ਬੋਲ ਬਾਣੀ ’ਚੋਂ ਖ਼ਤਮ ਮਿਠਾਸ

0
220

ਚੁਗ਼ਲ ਬੰਦੇ ਦੀ ਰੋਟੀ ਨਾ ਹਜ਼ਮ ਹੁੰਦੀ

ਚੁਗ਼ਲ ਬੰਦੇ ਦੀ ਰੋਟੀ ਨਾ ਹਜ਼ਮ ਹੁੰਦੀ, ਜਦ ਤੱਕ ਚੁਗਲੀ ਨਾ ਕੋਈ ਕਰ ਲੈਂਦਾ।

ਉਹਨਾਂ ਚਿਰ ਉਹ ਰਹੇ ਬੇਚੈਨ ਹੋਇਆ, ਜਦ ਤੱਕ ਕੰਨ ਨਹੀਂ ਕਿਸੇ ਦੇ ਭਰ ਲੈਂਦਾ।

ਹੁੰਦੀ ਨਹੀਂ ਕੋਈ ਲੱਜਾ ਮਹਿਸੂਸ ਉਸ ਨੂੰ, ਪੱਟ ਕਿਸੇ ਦਾ ਬੇਸ਼ੱਕ ਉਹ ਘਰ ਲੈਂਦਾ।

ਆਇਆ ਆਪਣੀ ਆਈ ’ਤੇ ਪਿਆਰ ‘ਚੋਹਲਾ’, ਕੱਚੇ ਘੜੇ ਦੇ ਉੱਤੇ ਵੀ ਤਰ ਲੈਂਦਾ।

—–0—-

ਬੋਲ ਬਾਣੀ ’ਚੋਂ ਖ਼ਤਮ ਮਿਠਾਸ

ਆਉਂਦੇ ਹੋਰ ਤੇ ਜਾਂਦੇ ਕਿਸੇ ਹੋਰ ਦੇ ਨਾਲ, ਬਹੁਤੇ ਸੱਜਣਾਂ ਦਾ ਇਹੋ ਸੁਭਾਅ ਅੱਜ ਕੱਲ੍ਹ।

ਤਾਹੀਓਂ ਟੁੱਟਦੀ ਦਿਲਾਂ ਦੀ ਸਾਂਝਦਾਰੀ, ਰਿਸ਼ਤਿਆਂ ਵਿਚ ਨਾ ਰਿਹਾ ਨਿਭਾਅ ਅੱਜ ਕੱਲ੍ਹ।

ਫਿੱਕਾ ਪੈ ਗਿਆ ਰੰਗ ਮੁਲਾਹਜ਼ਿਆਂ ਦਾ, ਭਾਈਚਾਰੇ ਵਿਚ ਰਿਹਾ ਨਾ ਭਾਅ ਅੱਜ ਕੱਲ੍ਹ।

ਬੋਲ ਬਾਣੀ ’ਚੋਂ ਖ਼ਤਮ ਮਿਠਾਸ ‘ਚੋਹਲਾ’, ਭਾਵੇਂ ਸ਼ੂਗਰ ਦਾ ਬਹੁਤ ਫੈਲਾਅ ਅੱਜ ਕੱਲ੍ਹ।

——0——

ਰਮੇਸ਼ ਬੱਗਾ ਚੋਹਲਾ, 1348/17/1 ਗਲੀ ਨੰ: 8, ਰਿਸ਼ੀ ਨਗਰ, ਐਕਸਟੈਨਸ਼ਨ (ਲੁਧਿਆਣਾ)-94631-32719