ਉੱਠੋਂ ਸੰਗਤੋ ! ਖੋਲ੍ਹੋ ਬੰਦ ਬੂਹੇ, ਤੁਹਾਡੇ ਦਰਾਂ ’ਤੇ ਬਸੰਤ ਬਹਾਰ ਆਈ।

0
283

ਉੱਠੋਂ ਸੰਗਤੋ ! ਖੋਲ੍ਹੋ ਬੰਦ ਬੂਹੇ, ਤੁਹਾਡੇ ਦਰਾਂ ’ਤੇ ਬਸੰਤ ਬਹਾਰ ਆਈ।

ਬਲਵੰਤ ਸਿੰਘ ‘ਸਨੇਹੀ’ (ਜਲੰਧਰ)-92561-04826

ਆਰੇ ਦੇ ਦੰਦਿਆਂ ’ਚੋਂ ਜਦ ਮਸਤੀ ਦਾ ਰਾਗ ਛਿੜਿਆ, ਓਦੋਂ ਸਿੱਖੀ ਦੀਆਂ ਤੰਦਾਂ ਵੀ ਬੋਲ ਪਈਆਂ।

ਉਬਲਦੀ ਦੇਗ਼ ਨੂੰ ਵੱਖਰਾ ਕੋਈ ਚਾਅ ਚੜ੍ਹਿਆ, ਚਾਰੇ ਕੁੰਟਾਂ ’ਚ ਸੁਗੰਧੀਆਂ ਬੋਲ ਪਈਆਂ।

ਲਿਪਟੀ ਰੂੰ ਵਿੱਚ ਜਦ ਕਿਸੇ ਦਾ ਸਿੱਦਕ ਸੜਿਆ, ਜ਼ੁਲਮ ਜ਼ਬਰ ਦੀਆਂ ਗੰਧਾਂ ਵੀ ਬੋਲ ਪਈਆਂ।

ਵਿੱਚ ਨੀਂਹਾਂ ਦੇ ਜਦੋਂ ਦੋ ਲਾਲ ਖੜ੍ਹ ਗਏ, ਓਦੋਂ ਸਰਹੰਦ ਦੀਆਂ ਕੰਧਾਂ ਵੀ ਬੋਲ ਪਈਆਂ।

ਚਮਕੌਰ ਚਮਕ ਗਈ ਸ਼ਹੀਦੀ ਦੀ ਚਮਕ ਅੰਦਰ, ਜ਼ੁਲਮ ਮੇਟਣ ਲਈ ਜਦੋਂ ਤਲਵਾਰ ਆਈ।

ਉੱਠੋਂ ਸੰਗਤੋ! ਖੋਲ੍ਹੋ ਬੰਦ ਬੂਹੇ, ਤੁਹਾਡੇ ਦਰਾਂ ’ਤੇ ਬਸੰਤ ਬਹਾਰ ਆਈ।

ਬਸੰਤ ਬਹਾਰ ਲਿਆਉਣ ਲਈ ਕੌਮ ਉੱਤੇ, ਕੋਈ ਸੀਸ ’ਤੇ ਆਰਾ ਫਿਰਾਈ ਜਾਂਦਾ।

ਖਾਂਦਾ ਉਬਾਲੇ ਕੋਈ ਉਬਲਦੀ ਦੇਗ਼ ਅੰਦਰ, ਕੋਈ ਰੂੰ ਵਿੱਚ ਤਨ ਸੜਵਾਈ ਜਾਂਦਾ।

ਪਤਝੜ ਆਵੇ ਨਾ ਕਦੇ ਇਸ ਕੌਮ ਉੱਤੇ, ਭੇਟ ਸੀਸ ਦੀ ਕੋਈ ਚੜ੍ਹਾਈ ਜਾਂਦਾ।

ਅਨੇਕ ਫੁੱਲਾਂ ’ਤੇ ਜੋਬਨ ਲਿਆਉਣ ਖ਼ਾਤਰ, ਫੁੱਲ ਆਪਣੇ ਭੇਟ ਕਰਾਈ ਜਾਂਦਾ।

ਹਨ੍ਹੇਰੀ ਜ਼ੁਲਮ ਦੀ ਸਦਾ ਹੀ ਥੱਮਣੇ ਲਈ, ਕੋਈ ਜੰਗ ਵਿੱਚ ਜ਼ੌਹਰ ਵਿਖਾਈ ਜਾਂਦਾ।

ਤੱਤੇ ਰਣ ਅੰਦਰ ‘ਸਨੇਹੀ’ ਜੇ ਪਿਆਸ ਲੱਗੇ, ਵੈਰੀ ਰੱਤ ਨਾਲ ਉਹ ਪਿਆਸ ਬੁਝਾਈ ਜਾਂਦਾ।