(ਕਾਵਿ-ਵਿਅੰਗ)
ਵਿਰਲੇ ਪਾਉਣ ਫ਼ਕੀਰ ਨੂੰ ਖ਼ੈਰ ..
ਨਿੰਦਿਆ ਚੁਗਲੀ ਦਾ ਹੋਇਆ ਬੋਲਬਾਲਾ, ਗੱਲ ਗੱਲ ’ਤੇ ਬੋਲਦੇ ਝੂਠ ਲੋਕੀ।
ਧੱਕੇ ਨਾਲ ਰਲਾਉਣ ਦੀ ਕਰਨ ਕੋਸ਼ਿਸ਼, ਵਿਚ ਭੇਡਾਂ ਦੇ ਆਪਣਾ ਊਠ ਲੋਕੀ।
ਦਿੰਦੇ ਦੂਜਿਆਂ ਤਾਈਂ ਉਪਦੇਸ਼ ਸੁੱਚਾ, ਆਪ ਛੱਕ ਕੇ ਜਗਤ ਦੀ ਜੂਠ ਲੋਕੀ।
ਵਿਰਲੇ ਪਾਉਣ ਫ਼ਕੀਰ ਨੂੰ ਖ਼ੈਰ ‘ਚੋਹਲਾ’, ਖਾਲੀ ਮੋੜ ਦੇ ਬਹੁਤੇ ਨੇ ਠੂਠ ਲੋਕੀ।
—-0—-
(ਕਾਵਿ-ਵਿਅੰਗ)
ਐਗਜ਼ਾਮ
ਧੀਦੋ ਰਾਝੇ ਨੂੰ ਆਖਦੀ ਹੀਰ ਜੱਟੀ, ਤਸੱਲੀ ਬਖ਼ਸ਼ ਨਹੀਂ ਹੋਇਆ ਐਗਜ਼ਾਮ ਮੇਰਾ।
ਡਰ ਲੱਗਦਾ ਹੈ ਕਿਤੇ ਨਾ ਆ ਜਾਵੇ, ਫੇਲ੍ਹ ਵਿਦਿਆਰਥੀਆਂ ਦੇ ਵਿਚ ਨਾਮ ਮੇਰਾ।
ਦਿਨ ਰਾਤ ਦਿਮਾਗ ’ਤੇ ਰਹੇ ਟੈਨਸ਼ਨ, ਘਟ ਗਿਆ ਖ਼ੂਨ ਹੈ ਚਾਰ ਗਰਾਮ ਮੇਰਾ।
ਹੋ ਜਾਵੇ ਟੈੱਨ ਵਿਚ ਟੂ ਪਲੱਸ ‘ਚੋਹਲਾ’, ਕਰਦੇ ਪੁਖ਼ਤਾ ਕੋਈ ਇੰਤਜ਼ਾਮ ਮੇਰਾ।
—–0—-
-ਰਮੇਸ਼ ਬੱਗਾ ਚੋਹਲਾ, 1348/17/1, ਗਲੀ ਨੰ.8, ਰਿਸ਼ੀ ਨਗਰਸ ਐਕਸਟੈਨਸ਼ਨ (ਲੁਧਿਆਣਾ)-9463-132719