ਕੋਈ ਵੀ ਸੰਕਟ ਆ ਸਕਦਾ ਏ।

0
263

ਕੋਈ ਵੀ ਸੰਕਟ ਆ ਸਕਦਾ ਏ।

ਕੋਈ ਵੀ ਸੰਕਟ ਆ ਸਕਦਾ ਏ। ਦਿਨੇ ਹਨ੍ਹੇਰਾ ਛਾ ਸਕਦਾ ਏ। 
ਸੱਚ ਦੇ ਰਾਹ ’ਤੇ ਤੁਰਿਆਂ ਤੈਨੂੰ, ਜਾਨੋਂ ਮਾਰਿਆ ਜਾ ਸਕਦਾ ਏ।
ਵਾਂਗ ਛਲੇਡੇ ਤੇਰਾ ਦੁਸ਼ਮਣ, ਕੋਈ ਵੀ ਰੂਪ ਬਣਾ ਸਕਦਾ ਏ।
ਔਰੰਗਜ਼ੇਬ ਦੁਮਾਲਾ ਬੰਨ੍ਹ ਕੇ, ਤੇੜ ਕਛਹਿਰਾ ਪਾ ਸਕਦਾ ਏ।
ਤੇਰੇ ਘਰ ਦੇ ਵਿਹੜੇ ਵਿੱਚ ਹੀ, ਗਾਟਾ ਤੇਰਾ ਲਾਹ ਸਕਦਾ ਏ।
ਜਿਨ੍ਹਾਂ ਲਈ ਤੂੰ ਮਰਦੈਂ, ਤੈਨੂੰ, ਉਹਨਾਂ ਤੋਂ ਮਰਵਾ ਸਕਦਾ ਏ।
ਗੰਗੂ ਬਾਮਣ ਪਹਿਨ ਗਾਤਰਾ, ਗਿਆਨੀ ਜੀ ਅਖਵਾ ਸਕਦਾ ਏ।
ਪੇਚਾਂ ਵਾਲੀ ਪੱਗ ਬੰਨ੍ਹ ਕੇ, ਕਰ ਕੇ ਕਥਾ ਸੁਣਾ ਸਕਦਾ ਏ।
ਤੇਰੇ ਨਾਲੋਂ ਵਧੀਆ ਗਾ ਕੇ, ਸੁੰਦਰ ਸਾਜ ਵਜਾ ਸਕਦਾ ਏ।
ਸਿੱਖਾਂ ਕੋਲੋਂ ਸਿੱਖੀ ਨਾਲੋਂ, ਉਲਟੇ ਕੰਮ ਕਰਾ ਸਕਦਾ ਏ।
ਮੜੀਆਂ ਕਬਰਾਂ ਦੀਵੇ ਜੋਤਾਂ, ਉਹ ਤਾਂ ਵਰਤ ਰਖਾ ਸਕਦਾ ਏ।
ਅੰਮ੍ਰਿਤ ਵਰਗੀ ਬਾਣੀ ਨੂੰ ਉਹ, ਮੰਤਰ ਵਾਂਗ ਰਟਾ ਸਕਦਾ ਏ।
ਮੰਤਰੀਆਂ ਨੂੰ ਮੰਤਰ ਮੁਗਧ ਤੇ ਮ੍ਹਾਤੜ ਨੂੰ ਟਰਕਾ ਸਕਦਾ ਏ।
ਠੱਗੀਆਂ ਵਾਲੇ ਪਾਠ ਕਰੇਗਾ, ਲੜੀਆਂ ਬਹੁਤ ਚਲਾ ਸਕਦਾ ਏ।
ਸਾਲ ਛਿਮਾਹੀ ਹਾੜੀ ਸਉਣੀ, ਬੋਰੀ ਲੈ ਕੇ ਆ ਸਕਦਾ ਏ।
ਗੁਰੂ ਕਾਲ ਦੀ ਬਚੀ ਨਿਸ਼ਾਨੀ, ਤੇਰੇ ਕੋਲੋਂ ਢੁਹਾ ਸਕਦਾ ਏ।
ਤੈਨੂੰ ਨਹੀਂ ਕੁਝ ਖਬਰ ਭਰਾਵਾ! ਕੀ ਕੀ ਉਹ ਕਰਵਾ ਸਕਦਾ ਏ।
ਤੇਰੇ ਘਰ ਦੀਆਂ ਕੰਧਾਂ ਅੰਦਰ, ਤੇਰੇ ਪੁੱਤ ਚਿਣਵਾ ਸਕਦਾ ਏ।
‘ਪੰਥ ਵਸੇ ਮੈਂ ਉਜੜਾਂ’ ਕਹਿਨੈਂ, ਤੈਨੂੰ ਪੰਥ ’ਚੋਂ ਛੇਕਿਆ ਜਾ ਸਕਦਾ ਏ।
ਬਚ ਰਹੀਂ ‘ਰਟੌਲ’ ਓਸ ਤੋਂ, ਦੋਸਤ ਬਣ ਕੇ ਫਾਹ ਸਕਦਾ ਏ।

ਸੁਖਵਿੰਦਰ ਸਿੰਘ ਰਟੌਲ