JAP (Pori No. 1)

0
1408

ਸੋਚੈ, ਸੋਚਿ ਨ ਹੋਵਈ; ਜੇ ਸੋਚੀ ਲਖ ਵਾਰ॥ ਚੁਪੈ, ਚੁਪ ਨ ਹੋਵਈ, ਜੇ ਲਾਇ ਰਹਾ ਲਿਵ ਤਾਰ॥ ਭੁਖਿਆ, ਭੁਖ ਨ ਉਤਰੀ, ਜੇ ਬੰਨਾ ਪੁਰੀਆ ਭਾਰ॥ ਸਹਸ ਸਿਆਣਪਾ ਲਖ ਹੋਹਿ; ਤ, ਇਕ ਨ ਚਲੈ ਨਾਲਿ॥ ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ?॥ ਹੁਕਮਿ ਰਜਾਈ ਚਲਣਾ, ਨਾਨਕ  ! ਲਿਖਿਆ ਨਾਲਿ॥੧॥

ਉਚਾਰਨ ਸੇਧ: ਸੋਚੀਂ, ਰਹਾਂ, ਭੁਖਿਆਂ, ਬੰਨ੍ਹਾਂ, ਪੁਰੀਆਂ, ਸਿਆਣਪਾਂ, ਹੋਹਿਂ, ਰਜ਼ਾਈ।

ਪਦ ਅਰਥ: ਸੋਚੈ– (ਸਥੂਲ) ਸਰੀਰਕ ਪਵਿੱਤਰਤਾ (ਇਸ਼ਨਾਨ ਕਰਨ) ਨਾਲ਼ (ਕਰਣ ਕਾਰਕ)।, ਸੋਚਿ– ਅੰਦਰੂਨੀ ਸਫ਼ਾਈ (ਸੂਖਮ ਪਵਿੱਤਰਤਾ, ਇਸਤ੍ਰੀ ਲਿੰਗ, ਨਾਂਵ)।, ਸੋਚੀ– ਸਥੂਲ ਸਰੀਰ ਪਵਿੱਤਰ ਕਰਾਂ (ਉੱਤਮ ਪੁਰਖ, ਇੱਕ ਵਚਨ ਕਿਰਿਆ)।, ਚੁਪੈ– ਮੌਨ ਵਰਤ ਰੱਖਣ ਨਾਲ਼ (ਕਰਣ ਕਾਰਕ)।, ਚੁਪ– ਸੂਖਮ (ਵਿਕਾਰੀ) ਫ਼ੁਰਨਿਆਂ ਦਾ ਅਭਾਵ ਜਾਂ ਘਾਟ (ਸੂਖਮ ਸ਼ਾਂਤੀ, ਇਸਤ੍ਰੀ ਲਿੰਗ ਨਾਂਵ)।, ਜੇ– ਚਾਹੇ ਜਾਂ ਭਾਵੇਂ (ਯੋਜਕ)।, ਲਾਇ– ਲਾ ਕੇ (ਕਿਰਿਆ ਵਿਸ਼ੇਸ਼ਣ), ਲਿਵ ਤਾਰ– ਨਿਰੰਤਰ ਸਮਾਧੀ (ਇਸਤ੍ਰੀ ਲਿੰਗ ਨਾਂਵ)।, ਭੁਖਿਆ– ਵਰਤ ਰੱਖਣ ਨਾਲ਼ (ਕਰਣ ਕਾਰਕ)।, ਪੁਰੀਆ ਭਾਰ– ਤਮਾਮ ਦੁਨਿਆਵੀ ਪਦਾਰਥਾਂ ਦੇ ਢੇਰ (ਬਹੁ ਵਚਨ ਪੁਲਿੰਗ ਨਾਂਵ)।, ਹੋਹਿ– ਹੋ ਜਾਣ (ਬਹੁ ਵਚਨ ਵਰਤਮਾਨ ਕਿਰਿਆ)।, ਨਾਲਿ-ਸਾਥ, ਮਦਦਗਾਰ (ਸੰਬੰਧਕੀ)।, ਸਚਿਆਰਾ-ਸਤ੍ਯ ਨੂੰ ਗ੍ਰਹਿਣ ਕਰਨ ਵਾਲ਼ਾ, ਸੱਚ ਦਾ ਹਮਾਇਤੀ, ਸੱਚ ਤੋਂ ਨਿਰੰਤਰ ਪ੍ਰਭਾਵਤ ਰਹਿਣ ਵਾਲ਼ਾ (ਇੱਕ ਵਚਨ ਪੁਲਿੰਗ ਨਾਂਵ)।, ਹੋਈਐ– ਹੋਇਆ ਜਾ ਸਕਦਾ ਹੈ (ਕਿਰਿਆ)।, ਕੂੜੈ- ਝੂਠ ਦੀ, ਕਾਲ਼ਖ਼ ਦੀ, ਪਰਦੇ ਦੀ (ਸੰਬੰਧਕੀ ‘ਦੀ’ ਲੁਪਤ ਹੋਣ ਕਾਰਨ ‘ਕੂੜ’ ਤੋਂ ‘ਕੂੜੈ’ ਬਣ ਗਿਆ)।, ਪਾਲਿ– ਕੰਧ (ਪਰਦਾ, ਅੰਤਰ, ਵਿੱਥ, ਦੂਰੀ/ ਇਸਤ੍ਰੀ ਲਿੰਗ ਨਾਂਵ)।, ਹੁਕਮਿ– (ਅਕਾਲ ਪੁਰਖ ਦੇ) ਹੁਕਮ ਵਿੱਚ (ਅਧਿਕਰਣ ਕਾਰਕ, ਇੱਕ ਵਚਨ ਨਾਂਵ)।, ਰਜਾਈ– ਭਾਣੇ (ਰਜ਼ਾ/ਹੁਕਮ) ਦਾ ਮਾਲਕ ਭਾਵ ‘ਅਕਾਲ ਪੁਰਖ’ (ਇੱਕ ਵਚਨ ਪੁਲਿੰਗ ਨਾਂਵ)।, ਨਾਨਕ– ਹੇ ਨਾਨਕ  ! (ਸੰਬੋਧਨ)।

(ਨੋਟ: ‘ਜਪੁ’ ਬਾਣੀ (ਵਿਸ਼ਾ) ਲੜੀ ਨੂੰ ਪਰੋਣ ਵਾਲ਼ੀ ਅਗਲੀ (ਦੂਸਰੀ) ਪਉੜੀ ’ਚ ਨਿਰਾਕਾਰ (ਅਕਾਲ ਪੁਰਖ) ਦੇ ਨਿਯਮਾਂ ਮੁਤਾਬਕ ਹੁੰਦਾ ਜਗਤ-ਰਚਨਾ ਦਾ ਵਿਕਾਸ, ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਵਿਕਾਸ ਦਾ ਹੀ ਭਾਗ ਹੈ: ‘ਮਨੁੱਖਾ ਜੀਵਨ ਦੀ ਸੂਖਮ ਪਵਿੱਤਰਤਾ’, ਜੋ ਬਾਹਰੀ (ਸਥੂਲ) ਪਵਿੱਤਰਤਾ ਤੋਂ ਭਿੰਨ ਹੁੰਦੀ ਹੈ। ਇਸ ਲਈ ਸਥੂਲ ਸਰੀਰ ਦੀ ਹਰ ਹਰਕਤ, ਜੋ ਸੂਖਮ ਸਰੀਰ ਉੱਤੇ ਅਸਰ ਨਾ ਪਾਵੇ, ਕਰਮਕਾਂਡ (ਕੇਵਲ ਵਿਖਾਵੇ ਮਾਤਰ ਰਸਮ) ਰਹਿ ਜਾਂਦੀ ਹੈ, ਪਰ ਸਮਾਜਿਕ ਸੋਚ ਦੀ ਜ਼ਿਆਦਾਤਰ ਪਕੜ ਇੱਥੋਂ ਤੱਕ ਹੀ ਸੀਮਤ ਹੈ।

‘ਜਪੁ’ ਵਿਸ਼ਾ ਕਿਉਂਕਿ ਅਕਾਲ ਪੁਰਖ ਦੀ ਯਾਦ (ਸੂਖਮ ਸਰੀਰ ਦੇ ਪ੍ਰਭਾਵਤ ਹੋਣ) ਨਾਲ਼ ਸੰਬੰਧਿਤ ਹੈ, ਇਸ ਲਈ ਕਰਮਕਾਂਡ ਨੂੰ ਇਸੇ (ਪਹਿਲੀ) ਪਉੜੀ ’ਚ ਉਦਾਹਰਨ ਵਜੋਂ ਲਿਆ ਤੇ ਸਮਾਪਤ ਕੀਤਾ ਗਿਆ, ਜੋ ਅਗਲੀਆਂ ਪਉੜੀਆਂ ਤੱਕ ਨਹੀਂ ਪਹੁੰਚਦਾ। ਕਰਮਕਾਂਡੀ ਦਾ ਇਹ ਸਵਾਲ ਕਿ ਸੂਖਮ ਸਰੀਰ ਕਿਵੇਂ ਸੱਚ ਤੋਂ ਪ੍ਰਭਾਵਤ ਹੋਵੇ, ਦੇ ਜਵਾਬ ਵਿੱਚ ਗੁਰੂ ਜੀ ਨੇ ਸੂਖਮ ਤੇ ਸਥੂਲ ਸਰੀਰ ’ਚ ਬਣੇ ਪਰਦੇ ਨੂੰ ਜ਼ਿੰਮੇਵਾਰ ਦੱਸਿਆ, ਜੋ ਅਕਾਲ ਪੁਰਖ ਦੀ ਉਸ ਰਜ਼ਾ ਨੂੰ ਸਵੀਕਾਰਨ ਨਾਲ਼ ਦੂਰ ਹੋਵੇਗਾ, ਜਿਸ ਰਜ਼ਾ ’ਚ ਜਗਤ-ਰਚਨਾ ਦਾ ਤਮਾਮ ਵਿਕਾਸ ਹੋ ਰਿਹਾ ਹੈ।

ਇਸ ਪਹਿਲੀ ਪਉੜੀ ’ਚ ਰੂਹਾਨੀਅਤ ਦਾ ਆਦਿ (ਕਰਮਕਾਂਡ) ਤੇ ਅੰਤਿ (ਸਚਖੰਡਿ ਜਾਂ ਸਚਿਆਰ) ਵਿਸ਼ੇ ਨੂੰ ਇੱਕੋ ਪਉੜੀ ’ਚ ਸਵਾਲ-ਜਵਾਬ ਰਾਹੀਂ ਸਮੇਟਿਆ ਗਿਆ ਹੈ।) 

ਸੋਚੈ, ਸੋਚਿ ਨ ਹੋਵਈ; ਜੇ ਸੋਚੀ ਲਖ ਵਾਰ॥

ਸੋਚੈ– ਇਹ ਸ਼ਬਦ ਬਣਤਰ ਗੁਰਬਾਣੀ ’ਚ ਕੇਵਲ ਇੱਕ ਵਾਰ ਹੀ ਸੰਬੰਧਿਤ ਤੁਕ ’ਚ ਦਰਜ ਹੈ ਤੇ ਇਸ ਦੇ ਅਰਥ ਗੁਰਸਿੱਖਾਂ ਨੇ ਦੋ ਤਰ੍ਹਾਂ ਸਵੀਕਾਰ ਕੀਤੇ: (1). ‘ਸ਼ੌਚ’ ਭਾਵ ਸਥੂਲ ਸਰੀਰ ਦੀ ਪਵਿੱਤਰਤਾ, ਜਿਸ ਦਾ ਸੰਬੰਧ ਤੀਰਥ ਇਸ਼ਨਾਨ ਨਾਲ਼ ਹੈ।

(2). ‘ਸੋਚ-ਵਿਚਾਰ’, ਜਿਸ ਦਾ ਸੰਬੰਧ ਸੂਖਮ ਸਰੀਰ ਨਾਲ਼ ਹੈ। ਧਿਆਨ ਰਹੇ ਕਿ ‘ਸੋਚ-ਵਿਚਾਰ’ ਕਰਮਕਾਂਡ (ਵਿਖਾਵੇ ਮਾਤਰ ਧਾਰਮਿਕ ਕਰਮ) ਨਹੀਂ ਕਿਹਾ ਜਾ ਸਕਦਾ।

‘ਸੋਚੈ’ ਦਾ ਅਰਥ: ‘ਸੋਚ-ਵਿਚਾਰ’ ਕਰਨ ਵਾਲ਼ੇ ਸੱਜਣਾਂ ਦੁਆਰਾ ‘‘ਰਾਮਦਾਸ ਸਰੋਵਰਿ ਨਾਤੇ ॥’’ (ਮ: ੫/੬੨੫) ਤੁਕ ਰਾਹੀਂ ਦਰਬਾਰ ਸਾਹਿਬ (ਸਰੋਵਰ) ਨੂੰ ਮਹੱਤਵ ਦੇਣ ਦੇ ਮਕਸਦ ਨਾਲ਼ ‘ਸੋਚੈ’ ਸ਼ਬਦ ਰਾਹੀਂ ਤੀਰਥ ਇਸ਼ਨਾਨ ਨੂੰ ਰੱਦ ਨਹੀਂ ਕੀਤਾ ਬਲਕਿ ‘ਸੋਚ-ਵਿਚਾਰ’ ਅਰਥ ਕਰ ਲਏ ਜਦਕਿ ‘ਸੋਚੈ’ ਦਾ ਅਰਥ: ‘ਸ਼ੌਚ’ (ਤੀਰਥ ਇਸ਼ਨਾਨ) ਮੰਨਣ ਵਾਲ਼ੇ ਗੁਰਸਿੱਖਾਂ ਦਾ ਤਰਕ ਹੈ ਕਿ ਸੰਬੰਧਿਤ ਪਉੜੀ ’ਚ ਤਮਾਮ ਮਿਸਾਲਾਂ ਸਥੂਲ ਸਰੀਰ ਨਾਲ਼ ਸੰਬੰਧਿਤ ਹਨ; ਜਿਵੇਂ ਕਿ ‘ਮੌਨ ਵਰਤ, ਭੋਜਨ ਦਾ ਤਿਆਗ’ ਆਦਿ, ਇਸ ਲਈ ‘ਸੋਚੈ’ ਦਾ ਅਰਥ ਵੀ ਸਥੂਲ ਸਰੀਰ ਦੀ ਪਵਿੱਤਰਤਾ ਹੀ ਦਰੁਸਤ ਹੈ, ਜੋ ਬ੍ਰਾਹਮਣੀ ਕਰਮਕਾਂਡੀ ਆਸਥਾ ਦਾ ਪ੍ਰਤੀਕ ਹੈ। ਇਨ੍ਹਾਂ ਵਿਦਵਾਨਾਂ ਮੁਤਾਬਕ ‘‘ਰਾਮਦਾਸ ਸਰੋਵਰਿ ਨਾਤੇ ॥’’ ਦਾ ਮਤਲਬ ਵੀ ਰਾਮ ਦੇ ਦਾਸਾਂ ਦੇ ਸਰੋਵਰ (ਭਾਵ ਸਾਧ ਸੰਗਤ) ਵਿੱਚ ਸ਼ਬਦੀ ਵਿਚਾਰ-ਵਟਾਂਦਰਾ ਕਰਨਾ ਹੈ, ਜੋ ਸੂਖਮ ਇਸ਼ਨਾਨ ਹੈ ਕਿਉਂਕਿ ਗੁਰਬਾਣੀ ਸਥੂਲ ਸਰੀਰ ਬਾਬਤ ‘‘ਸਾਧ ਭਲੇ ਅਣਨਾਤਿਆ.. ॥ (ਮ: ੧/੭੮੯), ਜਲ ਕੈ ਮਜਨਿ ਜੇ ਗਤਿ ਹੋਵੈ; ਨਿਤ ਨਿਤ ਮੇਂਡੁਕ ਨਾਵਹਿ ॥ ਜੈਸੇ ਮੇਂਡੁਕ, ਤੈਸੇ ਓਇ ਨਰ; ਫਿਰਿ ਫਿਰਿ ਜੋਨੀ ਆਵਹਿ ॥’’ (ਭਗਤ ਕਬੀਰ/੪੮੪), ਆਦਿ ਵਚਨ ਕਰਦੀ ਹੈ।

ਉਕਤ ਦੋਵੇਂ ਵਿਚਾਰਾਂ ਉਪਰੰਤ ‘ਸੋਚੈ’ ਦੇ ਗੁਰਮਤਿ ਅਨੁਸਾਰੀ ਅਰਥ, ਇਸੇ ਤੁਕ ’ਚ ਦਰਜ ‘ਸੋਚਿ’ ਸ਼ਬਦ ਸਪਸ਼ਟ ਕਰ ਦਿੰਦਾ ਹੈ, ਜੋ ਕਿ ਗੁਰਬਾਣੀ ’ਚ ਇਸ ਤੁਕ ਤੋਂ ਇਲਾਵਾ 2 ਵਾਰ ਹੋਰ ਕਬੀਰ ਜੀ ਦੁਆਰਾ ਦਰਜ ਕੀਤਾ ਗਿਆ ਹੈ; ਜਿਵੇਂ

(1). ਹਿੰਦੂ ਤੁਰਕ ਕਹਾ ਤੇ ਆਏ  ? ਕਿਨਿ ਏਹ ਰਾਹ ਚਲਾਈ  ? ॥ ਦਿਲ ਮਹਿ ਸੋਚਿ-ਬਿਚਾਰਿ ਕਵਾਦੇ ! ਭਿਸਤ ਦੋਜਕ ਕਿਨਿ ਪਾਈ  ? ॥ (ਭਗਤ ਕਬੀਰ/੪੭੭) ਪਦ ਅਰਥ: ਕਵਾਦੇ-ਹੇ ਲੜਾਕੂ !

(2). ਕਾਜੀ  ! ਸਾਹਿਬੁ ਏਕੁ, ਤੋਹੀ ਮਹਿ; ਤੇਰਾ, ਸੋਚਿ-ਬਿਚਾਰਿ ਨ ਦੇਖੈ  ? ॥ ਖਬਰਿ ਨ ਕਰਹਿ ਦੀਨ ਕੇ ਬਉਰੇ  ! ਤਾ ਤੇ ਜਨਮੁ ਅਲੇਖੈ ॥ (ਭਗਤ ਕਬੀਰ/੪੮੩) ਪਦ ਅਰਥ: ਤੋਹੀ ਮਹਿ- ਤੇਰੇ ਵਿੱਚ ਵੀ ਹੈ।, ਤੇਰਾ-ਭਾਵ ਜੋ ‘ਸਾਹਿਬੁ ਏਕੁ’ ਹੈ, ਉਹ ਤੇਰਾ ਵੀ ਹੈ।, ਬਉਰੇ- ਹੇ ਪਾਗਲ !, ਅਲੇਖੈ-ਕਿਸ ਲੇਖੇ ਵਿੱਚ ?

ਉਕਤ ਦੋਵੇਂ ਤੁਕਾਂ ’ਚ ਕਬੀਰ ਜੀ ਨੇ ‘ਸੋਚਿ’ ਸ਼ਬਦ ਦੀ ਵਰਤੋਂ ‘ਤੁਰਕ ਤੇ ਹਿੰਦੂ’ ਲਈ ਸਾਂਝੀ ਕੀਤੀ ਹੈ, ਜਿਸ ਕਾਰਨ ਇੱਥੇ ‘ਸੋਚਿ’ ਦਾ ਅਰਥ: ‘ਤੀਰਥ ਇਸਨਾਨ’ ਨਹੀਂ ਮੰਨਿਆ ਜਾ ਸਕਦਾ। ਦੂਸਰਾ ‘ਸੋਚਿ-ਵਿਚਾਰਿ’ ਸੰਯੁਕਤ ਸ਼ਬਦ ਹਨ, ਜਿਨ੍ਹਾਂ ਦੇ ਅਰਥ ਹਨ: ‘ਸੋਚ ਕੇ, ਵਿਚਾਰ ਕੇ’ (ਭਾਵ ਕਿਰਿਆ ਵਿਸ਼ੇਸ਼ਣ)। ਅਗਰ ਇਨ੍ਹਾਂ ਅਰਥਾਂ (ਸੋਚ-ਵਿਚਾਰ) ਨੂੰ ਆਧਾਰ ਬਣਾ ਕੇ ‘‘ਸੋਚੈ, ਸੋਚਿ ਨ ਹੋਵਈ..॥’’ ਤੁਕ ’ਚ ਦਰਜ ‘ਸੋਚਿ’ ਦਾ ਅਰਥ ਕਰੀਏ ਤਾਂ ਅਰਥ ਹੋਵੇਗਾ: ‘ਸੋਚ ਕੇ’ (ਕਿਰਿਆ ਵਿਸ਼ੇਸ਼ਣ); ਜੋ ਬਿਲਕੁਲ ਹੀ ਅਢੁਕਵਾਂ ਹੈ।

ਸੋ, ਕਬੀਰ ਜੀ ਦੁਆਰਾ ਕੀਤੇ ਗਏ ‘ਸੋਚਿ ਵਿਚਾਰਿ’ ਨੂੰ ਆਧਾਰ ਬਣਾ ਕੇ ‘ਜਪੁ’ ’ਚ ਦਰਜ ‘ਸੋਚੈ’ ਤੇ ‘ਸੋਚਿ’ ਦਾ ਅਰਥ ‘ਸੋਚ-ਵਿਚਾਰ’ ਕਰਨਾ ਦਰੁਸਤ ਨਹੀਂ ਜਾਪਦਾ। ‘ਸੋਚੈ’ ਦਾ ਅਰਥ: ‘ਸਥੂਲ ਸਰੀਰ ਦੀ ਪਵਿੱਤਰਤਾ ਨਾਲ਼’ (ਕਰਣ ਕਾਰਕ, ਨਾਂਵ) ਤੇ ‘ਸੋਚਿ’ ਦਾ ਅਰਥ: ‘ਸੂਖਮ ਸਰੀਰ ਦੀ ਪਵਿੱਤਰਤਾ’ (ਇਸਤ੍ਰੀ ਲਿੰਗ ਨਾਂਵ) ਹੀ ਢੁਕਵੇਂ ਹਨ।

ਗੁਰਬਾਣੀ ’ਚ ‘ਸੋਚ’ ਸ਼ਬਦ 27 ਵਾਰ ਦਰਜ ਹੈ, ਜਿਸ ਦੇ ‘ਸ਼ੌਚ’ ਤੇ ‘ਸੋਚ-ਵਿਚਾਰ/ਚਿੰਤਾ’ (ਦੋਵੇਂ) ਅਰਥ ਮਿਲਦੇ ਹਨ; ਜਿਵੇਂ

(1). ‘ਸੋਚ’ ਭਾਵ ਚਿੰਤਾ, ਫ਼ਿਕਰ ਆਦਿ: ‘‘ਕਤਿਕ ਹੋਵੈ ਸਾਧਸੰਗੁ, ਬਿਨਸਹਿ ਸਭੇ ‘ਸੋਚ’॥’’ (ਮ:੫/੧੩੫)

(2) ‘ਸ਼ੌਚ’ ਭਾਵ ਸਥੂਲ ਸਰੀਰ ਦੀ ਪਵਿੱਤਰਤਾ (ਤੀਰਥ ਇਸ਼ਨਾਨ): ‘ਸੋਚ’ ਕਰੈ; ਦਿਨਸੁ ਅਰੁ ਰਾਤਿ॥ ਮਨ ਕੀ ਮੈਲੁ; ਨ ਤਨ ਤੇ ਜਾਤਿ॥ (ਮ:੫/੨੬੫), ਆਦਿ।

‘ਸੋਚਿ ਨ’-ਗੁਰਬਾਣੀ ਲਿਖਤ ਮੁਤਾਬਕ ਜਦ ਕਾਵਿ ਤੋਲ ਨੂੰ ਮੁੱਖ ਰੱਖਦਿਆਂ ‘ਨਾ’ (ਦੀਰਘ ਮਾਤਰਾ) ਦੀ ਬਜਾਏ ਕੇਵਲ ‘ਨ’ (ਲਘੂ ਮਾਤਰਾ) ਹੀ ਦਰਜ ਹੋਵੇ (ਜੋ ਕਿ ਗੁਰਬਾਣੀ ’ਚ 14,338 ਵਾਰ ਹੈ) ਤਾਂ ਸੰਗਲੀ ਬੀੜ ’ਚ ‘ਨ’ ਦੀ ਪਹਿਚਾਣ ਲਈ ਇਸ ਤੋਂ ਅਗੇਤਰ ਸ਼ਬਦ ਦੇ ਅਖੀਰ ’ਚ ਜ਼ਿਆਦਾਤਰ ਔਂਕੜ ਜਾਂ ਅੰਤ ਸਿਹਾਰੀ ਲਗਾਈ ਜਾਂਦੀ ਹੈ; ਜਿਵੇਂ ਕਿ

(1). ਤੁਧੁ ਬਿਨੁ; ਦੂਜਾ ‘ਅਵਰੁ ਨ’ ਕੋਇ॥ (ਮ:੪/੧੨)

(2). ਜਪੁ, ਤਪੁ, ਸੰਜਮੁ; ‘ਧਰਮੁ ਨ’ ਕਮਾਇਆ॥ (ਮ:੫/੧੨)

(3). ਭਾਈ ਰੇ  ! ਤਨੁ, ਧਨੁ, ‘ਸਾਥਿ ਨ’ ਹੋਇ॥ (ਮ:੧/੬੨)

(4). ਵਿਣੁ ਸਤਿਗੁਰ, ‘ਪਰਤੀਤਿ ਨ’ ਆਵਈ, ‘ਨਾਮਿ ਨ’ ਲਾਗੋ ਭਾਉ॥ (ਮ:੩/੬੫), ਆਦਿ ਵਾਙ ਹੀ ‘ਸੋਚਿ ਨ’ ਨੂੰ ਵੀ ਧਿਆਨ ’ਚ ਰੱਖਣਾ ਚਾਹੀਦਾ ਹੈ।

‘ਲਖ’– ਇਹ ਸ਼ਬਦ ਗੁਰਬਾਣੀ ’ਚ 140 ਵਾਰ ਦਰਜ ਹੈ, ਜੋ ਸੰਖਿਆ ਵਾਚਕ ਹੈ, ਪਰ ਇਸ ਦੀ ਮੌਜੂਦਗੀ ਦੇ ਤਿੰਨ ਕਾਰਨ ਹਨ:

(1). ਕਿਸੇ ਵਸਤੂ ਦੀ ਘੱਟ ਅਹਿਮੀਅਤ ਦੇ ਮੁਕਾਬਲੇ ਵੱਧ ਅਹਿਮੀਅਤ ਨੂੰ ਦਰਸਾਉਣਾ; ਜਿਵੇਂ ‘‘ਕਉਡੀ ਕਾ, ਲਖ ਹੂਆ ਮੂਲੁ ॥’’ (ਮ: ੫/੮੯੮)

(2). ਆਵਾਗਮਣ (ਜੂਨਾਂ) ਦੀ ਸੰਖਿਆ 84 ਲੱਖ ਮੰਨਣ ਕਾਰਨ ਇਸ ਦੀ ਵਰਤੋਂ ਵਧੇਰੇ ਹੋਈ; ਜਿਵੇਂ

‘‘ਲਖ ਚਉਰਾਸੀਹ, ਜੋਨਿ ਨ ਭਵੇ ॥’’ (ਮ: ੫/੧੩੪੦)

(3). ਆਮ ਬੋਲ-ਚਾਲ ’ਚ ‘ਲੱਖ’ ਸੰਖਿਆ ਨੂੰ ਬਹੁਤ ਵੱਡਾ ਸਮਝਣਾ; ਜਿਵੇਂ

‘ਲਖ ਮਣ ਸੁਇਨਾ, ਲਖ ਮਣ ਰੁਪਾ; ਲਖ ਸਾਹਾ ਸਿਰਿ ਸਾਹ ॥’’ (ਮ: ੧/੧੨੮੭), ਆਦਿ।

ਗੁਰਬਾਣੀ ਲਿਖਤ ਮੁਤਾਬਕ ਸੰਖਿਆ ਵਾਚਕ ਸ਼ਬਦਾਂ ਦੇ ਅੰਤ ’ਚ ਸਿਹਾਰੀ ਹੁੰਦੀ ਹੈ; ਜਿਵੇਂ: ‘ਦੁਇ’ (119 ਵਾਰ), ‘ਚਾਰਿ’ (108 ਵਾਰ), ‘ਤੀਨਿ’ (58 ਵਾਰ), ‘ਪੰਜਿ’ (9 ਵਾਰ), ‘ਕੋਟਿ’ (319 ਵਾਰ) ਆਦਿ ਪਰ ‘ਲਖ’ (140 ਵਾਰ), ‘ਬਾਰਹ’ (11 ਵਾਰ), ‘ਸਹਸ’ (ਭਾਵ ਹਜ਼ਾਰ, 33 ਵਾਰ)’ ਆਦਿ ਸ਼ਬਦ ‘ਅੰਤ ਮੁਕਤੇ’ ਹਨ; ਜਿਵੇਂ:

(1). ਤਿਸ ਤੇ ਹੋਏ ‘ਲਖ’ ਦਰੀਆਉ॥

(2). ਕਬੀਰ  ! ਐਸਾ ਬੀਜੁ ਬੋਇ, ‘ਬਾਰਹ’ ਮਾਸ ਫਲੰਤ॥ (੧੩੭੬)

(3). ‘ਸਹਸ’ ਖਟੇ, ‘ਲਖ’ ਕਉ ਉਠਿ ਧਾਵੈ॥ (ਮ:੫/੨੭੮), ਆਦਿ।

(ਨੋਟ: ‘ਲਖ’ ਦਾ ਸਰੂਪ ‘ਲਖਿ’ ਨਾ ਹੋਣ ਦੇ ਕੁਝ ਕਾਰਨ ਹਨ, ਜਿਨ੍ਹਾਂ ਬਾਰੇ ਜਾਣਕਾਰੀ ਜ਼ਰੂਰੀ ਹੈ:

(1). ਗੁਰਬਾਣੀ ’ਚ ‘ਲਖਿ’ ਕਿਰਿਆ ਵਿਸ਼ੇਸ਼ਣ ਹੈ, ਜਿਸ ਦਾ ਅਰਥ ਹੈ: ‘ਲਖ ਕੇ ਭਾਵ ਸਮਝ ਕੇ’; ਜਿਵੇਂ ਕਿ 2 ਵਾਰ:

ਓਅੰਕਾਰ ‘ਲਖੈ’ ਜਉ ਕੋਈ ॥ ਸੋਈ ‘ਲਖਿ’, ਮੇਟਣਾ ਨ ਹੋਈ ॥ (ਭਗਤ ਕਬੀਰ/੩੪੦)

ਮੰਨ ਮਝਾਹੂ ‘ਲਖਿ’, ਤੁਧਹੁ ਦੂਰਿ ਨ, ਸੁ ਪਿਰੀ ॥ (ਮ: ੫/੧੧੦੦) ਭਾਵ ਮਨ ਵਿੱਚ ਸਮਝ ਕੇ ਵੇਖ, ਉਹ ਪਤੀ-ਮਾਲਕ ਤੈਥੋਂ ਦੂਰ ਨਹੀਂ।

(2). ਉਕਤ ਕੀਤੀ ਗਈ ਵਿਚਾਰ ਕਿ ਸੰਖਿਅਕ ਸ਼ਬਦਾਂ ਦੇ ਅੰਤ ’ਚ ਸਿਹਾਰੀ ਹੁੰਦੀ ਹੈ, ਪਰ ਇਹ ਨਿਯਮ ‘ਇਕ, ਇਕੁ, ਇਕਿ’ (ਪੜਨਾਂਵੀ ਵਿਸ਼ੇਸ਼ਣ) ’ਤੇ ਲਾਗੂ ਨਹੀਂ ਹੁੰਦਾ। ‘ਇਕ’ (ਅੰਤ ਮੁਕਤਾ) ਇਸਤ੍ਰੀ ਲਿੰਗ ਹੈ, ‘ਇਕੁ’ (ਅੰਤ ਔਂਕੜ) ਇੱਕ ਵਚਨ ਪੁਲਿੰਗ ਹੈ ਤੇ ‘ਇਕਿ’ (ਅੰਤ ਸਿਹਾਰੀ) ਬਹੁ ਵਚਨ ਹੈ, ਜਿਸ ਦਾ ਅਰਥ ਹੈ: ‘ਕਈ’। ਅਗਰ ‘ਦੁਇ, ਚਾਰਿ’ ਵਾਙ ‘ਇਕਿ’ (ਅੰਤ ਸਿਹਾਰੀ) ਨੂੰ ਕੇਵਲ ਸੰਖਿਅਕ ਇੱਕ ਮੰਨ ਲਈਏ ਤਾਂ ਇਹ ਗ਼ਲਤ ਹੈ ਕਿਉਂਕਿ ‘ਇਕਿ’ ਦਾ ਅਰਥ ਹੈ: ‘ਕਈ’ ਅਤੇ ਇੱਕ (1) ਗਿਣਤੀ ਲਈ ‘ਇਕ’ ਤੇ ‘ਇਕੁ’ ਸ਼ਬਦ ਹਨ। ਇਸੇ ਮੁਤਾਬਕ ਜਦ ‘ਲਖ’ ਸ਼ਬਦ ਨਾਲ਼ ‘ਇਕੁ’ (ਪੜਨਾਂਵੀ ਵਿਸ਼ੇਸ਼ਣ) ਦਰਜ ਹੋਵੇ ਤਾਂ ‘ਲਖ’ ਵੀ ‘ਲਖੁ’ ਬਣ ਜਾਂਦਾ ਹੈ; ਜਿਵੇਂ 3 ਵਾਰ:

‘ਲਖੁ ਲਖੁ’ ਗੇੜਾ ਆਖੀਅਹਿ; ਏਕੁ ਨਾਮੁ ਜਗਦੀਸ ॥ (ਜਪੁ)

‘ਇਕੁ ਲਖੁ’ ਲਹਨਿ੍ ਬਹਿਠੀਆ; ‘ਲਖੁ’ ਲਹਨਿ੍ ਖੜੀਆ ॥ (ਮ: ੧/੪੧੭)

‘ਇਕੁ ਲਖੁ’ ਪੂਤ; ‘ਸਵਾ ਲਖੁ’ ਨਾਤੀ ॥ ਭਗਤ ਕਬੀਰ/੪੮੧)

ਸੋ, ‘‘ਸੋਚੈ, ਸੋਚਿ ਨ ਹੋਵਈ; ਜੇ ਸੋਚੀ ਲਖ ਵਾਰ॥’’ ਭਾਵ (ਸਥੂਲ ਸਰੀਰਕ) ਪਵਿੱਤਰਤਾ ਨਾਲ (ਸੂਖਮ ਸਰੀਰ ਦੀ) ਸਫ਼ਾਈ ਨਹੀਂ ਹੁੰਦੀ ਭਾਵੇਂ ਮੈਂ ਲੱਖ ਵਾਰੀ ਤੀਰਥ ਇਸ਼ਨਾਨ ਕਰਾਂ (ਕਿਉਂਕਿ ‘‘ਮਨਿ ਮੈਲੈ, ਸਭੁ ਕਿਛੁ ਮੈਲਾ; ਤਨਿ ਧੋਤੈ, ਮਨੁ ਹਛਾ ਨ ਹੋਇ ॥’’ ਮ: ੩/੫੫੮)

ਚੁਪੈ, ਚੁਪ ਨ ਹੋਵਈ, ਜੇ ਲਾਇ ਰਹਾ ਲਿਵ ਤਾਰ॥

‘ਚੁਪੈ’– ਉਕਤ ਕੀਤੀ ਗਈ ਵਿਚਾਰ ਕਿ ‘ਸੋਚੈ’ (ਕਰਣ ਕਾਰਕ) ਹੈ, ਵਾਙ ਹੀ ‘ਚੁਪੈ’ ਸ਼ਬਦ ਵੀ ਕਰਣ ਕਾਰਕ ਹੈ, ਜਿਸ ਦਾ ਅਰਥ ਹੈ: (ਸਥੂਲ ਸਰੀਰ ਦੇ) ‘ਮੌਨ ਧਾਰਨ ਨਾਲ਼’।

ਗੁਰਬਾਣੀ ’ਚ ਮੌਨ ਧਾਰਨ ਦੀ ਬਜਾਏ ਸੰਜਮ ਰੱਖਣ ਨੂੰ ਮਹੱਤਵ ਦਿੱਤਾ ਗਿਆ ਹੈ; ਜਿਵੇਂ ਕਿ ‘ਘੱਟ ਬੋਲਣਾ, ਘੱਟ ਸੌਂਣਾ, ਘੱਟ ਖਾਣਾ’ ਆਦਿ; ਜਿਵੇਂ (ਹਿਰਦੇ ਅੰਦਰ ਹੀ) ‘‘ਹਾਟੁ ਪਟਣੁ (ਸ਼ਹਿਰ) ਘਰੁ ਗੁਰੂ (ਨੇ) ਦਿਖਾਇਆ; ਸਹਜੇ (ਥੋੜ੍ਹਾ ਬੋਲ ਕੇ) ਸਚੁ ਵਾਪਾਰੋ ॥ ਖੰਡਿਤ (ਥੋੜ੍ਹੀ) ਨਿਦ੍ਰਾ ਅਲਪ ਅਹਾਰੰ (ਥੋੜ੍ਹਾ ਖਾਣਾ); ਨਾਨਕ  ! ਤਤੁ ਬੀਚਾਰੋ ॥’’ (ਮ: ੧/੯੩੯), ਪਰ ਬਿਲਕੁਲ ਹੀ ਮੌਨ ਵਰਤ ਬਾਬਤ ‘‘ਬੋਲਿ ਸੁਧਰਮੀੜਿਆ ! ਮੋਨਿ ਕਤ (ਕਿਉਂ) ਧਾਰੀ ਰਾਮ  ?॥’’ (ਮ: ੫/੫੪੭) ਵਚਨ ਵੀ ਦਰਜ ਹਨ।

ਗੁਰਬਾਣੀ ’ਚ ‘ਚੁਪੈ’ ਸ਼ਬਦ 4 ਵਾਰ ਦਰਜ ਹੈ, ਜਿਸ ਰਾਹੀਂ 3 ਨਿਯਮ ਉਜਾਗਰ ਹੁੰਦੇ ਹਨ:

(1). ਮੌਨ ਵਰਤ ਰੂਪ ਕਰਮਕਾਂਡ ਵੱਲ ਪ੍ਰੇਰਨ ਪਿਛੇ ਰੱਬੀ ਹਦਾਇਤ ਹੈ; ਜਿਵੇਂ

ਆਖਣਿ ਜੋਰੁ; ‘ਚੁਪੈ’ ਨਹ ਜੋਰੁ ॥ (ਜਪੁ) ਭਾਵ ਅਧਿਕ ਬੋਲਣ ਜਾਂ ਚੁੱਪ ਰਹਿਣ ’ਚ ਮਨੁੱਖੀ ਸਮਰੱਥਾ ਕਾਰਜਸ਼ੀਲ ਨਹੀਂ।

(2). ਢੁਕਵੀਂ ਗੱਲ ਨਾ ਕਰ ਸਕਣ ਦੀ ਸਥਿਤੀ ’ਚ ਮੌਨ ਵਰਤ ਹੀ ਲਾਭਕਾਰੀ:

‘ਚੁਪੈ’ ਚੰਗਾ ਨਾਨਕਾ  ! ਵਿਣੁ ਨਾਵੈ, ਮੁਹਿ ਗੰਧੁ (ਗੱਲ-ਬਾਤ ’ਚ ਨੀਵਾਂਪਣ)॥ (ਮ: ੧/੧੨੮੮) ਕਿਉਂਕਿ ‘‘ਜਿਥੈ ਬੋਲਣਿ ਹਾਰੀਐ; ਤਿਥੈ ਚੰਗੀ ਚੁਪ ॥’’ (ਮ: ੧/੧੪੯)

(3). ਰੱਬੀ ਦਰ ’ਤੇ ਫ਼ਰਿਆਦਾਂ ਕਰੀ ਜਾਓ ਭਾਵੇਂ ਮੌਨ ਵਰਤ ਰੱਖੋ, ਦਾਤਾਂ ਮਿਲਦੀਆਂ ਰਹਿਣਗੀਆਂ:

ਜੇ ‘ਚੁਪੈ’ ਜੇ ਮੰਗਿਐ; ਦਾਤਿ ਕਰੇ ਦਾਤਾਰੁ ॥ (ਮ: ੧/੧੨੪੨), ਪਰ ਇਨ੍ਹਾਂ ਤਿੰਨੇ ਨਿਯਮਾਂ ਤੋਂ ਇਲਾਵਾ ਸੰਬੰਧਿਤ ਪੰਕਤੀ ’ਚ ਕਿਸੇ ਫਲ਼ ਦੀ ਪ੍ਰਾਪਤੀ ਲਈ ਰੱਖੇ ਗਏ ‘ਮੌਨ ਵਰਤ’ ਦੇ ਫਲ਼ ਦਾ ਜ਼ਿਕਰ ਹੈ।

‘ਜੇ’– ਇਹ ਸ਼ਬਦ ਗੁਰਬਾਣੀ ’ਚ 597 ਵਾਰ ਦਰਜ ਹੈ, ਜੋ ਆਮ ਤੌਰ ’ਤੇ ਵਾਕ ਦੇ ਅਰੰਭ ਜਾਂ ਮੱਧ ’ਚ ਦਰਜ ਹੁੰਦਾ ਹੈ, ਨਾ ਕਿ ਅੰਤ ’ਚ। ਜਦ ਅਰੰਭ ’ਚ ਦਰਜ ਹੋਵੇ ਤਾਂ ਸ਼ਬਦਾਰਥ ਕਰਦਿਆਂ ‘ਤ’ ਜਾਂ ‘ਤਾ’ (ਯੋਜਕ) ਦੀ ਵਾਧੂ (ਪ੍ਰਗਟ ਜਾਂ ਲੁਪਤ) ਮਦਦ ਲਈ ਜਾਂਦੀ ਹੈ; ਜਿਵੇਂ: ‘‘ਜੇ ਤਿਸੁ ਨਦਰਿ ਨ ਆਵਈ; ‘ਤ’ ਵਾਤ ਨ ਪੁਛੈ ਕੇ ॥’’ (ਜਪੁ) ਪਰ ‘‘ਚੁਪੈ, ਚੁਪ ਨ ਹੋਵਈ, ‘ਜੇ’ ਲਾਇ ਰਹਾ ਲਿਵ ਤਾਰ॥’’ ਵਾਙ ਅਗਰ ਤੁਕ ਦੇ ਵਿਚਕਾਰ (‘ਜੇ’) ਦਰਜ ਹੋਵੇ ਤਾਂ ਅਰਥ ਬਣਦੇ ਹਨ: ‘ਭਾਵੇਂ, ਚਾਹੇ ਜਾਂ ਬੇਸ਼ੱਕ’।

‘ਲਾਇ’– ਇਹ ਸ਼ਬਦ ਗੁਰਬਾਣੀ ’ਚ 365 ਵਾਰ ਦਰਜ ਹੈ, ਜੋ ‘ਹੁਕਮੀ ਭਵਿੱਖ ਕਾਲ ਕਿਰਿਆ’ ਜਾਂ ‘ਕਿਰਿਆ ਵਿਸ਼ੇਸ਼ਣ’ ਹੁੰਦਾ ਹੈ। ਜਦ ਕਿਸੇ ਤੁਕ ’ਚ ਇਸ ਤੋਂ ਇਲਾਵਾ ਕੋਈ ਹੋਰ ਮੂਲ ਕਿਰਿਆ ਸ਼ਬਦ ਵੀ ਹੋਵੇ ਤਾਂ ਇਸ (ਲਾਇ) ਦਾ ਅਰਥ ਹੈ: ‘ਲਾ ਕੇ’(ਕਿਰਿਆ ਵਿਸ਼ੇਸ਼ਣ) ਪਰ

ਜਦ ਕੋਈ ਹੋਰ ਕਿਰਿਆ ਨਾ ਹੋਵੇ ਤਾਂ ‘ਲਾਇ’ ਦਾ ਅਰਥ ਹੈ: ‘ਤੂੰ (ਮਨ) ਲਾ ਭਾਵ ਤੂੰ (ਦਿਲ) ਜੋੜ’ (ਹੁਕਮੀ ਭਵਿੱਖ ਕਾਲ ਕਿਰਿਆ), ਇਸ ਤੁਕ ’ਚ ਕਿਸੇ ‘ਇੱਕ ਵਿਅਕਤੀ’ ਜਾਂ ‘ਇੱਕ ਮਨ’ ਆਦਿ ਨੂੰ ਸੰਬੋਧਨ ਕਰਨਾ ਅਤਿ ਜ਼ਰੂਰੀ ਹੁੰਦਾ ਹੈ; ਜਿਵੇਂ

(ੳ). ‘ਲਾਇ’ ਭਾਵ ‘ਤੂੰ ਲਾ’ (ਹੁਕਮੀ ਭਵਿੱਖ ਕਾਲ ਕਿਰਿਆ):

(1). ਮੇਰੇ ਮਨ  ! ਏਕਸ ਸਿਉ ਚਿਤੁ ‘ਲਾਇ’ ॥ (ਮ: ੫/੪੪)

(2). ਮਨ ਕਰਹਲਾ (ਊਠ ਬਿਰਤੀ) ਮੇਰੇ ਪ੍ਰੀਤਮਾ  ! ਦਿਨੁ ਰੈਣਿ ਹਰਿ ਲਿਵ ‘ਲਾਇ’ ॥ (ਮ: ੪/੨੩੪), ਆਦਿ।

ਉਕਤ ਦੋਵੇਂ ਤੁਕਾਂ ’ਚ ‘ਲਾਇ’ ਤੋਂ ਇਲਾਵਾ ਕੋਈ ਹੋਰ ਕਿਰਿਆ ਨਹੀਂ, ਜਿਸ ਕਾਰਨ ‘ਲਾਇ’ ਹੀ ਮੂਲ ਕਿਰਿਆ (ਹੁਕਮੀ ਭਵਿੱਖ ਕਾਲ) ਬਣ ਗਿਆ ਤੇ ਇੱਕ ਵਚਨ ‘ਮਨ’ ਤੇ ‘ਮਨ ਕਰਹਲਾ ਪ੍ਰੀਤਮ’ ਸੰਬੋਧਨ ਸ਼ਬਦ ਵੀ ਮੌਜੂਦ ਹਨ, ਪਰ

(ਅ). ‘ਲਾਇ’ ਭਾਵ ‘ਲਾ ਕੇ’ (ਕਿਰਿਆ ਵਿਸ਼ੇਸ਼ਣ):

(1). ਭਾਈ ਰੇ  ! ਰਾਮੁ ਕਹਹੁ, ਚਿਤੁ ‘ਲਾਇ’॥ (ਮ: ੧/੨੨)

(2). ਅੰਚਲਿ ‘ਲਾਇ’ ; ਸਭ ਸਿਸਟਿ ਤਰਾਈ ॥ (ਮ: ੫/੧੦੮)

(3). ਅਪੁਨੇ ਦਾਸ ਰਾਖੈ; ਕੰਠਿ ‘ਲਾਇ’ ॥ (ਮ: ੫/੧੯੯), ਆਦਿ।

ਉਕਤ ਤਿੰਨੇ ਤੁਕਾਂ ’ਚ ‘ਲਾਇ’ ਤੋਂ ਇਲਾਵਾ ਮੂਲ ਕਿਰਿਆਵਾਂ (ਕਹਹੁ, ਤਰਾਈ, ਰਾਖੈ) ਮੌਜੂਦ ਹਨ, ਜਿਸ ਕਾਰਨ ‘ਲਾਇ’ ਕਿਰਿਆ ਵਿਸ਼ੇਸ਼ਣ ਬਣ ਕੇ ‘ਲਾ ਕੇ’ ਅਰਥ ਦੇ ਗਿਆ। ਧਿਆਨ ਰਹੇ ਕਿ ਇਨ੍ਹਾਂ ਤੁਕਾਂ ’ਚ ਕੋਈ ਸੰਬੋਧਨ ਸ਼ਬਦ ਹੋ ਵੀ ਸਕਦਾ ਹੈ, ਨਹੀਂ ਵੀ; ਜਿਵੇਂ ਕਿ ਪਹਿਲੇ ਨੰਬਰ ’ਤੇ ‘ਭਾਈ ਰੇ’ (ਇੱਕ ਵਚਨ) ਸੰਬੋਧਨ ਹੈ ਪਰ ਬਾਕੀ ਦੋਵੇਂ ਤੁਕਾਂ ’ਚ ਨਹੀਂ। ਇਸੇ ਨਿਯਮ ਮੁਤਾਬਕ ਸੰਬੰਧਿਤ ਤੁਕ ‘‘ਜੇ ਲਾਇ ਰਹਾ ਲਿਵ ਤਾਰ॥’’ ’ਚ ਵੀ ਮੂਲ ਕਿਰਿਆ ‘ਰਹਾ’ ਸ਼ਬਦ ਹੋਣ ਕਾਰਨ ‘ਲਾਇ’ (ਕਿਰਿਆ ਵਿਸ਼ੇਸ਼ਣ) ਦਾ ਅਰਥ ਹੈ: ‘ਲਾ ਕੇ’।

‘ਲਿਵ ਤਾਰ’– ਇਹ ਸੰਯੁਕਤ ਸ਼ਬਦ ਗੁਰਬਾਣੀ ’ਚ 6 ਵਾਰ ਦਰਜ ਹਨ, ਜਿਨ੍ਹਾਂ ’ਚੋਂ 4 ਵਾਰ ਕੇਵਲ ਗੁਰੂ ਨਾਨਕ ਸਾਹਿਬ ਜੀ ਦੁਆਰਾ ਹੀ ਦਰਜ ਕੀਤੇ ਗਏ; ਜਿਵੇਂ:

(1). ਅਸੰਖ ਮੋਨਿ; ‘ਲਿਵ’ ਲਾਇ ‘ਤਾਰ’॥ (ਜਪੁ)

(2). ਅਨਹਦਿ ਰਾਤਾ; ਏਕ ‘ਲਿਵ ਤਾਰ’॥ (ਮ:੧/੧੧੮੮)

(3). ਊਡਾਂ ਬੈਸਾ; ਏਕ ‘ਲਿਵ ਤਾਰ’॥ ਗੁਰ ਕੈ ਸਬਦਿ; ਨਾਮ ਆਧਾਰ ॥ (ਮ:੧/੧੨੭੫) ਭਾਵ ਚੱਲਾਂ ਜਾਂ ਬੈਠਾਂ ਗੁਰੂ ਦੇ ਸ਼ਬਦ ਰਾਹੀਂ ਰੱਬੀ ਨਾਮ ਦਾ ਆਸਰਾ ਲੇ ਕੇ ਇਕ ਤਾਰ (ਨਿਰੰਤਰ) ਸਮਾਧੀ ਲਾਈ ਰੱਖਦਾ ਹਾਂ।

ਸੋ, ‘‘ਚੁਪੈ, ਚੁਪ ਨ ਹੋਵਈ; ਜੇ ਲਾਇ ਰਹਾ, ਲਿਵ ਤਾਰ॥’’ ਭਾਵ (ਸਥੂਲ ਸਰੀਰ ਦੇ) ਮੌਨ ਵਰਤ ਰੱਖਣ ਨਾਲ਼ (ਸੂਖਮ ਸਰੀਰ) ਸ਼ਾਂਤ ਨਹੀਂ ਹੁੰਦਾ। ਭਾਵੇਂ ਮੈਂ (ਬਾਹਰੋਂ) ਨਿਰੰਤਰ ਸਮਾਧੀ ਲਗਾ ਕੇ ਬੈਠਾ ਰਹਾਂ।

ਭੁਖਿਆ, ਭੁਖ ਨ ਉਤਰੀ, ਜੇ ਬੰਨਾ ਪੁਰੀਆ ਭਾਰ॥

‘ਭੁਖਿਆ’-ਗੁਰਬਾਣੀ ’ਚ ‘ਭੁਖਿਆ’ ਸ਼ਬਦ 6 ਵਾਰ ਦਰਜ ਹੈ, ਜੋ ਆਮ ਤੌਰ ’ਤੇ ‘ਭੁੱਖੇ ਰਹਿਣ ਨਾਲ਼’ (ਭਾਵ ਉਕਤ ‘ਸੋਚੈ, ਚੁਪੈ’ ਸ਼ਬਦਾਂ ਵਾਙ ਕਰਣ ਕਾਰਕ) ਅਰਥ ਦਿੰਦਾ ਹੈ; ਜਿਵੇਂ

‘ਭੁਖਿਆ’, ਗੰਢੁ ਪਵੈ; ਜਾ ਖਾਇ ॥ (ਮ: ੧/੧੪੩)

‘ਭੁਖਿਆ’ ਭੁਖ ਨ ਉਤਰੈ; ਗਲੀ (ਗੱਲੀਂ), ਭੁਖ ਨ ਜਾਇ ॥ (ਮ: ੨/੧੪੭)

(ਪੱਥਰ ਮੂਰਤੀ) ‘ਭੁਖਿਆ’ ਦੇਇ ਨ ਮਰਦਿਆ ਰਖੈ ॥ (ਮ: ੧/੧੨੪੧), ਆਦਿ, ਪਰ ਅਗਰ ‘ਭੁਖਿਆ’ ਦਾ ਉਚਾਰਨ ਬਿੰਦੀ ਸਹਿਤ (ਭੁੱਖਿਆਂ) ਨਾ ਕੀਤਾ ਜਾਏ ਤਾਂ ‘ਭੁਖਿਆ’ ਸ਼ਬਦ ਸੰਬੋਧਨ ਬਣ ਕੇ ਅਰਥ ਦੇਵੇਗਾ: ‘ਹੇ ਭੁਖਿਆ !’; ਜੋ ਕਿ ਪ੍ਰਸੰਗ ਮੁਤਾਬਕ ਅਢੁਕਵਾਂ ਹੈ।

‘ਪੁਰੀਆ ਭਾਰ’– ਇਹ (ਸੰਯੁਕਤ) ਸ਼ਬਦ ਵੀ ਇੱਕ ਜਗ੍ਹਾ ਹੋਰ ਗੁਰੂ ਨਾਨਕ ਸਾਹਿਬ ਜੀ ਦੁਆਰਾ ਦਰਜ ਕੀਤੇ ਹੋਏ ਮਿਲਦੇ ਹਨ; ਜਿਵੇਂ ‘‘ਪਾਤਾਲ ‘ਪੁਰੀਆ ਏਕ ਭਾਰ’; ਹੋਵਹਿ ਲਾਖ ਕਰੋੜਿ॥’’ (ਮ:੧/੧੩੨੭) ਭਾਵ ‘ਸਾਰੇ ਲੋਕਾਂ ਦੇ ਭਾਰ’ ਜਾਂ ਤਿੰਨ ਲੋਕਾਂ (ਸੁਰਗ, ਪ੍ਰਿਥਵੀ ਤੇ ਪਾਤਾਲ ਲੋਕ) ਦੇ ਪਦਾਰਥਾਂ ਦੇ ਭਾਰ।

‘ਭਾਰ’-ਪ੍ਰਚਲਿਤ ਮਨੌਤ ਅਨੁਸਾਰ ਸਾਰੀ ਬਨਸਪਤੀ ਦਾ ਇੱਕ ਇੱਕ ਪੱਤਾ ਇਕੱਠਾ ਕਰਨ ਨਾਲ਼ 18 ਭਾਰ (ਵਜ਼ਨ) ਬਣਦਾ ਹੈ ਤੇ ਇੱਕ ਭਾਰ 5 ਮਣ (ਪੁਰਾਣੇ, ਕੱਚੇ) ਦਾ ਹੁੰਦਾ ਹੈ ਭਾਵ 90 ਮਣ ਵਜ਼ਨ = ਬਨਸਪਤੀ ਦਾ ਇੱਕ ਇੱਕ ਪੱਤਾ: ‘‘ਭਾਰ ਅਠਾਰਹ ਮਹਿ, ਚੰਦਨੁ ਊਤਮ; ਚੰਦਨ ਨਿਕਟਿ, ਸਭ ਚੰਦਨੁ ਹੁਈਆ ॥’’ (ਮ: ੪/੮੩੪)

ਗੁਰਬਾਣੀ ’ਚ ‘ਭਾਰੁ’ (ਇੱਕ ਵਚਨ) 37 ਵਾਰ ਤੇ ‘ਭਾਰ’ (ਬਹੁ ਵਚਨ) 28 ਵਾਰ ਦਰਜ ਹੈ, ਜਿਸ ’ਚ ਸੰਬੰਧਿਤ ਪੰਕਤੀ ਵੀ ਹੈ।

ਸੋ, ‘‘ਭੁਖਿਆ, ਭੁਖ ਨ ਉਤਰੀ, ਜੇ ਬੰਨਾ ਪੁਰੀਆ ਭਾਰ॥’’ ਭਾਵ ਤ੍ਰਿਸ਼ਨਾ ਅਧੀਨ ਜੀਵਨ ਬਸਰ ਕਰਨ ਨਾਲ਼ ਹੋਰ ਮਾਇਆ ਪ੍ਰਾਪਤ ਕਰਨ ਵਾਲ਼ੀ ਭਾਵਨਾ ਮੁਕਦੀ ਨਹੀਂ ਭਾਵੇਂ ਸਭ ਪੁਰੀਆਂ (ਸੁਰਗ, ਪ੍ਰਿਥਵੀ ਤੇ ਪਾਤਾਲ ਲੋਕ) ਦੇ ਭਾਰ (ਪਦਾਰਥ) ਇਕੱਠੇ ਕਰ ਲਵਾਂ।

(ਨੋਟ: ਕਰਮਕਾਂਡਾਂ (ਸਿਆਣਪਾਂ) ਦੀਆਂ ਉਕਤ ਤਿੰਨ ਮਿਸਾਲਾਂ (ਸਰੀਰਕ ਪਵਿੱਤਰਤਾ, ਮੌਨ ਵਰਤ ਤੇ ਤ੍ਰਿਸ਼ਨਾ ਅਧੀਨ ਜੀਵਨ ਬਸਰ ਕਰਨ) ਉਪਰੰਤ ਅਗਲੀ ਤੁਕ ’ਚ ਇਹ ਵਿਸ਼ਾ ਸਹਸ (ਹਜ਼ਾਰ, ਅਣਗਿਣਤ) ਸ਼ਬਦ ਰਾਹੀਂ ਸਮੇਟਿਆ ਗਿਆ ਹੈ।) 

‘‘ਸਹਸ ਸਿਆਣਪਾ ਲਖ ਹੋਹਿ; ਤ, ਇਕ ਨ ਚਲੈ ਨਾਲਿ॥’’

‘ਸਹਸ ਸਿਆਣਪਾ’-ਇਨ੍ਹਾਂ ਸੰਯੁਕਤ ਸ਼ਬਦਾਂ ਦਾ ਸੰਕੇਤ ਉਕਤ ਕਰਮਕਾਂਡਾਂ ਬਾਰੇ ਬਣਾਏ ਗਏ ਦ੍ਰਿੜ੍ਹ ਨਿਸ਼ਚੇ ਵੱਲ ਹੈ। ਇਨ੍ਹਾਂ ਦੋਵੇਂ ਸ਼ਬਦਾਂ ’ਚੋਂ ‘ਸਹਸ’ ਨੂੰ ਸਮਝਣਾ ਅਤਿ ਜ਼ਰੂਰੀ ਹੈ ਕਿਉਂਕਿ ਬਚਿੱਤਰ ਨਾਟਕ ਗ੍ਰੰਥ ’ਚ ਦਰਜ 405ਵੇਂ ਤ੍ਰਿਆ ਚਰਿਤ੍ਰ ਦੁਆਰਾ ਇਸ ਗ੍ਰੰਥ ਰਚਨ ਦਾ ਸੰਮਤ ਬਿਆਨ ਕਰਦਿਆਂ ‘ਸਹਸ’ ਸ਼ਬਦ ਦਾ ਅਰਥ 100 (ਸੌ) ਮੰਨ ਕੇ ਸੰਮਤ 1753 (ਸੰਨ 1696) ਵਿਖਾਇਆ ਗਿਆ ਹੈ, ਜੋ ਕਿ ਭੁਲੇਖਾ ਪਾਉ ਹੈ; ਜਿਵੇਂ ‘‘ਸੰਬਤ ‘ਸਤ੍ਰਹ ਸਹਸ’ ਭਣਿਜੈ ॥ ‘ਅਰਧ ਸਹਸ’ ਫੁਨਿ ‘ਤੀਨਿ’ ਕਹਿਜੈ ॥੪੦੫॥’’ ਪਦ ਅਰਥ: ਸਤ੍ਰਹ ਸਹਸ-ਸਤਾਰ੍ਹਾਂ ਸੌ (1700), ਅਰਧ ਸਹਸ-ਪੰਜਾਹ (50), ਫੁਨਿ-ਫਿਰ ਭਾਵ ਉੱਪਰ, ਤੀਨਿ-ਤਿੰਨ (ਕੁੱਲ ਸੰਮਤ 1753)।

ਗੁਰਬਾਣੀ ’ਚ ‘ਸਹਸ’ ਸ਼ਬਦ 33 ਵਾਰ ਦਰਜ ਹੈ, ਜੋ ਸੰਸਕ੍ਰਿਤ ਦੇ ‘ਸਹਸ੍ਰ’ (ਸਹਸ੍ਰ) ਦਾ ਤਦਭਵ ਹੈ, ਜਿਸ ਦਾ ਅਰਥ ਹੈ: ‘ਹਜ਼ਾਰ’। ਗੁਰਬਾਣੀ ’ਚ ਇਸ ਦਾ ਮੂਲ ਰੂਪ ‘ਸਹਸ੍ਰ’ ਵੀ ਭਗਤ ਨਾਮਦੇਵ ਜੀ ਦੁਆਰਾ ਇੱਕ ਵਾਰ ਦਰਜ ਕੀਤਾ ਹੋਇਆ ਮਿਲਦਾ ਹੈ; ਜਿਵੇਂ ਕਿ ‘‘ਜਾਂ ਚੈ ਘਰਿ, ਕੂਰਮਾ ਪਾਲੁ; ‘ਸਹਸ੍ਰ’ ਫਨੀ ਬਾਸਕੁ, ਸੇਜ ਵਾਲੂਆ ॥’’ (ਭਗਤ ਨਾਮਦੇਵ/੧੨੯੨) ਭਾਵ (ਰੱਬ ਅਜਿਹਾ ਰਾਜਾ ਹੈ) ਜਿਸ ਦੇ ਘਰ ਵਿੱਚ ‘ਕੂਰਮਾ ਪਾਲੁ’ (ਕੱਛੂ-ਕੁੰਮਾ ਪਲੰਘ) ਹੈ, ਹਜ਼ਾਰਾਂ ਫਣਾਂ ਵਾਲ਼ਾ ਸ਼ੇਸ਼ਨਾਗ, ਪਲੰਘ ਦੀਆਂ ਤਣੀਆਂ ਹੈ।

‘ਸਹਸ੍ਰ’ ਸ਼ਬਦ ’ਚ ਦੂਸਰਾ ‘ਸ’ ਅੱਧਾ ਹੈ, ਜਿਸ ਦਾ ਉਚਾਰਨ (ਭਾਵ ਦੂਸਰੇ ‘ਸ’ ਨੂੰ ਅੱਧਾ ਉਚਾਰਨ ਦਾ ਤਰੀਕਾ) ਦੂਸਰੇ ‘ਸ’ ਤੋਂ ਪਹਿਲੇ ਅੱਖਰ ਉੱਪਰ ਲਗਾਖਰ (ਅੱਧਰ, ਟਿੱਪੀ) ਲਗਾ ਕੇ ਵੀ ਦੂਸਰੀ ‘ਸ’ ਧੁਨੀ ਨੂੰ ਅੱਧਾ (ਹਲਕਾ) ਕੀਤਾ ਜਾ ਸਕਦਾ ਹੈ ਭਾਵ ‘ਸਹਸ੍ਰ’ ਦਾ ਤਦਭਵ ‘ਸਹੰਸਰ’ ਬਣ ਸਕਦਾ ਹੈ; ਜਿਵੇਂ ਕਿ ਗੁਰਬਾਣੀ ’ਚ ਇੱਕ ਵਾਰ ਦਰਜ ਹੈ: ‘ਸਹੰਸਰ’ ਦਾਨ ਦੇ ਇੰਦ੍ਰੁ ਰੋਆਇਆ ॥’’ (ਮ: ੧/੯੫੪) ਭਾਵ ਹਜ਼ਾਰਾਂ ਭਗਾਂ (ਇਸਤ੍ਰੀ ਦੇ ਗੁਪਤ ਅੰਗਾਂ ਦੇ ਚਿੰਨ੍ਹ) ਦਾ ਡੰਡ ਦੇ ਕੇ (ਗੋਤਮ ਨੇ) ਇੰਦਰ ਨੂੰ ਸਜ਼ਾ ਦਿੱਤੀ।

ਉਕਤ ਕੀਤੀ ਗਈ ਵਿਚਾਰ ਦਾ ਮਤਲਬ ਇਹ ਹੈ ਕਿ ‘ਸਹਸ’ ਦਾ ਅਰਥ: ਹਜ਼ਾਰ (1000) ਹੈ, ਨਾ ਕਿ 100 (ਸੌ):

‘ਸਹਸ’ ਅਠਾਰਹ ਕਹਨਿ ਕਤੇਬਾ; ਅਸੁਲੂ ਇਕੁ ਧਾਤੁ॥ (ਮ:੧/੫)

‘ਸਹਸ’ ਪਦ ਬਿਮਲ, ਨਨ ਏਕ ਪਦ; ਗੰਧ ਬਿਨੁ, ‘ਸਹਸ’ ਤਵ ਗੰਧ; ਇਵ ਚਲਤ ਮੋਹੀ॥ (ਮ:੧/੧੩)

ਸਹਸ ਘਟਾ ਮਹਿ; ਏਕੁ ਆਕਾਸੁ ॥ (ਮ: ੫/੭੩੬) ਭਾਵ ਹਜ਼ਾਰਾਂ (ਪਾਣੀ ਦੇ ਭਰੇ) ਘੜਿਆਂ ’ਚ ਆਕਾਸ਼ ਇੱਕ ਹੀ ਵਿਖਾਈ ਦੇਂਦਾ ਹੈ।

ਸਹਸ ਨੇਤ੍ਰ, ਨੇਤ੍ਰ ਹੈ ਪ੍ਰਭ ਕਉ; ਪ੍ਰਭ ਏਕੋ ਪੁਰਖੁ ਨਿਰਾਰੇ ॥ (ਮ: ੪/੯੮੦), ਆਦਿ।

‘ਸਿਆਣਪਾ’– ਗੁਰਬਾਣੀ ’ਚ ‘ਸਿਆਣਪ’ ਨੂੰ ‘ਚਤੁਰਾਈ’ ਸੰਗਿਆ ਵੀ ਦਿੱਤੀ ਗਈ ਹੈ; ਜਿਵੇਂ ‘‘ਚਤੁਰਾਈ ‘ਸਿਆਣਪਾ’; ਕਿਤੈ ਕਾਮਿ ਨ ਆਈਐ॥’’ (ਮ:੫/੩੯੬)

‘ਹੋਹਿ’– ਇਹ ਸ਼ਬਦ ਬਹੁ ਵਚਨ ਵਰਤਮਾਨ ਕਿਰਿਆ ਹੈ, ਜਿਸ ਦੇ ਅੰਤ ’ਚ ਬਿੰਦੀ (ਨਾਸਿਕੀ) ਧੁਨੀ ਲਾਜ਼ਮੀ ਹੈ ਪਰ ਇਸ ਦਾ ਉਚਾਰਨ ‘ਹੋਹੈ’ (ਇੱਕ ਵਚਨ ਕਿਰਿਆ) ਵਾਙ ਨਹੀਂ ਬਲਕਿ ਥੋੜ੍ਹਾ ‘ਹੋਹੇਂ’ ਵਾਙ ਲਮਕਾ ਕੇ ਕਰਨਾ ਦਰੁਸਤ ਹੋਵੇਗਾ।

‘ਇਕ ਨ’– ਇਨ੍ਹਾਂ ਸੰਯੁਕਤ ਸ਼ਬਦਾਂ ’ਚੋਂ ‘ਇਕ’ (ਪੜਨਾਂਵ) ਦਾ ਸੰਬੰਧ ‘ਸਿਆਣਪ’ (ਇਸਤ੍ਰੀ ਲਿੰਗ) ਨਾਲ਼ ਹੋਣ ਕਾਰਨ ਅੰਤ ਮੁਕਤਾ ਹੈ, ਨਹੀਂ ਤਾਂ ਇਸ ਨਾਲ਼ ਵੀ (‘ਨ’ ਨੂੰ ਅਲੱਗ ਕਰਨ ਲਈ) ਅੰਤ ਸਿਹਾਰੀ ਜਾਂ ਅੰਤ ਔਂਕੜ ਜ਼ਰੂਰ ਹੁੰਦਾ; ਜਿਵੇਂ: ‘ਇਕੁ ਨ’ ਰੁਨਾ, ਮੇਰੇ ਤਨ ਕਾ ਬਿਰਹਾ, ਜਿਨਿ ਹਉ ਪਿਰਹੁ ਵਿਛੋੜੀ॥ (ਮ:੧/੫੫੮)

‘ਚਲੈ’– ਇਹ ਸ਼ਬਦ ਇਕ ਵਚਨ ਕਿਰਿਆ ਹੈ, ਜੋ ਕਿ ਅਨੇਕਾਂ ਸਿਆਣਪਾਂ ’ਚੋਂ ਕਿਸੇ ਇਕ ਵੱਲ ਸੰਕੇਤ ਕਰਦਾ ਹੈ। ਅਗਰ ‘ਸਹਸ ਸਿਆਣਪਾ’ (ਬਹੁ ਵਚਨ) ਵੱਲ ਸੰਕੇਤ ਕਰਦਾ ਤਾਂ ‘ਚਲੈ’ ਨਹੀਂ, ‘ਚਲਹਿ’ ਬਣਤਰ ਹੁੰਦੀ; ਜਿਵੇਂ:

ਜਿਤੁ ਖਾਧੈ ਤਨੁ ਪੀੜੀਐ; ਮਨ ਮਹਿ ‘ਚਲਹਿ’ ਵਿਕਾਰ॥ (ਮ:੧/੧੬)

ਜਿਉ ਜਿਉ ‘ਚਲਹਿ’; ਚੁਭੈ, ਦੁਖੁ ਪਾਵਹਿ; ਜਮਕਾਲੁ, ਸਹਹਿ ਸਿਰਿ ਡੰਡਾ ਹੇ॥ (ਮ:੪/੧੭੧), ਆਦਿ।

‘ਨਾਲਿ’– ਇਹ (ਸੰਬੰਧਕੀ) ਸ਼ਬਦ ਗੁਰਬਾਣੀ ’ਚ 243 ਵਾਰ ਦਰਜ ਹੈ ਤੇ ਹਮੇਸ਼ਾਂ ਅੰਤ ਸਿਹਾਰੀ ਹੋਵੇਗਾ ਪਰ ਇਹ ਆਪਣੇ ਤੋਂ ਅਗੇਤਰ (ਇੱਕ ਵਚਨ ਪੁਲਿੰਗ) ਨਾਂਵ ਨੂੰ ਅੰਤ ਮੁਕਤ ਵੀ ਕਰ ਦਿੰਦਾ ਹੈ; ਜਿਵੇਂ:

‘ਗੁਰ ਨਾਲਿ’ ਤੁਲਿ ਨ ਲਗਈ; ਖੋਜਿ (ਕੇ) ਡਿਠਾ ਬ੍ਰਹਮੰਡੁ॥ (ਮ:੫/੫੦)

ਜਾ ਕੀ ਪ੍ਰੀਤਿ; ਅਪੁਨੇ ‘ਪ੍ਰਭ ਨਾਲਿ’॥ (ਮ:੫/੧੯੯), ਆਦਿ।

ਅਗਰ ‘ਨਾਲਿ’ ਦਾ ਪ੍ਰਭਾਵ ਅਗੇਤਰ (ਗੁਰ, ਪ੍ਰਭ) ਸ਼ਬਦਾਂ ’ਤੇ ਨਾ ਪੈਂਦਾ ਤਾਂ ਇਨ੍ਹਾਂ ਦੀ ਬਣਤਰ ‘ਗੁਰੁ, ਪ੍ਰਭੁ’ ਹੋਣੀ ਸੀ; ਜਿਵੇਂ 

‘ਗੁਰੁ’ ਈਸਰੁ, ‘ਗੁਰੁ’ ਗੋਰਖੁ ਬਰਮਾ; ‘ਗੁਰੁ’ ਪਾਰਬਤੀ ਮਾਈ॥ 

‘ਪ੍ਰਭੁ’ ਹਰਿਮੰਦਰੁ ਸੋਹਣਾ; ਤਿਸੁ ਮਹਿ ਮਾਣਕ ਲਾਲ॥ (ਮ:੧/੧੭), ਆਦਿ।

ਸੋ, ‘‘ਸਹਸ ਸਿਆਣਪਾ ਲਖ ਹੋਹਿ; ਤ, ਇਕ ਨ ਚਲੈ ਨਾਲਿ॥’’ ਭਾਵ (ਉਕਤ ਗ਼ਲਤ ਧਾਰਨਾਵਾਂ ਵਾਙ ਭਾਵੇਂ) ਹਜ਼ਾਰਾਂ ਹੋਰ ਸਿਆਣਪਾਂ (ਮਨੌਤਾਂ) ਹੋਣ, (ਤਾਂ ਵੀ ਸਹਿਯੋਗ ਲਈ) ਇੱਕ ਵੀ ਸਾਥ ਨਹੀਂ ਜਾਂਦੀ (‘‘ਮਨਮੁਖ ਕਰਮ ਕਰੈ, ਅਜਾਈ (ਫ਼ਜ਼ੂਲ)॥’’ (ਮ:੫/੧੩੪੮) ਪਰ ਇਨ੍ਹਾਂ ਧਾਰਨਾਵਾਂ ਨੂੰ ਫ਼ਜ਼ੂਲ ਬਿਆਨ ਕਰਨ ਉਪਰੰਤ ਸਦੀਆਂ ਤੋਂ ਇਨ੍ਹਾਂ ਉੱਤੇ ਟੇਕ ਲਗਾਈ ਬੈਠੇ ਲੋਕਾਂ ਦੇ ਮਨਾਂ ’ਚ ਸਵਾਲ ਪੈਦਾ ਹੋਣੇ ਲਾਜ਼ਮੀ ਹਨ; ਜਿਵੇਂ ਕਿ)

‘‘ਕਿਵ ਸਚਿਆਰਾ ਹੋਈਐ  ? ਕਿਵ ਕੂੜੈ ਤੁਟੈ ਪਾਲਿ  ?॥’’

‘ਸਚਿਆਰਾ’– ਇਸ ਸ਼ਬਦ ਦੇ ਪਦ ਅਰਥ ਕਰਨ ਉਪਰੰਤ ਵੀ ਪਾਠਕਾਂ ’ਚ ਅਸੰਤੁਸ਼ਟੀ ਵੇਖਣ ਨੂੰ ਮਿਲਦੀ ਹੈ। ਜਿਸ ਕਾਰਨ ਇਸ ਦੀ ਵਿਚਾਰ ਨੂੰ ਥੋੜ੍ਹਾ ਹੋਰ ਵਿਚਾਰਨਾ ਜ਼ਰੂਰੀ ਹੈ।

ਗੁਰਬਾਣੀ ’ਚ ‘ਸਚਿਆਰ (11 ਵਾਰ), ਸਚਿਆਰੁ (15 ਵਾਰ), ਸਚਿਆਰਾ (15 ਵਾਰ), ਸਚਿਆਰੀ (1 ਵਾਰ), ਸਚਿਆਰੀਆ (1 ਵਾਰ), ਸਚਿਆਰੋ (2 ਵਾਰ) ਤੇ ਸਚਿਆਰੋਵਾ (1 ਵਾਰ) ਭਾਵ ਕੁੱਲ 46 ਵਾਰ’ ਦਰਜ ਹੈ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਗੁਰੂ ਨਾਨਕ ਸਾਹਿਬ ਜੀ ਨੇ ਇਸ ਸ਼ਬਦ ਦੀ ਵਰਤੋਂ ਕੀਤੀ ਹੈ, ਜਿਸ ਰਾਹੀਂ ਕਈ ਪਹਿਲੂਆਂ ਨੂੰ ਵਿਚਾਰਿਆ ਗਿਆ ਹੈ; ਜਿਵੇਂ ਕਿ

(1). ‘ਸਚਿਆਰ’ ਦਾ ਅਰਥ ਹੈ: ਅਕਾਲ ਪੁਰਖ, ਜੋ ਸਦੀਵੀ ਸਥਿਰ ਹੈ:

ਨਾਨਕ  ! ਏਵੈ ਜਾਣੀਐ; ਸਭੁ ਆਪੇ ‘ਸਚਿਆਰੁ’ ॥ (ਜਪੁ)

ਅਨ ਕੋ (ਹੋਰ ਕੋਈ) ਦਰੁ ਘਰੁ ਕਬਹੂ ਨ ਜਾਨਸਿ; ‘ਏਕੋ ਦਰੁ ਸਚਿਆਰਾ’ ॥ (ਮ: ੧/੧੧੨੬)

ਤੂ ਸਚਾ ‘ਸਚਿਆਰੁ’; ਜਿਨਿ ਸਚੁ ਵਰਤਾਇਆ ॥ (ਮ: ੧/੧੨੭੯), ਆਦਿ।

(2). ‘ਸਚਿਆਰ’ ਦਾ ਅਰਥ ਹੈ: ਜੋ ਵਿਅਕਤੀ ਉਸ (ਏਕੋ ਦਰੁ ਸਚਿਆਰਾ) ਨੂੰ ਯਾਦ ਕਰਦਾ ਹੈ, ਉਹ ‘ਸਚਿਆਰਾ’ ਹੈ:

ਜੇ ਕੋ ਬੁਝੈ; ਹੋਵੈ ‘ਸਚਿਆਰੁ’ ॥ (ਜਪੁ)

ਸਚਿ ਮਿਲੈ ‘ਸਚਿਆਰੁ’; ਕੂੜਿ ਨ ਪਾਈਐ ॥ (ਮ: ੧/੪੧੯) ਭਾਵ ‘ਏਕੋ ਦਰੁ ਸਚਿਆਰਾ’ ਵਿੱਚ ਸਚਿਆਰ ਹੀ ਮਿਲਦਾ ਹੈ ਕਿਉਂਕਿ ਇਹ (ਏਕੋ ਦਰੁ ਸਚਿਆਰਾ) ਕੂੜ (ਝੂਠ) ਦੀ ਰਾਹੀਂ ਨਹੀਂ ਮਿਲਦਾ।

ਗੁਰੂ ਨਾਨਕ ਸਾਹਿਬ ਜੀ ਵਚਨ ਕਰਦੇ ਹਨ ਕਿ ਮਨੁੱਖ ਅਹੰਕਾਰ ’ਚ (ਚੰਗਾ ਮੰਦਾ) ਵਪਾਰ ਕਰਦਾ ਹੈ ਤੇ ਹੰਕਾਰ ਰੋਗ ਤੋਂ ਪੀੜਤ ਹੋਣ ਕਾਰਨ ਆਪਣੀ ਇਸ ਕਮਾਈ ਨੂੰ ਗਵਾ ਵੀ ਲੈਂਦਾ ਹੈ। ਅਜਿਹੇ ਕਿਰਦਾਰ ਕਾਰਨ ਕਦੇ ਸਚਿਆਰ ਤੇ ਕਦੇ ਕੂੜਿਆਰ ਅਖਵਾਉਂਦਾ ਹੈ, ਜੋ ਹਉਮੈ ਦਾ ਹੀ ਪ੍ਰਤੀਕ ਹੈ: ‘‘ਹਉ ਵਿਚਿ ਖਟਿਆ; ਹਉ ਵਿਚਿ ਗਇਆ (ਗਵਾਇਆ) ॥ ਹਉ ਵਿਚਿ ‘ਸਚਿਆਰੁ ਕੂੜਿਆਰੁ’ ॥’’ (ਮ: ੧/੪੬੬)

ਗੁਰੂ ਨਾਨਕ ਸਾਹਿਬ ਜੀ ਇੱਕ ਸ਼ਬਦ ’ਚ ‘ਸਚਿਆਰ’ ਤੇ ‘ਕੂੜੀਆਰ’ ਦੇ ਵਣਜ-ਵਪਾਰ ਦੀ ਵਿਆਖਿਆ ਕਰਦੇ ਹੋਏ ਸਮਝਾਉਂਦੇ ਹਨ ਕਿ ਸੋਨਾ ਚਾਂਦੀ ਕੱਚਾ (ਕੂੜ) ਧਨ ਹੈ ਇਸ ਦਾ ਵਪਾਰ ਕਰਨ ਵਾਲ਼ਾ ਅਸਲ ਸ਼ਾਹ (ਸਾਹੂਕਾਰ) ਅਖਵਾਉਂਦਾ ਹੈ, ਜੋ ਕਿ ਗ਼ਲਤ ਹੈ ਕਿਉਂਕਿ ਸੱਚਾ ਧਨ ਰੱਬੀ ਅਮੋਲਕ ਨਾਮ ਹੈ, ਜਿਸ ਦਾ ਵਪਾਰ ਸਚਿਆਰਿਆਂ (ਸੱਚ ਦੀ ਭੁੱਖ ਵਾਲ਼ਿਆਂ) ਨੇ ਹੀ ਕੀਤਾ ਹੈ, ਜਿਸ ਕਾਰਨ ਉਨ੍ਹਾਂ ਦੀ ਇੱਜ਼ਤ ਤੇ ਵਚਨ ਹਮੇਸ਼ਾਂ ਸੱਚੇ ਹੁੰਦੇ ਹਨ ਭਾਵ ਕਿਸੇ ਸੁਆਰਥ ਅਧੀਨ ‘ਸੱਚ’ ਵਪਾਰ ਵੱਲੋਂ ਮੂੰਹ ਨਹੀਂ ਮੋੜਦੇ: ‘‘ਸੁਇਨਾ ਰੁਪਾ ਸੰਚੀਐ; ਧਨੁ ਕਾਚਾ ਬਿਖੁ ਛਾਰੁ ॥ ਸਾਹੁ ਸਦਾਏ ਸੰਚਿ ਧਨੁ (ਭਾਵ ਕੂੜਾ ਧਨ ਇਕੱਠਾ ਕਰਕੇ); ਦੁਬਿਧਾ ਹੋਇ ਖੁਆਰੁ ॥ ਸਚਿਆਰੀ (ਸਚਿਆਰਿਆਂ ਨੇ) ਸਚੁ ਸੰਚਿਆ; ਸਾਚਉ ਨਾਮੁ ਅਮੋਲੁ ॥ ਹਰਿ ਨਿਰਮਾਇਲੁ ਊਜਲੋ; ਪਤਿ ਸਾਚੀ ਸਚੁ ਬੋਲੁ (ਵਚਨ)॥’’ (ਮ: ੧/੯੩੭) ਗੁਰੂ ਰਾਮਦਾਸ ਜੀ ਵੀ ਵਚਨ ਕਰਦੇ ਹਨ ਕਿ ਅਕਾਲ ਪੁਰਖ; ਸਚਿਆਰਿਆਂ ਨੂੰ ਹੀ ਵਡਿਆਈ ਬਖ਼ਸ਼ਦਾ ਹੈ: ‘‘ਸਚਿਆਰਾ ਦੇਇ ਵਡਿਆਈ; ਹਰਿ ਧਰਮ ਨਿਆਉ ਕੀਓਇ ॥’’ (ਮ: ੪/੮੯)

ਗੁਰੂ ਨਾਨਕ ਸਾਹਿਬ ਜੀ ਇਹ ਵੀ ਸਪਸ਼ਟ ਕਰਦੇ ਹਨ ਕਿ ‘ਸਚਿਆਰ’ ਦੀ ਪਰਖ ਕੇਵਲ ਬੋਲਣ ਕਰਕੇ ਨਹੀਂ ਬਲਕਿ ਚੁੱਪ ਰਹਿਣ ਨਾਲ਼ ਵੀ ਹੁੰਦੀ ਹੈ: ‘‘ਬਿਨੁ ਬੋਲੇ, ਬੂਝੀਐ ਸਚਿਆਰ (ਮਨੁੱਖ ਨੂੰ)॥’’ (ਮ: ੧/੬੬੨) ਅਤੇ ਗੁਰੂ ਨਾਨਕ ਸਾਹਿਬ ਜੀ ਅਜਿਹੇ ਸਚਿਆਰਾਂ ਤੋਂ ਕੁਰਬਾਨ ਜਾਂਦੇ ਹਨ: ‘‘ਹਉ ਤਿਨ ਕੈ ਬਲਿਹਾਰਣੈ; ਦਰਿ ਸਚੈ ਸਚਿਆਰ ॥’’ (ਮ: ੧/੫੫)

ਹੁਣ ਸਵਾਲ ਇਹ ਹੈ ਕਿ ‘‘ਕਿਵ ਸਚਿਆਰਾ ਹੋਈਐ  ? ਕਿਵ ਕੂੜੈ ਤੁਟੈ ਪਾਲਿ  ? ॥’’ ਉਕਤ ਵਿਚਾਰ ਉਪਰੰਤ ਜਵਾਬ ਵੀ ਇਹੀ ਮਿਲਦਾ ਹੈ ਕਿ ‘ਸਚਿਆਰ’ (ਅਕਾਲ ਪੁਰਖ) ਦੀ ਪ੍ਰਾਪਤੀ ਲਈ ਜਾਂ ‘ਸਚਿਆਰ’ ਦੇ ਵਣਜ-ਵਪਾਰ ਲਈ ਮਨੁੱਖ ਗੁਰੂ ਕੋਲ਼ ਬੈਠਦੇ ਹਨ, ਜਿੱਥੇ ਕੂੜ ਦੇ ਵਪਾਰੀ ਭਾਲ਼ਿਆਂ ਵੀ ਨਹੀਂ ਲੱਭਦੇ: ‘‘ਸਚਿਆਰ ਸਿਖ ਬਹਿ ਸਤਿਗੁਰ ਪਾਸਿ ਘਾਲਨਿ (ਕਮਾਈ ਕਰਦੇ); ਕੂੜਿਆਰ ਨ ਲਭਨੀ ਕਿਤੈ ਥਾਇ ਭਾਲੇ ॥’’ (ਮ: ੪/੩੦੫) ਗੁਰੂ ਰਾਮਦਾਸ ਜੀ ਇਹ ਵੀ ਸਪਸ਼ਟ ਕਰਦੇ ਹਨ ਕਿ ਕੂੜਿਆਂ ਦੀ ਖ਼ੁਰਾਕ ਕੂੜਿਆਂ ਪਾਸ ਹੁੰਦੀ, ਨਾ ਕਿ ਸੱਚੇ ਗੁਰੂ ਪਾਸ; ਇਸ ਕਰਕੇ ਉਨ੍ਹਾਂ ਦਾ ਝੁਕਾਅ ਦੂਸਰੇ ਪਾਸੇ ਹੁੰਦਾ ਹੈ: ‘‘ਕੂੜਿਆਰ, ਕੂੜਿਆਰੀ ਜਾਇ ਰਲੇ; ਸਚਿਆਰ ਸਿਖ, ਬੈਠੇ ਸਤਿਗੁਰ ਪਾਸਿ ॥’’ (ਮ: ੪/੩੧੪)

ਉਕਤ ਵਿਚਾਰ ਦਾ ਸਾਰ ਇਹ ਹੈ ਕਿ ‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ਕੀਤਾ ਗਿਆ ਵਰਣਨ ‘ਤੀਰਥ ਇਸ਼ਨਾਨ, ਮੌਨ ਵਰਤ, ਤ੍ਰਿਸ਼ਨਾ ਦੀ ਖਿੱਚ’ ਆਦਿ ਕਰਮਕਾਂਡ, ਕੂੜਿਆਰਾਂ ਦਾ ਵਪਾਰ ਹੈ, ਜਿਸ ਦਾ ਤਿਆਗ ਹੀ ਗੁਰਮਤਿ ਹੈ, ‘ਸਚਿਆਰ’ ਜੀਵਨ ਹੈ।

‘ਹੋਈਐ’– ਗੁਰਬਾਣੀ ਲਿਖਤ ਮੁਤਾਬਕ ਇਸ (16 ਵਾਰ ਦਰਜ) ਕਿਰਿਆਵਾਚੀ ਸ਼ਬਦ ਦਾ ਅਰਥ ਹੈ: ‘ਹੋਇਆ ਜਾ ਸਕਦਾ ਹੈ’ ਅਤੇ ‘ਹੋਇਐ’ (ਕਿਰਦੰਤ, ਕੇਵਲ 1 ਵਾਰ) ਦਾ ਅਰਥ ਹੈ: ‘ਹੋਣ ਨਾਲ਼’; ਇਸੇ ਤਰ੍ਹਾਂ ‘ਸੁਣੀਐ’ (ਕਿਰਿਆ, 35 ਵਾਰ) ਦਾ ਅਰਥ ਹੈ: ‘ਸੁਣਨਾ ਚਾਹੀਦਾ ਹੈ’ ਪਰ ‘ਸੁਣਿਐ’ (ਕਿਰਦੰਤ, 36 ਵਾਰ) ਦਾ ਅਰਥ ਹੈ: ‘ਸੁਣਨ ਨਾਲ਼’, ਪਾਈਐ (ਕਿਰਿਆ, 620 ਵਾਰ) ਦਾ ਅਰਥ ਹੈ: ‘ਪਾਇਆ ਜਾ ਸਕਦਾ ਹੈ’ ਪਰ ‘ਪਾਇਐ’ (ਕਿਰਦੰਤ, 4 ਵਾਰ) ਦਾ ਅਰਥ ਹੈ ‘ਪਾਉਣ ਨਾਲ਼’, ‘ਪਈਐ’ (2 ਵਾਰ) ਦਾ ਅਰਥ ਹੈ: ‘ਪਿਆ ਜਾ ਸਕਦਾ ਹੈ’ ਪਰ ‘ਪਇਐ’ (18 ਵਾਰ) ਦਾ ਅਰਥ ਹੈ: ‘ਪੈਣ ਨਾਲ਼’; ਜਿਵੇਂ

(1). ‘ਹੋਇਐ, ਸੁਣਿਐ, ਪਾਇਐ, ਪਇਐ’ (ਕਿਰਦੰਤ):

‘ਸੁਣਿਐ’; ਦੂਖ ਪਾਪ ਕਾ ਨਾਸੁ ॥ (ਜਪੁ) ਭਾਵ ਸੁਣਨ ਨਾਲ਼।

ਜਿਉ, ਅਗਨਿ ਮਰੈ ਜਲਿ ਪਾਇਐ; ਤਿਉ ਤ੍ਰਿਸਨਾ ਦਾਸਨਿ ਦਾਸਿ ॥ (ਮ: ੧/੨੨) ਭਾਵ (ਜਲ) ਪਾਉਣ ਨਾਲ਼।

‘ਵੁਠੈ+ਹੋਇਐ’ ਹੋਇ ਬਿਲਾਵਲੁ (ਖ਼ੁਸ਼ੀ); ਜੀਆ ਜੁਗਤਿ ਸਮਾਣੀ ॥ (ਮ: ੧/੧੫੦) ਭਾਵ ਮੀਂਹ ਪੈਣ ਨਾਲ਼।

ਨਾਨਕ  ! ਕਿਰਤਿ ‘ਪਇਐ’ ਕਮਾਵਣਾ; ਕੋਇ ਨ ਮੇਟਣਹਾਰੁ ॥ (ਮ: ੩/੫੯੪) ਭਾਵ ਕਿਰਤ ਪਈ ਹੋਣ ਨਾਲ਼/ਕਾਰਨ।

(2). ‘ਗਾਵੀਐ, ਸੁਣੀਐ, ਰਖੀਐ, ਜੀਵੀਐ, ਹੋਈਐ, ਪਾਈਐ, ਪਈਐ, ਹੋਈਐ,’ (ਕਿਰਿਆ):

‘ਗਾਵੀਐ ਸੁਣੀਐ’ ਮਨਿ ਰਖੀਐ ਭਾਉ ॥ (ਜਪੁ) ਭਾਵ ਗਾਉਣਾ ਚਾਹੀਦਾ ਹੈ, ਸੁਣਨਾ ਚਾਹੀਦਾ ਹੈ, (ਮਨ ’ਚ ਪਿਆਰ) ਰੱਖਣਾ ਚਾਹੀਦਾ ਹੈ। 

ਜਿਸੁ ਲੜਿ ‘ਲਗਿਐ’ ‘ਜੀਵੀਐ’ ਭਵਜਲੁ ‘ਪਈਐ’ ਪਾਰਿ ॥ (ਮ: ੫/੨੧੮) ਭਾਵ (ਲੜ) ਲੱਗਣ ਨਾਲ਼, ਜੀਵੀਆ ਜਾ ਸਕਦਾ ਹੈ, (ਸੰਸਾਰ ਪਾਰ) ਪਿਆ ਜਾ ਸਕਦਾ ਹੈ, ਹੋਇਆ ਜਾ ਸਕਦਾ ਹੈ।

ਜਿਤੁ ‘ਬੋਲਿਐ’, ਪਤਿ ‘ਪਾਈਐ’; ਸੋ ਬੋਲਿਆ ਪਰਵਾਣੁ ॥ (ਮ: ੧/੧੫) ਭਾਵ ਬੋਲਣ ਨਾਲ਼, (ਇੱਜ਼ਤ) ਪਾਈ ਜਾ ਸਕਦੀ ਹੈ, ਆਦਿ।

‘ਪਾਲਿ’– ਇਹ ਸ਼ਬਦ ਗੁਰਬਾਣੀ ’ਚ 9 ਵਾਰ ਦਰਜ ਹੈ, ਜਿਸ ਦੇ ਅਰਥ ਆਮ ਤੌਰ ’ਤੇ 2 ਪ੍ਰਚਲਿਤ ਹਨ: ‘ਕੰਧ’ ਤੇ ‘ਪਾਲਣਾ ਕਰਨਾ’; ਜਿਵੇਂ:

(ੳ). (1). ਗੁਰਮੁਖਿ, ਰਾਮ ਨਾਮ ਗੁਨ ਗਾਏ; ਤੂ ਅਪਰੰਪਰੁ ਸਰਬ ‘ਪਾਲ’  ! ॥ (ਮ:੧/੧੧੬੯) ਭਾਵ ਹੇ ਸਭ ਦੀ ਪਾਲਣਾ ਕਰਨ ਵਾਲ਼ੇ ਅਪਰੰਪਰ ਮਾਲਕ  ! (ਤੇਰੀ ਕਿਰਪਾ ਨਾਲ਼ ਹੀ) ਗੁਰਮੁਖ ਬਣ ਕੇ ਤੇਰੇ ਗੁਣ ਗਾਏ (ਜਾ ਸਕਦੇ) ਹਨ।

(2). ਨਾਨਕ  ! ਸੋ ਪ੍ਰਭੁ ਸਿਮਰੀਐ; ਤਿਸੁ ਦੇਹੀ ਕਉ ‘ਪਾਲਿ’॥ (ਮ:੫/੫੫੪) ਭਾਵ ਇਸ ਦੇਹੀ ਨੂੰ ਪਾਲਣ ਵਾਲ਼ੇ ਉਸ ਪ੍ਰਭੂ ਨੂੰ ਯਾਦ ਕਰਨਾ ਚਾਹੀਦਾ ਹੈ।

(ਅ). ਕੂੜੈ ਕੀ ‘ਪਾਲਿ’ ਵਿਚਹੁ ਨਿਕਲੈ, ਤਾ ਸਦਾ ਸੁਖੁ ਹੋਇ॥ (ਮ:੩/੪੯੦) ਭਾਵ ‘‘ਧਨ ਪਿਰ ਕਾ ਇਕ ਹੀ ਸੰਗਿ ਵਾਸਾ; ਵਿਚਿ ‘ਹਉਮੈ ਭੀਤਿ’ ਕਰਾਰੀ॥’’ (ਮ:੪/੧੨੬੩) ਅਰਥ: ਜੀਵਾਤਮਾ (ਧਨ) ਤੇ ਪ੍ਰਮਾਤਮਾ (ਪਿਰ) ਦਾ ਨਿਵਾਸ ਸਥਾਨ ਇੱਕ ਜਗ੍ਹਾ (ਹਿਰਦੇ ਵਿੱਚ) ਹੀ ਹੈ ਪਰ ਵਿਚਕਾਰ ਕਠੋਰਤਾ ਰੂਪ ਹਉਮੈ ਦੀ ਕੰਧ (ਪਰਦਾ) ਹੋਣ ਕਾਰਨ ਉਸ ਅਨੰਦ ਦੇ ਸੋਮੇ ਦਾ ਮਿਲਾਪ ਹਾਸਲ ਨਹੀਂ ਹੋ ਪਾ ਰਿਹਾ।

ਸੰਬੰਧਿਤ ਤੁਕ ਦੀ ‘ਕੂੜੈ ਪਾਲਿ’ ਹੀ ਉਕਤ ਤੁਕ ’ਚ ‘ਹਉਮੈ ਭੀਤਿ’ ਹੈ ਭਾਵ ਵਿਕਾਰ ਰੂਪ ਕਾਲ਼ਖ਼ ਜਾਂ ਅਕਾਲ ਪੁਰਖ ਵੱਲੋਂ ਪਈ ਹੋਈ ਦੂਰੀ, ਵਿੱਥ ਹੀ ‘ਕੂੜੈ ਪਾਲਿ’ ਹੈ, ਜਿਸ ਬਾਬਤ ਗੁਰੂ ਅਮਰਦਾਸ ਜੀ ਦੇ ਵਚਨ ਹਨ: ‘‘ਮਲੁ ਕੂੜੀ ਨਾਮਿ (ਰਾਹੀਂ) ਉਤਾਰੀਅਨੁ; ਜਪਿ ਨਾਮੁ ਹੋਆ ‘ਸਚਿਆਰੁ’ ॥ (ਮ: ੩/੯੫੧)

ਸੋ, ‘‘ਕਿਵ ਸਚਿਆਰਾ ਹੋਈਐ  ? ਕਿਵ ਕੂੜੈ ਤੁਟੈ ਪਾਲਿ  ?॥’’ ਭਾਵ (ਸਵਾਲ ਹੈ ਕਿ ਸਥੂਲ ਸਰੀਰ ਨਾਲ਼ ਸੰਬੰਧਿਤ ਅਗਰ ਉਕਤ ਤਮਾਮ ਕਰਮਕਾਂਡ ਨਿਹਫਲ਼ ਹਨ ਤਾਂ ਸੂਖਮ ਸਰੀਰ ਦੀ ਪਵਿੱਤਰਤਾ ਵਾਲ਼ਾ) ਸਚਿਆਰਾ ਜੀਵਨ ਕਿਵੇਂ ਬਣੇ ਤੇ ਕਿਵੇਂ (ਅੰਤਹਿਕਰਣ ਰੂਪ ਬਣੀ) ਝੂਠ ਦੀ ਕੰਧ (ਪਰਦਾ) ਨਸ਼ਟ ਹੋਵੇ ? (ਜੋ ਅਕਾਲ ਪੁਰਖ ਤੇ ਸਾਡੇ ਵਿਚਕਾਰ ਪਈ ਦੂਰੀ ਦਾ ਮੂਲ ਕਾਰਨ ਹੈ।)

ਹੁਕਮਿ ਰਜਾਈ ਚਲਣਾ, ਨਾਨਕ  ! ਲਿਖਿਆ ਨਾਲਿ॥੧॥

ਹੁਕਮਿ– ਗੁਰਬਾਣੀ ’ਚ ਦਰਜ ‘ਹੁਕਮੁ’ (ਇੱਕ ਵਚਨ ਪੁਲਿੰਗ ਨਾਂਵ, 238 ਵਾਰ) ਦਾ ਕਾਰਕੀ ਰੂਪ ਹੈ: ‘ਹੁਕਮਿ’ (88 ਵਾਰ) , ਜਿਸ ਦਾ ਅਰਥ ਹੈ: ‘ਹੁਕਮ ਵਿੱਚ’ (ਅਧਿਕਰਣ ਕਾਰਕ)

ਗੁਰਬਾਣੀ ਲਿਖਤ ਮੁਤਾਬਕ ਇਕ ਵਚਨ ਪੁਲਿੰਗ ਨਾਂਵ ਦੇ ਅਖੀਰ ’ਚ ਔਂਕੜ ਦੀ ਬਜਾਏ ਸਿਹਾਰੀ 4 ਕਾਰਕਾਂ ਕਾਰਨ ਦਰਜ ਹੁੰਦੀ ਹੈ:

(1). ਕਰਤਾ ਕਾਰਕ, ਜਿਸ ਦਾ ਚਿੰਨ੍ਹ ਹੈ: ‘ਨੇ’; ਜਿਵੇਂ 

‘ਗੁਰਿ ਨਾਨਕਿ’, ਮੇਰੀ ਪੈਜ ਸਵਾਰੀ॥ (ਮ:੫/੮੦੬) ਭਾਵ ਗੁਰੂ ਨੇ, ਨਾਨਕ ਨੇ ਮੇਰੀ ਇੱਜ਼ਤ ਰੱਖੀ।

(ਨੋਟ: ਕਰਤਾ ਕਾਰਕ ਵਾਕ ’ਚ ਕਿਰਿਆ ਆਮ ਤੌਰ ’ਤੇ ਭੂਤਕਾਲ ਹੁੰਦੀ ਹੈ।)

(2). ਕਰਣ ਕਾਰਕ, ਜਿਸ ਦਾ ਚਿੰਨ੍ਹ ਹੈ: ‘ਨਾਲ, ਰਾਹੀਂ, ਦੁਆਰਾ’; ਜਿਵੇਂ 

ਗੁਰ ‘ਪ੍ਰਸਾਦਿ’ ॥ ਭਾਵ ਗੁਰੂ ਦੀ ‘ਕਿਰਪਾ ਨਾਲ਼ ਜਾਂ ਰਾਹੀਂ’।

(3). ਅਧਿਕਰਣ ਕਾਰਕ, ਜਿਸ ਦਾ ਚਿੰਨ੍ਹ ਹੈ: ‘ਵਿੱਚ, ਉੱਤੇ’; ਜਿਵੇਂ

‘‘ਗਾਵੀਐ, ਸੁਣੀਐ; ‘ਮਨਿ’ ਰਖੀਐ, ਭਾਉ॥’’ ਭਾਵ ‘ਮਨ ਵਿੱਚ’ ਪ੍ਰੇਮ ਰੱਖਣਾ ਚਾਹੀਦਾ ਹੈ।

(4). ਅਪਾਦਾਨ ਕਾਰਕ, ਜਿਸ ਦਾ ਚਿੰਨ੍ਹ ਹੈ: ‘ਤੋਂ, ਪਾਸੋਂ, ਵਿੱਚੋਂ, ਕੋਲ਼ੋਂ’; ਜਿਵੇਂ

‘ਓਅੰਕਾਰਿ’, ਬ੍ਰਹਮਾ ਉਤਪਤਿ॥ (ਮ:੧/੯੨੯) ਭਾਵ ‘ਓਅੰਕਾਰ (ਅਕਾਲ ਪੁਰਖ) ਤੋਂ’ ਬ੍ਰਹਮਾ ਦੀ ਉਤਪਤੀ ਹੋਈ, ਨਾ ਕਿ ਕਿਸੇ ‘ਏਕਾ ਮਾਈ’ ਤੋਂ।

(ਨੋਟ: ਉਕਤ ਵਿਚਾਰ ਅਧੀਨ ਚਾਰੇ ਸ਼ਬਦ ‘ਗੁਰਿ/ਨਾਨਕਿ, ਪ੍ਰਸਾਦਿ, ਮਨਿ ਤੇ ਓਅੰਕਾਰਿ’ ਇੱਕ ਵਚਨ ਪੁਲਿੰਗ ਨਾਂਵ ਹੀ ਹਨ, ਜਿਨ੍ਹਾਂ ਦਾ ਗੁਰਬਾਣੀ ’ਚ ਅਸਲ ਸਰੂਪ (ਬਿਨਾਂ ਕਾਰਕ) ‘ਗੁਰੁ’ (774 ਵਾਰ), ‘ਨਾਨਕੁ’ (531 ਵਾਰ), ‘ਪ੍ਰਸਾਦੁ’ (6 ਵਾਰ), ‘ਮਨੁ’ (1513 ਵਾਰ) ਤੇ ‘ਓਅੰਕਾਰੁ’ (1 ਵਾਰ) ਹੈ; ਜਿਵੇਂ

‘ਗੁਰੁ’ ਈਸਰੁ, ‘ਗੁਰੁ’ ਗੋਰਖੁ ਬਰਮਾ; ‘ਗੁਰੁ’ ਪਾਰਬਤੀ ਮਾਈ ॥ (ਜਪੁ)

‘ਨਾਨਕੁ’ ਨੀਚੁ; ਕਹੈ ਵੀਚਾਰੁ ॥ (ਜਪੁ)

ਕਰਿ ‘ਪ੍ਰਸਾਦੁ’; ਦਇਆ ਪ੍ਰਭਿ (ਨੇ) ਧਾਰੀ ॥ (ਮ: ੫/੨੯੫)

ਤਾ ‘ਮਨੁ’ ਖੀਵਾ ਜਾਣੀਐ; ਜਾ ਮਹਲੀ ਪਾਏ ਥਾਉ ॥ (ਮ: ੧/੧੬)

‘ਓਅੰਕਾਰੁ’; ਕੀਆ ਜਿਨਿ ਚਿਤਿ ॥ (ਮ: ੧/੯੨੯), ਆਦਿ।)

ਸੋ, ‘‘ਹੁਕਮਿ ਰਜਾਈ ਚਲਣਾ, ਨਾਨਕ  ! ਲਿਖਿਆ ਨਾਲਿ॥੧॥’’ ਭਾਵ (ਉਕਤ ਸਵਾਲ ਦਾ ਜਵਾਬ ਹੈ ਕਿ) ਹੇ ਨਾਨਕ ! ਰਜ਼ਾ ਦੇ ਮਾਲਕ ਦੇ ਹੁਕਮ ਵਿੱਚ (ਚੱਲ ਰਿਹਾ ਹਾਂ, ਨੂੰ) ਸਵੀਕਾਰ ਕਰਨਾ ਚਾਹੀਦਾ ਹੈ (ਇਹ ਹੁਕਮ, ਜੀਵਨ ਹੋਂਦ ਸਮੇਂ ਤੋਂ) ਨਾਲ਼ ਲਿਖਿਆ ਚਲਦਾ ਆ ਰਿਹਾ ਹੈ (ਭਾਵ ਅਸੀਂ ਨਿਰੰਤਰ ਉਸ ਹੁਕਮ ਅਧੀਨ ਵਿਚਰ ਰਹੇ ਹਾਂ ਪਰ ਨਾ ਸਮਝੀ ਕਾਰਨ ਤੌਖਲਾ (ਘਬਰਾਹਟ, ਫ਼ਿਕਰ) ਵੀ ਬਣਿਆ ਰਹਿੰਦਾ ਹੈ।)। ੧।

(ਨੋਟ:– ਉਕਤ ਪੰਕਤੀ ਦੇ ਅਖੀਰ ’ਚ ਦੁਬਾਰਾ ਆਇਆ ਅੰਕ ੧, ‘ਜਪੁ’ ਬਾਣੀ ਦੀ ਅਰੰਭਕ ਪਉੜੀ ਦੀ ਸਮਾਪਤੀ ਦਾ ਸੂਚਕ ਹੈ ਜਦਕਿ ਪਿਛਲਾ ਅੰਕ ੧, ‘‘ਆਦਿ ਸਚੁ ਜੁਗਾਦਿ ਸਚੁ॥’’ ਸਲੋਕ ਦੀ ਸਮਾਪਤੀ ਦਾ ਪ੍ਰਤੀਕ ਸੀ।

ਉਕਤ ਅਖੀਰਲੀ ਤੁਕ ‘‘ਹੁਕਮਿ ਰਜਾਈ ਚਲਣਾ..॥’’ ਦਾ ਆਮ ਤੌਰ ’ਤੇ ਅਰਥ ਕਰ ਲਿਆ ਜਾਂਦਾ ਹੈ ਕਿ ‘ਰਜ਼ਾ ਦੇ ਮਾਲਕ ਦੇ ਹੁਕਮ ਵਿੱਚ ਚੱਲਣਾ ਚਾਹੀਦਾ ਹੈ’, ਪਰ ਇਨ੍ਹਾਂ ਸ਼ਬਦਾਰਥਾਂ ਰਾਹੀਂ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਅਸੀਂ ਅਕਾਲ ਪੁਰਖ ਦੀ ਰਜ਼ਾ ਦੇ ਉਲਟ ਵੀ ਚੱਲਣ ਦੀ ਸਮਰੱਥਾ ਰੱਖਦੇ ਹਾਂ ਜਦਕਿ ਗੁਰਬਾਣੀ ਫ਼ੁਰਮਾਨ ਹੈ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ (ਜਪੁ)

ਦਰਅਸਲ, ਗੁਰਬਾਣੀ ’ਚ ਕਈ ਜਗ੍ਹਾ ਕਿਸੇ ਇੱਕ ਤੁਕ ਦੇ ਅੱਖਰੀਂ ਅਰਥਾਂ ਨਾਲ਼ ਗੁਰਮਤਿ ਸਿਧਾਂਤ ਸਪਸ਼ਟ ਨਹੀਂ ਹੁੰਦਾ; ਜਿਵੇਂ ਕਿ

(1). ਕੀ ਗੁਰੂ ਦੇ ਨਜਦੀਕ ਬੈਠਣਾ ਹੀ ਲਾਭਕਾਰੀ ਹੈ ਜਾਂ ਦੂਰ ਬੈਠਣਾ ਵੀ ? ਇਸ ਸਵਾਲ ਦਾ ਜਵਾਬ ਇਨ੍ਹਾਂ ਦੋ ਤੁਕਾਂ ਨੂੰ ਸਮਾਨੰਤਰ ਰੱਖ ਕੇ ਵਿਚਾਰਿਆਂ ਹੀ ਸਪਸ਼ਟ ਹੋਵੇਗਾ:

(ੳ). ਸਤਸੰਗਤਿ ਮਿਲਿ ਰਹੀਐ ਮਾਧਉ  ! ਜੈਸੇ ‘ਮਧੁਪ ਮਖੀਰਾ’ (ਭਾਵ ਜਿਵੇਂ ਸ਼ਹਿਦ ਦੀਆਂ ਮੱਖੀਆਂ ਤੇ ਛੱਤਾ)॥ (ਭਗਤ ਰਵਿਦਾਸ/੪੮੬)

(ਅ). ਗੁਰ ਸਭਾ ਏਵ ਨ ਪਾਈਐ; ਨਾ ਨੇੜੈ, ਨਾ ਦੂਰਿ ॥ (ਮ: ੩/੮੪)

ਉਕਤ ਦੋਵੇਂ ਤੁਕਾਂ ਦੇ ਅਰਥ ਇਉਂ ਕਰਨੇ ਪੈਣਗੇ ਕਿ ਸਥੂਲ ਸਰੀਰ ਕਰਕੇ ਬੇਸ਼ੱਕ ਕੋਈ ਗੁਰੂ ਤੋਂ ਦੂਰ ਵੀ ਰਹੇ ਪਰ ਸੂਖਮ ਸਰੀਰ ਕਰਕੇ ਨੇੜੇ ਰਹਿਣਾ ਹੀ ਗੁਰਮਤਿ ਹੈ।

(2). ਕੀ ਰੂਹਾਨੀਅਤ (ਅਨੰਦਿਤ) ਜੀਵਨ ਕਿਸੇ ਨਾਲ਼ ਸਾਂਝਾ ਕੀਤਾ ਜਾ ਸਕਦਾ ਹੈ ? ਇਸ ਸਵਾਲ ਦਾ ਜਵਾਬ ਇਨ੍ਹਾਂ ਦੋ ਤੁਕਾਂ ਨੂੰ ਸਮਾਨੰਤਰ ਰੱਖ ਕੇ ਵਿਚਾਰਿਆਂ ਹੀ ਸਪਸ਼ਟ ਹੋਵੇਗਾ:

(ੳ). ਅਨਦੁ, ਸੁਣਹੁ ਵਡਭਾਗੀਹੋ ! ਸਗਲ ਮਨੋਰਥ ਪੂਰੇ ॥ (ਮ: ੩/੯੨੨)

(ਅ). ਕਹੁ ਕਬੀਰ  ! ਗੂੰਗੈ ਗੁੜੁ ਖਾਇਆ; ਪੂਛੇ ਤੇ, ਕਿਆ ਕਹੀਐ  ?॥ (ਭਗਤ ਕਬੀਰ/੩੩੪)

ਉਕਤ ਦੋਵੇਂ ਤੁਕਾਂ ’ਚੋਂ ਪਹਿਲੀ ਤੁਕ ’ਚ ਦਰਜ ‘ਅਨੰਦੁ’ ਸ਼ਬਦ ਦਾ ਅਰਥ ‘ਅਨੰਦ ਬਾਣੀ’ ਦੇ ਸਿਰਲੇਖ ਵੱਲ ਲੈ ਜਾਣਾ ਹੀ ਗੁਰਮਤਿ ਅਨੁਸਾਰੀ ਹੋਵੇਗਾ ਭਾਵ ਹੇ ਵੱਡੇ ਭਾਗਾਂ ਵਾਲ਼ਿਓ ! ‘ਅਨੰਦੁ’ ਸਿਰਲੇਖ ਵਾਲ਼ੀ ਬਾਣੀ ਸੁਣੋ (ਵਿਚਾਰੋ), ਆਦਿ।

ਇਸੇ ਤਰ੍ਹਾਂ ‘‘ਹੁਕਮਿ ਰਜਾਈ ਚਲਣਾ..॥’’ ਦੇ ਸ਼ਬਦਾਰਥਾਂ ਨੂੰ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ ਪੰਕਤੀ ਦੇ ਸਮਾਨੰਤਰ ਰੱਖ ਕੇ ਵਿਚਾਰਿਆਂ ਹੀ ਸਪਸ਼ਟ ਹੋ ਸਕਦੇ ਹਨ; ਜਿਵੇਂ ਕਿ ਕਰਤਾਰ ਦੇ ਹੁਕਮ ਵਿੱਚ ਤਾਂ ਹਰ ਕੋਈ ਚੱਲ ਰਿਹਾ ਹੈ ਪਰ ਉਸ ਨੂੰ ਮਹਿਸੂਸ ਨਾ ਕਰਨ ਦੇ ਕਾਰਨ ਸਾਰਾ ਮਹੱਤਵ ਆਪਣੇ ਉੱਪਰ ਲੈ ਲਿਆ ਜਾਂਦਾ ਹੈ, ਜਿਸ ਨਾਲ਼ ਅੰਦਰ ਅਹੰਕਾਰ ਦਾ ਬੀ ਬੋਇਆ ਜਾਂਦਾ ਹੈ, ਜੋ ਜਨਮ ਮਰਨ ਦਾ ਮੂਲ ਹੈ: ‘‘ਹਉਮੈ ਵਿਚਿ ਜਗੁ ਉਪਜੈ ਪੁਰਖਾ  ! ਨਾਮਿ ਵਿਸਰਿਐ, ਦੁਖੁ ਪਾਈ ॥’’ (ਮ: ੧/੯੪੬) ਪਦ ਅਰਥ: ਨਾਮਿ ਵਿਸਰਿਐ– ਭਾਵ ਰੱਬੀ ਰਜ਼ਾ (ਨਿਯਮ) ਨੂੰ ਭੁੱਲਣ ਨਾਲ਼।

ਜੀਵ ਵਿਗਿਆਨ ਅਨੁਸਾਰ ਜੰਗਲ਼ੀ ਜੀਵਾਂ ਦੇ ਵਿਕਾਸ ਦਾ ਮੂਲ ਸਰੋਤ ‘ਹਾਥੀ’ ਹਨ ਭਾਵ ਹਾਥੀ ਤੋਂ ਬਿਨਾਂ ਜੰਗਲ਼ੀ ਜੀਵਾਂ ਦਾ ਵਿਕਾਸ ਅਸੰਭਵ ਹੈ ਕਿਉਂਕਿ ਉਨ੍ਹਾਂ ਅਨੁਸਾਰ ਉੱਚੇ-ਲੰਮੇ ਦਰਖ਼ਤ ਹਾਥੀ ਤੋੜਦਾ ਹੈ, ਜਿਸ ਨਾਲ਼ ਸੂਰਜ ਦੀ ਕਿਰਨ ਜ਼ਮੀਨ ’ਤੇ ਪੈਂਦੀ ਹੈ, ਜੋ ਨਿਉਂ ਬਨਸਪਤੀ ਨੂੰ ਜਨਮ ਦਿੰਦੀ ਹੈ। ਉਸ ਨੂੰ ਖਾ ਕੇ ਸਾਕਾਹਾਰੀ ਜੀਵਾਂ ਦਾ ਵਿਕਾਸ ਹੁੰਦਾ ਹੈ, ਜੋ ਮਾਸਾਹਾਰੀਆਂ ਦੀ ਖ਼ੁਰਾਕ ਬਣਦੇ ਹਨ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਹਾਥੀ ਨੂੰ ਕੁਦਰਤ ਦੇ ਇਸ ਵਿਕਾਸ ਬਾਰੇ ਜਾਣਕਾਰੀ ਹੈ ? ਜਵਾਬ ਮਿਲੇਗਾ, ਨਹੀਂ। ਇਸੇ ਤਰ੍ਹਾਂ ਮਨੁੱਖ ਸਮੇਤ ਕਿਸੇ ਵੀ ਜੂਨੀ ਨੂੰ ਨਹੀਂ ਪਤਾ ਕਿ ਉਹ ਕੁਦਰਤ ਦੇ ਵਿਕਾਸ ਦੀ ਇੱਕ ਕੜੀ ਹੈ, ਜੋ ਬਚਪਨ ਤੋਂ ਅਰੰਭ ਹੋਈ ਹੈ, ਜਿਸ ਨੂੰ ‘‘ਨਾਨਕ  ! ਲਿਖਿਆ ਨਾਲਿ॥੧॥’’ ਰਾਹੀਂ ਉਜਾਗਰ ਕੀਤਾ ਗਿਆ। ਇਸ ਦਾ ਅਹਿਸਾਸ ਕਰਵਾਉਣਾ ਹੀ ‘‘ਹੁਕਮਿ ਰਜਾਈ ਚਲਣਾ..॥’’ ਹੈ, ਤਾਂ ਜੋ ਮਨੁੱਖ ਹਰ ਕੰਮ ਦਾ ਮਹੱਤਵ ਆਪਣੇ ਉੱਪਰ ਲੈ ਕੇ ‘‘ਕਿਵ ਕੂੜੈ ਤੁਟੈ ਪਾਲਿ  ?॥’’ ਭਾਵਨਾ ਵਿਅਕਤ ਕਰਨ ਦੀ ਬਜਾਏ ਇਸ ਕੰਧ (ਪਰਦੇ) ਨੂੰ ਹਉਮੈ ਨਾਲ਼ ਹੋਰ ਮਜ਼ਬੂਤ ਨਾ ਕਰਦਾ ਰਹੇ ।

ਕੁਝ ਗੁਰਸਿੱਖ; ਮਨੁੱਖ ਦੀ ਕੁਕਰਮੀ ਬਿਰਤੀ ਨੂੰ ਸਾਮ੍ਹਣੇ ਰੱਖ ਕੇ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ ਦੇ ਅਰਥ ਕਰਦੇ ਹਨ ਕਿ ‘ਅਕਾਲ ਪੁਰਖ ਦੇ ਹੁਕਮ ਵਿੱਚ ਚੱਲਣ ਵਾਲ਼ਾ ਸੁਖੀ ਰਹਿੰਦਾ ਹੈ ਤੇ ਹੁਕਮ ਤੋਂ ਬਾਹਰ ਕੋਈ ਸੁਖੀ ਨਹੀਂ ਰਹਿ ਸਕਦਾ।’ ਇਹ ਸ਼ਬਦਾਰਥ ਪਉੜੀ ਦੇ ਪ੍ਰਸੰਗ ਮੁਤਾਬਕ ਦਰੁਸਤ ਨਹੀਂ ਕਿਉਂਕਿ ਪਉੜੀ ਦਾ ਵਿਸ਼ਾ ਕੁਦਰਤ ਦੀ ਹਰ ਸ਼ੈ (ਵਸਤੂ) ਨੂੰ ਰੱਬੀ ਹੁਕਮ ਵਿੱਚ ਕੈਦ ਕਰਦਾ ਹੈ, ਨਾ ਕਿ ਕਿਸੇ ਨੂੰ ਬਾਹਰ ਵੀ ਰੱਖਦਾ ਹੈ।

ਜਿਨ੍ਹਾਂ ਪਾਪ-ਪੁੰਨ ਨੂੰ ਆਧਾਰ ਬਣਾ ਕੇ ਪ੍ਰਚਲਿਤ ਅਰਥਾਂ ਨੂੰ ਅਸਵੀਕਾਰਿਆ ਜਾ ਰਿਹਾ ਹੈ ਉਹ (ਪੁੰਨ-ਪਾਪ) ਗੁਰਮਤਿ ਅਨੁਸਾਰੀ ਨਹੀਂ ਬਲਕਿ ਵੈਦਿਕ ਸੋਚ ਹੈ, ਜਿਸ ਵਿੱਚੋਂ ਗੁਰਮਤਿ ਤਤਸਾਰ ਨਿਕਾਲ ਕੇ ਪ੍ਰਵਾਨ ਕਰਦੀ ਹੈ; ਜਿਵੇਂ ‘‘ਸਿਮ੍ਰਿਤਿ, ਸਾਸਤ੍ਰ, ਪੁੰਨ ਪਾਪ ਬੀਚਾਰਦੇ; ਤਤੈ ਸਾਰ ਨ ਜਾਣੀ ॥’’ (ਮ: ੩/੯੨੦) ‘ਤਤਸਾਰ’ ਇਹ ਹੈ ਕਿ ਕੁਦਰਤ ’ਚ ਕੁਝ ਵੀ ਗ਼ਲਤ ਨਹੀਂ: ‘‘ਬੁਰਾ ਨਹੀ, ਸਭੁ ਭਲਾ ਹੀ ਹੈ ਰੇ  ! ਹਾਰ ਨਹੀ, ਸਭ ਜੇਤੈ ॥’’ (ਮ: ੫/੧੩੦੨) ਭਾਵ ਉਹੀ ਸੁਖੀ ਹੈ ਜੋ ਸਮਝੇ ਕਿ ਸਮਾਜ ’ਚ ਕੁਝ ਵੀ ਗ਼ਲਤ ਨਹੀਂ (ਹੁਕਮ ਤੋਂ ਬਾਹਰ ਨਹੀਂ) ਉਸੇ ਦੀ ਸਦਾ ਜਿੱਤ ਹੁੰਦੀ ਹੈ।)