ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਮਣੇ ਚੁਣੌਤੀਆਂ ਅਤੇ ਉਡੀਕ ਰਹੇ ਨਵੇਂ ਕਾਰਜ

0
302

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਮਣੇ ਚੁਣੌਤੀਆਂ ਅਤੇ ਉਡੀਕ ਰਹੇ ਨਵੇਂ ਕਾਰਜ

ਪਹਿਲੀ ਵਾਰ, 15 ਨਵੰਬਰ 1920 ਨੂੰ 175 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਈ। ਸ. ਸੁੰਦਰ ਸਿੰਘ ਮਜੀਠੀਆ ਇਸ ਦੇ ਪਹਿਲੇ ਪ੍ਰਧਾਨ ਥਾਪੇ ਗਏ। 1925 ’ਚ ਪਾਸ ਹੋਏ ਸਿੱਖ ਗੁਰਦੁਆਰਾ ਐਕਟ ਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਨੂੰਨੀ ਵੈਧਤਾ ਤੇ ਮਾਣਤਾ ਪ੍ਰਾਪਤ ਹੋਈ ਤੇ ਚੋਣ ਵਿਧੀ ਆਦਿ ਨਿਸ਼ਚਿਤ ਕੀਤੀ ਗਈ। ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗਿਆਰਾਂ ਵਾਰ ਚੋਣ ਹੋ ਚੁੱਕੀ ਹੈ। ਬਾਰਵੀਂ ਵਾਰ ਚੋਣ 11 ਜੁਲਾਈ 2004 ਨੂੰ ਹੋਈ ਸੀ ਵੈਸੇ ਚੋਣ ਪੰਜ ਸਾਲਾਂ ਬਾਅਦ ਹੋਣੀ ਨਿਸ਼ਚਿਤ ਕੀਤੀ ਗਈ ਹੈ ਪਰ ਪੰਜ ਸਾਲ ਸਮਾਂ-ਸੀਮਾ ਦੀ ਹਮੇਸ਼ਾਂ ਹੀ ਉਲੰਘਣਾ ਹੁੰਦੀ ਰਹਿੰਦੀ ਹੈ। 1965 ਤੋਂ ਬਾਅਦ ਚੋਣਾ 1979 ’ਚ (14 ਸਾਲ ਬਾਅਦ) ਅਤੇ 1979 ਤੋਂ ਬਾਅਦ ਚੋਣਾ 1996 (17 ਸਾਲ ਬਾਅਦ) ਹੋਈ ਸੀ। ਅਗਲੀ ਚੋਣ ਅਕਤੂਬਰ 2001 ’ਚ ਹੋਣੀ ਚਾਹੀਦੀ ਸੀ ਪਰ ਨਹੀਂ। 1966 ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕੇਂਦਰ ਸਰਕਾਰ ਦੇ ਗਿ੍ਰਹ ਵਿਭਾਗ ਨੇ ਆਪਣੇ ਜ਼ਿੰਮੇ ਲਈ ਸੀ। ਇਸ ਵਾਰ ਕੇਂਦਰ ਗਿ੍ਰਹ ਵਿਭਾਗ ਨੇ 8 ਲੱਖ ਤੋਂ ਵੱਧ ਸਹਿਜਧਾਰੀ ਸਿੱਖਾਂ ਪਾਸੋਂ ਵੋਟ ਦਾ ਅਧਿਕਾਰ ਖੋਹ ਲਿਆ। ਹਾਲਾਂਕਿ ਪੰਜਾਬ ਦੇ ਪਿੰਡਾਂ ’ਚ ਕੇਸਧਾਰੀ, ਦਾਹੜੀਧਾਰੀ ਟਾਵਾਂ-ਟਾਵਾਂ ਹੀ ਕੋਈ ਸਿੱਖ ਨੌਜਵਾਨ ਮਿਲੇ। ਸਭ ਘੋਨਮੋਨ ਦਸਤਾਰਹੀਣੇ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 170 ਮੈਂਬਰ, 120 ਚੋਣ ਹਲਕਿਆਂ ਵਿੱਚੋਂ ਚੁਣੇ ਜਾਂਦੇ ਹਨ। 50 ਚੋਣ ਹਲਕੇ 2-2 ਮੈਂਬਰਾਂ ਵਾਲੇ ਹਨ। 25% ਸੀਟਾਂ ਅਨੁਸੂਚਿਤ ਸਿੱਖ ਜ਼ਾਤੀਆਂ ਲਈ ਅਤੇ 25 ਸੀਟਾਂ ਇਸਤ੍ਰੀਆਂ ਲਈ ਰਾਖਵੀਆਂ ਹਨ। 170 ਮੈਂਬਰਾਂ ’ਚੋਂਂ 15 ਮੈਂਬਰ ਨਾਮਜ਼ਦ ਹੁੰਦੇ ਹਨ। ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਨਾਮਜ਼ਦ ਮੈਂਬਰ, ਕਲਾਕਾਰ, ਅਧਿਆਪਕ, ਗੀਤਕਾਰ, ਚਰਿੱਤਰਵਾਨ, ਸਾਫ-ਸੁਥਰੀ ਸਿੱਖ ਸੂਰਤ ਵਾਲੇ ਸੱਜਣ, ਲਏ ਜਾਣ। ਕਮੇਟੀ ਦਾ ਪ੍ਰਧਾਨ ਦੋ ਸਾਲਾਂ ਲਈ ਵੱਧ ਤੋਂ ਵੱਧ ਦੋ ਟਰਮਾਂ ਲਈ ਚੁਣਿਆ ਜਾਣਾ ਚਾਹੀਦਾ ਹੈ।

ਪਿਛਲੇ ਸਾਲਾਂ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ ਕਾਰ, ਕਾਰ ਵਿਹਾਰ , ਮਿਆਰ ਤੇ ਇਸ ਦੇ ਮਾੜੇ ਪ੍ਰਮਾਣਾਂ ਕਰਕੇ, ਕਮੇਟੀ ਦੀ ਮੀਡੀਆ ’ਚ ਕਾਫੀ ਆਲੋਚਨਾ ਹੁੰਦੀ ਰਹੀ ਹੈ। ਗੁਰਦੁਆਰਿਆਂ ਦੇ ਪ੍ਰਬੰਧ ਸੁਧਾਰ, ਗੁਰਬਾਣੀ ਦਾ ਸੰਚਾਰ, ਵਿਗਿਆਨਕ ਲੀਹਾਂ ਉੱਤੇ ਸਿੱਖ ਮੱਤ ਦਾ ਪ੍ਰਚਾਰ ਤੇ ਪ੍ਰਸਾਰ, ਨਸ਼ੇ ਰਹਿਤ, ਜ਼ਾਤਪਾਤ ਰਹਿਤ, ਉਦਾਰਵਾਦੀ, ਆਸ਼ਾਵਾਦੀ, ਭਵਿੱਖਵਾਦੀ, ਤਾਰਕਿਕ, ਗੁਣਵਾਨ, ਗਿਆਨਵਾਨ, ਉੱਚੀਆਂ ਇਖਲਾਕੀ ਤੇ ਸਦਾਚਾਰਕ ਕੀਮਤਾਂ ਕਦਰਾਂ ਵਾਲੇ ਖਾਲਸ ਮਨੁੱਖ ਐਸ. ਜੀ. ਪੀ. ਸੀ. ਦੇ ਮੁੱਖ ਉਦੇਸ਼ ਹਨ ਪਰ ਜਿਉਂ ਜਿਉਂ ਨਵੇਂ ਗੁਰਦੁਆਰੇ ਉਸਰਦੇ ਗਏ, ਪੁਰਾਣੇ ਗੁਰਦੁਆਰੇ ਹੋਰ ਵਿਸ਼ਾਲ ਤੇ ਆਲੀਸ਼ਾਨ ਬਣ ਗਏ ਪਰ ਅਫ਼ਸੋਸ ਸ਼ਬਦ ਗੁਰੂ ਤੋਂ ਦੂਰੀ ਵੱਧਦੀ ਗਈ। ਨਿਰੋਲ ਗੁਰਦੁਆਰਿਆਂ ਦੀ ਚੜ੍ਹਾਵਾ ਆਮਦਨ ਉੱਤੇ ਪਲਣ ਵਾਲੇ ਪੁਜਾਰੀਆਂ ਦੀ ਭੀੜ ਵੱਧਦੀ ਗਈ। ‘‘ਸਬਦੁ ਗੁਰੂ, ਸੁਰਤਿ ਧੁਨਿ ਚੇਲਾ॥’’ (ਮ:੧/੯੪੩) ਦੀ ਆਵਾਜ਼ ਗੁੰਮ ਹੁੰਦੀ ਗਈ। ਅਮਰ ਗੁਰਬਾਣੀ-ਸੱਚ ਅਮਲ ਤੋਂ ਦੂਰ ਹੁੰਦਾ ਗਿਆ। ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ ‘‘ਇਕਾ ਬਾਣੀ; ਇਕੁ ਗੁਰੁ, ਇਕੋ ਸਬਦੁ ਵੀਚਾਰਿ॥’’ (ਮ:੩/੬੪੬) ਪਰ ਥਾਂ ਥਾਂ ਦੇਹਧਾਰੀ ਅਖੌਤੀ ਗੁਰੂਆਂ, ਸਾਧਾਂ ਦੇ ਡੇਰੇ ਉਸਰਦੇ ਗਏ। ਮੱਠ, ਮੜੀ ਮਸਾਣੀ, ਭੂਤ, ਭੰਡਾਰੇ, ਅਖਾੜੇ, ਜਗਰਾਤੇ, ਸਮਾਧਾਂ. ਰੱਖਾਂ, ਭਜਨ ਮੰਡਲੀਆਂ, ਕਰਮਕਾਂਡਾਂ, ਕੁੰਭ ਇਸਨਾਨਾਂ, ਪਾਪ-ਪੁੰਨ, ਜੰਤਰ-ਮੰਤਰ, ਜਾਦੂ-ਟੂਣੇ, ਰਿੱਧੀਆਂ-ਸਿੱਧੀਆਂ, ਆਸਣ, ਸਮਾਧੀਆਂ, ਵਰਤ ਵਿਖਾਵੇ, ਰਸਮੀ ਸੰਜਮਾਂ ਆਦਿ ਦਾ ਬੋਲਬਾਲਾ ਹੁੰਦਾ ਗਿਆ। ਬਿਨਾ ਸੰਗਤ ਸਰੋਤਿਆਂ ਤੋਂ ਅਖੰਡ ਪਾਠਾਂ ਦੀਆਂ ਲੜੀਆਂ ਮਹੀਨਿਆਂ ਬੱਧੀ ਚਲਦੀਆਂ, ਵਧਦੀਆਂ ਗਈਆਂ। ਕੀਤੇ ਕਰਾਏ ਅਖੰਡ ਪਾਠ ਵਿਕਦੇ ਗਏ, ਵਿਕ ਰਹੇ ਹਨ। ਬ੍ਰਹਮਣਵਾਦੀ ਜੜ੍ਹ ਰਹੁਰੀਤਾਂ ਭਾਰੂ ਹੁੰਦੀਆਂ ਜਾ ਰਹੀਆਂ ਹਨ। 1920 ਤੋਂ ਪਹਿਲਾਂ ਵਾਲੇ ਖਤਰੇ ਫਿਰ ਨੇੜੇ ਆ ਰਹੇ ਹਨ। ਨਸ਼ਿਆਂ ਨੇ ਪੰਜਾਬ ਦੇ ਪਿੰਡਾਂ ਦੇ ਨੋਜਵਾਨਾਂ ਨੂੰ ਨਿਚੋੜ ਲਿਆ ਹੈ। ਸਿੱਖ ਸਾਬੁਤ ਸੂਰਤ ਕਿਧਰੇ ਨਜ਼ਰ ਨਹੀਂ ਆ ਰਹੇ ਹਨ। ਪਿੰਡਾਂ ’ਚ ਸਰਕਾਰੀ ਸਕੂਲ ਪੜ੍ਹਾਈ ਲਗਭਗ ਖ਼ਤਮ ਹੀ ਹੋ ਚੁੱਕੀ ਹੈ। ਬੇਰੋਜ਼ਗਾਰ ਪਤਿਤ ਕਾਂਗੜੀ ਪੇਂਡੂ ਨੌਜਵਾਨ, ਨਸ਼ਿਆਂ ਦੀ ਥੁੜ ਵਿੱਚ, ਕੰਧਾਂ ਨੂੰ ਟੱਕਰਾਂ ਮਾਰਦੇ ਫਿਰਦੇ ਹਨ। ਕ੍ਰੋੜਾਂ ਰੁਪਏ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਬਣਦਾ ਸੀ ਕਿ ਇਨ੍ਹਾਂ ਨੌਜਵਾਨਾਂ ਪ੍ਰਤੀ ਚਿੰਤਤ ਹੁੰਦੀ। ਜਿਹੜਾ ਵਿਅਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ 40 ਸਾਲ ਤੱਕ ਕਾਬਜ਼ ਰਿਹਾ ਹੋਵੇ, ਇਸ ਨਿਰਾਸ਼ਾਜਨਕ ਸਥਿਤੀ ਲਈ ਉਸ ਨੂੰ ਜ਼ਿੰਮੇਵਾਰੀ ਤੋਂ ਕੁਤਾਹੀ ਲਈ, ਮਾਫ ਨਹੀਂ ਕੀਤਾ ਜਾ ਸਕਦਾ। ਕਮੇਟੀ ਦੀ ਪ੍ਰਧਾਨਗੀ ਲਈ ਸਮਾ ਨਿਸ਼ਚਿਤ ਹੋਵੇ। ਵੱਧ ਤੋਂ ਵੱਧ 4 ਸਾਲ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੂਰਨ ਰੂਪ ’ਚ ਸਿਆਸੀਕਰਨ ਤੇ ਬਾਅਦ ਵਿੱਚ ਇੱਕ ਕਦਮ ਹੋਰ ਵਧ ਕੇ ਨਿੱਜੀ ਕਰਨ ਹੋ ਗਿਆ ਹੈ। ਨਿਸ਼ਚਾ, ਭਰੋਸਾ ਤੇ ਵਫਾਦਾਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਹੋਣ ਦੀ ਬਜਾਏ ਇੱਕ ਆਗੂ ਤੱਕ ਸੀਮਤ ਹੋ ਗਈ ਹੈ। ਇੱਕ ਬਹਾਦਰ ਕੌਮ ਦੀ ਨੁਮਾਇੰਦਾ ਕਮੇਟੀ ਦੀ ਪ੍ਰਧਾਨਗੀ, ਸੋਚ ਸਮਝ, ਸੇਵਾ, ਕਿਰਦਾਰ, ਕੌਮ ਤੇ ਗੁਰਬਾਣੀ ਪ੍ਰਤੀ ਵਚਨਬੱਧਤਾ, ਤਰਕਮਈ ਬਹਿਸ ਤੋਂ ਬਿਨਾ ਹੀ, ਐਨ ਮੌਕੇ ’ਤੇ ਬੰਦ ਲਿਫਾਫੇ ’ਚੋਂ ਨਿਕਲਣ ਲੱਗੀ। ਇੱਕ ਮਹੀਨੇ ਤੋਂ ਬਾਅਦ, ਦਿੱਲੀ ਦੇ ਮੈਂਬਰ, ਅੰਮਿ੍ਰਤਸਰ ਪਹੁੰਚੇ ਤੇ ਉਨ੍ਹਾਂ ਨੇ ਲਿਫਾਫੇ ਨੂੰ ਵੋਟਾਂ ਪਾ ਦਿੱਤੀਆਂ। ਨਿਸ਼ਚਿਤ ਕੀਤਾ ਜਾਵੇ, ਚਾਹੀਦਾ ਹੈ ਕਿ ਗੁਰਦੁਆਰਿਆਂ ਨੂੰ ਸੱਤਾ ਦੀ ਰਸਾਕਸ਼ੀ ਲਈ ਨਾ ਵਰਤਿਆ ਜਾਵੇ। ਗੁਰਦੁਆਰੇ ਸਾਰਿਆਂ ਦੇ ਸਾਂਝੇ ਇਬਾਦਤਘਰ ਹਨ।

ਨਿਘਾਰ ਜਾਰੀ ਰਿਹਾ। ਗੁਰਦੁਆਰਿਆਂ ਅੰਦਰਲਾ ਭਿ੍ਰਸ਼ਟਾਚਾਰ ਹੌਲੀ ਹੌਲੀ ਮੀਡੀਆ ਰਾਹੀਂ ਬਾਹਰ ਆਉਣ ਲੱਗਾ। ਕੜਾਹ ਪ੍ਰਸ਼ਾਦ ਘਪਲਾ, ਸਿਰੋਪਾਓ ਲਈ ਕੱਪੜਾ ਘੁਟਾਲਾ, ਲੰਗਰ ਰਸਦ ਖਰੀਦਣ ’ਚ ਗੜਬੜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਦੋਂ ਦੇ ਸੀਨੀਅਰ ਮੀਤ ਪ੍ਰਧਾਨ ਮਰਹੂਮ ਬਲਬੀਰ ਸਿੰਘ ਪੰਨੂੰ ਦੀ 16 ਫਰਵਰੀ 2001 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਡੀ ਟਾਟਾ ਸੂੰਮੋ ਦਾ ਬਰੇਲੀ (ਯੂ.ਪੀ.) ਨੇੜੇ ਹੋਏ ਹਾਦਸੇ ’ਚ ਮੌਤ ਤੇ ਗੱਡੀ ਵਿੱਚ ਸ਼ਰਾਬ ਦੀਆਂ 3 ਬੋਤਲਾਂ ਖ਼ਾਲੀ, 4 ਭਰੀਆਂ ਅਤੇ ਇੱਕ ਬੇ-ਪਛਾਣ ਔਰਤ ਦੀ ਲਾਸ਼ ਮਿਲੀ ਸੀ। 6 ਨਵੰਬਰ 2002 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 10 ਮੈਂਬਰਾਂ ਵਿਰੁੱਧ ਝੂਠੇ ਟੀ.ਏ., ਡੀ.ਏ. ਬਿੱਲ ਵਸੂਲਣ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਸ਼੍ਰੋਮਣੀ ਕਮੇਟੀ ’ਚ ਨੌਕਰੀਆਂ ਦੇਣ ਦੇ ਦੋਸ਼ ਲੱਗੇ ਸਨ। ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਧੂ ਸਿੰਘ ਰਾਗੀ ਨੂੰ 20-4-2004 ਨੂੰ ਭੁੱਕੀ ਤਸਕਰੀ ਕੇਸ ਬਠਿਡਾ ਵਿਖੇ, 10 ਸਾਲ ਦੀ ਕੈਦ ਦੀ ਸਜ਼ਾ ਅਤੇ ਇੱਕ ਲੱਖ ਰੁਪਏ ਜੁਰਮਾਨਾ ਹੋਇਆ। ਇੱਕ ਹੋਰ ਕਮੇਟੀ ਦੇ ਉਪ-ਪ੍ਰਧਾਨ ਕੇਵਲ ਸਿੰਘ ਬਾਦਲ ਨੂੰ ਪਿਆਰਾ ਸਿੰਘ ਭਨਿਆਰਾ ਵਾਲਾ ਦਾ ਪੈਰੋਕਾਰ ਹੋਣ ਕਰਕੇ ਤਨਖਾਹ ਭੁਗਤਣੀ ਪਈ। ਕੇਵਲ ਸਿੰਘ ਬਾਦਲ ’ਤੇ ਦਾਹੜੀ ਰੰੰਗਣ ਦਾ ਦੋਸ਼ ਵੀ ਲੱਗਾ। ਇੱਕ ਪ੍ਰਵਾਸੀ ਰਸਾਲੇ ਨੇ ਆਪਣੇ ਪੱਤ੍ਰਕਾਰਾਂ ਦੀ ਟੀਮ ਤੋਂ ਸਰਵੇਖਣ ਕਰਵਾ ਕੇ ਆਪਣੇ 21-6-2004 ਦੇ ਅੰਕ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਚਰਿੱਤਰ ਬਾਰੇ ਅੰਕੜੇ ਛਾਪੇ ਸਨ। ਸਰਵੇਖਣ ਅਨੁਸਾਰ 55 ਕਮੇਟੀ ਮੈਂਬਰ ਆਪ ਸ਼ਰਾਬ ਦਾ ਸੇਵਨ ਕਰਦੇ ਸਨ. 79% ਮੈਂਬਰ ਭਿ੍ਰਸ਼ਟਾਚਾਰ ਲਿਪਤ ਸਨ, 80% ਕਮੇਟੀ ਮੈਂਬਰ; ਕਮੇਟੀ-ਧਨ ਦੀ ਦੁਰਵਰਤੋ ਕਰਦੇ ਸਨ, 53% ਕਮੇਟੀ ਮੈਂਬਰਾਂ ਦੇ ਬੱਚੇ ਪਤਿਤ ਸਨ। 18-6-2004 ਨੂੰ ਦੋ ਜਿਲਿਆਂ ਦੇ ਰੀਟਰਨਿੰਗ ਅਫ਼ਸਰਾਂ ਨੇ ਕਾਰਜਕਾਰੀ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ, ਸੇਵਾ ਸਿੰਘ ਸੇਖਵਾਂ, ਸੁੱਚਾ ਸਿੰਘ ਲੰਗਾਹ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਕਰਮਵਾਰ 56 ਲੱਖ ਰੁਪਏ, 13 ਲੱਖ 20 ਹਜ਼ਾਰ, ਤੇ 12 ਲੱਖ 30 ਹਜ਼ਾਰ ਰੁਪਏ ਬਕਾਇਆ ਹੋਣ ਕਾਰਨ ਪੇਪਰ ਰੱਦ ਕਰ ਦਿੱਤੇ ਗਏ ਤੇ ਉਹ ਕਮੇਟੀ ਚੋਣ ਤੋਂ ਬਾਹਰ ਹੋ ਗਏ ਸਨ।

ਲੋੜ ਹੈ, ਗ਼ਲਤੀ ਕਰਨ ਵਾਲੇ, ਗੁਰਦੁਆਰਾ ਗੋਲਕ ਦੀ ਦੁਰਵਰਤੋ ਕਰਨ ਵਾਲੇ, ਨਸ਼ੇ ਕਰਨ ਵਾਲੇ, ਨਿੱਜ ਪ੍ਰਸਤ ਜਾਂ ਪਰਿਵਾਰ ਪ੍ਰਸਤ ਕਮੇਟੀ ਮੈਂਬਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ, ਮੈਂਬਰਸ਼ਿਪ ਖ਼ਤਮ ਕਰ ਦੇਣ ਤੱਕ ਦੀ ਵਿਵਸਥਾ ਲਾਗੂ ਕਰਨ ਦੀ। ਵਿਆਜ ਸਮੇਤ ਗਬਨ ਦੀ ਰਾਸ਼ੀ ਵਸੂਲ ਕਰਨ ਦਾ ਕਾਨੂੰਨ ਪ੍ਰਬੰਧ ਹੋਵੇ। ਕਮੇਟੀ ਮੈਂਬਰਾਂ ਲਈ ਚੋਣ ਨਾਮਜ਼ਦਗੀ ਪੱਤਰ ਭਰਨ ਸਮੇਂ ਹਰ ਉਮੀਦਵਾਰ ਹਲਫਨਾਮਾ ਦਾਇਰ ਕਰੇ ਕਿ ਉਹ ਅਤੇ ਉਸ ਦਾ ਪਰਿਵਾਰ ਸ਼ਰਾਬ ਸਮੇਤ ਕੋਈ ਵੀ ਨਸ਼ਾ ਨਹੀਂ ਕਰੇਗਾ। ਆਪਣੀ ਅਤੇ ਅਧੀਨ ਪਰਿਵਾਰ ਸੰਪਤੀ ਬਾਰੇ ਵੇਰਵਾ ਦੇਵੇ, ਉਹ ਕਿਸੇ ਡੇਰੇਦਾਰ, ਸਾਧਾਂ, ਤਾਂਤਰਿਕਾਂ ਦੇ ਚਰਨੀਂ ਸਿਰ ਨਹੀਂ ਨਿਵਾਏਗਾ, ਉਹ ਹੱਕ ਦੀ ਕਮਾਈ ਖਾਏਗਾ, ਦਸਵੰਧ ਕੱਢ ਕੇ ਲੋਕ ਭਲਾਈ ਦੇ ਕੰਮਾਂ ’ਚ ਲਗਾਵੇਗਾ, ਉਹ ਜਾਗਿ੍ਰਤੀ, ਸਾਖਰਤਾ ਤੇ ਨਸ਼ੇ ਰੋਕ ਲਹਿਰ ਚਲਾਵੇਗਾ। ਉਹ ਉੱਚੇ, ਝੂਠੇ, ਕੌੜੇ, ਫਿਰਕੂ ਅਤੇ ਮੰਦੇ ਸ਼ਬਦਾਂ ਦੀ ਵਰਤੋ ਨਹੀਂ ਕਰੇਗਾ।

ਕੁਝ ਬਹੁਤ ਵੱਡੇ ਅੰਮਿ੍ਰਤਧਾਰੀ ਸਿੱਖ ਆਗੂ ਬਹੁਤ ਮਾੜੀ ਤੇ ਅਸੱਭਿਅਕ ਭਾਸ਼ਾ ਵਰਤਦੇ ਹਨ। 12-6-2004 ’ਚ ਹੀ ਚੰਡੀਗੜ੍ਹ ਵਿਖੇ ਪਾਣੀਆਂ ਬਾਰੇ, ਸਰਵ ਪਾਰਟੀ ਮੀਟਿੰਗ ਵਿੱਚ ਲਾੳੂਡ ਸਪੀਕਰ ਰਾਹੀਂ ਦੋ ਆਗੂਆਂ ਦੀਆਂ ਗੰਦੀਆਂ ਗਾਲ੍ਹਾਂ ਦੂਰ ਖੜ੍ਹੇ ਅਖ਼ਬਾਰਾਂ, ਟੀ.ਵੀ. ਵਾਲਿਆਂ ਨੇ ਸੁਣੀਆਂ ਤੇ ਕੰਨਾਂ ’ਚ ਉਂਗਲੀਆਂ ਦੇ ਲਈਆਂ। ਗੁਰੂ ਨਾਨਕ ਦੇਵ ਜੀ ਆਸਾ ਕੀ ਵਾਰ ਰਾਹੀਂ ਫ਼ੁਰਮਾ ਰਹੇ ਹਨ ‘‘ਨਾਨਕ! ਫਿਕੈ ਬੋਲਿਐ, ਤਨੁ ਮਨੁ ਫਿਕਾ ਹੋਇ॥ ਫਿਕੋ ਫਿਕਾ ਸਦੀਐ, ਫਿਕੇ ਫਿਕੀ ਸੋਇ॥ ਫਿਕਾ ਦਰਗਹ ਸਟੀਐ, ਮੁਹਿ ਥੁਕਾ ਫਿਕੇ ਪਾਇ॥ ਫਿਕਾ ਮੂਰਖੁ ਆਖੀਐ, ਪਾਣਾ ਲਹੈ ਸਜਾਇ॥ (ਮ: ੧, ੪੭੩)

ਸ਼੍ਰੋਮਣੀ ਕਮੇਟੀ ਦੀ ਚੋਣ ਹਰ ਪੰਜ ਸਾਲਾਂ ਬਾਅਦ ਹੋਣੀ ਲਾਜ਼ਮੀ ਕਰਨ ਲਈ ਕਾਨੂੰਨ ਸੋਧ ਹੋਣੀ ਚਾਹੀਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ ਖੇਤਰ ’ਚ ਗੁਰਦੁਆਰਿਆਂ ਦਾ ਭਿ੍ਰਸ਼ਟਾਚਾਰ ਰਹਿਤ, ਨਿਪੁੰਨ ਅਤੇ ਕੁਸ਼ਲ ਪ੍ਰਬੰਧ ਦਰਜ ਹੈ। ਬਿਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਵਾਨਗੀ ਦੇ ਜਗ੍ਹਾ ਜਗ੍ਹਾ ਨਵੇਂ ਗੁਰਦੁਆਰੇ ਉਸਾਰੇ ਜਾ ਰਹੇ ਹਨ। ਕਿਸੇ ਨਾ ਕਿਸੇ ਗੁਰੂ ਸਾਹਿਬ ਦੀ ਆਮਦ ਨਾਲ, ਕਈ ਗੁਰਦੁਆਰੇ, ਬਿਨਾ ਕਿਸੇ ਠੋਸ ਪ੍ਰਮਾਣ ਤੋਂ, ਜੋੜੇ ਜਾ ਰਹੇ ਹਨ। ਅਕਾਲ ਤਖ਼ਤ ਸਾਹਿਬ ਤੋਂ 9-12-2002 ਨੂੰ ਇਕ ਮਤਾ ਪਾਸ ਕੀਤਾ ਗਿਆ ਸੀ ਕਿ ਕੋਈ ਵੀ ਨਵਾਂ ਗੁਰਦੁਆਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾ ਨਹੀਂ ਉਸਾਰਿਆ ਜਾਵੇਗਾ। ਇਸ ਮਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਜ਼ਰੂਰਤ ਹੈ।

ਗੁਰਦੁਆਰਿਆਂ ’ਚ ਹੋ ਰਿਹਾ ਬੇ-ਲੋੜਾ, ਬੇ-ਵਕਤਾ ਤੇ ਬੇ- ਵਜਾ ਸ਼ੋਰ, ਸਖ਼ਤੀ ਨਾਲ ਰੋਕਿਆ ਜਾਣਾ ਚਾਹੀਦਾ ਹੈ। ਸ਼ੋਰ; ਸਿਹਤ, ਸੁਹਜ, ਸੀਰਤ (ਸੁਭਾਵ), ਸ਼ਿਸ਼ਟਾਚਾਰ, ਸੰਗੀਤ ਤੇ ਸਿਮਰਨ ਦਾ ਦੁਸ਼ਮਣ ਹੈ। ਸ਼ੋਰ ਪ੍ਰਦੂਸ਼ਣ ਵਿਰੁਧ 1981 ਦਾ ਕੇਂਦਰੀ ਏਅਰ ਐਕਟ ਵੀ ਲਾਗੂ ਹੋਣਾ ਚਾਹੀਦਾ ਹੈ। ਗੁਰਦੁਆਰਿਆਂ ਵਿਚਲੇ ਸ਼ੋਰ ਵਿਰੁੱਧ ਅਕਾਲ ਤਖ਼ਤ ਸਾਹਿਬ ਤੋਂ 24-10-2000 ਨੂੰ ਇਕ ਮਤਾ ਪਾਸ ਕੀਤਾ ਗਿਆ ਸੀ, ਜਿਸ ਰਾਹੀਂ ਹਦਾਇਤ ਕੀਤੀ ਗਈ ਸੀ ਕਿ ਗੁਰਦੁਆਰਿਆਂ ਦੇ ਸਪੀਕਰਾਂ ਦੀ ਆਵਾਜ਼ ਗੁਰਦੁਆਰਿਆਂ ਦੀ ਚਾਰ ਦੁਆਰੀ ਤੋਂ ਬਾਹਰ ਨਹੀਂ ਜਾਣੀ ਚਾਹੀਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਪ੍ਰਬੰਧ ਹੇਠ ਚੱਲ ਰਹੇ ਸਾਰੇ ਹੀ ਗੁਰਦੁਆਰਿਆਂ ਸਮੇਤ ਤਮਾਮ ਹੋਰ ਗੁਰਦੁਆਰਿਆਂ ’ਚ ਵੀ ਇਹ ਮਤਾ ਸਖ਼ਤੀ ਨਾਲ ਲਾਗੂ ਕਰੇ ਜਾਂ ਸਰਕਾਰ ਤੋਂ ਲਾਗੂ ਕਰਵਾਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 29-1-2004 ਨੂੰ ਅਨੰਦਪੁਰ ਸਾਹਿਬ ਵਿਖੇ ਹੋਈ ਕਮੇਟੀ ਦੀ ਮੀਟਿੰਗ ’ਚ ਟੀ. ਵੀ. ’ਤੇ ਲੱਚਰ ਪੌਪ ਤੇ ਅਸ਼ਲੀਲ ਪ੍ਰੋਗਰਾਮ, ਜਿਹੜੇ ਪੰਜਾਬੀ ਤੇ ਸਿੱਖ ਸਭਿਆਚਾਰ ਨੂੰ ਵੱਡਾ ਖ਼ਤਰਾ ਪੇਸ਼ ਕਰ ਰਹੇ ਹਨ, ਵਿਰੁੱਧ ਮਤਾ ਪਾਸ ਕੀਤਾ ਸੀ ਪਰ ਇਸ ਬਹੁਤ ਜ਼ਰੂਰੀ ਅਤੇ ਲੋੜੀਂਦੇ ਮਤੇ ਨੂੰ ਲਾਗੂ ਕਰਵਾਉਣ ਲਈ ਹਾਲੀ ਤੱਕ ਕੋਈ ਅਮਲੀ ਕਾਰਵਾਈ ਨਹੀਂ ਕੀਤੀ ਗਈ ਜਦਕਿ ਪੰਜਾਬ ’ਚ ਸਰਕਾਰ ਵੀ ਇਨ੍ਹਾਂ ਦੀ ਹੀ ਮੌਜੂਦ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਬੜੇ ਵੱਡੇ ਆਰਥਿਕ ਸਾਧਨ ਹਨ। ਅਰਬਾਂ ਦਾ ਸਾਲਾਨਾ ਬਜਟ ਹੈ, ਜੋ ਹਰ ਸਾਲ ਵਧਦਾ ਜਾਂਦਾ ਹੈ ਜਿਵੇਂ ਸੰਨ 2002-3 ਦਾ ਕਮੇਟੀ ਦਾ ਸਾਲਾਨਾ ਬਜਟ 190 ਕ੍ਰੋੜ 66 ਲੱਖ ਰੁਪਏ ਸੀ, 2003-4 ਦਾ ਬਜਟ 206 ਕ੍ਰੋੜ ਤੋਂ ਵੱਧ, 2004-5 ਦਾ ਸਾਲਾਨਾ ਬਜਟ 224.53 ਕ੍ਰੋੜ, 2006-7 ਦਾ 286.35 ਕ੍ਰੋੜ, 2007-8 ਦਾ ਸਾਲਾਨਾ ਬਜਟ 330.68 ਕ੍ਰੋੜ, 2008-9 ਦਾ ਸਾਲਾਨਾ ਬਜਟ 386.70 ਕ੍ਰੋੜ, 2009-10 ਦਾ ਸਾਲਾਨਾ ਬਜਟ 448.90 ਕ੍ਰੋੜ, 2010-11 ਦਾ ਸਾਲਾਨਾ ਬਜਟ 508.70 ਕ੍ਰੋੜ ਰੁਪਏ ਆਦਿ ਸੀ। ਇੰਨੀ ਵੱਡੀ ਸਾਲਾਨਾ ਰਾਸ਼ੀ ਨਾਲ ਸਿੱਖ ਮਤਿ, ਸਿੱਖ ਸਮਾਜ ਤੇ ਸਿੱਖ ਸੰਸਥਾਵਾਂ ਦਾ ਕਾਇਆ ਕਲਪ ਕੀਤਾ ਜਾ ਸਕਦਾ ਹੈ। ਕਮੇਟੀ ਨੂੰ ਆਪਣੇ ਸਕੂਲਾਂ, ਕਾਲਜਾਂ ਤੋਂ ਇਲਾਵਾ ਪਿੰਡਾਂ ’ਚ ਸਰਕਾਰੀ ਸਕੂਲਾਂ ਦੀ ਵੀ ਸਾਰ ਲੈਣੀ ਚਾਹੀਦੀ ਹੈ। ਇਸ ਉਸਾਰੀ ਲਈ ਕਾਰ ਸੇਵਾ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਸਾਰੇ ਗ੍ਰੰਥੀਆਂ, ਪ੍ਰਚਾਰਕਾਂ, ਭਾਈਜੀਆਂ ਨੂੰ ਵਿਗਿਆਨਕ ਲੀਹਾਂ ’ਤੇ ਗੁਰਬਾਣੀ ਦੀ ਸ਼ੁੱਧ ਅਰਥ-ਵਿਆਖਿਆ ਅਤੇ 31 ਰਾਗਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਮਨਘੜਤ ਸਾਖੀਆਂ ਤੇ ਮਨਮਰਜ਼ੀ ਦੀ ਅਰਦਾਸ ਵਰਜਿਤ ਕੀਤੀ ਜਾਣੀ ਚਾਹੀਦੀ ਹੈ। ਪਿੰਡਾਂ ’ਚ ਆਪਣੇ ਪ੍ਰਬੰਧ ਵਾਲੀਆਂ ਡਿਸਪੈਂਸਰੀਆਂ, ਛੋਟੀਆਂ ਲਾਇਬ੍ਰੇਰੀਆਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਕਮੇਟੀ ਮਿਸ਼ਨਰੀ ਸਪਿਰਟ ਵਾਲੇ ਸੇਵਾ ਮੁਕਤ ਅਧਿਆਪਕਾਂ ਦੀ ਸੇਵਾ ਲੈ ਸਕਦੀ ਹੈ। ਲੋੜ ਹੈ, ਸਿੱਖਾਂ ਦੀ ਇਸ ਮਿੰਨੀ ਪਾਰਲੀਮੈਂਟ ਦੇ ਪਾਰਲੀਮੈਂਟ ਵਾਂਗ ਸਾਲ ’ਚ ਦੋ ਵਾਰੀ, 30-30 ਦਿਨਾਂ ਦੇ ਭਰਵੇਂ ਸਮਾਗਮ ਕਰਨ ਦੀ, ਜਿੱਥੇ ਕਿਸੇ ਦੇਸ਼ ਦੀ ਸੰਸਦ ਵਾਂਗ ਹੀ ਹਰ ਸਿੱਖ ਸਮਾਜ ਦੇ ਮਸਲੇ ’ਤੇ ਖੁਲ੍ਹੇ ਦਿਲ ਨਾਲ ਚਰਚਾ ਹੋਵੇ ਤੇ ਮਤਾ ਪਾਸ ਕਰਕੇ ਸਖ਼ਤੀ ਨਾਲ ਲਾਗੂ ਕਰਵਾਉਣ ਦੇ ਯਤਨ ਕੀਤੇ ਜਾਣ।ਤੇ ਨੂੰ ਲਾਗੂ ਕਰਵਾਉਣ ਲਈ ਹਾਲੀ ਤੱਕ ਕੋਈ ਅਮਲੀ ਕਾਰਵਾਈ ਨਹੀਂ ਕੀਤੀ ਗਈ ਜਦਕਿ ਪੰਜਾਬ ’ਚ ਸਰਕਾਰ ਵੀ ਇਨ੍ਹਾਂ ਦੀ ਹੀ ਮੌਜੂਦ ਹੈ।

ਪ੍ਰੋ. ਹਮਦਰਦਵੀਰ ਨੌਸ਼ਹਿਰਵੀ-94638-08697