ਪੱਥਰਾਂ ਵਿਚ ਨਾ ਸਿੱਖੀ ਗਵਾਚ ਜਾਏ

0
755

ਪੱਥਰਾਂ ਵਿਚ ਨਾ ਸਿੱਖੀ ਗਵਾਚ ਜਾਏ

ਸ: ਸੁਰਿੰਦਰ ਸਿੰਘ ‘‘ਖ਼ਾਲਸਾ” ਮਿਉਂਦ ਕਲਾਂ, ਫਤਿਹਾਬਾਦ,
ਮੋਬਾ: 97287 43287, 94662 66708

ਪੈਸਾ ਲਾ ਲਿਆ ਬਹੁਤ ਗੁਰਦੁਆਰਿਆਂ ਤੇ, ਆਉ ਸਿੱਖੀ ਦੀ ਕੁਝ ਸੰਭਾਲ ਕਰੀਏ।

ਬਾਣੀ ਉਦੇਸ਼ ਦਾ ਸਾਰੇ ਪ੍ਰਸਾਰ ਕਰੀਏ, ਗੁਰਮੁੱਖ ਰੂਹਾਂ ਦੀ ਕਿਤਿਉਂ ਭਾਲ ਕਰੀਏ।

ਨਿਸ਼ਾਨ ਝੂਲਦੇ ਨੇ ਅੱਜ ਬਹੁਤ ਉੱਚੇ, ਉੱਚਾ ਅਪਣਾ ਕੁਝ ਕਿਰਦਾਰ ਕਰੀਏ।

ਕਲਸ਼ ਸੋਨੇ ਦੇ ਗੁਰੂ ਘਰ ਚਮਕਦੇ ਨੇ, ਸਿੱਖਾਂ ’ਚੋਂ ਅਗਿਆਨ ਦਾ ਦੂਰ ਅੰਧਿਆਰ ਕਰੀਏ।

ਪੱਥਰ’ ਢੋਅ ਲਿਆ ਮੁਕਰਾਨੇ ਦਾ ਬਹੁਤ ਸਾਰਾ, ਸੀਮਿੰਟ ਸਰੀਆ ਨਾ ਹੋਰ ਬਰਬਾਦ ਕਰੀਏ।

ਗੁਰੂ ਘਰਾਂ ਦੇ ਪ੍ਰਬੰਧਕੋ ਇਕ ਬੇਨਤੀ ਹੈ, ਸਿੱਖ ਫੁੱਲਵਾੜੀ ਨੂੰ ਫੇਰ ਆਬਾਦ ਕਰੀਏ।

‘ਪੱਥਰਾਂ’ ਵਿਚ ਨਾ ‘ਸਿੱਖੀ’ ਗਵਾਚ ਜਾਏ, ‘ਸਿੱਖੀ’ ਸਿੱਖਿਆ ਗੁਰ ਵੀਚਾਰ ਕਰੀਏ।

‘ਗੁਰਮਤਿ ਗਿਆਨ’ ਮਨਾਂ ’ਚ ਵਸਾ ਲਈਏ, ਲੋੜਵੰਦਾਂ ਦੀ ਸੇਵਾ ਅਖਿਤਿਆਰ ਕਰੀਏ।

ਮੂੰਹ ਗਰੀਬ ਦਾ, ਗੋਲਕ ਗੁਰੂ ਦੀ, ਇਸ ਉਪਦੇਸ਼ ਦਾ ਹਮੇਸ਼ਾ ਧਿਆਨ ਧਰੀਏ।

ਹਰ ਗੁਰੂ-ਘਰ ਨਾਲ ਹੋਵੇ ਦਵਾਖਾਨਾ, ਸਕੂਲ਼ ਕਾਲਜਾਂ ਰਾਹੀਂ ਕੁਝ ਗਿਆਨ ਕਰੀਏ।

‘ਕਾਰ-ਸੇਵਾ’ ਰਾਹੀਂ ਮੇਟ ਨਿਸ਼ਾਨੀਆਂ ਨੂੰ, ਸਿੱਖ ਵਿਰਾਸਤ ਦਾ ਨਾ ਘਾਣ ਕਰੀਏ।

ਪੈਸਾ ਕੌਮ ਦਾ, ਨੁਕਸਾਨ ਵੀ ਕੌਮ ਦਾ, ਇਹ ਨਾ ਹੋਵੇ, ਕੁਝ ਧਿਆਨ ਕਰੀਏ।

ਬਿਲਡਿੰਗਾਂ ਗੁਰੂ ਘਰਾਂ ਦੀਆਂ ਬਹੁਤ ਬਣ ਗਈਆਂ, ਏਥੇ ਆਉਣ ਵਾਲੇ ਵੀ ਕੁਝ ਤਿਆਰ ਕਰੀਏ।

‘ਸੁਰਿੰਦਰ’ ਵਾਪਸ ਮੋੜ ਗੁਰੂ ਤੋਂ ਟੁੱਟਿਆਂ ਨੂੰ, ਪੰਥ ’ਚ ਰਲਾ ਕੇ ਫੇਰ ਸਰਦਾਰ ਕਰੀਏ।