾਨਕਸ਼ਾਹੀ ਕੈਲੰਡਰ ਹਰ ਸਾਲ 1 ਚੇਤ/ 14 ਮਾਰਚ ਨੂੰ ਸ਼ੁਰੂ ਹੁੰਦੇ ਹਨ ਅਤੇ 30 ਫੱਗਣ/13 ਮਾਰਚ ਨੂੰ ਖਤਮ ਹੁੰਦੇ ਹਨ ਜਿਸ ਤੋਂ ਸਪਸ਼ਟ ਸੰਕੇਤ ਮਿਲਦੇ ਹਨ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੂਰਜੀ ਬਿਕ੍ਰਮੀ ਕੈਲੰਡਰ ਨੂੰ ਹੀ ਅਪਣਾਇਆ ਹੋਇਆ ਹੈ ਅਤੇ ਹਰ ਸਾਲ 365 ਦਿਨਾਂ ਦਾ ਹੀ ਹੈ। ਇਸ ਦਾ ਭਾਵ ਹੈ ਕਿ ਇਸ ਅਨੁਸਾਰ ਨਿਸਚਿਤ ਕੀਤੇ ਦਿਹਾੜੇ ਹਰ ਸਾਲ 365 ਦਿਨਾਂ ਬਾਅਦ ਨਿਸਚਿਤ ਤਰੀਖਾਂ ਨੂੰ ਹੀ ਆਉਣੇ ਚਾਹੀਦੇ ਸਨ ਪਰ ਹੈਰਾਨੀ ਹੈ ਕਿ ਸਿਰਫ ਚੇਤ ਤੇ ਵੈਸਾਖ ਦੋ ਮਹੀਨੇ ਦੇ ਦਿਹਾੜਿਆਂ ਦਾ ਮੇਲਾਨ ਕਰਨ ਨਾਲ ਪਤਾ ਲੱਗਾ ਕਿ  ਇਸ ਸਾਲ ਸੰਮਤ 550 ਦੇ ਕੈਲੰਡਰ ਵਿੱਚ ਨਿਸਚਿਤ ਕੀਤੇ ਕੁਝ ਦਿਹਾੜੇ ਤਾਂ ਸੰਮਤ 549 ਵਾਲੇ ਕੈਲੰਡਰ ਅਨੁਸਾਰ ਹੀ ਹਨ ਜਿਵੇਂ ਕਿ ਸ: ਬਘੇਲ ਸਿੰਘ ਵੱਲੋਂ ਦਿੱਲੀ ਫਤਹਿ 2 ਚੇਤ, ਸ਼ਹੀਦੀ ਸ: ਭਗਤ ਸਿੰਘ 10 ਚੇਤ, ਸ਼ਹੀਦੀ ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ 12 ਚੇਤ, ਜਨਮ ਸਾਹਿਬਜ਼ਾਦਾ ਜੁਝਾਰ ਸਿੰਘ ਜੀ 27 ਚੇਤ, ਖ਼ਾਲਸਾ ਸਾਜਨਾ ਦਿਵਸ ਵੈਸਾਖੀ 1 ਵੈਸਾਖ, ਸ਼ਹੀਦੀ ਜੋੜਮੇਲਾ ਸ੍ਰੀ ਮੁਕਤਸਰ ਸਾਹਿਬ 21 ਵੈਸਾਖ ਪਰ ਸਿੱਖ ਦਸਤਾਰ ਦਿਵਸ ਪਿਛਲੇ ਸਾਲ 1 ਵੈਸਾਖ ਨੂੰ ਸੀ ਜਦੋਂ ਕਿ ਇਸ ਸਾਲ 31 ਚੇਤ ਹੋਣ ਕਰ ਕੇ ਇੱਕ ਦਿਨ ਦਾ ਫਰਕ ਹੈ ਅਤੇ ਸਰਹਿੰਦ ਫਤਹਿ ਦਿਵਸ ਪਿਛਲੇ ਸਾਲ 29 ਵੈਸਾਖ ਨੂੰ ਸੀ ਜਦੋਂ ਕਿ ਇਸ ਸਾਲ 31 ਵੈਸਾਖ ਨੂੰ ਹੋਣ ਕਰ ਕੇ ਦੋ ਦਿਨਾਂ ਦਾ ਫਰਕ ਹੈ। ਕੁਝ ਦਿਹਾੜਿਆਂ ਵਿੱਚ 10 ਤੋਂ 19 ਦਿਨਾਂ ਦਾ ਵੀ ਫਰਕ ਹੈ ਜਿਵੇਂ ਕਿ ਗੁਰਗੱਦੀ ਗੁਰੂ ਹਰਿਰਾਇ ਜੀ ਪਿਛਲੇ ਸਾਲ 13 ਚੇਤ ਸੀ, ਇਸ ਸਾਲ 2 ਚੇਤ 11 ਦਿਨਾਂ ਦਾ ਫਰਕ। ਗੁਰਗੱਦੀ ਗੁਰੂ ਅਮਰਦਾਸ ਜੀ ਪਿਛਲੇ ਸਾਲ 15 ਚੇਤ ਸੀ; ਇਸ ਸਾਲ 5 ਚੇਤ ਹੋਣ ਕਰ ਕੇ 10 ਦਿਨਾਂ ਦਾ ਫਰਕ। ਜੋਤੀ ਜੋਤ ਗੁਰੂ ਅੰਗਦ ਦੇਵ ਜੀ ਪਿਛਲੇ ਸਾਲ 18 ਚੇਤ ਸੀ, ਇਸ ਸਾਲ 8 ਚੇਤ 10 ਦਿਨਾਂ ਦਾ ਫਰਕ। ਜੋਤੀ ਜੋਤ ਗੁਰੂ ਹਰਿਗੋਬਿੰਦ ਸਾਹਿਬ ਜੀ ਪਿਛਲੇ ਸਾਲ 19 ਚੇਤ, ਇਸ ਸਾਲ 9 ਚੇਤ 10 ਦਿਨਾਂ ਦਾ ਫਰਕ। ਜੋਤੀ ਜੋਤ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਅਤੇ  ਗੁਰਗੱਦੀ ਗੁਰੂ ਤੇਗ ਬਹਾਦਰ ਜੀ ਪਿਛਲੇ ਸਾਲ 28 ਚੇਤ ਇਸ ਸਾਲ 16 ਚੇਤ, 12 ਦਿਨਾਂ ਦੇ ਫਰਕ ਨਾਲ ਦਰਜ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਪਿਛਲੇ ਸਾਲ 28 ਜੇਠ ਨੂੰ ਸੀ ਜਦੋਂ ਕਿ ਇਸ ਸਾਲ 15 ਹਾੜ ਹੋਣ ਕਰ ਕੇ 19 ਦਿਨਾਂ ਦਾ ਫਰਕ ਹੈ।

ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪਹਿਲੇ ਤਿੰਨ ਕੁ ਮਹੀਨੇ ਸਾਰੇ ਗੁਰ ਪੁਰਬ 10 ਤੋਂ 12 ਦਿਨਾਂ ਪਹਿਲਾਂ ਆਉਣਗੇ ਪਰ ਜੇਠ ਮਹੀਨੇ ਤੋਂ 18-19 ਦਿਨ ਪਿੱਛੋਂ ਆਉਣੇ ਸ਼ੁਰੂ ਹੋ ਗਏ ਹਨ ਜਿਵੇਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ 19 ਦਿਨ ਪਿੱਛੋਂ ਆਇਆ ਹੈ।  ਹੋਰ ਧਿਆਨ ਨਾਲ ਵੇਖਿਆ ਗਿਆ ਤਾਂ ਪਤਾ ਲੱਗ ਕਿ ਭਾਵੇਂ ਵੈਸਾਖੀ ਅਤੇ ਸ਼ਹੀਦੀ ਜੋੜਮੇਲਾ ਸ੍ਰੀ ਮੁਕਤਸਰ ਸਾਹਿਬ ਦੀਆਂ ਤਰੀਖਾਂ ਤਾਂ ਪਿਛਲੇ ਸਾਲ ਵਾਲੀਆਂ ਹੀ ਕਰਮਵਾਰ 1 ਵੈਸਾਖ ਅਤੇ 21 ਵੈਸਾਖ ਹੀ ਹਨ ਪਰ ਅਸਲ ਵਿੱਚ ਇਹ ਵੀ 365 ਦਿਨਾਂ ਦੀ ਬਜਾਏ 366 ਦਿਨਾਂ ਪਿਛੋਂ ਆਏ ਹਨ ਕਿਉਂਕਿ ਪਿਛਲੇ ਸਾਲ ਇਹ ਕਰਮਵਾਰ 13 ਅਪ੍ਰੈਲ ਅਤੇ 3 ਮਈ ਨੂੰ ਸਨ ਜਦੋਂ ਕਿ ਇਸ ਸਾਲ 14 ਅਪ੍ਰੈਲ ਅਤੇ 4 ਮਈ ਨੂੰ ਵਿਖਾਏ ਗਏ ਹਨ। ਇਹ ਜਾਣਕਾਰੀ ਸਿਰਫ ‚ਦੋ ਮਹੀਨਿਆਂ (ਚੇਤ ਅਤੇ ਵੈਸਾਖ) ਦੀ ਹੈ ਇਹੋ ਹਾਲ ਬਾਕੀ ਦੀਆਂ ਤਰੀਖਾਂ ਦੀ ਪੜਤਾਲ ਕੀਤੀ ਜਾ ਸਕਦੀ ਹੈ। ਹਰ ਸਾਲ ਨਾਨਕਸ਼ਾਹੀ ਕੈਲੰਡਰ ਵਿਗਾੜ ਕੇ ਜਾਰੀ ਕਰਨ ਵਾਲੀ ਸ਼੍ਰੋਮਣੀ ਕਮੇਟੀ ਅਤੇ ਇਸ ਦੇ ਸਮਰਥਕ ਦੱਸਣ ਕਿ ਜਦ ƒਸੰਮਤ 549 ਅਤੇ 550 ਦੇ ਸਾਲਾਂ ਦੀ ਲੰਬਾਈ ਬਰਾਬਰ ਹੈ ਤਾਂ ਹਰ ਸਾਲ ਇਹ ਝਮੇਲਾ ਕਿਉਂ ਪੈ ਜਾਂਦਾ ਹੈ ਕਿ ਕੁਝ ਦਿਹਾੜੇ ਉਨ੍ਹਾਂ ਹੀ ਤਰੀਖਾਂ ਨੂੰ ਕਈਆਂ ਵਿੱਚ ਇੱਕ ਜਾਂ ਦੋ ਦਿਨਾਂ ਦਾ ਫਰਕ ਅਤੇ ਕਈਆਂ ਵਿੱਚ  10, 11 ਜਾਂƒ 18, 19 ਦਿਨਾਂ ਦਾ ਫਰਕ ਹੈ।

‘ਦੂਜੈ ਭਾਇ’ ਸੰਯੁਕਤ ਸ਼ਬਦਾਂ ਰਾਹੀਂ ਹੁੰਦੀ ਮਾਇਆ ਦੀ ਸੰਪੂਰਨ ਵਿਆਖਿਆ

0

‘ਦੂਜੈ ਭਾਇ’ ਸੰਯੁਕਤ ਸ਼ਬਦਾਂ ਰਾਹੀਂ ਹੁੰਦੀ ਮਾਇਆ ਦੀ ਸੰਪੂਰਨ ਵਿਆਖਿਆ 

ਗਿਆਨੀ ਅਵਤਾਰ ਸਿੰਘ-94650-40032

ਗੁਰਬਾਣੀ ਉਪਦੇਸ਼ ਨੂੰ ਉਜਾਗਰ ਕਰਨ ਵਾਲ਼ੇ ਜਿੱਥੇ 35 ਮਹਾਂਪੁਰਸ਼, ਗੁਰੂ ਗ੍ਰੰਥ ਸਾਹਿਬ ਜੀ ਅੰਦਰ (ਮੰਨੀਆਂ ਜਾਂਦੀਆਂ ਊਚ-ਨੀਚ ਜਾਤਾਂ ਵਿੱਚੋਂ) ਸੁਸ਼ੋਭਿਤ ਹਨ, ਉੱਥੇ ਇਨ੍ਹਾਂ ਦੁਆਰਾ ਪੰਜਾਬੀ ਦੀਆਂ 7 ਉਪ-ਭਾਸ਼ਾਵਾਂ ਤੋਂ ਇਲਾਵਾ ਬ੍ਰਜ-ਭਾਸ਼ਾ, ਪ੍ਰਾਕ੍ਰਿਤ, ਅਪਭ੍ਰੰਸ਼, ਸਹਸਕ੍ਰਿਤੀ, ਗਾਥਾ, ਸਾਧ-ਭਾਸ਼ਾ, ਰੇਖਤਾ (ਫ਼ਾਰਸੀ), ਮਾਰਵਾੜੀ, ਗੁਜਰਾਤੀ, ਬੰਗਲਾ ਤੇ ਮਰਾਠੀ ਆਦਿ ਭਾਸ਼ਾਵਾਂ ਦੀ ਵਰਤੋਂ ਵੀ ਕੀਤੀ ਗਈ ਹੈ, ਜੋ ਕਿ ਵਿਸ਼ਵਭਰ ’ਚ ਗੁਰਮਤਿ ਦੀ ਵਿਲੱਖਣਤਾ ਤੇ ਸਰਬ ਸਾਂਝੀਵਾਲ਼ਤਾ ਨੂੰ ਬਾਹਰੀ ਤੌਰ ’ਤੇ ਵਧੇਰੇ ਸਪੱਸ਼ਟ ਕਰਦੀਆਂ ਹਨ।

ਗੁਰਬਾਣੀ ਸਿਧਾਂਤ ਦੇ ਕਿਸੇ ਵਿਸ਼ੇ ਨੂੰ ਸਪੱਸ਼ਟ ਕਰਨ ਲਈ ਪ੍ਰਚਲਿਤ ਅਤੇ ਰੂੜ੍ਹੀਵਾਦੀ (ਰਵਾਇਤੀ) ਕਈ ਖ਼ਿਆਲਾਂ ਨੂੰ ਮਿਸਾਲ ਵਜੋਂ ਵਰਤਿਆ ਗਿਆ ਹੈ; ਜਿਵੇਂ ਕਿ ਮਾਇਆ ਦੇ ਤਿੰਨ ਗੁਣ (ਰਜੋ, ਤਮੋ, ਸਤੋ), ਤ੍ਰਿਲੋਕ (ਸਵਰਗ ਲੋਕ, ਮਾਤ ਲੋਕ, ਪਾਤਾਲ ਲੋਕ), ਪੰਜ ਕਾਮਾਦਿਕ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ), 84 ਲੱਖ ਜੂਨਾਂ, 33 ਕਰੋੜ ਦੇਵਤੇ, 14 ਲੋਕ (7 ਆਕਾਸ਼ + 7 ਪਾਤਾਲ), 18 ਹਜ਼ਾਰ ਆਲਮ, 68 ਤੀਰਥ, 88000 ਸਿੱਧ, ਸੁਰਗ/ਭਿਸ਼ਤ (ਬਹਿਸ਼ਤ), ਨਰਕ/ਦੋਜ਼ਖ਼ (ਜਹੰਨਤ), ਆਦਿ ।

ਉਕਤ ਵੇਰਵਿਆਂ ’ਚੋਂ ਇੱਕ ਸਧਾਰਨ ਸਮਝ ਰੱਖਣ ਵਾਲ਼ੇ ਸਿੱਖ ਨੂੰ ਇਹ ਨਿਰਣਾ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਕਿਹੜਾ ਖ਼ਿਆਲ ਗੁਰਮਤਿ ਅਨੁਸਾਰ ਹੈ ਤੇ ਕਿਹੜਾ ਨਹੀਂ।  ਗੁਰ ਸ਼ਬਦ ਵਿਚਾਰ ਨਾਲ਼ ਨਿਰੰਤਰ ਜੁੜੇ ਰਹਿਣ ਵਾਲ਼ੇ ਗੁਰੂ ਪਿਆਰੇ ਤੇ ਗੁਰਮਤਿ ਦੇ ਰਸੀਏ ਸਮਝ ਲੈਂਦੇ ਹਨ ਕਿ ‘ਦੂਜੈ ਭਾਇ’ ਸੰਯੁਕਤ ਸ਼ਬਦ ਹੀ ਗੁਰਬਾਣੀ ’ਚ ਨਿਵੇਕਲੇ ਅਤੇ ਮਾਇਆ ਦੀ ਸੰਪੂਰਨ ਵਿਆਖਿਆ ਕਰਨ ’ਚ ਸਮਰੱਥ ਹਨ। ਇਸ ਵਿਸ਼ੇ ਦੀ ਅਗਾਂਹ ਵਿਚਾਰ ਕਰਨ ਤੋਂ ਪਹਿਲਾਂ ਗੁਰਬਾਣੀ ਵਿੱਚ ਇਨ੍ਹਾਂ (ਦੂਜੈ ਭਾਇ) ਸੰਯੁਕਤ ਸ਼ਬਦਾਂ ਦੀ ਸੰਧੀ ਹੋਣ ਦੇ ਕਾਰਨ ਨੂੰ ਸਮਝਣਾ ਬੜਾ ਜ਼ਰੂਰੀ ਹੈ।

ਪੁਰਾਤਨ ਪੰਜਾਬੀ (ਗੁਰਮੁਖੀ/ਗੁਰਬਾਣੀ) ਅਤੇ ਆਧੁਨਿਕ (ਅਜੋਕੀ) ਪੰਜਾਬੀ ਦੀ ਲਿਖਣਸ਼ੈਲੀ ਵਿੱਚ ਕਾਫ਼ੀ ਅੰਤਰ ਹੈ, ਜਿਸ ਕਾਰਨ ਨਵੀਨਤਮ ਪੰਜਾਬੀ ਲਿਖਤ ਨਿਯਮਾਂ ਬਾਰੇ ਬੋਧ ਰੱਖਣ ਵਾਲ਼ਾ ਵਿਅਕਤੀ ਵੀ ਕਈ ਵਾਰ ਗੁਰਬਾਣੀ ਵਿਸ਼ੇ ਦੀ ਬਾਰੀਕ (ਸੰਕੇਤਕ) ਸਮਝ ਤੋਂ ਕੁਝ ਦੂਰ ਚਲਾ ਜਾਂਦਾ ਹੈ ਅਤੇ ਸਾਡੇ (‘‘ਏਕੁ ਪਿਤਾ, ਏਕਸ ਕੇ ਹਮ ਬਾਰਿਕ.. .॥’’ ਮ: ੫/੬੧੧) ਰਿਸ਼ਤੇ ਵਿੱਚ ਵਿਵਾਦ ਨੂੰ ਜਨਮ ਦੇਣ ’ਚ ਅਹਿਮ ਰੋਲ ਅਦਾ ਕਰ ਜਾਂਦਾ ਹੈ।

ਗੁਰਮੁਖੀ ਵਿੱਚ 10 ਲਗਾਂ (ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਹੋੜਾ, ਕਨੌੜਾ, ਲਾਂ ਤੇ ਦੁਲਾਵਾਂ) ਹਨ, ਜਿਨ੍ਹਾਂ ਵਿੱਚੋਂ ਗੁਰਬਾਣੀ ’ਚ ਦਰਜ ਅੰਤ ਸਿਹਾਰੀ ਅਤੇ ਅੰਤ ਦੁਲਾਵਾਂ ਵਾਲ਼ੇ ਸ਼ਬਦਾਂ ਦੇ ਕਈ ਲਿਖਤੀ ਨਿਯਮ ਸਾਂਝੇ ਹਨ ਭਾਵ ਅਗਰ ਕਿਸੇ ਸ਼ਬਦ ਦੀ ਅੰਤ ਸਿਹਾਰੀ ਵਿੱਚੋਂ ਜੋ ਸਬੰਧਕੀ (ਲੁਪਤ) ਚਿੰਨ੍ਹ ਉਪਲਬਧ ਹੁੰਦਾ ਹੈ ਉਹੀ ਸਬੰਧਕੀ (ਲੁਪਤ) ਚਿੰਨ੍ਹ ਅੰਤ ‘ਦੁਲਾਵਾਂ’ ਵਾਲ਼ੇ ਸ਼ਬਦ ਵੀ ਮੁਹੱਈਆ ਕਰਵਾਉਂਦੇ ਹਨ; ਜਿਵੇਂ ਕਿ

(1). ‘ਗੁਰਿ+ਨਾਨਕਿ’ (ਨੇ) ਮੇਰੀ ਪੈਜ ਸਵਾਰੀ ॥ (ਮ: ੫/੮੦੬)

‘ਤਿਨਿ+ਕਰਤੈ’ (ਨੇ) ਇਕੁ ਖੇਲੁ ਰਚਾਇਆ ॥ (ਮ: ੩/੧੧੭)

(2). ਗੁਰ ‘ਪ੍ਰਸਾਦਿ’ (ਨਾਲ਼/ਰਾਹੀਂ) ਮੈ ਸਭੁ ਕਿਛੁ ਸੂਝਿਆ ॥ (ਭਗਤ ਕਬੀਰ/੪੭੬)

‘ਸਬਦੈ’ (ਨਾਲ਼/ਰਾਹੀਂ) ਸਾਦੁ ਨ ਆਇਓ; ਲਾਗੇ ‘ਦੂਜੈ ਭਾਇ’ ॥ (ਮ: ੩/੨੮)

(3). ‘ਸਬਦਿ’ (ਵਿੱਚ) ਰਤੇ ਸਦਾ ਸੁਖੁ ਹੋਈ ॥ (ਮ: ੧/੮੩੧)

‘ਹਿਰਦੈ’ (ਵਿੱਚ) ਕਮਲੁ ਪ੍ਰਗਾਸਿਆ; ਲਾਗਾ ‘ਸਹਜਿ’ (ਵਿੱਚ) ਧਿਆਨੁ ॥ (ਮ: ੩/੨੬), ਆਦਿ।

ਉਕਤ ਮਿਸਾਲ ਵਜੋਂ ਲਈਆਂ ਗਈਆਂ 6 ਗੁਰਬਾਣੀ ਤੁਕਾਂ ’ਚ ਅੰਤ ਸਿਹਾਰੀ ਸ਼ਬਦ (ਗੁਰਿ+ਨਾਨਕਿ, ਪ੍ਰਸਾਦਿ, ਸਬਦਿ, ਸਹਜਿ) ਅਤੇ ਅੰਤ ਦੁਲਾਵਾਂ ਸ਼ਬਦ (ਕਰਤੈ, ਸਬਦੈ, ਹਿਰਦੈ) ’ਚੋਂ ਤਰਤੀਬਵਾਰ ‘ਨੇ, ਨਾਲ਼/ਰਾਹੀਂ, ਵਿੱਚ’;  ਸਾਂਝੇ ਸਬੰਧਕੀ ਚਿੰਨ੍ਹ (ਲੁਪਤ ਅਰਥ) ਮਿਲਦੇ ਹਨ, ਇਸੇ ਲਈ ਹੀ ਉਕਤ ਨੰਬਰ 2. ’ਚ ਤੁਕ ‘ਤਿਨਿ+ਕਰਤੈ’ (ਨੇ) ਇਕੁ ਖੇਲੁ ਰਚਾਇਆ ॥ (ਮ: ੩/੧੧੭) ਵਿੱਚ ਅੰਤ ਸਿਹਾਰੀ ‘ਤਿਨਿ’ ਅਤੇ ਅੰਤ ਦੁਲਾਵਾਂ ‘ਕਰਤੈ’ ਦੀ ਸੰਧੀ ਕੀਤੀ ਗਈ ਹੈ ਅਤੇ ‘ਉਸ ਕਰਤਾਰ ਨੇ’ ਅਰਥਾਂ ਨਾਲ਼ ਵਿਸ਼ਾ ਸਪੱਸ਼ਟ ਹੋ ਗਿਆ, ਜਿਸ ਤਰ੍ਹਾਂ ਇਨ੍ਹਾਂ ‘ਤਿਨਿ+ਕਰਤੈ’ ਸ਼ਬਦਾਂ ਦੀ ਸੰਧੀ ਹੋਈ ਹੈ, ਉਸੇ ਤਰ੍ਹਾਂ ਹੀ ਵਿਚਾਰ ਅਧੀਨ ‘ਦੂਜੈ ਭਾਇ’ ਸ਼ਬਦਾਂ ਦੀ ਸੰਧੀ ਕੀਤੀ ਗਈ ਹੈ, ਜੋ ਦੋਵੇਂ (ਅੰਤ ਸਿਹਾਰੀ ਤੇ ਅੰਤ ਦੁਲਾਵਾਂ) ਮਿਲ ਕੇ ‘ਦੂਜੈ ਭਾਵ ਹੋਰ ਨਾਲ਼ ਪਾਏ ਪਿਆਰ ਰਾਹੀਂ’ ਅਰਥ ਬਣਾਉਂਦੇ ਹਨ।

ਧਿਆਨ ਰਹੇ ਕਿ (ੳ). ਅੰਤ ਸਿਹਾਰੀ ਅਤੇ ਅੰਤ ਦੁਲਾਵਾਂ ਵਾਲ਼ੇ ਸਾਰੇ ਹੀ ਇਹ ਸ਼ਬਦ ਇੱਕ ਵਚਨ ਪੁਲਿੰਗ ਨਾਂਵ ਹੁੰਦੇ ਹਨ।

(ਅ). ਅੰਤ ‘ਉ’ ਵਾਲ਼ੇ ਸਾਰੇ ਹੀ ਇੱਕ ਵਚਨ ਪੁਲਿੰਗ ਨਾਂਵ ਸ਼ਬਦ, ਅੰਤ ਸਿਹਾਰੀ ਲਗਾਉਣ ਲਈ ‘ਉ’ ਦੀ ਬਜਾਇ ਅੰਤ ‘ਇ’ ’ਚ ਤਬਦੀਲ ਹੋ ਜਾਂਦੇ ਹਨ ਕਿਉਂਕਿ ‘ੳ/ਅ’ ਨੂੰ ਅੰਤ ਸਿਹਾਰੀ ਨਹੀਂ ਲਗਦੀ; ਜਿਵੇਂ ਕਿ ‘ਭਉ ਤੋਂ ਭਇ, ਭਾਉ ਤੋਂ ਭਾਇ, ਨਾਉ ਤੋਂ ਨਾਇ, ਜੀਉ/ਜੀਅ ਤੋਂ ਜੀਇ’ ਆਦਿ।

ਸੋ,  ਗੁਰਬਾਣੀ ਲਿਖਤ ਅਨੁਸਾਰ ‘ਦੂਜੈ+ਭਾਇ’ ਦੀ ਹੋਈ ਸੰਧੀ ਰਾਹੀਂ ‘ਹੋਰ ਪਿਆਰ ਨੇ, ਹੋਰ ਪਿਆਰ ਨਾਲ਼/ਰਾਹੀਂ, ਹੋਰ ਪਿਆਰ ਵਿੱਚ, ਹੋਰ ਪਿਆਰ ਤੋਂ’ ਹੀ ਅਰਥ ਲਏ ਜਾ ਸਕਦੇ ਹਨ, ਪਰ ਗੁਰਬਾਣੀ ’ਚ ਚਲਦੇ ਪ੍ਰਸੰਗ ਮੁਤਾਬਕ ਆਮ ਤੌਰ ’ਤੇ ‘ਹੋਰ ਪਿਆਰ ਨਾਲ਼ ਜਾਂ ਹੋਰ ਪਿਆਰ ਰਾਹੀਂ’ ਹੀ ਅਰਥ ਵਧੇਰੇ ਮਿਲਦੇ ਹਨ; ਜਿਵੇਂ ਕਿ

ਮਾਇਆ ਕਾਰਣਿ ਪਿੜ ਬੰਧਿ ਨਾਚੈ, ‘ਦੂਜੈ ਭਾਇ’ ਦੁਖੁ ਪਾਵਣਿਆ ॥ (ਮ: ੩/੧੨੨)  ‘ਦੂਜੈ ਭਾਇ’ ਭਾਵ (ਇੱਕ ਅਕਾਲ ਪੁਰਖ ਤੋਂ ਬਿਨਾਂ) ਹੋਰ ਪਿਆਰ ਰਾਹੀਂ।

ਮਨਮੁਖ ਮਾਇਆ ਮੋਹਿ (’ਚ) ਵਿਆਪੇ, ‘ਦੂਜੈ ਭਾਇ’ ਮਨੂਆ ਥਿਰੁ ਨਾਹਿ ॥ (ਮ: ੪/੬੫੨) ‘ਦੂਜੈ ਭਾਇ’ ਭਾਵ (ਰੱਬ ਤੋਂ ਬਿਨਾਂ) ਹੋਰ ਪ੍ਰੀਤ ਨਾਲ਼।

ਲਖ ਚਉਰਾਸੀਹ ਫੇਰੁ ਪਇਆ, ਕਾਮਣਿ ‘ਦੂਜੈ ਭਾਇ’ ॥ (ਮ: ੩/੩੧) ‘ਦੂਜੈ ਭਾਇ’ ਭਾਵ ਹੋਰ ਪਿਆਰ ਰਾਹੀਂ ਇਸਤ੍ਰੀ ਨੂੰ।

ਇਸਨਾਨੁ ਦਾਨੁ ਜੇਤਾ ਕਰਹਿ, ‘ਦੂਜੈ ਭਾਇ’ ਖੁਆਰੁ ॥ (ਮ: ੩/੩੪) ‘ਦੂਜੈ ਭਾਇ’ ਭਾਵ ਹੋਰ ਪਿਆਰ ਨਾਲ਼ ਖ਼ੱਜਲ਼-ਖ਼ੁਆਰ ਹੋਈਦਾ ਹੈ।

ਕਰਣੈਵਾਲਾ ਵਿਸਰਿਆ, ‘ਦੂਜੈ ਭਾਇ’ ਪਿਆਰੁ ॥ (ਮ: ੩/੩੯)  ‘ਦੂਜੈ ਭਾਇ’ ਭਾਵ (ਰੱਬ ਤੋਂ ਬਿਨਾਂ) ਹੋਰ ਮੋਹ ਵਿੱਚ ਮਸਤ।

ਮਾਇਆ ਵਿਚਿ ਸਹਜੁ ਨ ਊਪਜੈ, ਮਾਇਆ ‘ਦੂਜੈ ਭਾਇ’ ॥ (ਮ: ੩/੬੮) ‘ਦੂਜੈ ਭਾਇ’ ਭਾਵ ਹੋਰ ਪਾਸੇ ਲਾਈ ਬਿਰਤੀ ਨਾਲ਼ ਮਾਯਾ ਚੰਬੜਦੀ ਹੈ, ਆਦਿ।

ਹਥਲੇ ਲੇਖ (ਵਿਸ਼ੇ) ਨੂੰ ਵਿਚਾਰਨ ਦਾ ਅਸਲ ਮਕਸਦ ਇਹ ਹੈ ਕਿ ਗੁਰਮਤਿ ਵਿੱਚ ਮਾਇਆ ਦੇ ਪ੍ਰਭਾਵ ਨੂੰ ਕੇਵਲ ‘ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ’ ਤੱਕ ਹੀ ਸੀਮਤ ਨਹੀਂ ਰੱਖਿਆ ਜਾ ਸਕਦਾ।

ਮਿਸਾਲ ਵਜੋਂ ਇੱਕ ਗੁਰਸਿੱਖ ਰੋਜ਼ਾਨਾ ਗੁਰੂ ਘਰ ਜਾ ਕੇ 30 ਮਿੰਟ ਸੰਗਤੀ ਤੌਰ ’ਤੇ ਨਿਤਨੇਮ (ਪਾਠ) ਕਰਦਾ ਹੈ ਅਤੇ 15 ਮਿੰਟ ਜੋੜੇ ਘਰ ਜਾਂ ਲੰਗਰ ਹਾਲ ਵਿੱਚ ਹੱਥੀਂ ਸੇਵਾ ਕਰਦਾ ਹੈ, ਪਰ ਇੱਕ ਦਿਨ ਕੁਝ ਲੇਟ ਹੋ ਜਾਣ ਕਾਰਨ ਪੂਰਾ ਸਮਾਂ ਗੁਰੂ ਘਰ ਵਿੱਚ ਨਾ ਦੇ ਸਕਿਆ ਅਤੇ ਪਾਠ ਕਰਦਿਆਂ ਆਪਣਾ ਬਹੁਤਾ ਧਿਆਨ ਹੱਥੀਂ ਕੀਤੀ ਜਾਣ ਵਾਲ਼ੀ ਸੇਵਾ ਅਤੇ ਵਾਪਸ ਘਰ ਪਰਤਣ ਵੱਲ ਲਗਾ ਕੇ ਰੱਖਿਆ, ਜਿਸ ਕਾਰਨ ਇਕਾਗਰ ਚਿੱਤ ਹੋ ਕੇ ਨਾ ਨਿਤਨੇਮ ਹੋਇਆ ਤੇ ਨਾ ਹੀ ਹੱਥੀਂ ਸੇਵਾ ।

ਗੁਰਮਤਿ ਅਨੁਸਾਰ ਧਰਮ ਦਾ ਸਬੰਧ ‘ਮਨ’ ਨਾਲ ਹੈ, ‘‘ਮਮਾ, ਮਨ ਸਿਉ ਕਾਜੁ ਹੈ; ਮਨ ਸਾਧੇ ਸਿਧਿ ਹੋਇ ॥’’ (ਭਗਤ ਕਬੀਰ/੩੪੨) ਤਾਂ ਤੇ ਮਨ ਦੀ ਇਕਾਗਰਤਾ ਵੀ ਬੜੀ ਜ਼ਰੂਰੀ ਹੈ।  ਗੁਰੂ ਰਾਮਦਾਸ ਜੀ ਦੇ ਵਚਨ ਹਨ ਕਿ ‘ਮਨ’ ਇੱਕ ਹੈ, ਜੋ ਕੇਵਲ ਇੱਕ ਪਾਸੇ ਹੀ ਲੱਗ ਸਕਦਾ ਹੈ, ‘‘ਇਕੁ ਮਨੁ, ਇਕੁ ਵਰਤਦਾ; ਜਿਤੁ ਲਗੈ, ਸੋ ਥਾਇ ਪਾਇ ॥’’ (ਮ: ੪/੩੦੩), ਇਸ ਲਈ ਗੁਰਮਤਿ, ‘ਮਨ’ ਦੀ ਇਕਾਗਰਤਾ ਤੋਂ ਬਿਨਾਂ ਹੋਰ ਪਾਸੇ ਲੱਗੀ ਰੁਚੀ (ਝਾਕ) ਨੂੰ ‘ਦੂਜੈ ਭਾਇ’ ਵਿੱਚ ਲੈ ਆਉਂਦੀ ਹੈ ਭਾਵੇਂ ਕਿ ਕੋਈ ਲੋਕ ਭਲਾਈ ਕਾਰਜ ਲਈ ਹੀ ਫੁਰਨਾ ਉੱਠਿਆ ਹੋਵੇ, ਪਰ ਅਜਿਹੀ ਦੁਚਿੱਤੀ ਬਿਰਤੀ ਨੂੰ ਕਾਮਾਦਿਕਾਂ ਵੱਲ ਵੀ ਨਹੀਂ ਉਲਥਾਇਆ ਜਾ ਸਕਦਾ।  ਆਸਾ ਕੀ ਵਾਰ ’ਚ ਗੁਰੂ ਨਾਨਕ ਸਾਹਿਬ ਜੀ ‘‘ਬੀਉ ਬੀਜਿ, ਪਤਿ ਲੈ ਗਏ; ਅਬ ਕਿਉ ਉਗਵੈ ਦਾਲਿ ?॥  ਜੇ ਇਕੁ ਹੋਇ, ਤ ਉਗਵੈ; ਰੁਤੀ ਹੂ ਰੁਤਿ ਹੋਇ ॥’’ (ਮ: ੧/੪੬੮) ਭਾਵ ਦੋ ਦਾਣੇ (ਟੋਟੇ ਟੋਟੇ) ਵਾਲ਼ਾ ਬੀਜ ਘੱਟ ਹੀ ਉੱਗਦਾ ਹੈ।

ਉਕਤ ਮਿਸਾਲ ਉਪਰੰਤ ਕਹਿਣਾ ਪਏਗਾ ਕਿ ਗੁਰਮਤ ਮੁਤਾਬਕ ‘ਪੰਜ ਕਾਮਾਦਿਕਾਂ’ ਦੇ ਮੁਕਾਬਲੇ ‘ਦੂਜੈ ਭਾਇ’ ਦੇ ਭਾਵਾਰਥ ਵਿਸ਼ਾਲ ਹਨ ਭਾਵ ‘ਦੂਜੈ ਭਾਇ’ ’ਚ ‘ਪੰਜ ਕਾਮਾਦਿਕ’ ਆ ਜਾਂਦੇ ਹਨ ਪਰ ‘ਪੰਜ ਕਾਮਾਦਿਕਾਂ’ ’ਚ ਸੰਪੂਰਨ ‘ਦੂਜੈ ਭਾਇ’ ਨਹੀਂ।  ਵੈਸੇ ਵੀ ‘ਕਾਮ, ਕ੍ਰੋਧ, ਲੋਭ, ਮੋਹ’ (ਸੰਯੁਕਤ ਸ਼ਬਦ) ਗੁਰਬਾਣੀ ’ਚ ਇਕੱਠੇ ਕੇਵਲ 14 ਵਾਰ ਦਰਜ ਹਨ ਜਦ ਕਿ ‘ਦੂਜੈ ਭਾਇ’ 151 ਵਾਰ ਦਰਜ ਹੈ।  ਇਨ੍ਹਾਂ ‘ਕਾਮ, ਕ੍ਰੋਧ, ਲੋਭ, ਮੋਹ’ ਵਿੱਚ ਪੰਜਵੇਂ ‘ਅਹੰਕਾਰ’ ਨੂੰ ਇਸ ਲਈ ਸ਼ਾਮਲ ਨਹੀਂ ਕੀਤਾ ਗਿਆ ਕਿਉਂਕਿ 14 ਵਿੱਚੋਂ ਕਈ ਵਾਰ ‘ਅਹੰਕਾਰ’ ਦੀ ਬਜਾਇ ‘ਅਭਿਮਾਨ ਜਾਂ ਹਉਮੈ’ ਸ਼ਬਦ ਵੀ ਦਰਜ ਹੁੰਦੇ ਹਨ; ਜਿਵੇਂ ਕਿ

ਕਾਮੁ, ਕ੍ਰੋਧੁ, ਲੋਭੁ, ਮੋਹੁ; ‘ਅਭਿਮਾਨੁ’ ਵਧਾਏ ॥ (ਮ: ੪/੩੬੬)

ਕਾਮੁ, ਕ੍ਰੋਧੁ, ‘ਅਹੰਕਾਰੁ’ ਤਜੀਅਲੇ; ਲੋਭੁ ਮੋਹੁ ਤਿਸ ਮਾਇਆ ॥ (ਮ: ੧/੫੦੩)

ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ; ਕਾਮੁ, ਕ੍ਰੋਧੁ, ਲੋਭੁ, ਮੋਹੁ, ‘ਅਹੰਕਾਰਾ’ ॥ (ਮ: ੩/੬੦੦)

ਕਾਮੁ, ਕ੍ਰੋਧੁ, ਲੋਭੁ, ਮੋਹੁ, ‘ਅਭਿਮਾਨੁ’ ਬਿਖੈ ਰਸ; ਇਨ ਸੰਗਤਿ ਤੇ ਤੂ ਰਹੁ ਰੇ ॥ (ਮ: ੪/੧੧੧੮)

ਕਾਮੁ, ਕ੍ਰੋਧੁ, ਲੋਭੁ, ਮੋਹੁ, ਜਣ ਜਣ ਸਿਉ ਛਾਡੁ ਧੋਹੁ; ‘ਹਉਮੈ’ ਕਾ ਫੰਧੁ ਕਾਟੁ, ਸਾਧਸੰਗਿ ਰਤਿ ਜੀਉ ॥ (ਸਵਈਏ ਮਹਲੇ ਚਉਥੇ ਕੇ/ਭਟ ਗਯੰਦ/੧੪੦੩)

ਸੋ, ਗੁਰਬਾਣੀ ਸਿਧਾਂਤ ’ਚ ਸ਼ਾਮਲ ‘ਪੰਜ ਕਾਮਾਦਿਕ’, ਪ੍ਰਚਲਿਤ ਖ਼ਿਆਲਾਂ ’ਚੋਂ ਮਿਸਾਲ ਵਜੋਂ ਲਏ ਗਏ ਹਨ, ਜੋ ਮਾਇਆ ਦੀ ਪੂਰਨ ਵਿਆਖਿਆ ਨਹੀਂ ਕਰਦੇ ਜਦ ਕਿ ‘ਦੂਜੈ ਭਾਇ’ (ਸੰਯੁਕਤ ਸ਼ਬਦ) ਕੇਵਲ ਗੁਰਮਤ ਦੀ ਖੋਜ ’ਤੇ ਨਿਰਭਰ ਹੈ ਤੇ ਮਾਯਾ ਦੀ ਪੂਰਨ ਵਿਆਖਿਆ ਕਰਦੇ ਹਨ, ਇਸ ਲਈ ਰੂੜ੍ਹੀਵਾਦੀ (ਰਵਾਇਤੀ) ਖ਼ਿਆਲ ਅਤੇ ਗੁਰਮਤਿ ਦੇ ਨਿਵੇਕਲੇ ਵਿਚਾਰਾਂ ਦੀ ਸਮਝ ਅਤੇ ਅੰਤਰ ਨੂੰ ਵਿਚਾਰਨ ਉਪਰੰਤ ਹੀ ਗੁਰਮਤਿ ਦੀ ਵਿਲੱਖਣਤਾ ਅਤੇ ਸਰਬਸਾਂਝੀ ਵਿਚਾਰਧਾਰਾ ਵਧੇਰੇ ਸਪੱਸ਼ਟ ਹੁੰਦੀ ਜਾਪਦੀ ਹੈ।

ਮਾਇਆ ਦੇ ਪ੍ਰਭਾਵ ਨੂੰ ਦਰਸਾਉਂਦੇ ਇਸ ਵਿਸ਼ੇ ਨੂੰ ਸਮਝਣ ਲਈ ‘ਦੂਜੈ ਭਾਇ’ ਸ਼ਬਦਾਂ ਦੀ ਟੇਕ ਲੈਣ ਤੋਂ ਇਲਾਵਾ ਵੀ ਗੁਰਮਤ; ‘ਪੰਜ ਕਾਮਾਦਿਕਾਂ’ ਤੋਂ ਬਾਹਰ ਵਿਕਾਰ ਹੋਣ ਵੱਲ ਸੰਕੇਤ ਕਰਦੀ ਹੈ; ਜਿਵੇਂ ਕਿ

‘ਪੰਚ ਦੋਖ’ ਅਰੁ ‘ਅਹੰ ਰੋਗ’; ਇਹ ਤਨ ਤੇ ਸਗਲ ਦੂਰਿ ਕੀਨ ॥ (ਮ: ੫/੭੧੬), ਤਿਨ੍ ਜਨ ਕੇ ‘ਸਭਿ ਪਾਪ’ ਗਏ, ‘ਸਭਿ ਦੋਖ’ ਗਏ, ‘ਸਭਿ ਰੋਗ’ ਗਏ; ‘ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ’ ਗਏ ਤਿਨ੍ ਜਨ ਕੇ, ਹਰਿ ਮਾਰਿ ਕਢੇ ‘ਪੰਚ ਚੋਰਾ’ ॥’’ (ਮ: ੪/੧੨੦੧), ਆਦਿ।

ਜ਼ਿੰਦਗੀ ਵਿੱਚ ਹੱਸਣਾ ਕਿਉ ਜ਼ਰੂਰੀ ਹੈ ?

0

ਜ਼ਿੰਦਗੀ ਵਿੱਚ ਹੱਸਣਾ ਕਿਉ ਜ਼ਰੂਰੀ ਹੈ ?

–  ਡਾ. ਅਮਨਦੀਪ ਸਿੰਘ ਟੱਲੇਵਾਲੀਆ, ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ (ਬਰਨਾਲਾ)-98146-99446

‘‘ਨਚਣੁ ਕੁਦਣੁ, ਮਨ ਕਾ ਚਾਉ ॥ (ਮ: ੧/੪੬੫) ਦੇ ਕਥਨ ਮੁਤਾਬਕ ਨੱਚਣਾ, ਕੁੱਦਣਾ ਤੇ ਹੱਸਣਾ ਵੀ ਜ਼ਿੰਦਗੀ ਦਾ ਇੱਕ ਜ਼ਰੂਰੀ ਅੰਗ ਹੈ।  ਹੱਸਣਾ ਜਾਂ ਖ਼ੁਸ਼ ਰਹਿਣਾ ਹੀ ਜ਼ਿੰਦਗੀ ਹੈ।

ਇਹ ਦੁਨੀਆਂ ਮੰਡੀ ਪੈਸੇ ਦੀ, ਹਰ ਚੀਜ਼ ਵਿਕੇਂਦੀ ਭਾਅ ਸੱਜਣਾ।

ਇਥੇ ਰੋਂਦੇ ਚਿਹਰੇ ਨਹੀਂ ਵਿਕਦੇ, ਹੱਸਣ ਦੀ ਆਦਤ ਪਾ ਸੱਜਣਾ।

ਸੋ ਕਹਿਣ ਤੋਂ ਭਾਵ ਹੱਸਦੇ ਚਿਹਰਿਆਂ ਦੀ ਜਿੰਨੀ ਕਦਰ ਪੈਂਦੀ ਹੈ ਜਾਂ ਹਸੂੰ-ਹਸੂੰ ਕਰਦੇ ਚਿਹਰੇ ਜਿੰਨੇ ਸੋਹਣੇ ਲੱਗਦੇ ਹਨ, ਉਨ੍ਹਾਂ ਰੋਂਦੇ ਚਿਹਰੇ ਨਹੀਂ। ਇੱਥੇ ਇਹ ਗੱਲ ਵੀ ਧਿਆਨ ਦੇਣ ਵਾਲੀ ਹੈ ਕਿ ਹਾਸਾ ਕਿਸ ਨੂੰ ਆਉਂਦਾ ਹੈ ਜਾਂ ਖ਼ੁਸ਼ ਕੌਣ ਰਹਿੰਦਾ ਹੈ।

ਬਿਨਾਂ ਖ਼ੁਸ਼ੀ ਦੇ ਹੱਸਿਆ ਨਹੀਂ ਜਾਂਦਾ, ਰੋਣੇ ਗ਼ਮਾਂ ਦੇ ਬਾਝ ਨਹੀਂ ਰੋਏ ਜਾਂਦੇ।

ਦਰਦਾਂ ਬਾਝ ਨਾ ਸੀਨੇ ਵਿਚ ਛੇਕ ਪੈਂਦੇ, ਛੇਕਾਂ ਬਾਝ ਨਾ ਮੋਤੀ ਪਰੋਏ ਜਾਂਦੇ।

ਜਿਹੜੇ ਇਨਸਾਨ ਜ਼ਿੰਦਗੀ ਵਿਚ ਸੰਤੁਸ਼ਟ ਹਨ, ਉਹੀ ਖ਼ੁਸ਼ ਰਹਿੰਦੇ ਹਨ ਅਤੇ ਹਾਸਾ ਉਸ ਖ਼ੁਸ਼ੀ ਦਾ ਬਾਹਰੀ ਪ੍ਰਗਟਾਵਾ ਹੁੰਦਾ ਹੈ, ਜੋ ਅੰਦਰਲੇ ਹਾਵ-ਭਾਵ ਨੂੰ ਉਜਾਗਰ ਕਰਦਾ ਹੈ। ਖ਼ੁਸ਼ੀ ਤੋਂ ਅੱਗੇ ਵੀ ਇਕ ਅਵਸਥਾ ਹੈ, ਜਿਸ ਨੂੰ ਆਨੰਦ ਦੀ ਅਵਸਥਾ ਆਖਿਆ ਜਾਂਦਾ ਹੈ। ‘ਆਨੰਦ’ ਦੀ ਅਵਸਥਾ ਤਾਂ ਸਿਰਫ਼ ਉਨ੍ਹਾਂ ਮਹਾਂਪੁਰਸ਼ਾਂ ਨੂੰ ਹੀ ਨਸੀਬ ਹੁੰਦੀ ਹੈ, ਜੋ ਇਸ ਮਾਇਆ ਅਤੇ ਮੋਹ ਦੇ ਜਾਲ ’ਚੋਂ ਨਿਕਲ ਕੇ ਆਪਣੇ ਮਨ ਨੂੰ ‘ਸਾਧ’ ਕੇ ਸੰਤੁਸ਼ਟ ਕਰ ਲੈਂਦੇ ਹਨ ਅਤੇ ਉਨ੍ਹਾਂ ਦੇ ਅੰਦਰ ਦੀਆਂ ਇੱਛਾਵਾਂ ਖ਼ਤਮ ਹੋ ਜਾਂਦੀਆਂ ਹਨ। ‘ਨਾ ਉਹਨਾਂ ਨੂੰ ਚੜ੍ਹੀ ਦੀ, ਨਾ ਲੱਥੀ ਦੀ’ ਫਿਰ ਉਹ ਸੁਥਰਿਆਂ ਵਾਲੀ ਜ਼ਿੰਦਗੀ ਵਿਚ ਪ੍ਰਵੇਸ਼ ਕਰ ਜਾਂਦੇ ਹਨ ਅਤੇ ਇਸ ਨੂੰ ਆਨੰਦ ਦੀ ਅਵਸਥਾ ਆਖਿਆ ਜਾਂਦਾ ਹੈ।

ਗੱਲ ਕਰ ਰਹੇ ਹਾਂ ਹੱਸਣ ਦੀ। ਆਨੰਦ ਦੀ ਪ੍ਰਾਪਤੀ ਕਰਨੀ ਤਾਂ ਬਹੁਤ ਵੱਡੀ ਗੱਲ ਹੈ। ਐਨਾ ਹੀ ਬਹੁਤ ਹੈ ਕਿ ਅਸੀਂ ਹੱਸਣ ਦੀ ਆਦਤ ਪਾ ਲਈਏ। ਅੱਜ ਦਾ ਸਮਾਂ ਐਨਾ ਕੁ ਬਿਜ਼ੀ ਹੋ ਗਿਆ ਹੈ ਕਿ ਲੋਕਾਂ ਕੋਲ ਹੱਸਣ ਲਈ ਸਮਾਂ ਹੀ ਨਹੀਂ ਰਿਹਾ। ਪਹਿਲੀ ਗੱਲ ਤਾਂ ਹਾਸਾ ਮਜ਼ਾਕ ਕੋਈ ਪਸੰਦ ਹੀ ਨਹੀਂ ਕਰਦਾ। ਜੇਕਰ ਕਿਸੇ ਨੂੰ ਹਾਸੇ-ਹਾਸੇ ਵਿਚ ਕੁੱਝ ਕਹਿ ਦਿਓ ਤਾਂ ਅਗਲਾ ਵੱਢ ਖਾਣ ਨੂੰ ਪੈਂਦਾ ਹੈ।  ਦੂਸਰਾ ਅਸੀਂ ਹੱਸਣਾ ਭੁੱਲਦੇ ਜਾ ਰਹੇ ਹਾਂ। ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਜਿੰਨਾ ਲੋਕ ਹਾਸੇ ਠੱਠਿਆਂ ਤੋਂ ਦੂਰ ਹੁੰਦੇ ਜਾ ਰਹੇ ਹਨ, ਉਨ੍ਹਾਂ ਹੀ ਬਿਮਾਰੀਆਂ ਵਿਚ ਗ੍ਰਸੇ ਜਾ ਰਹੇ ਹਨ।

ਬਾਹਰਲੇ ਮੁਲਕਾਂ ਵਿਚ (ਹੁਣ ਤਾਂ ਇਧਰ ਵੀ) ‘ਲਾਫਟਰ ਕਲੱਬ’ ਬਣਾਏ ਜਾ ਰਹੇ ਹਨ, ਜਿੱਥੇ ਲੋਕ ਬਣਾਉਟੀ ਹਾਸਾ ਹੱਸਦੇ ਹਨ ਜਾਂ ਲੋਕਾਂ ਦੇ ਮਨੋਰੰਜਨ ਲਈ ਫ਼ਿਲਮਾਂ ਰਾਹੀਂ, ਟੈਲੀਵਿਯਨ ਰਾਹੀਂ ਕਾਮੇਡੀ ਸ਼ੋਅ ਕਰਵਾਏ ਜਾ ਰਹੇ ਹਨ ਤਾਂ ਕਿ ‘ਬਿਜ਼ੀ ਲਾਈਫ’ ਨੂੰ ਥੋੜ੍ਹਾ ਜਿਹਾ ਹਾਸੇ-ਠੱਠੇ ਨਾਲ ਰੰਗੀਨ ਬਣਾਇਆ ਜਾ ਸਕੇ ਪਰ ਇਹ ਹਾਸਾ ਉਨ੍ਹਾਂ ਲਾਭਕਾਰੀ ਸਿੱਧ ਨਹੀਂ ਹੁੰਦਾ, ਜਿੰਨਾ ਅੰਦਰੋਂ ਆਪ-ਮੁਹਾਰੇ ਹੱਸਣਾ। ਇਕ ਸਮਾਂ ਸੀ, ਜਦੋਂ ਲੋਕ ਇਕੱਠੇ ਜੁੜ ਬੈਠ ਕੇ ਇਕ-ਦੂਜੇ ਨੂੰ ਮਜ਼ਾਕ ਕਰਦੇ, ਕੁੜੀਆਂ-ਕੱਤਰੀਆਂ ਇਕ-ਦੂਜੀ ਨੂੰ ਛੇੜਦੀਆਂ ਜਾਂ ਜੀਜਾ-ਸਾਲੀ, ਦਿਓਰ-ਭਰਜਾਈ ਆਪਸ ਵਿਚ ਹਾਸਾ-ਠੱਠਾ ਕਰਦੇ ਪਰ ਸਮੇਂ ਦੀ ਚਾਲ ਨੇ ਸਭ ਕੁੱਝ ਬਦਲ ਦਿੱਤਾ ਹੈ। ਰਿਸ਼ਤਿਆਂ ਨੂੰ ਬਦਨਾਮ ਕਰ ਦਿੱਤਾ ਹੈ। ਪਵਿੱਤਰ ਰਿਸ਼ਤਿਆਂ ਨੂੰ ਅਸ਼ਲੀਲਤਾ ਦੀ ਪਾਣ ਚੜ੍ਹਾ ਦਿੱਤੀ। ਹੁਣ ਸਭ ਕੁੱਝ ਬਣਾਉਟੀ ਹੋ ਕੇ ਰਹਿ ਗਿਆ। ਗੱਲ ਕੀ ਮਨੁੱਖ ਵੀ ਸਿਰਫ਼ ਪੈਸੇ ਵਾਲੀ ਮਸ਼ੀਨ ਬਣ ਗਿਆ। ਮਸ਼ੀਨਾਂ ਦੇ ਦਿਲ ਨਹੀਂ ਹੁੰਦਾ ਅਤੇ ਦਿਲਾਂ ਬਿਨਾਂ ਹਾਸੇ ਨਹੀਂ ਉਗਦੇ। ਕਈ ਤਾਂ ਵਿਚਾਰੇ ਅਜਿਹੇ ਹਨ ਕਿ ਉਹਨਾਂ ਕੋਲ ਖ਼ੁਸ਼ੀ ਨਹੀਂ ਹੁੰਦੀ ਉਹ ਤਾਂ ਨਹੀਂ ਹੱਸਦੇ ਪਰ ਕਈ ਬਦਕਿਸਮਤ ਅਜਿਹੇ ਵੀ ਹਨ ਕਿ ਜਿੰਨਾਂ ਕੋਲ ਖ਼ੁਸ਼ੀਆਂ ਤਾਂ ਬਥੇਰੀਆਂ ਹਨ ਪਰ ਹੱਸਣਾ ਨਹੀਂ ਆਉਂਦਾ ਭਾਵ ਖ਼ੁਸ਼ੀ ਦਾ ਪ੍ਰਗਟਾਵਾ ਨਹੀਂ ਕਰਨਾ ਆਉਂਦਾ ਜਾਂ ਕਹਿ ਲਵੋ ਜਾਣ-ਬੁੱਝ ਕੇ ਖ਼ੁਸ਼ ਨਹੀਂ ਹੁੰਦੇ।

ਜਦੋਂ ਅਸੀਂ ਹੱਸਦੇ ਹਾਂ ਤਾਂ ਸਾਡੇ ਚਿਹਰੇ ਦੀਆਂ ਮਾਸਪੇਸ਼ੀਆਂ ਦੀ ਕਸਰਤ ਹੁੰਦੀ ਹੈ। ਚਿਹਰੇ ਦੀਆਂ ਬਹੁਤ ਸਾਰੀਆਂ ਮਾਸਪੇਸ਼ੀਆਂ ਅਜਿਹੀਆਂ ਹਨ, ਜੋ ਹੱਸਣ ਨਾਲ ਮਜ਼ਬੂਤ ਹੁੰਦੀਆਂ ਹਨ ਅਤੇ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਹਸੂੰ-ਹਸੂੰ ਕਰਦੇ ਚਿਹਰਿਆਂ ’ਤੇ ਹਮੇਸ਼ਾ ਚਮਕ ਰਹਿੰਦੀ ਹੈ। ਫਿਰ ਕਿਸੇ ਬਾਹਰੀ ਕਰੀਮ ਜਾਂ ਮਹਿੰਗੇ ਪਾਊਡਰ ਦੀ ਜ਼ਰੂਰਤ ਨਹੀਂ ਰਹਿੰਦੀ। ਜਿਸ ਦੇ ਦਿਲ ਵਿਚ ਖ਼ੁਸ਼ੀ, ਉਸ ਦੇ ਬੁੱਲ੍ਹਾਂ ’ਤੇ ਹਾਸੇ ਅਤੇ ਚਿਹਰੇ ’ਤੇ ਰੌਣਕ ਰਹਿੰਦੀ ਹੈ।  ਹਾਸੇ ਦੀਆਂ ਵੀ ਕਈ ਕਿਸਮਾਂ ਹੁੰਦੀਆਂ ਹ; ਜਿਵੇਂ ਕਿ

  1. ਸੰਗਾਊ ਹਾਸਾ (Smiling) : ਕਈ ਲੋਕ ਹੱਸਦੇ ਤਾਂ ਹਨ ਭਾਵ ਮਨ ਵਿਚ ਖ਼ੁਸ਼ੀ ਤਾਂ ਹੁੰਦੀ ਹੈ ਪਰ ਉਹ ਸੰਗਾਊ ਬਿਰਤੀ ਦੇ ਮਾਲਕ ਹੁੰਦੇ ਹਨ। ਸਿਰਫ਼ ਬੁੱਲ੍ਹਾਂ ਵਿਚ ਮੁਸਕਰਾ ਕੇ ਆਪਣੇ ਹਾਸੇ ਦਾ ਪ੍ਰਗਟਾਅ ਕਰਦੇ ਹਨ।
  2. ਖਿੜ-ਖਿੜ ਹੱਸਣਾ (Vivacious) : ਬਹੁਤ ਥੋੜ੍ਹੇ ਲੋਕਾਂ ਦੇ ਹਿੱਸੇ ਆਉਂਦਾ ਹੈ ਖਿੜ-ਖਿੜ ਹੱਸਣਾ, ਜੋ ਬਿਨਾਂ ਕਿਸੇ ਸੰਗ-ਸ਼ਰਮ ਦੇ ਤਾੜੀ ਮਾਰ ਕੇ ਖਿੜ-ਖਿੜ ਹੱਸਦੇ ਹਨ ਭਾਵ ਆਪਣੀ ਖੁਸ਼ੀ ਦਾ ਪ੍ਰਗਟਾਅ ਇਸ ਤਰ੍ਹਾਂ ਕਰਦੇ ਹਨ, ਜਿਵੇਂ ਦੀਵਾਲੀ ਦੇ ਦਿਨ ਪਟਾਖੇ ਚਲਦੇ ਹਨ।
  3. ਦਿਖਾਵੇ ਵਾਲਾ ਹਾਸਾ (Formal Laughing) : ਇਹ ਲੋਕ ਅਜਿਹੇ ਹੁੰਦੇ ਹਨ, ਜੋ ਕਿਸੇ ਦੂਸਰੇ ਦੀ ਖ਼ੁਸ਼ੀ ਵਿਚ ਸ਼ਾਮਲ ਤਾਂ ਹੁੰਦੇ ਹਨ ਪਰ ਅੰਦਰੋਂ ਦੁਖੀ ਹਨ। ਸਿਰਫ਼ ਬਾਹਰੀ ਦਿਖਾਵੇ ਦੇ ਤੌਰ ’ਤੇ ਹੱਸਦੇ ਹਨ। ਅਜਿਹੇ ਲੋਕਾਂ ਦੀ ਪਹਿਚਾਣ ਕਰਨੀ ਬੜੀ ਔਖੀ ਹੁੰਦੀ ਹੈ। ਇਕ ਮਨੋਵਿਗਿਆਨੀ ਅਜਿਹੀ ‘ਸ਼ਖ਼ਸੀਅਤ’ ਦੀ ਪਛਾਣ ਕਰਨ ਵਿਚ ਬਹੁਤੀ ਦੇਰ ਨਹੀਂ ਲਾਉਂਦਾ।
  4. ਅੱਖਾਂ ਵਿਚ ਹੱਸਣਾ (Laughing Eyes) : ਖ਼ਾਸ ਕਰ ਕੇ ਸ਼ਰਾਰਤੀ ਦਿਮਾਗ ਜਾਂ ਅੱਲੜ੍ਹ ਉਮਰ ਦੇ ਮੁੰਡੇ-ਕੁੜੀਆਂ ਸਿਰਫ ਅੱਖਾਂ ਵਿਚ ਦਿਲ ਦੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ ਪਰ ਆਪਣੇ ਬੁੱਲ੍ਹ ਮੀਚ ਕੇ, ਦੰਦ ਲੁਕਾ ਕੇ ਦੁਨੀਆਂ ਤੋਂ ਇਸ ਗੱਲ ਦਾ ਓਹਲਾ ਵੀ ਰੱਖਦੇ ਹਨ।
  5. ਕਾਮ ਭੜਕਾਊ ਹਾਸਾ : ਅਜਿਹੀ ਹਾਸੀ ਵਾਲੇ ਬਹੁਤ ਥੋੜ੍ਹੇ ਕੁੜੀਆਂ-ਮੁੰਡੇ ਹੁੰਦੇ ਹਨ, ਜੋ ਸਿਰਫ ‘ਹੱਸ ਕੇ’ ਹੀ ਦੂਸਰਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਫਿਲਮਾਂ ਦੇ ਮਾਡਲਾਂ ਦੀ ਤਰ੍ਹਾਂ ਇਹ ਆਪਣੇ ‘ਸੈਕਸੀ ਲਿਪਸ’ ਦੇ ਸਹਾਰੇ ਹੀ ਦੁਨੀਆਂ ਜਿੱਤ ਲੈਂਦੇ ਹਨ।
  6. ਮੁਸਕਰਾਉਣਾ (Cheerful) : ਕਈ ਮਨੁੱਖ ਅਜਿਹੇ ਹੁੰਦੇ ਹਨ, ਜਿਨ੍ਹਾਂ ਦੇ ਚਿਹਰੇ ਹਰ ਵੇਲੇ ਹਸੂੰ-ਹਸੂੰ ਕਰਦੇ ਹਨ। ਉਹ ਜਿੱਥੇ ਵੀ ਜਾਂਦੇ ਹਨ, ਉਥੇ ਆਪਣੀ ‘ਮਹਿਕ’ ਖਿੰਡਾ ਕੇ ਆਲੇ-ਦੁਆਲੇ ਨੂੰ ਨਸ਼ਿਆ ਦਿੰਦੇ ਹਨ।
  7. ਹਾਸਾ ਮਜ਼ਾਕ (Jesting) : ਇਹ ਹਾਸੇ ਦਾ ਉਹ ਰੂਪ ਹੈ, ਜਿੱਥੇ ਕੋਈ ਅੰਦਰੂਨੀ ਖ਼ੁਸ਼ੀ ਜਾਂ ਖੇੜਾ ਤਾਂ ਨਹੀਂ ਹੁੰਦਾ ਪਰ ਕਿਸੇ ਇਕ ਵੱਲੋਂ ਦੂਸਰੇ ਨੂੰ ਕੋਈ ਮੌਕੇ ਅਨੁਸਾਰ ਅਜਿਹੀ ਗੱਲ ਕੱਢ ਮਾਰਨੀ, ਜਿਸ ਨਾਲ ‘ਢਿੱਡੀਂ ਪੀੜਾਂ’ ਪੈ ਜਾਂਦੀਆਂ ਹਨ। ਬੇਸ਼ੱਕ ਇਹ ਇਕ ਕਿਸਮ ਦਾ ਬਣਾਉਟੀ ਹਾਸਾ ਹੀ ਹੁੰਦਾ ਹੈ ਪਰ ਇਸ ਨਾਲ ਚਿਹਰੇ ਦੀਆਂ ਮਾਸਪੇਸ਼ੀਆਂ ਉੱਤੇ ਇਕਦਮ ਨਿਖ਼ਾਰ ਆ ਜਾਂਦਾ ਹੈ। ਸਾਰੇ ਕਾਮੇਡੀਅਨ, ਭੰਡ ਜਾਂ ਹਾਸਾ-ਠੱਠਾ ਕਰਨ ਵਾਲੇ ਲੋਕ ਦੂਸਰਿਆਂ ਨੂੰ ਹਸਾਉਣ ਲਈ ਆਪਣੀ ਕਲਾ ਦਾ ਪੂਰਾ-ਪੂਰਾ ਪ੍ਰਦਰਸ਼ਨ ਕਰਦੇ ਹਨ। ਇਹ ਜ਼ਰੂਰੀ ਨਹੀਂ ਹੁੰਦਾ ਕਿ ਦੂਸਰਿਆਂ ਨੂੰ ਹਸਾਉਣ ਵਾਲਾ ਆਪ ਸੱਚਮੁੱਚ ਖ਼ੁਸ਼ ਹੀ ਰਹਿੰਦਾ ਹੋਵੇ। ਇਹ ਉਸ ਦਾ ਕਿੱਤਾ (ਪ੍ਰੋਫੈਸ਼ਨ), ਕਲਾ ਜਾਂ ਦੂਸਰਿਆਂ ਉੱਪਰ ਆਪਣਾ ਪ੍ਰਭਾਵ ਪਾਉਣ ਦਾ ਹੀ ਇਕ ਤਰੀਕਾ ਹੋਵੇ; ਜਿਵੇਂ ਕਿ ਕਿਸੇ ਸ਼ਾਇਰ ਨੇ ਲਿਖਿਆ ਹੈ :

ਹੋਠੋਂ ਪੇ ਮੁਸਕਰਾਹਟੇਂ ਸੀਨੇ ਮੇਂ ਗ਼ਮ ਲੀਏ

ਜੀਤਾ ਹੈ ਕੌਨ ਯਾਰੋ ਜੈਸੇ ਕਿ ਹਮ ਜੀਏ।

ਕੁੱਝ ਵੀ ਹੋਵੇ, ਕਾਮੇਡੀਅਨ ਕਲਾਕਾਰ ਭਾਵੇਂ ਕਿਸੇ ਵੀ ਸਥਿਤੀ ਵਿਚ ਹੋਵੇ ਪਰ ਉਸ ਦਾ ਕੰਮ ਤਾਂ ਦੂਸਰਿਆਂ ਨੂੰ ਹਸਾਉਣਾ ਹੀ ਹੁੰਦਾ ਹੈ। ਕਿਸੇ ਨੂੰ ਖ਼ੁਸ਼ੀ ਦੇਣੀ ਜਾਂ ਕਿਸੇ ਰੋਂਦੇ ਹੋਏ ਚਿਹਰੇ ਨੂੰ ਹਸਾਉਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਮਹਾਨ ਕਾਰਜ ਹੈ, ਇਸ ਤਰ੍ਹਾਂ ਭਾਵੇਂ ਕੁੱਝ ਵੀ ਹੋਵੇ, ਇਨਸਾਨ ਨੂੰ ਹਰ ਵੇਲੇ ਖ਼ੁਸ਼ ਰਹਿਣਾ ਚਾਹੀਦਾ ਹੈ ਅਤੇ ਇਹੀ ਖ਼ੁਸ਼ੀ ਚਿਹਰੇ ਉੱਤੇ ਹਾਸੇ ਦੇ ਰੂਪ ਵਿੱਚ ਡੁੱਲ੍ਹ-ਡੁੱਲ੍ਹ ਪੈਂਦੀ ਹੈ, ਸਿਆਣਿਆਂ ਠੀਕ ਹੀ ਕਿਹਾ ਹੈ ਕਿ ‘ਹੱਸਦਿਆਂ ਦੇ ਘਰ ਵੱਸਦੇ।’

ਬੇਸ਼ੱਕ ਇਨਸਾਨ ਦੀ ਜ਼ਿੰਦਗੀ ਵਿੱਚ ਕਈ ਵਾਰ ਦੁੱਖਾਂ ਦੀਆਂ ਹਨੇਰੀਆਂ ਝੁੱਲ ਜਾਂਦੀਆਂ ਹਨ ਪਰ ਫਿਰ ਵੀ ਕਈ ਗੱਲਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਹੱਲ ਦੁਖੀ ਹੋ ਕੇ ਜਾਂ ਰੋਣ-ਕੁਰਲਾਉਣ ਨਾਲ ਵੀ ਨਹੀਂ ਨਿਕਲਦਾ। ਸੋ ਅਜਿਹੀਆਂ ਸਥਿਤੀਆਂ ਵਿੱਚ ਇਹ ਤਾਂ ਨਹੀਂ ਕਿ ਖਿੜ-ਖਿੜ ਹੱਸਣਾ ਚਾਹੀਦਾ ਹੈ ਪਰ ਜਿੱਥੋਂ ਤੱਕ ਹੋ ਸਕੇ ਮਨ ’ਤੇ ਕਾਬੂ ਪਾ ਕੇ ਰੱਖਣਾ ਜ਼ਰੂਰੀ ਹੈ ਅਤੇ ਦੁੱਖ ਨੂੰ ਭੁੱਲ ਕੇ ਖ਼ੁਸ਼ੀ ਦੀ ਤਲਾਸ਼ ਕਰਨੀ ਚਾਹੀਦੀ ਹੈ।  ਹਮੇਸ਼ਾ ਆਸ਼ਾਵਾਦੀ ਹੋ ਕੇ ਚੱਲਣਾ ਚਾਹੀਦਾ ਹੈ।

ਮਾਡਰਨ ਸ਼ੈਲੀ ਵਿੱਚ ‘ਫਨ’ ਕਰਨਾ ਅੱਜ ਕੱਲ੍ਹ ਮੁੰਡੇ-ਕੁੜੀਆਂ ਦਾ ਸ਼ੌਕ ਬਣਦਾ ਜਾ ਰਿਹਾ ਹੈ। ਇਹ ਫਨ ਹੱਸਣ-ਖੇਡਣ ਤੋਂ ਸ਼ੁਰੂ ਹੋ ਕੇ ਕਿਸੇ ਵੀ ਹੱਦ ਤੱਕ ਹੋ ਸਕਦਾ ਹੈ ਭਾਵ ਇਸ ਵਿੱਚ ਜ਼ਿੰਦਗੀ ਦੀ ਸੁੱਚਮਤਾ ਤੋਂ ਲੈ ਕੇ ਅਸ਼ਲੀਲਤਾ ਦੀ ਹੱਦ ਵੀ ਪਾਰ ਹੋ ਜਾਂਦੀ ਹੈ ਪਰ ਅਸਲੀ ‘ਫਨ’ ਉਹੀ ਹੁੰਦਾ ਹੈ, ਜਿਸ ਵਿੱਚ ਖ਼ੁਸ਼ੀ, ਢਿੱਡੋਂ ਉਪਜੇ ਅਤੇ ਮਨੁੱਖ ਖ਼ੁਸ਼ੀ ਵਿੱਚ ਖੀਵਾ ਹੋਇਆ ਜ਼ਿੰਦਗੀ ਦੇ ਪਲ-ਪਲ ਨੂੰ ਮਾਣਦਾ ਹੋਵੇ। ਫਿਰ ਉਸ ਦੇ ਦਿਲ-ਦਿਮਾਗ ਵਿੱਚ ਗਿੱਧੇ-ਭੰਗੜੇ ਪੈਂਦੇ ਹਨ ਅਤੇ ਚਿਹਰੇ ’ਤੇ ਹਾਸੇ ਦੀ ਮੁਸਕਰਾਹਟ ਇਉਂ ਨੱਚਦੀ ਹੈ, ਜਿਵੇਂ ਗੁਲਾਬ ਦੇ ਫੁੱਲਾਂ ’ਤੇ ਤਿੱਤਲੀ। 

ਸੋ, ਹੱਸਣ ਦੀ ਆਦਤ ਪਾਓ ਕਿਉਂਕਿ ਜ਼ਿੰਦਗੀ ਬਹੁਤ ਥੋੜ੍ਹੀ ਹੈ। ਜੋ ਅੱਜ ਬੀਤ ਗਿਆ, ਉਹ ਕੱਲ੍ਹ ਨਹੀਂ ਆਉਣਾ। ਜੋ ਕੱਲ੍ਹ ਸੀ, ਉਹ ਅੱਜ ਨਹੀਂ ਰਿਹਾ।

ਸ਼ਹੀਦ ਭਾਈ ਸੁਬੇਗ ਸਿੰਘ ਜੀ ਤੇ ਭਾਈ ਸ਼ਾਹਬਾਜ਼ ਸਿੰਘ ਜੀ

0

ਸ਼ਹੀਦ ਭਾਈ ਸੁਬੇਗ ਸਿੰਘ ਜੀ ਤੇ ਭਾਈ ਸ਼ਾਹਬਾਜ਼ ਸਿੰਘ ਜੀ

‘ਸ਼ਹੀਦ’ ਅਰਬੀ ਭਾਸ਼ਾ ਦੇ ਸ਼ਬਦ ‘ਸ਼ਹਾਦਤ’ ਤੋਂ ਬਣਿਆਂ ਹੈ। ਇਸ ਦੇ ਅਰਥ ਹਨ – ‘ਗਵਾਹੀ ਦੇਣਾ, ਸਾਖੀ ਭਰਨਾ’।  ਸੋ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਸ਼ਹੀਦ ਉਸ ਨੂੰ ਕਹਿੰਦੇ ਹਨ ਜੋ ਆਪਣੇ ਪ੍ਰਾਣਾਂ ਦੀ ਸ਼ਹਾਦਤ ਦੇ ਕੇ ਅਜੇਹੀ ਨਿਵੇਕਲੀ ਗਵਾਹੀ ਦੇਂਦਾ ਹੈ, ਜਿਸ ਨਾਲ ਕੌਮਾਂ ਦੀ ਰੂਪ-ਰੇਖਾ ਬਣਦੀ ਹੈ। ਸਿੱਖ ਕੌਮ ਵਿੱਚ ਅਜਿਹੇ ਅਣਗਿਣਤ ਹੀ ਸਿਰਲੱਥ, ਸੂਰਬੀਰ, ਅਣਥੱਕ ਤੇ ਬਹਾਦਰ ਜੋਧੇ ਹੋਏ ਹਨ, ਜਿਨ੍ਹਾਂ ਨੇ ਆਪਣੇ ਘਰ-ਪਰਿਵਾਰ ਅਤੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਹੀ, ਆਪਣੀ ਜ਼ਿੰਦਗੀ ਦੀ ਅਹੂਤੀ ਦਿੱਤੀ ਹੈ। ਇਸੇ ਤਰ੍ਹਾਂ ਪਿਉ-ਪੁੱਤਰ ਸਨ – ‘ਭਾਈ ਸੁਬੇਗ ਸਿੰਘ ਜੀ ਅਤੇ ਭਾਈ ਸਾਹਬਾਜ਼ ਸਿੰਘ ਜੀ’।

ਭਾਈ ਸੁਬੇਗ ਸਿੰਘ ਜੀ ਦਾ ਜਨਮ, ਲਾਹੌਰ ਜ਼ਿਲ੍ਹੇ ਦੀ ਚੂਹਣੀਆਂ ਤਹਿਸੀਲ ਦੇ ਪਿੰਡ ਜੰਬਰ ਵਿਖੇ ਹੋਇਆ। ਅੱਜ ਕੱਲ੍ਹ ਜੰਬਰ ਪਿੰਡ, ਪਾਕਿਸਤਾਨ ਦੇ ਪੰਜਾਬ ਰਾਜ ਦੇ ਜ਼ਿਲ੍ਹਾ ਕਸੂਰ ਵਿੱਚ ਹੈ, ਜੋ ਲਾਹੌਰ-ਮੁਲਤਾਨ ਸੜਕ ’ਤੇ ਫੇਰੂ ਤੋਂ ਅੱਗੇ ਛਾਂਗਾ ਮੋੜ ਉੱਤੇ ਅਬਾਦ ਹੈ। ਇਹ ਪਿੰਡ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਹੈ। ਗੁਰੂ ਸਾਹਿਬ ਬਹਿੜਵਾਲ ਤੋਂ ਚੱਲ ਕੇ ਇੱਥੇ ਪਹੁੰਚੇ ਸਨ। ਇੱਥੇ ਗੁਰੂ ਸਾਹਿਬ ਜੀ ਨੇ ਭਾਈ ਕਿਦਾਰਾ, ਭਾਈ ਸਮੱਧੂ, ਭਾਈ ਮਖੰਡਾ, ਭਾਈ ਤੁਲਸਾ, ਭਾਈ ਲਾਲੂ ਆਦਿ ਸਿੱਖਾਂ ਨੂੰ ਗੁਰਸਿੱਖੀ ਦੀ ਦਾਤ ਬਖ਼ਸ਼ੀ ਸੀ। ਪਿੰਡ ਵਿੱਚ ਗੁਰੂ ਜੀ ਦੀ ਆਮਦ ਦੀ ਯਾਦ ਵਿੱਚ ਗੁਰਦੁਆਰਾ ਥੰਮ ਸਾਹਿਬ ਸੁਸ਼ੋਭਿਤ ਹੈ।

ਭਾਈ ਸੁਬੇਗ ਸਿੰਘ ਜੀ ਦਾ ਘਰਾਣਾ ਸਰਕਾਰੀ ਠੇਕੇਦਾਰੀ ਦਾ ਕੰਮ ਕਰਦਾ ਸੀ ਤੇ ਅਰਬੀ ਫ਼ਾਰਸੀ ਭਾਸ਼ਾ ਦੇ ਚੰਗੇ ਵਿਦਵਾਨਾਂ ਵਿੱਚ ਗਿਣੇ ਜਾਂਦੇ ਸਨ।  ਸਰਕਾਰ ਵਿੱਚ ਆਪ ਦਾ ਚੰਗਾ ਮਾਨ ਸਨਮਾਨ ਸੀ।  ਭਾਈ ਸੁਬੇਗ ਸਿੰਘ ਜੀ ਨੂੰ ਉਨ੍ਹਾਂ ਦੇ ਪਿਤਾ ਜੀ ਨੇ ਚੰਗੀ ਤਾਲੀਮ (ਵਿੱਦਿਆ) ਹਾਸਲ ਕਰਵਾਈ ਸੀ। ਆਪ ਜੀ ਨੇ ਵੀ ਆਪਣੇ ਪੁਰਖਿਆਂ ਵਾਂਗ ਸਰਕਾਰ ਤੋਂ ਠੇਕੇ ਲੈ ਕੇ ਆਪਣਾ ਕੰਮ ਬੜੀ ਹੀ ਮਿਹਨਤ ਅਤੇ ਇਮਾਨਦਾਰੀ ਨਾਲ ਕਰਨਾ ਸ਼ੁਰੂ ਕਰ ਦਿੱਤਾ। ਭਾਈ ਸੁਬੇਗ ਸਿੰਘ ਜੀ ਭਜਨ ਬੰਦਗੀ ਕਰਨ ਵਾਲੇ ਤੇ ਚੰਗੇ ਆਚਰਣ ਵਾਲੇ ਵਿਅਕਤੀ ਸਨ। ਆਪ ਜੀ ਦਾ ਸਿੱਖਾਂ ਦੇ ਮਨਾਂ ਵਿੱਚ ਬਹੁਤ ਆਦਰ ਸੀ।  ਭਾਈ ਸੁਬੇਗ ਸਿੰਘ ਜੀ ਦੇ ਘਰ ਭਾਈ ਸ਼ਾਹਬਾਜ਼ ਸਿੰਘ ਜੀ ਨੇ 1728 ਈ: ਨੂੰ ਜਨਮ ਲਿਆ ਤੇ ਜਦ ਉਮਰ ਪੜ੍ਹਨ ਯੋਗ ਹੋਈ ਤਾਂ ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਇਕ ਮਦਰੱਸੇ (ਸਕੂਲ) ਵਿੱਚ ਕਾਜ਼ੀ ਕੋਲੋਂ ਫ਼ਾਰਸੀ ਪੜ੍ਹਨ ਲਈ ਭੇਜਿਆ ਜਾਣ ਲੱਗਾ। ਭਾਈ ਸ਼ਾਹਬਾਜ਼ ਸਿੰਘ ਜੀ ਬਹੁਤ ਹੀ ਸੂਝਵਾਨ ਤੇ ਸਿੱਖੀ ’ਚ ਪੂਰੇ ਪਰਪੰਕ ਸਨ।  ਆਪ ਜੀ ਨੇ ਸਿੱਖ ਧਰਮ ਅਤੇ ਇਤਿਹਾਸ ਬਾਰੇ ਜਾਣਕਾਰੀ ਆਪਣੇ ਮਾਤਾ ਪਿਤਾ ਜੀ ਪਾਸੋਂ ਪ੍ਰਾਪਤ ਕੀਤੀ।

ਉਹ ਸਮਾਂ ਸੀ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ’ਤੇ ਕਹਿਰਾਂ ਦਾ ਕਸ਼ਟ ਸੀ। ਸਿੱਖਾਂ ’ਤੇ ਹਕੂਮਤ ਦਾ ਕਹਿਰ ਟੁੱਟ ਪਿਆ ਸੀ। ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਨੂੰ ਅਕਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਜਾ ਰਿਹਾ ਸੀ। ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਕੇ ਉਨ੍ਹਾਂ ਦਾ ਖੁਰਾ-ਖੋਜ ਮਿਟਾਉਣ ਲਈ ਢੰਡੋਰੇ ਪਿੱਟੇ ਜਾ ਰਹੇ ਸਨ। ਸਿੱਖ ਵੀ ਆਪਣੇ ਗੁਰੂਆਂ ’ਤੇ ਪੂਰਾ ਅਕੀਦਾ ਰੱਖਦੇ ਹੋਏ ਗੁਰ ਸਿਧਾਂਤਾਂ ’ਤੇ ਪਹਿਰਾ ਦਿੰਦੇ ਤੇ ਮੌਤ ਦੀ ਪ੍ਰਵਾਹ ਨਾ ਕਰਦੇ ਹੋਏ ਮੁਗ਼ਲਾਂ ਲਈ ਸਿਰਦਰਦੀ ਦਾ ਕਾਰਨ ਰਹੇ।

ਸਮੇਂ-ਸਮੇਂ ਸਿੱਖ ਜੰਗਲ-ਬੇਲਿਆਂ ’ਚੋਂ ਨਿਕਲ ਕੇ ਆਪਣੇ ਗੁਰੂ ਘਰਾਂ ਦੀ ਸਾਂਭ-ਸੰਭਾਲ਼ ਦਾ ਕਾਰਜ ਸੰਭਾਲ਼ਦੇ ਤੇ ਸ਼ਾਹੀ ਫ਼ੌਜਾਂ ’ਤੇ ਹੱਲੇ ਕਰਦੇ ਰਹਿੰਦੇ ਸਨ। ਜ਼ਕਰੀਆ ਖ਼ਾਨ, ਕਾਫ਼ੀ ਸਮੇਂ ਤੋਂ ਪੰਜਾਬ ਵਿੱਚ ਸਿੱਖਾਂ ਨਾਲ ਜੂਝ ਰਿਹਾ ਸੀ ਪਰ ਹਾਲਾਤ ਰੁੱਕਣ ਵਿੱਚ ਨਹੀਂ ਸੀ ਆ ਰਹੇ। ਉਸ ਨੇ ਭਾਵੇਂ ਹਜ਼ਾਰਾਂ ਸਿੱਖ ਮਰਵਾ ਦਿੱਤੇ ਸਨ ਪਰ ਮੁਸਲਮਾਨੀ ਫ਼ੌਜ ਦਾ ਵੀ ਬੇਹੱਦ ਨੁਕਸਾਨ ਹੋ ਚੁੱਕਾ ਸੀ। ਸਿੰਘਾਂ ਦੇ ਇਹਨਾਂ ਹੱਲਿਆਂ ਤੋਂ ਤੰਗ ਆ ਕੇ ਸੰਨ 1733 ਈ: ਵਿੱਚ ਜ਼ਕਰੀਆ ਖ਼ਾਨ ਨੇ ਸਿੱਖਾਂ ਪ੍ਰਤੀ ਸਖ਼ਤੀ ਅਤੇ ਆਪਣੀਆਂ ਮੁਸ਼ਕਲਾਂ ਬਾਰੇ ਲਾਹੌਰ ਤੋਂ ਦਿੱਲੀ ਦੇ ਬਾਦਸ਼ਾਹ ਨੂੰ ਲਿਖ ਕੇ ਭੇਜਿਆ। ਜ਼ਕਰੀਆ ਖ਼ਾਨ ਨੇ ਸੁਝਾਅ ਦਿੱਤਾ ਕਿ ਕਿਉਂ ਨਾ ਸਿੱਖਾਂ ਨੂੰ ਸਤਿਕਾਰ ਵਿਖਾ ਕੇ ਇਸ ਰੇੜਕੇ ਦਾ ਕੋਈ ਉਪਰਾਲਾ ਕੀਤਾ ਜਾਵੇ ਤੇ ਇਸ ਆਸ਼ੇ ਨੂੰ ਮੁੱਖ ਰੱਖ ਕੇ ਉਹਨਾਂ ਨੂੰ ਜਗੀਰ ਤੇ ਨਵਾਬੀ ਦਾ ਖ਼ਿਤਾਬ ਦਿੱਤਾ ਜਾਵੇ ਤੇ ਇਸ ਤਰ੍ਹਾਂ ਸੰਭਵ ਹੈ ਕਿ ਸ਼ਾਂਤੀ ਵਾਲਾ ਮਾਹੌਲ ਬਣ ਸਕੇ। ਬਾਦਸ਼ਾਹ ਨੇ ਜ਼ਕਰੀਆਂ ਖ਼ਾਨ ਦੀ ਸਲਾਹ ਮੰਨ ਲਈ।

ਦਿੱਲੀ ਦਰਬਾਰ ਦੀ ਪ੍ਰਵਾਨਗੀ ਉਪਰੰਤ, ਜ਼ਕਰੀਆ ਖ਼ਾਨ ਨੇ ਸਰਦਾਰ ਸੁਬੇਗ ਸਿੰਘ ਜੀ ਨੂੰ ਆਪਣਾ ਦੂਤ ਬਣਾ ਕੇ ਸਿੰਘਾਂ ਕੋਲ ਸ੍ਰੀ ਅੰਮ੍ਰਿਤਸਰ, ਖ਼ਾਲਸੇ ਦੀ ਕਚਹਿਰੀ ਵਿੱਚ ਭੇਜਿਆ ਤਾਂ ਜੋ ਰਾਜ ਵੱਲੋਂ ਨਵਾਬੀ ਤੇ ਜਗੀਰ ਦੀ ਪੇਸ਼ਕਸ਼ ਬਾਰੇ ਗੱਲ ਬਾਤ ਕੀਤੀ ਜਾ ਸਕੇ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਅਧੀਨ ਇਕੱਠੇ ਹੋਏ ਖਾਲਸਾ ਪੰਥ ਨੇ ਇਹ ਸਭ ਕੁਝ ਸਵੀਕਾਰ ਕਰਨ ਤੋਂ ਨਾ ਕਰ ਦਿੱਤੀ। ਬਹੁਤ ਚਿਰ ਵਿਚਾਰਾਂ ਚਲਦੀਆਂ ਰਹੀਆਂ।  ਭਾਈ ਸੁਬੇਗ ਸਿੰਘ ਦੇ ਬਹੁਤ ਸਮਝਾਉਣ ’ਤੇ ਸਿੱਖਾਂ ਨੇ ਨਵਾਬੀ ਲੈਣੀ ਕਬੂਲ ਕਰ ਲਈ ਪਰ ਕੋਈ ਵੀ ਸਿੱਖ ਆਪਣੇ ਨਾਂ ’ਤੇ ਨਵਾਬੀ ਲੈਣ ਲਈ ਤਿਆਰ ਨਾ ਹੋਇਆ। 

ਅੰਤ ਵਿੱਚ ਸਾਰੇ ਸਿੱਖਾਂ ਨੇ ਮਤਾ ਪਕਾ ਕੇ ਸਰਦਾਰ ਕਪੂਰ ਸਿੰਘ ਫ਼ੈਜੁੱਲਾਪੁਰੀਏ, ਜੋ ਕਿ ਉਸ ਸਮੇਂ ਇੱਕ ਸੇਵਾਦਾਰ ਵਜੋਂ ਸੰਗਤਾਂ ਨੂੰ ਪੱਖਾ ਝੱਲ ਰਹੇ ਸਨ, ਨੂੰ ਨਵਾਬ ਦੀ ਪਦਵੀ ਲੈਣ ਲਈ ਕਿਹਾ। ਪਹਿਲਾਂ ਤਾਂ ਭਾਈ ਕਪੂਰ ਸਿੰਘ ਨੇ ਨਵਾਬੀ ਲੈਣ ਤੋਂ ਅਸਮਰਥਾ ਪ੍ਰਗਟਾਈ ਪਰ ਫਿਰ ਸੰਗਤ ਦਾ ਹੁਕਮ ਮੰਨ ਕੇ ਇਸ ਨੂੰ ਪ੍ਰਵਾਨ ਕਰ ਲਿਆ ਤੇ ਨਾਲ ਹੀ ਬੇਨਤੀ ਕੀਤੀ ਕਿ ਇਸ ਨਵਾਬੀ ਤੇ ਜਗੀਰ ਬਖ਼ਸ਼ੀ ਦੀ ਸਨਦ (ਦਸਤਾਵੇਜ਼), ਪੰਜ ਸਿੱਖਾਂ ਦੇ ਜੋੜਿਆਂ ਵਿੱਚ ਪਹਿਲਾਂ ਰੱਖੀ ਜਾਵੇ। ਸੋ ਇਸੇ ਤਰ੍ਹਾਂ ਹੀ ਹੋਇਆ ਤੇ ਸਰਦਾਰ ਸੁਬੇਗ ਸਿੰਘ ਜੀ, ਇਹ ਸਮਝੌਤਾ ਕਰਵਾਉਣ ਵਿੱਚ ਸਹਾਈ ਹੋਇਆ। ਇਸ ਦੇ ਨਾਲ ਹੀ ਖ਼ਾਲਸੇ ਨੂੰ ਦੀਪਾਲਪੁਰ, ਕੰਗਣਵਾਲ, ਝਬਾਲ ਦੇ ਪਰਗਣਿਆਂ ਦੀ ਜਗੀਰ ਦਿੱਤੀ ਗਈ। ਭਾਈ ਸੁਬੇਗ ਸਿੰਘ ਦੇ ਯਤਨਾਂ ਸਦਕਾ ਕੁਝ ਸਮੇਂ ਲਈ ਪੰਜਾਬ ਦੇ ਮਾਹੌਲ ਵਿੱਚ ਸ਼ਾਂਤੀ ਆ ਗਈ।

ਸੰਨ 1745 ਈ: ਵਿੱਚ ਜ਼ਕਰੀਆਂ ਖ਼ਾਨ ਦੀ ਮੌਤ ਤੋਂ ਬਾਅਦ ਲਾਹੌਰ ਦਾ ਸੂਬੇਦਾਰ ਯਹੀਆਂ ਖ਼ਾਨ ਨੂੰ ਨਿਯੁਕਤ ਕੀਤਾ ਗਿਆ। ਯਹੀਆ ਖ਼ਾਨ ਨੇ ਫੇਰ ਤੋਂ ਸਿੱਖਾਂ ’ਤੇ ਅਤਿਆਚਾਰ ਸ਼ੁਰੂ ਕਰ ਦਿੱਤੇ। ਉਹ ਸ਼ੁਰੂ ਤੋਂ ਹੀ ਭਾਈ ਸੁਬੇਗ ਸਿੰਘ ਜੀ ਨਾਲ ਨਫ਼ਰਤ ਕਰਦਾ ਸੀ। ਉਸ ਨੇ ਭਾਈ ਸੁਬੇਗ ਸਿੰਘ ਜੀ ਵਿਰੁੱਧ ਸ਼ਿਕਾਇਤਾਂ ਸੁਣਨੀਆਂ ਸ਼ੁਰੂ ਕਰ ਦਿੱਤੀਆਂ। ਉਧਰ ਜਿਸ ਮਸਜਿਦ ਵਿੱਚ ਭਾਈ ਸ਼ਾਹਬਾਜ਼ ਸਿੰਘ ਜੀ ਵਿੱਦਿਆ ਹਾਸਲ ਕਰਨ ਲਈ ਜਾਂਦੇ ਸਨ ਉੱਥੇ ਇੱਕ ਦਿਨ ਬਹਿਸ ਦੌਰਾਨ, ਭਾਈ ਸ਼ਾਹਬਾਜ਼ ਸਿੰਘ ਜੀ ਨੇ ਸਿੱਖ ਧਰਮ ਬਾਰੇ ਆਪਣੇ ਵਿਚਾਰ ਪੇਸ਼ ਕਰ ਕੇ ਸਾਰਿਆਂ ਨੂੰ ਆਪਣੀ ਯੋਗਤਾ ਦਾ ਲੋਹਾ ਮੰਨਣ ਲਈ ਮਜਬੂਰ ਕਰ ਦਿੱਤਾ। ਇਸ ਗਿਆਨ ਚਰਚਾ ਵਿੱਚ ਬਹੁਤ ਸਾਰੇ ਵਿਦਵਾਨਾਂ ਨੂੰ ਮੂੰਹ ਦੀ ਖਾਣੀ ਪਈ। ਇਸ ਦੀ ਖ਼ਬਰ ਮੌਲਵੀ ਤੱਕ ਵੀ ਪਹੁੰਚ ਗਈ।  ਮੌਲਵੀ ਨੇ ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਮੁਸਲਮਾਨ ਬਣਨ ਲਈ ਜ਼ੋਰ ਪਾਇਆ। ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ, ਪਰ ਭਾਈ ਸ਼ਾਹਬਾਜ਼ ਸਿੰਘ ਜੀ ਨੇ ਈਨ ਮੰਨਣੀ ਕਬੂਲ ਨਾ ਕੀਤੀ।

ਮੌਲਵੀ ਨੇ ਸੂਬੇਦਾਰ ਯਹੀਆ ਖ਼ਾਨ ਅੱਗੇ ਸ਼ਿਕਾਇਤ ਕਰ ਦਿੱਤੀ। ਯਹੀਆ ਖ਼ਾਨ ਨੇ ਤਫ਼ਤੀਸ਼ ਕਰਨ ਲਈ ਭਾਈ ਸੁਬੇਗ ਸਿੰਘ ਜੀ ਤੇ ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਕਚਹਿਰੀ ਵਿੱਚ ਪੇਸ਼ ਹੋਣ ਦਾ ਹੁਕਮ ਕੀਤਾ।  ਸੂਬੇਦਾਰ ਨੇ ਵੀ ਭਾਈ ਸਾਹਿਬ ਨੂੰ ਮੁਸਲਮਾਨ ਧਰਮ ਧਾਰਨ ਕਰਨ ਲਈ ਮਨਾਉਣ ਦੇ ਬਹੁਤ ਯਤਨ ਕੀਤੇ, ਪਰ ਭਾਈ ਸ਼ਾਹਬਾਜ਼ ਸਿੰਘ ਜੀ ਨਾ ਮੰਨੇ।  ਦੀਵਾਨ ਲਖਪਤ ਰਾਇ ਨੇ ਯਹੀਆ ਖ਼ਾਨ ਦੇ ਕੰਨ ਭਰ ਦਿੱਤੇ ਕਿ ਭਾਈ ਸੁਬੇਗ ਸਿੰਘ ਇੱਕ ਕੱਟੜ ਸਿੱਖ ਹੈ ਤੇ ਇਸੇ ਨੇ ਬਹਾਨੇ ਨਾਲ ਤੁਹਾਡੇ ਪਿਤਾ (ਜ਼ਕਰੀਆ ਖ਼ਾਨ) ਦੇ ਸਿਰ ’ਤੇ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਮਰਵਾਈਆਂ ਸਨ ਤੇ ਇਸੇ ਅਪਮਾਨ ਨਾਲ ਜ਼ਕਰੀਆ ਖ਼ਾਨ ਮਰਿਆ ਸੀ। ਦੀਵਾਨ ਲਖਪਤ ਰਾਇ ਨੇ ਭਾਈ ਸੁਬੇਗ ਸਿੰਘ ਜੀ ਉੱਤੇ ਸਿੱਖਾਂ ਦੀ ਮਦਦ ਕਰਨ ਦੇ ਦੋਸ਼ ਲਗਾਉਦਿਆਂ, ਹਕੂਮਤ ਦਾ ਦੁਸ਼ਮਣ ਗਰਦਾਨ ਦਿੱਤਾ। ਸੋ, ਭਾਈ ਸੁਬੇਗ ਸਿੰਘ ਜੀ ਨੂੰ ਵੀ ਕੈਦ ਕਰ ਲਿਆ ਗਿਆ।

ਅੰਤ ਭਾਈ ਸੁਬੇਗ ਸਿੰਘ ਜੀ ਅਤੇ ਭਾਈ ਸ਼ਾਹਬਾਜ਼ ਸਿੰਘ ਜੀ (ਦੋਵੇਂ ਪਿਉ-ਪੁੱਤਰਾਂ) ਨੂੰ ਇਸਲਾਮ ਕਬੂਲ ਕਰਵਾਉਣ ਲਈ ਹਰ ਹੀਲਾ-ਵਸੀਲਾ ਵਰਤਿਆ ਗਿਆ ਪਰ ਇਹ ਦੋਵੇਂ ਸੂਰਮੇ ਆਪਣੇ ਧਰਮ ’ਤੇ ਡਟੇ ਰਹੇ। ਹਰ ਤਰ੍ਹਾਂ ਦੇ ਤਸੀਹੇ ਝੱਲਣ ਲਈ ਤਿਆਰ ਹੋ ਗਏ। ਭਾਈ ਸੁਬੇਗ ਸਿੰਘ ਜੀ ਅਤੇ ਭਾਈ ਸ਼ਾਹਬਾਜ਼ ਸਿੰਘ ਜੀ ਨੇ ਹਾਕਮਾਂ ਨੂੰ ਕਿਹਾ ਕਿ ‘‘ਜਿਸ ਤਰ੍ਹਾਂ ਤੁਹਾਨੂੰ ਆਪਣਾ ਧਰਮ ਪਿਆਰਾ ਹੈ, ਉਸੇ ਤਰ੍ਹਾਂ ਸਾਨੂੰ ਵੀ ਆਪਣਾ ਧਰਮ ਪਿਆਰਾ ਹੈ। ਮੌਤ ਦਾ ਸਾਨੂੰ ਕੋਈ ਡਰ ਨਹੀਂ, ਮੌਤ ਨੇ ਤਾਂ ਆਉਣਾ ਹੀ ਆਉਣਾ ਹੈ। ਧਰਮ ਤਬਦੀਲ ਕਰਨ ਨਾਲ ਵੀ ਮੌਤ ਨੇ ਤਾਂ ਨਹੀਂ ਟਲ ਜਾਣਾ ਤਾਂ ਫੇਰ ਆਪਣੀ ਜ਼ਮੀਰ ਨੂੰ ਮਾਰ ਕੇ ਜੀਣਾ ਕਿਸ ਕੰਮ ਦਾ ?’’

ਤਵਾਰੀਖ ‘ਗੁਰੂ ਖਾਲਸਾ’ ਦੇ ਕਰਤਾ ‘ਗਿਆਨੀ ਗਿਆਨ ਸਿੰਘ ਜੀ’ ਲਿਖਦੇ ਹਨ ਕਿ – ਭਾਈ ਸੁਬੇਗ ਸਿੰਘ ਜੀ ਤੇ ਭਾਈ ਸ਼ਾਹਬਾਜ਼ ਸਿੰਘ ਨੂੰ ਚਰਖੜੀਆਂ ’ਤੇ ਚੜਾਉਣ ਤੋਂ ਪਹਿਲਾਂ ਅੰਤਾਂ ਦੇ ਤਸੀਹੇ ਦਿੱਤੇ ਗਏ। ਉਨ੍ਹਾਂ ਨੂੰ ਪੁੱਠਾ ਲਟਕਾਇਆ ਗਿਆ, ਕੋੜੇ ਮਾਰੇ ਗਏ ਅਤੇ ਹੋਰ ਕਈ ਤਰ੍ਹਾਂ ਦੇ ਕਸ਼ਟ ਦਿੱਤੇ ਗਏ। ਯਹੀਆ ਖ਼ਾਨ ਨੇ ਇਨ੍ਹਾਂ ਨੂੰ ਚਰਖੜੀ ’ਤੇ ਚਾੜ੍ਹ ਕੇ ਸ਼ਹੀਦ ਕਰਨ ਦਾ ਫ਼ੁਰਮਾਨ ਕਾਜ਼ੀ ਰਾਹੀਂ ਜਾਰੀ ਕਰਵਾ ਦਿੱਤਾ। ਭਾਈ ਸੁਬੇਗ ਸਿੰਘ ਜੀ ’ਤੇ ਕੋਈ ਸਖ਼ਤੀ ਨਾ ਚਲਦੀ ਦੇਖ ਕੇ ਨਵਾਬ ਨੇ ਭਾਈ ਸੁਬੇਗ ਸਿੰਘ ਜੀ ਨੂੰ ਚਰਖੜੀ ਤੋਂ ਉਤਾਰ ਕੇ ਉਸ ਦੇ ਨੌਜਵਾਨ ਸਪੁੱਤਰ ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਪਹਿਲਾਂ ਚਰਖੜੀ ’ਤੇ ਚਾੜ੍ਹ ਕੇ ਤਸੀਹੇ ਦੇਣ ਦਾ ਹੁਕਮ ਦਿੱਤਾ।  ਜੱਲਾਦਾਂ ਨੇ ਭਾਈ ਸੁਬੇਗ ਸਿੰਘ ਜੀ ਦੀਆਂ ਅੱਖਾਂ ਦੇ ਸਾਹਮਣੇ ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਚਰਖੜੀ ’ਤੇ ਚਾੜ੍ਹ ਕੇ ਘੁਮਾਇਆ। ਇਨ੍ਹਾਂ ਦੋਹਾਂ ਗੁਰਸਿੱਖਾਂ ਨੇ ਅਕਾਲ ਪੁਰਖ ਦੇ ਭਾਣੇ ਅੰਦਰ ਸਿਮਰਨ ਕਰਦਿਆਂ ਸਾਰੇ ਤਸੀਹੇ ਝੱਲੇ।

ਚਰਖੜੀ ਦੀ ਦੋ ਵਾਰ ਦੀ ਮਾਰ ਨਾਲ ਉਨ੍ਹਾਂ ਦਾ ਸਾਰਾ ਸਰੀਰ ਜ਼ਖ਼ਮੀ ਹੋ ਗਿਆ ਸੀ। ਉਨ੍ਹਾਂ ਦਾ ਮਾਸ ਜ਼ੰਬੂਰਾਂ ਨਾਲ ਨੋਚਿਆ ਗਿਆ। ਅਜਿਹੇ ਦਰਦਨਾਕ ਤਸੀਹਿਆਂ ਨੂੰ ਦੇਖ ਕੇ ਹਰ ਇਕ ਨੇ ਮੂੰਹ ਵਿੱਚ ਉਂਗਲਾਂ ਪਾਈਆਂ ਹੋਈਆਂ ਸਨ।  ਜੱਲਾਦ ਤਸੀਹੇ ਦੇ ਦੇ ਕੇ ਥੱਕ ਚੁੱਕੇ ਸਨ। ਹਾਰ ਕੇ ਭਾਈ ਸ਼ਾਹਬਾਜ਼ ਸਿੰਘ ਨੂੰ ਬੰਦੀ ਖ਼ਾਨੇ ਵਿੱਚ ਭੇਜ ਦਿੱਤਾ ਗਿਆ।

ਫਿਰ ਇਕ ਨਵੀਂ ਚਾਲ ਰਾਹੀਂ ਦੋਵੇਂ ਪਿਉ-ਪੁੱਤਰਾਂ ਨੂੰ ਇੱਕ ਦੂਜੇ ਨਾਲੋਂ ਵੱਖ ਕਰ ਕੇ ਇਹ ਅਫ਼ਵਾਹਾਂ ਉਡਾਈਆ ਗਈਆਂ ਕਿ ਉਨ੍ਹਾਂ ਨੇ ਤਾਂ ਇਸਲਾਮ ਕਬੂਲ ਕਰ ਲਿਆ ਹੈ।  ਇੱਕ ਪਾਸੇ ਭਾਈ ਸ਼ਾਹਬਾਜ਼ ਸਿੰਘ ਨੂੰ ਕਿਹਾ ਗਿਆ ਕਿ – ‘ਤੂੰ ਅਜੇ ਬੱਚਾ ਹੈਂ। ਤੇਰੀ ਉਮਰ ਦੁਨੀਆਂ ਦੇਖਣ ਦੀ ਹੈ। ਤੇਰੇ ਪਿਤਾ ਨੇ ਤਾਂ ਆਪਣੀ ਉਮਰ ਹੰਢਾ ਲਈ ਹੈ, ਤੂੰ ਸਿਆਣਾ ਤੇ ਫ਼ਾਰਸੀ ਪੜ੍ਹਿਆ ਹੋਇਆ ਹੈਂ, ਇਸ ਲਈ ਤੈਨੂੰ ਹੱਠ ਛੱਡ ਕੇ ਇਸਲਾਮ ਕਬੂਲ ਕਰ ਲੈਣਾ ਚਾਹੀਦਾ ਹੈ।’

ਦੂਸਰੇ ਪਾਸੇ ਭਾਈ ਸੁਬੇਗ ਸਿੰਘ ਜੀ ’ਤੇ ਜ਼ੋਰ ਪਾਇਆ ਗਿਆ ਕਿ ‘ਇਸਲਾਮ ਕਬੂਲ ਕਰ ਕੇ ਦੁਨੀਆਂ ਵਿੱਚ ਆਪਣੀ ਜੜ੍ਹ ਬਣਾਈ ਰੱਖੇ। ਇਕਲੌਤੇ ਪੁੱਤਰ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਦੁਨੀਆਂ ਵਿੱਚ ਉਨ੍ਹਾਂ ਦੇ ਪਿੱਛੇ ਕੋਈ ਨਾਮ ਲੈਣ ਵਾਲਾ ਵੀ ਨਹੀਂ ਬਚੇਗਾ।’  ਭਾਈ ਸੁਬੇਗ ਸਿੰਘ ਜੀ ਨੇ ਧਰਮ ਬਦਲ ਕੇ ਮਰ-ਮਰ ਕੇ ਜੀਉਂਦੇ ਰਹਿਣ ਨਾਲੋਂ ਅਣਖ ਨਾਲ ਧਰਮ ’ਤੇ ਦ੍ਰਿੜ੍ਹ ਰਹਿੰਦੇ ਹੋਏ ਮਰਨ ਨੂੰ ਤਰਜੀਹ ਦਿੱਤੀ।

‘ਪੰਥ ਪ੍ਰਕਾਸ’ ਅਨੁਸਾਰ –

ਸਿੱਖਨ ਕਾਜ ਸੁ ਗੁਰੂ ਹਮਾਰੇ, ਸੀਸ ਦੀਓ ਨਿਜ ਸਨ ਪਰਵਾਰੇ।

ਚਾਰੇ ਪੁਤਰ ਜਾਨ ਕੁਹਾਏ, ਸੋ ਚੰਡੀ ਕੀ ਭੇਂਟ ਕਰਾਏ।

ਹਮ ਕਾਰਨ ਗੁਰ ਕੁਲਹਿ ਗਵਾਈ, ਹਮ ਕੁਲ ਰਾਖੈਂ, ਕੌਣ ਬਡਾਈ ?

– ਅਰਥਾਤ ਗੁਰੂ ਸਾਹਿਬਾਨ ਨੇ ਸਾਡੇ ਲਈ ਚਾਰੇ ਪੁੱਤਰ ਕੁਰਬਾਨ ਕਰ ਦਿੱਤੇ, ਸਰਬੰਸ ਵਾਰ ਦਿੱਤਾ। ਮੈਂ ਆਪਣੀ ਕੁਲ ਰੱਖਾਂ, ਇਹ ਕਿਹੜੀ ਕੁਲ ਦੀ ਵਡਿਆਈ ਹੈ ?

ਭਾਈ ਸੁਬੇਗ ਸਿੰਘ ਜੀ ਦਾ ਉੱਤਰ ਸੁਣ ਕੇ ਤਸੀਹਿਆਂ ਦਾ ਦੌਰ ਫਿਰ ਤੋਂ ਸ਼ੁਰੂ ਹੋ ਗਿਆ।  ਬੁਰੀ ਤਰ੍ਹਾਂ ਮਾਰ-ਕੁੱਟ ਕੀਤੀ ਗਈ।  ਭਾਈ ਸ਼ਾਹਬਾਜ਼ ਸਿੰਘ ਦੀ ਉਮਰ ਉਸ ਸਮੇਂ ਕੇਵਲ 18 ਸਾਲ ਦੀ ਸੀ ਜਦੋਂ 25 ਮਾਰਚ 1746 ਨੂੰ ਦੋਵਾਂ ਪਿਉ-ਪੁੱਤਰਾਂ ਨੂੰ ਇਕੱਠਿਆਂ ਬੰਨ੍ਹ ਕੇ ਚਰਖੜੀ ’ਤੇ ਚਾੜ੍ਹ ਕੇ ਘੁਮਾਇਆ ਗਿਆ।  ਦੋਹਾਂ ਨੂੰ ਆਖ਼ਰੀ ਦਮ ਤੱਕ ਚਰਖੜੀ ਘੁੰਮਾਉਂਦੇ ਹੋਏ ਇਸਲਾਮ ਕਬੂਲ ਕਰਨ ਲਈ ਕਿਹਾ ਜਾਂਦਾ ਰਿਹਾ।  ਗੁਰੂ ਦੇ ਸਿੱਖ ਕਸ਼ਟ ਝੱਲਦੇ ਤੇ ‘ਅਕਾਲ ਅਕਾਲ’ ਕਹਿੰਦੇ ਰਹੇ।  ਦੋਵੇਂ ਪਿਉ-ਪੁੱਤਰ ਆਖ਼ਰੀ ਦਮ ਤੱਕ ਇਹੋ ਬੋਲਦੇ ਰਹੇ ਕਿ –

ਸੁਬੇਗ ਸਿੰਘ ਤਬ ਕੁਰਨਸ (ਨਮਸਕਾਰ) ਕਰੀ, ਧੰਨ ਚਰਖੜੀ, ਧੰਨ ਯਹ ਘਰੀ (ਘੜੀ, ਸਮਾਂ)।

ਚਾੜ੍ਹ ਚਰਖੜੀ ਹਮੈਂ ਗਿਰਾਵੋ, ਸੋ ਅਬ ਹਮ ਕੋ ਢੀਲ (ਦੇਰ) ਨਾ ਲਾਵੋ।

ਹਮ ਤੋ ਗੁਰ ਕੇ ਸਿੱਖ ਸਦਾਵੈਂ, ਗੁਰ ਕੇ ਹੇਤ ਪ੍ਰਾਣ ਭਲ (ਭਾਵੇਂ) ਜਾਵੈਂ। (ਪੰਥ ਪ੍ਰਕਾਸ)

ਅੰਤ ਭਾਈ ਸੁਬੇਗ ਸਿੰਘ ਜੀ ਤੇ ਭਾਈ ਸ਼ਾਹਬਾਜ਼ ਸਿੰਘ ਜੀ, ਆਪਣੇ ਵਿਸ਼ਵਾਸ ਨੂੰ ਪਾਲਦੇ, ਗੁਰੂ ਆਸ਼ੇ ’ਤੇ ਖਰੇ ਉਤਰਦਿਆਂ, ਦੁਨਿਆਵੀ ਲਾਲਚਾਂ ਦੀ ਪ੍ਰਵਾਹ ਨਾ ਕਰਦੇ ਹੋਏ, ਸ਼ਹਾਦਤ ਦਾ ਜਾਮ ਪੀ ਗਏ। ਕੌਮ ਅੱਜ ਵੀ ਸਤਿਕਾਰ ਸਹਿਤ ਉਨ੍ਹਾਂ ਦੀ ਦ੍ਰਿੜ੍ਹਤਾ ਤੇ ਦਲੇਰੀ ਨੂੰ ਯਾਦ ਕਰ ਕੇ, ਉਨ੍ਹਾਂ ਦੀ ਕੁਰਬਾਨੀ ਅਤੇ ਘਾਲਣਾ ਅੱਗੇ ਸਿਰ ਨਿਵਾਉਂਦੀ ਹੈ। ਇਨ੍ਹਾਂ ਅਣਖੀ ਸਿੱਖਾਂ ਨੇ ਅਨੇਕਾਂ ਤਸੀਹੇ ਝੱਲਣੇ ਤਾਂ ਕਬੂਲ ਕਰ ਲਏ ਲੇਕਿਨ ਬਹਾਦਰ ਅਤੇ ਨਿਧੜਕ ਪਿਓ-ਪੁੱਤਰ ਦੀ ਇਸ ਜੋੜੀ ਨੇ ਕਿਸੇ ਵੀ ਹਾਲਤ ਵਿੱਚ ਈਨ ਮੰਨਣੀ ਕਬੂਲ ਨਹੀਂ ਕੀਤੀ।  ਦੋਵੇਂ ਪਿਉ-ਪੁੱਤਰ ਹੱਸਦੇ-ਹੱਸਦੇ ਅਤੇ ਅਕਾਲ ਪੁਰਖ ਦਾ ਜਾਪ ਕਰਦੇ ਕਰਦੇ ਚਰਖੜੀਆਂ ’ਤੇ ਚੜ੍ਹੇ ਹੋਏ ਵੀ ਇਹੀ ਅਰਦਾਸ ਕਰਦੇ ਰਹੇ ਕਿ ਵਾਹਿਗੁਰੂ  ! ਸਾਡਾ ਸਿਦਕ ਨਾ ਡੋਲਣ ਦੇਣਾ।  ਗੁਰੂ ਨੇ ਉਨ੍ਹਾਂ ਦੀ ਲਾਜ ਰੱਖਦੇ ਹੋਏ ਕਿਸੇ ਵੀ ਹਾਲਤ ਵਿੱਚ ਉਨ੍ਹਾਂ ਦਾ ਸਿਦਕ ਨਾ ਹਾਰਨ ਦਿੱਤਾ। ਉਹ ਅੰਤਮ ਸਾਹਾਂ ਤੱਕ ਮਾਲਕ ਵਿੱਚ ਬਿਰਤੀ ਜੋੜੀ ਸਤਿ ਨਾਮੁ ਦਾ ਸਿਮਰਨ ਕਰਦਿਆਂ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਵਿਰਾਜੇ।

ਅੱਜ ਹਰ ਸਿੱਖ ਦੋਨੋਂ ਵਕਤ ਅਰਦਾਸ ਕਰਦੇ ਸਮੇਂ ਇਹ ਸ਼ਬਦ ਦੁਹਰਾਉਦਾ ਹੈ, – ‘ਜਿਨ੍ਹਾਂ ਨੇ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਵਾਏ….. ਚਰਖੜੀਆਂ ਤੇ ਚੜ੍ਹੇ’… ! ! ਅਜਿਹੇ ਸਿਰੜੀ ਅਤੇ ਅਟੱਲ ਵਿਸ਼ਵਾਸੀ ਪਿਓ-ਪੁੱਤਰ ਦੀ ਅਨੂਠੀ ਸ਼ਹਾਦਤ ’ਤੇ ਪੂਰੇ ਸਿੱਖ ਜਗਤ ਨੂੰ ਅੰਤਾਂ ਦਾ ਮਾਣ ਹੈ ਅਤੇ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਦੀ ਨੌਜਵਾਨ ਪਨੀਰੀ ਨੂੰ ਵੀ ਇਹ ਬੇਮਿਸਾਲ ਸ਼ਹਾਦਤ ਰਸਤਾ ਦਿਖਾਉਂਦੀ ਰਹੇਗੀ।

ਨਿਸ਼ਾਨਿ ਸਿਖੀ ਈ ਪੰਜ ਹਰਫ਼ ਕਾਫ਼

0

ਨਿਸ਼ਾਨਿ ਸਿਖੀ ਈ ਪੰਜ ਹਰਫ਼ ਕਾਫ਼

ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ)-99155-15436

ਕੁਦਰਤ ਨੇ ਹਰ ਚੀਜ਼ ਦੀ ਪਛਾਣ ਵਾਸਤੇ ਕੁੱਝ ਚਿੰਨ੍ਹ ਬਣਾ ਰੱਖੇ ਹਨ। ਅਸੀਂ ਉਹਨਾਂ ਦੇ ਰੰਗ, ਰੂਪ ਜਾਂ ਦਿੱਖ ਤੋਂ ਉਹਨਾਂ ਦੀ ਪਹਿਚਾਣ ਕਰ ਸਕਦੇ ਹਾਂ। ਵੱਖ ਵੱਖ ਜੀਵਾਂ ਦੀ ਜਾਂ ਬਨਸਪਤੀ ਦੀ ਪਛਾਣ ਉਹਨਾਂ ਦੀ ਬਾਹਰੀ ਦਿੱਖ ਤੋਂ ਹੀ ਹੁੰਦੀ ਹੈ। ਮਨੁੱਖ ਦੁਆਰਾ ਉਸਾਰੇ ਹੋਏ ਧਰਮ ਅਸਥਾਨਾਂ ਦਾ ਅੰਦਾਜ਼ਾ ਵੀ ਉਹਨਾਂ ਦੀ ਬਾਹਰੀ ਦਿੱਖ ਤੋਂ ਹੀ ਲਗਾਇਆ ਜਾਂਦਾ ਹੈ। ਜਿਸ ਇਮਾਰਤ ਤੇ ਕਰਾਸ ਬਣਿਆ ਹੋਵੇ ਉਸ ਤੋਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਗਿਰਜਾ ਘਰ ਹੈ। ਮਸਜਿਦ ਦੀ ਆਪਣੀ ਹੀ ਵਿਸ਼ੇਸ਼ ਬਣਤਰ ਹੈ। ਕੇਸਰੀ ਨਿਸ਼ਾਨ ਝੂਲਦਾ ਵੇਖ ਕੇ ਗੁਰਦੁਆਰੇ ਦਾ ਅਹਿਸਾਸ ਹੁੰਦਾ ਹੈ। ਸੋ ਹਰ ਧਾਰਮਿਕ ਅਸਥਾਨ ਦੇ ਆਪਣੇ ਖਾਸ ਪਹਿਚਾਣ ਚਿੰਨ੍ਹ ਹਨ।

ਇਸੇ ਤਰ੍ਹਾਂ ਪੁਲਿਸ ਅਫਸਰਾਂ ਜਾਂ ਮਿਲਟਰੀ ਵਾਲਿਆਂ ਦੀ ਵਰਦੀ ’ਤੇ ਲੱਗੇ ਹੋਏ ਚਿੰਨ੍ਹ ਜਾਂ ਸਟਾਰ ਤੋਂ ਪਤਾ ਲੱਗ ਜਾਂਦਾ ਹੈ ਕਿ ਇਸ ਅਫਸਰ ਦਾ ਰੈਂਕ ਕੀ ਹੈ। ਧਾਰਮਿਕ ਚਿੰਨ੍ਹ ਤੋਂ ਜਾਂ ਬਾਹਰੀ ਲਿਬਾਸ ਤੋਂ ਮਨੁੱਖ ਦੇ ਧਰਮ ਦਾ ਪਤਾ ਲੱਗ ਜਾਂਦਾ ਹੈ। ਮੂੰਹ ’ਤੇ ਪੱਟੀ ਬੰਨ੍ਹੀ ਹੋਵੇ ਤੇ ਸਿਰ ਦੇ ਵਾਲ ਘਸਾ ਕੇ ਮੁੰਨੇ ਹੋਣ ਤਾਂ ਪਤਾ ਲੱਗ ਜਾਂਦਾ ਹੈ ਕਿ ਇਹ ਜੈਨੀ ਹੈ। ਗੇਰੂਏ ਬਸਤਰ ਪਹਿਨਣ ਵਾਲਾ ਪਛਾਣਿਆ ਜਾਂਦਾ ਹੈ ਕਿ ਇਹ ਸੰਨਿਆਸੀ ਹੈ। ਜੋਗੀ ਦੀ ਪਛਾਣ ਜਟਾਵਾਂ, ਹੱਥ ਵਿੱਚ ਖੱਪਰ, ਮੋਢੇ ਉੱਤੇ ਝੋਲਾ ਤੇ ਹੱਥ ਵਿੱਚ ਚਿਮਟਾ ਹੋਣ ਕਰ ਕੇ ਹੁੰਦੀ ਹੈ।

ਹਰ ਸੰਪਰਦਾਇ ਦੇ ਆਪਣੇ ਚਿੰਨ੍ਹ ਹੁੰਦੇ ਹਨ। ਹਿੰਦੂਆਂ ਦੀ ਪਛਾਣ ਤਿਲਕ ਅਤੇ ਜਨੇਊ ਤੋਂ ਹੁੰਦੀ ਹੈ। ਈਸਾਈ ਗਲ ਵਿੱਚ ਕਰਾਸ ਲਟਕਾ ਕੇ ਰੱਖਦੇ ਹਨ। ਸਿੱਖ ਦੀ ਪਛਾਣ ਕੇਸ ਅਤੇ ਦਸਤਾਰ ਹਨ। ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਤਿਆਰ ਕਰਨਾ ਸ਼ੁਰੂ ਕੀਤਾ। ਜਦੋਂ ਮਨੁੱਖ ਸੰਪੂਰਨ ਰੂਪ ਵਿੱਚ ਤਿਆਰ ਹੋ ਗਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦੇ ਉੱਪਰ ਚਿੰਨ੍ਹਾਂ ਦੀ ਮੋਹਰ ਲਾ ਦਿੱਤੀ। ਇਹ ਚਿੰਨ੍ਹ ਕੇਵਲ ਬਾਹਰੀ ਦਿਖਾਵੇ ਲਈ ਨਹੀਂ, ਸਗੋਂ ਇਹਨਾਂ ਦੇ ਪਿੱਛੇ ਬੜੀ ਡੂੰਘੀ ਫ਼ਿਲਾਸਫ਼ੀ ਸੀ।

ਸੰਨ 1699 ਦੀ ਵਿਸਾਖੀ 30 ਮਾਰਚ ਨੂੰ ਸੀ। ਇਸ ਦਿਨ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਹੋਈ ਸਿੱਖੀ ਦੀ ਲਹਿਰ ਨੂੰ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਸੰਪੂਰਨਤਾ ਬਖਸ਼ਸ਼ ਕੀਤੀ। ਜੋ ਕ੍ਰਾਂਤੀ ਗੁਰੂ ਸਾਹਿਬ ਨੇ ਇਸ ਦਿਨ ਲਿਆਂਦੀ ਉਹ ਸਮੁੱਚੇ ਮਨੁੱਖਾ ਜੀਵਨ ਦੀ ਕ੍ਰਾਂਤੀ ਸੀ।  ਗੁਰੂ ਸਾਹਿਬ ਨੇ ਖਾਲਸੇ ਦੀ ਨੁਹਾਰ ਬਦਲਣ ਤੋਂ ਇਲਾਵਾ ਪਹਿਲੇ ਪਾਤਸ਼ਾਹ ਤੋਂ ਚੱਲੀ ਆ ਰਹੀ ਚਰਨ ਪਾਹੁਲ ਨੂੰ ਵੀ ਖੰਡੇ ਦੀ ਪਾਹੁਲ ਵਿੱਚ ਬਦਲ ਕੇ ਸਿੱਖਾਂ ਨੂੰ ਹਰ ਸਮੇਂ ਪੰਜ ਕਕਾਰ ਧਾਰਨ ਕਰਨ ਦਾ ਵੀ ਉਪਦੇਸ਼ ਦਿੱਤਾ। ਭਾਈ ਨੰਦ ਲਾਲ ਸਿੰਘ ਜੀ ਨੇ ਪੂਰਨ ਸਿੱਖ ਦਾ ਨਕਸ਼ਾ ਪੇਸ਼ ਕਰਦੇ ਹੋਏ ਲਿਖਿਆ ਹੈ :

ਨਿਸ਼ਾਨਿ ਸਿੱਖੀ ਈ ਪੰਜ ਹਰਫ਼ ਕਾਫ਼।

ਹਰਗਿਜ਼ ਨਾ ਬਾਸਿਦ ਈ ਪੰਜ ਮੁਆਫ਼

ਇਹ ਪੰਜ ਕਾਫ਼ (ਕੱਕੇ) ਕਿਹੜੇ ਹਨ ? ਇਸ ਦਾ ਜੁਆਬ ਦਿੰਦੇ ਹੋਏ ਉਹ ਲਿਖਦੇ ਹਨ :

ਕੜਾ ਕਾਰਦੋ ਕੱਛ ਕੰਘਾ ਬਿਦਾਂ।

ਬਿਨਾ ਕੇਸ ਹੇਚ ਅਸਤ ਜੁਮਲਾ ਨਿਸ਼ਾਂ।

ਕੜਾ, ਕਿਰਪਾਨ, ਕਛਹਿਰਾ, ਕੰਘਾ ਤੇ ਕੇਸ ਇਹ ਸਿੱਖੀ ਦੀਆਂ ਨਿਸ਼ਾਨੀਆਂ ਹਨ। ਇਹਨਾਂ ਨਿਸ਼ਾਨੀਆਂ ਤੋਂ ਸਿੱਖੀ ਦੀ ਪਹਿਚਾਣ ਹੁੰਦੀ ਹੈ, ਪਰ ਨਾਲ ਹੀ ਹਰ ਨਿਸ਼ਾਨੀ ਵਿੱਚ ਬੜੀ ਡੂੰਘੀ ਵਿਚਾਰਧਾਰਾ ਰਹੱਸ ਤੇ ਰਮਜ਼ ਹੈ।

ਕੇਸ : ਪ੍ਰਮਾਤਮਾ ਵੱਲੋਂ ਸੰਸਾਰ ਦੇ ਹਰ ਮਨੁੱਖ ਨੂੰ ਬਖਸ਼ਿਆ ਹੋਇਆ ਇਹ ਕੁਦਰਤੀ ਤੋਹਫ਼ਾ ਹੈ। ਸਮੇਂ ਦੇ ਨਾਲ ਨਾਲ ਜਿਵੇਂ ਸਰੀਰ ਵਿਕਾਸ ਕਰਦਾ ਹੈ ਤਿਵੇਂ ਤਿਵੇਂ ਕੇਸਾਂ ਦੀ ਲੰਬਾਈ ਵੀ ਵਧਦੀ ਜਾਂਦੀ ਹੈ। ਅੱਜ ਕੁੱਝ ਭੁਲੜ ਵੀਰ ਜਿਹਨਾਂ ਨੂੰ ਬਜ਼ੁਰਗਾਂ ਨੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਨਹੀਂ ਦਿੱਤੀ, ਉਹ ਦਾੜ੍ਹੀ ਅਤੇ ਕੇਸਾਂ ਬਾਰੇ ਕਈ ਤਰ੍ਹਾਂ ਦੇ ਅਜੀਬੋ ਗਰੀਬ ਪ੍ਰਸ਼ਨ ਕਰਦੇ ਰਹਿੰਦੇ ਹਨ। ਕਈ ਨੌਜੁਆਨ ਕਹਿੰਦੇ ਸੁਣੇ ਜਾਂਦੇ ਹਨ ਕਿ ਦਾੜ੍ਹੀ ਕੇਸ ਰੱਖਣ ਦਾ ਕੀ ਫ਼ਾਇਦਾ ਹੈ ਸਿੱਖੀ ਤਾਂ ਮਨ ਦੀ ਚਾਹੀਦੀ ਹੈ ? 

ਅਜਿਹੇ ਨੌਜੁਆਨਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਮਨ ਦੀ ਸਿੱਖੀ ਨਿਭਾਉਣੀ, ਤਨ ਦੀ ਸਿੱਖੀ ਨਿਭਾਉਣ ਨਾਲੋਂ ਕਿਤੇ ਔਖੀ ਹੈ। ਜੇ ਅਸੀਂ ਗੁਰੂ ਦਾ ਹੁਕਮ ਮੰਨ ਕੇ ਪੰਜ ਕਕਾਰ ਨਹੀਂ ਧਾਰਨ ਕਰ ਸਕਦੇ ਤਾਂ ਮਨ ਦੀ ਸਿੱਖੀ, ਜਿਸ ਵਿੱਚ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਬਾਣੀ ਪੜ੍ਹਨੀ, ਗੁਰਦੁਆਰੇ ਜਾਣਾ, ਸਦਾ ਸੱਚ ਬੋਲਣਾ, ਸੱਚ ਸੁਣਨਾ ਤੇ ਸੱਚ ਵੇਖਣਾ, ਧਰਮ ਦੀ ਕਿਰਤ ਕਰਨੀ ਤੇ ਸਭ ਦੇ ਅੰਦਰ ਇੱਕ ਅਕਾਲ ਪੁਰਖ ਦੀ ਜੋਤ ਨੂੰ ਵੇਖਣ, ਆਦਿ ਵਿੱਚ ਕਿਵੇਂ ਪਰਪੱਕ ਰਹਿ ਸਕਦੇ ਹਾਂ ?

ਜਿਵੇਂ ਕਿਸੇ ਖੇਤ ਵਿੱਚ ਫਸਲ ਦੀ ਪੈਦਾਵਰ ਲਈ ਬੀਜ ਪਾਉਣਾ ਨਿਹਾਇਤ (ਬੇਹੱਦ) ਜ਼ਰੂਰੀ ਹੈ ਉੱਥੇ ਫਸਲ ਦੀ ਰਾਖੀ ਲਈ ਵਾੜ ਲਾਉਣੀ ਵੀ ਕੋਈ ਘੱਟ ਜ਼ਰੂਰੀ ਨਹੀਂ। ਆਪਣੇ ਅੰਦਰ ਖਾਲਸੇ ਵਾਲੇ ਗੁਣ ਪੈਦਾ ਕਰਨੇ ਜਿੱਥੇ ਅਤੀ ਜ਼ਰੂਰੀ ਹਨ ਉੱਥੇ ਪੰਜ ਕਕਾਰਾਂ ਰੂਪੀ ਜੋ ਸਿੱਖੀ ਦੀ ਵਾੜ ਹੈ, ਲਗਾਉਣੀ ਵੀ ਅਤਿਅੰਤ ਜ਼ਰੂਰੀ ਹੈ। ਜੇ ਕਿਤੇ ਕਲਗੀਧਰ ਪਾਤਸ਼ਾਹ ਸਾਨੂੰ ਇਹ ਨਿਆਰਾ ਸਰੂਪ ਨਾ ਬਖਸ਼ਦੇ ਤਾਂ ਸਿੱਖ ਮੱਤ ਵੀ ਹੋਰਨਾਂ ਮੱਤਾਂ ਦੀ ਤਰ੍ਹਾਂ ਮਿਲਗੋਭਾ ਹੋ ਜਾਂਦੀ ਤੇ ਅਸਲੀ ਮੱਤ ਦਾ ਥਾਂ ਟਿਕਾਣਾ ਨਹੀਂ ਸੀ ਲੱਭਣਾ। ਜੇ ਅੱਜ ਸਿੱਖ ਧਰਮ ਹੋਰਨਾਂ ਮੱਤਾਂ ਵਾਂਗ ਬ੍ਰਾਹਮਣੀ ਮੱਤ ਦੇ ਅੰਦਰ ਗਰਕ ਨਹੀਂ ਹੋਇਆ ਤਾਂ ਇਸ ਦਾ ਇੱਕੋ ਇੱਕ ਕਾਰਨ ਸਾਡਾ ਨਿਆਰਾ ਸਰੂਪ ਹੈ। ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਜਿੱਥੇ ਸਿੱਖਾਂ ਨੇ ਆਪਣੇ ਨਿਆਰੇ ਸਰੂਪ ਨੂੰ ਸੰਭਾਲ ਕੇ ਰੱਖਿਆ ਹੈ, ਉੱਥੇ ਉਹਨਾਂ ਦੀ ਹੋਂਦ ਇੱਕ ਵੱਖਰੀ ਕੌਮ ਦੇ ਸਥਾਈ ਰੂਪ ਵਿੱਚ ਪ੍ਰਗਟ ਹੋਈ ਹੈ।

ਮੇਰੇ ਕੇਸ, ਮੇਰੀ ਦਾੜ੍ਹੀ ਤੇ ਸੀਸ ’ਤੇ ਸਜਾਈ ਹੋਈ ਦਸਤਾਰ; ਗੁਰੂ ਗੋਬਿੰਦ ਸਿੰਘ ਜੀ ਦੀ ਮੋਹਰ ਹੈ। ਇਹ ਗੁਰੂ ਸਾਹਿਬ ਵੱਲੋਂ ਬਖਸ਼ਸ਼ ਕੀਤਾ ਹੋਇਆ ਵਿਸ਼ੇਸ਼ ਪਛਾਣ ਪੱਤਰ ਹੈ। ਇਹ ਪਰਗਟ ਕਰਦਾ ਹੈ ਕਿ ਖਾਲਸੇ ਦੀ ਵਿਚਾਰਧਾਰਾ ਬਿਲਕੁਲ ਨਿਆਰੀ ਤੇ ਨਵੀਨ ਹੈ। ਜੇਕਰ ਅਸੀਂ ਗੁਰੂ ਸਾਹਿਬ ਦੇ ਬਖਸ਼ੇ ਹੋਏ ਇਸ ਸਰੂਪ ਦਾ ਤ੍ਰਿਸਕਾਰ ਕਰਦੇ ਹਾਂ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਦਾੜ੍ਹੀ, ਕੇਸਾਂ ਦੀ ਹੀ ਬੇਅਦਬੀ ਨਹੀਂ ਕਰ ਰਹੇ ਸਗੋਂ ਗੁਰੂ ਸਾਹਿਬ ਦਾ ਵੀ ਤ੍ਰਿਸਕਾਰ ਕਰ ਰਹੇ ਹਾਂ; ਜਿਵੇਂ ਕਿਸੇ ਫ਼ੌਜ ਜਾਂ ਪੁਲਿਸ ਦੇ ਅਫਸਰ ਦਾ ਸਤਿਕਾਰ ਉਸ ਦੀ ਵਰਦੀ ਕਰ ਕੇ ਹੈ ਇਸੇ ਤਰ੍ਹਾਂ ਸਿੱਖ ਦਾ ਮਾਨ ਸਤਿਕਾਰ ਕੇਸ, ਦਾੜ੍ਹੀ ਤੇ ਦਸਤਾਰ ਕਰ ਕੇ ਹੈ।

ਕਈ ਭੁੱਲੜ ਵੀਰ ਇਹ ਕਹਿ ਦਿੰਦੇ ਹਨ ਕਿ ਜੇ ਸਿੱਖੀ ਵਾਸਤੇ ਕੇਸ, ਦਾੜ੍ਹੀ ਸਾਬਤ ਸੂਰਤ ਰੱਖਣ ਦੀ ਬੰਦਸ਼ ਨਾ ਹੋਵੇ ਤਾਂ ਸਾਰੇ ਹੀ ਸਿੱਖ ਬਣ ਜਾਣ।  ਅਜਿਹੀ ਸੋਚਣੀ ਹੀ ਬੜੀ ਬੇਸਮਝੀ ਤੇ ਹਾਸੋਹੀਣੀ ਹੈ। ਜੇਕਰ ਅਸੀਂ ਕੇਸ ਦਾੜ੍ਹੀ ਵਾਲਾ ਆਪਣਾ ਸਰੂਪ ਹੀ ਖ਼ਤਮ ਕਰ ਲਿਆ ਤਾਂ ਸਿੱਖੀ ਕਿਸ ਨੂੰ ਸਮਝਿਆ ਜਾਵੇਗਾ ?  ਬਾਕੀ ਲੋਕਾਂ ਨਾਲੋਂ ਸਾਡੀ ਅੱਡਰੀ ਪਛਾਣ ਕਿਵੇਂ ਹੋ ਸਕੇਗੀ। ਜਿਸ ਦਿਨ ਸਾਡਾ ਸਿੱਖੀ ਸਰੂਪ ਹੀ ਖ਼ਤਮ ਹੋ ਗਿਆ ਤਾਂ ਸਾਡੀ ਸਰਦਾਰੀ ਹੀ ਖ਼ਤਮ ਹੋ ਜਾਵੇਗੀ। ਜੇਕਰ ਖਾਲਸਾ ਪੰਥ ਦੀ ਜਥੇਬੰਦੀ ਹੁਣ ਤੱਕ ਬਚੀ ਹੋਈ ਹੈ ਤਾਂ ਉਹ ਸਾਡੇ ਨਿਆਰੇ ਸਰੂਪ ਕੇਸ, ਦਾੜ੍ਹੀ ਕਰ ਕੇ ਹੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਕੇਸ ਇੱਕ ਐਸੀ ਕਸਵੱਟੀ ਬਣਾ ਦਿੱਤੀ, ਜਿਸ ਤੋਂ ਪਤਾ ਲੱਗ ਜਾਂਦਾ ਹੈ ਕਿ ਕੌਮ ਵਿੱਚ ਕਿੱਥੇ ਤੇ ਕਿੰਨੀ ਗਿਰਾਵਟ ਆ ਰਹੀ ਹੈ। ਕੇਸਾਂ ਨਾਲ ਹੀ ਸਾਡੀ ਜਥੇਬੰਦੀ ਕਾਇਮ ਹੈ। ਅੱਜ ਜੇ ਇਸ ਪਾਸੇ ਸਾਡੀ ਕੌਮ ਵਿੱਚ ਕੋਈ ਢਿੱਲ ਆਈ ਹੈ ਤਾਂ ਦਾੜ੍ਹੀ ਕੇਸਾਂ ਨੇ ਹੀ ਸਾਨੂੰ ਸੁਚੇਤ ਕੀਤਾ ਹੈ।

ਗਿਆਨ ਰਤਨਵਾਲੀ ਵਿੱਚ ਅੰਕਿਤ ਹੈ ਕਿ ਇੱਕ ਦਿਨ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ  !  ਤੁਸੀਂ ਸਾਰੀ ਦੁਨੀਆਂ ਨੂੰ ਉਪਦੇਸ਼ ਦਿੱਤਾ ਹੈ ਤੇ ਇਸ ਤਰ੍ਹਾਂ ਦਾ ਕੋਈ ਉਪਦੇਸ਼ ਮੈਨੂੰ ਵੀ ਦਿਉ।  ਗੁਰੂ ਸਾਹਿਬ ਨੇ ਫ਼ੁਰਮਾਇਆ ਕਿ ਮਰਦਾਨਿਆ  ! ਤੂੰ ਤਾਂ ਪਹਿਲਾਂ ਹੀ ਉਪਦੇਸ਼ ਕਮਾ ਰਿਹਾ ਹੈਂ। ਫਿਰ ਵੀ ਜੇ ਤੂੰ ਮੰਗਿਆ ਹੈ ਤਾਂ ਸੁਣ, ਪਹਿਲਾ ਉਪਦੇਸ਼ ਤਾਂ ਇਹ ਹੈ ਕਿ ਕੇਸਾਂ ਨੂੰ ਨਹੀਂ ਕਟਵਾਉਣਾ।  ਦੂਜਾ ਆਏ ਗਏ ਲੋੜਵੰਦ ਅਤਿਥੀ ਦੀ ਸੇਵਾ ਕਰਨੀ ਤੇ ਤੀਜਾ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ।  ਮਰਦਾਨਾ ਜੀ ਨੇ ਸਾਰੀ ਜ਼ਿੰਦਗੀ ਇਹਨਾਂ ਅਸੂਲਾਂ ’ਤੇ ਪਹਿਰਾ ਦਿੱਤਾ।

26 ਦਸੰਬਰ 1963 ਦੀ ਘਟਨਾ ਹੈ ਕਿ ਸ਼੍ਰੀ ਨਗਰ ਵਿਖੇ ਹਜ਼ਰਤ ਮੁਹੰਮਦ ਸਾਹਿਬ ਦਾ ਇੱਕ ਪਵਿੱਤਰ ਕੇਸ (ਮੂਏ ਮੁਬਾਰਕ) ਜੋ ਲੰਬੇ ਸਮੇਂ ਤੋਂ ਸੰਭਾਲਿਆ ਹੋਇਆ ਸੀ, ਗਾਇਬ ਹੋ ਗਿਆ। ਸਮੁੱਚੀ ਭਾਰਤ ਸਰਕਾਰ ਹਿੱਲ ਗਈ। ਉਸ ਸਮੇਂ ਦੇ ਪ੍ਰਧਾਨ ਮੰਤਰੀ ਨੂੰ ਵੀ ਇਹ ਕੇਸ ਲੱਭਣ ਲਈ ਅਪੀਲ ਕਰਨੀ ਪਈ। ਅਖੀਰ ਕੁੱਝ ਦਿਨਾਂ ਦੀ ਭੱਜ ਨੱਠ ਤੋਂ ਬਾਅਦ ਫ਼ੌਜ ਤੇ ਪੁਲਿਸ ਨੂੰ ਸਫਲਤਾ ਪ੍ਰਾਪਤ ਹੋਈ ਤੇ ਮਹੌਲ ਸ਼ਾਂਤ ਹੋਇਆ। ਸਿੱਖਾਂ ਲਈ ਕੇਸ ਸਭ ਤੋਂ ਪਵਿੱਤਰ ਹਨ ਤੇ ਗੁਰੂ ਸਾਹਿਬ ਦੀ ਨਿਸ਼ਾਨੀ ਹਨ। ਭਾਈ ਤਾਰੂ ਸਿੰਘ ਜੀ ਨੇ ਆਪਣਾ ਖੋਪਰ ਲਹਾਉਣਾ ਤਾਂ ਪ੍ਰਵਾਨ ਕਰ ਲਿਆ ਪਰ ਗੁਰੂ ਸਾਹਿਬ ਵੱਲੋਂ ਬਖਸ਼ਸ਼ ਹੋਏ ਕੇਸਾਂ ਨੂੰ ਆਂਚ ਤੱਕ ਨਾ ਆਉਣ ਦਿੱਤੀ।

ਭੰਗਾਣੀ ਦੇ ਯੁੱਧ ਵਿੱਚ ਪੀਰ ਬੁੱਧੂ ਸ਼ਾਹ ਦੇ ਅਨੇਕਾਂ ਮੁਰੀਦ ਤੇ ਦੋ ਪੁੱਤਰ ਸ਼ਹੀਦ ਹੋ ਗਏ ਸਨ। ਜੰਗ ਦੀ ਸਮਾਪਤੀ ਉਪਰੰਤ ਜਦੋਂ ਪੀਰ ਜੀ ਨੇ ਘਰ ਜਾਣ ਲਈ ਆਗਿਆ ਮੰਗੀ ਤਾਂ ਗੁਰੂ ਸਾਹਿਬ ਨੇ ਪੀਰ ਜੀ ਨਾਲ ਹਮਦਰਦੀ ਕਰਨ ਉਪਰੰਤ ਵਿਦਾ ਕੀਤਾ ਤੇ ਇੱਕ ਕਟਾਰ, ਇੱਕ ਪੋਸ਼ਾਕ, ਇੱਕ ਹੁਕਮਨਾਮਾ ਤੇ ਅਧੀ ਦਸਤਾਰ ਬਖਸ਼ਸ਼ ਕੀਤੀ। ਜਦੋਂ ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਕੁੱਝ ਮੰਗਣ ਲਈ ਕਿਹਾ ਤਾਂ ਪੀਰ ਜੀ ਨੇ ਆਪਣੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮੈਨੂੰ ਆਪਣਾ ਕੰਘਾ ਜੋ ਤੁਸੀਂ ਹੁਣੇ ਕੇਸਾਂ ਵਿੱਚ ਫੇਰ ਕੇੇ ਹਟੇ ਹੋ ਤੇ ਜਿਸ ਵਿੱਚ ਆਪ ਦੇ ਕੇਸ ਅੜੇ ਹੋਏ ਹਨ, ਮੈਨੂੰ ਬਖਸ਼ਸ਼ ਕਰ ਦਿਉ। ਇਸ ਤੋਂ ਸਾਨੂੰ ਕੇਸਾਂ ਦੀ ਮਹਾਨਤਾ ਦਾ ਪਤਾ ਲੱਗਦਾ ਹੈ।

ਕੰਘਾ : ਕੇਸਾਂ ਵਿੱਚ ਸਾਂਭਿਆ ਹੋਇਆ ਕੰਘਾ ਸਾਨੂੰ ਹਰ ਵੇਲੇ ਚਿਤਾਵਨੀ ਦਿੰਦਾ ਹੈ ਕਿ ਸਿੱਖ ਕਦੇ ਢਿੱਲੜ ਨਹੀਂ ਹੋ ਸਕਦਾ। ਸਿੱਖ ਨੂੰ ਦੋ ਵੇਲੇ ਭਾਵ ਸਵੇਰੇ ਤੇ ਸ਼ਾਮ ਕੰਘਾ ਕਰਨ ਦੀ ਹਦਾਇਤ ਹੈ।  ਭਾਈ ਨੰਦ ਲਾਲ ਸਿੰਘ ਜੀ ਲਿਖਦੇ ਹਨ :

ਕੰਘਾ ਦੋਨੋ ਵਕਤ ਕਰ ਪਾਗ ਚੁਨਹਿ ਕਰ ਬਾਂਧਈ।

ਕੰਘਾ ਰੱਖਣ ਦੇ ਮਨੋਰਥ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਹੁਤ ਦੂਰ ਅੰਦੇਸ਼ੀ ਇਹ ਸੀ ਕਿ ਕਿਤੇ ਸਿੱਖ ਕੇਸ ਰੱਖ ਕੇ ਜਟਾਧਾਰੀ ਨਾ ਹੋ ਜਾਵੇ।  ਕੰਘਾ ਉਸ ਨੂੰ ਚਿਤਾਵਨੀ ਦਿੰਦਾ ਰਹੇ ਕਿ ਸਿੱਖ ਨੇ ਇਸ ਦੀ ਵਰਤੋਂ ਕੇਸਾਂ ਨੂੰ ਸਿਹਤਮੰਦ ਰੱਖਣ ਲਈ ਕਰਨੀ ਹੈ।

ਕੜਾ : ਸਾਡੀ ਬਾਂਹ ਵਿੱਚ ਪਾਇਆ ਹੋਇਆ ਕੜਾ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਅਜਿਹਾ ਕੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਵੀਣੀ ਦੇ ਦੁਆਲੇ ਸ਼ੋਭਦਾ ਸੀ। ਜੋ ਬਾਂਹ ਦੀਨ ਦੁਖੀਆਂ ਦੀ ਰੱਖਿਆ ਲਈ ਉੱਪਰ ਉੱਠਦੀ ਸੀ ਅਤੇ ਜਿਸ ਬਾਂਹ ਦੇ ਅੰਦਰ ਦੁਸ਼ਟਾਂ ਨੂੰ ਜੜ੍ਹੋਂ ਉਖੇੜ ਸਕਣ ਦਾ ਨਿਰਭੈ ਬਲ ਸੀ।

ਪ੍ਰੋਫੈਸਰ ਪੂਰਨ ਸਿੰਘ ਜੀ ਲਿਖਦੇ ਹਨ ਕਿ ਕੜਾ ਗੁਰੂ ਵੱਲੋਂ ਬਖਸ਼ਿਆ ਹੋਇਆ ਇੱਕ ਮਹਾਨ ਤੋਹਫ਼ਾ ਹੈ। ਇਹ ਯਾਦ ਦਿਵਾਉਂਦਾ ਹੈ ਗੁਰੂ ਇਤਿਹਾਸ ਦੇ ਉਸ ਕਾਂਡ ਦੀ, ਜਦੋਂ ਸਿੱਖ ਗੁਰਮਤਿ ਅਸੂਲਾਂ ਵਿੱਚ ਪ੍ਰਪੱਕ ਹੋ ਕੇ ਵਹਿਮਾਂ ਭਰਮਾਂ ਦੇ ਸ਼ੰਕਿਆਂ ਤੋਂ ਉੱਪਰ ਉੱਠ ਚੁੱਕੇ ਸਨ। ਗੁਰਮਤਿ ਦੇ ਇਹਨਾਂ ਸਿਦਕਵਾਨਾਂ ਨੂੰ ਕੋਈ ਦੇਵੀ ਦੇਵਤਾ ਨਹੀਂ ਡਰਾ ਸਕਦਾ ਸੀ ਤੇ ਨਾ ਹੀ ਇਹ ਸ਼ਨੀ ਦੇਵਤੇ ਆਦਿ ਦਾ ਭੈ ਮੰਨਣ ਵਾਸਤੇ ਤਿਆਰ ਸਨ।

ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਇੱਕ ਵੇਦਵਾ (ਵੇਦਵੇੱਤਾ) ਬ੍ਰਾਹਮਣ ਆਇਆ ਅਤੇ ਉਸ ਨੇ ਕਿਹਾ ਕਿ ਤੁਹਾਡੇ ਅਤੇ ਸਾਰੇ ਸਿੰਘਾਂ ਦੇ ਕਸ਼ਟ ਟਲ ਜਾਣਗੇ ਜੇਕਰ ਤੁਸੀਂ ਸ਼ਨੀ ਦੇਵਤੇ ਨੂੰ ਖੁਸ਼ ਕਰਨ ਲਈ ਸਰ੍ਹੋਂ ਦਾ ਤੇਲ, ਲੋਹਾ ਅਤੇ ਮਾਂਹ ਦੀ ਦਾਲ ਦਾਨ ਕਰੋ।

ਗੁਰੂ ਸਾਹਿਬ ਦੇ ਹੁਕਮ ਤੇ ਇਹ ਸਭ ਕੁੱਝ ਦਾਨ ਦਿੱਤਾ ਗਿਆ। ਸਿੱਖ ਬੜੇ ਹੈਰਾਨ ਹੋਏ ਪਰ ਉਹ ਅਸੂਲਾਂ ਵਿੱਚ ਪੂਰੀ ਤਰ੍ਹਾਂ ਪਰਪੱਕ ਸਨ ਅਤੇ ਵੇਦਵੇ ਬ੍ਰਾਹਮਣ ਦੇ ਪਿੱਛੇ ਜਾ ਕੇ ਉਸ ਕੋਲੋਂ ਸਾਰਾ ਸਮਾਨ ਖੋਹ ਕੇ ਲੈ ਆਏ। ਮਾਂਹ ਦੀ ਦਾਲ ਦੇ ਵੜੇ ਬਣਾ ਕੇ ਤੇਲ ਵਿੱਚ ਤਲ ਕੇ ਲੰਗਰ ਵਿੱਚ ਵਰਤਾਏ ਗਏ ਅਤੇ ਲੋਹੇ ਨੂੰ ਢਾਲ ਕੇ ਕੜੇ ਬਣਾ ਕੇ ਬਾਹਾਂ ਵਿੱਚ ਪਾ ਲਏ। ਜਦੋਂ ਗੁਰੂ ਸਾਹਿਬ ਨੂੰ ਇਸ ਸਾਰੀ ਘਟਨਾ ਦਾ ਪਤਾ ਲੱਗਾ ਤਾਂ ਉਹ ਬਹੁਤ ਪ੍ਰਸੰਨ ਹੋਏ ਤੇ ਕਹਿਣ ਲੱਗੇ ਕਿ ਅੱਜ ਤੁਸੀਂ ਵਹਿਮਾਂ ਭਰਮਾਂ ਦੀ ਲੰਬੀ ਦੌੜ ਜਿੱਤ ਲਈ ਹੈ। ਗੁਰੂ ਸਾਹਿਬ ਨੇ 1699 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਾਉਣ ਸਮੇਂ ਇਸ ਕੜੇ ਨੂੰ ਪੰਜ ਕਕਾਰਾਂ ਵਿੱਚ ਸ਼ਾਮਲ ਕਰ ਦਿੱਤਾ। ਕੜਾ ਇਸ ਗੱਲ ਦਾ ਸੂਚਕ ਹੈ ਕਿ ਸਿੱਖ ਵਹਿਮਾਂ ਭਰਮਾਂ ਤੇ ਕਰਮਕਾਂਡਾਂ ਤੋਂ ਮੁਕਤ ਹੈ।  ਜੇ ਅਸੀਂ ਕੜਾ ਪਾ ਕੇ ਵੀ ਉਸੇ ਹੱਥ ਨਾਲ ਬੇਈਮਾਨੀ ਕਰੀਏ, ਉਸ ਹੱਥ ਵਿੱਚ ਕਲਮ ਫੜ ਕੇ ਕਿਸੇ ਦਾ ਬੁਰਾ ਕਰੀਏ ਤਾ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਨੂੰ ਗੁਰੂ ਸਾਹਿਬ ਵੱਲੋਂ ਬਖਸ਼ੇ ਕੜੇ ਦੀ ਅਹਿਮਤੀਅਤ ਦੀ ਸਮਝ ਨਹੀਂ ਆਈ।

ਕਛਹਿਰਾ : ਮੇਰੇ ਲੱਕ ਦੁਆਲੇ ਪਹਿਨਿਆ ਹੋਇਆ ਕਛਹਿਰਾ ਜਿੱਥੇ ਨੰਗੇਜ਼ ਨੂੰ ਪੂਰੀ ਤਰ੍ਹਾਂ ਢਕਦਾ ਹੈ, ਉੱਥੇ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਸਿੱਖ ਨੇ ਆਪਣਾ ਆਚਰਣ ਉਚਾ ਤੇ ਸੁੱਚਾ ਰੱਖਣਾ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ਸਿੱਖ ਨੂੰ ਆਪਣਾ ਕਿਰਦਾਰ ਉੱਚਾ ਰੱਖਣ ਦਾ ਉਪਦੇਸ਼ ਦਿੰਦੇ ਹੋਏ ਫ਼ੁਰਮਾਇਆ ਸੀ :

ਅਖੀ ਸੂਤਕੁ ਵੇਖਣਾ; ਪਰ ਤ੍ਰਿਅ ਪਰ ਧਨ ਰੂਪੁ ॥ (ਮ: ੧/੪੭੨)

ਭਾਈ ਗੁਰਦਾਸ ਜੀ ਵੀ ਆਪਣੀਆਂ ਵਾਰਾਂ ਵਿੱਚ ਸਿੱਖਾਂ ਨੂੰ ਆਪਣਾ ਆਚਰਣ ਆਦਰਸ਼ਕ ਬਣਾਉਣ ਦਾ ਉਪਦੇਸ਼ ਦਿੰਦੇ ਹੋਏ ਫ਼ੁਰਮਾਉਂਦੇ ਹਨ :

ਦੇਖਿ ਪਰਾਈਆ ਚੰਗੀਆ; ਮਾਵਾਂ ਭੈਣਾਂ ਧੀਆਂ ਜਾਣੈ। (ਭਾਈ ਗੁਰਦਾਸ ਜੀ/ਵਾਰ ੨੯ ਪਉੜੀ ੧੧)

ਸੰਸਾਰ ਦੇ ਬਹੁਤੇ ਸਾਰੇ ਪੀਰ, ਪੈਗੰਬਰ, ਵਲੀ, ਯੋਧੇ ਵੀ ਆਪਣੇ ਚਰਿੱਤਰ ਤੋਂ ਡਿੱਗ ਕੇ ਵਿਕਾਰੀ ਹੋਏ ਹਨ ਤੇ ਆਪਣਾ ਜੀਵਨ ਮਨੋਰਥ ਹੀ ਭੁੱਲ ਗਏ। ਕੁੱਝ ਗ੍ਰਹਿਸਤੀ ਜੀਵਨ ਤੋਂ ਭੱਜ ਗਏ ਤੇ ਉਹਨਾਂ ਨੇ ਲੰਗੋਟੇ ਪਹਿਨ ਕੇ ਜੰਗਲਾਂ ਵਿੱਚ ਡੇਰੇ ਲਾ ਲਏ ਤੇ ਦੂਜੇ ਉਹ ਸਨ ਜਿਹੜੇ ਧੋਤੀਆਂ ਪਹਿਨ ਕੇ ਧੋਤੀ ਵਾਂਗੂ ਹੀ ਢਿੱਲੇ ਤੇ ਬੇਤਰਤੀਬੇ ਜੀਵਨ ਵਾਲੇ ਹੋ ਗਏ, ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਹਨ ਜਿਹਨਾਂ ਨੇ ਖਾਲਸਾ ਸਾਜਣ ਸਮੇਂ ਸਿੱਖ ਦੀ ਜ਼ਿੰਦਗੀ ਹੀ ਕੁੱਝ ਵੱਖਰੀ ਕਰ ਦਿੱਤੀ।  ਨਾ ਤਾਂ ਸਿੱਖ ਗ੍ਰਹਿਸਤ ਜੀਵਨ ਤੋਂ ਭੱਜਿਆ ਤੇ ਨਾ ਹੀ ਵਿਕਾਰਾਂ ਵਿੱਚ ਫਸਿਆ।

ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਵਾਰ ਜੰਗ ਦੇ ਦੌਰਾਨ ਸਿੱਖਾਂ ਦੇ ਹੱਥ ਮੁਸਲਮਾਨੀ ਔਰਤ ਦਾ ਡੋਲਾ ਆ ਗਿਆ। ਮਨ ਵਿੱਚ ਵਿਚਾਰ ਆਇਆ ਕਿ ਇਸ ਨਾਲ ਓਹੀ ਸਲੂਕ ਕੀਤਾ ਜਾਵੇ ਜੋ ਮੁਸਲਮਾਨ, ਹਿੰਦੂ ਔਰਤਾਂ ਨਾਲ ਕਰਦੇ ਹਨ, ਪਰ ਇਹ ਵਿਚਾਰ ਆਉਂਦਿਆਂ ਹੀ ਗੁਰਬਾਣੀ ਦੇ ਅਸੂਲ ਚੇਤੇ ਆ ਗਏ ਅਤੇ ਸ਼ੰਕਾ ਨਵਿਰਤ ਕਰਨ ਲਈ ਗੁਰੂ ਸਾਹਿਬ ਕੋਲ ਪਹੁੰਚੇ। ਗੁਰੂ ਸਾਹਿਬ ਨੇ ਸਖ਼ਤ ਤਾੜਨਾ ਕਰਦੇ ਹੋਏ ਸਮਝਾਇਆ ਕਿ ਅਸੀਂ ਪੰਥ ਨੂੰ ਉੱਚੇ ਸਿਖਰ ’ਤੇ ਪਹੁੰਚਾਉਣਾ ਹੈ, ਕਿਸੇ ਡੂੰਘੀ ਖੱਡ ਵਿੱਚ ਨਹੀਂ ਡੇਗਣਾ। ਸਭ ਤੋਂ ਪਹਿਲਾਂ ਇਸ ਔਰਤ ਨੂੰ ਸਤਿਕਾਰ ਨਾਲ ਇਸ ਦੇ ਘਰ ਪਹੁੰਚਾ ਕੇ ਆਓ ਤੇ ਫਿਰ ਆ ਕੇ ਸ਼ੰਕਾ ਨਵਿਰਤ ਕਰੋ। ਇਸ ਸਾਰੀ ਵਾਰਤਾ ਨੂੰ ਕਵੀ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ :

ਪੁੰਨ ਸਿੰਘਣ ਬੂਝੇ ਗੁਣਖਾਣੀ। ਸਗਲ ਤੁਰਕ ਭੁਗਵਹਿਂ ਹਿੰਦਵਾਨੀ।

ਸਿੱਖ ਬਦਲਾ ਲੈ ਭਲਾ ਜਣਾਵੈ। ਗੁਰੂ ਸ਼ਾਸਤਰ ਕਿਉ ਵਰਜ ਹਟਾਵੈ।

ਸੁਣਿ ਸਤਿਗੁਰੂ ਬੋਲੇ ਤਿਸ ਬੇਰੇ। ਹਮ ਲੈ ਜਾਣਹੁ ਪੰਥ ਉਚੇਰੇ।

ਨਹ ਅਧੋਗਤ ਬਿਖਹਿ ਪਹੁੰਚਾਵਹਿਂ। ਤਾ ਤੇ ਕਲਮਲ ਕਰਮ ਹਟਾਵੈਂ।

ਇਸੇ ਹੁਕਮ ਸਦਕਾ ਹੀ ਆਉਣ ਵਾਲੇ ਸਮਿਆਂ ਵਿੱਚ ਸਿੱਖਾਂ ਨੇ ਆਪਣੇ ਆਚਰਣ ਨੂੰ ਸਿਖਰਾਂ ’ਤੇ ਛੂਹਿਆ। ਕੱਟੜ ਤੇ ਜਨੂੰਨੀ ਮੁਸਲਮਾਨ ਇਤਿਹਾਸਕਾਰ ਕਾਜ਼ੀ ਨੂਰ ਮੁਹੰਮਦ ਜੋ ਸਿੱਖਾਂ ਦਾ ਵੈਰੀ ਸੀ ਤੇ ਸਿੱਖਾਂ ਲਈ ਹਮੇਸ਼ਾ ਸੱਗ (ਕੁੱਤਾ) ਸ਼ਬਦ ਵਰਤਦਾ ਸੀ, ਜੰਗ ਦੇ ਮੈਦਾਨ ਵਿੱਚ ਵੀ ਸਿੱਖਾਂ ਦਾ ਉੱਚਾ ਤੇ ਸੁੱਚਾ ਜੀਵਨ ਵੇਖ ਕੇ ਲਿਖਣ ਲਈ ਮਜਬੂਰ ਹੋ ਗਿਆ :

‘ਇਹ ਸਗ ਕਿਸੇ ਭੱਜੇ ਜਾਂਦੇ ਉੱਤੇ ਵਾਰ ਨਹੀਂ ਕਰਦੇ। ਔਰਤ ਭਾਵੇਂ ਕਿਸੇ ਉਮਰ ਦੀ ਹੋਵੇ ਉਸ ਨੂੰ ਬੁਢੀਆਂ ਕਹਿ ਕੇ ਬੁਲਾਉਂਦੇ ਹਨ। ਔਰਤ ਦੇ ਗਹਿਣੇ ਗੱਟੇ ਨੂੰ ਹੱਥ ਤੱਕ ਨਹੀਂ ਲਾਉਂਦੇ। ਅਸਲ ਵਿੱਚ ਇਹ ਸਗ ਨਹੀਂ ਸ਼ੇਰ ਹਨ।’

ਸੋ ਇਹ ਕਛਹਿਰਾ ਜਿੱਥੇ ਸਾਡੀ ਸਰੀਰਕ ਲੋੜ ਨੂੰ ਪੂਰੀ ਕਰਦਾ ਹੈ ਉੱਥੇ ਹਰ ਵੇਲੇ ਆਪਣਾ ਚਰਿੱਤਰ ਉੱਚਾ ਰੱਖਣ ਦੀ ਯਾਦ ਵੀ ਦਿਵਾਉਂਦਾ ਹੈ।

ਕਿਰਪਾਨ : ਕਿਰਪਾਨ ਮਨੁੱਖ ਦੀ ਗ਼ੈਰਤ ਅਤੇ ਸੂਰਬੀਰਤਾ ਦੀ ਪ੍ਰਤੀਕ ਹੈ। ਮਨੁੱਖ ਦੇ ਅੰਦਰੋਂ ਕਿਤੇ ਸੂਰਬੀਰਤਾ ਜਾਂ ਗ਼ੈਰਤ ਮਿਟ ਨਾ ਜਾਵੇ, ਇਸ ਲਈ ਕਿਰਪਾਨ ਨੂੰ ਹਰ ਵੇਲੇ ਧਾਰਨ ਕਰਨ ਦਾ ਉਪਦੇਸ਼ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੈ।  ਸੰਨ 1699 ਦੀ ਵਿਸਾਖੀ ਤੋਂ ਪਹਿਲਾਂ ਸਿੱਖੀ ਵਿੱਚ ਪ੍ਰਵੇਸ਼ ਕਰਨ ਲਈ ਚਰਨ ਪਹੁਲ ਦਿੱਤੀ ਜਾਂਦੀ ਸੀ। ਜਿਸ ਮਨੁੱਖਾ ਘੜਤ ਦੀ ਕਲਪਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ, ਗੁਰੂ ਗੋਬਿੰਦ ਸਿੰਘ ਜੀ ਸਮੇਂ ਜਦੋਂ ਉਹ ਮਨੁੱਖ ਸੰਪੂਰਨ ਹੋ ਗਿਆ ਤਾਂ ਗੁਰੂ ਸਾਹਿਬ ਨੇ ਅੰਮ੍ਰਿਤ ਪਾਨ ਕਰਵਾ ਕੇ ਉਸ ਉੱਤੇ ਸੰਪੂਰਨਤਾ ਦੀ ਮੋਹਰ ਲਾ ਦਿੱਤੀ ਤੇ ਪੰਜ ਕਕਾਰ ਬਖਸ਼ਸ਼ ਕਕ ਦਿੱਤੇ।

ਕੇਸ ਮਨੁੱਖ ਨੂੰ ਕੁਦਰਤ ਵੱਲੋਂ ਜਨਮ ਤੋਂ ਹੀ ਮਿਲੇ ਹਨ ਤੇ ਉਹਨਾਂ ਦੀ ਸੰਭਾਲ ਲਈ ਅਸੀਂ ਕੰਘਾ ਵੀ ਕੇਸਾਂ ਵਿੰਚ ਰੱਖਦੇ ਹਾਂ। ਕਛਹਿਰਾ ਤੇ ਕੜਾ ਵੀ ਅਸੀਂ ਪਹਿਨਦੇ ਹਾਂ ਪਰ ਜਦੋਂ ਕਿਰਪਾਨ ਧਾਰਨ ਕਰਨ ਦੀ ਗੱਲ ਆਉਂਦੀ ਹੈ ਤਾਂ ਅਸੀਂ ਇਸ ਨੂੰ ਪਹਿਨਣ ਤੋਂ ਕਈ ਵਾਰ ਇਨਕਾਰੀ ਹੋ ਜਾਂਦੇ ਹਾਂ।

ਕਿਰਪਾਨ ਬਾਰੇ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕਰਨੇ ਇਸ ਗੱਲ ਦਾ ਸੂਚਕ ਹੈ ਕਿ ਗੁਰੂ ਸਾਹਿਬ ਵੱਲੋਂ ਬਖਸ਼ਸ਼ ਕੀਤੀ ਹੋਈ ਕਿਰਪਾਨ ਨਾਲ ਸਾਡਾ ਕੋਈ ਪਿਆਰ ਨਹੀਂ ਹੈ। ਇਹ ਗੁਰੂ ਦੀ ਬਖਸ਼ੀ ਹੋਈ ਪਿਆਰ ਭਰੀ ਸੁਗਾਤ ਹੈ। ਜਿਸ ਮਨੁੱਖ ਦਾ ਗੁਰੂ ਦੀ ਬਖਸ਼ੀ ਹੋਈ ਕਿਰਪਾਨ ਨਾਲ ਹੀ ਪਿਆਰ ਨਹੀਂ ਉਸ ਦਾ ਗੁਰੂ ਨਾਲ ਪਿਆਰ ਕਿਵੇਂ ਹੋਵੇਗਾ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਉਹ ਕਿਰਪਾਨ ਹੈ ਜੋ ਮੇਰੇ ਕਲਗੀਧਰ ਪਾਤਸ਼ਾਹ ਨੇ ਸਾਹਿਬਜ਼ਾਦਿਆਂ ਨੂੰ ਪਹਿਨਾਉਂਦਿਆਂ ਇਹ ਕਿਹਾ ਸੀ ਕਿ ਬੇਟਾ  !  ਇਹ ਦੁਸ਼ਟਦਮਨੀ ਹੈ। ਧਰਮ ਦੇ ਦੋਖੀਆਂ ਦੀ ਸੂਚਕ ਹੈ। ਇਸ ਨੂੰ ਪੂਰੇ ਬਲ ਨਾਲ ਵਾਹੋ ਅਤੇ ਨਿਸ਼ਚੇ ਨਾਲ ਹੀ ਅਧਰਮ ਦਾ ਨਾਸ਼ ਹੋਵੇਗਾ ਅਤੇ ਧਰਮੀਆਂ ਦੀ ਜੈ ਜੈ ਕਾਰ ਹੋਵੇਗੀ। ਗਾਤਰੇ ਵਿੱਚ ਪਾਈ ਹੋਈ ਕਿਰਪਾਨ ਉਸ ਕ੍ਰਾਂਤੀ ਦੀ ਯਾਦਗਾਰ ਹੈ ਜੋ ਕਲਗੀਧਰ ਪਾਤਸ਼ਾਹ ਨੇ 700 ਸਾਲ ਦੇ ਮੁਰਦਾ ਹੋ ਚੁੱਕੇ ਭਾਰਤ ਅੰਦਰ ਲਿਆਂਦੀ ਸੀ। ਦੁਨੀਆਂ ਦੇ ਲੋਕਾਂ ਨੇ ਅਨੇਕਾਂ ਕ੍ਰਾਂਤੀਆਂ ਦੇਖੀਆਂ ਹਨ ਜੋ ਦੇਸ਼ਵਾਸੀਆਂ ਦੀਆਂ ਲੋੜਾਂ ਤੇ ਹਾਲਾਤਾਂ ਅਨੁਸਾਰ ਵੱਖ ਵੱਖ ਰੂਪ ਲੈਂਦੀਆਂ ਰਹੀਆਂ ਹਨ ਭਾਵੇਂ ਉਹ ਫਰਾਂਸ ਦੀ ਰਾਜਨੀਤਿਕ ਕ੍ਰਾਂਤੀ ਸੀ ਜਾਂ ਰੂਸ ਦੀ ਆਰਥਕ ਤੇ ਸਮਾਜਕ ਕ੍ਰਾਂਤੀ ਸੀ।  ਹਰ ਕ੍ਰਾਂਤੀ ਦੀ ਆਪਣੀ ਆਪਣੀ ਵਿਚਾਰਧਾਰਾ ਤੇ ਰੂਪ ਰੇਖਾ ਹੁੰਦੀ ਹੈ।

ਜੋ ਕ੍ਰਾਂਤੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਅੰਦਰ ਲਿਆਂਦੀ ਸੀ ਉਹ ਸੀ ਮਨੁੱਖਾ ਜੀਵਨ ਦੀ ਕ੍ਰਾਂਤੀ।  ਆਪ ਨੇ ਸੰਸਾਰ ਨੂੰ ਐਸੀ ਜੀਵਨ ਜਾਚ ਦਿੱਤੀ ਜੋ ਸੁਮੇਲ ਸੀ ਨਵਿਰਤੀ ਅਤੇ ਪਰਵਿਰਤੀ ਦਾ, ਤਿਆਗ ਅਤੇ ਗ੍ਰਹਿਣ ਦਾ, ਜੋਗ ਅਤੇ ਰਾਜ ਦਾ, ਧਰਮ ਅਤੇ ਸੂਰਮਗਤੀ ਦਾ, ਅਹਿੰਸਕ ਅਤੇ ਦੁਸ਼ਟਦਮਨ ਹੋਣ ਦਾ। ਅਜਿਹੀ ਕ੍ਰਾਂਤੀ ਦਾ ਚਿੱਤਰ ਖਿੱਚਦੇ ਹੋਏ ਦਸਮੇਸ਼ ਪਿਤਾ ਨੇ ਫ਼ੁਰਮਾਇਆ ਸੀ ਕਿ ਇਸ ਕ੍ਰਾਂਤੀ ਨੂੰ ਕਬੂਲਣ ਵਾਲਾ ਸਿਪਾਹੀ, ਜੰਗ ਦੇ ਮੈਦਾਨ ਵਿੱਚ ਤਲਵਾਰ ਵਾਹੁੰਦਾ ਹੋਇਆ ਵੀ ਵਾਹਿਗੁਰੂ ਦੇ ਭੈ ਵਿੱਚ ਰਹੇਗਾ। ਉਹ ਦੁਨੀਆਂ ਦੇ ਅੰਦਰ ਜਸ ਖੱਟਦਾ ਹੋਇਆ ਵੀ ਸਰੀਰ ਨੂੰ ਨਾਸ਼ਵਾਨ ਸਮਝ ਕੇ ਸੰਸਾਰਕ ਮਾਨ ਅਪਮਾਨ ਤੋਂ ਉਤਾਂਹ ਰਹੇਗਾ। ਧੀਰਜ ਤੇ ਬਿਬੇਕ ਬੁੱਧੀ ਵਾਲੇ ਗਿਆਨ ਦੁਆਰਾ ਉਹ ਆਪਣੀਆਂ ਅੰਦਰਲੀਆਂ ਕਮਜ਼ੋਰੀਆਂ ਤੋਂ ਬਚਿਆ ਰਹੇਗਾ।

ਇੱਕ ਵਾਰ ਜਦੋਂ ਬਾਦਸ਼ਾਹ ਬਹਾਦਰ ਸ਼ਾਹ ਦੇ ਇੱਕ ਦਰਬਾਰੀ ਨੇ ਗੁਰੂ ਸਾਹਿਬ ਨੂੰ ਬਾਰ ਬਾਰ ਕਰਾਮਾਤ ਦਿਖਾਉਣ ਲਈ ਕਿਹਾ ਤਾਂ ਆਪ ਨੇ ਮਿਆਨ ਵਿੱਚੋਂ ਕਿਰਪਾਨ ਕੱਢ ਕੇ ਉੱਤਰ ਦਿੱਤਾ ਸੀ ਕਿ ਸਭ ਤੋਂ ਵੱਡੀ ਕਰਾਮਾਤ ਇਹ ਕਿਰਪਾਨ ਹੀ ਹੈ, ਜੋ ਦੇਸ਼ਾਂ ਅਤੇ ਕੌਮਾਂ ਦੀਆਂ ਕਿਸਮਤਾਂ ਪਲਟ ਕੇ ਰੱਖ ਦਿੰਦੀ ਹੈ। ਕਿਰਪਾਨਧਾਰੀ ਹੋਣਾ ਸੁਤੰਤਰਤਾ ਦਾ ਚਿੰਨ੍ਹ ਹੈ। ਇਹ ਸਿੱਖ ਦੇ ਸੁਤੰਤਰ ਜੀਵਨ ਦੀ ਪ੍ਰਤੀਕ ਹੈ। ਇਹ ਸਿੱਖ ਨੂੰ ਹਮੇਸ਼ਾਂ ਉਸ ਗੁਰੂ ਦੀ ਯਾਦ ਦਿਵਾਉਂਦੀ ਹੈ, ਜਿਸ ਨੇ ਅਕਾਲ ਪੁਰਖ ਤੋਂ ਛੁੱਟ ਹੋਰ ਕਿਸੇ ਦੀ ਕਦੇ ਈਨ ਨਹੀਂ ਮੰਨੀ। ਸਿੱਖ ਦੀ ਕਿਰਪਾਨ ਇਸ ਗੱਲ ਦੀ ਨਿਸ਼ਾਨੀ ਹੈ ਕਿ ਉਹ ਗੁਲਾਮੀ ਵਾਲਾ ਜੀਵਨ ਕਬੂਲ ਨਹੀਂ ਕਰਦਾ।

ਜਦੋਂ ਦਸਮੇਸ਼ ਪਿਤਾ ਨੇ ਖਾਲਸੇ ਨੂੰ ਅੰਮ੍ਰਿਤ ਛਕਾਇਆ ਤਾਂ ਉਸ ਸਮੇਂ ਸ਼ਸਤਰ ਧਾਰਨ ਕਰਨ ਦੇ ਹੁਕਮ ਨੂੰ ਬਿਆਨ ਕਰਦੇ ਹੋਏ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ :

ਜਬ ਹਮਰੇ ਦਰਸ਼ਨ ਕੋ ਆਵੋ, ਬਣ ਸੁਚੇਤ ਹੁਇ ਸ਼ਸਤਰ ਸਜਾਵੋ।

ਕਮਰਕੱਸਾ ਕਰ ਦਿਉ ਦਿਖਾਈ, ਹਮਰੀ ਖੁਸ਼ੀ ਹੋਇ ਅਧਿਕਾਈ।

ਸੰਨ 1699 ਤੋਂ ਲੈ ਕੇ ਸਿੱਖ ਰਾਜ ਦੇ ਅੰਤ ਭਾਵ 1849 ਤੱਕ ਸਿੱਖਾਂ ਨੇ ਕਦੇ ਵੀ ਕਿਰਪਾਨ ਨੂੰ ਹੱਥੋਂ ਨਹੀਂ ਛੱਡਿਆ।  ਸੰਨ 1849 ਵਿੱਚ ਅੰਗਰੇਜ਼ਾਂ ਨੇ ਬ੍ਰਾਹਮਣ ਵਜ਼ੀਰਾਂ ਅਤੇ ਜਰਨੈਲਾਂ ਦੀ ਮਿਲੀ ਭੁਗਤ ਨਾਲ ਪੰਜਾਬ ਦਾ ਰਾਜ ਭਾਗ ਸਾਂਭਿਆ ਤਾਂ ਸਮੂਹ ਫ਼ੌਜੀ ਸਿੱਖ ਸਰਦਾਰਾਂ ਤੇ ਜਰਨੈਲਾਂ ਨੂੰ ਆਪਣੀ ਆਪਣੀ ਕਿਰਪਾਨ ਭੁੰਜੇ ਰੱਖਣ ਦਾ ਹੁਕਮ ਦਿੱਤਾ ਗਿਆ। ਹਰ ਸਿੱਖ ਫ਼ੌਜੀ ਆਪਣੀ ਆਪਣੀ ਕਿਰਪਾਨ ਨੂੰ ਬੜੇ ਸਤਿਕਾਰ ਤੇ ਪਿਆਰ ਨਾਲ ਚੁੰਮਦਾ ਅਤੇ ਬਿਹਬਲ ਦਸ਼ਾ ਵਿੱਚ ਇਸ ਨੂੰ ਭੁੰਜੇ ਰੱਖ ਕੇ ਲਾਂਭੇ ਹੋ ਜਾਂਦਾ।  ਉਸ ਸਮੇਂ ਹਰ ਸਿੱਖ ਜਾਣਦਾ ਸੀ ਕਿ ਉਹ ਕੇਵਲ ਆਪਣੀ ਕਿਰਪਾਨ ਹੀ ਅੰਗਰੇਜ਼ ਸਰਕਾਰ ਦੇ ਹਵਾਲੇ ਨਹੀਂ ਕਰ ਰਿਹਾ ਸਗੋਂ ਬੜੇ ਮਹਿੰਗੇ ਭਾਅ ਲਈ ਹੋਈ ਅਜ਼ਾਦੀ ਨੂੰ ਵੀ ਹੱਥੋਂ ਛੱਡ ਰਿਹਾ ਹੈ।

ਅੰਗਰੇਜ਼ ਸਰਕਾਰ ਦਾ ਦਬਦਬਾ ਹੋਇਆ ਉਹਨਾਂ ਨੇ ਦੇਸ਼ ਅੰਦਰ ਆਰਮਜ਼ ਐਕਟ ਲਾਗੂ ਕਰ ਦਿੱਤਾ, ਜਿਸ ਤਹਿਤ ਸਿੱਖਾਂ ਨੂੰ ਕਿਰਪਾਨ ਪਹਿਨਣ ਤੋਂ ਰੋਕ ਲੱਗ ਗਈ ਪਰੰਤੂ ਕਿਰਪਾਨ ਜੋ ਸਿੱਖਾਂ ਦੇ ਅਜ਼ਾਦ ਜੀਵਨ ਦੀ ਪ੍ਰਤੀਕ ਸੀ ਅਤੇ ਗੁਲਾਮੀ ਦੀਆਂ ਜੰਜੀਰਾਂ ਨੂੰ ਕੱਟਣ ਵਾਲੀ ਕਲਗੀਧਰ ਪਾਤਸ਼ਾਹ ਦੀ ਪਿਆਰੀ ਬਖਸ਼ਸ਼ ਸੀ ਉਸ ਕਿਰਪਾਨ ਨੂੰ ਸਿੱਖ ਕਿਵੇਂ ਭੁੱਲ ਸਕਦੇ ਸਨ। ਸਿੱਖਾਂ ਨੇ ਅਕਾਲੀ ਲਹਿਰ ਸਮੇਂ ਕਿਰਪਾਨ ਦੀ ਅਜ਼ਾਦੀ ਹਿੱਤ ਮੋਰਚਾ ਲਾ ਦਿੱਤਾ। ਅਖੀਰ ਮਜਬੂਰ ਹੋ ਕੇ ਬ੍ਰਿਟਿਸ਼ ਸਰਕਾਰ ਨੇ ਸਿੱਖਾਂ ਲਈ ਕਿਰਪਾਨ ਪਹਿਨਣ ਦੀ ਖੁੱਲ੍ਹ ਦੇ ਦਿੱਤੀ। ਇਹ ਹੈ ਕਿਰਪਾਨ ਦਾ ਮਹੱਤਵ ਪੂਰਨ ਇਤਿਹਾਸ। ਜੇਕਰ ਸਾਨੂੰ ਇਸ ਦੀ ਮਹੱਤਤਾ ਦਾ ਅਹਿਸਾਸ ਹੋ ਜਾਵੇ ਫਿਰ ਅਸੀਂ ਇਸ ਨੂੰ ਪਹਿਨਣ ਤੋਂ ਕਿਵੇਂ ਇਨਕਾਰੀ ਹੋ ਸਕਦੇ ਹਾਂ।

ਸੋ, ਗੁਰੂ ਸਾਹਿਬ ਵੱਲੋਂ ਬਖਸ਼ੇ ਹੋਏ ਇਹਨਾਂ ਕਕਾਰਾਂ ਵਿੱਚ ਬਹੁਤ ਰਹੱਸ ਲੁਕਿਆ ਹੋਇਆ ਹੈ। ਇਹਨਾਂ ਕਕਾਰਾਂ ਦੇ ਪਿਆਰ ਨੂੰ ਕੋਈ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰਾ ਹੀ ਪ੍ਰਾਪਤ ਕਰ ਸਕਦਾ ਹੈ। ਸਿੱਖਾਂ ਨੂੰ ਕਲਗੀਧਰ ਪਿਤਾ ਨੇ ਪੰਜ ਕਕਾਰਾਂ ਦੀ ਸੋਹਣੀ ਵਰਦੀ ਦੇ ਕੇ ਕਿਸੇ ਅਦੁੱਤੀ ਸ਼ਿੰਗਾਰ ਵੱਲ ਬੰਨ੍ਹ ਦਿੱਤਾ ਹੈ।

ਕੱਛ, ਕੇਸ, ਕੰਘਾ, ਕਿਰਪਾਨ, ਕੜਾ ਔਰ ਜੋ ਕਰੋ ਬਖਾਨ।

ਇਹ ਕੱਕੇ ਪੰਜ ਤੁਮ ਜਾਣੋ। ਗੁਰੂ ਗ੍ਰੰਥ ਕੋ ਤੁਮ ਸਭ ਮਾਨੋਂ।

ਮਾਸਟਰ ਤਾਰਾ ਸਿੰਘ ਜੀ ਲਿਖਦੇ ਹਨ ਕਿ ਮੈਨੂੰ ਇਹਨਾਂ ਕਕਾਰਾਂ ਵਿੱਚੋਂ ਗੁਰੂ ਦੇ ਦਰਸ਼ਨ ਹੁੰਦੇ ਹਨ।

ਸਿੱਖ ਕੌਮ ਨੂੰ ਇਹ ਗੱਲ ਵੀ ਚੰਗੀ ਤਰ੍ਹਾਂ ਯਾਦ ਰੱਖਣੀ ਚਾਹੀਦੀ ਹੈ ਕਿ ਬੜੇ ਬੜੇ ਬਿਖੜੇ ਤੇ ਭਿਆਨਕ ਸਮਿਆਂ ਵਿੱਚ ਵੀ ਸਾਨੂੰ ਸਹੀ ਸਲਾਮਤ ਰੱਖਣ ਵਾਲੇ ਕਾਰਨਾਂ ਵਿੱਚੋਂ ਇੱਕ ਵੱਡਾ ਕਾਰਨ ਸਾਡੇ ਕਕਾਰ ਵੀ ਹਨ। ਜਿੱਥੇ ਗੁਰੂ ਕੀ ਬਾਣੀ ਨੇ ਸਿੱਖਾਂ ਨੂੰ ਹਰ ਮੁਸ਼ਕਲ ਸਮੇਂ ਯੋਗ ਅਗਵਾਈ ਦੇਣੀ ਹੈ, ਉੱਥੇ ਕੌਮ ਨੂੰ ਇਕੱਠਿਆਂ ਰੱਖਣ ਵਿੱਚ ਇਹਨਾਂ ਕਕਾਰਾਂ ਦਾ ਹੀ ਵੱਡਾ ਯੋਗਦਾਨ ਹੈ।

ਢੁੱਕਵਾਂ ਜਵਾਬ

0

ਮਿੰਨੀ ਕਹਾਣੀ

ਢੁੱਕਵਾਂ ਜਵਾਬ

-ਰਮੇਸ਼ ਬੱਗਾ ਚੋਹਲਾ, #1348/17/1, ਗਲੀ ਨੰ: 8, ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)-94631-32719

‘ਮੈਡਮ ਜੀ !  ਅਰਪਿਤਾ ਕਾ ਸਕੂਲ ਬਦਲਨੇ ਕਾ ਸਰਟੀਫਿਕੇਟ ਚਾਹੀਏ।’ ਹੱਥ ਵਿਚ ਅਰਜ਼ੀ ਫੜੀ ਭਈਏ ਦੀਨ ਦੀਆਲ ਨੇ ਜਮਾਤ ਦੀ ਇੰਚਾਰਜ਼ ਮੈਡਮ ਗੁਲਾਟੀ ਨੂੰ ਕਿਹਾ।

‘ਕਿਉਂ ? ਕੀ ਗੱਲ ਹੋ ਗਈ ? ਅਰਪਿਤਾ ਕਾ ਸਕੂਲ ਕਿਉਂ ਬਦਲਨਾ ਹੈ ?’ ਇਚਾਰਜ ਮੈਡਮ ਨੇ ਹੈਰਾਨ ਹੁੰਦਿਆਂ ਸਵਾਲਾਂ ਦੀ ਝੜੀ ਲਗਾ ਦਿੱਤੀ।

‘ਬੱਸ ਮੈਡਮ ਜੀ  ! ਇਸ ਕਾ ਭਾਈ ਪ੍ਰਾਈਵੇਟ ਸਕੂਲ ਮੇਂ ਪੜ੍ਹ ਰਿਹਾ ਹੈ।  ਸੋਚਤਾ ਹੂੰ ਦੋਨੋਂ ਕੋ ਏਕ ਸਾਥ ਹੀ ਭੇਜ ਦਿਆ ਕਰਾਂਗਾ, ਨਾਲੇ ਵਹਾਂ ਕੀ ਪੜ੍ਹਾਈ ਭੀ ਕੁੱਝ ਅੱਛੀ ਹੈ।’

ਭਈਏ ਦੀ ਪੜ੍ਹਾਈ ਵਾਲੀ ਗੱਲ ਸੁਣ ਕੇ ਮੈਡਮ ਗੁਲਾਟੀ ਨੂੰ ਥੋੜ੍ਹਾ ਧੱਕਾ ਜਿਹਾ ਲੱਗਾ ਅਤੇ ਉਹ ਤੈਸ਼ ਵਿੱਚ ਆ ਕੇ ਬੋਲੀ- ‘ਸਵਾਹ ਅੱਛੀ ਹੈ, ਬਾਰ੍ਹਾਂ-ਬਾਰ੍ਹਾਂ ਜਮਾਤਾਂ ਪੜ੍ਹੀਆਂ ਕੁੜੀਆਂ ਰੱਖੀਆਂ ਹੁੰਦੀਆਂ ਹੈ। ਉਨ੍ਹਾਂ ਨੇ ਭਲਾ ਕਿੰਨਾ ਕੁ ਅੱਛਾ ਪੜ੍ਹਾ ਲੈਣਾ ਹੈ। ਸਰਕਾਰੀ ਸਕੂਲ ਵਿਚਲਾ ਸਾਰਾ ਸਟਾਫ਼ ਵੈੱਲ-ਕਵਾਲੀਫ਼ਾਈਡ ਹੁੰਦਾ ਹੈ। ਨਾਲੇ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਹੁਣ ਤਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।’

ਗੁਲਾਟੀ ਮੈਡਮ ਸਰਕਾਰੀ ਸਕੂਲਾਂ ਦੇ ਹੱਕ ਵਿੱਚ ਦਲੀਲਾਂ ਦੇ ਕੇ ਆਪਣਾ ਪੱਲ੍ਹੜਾ ਭਾਰੀ ਕਰ ਰਹੀ ਸੀ।

‘ਏਕ ਬਾਤ ਪੂਛੇ ਮੈਡਮ ਜੀ !’

‘ਹਾਂ ਪੂਛ…ਪੂਛ..।’

‘ਆਪ ਕੇ ਕਿਤਨੇ ਬੱਚੇ ਹੈਂ ?’

‘ਦੋ।’

ਕਹਾਂ ਪੜ੍ਹਤੇ ਹੈਂ ?

‘ਡੀ. ਏ. ਵੀ. ਪਬਲਿਕ ਸਕੂਲ਼ ਮੇਂ।’

‘ਯਹ ਸਰਕਾਰੀ ਹੈ ਕਿਆ ?’

‘ਨਹੀਂ।  ਪਰ ਤੁਮ ਕਿਉਂ ਪੂਛ ਰਹੇ ਹੋ ?’

‘ਅਭੀ ਤੋ ਆਪ ਬੋਲ ਰਹੇ ਥੇ ਸਰਕਾਰੀ ਸਕੂਲੋਂ ਕੀ ਪੜ੍ਹਾਈ ਬਹੁਤ ਅੱਛੀ ਹੈ।’

‘ਹਾਂ ਬੋਲਾ ਥਾ।’

‘ਅਗਰ ਇਤਨੀ ਹੀ ਅੱਛੀ ਹੈ ਤੋ ਫਿਰ ਆਪ ਕੇ ਬੱਚੇ ਸਰਕਾਰੀ ਸਕੂਲ ਮੇਂ ਕਿਉਂ ਨਹੀਂ ਪੜ੍ਹ ਰਹੇ ?’

ਭਈਏ ਦੀਨ ਦਿਆਲ ਦੇ ਇਸ ਪ੍ਰਸ਼ਨ ਦਾ ਮੈਡਮ ਗੁਲਾਟੀ ਕੋਲ ਹੁਣ ਕੋਈ ਢੁੱਕਵਾਂ ਜਵਾਬ ਨਹੀਂ ਸੀ।

 —-0—

ਦੇਸੀ ਘਿਓ ਤੋਂ ਪਰਹੇਜ਼ ਕਿਉਂ ?

0

ਦੇਸੀ ਘਿਓ ਤੋਂ ਪਰਹੇਜ਼ ਕਿਉਂ ?

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਦੁਨੀਆ ਦੇ ਚੋਟੀ ਦੇ ਮੈਡੀਕਲ ਜਰਨਲ ਲੈਨਸਟ ਵਿਚ ਛਪੀ ਖੋਜ ਦਿਮਾਗ਼ ਦੇ ਪਰਦੇ ਖੋਲ੍ਹਣ ਵਾਲੀ ਹੈ। ਇਸ ਵਿੱਚੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਭਾਰਤ ਵਿੱਚੋਂ ਉਤਪੰਨ ਹੋਇਆ ਡਾਕਟਰੀ ਵਿਗਿਆਨ ਹੀ ਅਸਲ ਧੁਰਾ ਹੈ, ਜਿੱਥੋਂ ਅਰਬ ਹਮਲਾਵਰਾਂ ਨੇ ਤਰਜਮਾ ਕਰ ਕੇ ਪੂਰੀ ਦੁਨੀਆ ਵਿਚ ਇਸ ਨੂੰ ਪਹੁੰਚਾਇਆ। ਹੁਣ ਅਸੀਂ ਅੱਖਾਂ ਉੱਤੇ ਪਰਦਾ ਡੇਗ ਕੇ ਉਸੇ ਵਿਗਿਆਨ ਨੂੰ ਅੰਗਰੇਜ਼ਾਂ ਦੀ ਉਪਜ ਮੰਨ ਕੇ ਆਪਣੇ ਨੁਸਖਿਆਂ ਨੂੰ ਖੁੱਡੇ ਲਾਈਨ ਲਾ ਕੇ, ਕੰਪਨੀਆਂ ਦੀਆਂ ਮਸ਼ਹੂਰੀਆਂ ਉੱਤੇ ਨਿਰਭਰ ਹੋ ਕੇ ਆਪਣਾ ਵਧੀਆ ਖਾਣ ਪੀਣ ਤਬਦੀਲ ਕਰ ਕੇ ਪੱਛਮੀ ਸੱਭਿਅਤਾ ਦੀ ਰੰਗਤ ਦੇਣ ਲੱਗ ਪਏ ਹਾਂ।

ਨਤੀਜੇ ਅਸੀਂ ਆਪ ਹੀ ਭੁਗਤ ਰਹੇ ਹਾਂ। ਪੱਛਮੀ ਲੋਕ ਸਾਡੇ ਹੀ ਸੱਤੂਆਂ ਨੂੰ ‘ਓਟਮੀਲ’ ਦਾ ਨਾਂ ਦੇ ਕੇ ਸਾਨੂੰ 10 ਗੁਣਾਂ ਕੀਮਤ ਉੱਤੇ ਖਰੀਦਣ ਉੱਤੇ ਮਜਬੂਰ ਕਰ ਰਹੇ ਹਨ। ਉਸ ਦੇ ਲੁਭਾਵਨੇ ਨਾਂ ਰੱਖ ਕੇ, ਖੋਜਾਂ ਰਾਹੀਂ ਇਸ ਨੂੰ ਉੱਤਮ ਸਾਬਤ ਕਰ ਕੇ, ਸਾਨੂੰ ਹੀ ਖੁਆਉਣ ਲੱਗ ਪਏ ਹਨ।

ਅਸੀਂ ਆਪਣੀ ਨਾਨੀ-ਦਾਦੀ ਵੱਲੋਂ ਬਣਾਈ ਮੱਕੀ ਦੀ ਰੋਟੀ, ਬਾਜਰੇ ਦੀ ਖੀਰ ਜਾਂ ਰਾਗੀ ਦੀ ਇਡਲੀ ਨੂੰ ਪਿਛਾਂਹ ਖਿੱਚੂ-ਖਾਣਾ ਸਾਬਤ ਕਰ ਕੇ ਤਿਆਗ ਚੁੱਕੇ ਹਾਂ ਤੇ ਬੱਚਿਆਂ ਨੂੰ ਬਰਗਰ, ਨੂਡਲਜ਼ ਖੁਆ ਕੇ ਉਨ੍ਹਾਂ ਦੇ ਸਰੀਰਾਂ ਨੂੰ ਰੋਗਾਂ ਦਾ ਪੰਡਾਰਾ ਬਣਾ ਛੱਡਿਆ ਹੈ। ਹੋਰ ਤਾਂ ਹੋਰ, ਹੁਣ ਤਾਂ ਸਵੀਡਨ ਵਿਚ ਦਹੀਂ ਤੇ ਸ਼ਹਿਦ ਨਾਲ ਬੱਚੇ ਨੂੰ ਨੁਹਾਉਣ ਵਾਸਤੇ 1000 ਰੁਪੈ ਦੀ ਸ਼ੀਸ਼ੀ ਬਜ਼ਾਰ ਵਿਚ ਵਿਕਣ ਲਈ ਤਿਆਰ ਹੋਈ ਪਈ ਹੈ, ਪਰ ਅਸੀਂ ਆਪਣੇ ਬੱਚਿਆਂ ਨੂੰ ਘਰ ਦੀ ਦਹੀਂ ਛੱਡ ਕੇ ਸਵੀਡਨ ਦੇ ਬਣੇ ਸਾਬਣ ਨਾਲ ਨੁਹਾਉਣ ਨੂੰ ਕਾਹਲੇ ਹਾਂ।

ਪੱਛਮੀ ਲੋਕਾਂ ਵਿਚ ਵੱਧ ਰਹੇ ਹਾਰਟ ਅਟੈਕ, ਸ਼ੱਕਰ ਰੋਗ, ਕੈਂਸਰ, ਬਲੱਡ ਪ੍ਰੈੱਸ਼ਰ ਤੇ ਮੋਟਾਪਾ ਉਨ੍ਹਾਂ ਮੁਲਕਾਂ ਲਈ ਚਿੰਤਾ ਦਾ ਵਿਸ਼ਾ ਬਣ ਚੁੱਕੇ ਹਨ। ਇਸੇ ਲਈ ਉਨ੍ਹਾਂ ਮੁਲਕਾਂ ਵਿਚ ਭਾਰਤੀ ਖਾਣਿਆਂ ਉੱਤੇ ਖੋਜ ਆਰੰਭੀ ਗਈ ਕਿਉਂਕਿ ਏਥੇ ਏਨੀ ਵੱਡੀ ਮਾਤਰਾ ਵਿਚ ਉਦੋਂ ਸ਼ੱਕਰ ਰੋਗੀ ਨਹੀਂ ਸਨ।

ਮੌਜੂਦਾ ਖੋਜ ਇੱਕੋ ਸਮੇਂ 18 ਮੁਲਕਾਂ ਵਿਚ ਆਰੰਭੀ ਗਈ। ਉਸ ਵਿਚ ਵੱਖੋ-ਵੱਖ ਤਰ੍ਹਾਂ ਦੇ ਘਿਓ, ਤੇਲ, ਕਾਰਬੋਹਾਈਡਰੇਟ ਤੇ ਪ੍ਰੋਟੀਨ ਦੀ ਵਰਤੋਂ ਤੇ ਉਨ੍ਹਾਂ ਦੇ ਸਿਹਤ ਉੱਤੇ ਪੈਂਦੇ ਅਸਰ ਵੇਖੇ ਗਏ। ਇਸ ਵਿਚ ਦਿਲ ਦੀਆਂ ਬੀਮਾਰੀਆਂ ਅਤੇ ਉਨ੍ਹਾਂ ਸਦਕਾ ਹੋਈਆਂ ਮੌਤਾਂ ਬਾਰੇ ਵੀ ਨਤੀਜੇ ਕੱਢੇ ਗਏ।

ਦਸ ਸਾਲਾਂ ਤੱਕ (ਸੰਨ 2003 ਤੋਂ 2013) ਚੱਲੀ ਇਸ ਖੋਜ ਵਿਚ 35 ਤੋਂ 70 ਸਾਲਾਂ ਦੀਆਂ ਔਰਤਾਂ ਤੇ ਪੁਰਸ਼ ਸ਼ਾਮਲ ਕੀਤੇ ਗਏ। ਇਸ ਖੋਜ ਦੌਰਾਨ 5796 ਮੌਤਾਂ ਹੋਈਆਂ ਤੇ 4784 ਹਾਰਟ ਅਟੈਕ ਤੇ ਅਧਰੰਗ ਦੇ ਮਰੀਜ਼ ਸਾਹਮਣੇ ਆਏ। ਕੁੱਲ ਇਕ ਲੱਖ 35 ਹਜ਼ਾਰ ਤਿੰਨ ਸੌ ਪੈਂਤੀ ਲੋਕਾਂ ਦਾ ਖਾਣ ਪੀਣ ਦਾ ਰਿਕਾਰਡ ਰੱਖਿਆ ਗਿਆ ਸੀ ਤੇ ਉਨ੍ਹਾਂ ਦਾ ਪੂਰਾ ਚੈੱਕਅੱਪ ਵੀ ਰੈਗੂਲਰ ਤੌਰ ਉੱਤੇ ਕੀਤਾ ਗਿਆ ਸੀ।

ਨਤੀਜੇ :-

ਇਸ ਖੋਜ ਦੇ ਨਤੀਜਿਆਂ ਨੇ ਹੁਣ ਤੱਕ ਦੇ ਖਾਣ ਪੀਣ ਉੱਤੇ ਲਾਈਆਂ ਰੋਕਾਂ ਉੱਤੇ ਵੱਡਾ ਕਿੰਤੂ ਪਰੰਤੂ ਖੜ੍ਹਾ ਕਰ ਦਿੱਤਾ ਹੈ। ਪਹਿਲਾਂ ਦੀਆਂ ਖੋਜਾਂ ਅਨੁਸਾਰ ਥਿੰਦਾ, ਖਾਸ ਕਰ ਦੇਸੀ ਘਿਓ ਨੂੰ ਦਿਲ ਲਈ ਹਾਨੀਕਾਰਕ ਦਸ ਕੇ ਰੀਫਾਇੰਡ ਤੇਲਾਂ ਵਲ ਵੱਧ ਝੁਕਾਓ ਬਣਾ ਦਿੱਤਾ ਗਿਆ ਸੀ। ਇਸ ਵਾਸਤੇ ਮੀਡੀਆ ਰਾਹੀਂ ਏਨੀ ਇਸ਼ਤਿਹਾਰਬਾਜ਼ੀ ਕੀਤੀ ਗਈ ਕਿ ਮਸ਼ਹੂਰੀ ਦੇ ਆਧਾਰ ਉੱਤੇ ਹੀ ਮਲੇਸ਼ੀਆ ਨੇ ‘ਪਾਮ ਤੇਲ’ ਭਾਰਤੀਆਂ ਨੂੰ ਵੇਚ-ਵੇਚ ਕੇ ਆਪਣੀ ਅਰਥ-ਵਿਵਸਥਾ ਮਜ਼ਬੂਤ ਕਰ ਲਈ। ਹਰ ਅਖ਼ਬਾਰ, ਕਿਤਾਬ, ਜਰਨਲ ਵਿਚ ਖਾਣੇ ਵਿਚ ਘਿਓ ਤੇਲ ਦੀ ਮਾਤਰਾ ਨੂੰ ਸਿਰਫ਼ 30 ਫੀਸਦੀ, ਜਿਸ ਵਿਚ ਦੇਸੀ ਘਿਓ 10 ਫੀਸਦੀ ਤੋਂ ਵੀ ਘੱਟ ਵਰਤੋਂ ਕਰਨ ਬਾਰੇ ਜ਼ੋਰ ਦਿੱਤਾ ਗਿਆ। ਇਸ ਇਸ਼ਤਿਹਾਰਬਾਜ਼ੀ ਨੇ ਦੇਸੀ ਘਿਓ ਨੂੰ ਕਿਤੇ ਪਿਛਾਂਹ ਧੱਕ ਕੇ ਵੱਖੋ-ਵੱਖਰੇ ਰੀਫਾਇੰਡ ਤੇਲਾਂ ਦੇ ਕਾਰੋਬਾਰ ਨੂੰ ਖਰਬਾਂ ਦਾ ਮੁਨਾਫ਼ਾ ਦੁਆ ਦਿੱਤਾ।

ਮੈਡੀਕਲ ਜਰਨਲਾਂ ਵਿਚ ਛਪੀਆਂ ਖੋਜਾਂ ਨੇ ਡਾਕਟਰਾਂ ਨੂੰ ਵੀ ਆਪੋ ਆਪਣੇ ਮਰੀਜ਼ਾਂ ਨੂੰ ਘੱਟ ਘਿਓ ਦੀ ਵਰਤੋਂ ਕਰਨ ਦੀ ਸਲਾਹ ਦੇਣ ਲਈ ਮਜਬੂਰ ਕਰ ਦਿੱਤਾ। ਇਹ ਤੱਥ ਬਾਅਦ ਵਿਚ ਸਾਹਮਣੇ ਆਇਆ ਕਿ ਇਸ ਵਾਸਤੇ ਕੰਪਨੀਆਂ ਵੱਲੋਂ ਦਿੱਤੇ ਪੈਸਿਆਂ ਨਾਲ ਖੋਜਾਂ ਕਰਵਾਈਆਂ ਗਈਆਂ, ਜਿਨ੍ਹਾਂ ਨੇ ਐਲ. ਡੀ. ਐਲ. ਤੇ ਐਚ. ਡੀ. ਐਲ. ਕੋਲੈਸਟਰੋਲ ਦਾ ਐਸਾ ਹਊਆ ਬਣਾ ਕੇ ਪੇਸ਼ ਕੀਤਾ ਗਿਆ ਕਿ ਆਮ ਬੰਦਾ ਵਿਚਾਰਾ ਆਪਣਾ ਦਿਲ ਫੜ ਕੇ ਦਿਨ ਰਾਤ ਲੈਬਾਰਟਰੀਆਂ ਵਿੱਚੋਂ ਟੈਸਟ ਕਰਵਾ ਕੇ ਡਾਕਟਰਾਂ ਤੋਂ ਚੰਗੇ ਮਾੜੇ ਕੋਲੈਸਟਰੋਲ ਦੇ ਵਾਧੇ ਘਾਟੇ ਬਾਰੇ ਪੁੱਛਦਾ ਹੀ ਗੁੰਮ ਹੋ ਕੇ ਰਹਿ ਗਿਆ।

ਇਸ ਸਾਰੇ ਰੌਲੇ ਗੌਲੇ ਵਿਚ ਸਭ ਤੋਂ ਵੱਧ ਮਾਰ ਪਈ ਦੇਸੀ ਘਿਓ ਨੂੰ। ਪਿੰਡਾਂ ਵਿਚ ਘਰ ਦਾ ਘਿਓ, ਮੱਖਣ ਛੱਡ ਕੇ ਮੁੱਲ ਖਰੀਦਿਆ ਰੀਫਾਇੰਡ ਤੇਲ, ਕਨੋਲਾ ਤੇਲ ਤੇ ਓਲਿਵ ਤੇਲ ਵਰਤਣ ਦਾ ਭੂਤ ਸਵਾਰ ਹੋ ਗਿਆ।

ਕਨੇਡੀਅਨ ਇੰਸਟੀਚਿਊਟ ਆਫ ਹੈਲਥ ਰੀਸਰਚ ਵੱਲੋਂ ਕੀਤੇ ਖ਼ਰਚੇ ਰਾਹੀਂ ਪੂਰੀ ਕੀਤੀ ਗਈ ਖੋਜ, ਜਿਸ ਵਿਚ ਓਨਟਾਰੀਓ ਮਿਨਿਸਟਰੀ ਆਫ਼ ਹੈਲਥ ਨੇ ਵੀ ਗਰਾਂਟਾਂ ਦਿੱਤੀਆਂ, ਅਰਜਨਟੀਨਾ, ਬੰਗਲਾ ਦੇਸ, ਬਰਾਜ਼ੀਲ, ਕੈਨੇਡਾ, ਦਿੱਲੀ, ਚੀਨ, ਕੋਲੰਬੀਆ, ਭਾਰਤ, ਮਲੇਸ਼ੀਆ, ਪੈਲਸਟੀਨ, ਪੋਲੈਂਡ, ਸਾਊਥ ਅਫਰੀਕਾ, ਨੀਦਰਲੈਂਡ, ਸਵੀਡਨ, ਤੁਰਕੀ, ਦੁਬਈ ਸਮੇਤ ਕਈ ਮੁਲਕਾਂ ਤੇ ਸਿਹਤ ਸੰਸਥਾਵਾਂ ਨੇ ਰਲ ਕੇ ਪੁਰਾਣੀ ਖੋਜ ਨੂੰ ਖੰਡਿਤ ਕਰ ਦਿੱਤਾ ਹੈ !

ਨਵੀਂ ਖੋਜ ਤਹਿਤ :-

  1. ਸਭ ਤੋਂ ਵੱਧ ਮੌਤਾਂ ਉਨ੍ਹਾਂ ਬੰਦਿਆਂ ਦੀਆਂ ਹੋਈਆਂ ਜੋ ਪੂਰੇ ਦਿਨ ਦੇ ਖਾਣੇ ਵਿਚ 60 ਫੀਸਦੀ ਤੋਂ ਵੱਧ ਕਾਰਬੋਹਾਈਡਰੇਟ (ਖੰਡ, ਮੈਦਾ, ਕਣਕ ਦਾ ਆਟਾ) ਵਰਤ ਰਹੇ ਸਨ।
  2. ਉਨ੍ਹਾਂ ਲੋਕਾਂ ਵਿਚ ਅਧਰੰਗ ਹੋਣ ਦਾ ਖ਼ਤਰਾ ਕਈ ਗੁਣਾਂ ਘਟਿਆ ਲੱਭਿਆ ਜਿਨ੍ਹਾਂ ਦੇ ਖਾਣੇ ਵਿਚ ਰੀਫਾਇੰਡ ਕਾਰਬੋਹਾਈਡਰੇਟ (ਖੰਡ, ਸ਼ੱਕਰ, ਗੁੜ, ਮੈਦਾ) ਦੀ ਥਾਂ ਸੈਚੂਰੇਟਿਡ ਥਿੰਦੇ (ਦੇਸੀ ਘਿਓ) ਦੀ ਮਾਤਰਾ ਵੱਧ ਸੀ।
  3. ਦੇਸੀ ਘਿਓ ਖਾਣ ਵਾਲਿਆਂ ਦਾ ਐਲ. ਡੀ. ਐਲ. ਤੇ ਐਚ. ਡੀ. ਐਲ. ਕੋਲੈਸਟਰੋਲ ਵਧਿਆ ਹੋਇਆ ਲੱਭਿਆ ਤੇ ਟਰਾਈਗਲਿਸਰਾਈਡ ਘਟੇ ਹੋਏ ਲੱਭੇ। ਯਾਨੀ, ਮਾੜਾ ਤੇ ਚੰਗਾ ਕੋਲੈਸਟਰੋਲ, ਦੋਵੇਂ ਵਧ ਗਏ, ਪਰ ਫਿਰ ਵੀ ਏਨੇ ਖ਼ਤਰਨਾਕ ਨਹੀਂ ਸਨ।
  4. ਜਿਹੜੇ ਜ਼ਿਆਦਾ ਕਾਰਬੋਹਾਈਡਰੇਟ ਵਰਤ ਰਹੇ ਸਨ, ਉਨ੍ਹਾਂ ਦਾ ਐਲ. ਡੀ. ਐਲ. ਤੇ ਐਚ. ਡੀ. ਐਲ. ਕੋਲੈਸਟਰੋਲ, ਦੋਵੇਂ ਹੀ ਘੱਟ ਗਏ ਸਨ। ਇਸ ਦਾ ਮਤਲਬ ਇਹ ਹੋਇਆ ਕਿ ਮੈਦਾ ਤੇ ਖੰਡ ਖਾਣ ਨਾਲ ਜਿੱਥੇ ਮਾੜਾ ਕੋਲੈਸਟਰੋਲ ਵੱਧ ਗਿਆ, ਉੱਥੇ ਚੰਗਾ ਕੋਲੈਸਟਰੋਲ ਵੀ ਘੱਟ ਗਿਆ।
  5. ਦੇਸੀ ਘਿਓ ਦੀ ਵਰਤੋਂ ਕਰਨ ਵਾਲਿਆਂ ਦੇ ਸਰੀਰਾਂ ਅੰਦਰ ਐਪੋ-ਬੀ/ਐਪੋ-ਏ 1 ਦੀ ਮਾਤਰਾ ਘਟੀ ਹੋਈ ਲੱਭੀ ਜਿਸ ਨਾਲ ਹਾਰਟ ਅਟੈਕ ਤੇ ਐਨਜਾਈਨਾ ਦਾ ਖ਼ਤਰਾ ਕਈ ਗੁਣਾ ਘੱਟ ਹੋ ਗਿਆ।
  6. ਐਲ. ਡੀ. ਐਲ. ਕੋਲੈਸਟਰੋਲ ਉੱਤੇ ਸਿਰਫ਼ ਖ਼ੁਰਾਕ ਦਾ ਹੀ ਅਸਰ ਨਹੀਂ ਪੈਂਦਾ। ਇਸੇ ਲਈ ਇਕੱਲੀ ਖ਼ੁਰਾਕ ਉੱਤੇ ਹੀ ਹਾਰਟ ਅਟੈਕ ਨਾਲ ਹੋ ਰਹੀਆਂ ਮੌਤਾਂ ਦੀ ਜ਼ਿੰਮੇਵਾਰੀ ਨਹੀਂ ਪਾਈ ਜਾ ਸਕਦੀ। ਤਣਾਓ ਵੀ ਇਕ ਵੱਡਾ ਕਾਰਨ ਉਭਰ ਕੇ ਸਾਹਮਣੇ ਆ ਰਿਹਾ ਹੈ।
  7. ਟਰਾਂਸ ਫੈਟ (ਬਜ਼ਾਰੀ ਤਲੇ ਆਲੂ, ਚਿਪਸ, ਬਰਗਰ, ਪਿਜ਼ਾ, ਆਦਿ) ਦਿਲ, ਜਿਗਰ ਅਤੇ ਅੰਤੜੀਆਂ ਲਈ ਹਾਨੀਕਾਰਕ ਸਿੱਧ ਹੋ ਚੁੱਕੇ ਹਨ ਤੇ ਮੋਟਾਪੇ ਨਾਲ ਹੋ ਰਹੀਆਂ ਬੀਮਾਰੀਆਂ ਲਈ ਵੀ।
  8. ਜਿਨ੍ਹਾਂ ਨੇ ਦੇਸੀ ਘਿਓ ਛੱਡ ਕੇ ਰੀਫਾਇੰਡ ਘਿਓ ਖਾਣਾ ਸ਼ੁਰੂ ਕੀਤਾ ਸੀ, ਉਨ੍ਹਾਂ ਵਿਚ ਵੀ ਮਰਨ ਦਰ ਘਟੀ ਨਹੀਂ।
  9. ਵੱਧ ਕਾਰਬੋਹਾਈਡਰੇਟ ਤੇ ਘੱਟ ਥਿੰਦੇ ਵਾਲੀ ਖ਼ੁਰਾਕ ਖਾਣ ਵਾਲਿਆਂ ਵਿਚ ਮੌਤ ਦਰ ਵੱਧ ਦਿਸੀ ਪਰ ਹਾਰਟ ਅਟੈਕ ਨਾਲੋਂ ਜ਼ਿਆਦਾ ਸਟਰੋਕ ਜਾਂ ਹੋਰ ਕਾਰਨਾਂ ਕਰ ਕੇ।
  10. ਖਾਣੇ ਵਿਚ ਥਿੰਦਾ ਨਾ ਬਰਾਬਰ ਕਰਨ ਬਾਅਦ ਵੀ ਮੌਤ ਦਰ ਵਿਚ ਕੋਈ ਫ਼ਰਕ ਨਹੀਂ ਦਿਸਿਆ।
  11. ਜੇ ਖ਼ੁਰਾਕ ਵਿਚ ਘਿਓ ਦੀ ਮਾਤਰਾ 30 ਫੀਸਦੀ ਦੀ ਥਾਂ ਉੱਤੇ 35 ਫੀਸਦੀ ਹੋਵੇ, ਤਾਂ ਮੌਤ ਦਰ ਘਟ ਜਾਂਦੀ ਹੈ ਤੇ ਅਧਰੰਗ ਦਾ ਖ਼ਤਰਾ ਵੀ ਘਟ ਜਾਂਦਾ ਹੈ। ਇੰਜ ਦਿਲ ਦੇ ਰੋਗਾਂ ਤੋਂ ਇਲਾਵਾ ਹੋਰ ਕਾਰਨਾਂ ਕਰ ਕੇ ਵੀ ਮੌਤ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
  12. ਚਿੱਟੇ ਚੌਲ, ਖੰਡ, ਸ਼ੱਕਰ, ਗੁੜ, ਮੈਦਾ ਖਾਣ ਨਾਲ ਮੌਤ ਦਰ ਵਧੀ ਦਿਸੀ ਤੇ ਹਾਰਟ ਅਟੈਕ ਵੀ ਵੱਧ ਹੋਏ ਲੱਭੇ।
  13. ਘਿਓ ਨਾਲੋਂ ਮੈਦਾ ਤੇ ਖੰਡ ਕੋਲੈਸਟਰੋਲ ਅਤੇ ਬਲੱਡ ਪ੍ਰੈੱਸ਼ਰ ਉੱਤੇ ਵੱਧ ਮਾੜਾ ਅਸਰ ਪਾਉਂਦੇ ਹਨ।
  14. ਜੇ ਦੇਸੀ ਘਿਓ ਖਾਇਆ ਜਾਵੇ ਤਾਂ ਮੌਤ ਦਰ ਤੇ ਅਧਰੰਗ ਦਾ ਖ਼ਤਰਾ ਤਾਂ ਘਟਦਾ ਹੀ ਹੈ, ਦਿਲ ਦੀਆਂ ਬੀਮਾਰੀਆਂ ਤੇ ਹਾਰਟ ਅਟੈਕ ਦਾ ਖ਼ਤਰਾ ਵੀ ਘਟ ਜਾਂਦਾ ਹੈ।

ਸਾਰ :-

  1. ਖੰਡ, ਗੁੜ, ਸ਼ੱਕਰ, ਮੈਦਾ, ਚਿੱਟੇ ਚੌਲ, ਕਣਕ ਦਾ ਬਿਨਾਂ ਛਾਣ ਬੂਰੇ ਵਾਲਾ ਆਟਾ, ਖਾਣ ਨਾਲ ਮੌਤ ਦਰ ਵਧ ਜਾਂਦੀ ਹੈ ਤੇ ਹਾਰਟ ਅਟੈਕ ਦਾ ਖ਼ਤਰਾ ਵੀ ਵਧ ਜਾਂਦਾ ਹੈ।
  2. ਕਾਰਬੋਹਾਈਡਰੇਟ ਨਾਲੋਂ ਵੱਧ ਦੇਸੀ ਘਿਓ ਖਾਣ ਨਾਲ ਅਧਰੰਗ ਦਾ ਖ਼ਤਰਾ ਘੱਟ ਜਾਂਦਾ ਹੈ।
  3. ਘਿਓ ਖਾਣ ਨਾਲ ਮੌਤ ਦਰ ਵਧਣ ਦਾ ਕੋਈ ਸੰਬੰਧ ਨਹੀਂ। ਦਿਲ ਦੀਆਂ ਬੀਮਾਰੀਆਂ ਉੱਤੇ ਵੀ ਘਿਓ ਖਾਣ ਨਾਲ ਕੋਈ ਮਾੜਾ ਅਸਰ ਨਹੀਂ ਲੱਭਿਆ।
  4. ਘਿਓ ਜਾਂ ਤੇਲ ਲੋੜੋਂ ਵੱਧ ਖਾਣ ਨਾਲ ਮੋਟਾਪਾ ਵਧ ਜਾਂਦਾ ਹੈ ਜੋ ਮੋਟਾਪੇ ਤੋਂ ਹੋਣ ਵਾਲੀਆਂ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ ਜਿਸ ਨਾਲ ਬਾਅਦ ਵਿਚ ਸ਼ੱਕਰ ਰੋਗ, ਬਲੱਡ ਪ੍ਰੈੱਸ਼ਰ ਤੇ ਕੈਂਸਰ ਹੋ ਸਕਦਾ ਹੈ।
  5. ਹਰ ਚੀਜ਼ ਲੋੜੋਂ ਵਧ ਨੁਕਸਾਨ ਕਰਦੀ ਹੈ। ਇਸੇ ਲਈ ਦੇਸੀ ਘਿਓ ਵਰਤੋ ਜ਼ਰੂਰ, ਪਰ ਕੌਲੀਆਂ ਭਰ-ਭਰ ਕੇ ਨਹੀਂ। ਸਿਰਫ਼ ਓਨਾ ਜਿੰਨਾ ਕਸਰਤ ਨਾਲ ਹਜ਼ਮ ਕੀਤਾ ਜਾ ਸਕੇ।
  6. ਵਾਧੂ ਲੂਣ, ਖੰਡ, ਸ਼ੱਕਰ, ਗੁੜ ਤੇ ਮੈਦਾ ਤਾਂ ਹਰ ਹਾਲ ਬੰਦ ਕਰਨਾ ਹੀ ਪੈਣਾ ਹੈ।
  7. ਕਣਕ ਦੇ ਆਟੇ ਦੀ ਥਾਂ ਰਾਗੀ ਦਾ ਆਟਾ, ਬਾਜਰੇ ਦਾ ਆਟਾ ਤੇ ਮੱਕੀ ਦਾ ਆਟਾ ਵਰਤਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।
  8. ਰੀਫਾਇੰਡ ਘਿਓ ਨੂੰ ਦੇਸੀ ਘਿਓ ਉੱਤੇ ਪਹਿਲ ਨਹੀਂ ਦੇਣੀ ਚਾਹੀਦੀ।

Most Viewed Posts