ਸੀਸੁ ਦੀਆ, ਪਰੁ ਸਿਰਰੁ ਨ ਦੀਆ ॥

0
683

ਸੀਸੁ ਦੀਆ, ਪਰੁ ਸਿਰਰੁ ਨ ਦੀਆ ॥

ਡਾ. ਅਮਨਦੀਪ ਸਿੰਘ ਟੱਲੇਵਾਲੀਆ-98146-99446

ਸਿੱਖ ਧਰਮ ਦੀ ਵਿਲੱਖਣਤਾ ਇਹ ਹੈ ਕਿ ਜਿੱਥੇ ਇਸ ਧਰਮ ਵਿੱਚ ਬੁੱਤ ਪੂਜਾ, ਊਚ-ਨੀਚ, ਜਾਤ-ਪਾਤ ਦਾ ਖੰਡਨ ਕੀਤਾ ਗਿਆ ਹੈ, ਉੱਥੇ ਇਸ ਧਰਮ ਦੇ ਅਨੁਯਾਈਆਂ ਨੇ ਲੋਕਾਂ ਨੂੰ ਜ਼ੁਲਮ ਵਿਰੁੱਧ ਅਵਾਜ਼ ਉੱਠਾਉਣ ਦਾ ਅਤੇ ਅਣਖ ਨਾਲ ਜਿਉਣ ਦਾ ਪਾਠ ਵੀ ਪੜ੍ਹਾਇਆ ਹੈ।

ਹਿੰਦੋਸਤਾਨ ਉੱਤੇ ਕਦੇ ਅਫਗਾਨੀਆਂ ਨੇ ਅਤੇ ਕਦੇ ਤੁਰਕਾਂ ਨੇ ਲਗਾਤਾਰ ਹਮਲੇ ਕੀਤੇ ਪਰ ਇੱਥੋਂ ਦੀ ਜਨਤਾ ਉਹਨਾਂ ਜ਼ੁਲਮਾਂ ਨੂੰ ਆਪਣੇ ਕੀਤੇ ਹੋਏ ਪਾਪਾਂ ਦੀ ਸਜ਼ਾ ਸਮਝ ਕੇ ਜਾਂ ਰੱਬ ਜੋ ਕਰਦਾ ਹੈ ਠੀਕ ਕਰਦਾ ਹੈ, ਮੰਨ ਕੇ ਖਿੜੇ ਮੱਥੇ ਬਰਦਾਸ਼ਤ ਕਰ ਰਹੀ ਸੀ। ਇੱਕ ਤਾਂ ਬਾਹਰਲੇ ਧਾੜਵੀ ਲੋਕਾਂ ਨੂੰ ਲੁੱਟ ਰਹੇ ਸਨ ਦੂਜਾ ਮੰਨੂਵਾਦ ਦੀਆਂ ਵੰਡੀਆਂ ਲੋਕਾਂ ਦੀ ਰਗ ਵੀ ਨੱਪ ਰਹੀਆਂ ਸਨ। ਜਾਤ-ਪਾਤ ਦੇ ਅਧਾਰ ’ਤੇ ਹੋਈ ਵਰਨ-ਵੰਡ ਅਨੁਸਾਰ ਬ੍ਰਾਹਮਣ ਦੀ ਜਾਤੀ ਸਭ ਤੋਂ ਉੱਚੀ ਸੀ ਉਹ ਜੋ ਕਹਿੰਦਾ ਸੀ, ਨੀਵੀਂ ਜਾਤੀ ਦੇ ਲੋਕਾਂ ਨੂੰ ਕਰਨਾ ਹੀ ਪੈਂਦਾ ਸੀ। ਦੂਜੇ ਨੰਬਰ ’ਤੇ ਆਉਣ ਵਾਲੇ ਖੱਤਰੀ ਜਿਹੜੇ ਜ਼ਿੰਦਗੀ ਵਧੀਆ ਜਿਉਂਦੇ ਸਨ ਪਰ ਬ੍ਰਾਹਮਣਾਂ ਜਿੰਨੇ ਅਧਿਕਾਰ ਖੱਤਰੀਆਂ ਨੂੰ ਨਹੀਂ ਸਨ। ਸਭ ਤੋਂ ਮਾੜੀ ਹਾਲਤ ਸੀ ਸ਼ੂਦਰਾਂ ਦੀ, ਇਹੋ ਜਿਹੇ ਸਮੇਂ ਵਿੱਚ ਏਕਤਾ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਭਾਵ ਸ਼ੂਦਰ ਅਤੇ ਵੈਸ਼ ਤਾਂ ਨੌਕਰ ਸਨ ਭਾਵੇਂ ਬ੍ਰਾਹਮਣਾਂ ਦਾ ਰਾਜ ਹੋਵੇ ਜਾਂ ਤੁਰਕਾਂ ਦਾ।

ਇੱਕ ਪਾਸੇ ਇੰਨੇ ਜ਼ੁਲਮ ਹੋ ਰਹੇ ਸਨ ਪਰ ਦੂਜੇ ਪਾਸੇ ਬ੍ਰਾਹਮਣ ਲੋਕ ਜਿਨ੍ਹਾਂ ਕੋਲ ਭਗਤੀ ਦੇ ਅਧਿਕਾਰ ਸਨ, ਅੱਖਾਂ ਬੰਦ ਕਰਕੇ ਪਹਾੜਾਂ ਜਾਂ ਜੰਗਲਾਂ ਵਿੱਚ ਸਮਾਧੀਆਂ ਲਾਈ ਬੈਠੇ ਸਨ; ਜਿਵੇਂ ਕਿ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਮੀਚ ਲੈਂਦਾ ਹੈ ਮਤਲਬ ਕਿ ਜ਼ੁਲਮ ਵਿਰੁੱਧ ਅਵਾਜ਼ ਉੱਠਾਉਣ ਦੀ ਬਜਾਏ ਜ਼ੁਲਮ ਨੂੰ ਖਿੜੇਮੱਥੇ ਸਹਿਣਾ ਹੀ ਲੋਕਾਂ ਦੀ ਆਦਤ ਬਣ ਚੁੱਕੀ ਸੀ ਜਾਂ ਕਹਿ ਲਓ ਕਿ ਗ਼ੈਰਤ ਮਰ ਚੁੱਕੀ ਸੀ।

ਉਸ ਵਕਤ ਜਨਮ ਲਿਆ ਸੀ ਇੱਕ ਕ੍ਰਾਂਤੀਕਾਰੀ ਮਨੁੱਖ ਬਾਬੇ ਨਾਨਕ ਨੇ, ਉਨ੍ਹਾਂ ਨੇ ਦੇਖਿਆ ਕਿ ਇਹ ਲੋਕ ਤਾਂ ਚੁੱਪ ਚਾਪ ਬਾਬਰ ਦੇ ਜ਼ੁਲਮਾਂ ਨੂੰ ਸਹਿ ਰਹੇ ਹਨ, ਉਨ੍ਹਾਂ ਦੀ ਅਵਾਜ਼ ਬੁਲੰਦ ਕੀਤੀ ਗਈ: ‘‘ਪਾਪ ਕੀ ਜੰਞ, ਲੈ ਕਾਬਲਹੁ ਧਾਇਆ; ਜੋਰੀ ਮੰਗੈ, ਦਾਨੁ ਵੇ ਲਾਲੋ ॥’’ (ਮ: ੧/੭੨੨) ਭਾਵ ਬਾਬੇ ਨਾਨਕ ਨੇ ਬਿਨਾ ਕਿਸੇ ਡਰ-ਭੈ ਦੇ ਬਾਬਰ ਦੀ ਫੌਜ ਨੂੰ ਪਾਪ ਦੀ ਜੰਞ ਕਹਿ ਕੇ ਵੰਗਾਰਿਆ, ਸੁੱਤੇ ਹੋਏ ਲੋਕਾਂ ਨੂੰ ਹਲੂਣਿਆ ਅਤੇ ਜ਼ੁਲਮ ਖਿਲਾਫ਼ ਲੜਨ ਦਾ ਬੀੜਾ ਚੁੱਕਿਆ। ਇਸ ਰਸਤੇ ’ਤੇ ਚੱਲਦੇ ਹੋਏ ਗੁਰੂ ਨਾਨਕ ਘਰ ਦੇ ਨੌਵੇਂ ਵਾਰਿਸ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੁਖੀ ਲੋਕਾਂ ਦੀ ਬਾਂਹ ਫੜੀ ਅਤੇ ‘‘ਸੀਸੁ ਦੀਆ, ਪਰੁ ਸਿਰਰੁ ਨ ਦੀਆ ॥’’ ਭਾਵ ਸਿਧਾਂਤਕ ਗੱਲ (ਸੱਚ) ਬਦਲੇ ਸਿਰ ਦੇ ਦਿੱਤਾ ਪਰ ਹਠ (ਜ਼ਿੱਦ) ਨਹੀਂ ਛੱਡਿਆ, ਦੇ ਮਹਾਂਵਾਕ ਨੂੰ ਦ੍ਰਿੜ੍ਹ ਕਰਦਿਆਂ ਆਪਣਾ ਸਭ ਕੁੱਝ ਲੋਕਾਂ ਲਈ ਵਾਰ ਦਿੱਤਾ ਅਤੇ ਇਸ ਘਟਨਾ ਨੇ ਲੋਕਾਂ ਅੰਦਰ ਇੱਕ ਨਵੀਂ ਰੂਹ ਜਾਗ੍ਰਿਤ ਕੀਤੀ ਜੋ ਕਿ 1699 ਦੀ ਵਿਸਾਖੀ ਨੂੰ ਇੱਕ ਨਵਾਂ ਰੂਪ ਅਖਤਿਆਰ ਕਰਕੇ ਖਾਲਸਾ ਪੰਥ ਦੇ ਰੂਪ ਵਿੱਚ ਪ੍ਰਗਟ ਹੋਈ।

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 21 ਅਪ੍ਰੈਲ 1621 ਨੂੰ ਅੰਮ੍ਰਿਤਸਰ ਵਿਖੇ ਮਾਤਾ ਨਾਨਕੀ ਜੀ ਦੀ ਕੁੱਖੋਂ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਹੋਇਆ। ਆਪ ਜੀ ਦਾ ਬਚਪਨ ਦਾ ਨਾਂ ਤੇਗ਼ ਮੱਲ ਸੀ ਪਰ ਆਪ ਨੇ ਕਰਤਾਰਪੁਰ ਦੀ ਜੰਗ ਵਿੱਚ ਆਪਣੀ ਤੇਗ਼ ਦੇ ਅਜਿਹੇ ਜੌਹਰ ਵਿਖਾਏ ਜਿਸ ਤੋਂ ਖੁਸ਼ ਹੋ ਕੇਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਜੀ ਦਾ ਨਾਮ ਹੀ ‘ਤੇਗ਼ ਬਹਾਦਰ’ ਰੱਖ ਦਿੱਤਾ। ਆਪ ਸੱਚੇ ਦਿਲੋਂ ਰੱਬ ਨੂੰ ਧਿਆਉਂਦੇ ਅਤੇ ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ ਰੱਖਦੇ ਸਨ। ਇਹੀ ਕਾਰਨ ਸੀ ਕਿ ਮੱਖਣ ਸ਼ਾਹ ਲੁਬਾਣਾ ਜਿਸ ਨੂੰ ਅਸਲੀ ਗੁਰੂ ਦਾ ਅਹਿਸਾਸ ਹੋਇਆ ਸੀ, ਜਦੋਂ ਗੁਰੂ ਸਾਹਿਬ ਗੱਦੀ ’ਤੇ ਬਿਰਾਜਮਾਨ ਹੋਏ ਤਾਂ ਉਸ ਵੇਲੇ ਧੀਰਮੱਲੀਆਂ ਅਤੇ ਕਈ ਭੇਖੀਆਂ ਨੇ ਵੱਖ ਵੱਖ (22) ਮੰਜੀਆਂ ਸਥਾਪਿਤ ਕਰ ਲਈਆਂ ਅਤੇ ਹਰ ਕੋਈ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗ ਪਿਆ। ਜਦੋਂ ਅੱਠਵੇਂ ਗੁਰੂ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇਸ ਸੰਸਾਰ ਨੂੰ ਅਲਵਿਦਾ ਕਹਿਣ ਲੱਗੇ ਤਾਂ ਸੰਗਤਾਂ ਨੇ ਗੁਰੂ ਜੀ ਤੋਂ ਪੁੱਛਿਆ ਕਿ ਅਗਾਂਹ ਲਈ ਸੰਗਤਾਂ ਦੀ ਵਾਗਡੋਰ ਸੰਭਾਲਣ ਵਾਲਾ ਕੌਣ ਗੁਰੂ ਹੋਵੇਗਾ ? ਤਾਂ ਗੁਰੂ ਸਾਹਿਬ ਜੀ ਨੇ ‘ਬਾਬੇ ਬਕਾਲੇ’ ਸ਼ਹਿਰ ਵੱਲ ਸੰਕੇਤ ਕੀਤਾ, ਜਿੱਥੇ ਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਬਿਰਾਜਮਾਨ ਸਨ ਪਰ ਬਾਬੇ ਬਕਾਲੇ ਦਾ ਨਾਂ ਸੁਣਦਿਆਂ ਹੀ ਕਈ ਪਾਖੰਡੀਆਂ ਨੇ ਆਪਣੇ ਡੇਰੇ ‘ਬਾਬੇ ਬਕਾਲੇ’ ਜਾ ਕੇ ਲਾ ਲਏ। ਇਹ ਤਾਂ ਮੱਖਣ ਸ਼ਾਹ ਲੁਬਾਣਾ ਸੀ, ਜਿਸ ਨੂੰ ਅਹਿਸਾਸ ਹੋਇਆ ਕਿ ਅਸਲੀ ‘ਗੁਰੂ’ ਤਾਂ ‘ਗੁਰੂ ਤੇਗ ਬਹਾਦਰ ਸਾਹਿਬ’ ਜੀ ਹਨ ਅਤੇ ਉਸ ਨੇ ‘ਗੁਰੂ ਲਾਧੋ ਰੇ’, ‘ਗੁਰੂ ਲਾਧੋ ਰੇ’ ਦਾ ਹੋਕਾ ਦੇ ਕੇ ਗੁਰੂ ਸਾਹਿਬਾਨਾਂ ਨੂੰ ਉਜਾਗਰ (ਪ੍ਰਗਟ) ਕੀਤਾ। ਜਿਸ ਵਕਤ ਗੁਰੂ ਸਾਹਿਬ ਗੱਦੀ ’ਤੇ ਬਿਰਾਜਮਾਨ ਹੋਏ ਸਨ ਤਾਂ ਆਪ ਜੀ ਦੀ ਉਮਰ ਲਗਭਗ 44 ਸਾਲ ਦੀ ਸੀ।ਗੁਰਿਆਈ ਪ੍ਰਾਪਤ ਕਰਨ ਉਪਰੰਤ ਆਪ ਜੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਗਏ ਪਰ ਹਰ ਜੀ ਮੀਣੇ ਨੇ ਦਰਬਾਰ ਸਾਹਿਬ ਦੇ ਕਵਾੜ ਬੰਦ ਕਰ ਦਿੱਤੇ ਤਾਂ ਗੁਰੂ ਸਾਹਿਬਾਨ ਨੇ ਇੱਕ ਦਰਖ਼ਤ ਹੇਠਾਂ ਦੀਵਾਨ ਸਜਾਇਆ ਅਤੇ ਕੀਰਤਨ ਆਰੰਭ ਕਰ ਦਿੱਤਾ ਜਿਸ ਥਾਂ ਅੱਜ ਕੱਲ੍ਹ (ਅਕਾਲ ਤਖ਼ਤ ਸਾਹਿਬ ਦੇਬਿਲਕੁਲ ਨੇੜੇ ਹੀ) ਗੁਰਦੁਆਰਾ ਥੜਾ ਸਾਹਿਬ ਸੁਸ਼ੋਭਿਤ ਹੈ।

ਧੀਰ ਮੱਲ ਕੋਲੋਂ ਗੁਰੂ ਜੀ ਦੀ ਸ਼ੋਭਾ ਜਰੀ ਨਾ ਗਈ ਅਤੇ ਉਸ ਨੇ ਗੁਰੂ ਜੀ ਨੂੰ ਮਰਵਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ। ਗੁਰੂ ਸਾਹਿਬ ਜੀ ਇੱਕ ਸ਼ਾਂਤ ਚਿੱਤ ਇਨਸਾਨ ਸਨ। ਉਹ ਨਹੀਂ ਸਨ ਚਾਹੁੰਦੇ ਕਿ ਧੀਰ ਮੱਲੀਆਂ ਨਾਲ ਨਿੱਤ ਦੇ ਲੜਾਈ ਝਗੜੇ ਹੁੰਦੇ ਰਹਿਣ। ਇਸ ਕਰਕੇ ਗੁਰੂ ਸਾਹਿਬਾਨ ਕੀਰਤਪੁਰ ਸਾਹਿਬ ਆ ਗਏ (ਉਹ ਸ਼ਹਿਰ ਜਿਸ ਨੂੰ ਬਾਬਾ ਗੁਰਦਿੱਤਾ ਜੀ, ਜੋ ਕਿ ਗੁਰੂ ਸਾਹਿਬ ਦੇ ਵੱਡੇ ਭਰਾਤਾ ਜੀ ਸਨ, ਜਿਨ੍ਹਾਂ ਦਾ ਜਨਮ ਮਾਤਾ ਦਾਮੋਦਰੀ ਜੀ ਦੀ ਕੁੱਖੋਂ ਹੋਇਆ ਸੀ, ਨੇ 1630 ਈ. ਵਿੱਚ ਵਸਾਇਆ ਸੀ)। ਇੱਥੇ ਆ ਕੇ ਆਪ ਜੀ ਨੇ ਬਿਲਾਸਪੁਰ ਦੇ ਰਾਜੇ ਭੀਮ ਚੰਦ ਤੋਂ ਜ਼ਮੀਨ ਲੈ ਕੇ ਆਪਣੇ ਮਾਤਾ ਜੀ ਦੇ ਨਾਂ ’ਤੇ ‘ਚੱਕ ਨਾਨਕੀ’ ਨਾਂ ਦਾ ਨਗਰ ਵਸਾਇਆ, ਜਿਸ ਨੂੰ ਬਾਅਦ ਵਿੱਚ ਅਨੰਦਪੁਰ ਸਾਹਿਬ ਆਖਿਆ ਜਾਣ ਲੱਗਾ।

ਸਿੱਖੀ ਦਾ ਪ੍ਰਚਾਰ ਕਰਦੇ ਕਰਦੇ ਗੁਰੂ ਸਾਹਿਬ ਸੈਫਾਬਾਦ, ਕੈਥਲ, ਪਿਹੋਵਾ, ਕਰਨਖੇੜਾ, ਕੁਰੂਕਸ਼ੇਤਰ, ਮਥਰਾ, ਬਿੰਦਰਾਵਣ ਹੁੰਦੇ ਹੋਏ ਆਗਰੇ ਮਾਈ ਜੱਸੀ ਕੋਲ ਜਾ ਪਹੁੰਚੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ‘ਮਾਈ ਥਾਣ’ ਸੁਝੋਭਿਤ ਹੈ। ਆਗਰੇ ਤੋਂ ਬਾਅਦ ਇਲਾਹਾਬਾਦ, ਬਨਾਰਸ ਹੁੰਦੇ ਹੋਏ ਗੁਰੂ ਸਾਹਿਬ ਚਾਰ ਮਹੀਨੇ ਪਟਨੇ ਠਹਿਰੇ। ਆਪਣੇ ਪਰਿਵਾਰ ਨੂੰ ਪਟਨੇ ਛੱਡ ਕੇ ਆਪ ਜੀ ਅਗਲੇਰੀ ਯਾਤਰਾ ’ਤੇ ਤੁਰ ਗਏ। ਜਦੋਂ ਗੋਬਿੰਦ ਰਾਏ ਦਾ ਜਨਮ ਹੋਇਆ ਤਾਂ ਆਪ ਆਸਾਮ ਵੱਲ ਗਏ ਹੋਏ ਸਨ। ਜਨਮ ਤੋਂ ਕਰੀਬ 8 ਮਹੀਨਿਆਂ ਬਾਅਦ ਆਪ ਨੇ ਪਿਆਰੇ ਪੁੱਤਰ ਦੇ ਦਰਸ਼ਨ ਕੀਤੇ। ਜਦੋਂ ਗੁਰੂ ਸਾਹਿਬ ਆਸਾਮ ਵਿੱਚ ਸਨ ਤਾਂ ਲੋਕ ਇੱਧਰ ਰਾਜਾ ਔਰੰਗਜ਼ੇਬ ਦੀਆਂ ਨੀਤੀਆਂ ਤੋਂ ਬਹੁਤ ਤੰਗ ਸਨ। ਸੋ ਅਜਿਹੇ ਸਮੇਂ ’ਚ ਗੁਰੂ ਜੀ ਆਪਣੇ ਦੁਖੀ ਭਾਈਚਾਰੇ ਵਿੱਚ ਰਹਿਣਾ ਚਾਹੁੰਦੇ ਸਨ। ਆਪ ਆਸਾਮ ਤੋਂ ਵਾਪਸ ਪਟਨੇ ਪਹੁੰਚੇ। ਪੁੱਤਰ ਦੇ ਦਰਸ਼ਨ ਕਰਨ ਤੋਂ ਬਾਅਦ ਅਨੰਦਪੁਰ ਸਾਹਿਬ ਆ ਗਏ। ਕੁੱਝ ਚਿਰ ਪਿੱਛੋਂ ਸਾਰਾ ਪਰਿਵਾਰ ਵੀ ਅਨੰਦਪੁਰ ਸਾਹਿਬ ਬੁਲਾ ਲਿਆ।

ਅਨੰਦਪੁਰ ਸਾਹਿਬ ਵਿਖੇ ਹੀ ਆਪ ਨੇ ਬਾਲਕ ਗੋਬਿੰਦ ਰਾਏ ਨੂੰ ਸ਼ਸਤਰ ਵਿੱਦਿਆ ਦੇਣੀ ਸ਼ੁਰੂ ਕਰ ਦਿੱਤੀ। ਇੱਕ ਦਿਨ ਅਨੰਦਪੁਰ ਸਾਹਿਬ ਵਿਖੇ ਹੀ ਮਟਨ (ਸ਼੍ਰੀ ਨਗਰ) ਦੇ ਬ੍ਰਾਹਮਣ; ਪੰਡਤ ਕ੍ਰਿਪਾ ਰਾਮ ਜੀ ਦੀ ਅਗਵਾਈ ਵਿੱਚ ਪਹੁੰਚੇ। ਉਨ੍ਹਾਂ ਨੇ ਗੁਰੂ ਸਾਹਿਬਾਨ ਜੀ ਨੂੰ ਸਾਰੀ ਹੱਡ ਬੀਤੀ ਸੁਣਾਈ, ਜੋ ਜ਼ੁਲਮ ਔਰੰਗਜ਼ੇਬ ਉਨ੍ਹਾਂ ਉੱਪਰ ਕਰ ਰਿਹਾ ਸੀ। ਇਹ ਸੁਣ ਕੇ ਗੁਰੂ ਸਾਹਿਬ ਸੋਚੀਂ ਪੈ ਗਏ। ਉਸ ਵਕਤ ਬਾਲ ਗੋਬਿੰਦ ਰਾਏ ਜਿਨ੍ਹਾਂ ਦੀ ਉਮਰ ਕੇਵਲ 9 ਸਾਲ ਸੀ, ਕੋਲ ਖੜ੍ਹੇ ਸਨ। ਕਹਿਣ ਲੱਗੇ, ‘ਪਿਤਾ ਜੀ ਚੁੱਪ ਕਿਉਂ ਹੋ ਗਏ ?’ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਕਿ ਇਨ੍ਹਾਂ ਦੀ ਰੱਖਿਆ ਲਈ ਕਿਸੇ ਮਹਾਂਪੁਰਖ ਦੀ ਕੁਰਬਾਨੀ ਦੀ ਲੋੜ ਹੈ ਤਾਂ ਬਾਲ ਗੋਬਿੰਦ ਜੀ ਨੇ ਕਿਹਾ ਕਿ ਪਿਤਾ ਜੀ ਆਪ ਜੀ ਤੋਂ ਵੱਡਾ ਮਹਾਂਪੁਰਖ ਹੋਰ ਕੌਣ ਹੋ ਸਕਦਾ ਹੈ? ਆਪਣੇ ਸਪੁੱਤਰ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਸਾਹਿਬਾਨ ਨੇ ਉਨ੍ਹਾਂ ਨੂੰ ਕਿਹਾ ਕਿ ਜਾਓ ਅਤੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇਕਰ ਸਾਡਾ ਗੁਰੂ (ਗੁਰੂ ਤੇਗ਼ ਬਹਾਦਰ ਸਾਹਿਬ ਜੀ) ਧਰਮ ਬਦਲ ਲਵੇ ਤਾਂ ਅਸੀਂ ਸਾਰੇ ਹੀ ਇਸਲਾਮ ਕਬੂਲ ਕਰ ਲਵਾਂਗੇ। (ਧਿਆਨ ਰਹੇ ਕਿ ਰਾਜਾ ਔਰੰਗਜ਼ੇਬ ਕਸ਼ਮੀਰੀ ਪੰਡਿਤਾਂ ’ਤੇ ਜ਼ੁਲਮ ਇਸ ਲਈ ਵਧੇਰੇ ਕਰ ਰਿਹਾ ਸੀ ਕਿਉਂਕਿ ਉਸ ਅਨੁਸਾਰ ਅਗਰ ਪੰਡਿਤ ਹੀ ਮੁਸਲਮਾਨ ਬਣ ਜਾਣ ਤਾਂ ਬਾਕੀ ਹਿੰਦੂ ਸਮਾਜ ਨੂੰ ਮੁਸਲਿਮ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ।) ਜਦੋਂ ਇਸ ਗੱਲ ਦਾ ਪਤਾ ਔਰੰਗਜ਼ੇਬ ਨੂੰ ਲੱਗਿਆ ਤਾਂ ਉਸ ਨੇ ਗੁਰੂ ਜੀ ਦੀ ਗ੍ਰਿਫਤਾਰੀ ਦੇ ਹੁਕਮ ਦੇ ਦਿੱਤੇ। ਗੁਰੂ ਸਾਹਿਬਾਨ ਬੇਸ਼ੱਕ ਸ਼ਾਂਤ ਚਿੱਤ (ਨਿਮਰਤਾ ਨਾਲ ਭਰਪੂਰ) ਇਨਸਾਨ ਸਨ ਪਰ ਦੂਜਿਆਂ ’ਤੇ ਹੁੰਦੇ ਨਜਾਇਜ਼ ਧੱਕੇ ਨੂੰ ਵੀ ਬਰਦਾਸ਼ਤ ਨਹੀਂ ਕਰ ਸਕਦੇ ਸਨ। ਭਾਵੇਂ ਕਿ ਉਹਨਾਂ ਨੇ ਆਪ ਤਾਂ ਜਨੇਊ ਨਹੀਂ ਪਾਇਆ ਸੀ ਪਰ ਉਹ ਕਿਸੇ ਦਾ ਜਬਰੀ ਜਨੇਊ ਉਤਰਦਾ ਵੀ ਦੇਖਣਾ ਪਸੰਦ ਨਹੀਂ ਕਰਦੇ ਸਨ ਕਿਉਂਕਿ ਉਨ੍ਹਾਂ ਦਾ ਆਧਾਰ ਸੀ: ‘‘ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ ॥ ਕਹੁ ਨਾਨਕ ! ਸੁਨਿ ਰੇ ਮਨਾ ! ਗਿਆਨੀ ਤਾਹਿ ਬਖਾਨਿ ॥’’ (ਮ: ੯/੧੪੨੭)

ਗੁਰੂ ਜੀ ਦੀ ਗ੍ਰਿਫਤਾਰੀ ਦਾ ਹੁਕਮ ਲਾਹੌਰ ਦੇ ਗਵਰਨਰ ਨੂੰ ਭੇਜਿਆ ਗਿਆ, ਲਾਹੌਰ ਦੇ ਗਵਰਨਰ ਨੇ ਉਹੀ ਹੁਕਮ ਸਰਹੰਦ ਦੇ ਫੌਜਦਾਰ ‘ਦਿਲਾਵਰ ਖਾਂ’ ਨੂੰ ਦਿੱਤਾ ਅਤੇ ਦਿਲਾਵਰ ਖਾਂ ਨੇ ਰੋਪੜ ਦੇ ਕੋਤਵਾਲ ‘ਮਿਰਜ਼ਾ ਨੂਰ ਮੁਹੰਮਦ ਖਾਨ’ ਕੋਲ ਪਹੁੰਚਾਇਆ ਗਿਆ। ਗੁਰੂ ਸਾਹਿਬ ਜੀ ਡਰੀ-ਸਹਿਮੀ ਹੋਈ ਲੁਕਾਈ ਨੂੰ ਹੌਸਲਾ ਦੇਂਦੇ ਦੇਂਦੇ ਹਰਿਆਣਾ ਰਾਜਸਥਾਨ ਆਦਿ ਦੇ ਰਸਤੇ ਹੁੰਦੇ ਹੋਏ ਆਗਰੇ (ਯੂਪੀ) ਪਹੁੰਚੇ।

ਦਸਮੇਸ਼ ਪ੍ਰਕਾਸ਼ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸੰਬੰਧੀ ਲਿਖਿਆ ਹੈ ਕਿ ਉਨ੍ਹਾਂ ਆਪ ਦਿੱਲੀ ਵਿੱਚ ਜਾ ਕੇ ਗ੍ਰਿਫਤਾਰੀ ਦਿੱਤੀ ਸੀ। ਸ੍ਰੀ ਸੋਢੀਚਮਤਕਾਰ ਵਿੱਚ ਗੁਰੂ ਸਾਹਿਬ ਦੀ ਗ੍ਰਿਫਤਾਰੀ ਆਗਰੇ ਵਿੱਚ ਦੱਸੀ ਗਈ ਹੈ। ਸਿੱਖ ਇਤਿਹਾਸ (1469-1655) ਵਿੱਚ ਡਾ. ਗੰਡਾ ਸਿੰਘ ਅਤੇ ਪਿ੍ਰੰ. ਤੇਜਾ ਸਿੰਘ ਨੇ ਗੁਰੂ ਸਾਹਿਬਾਨ ਜੀ ਦੀ ਗ੍ਰਿਫਤਾਰੀ ਰੋਪੜ ਲਾਗੇ ਮਲਕਪੁਰ ਰੰਘੜਾਂ ’ਚ ਦੱਸੀ ਹੈ।

ਗੁਰੂ ਜੀ ਨੂੰ ਆਗਰੇ ਤੋਂ ਗ੍ਰਿਫਤਾਰ ਕਰਕੇ ਚਾਂਦਨੀ ਚੌਕ (ਦਿੱਲੀ) ਦੇ ਕੋਤਵਾਲ (ਥਾਨੇ) ’ਚ ਰੱਖਿਆ ਗਿਆ। ਗੁਰੂ ਸਾਹਿਬਾਨ ਜੀ ਨਾਲ 3 ਸਿੰਘ (ਭਾਈ ਮਤੀਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਸਨ) ਗੁਰੂ ਸਾਹਿਬਾਨ ਜੀ ਦੇ ਸਨਮੁਖ ਤਿੰਨ ਸ਼ਰਤਾਂ (ਮੁਸਲਮਾਨ ਬਣ ਜਾਵੋ, ਕਰਾਮਾਤ ਵਿਖਾਓ ਜਾਂ ਮੌਤ ਕਬੂਲ ਕਰ ਲਵੋ) ਰੱਖੀਆਂ ਗਈਆਂ। ਗੁਰੂ ਜੀ ਨੇ ਬਦਨੀਤੀ ਨਾਲ ਰੱਖੀਆਂ ਗਈਆਂ ਇਨ੍ਹਾਂ 3 ਮੰਗਾਂ ਦਾ ਜਵਾਬ ਦੇਂਦਿਆਂ ਕਿਹਾ ਕਿ ਅਗਰ ਮੁਸਲਮਾਨ ਬਣਨ ਤੋਂ ਉਪਰੰਤ ਵੀ ਮੌਤ ਦਾ ਆਉਣਾ ਨਿਸ਼ਚਿਤ ਹੈ ਤਾਂ ਮੈਂ ਆਪਣੀ ਵਿਚਾਰਧਾਰ (ਧਰਮ) ਕਿਉਂ ਛੱਡਾਂ? ਸ਼ਕਤੀ (ਕਰਾਮਾਤ) ਵਿਖਾਉਣਾ ਰੱਬੀ ਨਿਯਮ ਦੀ ਉਲੰਘਣਾ ਹੈ ਤੇ ਮੌਤ ਵਾਲਾ ਫ਼ੁਰਮਾਨ ਮੈਨੂੰ ਮਨਜੂਰ ਹੈ।

ਗੁਰੂ ਸਾਹਿਬਾਨ ਜੀ ਦਾ ਹੌਸਲਾ ਡੇਗਣ ਲਈ ਪਹਿਲਾਂ ਉਨ੍ਹਾਂ ਦੇ ਤਿੰਨ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ; ਜਿਵੇਂ: ਭਾਈ ਮਤੀ ਦਾਸ ਜੀ ਨੂੰ ਦੋ ਥੰਮਾਂ ਨਾਲ ਬੰਨ੍ਹ ਕੇ ਆਰੇ ਨਾਲ ਚੀਰਿਆ ਗਿਆ, ਭਾਈ ਦਿਆਲਾ ਜੀ ਨੂੰ ਉਬਲਦੀ ਦੇਗ਼ ’ਚ ਉਬਾਲਿਆ ਗਿਆ ਤੇ ਭਾਈ ਸਤੀ ਦਾਸ ਜੀ ਨੂੰ ਜਿਉਂਦਿਆਂ ਹੀ ਰੂੰ ’ਚ ਲਪੇਟ ਕੇ ਅੱਗਲਗਾ ਦਿੱਤੀ ਗਈ। ਇਨ੍ਹਾਂ ਤਿੰਨੇ ਸਿੰਘਾਂ ਦੀ ਸ਼ਹੀਦੀ ਤੋਂ ਪਹਿਲਾਂ ਆਪਣੀ ਕੋਈ ਇੱਕ ਇੱਕ ਅੰਤਮ ਮੰਗ ਬਾਰੇ ਪੁੱਛਿਆ ਗਿਆ, ਜਿਸ ਦੇ ਜਵਾਬ ’ਚ ਇਨ੍ਹਾਂ ਆਪਣੇ ਗੁਰੂ ਵੱਲ ਮੂੰਹ ਰੱਖਣ ਲਈ ਕਿਹਾ।

ਇੰਨ੍ਹਾਂ ਕੁੱਝ ਹੋਣ ਦੇ ਬਾਵਜੂਦ ਵੀ ਗੁਰੂ ਸਾਹਿਬਾਨ ਅਡੋਲ ਚਿਤ ਰਹੇ ਅਤੇ ਅਕਾਲਪੁਰਖ ਦਾ ਸਿਮਰਨ (ਸ਼ੁਕਰਾਨਾ) ਕਰਦੇ ਰਹੇ। ਜਦ ਰਾਜੇ ਔਰੰਗਜ਼ੇਬ ਦੀ ਆਪਣੀ ਲੁਕਾਈ ’ਚ ਹਾਰ ਹੁੰਦੀ ਵੇਖੀ ਤਾਂ ਅੰਤ ਘੜੀ ਨੂੰ ਕਾਜ਼ੀ ਸ਼ੇਖਲ ਇਸਲਾਮ ਦੇ ਫਤਵੇ ਅਤੇ ਸ਼ਾਹੀ ਮਨਜ਼ੂਰੀ ਨਾਲ ਗੁਰੂ ਜੀ ਨੂੰ 11 ਨਵੰਬਰ 1675 ਈ: ਨੂੰ (ਸੀਸ ਧੜ ਨਾਲੋਂ ਵੱਖ ਕਰਕੇ) ਸ਼ਹੀਦ ਕਰ ਦਿੱਤਾ ਗਿਆ। ਇਸ ਸ਼ਹੀਦੀ ਸਾਕੇ ਦਾ ਵਰਨਣ ਬਚਿੱਤ੍ਰ ਨਾਟਕ ਵਿੱਚ ਇਸ ਤਰ੍ਹਾਂ ਕੀਤਾ ਹੈ : ‘‘ਠੀਕਰ ਫੋਰਿ ਦਿਲੀਸਸਿਰਿ, ਪ੍ਰਭ ਪੁਰਿ ਕੀਯਾ ਪਯਾਨ ॥ ਤੇਗ ਬਹਾਦੁਰ ਸੀ ਕ੍ਰਿਆ, ਕਰੀ ਨ ਕਿਨਹੂੰ ਆਨਿ ॥ ੧੫॥’’

ਸ਼ਹਾਦਤ ਤੋਂ ਬਾਅਦ ਗੁਰੂ ਜੀ ਦਾ ਸੀਸ ਇੱਕ ਮਜ੍ਹਬੀ ਸਿੰਘ ਜਿਸ ਦਾ ਨਾਂ ਭਾਈ ਜੈਤਾ ਜੀ ਸੀ, ਚੁੱਕ ਕੇ ਗੁਰੂ ਗੋਬਿੰਦ ਸਿੰਘ ਜੀ ਕੋਲ ਅਨੰਦਪੁਰ ਸਾਹਿਬ ਲੈ ਆਇਆ। ਗੁਰੂ ਜੀ ਨੇ ਉਸ ਨੂੰ ਰੰਘਰੇਟੇ ਗੁਰੂ ਕੇ ਬੇਟੇ ਦੀ ਪਦਵੀ ਨਾਲ ਨਿਵਾਜਿਆ। ਉਧਰ ਗੁਰੂ ਸਾਹਿਬਾਨ ਜੀ ਦੇ ਧੜ ਨੂੰ ਭਾਈ ਮਨੀ ਸਿੰਘ ਜੀ ਦੇ ਸਸੁਰ ਤੇ ਗੁਰੂ ਘਰ ਦੇ ਪ੍ਰੇਮੀ ਸਿੱਖ ਭਾਈ ਲੱਖੀ ਸ਼ਾਹ ਵਣਜਾਰਾ ਜੀ ਆਪਣੇ ਸਾਥੀਆਂ ਸਮੇਤ ਚੁੱਕ ਨੇ ਆਪਣੇ ਘਰ ਰਕਾਬਗੰਜ ਲੈ ਗਏ ਜਿੱਥੇ ਉਨ੍ਹਾਂ ਦਾ ਸੰਸਕਾਰ ਆਪਣੇ ਘਰ ਨੂੰ ਹੀ ਅੱਗ ਲਗਾ ਕੇ ਕੀਤਾ ਗਿਆ, ਜਿਸ ਥਾਂ ’ਤੇ ਅੱਜ ਕੱਲ੍ਹ ਗੁਰਦੁਆਰਾ ਰਕਾਬ ਗੰਜ ਸਾਹਿਬ ਸੁਸ਼ੋਭਿਤ ਹੈ।

ਗੁਰੂ ਸਾਹਿਬਾਨ ਜੀ ਦੇ ਇਸ (‘‘ਸੀਸ ਦੀਆ, ਪਰ ਸਿਰਰੁ ਨਾ ਦੀਆ।’’) ਸ਼ਹੀਦੀ ਸਾਕੇ ਨੂੰ ਇੱਕ ਸ਼ਾਇਰ ਨੇ ਆਪਣੇ ਸ਼ਬਦਾਂ ਰਾਹੀਂ ਇਉਂ ਬਿਆਨ ਕੀਤਾ: ‘ਗੁਰੂਤੇਗ ਬਹਾਦਰ ! ਦੱਸਾਂ ਕੀ ਉਪਕਾਰ ਤੇਰੇ, ਸਾਥੋਂ ਪੂਰਾ ਵਿਸਥਾਰ ਨਾ ਹੋ ਸਕਿਆ। ਪੁੱਤ ਕਿਸੇ ਪਾਸੇ, ਪੋਤੇ ਕਿਸੇ ਪਾਸੇ, ਤੇਰਾ ’ਕੱਠਾ ਪ੍ਰਵਾਰ ਨਾ ਹੋ ਸਕਿਆ। ਰਾਗੀ, ਢਾਡੀ ਅਤੇ ਪ੍ਰਚਾਰਕਾਂ ਤੋਂ, ਤੇਰਾ ਪੂਰਾ ਪ੍ਰਚਾਰ ਨਾ ਹੋ ਸਕਿਆ। ਸੀਸ ਕਿਸੇ ਪਾਸੇ, ਧੜ ਕਿਸੇ ਪਾਸੇ, ਤੇਰਾ ’ਕੱਠਾ ਸੰਸਕਾਰ ਨਾ ਹੋ ਸਕਿਆ।’

23550cookie-checkਸੀਸੁ ਦੀਆ, ਪਰੁ ਸਿਰਰੁ ਨ ਦੀਆ ॥