ਸੱਚੀਆਂ ਗੱਲਾਂ

0
698

ਸੱਚੀਆਂ ਗੱਲਾਂ

ਰਿਸ਼ਵਤ, ਹੇਰਾ-ਫੇਰੀ ਠੱਗੀ ਚੋਰੀ ਨੂੰ; ਮੁੱਢ ਕਦੀਮੋਂ ਕਰਦੇ ਆਏ ਪਿਆਰ ਅਸੀਂ।

ਕਹਿਣੀ ਤੇ ਕਰਨੀ ਦੇ ਵਿੱਚ ਫ਼ਰਕ ਪਿਆ, ਤਹੀਉਂ ਹੋਈ ਜਾਂਦੇ ਬੇਇਤਬਾਰ ਅਸੀਂ।

ਉਹੀ ਸਾਨੂੰ ਧੋਖਾ ਦੇ ਕੇ ਤੁਰ ਜਾਂਦਾ, ਜਿਸ ਨੂੰ ਕੀਤਾ ਹੁੰਦਾ ਬਹੁਤਾ ਪਿਆਰ ਅਸੀਂ।

ਭਟਕੇ ਫਿਰਦੇ ਆਪਣੀ ਅਸਲੀ ਮੰਜ਼ਿਲ ਤੋਂ, ਰਾਹਾਂ ਦੇ ਵਿਚ ਹੋ ਗਏ ਹਾਂ ਖ਼ੁਆਰ ਅਸੀਂ।

ਮੰਦਰਾਂ ਵਿਚੋਂ ਰੱਬ ਨੂੰ ਲੱਭਦੇ ਫਿਰਦੇ ਹਾਂ, ਪਰ ਅੰਦਰੋਂ ਲੱਭਣ ਲਈ ਨਾ ਤਿਆਰ ਅਸੀਂ।

ਫਿੱਕਾ ਪੈ ਜਾਂਦਾ ਹੈ ਰੰਗ ਉਸ ਰਿਸ਼ਤੇ ਦਾ, ਮਤਲਬ ਖਾਤਰ ਜਿਸ ਲਈ ਰਿਸ਼ਤੇਦਾਰ ਅਸੀਂ।

ਤਨ ਤੋਂ ਬੇਸ਼ੱਕ ਤੰਦਰੁਸਤ ਜਿਹੇ ਲੱਗਦੇ ਹਾਂ, ਪਰ ਮਨ ਤੋਂ ਹੋਈ ਜਾਂਦੇ ਬਹੁਤ ਬਿਮਾਰ ਅਸੀਂ।

ਉੱਚੀ ਉੱਚੀ ਰਾਮ ਉਚਾਰੀਏ ਮੁੱਖੜੇ ’ਚੋ, ਵਿੱਚ ਬਗਲ ਦੇ ਰੱਖਦੇ ਸਦਾ ਕਟਾਰ ਅਸੀਂ।

ਅਮਲਾਂ ਦੇ ਵਿੱਚ ਉਸ ਤੋਂ ਊਣੇ ਹੁੰਦੇ ਹਾਂ, ਜਿਸ ਥਿਉਰੀ ਦਾ ਕਰਦੇ ਹਾਂ ਪ੍ਰਚਾਰ ਅਸੀਂ।

ਦੋ ਹਰਫ਼ੀ ਜੋ ਗੱਲ ਮੁੱਕਾਈ ਜਾ ਸਕਦੀ, ਉਸ ਨੂੰ ਐਂਵੇ ਦੇ ਦਿੰਦੇ ਵਿਸਥਾਰ ਅਸੀਂ।

ਗੱਲੀਂ ਬਾਤੀ ਗੀਤ ਅਮਨ ਦੇ ਗਾਉਂਦੇ ਹਾਂ, ਅੰਦਰ ਖਾਤੇ ਲਈ ਫਿਰਦੇ ਹਥਿਆਰ ਅਸੀਂ।

ਵਹਿਮਾਂ ਦੀ ਪੰਡ ਸਿਰ ’ਤੇ ਚੁੱਕੀ ਫਿਰਦੇ, ਮਾਨਸਿਕ ਰੋਗਾਂ ਦੇ ਹਾਂ ਤਾਂਹੀਉਂ ਸ਼ਿਕਾਰ ਅਸੀਂ।

ਲਾਹੇਵੰਦ ਕਿਸੇ ਝੂਠ ਨੂੰ ਗਲੇ ਲਗਾ ਲੈਂਦੇ, ਪਰ ਸੱਚੀ ਗੱਲ ਨੂੰ ਕਰਦੇ ਨਾ ਸਵੀਕਾਰ ਅਸੀਂ।

ਮੂੰਹ ਮੋੜ ਲਏ ਆਪੋ ਆਪਣੇ ਫ਼ਰਜ਼ਾਂ ਤੋਂ, ਪਰ ਭੁੱਲਦੇ ਆਪਣੇ ਲੈਣੇ ਨਹੀਂ ਅਧਿਕਾਰ ਅਸੀਂ

‘ਚੋਹਲੇ’ ਵਾਲਾ ਗੱਲ ਸਿਆਣੀ ਲਿਖਦਾ ਜਦ, ਉਸ ਨੂੰ ਮੰਨਣੋਂ ਕਰ ਦਿੰਦੇ ਇਨਕਾਰ ਅਸੀਂ।

————੦————-

ਰਮੇਸ਼ ਬੱਗਾ ਚੋਹਲਾ, 1348/17/1 ਗਲੀ ਨੰ: 8 ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)-94631-32719