ਮੇਰੇ ਸਾਈਂ ਮਿਹਰਵਾਨ
ਗੁਰਪ੍ਰੀਤ ਸਿੰਘ (USA)
ਵਾਹ ! ਵਾਹ ! ਮੇਰੇ ਸਾਈਂ ਮਿਹਰਵਾਨ। ਤੇਰੀ ਰਜ਼ਾ ਤੋਂ ਮੈ ਕੁਰਬਾਨ ।।
ਅਜਬ ਰੰਗ, ਤੇਰੇ ਸੰਸਾਰ ਦੇ । ਤੇਰੇ ਚੋਜਾਂ ਕੀਤਾ, ਮੈਨੂੰ ਹੈਰਾਨ।।
ਕਿਸੇ ਨੂੰ, ਵਖਾਲੇ ਤੂੰ ਦੁਨੀਆਂ। ਕਿਧਰੇ,ਗਰਭ ਹੀ ਬਣੇ ਸ਼ਮਸ਼ਾਨ ।।
ਕੋਈ ਰੁਲਦਾ, ਖੁੱਲੇ ਅਸਮਾਨਾਂ ਥੱਲੇ । ਕਿਸੇ ਨੂੰ ਮਿਲਦੇ, ਕਈ ਮਕਾਨ ।।
ਕਿਧਰੇ ਮਿਲੇ ਨਾ, ਇੱਕ ਗ੍ਰਾਹੀ । ਕੋਈ ਖਾਵੇ ਨਿੱਤ ਨਵੇਂ ਪਕਵਾਨ।।
ਕੋਈ ਲੁੱਟਦਾ, ਕੋਈ ਦੇਵੇ ਦਾਨ। ਕੋਈ ਬਣੇ ਦੇਵਤਾ, ਕੋਈ ਸ਼ੈਤਾਨ ।।
ਕੋਈ,ਜ਼ਿੰਦਗੀ ਤੋਂ ਹੈ ਦੌੜਦਾ। ਕੋਈ, ਗ੍ਰਹਿਸਤੀ ਵੀ ਮਨ ਹੋੜਦਾ।।
ਮੰਜ਼ਿਲ ਨੇੜੇ ਜਦ ਹੈ ਡੋਲਦਾ । ਸਵਾਦ ਵੱਖਰਾ, ਇਸ ਘੋਲ ਦਾ ।।
ਕੋਈ ਉਮਰ ਭਰ, ਹੱਡ ਰੋਲਦਾ । ਕੋਈ ਵਿਹਲੜ, ਡੱਕਾ ਨਾ ਤੋੜਦਾ ।।
ਕੋਈ, ਸੱਤ ਪੁਸ਼ਤਾਂ ਲਈ ਜੋੜਦਾ । ਚਾਹੇ ਹੋਵੇ ਯਮ, ਹੱਥ ਮਰੋੜਦਾ ।।
ਚਤੁਰਾਈਆਂ ਦਾ ਅਸਰ ਨਾ ਕੋਈ । ਤਾਂਹੀਓ ਤੂੰ ਕਦੀ ਨਹੀ ਬਹੁੜਦਾ।।
ਨਿਮਾਣੇ ਹੋ ਕੇ ਢਹਿ ਪਈਏ। ਤਾਂ, ਖ਼ਾਲੀ ਵੀ ਨਹੀਉ ਮੋੜਦਾ।।
ਕਿਧਰੇ, ਸਾਧ ਸੰਗਤ ਹੈ ਮਿਲਦੀ । ਪਹਾੜ ਬਣੇ ਕਦੀ, ਸਿਲ ਹੀ ।।
ਕਿਧਰੇ, ਸੁੱਖਾਂ ਦੀ ਸਵੇਰ ਖਿਲਦੀ। ਕਿਧਰੇ, ਦੁੱਖਾਂ ਦੀ ਹਨੇਰੀ ਝੁੱਲਦੀ ।।
ਕਿਧਰੇ, ਗਿਆਨ ਦੀ ਲੋਅ ਜਗਦੀ । ਕਿਧਰੇ, ਅਕਲ ਗੰਢ ਨਹੀ ਖੁੱਲਦੀ ।।
ਕਿਧਰੇ ਪਲੇ ਨਾ, ਬਹੁਤੀ ਔਲਾਦ । ਕਿਸੇ ਨੂੰ, ਇੱਕ ਨਾ ਜੁੜਦੀ ।।
ਕਿਧਰੇ ਨਿਭੇ, “ਪ੍ਰੀਤ” ਤੋੜ ਤਕ । ਕੋਈ ਸੱਸੀ ਥਲਾਂ ‘ਚ ਰੁਲਦੀ।।
ਕਿਧਰੇ ਹੁੰਦੇ ਮੁਆਫ, ਹਜ਼ਾਰਾਂ ਗੁਨਾਹ। ਸੂਲੀ ਚਾੜੇ ਕਦੀ,ਇੱਕ ਭੁੱਲ ਹੀ ।।
ਕੋਈ ਕਰੇ ਵਪਾਰ, ਸੱਚ ਦਾ। ਕੋਈ ਹੈ ਹੱਕ ਪਰਾਇਆ ਰੱਖਦਾ।।
ਕੋਈ, ਤੇਰੀ ਖ਼ਲਕਤ ਨੂੰ ਪਿਆਰਦਾ। ਕੋਈ ਦੁਖੀਆਂ ਨੂੰ ਵੀ, ਦੁਤਕਾਰਦਾ।।
ਕਿਸੇ ਲੱਭਿਆ ਰਾਹ, ਸਤਿਕਾਰ ਦਾ। ਗੁਰੂ ਨਾਲ ਕੀਤੇ,ਇਕਰਾਰ ਦਾ।।
ਕੋਈ,ਘੜੀ ਪਲ ਨਾ ਵਿਸਾਰਦਾ। ਕੋਈ, ਉਮਰ ਭਰ ਨਾ ਚਿਤਾਰਦਾ।।
ਕੋਈ ਮੰਨੇ ਭਾਣਾ, ਕਰਤਾਰ ਦਾ। ਸਦੜਾ ਸੁਣੇ, ਸੋਹਣੇ ਯਾਰ ਦਾ।।
ਕੋਈ ਆਖੇ, ਕੀ ਜਾਵੇ ਤੇਰਾ। ਚੱਲੇ ਹੁਕਮ, ਤੇਰੀ ਸਰਕਾਰ ਦਾ।।
ਕੋਈ ਕਹੇ ਅੱਲਾਹ, ਕੋਈ ਭਗਵਾਨ। ਕੋਈ ਪੜ੍ਹੇ ਗੀਤਾ, ਕੋਈ ਕੁਰਾਨ ।।
ਕਿਧਰੇ ਚੜ੍ਹੀ ਖੁਮਾਰੀ, ਨਾਮ ਦੀ । ਕੋਈ ਨਸ਼ਿਆਂ ‘ਚ ਹੈ ਗ਼ਲਤਾਨ ।।
ਕਰਮਕਾਂਡ ਤੇ ਕੂੜ ਪ੍ਰਧਾਨ। ਵਿਰਲਾ ਜਾਣੇ,ਅੰਮ੍ਰਿਤ ਨਾਮ ਨਿਧਾਨ।।
ਧਰਮ ਦੀ, ਨਿੱਤ ਨਵੀਂ ਦੁਕਾਨ। ਸ਼ੁੱਭ ਅਮਲਾਂ ਬਾਝੋਂ, ਨਹੀ ਪ੍ਰਵਾਨ।।
ਮੇਰਾ ਰਹੇ ਦੀਨ, ਤੇਰਾ ਇਮਾਨ। ਗੱਲ ਇਹੋ, ਸਾਂਝੀ ਸਗਲ ਜਹਾਨ।।
ਹੋਰ ਕਿ ਲਿਖੇ ਨਿਮਾਣਾ ਇਨਸਾਨ। ਵਾਹ ! ਵਾਹ ! ਮੇਰੇ ਸਾਈਂ ਮਿਹਰਵਾਨ।।