ਜ਼ਿੰਦਗੀ ਇੰਜ ਜ਼ਿਆਦਾ ਵਧੀਆ ਲੰਘਦੀ ਹੈ !

0
358

ਜ਼ਿੰਦਗੀ ਇੰਜ ਜ਼ਿਆਦਾ ਵਧੀਆ ਲੰਘਦੀ ਹੈ !

(ਨਵੀਂ ਤੇ ਵਧੀਆ ਸ਼ੁਰੂਆਤ)

ਡਾ: ਹਰਸ਼ਿੰਦਰ ਕੌਰ-0175-2216783

ਵਾਲਟ ਡਿਜ਼ਨੀ (ਮਿੱਕੀ ਮਾਊਸ– ਬਿੱਲੀ ਚੂਹੇ ਦੀਆਂ ਸਫ਼ਲ ਤੇ ਮਸ਼ਹੂਰ ਕਾਰਟੂਨ ਫਿਲਮਾਂ ਵਾਲਾ) ਨੇ ਸਫ਼ਲਤਾ ਦਾ ਰਾਜ਼ ਇਹ ਦੱਸਿਆ ਸੀ ਕਿ ਦੂਜੇ ਦਾ ਦਿਲ ਦੁਖਾਉਣ ਦੀ ਥਾਂ ਆਪਣੇ ਕੰਮ ਵਿਚ ਰੁੱਝ ਜਾਓ ਤੇ ਉਸ ਨੂੰ ਏਨੇ ਵਧੀਆ ਤਰੀਕੇ ਕਰੋ ਕਿ ਲੋਕ ਉਸ ਨੂੰ ਵੇਖ ਕੇ ਇਕ ਵਾਰ ਵਿਚ ਤਸੱਲੀ ਨਾ ਕਰਨ ਬਲਕਿ ਉਨਾਂ ਦੇ ਮਨਾਂ ਵਿਚ ਉਸ ਨੂੰ ਦੁਬਾਰਾ ਵੇਖਣ ਦੀ ਚਾਹ ਪੈਦਾ ਹੋਵੇ।
ਏਨੇ ਉੱਤੇ ਰੁਕਣ ਦੀ ਲੋੜ ਨਹੀਂ ਬਲਕਿ ਆਪਣਾ ਰੁਝੇਵਾਂ ਵਧਾ ਕੇ ਆਪਣੇ ਕੰਮ ਵਿਚ ਹੋਰ ਨਿਪੁੰਨਤਾ ਤੇ ਬਦਲਾਓ ਲਿਆਓ ਤਾਂ ਜੋ ਲੋਕ ਹੋਰਨਾਂ ਨੂੰ ਵੀ ਤੁਹਾਡੇ ਕੰਮ ਨੂੰ ਵੇਖਣ ਲਈ ਪ੍ਰੇਰਣ!
ਜਦੋਂ ਤੁਸੀਂ ਏਨੇ ਕਾਬਲ ਬਣ ਗਏ ਤਾਂ ਅੱਗੋਂ ਕੰਮ ਨੂੰ ਤੁਰਦੇ ਰੱਖਣ ਅਤੇ ਨਵੇਂ ਤਜਰਬੇ ਕਰਨ ਵਿਚ ਰੁੱਝ ਜਾਓ ਤਾਂ ਜੋ ਲੋਕ ਤੁਹਾਨੂੰ ਕੰਮ ਕਰਦੇ ਵੇਖਣ ਵੀ ਆਉਣ!
ਕਈ ਸੂਝਵਾਨ ਲੋਕਾਂ ਨੇ ਆਪਣੀ ਜ਼ਿੰਦਗੀ ਭਰ ਦੇ ਨਿਚੋੜ ਕੱਢ ਕੇ ਵਧੀਆ ਜ਼ਿੰਦਗੀ ਜੀਊਣ ਦੇ ਢੰਗ ਬਾਰੇ ਜ਼ਿਕਰ ਕੀਤਾ ਹੈ! ਇਨਾਂ ਸੁਨਿਹਰੀ ਸਤਰਾਂ ਨੇ ਕਈ ਢਹਿੰਦੀ ਕਲਾ ਵਿਚ ਜਾ ਚੁੱਕਿਆਂ ਨੂੰ ਬਾਹਰ ਕੱਢ ਕੇ ਉਨਾਂ ਦੀ ਜ਼ਿੰਦਗੀ ਵਿਚ ਰੰਗ ਭਰ ਦਿੱਤਾ ਹੈ।
ਇਹ ਹਨ:-

(1) ਝੂਰਨਾ ਛੱਡ ਦਿਓ। ਵਕਤ ਵੱਡੇ ਵੱਡੇ ਜ਼ਖ਼ਮ ਭਰ ਦਿੰਦਾ ਹੈ। ਇਸੇ ਲਈ ਕੁੱਝ ਸਮਾਂ ਜ਼ਰੂਰ ਜ਼ਖ਼ਮਾਂ ਨੂੰ ਭਰਨ ਲਈ ਦਿਓ!
(2) ਆਪਣੀ ਜ਼ਿੰਦਗੀ ਨੂੰ ਕਿਸੇ ਹੋਰ ਦੀ ਜ਼ਿੰਦਗੀ ਨਾਲ ਮੇਲਣ ਦੀ ਕੋਸ਼ਿਸ਼ ਉੱਕਾ ਹੀ ਨਹੀਂ ਕਰਨੀ ਚਾਹੀਦੀ! ਸਿਰਫ਼ ਕਿਸੇ ਦੀ ਸਫ਼ਲਤਾ ਵੇਖਣ ਨਾਲ ਉਸ ਵੱਲੋਂ ਕੀਤੀ ਗਈ ਮਿਹਨਤ ਜਾਂ ਘਾਲਣਾ ਕਈ ਵਾਰ ਨਜ਼ਰਅੰਦਾਜ਼ ਹੋ ਜਾਂਦੀ ਹੈ ਅਤੇ ਦੁਖ ਤੇ ਸਾੜੇ ਦਾ ਬਿਨਾਂ ਵਜਾ ਕਾਰਣ ਬਣ ਜਾਂਦੀ ਹੈ।
(3) ਬਹੁਤ ਜ਼ਿਆਦਾ ਫ਼ਿਕਰ ਕਰਨ ਤੇ ਸੋਚਣ ਦੀ ਲੋੜ ਨਹੀਂ। ਦੁਨੀਆ ਦੀ ਹਰ ਸਮੱਸਿਆ ਦਾ ਹਲ ਤੁਹਾਡੇ ਕੋਲ ਨਹੀਂ ਹੋ ਸਕਦਾ। ਜੇ ਕਿਸੇ ਮੁਸ਼ਕਲ ਦਾ ਹੱਲ ਨਹੀਂ ਵੀ ਲੱਭ ਰਿਹਾ ਤਾਂ ਦੁਨੀਆ ਖ਼ਤਮ ਨਹੀਂ ਹੋਣ ਲੱਗੀ। ਕਿਸੇ ਹੋਰ ਕੰਮ ਵੱਲ ਧਿਆਨ ਵੰਡਾ ਲੈਣਾ ਚਾਹੀਦਾ ਹੈ।
(4) ਆਪਣੀਆਂ ਪਿਛਲੀਆਂ ਕੋਝੀਆਂ ਯਾਦਾਂ ਨੂੰ ਅੱਜ ਦੇ ਨਾਲ ਲਗਾਤਾਰ ਜੋੜ ਕੇ ਰੱਖਣਾ ਫਿਜ਼ੂਲ ਹੈ। ਇਸ ਤਰਾਂ ਆਪਣਾ ਅੱਜ ਵੀ ਪੂਰੀ ਤਰਾਂ ਮਾਣਿਆ ਨਹੀਂ ਜਾ ਸਕਦਾ। ਚੇਤੇ ਇਹ ਰੱਖਣ ਦੀ ਲੋੜ ਹੈ ਕਿ ਗਿਆ ਵੇਲਾ ਫੇਰ ਹੱਥ ਨਹੀਂ ਆਉਂਦਾ। ਸਿਰਫ਼ ਪਛੁਤਾਵਾ ਬਚਦਾ ਹੈ। ਸੋ ਅੱਜ ਨੂੰ ਰੱਜ ਕੇ ਮਾਣੋ!
(5) ਸਾਡੇ ਆਪਣੇ ਤੋਂ ਸਿਵਾ ਸਾਡੇ ਮਨ ਨੂੰ ਕੋਈ ਵੱਧ ਖ਼ੁਸ਼ੀ ਨਹੀਂ ਦੇ ਸਕਦਾ। ਇਹ ਸਾਡੇ ਆਪਣੇ ਹੱਥ ਹੈ ਕਿ ਅਸੀਂ ਦੁਖੀ ਹੋਣਾ ਚਾਹ ਰਹੇ ਹਾਂ ਜਾਂ ਹੱਸ ਖੇਡ ਕੇ ਵੇਲਾ ਲੰਘਾਉਣਾ ਹੈ। ਦੁਖ ਨੂੰ ਵਧ ਜਾਂ ਘੱਟ ਮਹਿਸੂਸ ਕਰਨਾ ਸਾਡੇ ਆਪਣੇ ਹੱਥ ਹੈ। ਬਿਲਕੁਲ ਇੰਜ ਹੀ ਖ਼ੁਸ਼ ਹੋਣਾ ਜਾਂ ਖ਼ੁਸ਼ੀ ਮਹਿਸੂਸ ਕਰਨੀ ਸਾਡੇ ਆਪਣੇ ਹੱਥ ਹੈ ਕਿ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਵਿੱਚੋਂ ਕਿਵੇਂ ਆਪਣੇ ਆਪ ਨੂੰ ਖ਼ੁਸ਼ੀ ਮਹਿਸੂਸ ਕਰਵਾ ਸਕਦੇ ਹਾਂ।
(6) ਕੋਈ ਹੋਰ ਸਾਡੇ ਲਈ ਕੀ ਸੋਚ ਰਿਹਾ ਹੈ, ਇਸ ਬਾਰੇ ਉੱਕਾ ਹੀ ਧਿਆਨ ਦੇਣ ਦੀ ਲੋੜ ਨਹੀਂ। ਦੂਜਿਆਂ ਦਾ ਕੰਮ ਸਾਨੂੰ ਪਿਛਾਂਹ ਖਿੱਚਣ ਦਾ ਹੁੰਦਾ ਹੈ। ਇਸੇ ਲਈ ਕਿਸੇ ਹੋਰ ਵੱਲੋਂ ਸਾਡੇ ਬਾਰੇ ਮਾੜਾ ਸੋਚਣ ਦਾ ਮਤਲਬ ਹੈ ਕਿ ਅਸੀਂ ਉਸ ਤੋਂ ਅਗਾਂਹ ਲੰਘ ਚੁੱਕੇ ਹੋਏ ਹਾਂ ਤੇ ਇਹ ਗੱਲ ਖ਼ੁਸ਼ ਹੋਣ ਦੀ ਹੈ ਨਾ ਕਿ ਫ਼ਿਕਰ ਕਰਨ ਦੀ।
(7) ਰੱਜ ਕੇ ਮੁਸਕੁਰਾਓ ਤੇ ਹੱਸੋ! ਦੁਨੀਆ ਵਿਚ ਸਿਰਫ਼ ਅਸੀਂ ਇੱਕਲੇ ਹੀ ਮੁਸੀਬਤਾਂ ਨਾਲ ਨਹੀਂ ਜੂਝ ਰਹੇ! ਏਨਾ ਚੇਤੇ ਰੱਖਣ ਦੀ ਲੋੜ ਹੈ ਕਿ ਦੁਨੀਆ ਭਰ ਦੀਆਂ ਸਾਰੀਆਂ ਮੁਸੀਬਤਾਂ ਸਾਡੇ ਹਿੱਸੇ ਨਹੀਂ ਆਈਆਂ। ਹੋਰ ਵੀ ਇਨਾਂ ਨਾਲ ਜੂਝ ਰਹੇ ਹਨ। ਵਧੀਆ ਤਰੀਕੇ ਮੁਸੀਬਤਾਂ ਝੱਲਣ ਵਾਲਿਆਂ ਤੋਂ ਕੁੱਝ ਸਿੱਖਣ ਦੀ ਲੋੜ ਹੈ!
ਇਨਾਂ ਨਿਚੋੜਾਂ ਨੂੰ ਨਾ ਮੰਨਣ ਸਦਕਾ ਦੁਨੀਆ ਭਰ ਵਿਚ ਇਸ ਵੇਲੇ ਤਣਾਓ ਤੋਂ ਉਪਜੀ ਢਹਿੰਦੀ ਕਲਾ ਕਾਰਣ ਚਾਰ ਪ੍ਰਤੀਸ਼ਤ ਤੋਂ ਵੱਧ ਲੋਕ ਕਿਸੇ ਨਾ ਕਿਸੇ ਬੀਮਾਰੀ ਤੋਂ ਪੀੜਤ ਹੋ ਚੁੱਕੇ ਹਨ ਜਾਂ ਮਾਨਸਿਕ ਰੋਗੀ ਬਣ ਚੁੱਕੇ ਹਨ। ਏਨੀ ਵੱਡੀ ਗਿਣਤੀ ਸਦਕਾ ਤਣਾਓ ਦੁਨੀਆ ਭਰ ਦੀਆਂ ਕਰੌਨਿਕ ਬੀਮਾਰੀਆਂ ਵਿੱਚੋਂ ਦੂਜੇ ਨੰਬਰ ਉੱਤੇ ਪਹੁੰਚ ਗਿਆ ਹੈ।

ਕੁਈਨਜ਼ਲੈਂਡ ਦੀ ਅਸਟ੍ਰੇਲੀਅਨ ਯੂਨੀਵਰਸਿਟੀ ਵਿਚ ਸਾਬਤ ਕੀਤਾ ਗਿਆ ਕਿ ਮਨੁੱਖੀ ਜ਼ਿੰਦਗੀ ਦੇ ਅਨੇਕ ਬੇਸ਼ਕੀਮਤੀ ਸਾਲ ਤਣਾਓ ਦੀ ਭੇਂਟ ਚੜ ਰਹੇ ਹਨ ਤੇ ਇਨਸਾਨੀ ਜ਼ਿੰਦਗੀ ਛੋਟੀ ਕਰ ਰਹੇ ਹਨ।
ਇਰਾਨ, ਇਰਾਕ, ਅਫਰੀਕਾ ਤੇ ਯੂਰਪ ਦੀ ਲਗਭਗ ਪੰਜ ਤੋਂ ਛੇ ਪ੍ਰਤੀਸ਼ਤ ਜਨਤਾ ਇਸ ਵੇਲੇ ਤਣਾਓ ਨਾਲ ਜੂਝ ਰਹੀ ਹੈ।
ਦੁਨੀਆ ਭਰ ਵਿੱਚੋਂ ਸਭ ਤੋਂ ਵੱਧ ਤਣਾਓ ਦੇ ਅਸਰ ਹੇਠ ਇਸ ਵੇਲੇ ਅਫ਼ਗਾਨਿਸਤਾਨ ਦੇ ਲੋਕ ਮੰਨੇ ਗਏ ਹਨ ਜਿੱਥੇ ਹਰ ਪੰਜਾਂ ਵਿੱਚੋਂ ਇਕ ਬੰਦਾ ਜ਼ਰੂਰ ਕੋਈ ਨਾ ਕੋਈ ਤਣਾਓ ਸਹੇੜ ਕੇ ਬੈਠਾ ਹੈ। ਇਸ ਦੇ ਉਲਟ ਸਭ ਤੋਂ ਘੱਟ ਤਣਾਓ ਸਹੇੜਦੇ ਨੇ ਜਪਾਨ ਦੇ ਲੋਕ ਜਿੱਥੇ ਸਿਰਫ਼ ਢਾਈ ਪ੍ਰਤੀਸ਼ਤ ਹੀ ਇਸ ਦੇ ਅਸਰ ਹੇਠ ਹਨ। ਏਸ਼ੀਆ ਦੇ ਬਾਕੀ ਮੁਲਕ ਵੀ ਵਿਕਸਿਤ ਦੇਸਾਂ ਨਾਲੋਂ ਘੱਟ ਤਣਾਓ ਪਾਲਦੇ ਹਨ।
ਇਸ ਦੇ ਮੁੱਖ ਕਾਰਣ ਅਗਾਂਹ ਵਧਣ ਦੀ ਹੋੜ, ਰਿਸ਼ਤਿਆਂ ਵਿਚ ਤ੍ਰੇੜ, ਲੰਬੀ ਬੀਮਾਰੀ, ਘਟ ਆਮਦਨ, ਬੇਰੁਜ਼ਗਾਰੀ, ਵਾਧੂ ਪੈਸਾ, ਇੱਕਲਾਪਨ, ਕੰਮ ਦਾ ਬੋਝ, ਆਦਿ ਹੀ ਲੱਭੇ ਗਏ ਹਨ। ਇਸ ਤੋਂ ਇਲਾਵਾ ਤਣਾਓ ਸਹੇੜਨ ਲਈ ਬਥੇਰੇ ਲੋਕ ਨਿੱਕੀ ਤੋਂ ਨਿੱਕੀ ਗੱਲ ਨੂੰ ਵੀ ਵੱਡੀ ਮੰਨ ਕੇ ਢਹਿੰਦੀ ਕਲਾ ਵੱਲ ਤੁਰ ਜਾਂਦੇ ਹਨ।
ਆਮ ਤੌਰ ਉੱਤੇ 16 ਤੋਂ 65 ਸਾਲ ਦੇ ਲੋਕ ਤਣਾਓ ਵੱਧ ਸਹੇੜਦੇ ਹਨ। ਇਸ ਤੋਂ ਪਹਿਲਾਂ ਜਾਂ ਬਾਅਦ ਦੀ ਉਮਰ ਵਿਚ ਤਣਾਓ ਤੋਂ ਬਚਣ ਲਈ ਹੋਰ ਰੁਝੇਵੇਂ ਜਾਂ ਆਹਰੇ ਲੱਭ ਲਏ ਜਾਂਦੇ ਹਨ ਤੇ ਸੰਤੋਖ ਵੀ ਵੱਡੀ ਉਮਰ ਵਿਚ ਮੁੱਖ ਰੋਲ ਅਦਾ ਕਰਦਾ ਹੈ।
ਲੰਮੇ ਸਮੇਂ ਤਕ ਤਣਾਓ ਪਾਲੀ ਰੱਖਣ ਨਾਲ 15 ਤੋਂ 20 ਸਾਲ ਤੱਕ ਦੀ ਉਮਰ ਘੱਟ ਹੋ ਜਾਂਦੀ ਹੈ ਯਾਨੀ ਮੌਤ ਛੇਤੀ ਬੰਦੇ ਨੂੰ ਆਪਣੇ ਗਲਾਵੇ ਵਿਚ ਲੈ ਲੈਂਦੀ ਹੈ।

ਸੋ, ਲੰਬੀ ਤੇ ਸਿਹਤਮੰਦ ਉਮਰ ਭੋਗਣ ਲਈ ਯਾਦ ਰੱਖਣ ਵਾਲੇ ਗੁਰ ਹਨ :-

(1) ਜ਼ਿੰਦਗੀ ਜਿਊਣ ਲਈ ਸ਼ਰਤਾਂ ਲਾਉਣ ਦੀ ਲੋੜ ਨਹੀਂ। ਜੋ ਕੁੱਝ ਪੂਰੀ ਮਿਹਨਤ ਕਰਨ ਤੋਂ ਬਾਅਦ ਹਾਸਲ ਹੋਇਆ ਹੈ, ਉਸੇ ਵਿਚ ਸੰਤੁਸ਼ਟ ਹੋ ਕੇ ਸਾਦੀ ਜ਼ਿੰਦਗੀ ਜੀਉਣ ਦੀ ਲੋੜ ਹੈ। ਜ਼ਬਰਦਸਤੀ ਪੰਗੇ ਲੈਣ ਦੀ ਲੋੜ ਨਹੀਂ। ਔਖੇ ਮਸਲਿਆਂ ਵਿਚ ਜਬਰੀ ਲੱਤ ਫਸਾਉਣ ਦੀ ਵੀ ਲੋੜ ਨਹੀਂ।
(2) ਹਮੇਸ਼ਾ ‘ਜੇ’ ਨੂੰ ਨਾਲ ਅੜਾਈ ਰੱਖਣ ਦੀ ਲੋੜ ਨਹੀਂ। ਜੇ ਪੈਸੇ ਵੱਧ ਹੁੰਦੇ . . ., ਜੇ ਕੁੱਝ ਦਿਨ ਹੋਰ ਹੁੰਦੇ . . , ਜੇ ਮੈਨੂੰ ਉਹ ਮਿਲ ਜਾਂਦਾ . . . . . , ਜੇ ਮੇਰੀ ਕਿਸਮਤ ਵਧੀਆ ਹੁੰਦੀ . . . . ., ਆਦਿ। ਮਤਲਬ ਪ੍ਰਤੱਖ ਹੈ ਕਿ ਸੰਤੁਸ਼ਟ ਹੋਣਾ ਅਸੀਂ ਭੁੱਲ ਚੁੱਕੇ ਹਾਂ ਤੇ ਹਮੇਸ਼ਾ ਲੋੜ ਤੋਂ ਵਧ ਵੱਲ ਹੀ ਝਾਕਦੇ ਹਾਂ। ਸੰਤੁਸ਼ਟੀ ਤੋਂ ਬਗ਼ੈਰ ਖ਼ੁਸ਼ੀ ਮਹਿਸੂਸ ਕੀਤੀ ਨਹੀਂ ਜਾ ਸਕਦੀ।
(3) ਗਿਆ ਵੇਲਾ ਹੱਥ ਨਹੀਂ ਆਉਂਦਾ। ਸੋ, ਜੋ ਕਲ ਕਰੇ ਸੋ ਆਜ, ਜੋ ਆਜ ਕਰੇ ਸੋ ਅਬ, ਤਹਿਤ ਅਗਲੇ ਦਿਨ ਤਕ ਕੋਈ ਮਸਲਾ ਜਾਂ ਕੰਮ ਟਾਲਣ ਦੀ ਲੋੜ ਨਹੀਂ। ਕਈ ਵਾਰ ਕੋਈ ਵੱਡੀ ਚੀਜ਼ ਇਸ ਲਈ ਹਾਸਲ ਨਹੀਂ ਹੋ ਸਕਦੀ ਕਿਉਂਕਿ ਵੇਲੇ ਸਿਰ ਕੋਈ ਹੋਰ ਉਸ ਨੂੰ ਲੈ ਲੈਂਦਾ ਹੈ। ਇੰਜ ਸਿਰਫ ਪਛੁਤਾਵਾ ਹੀ ਬਚਦਾ ਹੈ ਜੋ ਤਣਾਓ ਦੇ ਸਰੀਰ ਅੰਦਰ ਵੜਨ ਲਈ ਰਾਹ ਪਧਰਾ ਕਰ ਦਿੰਦਾ ਹੈ।
(4) ਅੱਜਕਲ ਹਰ ਬੰਦਾ ਦੁਖੀ ਹੈ। ਕਿਸੇ ਨੂੰ ਕੋਈ ਦੁਖ ਤੇ ਕਿਸੇ ਨੂੰ ਕੋਈ ਤਣਾਓ। ਏਸੇ ਲਈ ਜਦੋਂ ਵੀ ਮੌਕਾ ਮਿਲੇ ਤੇ ਕਿਸੇ ਨੂੰ ਕੁੱਟਿਆ ਮਾਰਿਆ ਜਾ ਸਕਦਾ ਹੋਵੇ ਤਾਂ ਸਾਰੇ ਟੁੱਟ ਕੇ ਪੈ ਜਾਂਦੇ ਹਨ ਤੇ ਅਪਸ਼ਬਦ ਬੋਲ ਕੇ ਮਨ ਅੰਦਰ ਭਰੇ ਗੁੱਸੇ ਤੇ ਦੁਖ ਦਾ ਕੁੱਝ ਹਿੱਸਾ ਘਟਾ ਲੈਂਦੇ ਹਨ।
ਪਰ, ਅਜ਼ਮਾ ਕੇ ਵੇਖੀਏ। ਮਾਰ ਕੁਟਾਈ ਕਰ ਕੇ ਜਾਂ ਗਾਲਾਂ ਕੱਢ ਕੇ ਮਨ ਅੰਦਰ ਭਰਿਆ ਗੁੱਸਾ ਕੱਢਣ ਦੀ ਥਾਂ ਕੁੱਝ ਕੁ ਮੂੰਹ ਦੇ ਪੱਠੇ ਹਿਲਾ ਕੇ ਮੁਸਕੁਰਾਉਣਾ ਤੇ ਹੱਸਣਾ ਸਿੱਖੀਏ। ਸਾਬਤ ਹੋ ਚੁੱਕੀ ਗੱਲ ਹੈ ਕਿ ਇਸ ਨਾਲ ਦੁਗਣਾ ਤਣਾਓ ਤੇ ਗੁੱਸਾ ਹਵਾ ਹੋ ਜਾਂਦੇ ਹਨ ਤੇ ਲਾਗ ਦੀ ਬੀਮਾਰੀ ਵਾਂਗ ਇਹ ਦੂਜੇ ਦੇ ਮਨ ਅੰਦਰ ਵੀ ਖੇੜਾ ਭਰ ਕੇ ਉਸ ਦਾ ਗੁੱਸਾ ਵੀ ਘਟਾ ਦਿੰਦੇ ਹਨ।
(5) ਕਿਸੇ ਹੋਰ ਵਿਚ ਨੁਕਸ ਕੱਢਣੇ ਬਹੁਤ ਸੌਖੇ ਹਨ ਜਿਸ ਨਾਲ ਮਨ ਅੰਦਰ ਚਿੜਚਿੜਾਪਨ ਜਮਾਂ ਹੁੰਦਾ ਹੈ ਤੇ ਜ਼ਬਾਨ ਬੇਵਜ•ਾ ਗੰਦ ਬਲਾ ਬੋਲ ਜਾਂਦੀ ਹੈ। ਜਿਹੜਾ ਜਣਾ ਦੂਜੇ ਅੰਦਰਲੀਆਂ ਚੰਗਿਆਈਆਂ ਲੱਭ ਸਕਣ ਦੀ ਤਾਕਤ ਰੱਖਦਾ ਹੋਵੇ, ਉਸ ਲਈ ਚੁਫੇਰੇ ਢੇਰ ਸਾਰੇ ਦੋਸਤ ਪੈਦਾ ਹੋ ਜਾਂਦੇ ਹਨ ਜੋ ਮਨ ਅੰਦਰ ਸ਼ਾਂਤੀ ਭਰ ਕੇ ਜ਼ਿੰਦਗੀ ਖ਼ੂਬਸੂਰਤ ਬਣਾ ਦਿੰਦੇ ਹਨ। ਕਿਸੇ ਹੋਰ ਨੂੰ ਪਿਆਰ ਕਰਨ ਤੇ ਦੋਸਤ ਬਣਾਉਣ ਦਾ ਨਸ਼ਾ ਹੀ ਵੱਖਰਾ ਹੁੰਦਾ ਹੈ ਅਤੇ ਜ਼ਿੰਦਗੀ ਲੰਬੀ ਕਰਨ ਵਿਚ ਸਹਾਈ ਹੁੰਦਾ ਹੈ।
ਇਹ ਜ਼ਰੂਰੀ ਨਹੀਂ ਕਿ ਅਸੀਂ ਦੂਜੇ ਦੀ ਹਰ ਗੱਲ ਨਾਲ ਸਹਿਮਤ ਹੋਈਏ ਪਰ ਮਾੜੇ ਤੋਂ ਮਾੜੇ ਬੰਦੇ ਵਿਚ ਵੀ ਕੋਈ ਨਾ ਕੋਈ ਚੰਗਿਆਈ ਜ਼ਰੂਰ ਲੁਕੀ ਹੁੰਦੀ ਹੈ। ਉਸੇ ਇਕ ਚੰਗਿਆਈ ਤਹਿਤ ਵੀ ਅਜਿਹੇ ਬੰਦੇ ਨਾਲ ਬਿਨਾਂ ਲੜੇ ਸਮਾਂ ਲੰਘਾਇਆ ਜਾ ਸਕਦਾ ਹੈ ਤੇ ਉਸ ਦਾ ਮਨ ਜਿੱਤਿਆ ਜਾ ਸਕਦਾ ਹੈ।
ਇਹ ਯਕੀਨਨ ਮਨ ਅੰਦਰਲੇ ਤਣਾਓ ਨੂੰ ਛੰਡਣ ਦਾ ਸਭ ਤੋਂ ਬਿਹਤਰ ਤਰੀਕਾ ਹੈ ਅਤੇ ਦੁਸ਼ਮਨੀਆਂ ਖ਼ਤਮ ਕਰਨ ਦਾ ਵੀ।
(6) ਕਿਸੇ ਹੋਰ ਤੋਂ ਜੀਊਣ ਦਾ ਹੱਕ ਨਾ ਖੋਹਿਆ ਜਾਵੇ ਤੇ ਨਾ ਹੀ ਕਿਸੇ ਹੋਰ ਦੀ ਜ਼ਿੰਦਗੀ ਵਿਚ ਲੋੜ ਤੋਂ ਵੱਧ ਦਖ਼ਲਅੰਦਾਜ਼ੀ ਕਰਨ ਦੀ ਲੋੜ ਹੁੰਦੀ ਹੈ। ਅੰਗਰੇਜ਼ੀ ਦੀ ਕਹਾਵਤ ‘ਲਿਵ ਐਂਡ ਲੈੱਟ ਲਿਵ’ ਵਧੀਆ ਜ਼ਿੰਦਗੀ ਜੀਊਣ ਦਾ ਰਾਜ਼ ਹੈ।
(7) ਆਪਣੇ ਆਪ ਨੂੰ ਲੀਡਰ ਅਤੇ ਸਫਲ ਸਾਬਤ ਕਰਨ ਲਈ ਆਪਣੇ ਸੁਭਾਅ ਵਿਚ ਤਬਦੀਲੀ ਦੀ ਲੋੜ ਹੈ। ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸੋਚਾਂ ਦੇ ਵਹਿਣ ਵਿਚ ਵਹਿ ਕੇ, ਭਾਵਨਾਵਾਂ ਵਿਚ ਉਲਝ ਕੇ ਜਾਂ ਜਾਤ-ਪਾਤ, ਅਮੀਰੀ-ਗ਼ਰੀਬੀ ਨੂੰ ਇਕ ਪਾਸੇ ਰੱਖ ਕੇ, ਤੱਥਾਂ ਦੇ ਆਧਾਰ ਉੱਤੇ, ਅਸਲ ਨੂੰ ਸਾਹਮਣੇ ਰੱਖ ਕੇ ਕੀਤਾ ਫੈਸਲਾ ਭਾਵੇਂ ਸ਼ੁਰੂ ਵਿਚ ਕੁੱਝ ਕੁ ਲੋਕਾਂ ਨੂੰ ਵਿਰੁੱਧ ਕਰ ਦੇਵੇ ਪਰ ਅੱਗੇ ਜਾ ਕੇ ਕਰੋੜਾਂ ਨੂੰ ਸਾਡੇ ਹੱਕ ਵਿਚ ਖੜਾ ਕਰ ਦਿੰਦਾ ਹੈ। ਅਜਿਹੇ ਫੈਸਲੇ ਲੈਣ ਨਾਲ ਮਨ ਅੰਦਰ ਅਥਾਹ ਸ਼ਾਂਤੀ ਭਰ ਜਾਂਦੀ ਹੈ।
(8) ਜ਼ਿੰਦਗੀ ਵਿਚ ਆਈਆਂ ਔਕੜਾਂ ਦਰਅਸਲ ਇਕ ਵੱਖਰਾ ਤੇ ਤਗੜਾ ਸਬਕ ਦੇਣ ਲਈ ਹੁੰਦੀਆਂ ਹਨ ਜੋ ਵਧੀਆ ਤੋਂ ਵਧੀਆ ਅਧਿਆਪਕ ਵੀ ਨਹੀਂ ਦੇ ਸਕਦਾ! ਇਨਾਂ ਨੂੰ ਪਾਰ ਕਰਨ ਨਾਲ ਜਿਹੜੀ, ਹਿੰਮਤ ਅੰਦਰ ਭਰਦੀ ਹੈ ਉਹ ਗੱਡੀ ਵਿਚ ਪੈਟਰੋਲ ਭਰਨ ਵਾਂਗ ਹੁੰਦੀ ਹੈ ਤੇ ਜ਼ਿੰਦਗੀ ਨੂੰ ਲੰਬਾ ਕਰਦੀ ਹੈ।
(9) ਰੋਜ਼ ਖੁੱਲ ਕੇ ਹੱਸਣਾ, ਮਜ਼ਾਕ ਕਰਨਾ, ਸ਼ਰਾਰਤਾਂ ਕਰਨੀਆਂ, ਸਰੀਰ ਅੰਦਰਲੇ ਅੱਧੇ ਤੋਂ ਵੱਧ ਰੋਗਾਂ ਨੂੰ ਖ਼ਤਮ ਕਰਦਾ ਹੈ ਤੇ ਬੱਲਡ ਪ੍ਰੈੱਸ਼ਰ ਘਟਾਉਂਦਾ ਹੈ। ਖੋਜਾਂ ਸਾਬਤ ਕਰ ਚੁੱਕੀਆਂ ਹਨ ਕਿ ਇਸ ਨਾਲ ਜ਼ਿੰਦਗੀ ਵਾਕਈ ਲੰਬੀ ਤੇ ਸਰੀਰ ਰੋਗਮੁਕਤ ਹੁੰਦਾ ਹੈ। ਤਣਾਓ ਹੋਣਾ ਮਾੜੀ ਗੱਲ ਨਹੀਂ ਹੈ ਪਰ ਉਸ ਦਾ ਜ਼ਿਆਦਾ ਦੇਰ ਸਰੀਰ ਅੰਦਰ ਟਿਕੇ ਰਹਿਣਾ ਨੁਕਸਾਨਦੇਹ ਸਾਬਤ ਹੁੰਦਾ ਹੈ।
(10) ਜੇ ਸਾਡੇ ਤੋਂ ਕੋਈ ਗ਼ਲਤੀ ਹੁੰਦੀ ਹੈ ਤਾਂ ਉਸ ਲਈ ਖ਼ੁਦਕੁਸ਼ੀ ਕਰਨ ਦੀ ਲੋੜ ਨਹੀਂ। ਇਸੇ ਲਈ ਗ਼ਲਤੀ ਹੋ ਜਾਣ ਉੱਤੇ ਉਸ ਦੀ ਪੱਕੀ ਲਿਸਟ ਬਣਾਉਣ ਦੀ ਲੋੜ ਵੀ ਨਹੀਂ ਤੇ ਨਾ ਹੀ ਬਹਿ ਕੇ ਝੂਰਨ ਦੀ। ਉਸ ਤੋਂ ਸਬਕ ਸਿਖ ਕੇ ਅੱਗੋਂ ਤੋਂ ਨਾ ਦੁਹਰਾਉਣ ਦੀ ਕੋਸ਼ਿਸ਼ ਕਰਨ ਦੀ ਲੋੜ ਹੈ ਤੇ ਜ਼ਿੰਦਗੀ ਦੀ ਤੇਜ਼ ਰਫਤਾਰ ਵਿਚ ਵਾਪਸ ਰਲ ਜਾਣਾ ਚਾਹੀਦਾ ਹੈ। ਜਿੰਨੀ ਛੇਤੀ ਆਪਣੇ ਆਪ ਨੂੰ ਨਾਰਮਲ ਕੀਤਾ ਜਾਵੇ, ਓਨਾ ਹੀ ਵਧੀਆ ਰਹਿੰਦਾ ਹੈ ਕਿਉਂਕਿ ਤਣਾਓ ਦੇ ਸਰੀਰ ਅੰਦਰ ਵੜਨ ਦਾ ਸਮਾਂ ਹੀ ਨਹੀਂ ਰਹਿੰਦਾ।
(11) ਮੈਂ ਇਹ ਦੁਹਰਾਉਣਾ ਚਾਹੁੰਦੀ ਹਾਂ ਕਿ ਆਪਣੀਆਂ ਪਿਛਲੀਆਂ ਮਾੜੀਆਂ ਘਟਨਾਵਾਂ ਨੂੰ ਹਮੇਸ਼ਾ ਅੱਜ ਨਾਲ ਤੋਰੀ ਰੱਖਣਾ ਠੀਕ ਨਹੀਂ ਹੈ। ਦੂਜੇ ਨੂੰ ਮੁਆਫ਼ ਕਰਨ ਨਾਲ ਮਨ ਅੰਦਰ ਬਦੋਬਦੀ ਸ਼ਾਂਤੀ, ਠਰੰਮਾ ਤੇ ਹਲਕੀ ਖੁਸ਼ੀ ਦਾ ਬੀਜ ਉਪਜ ਪੈਂਦਾ ਹੈ ਜੋ ਸਿਰਫ ਆਪ ਅਜ਼ਮਾ ਕੇ ਹੀ ਵੇਖਣਾ ਚਾਹੀਦਾ ਹੈ!
(12) ਆਪਣੀ ਹਉਮੈ ਨੂੰ ਬਹੁਤ ਜ਼ਿਆਦਾ ਪੱਠੇ ਪਾਉਣ ਦੀ ਲੋੜ ਨਹੀਂ ਹੁੰਦੀ। ਇਹੀ ਸਾਰੇ ਪੁਆੜੇ ਦੀ ਜੜ• ਹੈ। ਅਸੀਂ ਇਹ ਕਿਉਂ ਸਮਝਦੇ ਹਾਂ ਕਿ ਇਸ ਕਾਇਨਾਤ ਵਿਚ ਸਾਡੇ ਤੋਂ ਵਧੀਆ ਸੌਗਾਤ ਰਬ ਨੇ ਜ਼ਮੀਨ ਉੱਤੇ ਲਾਹੀ ਹੀ ਨਹੀਂ? ਆਪਣੇ ਆਪ ਨੂੰ ਸਿਰਫ਼ ਤੇ ਸਿਰਫ਼ ਅਗਾਂਹ ਤੇ ਚੋਟੀ ਉੱਤੇ ਲਗਾਤਾਰ ਵੇਖਦੇ ਰਹਿਣ ਦੀ ਚਾਹ ਬਹੁਤ ਵੱਡੇ ਤਣਾਓ ਦਾ ਕਾਰਣ ਹੈ! ਇਸ ਦੀ ਬਜਾਏ ਜੋ ਕੁੱਝ ਹੈ ਉਸੇ ਵਿੱਚੋਂ ਖ਼ੁਸ਼ੀ ਲੱਭ ਕੇ ਸੰਤੁਸ਼ਟ ਰਹਿਣਾ ਸਿੱਖਣ ਦੀ ਲੋੜ ਹੈ। ਚੇਤੇ ਰਹੇ ਕਿ ਜ਼ਿੰਦਗੀ ਵਿਚ ਕਿਤੇ ਠਹਿਰਾਅ ਨਾ ਆ ਜਾਏ ਬਲਕਿ ਲਗਾਤਾਰ ਕੋਸ਼ਿਸ਼ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ, ਸਫਲਤਾ ਮਿਲੇ ਭਾਵੇਂ ਨਾ! ‘ਹੋਰ’, ‘ਬਹੁਤ ਜ਼ਿਆਦਾ’ ਦੇ ਚੱਕਰ ਵਿਚ ਦਿਨ ਰਾਤ ਲੱਗੇ ਰਹਿਣ ਵਾਲੇ ਲਈ ਏਨਾ ਯਾਦ ਕਰਵਾਉਣ ਦੀ ਲੋੜ ਹੈ ਕਿ ਆਖ਼ਰੀ ਸਾਹ ਛੱਡਣ ਬਾਅਦ ਕੁੱਲ 200 ਰੁਪਏ ਦਾ ਸਮਾਨ ਹੀ ਫੂਕਣ ਲਈ ਲੋੜ ਪੈਂਦੀ ਹੈ। ਬਾਕੀ ਸਭ ਏਥੇ ਹੀ ਧਰਿਆ ਰਹਿ ਜਾਣਾ ਹੈ ਜਿਸ ਨੂੰ ਇੱਕਠਾ ਕਰਨ ਦੇ ਚੱਕਰ ਵਿਚ ਪਾਲੇ ਤਣਾਓ ਨੇ ਸਾਡੀ ਜ਼ਿੰਦਗੀ ਛੋਟੀ ਕਰ ਦਿੱਤੀ।

ਸੋ, ਬਹਿ ਕੇ ਝੂਰਨ ਤੇ ਰੋਣ ਦੀ ਲੋੜ ਨਹੀਂ ਬਲਕਿ ਜੋ ਕੁੱਝ ਮਾੜਾ ਵਾਪਰਿਆ ਹੈ ਉਸ ਨੂੰ ਸਹਿਣ ਦੀ ਲੋੜ ਹੁੰਦੀ ਹੈ। ਬਿਲਕੁਲ ਇੰਜ ਹੀ ਚੰਗਾ ਸਮਾਂ ਲੰਘ ਜਾਣ ਉੱਤੇ ਵੀ ਅਫਸੋਸ ਕਰਨ ਦੀ ਲੋੜ ਨਹੀਂ ਬਲਕਿ ਖ਼ੁਸ਼ ਹੋਣ ਦੀ ਲੋੜ ਹੈ ਕਿ ਇਕ ਚੰਗੀ ਪੱਕੀ ਯਾਦ ਮਨ ਵਿਚ ਛੱਪ ਗਈ।
ਸੁਨਿਹਰੀ ਗੁਰ ਇਹੀ ਹੈ ਕਿ ਦੂਜੇ ਨੂੰ ਮਾੜਾ ਵਿਖਾਉਣ ਤੇ ਦੂਜੇ ਦੀਆਂ ਪ੍ਰਾਪਤੀਆਂ ਦੀ ਲਾਈਨ ਕੱਟਣ ਦੇ ਚੱਕਰ ਵਿਚ ਜ਼ਿੰਦਗੀ ਜ਼ਾਇਆ ਕਰਨ ਦੀ ਥਾਂ ਉਸ ਦੀ ਤਾਰੀਫ਼ ਕਰ ਕੇ ਆਪਣੀ ਲਾਈਨ ਲੰਬੀ ਕਰਨ ਲਈ ਮਿਹਨਤ ਕਰਨ ਦੀ ਲੋੜ ਹੈ।
ਮੈਂ ਤਾਂ ਵਧੀਆ ਜ਼ਿੰਦਗੀ ਜੀਊਣ ਦੇ ਢੰਗ ਸੁਝਾਅ ਦਿੱਤੇ। ਵੇਖੀਏ ਕਿੰਨੇ ਜਣੇ ਇਨਾਂ ਨੂੰ ਅਪਣਾ ਕੇ ਰੱਜਵੀਂ ਜ਼ਿੰਦਗੀ ਜੀਊਂਦੇ ਹਨ! ਯਾਦ ਰੱਖਿਓ, ਫ਼ਾਇਦਾ ਤੁਹਾਡਾ ਆਪਣਾ ਹੋਣਾ ਹੈ, ਕਿਸੇ ਹੋਰ ਦਾ ਨਹੀਂ। ਸੋ, ਸੋਚਣਾ ਛੱਡ ਕੇ ਅਜ਼ਮਾਉਣਾ ਸ਼ੁਰੂ ਕਰੋ ਕਿਉਂਕਿ ਜੋ ਕੁੱਝ ਹੈ ਉਹ ਏਥੇ ਹੀ ਹੈ ਭਾਵੇਂ ਇਸ ਨੂੰ ਸਵਰਗ ਬਣਾ ਲਵੋ ਤੇ ਭਾਵੇਂ ਨਰਕ!

ਕੁਦਰਤ ਵੀ ਸਾਨੂੰ ਇਹੋ ਸਮਝਾਉਂਦੀ ਹੈ। ਸਮੁੰਦਰ ਦੇ ਕਿਨਾਰੇ ਬਹਿ ਕੇ, ਲਹਿਰਾਂ ਗਿਣ ਕੇ ਝੂਰਨ ਨਾਲੋਂ ਤੈਰ ਕੇ ਪਾਰ ਲੰਘੋ ਤੇ ਛੱਲਾਂ ਨਾਲ ਖੇਡਦੇ ਹੋਏ ਜ਼ਿੰਦਗੀ ਨੂੰ ਰੱਜ ਕੇ ਮਾਣੋ। ਜੇ ਚਾਹਿਆ ਕਿਨਾਰਾ ਨਾ ਵੀ ਮਿਲਿਆ, ਤਾਂ ਵੀ ਹਿੰਮਤ ਹਾਰਨ ਦੀ ਲੋੜ ਨਹੀਂ, ਕੋਈ ਨਾ ਕੋਈ ਕਿਨਾਰਾ ਜ਼ਰੂਰ ਮਿਲ ਹੀ ਜਾਏਗਾ !

ਐਮ ਡੀ,ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ, ਫੋਨ ਨੰ: 0175-2216783