ਗੁਰੂ ਹਰਿਰਾਇ ਜੀ ਦੁਖੀ ਲੋਕਾਂ ਦੇ ਦੁਖ ਵੰਡਾਉਂਦੇ ਰਹੇ।

0
932

ਗੁਰੂ ਹਰਿਰਾਇ ਜੀ ਦੁਖੀ ਲੋਕਾਂ ਦੇ ਦੁਖ ਵੰਡਾਉਂਦੇ ਰਹੇ।

ਕੀਰਤਪੁਰ ਵਿਚ ਰਹਿ ਕੇ ਕੀਰਤੀ ਹਰਿ ਕੀ ਗਾਉਂਦੇ ਰਹੇ।

ਗੁਰੂ ਹਰਿਰਾਇ ਜੀ ਦੁਖੀ ਲੋਕਾਂ ਦੇ ਦੁਖ ਵੰਡਾਉਂਦੇ ਰਹੇ।

ਤਨ ਦੇ ਰੋਗ ਗਵਾਉਂਦੇ ਹੱਥੀਂ ਦੇ ਕੇ ਆਪ ਦਵਾਈ,

ਮਨ ਦੇ ਰੋਗ ਮਿਟਾਵਣ ਖ਼ਾਤਰ ਬਾਣੀ ਜਾਣ ਪੜ੍ਹਾਈ,

ਅਸਲੀ ਵੈਦ ਹੈ ਗੁਰੂ ਗੋਬਿੰਦਾ ਸੰਗਤਾਂ ਨੂੰ ਸਮਝਾਉਂਦੇ ਰਹੇ।

ਗੁਰੂ ਹਰਿਰਾਇ ਜੀ ਦੁਖੀ ਲੋਕਾਂ ਦੇ ਦੁਖ ਵੰਡਾਉਂਦੇ ਰਹੇ।

ਕੋਮਲ ਹਿਰਦੇ ਦੇ ਮਾਲਕ, ਨਾ ਕਿਸੇ ਨੂੰ ਠੇਸ ਪਹੁੰਚਾਉਂਦੇ,

ਅਣਜਾਣੇ ਹੋਈ ਭੁੱਲ ਉਪਰ ਵੀ ਸਨ ਡਾਢਾ ਪਛਤਾਉਂਦੇ,

ਪੱਤੇ ਪੱਤੇ ਰੱਬ ਦਾ ਵਾਸਾ ਮੁੱਖ ਤੋਂ ਸੀ ਫ਼ੁਰਮਾਉਂਦੇ ਰਹੇ।

ਗੁਰੂ ਹਰਿਰਾਇ ਜੀ ਦੁਖੀ ਲੋਕਾਂ ਦੇ ਦੁਖ ਵੰਡਾਉਂਦੇ ਰਹੇ।

ਸਤਵੇਂ ਨਾਨਕ ਗੁਰਬਾਣੀ ਦਾ ਸੀ ਪੂਰਨ ਸਤਿਕਾਰ ਕੀਤਾ,

ਰਾਮਰਇ ਤੁੱਕ ਬਦਲੀ ਜਦ, ਝਟ ਗੁੱਸੇ ਦਾ ਇਜ਼ਹਾਰ ਕੀਤਾ,

ਮੌਕਾਪ੍ਰਸਤ ਮਨੁੱਖਾਂ ਨੂੰ ਮੱਥੇ ਨਹੀਂ ਲਾਉਂਦੇ ਰਹੇ।

ਗੁਰੂ ਹਰਿਰਾਇ ਜੀ ਦੁਖੀ ਲੋਕਾਂ ਦੇ ਦੁਖ ਵੰਡਾਉਂਦੇ ਰਹੇ।

ਗੁਰੂ ਕੇ ਲੰਗਰ ਵਿਚੋਂ ਨਾ ਕੋਈ ਮੁੜੇ ਨਿਰਾਸ ਪ੍ਰਾਣੀ,

ਲੋੜ ਪੈਣ ’ਤੇ ਲੋੜਵੰਦਾਂ ਨੂੰ ਛਕਾਓ ਪ੍ਰਸ਼ਾਦਾ ਪਾਣੀ,

ਲਾਂਗਰੀਆਂ ਨੂੰ ਲੋਹ ਲੰਗਰ ਦੇ ਨਿਯਮ ਸਿਖਾਉਂਦੇ ਰਹੇ।

ਗੁਰੂ ਹਰਿਰਾਇ ਜੀ ਦੁਖੀ ਲੋਕਾਂ ਦੇ ਦੁਖ ਵੰਡਾਉਂਦੇ ਰਹੇ।

ਸੇਵਾ ਤੇ ਸਿਮਰਨ ਨੂੰ ਆਧਾਰ ਬਣਾਇਆ ਜੀਵਨ ਦਾ,

ਇਸ ਨੂੰ ਹੀ ਬਸ ਮੰਨਿਆ ਸੀ ਸਰਮਾਇਆ ਜੀਵਨ ਦਾ,

‘ਚੋਹਲੇ’ ਵਾਲੇ ਵਰਗੇ ਤਾਹੀਉਂ ਸਿਫ਼ਤ ਸਲਾਹੁਉਂਦੇ ਰਹੇ।

ਗੁਰੂ ਹਰਿ ਰਾਇ ਜੀ ਦੁਖੀ ਲੋਕਾਂ ਦੇ ਦੁੱਖ ਵੰਡਾਉਂਦੇ ਰਹੇ।

—-੦—–

-ਰਮੇਸ਼ ਬੱਗਾ ਚੋਹਲਾ, 1348/17/1 ਗਲੀ ਨੰ 8, ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)-94631-32719