ਨਾ ਕੋਈ ਹੋਇਆ, ਨਾ ਕੋਈ ਹੋਣਾ

0
248

ਨਾ ਕੋਈ ਹੋਇਆ, ਨਾ ਕੋਈ ਹੋਣਾ

-ਰਮੇਸ਼ ਬੱਗਾ ਚੋਹਲਾ, ਗਲੀ ਨੰ: 8, ਛੋਟੀ ਹੈਬੋਵਾਲ (ਲੁਧਿਆਣਾ)- 94631-32719

ਨਾ ਕੋਈ ਹੋਇਆ ਨਾ ਕੋਈ ਹੋਣਾ, ਗੋਬਿੰਦ ਸਿੰਘ ਦੇ ਨਾਲ ਦਾ। ਸਰਬੰਸ ਵਾਰ ਕੇ ਸਾਰਾ, ਜਿਸ ਕੀਤਾ ਸੀ ਸ਼ੁਕਰ ਅਕਾਲ ਦਾ।

ਧੰਨ ਧੰਨ ਗੁਰੂ ਤੇਗ ਬਹਾਦਰ, ਧੰਨ ਧੰਨ ਹੈ ਗੁਜਰੀ ਮਾਈ, ਪਟਨੇ ਸ਼ਹਿਰ ਦੀ ਧਰਤੀ ਧੰਨ, ਜਿੱਥੇ ਪ੍ਰਗਟੀ ਜੋਤ ਇਲਾਹੀ।

ਭਾਗਾਂ ਵਾਲਾ ਦਿਨ ਸੀ ਚੜ੍ਹਿਆ ਛਿਆਠਵਿਆਂ ਦੇ ਸਾਲ ਦਾ। ਨਾ ਕੋਈ ਹੋਇਆ।

ਪੰਡਿਤ ਚੱਲ ਕਸ਼ਮੀਰ ਤੋਂ ਆਏ, ਕਰਕੇ ਆਸ ਵਡੇਰੀ, ਪਿਤਾ ਤੋਰਿਆ ਦਿੱਲੀ ਵੱਲ ਨੂੰ, ਦਿਲ ਵਿਚ ਰੱਖ ਦਲੇਰੀ।

ਪੂਰਾ ਸੀ ਬੁਲੰਦ ਹੌਂਸਲਾ, ਇੱਕ ਨੌਂ ਸਾਲ ਦੇ ਬਾਲ ਦਾ। ਨਾ ਕੋਈ ਹੋਇਆ।

ਆਨੰਦਪੁਰ ਸਾਹਿਬ ਦੀ ਧਰਤੀ ਉੱਤੇ, ਖੇਡੀ ਖੇਡ ਨਿਆਰੀ, ਚਿੜੀਆਂ ਤਾਈਂ ਲਗਾਉਣੀ ਦੱਸੀ, ਬਾਜਾਂ ਦੇ ਸੰਗ ਉਡਾਰੀ।

ਗਿੱਦੜੋਂ ਸ਼ੇਰ ਬਣਾ ਕੇ ਸਤਿਗੁਰ, ਕੀਤਾ ਕੰਮ ਕਮਾਲ ਦਾ। ਨਾ ਕੋਈ ਹੋਇਆ ।

ਨਾਸ ਜ਼ੁਲਮ ਦਾ ਕਰਨ ਵਾਸਤੇ, ਸੀ ਸਾਜੇ ਪੰਜ ਪਿਆਰੇ, ਪੀ ਗਏ ਜਾਮ ਸ਼ਹਾਦਤ ਪਰ ਨਾ ਸਿੱਖੀ ਸਿਦਕ ਤੋਂ ਹਾਰੇ।

ਸਵਾ ਲੱਖ ਨਾਲ ਇੱਕ ਲੜਾਉਣਾ, ਮੁੱਢ ਸੀ ਨਵੇਂ ਖ਼ਿਆਲ ਦਾ। ਨਾ ਕੋਈ ਹੋਇਆ।

ਮਜ਼ਲੂਮਾਂ ਦੀ ਰਾਖੀ ਕੀਤੀ ਜਿਸ, ਬਣ ਕੇ ਸੰਤ ਸਿਪਾਹੀ, ‘ਚੋਹਲੇ’ ਵਾਲਾ ‘ਬੱਗਾ’ ਲਿਖਦਾ, ਹੈ ਉਸ ਦੀ ਵਡਿਆਈ।

ਦੇ ਕੇ ਮਾਣ ਨਿਮਾਣਿਆਂ ਨੂੰ ਜਿਹੜਾ, ਜੀਵਨ ਜਾਚ ਸਿਖਾਲ ਦਾ। ਨਾ ਕੋਈ ਹੋਇਆ ਨਾ ਕੋਈ ਹੋਣਾ, ਗੋਬਿੰਦ ਸਿੰਘ ਦੇ ਨਾਲ ਦਾ।