ਪਿੰਡ ਦੇ ਲੋਕ

0
224

ਪਿੰਡ ਦੇ ਲੋਕ

ਰਮੇਸ ਬੱਗਾ ਚੋਹਲ, ਹੈਬੋਵਾਲ ਖੁਰਦ (ਲੁਧਿਆਣਾ) ਮੋ: 94631-32719

ਮੁੜ ਮੁੜ ਚੇਤੇ ਆਉਂਦੇ ਮੈਨੂੰ ਮੇਰੇ ਪਿੰਡ ਦੇ ਲੋਕ। ਤੂੰ ਸਾਡਾ ਅਸੀਂ ਤੇਰੇ ਹਾਂ ਜੋ ਕਹਿੰਦੇ ਸੀ ਹਿੱਕ ਠੋਕ।

ਚੇਤੇ ਵਿਚੋਂ ਬਾਹਰ ਨਾ ਨਿਕਲਣ ਪਿੰਡ ਦੇ ਚਾਚੇ ਤਾਏ, ਨਾ ਹੀ ਭੁੱਲਣ ਚਾਚੀਆਂ ਤਾਈਆਂ ਜਿਨ੍ਹਾਂ ਲਾਡ ਲਡਾਏ,

ਵਿਸਰਦੀ ਨਾ ਕਦੇ ਵਿਸਾਰਿਆਂ ਉਨ੍ਹਾਂ ਦੀ ਨੋਕ ਝੋਕ। ਮੁੜ ਮੁੜ ਚੇਤੇ…………………।

ਨੰਬਰਦਾਰਾਂ ਦੀ ਮੋਟਰ ਦਾ ਸੀ ਪਾਣੀ ਠੰਢਾ ਠਾਰ, ਤਪਦੇ ਤਨ ਨੂੰ ਰਾਹਤ ਪਹੁੰਚਾਉਂਦੀ ਸੀ ਬੰਬੀ ਦੀ ਧਾਰ।

ਦੋ ਘੁੱਟ ਪੀ ਕੇ ਜਲ ਦੇ ਭੁੱਲਦੇ ਫੈਟਾਂ, ਲਿਮਕਾ, ਕੋਕ। ਮੁੜ ਮੁੜ ਚੇਤੇ……………………..।

ਵਿਚ ਚਰਾਂਦ ਦੇ ਚਰਦੀਆਂ ਰਹਿੰਦੀਆਂ ਸੀ ਮੱਝਾਂ ਤੇ ਗਾਵਾਂ, ਆਪ ਮਾਣਦਾ ਸੀ ਮੈਂ ਕੱਲੇ ਅੰਬ ਦੀਆਂ ਠੰਢੀਆਂ ਛਾਂਵਾਂ,

ਮਖਮਲੀ ਘਾਹ ’ਤੇ ਨੀਂਦ ਆਉਂਦੀ ਸੀ ਦੋ ਘੰਟੇ ਬੇਰੋਕ। ਮੁੜ ਮੁੜ ਚੇਤੇ……………।

ਦੁੱਲਾ, ਪੱਪੂ, ਕਾਲਾ, ਨਾਲੇ ਰੂੜੀਵਾਲੀਆ ਹਰਜੀਤ, ਪਵਨ, ਰਾਕੇਸ਼ ਤੇ ਮੋਹਨਾ ਨਾਲੇ ਚੰਬੇ ਦਾ ਮਨਜੀਤ,

ਮੁਖਵਿੰਦਰ ਤੇ ਪ੍ਰਵਾਨਾ ਨਾਲੇ ਭੁੱਲਦਾ ਨਹੀਂ ਅਸ਼ੋਕ। ਮੁੜ ਮੁੜ ਚੇਤੇ…………………….।

ਅੱਜ ਵੀ ਕੰਨਾਂ ਵਿਚ ਗੂੰਜਦੇ ਤਾਈ ਬੰਸੋਂ ਦੇ ਬੋਲ, ਮੁੱਖੇ, ਸੁੱਖੇ, ਮਹਿੰਦਰ ਦੇ ਨਾ ਕੀਤੇ ਭੁੱਲਣ ਮਾਖੌਲ,

ਗੁੱਸੇ ਦੇ ਵਿੱਚ ਜਦੋਂ ਠਾਕਰੀ ਸੁਣਾਉਂਦੀ ਸੀ ‘ਸਲੋਕ’। ਮੁੜ ਮੁੜ ਚੇਤੇ……………………………..।

ਸ਼ੁੱਧ ਹਿਰਦੇ ਦੇ ਮਾਲਕ ਸਾਰੇ, ਨਾ ਕੋਈ ਵਿੰਗ ਵਲੇਂਵਾਂ, ‘ਚੋਹਲੇ’ ਵਾਲੇ ‘ਬੱਗੇ’ ਨੂੰ ਹੈ ਉਹਨਾਂ ਦਾ ਉਦਰੇਵਾਂ,

ਮਜ਼ਬੂਰੀ ਦੇ ਵੱਸ ਸ਼ਹਿਰੀਕਰਣ ਦਾ ਭੱਠ ਰਿਹਾ ਜੋ ਝੋਕ। ਮੁੜ ਮੁੜ ਚੇਤੇ ਆਉਂਦੇ ਮੈਨੂੰ ਮੇਰੇ ਪਿੰਡ ਦੇ ਲੋਕ। 

——-0—–  —