ਮੇਰਾ ਸਾਈਂ
ਪ੍ਰੋ. ਪੂਰਨ ਸਿੰਘ
ਹੱਸ ਖੇਡਦੀ- ਖੇਡਦੀ ਕਿਰਨ ਆਈ, ਦਿਲ ਅੰਦਰੇ- ਅੰਦਰੇ ਆਣ ਧਾਈ ।
ਸੂਰਜ ਕੰਬਦਾ- ਕੰਬਦਾ ਲਾਲ ਚੜਿਆ, ਪ੍ਰਕਾਸ਼ ਕੂਕਦਾ- ਕੂਕਦਾ ਵਿਹੜੇ ਵੜਿਆ ।
ਕੰਵਲ ਖਿੜ-ਖਿੜ ਹੱਸੇ ਦਿਲ ਅਕਾਸ਼ ਜੁੜਿਆ; ਨੀਲਾ ਚੱਕਰ ਚੱਲਣੋਂ ਰਿਹਾ ਮਨ-ਮੰਡਲ ਮੁੜਿਆ।
ਠੰਢੀ ਵਾ ਅਗੰਮ ਥੀਂ ਚਲ ਆਈ । ਕਲਗੀ ਵਾਲਿਆਂ ਵਾਲੀ ਸੁਗੰਧ ਆਈ ।
ਉੱਠ ਗਗਨ-ਪ੍ਰਕਾਸ਼ ਵਿੱਚ ਕੂਕਿਆ ਮੈਂ, ਕਿਹੜਾ ਰਾਹ ਹਜ਼ੂਰ-ਹਜ਼ੂਰ ਨੂੰ ਜੀ ?
ਉੱਡ ਅਸਗਾਹ ਨੀਲਾਣ ਵਿੱਚ ਕੂਕਿਆ ਮੈਂ, ਕਿਹੜਾ ਰਾਹ ਹੈ ਫ਼ੈਜ਼ ਗੰਜੂਰ ਨੂੰ ਜੀ ?
ਇਥੋਂ, ਰਾਹ ਸਾਰੇ, ਓਥੇ, ਜਾਂਦੇ ਨੀ । ਜਿੱਥੇ ਗੁਰੂ ਘੋੜੇ ਚੜ ਆਂਦੇ ਨੀ ।
ਜਿੱਥੇ ਪਿਆਰਾਂ ਮੁੜ-ਮੁੜ ਪਾਂਦੇ ਨੀ ! ਜਿੱਥੇ ਰੱਬ ਖੜੇ ਦਿੱਸ ਆਂਦੇ ਨੀ !
ਉਥੇ ਅਕਾਸ਼ੀ ਨੀਲੇ ਘੋੜੇ ਹਨ। ਉਥੇ ਅਕਾਲੀ ਬਾਂਕੇ ਜੋੜੇ ਹਨ।
ਉਥੇ ਦਰਵੇਸ਼ ਸੁੱਚੇ ਫ਼ਕੀਰ ਖੜੇ ਉਥੇ ਪਰ-ਉਪਕਾਰੀ ਬੀਰ ਖੜੇ।
ਉਥੇ ਨਾਮੀ ਧਿਆਨੀ ਧੀਰ ਖੜੇ । ਉਥੇ ਕਵੀ ਕਵੀਸ਼ਰ ਹੀਰ ਖੜੇ ।
ਉਥੇ, ਜੋਗੀ ਪਿਆਰਾ, ਪਿਆਰਾ ਉਹ ! ਉਹਦੇ ਲੜ ਸੂਰਜ ਦਸਤਾਰਾ ਉਹ !
ਉਥੇ ਖੀਰ ਸਮੁੰਦਰ ਭਾਰਾ ਉਹ ! ਉਥੇ ਲਹਿਰ ਬਹਿਰ ਅਸਵਾਰਾ ਉਹ !
ਉਥੇ ਬਾਲਕ ਚੰਨ ਨੂੰ ਪਾਂਦੇ ਨੀ ! ਉਥੇ ਮਹਿਰਮ ਦਿਲ ਦੇ ਵਾਂਦੇ ਨੀ !
ਉਥੇ ਮੌਜ, ਖੇਡ, ਰਮ, ਲੀਲਾ ਹੈ, ਉਥੇ ਕੰਮ-ਕਾਜ, ਨਾ ਹੀਲਾ ਹੈ।
ਉਥੇ ਸੱਤ ਸਮੁੰਦਰ ਆਂਦੇ ਨੀ । ਉਥੇ ਹੀਰੇ ਪੰਨੇ ਮਾਂਦੇ ਨੀ ।
ਉਥੇ ਸੋਹਣੇ-ਸੋਹਣੇ ਚੇਹਰੇ ਨੀ। ਉਥੇ ਦਿਲ ਮੇਰੇ ਦੇ ਡੇਰੇ ਨੀ ।
ਉਥੇ ਮਸਤਕ ਚਮਕਣ ਵਾਲੀ ਨੀ । ਉਥੇ ਭਾਗ ਖੁਲੇ ਹਰ ਬਾਲੇ ਨੀ ।
ਉਥੇ ਲੱਖ ਨੈਣਾਂ ਦੇ ਤਾਰੇ ਨੀ । ਉਥੇ ਲਾਟਾਂ ਜਗ-ਮਗ ਸਾਰੇ ਨੀ ।
ਉਥੇ ਹਰ ਕੋਈ ਦਿਲ ਦਾ ਪਿਆਰਾ ਨੀ । ਉਥੇ ਅਨੇਕ ਦਿਲਾਂ ਦਾ ਸਹਾਰਾ ਨੀ ।
ਇਕ ਦਿਲ ਵਿੱਚ ਲੱਖ ਹਜ਼ਾਰਾਂ ਨੀ । ਇਕ ਨੈਣ ਵਿੱਚ ਲੱਖ ਪਿਆਰਾ ਨੀ ।
ਉਥੇ ਇਕ ਗੁਰੂ, ਜੀ ਪਿਆਰਾ ਹੈ । ਉਥੇ ਲੱਖ ਵਿੱਚ, ਝਲਕਾ ਸਾਰਾ ਹੈ ।
ਉਥੇ ਚੁੱਪ, ਕੁਲ ਜ਼ਬਾਨਾਂ ਨੀ । ਉਥੇ ਖ਼ਿਆਲ, ਫੁੱਲ ਮਸਤਾਨਾ ਨੀ ।
ਉਥੇ ਆਤਮ ਰਾਜ ਸੁਹਾਣਾ ਨੀ, ਉਥੇ ਖੁੱਲ, ਜੀ ਜਗ ਜਾਣਾ ਨੀ ।