ਦੀ ਗੱਲ ਸਿਆਣਪ

0
301

(ਕਵਿਤਾ) 

ਦੀ ਗੱਲ ਸਿਆਣਪ

-ਰਮੇਸ਼ ਬੱਗਾ ਚੋਹਲਾ-94631-32719

ਵਿਚ ਪਲਾਂ ਦੇ ਸਮਝ ਗਏ ਉਹ ਗੱਲ ਸਿਆਣਪ ਦੀ, ਜਿਨ੍ਹਾਂ ਉੱਤੇ ਕਿਰਪਾ ਹੋ ਗਈ ਸਤਿਗੁਰ ਨਾਨਕ ਦੀ।

ਕਰਮਕਾਂਡਾਂ ਨੂੰ ਜਿਹੜੇ ਸਭ ਕੁੱਝ ਮੰਨੀ ਜਾਂਦੇ ਸੀ, ਧਰਮ ਦੇ ਨਾਂ ’ਤੇ ਲੋਕਾਂ ਵਿਚ ਪਾਈ ਅੰਨ੍ਹੀ ਜਾਂਦੇ ਸੀ।

ਰਮਜ਼ ਸਮਝ ਗਏ ਝੱਟ, ਉਹ ਜਾਣੀ ਜਾਣਕ ਦੀ, ਜਿਨ੍ਹਾਂ ਉੱਤੇ ਕਿਰਪਾ ਹੋ ਗਈ ਸਤਿਗੁਰ ਨਾਨਕ ਦੀ।

ਜੋਗੀ ਭੇਖ ਬਣਾ ਕੇ ਜੋਗ ਕਮਾਉਂਦੇ ਜਿਹੜੇ ਸੀ, ਅਸਲ ਜੋਗ ਦੇ ਅੰਦਰੋਂ ਨਾ ਪਰ ਲੱਗਦੇ ਨੇੜੇ ਸੀ।

ਤਾਬ ਝੱਲੀ ਨਾ ਗਈ ਉਹਨਾਂ ਤੋਂ ਸੱਚ ਪਛਾਣਕ ਦੀ, ਜਿਨ੍ਹਾਂ ਉੱਤੇ ਕਿਰਪਾ ਹੋ ਗਈ ਸਤਿਗੁਰ ਨਾਨਕ ਦੀ।

ਸੱਜਣ ਵਰਗੇ ਠੱਗਾਂ ਨੇ ਠੱਗੀਆਂ ਛੱਡ ਦਿੱਤੀਆਂ, ਦਰਸ਼ਨ ਕਰਕੇ ਬਾਬੇ ਦਾ ਦਿਲ ਲੱਗੀਆਂ ਛੱਡ ਦਿੱਤੀਆਂ।

ਕੌਡੇ ਰਾਖਸ਼ ਵਰਗਿਆਂ ਬਿਰਤੀ ਤਜੀ ਭਿਆਨਕ ਦੀ, ਜਿਨ੍ਹਾਂ ਉੱਤੇ ਕਿਰਪਾ ਹੋ ਗਈ ਸਤਿਗੁਰ ਨਾਨਕ ਦੀ।

ਰਿਸ਼ਵਤਖ਼ੋਰਾਂ ਮੂੰਹ ਮੋੜ ਲਿਆ ਰਿਸ਼ਵਤਖ਼ੋਰੀ ਤੋਂ, ਭੂਮੀਏਂ ਵਰਗੇ ਚੋਰਾਂ ਹੱਥ ਹਟਾ ਲਿਆ ਚੋਰੀ ਤੋਂ।

ਸ਼ੁਰੂ ਕਰ ਦਿੱਤੀ ਜ਼ਿੰਦਗੀ ਉਨ੍ਹਾਂ ਨੇ ਭਲੇ ਭਾਣਸ ਦੀ, ਜਿਨ੍ਹਾਂ ਉੱਤੇ ਕਿਰਪਾ ਹੋ ਗਈ ਸਤਿਗੁਰ ਨਾਨਕ ਦੀ।

ਮਲਕ ਭਾਗੋ ਦੇ ਬਣਿਆ ਭੋਜਨ ਬਹੁ ਪ੍ਰਕਾਰੀ ਸੀ, ਯਾਰ ਲਾਲੋ ਦਾ ਉਸ ਨੂੰ ਛੱਕਣੋਂ ਪਰ ਇਨਕਾਰੀ ਸੀ।

ਕਹਿੰਦਾ ਇਸ ’ਚ ਲੱਗੀ ਨੀਂ ਰਸਦ ਦਿਆਨਤ ਦੀ, ਜਿਨ੍ਹਾਂ ਉੱਤੇ ਕਿਰਪਾ ਹੋ ਗਈ ਸਤਿਗੁਰ ਨਾਨਕ ਦੀ।

ਸੱਚਾ ਸੁੱਚਾ ਜੀਵਨ ਸੀ ਸਰਮਾਇਆ ਬਾਬੇ ਦਾ, ਦੁਨੀਆਂ ਦੇ ਵਿਚ ਜਿਸ ਨੇ ਮਾਣ ਵਧਾਇਆ ਬਾਬੇ ਦਾ।

ਬੇਸ਼ਕੀਮਤੀ ਹਸਤੀ ਸੀ ਉਸ ਸੁੱਚੇ ਮਾਣਕ ਦੀ, ਜਿਨ੍ਹਾਂ ਉੱਤੇ ਕਿਰਪਾ ਹੋ ਗਈ ਸਤਿਗੁਰ ਨਾਨਕ ਦੀ।

ਸਿੱਧੇ ਰਾਹੇ ਪਾਇਆ ਜਿਸ ਨੇ ਆਣ ਲੋਕਾਈ ਨੂੰ, ‘ਚੋਹਲੇ’ ਵਾਲਾ ਲਿਖਦਾ ਹੈ ਉਸ ਦੀ ਵਡਿਆਈ ਨੂੰ।

ਖ਼ਰੀ ਉਤਰਦੀ ਹਰ ਗੱਲ ਰੂਹਾਂ ਦੇ ਵਿਗਿਆਨਕ ਦੀ, ਜਿਨ੍ਹਾਂ ਉੱਤੇ ਕਿਰਪਾ ਹੋ ਗਈ ਸਤਿਗੁਰ ਨਾਨਕ ਦੀ।