ਅਸੀਂ ਬਾਗ਼ੀ ਤੇਰੀ ਬਾਣੀ ਤੋਂ…

0
429

ਅਸੀਂ ਬਾਗ਼ੀ ਤੇਰੀ ਬਾਣੀ ਤੋਂ…

ਅਸੀਂ ਬਾਗ਼ੀ ਤੇਰੀ ਬਾਣੀ ਤੋਂ,
ਇਕ ਸ਼ਬਦ ਨਾ ਖ਼ਾਨੇ ਪਾਇਆ ਏ।
ਨਾਨਕ ਜੀ ! ਤੇਰੇ ਸਿੱਖਾਂ ਨੇ,
ਸਿੱਖੀ ਨਾਲ ਦਗ਼ਾ ਕਮਾਇਆ ਏ॥

ਅਸੀਂ ਸਤੀਆਂ ਨੂੰ ਵੀ ਮੰਨਦੇ ਆਂ,
ਅਸੀਂ ਸਾਧਾਂ ਨੂੰ ਵੀ ਮੰਨਦੇ ਆਂ।
ਅਸੀਂ ਟੇਕੀਏ ਮੱਥਾ ਮੜ੍ਹੀਆਂ ਨੂੰ,
ਤੇ ਸ਼ਰਾਧਾਂ ਨੂੰ ਵੀ ਮੰਨਦੇ ਆਂ॥
ਅਸੀਂ ਘਰ ਦੀ ਸੁੱਖ-ਸ਼ਾਂਤੀ ਲਈ,
ਅੱਜ ਤੜਕੇ ਹਵਨ ਕਰਾਇਆ ਏ।
ਨਾਨਕ ਜੀ ! ਤੇਰੇ ਸਿੱਖਾਂ ਨੇ,
ਸਿੱਖੀ ਨਾਲ ਦਗ਼ਾ ਕਮਾਇਆ ਏ॥

ਤੈਨੂੰ ਕੌਤਕੀ ਅਸਾਂ ਬਣਾ ਦਿੱਤਾ,
ਤੇਰੇ ਕੋਲੋਂ ਮੱਕਾ ਘੁਮਾ ਦਿੱਤਾ। 
ਵਿਚ ਵੇਈਂ ਲੋਪ ਕਰਾ ਦਿੱਤਾ,
ਤੇਰਾ ਅਸਲੋਂ ਰੂਪ ਵਟਾ ਦਿੱਤਾ॥
ਤੇਰੀ ਫ਼ੋਟੋ ਪੂਜੀ ਜਾਂਦੇ ਆਂ,
ਤੇਰੇ ਕਹੇ ਨੂੰ ਫਾਹੇ ਲਾਇਆ ਏ।
ਨਾਨਕ ਜੀ ! ਤੇਰੇ ਸਿੱਖਾਂ ਨੇ,
ਸਿੱਖੀ ਨਾਲ ਦਗ਼ਾ ਕਮਾਇਆ ਏ॥

ਅਸੀਂ ਪੱਕੇ ਹਮਾਇਤੀ ਜਾਤਾਂ ਦੇ,
ਅਸੀਂ ਖ਼ੁਦ ਨੂੰ ‘ਜੱਟ’ ਕਹਾਉਂਦੇ ਆਂ।
ਅਸੀਂ ਪਾਠ ਰਖਾਈਏ ਡੇਰਿਆਂ ’ਤੇ,
ਬੜਾ ਭਾਰੀ ਲੰਗਰ ਲਾਉਂਦੇ ਆਂ॥
ਲੈ ਨਿਸ਼ਾਨ ਸਾਹਿਬ ਵੀ ਗੱਡ ਦਿੱਤਾ,
ਗੁਰਦਵਾਰਾ ਦਲਿਤਾਂ ਬਣਾਇਆ ਏ।
ਨਾਨਕ ਜੀ ! ਤੇਰੇ ਸਿੱਖਾਂ ਨੇ,
ਸਿੱਖੀ ਨਾਲ ਦਗ਼ਾ ਕਮਾਇਆ ਏ॥

ਅਸੀਂ ਸ਼ੌਂਕੀ ਗੁਰੂ ਘਰ ਜਾਵਣ ਦੇ,
ਨਾਲੇ ਠੱਗੀਆਂ-ਠੋਰੀਆਂ ਮਾਰਦੇ ਆਂ।
ਅਸੀਂ ਲੜੀ ਚਲਾਈਏ ਪਾਠਾਂ ਦੀ,
ਬਸ ਪੜ੍ਹ-ਪੜ੍ਹ ਬੁੱਤਾ ਸਾਰਦੇ ਆਂ॥
ਕੋਈ ਸੁਣਨ ਤੋਂ ਕਿਵੇਂ ਰਹਿ ਸਕਦੈ,
ਕੰਨ-ਪਾੜੂ ਸਪੀਕਰ ਲਾਇਆ ਏ।
ਨਾਨਕ ਜੀ ! ਤੇਰੇ ਸਿੱਖਾਂ ਨੇ,
ਸਿੱਖੀ ਨਾਲ ਦਗ਼ਾ ਕਮਾਇਆ ਏ॥

ਅਸੀਂ ਮੁੱਲ ਦੇ ਪਾਠ ਚਲਾ ਛੱਡੇ,
ਬੜੇ ਸੁੰਦਰ ਰੁਮਾਲੇ ਪਾ ਛੱਡੇ।
ਦਰਬਾਰ ਵੀ ਦੁੱਧ ਨਾਲ ਧੋ ਛੱਡੇ,
ਗ੍ਰੰਥ ਸਾਹਿਬ ਲਈ ਏ. ਸੀ. ਲਾ ਛੱਡੇ॥
ਫੁੱਲਾਂ ਦੀ ਵਰਖਾ ਵੇਖ ਜ਼ਰਾ,
ਕਿੱਡਾ ਨਗਰ-ਕੀਰਤਨ ਸਜਾਇਆ ਏ।
ਨਾਨਕ ਜੀ ! ਤੇਰੇ ਸਿੱਖਾਂ ਨੇ,
ਸਿੱਖੀ ਨਾਲ ਦਗ਼ਾ ਕਮਾਇਆ ਏ॥

ਅਸੀਂ ‘ਸੇਵਾ’ ਲਈ ਲੜ ਮਰਦੇ ਆਂ,
ਚੋਰੀ ਗੋਲਕਾਂ ਵਿਚੋਂ ਕਰਦੇ ਆਂ।
ਸੰਗਤ ਦਾ ਚੜ੍ਹਾਵਾ ਛਕ ਜਾਈਏ,
ਤਾਹੀਉਂ ਤਾਂ ਚੋਣਾਂ ਲੜਦੇ ਆਂ॥
ਸਿੱਖੀ ਨੂੰ ਸਾਂਭਣ ਖ਼ਾਤਰ ਜੀ,
ਚਿੱਠੀ ’ਚੋਂ ਜਥੇਦਾਰ ਆਇਆ ਏ।
ਨਾਨਕ ਜੀ ! ਤੇਰੇ ਸਿੱਖਾਂ ਨੇ,
ਸਿੱਖੀ ਨਾਲ ਦਗ਼ਾ ਕਮਾਇਆ ਏ॥

ਸਿੱਖੀ ਨਾਲ ਧ੍ਰੋਹ ਕਮਾਇਆ ਏ॥
ਸਿੱਖੀ ਨਾਲ ਦਗ਼ਾ ਕਮਾਇਆ ਏ॥