ਬਹਿਸ਼ਤ ਉਡੀਕਦੇ ਪਏ ਨੇ ਮੋਮਨਾਂ ਨੂੰ

0
231

ਬਹਿਸ਼ਤ ਉਡੀਕਦੇ ਪਏ ਨੇ ਮੋਮਨਾਂ ਨੂੰ  

ਪ੍ਰਿੰਸੀਪਲ ਕਰਮਜੀਤ ਸਿੰਘ ਗਠਵਾਲਾ

ਕਾਜ਼ੀ ਆਖਿਆ, ‘ਜੋਗੀਆ ਕਰ ਤੌਬਾ, ਕੁਫ਼ਰ ਛੱਡ ਈਮਾਨ ਦੀ ਗੱਲ ਕਰ ਤੂੰ ।

ਤੈਨੂੰ ਬਹਿਸ਼ਤਾਂ ਵਿਚ ਵਾਸਾ ਮਿਲ ਜਾਣਾ, ਕੇਰਾਂ ਮੂੰਹ ਮਸੀਤ ਦੇ ਵੱਲ ਕਰ ਤੂੰ ।

ਕਾਹਤੋਂ ਲਿਖ ਲਿਖ ਕਾਲੇ ਕਰੇਂ ਕਾਗ਼ਜ਼, ਐਵੇਂ ਕਾਫ਼ਰਾਂ ਦੇ ਸੋਹਿਲੇ ਗਾਈ ਜਾਂਦਾ ।

ਬਹਿਸ਼ਤ ਉਡੀਕਦੇ ਪਏ ਨੇ ਮੋਮਨਾਂ ਨੂੰ, ਕਿਉਂ ਤੂੰ ਦੋਜ਼ਖ਼ਾਂ ਵੱਲ ਨੂੰ ਜਾਈ ਜਾਂਦਾ ।’

‘ਕਾਜ਼ੀ  ! ਕੁਫ਼ਰ ਕੀ ਏ ਅਤੇ ਈਮਾਨ ਕੀ ਏ, ਇਹਦਾ ਤੂੰ ਕੋਈ ਫ਼ਰਕ ਨਹੀਂ ਕਰ ਸਕਦਾ ।

ਸਾਗਰ ਵਹਿਦਤ ਦੇ ਉੱਭੀਆਂ ਮੈਂ ਲਾਵਾਂ, ਤੇਰੇ ਜਿਹਾ ਅਣਜਾਣ ਨਹੀਂ ਤਰ ਸਕਦਾ ।

ਪੱਲਾ ਸੱਚ ਦਾ ਫੜਿਆ ਮੈਂ ਸੱਚ ਲਿਖਿਆ, ਤੇਰੇ ਵਰਗਿਆਂ ਨੂੰ ਕੁਫ਼ਰ ਲੱਗਦਾ ਏ ।

ਮੇਰੇ ਅੰਦਰ ਗੁਰੂ ਦੇ ਨਾਂ ਵਾਲਾ, ਸਾਗਰ ਵੇਖ ਕਿੰਨਾਂ ਸੁਹਣਾ ਵਗਦਾ ਏ ।

ਮੈਂ ਜਦੋਂ ਵੀ ਵਿੱਚ ਧਿਆਨ ਤੱਕਾਂ, ਅੰਗ ਸੰਗ ਹੀ ਜਾਪਣ ਹਮੇਸ਼ ਸਤਿਗੁਰ ।

ਅੱਡ ਬਾਹਾਂ ਗਲਵੱਕੜੀ ਪਾਣ ਲਈ, ਮੈਨੂੰ ਉਡੀਕਦੇ ਪਏ ਦਸਮੇਸ਼ ਸਤਿਗੁਰ ।’