ਪੰਜਾਬੀ ਬੋਲੀ ਦਾ ਸਰਮਾਇਆ ਲੋਕ ਅਖਾਣ

0
734

ਪੰਜਾਬੀ ਬੋਲੀ ਦਾ ਸਰਮਾਇਆ ਲੋਕ ਅਖਾਣ

ਰਮੇਸ਼ ਬੱਗਾ ਚੋਹਲਾ 1348/17/1, ਗਲੀ ਨੰ: 8 ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ) ਮੋ: 94631-32719

ਸਦੀਆਂ ਤੋਂ ਪੰਜਾਬੀਆਂ ਦੁਆਰਾ ਬੋਲੇ ਜਾਂਦੇ ਅਖਾਣ ਨਾ ਸਿਰਫ ਪੰਜਾਬੀ ਬੋਲੀ ਦਾ ਸ਼ਿੰਗਾਰ ਹਨ ਸਗੋਂ ਇਸ ਦਾ ਵੱਡਮੁੱਲਾ ਸਰਮਾਇਆ ਵੀ ਹਨ। ਇਹ ਉਹ ਜਿਉਂਦੇ-ਜਾਗਦੇ ਪ੍ਰਤੀਬਿੰਬ ਹਨ ਜਿਨ੍ਹਾਂ ਦੁਆਰਾ ਕੋਈ ਵਿਅਕਤੀ ਆਪਣੇ ਸੰਦੇਸ਼ ਨੂੰ ਸੁਹਜਮਈ ਢੰਗ ਨਾਲ ਸੰਚਾਰਿਤ (ਪ੍ਰਸਾਰਿਤ) ਕਰ ਸਕਦਾ ਹੈ। ਇਹ ਅਖਾਣ ਤੀਖਣ-ਵਿਅੰਗ, ਗੁੱਝੀ ਚੋਟ ਅਤੇ ਉਚੇਚੇ ਉਪਦੇਸ਼ ਰਾਹੀਂ ਜੀਵਨ ਦੇ ਯਥਾਰਥ ਦੀ ਸੋਝੀ ਕਰਵਾਉਂਦੇ ਹਨ। ਬਿੰਬਾਤਮਕ ਪੇਸ਼ਕਾਰੀ, ਸੂਤਰ ਸ਼ੈਲੀ ਅਤੇ ਸੁਹਜਮਈ ਬਿਆਨ ਕਰਕੇ ਇਹ ਅਖਾਣ ਕਾਵਿ-ਗੁਣਾਂ ਨਾਲ ਵੀ ਭਰਪੂਰ ਹਨ।

ਇਨ੍ਹਾਂ ਅਖਾਣਾਂ ਦੁਆਰਾ ਸੰਚਾਰਿਤ ਅਰਥ ਸਥਾਈ ਨਹੀਂ ਸਗੋਂ ਪ੍ਰਸਥਿਤੀਆਂ ਅਨੁਸਾਰੀ ਹੁੰਦੇ ਹਨ। ਕਈ ਅਖਾਣ ਆਪਣੇ ਅਰਥ ਸਿੱਧ-ਪੱਧਰੇ ਬਿਆਨ ਕਰ ਜਾਂਦੇ ਹਨ ਪਰ ਕਈਆਂ ਵਿਚ ਡੂੰਘੀਆਂ ਰਮਜ਼ਾਂ ਅਤੇ ਵਿਅੰਗ ਲੁਪਤ ਹੁੰਦਾ ਹੈ।

ਮਨੁੱਖ ਇਕ ਸਮਾਜਿਕ ਜੀਵ ਹੋਣ ਕਰਕੇ ਚੇਤੰਨਤਾ ਨਾਲ ਲਬਰੇਜ਼ ਹੁੰਦਾ ਹੈ। ਇਸ ਲਈ ਉਹ ਹਰ ਕੰਮ ਨਵੇਂ ਸਿਰਿਓਂ ਕਰਨ ਨਾਲੋਂ ਆਪਣੇ ਪੁਰਖਿਆਂ ਦੇ ਅਨੁਭਵਾਂ ਦਾ ਲਾਹਾ ਲੈਣਾ ਵਧੇਰੇ ਉਚਿਤ ਸਮਝਦਾ ਹੈ।

ਪੰਜਾਬੀ ਅਖਾਣ ਪੰਜਾਬੀ ਸਭਿਆਚਾਰ ਦਾ ਸ਼ੀਸ਼ਾ ਹੋਣ ਕਰਕੇ ਸਮੇਂ ਦੇ ਸੱਚ ਨੂੰ ਬਗੈਰ ਕਿਸੇ ਮੁਲੰਮੇ ਦੇ ਪੇਸ਼ ਕਰਦੇ ਹਨ। ਇਨ੍ਹਾਂ ਦੁਆਰਾ ਕਿਸੇ ਸੰਦੇਸ਼ ਦਾ ਸੰਜਮਮਈ ਅਤੇ ਸੁਹਜਮਈ ਢੰਗ ਨਾਲ ਸੰਚਾਰ ਕੀਤਾ ਜਾ ਸਕਦਾ ਹੈ। ਇਨ੍ਹਾਂ ਅਖਾਣਾਂ ਦੁਆਰਾ ਪ੍ਰਸਾਰਿਤ ਕੀਤਾ ਜਾਂਦਾ ਗਿਆਨ ਕੁੱਜੇ ਵਿਚ ਸਮੁੰਦਰ ਬੰਦ ਕਰਨ ਦੇ ਬਰਾਬਰ ਹੁੰਦਾ ਹੈ। ਹਰੇਕ ਪੜ੍ਹਿਆ, ਅੱਧ-ਪੜ੍ਹਿਆ ਅਤੇ ਅਨਪੜ੍ਹਿਆ ਮਨੁੱਖ ਆਪਣੀ ਰੋਜ਼-ਮੱਰਾ ਦੀ ਬੋਲਬਾਣੀ ਵਿਚ ਇਨ੍ਹਾਂ ਅਖਾਣਾਂ ਦੀ ਵਰਤੋਂ ਆਮ ਕਰਦਾ ਮਿਲ ਜਾਂਦਾ ਹੈ। ਪੇਸ਼ ਹਨ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੇ ਕੁੱਝ ਕੁ ਅਖਾਣ:-

(1). ‘ਉਸ ਪੇਕੇ ਕੀ ਜਾਣਾ ਜਿਥੇ ਸਿਰ ਪਾਣੀ ਨਾ ਪਾਣਾ’:-ਪਿੰਡ ਭਾਵੇਂ ਪੇਕਿਆਂ ਦਾ ਹੀ ਹੋਵੇ ਪਰ ਸੁਖ-ਅਰਾਮ ਤੋਂ ਬਗੈਰ ਉੱਥੇ ਜਾਣਾ ਵੀ ਬੇਕਾਰ ਹੁੰਦਾ ਹੈ।

(2). ‘ਉਜੜੀਆਂ ਭਰਜਾਈਆਂ ਵਲੀ ਜਿਨ੍ਹਾਂ ਦੇ ਜੇਠ’:- ਜੇਕਰ ਘਰ ਦੇ ਵੱਡ-ਵਡੇਰੇ ਹੀ ਨਿਕੰਮੇ ਹੋਣ ਤਾਂ ਉਨ੍ਹਾਂ ਦਾ ਆਸਰਾ ਭਾਲਣ ਵਾਲਿਆਂ ਦਾ ਹਾਲ ਵੀ ਮੰਦਾ ਹੀ ਹੁੰਦਾ ਹੈ।

(3). ‘ਉਠ ਨੀ ਨੂੰਹੇਂ ਨਿਸਲ ਹੋ ਚਰਖਾ ਛੱਡ ਤੇ ਚੱਕੀ ਝੋ’:- ਜਦੋਂ ਹੁਸ਼ਿਆਰੀ ਨਾਲ ਕਿਸੇ ਨੂੰ ਸੌਖੇ ਕੰਮ ਦੀ ਥਾਂ ਕੋਈ ਔਖਾਂ ਕੰਮ ਕਰਨ ਲਈ ਕਿਹਾ ਜਾਵੇ।

(4). ‘ਅੱਗੇ ਬੀਬੀ ਟੱਪਣੀ ਪਿੱਛੇ ਢੋਲਾਂ ਦੀ ਗੜਗੱਜ’:- ਜਦੋਂ ਕੋਈ ਬੇਕਾਬੂ ਸੁਭਾਅ ਦਾ ਮਾਲਕ ਹੋਵੇ, ਉਪਰੋਂ ਹਾਲਾਤ ਵੀ ਉਹੋ ਜਿਹੇ ਹੀ ਮਿਲ ਜਾਣ।      

(5). ‘ਅੰਨ੍ਹੀ ਕੁੱਤੀ ਜਲੇਬੀਆਂ ਦੀ ਰਾਖੀ’:- ਜਦੋਂ ਕਿਸੇ ਅਣਅਧਿਕਾਰੀ ਨੂੰ ਅਧਿਕਾਰ ਸੌਂਪ ਦਿੱਤਾ ਜਾਵੇ।

(6). ‘ਆਪਣਾ ਹੀ ਨਾ ਭਰੇ ਤੇ ਕੁੜਮਾਂ ਅੱਗੇ ਕੀ ਧਰੇ’ :- ਜਦੋਂ ਕਿਸੇ ਦਾ ਆਪਣਾ ਹੀ ਗੁਜ਼ਾਰਾ ਨਾ ਹੋਵੇ ਤਾਂ ਉਹ ਕਿਸੇ ਹੋਰ ਦੀ ਸਹਾਇਤਾ ਭਲਾ ਕਿਵੇਂ ਕਰ ਸਕਦਾ ਹੈ ?

(7). ‘ਆਪਣੀ ਅੱਖ ਪਰਾਇਆ ਡੇਲਾ’:- ਜਦੋਂ ਕੋਈ ਆਪਣੀ ਚੀਜ਼ ਨੂੰ ਦੂਜਿਆਂ ਦੇ ਮੁਕਾਬਲੇ ਬੇਹਤਰੀਨ ਬਿਆਨ ਕਰੀ ਜਾਵੇ।

(8). ‘ਆਪਣੇ ਘਰ ਪਕਾਈਂ ਨਾ ਸਾਡੇ ਘਰ ਆਈਂ ਨਾ’:- ਇਹ ਅਖਾਣ ਲਾਰਾ-ਲੱਪਾ ਲਾਉਣ ਵਾਲੇ ਇਨਸਾਨਾਂ ਲਈ ਵਰਤਿਆ ਜਾਂਦਾ ਹੈ।

(9). ‘ਆਇਆ ਬੀਬੀ ਦਾ ਵਾਰਾ ਉੱਜੜ ਗਿਆ ਤਖਤ ਹਜ਼ਾਰਾ’:- ਜਦੋਂ ਕਿਸੇ ਦੇ ਖਾਣ-ਪੀਣ ਜਾਂ ਲੈਣ ਦੀ ਵਾਰੀ ਆਉਣ ’ਤੇ ਕੋਈ ਵਸਤੂ ਖਤਮ ਹੋ ਜਾਵੇ।

(10). ‘ਅਮੀਰ ਦੇ ਸਾਲੇ ਬਹੁਤ ਪਰ ਗਰੀਬ ਦਾ ਭਣਵਈਆ ਕੋਈ ਨਹੀਂ’:- ਗਰੀਬ ਬੰਦੇ ਨਾਲ ਕੋਈ ਵੀ ਸਾਂਝ ਰੱਖਣੀ ਪਸੰਦ ਨਹੀਂ ਕਰਦਾ।

(11). ਆਬ ਆਬ ਕਰ ਮੋਇਓਂ ਬੱਚਾ ਫ਼ਾਰਸੀਆਂ ਘਰ ਗਾਲ਼ੇ’:-ਜਦੋਂ ਕੋਈ ਵਿਅਕਤੀ ਆਪਣੀ ਬੋਲੀ ਛੱਡ ਕੇ ਓਪਰੀ ਬੋਲੀ ਬੋਲਣ ਲੱਗ ਪਏ।

(12). ‘ਔਂਤਰ ਨਖੱਤਰ ਨਾ ਮੂਲੀ ਨਾ ਪੱਤਰ’:- ਇਹ ਆਖਣ ਸੰਤਾਨਹੀਣ ਮਨੁੱਖਾਂ ਲਈ ਵਰਤ ਲਿਆ ਜਾਂਦਾ ਹੈ।

(13). ‘ਇਸ਼ਕ ਪ੍ਰਹੇਜ਼ ਮੁਹੰਮਦ ਬਖਸ਼ਾ ਕਦੇ ਨਹੀਂ ਰੱਲ ਬਹਿੰਦੇ’:-ਪਿਆਰ-ਮੁਹੱਬਤ ਵਿਚ ਸੰਗ-ਸਕੋਚ ਦਾ ਕੋਈ ਸਥਾਨ ਨਹੀਂ ਹੁੰਦਾ।

(14). ‘ਇੱਲ ਦਾ ਨਨਾਣਵਈਆ ਕਾਂ’:- ਮਾੜੇ-ਮੋਟਿਆਂ ਦੇ ਸਾਕ-ਸਬੰਧੀ ਵੀ ਉਨ੍ਹਾਂ ਵਰਗੇ (ਮਾੜੇ) ਹੀ ਹੁੰਦੇ ਹਨ।