ਨਸ਼ਿਆਂ ਦੇ ਕਾਰੇ
ਬਲਵਿੰਦਰ ਸਿੰਘ ਖਾਲਸਾ (ਚਨਾਰਥਲ) –97802-64599
ਘੁੱਗ ਵਸਦਾ ਪੰਜਾਬ ਉਜਾੜ ਦਿੱਤਾ, ਕਿੰਨੇ ਘਰੀਂ ਲਵਾ ਤੇ ਜੰਦਰੇ ਨਸ਼ਿਆਂ ਨੇ।
ਦੁੱਧ ਲੱਸੀ ਦੀ ਥਾਂ ’ਤੇ ਬੋਤਲ ਖੁਲਦੀ ਐ, ਵੈਲੀ ਪੁੱਤ ਬਣਾ ਤੇ ਚੰਦਰੇ ਨਸ਼ਿਆਂ ਨੇ।
ਚਿੱਟਾ, ਕਾਲਾ, ਲਾਲ ਕੁਝ ਵੀ ਛੱਡਦੇ ਨੀ, ਐਸੇ ਰੰਗ ਰੰਗਾਂ ਤੇ ਚੰਦਰੇ ਨਸ਼ਿਆਂ ਨੇ।
ਮਾਣ ਜਵਾਨੀ ਦਾ ਜੋ ਗੱਭਰੂ ਕਰਦੇ ਸੀ, ਖੁਸਰਿਆਂ ਵਾਂਗ ਬਣਾ ਤੇ ਚੰਦਰੇ ਨਸ਼ਿਆਂ ਨੇ।
ਕਾਤਲ, ਚੋਰ, ਬਲਾਤਕਾਰਾਂ ਦੀ ਮਾਂ ਏਹੋ, ਜੇਲ੍ਹਾਂ ਵਿੱਚ ਫਸਾ ਤੇ ਚੰਦਰੇ ਨਸ਼ਿਆਂ ਨੇ।
ਨਾ ਪੈਸਾ, ਨਾ ਇੱਜ਼ਤ ਤੇ ਨਾ ਸਿਹਤ ਰਹੀ, ਕੱਖਾਂ ਵਾਂਗ ਰੁਲਾ ਤੇ ਚੰਦਰੇ ਨਸ਼ਿਆਂ ਨੇ।
ਪੁੱਤ ਜਿਨ੍ਹਾਂ ਦੇ ਭੇਟ ਨਸ਼ੇ ਦੀ ਚੜ੍ਹ ’ਗੇ ਨੇ, ਦੀਵੇ ਗੁੱਲ ਕਰਾ ਤੇ ਚੰਦਰੇ ਨਸ਼ਿਆਂ ਨੇ।
ਘਰ, ਜ਼ਮੀਨਾਂ, ਗਹਿਣਾ-ਹੱਟਾ, ਟੂਮ ਛੱਲਾ, ਸਭ ਗਹਿਣੇ ਕਰਵਾ ਤੇ ਚੰਦਰੇ ਨਸ਼ਿਆਂ ਨੇ।
ਜਿਹੜੇ ਲੋਕੀਂ ਭੁੱਖਿਆ ਤਾਈਂ ਰਜਾਉਂਦੇ ਸੀ, ਠੂਠੇ ਹੱਥ ਫੜਾ ਤੇ ਚੰਦਰੇ ਨਸ਼ਿਆਂ ਨੇ।
ਥਾਂ ਥਾਂ ਹੁੰਦੀਆਂ ਮੌਤਾਂ ਖਾ ਕੇ ਨਸ਼ਿਆਂ ਨੂੰ, ਘਰ ਘਰ ਸੱਥਰ ਵਿਛਾ ਤੇ ਚੰਦਰੇ ਨਸ਼ਿਆਂ ਨੇ।
ਜਿਹੜੇ ਲੋਕੀਂ ਸੁਰਗਾਂ ਦੇ ਵਿੱਚ ਵਸਦੇ ਸੀ, ਰਾਹ ਸਿਵਿਆਂ ਦੇ ਪਾ ਤੇ ਚੰਦਰੇ ਨਸ਼ਿਆਂ ਨੇ।
ਚੰਦ ਦੀ ਸੈਰ ਪੰਜਾਬੀਆਂ ਨੇ ਕੀ ਕਰਨੀ ਹੈ, ਐਥੇ ਈ ਚੰਦ ਚੜ੍ਹਾ ਤੇ ਚੰਦਰੇ ਨਸ਼ਿਆਂ ਨੇ।
ਪੰਜਾਬ ਨੂੰ ਖ਼ਤਮ ਕਰਨ ਦੀ ਸਾਰੀ ਸਾਜ਼ਸ ਹੈ, ਲੀਡਰ ਵੀ ਵਿਕਵਾ ਤੇ ਚੰਦਰੇ ਨਸ਼ਿਆਂ ਨੇ।
ਬਲਵਿੰਦਰ ਸਿੰਘਾਂ ! ਗੱਲ ਰਹੀ ਹੁਣ ਵੱਸ ਦੀ ਨਾ, ਹੱਦਾਂ ਬੰਨੇ ਟਪਾ ਤੇ ਚੰਦਰੇ ਨਸ਼ਿਆਂ ਨੇ।
ਚਨਾਰਥਲ ਵਾਲਾ ਕਹਿੰਦਾ ਹੁਣ ਤਾਂ ਸੰਭਲ ਜੋ, ਹੁਣ ਤਾਂ ਖੂੰਜੇ ਲਾ ਤੇ ਚੰਦਰੇ ਨਸ਼ਿਆਂ ਨੇ।