ਮੇਰਾ ਸਾਈਂ

0
221

ਮੇਰਾ ਸਾਈਂ

ਪ੍ਰੋ. ਪੂਰਨ ਸਿੰਘ

ਹੱਸ ਖੇਡਦੀ- ਖੇਡਦੀ ਕਿਰਨ ਆਈ, ਦਿਲ ਅੰਦਰੇ- ਅੰਦਰੇ ਆਣ ਧਾਈ ।

ਸੂਰਜ ਕੰਬਦਾ- ਕੰਬਦਾ ਲਾਲ ਚੜਿਆ, ਪ੍ਰਕਾਸ਼ ਕੂਕਦਾ- ਕੂਕਦਾ ਵਿਹੜੇ ਵੜਿਆ ।

ਕੰਵਲ ਖਿੜ-ਖਿੜ ਹੱਸੇ ਦਿਲ ਅਕਾਸ਼ ਜੁੜਿਆ; ਨੀਲਾ ਚੱਕਰ ਚੱਲਣੋਂ ਰਿਹਾ ਮਨ-ਮੰਡਲ ਮੁੜਿਆ।

ਠੰਢੀ ਵਾ ਅਗੰਮ ਥੀਂ ਚਲ ਆਈ । ਕਲਗੀ ਵਾਲਿਆਂ ਵਾਲੀ ਸੁਗੰਧ ਆਈ ।

ਉੱਠ ਗਗਨ-ਪ੍ਰਕਾਸ਼ ਵਿੱਚ ਕੂਕਿਆ ਮੈਂ, ਕਿਹੜਾ ਰਾਹ ਹਜ਼ੂਰ-ਹਜ਼ੂਰ ਨੂੰ ਜੀ ?

ਉੱਡ ਅਸਗਾਹ ਨੀਲਾਣ ਵਿੱਚ ਕੂਕਿਆ ਮੈਂ, ਕਿਹੜਾ ਰਾਹ ਹੈ ਫ਼ੈਜ਼ ਗੰਜੂਰ ਨੂੰ ਜੀ ?

ਇਥੋਂ, ਰਾਹ ਸਾਰੇ, ਓਥੇ, ਜਾਂਦੇ ਨੀ । ਜਿੱਥੇ ਗੁਰੂ ਘੋੜੇ ਚੜ ਆਂਦੇ ਨੀ ।

ਜਿੱਥੇ ਪਿਆਰਾਂ ਮੁੜ-ਮੁੜ ਪਾਂਦੇ ਨੀ  ! ਜਿੱਥੇ ਰੱਬ ਖੜੇ ਦਿੱਸ ਆਂਦੇ ਨੀ  !

ਉਥੇ ਅਕਾਸ਼ੀ ਨੀਲੇ ਘੋੜੇ ਹਨ। ਉਥੇ ਅਕਾਲੀ ਬਾਂਕੇ ਜੋੜੇ ਹਨ।

ਉਥੇ ਦਰਵੇਸ਼ ਸੁੱਚੇ ਫ਼ਕੀਰ ਖੜੇ ਉਥੇ ਪਰ-ਉਪਕਾਰੀ ਬੀਰ ਖੜੇ।

ਉਥੇ ਨਾਮੀ ਧਿਆਨੀ ਧੀਰ ਖੜੇ । ਉਥੇ ਕਵੀ ਕਵੀਸ਼ਰ ਹੀਰ ਖੜੇ ।

ਉਥੇ, ਜੋਗੀ ਪਿਆਰਾ, ਪਿਆਰਾ ਉਹ  ! ਉਹਦੇ ਲੜ ਸੂਰਜ ਦਸਤਾਰਾ ਉਹ  !

ਉਥੇ ਖੀਰ ਸਮੁੰਦਰ ਭਾਰਾ ਉਹ  ! ਉਥੇ ਲਹਿਰ ਬਹਿਰ ਅਸਵਾਰਾ ਉਹ  !

ਉਥੇ ਬਾਲਕ ਚੰਨ ਨੂੰ ਪਾਂਦੇ ਨੀ  ! ਉਥੇ ਮਹਿਰਮ ਦਿਲ ਦੇ ਵਾਂਦੇ ਨੀ  !

ਉਥੇ ਮੌਜ, ਖੇਡ, ਰਮ, ਲੀਲਾ ਹੈ, ਉਥੇ ਕੰਮ-ਕਾਜ, ਨਾ ਹੀਲਾ ਹੈ।

ਉਥੇ ਸੱਤ ਸਮੁੰਦਰ ਆਂਦੇ ਨੀ । ਉਥੇ ਹੀਰੇ ਪੰਨੇ ਮਾਂਦੇ ਨੀ ।

ਉਥੇ ਸੋਹਣੇ-ਸੋਹਣੇ ਚੇਹਰੇ ਨੀ। ਉਥੇ ਦਿਲ ਮੇਰੇ ਦੇ ਡੇਰੇ ਨੀ ।

ਉਥੇ ਮਸਤਕ ਚਮਕਣ ਵਾਲੀ ਨੀ । ਉਥੇ ਭਾਗ ਖੁਲੇ ਹਰ ਬਾਲੇ ਨੀ ।

ਉਥੇ ਲੱਖ ਨੈਣਾਂ ਦੇ ਤਾਰੇ ਨੀ । ਉਥੇ ਲਾਟਾਂ ਜਗ-ਮਗ ਸਾਰੇ ਨੀ ।

ਉਥੇ ਹਰ ਕੋਈ ਦਿਲ ਦਾ ਪਿਆਰਾ ਨੀ । ਉਥੇ ਅਨੇਕ ਦਿਲਾਂ ਦਾ ਸਹਾਰਾ ਨੀ ।

ਇਕ ਦਿਲ ਵਿੱਚ ਲੱਖ ਹਜ਼ਾਰਾਂ ਨੀ । ਇਕ ਨੈਣ ਵਿੱਚ ਲੱਖ ਪਿਆਰਾ ਨੀ ।

ਉਥੇ ਇਕ ਗੁਰੂ, ਜੀ ਪਿਆਰਾ ਹੈ । ਉਥੇ ਲੱਖ ਵਿੱਚ, ਝਲਕਾ ਸਾਰਾ ਹੈ ।

ਉਥੇ ਚੁੱਪ, ਕੁਲ ਜ਼ਬਾਨਾਂ ਨੀ । ਉਥੇ ਖ਼ਿਆਲ, ਫੁੱਲ ਮਸਤਾਨਾ ਨੀ ।

ਉਥੇ ਆਤਮ ਰਾਜ ਸੁਹਾਣਾ ਨੀ, ਉਥੇ ਖੁੱਲ, ਜੀ ਜਗ ਜਾਣਾ ਨੀ ।