ਧੂਤੇ ! !

0
280

ਧੂਤੇ  ! !

ਲੋਕੀਂ ਪੁੱਛਣ ਧੂਤੇ ਕਿਹੜੇ  ? ਪੁੱਟਦੇ ਜੋ ਸਿੱਖੀ ਦੇ ਵਿਹੜੇ।
ਮੂਰਖਤਾ ਬਲਬੂਤੇ ਜਿਹੜੇ । ਖੁਦ ਨੂੰ ਸਿੱਖ ਸਦਾਉਂਦੇ ਨੇ।
ਦੇਖਣ ਨੂੰ ਸਿੱਖ ਲਗਦੇ ਪਰ, ਧੂਤੇ ਅਖਵਾਉਂਦੇ ਨੇ ।

ਗੁਰੂਆਂ ਨੀਵਾਂ ਰਹਿਣਾ ਦੱਸਿਆ । ਨਾਲ ਸਬਰ ਦੇ ਸਹਿਣਾ ਦੱਸਿਆ ।
ਮਾਖਿਓਂ ਮਿੱਠਾ ਕਹਿਣਾ ਦੱਸਿਆ, ਪਰ ਜੋ ਅੱਗ ਵਰ੍ਹਾਉਂਦੇ ਨੇ ।
ਦੇਖਣ ਨੂੰ ਸਿੱਖ ਲਗਦੇ ਪਰ, ਧੂਤੇ ਅਖਵਾਉਂਦੇ ਨੇ ।

ਬਾਣੀ ਛੱਡ ਕੇ ਬਾਣਾ ਫੜਿਆ । ਪੂਜਾ, ਹਵਨ ਕਰਾਣਾ ਫੜਿਆ ।
ਸੰਗਤ ਨੂੰ ਭੜਕਾਣਾ ਫੜਿਆ । ਪਾਧੇ ਕੀਆਂ ਪੁਗਾਉਂਦੇ ਨੇ ।
ਦੇਖਣ ਨੂੰ ਸਿੱਖ ਲਗਦੇ ਪਰ, ਧੂਤੇ ਅਖਵਾਉਂਦੇ ਨੇ ।

ਬਾਣੀ, ਵਾਂਗ ਮੰਤਰਾਂ ਪੜ੍ਹਦੇ । ਗੁਰੂ-ਸਿਧਾਂਤ ਮੰਨਣ ਤੋਂ ਡਰਦੇ ।
ਸ਼ਬਦ-ਵੀਚਾਰ ਕਦੇ ਨਾ ਕਰਦੇ । ਛਿੱਕਲੀ-ਲੜੀਆਂ ਲਾਉਂਦੇ ਨੇ ।
ਦੇਖਣ ਨੂੰ ਸਿੱਖ ਲਗਦੇ ਪਰ, ਧੂਤੇ ਅਖਵਾਉਂਦੇ ਨੇ ।

ਜਦ ਤੋਂ ਗਿਆਨ-ਯੁੱਗ ਹੈ ਆਇਆ । ਸੋਸ਼ਲ ਮੀਡੀਏ ਸੱਚ ਦਿਖਾਇਆ ।
ਅੰਧ-ਵਿਸ਼ਵਾਸਾਂ ਜੱਗ ਹਸਾਇਆ । ਜਿਸ ਤੋਂ ਰਹੇ ਡਰਾਉਂਦੇ ਨੇ ।
ਦੇਖਣ ਨੂੰ ਸਿੱਖ ਲਗਦੇ ਪਰ, ਧੂਤੇ ਅਖਵਾਉਂਦੇ ਨੇ ।

ਦੇਖੇ ਗੁਰੂ-ਦੁਆਰੇ ਜਾ ਕੇ । ਅਕਲਾਂ ਜੋੜਿਆਂ ਵਿੱਚ ਛੁਪਾ ਕੇ ।
ਗਿਆਨ-ਗੁਰੂ ਦੀ ਜੋਤ ਭੁਲਾ ਕੇ । ਘਿਓ ਦੀ ਜੋਤ ਜਗਾਉਂਦੇ ਨੇ ।
ਦੇਖਣ ਨੂੰ ਸਿੱਖ ਲਗਦੇ ਪਰ, ਧੂਤੇ ਅਖਵਾਉਂਦੇ ਨੇ ।

ਜਿੱਥੇ ਪੈਰ ਸਾਫ਼ ਨੇ ਕਰਦੇ । ਅੰਮ੍ਰਿਤ ਕਹਿ ਕੇ ਚੂਲੀਆਂ ਭਰਦੇ ।
ਕਰਨੋਂ ਕਰਮ-ਕਾਂਡ ਨਾ ਡਰਦੇ । ਸ਼ਰਧਾ ਅਜਬ ਦਿਖਾਉਂਦੇ ਨੇ ।
ਦੇਖਣ ਨੂੰ ਸਿੱਖ ਲਗਦੇ ਪਰ, ਧੂਤੇ ਅਖਵਾਉਂਦੇ ਨੇ ।

ਗੁਰੂਆਂ ਜਾਤ-ਪਾਤ ਮਿਟਾਈ । ਇਨ੍ਹਾਂ ਮੁੜ ਕੇ ਗਲ ਨਾਲ ਲਾਈ ।
ਪੁੱਟ ਕੇ ਊਚ-ਨੀਚ ਦੀ ਖਾਈ । ਛੂਆ-ਛਾਤ ਵਧਾਉਂਦੇ ਨੇ ।
ਦੇਖਣ ਨੂੰ ਸਿੱਖ ਲਗਦੇ ਪਰ, ਧੂਤੇ ਅਖਵਾਉਂਦੇ ਨੇ ।

ਗੁਰੂਆਂ ਔਰਤ ਸੀ ਸਤਿਕਾਰੀ । ਇਹਨਾਂ ਕਰਤੀ ਮੁੜ ਦੁਖਿਆਰੀ ।
ਭਰਦੇ ਹੀਣ-ਭਾਵਨਾ ਭਾਰੀ । ਜੋ ਤਿਉਹਾਰ ਮਨਾਉਂਦੇ ਨੇ ।
ਦੇਖਣ ਨੂੰ ਸਿੱਖ ਲਗਦੇ ਪਰ, ਧੂਤੇ ਅਖਵਾਉਂਦੇ ਨੇ ।

ਦਸਮੇ ਗੁਰਾਂ ਵੱਲ ਪਿੱਠ ਕਰਕੇ । ਉਹਨਾਂ ਦਾ ਹੀ ਨਾਂ ਫਿੱਟ ਕਰਕੇ ।
ਔਰਤ ਜਾਤੀ ਨੂੰ ਠਿੱਠ ਕਰਕੇ । ਬਿਪਰੀ ਨਾਟ ਪੜਾਉਂਦੇ ਨੇ ।
ਦੇਖਣ ਨੂੰ ਸਿੱਖ ਲਗਦੇ ਪਰ, ਧੂਤੇ ਅਖਵਾਉਂਦੇ ਨੇ ।

ਸਮਝਣ ਗੁਰੂ ਗ੍ਰੰਥ ਅਧੂਰਾ । ਜੋੜ ਬਚਿੱਤਰ ਕਰਦੇ ਪੂਰਾ ।
ਪਾ ਕੇ ਅੰਮ੍ਰਿਤ ਦੇ ਵਿੱਚ ਕੂੜਾ । ਸਿੱਖੀ ਧ੍ਰੋਹ ਕਮਾਉਂਦੇ ਨੇ ।
ਦੇਖਣ ਨੂੰ ਸਿੱਖ ਲਗਦੇ ਪਰ, ਧੂਤੇ ਅਖਵਾਉਂਦੇ ਨੇ ।

ਬਾਹਰੋਂ ਮਜ਼ਹਬ ਧਾਰ ਤਾਂ ਲੀਤਾ । ਅੰਦਰ ਧਰਮ ਨਾ ਧਾਰਣ ਕੀਤਾ ।
ਅੰਮ੍ਰਿਤ ਰੋਜ ਕਦੇ ਨਾ ਪੀਤਾ । ਕੇਵਲ ਰੀਤ ਨਿਭਾਉਂਦੇ ਨੇ ।
ਦੇਖਣ ਨੂੰ ਸਿੱਖ ਲਗਦੇ ਪਰ, ਧੂਤੇ ਅਖਵਾਉਂਦੇ ਨੇ ।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)