ਮ੍ਰਿਤਕ ਪ੍ਰਾਣੀ ਦੇ ਫੁੱਲ

0
296

ਮ੍ਰਿਤਕ ਪ੍ਰਾਣੀ ਦੇ ਫੁੱਲ

ਸ; ਸੁਰਿੰਦਰ ਸਿੰਘ ‘ਖਾਲਸਾ’ ਮਿਉਦ ਕਲਾਂ ‘ਫਤਿਹਾਬਾਦ’ ਫੋਨ=94662.66708,97287.43287

ਸਸਕਾਰ ਤੋਂ ਬਾਅਦ ਦੂਜੇ ਜਾਂ ਤੀਜੇ ਦਿਨ ਅਸੀਂ, ਚੁਗਣ ਜਾਂਦੇ ਹਾਂ ਕੀਤੇ ‘ਸਸਕਾਰ’ ਦੇ ਫੁੱਲ।

ਭੁੱਲ ਗਿਆ ਏ ਗੁਰਬਾਣੀ ਦਾ ਉਪਦੇਸ਼ ਸਾਨੂੰ, ਚੁਗੀ ਜਾਂਦੇ ਹਾਂ ‘ਰਹਿਤ’ ਨੂੰ ਵਿਸਾਰ ਕੇ ਫੁੱਲ।

ਅੰਗੀਠਾ ਫਰੋਲ ਕੁਝ ਹੱਡੀਆਂ ਚੁਣ ਲਈਆਂ, ਫਿਰ ਆਖਦੇ ਹਾਂ ਉਨ੍ਹਾਂ ਨੂੰ ਸਤਿਕਾਰ ਦੇ ਫੁੱਲ।

ਸਿਵਾ ਫਰੋਲਣਾ ਮਨਮਤਿ ਹੈ ਭਾਰੀ, ਫਿਰ ਵੀ ਫਰੋਲੀ ਜਾਂਦੇ ਹਾਂ ਗੁਰਮਤਿ ਵਿਸਾਰ ਕੇ ਫੁੱਲ।

ਕਰਮ ਬਿਪਰਾਂ ਵਾਲੇ ਨੇ ਫੜ੍ਹ ਲੀਤੇ, ਗੰਗਾਘਾਟ ਦੀ ਥਾਂ ਤੇ ਪਤਾਲ ਪੁਰੀ ਵਿਚ ਤਾਰ ਕੇ ਫੁੱਲ।

ਜ਼ਰਾ ਇਤਿਹਾਸ ਨੂੰ ਵਾਚਕੇ ਤਾਂ ਵੇਖ ਲਵੋ, ਪਹਿਲੇ ਸ਼ਹੀਦਾਂ ਦੇ ਕੌਣ ਆਇਆ ਤਾਰ ਕੇ ਫੁੱਲ?

ਰਾਵੀ ਦਰਿਆ ਵਿਚ ਹੀ ਗੁੰਮ ਹੋ ਗਏ, ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਿਰਤਾਜ ਦੇ ਫੁੱਲ।

ਅਨੰਦਪੁਰ ਤੇ ਦਿੱਲੀ ਰਾਜ ਵਿਚ ਗਏ ਵੰਡੇ, ਬਲਿਦਾਨ ਤੋਂ ਬਾਅਦ ਨੌਂਵੇਂ ਪਾਤਿਸ਼ਾਹ ਦੇ ਫੁੱਲ।

ਤਿੱਖੇ ਆਰੇ ਨਾਲ ਚੀਰ ਦੋ-ਫਾੜ ਕਰਤੇ, ਗੁਰੂ ਤੋਂ ਕੁਰਬਾਣ ਹੋਣ ਵਾਲੇ ‘ਮਤੀ ਦਾਸ’ ਦੇ ਫੁੱਲ।

ਭਾਈ ਦਿਆਲੇ ਨੂੰ ਦੇਗ ’ਚ ਉਬਾਲ ਦਿੱਤਾ, ਸਾੜ ਦਿੱਤੇ ਰੂੰ ’ਚ ਲਪੇਟ ਕੇ ਸਤੀ ਦਾਸ ਦੇ ਫੁੱਲ।

ਚਮਕੌਰ ਦੇ ਮੈਦਾਨ ’ਚ ਸਮੇਤ ਸਿੰਘਾਂ ਰਹੇ ਰੁਲਦੇ, ਅਜੀਤ ਸਿੰਘ ਤੇ ਸਿੰਘ ਜੁਝਾਰ ਦੇ ਫੁੱਲ।

ਸਾਹਿਬਜ਼ਾਦੇ ਜ਼ੋਰਾਵਰ ਤੇ ਫਤਹਿ ਸਿੰਘ ਦੇ, ਚਿਣੇ ਗਏ ਸਰਹਿੰਦ ‘ਖੁਨੀ’ ਦੀਵਾਰ ’ਚ ਫੁੱਲ।

ਕੁਤਬਮਿਨਾਰ ਨੇੜੇ ਦਿੱਲੀ ਵਿਚ ਰੋਲੇ, ਬੰਦਾ ਸਿੰਘ ਦੇ ਸਾਥੀਆਂ ਸਮੇਤ ਅਜੈ ਬਾਲ ਦੇ ਫੁੱਲ।

ਮਨੀ ਸਿੰਘ ਦੇ ਤਾਂ ਬੰਦ-ਬੰਦ ਸਨ ਗਏ ਕੱਟੇ, ਕਿੱਥੋਂ ਲੱਭਣੇ ਸੀ ਜੇ ਭੋਲੇ ਸਿੱਖ ਭਾਲਦੇ ਫੁੱਲ।

ਕੇਸਾਂ ਪਿੱਛੇ ਜਿਸ ਖੋਪਰ ਉਤਰਵਾ ਦਿੱਤਾ ਸੀ, ਰਹੇ ਰੁਲਦੇ ਉਸ ਦੇ, ਲਾਹੌਰ ਬਾਜ਼ਾਰ ’ਚ ਫੁੱਲ।

ਵੱਡੇ ਘਲੂਘਾਰੇ ਸਮੇਂ ਕੁੱਪ-ਰਹੀੜੇ ਦੇ ਜੰਗਲਾਂ ’ਚੋਂ, ਕਿਸ ਨੇ ਚੁਗੇ ਸਨ ਪੈਂਤੀ ਹਜ਼ਾਰ ਦੇ ਫੁੱਲ?

ਜ਼ਾਲਮ ਉਡਵਾਇਰ ਨੂੰ ਜਿਸ ਗੱਡੀ ਚਾੜ੍ਹਿਆ ਸੀ, ਰਹੇ ਕੈਦ ਲੰਡਨ ’ਚ ਉਸ ਸਰਦਾਰ ਦੇ ਫੁੱਲ।

ਉਨੀਂ ਸੌ ਸੰਤਾਲੀ ਨੂੰ ਦੇਸ਼ ਦੀ ਵੰਡ ਵੇਲੇ, ਰੁਲੇ ਇਧਰ ਵਾਲਿਆਂ ਦੇ ਤੇ ਬਾਡਰੋਂ ਪਾਰ ਦੇ ਫੁੱਲ।

ਜ਼ਰਾ ਸੋਚੋ ਕਿਸ ਲੈ ਜਾ ਕੇ ਤਾਰੇ ਇਨ੍ਹਾਂ ਸਾਰਿਆਂ ਦੇ, ਪਤਾਲ ਪੁਰੀ ਜਾਂ ਹਰ-ਦੁਆਰ ’ਚ ਫੁੱਲ।

ਵਿਚ ਚੌਰਾਸੀ ਦੇ ਹਿੰਦ ਦੀ ਸਰਕਾਰ ਨੇ ਵੀ, ਚੁਣ-ਚੁਣ ਕੇ ਰੋਲੇ ਸਨ ਹਰ ਸਰਦਾਰ ਦੇ ਫੁੱਲ।

ਬੇਅੰਤੇ ਬੁੱਚੜ ਦੇ ਭੈੜੇ ਰਾਜ ਸਮੇਂ ਵੀ, ਰੋੜ੍ਹੇ ਪੁਲਿਸ ਨੇ ਵਗਦੀਆਂ ਨਹਿਰਾਂ ਦੇ ਆਬ ’ਚ ਫੁੱਲ।

ਦਿਲਾਵਰ ਸਿੰਘ ਜੀ ਨੇ ਬੰਬ ਨਾਲ ਉੱਡਾ ਦਿੱਤੇ, ਸਿੱਖ ਜਵਾਨਾਂ ਦਾ ਮਾਸ ਖਾਣੇ ਕਾਗ ਦੇ ਫੁੱਲ।

ਉਸ ਤੋਂ ਬਾਅਦ ਕੌਮ ਘਾਤਕ ਬਾਦਲ ਜੁੰਡਲੀ ਨੇ, ਮਧੋਲ ਕੇ ਰੱਖ ਦਿੱਤੇ ਸਿੱਖੀ ਦੇ ਬਾਗ ਦੇ ਫੁੱਲ।

ਹਰ ਇਲੈਕਸ਼ਨ ’ਚ ਹੀ ਕੈਸ਼ ਕਰਦੇ ਐ, ਧਰਮੀ ਫੋਜੀਆਂ ਤੇ ਵਿਧਵਾਵਾਂ ਦੇ ਸੁਹਾਗ ਦੇ ਫੁੱਲ।

ਜੋ ਸਰਕਾਰਾਂ ਲੋਕਾਂ ਨੂੰ ਨਿਆਂ ਨਾ ਦੇਣ, ਚੁਗ ਲੈਂਦੀ ਏ ਪਬਲਿਕ ਐਸੀਆਂ ਸਰਕਾਰਾਂ ਦੇ ਫੁੱਲ।

ਪਤਿਤ ਹੋਇਆਂ ਦੇ ਬੇਸ਼ੱਕ ਚੁਗੀ ਜਾਉ, ਚੁਗਣੇ ਛੱਡ ਦਿਉ ਸਿੰਘਣੀਆਂ ਤੇ ਸਰਦਾਰਾਂ ਦੇ ਫੁੱਲ।

ਸੁਗੰਧੀਆਂ ਵਾਲੇ ਬਾਗਾਂ ਦੇ ਸੋਹਣੇ ਫੁੱਲ ਛੱਡ ਕੇ, ਰਾਖ ਫਰੋਲਦੇ ਤੇ ਲੱਭਦੇ ਸ਼ਮਸ਼ਾਨਾਂ ’ਚ ਫੁੱਲ।

ਮਨਮਤਿ ਉੱਤੇ ਮਨਮਤਿ ਹਾਂ ਕਰੀ ਜਾਂਦੇ, ਚੁਕੀ ਫਿਰਦੇ ਹਾਂ ਜਦੋਂ ‘ਧਰਮ’ ਅਸਥਾਨਾਂ ’ਤੇ ਫੁੱਲ।

‘ਸੁਰਿੰਦਰ ਸਿੰਘਾਂ’ ਸ਼ਬਦ ਤੇ ਸੁਰਤਿ ਦਾ ਮੇਲ ਹੁੰਦਾ, ਫਜ਼ੂਲ ਜਾਪਦੇ ਲੋਕਾਚਾਰੀ ਸ਼੍ਰੈਣੀ ਦੇ ਫੁੱਲ।

ਮਨੁੱਖਾ ਜਨਮ ਭ੍ਰਮ ’ਚ ਅਜਾਈਂ ਜਾਂਦਾ ਬਾਣੀ ਕਹਿੰਦੀ, ਫੋਕਟ ਕਰਮ ਹਨ ਮ੍ਰਿਤਕ ਪ੍ਰਾਣੀ ਦੇ ਫੁੱਲ।