ਕਿਉਂ ਹੁੰਦੀ ਹੈ, ਵਿਦੇਸ਼ੀ ਗੁਰਦੁਆਰਿਆਂ ’ਚ ਲੜਾਈ ?
ਦਲਜੀਤ ਸਿੰਘ ਇੰਡਿਆਨਾ
ਅੱਜ ਕੱਲ ਵਿਦੇਸ਼ਾਂ ਵਿੱਚ ਕੋਈ ਅਜਿਹਾ ਹਫ਼ਤਾ ਨਹੀਂ ਜਾਂਦਾ, ਜਿਸ ਦਿਨ ਕਿਸੇ ਨਾ ਕਿਸੇ ਗੁਰਦੁਆਰੇ ਵਿੱਚ ਲੜਾਈ ਨਾ ਹੋਵੇ ਜੇਕਰ ਲੜਾਈ ਨਹੀਂ ਤਾਂ ਤੂੰ-ਤੂੰ, ਮੈਂ-ਮੈਂ ਤਾਂ ਆਮ ਜਿਹੀ ਗੱਲ ਹੋਈ ਪਈ ਹੈ। ਇਨ੍ਹਾਂ ਲੜਾਈਆਂ ਦੇ ਪਿੱਛੇ ਸੰਗਤਾਂ ਦਾ ਕੋਈ ਹੱਥ ਨਹੀਂ ਹੁੰਦਾ ਇਹ ਲੜਾਈਆਂ ਕਰਵਾਉਣ ਦੇ ਜ਼ਿੰਮੇਵਾਰ ਕੁਝ ਕੁ ਬੰਦੇ ਹੁੰਦੇ ਹਨ ਜੇਕਰ ਇਨ੍ਹਾਂ ਨੂੰ ਕਾਂਗਿਆਰੀਆਂ ਆਖ ਲਿਆ ਜਾਵੇ ਤਾਂ ਕੋਈ ਅਣਉਚਿਤ ਨਹੀਂ ਹੋਵੇਗਾ। ਹਰ ਗੁਰਦੁਆਰਾ ਸਾਹਿਬ ’ਚ ਪੰਜ ਤੋਂ ਲੈ ਕੇ ਛੇ ਕੁ ਅਜਿਹੇ ਬੰਦੇ ਜ਼ਰੂਰ ਮਿਲ ਜਾਂਦੇ ਹਨ ਜਿਨ੍ਹਾਂ ਨੂੰ ਕੇਵਲ ਥੋੜੀ ਜਿਹੀ ਧੂੰਏਂ ਵਰਗੀ ਚੀਜ਼ ਵਿਖਾਈ ਦੇਣੀ ਚਾਹੀਦਾ ਹੈ ਤਾਂ ਜੋ ਪੈਟ੍ਰੋਲ ਪਾਇਆ ਜਾ ਸਕੇ, ਤੁਸੀਂ ਆਪੋ ਆਪਣੇਗੁਰਦੁਆਰਿਆਂ ਦੇ ਵਿੱਚ ਨਿਗਾ ਮਾਰ ਕੇ ਦੇਖ ਸਕਦੇ ਹੋ। ਮੈਂ ਕੇਵਲ ਕੁਝ ਕੁ ਕਾਰਨ ਤੁਹਾਡੇ ਨਾਲ ਸਾਂਝੇ ਕਰਨ ਲੱਗਿਆ ਹਾਂ, ਜੋ ਲੜਾਈ ਦੇ ਮੁੱਖ ਕਾਰਨ ਹੋ ਸਕਦੇ ਹਨ:
(1). ਸਭ ਤੋਂ ਪਹਿਲਾ ਕਾਰਨ ਗੋਲਕ ਵਿੱਚ ਚੜਦੀ ਮਾਇਆ ਹੈ ਜਿਸ ਬਾਰੇ ਪ੍ਰਬੰਧ ਵਿਚੋਂ ਬਾਹਰ ਬੈਠੇ ਸੱਜਣਾਂ ਨੂੰ ਇਹ ਬਹੁਤ ਵੱਡਾ ਭੁਲੇਖਾ ਹੁੰਦਾ ਹੈ ਕਿ ਜਿਹੜੇ ਆਹ ਕਮੇਟੀ ਵਾਲੇ ਹਨ ਇਹ ਪਤਾ ਨਹੀਂ ਗੋਲਕ ਦੀ ਮਾਇਆ ਨਾਲ ਕਿੰਨੇ ਕੁ ਆਪਣੇ ਘਰ ਭਰੀ ਜਾਂਦੇ ਹਨ ਹਾਲਾਕਿ ਕਈ ਗੁਰਦੁਆਰਿਆਂ ਦੀਆਂ ਕਿਸ਼ਤਾਂ ਮਸਾਂ ਮੁੜਦੀਆਂ ਹਨ ਇਸੇ ਭੁਲੇਖੇ ਕਰਕੇ ਅਜਿਹੇ ਵਹਿਮੀ ਲੋਕ ਉਤਨੀ ਦੇਰ ਨਹੀਂ ਟਿਕਦੇ ਜਿੰਨੀ ਦੇਰ ਕੋਈ ਅਹੁਦਾ ਨਾ ਪ੍ਰਾਪਤ ਕਰ ਲੈਣ।
(2). ਦੂਸਰਾ ਵੱਡਾ ਕਾਰਨ ਚੌਧਰ ਹੈ, ਕਈ ਸੱਜਣ ਜਦੋਂ ਭਾਰਤ ਤੋਂ ਆਉਂਦੇ ਹਨ ਉਹ ਚੌਧਰ ਵਾਲਾ ਕੀੜਾ ਨਾਲ ਹੀ ਲੈ ਕੇ ਆਉਂਦੇ ਹਨ ਇਹ ਨਵੇਂ ਆਉਣ ਵਾਲੇ ਸੱਜਣ ਪੰਜਾਬ ਵਿੱਚ ਪੰਚਾਇਤ ਮੈਬਰ ਜਾਂ ਨਿੱਕੇ ਮੋਟੇ ਅਹੁਦਿਆਂ ’ਤੇ ਹੁੰਦੇ ਹਨ ਅਤੇ ਇੱਥੇ (ਵਿਦੇਸ਼) ਆ ਕੇ ਨਾ ਕੋਈ ਪੰਚਾਇਤ ਹੈ, ਨਾ ਕੋਈ ਹੋਰ ਸੰਸਥਾ ਹੁੰਦੀ ਹੈ, ਇਨ੍ਹਾਂ ਨੂੰ ਫਿੱਟ ਹੋਣ ਵਾਸਤੇ। ਇਸ ਲਈ ਇਹਨਾਂ ਆਉਣ ਵਾਲੇ ਚੌਧਰੀਆਂ ਕੋਲ ਫੇਰ ਇੱਕੋ ਇੱਕ ਥਾਂ ਹੁੰਦੀ ਹੈ ਗੁਰਦੁਆਰੇ ਦੀ ਕਮੇਟੀ ਵਿੱਚ ਘੁਸਪੈਠ ਕਰਕੇ ਮੈਬਰੀ ਹਾਸਲ ਕਰਨੀ ਫੇਰ ਕਈ ਸਾਲਾਂ ਤੋਂ ਗੁਰਦੁਆਰੇ ਦਾ ਪ੍ਰਬੰਧ ਚਲਾਉਣ ਵਾਲਿਆਂ ਨੂੰ ਇਹ ਨਵੇਂ ਚੌਧਰੀ ਮੱਤਾਂ ਦਿੰਦੇ ਹਨ ਤੇ ਫੇਰ ਹੋ ਜਾਂਦੀ ਹੈ ਲੜਾਈ ਸ਼ੁਰੂ ਫੇਰ ਨਵੇਂਆਏ ਚੌਧਰੀ ਪੁਰਾਣੇ ਪ੍ਰਬੰਧਕਾਂ ਨੂੰ ਬਾਹਰ ਕੱਢਣ ਵਾਸਤੇ ਲਾ ਦਿੰਦੇ ਨੇ ਮੋਰਚਾ ਤੇ ਹੋ ਜਾਂਦੀ ਹੈ ਮੈਂ-ਮੈਂ, ਤੂੰ-ਤੂੰ ਸ਼ੁਰੂ ।
(3). ਤੀਜਾ ਵਿਦੇਸ਼ੀ ਗੁਰਦੁਆਰਿਆਂ ਵਿੱਚ ਲੜਾਈ ਦਾ ਕਾਰਨ ਗੁਰਦੁਆਰੇ ਵਿੱਚ ਆਪੋ ਆਪਣੀ ਮੱਤ ਚਲਾਉਣੀ ਤੇ ਆਪਣੀ ਜਿੱਦ ਪਗਾਉਣੀ ਇੱਥੇ ਵਿਦੇਸ਼ਾਂ ਦੇ ਵਿੱਚ ਇੱਕ ਸ਼ਹਿਰ ਦੇ ਗੁਰਦੁਆਰੇ ਵਿੱਚ ਪੰਜਾਬ ਦੇ ਅਲੱਗ ਅਲੱਗ ਇਲਾਕੇ ਨਾਲ ਸੰਬੰਧਿਤ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਲੋਕ ਆ ਕੇ ਵਸੇ ਨੇ, ਹਰ ਤੀਜਾ ਬੰਦਾ ਪੰਜਾਬ ਵਿੱਚ ਕਿਸੇ ਨਾ ਕਿਸੇ ਸਾਧ ਦਾ ਚੇਲਾ ਰਿਹਾ ਹੁੰਦਾ ਹੈ ਜਾਂ ਕਿਸੇ ਨਾ ਕਿਸੇ ਸੰਪਰਦਾ ਨਾਲ ਜੁੜਿਆ ਹੋਇਆ ਹੁੰਦਾ ਹੈ। ਉਹ ਜਦੋਂ ਇੱਥੋਂ ਦੇ ਗੁਰਦੁਆਰਾ ਸਾਹਿਬ ਵਿੱਚ ਆਉਂਦਾ ਹੈ ਤਾਂ ਉਹ ਚਾਹੁੰਦਾ ਹੈ ਕਿ ਗੁਰਦੁਆਰੇ ਵਿੱਚ ਜਿਹੜੀ ਮਰਿਆਦਾ ਹੈ ਉਹ ਹੁਣ ਮੇਰੇ ਮੁਤਾਬਕ ਚੱਲੇ ਜਿਹੜੇ ਬਾਬਾ ਜੀ ਕੋਲ ਅਸੀਂ ਜਾਂਦੇ ਹੁੰਦੇ ਸੀ ਉਹ ਤਾਂ ਕਹਿੰਦੇ ਸੀ ਕਿ ਜੋਤ ਨਹੀਂ ਬੁਝਣ ਦੇਣੀ, ਅਰਦਾਸ ਵੇਲੇ ‘‘ਹੁਣਿ ਲਾਵਹੁ ਭੋਗੁ ਹਰਿ ਰਾਏ ॥’’ (ਮ: ੫/੧੨੬੬) ਕਹਿਣਾ, ਕੁੰਭ ਜ਼ਰੂਰ ਰੱਖਣਾ ਹੈ। ਜੇਕਰ ਗੁਰਦੁਆਰੇ ਵਿੱਚ ਕੋਈ ਸੂਝਵਾਨ ਵਿਅਕਤੀ ਇਹਨਾਂ ਮਨ ਮਤੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੇ ਤਾਂ ਉਸ ਉੱਪਰ ਮਿਸ਼ਨਰੀ ਦਾ ਠੱਪਾ ਲਾ ਕੇ ਲਾਲਾ-ਲਾਲਾਕਰਕੇ ਪੈ ਜਾਂਦੇ ਨੇ। ਬਹੁਤੇ ਗੁਰਦੁਆਰਿਆਂ ’ਚ ਲੜਾਈ ਮਨਮਤ ਫਲਾਉਣ ਵਾਲਿਆਂ ਵੱਲੋਂ ਕਰਵਾਈ ਜਾਂਦੀ ਹੈ।
(4). ਚੌਥਾ ਲੜਾਈ ਦਾ ਵੱਡਾ ਕਾਰਨ ਵਿਦੇਸ਼ੀ ਗੁਰਦੁਆਰਿਆਂ ਵਿੱਚ ਦਸਮ ਗਰੰਥ ਦਾ ਹੈ। ਕਈ ਵੀਰ ਭੈਣ ਪੰਜਾਬ ਵਿੱਚ ਅਜਿਹੀਆਂ ਸੰਪਰਦਾਵਾਂ ਜਾਂ ਡੇਰਿਆਂ ਨਾਲ ਜੁੜੇ ਹੁੰਦੇ ਹਨ ਜਿੱਥੇ ਦਸਮ ਗਰੰਥ (ਭਾਵ ਬਚਿਤਰ ਨਾਟਕ) ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕੀਤਾ ਹੋਇਆ ਹੁੰਦਾ ਹੈ ਜਦੋਂ ਅਜਿਹੀਆਂ ਸੰਸਥਾਵਾਂ ਨਾਲ ਜੁੜੇ ਲੋਕ ਗੁਰਦੁਆਰਿਆਂ ਦੀਆਂ ਕਮੇਟੀਆਂ ਵਿੱਚ ਘੁਸਪੈਠ ਕਰਕੇ ਵਿਦੇਸ਼ੀ ਗੁਰਦੁਆਰਿਆਂ ਵਿੱਚ ਵੀ ਦਸਮ ਗ੍ਰੰਥ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਜਿਹੜੇ ਦਸਮ ਗ੍ਰੰਥ ਨੂੰ ਨਹੀਂ ਮੰਨਦੇ ਜਾਂ ਜਿਹੜੇ ਗੁਰਦੁਆਰਿਆਂ ਵਿਚ ਅਕਾਲ ਤਖ਼ਤ ਦੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਲਾਗੂ ਹੈ ਉਥੇ ਜੇਕਰ ਕੋਈ ਵਿਅਕਤੀ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ ਕਰੇ ਕਿ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਵਿੱਚ ਲਿੱਖਿਆ ਹੈ ਕਿ ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲਾ ਜੀ ਦੀ ਰਚਨਾ ਦਾ ਹੀ ਹੋ ਸਕਦਾ ਹੈ ਤਾਂ ਅਜਿਹੇ ਸੱਜਣ ਝੱਟ ਦੇਣੇ ਕਹਿਣਗੇ; ਲੈ, ਸਾਡੇ ਬਾਬਾ ਜੀ ਤਾਂ ਕਹਿਦੇ ਹੁੰਦੇ ਸੀ ਦਸਮ ਦੀ ਬਾਨੀ ਤੋਂ ਬਿਨਾ ਵੀਰ ਰਸ ਹੀ ਨਹੀਂ ਆਉਂਦਾ ਫੇਰ ਇਸ ਤੋਂ ਹੋ ਜਾਂਦਾ ਝਗੜਾ ਤੇ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਨ ਵਾਲੇ ਵੀਰ ਤੇ ਝੱਟ ਦੇਣੇ ਪੰਥ ਦੋਖੀ ਤੇ ਮਿਸ਼ਨਰੀ ਦਾ ਲੇਬਲ ਲਾ ਦਿੰਦੇ ਨੇ ਅਜਿਹੇ ਲੋਕ। ਇਹ ਵੀ ਇਕ ਬਹੁਤ ਵੱਡਾ ਕਾਰਨ ਹੈ ਸਾਡੇ ਵੱਲੋਂ ਅਕਾਲ ਤਖਤ ਦੀ ਮਰਿਆਦਾ ਨਾ ਮੰਨਣੀ ਤੇ ਸਿਰਫ ਆਪਣੀ ਹੀ ਪੁਗਾਉਣੀ, ਗੁਰੂ ਦੀ ਨਹੀਂ ਮੰਨਨੀ ਕਿਸੇ ਸਾਧ ਦੀ ਮੰਨ ਕੇ ਗੁਰਦੁਆਰੇ ਵਿੱਚ ਕਲੇਸ਼ ਪਵਾ ਦਿੰਦੇ ਨੇ ਅਜਿਹੇ ਘੜੰਮ ਚੌਧਰੀ।
(5). ਪੰਜਵਾ ਵੱਡਾ ਕਾਰਨ ਵਿਦੇਸ਼ੀ ਗੁਰਦੁਆਰਿਆਂ ਵਿੱਚ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਚਮਚਿਆਂ ਵੱਲੋਂ ਗੁਰਦੁਆਰਿਆਂ ਦੀਆਂ ਕਮੇਟੀਆਂ ਵਿੱਚ ਘੁਸਪੈਠ ਕਰਨੀ ਅਤੇ ਜਦੋ ਇਹਨਾਂ ਪਾਰਟੀਆਂ ਦੇ ਕਰਿੰਦੇ ਅਸਿਧੇ ਢੰਗ ਨਾਲ ਗੁਰਦੁਆਰਿਆਂ ਵਿੱਚ ਆਪਣੇ ਆਕਾਵਾਂ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਵਿਦੇਸ਼ੀ ਦੌਰੇ ’ਤੇ ਆਉਂਦੇ ਹਨ ਤਾਂ ਆਪਣੇ ਚਹੇਤੇ ਲੀਡਰ ਨੂੰ ਆਪਣੇ ਗੁਰਦੁਆਰਾ ਸਾਹਿਬ ਵਿੱਚ ਬੋਲਣ ਵਾਸਤੇ ਸਟੇਜ ਮੁਹਈਆ ਕਰਵਾਉਣ ਦੀ ਕੋਸ਼ਿਸ ਕਰਦੇ ਤੇ ਫੇਰ ਪੈਂਦਾ ਹੈ: ‘ਕਲੇਸ਼’।
(6). ਛੇਵਾਂ ਵੱਡਾ ਕਾਰਨ ਬਹੁਤੇ ਗੁਰਦੁਆਰਿਆਂ ਦੇ ਪ੍ਰਬੰਧਕ ਗੁਰਮਤ ਪੱਖੋ ਬਿਲਕੁਲ ਕੋਰੇ ਹਨ ਕਈਆਂ ਨੇ ਤਾਂ ਸਿੱਖ ਰਹਿਤ ਮਰਿਆਦਾ ਵੀ ਨਹੀਂ ਪੜੀ ਹੋਈ ਹੁੰਦੀ; ਬੱਸ, ਵੱਡਾ ਦਾਹੜਾ ਸਜਾ ਕੇ ਇਕ ਵੱਡੀ ਕਿਰਪਾਨ ਪਾ ਕੇ ਬਣ ਜਾਂਦੇ ਨੇ ਗੁਰਦੁਆਰੇ ਦੇ ਚੌਧਰੀ। ਆਪ ਤਾਂ ਇਹਨਾਂ ਨੂੰ ਗੁਰਮਤ ਦਾ ‘ੳ, ਅ’ ਵੀ ਨਹੀਂ ਆਉਂਦਾ ਹੁੰਦਾ ਤੇ ਪ੍ਰਚਾਰ ਵਾਸਤੇ ਬਾਹਰੋਂ ਪ੍ਰਚਾਰਕ ਬੁਲਾਉਣੇ ਪੈਂਦੇ ਨੇ ਜਿਨ੍ਹਾਂ ਨੂੰ ਅੰਗ੍ਰੇਜੀ ਨਹੀਂ ਆਉਂਦੀ ਉਨ੍ਹਾਂ ਦੀ ਪੰਜਾਬੀ ਵਾਲੀ ਕਥਾ ਪੰਜਾਬ ਤੋਂ ਆਏ ਲੋਕਾਂ ਨੂੰ ਤਾਂ ਸਮਝ ਆ ਜਾਂਦੀ ਹੈ ਪਰ ਇੱਥੋਂ ਦੇ ਬੱਚਿਆ ਨੂੰ ਕੁਝ ਪਤਾ ਨਹੀਂ ਲੱਗਦਾ ਇਸ ਕਰਕੇ ਇੱਥੋਂ ਦਾ ਨੌਜਵਾਨ ਗੁਰਦੁਆਰਿਆਂ ਤੋ ਦੂਰ ਹੋ ਗਿਆ ਕਿਉਂਕਿ ਸਾਡੇ ਕੋਲ ਉਨ੍ਹਾਂ ਦੇ ਮਿਆਰ ਦਾ ਪ੍ਰਚਾਰ ਨਹੀਂ ਅਸੀਂ ਤਾਂ ਸਿਰਫ ਅਹੁਦਿਆਂ ਪਿੱਛੇ ਭੱਜੇ ਫਿਰਦੇ ਹਾਂ।
(7). ਸੱਤਵਾਂ ਕਾਰਨ ਲੱਤਾ ਖਿਚੂ ਬੰਦੇ, ਜੋ ਜਦ ਕਮੇਟੀ ’ਚ ਹੋਣ ਕੁਸਕਦੇ ਨਹੀਂ ਪਰ ਜਦ ਕਮੇਟੀ ਤੋਂ ਬਾਹਰ ਹੁੰਦੇ ਹਨ ਉਦੋਂ ਮੌਜੂਦਾ ਕਮੇਟੀ ਨੂੰ ਕੰਮ ਨਹੀਂ ਕਰਨ ਦਿੰਦੇ, ਸਿਰਫ ਲੱਤਾਂ ਖਿੱਚਦੇ ਨੇ ਤੇ ਸੰਗਤ ਨੂੰ ਇੱਧਰ ਉੱਧਰ ਦੀਆਂ ਉਂਗਲਾਂ ਲਗਾ ਕੇ ਕਮੇਟੀ ਨਾਲ ਲੜਾ ਕੇ ਆਪ ਪਾਸੇ ਹੋ ਜਾਂਦੇ ਨੇ। ਜਦ ਇੱਕ ਮਸਲਾ ਸੁਲਝ ਜਾਵੇ ਤਾਂ ਫੇਰ ਹੋਰ ਕੋਈ ਮੁੱਦਾ ਸੰਗਤ ਵਿੱਚ ਫੈਲਾ ਦਿੰਦੇ ਨੇ, ਅਜਿਹੇ ਉਂਗਲ ਲਾਉ ਗੁਰਦੁਆਰੇ ਦੇ ਲੰਗਰ ਵਿੱਚ ਜਾਂ ਕਿਸੇ ਕੋਨੇ ’ਤੇ ਖੜ੍ਹੇ ਲੋਕਾਂ ਦੇ ਕੰਨ ਭਰਦੇ ਆਮ ਹੀਦੇਖੇ ਜਾ ਸਕਦੇ ਹਨ, ਆਦਿ।
ਸੋ, ਸਾਨੂੰ ਅਜਿਹੀਆਂ ਕਾਂਗਿਆਰੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਜੇਕਰ ਗੁਰਦੁਆਰਿਆਂ ਵਿੱਚ ਲੜਾਈ ਤੋਂ ਬਚਣਾ ਹੈ ਤਾਂ ਸੰਗਤਾਂ ਅਜਿਹੇ ਅਨਸਰਾਂ ਤੋਂ ਸੁਚੇਤ ਰਹਿਣ ਅਤੇ ਸੰਗਤਾਂ ਵੱਧ ਤੋਂ ਵੱਧ ਗੁਰਬਾਣੀ ਆਪ ਪੜ੍ਹਨ ਅਤੇ ਗੁਰਮਤ ਦੀਆਂ ਧਾਰਨੀ ਹੋਣ ਤਾਂ ਹੀ ਅਜਿਹੇ ਮਨਮਤੀ ਲੜਾਈ ਪਵਾਉਣ ਵਾਲੇ ਅਨਸਰਾਂ ਨੂੰ ਠੱਲਪਾਈ ਜਾ ਸਕਦੀ ਹੈ। ਜਿੱਥੇ ਅਸੀਂ ਅਮਰੀਕਾ ਵਰਗੇ ਦੇਸ਼ਾਂ ਵਿੱਚ ਆਪਣੀ ਪਹਿਚਾਣ ਲਈ ਲੜਾਈ ਲੜ ਰਹੇ ਹਾਂ ਉੱਥੇ ਅਜਿਹੇ ਅਨਸਰ ਗੁਰਦੁਆਰਿਆਂ ਵਿੱਚ ਲੜਾਈ ਕਰਵਾ ਕੇ ਦੁਨੀਆਂ ਭਰ ਵਿੱਚ ਸਿੱਖਾਂ ਦੀ ਬਦਨਾਮੀ ਕਰਵਾ ਰਹੇ ਹੁੰਦੇ ਹਨ।