ਮਾਂ ਦੀ ਇੱਜ਼ਤ

0
241

ਮਾਂ ਦੀ ਇੱਜ਼ਤ

ਡਾ. ਹਰਸ਼ਿੰਦਰ ਕੌਰ, ਐਮ. ਡੀ.-0175-2216783

ਭਾਰਤ ਵਿਚ ਮਾਂ ਨੂੰ ਬਹੁਤ ਉੱਚਾ ਦਰਜਾ ਦਿੱਤਾ ਜਾਂਦਾ ਹੈ। ਮਾਂ ਦੀ ਪਤ ਨੂੰ ਬਚਾਉਣ ਲਈ ਪੁੱਤਰ ਜਾਨ ਤਕ ਵਾਰ ਜਾਂਦੇ ਹਨ। ਮੰਦਰਾਂ ਗੁਰਦੁਆਰਿਆਂ ਵਿਚ ਔਰਤ ਨੂੰ ਮਾਂ ਚੰਡੀ, ਮਾਂ ਸਰਸਵਤੀ, ਮਾਂ ਲੱਛਮੀ, ਮਾਤਾ ਭਾਗੋ, ਮਾਤਾ ਸੁੰਦਰੀ, ਆਦਿ ਦਾ ਉੱਚਾ ਰੁਤਬਾ ਦੇ ਕੇ ਮਰਦ ਇੱਜ਼ਤ ਨਾਲ ਸਿਰ ਝੁਕਾ ਲੈਂਦੇ ਹਨ। ਔਰਤ ਨੂੰ ਜਨਮਦਾਤੀ ਦਾ ਰੁਤਬਾ ਵੀ ਉਸ ਦੀ ਮਾਂ ਬਣ ਜਾਣ ਦੀ ਸ਼ਕਤੀ ਸਦਕਾ ਹੀ ਮਿਲਿਆ ਹੈ।

‘ਮਾਂ’ ਸ਼ਬਦ ਨਾਲ ਪੁੱਤਰ ਅੰਦਰ ਅਣਖ ਜਾਗ ਉੱਠਦੀ ਹੈ। ਇਸੇ ਲਈ ਧਰਤੀ ਨੂੰ ਵੀ ਮਾਂ ਦਾ ਦਰਜਾ ਦੇ ਦਿੱਤਾ ਗਿਆ ਤਾਂ ਜੋ ਇਸ ਉੱਤੇ ਹਮਲਾ ਕਰਨ ਵਾਲੇ ਨੂੰ ਫ਼ਨਾਹ ਕਰਨ ਲਈ ਹਰ ਪੁੱਤਰ ਕੁਰਬਾਨ ਹੋ ਜਾਣ ਲਈ ਤਿਆਰ ਰਹੇ।

ਇਹ ਸਭ ਕੁੱਝ ਜਿਸ ਧਰਤੀ ਉੱਤੇ ਵਾਪਰ ਰਿਹਾ ਹੈ, ਉੱਥੇ ਜਦੋਂ ‘ਸੱਭਿਅਤਾ’ ਨਾਂ ਦਾ ਅਖੌਤੀ ਮੁਖੌਟਾ ਉਤਰਦਾ ਹੈ ਤਾਂ ਹੇਠੋਂ ਕਿੰਨਾ ਭਿਆਨਕ ਚਿਹਰਾ ਨਿਕਲਦਾ ਹੈ, ਉਸ ਬਾਰੇ ਧਿਆਨ ਕਰੋ।

ਹਰਪਾਲ ਸਿੰਘ ਚੀਮਾ ਜੀ ਦੀ ਇੰਟਰਵਿਊ ‘ਵੰਗਾਰ’ ਵਿਚ ਛਪ ਚੁੱਕੀ ਹੈ, ਜਿਸ ਅਨੁਸਾਰ :-

‘‘ਅੰਨ੍ਹੇ ਤਸ਼ੱਦਦ ਲਈ ਮਸ਼ਹੂਰ ਮਾਲ ਮੰਡੀ (ਅੰਮ੍ਰਿਤਸਰ) ਵਾਲੇ ਇੰਟੈਰੋਗੇਸ਼ਨ ਸੈਂਟਰ ਵਿਚ ਤਿੰਨ ਦਿਨ ਮੇਰੇ ਉੱਪਰ ਹੱਦ ਦਰਜੇ ਦਾ ਘਟੀਆ ਜਬਰ ਕੀਤਾ ਗਿਆ। ਚੌਥੇ ਦਿਨ ਮੈਨੂੰ ਬੀ. ਆਰ ਮਾਡਰਨ ਸਕੂਲ ਦੇ ਇੰਟੈਰੋਗੇਸ਼ਨ ਕੇਂਦਰ ਵਿਚ ਸੁੱਟ ਦਿੱਤਾ ਗਿਆ ਜਿੱਥੇ ਇੰਸਪੈਕਟਰ ਸੁਖਦੇਵ ਸਿੰਘ ਅਤੇ ਸਬ ਇੰਸਪੈਕਟਰ ਗੁਰਮੀਤ ਚੰਦ ਇੰਚਾਰਜ ਸਨ। ਇੱਥੇ ਇਕ ਭਾਈ ਗੁਰਮੇਜ ਸਿੰਘ ਨਾਂ ਦੇ ਖਾੜਕੂ ਨੂੰ ਇੰਟੈਰੋਗੇਟ ਕੀਤਾ ਜਾ ਰਿਹਾ ਸੀ। ਉਹਦੇ ਕੋਲੋਂ ਅਸਲੇ ਬਾਰੇ ਅਤੇ ਖਾੜਕੂਆਂ ਦੇ ਟਿਕਾਣਿਆਂ ਬਾਰੇ ਪੁੱਛ-ਗਿੱਛ ਕਰ ਰਹੇ ਸਨ। ਕੁੱਟ-ਕੁੱਟ ਕੇ ਉਸ ਨੂੰ ਅਧਮੋਇਆ ਕੀਤਾ ਹੋਇਆ ਸੀ। ਉਹ ਸਿਰੜੀ ਸਿੰਘ ਤਰ੍ਹਾਂ-ਤਰ੍ਹਾਂ ਦੇ ਤਸੀਹੇ ਸਬਰ ਨਾਲ ਸਹਿੰਦਾ ਰਿਹਾ, ਪਰ ਮੂੰਹੋਂ ਕੁਝ ਨਾ ਬੋਲਿਆ। ਉਹ ਵੀ ਨਿਰਵਸਤਰ ਕੀਤਾ ਹੋਇਆ ਸੀ ਤੇ ਮੈਨੂੰ ਵੀ ਇਸੇ ਹਾਲਤ ’ਚ ਅਲਫ਼ ਨੰਗਾ ਕਰਕੇ ਸੁੱਟਿਆ ਹੋਇਆ ਸੀ। ਜਦੋਂ ਉਹ ਨਾ ਹੀ ਕੁੱਝ ਬੋਲਿਆ ਤਾਂ ਆਖ਼ਰ ਪੁਲਿਸ ਵਾਲੇ ਉਸ ਦੀ ਮਾਤਾ ਨੂੰ ਬਾਹਰੋਂ ਕਿਸੇ ਕਮਰੇ ਵਿੱਚੋਂ ਹਾਲ ’ਚ ਲੈ ਆਏ, ਜਿੱਥੇ ਅਸੀਂ ਦੋਵੇਂ ਨਿਰਵਸਤਰ ਪਏ ਸਾਂ। ਪੁਲਿਸ ਦੇ ਦਰਿੰਦਿਆਂ ਨੇ ਉਸ ਦੀ ਮਾਤਾ ਦੇ ਜਬਰਦਸਤੀ ਕੱਪੜੇ ਲਾਹ ਕੇ ਭਾਈ ਗੁਰਮੇਜ ਸਿੰਘ ਦੇ ਸਾਹਮਣੇ ਨਿਰਵਸਤਰ ਕਰ ਦਿੱਤਾ। ਗੁਰਮੇਜ ਸਿੰਘ ਨੇ ਅੱਖਾਂ ਬੰਦ ਕਰ ਲਈਆਂ। ਉਸ ਦੀਆਂ ਅੱਖਾਂ ਖੁਲ੍ਹਵਾਉਣ ਲਈ ਉਸ ਨੂੰ ਕੁੱਟਿਆ ਜਾਣ ਲੱਗਾ। ਸਾਰੀ ਪੁਲਿਸ ਕੁੱਟ-ਕੁੱਟ ਥੱਕ ਗਈ, ਪਰ ਉਸ ਨੇ ਅੱਖਾਂ ਨਾ ਖੋਲ੍ਹੀਆਂ, ਸਗੋਂ ਉਹ ਪੁਲਿਸ ਵਾਲਿਆਂ ਨੂੰ ਉੱਚੀ-ਉੱਚੀ ਗਾਲ੍ਹਾਂ ਕੱਢਦਾ ਰਿਹਾ।

ਇਸ ਹਾਲਤ ਵਿਚ ਪੁੱਤਰ ਨੂੰ ਕੋਂਹਦਿਆਂ ਵੇਖ ਕੇ ਉਸ ਦੀ ਮਾਤਾ ਵਿਰਲਾਪ ਕਰਨ ਲੱਗ ਪਈ, ਕਹਿੰਦੀ-‘‘ਪੁੱਤਾ ਮੇਰਿਆ, ਕੁੱਟ ਨਾ ਖਾਹ, ਅੱਖਾਂ ਖੋਲ੍ਹ ਲੈ… ਮੇਰੇ ਲਈ ਤੂੰ ਤਾਂ ਉਹੀ ਚਾਰ-ਪੰਜ ਸਾਲ ਦਾ ‘ਮੇਜਾ’ ਈ ਐਂ… ਅੱਖਾਂ ਖੋਲ੍ਹ ਲੈ ਮੇਰਿਆ ਲਾਡਲਿਆ…।’’ ਪਰ ਉਸ ਸਿਰੜੀ ਸਿੰਘ ਨੇ ਅੱਖਾਂ ਨਾ ਖੋਹਲੀਆਂ।

ਕੁਲਬੀਰ ਕੌਰ ਧਾਮੀ ਦਾ ਵੀ ਬਿਆਨ ‘ਵੰਗਾਰ’ ਵਿਚ ਛਪਿਆ ਹੈ :- ‘‘ਰੋਪੜ ਵਿਖੇ ਪੁਲਿਸ ਦੀ ਹਿਰਾਸਤ ਵਿਚ ਹੁੰਦਿਆਂ ਵੀ ਮੈਂ ਬਹੁਤ ਕੁੱਝ ਵੇਖਿਆ। ਸਾਡੇ ਸੈੱਲ ਦੇ ਸਾਹਮਣੇ ਹੀ ਅੰਬ ਦਾ ਦਰੱਖਤ ਸੀ, ਜਿਸ ’ਤੇ ਸਭ ਨੂੰ ਨੰਗਾ ਕਰਕੇ ਲਟਕਾਇਆ ਜਾਂਦਾ। ਸਟਾਫ਼ ਵਿਚ ਮਸ਼ਹੂਰ ਹੈ ਕਿ ‘‘ਇਸ (ਰੁੱਖ) ਨੂੰ ਅੰਬ ਨਹੀਂ ਲੱਗਦੇ, ਬੰਦੇ ਹੀ ਲੱਗਦੇ ਹਨ।’’ ਫੜੇ ਹੋਏ ਬੁੱਢੇ, ਨੌਜਵਾਨ, ਮੁੰਡੇ ਇਸ ਨਾਲ ਨੰਗੇ ਹੀ ਲਟਕਦੇ ਦੇਖੇ ਗਏ ਹਨ। ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ 29 ਸਤੰਬਰ 1993 ਤੋਂ ਲੈ ਕੇ ਅਪ੍ਰੈਲ 1994 ਤਕ ਅਸੀਂ ਕਿੰਨੇ ਜਣਿਆਂ ਨੂੰ ਮਰਦਿਆਂ ਨੂੰ ਦੇਖਿਆ ਹੋਵੇਗਾ। ਇਸ ਤੋਂ ਪਰ੍ਹੇ ਮਾਨਸਿਕ ਕਸ਼ਟ ਹੋਰ ਕੀ ਹੋ ਸਕਦਾ ਹੈ ? ਸਾਡੀ ਗੱਲ ਛੱਡੋ, ਪੁਲਿਸ ਵਾਲੇ ਆਪਣੀਆਂ ਲੇਡੀ ਕਾਂਸਟੇਬਲਾਂ ਨੂੰ ਇਹ ਸਭ ਕੁੱਝ ਦੇਖਣ ਲਈ ਮਜਬੂਰ ਕਰਦੇ ਸਨ।

‘‘ਮੈਨੂੰ ਯਾਦ ਹੈ, ਕੁੱਝ ਔਰਤਾਂ ਫਰਵਰੀ 1994 ਵਿਚ ਮਰਦਾਂ ਸਮੇਤ ਜਿਸਮ ਫ਼ਰੋਸ਼ੀ ਦੇ ਕੇਸ ਵਿਚ ਫੜ ਕੇ ਲਿਆਂਦੀਆਂ ਗਈਆਂ। ਔਰਤਾਂ ਦੀ ਗਿਣਤੀ ਅੱਠ ਸੀ ਅਤੇ ਮਰਦਾਂ ਦੀ ਪੰਜ। ਸਾਡੇ ਸਾਹਮਣੇ ਹੀ ਸਭ ਨੂੰ ਇੰਟੈਰੋਗੇਟ ਕੀਤਾ ਗਿਆ। ਬਹੁਤ ਚਸਕੇ ਲੈ-ਲੈ ਕੇ ਤਫ਼ਤੀਸ਼ ਕੀਤੀ ਗਈ। ਇਨ੍ਹਾਂ ਨੂੰ ਅਫ਼ਸਰਾਂ ਨੇ ਕੁੱਟਿਆ ਹੀ ਨਹੀਂ, ਸਗੋਂ ਬਹੁਤ ਕੁੱਝ ਕੀਤਾ… ਇਨਸਾਨੀਅਤ ਤੋਂ ਬਹੁਤ ਜ਼ਿਆਦਾ ਗਿਰੀਆਂ ਹੋਈਆਂ ਹਰਕਤਾਂ, ਜਿਨ੍ਹਾਂ ਨੂੰ ਮੈਂ ਲਿਖਣਾ ਵੀ ਠੀਕ ਨਹੀਂ ਸਮਝਦੀ। ਇਨ੍ਹਾਂ ਵਿੱਚੋਂ ਛੇ ਔਰਤਾਂ ਅਤੇ ਪੰਜ ਮਰਦਾਂ ਨੂੰ ਕਾਫੀ ਦਿਨ ਨਾਜਾਇਜ਼ ਹਿਰਾਸਤ ਵਿਚ ਰੱਖਣ ਅਤੇ ਚੱਬਣ ਤੋਂ ਬਾਅਦ ਕੇਸ ਪਾ ਕੇ ਪਟਿਆਲੇ ਜੇਲ੍ਹ ਵਿਚ ਭੇਜ ਦਿੱਤਾ ਗਿਆ।

‘‘ਇਨ੍ਹਾਂ ਵਿੱਚੋਂ ਦੋ ਔਰਤਾਂ ਸੁਮਨ ਉਰਫ ਜਤਿੰਦਰ ਕੌਰ ਅਤੇ ਸੁੰਦਰਾਂ ਨੂੰ ਰੱਖ ਲਿਆ ਗਿਆ ਅਤੇ ਅਖ਼ਬਾਰਾਂ ਵਿਚ ਇਹ ਸ਼ੋਅ ਕੀਤਾ ਕਿ ਇਹ ਮੌਕੇ ਤੋਂ ਭੱਜ ਗਈਆਂ ਹਨ… ਪਰ ਅਸਲ ਵਿਚ ਉਹ ਸਾਡੇ ਕੋਲ ਹੀ ਸਨ। ਐਸ. ਪੀ ਪ੍ਰਸ਼ੋਤਮ ਅਤੇ ਐਸ.ਪੀ (ਡੀ) ਪਰਮਦੇਵ ਸਿੰਘ ਨੇ ਇਨ੍ਹਾਂ ’ਤੇ ਹੋਰ ਜ਼ਿਆਦਾ ਤਸ਼ੱਦਦ ਕੀਤਾ ਅਤੇ ਏਨੀਆਂ ਜ਼ਿਆਦਾ ਜ਼ਲਾਲਤ ਦੀਆਂ ਹੱਦਾਂ ਟੱਪੀਆਂ ਕਿ ਮੇਰੀ ਕਲਮ ਲਿਖ ਨਹੀਂ ਸਕਦੀ। ਅਸਲ ਵਿਚ ਪੁਲਿਸ ਦਾ ਰਾਜ ਹੈ, ਕੌਣ ਪੁੱਛਦਾ ਹੈ ਇਨ੍ਹਾਂ ਨੂੰ ?

‘‘ਲੇਡੀ ਮੁਲਾਜ਼ਮਾਂ ਆਪਣੇ ਥਾਂ ਬਹੁਤ ਦੁਖੀ ਹਨ। ਮੈਨੂੰ ਯਾਦ ਹੈ ਇਨ੍ਹਾਂ ਦੇ ਹੁੰਦਿਆਂ ਹੀ ਲੇਡੀ ਕਾਂਸਟੇਬਲ ਹਰਭਜਨ ਕੌਰ, ਸੁਰਿੰਦਰ ਕੌਰ ਅਤੇ ਗਿਆਨਣ (ਪੂਰਾ ਨਾਂ ਯਾਦ ਨਹੀਂ) ਦੀ ਡਿਊਟੀ ਸੀ। ਇਹ ਅੰਦਰ ਕਮਰੇ ਵਿਚ ਸਨ। ਡਿਊਟੀ ਖ਼ਤਮ ਹੋ ਚੁੱਕੀ ਸੀ, ਬਾਹਰ ਵਿਹੜੇ ਵਿਚ ਐਸ.ਪੀ (ਡੀ) ਆਪਣੀ ਨਿਗਰਾਨੀ ਵਿਚ ਕਈ ਮਰਦਾਂ ਨੂੰ ਅਲਫ਼ ਨੰਗੇ ਕਰ ਕੇ ਇੰਟੈਰੋਗੇਟ ਕਰ ਰਿਹਾ ਸੀ। ਇਨ੍ਹਾਂ ਲੇਡੀਜ਼ ਕਾਂਸਟੇਬਲਾਂ ਦੀ ਡਿਊਟੀ ਤਬਦੀਲ ਹੋਣੀ ਸੀ। ਇਹ ਜਾਣਾ ਚਾਹੁੰਦੀਆਂ ਸਨ। ਉਨ੍ਹਾਂ ਨੇ ਐਸ.ਪੀ (ਡੀ) ਕੋਲ ਸੁਨੇਹਾ ਭੇਜ ਕੇ ਫਰਿਆਦ ਕੀਤੀ ਕਿ ਅਸੀਂ ਜਾਣਾ ਹੈ, ਪਰ ਐਸ.ਪੀ (ਡੀ) ਨੇ ਉਨ੍ਹਾਂ ਨੂੰ ਮਜਬੂਰ ਕੀਤਾ ਕਿ ਉਹ ਇਸੇ ਤਰ੍ਹਾਂ ਹੀ ਲੰਘ ਕੇ ਚਲੀਆਂ ਜਾਣ।

‘‘ਜਦੋਂ ਉਹ ਲੰਘੀਆਂ ਤਾਂ ਰੱਜ ਕੇ ਹਾਸਾ ਪਾਇਆ ਗਿਆ। ਦੂਸਰੇ ਦਿਨ ਉਹ ਮੇਰੇ ਕੋਲ ਆ ਕੇ ਬਹੁਤ ਰੋਈਆਂ। ਉਨ੍ਹਾਂ ਨੇ ਕਿਹਾ, ‘‘ਤੂੰ ਧੰਨ ਹੈਂ, ਜੋ ਸਾਰਾ ਕੁੱਝ ਦੇਖਦੀ ਹੈਂ। ਇਹੋ ਜਿਹੀ ਨੌਕਰੀ ਵਿਚ ਕੀ ਰੱਖਿਆ ਹੋਇਆ ਹੈ ? ਇਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ… ਸਾਡੇ ਆਦਮੀ ਵੀ ਪੁਲਿਸ ਵਿਚ ਕੰਮ ਕਰਦੇ ਸੀ, ਉਹ ਮਾਰੇ ਗਏ ਅਤੇ ਅਸੀਂ ਵਿਧਵਾਵਾਂ ਉਨ੍ਹਾਂ ਦੀ ਥਾਂ ਨੌਕਰੀ ਕਰਦੀਆਂ ਹਾਂ। ਜੇ ਅਸੀਂ ਨੌਕਰੀਆਂ ਛੱਡਦੀਆਂ ਹਾਂ ਤਾਂ ਬੱਚਿਆ ਦਾ ਕੀ ਬਣੇਗਾ, ਜਿਨ੍ਹਾਂ ਦੇ ਪਿਓ ਪਹਿਲਾਂ ਹੀ ਸਿਰ ’ਤੇ ਨਹੀਂ ਹਨ…।’’ ਸਚਮੁੱਚ ਹੀ ਉਨ੍ਹਾਂ ਦੀ ਮਾਨਸਿਕ ਪੀੜ ਸਮਝਣ ਵਾਲੀ ਹੈ। ਉੱਥੇ ਸਰਵਿਸ ਕਰਦੀਆਂ ਹੋਰ ਬੀਬੀਆਂ, ਬੀਬੀ ਅਮਰਜੀਤ ਕੌਰ, ਰਵਿੰਦਰ ਕੌਰ ਅਥਲੀਟ, ਰਾਜਵੰਤ ਕੌਰ, ਹਰਿੰਦਰ ਐਸ. ਪੀ. ਓ, ਸੁਮਨ ਐਸ. ਪੀ. ਓ., ਗੱਲ ਕੀ, ਮੁਹਾਲੀ ਅਤੇ ਰੋਪੜ ਵਿਚ ਤਾਇਨਾਤ ਸਾਰੀਆਂ ਹੀ ਲੇਡੀ ਮੁਲਾਜ਼ਮਾਂ ਸਮੇਤ ਐਸ. ਆਈ ਬਲਦੇਵ ਕੌਰ ਮੈਨੂੰ ਜਾਣਦੀਆਂ ਹੀ ਨਹੀਂ, ਸਗੋਂ ਚੰਗੀਆਂ ਸਹੇਲੀਆਂ ਵੀ ਹਨ।

‘‘ਇਸੇ ਤਰ੍ਹਾਂ ਹੀ ਤਰਨ ਤਾਰਨ ਵਿਚ ਤਾਇਨਾਤ ਲੇਡੀ ਕਾਂਸਟੇਬਲਾਂ ਦਵਿੰਦਰ ਕੌਰ, ਸਤਿੰਦਰ ਕੌਰ, ਹੌਲਦਾਰਨੀ ਸ਼ੀਲਾ ਦੇਵੀ, ਲਖਵਿੰਦਰ ਲੱਖੀ ਅਤੇ ਥਾਣੇਦਾਰਨੀ ਰਾਜਵਿੰਦਰ ਕੌਰ, ਇਹ ਵੀ ਮੇਰੀਆਂ ਚੰਗੀਆਂ ਵਾਕਿਫ਼ ਹਨ। ਇਨ੍ਹਾਂ ਨਾਲ ਵੀ ਮੇਰੀਆਂ ਕਾਫ਼ੀ ਗੱਲਾਂ ਹੁੰਦੀਆਂ ਰਹਿੰਦੀਆਂ ਸੀ। ਤਰਨ ਤਾਰਨ ਤੇ ਰੋਪੜ ਵਾਲੀਆਂ ਇਨ੍ਹਾਂ ਮੁਲਾਜ਼ਮ ਬੀਬੀਆਂ ਨੇ ਆਪਣੇ ਅਫ਼ਸਰਾਂ ਅਤੇ ਡੀ. ਜੀ. ਪੀ ਸਾਹਿਬ ਦੇ ਕਰੈਕਟਰ ਬਾਰੇ ਬਹੁਤ ਵਿਸਥਾਰ ਵਿਚ ਦੱਸਿਆ। ਆਪਣੀਆਂ ਮਜਬੂਰੀਆਂ ਵੀ ਦੱਸੀਆਂ, ਵਿੱਚੋਂ ਬਹੁਤ ਦੁਖੀ ਹਨ ਵਿਚਾਰੀਆਂ।’’

ਇਨਸਾਨੀਅਤ ਨੂੰ ਸ਼ਰਮਸਾਰ ਕਰਨ ਤੇ ਮਾਂ ਦੀ ਜ਼ਾਤ ਦੀ ਪਤ ਲਾਹੁਣ ਵਿਚ ਕਦੇ ਵੀ ਕਮੀ ਨਹੀਂ ਹੋਈ। ਰਾਖਵਾਂਕਰਨ ਦੇ ਮੁੱਦੇ ਉੱਤੇ ਹਰਿਆਣਾ ਦੇ ਸ਼ਾਹ ਮਾਰਗ ਉੱਤੇ ਮੁਰਥਲ ਨੇੜੇ ਪੁਲਿਸ ਤੇ ਫੌਜ ਵੱਲੋਂ ਗਸ਼ਤ ਕੀਤੇ ਜਾਣ ਦੇ ਦੌਰਾਨ ਤੇ ਦਫਾ 144 ਲਾਈ ਹੋਈ ਦੇ ਬਾਵਜੂਦ ਕਾਰਾਂ ਵਿੱਚੋਂ ਘੜੀਸ ਕੇ ਹਥਿਆਰਬੰਦ ਗੁੰਡਿਆਂ ਨੇ ਸੋਮਵਾਰ ਸਵੇਰੇ ਤਿੰਨ ਵਜੇ ਲਗਭਗ ਦਰਜਨ ਔਰਤਾਂ ਨੂੰ ਸਮੂਹਕ ਹਵਸ ਦਾ ਸ਼ਿਕਾਰ ਬਣਾ ਕੇ, ਗਹਿਣੇ ਗੱਟੇ ਲੁੱਟ ਕੇ, ਨਿਰਵਸਤਰ ਕਰ ਹੱਥ ਖੜੇ ਕਰਵਾ ਕੇ ਪਰੇਡ ਕਰਵਾਈ, ਹਦ ਦਰਜੇ ਦੇ ਭੱਦੇ ਅਪਸ਼ਬਦ ਬੋਲ ਕੇ ਕਈ ਘੰਟੇ ਬੇਪਰਦ ਹਾਲਤ ਵਿਚ ਹੀ ਰਹਿਣ ਲਈ ਮਜਬੂਰ ਕੀਤਾ ਤੇ ਆਲੇ-ਦੁਆਲੇ ਦੇ ਪਿੰਡ ਵਾਸੀਆਂ ਨੂੰ ਧਮਕੀ ਵੀ ਦਿੱਤੀ ਕਿ ਇਨ੍ਹਾਂ ਨੂੰ ਕਿਸੇ ਵੱਲੋਂ ਵੀ ਕੋਈ ਸਹਾਇਤਾ ਜਾਂ ਵਸਤਰ ਦਿੱਤੇ ਗਏ ਤਾਂ ਜਾਨ ਤੋਂ ਮਾਰ ਦਿੱਤਾ ਜਾਵੇਗਾ !

ਹਿਰਦੇ ਨੂੰ ਚੀਰ ਦੇਣ ਵਾਲੀ ਇਸ ਘਟਨਾ ਬਾਰੇ ਅਧਿਕਾਰੀਆਂ ਨੂੰ ਦੱਸਣ ਤੇ ਪੀੜਤਾਂ ਦੀ ਮਦਦ ਕਰਨ ਆਏ ਪਿੰਡ ਵਾਸੀਆਂ ਵੱਲੋਂ ਸ਼ਿਕਾਇਤ ਕਰਨ ਦੇ ਬਾਵਜੂਦ ਕਿਸੇ ਅਧਿਕਾਰੀ ਜਾਂ ਸਿਆਸੀ ਨੇਤਾ ਨੇ ਇਸ ਬਾਰੇ ਕੁੱਝ ਵੀ ਕਰਨ ਵਿਚ ਸੰਕੋਚ ਜ਼ਾਹਰ ਕੀਤਾ ਤੇ ਪੀੜਤਾਂ ਨੂੰ ਦੜ੍ਹ ਵੱਟਣ ਲਈ ਪ੍ਰੇਰਿਆ। ਭਾਵੇਂ ਗੁਜਰਾਤ ਦੇ ਦੰਗਿਆਂ ਵਿਚ ਔਰਤਾਂ ਦੀ ਪਤ ਲੱਥੀ ਹੋਵੇ ਤੇ ਭਾਵੇਂ 1984 ਦੇ ਕਤਲੇਆਮ ਵਿਚ ਮਾਵਾਂ, ਧੀਆਂ, ਭੈਣਾਂ ਨੂੰ ਸਮੂਹਕ ਤੌਰ ਉੱਤੇ ਚੂੰਢ ਕੇ ਨਿਰਲੱਜਾਂ ਨੇ ਬੇਪਤੀ ਦੀ ਸਿਖਰ ਛੂਹੀ ਹੋਵੇ, ਕਦੇ ਵੀ ਅਮਨ ਕਾਨੂੰਨ ਦੇ ਰਾਖਿਆਂ ਨੇ ਰੋਕਣ ਦਾ ਜਤਨ ਨਹੀਂ ਕੀਤਾ ਤੇ ਨਾ ਹੀ ਜ਼ਮੀਰ ਦੀ ਆਵਾਜ਼ ਸੁਣ ਕੇ ਹਾਅ ਦਾ ਨਾਅਰਾ ਹੀ ਮਾਰਿਆ ਹੈ।

ਮਿਸਾਲੀ ਸਜ਼ਾਵਾਂ ਇਸੇ ਲਈ ਨਹੀਂ ਦਿੱਤੀਆਂ ਜਾਂਦੀਆਂ ਕਿਉਂਕਿ ਇਹ ਗੁੰਡੇ ਅਧਿਕਾਰੀਆਂ ਤੇ ਨੇਤਾਵਾਂ ਦੀ ਸ਼ਹਿ ਹੇਠ ਕੰਮ ਕਰ ਰਹੇ ਹੁੰਦੇ ਹਨ। ਗੁੰਡਾ ਰਾਜ ਸਿਰਫ਼ ਇਸੇ ਲਈ ਪਨਪਦਾ ਹੈ ਕਿਉਂਕਿ ਲੋਕ ਆਵਾਜ਼ ਦੱਬ ਚੁੱਕੀ ਹੈ। ‘ਮਿੱਟੀ ਪਾਓ’, ‘ਛੱਡੋ ਪਰ੍ਹਾਂ’, ‘ਚਲੋ ਕੋਈ ਨਾ’ ਵਰਗੀ ਸੋਚ ਸਾਡੀ ਜ਼ਮੀਰ ਨੂੰ ਸਿਉਂਕ ਵਾਂਗ ਖਾ ਚੁੱਕੀ ਹੈ।

ਐਵੇਂ ਨਹੀਂ ਕਿਹਾ ਗਿਆ- ‘‘ਸਭ ਤੋਂ ਖ਼ਤਰਨਾਕ ਉਹ ਅੱਖ ਹੁੰਦੀ ਹੈ, ਜੋ ਸਭ ਵੇਖਦੇ ਸੁਣਦੇ ਵੀ ਠੰਡੀ ਯਖ਼ ਹੁੰਦੀ ਹੈ।’’

ਮਾਂ ਦੇ ਦੁੱਧ ਦਾ ਕਰਜ਼ਾ ਲਾਹੁਣ ਦਾ ਸਮਾਂ ਆ ਚੁੱਕਿਆ ਹੈ। ਪਾਣੀ ਸਿਰੋਂ ਲੰਘ ਚੁੱਕਿਆ ਹੈ। ਇਕ ਜੁੱਟ ਹੋ ਕੇ ਅਜਿਹੇ ਨਿਰਲੱਜ ਸਿਆਸਤਦਾਨਾਂ, ਪੁਲਿਸ ਤੇ ਸਿਵਿਲ ਅਧਿਕਾਰੀਆਂ ਨੂੰ ਸਬਕ ਸਿਖਾ ਕੇ ਇਨ੍ਹਾਂ ਦੇ ਮੂੰਹ ਉੱਤੋਂ ਝੂਠੀ ਇਨਸਾਨੀਅਤ ਦਾ ਮੁਖੌਟਾ ਲਾਹ ਕੇ ਹੇਠੋਂ ਖੂੰਖਾਰ ਜਨੌਰ ਦਾ ਅਸਲੀ ਰੂਪ ਉਘਾੜ ਕੇ ਸਾਹਮਣੇ ਲਿਆਉਣ ਦਾ ਵੇਲਾ ਹੈ।

ਲੋਕ ਰੋਹ ਅੱਗੇ ਕੋਈ ਨਹੀਂ ਟਿਕ ਸਕਦਾ। ਵੇਲਾ ਜੇ, ਇਨਸਾਨੀਅਤ ਦੀ ਅਣਖ ਜਗਾਉਣ ਲਈ ਅੰਦੋਲਨ ਸ਼ੁਰੂ ਕਰਨ ਦਾ। ਮਾਂਵਾਂ ਦੀ ਪਤ ਦੀ ਰੱਖਿਆ ਕਰਨ ਲਈ, ਧੀਆਂ ਤੇ ਭੈਣਾਂ ਨੂੰ ਸੁਰੱਖਿਅਤ ਮਾਹੌਲ ਵਿਚ ਵਿਚਰਨ ਦੇਣ ਲਈ, ਜ਼ਰੂਰੀ ਹੈ ਗੁੰਡਿਆਂ ਤੇ ਘੋਰ ਅਪਰਾਧ ਦੇ ਦੋਸ਼ੀਆਂ ਨੂੰ ਸਖ਼ਤ ਕਾਨੂੰਨਾਂ ਰਾਹੀਂ ਨੱਥ ਪਾ ਕੇ ਜੇਲਾਂ ਵਿਚ ਉਮਰ ਭਰ ਲਈ ਡੱਕਣ ਦਾ ਜਾਂ ਫਾਂਸੀ ਲਾ ਕੇ ਮਿਸਾਲ ਕਾਇਮ ਕਰਨ ਦਾ ! ਇਨਸਾਫ਼ ਦਾ ਤਕਾਜ਼ਾ ਇਹੀ ਹੈ। ਇਹੀ ਹੈ ਮਾਂ ਦੇ ਦੁੱਧ ਦਾ ਕਰਜ਼ਾ ਲਾਹੁਣ ਤੇ ਮਾਂ ਦੀ ਇੱਜ਼ਤ ਬਚਾਉਣ ਦਾ ਸਹੀ ਰਾਹ ! ਇਹ ਪੜ੍ਹ ਕੇ ਦਿਲ ਵਿਚ ਚੀਸ ਉੱਠਦੀ ਹੈ ? ਕਿਹੋ ਜਿਹੇ ਬਘਿਆੜ ਸਮਾਜ ਵਿਚ ਭਰੇ ਪਏ ਹਨ ! ਮੰਦਰਾਂ, ਗੁਰਦੁਆਰਿਆਂ ਅੰਦਰ ਝੂਠੇ ਪੱਜ ਕਰਨ ਵਾਲਿਆਂ ਦੇ ਮੂੰਹ ਉੱਤੇ ਚਾੜ੍ਹੇ ਮੁਖੌਟੇ ਹੇਠਾਂ ਕਿੰਨਾ ਭਿਆਨਕ ਜਨੌਰ ਲੁਕਿਆ ਹੋਇਆ ਹੈ ! ਕੀ ਅਜਿਹੇ ਬੰਦੇ ਕਿਸੇ ਔਰਤ ਦੇ ਕੁੱਖੋਂ ਨਹੀਂ ਜੰਮੇ ? ਕੀ ਇਨ੍ਹਾਂ ਨੇ ਕਿਸੇ ਔਰਤ ਨੂੰ ਬਚਪਨ ਵਿਚ ਮਾਂ ਨਹੀਂ ਕਿਹਾ ਹੋਵੇਗਾ ? ਕੀ ਇਨ੍ਹਾਂ ਦੇ ਵਿਆਹ ਕਦੇ ਨਹੀਂ ਹੁੰਦੇ ? ਕੀ ਇਨ੍ਹਾਂ ਘਰ ਧੀ ਜਾਂ ਭੈਣ ਕਦੇ ਨਹੀਂ ਜੰਮਦੀ ?

ਜ਼ਰੂਰ ਹੁੰਦੀਆਂ ਹਨ ਪਰ, ਸੋਚਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਦੇ ਘਰਾਂ ਵਿਚਲੀਆਂ ਮਾਵਾਂ, ਧੀਆਂ, ਭੈਣਾਂ, ਪਤਨੀਆਂ ਨਾਲ ਸਲੂਕ ਕਿਹੋ ਜਿਹਾ ਹੁੰਦਾ ਹੋਵੇਗਾ ! ਯੂਨਾਈਟਿਡ ਨੇਸ਼ਨਜ਼ ਵਰਗੀ ਵਿਸ਼ਵ ਸੰਸਥਾ ਵੀ ਇਨ੍ਹਾਂ ਅੰਕੜਿਆਂ ਨੂੰ ਜਗ ਜ਼ਾਹਿਰ ਕਰ ਚੁੱਕੀ ਹੈ ਕਿ 38 ਤੋਂ 41 ਪ੍ਰਤੀਸ਼ਤ ਨਾਬਾਲਗ ਬੱਚੀਆਂ ਆਪੋ ਆਪਣੇ ਘਰਾਂ ਵਿਚ ਆਪਣਿਆਂ ਹੱਥੋਂ, ਭੱਦੀ ਛੇੜਛਾੜ ਤੋਂ ਲੈ ਕੇ ਸਰੀਰਕ ਸ਼ੋਸ਼ਣ ਤਕ ਦਾ ਸ਼ਿਕਾਰ ਹੋ ਰਹੀਆਂ ਹਨ। ਲਗਭਗ 68 ਪ੍ਰਤੀਸ਼ਤ ਔਰਤਾਂ ਆਪਣੇ ਪਤੀਆਂ ਹੱਥੋਂ ਘਰੇਲੂ ਹਿੰਸਾ ਸਹਿਨ ਕਰ ਰਹੀਆਂ ਹਨ। 58 ਪ੍ਰਤੀਸ਼ਤ ਦੇ ਨੇੜੇ-ਤੇੜੇ ਮਾਵਾਂ ਆਪਣੇ ਪੁੱਤਰਾਂ ਹੱਥੋਂ ਜ਼ਲਾਲਤ ਸਹਿ ਰਹੀਆਂ ਹਨ। ਇਹ ਸਭ ਕੁੱਝ ਹੋ ਰਿਹਾ ਹੈ ਪੀਰਾਂ ਪੈਗੰਬਰਾਂ ਦੀ ਧਰਤੀ ਉੱਤੇ, ਜਿੱਥੇ ਤੇਤੀ ਕਰੋੜ ਦੇਵੀ ਦੇਵਤੇ ਵੱਸਦੇ ਹਨ।

ਕੀ ਇਹੋ ਜਿਹੇ ਸਥਾਪਤ ਅੰਕੜਿਆਂ ਨੂੰ ਜਾਣ ਲੈਣ ਬਾਅਦ ਹੁਣ ਵੀ ਇਹ ਸਮਾਜ ਸੱਭਿਅਕ ਅਖਵਾਉਣ ਜੋਗਾ ਹੈ ? ਮੁਖੌਟਿਆਂ ਥੱਲੇ ਲੁਕੇ ਵਹਿਸ਼ੀਆਂ ਨੂੰ ਸਮਾਜ ਵਿੱਚੋਂ ਛੇਕਣ ਦੀ ਲੋੜ ਭਾਸਦੀ ਹੈ ਜਾਂ ਨਹੀਂ ?

ਜਿਹੜੇ ਸੂਝਵਾਨ ਰਬ ਦੀ ਰਜ਼ਾ ਵਿਚ ਰਹਿ ਕੇ, ਦੂਜਿਆਂ ਦੇ ਭਲੇ ਨੂੰ ਹੀ ਧਰਮ ਮੰਨਦੇ ਹਨ, ਉਹ ਆਪਣੀ ਆਵਾਜ਼ ਸੰਘ ਵਿਚ ਦੱਬ ਕੇ ਸਭ ਜੁਰਮ ਹੁੰਦਾ ਵੇਖ ਕੇ ਵੀ ਚੁੱਪ ਹੋ ਕੇ ਬਹਿ ਗਏ ਹਨ। ਇਸੇ ਲਈ ਇਹ ਹਲਕੇ ਕੁੱਤੇ ਬੇਖੌਫ਼ ਹੋ ਕੇ ਦਨਦਨਾਉਂਦੇ ਫਿਰਦੇ ਹਨ।

ਕਦੋਂ ਅਸੀਂ ਆਵਾਜ਼ ਚੁੱਕਣਾ ਸਿਖਾਂਗੇ ? ਕਦੋਂ ਜ਼ੁਲਮ ਸਹਿਣ ਤੋਂ ਤੌਬਾ ਕਰਾਂਗੇ ? ਜਦੋਂ ਸਾਰੀਆਂ ਧੀਆਂ, ਭੈਣਾਂ, ਮਾਵਾਂ ਚੱਬ ਲਈਆਂ ਗਈਆਂ, ਫੇਰ ਹੀ ਅਸੀਂ ਆਪਣੇ ਜ਼ਮੀਰ ਦੀ ਆਵਾਜ਼ ਸੁਣਾਂਗੇ ? ਕੀ ਵਾਪਸ ਅਸੱਭਿਅਕ ਅਤੇ ਜੰਗਲੀ ਬਣੇ ਜਾਣ ਦੀ ਉਡੀਕ ਕਰ ਰਹੇ ਹਾਂ ? ਜਦੋਂ ਸਾਡਾ ਆਪਣਾ ਘਰ ਇਸੇ ਦਰਿੰਦਗੀ ਦੀ ਅੱਗ ਦੀ ਚਪੇਟ ਵਿਚ ਆ ਗਿਆ, ਫੇਰ ਹੀ ਸੇਕ ਮਹਿਸੂਸ ਕਰਾਂਗੇ ?

ਆਓ, ਉੱਠੀਏ ! ਅਜਿਹੇ ਜ਼ੁਲਮ ਵਿਰੁੱਧ ਇਕਜੁੱਟ ਹੋ ਕੇ, ਜੰਗਲ ਰਾਜ ਤੇ ਗੁੰਡਾ ਰਾਜ ਤੋਂ ਮੁਕਤ ਹੋਣ ਬਾਰੇ ਲੋਕ ਆਵਾਜ਼ ਬੁਲੰਦ ਕਰੀਏ। ਜੇ ਇਹ ਵੇਲਾ ਖੁੰਝ ਗਿਆ ਤਾਂ ਦਰਿੰਦਗੀ ਦੀ ਦਲਦਲ ਵਿਚ ਧਸ ਕੇ ਖ਼ਤਮ ਹੋਣ ਵਿਚ ਬਹੁਤੀ ਦੇਰ ਨਹੀਂ ਲੱਗਣੀ। ਜੇ ਮਾਵਾਂ ਨੂੰ ਹੀ ਰਾਖਸ਼ਾਂ ਨੇ ਚੱਬ ਲਿਆ ਤਾਂ ਅੱਗੋਂ ਮਨੁੱਖਾ ਜਨਮ ਸੰਭਵ ਕਿਵੇਂ ਹੋ ਸਕਣਾ ਹੈ ? ਮਾਂ ਦੀ ਪਤ ਬਚਾਉਣ ਲਈ ਹੀ ਸਹੀ, ਮਾਂ ਦੇ ਦੁੱਧ ਦਾ ਕਰਜ਼ਾ ਲਾਹੁਣ ਲਈ ਹੀ ਸਹੀ, ਰਬ ਦਾ ਵਾਸਤਾ ਜੇ, ਇਹ ਵੰਗਾਰ ਸੁਣ ਕੇ ਇਕਜੁੱਟ ਹੋਣ ਲਈ ਕਮਰ ਕਸ ਲਵੋ।

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ,

28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ। ਫੋਨ ਨੰ: 0175-2216783