ਤੇਰੀ ਗਵਾਹੀ ’ਚ ਗ੍ਰੰਥ ਗੁਰੂ ਬਣਾ ਦਿੱਤਾ।

0
203

ਤੇਰੀ ਗਵਾਹੀ ’ਚ ਗ੍ਰੰਥ ਗੁਰੂ ਬਣਾ ਦਿੱਤਾ।

ਸ. ਸੁਰਿੰਦਰ ਸਿੰਘ ‘ਖਾਲਸਾ’ ਮਿਉਦ ਕਲਾਂ (ਫਤਿਹਾਬਾਦ)-94662-66708, 97287-43287

‘ਗੁਰੂ ਗੋਬਿੰਦ ਸਿੰਘ’ ਜੀ ਵਿਚ ਅਨੰਦਪੁਰ ਦੇ, ਸੁੱਤੀ ਹੋਈ ਅਣਖ ਨੂੰ ਟੁੰਬ ਜਗਾ ਦਿੱਤਾ।

ਕੇਸਗੜ੍ਹ ਵਾਲੀ ਥਾਂ ਦਸਮੇਸ਼ ਜੀ ਖੜ੍ਹੇ ਹੋ ਕੇ, ਪਰਚਾ ਸਿੱਖੀ ਦੀ ਪਰਖ ਵਾਲਾ ਪਾ ਦਿੱਤਾ।

ਬਿਜਲੀ ਵਾਂਗ ਲਿਸ਼ਕਦੀ ਸ਼ਮਸ਼ੀਰ ਫੜ੍ਹ ਕੇ, ਲੋੜ ਇਕ ਸੀਸ ਦੀ, ਦਾ ਹੁਕਮ ਸੁਣਾ ਦਿੱਤਾ।

ਹੱਕੇ-ਬੱਕੇ ਹੋ ਗਏ ਸਾਰੇ ਅਜਿਹੀ ਮੰਗ ਸੁਣ ਕੇ, ਸਾਰੇ ਪੰਡਾਲ ਨੂੰ ਜਦ ਕਸੌਟੀ ’ਤੇ ਲਾ ਦਿੱਤਾ।

ਦਇਆ ਰਾਮ ਸੀ ਪਹਿਲਾਂ ਸਨਮੁਖ ਪੇਸ਼ ਹੋਇਆ, ਲਿਜਾ ਕੇ ਤੰਬੂ ’ਚ ਕੌਤਕ ਵਰਤਾ ਦਿੱਤਾ।

ਲਹੂ ਭਿੱਜੀ ਕ੍ਰਿਪਾਨ ਫੜ੍ਹ ਸਟੇਜ ’ਤੇ ਮੁੜ ਗਰਜੇ, ਇਕ ਹੋਰ ਸੀਸ ਦਾ ਸਵਾਲ ਉੱਠਾ ਦਿੱਤਾ।

ਮਾਂ ਗੁਜਰੀ ਜੀ ਪਾਸ ਮਸੰਦ ਗਏ ਭੱਜੇ, ਮਾਤਾ  ! ਸਤਿਗੁਰਾਂ ਖੁਦ ਹੀ ਸਿੱਖਾਂ ਨੂੰ ਝਟਕਾ ਦਿੱਤਾ।

ਜਿਸ ਸਮੇਂ ਵੀ ਸਿੱਦਕ ਦੀ ਪਰਖ ਹੁੰਦੀ, ਵਿਰਲਿਆਂ ਹੀ ਇਮਤਿਹਾਨ ਅਜਿਹਾ ਪਾਸ ਕੀਤਾ।

ਲੰਗਰ ਛਕਣ ਵਾਲੇ ਵਿਹਲੜ ਖਿਸਕਣੇ ਹੋਏ ਸ਼ੁਰੂ, ਬਹੁਤਿਆਂ ਉੱਥੋਂ ਘਰਾਂ ਨੂੰ ਰਾਹ ਲੀਤਾ।

ਇੰਨੇ ’ਚ ਧਰਮ ਚੰਦ ਤੇ ਹਿੰਮਤ ਨੇ ਹਿੰਮਤ ਕੀਤੀ, ਗੁਰਾਂ ਸਭ ਨੂੰ ਬਰਾਬਰ ਬਿਠਾ ਦਿੱਤਾ।

ਮੁਹਕਮ ਚੰਦ, ਦਾਸ ਸਾਹਿਬ ਤੋਂ ਮਾਲਕ ਬਣ ਗਏ, ਇਕੋ ਬਾਟੇ ’ਚੋਂ ਅੰਮ੍ਰਿਤ ਛਕਾ ਦਿੱਤਾ।

ਵਰਣ-ਵੰਡ, ਜਾਤ-ਪਾਤ, ਲਿੰਗ-ਭੇਦ ਭਰਮ ਸੀ ਜੋ, ਗੁਰਾਂ ਸਿੱਖੀ ’ਚੋਂ ਦੂਰ ਭਜਾ ਦਿਤਾ।

ਸਦੀਆਂ ਤੋਂ ਗੁਲਾਮੀ ਦੇ ਪਾਏ ਸੰਗਲ ਅਸਾਂ, ਤੋੜ ਦੁਨੀਆਂ ਦਾ ਬਾਦਸ਼ਾਹ ਬਣਾ ਦਿੱਤਾ।

ਸਾਰੀਆਂ ਸਰਦਾਰੀਆਂ ਬਖ਼ਸ਼ ਕੇ ਖਾਲਸੇ ਨੂੰ, ਮੀਂਹ ਰਹਿਮਤਾਂ ਦਾ ਦਸਮੇਸ਼ ਬਰਸਾ ਦਿੱਤਾ।

ਨਿਆਰੇ ਖਾਲਸੇ ਨੂੰ ਨਵੀਂ ਨੁਹਾਰ ਬਖ਼ਸ਼ੀ, ਮਾਨਵਤਾ ਨਾਲੋਂ ਵਿਲੱਖਣ ਚਮਕਾ ਦਿੱਤਾ।

ਜਿਹੜਾ ਨਾ ਡਰੇ ਅਤੇ ਨਾ ਡਰਾਵੇ ਹੋਰਨਾਂ ਨੂੰ, ਨਿਰਵੈਰ ਕਰਕੇ ਨਿਰਭਉ ਬਣਾ ਦਿੱਤਾ।

ਸੱਚਾ ਕਿਰਦਾਰ ਤੇ ਇਖ਼ਲਾਕ ਵੀ ਕਹਿੰਦੀ ਦੁਨੀਆਂ, ਰੂਪ ਆਪਣਾ ਗੁਰਾਂ ਬਣਾ ਦਿਤਾ।

ਜਜ਼ਬਾ ਕੁਰਬਾਨੀ ਦਾ ਦਸਮੇਸ਼ ਜੀ ਪਏ ਭਰਦੇ, ਜ਼ਾਲਮ ਸੋਧਕ ਵੀ ਖਾਲਸੇ ਨੂੰ ਬਣਾ ਦਿੱਤਾ।

ਛੁਪਾ ਕੇ ਸਤਿਗੁਰਾਂ ਕੋਈ ਨਾ ਚੀਜ ਰੱਖੀ, ਤਾਂ ਜੋ ਜਗਤ ਕਹਿੰਦਾ ਮਰਨਾ ਮਿਟਾ ਦਿੱਤਾ।

ਕਾਮ, ਕਰੋਧ, ਹੰਕਾਰ, ਲੋਭ, ਮੋਹ ਬਦਲੇ, ਸਤ, ਸੰਤੋਖ, ਦਯਾ, ਧੀਰਜ ਗੁਣ ਟਿਕਾ ਦਿੱਤਾ।

ਸਿਖਾ ਕੇ ਜੀਵਨ ਜਾਚ, ਜੋ ਨਾਨਕ ਦੇਵ ਦੱਸੀ, ਸਮੇਤ ਬੱਚਿਆਂ ਸਰਬੰਸ ਨੂੰ ਵਾਰ ਦਿੱਤਾ।

ਕੱਛ, ਕੜਾ, ਕ੍ਰਿਪਾਨ, ਕੰਘਾ, ਕੇਸ ਰਖਾ ਕੇ, ਏਡਜ਼, ਕੈਂਸਰ ਕੁਰਹਿਤਾਂ ਤੋਂ ਬਚਾ ਦਿੱਤਾ।

ਆਖ਼ਰੀ ਪੈਗ਼ਾਮ ਵੀ ਖ਼ਾਲਸੇ ਦੇ ਸਨਮੁਖ ਹੋ ਕੇ, ਜਥੇਦਾਰ ਬੰਦੇ ਨੂੰ ਕੌਮ ਦਾ ਬਣਾ ਦਿੱਤਾ।

ਧਰਤੀਏ ਨਦੇੜ ਦੀਏ ਨਸੀਬ ਭਾਗਾਂ ਵਾਲੀਏ, ਤੇਰੀ ਗਵਾਹੀ ’ਚ ਗ੍ਰੰਥ ਗੁਰੂ ਬਣਾ ਦਿੱਤਾ।