ਸਿੱਖ ਅਤੇ ਸ਼ਸਤਰ

0
4000

ਸਿੱਖ ਅਤੇ ਸ਼ਸਤਰ

ਗਿਆਨੀ ਮਾਨ ਸਿੰਘ (ਗ੍ਰੰਥੀ ਦਰਬਾਰ ਸਾਹਿਬ, ਅੰਮ੍ਰਿਤਸਰ)-94170-91098

ਜਗਤ ਗੁਰੂ ਨਾਨਕ ਸਾਹਿਬ ਨੇ ਜੋਤਿ ਸਰੂਪ ਹੁੰਦਿਆਂ ਦਸਾਂ ਜਾਮਿਆਂ ਰਾਹੀਂ ਜਿਸ ਪੂਰਨ ਮਨੁੱਖ ਦੀ ਘਾੜਤ ਘੜੀ, ਉਸ ਨੂੰ ਸਿੱਖ ਕਿਹਾ ਗਿਆ ਹੈ। ਸਿੱਖ ਨੂੰ ਹੀ ਸਿੰਘ ਤੇ ਕੌਰ ਦਾ ਰੁਤਬਾ ਦੇ ਕੇ ਆਪਣਾ ਰੂਪ ਬਣਾਇਆ ਗਿਆ। ਜਿਵੇਂ ਪਰਮੇਸ਼ਰ ਅਤੇ ਸਤਿਗੁਰੂ ਓਤਪੋਤਿ ਹਨ, ਇਵੇਂ ਸਿੱਖ ਵੀ ਆਪਣੇ ਜੀਵਨ ਵਿੱਚ ਗੁਰੂ ਦੀ ਸਿੱਖਿਆ ਰਾਹੀਂ ਗੁਰ ਪਰਮੇਸ਼ਰ ਵਾਲੇ ਗੁਣਾਂ ਦਾ ਧਾਰਨੀ ਹੁੰਦਾ ਹੈ। ਰੱਬੀ ਸਰੂਪ ਅਤੇ ਸਤਿਗੁਰੂ ਜੀ ਦੇ ਸਿਧਾਂਤ ਨੂੰ ਰਾਜ ਜੋਗ, ਭਗਤੀ ਸ਼ਕਤੀ, ਮੀਰੀ ਪੀਰੀ, ਸੰਤ ਸਿਪਾਹੀ ਦਾ ਸੁਮੇਲ ਮੰਨਿਆ ਗਿਆ ਹੈ।

ਕਾਦਰ ਦੀ ਕੁਦਰਤ ਦਾ ਯੂਨੀਵਰਸਲ ਸਿਧਾਂਤ ਵੀ ਹੈ ਕਿ ਹਰੇਕ ਕਿਰਿਆ ਦੀ ਪ੍ਰਤੀਕਿਰਿਆ ਹੁੰਦੀ ਹੈ। ਜਿਵੇਂ ਦਿਨ ਤੋਂ ਬਾਅਦ ਰਾਤ, ਸਰਦੀ ਤੋਂ ਬਾਅਦ ਗਰਮੀ, ਪੱਤਝੜ ਤੋਂ ਬਾਅਦ ਬਸੰਤ ਆਉਣ ਦਾ ਨੇਮ ਅਟੱਲ ਹੈ, ਇਸੇ ਤਰ੍ਹਾਂ ਇਹ ਵੀ ਅਟੱਲ ਸਿਧਾਂਤ ਹੈ ਕਿ ਹਰ ਜ਼ੁਲਮ ਤੋਂ ਬਾਅਦ ਇਨਕਲਾਬ ਆਉਂਦਾ ਹੈ। ਸਤਿਗੁਰੂ ਜੀ ਦੇ ਘਰ ਵਿੱਚ ਅਤਿ ਦੀ ਨਿਮਰਤਾ ਅਤੇ ਗਰੀਬੀ ਭਾਵ ਨੂੰ ਪਹਿਲ ਦਿੱਤੀ ਗਈ ਹੈ, ਪਰ ਇਸ ਨਿਮਰਤਾ ਨੂੰ ਕੋਈ ਬੁਜ਼ਦਿਲੀ, ਕਮਜ਼ੋਰੀ ਜਾਂ ਕਾਇਰਤਾ ਨਾ ਸਮਝ ਲਵੇ ਇਸ ਕਰਕੇ ਬਹਾਦਰੀ, ਪਰਪੱਕਤਾ ਅਤੇ ਦ੍ਰਿੜ੍ਹਤਾ ਵਾਲੇ ਗੁਣ ਵੀ ਸਿਖਾਏ ਗਏ ਹਨ। ਸਿੱਖ ਨੂੰ ਸੰਤ ਸਿਪਾਹੀ ਬਣਾਉਣ ਲਈ ਸ਼ਬਦ ਅਤੇ ਸ਼ਸਤਰ ਦਾ ਧਾਰਨੀ ਬਣਾਇਆ ਗਿਆ।

ਪੰਚਮ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਂਤਮਈ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਿਸ਼ਾਹ ਜੀ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ ਅਤੇ ਸਿੱਖਾਂ ਨੂੰ ਵੀ ਸ਼ਸਤਰਧਾਰੀ ਹੋਣ ਦੀ ਪ੍ਰੇਰਨਾ ਕੀਤੀ। ਚਾਰ ਧਰਮ ਯੁੱਧਾਂ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਤਹਿ ਹਾਸਲ ਕਰਕੇ ਦੱਸ ਦਿੱਤਾ ਕਿ ਜੇ ਅਸੀਂ ਪੰਜਵੇਂ ਸਰੂਪ ਤੱਕ ਸ਼ਾਂਤੀ ਦੀ ਹੱਦ ਵਿਖਾ ਸਕਦੇ ਹਾਂ ਤਾਂ ਹੁਣ ਬਹਾਦਰੀ ਦੀ ਹੱਦ ਵੀ ਵੇਖੋ। ਚੌਥੇ ਧਰਮ ਯੁੱਧ ਸਮੇਂ ਹੀ ਸਿੱਖਾਂ ਸਮੇਤ ਜਦੋਂ ਆਪਣੇ ਸਭ ਤੋਂ ਛੋਟੇ ਸਾਹਿਬਜ਼ਾਦੇ ਤਿਆਗ ਮੱਲ ਨੂੰ ਤੇਗ਼ (ਸ਼ਸਤਰ) ਚਲਾਉਂਦਿਆਂ ਵੇਖਿਆ ਤਾਂ ਉਸ ਸਮੇਂ ਤੇਗ਼ ਬਹਾਦਰ ਦਾ ਲਕਬ ਬਖਸ਼ਿਸ਼ ਕਰਕੇ ਨਵਾਜਿਆ।

ਨੌਵੇਂ ਪਾਤਿਸ਼ਾਹ ਦੀ ਸ਼ਹਾਦਤ ਤੋਂ ਬਾਅਦ ਪੈਦਾ ਹੋਏ ਹਾਲਾਤ ਇੱਕੋ ਸਮੇਂ ਸਿੱਖਾਂ ਵਿੱਚ ਸੰਤ ਸਿਪਾਹੀ ਹੋਣ ਦੀ ਪ੍ਰਮੁੱਖ ਲੋੜ ਦੀ ਮੰਗ ਕਰਦੇ ਸਨ; ਇਸ ਕਰਕੇ ਸਾਹਿਬ-ਏ-ਕਮਾਲ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਪੱਕੇ ਤੌਰ ’ਤੇ ਸ਼ਸਤਰਧਾਰੀ ਕਰ ਕੇ ਸੰਘਰਸ਼ ਕਰਨ ਦਾ ਰਾਹ ਹੋਰ ਤਿੱਖਾ ਕੀਤਾ। ਘੋੜਿਆਂ ਅਤੇ ਹਾਥੀਆਂ ਦੀਆਂ ਸਵਾਰੀਆਂ, ਨਗਾਰਿਆਂ ਦੀਆਂ ਉੱਚੀਆਂ ਆਵਾਜ਼ਾਂ, ਕਿਲਿਆਂ ਦੀ ਉਸਾਰੀ, ਜੰਗੀ ਖੇਡਾਂ ਦੇ ਅਭਿਆਸਾਂ ਰਾਹੀਂ ਇਸ ਸੰਕਲਪ ਨੂੰ ਅਮਲ ’ਚ ਲਿਆਂਦਾ ਗਿਆ। ਇਸ ਆਦਰਸ਼ਕ ਸੁਮੇਲ ਲਈ ਦਸ਼ਮੇਸ਼ ਪਿਤਾ ਜੀ ਨੇ ਸ਼ਸਤਰਾਂ ਦੇ ਆਦਰ ਸਤਿਕਾਰ ਅਤੇ ਸਹੀ ਪ੍ਰਯੋਗ ਉੱਤੇ ਜੋ ਬਲ ਦਿੱਤਾ, ਉਸ ਵਿੱਚ ਹੋਲੀ ਦੇ ਤਿਉਹਾਰ ਨੂੰ ਹੋਲੇ ਮਹੱਲੇ ਵਿੱਚ ਬਦਲ ਦੇਣ ਦੀ ਇੱਕ ਮਹਾਨ ਘਟਨਾ ਸੀ। ਇਸ ਵਿੱਚ ਸ਼ਸਤਰ ਵਿਦਿਆ ਅਤੇ ਚੜ੍ਹਦੀ ਕਲਾ ਦਾ ਆਪਸ ਵਿੱਚ ਕਿੰਨਾ ਗੂੜਾ ਸਬੰਧ ਹੈ, ਕਵੀ ਨਿਹਾਲ ਸਿੰਘ ਦੀ ਇਸ ਰਚਨਾ ਤੋਂ ਸਪੱਸਟ ਹੋ ਜਾਂਦਾ ਹੈ:

‘ਬਰਛਾ, ਢਾਲ, ਕਟਾਰਾ, ਤੇਗਾ, ਕੜਛਾ ਦੇਗਾ ਗੋਲਾ ਹੈ।

ਛਕਾ ਪ੍ਰਸ਼ਾਦ, ਸਜਾ ਦਸਤਾਰਾ ਅਰ ਕਰਦੌਨਾ ਟੋਲਾ ਹੈ।

ਸੁਭੱਟ ਸੁਚਾਲਾ ਅਰ ਲੱਖ ਬਾਹਾਂ, ਕਲਗਾ ਸਿੰਘ ਸੁਚੋਲਾ ਹੈ।

ਅਪਰ ਮੁਛਹਿਰਾ ਦਾੜ੍ਹਾ ਜੈਸੇ, ਤੈਸੇ ਬੋਲਾ ਹੋਲਾ ਹੈ।’

(ਮਹਾਨ ਕੋਸ਼/ਪੰਨਾ 283)

ਗੁਰਸਿੱਖਾਂ ਅੰਦਰ ਸ਼ਸਤਰ ਦੀ ਲਗਾਵ ਪੈਦਾ ਕਰਨ ਲਈ, ਜੋ ਉਪਦੇਸ਼ ਦਸ਼ਮੇਸ਼ ਪਿਤਾ ਜੀ ਨੇ ਬਖ਼ਸ਼ਿਸ਼ ਕੀਤਾ ਉਸ ਨੂੰ ਕਵੀ ਸੰਤੋਖ ਸਿੰਘ ਜੀ ਨੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰੁਤ 3, ਅਧਿ. 23 ਵਿੱਚ ਇਵੇਂ ਵਰਣਨ ਕੀਤਾ:

‘ਸ਼ਸਤ੍ਰਨ ਕੇ ਅਧੀਨ ਹੈ ਰਾਜ॥

ਜੋ ਨ ਧਰਹਿ, ਤਿਸ ਬਿਗ੍ਰਿਹ ਕਾਜ॥

ਯਾਂ ਤੇ ਸਰਬ ਖਾਲਸਾ ਸੁਨੀਅਹਿ॥

ਅਯੁਧ ਧਰਬੇ ਉਤਮ ਗੁਨੀਅਹਿ॥

ਜਬ ਹਮਰੇ ਦਰਸ਼ਨ ਕੋ ਆਵਹੁ॥

ਬਨ ਸੁਚੇਤ ਤਨ ਸ਼ਸਤ੍ਰ ਸਜਾਵਹੁ॥

ਕਮਰਕਸਾ ਕਰ ਦੇਹੁ ਦਿਖਾਈ॥

ਹਮਰੀ ਖੁਸ਼ੀ ਹੋਇ ਅਧਿਕਾਈ॥’

ਸਦੀਆਂ ਤੋਂ ਗ਼ੁਲਾਮ, ਨਿਰਬਲ, ਨਿਮਾਣੀ, ਸਾਹਸਹੀਣ ਮਾਨਸਿਕਤਾ ਦੇ ਆਦੀ ਹੋ ਚੁੱਕੇ ਲੋਕਾਂ ਲਈ ਜਬਰ ਤੇ ਜ਼ੁਲਮ ਦੇ ਖਿਲਾਫ ਜੂਝਣ ਲਈ ਇਹ ਇੱਕ ਇਨਕਲਾਬੀ ਕਦਮ ਸੀ।

ਇਤਿਹਾਸਕ ਦ੍ਰਿਸ਼ਟੀਕੋਣ ਤੋਂ ਵੇਖਿਆ ਜਾਵੇ ਤਾਂ ਵੀ ਸਿੱਖ ਪਰੰਪਰਾ ਦੇ ਮੁੱਢਲੇ ਸਿਧਾਂਤ ਹੀ ਸਿੱਖ ਨੂੰ ਭੈ ਮੁਕਤ ਹੋਣ ਦਾ ਉਪਦੇਸ਼ ਦਿੰਦੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ਸੱਚ ਕਹਿਣ ਅਤੇ ਸੱਚ ’ਤੇ ਪਹਿਰਾ ਦੇਣ ਲਈ ਜੋ ਉਪਦੇਸ਼ ਦਿੱਤਾ, ਉਸ ਸੱਚ ਦੀ ਅਜ਼ਮਤ ਨੂੰ ਬੁਲੰਦ ਰੱਖਣ ਦਾ ਹਰ ਹੀਲਾ ਵੀ ਵਰਤਿਆ। ਸਤਿਗੁਰੂ ਜੀ ਅਜਿਹੇ ਸਿੱਖ ਸੂਰਮੇ ਦੀ ਸਿਰਜਨਾ ਕਰਨਾ ਚਾਹੁੰਦੇ ਸਨ, ਜੋ ਪ੍ਰਭੂ ਬੰਦਗੀ ਵਿੱਚ ਵੀ ਗੜੂੰਦ ਹੋਵੇ ਅਤੇ ਜ਼ੁਲਮ ਦੇ ਵਿਰੁੱਧ ਡੱਟ ਜਾਣ ਦੀ ਵੀ ਤਿਆਰੀ ਰੱਖਦਾ ਹੋਵੇ। ਸਿੱਖ ਵਿੱਚ ਇੱਕੋ ਸਮੇਂ ਜਿੱਥੇ ਹੋਰ ਬਹੁਤ ਸਾਰੇ ਗੁਣ ਭਰੇ, ਉੱਥੇ ਸ਼ਸਤਰ ਵਿਦਿਆ, ਘੋੜ ਸਵਾਰੀ ਅਤੇ ਯੁੱਧ ਅਭਿਆਸ ਵਿੱਚ ਵੀ ਨਿਪੁੰਨ ਕੀਤਾ ਗਿਆ। ਅਜਿਹੇ ਗੁਣਾਂ ਕਰਕੇ ਹੀ ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ ਹੈ:

‘ਲੈ ਕਰ ਦੁਤਾਰਾ ਗਾਵੈ ਸੰਗਤਿ ਮੇ ਵਾਰ ਆਸਾ,

ਪਕੜ ਦੁਧਾਰਾ ਬਾਹੈ ਸ਼ਤ੍ਰ ਸਿਰ ਆਰਾ ਹੈ।

ਕੜਛਾ ਲੈ ਹਾਥ ਵਰਤਾਵਤ ਅਤੁੱਟ ਦੇਗ,

ਕਠਿਨ ਕੁਦੰਡ ਬਾਣ ਵੇਖ ਕਰੈ ਪਾਰਾ ਹੈ।

ਭਕਤਿ ਗਯਾਨ ਪ੍ਰੇਮ ਔ ਵੈਰਾਗ ਕੀ ਸੁਣਾਵੈ ਕਥਾ,

ਚੜ ਕੈ ਤੁਰੰਗ ਜੰਗ ਲਲਕਾਰਾ ਹੈ।

ਤਤ੍ਵ ਗਯਾਨੀ, ਦਾਨੀ ਯੋਧਾ ਗ੍ਰਿਹੀ ਤਿਆਗੀ,

ਗੁਰੂ ਚੇਲਾ; ਧੰਨ ਧੰਨ ਧੰਨ ਗੁਰੂ ਖਾਲਸਾ ਹਮਾਰਾ ਹੈ।’

ਜਿਸ (ਗੁਰਸਿੱਖ) ਦੇ ਮੁੱਖ ਵਿੱਚ ਪ੍ਰਭੂ ਸਿਮਰਨ ਅਤੇ ਚਿੱਤ ਵਿੱਚ ਸਨਧਬੱਧ ਸ਼ਸਤਰਧਾਰੀ ਹੋ ਕੇ ਜ਼ੁਲਮ ਦੇ ਵਿੱਰੁਧ ਜੂਝਣ ਦੀ ਵਿਚਾਰਧਾਰਾ ਹੋਵੇ, ਸਤਿਗੁਰੂ ਜੀ ਵੀ ਉਸੇ ਸਿੱਖ ਦੇ ਜੀਵਨ ਨੂੰ ਧੰਨਤਾਯੋਗ ਆਖਦੇ ਹਨ।

ਸਤਿਗੁਰੂ ਜੀ ਦੀ ਬਖ਼ਸ਼ਿਸ਼ ਸਦਕਾ ਗੁਰਸਿੱਖਾਂ ਦੇ ਹੱਥਾਂ ਵਿੱਚ ਪਕੜੇ ਸ਼ਸਤਰ, ਗ਼ਰੀਬ ਦੀ ਰੱਖਿਆ ਅਤੇ ਜ਼ਾਲਮ ਦੀ ਭੱਖਿਆ ਲਈ ਚਲਾਏ ਜਾਂਦੇ ਹਨ। ਗੁਰੂ ਕਾਲ ਅਤੇ ਅੱਜ ਤੱਕ ਵੀ ਸ਼ਾਂਤੀਮਈ ਸਹਾਦਤਾਂ ਦੇ ਨਾਲ ਨਾਲ ਸਮੇਂ ਸਮੇਂ ਗੁਰਸਿੱਖ ਜੂਝਦੇ ਹੋਏ ਜੁਝਾਰੂ ਸਹਾਦਤਾਂ ਵੀ ਪ੍ਰਾਪਤ ਕਰਦੇ ਆ ਰਹੇ ਹਨ। ਜਦੋਂ ਵੀ ਕੌਮ, ਦੇਸ਼ ਉੱਤੇ ਕੋਈ ਹਮਲਾਵਰ ਬਣ ਕੇ ਆਇਆ ਤਾਂ ਗੁਰਸਿੱਖਾਂ ਵੱਲੋਂ ਉਨ੍ਹਾਂ ਦੇ ਮੂੰਹ ਮੋੜ ਦਿੱਤੇ ਗਏ। ਸਤਿਗੁਰੂ ਜੀ ਦੀ ਇਸ ਬਖ਼ਸ਼ਿਸ਼ ਸਦਕਾ ਮੁਗਲ, ਅੰਗ੍ਰੇਜਾਂ ਅਤੇ ਸਮੇਂ ਦੀ ਜ਼ਾਲਮ ਹਕੂਮਤ ਨਾਲ ਲੋਹਾ ਲੈ ਕੇ ਜੋ ਪ੍ਰਾਪਤੀਆਂ ਗੁਰਸਿੱਖਾਂ ਵੱਲੋਂ ਕੀਤੀਆਂ ਗਈਆਂ ਉਨ੍ਹਾਂ ਨੂੰ ਸਮੇਂ ਸਮੇਂ ਵੱਖ ਵੱਖ ਲਿਖਾਰੀਆਂ ਵੱਲੋਂ ਇਵੇਂ ਬਿਆਨ ਕੀਤਾ ਗਿਆ ਹੈ:

‘ਅਫ਼ਗਾਨ ਮਾਏਂ ਬਚੋਂ ਕੋ ਜਬ ਸੁਲਾਤੀ ਹੈਂ, ਯਾ ਰੋਨੇ ਧੋਨੇ ਸੇ, ਉਨਹੇ ਵੁਹ ਚੁਪ ਕਰਾਤੀ ਹੈਂ, ਤੋਂ ਕਹਿਤੀ ਹੈਂ:

ਬੱਚਾ ਖਾਮੋਸ਼ ਸੋ ਕਿ ਹਰੀਆ ਬਿਅਮਦਾ, ਬੱਚਾ ਖਾਮੋਸ਼ ਬਾਸ਼, ਕਿ ਨਲੂਆ ਬਿਅਮਦਾ।

ਜਦੋਂ ਅਬਦਾਲੀ ਪਾਸੋਂ ਭਾਰਤ ਦੀ ਅਣਖ ਆਬਰੂ 13000 ਲੜਕੀਆਂ ਸਿੰਘਾਂ ਨੇ ਛੁਡਵਾਈਆਂ ਸਨ, ਤਾਂ:

‘ਅਕਾਲ ਕਾ ਨਾਅਰਾ ਮਾਰਾ ਤਬ ਗੋਬਿੰਦ ਕੇ ਗਾਜੀ ਸਿੰਘੋਂ ਨੇ, ਭੈ ਭੀਤ ਹੁਈ ਔਰ ਕਾਂਪ ਉਠੀ, ਜੋ ਮਾਨ ਮਤੀ ਤੁਰਕਾਨੀ ਥੀ।

ਪੰਜਾਬ ਕੇ ਬੋਲੇ ਸ਼ਾਹਦ ਹੈਂ, ਹੈ ਜਿਨ ਮੇਂ ਲਟਕ ਰਹੀ ਲੀਰੇਂ, ਉਸ ਭਾਗ ਰਹੇ ਦੁਰਾਨੀ ਕੀ..।’ (ਸੁਖਨਹਾਏ ਦਾਨਸ਼ਮੰਦਾ 70)

ਸ਼ਾਹ ਮੁਹੰਮਦ ਨੇ ਸ੍ਰ. ਸਾਮ ਸਿੰਘ ਅਟਾਰੀ ਵਾਲੇ ਸਮੇਤ ਗੁਰਸਿੱਖਾਂ ਵੱਲੋਂ ਅੰਗ੍ਰੇਜਾਂ ਦੇ ਛੱਕੇ ਛੁਡਵਾਉਣ ਦਾ ਜਿਕਰ ਕਰਦਿਆਂ ਲਿਖਿਆ ਹੈ:

‘ਆਈਆਂ ਪੜਤਲਾਂ ਬੀੜ ਕੇ ਤੋਪਖਾਨੇ,

ਅਗੋਂ ਸਿੰਘਾਂ ਨੇ ਪਾਸੜੇ ਮੋੜ ਦਿੱਤੇ।

ਸੇਵਾ ਸਿੰਘ ਮਾਖੇ ਖਾਂ ਹੋਏ ਸਿੱਧੇ,

ਹੱਲੇ ਤਿੰਨ ਫਰੰਗੀ ਦੇ ਮੋੜ ਦਿੱਤੇ।

ਸ਼ਾਮ ਸਿੰਘ ਅਟਾਰੀ ਵਾਲੇ,

ਬੰਨ੍ਹ ਸ਼ਸਤਰੀ ਜੋੜ ਵਿਛੋੜ ਦਿੱਤੇ।

ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,

ਵਾਂਗ ਨਿੰਬੂਆਂ ਲਹੂ ਨਿਚੋੜ ਦਿੱਤੇ।’

ਗੁਰਸਿੱਖ ਨੂੰ ਗੁੜਤੀ ਹੀ ਇਸ ਪ੍ਰਕਾਰ ਦੀ ਦਿੱਤੀ ਗਈ ਕਿ ਇਹ ਸ਼ਸਤਰ, ਜ਼ੁਲਮ ਰੂਪੀ ਰੋਗ ਨੂੰ ਖਤਮ ਕਰਨ ਲਈ ਇੱਕ ਡਾਕਟਰ ਦੇ ਔਜਾਰਾਂ ਦੀ ਤਰ੍ਹਾਂ ਹਨ ਜੋ ਧਰਮ ਦੀ ਧੁਜਾ ਦਾ ਫਰਲਾ ਅਤੇ ਦੇਸ਼ ਕੌਮ ਤੇ ਮਜ਼ਲੂਮਾਂ ਦੀ ਪੱਤ ਬਚਾਉਣ ਵਾਲੇ ਹਨ। ਸਿੰਘ ਸਾਹਿਬ ਗਿਆਨੀ ਸ਼ਰਮ ਸਿੰਘ ਜੀ ‘ਸ਼ਰਮ’ ਹੋਰਾਂ ਦੇ ਲਿਖੇ ਇਹ ਬੋਲ ਕਿੰਨੇ ਸਾਰਥਕ ਹਨ:

‘ਉਂਝ ਤਾਂ ਦੁਨੀਆ ’ਚ ਬਥੇਰੇ ਨੇ ਸ਼ਸਤਰ,

(ਪਰ) ਇਨ੍ਹਾਂ ਵਿੱਚ ਵਾਧਾ ਏ ਕਿ ਇਹ ਤੇਰੇ ਨੇ ਸ਼ਸਤਰ।

ਇਹ ਸ਼ਸਤਰ ਨੇ ਨਸ਼ਤਰ ਗੁਰੂ ਵੈਦ ਦੇ,

ਰੋਗੀ ਦੇ ਮਿੱਤਰ ਭਲੇਰੇ ਨੇ ਸ਼ਸਤਰ।

ਇਹ ਸ਼ਸਤਰ ਨੇ ਕਿਸੇ ਆਦਰਸ਼ ਦੇ ਲਖਾਇਕ,

ਧਰਮ ਦੀ ਧੂਜਾ ਦੇ ਫਰੇਰੇ ਨੇ ਸ਼ਸਤਰ।

ਇਨ੍ਹਾਂ ਸ਼ਸਤਰਾਂ ‘ਸ਼ਰਮ’ ਰੱਖੀ ਵਤਨ ਦੀ,

ਤਾਹੀਉਂ ਸਤਿਕਾਰਦਾ ਵਤਨ ਤੇਰੇ ਨੇ ਸ਼ਸਤਰ।’